ਪੁਸਤਕਾਲਾਭਾਗ ੧੮

੨੪ ਮਾਘ ੨੦੨੧ ਬਿਕ੍ਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਜੰਡਿਆਲਾ ਜ਼ਿਲਾ ਜਲੰਧਰ

ਦਰ ਕਹੇ ਪ੍ਰਭ ਮਿਲਿਆ ਦਰਦੀ, ਦਰਦਵੰਦ ਨਜ਼ਰੀ ਆਈਆ। ਜਿਸ ਮਨਜ਼ੂਰ ਕੀਤੀ ਪਿਛਲੀ ਅਰਜ਼ੀ, ਆਰਜ਼ੂ ਲੇਖੇ ਲਾਈਆ। ਖੇਲੀ ਖੇਲ ਸੀ ਸਿੰਘ ਨਰ ਦੀ, ਨਰ ਸਿੰਘ ਆਪਣਾ ਰੂਪ ਵਟਾਈਆ। ਇਹ ਖੇਲ ਹਰਨਾਕਸ਼ ਘਰ ਦੀ, ਪੂਰਬ ਦਏ ਗਵਾਹੀਆ। ਜਿਸ ਦੇ ਕੋਲੋਂ ਸ੍ਰਿਸ਼ਟੀ ਡਰਦੀ, ਭੈ ਵਿਚ ਲੋਕਾਈਆ। ਇਕ ਭਗਤ ਦੀ ਆਤਮ ਪੜ੍ਹਦੀ, ਢੋਲਾ ਬੇਪਰਵਾਹੀਆ। ਇਹ ਖੇਲ ਸਚ ਅਸਚਰਜ ਦੀ, ਅਚਰਜ ਰਿਹਾ ਕਰਾਈਆ। ਹਰਨਾਕਸ਼ ਦਾ ਇਕ ਚਾਕਰ ਜਿਸ ਦੀ ਮਾਂ ਸਦਾ ਸੀ ਓਸ ਨੂੰ ਵਰਜਦੀ, ਹੌਲੀ ਹੌਲੀ ਸਮਝਾਈਆ। ਬੱਚਿਆ ਇਹ ਕੂੜੀ ਖੇਡ ਇਸ ਦੀ ਫ਼ਰਜ਼ ਦੀ, ਥਿਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ । ਦਰ ਕਹੇ ਮੈਨੂੰ ਆ ਗਈ ਯਾਦ, ਬੀਤੀ ਕਹਾਣੀ ਦਿਆਂ ਜਣਾਈਆ। ਜਿਸ ਵੇਲੇ ਰਖ਼ਸ਼ਾ ਕੀਤੀ ਸੀ ਪ੍ਰਹਿਲਾਦ, ਪਰੇ ਤੋਂ ਪਰੇ ਦਾ ਮਾਲਕ ਫੇਰਾ ਪਾਈਆ। ਓਸ ਵੇਲੇ ਹਰਨਾਕਸ਼ ਦੇ ਨਫ਼ਰ ਕੀਤੀ ਫ਼ਰਿਆਦ, ਅੰਦਰੇ ਅੰਦਰ ਧਿਆਨ ਲਗਾਈਆ। ਮੇਰੀ ਮਾਤਾ ਨੇ ਮੈਨੂੰ ਸਿਖਿਆ ਦਿਤੀ ਆਪ, ਬਿਨ ਹਰਿ ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਬਿਨ ਰਸਨਾ ਜਿਹਵਾ ਤੇਰਾ ਕਰਦਾ ਰਿਹਾ ਜਾਪ, ਪ੍ਰਭੂ ਅੰਤਰ ਅੰਤਰ ਧਿਆਨ ਲਗਾਈਆ। ਦਰ ਦਹਲੀਜ਼ੇ ਬੈਠਾ ਵੇਖਾਂ ਸਾਖ਼ਿਆਤ, ਦੂਸਰ ਨਜ਼ਰ ਕਿਸੇ ਨਾ ਆਈਆ। ਚਰਨ ਕਵਲ ਹੋ ਮੁਹਤਾਜ, ਨਿਵਾਜ਼ਸ਼ ਨਾਲ ਸੁਣਾਈਆ। ਕਿਰਪਾ ਕਰ ਪੁਰਖ ਸਮਰਾਥ, ਸਚ ਦੇ ਮਾਣ ਵਡਿਆਈਆ। ਭਗਤ ਉਧਾਰਨ ਪਿਛੇ ਆਇਉਂ ਆਪ, ਨਿਰਗੁਣ ਸਰਗੁਣ ਫੇਰਾ ਪਾਈਆ। ਕਿਉਂ ਨਹੀਂ ਪਰਗਟ ਹੋਇਆ ਸਾਖ਼ਿਆਤ, ਸਵੱਛ ਸਰੂਪ ਆਪਣਾ ਦੇ ਜਣਾਈਆ। ਸ਼ਬਦ ਅਗੰਮੀ ਹਰਿ ਨੇ ਮਾਰ ਆਵਾਜ਼, ਸੰਦੇਸ਼ਾ ਦਿਤਾ ਜਣਾਈਆ। ਜੁਗ ਚੌਕੜੀ ਮੇਰਾ ਖੇਲ ਤਮਾਸ਼, ਆਦਿ ਜੁਗਾਦਿ ਵੱਡੀ ਵਡਿਆਈਆ। ਇਸ ਦਾ ਡੂੰਘਾ ਕੋਈ ਰਾਜ਼, ਅਭੇਵ ਆਪਣੇ ਵਿਚ ਰਖਾਈਆ। ਜਿਸ ਵੇਲੇ ਕਲਜੁਗ ਅੰਤ ਅੰਧੇਰੀ ਆਵੇ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਓਸ ਵੇਲੇ ਪਰਗਟ ਹੋ ਕੇ ਆਵਾਂ ਪੁਰਖ ਅਬਿਨਾਸ਼, ਸਾਚਾ ਨੂਰ ਕਰਾਂ ਰੁਸ਼ਨਾਈਆ। ਓਸ ਨਫ਼ਰ ਨੇ ਕਿਹਾ ਸਾਚ, ਸਚ ਤੇਰੀ ਸਰਨਾਈਆ। ਸੁਣ ਬੇਨੰਤੀ ਮੈਂ ਕਰਾਂ ਜੋੜ ਕੇ ਦੋਵੇਂ ਹਾਥ, ਦਰ ਤੇਰੇ ਸੀਸ ਨਿਵਾਈਆ।

ਮੈਨੂੰ ਸਚ ਦੱਸ ਦੇ ਬਾਤ, ਅਨਮੰਗੀ ਤੈਥੋਂ ਮੰਗ ਮੰਗਾਈਆ। ਜਿਸ ਤਰਾ ਪ੍ਰਹਿਲਾਦ ਦੀ ਰਖ਼ਸ਼ਾ ਕਰਨ ਦੀ ਖ਼ਾਤਰ ਹਰਨਾਕਸ਼ ਦਾ ਕੀਤਾ ਘਾਤ, ਆਪਣਾ ਵੇਸ ਬਦਲਾਈਆ। ਕੀ ਓਸ ਵੇਲੇ ਕੋਈ ਭਗਤ ਤੇਰਾ ਹੋਵੇ ਦਾਸ, ਦਾਸੀ ਰੂਪ ਵਖਾਈਆ। ਪੁਰਖ ਅਕਾਲ ਕਿਹਾ ਮੈਂ ਚਾਰ ਜੁਗ ਦੇ ਵਿਛੜੇ ਸਾਰਿਆਂ ਜੋੜਾ ਨਾਤ, ਚਰਨ ਕਵਲ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਫ਼ਰ ਕਹੇ ਪ੍ਰਭੂ ਮੇਰਾ ਨਾਮ ਨੰਤਾ, ਭੁਲ ਕਦੀ ਨਾ ਜਾਈਆ। ਜਿਸ ਵੇਲੇ ਕਲਜੁਗ ਬਣਾਵੇਂ ਬਣਤਾ, ਇਹ ਖੇਲ ਦੇਣਾ ਵਖਾਈਆ। ਹੁਣ ਅੰਦਰੇ ਅੰਦਰ ਤੇਰੇ ਅਗੇ ਕਰਾਂ ਮਿੰਨਤਾ, ਰਸਨਾ ਜਿਹਵਾ ਨਾ ਕੋਇ ਸੁਣਾਈਆ। ਭੈ ਵਿਚ ਨਹੀਂ ਕੋਈ ਹਿੰਮਤਾ, ਹੌਸਲਾ ਅਵਰ ਨਾ ਕੋਇ ਵਖਾਈਆ। ਮੈਨੂੰ ਡਰ ਲਗਦਾ ਕੋਲੋਂ ਨਿੰਦਕਾ, ਜੋ ਤੇਰਾ ਨਾਮ ਗਏ ਭੁਲਾਈਆ। ਪੁਰਖ ਅਕਾਲ ਕਿਹਾ ਮੈਂ ਮਾਲਕ ਜੀਓ ਪਿੰਡ ਦਾ, ਤਨ ਮਾਟੀ ਦਿਆਂ ਵਡਿਆਈਆ। ਮੇਰਾ ਖੇਲ ਗਹਿਰ ਗੰਭੀਰ ਗੁਣੀ ਗਹਿੰਦ ਦਾ, ਸਮਝ ਕੋਇ ਨਾ ਪਾਈਆ। ਜਿਸ ਵੇਲੇ ਵਕ਼ਤ ਹੋਏ ਸੁਹੰਜਣਾ ਪ੍ਰਭ ਬਖ਼ਸ਼ੰਦ ਦਾ, ਬਖ਼ਸ਼ਿਸ਼ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਫ਼ਰ ਕਿਹਾ ਭਗਤ ਪ੍ਰਹਿਲਾਦ ਪਿਛੇ ਮਾਰੇਂ ਹਰਨਾਕਸ਼, ਹਰਿ ਆਪਣੀ ਖੇਲ ਵਖਾਈਆ। ਪੁਰਖ ਅਕਾਲ ਕਿਹਾ ਮੈਂ ਇਸੇ ਤਰਾ ਕਲਜੁਗ ਅੰਤਮ ਭਗਤ ਸੁਹੇਲੇ ਕਰਾਂ ਖ਼ਾਲਸ, ਕਲਜੁਗ ਕੂੜਾ ਪਾਰ ਕਰਾਈਆ। ਨੰਤੇ ਕਿਹਾ ਕਿਸ ਬਿਧ ਬਣੇਂ ਸਾਲਸ, ਆਪਣਾ ਫੇਰਾ ਪਾਈਆ । ਭਗਵਨ ਕਿਹਾ ਮੈਂ ਜਨਮਾਂ ਕਿਸੇ ਨਾ ਘਰ ਮਾਈ ਬਾਲਕ, ਨਿਰਗੁਣ ਨਿਰਵੈਰ ਹੋ ਕੇ ਫੇਰਾ ਪਾਈਆ। ਸੰਤ ਸੁਹੇਲਾ ਬਣ ਪ੍ਰਿਤਪਾਲਕ, ਰਖ਼ਸ਼ਾ ਕਰਾਂ ਥਾਉਂ ਥਾਈਂਆ। ਓਸ ਕਿਹਾ ਪ੍ਰਭੂ ਕੀ ਮੇਰੀ ਵੀ ਨਿੰਦਰਾ ਲਾਹੇਂਗਾ ਆਲਸ, ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਾਚੀ ਕਾਰ ਕਮਾਈਆ। ਪੁਰਖ ਅਕਾਲ ਕਿਹਾ ਸੁਣ ਨਫ਼ਰ ਗ਼ੁਲਾਮ, ਤੇਰੇ ਅੰਤਰ ਰੁਚੀ ਸਚੀ ਨਜ਼ਰੀ ਆਈਆ। ਤੈਨੂੰ ਪਤਾ ਨਹੀਂ ਅਜੇ ਮੈਂ ਪਰਗਟ ਹੋ ਕੇ ਔਣਾ ਰਾਮ, ਤ੍ਰੇਤੇ ਆਪਣਾ ਫੇਰਾ ਪਾਈਆ। ਕਰਨਾ ਖੇਲ ਇਕ ਮਹਾਨ, ਬਨਵਾਸੀ ਹੋ ਕੇ ਵਕ਼ਤ ਲੰਘਾਈਆ । ਫੇਰ ਦੱਸਾਂ ਇਕ ਨਿਸ਼ਾਨ, ਤੈਨੂੰ ਲਵਾਂ ਮਿਲਾਈਆ। ਓਸ ਨੇ ਹੱਥ ਜੋੜ ਕੇ ਕਿਹਾ ਵਾਹ ਮੇਰੇ ਭਗਵਾਨ, ਤੇਰੀ ਬੇਪਰਵਾਹੀਆ। ਮੈਂ ਇਕ ਮੰਗਾਂ ਦਾਨ, ਖ਼ਾਲੀ ਝੋਲੀ ਅੱਗੇ ਡਾਹੀਆ। ਜਿਸ ਵੇਲੇ ਆਪ ਹੋਏਂ ਭਗਤਾਂ ਉਤੇ ਮਿਹਰਵਾਨ, ਮੈਨੂੰ ਆਪਣਾ ਲਹਿਣਾ ਦੇਣਾ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਵਡਿਆਈ ਦੇ ਕੇ ਖੇਲ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਜੁਗ ਪਲਟ ਕੇ ਬਣ ਗਿਆ ਰਾਮ, ਸੀਤਾ ਸਵਾਣੀ ਜਨਕ ਸਪੁਤਰੀ ਆਪ ਪਰਨਾਇੰਦਾ। ਦਸਰਥ ਦੇ ਘਰ ਦੀ ਹੋਏ ਕੈਕਈ ਪਰੇਸ਼ਾਨ, ਤਖ਼ਤ ਤਾਜ ਚਰਨਾਂ ਹੇਠ ਦਬਾਇੰਦਾ। ਕੈਕਈ ਦਾ ਕੂੜ ਵੇਖ ਨਿਸ਼ਾਨ, ਨਾਤਾ ਕੂੜਾ ਮਾਤ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਇੰਦਾ। ਕਰਨੀ ਕਰਦਾ ਕਰਦਾ ਆ ਗਿਆ ਪੰਚਬਟੀ, ਰਮਈਆ ਆਪਣਾ ਫੇਰਾ ਪਾਈਆ । ਓਥੇ ਇਕ ਭੜਭੂੰਜੇ ਦੀ ਸੀ ਹੱਟੀ, ਜੋ ਚਨੇ ਰਿਹਾ ਵਿਕਾਈਆ। ਉਸ ਨੂੰ ਸਹਿਜ ਨਾਲ ਜਾ ਕੇ ਪੁਛਿਆ ਕੀ ਇਸ ਦੇ ਵਿਚੋਂ ਖਟੀ ਖਟੀ, ਮੈਨੂੰ ਦੇ ਜਣਾਈਆ। ਓਸ ਨੇ ਕਿਹਾ ਨੌ ਟਕੇ ਆਮਦਨੀ ਦਸਵਾਂ ਪੈਂਦਾ ਚੱਟੀ, ਮੈਨੂੰ ਹਿਸਾਬ ਕਢਣਾ ਜਾਚ ਨਾ ਕਿਸੇ ਸਿਖਾਈਆ। ਰਾਮ ਨੇ ਹੌਲੀ ਜਿਹੀ ਓਹਦੇ ਮਸਤਕ ਵਿਚ ਮਾਰੀ ਛਿਟੀ,

ਸੁਰਤੀ ਦਿਤੀ ਭੁਲਾਈਆ। ਉਹਨੂੰ ਪਿਛਲੀ ਯਾਦ ਆ ਗਈ ਜਿਹੜੀ ਹਰਨਾਕਸ਼ ਦੇ ਦਰ ਦਵਾਰੇ ਵਿਚ ਸੀ ਡਿਠੀ, ਸਾਖ਼ਿਆਤ ਓਹੋ ਰੂਪ ਵਖਾਈਆ। ਫੇਰ ਰਾਮ ਨੇ ਹੱਥ ਰਖ ਕੇ ਉਹਦੀ ਗਿਚੀ, ਆਪਣੇ ਚਰਨਾਂ ਉਤੇ ਦਿਤੀ ਛੁਹਾਈਆ। ਉਹਦੀ ਹੰਕਾਰ ਵਾਲੀ ਮਤ ਹੋਈ ਵਿੰਗੀ, ਨਿਮਾਣਾ ਹੋ ਕੇ ਨੇਤਰ ਰੋਵੇ ਮਾਰੇ ਧਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਰਾਮ ਕਿਹਾ ਭੜਭੂੰਜੇ ਤੇਰੀ ਕਿਹੜੀ ਦੁਕਾਨ, ਮੈਨੂੰ ਦੇ ਵਖਾਈਆ। ਉਸ ਨੇ ਕਿਹਾ ਆ ਮੇਰੇ ਮਹਿਮਾਨ, ਤੈਨੂੰ ਦਿਆਂ ਬਹਾਈਆ। ਜਿਸ ਵੇਲੇ ਅੰਦਰ ਲੰਘਿਆ ਓਥੇ ਇਕ ਗੁੱਗਾ ਬੈਠਾ ਸੀ ਜੁਆਨ, ਸਰਪ ਰੂਪ ਵਟਾਈਆ। ਉਹ ਵੇਖ ਕੇ ਹੋਇਆ ਹੈਰਾਨ, ਚਲਦਾ ਫਿਰਦਾ ਰਾਮ ਕਿਧਰੋਂ ਆਈਆ। ਨੇਤਰ ਦਰਸ ਕਰਕੇ ਹੋਇਆ ਪਰੇਸ਼ਾਨ, ਕਿਸ ਮੇਰੇ ਅੰਤਰ ਅੰਮ੍ਰਿਤ ਦਿਤਾ ਚਖਾਈਆ। ਅਗੋਂ ਹੋ ਕੇ ਮੱਥਾ ਟੇਕਿਆ ਆਣ, ਚਰਨਾਂ ਸੀਸ ਛੁਹਾਈਆ। ਉਹ ਭੜਭੂੰਜਾ ਡਰਿਆ ਮਹਾਨ, ਸਾਹ ਵਿਚ ਸਾਹ ਨਾ ਕੋਇ ਰਲਾਈਆ। ਛੇਤੀ ਨਾਲ ਆਪਣੇ ਉਪਰੋਂ ਚਾਦਰ ਸੁਟ ਕੇ ਕਹਿੰਦਾ ਏਥੇ ਬਹਿ ਜਾ ਮੇਰੇ ਮਹਿਮਾਨ, ਅਗੇ ਲੋੜ ਰਹੀ ਨਾ ਰਾਈਆ । ਇਹ ਕਿਧਰੋਂ ਮਿਲ ਗਿਆ ਅਗੋਂ ਸ਼ੈਤਾਨ, ਦੋਹਾਂ ਨੂੰ ਗੂੜ੍ਹੀ ਨੀਂਦ ਨਾ ਦਏ ਸਵਾਈਆ। ਰਾਮ ਨੇ ਓਹੋ ਛਿਟੀ ਓਸ ਸਰਪ ਦੇ ਸਿਰ ਤੇ ਰੱਖੀ ਆਣ, ਮਨੁਖਾਂ ਵਿਚੋਂ ਮਨੁਖ ਲਿਆ ਪਰਗਟਾਈਆ । ਓਹਨੂੰ ਪੁਛਿਆ ਹੋਰ ਗਿਆਨ, ਕੁਛ ਆਪਣਾ ਦੇ ਸੁਣਾਈਆ। ਓਸ ਨੇ ਕਿਹਾ ਇਹਦਾ ਦਸਵਾਂ ਟਕਾ ਤੇਰਾ ਪੀਣ ਖਾਣ, ਮੈਂ ਵਸਤ ਆਪਣੀ ਝੋਲੀ ਪਾਈਆ । ਦੂਜੀ ਵਾਰ ਫੇਰ ਰਾਮ ਨੇ ਕਿਹਾ ਨਾਲ ਜ਼ਬਾਨ, ਕੁਛ ਹੋਰ ਦੇ ਦ੍ਰਿੜਾਈਆ। ਸਰਪ ਨੇ ਕਿਹਾ ਮੈਨੂੰ ਐਂ ਨਜ਼ਰੀ ਔਂਦਾ ਵਿਚ ਜਹਾਨ, ਖੇਲ ਹੋਣਾ ਇਕ ਭਗਤ ਤੇ ਇਕ ਭਗਵਾਨ, ਭਾਗ ਸਾਚੇ ਘਰ ਲਗਾਈਆ। ਪ੍ਰਭੂ ਨੇ ਕਿਹਾ ਓਸ ਦਾ ਕੀ ਨਿਸ਼ਾਨ, ਮੈਨੂੰ ਦੇ ਦ੍ਰਿੜਾਈਆ। ਸਰਪ ਨੇ ਕਿਹਾ ਓਹਦੇ ਪਾਟੇ ਚੀਥੜ ਚਮਿਆਰੀ ਦੀ ਕੁਲ ਪੱਲੇ ਕੁਛ ਨਹੀਂ ਪੀਣ ਖਾਣ, ਭੁੱਖਾ ਨੰਗਾ ਨਜ਼ਰੀ ਆਈਆ। ਓਨੇ ਚਿਰ ਨੂੰ ਲਛਮਣ ਨੇ ਚੁਕ ਕੇ ਤੀਰ ਕਮਾਨ, ਸਰਪ ਨੂੰ ਮਾਰ ਕੇ ਪਾਰ ਦਿਤਾ ਕਰਾਈਆ। ਰਾਮ ਨੇ ਕਿਹਾ ਇਹ ਕੀ ਕੀਤਾ ਨਾਦਾਨ, ਇਹ ਮੈਨੂੰ ਬੜੀ ਸੋਹਣੀ ਗਾਥਾ ਸੀ ਰਿਹਾ ਸੁਣਾਈਆ। ਓਸੇ ਵੇਲੇ ਸੀਤਾ ਨੇ ਓਸ ਉਤੇ ਪਰਦਾ ਪਾਇਆ ਆਣ, ਆਪਣੀ ਸੇਵ ਕਮਾਈਆ। ਰਾਮ ਨੇ ਕਿਹਾ ਜਾ, ਫੇਰ ਮੇਰਾ ਭਗਵਾਨ ਤੈਨੂੰ ਮਿਲੇ ਆਣ, ਮਹਿਮਾਨਾਂ ਵਾਲਾ ਰੂਪ ਵਟਾਈਆ। ਭੜਭੂੰਜੇ ਕਿਹਾ ਇਹ ਕੀ ਗਿਆਨ, ਮੈਨੂੰ ਦੇ ਸਮਝਾਈਆ। ਰਾਮ ਨੇ ਕਿਹਾ ਤੂੰ ਹਰਨਾਕਸ਼ ਦਾ ਦਰਬਾਨ, ਪਿਛਲਾ ਲੇਖਾ ਦਿਆਂ ਵਖਾਈਆ। ਓਸ ਨੇ ਕਿਹਾ ਕੁਛ ਅਗੇ ਦੇ ਦੇ ਦਾਨ, ਝੋਲੀ ਤੇਰੇ ਅਗੇ ਡਾਹੀਆ। ਰਾਮ ਨੇ ਕਿਹਾ ਜਿਸ ਵੇਲੇ ਕਲਜੁਗ ਅੰਤਮ ਹੋਵੇ ਮਹਾਨ, ਮਹਿੰਮਾ ਸਚ ਕੋਇ ਕਹਿਣ ਨਾ ਪਾਈਆ। ਓਸ ਵੇਲੇ ਪੁਰਖ ਅਬਿਨਾਸ਼ੀ ਪਰਗਟ ਹੋਵੇ ਨੌਜੁਆਨ, ਜੋਧਾ ਸੂਰਬੀਰ ਬੇਪਰਵਾਹੀਆ। ਤੇਰੇ ਦਵਾਰੇ ਫਿਰ ਆਵੇ ਵਿਚ ਜਹਾਨ, ਦੋ ਜਹਾਨਾਂ ਮਾਲਕ ਫੇਰਾ ਪਾਈਆ। ਓਸ ਨੇ ਕਿਹਾ ਮੈਂ ਕਿਹੋ ਜਿਹਾ ਬਣਾਵਾਂ ਅਸਥਾਨ, ਜਿਸ ਦੇ ਉਤੇ ਆਪਣਾ ਠਾਕਰ ਲਵਾਂ ਬਹਾਈਆ। ਰਾਮ ਨੇ ਕਿਹਾ ਓਹਨੂੰ ਇਹੋ ਜਿਹਾ ਚੰਗਾ ਲਗੇ ਛੋਟਾ ਜਿਹਾ ਮਕਾਨ, ਜਿਸ ਦੇ ਵਿਚ ਤੇਰਾ ਲੇਖਾ ਦਏ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦਰਬਾਨ ਕਿਹਾ ਹੁਣ ਮੈਂ ਭੜਭੂੰਜਾ, ਦੋਹਾਂ ਜਨਮਾਂ ਦੀ ਸੋਝੀ ਗਈ ਆਈਆ। ਕੋਈ ਹੋਰ ਭੇਵ ਹੈ ਗੂਝਾ, ਮੈਨੂੰ ਦੇ ਸਮਝਾਈਆ। ਓਸ ਨੇ ਕਿਹਾ ਜਿਸ ਵੇਲੇ ਬੁਧੂ ਸ਼ਾਹ ਨੇ ਗੋਬਿੰਦ ਦੇ ਅਗੇ ਰੱਖਿਆ

ਕੂਜਾ, ਹੇਠਾਂ ਉਤੇ ਟਿਕਾਈਆ। ਓਸ ਵੇਲੇ ਕੋਈ ਹੋਰ ਨਹੀਂ ਹੋਣਾ ਦੂਜਾ, ਇਹੋ ਜਿਹਾ ਵੇਲਾ ਵਕ਼ਤ ਵਡਿਆਈਆ । ਜਿਸ ਨੂੰ ਗੋਬਿੰਦ ਨੇ ਕਰ ਕੇ ਮੂਦਾ, ਦੂਜਾ ਭਾਓ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ । ਰਾਮ ਨੇ ਕਿਹਾ ਓਹ ਭੜਭੂੰਜੇ ਤੂੰ ਅਜੇ ਬਣਨਾ ਬੁਧੂ, ਬੁਧ ਤੇਰੀ ਸਮਝ ਕਿਸੇ ਨਾ ਆਈਆ। ਓਹ ਤੈਨੂੰ ਲੱਭੂ, ਜਿਸ ਤੇਰਾ ਲੇਖਾ ਦੇਣਾ ਚੁਕਾਈਆ। ਓਹ ਤੈਨੂੰ ਬੁਝੂ, ਦੂਜਾ ਅੱਖ ਨਾ ਕੋਇ ਮਿਲਾਈਆ। ਤੇਰਾ ਲੇਖਾ ਓਸੇ ਕੋਲੋਂ ਮੁੱਕੂ, ਜੋ ਸਭ ਦਾ ਹੋਏ ਗੁਸਾਂਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਵੇਲਾ ਵਕ਼ਤ ਹੋਇਆ ਤਬਦੀਲ, ਹਰਿ ਕਰਤੇ ਖੇਲ ਰਚਾਈਆ। ਜਿਸ ਦੀ ਸ਼ਹਾਦਤ ਕੋਈ ਨਾ ਦੇਵੇ ਨਾ ਕੋਈ ਵੁਕਲਾ ਹੋਏ ਵਕੀਲ, ਵਕਾਲਤ ਕੰਮ ਕਿਸੇ ਨਾ ਆਈਆ। ਮਨ ਮਤ ਦੀ ਚਲੇ ਨਾ ਕੋਇ ਦਲੀਲ, ਬੁੱਧੀ ਮਿਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਬੁਧੂ ਨੇ ਆਪਣੀ ਬੁਧਿ ਤੋਂ ਬਾਹਰ, ਅਚਰਜ ਖੇਲ ਲਈ ਬਣਾਈਆ। ਅੰਤਰ ਅੰਤਰ ਕਰ ਪਿਆਰ, ਸਾਚੀ ਸੁਰਤੀ ਲਈ ਲਗਾਈਆ। ਇਕ ਪਾਸੇ ਦੇਵੀ ਨੂੰ ਕਰ ਸ਼ਿੰਗਾਰ, ਬਸਤਰ ਭੂਸ਼ਣ ਲਏ ਬਣਾਈਆ। ਇਕ ਧਿਰ ਪੰਜਾਂ ਤੱਤਾਂ ਨੂੰ ਦੇ ਅਧਾਰ, ਸੀਸ ਦਸਤਾਰ ਲਏ ਸੁਹਾਈਆ। ਗੋਬਿੰਦ ਨੂੰ ਕੁੱਜੇ ਦੋ ਵਖਾਲ, ਅੰਦਰੋਂ ਇਸ਼ਾਰਾ ਦਿਤਾ ਲਗਾਈਆ। ਇਹਨਾਂ ਦੋਹਾਂ ਵਿਚੋਂ ਤੇਰਾ ਕਿਹਦੇ ਨਾਲ ਵਿਹਾਰ, ਮੈਨੂੰ ਦੇ ਸਮਝਾਈਆ। ਇਹ ਇਸਤਰੀ ਉਹ ਪੁਰਸ਼ ਉਹ ਪੁਰਸ਼ ਇਹ ਨਾਰ, ਨਾਰ ਪੁਰਸ਼ ਕਿਹੜੀ ਵੰਡ ਵੰਡਾਈਆ। ਗੋਬਿੰਦ ਸ਼ਬਦੀ ਮਾਰ ਆਵਾਜ਼, ਧੁਰ ਦਾ ਭੇਵ ਖੁਲ੍ਹਾਈਆ। ਮੈਂ ਸਭ ਦੀ ਪੂਰੀ ਕਰਾਂ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਮੇਰਾ ਇਕੋ ਜਿਹਾ ਸਾਥ, ਏਥੇ ਓਥੇ ਦੋ ਜਹਾਨਾਂ ਨਜ਼ਰੀ ਆਈਆ। ਬੁਧੂ ਕਿਹਾ ਮੈਂ ਵੇਖਾਂ ਸਾਖ਼ਿਆਤ, ਜੋ ਕੁਛ ਕਹੇਂ ਸੋ ਸਚ ਕਰ ਵਖਾਈਆ। ਗੋਬਿੰਦ ਕਿਹਾ ਸ਼ਾਬਾਸ਼, ਤੇਰੇ ਨੇਤਰ ਦਿਆਂ ਜਣਾਈਆ। ਪਰ ਮੈਂ ਹੋਰ ਕੁਛ ਦੱਸਾਂ ਹਾਲਾਤ, ਭੇਵ ਅਭੇਦਾ ਨਾਲ ਰਲਾਈਆ। ਤੂੰ ਲਿਖਦੇ ਨਾਲ ਕ਼ਲਮ ਦਵਾਤ, ਭੁਲ ਰਹੇ ਨਾ ਰਾਈਆ। ਜਿਸ ਵੇਲੇ ਮੈਂ ਪੁਰਖ ਅਕਾਲ ਲੈ ਕੇ ਆਵਾਂ ਸਾਥ, ਲੋਕਮਾਤ ਵੇਸ ਵਟਾਈਆ। ਓਸ ਵੇਲੇ ਭਗਤਾਂ ਦੀ ਹੋਵੇ ਇਕ ਜਮਾਤ, ਧੁਰ ਦਾ ਜੋੜ ਜੁੜਾਈਆ। ਤੇਰੇ ਘਰ ਹੋਵੇ ਨਿਵਾਸ, ਅਸਥਾਨ ਭੂਮਿਕਾ ਦਏ ਸੁਹਾਈਆ। ਵੇਖਣਾ ਨੇਤਰ ਨਾਲ ਖ਼ਾਸ, ਖ਼ਾਲਸ ਹੋ ਕੇ ਦਿਆਂ ਦ੍ਰਿੜਾਈਆ। ਪੁਰਖ ਨਾਰ ਸਭ ਦਾ ਹਿੱਸਾ ਇਕੋ ਜਿਹਾ ਲਵਾਂ ਰਾਖ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਤੇਰੇ ਦਰਵਾਜ਼ੇ ਵਾਲੀ ਯਾਦ ਰੱਖਾਂ ਬਾਤ, ਅਭੁਲ ਹੋ ਕੇ ਭੁਲ ਨਾ ਕਦੀ ਵਖਾਈਆ। ਚੌਥੇ ਜੁਗ ਵਿਚ ਚੌਥੇ ਜਨਮ ਦਾ ਲੇਖਾ ਕਰਾਂ ਹਿਸਾਬ, ਨਿਸਬਤ ਆਪਣੀ ਨਾਲੋਂ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੁਣ ਕੇ ਬਚਨ ਸਹਿਜ ਸੁਭਾਓ, ਅੰਤਰ ਅੰਤਰ ਖ਼ੁਸ਼ੀ ਮਨਾਈਆ। ਨਿਉਂ ਨਿਉਂ ਲੱਗਾ ਗੋਬਿੰਦ ਪਾਉਂ, ਚਰਨ ਧੂੜੀ ਮਸਤਕ ਟਿੱਕਾ ਲਿਆ ਰਮਾਈਆ। ਤੇਰਾ ਖੇਲ ਬੇਪਰਵਾਹੋ, ਸਮਝ ਕੋਇ ਨਾ ਆਈਆ। ਵਸੇਂ ਹਰ ਘਟ ਥਾਉਂ, ਲੱਖ ਚੁਰਾਸੀ ਰਿਹਾ ਸਮਾਈਆ। ਇਕ ਦੱਸ ਕੀ ਹੋਵੇ ਤੇਰਾ ਨਾਉਂ, ਕੀ ਸਿਫ਼ਤ ਤੇਰੀ ਵਡਿਆਈਆ। ਗੋਬਿੰਦ ਕਿਹਾ ਓਹ ਮੇਰਾ ਪਿਤਾ ਜਿਸ ਦਾ ਮੈਂ ਪੁਤ ਉਹ ਪਕੜੇ ਮੇਰੀ ਬਾਹੋਂ, ਬਾਂਹ ਪਕੜ ਸ਼ਬਦੀ ਨਾਉਂ ਮੇਰਾ ਦਏ ਪਰਗਟਾਈਆ। ਦੋ ਜਹਾਨਾਂ ਕਰੇ ਨਿਆਉਂ, ਸਚ ਅਦਾਲਤ ਇਕ ਵਖਾਈਆ। ਚਲ ਕੇ ਆਵੇ ਤੇਰੇ ਗਰਾਉਂ,

ਗਰਾਂ ਤੇਰਾ ਦਏ ਸੁਹਾਈਆ। ਪ੍ਰੇਮ ਪ੍ਰੀਤੀ ਤੇਰੀ ਵੇਖੇ ਵੇਖਣ ਦਾ ਜਿਸ ਚਾਓ, ਪ੍ਰੀਤਮ ਸਿੰਘ ਤੇਰੇ ਨਾਮ ਮਿਲੇ ਵਡਿਆਈਆ । ਸ੍ਰਿਸ਼ਟੀ ਵਿਚ ਸਾਰੇ ਕਹਿੰਦੇ ਪੁਤਰਾਂ ਦੇ ਨਾਲ ਰਹੇ ਨਾਉਂ, ਭਗਤ ਕਹੇ ਭਗਵਾਨ ਬਿਨ ਕੰਮ ਕਿਸੇ ਨਾ ਆਈਆ। ਪੁਰਖ ਅਬਿਨਾਸ਼ੀ ਸਦ ਦੇਵਣਹਾਰ ਠੰਡੀ ਛਾਉਂ, ਸਮਰਥ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਖੇਲ ਪੂਰੀ ਰਿਹਾ ਕਰਾਈਆ। ਦਰ ਕਹੇ ਮੈਨੂੰ ਸਮਝਿਉ ਨਾ ਜਗਤ ਦਰਵਾਜ਼ਾ, ਮਿੱਟੀ ਇੱਟ ਨਾ ਕੋਇ ਚਤੁਰਾਈਆ। ਮੇਰਾ ਚਾਰ ਜੁਗ ਦਾ ਲਹਿਣਾ ਇਸੇ ਕਰਕੇ ਬੈਠਾ ਗ਼ਰੀਬ ਨਿਵਾਜ਼ਾ, ਨਿਮਾਣਿਆਂ ਦਾ ਮਾਣ ਨਜ਼ਰੀ ਆਈਆ। ਜਗਦੀਸ਼ ਹੋ ਕੇ ਸੀਸ ਸੁਹਾਏ ਤਾਜਾ, ਤਖ਼ਤ ਨਿਵਾਸੀ ਫੇਰਾ ਪਾਈਆ। ਸ਼ਹਿਨਸ਼ਾਹਾਂ ਦਾ ਸ਼ਾਹ ਰਾਜਿਆਂ ਦਾ ਰਾਜਾ, ਪਾਤਸ਼ਾਹਾਂ ਦਾ ਪਾਤਸ਼ਾਹ ਨਜ਼ਰੀ ਆਈਆ। ਜਿਸ ਦੇ ਕੋਲ ਸਭ ਤੋਂ ਵੱਡਾ ਇਹ ਵਾਧਾ, ਜੁਗ ਜਨਮ ਦੇ ਵਿਛੜਿਆਂ ਰਿਹਾ ਮਿਲਾਈਆ । ਵੇਖੋ ਕਿਸੇ ਨੂੰ ਪਿਉ ਛਡ ਗਿਆ ਕਿਸੇ ਨੂੰ ਛਡ ਗਿਆ ਬਾਬਾ, ਮਾਤਾ ਕਿਸੇ ਦੀ ਸੰਗ ਨਾ ਕੋਇ ਨਿਭਾਈਆ। ਇਹ ਜੁਗ ਚੌਕੜੀ ਦੀ ਰੱਖੇ ਯਾਦਾ, ਯਾਦਾਸ਼ਤ ਨਾ ਅਜੇ ਭੁਲਾਈਆ। ਇਸ ਤੋਂ ਅਗੇ ਹੋਰ ਚਲਾ ਕੇ ਜਾਏ ਰਿਵਾਜਾ, ਭਗਤਾਂ ਦਏ ਸਮਝਾਈਆ। ਪੂਰੀ ਕਰ ਕੇ ਦ੍ਰਿਸ਼ਟੀ ਵਾਲੀ ਖ਼ਾਹਸ਼ਾ, ਸ੍ਰਿਸ਼ਟੀ ਜਾਏ ਵਸਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਿਆ ਖੇਲ ਸਾਖ਼ਿਆਤਾ, ਠੱਗੀ ਚੋਰੀ ਯਾਰੀ ਨਾ ਕੋਇ ਕਮਾਈਆ।

੨੫ ਮਾਘ ੨੦੨੧ ਬਿਕ੍ਰਮੀ ਪ੍ਰੀਤਮ ਸਿੰਘ ਦੇ ਘਰ ਜੰਡਿਆਲਾ ਜ਼ਿਲਾ ਜਲੰਧਰ

ਪੁਰਖ ਅਕਾਲ ਕਿਹਾ ਗੋਬਿੰਦ ਇਹ ਗੁਰ ਚੇਲੇ ਦਾ ਸਵੰਬਰ, ਨਾਤੇ ਧੁਰ ਦੇ ਰਿਹਾ ਬੰਧਾਈਆ। ਨਿਵਾਸ ਦੱਸਾਂ ਮੁਨਾਰਿਆਂ ਉਤੇ ਮੰਬਰ, ਮਹਿਬਾਨ ਹੋ ਕੇ ਦਿਆਂ ਜਣਾਈਆ। ਗ੍ਰਹਿ ਦਿਸਾਵਾਂ ਅਸਮਾਨਾਂ ਉਤੇ ਅੰਬਰ, ਅਵਲ ਇਕ ਜਣਾਈਆ। ਮਾਲਕ ਹੋ ਕੇ ਸਰਵ ਪੀਤੰਬਰ, ਪੀਤ ਪੀਤੰਬਰ ਦਿਆਂ ਵਡਿਆਈਆ। ਕਲਜੁਗ ਮੇਟ ਕੂੜਾ ਅਡੰਬਰ, ਲੇਖਾ ਝੂਠ ਚੁਕਾਈਆ। ਪਾਰ ਕਰਾ ਕੇ ਗਗਨ ਗਗਨੰਤਰ, ਦਵਾਰਾ ਇਕ ਦਰਸਾਈਆ । ਤੇਰੇ ਪ੍ਰੇਮ ਦਾ ਬਣਾ ਕੇ ਮੰਤਰ, ਸੋਹੰ ਢੋਲਾ ਦਿਆਂ ਜਣਾਈਆ। ਬਾਹਰਲੀ ਧਾਰ ਵੇਖਾਂ ਅੰਤਰ, ਖੋਜਾਂ ਹਰ ਘਟ ਥਾਈਂਆ। ਵਿਛੜਿਆਂ ਨੂੰ ਮੇਲ ਕੇ ਨਰ ਹਰਿ ਨਰਾਇਣ ਕੰਤਨ, ਸੁਹਾਗਣ ਦਾ ਸੁਭਾਗ ਦਿਆਂ ਬਣਾਈਆ। ਦੋ ਜਹਾਨ ਬਣਾ ਕੇ ਬਣਤਰ, ਬ੍ਰਹਿਮੰਡਾਂ ਖੰਡਾਂ ਉਤੇ ਦਿਆਂ ਦਰਸਾਈਆ। ਲੇਖੇ ਲਾ ਕੇ ਬ੍ਰਹਮ ਨਿਰੰਤਰ, ਮਾਇਆ ਪਰਦਾ ਦਿਆਂ ਚੁਕਾਈਆ। ਵੱਡਿਆਂ ਵਿਚੋਂ ਵੱਡੇ ਬਣਾ ਕੇ ਸੰਤਨ, ਸਤਿ ਸਤਿਵਾਦੀ ਹੋ ਕੇ ਭੇਦ ਖੁਲ੍ਹਾਈਆ। ਜਿਨ੍ਹਾਂ ਤੇਰੇ ਪਿੱਛੇ ਆਪਣਾ ਕੀਤਾ ਅੰਤਨ, ਅੰਤਸ਼ਕਰਨ ਉਹਨਾਂ ਵੇਖ ਵਖਾਈਆ। ਲੇਖੇ ਲਾ ਕੇ ਨਵਤਨ, ਤਿਨ੍ਹਾਂ ਆਪਣੇ ਰੰਗ ਸਮਾਈਆ। ਭੇਵ ਖੁਲ੍ਹਾ ਕੇ ਮਤਿ ਬੁਧਿ ਮਨ, ਮਨਸਾ ਦਿਆਂ ਚੁਕਾਈਆ। ਢੋਲਾ ਸੁਣਾ ਕੇ ਧੁਰ ਦਾ ਕੰਨ, ਕੰਨੇ ਮੁਕਤੇ ਦਿਆਂ ਹਟਾਈਆ । ਬੇੜਾ ਦੋ ਜਹਾਨ ਬੰਨ੍ਹ, ਸਚ ਦਵਾਰੇ ਦਿਆਂ ਟਿਕਾਈਆ। ਜਿਥੇ ਗੋਬਿੰਦ ਵਸੇਂ ਮੇਰੇ ਚੰਨ, ਓਸੇ ਥਾਂ ਦਿਆਂ ਬਹਾਈਆ । ਜਿਨ੍ਹਾਂ ਨੂੰ ਕੋਈ ਨਾ ਦੇਵੇ ਡੰਨ, ਹੁਕਮ ਅਵਰ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲਣਹਾਰ ਬੇਪਰਵਾਹੀਆ। ਸਭ

ਤੋਂ ਉਚਾ ਨਿੱਕਾ ਜਿਹਾ ਟਿਕਾਣਾ, ਧੁਰਦਰਗਾਹੀ ਦਏ ਜਣਾਈਆ। ਜਿਥੇ ਪੁਜੇ ਕੋਈ ਨਾ ਰਾਜਾ ਰਾਣਾ, ਤਾਜਾਂ ਵਾਲਾ ਨਜ਼ਰ ਕੋਇ ਨਾ ਆਈਆ। ਜਿਸ ਨੂੰ ਜੁਗ ਚੌਕੜੀ ਲਭਦੇ ਫਿਰਦੇ ਦੋ ਜਹਾਨਾਂ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਰਸਨਾ ਜਿਹਵਾ ਬੱਤੀ ਦੰਦ ਗੌਂਦੇ ਫਿਰਦੇ ਗਾਣਾ, ਦਿਵਸ ਰੈਣ ਰਾਗ ਨਾਦ ਰਹੇ ਸੁਣਾਈਆ। ਵੇਸ ਅਨੇਕ ਬਦਲ ਕੇ ਵਟੌਂਦੇ ਰਹੇ ਬਾਣਾ, ਬਣਾਂ ਵਿਚ ਆਪਣਾ ਡੇਰਾ ਲਾਈਆ। ਇਸ਼ਟ ਦੇਵ ਮਨੌਂਦੇ ਰਹੇ ਰਾਮਾ, ਨਿਉਂ ਨਿਉਂ ਸੀਸ ਨਿਵਾਈਆ। ਤੱਟਾਂ ਉਤੇ ਵੇਂਹਦੇ ਰਹੇ ਕਾਹਨਾ, ਬੰਸਰੀਆਂ ਧੁਨ ਜਣਾਈਆ। ਤੱਤਾਂ ਵਾਲਾ ਤੱਤ ਲਭਦੇ ਰਹੇ ਨਿਸ਼ਾਨਾ, ਚਾਰ ਕੁੰਟ ਵੇਖਣ ਥਾਉਂ ਥਾਈਂਆ। ਵਸਤ ਅਮੋਲਕ ਮੰਗਦੇ ਰਹੇ ਦਾਨਾ, ਝੋਲੀ ਖ਼ਾਲੀ ਸਰਬ ਉਠਾਈਆ। ਤੀਰ ਤਰਕਸ਼ ਕੰਧੇ ਉਤੇ ਰਖਦੇ ਰਹੇ ਕਮਾਨਾ, ਚਿੱਲਾ ਭੱਥਾ ਹੱਥ ਉਠਾਈਆ। ਨੇਤਰ ਲੋਚਣ ਨੈਣ ਤਕ ਕੇ ਮਾਰਦੇ ਰਹੇ ਨਿਸ਼ਾਨਾ, ਤਥਾਹ ਆਪਣਾ ਆਪ ਕਰਾਈਆ। ਨਿਰਗੁਣ ਸਰਗੁਣ ਖੇਲ ਵੇਖਦੇ ਰਹੇ ਦੋ ਜਹਾਨਾਂ, ਨਿਤ ਨਵਿਤ ਆਪਣਾ ਫੇਰਾ ਪਾਈਆ। ਹੁਕਮ ਸੁਣਦੇ ਰਹੇ ਧੁਰਦਰਗਾਹੀ ਤੇਰਾ ਪਰਵਾਨਾ, ਪਤਿਪਰਮੇਸ਼ਵਰ ਨਿਉਂ ਨਿਉਂ ਸੀਸ ਨਿਵਾਈਆ। ਬਿਨਾ ਗੋਬਿੰਦ ਗੁਰਮੁਖਾਂ ਪਿੱਛੇ ਹੋਇਆ ਨਾ ਕੋਇ ਕ਼ੁਰਬਾਨਾ, ਬੰਸ ਸਰਬੰਸ ਭੇਟ ਨਾ ਕੋਇ ਚੜ੍ਹਾਈਆ। ਕਿਉਂ ਨਾ ਲੇਖਾ ਦੇਹ ਦਾ ਦੇਵੇ ਭਗਵਾਨਾ, ਭਗਵਨ ਆਪੇ ਹੋਏ ਸਹਾਈਆ। ਲੋਕਮਾਤ ਦੇਵਣਹਾਰਾ ਮਾਨਾ, ਨਿਮਾਣਿਆਂ ਦਇਆ ਕਮਾਈਆ। ਸਚਖੰਡ ਦਾ ਸਚ ਮਕਾਨਾ, ਅਗੰਮੀ ਵੰਡ ਰਖਾਈਆ। ਜਿਥੇ ਵਸੇ ਜੋਧਾ ਸੂਰਬੀਰ ਨੌਜਵਾਨਾ, ਮਰਦ ਮਰਦਾਨਾ ਆਪਣਾ ਡੇਰਾ ਲਾਈਆ। ਓਥੇ ਝੁੱਲੇ ਇਕ ਨਿਸ਼ਾਨਾ, ਸਤਿ ਸਤਿਵਾਦੀ ਰਿਹਾ ਹਿਲਾਈਆ। ਗੋਬਿੰਦ, ਬਿਨ ਤੇਰੇ ਗੁਰਮੁਖਾਂ ਓਥੇ ਹੋਰ ਕਿਸੇ ਦਾ ਨਹੀਂ ਔਣਾ ਜਾਣਾ, ਰਾਹੀ ਪਾਂਧੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖੇ ਰਿਹਾ ਬਣਾਈਆ। ਇਕ ਦਿਨ ਗੋਬਿੰਦ ਨੇ ਪੁਰਖ ਅਕਾਲ ਨੂੰ ਕਹਿ ਦਿਤਾ ਅੱਬਾ, ਹਸ ਕੇ ਦਿਤਾ ਵਖਾਈਆ। ਪ੍ਰਭੂ ਨੇ ਹੌਲੀ ਜਿਹੀ ਉਤੋਂ ਦੱਬਾ, ਥੋੜਾ ਭਾਰ ਦਿਤਾ ਟਿਕਾਈਆ। ਥੱਲਿਉਂ ਕਿਹਾ ਮੈਨੂੰ ਨਜ਼ਰੀ ਆਇਆ ਸੱਬਾ, ਜੋ ਪ੍ਰਭੂ ਤੂੰ ਆਪਣੀ ਬਣਤ ਬਣਾਈਆ। ਵਿਚੋਂ ਮੈਨੂੰ ਇਕ ਵਖਰਾ ਰਾਹ ਲੱਭਾ, ਜਿਸ ਦੀ ਸਮਝ ਨਾ ਕਿਸੇ ਸਮਝਾਈਆ । ਸ੍ਰੀ ਭਗਵਾਨ ਕਿਹਾ ਕਿਹੜਾ, ਗੋਬਿੰਦ ਕਿਹਾ ਤੂੰ ਬੜਾ ਕੱਬਾ, ਜੁਗ ਜੁਗ ਸਾਰਿਆਂ ਭਵਰਾਂ ਵਿਚ ਭਵਾਈਆ। ਮੈਂ ਅਗੇ ਕਿਸੇ ਦਾ ਨਹੀਂ ਸਹਿਣਾ ਦੱਬਾ, ਦਬਦਬਾ ਹੋਰ ਨਾ ਕੋਈ ਜਣਾਈਆ। ਪੁਰਖ ਅਕਾਲ ਕਿਹਾ ਆ ਵੇਖ ਜਿਹੜਾ ਅੱਖਰ ਬਣਿਆ ਬੱਬਾ, ਬਾਬਾ ਬਕਾਲੇ ਵਿਚ ਬਹਾਦਰ ਤੇਗ਼ ਆਪਣੇ ਸੱਜੇ ਹੱਥ ਦੇ ਅੰਗੂਠੇ ਨਾਲ ਦਿਤਾ ਲਿਖਾਈਆ। ਗੋਬਿੰਦ ਕਿਹਾ ਕੀ ਇਹ ਤੈਨੂੰ ਲੱਗਾ ਅੱਛਾ, ਸਚ ਦੇ ਸਮਝਾਈਆ। ਭਗਵਾਨ ਕਿਹਾ ਜਿਸ ਵੇਲੇ ਮੈਂ ਤਾਰੇ ਸੀ ਕਛਾ ਮਛਾ, ਬਲ ਦਵਾਰ ਫੇਰਾ ਪਾਈਆ। ਓਸ ਵੇਲੇ ਗੋਬਿੰਦ ਇਹ ਤੇਰੇ ਜੋਗਾ ਸੀ ਰੱਖਾ, ਜਿਸ ਬੱਬੇ ਵਿਚ ਬਹੁੜੀ ਬਹੁੜੀ ਕਰੇ ਸਰਬ ਲੋਕਾਈਆ। ਤੂੰ ਇਕ ਵਾਰੀ ਫਿਰ ਖੋਲ੍ਹ ਕੇ ਵੇਖ ਅੱਖਾਂ, ਆਪਣੀ ਪਲਕ ਉਠਾਈਆ। ਤੈਨੂੰ ਹੋਰ ਖੇਲ ਦੱਸਾਂ, ਸਚ ਦਿਆਂ ਜਣਾਈਆ । ਗੋਬਿੰਦ ਓਸੇ ਵੇਲੇ ਚਰਨਾਂ ਓਤੇ ਢੱਠਾ, ਨਿਉਂ ਕੇ ਧੂੜੀ ਟਿੱਕਾ ਲਾਈਆ। ਪੁਰਖ ਅਕਾਲ ਨੇ ਇਕ ਦਿਖਾਇਆ ਜਿਵੇਂ ਤੇਰਾ ਮੇਰਾ ਨਾਤਾ ਹੋਣਾ ਅਕੱਠਾ, ਤੇਰਾ ਮੰਦਰ ਮੇਰਾ ਅੰਦਰ ਬੰਧਨ ਇਕੋ ਦਿਤਾ ਵਖਾਈਆ। ਗੋਬਿੰਦ ਖ਼ੁਸ਼ੀਆਂ ਨਾਲ ਹੱਸਾ, ਪ੍ਰਭੂ ਇਹ ਕੀ ਦਿਤਾ ਜਣਾਈਆ। ਪੁਰਖ ਅਕਾਲ ਕਿਹਾ ਨੌ ਸੌ ਚੁਰਾਨਵੇ ਚੌਕੜੀ ਜੁਗ ਪਿੱਛੋਂ ਵਕ਼ਤ ਮਿਲਿਆ ਮਸਾਂ, ਬੇਮਿਸਾਲ ਹੋ ਕੇ ਤੇਰੀ ਮਿਸਲ ਤੇਰੀ ਦਿਆਂ ਬਣਾਈਆ।

ਮੈਂ ਚਾਹੁੰਦਾ ਸਾਂ ਮੈਂ ਤੇਰੇ ਵਿਚ ਵਸਾਂ, ਵਾਸਤਾ ਤੇਰੇ ਨਾਲ ਰਖਾਈਆ। ਤੇਰੇ ਰੁੜ੍ਹਿਆਂ ਨੂੰ ਵੇਖਾਂ, ਰੱਖਾਂ ਥਾਉਂ ਥਾਈਂਆ। ਮੇਲ ਮਿਲੌਂਦਿਆਂ ਕਦੇ ਨਾ ਅੱਕਾਂ, ਜਗਤ ਜਨਮ ਵਿਛੜੇ ਨਾਲ ਰਖਾਈਆ। ਤੈਨੂੰ ਪਤਾ ਨਹੀਂ ਅਹਾਰ ਖਾਦਾ ਸੀ ਡੋਡੀਆਂ ਅੱਕਾਂ, ਖੇਲ ਮਰਦਾਨੇ ਨਾਲ ਰਚਾਈਆ। ਓਸ ਵੇਲੇ ਮੇਲਾ ਹੋ ਗਿਆ ਸੀ ਓਹਦਾ ਨਾਲ ਢੱਕਾਂ, ਕੱਲਰ ਬੇਲਾ ਨਜ਼ਰੀ ਆਈਆ। ਓਥੇ ਖਾਣਾ ਫਲ ਤੈਨੂੰ ਦੱਸਾਂ, ਸਚ ਦਿਆਂ ਜਣਾਈਆ। ਕਵਾਰੀ ਕੰਨਿਆ ਸੁੱਟ ਗਈ ਸੀ ਜੰਮ ਕੇ ਬੱਚਾ, ਜੋ ਬਾਲੇ ਲਿਆਂਦਾ ਉਠਾਈਆ। ਓਸ ਨਾਨਕ ਨੂੰ ਵੇਖ ਕੇ ਨੌ ਘੰਟੇ ਜੋੜ ਲਏ ਆਪਣੇ ਦੋੇਏ ਹੱਥਾ, ਨਿਮਸਕਾਰ ਦਿਤੀ ਜਣਾਈਆ। ਨਾਨਕ ਨੇ ਓਸੇ ਵੇਲੇ ਢਕ ਕੇ ਵਿਚ ਕੱਖਾਂ, ਉਹਦੀ ਸੁਰਤੀ ਸ਼ਬਦ ਵਿਚ ਮਿਲਾਈਆ। ਪਿਆਰ ਨਾਲ ਕਿਹਾ ਬੱਚਾ, ਤੇਰਾ ਲੇਖਾ ਫੇਰ ਦੇਵੇ ਮੇਰਾ ਸਾਹਿਬ ਗੁਸਾਂਈਂਆ। ਬਾਲੇ ਨੇ ਓਸੇ ਵੇਲੇ ਨੱਕ ਮੂੰਹ ਵੱਟਾ, ਗ਼ੁੱਸੇ ਨਾਲ ਦਿਤਾ ਜਣਾਈਆ। ਅਸੀਂ ਤੇਰੇ ਨਾਲ ਫਿਰਦੇ ਤੂੰ ਸਾਡੇ ਉਤੇ ਕਦੀ ਨਹੀਂ ਰੱਖਿਆ ਹੱਥਾ, ਕਿਉਂ ਏਹਨੂੰ ਦਿਤੀ ਵਡਿਆਈਆ। ਨਾਨਕ ਕਿਹਾ ਇਹਦਾ ਲੇਖਾ ਅਗੇ ਕੋਈ ਹਕਾ, ਹਰਿ ਜੂ ਸ਼ਬਦੀ ਰਿਹਾ ਜਣਾਈਆ। ਜਿਸ ਵੇਲੇ ਪੁਰਖ ਅਕਾਲ ਔਂਣਾ ਨੱਠਾ, ਨਿਰਗੁਣ ਹੋ ਕੇ ਫੇਰਾ ਪਾਈਆ। ਇਹਦਾ ਵਕ਼ਤ ਸੁਹੇਲਾ ਹੋਣਾ ਚੰਗਾ, ਮਾਨਸ ਵਿਚੋਂ ਮਾਨਸ ਮਿਲਣੀ ਵਡਿਆਈਆ। ਮੇਲ ਮਿਲਾਪ ਹੋਵੇ ਸੂਰਾ ਸਰਬੰਗਾ, ਮਿਹਰਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਦ੍ਰਿੜਾਈਆ। ਬਾਲੇ ਕਿਹਾ ਇਹ ਕੀ ਤੇਰੀ ਮਾਇਆ, ਸਚ ਦੇ ਸਮਝਾਈਆ। ਨਾਨਕ ਕਿਹਾ ਪ੍ਰਭ ਖੇਲ ਰਚਾਇਆ, ਓਸੇ ਦੀ ਵਡਿਆਈਆ। ਸਾਚੀ ਸੇਵਾ ਮੈਨੂੰ ਲਾਇਆ, ਗ਼ਰੀਬ ਨਿਮਾਣਿਆਂ ਰਿਹਾ ਤਰਾਈਆ। ਧੁਰ ਦਾ ਸ਼ਬਦ ਰਿਹਾ ਸੁਣਾਇਆ, ਜਗਤ ਕਹਾਣੀ ਨਾ ਕੋਇ ਰਲਾਈਆ। ਪਿਛਲਾ ਲੇਖਾ ਹੋਰ ਨਜ਼ਰੀ ਆਇਆ, ਤੈਨੂੰ ਦਿਆਂ ਵਖਾਈਆ। ਜਿਸ ਭੜਭੂੰਜੇ ਪੰਚਬਟੀ ਸੀ ਡੇਰਾ ਲਾਇਆ, ਇਸ ਬੱਚੇ ਦਾ ਪਹਿਲਾ ਨਾਤਾ ਓਸ ਦੇ ਨਾਲ ਰਿਹਾ ਰਖਾਈਆ। ਅਗੇ ਵਾਧਾ ਹੋਰ ਕਰਾਇਆ, ਲੋਕਮਾਤ ਜਨਮ ਦੇਵੇ ਦਵਾਈਆ। ਬਾਲੇ ਕਿਹਾ ਕਿਉਂ ਸਾਨੂੰ ਰਿਹਾ ਟਰਕਾਇਆ, ਅਗਲੀ ਪਿਛਲੀ ਸਮਝ ਕੋਇ ਨਾ ਪਾਈਆ। ਨਾਨਕ ਕਿਹਾ ਪ੍ਰਭ ਮੇਰਾ ਬੇਪਰਵਾਹਿਆ, ਸਚ ਕਰਨੀ ਰਿਹਾ ਕਮਾਈਆ। ਜਿਸ ਦਾ ਲਹਿਣਾ ਓਸੇ ਦੀ ਝੋਲੀ ਪਾਇਆ, ਦੂਜੇ ਹੱਥ ਨਾ ਕਦੇ ਫੜਾਈਆ। ਕਲਜੁਗ ਅੰਤਮ ਲਏ ਮਿਲਾਇਆ, ਮੇਲਾ ਸਹਿਜ ਸੁਭਾਈਆ। ਨਾਨਕ ਲੇਖ ਨਾ ਕੋਇ ਮਿਟਾਇਆ, ਮਿੱਟੀ ਖ਼ਾਕ ਦਏ ਗਵਾਹੀਆ। ਓਹੋ ਧਾਰ ਬਣ ਕੇ ਮਾਨਸ ਜਨਮ ਵਟਾਇਆ, ਜਗਤ ਤੱਤ ਨਜ਼ਰੀ ਆਈਆ। ਪੁੱਤਰ ਧੀ ਇਕੋ ਰੰਗ ਰੰਗਾਇਆ, ਹਰਿ ਦਾਤੇ ਬੇਪਰਵਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲੇਖੇ ਦਾ ਪੂਰਾ ਕਰ ਕੇ ਦਾਨ, ਗਿਆਨ ਮੰਦਰ ਵਿਚ ਰਖਾਈਆ।

੨੫ ਮਾਘ ੨੦੨੧ ਬਿਕ੍ਰਮੀ ਲਾਲ ਸਿੰਘ ਦੇ ਘਰ ਪਿੰਡ ਹੇਰ ਜਲੰਧਰ

ਓ ਪਟਨੇ ਦੇ ਰਾਜੇ ਅੱਜ ਵੇਖਾਂ ਕੇਡਾ ਖ਼ੁਸ਼ਹਾਲ, ਖ਼ੁਸ਼ੀ ਅਗੰਮੀ ਨਜ਼ਰੀ ਆਈਆ। ਜੁਗ ਚੌਕੜੀ ਦਾ ਪਿਛਲਾ ਅਹਿਵਾਲ, ਬੇਹਾਲਾ ਦੇ ਸਮਝਾਈਆ। ਤੱਤਾਂ ਵਾਲਾ ਤਨ ਕੋਟਨ ਕੋਟ ਵਾਰੀ ਖਾਦਾ ਕਾਲ, ਲੱਖ ਚੁਰਾਸੀ ਗੇੜ ਭੁਆਈਆ। ਸਭ ਤੋਂ ਵੱਖਰੀ ਨਿਰਾਲੀ ਭਗਤ ਭਗਵਾਨ

ਦੀ ਚਾਲ, ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਜਿਸ ਦੀ ਸਿਫ਼ਤ ਅੰਦਰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਵਜਾਵੇ ਤਾਲ, ਢੋਲੇ ਸੋਹਲੇ ਰਾਗ ਰਹੀ ਗਾਈਆ। ਅਗੰਮ ਅਥਾਹ ਬੇਪਰਵਾਹ ਪਤਿਪਰਮੇਸ਼ਵਰ ਖੇਲ ਕਰੇ ਕਮਾਲ, ਬੇਨਜ਼ੀਰ ਆਪਣੀ ਦਇਆ ਕਮਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਵਸਣਹਾਰਾ ਸਚਖੰਡ ਸਚੀ ਧਰਮਸਾਲ, ਲੋਕਮਾਤ ਜਗਾ ਜੋਤ ਨਿਰਗੁਣ ਨੂਰ ਕਰੇ ਰੁਸ਼ਨਾਈਆ। ਏਥੇ ਓਥੇ ਦੋ ਜਹਾਨ ਨਿਤ ਨਵਿਤ ਜੋ ਸਦਾ ਰਖਵਾਲ, ਮਿਹਰਵਾਨ ਮਹਿਬੂਬ ਬੇਪਰਵਾਹੀਆ। ਸੋ ਹੁਕਮ ਸੰਦੇਸ਼ਾ ਨਰ ਨਰੇਸ਼ਾ ਰਾਜ ਨਰਾਇਣ ਆਇਆ ਸੁਨਾਣ, ਪਿਛਲਾ ਰਾਜ਼ ਖੁਲ੍ਹਾਈਆ। ਗ਼ੈਰਹਾਜ਼ਰ ਨਹੀਂ ਉਹ ਹਾਜ਼ਰਾਂ ਦਾ ਹਾਜ਼ਰ ਮੇਰਾ ਲਾਲ, ਤਾਜਰਾਂ ਦਾ ਤਾਜਰ ਨਜ਼ਰੀ ਆਈਆ । ਪਿਛਲਾ ਲੇਖਾ ਯਾਦ ਰਖ ਜਿਸ ਵੇਲੇ ਰਾਮ ਦੇ ਸਨਮੁਖ ਵਸ਼ਿਸ਼ਟ ਨੂੰ ਕਰੀ ਸੀ ਪਰਨਾਮ, ਹੱਥ ਮਸਤਕ ਉਤੇ ਟਿਕਾਈਆ । ਡੰਡੌਤ ਕਰ ਕੇ ਕਿਹਾ ਭਗਵਾਨ, ਤੇਰੀ ਬੇਪਰਵਾਹੀਆ। ਓਧਰੋਂ ਆ ਗਿਆ ਸੀ ਤੇਰਾਂ ਸਾਲ ਦਾ ਬਾਲ ਅੰਞਾਣ, ਜਿਸ ਦੀ ਆਰਜ਼ੂ ਗ੍ਰੰਥ ਨਾ ਕਿਸੇ ਸਮਝਾਈਆ। ਉਸ ਦੇ ਹੱਥ ਸੀ ਇਕ ਰੁਮਾਲ, ਉਸ ਨੇ ਤੇਰੇ ਮਸਤਕ ਦਿਤਾ ਲਾਈਆ। ਓਧਰੋਂ ਵਸ਼ਿਸ਼ਟ ਨੇ ਹੋ ਕੇ ਦਿਆਲ, ਦੋਹਾਂ ਦੇ ਸਿਰ ਤੇ ਹੱਥ ਦਿਤਾ ਟਿਕਾਈਆ । ਫੜ ਕੇ ਫੇਰ ਵਖਾਇਆ ਰਾਮ, ਦ੍ਰਿਸ਼ਟੀ ਇਕ ਖੁਲ੍ਹਾਈਆ। ਨਾਲੇ ਬੋਲ ਕੇ ਕਿਹਾ ਜ਼ਬਾਨ, ਸ਼ਬਦੀ ਰਾਗ ਸੁਣਾਈਆ । ਦਸਰਥ ਦੇ ਬੇਟੇ ਇਹਨਾਂ ਦੀ ਕਰ ਪਹਿਚਾਨ, ਭੁਲ ਕਦੇ ਨਾ ਜਾਈਆ। ਓਸੇ ਵੇਲੇ ਫੜ ਕੇ ਉਸਦੀ ਕਮਾਨ, ਚਿੱਲਾ ਦਿਤਾ ਹਲਾਈਆ । ਤੇਰਾਂ ਸਾਲ ਦਾ ਬਾਲ ਸੀ ਇਹ ਲਾਲ, ਜਿਸ ਨੇ ਆਪਣੀ ਅੱਖ ਉਤਾਂਹ ਉਠਾਈਆ। ਵੇਖ ਕੇ ਹੋਇਆ ਹੈਰਾਨ, ਇਸ ਦੇ ਅੰਦਰ ਕੋਈ ਨੂਰ ਬੇਪਰਵਾਹੀਆ। ਅੰਦਰੇ ਅੰਦਰ ਚਰਨਾਂ ਉਤੇ ਕਰ ਪ੍ਰਨਾਮ, ਨਮਸਤੇ ਦਿਤੀ ਸੁਣਾਈਆ। ਖ਼ੁਸ਼ੀਆਂ ਨਾਲ ਗੋਦੀ ਚੁੱਕ ਕੇ ਰਾਮ, ਛਾਤੀ ਲਿਆ ਲਗਾਈਆ। ਓਸੇ ਵੇਲੇ ਵਸ਼ਿਸ਼ਟ ਨੇ ਝਟ ਹੁਕਮ ਸੁਣਾਇਆ ਆਣ, ਦੋਹਾਂ ਫੜ ਕੇ ਆਪਣੇ ਪਿਛੇ ਲਿਆ ਬਹਾਈਆ। ਉਹ ਰੋ ਕੇ ਲਗੇ ਕੁਰਲਾਣ, ਦਿਤੀ ਇਕ ਦੁਹਾਈਆ। ਰਾਮ ਨੇ ਫੇਰ ਕੀਤਾ ਫ਼ਰਮਾਣ, ਹੱਥ ਮੁਖ ਉਤੇ ਟਿਕਾਈਆ। ਅੰਦਰੋਂ ਆਇਆ ਇਕ ਗਿਆਨ, ਵਜੀ ਸਚ ਵਧਾਈਆ । ਵਸ਼ਿਸ਼ਟ ਨੇ ਕਿਹਾ ਸੁਣੋ ਨਾਲ ਧਿਆਨ, ਤੁਹਾਨੂੰ ਦਿਆਂ ਸਮਝਾਈਆ। ਤੁਹਾਡਾ ਲੇਖਾ ਵਿਚ ਜਹਾਨ, ਬਹੁਤਾ ਮੈਨੂੰ ਨਜ਼ਰੀ ਆਈਆ। ਰਾਮ ਨੇ ਕਿਹਾ ਕੁਛ ਦੱਸ ਇਸ ਦਾ ਨਿਸ਼ਾਨ, ਸੋਹਣੀ ਵੰਡ ਵੰਡਾਈਆ। ਵਸ਼ਿਸ਼ਟ ਨੇ ਕਿਹਾ ਜਿਸ ਵੇਲੇ ਗੋਬਿੰਦ ਹੋਵੇ ਬਲਵਾਨ, ਪਟਨੇ ਸ਼ਹਿਰ ਫੇਰਾ ਪਾਈਆ । ਵੱਡਿਆ ਤੈਨੂੰ ਦੇਵੇ ਇਨਾਮ, ਰਾਜਿਆਂ ਦਾ ਰਾਜਾ ਹੋ ਕੇ ਰਾਜਨ ਆਪਣੇ ਚਰਨ ਲਗਾਈਆ। ਇਹ ਨਿੱਕਾ ਨਹੀਂ ਇਹ ਕੀੜੀ ਦਾ ਰੂਪ ਭਗਵਾਨ, ਜਿਸ ਨੇ ਜੰਗਲਾਂ ਵਿਚ ਤਰਾਈਆ। ਜਿਸ ਦਾ ਲਹਿਣਾ ਚੁਕੌਣਾ ਕਲਜੁਗ ਅੰਤਮ ਵਿਚ ਸ੍ਰੀ ਭਗਵਾਨ, ਲੇਖਾ ਆਪਣੇ ਹੱਥ ਰਖਾਈਆ। ਉਹ ਦੋਵੇਂ ਰੋ ਪਏ ਬਾਲ ਨਾਦਾਨ, ਨੇਤਰ ਨੈਣਾਂ ਨੀਰ ਵਹਾਈਆ। ਉਚੀ ਕੂਕ ਕੂਕ ਸੁਣੌਣ ਸਾਨੂੰ ਕਿਵੇਂ ਆਵੇ ਪਹਿਚਾਣ, ਹਰਿ ਭੇਵ ਦੇਣਾ ਖੁਲ੍ਹਾਈਆ । ਹੁਕਮ ਆਇਆ ਸੁਣ ਲਾ ਕਰ ਕਾਨ, ਤੁਹਾਨੂੰ ਦਿਆਂ ਜਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਭ ਦਾ ਜਾਣੀ ਜਾਣ, ਅਭੁਲ ਭੁਲ ਕਦੀ ਨਾ ਜਾਈਆ । ਤੈਨੂੰ ਲੇਖਾ ਲਿਖਾਵਾਂ ਮਹਾਨ, ਬੀਸ ਇਕੀਸਾ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਸੁਣ ਕੇ ਬਚਨ ਦੋਹਾਂ ਇਕ ਦੂਜੇ ਵਲ ਲਿਆ ਤਕ, ਵੱਡਾ ਛੋਟਾ ਧਿਆਨ ਲਗਾਈਆ। ਤੂੰ ਜੋ ਕੁਛ ਕਿਹਾ ਸੋ ਹਕੀਕਤ

ਵਿਚ ਹਕ, ਸਚ ਦਿਤਾ ਦ੍ਰਿੜਾਈਆ। ਵਸ਼ਿਸ਼ਟ ਨੇ ਕਿਹਾ ਨਹੀਂ ਕੋਈ ਸ਼ਕ, ਸੰਸਾ ਦਿਆਂ ਮੁਕਾਈਆ। ਰਾਮ ਨੇ ਕਿਹਾ ਇਹ ਖੇਲ ਪੁਰਖ ਸਮਰਥ, ਜੋ ਆਦਿ ਜੁਗਾਦਿ ਆਪਣੀ ਕਾਰ ਕਮਾਈਆ। ਸੋਹਣਾ ਬਣਾਵੇ ਸਾਥ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਵੱਡਾ ਛੋਟਾ ਦੋਵੇਂ ਇਕ ਦੂਜੇ ਨੂੰ ਮਿਲਾਵਣ ਹੱਥ, ਸੋਹਣੀ ਅੰਦਰੇ ਅੰਦਰ ਖਿਚ ਲਗਾਈਆ। ਓਧਰੋਂ ਰਾਮ ਪਿਆ ਹਸ, ਖ਼ੁਸ਼ੀ ਨਾਲ ਤਾਲੀ ਦਿਤੀ ਵਜਾਈਆ। ਵਸ਼ਿਸ਼ਟ ਨੇ ਸਿਰ ਤੇ ਸੋਟੀ ਰੱਖ ਕੇ ਦੋਹਾਂ ਦੀ ਖੋਲ੍ਹ ਦਿਤੀ ਅੱਖ, ਅੰਦਰੋਂ ਪਰਦਾ ਦਿਤਾ ਚੁਕਾਈਆ। ਕਲਜੁਗ ਅੰਤਮ ਤੁਸਾਂ ਮਾਤ ਪਿਤ ਘਰ ਜੰਮਣਾ ਵਖ ਵਖ, ਭੈਣ ਭਰਾਵਾਂ ਨਾਤਾ ਜਗਤ ਜੁੜਾਈਆ। ਜਿਸ ਵੇਲੇ ਕਿਰਪਾ ਕਰੇ ਆਪ ਰਘੁਨਾਥ, ਰਘੁਪਤ ਦਾਤਾ ਬੇਪਰਵਾਹੀਆ। ਸਾਚਾ ਖੇਲ ਵਖਾਏ ਤਮਾਸ਼, ਸਵਾਂਗੀ ਆਪਣਾ ਸਵਾਂਗ ਰਚਾਈਆ। ਬੀਸ ਇਕੀਸਾ ਪੂਰੀ ਕਰ ਕੇ ਆਸ, ਜਗਦੀਸਾ ਦਏ ਵਡਿਆਈਆ। ਤੁਹਾਡੇ ਤੱਤਾਂ ਵਾਲੀ ਦੇਹੀ ਦੇ ਵਖਰੇ ਵਖਰੇ ਸਵਾਸ, ਆਤਮ ਪਰਮਾਤਮ ਨਾਤਾ ਇਕੋ ਨਜ਼ਰੀ ਆਈਆ। ਓਸ ਵੇਲੇ ਛੋਟੇ ਕਿਹਾ ਮੈਥੋਂ ਚਲਿਆ ਨਹੀਂ ਜਾਣਾ ਕਰ ਕੇ ਲੰਬੀ ਵਾਟ, ਪਾਂਧੀ ਬਣ ਕੇ ਪੰਧ ਮੁਕਾਈਆ। ਵੱਡੇ ਕਿਹਾ ਮੈਂ ਚਲ ਕੇ ਆਵਾਂ ਤੇਰੇ ਹਾਟ, ਗ੍ਰਹਿ ਆਪਣਾ ਫੇਰਾ ਪਾਈਆ। ਛੋਟੇ ਕਿਹਾ ਮੈਂ ਜੇ ਲੁਕ ਜਾਵਾਂ ਓਸ ਰਾਤ, ਦੱਸ ਕਿਵੇਂ ਝਲੇਂ ਜੁਦਾਈਆ। ਵੱਡੇ ਕਿਹਾ ਇਹ ਤੇਰਾ ਖੇਲ ਵੇਖੇ ਮੇਰੀ ਆਂਖ, ਜੋ ਨੇਤਰ ਨੈਣਾਂ ਨੀਰ ਵਹਾਈਆ। ਓਧਰੋਂ ਵਸ਼ਿਸ਼ਟ ਨੇ ਕਿਹਾ ਇਹ ਤੁਹਾਡੀ ਹੋਣੀ ਸੱਚੀ ਬਾਤ, ਫ਼ਰਕ਼ ਰਹਿਣ ਕੋਇ ਨਾ ਪਾਈਆ। ਰਾਮ ਨੇ ਕਿਹਾ ਚਿੰਤਾ ਨਾ ਕਰੋ ਤੁਹਾਡਾ ਸਾਹਿਬ ਹੋਣਾ ਸਾਖ਼ਿਆਤ, ਪਤਿਪਰਮੇਸ਼ਵਰ ਨਜ਼ਰੀ ਆਈਆ। ਜਿਸ ਦੇ ਨਾਲ ਭਗਤਾਂ ਦੀ ਜਮਾਤ, ਸੰਤ ਸੁਹੇਲੇ ਜੋੜ ਜੁੜਾਈਆ। ਗੁਰਮੁਖਾਂ ਦਾ ਵਜਣਾ ਨਾਦ, ਗੁਰਸਿਖਾਂ ਦੀ ਸ਼ਨਵਾਈਆ। ਜਿਹੜਾ ਚਾਰ ਜੁਗ ਅਸਮੇਧ ਯੱਗਾਂ ਵਿਚੋਂ ਆਇਆ ਨਹੀਂ ਸਵਾਦ, ਸੋ ਰਸ ਓਥੇ ਦਏ ਭਰਾਈਆ। ਬਲ ਵਰਗੇ ਆ ਕੇ ਮੰਗਣ ਦਾਤ, ਝੋਲੀ ਅੱਗੇ ਡਾਹੀਆ। ਵੱਡਾ ਭੰਡਾਰਾ ਡੂੰਘਾ ਖਾਤ, ਗੋਬਿੰਦ ਦੇਣੀ ਮਾਣ ਵਡਿਆਈਆ। ਜਿਹੜਾ ਕੀੜੀ ਦਾ ਨਹੀਂ ਖਾਜ, ਉਹ ਭਗਤਾਂ ਭੇਟ ਚੜ੍ਹਾਈਆ। ਭਗਤ ਉਧਾਰਨ ਧੁਰ ਪ੍ਰਭੂ ਦਾ ਰਿਵਾਜ, ਆਪਣਾ ਆਪੇ ਲਿਆ ਬਣਾਈਆ। ਅੱਗੇ ਹੋਣ ਨਾ ਦੇਵੇ ਕਿਸੇ ਦੇ ਮੁਹਤਾਜ, ਲੋੜਵੰਦ ਇਕੋ ਨਜ਼ਰੀ ਆਈਆ। ਹੁਣ ਰੋ ਰੋ ਕਿਹਨੂੰ ਰਹੇ ਆਖ, ਜੋ ਸਭ ਘਟ ਜਾਨਣਹਾਰਾ ਨਜ਼ਰੀ ਆਈਆ। ਤੁਹਾਨੂੰ ਨਹੀਂ ਜੇ ਦਿਸਦਾ ਤੇ ਲਾਲ ਸਿੰਘ ਖੜਾ ਮੇਰੇ ਪਾਸ, ਚਰਨਾਂ ਵਿਚ ਸੀਸ ਨਿਵਾਈਆ। ਨਾਲੇ ਕਹਿੰਦਾ ਬਾਪੂ ਪੂਰੀ ਕਰ ਦੇ ਖ਼ਾਹਿਸ਼, ਆਸਾ ਮਨਸਾ ਆਪਣੇ ਵਿਚ ਮਿਲਾਈਆ। ਜਿਸ ਤ੍ਰੇਤੇ ਦੇ ਵਿਛੜੇ ਕਲਜੁਗ ਕੀਤੇ ਆਣ ਤਲਾਸ਼, ਉਹ ਸੈਂਕੜਿਆਂ ਕੋਹਾਂ ਦਾ ਪੰਧ ਨਾ ਕਿਉਂ ਮੁਕਾਈਆ। ਜੇ ਨਹੀਂ ਇਤਬਾਰ ਤੇ ਰਾਤੀ ਸੁਤਿਆਂ ਕਰਾ ਦਊਂ ਵਿਸ਼ਵਾਸ, ਪਟਨੇ ਵਾਲਿਆ ਤੈਨੂੰ ਦਿਆਂ ਵਖਾਈਆ। ਜੇ ਨਾ ਵਖਾਵਾਂ ਕਹਿ ਦੇਵੀਂ ਕੋਈ ਬਦਮਾਸ਼, ਲਾਰਿਆਂ ਵਾਲੇ ਯਰਾਨੇ ਰਿਹਾ ਲਗਾਈਆ। ਜ਼ਰਾ ਵੇਖੀ ਜਾ ਅਗੇ ਦਾ ਖੇਲ ਕੀ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਸਾਚੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਖ਼ੁਸ਼ੀ ਕਹੇ ਮੈਨੂੰ ਚੜ੍ਹ ਗਈ ਲਾਲੀ, ਨਵ ਨੌ ਚਾਰ ਪਿੱਛੋਂ ਮੇਰੇ ਉਤੇ ਆਈਆ। ਪਤਿਪਰਮੇਸ਼ਵਰ ਪਾਰਬ੍ਰਹਮ ਪ੍ਰਭ ਮਿਲਿਆ ਧੁਰ ਦਾ ਮਾਲੀ, ਮਾਲਕ ਦਾਤਾ ਬੇਪਰਵਾਹੀਆ। ਜੋ ਲਹਿਣਾ ਦੇਣਾ ਚੁਕਾਏ ਆਦਿ ਜੁਗਾਦਿ ਜੁਗ ਚੌਕੜੀ ਦੇ ਵੇਖ ਸਵਾਲੀ, ਭਿਖਿਆ ਭਿਛਿਆ ਆਤਮ ਅੰਤਰ ਗ੍ਰਹਿ ਸਾਚੇ

ਝੋਲੀ ਪਾਈਆ। ਰਾਜ ਨਰੈਣ ਕਿਉਂ ਸੁਰਤ ਹੋਈ ਬੇਹਾਲੀ, ਕਿਉਂ ਨੇਤਰ ਨੈਣ ਦੇਣ ਦੁਹਾਈਆ। ਪ੍ਰੇਮ ਪਿਆਰ ਦੀ ਸਭ ਤੋਂ ਵੱਡੀ ਖ਼ੁਸ਼ਹਾਲੀ, ਬੇਮਿਸਾਲੀ ਬਣਤ ਬਣਾਈਆ । ਜਿਨ੍ਹਾਂ ਦੇ ਅੰਦਰ ਵੜ ਕੇ ਸਾਚੇ ਮੰਦਰ ਚੜ੍ਹ ਕੇ ਪ੍ਰਭੂ ਆਪ ਕਰੇ ਦਲਾਲੀ, ਵਿਚੋਲਾ ਹੋ ਕੇ ਮੇਲ ਮਿਲਾਈਆ। ਨਾ ਪਖੰਡ ਰਹੇ ਨਾ ਬਣੇ ਪਲਾਲੀ, ਜੋ ਕਰਨੀ ਸੋ ਕਰ ਕੇ ਰਿਹਾ ਜਣਾਈਆ। ਇਹ ਖੇਲ ਅਛਲ ਛਲ ਦੁਸ਼ਾਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਸ਼ਹਿਨਸ਼ਾਹੀਆ। ਲਾਲ ਸਿੰਘ ਕਹੇ ਮੈਂ ਤੇਰਾ ਲਾਲ, ਲਾਲਨ ਤੇਰੀ ਬੇਪਰਵਾਹੀਆ। ਤੇਰਾ ਖੇਲ ਵੇਖ ਕਮਾਲ, ਕਮਲਾ ਹੋ ਕੇ ਰਿਹਾ ਸੁਣਾਈਆ। ਕੀ ਹੋਇਆ ਜੇ ਮੇਰੀ ਨਿੱਕੀ ਨਿੱਕੀ ਕੀੜੀ ਵਾਲੀ ਚਾਲ, ਹੌਲੀ ਹੌਲੀ ਪੰਧ ਮੁਕਾਈਆ। ਮੈਨੂੰ ਭਾਸ ਪਿਆ ਤੂੰ ਆਪਣਾ ਹਿੱਸਾ ਹਰਿਸੰਗਤ ਦਿਤਾ ਖਵਾਲ, ਖ਼ਾਹਸ਼ ਮੇਰੀ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।

੨੫ ਮਾਘ ੨੦੨੧ ਬਿਕ੍ਰਮੀ ਲਾਲ ਸਿੰਘ ਦੇ ਗ੍ਰਹਿ ਪਿੰਡ ਹੇਰ ਜ਼ਿਲਾ ਜਲੰਧਰ

ਤ੍ਰੇਤੇ ਕਿਹਾ ਮੇਰੇ ਵਿਚ ਹੋਇਆ ਇਕ਼ਰਾਰ, ਸ਼ਹਾਦਤ ਦੇਣੀ ਭੁਗਤਾਈਆ। ਰਾਮ ਕਿਹਾ ਉਹ ਸਚ ਦਰਬਾਰ, ਜਿਥੇ ਅਦਲ ਇਕੋ ਨਜ਼ਰੀ ਆਈਆ। ਵਸ਼ਿਸ਼ਟ ਕਿਹਾ ਸਾਰੇ ਕਰੋ ਇਤਬਾਰ, ਭਰਮ ਰਹੇ ਨਾ ਰਾਈਆ। ਵੱਡੇ ਕਿਹਾ ਕੀ ਵਿਹਾਰ, ਮੇਰੀ ਸਮਝ ਸਮਝ ਨਾ ਪਾਈਆ। ਛੋਟੇ ਕਿਹਾ ਵਾਹ ਯਾਰ, ਸੋਚਣ ਦੀ ਲੋੜ ਰਹੀ ਨਾ ਰਾਈਆ। ਜਿਥੇ ਵਿਚੋਲਾ ਆਪ ਨਿਰੰਕਾਰ, ਵੇਖਣਹਾਰਾ ਥਾਉਂ ਥਾਈਂਆ। ਓਥੇ ਮਨ ਮਤਿ ਬੁਧਿ ਦੀ ਨਹੀਂ ਕੋਈ ਧਾਰ, ਜਗਤ ਵਿਦਿਆ ਨਾ ਕੋਇ ਵਡਿਆਈਆ। ਤ੍ਰੇਤੇ ਕਿਹਾ ਮੈਂ ਕਰਾਂ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਜਿਹੜਾ ਸੀਤਾ ਦਾ ਸੋਹਣਾ ਹਾਰ, ਸਧਰਾਂ ਰੂਪ ਵਟਾਈਆ। ਲੈ ਕੇ ਆਵਾਂ ਇਕ ਦਰਬਾਰ, ਧੁਰ ਦੀ ਸਾਚੀ ਸੇਵ ਕਮਾਈਆ। ਆਸਾ ਪੂਰੀ ਕਰ ਕੇ ਬਾਲ, ਨਿਰਾਸਾ ਦੇਵਾਂ ਗਵਾਈਆ। ਆਵਾਜ ਲਗਾ ਕੇ ਸਿੰਘ ਪਾਲ, ਸੋਇਆ ਲਵਾਂ ਜਗਾਈਆ। ਨਾਲੇ ਖੋਲ੍ਹ ਕੇ ਪਿਛਲਾ ਹਾਲ, ਅਹਿਵਾਲ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਸਚ ਲਗਾਈਆ। ਸੁਣ ਕੇ ਬਚਨ ਤ੍ਰੇਤੇ ਜੁਗ, ਕਲਜੁਗ ਆਪਣੀ ਲਏ ਅੰਗੜਾਈਆ। ਕਲਜੁਗ ਤੇਰਾ ਲੇਖਾ ਜਾਣਾ ਮੁਕ, ਵਾਰੀ ਮੇਰੀ ਬੇਪਰਵਾਹੀਆ। ਜਿੰਨਾਂ ਚਿਰ ਮੈਥੋਂ ਨਾ ਲਵੇਂ ਪੁਛ, ਚਲਣ ਦੇਵਾਂ ਨਾ ਕੋਇ ਚਤੁਰਾਈਆ। ਪ੍ਰਭ ਨੇ ਵਸ ਕਰਨਾ ਮੇਰੇ ਸਭ ਕੁਛ, ਬਲਧਾਰੀ ਦੇਣਾ ਬਣਾਈਆ। ਰਾਮ ਵਸ਼ਿਸ਼ਟ ਵੀ ਜਾਣਾਂ ਲੁਕ, ਤੱਤਾਂ ਵਾਲਾ ਨਜ਼ਰ ਕੋਇ ਨਾ ਆਈਆ। ਮਾਨਸ ਨਾ ਜਾਣੇ ਕੋਇ ਮਨੁਖ, ਦੂਜਾ ਸਮਝ ਨਾ ਕੋਇ ਸਮਝਾਈਆ। ਤਿਸ ਦਾ ਲਹਿਣਾ ਜਾਣਾ ਚੁਕ, ਕਵਣ ਦੇਵੇ ਮੁਕਾਈਆ। ਤ੍ਰੇਤਾ ਤੂੰ ਨਹੀਂ ਜਾਣਦਾ ਓਸ ਵੇਲੇ ਪੁਰਖ ਅਕਾਲ ਨੇ ਗੋਬਿੰਦ ਬਣੌਣਾ ਇਕ ਪੁਤ, ਜਿਸ ਦੇ ਹੱਥ ਦਏ ਵਡਿਆਈਆ। ਉਹ ਸੂਰਬੀਰ ਸ਼ਬਦੀ ਧਾਰ ਪਿਆ ਉਠ, ਅਗੰਮ ਅਗੰਮੜਾ ਰੂਪ ਜਣਾਈਆ। ਜਿਸ ਨੂੰ ਬ੍ਰਹਿਮੰਡ ਖੰਡ ਗੁਰ ਅਵਤਾਰ ਪੈਗ਼ੰਬਰ ਭਗਤ ਸਾਰੇ ਜਾਣੇ ਝੁਕ, ਸੀਸ ਨਾ ਕੋਇ ਉਠਾਈਆ। ਜਿਸ ਦਾ ਨਾਮ ਸੰਦੇਸ਼ਾ ਢੋਲਾ ਰਾਗ ਅਨੋਖੀ ਤੁਕ, ਤੁਖ਼ਮ ਸਭ ਦੇ ਦਏ ਬਦਲਾਈਆ। ਓਸ ਨੇ ਸਭ ਦਾ ਬਦਲ ਕੇ ਰੁਖ਼, ਮਾਰਗ ਇਕੋ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਸਾਚਾ ਦੇਣਾ ਲਾਈਆ। ਕਲਜੁਗ

ਕਹੇ ਸੁਣ ਤ੍ਰੇਤੇ ਮੇਰੀ ਬਾਤ, ਤੁਰੀਆ ਵਾਲੇ ਤੈਨੂੰ ਦਿਆਂ ਜਣਾਈਆ। ਓਸ ਵੇਲੇ ਖੇਲ ਰਹਿਣ ਨਹੀਂ ਦੇਣੀ ਕੋਈ ਸਚੀ ਜਮਾਤ, ਘਰ ਘਰ ਝਗੜਾ ਦੇਣਾ ਪਾਈਆ। ਰਾਮ ਵਕ਼ਤ ਵਾਲੀ ਰਹਿਣੀ ਨਹੀਂ ਕੋਈ ਰਾਤ, ਚਾਂਦਨਾ ਨੂਰ ਨਾ ਕੋਇ ਰੁਸ਼ਨਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨਾਂ ਵਾਲੀ ਭੁਲੌਣੀ ਗਾਥ, ਮੰਤਰਾਂ ਵਾਲੀ ਨਾ ਕੋਇ ਪੜ੍ਹਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵਾਲੀ ਲੱਭੇ ਕੋਈ ਨਾ ਜ਼ਾਤ, ਮਨ ਮਤਿ ਹੋਇ ਹਲਕਾਈਆ। ਨੂਰ ਚਮਕੇ ਨਾ ਕੋਈ ਪ੍ਰਿਥਮੀ ਆਕਾਸ਼, ਗਗਨ ਮੰਡਲ ਨਾ ਕੋਇ ਰੁਸ਼ਨਾਈਆ। ਪੰਡਤ ਪਾਂਧੇ ਲਾਵਣ ਹਿਸਾਬ ਕਿਤਾਬ, ਲਖਣ ਸਚ ਨਾ ਕੋਇ ਜਣਾਈਆ। ਅੰਮ੍ਰਿਤ ਦੇਵੇ ਨਾ ਕੋਇ ਹਯਾਤ ਆਬ, ਆਬਰੂ ਸਾਰੇ ਦੇਣ ਗਵਾਈਆ। ਚਾਰ ਜੁਗ ਦੇ ਮਾਲਕਾਂ ਨੂੰ ਮਿਲਣਾ ਓਸ ਵੇਲੇ ਜਵਾਬ, ਆਦਾਬ ਸੀਸ ਨਾ ਕੋਇ ਝੁਕਾਈਆ। ਜਿਸ ਵੇਲੇ ਖੇਲ ਕਰਨਾ ਮਾਲਕ ਵਾਹਿਦ, ਵਾਹਵਾ ਗੁਰੂ ਆਪ ਅਖਵਾਈਆ। ਓਸ ਵੇਲੇ ਤ੍ਰੇਤਾ ਕਿਸ ਤਰਾ ਮਾਰੇਂ ਆਵਾਜ, ਤੇਰੀ ਸੁਣਨ ਕੋਇ ਨਾ ਪਾਈਆ। ਰਾਮ ਕਿਹਾ ਕਲਜੁਗ ਸ਼ਾਬਾਸ਼, ਸੋਹਣੀ ਸਚ ਦਿਤੀ ਦ੍ਰਿੜਾਈਆ। ਵਸ਼ਿਸ਼ਟ ਪੁਸ਼ਤ ਤੇ ਰਖ ਕੇ ਹਾਥ, ਉਂਗਲੀਆਂ ਪੰਜਾਂ ਨਾਲ ਦਬਾਈਆ। ਕਲਜੁਗ ਓਸੇ ਵੇਲੇ ਖੋਲ੍ਹ ਕੇ ਆਂਖ, ਅਗਲਾ ਵੇਲਾ ਲਿਆ ਤਕਾਈਆ। ਨਜ਼ਰੀ ਆਇਆ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਵੱਡੀ ਵਡਿਆਈਆ। ਨਾਲੇ ਸੁਣ ਲਿਆ ਓਸ ਦਾ ਜਾਪ, ਸੋਹੰ ਢੋਲਾ ਰਿਹਾ ਸੁਣਾਈਆ। ਭਗਤਾਂ ਦਾ ਦੱਸਿਆ ਸਾਥ, ਸਗਲਾ ਸੰਗ ਨਿਭਾਈਆ। ਰਾਮ ਨੇ ਕਿਹਾ ਫੇਰ ਮਾਰ ਆਵਾਜ਼, ਕਲਜੁਗ ਲਏ ਅੰਗੜਾਈਆ। ਉਠ ਵੇਖ ਓਸ ਦਾ ਸੋਹਣਾ ਤਾਜ, ਜੋ ਤਖ਼ਤ ਨਿਵਾਸੀ ਰਿਹਾ ਟਿਕਾਈਆ। ਜਿਸ ਦੇ ਹੱਥ ਭਗਤਾਂ ਦਾ ਹਿਸਾਬ ਕਿਤਾਬ, ਲਹਿਣਾ ਦਏ ਮੁਕਾਈਆ। ਓਧਰੋਂ ਵਸ਼ਿਸ਼ਟ ਨੇ ਕਿਹਾ ਵੱਡਿਆ ਤੂੰ ਪਹਿਲਾਂ ਕਰੀ ਇਕ ਵੇਰਾਂ ਰਾਜ, ਜਗਤ ਹੁਕਮ ਚਲਾਈਆ। ਛੋਟਿਆ ਤੂੰ ਨਿੱਕਾ ਹੋ ਕੇ ਲਈਂ ਭਾਜ, ਆਪਣਾ ਪੰਧ ਮੁਕਾਈਆ । ਜਿਸ ਵੇਲੇ ਸ਼ਾਹਾਂ ਦੇ ਸ਼ਾਹ ਰਾਜਿਆਂ ਦੇ ਰਾਜਾਂ ਦਾ ਬਦਲ ਦਿਤਾ ਰਿਵਾਜ, ਹੁਕਮ ਆਪਣਾ ਇਕ ਵਰਤਾਈਆ। ਓਸ ਵੇਲੇ ਤੁਹਾਨੂੰ ਦੋਹਾਂ ਨੂੰ ਕਰਾਂ ਆਪਣੇ ਦਾਸ, ਦਾਸੀ ਰੂਪ ਵਟਾਈਆ। ਓਸ ਦਿਨ ਏਹੋ ਸਚਾ ਮਹੀਨਾ ਪੰਝੀ ਮਾਘ, ਵਡਭਾਗ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖੇ ਲਾਈਆ। ਧੁਰ ਦਾ ਲੇਖਾ ਲੇਖੇ ਵੇਖ ਲਗਦਾ, ਗੁਰ ਚੇਲਾ ਦੋਵੇਂ ਖ਼ੁਸ਼ੀ ਮਨਾਈਆ। ਇਹ ਮੇਲਾ ਪ੍ਰਭ ਸਬੱਬ ਦਾ, ਜੋ ਵਿਛੜੇ ਰਿਹਾ ਜੁੜਾਈਆ। ਜੋ ਜੰਗਲ ਜੂਹ ਉਜਾੜ ਪਹਾੜਾਂ ਉਚੇ ਟਿੱਲਿਆਂ ਪਰਬਤਾਂ ਵਿਚੋਂ ਹੱਥ ਕਿਸੇ ਨਾ ਲਗਦਾ, ਖੋਜਿਆਂ ਹੱਥ ਕਿਸੇ ਨਾ ਆਈਆ। ਜੋ ਦੂਰ ਦੁਰਾਡੇ ਪੂਰਬ ਵਿਛੜੇ ਸਦਦਾ, ਰਾਜ ਨਰੈਣ ਲਿਆ ਬੁਲਾਈਆ। ਤੇਰੇ ਨਾਲ ਸੁਰਸਤੀ ਦਾ ਹਿੱਸਾ ਅਧ ਦਾ, ਮਸਤੀ ਖ਼ੁਮਾਰੀ ਨਾਲ ਚੜ੍ਹਾਈਆ। ਤੂੰ ਲਾਲ ਸਿੰਘ ਦਾ ਪਿਛਲਾ ਸੋਹਣਾ ਸੱਜਣ ਲਗਦਾ, ਜਿਸ ਦੀ ਰਾਮ ਵਸ਼ਿਸ਼ਟ ਦੋਵੇਂ ਦੇਣ ਗਵਾਹੀਆ । ਇਹ ਨਾਤਾ ਨਹੀਂ ਅੱਜ ਦਾ, ਜੁਗ ਚੌਕੜੀ ਵੇਖ ਵਖਾਈਆ। ਤੂੰ ਕਿਸ ਤਰਾ ਟਿਕਟਾਂ ਲੈ ਕੇ ਪਿੱਛੇ ਭੱਜਦਾ, ਇਹ ਭੱਜੇ ਜਾਂਦਿਆਂ ਮੋੜਾ ਲਵੇ ਲਾਈਆ। ਕਿਉਂ ਇਹ ਪਿਛਲੇ ਲੇਖੇ ਕਢਦਾ, ਅਗਲੇ ਖਾਤੇ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਚੁਕਾਈਆ। ਧੁਰ ਦਾ ਲੇਖਾ ਵੇਖ ਚੁਕਦਾ, ਜ਼ਿਮੀਂ ਅਸਮਾਨ ਢੋਲੇ ਗਾਈਆ। ਭਗਤ ਭਗਵਾਨ ਕੋਲੋਂ ਕੀ ਕੀ ਪੁਛਦਾ, ਅੰਤਰ ਆਤਮ ਹਾਲ ਸੁਣਾਈਆ। ਤੁਸੀਂ ਵੇਖੋ ਚਰਨਾਂ ਕੋਲ ਬੈਠਾ ਜੇ ਲਾਲ ਸਿੰਘ ਰੁਸਦਾ, ਜੀਂਵਦਿਆਂ ਨਾਲ ਤਾਅਨੇ ਰਿਹਾ ਲਗਾਈਆ। ਜੇ ਤੂੰ ਨਾਤਾ

ਜੋੜਿਆ ਪਿਤਾ ਪੁਤ ਦਾ, ਕਿਉਂ ਨਾ ਕੱਟੀ ਮਾਤ ਜੁਦਾਈਆ। ਹੁਣ ਵੇਲਾ ਨਹੀਂ ਪਰਮਾਤਮ ਤੇਰਾ ਮੇਰੀ ਆਤਮਾ ਕੋਲੋਂ ਲੁਕ ਦਾ, ਪਰਦਾ ਦੇ ਉਠਾਈਆ। ਤੇਰਾ ਭਗਤ ਭਗਵਾਨ ਤੇਰੇ ਮਾਰਗ ਉਤੋਂ ਕਦੇ ਨਹੀਂ ਘੁਸਦਾ, ਰਹਿਬਰ ਹੋ ਕੇ ਰਸਤੇ ਦੇ ਲਗਾਈਆ। ਤੂੰ ਮਾਲਕ ਸਭ ਕਿਛ ਦਾ, ਜਿਸ ਆਦਿ ਜੁਗਾਦਿ ਜੁਗ ਚੌਕੜੀ ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਆਪ ਉਪਜਾਈਆ। ਤੇਰਾ ਪੈਂਡਾ ਕਦੀ ਨਾ ਮੁਕਦਾ, ਮੰਜ਼ਲ ਉਚੀ ਨਜ਼ਰੀ ਆਈਆ। ਜੇ ਹਾਲ ਸੁਣੇ ਵਿਛੋੜੇ ਦੇ ਦੁਖ ਦਾ, ਰਸਨਾ ਕਹਿ ਸਕੇ ਨਾ ਰਾਈਆ। ਜਿਸ ਵੇਲੇ ਦਰਸ ਦਿਖਾ ਕੇ ਰਾਤੀ ਸੁੱਤਿਆਂ ਸਾਡੇ ਕੋਲੋਂ ਲੁਕਦਾ, ਆਪਣਾ ਆਪ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪਣੇ ਨਾਲ ਰਖਾਈਆ । ਲੇਖਾ ਵੇਖ ਕੇ ਪਿਛਲਾ ਭਗਵਾਨਨ, ਭੇਵ ਰਿਹਾ ਖੁਲ੍ਹਾਈਆ। ਜਿਨ੍ਹਾਂ ਨੇ ਫੜਿਆ ਸਚਾ ਦਾਮਨ, ਦਾਮਨਗੀਰ ਆਪ ਹੋ ਜਾਈਆ। ਤੁਹਾਡਾ ਰਾਮ ਤੇ ਵਸ਼ਿਸ਼ਟ ਸਾਖ਼ਿਆਤ ਖੜਾ ਜ਼ਾਮਨ, ਵਸ਼ਿਸ਼ਟ ਕਰਮੰਡਲ ਆਪਣੇ ਹੱਥ ਉਠਾਈਆ। ਨਾਲੇ ਅੰਚਲ ਪਕੜ ਕੇ ਆਪਣਾ ਦਾਮਨ, ਆਮਨ੍ਹ ਸਾਮਨ੍ਹ ਨੇਤਰ ਨੈਣਾਂ ਅੱਖ ਮਿਲਾਈਆ। ਸੋਹਣਾ ਲੱਗਾ ਖੇੜਾ ਨਗਰ ਗਰਾਮਨ, ਭੂਮਿਕਾ ਮਿਲੀ ਵਡਿਆਈਆ। ਜਗਤ ਤ੍ਰਿਸ਼ਨਾ ਮਿਟੀ ਤਾਮਨ, ਤ੍ਰਿਖਾ ਦਿਤੀ ਬੁਝਾਈਆ। ਜਨਮ ਜਨਮ ਦੇ ਵਿਛੜੇ ਆਇਆ ਮਿਲਾਵਨ, ਮੇਲਾ ਆਪਣੇ ਨਾਲ ਮਿਲਾਈਆ। ਤੋਲ ਦੋਹਾਂ ਦਾ ਤੋਲ ਕੇ ਸਾਵਨ, ਇਕੋ ਕੰਡੇ ਦਏ ਚੜ੍ਹਾਈਆ। ਅਗਲਾ ਲਹਿਣਾ ਝੋਲੀ ਆਇਆ ਪਾਵਨ, ਪਤਿਤ ਪੁਨੀਤ ਪਵਿਤ ਦਏ ਕਰਾਈਆ। ਜਨਮ ਜਨਮ ਦਾ ਗੇੜਾ ਆਇਆ ਕਟਾਵਨ, ਲੱਖ ਚੁਰਾਸੀ ਫੰਦ ਮੁਕਾਈਆ। ਸਚ ਦਵਾਰੇ ਆਇਆ ਬਹਾਵਨ, ਬਾਹੋਂ ਪਕੜ ਆਪ ਉਠਾਈਆ। ਸਚਖੰਡ ਆਇਆ ਵਸਾਵਨ, ਦਰਗਾਹ ਸਾਚੀ ਡੇਰਾ ਲਾਈਆ। ਜੋਤੀ ਜੋਤ ਆਇਆ ਸਮਾਵਨ, ਨੂਰ ਨੂਰ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਧੁਰ ਦੀ ਕਰਨੀ ਵੇਖ ਕਰਤਾਰ, ਕਰਤੇ ਤੇਰੇ ਹੱਥ ਵਡਿਆਈਆ। ਜਿਵੇਂ ਪਿਛਲਾ ਲਹਿਣਾ ਦਿਤਾ ਉਤਾਰ, ਅਗਲਾ ਲੇਖਾ ਆਪਣੇ ਨਾਲ ਰਖਾਈਆ। ਜੇ ਪਹਿਲੋਂ ਰਹੇ ਤੱਤਾਂ ਵਾਲੇ ਯਾਰ, ਤਨ ਪਿਆਰ ਵਖਾਈਆ। ਅਗੇ ਆਤਮ ਦੇ ਆਧਾਰ, ਪਰਮਾਤਮ ਜੋੜ ਜੁੜਾਈਆ। ਤੇਰਾ ਵੇਖੀਏ ਠੰਡਾ ਸਚ ਦਰਬਾਰ, ਅਗਨੀ ਤੱਤ ਨਾ ਕੋਇ ਜਣਾਈਆ। ਕੂੜੀ ਕਿਰਿਆ ਵਿਚੋਂ ਕਢ ਕੇ ਬਾਹਰ, ਧੁਰ ਦਾ ਮੇਲਾ ਲੈਣਾ ਮਿਲਾਈਆ। ਨਰਾਇਣ ਦੀ ਅੱਖ ਦਿਤੀ ਉਘਾੜ, ਨਿਜ ਆਪਣਾ ਆਪ ਵਖਾਈਆ। ਲਾਲ ਨੂੰ ਬਖ਼ਸ਼ ਕੇ ਸਚਾ ਪਿਆਰ, ਅਰਸ਼ਾਂ ਦੇ ਉਤੇ ਦੇਣਾ ਭੁਆਈਆ। ਤੂੰ ਬਖ਼ਸ਼ਸ਼ਾਂ ਦਾ ਮਾਲਕ ਸ਼ਹਿਨਸ਼ਾਹ ਸਚੀ ਸਰਕਾਰ, ਦੋ ਜਹਾਨਾਂ ਤੇਰੀ ਰਈਅਤ ਨਜ਼ਰੀ ਆਈਆ। ਤੇਰਾ ਹੁਕਮ ਚਲੇ ਜੁਗ ਚਾਰ, ਜੁਗ ਚੌਕੜੀ ਨਾ ਕੋਇ ਮਿਟਾਈਆ। ਜਿਨ੍ਹਾਂ ਦੀ ਸ਼ਹਾਦਤ ਦੇਣ ਗੁਰੂ ਅਵਤਾਰ, ਹਾਜ਼ਰ ਹੋ ਕੇ ਸੇਵ ਕਮਾਈਆ। ਤਿਨ੍ਹਾਂ ਦਾ ਤੇਰੇ ਨਾਲ ਰਹੇ ਪਿਆਰ, ਪ੍ਰੀਤਮ ਇਕੋ ਤੂ ਹੀ ਨਜ਼ਰੀ ਆਈਆ। ਯਾਰਾਂ ਦਾ ਯਰਾਨਾਂ ਰਹੇ ਤੇਰੇ ਨਾਲ, ਕਾਹਨਾਂ ਦੇ ਕਾਹਨ ਤੇਰੀ ਸਰਨਾਈਆ। ਘਰ ਆਇਆਂ ਭਗਤਾਂ ਮਹਿਮਾਨਾਂ ਦਾ ਅੰਮ੍ਰਿਤ ਰਸ ਭਰਦੇ ਭੰਡਾਰ, ਵਸ ਆਪਣੇ ਲੈ ਕਰਾਈਆ। ਤੇਰਾ ਜਸ ਗਾਵਣ ਵਿਚ ਸੰਸਾਰ, ਢੋਲਾ ਤੇਰਾ ਨਾਮ ਸੁਣਾਈਆ। ਜੇ ਤੱਤ ਸਰੀਰ ਕਰ ਕੇ ਹਾਜ਼ਰ ਨਹੀਂ ਤੇਰਾ ਲਾਲ, ਹਾਜ਼ਰਾਂ ਨਾਲੋਂ ਹਾਜ਼ਰ ਅੱਗੇ ਬੈਠਾ ਨਜ਼ਰੀ ਆਈਆ। ਨਾਲੇ ਸਵਾਲ ਤੇ ਨਾਲੇ ਕਰੇ ਜਵਾਬ, ਆਦਾਬ ਕਰ ਕੇ ਸੀਸ ਝੁਕਾਈਆ। ਵੈਰਾਗੀਆਂ ਅੰਦਰ ਮੇਰੀ ਉਹ ਸੁਣਾਦੇ ਆਵਾਜ਼, ਜਿਸ ਦੇ ਨਾਲ ਪ੍ਰੇਮ ਦੀ ਵਜਦੀ ਰਹੇ ਵਧਾਈਆ। ਹੇ ਪ੍ਰਭੂ ਮੈਨੂੰ ਇਕੋ

ਜਾਪਦਾ ਤੂੰ ਸਭ ਦਾ ਸਚਾ ਬਾਪ, ਪੁਰਖ ਅਕਾਲ ਨਜ਼ਰੀ ਆਈਆ। ਜਿਸ ਤਰਾ ਪਹਿਲਾਂ ਕੀਤਾ ਈ ਭਵਿਖਤ ਵਾਕ, ਅਗਲਾ ਤਾਕ ਦੇਣਾ ਖੁਲ੍ਹਾਈਆ। ਸਾਥੋਂ ਬਣਿਆ ਨਹੀਂ ਜਾਂਦਾ ਚਾਕ, ਤੂੰ ਚਾਕਰ ਬਣ ਕੇ ਸਾਡੀ ਸੇਵ ਜਾ ਕਮਾਈਆ। ਨਾਲੇ ਪ੍ਰੇਮ ਕਰਨ ਦੀ ਮੇਰੇ ਦਵਾਰੇ ਤੇ ਭਗਤਾਂ ਨੂੰ ਦੱਸ ਜਾ ਜਾਚ, ਜਾਚਕ ਹੋ ਕੇ ਆਪਣਾ ਫੇਰਾ ਪਾਈਆ। ਮੇਰਾ ਸੱਜਣ ਰਾਜ ਨਰੈਣ ਹੋ ਨਾ ਜਾਵੇ ਉਦਾਸ, ਇਹਦੀ ਉਦਾਸੀ ਦੇਣੀ ਗਵਾਈਆ। ਮੈਂ ਇਹੋ ਰਖ ਕੇ ਆਇਆ ਆਸ, ਤੇਰੇ ਚਰਨਾਂ ਸੀਸ ਨਿਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਪ੍ਰੇਮ ਵਿਚ ਮੇਰੇ ਪਿਆਰ ਦਾ ਲੇਖੇ ਲੱਗੇ ਸਵਾਸ, ਸਵਾਸ ਸਵਾਸ ਤੇਰੀ ਝੋਲੀ ਪਾਈਆ।

ਗੰਢ ਖੋਲ੍ਹਣ ਨੂੰ ਚੁਕ ਲੈ ਹੱਥ, ਆਪਣੀ ਦਇਆ ਕਮਾਈਆ। ਹੌਲੀ ਜਿਹੀ ਉਤੇ ਰਿਹਾ ਰਖ, ਬੇਪਰਵਾਹ ਹੋ ਸਹਾਈਆ। ਨੌ ਸੌ ਚੁਰਾਨਵੇ ਚੌਕੜੀ ਜੋ ਸਾਂਭ ਕੇ ਰੱਖੀ ਵਥ, ਆਪਣੇ ਵਿਚ ਛੁਪਾਈਆ। ਉਸਨੂੰ ਬਾਹਰ ਕੱਢੇ ਪੁਰਖ ਸਮਰਥ, ਪੜਦਾ ਦਏ ਚੁਕਾਈਆ। ਚੁਪ ਕੀਤਿਆਂ ਰਾਤੀਂ ਸੁਤਿਆਂ ਤੁਹਾਡੇ ਅੰਦਰ ਦੇਵੇ ਢਕ, ਸੇਵਾ ਧੁਰ ਦੀ ਆਪ ਕਮਾਈਆ। ਨਿਰਮਲ ਨੂਰ ਕਰ ਪਰਕਾਸ਼, ਘਰ ਦੀਪਕ ਦਏ ਜਗਾਈਆ। ਸ਼ਬਦ ਸੁਣ ਆਈ ਆਵਾਜ਼, ਰਾਗ ਇਕ ਅਲਾਈਆ। ਚਲਦਿਆਂ ਫਿਰਦਿਆਂ ਦਰਸ ਵਖਾ ਕੇ ਸਾਖ਼ਿਆਤ, ਸਨਮੁਖ ਬੈਠੇ ਚਾਈਂ ਚਾਈਂਆ। ਹਨੋਰੇ ਸੁਣਨ ਦੀ ਸਦਾ ਇਹਨੂੰ ਖ਼ਾਹਿਸ਼, ਮਰੋੜਿਆਂ ਵਿਚ ਖ਼ੁਸ਼ੀ ਮਨਾਈਆ। ਖ਼ੁਸ਼ੀ ਦੇ ਵਿਚੋਂ ਤੁਹਾਡੀ ਪੂਰੀ ਕਰੇ ਆਸ, ਅਸਲ ਆਪਣਾ ਰੂਪ ਦਏ ਵਖਾਈਆ । ਫੇਰ ਗੁਰਮੁਖ ਤੇਰੀ ਜ਼ਬਾਨ ਵਿਚੋਂ ਨਿਕਲੇ ਤੇਰੀ ਆਵਾਜ਼, ਆਵਾਜ਼ ਨਾਲ ਇਸ਼ਾਰਿਆਂ ਦਏ ਜਣਾਈਆ। ਵਾਕਅਈ ਇਹ ਸਤਿ ਪੁਰਖ ਸਭ ਦਾ ਬਾਪ, ਜੋ ਭੰਡਾਰੇ ਖ਼ਾਲੀ ਰਿਹਾ ਭਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲਾ ਵਕ਼ਤ ਰਿਹਾ ਤਾਕ, ਲਹਿਣੇ ਦਾ ਲਹਿਣਾ ਝੋਲੀ ਪਾਈਆ।