੨੬ ਮਾਘ ੨੦੨੧ ਬਿਕ੍ਰਮੀ ਬੀਬੀ ਗੁਰਚਰਨ ਕੌਰ ਦੇ ਨਵਿਤ ਪਿੰਡ ਹੇਰ
ਮਟਕੀ ਗਗਰੀਆ ਜਿਸ ਗੋਬਿੰਦ ਫੋੜੀ, ਨਿਸ਼ਾਨਾ ਤੀਰ ਕਮਾਨ ਲਗਾਈਆ। ਕਰਦਾ ਖੇਲ ਚੋਰੀ ਚੋਰੀ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਸਾਢੇ ਤਿੰਨ ਹੱਥ ਦੇਵੇ ਮਾਟੀ ਨਕੋਰੀ, ਨਿਤ ਨਵਿਤ ਦਏ ਬਦਲਾਈਆ। ਵਿਚ ਅੰਮ੍ਰਿਤ ਬੂੰਦ ਪਾ ਕੇ ਥੋੜੀ ਥੋੜੀ, ਰਸ ਧੁਰ ਦਾ ਦਏ ਟਿਕਾਈਆ। ਆਪਣੀ ਆਵਾਜ਼ ਸ਼ਬਦ ਧੁਨ ਸੁਣਾਕੇ ਘਨਘੋਰੀ, ਅਗੰਮ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮਟਕੀ ਕਹੇ ਸੁਣੋ ਰੀ ਸਖ਼ੀ, ਅੰਤਰ ਕਹਾਣੀ ਦਿਆਂ ਜਣਾਈਆ। ਮੈਂ ਦਰਸ਼ਨ ਪਾ ਕੇ ਅੱਖੀਂ, ਆਖ਼ਰ ਆਪਣਾ ਆਪ ਗਈ ਤਜਾਈਆ। ਇਹ ਮਾਲਕ ਧੁਰ ਦਾ ਕਮਲਾਪਤੀ, ਸਤਿ ਸਰੂਪੀ ਨਜ਼ਰੀ ਆਈਆ। ਇਹਦੇ ਤੀਰ ਨਿਸ਼ਾਨੇ ਨਾਲ ਮੈਨੂੰ ਸੱਟ ਜ਼ਰਾ ਨਾ ਲੱਗੀ, ਸੋਈ ਸੁਰਤੀ ਦਿਤੀ ਉਠਾਈਆ। ਪ੍ਰੇਮ ਪਿਆਰ ਦੀ ਦੇ ਕੇ ਸਾਚੀ ਰਤੀ, ਮੈਨੂੰ ਰਤਨ ਅਮੋਲਕ ਹੀਰਾ ਦਿਤਾ ਬਣਾਈਆ। ਤੂੰ ਕੀ ਗੁਜਰੀ ਨੂੰ ਰਹੀ ਦੱਸੀ, ਗੁਜਰੀ ਦਾ ਬੇਟਾ ਖੇਵਟ ਖੇਟਾ ਨਜ਼ਰੀ ਆਈਆ। ਇਸ ਦੇ ਸਚ ਭੰਡਾਰੇ ਦੀ ਵੇਖ ਖੁਲ੍ਹੀ ਹੱਟੀ, ਜੋ ਹਟਵਾਣਾ
ਬਣਕੇ ਰਿਹਾ ਚਲਾਈਆ। ਜਿਸ ਨੇ ਗੁਲੇਲ ਨਿਸ਼ਾਨੇ ਵਾਲੀ ਛੱਡੀ, ਮੇਰੇ ਦਿਤੀ ਚੋਟ ਲਗਾਈਆ। ਉਹ ਮੇਰੀ ਵਿੰਨ੍ਹ ਕੇ ਪਸਲੀ ਹੱਡੀ, ਆਰ ਪਾਰ ਰੰਗ ਚੜ੍ਹਾਈਆ। ਮੈਂ ਓਸੇ ਦੀ ਦਾਸ ਓਸੇ ਦੇ ਚਰਨਾਂ ਦੀ ਬੱਧੀ, ਬੰਦਨਾ ਕਰ ਕਰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਗਗਰੀਆ ਕਹੇ ਸੁਣ ਮੈਨੂੰ ਵੱਜਣ ਵਾਲੇ ਤੀਰ, ਤੇਰੀ ਮੁੱਖੀ ਸੋਹਣੀ ਨਜ਼ਰੀ ਆਈਆ। ਜਿਸ ਵੇਲੇ ਪੌਣ ਵਿਚ ਪੈਂਡਾ ਆਇਉਂ ਚੀਰ, ਭੱਜਾ ਵਾਹੋ ਦਾਹੀਆ। ਮੈਨੂੰ ਵੱਜਕੇ ਬਖ਼ਸ਼ੀ ਸਾਚੀ ਧੀਰ, ਸਾਂਤਕ ਸਤਿ ਦਿਤਾ ਕਰਾਈਆ। ਮੈਨੂੰ ਮੰਜ਼ਲ ਆ ਗਈ ਨਜ਼ਰ ਇਕ ਅਖ਼ੀਰ, ਆਖ਼ਰ ਪੜਦਾ ਦਿਤਾ ਉਠਾਈਆ। ਜਿਥੇ ਬੈਠਾ ਮਾਲਕ ਧੁਰ ਦਾ ਪੀਰ, ਪਾਰਬ੍ਰਹਮ ਪ੍ਰਭ ਬੇਪਰਵਾਹੀਆ । ਜਿਸ ਦਾ ਜਲਵਾ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਧੁਰ ਦਾ ਆਪ ਸੁਣਾਈਆ। ਮਟਕੀ ਕਹੇ ਸੁਣ ਕਮਾਨ, ਜਿਸ ਵੇਲੇ ਤੰਦ ਦਿਤਾ ਖਿਚਾਈਆ। ਗੋਬਿੰਦ ਬੱਚੇ ਚਿੱਲਾ ਚੜ੍ਹਾਇਆ ਇਕ ਮਹਾਨ, ਸੋਹਣੀ ਖਿਚ ਲਗਾਈਆ। ਖੱਬੇ ਅੰਗੂਠੇ ਉਤੋਂ ਦੀ ਵੇਖ ਨਿਸ਼ਾਨ, ਸਿੱਧਾ ਰਾਹ ਬਣਾਈਆ। ਮੈਂ ਵੇਖ ਕੇ ਹੋਈ ਹੈਰਾਨ, ਇਹ ਕੀ ਖੇਲ ਰਚਾਈਆ। ਮੈਨੂੰ ਦੱਸ ਕੇ ਜਾਈਂ ਅੰਞਾਣ, ਬਾਲੀ ਬੁਧਿ ਨਾ ਸਮਝ ਰਖਾਈਆ। ਇਹ ਸਖ਼ੀ ਨਾ ਸਕੀ ਪਹਿਚਾਣ, ਜੋ ਮਟਕੀ ਸਿਰ ਦੇ ਉਤੇ ਉਠਾਈਆ। ਮੈਂ ਓਸ ਮਾਟੀ ਦਾ ਬਲੀਦਾਨ, ਮੁੜ ਕੇ ਫੇਰਾ ਪਾਈਆ। ਜਿਸ ਨੂੰ ਪ੍ਰਹਿਲਾਦ ਨੇ ਚਰਨ ਛੁਹਾਇਆ ਸੀ ਆਣ, ਬੱਚਿਆਂ ਵਾਲੀ ਆਵੀ ਲੇਖੇ ਪਾਈਆ। ਓਸ ਵੇਲੇ ਹੁਕਮ ਦਿਤਾ ਸੀ ਭਗਵਾਨ, ਹੁਕਮ ਸੰਦੇਸ਼ਾ ਧੁਰ ਸੁਣਾਈਆ। ਤੇਰਾ ਲਹਿਣਾ ਦੇਣਾ ਕਰ ਪਰਵਾਨ, ਕ਼ੀਮਤ ਗੋਬਿੰਦ ਹੱਟ ਪੁਆਈਆ । ਇਸੇ ਕਰ ਕੇ ਇਹਦੇ ਟਕਿਆਂ ਦਾ ਨਿਸ਼ਾਨ, ਨੌ ਜੋੜੇ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮਟਕੀ ਕਹੇ ਸੁਣ ਗੋਬਿੰਦ ਮੀਤ, ਤੇਰੇ ਦਰ ਮੇਰੀ ਅਰਜ਼ੋਈਆ। ਤੂੰ ਖੇਲ ਵਖਾਈ ਅਗੰਮੀ ਰੀਤ, ਆਪਣੀ ਧਾਰ ਜਣਾਈਆ। ਮੈਂ ਜਲ ਵਿਚ ਰਹਿਣ ਵਾਲੀ ਠੰਡੀ ਸੀਤ, ਸਤਿ ਸਾਂਤਕ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਮਟਕੀ ਅੰਦਰ ਵਸਿਆ ਬੋਲ ਪਿਆ ਜਲ ਪਾਣੀ, ਖ਼ੁਸ਼ੀਆਂ ਹਾਲ ਸੁਣਾਈਆ। ਤੂੰ ਕਾਚੀ ਗਗਰੀਆ ਬਾਲ ਅੰਞਾਣੀ, ਭੇਵ ਨਾ ਜਾਣੇਂ ਰਾਈਆ। ਤੈਨੂੰ ਸਦਾ ਚੁਕਦੀ ਰਹੀ ਜਗਤ ਸਵਾਣੀ, ਸਿਰ ਆਪਣੇ ਉਤੇ ਟਿਕਾਈਆ। ਤੂੰ ਨਹੀਂ ਵੇਖਿਆ ਓਸ ਦਾ ਤੀਰ ਇਕ ਮਹਾਨੀ, ਜੋ ਤੇਰੇ ਵਿਚ ਦੀ ਪਾਰ ਹੋ ਕੇ ਮੇਰੇ ਸੀਨੇ ਲੱਗਾ ਚਾਈਂ ਚਾਈਂਆ। ਓਹਦੇ ਵਿਚੋਂ ਮੈਂ ਸੁਣੀ ਅਗੰਮੀ ਬਾਣੀ, ਜੋ ਤੇਰਾ ਮੇਰਾ ਢੋਲਾ ਗਾਈਆ। ਕਮਲੀਏ, ਅੱਜ ਇਸ ਨੇ ਮਾਣ ਦੇਣਾ ਪਟਨੇ ਵਾਲੀ ਰਾਣੀ, ਘਰ ਰਾਜਿਆਂ ਭੋਗ ਲਗਾਈਆ। ਤੇਰੀ ਮਟਕੀ ਇਹ ਪਿਛਲੀ ਸੀ ਪੁਰਾਣੀ, ਨਵੀਂ ਹੋਰ ਦੇਈਂ ਬਦਲਾਈਆ। ਇਸ ਤੋਂ ਅਗੇ ਗੋਬਿੰਦੇ ਨੇ ਕਰਨੀ ਫੇਰ ਹੋਰ ਕਹਾਣੀ, ਕਹਾਵਤ ਸਮਝ ਸਕੇ ਕੋਈ ਨਾ ਰਾਈਆ। ਜਿਸ ਵੇਲੇ ਕਲਜੁਗ ਅੰਤਮ ਔਣੀ ਰੈਣ ਅੰਧੇਰੀ ਕਾਲੀ, ਸਾਚਾ ਚੰਦ ਨਾ ਕੋਇ ਚਮਕਾਈਆ। ਮਾਣ ਤਾਣ ਰਹੇ ਨਾ ਕਿਸੇ ਧਰਮਸਾਲੀ, ਮੰਦਰ ਮਠ ਦੇਣ ਦੁਹਾਈਆ। ਤੀਰਥ ਤੱਟਾਂ ਕਰੇ ਨਾ ਕੋਇ ਪਹਿਚਾਨੀ, ਅਠਸਠ ਬੈਠਣ ਮੁਖ ਛੁਪਾਈਆ। ਓਸ ਵੇਲੇ ਸਾਚੀ ਸਿਖੀਆ ਦੀ ਇਸ ਨੇ ਵੇਖਣੀ ਕਾਇਆ ਮਾਟੀ ਇਕ ਮਹਾਨੀ, ਸਾਢੇ ਤਿੰਨ ਹੱਥ ਨਜ਼ਰੀ ਆਈਆ। ਓਹਨਾਂ ਦੇ ਅੰਦਰ ਵੜ ਕੇ ਏਹੋ ਆਪਣਾ ਸ਼ਬਦ ਤੀਰ ਨਿਸ਼ਾਨਾ ਬਣਾ ਕੇ ਜਾਣਾ ਮਾਰੀ, ਆਰ
ਪਾਰ ਦੇਣਾ ਕਰਾਈਆ। ਇਹ ਮੇਰਾ ਜੋ ਤੇਰੇ ਵਿਚ ਭਰਿਆ ਠੰਡਾ ਪਾਣੀ, ਗੁਰਮੁਖਾਂ ਦੇ ਅੰਦਰੋਂ ਦਏ ਪਰਗਟਾਈਆ। ਜਿਨ੍ਹਾਂ ਦੀ ਕੀਮਤ ਆਪ ਚਕੌਣੀ, ਲੱਖ ਕਰੋੜੀ ਕ਼ੀਮਤ ਕੋਇ ਨਾ ਪਾਈਆ। ਨਾ ਕੋਈ ਹੁਣ ਮੰਗੇ ਦਵਾਨੀ ਚਵਾਨੀ, ਰੋਕੜ ਰੋਕ ਨਾ ਕੋਇ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਮਾਟੀ ਗਗਰੀਆ ਕਹੇ ਨੀ ਇਹ ਸਚ, ਜੋ ਮੈਨੂੰ ਦਿਤਾ ਸਮਝਾਈਆ। ਜਲ ਨੇ ਕਿਹਾ ਇਹ ਖੇਲ ਪੁਰਖ ਸਮਰਥ, ਨਾ ਕੋਈ ਮੇਟੇ ਮੇਟ ਮਿਟਾਈਆ। ਗੋਬਿੰਦ ਸੂਰਾ ਗਹਿਰ ਗੰਭੀਰਾ ਬੇਨਜ਼ੀਰਾ ਆਪ ਵਖਾਏ ਸਦਾ ਪਰਤਖ, ਪਰਦਾ ਓਹਲਾ ਨਾ ਕੋਇ ਰਖਾਈਆ। ਅੰਮ੍ਰਿਤ ਆਤਮ ਅਗੰਮਾ ਜਨ ਭਗਤਾਂ ਦੇਣਾ ਰਸ, ਨਿਝਰ ਝਿਰਨਾ ਦੇਣਾ ਪਰਗਟਾਈਆ । ਲੱਖ ਚੁਰਾਸੀ ਵਿਚੋਂ ਸਾਚੀ ਸਖ਼ੀਆਂ ਤੀਰ ਨਿਸ਼ਾਨਾ ਮਾਰਨਾ ਕਸ, ਚਿੱਲਾ ਨਾਮ ਕਮਾਨ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਮਟਕੀ ਕਹੇ ਉਹ ਚਿੱਲਾ ਕਿਹੜਾ, ਜਿਹੜਾ ਗੋਬਿੰਦ ਫੇਰ ਚਲਾਈਆ। ਜਲ ਕਿਹਾ ਉਹ ਨੇਰਨ ਨੇਰਾ, ਨਿਜ ਨੇਤਰ ਨਜ਼ਰੀ ਆਈਆ। ਜਿਸ ਦੇ ਨਾਲ ਆਵਣ ਜਾਵਣ ਦੋ ਜਹਾਨ ਚੁਕੇ ਗੇੜਾ, ਆਰ ਪਾਰ ਪੰਧ ਮੁਕਾਈਆ। ਲੇਖਾ ਚੁਕਿਆ ਤੇਰਾ ਮੇਰਾ, ਇਕੋ ਰੰਗ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਵਖਾਈਆ। ਮਟਕੀ ਕਹੇ ਸੁਣ ਸਖ਼ੀ ਸਤਿ, ਸਤਿ ਤੈਨੂੰ ਦਿਆਂ ਦ੍ਰਿੜਾਈਆ। ਇਸ ਦੇ ਤੀਰ ਅੰਦਰ ਬ੍ਰਹਮ ਮਤ, ਪ੍ਰੇਮ ਵਿਦਿਆ ਰਿਹਾ ਪੜ੍ਹਾਈਆ। ਜਿਸ ਦੇ ਅੰਦਰ ਗਿਆ ਲੰਘ, ਓਹਨੂੰ ਨਜ਼ਰੀ ਆਈਆ। ਸਚ ਸੇਜ ਵਖਾ ਪਲੰਘ, ਸਚ ਸਿੰਘਾਸਣ ਦਏ ਵਖਾਈਆ। ਕਿਉਂ ਹੈਰਾਨ ਹੋਈ ਦੰਗ, ਮੈਨੂੰ ਭੱਜੀ ਨੂੰ ਕਿੱਲੀ ਉਤੇ ਆਵੀਂ ਟੰਗ, ਘਰੋਂ ਫੜ ਕੇ ਬਾਹਰ ਨਾ ਦਈਂ ਸੁਟਾਈਆ। ਤੈਨੂੰ ਇਸ ਦਾ ਖੇਲ ਦੱਸਾਂ ਨਿਸ਼ੰਗ, ਜੋ ਚਾੜ੍ਹਨਹਾਰਾ ਰੰਗ, ਇਹਦੀ ਸਿਫ਼ਤ ਵਿਚ ਕਮੰਦ, ਚਿੱਲਾ ਤੇਰੀ ਗਾਗਰ ਨਾਲ ਛੁਹਾਈਆ। ਇਸੇ ਸੁਰਾਖ਼ ਵਿਚੋਂ ਮੈਨੂੰ ਨਜ਼ਰੀ ਔਂਦਾ ਰਹੇ ਗੁਜਰੀ ਚੰਦ, ਖ਼ੁਸ਼ੀ ਬੰਦ ਬੰਦ ਕਰਾਈਆ। ਕਲਜੁਗ ਅੰਤਮ ਇਸੇ ਧਾਰ ਵਿਚੋਂ ਇਸ ਨੇ ਗੁਰਮੁਖਾਂ ਦੇ ਅੰਦਰ ਜਾਣਾ ਲੰਘ, ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ। ਗੁਜਰੀ ਕੋਈ ਨਾ ਪਾਵੀਂ ਡੰਡ, ਗੋਬਿੰਦ ਨੂੰ ਕਹੀਂ ਨਾ ਭੇਖ ਭਖੰਡ, ਤੇਰੀ ਕਰਨੀ ਦਾ ਕਰਤਾ ਲਹਿਣਾ ਰਿਹਾ ਮੁਕਾਈਆ। ਇਹ ਗੋਕਲ ਨਾਲੋਂ ਚੰਗਾ ਦੇਵੇ ਅਨੰਦ, ਜਮਨਾ ਦੀ ਧਾਰ ਨਾਲੋਂ ਸੋਹਣਾ ਪਰਮਾਨੰਦ, ਬ੍ਰਹਿਮੰਡ ਖੰਡ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਅਗੰਮੀ ਰਿਹਾ ਕਰਾਈਆ। ਗੁਜਰੀ ਕਿਹਾ ਮੇਰੀ ਨਮਸਤੇ, ਸੀਸ ਇਕ ਨਿਵਾਈਆ। ਓਧਰੋਂ ਗੋਬਿੰਦ ਆਇਆ ਹਸਦੇ ਹਸਦੇ, ਹੰਸੀ ਦਿਤੀ ਵਖਾਈਆ। ਗੁਜਰੀ ਕਿਹਾ ਸਚ ਲਾਲ ਮੇਰੇ ਦੱਸ ਦੇ, ਖੇਲ ਕੀ ਵਰਤਾਈਆ। ਇਹ ਗਵਾਂਢੀ ਮੇਰੇ ਅੱਕ ਗਏ, ਦੇਵਣ ਹਾਲ ਦੁਹਾਈਆ। ਗੋਬਿੰਦ ਕਿਹਾ ਇਹ ਖੇਲ ਨਹੀਂ ਮੇਰੇ ਵਸ ਦੇ, ਪੁਰਖ ਅਕਾਲ ਹੁਕਮ ਸੁਣਾਈਆ। ਜਿਨ੍ਹਾਂ ਮਟਕਿਆਂ ਨੂੰ ਤੀਰ ਮੇਰੇ ਲਗਦੇ, ਦੋ ਜਹਾਨਾਂ ਨਜ਼ਰੀ ਆਈਆ। ਇਹ ਨਿਸ਼ਾਨੇ ਸੱਜੀ ਅੱਖ ਦੇ, ਜਿਹੜੇ ਭਗਤਾਂ ਅੰਦਰ ਦੇਣੇ ਰਖਾਈਆ। ਮਾਤਾ, ਬੇਸ਼ਕ ਏਹੋ ਜਿਹੇ ਭਾਂਡੇ ਬਥੇਰੇ ਵਿਕਦੇ, ਪਰ ਗੋਬਿੰਦ ਦੇ ਤੀਰ ਵਾਲੇ ਨਜ਼ਰ ਕਿਤੇ ਨਾ ਆਈਆ। ਇਹ ਤੈਨੂੰ ਸੋਹਣੇ ਸਭ ਤੋਂ ਦਿਸਦੇ, ਜਿਨ੍ਹਾਂ ਦੀ ਕ਼ੀਮਤ ਜਗਤ ਨਾ ਕੋਇ ਸਮਝਾਈਆ। ਅੰਤਮ ਇਹ ਬੱਚੇ ਬਣਨੇ ਇਕ ਦੇ, ਏਕੰਕਾਰ ਦਏ ਵਡਿਆਈਆ। ਕਾਚੀ ਗਗਰੀਆ ਰੂਪ ਬਣਨੇ ਸਿੱਖ ਦੇ, ਸਾਚੀ ਸਿਖਿਆ ਝੋਲੀ ਪਾਈਆ। ਜਿਸ ਦੇ ਲੇਖੇ ਨੂੰ ਵੇਦ
ਕਿਤੇਬ ਸ਼ਾਸਤਰ ਪੁਰਾਨ ਨਹੀਂ ਲਿਖਦੇ, ਉਹ ਲਹਿਣਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਮਟਕੀ ਕਹੇ ਮੈਂ ਹੋ ਗਈ ਚੁਪ, ਗੁਜਰੀ ਦਿਤੀ ਨਾ ਕੋਇ ਦੁਹਾਈਆ। ਸਖ਼ੀ ਮੈਂ ਵੇਖਣਾ ਜਿਸ ਵੇਲੇ ਹੋਏ ਅੰਧੇਰਾ ਘੁਪ, ਕੂੜ ਕੁੜਿਆਰਾ ਕਲਜੁਗ ਚਾਰੋਂ ਕੁੰਟ ਨਜ਼ਰੀ ਆਈਆ। ਕਿਸ ਬਿਧ ਗੋਬਿੰਦ ਸ਼ਬਦ ਤੀਰ ਨਿਰਾਲਾ ਮਾਰੇ ਛੁਪ, ਗੁਰਮੁਖਾਂ ਦੇ ਅੰਦਰ ਦਏ ਲੰਘਾਈਆ। ਜਿਥੋਂ ਅੰਮ੍ਰਿਤ ਸੋਮਾ ਪਏ ਫੁੱਟ, ਰਸ ਆਪਣਾ ਦਏ ਜਣਾਈਆ। ਘਰ ਪਰਕਾਸ਼ ਕਰੇ ਜੋਤ, ਨੂਰੋ ਨੂਰ ਨੂਰ ਰੁਸ਼ਨਾਈਆ। ਸ਼ਬਦ ਲਗਾ ਅਗੰਮੀ ਚੋਟ, ਸੋਈ ਸੁਰਤੀ ਲਏ ਉਠਾਈਆ। ਭਗਤ ਦਵਾਰਾ ਦੱਸ ਕੇ ਕੋਟ, ਘਰ ਘਰ ਵਿਚ ਮੇਲ ਲਏ ਮਿਲਾਈਆ। ਨੇਤਰ ਖੋਲ੍ਹ ਕੇ ਆਪਣਾ ਲੋਚ, ਨਿਜ ਨੈਣ ਦਰਸ ਦਏ ਕਰਾਈਆ। ਮੇਰੀ ਓਸ ਵੇਲੇ ਮਿਟ ਜਾਏ ਸੋਚ, ਬੁਧੀ ਚਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲਏ ਪਰਗਟਾਈਆ। ਘੜੀਆ ਮਟਕੀ ਕਹੇ ਮੈਂ ਵੇਖਾਂ ਸਾਢੇ ਤਿੰਨ ਹੱਥ, ਤੱਤਾਂ ਵਾਲਾ ਰੂਪ ਨੈਣ ਉਠਾਈਆ। ਕਿਸ ਬਿਧ ਜਨ ਭਗਤਾਂ ਵਥ, ਵਸਤ ਅਮੋਲਕ ਝੋਲੀ ਪਾਈਆ। ਪੂਰਬ ਲਹਿਣਾ ਚੁਕਾਵੇ ਹਕ, ਹਾਕਮ ਬੇਪਰਵਾਹੀਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਪਰਦਾ ਓਹਲਾ ਦਏ ਉਠਾਈਆ। ਸ਼ਬਦ ਨਿਸ਼ਾਨਾ ਤੀਰ ਮਾਰ ਕੇ ਸੱਟ, ਆਲਸ ਨਿੰਦਰਾ ਦਏ ਗਵਾਈਆ। ਸਾਚੀ ਸਖ਼ੀਆਂ ਦਾ ਲਹਿਣਾ ਦੇਣਾ ਦੇ ਕੇ ਝਟ, ਲੇਖਾ ਪੂਰਬ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕ਼ੀਮਤ ਦਏ ਚੁਕਾਈਆ। ਪਾਣੀ ਕਹੇ ਤੂੰ ਵੇਖੀਂ ਨਜ਼ਾਰਾ, ਗੋਬਿੰਦ ਗੁਰ ਗੁਰ ਦਏ ਜਣਾਈਆ। ਜਨ ਭਗਤਾਂ ਦੇ ਕੇ ਇਕ ਸਹਾਰਾ, ਨੱਯਾ ਨੌਕਾ ਨਾਮ ਚੜ੍ਹਾਈਆ। ਖੇਵਟ ਖੇਟਾ ਬਣ ਕੇ ਵਡ ਸੰਸਾਰਾ, ਬੇੜਾ ਆਪਣੇ ਕੰਧ ਉਠਾਈਆ। ਅੰਮ੍ਰਿਤ ਬਖ਼ਸ਼ ਕੇ ਠੰਡਾ ਠਾਰਾ, ਅਗਨੀ ਤੱਤ ਦਏ ਗਵਾਈਆ । ਡੂੰਘੀ ਕੰਦਰ ਪਾਵੇ ਸਾਰਾ, ਭਵਰੀ ਕਵਰੀ ਖੋਜ ਖੁਜਾਈਆ। ਆਤਮ ਪਰਮਾਤਮ ਕਰ ਪਿਆਰਾ, ਸਚ ਪ੍ਰੀਤਮ ਲਏ ਮਿਲਾਈਆ। ਸ਼ਬਦ ਅਗੰਮੀ ਤੀਰ ਨਿਆਰਾ, ਨਿਰਗੁਣ ਧਾਰ ਦਏ ਚਲਾਈਆ। ਚਿੱਲਾ ਖਿੱਚੇ ਇਕੋ ਵਾਰਾ, ਦੂਜਾ ਤੰਦ ਨਾ ਕੋਇ ਬੰਧਾਈਆ। ਭੇਵ ਖੁਲ੍ਹਾ ਕੇ ਗੁਪਤ ਜ਼ਾਹਰਾ, ਪਰਦਾ ਦਏ ਉਠਾਈਆ। ਹਿਸਾਬ ਮੁਕਾ ਕੇ ਪਿਛਲਾ ਉਧਾਰਾ, ਲਹਿਣਾ ਅਗਲਾ ਦਏ ਵਖਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਜਗਤ ਸ਼ਾਹੀ ਨਾ ਕੋਇ ਵਡਿਆਈਆ। ਆਦਿ ਜੁਗਾਦੀ ਜੁਗ ਚੌਕੜੀ ਕਰਨੇਹਾਰਾ, ਹਰਿ ਕਰਤਾ ਵਡ ਵਡਿਆਈਆ। ਮਾਟੀ ਗਗਰੀਆ ਕਰ ਪਿਆਰਾ, ਚਿੰਤਾ ਸਗਲੀ ਮੇਟ ਮਿਟਾਈਆ। ਵਸਤੂ ਰਖ ਕੇ ਇਕੋ ਥਾਰਾ, ਥਿਰ ਘਰ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਮਟਕੀ ਕਹੇ ਮੈਂ ਵੇਖਣੀ ਕਾਇਆ ਗੁਰਮੁਖ ਗੁਰਸਿਖ, ਜਿਨ੍ਹਾਂ ਮਿਲੇ ਮਾਣ ਵਡਿਆਈਆ। ਗੁਰ ਸ਼ਬਦੀ ਹੋ ਕੇ ਪਾਵੇ ਭਿਖ, ਗੋਬਿੰਦ ਬੇਪਰਵਾਹੀਆ। ਲਹਿਣਾ ਦੇਣਾ ਕਰਮਾਂ ਲਈਏ ਨਜਿਠ, ਵਰਨਾਂ ਬਰਨਾਂ ਡੇਰਾ ਢਾਹੀਆ। ਲੇਖਾ ਜਾਣਨਹਾਰਾ ਨਿਤ ਨਵਿਤ, ਹਿਤ ਕਰੇ ਸਚ ਗੁਸਾਈਂਆ। ਠਾਕਰ ਹੋ ਕੇ ਵਸੇ ਚਿਤ, ਮਨ ਠਗੌਰੀ ਦਏ ਗਵਾਈਆ। ਮੇਲਾ ਮਿਲਾ ਕੇ ਸਾਚੇ ਪਿਤ, ਪਤਿਪਰਮੇਸ਼ਵਰ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਖੇਲ ਸਬਾਈਆ। ਸਖ਼ੀ ਕਹੇ ਮੇਰਾ ਛੁਟਿਆ ਝਗੜਾ, ਲੇਖਾ ਦਿਤਾ ਮੁਕਾਈਆ। ਮੈਂ ਲਹਿਣਾ ਵੇਖਿਆ ਅਗਲਾ, ਗੁਰ ਸਤਿਗੁਰ ਦਏ ਜਣਾਈਆ। ਮੇਰਾ ਮਨ
ਹੋ ਗਿਆ ਪਗ਼ਲਾ, ਜੋ ਕੂਕ ਕੇ ਕਿਹਾ ਸੁਣਾਈਆ। ਮੈਂ ਲੇਖਾ ਛਡ ਕੇ ਸਗਲਾ, ਚਿੰਤਾ ਦਿਤੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਇਕ ਵਖਾਈਆ। ਸਖ਼ੀ ਕਿਹਾ ਜੇ ਤੇਰਾ ਤੀਰ ਨਿਸ਼ਾਨਾ ਚੰਗਾ, ਖ਼ੁਸ਼ੀਆਂ ਨਾਲ ਲਗਾਈਆ। ਇਹ ਕਿਹੜਾ ਸੀ ਜਲ ਗੰਗਾ, ਜੋ ਰੁੜ੍ਹ ਕੇ ਧਾਰ ਵਹਾਈਆ। ਤੂੰ ਲਾਡਲਾ ਗੁਜਰੀ ਚੰਦਾ, ਤੇਰਾ ਮਸਤਕ ਚੰਦ ਨੂਰ ਰੁਸ਼ਨਾਈਆ। ਬਾਹਰੋਂ ਬੰਦਿਆਂ ਵਰਗਾ ਬੰਦਾ, ਅੰਦਰੋਂ ਨੂਰ ਨੂਰ ਨਜ਼ਰੀ ਆਈਆ। ਗੋਬਿੰਦ ਕਿਹਾ ਇਹ ਮੇਰਾ ਖੇਲ ਬਹੁਰੰਗਾ, ਸਮਝ ਕਿਸੇ ਨਾ ਆਈਆ। ਕਲਜੁਗ ਅੰਤ ਨਿਰਗੁਣ ਧਾਰ ਹੋ ਬਖ਼ਸ਼ੰਦਾ, ਬਖ਼ਸ਼ਿਸ਼ ਦਿਆਂ ਕਮਾਈਆ। ਮੰਜ਼ਲ ਚਾੜ੍ਹ ਕੇ ਡੰਡਾ, ਡੰਡੌਤ ਇਕੋ ਦਿਆਂ ਸਮਝਾਈਆ। ਜਗਤ ਨੇਤਰ ਰਹੇ ਨਾ ਅੰਧਾ, ਗਿਆਨ ਅੱਖ ਦਿਆਂ ਪਰਗਟਾਈਆ। ਤੇਰੀ ਤੰਦੀ ਦਾ ਇਹ ਬੋਲ ਕੇ ਕਹੇ ਸਰੰਗਾ, ਤੂੰਬੀ ਨਿੱਕੀ ਵਿਚੋਂ ਆਵਾਜ਼ ਅਲਾਈਆ । ਜਿਸ ਮਟਕੀ ਨੂੰ ਤੀਰ ਨਿਸ਼ਾਨਾ ਮਾਰ ਕੇ ਭੰਨਿਆ ਸੀ ਕੰਢਾ, ਫੋੜ ਕੇ ਦਿਤਾ ਵਖਾਈਆ। ਓਸੇ ਸਖ਼ੀ ਦਾ ਅੱਜ ਗ੍ਰਹਿ ਲੱਗਾ ਚੰਗਾ, ਜਿਸ ਘਰ ਬੈਠਾ ਡੇਰਾ ਲਾਈਆ। ਨਾਲੇ ਮਾਤਾ ਗੁਜਰੀ ਦਾ ਸੰਗਾ, ਸੋਹਣੀ ਬਣਤ ਬਣਾਈਆ । ਨਾਲੇ ਅੰਮ੍ਰਿਤ ਜਲ ਤਰੰਗਾ, ਜੋ ਨਿਝਰ ਰਿਹਾ ਬਰਸਾਈਆ। ਨਾਲੇ ਸ਼ਬਦੀ ਤੀਰ ਕਮੰਦਾ, ਚਿੱਲਾ ਆਪਣਾ ਨਾਲ ਲਿਆਈਆ। ਨਾਲੇ ਬਾਹਰੋਂ ਬੰਦਿਆਂ ਵਰਗਾ ਬੰਦਾ, ਅੰਦਰ ਬੈਠਾ ਬੇਪਰਵਾਹੀਆ। ਗੋਬਿੰਦ ਲੇਖਾ ਚੁਕਾਏ ਓਸ ਸਖ਼ੀ ਜਿਸ ਦਾ ਲਹਿਣਾ ਦੇਂਦਾ, ਦੇਵਣਹਾਰ ਦਇਆ ਕਮਾਈਆ। ਓਸੇ ਦੇ ਘਰ ਮੰਦਰ ਹਰਿਸੰਗਤ ਸੰਗ ਬਹੰਦਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਚਰਨ ਓਹੋ ਰੂਪ ਵਟਾਈਆ।
ਭਗਤਾਂ ਅੰਦਰ ਸੋਹਣੀ ਜਗਹ, ਅਸਥਾਨ ਭੂਮਕਾ ਹਰਿ ਜੂ ਲਿਆ ਬਣਾਈਆ। ਜੋ ਟਿਕਾਇਆ ਉਪਰ ਸ਼ਾਹ ਰਗਾ, ਨੌ ਦਵਾਰੇ ਥੱਲੇ ਬੰਦ ਕਰਾਈਆ। ਜਿਥੇ ਅੰਮ੍ਰਿਤ ਰਸ ਦਾ ਮਜ਼ਾ, ਰਸਨਾ ਸੁਆਦ ਨਾ ਕੋਇ ਵਡਿਆਈਆ । ਸ਼ਬਦ ਨਾਦ ਇਕੋ ਵੱਜਾ, ਰਾਗਾਂ ਦੀ ਲੋੜ ਰਹੇ ਨਾ ਰਾਈਆ। ਦੀਪਕ ਜੋਤੀ ਸਾਚਾ ਜਗਾ, ਨੂਰੋ ਨੂਰ ਨੂਰ ਰੁਸ਼ਨਾਈਆ। ਬਜਰ ਕਪਾਟੀ ਭਾਂਡਾ ਭੱਜਾ, ਪਰਦਾ ਉਹਲਾ ਦਏ ਉਠਾਈਆ। ਆਤਮ ਸੇਜਾ ਸੋਹਣਾ ਡੱਠਾ ਮੰਜਾ, ਪਾਵਾ ਚੂਲ ਨਜ਼ਰ ਕੋਇ ਨਾ ਪਾਈਆ। ਓਸ ਦਵਾਰੇ ਆਵੇ ਭੱਜਾ, ਗੋਬਿੰਦ ਦਾਤਾ ਬੇਪਰਵਾਹੀਆ। ਨਾ ਵੇਖੇ ਪਿਛਾ ਅੱਗਾ, ਸਚ ਦਵਾਰੇ ਬੈਠਾ ਡੇਰਾ ਲਾਈਆ। ਇਸ ਨਾਲੋਂ ਹੋਰ ਥਾਂ ਨਹੀਂ ਕੋਈ ਚੰਗਾ, ਇੱਟਾਂ ਪੱਥਰਾਂ ਗਾਰਿਆਂ ਵਾਲਾ ਮੰਦਰ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਭਗਤਾਂ ਵਿਚ ਸਮਾਈਆ। ਔਣ ਵਾਲਾ ਸੁਣੋ ਅਸਥਾਨ, ਦੁਆਬੇ ਵਾਲਿਆਂ ਦਿਆਂ ਜਣਾਈਆ। ਜਿਥੇ ਸਤਿ ਧਰਮ ਦਾ ਝੁਲਦਾ ਇਕ ਨਿਸ਼ਾਨ, ਬੈਠਾ ਬੇਪਰਵਾਹੀਆ। ਜਿਥੇ ਝੁਕਦੇ ਜ਼ਿਮੀਂ ਅਸਮਾਨ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਜਿਥੇ ਨਾ ਕੋਈ ਪੜ੍ਹਦਾ ਸ਼ਾਸਤਰ ਸਿਮਰਤ ਵੇਦ ਪੁਰਾਨ, ਖਾਣੀ ਬਾਣੀ ਰਸਨਾ ਜਿਹਵਾ ਬੱਤੀ ਦੰਦ ਢੋਲਾ ਕੋਇ ਨਾ ਗਾਈਆ। ਜਿਥੇ ਦੀਵਾ ਬਾਤੀ ਜਗੇ ਇਕ ਮਹਾਨ, ਕਮਲਾਪਾਤੀ ਡਗਮਗਾਈਆ। ਲੇਖਾ ਮੁਕ ਜਾਏ ਦੋ ਜਹਾਨ, ਭੇਵ ਅਭੇਦਾ ਦਏ ਜਣਾਈਆ। ਤੁਹਾਡੇ ਓਸ ਦਵਾਰੇ ਵਸੇ ਆਪ ਮਿਹਰਵਾਨ, ਮਹਿਬੂਬ ਹੋ ਕੇ ਫੇਰਾ ਪਾਈਆ। ਸਾਢੇ ਤਿੰਨ ਹੱਥ ਸੁਹਾ ਕੇ ਸੋਹਣਾ ਮਕਾਨ, ਗ੍ਰਹਿ ਮੌਕਾ ਦਏ ਵਖਾਈਆ।
ਰਾਤੀ ਸੁਤਿਆਂ ਦਿਨੇ ਜਾਗਦਿਆਂ ਮਿਲੇ ਆਣ, ਔਂਦਿਆਂ ਜਾਂਦਿਆਂ ਡੇਰ ਕੋਇ ਨਾ ਲਾਈਆ। ਜਿਥੇ ਚਾਹੋ ਓਥੇ ਸੱਦੋ ਓਥੇ ਵਡਿਆਈ ਦੇਵੇ ਆਣ, ਗੁਰਮੁਖ ਸਾਰੇ ਇਕੋ ਜਿਹੇ ਨਜ਼ਰੀ ਆਈਆ। ਜਗਤ ਬਿਵਹਾਰ ਤੁਹਾਡੇ ਹੱਥ ਵਿਧਾਨ, ਮਸ਼ਵਰਾ ਕਰ ਕੇ ਲੈਣਾ ਬਣਾਈਆ। ਫੱਫਾ ਕਹੇ ਫੁਰਨਾ ਮਿਟ ਜਾਏ ਕੂੜੀ ਕਿਰਿਆ ਮਹਾਨ, ਬੇਈਮਾਨ ਰਹਿਣ ਕੋਇ ਨਾ ਪਾਈਆ। ਗੱਗਾ ਕਹੇ ਗੋਬਿੰਦ ਦਾ ਦਾਨ, ਜੋ ਗਹਿਰ ਗੰਭੀਰ ਝੋਲੀ ਪਾਈਆ। ਸਚ ਜਾਣੋ ਜਨ ਭਗਤਾਂ ਦੇ ਅੰਦਰ ਸਦਾ ਬਣਿਆ ਰਹੇ ਅਸਥਾਨ, ਦੂਜਾ ਦਰ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਵੇਖੇ ਚਾਈਂ ਚਾਈਂਆ। ਜਨ ਭਗਤੋ ਜੇ ਆਪਣੇ ਘਰ ਸੱਦਣਾ, ਆਵਾਜ਼ ਸ਼ਬਦੀ ਇਕ ਲਗਾਈਆ। ਵੇਖਿਓ ਕਦੀ ਨਾ ਬਣਨਾ ਆਅਲਾ ਅਦਨਾ, ਪ੍ਰਭ ਦੇ ਘਰ ਇਕੋ ਰੂਪ ਵਟਾਈਆ। ਸਚ ਪ੍ਰੇਮ ਅੰਦਰ ਰਹਿਣਾ ਮਗਨਾ, ਦੂਈ ਦਵੈਤ ਬਾਹਰ ਕਢਾਈਆ। ਨਾਮ ਪਿਆਲਾ ਪੀਣਾ ਮਧਨਾ, ਸਚ ਖ਼ੁਮਾਰੀ ਦਏ ਚੜ੍ਹਾਈਆ। ਜਗਤ ਦਵਾਰਿਉਂ ਅਗੇ ਲੰਘਣਾ, ਧੁਰ ਦਾ ਪੰਧ ਮੁਕਾਈਆ। ਪੁਰਖ ਅਕਾਲ ਇਕੋ ਕਰਨੀ ਬੰਦਨਾ, ਦੂਜੇ ਸੀਸ ਨਾ ਕੋਇ ਨਿਵਾਈਆ। ਜਿਸ ਦੇ ਕੋਲੋਂ ਸਭ ਨੇ ਮੰਗਣਾ, ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਬੈਠੇ ਝੋਲੀਆਂ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਲਾਵੇ ਅੰਗਣਾ, ਅੰਗੀਕਾਰ ਆਪ ਹੋ ਜਾਈਆ।