੧੮ ਫੱਗਣ ੨੦੨੧ ਬਿਕ੍ਰਮੀ ਸੇਵਾ ਸਿੰਘ ਦੇ ਘਰ ਗੁੜਗਾਉਂ
ਪਵਣ ਕਹੇ ਮੇਰੀ ਬਦਲੀ ਹਵਾ, ਆਪਣੀ ਸੇਵ ਕਮਾਈਆ। ਸਚ ਸਿਫ਼ਤ ਮੈਂ ਕਿਹੜੀ ਕਹਵਾਂ, ਕਹਿ ਕਹਿ ਸ਼ੁਕਰ ਮਨਾਈਆ। ਸਚ ਦਵਾਰ ਕਵਣ ਧਾਮ ਬਹਵਾਂ, ਮਿਲੇ ਮਾਣ ਵਡਿਆਈਆ। ਕਿਸ ਸਾਹਿਬ ਦੇ ਚਰਨੀ ਢਹਵਾਂ, ਨਿਉਂ ਨਿਉਂ ਲਾਗਾਂ ਪਾਈਆ। ਕਿਸ ਦੇ ਪ੍ਰੇਮ ਪਿਆਰ ਅੰਦਰ ਮਰਾਂ, ਮਰ ਜੀਵਤ ਰੂਪ ਵਟਾਈਆ। ਕਿਸ ਦਵਾਰੇ ਸੇਵ ਕਰਾਂ, ਚਾਕਰ ਨਜ਼ਰੀ ਆਈਆ। ਪੁਰਖ ਅਕਾਲ ਕਿਹਾ ਹੁਣ ਵੇਖੋ ਖੇਲ ਨਵਾਂ, ਨਰ ਨਿਰੰਕਾਰਾ ਰਿਹਾ ਜਣਾਈਆ। ਜਿਸ ਦਾ ਸਤਿ ਸਤਿਵਾਦੀ ਸੰਮਤ ਹੋਣਾ ਰਵਾਂ, ਰਹਿਮਾਨ ਇਕੋ ਇਕ ਅਖਵਾਈਆ। ਸਚ ਸੰਦੇਸ਼ਾ ਤੈਨੂੰ ਦਵਾਂ, ਦੋ ਜਹਾਨਾਂ ਦੇ ਸੁਣਾਈਆ। ਸਚ ਸਿੰਘਾਸਣ ਸਤਿ ਪੁਰਖ ਹੋ ਕੇ ਬਹਵਾਂ, ਬਹਾਦਰ ਸੂਰਬੀਰ ਵਡਿਆਈਆ। ਪਿਛਲਾ ਲੇਖ ਸਭ
ਤੋਂ ਲਵਾਂ, ਬਚਿਆ ਕੋਇ ਰਹਿਣ ਨਾ ਪਾਈਆ। ਚਰਨੀ ਝੁਕ ਕੇ ਕਿਹਾ ਤੂੰ ਆਦਮ ਪਰਮਾਤਮ ਮੈਂ ਤੇਰੀ ਹਵਾ, ਵਬਾ ਜਗ ਵੇਖ ਵਖਾਈਆ। ਤੇਰਾ ਮਾਲਕ ਵੇਖਿਆ ਕਵਾ, ਕਊਆ ਰੂਪ ਵਟਾਈਆ। ਪ੍ਰਭ ਅੰਤ ਅਖ਼ੀਰੀ ਤੇਰੇ ਦਰ ਤੇ ਰੋਵਾਂ, ਪੱਲੂ ਇਕੋ ਪਾਈਆ। ਦੁਰਮਤ ਮੈਲ ਕਿਵੇਂ ਧੋਵਾਂ, ਮੈਨੂੰ ਦੇ ਸਮਝਾਈਆ। ਸਾਚੀ ਨੀਂਦ ਕਿਸ ਬਿਧ ਸੋਵਾਂ, ਸੁਖ ਆਸਣ ਸੋਭਾ ਪਾਈਆ। ਤੇਰੇ ਬਾਦ ਜਾਣੇ ਨਾ ਕੋਆ, ਪੜਦਾ ਸਕੇ ਨਾ ਕੋਇ ਉਠਾਈਆ । ਮੈਂ ਵੇਖਿਆ ਫਿਰ ਕੇ ਪੁਰੀਆਂ ਲੋਆਂ, ਬ੍ਰਹਿਮੰਡਾਂ ਖੰਡਾਂ ਫੇਰਾ ਪਾਈਆ। ਸਾਚੇ ਭਗਤਾਂ ਅੰਮ੍ਰਿਤ ਰਸ ਕਿਸੇ ਨਾ ਚੋਆ, ਪ੍ਰੇਮ ਪ੍ਰੀਤੀ ਨਾ ਕੋਇ ਰਖਾਈਆ। ਭਾਉ ਦੁਤੀਆ ਵੇਖਿਆ ਦੋਆ, ਮਨ ਮਤਿ ਕੁਤੀਆ ਹੋਈ ਹਲਕਾਈਆ। ਬਿਨ ਤੇਰੇ ਮਿਲੇ ਨਾ ਕਿਸੇ ਸਾਚਾ ਢੋਆ, ਸਿਰ ਹੱਥ ਨਾ ਕੋਇ ਟਿਕਾਈਆ । ਕੂੜੀ ਕਿਰਿਆ ਸਭ ਦੇ ਨਾਲ ਕਰਦੀ ਧਰੋਆ, ਧਰੂ ਪ੍ਰਹਿਲਾਦ ਵੇਖ ਕੇ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਏ ਵਡਿਆਈਆ। ਪ੍ਰਭੂ ਤੇਰੇ ਸੰਮਤ ਦਾ ਸੁਹੰਜਣਾ ਹੋਵੇ ਸਮਾਂ, ਸਾਹਿਬ ਮੈਂ ਵੇਖਾਂ ਚਾਈਂ ਚਾਈਂਆ। ਮੈਂ ਕੁਲ ਆਦਮ ਦੀ ਬਣੀ ਰਹੀ ਅੰਮਾ, ਅੰਮੜੀ ਬਣ ਕੇ ਖ਼ੁਸ਼ੀ ਮਨਾਈਆ। ਸਦੀ ਚੌਧਵੀਂ ਮੈਨੂੰ ਹੋਇਆ ਗ਼ਮਾ, ਚਿੰਤਾ ਰਹੀ ਸਤਾਈਆ। ਤੇਰੀ ਮਖ਼ਲੂਕ ਨੂੰ ਕੂੜਾ ਹੋਇਆ ਤਮਅ, ਤੇਰੀ ਤਾਬੇਦਾਰੀ ਨਾ ਕੋਇ ਕਮਾਈਆ। ਮੈਂ ਵੇਖਾਂ ਬਿਨ ਤੇਰੇ ਭਗਤਾਂ ਜਗਤ ਮੋਇਆ, ਮੁਸ਼ਕਲ ਹਲ ਨਾ ਕੋਇ ਕਰਾਈਆ। ਕੂੜੀ ਨੀਂਦ ਨਾ ਉਠਿਆ ਸੋਇਆ, ਅੱਖ ਬੇਦਾਰ ਨਾ ਕੋਇ ਕਰਾਈਆ। ਆਪਣਾ ਆਪ ਮਾਨਸ ਖੋਹਿਆ, ਮਨਮੁਖਤਾ ਭੱਜੀ ਵਾਹੋ ਦਾਹੀਆ। ਕਿਉਂ ਆਪਣਾ ਆਪ ਲਕੋਇਆ, ਪੜਦਾ ਓਹਲਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਹਵਾ ਕਹੇ ਮੈਨੂੰ ਤੇਰੀ ਕ਼ਸਮ, ਕ਼ਿਸਮਤ ਸਭ ਦੀ ਦੇ ਬਦਲਾਈਆ। ਜਿਸ ਕੂੜੇ ਭਾਂਡੇ ਵੇਖੇ ਜਿਸਮ, ਸਾਚੀ ਵਸਤੂ ਦੇ ਟਿਕਾਈਆ। ਸ੍ਰਿਸ਼ਟ ਸਬਾਈ ਤੇਰਾ ਇਕੋ ਇਸਮ, ਆਅਲਾ ਆਜ਼ਮ ਤੂੰ ਹੀ ਨਜ਼ਰੀ ਆਈਆ। ਦੂਜੀ ਰਹੇ ਨਾ ਕੋਈ ਕ਼ਿਸਮ, ਆਤਮ ਪਰਮਾਤਮ ਜੋੜ ਜੁੜਾਈਆ। ਤੇਰੇ ਬਰਦੇ ਬ੍ਰਹਮਾ ਸ਼ਿਵ ਵਿਸ਼ਨ, ਸੋਹਣੀ ਸਾਚੀ ਸੇਵ ਕਮਾਈਆ। ਮੈਂ ਮਿੰਨਤਾ ਕਢਦੇ ਵੇਖੇ ਰਾਮ ਕ੍ਰਿਸ਼ਨ, ਨਿਉਂ ਨਿਉਂ ਸੀਸ ਨਿਵਾਈਆ। ਈਸਾ ਮੂਸਾ ਮੁਹੰਮਦ ਸਜਦੇ ਵਿਚ ਝੁਕਦੇ ਮੈਨੂੰ ਦਿਸਣ, ਧੂੜੀ ਖ਼ਾਕ ਰਮਾਈਆ। ਗੁਰ ਅਵਤਾਰ ਤੇਰੇ ਹੱਟ ਤੇ ਵਿਕਣ, ਕ਼ੀਮਤ ਮੁਲ ਨਾ ਕੋਇ ਚੁਕਾਈਆ। ਪ੍ਰਭੂ ਮੈਂ ਇਸ ਦਰ ਤੇ ਆਈ ਪੁੱਛਣ, ਸਚ ਮੈਨੂੰ ਦੇ ਸਮਝਾਈਆ। ਕਿਸ ਬਿਧ ਸ਼ੇਰ ਹੋ ਕੇ ਆਇਉਂ ਬੁੱਕਣ, ਆਪਣੀ ਭਬਕ ਲਗਾਈਆ । ਤੇਰਾ ਤਨ ਵਜੂਦ ਨਾ ਕੋਈ ਜਿਸਮ, ਜਲਵਾ ਨੂਰ ਇਕ ਰੁਸ਼ਨਾਈਆ। ਮੈਂ ਇਹੋ ਆਖਾਂ ਤੂੰ ਮਾਲਕ ਖ਼ਾਲਕ ਬਣ ਜਾ ਸਾਰਿਆਂ ਦਾ ਇਕੋ ਖ਼ਸਮ, ਵਸਲ ਸਾਚਾ ਦੇ ਕਰਾਈਆ। ਮੈਨੂੰ ਤੇਰੀ ਸੁਗੰਦ ਤੇ ਤੇਰੀ ਕ਼ਸਮ, ਹੁਣ ਕਿਸੇ ਕ਼ਾਸਿਦ ਦੇ ਹੱਥ ਫਰਿਸ਼ਤਿਆਂ ਵਾਲੀ ਕਾਰ ਸ਼ਬਦਾਂ ਵਾਲੀ ਧਾਰ ਦੂਸਰ ਹੱਥ ਨਾ ਕਿਸੇ ਫੜਾਈਆ। ਹਵਾ ਕਹੇ ਐ ਮੇਰੇ ਅੱਬਾ, ਅਵਲ ਤੂੰ ਹੀ ਨਜ਼ਰੀ ਆਈਆ। ਆਦਮ ਕਹੇ ਐ ਮੇਰੇ ਬੱਬਾ, ਬੇਪਰਵਾਹ ਤੇਰੀ ਸਰਨਾਈਆ। ਪਤਾ ਨਹੀਂ ਤੂੰ ਸਾਨੂੰ ਕਿਥੋਂ ਲੱਭਾ, ਕਿਸ ਬਿਧ ਲਿਆ ਪਰਗਟਾਈਆ। ਪੁਰਖ ਅਕਾਲ ਕਿਹਾ ਮੇਰਾ ਚਰਨ ਵੇਖੋ ਖੱਬਾ, ਜਿਸ ਦੀ ਧੂੜੀ ਥੱਲੇ ਤੁਹਾਨੂੰ ਰਖਿਆ ਦਬਾਈਆ। ਸੱਜੇ ਚਰਨ ਹੇਠਾਂ ਸੋਹਣਾ ਜਿਹਾ ਡੱਬਾ, ਜਿਸ ਵਿਚ ਗੁਰ ਅਵਤਾਰ ਪੀਰ ਪੈਗ਼ੰਬਰ ਲੱਖ ਚੁਰਾਸੀ ਜੀਵ ਜੰਤ ਜੁਗ ਚੌਕੜੀ ਸਾਂਭ ਕੇ ਲਈ ਟਿਕਾਈਆ। ਜਿਹੜਾ ਇਹਨਾਂ ਵਿਚੋਂ ਮੈਨੂੰ ਲਗੇ ਅੱਛਾ,
ਵਾਰੋ ਵਾਰੀ ਲੋਕਮਾਤ ਘਲਾਈਆ। ਹਵਾ ਕਿਹਾ ਕੀ ਇਹ ਬਚਨ ਸਚਾ, ਮੈਨੂੰ ਦੇ ਸਮਝਾਈਆ । ਪੁਰਖ ਅਕਾਲ ਕਿਹਾ ਜੇ ਸਚ ਪੁੱਛੇ ਤੇ ਮੇਰਾ ਗੋਬਿੰਦ ਸ਼ਬਦੀ ਬੱਚਾ, ਜਿਸ ਦਾ ਬਚਪਨ ਆਪਣੇ ਨਾਲ ਮਿਲਾਈਆ । ਜਿਸ ਦੀ ਮੈਂ ਆਪੇ ਮਾਤ ਨਾਰ ਜੱਚਾ, ਗੋਦੀ ਸਦਾ ਉਠਾਈਆ। ਜਿਹੜੀ ਮੇਰੀ ਧਾਰ ਵਿਚੋਂ ਪਰਗਟੀ ਉਹ ਪੁਤ ਨਾ ਹੋਵੇ ਕੱਚਾ, ਕਾਚੀ ਗਗਰੀਆ ਭੰਨ ਨਾ ਕੋਇ ਵਖਾਈਆ। ਜਿਸ ਦਾ ਕਿਸੇ ਨੂੰ ਲੱਗਾ ਨਹੀਂ ਪਤਾ, ਬੇਅੰਤ ਬੇਅੰਤ ਕਹਿ ਕੇ ਸਾਰੇ ਗਏ ਗਾਈਆ। ਉਹ ਖੇਲ ਕਰੇ ਸਮਰਥਾ, ਸ਼ਹਿਨਸ਼ਾਹ ਪਾਤਸ਼ਾਹ ਵਡੀ ਵਡਿਆਈਆ। ਇਹ ਖੇਲ ਵਖਾਵਾਂ ਤੈਨੂੰ ਆਪਣੀਆਂ ਅੱਖਾਂ, ਨੇਤਰ ਆਪਣਾ ਨਾਲ ਮਿਲਾਈਆ। ਕੂੜੀ ਕਿਰਿਆ ਸ਼ਬਦ ਡੰਡੇ ਨਾਲ ਹੱਕਾਂ, ਭਜਾਵਾਂ ਵਾਹੋ ਦਾਹੀਆ। ਜੂਠਿਆਂ ਝੂਠਿਆਂ ਮੂੰਹ ਦੇ ਭਾਰ ਸੁੱਟਾਂ, ਸਟ ਸ਼ਬਦੀ ਇਕ ਟਿਕਾਈਆ। ਅਗੇ ਲੋੜ ਰਹਿਣ ਨਹੀਂ ਦੇਣੀ ਮੰਦਰ ਮਸਜਿਦ ਸ਼ਿਵਦਵਾਲੇ ਮਠ ਜਿਨ੍ਹਾਂ ਨੂੰ ਲੱਗੀਆਂ ਇੱਟਾਂ, ਕਾਇਆ ਬੰਕ ਭਗਤਾਂ ਦੇਣਾ ਸਮਝਾਈਆ। ਤੈਨੂੰ ਨਹੀਂ ਪਤਾ ਕਿਸ ਬਿਧ ਸੰਮਤ ਵੀਹ ਸੌ ਇੱਕੀ ਅਖ਼ੀਰੀ ਗੁਰਮੁਖਾਂ ਹੱਥ ਫੜਾਈਆਂ ਜਟਾਂ, ਸਚਖੰਡ ਦਵਾਰ ਦਿਤੀ ਵਡਿਆਈਆ । ਹਵਾ ਕਹੇ ਠੀਕ ਓਸ ਦਿਨ ਮੈਨੂੰ ਤਿੰਨ ਆਈਆ ਸੀ ਛਿੱਕਾਂ, ਇਕ ਤੇਰੀ ਇਕ ਮੇਰੀ ਇਕ ਜਿਸ ਸ੍ਰਿਸ਼ਟੀ ਕਰਨੀ ਢੇਰੀ, ਖ਼ਾਕੀ ਖ਼ਾਕ ਸਭ ਦੀ ਨਜ਼ਰੀ ਆਈਆ। ਮੈਨੂੰ ਅੰਦਰੋਂ ਆਵਾਜ਼ ਆਈ ਮੈਂ ਦੁਹੱਥੜਾ ਲਾ ਕੇ ਪਿੱਟਾਂ, ਹਾਏ ਹਾਏ ਕਰ ਸੁਣਾਈਆ। ਜਾਂ ਵੇਖਿਆ ਕੂੜ ਕੁੜਿਆਰ ਹੱਡੀਆਂ ਬਾਲਣ ਪਿੰਜਰ ਵੱਡਾ ਨਿੱਕਾ, ਨੇਤਰ ਨੈਣਾਂ ਨਜ਼ਰੀ ਆਈਆ। ਓਸਦਾ ਲੇਖਾ ਮੈਂ ਕੀ ਲਿਖਾਂ, ਦੱਸਣ ਵਾਲੀ ਸਿਫ਼ਤ ਸਕਿਆ ਨਾ ਕੋਇ ਸਮਝਾਈਆ। ਪ੍ਰਭੂ ਤੇਰੀ ਆਵਾਜ਼ ਆਈ ਉਠ ਕਮਲੀਏ ਵੇਖ ਮੇਰਿਆਂ ਸਿੱਖਾਂ, ਜਿਨ੍ਹਾਂ ਭਗਤਾਂ ਦਿਤੀ ਮਾਣ ਵਡਿਆਈਆ। ਜਿਹੜਾ ਮੁਨਾਰਾ ਲੋਕਮਾਤ ਵਿਚ ਰਹਿੰਦਿਆਂ ਕਿਸੇ ਨਹੀਂ ਡਿੱਠਾ, ਸੋ ਉਨ੍ਹਾਂ ਦਿਆਂ ਵਖਾਈਆ । ਹਵਾ ਕਿਹਾ ਕੀ ਸਾਡਾ ਵੀ ਕੋਈ ਹਿੱਸਾ, ਪ੍ਰਭੂ ਲੇਖਾ ਦੇ ਜਣਾਈਆ। ਸ੍ਰੀ ਭਗਵਾਨ ਕਿਹਾ ਛਡ ਪਿਛਲਾ ਕ਼ਿੱਸਾ, ਮੈਂ ਅਗਲੀ ਕਹਾਣੀ ਦਿਤੀ ਬਦਲਾਈਆ। ਪੁਰਖ ਅਕਾਲ ਹੋ ਕੇ ਪਿਤਾ, ਬੱਚਿਆਂ ਆਪਣੀ ਗੋਦ ਉਠਾਈਆ। ਇਹੋ ਜਿਹਾ ਉਹ ਖੇਲ ਜੋ ਤੂੰ ਡਿੱਠਾ, ਅਨਡਿਠ ਆਪਣਾ ਪੜਦਾ ਦਿਤਾ ਖੁਲ੍ਹਾਈਆ। ਜੋ ਜਲ ਸਚ ਦਵਾਰੇ ਆ ਕੇ ਟਿਕਾ, ਭਗਤਾਂ ਚਰਨਾਂ ਦੀ ਧੂੜ ਨੂੰ ਚੁੰਮ ਕੇ ਪਿਛੇ ਭੱਜਾ ਵਾਹੋ ਦਾਹੀਆ। ਇਹ ਸੋਹਣਾ ਨਿਕਲਣ ਵਾਲਾ ਸਿੱਟਾ, ਸਿਖ਼ਰ ਚੋਟੀ ਚੜ੍ਹ ਕੇ ਦਏ ਵਖਾਈਆ। ਮਾਣ ਦਵਾ ਕੇ ਵੱਡਾ ਨਿੱਕਾ, ਵਡਿਉਂ ਨਿੱਕੇ ਨਿਕਿਉਂ ਵੱਡੇ ਆਪਣੇ ਘਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਹਵਾ ਕਹੇ ਮੇਰਾ ਉਡ ਗਿਆ ਹਵਾਸ, ਧੀਰਜ ਰਹੀ ਨਾ ਰਾਈਆ। ਮੈਂ ਕਹਿੰਦੀ ਰਹੀ ਸਭ ਕੁਛ ਮੇਰੇ ਪਾਸ, ਮੇਰੇ ਹੱਥ ਵਡਿਆਈਆ। ਲੱਖ ਚੁਰਾਸੀ ਮੇਰੀ ਦਾਸ, ਸੇਵਕ ਰੂਪ ਵਟਾਈਆ। ਇਹ ਵੇਖੋ ਅਚਾਨਕ ਕੀ ਖੇਲ ਰਚ ਦਿਤਾ ਪੁਰਖ ਅਬਿਨਾਸ਼, ਆਪਣਾ ਹੁਕਮ ਵਰਤਾਈਆ। ਜੋਤੀ ਦਾ ਜਲਵਾ ਜੋਤ ਕਰੇ ਪਰਕਾਸ਼, ਭਗਤਨ ਮੀਤਾ ਭਗਤਾਂ ਹੋਇਆ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਮੁਕਾਈਆ। ਹਵਾ ਕਹੇ ਐ ਮੇਰੇ ਬਾਪ, ਬਾਬਲ ਦੇ ਜਣਾਈਆ। ਕੀ ਸਚ ਤੂੰ ਪੈਗ਼ੰਬਰਾਂ ਗੁਰੂਆਂ ਦਾ ਪੂਰਾ ਕਰਨ ਆਇਆ ਭਵਿਖਤ ਵਾਕ, ਸਭ ਦਾ ਵਾਕਫ਼ ਹੋ ਕੇ ਫੇਰਾ ਪਾਈਆ। ਮੈਂ ਤੇ ਤਿੰਨ ਸੌ ਸੱਤਰ ਦਿਨ ਪਹਿਲੋਂ ਕਹਿੰਦੀ ਸੀ ਅੱਲਾ ਰਾਣੀ ਨੂੰ ਤੂੰ ਦੇ ਦੇ ਤਲਾਕ, ਆਪਣਾ ਪੱਲੂ ਲੈ ਛੁਡਾਈਆ। ਓਸ ਕਿਹਾ ਉਹ ਵੇਲਾ ਜੁੜਨਾ
ਨਾਲ ਇਤਫ਼ਾਕ, ਪਰਵਰਦਿਗਾਰ ਇਤਫ਼ਾਕੀਆ ਖੇਲ ਖਿਲਾਈਆ । ਚੌਦਾਂ ਸਦੀਆਂ ਹੋ ਗਈਆਂ ਮੈਂ ਹੱਥ ਵਿਚ ਫੜ ਕੇ ਬੈਠੀ ਇਕ ਗਲਾਸ, ਤੀਹ ਤੋਲੇ ਵਜ਼ਨ ਜਿਸ ਵਿਚ ਟਿਕਾਈਆ। ਜਿਸ ਵੇਲੇ ਸਾਂਝੇ ਯਾਰ ਆਪਣੇ ਚਰਨਾਂ ਦਾ ਦਿਤਾ ਆਬੇਹਯਾਤ, ਨਾ ਮੇਰੀ ਜ਼ਿੰਦਗੀ ਰਹੇ ਨਾ ਵਫ਼ਾਤ, ਨਾ ਫ਼ਾਤਿਆ ਕੋਇ ਪੜ੍ਹਾਈਆ। ਓਸ ਦੀ ਰਮਜ਼ ਨਾਲ ਰਮਜ਼ਾਨ ਮਹੀਨੇ ਮੇਰੀ ਪੂਰੀ ਹੋ ਜਾਏ ਖ਼ਾਹਿਸ਼, ਆਸਾ ਆਪਣੇ ਵਿਚ ਸਮਾਈਆ। ਜ਼ਿਮੀਂ ਅਸਮਾਨਾਂ ਚੌਦਾਂ ਤਬਕਾਂ ਅੰਦਰ ਮੈਂ ਕਰਦੀ ਰਹੀ ਤਲਾਸ਼, ਫਿਰਦੀ ਰਹੀ ਵਾਹੋ ਦਾਹੀਆ। ਬ੍ਰਹਿਮੰਡਾਂ ਖੰਡਾਂ ਅੰਦਰ ਕਰਦੀ ਆਈ ਨਾਚ, ਘੁੰਗਟ ਆਪਣੇ ਮੁਖ ਤੇ ਪਾਈਆ। ਸ੍ਰਿਸ਼ਟ ਸਬਾਈ ਦੇ ਵੇਖ ਕੇ ਆਈ ਸਮਾਜ, ਮੰਦਰ ਮਸਜਿਦ ਸ਼ਿਵਦਵਾਲੇ ਮਠ ਖੋਜ ਖੁਜਾਈਆ। ਮੇਰੀ ਕਿਤੋਂ ਨਾ ਪੂਰੀ ਹੋਈ ਆਸ, ਨਿਰਾਸੀ ਹੋ ਕੇ ਬੈਠੀ ਰਾਹ ਤਕਾਈਆ। ਇਕ ਅਗੰਮੀ ਆਵੇ ਆਵਾਜ਼, ਜੋ ਧੁਰ ਦਾ ਹਾਲ ਸੁਣਾਈਆ। ਉਠ ਵੇਖ ਪੁਰਖ ਅਬਿਨਾਸ਼, ਸ੍ਰੀ ਭਗਵਾਨ ਦਿਆਂ ਜਣਾਈਆ। ਜਿਸ ਨੇ ਕਲਜੁਗ ਕੂੜੀ ਕਿਰਿਆ ਖ਼ਤਮ ਕਰਨੀ ਬਦਮਾਸ਼, ਸਤਿ ਸਚ ਦਏ ਸਮਝਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਆਖ, ਆਖ਼ਰ ਫ਼ੈਸਲਾ ਹਕ ਸੁਣਾਈਆ । ਉਹ ਨੂਰ ਨੁਰਾਨਾ ਪਰਵਰਦਿਗਾਰ ਪਾਕ, ਮਿਹਰਵਾਨ ਬੇਪਰਵਾਹੀਆ। ਕਰੇ ਖੇਲ ਖੇਲ ਤਮਾਸ਼, ਅਚਰਜ ਰੂਪ ਰਿਹਾ ਵਟਾਈਆ। ਤੂੰ ਕਿਉਂ ਹੋਈ ਨਿਰਾਸ਼, ਤੈਨੂੰ ਦਿਆਂ ਸਮਝਾਈਆ। ਕਿਹੜਿਆਂ ਕਾਅਬਿਆਂ ਦੀ ਤੂੰ ਕਰਦੀ ਫਿਰੇਂ ਤਲਾਸ਼, ਇੱਟਾਂ ਪੱਥਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਓਸ ਕਿਹਾ ਕੀ ਓਸ ਦੀ ਪਹਿਚਾਨ, ਮੈਨੂੰ ਦੇ ਜਣਾਈਆ। ਬੁਢਾ ਬਾਲ ਕਿ ਨੌਜਵਾਨ, ਕਵਣ ਰੂਪ ਰਿਹਾ ਸਮਾਈਆ। ਓਸ ਕਿਹਾ ਨਹੀਂ ਉਹ ਭਗਤਾਂ ਦਾ ਭਗਵਾਨ, ਜਿਸ ਦਾ ਜਲਵਾ ਨੂਰ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਆਦਿ ਜੁਗਾਦੀ ਮਿਹਰਵਾਨ, ਸਦਾ ਸੁਹੇਲਾ ਦਇਆਵਾਨ, ਮਿਹਰ ਨਜ਼ਰ ਇਕ ਉਠਾਈਆ। ਕਿਸੇ ਹੱਥ ਨਾ ਆਵੇ ਜੰਗਲ ਜੂਹ ਉਜਾੜ ਪਹਾੜ ਬੀਆਬਾਨ, ਦੋ ਜਹਾਨ ਸੁੰਞ ਮਸਾਣ ਰਿਹਾ ਵਖਾਈਆ। ਉਹ ਵਸਿਆ ਸਾਢੇ ਤਿੰਨ ਹੱਥ ਇਕ ਮਕਾਨ, ਜਿਸ ਨੂੰ ਗੋਬਿੰਦ ਸੰਬਲ ਦੱਸ ਕੇ ਗਿਆ ਸ਼ਬਦੀ ਦੇ ਪਰਮਾਣ, ਦੂਸਰ ਧਿਆਨ ਨਾ ਕੋਇ ਲਗਾਈਆ। ਓਸ ਕਿਹਾ ਨੀ ਮੈਨੂੰ ਐਂ ਜਾਪਦਾ ਉਹ ਤੱਤਾਂ ਵਾਲਾ ਬਾਹਰੋਂ ਕੋਈ ਇਨਸਾਨ, ਖ਼ਾਕੀ ਤਨ ਰੂਪ ਵਟਾਈਆ। ਹਵਾ ਕਿਹਾ ਨਹੀਂ ਉਹ ਮਾਲਕ ਵਾਲੀ ਦੋ ਜਹਾਨ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਜਿਸ ਨੇ ਬ੍ਰਹਿਮੰਡਾਂ ਖੰਡਾਂ ਦਾ ਬਦਲ ਦੇਣਾ ਵਿਧਾਨ, ਸਿਧਾਂਤ ਆਪਣਾ ਦਏ ਸਮਝਾਈਆ। ਓਥੇ ਕੀ ਚਤੁਰਾਈ ਕੀ ਵਡਿਆਈ ਤੇ ਕੀ ਗਿਆਨ, ਕੀ ਵਿਦਵਾਨ ਕਰੇ ਪੜ੍ਹਾਈਆ । ਜਿਨ੍ਹਾਂ ਉਤੇ ਆਪ ਹੋ ਜਾਵੇ ਮਿਹਰਵਾਨ, ਉਹ ਮਹਿਬੂਬ ਮੁਹੱਬਤ ਦਾ ਮਾਲਕ ਇਸ਼ਾਰੇ ਨਾਲ ਪਾਰ ਕਰਾਈਆ। ਆਦਿ ਜੁਗਾਦੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਗੋਰ ਮੜ੍ਹੀ ਨਾ ਜਾਏ ਸ਼ਮਸ਼ਾਨ, ਭੂਮੀ ਖ਼ਾਕ ਡੇਰਾ ਕੋਇ ਨਾ ਲਾਈਆ। ਜਿਸ ਦਾ ਕਲਮਾ ਇਕ ਕਲਾਮ, ਕਾਇਨਾਤ ਕਰੇ ਪੜ੍ਹਾਈਆ। ਜਿਸ ਦਾ ਮਜ਼੍ਹਬ ਇਕ ਇਸਲਾਮ, ਅਜ਼ੀਮੁਲਸ਼ਾਨ ਬੇਪਰਵਾਹੀਆ। ਜਿਸ ਦਾ ਮੰਤਰ ਇਕੋ ਨਾਮ, ਜੁਗ ਚੌਕੜੀ ਰਿਹਾ ਸਮਝਾਈਆ। ਓਸ ਦੇ ਸਾਰੇ ਹੋਣੇ ਗੁਲਾਮ, ਬਰਦੇ ਨਫ਼ਰ ਰੂਪ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਓਸ ਨੂੰ ਇਕੋ ਕਹਿਣ ਜਜਮਾਨ, ਖ਼ਾਲੀ ਝੋਲੀ ਆਪਣੀ ਅਗੇ ਡਾਹੀਆ। ਓਸ ਇਕੋ ਕਹਿਣਾ ਮੇਰੇ ਚਰਨਾਂ ਰੱਖੋ ਧਿਆਨ, ਬਾਕੀ ਲੋੜ ਰਹੇ ਨਾ ਰਾਈਆ। ਅਗੇ ਮੈਂ ਜਾਣਾਂ ਜਾਂ ਮੇਰਾ ਜਾਣੇ ਜਹਾਨ, ਜਿਸ ਨੇ ਜਹਾਲਤ ਕੱਢ ਕੇ ਸਾਚੀ ਅਬਾਦਤ ਦੇਣੀ ਸਿਖਲਾਈਆ।
ਹਵਾ ਕਹੇ ਭਗਵਨ ਇਹ ਕੰਮ ਮੁਸ਼ਕਲ ਕਿ ਆਸਾਨ, ਬੜਾ ਵੱਡਾ ਨਜ਼ਰੀ ਆਈਆ। ਸ੍ਰੀ ਭਗਵਾਨ ਕਿਹਾ ਮੈਂ ਆਦਿ ਜੁਗਾਦੀ ਮਿਹਰਵਾਨ, ਦੋ ਜਹਾਨਾਂ ਮੇਰੇ ਹੱਥ ਵਡਿਆਈਆ। ਛੋਟਾ ਜਿਹਾ ਢੋਲਾ ਦੱਸ ਕੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡਿਆਂ ਦੇਵਾਂ ਬਣਾਈਆ। ਮਾਲਕ ਬਣ ਕੇ ਧੁਰ ਹੁਕਮਰਾਨ, ਹੁਕਮ ਸੰਦੇਸ਼ੇ ਦਿਆਂ ਸੁਣਾਈਆ। ਤੁਹਾਨੂੰ ਸੁਆ ਕੇ ਨਾਲ ਆਰਾਮ, ਪੈਗ਼ਾਮ ਆਪਣਾ ਘਰ ਘਰ ਦਿਆਂ ਪਹੁੰਚਾਈਆ। ਹਵਾ ਕਹੇ ਪ੍ਰਭੂ ਤੇਰੇ ਕੋਲ ਕਿੰਨੀ ਕੁ ਗੁਰੂਆਂ ਪੀਰਾਂ ਪੈਗ਼ੰਬਰਾਂ ਦੀ ਮੀਜ਼ਾਨ, ਜ਼ਰਾ ਮੈਨੂੰ ਦੇ ਸਮਝਾਈਆ। ਪੁਰਖ ਅਕਾਲ ਕਿਹਾ ਇਹ ਵਡੇ ਠਠਿਆਰ ਦੀ ਦੁਕਾਨ, ਕੋਟਨ ਕੋਟ ਬੈਠੇ ਜਿਨ੍ਹਾਂ ਵਿਚੋਂ ਤੇਰੀ ਸਮਝ ਕੁਛ ਨਾ ਆਈਆ। ਉਹ ਹੋ ਗਈ ਹੈਰਾਨ, ਕੀ ਪ੍ਰਭ ਨੇ ਦਿਤਾ ਜਣਾਈਆ। ਅਬਿਨਾਸ਼ੀ ਕਰਤੇ ਓਸੇ ਵੇਲੇ ਕਿਹਾ ਆ ਮਾਰ ਮੇਰੇ ਚਰਨਾਂ ਹੇਠ ਧਿਆਨ, ਆਪਣੀ ਅੱਖ ਖੁਲ੍ਹਾਈਆ। ਜਾਂ ਵੇਖਿਆ ਅਨਗਿਣਤ ਬੈਠੇ ਕ੍ਰਿਸ਼ਨ ਰਾਮ ਈਸਾ ਮੂਸਾ ਮੁਹੰਮਦ ਬਾਲ ਅੰਞਾਣ, ਨਾਨਕ ਗੋਬਿੰਦ ਬਾਲੇ ਭੱਜਣ ਥਾਉਂ ਥਾਈਂਆ। ਇਕ ਰੂਪ ਦੇ ਅਨੂਪ ਅਨੇਕ ਰੂਪ ਨਜ਼ਰੀ ਆਨ, ਨਜ਼ਰ ਸ਼ੁਮਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਪੁਰਖ ਅਕਾਲ ਕਿਹਾ ਕੀ ਕੁਛ ਪਿਆ ਲਭ, ਸਚ ਦੇ ਸਮਝਾਈਆ। ਓਸ ਕਿਹਾ ਮੈਂ ਡਰ ਗਈ ਪਤਾ ਨਹੀਂ ਤੂੰ ਏਨੇ ਆਪਣੇ ਚਰਨਾਂ ਹੇਠਾਂ ਰੱਖੇ ਦੱਬ, ਬਿਨ ਪੜਦਿਉਂ ਲਏ ਲੁਕਾਈਆ। ਇਸੇ ਕਰਕੇ ਸਾਰੇ ਕਹਿ ਗਏ ਇਹਦੀ ਕੋਈ ਨਹੀਂ ਔਂਦੀ ਹਦ, ਅੰਤ ਕਹਿਣ ਕੋਇ ਨਾ ਪਾਈਆ। ਮੂਸੇ ਕਿਉਂ ਕਿਹਾ ਸੀ ਤੈਨੂੰ ਰੱਬ, ਪਹਿਲੀ ਵੇਰਾਂ ਤੇਰਾ ਨਾਂ ਰਖਾਈਆ। ਜਿਸ ਵੇਲੇ ਤੂੰ ਕਿਰਪਾ ਕੀਤੀ ਸੀ ਝਬ, ਕਿਰਨ ਵਿਚੋਂ ਕਿਰਨ ਕਿਰਨ ਨਾਲ ਟਿਕਾਈਆ। ਉਹਦਾ ਪਿਛਲੇ ਲੇਖੇ ਦਾ ਮੇਟ ਕੇ ਯੱਭ, ਯਾਦ ਅਗਲੀ ਦਿਤੀ ਕਰਾਈਆ। ਜਿਸ ਵੇਲੇ ਤੇਰੇ ਕਰੀਮ ਦਾ ਵੱਜਾ ਨਦ, ਉਹ ਡਰਦਾ ਮੂੰਹ ਦੇ ਭਾਰ ਗਿਆ ਢਠ, ਆਪਣੀ ਸੁਰਤ ਭੁਲਾਈਆ। ਓਧਰੋਂ ਥੋੜ੍ਹਾ ਜਿਹਾ ਪਰਕਾਸ਼ ਦਿਤਾ ਝਟ, ਪ੍ਰੇਮ ਦਾ ਵੱਜਾ ਫਟ, ਮੰਦਰ ਖੁਲ੍ਹ ਗਿਆ ਹੱਟ, ਜੋਤ ਜਗੀ ਲਟ ਲਟ, ਮਤਿ ਪਿਛਲੀ ਦਿਤੀ ਮਿਟਾਈਆ। ਉਹਨੂੰ ਇਕ ਕਲਮਾ ਦੱਸਿਆ ਤੂੰ ਮੇਰਾ ਨਾਮ ਲੈਣਾ ਰਟ, ਓਸ ਵਾਸਤਾ ਲਿਆ ਘਤ, ਨਕ ਖ਼ਾਕ ਉਤੇ ਰਗੜਾਈਆ। ਪੁਰਖ ਅਕਾਲ ਪਿਆ ਹਸ, ਪਰਵਰਦਿਗਾਰ ਬੋਲਿਆ ਝਟ, ਮੇਰੇ ਨਾਲ ਰਲਾ ਆਪਣੀ ਅੱਖ, ਪਰਤਖ ਤੈਨੂੰ ਦਿਆਂ ਜਣਾਈਆ। ਮੂਸੇ ਅੱਖਾਂ ਉਤੇ ਦੋਵੇਂ ਰੱਖ ਹੱਥ, ਕੰਨ ਫੜ ਕੇ ਕਿਹਾ ਤੂੰ ਪੁਰਖ ਸਮਰਥ, ਸੀਸ ਝੁਕਾ ਕੇ ਕਿਹਾ ਮੈਂ ਤੇਰੇ ਵਸ, ਵਾਸਤਾ ਤੇਰੇ ਅਗੇ ਪਾਈਆ। ਪੁਰਖ ਅਕਾਲ ਕਿਹਾ ਇਕ ਵੇਰਾਂ ਕਹੁ ਤੂੰ ਮੇਰਾ ਮੈਂ ਤੇਰਾ ਇਹੋ ਤੇਰਾ ਜਸ, ਜਿਸ ਵਿਚ ਗਿਉਂ ਫਸ, ਫੇਰ ਨਾ ਸਕੇਂ ਨੱਸ, ਡੋਰੀ ਆਪਣੇ ਨਾਲ ਬੰਧਾਈਆ। ਉਹਨੂੰ ਸੋਝੀ ਆਈ ਝਟ, ਓਨ ਆਪਣੀ ਬਾਂਹ ਨਾਲੋਂ ਖੋਲ੍ਹ ਕੇ ਮੌਲੀ ਵਾਲਾ ਗਟ, ਧਰਤੀ ਉਤੇ ਦਿਤਾ ਵਿਛਾਈਆ। ਮੇਰੇ ਮਹਿਬੂਬ ਮੇਰੀ ਲੇਖੇ ਲਾ ਲੈ ਰਤ, ਮੇਰਾ ਰਹੇ ਕੋਈ ਨਾ ਤਤ, ਇਕ ਪੁੱਛਾਂ ਮੈਂ ਤੈਨੂੰ ਕਿਹਾ ਰੱਬ, ਤੂੰ ਫੇਰ ਆਵੇਂਗਾ ਵਤ, ਬੇਵਤਨ ਵਤਨ ਦੇ ਮਾਲਕ ਘਰ ਆਪਣਾ ਸਚ ਜਣਾਈਆ। ਓਸ ਨੂੰ ਦੋ ਉਂਗਲ ਦਾ ਮਾਰ ਕੇ ਲਫੇੜਾ ਕਿਹਾ ਬਸ, ਫੇਰ ਉਹ ਅਗੇ ਕੁਛ ਨਹੀਂ ਸਕਿਆ ਦੱਸ, ਹੂ ਹੂ ਕਰ ਕੇ ਬੈਠਾ ਸੀਸ ਨਿਵਾਈਆ। ਸ੍ਰੀ ਭਗਵਾਨ ਹੌਲੀ ਜਿਹੀ ਠੋਕਰ ਮਾਰ ਕੇ ਉਤੇ ਲੱਤ, ਇਕ ਹੁਕਮ ਦਿਤਾ ਦੱਸ, ਕ਼ਲਮਾ ਸਚ ਸੁਣਾਈਆ। ਤੇਰੇ ਲਹਿਣੇ ਦਾ ਫੇਰ ਦੱਸਾਂ ਹਕ, ਔਣ ਵਾਲਿਆਂ ਪੈਗ਼ੰਬਰਾਂ ਦਾ ਤੇਰੇ ਨਾਲ ਕਰ ਕੇ ਇਕੱਠ, ਅਗਲਿਆਂ ਗੁਰੂਆਂ ਦਾ ਬਣਾ ਕੇ ਸਥ, ਪਿਛਲਿਆਂ
ਦਾ ਨਾਲ ਕਰੇ ਵਾਸ, ਪਤਣ ਵਖਾ ਕੇ ਇਕ ਘਾਟ, ਚਾਰ ਜੁਗ ਮੁਕਾ ਕੇ ਵਾਟ, ਅਗੇ ਅਗੰਮੀ ਸੁਣਾਏ ਬਾਤ, ਕੂੜੀ ਕਿਰਿਆ ਮੇਟ ਕੇ ਰਾਤ, ਸਤਿ ਸਚ ਉਪਜਾ ਕੇ ਪਰਭਾਤ, ਸਤਾਰਾ ਚੰਦ ਦੇ ਨਜਾਤ, ਤਲੂਹ ਕਰ ਸਚਾ ਆਫ਼ਤਾਬ, ਸੂਫ਼ੀਆਂ ਵੇਖ ਸਚੀ ਮਹਿਰਾਬ, ਮਹਿਬੂਬ ਬਣ ਵਜਾਵਾਂ ਰਬਾਬ, ਪਿਆਰ ਵਿਚ ਪਿਆਰ ਦਾ ਰੱਖਾਂ ਹਿਸਾਬ, ਲੇਖਾ ਚੁਕਾ ਕੇ ਸਰਬ ਕਿਤਾਬ, ਰਾਜ ਰਾਜਾਨ ਮਿਟਾ ਕੇ ਨਵਾਬ, ਜਨ ਭਗਤਾਂ ਦੇ ਕੇ ਖ਼ਿਤਾਬ, ਲੇਖਾ ਚੁਕਾ ਕੇ ਪੁੰਨ ਸਵਾਬ, ਚਾਰ ਜੁਗ ਦੇ ਲਹਿਣੇ ਦੇਣੇ ਦਾ ਦੇ ਕੇ ਸਭ ਨੂੰ ਜੁਆਬ, ਪਰਗਟ ਕਰ ਕੇ ਆਪਣਾ ਆਪ, ਸਤਿ ਸਤਿਵਾਦੀ ਦੱਸ ਕੇ ਜਾਪ, ਹੁਕਮੇ ਅੰਦਰ ਅਗਲਾ ਥਾਪਣ ਥਾਪ, ਮਾਲਕ ਹੋ ਕੇ ਆਪੇ ਆਪ, ਪਰਤਾਪ ਦੋ ਜਹਾਨਾਂ ਦਿਆਂ ਵਖਾਈਆ। ਮੂਸੇ ਫੇਰ ਵੇਖ ਤੁਹਾਡਾ ਨਿਕਿਆਂ ਨਿਕਿਆਂ ਬੱਚਿਆਂ ਵਾਲਾ ਰੱਖਾਂ ਨਾਲ ਸਾਕ, ਸਾਕਾ ਸਾਖ਼ੀ ਸਾਖ਼ਿਆਤ ਆਪਣੀ ਦਿਆਂ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚੀ ਦਾਤ, ਘਰ ਦਾ ਮਾਲਕ ਦਰਗਾਹ ਦਾ ਦਰਗਾਹੀ, ਦਰ ਦਰਬਾਰ ਇਕ ਖੁਲ੍ਹਾਈਆ।
੧੯ ਫੱਗਣ ੨੦੨੧ ਬਿਕ੍ਰਮੀ ਡਾਕਟਰ ਰੂਪ ਲਾਲ ਬੱਤਰੇ ਨਾਲ ਮਿੰਟੂ ਪਾਰਕ ਦਿੱਲੀ
ਪੁਰਖ ਅਕਾਲ ਖੇਲ ਅਪਾਰ, ਸ੍ਰੀ ਭਗਵਾਨ ਆਪ ਕਰਾਇੰਦਾ। ਅਬਿਨਾਸ਼ੀ ਕਰਤਾ ਵਿਚ ਸੰਸਾਰ, ਜੁਗ ਚੌਕੜੀ ਹੁਕਮ ਵਰਤਾਇੰਦਾ। ਲੋਕਮਾਤ ਭੇਜ ਗੁਰੂ ਅਵਤਾਰ, ਪੈਗ਼ੰਬਰਾਂ ਆਪ ਪਰਗਟਾਇੰਦਾ। ਸਤਿ ਸੰਦੇਸ਼ਾ ਦੇ ਕੇ ਨਾਮ ਆਧਾਰ, ਜੀਵਾਂ ਜੰਤਾਂ ਸਰਬ ਸਮਝਾਇੰਦਾ। ਵਾਕ ਭਵਿਖਤ ਲਿਖਤ ਵਿਚ ਵੀਚਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਹੁਕਮ ਮਨਾਇੰਦਾ। ਕਲਜੁਗ ਵੇਖ ਕੂੜਾ ਕੁੜਿਆਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਸ਼ਬਦ ਸੰਦੇਸ਼ਾ ਦੇਵਣਹਾਰ ਦਾਤਾਰ, ਨਿਰਗੁਣ ਸਰਗੁਣ ਆਪ ਸਮਝਾਇੰਦਾ। ਵਿਸ਼ਵ ਧਰਮ ਵਿਸ਼ਵ ਕਲਿਆਣ ਜਿਸ ਹੋਵੇ ਧਾਰ, ਸੋ ਸਮਰਥ ਆਪਣੇ ਹੱਥ ਰਖਾਇੰਦਾ। ਵੀਹ ਸੌ ਇੱਕੀ ਬਿਕ੍ਰਮੀ ਕੀਤਾ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਅਗਲੇ ਸਾਲ ਦਏ ਉਠਾਲ, ਕੂੜੀ ਕਿਰਿਆ ਅੱਗ ਲਗਾਇੰਦਾ। ਮਨ ਮਤਿ ਮਾਇਆ ਕਰ ਬੇਹਾਲ, ਚਾਰ ਕੁੰਟ ਦਹਿ ਦਿਸ਼ਾ ਧੀਰਜ ਧੀਰ ਨਾ ਕੋਇ ਧਰਾਇੰਦਾ। ਕਰੇ ਖੇਲ ਆਪ ਕਮਾਲ, ਕਾਮਲ ਮੁਰਸ਼ਦ ਹਰਿ ਕਰਤਾ ਆਪਣਾ ਹੁਕਮ ਵਰਤਾਇੰਦਾ । ਦੂਜੇ ਸਾਲ ਵਜਣਾ ਤਾਲ, ਜਗਤ ਟੁਕੜੇ ਦੋ ਕਰਾਇੰਦਾ। ਇਕ ਪਾਸੇ ਸ਼ਾਹ ਇਕ ਪਾਸੇ ਕੰਗਾਲ, ਸਚ ਸੁਆਲ ਵਿਚ ਟਿਕਾਇੰਦਾ । ਤੀਜੇ ਸਾਲ ਸ੍ਰਿਸ਼ਟੀ ਉਤੇ ਆਏ ਥੋੜ੍ਹਾ ਜਿਹਾ ਜ਼ਵਾਲ, ਧਰਨੀ ਧਰਤ ਧਵਲ ਖ਼ੂਨੀ ਰੰਗ ਰੰਗਾਇੰਦਾ। ਚੌਥੇ ਸਾਲ ਕੂੜੀ ਕਿਰਿਆ ਤੋੜ ਜੰਜਾਲ, ਚਾਰੋਂ ਕੁੰਟ ਇਕੋ ਹੁਕਮ ਮਨਾਇੰਦਾ। ਸਾਚੇ ਭਗਤਾਂ ਸਾਚੇ ਸੰਤਾਂ ਲਏ ਉਠਾਲ, ਜਿਨ੍ਹਾਂ ਦੇ ਅੰਦਰ ਮਾਇਆ ਮਮਤਾ ਮੋਹ ਨਾ ਕੋਇ ਵਖਾਇੰਦਾ। ਸਤਿ ਧਰਮ ਦਾ ਝੰਡਾ ਇਕ ਉਠਾਲ, ਬ੍ਰਹਿਮੰਡਾਂ ਆਪ ਪਰਗਟਾਇੰਦਾ । ਚਾਰ ਵਰਨਾਂ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾਅਰਾ ਇਕ ਲਗਾਨ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਇੰਦਾ। ਢੋਲਾ ਗਾਵਣ ਇਕ ਭਗਵਾਨ, ਜਿਸ ਦਾ ਰਾਮ ਕ੍ਰਿਸ਼ਨ ਨਿਸ਼ਾਨ, ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਜਿਸ ਦਾ ਰੂਪ ਅਖਵਾਇੰਦਾ। ਚਾਰ ਕੁੰਟ ਦਹਿ ਦਿਸ਼ਾ ਉੱਤਰ ਪੂਰਬ ਪੱਛਮ ਦੱਖਣ ਸੁਣਾਏ ਸਚ ਆਵਾਜ਼, ਸਤਿ ਸਤਿਵਾਦੀ ਦਇਆ ਕਮਾਇੰਦਾ।
ਇਕੋ ਹੁਕਮ ਵਰਤੇ ਪੁਰਖ ਅਬਿਨਾਸ਼, ਬਲਧਾਰੀ ਆਪ ਸੁਣਾਇੰਦਾ। ਚਾਰ ਜੁਗ ਜਿਸ ਦੀ ਰਖਦੇ ਗਏ ਆਸ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਾਹ ਤਕਾਇੰਦਾ। ਉਸ ਦੀ ਚੌਥੇ ਸਾਲ ਸੋਹਣੀ ਚੜ੍ਹੇ ਪਰਭਾਤ, ਜੋਤੀ ਨੂਰ ਚੰਦ ਇਕ ਚਮਕਾਇੰਦਾ। ਭਗਤ ਭਗਵਾਨ ਦਾ ਬਣੇ ਸਾਥ, ਸੋਹਣੀ ਸਟੇਜ ਇਕ ਸੁਹਾਇੰਦਾ। ਅਗੇ ਖੋਲ੍ਹ ਕੇ ਡੂੰਘਾ ਰਾਜ਼, ਪੜਦਾ ਆਪ ਚੁਕਾਇੰਦਾ। ਸਤਿ ਧਰਮ ਦਾ ਚਲਾ ਕੇ ਇਕ ਜਹਾਜ਼, ਵਰਨਾਂ ਬਰਨਾਂ ਦੀਨਾਂ ਮਜ਼੍ਹਬਾਂ ਧਰਮਾਂ ਰਾਹ ਇਕ ਵਖਾਇੰਦਾ। ਕੂੜੀ ਕਿਰਿਆ ਹਉਮੇ ਹੰਗਤਾ ਮਾਇਆ ਮਮਤਾ ਕਰ ਕੇ ਫ਼ਾਸ਼ ਫ਼ਾਸ਼, ਸਾਚਾ ਹੁਕਮ ਇਕ ਵਰਤਾਇੰਦਾ । ਓਸ ਵੇਲੇ ਬੱਤਰਾ ਫੇਰ ਮਿਲਣੀ ਸ਼ਾਬਾਸ਼, ਜਿਸ ਵੇਲੇ ਵਿਸ਼ਵ ਦਾ ਮਾਲਕ ਵਿਸ਼ਵਾਸ ਆਪਣੇ ਉਪਰ ਧਰਾਇੰਦਾ। ਅਗੰਮੀ ਆਵਾਜ਼ ਨਾਲ ਗੂੰਜੇ ਆਕਾਸ਼, ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਧਿਆਨ ਲਗਾਇੰਦਾ। ਸੰਤਾਂ ਭਗਤਾਂ ਗੁਰਮੁਖਾਂ ਦੀ ਪੂਰੀ ਹੋਵੇ ਆਸ, ਤ੍ਰਿਸ਼ਨਾ ਕੂੜੀ ਜਗਤ ਮੇਟ ਮਿਟਾਇੰਦਾ। ਓਸ ਵੇਲੇ ਇਕ ਭਾਸ਼ਨ ਸਾਚਾ ਦੇਣਾ ਆਖ, ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਵਾਰ ਸਮਝਾਇੰਦਾ। ਜਗਤ ਮਾਰਗ ਛੋਟੀ ਛੋਟੀ ਸ਼ਾਖ਼, ਸਭ ਦਾ ਮਾਲਕ ਅਬਿਨਾਸ਼ੀ ਕਰਤਾ ਪਰਵਰਦਿਗਾਰ, ਰਾਮ ਰਹੀਮ ਇਕੋ ਨਜ਼ਰੀ ਆਇੰਦਾ। ਕਾਇਆ ਕਾਅਬਾ ਸਾਚਾ ਮੰਦਰ ਧੁਰ ਦਾ ਕ਼ਲਮਾ ਨਗ਼ਮਾ ਨਾਮ ਪਾਠ, ਨਮੋਂ ਸਤਿ ਬ੍ਰਹਮ ਮਤਿ ਵਾਸ ਦੇਵ ਵਿਸ਼ਨੂੰ ਧਾਰ ਵਿਸ਼ੇਸ਼ ਵਿਚਾਰ ਦਰਵੇਸ਼ ਕਰੇ ਖ਼ਬਰਦਾਰ ਨਰੇਸ਼, ਨਰ ਨਰਾਇਣ ਇਕੋ ਨਜ਼ਰੀ ਆਇੰਦਾ। ਜੋ ਸਭ ਧਰਮਾਂ ਦਾ ਮਾਲਕ ਸਦਾ ਰਹੇ ਹਮੇਸ਼, ਜਿਸ ਦੇ ਹੁਕਮ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਸੇਵ ਕਮਾਇੰਦਾ। ਜਿਸ ਦਾ ਸਭ ਤੋਂ ਨਿਰਾਲਾ ਵਖਰਾ ਭੇਖ, ਜੋਤੀ ਜੋਤ ਡਗਮਗਾਇੰਦਾ। ਨਾ ਮੁੱਛ ਦਾੜ੍ਹੀ ਨਾ ਕੇਸ, ਮੂੰਡ ਮੁੰਡਾਇਆ ਰੂਪ ਨਾ ਕੋਇ ਵਟਾਇੰਦਾ। ਉਹ ਵਸੇ ਸਚਖੰਡ ਸਾਚੇ ਦੇਸ, ਲੋਕਮਾਤ ਆਪਣਾ ਹੁਕਮ ਵਰਤਾਇੰਦਾ। ਓਸ ਸਮੇਲਨ ਵਿਚ ਕੱਠੇ ਹੋਣੇ ਚੁਹੱਤਰ ਦੇਸ਼, ਨਾੜ ਬਹੱਤਰ ਪੰਧ ਅੰਦਰੇ ਅੰਦਰ ਖੋਜ ਖੁਜਾਇੰਦਾ। ਇਹ ਸਚਾ ਸਤਿ ਵਾਲਾ ਸੰਦੇਸ਼, ਜਿਸ ਨੂੰ ਜਗਤ ਜੀਵ ਨਾ ਕੋਇ ਮਿਟਾਇੰਦਾ। ਸਾਚੇ ਸੰਤ ਜੋ ਸਚ ਦਾ ਕਰਨ ਉਪਦੇਸ਼, ਤਿਨ੍ਹਾਂ ਦੇ ਅੰਦਰ ਇਕੋ ਇਕ ਏਕ ਨਜ਼ਰੀ ਆਇੰਦਾ। ਵਿਸ਼ਵ ਧਾਰ ਚਲੌਣੀ ਕੋਈ ਬੱਚਿਆਂ ਵਾਲੀ ਨਹੀਂ ਖੇਡ, ਸ੍ਰਿਸ਼ਟੀ ਦਾ ਮਾਲਕ, ਕੁੱਲ ਦਾ ਖ਼ਾਲਕ, ਸਰਬ ਦਾ ਪ੍ਰਿਤਪਾਲਕ, ਸਦ ਆਪਣਾ ਹੁਕਮ ਮਨਾਇੰਦਾ। ਜਿਸ ਦਾ ਰੂਪ ਇਕ ਖ਼ਾਲਸ, ਦੋ ਜਹਾਨਾਂ ਬਣੇ ਸਾਲਸ, ਸਭ ਦੀ ਗ਼ਫ਼ਲਤ ਦੂਰ ਕਰਾਏ ਨਿੰਦਰਾ ਆਲਸ, ਕਾਇਆ ਮੰਦਰ ਅੰਦਰ ਬਜਰ ਕਪਾਟੀ ਪਰਦਾ ਪਰੇ ਹਟਾਇੰਦਾ। ਉਹ ਇਸ ਸਭਾ ਦਾ ਬਣਨਾ ਸਭਾਪਤੀ ਮਾਲਕ, ਸੰਤ ਸੁਹੇਲੇ ਗੁਰੂ ਚੇਲੇ ਜਿਸ ਦੇ ਲੋਕਮਾਤ ਨਿੱਕੇ ਨਿੱਕੇ ਬਾਲਕ, ਬਾਬਲ ਸਭ ਦਾ ਇਕ ਅਖਵਾਇੰਦਾ। ਜਿਸ ਨੇ ਸਚੀ ਦੱਸਣੀ ਇਕ ਇਬਾਦਤ, ਨਾਮ ਸਤਿ ਇਕ ਦ੍ਰਿੜਾਇੰਦਾ। ਓਸ ਵੇਲੇ ਸਾਚੀ ਕਰਨੀ ਇਕ ਸਖ਼ਾਵਤ, ਮਿਹਰ ਨਜ਼ਰ ਨਾਲ ਤਰਾਇੰਦਾ । ਫੇਰ ਫ਼ਿਰਕਿਆਂ ਦੀ ਫ਼ਿਰਕਿਆਂ ਵਿਚ ਮਜ਼੍ਹਬਾਂ ਦੀ ਮਜ਼੍ਹਬਾਂ ਵਿਚ ਦੀਨਾਂ ਦੀ ਦੀਨਾਂ ਵਿਚ ਨਾ ਰਹੇ ਅਦਾਵਤ, ਅਦੌਤ ਕੂੜੀ ਦਏ ਮਿਟਾਈਆ। ਚਾਰ ਕੁੰਟ ਮਾਨਵਤਾ ਹੋਏ ਸਹੀ ਸਲਾਮਤ, ਸਚ ਮਹਿਬੂਬ ਸਭ ਨੂੰ ਇਕ ਮੁਹੱਬਤ ਦਏ ਸਮਝਾਈਆ। ਮਨ ਕਾਇਆ ਅੰਦਰ ਕਰੇ ਨਾ ਕੋਈ ਬਗ਼ਾਵਤ, ਬਾਹਰ ਹੋਵੇ ਨਾ ਕੋਇ ਲੜਾਈਆ। ਫੇਰ ਸਚੀ ਰਲ ਮਿਲ ਕੇ ਸਭ ਦੁਨੀਆ ਨੂੰ ਦੇਣੀ ਦਾਅਵਤ, ਦਾਅਵੇ ਨਾਲ ਇਕ ਦੂਜੇ ਨਾਲ ਹੱਥ ਲੈਣਾ ਮਿਲਾਈਆ। ਫੇਰ ਸਚੀ ਬਣੇ ਬਨਾਵਟ, ਬੰਦੇ ਬੰਦਿਆਂ ਵਰਗੇ ਬੰਦਗੀ ਵਿਚ ਦਏ ਸਮਝਾਈਆ। ਕੋਈ ਹਿੰਸਾ ਦੀ ਰਹੇ ਨਾ ਮਿਲਾਵਟ, ਅਹਿੰਸਾ
ਸਾਰੇ ਦਏ ਮਿਲਾਈਆ। ਸਾਚੇ ਧਰਮ ਦੀ ਆਪੇ ਹੋਣੀ ਫੈਲਾਵਟ, ਗੁਲਸ਼ਨ ਸਾਚਾ ਦਏ ਮਹਿਕਾਈਆ। ਅਗੇ ਕਰੇ ਨਾ ਕੋਈ ਰੁਕਾਵਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਦੇਵੇ ਸਾਚਾ ਵਰ, ਲੇਖਾ ਚੁਕਾ ਕੇ ਧਰਨੀ ਧਰਤ ਧਵਲ ਧਰ, ਜ਼ਿਮੀਂ ਆਸਮਾਨ ਬ੍ਰਹਿਮੰਡ ਖੰਡ ਵੇਖੇ ਖੜ੍ਹ, ਭਗਤਾਂ ਦੀ ਮੰਜ਼ਲ ਚੋਟੀ ਕਾਇਆ ਮੁਨਾਰੇ ਜਾਏ ਚੜ੍ਹ, ਸ਼ਬਦ ਧੁਨ ਵੱਜੇ ਅਨਾਦ ਆਤਮ ਜੋਤੀ ਪਰਕਾਸ਼ ਦੇਵੇ ਕਰ, ਨੂਰ ਨੂਰ ਆਪਣਾ ਦਏ ਵਖਾਈਆ। ਪ੍ਰੇਮ ਪ੍ਰੀਤ ਪਿਆਰ ਮੁਹੱਬਤ ਵਿਚ ਫੜਾ ਕੇ ਸਭ ਨੂੰ ਸਾਂਝਾ ਲੜ, ਇਕੋ ਲੜੀ ਵਿਚ ਸਾਰੇ ਦਏ ਬੰਧਾਈਆ। ਜਿਨ੍ਹਾਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀਨ ਮਜ਼੍ਹਬ ਦੀ ਲੋਕਮਾਤ ਲਾਈ ਜੜ੍ਹ, ਜੁਗ ਜੁਗ ਹੁਕਮ ਮੰਨ ਕੇ ਸੇਵ ਕਮਾਈਆ। ਸ੍ਰੀ ਭਗਵਾਨ ਓਨ੍ਹਾਂ ਨੂੰ ਲਏ ਸਚਖੰਡ ਦੁਵਾਰਿਉਂ ਫੜ, ਜੋਤੀ ਧਾਰ ਸ਼ਬਦ ਦਏ ਜਗਾਈਆ। ਮੇਲ ਮਿਲਾਏ ਸਚ ਘਰ ਦਰ ਦਵਾਰ, ਧੁਰ ਦਰਬਾਰ ਇਕੋ ਦਏ ਸੁਹਾਈਆ। ਉਹ ਪੁਰਖ ਅਕਾਲ ਅਗੇ ਕਰਨ ਨਿਮਸਕਾਰ, ਪਰਵਰਦਿਗਾਰ ਸਾਂਝੇ ਯਾਰ ਤੇਰੀ ਇਕ ਸਰਨਾਈਆ। ਸਾਡੀ ਬੇਨੰਤੀ ਕਰ ਪਰਵਾਨ, ਪ੍ਰਭੂ ਲੋਕਮਾਤ ਮਾਰ ਧਿਆਨ, ਚਾਰ ਕੁੰਟ ਦਿਸੇ ਵੈਰਾਨ, ਵੈਰੀ ਘਰ ਘਰ ਦੇ ਖਪਾਈਆ। ਜਿਸ ਵੇਲੇ ਅੰਦਰੋਂ ਮਨ ਨਾਲ ਵਿਕਾਰਾਂ ਦਾ ਮਿਟ ਗਿਆ ਸ਼ੈਤਾਨ, ਓਸ ਵੇਲੇ ਇਨਸਾਨ ਨਾ ਰਹੇ ਹੈਵਾਨ, ਸਭ ਦਾ ਇਕੋ ਜਿਹਾ ਸਾਂਝਾ ਨਜ਼ਰੀ ਆਏ ਈਮਾਨ, ਧਰਮ ਧਰਮਾਤਮ ਦਏ ਸਮਝਾਈਆ। ਜਿਸ ਨਾਲ ਵਿਸ਼ਵ ਦਾ ਹੋਵੇ ਕਲਿਆਣ, ਵਿਸ਼ਨੂੰ ਰੂਪ ਮਿਲੇ ਭਗਵਾਨ, ਆਦਿ ਜੁਗਾਦੀ ਸਚਾ ਸ਼ਹਿਨਸ਼ਾਹੀਆ। ਜਿਸ ਦਾ ਸਾਚਾ ਜੈਕਾਰਾ ਮੈਂ ਤੇਰਾ ਤੂੰ ਮੈਨੂੰ ਪਛਾਣ, ਪਰਮਾਤਮ ਆਤਮ ਆਤਮ ਪਰਮਾਤਮ ਘਰ ਘਰ ਦਏ ਵਖਾਈਆ। ਸਾਰੀਆਂ ਆਤਮਾ ਦਾ ਪਰਮਾਤਮਾ ਬਣ ਕੇ ਹੁਕਮਰਾਨ, ਸ਼ਬਦੀ ਦੇਵੇ ਧੁਰ ਗਿਆਨ, ਬੇਈਮਾਨ ਸ਼ੈਤਾਨ ਸਿੱਧੇ ਰਸਤੇ ਦੇਵੇ ਪਾਈਆ। ਗ੍ਰੰਥੀ ਪੰਥੀ ਪੰਡਤ ਪਾਂਧੇ ਮੁੱਲਾ ਸ਼ੇਖ਼ ਮੁਸਾਇਕ ਪੋਪ ਪਾਰਸੀ ਯਹੂਦੀ ਈਸਾਈ ਮਿਸਰੀ ਇਕੇ ਨੂੰ ਕਰਨ ਪਰਨਾਮ, ਨਾਸਤਕ ਆਸਤਕ ਰੂਪ ਲੈਣ ਵਟਾਈਆ। ਜਿਹੜਾ ਚਾਇਨਾ ਚੜ੍ਹੌਣ ਵਾਲਾ ਤੁਫ਼ਾਨ, ਓਸ ਦਾ ਸਾਢੇ ਤਿੰਨ ਸਾਲ ਪਿਛੋਂ ਬਦਲ ਜਾਏ ਧਿਆਨ, ਸ੍ਰੀ ਭਗਵਾਨ ਆਪਣੀ ਅੰਦਰੋ ਅੰਦਰ ਸਿਤਾਰ ਦਏ ਹਿਲਾਈਆ। ਅਗੇ ਵਾਲਾ ਲੇਖਾ ਅਜੇ ਦੇਣ ਵਾਲਾ ਨਹੀਂ ਬਿਆਨ, ਇਸ ਕਰਕੇ ਬੰਦ ਦਿਤਾ ਕਰਾਈਆ। ਦੀਵਾਨ ਸਾਹਿਬ ਦਾ ਸੋਹਣਾ ਲਗੇਗਾ ਦੀਵਾਨ, ਦੀਵਾ ਬਾਤੀ ਹੋਏ ਰੁਸ਼ਨਾਈਆ । ਏਨ੍ਹਾਂ ਦਾ ਅਦਬ ਕਰੇ ਅਵਾਮ, ਪ੍ਰਭੂ ਦੇਵਣ ਵਾਲਾ ਵਡਿਆਈਆ। ਸਤਿ ਧਰਮ ਦਾ ਸੋਹਣਾ ਚਲੇ ਕਾਮ, ਨਿਸ਼ਕਾਮ ਸੇਵ ਕਮਾਈਆ। ਹਿਰਦੇ ਅੰਦਰ ਪ੍ਰੇਮ ਰਾਮ, ਬਾਹਰੋਂ ਤਕਣਾ ਪਿਆਰ ਵਿਧਾਨ, ਸੋਹਣਾ ਡੇੜ੍ਹ ਸਾਲ ਪਿਛੋਂ ਇਨ੍ਹਾਂ ਦੇ ਹੱਥ ਔਣਾ ਇੰਤਜ਼ਾਮ, ਜਿਸ ਦੇ ਨਾਲ ਕ਼ਲਮ ਚਲਣੀ ਸ਼ਾਹੀਆ। ਗ਼ਰੀਬਾਂ ਦਾ ਹੋਣਾ ਇੰਤਜ਼ਾਮ, ਦੁਖੀਆਂ ਦਾ ਸੁਣਨਾ ਪੈਗ਼ਾਮ, ਭੁਖਿਆਂ ਨਾਲ ਆਪਣਾ ਦਰਦ ਵੰਡਾਈਆ। ਸਾਧਾਂ ਸੰਤਾਂ ਨਾਲ ਮਿਲ ਕੇ ਭੂਮਿਕਾ ਸੋਹੇ ਅਸਥਾਨ, ਭਾਗ ਲਗ ਜਾਏ ਓਸ ਮਕਾਨ, ਜਿਸ ਵਿਚ ਬਹਿ ਕੇ ਡੇਰਾ ਲਾਈਆ। ਕਿਰਪਾ ਕਰੇ ਆਪ ਭਗਵਾਨ, ਸਤਿ ਧਰਮ ਦਾ ਅੰਦਰ ਵਖਾਵੇ ਨਿਸ਼ਾਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਾਲੇ ਘਰ ਦਾ ਚੰਗਾ ਚਲਦਾ ਜਾਏ ਨਜ਼ਾਮ, ਤੋਟ ਰਹਿਣ ਕੋਇ ਨਾ ਪਾਈਆ। ਮੁਸ਼ਕਲ ਹੋ ਜਾਵੇ ਆਸਾਨ, ਦੁਖ ਦਰਦ ਨਾ ਲਾਗੇ ਰਾਈਆ। ਦੀਵਾਨ ਸਾਹਿਬ ਦਾ ਦੀਵਾਨ ਲੱਗੇ ਵਿਚ ਜਹਾਨ, ਜਿਸ ਵਿਚ ਪ੍ਰਭੂ ਦਾ ਨਾਮ ਸਭ ਨੂੰ ਇਕੋ ਜਿਹਾ ਨਜ਼ਰੀ ਆਈਆ।
ਰੂਪ ਲਾਲ ਜੀ ਬੱਤਰਾ, ਮੇਲਾ ਬਿਹਤਰ ਦਿਆਂ ਸੁਣਾਈਆ। ਤੇਰਾ ਕ੍ਰਿਸ਼ਨ ਵੇਲੇ ਦਾ ਖੋਲ੍ਹਾਂ ਪਤਰਾ, ਜਨਮ ਦਿਆਂ ਸਮਝਾਈਆ। ਦ੍ਰੋਣਾਚਾਰਯ ਗੁਰੂ ਯੁਧਿਸ਼ਟਰ ਦਾ ਤੂੰ ਮਿਤਰਾ, ਸੱਜਣ ਸਚਾ ਨਜ਼ਰੀ ਆਈਆ। ਇਕ ਦਿਨ ਸ਼ਸਤਰ ਵਿਦਿਆ ਵਿਚ ਲੱਗਾ ਫ਼ਿਕਰਾ, ਅੰਤਰ ਬੈਠਾ ਧਿਆਨ ਲਗਾਈਆ। ਮੇਰਾ ਕਰਤਬ ਨਹੀਂ ਚੜ੍ਹਿਆ ਸਿਖ਼ਰਾ, ਅਰਜਨ ਵਾਲੀ ਵਿਦਿਆ ਹੱਥ ਨਾ ਆਈਆ। ਯੁਧਿਸ਼ਟਰ ਕਰ ਕੇ ਕਿਹਾ ਜ਼ਿਕਰਾ, ਹੌਲੀ ਜਿਹੀ ਦਿਤਾ ਸਮਝਾਈਆ। ਤੇਰਾ ਸੋਹਣਾ ਸਡੌਲ ਦਿਸੇ ਚਿਤ੍ਰਾ, ਚਿਤਰਕਾਰ ਵੇਖ ਵਖਾਈਆ। ਇਕ ਵੇਰਾਂ ਇਸ ਮਨੁਸ਼ ਜਾਮੇ ਵਿਚੋਂ ਜਾਣਾ ਨਿਕਲ, ਮਨੁਸ਼ ਜਾਮਾ ਫੇਰ ਸਦੀ ਵੀਹਵੀਂ ਤੇਰਾ ਨਜ਼ਰੀ ਆਈਆ। ਓਸ ਵੇਲੇ ਹੁਣ ਮੈਂ ਫੇਰ ਭਗਵਾਨ ਬਣਨਾ ਤੇਰਾ ਮਿਤਰ, ਸੱਜਣਾਂ ਵਰਗਾ ਸੱਜਣ ਦੋਸਤਾਂ ਵਰਗਾ ਦੋਸਤ ਨਜ਼ਰੀ ਆਈਆ। ਤੇਰੀ ਪਤ ਆਵੇ ਰੱਖਣ, ਲੋਕਮਾਤ ਦਏ ਵਡਿਆਈਆ। ਸਤਿ ਸਤਿ ਸਤਿ ਸਚ ਸਚ ਸਚ ਨਗਾਰੇ ਵੱਜਣ, ਢੋਲਾ ਸੋਹਲਾ ਰਾਗ ਅਨਾਦ ਧੁਨ ਇਕੋ ਦਏ ਜਣਾਈਆ। ਇਸ ਤੋਂ ਅਗੇ ਢਾਈਆਂ ਸਾਲਾਂ ਨੂੰ ਫੇਰ ਦੱਸਣਾ ਬਚਨ, ਬਚਿਆ ਲੇਖਾ ਪੂਰਾ ਦੇਣਾ ਸਮਝਾਈਆ।