੨੨ ਫੱਗਣ ੨੦੨੧ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਹਰਦੋਫਰਾਲਾ ਜ਼ਿਲਾ ਜਲੰਧਰ
ਆਕਾਸ਼ ਕਹੇ ਮੈਂ ਵੇਖਿਆ ਖੇਲ ਸੱਚੇ ਰੱਬ ਦਾ, ਰਾਬਤਾ ਸਕੇ ਨਾ ਕੋਇ ਸਮਝਾਈਆ। ਸਚਖੰਡ ਦਵਾਰੇ ਬਹਿ ਕੇ ਸਜਦਾ, ਸਜਦਾ ਦੋ ਜਹਾਨ ਕਰਾਈਆ। ਲੱਭਿਆਂ ਲੋਕਮਾਤ ਕਿਸੇ ਨਾ ਲੱਭਦਾ, ਭੱਜਣ ਵਾਹੋ ਦਾਹੀਆ। ਨਹੀਂ ਪਤਾ ਓਸ ਦੀ ਹਦ ਦਾ, ਕਿਨਾਰਾ ਅੰਤ ਨਾ ਕੋਇ ਜਣਾਈਆ । ਧਾਮ ਵਖਰਾ ਇਕ ਅਲਗ ਦਾ, ਸਰਬਗ ਰਿਹਾ ਸੁਹਾਈਆ। ਜਿਥੇ ਦੀਪਕ ਨਿਰਾਲਾ ਇਕੋ ਜਗਦਾ, ਬਿਨ ਬਾਤੀ ਤੇਲ ਕਰੇ ਰੁਸ਼ਨਾਈਆ। ਓਥੇ ਝਗੜਾ ਨਹੀਂ ਕੋਈ ਅੱਡ ਦਾ, ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਚਰਨ ਧਿਆਨ ਰਖਾਈਆ। ਬਲ ਜ਼ੋਰ ਨਾਲ ਨਹੀਂ ਕੋਈ ਅਗੇ ਵਧਦਾ, ਨਿਮਰਤਾ ਵਿਚ ਸਰਬ ਸਮਾਈਆ। ਓਥੇ ਲੇਖਾ ਨਹੀਂ ਕੋਈ ਤ੍ਰੈਗੁਣ ਅਗਨੀ ਅੱਗ ਦਾ, ਪੰਜ ਤੱਤ ਨਾ ਕੋਇ ਲੜਾਈਆ। ਓਥੇ ਖ਼ਿਆਲ ਨਹੀਂ ਕੋਈ ਮੱਕੇ ਕਾਅਬੇ ਹੱਜ ਦਾ, ਸ਼ਿਵਦਵਾਲਾ ਮਠ ਨਜ਼ਰ ਕੋਇ ਨਾ ਆਈਆ। ਓਥੇ ਜਗਤ ਵਿਦਿਆ ਨਹੀਂ ਕੋਈ ਦੱਸਦਾ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਓਥੇ ਨਾਤਾ ਨਹੀਂ ਕੋਈ ਪਿਤਾ ਪੁੱਤ ਮਾਂ ਬਾਪ ਦਾ, ਭੈਣ ਭਾਈ ਨਜ਼ਰ ਕੋਇ ਨਾ ਆਈਆ। ਓਥੇ ਰਿਸ਼ਤਾ ਨਹੀਂ ਕੋਈ ਸੱਜਣ ਸਾਕ ਦਾ, ਦੋਸਤ ਮਿਤਰ ਨਾ ਕੋਇ ਵਡਿਆਈਆ। ਓਥੇ ਰਾਗ ਨਹੀਂ ਕੋਈ ਤਨ ਰਬਾਬ ਦਾ, ਸੁਰੰਗੀ ਤੰਬੂਰ ਨਾ ਕੋਇ ਵਜਾਈਆ। ਓਥੇ ਖੇਲ ਨਹੀਂ ਸਵਾਲ ਜਵਾਬ ਦਾ, ਸਾਰੇ ਬੈਠੇ ਸੀਸ ਨਿਵਾਈਆ। ਓਥੇ ਝਗੜਾ ਨਹੀਂ ਸ਼ਾਹ ਨਵਾਬ ਦਾ, ਸ਼ਹਿਨਸ਼ਾਹ ਇਕੋ ਬੇਪਰਵਾਹੀਆ।
ਓਥੇ ਮਾਣ ਨਹੀਂ ਕੋਈ ਕਿਸੇ ਰਾਜ ਦਾ, ਸੇਵਕ ਹੋ ਕੇ ਸਾਚੀ ਸੇਵ ਕਮਾਈਆ। ਓਥੇ ਲੇਖਾ ਨਹੀਂ ਕੋਈ ਹਿਸਾਬ ਦਾ, ਚਿਤ੍ਰਗੁਪਤ ਰਾਏ ਧਰਮ ਨੇੜ ਕੋਇ ਨਾ ਆਈਆ। ਇਹ ਖੇਲ ਅਗੰਮੀ ਪਰਵਰਦਿਗਾਰ ਵਾਹਿਦ ਦਾ, ਲਾਸ਼ਰੀਕ ਆਪਣੀ ਕਾਰ ਕਮਾਈਆ। ਉਹ ਨੂਰ ਜ਼ਹੂਰ ਕ਼ਾਦਰ ਗਾਡ ਦਾ, ਇਕ ਇਕੱਲਾ ਡਗਮਗਾਈਆ। ਓਥੇ ਸੁਨੇਹੜਾ ਨਹੀਂ ਕੋਈ ਆਵਾਜ਼ ਦਾ, ਅੰਤਰ ਅੰਤਰ ਆਪਣਾ ਹੁਕਮ ਸੁਣਾਈਆ। ਵੇਖਿਆ ਖੇਲ ਸੱਚੇ ਦਰਬਾਰ ਦਾ, ਸਚ ਸਿੰਘਾਸਣ ਸੋਭਾ ਪਾਈਆ। ਰੂਪ ਅਨੂਪ ਸਤਿ ਪੁਰਖ ਸੱਚੇ ਮਹਾਰਾਜ ਦਾ, ਜਿਸ ਦਾ ਸਾਨੀ ਦੂਸਰ ਨਾ ਕੋਇ ਵਖਾਈਆ। ਹੁਜਰਾ ਵੇਖਿਆ ਹਕ ਮਹਿਰਾਬ ਦਾ, ਜਿਸ ਦੀ ਬਣਤ ਬਾਡੀ ਨਾ ਕੋਇ ਬਣਾਈਆ। ਓਥੇ ਲੇਖਾ ਲਿਖਿਆ ਦੋਆਬ ਦਾ, ਆਬਰੂ ਸਭ ਦੀ ਇਕੋ ਜਿਹੀ ਵਖਾਈਆ । ਓਥੇ ਭਗਤ ਭਗਵੰਤ ਇਕੋ ਜਿਹਾ ਜਾਪਦਾ, ਜੋਤੀ ਜੋਤ ਡਗਮਗਾਈਆ। ਤੂੰ ਮੇਰਾ ਮੈਂ ਤੇਰਾ ਇਕ ਦੂਜੇ ਨੂੰ ਆਖ਼ਦਾ, ਆਖ਼ਰ ਫ਼ੈਸਲਾ ਦਿਤਾ ਸੁਣਾਈਆ। ਵੇਖੋ ਨਿਚੋੜ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਭਵਿਖਤ ਵਾਕ ਦਾ, ਪੁਰਖ ਅਕਾਲ ਰਿਹਾ ਸਮਝਾਈਆ। ਜੋ ਸਭ ਦੇ ਲੇਖੇ ਵਾਚਦਾ, ਅੰਦਰ ਬਾਹਰ ਖੋਜ ਖੁਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲਹਿਣਾ ਦੇਵੇ ਦੇਸ ਦੋਆਬ ਦਾ, ਗੋਬਿੰਦ ਆਪਣੇ ਨਾਲ ਮਿਲਾਈਆ। ਗੋਬਿੰਦ ਕਹੇ ਕਿਉਂ ਮੇਰਾ ਹੋਇਆ ਮਿਲਾਪ, ਸ਼ਬਦੀ ਧਾਰ ਹੋ ਕੇ ਦਿਆਂ ਜਣਾਈਆ। ਲਿਖਤ ਵਾਲਾ ਮੇਰਾ ਹੋਰ ਵਾਕ, ਜੋ ਕ਼ਲਮ ਸ਼ਾਹੀ ਦਿਤੀ ਵਡਿਆਈਆ। ਜਿਹੜੀ ਪੁਰਖ ਅਕਾਲ ਕੀਤੀ ਬਾਤ, ਓਹਦੀ ਸਮਝ ਨਾ ਕੋਇ ਸਮਝਾਈਆ। ਉਸ ਦਾ ਲਹਿਣਾ ਚੁਕਾਵਣ ਆਇਆ ਆਪ, ਆਪਣਾ ਫੇਰਾ ਪਾਈਆ। ਸੇਵਕਾਂ ਦਾ ਸੇਵਕ ਦਾਸਾਂ ਦਾ ਦਾਸ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਪਾਤਸ਼ਾਹ ਬੇਪਰਵਾਹੀਆ। ਸੋਹੰ ਢੋਲਾ ਦੱਸ ਕੇ ਜਾਪ, ਪਤਿਤ ਪਾਪੀ ਕਰਕੇ ਪਾਕ, ਪ੍ਰੇਮ ਪਿਆਰ ਦਾ ਜੋੜ ਕੇ ਨਾਤ, ਸਚ ਵਸਤ ਦੇ ਕੇ ਦਾਤ, ਆਵਣ ਜਾਵਣ ਕਟ ਕੇ ਫਾਸ, ਨਿਜ ਆਤਮ ਕਰਕੇ ਵਾਸ, ਪਵਣ ਰੂਪ ਰਲ ਕੇ ਵਿਚ ਸਵਾਸ, ਜਨਮ ਕਰਮ ਦੀ ਪੂਰੀ ਕਰਕੇ ਆਸ, ਘਾਟ ਆਪਣੇ ਲਏ ਲੰਘਾਈਆ। ਗੋਬਿੰਦ ਕਹੇ ਇਹ ਘਾਟ ਮੇਰਾ ਪਤਣ, ਨਈਆ ਨੌਕਾ ਇਕੋ ਇਕ ਵਖਾਈਆ। ਪੰਜ ਤੱਤ ਕਾਇਆ ਜਾਮਾ ਪਾ ਕੇ ਪਹਿਲੋਂ ਆਇਆ ਦੱਸਣ, ਹੁਣ ਸ਼ਬਦੀ ਹੋ ਕੇ ਪਾਰ ਲੰਘਾਈਆ। ਹਿਰਦੇ ਅੰਦਰ ਆਇਆ ਵਸਣ, ਨਿਰਗੁਣ ਸੋਹਣਾ ਰੂਪ ਵਟਾਈਆ। ਲੱਖ ਚੁਰਾਸੀ ਵਿਚੋਂ ਆਇਆ ਰੱਖਣ, ਮਿਹਰ ਨਜ਼ਰ ਉਠਾਈਆ। ਪ੍ਰੇਮ ਪ੍ਰੀਤੀ ਅੰਦਰ ਆਇਆ ਨੱਚਣ, ਧੁਰ ਦਾ ਸਵਾਂਗ ਵਖਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਵਿਰੋਲ ਥੋੜ੍ਹੇ ਮੱਖਣ, ਨਾਮ ਮਧਾਣੇ ਸਾਫ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵਣਹਾਰ ਗੁਸਾਈਂਆ । ਗੋਬਿੰਦ ਕਹੇ ਮੈਂ ਕਿਉਂ ਗਿਆ ਆ, ਆਪਣਾ ਫੇਰਾ ਪਾਈਆ। ਮੇਰਾ ਕੋਈ ਨਹੀਂ ਗਵਾਹ, ਬਿਨਾ ਪੁਰਖ ਅਕਾਲ ਸ਼ਹਾਦਤ ਨਾ ਕੋਇ ਭੁਗਤਾਈਆ । ਜਨ ਭਗਤਾਂ ਹੋਇਆ ਸਹਾ, ਸਹਾਇਕ ਹੋ ਕੇ ਸੇਵ ਕਮਾਈਆ। ਭਗਤਾਂ ਦੀ ਫੜ ਕੇ ਬਾਂਹ, ਨਿੰਦਰਾ ਆਲਸ ਵਿਚੋਂ ਰਿਹਾ ਜਗਾਈਆ। ਜਨਮ ਕਰ ਕੇ ਧਰਮ ਕਰ ਕੇ ਵਰਨ ਕਰ ਕੇ ਬਰਨ ਕਰ ਕੇ ਜੋ ਹੋਏ ਗੁਮਰਾਹ, ਮਾਣ ਅਭਿਮਾਨ ਆਪਣੇ ਨਾਲ ਰਖਾਈਆ। ਉਨ੍ਹਾਂ ਦੇ ਅੰਦਰ ਵੜ ਕੇ ਫੇਰ ਵੀ ਲਾ ਜਾਵਾਂ ਦਾਅ, ਮਨ ਕਾ ਮਣਕਾ ਦਿਆਂ ਭਵਾਈਆ। ਸਾਚਾ ਮੇਲਾ ਲਵਾਂ ਮਿਲਾ, ਮਿੱਲਤ ਆਪਣੇ ਨਾਲ ਰਖਾਈਆ। ਕੂੜੀ ਕਿਰਿਆ ਕੱਢ ਵਬਾ, ਸਾਫ਼ ਸੁਥਰੇ ਦਿਆਂ ਜਣਾਈਆ। ਜੇ ਸਮਾਂ ਪਾ ਕੇ ਪਿਛਲਾ ਚੇਤਾ ਗਏ ਭੁਲਾ, ਮੈਂ ਨਹੀਂ ਭੁਲਿਆ ਅਭੁਲ ਹੋ ਕੇ ਵੇਖ ਵਖਾਈਆ ।
ਤੁਹਾਡੇ ਪਿਛੇ ਬੱਚਿਆਂ ਭੇਟ ਚੜ੍ਹਾ, ਸੱਚੇ ਤੁਹਾਨੂੰ ਦਿਤਾ ਕਰਾਈਆ । ਆਪ ਆਪਣਾ ਮਾਣ ਮਿਟਾ, ਤੁਹਾਡੇ ਢੋਲੇ ਰਿਹਾ ਗਾਈਆ। ਸਿੱਧਾ ਸਾਖ਼ਿਆਤ ਮਿਲਿਆ ਆ ਕੇ ਆਪ ਖ਼ੁਦਾ, ਪਰਮਾਤਮਾ ਆਤਮਾ ਜੋੜ ਜੁੜਾਈਆ। ਸਾਰੀ ਸ੍ਰਿਸ਼ਟੀ ਨੂੰ ਆਖੋ ਠੋਕ ਵਜਾ, ਆਇਆ ਬੇਪਰਵਾਹੀਆ। ਜੇ ਕੋਈ ਆਖੇ ਤੁਹਾਨੂੰ ਸ਼ੁਦਾ, ਇਹ ਵੀ ਖ਼ੁਸ਼ੀ ਮਨਾਈਆ। ਕਿਉਂ ਤੁਸੀਂ ਓਸ ਤੋਂ ਹੋਏ ਫ਼ਿਦਾ, ਜਿਸ ਦਾ ਫ਼ਿਕਰਾ ਸਾਰੇ ਰਹੇ ਗਾਈਆ। ਅਗੇ ਹੋਣਾ ਨਹੀਂ ਜੁਦਾ, ਮਾਤ ਗਰਭ ਨਾ ਫੇਰ ਵਖਾਈਆ। ਰਲ ਮਿਲ ਭਗਤ ਭਗਵਾਨ ਇਕ ਦੂਜੇ ਦਾ ਸੋਹਲਾ ਲਓ ਗਾ, ਤੂੰ ਮੇਰਾ ਮੈਂ ਤੇਰਾ ਚਾਈਂ ਚਾਈਂਆ। ਤੁਸੀਂ ਮੇਰੇ ਮੈਨੂੰ ਆਪਣਾ ਲਓ ਬਣਾ, ਇਹੋ ਤੁਹਾਡੀ ਭਗਤੀ ਨਜ਼ਰੀ ਆਈਆ। ਫਿਰ ਜਿਥੇ ਚਾਹੋਂ ਉਥੇ ਦਊਂ ਚੜ੍ਹਾ, ਅਧਵਿਚਕਾਰ ਨਾ ਕੋਇ ਅਟਕਾਈਆ। ਜੇ ਆਖੋਂ ਸਚਖੰਡ ਦਵਾਰੇ ਸਦਾ ਚਰਨਾਂ ਵਿਚ ਲਵਾਂ ਟਿਕਾ, ਟਿੱਕੇ ਸੋਹਣੇ ਨਾਮ ਲਗਾਈਆ। ਆਪਣੀ ਛਾਤੀ ਉਤੇ ਲਵਾਂ ਸਵਾ, ਆਪ ਥੱਲੇ ਤੁਹਾਨੂੰ ਉਤੇ ਲਵਾਂ ਰਖਾਈਆ। ਅੰਮ੍ਰਿਤ ਸੀਰ ਦੇਵਾਂ ਪਿਆ, ਬੇਨਜ਼ੀਰ ਮੁਖ ਚਵਾਈਆ। ਏਥੇ ਉਥੇ ਦੋ ਜਹਾਨ ਤੁਹਾਨੂੰ ਕਦੇ ਨਾ ਲੱਗੇ ਵਾ, ਤੱਤੀ ਤਵੀ ਵਾਲਾ ਗੁਰੂ ਅਰਜਨ ਤੁਹਾਡੀ ਦੇਵੇ ਗਵਾਹੀਆ। ਜਿਹੜਾ ਸ਼ੱਮਸ ਗਿਆ ਖੱਲ ਲੁਹਾ, ਮਨਸੂਰ ਫਾਸੀ ਗਲ ਵਿਚ ਪਾਈਆ । ਉਹ ਵੀ ਤੋਬਾ ਕਰ ਕੇ ਕਹੇ ਖ਼ੁਦਾ, ਇਹਨਾਂ ਦਾ ਹੋਣਾ ਸਹਾਈਆ। ਈਸਾ ਮੂਸਾ ਮੁਹੰਮਦ ਰਹੇ ਜਣਾ, ਜਾਨਸ਼ੀਨ ਇਹਨਾਂ ਨੂੰ ਦੇਣਾ ਬਣਾਈਆ । ਤੂੰ ਹੀ ਪਿਤਾ ਤੂੰ ਹੀ ਮਾਂ, ਤੇਰੀ ਗੋਦ ਇਕੋ ਨਜ਼ਰੀ ਆਈਆ। ਤੇਰਾ ਆਦਿ ਜੁਗਾਦੀ ਰੂਪ ਨਿਤ ਨਵਾਂ, ਜੁਗ ਚੌਕੜੀ ਵੇਸ ਵਟਾਈਆ। ਮੈਂ ਤੈਨੂੰ ਰਾਮ ਰਹੀਮ ਖ਼ੁਦਾ ਵਾਹਿਗੁਰੂ ਕਿ ਗਾਡ ਕਹਾਂ, ਕੀ ਤੇਰੀ ਸਿਫ਼ਤ ਸਾਲਾਹੀਆ। ਕਿਸ ਬਿਧ ਤੇਰੀ ਸਰਨੀ ਢਹਾਂ, ਨਮੋ ਨਿਮਸਕਾਰ ਕਰ ਕੇ ਖ਼ੁਸ਼ੀ ਮਨਾਈਆ। ਕਿਸ ਦਵਾਰਿਉਂ ਤੈਨੂੰ ਲਵਾਂ, ਲੱਭਾਂ ਚਾਈਂ ਚਾਈਂਆ। ਸ੍ਰੀ ਭਗਵਾਨ ਕਿਹਾ ਈਸਾ ਮੂਸਾ ਮੁਹੰਮਦ ਸਦੀ ਚੌਧਵੀਂ ਵਕ਼ਤ ਅਖ਼ੀਰੀ ਮੈਂ ਭਗਤਾਂ ਅੰਦਰ ਰਹਾਂ, ਆਪਣਾ ਡੇਰਾ ਲਾਈਆ। ਮੈਨੂੰ ਸਵਾਏ ਹਕ ਹਕ਼ੀਕ਼ਤ ਮੁਹੱਬਤ ਪ੍ਰੇਮ ਪਿਆਰ ਤੋਂ ਹੋਰ ਨਹੀਂ ਤਮਅ, ਇਕੋ ਲਾਲਚ ਮੇਰੀ ਇਹਨਾਂ ਨਾਲੋਂ ਨਾ ਹੋਏ ਜੁਦਾਈਆ। ਇਹਨਾਂ ਦੇ ਅੰਦਰ ਵੜ ਕੇ ਸਵਾਂ, ਬਾਹਰ ਨੀਂਦ ਕੋਇ ਨਾ ਆਈਆ । ਜੇ ਇਹਨਾਂ ਨੂੰ ਕੋਈ ਕੂੜੀ ਕਿਰਿਆ ਦਾ ਕੰਡਾ ਚੁੱਭੇ ਮੈਂ ਆਪਣੇ ਹੱਥ ਇਹਨਾਂ ਦੇ ਪੈਰਾਂ ਹੇਠਾਂ ਡਾਹਵਾਂ, ਉਪਰ ਰਖਾਵਾਂ ਥਾਉਂ ਥਾਈਂਆ। ਕਿਉਂਕਿ ਇਹ ਬਲ ਮੇਰੀਆਂ ਵਿਚ ਬਾਹਵਾਂ, ਚਤੁਰਭੁਜ ਹੋ ਕੇ ਸੇਵ ਕਮਾਈਆ। ਬੇਸ਼ਕ ਇਹਨਾਂ ਨੂੰ ਵਖਰੀਆਂ ਵਖਰੀਆਂ ਜੰਮਿਆ ਮਾਵਾਂ, ਤੱਤਾਂ ਵਾਲਾ ਸਰੀਰ ਦਿਤਾ ਬਣਾਈਆ। ਪਰ ਅਗੇ ਸਭ ਦਾ ਇਕੋ ਜਿਹਾ ਨਾਵਾਂ, ਇਕੋ ਘਰ ਦਿਆਂ ਵਡਿਆਈਆ। ਬੇਸ਼ਕ ਇਹਨਾਂ ਦਾ ਵਸਣਾ ਵਖਰਿਆਂ ਵਖਰਿਆਂ ਗਰਾਵਾਂ, ਅਗੇ ਇਕੋ ਮੰਦਰ ਦਿਆਂ ਬਹਾਈਆ। ਨਿਰਗੁਣ ਹੋ ਕੇ ਸਦਾ ਤਕਦਾ ਰਹਾਂ ਗੁਰਮੁਖਾਂ ਦਿਆਂ ਰਾਹਾਂ, ਰਹਿਬਰ ਹੋ ਕੇ ਖੋਜ ਖੁਜਾਈਆ। ਨੌ ਸੌ ਚਰਾਨਵੇ ਚੌਕੜੀ ਜੁਗ ਪਿਛੋਂ ਜਿਸ ਵੇਲੇ ਜੋਤ ਸਰੂਪ ਹੋ ਕੇ ਆਵਾਂ, ਅੰਤ ਜੋਤੀ ਜੋਤ ਸਾਰੇ ਲਵਾਂ ਮਿਲਾਈਆ। ਜੇ ਪਿਛੇ ਛਡ ਕੇ ਜਾਵਾਂ, ਮੈਨੂੰ ਕੋਈ ਸ੍ਰੀ ਭਗਵਾਨ ਕਹੇ ਨਾ ਰਾਈਆ। ਇਹ ਮੈਨੂੰ ਮੁੱਢ ਦੀਆਂ ਅਦਾਵਾਂ, ਭਗਤ ਤਾਰਨ ਵਾਸਤੇ ਆਪਣਾ ਫੇਰਾ ਪਾਈਆ। ਸਾਖ਼ਿਆਤ ਹੋ ਕੇ ਦਰਸ ਦਿਖਾਵਾਂ, ਸ਼ਬਦ ਜੈਕਾਰੇ ਨਾਲ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੁਹਾਡੀ ਭਗਤੀ ਦਾ ਭਾਗ, ਸ਼ਕਤੀ ਦਾ ਚਿਰਾਗ਼, ਵਿਅਕਤੀ ਦਾ ਵੈਰਾਗ, ਆਪਣੇ ਅੰਤਰ ਪਰਗਟਾਈਆ। ਤੁਹਾਡੇ
ਉਤੇ ਤਰਸ ਕਮਾਵਾਂਗਾ। ਆਪਣੀ ਹੱਥੀਂ ਸੇਵਕ ਬਣ ਕੇ ਆਪ ਵਰਤਾਵਾਂਗਾ। ਤਿੰਨ ਤਿੰਨ ਗੇੜੇ ਸਭ ਦੇ ਅਗੇ ਲਾਵਾਂਗਾ। ਚੜ੍ਹਾ ਕੇ ਆਪਣੇ ਬੇੜੇ, ਸਚ ਮਲਾਹ ਅਖਵਾਵਾਂਗਾ। ਦੂਰ ਦੁਰਾਡਾ ਹੋ ਕੇ ਨੇੜੇ, ਨੇੜੇ ਤੋਂ ਨੇੜੇ ਨਜ਼ਰੀ ਆਵਾਂਗਾ। ਕੋਟਨ ਕੋਟ ਜਨਮ ਤੁਹਾਡੇ ਪਕਵਾਨ ਖਾਧੇ ਬਥੇਰੇ, ਓਸ ਦਾ ਹਿੱਸਾ ਤੁਹਾਡੀ ਝੋਲੀ ਪਾਵਾਂਗਾ। ਜੇ ਤੁਸੀਂ ਹੋ ਗਏ ਮੇਰੇ, ਮੈਂ ਤੁਹਾਡਾ ਹੋ ਕੇ ਆਪਣੀ ਕਾਰ ਕਮਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਵਾਂਗਾ। ਸਾਹਿਬ ਸਤਿਗੁਰ ਹੋਇਆ ਕਿਰਪਾਲ, ਆਪਣੀ ਦਇਆ ਕਮਾਈਆ । ਫੁਲਕੇ ਵੰਡੇ ਨਾਲ ਨਾਲ, ਸੋਹਣੀ ਬਣਤ ਬਣਾਈਆ । ਗੁਰਮੁਖ ਸਿੰਘ ਵਰਤਾਵੇ ਦਾਲ, ਕੜਛੀ ਨਾਮ ਵਾਲੀ ਚਲਾਈਆ। ਜਲ ਪਿਔਣਾ ਸਿੰਘ ਲਾਲ, ਰਾਜ ਨਰਾਇਣ ਗੜਵੇ ਦਏ ਫੜਾਈਆ। ਕਿਸ਼ਨ ਸਿੰਘ ਰਖੇ ਥਾਲ, ਪ੍ਰੇਮ ਨਾਲ ਸਾਫ਼ ਕਰਾਈਆ। ਪੰਜਾਂ ਮਿਲ ਕੇ ਹਰਿਸੰਗਤ ਦੇਣਾ ਖਵਾਲ, ਭੁਖਿਆਂ ਦੇਣਾ ਰਜਾਈਆ। ਇਹ ਸਤਿ ਦਾ ਆਹਾਰ, ਬ੍ਰਹਮ ਮਤਿ ਦਾ ਪਿਆਰ, ਦੇਵੇ ਮਾਣ ਵਡਿਆਈਆ। ਗੁਰਮੁਖਾਂ ਰੁਤ ਬਸੰਤ ਮੌਲੇ ਬਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਤਿਗੁਰ ਇਕ ਅਖਵਾਈਆ। ਦਾਲ ਰੋਟੀ ਕਹੇ ਮੈਂ ਰਹੀ ਤਕ, ਆਪਣਾ ਧਿਆਨ ਲਗਾਈਆ। ਜੁਗ ਚੌਕੜੀ ਗਈ ਥਕ, ਬੈਠੀ ਅੱਖ ਉਠਾਈਆ। ਕਿਉਂ ਇਕ ਵਾਰ ਬਾਲਮੀਕ ਏਥੇ ਰਹਿ ਕੇ ਗਿਆ ਸੀ ਦਿਨ ਅੱਠ, ਮਿਰਗਸ਼ਾਲਾ ਉਤੇ ਡੇਰਾ ਲਾਈਆ। ਓਸ ਦੇ ਕੋਲ ਸੀ ਇਕ ਅਣਤੋਲੀ ਮਿਣੀ ਗਠ, ਜਿਸ ਵਿਚ ਜੌਂ ਰੱਖੇ ਭੁੰਨਾਈਆ। ਉਹਨਾਂ ਵਿਚੋਂ ਇਕ ਦਾਣਾ ਏਥੇ ਗਿਆ ਸੀ ਢਠ, ਜਿਸ ਵੇਲੇ ਉਹ ਆਤਮਾ ਪਰਮਾਤਮਾ ਨਾਲ ਜੁੜਾਈਆ। ਉਹ ਸਭ ਤੋਂ ਹੋ ਕੇ ਵਖ, ਆਪਣੇ ਆਪ ਵਿਚ ਪਛਤਾਈਆ। ਜਿਸ ਵੇਲੇ ਬਾਲਮੀਕ ਏਥੋਂ ਬਾਰਾਂ ਕੋਸ ਅਗੇ ਗਿਆ ਹਟ, ਆਪਣਾ ਪੰਧ ਮੁਕਾਈਆ। ਓਥੇਂ ਭੁੱਜੇ ਜੌਂ ਤੇਰਾਂ ਜਣਿਆਂ ਲਏ ਛਕ, ਇਕ ਦੇ ਨਾਲ ਬਾਰਾਂ ਹੋਰ ਮਿਲਾਈਆ। ਓਧਰੋਂ ਇਕ ਜੌਂ ਦੀ ਆਈ ਆਵਾਜ਼, ਪਾਵੇ ਹਾਲ ਦੁਹਾਈਆ। ਬਾਲਮੀਕ ਕਿੱਥੇ ਮੇਰਾ ਤੈਨੂੰ ਔਣਾ ਸੱਚਾ ਸਵਾਦ, ਮੈਨੂੰ ਹੁਣ ਖ਼ਾਕ ਵਿਚ ਗਿਆ ਰਲਾਈਆ। ਬਾਲਮੀਕ ਦੀ ਅੰਦਰੋਂ ਖ਼ੁਲ੍ਹ ਗਈ ਜਾਗ, ਪਿੱਛੇ ਅੱਖ ਉਠਾਈਆ । ਧੁਰ ਦੇ ਹੁਕਮ ਨਾਲ ਕਿਹਾ ਨਾ ਹੋ ਨਰਾਜ, ਤੈਨੂੰ ਦਿਆਂ ਦ੍ਰਿੜਾਈਆ। ਤੇਰਾ ਸਭ ਦੇ ਨਾਲੋਂ ਚੰਗਾ ਬਣੇ ਸਵਾਦ, ਰਸ ਸਾਚਾ ਰੂਪ ਵਟਾਈਆ। ਜੌਂ ਕਿਹਾ ਕਵਣ ਮੇਰੀ ਪੂਰੀ ਕਰੇ ਖ਼ਾਹਿਸ਼, ਮੈਨੂੰ ਦੇ ਸਮਝਾਈਆ। ਬਾਲਮੀਕ ਕਿਹਾ ਜਿਸ ਵੇਲੇ ਆਵੇ ਪੁਰਖ ਅਬਿਨਾਸ਼, ਜੋਤੀ ਜਾਤਾ ਫੇਰਾ ਪਾਈਆ । ਕਲਜੁਗ ਅੰਤ ਤੂੰ ਓਸ ਦਾ ਬਣਨਾ ਖਾਜ, ਖ਼ਾਹ ਮਖ਼ਾਹ ਨਾ ਕੋਇ ਲੜਾਈਆ। ਓਸ ਕਿਹਾ ਮੈਨੂੰ ਦੱਸ ਓਹਦੇ ਲੱਭਣ ਦੀ ਜਾਚ, ਕਿਸ ਬਿਧ ਵੇਖਾਂ ਅੱਖ ਖੁਲ੍ਹਾਈਆ। ਬਾਲਮੀਕ ਕਿਹਾ ਕਮਲਿਆ ਓਹਦੇ ਸਿਰ ਤੇ ਹੋਣਾ ਤਾਜ, ਦੋ ਜਹਾਨਾਂ ਮਾਲਕ ਬੇਪਰਵਾਹੀਆ। ਭਗਤਾਂ ਦੀ ਹੋਣੀ ਜਮਾਤ, ਸੰਤਾਂ ਦਾ ਸੰਗ ਵਖਾਈਆ। ਅਨਾਥਾਂ ਦਾ ਹੋਣਾ ਨਾਥ, ਗ਼ਰੀਬਾਂ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਚੁਕਾਈਆ। ਜੌਂ ਕਿਹਾ ਕੀ ਸਚ ਮੈਨੂੰ ਖਾਵੇ, ਧੁਰ ਫ਼ਰਮਾਨ ਦੇ ਸਮਝਾਈਆ। ਬਾਲਮੀਕ ਕਿਹਾ ਹਾਂ ਉਹ ਭਗਤਾਂ ਰਾਹ ਤਕਾਵੇ, ਜੁਗ ਜੁਗ ਵੇਖ ਵਖਾਈਆ। ਬਾਲਮੀਕ ਕਿਹਾ ਨਾਲ ਦਾਅਵੇ, ਹੁਕਮ ਦਿਤਾ ਦ੍ਰਿੜਾਈਆ। ਜੌਂ ਕਿਹਾ ਕੀ ਉਹ ਜ਼ਰੂਰ ਏਥੇ ਆਵੇ, ਆਪਣਾ ਫੇਰਾ ਪਾਈਆ। ਓਹਦੀ ਕੀ ਨਿਸ਼ਾਨੀ ਕਿਸ ਬਿਧ ਸਮਝਾਵੇ, ਮੈਨੂੰ ਦੇ ਦ੍ਰਿੜਾਈਆ। ਬਾਲਮੀਕ ਕਿਹਾ ਉਹ ਸੋਹੰ
ਢੋਲਾ ਗਾਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਖਵਾਈਆ। ਹਰ ਘਟ ਅੰਦਰ ਰਾਵੇ, ਰਹਿਬਰ ਨੂਰ ਖ਼ੁਦਾਈਆ। ਭਗਤਾਂ ਦੀ ਵੇਲ ਵਧਾਵੇ, ਵਲਦੀਅਤ ਆਪਣੀ ਦਏ ਸਮਝਾਈਆ। ਜੌਂ ਕਿਹਾ ਕੀ ਭਗਤਾਂ ਨੂੰ ਭੁੱਖਾ ਰਖਾਵੇ, ਹੋਰ ਨਜ਼ਰ ਕੁਛ ਨਾ ਆਈਆ। ਬਾਲਮੀਕ ਕਿਹਾ ਨਹੀਂ ਓਹਨਾਂ ਨੂੰ ਆਪਣੀ ਹੱਥੀਂ ਆਪ ਰਜਾਵੇ, ਭੁੱਖਿਆਂ ਭੁਖ ਗਵਾਈਆ। ਜਿਹੜਾ ਦੇ ਨਾ ਕਦੀ ਪਛਤਾਵੇ, ਉਹ ਮਾਲਕ ਆਵੇ ਧੁਰਦਰਗਾਹੀਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੀਤ ਸਿੰਘ ਦੇ ਕਾਰਨ ਫੇਰਾ ਪਾਵੇ, ਰੋਟੀਆਂ ਦਾ ਲਾਲਚ ਨਾ ਕੋਇ ਰਖਾਈਆ। ਰੋਟੀ ਖਾਣ ਨਹੀਂ ਆਇਆ ਟੁੱਕਰ, ਦੁੱਧ ਪੀਣ ਦੀ ਆਸ ਨਾ ਕੋਇ ਰਖਾਈਆ। ਜੁਗ ਚੌਕੜੀ ਦੇ ਵਿਹਾਰ ਪਿਛੇ ਆਇਆ ਉਤਰ, ਦੂਰ ਦੁਰਾਡਾ ਬੇਪਰਵਾਹੀਆ। ਵੇਖਿਉ ਕਿਸੇ ਖਰਚ ਪਿਛੇ ਘਰ ਵਿਚ ਕਰਿਉ ਨਾ ਘੁਸਰ ਘੁਸਰ, ਸਚ ਦਿਆਂ ਸਮਝਾਈਆ। ਇਹ ਸਮਾਂ ਬੜਾ ਔਖਾ ਮਿਲਦਾ ਮੁਸ਼ਕਲ, ਲੱਭਿਆਂ ਹੱਥ ਕਿਸੇ ਨਾ ਆਈਆ। ਸ਼ੁਕਰ ਕਰੋ ਭਾਗ ਲੱਗਾ ਤੁਹਾਡੀ ਕੁਲ, ਕੁੱਲ ਮਾਲਕ ਹੋਇਆ ਸਹਾਈਆ। ਤੁਸੀਂ ਕੀ ਕ਼ੀਮਤ ਦਿਓ ਤੇ ਕੀ ਚੁਕਾਓ ਮੁੱਲ, ਕਵਣ ਤਰਾਜ਼ੂ ਤੋਲ ਤੁਲਾਈਆ। ਸਚ ਪੁਛੋ ਤੁਸੀਂ ਮੇਰੇ ਪਿਆਰ ਪ੍ਰੇਮ ਦੇ ਅਗੰਮੀ ਫੁਲ, ਜਿਨ੍ਹਾਂ ਦੇ ਵਿਚ ਸੁਗੰਧੀ ਅੰਦਰ ਦਿਤੀ ਟਿਕਾਈਆ। ਅਜੇ ਵੀ ਰਾਤ ਦਾ ਲੇਖਾ ਹਿਸਾਬ ਕਰ ਲਿਉ ਕੁੱਲ, ਬਹੱਤਰਾਂ ਉਤੇ ਅੰਕ ਨਾ ਕੋਇ ਵਧਾਈਆ। ਇਹ ਸੰਗਤ ਦਾ ਅਸੂਲ, ਅਸਲ ਰਿਹਾ ਦ੍ਰਿੜਾਈਆ । ਸਭ ਨੇ ਮਿਲ ਕੇ ਸੇਵਾ ਕਰਨੀ ਸਮਝਣਾ ਨਹੀਂ ਕੋਈ ਲੱਗਾ ਮਾਸੂਲ, ਮਸਾਲ ਨਵੀਂ ਕਾਇਮ ਕਰਾਈਆ । ਇਸ ਦਾ ਲਹਿਣਾ ਸਾਰਿਆਂ ਨੂੰ ਪਹਿਲੀ ਚੇਤ ਤੋਂ ਪਹਿਲੋਂ ਹੋਏ ਵਸੂਲ, ਮਾਕੂਲ ਦਿਆਂ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੁਹਾਨੂੰ ਕਰੇ ਕ਼ਬੂਲ, ਵੱਡੇ ਛੋਟੇ ਬੁੱਢੇ ਨੱਢੇ ਨੌਜਵਾਨ ਬਿਰਧ ਬਾਲ ਆਪਣੀ ਝੋਲੀ ਪਾਈਆ। ਲੰਗਰ ਕਹੇ ਹੇ ਪ੍ਰਭੂ ਮੈਨੂੰ ਛਕੌਣਾ ਨਾਲ ਪਿਆਰ, ਗੁਰਮੁਖਾਂ ਦੇਣਾ ਖਵਾਈਆ। ਆਪਣਾ ਸਿੰਘਾਸਣ ਡਾਹੀਂ ਵਿਚਕਾਰ, ਚਾਰੋਂ ਕੁੰਟ ਪੰਗਤ ਲੈਣੀ ਟਿਕਾਈਆ। ਸਾਰਿਆਂ ਦੇ ਮੁਖ ਅੰਦਰ ਪਿਠ ਹੋਵੇ ਬਾਹਰ, ਮੈਂ ਵੇਖਾਂ ਚਾਈਂ ਚਾਈਂਆ। ਬਾਕੀ ਲੇਖਾ ਹੋਰ ਵਿਹਾਰ, ਜੋ ਖਾਣ ਤੋਂ ਬਾਦ ਦਏ ਲਿਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਕਰਨੀ ਕਾਰ ਕਮਾਈਆ।
੨੨ ਫੱਗਣ ੨੦੨੧ ਬਿਕ੍ਰਮੀ ਗੁਰਮੀਤ ਸਿੰਘ ਦੇ ਗ੍ਰਹਿ ਪਿੰਡ ਹਰਦੋਫਰਾਲਾ ਜ਼ਿਲਾ ਜਲੰਧਰ
ਆਕਾਸ਼ ਕਹੇ ਮੈਂ ਤਕਿਆ ਨਜ਼ਾਰਾ, ਬੇਨਜ਼ੀਰ ਨਜ਼ਰ ਉਠਾਇੰਦਾ। ਕਰੇ ਖੇਲ ਅਗੰਮ ਅਪਾਰਾ, ਪਰਮ ਪੁਰਖ ਪ੍ਰਭ ਆਪਣੀ ਕਾਰ ਕਮਾਇੰਦਾ । ਠਾਕਰਾਂ ਦਾ ਠਾਕਰ ਸੇਵਕਾਂ ਦਾ ਸੇਵਕ ਖ਼ਿਦਮਤਗਾਰਾ, ਖ਼ਾਦਮ ਆਪਣਾ ਰੂਪ ਵਟਾਇੰਦਾ। ਜੁਗ ਚੌਕੜੀ ਦੇਵਣਹਾਰ ਅਧਾਰਾ, ਲਹਿਣਾ ਦੇਣਾ ਸਭ ਦੀ ਝੋਲੀ ਪਾਇੰਦਾ। ਨੇਤਰ ਤਕਿਆ ਵਸ਼ਿਸ਼ਟ ਰਾਮ ਬਾਲਮੀਕ ਬਟਵਾਰਾ, ਦਰ ਠਾਂਡੇ ਸੋਭਾ ਪਾਇੰਦਾ। ਤ੍ਰੇਤੇ ਜੁਗ ਦਾ ਲੇਖਾ ਜਿਸ ਵਿਚਾਰਾ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਸਚ ਪ੍ਰੀਤੀ ਆਪ ਵਖਾਇੰਦਾ। ਜਿਸ ਦਾ ਕਾਗ਼ਜ਼ ਕ਼ਲਮ ਸ਼ਬਦ ਨਾਦ ਧੁਨ ਸ਼ਾਸਤਰ ਸਿਮਰਤ ਵੇਦ ਪੁਰਾਨ ਦੇਵੇ ਨਾ ਕੋਇ ਅਹਿਵਾਲਾ, ਗੀਤਾ ਗਿਆਨ ਸਮਝ ਕੋਇ ਨਾ ਪਾਇੰਦਾ। ਜਿਸ ਦੀ ਖੋਜ ਕਰਦੇ ਗਏ ਗੁਰੂ ਅਵਤਾਰਾ, ਪੀਰ ਪੈਗ਼ੰਬਰ ਰਾਹ ਤਕਾਇੰਦਾ । ਵਸਣਹਾਰਾ ਹਕ ਮੁਕ਼ਾਮੀ ਪਰਵਰਦਿਗਾਰਾ, ਜਲਵਾ ਨੂਰ ਖ਼ੁਦਾਏ ਪਤਿਪਰਮੇਸ਼ਵਰ ਪਾਰਬ੍ਰਹਮ ਜੋਤੀ ਜਾਤਾ ਡਗਮਗਾਇੰਦਾ। ਧਰਤੀ ਧਰਤ ਧਵਲ
ਪ੍ਰਿਥਮੀ ਆਕਾਸ਼ ਖੋਲ੍ਹਣਹਾਰ ਕਿਵਾੜਾ, ਪਰਦਾ ਓਹਲਾ ਦੋ ਜਹਾਨਾਂ ਆਪ ਚੁਕਾਇੰਦਾ। ਜੋਤੀ ਨੂਰ ਬਖ਼ਸ਼ਣਹਾਰਾ ਰਵ ਸਸ ਸੂਰਜ ਚੰਦ ਸਿਤਾਰਾ, ਮੰਡਲ ਮੰਡਪ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਖੋਜ ਖੁਜਾਇੰਦਾ। ਆਦਿ ਜੁਗਾਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਇੰਦਾ। ਆਕਾਸ਼ ਕਹੇ ਮੈਂ ਨਹੀਂ ਦੱਸਣ ਯੋਗ, ਸਿਫ਼ਤਾਂ ਵਿਚ ਨਾ ਕੋਇ ਸਲਾਹੀਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜਨ ਭਗਤਾਂ ਦੇਵੇ ਦਰਸ ਅਮੋਘ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਪੂਰਬ ਲੇਖਾ ਲਹਿਣਾ ਦੇਣਾ ਜਾਣ ਧੁਰ ਸੰਜੋਗ, ਜੁਗ ਚੌਕੜੀ ਵਿਛੜੇ ਜਗਤ ਜੋਗੀਸ਼ਰ ਤਪੀਸ਼ਰ ਲਏ ਮਨਾਈਆ। ਜਿਸ ਦੇ ਨੇਤਰ ਲੋਚਨ ਨੈਣ ਦਰਸ਼ਨ ਰਹੇ ਲੋਚ, ਸੋ ਆਸਾ ਮਨਸਾ ਅੰਤਰ ਆਤਮ ਪੂਰ ਕਰਾਈਆ। ਜਨਮ ਕਰਮ ਦਾ ਕਟ ਕੇ ਵਿਜੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਆਕਾਸ਼ ਕਹੇ ਮੈਂ ਵੇਖਿਆ ਪੁਰਖ ਅਕਾਲ ਦਾ ਰੂਪ, ਅਨਕ ਕਲਧਾਰੀ ਆਪਣਾ ਵੇਸ ਵਟਾਈਆ। ਦੀਨ ਦਿਆਲਾ ਹੋ ਕੇ ਪਹੁੰਚਿਆ ਓਸ ਕੂਟ, ਜਿਸ ਦਾ ਲੇਖਾ ਸਹਿਜ ਸੁਭਾਈਆ। ਭਗਤਾਂ ਸਦ ਸੁਹਾਈ ਰੁਤ, ਕਲ ਰੁਤੜੀ ਆਪ ਮਹਿਕਾਈਆ। ਪੂਰਬ ਲੇਖਾ ਦੇਵਣ ਆਇਆ ਕੁਛ, ਜਨਮ ਜਨਮ ਖੋਜ ਖੁਜਾਈਆ। ਕਰੇ ਖੇਲ ਆਪ ਦਰੁਸਤ, ਦੂਸਰ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਮੂਲ ਚੁਕਾਈਆ। ਆਕਾਸ਼ ਕਹੇ ਮੈਂ ਵੇਖਿਆ ਗੁਰਮੁਖ ਗੁਰ ਗੁਰ ਲਾਲ, ਵੱਜੇ ਸਚ ਵਧਾਈਆ। ਰਾਜ ਨਰੈਣ ਦਾ ਇਕ ਪਿਆਰ, ਪ੍ਰੀਤਮ ਵੰਡ ਵੰਡਾਈਆ। ਬਾਲਮੀਕ ਦਾ ਲਾਹੁਣ ਆਇਆ ਉਧਾਰ, ਲੇਖਾ ਧੁਰ ਦਾ ਰਿਹਾ ਵਖਾਈਆ। ਮਾਛੂਵਾੜੇ ਗੋਬਿੰਦ ਸੇਜਾ ਸੱਥਰ ਜੋ ਕੀਤਾ ਦਿਤਾ ਦਾਨ, ਵਸਤ ਅਗੰਮ ਝੋਲੀ ਪਾਈਆ। ਓਸ ਦਾ ਅੰਤ ਅਖ਼ੀਰੀ ਹਿੱਸਾ ਪਕਿਆ ਪਕਵਾਨ, ਦੋ ਜਹਾਨ ਖ਼ੁਸ਼ੀ ਮਨਾਈਆ। ਦੇਵਤਸੁਰ ਰਿਖ ਮੁਨ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਕਰ ਧਿਆਨ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਬ੍ਰਹਿਮੰਡ ਖੰਡ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀਆਂ ਨਾਲ ਢੋਲੇ ਗਾਣ, ਵਾਹ ਵਾਹ ਤੇਰੀ ਵਜਦੀ ਰਹੇ ਵਧਾਈਆ । ਧਰਤੀ ਸ਼ਬਦ ਅਗੰਮੀ ਸੁਣੇ ਨਾਲ ਕਾਨ, ਅੰਤਮ ਅੰਤਰ ਆਪਣਾ ਧਿਆਨ ਲਗਾਈਆ । ਖ਼ੁਸ਼ੀਆਂ ਨਾਲ ਖੇਲ ਵੇਖੇ ਸ੍ਰੀ ਭਗਵਾਨ, ਹਰਿ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਚੁਕਾਈਆ। ਆਕਾਸ਼ ਕਹੇ ਮੈਂ ਪੂਰਬ ਲੇਖਾ ਵੇਖਾਂ ਚੁਕਦਾ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਵਕ਼ਤ ਸੁਹੰਜਣਾ ਹੋਇਆ ਸੁਖ ਦਾ, ਭਿੰਨੜੀ ਰੈਣ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਰੂਪ ਦਿਸੇ ਮਨੁਖ ਦਾ, ਸਚਖੰਡ ਨਿਵਾਸੀ ਆਪਣਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣ ਆਇਆ ਸਾਚਾ ਵਰ, ਵਾਰਤਾ ਅਗਲੀ ਪਿਛਲੀ ਆਪਣੇ ਨਾਲ ਰਲਾਈਆ। ਵਿਛੋੜਾ ਕਹੇ ਮੈਂ ਗਿਆ ਆ, ਜੁਗ ਚੌਕੜੀ ਪੰਧ ਮੁਕਾਈਆ। ਨੌ ਖੰਡ ਪ੍ਰਿਥਮੀ ਸਤ ਦੀਪ ਫੇਰਾ ਪਾ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਚਾਰ ਕੁੰਟ ਵੇਖਿਆ ਸੱਚਾ ਲੱਭਾ ਨਾ ਕੋਈ ਥਾਂ, ਥਾਨ ਥਨੰਤਰ ਫੋਲ ਫੁਲਾਈਆ। ਕਿਸੇ ਨੇ ਸੂਰ ਖਾਧਾ ਕਿਸੇ ਨੇ ਖਾਧੀ ਗਾਂ, ਸ੍ਰੀ ਭਗਵਾਨ ਇਸ਼ਟ ਨਾ ਕੋਈ ਮਨਾਈਆ। ਚਾਰੇ ਖਾਣੀ ਦਿਸੀ ਵੈਰਾਂ, ਚਾਰੇ ਬਾਣੀ ਦਏ ਦੁਹਾਈਆ। ਗੁਰ ਅਵਤਾਰ ਪਕੜੇ ਕੋਈ ਨਾ ਬਾਂਹ, ਪੀਰ ਪੈਗ਼ੰਬਰ ਨਾ ਕੋਈ ਸਹਾਈਆ। ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਕਰਨ ਗੁਨਾਹ, ਜੂਠ ਝੂਠ ਭਰੀ
ਲੋਕਾਈਆ। ਤੀਰਥ ਤਟ ਫਿਰੇ ਸ਼ੈਤਾਂ, ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਹੋਵੇ ਲੜਾਈਆ। ਕਲਜੁਗ ਜੀਵ ਹੰਸ ਬੁੱਧੀ ਹੋਈ ਕਾਂ, ਮਨ ਵਾਸਨਾ ਰਹੀ ਕੁਰਲਾਈਆ। ਸਾਚਾ ਝੁੱਲੇ ਨਾ ਕੋਈ ਨਿਸ਼ਾਂ, ਨਿਸ਼ਾਨਾ ਤੀਰ ਨਾ ਕੋਈ ਚਲਾਈਆ। ਮਹਿਬੂਬ ਮੁਹੱਬਤ ਵਿਚ ਮਿਲਿਆ ਨਾ ਕੋਈ ਮਿਹਰਵਾਂ, ਅਰਸ਼ ਫ਼ਰਸ਼ ਪਰਦਾ ਨਾ ਕੋਈ ਉਠਾਈਆ। ਜੁਗ ਚੌਕੜੀ ਵਿਛੜਿਆਂ ਸਕੇ ਨਾ ਕੋਈ ਮਿਲਾ, ਆਤਮ ਪਰਮਾਤਮ ਇਕੋ ਘਰ ਵਸਾਈਆ। ਏਥੇ ਓਥੇ ਦੋ ਜਹਾਨਾਂ ਦਿਸਿਆ ਨਾ ਕੋਇ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਜੁਗ ਚੌਕੜੀ ਜਿਸ ਦਾ ਸੁਣਦਾ ਰਿਹਾ ਨਾਂ, ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੀ ਸਿਫ਼ਤ ਸਾਲਾਹੀਆ। ਓਹ ਮਾਲਕਾਂ ਦਾ ਮਾਲਕ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ, ਨਿਰਗੁਣ ਨਿਰਵੈਰ ਨਜ਼ਰੀ ਆਈਆ । ਜੋ ਭਗਤਾਂ ਦਾ ਪੂਰਬ ਲਹਿਣਾ ਦੇਣਾ ਰਿਹਾ ਮੁਕਾ, ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਕਲਜੁਗ ਰਿਹਾ ਮਿਲਾਈਆ। ਰਾਮ ਵਸ਼ਿਸ਼ਟ ਜਿਨ੍ਹਾਂ ਦੇ ਬਣੇ ਗਵਾਹ, ਸ਼ਹਾਦਤ ਸਚ ਭੁਗਤਾਈਆ। ਜਿਸ ਦਾ ਗੋਬਿੰਦ ਲਹਿਣਾ ਰਿਹਾ ਮੁਕਾ, ਮੁਕੰਮਲ ਆਪਣਾ ਹੁਕਮ ਮਨਾਈਆ। ਓਥੇ ਝੁਕਦੇ ਵੇਖ ਜ਼ਿਮੀਂ ਅਸਮਾਂ, ਸਜਦੇ ਕਰ ਕਰ ਧੂੜੀ ਖ਼ਾਕ ਰਮਾਈਆ। ਸੰਤ ਸੁਹੇਲੇ ਸਾਚਾ ਢੋਲਾ ਗਾਨ, ਤੂੰ ਮੇਰਾ ਮੈਂ ਤੇਰਾ ਦੂਜੀ ਧਾਰ ਨਾ ਕੋਈ ਵਖਾਈਆ। ਦੋ ਸੌ ਪੈਂਠ ਸਾਲ ਪਿਛੋਂ ਪੱਕਿਆ ਓਹ ਪਕਵਾਨ, ਜਿਸ ਦਾ ਲੇਖਾ ਧੁਰ ਦਾ ਨਜ਼ਰੀ ਆਈਆ। ਮਿਹਰਵਾਨ ਆਇਆ ਵਰਤਾਨ, ਵਾਰਤਾ ਪਿਛਲੀ ਨਾਲ ਰਲਾਈਆ। ਸੰਤ ਸੁਹੇਲੇ ਆਏ ਖਾਣ, ਗੁਰਮੁਖ ਆਪਣਾ ਪੰਧ ਮੁਕਾਈਆ। ਜਿਨ੍ਹਾਂ ਦੇ ਅੰਤਰ ਆਤਮ ਬ੍ਰਹਮ ਗਿਆਨ, ਪਰਮਾਤਮ ਦਏ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਪਕਵਾਨ ਕਹੇ ਮੈ ਕਿਸ ਬਿਧ ਪੱਕਾ, ਤਵਿਆਂ ਉਤੇ ਦਿਤਾ ਤਪਾਈਆ। ਮੈਂ ਵੇਖਿਆ ਖੇਲ ਸਭ ਕੁਛ ਅੱਖਾ, ਨੇਤਰ ਨੇਤਰਾਂ ਨਾਲ ਮਿਲਾਈਆ। ਇਹ ਗੋਬਿੰਦ ਦਾ ਅਗੰਮੀ ਭੱਤਾ, ਜਿਸ ਨੂੰ ਆਤਮ ਸਵਾਣੀ ਸਮਝ ਕੋਈ ਨਾ ਪਾਈਆ। ਇਸ ਦੇ ਅੰਤਰ ਭੇਵ ਅਨੋਖਾ ਰੱਖਾ, ਪੜਦਾ ਨਾ ਕੋਇ ਉਠਾਈਆ। ਜਿਸ ਵੇਲੇ ਨਾਮੇ ਦੀ ਗਾਂ ਜਵਾਈ ਦੁੱਧ ਚੁੰਗਿਆ ਵੱਛਾ, ਛੰਨਿਆਂ ਭੋਗ ਲਗਾਈਆ। ਓਸ ਵੇਲੇ ਖੇਲ ਅਗੰਮੀ ਇਕ ਦੱਸਾ, ਸ਼ਬਦੀ ਇਕ ਵਰਤਾਈਆ। ਸੁਣ ਹੁਕਮ ਸੰਦੇਸ਼ਾ ਧਰਮੀ ਬੱਚਾ, ਭੇਵ ਦਿਆਂ ਖੁਲ੍ਹਾਈਆ। ਤੇਰੇ ਸੀਰ ਨਾਲੋਂ ਗ਼ਰੀਬ ਦਾ ਪਕਵਾਨ ਕਰਨਾ ਚੰਗਾ, ਕਲਜੁਗ ਅੰਤ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪਕਵਾਨ ਕਹੇ ਜਿਸ ਗੁਰਮੁਖ ਮੈਨੂੰ ਖਾਧਾ, ਪ੍ਰੇਮ ਮੇਰੇ ਨਾਲ ਰਖਾਈਆ। ਓਸ ਨੂੰ ਗੋਬਿੰਦ ਮਿਲੇ ਪਿਤਾ ਪੁਰਖ ਅਕਾਲ ਦਾਦਾ, ਦੋਹਾਂ ਦਾ ਮੇਲਾ ਸਹਿਜ ਸੁਭਾਈਆ। ਪਿਛਲਿਆਂ ਨਾਲੋਂ ਅਗੇ ਹੋਰ ਹੋਵੇ ਵਾਧਾ, ਵਾਸਤਾ ਪ੍ਰਭੂ ਆਪਣੇ ਨਾਲ ਜੁੜਾਈਆ। ਭੂਪਾਂ ਦਾ ਭੂਪ ਰਾਜਨਾਂ ਦਾ ਰਾਜਾ, ਸ਼ਹਿਨਸ਼ਾਹ ਬਖ਼ਸ਼ਣਹਾਰ ਸ਼ਰਨਾਈਆ। ਵਿਛੋੜਾ ਕਹੇ ਪ੍ਰਭ ਬਦਲਣ ਆਇਆ ਸਮਾਜਾ, ਸਮਗਰੀ ਧੁਰ ਦੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਵਿਛੋੜਾ ਕਹੇ ਮੈਂ ਭਗਤੋ ਤੁਹਾਡਾ ਖਹਿੜਾ ਜਾਣਾ ਛੱਡ, ਮੁੜ ਕੇ ਨੇੜ ਕਦੇ ਨਾ ਆਈਆ। ਤੁਸੀਂ ਕਦੇ ਨਾ ਹੋਇਓ ਅੱਡ, ਪਰਮਾਤਮ ਨਾਲ ਆਪਣਾ ਜੋੜ ਜੁੜਾਈਆ। ਕਾਇਆ ਕਾਅਬੇ ਅੰਦਰ ਓਸ ਦਾ ਕਰਿਓ ਹੱਜ, ਸਾਡੇ ਤਿੰਨ ਹੱਥ ਮੰਦਰ ਲੈਣਾ ਸੁਹਾਈਆ। ਅੰਮ੍ਰਿਤ ਆਤਮ ਸਚ ਪਿਆਲਾ ਪੀਣਾ ਰੱਜ, ਨਿਝਰ ਝਿਰਨਾ ਇਕ ਝਿਰਾਈਆ। ਸ਼ਬਦ ਅਗੰਮੀ ਨਾਦ ਜਾਏ ਵੱਜ, ਧੁਨ ਆਤਮਕ ਰਾਗ ਸੁਣਾਈਆ।
ਜੋਤ ਨਿਰੰਜਣ ਹੋਵੇ ਪਰਕਾਸ਼, ਅੰਧ ਅੰਧੇਰਾ ਦਏ ਗਵਾਈਆ । ਮੈਂ ਸਤਿ ਸਚ ਸਦੀ ਵੀਹਵੀਂ ਤੁਹਾਨੂੰ ਦਿਆਂ ਆਖ, ਧੁਰ ਫ਼ਰਮਾਣਾ ਇਕ ਸਮਝਾਈਆ । ਵਿਛੋੜੇ ਵਾਲੀ ਭੁਲ ਕੇ ਫੇਰ ਨਾ ਕਰਿਓ ਬਾਤ, ਬਾਹਰ ਬਾਤਨ ਆਪਣਾ ਰੰਗ ਰੰਗਾਈਆ। ਤੁਹਾਡਾ ਮਾਲਕ ਪੁਰਖ ਅਬਿਨਾਸ਼, ਜੋ ਸਵਾਸ ਸਵਾਸ ਰਿਹਾ ਸਮਾਈਆ। ਜੋ ਲਹਿਣਾ ਦੇਣਾ ਪੂਰਬ ਜਨਮ ਦੇਵੇ ਲੋਕਮਾਤ, ਜਨਮ ਕਰਮ ਵੇਖ ਵਖਾਈਆ। ਵੇਖੋ ਸ਼ਹਾਦਤ ਦੇਵੇ ਭਿੰਨੜੀ ਰੈਣ ਨਾਲ ਰਾਤ, ਆਪਣਾ ਹਾਲ ਸੁਣਾਈਆ। ਮੈਨੂੰ ਸੋਹਣੀ ਲੱਗੀ ਜਮਾਤ, ਚਾਰ ਵਰਨ ਵੰਡ ਨਾ ਕੋਈ ਵੰਡਾਈਆ। ਖ਼ੁਸ਼ੀ ਹੋਇਆ ਆਕਾਸ਼, ਦੇਵਣ ਆਇਆ ਵਧਾਈਆ। ਜਿਨ੍ਹਾਂ ਢੋਲਾ ਗਾਇਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚੀ ਗਾਥ, ਏਥੇ ਓਥੇ ਲੇਖਾ ਗਏ ਮੁਕਾਈਆ। ਸਚਖੰਡ ਦਵਾਰੇ ਚਰਨ ਪ੍ਰੀਤੀ ਸਾਚਾ ਮਿਲੇ ਧੁਰ ਦਾ ਰਾਜ, ਧਰੂ ਕੋਲੋਂ ਅਗੇ ਦੇਵੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਵਿਛੋੜਾ ਕਹੇ ਮੈਂ ਜਾਣਾ ਨਠ, ਗੁਰਮੁਖਾਂ ਅੰਦਰ ਰਹਿਣ ਨਾ ਪਾਈਆ। ਜਿਨ੍ਹਾਂ ਨੂੰ ਆ ਗਈ ਪ੍ਰਭ ਦੀ ਮਤਿ, ਮਨ ਮਤਿ ਗਏ ਤਜਾਈਆ। ਓਹਨਾਂ ਦੇ ਅੰਦਰ ਇਕ ਰਸ, ਨੌ ਰਸ ਰਸ ਨਾ ਕੋਇ ਵਖਾਈਆ। ਪ੍ਰੇਮ ਪਿਆਰ ਪ੍ਰੀਤੀ ਅੰਦਰ ਗਏ ਬੱਝ, ਸਾਚਾ ਨਾਤਾ ਲਿਆ ਜੁੜਾਈਆ । ਜਿਨ੍ਹਾਂ ਨੇ ਭੋਜਨ ਖਾਧਾ ਰੱਜ, ਭੁਖਿਆਂ ਭੁਖ ਦਏ ਮਿਟਾਈਆ। ਅੰਤ ਦਵਾਰੇ ਆਪਣੇ ਸੱਦ, ਸਦਨੇ ਵਾਲਾ ਸੱਚਾ ਰੰਗ ਦਏ ਚੜ੍ਹਾਈਆ। ਕਬੀਰ ਜੁਲਾਹੇ ਨਾਲ ਮਿਲ ਕੇ ਪੈਣਾ ਹੱਸ, ਨਾਮਾ ਧੰਨਾ ਤੁਹਾਡਾ ਭਾਈ ਦਿਆਂ ਵਖਾਈਆ । ਇਹ ਲੇਖਾ ਰਵਿਦਾਸ ਚਮਾਰੇ ਹੱਥ, ਪਾਣਹਾ ਗੰਢਣ ਵਾਲਾ ਕ਼ਲਮ ਰਿਹਾ ਚਲਾਈਆ। ਅਗੇ ਹੋਣ ਨਹੀਂ ਦੇਣਾ ਤੁਹਾਨੂੰ ਅੱਡ, ਵਖਰਾ ਧਾਮ ਨਾ ਕੋਇ ਵਖਾਈਆ। ਤ੍ਰੈਗੁਣ ਮਾਇਆ ਬੁਝਾ ਕੇ ਅੱਗ, ਅੰਮ੍ਰਿਤ ਜਾਮ ਦੇਣਾ ਪਿਆਈਆ । ਜਿਸ ਧਰਤੀ ਉਤੇ ਬਾਲਮੀਕ ਰਹਿ ਕੇ ਗਿਆ ਸੀ ਦਿਨ ਅੱਠ, ਓਸੇ ਜਗਹ ਆਪਣਾ ਆਸਣ ਲਾਈਆ। ਓਸ ਦਾ ਲਹਿਣਾ ਮਕੌਣ ਆਇਆ ਗੁਰਮੁਖਾਂ ਦਾ ਕਰਨ ਆਇਆ ਇਕੱਠ, ਗੋਬਿੰਦ ਮੇਲਾ ਸਹਿਜ ਸੁਭਾਈਆ। ਸਚ ਪੁੱਛੋ ਚਰਨਾਂ ਥੱਲੇ ਧਰਨੀ ਰਹੀ ਹਸ, ਧਵਲ ਆਪਣੀ ਖ਼ੁਸ਼ੀ ਮਨਾਈਆ। ਮਿੱਟੀ ਧੂੜ ਖ਼ਾਕ ਗਾਵੇ ਜਸ, ਢੋਲਾ ਰਾਗ ਅਲਾਈਆ। ਸਤਿ ਧਰਮ ਦਾ ਜਿਥੇ ਖੁਲ੍ਹਣਾ ਹੱਟ, ਪੁਰਖ ਅਕਾਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਵਿਛੋੜਾ ਕਹੇ ਮੈਂ ਹੋਣਾ ਦੂਰ, ਹਰਿਜਨ ਨੇੜ ਕਦੇ ਨਾ ਆਈਆ। ਜਿਨ੍ਹਾਂ ਦਾ ਸਾਹਿਬ ਹਾਜ਼ਰ ਹਜ਼ੂਰ, ਹਜ਼ਰਤ ਬੇਪਰਵਾਹੀਆ। ਅੰਤਰ ਆਤਮ ਬਖ਼ਸ਼ਣਹਾਰਾ ਨੂਰ, ਦੀਵਾ ਬਾਤੀ ਕਮਲਾਪਾਤੀ ਇਕ ਜਗਾਈਆ। ਨਾਤਾ ਤੋੜ ਕੇ ਕੂੜੋ ਕੂੜ, ਸਤਿ ਸਚ ਦਏ ਵਡਿਆਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹ, ਗੁਰਮੁਖ ਆਪਣੇ ਰੰਗ ਰੰਗਾਈਆ। ਧੁਰ ਦਾ ਮਾਲਕ ਬਣ ਕੇ ਕੰਤ ਕੰਤੂਹਲ, ਸੰਤ ਸੁਹੇਲਾ ਇਕ ਅਖਵਾਈਆ। ਜਨਮ ਕਰਮ ਕਰ ਕੇ ਗਏ ਜੋ ਭੂਲ, ਤਿਨ੍ਹਾਂ ਭੁੱਲਿਆਂ ਆਪਣਾ ਭੇਵ ਰਿਹਾ ਖੁਲ੍ਹਾਈਆ। ਪਿਛਲਾ ਲੇਖਾ ਸਭ ਨੇ ਕਰਨਾ ਵਸੂਲ, ਹਿਸਾਬ ਕਿਤਾਬ ਥਾਉਂ ਥਾਈਂ ਝੋਲੀ ਪਾਈਆ। ਕਰਨੀ ਦਾ ਕਰਤਾ ਦੇਵਣ ਦਾ ਦਾਤਾ ਦਇਆਵਾਨ ਹੋਇਆ ਮਸ਼ਹੂਰ, ਜ਼ਰੂਰ ਵੇਖੇ ਥਾਉਂ ਥਾਈਂਆ। ਗੁਰਮੁਖੋ ਤੁਸੀਂ ਓਸੇ ਦਾ ਨੂਰ, ਜਿਸਦਾ ਜ਼ਹੂਰ ਦੋ ਜਹਾਨ ਨਜ਼ਰੀ ਆਈਆ। ਮਾਲਕ ਖ਼ਾਲਕ ਪ੍ਰਿਤਪਾਲਕ ਸਰਬ ਕਲਾ ਭਰਪੂਰ, ਹਰਿ ਦਾਤਾ ਇਕ ਅਖਵਾਈਆ। ਭਾਵੇਂ ਹਾਜ਼ਰ ਨਹੀਂ ਫਿਰ ਵੀ ਲੇਖਾ ਮੁਕਾ ਦੇ ਸਿੰਘ ਕਪੂਰ, ਜੋ ਪਿਛਲਾ ਸਾਥੀ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਦੇਵਣਹਾਰ ਸੱਚੀ ਵਡਿਆਈਆ। ਵਿਛੋੜਾ ਕਹੇ ਮੈਂ ਜਾਣਾ ਭੱਜ, ਨੱਠਾਂ ਵਾਹੋ ਦਾਹੀਆ। ਗੁਰਮੁਖੋ ਤੁਹਾਡੇ ਨਾਲੋਂ ਹੋ ਕੇ ਅੱਡ, ਮਨਮੁਖਾਂ ਅੰਦਰ ਡੇਰਾ ਲਾਈਆ । ਮੈਨੂੰ ਕੋਈ ਨਾ ਸਕੇ ਕਢ, ਉਹ ਬੈਠੇ ਪ੍ਰਭੂ ਭੁਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕੋਈ ਨਾ ਸਕੇ ਲਭ, ਮੰਦਰ ਮਸਜਿਦ ਸ਼ਿਵਦਵਾਲੇ ਮਠ ਹੱਥ ਕਿਸੇ ਨਾ ਆਈਆ। ਮੈਂ ਤੱਕਾਂ ਓਥੇ ਜਿਥੇ ਸਾਇਆ ਪੈਂਦਾ ਕਵਲ ਨਭ, ਸੁਖਮਨ ਟੇਢੀ ਬੰਕ ਆਪਣਾ ਪੰਧ ਮੁਕਾਈਆ। ਜਿਥੇ ਪੰਜ ਵਿਕਾਰਾ ਲਏ ਦਬ, ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਹਲਕਾਈਆ। ਮੈਂ ਅੰਦਰ ਵੜ ਕੇ ਜੂਠ ਝੂਠ ਵਜਾਵਾਂ ਨਦ, ਢੋਲਾ ਸੋਹਲਾ ਇਕ ਸੁਣਾਈਆ। ਸ੍ਰੀ ਭਗਵਾਨ ਨਾਲੋਂ ਕਰਕੇ ਅੱਡ, ਮੂਰਖ ਮੁਗਧਾਂ ਸਦਾ ਉਠਾਈਆ। ਜਿਸ ਵੇਲੇ ਵੇਖਾਂ ਭਗਤ ਭਗਵਾਨ ਦੀ ਯਦ, ਨੇਤਰ ਨੈਣ ਅੱਖ ਨਾ ਸਕਾਂ ਉਠਾਈਆ। ਮੈਂ ਵਾਅਦਾ ਕਰਕੇ ਜਾਵਾਂ ਅੱਜ, ਵਿਛੋੜਾ ਸਭ ਨੂੰ ਰਿਹਾ ਸਮਝਾਈਆ। ਜਿਸ ਵੇਲੇ ਚਾਹੋ ਪੁਰਖ ਅਕਾਲ ਦੀਨ ਦਿਆਲ ਨੂੰ ਆਪਣੇ ਘਰ ਲਉ ਸਦ, ਆਤਮ ਅੰਤਰ ਪਰਮਾਤਮ ਨਜ਼ਰੀ ਆਈਆ। ਦਰਸ਼ਨ ਕਰੋ ਚੜ੍ਹ ਕੇ ਉਪਰ ਸ਼ਾਹਰਗ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਮੇਲਾ ਲਏ ਮਿਲਾਈਆ। ਜਿਸ ਦਾ ਲੰਮਾ ਚੌੜਾ ਵੱਡਾ ਛੋਟਾ ਬੁੱਢਾ ਨੱਢਾ ਜਾਣੇ ਨਾ ਕੋਇ ਕ਼ਦ, ਨੂਰ ਨੂਰ ਜੋਤੀ ਜੋਤ ਡਗਮਗਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਤੁਹਾਡੇ ਅੰਦਰ ਬੈਠਾ ਸਜ, ਸਾਜਣ ਹੋ ਕੇ ਸਹਿਜ ਸਹਿਜ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਵਿਛੋੜਾ ਕਹੇ ਮੈਂ ਤੁਹਾਥੋਂ ਜਾਣਾ ਵਿਛੜ, ਵਿਛੜਿਆਂ ਮੇਲ ਨਾ ਕੋਇ ਮਿਲਾਈਆ। ਜਨ ਭਗਤੋ ਤੁਹਾਨੂੰ ਕਾਹਦਾ ਫ਼ਿਕਰ, ਤੁਹਾਡਾ ਮਾਲਕ ਪੁਰਖ ਅਕਾਲ ਨਜ਼ਰੀ ਆਈਆ। ਜਿਸ ਦੇ ਭੈ ਭਉ ਨਾਲ ਮੈਂ ਜਾਣਾ ਨਿਕਲ, ਪਿਛੇ ਫਿਰ ਨਾ ਮੁਖ ਭਵਾਈਆ। ਸ਼ਬਦ ਅਗੰਮੀ ਬਣਨਾ ਤੁਹਾਡਾ ਮਿਤਰ, ਜਿਸ ਨੂੰ ਗੋਬਿੰਦ ਕਹਿ ਕਹਿ ਸਾਰੇ ਗਾਈਆ। ਹੁਣ ਕਿਹੜੇ ਬਾਜ਼ਾਂ ਨਾਲ ਲੜੌਣੇ ਤਿੱਤਰ, ਪ੍ਰੇਮ ਪ੍ਰੀਤੀ ਇਕ ਸਿਖਾਈਆ। ਉਸ ਦਾ ਖੇਲ ਬੜਾ ਵਿਚਿਤ੍ਰ, ਚਲਿਤ੍ਰ ਸਮਝ ਕਿਸੇ ਨਾ ਆਈਆ। ਜੇ ਪਿਛੇ ਗਏ ਵਿਛੜ, ਅਗੇ ਮੇਲਾ ਲਏ ਕਰਾਈਆ। ਗਲ ਲਾਏ ਭਰੀਆਂ ਚਿੱਕੜ, ਦੁਰਮਤ ਮੈਲ ਧੁਆਈਆ। ਆਤਮ ਸੇਜ ਸੁਹੰਜਣੀ ਸੁਹਾਏ ਸਾਚਾ ਬਿਸਤਰ, ਸਾਂਗੋ ਪਾਂਗ ਨਾਲੋਂ ਚੰਗੀ ਦੇਵੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਆਪਣੇ ਲੇਖੇ ਪਾਈਆ। ਵਿਛੋੜਾ ਕਹੇ ਮੇਰਾ ਵੇਲਾ ਅੰਤ ਅਖ਼ੀਰ, ਆਖ਼ਰ ਦਿਆਂ ਜਣਾਈਆ। ਗੁਰਮੁਖੋ ਤੁਹਾਡੀ ਬਦਲਣ ਆਇਆ ਤਕ਼ਦੀਰ, ਜ਼ਮੀਰ ਆਪਣੀ ਰਿਹਾ ਸਮਝਾਈਆ। ਲੇਖੇ ਲਾ ਕੇ ਸ਼ਾਹ ਹਕੀਰ, ਰੰਗ ਇਕੋ ਰਿਹਾ ਚੜ੍ਹਾਈਆ। ਪਰਵਰਦਿਗਾਰ ਬੇਨਜ਼ੀਰ, ਨਜ਼ਰ ਆਪਣੀ ਇਕ ਉਠਾਈਆ। ਅੰਮ੍ਰਿਤ ਜਾਮ ਪਿਆ ਕੇ ਸੀਰ, ਸਰਬ ਰੋਗ ਰਿਹਾ ਗਵਾਈਆ। ਜਿਸ ਦੀ ਸਿਫ਼ਤ ਕਰੇ ਕ਼ੁਰਾਨ ਮਜੀਦ, ਤੀਸ ਬਤੀਸੇ ਢੋਲੇ ਗਾਈਆ। ਸੋ ਤੁਹਾਨੂੰ ਕਰਨ ਆਇਆ ਤਬਲੀਗ਼, ਕਰੇ ਸਚ ਪੜ੍ਹਾਈਆ । ਤੁਹਾਡੇ ਨੇੜ ਨਾ ਆਏ ਕੋਈ ਅਬਲੀਸ, ਸ਼ੈਤਾਨ ਸ਼ਰਅ ਨਾ ਕੋਇ ਲੜਾਈਆ। ਵਿਛੋੜਾ ਕਹੇ ਮੈਂ ਕਰ ਕੇ ਜਾਵਾਂ ਨਸੀਹਤ, ਧੁਰ ਦਾ ਹੁਕਮ ਮਨਾਈਆ। ਗੁਰਮੁਖੋ ਤੁਹਾਡੇ ਅੰਦਰ ਆ ਜਾਵੇ ਅਸਲੀਅਤ, ਕੂੜੀ ਕਿਰਿਆ ਬਾਹਰ ਦੇਣੀ ਕਢਾਈਆ। ਪ੍ਰਭ ਦੇ ਕੋਲੋਂ ਲਿਖਾ ਲੈਣੀ ਵਸੀਅਤ, ਮਰਨ ਤੋਂ ਪਹਿਲੋਂ ਆਪਣੇ ਘਰ ਲੈ ਕੇ ਜਾਵੇ ਚਾਈਂ ਚਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਵਿਛੋੜਾ ਕਹੇ ਮੈਂ ਮੁਕੌਣਾ ਪੰਧ, ਪਾਂਧੀ ਬਣ ਕੇ ਦਿਆਂ ਜਣਾਈਆ।
ਗੁਰਮੁਖੋ ਲੋਕਮਾਤ ਚੜ੍ਹਨਾ ਸਾਚਾ ਚੰਦ, ਧੁਰ ਦਾ ਨੂਰ ਕਰ ਰੁਸ਼ਨਾਈਆ। ਮੈਂ ਚਾਹੁੰਦਾ ਤੁਹਾਡੇ ਭੰਡਾਰੇ ਵਿਚੋਂ ਇਕੋ ਟੁਕੜਾ ਲਵਾਂ ਮੰਗ, ਜੋ ਚੌਥਾ ਹਿੱਸਾ ਨਜ਼ਰੀ ਆਈਆ। ਜਿਸ ਨੂੰ ਖਾ ਕੇ ਮੈਨੂੰ ਪਵੇ ਠੰਡ, ਅਗਨੀ ਅੱਗ ਨਾ ਕੋਇ ਤਪਾਈਆ। ਮੈਂ ਗਾਵਾਂ ਓਹੋ ਛੰਦ, ਜੋ ਢੋਲਾ ਰਹੇ ਸੁਣਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੇ ਵਿਚ ਇਕ ਅਨੰਦ, ਪਰਮਾਨੰਦ ਨਿਜਾਨੰਦ ਨਾਲ ਮਿਲਾਈਆ । ਅੰਗੀਕਾਰ ਕਰ ਕੇ ਲਾ ਅੰਗ, ਵਿਛੋੜਾ ਵਿਛੜਿਆਂ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰਾ ਸਰਬੰਗ, ਬ੍ਰਹਿਮੰਡ ਖੰਡ ਆਪੇ ਖੋਜ ਖੁਜਾਈਆ। ਵਿਛੋੜਾ ਕਹੇ ਮੈਨੂੰ ਕਰੋ ਮੁਆਫ਼, ਬੇਨੰਤੀ ਇਕ ਸੁਣਾਈਆ। ਮੈਂ ਬਣਿਆ ਰਿਹਾ ਗੁਸਤਾਖ਼, ਜੁਗ ਜੁਗ ਫੇਰਾ ਪਾਈਆ । ਸਦੀ ਵੀਹਵੀਂ ਮੇਰੀ ਖੁਲ੍ਹ ਗਈ ਜਾਗ, ਆਲਸ ਨਿੰਦਰਾ ਦਿਤੀ ਗਵਾਈਆ। ਜਾਂ ਵੇਖਿਆਂ ਮੈਂ ਜਾਣਿਆ ਬੁੱਝਿਆ ਤੁਹਾਡਾ ਮਾਲਕ ਪੁਰਖ ਅਬਿਨਾਸ਼, ਸ੍ਰੀ ਭਗਵਾਨ ਨਜ਼ਰੀ ਆਈਆ। ਮੈਂ ਬਣ ਕੇ ਦਾਸੀ ਦਾਸ, ਨਿਉਂ ਨਿਉਂ ਸੀਸ ਦਿਤਾ ਝੁਕਾਈਆ। ਬੇਨੰਤੀ ਕਰ ਕੇ ਕਿਹਾ ਪ੍ਰਭੂ ਤੂੰ ਵਸੀਂ ਇਨ੍ਹਾਂ ਪਾਸ, ਮੈਂ ਪਲੂ ਰਿਹਾ ਛੁਡਾਈਆ। ਇਹ ਤੇਰਾ ਖੇਲ ਤਮਾਸ਼, ਤੇਰੀ ਬੇਪਰਵਾਹੀਆ। ਅੰਤਰ ਆਤਮ ਕਰ ਲਾ ਦਾਸ, ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦੇ ਗਵਾਈਆ । ਭਿੰਨੜੀ ਰੈਣ ਵੇਖ ਰਾਤ, ਭਗਤਾਂ ਦੀ ਬਣੀ ਜਮਾਤ, ਸੋਹਣਾ ਦੇ ਦੇ ਸਾਥ, ਅੰਤ ਅਖ਼ੀਰੀ ਜਾਵਾਂ ਆਖ, ਦਾਤ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਸਾਹਿਬ ਸਤਿਗੁਰ ਤੇਰੀ ਸੱਚੀ ਸਰਨਾਈਆ। ਪੁਰਖ ਅਕਾਲ ਦਇਆ ਕਮੌਂਦਾ ਏ। ਦੀਨ ਦਿਆਲ ਆਖ ਸੁਣੌਂਦਾ ਏ। ਵਿਛੋੜੇ ਤੇਰਾ ਲੇਖਾ ਪੰਧ ਮੁਕੌਂਦਾ ਏ। ਸੰਤ ਸੁਹੇਲੇ ਆਪਣੇ ਨਾਲ ਜੋੜੇ, ਆਤਮ ਪਰਮਾਤਮ ਗੰਢ ਵਖੌਂਦਾ ਏ। ਲੱਖ ਚੁਰਾਸੀ ਕੋਟਾਂ ਵਿਚੋਂ ਥੋੜ੍ਹੇ, ਜਿਨ੍ਹਾਂ ਆਪਣੀ ਗੋਦ ਬਹੌਂਦਾ ਏ। ਬਾਂਕੇ ਨੱਢੇ ਬਣਾ ਕੇ ਛੋਹਰੇ, ਮੂਹਰੇ ਆਪਣੇ ਆਪ ਲਗੌਂਦਾ ਏ। ਜੋ ਪ੍ਰੇਮ ਪ੍ਰੀਤੀ ਅੰਦਰ ਸੋਹੰ ਗਾਵਣ ਦੋਹਰੇ, ਦੋਹਰਾ ਨਾਤਾ ਦੋਹਾਂ ਨਾਲ ਬਣੌਂਦਾ ਏ। ਦਰ ਆਇਆਂ ਕਦੇ ਨਾ ਮੋੜੇ, ਖ਼ਾਲੀ ਝੋਲੀ ਸਰਬ ਭਰੌਂਦਾ ਏ। ਸ਼ਬਦ ਅਗੰਮੀ ਚਾੜ੍ਹ ਕੇ ਘੋੜੇ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪਾਰ ਲੰਘੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰੌਂਦਾ ਏ। ਮਿਹਰ ਨਜ਼ਰ ਨਾਲ ਤਰਾਵਾਂਗਾ। ਮਹਿਬੂਬ ਹੋ ਕੇ ਮੁਹੱਬਤ ਇਕ ਸਿਖਾਵਾਂਗਾ। ਸਾਚੇ ਅਰਸ਼ ਅਰੂਜ, ਅਰਸ਼ਾਂ ਤੋਂ ਉਪਰ ਆਪ ਚੜ੍ਹਾਵਾਂਗਾ। ਮੰਜ਼ਲ ਦੱਸ ਕੇ ਇਕ ਮਕ਼ਸੂਦ, ਮਹਿਫ਼ਲ ਸਾਚੇ ਘਰ ਜਣਾਵਾਂਗਾ । ਆਰ ਪਾਰ ਦੀ ਪਾਰ ਕਰਾ ਕੇ ਹਦੂਦ, ਹਜ਼ਰਤ ਧੁਰ ਦਾ ਆਪ ਮਿਲਾਵਾਂਗਾ। ਮੁਰੀਦ ਮੁਰਸ਼ਦ ਮੁਰਸ਼ਦ ਮੁਰੀਦ ਇਕ ਦੂਜੇ ਨੂੰ ਲੈਣ ਬੂਝ, ਪਰਦਾ ਉਹਲਾ ਆਪ ਚੁਕਾਵਾਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਲੇਖ ਕਟਾਵਾਂਗਾ। ਜਗਤ ਵਿਛੋੜਾ ਲੇਖ ਮੁਕਾਏਗਾ। ਭੋਰਾ ਭੋਰਾ ਸਚ ਭੰਡਾਰਾ ਜੋ ਜਨ ਰਸਨਾ ਜਿਹਵਾ ਖਾਏਗਾ। ਓਨ੍ਹਾਂ ਦੀਆਂ ਪੂਰੀਆਂ ਕਰਾਂ ਲੋੜਾਂ, ਭਾਂਡਾ ਭਰਮ ਭੌ ਤੁੜਾਏਗਾ। ਓਥੇ ਕੀ ਕਰੇ ਵਿਛੋੜਾ ਜਿਥੇ ਭਗਤ ਭਗਵਾਨ ਦਾ ਜੋੜਾ, ਧੁਰ ਦਾ ਸੰਗੀ ਸੰਗ ਵਖਾਏਗਾ। ਅੱਜ ਤੋਂ ਵਿਛੋੜੇ ਨੂੰ ਜਵਾਬ ਮਿਲ ਗਿਆ ਕੋਰਾ, ਤੁਹਾਡੇ ਨੇੜੇ ਕਦੇ ਨਾ ਆਏਗਾ। ਰਾਤ ਨੂੰ ਸੁੱਤਿਆਂ ਤੁਹਾਡੇ ਅੰਦਰ ਵੜ ਜਾਵਾਂ ਵਾਂਗ ਚੋਰਾਂ, ਸੋਈ ਸੁਰਤੀ ਸ਼ਬਦ ਸਵਾਣੀ ਆਪ ਹਿਲਾਏਗਾ। ਨਾਮ ਦੱਸ ਕੇ ਮੰਤਰ ਫੋਰਾ, ਫੁਰਨੇ ਆਪਣੇ ਵਿਚ ਸਮਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਏਗਾ। ਵਿਛੋੜਾ
ਕਹੇ ਮੈਂ ਵੇਖਿਆ ਖੇਲ ਭਗਤ ਕੁਲ ਦਾ, ਕੁੱਲ ਆਲਮ ਦਿਆਂ ਜਣਾਈਆ। ਏਥੇ ਲਹਿਣਾ ਦੇਣਾ ਨਹੀਂ ਕੋਈ ਕ਼ੀਮਤ ਮੁੱਲ ਦਾ, ਪ੍ਰੇਮ ਪਿਆਰ ਮਿਲੇ ਵਡਿਆਈਆ। ਬਿਨ ਹਰਿ ਕਿਰਪਾ ਲੋਕਮਾਤ ਨਹੀਂ ਕੋਈ ਲੇਖਾ ਫੁਲ ਦਾ, ਗ਼ੁੰਚਾ ਕਲੀ ਨਾ ਕੋਇ ਮਹਿਕਾਈਆ । ਬਿਨ ਸਾਚੇ ਸਤਿਗੁਰ ਦੋ ਜਹਾਨਾਂ ਸਭ ਕੋਈ ਰੁਲਦਾ, ਫੜ ਬਾਹੋਂ ਗਲੇ ਨਾ ਕੋਇ ਲਗਾਈਆ। ਜੋ ਸਾਹਿਬ ਸਤਿਗੁਰ ਚਰਨ ਪ੍ਰੀਤੀ ਘੋਲ ਘੁਲਦਾ, ਆਪ ਆਪਣਾ ਜਾਏ ਮਿਟਾਈਆ। ਉਹ ਓਸ ਕੰਡੇ ਉਤੇ ਤੁਲਦਾ, ਜਿਸ ਦਾ ਵਜ਼ਨ ਅਠਾਰਾਂ ਭਾਰ ਕਹਿ ਨਾ ਕੋਇ ਸਮਝਾਈਆ। ਇਹ ਖੇਲ ਅਗੰਮ ਅਥਾਹ ਪੁਰਖ ਅਕਾਲ ਅਤੋਲ ਅਤੁਲ ਦਾ, ਬੇਮਿਸਾਲ ਮਿਸਲ ਆਪਣੀ ਰਿਹਾ ਬਣਾਈਆ। ਸੰਤ ਸੁਹੇਲਾ ਕਦੇ ਨਾ ਰੁਲਦਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਧਰਨੀ ਕਹੇ ਮੈਨੂੰ ਯਾਦ ਆ ਗਈ ਫੇਰ ਪਹਿਲੀ ਤਾਰੀਖ਼, ਜਿਸ ਦਿਨ ਬਾਲਮੀਕ ਚਲਿਆ ਬਣ ਕੇ ਰਾਹੀਆ। ਜੌਂ ਕਿਹਾ ਮੈਂ ਕਰਦਾ ਰਿਹਾ ਉਡੀਕ, ਤਿੰਨ ਜੁਗ ਧਿਆਨ ਲਗਾਈਆ। ਵਸ਼ਿਸ਼ਟ ਕਹੇ ਮੈਂ ਆਖ ਕੇ ਗਿਆ ਠੀਕ, ਮੇਲਾ ਹੋਣਾ ਸਹਿਜ ਸੁਭਾਈਆ। ਰਾਮ ਕਹੇ ਮੈਂ ਕਰਨ ਆਇਆ ਤਸਦੀਕ਼, ਸ਼ਹਾਦਤ ਦਿਆਂ ਭੁਗਤਾਈਆ। ਦੋਹਾਂ ਬਾਲਿਆਂ ਦਾ ਰੂਪ ਇਕ ਰਾਜਾ ਤੇ ਇਕ ਚੀਉਂਟੀ ਬਣਿਆ ਬਾਰੀਕ, ਗੋਬਿੰਦ ਦੋਹਾਂ ਮੇਲਾ ਸਹਿਜ ਸੁਭਾਈਆ। ਓਸੇ ਦੇ ਵਿਚ ਤੌਫ਼ੀਕ਼, ਜੋ ਵਿਛੜੇ ਰਿਹਾ ਮਿਲਾਈਆ। ਦੂਰ ਦੁਰਾਡਾ ਨੇਰਨ ਨੇਰਾ ਸਦਾ ਵਸੇ ਨਜ਼ਦੀਕ, ਘਰ ਘਰ ਸੋਭਾ ਪਾਈਆ। ਜਿਸ ਦਾ ਆਦਿ ਜੁਗਾਦਿ ਕੋਈ ਨਹੀਂ ਸ਼ਰੀਕ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸੋ ਦੇਵਣ ਆਇਆ ਸੱਚੀ ਤਰਤੀਬ, ਮਾਰਗ ਧੁਰ ਦਾ ਰਿਹਾ ਵਖਾਈਆ । ਲਹਿਣਾ ਦੇਣਾ ਚੁਕਾਵੇ ਸ਼ਾਹ ਹਕੀਰ, ਗ਼ਰੀਬਾਂ ਦੋਹਾਂ ਗੋਦ ਬਿਠਾਈਆ। ਧਰਨੀ ਕਹੇ ਮੇਰੇ ਜਾਗੇ ਅੱਜ ਨਸੀਬ, ਦੁਖੜੇ ਦਿਤੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਧਰਨੀ ਕਹੇ ਕੁਛ ਮੈਥੋਂ ਲਓ ਪੁਛ, ਮੈਂ ਆਪਣਾ ਲੇਖਾ ਦਿਆਂ ਜਣਾਈਆ। ਪੁਰਖ ਅਕਾਲ ਖੇਲ ਕੀਤਾ ਸਚ ਮੁਚ, ਸਾਜਣ ਹੋ ਕੇ ਦਇਆ ਕਮਾਈਆ। ਪ੍ਰੇਮ ਪਿਆਰ ਪ੍ਰੀਤੀ ਅੰਦਰ ਗਿਆ ਰੁਝ, ਨਾ ਰੱਖੀ ਆਪਣੀ ਕੋਈ ਮਾਣ ਵਡਿਆਈਆ। ਭਗਤ ਸੁਹੇਲੇ ਵੇਖ ਕੇ ਸੁਤ, ਛੋਟੇ ਬਾਲਿਆਂ ਹੋਇਆ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਬਖ਼ਸ਼ੀ ਇਕ ਸਰਨਾਈਆ। ਧਰਨੀ ਕਹੇ ਮੇਰਾ ਖ਼ੁਸ਼ੀ ਬੰਦ ਬੰਦ, ਬੰਦਨਾ ਇਕ ਜਣਾਈਆ। ਮੈਨੂੰ ਆਇਆ ਉਹ ਅਨੰਦ, ਜੋ ਅਨੰਦਪੁਰੀ ਵਾਲਾ ਘਰ ਰਾਣੀ ਭੋਗ ਗਿਆ ਲਗਾਈਆ। ਓਸ ਦੀ ਅੰਤ ਅਖ਼ੀਰ ਵੰਡ, ਕੀੜੀ ਦਾ ਲੇਖ ਮੁਕਾਈਆ। ਮਾਲਕ ਹੋ ਕੇ ਸੂਰਾ ਸਰਬੰਗ, ਨੰਗੀ ਪੈਰੀਂ ਸੇਵ ਕਮਾਈਆ। ਭੁੱਖਾ ਰਹੇ ਨਾ ਕੋਈ ਲਾਡਲਾ ਚੰਦ, ਦਰਦੀਆਂ ਦਰਦ ਵੰਡਾਈਆ। ਲੋਕ ਲਜਿਆ ਨਾ ਕੋਈ ਸੰਗ, ਖ਼ੁਸ਼ੀਆਂ ਨਾਲ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਧਰਨੀ ਕਹੇ ਜਿਸ ਵੇਲੇ ਸੋਹਣੀ ਬੈਠੀ ਪੰਗਤ, ਭੈਣ ਭਾਈ ਨਜ਼ਰੀ ਆਈਆ। ਰੂਪ ਵਖਰਾ ਚੜ੍ਹਿਆ ਰੰਗਤ, ਖ਼ੁਸ਼ੀ ਬੈਠੀ ਡੇਰਾ ਲਾਈਆ। ਇਕੋ ਆਸ ਇਕੋ ਮੰਗਤ, ਅੰਦਰ ਇਕ ਧਿਆਨ ਜਣਾਈਆ। ਪੁਰਖ ਅਕਾਲ ਵੇਖਿਆ ਧੁਰ ਦੀ ਸੰਗਤ, ਸਤਿ ਸਤਿਵਾਦੀ ਸੋਭਾ ਪਾਈਆ। ਬੋਧ ਅਗਾਧੇ ਅਗੰਮੀ ਪੰਡਤ, ਜਿਨ੍ਹਾਂ ਹੋਈ ਨਾਮ ਪੜ੍ਹਾਈਆ। ਨਾਤਾ ਟੁਟ ਗਿਆ ਜੇਰਜ ਅੰਡਜ, ਉਤਭੁਜ ਸੇਤਜ ਨਾ ਕੋਇ ਭੁਆਈਆ। ਜਨ ਭਗਤੋ ਤੁਹਾਨੂੰ ਅਗੇ ਕਿਸੇ ਦੀ ਕਰਨੀ ਪਏ
ਨਾ ਮਿੰਨਤ, ਆਵਣ ਜਾਵਣ ਲੱਖ ਚੁਰਾਸੀ ਫੰਦ ਦਿਤਾ ਕਟਾਈਆ। ਸਚਖੰਡ ਦਵਾਰਾ ਤੁਹਾਡੀ ਸਿੱਧੀ ਸਿੰਮਤ, ਚਿਤਰ ਗੁਪਤ ਰਾਜਾ ਧਰਮ ਰਾਹ ਵਿਚ ਨਾ ਕੋਇ ਅਟਕਾਈਆ। ਤੁਹਾਡੀ ਵੇਖ ਕੇ ਜਨਮ ਜਨਮ ਦੀ ਹਿੰਮਤ, ਹਮ ਸਾਜਨ ਲਿਆ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਨੂੰ ਕਰ ਕੇ ਬਾਹਰ ਵਿਚੋਂ ਸਵਰਗ ਜੱਨਤ, ਸਚ ਦਵਾਰ ਚਰਨ ਕਵਲ ਦਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਗੁਰਮੁਖ ਵੇਖਿਆ ਖ਼ੁਸ਼ਹਾਲ, ਰਵਿਦਾਸ ਚਮਾਰੇ ਮਿਲੀ ਵਡਿਆਈਆ। ਜਿਸ ਦੇ ਹੱਥ ਪ੍ਰੇਮ ਕੜਛੀ ਦਾਲ, ਸੋ ਦਲਿਦਰ ਰਿਹਾ ਗਵਾਈਆ। ਜਿਸ ਵੇਲੇ ਪੈ ਗਈ ਵਿਚ ਥਾਲ, ਤ੍ਰੈ ਵਸਤੂ ਰੂਪ ਵਟਾਈਆ। ਉਹਨੂੰ ਖਾ ਕੇ ਸ਼ਾਹ ਕੰਗਾਲ, ਇਕੋ ਰੂਪ ਗਏ ਵਟਾਈਆ। ਅੰਤਮ ਮੇਲਾ ਦੀਨ ਦਿਆਲ, ਜਗਤ ਵਿਛੋੜਾ ਦਏ ਗਵਾਈਆ। ਏਥੇ ਓਥੇ ਕਰੇ ਸੰਭਾਲ, ਦੋ ਜਹਾਨਾਂ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਥਾਲ ਕਹੇ ਜਿਸ ਵੇਲੇ ਮੈਨੂੰ ਕਿਸ਼ਨ ਸਿੰਘ ਕੀਤਾ ਸਾਫ਼, ਵੇਲਾ ਲਾਲੋ ਚੇਤੇ ਆਈਆ। ਸਭ ਦੇ ਗੁਨਾਹ ਹੋਏ ਮੁਆਫ਼, ਪਿਛਲੀ ਭੁਲ ਰਹੀ ਨਾ ਰਾਈਆ। ਅਗੇ ਸਭ ਦਾ ਇਕੋ ਬਾਪ, ਪੁਰਖ ਅਕਾਲ ਬੇਪਰਵਾਹੀਆ। ਜਿਸ ਦਾ ਆਦਿ ਜੁਗਾਦੀ ਜਾਪ, ਤੂੰ ਮੇਰਾ ਮੈਂ ਤੇਰਾ ਕਰੇ ਪੜ੍ਹਾਈਆ। ਸੋ ਸਾਹਿਬ ਸਵਾਮੀ ਨਜ਼ਰੀ ਆਏ ਸਾਖ਼ਿਆਤ, ਸਵੱਛ ਸਰੂਪੀ ਰੂਪ ਵਟਾਈਆ। ਜਿਸ ਵੇਲੇ ਲਾਲ ਸਿੰਘ ਰੱਖੇ ਗਲਾਸ, ਪੂਰਬ ਜਨਮਾਂ ਸੇਵਾ ਲੇਖੇ ਪਾਈਆ। ਰਾਜ ਨਰਾਇਣ ਭਰਿਆ ਆਬੇ ਹਯਾਤ, ਸਬਰ ਪਿਆਲਾ ਦਿਤਾ ਬਣਾਈਆ। ਧਰਨੀ ਕਹੇ ਮੈਨੂੰ ਬਿਨਾਂ ਖਾਧਿਆਂ ਆਇਆ ਸਵਾਦ, ਕਿਉਂ ਗੁਰਮੁਖਾਂ ਮੇਰੇ ਉਤੇ ਬਹਿ ਕੇ ਖ਼ੁਸ਼ੀ ਮਨਾਈਆ। ਜਿਨ੍ਹਾਂ ਦੇ ਅੰਦਰ ਧੀਮੀ ਧੀਮੀ ਆਵਾਜ਼, ਸੋਹੰ ਢੋਲਾ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਲੇਖੇ ਪਾਈਆ। ਧਰਨੀ ਕਹੇ ਮੈਂ ਖੋਲ੍ਹੀ ਅੱਖ, ਆਪਣੀ ਲਈ ਅੰਗੜਾਈਆ। ਪਰਮ ਪੁਰਖ ਦਾ ਖੇਲ ਵੇਖ ਪਰਤਖ, ਪਾਰਖੂ ਆਇਆ ਬੇਪਰਵਾਹੀਆ। ਹਕ਼ੀਕਤ ਵਿਚੋਂ ਭਗਤਾਂ ਦੇਵੇ ਹਕ, ਖ਼ਾਲੀ ਝੋਲੀ ਸਰਬ ਭਰਾਈਆ। ਸਚ ਭੰਡਾਰਾ ਜਿਨ੍ਹਾਂ ਲਿਆ ਛਕ, ਅਗੇ ਸੰਸਾ ਰੋਗ ਰਹੇ ਨਾ ਰਾਈਆ। ਵਿਛੋੜਾ ਜਗਤ ਵਾਲਾ ਜਗਿਆਸੂਓ ਤੁਹਾਡਾ ਖਹਿੜਾ ਗਿਆ ਛੱਡ, ਪਿਛੇ ਮੁਖ ਭਵਾਈਆ । ਇਹ ਮੰਨਣਾ ਪਏ ਸਚ, ਸਤਿ ਪ੍ਰਭੂ ਦ੍ਰਿੜਾਈਆ। ਕਾਇਆ ਮਾਟੀ ਕਚ, ਗਗਰੀਆ ਸਾਢੇ ਤਿੰਨ ਹੱਥ ਵੰਡ ਵੰਡਾਈਆ। ਮੇਲਾ ਹੋਇਆ ਨਾਲ ਸਬਬ, ਪੁਰਖ ਅਕਾਲ ਮਿਲਿਆ ਝਬ, ਸੰਤ ਸੁਹੇਲੇ ਸੱਜਣ ਲਭ, ਕਰਮਾਂ ਦੱਬੀ ਸੁਰਤੀ ਲਈ ਜਗਾਈਆ। ਨੌ ਦਵਾਰੇ ਪਾਰ ਕਰ ਕੇ ਹਦ, ਦਸਵੇਂ ਸੁਣਾਇਆ ਆਪਣਾ ਛੰਦ, ਖ਼ੁਸ਼ੀ ਕਰ ਕੇ ਬੰਦ ਬੰਦ, ਦੁਖੜਾ ਰਿਹਾ ਮਿਟਾਈਆ। ਤੁਸੀਂ ਪਰਸੰਨ ਹੋਏ ਅਨੰਦ, ਤੁਹਾਡੇ ਸਾਹਿਬ ਨੇ ਇਕ ਜੌਂ ਦਾ ਦਾਣਾ ਲਿਆ ਡੰਗ, ਡੰਗ ਤੁਹਾਡੇ ਘਰ ਟਪਾਈਆ। ਵਿਛੋੜੇ ਦੇ ਥਾਂ ਮਿਲੇ ਅਨੰਦ, ਅੰਧੇਰੇ ਦੇ ਥਾਂ ਚੜ੍ਹੇ ਚੰਦ, ਕੂੜੀ ਕਿਰਿਆ ਦਏ ਗਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੋਤ ਸ਼ਬਦ ਧਾਰ ਸਦਾ ਬਖ਼ਸ਼ੰਦ, ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਦਰ ਤੋਂ ਰਹੇ ਮੰਗ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਝੋਲੀਆਂ ਡਾਹੀਆ। ਉਹ ਸਵਾਮੀ ਅੰਤਰਜਾਮੀ ਨਿਹਕਰਮੀ ਨਿਹਕਾਮੀ ਤੁਹਾਡੇ ਸੰਗ ਸੂਰਾ ਸਰਬੰਗ, ਵਿਚ ਵਰਭੰਡ ਰੰਗ ਆਪਣਾ ਰਿਹਾ ਰੰਗਾਈਆ।