੩ ਚੇਤ ਸ਼ਹਿਨਸ਼ਾਹੀ ਸੰਮਤ ੧ ਬਚਨ ਸਿੰਘ ਦੇ ਗ੍ਰਹਿ ਪਿੰਡ ਸਿਮਲ ਸਕੋਰ ਜ਼ਿਲਾ ਗੁਰਦਾਸ ਪੁਰ
ਗੁਰਮੁਖ ਮਨ ਕਹੇ ਮੈਂ ਹੋਣਾ ਖ਼ਤਮ, ਮਨਸਾ ਆਪਣੀ ਆਪਣੇ ਵਿਚ ਸਮਾਈਆ। ਜਗਤ ਵਾਸਨਾ ਕਰਨਾ ਕੋਈ ਨਾ ਯਤਨ, ਭਰਮੇ ਭਰਮ ਨਾ ਕੋਇ ਭੁਲਾਈਆ। ਜਨ ਭਗਤਾਂ ਵਖੌਣਾ ਆਪਣਾ ਵਤਨ, ਜਿਸ ਗ੍ਰਹਿ ਵਿਚੋਂ ਹੋਈ ਜੁਦਾਈਆ। ਜਿਥੇ ਨੂਰ ਅਗੰਮੀ ਜੋਤੀ ਜੋਤ ਪਰਕਾਸ਼ ਚਮਕਣ, ਅੰਧ ਅੰਧੇਰ ਨਜ਼ਰ ਨਾ ਆਈਆ। ਪੁਰਖ ਅਕਾਲ ਇਸ ਖੇਲ ਨਾਮੁਮਕਿਨ ਨੂੰ ਕਰਨਾ ਮੁਮਕਿਨ, ਧੁਰ ਫ਼ਰਮਾਣਾ ਹੁਕਮ ਮਨਾਈਆ। ਸਚ ਧਰਮ ਦਾ ਦੇ ਕੇ ਗੁਣ, ਧੁਨ ਆਤਮਕ ਰਾਗ ਸੁਣਾਈਆ। ਸੱਜਣ ਸੁਹੇਲੇ ਪੁਕਾਰ ਲਏ ਸੁਣ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਕਹੇ ਮੇਟਾਂ ਮਨ ਕੀ ਮਨਸਾ, ਮਮਤਾ ਮੋਹ ਚੁਕਾਈਆ । ਗੁਰਮੁਖ ਬਣਾਵਾਂ ਕਾਗ ਹੰਸਾ, ਮਾਣਕ ਮੋਤੀ ਚੋਗ ਚੁਗਾਈਆ। ਹੰਕਾਰੀ ਅੰਦਰ ਰਹਵੇ ਨਾ ਕੰਸਾ, ਦੂਰ ਦੁਰਾਡਾ ਦਿਆਂ ਕਰਾਈਆ। ਆਤਮ ਪਰਮਾਤਮ ਮੇਲ ਮਿਲਾ ਕੇ ਨਾਰੀ ਕੰਤਾ, ਸੇਜ ਸੁਹੰਜਣੀ ਸੋਭਾ ਪਾਈਆ। ਦੇ ਵਡਿਆਈ ਵਿਚੋਂ ਜੀਵ ਜੰਤਾ, ਸਾਚੀ ਸਿਖਿਆ ਇਕ ਸਮਝਾਈਆ। ਗੜ੍ਹ ਤੋੜ ਕੇ ਹਉਮੇ ਹੰਗਤਾ, ਹੰ ਬ੍ਰਹਮ ਦਿਆਂ ਪਰਗਟਾਈਆ। ਜਿਸ ਦਾ ਭੇਵ ਨਾ ਆਇਆ ਕਿਸੇ ਪੰਡਤਾ, ਸ਼ਾਸਤਰ ਸਿਮਰਤ ਵੇਦ ਪੁਰਾਨ, ਬੇਅੰਤ ਕਹਿ ਕਹਿ ਰਹੇ ਗਾਈਆ। ਸੋ ਮਾਲਕ ਖ਼ਾਲਕ ਆਦਿ ਜੁਗਾਦੀ ਜੁਗਾ ਜੁਗੰਤਾ, ਦੋ ਜਹਾਨਾਂ ਸ੍ਰੀ ਭਗਵਾਨਾ ਬ੍ਰਹਿਮੰਡ ਖੰਡ ਖੇਲ ਖਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਮਨ ਕਹੇ ਗੁਰਮੁਖੋ ਮੈਂ ਸੁਣਾਵਾਂ ਸੱਚੀ ਬਾਤ, ਪਰਦਾ ਉਹਲਾ ਦਿਆਂ ਉਠਾਈਆ। ਚੁਪ ਚੁਪਾਤਾ ਰੱਖਾਂ ਤੁਹਾਡਾ ਸਾਥ, ਆਪਣੀ ਕਰਾਂ ਨਾ ਕੋਈ ਚਤੁਰਾਈਆ। ਤੁਸੀਂ ਤੂੰ ਮੇਰਾ ਮੈਂ ਤੇਰਾ ਸੋ ਪੁਰਖ ਨਿਰੰਜਣ ਕਰਨਾ ਪਾਠ, ਹੰ ਬ੍ਰਹਮ ਧਿਆਨ ਲਗਾਈਆ। ਅੰਤਰ ਆਤਮ ਖੋਲਣਾ ਤਾਕ, ਪੜਦਾ ਇਕ ਚੁਕਾਈਆ। ਅਬਿਨਾਸ਼ੀ ਕਰਤਾ ਵਸੇ ਸਾਥ, ਸਗਲਾ ਸੰਗ ਨਿਭਾਈਆ। ਬੇਸ਼ਕ ਮੈਂ ਵੀ ਓਸੇ ਦੀ ਜ਼ਾਤ, ਜੋਤੀ ਨੂਰ ਡਗਮਗਾਈਆ। ਮੇਰਾ ਖੇਲ ਜਗਤ ਤਮਾਸ਼, ਨਟੂਆ ਹੋ ਕੇ ਸਵਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਨ ਕਹੇ ਮੈਂ ਸਤਿਗੁਰ ਅਧੀਨ, ਸ਼ਬਦੀ ਦਾਤਾ ਇਕੋ ਨਜ਼ਰੀ ਆਈਆ। ਗੁਰਮੁਖੋ ਜੇ ਉਸ ਉਤੇ ਕਰ ਲਓ ਯਕੀਨ, ਯਕੀਕਨ ਤੁਹਾਡਾ ਲੇਖਾ ਦਏ ਚੁਕਾਈਆ । ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਾਧ ਸੰਤ ਭਗਤ ਭਗਵੰਤ ਕਰੇ ਤਲਕੀਨ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਧੁਰ ਦੀ ਤਾਲੀਮ ਕਰੇ ਪੜ੍ਹਾਈਆ। ਮੈਂ ਬਰਦਾ ਹੋ ਕੇ ਰਹਵਾਂ ਅਧੀਨ, ਸਿਰ ਆਪਣਾ ਨਾ ਕੋਇ ਉਠਾਈਆ। ਇਹ ਮਾਰਗ ਬੜਾ ਮਹੀਨ, ਪੁਰਖ ਅਬਿਨਾਸ਼ੀ ਦਿਤਾ ਵਖਾਈਆ। ਮੈਂ ਖੇਲ ਵੇਖਾਂ ਸਦਾ ਲੋਕ ਤੀਨ, ਤ੍ਰੈਗੁਣ ਮਾਇਆ ਆਪਣੇ ਨਾਲ ਮਿਲਾਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ
ਪ੍ਰਭ ਨੂੰ ਰਹੇ ਚੀਨ, ਢੋਲੇ ਉਚੇ ਉਚੇ ਗਾਈਆ। ਪਰ ਅੰਦਰੋਂ ਬਦਲੀ ਵੇਖੀ ਨਾ ਕਿਸੇ ਦਲੀਲ, ਦਿਲਬਰ ਯਾਰ ਹਿਰਦੇ ਵਿਚ ਨਾ ਕੋਇ ਹੰਢਾਈਆ। ਗੁਰਮੁਖੋ ਤੁਹਾਡੇ ਅਗੇ ਮੇਰੀ ਇਕ ਅਪੀਲ, ਬੇਨੰਤੀ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੁਦਰਤ ਦਾ ਕ਼ਾਦਰ ਇਕ ਅਖਵਾਈਆ। ਮਨ ਕਹੇ ਮੇਰੀ ਇਕੋ ਅਰਜ਼, ਆਰਜ਼ੂ ਦਿਆਂ ਜਣਾਈਆ। ਦਹਿ ਦਿਸ਼ਾ ਭੌਣਾ ਮੇਰਾ ਫ਼ਰਜ਼, ਤ੍ਰਿਸ਼ਨਾ ਘਰ ਘਰ ਦਿਆਂ ਪਰਗਟਾਈਆ । ਜਗਤ ਵਿਦਿਆ ਮੈਨੂੰ ਕੋਈ ਨਾ ਸਕੇ ਵਰਜ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਜਨ ਭਗਤਾਂ ਨੂੰ ਪ੍ਰਭ ਮਿਲਣ ਦੀ ਗ਼ਰਜ, ਦੋਏ ਜੋੜ ਇਕੋ ਓਟ ਤਕਾਈਆ। ਓਸ ਦਾ ਖੇਲ ਸਦਾ ਅਸਚਰਜ, ਜਗ ਨੇਤਰ ਵੇਖਣ ਕੋਇ ਨਾ ਪਾਈਆ । ਜਿਸ ਵੇਲੇ ਦੀਨ ਦਿਆਲ ਪੁਰਖ ਅਕਾਲ ਹੁਕਮੇ ਨਾਲ ਮੈਨੂੰ ਦੇਵੇ ਵਰਜ, ਧੁਰ ਸੰਦੇਸ਼ਾ ਸ਼ਬਦ ਸੁਣਾਈਆ। ਮੈਂ ਭਗਤਾਂ ਦਾ ਵੰਡਾਂ ਦਰਦ, ਦੁਖੀਆਂ ਦਰਦ ਦੁਖ ਆਪਣੀ ਝੋਲੀ ਪਾਈਆ। ਹੋਣ ਨਾ ਦੇਵਾਂ ਹਰਜ, ਹਰਜਾਨੇ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਤਾ ਦੇਵਣਹਾਰ ਵਡਿਆਈਆ। ਮਨ ਕਹੇ ਜਿਨ੍ਹਾਂ ਸਾਹਿਬ ਸਤਿਗੁਰ ਲਧਾ, ਨਿਜ ਨੇਤਰ ਦਰਸ਼ਨ ਪਾਈਆ। ਓਥੇ ਗ਼ੁਲਾਮ ਮੈਂ ਬਰਦਾ ਬੱਧਾ, ਸਿਰ ਸਕਾਂ ਨਾ ਕੋਇ ਉਠਾਈਆ। ਜਨ ਭਗਤੋ ਮੈਨੂੰ ਹੋਰ ਨਾ ਦੇਵੋ ਸਜ਼ਾ, ਮੈਂ ਇਕੋ ਮੰਗ ਮੰਗਾਈਆ। ਤੁਸੀਂ ਪ੍ਰੇਮ ਪਿਆਰ ਦਾ ਸਤਿਗੁਰ ਧਾਰ ਵਿਚੋਂ ਚਖਿਓ ਮਜ਼ਾ, ਮੰਜ਼ਲ ਆਪਣੀ ਪੰਧ ਮੁਕਾਈਆ। ਮੇਰੇ ਰੋਕਣ ਦੀ ਹੁਣ ਨਹੀਂ ਰਹੀ ਕੋਈ ਵਜਹ, ਵਜੂਦ ਵਿਚ ਬੈਠਾ ਆਪਣਾ ਝਟ ਲੰਘਾਈਆ। ਇਹ ਪੁਰਖ ਅਕਾਲ ਦੀ ਰਜ਼ਾ, ਜਿਸ ਮੇਰੀ ਬਣਤ ਬਣਾਈਆ। ਮੈਂ ਤੁਹਾਡੇ ਸਚ ਪ੍ਰੇਮ ਪਿਛੇ ਲੱਗਾ, ਭੱਜਾਂ ਵਾਹੋ ਦਾਹੀਆ। ਅਗੇ ਤੁਹਾਡਾ ਸੋਹਣਾ ਅੱਗਾ, ਅਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਜੋਧੇ ਸੂਰਬੀਰ ਦਏ ਬਣਾਈਆ । ਮਨ ਕਹੇ ਮੇਰੀ ਮਨਸਾ ਪੂਰ, ਲਹਿਣਾ ਝੋਲੀ ਪਾਈਆ । ਜਿਨ੍ਹਾਂ ਗੁਰਸਿਖਾਂ ਮਿਲਿਆ ਹਰਿ ਸਾਹਿਬ ਸਤਿਗੁਰ ਹਾਜ਼ਰ ਹਜ਼ੂਰ, ਮੈਂ ਓਹਨਾਂ ਦੀ ਹਜ਼ੂਰੀ ਵਿਚ ਆਪਣਾ ਸੀਸ ਨਿਵਾਈਆ। ਓਸ ਦਵਾਰੇ ਕਦੇ ਨਾ ਪਾਵਾਂ ਫ਼ਤੂਰ, ਝਗੜਾ ਨਾ ਕੋਇ ਵਖਾਈਆ। ਮਾਣ ਹੰਕਾਰ ਨਾ ਕੋਇ ਗ਼ਰੂਰ, ਗ਼ੁਰਬਤ ਦਿਆਂ ਮਿਟਾਈਆ। ਤੁਹਾਡੇ ਪ੍ਰੇਮ ਦਾ ਵੇਖ ਕੇ ਸਰੂਰ, ਜੋਤ ਦਾ ਵੇਖ ਕੇ ਨੂਰ, ਆਪਣੀ ਕਰਵਟ ਲਵਾਂ ਬਦਲਾਈਆ। ਮੇਰੇ ਪਿਛੇ ਨਾ ਹੋਇਓ ਮਜਬੂਰ, ਮੈਂ ਨੇੜੇ ਰਹਿਣਾ ਤੇ ਵਸਣਾ ਦੂਰ, ਇਕੋ ਘਰ ਇਕੋ ਦਰ ਇਕੋ ਮੰਦਰ ਸੋਭਾ ਪਾਈਆ। ਜਿਸ ਵੇਲੇ ਸਤਿਗੁਰ ਸ਼ਬਦ ਦੀ ਵੱਜੇ ਤੂਰ, ਅਨਹਦ ਨਾਦੀ ਆਪਣਾ ਨਾਦ ਵਜਾਈਆ। ਓਸ ਵੇਲੇ ਮੈਂ ਜਨ ਭਗਤਾਂ ਦੇ ਚਰਨਾਂ ਦੀ ਹੋਵਾਂ ਧੂੜ, ਆਪ ਆਪਣਾ ਦਿਆਂ ਮਿਟਾਈਆ। ਬੇਸ਼ਕ ਤੁਹਾਡੇ ਤਨ ਦੇ ਅੰਦਰ ਰਹਿਣਾ ਜ਼ਰੂਰ, ਤੁਹਾਡੀ ਜ਼ਰੂਰਤ ਵਿਚ ਹਿੱਸਾ ਨਾ ਕੋਇ ਰਖਾਈਆ। ਤੁਹਾਡਾ ਮਾਲਕ ਪਰਮ ਪੁਰਖ ਪਰਮਾਤਮ ਸਰਬ ਕਲਾ ਭਰਪੂਰ, ਜਿਸ ਨੇ ਮੇਰੀ ਬਣਤ ਦਿਤੀ ਬਣਾਈਆ। ਮੈਂ ਸਦਾ ਰਹਾਂ ਮਸ਼ਕੂਰ, ਮੁਸ਼ਕਲ ਅਗੇ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਵਖਾਵੇ ਸਾਚਾ ਘਰ, ਗ੍ਰਹਿ ਮੰਦਰ ਕਾਇਆ ਅੰਦਰ ਪਰਦਾ ਲਾਹੀਆ।
੪ ਚੇਤ ਸ਼ਹਿਨਸ਼ਾਹੀ ਸੰਮਤ ੧ ਚਰਨ ਸਿੰਘ ਦੇ ਗ੍ਰਹਿ ਪਿੰਡ ਅੰਤੌਰ ਜ਼ਿਲਾ ਗੁਰਦਾਸ ਪੁਰ
ਸਤਿਜੁਗ ਕਹੇ ਪ੍ਰਭੂ ਮੇਰੀ ਬੰਦਨਾ ਖ਼ਾਸ, ਅਗੰਮ ਅਥਾਹ ਬੇਪਰਵਾਹ ਤੇਰੀ ਓਟ ਤਕਾਈਆ। ਸਤਿ ਧਰਮ ਮੇਰੇ ਦੇ ਦੇ ਸਾਥ, ਸਤਿ ਸਚ ਮੇਲਾ ਸਹਿਜ ਸੁਭਾਈਆ। ਸ਼ਬਦ ਅਗੰਮੀ ਧੁਨ ਵਜਾ ਦੇ ਨਾਦ, ਗ੍ਰਹਿ ਗ੍ਰਹਿ ਮੰਦਰ ਅੰਦਰ ਕਰ ਸ਼ਨਵਾਈਆ। ਨਿਰਗੁਣ ਨੂਰ ਨਿਰਵੈਰ ਜੋਤ ਕਰ ਪਰਕਾਸ਼, ਕੂੜੀ ਕਿਰਿਆ ਕਲਜੁਗ ਅੰਧੇਰਾ ਦੇ ਚੁਕਾਈਆ । ਨਾਮ ਪਦਾਰਥ ਵਸਤ ਅਮੋਲਕ ਸਚ ਸੁਗ਼ਾਤ, ਨਿਜ ਘਰ ਆਤਮ ਭਗਤਾਂ ਝੋਲੀ ਦੇ ਭਰਾਈਆ। ਚਰਨ ਪ੍ਰੀਤੀ ਸਾਚੀ ਰੀਤੀ ਧਰਤ ਧੌਲ ਸੱਜਣ ਏਕੋ ਨਾਤ, ਬਿਧਾਤੇ ਆਪਣਾ ਜੋੜ ਜੁੜਾਈਆ। ਨਿਝਰ ਰਸ ਅੰਮ੍ਰਿਤ ਬੂੰਦ ਬਖ਼ਸ਼ ਸਵਾਂਤ, ਕੂੜੀ ਕਿਰਿਆ ਜਗਤ ਤ੍ਰਿਸ਼ਨਾ ਦੇ ਮਿਟਾਈਆ। ਮਿਹਰਵਾਨ ਹੋ ਕੇ ਮਹਿਬੂਬ ਮੁਹੱਬਤ ਵਿਚ ਝਾਕ, ਪੜਦਾ ਓਹਲਾ ਬਣ ਵਿਚੋਲਾ ਦੇ ਉਠਾਈਆ। ਤ੍ਰਬੈਣੀ ਤਟ ਕਿਨਾਰਾ ਵਖਾਵਾਂ ਇਕੋ ਘਾਟ, ਖੇਵਟ ਖੇਟੇ ਜਿਸ ਦਵਾਰੇ ਭਗਤ ਬੇਟੇ ਪਾਰ ਲੰਘਾਈਆ। ਚਾਰ ਵਰਨ ਅਠਾਰਾਂ ਬਰਨ ਸਵਾਮੀ ਬਦਲ ਦੇ ਸਮਾਜ, ਆਪਣੀ ਨੀਤੀ ਤ੍ਰੈਗੁਣ ਅਤੀਤੀ ਠਾਂਡੀ ਸੀਤੀ ਸਾਚਾ ਮਾਰਗ ਦੇ ਜਣਾਈਆ। ਨਿਰਵੈਰ ਪੁਰਖ ਨਿਰਗੁਣ ਸਰਗੁਣ ਅੰਦਰ ਹੋ ਵਿਸਮਾਦ, ਬਿਸਮਲ ਹੋ ਕੇ ਆਪਣਾ ਆਪ ਲੇਖਾ ਦੇ ਮੁਕਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਮੈਂ ਹੋਵਾਂ ਨਾ ਕਦੇ ਉਦਾਸ, ਹੈਰਾਨੀ ਨਜ਼ਰ ਕੋਇ ਨਾ ਆਈਆ। ਠਾਕਰ ਸਵਾਮੀ ਅੰਤਰਜਾਮੀ ਚਾਰੇ ਕੁੰਟ ਵਸੇਂ ਪਾਸ, ਅੰਦਰ ਬਾਹਰ ਗੁਪਤ ਜ਼ਾਹਰ ਆਪਣਾ ਮੇਲ ਮਿਲਾਈਆ। ਧੁਰ ਦਰਗਾਹੀ ਤੇਰੇ ਅਗੇ ਸਚ ਬੇਨੰਤੀ ਇਕ ਅਰਦਾਸ, ਆਰਜ਼ੂ ਆਪਣੀ ਦਿਤੀ ਜਣਾਈਆ। ਤੂੰ ਮਾਲਕ ਖ਼ਾਲਕ ਬੇਪਰਵਾਹ ਪਰਦਾਨਸ਼ੀਂ ਬਾਪ, ਵਾਹਿਦ ਲਾਸ਼ਰੀਕ ਸਚ ਤੌਫ਼ੀਕ਼ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਰਗਾਹੀ ਦੇਣਾ ਸਾਥ, ਸਾਚਾ ਸੰਗੀ ਰੂਪ ਵਟਾਈਆ। ਸਤਿਜੁਗ ਕਹੇ ਪ੍ਰਭ ਮੇਰੀ ਇਕ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਸ਼ਬਦ ਅਗੰਮ ਵਜਾ ਮਰਦੰਗ, ਦੋ ਜਹਾਨਾਂ ਦੇ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਮਾਨਣ ਜਿਸ ਦਾ ਅਨੰਦ, ਸਦਾ ਅਨੰਦ ਸੂਰੇ ਸਰਬੰਗ ਗੁਰਮੁਖਾਂ ਦੇ ਵਖਾਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਭਰਮਾਂ ਢਾਹ ਕੰਧ, ਅੰਤਰ ਆਤਮ ਪਰਮਾਤਮ ਪਰਦਾ ਰਹਿਣ ਕੋਇ ਨਾ ਪਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਬਣਾ ਦੇ ਸੰਗ, ਸਾਥੀ ਆਪਣੇ ਨਾਲ ਮਿਲਾਈਆ। ਸਚ ਸੰਦੇਸ਼ਾ ਧੁਰ ਦਾ ਢੋਲਾ ਨਿਰਵੈਰ ਜਣਾ ਦੇ ਛੰਦ, ਜੈ ਜੈਕਾਰ ਕਰੇ ਲੋਕਾਈਆ। ਮੇਰਾ ਖ਼ੁਸ਼ੀ ਹੋਵੇ ਬੰਦ ਬੰਦ, ਬੰਧਨ ਦੇ ਤੁੜਾਈਆ। ਤੇਰਾ ਇਕੋ ਵੇਖਾਂ ਪਰਮਾਨੰਦ, ਨਿਜ ਘਰ ਆਪਣਾ ਰਸ ਦੇਣਾ ਚਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਠਾਂਡਾ ਮੰਗ ਮੰਗਾਈਆ। ਸਤਿਜੁਗ ਕਹੇ ਪ੍ਰਭੂ ਠਾਕਰ ਮੇਰੇ ਗਹਿਰ ਗੰਭੀਰ, ਬੇਅੰਤ ਬੇਪਰਵਾਹ ਸਚ ਤੇਰੀ ਸ਼ਹਿਨਸ਼ਾਹੀਆ। ਤੇਰਾ ਹੁਕਮ ਅਸਲੀਅਤ ਵਿਚੋਂ ਅਸਲ ਬੇਨਜ਼ੀਰ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਓ ਰੰਕ ਸ਼ਰਅ ਸ਼ਰੀਅਤ ਕਟ ਦੇ ਜ਼ੰਜੀਰ, ਕੂੜੀ ਕਿਰਿਆ ਜ਼ਿਬ੍ਹਾ ਦੇ ਕਰਾਈਆ। ਜਨ ਭਗਤਾਂ ਆਪਣੇ ਨਾਲ ਮਿਲਣ ਦੀ ਦੱਸ ਕੇ ਸਚ ਤਦਬੀਰ, ਤਬੀਅਤ ਅੰਦਰੋਂ ਦੇ ਬਦਲਾਈਆ। ਤੂੰ ਫ਼ੱਕਰਾਂ ਦਾ ਫ਼ਕੀਰ, ਫ਼ਿਕਰਾ ਆਪਣਾ ਦੇ ਸਮਝਾਈਆ। ਲੇਖਾ ਚੁਕਾਵੇਂ ਕੰਗਾਲ ਅਮੀਰ, ਸ਼ਾਹ ਹਕੀਰ ਇਕੋ ਰੰਗ ਵਖਾਈਆ। ਬਾਤਨ ਜ਼ਾਹਰ ਵਖਾ ਤਸਵੀਰ, ਤਸੱਵਰ
ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਸਤਿਜੁਗ ਕਹੇ ਮੈਂ ਨਿੱਕਾ ਬਾਲਾ, ਆਯੂ ਸਮਝ ਕੋਇ ਨਾ ਆਈਆ। ਸਾਚਾ ਨਾਮ ਵਸਤ ਅਮੋਲਕ ਦੇ ਦਾਤਾ, ਦਾਤੇ ਦਾਨੀ ਝੋਲੀ ਪਾਈਆ। ਮੈਂ ਗਾਵਾਂ ਤੇਰੀ ਅਗੰਮੀ ਗਾਥਾ, ਧੁਰ ਦਾ ਢੋਲਾ ਅਗੰਮ ਪਰਗਟਾਈਆ। ਤੂੰ ਮਾਲਕ ਇਕੋ ਸਾਚਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨਜ਼ਰੀ ਆਈਆ। ਦੋ ਜਹਾਨਾਂ ਹੋਵੇ ਪਰਧਾਨਾ, ਲੋਕਮਾਤ ਬ੍ਰਹਿਮੰਡ ਖੰਡ ਪੁਰੀ ਲੋਅ ਲੋਕ ਪਰਲੋਕ ਆਪਣਾ ਹੁਕਮ ਸੁਣਾਈਆ। ਜਨ ਭਗਤਾਂ ਧਰਮੀ ਗਾਨਾ, ਮੌਲੀ ਤੰਦ ਨਜ਼ਰ ਕੋਇ ਨਾ ਆਈਆ । ਤੂੰ ਸੂਰਬੀਰ ਜੋਧਾ ਮਰਦ ਮਰਦਾਨਾ, ਬਲਧਾਰੀ ਬੇਪਰਵਾਹੀਆ। ਦੇਵਤ ਸੁਰ ਮੁਨ ਮੰਨਣ ਆਨਾ, ਸਿਰ ਸਕੇ ਨਾ ਕੋਇ ਉਠਾਈਆ। ਗੁਰੂ ਅਵਤਾਰ ਕਰਨ ਸਲਾਮਾਂ, ਪੀਰ ਪੈਗ਼ੰਬਰ ਝੁਕ ਝੁਕ ਲਾਗਣ ਪਾਈਆ। ਸਤਿ ਸੰਦੇਸ਼ਾ ਨਰ ਨਰੇਸ਼ਾ ਤੇਰਾ ਇਕ ਸੁਣਾਨਾ, ਆਤਮ ਪਰਮਾਤਮ ਕਰੇ ਪੜ੍ਹਾਈਆ । ਤੂੰ ਠਾਕਰ ਸਵਾਮੀ ਅੰਤਰਜਾਮੀ ਗੁਣ ਨਿਧਾਨਾ, ਹਰ ਘਟ ਰਚਿਆ ਨਜ਼ਰੀ ਆਈਆ। ਗੋਪੀਆਂ ਦਾ ਕਾਹਨਾ ਸੀਤਾ ਦਾ ਰਾਮਾ, ਲੱਖ ਚੁਰਾਸੀ ਸੁਰਤੀ ਲਏਂ ਪਰਨਾਈਆ। ਸ਼ਬਦਾਂ ਦਾ ਨਿਸ਼ਾਨਾ, ਤੀਰਾਂ ਦਾ ਕਮਾਨਾ, ਚਿੱਲਾ ਆਪਣਾ ਇਕ ਪਰਗਟਾਈਆ। ਜੋਤ ਸਰੂਪ ਪਹਿਰਿਆ ਬਾਣਾ, ਸ਼ਾਹੋ ਭੂਪੀ ਦੇ ਫ਼ਰਮਾਨਾ, ਹੁਕਮ ਵਰਤੇ ਦੋ ਜਹਾਨਾ, ਏਥੇ ਓਥੇ ਨਾ ਕੋਈ ਮੇਟੇ ਮੇਟ ਮਿਟਾਈਆ। ਹਉਂ ਬਾਲਕ ਸੇਵ ਕਮਾਨਾ, ਖ਼ਾਕ ਦਰਵੇਸ਼ ਭਿੱਖਕ ਭਿਖਾਰੀ ਮਾਂਗਤ ਨਿਉਂ ਨਿਉਂ ਸੀਸ ਨਿਵਾਨਾ, ਸਤਿਜੁਗ ਸਾਚਾ ਆਪਣਾ ਆਪ ਪ੍ਰਭ ਤੇਰੇ ਅਗੇ ਰਖਾਈਆ।
੫ ਚੇਤ ਸ਼ਹਿਨਸ਼ਾਹੀ ਸੰਮਤ ੧ ਚਰਨ ਸਿੰਘ ਦੇ ਗ੍ਰਹਿ ਪਿੰਡ ਅੰਤੌਰ ਜ਼ਿਲਾ ਗੁਰਦਾਸ ਪੁਰ
ਸਤਿਜੁਗ ਕਹੇ ਮੈਨੂੰ ਮਿਲਿਆ ਸਚ ਸੰਦੇਸ਼, ਸਤਿ ਸਤਿਵਾਦੀ ਦਿਤਾ ਜਣਾਈਆ। ਤੇਰਾ ਮਾਲਕ ਇਕ ਨਰੇਸ਼, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਜੋ ਹਰ ਘਟ ਅੰਤਰ ਹੋਇਆ ਪਰਵੇਸ਼, ਘਟ ਘਟ ਰਿਹਾ ਸਮਾਈਆ। ਸ੍ਰਿਸ਼ਟ ਸਬਾਈ ਦ੍ਰਿਸ਼ਟੀ ਰਿਹਾ ਵੇਖ, ਪਰਦਾ ਓਹਲਾ ਰਿਹਾ ਨਾ ਰਾਈਆ। ਤੇਰੇ ਸੰਗ ਕਰਕੇ ਹੇਤ, ਜਨ ਭਗਤਾਂ ਲਏ ਜਗਾਈਆ। ਨੌਂ ਸੌ ਚੁਰਾਨਵੇ ਜੁਗ ਚੌਕੜੀ ਪਿਛੋਂ ਮੌਲੀ ਰੁੱਤ ਚੇਤ, ਪੰਚਮ ਆਪਣਾ ਰੂਪ ਵਟਾਈਆ। ਸਾਹਿਬ ਸਵਾਮੀ ਖੋਲ੍ਹੇ ਭੇਤ, ਭੇਵ ਆਪ ਜਣਾਈਆ। ਜਨਮ ਕਰਮ ਦੀ ਬਦਲਣਹਾਰਾ ਰੇਖ, ਧੁਰ ਦਾ ਲੇਖਾ ਦਏ ਦ੍ਰਿੜਾਈਆ। ਦੋ ਜਹਾਨਾਂ ਰਿਹਾ ਵੇਖ, ਵੇਖਣਹਾਰਾ ਆਪਣਾ ਪਰਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਹੋਏ ਸਹਾਈਆ। ਸਤਿਜੁਗ ਕਹੇ ਮੈਂ ਸੁਣਿਆ ਬਚਨ, ਹਰਿ ਕਰਤਾ ਆਪ ਜਣਾਈਆ। ਦਇਆ ਕਮਾ ਕੇ ਕਾਇਆ ਮਾਟੀ ਕੰਚਨ, ਸੋਹਣਾ ਸਵੱਛ ਸਰੂਪ ਵਟਾਈਆ। ਜਨ ਭਗਤਾਂ ਬਖ਼ਸ਼ ਕੇ ਚਰਨ ਧੂੜ ਮਜਨ, ਮਜਲਸ ਆਪਣੀ ਦਏ ਸਮਝਾਈਆ। ਪ੍ਰੇਮ ਪ੍ਰੀਤੀ ਆਪਣੇ ਨਾਲ ਬੰਨ੍ਹ ਕੇ ਆਂਚਲ, ਸ਼ਬਦ ਡੋਰੀ ਤੰਦ ਜੁੜਾਈਆ। ਪਹਿਲੀ ਵੇਰ ਪੰਜ ਚੇਤ ਚੋਟੀ ਚੜ੍ਹ ਕੇ ਵੇਖਣਾ ਹਿਮਾਚਲ, ਗੋਬਿੰਦ ਆਸਾ ਪੂਰ ਕਰਾਈਆ । ਭੇਵ ਅਭੇਦ ਖੋਲ੍ਹਣਾ ਬਾਤਨ, ਜ਼ਾਹਰ ਦਏ ਸਮਝਾਈਆ। ਜਿਸ ਨੂੰ ਊਚੋ ਊਚ ਅਗੰਮ ਅਥਾਹ ਸਾਰੇ ਆਖਣ, ਬੇਅੰਤ ਕਹਿ ਕਹਿ ਖ਼ੁਸ਼ੀ ਮਨਾਈਆ । ਸੋ ਥੱਲੇ ਤੋਂ ਉਪਰ ਉਪਰ ਤੋਂ ਨੀਚੇ ਆਇਆ ਝਾਕਣ, ਦੋ ਜਹਾਨਾਂ ਵੇਖ ਵਖਾਈਆ। ਜ਼ਿਮੀਂ ਅਸਮਾਨਾਂ ਮੇਟਣ ਆਇਆ ਪਾਪਣ, ਪਤਿਤ ਪੁਨੀਤ ਦਏ ਕਰਾਈਆ। ਨਾਮ
ਤਰਾਜ਼ੂ ਲੱਖ ਚੁਰਾਸੀ ਆਇਆ ਜਾਚਣ, ਤੋਲਾ ਬਣ ਕੇ ਧੁਰਦਰਗਾਹੀਆ। ਲੱਖ ਚੁਰਾਸੀ ਵਿਚੋਂ ਦਰਦੀ ਆਇਆ ਰਾਖਣ, ਸੰਤ ਸੁਹੇਲੇ ਬਾਹਰ ਕਢਾਈਆ। ਮਾਨਸ ਜਨਮ ਦਾ ਵਖਾਵਣ ਆਇਆ ਪਾਤਣ, ਘਾਟ ਇਕੋ ਦਏ ਜਣਾਈਆ। ਸਾਚੇ ਮੰਡਲ ਪਾਵਣ ਆਇਆ ਰਾਸਣ, ਕਾਇਆ ਮੰਦਰ ਗੋਪੀ ਕਾਹਨ ਨਚਾਈਆ। ਕਰਨਹਾਰਾ ਖੇਲ ਪੁਰਖ ਅਬਿਨਾਸ਼ਣ, ਅਬਿਨਾਸ਼ੀ ਆਪਣਾ ਹੁਕਮ ਮਨਾਈਆ। ਚਾਰ ਵਰਨ ਜਨਾਵਣ ਆਇਆ ਪਾਠਣ, ਪੂਜਾ ਇਕ ਸਮਝਾਈਆ। ਪੂਰਬ ਜਨਮ ਸਭ ਦੇ ਆਇਆ ਵਾਚਣ, ਪਰਦੇ ਖੋਲ੍ਹ ਵਖਾਈਆ। ਸ਼ਾਹੋ ਭੂਪ ਮੇਟਣ ਆਇਆ ਨਵਾਬਣ, ਤਖ਼ਤ ਨਿਵਾਸੀ ਫੇਰਾ ਪਾਈਆ। ਚਰਨ ਘੋੜੇ ਦੇਵਣਹਾਰਾ ਰਕਾਬਣ, ਸ਼ਾਹ ਸਵਾਰਾ ਆਪਣਾ ਵੇਸ ਧਰਾਈਆ। ਭਾਗ ਲਗਾਵਣ ਆਇਆ ਦੇਸ ਮਾਝਣ, ਸੰਬਲ ਬਹਿ ਬਹਿ ਖ਼ੁਸ਼ੀ ਮਨਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾ ਲੇਖਾ ਮੁਕਾ ਕੇ ਸੁਆਲ ਜਵਾਬਣ, ਅਗਲਾ ਇਕੋ ਹੁਕਮ ਵਰਤਾਈਆ। ਨਿਰਗੁਣ ਸਰਗੁਣ ਬਣ ਕੇ ਆਇਆ ਅਹਿਬਾਬਣ, ਮਿਤਰ ਪਿਆਰਾ ਸ਼ਹਿਨਸ਼ਾਹੀਆ। ਨਾਮ ਨਿਧਾਨ ਵਜਾਵਣ ਆਇਆ ਰਬਾਬਣ, ਪ੍ਰੇਮ ਪ੍ਰੀਤੀ ਇਕ ਦ੍ਰਿੜਾਈਆ। ਸਤਿ ਦਵਾਰੇ ਕਰਨ ਆਇਆ ਨਿਵਾਸਣ, ਆਸਣ ਸਿੰਘਾਸਣ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਜੁਗ ਕਹੇ ਮੈਂ ਸੁਣੀ ਅਗੰਮੀ ਬਾਤ, ਭਿੰਨੜੀ ਰੈਣ ਦਿਤੀ ਜਣਾਈਆ। ਮੈਂ ਸੁਣਦਾ ਰਿਹਾ ਸਾਰੀ ਰਾਤ, ਬਿਨ ਅੱਖਾਂ ਕੰਨਾਂ ਧਿਆਨ ਰਖਾਈਆ। ਸਾਢੇ ਤਿੰਨ ਬਖ਼ਸ਼ੀ ਮੈਨੂੰ ਇਕ ਸੁਗ਼ਾਤ, ਵਸਤ ਅਵੱਲੜੀ ਝੋਲੀ ਪਾਈਆ । ਉਸ ਦਾ ਲੇਖਾ ਲਿਖਿਆ ਬਿਨ ਕ਼ਲਮ ਦਵਾਤ, ਕਾਗ਼ਜ਼ ਨਜ਼ਰ ਕੋਇ ਨਾ ਆਈਆ। ਮੈਂ ਵੇਖਿਆ ਮਾਰ ਝਾਤ, ਝਾਕੀ ਆਪਣੀ ਉਸ ਦੇ ਉਤੇ ਪਾਈਆ। ਓਸ ਉਤੇ ਲਿਖਿਆ ਵੇਖਿਆ ਜਨ ਭਗਤੋ ਇਕੋ ਵਾਰ ਇਕੋ ਕਰ ਲਓ ਇਤਫ਼ਾਕ, ਨਿਫ਼ਾਕ ਰਹਿਣ ਕੋਇ ਨਾ ਪਾਈਆ। ਅਗੇ ਰਿਹੋ ਨਾ ਕੋਈ ਗੁਸਤਾਖ਼, ਗ਼ੁੱਸੇ ਸਭ ਦੇ ਦਏ ਮਿਟਾਈਆ। ਮੈਂ ਕਰਨ ਆਇਆ ਹਿਸਾਬ ਬੇਬਾਕ, ਵਹੀ ਖਾਤੇ ਆਪਣੇ ਨਾਲ ਬੰਧਾਈਆ। ਜਿਸ ਦੇ ਅਗੇ ਗੁਰੂ ਅਵਤਾਰ ਪੀਰ ਪੈਗ਼ੰਬਰ ਦੇ ਨਾ ਸਕਿਆ ਕੋਈ ਜਵਾਬ, ਉਹ ਜਵਾਬ ਤਲਬੀ ਕਰੇ ਥਾਉਂ ਥਾਈਂਆ। ਦੋ ਜਹਾਨਾਂ ਕਿਸੇ ਦੀ ਆਕੜ ਨਾ ਰਹੇ ਮਿਜਾਜ਼, ਹੰਕਾਰ ਵਿਕਾਰ ਦੋਵੇਂ ਦਏ ਮਿਟਾਈਆ। ਜਿਸ ਦਾ ਹੁਕਮ ਤਖ਼ਤ ਨਿਵਾਸੀ ਓਸੇ ਦਾ ਰਾਜ, ਰਈਅਤ ਬ੍ਰਹਿਮੰਡ ਖੰਡ ਲਏ ਬਣਾਈਆ। ਸਤਿਜੁਗ ਕਹੇ ਮੈਨੂੰ ਸੋਹਣੀ ਲੱਗੀ ਅੱਜ ਦੀ ਪਰਭਾਤ, ਜਿਸ ਮਾਰ ਕੇ ਆਵਾਜ਼ ਮੈਨੂੰ ਸੁੱਤੇ ਨੂੰ ਦਿਤਾ ਉਠਾਈਆ। ਮੇਰੀ ਪੂਰੀ ਕਰ ਕੇ ਖ਼ਾਹਿਸ਼, ਲੇਖੇ ਲਾ ਕੇ ਸਵਾਸ ਸਵਾਸ, ਆਸ ਅਗੇ ਹੋਰ ਵਧਾਈਆ। ਸੇਵਕ ਬਣਾ ਕੇ ਬਰਦਾ ਦਾਸ, ਸਿਰ ਰਖ ਕੇ ਆਪਣਾ ਹਾਥ, ਪੁਰਖ ਸਮਰਥ ਦਿਤੀ ਵਡਿਆਈਆ। ਸਚ ਸੰਦੇਸ਼ਾ ਦਿਤਾ ਆਖ, ਮੈਨੂੰ ਅੰਤਰ ਅੰਤਰ ਗਿਆ ਭਾਖ, ਇਹ ਪ੍ਰਭ ਦਾ ਅਗੰਮੀ ਵਾਕ, ਵਾਕਿਆ ਆਪਣਾ ਹੁਕਮ ਵਰਤਾਈਆ। ਮੈਂ ਸਮਝਿਆ ਸਭ ਦਾ ਮਾਈ ਬਾਪ, ਕੋਟਨ ਜਨਮੋ ਉਤਾਰ ਕੇ ਪਾਪ, ਕਰ ਕਿਰਪਾ ਬਣਾ ਕੇ ਆਪਣੇ ਸਾਕ, ਸੱਜਣ ਆਪਣੇ ਲਏ ਬਣਾਈਆ । ਲੱਭਿਆਂ ਕਿਸੇ ਨਾ ਆਵੇ ਹਾਥ, ਰੋਂਦੇ ਵੇਖੇ ਚੁਰਾਸੀ ਸਿੱਧ ਨੌ ਨਾਥ, ਗੋਰਖ ਮਛੰਦਰ ਟਿਲਿਆਂ ਉਤੇ ਦੇਣ ਦੁਹਾਈਆ । ਧੰਨ ਵਡਿਆਈ ਜਿਨ੍ਹਾਂ ਦੇ ਹੋਇਆ ਆਪ ਸਾਥ, ਬਿਨ ਸੱਦਿਆਂ ਵਸਿਆ ਪਾਸ, ਨਾਤਾ ਛੱਡ ਪ੍ਰਿਥਮੀ ਆਕਾਸ਼, ਘਾਸ ਫੂਸ ਉਤੇ ਡੇਰਾ ਲਾਈਆ। ਆਪਣੀ ਬਣਾ ਕੇ ਭਗਤ ਸ਼ਾਖ਼, ਰੁਤ ਸੁਹੌਣੀ ਗੋਬਿੰਦ ਵਾਲੀ ਵਿਸਾਖ, ਨਾਮ ਭੰਡਾਰਾ ਦੇ ਕੇ ਪਰਸਾਦ, ਤ੍ਰਿਸ਼ਨਾ ਸਭ ਦੀ ਪੂਰ ਕਰਾਈਆ। ਜਿਸ ਰਚਨਾ ਰਚੀ
ਆਦਿ, ਉਹ ਵੇਖਣ ਆਇਆ ਜੁਗਾਦਿ, ਖੇਲੇ ਖੇਲ ਵਿਚ ਬ੍ਰਹਿਮਾਦ, ਬ੍ਰਹਿਮਾਂਡ ਆਪਣਾ ਫੇਰਾ ਪਾਈਆ। ਕੂੜੀ ਕਿਰਿਆ ਮੇਟ ਕੇ ਵਾਦ ਵਿਵਾਦ, ਅੰਮ੍ਰਿਤ ਦੇਵੇ ਸੁਵਾਦ, ਸ਼ਬਦ ਅਗੰਮੀ ਸੁਣਾਏ ਰਾਗ, ਧੁਨ ਆਤਮਕ ਦਏ ਜਣਾਈਆ। ਸਤਿਜੁਗ ਕਹੇ ਮੈਂ ਪੰਚਮ ਚੇਤ ਦਰਸ਼ਨ ਪਾ ਸ੍ਰੀ ਮਹਾਰਾਜ, ਆਪਣਾ ਅਗਲਾ ਪਿਛਲਾ ਧੋਇਆ ਦਾਗ਼, ਹੰਸ ਰੂਪ ਬਣ ਕੇ ਕਾਗ, ਸੋਹੰ ਢੋਲਾ ਦਿਤਾ ਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੇ ਦਰਸ਼ਨ ਦੀ ਬਖ਼ਸ਼ ਦਾਤ, ਸਤਿ ਧਰਮ ਤੇਰੀ ਕਰਾਮਾਤ, ਜਨਮ ਕਰਮ ਪੂਰੀ ਕਰ ਖ਼ਾਹਿਸ਼, ਸਵਾਸ ਗਰਾਸ ਆਪਣੇ ਲੇਖੇ ਲਾਈਆ।