ਪੁਸਤਕਾਲਾਭਾਗ ੧੮

੭ ਚੇਤ ਸ਼ਹਿਨਸ਼ਾਹੀ ਸੰਮਤ ੧ ਸਤਿਸੰਗ ਭਵਨ ਜੰਮੂ

ਓਮ ਓਮ ਰੋਮ ਰੋਮ ਕਰੇ ਪੁਕਾਰ, ਸਾਢੇ ਤਿੰਨ ਕਰੋੜ ਰਿਹਾ ਜਸ ਗਾਈਆ। ਵਿਸ਼ਵ ਰੂਪ ਸਰਬ ਸੰਸਾਰ, ਨੌ ਖੰਡ ਪ੍ਰਿਥਮੀ ਸਤ ਦੀਪ ਮਾਨਵ ਇਕੋ ਨਜ਼ਰੀ ਆਈਆ। ਅੰਤਰ ਆਤਮ ਕਰ ਕੇ ਵੇਖੋ ਵਿਚਾਰ, ਪਰਦਾ ਦੂਈ ਦਵੈਤ ਉਠਾਈਆ। ਸਭ ਦਾ ਮਿਤਰ ਪਿਆਰਾ ਮੀਤ ਏਕਾ ਏਕੰਕਾਰ, ਜਿਸ ਦੀ ਸੱਚੀ ਸ਼ਹਿਨਸ਼ਾਹੀਆ। ਲਾਸ਼ਰੀਕ ਪਰਵਰਦਿਗਾਰ, ਨੂਰ ਨੁਰਾਨਾ ਨਜ਼ਰੀ ਆਈਆ। ਕੂੜੀ ਕਿਰਿਆ ਹਉਮੇ ਹੰਗਤਾ ਮਾਇਆ ਮਮਤਾ ਕਰੋ ਖ਼ੁਆਰ, ਹੰ ਬ੍ਰਹਮ ਗ੍ਰਹਿ ਮੰਦਰ ਵੇਖ ਵਖਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਖੇਲੇ ਖੇਲ ਅਗੰਮ ਅਪਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਸੋ ਸਦੀ ਬੀਸਵੀਂ ਸ਼ਬਦ ਸੰਦੇਸ਼ਾ ਦੇਵੇ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਆਪਣਾ ਹੁਕਮ ਸੁਣਾਈਆ। ਹਿੰਦੂ ਸਿੱਖ ਇਸਾਈ ਮੁਸਲਮਾਨ ਬੋਧੀ ਸਾਰੇ ਕਰੋ ਪਿਆਰ, ਦੂਜਾ ਕੋਇ ਨਜ਼ਰ ਕਿਸੇ ਨਾ ਆਈਆ। ਚਾਰ ਵਰਨਾਂ ਇਕ ਅਧਾਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਚਾ ਨਾਮ ਇਕ ਧਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਵੇਂ ਜੁਗ ਦੀ ਨਵੀਂ ਧਾਰ, ਸੰਤਨ ਸੰਗ ਕੁੜਮਾਈਆ। ਆਤਮ ਪਰਮਾਤਮ ਦੇ ਪਿਆਰ, ਨਿਜ ਨੈਣ ਸਰਬ ਜਣਾਈਆ। ਰੋਮ ਰੋਮ ਕਹੇ ਸੁਣੋ ਮੇਰਾ ਇਕ ਗੀਤ, ਜੀਵਾਂ ਜੰਤਾਂ ਦਿਆਂ ਜਣਾਈਆ। ਕਾਇਆ ਕਾਅਬਾ ਵੇਖੋ ਸਚ ਮਸੀਤ, ਹੁਜਰਾ ਹਕ ਇਕ ਖੁਲ੍ਹਾਈਆ । ਮੰਦਰ ਸ਼ਿਵਦਵਾਲੇ ਮਠ ਸਦਾ ਅਤੀਤ, ਪੁਰਖ ਅਬਿਨਾਸ਼ੀ ਬੈਠਾ ਡੇਰਾ ਲਾਈਆ। ਜਿਸਦਾ ਝਗੜਾ ਨਾ ਕੋਈ ਊਚ ਨੀਚ, ਜ਼ਾਤ ਪਾਤ ਨਜ਼ਰ ਕੋਇ ਨਾ ਆਈਆ। ਸਤਿ ਭਗਵਾਨ ਸਭ ਨਾਲ ਕਰੇ ਪ੍ਰੀਤ, ਗ਼ਰੀਬ ਨਿਮਾਣਿਆਂ ਆਪਣੀ ਗੋਦ ਉਠਾਈਆ। ਲੇਖ ਮੁਕਾਵੇ ਹਸਤ ਕੀਟ, ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਇਕੋ ਘਰ ਦਰਸਾਈਆ। ਸਦੀ ਅਖ਼ੀਰੀ ਰਹੀ ਬੀਤ, ਨਵ ਨੌ ਚਾਰ ਚਾਰੋਂ ਕੁੰਟ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਰੋਮ ਰੋਮ ਕਹੇ ਸੁਣੋ ਜਗ ਸੱਜਣ, ਮੈਂ ਸਭ ਨੂੰ ਦਿਆਂ ਸੁਣਾਈਆ। ਆਤਮ ਪਰਮਾਤਮ ਕਾਇਆ ਮੰਦਰ ਅੰਦਰ ਸਾਚੇ ਤੀਰਥ ਕਰੋ ਮਜਨ, ਦੁਰਮਤ ਮੈਲ ਰਹਿਣ ਕੋਇ ਨਾ ਪਾਈਆ। ਗ੍ਰਹਿ ਮੰਦਰ ਸ਼ਬਦ ਅਨਾਦੀ ਧੁਨ ਆਤਮ ਵਜਣ, ਅਨਹਦ ਆਪਣਾ ਰਾਗ ਸੁਣਾਈਆ। ਆਤਮ ਜੋਤ ਪਰਮਾਤਮ ਵਿਚ ਹੋ ਜਾਓ ਮਗਨ, ਦੂਜੀ ਹਿਰਸ ਹਵਸ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤ ਇਕ ਦਰਸਾਈਆ। ਰੋਮ ਰੋਮ ਕਹੇ ਸ੍ਰਿਸ਼ਟ ਸਬਾਈ ਇਕੱਠਾ ਕਰਨਾ ਜਗ, ਚਾਰੋਂ ਕੁੰਟ ਇਕ ਸੰਦੇਸ਼ ਸੁਣਾਈਆ। ਨੌ ਖੰਡ ਪ੍ਰਿਥਮੀ ਜੋ ਘਰ ਘਰ ਲਗੀ ਅੱਗ, ਦੂਈ ਦਵੈਤ ਰਹੀ ਤਪਾਈਆ। ਤਿਨ੍ਹਾਂ ਕਾਰਨ ਸੰਤ ਸੁਹੇਲੇ ਮਿਲ ਮਿਲ ਕਰਨ ਇਕੱਠ, ਸਗੰਠਨ ਇਕ ਰਹੇ ਬਣਾਈਆ। ਸਭ ਦੇ ਅੰਦਰ ਪਰਗਟ ਕਰਨੀ ਬ੍ਰਹਮ ਮਤਿ, ਕੂੜੀ ਕਿਰਿਆ ਦੇਣੀ ਕਢਾਈਆ। ਦੀਨ ਮਜ਼੍ਹਬ

ਦੇ ਝਗੜੇ ਪਿਛੇ ਕੋਈ ਨਾ ਉਬਲੇ ਰਤ, ਹਾਹਾਕਾਰ ਨਾ ਕੋਇ ਲੋਕਾਈਆ। ਸਭ ਨੇ ਆਪਣੇ ਇਸ਼ਟ ਦੇਵ ਦਾ ਗੌਣਾ ਜਸ, ਓਮ ਕ੍ਰਿਸ਼ਨ ਆਦਿ ਸ਼ਕਤ ਚਤਰਭੁਜ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਧਿਆਨ ਲਗਾਈਆ। ਸਭ ਤੋ ਉਤਮ ਸ੍ਰੇਸ਼ਟ ਮਿਤਰੋ ਆਪਣਾ ਮਨ ਕਰ ਲਓ ਵਸ, ਝਗੜਾ ਕੋਇ ਰਹਿਣ ਨਾ ਪਾਈਆ। ਗੀਤਾ ਗਿਆਨ ਅਠਾਰਾਂ ਧਿਆਏ ਰਹੀ ਦੱਸ, ਬਿਨ ਪਰਮਾਤਮ ਸ੍ਰੀ ਭਗਵਾਨ ਦੂਜਾ ਨਜ਼ਰ ਕੋਇ ਨਾ ਆਈਆ। ਇਕ ਦੂਜੇ ਨੂੰ ਮਿਲੋ ਹਸ ਹਸ, ਜ਼ਾਤ ਪਾਤ ਲੇਖਾ ਦੇਣਾ ਮੁਕਾਈਆ। ਜੇ ਸੰਤਾਂ ਦੇ ਸੁਣ ਕੇ ਬਚਨ ਤੁਹਾਡੀ ਅੰਦਰੋਂ ਖੁਲ੍ਹ ਜਾਏ ਅੱਖ, ਪਰਤਖ ਤੁਹਾਨੂੰ ਨਜ਼ਰ ਆਵੇ ਗੁਸਾਈਂਆ। ਫੇਰ ਪ੍ਰੇਮ ਪਿਆਰ ਦਾ ਤੁਹਾਨੂੰ ਮਿਲ ਜਾਏ ਹਕ, ਹਕ਼ੀਕ਼ਤ ਤੁਹਾਡੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਇਕ ਲਗਾਈਆ। ਸਾਚਾ ਮਾਰਗ ਲਗੌਣਗੇ ਸਾਧ, ਸੰਤ ਭਗਤ ਇਕੱਠੇ ਹੋ ਕੇ ਦਿਆਂ ਜਣਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇਣਾ ਰਿਵਾਜ, ਲੋਕਮਾਤ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਦਾ ਬਣਨਾ ਇਕ ਸਮਾਜ, ਧਰਮ ਇਕੋ ਦਏ ਦ੍ਰਿੜਾਈਆ। ਸ੍ਰੀ ਭਗਵਾਨ ਦੇ ਸਾਰੇ ਬਣੋ ਮੁਹਤਾਜ, ਦੂਜੀ ਲੋੜ ਰਹੇ ਨਾ ਰਾਈਆ। ਆਪਣੇ ਕਾਇਆ ਮੰਦਰ ਅੰਦਰ ਸ਼ਬਦ ਅਗੰਮੀ ਸੁਣੋ ਨਾਦ, ਜੋ ਦਿਵਸ ਰੈਣ ਕਰੇ ਸ਼ਨਵਾਈਆ। ਸਾਚੇ ਸੰਤਾਂ ਨਾਲ ਮਿਲ ਕੇ ਅੰਤਰ ਆਪਣੀ ਜੋਤ ਕਰੋ ਪਰਕਾਸ਼, ਅੰਧ ਅੰਧੇਰਾ ਲਓ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਰੋਮ ਰੋਮ ਕਹੇ ਮੈਂ ਕੀ ਵੇਖਿਆ ਅੰਦਰ ਅੰਤ, ਸਤਿ ਸਚ ਦਿਆਂ ਸਮਝਾਈਆ। ਓਹ ਝਗੜਾ ਛਡਕੇ ਕੂੜਾ ਜੰਤ, ਜੀਵਣ ਆਪਣਾ ਗਏ ਬਦਲਾਈਆ । ਨਾਤਾ ਜੋੜ ਕੇ ਨਰ ਹਰਿ ਕੰਤ, ਘਰ ਸੱਜਣ ਰਹੇ ਮਿਲਾਈਆ। ਆਤਮ ਪਰਮਾਤਮ ਗਾ ਕੇ ਛੰਤ, ਸੋਹੰ ਰੂਪ ਸਮਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਕੂੜੀ ਕਿਰਿਆ ਦਿਤੀ ਤਜਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਣ ਜਾਓ ਸਾਰੇ ਇਕੋ ਪੰਗਤ, ਸੰਗਤ ਇਕੋ ਇਕ ਵਖਾਈਆ। ਲੇਖਾ ਚੁਕ ਜਾਏ ਜੇਰਜ ਅੰਡਜ, ਉਤਭੁਜ ਸੇਤਜ ਲਹਿਣਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਮਾਲਕ ਇਕ ਅਖਵਾਈਆ। ਰੋਮ ਰੋਮ ਕਹੇ ਮੈਂ ਤਕਿਆ ਪਰਵਰਦਿਗਾਰ, ਜਲਵਾਗਰ ਨੂਰ ਇਲਾਹੀਆ। ਮੁਕਾਮੇ ਹਕ ਵਸਿਆ ਸਾਂਝਾ ਯਾਰ, ਤੌਫ਼ੀਕ਼ ਆਪਣੇ ਹੱਥ ਰਖਾਈਆ। ਪੀਰ ਪੈਗ਼ੰਬਰ ਜਿਸ ਦਾ ਕਰਦੇ ਗਏ ਇਜ਼ਹਾਰ, ਕਲਮਿਆਂ ਵਿਚ ਸਿਫ਼ਤ ਸਾਲਾਹੀਆ। ਸੋ ਚੌਦਾਂ ਲੋਕ ਚੌਦਾਂ ਤਬਕ ਵੇਖਣਹਾਰ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਸਾਚਾ ਇਸਮ ਆਜ਼ਮ ਦੱਸੇ ਅਗੰਮ ਅਪਾਰ, ਨੂਰੀ ਜਲਵਾ ਕਰ ਰੁਸ਼ਨਾਈਆ। ਮਾਨਵਤਾ ਦਾ ਇਕ ਅਧਾਰ, ਮਾਨਸ ਇਕੋ ਰੰਗ ਰੰਗਾਈਆ। ਕੂੜਾ ਝਗੜਾ ਛੱਡੋ ਵਿਚ ਸੰਸਾਰ, ਸਾਚੀ ਸਿਖਿਆ ਇਕੋ ਝੋਲੀ ਲਓ ਪਾਈਆ। ਕਾਇਆ ਤੱਤਾਂ ਅੰਦਰ ਏਕਾ ਜੋਤ ਨੂਰ ਇਕ ਉਜਿਆਰ, ਏਕਾ ਆਤਮ ਏਕਾ ਪ੍ਰੇਮ ਨਜ਼ਰੀ ਆਈਆ। ਜੇ ਸਾਰੇ ਆਪਣੇ ਅੰਦਰ ਆਪਣਾ ਆਪ ਲਓ ਸੋਚ ਵਿਚਾਰ, ਫੇਰ ਸਮਝ ਸਾਰਿਆਂ ਨੂੰ ਛੇਤੀ ਜਾਵੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਕਾਇਆ ਦਾ ਰੋਮ ਰੋਮ ਕਹੇ ਮੈਂ ਦੱਸਾਂ ਏਕਾ ਅਹਿਸਤਾ, ਹੌਲੀ ਹੌਲੀ ਦਿਆਂ ਜਣਾਈਆ। ਪੂਰਨ ਸੰਤਾਂ ਪ੍ਰਭ ਦਾ ਅੰਦਰੋਂ ਵੇਖਿਆ ਰਸਤਾ, ਸੂਰਬੀਰ ਬਣ ਕੇ ਸਾਰਿਆਂ ਨੂੰ ਰਸਤੇ ਦੇਣ ਲਗਾਈਆ । ਪ੍ਰਭ ਦਾ ਨਾਮ ਸਾਰੀ ਦੁਨੀਆ ਵਿਚੋਂ ਸਭ ਤੋਂ ਸਸਤਾ, ਜੇ ਕੋਈ ਦੇਵਣਹਾਰਾ ਦਾਤਾ ਅਣਮੰਗੀ ਦੌਲਤ ਝੋਲੀ ਪਾਈਆ। ਉਹ ਕਾਇਆ ਗਠੜੀ ਦਾ

ਫੋਲ ਦੇਵੇ ਬਸਤਾ, ਨਿਰਅੱਖਰ ਵਿਚੋਂ ਅੱਖਰ ਦੇਵੇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਰੋਮ ਰੋਮ ਕਹੇ ਮੈਂ ਵੇਖਿਆ ਵਿਸ਼ਵ ਮਾਰ ਕੇ ਝਾਤ, ਵੇਲਾ ਵਕ਼ਤ ਧਿਆਨ ਲਗਾਈਆ। ਲੋਕਮਾਤ ਵਿਚ ਰਹਿਣ ਨਹੀਂ ਦੇਣੀ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਦੇਣਾ ਚਮਕਾਈਆ। ਚਾਰ ਵਰਨਾਂ ਦਾ ਬਣਨਾ ਇਕੋ ਨਾਤ, ਪ੍ਰੇਮ ਪ੍ਰੀਤੀ ਜੋੜ ਜੁੜਾਈਆ। ਸਾਰੇ ਆਪਣੇ ਅੰਦਰ ਵੇਖੋ ਬੈਠਾ ਇਕ ਇਕਾਂਤ, ਪਤਿਪਰਮੇਸ਼ਵਰ ਬੇਪਰਵਾਹੀਆ। ਜੇ ਓਸ ਦਾ ਅੰਮ੍ਰਿਤ ਪੀ ਲਓ ਬੂੰਦ ਸਵਾਂਤ, ਜੋ ਨਿਝਰ ਝਿਰਨਾ ਰਿਹਾ ਝਿਰਾਈਆ । ਫੇਰ ਤੁਸੀਂ ਆਪੇ ਮਿਲ ਕੇ ਇਕ ਦੂਜੇ ਦਾ ਦੇ ਦਿਓ ਸਾਥ, ਝਗੜਾ ਰਹਿਣ ਕੋਇ ਨਾ ਪਾਈਆ। ਲੇਖਾ ਮੁਕ ਜਾਏ ਕੂੜੀ ਜ਼ਾਤ, ਆਤਮ ਪਰਮਾਤਮ ਇਕੋ ਨਜ਼ਰੀ ਆਈਆ । ਭਾਗਾਂ ਭਰਿਆ ਨਵੇਂ ਸੰਮਤ ਦਾ ਔਣ ਵਾਲਾ ਵਿਸਾਖ, ਜਿਸ ਵਿਸਾਖ ਦੇ ਵਿਚ ਜੰਮੂ ਲਏ ਵਡਿਆਈਆ। ਸੰਤਾਂ ਦਾ ਦਰਸ਼ਨ ਨਾਲੇ ਪ੍ਰਭੂ ਹੋਵੇ ਸਾਖ਼ਿਆਤ, ਸੰਤਾਂ ਦਾ ਮਾਲਕ ਸਾਹਮਣੇ ਨਜ਼ਰੀ ਆਈਆ। ਫੇਰ ਖ਼ੁਸ਼ੀ ਦੇ ਨਾਲ ਜਿਤਨੀ ਚਾਹੋ ਪੁੱਛ ਲਓ ਓਸ ਤੋਂ ਬਾਤ, ਘਰ ਬੈਠਿਆਂ ਦਏ ਸਮਝਾਈਆ। ਜਿਸ ਦੇ ਕੋਲ ਭਵਿਖਤ ਵਾਕ, ਪਰਦਾ ਓਹਲਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੋਮ ਰੋਮ ਆਪੇ ਵੇਖ ਵਖਾਈਆ। ਰੋਮ ਰੋਮ ਕਹੇ ਦੀਨ ਮਜ਼੍ਹਬ ਦਾ ਛਡ ਦਿਓ ਝਗੜਾ, ਕੂੜੀ ਕਿਰਿਆ ਦਿਓ ਮਿਟਾਈਆ । ਹੁਣ ਮਾਰਗ ਵੇਖੋ ਅਗਲਾ, ਜੋ ਸੰਤ ਸੱਜਣ ਰਹੇ ਵਖਾਈਆ। ਮਨੁੱਸ਼ ਹੋ ਕੇ ਕੋਈ ਨਾ ਬਣੇ ਪਗ਼ਲਾ, ਬੌਰਾ ਰੂਪ ਨਾ ਕੋਇ ਵਟਾਈਆ। ਜਿਹੜੇ ਫਿਰਦੇ ਰਹੇ ਵਿਚ ਜੰਗਲਾ, ਜਨਮ ਜਨਮ ਧੂਣੀਆਂ ਤਾਈਆ। ਓਹ ਪ੍ਰਭ ਨਾਲ ਮਿਲ ਕੇ ਸ੍ਰਿਸ਼ਟੀ ਦਾ ਲਾਹ ਦਿਉ ਪਰਦਾ ਅੰਧਲਾ, ਸਚ ਸਚ ਦਿਆਂ ਸੁਣਾਈਆ। ਰਲ ਮਿਲ ਕੇ ਸਾਰੇ ਇਕ ਸਟੇਜ ਤੇ ਗਾਓ ਚਾਰ ਮੰਗਲਾ, ਘਰ ਘਰ ਵਜੇ ਨਾਮ ਵਧਾਈਆ। ਹਰਿ ਕੇ ਨਾਮ ਬਿਨਾ ਜਨ ਭਗਤੋ ਕੋਈ ਨਹੀਂ ਸਗਲਾ, ਸਭ ਦੇ ਅੰਦਰ ਵਸਤ ਦਿਤੀ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਰੋਮ ਰੋਮ ਕਹੇ ਮੈਂ ਵਿਸ਼ਵ ਦਾ ਖੋਲ੍ਹਣਾ ਪਰਦਾ, ਪੋਸ਼ੀਦਾ ਰਾਜ਼ ਦੇਣਾ ਜਣਾਈਆ। ਜੋ ਜੀਵ ਜੰਤ ਬਿਰਹੋਂ ਅਗਨੀ ਵਿਚ ਸੜਦਾ, ਤੱਤਾਂ ਨਾਲ ਤੱਤ ਰਹੇ ਟਕਰਾਈਆ। ਪਤਾ ਓਹਨਾਂ ਕੋਈ ਨਹੀਂ ਆਪਣੇ ਘਰ ਦਾ, ਜਿਸ ਮੰਜ਼ਲ ਉਤੇ ਬਿਨ ਸੰਤਾਂ ਕੋਈ ਨਹੀਂ ਚੜ੍ਹਦਾ, ਸਤਿਗੁਰ ਨੇ ਕਿਰਪਾ ਕਰ ਕੇ ਗ਼ਰੀਬ ਨਿਮਾਣੇ ਓਥੇ ਦੇਣੇ ਚੜ੍ਹਾਈਆ। ਬੇਸ਼ਕ ਸਕੂਲ ਮਕਤਬ ਪਾਠਸ਼ਾਲਾ ਵਿਚ ਜੀਵ ਜੰਤ ਪੜ੍ਹਦਾ, ਪਰ ਆਤਮ ਵਿਦਿਆ ਬਿਨ ਪੂਰੇ ਸੰਤਾਂ ਹੱਥ ਕਿਸੇ ਨਾ ਆਈਆ। ਜਿਸ ਦਵਾਰੇ ਅਗੇ ਆਤਮ ਦਾ ਸਵਾਮੀ ਪਰਮਾਤਮ ਖੜਦਾ, ਸਵੱਛ ਸਰੂਪੀ ਦਰਸ ਦਿਖਾਈਆ। ਓਥੇ ਝਗੜਾ ਰਹੇ ਨਾ ਕੋਈ ਨਾਰ ਮਰਦ ਦਾ, ਸਾਂਤਕ ਸਤਿ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਇਕ ਵਖਾਈਆ। ਰੋਮ ਰੋਮ ਕਹੇ ਸੁਣ ਕੇ ਬਚਨ ਨਾ ਜਾਣਾ ਭੁਲ, ਘਰ ਦੇ ਧੰਦਿਆਂ ਵਿਚ ਵਕ਼ਤ ਨਾ ਕੋਇ ਗਵਾਈਆ। ਸੰਮਤ ਚੜ੍ਹਿਆ ਅਨਮੁਲ, ਜਿਸ ਨੂੰ ਅਕਾਲ ਪੁਰਖ ਸ਼ਹਿਨਸ਼ਾਹ ਦਿਤੀ ਵਡਿਆਈਆ। ਗੁਰਮੁਖੋ ਹਰਿਜਨੋ ਸਾਚੇ ਭਗਤੋ ਸੁਹੰਜਣੀ ਮਾਤਲੋਕ ਦੀ ਫੁਲਵਾੜੀ ਦੇ ਬਣ ਜਾਓ ਉਹ ਫੁੱਲ, ਜਿਨ੍ਹਾਂ ਦੇ ਵਿਚੋਂ ਸੁਗੰਧ ਇਕੋ ਨਜ਼ਰੀ ਆਈਆ। ਤੁਸੀਂ ਸਾਰੇ ਸ੍ਰੀ ਭਗਵਾਨ ਦੀ ਕੁਲ, ਕੁੱਲ ਦਾ ਮਾਲਕ ਪਰਵਰਦਿਗਾਰ ਸਾਚਾ ਸ਼ਹਿਨਸ਼ਾਹੀਆ। ਵੇਖਿਓ ਕੂੜੀ ਖੇਲ ਵਿਚ ਨਾ ਜਾਇਓ ਰੁਲ, ਆਪ ਆਪਣਾ ਜਗਤ ਭੁਲਾਈਆ। ਅਗੇ ਸਤਿ ਧਰਮ ਦਾ ਪੈਣਾ ਮੁਲ, ਜੂਠ ਝੂਠ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਰੋਮ ਰੋਮ ਕਹੇ ਮੇਰੀ ਸੁਣ ਲਓ ਅਰਜ਼, ਆਰਜ਼ੂ ਇਕ ਦਿਆਂ ਜਣਾਈਆ। ਓਮ ਓਮ ਕਹਿਣਾ ਸਭ ਦਾ ਫ਼ਰਜ਼, ਵਿਸ਼ਨ ਬ੍ਰਹਮਾ ਸ਼ਿਵ ਇਹੋ ਰਾਗ ਅਲਾਈਆ। ਆਤਮ ਪਰਮਾਤਮ ਦੀ ਸਾਚੀ ਤਰਜ਼, ਤੁਰੀਆ ਧਾਰ ਜਣਾਈਆ। ਇਹ ਸਭ ਤੋਂ ਵਖਰਾ ਨਿਰਾਲਾ ਚਲਣ ਜਗ ਦਿਸੇ ਅਸਚਰਜ, ਅਚਰਜ ਲੀਲ੍ਹਾ ਹਰਿ ਜੂ ਆਪ ਕਰਾਈਆ। ਦੀਨ ਮਜ਼੍ਹਬ ਦੀ ਛੁਰੀ ਕਿਸੇ ਉਤੇ ਚਲੇ ਕੋਈ ਨਾ ਕਰਦ, ਮਨੁੱਸ਼ਾਂ ਤਾਂਈ ਮਨੁੱਸ਼ ਜ਼ਿਬ੍ਹਾ ਨਾ ਕੋਇ ਕਰਾਈਆ। ਜੇ ਤੁਹਾਡੇ ਅੰਦਰ ਪ੍ਰੇਮ ਪਿਆਰ ਦੀ ਪਰਗਟ ਹੋ ਜਾਏ ਦਰਦ, ਚਾਰ ਕੁੰਟ ਇਕੋ ਰੰਗ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਰੋਮ ਰੋਮ ਕਹੇ ਮੇਰੀ ਸਚ ਅਰਦਾਸ, ਪੰਜਾਂ ਤੱਤਾਂ ਵਾਲਿਓ ਤੁਹਾਨੂੰ ਦਿਆਂ ਜਣਾਈਆ। ਆਪਣਾ ਵੇਖੋ ਹੱਡ ਨਾੜੀ ਮਾਸ, ਪਿੰਜਰ ਸੋਹਣਾ ਦਿਤਾ ਜਣਾਈਆ। ਜਿਸ ਦੇ ਅੰਦਰ ਵਸਤ ਰੱਖੀ ਖ਼ਾਸ, ਅਡੋਲ ਅਡੁਲ ਟਿਕਾਈਆ। ਅੰਮ੍ਰਿਤ ਪਿਆਲਾ ਨਿਝਰ ਕਵਲ ਨਾਭੀ ਭਰਿਆ ਗਲਾਸ, ਸੋਹਣਾ ਰੰਗ ਰੰਗਾਈਆ। ਅਨਹਦ ਸ਼ਬਦ ਵਜੇ ਦਿਨ ਰਾਤ, ਅੱਠੇ ਪਹਿਰ ਕਰੇ ਸ਼ਨਵਾਈਆ। ਨਿਰਗੁਣ ਜੋਤ ਤੁਹਾਡੇ ਕਾਇਆ ਮੰਦਰ ਪਰਕਾਸ਼, ਨੂਰੋ ਨੂਰ ਨਜ਼ਰੀ ਆਈਆ। ਜਿਸ ਨਾਲੋਂ ਵਿਛੜੇ ਓਸੇ ਦਾ ਬਣਾ ਲਓ ਸਾਥ, ਸ੍ਰਿਸ਼ਟ ਸਬਾਈ ਤੁਹਾਡੀ ਸੰਗੀ ਨਜ਼ਰੀ ਆਈਆ। ਕਲਜੁਗ ਕੂੜੀ ਕਿਰਿਆ ਦਾ ਛਡ ਦਿਓ ਕਿਨਾਰਾ ਤਾਟ, ਸਚ ਸਰੋਵਰ ਲੈਣਾ ਨਹਾਈਆ। ਸਚ ਸੰਦੇਸ਼ਾ ਸੁਣਨਾ ਅਗੰਮੀ ਗਾਥ, ਜੋ ਨਿਹਕਰਮੀ ਆਪ ਸੁਣਾਈਆ। ਸਚ ਪੁੱਛੋ ਆਦਿ ਜੁਗਾਦਿ ਜੁਗ ਚੌਕੜੀ ਸਰਬ ਸ੍ਰਿਸ਼ਟ ਦਾ ਪੁਰਖ ਅਕਾਲ ਇਕੋ ਮਾਈ ਬਾਪ, ਓਸੇ ਦੇ ਪੁਤਰ ਧੀਆਂ ਜੀਵ ਜੰਤ ਨਜ਼ਰੀ ਆਈਆ।

੭ ਚੇਤ ਸ਼ਹਿਨਸਾਹੀ ਸੰਮਤ ੧ ਚੇਲਾ ਸਿੰਘ ਦੇ ਗ੍ਰਹਿ ਜੰਮੂ

ਫੁੱਲ ਕਹੇ ਹੁਕਮ ਜਨਾਬ, ਜਨਾਬੇਆਲੀ ਦਿਤਾ ਸੁਣਾਈਆ। ਵਾਹਿਦ ਪਰਵਰਦਿਗਾਰ ਮੇਰਾ ਕਰਨਾ ਅਦਾਬ, ਸਜਦਾ ਸੀਸ ਨਿਵਾਈਆ। ਮੇਰਾ ਲੇਖਾ ਹੱਥ ਓਸ ਅਹਿਬਾਬ, ਜੋ ਮਹਿਬੂਬ ਮੁਹੱਬਤ ਬੇਪਰਵਾਹੀਆ। ਜਿਸ ਦਾ ਪੁੰਨ ਮਿਲੇ ਸਵਾਬ, ਰਹਿਮਤ ਝੋਲੀ ਪਾਈਆ। ਪਾਤਸ਼ਾਹਾਂ ਦਾ ਪਾਤਸ਼ਾਹ ਨਜ਼ਰੀ ਆਏ ਨਵਾਬ, ਵਾਹਿਦ ਲਾਸ਼ਰੀਕ ਨੂਰ ਖ਼ੁਦਾਈਆ। ਘਰ ਵਖਾਏ ਕਾਇਆ ਕਾਅਬੇ ਦੋ ਦੋਆਬ, ਆਬੇ ਹਯਾਤ ਮੁਖ ਚਵਾਈਆ। ਫੁੱਲ ਕਹੇ ਮੇਰਾ ਸੁਨੇਹੜਾ ਲੈ ਕੇ ਜਾਣਾ ਵਾਪਸੀ ਜਵਾਬ, ਸੰਦੇਸ਼ਾ ਹਕ਼ੀਕ਼ਤ ਵਿਚੋਂ ਸੁਣਾਈਆ। ਫੁੱਲ ਕਹੇ ਮੇਰੇ ਅੰਦਰ ਅਗੰਮੀ ਖ਼ੁਸ਼ਬੂ, ਖ਼ੁਸ਼ਨੂਦੀ ਸਭ ਨੂੰ ਦਿਆਂ ਜਣਾਈਆ। ਮੈਂ ਪਾਕ ਕਰ ਦਿਆਂ ਬੁੱਤ ਤੇ ਰੂਹ, ਜੋ ਮੇਰੇ ਗੁਸਾਂਈ ਦੀ ਭੇਟ ਚੜ੍ਹਾਈਆ । ਇਕੇ ਨਾਲ ਕਰ ਕੇ ਰਜੂਹ, ਰੁਚੀ ਸਾਚੀ ਦਿਆਂ ਬਣਾਈਆ। ਜਿਸ ਮੁਹੱਬਤ ਦੇ ਮਾਲਕ ਨਾਲ ਮੈਂ ਜਾਵਾਂ ਛੂਹ, ਓਹ ਖ਼ਲਕ ਦਾ ਖ਼ਾਲਕ ਨਜ਼ਰੀ ਆਈਆ। ਉਹ ਮੁਹੰਮਦ ਦਾ ਨੂਰ ਹੂਬ ਹੂ, ਜਲਵਾਗਰ ਨਜ਼ਰੀ ਆਈਆ। ਖ਼ੁਸ਼ੀ ਵੇਖ ਕੇ ਹੋਵੇ ਲੂੰ ਲੂੰ, ਅੰਦਰੋਂ ਜ਼ਮੀਰ ਦੇਵੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਅੰਤਰ ਅੰਤਰ ਖੋਜ ਖੁਜਾਈਆ। ਫੁੱਲ ਕਹੇ ਮੈਂ ਫੁੱਲਿਆ ਫੁਲਵਾੜੀ, ਗੁਲਸ਼ਨ ਦਿਤਾ ਮਹਿਕਾਈਆ । ਸਦੀ ਚੌਧਵੀਂ ਮੇਰੀ ਆ ਗਈ ਵਾਰੀ, ਪੱਤ ਟਹਿਣੀ ਨਾਲੋਂ ਜੁਦਾ ਦਿਤਾ ਕਰਾਈਆ। ਮਸਤੀ ਵਿਚ ਮਸਤਾਨੇ ਮੇਰੇ ਨਾਲ ਲਾਈ ਯਾਰੀ, ਆਪਣੇ ਯਾਰ

ਦਾ ਰਾਹ ਤਕਾਈਆ। ਸਚ ਮੁਹੱਬਤ ਦੀ ਇਕ ਖ਼ੁਮਾਰੀ, ਸੋਹਣੀ ਦਿਤੀ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੀਮਤ ਆਪੇ ਪਾਈਆ। ਫੁੱਲ ਕਹੇ ਕੀ ਮੈਨੂੰ ਕਿਸੇ ਹੱਥ ਫੜਾਇਆ ਮੁਰਸ਼ਦ, ਮਸ਼ੀਰ ਦਿਤਾ ਜਣਾਈਆ। ਸੋਹਣੀ ਮਿਲਦੀ ਫ਼ੁਰਸਤ, ਮਿਲਾਇਆ ਬੇਪਰਵਾਹੀਆ। ਮੇਰੇ ਅੰਦਰ ਨਾ ਰਹੀ ਗ਼ੁਰਬਤ, ਚੁਕੀ ਮਾਣ ਵਡਿਆਈਆ। ਫੁੱਲ ਕਹੇ ਮੇਰੇ ਰਹਿਮਾਨ, ਰਹਿਮਤ ਦੇ ਕਮਾਈਆ। ਸਿਦਕ ਸਬੂਰੀ ਦਾ ਦੇ ਈਮਾਨ, ਹੁਜਰਾ ਹਕ ਦੇ ਵਖਾਈਆ। ਜਿਥੇ ਝੁਲਦਾ ਇਕ ਨਿਸ਼ਾਨ, ਮੁਰਸ਼ਦ ਬੈਠਾ ਸ਼ਹਿਨਸ਼ਾਹੀਆ । ਇਕੋ ਕਲਮਾ ਤੇ ਇਕੋ ਕਲਾਮ, ਇਕੋ ਹਰਫ਼ ਰਿਹਾ ਪੜ੍ਹਾਈਆ। ਉਸ ਦੇ ਨਜ਼ਰ ਨਾ ਆਉਂਦੇ ਕਿਸੇ ਅਨਵਾਨ, ਸਾਬਤ ਸੂਰਤ ਨਾ ਕੋਇ ਜਣਾਈਆ । ਫੁੱਲ ਕਹੇ ਜੇ ਮੁਰੀਦੋ ਮੁਰਸ਼ਦ ਦੀ ਤੁਹਾਨੂੰ ਆ ਜਾਵੇ ਪਹਿਚਾਨ, ਫਿਰ ਮੁਸ਼ਕਲ ਅਵਰ ਨਾ ਕੋਇ ਰਖਾਈਆ। ਜੋ ਸਾਰਿਆਂ ਗ਼ੁੰਚਿਆਂ ਦਾ ਬਾਗ਼ਬਾਨ, ਇਨਸਾਨਾਂ ਦਾ ਅਸਲੀ ਮਾਲਕ ਨਜ਼ਰੀ ਆਈਆ। ਉਹ ਫਿਰਦਾ ਨਹੀਂ ਵਿਚ ਅਵਾਮ, ਆਮ ਖ਼ਾਸ ਭੱਜੇ ਨਾ ਵਾਹੋ ਦਾਹੀਆ। ਜਿਸ ਦੇ ਨਾਲ ਉਸ ਦਾ ਹੋਵੇ ਕਾਮ, ਓਸੇ ਨੂੰ ਲਿਆ ਬੁਲਾਈਆ। ਸਾਚਾ ਦੇਵੇ ਪੈਗ਼ਾਮ, ਹਜ਼ਰਤ ਕਰੇ ਪੜ੍ਹਾਈਆ। ਮੁਕਾਮੇ ਹਕ ਦਾ ਅਮਾਮ, ਅਮਲਾਂ ਵਾਲੀ ਵੇਖੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਫੁੱਲ ਕਹੇ ਮੈਂ ਵੇਖਿਆ ਅੰਦਰ ਇਕ ਹੁਜਰਾ, ਕਾਇਆ ਕਾਅਬੇ ਸੋਭਾ ਪਾਈਆ। ਜਿਥੇ ਪਰਵਰਦਿਗਾਰ ਦਾ ਮੁਜਰਾ, ਮੁਰੀਦ ਮੁਰਸ਼ਦ ਦੋਵੇਂ ਨਚ ਨਚ ਖ਼ੁਸ਼ੀ ਮਨਾਈਆ। ਫੁੱਲ ਕਹੇ ਮੇਰੀ ਬੁਨਿਆਦ ਦਾ ਕਿਸੇ ਨਹੀਂ ਵੇਖਿਆ ਸ਼ਜਰਾ, ਮੇਰਾ ਮੂਲ ਨਾ ਕੋਇ ਸਮਝਾਈਆ। ਜਿਸ ਵੇਲੇ ਮੁਹੰਮਦ ਦੀ ਰੂਹ ਨੂੰ ਮਹਿਬੂਬ ਦਾ ਲਗਣਾ ਸੀ ਸਗਨਾ, ਅਗਲਾ ਪਰਦਾ ਦਿਤਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪਣੇ ਹੱਥ ਰਖਾਈਆ । ਫੁੱਲ ਕਹੇ ਮੇਰੀ ਵੇਖੋ ਪੱਤੀ ਪੱਤੀ, ਪੰਖੜੀ ਆਪਣਾ ਹਾਲ ਸੁਣਾਈਆ। ਜਿਸ ਲੋਕਮਾਤ ਚੌਦਾਂ ਤਬਕ ਸਭ ਦੀ ਅੱਖ ਪਰਖ ਲਈ, ਪ੍ਰਤੱਖ ਬੇਪਰਵਾਹੀਆ। ਓਸੇ ਦੀ ਆਸ ਰਖ ਲਈ, ਜੋ ਮਿਲ ਕੇ ਖ਼ੁਸ਼ੀ ਮਨਾਈਆ। ਦਿਲ ਮੇਂ ਥਾ ਏਕ ਐਸਾ ਅਹਿਸਾਸ, ਆਸ਼ਾ ਰਹੀ ਤੜਪਾਈਆ। ਓਸ ਮਹਿਬੂਬ ਦੇ ਜਾਵਾਂ ਪਾਸ, ਜੋ ਮੁਹੱਬਤ ਦਾ ਮਾਲਕ ਨਜ਼ਰੀ ਆਈਆ । ਮੇਰੀ ਪੂਰੀ ਕਰਦੇ ਖ਼ਾਹਿਸ਼, ਖ਼ਾਸ ਆਪਣਾ ਰੰਗ ਚੜ੍ਹਾਈਆ। ਮੇਰਾ ਨਫ਼ਸ ਨਾ ਹੋਵੇ ਉਦਾਸ, ਹਵਸ ਦਏ ਬੁਝਾਈਆ। ਜਿਸ ਤਰਾ ਮੈਂ ਓਸ ਦੀ ਭੇਟਾ ਕਰਨਾ ਫੁੱਲ ਗੁਲਾਬ, ਗੁਲਾਬ ਦਾ ਆਬ ਮੇਰੇ ਅੰਦਰ ਚਵਾਈਆ । ਮੇਰਾ ਕ਼ਿਆਮਤ ਦਾ ਮੁੱਕ ਜਾਏ ਹਿਸਾਬ, ਜ਼ਮਾਨਤ ਦੇ ਕੇ ਬਰੀ ਕਰਾਈਆ। ਓਸ ਪੈਗ਼ੰਬਰ ਨੂੰ ਸਜਦਾ ਕਰਾਂ ਅਦਾਬ, ਸਲਾਮਾਲੈਕਮ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਮਾ ਇਕੋ ਦਏ ਪੜ੍ਹਾਈਆ। ਫੁੱਲ ਕਹੇ ਮੈਨੂੰ ਰੱਖਿਆ ਤੋੜ, ਸਚ ਮੁਹੱਬਤ ਇਕ ਰਖਾਈਆ। ਮੈਂ ਕਿਹਾ ਮੈਨੂੰ ਵੀ ਓਸ ਦੀ ਲੋੜ, ਜਿਹੜਾ ਵਿਛੜਿਆਂ ਰਿਹਾ ਮਿਲਾਈਆ। ਦੋਹਾਂ ਮਿਲ ਕੇ ਤਕਿਆ ਗ਼ੌਰ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਸਾਨੂੰ ਨਜ਼ਰੀ ਆਇਆ ਹੋਰ, ਅਵਰ ਕਾ ਅਵਰਾ ਰੂਪ ਵਟਾਈਆ। ਜਿਸ ਦੇ ਹੱਥ ਸਭ ਦੀ ਡੋਰ, ਤੰਦੀ ਤੰਦ ਬੰਧਾਈਆ। ਦੋਵੇਂ ਚਲ ਕੇ ਆ ਗਏ ਕੋਲ, ਪਿਛਲਾ ਪੰਧ ਮੁਕਾਈਆ। ਓਹ ਅਣਤੋਲੇ ਤੋਲੇ ਆਪਣੇ ਤੋਲ, ਕੰਡੇ ਸਚ ਉਠਾਈਆ। ਕਾਇਆ ਕ਼ਬਰ ਸਬਰ ਪਰਦਾ ਦੇਵੇ ਖੋਲ੍ਹ, ਚਸ਼ਮ ਦੀਦ ਨਜ਼ਰੀ ਆਈਆ। ਫੁੱਲ ਕਹੇ ਹੁਕਮ ਥਾ ਏਕ, ਮਾਲਕ ਇਕੋ ਨਜ਼ਰੀ

ਆਈਆ। ਜਿਸ ਨੂੰ ਇਹ ਅੱਖਾਂ ਨਹੀਂ ਸਕਦੀਆਂ ਵੇਖ, ਕਾਇਆ ਕਾਅਬੇ ਵਿਚੋਂ ਨਜ਼ਰੀ ਆਈਆ। ਜਿਸ ਦਾ ਤੀਸ ਬਤੀਸ ਕ਼ੁਰਾਨ ਵਿਚ ਲਿਖਿਆ ਲੇਖ, ਮਜੀਦ ਦਿਤੀ ਵਡਿਆਈਆ। ਓਸੇ ਦੀ ਵਸਤੂ ਓਸੇ ਦੀ ਭੇਟ, ਇਕੋ ਦੇ ਅਗੇ ਦਿਤਾ ਟਿਕਾਈਆ। ਜਿਸ ਨੂੰ ਸਜਦੇ ਕਰਦੇ ਮੁੱਲਾ ਸ਼ੇਖ਼, ਮੁਸਾਇਕ ਨਜ਼ਮਿਆਂ ਵਿਚ ਗਾਈਆ। ਕਾਇਨਾਤ ਕਲਮੇ ਵਾਲੀ ਦੇਵਣਹਾਰਾ ਟੇਕ, ਅਨਾਇਤ ਆਪਣੀ ਆਪ ਝੋਲੀ ਪਾਈਆ । ਜਿਸ ਦੀ ਸਚ ਸ਼ਰਅ ਦੀ ਸਚ ਸ਼ਰਾਇਤ, ਸ਼ਰੀਅਤ ਦਏ ਵਖਾਈਆ। ਜਿਸ ਦੀ ਮੁਕਾਮੇ ਹਕ ਅਰਾਮਗਾਹ ਰਿਹਾਇਸ਼, ਨੂਰ ਨੁਰਾਨਾ ਨਜ਼ਰੀ ਆਈਆ। ਫੁੱਲ ਕਹੇ ਦਰਵੇਸ਼ ਇਸ ਦੀ ਸੁਣ ਲੈ ਹਦਾਇਤ, ਹਜ਼ਰਤ ਹੋ ਕੇ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਫੁੱਲ ਕਹੇ ਮੇਰੀ ਅੱਛੀ ਕ਼ਿਸਮ, ਕ਼ਿਸਮਤ ਨਾਲ ਕ਼ਿਸਮਤ ਦਿਆਂ ਬਦਲਾਈਆ। ਜਿਨ੍ਹਾਂ ਨੂੰ ਪਰਵਰਦਿਗਾਰ ਦਾ ਸਾਚਾ ਮਿਲ ਗਿਆ ਇਸਮ, ਸੋ ਇਸਮ ਆਅਜ਼ਮ ਵਿਚ ਆਪਣਾ ਡੇਰਾ ਲਾਈਆ। ਦਰਸ ਕਰ ਕੇ ਚਸ਼ਮ, ਦੀਦ ਖ਼ੁਸ਼ੀ ਮਨਾਈਆ। ਮੈਂ ਖਾ ਕੇ ਕਹਾਂ ਕ਼ਸਮ, ਪਰਵਰਦਿਗਾਰ ਇਕੋ ਨੂਰ ਖ਼ੁਦਾਈਆ। ਜਿਸ ਦਾ ਵਜੂਦ ਨਹੀਂ ਕੋਈ ਜਿਸਮ, ਮਾਟੀ ਖ਼ਾਕ ਗੋਰ ਨਾ ਡੇਰਾ ਲਾਈਆ।

੭ ਚੇਤ ਸ਼ਹਿਨਸ਼ਾਹੀ ਸੰਮਤ ੧ ਲਾਲ ਚੰਦ ਦੇ ਗ੍ਰਹਿ ਜੰਮੂ

ਸੱਤ ਚੇਤ ਕਹੇ ਮੇਰੀ ਆ ਗਈ ਮਿਤੀ, ਮਿਤਰ ਪਿਆਰੇ ਦਿਆਂ ਮਿਲਾਈਆ। ਧੰਨ ਭਾਗ ਸਾਹਿਬ ਸਤਿਗੁਰ ਖੋਲ੍ਹਣ ਲੱਗਾ ਚਿੱਠੀ, ਗੋਬਿੰਦ ਆਪਣਾ ਪਰਦਾ ਲਾਹੀਆ। ਜਿਹੜੀ ਬਿਨ ਕ਼ਲਮ ਸ਼ਾਹੀ ਲਿਖੀ, ਹਰਫ਼ਾਂ ਵਿਚ ਨਾ ਕੋਇ ਸਮਝਾਈਆ। ਉਸ ਦਾ ਲੇਖਾ ਪਰਮ ਪੁਰਖ ਸਤਿ ਧਰਮ ਪਰਗਟੌਣੀ ਸਾਚੀ ਸਿੱਖੀ, ਚਾਰ ਵਰਨ ਸਰਨਾਈਆ। ਜਿਨ੍ਹਾਂ ਦੇ ਦਰਸ ਪੌਣ ਔਣਾ ਸਪਤ ਰਿਖੀ, ਆਪਣਾ ਪੰਧ ਮੁਕਾਈਆ। ਉਹ ਦੋ ਇਕ ਦੀ ਮਿਲ ਕੇ ਨਿਰਗੁਣ ਸਰਗੁਣ ਹੋਣੀ ਇੱਕੀ, ਏਕੰਕਾਰ ਜੋੜ ਜੁੜਾਈਆ। ਜਗ ਨੇਤਰ ਲੋਚਨ ਨੈਣ ਕਿਸੇ ਨਾ ਦਿਸੀ, ਸਚ ਦਵਾਰੇ ਦਏ ਸਮਝਾਈਆ। ਸ੍ਰਿਸ਼ਟ ਸਬਾਈ ਕੂੜੀ ਕਰ ਕੇ ਫ਼ਿਕੀ, ਅਮਿਉਂ ਰਸ ਆਪਣਾ ਦਏ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਇਕ ਲਗਾਈਆ। ਸੱਤ ਚੇਤ ਕਹੇ ਮੈਂ ਹੋ ਕੇ ਆਇਆ ਸਤਿ, ਸਤਿ ਧਰਮ ਦਿਆਂ ਜਣਾਈਆ। ਜਨ ਭਗਤੋ ਖੋਲ੍ਹ ਕੇ ਵੇਖੋ ਅੱਖ, ਪਰਦਾ ਦੂਈ ਉਠਾਈਆ। ਜੋਤ ਸਰੂਪੀ ਹਰਿ ਪਰਤਖ, ਨਿਰਵੈਰ ਨਜ਼ਰੀ ਆਈਆ। ਨਾਮ ਨਿਧਾਨ ਗਾਵੋ ਗਾਥ, ਸਾਚੀ ਕਰੋ ਪੜ੍ਹਾਈਆ। ਊਚ ਨੀਚ ਬਣ ਕੇ ਇਕ ਜਮਾਤ, ਸਾਚਾ ਮੰਦਰ ਦੇਣਾ ਸੁਹਾਈਆ। ਅੰਤਰ ਆਤਮ ਪੂਰੀ ਕਰ ਲਉ ਖ਼ਾਹਿਸ, ਚਿੰਤਾ ਚਿਖਾ ਦਏ ਗਵਾਈਆ। ਸਚ ਦਵਾਰੇ ਕਰਨਹਾਰ ਨਿਵਾਸ, ਭੂਮਿਕਾ ਭੂਮੀ ਦਏ ਵਡਿਆਈਆ। ਸਚ ਬੇਨੰਤੀ ਸੁਣਨ ਆਇਆ ਅਰਦਾਸ, ਆਸ ਪਾਸ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦੁਨੀ ਦਾ ਮਾਲਕ ਵੇਖ ਵਖਾਈਆ। ਸੱਤ ਚੇਤ ਕਹੇ ਮੈਂ ਸਤਿ ਸਤਿਵਾਦ, ਸਤਿ ਸਚ ਦਿਆਂ ਦ੍ਰਿੜਾਈਆ। ਮੇਰਾ ਲੇਖਾ ਆਦਿ ਜੁਗਾਦਿ, ਜੁਗ ਚੌਕੜੀ ਨਾ ਕੋਇ ਮੁਕਾਈਆ। ਲੋਕਮਾਤ ਚੜ੍ਹਿਆ ਖ਼ਾਸ, ਖ਼ਸੂਸੀਅਤ ਆਪਣੀ ਨਾਲ ਲਿਆਈਆ। ਹਰਿਜਨ ਹੋਵੇ ਨਾ ਕੋਇ ਉਦਾਸ, ਦੀਨਾਂ ਅਨਾਥਾਂ ਬਖ਼ਸ਼ੇ ਇਕ ਸਰਨਾਈਆ। ਪਰਮ ਪੁਰਖ ਜਨ ਭਗਤਾਂ ਕਰ

ਨਿਵਾਸ, ਅਸਥਾਨ ਇਕੋ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੱਤ ਚੇਤ ਕਹੇ ਮੈਂ ਵੇਖੀ ਸਤਿ ਤਸਵੀਰ, ਪੁਰਖ ਅਕਾਲ ਦਿਤੀ ਜਣਾਈਆ। ਜਿਸ ਦੇ ਅੰਦਰ ਸ਼ਾਹ ਹਕੀਰ, ਬੈਠੇ ਡੇਰੇ ਲਾਈਆ। ਦਰਵੇਸ਼ ਮੰਗਤੇ ਫ਼ਕੀਰ, ਝੋਲੀ ਰਹੇ ਵਖਾਈਆ। ਝੁਕਦੇ ਪੈਗ਼ੰਬਰ ਪੀਰ, ਗੁਰ ਅਵਤਾਰ ਸੀਸ ਨਿਵਾਈਆ। ਭਗਤ ਸੁਹੇਲੇ ਪੈਂਡੇ ਚੀਰ, ਬੈਠੇ ਪੰਧ ਮੁਕਾਈਆ। ਬਣ ਵੈਰਾਗੀ ਨੇਤਰ ਵਹਾਵਣ ਨੀਰ, ਜਲਧਾਰਾ ਰੂਪ ਵਟਾਈਆ। ਨਾਮ ਖੰਡਾ ਫੜ ਸ਼ਮਸ਼ੀਰ, ਜੋਧੇ ਰੂਪ ਆਪਣਾ ਭੇਖ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਸਮਝਾਈਆ। ਸੱਤ ਚੇਤ ਕਹੇ ਮੈਂ ਸਮਝਿਆ ਸਤਿ, ਸਤਿ ਪੁਰਖ ਨਿਰੰਜਣ ਇਕੋ ਨਜ਼ਰੀ ਆਈਆ। ਜਿਸ ਦਾ ਮਾਰਗ ਨਿਰਾਲਾ ਸਭ ਤੋਂ ਵਖ, ਵਖਰੀ ਕਾਰ ਕਮਾਈਆ। ਜਨ ਭਗਤਾਂ ਖੋਲ੍ਹ ਕੇ ਅੱਖ, ਆਪਣਾ ਦਰਸ ਦਿਤਾ ਕਰਾਈਆ । ਕੂੜੀ ਕਿਰਿਆ ਤੋਂ ਪਿਛੇ ਹਟ, ਬੈਠਾ ਮੁਖ ਭਵਾਈਆ। ਸਰਬ ਕਲਾ ਹੋ ਸਮਰਥ, ਅਚਰਜ ਲੀਲ੍ਹਾ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੱਤ ਚੇਤ ਕਹੇ ਸਚ ਜਾਣਿਆ ਏਕ, ਏਕੰਕਾਰ ਨਜ਼ਰੀ ਆਈਆ। ਜਿਸ ਦੀ ਸਾਚੀ ਲੈ ਕੇ ਟੇਕ, ਗੁਰਮੁਖਾਂ ਜੋੜ ਜੁੜਾਈਆ। ਅੰਦਰ ਬਾਹਰ ਕਰ ਬਿਬੇਕ, ਵਿਵੇਕੀ ਦਏ ਸਮਝਾਈਆ। ਪੁਰਖ ਅਕਾਲ ਇਕੋ ਟੇਕ, ਰਘੁਨਾਥ ਹੋਏ ਸਹਾਈਆ। ਵੇਖੋ ਚਲ ਕੇ ਆਪਣਾ ਦੇਸ, ਜੋ ਸੁਹੰਜਣਾ ਸੋਭਾ ਪਾਈਆ। ਹਰਿ ਸਰਨਾਈ ਲੈਣਾ ਖੇਡ, ਆਪਣੀ ਖ਼ੁਸ਼ੀ ਨਾਲ ਮਿਲਾਈਆ। ਜਿਸ ਤੁਹਾਨੂੰ ਦਿਤਾ ਭੇਜ, ਸੋ ਵੇਖਣ ਆਇਆ ਚਾਈਂ ਚਾਈਂਆ। ਤੁਸੀਂ ਸਵਾਰਕੇ ਰੱਖੋ ਸੇਜ, ਆਤਮ ਅੰਤਰ ਆਸਣ ਲਾਈਆ। ਉਹ ਜੋਤੀ ਜਲਵਾ ਕਰ ਕੇ ਤੇਜ, ਅੰਧ ਅੰਧੇਰਾ ਦਏ ਮਿਟਾਈਆ। ਆਤਮ ਪਰਮਾਤਮ ਹੋ ਕੇ ਲਏ ਵੇਖ, ਨਿਜ ਨੇਤਰ ਲੋਚਨ ਮੇਲ ਮਿਲਾਈਆ। ਸਭ ਦਾ ਮਾਲਕ ਬਣ ਕੇ ਇਕ ਨਰੇਸ਼, ਧੁਰ ਦਾ ਹੁਕਮ ਦਏ ਦ੍ਰਿੜਾਈਆ। ਸਤਿ ਧਰਮ ਜਿਸ ਦੇ ਦਵਾਰੇ ਹੋਇਆ ਭੇਟ, ਆਪ ਆਪਣਾ ਗਿਆ ਚੁਕਾਈਆ। ਸੋ ਸਖ਼ਾ ਸੁਹੇਲਾ ਇਕ ਅਕੇਲਾ ਬਣ ਕੇ ਖੇਵਟ ਖੇਟ, ਖਟੀਆ ਉਤੇ ਬਹਿ ਕੇ ਰਿਹਾ ਤਰਾਈਆ। ਜਿਸ ਨੂੰ ਲੱਭਦੇ ਦੇਵੀ ਦੇਵਤ ਨੇਤ ਨੇਤ, ਨੈਣਾਂ ਨੈਣ ਉਠਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਭਾਗ ਲਗਾਵਣਹਾਰਾ ਸਪਤਮ ਚੇਤ, ਗੁਰਮੁਖ ਚਾਤਰਕ ਬਿਲਲੌਂਦਿਆਂ ਤ੍ਰਿਖਾ ਰਿਹਾ ਬੁਝਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗੰਮੀ ਖੇਲ ਕਰੇ ਅਚਾਨਕ ਅਚੇਤ, ਅਚੰਭਾ ਕਰ ਦਏ ਜਗਤ ਲੋਕਾਈਆ।

੭ ਚੇਤ ਸ਼ਹਿਨਸ਼ਾਹੀ ਸੰਮਤ ੧ ਸ਼ਿਵ ਰਾਮ ਦੇ ਗ੍ਰਹਿ ਜੋੜੀਆਂ ਜ਼ਿਲਾ ਜੰਮੂ

ਸੱਤ ਦਿਵਸ ਕਹੇ ਪ੍ਰਭ ਆਇਆ ਭਾਗਿਆ, ਭਗਵਨ ਆਪਣਾ ਫੇਰਾ ਪਾਈਆ। ਗੁਰਮੁਖ ਸੁਹੇਲਾ ਵਿਰਲਾ ਲੋਕਮਾਤ ਜਾਗਿਆ, ਜਿਸ ਜਾਗਰਤ ਜੋਤ ਕਰੀ ਰੁਸ਼ਨਾਈਆ। ਸਚ ਸਰਨਾਈ ਏਕੋ ਲਾਗਿਆ, ਪ੍ਰਭ ਠਾਕਰ ਓਟ ਤਕਾਈਆ। ਜਨਮ ਕਰਮ ਦੁਰਮਤ ਮੈਲ ਧੋਇਆ ਦਾਗ਼ਿਆ, ਪਤਿਤ ਪੁਨੀਤ ਰੂਪ ਵਟਾਈਆ। ਅੰਤਰ ਨਾਮ ਸਾਚਾ ਮਿਲਿਆ ਰਾਗਿਆ, ਧੁਰ ਦਾ ਢੋਲਾ ਗਾਈਆ। ਸਚ ਸਚ ਹੋਇਆ ਵਿਸਮਾਦਿਆ, ਆਪਣਾ

ਆਪ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣਾ ਰੰਗ ਵਖਾਈਆ। ਸੱਤ ਕਹੇ ਮੇਰੀ ਆਈ ਵਾਰੀ, ਹਰਿ ਸਤਿਗੁਰ ਦਇਆ ਕਮਾਈਆ। ਜੁਗ ਚੌਕੜੀ ਚੁਕਣੀ ਖ਼ੁਆਰੀ, ਕਿਰਿਆ ਕੂੜੀ ਤਜਾਈਆ। ਮਨਮੁਖਾਂ ਨਾਲੋਂ ਤੁਟੀ ਯਾਰੀ, ਹਰਿ ਭਗਤਾਂ ਜੋੜ ਜੁੜਾਈਆ। ਸੱਜਣ ਸੁਹੇਲਾ ਮਿਲਿਆ ਏਕੰਕਾਰੀ, ਅਕਲ ਕਲਧਾਰੀ ਨਜ਼ਰੀ ਆਈਆ। ਜਿਸ ਦਾ ਹੁਕਮ ਚਲੇ ਜੁਗ ਚਾਰੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਮਨਾਈਆ। ਸੇਵਾ ਕਰਦੇ ਗੁਰ ਅਵਤਾਰੀ, ਪੀਰ ਪੈਗ਼ੰਬਰ ਭੱਜਣ ਵਾਹੋ ਦਾਹੀਆ। ਸੋ ਕਿਰਪਾ ਕਰੇ ਅਪਰ ਅਪਾਰੀ, ਅਪਰੰਪਰ ਆਪਣਾ ਫੇਰਾ ਪਾਈਆ। ਭਗਤ ਸੁਹੇਲੇ ਰਿਹਾ ਉਭਾਰੀ, ਨਿਰਗੁਣ ਹੋ ਕੇ ਸਰਗੁਣ ਆਪ ਜਗਾਈਆ। ਸ਼ਬਦ ਅਨਾਦੀ ਬਣ ਲਿਖਾਰੀ, ਭੇਵ ਅਭੇਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸੱਤ ਕਹੇ ਮੈਂ ਵੇਖਣ ਆਇਆ ਸਤਿ ਸੰਤੋਖ, ਲੋਕਮਾਤ ਆਪਣਾ ਫੇਰਾ ਪਾਈਆ। ਪੰਧ ਮੁਕਾ ਕੇ ਚੌਦਾਂ ਲੋਕ, ਸਚ ਦਵਾਰੇ ਸੋਭਾ ਪਾਈਆ। ਭਗਤ ਭਗਵਾਨ ਦੀ ਵੇਖੀ ਮੌਜ, ਮੁਰੀਦ ਮੁਰਸ਼ਦ ਇਕੋ ਰੰਗ ਸਮਾਈਆ। ਇਕ ਦੂਜੇ ਦੀ ਕਰ ਕੇ ਖੋਜ, ਘਰ ਘਰ ਵਿਚ ਆਪਣਾ ਰੰਗ ਰੰਗਾਈਆ। ਅਗੇ ਪਿਛੇ ਦੀ ਮੁੱਕੀ ਸੋਚ, ਆਵਣ ਜਾਵਣ ਪੰਧ ਰਿਹਾ ਨਾ ਰਾਈਆ। ਧੁਰ ਦਰਗਾਹੀ ਪੜ੍ਹ ਸਲੋਕ, ਇਕ ਦੂਜੇ ਨੂੰ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸੱਤ ਕਹੇ ਮੈਂ ਵੇਖਣ ਆਇਆ ਮਾਤ, ਨਿਰਗੁਣ ਕੀ ਕੀ ਖੇਲ ਖਿਲਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਜੋ ਦੇ ਕੇ ਗਏ ਸੁਗ਼ਾਤ, ਕਿਸ ਬਿਧ ਵੇਖੇ ਥਾਉਂ ਥਾਈਂਆ। ਵਰਨ ਬਰਨ ਜੋ ਬਣੀ ਜਮਾਤ, ਚਾਰ ਕੁੰਟ ਵੰਡ ਵੰਡਾਈਆ। ਦੀਨ ਮਜ਼੍ਹਬ ਜੋ ਗੌਂਦੇ ਗਾਥ, ਰਸਨਾ ਕਰਨ ਪੜ੍ਹਾਈਆ। ਪਾਂਧੇ ਤਿਲਕ ਲਗੌਂਦੇ ਜੋ ਮਸਤਕ ਮਾਥ, ਤ੍ਰਿਸੂਲ ਰੂਪ ਵਟਾਈਆ। ਮੁਲਾ ਸ਼ੇਖ਼ ਜੋ ਪੜ੍ਹਨ ਨਿਮਾਜ਼, ਵੇਲੇ ਵਕ਼ਤ ਪੰਜ ਸੁਹਾਈਆ। ਗ੍ਰੰਥੀ ਪੰਥੀ ਜੋ ਕਰਨ ਅਰਦਾਸ, ਬੇਨੰਤੀ ਜਗਤ ਜਣਾਈਆ । ਪਰਦਾ ਲਾਹ ਕੇ ਸਭ ਦਾ ਵੇਖੇ ਖੇਲ ਤਮਾਸ਼, ਨਟੂਆ ਹੋ ਕੇ ਸਵਾਂਗ ਵਰਤਾਈਆ। ਜਾਂ ਤਕਿਆ ਸਾਚੀ ਵਸਤ ਕਿਸੇ ਨਾ ਪਾਸ, ਖ਼ਾਲੀ ਬੈਠੇ ਰਹੇ ਕੁਰਲਾਈਆ। ਕਿਰਪਾ ਕਰ ਕੇ ਪੁਰਖ ਅਬਿਨਾਸ਼, ਜਨ ਭਗਤਾਂ ਦਿਤੀ ਵਡਿਆਈਆ। ਸਾਚਾ ਨਾਮ ਸੱਚੀ ਕਰਾਮਾਤ, ਝੋਲੀ ਇਕੋ ਵਾਰ ਭਰਾਈਆ। ਹਰਿਜਨ ਪਿਆਰਿਓ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੌਣੀ ਗਾਥ, ਪ੍ਰਿਥਮੀ ਆਕਾਸ਼ ਤੁਹਾਡਾ ਲੇਖਾ ਰਹੇ ਨਾ ਰਾਈਆ।

੭ ਚੇਤ ਸ਼ਹਿਨਸ਼ਾਹੀ ਸੰਮਤ ੧ ਝੰਡੂ ਰਾਮ ਦੇ ਗ੍ਰਹਿ ਜੌੜੀਆ ਜ਼ਿਲਾ ਜੰਮੂ

ਸੱਤ ਚੇਤ ਕਹੇ ਪ੍ਰਭ ਕਿਰਪਾ ਧਾਰ, ਤੇਰੇ ਹੱਥ ਵਡੀ ਵਡਿਆਈਆ। ਭਗਤ ਸੁਹੇਲੇ ਸਾਚੇ ਤਾਰ, ਅਧਵਾਟੇ ਰਹਿਣ ਕੋਇ ਨਾ ਪਾਈਆ। ਫੜ ਫੜ ਬਾਹੋਂ ਲਾ ਦੇ ਪਾਰ, ਧੁਰ ਦੇ ਮਾਲਕ ਸੇਵਾ ਸਚ ਕਮਾਈਆ। ਓਨ੍ਹਾਂ ਦਾ ਲੇਖਾ ਰਹੇ ਨਾ ਕੋਈ ਵਿਚ ਸੰਸਾਰ, ਜੋ ਪੁਰਖ ਅਬਿਨਾਸ਼ੀ ਤੇਰਾ ਦਰਸ਼ਨ ਪਾਈਆ। ਆਵਣ ਜਾਵਣ ਲੱਖ ਚੁਰਾਸੀ ਗੇੜਾ ਦੇ ਨਿਵਾਰ, ਜਮ ਕੀ ਫ਼ਾਸੀ ਦੇ ਕਟਾਈਆ। ਜੁਗ ਚੌਕੜੀ ਪਿਛੋਂ ਤੇਰਾ ਇਹੋ ਵਡਾ ਪਰਉਪਕਾਰ, ਬਿਨ ਭਗਤੀਉਂ ਪਾਰ ਲੰਘਾਈਆ। ਵੇਖ ਵਖਾਣੇ ਸਿਰਜਨਹਾਰ, ਸਮਰਥ ਪੁਰਖ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਗਲੇ ਲਗਾਈਆ। ਸੱਤ ਚੇਤ ਕਹੇ ਤੇਰੇ ਹੱਥ ਵਡਿਆਈ, ਵਡ ਵੱਡਾ ਨਜ਼ਰੀ ਆਈਆ। ਨਿਰਗੁਣ ਹੋ ਕੇ ਬਣਿਆ ਪਾਂਧੀ ਰਾਹੀ, ਨਿਰਵੈਰ ਆਪਣਾ ਫੇਰਾ ਪਾਈਆ। ਮਾਰਗ ਚਲਦਿਆਂ ਗੁਰਮੁਖ ਸੱਜਣ ਜਾ ਤਰਾਈ, ਤਾਰਨਹਾਰੇ ਤੇਰੀ ਓਟ ਤਕਾਈਆ। ਤੇਰੀ ਕ਼ੀਮਤ ਲੱਗੇ ਨਾ ਰਾਈ, ਰਿਆਇਤ ਨਾਲ ਸਭ ਦੇ ਲੇਖੇ ਦੇ ਚੁਕਾਈਆ। ਦੂਜੇ ਓਟ ਰਹੇ ਨਾ ਰਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦੇ ਜਣਾਈਆ। ਸੱਤ ਚੇਤ ਕਹੇ ਮੇਰੀ ਮੰਗ ਅਖ਼ੀਰੀ, ਦਰ ਠਾਂਡੇ ਆਪ ਰਖਾਈਆ। ਜਿਸ ਨੂੰ ਪ੍ਰਭੂ ਕਹਿੰਦੇ ਮਿਲ ਗਿਆ ਤਕ਼ਦੀਰੀ, ਉਹ ਵੇਲਾ ਵਕ਼ਤ ਦਏ ਗਵਾਹੀਆ। ਗੁਰਮੁਖਾਂ ਅੰਤਰ ਆਤਮ ਦੇ ਜਾ ਧੀਰੀ, ਸਤਿ ਸੰਤੋਖ ਇਕ ਸਮਝਾਈਆ। ਜੋ ਅੰਤਰ ਅੰਤਰ ਲੱਗੀ ਪੀੜੀ, ਉਸ ਦਾ ਦੁਖ ਦੇ ਮਿਟਾਈਆ। ਤੇਰੇ ਹੱਥ ਸ਼ਹਿਨਸ਼ਾਹੀ ਵਜ਼ੀਰੀ, ਹਕੀਰੀ ਤੇਰੇ ਚਰਨਾਂ ਹੇਠਾਂ ਬੈਠੀ ਸੀਸ ਨਿਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਬੇਨਜ਼ੀਰੀ, ਮਿਹਰ ਨਜ਼ਰ ਨਾਲ ਬੇੜੇ ਲਏ ਚੜ੍ਹਾਈਆ।

੭ ਚੇਤ ਸ਼ਹਿਨਸ਼ਾਹੀ ਸੰਮਤ ੧ ਤੇਜ ਭਾਨ ਦੇ ਗ੍ਰਹਿ ਸ਼ੇਖ਼ਸਰ ਜ਼ਿਲਾ ਜੰਮੂ

ਪ੍ਰਭ ਪ੍ਰੀਤ ਕਹੇ ਮੈਂ ਹੁਣ ਨਹੀਂ ਟੁਟਣਾ, ਟੋਟੇ ਟੋਟੇ ਹੋ ਕੇ ਆਪਣਾ ਆਪ ਭੇਟ ਚੜ੍ਹਾਈਆ। ਕੂੜੇ ਵਿਛੋੜੇ ਵਾਲਾ ਬੂਟਾ ਪੁਟਣਾ, ਜਨ ਭਗਤਾਂ ਅੰਦਰ ਰਹਿਣ ਕੋਇ ਨਾ ਪਾਈਆ। ਪ੍ਰੇਮ ਮੁਹੱਬਤ ਨਾਲ ਪੁਛਣਾ, ਸਹਿਜ ਨਾਲ ਸੁਣਾਈਆ। ਜਨ ਭਗਤੋ ਤੁਹਾਨੂੰ ਪਏ ਨਾ ਅਗੇ ਲੁਕਣਾ, ਪੜਦੇ ਸਾਰੇ ਦਏ ਉਠਾਈਆ। ਮਾਰਗ ਪਏ ਨਾ ਕਿਸੇ ਤੋਂ ਪੁਛਣਾ, ਸਾਚਾ ਰਾਹ ਇਕ ਜਣਾਈਆ। ਧਰਮ ਨਿਸ਼ਾਨਿਉਂ ਕਦੇ ਨਾ ਉਕਣਾ, ਤੀਰ ਨਿਰਾਲਾ ਇਕ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਪ੍ਰੀਤ ਕਹੇ ਮੈਂ ਕਦੇ ਨਾ ਜਾਵਾਂ ਟੁਟ, ਟੁੱਟਿਆਂ ਦਿਆਂ ਮਿਲਾਈਆ। ਭਗਤਾਂ ਨਾਲੋਂ ਨਾ ਜਾਵਾਂ ਰੁਠ, ਰੁਸਿਆਂ ਜੋੜ ਜੁੜਾਈਆ। ਲੱਖ ਚੁਰਾਸੀ ਵਿਚੋਂ ਭਗਤਾਂ ਪੁਛ, ਪੂਰਬ ਲੇਖਾ ਦਿਆਂ ਸਮਝਾਈਆ। ਔਣ ਜਾਣ ਦਾ ਝਗੜਾ ਗਿਆ ਮੁਕ, ਲੇਖਾ ਅਵਰ ਨਾ ਕੋਇ ਵਖਾਈਆ। ਸੰਤ ਸੁਹੇਲੇ ਜਾਓ ਉਠ, ਆਪਣੀ ਲਉ ਅੰਗੜਾਈਆ। ਸਚ ਪ੍ਰੀਤੀ ਕਰੇ ਅਬਿਨਾਸ਼ੀ ਅਚੁਤ, ਚੇਤਨ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਂਡਾ ਭਰਮ ਭਉ ਭੰਨਾਈਆ। ਪ੍ਰੀਤੀ ਕਹੇ ਮੈਂ ਦੱਸਣਾ ਪ੍ਰੇਮ ਨਜ਼ਾਰਾ, ਪਿਛਲਾ ਭੇਵ ਖੁਲ੍ਹਾਈਆ। ਭਗਤਾਂ ਦਾ ਬਣ ਸਹਾਰਾ, ਹੌਸਲਾ ਦੇਣਾ ਵਧਾਈਆ। ਕੰਢੀ ਦਾ ਵੇਖ ਕਿਨਾਰਾ, ਕੰਡਿਆਂ ਵਿਚੋਂ ਬਾਹਰ ਕਢਾਈਆ। ਸਾਚੀ ਡੰਡੀ ਦਾ ਇਸ਼ਾਰਾ, ਧਰਮੀਆਂ ਦਿਆਂ ਦ੍ਰਿੜਾਈਆ। ਮੁਹੱਬਤ ਦਾ ਵਣਜਾਰਾ, ਪੁਰਖ ਅਕਾਲ ਦਿਆਂ ਮਿਲਾਈਆ। ਸਚ ਦਾ ਭੰਡਾਰਾ, ਅਨਮੰਗਿਆ ਝੋਲੀ ਪਾਈਆ। ਧੁਰ ਦਾ ਦਰਬਾਰਾ, ਸਚਖੰਡ ਇਕੋ ਦਿਆਂ ਵਖਾਈਆ। ਜਿਥੇ ਦੀਪਕ ਜੋਤ ਕਰੇ ਉਜਿਆਰਾ, ਨੂਰੋ ਨੂਰ ਕਰੇ ਰੁਸ਼ਨਾਈਆ। ਸੱਜਣ ਮਿਲ ਜਾਏ ਮੀਤ ਪਿਆਰਾ, ਪਰਮ ਪੁਰਖ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪ੍ਰੀਤ ਕਹੇ ਮੈਂ ਹੋਣ ਨਹੀਂ ਦੇਣਾ ਵਿਛੋੜਾ, ਵਿਛੜਿਆਂ ਜਾਣਾ ਮਿਲਾਈਆ। ਭਗਤ ਭਗਵਾਨ ਦਾ ਸਦਾ ਕ਼ਾਇਮ ਰਹੇ ਜੋੜਾ, ਜੋੜੀ ਸਾਚੀ ਦਿਤੀ ਬਣਾਈਆ। ਬਾਕੀ ਦਾ

ਲੇਖਾ ਰਖ ਕੇ ਕੋਰਾ, ਖ਼ਾਲੀ ਹੱਥ ਦਿਤਾ ਜਣਾਈਆ। ਜਨ ਭਗਤਾਂ ਕਰਕੇ ਭਾਗ ਮਥੋਰਾ, ਮਿਥਿਆ ਸ੍ਰਿਸ਼ਟੀ ਨਾਤਾ ਦਿਤਾ ਤੁੜਾਈਆ। ਆਤਮ ਪਰਮਾਤਮ ਬੰਨ੍ਹ ਕੇ ਡੋਰਾ, ਧਾਗਾ ਰਵਿਦਾਸ ਵਾਲਾ ਗੰਢ ਪੁਵਾਈਆ। ਜਿਹੜਾ ਲੁੱਟਿਆ ਜਾਏ ਨਾ ਕੋਲੋਂ ਚੋਰਾਂ, ਠੱਗਾਂ ਹੱਥ ਕਦੇ ਨਾ ਆਈਆ । ਜਿਸ ਦੀ ਸੰਤ ਸੁਹੇਲੇ ਹਰਿ ਸਤਿਗੁਰ ਪੈ ਗਈ ਲੋੜਾ, ਲੋੜੀਂਦਾ ਸਾਜਣ ਫੇਰਾ ਪਾਈਆ। ਕੂੜੀ ਕਿਰਿਆ ਕਟ ਕੇ ਘੋਰ ਅੰਧੇਰਾ, ਸਚ ਚੰਦ ਦਏ ਚਮਕਾਈਆ। ਪ੍ਰੇਮ ਪਿਆਰ ਅੰਦਰ ਬੰਨ੍ਹ ਕੇ ਬੇੜਾ, ਨਈਆ ਨੌਕਾ ਪਾਰ ਲੰਘਾਈਆ। ਮਿਲਣ ਵਿਛੜਨ ਦਾ ਅਗੇ ਰਹੇ ਨਾ ਝੇੜਾ, ਇਕੋ ਰੰਗ ਲਏ ਸਮਾਈਆ। ਜਨ ਭਗਤਾਂ ਦੇ ਕਾਰਨ ਪਾਇਆ ਫੇਰਾ, ਫ਼ੈਸਲੇ ਓਨ੍ਹਾਂ ਦਏ ਕਰਾਈਆ। ਮੁਹੱਬਤ ਦਾ ਮਾਲਕ ਕਰਨ ਆਇਆ ਮਿਹਰਾ, ਮਿਹਰਵਾਨ ਹੋਇਆ ਸਹਾਈਆ। ਜਿਨ੍ਹਾਂ ਦਾ ਨਾਤਾ ਜੋੜਿਆ ਕੇਰਾ, ਕਲਮਿਆਂ ਵਾਲਾ ਸਕੇ ਨਾ ਕੋਇ ਤੁੜਾਈਆ। ਸਚ ਦਵਾਰੇ ਕਰ ਵਸੇਰਾ, ਮੰਦਰ ਸੋਹਣਾ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪ੍ਰੀਤ ਕਹੇ ਮੈਂ ਖੇਲ ਕਰਾਂ ਅਵੱਲਾ, ਪਹਿਲੀ ਬਣਤ ਬਣਾਈਆ। ਨਾਤਾ ਜੋੜ ਕੇ ਪਿਛਲਾ ਗਭਲਾ, ਦੋਆਬਾ ਰੰਗ ਚੜ੍ਹਾਈਆ। ਅੰਮ੍ਰਿਤ ਚਵਾ ਕੇ ਸਾਚੇ ਨਭਲਾ, ਨਾਭੀ ਕਵਲ ਭਰਾਈਆ। ਕਾਇਆ ਮੰਦਰ ਸੁਹਾ ਕੇ ਬੰਗਲਾ, ਹਰਿ ਸੱਜਣ ਦਿਆਂ ਮਿਲਾਈਆ। ਜੋ ਜਗਤ ਵਿਛੋੜਾ ਪਿਛਲਾ ਕਦ ਕਾ, ਅੰਤ ਦਿਆਂ ਖਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਪ੍ਰੀਤ ਕਹੇ ਮੈਂ ਹੱਥ ਤੈਂਡੇ, ਡੋਰੀ ਤੂਹੀਉਂ ਉਤੇ ਸੁਟਾਈਆ। ਪੁਰਖ ਅਕਾਲ ਦੀਨ ਦਿਆਲ ਸਚਖੰਡ ਨਿਵਾਸੀ ਮਾਰ ਕੇ ਆਇਆ ਪੈਂਡੇ, ਪਾਂਧੀ ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੇਪਰਵਾਹ ਜਿਸ ਨੂੰ ਕਹਿੰਦੇ, ਦੱਖਣ ਪਹਾੜ ਪੂਰਬ ਪੱਛਮ ਵੇਖ ਵਖਾਈਆ। ਦੋ ਜਹਾਨ ਜਿਸ ਦਾ ਨਾਮ ਲੈਂਦੇ, ਲੈ ਲੈ ਖ਼ੁਸ਼ੀ ਮਨਾਈਆ। ਪੀਰ ਪੈਗ਼ੰਬਰ ਜਿਸ ਦਾ ਭਾਣਾ ਸਹਿੰਦੇ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪ੍ਰੀਤ ਕਹੇ ਮੈਨੂੰ ਭਗਤਾਂ ਉਤੇ ਮਾਣ, ਖ਼ੁਸ਼ੀ ਨਾਲ ਸਮਝਾਈਆ। ਜਿਨ੍ਹਾਂ ਨੂੰ ਸ੍ਰੀ ਭਗਵਾਨ ਮਿਲਿਆ ਆਣ, ਹਰਿ ਕਰਤਾ ਧੁਰ ਦਰਗਾਹੀਆ। ਰਹਿਮਤ ਨਾਲ ਦਿਤੀ ਪਹਿਚਾਣ, ਨੁਹਾਰ ਦਿਤੀ ਸਮਝਾਈਆ। ਜਗਤ ਜਹਾਨ ਵੇਖਿਆ ਮਾਰ ਧਿਆਨ, ਸ੍ਰਿਸ਼ਟੀ ਖੋਜ ਖੁਜਾਈਆ। ਸਚ ਭੰਡਾਰਾ ਦੇ ਕੇ ਗਿਆਨ, ਨਾਮ ਅਮੋਲਕ ਝੋਲੀ ਪਾਈਆ। ਸੱਜਣ ਮੀਤ ਕਰ ਪਰਵਾਨ, ਪਰਮ ਪੁਰਖ ਦਿਤੀ ਸਰਨਾਈਆ। ਚਰਨ ਧੂੜ ਕਰਾ ਇਸ਼ਨਾਨ, ਦੁਰਮਤ ਮੈਲ ਧਵਾਈਆ। ਸਚ ਸੰਦੇਸ਼ਾ ਦੇ ਕੇ ਮਿਹਰਵਾਨ, ਪਰਦਾ ਰਿਹਾ ਉਠਾਈਆ। ਜਨ ਭਗਤੋ ਤੁਹਾਡੇ ਉਤੇ ਮੇਰਾ ਮਾਣ, ਮਨਸਾ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਕਮਾਈਆ। ਪ੍ਰੀਤ ਕਹੇ ਮੈਂ ਕਦੇ ਨਾ ਛੁਟੀ, ਨਾਤਾ ਭਗਤਾਂ ਨਾਲ ਰਖਾਈਆ। ਜੁਗ ਚੌਕੜੀ ਪਿਛੋਂ ਉਠੀ, ਆਪਣੀ ਲੈ ਅੰਗੜਾਈਆ। ਸਚ ਵਸਤ ਦੀ ਲੈ ਕੇ ਮੁੱਠੀ, ਧੁਰ ਦਰਗਾਹੋਂ ਦਿਤੀ ਵਰਤਾਈਆ। ਸੰਤ ਸੁਹੇਲਿਆਂ ਹੋਵੇ ਖ਼ੁਸ਼ੀ, ਖ਼ੁਸ਼ਹਾਲੀ ਦਿਆਂ ਪਰਗਟਾਈਆ। ਪਰਮਾਤਮ ਨਾਲ ਹੋਵੇ ਰੁਚੀ, ਆਤਮ ਜੋੜ ਜੁੜਾਈਆ। ਮਤਿ ਨਾ ਹੋਵੇ ਪੁੱਠੀ, ਬੁਧਿ ਬਿਬੇਕ ਦਿਤਾ ਕਰਾਈਆ। ਲੁਕਿਆ ਰਹੇ ਨਾ ਕੋਈ ਗੁੱਠੀ, ਚਾਰੋਂ ਕੁੰਟ ਲਵਾਂ ਜਗਾਈਆ । ਫੋਲ ਫੁਲਾਵਾਂ ਸਾਧਾਂ ਵਾਲੀ ਤ੍ਰੈਕੁਟੀ, ਪੜਦਾ ਪਰੇ ਹਟਾਈਆ। ਜਿਸ ਸੁਖਮਨ ਦੀ ਮੰਜ਼ਲ ਕਿਸੇ ਤੋਂ ਨਾ ਮੁਕੀ, ਉਸ ਨੂੰ ਇਸ਼ਾਰੇ ਨਾਲ ਦਿਆਂ

ਲੰਘਾਈਆ। ਸਚ ਪ੍ਰੇਮ ਸੁਹਾ ਕੇ ਰੁਤੀ, ਰਤ ਰਤੀ ਦਿਆਂ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪ੍ਰੀਤ ਕਹੇ ਮੇਰਾ ਤੇਜ ਤਪ, ਤਪਸਵੀਆਂ ਸਮਝ ਕੋਇ ਨਾ ਪਾਈਆ। ਮੇਰੀ ਪ੍ਰੀਤੀ ਪਿਛੇ ਮਰਦੇ ਖਪ ਖਪ, ਜੰਗਲ ਜੂਹ ਉਜਾੜ ਪਹਾੜਾਂ ਫੇਰੇ ਪਾਈਆ। ਵਾਂਗ ਕਲੰਦਰਾ ਰਹੇ ਨਚ, ਡੌਰੂ ਡੰਕ ਵਜਾਈਆ। ਵਾਂਗ ਬੰਦਰਾਂ ਰਹੇ ਟਪ, ਦਹਿ ਦਿਸ਼ਾ ਭੱਜਣ ਵਾਹੋ ਦਾਹੀਆ। ਸਚ ਵਸਤ ਨਾ ਆਵੇ ਹੱਥ, ਖ਼ਾਲੀ ਦੇਣ ਦੁਹਾਈਆ। ਮੈਂ ਹੌਲੀ ਜਿਹੀ ਮੁਖ ਭਵਾ ਕੇ ਪ੍ਰੀਤ ਕਹੇ ਪਵਾਂ ਹਸ, ਟੇਢੀ ਅੱਖ ਨਾਲ ਵੇਖਾਂ ਥਾਉਂ ਥਾਈਂਆ। ਕਲਜੁਗ ਜੀਵੋ ਤੁਹਾਡਾ ਚੱਲੇ ਨਾ ਕੋਈ ਵਸ, ਬੇਵਸ ਕੀਤਾ ਬੇਪਰਵਾਹੀਆ। ਤੁਹਾਡਾ ਨਾਤਾ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਛਡ, ਪਿੱਛੇ ਫੇਰ ਕੋਇ ਨਾ ਆਈਆ। ਸਚ ਵਸਤ ਤੋਂ ਖ਼ਾਲੀ ਹੋ ਗਏ ਹੱਡ, ਫੋਕਟ ਰੂਪ ਨਜ਼ਰੀ ਆਈਆ। ਕਿਸ ਦੇ ਸਹਾਰੇ ਫਿਰੋ ਜਗ, ਜਾਗਰਤ ਜੋਤ ਨਾ ਕੋਇ ਜਗਾਈਆ। ਕਲਜੁਗ ਅਗਨੀ ਤਪੋ ਅੱਗ, ਸਾਂਤਕ ਸਤਿ ਨਾ ਕੋਇ ਵਰਤਾਈਆ। ਜੇ ਪ੍ਰਭ ਸਰਨਾਈ ਜਾਓ ਲਗ, ਧੁਰ ਸੰਦੇਸ਼ਾ ਦਿਆਂ ਸੁਣਾਈਆ। ਤੁਹਾਡਾ ਪ੍ਰੇਮ ਪ੍ਰੀਤੀ ਨਾਤਾ ਜਾਏ ਬੱਝ, ਭਜਨ ਬੰਦਗੀ ਲੋੜ ਰਹੇ ਨਾ ਰਾਈਆ। ਸਨਮੁਖ ਹੋ ਕੇ ਦਰਸ਼ਨ ਕਰੋ ਰੱਜ, ਲੋਚਣ ਆਪਣੀ ਖ਼ੁਸ਼ੀ ਮਨਾਈਆ । ਜੇ ਤੁਹਾਡਾ ਰੂਪ ਬਗਲਾ ਬਪੜਾ ਬਗ, ਹੰਸ ਦਏ ਬਣਾਈਆ। ਜੇ ਅੰਦਰ ਨਹੀਂ ਖ਼ੁਲੀ ਅੱਖ, ਉਹ ਨੇਤਰ ਦਏ ਪਰਗਟਾਈਆ। ਸਚ ਪ੍ਰੀਤ ਕਰ ਕੇ ਪ੍ਰਭ ਦੇ ਨਾਲ ਵੇਖੋ ਵਸ, ਵਸਲ ਅਸਲ ਇਕੋ ਦਏ ਸਮਝਾਈਆ। ਜਿਸ ਪ੍ਰੇਮ ਅੰਦਰ ਤੁਹਾਡਾ ਗਾਵੇ ਜਸ, ਓਸੇ ਦੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਪ੍ਰੀਤ ਕਹੇ ਮੈਂ ਨਾ ਕਦੇ ਪਤੀਜਾਂ, ਵਿਸ਼ਵਾਸ ਆਪਣਾ ਨਾ ਕੋਇ ਰਖਾਈਆ। ਜਗਤ ਮਾਇਆ ਨਾਲ ਨਾ ਰੀਝਾਂ, ਕੂੜੀ ਸੇਵਾ ਨਾ ਮੋਹੇ ਭਾਈਆ। ਨੇਤਰ ਖੋਲ੍ਹਾਂ ਕਦੇ ਨਾ ਤੀਜਾ, ਚੌਥੇ ਪਦ ਨਾ ਕਦੇ ਬਹਾਈਆ। ਮੈਨੂੰ ਪਿਆਰਾ ਚੰਗਾ ਲਗਦਾ ਨਹੀਂ ਕੋਈ ਜੀਜਾ, ਕੋਟਨ ਕੋਟ ਬੈਠੇ ਕਰ ਕੁੜਮਾਈਆ । ਮੈਂ ਲੰਘੀ ਨਹੀਂ ਕਦੇ ਕਿਸੇ ਦਹਲੀਜ਼ਾ, ਅੰਦਰ ਆਪਣਾ ਨਾ ਕ਼ਦਮ ਟਿਕਾਈਆ। ਮੈਂ ਵੇਖਿਆ ਨਹੀਂ ਜਗਤ ਗੁਲਸ਼ਨ ਕੋਇ ਬਗ਼ੀਚਾ, ਸੁਗੰਧੀ ਸਚ ਨਾ ਕੋਇ ਭਰਾਈਆ। ਪਤਾ ਨਹੀਂ ਕਲਜੁਗ ਅੰਤਮ ਮੈਨੂੰ ਕਿੱਥੋਂ ਆ ਗਈ ਰੀਝਾ, ਜਨ ਭਗਤਾਂ ਦੇ ਪਿੱਛੇ ਫਿਰਾਂ ਚਾਈਂ ਚਾਈਂਆ। ਮੇਰਾ ਪ੍ਰੇਮ ਲਗ ਗਿਆ ਨਾਲ ਗ਼ਰੀਬਾਂ, ਮੁਹੱਬਤ ਨੀਚਾਂ ਨਾਲ ਰਖਾਈਆ। ਉਹਨਾਂ ਦਾ ਬਦਲ ਕੇ ਜਾਵਾਂ ਨਸੀਬਾ, ਤਰਕੀਬ ਆਪਣੀ ਨਾਲ ਪਰਗਟਾਈਆ। ਸਚ ਪ੍ਰੇਮ ਦਾ ਦੇ ਕੇ ਜਾਵਾਂ ਵਜ਼ੀਫ਼ਾ, ਇਨਾਮ ਇਹਨਾਂ ਦੀ ਝੋਲੀ ਪਾਈਆ। ਜਿਨ੍ਹਾਂ ਨੇ ਸੋਹੰ ਗਾ ਕੇ ਲਤੀਫ਼ਾ, ਲੁਤਫ਼ ਅੰਦਰੋਂ ਲਿਆ ਮੰਦਰ ਵੱਜੀ ਵਧਾਈਆ। ਇਨ੍ਹਾਂ ਦੀਆਂ ਬਦਲ ਕੇ ਜਾਵਾਂ ਨੀਤਾਂ, ਨੀਤੀਵਾਨ ਦਿਆਂ ਵਖਾਈਆ। ਇਨ੍ਹਾਂ ਦਾ ਅੰਤਰ ਆਤਮ ਕਰ ਕੇ ਜਾਵਾਂ ਸ਼ੀਸ਼ਾ, ਦੁਰਮਤ ਮੈਲ ਧਵਾਈਆ। ਹੁਣ ਵਕ਼ਤ ਚੁਕ ਗਿਆ ਪਿਛਲਾ ਬੀਸ ਇਕੀਸਾ, ਅਗੇ ਹਦੀਸਾ ਦਿਆਂ ਪੜ੍ਹਾਈਆ। ਸਭ ਨੇ ਭਰਨਾ ਆਪਣਾ ਕੀਤਾ, ਤੁਹਾਡੀ ਕਰਨੀ ਪ੍ਰਭ ਆਪਣੇ ਨਾਲ ਰਖਾਈਆ। ਸ਼ਾਸਤਰ ਸਿਮਰਤ ਕਰਨ ਜਗਤ ਤਰੀਫ਼ਾ, ਸੋਭਤ ਨਾਲ ਵਡਿਆਈਆ। ਪਾਰਬ੍ਰਹਮ ਤੁਹਾਡਾ ਲੇਖ ਲਿਖਣ ਦਾ ਬਣਿਆ ਇਕ ਵਸੀਕਾ, ਮਿਸਲ ਸਾਚੀ ਦਏ ਬਣਾਈਆ। ਜਿਸ ਦੇ ਕੋਲ ਭਗਤਾਂ ਉਧਾਰਨ ਦਾ ਤਰੀਕਾ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ । ਗੁਰਮੁਖੋ ਤੁਹਾਡਾ ਪ੍ਰੇਮ ਸਭ ਤੋਂ ਲੱਗਾ ਮੀਠਾ, ਮਿਠਾਸ ਅਗੰਮੀ ਨਜ਼ਰੀ ਆਈਆ। ਇਹ ਵੇਖ ਖੇਲ ਅਨਡੀਠਾ, ਧੁਰ ਦੀ ਖ਼ੁਸ਼ੀ ਲਏ ਅੰਗੜਾਈਆ ।

ਇਹਨਾਂ ਨੂੰ ਲੋੜ ਕਿਹੜੀ ਪੜ੍ਹਨ ਦੀ ਗੀਤਾ, ਜਿਨ੍ਹਾਂ ਦਾ ਮੀਤਾ ਇਕ ਅਖਵਾਈਆ। ਪੁਰਖ ਅਕਾਲ ਕਰਨ ਆਇਆ ਪ੍ਰੀਤਾ, ਪ੍ਰੀਤਮ ਹੋ ਕੇ ਦਇਆ ਕਮਾਈਆ। ਸਾਚੀ ਦੇਵਣ ਆਇਆ ਨਸੀਹਤਾ, ਹੁਕਮ ਧੁਰ ਦਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਕਰਮ ਕਾਂਡ ਚੁਕਾਈਆ। ਪ੍ਰੀਤ ਕਹੇ ਜਿਸ ਵੇਲੇ ਮੈਨੂੰ ਕੀਤਾ ਤੇਜ ਭਾਨ, ਪ੍ਰਭ ਚਰਨ ਧਿਆਨ ਲਗਾਈਆ। ਮੈਨੂੰ ਪਿਛਲਾ ਭੁਲ ਗਿਆ ਜਹਾਨ, ਸੁਧ ਸਮਝ ਰਹੀ ਨਾ ਰਾਈਆ। ਮੈਂ ਹੋ ਗਈ ਹੈਰਾਨ, ਹੈਰਾਨੀ ਮੇਰੇ ਉਤੇ ਆਈਆ। ਇਹ ਕਿਹੜਾ ਨੌਜਵਾਨ, ਜਿਹੜਾ ਮੈਨੂੰ ਰਿਹਾ ਪਰਨਾਈਆ। ਜਿਸ ਦੇ ਅੰਦਰ ਪ੍ਰੇਮ ਮਹਾਨ, ਮੁਹੱਬਤ ਰਿਹਾ ਵਖਾਈਆ। ਓਸੇ ਵੇਲੇ ਮੈਨੂੰ ਫੁਰਨਾ ਫੁਰਿਆ ਆਣ, ਸਚ ਪ੍ਰੀਤ ਰਹੀ ਸਮਝਾਈਆ । ਨੀਂ ਇਸ ਦਾ ਮਾਲਕ ਸ੍ਰੀ ਭਗਵਾਨ, ਭਗਤਾਂ ਦਾ ਸਾਥੀ ਇਕ ਅਖਵਾਈਆ। ਇਸ ਦਾ ਮੇਲਾ ਜਿਸ ਦਾ ਸੋਹਣਾ ਭੱਥਾ ਤੀਰ ਕਮਾਨ, ਚਿੱਲਾ ਅਗੰਮ ਅਥਾਹੀਆ। ਜੋ ਆਦਿ ਜੁਗਾਦੀ ਸੂਰਬੀਰ ਨੌਜਵਾਨ, ਬਿਰਧ ਬਾਲ ਇਕੋ ਰੂਪ ਵਖਾਈਆ। ਜੇ ਕੋਈ ਸਮਝ ਕੇ ਲਏ ਪਹਿਚਾਨ, ਗੁਰਮੁਖਾਂ ਦਾ ਮੀਤਾ ਆਪਣਾ ਮੇਲ ਮਿਲਾਈਆ। ਸਚ ਪ੍ਰੀਤ ਕਹੇ ਮੈਂ ਅੱਖ ਪੁਟ ਕੇ ਤੱਕਿਆ ਦੋ ਜਹਾਨ, ਜ਼ਿਮੀਂ ਅਸਮਾਨ ਵੇਖ ਵਖਾਈਆ। ਮੈਨੂੰ ਨਜ਼ਰੀ ਆਇਆ ਉਹ ਮਿਹਰਵਾਨ, ਜਿਸ ਨੂੰ ਗੋਬਿੰਦ ਕਹੇ ਲੋਕਾਈਆ। ਜਿਸ ਨੇ ਪੁਤਰਾਂ ਦਾ ਦੇ ਕੇ ਦਾਨ, ਭਗਤਾਂ ਨਾਲ ਕਰੀ ਕੁੜਮਾਈਆ। ਪ੍ਰੀਤ ਕਹੇ ਮੈਂ ਉਹਨਾਂ ਦਾ ਝੁਲੌਂਣਾ ਨਿਸ਼ਾਨ, ਜੋ ਝੁਲਦੇ ਨਿਸ਼ਾਨੇ ਥੱਲੇ ਗਏ ਆਈਆ। ਉਨ੍ਹਾਂ ਦਾ ਮਿਲੌਣਾ ਅਮਾਮ, ਜੋ ਸਾਚੇ ਅਮਲ ਰਹੇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪ੍ਰੀਤ ਕਹੇ ਜਿਸ ਵੇਲੇ ਗੁਰਮੁਖ ਮੇਰੇ ਨਾਲ ਮਿਲਾਵੇ ਅੱਖ, ਸਾਂਝਾ ਧਿਆਨ ਲਗਾਈਆ। ਮੈਂ ਖ਼ੁਸ਼ੀਆਂ ਨਾਲ ਪਵਾਂ ਹੱਸ, ਆਪਣੀ ਹਸਤੀ ਦਿਆਂ ਜਣਾਈਆ। ਉਠ ਦੋਵੇਂ ਮਿਲ ਕੇ ਓਸ ਦਾ ਗਾਈਏ ਜਸ, ਜੋ ਸਿਫ਼ਤਾਂ ਦਾ ਮਾਲਕ ਨਜ਼ਰੀ ਆਈਆ। ਜੋ ਵਿਛੋੜੇ ਵਿਚ ਪਿਛੇ ਗਿਆ ਛੱਡ, ਜੁਗ ਚੌਕੜੀ ਕਰ ਜੁਦਾਈਆ। ਅਗੇ ਹੁਣ ਨਾ ਰਹੀਏ ਅੱਡ, ਸਾਚਾ ਮੇਲਾ ਲਈਏ ਮਿਲਾਈਆ। ਕੋਈ ਵਿਚੋਲਾ ਬਣਾਈਏ ਅਧ, ਸਾਚਾ ਜੋੜ ਜੁੜਾਈਆ। ਪ੍ਰੀਤ ਕਹੇ ਮੈਂ ਗੁਰਮੁਖ ਕਿਹਾ ਹਰਿ ਸ਼ਬਦ ਲਈਏ ਸੱਦ, ਜੋ ਗੋਬਿੰਦ ਨਜ਼ਰੀ ਆਈਆ। ਜੇ ਓਸ ਦੇ ਨਾਲ ਜਾਈਏ ਬੱਝ, ਨਾਤਾ ਇਕ ਰਖਾਈਆ। ਫੇਰ ਕਦੀ ਨਾ ਹੋਈਏ ਅਲਗ, ਵਿਛੋੜਾ ਰਹੇ ਨਾ ਰਾਈਆ। ਪ੍ਰੀਤ ਕਿਹਾ ਗੁਰਸਿਖ ਦੋਵੇਂ ਰਲ ਕੇ ਇਕੋ ਮੰਦਰ ਜਾਈਏ ਵਸ, ਸੌਕਣਾਂ ਵਾਲੀ ਨਾ ਕੋਇ ਲੜਾਈਆ। ਇਕ ਦੂਜੇ ਨੂੰ ਆਪਣਾ ਦੁਖੜਾ ਦਈਏ ਦੱਸ, ਦਰਦੀ ਹੋ ਕੇ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਫੇਰਾ ਪਾਈਆ। ਪ੍ਰੀਤ ਕਹੇ ਇਕ ਮੇਰੀ ਸੁਣ ਲੈ ਗੁਰਮੁਖ ਬਾਤ, ਬੇਵਤਨ ਹੋ ਕੇ ਦਿਆਂ ਸਮਝਾਈਆ। ਜੇ ਮੇਰੇ ਨਾਲ ਨਾਤਾ ਜੋੜਨਾ ਸਾਕ, ਸੱਜਣ ਬਣਨਾ ਚਾਈਂ ਚਾਈਂਆ। ਸ੍ਰੀ ਭਗਵਾਨ ਦੀ ਗੌਣੀ ਗਾਥ, ਢੋਲਾ ਧੁਰਦਰਗਾਹੀਆ। ਕੂੜ ਕੁੜਿਆਰਾ ਅੰਦਰੋਂ ਦੇਣਾ ਕਾਟ, ਤਨ ਮਾਟੀ ਰਹਿਣ ਨਾ ਪਾਈਆ। ਪੌੜੇ ਚੜ੍ਹ ਕੇ ਵੇਖਣਾ ਘਾਟ, ਮੰਜ਼ਲ ਪੰਧ ਮੁਕਾਈਆ। ਸੱਜਣ ਬਣਨਾ ਧੁਰ ਦਾ ਸਾਕ, ਵਿਛੋੜਾ ਦੇਣਾ ਗਵਾਈਆ। ਮਨ ਕਰ ਕੇ ਨਾ ਹੋਵੀਂ ਗੁਸਤਾਖ਼, ਝਗੜਾ ਕੂੜ ਲੋਕਾਈਆ। ਮੈਂ ਦੱਸਾਂ ਤੈਨੂੰ ਸਾਫ਼, ਜੋ ਪੁਰਖ ਅਬਿਨਾਸ਼ ਰਿਹਾ ਸੁਣਾਈਆ। ਜੇ ਭਗਤਾਂ ਵਿਚ ਨਾ ਰਿਹਾ ਇਤਫ਼ਾਕ, ਫੇਰ ਸ੍ਰੀ ਭਗਵਾਨ ਦੀ ਲੋੜ ਰਹੇ ਨਾ ਰਾਈਆ। ਮੈਂ ਸਚ ਦੱਸਾਂ, ਫ਼ਰੀਦ ਕਹੇ, ਜੋ ਹਰਿ ਕਾ ਬਚਨ ਭੁਲਿਆ, ਉਸਨੂੰ

ਕਰਨਾ ਕਿਸੇ ਨਹੀਂ ਮੁਆਫ਼, ਅਗੇ ਹੋ ਨਾ ਕੋਇ ਛੁਡਾਈਆ। ਤੁਹਾਡੇ ਪਿੱਛੇ ਨੀਹਾਂ ਹੇਠ ਦਬਾ ਕੇ ਬੱਚਿਆਂ ਵਾਲੀ ਰਾਖ, ਰਾਖੀ ਕਰਨ ਵਾਲਾ ਰਖਿਆ ਕਰੇ ਚਾਈਂ ਚਾਈਂਆ। ਜੇ ਮਾਣਸ ਜਨਮ ਕਰ ਕੇ ਇਕ ਇਹਦੀ ਨਿੱਕੀ ਜਿਹੀ ਨਾ ਮੰਨੀ ਬਾਤ, ਸਤਿ ਕਰ ਕੇ ਨਾ ਝੋਲੀ ਪਾਈਆ। ਫੇਰ ਸਮਝੋ ਕਿ ਸਾਡਾ ਪ੍ਰਭ ਦੇ ਉਤੇ ਨਹੀਂ ਵਿਸ਼ਵਾਸ, ਖ਼ਾਹਿਸ਼ ਆਪਣੀ ਵਡੀ ਲਈ ਬਣਾਈਆ। ਫ਼ਰੀਦ ਕਹੇ ਮੈਂ ਮਾਤਲੋਕ ਵਿਚੋਂ ਜਾਵਾਂ ਤਦ ਭਗਤਾਂ ਨੂੰ ਪੂਰਾ ਦੇ ਕੇ ਇਤਫ਼ਾਕ, ਸਾਚਾ ਮੇਲ ਮਿਲਾਈਆ। ਜੇ ਪ੍ਰਭ ਦੇ ਹੁੰਦਿਆਂ ਨਾ ਸਿੱਖੀ ਜਾਚ, ਫੇਰ ਪਿਛੋਂ ਕਿਹੜਾ ਦੇਵੇ ਸਮਝਾਈਆ। ਜੇ ਪੁਤ ਗੋਦ ਬੈਠਾ ਨਾ ਵਿਚ ਬਾਪ, ਚਾਚਾ ਕਿਹੜਾ ਕੰਧਿਆਂ ਉਤੇ ਲਏ ਉਠਾਈਆ। ਜੁਗ ਚੌਕੜੀ ਗੁਰ ਅਵਤਾਰ ਸਾਰੇ ਗਏ ਆਖ, ਲੇਖੇ ਲਿਖ ਲਿਖ ਕ਼ਲਮ ਸ਼ਾਹੀਆ। ਉਹਨਾਂ ਦਾ ਭਵਿਖਤ ਲਿਆ ਵਾਚ, ਵਾਚਕ ਹੋ ਕੇ ਖੋਜ ਖੁਜਾਈਆ। ਸਚ ਪ੍ਰੀਤੀ ਬੰਨ੍ਹਣਾ ਸੱਚਾ ਨਾਤ, ਨਾਤਾ ਇਕ ਜੁੜਾਈਆ। ਜਿਹੜਾ ਜਨਮ ਜਨਮ ਨੌ ਸੌ ਚੁਰਾਨਵੇ ਚੌਕੜੀ ਜੁਗ ਕੋਟਨ ਬਰਖ ਕਰਦਾ ਗਿਆ ਪਾਠ, ਓਸ ਪਾਠ ਨਾਲੋਂ ਔਖਾ ਇਤਫ਼ਾਕ ਨਜ਼ਰ ਕੋਇ ਨਾ ਆਈਆ । ਤੁਹਾਡੇ ਪ੍ਰੇਮ ਅੰਦਰ ਪ੍ਰਗਟੌਣੀ ਆਪਣੀ ਜ਼ਾਤ, ਸਾਫ਼ ਸਾਫ਼ ਦਿਤਾ ਸਮਝਾਈਆ। ਜੇ ਸ੍ਰੀ ਭਗਵਾਨ ਭਗਤਾਂ ਦੀ ਬਣਾ ਨਾ ਸਕਿਆ ਜਮਾਤ, ਬਾਕੀਆਂ ਨੂੰ ਕਰੇ ਕੀ ਪੜ੍ਹਾਈਆ । ਹੋਰ ਕਿਹੜੀ ਦੱਸਣੀ ਕਰਾਮਾਤ, ਜੇ ਕਰਮ ਕਾਂਡ ਨਾ ਸਕਿਆ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮੀ ਹੋ ਕੇ ਪ੍ਰੇਮ ਵਖਾਈਆ। ਪ੍ਰੀਤ ਕਹੇ ਮੈਂ ਜੁਗ ਜੁਗ ਕਰਦੀ ਰਹੀ ਯਤਨ, ਯਥਾ ਯੋਗ ਆਪਣੀ ਸੇਵ ਕਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਆ ਕੇ ਪਤਣ, ਬਹਿ ਬਹਿ ਆਪਣਾ ਡੇਰਾ ਲਾਈਆ। ਮੈਨੂੰ ਭਗਤਾਂ ਦੇ ਅੰਦਰ ਵੜ ਕੇ ਕਿਸੇ ਨਹੀਂ ਦੱਸਿਆ ਵਸਣ, ਇਸ਼ਾਰਿਆਂ ਨਾਲ ਬਾਹਰ ਰਹੇ ਕਢਾਈਆ। ਮੈਂ ਇਕ ਦਿਨ ਰੋਣ ਲਗੀ ਪਿੱਟਣ, ਦੇਵਣ ਲਗੀ ਦੁਹਾਈਆ। ਆਪਣੇ ਹੰਝੂ ਲਗੀ ਸਿਟਣ, ਨੈਣਾਂ ਛਹਿਬਰ ਲਾਈਆ। ਆਪਣੇ ਵਾਲਾਂ ਲਗੀ ਖਿੱਚਣ, ਮੇਂਢੀ ਦਿਤੀ ਖੁਲ੍ਹਾਈਆ। ਆਪਣੀ ਕਰਨੀ ਤੋਂ ਲਗੀ ਤਿਲਕਣ, ਸੰਭਲ ਨਾ ਸਕੀ ਰਾਈਆ। ਕੂਕਾਂ ਮਾਰ ਕੇ ਲਗੀ ਵਿਲਕਣ, ਬਹੁੜੀ ਬਹੁੜੀ ਰਹੀ ਜਣਾਈਆ। ਓਧਰੋਂ ਇਕ ਨਿਰਗੁਣ ਧਾਰ ਲਗੀ ਚਿਲਕਣ, ਜੋਤੀ ਨੂਰ ਰੁਸ਼ਨਾਈਆ। ਤੂੰ ਕਿਸ ਨਾਲੋਂ ਲਗੀ ਵਿਛੜਨ, ਸਚ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਈਆ। ਪ੍ਰੀਤ ਕਹੇ ਕੀ ਦੱਸਾਂ ਹਾਲਤ ਓਸ ਰੱਬ ਦੀ, ਜਿਹਨੂੰ ਹਾਏ ਰੱਬਾ ਕਹੇ ਲੋਕਾਈਆ। ਮੈਂ ਜੁਗ ਚੌਕੜੀ ਰਹੀ ਲਭਦੀ, ਭਜੜਿਆਂ ਪਿਟੀ ਘਰ ਘਰ ਫੇਰਾ ਪਾਈਆ। ਮੈਨੂੰ ਸਾਰ ਨਾ ਆਈ ਓਸ ਦੀ ਹਦ ਦੀ, ਪੈਂਡਾ ਅੰਤ ਨਾ ਕੋਇ ਕਰਾਈਆ। ਮੈਂ ਮਾਰੀ ਹਯਾ ਸ਼ਰਮ ਲਜ ਦੀ, ਅੱਖ ਨਾ ਸਕੀ ਉਠਾਈਆ। ਇਕ ਦਿਨ ਫਿਰਦੀ ਫਿਰਦੀ ਮੈਂ ਥਕ ਗਈ, ਬਲ ਅੰਦਰ ਰਿਹਾ ਨਾ ਰਾਈਆ। ਮੈਂ ਜੰਗਲ ਵਿਚ ਢਠ ਗਈ, ਆਪਣੀ ਸੁਰਤ ਭੁਲਾਈਆ। ਵਾਸਤਾ ਪ੍ਰਭ ਦੇ ਅਗੇ ਘਤ ਰਹੀ, ਬੇਨੰਤੀ ਇਕ ਜਣਾਈਆ। ਸ੍ਰੀ ਭਗਵਾਨ ਹੌਲੀ ਜਿਹੀ ਇਕ ਗੱਲ ਮੈਨੂੰ ਦੱਸ ਲਈ, ਸ਼ਬਦ ਇਸ਼ਾਰਾ ਦਿਤਾ ਕਰਾਈਆ। ਉਠ ਵੇਖ ਜਿਹੜੀ ਸੇਜ ਮਾਛੂਵਾੜੇ ਗੋਬਿੰਦ ਮਲ ਲਈ, ਪਿਆਰ ਅੰਦਰ ਬੈਠਾ ਆਸਣ ਲਾਈਆ। ਇਹ ਸੇਵਾ ਕਰੇ ਉਹ ਅੰਤਮ ਜੁਗ ਕਲ ਲਈ, ਜਿਸ ਕਲਜੁਗ ਵਿਚ ਭਗਤਾਂ ਲੈਣਾ ਤਰਾਈਆ। ਪ੍ਰੀਤ ਕਹੇ ਮੈਂ ਓਸੇ ਵੇਲੇ ਅੰਦਰੋਂ ਹਲ ਗਈ, ਮੇਰੀ ਧੀਰਜ ਰਹੀ ਨਾ ਰਾਈਆ। ਜਿਹੜੀ ਸੇਜ ਇਸ ਸੂਰਬੀਰ ਸਾਚੇ ਪ੍ਰੇਮ ਅੰਦਰ ਰੰਗ ਲਈ, ਉਹ ਰੰਗ ਫੇਰ ਸਕੇ ਨਾ ਕੋਇ ਚੜ੍ਹਾਈਆ। ਮੈਂ ਡਰਦੀ ਡਰਦੀ

ਇਕ ਵਸਤ ਓਦੋਂ ਮੰਗ ਲਈ, ਨਿਉਂ ਕੇ ਚਰਨਾਂ ਸੀਸ ਛੁਹਾਈਆ। ਗੋਬਿੰਦ ਨੇ ਜਿਸ ਵੇਲੇ ਪਰਤ ਕੇ ਆਪਣੀ ਕੰਡ ਲਈ, ਕਰਵਟ ਲਈ ਬਦਲਾਈਆ। ਹੌਲੀ ਜਿਹੀ ਮੇਰੀ ਕੰਨੀ ਆਪਣੀ ਕੰਨੀ ਨਾਲ ਗੰਢ ਲਈ, ਪਲੂ ਨਾਲ ਪਲੂ ਲਿਆ ਬੰਧਾਈਆ। ਮੈਨੂੰ ਓਸੇ ਵੇਲੇ ਠੰਡ ਪਈ, ਸਾਂਤਕ ਸਤਿ ਦਿਤਾ ਕਰਾਈਆ। ਨਾਲੇ ਦਸਿਆ ਪ੍ਰੀਤ ਮੈਂ ਆਇਆ ਨਹੀਂ ਪੁਰੀ ਅਨੰਦ ਲਈ, ਅਨੰਦ ਭਗਤਾਂ ਦੇਣਾ ਵਖਾਈਆ । ਮੈਂ ਪਰਗਟ ਨਹੀਂ ਹੋਇਆ ਗੁਜਰੀ ਦੇ ਚੰਦ ਲਈ, ਚੰਦ ਗੁਰਮੁਖ ਦੇਣੇ ਬਦਲਾਈਆ। ਮੈਂ ਆਇਆ ਨਹੀਂ ਆਪਣੇ ਸੰਗ ਲਈ, ਭਗਤਾਂ ਦੇ ਜੋੜੇ ਭਗਵਾਨ ਨਾਲ ਦੇਣੇ ਜੁੜਾਈਆ। ਮੈਂ ਓਸੇ ਵੇਲੇ ਕਿਹਾ ਗੋਬਿੰਦ ਕੁਝ ਮੇਰਾ ਹਿੱਸਾ ਵੰਡ ਲਈਂ, ਇਕੋ ਅਰਜ਼ ਸੁਣਾਈਆ। ਵੇਖੀਂ ਕਿਤੇ ਦੂਰ ਦੁਰਾਡਿਆਂ ਨਾ ਛਡ ਲਈਂ, ਜਿਥੇ ਰਾਹ ਖਹਿੜਾ ਦੱਸੇ ਨਾ ਕੋਇ ਸਮਝਾਈਆ। ਗੋਬਿੰਦ ਕਿਹਾ ਮੈਂ ਤੇਰੇ ਬਚਨ ਦੀ ਗੰਢ ਆਪਣੇ ਪੱਲੇ ਬੰਨ੍ਹ ਲਈ, ਜਿਸ ਦੀ ਯਾਦ ਨਾ ਕਦੇ ਭੁਲਾਈਆ। ਪ੍ਰੀਤ ਕਹੇ ਅੱਜ ਓਸੇ ਪ੍ਰੀਤਮ ਨੇ ਮੇਰੀ ਮੰਨ ਲਈ, ਘਰ ਗੁਰਮੁਖਾਂ ਫੇਰਾ ਪਾਈਆ। ਪੰਧ ਮਾਰ ਕੇ ਆਇਆ ਇਸ ਝੁੱਗੀ ਛੰਨ ਲਈ, ਜਿਸ ਛੰਨ ਵਿਚੋਂ ਚੇਲਾ ਸਿੰਘ ਵਰਗੇ ਦਿਤੇ ਤਰਾਈਆ। ਆਂਢ ਗੁਆਂਢ ਜਿਸ ਨੇ ਆਪਣੇ ਨਾਲ ਗੰਢ ਲਈ, ਬ੍ਰਹਿਮੰਡਾਂ ਤੋਂ ਪਾਰ ਦਏ ਲੰਘਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਸੰਗਤ ਹਰਿਭਗਤ ਦਵਾਰੇ ਸਦ ਲਈ, ਸਦੀ ਦਾ ਪਹਿਲਾ ਹਿੱਸਾ ਗੁਰਮੁਖਾਂ ਝੋਲੀ ਪਾਈਆ।

ਆਪਣੇ ਹੱਥ ਵਿਚ ਵੇਖੋ ਕੱਖ ਨਹੀਂ, ਖ਼ਾਲੀ ਰਿਹਾ ਜਣਾਈਆ। ਅਗੇ ਤੁਹਾਡੇ ਨਾਲੋਂ ਵਖ ਨਹੀਂ, ਹੋਵੇ ਨਾ ਕਦੇ ਜੁਦਾਈਆ। ਜਿਸ ਦੀ ਵੇਖਣ ਵਾਲੀ ਅੱਖ ਨਹੀਂ, ਓਸਨੂੰ ਆਪਣਾ ਦਰਸ਼ਨ ਆਪਣੇ ਨੇਤਰ ਦਏ ਕਰਾਈਆ। ਪ੍ਰਭ ਨੂੰ ਮਿਲਣ ਦਾ ਕਿਸੇ ਦਾ ਕੋਈ ਵਸ ਨਹੀਂ, ਬੇਵਸ ਵੇਖੀ ਲੋਕਾਈਆ। ਕੋਟਨ ਕੋਟ ਫਿਰਦੇ ਇਸ ਦੇ ਜਸ ਲਈ, ਗੌਂਦੇ ਥਾਉਂ ਥਾਈਂਆ। ਕੋਟਨ ਕੋਟ ਫਿਰਦੇ ਇਸ ਦੇ ਰਸ ਲਈ, ਤਟ ਤੀਰਥ ਫੇਰੀਆਂ ਪਾਈਆ। ਪਰ ਕੋਟਾਂ ਵਿਚੋਂ ਗੁਰਮੁਖ ਸਵਾਣੀ ਇਸ ਦੇ ਨਾਲ ਵਸਦੀ, ਜਿਸ ਨੂੰ ਪ੍ਰੀਤਮ ਆਪਣੀ ਪ੍ਰੀਤੀ ਦਿਤੀ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਪ੍ਰੀਤ ਕਹੇ ਗੁਰਮੁਖੋ ਪ੍ਰੀਤਮ ਨਹੀਂ ਜੇ ਖ਼ਾਲੀ, ਇਹਦੇ ਖ਼ਾਲੀ ਹੱਥ ਸਮਰਥ ਰੂਪ ਵਟਾਈਆ। ਇਹ ਆਦਿ ਜੁਗਾਦੀ ਧੁਰ ਦਾ ਮਾਲੀ, ਮਾਲਕ ਇਕੋ ਨਜ਼ਰੀ ਆਈਆ। ਗੁਰਮੁਖ ਸਵਾਣੀ ਸੁਘੜ ਸੁਚੱਜੀ ਸਤਿਗੁਰ ਦੇ ਘਰ ਬਾਲੀ, ਬੱਚਿਆਂ ਵਰਗੀ ਨਜ਼ਰੀ ਆਈਆ । ਜਿਸ ਦੇ ਪਿਛੇ ਜਨਮ ਜਨਮ ਜੁਗ ਜੁਗ ਘਾਲਣਾ ਰਹੇ ਘਾਲੀ, ਸੋ ਕੀਤੀ ਘਾਲ ਲੇਖੇ ਰਿਹਾ ਲਗਾਈਆ। ਆਓ ਰਲ ਮਿਲ ਕੇ ਸਾਰੇ ਹੋ ਜਾਓ ਇਕ ਸਵਾਲੀ, ਭਿੱਛਿਆ ਮੰਗੋ ਚਾਈਂ ਚਾਈਂਆ। ਜਨ ਭਗਤਾਂ ਅੰਦਰ ਅੱਠੇ ਪਹਿਰ ਰਹੇ ਦੀਵਾਲੀ, ਦੀਪਕ ਆਪਣਾ ਕਰੇ ਰੁਸ਼ਨਾਈਆ। ਜੇ ਇਸ ਨੇ ਪ੍ਰੀਤ ਤੁਹਾਡੇ ਨਾਲ ਪਾ ਲਈ, ਤੁਸੀਂ ਵੀ ਲਗੀ ਤੋੜ ਦੇਣੀ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਪਾ ਕੇ ਨਾਲ ਜੋਤ ਅਕਾਲੀ, ਬੇਅਕਲ ਵਾਲੇ ਅਕਲਾਂ ਵਾਲੇ ਦਏ ਜਣਾਈਆ। ਪ੍ਰੀਤ ਕਹੇ ਓ ਜਨ ਭਗਤੋ ਵੇਖੋ ਮਿਤਰ, ਮੀਤ ਸਵਾਮੀ ਦਿਆਂ ਜਣਾਈਆ। ਜਿਸ ਦੀ ਰਵਿਦਾਸ ਨੇ ਸੇਵਾ ਕੀਤੀ ਗੰਢ ਕੇ ਛਿੱਤਰ, ਪਾਨਹੀਆਂ ਗੰਢ ਪਵਾਈਆ। ਫੇਰ ਓਸੇ ਦੀ ਧਾਰੋਂ ਨਿੱਕਲ, ਤੁਹਾਡਾ ਲੇਖਾ ਰਿਹਾ ਲਿਖਾਈਆ। ਜੇ ਕੋਈ ਪੁੱਛੇ ਕੀ ਕਿਨ, ਸਚ ਦਿਉ ਸਮਝਾਈਆ। ਕਿਰਪਾ

ਕੀਤੀ ਓਸ ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਉਡੀਕਣ, ਬੈਠੇ ਧਿਆਨ ਲਗਾਈਆ। ਜੋ ਊਚਾਂ ਦਾ ਊਚ ਨੀਚਾਂ ਦਾ ਨੀਚਣ, ਨੀਚੋਂ ਊਚ ਦਏ ਬਣਾਈਆ। ਜਨ ਭਗਤਾਂ ਕਾਇਆ ਮਾਟੀ ਮੁਲੱਮਾ ਰਹਿਣ ਨਾ ਦੇਵੇ ਪੀਤਲ, ਸੁਵਰਨ ਸਾਚਾ ਦਏ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਨਹਾਰਾ ਸਾਚੀ ਬਖ਼ਸ਼ੀਸ਼ਣ, ਬਖ਼ਸ਼ਿਸ਼ ਕਰ ਕੇ ਪ੍ਰੇਮ ਪ੍ਰੀਤੀ ਆਪਣੇ ਨਾਲ ਰਖਾਈਆ।