ਪੁਸਤਕਾਲਾਭਾਗ ੧੮

੯ ਚੇਤ ਸ਼ਹਿਨਸ਼ਾਹੀ ਸੰਮਤ ੧ ਰਾਮ ਚੰਦ, ਸ਼ਿਵ ਸਿੰਘ, ਗੂੜਾ ਰਾਮ ਸ਼ੇਖ਼ਸਰ ਜੰਮੂ

ਪ੍ਰੀਤ ਕਹੇ ਮੈਂ ਰਾਤੀ ਪ੍ਰਭ ਨੂੰ ਪੁੱਛਿਆ, ਇਕ ਇਕੱਲੀ ਮੰਗ ਮੰਗਾਈਆ। ਕਿਸ ਕਾਰਨ ਪ੍ਰਭ ਜੀ ਲੁਕਿਆ, ਆਪਣਾ ਖੇਲ ਵਖਾਈਆ। ਕੀ ਕੋਈ ਤੇਰਾ ਭਗਤ ਤੇਰੇ ਨਾਲ ਰੁੱਸਿਆ, ਸਤਿ ਦੇ ਸਮਝਾਈਆ। ਕੀ ਤੇਰਾ ਗੁਰਮੁਖਾਂ ਨਾਲ ਗ਼ੁੱਸਿਆ, ਪੜਦਾ ਦੇ ਉਠਾਈਆ। ਕੀ ਕੋਈ ਪ੍ਰੇਮ ਨਾਲ ਨਹੀਂ ਝੁਕਿਆ, ਹੰਕਾਰ ਵਿਕਾਰ ਗਵਾਈਆ। ਅਬਿਨਾਸ਼ੀ ਕਰਤੇ ਕਿਹਾ ਮੈਂ ਖੇਲ ਕਰਾਂ ਅਨਡਿੱਠਿਆ, ਸਮਝ ਕੋਇ ਨਾ ਆਈਆ। ਭਾਗ ਲਗੌਣਾ ਭਗਤਾਂ ਕਾਇਆ ਜੁੱਸਿਆ, ਜਿਸਮ ਤਨ ਦਿਆਂ ਵਡਿਆਈਆ। ਜਿਨ੍ਹਾਂ ਦਾ ਅਗਲਾ ਪੈਂਡਾ ਮੁਕਿਆ, ਪਿਛਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਜਣਾਈਆ। ਪ੍ਰੀਤ ਕਹੇ ਮੈਂ ਰਾਤੀਂ ਪੁਛਿਆ ਚੋਰੀ, ਇਕ ਇਕੱਲੀ ਬੇਨੰਤੀ ਦਿਤੀ ਸੁਣਾਈਆ। ਕਿਸ ਦੇ ਹੱਥ ਫੜਾ ਕੇ ਆਇਉਂ ਡੋਰੀ, ਤੰਦ ਪ੍ਰੇਮ ਗੰਢਾਈਆ। ਕਿਸ ਕਾਰਨ ਚੜ੍ਹ ਕੇ ਆਇਉਂ ਘੋੜੀ, ਘੋਲ ਘੁਮਾਈ ਦੇ ਸਮਝਾਈਆ। ਕੀ ਹਰਿ ਸੰਗਤ ਨਹੀਂ ਸੀ ਤੈਨੂੰ ਲੋੜੀ, ਪ੍ਰੇਮ ਪ੍ਰੀਤੀ ਦਿਤੀ ਤਜਾਈਆ। ਪੁਰਖ ਅਕਾਲ ਕਿਹਾ ਮੈਂ ਭਗਤਾਂ ਦੇ ਪ੍ਰੇਮ ਦਾ ਸੱਚਾ ਮੋਹਰੀ, ਮੋਹਰ ਆਪਣੀ ਆਇਆ ਲਗਾਈਆ। ਜਿਹੜੀ ਜੁਗ ਜਨਮ ਨਾ ਕਦੇ ਵਿਛੋੜੀ, ਤਿਨ੍ਹਾਂ ਵਿਛੜਿਆਂ ਮੇਲ ਕਰਾਈਆ। ਜਨ ਭਗਤੋ ਸਾਚੇ ਪ੍ਰੇਮ ਦੀ ਚੜ੍ਹਨਾ ਪੌੜ੍ਹੀ, ਮੈਂ ਦੂਰ ਦੁਰਾਡਾ ਵੇਖਾਂ ਚਾਈਂ ਚਾਈਂਆ। ਸਚ ਪ੍ਰੀਤੀ ਮੋਹੇ ਇਕੋ ਲੋੜੀ, ਲੋੜੀਂਦਾ ਸਾਜਨ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਪ੍ਰੀਤ ਕਹੇ ਮੈਂ ਹੌਲੀ ਜਿਹੀ ਪੁੱਛੀ ਬਾਤ, ਬਿਨ ਕੰਨਾਂ ਦਿਤੀ ਸੁਣਾਈਆ। ਪ੍ਰਭੂ ਭੇਦ ਦੱਸ ਅੱਠ ਚੇਤ ਦੀ ਰਾਤ, ਪੜਦਾ ਦੇ ਉਠਾਈਆ। ਪੁਰਖ ਅਕਾਲ ਸਹਿਜ ਸੁਭਾਓ ਦਿਤਾ ਆਖ, ਸ਼ਬਦ ਹੁਲਾਰੇ ਨਾਲ ਜਗਾਈਆ। ਆਹ ਵੇਖ ਖੇਲ ਤਮਾਸ਼, ਪੂਰਬ ਦਿਆਂ ਦ੍ਰਿੜਾਈਆ। ਸਤਾਰਾਂ ਸੌ ਪਚਵੰਜਾ ਬਿਕ੍ਰਮੀ ਸਾਚੀ ਪਾਈ ਰਾਸ, ਮੰਡਲ ਇਕ ਬਣਾਈਆ । ਗੋਬਿੰਦ ਸੁੱਤਾ ਜਾ ਪਰਭਾਸ, ਨੌ ਮੀਲ ਪੁਰੀ ਅਨੰਦ ਤੋਂ ਡੇਰਾ ਲਾਈਆ। ਗੁਰਮੁਖ ਲਭਦੇ ਰਹੇ ਸਾਰੀ ਪਰਭਾਤ, ਖੋਜਿਆਂ ਹੱਥ ਕਿਸੇ ਨਾ ਆਈਆ ।

ਅੰਤਮ ਇਕੱਠੇ ਹੋ ਕੇ ਕੀਤੀ ਅਰਦਾਸ, ਬੇਨੰਤੀ ਦਿਤੀ ਸੁਣਾਈਆ। ਕਲਗੀ ਵਾਲੇ ਆਜਾ ਪਾਸ, ਕੀ ਕਲਾ ਰਿਹਾ ਵਰਤਾਈਆ। ਅੰਦਰੋਂ ਰੋ ਪਈ ਸਭ ਦੀ ਖ਼ਾਹਿਸ਼, ਨੈਣਾਂ ਨੀਰ ਵਹਾਈਆ। ਗੁਰਮੁਖ ਹੋ ਗਏ ਉਦਾਸ, ਗੁਰਸਿਖ ਅੱਖ ਨਾ ਕੋਇ ਖੁਲ੍ਹਾਈਆ। ਮਾਤਾ ਗੁਜਰੀ ਕਿਹਾ ਸੁਣੋ ਮੇਰੀ ਬਾਤ, ਧੀਰਜ ਧੀਰ ਦਿਆਂ ਧਰਾਈਆ। ਮੇਰਾ ਬੱਚਾ ਅਜੇ ਸਿੱਖਣ ਲੱਗਾ ਜਾਚ, ਕੱਲਾ ਰਹਿ ਕੇ ਝਟ ਲੰਘਾਈਆ। ਕਲਜੁਗ ਕੂੜੀ ਕਿਰਿਆ ਅਗੇ ਹੋਣੀ ਬਹੁ ਭਾਂਤ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਵੇਲੇ ਪੁਰਖ ਅਕਾਲ ਨਿਰਗੁਣ ਜੋਤ ਕਰੇ ਪਰਕਾਸ਼, ਜੋਤੀ ਜਾਤਾ ਵੇਸ ਵਟਾਈਆ। ਸ਼ਬਦ ਅਨਾਦੀ ਵੱਜੇ ਨਾਦ, ਬ੍ਰਹਿਮਾਦ ਦਏ ਸੁਣਾਈਆ। ਫੇਰ ਤੁਸਾਂ ਰਲ ਮਿਲ ਕਰਨਾ ਯਾਦ, ਯਾਦਾਸ਼ਤ ਪਿਛਲੀ ਚੇਤੇ ਆਈਆ । ਤੁਹਾਡੀ ਸੁਣਨੀ ਇਕ ਆਵਾਜ਼, ਜੋ ਤੂੰ ਮੇਰਾ ਮੈਂ ਤੇਰਾ ਢੋਲਾ ਲੈਣਾ ਗਾਈਆ। ਇਸੇ ਵਿਚ ਗੋਬਿੰਦ ਨੂੰ ਔਣਾ ਸਵਾਦ, ਪ੍ਰੇਮ ਪ੍ਰੀਤੀ ਤੁਹਾਡੀ ਵੇਖ ਵਖਾਈਆ। ਹਾਜ਼ਰ ਨਾਲੋਂ ਬਹੁਤੀ ਪੂਰੀ ਕਰੇ ਖ਼ਾਹਿਸ਼, ਸਵਾਸ ਸਵਾਸ ਆਪਣੇ ਲੇਖੇ ਲਾਈਆ। ਏਨੀ ਅਜੇ ਹੋ ਰਹੀ ਸੀ ਬਾਤ, ਗੋਬਿੰਦ ਆਇਆ ਚਾਈਂ ਚਾਈਂਆ। ਹੱਸਕੇ ਕਿਹਾ ਖ਼ੁਸ਼ੀ ਨਾਲ ਬਲਾਸ, ਸੋਹਣੀ ਆਵਾਜ਼ ਜਣਾਈਆ। ਕਿਥੇ ਕਿਥੇ ਆਏ ਭਾਜ, ਭੱਜੇ ਵਾਹੋ ਦਾਹੀਆ। ਕਵਣ ਕਵਣ ਬਣਿਆ ਸਾਥ, ਸੰਗੀ ਕਿਹੜਾ ਸੰਗ ਰਖਾਈਆ। ਗੁਰਮੁਖਾਂ ਕਿਹਾ ਤੂੰ ਸਭ ਦੇ ਨਜ਼ਰੀ ਆਇਆ ਸਾਥ, ਖ਼ਾਲੀ ਰਹਿਣ ਕੋਇ ਨਾ ਪਾਈਆ। ਪਰ ਇਹ ਕੀ ਕਰਨੀ ਕੀਤੀ ਸਤਿਗੁਰ ਸਮਰਾਥ, ਸਾਨੂੰ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਿਹਾ ਰਾਤ ਆਈ ਚੇਤ ਅੱਠ, ਅੱਠ ਤੱਤ ਗੁਰਮੁਖਾਂ ਰਹੇ ਸੁਣਾਈਆ। ਸਾਡੇ ਪਿਛੇ ਕੋਈ ਕਰ ਇਕ ਹਠ, ਹਠੀਆ ਹੋ ਕੇ ਡੇਰਾ ਲਾਈਆ। ਸਾਨੂੰ ਜੰਗਲਾਂ ਵਿਚ ਜਾਣਾ ਪਏ ਨਾ ਵਤ, ਬੇਲੇ ਖੋਜ ਨਾ ਕੋਇ ਖੁਜਾਈਆ। ਤੇਰੇ ਪ੍ਰੇਮ ਦੇ ਹੋਈਏ ਵਸ, ਦੂਜੀ ਆਸ ਨਾ ਕੋਇ ਤਕਾਈਆ। ਇਹ ਸੁਣ ਅਗੰਮੀ ਗਾਥ, ਮੇਰੇ ਗ੍ਰਹਿ ਵਜੀ ਵਧਾਈਆ। ਤੁਹਾਡੇ ਪਿਛੇ ਗਿਆ ਨਠ, ਭੱਜਾ ਵਾਹੋ ਦਾਹੀਆ। ਅਗਲਾ ਲੇਖਾ ਦੇਵਾਂ ਦੱਸ, ਧੁਰ ਦਾ ਹੁਕਮ ਸੁਣਾਈਆ। ਜਿਸ ਵੇਲੇ ਕਲਜੁਗ ਕੂੜ ਅੰਧੇਰਾ ਮੇਟਿਆ ਮਸ, ਸਤਿਜੁਗ ਸਚ ਕਰੀ ਰੁਸ਼ਨਾਈਆ। ਤੁਹਾਡੀ ਭਗਤੀ ਦਾ ਗੌਣ ਜਾਣਾ ਜਸ, ਦੂਰ ਦੁਰਾਡਾ ਆਪਣਾ ਫੇਰਾ ਪਾਈਆ। ਤੁਹਾਡਾ ਪ੍ਰੇਮ ਦਾ ਕਰ ਕੇ ਇਕੱਠ, ਪ੍ਰੀਤੀ ਇਕੋ ਦੇਣੀ ਸਮਝਾਈਆ। ਸਤਿ ਧਰਮ ਦੀ ਦੇ ਕੇ ਮਤਿ, ਕਰਮ ਕਾਂਡ ਦੇਣਾ ਗਵਾਈਆ। ਬੇਸ਼ਕ ਮੈਂ ਨਜ਼ਰ ਨਾ ਆਵਾਂ ਨਾਲ ਅੱਖ, ਅੰਤਰ ਆਤਮ ਆਪਣਾ ਡੇਰਾ ਲਾਈਆ । ਗੁਰਮੁਖੋ ਤੁਹਾਡੇ ਨਾਲੋਂ ਕਦੇ ਨਾ ਹੋਵਾਂ ਵਖ, ਵਖਰੀ ਸੇਜ ਨਾ ਕੋਇ ਹੰਢਾਈਆ। ਤੁਹਾਡਾ ਪ੍ਰੇਮ ਮੇਰੀ ਰਤ, ਮੇਰੀ ਰਤ ਤੁਹਾਡੀ ਬ੍ਰਹਮਮਤਿ ਦਏ ਬਣਾਈਆ। ਤੁਹਾਡਾ ਉਪਕਾਰ ਮੇਰਾ ਜਸ, ਮੇਰਾ ਜਸ ਤੁਹਾਡਾ ਰਸ ਨਜ਼ਰੀ ਆਈਆ। ਪਿਛਲੇ ਲਹਿਣੇ ਦਾ ਦੇਣਾ ਸੀ ਹਕ, ਇਸੇ ਕਾਰਨ ਗਿਆ ਨੱਠ, ਚੋਰ ਯਾਰ ਨਾ ਰੂਪ ਵਟਾਈਆ। ਪੱਕੀ ਕਰ ਕੇ ਗਿਆ ਸਚ, ਘੰਟੇ ਦੋ ਤੁਹਾਡੇ ਅੰਦਰ ਜਾਵਾਂ ਵਸ, ਵਾਸਤਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪਣੇ ਹੱਥ ਰਖਾਈਆ। ਪ੍ਰੀਤ ਕਹੇ ਕਿਉਂ ਕਰਿਆ ਬਹਾਨਾ, ਪੜਦਾ ਵਿਚ ਰਖਾਈਆ। ਗੋਬਿੰਦ ਕਿਹਾ ਇਹ ਮੇਰਾ ਖੇਲ ਮਹਾਨਾ, ਸ਼ਬਦੀ ਹੁਕਮ ਸੁਣਾਈਆ। ਵੈਰਾਗ ਅੰਦਰ ਵਿਛੋੜੇ ਅੰਦਰ ਜੋ ਮੇਰਾ ਗਾਏ ਤਰਾਨਾ, ਮੈਂ ਤਰਾਨਿਆਂ ਦਾ ਮਹਿਮਾਨ ਹੋ ਕੇ ਉਨ੍ਹਾਂ ਦੇ ਅੰਦਰ ਨਜ਼ਰੀ ਆਈਆ। ਇਸ ਦਾ ਕੋਈ ਦੇ ਨਾ ਸਕੇ ਬਿਆਨਾ, ਲੇਖਾ

ਲਿਖਤ ਨਾ ਕੋਇ ਸਮਝਾਈਆ । ਇਹ ਵੀ ਖੇਲ ਮੇਰੇ ਭਗਵਾਨਾ, ਜੋ ਮੇਰਾ ਮਾਲਕ ਮੈਥੋਂ ਰਿਹਾ ਕਰਾਈਆ। ਭਗਤਾਂ ਦਾ ਅਸਥਾਨਾ, ਗੁਰਮੁਖਾਂ ਦਾ ਟਿਕਾਣਾ, ਖੇਲ ਦੋ ਜਹਾਨਾਂ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪ੍ਰੀਤ ਕਹੇ ਮੈਂ ਪੁਛਿਆ ਗੋਬਿੰਦ ਵੜ ਕੇ ਅੰਦਰ ਬੁਕਲ, ਮੁਖ ਪੜਦਾ ਲਿਆ ਉਠਾਈਆ। ਕੀ ਹੁਣ ਭਗਤਾਂ ਤੋਂ ਲੱਗਾ ਲੁਕਣ, ਕਰਵਟ ਆਪਣੀ ਬਦਲਾਈਆ । ਨਹੀਂ, ਗੋਬਿੰਦ ਕਿਹਾ ਮੈਂ ਉਨ੍ਹਾਂ ਦਾ ਕਰਨ ਆਇਆ ਸ਼ੁਕਰ, ਪਿਛਲਾ ਲੇਖਾ ਝੋਲੀ ਪਾਈਆ। ਕੀਤੇ ਕੌਲ ਤੋਂ ਨਹੀਂ ਗਿਆ ਮੁਕਰ, ਮੁਜਰਮ ਹੋ ਕੇ ਨਾ ਮੁਖ ਭਵਾਈਆ। ਉਨ੍ਹਾਂ ਦੀ ਪਿਆਰ ਦੀ ਧਾਰ ਅੰਦਰ ਜਾਵਾਂ ਉਤਰ, ਉੱਤਰ ਪੂਰਬ ਪੱਛਮ ਦੱਖਣ ਇਕੋ ਰੰਗ ਵਖਾਈਆ। ਜਿਸ ਤਰਾ ਪੁਰਖ ਅਕਾਲ ਮੈਨੂੰ ਬਣਾਇਆ ਪੁੱਤਰ, ਇਸੇ ਤਰਾ ਆਪਣੇ ਪੁਤਰ ਲਏ ਬਣਾਈਆ। ਜਿਨ੍ਹਾਂ ਨਾਲੋਂ ਕਦੇ ਨਾ ਜਾਵਾਂ ਵਿਛੜ, ਵਿਛੜਿਆਂ ਰਿਹਾ ਮਿਲਾਈਆ। ਕਲਜੁਗ ਕੂੜੀ ਕਿਰਿਆ ਵਿਚ ਰਹਿਣ ਨਹੀਂ ਦੇਣਾ ਭਪਾ ਖਿਚੜ, ਸਾਫ਼ ਨਿਰੋਲ ਸੰਤ ਸੁਹੇਲੇ ਬਾਹਰ ਲਏ ਕਢਾਈਆ। ਗਲ ਲਗਾਇਆ ਭਰੀਆਂ ਚਿਕੜ, ਦੁਰਮਤ ਮੈਲ ਧਵਾਈਆ। ਓਹ ਪ੍ਰੀਤੇ ਸਾਰੀ ਰਾਤ ਉਨ੍ਹਾਂ ਦਾ ਰਖਿਆ ਫ਼ਿਕਰ, ਜੋ ਫ਼ਿਕਰ ਵਿਚ ਢੋਲੇ ਰਹੇ ਗਾਈਆ। ਜੇ ਤੈਨੂੰ ਸੁਰਤ ਨਾ ਦੇਂਦਾ ਤੂੰ ਕਿਸ ਤਰਾ ਉਨ੍ਹਾਂ ਦਾ ਕਰਦੀਉਂ ਜ਼ਿਕਰ, ਜੋ ਜ਼ਕਰੀਏ ਨਾਲੋਂ ਚੰਗੇ ਨਜ਼ਰੀ ਆਈਆ। ਮੈਂ ਵਿਛੋੜਾ ਦੇ ਕੇ ਨਹੀਂ ਆਇਆ ਨਿਕਲ, ਪਲੂ ਨਾ ਆਇਆ ਛੁਡਾਈਆ। ਮੈਂ ਦੂਰੋਂ ਨੇੜੇ ਦਾ ਬਣਾਂ ਮਿਤਰ, ਨੇਰਨ ਨੇਰ ਸੋਭਾ ਪਾਈਆ। ਇਹ ਖੇਲ ਮੇਰਾ ਬਚਿਤ੍ਰ, ਜਿਸ ਦਾ ਚਿਤ੍ਰ ਚਿਤਰ ਨਾ ਕੋਇ ਵਖਾਈਆ। ਤੂੰ ਦੱਸ ਸਚ ਪ੍ਰੀਤ ਕਿਉਂ ਮੇਰੇ ਮਗਰ ਆਈ ਖ਼ਿਸਕ, ਭੱਜੀ ਵਾਹੋ ਦਾਹੀਆ। ਪ੍ਰੀਤ ਕਿਹਾ ਮੈਂ ਪੁਛਣ ਆਈ ਮੈਨੂੰ ਆਸ਼ਕਾਂ ਮਸ਼ੂਕਾਂ ਤੋਂ ਵਖਰਾ ਦੱਸ ਇਸ਼ਕ, ਜਿਸ ਇਸ਼ਕ ਵਿਚ ਇਸ਼ਾਰਾ ਇਕ ਤੇਰਾ ਨਜ਼ਰੀ ਆਈਆ। ਮੈਂ ਡਰਦੀ ਰਹੀ ਉਚਾਂ ਨੀਵਾਂ ਕੰਢੀ ਦਾ ਕੰਢਾ ਕਿਤੇ ਪੈਰ ਨਾ ਜਾਏ ਤਿਲ੍ਹਕ, ਮੂੰਹ ਦੇ ਭਾਰ ਦਏ ਸੁਟਾਈਆ। ਗੁਰਮੁਖ ਕਿਹਾ ਛੇਤੀ ਜਾ ਮੇਰੇ ਭਗਤਾਂ ਦੇ ਅੰਦਰ ਵੇਖ ਮਿਠਤ, ਜਿਸ ਮਿਠਾਸ ਨਾਲ ਤੈਨੂੰ ਸਵਾਧਾਨ ਦੇਣ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪ੍ਰੀਤ ਕਹੇ ਜਿਸ ਵੇਲੇ ਵਜ ਗਏ ਸਾਢੇ ਤਿੰਨ, ਮੈਨੂੰ ਅਚਨ ਅਚਾਨਕ ਆਈ ਅੰਗੜਾਈਆ। ਮੈਂ ਸਰੂਪ ਵੇਖਿਆ ਭਿੰਨ ਭਿੰਨ, ਬਹੁਰੰਗਾ ਆਪਣਾ ਰੰਗ ਵਖਾਈਆ। ਜਿਸ ਨੂੰ ਝੁਕਦੇ ਵੇਖੇ ਲੋਕ ਤਿੰਨ, ਪਰਲੋਕ ਸੀਸ ਨਿਵਾਈਆ। ਰੂਪ ਅਨੂਪ ਬਦਲੇ ਛਿੰਨ ਛਿੰਨ, ਬਹੁਰੂਪੀਆ ਸਮਝ ਕੋਇ ਨਾ ਆਈਆ। ਕੁਛ ਆਪਣੇ ਆਪ ਰਿਹਾ ਗਿਣ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਮੈਂ ਅਗੰਮੀ ਵੇਖ ਕੇ ਉਹਦਾ ਚਿੰਨ੍ਹ, ਚਿੰਤਾ ਦਿਤੀ ਗਵਾਈਆ। ਜੋ ਇਸ਼ਾਰੇ ਕਰੇ ਖਿਨ ਖਿਨ, ਸ਼ਹਿਨਸ਼ਾਹ ਰੂਪ ਵਟਾਈਆ। ਮੇਰਾ ਹਿਲ ਗਿਆ ਦਿਲ, ਧੀਰ ਰਹੀ ਨਾ ਰਾਈਆ। ਓਸੇ ਵੇਲੇ ਮੈਨੂੰ ਅੱਗੇ ਹੋ ਕੇ ਪਿਆ ਮਿਲ, ਫੜ ਬਾਹੋਂ ਲਿਆ ਉਠਾਈਆ। ਉਠ ਵੇਖ ਮੇਰਾ ਖੇਲ, ਤੈਨੂੰ ਦਿਆਂ ਸਮਝਾਈਆ। ਜਿਨ੍ਹਾਂ ਦਾ ਗੁਰੂ ਤੇ ਉਨ੍ਹਾਂ ਦਾ ਚੇਲ, ਚੇਲਾ ਸਤਿਗੁਰੂ ਆਪਣਾ ਨਾਮ ਅਖਵਾਈਆ। ਮੈਂ ਤਕਿਆ ਗੋਬਿੰਦ ਨੂੰ ਇਕ ਪਲਕ ਨਹੀਂ ਵਿਹਲ, ਰਾਤੀਂ ਸੁੱਤਿਆਂ ਗੁਰਮੁਖਾਂ ਨੂੰ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਪ੍ਰੀਤ ਕਹੇ ਸਾਢੇ ਤਿੰਨ ਮੈਨੂੰ ਇਕ ਪਈ ਆਵਾਜ਼, ਨਾਲ ਠੋਕਰ ਦਿਤੀ ਲਗਾਈਆ। ਉਠ ਜਾਗ, ਜਗਾਵਣ ਵਾਲਾ ਰਿਹਾ

ਜਗਾਈਆ। ਜਿਸ ਦੀ ਸਾਰੇ ਕਰਦੇ ਰਹੇ ਤਾਂਘ, ਸੋ ਆਪਣਾ ਫੇਰਾ ਪਾਈਆ। ਜਿਹੜੀ ਭਗਤਾਂ ਕੀਤੀ ਮਾਂਗ, ਉਹ ਵਸਤ ਰਿਹਾ ਵਰਤਾਈਆ। ਸਵਾਂਗੀ ਹੋ ਕੇ ਪਰਗਟਿਆ ਸਵਾਂਗ, ਸੰਗੀ ਸਾਥੀ ਆਪਣੇ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਝੋਲੀ ਪਾਈਆ। ਪ੍ਰੀਤ ਕਹੇ ਸਾਢੇ ਤਿੰਨ ਜਿਸ ਵੇਲੇ ਸੁਣਿਆ ਨਾਦ, ਧੁਨ ਇਕੋ ਨਜ਼ਰੀ ਆਈਆ। ਮੈਂ ਹੋ ਗਈ ਵਿਸਮਾਦ, ਆਪਣਾ ਆਪ ਭੁਲਾਈਆ। ਸਤਿਗੁਰ ਸਰਨਾਈ ਲਾਗ, ਬੇਨੰਤੀ ਦਿਤੀ ਸੁਣਾਈਆ। ਪ੍ਰਭੂ ਤੂੰ ਕਿਸ ਤਰਾ ਗੁਜ਼ਾਰੀ ਅੱਜ ਦੀ ਰਾਤ, ਇਕੱਲਾ ਬਹਿ ਕੇ ਰਾਤ ਲੰਘਾਈਆ। ਗੋਬਿੰਦ ਓਸੇ ਵੇਲੇ ਦਿਤਾ ਆਖ, ਮੇਰੀ ਧੌਣ ਫੜ ਕੇ ਉਪਰ ਲਿਆ ਉਠਾਈਆ। ਹੌਲੀ ਜਿਹੀ ਚਪੇੜ ਮਾਰ ਕੇ ਕਿਹਾ ਜ਼ਰਾ ਸ਼ੇਖ਼ਸਰ ਵਲੇ ਝਾਕ, ਆਪਣਾ ਪੜਦਾ ਲਾਹੀਆ। ਜਾਂ ਮੈਂ ਤਕਿਆ ਉਹ ਗੁਰਮੁਖਾਂ ਦੇ ਅੰਦਰ ਨਜ਼ਰ ਆਇਆ ਆਪ, ਆਪਣਾ ਡੇਰਾ ਲਾਈਆ। ਫੇਰ ਵੇਖਿਆ ਰਸੂਲ ਪਾਕ, ਰਸਤਾ ਰਿਹਾ ਵਖਾਈਆ। ਫੇਰ ਵੇਖਿਆ ਤੇ ਸਭ ਦਾ ਬਣ ਕੇ ਬਾਪ, ਗੋਦੀ ਰਿਹਾ ਬਹਾਈਆ। ਫੇਰ ਵੇਖਿਆ ਤੇ ਜਨਮ ਕਰਮ ਦੇ ਕਟ ਕੇ ਪਾਪ, ਪਵਿਤਰ ਦਿਤਾ ਕਰਾਈਆ। ਫੇਰ ਵੇਖਿਆ ਤੇ ਨਜ਼ਰੀ ਆਇਆ ਸਾਥ, ਸਗਲਾ ਸੰਗ ਨਿਭਾਈਆ। ਫੇਰ ਵੇਖਿਆ ਤੇ ਪੂਰੀ ਕਰੇ ਖਾਹਿਸ਼, ਖ਼ਾਲਸ ਆਪਣੇ ਰੰਗ ਰੰਗਾਈਆ। ਫੇਰ ਵੇਖਿਆ ਕੋਈ ਰਹਿਣ ਨਹੀਂ ਦਿਤਾ ਉਦਾਸ, ਖ਼ੁਸ਼ੀਆਂ ਖ਼ੁਸ਼ੀ ਨਾਲ ਮਿਲਾਈਆ। ਸਭ ਦੇ ਲੇਖੇ ਲਾ ਕੇ ਸਵਾਸ, ਸਾਹ ਸਾਹ ਆਪਣੀ ਝੋਲੀ ਪਾਈਆ। ਮੈਂ ਹੈਰਾਨ ਹੋ ਗਈ ਇਹ ਕਿਉਂ ਨਹੀਂ ਸੁੱਤਾ ਸਾਰੀ ਰਾਤ, ਨੌ ਵੇਰਾਂ ਉਠ ਕੇ ਨੌ ਵੇਰਾਂ ਬੈਠ ਕੇ ਨੌ ਜਨਮ ਦੇ ਵਿਛੜੇ ਬ੍ਰਾਹਮਣ ਰਿਹਾ ਤਰਾਈਆ। ਮੈਂ ਓਸ ਵੇਲੇ ਦੁਹੱਥੜ ਮਾਰ ਕੇ ਆਪਣੇ ਨਾਲ ਹਾਥ, ਬਹੁੜੀ ਬਹੁੜੀ ਦਿਤੀ ਸੁਣਾਈਆ। ਪ੍ਰਭੂ ਇਹ ਕੀ ਖੇਲ ਤਮਾਸ਼, ਮੈਨੂੰ ਦੇ ਜਣਾਈਆ। ਤੂੰ ਸੁੱਤਿਆਂ ਦੀ ਕਰੇਂ ਯਾਦ, ਕੀ ਤੇਰੀ ਵਡਿਆਈਆ। ਦਰਦੀਆਂ ਦੀ ਸੁਣੇਂ ਫ਼ਰਿਆਦ, ਦੁਖ ਆਪਣੀ ਝੋਲੀ ਪਾਈਆ। ਗੋਬਿੰਦ ਨੇ ਕਢ ਕੇ ਪਿਛਲੀ ਕਿਤਾਬ, ਮੈਨੂੰ ਦਿਤੀ ਵਖਾਈਆ। ਵੇਖ ਲੈ ਅੱਠ ਚੇਤ ਦਾ ਉਹ ਹਿਸਾਬ, ਇਕ ਸਤ ਪੰਜ ਪੰਜ ਦਏ ਗਵਾਹੀਆ। ਜਿਸ ਦਾ ਮੈਨੂੰ ਦੇਣਾ ਪਿਆ ਜਵਾਬ, ਪੁਰਖ ਅਕਾਲ ਮੰਗ ਮੰਗਾਈਆ। ਮੈਂ ਕੋਈ ਸ਼ਾਹ ਨਹੀਂ ਨਵਾਬ, ਭਗਤਾਂ ਦਾ ਸੇਵਕ ਰੂਪ ਵਟਾਈਆ। ਮੈਂ ਵੇਖਣ ਆਇਆ ਆਪਣਾ ਟਹਿਕਦਾ ਫੁੱਲ ਗੁਲਾਬ, ਜੋ ਬੂਟਾ ਆਪਣੀ ਹੱਥੀਂ ਗਿਆ ਲਾਈਆ। ਮੈਂ ਸਦਾ ਨਹੀਂ ਸੁੱਤਾ ਉਨ੍ਹਾਂ ਪਿਛੇ ਸਦਾ ਉਨ੍ਹਾਂ ਦੀ ਰੱਖਾਂ ਯਾਦ, ਯਾਦ ਵਿਚ ਆਪਣਾ ਝਟ ਲੰਘਾਈਆ। ਇਸੇ ਕਰਕੇ ਧੁਰ ਦੀ ਸੁਣਾਈ ਆਵਾਜ਼, ਤੂੰ ਮੇਰਾ ਮੈਂ ਤੇਰਾ ਦੂਜਾ ਹੋਰ ਰਹਿਣ ਕੋਇ ਨਾ ਪਾਈਆ। ਪ੍ਰੀਤ ਕਹੇ ਇਹ ਮੈਂ ਚੰਗੀ ਸਿਖ ਲਈ ਜਾਚ, ਗੋਬਿੰਦ ਤਰੀਕਾ ਦਿਤਾ ਦ੍ਰਿੜਾਈਆ। ਭਗਤਾਂ ਨਾਲ ਕਰਾਂ ਨਾ ਕੋਇ ਮਿਜਾਜ਼, ਆਕੜ ਨਾ ਕੋਇ ਵਖਾਈਆ। ਝਟ ਜਾ ਕੇ ਹੋ ਜਾਵਾਂ ਉਨ੍ਹਾਂ ਦੀ ਦਾਸ, ਸੇਵਕ ਬਣ ਕੇ ਸੇਵ ਕਮਾਈਆ। ਸਚ ਦੱਸ ਕੀ ਤੂੰ ਵੀ ਵਸੇਂਗਾ ਉਨ੍ਹਾਂ ਦੇ ਪਾਸ, ਸਚ ਸਿੰਘਾਸਣ ਡੇਰਾ ਲਾਈਆ। ਗੋਬਿੰਦ ਕਿਹਾ ਇਹ ਕੋਈ ਪੁਛਣ ਵਾਲੀ ਨਹੀਂ ਬਾਤ, ਇਹ ਮੇਰੀ ਬੇਪਰਵਾਹੀਆ । ਜਿਨ੍ਹਾਂ ਨੂੰ ਆਪਣੇ ਨਾਲ ਲਿਆਂਦਾ ਮਾਤ, ਅੰਤਮ ਸੰਗ ਲੈ ਕੇ ਘਰ ਸਾਚੇ ਜਾਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਬਣਤ ਬਣਾਈਆ। ਪ੍ਰੀਤ ਕਹੇ ਜਿਸ ਵੇਲੇ ਨੌਵੀਂ ਵਾਰ ਜਾਗਿਆ, ਹੱਥ ਮੱਥੇ ਉਤੇ ਰਖਾਈਆ। ਮੈਂ ਹੱਥ ਜੋੜ ਕੇ ਮੰਗੀ ਆਗਿਆ, ਬੇਨੰਤੀ ਦਿਤੀ ਸੁਣਾਈਆ। ਓਧਰੋਂ ਆਈ ਇਕ ਆਵਾਜਿਆ, ਧੁਰ ਦਾ ਢੋਲਾ ਗਾਈਆ। ਆ ਤੈਨੂੰ ਵਖਾਵਾਂ ਇਕ

ਹੋਰ ਤਮਾਸ਼ਿਆ, ਜਿਹੜੀ ਖੇਲ ਰਿਹਾ ਰਚਾਈਆ। ਜਨ ਭਗਤਾਂ ਦੀ ਆਤਮ ਸੇਜ ਪ੍ਰੇਮ ਪਿਆਰ ਪ੍ਰੀਤ ਦਾ ਭੋਗ ਬਿਲਾਸਿਆ, ਭਾਵੀ ਸਭ ਦੇ ਸਿਰ ਤੋਂ ਲਾਹੀਆ। ਦੁਰਮਤ ਮੈਲ ਦਾ ਇਕੋ ਵਾਰ ਧੋ ਦਿਤਾ ਦਾਗ਼ਿਆ, ਦਗ਼ਾ ਕਰ ਕੇ ਨਹੀਂ ਆਇਆ ਨਾ ਰਾਤ ਸੌ ਕੇ ਝਟ ਲੰਘਾਈਆ। ਜੇ ਕੁਛ ਜਾਂਦਾ ਜਾਂਦਾ ਭਗਤਾਂ ਦੇ ਘਰੋਂ ਖਾ ਗਿਆ, ਓਸ ਖਾਣ ਪੀਣ ਦਾ ਲੇਖਾ ਸਾਰੀ ਰਾਤ ਦੇਵੇ ਥਾਉਂ ਥਾਈਂਆ। ਗੁਰਮੁਖਾਂ ਨੂੰ ਆਪਣੀ ਕਿਰਪਾ ਨਾਲ ਨਿਵਾਜਿਆ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਪ੍ਰੀਤ ਕਹੇ ਮੈਂ ਫੇਰ ਵੇਖਿਆ ਮੁੜ ਕੇ, ਆਪਣੀ ਅੱਖ ਭਵਾਈਆ। ਗੋਬਿੰਦ ਤਕਿਆ ਲੁਕ ਕੇ, ਚੋਰੀ ਨੈਣ ਉਠਾਈਆ। ਉਹ ਆਪਣੇ ਆਸਣ ਉਤੋਂ ਉਠ ਕੇ, ਜ਼ਿਮੀਂ ਉਤੇ ਡੇਰਾ ਰਿਹਾ ਵਖਾਈਆ। ਆਪਣੇ ਸੀਨੇ ਨੂੰ ਘੁੱਟ ਕੇ, ਇੱਕੀ ਮਿੰਟ ਇਕੋ ਰਸ ਜਣਾਈਆ । ਮੈਨੂੰ ਹੌਲੀ ਜਿਹੀ ਪੁੱਛ ਕੇ, ਸਚ ਕਹਾਣੀ ਦਿਤੀ ਵਖਾਈਆ। ਸਚ ਪ੍ਰੀਤ ਮੈਂ ਆਇਆ ਨਹੀਂ ਲੁਕ ਕੇ, ਉਹ ਵੇਖ ਲੁਕਿਆਂ ਦੇ ਅੰਦਰ ਆਪਣਾ ਡੇਰਾ ਲਾਈਆ। ਮੈਂ ਆਇਆ ਗੁਰਮੁਖਾਂ ਤੋਂ ਪੁਛ ਕੇ, ਇਜਾਜ਼ਤ ਮੰਗੀ ਚਾਈਂ ਚਾਈਂਆ। ਜੋ ਪ੍ਰੇਮੀ ਪਿਆਰੇ ਮੇਰੇ ਵਿਛੋੜੇ ਦੇ ਦੁਖ ਦੇ, ਉਨ੍ਹਾਂ ਦੇ ਵਿਛੋੜੇ ਪਿਛੇ ਖ਼ਾਕੀ ਮਾਟੀ ਉਤੇ ਨੌ ਵਾਰ ਆਪਣੀ ਉਂਗਲੀ ਦਿਤੀ ਘਸਾਈਆ। ਕੋਈ ਸ਼ਕ ਸ਼ਿਕਵਾ ਨਾ ਰਹੇ ਮੁਝ ਤੇ, ਮੁਫ਼ਲਿਸ ਹੋ ਕੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਧਰਤੀ ਕਹੇ ਜਿਸ ਵੇਲੇ ਮੇਰੇ ਉਤੇ ਬੈਠਾ ਇੱਕੀ ਮਿੰਟ, ਧਿਆਨ ਭਗਤਾਂ ਵਲ ਰਖਾਈਆ । ਮੈਂ ਬਹੁੜੀ ਬਹੁੜੀ ਕਰ ਕੇ ਉਠੀ ਪਿਟ, ਕਿਧਰੋਂ ਆ ਗਿਆ ਪ੍ਰੇਮੀਆਂ ਦਾ ਪ੍ਰੇਮੀ ਨੇਮੀਆਂ ਦਾ ਨੇਮੀ ਲੱਗੀ ਤੋੜ ਨਿਭਾਈਆ। ਮੈਨੂੰ ਪਤਾ ਨਹੀਂ ਲੱਗਾ ਕਿਸ ਮੈਨੂੰ ਮੂੰਹ ਦੇ ਭਾਰ ਦਿਤਾ ਸੁਟ, ਮੇਰੀ ਹੋਸ਼ ਦਿਤੀ ਗਵਾਈਆ। ਫੇਰ ਕਿਰਪਾ ਕਰ ਕੇ ਗੋਦੀ ਲਿਆ ਚੁਕ, ਸਿਰ ਮੇਰੇ ਹੱਥ ਰਖਾਈਆ । ਮੈਂ ਹੌਲੀ ਜਿਹੀ ਲਿਆ ਪੁਛ, ਕੀ ਤੂੰ ਗੋਬਿੰਦ ਸਚ ਮੁਚ, ਕਿ ਮੈਨੂੰ ਭਰਮ ਭੁਲੇਖਾ ਨਜ਼ਰੀ ਆਈਆ। ਧਰਨੀ ਕਹੇ ਓਨ ਹੱਥ ਪਾ ਕੇ ਮੇਰੀ ਗਿੱਚੀ ਵਾਲੀ ਗੁਤ, ਧੌਣ ਉਤੇ ਦਿਤੀ ਉਠਾਈਆ। ਔਹ ਵੇਖ ਮੇਰੇ ਗੁਰਮੁਖ ਸਾਚੇ ਪੁਤ, ਜਿਨ੍ਹਾਂ ਨੂੰ ਗੋਦੀ ਰਿਹਾ ਉਠਾਈਆ। ਇਹ ਗੋਬਿੰਦ ਨਹੀਂ ਜੋ ਜਾਵੇ ਲੁਕ, ਲੁਕਿਆਂ ਨੂੰ ਆਪਣੇ ਨਾਲ ਰਿਹਾ ਮਿਲਾਈਆ। ਓਹ ਚਰਨੀ ਲਗ ਕੇ ਹੋ ਗਈ ਖ਼ੁਸ਼, ਢੋਲਾ ਗਾਇਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕੋ ਇਕ ਨਿਭਾਈਆ। ਧਰਨੀ ਕਹੇ ਜਿਸ ਵੇਲੇ ਇਹਦਾ ਮਿੰਟ ਇਕੀਵਾਂ ਆਇਆ ਅਖ਼ੀਰ, ਬਿਨ ਘੜੀਉਂ ਘੜਿਆਲ ਦਿਤਾ ਵਜਾਈਆ। ਪੰਜਾਂ ਉਂਗਲਾਂ ਨਾਲ ਕਢ ਕੇ ਇਕ ਲਕੀਰ, ਪੰਜਾ ਸਭ ਦੇ ਉਪਰ ਲਾਈਆ। ਭਗਤੋ ਤੁਸੀਂ ਮੇਰੇ ਮੈਂ ਤੁਹਾਡੀ ਤਸਵੀਰ, ਤਸਵੀਰ ਦੇ ਅੰਦਰ ਬੇਨਜ਼ੀਰ ਸੋਭਾ ਪਾਈਆ। ਤੁਸੀਂ ਪ੍ਰੇਮ ਪਿਆਰ ਦੇ ਭਾਈ ਭੈਣ ਵੀਰ, ਇਕੋ ਰੂਪ ਦਿਤੇ ਵਖਾਈਆ। ਨਾਮ ਦੀ ਡੋਰੀ ਤੁਹਾਡੀ ਸੱਚੀ ਜ਼ੰਜੀਰ, ਸਕੇ ਨਾ ਕੋਇ ਤੁੜਾਈਆ। ਤੁਸੀਂ ਮੇਰੇ ਪਾਤਸ਼ਾਹ ਤੇ ਮੈਂ ਤੁਹਾਡਾ ਵਜ਼ੀਰ, ਜਿਸ ਵੇਲੇ ਚਾਹੋ ਸੇਵਾ ਆਪਣੀ ਲਓ ਲਗਾਈਆ। ਤੁਸੀਂ ਮੇਰੇ ਆਕਾ ਮੈਂ ਤੁਹਾਡਾ ਫ਼ਕੀਰ, ਤੁਹਾਡੇ ਢੋਲੇ ਸਦਾ ਗਾਈਆ । ਤੁਸੀਂ ਮੇਰਾ ਮਕ਼ੱਦਰ ਮੈਂ ਤੁਹਾਡੀ ਤਕ਼ਦੀਰ, ਤਦਬੀਰ ਆਪਣੀ ਦਿਓ ਜਣਾਈਆ। ਤੁਸੀਂ ਮਾਲਕ ਤੇ ਮੈਂ ਤੁਹਾਡੀ ਸ਼ਮਸ਼ੀਰ, ਜਿਧਰ ਚਾਹੋ ਖੰਡਾ ਲਓ ਭਵਾਈਆ। ਤੁਸਾਂ ਪ੍ਰੇਮ ਨਾਲ ਮੈਨੂੰ ਦੇਣੀ ਅਸ਼ੀਰ, ਤਾਸੀਰ ਤੁਹਾਡੀ ਮੇਰਾ ਰੂਪ ਨਜ਼ਰੀ ਆਈਆ। ਇਹ ਜੰਮੂ ਨਹੀਂ ਕਸ਼ਮੀਰ, ਅਕਸੀਰ

ਤੁਹਾਡੀ ਰਿਹਾ ਬਦਲਾਈਆ। ਇਕੋ ਰੰਗ ਰੰਗਾ ਕੇ ਸ਼ਾਹ ਹਕੀਰ, ਹੁਕਮ ਆਪਣੇ ਵਿਚ ਚਲਾਈਆ। ਤੁਹਾਡੇ ਪ੍ਰੇਮ ਅੰਦਰ ਰੈਣ ਸੁਬਾਈ ਦਿਲਗੀਰ, ਦਿਲਗੀਰੀ ਤੁਹਾਡੀ ਦਿਤੀ ਗਵਾਈਆ। ਭਾਵੇਂ ਸੇਵਕ ਸਮਝੋ ਭਾਵੇਂ ਸਮਝੋ ਪੀਰ, ਪੀਰਾਂ ਦਾ ਪੀਰ ਹੋ ਕੇ ਫੇਰ ਵੀ ਤੁਹਾਡਾ ਅਖਵਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੇ ਬਦਲ ਦੇਵੇ ਅੰਦਰੋਂ ਜ਼ਮੀਰ, ਜ਼ਾਮਨ ਹੋ ਕੇ ਅਗਲਾ ਰਸਤਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਿਹਰ ਨਜ਼ਰ ਨਾਲ ਤਰਾਈਆ। ਸਾਢੇ ਤਿੰਨ ਇਕ ਉਤੋਂ ਰੋ ਪਈ ਕੜੀ, ਹਾਏ ਹਾਏ ਕਰ ਕੁਰਲਾਈਆ। ਗੋਬਿੰਦ ਤੂੰ ਪਿਛੇ ਖੇਚਲ ਕੀਤੀ ਬੜੀ, ਕਿਉਂ ਜ਼ਮੀਨ ਉਤੇ ਬੈਠਾ ਆਸਣ ਲਾਈਆ। ਗੋਬਿੰਦ ਕਿਹਾ ਵੇਖ ਮੇਰੇ ਗੁਰਮੁਖਾਂ ਦੀ ਝੜੀ, ਜੋ ਛਹਿਬਰ ਰਹੇ ਵਖਾਈਆ। ਉਹਨਾਂ ਦੇ ਅੰਦਰੋਂ ਮੇਰੇ ਅੰਤਰ ਬੱਝ ਗਈ ਕੜੀ, ਜਿਸ ਕੜੀ ਨਾਲ ਖਿਚ ਕੇ ਭੁੰਜੇ ਦਿਤਾ ਬਹਾਈਆ। ਮੈਂ ਕੋਸ਼ਿਸ਼ ਕੀਤੀ ਬੜੀ, ਫਿਰ ਵੀ ਮੇਰੀ ਚਲੀ ਨਾ ਕੋਇ ਚਤੁਰਾਈਆ। ਗੁਰਮੁਖਾਂ ਦੇ ਅੱਗੇ ਕਾਹਦੀ ਅੜੀ, ਜਿਨ੍ਹਾਂ ਆੜ ਇਕ ਦੀ ਲਈ ਤਕਾਈਆ। ਇਹ ਬਚਨ ਸੁਣ ਕੇ ਛੱਤ ਉਤੋਂ ਡਰੀ, ਨੈਣਾਂ ਨੀਰ ਦਿਤਾ ਵਹਾਈਆ। ਇਕ ਬੂੰਦ ਉਤੋਂ ਕਿਰੀ, ਜੋ ਸਿੱਧੀ ਚਰਨਾਂ ਉਤੇ ਡਿੱਗੀ, ਆਪਣਾ ਆਪ ਗਈ ਮੁਕਾਈਆ। ਓਸ ਵੇਲੇ ਓਸੇ ਛੱਤ ਨੂੰ ਨਜ਼ਰੀ ਆਇਆ ਹਰੀ, ਜੋ ਹਰ ਘਟ ਰਿਹਾ ਸਮਾਈਆ। ਜਿਨ ਭਗਤਾਂ ਦੀ ਕੰਨੀ ਫੜੀ, ਗੁਰਮੁਖਾਂ ਦਾ ਜੋੜ ਜੁੜਾਈਆ। ਓਸ ਦੀ ਇਹ ਸੋਹਣੀ ਸੁਲਖਣੀ ਘੜੀ, ਜੋ ਗ਼ਰੀਬ ਨਿਮਾਣਿਆਂ ਗੋਦੀ ਰਿਹਾ ਉਠਾਈਆ। ਕਰਮਾਂ ਤੋਂ ਕਰ ਕੇ ਬਰੀ, ਜਨਮਾਂ ਤੋਂ ਜਮਾਂ ਤੋਂ ਦੋਹਾਂ ਤੋਂ ਲਿਆ ਛੁਡਾਈਆ। ਪ੍ਰਿਥਮੀ ਜਿਸ ਦੇ ਧਉਲੇ ਉਤੇ ਖੜ੍ਹੀ, ਬੈਠੀ ਸੀਸ ਨਿਵਾਈਆ। ਥੱਲਿਉਂ ਹਸ ਕੇ ਬੋਲ ਪਈ ਦਰੀ, ਜੋ ਘਰਦਿਆਂ ਦਿਤੀ ਵਿਛਾਈਆ । ਉਹ ਕਹੇ ਮੈਂ ਜੀਂਦੀ ਹੋ ਗਈ ਬਰੀ, ਪ੍ਰਭ ਨੇ ਆਸਣ ਲਿਆ ਲਾਈਆ। ਮੇਰੀ ਆਸਾ ਪੂਰੀ ਕਰੀ, ਜੋ ਪਿਛਲਾ ਧਿਆਨ ਵਖਾਈਆ। ਜਿਸ ਵੇਲੇ ਗੋਬਿੰਦ ਨੇ ਗਿਆਰਵੇਂ ਸਾਲ ਜੁੱਤੀ ਪਹਿਨੀ ਸੀ ਜ਼ਰੀ, ਸੋਹਣਾ ਚਰਨ ਛੁਹਾਈਆ । ਓਸ ਵੇਲੇ ਪੁਰੀ ਅਨੰਦ ਮੇਰੇ ਉਤੇ ਖਲੋਤਾ ਸੀ ਸਵਾ ਘੜੀ, ਅੰਤਰ ਪੁਰਖ ਅਕਾਲ ਧਿਆਈਆ। ਮੈਂ ਓਸ ਵੇਲੇ ਇਕ ਗੱਲ ਸੀ ਕਰੀ, ਹੌਲੀ ਜਿਹੀ ਸੁਣਾਈਆ। ਮੈਂ ਤੇਰੀ ਚਰਨਾਂ ਦੀ ਧੂੜ ਮਲੀ, ਤਨ ਆਪਣੇ ਖ਼ਾਕ ਰੁਮਾਈਆ । ਕੀ ਮੈਨੂੰ ਕਰੇਂਗਾ ਬਰੀ, ਤੰਦ ਆਪਣੇ ਨਾਲ ਜੁੜਾਈਆ। ਗੋਬਿੰਦ ਕਿਹਾ ਓਹ ਸੁਲਖਣੀ ਆਵੇ ਘੜੀ, ਜਿਸ ਵੇਲੇ ਮੇਰਾ ਮਾਲਕ ਤੇਰੇ ਉਤੇ ਸੋਭਾ ਪਾਈਆ। ਤੂੰ ਓਸ ਵੇਲੇ ਸਰਨੀ ਪੜੀਂ, ਮਸਤਕ ਚਰਨਾਂ ਉਤੇ ਟਿਕਾਈਆ। ਫੇਰ ਭਗਤਾਂ ਦੇ ਨਾਲ ਤੈਨੂੰ ਕਰ ਦੇਵੇ ਬਰੀ, ਮੇਰੀ ਸ਼ਹਾਦਤ ਦਏ ਭੁਗਤਾਈਆ। ਦਰੀ ਕਹੇ ਹੁਣ ਚਲ ਕੇ ਆਇਆ ਘਰੀ, ਘਰ ਵਾਲਾ ਘਰ ਆਪਣੇ ਲੈ ਕੇ ਜਾਈਆ। ਲੋਕੀਂ ਕਹਿੰਦੇ ਇਹ ਕੱਚੇ ਤੰਦ ਸੂਤ ਦੀ ਜੀਂਦੀ ਮਰੀ, ਮੈਂ ਮਰੀ ਨਹੀਂ ਜੀਉਂਦਿਆਂ ਵਿਚੋਂ ਜੀਂਦੀ ਨਜ਼ਰੀ ਆਈਆ। ਮੈਂ ਓਸ ਮੰਜ਼ਲ ਉਤੇ ਚੜ੍ਹੀ, ਜਿਸ ਘਰ ਗੁਰਮੁਖ ਸੋਭਾ ਪਾਈਆ। ਪੁਰਖ ਅਕਾਲ ਕਿਰਪਾ ਕਰੀ, ਗੋਬਿੰਦ ਦਿਤੀ ਮਾਣ ਵਡਿਆਈਆ। ਜਨ ਭਗਤੋ ਇਹ ਖ਼ਬਰ ਸੁਣਾਈ ਤੁਹਾਨੂੰ ਖਰੀ, ਮਿੱਟੀ ਉਤੇ ਵਿਛਨ ਵਾਲੀ ਦਰੀ ਰਹੀ ਜਣਾਈਆ। ਜਿਸ ਨੇ ਮੇਰੇ ਉਤੇ ਕਿਰਪਾ ਕਰੀ, ਇਹ ਤੁਹਾਡੇ ਬੇੜੇ ਪਾਰ ਲੰਘਾਈਆ। ਇਹ ਬਚਨ ਸੁਣ ਕੇ ਉਤੋਂ ਹੱਸ ਪਈ ਕੜੀ, ਕਿ ਸਾਡਾ ਲੇਖਾ ਇਹਨਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰਨੀ ਆਪਣੇ ਹੱਥ ਰਖਾਈਆ।

੧੦ ਚੇਤ ਸ਼ਹਿਨਸ਼ਾਹੀ ਸੰਮਤ ੧ ਨੰਦੂ ਸ਼ਾਹ ਦੇ ਗ੍ਰਹਿ ਪਿੰਡ ਸਰਦਾਰੀ ਜੰਮੂ

ਨੰਦੂ ਤੇਰੀ ਦੱਸਾਂ ਤਕ਼ਦੀਰ, ਪ੍ਰੇਮ ਪਿਆਰ ਨਾਲ ਜਣਾਈਆ। ਜਿਸ ਵੇਲੇ ਗੋਬਿੰਦ ਬਣਿਆ ਸੀ ਉਚ ਦਾ ਪੀਰ, ਆਪਣਾ ਆਪ ਬਦਲਾਈਆ । ਤੇਰਾ ਰੂਪ ਸੀ ਇਕ ਮਲੰਗਾਂ ਵਾਲਾ ਫ਼ਕੀਰ, ਜਾਮਾ ਲੀਰ ਲੀਰ ਵਖਾਈਆ। ਤੇਰੇ ਕੋਲ ਸੀ ਇਕ ਜ਼ੰਜੀਰ, ਚੌਦਾਂ ਕੜੀਆਂ ਵਾਲੀ ਗੰਢ ਪਵਾਈਆ । ਉਸ ਦੇ ਵਿਚ ਸੀ ਮੁਹੰਮਦ ਦੀ ਤਸਵੀਰ, ਜੋ ਸਤ ਸਤ ਦੇ ਵਿਚ ਦਿਤੀ ਲਟਕਾਈਆ। ਤੂੰ ਘਤ ਕੇ ਆਇਉਂ ਵਹੀਰ, ਆਪ ਆਪਣਾ ਪੰਧ ਮੁਕਾਈਆ । ਤੇਰੇ ਕਾਸੇ ਵਿਚ ਸੀ ਖੀਰ, ਢਾਈ ਪਾ ਗਿਣਾਈਆ। ਤੇਰੀ ਅੰਦਰੋਂ ਬਦਲ ਦਿਤੀ ਜ਼ਮੀਰ, ਹੁਕਮ ਇਕ ਸੁਣਾਈਆ । ਤੂੰ ਤਕਿਆ ਮੁਹੰਮਦ ਨਾਲੋਂ ਚੰਗਾ ਇਹ ਪੀਰ, ਪੀਰਾਂ ਦਾ ਪੀਰ ਨਜ਼ਰੀ ਆਈਆ। ਤੂੰ ਬੋਲ ਕੇ ਕਿਹਾ ਅਖ਼ੀਰ, ਆਜਿਜ਼ ਹੋ ਕੇ ਸੀਸ ਨਿਵਾਈਆ। ਕੁਛ ਮੈਨੂੰ ਦੇ ਅਸੀਰ, ਤੇਰੇ ਹੱਥ ਵਡਿਆਈਆ। ਗੋਬਿੰਦ ਕਿਹਾ ਚੁਪ, ਫ਼ਕੀਰ ਦਾ ਅੰਦਰੋਂ ਵਗ ਗਿਆ ਨੀਰ, ਬਾਹਰੋਂ ਨੈਣਾਂ ਛਹਿਬਰ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਰਤਾਈਆ। ਸ਼ਬਦ ਅਗੰਮੀ ਕਿਹਾ ਗੋਬਿੰਦ, ਫ਼ਕੀਰ ਅਤਾਉਲਾ ਦਿਤਾ ਜਣਾਈਆ। ਮੈਂ ਮੁਹੰਮਦ ਨਹੀਂ ਮੈਂ ਵਾਲੀ ਹਿੰਦ, ਸੂਰਬੀਰ ਜੋਧਾ ਬੇਪਰਵਾਹੀਆ। ਮੈਂ ਭਿਖਾਰੀ ਨਹੀਂ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਵਡੀ ਵਡਿਆਈਆ। ਭੇਸ ਬਦਲਿਆ ਕਾਰਨ ਇੰਞ, ਤੈਨੂੰ ਦਿਆਂ ਜਣਾਈਆ। ਸਚ ਫ਼ਕੀਰ ਬਣੌਣੇ ਆਪਣੀ ਬਿੰਦ, ਆਪਣੇ ਨਾਲ ਜੁੜਾਈਆ। ਓਸ ਫ਼ਕੀਰ ਦੇ ਕੋਲ ਸੀ ਇਕ ਕਿੰਗ, ਜਿਹੜੀ ਸੱਜੇ ਹੱਥ ਦੀ ਪਹਿਲੀ ਉਂਗਲੀ ਨਾਲ ਦਿਤੀ ਵਜਾਈਆ। ਰੱਸੀ ਨਾਲੋਂ ਖੋਲ੍ਹ ਕੇ ਉਹ ਕੱਚੀ ਮਿੱਟੀ ਦਾ ਕਾਸਾ ਜਿਹਨੂੰ ਕਹਿੰਦੇ ਮਿੱਟੀ ਦੀ ਟਿੰਡ, ਅੱਗੇ ਦਿਤਾ ਟਿਕਾਈਆ। ਜੇ ਤੂੰ ਪਰਵਰਦਿਗਾਰ ਨੂਰ ਇਲਾਹੀ ਧੁਰ ਦਾ ਗੋਬਿੰਦ, ਇਸ ਨੂੰ ਲੈਣਾ ਖਾਈਆ । ਉਸ ਦੇ ਨਾਲ ਇਕ ਟੁਕੜੀ ਬੱਧੀ ਸੀ ਹਿੰਗ, ਜਿਹੜੀ ਖ਼ੁਸ਼ਬੂ ਵਖਰੀ ਰਹੀ ਜਣਾਈਆ। ਉਹ ਪਹਿਲੋਂ ਸਾਂਭ ਕੇ ਰੱਖੀ ਸੀ ਤਿੰਨ ਦਿਨ, ਜੋ ਗੋਬਿੰਦ ਦਿਤੀ ਸਮਝਾਈਆ। ਓਸ ਦੇ ਵਿਚ ਸੀ ਇਕ ਚਿੰਨ੍ਹ, ਜੋ ਚੰਦ ਸਤਾਰਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਇਕ ਵਖਾਈਆ। ਗੋਬਿੰਦ ਅੰਦਰੋਂ ਕਿਹਾ ਸੁਣ ਅਤਾਉਲਾ, ਖ਼ਤੂਤ ਧੁਰ ਦਾ ਦਿਆਂ ਜਣਾਈਆ। ਵੇਖ ਮੈਂ ਕਿੱਡਾ ਸੋਹਣਾ ਬਣਿਆ ਮੁੱਲਾ, ਮੌਲਵੀਆਂ ਵਾਲਾ ਰੂਪ ਵਟਾਈਆ। ਓਸ ਫ਼ਕੀਰ ਨੇ ਆਪਣੇ ਸਿਰ ਤੋਂ ਲਾਹ ਕੇ ਕੁੱਲਾ, ਚਰਨਾਂ ਉਤੇ ਦਿਤਾ ਟਿਕਾਈਆ। ਤੂੰ ਵਾਕਿਆ ਪੀਰਾਂ ਦਾ ਪੀਰ ਗੋਬਿੰਦ ਕਦੇ ਨਹੀਂ ਭੁੱਲਾ, ਭੁੱਲਿਆਂ ਨੂੰ ਰਸਤੇ ਪਾਈਆ। ਚਹਵਾਂ ਨੇ ਤੈਨੂੰ ਚੁਕਣਾ ਵਾਂਗ ਫੁੱਲਾਂ, ਜੋ ਖ਼ਾਦਮ ਬੈਠੇ ਨਜ਼ਰੀ ਆਈਆ। ਮੈਂ ਇਕ ਦੱਸਣ ਆਇਆ ਹੋਰ ਭੇਤ ਜਿਸ ਦੇ ਵਿਚ ਉਹਲਾ, ਸ਼ਾਹ ਨਵਾਬ ਜਿਸ ਦੀ ਖੋਜ ਖੁਜਾਈਆ। ਬੇਸ਼ਕ ਤੂੰ ਰਸਨਾ ਨਾਲ ਗਾਵੇਂ ਬਿਸਮਿੱਲਾ ਇੱਲਲਿਲਾ, ਢੋਲਾ ਲਾਇਲਾਹ ਇੱਲਲਾਹ ਰਸੂਲ ਧਿਆਨ ਜਣਾਈਆ। ਜੇ ਆਹ ਚੌਦਾਂ ਕੜੀਆਂ ਵਾਲਾ ਸੰਗਲ ਨਾ ਹੋਇਆ ਤੇਰੇ ਕੋਲਾ, ਓਨਾਂ ਚਿਰ ਤੈਨੂੰ ਪੀਰ ਮੁਸਲਿਮ ਕਹੇ ਕੋਇ ਨਾ ਰਾਈਆ। ਗੋਬਿੰਦ ਨੇ ਪ੍ਰੇਮ ਨਾਲ ਉਸ ਦੇ ਅੰਦਰ ਦਿਤਾ ਝਕੋਲਾ, ਜਲਵਾ ਨੂਰ ਕਰ ਰੁਸ਼ਨਾਈਆ। ਓਸ ਨੇ ਓਸ ਵੇਲੇ ਆਪਣੇ ਗਲ ਦੇ ਵਿਚੋਂ ਖੋਲ੍ਹਾ, ਗੋਬਿੰਦ ਗਲ ਦਿਤਾ ਪਾਈਆ। ਨਾਲੇ ਕਿਹਾ ਤੂੰ ਹਰਿਜਨ ਮੌਲਾ, ਮੁਹੱਬਤ ਰੂਪ ਗੁਸਾਈਂਆ। ਗੋਬਿੰਦ ਹੱਸ ਕੇ ਕਿਹਾ ਕੁਛ ਮੇਰੇ ਨਾਲ ਕਰ ਲੈ ਕੌਲਾ, ਇਕ਼ਰਾਰਨਾਮਾ ਲੈ ਲਿਖਾਈਆ। ਫ਼ਕੀਰ ਨੇ ਕਿਹਾ ਜੇ ਕਦੀ ਮੁੜ

ਕੇ ਆਵੇਂ ਉਪਰ ਧੌਲਾ, ਮੈਨੂੰ ਆਪਣਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਫ਼ਕੀਰ ਕਿਹਾ ਇਹ ਜ਼ੰਜੀਰੀ ਵਿਚ ਤਸਵੀਰ ਮੁਹੰਮਦ ਪਾਕ ਰਸੂਲ, ਬਿਨ ਮੇਰੇ ਤੇਰੇ ਨਜ਼ਰ ਕਿਸੇ ਨਾ ਆਈਆ। ਤੂੰ ਮੈਨੂੰ ਕੀਤਾ ਕ਼ਬੂਲ, ਮੈਂ ਦੱਸਿਆ ਆਪਣਾ ਅਸੂਲ, ਅਸਲੀਅਤ ਦਿਤੀ ਜਣਾਈਆ। ਅਗੇ ਦੋਹਾਂ ਦਾ ਹੋਰ ਰੂਲ, ਜਾਂਦਿਆਂ ਪੀਰਾਂ ਰਾਹ ਵਿਚ ਲੈਣ ਅਟਕਾਈਆ। ਓਹਨਾਂ ਪੁੱਛਣਾ ਤੈਥੋਂ ਕਲਮਾ ਇਹ ਮਅਕ਼ੂਲ, ਮੁਕੰਮਲ ਦੇਣਾ ਸੁਣਾਈਆ। ਇਸ ਤਸਵੀਰ ਨਾਲ ਉਹਨਾਂ ਦਾ ਬਦਲ ਜਾਵੇ ਮਹੌਲ, ਸਿਰ ਸਕੇ ਨਾ ਕੋਇ ਉਠਾਈਆ । ਹੰਸੀ ਖ਼ੁਸ਼ੀ ਵਿਚ ਕਰਨ ਮਖ਼ੌਲ, ਕਿਧਰੋਂ ਉਚ ਦਾ ਪੀਰ ਆਇਆ ਫ਼ਕੀਰ, ਕੰਧਿਆਂ ਉਤੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਿਹਾ ਮੇਰੇ ਵਿਚ ਸਚ ਤੌਫ਼ੀਕ਼, ਤੈਨੂੰ ਦਿਆਂ ਸਮਝਾਈਆ। ਕੁਛ ਮੰਗ ਮੇਰੇ ਰਫ਼ੀਕ, ਧੁਰ ਦਾ ਦਾਨ ਦਿਆਂ ਵਰਤਾਈਆ। ਓਸ ਨੇ ਕਿਹਾ ਹੁਣ ਫ਼ਕੀਰ ਫੇਰ ਬਣਾਵੇਂ ਅਜ਼ੀਜ਼, ਧਨ ਦੌਲਤ ਦੀ ਲੋੜ ਕੋਈ ਨਹੀਂ ਰਾਈਆ। ਭਾਵੇਂ ਤਨ ਵਿਚ ਹੋਵੇ ਨਹੀਂ ਕ਼ਮੀਜ਼, ਕਮਰ ਬੰਨ ਕੇ ਤੇਰੀ ਸੇਵ ਕਮਾਈਆ। ਜੇ ਮੈਂ ਭੁਲ ਜਾਵਾਂ ਤੇਰੀ ਰਹੇ ਨਾ ਕੋਇ ਤਮੀਜ਼, ਤੂੰ ਰਹਿਮਤ ਕਰ ਕੇ ਮੈਨੂੰ ਲੈਣਾ ਮਨਾਈਆ। ਗੋਬਿੰਦ ਕਿਹਾ ਮੈਂ ਰੱਖਾਂ ਤੇਰੀ ਜ਼ਰੂਰ ਉਡੀਕ, ਵੇਖਾਂ ਧਿਆਨ ਲਗਾਈਆ। ਜਿਹੜੀ ਤੂੰ ਮੇਰੇ ਗਲ ਵਿਚ ਕੀਤੀ ਬਖ਼ਸ਼ੀਸ਼, ਆਪਣਾ ਹਾਰ ਤਨ ਸ਼ਿੰਗਾਰ ਮੇਰਾ ਦਿਤਾ ਬਣਾਈਆ। ਜਿਹੜਾ ਮੁਹੰਮਦ ਤੇਰੇ ਵਸਿਆ ਨਜ਼ਦੀਕ, ਓਸ ਨੂੰ ਮਹਿਬੂਬ ਮਾਲਕ ਨੂੰ ਤੈਨੂੰ ਦਿਆਂ ਮਿਲਾਈਆ। ਓਹ ਸਮਾਂ ਬਹੁਤਾ ਨਹੀਂ ਥੋੜਾ ਨਜ਼ਦੀਕ, ਢਈਆ ਇਕੋ ਗਿਆ ਜਣਾਈਆ। ਤੇਰੇ ਆਪਣੇ ਹੱਥੀਂ ਸਚ ਕਰਾਂ ਤਸਦੀਕ਼, ਸ਼ਹਾਦਤ ਆਪਣੀ ਨਾਲ ਰਖਾਈਆ। ਮਰਨ ਤੋਂ ਪਹਿਲੋਂ ਮੇਰੀ ਤੇਰੇ ਨਾਲ ਵਸੀਅਤ, ਅਸਲੀਅਤ ਅਸਲ ਦਿਆਂ ਪਰਗਟਾਈਆ। ਪਰ ਮੇਰੀ ਇਕ ਸੁਣ ਨਸੀਹਤ, ਸਚ ਦਿਆਂ ਜਣਾਈਆ। ਜਿਸ ਵੇਲੇ ਪ੍ਰਭੂ ਭਗਤਾਂ ਨਾਲ ਮਿਲ ਕੇ ਸਭ ਨੂੰ ਦੱਸੀ ਇਕ ਵਲਦੀਅਤ, ਪਿਤਾ ਪੁਰਖ ਅਕਾਲ ਇਕ ਨਜ਼ਰੀ ਆਈਆ। ਦੁਨੀਆ ਦੀ ਬਦਲ ਦਿਤੀ ਜਮਹੂਰੀਅਤ, ਤੈਨੂੰ ਜਮਾਂ ਦੇ ਕੋਲੋਂ ਲਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਰਖਾਈਆ। ਫ਼ਕੀਰ ਕਿਹਾ ਐ ਫ਼ੱਕਰਾਂ ਦੇ ਫ਼ੱਕਰ, ਲਾਸਾਨੀ ਬੇਪਰਵਾਹੀਆ। ਮੈਂ ਤੇਰੇ ਪਿਛੇ ਮਾਰ ਕੇ ਆਇਆ ਚਕਰ, ਚਕਨਾ ਚੂਰ ਆਪਣਾ ਆਪ ਕਰਾਈਆ। ਤੂੰ ਕੂੜੀ ਕਿਰਿਆ ਨਾਲ ਲਾ ਕੇ ਟੱਕਰ, ਸਤਿ ਸਚ ਰਿਹਾ ਪਰਗਟਾਈਆ। ਫ਼ਕੀਰ ਕਿਹਾ ਮੈਂ ਪੜ੍ਹਿਆ ਕੋਈ ਨਹੀਂ ਅੱਖਰ, ਅਲਿਫ਼ ਯੇ ਝੋਲੀ ਕੋਈ ਨਾ ਪਾਈਆ। ਤੂੰ ਵੇਖ ਲੈ ਮੇਰੇ ਵਿਚ ਕੀ ਕਸਰ, ਜੋ ਕੋਈ ਕਸਰ ਰਹਿ ਗਈ ਅਗੇ ਨੂੰ ਪੂਰੀ ਦਈਂ ਕਰਾਈਆ। ਤੇਰੇ ਚਰਨਾਂ ਵਿਚ ਹੋਵੇ ਮੇਰਾ ਬਸਰ, ਬਿਸਤਰ ਆਤਮ ਸੇਜ ਤੂੰ ਸੱਜਣ ਲੈਣੀ ਹੰਢਾਈਆ। ਤੇਰੀ ਮਿਹਰ ਦਾ ਖ਼ਤਮ ਨਾ ਹੋ ਜਾਏ ਅਸਰ, ਸਿਰ ਆਪਣਾ ਹੱਥ ਰਖਾਈਆ। ਬੇਸ਼ਕ ਸਾਰੀ ਸ੍ਰਿਸ਼ਟੀ ਓਡਾ ਦੇ ਨਾਲ ਇਸ਼ਾਰੀਏ ਕਸਰ, ਮੇਰੀ ਕ਼ਿਸਮਤ ਦੇਣੀ ਬਦਲਾਈਆ। ਦਰਗਾਹ ਸਾਚੀ ਜਾਂਦਿਆਂ ਅਧ ਵਿਚ ਮੇਰਾ ਹੋਵੇ ਕੋਈ ਨਾ ਹਸ਼ਰ, ਹਾਸ਼ਮ ਆਪਣਾ ਰੰਗ ਰੰਗਾਈਆ। ਗੋਬਿੰਦ ਕਿਹਾ ਇਹ ਕੀ ਲੱਗਾ ਮੰਗਣ, ਜੋ ਮੰਗੇਂ ਤੇਰੀ ਝੋਲੀ ਦਿਆਂ ਪਾਈਆ। ਫ਼ਕੀਰ ਨੇ ਕਿਹਾ ਭਾਵੇਂ ਮੈਂ ਪੈਰਾਂ ਤੋਂ ਫਿਰਾਂ ਨਗਨ, ਸਿਰ ਓਢਨ ਨਾ ਕੋਈ ਟਿਕਾਈਆ। ਤੇਰੇ ਪ੍ਰੇਮ ਪਿਆਰ ਦਾ ਮੇਰੀ ਅੰਤਰ ਆਤਮਾ ਲੱਗਾ ਰਹੇ ਸਗਨ, ਸੋਹਣਾ ਜੋੜ ਜੁੜਾਈਆ। ਗੋਬਿੰਦ ਨੇ ਹੱਥੋਂ ਲਾਹ ਕੇ ਕੰਗਨ, ਓਸ ਦੇ ਹੱਥ ਦਿਤਾ ਫੜਾਈਆ ।

ਓਨ ਓਸੇ ਵੇਲੇ ਮੋੜ ਕੇ ਗੋਬਿੰਦ ਦੇ ਚਰਨਾਂ ਉਤੇ ਕੀਤੀ ਬੰਦਨ, ਇਹ ਮੇਰਾ ਵਿਚੋਲਾ ਲੈਣਾ ਬਣਾਈਆ। ਮੈਂ ਇਕੋ ਤੇਰੀ ਪ੍ਰੀਤੀ ਆਇਆ ਮੰਗਣ, ਦੂਜੀ ਲੋੜ ਰਹੀ ਨਾ ਰਾਈਆ। ਹੁਣ ਕਹਾਰੋ ਚੁਕ ਲਓ ਕੰਧਣ, ਮੋਢਿਆਂ ਉਤੇ ਉਠਾਈਆ। ਫ਼ਕੀਰ ਕਰ ਕੇ ਡੰਡੌਤ ਬੰਦਨ, ਖ਼ਾਲੀ ਟਿੰਡ ਲੈ ਕੇ ਭੱਜਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਸਭ ਦਾ ਰਿਹਾ ਮੁਕਾਈਆ। ਨੰਦੂ ਇਹ ਲੇਖਾ ਪਿਛਲਾ ਅਗਲੀ ਬਣਤ, ਸਾਚੀ ਦਿਆਂ ਸਮਝਾਈਆ। ਜਿਸ ਪਦਵੀ ਨੂੰ ਜਗਤ ਜਗਿਆਸੂ ਲਭਦੇ ਸੰਤ, ਖੋਜਣ ਥਾਉਂ ਥਾਈਂਆ। ਦਿਵਸ ਰੈਣ ਗੌਂਦੇ ਮੰਤ, ਢੋਲੇ ਰਹੇ ਜਣਾਈਆ। ਪਰ ਇਸ ਤਰਾ ਕਿਸੇ ਨੂੰ ਨਹੀਂ ਮਿਲਿਆ ਧੁਰ ਦਾ ਕੰਤ, ਜੋ ਫੜ ਬਾਹੋਂ ਗਲੇ ਲਗਾਈਆ। ਓਸ ਦਾ ਬੇਪਰਵਾਹੀ ਦਾ ਨਹੀਂ ਕੋਈ ਅੰਤ, ਕੋਝੇ ਕਮਲਿਆਂ ਕੰਗਲਿਆਂ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਨੰਦੂ ਇਹ ਅਨੰਦ ਦਾ ਨੰਦ, ਅਨੰਦ ਰਿਹਾ ਵਖਾਈਆ। ਗੁਰਮੁਖ ਚੰਦ ਦਾ ਚੰਦ, ਚੰਦ ਰਿਹਾ ਚਮਕਾਈਆ । ਬੰਦ ਦਾ ਬੰਦ, ਬੰਧਨ ਰਿਹਾ ਤੁੜਾਈਆ। ਗੰਢ ਦੀ ਗੰਢ, ਗੰਢ ਆਪਣੇ ਨਾਲ ਪਵਾਈਆ। ਜੇ ਪਿਛੇ ਗਈ ਹੰਡ, ਅਗੇ ਦੇਵੇ ਕੋਈ ਨਾ ਦੰਡ, ਮਿਹਰ ਨਜ਼ਰ ਇਕ ਉਠਾਈਆ। ਜਗਤ ਜਹਾਨ ਕਰ ਕੇ ਜੇ ਰਹੀ ਭੁਖ ਨੰਗ, ਅਗੇ ਹੋਣਾ ਕਿਸੇ ਨਹੀਂ ਤੰਗ, ਸਚਖੰਡ ਦੇਵਾਂ ਮਾਣ ਵਡਿਆਈਆ । ਇਹ ਗੋਬਿੰਦ ਦੇ ਕੋਲ ਵਖਰਾ ਢੰਗ, ਨਾਮ ਅਨਮੁਲੜਾ ਰੰਗ ਜਿਸ ਚਾਹੇ ਦੇਵੇ ਚੜ੍ਹਾਈਆ। ਇਸ ਪ੍ਰਭੂ ਨੂੰ ਨਾ ਕੋਈ ਸ਼ਰਮ ਹਯਾ ਨਾ ਸ਼ਰਮ, ਗ਼ਰੀਬ ਨਿਮਾਣਿਆਂ ਨੂੰ ਲਾ ਕੇ ਅੰਗ, ਅੰਗ ਆਪਣੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਵੇਖੇ ਚਾਈਂ ਚਾਈਂਆ। ਫ਼ੱਕਰ ਜਾਂਦਿਆਂ ਜਾਂਦਿਆਂ ਅਠਾਸੀ ਕ਼ਦਮ ਉਤੇ ਆ ਗਈ ਇਕ ਦਲੀਲ, ਪਿੱਛਾ ਭੌੇਂ ਕੇ ਧੂੜੀ ਮਸਤਕ ਲਈ ਲਾਈਆ। ਗੋਬਿੰਦ ਦੇ ਦੂਰੋਂ ਵੇਖ ਕੇ ਬਸਤਰ ਨੀਲ, ਖ਼ੁਸ਼ੀ ਨਾਲ ਆਪਣੇ ਸਿਰ ਵਿਚ ਖ਼ਾਕ ਦਿਤੀ ਰਮਾਈਆ। ਚਾਰ ਕੁੰਟ ਮਾਰ ਕੇ ਸੱਤ ਚਕਰ ਵੇਖਿਆ ਮੇਰਾ ਦਰਗਾਹ ਦਾ ਇਕ ਵਕੀਲ, ਬੇਨਜ਼ੀਰ ਨਜ਼ਰੀ ਆਈਆ। ਗੋਬਿੰਦ ਦੀ ਆਵਾਜ਼ ਆ ਗਈ ਆ ਸੁਣ ਮੇਰਾ ਕਲਮਾ ਹਦੀਸ, ਹਜ਼ਰਤ ਹੋ ਕੇ ਦਿਆਂ ਸੁਣਾਈਆ । ਉਠ ਕੇ ਵੇਖ ਤੈਨੂੰ ਮਿਲਾ ਦਿਆਂ ਜਗਦੀਸ਼, ਦੋ ਜਹਾਨਾਂ ਦਾ ਮਾਲਕ ਬੇਪਰਵਾਹੀਆ। ਜਿਸ ਦੇ ਛਤਰ ਝੁਲੇ ਸੀਸ, ਸ਼ਹਿਨਸ਼ਾਹ ਨਜ਼ਰੀ ਆਈਆ । ਓਸ ਫ਼ਕੀਰ ਨੇ ਕਿਹਾ ਗੋਬਿੰਦ ਕੀ ਕੀਟਾਂ ਦਾ ਕੀਟ, ਨੀਚਾਂ ਦਾ ਨੀਚ ਰੂਪ ਵਟਾਈਆ। ਗੋਬਿੰਦ ਨੇ ਅਠਾਸੀ ਕ਼ਦਮ ਤੋਂ ਹੱਥ ਰਖਿਆ ਉਸ ਦੀ ਪੀਠ, ਅਚਾਨਕ ਧੱਕਾ ਦਿਤਾ ਲਗਾਈਆ। ਓਸ ਫ਼ਕੀਰ ਨੇ ਦੋਵੇਂ ਅੱਖਾਂ ਲਈਆਂ ਮੀਟ, ਤੂੰ ਹੀ ਤੂੰ ਹੀ ਢੋਲਾ ਗਾਈਆ। ਗੋਬਿੰਦ ਨੇ ਕਿਹਾ ਮੈਂ ਤੇਰੀ ਆਪ ਕਰੂੰ ਉਡੀਕ, ਤੂੰ ਖ਼ੁਸ਼ੀਆਂ ਨਾਲ ਸੌਣਾ ਬੇਪਰਵਾਹ ਹੋ ਕੇ ਡੇਰਾ ਲਾਈਆ। ਓਸ ਵੇਲੇ ਓਸ ਦੀ ਬਿਰਹੋਂ ਨਾਲ ਨਿਕਲ ਗਈ ਚੀਕ, ਚੀਕ ਚਿਹਾੜਾ ਦਿਤਾ ਪਾਈਆ। ਓਧਰੋਂ ਬੱਤੀ ਸਾਲ ਦੀ ਸਵਾਣੀ ਇਕ ਗੌਂਦੀ ਆਵੇ ਗੀਤ, ਮਟਕੀ ਸਿਰ ਦੇ ਉਤੇ ਟਿਕਾਈਆ। ਉਹ ਕਹਿੰਦੀ ਆਵੇ ਜੇ ਕੋਈ ਇਕ ਨਾਲ ਮਿਲਿਆ ਮੇਰੀ ਇਕ ਨਾਲ ਲਾ ਦਿਓ ਪ੍ਰੀਤ, ਇਕੋ ਮੇਰਾ ਮਾਲਕ ਇਕੋ ਮੈਂ ਉਹਦੀ ਨਜ਼ਰੀ ਆਈਆ। ਓਸ ਫ਼ਕੀਰ ਨੇ ਓਸੇ ਵੇਲੇ ਜਾ ਕੇ ਸੱਜੀ ਬਾਹੋਂ ਫੜ ਕੇ ਲਿਆ ਘਸੀਟ, ਆ ਮੈਂ ਤੈਨੂੰ ਗੋਬਿੰਦ ਦਿਆਂ ਵਖਾਈਆ। ਝਟ ਓਹਦੇ ਅੰਦਰੋਂ ਬਦਲ ਗਈ ਨੀਤ, ਝਟ ਮਟਕੀ ਦਿਤੀ ਸੁਟਾਈਆ। ਓਸੇ ਵੇਲੇ ਗੋਬਿੰਦ ਦੂਰ ਦੁਰਾਡਾ ਓਹਦੇ ਅੰਦਰ ਕਾਇਆ ਦੀ ਲੰਘ ਗਿਆ ਦਹਿਲੀਜ਼, ਘਰ ਬੈਠਿਆਂ ਨਜ਼ਰੀ

ਆਈਆ। ਓਸ ਸਵਾਣੀ ਨੇ ਅੱਖਾਂ ਮੀਟ ਕੇ ਅੰਦਰ ਲਾਈ ਨੀਝ, ਧਿਆਨ ਇਕੋ ਇਕ ਬਨਾਈਆ। ਅੰਦਰੋਂ ਕਿਸੇ ਸਚ ਕੀਤੀ ਓਸ ਦੇ ਨਾਲ ਪ੍ਰੀਤ, ਜੋ ਪ੍ਰੀਤਮ ਹੋ ਕੇ ਗਲਵਕੜੀ ਰਿਹਾ ਪਾਈਆ। ਓਸ ਨੇ ਖ਼ੁਸ਼ੀ ਵਿਚ ਆ ਕੇ ਆਪਣੀ ਛਾਤੀ ਉਤੋਂ ਪਾੜ ਦਿਤੀ ਕ਼ਮੀਜ਼, ਲੋਕ ਲਜਿਆ ਪਰੇ ਹਟਾਈਆ। ਜੇ ਤੂੰ ਅੰਦਰ ਵੜਿਆ ਮੈਨੂੰ ਬਾਹਰੋਂ ਦੇ ਤਮੀਜ਼, ਸਨਮੁਖ ਹੋ ਕੇ ਦਰਸ ਦਿਖਾਈਆ। ਪ੍ਰਭੂ ਮੈਨੂੰ ਤੇਰੇ ਮਿਲਣ ਦੀ ਰੀਝ, ਤੇਰੇ ਪਿਛੇ ਮਟਕੀ ਉਠਾ ਕੇ ਭੱਜੀ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰਨੀ ਦਾ ਕਰਤਾ ਆਪਣਾ ਖੇਲ ਵਖਾਈਆ। ਓਧਰੋਂ ਚਾਰ ਚੁਕ ਕੇ ਹੋਰ ਲੈ ਗਏ ਅਗੇ ਅਠੱਤੀ ਕ਼ਦਮ, ਓਥੇ ਕੰਧਾ ਰਹੇ ਬਦਲਾਈਆ। ਇਕ ਨੇ ਤਕ ਲਿਆ ਇਹਦੇ ਚਰਨਾਂ ਵਿਚ ਪਦਮ, ਜੋ ਨੂਰ ਨੂਰ ਨਜ਼ਰੀ ਆਈਆ। ਓਸ ਦੇ ਅੰਦਰ ਪਰਕਾਸ਼ ਹੋਇਆ ਮਧਮ, ਯਾ ਅਲੀ ਕਹਿਕੇ ... ... ... ... ... ਮਦਦ ਮੰਗੀ ਨੂਰ ਖ਼ੁਦਾਈਆ। ਝਿਰਨਾਹਟ ਛਿੜਿਆ ਬਦਨ, ਥਰ ਥਰਾਹਟ ਗਈ ਆਈਆ। ਓਸੇ ਵੇਲੇ ਲੱਗਾ ਕੰਬਣ, ਹਿਲਿਆ ਵਾਹੋ ਦਾਹੀਆ। ਅੰਦਰੇ ਅੰਦਰੇ ਕੁਛ ਮੰਗ ਲੱਗਾ ਮੰਗਣ, ਆਪਣੀ ਝੋਲੀ ਡਾਹੀਆ। ਸਹਿਜ ਨਾਲ ਸੱਜੇ ਹੱਥ ਦੀ ਉਂਗਲੀ ਲਾ ਕੇ ਚਰਨਾਂ ਦੀ ਧੂੜੀ ਮਸਤਕ ਲਾਇਆ ਮਜਨ, ਆਪਣੀ ਖ਼ੁਸ਼ੀ ਵਖਾਈਆ। ਧੂੜੀ ਲਗਦਿਆਂ ਉਹਨੂੰ ਨਜ਼ਰੀ ਆਇਆ ਇਹ ਸਾਰਿਆਂ ਦਾ ਸੱਜਣ, ਹਿੰਦੂ ਮੁਸਲਿਮ ਸਿਖ ਈਸਾਈ ਵੰਡ ਨਾ ਕੋਈ ਵੰਡਾਈਆ। ਮਨ ਮਮਤਾ ਮੇਟ ਕੇ ਚਰਨ ਲੱਗਾ ਢੱਠਣ, ਚਲਦਿਆਂ ਚਲਦਿਆਂ ਸੀਸ ਨਿਵਾਈਆ। ਗੋਬਿੰਦ ਉਤੇ ਪਿਆ ਲੱਗਾ ਹਸਣ, ਤਾਲੀ ਦਿਤੀ ਵਜਾਈਆ। ਨਾਲੇ ਪਰਦੇ ਲੱਗਾ ਢਕਣ, ਹੁਕਮ ਦਿਤਾ ਸੁਣਾਈਆ। ਫੇਰ ਤੁਹਾਨੂੰ ਆਵਾਂ ਰੱਖਣ, ਆਪਣਾ ਸੰਗ ਬਣਾਈਆ। ਹਿਰਦੇ ਆਵਾਂ ਵਸਣ, ਘਰ ਸਾਚੇ ਡੇਰਾ ਲਾਈਆ। ਚਾਰਾਂ ਦਾ ਬਣਾ ਸੰਗਠਨ, ਘਰ ਇਕੋ ਦਿਆਂ ਵਡਿਆਈਆ। ਪ੍ਰੇਮ ਪਿਆਰ ਪਹਿਨਾ ਕੇ ਬਸਤਰ, ਆਪਣੇ ਰੰਗ ਰੰਗਾਈਆ। ਨਾਮ ਅਗੰਮੀ ਘੋੜਾ ਦੇ ਕੇ ਸ਼ਸਤਰ, ਸ਼ਹਿਜ਼ਾਦੇ ਦਿਆਂ ਵਖਾਈਆ। ਏਹੋ ਮੇਰੀ ਬਖ਼ਸ਼ਿਸ਼, ਜਾਂਦੇ ਰਾਹੀਆਂ ਪਾਰ ਕਰਾਈਆ। ਪ੍ਰਿਤਪਾਲਕ ਬਣ ਕੇ ਕਰਾਂ ਰਖਸ਼ਸ਼, ਸਿਰ ਆਪਣਾ ਹੱਥ ਟਿਕਾਈਆ। ਨੂਰ ਨੁਰਾਨੀ ਦੇ ਕੇ ਦਰਸਨ, ਹਰਸ ਦਿਆਂ ਮਿਟਾਈਆ। ਜਿਸ ਧਾਰਾ ਨੂੰ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਤਰਸਨ, ਤੁਹਾਡੇ ਅੰਦਰ ਦਿਆਂ ਵਹਾਈਆ। ਕਾਇਆ ਮਾਟੀ ਤੁਹਾਡੇ ਸਾਫ਼ ਕਰਕੇ ਆਪ ਬਰਤਨ, ਵਸਤ ਧੁਰ ਦੀ ਦਿਆਂ ਟਿਕਾਈਆ। ਸੁਰਤੀ ਕਰਕੇ ਸ਼ਬਦੀ ਮਰਦਨ, ਸਵਾਧਾਨ ਆਪਣੇ ਰੰਗ ਰੰਗਾਈਆ । ਸਿਰ ਰੱਖਕੇ ਤੁਹਾਡੀ ਉਤੇ ਗਰਦਨ, ਗ਼ਰੀਬ ਨਿਮਾਣੇ ਪਾਰ ਲੰਘਾਈਆ। ਕੀ ਹੋਇਆ ਜੇ ਅਰਜਨ ਨੂੰ ਕ੍ਰਿਸ਼ਨ ਨੇ ਗੀਤਾ ਨਿੱਕੀ ਜਿਹੀ ਸੁਣਾ ਦਿਤੀ ਮੇਟਣ ਲਈ ਹਰਖਨ, ਹਵਸ ਦਿਤੀ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਹਵਾਂ ਦਾ ਲੇਖਾ ਪਹਿਲੇ ਸ਼ਾਹਵਾਲੇ ਆਇਆ ਲਿਖਾਈਆ। ਓਧਰੋਂ ਫ਼ਕੀਰ ਚਲਿਆ ਪੈਰ ਪੁੱਠੇ, ਹੱਥ ਅੱਖਾਂ ਉਤੇ ਰਖਾਈਆ। ਮੈਨੂੰ ਕਿਹੜਾ ਅੰਦਰੋਂ ਲੁੱਟੇ, ਖਿੱਚੀ ਜਾਏ ਵਾਹੋ ਦਾਹੀਆ। ਜਿਸ ਨੇ ਸਿਰ ਤੋਂ ਭਾਂਡੇ ਸੁੱਟੇ, ਉਹ ਨੱਚੀ ਟੱਪੀ ਕ਼ੁੱਦੀ ਚਾਈਂ ਚਾਈਂਆ। ਇਕੋ ਵਾਰ ਕਹਿ ਦਿਤਾ ਮੇਰੇ ਅਗਲੇ ਪੈਂਡੇ ਮੁੱਕੇ, ਜੀਵਨ ਦੀ ਲੋੜ ਰਹੀ ਨਾ ਰਾਈਆ। ਓਸ ਵੇਲੇ ਓਸ ਦੇ ਪਰਾਣ ਛੁੱਟੇ, ਗੋਬਿੰਦ ਲੈ ਕੇ ਗਿਆ ਚਾਈਂ ਚਾਈਂਆ। ਓਨੇ ਚਿਰ ਨੂੰ ਓਸ ਫ਼ਕੀਰ ਪਿੱਛੇ ਜਾਂਦਿਆਂ ਨੂੰ ਪਾਣੀ ਆ ਗਿਆ ਗਿਟੇ ਗਿਟੇ, ਪੈਰ ਦਿਤੇ ਲੁਕਾਈਆ। ਥੱਲਿਉਂ ਵੱਟੇ ਚੁਭੇ ਨਿੱਕੇ ਨਿੱਕੇ, ਠੋਕਰ ਦਿਤੀ ਲਗਾਈਆ। ਓਧਰੋਂ ਗੋਬਿੰਦ ਨੇ

ਸ਼ਬਦ ਸਰੂਪੀ ਪਰਵਾਨੇ ਲਿਖੇ, ਬਿਨ ਰਸਨਾ ਜਿਹਵਾ ਬੱਤੀ ਦੰਦ ਦਿਤੇ ਸੁਣਾਈਆ। ਓਸ ਫ਼ਕੀਰ ਨੂੰ ਪੀੜ ਪਈ ਵਿਚ ਹਿਕੇ, ਸੀਨਾ ਲਿਆ ਦਬਾਈਆ । ਗੋਬਿੰਦ ਨੇ ਠੋਕਰ ਮਾਰੀ ਪਿੱਛੇ, ਉਸਦਾ ਪਿੱਛਾ ਦਿਤਾ ਬਦਲਾਈਆ। ਫਿਰ ਚਾਰੋਂ ਕੁੰਟ ਇਕੋ ਦਿਸੇ, ਨੂਰ ਨੁਰਾਨਾ ਨੂਰ ਖ਼ੁਦਾਈਆ। ਉਹ ਜਲ ਵੁਜ਼ੂ ਵਾਲਾ ਗੋਬਿੰਦ ਦਿਆਂ ਚਰਨਾਂ ਉਤੇ ਚੁਲੀਆਂ ਭਰ ਭਰ ਸੁੱਟੇ, ਲਬਾਂ ਨਾਲ ਚਟ ਚਟ ਆਪਣੀ ਖ਼ੁਸ਼ੀ ਮਨਾਈਆ। ਏਨੇ ਚਿਰ ਨੂੰ ਗੋਬਿੰਦ ਫੇਰ ਨਾ ਦਿਸੇ, ਚਾਰ ਕਹਾਰਾਂ ਦੇ ਕੰਧੀ ਚੜ੍ਹਿਆ ਭੱਜਿਆ ਜਾਏ ਵਾਹੋ ਦਾਹੀਆ। ਫ਼ਕੀਰ ਚਲਦਾ ਚਲਦਾ ਚੁਰਾਸੀ ਕ਼ਦਮਾਂ ਉਤੇ ਗੋਡਿਆ ਭਾਰ ਡਿੱਗੇ, ਅਗੇ ਹੱਥ ਲਏ ਟਿਕਾਈਆ। ਓਧਰੋਂ ਗੋਬਿੰਦ ਦੇ ਤੀਰ ਵੱਜ ਗਏ ਸਿੱਧੇ, ਜੋ ਅਣਿਆਲੇ ਦਿਤੇ ਚਲਾਈਆ। ਦੋਂਹ ਹੱਥਾਂ ਦੇ ਪੈ ਗਏ ਗਿੱਧੇ, ਖ਼ੁਸ਼ੀ ਨਾਲ ਤਾਲੀ ਦਿਤੀ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਓਧਰੋਂ ਕੁਹਾਰ ਕੁਛ ਲੈਣ ਲਗੇ ਸਾਹ, ਡੋਲੀ ਥੱਲੇ ਦਿਤੀ ਟਿਕਾਈਆ। ਓਦਰੋਂ ਫ਼ਕੀਰ ਬਹਿ ਗਿਆ ਉਤੇ ਘਾਹ, ਇਕ ਤਿਨਕਾ ਲਿਆ ਤੁੜਾਈਆ। ਓਦਰੋਂ ਚਲਣ ਲਗੀ ਹਵਾ, ਸੋਹਣੀ ਪਵਣ ਆਪਣੀ ਠੰਡ ਵਰਤਾਈਆ। ਓਧਰੋਂ ਵੇਖਣ ਆ ਗਿਆ ਖ਼ੁਦਾ, ਆਪਣਾ ਖੇਲ ਜੋ ਪੁਰਖ ਅਕਾਲ ਹੋ ਕੇ ਰਿਹਾ ਕਰਾਈਆ। ਆਵਾਜ਼ ਦਿਤੀ ਓ ਫ਼ਕੀਰ ਇਹ ਕਿਉਂ ਤਿਨਕਾ ਕੀਤਾ ਜੁਦਾ, ਗੰਢ ਉਤੋਂ ਤੋੜਾਈਆ। ਓਸ ਵੇਲੇ ਝਟ ਗੋਬਿੰਦ ਆਣ ਕੇ ਬਣਿਆ ਗਵਾਹ, ਹੌਲੀ ਜਿਹੀ ਦਿਤਾ ਸਮਝਾਈਆ। ਫ਼ਕੀਰ ਤੂੰ ਖ਼ੁਦਾ ਨੂੰ ਕਹੋ ਮੈਂ ਤੇਰੀ ਭੇਟਾ ਰਿਹਾ ਕਰਾ, ਮੈਨੂੰ ਲੋੜ ਕੋਈ ਨਾ ਰਾਈਆ । ਧੰਨ ਭਾਗ ਜੇ ਤੂੰ ਚਲ ਕੇ ਮੇਰੇ ਘਰ ਗਿਉਂ ਆ, ਘਾਸ ਫੂਸ ਉਤੇ ਡੇਰਾ ਲਾਈਆ। ਜੇ ਪ੍ਰਭੂ ਤੂੰ ਇਸ ਘਾਹ ਦੇ ਤਿਨਕੇ ਨੂੰ ਲਵੇਂ ਖਾ, ਸਾਡੀ ਭੁਖ ਦਏਂ ਗਵਾਈਆ। ਪੁਰਖ ਅਕਾਲ ਨੇ ਕਿਹਾ ਸੁਣਾ, ਸਚ ਸਚ ਦਿਆਂ ਸਮਝਾਈਆ। ਜਿਸ ਵੇਲੇ ਗੋਬਿੰਦ ਦੇ ਨਾਲ ਮੁੜ ਕੇ ਜਾਵਾਂ ਆ, ਆਪਣਾ ਵੇਸ ਵਟਾਈਆ। ਤੇਰਾ ਸੁੱਕਾ ਖਾ ਕੇ ਘਾਹ, ਆਪਣਾ ਸ਼ੁਕਰ ਮਨਾਈਆ। ਤੇਰਾ ਲਹਿਣਾ ਦੇਣਾ ਦਿਆਂ ਚੁਕਾ, ਭਾਰ ਚੁਕ ਕੇ ਆਪਣੇ ਕੰਧ ਉਠਾਈਆ। ਕਿਸੇ ਕਾਰਨ ਪਿੱਛੇ ਗੋਦੀ ਲਿਆ ਸੀ ਬਹਾ, ਗਲਵਕੜੀ ਲਈ ਪਾਈਆ । ਅਗੇ ਸਾਰੇ ਲੇਖੇ ਦਿਤੇ ਚੁਕਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਹੋ ਸਹਾਈਆ।

ਢੋਡਾ ਕਹੇ ਮੈਂ ਬਣ ਆਇਆ ਢੋਆ, ਪ੍ਰਭੂ ਦੋ ਜਹਾਨ ਦੇਣਾ ਵਰਤਾਈਆ। ਮੈਂ ਤੇਰੇ ਜੋਗਾ ਹੋਇਆ, ਹੋਕਾ ਦੇ ਕੇ ਦਿਆਂ ਸੁਣਾਈਆ। ਮੇਰੀ ਸੁਗ਼ਾਤ ਦੇ ਦੇ ਤ੍ਰੈ ਲੋਆਂ, ਪੁਰੀਆਂ ਦੇ ਪਹੁੰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਢੋਡਾ ਕਹੇ ਮੈਂ ਸੁਣਨ ਆਇਆ ਢੋਲਾ, ਆਪਣਾ ਵੇਸ ਵਟਾਈਆ। ਵੇਖਣ ਆਇਆ ਵਿਚੋਲਾ, ਭਗਵਨ ਬੇਪਰਵਾਹੀਆ। ਜਿਸ ਸਚ ਦਵਾਰਾ ਖੋਲ੍ਹਾ, ਗ਼ਰੀਬ ਨਿਮਾਣਿਆਂ ਦਏ ਵਡਿਆਈਆ। ਵੇਖੋ ਪਰਦਾ ਰਿਹਾ ਕੋਈ ਨਾ ਉਹਲਾ, ਸੀਸ ਆਪਣੇ ਰਿਹਾ ਟਿਕਾਈਆ। ਸੇਵਕ ਹੋ ਕੇ ਬਣਿਆ ਗੋਲਾ, ਚਾਕਰ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਢੋਡਾ ਕਹੇ ਮੈਨੂੰ ਕੋਈ ਨਾ ਕਹੋ ਬਾਜਰਾ ਰੋਟੀ, ਬਾਜ਼ੀ ਸਿਰ ਦੇ ਨਾਲ ਲਗਾਈਆ। ਚੜ੍ਹ ਕੇ ਪਰਮ ਪੁਰਖ ਦੀ ਚੋਟੀ, ਆਪਣਾ ਆਸਣ ਲਿਆ ਜਮਾਈਆ।

ਜਨ ਭਗਤੋ ਤੁਹਾਡੇ ਅੰਦਰ ਰਹੇ ਨਾ ਵਾਸਨਾ ਖੋਟੀ, ਦੁਰਮਤ ਮੈਲ ਦਿਉ ਧੁਆਈਆ। ਜਨਮ ਕਰਮ ਦਾ ਰਹੇ ਕੋਇ ਨਾ ਰੋਗੀ, ਦੁਖੜੇ ਰਿਹਾ ਮਿਟਾਈਆ। ਘਰ ਆ ਕੇ ਧੁਰ ਸੰਜੋਗੀ, ਵਿਛੜੇ ਰਿਹਾ ਜੁੜਾਈਆ। ਧੁਰ ਦਾ ਠਾਕਰ ਬਣ ਕੇ ਮੌਜੀ, ਮਜਲਸ ਭਗਤਾਂ ਨਾਲ ਲਗਾਈਆ। ਗੋਬਿੰਦ ਬਣ ਕੇ ਪਿਛਲਾ ਖੋਜੀ, ਮਿਤਰ ਪਿਆਰਾ ਲਿਆ ਉਠਾਈਆ। ਜਿਸ ਦੀ ਖੀਰ ਸੀ ਇਸੇ ਜੋਗੀ, ਟਿੰਡ ਦਿਤੀ ਟਿਕਾਈਆ। ਉਹ ਫੜ ਕੇ ਆਪਣੀ ਗੋਦੀ, ਦੀਨ ਦਿਆਲ ਰਿਹਾ ਬਹਾਈਆ। ਬੇਸ਼ਕ ਇਹ ਮੰਜ਼ਲ ਬੜੀ ਔਖੀ, ਜਗਤ ਕਿਰਿਆ ਹੱਥ ਕਿਸੇ ਨਾ ਆਈਆ। ਭਾਵੇਂ ਤਾਅਨੇ ਦੇਵਣ ਲੋਕੀਂ, ਝਗੜਾ ਕਰੇ ਲੋਕਾਈਆ। ਜਨ ਭਗਤਾਂ ਦਾ ਜੀਵ ਜਹਾਨ ਸਾਰਾ ਦੋਖੀ, ਅਬਿਨਾਸ਼ੀ ਕਰਤਾ ਇਕੋ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਢੋਡਾ ਕਹੇ ਮੈਨੂੰ ਕੋਈ ਨਾ ਕਹੋ ਟਿੱਕੀ, ਜੋ ਹੱਥਾਂ ਨਾਲ ਪਕਾਈਆ। ਮੈਥੋਂ ਸੁਣ ਲਓ ਸਾਚੀ ਸਿਖੀ, ਸਿਖਿਆ ਧੁਰ ਦੀ ਦਿਆਂ ਦ੍ਰਿੜਾਈਆ। ਨੰਦੂ ਕੋਲ ਪਿਛਲੇ ਜਨਮ ਦੀ ਚਿੱਠੀ, ਜਿਸਦਾ ਲੇਖਾ ਰਿਹਾ ਚੁਕਾਈਆ। ਢੋਡਾ ਕਹੇ ਮੇਰੀ ਮਿੰਨਤ ਮੰਨ ਕੇ ਸਾਰੇ ਇੱਕੀ, ਇੱਕੀ ਸੋਹਣੀ ਪੰਗਤ ਬਣਾਈਆ। ਜਿਸ ਦੀ ਧਾਰ ਗੁਰਮੁਖ ਲਿਖੀ, ਉਹ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਇੱਕੀ ਇੱਕੀ ਬੈਠ ਜਾਣਾ ਵਿਚ ਕਤਾਰ, ਚਾਰੋਂ ਕੁੰਟ ਘੇਰਾ ਪਾਈਆ। ਪੰਜਾਂ ਵਰਤੌਣਾ ਨਾਲ ਪਿਆਰ, ਚਾਰੋਂ ਕੁੰਟ ਸੇਵ ਕਮਾਈਆ। ਇੱਕੀ ਮਿੰਟ ਦਾ ਇਹ ਵਿਹਾਰ, ਬਹੁਤੀ ਡੇਰ ਨਾ ਕੋਈ ਜਣਾਈਆ । ਭੋਰਾ ਛਡ ਕੇ ਨਾ ਜਾਇਓ ਕੋਈ ਵਿਚ ਥਾਲ, ਹੱਥਾਂ ਉਤੇ ਦੇਣਾ ਫੜਾਈਆ। ਇਹੋ ਪ੍ਰੇਮ ਦੇ ਵਿਚੋਂ ਨਿਕਲਿਆਂ ਪਿਆਰ, ਮੁਹੱਬਤ ਵਿਚੋਂ ਮੁਹੱਬਤ ਲਈ ਪਰਗਟਾਈਆ। ਭਾਵੇਂ ਇਹ ਨਹੀਂ ਕੜਾਹ ਪਰਸ਼ਾਦ, ਸਵਾਦ ਓਹਦੇ ਨਾਲੋਂ ਚੰਗਾ ਆਈਆ। ਇਹ ਨੰਦੂ ਦੀ ਰਹਿ ਜਾਏ ਯਾਦ, ਸਰਦਾਰੀ ਬੁਣਿਆਦ ਆਬਾਦ ਖੇੜਾ ਦਏ ਵਖਾਈਆ। ਪੁਰਖ ਅਕਾਲ ਤੁਹਾਡੇ ਸਭ ਦੇ ਹੋਵੇ ਸਾਥ, ਅਨਾਥਾਂ ਦਾ ਅਨਾਥ, ਦੀਨਾਂ ਦਾ ਦੀਨ ਨਜ਼ਰੀ ਆਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚੀ ਵਸਤ ਭਗਤਾਂ ਦੀ ਝੋਲੀ ਪਾਏ ਸੁਗ਼ਾਤ, ਇਹ ਭਰੀ ਰਹੇ ਪਰਾਤ, ਦੁਖ ਭੁਖ ਸਭ ਦੀ ਰਿਹਾ ਗਵਾਈਆ।

੧੦ ਚੇਤ ਸ਼ਹਿਨਸ਼ਾਹੀ ਸੰਮਤ ੧ ਬੇਲੂ ਰਾਮ ਦੇ ਘਰ ਪਿੰਡ ਸਰਦਾਰੀ ਜੰਮੂ

ਜਨ ਭਗਤਾਂ ਲੇਖਾ ਮੁਕਦਾ, ਕੂੜੀ ਕਿਰਿਆ ਜਗਤ ਸੰਸਾਰ। ਝਗੜਾ ਚੁਕ ਦਾ ਜਨਨੀ ਕੁੱਖ ਦਾ, ਲੱਖ ਚੁਰਾਸੀ ਰਿਹਾ ਗੇੜ ਨਿਵਾਰ। ਪੈਂਡਾ ਮੁਕਦਾ ਮਾਤ ਗਰਭ ਦੁਖ ਦਾ, ਅਗਨੀ ਤੱਤ ਨਾ ਦੇਵੇ ਸਾੜ। ਭੇਵ ਰਿਹਾ ਨਾ ਪਰਦਾ ਓਹਲਾ ਲੁਕ ਦਾ, ਅਬਿਨਾਸ਼ੀ ਕਰਤਾ ਰਿਹਾ ਤਾਰ । ਮਾਰਗ ਦੱਸ ਕੇ ਸਚ ਸੁਚ ਦਾ, ਨਾਮ ਭੰਡਾਰਾ ਦੇ ਜੈਕਾਰ। ਨਾਤਾ ਜੋੜ ਕੇ ਸਾਚੇ ਪੁਤ ਦਾ, ਪਿਤਾ ਬਣਿਆ ਪੁਰਖ ਅਕਾਲ। ਵਕ਼ਤ ਸੁਹਾਇਆ ਸਾਚੀ ਰੁਤ ਦਾ, ਭਾਗ ਲਗਾ ਕੇ ਪੱਤ ਡਾਲ੍ਹ ਫੁੱਲ ਵਿਚ ਜਹਾਨ। ਅਗੰਮੀ ਖੇਲ ਅਬਿਨਾਸ਼ੀ ਅਚੁਤ ਦਾ, ਜੀਵ ਜੰਤ ਨਾ ਸਕੇ ਪਛਾਣ। ਗ਼ਰੀਬ ਨਿਮਾਣਿਆਂ ਆ ਕੇ ਪੁਛਦਾ, ਦੂਰ ਦੁਰਾਡਾ ਸਾਝਾਂ ਯਾਰ। ਕੂੜ ਵਿਕਾਰਾ ਫੜ ਫੜ ਕੁਟਦਾ, ਹਓਮੇਂ ਹੰਗਤਾ ਤੋੜ ਹੰਕਾਰ। ਆਪਣੇ ਨਿਸ਼ਾਨਿਉਂ

ਕਦੇ ਨਾ ਉਕਦਾ, ਤੀਰ ਅਣਿਆਲੇ ਰਿਹਾ ਮਾਰ। ਜੀਵਣ ਵੇਖ ਮਾਨਸ ਮਨੁਖ ਦਾ, ਮੁਫ਼ਤ ਬੇੜੇ ਕਰ ਰਿਹਾ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੀਤੀ ਅੰਦਰ ਝੁਕਦਾ, ਸਜਦਿਆਂ ਵਿਚ ਕਰੇ ਨਿਮਸਕਾਰ। ਸਜਦਾ ਕਹੇ ਮੈਂ ਵੇਖਿਆ ਖ਼ਾਦਮ, ਖ਼ਿਦਮਤਗਾਰ ਨਜ਼ਰੀ ਆਈਆ। ਕੂੜੀ ਕਿਰਿਆ ਮੇਟ ਤਸਾਦਮ, ਤਸੱਲੀ ਘਰ ਘਰ ਰਿਹਾ ਕਰਾਈਆ। ਭੇਵ ਖੁਲ੍ਹਾ ਕੇ ਗੁਪਤ ਬਾਤਨ, ਜ਼ਾਹਿਰ ਰਿਹਾ ਦ੍ਰਿੜਾਈਆ । ਆਤਮ ਪਰਮਾਤਮ ਤੋੜ ਦੇ ਸਾਕਨ, ਘਰ ਸੱਜਣ ਰਿਹਾ ਮਿਲਾਈਆ। ਸਭ ਦੀ ਕਰਨੀ ਕਰਤਾ ਪੁਰਖ ਆਇਆ ਵਾਚਨ, ਪੂਰਬ ਜਨਮਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦੇਵਣਹਾਰ ਵਡਿਆਈਆ। ਕਰਨੀ ਕਹੇ ਪ੍ਰਭ ਕਰਨੀ ਦਾ ਕਰਤਾ, ਕ਼ੁਦਰਤ ਦਾ ਮਾਲਕ ਨਜ਼ਰੀ ਆਈਆ। ਜੁਗ ਚੌਕੜੀ ਜੋ ਚਾਹੇ ਸੋ ਕਰਦਾ, ਦੋ ਜਹਾਨ ਸਿਰ ਨਾ ਕੋਇ ਉਠਾਈਆ। ਬ੍ਰਹਿਮੰਡ ਖੰਡ ਓਸੇ ਦਾ ਪਾਣੀ ਭਰਦਾ, ਚਰਨਾਂ ਸੀਸ ਝੁਕਾਈਆ। ਬੋਧ ਅਗਾਧ ਓਸੇ ਦੇ ਢੋਲੇ ਪੜ੍ਹਦਾ, ਰਾਗ ਨਾਦ ਸ਼ਨਵਾਈਆ। ਜਨ ਭਗਤ ਓਸੇ ਦੀ ਮੰਜ਼ਲ ਚੜ੍ਹਦਾ, ਜੋ ਮਜ਼ਾਹਮਤ ਕਰੇ ਲੋਕਾਈਆ। ਭੇਵ ਖੁਲ੍ਹਾ ਕੇ ਆਪਣੇ ਘਰ ਦਾ, ਪਰਦਾ ਦਏ ਉਠਾਈਆ। ਰੂਪ ਵਟਾ ਕੇ ਨਰਾਇਣ ਨਰ ਦਾ, ਨਰ ਹਰਿ ਆਪਣਾ ਹੁਕਮ ਵਰਤਾਈਆ। ਅਗਨੀ ਹਵਨ ਕਦੇ ਨਾ ਸੜਦਾ, ਜਨਮ ਮਰਨ ਨਾ ਰੂਪ ਵਟਾਈਆ। ਸਚਖੰਡ ਦਵਾਰੇ ਖੜਦਾ, ਸਿੰਘਾਸਣ ਧੁਰ ਦੇ ਡੇਰਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕਰਨੀ ਕਹੇ ਕ਼ੁਦਰਤ ਦਾ ਕ਼ਾਦਰ, ਕਰਤਾ ਬੇਪਰਵਾਹੀਆ। ਸੂਰਬੀਰ ਵਡ ਬਹਾਦਰ, ਜੋਧਾ ਇਕ ਅਖਵਾਈਆ। ਤਖ਼ਤ ਨਿਵਾਸੀ ਬਣ ਕੇ ਆਦਲ, ਅਦਲ ਇਕ ਕਮਾਈਆ। ਕੂੜੀ ਕਿਰਿਆ ਮੇਟ ਕੇ ਬਾਦਲ, ਸਾਚਾ ਚੰਦ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਵੇਖ ਕੇ ਪਾਗ਼ਲ, ਬਵਰੇ ਰਿਹਾ ਸਮਝਾਈਆ। ਅਬਿਨਾਸ਼ੀ ਕਰਤਾ ਲੱਭੋ ਸਾਜਨ, ਸੱਜਣ ਧੁਰਦਰਗਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸੱਜਣ ਲੱਭੋ ਸਾਹਿਬ ਸਮਰਥ, ਏਕੰਕਾਰ ਬੇਪਰਵਾਹੀਆ। ਜਿਸ ਦੇ ਕੋਲ ਹਭ ਵਥ, ਵਸਤੂ ਸਾਚੀ ਝੋਲੀ ਪਾਈਆ। ਜਿਸ ਦਾ ਨਾਮ ਅਗੰਮੀ ਨਦ, ਅਨਰਾਗੀ ਰਾਗ ਜਣਾਈਆ। ਜਿਸ ਦੇ ਕੋਲ ਬੈਠਿਆਂ ਜਾਓ ਸਜ, ਘਰ ਸਾਜਣ ਖ਼ੁਸ਼ੀ ਮਨਾਈਆ। ਦੀਦੇ ਦੀਦਾਰ ਦਰਸ਼ਨ ਕਰੋ ਰਜ, ਚਸ਼ਮਾਂ ਚਸ਼ਮ ਮਿਲਾਈਆ। ਚਰਨ ਕਵਲ ਜਾਓ ਢਠ, ਮਿਲੇ ਮਾਣ ਵਡਿਆਈਆ। ਸਚ ਪ੍ਰੀਤੀ ਇਕੋ ਆਸ, ਤ੍ਰਿਸ਼ਨਾ ਇਕ ਵਧਾਈਆ। ਮੰਗ ਮੰਗੋ ਖ਼ਾਸ, ਖ਼ਾਹਿਸ਼ ਆਪਣੀ ਨਾਲ ਰਲਾਈਆ। ਸ੍ਰੀ ਭਗਵਾਨ ਸਦ ਵਸਣਾ ਭਗਤਾਂ ਪਾਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪਾਸਾ ਨਾ ਕੋਇ ਬਦਲਾਈਆ।

੧੦ ਚੇਤ ਸ਼ਹਿਨਸ਼ਾਹੀ ਸੰਮਤ ੧ ਨਾਨਕ ਚੰਦ ਦੇ ਘਰ ਪਿੰਡ ਸਰਦਾਰੀ ਛੰਬ

ਤਾਰਨਹਾਰ ਸ੍ਰੀ ਭਗਵਾਨ, ਦਾਤਾ ਦਾਤਾਰ ਵਡੀ ਵਡਿਆਈਆ। ਫੜ ਫੜ ਤਾਰੇ ਮੂਰਖ ਮੁਗਧ ਅੰਞਾਣ, ਸਿਰ ਆਪਣਾ ਹੱਥ ਟਿਕਾਈਆ। ਕਾਮੀ ਕਰੋਧੀ ਲੋਭੀ ਹੰਕਾਰੀ ਜੋ ਚਰਨੀ ਡਿੱਗੇ ਆਣ, ਤਿਸ ਦਾ ਲੇਖਾ ਦਏ ਚੁਕਾਈਆ । ਪ੍ਰੇਮ ਪਿਆਰ ਨਾਲ ਜੋ ਚਰਨ ਸਰਨ ਤਕੇ ਕਰ ਧਿਆਨ, ਧਿਆਨ ਆਪਣਾ ਵਿਚ ਟਿਕਾਈਆ। ਜਰਮ ਕਰਮ ਦਾ ਤੋੜ ਕੇ ਬੰਧਨ ਸਾਚੀ ਸਿਖਿਆ ਦੇ ਗਿਆਨ, ਆਤਮ ਪਰਮਾਤਮ ਦਏ ਸਮਝਾਈਆ।

ਆਵਣ ਜਾਵਣ ਜਮ ਕੀ ਫ਼ਾਸੀ ਟੁਟ ਜਾਏ ਕਾਣ, ਰਾਏ ਧਰਮ ਨਾ ਦਏ ਸਜ਼ਾਈਆ। ਜੋ ਗੁਰਮੁਖ ਰੂਪ ਹੋ ਕੇ ਜਨ ਭਗਤ ਮਿਲੇ ਸ੍ਰੀ ਭਗਵਾਨ, ਤਿਸ ਦਾ ਕਰਮਾਂ ਦਾ ਭਾਗ ਆਪਣੀ ਝੋਲੀ ਪਾਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਸ਼ੈਤਾਨ, ਕਲਜੁਗ ਰੈਣ ਅੰਧੇਰੀ ਸ਼ਾਮ, ਸ਼ਾਮ ਹੋ ਕੇ ਦਏ ਗਵਾਈਆ। ਅੰਤਰ ਦਾ ਮਾਲਕ ਬਣ ਕੇ ਰਾਮ, ਰਮਈਆ ਰੌਣਕ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੜ ਫੜ ਬਾਂਹੋਂ ਪਾਰ ਲੰਘਾਈਆ। ਜਾਂਦੇ ਤਾਰੇ ਪਾਂਧੀ ਰਾਹੀ, ਚਾਰੇ ਖਾਣੀ ਵੱਜੀ ਵਧਾਈਆ। ਧੁਰ ਦਾ ਮਾਲਕ ਧੁਰਦਰਗਾਹੀ, ਬੇਪਰਵਾਹ ਫੇਰਾ ਪਾਈਆ। ਦੇਵਣਹਾਰ ਸੱਚੀ ਵਡਿਆਈ, ਪੂਰਬ ਜਨਮਾਂ ਲੇਖ ਚੁਕਾਈਆ। ਕਰਮ ਕਰਮ ਦੀ ਮੇਟਣਹਾਰ ਸ਼ਾਹੀ, ਦੁਰਮਤ ਮੈਲ ਧਵਾਈਆ । ਨਾਲ ਦੇਵਣ ਆਇਆ ਗਵਾਹੀ, ਲੇਖਾ ਪਿਛਲਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਸਰਨਾਈ ਕਹੇ ਜੋ ਸਾਹਿਬ ਸੱਜਣ ਝੁਕਦਾ, ਸਰਨਗਤ ਇਕੋ ਓਟ ਰਖਾਈਆ। ਓਸ ਦਾ ਅਗਲਾ ਪੈਂਡਾ ਮੁਕਦਾ, ਮੰਜ਼ਲ ਅਵਰ ਨਾ ਕੋਈ ਜਣਾਈਆ। ਓਹ ਕਾਇਆ ਮਾਟੀ ਭਾਂਡਾ ਭੰਨ ਜਾਏ ਦੁਖ ਦਾ, ਆਤਮ ਪਰਮਾਤਮ ਵਿਚ ਸਮਾਈਆ। ਪੜਦਾ ਲਹਿ ਜਾਏ ਭਾਗ ਜਾਗੇ ਉਜਲ ਮੁਖ ਦਾ, ਚਾਰ ਕੁੰਟ ਹੋਏ ਰੁਸ਼ਨਾਈਆ। ਫ਼ਰਜ਼ੰਦ ਬਣ ਜਾਏ ਓਸ ਪ੍ਰਭੂ ਦੀ ਕੁੱਖ ਦਾ, ਜਿਸ ਦੀ ਇਕੋ ਜਣੇਂਦੀ ਮਾਈਆ। ਮਾਣ ਲੈ ਲਏ ਓਸ ਪੁਤ ਦਾ, ਜੋ ਪੁਤ ਗੋਬਿੰਦ ਲਿਆ ਬਣਾਈਆ। ਘਰ ਵੇਖ ਲਏ ਸਾਚੇ ਸੁਖ ਦਾ, ਜੋ ਸੁਖ ਸਾਗਰ ਰੂਪ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਭਗਤ ਸੁਹੇਲੇ ਓਹ ਗੋਦੀ ਚੁਕਦਾ, ਜਿਹਨਾਂ ਪਿਛੇ ਗੋਬਿੰਦ ਅੰਤ ਗੋਦਾਵਰੀ ਕੰਢੇ ਬਹਿ ਕੇ ਸੁਗੰਦ ਖਾਈਆ।

ਇਕ ਦਿਨ ਗੋਬਿੰਦ ਆਇਆ ਸੱਚਾ ਅਨੰਦ, ਪ੍ਰੇਮ ਵਿਚ ਆਸਣ ਲਾਈਆ। ਪੁਰਖ ਅਕਾਲ ਵੇਖਿਆ ਸੰਗ, ਪਰਕਾਸ਼ ਬੇਪਰਵਾਹੀਆ। ਖ਼ੁਸ਼ੀ ਵਿਚ ਮੰਗ ਲਈ ਮੰਗ, ਆਪਣੀ ਝੋਲੀ ਡਾਹੀਆ। ਹੇ ਪ੍ਰਭੂ ਜੇ ਦਿੰਦਿਆਂ ਨਾ ਹੋਵੇਂ ਤੰਗ, ਆਪਣੀ ਆਸ਼ਾ ਦਿਆਂ ਸਮਝਾਈਆ। ਮੈਂ ਸ੍ਰਿਸ਼ਟੀ ਵੇਖ ਕੇ ਤੇਰੀ ਬਹੁ ਰੰਗ, ਜੋ ਦੀਨਾਂ ਮਜ਼੍ਹਬਾਂ ਵਿਚ ਵੰਡ ਵੰਡਾਈਆ। ਆਪਣੇ ਵਿਛੋੜੇ ਦੀ ਵਿਚ ਖੜ੍ਹੀ ਕਰ ਕੇ ਕੰਧ, ਮਾਟੀ ਪੁਤਲੇ ਰਿਹਾ ਨਚਾਈਆ। ਤੇਰਾ ਕੋਈ ਨਹੀਂ ਗੌਂਦਾ ਛੰਦ, ਤੇਰੇ ਮਿਲਣ ਦੀ ਆਸ ਨਾ ਕਿਸੇ ਰਖਾਈਆ। ਪਰ ਮੈਨੂੰ ਤੇਰੇ ਬਿਨਾ ਨਹੀਂ ਪੈਂਦੀ ਠੰਡ, ਪਤਾ ਨਹੀਂ ਸ੍ਰਿਸ਼ਟੀ ਤੈਨੂੰ ਭੁਲ ਕੇ ਆਪਣਾ ਕਿਵੇਂ ਝਟ ਲੰਘਾਈਆ। ਪੁਰਖ ਅਕਾਲ ਕਿਹਾ ਇਹ ਮੇਰਾ ਵਖਰਾ ਢੰਗ, ਤਰਾ ਤਰੀਕੇ ਨਾਲ ਰਿਹਾ ਸਾਰੇ ਚਲਾਈਆ। ਗੋਬਿੰਦ ਕਿਹਾ ਭਾਵੇਂ ਇਹ ਖੇਲ ਮੇਰਾ ਨਿਸੰਗ, ਨਿਰੰਕਾਰ ਹੋ ਕੇ ਰਿਹਾ ਵਖਾਈਆ। ਪਰ ਮੈਂ ਜ਼ਰੂਰ ਮੰਗਣੀ ਇਕ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਮੈਂ ਤੇਰੇ ਭਗਤਾਂ ਨੂੰ ਮਿਲੌਣਾ ਤੇਰੇ ਸੰਗ, ਵਿਚੋਲਾ ਹੋ ਕੇ ਵਿਛੋੜਾ ਦੇਣਾ ਕਟਾਈਆ। ਓਧਰ ਰੋ ਪਈ, ਗੋਦਾਵਰੀ ਗੰਗ, ਨੇਤਰ ਨੈਣਾਂ ਨੀਰ ਵਹਾਈਆ। ਗੋਬਿੰਦ ਨੇ ਕਿਹਾ ਥੋੜ੍ਹੀ ਆ ਅੱਗੇ ਲੰਘ, ਤੈਨੂੰ ਦਿਆਂ ਸਮਝਾਈਆ। ਤੂੰ ਦੇ ਨਹੀਂ ਸਕਦੀ ਉਹ ਅਨੰਦ, ਜਿਹੜਾ ਅਨੰਦ ਗੁਰਮੁਖ ਰਹੇ ਭਾਈਆ। ਉਠ ਵੇਖ ਤੈਨੂੰ ਦਇਆ ਸਿੰਘ ਵਰਗੇ ਵਖਾਵਾਂ ਚੰਦ, ਜਿਨ੍ਹਾਂ ਦੇ ਅੰਦਰ ਮੇਰਾ ਚੰਦ ਡਲ੍ਹਕ ਰਿਹਾ ਲਗਾਈਆ। ਗੋਦਾਵਰੀ ਨੂੰ ਓਸੇ ਵੇਲੇ ਪੈ ਗਈ ਠੰਡ, ਨਿਉਂ ਨਿਉਂ ਚਰਨਾਂ ਉਤੇ ਸੀਸ ਟਿਕਾਈਆ। ਗੋਬਿੰਦ ਜਿਸ ਵੇਲੇ ਆਪਣੇ ਹੁਕਮ ਦੀ ਮੈਨੂੰ ਭੇਜੀ ਗੰਡ, ਦਵਾਰੇ ਭਗਤਾਂ

ਦੇ ਆਵਾਂ ਚਾਈਂ ਚਾਈਂਆ। ਗੋਬਿੰਦ ਕਿਹਾ ਬਸ ਮੁਖ ਕਰ ਬੰਦ, ਅਗੇ ਆਵਾਜ਼ ਨਾ ਕੋਈ ਸੁਣਾਈਆ। ਜਿਸ ਵੇਲੇ ਅਕਾਲ ਪੁਰਖ ਮੇਰੇ ਨਾਲ ਮਿਲ ਕੇ ਆਪਣੀ ਨੂੰ ਲਾਇਆ ਅੰਗ, ਓਸ ਵੇਲੇ ਤੈਨੂੰ ਆਪੇ ਲਏ ਮਿਲਾਈਆ। ਗੋਦਾਵਰੀ ਕਿਹਾ ਕੀ ਓਹ ਦੀਨ ਦਿਆਲ ਗੋਬਿੰਦ ਕਿਹਾ ਨਹੀਂ ਓਹ ਬਖ਼ਸ਼ੰਦ, ਬਖ਼ਸ਼ਿਸ਼ ਕਰ ਕੇ ਜਿਸ ਨੂੰ ਚਾਹੇ ਓਸੇ ਨੂੰ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵਣ ਆਇਆ ਓਹ ਅਨੰਦ, ਜਿਸ ਅਨੰਦ ਦੀ ਮੰਗ ਸਾਰੇ ਗਏ ਕਰਾਈਆ।