੧੨ ਚੇਤ ਸ਼ਹਿਨਸ਼ਾਹੀ ਸੰਮਤ ੧ ਧਰਮ ਕੌਰ ਦੇ ਗ੍ਰਹਿ ਧੰਗਾਲੀ
ਦੇਵਾ ਸਿੰਘ ਤੇਰੇ ਪਿਤਾ ਦਾ ਪਿਛਲਾ ਨਾਂ ਸੀ ਮਸੂਰ, ਚੌਂਹ ਭਾਈਆਂ ਤੋਂ ਵੱਡਾ ਨਜ਼ਰੀ ਆਇੰਦਾ। ਜਿਸ ਵੇਲੇ ਗੋਬਿੰਦ ਲੰਘਿਆ ਸੀ ਕੋਟ ਕਪੂਰ, ਕਪੂਰੇ ਦੀ ਹਦ ਵੇਖ ਵਖਾਇੰਦਾ। ਇਹ ਜਿਮੀਂਦਾਰ ਸੀ ਮਸ਼ਹੂਰ, ਵੇਲੇ ਵਕ਼ਤ ਦਾ ਅਖਵਾਇੰਦਾ। ਓਧਰੋਂ ਸੂਰਜ ਹੋਣ ਲੱਗਾ ਸੀ ਗ਼ਰੂਬ, ਆਪਣੀਆਂ ਕਿਰਨਾਂ ਪਰਦੇ ਵਿਚ ਛੁਪਾਇੰਦਾ। ਇਸ ਵੇਖਿਆ ਇਹ ਗੋਬਿੰਦ ਔਂਦਾ ਜ਼ਰੂਰ, ਜੋ ਸਾਂਝਾ ਗੁਰ ਅਖਵਾਇੰਦਾ। ਮੈਂ ਇਸ ਨੂੰ ਮਿਲਣਾ ਜ਼ਰੂਰ, ਜੋ ਜ਼ਰੂਰਤ ਪੂਰ ਕਰਾਇੰਦਾ। ਭੇਟਾ ਕਰਨ ਲਈ ਇਕ ਤੋੜ ਲਿਆ ਤਰਬੂਜ਼, ਜੋ ਗਿਆਰਾਂ ਸੇਰ ਵਜ਼ਨ ਰਖਾਇੰਦਾ। ਪੈਂਡਾ ਮੁਕਾ ਕੇ ਨੇੜੇ ਆਇਆ ਦੂਰ, ਚਰਨਾਂ ਉਤੇ ਸੀਸ ਰਖਾਇੰਦਾ। ਤੂੰ ਮਾਲਕ ਹਾਜ਼ਰ ਹਜ਼ੂਰ, ਹਜ਼ਰਤ ਝੋਲੀ ਅਗੇ ਡਾਹਿੰਦਾ। ਮੇਰੇ ਮੁਆਫ਼ ਕਰ ਜਾ ਕ਼ਸੂਰ, ਕ਼ਿਸਮਤ ਤੇਰੇ ਹੱਥ ਫੜਾਇੰਦਾ। ਗੋਬਿੰਦ ਕਿਹਾ ਮੈਨੂੰ ਮਨਜ਼ੂਰ, ਮੈਂ ਜਾਂਦੇ ਰਾਹੀਆਂ ਪਾਰ ਲੰਘਾਇੰਦਾ। ਇਸਦੇ ਵਿਚੋਂ ਕਢ ਥੋੜ੍ਹਾ ਜਿਹਾ ਖੂਰ, ਰਸ ਰਸਨਾ ਨਾਲ ਵੇਖ ਵਖਾਇੰਦਾ। ਓਨ ਉਸੇ ਵੇਲੇ ਗੋਬਿੰਦ ਦੇ ਚਰਨਾਂ ਦੀ ਆਪਣੇ ਹੱਥਾਂ ਨੂੰ ਲਾ ਕੇ ਧੂੜ, ਤਲੀ ਮਾਰ ਕੇ ਦੋ ਟੁਕੜੇ ਭੰਨ ਵਖਾਇੰਦਾ। ਤਰਬੂਜ਼ ਅੰਦਰੋਂ ਲਾਲ ਨਿਕਲਿਆਂ ਜ਼ਰੂਰ, ਜੋ ਥੱਲੇ ਗੁਲਾਬੀ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪਣੇ ਹੱਥ ਰਖਾਇੰਦਾ। ਤਰਬੂਜ਼ ਅਗੇ ਦਿਤਾ ਰਖ, ਦੋ ਹਿੱਸੇ ਵੰਡ ਵੰਡਾਈਆ। ਗੋਬਿੰਦ ਖੰਡੇ ਦੀ ਨੋਕ ਨਾਲ ਥੋੜ੍ਹਾ ਜਿਹਾ ਲਿਆ
ਚਖ, ਰਸ ਰਸਨਾ ਵਾਲਾ ਭਰਾਈਆ। ਫੇਰ ਖ਼ੁਸ਼ੀ ਵਿਚ ਪਿਆ ਹਸ, ਪਰਦਾ ਰਿਹਾ ਖੁਲ੍ਹਾਈਆ। ਮਸੂਰਾ ਇਹ ਕੀ ਰਿਹਾ ਦੱਸ, ਹੌਲੀ ਹੌਲੀ ਮੈਨੂੰ ਰਿਹਾ ਜਣਾਈਆ। ਮਸੂਰ ਕਿਹਾ ਇਸ ਦਾ ਦੇ ਕੇ ਜਾਵੀਂ ਹਕ, ਵਸਤ ਧੁਰ ਦੀ ਝੋਲੀ ਪਾਈਆ। ਖ਼ਾਲੀ ਨਾ ਜਾਵੀਂ ਛਡ, ਦਰ ਆਇਆ ਪਾਰ ਲੰਘਾਈਆ । ਗੋਬਿੰਦ ਕਿਹਾ ਮੈਂ ਸਿਰ ਰੱਖਾਂ ਹੱਥ, ਮਿਹਰ ਨਜ਼ਰ ਉਠਾਈਆ। ਦੇਵਾਂਗਾ ਉਹ ਵਥ, ਜਿਸ ਦੇ ਨਾਲ ਇਹਦੀ ਵਸਦੀ ਰਹੇ ਲੋਕਾਈਆ। ਜਿਸ ਵੇਲੇ ਪੰਜਾਬ ਚੋਂ ਗਿਆ ਨਠ, ਨਦੇੜ ਦਾ ਰਾਹ ਤਕਾਈਆ। ਓਸ ਵੇਲੇ ਇਸ ਨੇ ਆਪਣਾ ਸਰੀਰ ਜਾਣਾ ਛਡ, ਆਤਮ ਪਰਮਾਤਮ ਤੇਰੇ ਵਿਚ ਸਮਾਈਆ। ਕਲਜੁਗ ਅੰਤਮ ਜਿਸ ਵੇਲੇ ਪਰਗਟ ਹੋਵੇ ਸਮਰਥ, ਇਸ ਦੀ ਅੱਖ ਦਿਆਂ ਖੁਲ੍ਹਾਈਆ। ਜਿਹੜਾ ਬੱਚਾ ਰਵਦਾਸ ਦੇ ਨਾਲ ਗਿਆ ਸੀ ਵਸ, ਉਹ ਇਸੇ ਦੀ ਝੋਲੀ ਪਾਈਆ। ਜਿਨ੍ਹਾਂ ਮਿਲ ਕੇ ਗੌਣਾ ਜਸ, ਧੁਰ ਦਾ ਨਾਮ ਧਿਆਈਆ। ਇਸੇ ਦੀ ਓਹੋ ਸਵਾਣੀ ਓਦੋਂ ਮਿਲ ਜਾਏ ਹਕ, ਜੋੜੀ ਜੁੜੀ ਨਾ ਕੋਇ ਤੁੜਾਈਆ। ਅੰਤਮ ਗੋਦੀ ਲਵਾਂ ਚੱਕ, ਸਚਖੰਡ ਦਿਆਂ ਬਹਾਈਆ। ਬੰਸ ਸਰਬੰਸ ਲਜਿਆ ਰਖ, ਦੇਵਾਂ ਮਾਣ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਸਮਰਥ, ਪੂਰਬ ਲਹਿਣੇ ਸਭ ਦੇ ਰਿਹਾ ਮੁਕਾਈਆ।
੧੨ ਚੇਤ ਸ਼ਹਿਨਸ਼ਾਹੀ ਸੰਮਤ ੧ ਕ੍ਰਿਸ਼ਨ ਸਿੰਘ ਦੇ ਗ੍ਰਹਿ ਧੰਗਾਲੀ
ਪੁਤਰ ਧੀ ਉਤਾਰਨੇ ਪਾਰ, ਬੱਚੇ ਬੱਚੀਆਂ ਲੇਖ ਚੁਕਾਈਆ। ਸੰਸਾਰ ਸਾਗਰ ਵਿਚੋਂ ਦਏ ਤਾਰ, ਤਰਨੀ ਪਾਰ ਦਏ ਲੰਘਾਈਆ। ਜਨਮ ਜਨਮ ਦਾ ਲੇਖ ਨਿਵਾਰ, ਦੂਖ ਨਵਾਰਨ ਹੋਏ ਸਹਾਈਆ। ਸਚ ਪ੍ਰੀਤੀ ਬਖ਼ਸ਼ ਪਿਆਰ, ਪ੍ਰੇਮ ਪ੍ਰੇਮੀਆਂ ਦਏ ਜਣਾਈਆ। ਜਗਤ ਜਗ ਦਾ ਜੀਵਣ ਵਿਹਾਰ, ਜਗ ਜੀਵਣ ਦਾਤਾ ਦਏ ਸਮਝਾਈਆ। ਭਗਤ ਭਗਵੰਤ ਇਕ ਘਰ ਬਾਹਰ, ਗ੍ਰਹਿ ਮੰਦਰ ਦਏ ਵਖਾਈਆ। ਨਾਮ ਅਗੰਮਾ ਧੁਰ ਜੈਕਾਰ, ਸ਼ਬਦੀ ਨਾਦ ਵਜਾਈਆ। ਗੁਰਮੁਖਾਂ ਦਾ ਮੰਗਲਾਚਾਰ, ਸਖ਼ੀਆਂ ਦੀ ਰਾਸ ਵਖਾਈਆ। ਸੀਤਾ ਸੁਰਤੀ ਦਾ ਰਾਮ, ਗੁਰ ਸ਼ਬਦੀ ਮੇਲ ਮਿਲਾਈਆ। ਰਾਧਾ ਦਾ ਕਾਹਨ, ਘਨਈਆ ਬੰਸਰੀ ਸਚ ਸੁਣਾਈਆ। ਭੰਡਾਰਿਆਂ ਦਾ ਜਾਮ, ਸਤਿਨਾਮ ਦਏ ਦ੍ਰਿੜਾਈਆ। ਕਲਮਿਆਂ ਵਾਲੀ ਕਲਾਮ, ਕਾਇਨਾਤ ਦਏ ਸਿਖਾਈਆ। ਜਨ ਭਗਤੋ ਤੁਹਾਡਾ ਜਨਮ ਜਨਮ ਕਰਮ ਕਰਮ ਦਾ ਲਾਹ ਕੇ ਇਲਜ਼ਾਮ, ਨਜ਼ਾਮ ਅਗਲਾ ਦਿਤਾ ਬਦਲਾਈਆ। ਤੁਸਾਂ ਕਿਸੇ ਦੇ ਨਹੀਂ ਰਹਿਣਾ ਗ਼ੁਲਾਮ, ਮਾਲਕ ਇਕੋ ਦਿਤਾ ਮਿਲਾਈਆ। ਤੁਹਾਡਾ ਪਿਛਲਾ ਪ੍ਰੇਮ ਦਾ ਕੀਤਾ ਅਹਿਸਾਨ, ਤੁਹਾਡੀ ਝੋਲੀ ਪਾਈਆ। ਇਕ ਰੂਪ ਭਗਤ ਹੋ ਜਾਓ ਮਿਲ ਭਗਵਾਨ, ਭਾਵੀ ਨੇੜ ਕੋਇ ਨਾ ਆਈਆ। ਗੁਰਮੁਖ ਚਤੁਰ ਸੁਘੜ ਸੁਚੱਜੇ ਬਣ ਜਾਓ ਸੁਜਾਨ, ਦੁਰਮਤ ਮੈਲ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਿਨ੍ਹਾਂ ਨੂੰ ਮਿਲਿਆ ਆਣ, ਮਹਿਮਾਨ ਸਚਖੰਡ ਦੁਵਾਰੇ ਦੇ ਦਏ ਬਣਾਈਆ।
੧੨ ਚੇਤ ਸ਼ਹਿਨਸ਼ਾਹੀ ਸੰਮਤ ੧ ਚੂੜ੍ਹਾ ਰਾਮ ਦੇ ਗ੍ਰਹਿ ਧੰਗਾਲੀ
ਲੇਖੇ ਲਾਏ ਮਾਣਸ ਜਨਮ, ਜਨਮ ਜਨਮ ਖੋਜ ਖੁਜਾਇੰਦਾ। ਲੇਖੇ ਲਾਏ ਨਿਹਕਰਮੀ ਕਰਮ, ਕਰਮ ਕਾਂਡ ਵੇਖ ਵਖਾਇੰਦਾ। ਲੇਖੇ ਲਾਏ ਸਚ ਪ੍ਰੀਤੀ ਸਾਚਾ ਧਰਮ, ਧਰਮ ਧਰਮ ਧਰਤੀ ਧਵਲ ਸੁਹਾਇੰਦਾ। ਲੇਖੇ ਲਾਏ ਲੱਗੇ ਸਰਨ, ਸਰਨ ਸਰਨਾਗਤ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਤਿਗੁਰ ਦਇਆ ਕਮਾਇੰਦਾ। ਸਤਿਗੁਰ ਕਹੇ ਤੂੰ ਮੇਰਾ ਨਹੀਂ ਸਦਾ, ਸਦੀਆਂ ਦਾ ਲੇਖਾ ਪੂਰ ਕਰਾਈਆ। ਪ੍ਰੇਮ ਦਾ ਬੱਧਾ, ਆਇਆ ਵੇਸ ਵਟਾਈਆ। ਗੁਰਮੁਖੋ ਕੋਈ ਦੇਣ ਨਹੀਂ ਆਇਆ ਸਜ਼ਾ, ਜਮਾਂ ਤੋਂ ਰਿਹਾ ਛੁਡਾਈਆ। ਜੀਂਵਦਿਆਂ ਜਗ ਚਰਨ ਪ੍ਰੀਤੀ ਮਜ਼ਾ, ਮਰਨ ਤੋਂ ਪਿਛੋਂ ਸਚਖੰਡ ਸਾਚੇ ਦਿਆਂ ਬਹਾਈਆ। ਜਿਨ੍ਹਾਂ ਦਵਾਰਿਆਂ ਉਤੇ ਆਪਣੀ ਕਰ ਕੇ ਗਿਆ ਗਜਾ, ਗਦਾਗਰ ਹੋ ਕੇ ਫੇਰਾ ਪਾਈਆ। ਜਿਸ ਦੀ ਕੋਈ ਨਾ ਸਮਝੇ ਵਜਹ, ਵਜ਼ਾਹਤ ਨਾਲ ਨਾ ਕੋਇ ਦ੍ਰਿੜਾਈਆ। ਇਹ ਚਲਣ ਆਇਆ ਭਗਤਾਂ ਦੀ ਵਿਚ ਰਜ਼ਾ, ਰਾਮ ਰਹੀਮ ਦੋਵੇਂ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਰਿਹਾ ਚੁਕਾਈਆ। ਲੇਖਾ ਕਹੇ ਮੈਂ ਕਦੇ ਨਾ ਚੁਕਿਆ, ਮੇਰਾ ਪੰਧ ਨਾ ਕੋਇ ਮੁਕਾਈਆ। ਮੇਰਾ ਪੈਂਡਾ ਕਦੇ ਨਾ ਮੁਕਿਆ, ਚਲਿਆ ਵਾਹੋ ਦਾਹੀਆ। ਮੈਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੁਛਿਆ, ਵੇਲੇ ਅੰਤ ਖੋਜ ਖੁਜਾਈਆ। ਕੋਈ ਰਿਹਾ ਨਾ ਮੈਥੋਂ ਲੁਕਿਆ, ਪਰਦੇ ਰਿਹਾ ਉਠਾਈਆ। ਮੈਂ ਸਮਝਿਆ ਹੁਣ ਆਇਆ ਜੋ ਐਸ ਵੇਲੇ ਘੁਥਿਆ, ਮੈਂ ਦੇਵਾਂ ਨਾ ਕਦੇ ਗਵਾਹੀਆ। ਬੇਪਰਵਾਹ ਹੋ ਕੇ ਜਿਸ ਸਭ ਨੂੰ ਆਕੇ ਪੁਛਿਆ, ਗ਼ਰੀਬਾਂ ਹੋਇਆ ਸਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਵੈਰ ਹੋ ਕੇ ਆਪਣੀ ਗੋਦੀ ਚੁਕਿਆ, ਫੜ ਬਾਹੋਂ ਗਲੇ ਲਗਾਈਆ।
੧੨ ਚੇਤ ਸ਼ਹਿਨਸ਼ਾਹੀ ਸੰਮਤ ੧ ਇੰਦਰ ਰਾਮ ਦੇ ਗ੍ਰਹਿ ਧੰਗਾਲੀ
ਪੈਗ਼ੰਬਰ ਕਹਿਣ ਲਗੇ ਐ ਨਜ਼ਾਨੀ ਮੁਰਸ਼ਦ, ਮਸ਼ਕੂਕ ਹੋ ਜਣਾਈਆ। ਸਾਨੂੰ ਮਿਲਣ ਦੀ ਤੇਰੇ ਕੋਲ ਨਹੀਂ ਫ਼ੁਰਸਤ, ਸਾਢੇ ਦਸ ਦੇ ਆਏ ਬੈਠੇ ਡੇਰੇ ਲਾਈਆ। ਜਨ ਭਗਤਾਂ ਦੀ ਦੂਰ ਕਰ ਕੇ ਮੈਲ ਦੁਰਮਤ, ਧੁਰ ਦੇ ਮੇਲੇ ਰਿਹਾ ਮਿਲਾਈਆ। ਅਸੀਂ ਚੌਧਵੀਂ ਸਦੀ ਦੇ ਫ਼ਕੀਰਾਂ ਦੀ ਦੱਸਣ ਆਏ ਗ਼ੁਰਬਤ, ਜੋ ਮਗ਼ਰੂਰੀ ਵਿਚ ਰਖਾਈਆ। ਜਿਸ ਬਿਧ ਸਾਨੂੰ ਮਿਲ ਗਈ ਅਖ਼ੀਰੀ ਰੁਖ਼ਸਤ, ਛੁੱਟੀ ਸਭ ਨੂੰ ਦੇ ਕਰਾਈਆ। ਰਾਹ ਤੱਕੇ ਮੌਤ ਮਲਕਤ, ਮਲਕੀਅਤ ਵੇਖੇ ਜਗਤ ਲੋਕਾਈਆ। ਤੇਰੇ ਭਗਤਾਂ ਦੀ ਅਸੀਂ ਕਰਨ ਆਏ ਉਲਫ਼ਤ, ਤਾਰੀਫ਼ਾਂ ਵਿਚ ਜਸ ਗਾਈਆ। ਇਹਨਾਂ ਦੀ ਹਲ ਕਰਦੇ ਮੁਸ਼ਕਲ, ਮੁਸ਼ਕਲਾਤ ਦੇ ਕਟਾਈਆ। ਅਜ਼ੀਜ਼ ਪਿਆਰੇ ਬਣਾ ਖ਼ੁਸ਼ਦਿਲ, ਖ਼ੁਸ਼ੀਆਂ ਰੰਗ ਰੰਗਾਈਆ। ਕਾਇਰ ਪਾਜੀ ਨਾ ਬਣਾਵੀਂ ਬੁਜ਼ਦਿਲ, ਜੋ ਤੈਨੂੰ ਜਾਣ ਭੁਲਾਈਆ। ਇਹਨਾਂ ਦਾ ਲੇਖਾ ਰਹੇ ਨਾ ਬਿਲਕੁਲ, ਕੁਲ ਦੇ ਮਾਲਕ ਕੁਲਾਂ ਦੇਣੀਆਂ ਤਰਾਈਆ। ਤੇਰਾ ਕੋਈ ਨਾ ਲੱਗੇ ਮੁੱਲ, ਮੁਫ਼ਤ ਬੇੜੇ ਲੈ ਚੜ੍ਹਾਈਆ । ਜੇ ਤੈਨੂੰ ਜਾਵਣ ਭੁਲ, ਅਭੁਲ ਤੂੰ ਨਾ ਦੇਣਾ ਭੁਲਾਈਆ। ਤੇਰਾ ਦਵਾਰਾ ਸਤਿ ਦਾ ਗਿਆ ਖੁਲ੍ਹ, ਖ਼ੁਸ਼ੀ ਵੇਖੇ ਖ਼ਲਕ ਖ਼ੁਦਾਈਆ। ਤੇਰਿਆਂ ਭਗਤਾਂ ਦੀ ਸ਼ਮਅ ਨਾ ਹੋਵੇ ਗੁਲ, ਪ੍ਰਭੂ ਤੂੰ ਪਰਵਾਨਾ ਬਣ ਕੇ ਆਪ ਇਹਨਾਂ ਦੀ ਭੇਟ ਚੜ੍ਹਾਈਆ।
ਤੇਰਾ ਬੂਟਾ ਲੋਕਮਾਤ ਨਾ ਜਾਵੇ ਹੁਲ, ਪੱਤ ਡਾਲ੍ਹੀ ਦੇਣੀ ਮਹਿਕਾਈਆ। ਸਚ ਪ੍ਰੀਤੀ ਜਾਵਣ ਘੋਲ ਘੁਲ, ਘੁੰਮਣ ਘੇਰੀ ਵਿਚੋਂ ਬਾਹਰ ਦੇਣਾ ਕਢਾਈਆ। ਜਨਮ ਜਨਮ ਕਰਮ ਕਰਮ ਵਿਚ ਜਾਣ ਨਾ ਰੁਲ, ਚੁਰਾਸੀ ਗੇੜ ਨਾ ਕੋਇ ਵਖਾਈਆ। ਤੇਰਾ ਨਾਮ ਭੰਡਾਰਾ ਅਨਮੁਲ, ਅਨਮੋਲਕ ਨਜ਼ਰੀ ਆਈਆ। ਜਿਨ੍ਹਾਂ ਨੇ ਮਸਤਕ ਲਾ ਲਈ ਤੇਰੀ ਧੂਲ, ਦਇਆ ਧਰਮ ਸੰਤੋਖ ਉਹਨਾਂ ਝੋਲੀ ਪਾਈਆ। ਅਗੇ ਲੈਣ ਵਾਲਾ ਰਹੇ ਨਾ ਕੋਈ ਮਸੂਲ, ਰਾਏ ਧਰਮ ਸਿਰ ਨਾ ਸਕੇ ਉਠਾਈਆ। ਤੇਰੇ ਪ੍ਰੇਮ ਪਿਆਰ ਮੁਹੱਬਤ ਵਿਚ ਰਹਿਣ ਸਦਾ ਮਸ਼ਗ਼ੂਲ, ਇਕੋ ਰੰਗ ਦੇਣਾ ਵਖਾਈਆ। ਆਪਣੀ ਕਰਨੀ ਦਾ ਲੇਖਾ ਲੈਣ ਵਸੂਲ, ਅਸਲ ਸਭ ਦੀ ਝੋਲੀ ਪਾਈਆ। ਮਿਲਣੀ ਹਕ ਦਾ ਬਣ ਮਹਿਬੂਬ, ਮੁਹੱਬਤ ਨਾਲ ਵਜੇ ਵਧਾਈਆ। ਅਰਸ਼ ਫ਼ਰਸ਼ ਤੋਂ ਉਚਾ ਦੱਸਣਾ ਅਰੂਜ, ਬਿਨਾ ਅਰਜ਼ ਬੇਨੰਤੀ ਓਸ ਦਵਾਰੇ ਦੇਣਾ ਬਹਾਈਆ। ਆਪਣੀ ਕਿਰਪਾ ਨਾਲ ਰਖਣਾ ਮਹਿਫ਼ੂਜ਼, ਚਾਰ ਕੁੰਟ ਹੋਣਾ ਸਹਾਈਆ। ਧੁਰ ਦਰਗਾਹੀ ਪੜ੍ਹੌਣਾ ਹਰੂੁਫ਼, ਬੇਹਰਫ਼ ਆਪਣਾ ਦੇਣਾ ਸਮਝਾਈਆ। ਜਿਸ ਦੀ ਨਾ ਕੋਈ ਮਿਸਾਲ ਨਾ ਪਰੂਫ਼, ਨਾ ਸ਼ਨਾਖ਼ਤ ਸਕੇ ਕੋਇ ਕਰਾਈਆ। ਸਚ ਦਵਾਰੇ ਵਾੜ ਕੇ ਆਪਣੇ ਹਦੂਦ, ਬਿਨਾ ਹੁਜਰ ਤੋਂ ਹੁਜਰਾ ਦੇਣਾ ਵਖਾਈਆ। ਜਿਧਰ ਵੇਖੂੰ ਨਜ਼ਰ ਆਵੇਂ ਮੌਜੂਦ, ਮੁਅਜ਼ਜ਼ ਹੋ ਕੇ ਆਪਣੀ ਸੇਵ ਕਮਾਈਆ। ਅਗੇ ਭਗਤਾਂ ਤੋਂ ਲਿਖੌਂਦਾ ਨਾ ਰਹੀਂ ਕੋਈ ਖ਼ਤੂਤ, ਘਰ ਸੁਤਿਆਂ ਦਰਸ ਦੇਣਾ ਵਖਾਈਆ। ਵੇਖੀਂ ਕਿਸੇ ਦੇ ਕਰਮਾਂ ਦੀ ਨਾ ਵੇਖੀਂ ਕਰਤੂਤ, ਨਿਹਕਰਮੀ ਹੋ ਕੇ ਪਾਰ ਲੰਘਾਈਆ। ਤੇਰੇ ਪਿਆਰਿਆਂ ਦਾ ਪ੍ਰੇਮ ਨਾ ਹੋਵੇ ਗ਼ਰੂਬ, ਸੂਰਜ ਚੰਦ ਬੈਠਣ ਮੁਖ ਛੁਪਾਈਆ। ਕੀ ਹੋਇਆ ਮੁਹੰਮਦ ਕਹੇ ਸਾਨੂੰ ਦੱਸ ਦਿਤਾ ਹਜਾਰਾ ਦਰੂਦ, ਇਸਮ ਆਅਜ਼ਮ ਦਿਤਾ ਜਣਾਈਆ । ਅਸੀਂ ਸਾਰੇ ਦੇਵਣ ਆਏ ਸਬੂਤ, ਸ਼ਹਾਦਤ ਨਾਲ ਗਵਾਹੀਆ। ਤੇਰਾ ਨਾਉਂ ਪੁਖਤਾ ਮਜ਼ਬੂਤ, ਜਿਸ ਨੂੰ ਸਕੇ ਨਾ ਕੋਇ ਤੁੜਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਜਿਸ ਕਹਿ ਲਿਆ ਕਲਬੂਤ, ਉਹ ਕਲਮਿਆਂ ਵਿਚ ਫੇਰ ਕਦੇ ਨਾ ਆਈਆ। ਤੇਰੀ ਮੰਜ਼ਲ ਵੇਖੇ ਮਕ਼ਸੂਦ, ਚੜ੍ਹਕੇ ਨੂਰ ਖ਼ੁਦਾਈਆ। ਤੱਤ ਵਿਛੋੜਾ ਹੋ ਜਾਏ ਵਜੂਦ, ਨੂਰ ਨੂਰ ਰੁਸ਼ਨਾਈਆ। ਤੇਰੇ ਪ੍ਰੇਮ ਪਿਆਰ ਦੀ ਚੰਗਿਆੜੀ ਕਾਮ ਕਰੋਧ ਬਾਰੂਦ, ਹੰਕਾਰ ਦੇਵੇ ਜਲਾਈਆ। ਇਹਨਾਂ ਗ਼ਰੀਬਾਂ ਨਿਮਾਣਿਆਂ ਦਾ ਕਾਰਜ ਆ ਜਾਵੇ ਸੂਤ, ਅਸੁਤੇ ਮਿਲਣਾ ਚਾਈਂ ਚਾਈਂਆ। ਦੁਖੀਆਂ ਦਾ ਮੇਟ ਕੇ ਦੂਖ, ਦਰਦੀਆਂ ਦੀ ਦਰਦ ਵੰਡਾਈਆ। ਜੇ ਕਿਸੇ ਦਾ ਕੋਈ ਲਹਿਣਾ ਹੈਗਾ ਉਹ ਵੀ ਕਰ ਜਾ ਮਨਸੂਖ਼, ਆਪਣਾ ਹੁਕਮ ਸਾਦਰ ਇਕ ਕਰਾਈਆ । ਤੇਰੇ ਵਿਚ ਹਕ ਤੌਫ਼ੀਕ਼, ਹੁਕਮ ਵਿਚ ਵਡਿਆਈਆ। ਜੋ ਚਾਹੇਂ ਸੋ ਕਰ ਦੇਵੇਂ ਮੌਕ਼ੂਫ਼, ਹੁਕਮੇ ਨਾਲ ਮਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੈਗ਼ੰਬਰ ਕਹਿਣ ਅਸੀਂ ਵੇਖਣ ਆਏ ਲੁਗਾਤ, ਜਿਹੜੀ ਆਪਣੇ ਵਿਚ ਛੁਪਾਈਆ । ਕੁਛ ਓਸ ਦੇ ਦੱਸ ਅਲਫ਼ਾਜ, ਜੋ ਮੁਜ਼ੱਕਰ ਮੁਅਨਸ ਦੋਵੇਂ ਰੂਪ ਨਜ਼ਰ ਨਾ ਆਈਆ। ਜਿਸ ਦੇ ਵਿਚ ਆਦਿ ਜੁਗਾਦੀ ਸਵਾ ਲਾਖ, ਬਿਨਾ ਨੰਬਰੀਆਂ ਦਿਤੇ ਪਰਗਟਾਈਆ। ਜੁਗ ਚੌਕੜੀ ਦਾ ਲਿਖਿਆ ਰਿਵਾਜ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸੇਵਾ ਸਮਝਾਈਆ। ਜਿਸ ਦਾ ਲੇਖਾ ਦੱਸੇ ਅਬਿਨਾਸ਼ੀ ਕਰਤਾ ਸੀਸ ਤੇ ਪਹਿਨਣਾ ਤਾਜ, ਤਾਜਰ ਦੋ ਜਹਾਨਾਂ ਨਜ਼ਰੀ ਆਈਆ। ਪੈਗ਼ੰਬਰਾਂ ਨੂੰ ਭੁਲਣੀ ਨਿਮਾਜ਼, ਭਗਤਾਂ ਦਾ ਖੋਲ੍ਹਣਾ ਆਗ਼ਾਜ਼, ਪਰਦਾ ਚੁਕੌਣਾ ਰਾਜ਼, ਸਮਾਜ ਇਕੋ ਦੇਣਾ ਵਖਾਈਆ। ਵੇਖਣਾ ਮਾਰ ਕੇ ਝਾਤ, ਖੋਲ੍ਹ ਕਿਵਾੜੀ ਤਾਕ, ਅੱਠੇ ਪਹਿਰ ਇਕੋ ਕਰ ਪਰਭਾਤ, ਆਤਮ ਪਰਮਾਤਮ ਦੇ ਕੇ ਸਵਾਦ,
ਰਸਨਾ ਜਿਹਵਾ ਰਸ ਦੇਣੇ ਭੁਲਾਈਆ। ਵਖੌਣਾ ਖੇਲ ਤਮਾਸ਼, ਮੰਡਲ ਵਖੌਣੀ ਰਾਸ, ਗੋਪੀ ਕਾਹਨ ਰਖਣੇ ਪਾਸ, ਮੁਖ ਘੁੰਗਟ ਨਾ ਕੋਇ ਜਣਾਈਆ। ਭਗਤਾਂ ਨੂੰ ਦੇਣੀ ਦਾਤ, ਗੁਰਮੁਖਾਂ ਨੂੰ ਸਚ ਸੁਗ਼ਾਤ, ਨਿਮਾਣਿਆਂ ਦੀ ਪੁਛਣੀ ਵਾਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਰੂਪ ਹੋ ਕੇ ਵਸਣਾ ਸਾਥ, ਸਾਂਝੇ ਯਾਰ ਆਪਣਾ ਰੰਗ ਰੰਗਾਈਆ।
੧੨ ਚੇਤ ਸ਼ਹਿਨਸ਼ਾਹੀ ਸੰਮਤ ੧ ਹੰਸ ਰਾਜ ਦੇ ਗ੍ਰਹਿ ਧਿੰਗਾਲੀ
ਪੈਗ਼ੰਬਰ ਕਹਿਣ ਮੁਰੀਦ ਮੁਰਸ਼ਦ ਦਾ ਇਕ ਨੁਕਤਾ, ਦਰਮਿਆਨ ਬੈਠਾ ਡੇਰਾ ਲਾਈਆ। ਨੁਕਤੇ ਦਾ ਓਹਲਾ ਓਸ ਵੇਲੇ ਚੁਕਦਾ, ਜਿਸ ਵੇਲੇ ਰਹਿਮਤ ਆਪ ਕਮਾਈਆ। ਫਿਰ ਭਾਂਡਾ ਫੁਟ ਜਾਏ ਦੁਖ ਦਾ, ਦਲਿਦਰ ਦਏ ਗਵਾਈਆ। ਘਰ ਭੰਡਾਰਾ ਮਿਲ ਜਾਏ ਸੁਖ ਦਾ, ਅੰਮ੍ਰਿਤ ਰਸ ਚਵਾਈਆ। ਭੇਵ ਰਹੇ ਨਾ ਲੁਕ ਦਾ, ਸਨਮੁਖ ਨਜ਼ਰੀ ਆਈਆ। ਜਲਵਾ ਵੇਖੋ ਓਸ ਦਾ, ਜੋ ਅਸਲ ਰੂਪ ਖ਼ੁਦਾਈਆ। ਪਰਦਾ ਉਠੇ ਲੋਕ ਪਰਲੋਕ ਦਾ, ਜਿਮੀਂ ਅਸਮਾਨਾਂ ਪਾਰ ਜਣਾਈਆ। ਸੂਫ਼ੀ ਫ਼ਕੀਰ ਉਹ ਓਥੇ ਪਹੁੰਚਦਾ, ਜੋ ਇਕੋ ਧਿਆਨ ਲਗਾਈਆ। ਜਨ ਭਗਤੋ ਵੇਲਾ ਨਹੀਂ ਹੁਣ ਸੋਚ ਦਾ, ਸੋਚਿਆਂ ਹੱਥ ਕੁਛ ਨਾ ਆਈਆ। ਵਕ਼ਤ ਸੁਹੰਜਣਾ ਪ੍ਰਭ ਦੀ ਮੌਜ ਦਾ, ਮਜਲਸ ਵਿਚ ਬਹਿ ਕੇ ਖ਼ੁਸ਼ੀ ਮਨਾਈਆ । ਤੁਹਾਡਾ ਆਵਣ ਝਗੜਾ ਮੁਕ ਜਾਏ ਰੋਜ਼ ਦਾ, ਜਾਵਣ ਦੀ ਲੋੜ ਰਹੇ ਨਾ ਰਾਈਆ। ਪਿਆਲਾ ਪੀ ਲਉ ਨਾਮ ਖ਼ੁਮਾਰੀ ਮਦਹੋਸ਼ ਦਾ, ਮਧੁਰ ਧੁਨ ਦਏ ਸੁਣਾਈਆ। ਜੋ ਤੁਹਾਡੇ ਅੰਦਰ ਬੋਲਦਾ, ਉਹ ਤੁਹਾਡਾ ਤੁਹਾਨੂੰ ਦਏ ਮਿਲਾਈਆ। ਸੱਜਣ ਸੁਹੇਲੇ ਆਪੇ ਖੋਜਦਾ, ਬਣ ਖੋਜੀ ਫੇਰਾ ਪਾਈਆ। ਉਹ ਲਹਿਣਾ ਦੇਣਾ ਚੁਕਾਵੇ ਦੋਸ਼ ਨਿਰਦੋਸ਼ ਦਾ, ਦੋਸ਼ੀਆਂ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪੈਗ਼ੰਬਰ ਕਹਿਣ ਨੁਕਤੇ ਬਿਨਾ ਸੋਹੇ ਨਾ ਕਦੇ ਨੂਨ, ਮਿਲੇ ਨਾ ਮਾਣ ਵਡਿਆਈਆ। ਇਹ ਨੁਕਤੇ ਦਾ ਕ਼ਾਨੂੰਨ, ਜੋ ਗੁਰਮੁਖਾਂ ਮਨਮੁਖਾਂ ਵੰਡ ਵੰਡਾਈਆ। ਇਹ ਨੁਕਤੇ ਦਾ ਮਜ਼ਮੂਨ, ਜੋ ਮੁਲਜ਼ਮ ਬਰੀ ਕਰਾਈਆ। ਇਹ ਨੁਕਤੇ ਦਾ ਜਨੂਨ, ਜੋ ਜਲਵੇ ਰਿਹਾ ਵਖਾਈਆ। ਇਹ ਨੁਕਤੇ ਦਾ ਫ਼ਰਊਨ, ਖ਼ੁਦਾ ਨੂੰ ਤੀਰ ਲਗਾਈਆ। ਇਹ ਨੁਕਤੇ ਦਾ ਅਸੂਲ, ਅਸਲੀਅਤ ਦਏ ਛੁਪਾਈਆ। ਇਹ ਨੁਕਤੇ ਦਾ ਰੂਲ, ਰੁਲਦਿਆਂ ਦਏ ਤਰਾਈਆ। ਇਹ ਨੁਕਤਾ ਮਾਕੂਲ, ਜੋ ਮੁਕੰਮਲ ਦਿਤਾ ਟਿਕਾਈਆ। ਜਿਹੜੇ ਇਸ ਨੁਕਤੇ ਨੂੰ ਗਏ ਭੂਲ, ਓਹਨਾਂ ਤੋਂ ਭੁੱਲਿਆ ਬੇਪਰਵਾਹੀਆ। ਨੁਕਤਾ ਕਹੇ ਮੈਂ ਭਗਤਾਂ ਦਾ ਮਜ਼ਦੂਰ, ਸੰਤਾਂ ਦੀ ਸੇਵ ਕਮਾਈਆ । ਗੁਰਮੁਖਾਂ ਦੇ ਹਜ਼ੂਰ, ਹਾਜ਼ਰ ਹੋ ਕੇ ਵੇਖ ਵਖਾਈਆ। ਜਿਸ ਵੇਲੇ ਸੂਲੀ ਚੜ੍ਹਿਆ ਸੀ ਮਨਸੂਰ, ਇਹੋ ਨੁਕਤਾ ਉਸ ਪਰੇ ਦਿਤਾ ਹਟਾਈਆ। ਉਹਨੂੰ ਰੱਬ ਦੀ ਰਜ਼ਾ ਹੋ ਗਈ ਮਨਜ਼ੂਰ, ਧਿਆਨ ਇਕ ਨਾਲ ਲਗਾਈਆ। ਕਰ ਕੇ ਸਜ਼ਾ ਉਹ ਪਛਤੌਣ ਲਗੇ ਜ਼ਰੂਰ, ਜਿਨ੍ਹਾਂ ਪੁੱਠੀ ਖੱਲ ਲੁਹਾਈਆ। ਨੁਕਤਾ ਕਹੇ ਮੇਰੇ ਨਾਲ ਨੇੜੇ ਮੇਰੇ ਨਾਲ ਦੂਰ, ਜੇ ਮੈਂ ਨਾ ਹੋਵਾਂ ਫਿਰ ਕ਼ਸੂਰ ਕਰਨ ਵਾਲਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਵਣਹਾਰਾ ਆਪਣਾ ਘਰ, ਨੁਕਤਾ ਨਾਮ ਨੋਕ ਨਾਲ ਅਗੋਂ ਦੇਵੇ ਹਟਾਈਆ।
੧੨ ਚੇਤ ਸ਼ਹਿਨਸ਼ਾਹੀ ਸੰਮਤ ੧ ਕਰਮ ਸਿੰਘ ਦੇ ਗ੍ਰਹਿ ਧਿੰਗਾਲੀ
ਨੁਕਤਾ ਕਹੇ ਜੇ ਮੈਂ ਪੜਦਾ ਲਾਹ ਦਿਆਂ ਨਕ਼ਾਬ, ਓਹਲਾ ਦਿਆਂ ਗਵਾਈਆ। ਫਿਰ ਲੋੜ ਰਹੇ ਨਾ ਕਰਨ ਦੀ ਕੋਈ ਜਾਪ, ਰਸਨਾ ਜਿਹਵਾ ਪੰਧ ਮੁਕਾਈਆ। ਨਜ਼ਰੀ ਆ ਜਾਏ ਸਾਖ਼ਿਆਤ, ਮਾਲਕ ਬੇਪਰਵਾਹੀਆ। ਜਿਸ ਨੂੰ ਸਭ ਨੇ ਮੰਨਿਆ ਬਾਪ, ਪੈਗ਼ੰਬਰਾਂ ਦਾ ਨੂਰ ਖ਼ੁਦਾਈਆ । ਜਿਸ ਵੇਲੇ ਮਿਲ ਜਾਵੇ ਆਪ, ਆਪਣਾ ਭੇਵ ਖੁਲ੍ਹਾਈਆ । ਓਸ ਵੇਲੇ ਰੂਹ ਬੁੱਤ ਦੋਵੇਂ ਹੋ ਜਾਣ ਪਾਕ, ਪਵਿੱਤਰ ਨਜ਼ਰੀ ਆਈਆ। ਜਨਮ ਕਰਮ ਹੋ ਜਾਏ ਮੁਆਫ਼, ਮੁਫ਼ਲਿਸ ਸ਼ਾਹ ਦਏ ਬਣਾਈਆ। ਜੇ ਮਨ ਹੋਵੇ ਗੁਸਤਾਖ਼, ਸ਼ਰਾਰਤ ਉਹਦੀ ਦਏ ਮਿਟਾਈਆ। ਬੰਦਾ ਬਣਾ ਕੇ ਖ਼ਾਦਮ ਖ਼ਾਕ, ਖ਼ਾਲਸ ਆਪਣਾ ਰੰਗ ਚੜ੍ਹਾਈਆ। ਅੰਦਰੇ ਸੁਆਲ ਤੇ ਅੰਦਰੇ ਜੁਆਬ, ਆਪੇ ਦਏ ਸਮਝਾਈਆ। ਮੰਜ਼ਲ ਰਹੇ ਨਾ ਕੋਈ ਘਾਟ, ਅਗਲਾ ਪੰਧ ਨਾ ਕੋਇ ਚਲਾਈਆ। ਇਕ ਸੁਣਾ ਕੇ ਆਪਣੀ ਗਾਥ, ਹੁਕਮ ਧੁਰਦਰਗਾਹੀਆ । ਨੁਕਤਾ ਕਹੇ ਫੇਰ ਝਗੜਾ ਰਹੇ ਨਾ ਕੋਇ ਸਮਾਜ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਹੋਣਾ ਪਏ ਨਾ ਕਿਤੇ ਮੁਹਤਾਜ, ਝੋਲੀ ਅਗੇ ਕਿਸੇ ਨਾ ਡਾਹੀਆ। ਮੰਨਣਾ ਪਏ ਨਾ ਕਿਸੇ ਨਵਾਬ, ਸੁਲਤਾਨਾਂ ਸਿਰ ਨਾ ਕੋਇ ਝੁਕਾਈਆ। ਇਕੋ ਕਰਨਾ ਪਏ ਅਦਾਬ, ਸਜਦਾ ਸ਼ਾਹ ਪਾਤਸ਼ਾਹ ਸੱਚੀ ਸ਼ਹਿਨਸ਼ਾਹੀਆ। ਜਿਸ ਨੇ ਬਖ਼ਸ਼ਿਆ ਸਚ ਖ਼ਤਾਬ, ਰੁਤਬਾ ਦਿਤਾ ਬਣਾਈਆ। ਓਸੇ ਦਾ ਨੁਕਤਾ ਓਸੇ ਦਾ ਨੂਰ ਓਸੇ ਦਾ ਪਰਦਾ ਓਹੀ ਸਭ ਕੁਝ ਰਿਹਾ ਆਖ, ਆਖ਼ਰ ਓਹੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਣਾਵਣਹਾਰਾ ਸਾਚਾ ਦਰ, ਇਸੇ ਨੁਕਤੇ ਦੀ ਸਾਰੇ ਕਰਦੇ ਗਏ ਤਲਾਸ਼, ਫ਼ਕੀਰ ਹਕੀਰ ਕਲਮੇ ਦੀਆਂ ਮੋਮਬੱਤੀਆਂ ਹੱਥਾਂ ਵਿਚ ਉਠਾਈਆ। ਕਲਮਾ ਕਹੇ ਮੈਂ ਓਸ ਨੁਕਤੇ ਦਾ ਪਹਿਰੇਦਾਰ, ਸੇਵਾ ਸਦਾ ਕਮਾਈਆ। ਜਿੰਨਾਂ ਚਿਰ ਹੁਕਮ ਨਾ ਦੇਵੇ ਮੇਰਾ ਯਾਰ, ਇਸ਼ਾਰਾ ਇਕ ਦ੍ਰਿੜਾਈਆ। ਮੈਂ ਧੁਰ ਦਾ ਖ਼ਿਦਮਤਗਾਰ, ਖ਼ਾਦਮ ਨਜ਼ਰੀ ਆਈਆ। ਜਿਸ ਵੇਲੇ ਮੁਰੀਦਾਂ ਨਾਲ ਪਰਵਰਦਿਗਾਰ ਕਰੇ ਪਿਆਰ, ਮੁਹੱਬਤ ਇਕ ਰਖਾਈਆ। ਮੈਨੂੰ ਕਰ ਦੇਵੇ ਖ਼ਬਰਦਾਰ, ਹੁਕਮ ਇਕ ਸੁਣਾਈਆ। ਜਿਸ ਵੇਲੇ ਮੇਰਾ ਲੱਗਾ ਹੋਏ ਦਰਬਾਰ, ਮੁਕਾਮੇ ਹਕ ਸਚਖੰਡ ਸਾਚੇ ਸੋਭਾ ਪਾਈਆ। ਭਗਵਨ ਹੋ ਕੇ ਭਗਤ ਨੂੰ ਕਰਾਂ ਯਾਦ, ਆਪਣੀ ਦਇਆ ਕਮਾਈਆ। ਤੂੰ ਸੁਣ ਕੇ ਓਸੇ ਵੇਲੇ ਆਵਾਜ਼, ਕੁੰਡਾ ਦੇਣਾ ਲਾਹੀਆ। ਇਹ ਨੁਕਤੇ ਵਾਲਾ ਰਾਜ਼, ਉਨ੍ਹਾਂ ਨੂੰ ਦੇਣਾ ਸਮਝਾਈਆ। ਇਸ ਤੋਂ ਪਿਛੇ ਪਿਛੇ ਪੜ੍ਹਨ ਦੀ ਲੋੜ ਨਿਮਾਜ਼, ਅਗੇ ਲਿਖਣ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਇਹ ਬਖ਼ਸ਼ਿਸ਼ ਰਹਿਮਤ ਕਰ ਕੇ ਭਗਤਾਂ ਦਿਤੀ ਦਾਤ, ਦਾਤਾਰ ਹੋ ਕੇ ਆਪ ਵਰਤਾਈਆ। ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਖਿਆ ਸਾਥ, ਉਨ੍ਹਾਂ ਦਰ ਨੁਕਤਾ ਨਿਉਂ ਨਿਉਂ ਸੀਸ ਨਿਵਾਈਆ।
੧੨ ਚੇਤ ਸ਼ਹਿਨਸ਼ਾਹੀ ਸੰਮਤ ੧ ਕਰਤਾਰ ਚੰਦ ਦੇ ਗ੍ਰਹਿ ਧਿੰਗਾਲੀ
ਨੁਕਤਾ ਕਹੇ ਜਿਸ ਵੇਲੇ ਕਿਰਪਾ ਕਰੇ ਪੁਰਖ ਸਮਰਥ, ਦਾਤਾਰ ਦਾਤਾ ਆਪਣੀ ਦਇਆ ਕਮਾਈਆ। ਭਗਤਾਂ ਨਾਲ ਮਿਲਾ ਕੇ ਅੱਖ, ਅੱਖਰ ਆਪਣਾ ਦਏ ਪੜ੍ਹਾਈਆ। ਧੁਰ ਦਾ ਮਾਰਗ ਦੇਵੇ ਦੱਸ, ਮਾਰਗ ਸੱਚਾ ਇਕ ਸਮਝਾਈਆ। ਪ੍ਰੇਮ ਪ੍ਰੀਤੀ ਅੰਦਰ ਹੋ ਜਾਏ ਵਸ, ਵਾਸਤਾ ਆਪਣੇ
ਨਾਲ ਰਖਾਈਆ। ਆਤਮ ਪਰਮਾਤਮ ਕਰ ਦਏ ਇਕੱਠ, ਵਿਛੋੜਾ ਦਏ ਗਵਾਈਆ। ਸਚ ਦਵਾਰ ਖੋਲ੍ਹ ਕੇ ਹੱਟ, ਮੰਦਰ ਸੋਭਾ ਪਾਈਆ। ਦੁਰਮਤ ਮੈਲ ਦੇਵੇ ਕਟ, ਪਤਿਤ ਪਾਪੀ ਪੁਨੀਤ ਰੂਪ ਵਖਾਈਆ। ਹਕ਼ੀਕ਼ਤ ਝੋਲੀ ਪਾਏ ਹਕ, ਹੁਕਮ ਆਪਣਾ ਦਏ ਸਮਝਾਈਆ । ਗੁਰਮੁਖਾਂ ਦੇ ਅੰਦਰੋਂ ਮੇਟ ਕੇ ਸ਼ਕ, ਸ਼ਕੂਕ ਦਏ ਗਵਾਈਆ। ਉਹ ਸਮਝਣ ਜਿਸ ਵੇਲੇ ਇਹ ਮਾਲਕ ਸਾਡਾ ਸਚ, ਧੁਰਦਰਗਾਹੀ ਨਜ਼ਰੀ ਆਈਆ। ਨੁਕਤਾ ਕਹੇ ਮੈਂ ਅੱਗੋਂ ਉਸ ਵੇਲੇ ਜਾਵਾਂ ਹਟ, ਆਪਣਾ ਪਾਸਾ ਲਵਾਂ ਬਦਲਾਈਆ । ਭਗਤ ਭਗਵਾਨ ਦਾ ਇਕੋ ਆਵੇ ਰਸ, ਦੂਜਾ ਸਵਾਦ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪਾਰ ਲੰਘਾਈਆ। ਨੁਕਤਾ ਕਹੇ ਮੈਂ ਭਗਤਾਂ ਵੇਂਹਦਾ ਰਿਹਾ ਮਿਲਦਾ, ਓਹਲੇ ਬਹਿ ਕੇ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਖੇਲ ਰਿਹਾ ਖੇਲਦਾ, ਜੁਗ ਚੌਕੜੀ ਵੇਸ ਵਟਾਈਆ। ਜਿਸ ਵੇਲੇ ਦੀਵਾ ਅਗੰਮੀ ਬਲੇ ਨਾਤਾ ਛਡ ਕੇ ਬੱਤੀ ਤੇਲ ਦਾ, ਨੂਰੋ ਨੂਰ ਕਰੇ ਰੁਸ਼ਨਾਈਆ। ਉਹ ਨਜ਼ਾਰਾ ਦੇ ਕੇ ਸੱਜਣ ਸੁਹੇਲ ਦਾ, ਬਿਨ ਭਗਤਾਂ ਵੇਖਣ ਕੋਇ ਨਾ ਪਾਈਆ। ਇਹ ਖੇਲ ਰੰਗ ਨਵੇਲ ਦਾ, ਸਚਖੰਡ ਨਿਵਾਸੀ ਆਪੇ ਰਿਹਾ ਕਰਾਈਆ। ਓਥੇ ਸਮਾਂ ਨਹੀਂ ਕੋਈ ਕਿਸੇ ਦਲੀਲ ਦਾ, ਸਲਾਹਾਂ ਦੀ ਲੋੜ ਰਹੇ ਨਾ ਰਾਈਆ । ਝਗੜਾ ਚੁਕ ਜਾਏ ਜਗਤ ਵਕੀਲ ਦਾ, ਅਪੀਲ ਫ਼ਰਿਆਦ ਨਾ ਕੋਇ ਜਣਾਈਆ। ਨੁਕਤਾ ਕਹੇ ਮੈਂ ਨੁਕਤਾ ਹਾਂ ਨੁਕਤਰੀਨ ਦਾ, ਤਰਾਵਤ ਨਜ਼ਰੀ ਆਈਆ। ਇਹ ਖੇਲ ਯਾ ਮਬੀਨ ਦਾ, ਆਮੀਨ ਦਏ ਸਮਝਾਈਆ। ਜਨ ਭਗਤੋ ਅਗੇ ਝਗੜਾ ਚੁਕ ਗਿਆ ਦੀਨ ਮਜ਼੍ਹਬ ਤਕ਼ਸੀਮ ਦਾ, ਟੁਕੜੇ ਨਾ ਕੋਇ ਵਖਾਈਆ। ਸੁਖ ਵੇਖੋ ਓਸ ਦੀ ਸੱਚੀ ਤਾਲੀਮ ਦਾ, ਜੋ ਬਿਨ ਤਮਅ ਰਿਹਾ ਪੜ੍ਹਾਈਆ। ਝਗੜਾ ਛਡ ਦਿਓ ਮਨ ਕਮੀਨ ਦਾ, ਕਾਇਆ ਦੇ ਪਾਤਸ਼ਾਹ ਹੋ ਕੇ ਆਪਣਾ ਪਾਤਸ਼ਾਹ ਰੂਪ ਲਉ ਵਟਾਈਆ। ਓਥੇ ਲੇਖਾ ਨਹੀਂ ਅਮੀਰ ਗ਼ਰੀਬ ਦਾ, ਵੱਡਾ ਛੋਟਾ ਨਾ ਕੋਇ ਜਣਾਈਆ। ਹੁਣ ਵੇਲਾ ਬਦਲਣ ਨਸੀਬ ਦਾ, ਕ਼ਰੀਬ ਹੋ ਕੇ ਦਇਆ ਕਮਾਈਆ। ਇਹ ਖੇਲ ਅਗੰਮੀ ਅਜੀਬ ਦਾ, ਅਜਬ ਲੀਲਾ ਰਿਹਾ ਵਰਤਾਈਆ। ਝਗੜਾ ਚੁਕੇ ਸ਼ਰੀਕ ਰਫ਼ੀਕ ਫ਼ਰੀਕ ਦਾ, ਤੌਫ਼ੀਕ਼ ਇਕੋ ਦਏ ਵਡਿਆਈਆ। ਨੁਕਤਾ ਕਹੇ ਭਗਤੋ ਮੈਂ ਤੁਹਾਡਾ ਰਾਹ ਉਡੀਕਦਾ, ਦਿਵਸ ਰੈਣ ਧਿਆਨ ਲਗਾਈਆ। ਮੈਂ ਦਰਵਾਜ਼ਾ ਖੋਲ੍ਹਾਂ ਓਸ ਦਹਿਲੀਜ਼ ਦਾ, ਜਿਸ ਦੇ ਲੰਘਦਿਆਂ ਦਿਲਬਰ ਯਾਰ ਨਜ਼ਰੀ ਆਈਆ। ਓਥੇ ਲੇਖਾ ਨਹੀਂ ਅਕਲ ਸ਼ਅਊਰ ਤਮੀਜ ਦਾ, ਇਕੋ ਮੁਹੱਬਤ ਵਿਚ ਸਮਾਈਆ। ਖੇੜਾ ਵੇਖੋ ਓਸ ਸੱਜਣ ਵਸਨੀਕ ਦਾ, ਜੋ ਸਚ ਦਵਾਰੇ ਬੈਠਾ ਸੋਭਾ ਪਾਈਆ। ਝਗੜਾ ਮਿਟ ਜਾਏ ਸੂਰਜ ਚੰਦ ਅੰਧੇਰੇ ਤਾਰੀਕ ਦਾ, ਇਕੋ ਨੂਰ ਹੋਵੇ ਰੁਸ਼ਨਾਈਆ। ਨਜ਼ਾਰਾ ਤਕੋ ਨੇੜੇ ਤੋਂ ਨੇੜੇ ਨਜ਼ਦੀਕ ਦਾ, ਮੰਜ਼ਲ ਦਰ ਮੰਜ਼ਲ ਹਰਦਿਲ ਹੋ ਕੇ ਦਏ ਕਰਾਈਆ। ਫੇਰ ਗੀਤ ਗਓ ਸਿਫ਼ਤੀ ਭਰੀ ਤਾਰੀਫ਼ ਦਾ, ਤੁਆਰਫ਼ ਕਰ ਕੇ ਖ਼ੁਸ਼ੀ ਮਨਾਈਆ। ਮਜ਼ਾ ਚਖ ਲਓ ਭਗਵਨ ਦੀ ਸੱਚੀ ਪ੍ਰੀਤ ਦਾ, ਜੋ ਪ੍ਰੀਤਮ ਹੋ ਕੇ ਰਿਹਾ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਝਗੜਾ ਮੁਕਾਵੇ ਦੂਜੇ ਦੀ ਤਸਦੀਕ਼ ਦਾ, ਬਿਨ ਸ਼ਹਾਦਤੋਂ ਲੇਖੇ ਦਏ ਮੁਕਾਈਆ।
ਇਕ ਦਿਨ ਮੁੱਲਾ ਕਰਦਾ ਸੀ ਹਿਸਾਬ, ਮਸਜ਼ਦ ਅੰਦਰ ਡੇਰਾ ਲਾਈਆ। ਉਹਦਾ ਵੇਲਾ ਆ ਗਿਆ ਪੜ੍ਹਨ ਦਾ ਨਿਮਾਜ਼, ਵੁਜ਼ੂ ਕਰ ਕੇ ਸਜਦੇ ਵਿਚ ਸੀਸ ਦਿਤਾ ਝੁਕਾਈਆ। ਓਧਰੋਂ ਪੰਡਤ ਦੂਰੋਂ ਆਣ ਕੇ ਕੀਤਾ ਅਦਾਬ, ਸਜਦਾ ਦਿਤਾ ਜਣਾਈਆ। ਜਿਸ ਵੇਲੇ ਉਹਨੇ ਅੱਖਾਂ ਮੀਟ ਕੇ ਕੰਨਾਂ ਵਿਚ ਉਂਗਲੀਆਂ ਪਾਈਆ। ਏਹਨ ਹੌਲੀ ਜਿਹੀ ਦੋ ਉਂਗਲਾਂ ਨਾਲ ਚੁਕ ਲਈ ਉਹਦੀ ਦਵਾਤ, ਸਿਰ ਮਾਰ ਕੇ ਖ਼ੁਸ਼ੀ ਦਿਤੀ ਮਨਾਈਆ । ਨਾਲੇ ਇਕ ਵਰਕਾ ਪਾੜ ਕੇ ਵਿਚੋਂ ਕਿਤਾਬ, ਦੋਂਹ ਉਂਗਲਾਂ ਨਾਲ ਬਾਹਰ ਕਢਾਈਆ। ਓਸ ਵਿਚ ਇਹਦਾ ਵੀ ਸੀ ਚੌਦਾਂ ਰੁਪਈਆਂ ਦਾ ਹਿਸਾਬ, ਜੋ ਉਧਾਰੇ ਲੈ ਕੇ ਗਿਆ ਖਾਈਆ। ਪਿੱਛੇ ਮੁੜ ਕੇ ਕਹਿੰਦਾ ਵਾਹ ਵਾਹ ਝਗੜਾ ਮੁਕਾਇਆ ਰਸੂਲ ਪਾਕ, ਮੇਰਾ ਲੇਖਾ ਸਾਫ਼ ਕਰਾਈਆ। ਓਧਰੋਂ ਮੁੱਲਾ ਵਿਹਲਾ ਹੋ ਗਿਆ ਪੜ੍ਹ ਕੇ ਨਿਮਾਜ਼, ਫੂੜ੍ਹੀ ਉਤੇ ਡੇਰਾ ਲਾਈਆ । ਚਾਰ ਕੁੰਟ ਤਕਿਆ ਕੱਲੀ ਕ਼ਲਮ ਨਜ਼ਰ ਨਾ ਆਈ ਦਵਾਤ, ਦੁਆ ਖ਼ੁਦਾ ਅਗੇ ਕਰ ਕੇ ਇਕ ਆਵਾਜ਼ ਸੁਣਾਈਆ । ਕਿਹੜਾ ਏਥੋਂ ਚੱਕਕੇ ਲੈ ਗਿਆ ਬਦਮਾਸ਼, ਔਂਦਾ ਜਾਂਦਾ ਨਜ਼ਰ ਕੋਇ ਨਾ ਆਈਆ। ਜੇ ਖ਼ੁਦਾਵੰਤ ਕਰੀਮ ਉਹਨੂੰ ਸਜ਼ਾ ਦੇਵੇ ਆਪ, ਜੋ ਮਸਜਦਾਂ ਦਾ ਚੋਰ ਮੁੱਲਾ ਨੂੰ ਲੁਟ ਲੁਟ ਖਾਈਆ। ਜੇ ਉਸ ਨਾਲ ਛੁਹਾਇਆ ਹੋਵੇ ਹਾਥ, ਉਹਦਾ ਹੱਥ ਦੇ ਕਟਾਈਆ। ਜੇ ਉਂਗਲਾਂ ਨੇ ਦਿਤਾ ਹੋਵੇ ਸਾਥ, ਉਂਗਲਾਂ ਦੇ ਲੁਹਾਈਆ। ਆਵਾਜ਼ ਆਈ ਇਹ ਸਭ ਕੁਛ ਲਹਿਣਾ ਮੁਕੇ ਹਿਸਾਬ, ਤੈਨੂੰ ਦਿਆਂ ਜਣਾਈਆ। ਓਧਰੋਂ ਬ੍ਰਾਹਮਣ ਆ ਕੇ ਉਹ ਵਰਕਾ ਰਖ ਕੇ ਆਪਣੀ ਵਿਚ ਕਿਤਾਬ, ਦਵਾਤ ਹੱਥ ਵਿਚ ਉਠਾਈਆ। ਉਹਦੇ ਵਿਚ ਪਾਣੀ ਸੀ ਥੋੜ੍ਹਾ, ਬਾਹਰ ਜਾ ਕੇ ਵਿਚ ਕੀਤਾ ਪੇਸ਼ਾਬ, ਫੜ ਕੇ ਹੱਥ ਨਾਲ ਲਈ ਹਿਲਾਈਆ। ਖ਼ੁਦਾਵੰਦ ਨੇ ਵੇਖ ਕੇ ਕਿਹਾ ਹੁਣ ਨਹੀਂ ਰਹਿ ਗਈ ਪਾਕ, ਇਹ ਕੋਈ ਮੂਰਖ ਇਹਨੂੰ ਕੀ ਦਿਆਂ ਸਜ਼ਾਈਆ। ਥੋੜ੍ਹਾ ਜਿਹਾ ਲੇਖਾ ਰਵਿਦਾਸ ਦੇ ਹਾਥ, ਕਿਉਂਕਿ ਇਹਦੀ ਗੰਢ ਭਗਤ ਨਾਲ ਜੁੜਾਈਆ । ਇਸ ਦੇ ਜਨਮ ਜਨਮ ਜਗ ਵਿਚ ਹੋਣੇ ਜੋ ਨੌ ਦਿਤੇ ਆਖ, ਨਾ ਕੋਈ ਮੇਟੇ ਮੇਟ ਮਿਟਾਈਆ । ਜਿਸ ਵੇਲੇ ਕਲਜੁਗ ਅੰਤ ਪਰਗਟ ਹੋਣਾ ਸਾਖ਼ਿਆਤ, ਇਸ ਦਾ ਲਹਿਣਾ ਦਿਆਂ ਭੁਗਤਾਈਆ। ਏਧਰੋਂ ਇਹ ਅਗੰਮੀ ਰਵਿਦਾਸ ਨੂੰ ਸੁਣ ਗਈ ਆਵਾਜ਼, ਉਹ ਅੰਦਰੇ ਅੰਦਰ ਖ਼ੁਸ਼ੀ ਮਨਾਈਆ। ਕਿਉਂ ਮੇਰਾ ਪੰਡਤ ਨਾਲ ਅੰਤਮ ਹੋਣਾ ਸਾਥ, ਜਨਮ ਜਨਮ ਦਾ ਗੇੜ ਭਵਾਈਆ। ਮੈਂ ਓਸ ਵੇਲੇ ਪ੍ਰਭੂ ਨੂੰ ਦੇਵਾਂ ਆਖ, ਇਹਦੀ ਨਾ ਉਂਗਲੀ ਕਟ ਨਾ ਹਾਥ, ਸ਼ਬਦੀ ਕਾਰ ਦੇ ਭੁਗਤਾਈਆ। ਰਵਿਦਾਸ ਦੇ ਕਾਰਨ ਤੈਨੂੰ ਕੀਤਾ ਮੁਆਫ਼, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਬਚਨ ਹਰ ਸ਼ਬਦ ਵਿਚ ਰੱਖੇ ਰਾਜ਼, ਜੋ ਜਾਗਦਿਆਂ ਸੁੱਤਿਆਂ ਸੁਪਨਿਆਂ ਵਿਚ ਦਿਖਾਈਆ।
੧੨ ਚੇਤ ਸ਼ਹਿਨਸ਼ਾਹੀ ਸੰਮਤ ੧ ਵਕੀਲ ਸਿੰਘ ਦੇ ਗ੍ਰਹਿ ਪਿੰਡ ਧਿੰਗਾਲੀ ਜ਼ਿਲਾ ਜੰਮੂ
ਖੇਲ ਵੇਖ ਪੁਰਖ ਸਮਰਥ, ਬ੍ਰਹਿਮੰਡ ਖੰਡ ਦੋ ਜਹਾਨ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਾਵਣ ਲਗੇ ਜਸ, ਸਚਖੰਡ ਦਵਾਰੇ ਧੁਰ ਦਾ ਢੋਲਾ ਇਕ ਸੁਣਾਈਆ। ਜੋ ਖੇਲ ਤਮਾਸ਼ਾ ਵੇਖਿਆ ਅੱਜ, ਦਿਵਸ ਰੈਣ ਵੱਜੀ ਵਧਾਈਆ। ਪੀਰ ਪੈਗ਼ੰਬਰ ਕਹਿਣ ਸਾਨੂੰ ਕਾਅਬੇ ਨਾਲੋਂ ਚੰਗਾ ਲੱਭਾ ਹੱਜ, ਹਜ਼ਰਤ ਹੋ ਕੇ ਵੇਖ ਵਖਾਈਆ। ਨਿਰਗੁਣ ਧਾਰ ਸਾਰੇ ਆਏ ਨੱਸ, ਦੂਰ ਦੁਰਾਡਾ ਪੰਧ ਮੁਕਾਈਆ। ਵਿਸ਼ਨੂੰ ਕਹੇ ਮੈਂ ਖੋਲ੍ਹ
ਕੇ ਵੇਖੀ ਅੱਖ, ਲੋਕਮਾਤ ਧਿਆਨ ਲਗਾਈਆ। ਪਤਿਪਰਮੇਸ਼ਵਰ ਨਜ਼ਰੀ ਆਇਆ ਪਰਤਖ, ਜੋਤੀ ਜਾਤਾ ਨੂਰ ਇਲਾਹੀਆ। ਬ੍ਰਹਮਾ ਕਹੇ ਮੇਰੇ ਬ੍ਰਹਮ ਦਾ ਦੇਵਣ ਆਇਆ ਹਕ, ਹਕ਼ੀਕ਼ਤ ਦਾ ਮਾਲਕ ਸ਼ਹਿਨਸ਼ਾਹੀਆ। ਸਾਚੇ ਖੇੜੇ ਰਿਹਾ ਵਸ, ਗ੍ਰਹਿ ਮੰਦਰ ਇਕ ਸੁਹਾਈਆ। ਸ਼ੰਕਰ ਭੋਲਾ ਨਾਥ ਕਹੇ ਮੈਂ ਬੋਲ ਕੇ ਦੱਸਾਂ ਸਚ, ਸਚ ਸੰਦੇਸ਼ਾ ਇਕ ਸੁਣਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਦਾ ਨਾਮ ਨਿਧਾਨਾ ਰਹੇ ਰਟ, ਸੋਹਲਾ ਢੋਲਾ ਰਾਗ ਅਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਜਿਸ ਦਾ ਲੇਖਾ ਲਿਖ ਲਿਖ ਗਏ ਦੱਸ, ਖਾਣੀ ਬਾਣੀ ਵੰਡ ਵੰਡਾਈਆ। ਪ੍ਰਿਥਮੀ ਆਕਾਸ਼ ਸੂਰਜ ਚੰਨ ਜੋ ਲੇਖੇ ਲਾਵਣਹਾਰਾ ਰਵ ਸਸ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਬੇਪਰਵਾਹ ਆਪਣੀ ਖੇਲ ਖਿਲਾਈਆ। ਜੋ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸ੍ਰੀ ਭਗਵੰਤ ਵਸਣਹਾਰਾ ਘਟ ਘਟ, ਗ੍ਰਹਿ ਮੰਦਰ ਕਾਇਆ ਅੰਦਰ ਬੈਠਾ ਸੋਭਾ ਪਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਸਰਗੁਣ ਖੇਲ ਮਹਿੰਮਾ ਸ਼ਬਦ ਅਕਥ, ਕਥਨੀ ਕਥ ਨਾ ਕੋਇ ਜਣਾਈਆ। ਜੋ ਨਿਤ ਨਵਿਤ ਜੁਗ ਚੌਕੜੀ ਚਲਾਵਣਹਾਰਾ ਰਥ, ਬਣ ਰਥਵਾਹੀ ਸੇਵ ਕਮਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਦਾਤਾ ਪੁਰਖ ਬਿਧਾਤਾ ਪਰਵਰਦਿਗਾਰ ਸਾਂਝਾ ਯਾਰ ਲਾ ਸ਼ਰੀਕਾ, ਆਪਣੀ ਖੇਲ ਵਖਾਈਆ। ਭਗਤ ਸੁਹੇਲਾ ਲੇਖਾ ਜਾਣੇ ਗੁਰੂ ਗੁਰ ਚੇਲਾ ਠਾਂਡਾ ਸੀਤਾ ਤ੍ਰੈਗੁਣ ਅਤੀਤਾ, ਮਾਤ ਪਿਤ ਕਰ ਕਰ ਹਿਤ ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਆਪਣੀ ਗੋਦ ਉਠਾਈਆ। ਲਹਿਣਾ ਦੇਣਾ ਚੁਕਾਏ ਊਚਾਂ ਨੀਚਾਂ, ਰਾਉ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵੇਖ ਵਖਾਈਆ । ਲੱਖ ਚੁਰਾਸੀ ਵੇਖਣਹਾਰਾ ਜਗਤ ਬਗ਼ੀਚਾ, ਪੱਤ ਡਾਲ੍ਹੀ ਫੁੱਲ ਪੰਖੜੀ ਫਲ ਫੁੱਲ ਵੇਖੇ ਥਾਉਂ ਥਾਈਂਆ। ਸਚ ਸੰਦੇਸ਼ਾ ਨਾਮ ਕਲਮਾ ਕਲਾਮ ਦੇਵਣਹਾਰ ਹਦੀਸਾ, ਧੁਰ ਸੰਦੇਸ਼ਾ ਨਰ ਨਿਰੰਕਾਰਾ ਇਕ ਜਣਾਈਆ। ਭਗਤ ਉਧਾਰੀ ਜਿਸ ਦਾ ਪੇਸ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਰੁਤ ਸੁਹੰਜਣੀ ਬਾਰਾਂ ਚੇਤ, ਵਦੀ ਸੁਦੀ ਨਾ ਕੋਇ ਵਡਿਆਈਆ। ਭਗਤ ਭਗਵਾਨ ਦਾ ਅਨੋਖਾ ਵੇਖਿਆ ਹੇਤ, ਆਤਮ ਪਰਮਾਤਮ ਮਿਲ ਮਿਲ ਖ਼ੁਸ਼ੀ ਮਨਾਈਆ। ਸਤਿ ਧਰਮ ਦੀ ਖੇਲਦੇ ਵੇਖੇ ਖੇਲ, ਕੂੜੀ ਕਿਰਿਆ ਕੂੜ ਤਜਾਈਆ। ਦੂਈ ਦਵੈਤੀ ਰਿਹਾ ਨਾ ਕੋਈ ਭੇਤ, ਸ਼ਰਅ ਸ਼ਰੀਅਤ ਨਾ ਕੋਇ ਲੜਾਈਆ। ਨਿਜ ਨੇਤਰ ਲੋਚਨ ਨੈਣ ਗ੍ਰਹਿ ਮੰਦਰ ਅੰਦਰ ਰਹੇ ਵੇਖ, ਧੁਰ ਦਾ ਪੜਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੀਰ ਪੈਗ਼ੰਬਰ ਕਹਿਣ ਅਸੀਂ ਕਰੀਏ ਸਜਦਾ, ਨਿਉਂ ਨਿਉਂ ਸੀਸ ਝੁਕਾਈਆ। ਮੁਰਸ਼ਦ ਵੇਖਿਆ ਮੁਰੀਦਾਂ ਬਰਦਾ, ਦਰ ਦਰਵੇਸ਼ ਫੇਰਾ ਪਾਈਆ। ਸਚ ਪੈਗ਼ਾਮ ਸੁਣਾ ਕੇ ਪੜ੍ਹਦਾ, ਅਲਿਫ਼ ਯੇ ਨਾ ਕੋਇ ਜਣਾਈਆ। ਭੇਵ ਖੁਲ੍ਹਾ ਕੇ ਸਾਚੇ ਘਰ ਦਾ, ਘਰ ਘਰ ਪੜਦੇ ਰਿਹਾ ਉਠਾਈਆ। ਕਰੇ ਵੇਸ ਨਰਾਇਣ ਨਰ ਦਾ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਜਨ ਭਗਤਾਂ ਦੇ ਨਿਰਗੁਣ ਧਾਰ ਹੋ ਕੇ ਅੰਦਰ ਵੜਦਾ, ਬਜਰ ਕਪਾਟੀ ਕੁੰਡਾ ਰਿਹਾ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਇਕੋ ਪੜ੍ਹਦਾ, ਦੂਜੀ ਰਮਜ਼ ਨਾ ਕੋਇ ਜਣਾਈਆ। ਸਾਚੇ ਮਾਰਗ ਗੁਰਮੁਖ ਸੱਜਣ ਵਿਰਲਾ ਚਲਦਾ, ਜਿਸ ਅੰਤਰ ਆਤਮ ਬੂਝ ਬੁਝਾਈਆ। ਕਲਜੁਗ ਕੂੜ ਕੁੜਿਆਰਾ ਵੇਖੋ ਕਲ ਦਾ, ਦੁਰਮਤ ਮੈਲ ਨਾ ਕੋਇ ਧੁਆਈਆ। ਰਾਜਾ ਰਾਣਾ ਇਕ ਦੂਜੇ ਨਾਲ ਲੜਦਾ, ਝਗੜਾ ਮੁਕੇ ਨਾ ਜਗਤ ਲੋਕਾਈਆ। ਭਗਤ
ਭਗਵਾਨ ਇਕ ਦੂਜੇ ਅੰਦਰ ਰਲਦਾ, ਜੋਤੀ ਜੋਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਕਹਿਣ ਵੇਖਿਆ ਦਿਨ ਦਿਹਾੜਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਪ੍ਰਭ ਠਾਕਰ ਸਵਾਮੀ ਆਤਮ ਰਾਮ ਪਿਆਰਾ, ਪ੍ਰੀਤਮ ਆਪਣਾ ਰੰਗ ਰੰਗਾਈਆ। ਜਨ ਭਗਤਾਂ ਦੇ ਕੇ ਸਚ ਸਹਾਰਾ, ਜੀਵਣ ਜੁਗਤ ਇਕ ਸਮਝਾਈਆ। ਕੂੜੀ ਕਿਰਿਆ ਪਾਰ ਕਿਨਾਰਾ, ਜੂਠ ਝੂਠ ਰਿਹਾ ਗਵਾਈਆ। ਸਾਚਾ ਇਸ਼ਟ ਖੋਲ੍ਹ ਕੇ ਦ੍ਰਿਸ਼ਟ ਮੇਲ ਮਿਲਾ ਕੇ ਜਿਉਂ ਰਾਮਾ ਵਸ਼ਿਸ਼ਟ ਮੰਦਰ ਦਸਾਏ ਇਕੋ ਗੁਰੂਦਵਾਰਾ, ਸ਼ਿਵਦਵਾਲਾ ਮਠ ਸਚ ਸਮਝਾਈਆ। ਕਾਇਆ ਮੰਦਰ ਖੋਲ੍ਹੋ ਸਚ ਕਿਵਾੜਾ, ਜਿਸ ਘਰ ਵਸਿਆ ਬੇਪਰਵਾਹੀਆ। ਹੱਥ ਨਾ ਆਵੇ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਰਿਹਾ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਦੇਵਣ ਆਏ ਹੋਕਾ, ਧੁਰ ਦਾ ਹੁਕਮ ਇਕ ਸੁਣਾਈਆ। ਜਨ ਭਗਤੋ ਰੋਂਦੇ ਵੇਖੋ ਚੌਦਾਂ ਲੋਕਾ, ਚੌਦਾਂ ਤਬਕ ਦੇਣ ਦੁਹਾਈਆ। ਲੋਕਮਾਤ ਪ੍ਰਭ ਨੂੰ ਮਿਲਣਾ ਨਹੀਂ ਸੌਖਾ, ਬਿਨ ਪੂਰੇ ਸਤਿਗੁਰ ਮੁਰਸ਼ਦ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਦੇਹੀ ਦਿਤਾ ਮੌਕਾ, ਲੱਖ ਚੁਰਾਸੀ ਵਿਚੋਂ ਉਤਮ ਸ੍ਰੇਸ਼ਟ ਇਕ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਨੂੰ ਆਇਆ ਅੱਜ ਸਵਾਦ, ਪ੍ਰੇਮ ਪ੍ਰੀਤੀ ਵੇਖ ਵਖਾਈਆ। ਗੁਰਮੁਖੋ ਤੁਹਾਡੇ ਅੰਦਰ ਇਕ ਵੈਰਾਗ, ਜੋ ਵੈਰੀ ਕਾਮ ਕਰੋਧ ਲੋਭ ਮੋਹ ਰਿਹਾ ਮਿਟਾਈਆ। ਤੁਹਾਡੀ ਸੁਰਤ ਸਵਾਣੀ ਗਈ ਜਾਗ, ਸ਼ਬਦ ਹਾਣੀ ਨਾਲ ਮਿਲਾਈਆ। ਤੁਹਾਡੀ ਬੁੱਧੀ ਨਾ ਰਹੀ ਕਾਗ, ਹੰਸ ਹੋਣਾ ਥਾਉਂ ਥਾਈਂਆ । ਦੁਰਮਤ ਮੈਲ ਜਗਤ ਦਾ ਵੇਖਿਆ ਦਾਗ਼, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪ ਕੁਹਾਈਆ। ਸਚ ਸਵਾਮੀ ਧੁਰ ਦਾ ਕੰਤ ਸੁਹਾਗ, ਵਿਛੜੀ ਆਤਮ ਜੋੜ ਜੁੜਾਈਆ। ਕਾਇਆ ਮੰਦਰ ਅੰਦਰ ਦੀਪਕ ਜੋਤ ਜਗੇ ਚਿਰਾਗ਼, ਦੀਵਾ ਬਾਤੀ ਕਮਲਾਪਾਤੀ ਪੁਰਖ ਅਬਿਨਾਸ਼ੀ ਗ੍ਰਹਿ ਗ੍ਰਹਿ ਕਰੇ ਆਪ ਰੁਸ਼ਨਾਈਆ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤੀ, ਨਿਝਰ ਝਿਰਨਾ ਕਵਲ ਨਾਭ ਚਵਾਈਆ। ਦਰਸ ਦਿਖਾਏ ਇਕ ਇਕਾਂਤੀ ਬਹੁ ਬਿਧ ਭਾਂਤੀ, ਭਾਂਡਾ ਭਰਮ ਭੌ ਭੰਨਾਈਆ। ਭਾਗਾਂ ਭਰੀ ਘੜੀ ਸੁਲਖਣੀ ਆ ਗਈ ਗੁਰਮੁਖ ਦੀ ਰਾਤੀ, ਭਿੰਨੜੀ ਆਪਣਾ ਫੇਰਾ ਪਾਈਆ। ਸਾਹਿਬ ਸਤਿਗੁਰ ਬਣ ਕੇ ਆਇਆ ਧੁਰ ਦਾ ਸਾਕੀ, ਰਾਮ ਨਾਮ ਜਾਮ ਪਿਆਲਾ ਦਏ ਪਿਆਈਆ। ਮਨੂਆ ਮਨ ਨਾ ਰਹੇ ਆਕੀ, ਸਤਿ ਸਤਿਵਾਦੀ ਦਏ ਸਮਝਾਈਆ । ਕਾਇਆ ਅੰਦਰੋਂ ਖੋਲ੍ਹ ਕੇ ਖਿੜਕੀ ਤਾਕੀ, ਪੜਦਾ ਉਹਲਾ ਦਏ ਉਠਾਈਆ। ਜਨਮ ਕਰਮ ਦਾ ਲਹਿਣਾ ਮੁਕਾ ਕੇ ਬਾਕੀ, ਅਗਲਾ ਲੇਖਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸਾਂ ਵੇਖਿਆ ਦੀਨ ਦਿਆਲ, ਏਕਾ ਦਇਆ ਕਮਾਈਆ। ਜਨ ਭਗਤਾਂ ਸਾਚੇ ਸੰਤਾਂ ਗੁਰਮੁਖਾਂ ਕਰੇ ਸਿੰਗਾਰ, ਅੰਦਰ ਬਾਹਰ ਵੇਖ ਵਖਾਈਆ। ਭੇਵ ਚੁਕਾ ਕੇ ਸ਼ਾਹ ਕੰਗਾਲ, ਗ਼ਰੀਬ ਨਿਮਾਣੇ ਗੋਦ ਉਠਾਈਆ। ਤ੍ਰੈਗੁਣ ਮਾਇਆ ਜਨਮ ਦਾ ਕਟ ਕੇ ਕੂੜ ਖ਼ਿਆਲ, ਸਾਚੀ ਧਰਮਸਾਲ ਇਕ ਵਖਾਈਆ। ਜਿਥੇ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਲੇਖ ਨਾ ਸਕੇ ਵਖਾਲ, ਲਾੜੀ ਮੌਤ ਨਾ ਅੰਤ ਪਰਨਾਈਆ । ਮਾਨਸ ਜਨਮ ਮਾਨਵ ਜ਼ਿੰਦਗੀ ਦਾ ਪੂਰਾ ਹੋਵੇ ਸਵਾਲ, ਅਹਿਵਾਲ ਆਪਣਾ ਦਏ ਦ੍ਰਿੜਾਈਆ। ਕੰਢੀ ਫਿਰਦੇ ਲਏ ਭਾਲ, ਨਿਰਗੁਣ
ਹੋ ਕੇ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਲੈਣ ਆਏ ਮਾਣ, ਸ਼ਾਬਾਸ਼ ਕਹਿ ਕੇ ਸ਼ੁਕਰ ਦਿਤਾ ਮਨਾਈਆ । ਤੂੰ ਜੋਤ ਸਰੂਪ ਮਿਲਿਆ ਸ੍ਰੀ ਭਗਵਾਨ, ਮੰਜ਼ਲ ਆਸਾਨ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਕਹਿਣ ਸੁਹੰਜਣੀ ਰਾਤੀ, ਭਿੰਨੜੀ ਵੇਸ ਵਟਾਈਆ। ਜਨ ਭਗਤੋ ਤੁਹਾਡੀ ਚੜ੍ਹੀ ਅਗੰਮੀ ਪਰਭਾਤੀ, ਜਿਸ ਨੂੰ ਸਕੇ ਨਾ ਕੋਈ ਬਦਲਾਈਆ । ਤੁਹਾਡਾ ਆਪਣਾ ਮਾਲਕ ਪੁਰਖ ਅਬਿਨਾਸ਼ੀ, ਨਾ ਜਨਮੇ ਨਾ ਮਰੇ ਨਾ ਜਾਈਆ। ਜੁਗ ਚੌਕੜੀ ਵੇਖੇ ਖੇਲ ਤਮਾਸ਼ੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੇ ਸੇਵਕ ਦਾਸ ਦਾਸੀ, ਤਤ ਨਿਤ ਨਵਿਤ ਭੱਜਣ ਵਾਹੋ ਦਾਹੀਆ। ਗੋਪੀ ਕਾਹਨ ਜਿਸ ਦੀ ਮੰਡਲ ਮੰਡਪ ਪੌਂਦੇ ਰਾਸੀ, ਵੇਸ ਅਨੇਕਾ ਰੂਪ ਵਟਾਈਆ। ਰਸਨਾ ਜਿਹਵਾ ਬੱਤੀ ਦੰਦ ਜਿਸ ਨੂੰ ਗੌਂਦੇ ਸਵਾਸ ਸਵਾਸੀ, ਦਿਵਸ ਰੈਣ ਢੋਲੇ ਗਾਈਆ । ਜਿਸ ਦਾ ਲੱਖ ਚੁਰਾਸੀ ਜੀਵ ਜੰਤ ਅੰਡਜ ਜੇਰਜ ਉਤਭੁਜ ਸੇਤਜ ਸਾਜਣ ਸਾਜੀ, ਸੱਜਣ ਦਾਤਾ ਇਕ ਅਖਵਾਈਆ। ਸ਼ਾਹੋ ਭੂਪ ਵਡ ਰਾਜਨ ਰਾਜੀ, ਸੁਲਤਾਨ ਇਕ ਅਖਵਾਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨੂਰ ਜੋਤ ਇਕ ਪਰਕਾਸ਼ੀ, ਦੋ ਜਹਾਨ ਕਰੇ ਰੁਸ਼ਨਾਈਆ। ਲੇਖਾ ਲਿਖੇ ਅਗੰਮੀ ਬਾਤੀ, ਪੂਰਬ ਰਿਹਾ ਜਣਾਈਆ। ਜਿਸ ਦੀ ਕੋਈ ਸਮਝ ਨਾ ਸਕੇ ਸਾਖ਼ੀ, ਸੋ ਸਾਖ਼ਿਆਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਿਹਰ ਨਜ਼ਰ ਕਹੇ ਪ੍ਰਭੂ ਬੇਨਜ਼ੀਰ, ਨਜ਼ਰ ਕਿਸੇ ਨਾ ਆਈਆ। ਗੁਰਮੁਖੋ ਤੁਹਾਡੀ ਬਦਲਣ ਆਇਆ ਤਕ਼ਦੀਰ, ਤਦਬੀਰ ਆਪਣੇ ਵਿਚ ਛੁਪਾਈਆ। ਕਲਜੁਗ ਕੂੜੀ ਕਿਰਿਆ ਤੋੜ ਜ਼ੰਜੀਰ, ਸਤਿ ਸਤਿ ਨਾਮ ਇਕ ਸਮਝਾਈਆ। ਚੋਟੀ ਚਾੜ੍ਹ ਕੇ ਇਕ ਅਖ਼ੀਰ, ਮੰਜ਼ਲ ਆਪਣੀ ਆਪ ਵਖਾਈਆ। ਦੁਖ ਭੁਖ ਵਿਚ ਨਾ ਹੋਏ ਕੋਇ ਦਲਗੀਰ, ਦਲਿਦ੍ਰੀਆਂ ਦਲਿਦਰ ਨਾ ਕੋਇ ਮਿਟਾਈਆ । ਜਿਸ ਦੇ ਪ੍ਰੇਮ ਪਿਆਰ ਇਸ਼ਕ ਅੰਦਰ ਸੂਲੀ ਚੜ੍ਹ ਗਿਆ ਮਨਸੂਰ, ਸੋ ਮਨਸਾ ਪੂਰ ਸੋਭਾ ਪਾਈਆ। ਤੁਹਾਡੇ ਜਨਮ ਕਰਮ ਦਾ ਲੇਖਾ ਪੂਰਾ ਕਰੇ ਜ਼ਰੂਰ, ਪੂਰਬ ਕਰਮਾਂ ਖੋਜ ਖੁਜਾਈਆ। ਠਾਕਰ ਸੇਵਕ ਹੋ ਕੇ ਬਣੇ ਮਜ਼ਦੂਰ, ਘਰ ਘਰ ਚਾਕਰੀ ਆਪ ਕਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਨਾਤਾ ਜਾਣੋ ਕੂੜ, ਥਿਰ ਰਹਿਣ ਕੋਇ ਨਾ ਪਾਈਆ। ਮਾਇਆ ਮਮਤਾ ਤੋੜ ਦਿਉ ਗ਼ਰੂਰ, ਜਗਤ ਹੰਕਾਰ ਵਿਕਾਰ ਕੰਮ ਕਿਸੇ ਨਾ ਆਈਆ। ਸਾਚੇ ਨਾਮ ਦਾ ਲਓ ਸਰੂਰ, ਰਾਮ ਘਟ ਘਟ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ । ਜਨ ਭਗਤ ਕਹਿਣ ਆਇਆ ਅੱਜ, ਨਿਰਗੁਣ ਆਪਣਾ ਫੇਰਾ ਪਾਈਆ। ਸਾਨੂੰ ਨਿਸਚੇ ਕਰਾ ਦੇ ਸਚ, ਭੇਵ ਅਭੇਦਾ ਆਪ ਖੁਲ੍ਹਾਈਆ। ਕੀ ਸਾਡੇ ਅੰਦਰ ਜਾਵੇਂਗਾ ਵਸ, ਘਰ ਮੰਦਰ ਡੇਰਾ ਲਾਈਆ। ਕੀ ਸਾਡੀ ਖੋਲ੍ਹ ਜਾਵੇਂ ਅੱਖ, ਨਿਜ ਨੇਤਰ ਨੈਣ ਦਰਸ਼ਨ ਪਾਈਆ। ਪਰਗਟ ਹੋਵੇਂ ਪਰਤਖ, ਸਵੱਛ ਸਰੂਪ ਧਰਾਈਆ। ਦੂਰ ਦੁਰਾਡਾ ਸੱਦਿਆਂ ਆਵੇਂ ਨੱਠ, ਬਿਨ ਲੱਤਾਂ ਪੈਰਾਂ ਪੰਧ ਮੁਕਾਈਆ। ਅੰਮ੍ਰਿਤ ਆਤਮ ਵੇਖੇਂਗਾ ਝੱਟ, ਰਸ ਅਗੰਮ ਚਖਾਈਆ। ਜੋਤ ਕਰੇਂਗਾ ਪਰਕਾਸ਼, ਅੰਧ ਅੰਧੇਰ ਗਵਾਈਆ। ਸੁੱਤਿਆਂ ਜਾਗਦਿਆਂ ਵਸੇਂਗਾ ਸਾਥ, ਸਾਚਾ ਆਪਣਾ ਰਾਹ ਵਖਾਈਆ। ਏਥੇ ਓਥੇ ਦੋ ਜਹਾਨਾਂ ਬਣੇਂਗਾ ਮਾਈ ਬਾਪ, ਪਿਤਾ ਪੁਰਖ ਅਕਾਲ ਆਪਣੀ ਗੋਦ ਉਠਾਈਆ। ਇਕੋ ਇਕ ਦੱਸ ਕੇ ਸੱਚਾ ਜਾਪ, ਸਤਿ ਸਰੂਪ ਲੈਣਾ ਮਿਲਾਈਆ। ਪੁਰਖ ਅਕਾਲ ਕਿਹਾ ਇਹ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਭਵਿਖਤ ਵਿਚ ਲਿਖਿਆ ਵਾਕ, ਜੋ ਲਹਿਣਾ ਦੇਣਾ
ਰਿਹਾ ਚੁਕਾਈਆ । ਜਨ ਭਗਤੋ ਤੁਸੀਂ ਮੇਰੇ ਮੈਂ ਤੁਹਾਡੀ ਜ਼ਾਤ, ਦੂਜਾ ਨਜ਼ਰ ਕੋਇ ਨਾ ਆਈਆ। ਕਰਾਂ ਖੇਲ ਉਪਰ ਪ੍ਰਿਥਮੀ ਆਕਾਸ਼, ਗਗਨ ਮੰਡਲ ਪੁਰੀ ਲੋਅ ਆਪਣਾ ਹੁਕਮ ਵਰਤਾਈਆ। ਤੁਹਾਡਾ ਕਾਇਆ ਖੇੜਾ ਅੰਤਮ ਹੋਣ ਨਾ ਦੇਵਾਂ ਬਰਬਾਦ, ਬਰਬਾਦੀ ਤੋਂ ਪਹਿਲੇ ਆਬਾਦ ਸਚਖੰਡ ਕਰਾਈਆ। ਜਿਸ ਨੂੰ ਜਗਤ ਜਨਮ ਦੀ ਭੁੱਲੀ ਨਹੀਂ ਯਾਦ, ਅਗੇ ਭੁਲ ਕਦੇ ਨਾ ਜਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਤੁਹਾਡਾ ਵੇਖਣ ਆਏ ਹਕ ਮਿਜ਼ਾਜ, ਅੰਦਰ ਬੈਠੇ ਧਿਆਨ ਲਗਾਈਆ। ਤੁਸੀਂ ਸਚ ਪ੍ਰੀਤੀ ਵਿਚ ਹੋਣਾ ਵਿਸਮਾਦ, ਬਿਸਮਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਜਨ ਭਗਤ ਕਹਿਣ ਪ੍ਰਭ ਕੀ ਦੇਵੇਂ ਦਾਤ, ਸਚ ਦੇ ਸਮਝਾਈਆ। ਪੁਰਖ ਅਬਿਨਾਸ਼ੀ ਕਹੇ ਆਤਮ ਪਰਮਾਤਮ ਜੋੜਾਂ ਨਾਤ, ਵਿਛੋੜਾ ਰਹਿਣ ਕੋਇ ਨਾ ਪਾਈਆ। ਜਨ ਭਗਤ ਕੀ ਲੇਖਾ ਲਿਖੇਂ ਨਾਲ ਕ਼ਲਮ ਦਵਾਤ, ਪੁਰਖ ਅਕਾਲ ਕਿਹਾ ਗੁਰ ਅਵਤਾਰ ਪੀਰ ਪੈਗ਼ੰਬਰ ਸਦਾ ਰੱਖਾਂ ਸਾਥ, ਨਿਜ ਨੇਤਰ ਸਭ ਨੂੰ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਅੱਜ ਦੀ ਰਾਤ ਕਹੇ ਮੈਂ ਸੁਣਾਵਾਂ ਗੀਤ, ਗਹਿਰ ਗੰਭੀਰ ਦਿਤੀ ਵਡਿਆਈਆ। ਪਤਿਪਰਮੇਸ਼ਵਰ ਠਾਕਰ ਸਵਾਮੀ ਕੂੜੀ ਕਿਰਿਆ ਬਦਲ ਦੇਣੀ ਰੀਤ, ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਜੀਵ ਜੰਤ ਪਰਖਣਹਾਰਾ ਨੀਤ, ਨਿਜ ਘਰ ਵਾਸੀ ਪੁਰਖ ਅਬਿਨਾਸ਼ੀ ਗ੍ਰਹਿ ਗ੍ਰਹਿ ਫੋਲ ਫੁਲਾਈਆ। ਸਦੀ ਚੌਧਵੀਂ ਰਹੀ ਬੀਤ, ਵੇਲਾ ਵਕ਼ਤ ਨੇੜੇ ਆਈਆ। ਮੁਹੰਮਦ ਕਹੇ ਮੇਰੀ ਪੂਰੀ ਹੋਵੇ ਹਦੀਸ, ਜੋ ਹਜ਼ਰਤ ਹੋ ਕੇ ਗਿਆ ਸੁਣਾਈਆ । ਈਸਾ ਕਹੇ ਮੇਰੇ ਪਿਤਾ ਦੀ ਮੈਨੂੰ ਉਡੀਕ, ਜੋ ਜਲਵਾ ਨੂਰ ਖ਼ੁਦਾਈਆ। ਨਾਨਕ ਗੋਬਿੰਦ ਕਹੇ ਉਹ ਕਲ ਕਲਕੀ ਆਵੇ ਠੀਕ, ਠੀਕਰ ਸਭ ਦਾ ਭੰਨ ਵਖਾਈਆ। ਏਕਾ ਰੰਗ ਰੰਗਾ ਕੇ ਹਸਤ ਕੀਟ, ਰਾਓ ਰੰਕ ਇਕੋ ਦਰ ਬਹਾਈਆ। ਆਤਮ ਪਰਮਾਤਮ ਮਿਲਣ ਦੀ ਦੱਸੇ ਸਚ ਤਮੀਜ਼, ਕੂੜੀ ਤਮਅ ਦਏ ਗਵਾਈਆ। ਸਚ ਪ੍ਰੀਤੀ ਪਰਮ ਪੁਰਖ ਦੀ ਦਿਸੇ ਇਕ ਅਤੀਤ, ਤ੍ਰੈਗੁਣ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚ ਸਰਨਾਈਆ। ਸਰਨਾਈ ਕਹੇ ਮੈਂ ਭਗਤਾਂ ਜੋਗੀ, ਜਗਤ ਜੋਗੀਸ਼ਰ ਦਏ ਜਣਾਈਆ । ਜਿਨ੍ਹਾਂ ਨੂੰ ਠਾਕਰ ਮਿਲਦਾ ਧੁਰ ਦਾ ਚੋਜੀ, ਉਹਨਾਂ ਨਾਲ ਮੇਰੀ ਕੁੜਮਾਈਆ। ਉਹ ਕੂੜ ਕਰਮ ਦਾ ਰਹੇ ਨਾ ਕੋਈ ਰੋਗੀ, ਹਉਮੇ ਦੁਖ ਮਿਟਾਈਆ। ਘਰ ਵਿਚ ਘਰ ਉਹਨਾਂ ਆਵੇ ਸੋਝੀ, ਸਮਝ ਇਕੋ ਇਕ ਰਖਾਈਆ। ਅਬਿਨਾਸ਼ੀ ਕਰਤਾ ਦੀਨ ਦਿਆਲ ਜਨ ਭਗਤਾਂ ਨੂੰ ਚੁੱਕੇ ਆਪਣੀ ਗੋਦੀ, ਬਾਹੋਂ ਪਕੜ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲਏ ਮਿਲਾਈਆ। ਘਰ ਸਾਚੇ ਹੁੰਦਾ ਵੇਖਿਆ ਮਿਲਾਪ, ਮਿਲਣੀ ਹਰਿ ਕਰਾਈਆ। ਪੁਰਖ ਅਬਿਨਾਸ਼ੀ ਗਹਿਰ ਗੰਭੀਰ ਬੇਨਜ਼ੀਰ ਨਿਰਗੁਣ ਧਾਰ ਆਏ ਆਪ, ਅਕਲ ਕਲਧਾਰੀ ਵੇਸ ਵਟਾਈਆ। ਜਨ ਭਗਤਾਂ ਕੋਟ ਜਨਮ ਦੇ ਉਤਾਰ ਕੇ ਝੂਠੇ ਪਾਪ, ਦੁਰਮਤ ਮੈਲ ਧਵਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਪਾਠ, ਕਾਇਆ ਪਾਠਸ਼ਾਲਾ ਦਿਤੀ ਬਣਾਈਆ। ਜਿਥੇ ਇਕੋ ਤੂੰ ਹੀ ਤੂੰ ਹੀ ਦੀ ਆਵਾਜ਼, ਦੂਜਾ ਰੰਗ ਨਾ ਕੋਇ ਰੰਗਾਈਆ। ਜੋ ਗੀਤਾ ਗਿਆਨ ਰਿਹਾ ਆਖ, ਅਠਾਰਾਂ ਧਿਆਏ ਦੇਣ ਗਵਾਹੀਆ। ਜੋ ਕਾਹਨ ਪੌਂਦਾ ਰਿਹਾ ਰਾਸ, ਗੋਪੀਆਂ ਕਾਹਨ ਨਾਚ ਨਚਾਈਆ। ਜੋ ਰਾਮ ਫਿਰੇ ਬਨਬਾਸ, ਸੀਤਾ ਸੰਗ ਨਿਭਾਈਆ । ਸੋ ਹਰ ਘਟ ਕਰੇ ਪਰਕਾਸ਼, ਬੈਠਾ ਸੋਭਾ ਪਾਈਆ। ਜੇ ਜਨ ਭਗਤੋ ਭਗਵਨ ਉਤੇ ਪੂਰਾ
ਰਖੋ ਵਿਸ਼ਵਾਸ, ਹਰਿ ਚਰਨ ਧਿਆਨ ਲਗਾਈਆ। ਉਹ ਰਹਿਣ ਨਾ ਦੇਵੇ ਕੋਈ ਉਦਾਸ, ਚਿੰਤਾ ਗ਼ਮੀ ਦਏ ਕਢਾਈਆ। ਗਲੋਂ ਕਟ ਕੇ ਜਮ ਦੀ ਫ਼ਾਸ, ਲੱਖ ਚੁਰਾਸੀ ਗੇੜ ਮੁਕਾਈਆ । ਸਚ ਦਵਾਰੇ ਕਰੇ ਨਿਵਾਸ, ਜਿਥੇ ਆਪਣਾ ਡੇਰਾ ਲਾਈਆ। ਇਕੋ ਨੂਰ ਓਥੇ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰ ਸਰਨਾਈਆ। ਜਨ ਭਗਤ ਕਹਿਣ ਪ੍ਰਭ ਕਲਜੁਗ ਕੂੜਾ, ਚਾਰੋਂ ਕੁੰਟ ਘੇਰਾ ਪਾਈਆ। ਜੀਵ ਜੰਤ ਬਣਾਇਆ ਮੂਰਖ ਮੁਗਧ ਮੂੜ੍ਹਾ, ਚਤੁਰ ਸੁਜਾਨ ਨਜ਼ਰ ਕੋਇ ਨਾ ਆਈਆ। ਕਿਸੇ ਨਜ਼ਰ ਨਾ ਆਏ ਤੇਰਾ ਧੁਰ ਦਾ ਨੂਰਾ, ਜੋਤੀ ਜੋਤ ਨਾ ਦਿਸੇ ਰੁਸ਼ਨਾਈਆ। ਬਚਨਾਂ ਉਤਰੇ ਕੋਈ ਨਾ ਪੂਰਾ, ਦੋਸਤ ਮਿਤਰ ਸੱਜਣ ਸਾਕ ਠੱਗੀ ਰਹੇ ਕਮਾਈਆ। ਚਾਰ ਕੁੰਟ ਕੂੜੀ ਕਿਰਿਆ ਜੂਠ ਝੂਠ ਮਚਾਇਆ ਫ਼ਤੂਰਾ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਲੜਾਈਆ। ਤੇਰੇ ਭਗਤਾਂ ਮਿਟਿਆ ਸਗਲ ਵਸੂਰਾ, ਜੋ ਅੰਦਰੇ ਅੰਦਰ ਰਿਹਾ ਖਾਈਆ । ਜੇ ਤੂੰ ਪੁਰਖ ਅਕਾਲ ਸਵਾਮੀ ਸਤਿਗੁਰ ਪੂਰਾ, ਪਤਿਪਰਮੇਸ਼ਵਰ ਇਕ ਅਖਵਾਈਆ। ਫੇਰ ਕਰ ਕੇ ਕਿਰਪਾ ਸਾਡੇ ਅੰਦਰੋਂ ਹੂੰਝ ਦੇ ਕੂੜਾ, ਦੁਰਮਤ ਮੈਲ ਦੇ ਧਵਾਈਆ। ਸੇਵਾ ਕਰ ਕੇ ਸਾਡਾ ਹੋ ਮਸ਼ਕੂਰਾ, ਸਾਡੀ ਮੁਸ਼ਕਲ ਆਪਣੀ ਝੋਲੀ ਪਾਈਆ। ਇਹ ਕਾਇਆ ਤਤ ਤੇਰਾ ਤੰਬੂਰਾ, ਰਬਾਬ ਤੇਰੇ ਹੱਥ ਫੜਾਈਆ। ਜਿਉਂ ਭਾਵੇਂ ਤਿਉਂ ਬਖ਼ਸ਼ ਦੇ ਆਪਣਾ ਨੂਰਾ, ਨੂਰ ਨੁਰਾਨਾ ਨਜ਼ਰੀ ਆਈਆ। ਇਸ ਦੇ ਅੰਦਰ ਤੇਰਾ ਚੰਦ ਤੇਰਾ ਅਨੰਦ ਤੇਰਾ ਬੰਦ ਤੇਰੀ ਤੁਰੀਆ ਤੇਰਾ ਜ਼ਹੂਰਾ, ਤੂੰ ਆਪਣਾ ਰਾਗ ਲੈ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਲੈਣਾ ਖੁਲ੍ਹਾਈਆ। ਜਨ ਭਗਤ ਕਹੇ ਤਨ ਮਿੱਟੀ ਲੈ ਆਪਣੀ ਰਬਾਬ, ਪ੍ਰਭ ਤੇਰੀ ਝੋਲੀ ਪਾਈਆ। ਆਪੇ ਆਪਣਾ ਜਾਣ ਹਿਸਾਬ, ਜਨਮਾਂ ਕਰਮਾਂ ਵੇਖ ਵਖਾਈਆ। ਪੁਰਖ ਅਕਾਲ ਕਿਹਾ ਮੈਂ ਬਣ ਕੇ ਸਚ ਅਹਿਬਾਬ, ਮੁਹੱਬਤ ਲਵਾਂ ਕਮਾਈਆ। ਅੰਦਰ ਵੜ ਕੇ ਵਜਾਵਾਂ ਰਬਾਬ, ਅਨਹਦ ਰਾਗ ਸੁਣਾਈਆ। ਸਾਚਾ ਨੂਰ ਕਰ ਪਰਕਾਸ਼, ਦੀਵਾ ਬਾਤੀ ਡਗਮਗਾਈਆ। ਗੁਪਤ ਜ਼ਾਹਰ ਹੋ ਕੇ ਸਾਥ, ਬਾਤਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਿਹਰ ਨਜ਼ਰ ਪ੍ਰਭ ਤਾਰਨ ਆਇਆ, ਠਾਕਰ ਸਵਾਮੀ ਗਹਿਰ ਗੰਭੀਰ। ਤ੍ਰੈਗੁਣ ਲੇਖਾ ਦਏ ਚੁਕਾਇਆ, ਜੋਧਾ ਸੂਰਬੀਰ ਬਲਧਾਰੀ ਵੱਡਾ ਪੀਰ। ਪਾਰਬ੍ਰਹਮ ਪ੍ਰਭ ਮੇਲ ਮਿਲਾਇਆ, ਕੂੜੀ ਕਿਰਿਆ ਕਟ ਜ਼ੰਜੀਰ । ਸਾਚਾ ਮੰਦਰ ਇਕ ਸੁਹਾਇਆ, ਚੋਟੀ ਚੜ੍ਹ ਕੇ ਵੇਖੇ ਇਕ ਅਖ਼ੀਰ। ਸਚ ਸਿੰਘਾਸਣ ਸੋਭਾ ਪਾਇਆ, ਜਿਥੇ ਹੋਏ ਨਾ ਕੋਇ ਦਿਲਗੀਰ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਨੂਰ ਇਕ ਉਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇਆ। ਬਾਰਾਂ ਚੇਤ ਕਹੇ ਮੇਰੀ ਮੌਲੀ ਰੁੱਤ, ਭਗਤ ਫੁਲਵਾੜੀ ਵੇਖ ਵਖਾਈਆ। ਖੇਲ ਵੇਖ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਸਰਬ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਹੋਏ ਖ਼ੁਸ਼, ਸਾਰਾ ਦਿਨ ਵਜਦੀ ਰਹੀ ਵਧਾਈਆ। ਪ੍ਰੇਮ ਪਿਆਰ ਦੀ ਵੇਖੀ ਲੁਟ, ਭਗਤ ਭਗਵਾਨ ਇਕ ਦੂਜੇ ਨੂੰ ਲੁੱਟਣ ਚਾਈਂ ਚਾਈਂਆ। ਸਚ ਭੰਡਾਰਾ ਦੋਹਾਂ ਕੋਲੋਂ ਨਾ ਗਿਆ ਮੁਕ, ਦੁਗਣੇ ਤੋਂ ਚੌਗੁਣੇ ਨਜ਼ਰੀ ਆਈਆ। ਸਭ ਨਾਲੋਂ ਸੋਹਣਾ ਚੰਗਾ ਵੇਖਿਆ ਸੁਖ, ਮਾਨਸ ਮਨੁੱਖ ਇਕੋ ਰੂਪ ਸਮਾਈਆ। ਦੀਨ ਮਜ਼੍ਹਬ ਦਾ ਵੇਖਿਆ ਨਹੀਂ ਕੋਈ ਦੁਖ, ਜ਼ਾਤ ਪਾਤ ਨਜ਼ਰ ਕੋਇ ਨਾ ਆਈਆ। ਇਕ ਆਤਮ ਤੇ ਇਕ ਪਰਮਾਤਮ ਦੂਸਰ ਨਹੀਂ ਕੁਛ, ਪਰਦਾ ਓਹਲਾ ਦਿਤਾ ਉਠਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਇਆ ਸਹਾਈਆ। ਬਾਰਾਂ ਚੇਤ ਕਹੇ ਪ੍ਰਭ ਮੇਰੀ ਇਕ ਦਲੀਲ, ਆਸ਼ਾ ਆਪਣੀ ਦਿਆਂ ਸੁਣਾਈਆ। ਸਚਖੰਡ ਨਿਵਾਸੀ ਤੇਰੇ ਅਗੇ ਇਕ ਅਪੀਲ, ਅਪਰੰਪਰ ਸਵਾਮੀ ਝੋਲੀ ਡਾਹੀਆ। ਤੂੰ ਆਦਿ ਜੁਗਾਦੀ ਜੋਧਾ ਸੂਰਬੀਰ ਛੈਲ ਛਬੀਲ, ਸ਼ਹਿਨਸ਼ਾਹ ਦੋ ਜਹਾਨ ਅਖਵਾਈਆ। ਤੂੰ ਮਾਲਕ ਖ਼ਾਲਕ ਖ਼ਲਲ ਖ਼ਲੀਲ, ਖ਼ੁਦਾਵੰਦ ਕਰੀਮ ਨਜ਼ਰੀ ਆਈਆ। ਤੂੰ ਅਬਿਨਾਸ਼ੀ ਕਰਤਾ ਬੇਨਜ਼ੀਰ, ਨਜ਼ਰੀਆ ਸਭ ਦੇ ਉਤੇ ਪਾਈਆ। ਤੇਰਾ ਹਕ ਦਵਾਰਾ ਅੰਤ ਅਖ਼ੀਰ, ਸਚਖੰਡ ਸਾਚਾ ਸੋਭਾ ਪਾਈਆ। ਤੇਰੇ ਹੁਕਮੇ ਅੰਦਰ ਔਂਦੇ ਗੁਰ ਅਵਤਾਰ ਪੈਗ਼ੰਬਰ ਪੀਰ, ਜੁਗ ਚੌਕੜੀ ਸੇਵ ਕਮਾਈਆ। ਮੈਂ ਕਰਾਂ ਬੇਨੰਤੀ ਮੇਰੇ ਦਸਤਗੀਰ, ਦਵਾ ਝੋਲੀ ਦੇਣੀ ਪਾਈਆ। ਜਨ ਭਗਤਾਂ ਦੇ ਅੰਦਰੋਂ ਹਉਮੇ ਦੀ ਕੱਢਣੀ ਪੀੜ, ਦੂਈ ਦਾ ਰੋਗ ਦੇਣਾ ਗਵਾਈਆ । ਜੇ ਕਰਮਾਂ ਦੀ ਕਾਲੀ ਹੋਈ ਲਕੀਰ, ਨਿਹਕਰਮੀ ਸਾਫ਼ ਦੇਣੀ ਕਰਾਈਆ। ਗ਼ਰੀਬ ਨਿਮਾਣੇ ਛੋਟੇ ਬੱਚੇ ਨੰਨ੍ਹੇ ਪਿਔਣਾ ਆਪਣਾ ਸੀਰ, ਅੰਮ੍ਰਿਤ ਜਾਮ ਮੁਖ ਚਵਾਈਆ । ਜੇ ਬਿਦਰ ਸੁਦਾਮਾ ਸ਼ਾਹ ਕੰਗਾਲ ਤਾਰੇ ਫ਼ਕੀਰ, ਭੀਲਣੀ ਦਾ ਸਾਫ਼ ਕੀਤਾ ਨੀਰ, ਬੇਰਾਂ ਮੁਖ ਛੁਹਾਈਆ। ਕਬੀਰ ਦੇ ਕਟ ਜ਼ੰਜੀਰ, ਰਵਿਦਾਸ ਦਿਤੀ ਸਰਨਾਈਆ। ਹਰਨਾਕਸ਼ ਨੂੰ ਦਿਤਾ ਚੀਰ, ਨਰਸਿੰਗ ਵੇਸ ਵਟਾਈਆ। ਭਿੰਨੜੀ ਰੈਣ ਕਹੇ ਓਸੇ ਕਿਰਪਾ ਨਾਲ ਤਾਰ ਕੇ ਜਾਣਾ ਸਿੰਘ ਵਕੀਲ, ਅਕਲ ਦੀ ਲੋੜ ਰਹੀ ਨਾ ਰਾਈਆ। ਇਹਦਾ ਸੁੰਦਰ ਜੀਵਣ ਜਿੰਦਗੀ ਦਾ ਕਰਨਾ ਆਪ ਤਾਮੀਰ, ਨੀਂਹ ਅਗਲੇ ਦਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜਾਤੇ ਦੇ ਵਡਿਆਈਆ। ਜੋਤੀ ਜਾਤੇ ਧੁਰ ਦੇ ਜਗਤ, ਪਾਰਬ੍ਰਹਮ ਤੇਰੀ ਓਟ ਤਕਾਈਆ । ਭਿੰਨੜੀ ਰੈਣ ਕਹੇ ਪ੍ਰਭ ਤਾਰਦੇ ਆਪਣੇ ਭਗਤ, ਕਿਉਂ ਨਾ ਮਿਹਰ ਨਜ਼ਰ ਉਠਾਈਆ। ਤੇਰੇ ਵਿਚ ਅਗੰਮੀ ਸ਼ਕਤ, ਜਿਸ ਦਾ ਆਦਿ ਅੰਤ ਨਾ ਕੋਇ ਜਣਾਈਆ। ਕਲਜੁਗ ਵੇਖ ਕੂੜ ਕੁੜਿਆਰਾ ਵਕ਼ਤ, ਬਿਨ ਤੇਰੀ ਕਿਰਪਾ ਪਾਰ ਕੋਇ ਨਾ ਜਾਈਆ। ਜੋ ਤੇਰੇ ਵਿਛੋੜੇ ਵੈਰਾਗ ਅੰਦਰ ਰਹੇ ਤੜਪ, ਬਿਰਹੋਂ ਅੰਦਰ ਰਿਹਾ ਸਤਾਈਆ। ਜੋ ਅੰਮ੍ਰਿਤ ਮੇਘ ਆਪਣਾ ਬਰਸ, ਬੂੰਦ ਸਵਾਤੀ ਮੁਖ ਚਵਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਲੰਘਾ ਕੇ ਤੇਰੀ ਸ਼ਹਿਨਸ਼ਾਹੀ ਦਾ ਇਹ ਪਹਿਲਾ ਆਇਆ ਬਰਸ, ਬਰਸੀ ਭਗਤਾਂ ਦੇ ਬਣਾਈਆ। ਨਿਰਵੈਰ ਹੋ ਕੇ ਕਰ ਤਰਸ, ਨਿਰਵੈਰ ਤੇਰੀ ਸਰਨਾਈਆ। ਤੂੰ ਮਾਲਕ ਅਰਸ਼ ਫ਼ਰਸ਼, ਦੋ ਜਹਾਨਾਂ ਹੁਕਮ ਵਰਤਾਈਆ। ਭਗਤ ਤਾਰਦਿਆਂ ਤੇਰੀ ਕਰਨੀ ਵਿਚ ਕਿਹੜਾ ਪੈਣਾ ਫ਼ਰਕ, ਕਰਨੀ ਦੇ ਕਰਤੇ ਕ਼ੁਦਰਤ ਦਾ ਮਾਲਕ ਤੂੰ ਹੀ ਨਜ਼ਰੀ ਆਈਆ। ਭਗਤ ਉਧਾਰਨਾ ਤੇਰੀ ਹੰਕਾਰੀਆਂ ਨਾਲ ਸ਼ਰਤ, ਦੂਤਾਂ ਦੁਸ਼ਟਾਂ ਕਰੇਂ ਜਣਾਈਆ। ਭਿੰਨੜੀ ਰੈਣ ਕਹੇ ਠਾਕਰ ਮੇਰੀ ਤੇਰੇ ਅਗੇ ਅਰਜ਼, ਵੇਖੀਂ ਠੋਕਰ ਲਾ ਨਾ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਲੇਖੇ ਦੇਣਾ ਲਗਾਈਆ। ਭਿੰਨੜੀ ਰੈਨੜੀਏ ਦਇਆ ਕਮਾਵਾਂਗਾ। ਰੁਤ ਸੁਹੰਜਣੀ ਰੁਤੜੀ ਆਪ ਮਹਿਕਾਵਾਂਗਾ । ਗੁਰ ਅਵਤਾਰ ਪੀਰ ਪੈਗ਼ੰਬਰ, ਸਭ ਨੂੰ ਸਚ ਵਖਾਵਾਂਗਾ। ਭਗਤ ਭਗਵਾਨ ਦਾ ਸੋਹਣਾ ਹੋਏ ਸਵੰਬਰ, ਆਤਮ ਪਰਮਾਤਮ ਜੋੜ ਜੁੜਾਵਾਂਗਾ। ਜਿਸ ਬ੍ਰਹਮੇ ਦੇ ਕੋਟਨ ਲੰਘ ਕੇ ਗਏ ਮਨਵੰਤਰ, ਉਸ ਦੀ ਆਸ਼ਾ ਪੂਰ ਕਰਾਵਾਂਗਾ । ਜਿਹੜਾ ਕੈਲਾਸ਼ਾਂ ਉਤੇ ਬੈਠਾ ਸ਼ੰਕਰ, ਸ਼ਾਂਤ ਤਿਸ ਆਪ ਬਣਾਵਾਂਗਾ। ਜਿਹੜਾ ਸਾਂਗੋਂ ਪਾਂਗ ਹੰਢਾਏ ਵਿਸ਼ਨੂੰ ਅੰਤਰ, ਨੇਤਰ ਨੈਣ ਸਰਬ ਖੁਲ੍ਹਾਵਾਂਗਾ। ਪਰਦਾ ਲਾਹ ਕੇ ਗਗਨ ਗਗਨੰਤਰ, ਬ੍ਰਹਿਮੰਡ ਖੰਡ ਰਾਹ ਚਲਾਵਾਂਗਾ। ਭੇਵ ਚੁਕਾ ਕੇ ਬ੍ਰਹਮ ਨਿਰੰਤਰ,
ਮਾਇਆ ਬ੍ਰਹਮ ਆਪਣਾ ਡੇਰਾ ਢਾਹਵਾਂਗਾ। ਜਿਨ੍ਹਾਂ ਨੂੰ ਸੁਣਾਇਆ ਆਪਣਾ ਮੰਤਰ, ਮੰਤਵ ਉਹਨਾਂ ਹਲ ਕਰ ਵਖਾਵਾਂਗਾ। ਮਾਨਸ ਜਨਮ ਬਣਾ ਕੇ ਸਾਚੀ ਬਣਤਰ, ਬੰਸਾਵਲੀ ਇਕ ਸੁਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਵਾਂਗਾ। ਸਾਚੀ ਕਰਨੀ ਕਾਰ ਕਮਾਵੇਗਾ। ਦੀਨ ਦਿਆਲ ਵੇਖ ਵਖਾਵੇਗਾ। ਭਗਤ ਸੁਹੇਲੇ ਗੁਰ ਚੇਲੇ ਜੋੜ ਜੁੜਾਵੇਗਾ। ਦਰਗਾਹ ਸਾਚੀ ਲੈ ਕੇ ਜਾਵੇਗਾ। ਪੁਰਖ ਅਬਿਨਾਸ਼ੀ ਆਪਣੇ ਲੇਖੇ ਲਾਵੇਗਾ। ਭਗਤ ਸੁਹੇਲੇ ਭਾਗਾਂ ਵਾਲੇ, ਭਗਵਨ ਰੰਗ ਚੜ੍ਹਾਵੇਗਾ। ਦੋ ਜਹਾਨ ਜਿਨ੍ਹਾਂ ਨੂੰ ਵੇਖੇ, ਤਿਨ੍ਹਾਂ ਨੂੰ ਅਗੰਮੀ ਰੰਗ ਚੜ੍ਹਾਵਾਂਗਾ। ਅਗੇ ਕਿਸੇ ਦੇ ਰਹੇ ਕੋਈ ਨਾ ਠੇਕੇ, ਠੇਕੇਦਾਰ ਦੋ ਜਹਾਨਾਂ ਇਕ ਬਣਾਵਾਂਗਾ। ਜਨ ਭਗਤ ਕੋਈ ਅਗੇ ਜਾਏ ਕੋਈ ਪਿਛੇਤੇ, ਹੌਲੀ ਹੌਲੀ ਸਾਰੇ ਜੋੜ ਜੁੜਾਵਾਂਗਾ। ਮੇਰੇ ਕੋਲ ਸਭ ਦੇ ਲੇਖੇ, ਜੁਗ ਦੇ ਵਿਛੜੇ ਵੇਖ ਵਖਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਆ ਗਏ ਕੇਤੇ, ਕਿਤਿਆਂ ਦੇ ਹਿੱਸੇਦਾਰ ਸਭ ਦੇ ਉਪਰ ਆਪਣਾ ਹੁਕਮ ਚਲਾਵਾਂਗਾ। ਭੇਵ ਅਭੇਦ ਖੋਲ੍ਹ ਕੇ ਭੇਤੇ, ਭਾਂਡਾ ਭਰਮ ਭਉ ਭੰਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਇਕ ਜੁੜਾਵਾਂਗਾ। ਗ੍ਰਹਿ ਮੰਦਰ ਇਕ ਜੁੜਾਏਗਾ। ਅੰਦਰੇ ਅੰਦਰ ਪੜਦਾ ਲਾਹੇਗਾ। ਕਾਇਆ ਡੂੰਘੀ ਅੰਧੇਰੀ ਕੰਦਰ, ਦੀਪਕ ਜੋਤ ਜਗਾਏਗਾ। ਮਨ ਮਨੂਆ ਨਾ ਭੱਜੇ ਦਹਿ ਦਿਸ਼ ਬੰਦਰ, ਸ਼ਬਦ ਡੋਰੀ ਤੰਦ ਬੰਧਾਏਗਾ। ਬਜਰ ਕਪਾਟੀ ਤੋੜ ਕੇ ਜੰਦਰ, ਕੁੰਜੀ ਆਪਣਾ ਨਾਮ ਰਖਾਏਗਾ। ਜਿਸ ਨੂੰ ਸਮਝ ਨਾ ਸਕੇ ਕੋਈ ਪੰਡਤ, ਸੋ ਬ੍ਰਹਮ ਵਿਦਿਆ ਆਪ ਪੜ੍ਹਾਏਗਾ। ਗੁਰਮੁਖ ਬਣਾਏ ਸਾਚੀ ਸੰਗਤ, ਸਤਿ ਸਤਿਵਾਦੀ ਖੋਜ ਖੁਜਾਏਗਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕ ਪਰਗਟਾਏਗਾ। ਗੁਰਮੁਖ ਬਣਾ ਕੇ ਸਾਚੀ ਸੰਗਤ, ਹਰਿ ਸੰਗਤ ਰੂਪ ਸਮਾਏਗਾ। ਨਿਰਗੁਣ ਲਾ ਕੇ ਆਪਣੇ ਅੰਗਤ, ਅੰਗੀਕਾਰ ਆਪ ਬਣ ਜਾਏਗਾ। ਭਗਤ ਸੁਹੇਲਾ ਦੂਜੇ ਦਰ ਨਾ ਜਾਵੇ ਬਣ ਕੇ ਮੰਗਤ, ਲੋੜੀਂਦੀ ਵਸਤ ਘਰ ਘਰ ਆਪ ਪੁਚਾਏਗਾ। ਨਾਤਾ ਤੋੜ ਕੇ ਜੇਰਜ ਅੰਡਜ, ਉਤਭੁਜ ਸੇਤਜ ਪਾਰ ਲੰਘਾਏਗਾ। ਬਾਰਾਂ ਚੇਤ ਤੇਰੀ ਰਾਤ ਸੋਹਣੀ ਪਰਭਾਤ, ਭਗਤਾਂ ਦਾ ਕਾਜ ਸਤਿਜੁਗ ਦਾ ਰਿਵਾਜ, ਪ੍ਰਭ ਦਾ ਖੇਲ ਤਮਾਸ਼, ਆਸ ਸਭ ਦੀ ਪੂਰ ਕਰਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਮਾਲਕ ਸਭ ਦਾ ਦਾਸ, ਦਾਸੀ ਦਾਸ ਪੁਰਖ ਅਬਿਨਾਸ਼ ਬਣ ਕੇ ਸੱਜਣ ਸੇਵ ਕਮਾਏਗਾ।