ਪੁਸਤਕਾਲਾਭਾਗ ੧੮

੧੩ ਚੇਤ ਸ਼ਹਿਨਸ਼ਾਹੀ ਸੰਮਤ ੧ ਧਿੰਗਾਲੀ ਤੋਂ ਚਲ ਕੇ ਪਰਭਾਸ ਵਿਚ

ਪੱਥਰ ਰੋੜੇ ਦੱਭ ਕਾਹੀ ਬੋਲੀ ਕੜਕ, ਆਪਣੀ ਹਾਲਤ ਰਹੀ ਜਣਾਈਆ। ਉਹ ਬੇਪਰਵਾਹ ਪ੍ਰਭੂ ਬੇਤਰਸ, ਸ੍ਰੀ ਭਗਵਾਨ ਤੇਰੀ ਖੇਲ ਸਮਝ ਕੋਇ ਨਾ ਆਈਆ। ਛੋਟੇ ਵਡੇ ਨਿੱਕੇ ਬੱਚੇ ਤੇਰੇ ਪ੍ਰੇਮ ਦੇ ਬੱਧੇ ਕੰਡਿਆਂ ਉਤੇ ਪੈਰ ਧਰੀ ਜਾਂਦੇ ਨਿਧੜਕ, ਅਗੇ ਪਿਛੇ ਖੱਬੇ ਸੱਜੇ ਚਲਣ ਪੰਧ ਮੁਕਾਈਆ। ਤੂੰ ਮਾਲਕ ਵਾਲੀ ਅਰਸ਼ ਫ਼ਰਸ਼, ਤੇਰੀ ਖੇਲ ਨਜ਼ਰੀ ਆਈਆ। ਸਾਡੀ ਇਕ ਬੇਨੰਤੀ ਭਗਤਾਂ ਵਾਸਤੇ ਆਪਣੀ ਬਣਾ ਦੇ ਸਿੱਧੀ ਸੜਕ, ਆਪ ਆਪਣਾ ਭੇਟ ਚੜ੍ਹਾਈਆ। ਤੇਰੇ ਉਤੋਂ ਦੀ ਲੰਘਣ ਨਾਲੇ ਕਰਨ ਦਰਸ, ਅੰਤਰ ਆਤਮ ਖ਼ੁਸ਼ੀ ਦੇ ਵਖਾਈਆ। ਇਹ ਵੀ ਗੋਬਿੰਦ

ਨੇ ਮਾਛੂਵਾੜੇ ਲਾਈ ਸੀ ਇਕ ਸ਼ਰਤ, ਪੁਰਖ ਅਕਾਲ ਨਾਲ ਗੰਢ ਗਿਆ ਪਵਾਈਆ। ਜਿਸ ਵੇਲੇ ਮੈਂ ਫੇਰ ਆਇਆ ਪਰਤ, ਤੇਰਾ ਸੰਗ ਨਿਭਾਈਆ । ਪਰਭਾਸ ਵਿਚ ਉਲਟਾ ਲੇਟਾਂਗਾ ਉਪਰ ਧਰਤ, ਸੋਹਣਾ ਆਸਣ ਲਾਈਆ। ਪਿਆਰਿਆਂ ਦੇ ਪ੍ਰੇਮ ਦਾ ਪੂਰਾ ਕਰਾਂਗਾ ਫ਼ਰਜ਼, ਮਾਣ ਸ਼ਾਨ ਤਾਨ ਸਰਬ ਮਿਟਾਈਆ। ਕੱਖਾਂ ਕੰਡਿਆਂ ਦੀ ਸੁਣ ਕੇ ਅਰਜ਼, ਮਨਸਾ ਮਰਜ਼ੀ ਪੂਰ ਵਖਾਈਆ। ਕਿਉਂ, ਮੈਨੂੰ ਭਗਤਾਂ ਦੀ ਗ਼ਰਜ਼, ਗ਼ਰਜ਼ ਦਾ ਮਾਰਿਆ ਫਿਰਾਂ ਥਾਈਂ ਥਾਈਂਆ। ਦੁਖੀਆਂ ਦੀ ਦਰਦ, ਦੀਨਾਂ ਦਾ ਸਹਾਈਆ। ਜਿਹੜਾ ਪਿਛਲਾ ਦੇਣਾ ਕ਼ਰਜ਼, ਉਹ ਵੀ ਰਿਹਾ ਚੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵੇਖਣਹਾਰਾ ਪਿਛਲੀ ਫ਼ਰਦ, ਫ਼ੈਸਲੇ ਸਾਰੇ ਰਿਹਾ ਕਰਾਈਆ।

ਕਿੱਡੀ ਪਿਆਰੀ ਚਰਨਾਂ ਦੀ ਧੂੜ, ਭਗਤੀ ਰੰਗ ਰੰਗਾਈਆ। ਪ੍ਰੇਮ ਦਾ ਸੱਚਾ ਨੂਰ, ਪਿਆਰ ਦਾ ਚੰਦ ਚਮਕਾਈਆ। ਗੁਰਮੁਖਾਂ ਦੀ ਆਸਾ ਪੂਰ, ਦੁਖੀਆਂ ਦਾ ਦੁਖ ਵੰਡਾਈਆ। ਹਾਜ਼ਰਾਂ ਦਾ ਹਾਜ਼ਰ ਹਜ਼ੂਰ, ਪਾਤਸ਼ਾਹਾਂ ਦਾ ਪਾਤਸ਼ਾਹ ਸ਼ਹਿਨਸ਼ਾਹ ਮਜ਼ਦੂਰਾਂ ਦਾ ਮਜ਼ਦੂਰ, ਸੇਵਕਾਂ ਦਾ ਸੇਵਕ, ਸੇਵਾ ਰਿਹਾ ਕਮਾਈਆ। ਜਨਮ ਕਰਮ ਦਾ ਲੇਖਾ ਮੇਟ ਜ਼ਰੂਰ, ਕੂੜੀ ਕਿਰਿਆ ਰਿਹਾ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਸਭ ਦੀ ਝੋਲੀ ਪਾਈਆ। ਧਰਤੀ ਕਹੇ ਓਹ ਮੇਰੇ ਪਿਛਲੇ ਮਾਹੀ, ਮੁਹੱਬਤ ਤੇਰੀ ਯਾਦ ਆਈਆ। ਤੂੰ ਜੰਗਲਾਂ ਬੇਲਿਆਂ ਦਾ ਰਾਹੀ, ਰਹਿਬਰ ਦੋ ਜਹਾਨ ਅਖਵਾਈਆ। ਬਸ ਕਰ ਤੈਨੂੰ ਵੇਖ ਕੇ ਗੁਰ ਅਵਤਾਰ ਪੀਰ ਪੈਗ਼ੰਬਰ ਹੋਏ ਸ਼ੁਦਾਈ, ਆਪਣਾ ਮਾਣ ਰਹੇ ਮਿਟਾਈਆ। ਕੀ ਭਗਤਾਂ ਨਾਲ ਮਿਲ ਕੇ ਰੀਤ ਚਲਾਈ, ਭਗਵਨ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਲਾਗੋਂ ਕਹੇ ਆਹ ਸੁੱਕਾ ਤੀਲਾ, ਬੇਨੰਤੀ ਸਚ ਸੁਣਾਈਆ। ਗੋਬਿੰਦ ਤੂੰ ਹੈਂ ਸਚ ਵਸੀਲਾ, ਵਿਛੜਿਆਂ ਮੇਲ ਮਿਲਾਈਆ। ਉਤੋਂ ਵੇਖ ਰੋਂਦਾ ਅੰਬਰ ਨੀਲਾ, ਛਹਿਬਰ ਇਕ ਲਗਾਈਆ। ਤੇਰਾ ਗੁਰਮੁਖਾਂ ਪਿਛੇ ਜੀਣਾ, ਜ਼ਿੰਦਗੀ ਭਗਤਾਂ ਦੀ ਬਣਾਈਆ । ਪ੍ਰੇਮ ਦੇ ਅੰਦਰ ਨਿਵਣਾ, ਏਹੋ ਤੇਰੀ ਵਡਿਆਈਆ। ਪ੍ਰੇਮ ਪਿਆਰ ਦਾ ਰਸ ਪੀਣਾ, ਤ੍ਰਿਖਾ ਜਗਤ ਗਵਾਈਆ। ਨਾਤਾ ਛਡ ਕੇ ਲੋਕ ਤੀਨਾ, ਮਾਟੀ ਖ਼ਾਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਤੀਲਾ ਕਹੇ ਜਿਸ ਵੇਲੇ ਮੈਂ ਭਗਤਾਂ ਹੇਠਾਂ ਵੇਖਿਆ ਚੁਭਦਾ, ਜੋ ਨੰਗੇ ਪੈਰੀਂ ਚਲੇ ਪਾਂਧੀ ਰਾਹੀਆ। ਮੈਂ ਉਹਨਾਂ ਕੋਲੋਂ ਪੁਛਦਾ, ਕਿਉਂ ਐਵੇਂ ਹੋਏ ਸ਼ੁਦਾਈਆ। ਤੁਹਾਡਾ ਦਰਦ ਨਾਲ ਨਹੀਂ ਕੁਛ ਦੁਖਦਾ, ਮੈਨੂੰ ਦਿਓ ਸਮਝਾਈਆ। ਉਹਨਾਂ ਹੱਸ ਕੇ ਕਿਹਾ ਸਾਨੂੰ ਸਮਾਂ ਮਿਲਿਆ ਸੋਹਣੀ ਰੁਤ ਦਾ, ਵੇਲਾ ਵਕ਼ਤ ਖ਼ੁਸ਼ੀ ਮਨਾਈਆ । ਬੇਸ਼ਕ ਭਾਵੇਂ ਤੂੰ ਸਾਨੂੰ ਤਿੱਖਾ ਮੂੰਹ ਕਰ ਕੇ ਚੁਭਦਾ, ਸਾਨੂੰ ਦੁਖ ਨਾ ਲਗੇ ਰਾਈਆ । ਸਾਡਾ ਨਾਤਾ ਬਣਿਆ ਪਿਓ ਪੁਤ ਦਾ, ਨਾਲ ਚਲੀਏ ਚਾਈਂ ਚਾਈਂਆ। ਜੇ ਹੋਊ ਸਾਡਾ ਦਰਦੀ ਦੁਖ ਦਾ, ਆਪੇ ਦਿਊ ਗਵਾਹੀਆ। ਇਹ ਕੋਈ ਪਰਦਾ ਉਹਲਾ ਨਹੀਂ ਲੁਕ ਦਾ, ਸਨਮੁਖ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਨੀ ਦਾ ਭਾਗ, ਗੁਰਮੁਖਾਂ ਦਾ ਵੈਰਾਗ, ਵੈਰਾਗੀ ਹੋ ਕੇ ਆਪੇ ਪੂਰ ਕਰਾਈਆ।

੧੩ ਚੇਤ ਸ਼ਹਿਨਸ਼ਾਹੀ ਸੰਮਤ ੧ ਪਿੰਡ ਝੰਡੇ ਜ਼ਿਲਾ ਜੰਮੂ ਸਾਚਾ ਸਤਿਸੰਗ ਉਪਦੇਸ਼

ਹਰਿ ਹਰਿ ਸ਼ਬਦ ਸਦਾ ਅਗੰਮ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਜਿਸ ਵਿਚੋਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮਿਲੇ ਧਨ, ਨਾਮ ਭੰਡਾਰਾ ਝੋਲੀ ਪਾਈਆ। ਨਿਰਗੁਣ ਧਾਰ ਸਰਗੁਣ ਹੋ ਕੇ ਲੋਕਮਾਤ ਆਵਣ ਚਲ, ਕਾਇਆ ਚੋਲਾ ਪੰਜ ਤਤ ਹੰਢਾਈਆ। ਓਸੇ ਨਾਮ ਦੇ ਅਧੀਨ ਵਿਸ਼ਨ ਬ੍ਰਹਮਾ ਸ਼ਿਵ ਕਹਿਣਾ ਰਹੇ ਮੰਨ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਜਣਾਈਆ। ਸਾਚਾ ਨਾਮ ਆਦਿ ਜੁਗਾਦੀ ਇਕੋ ਆਦਿ, ਆਦਿ ਪੁਰਖ ਆਪ ਪਰਗਟਾਈਆ। ਜਿਸ ਦੇ ਨਾਲ ਬ੍ਰਹਿਮੰਡ ਖੰਡ ਰਚੇ ਬ੍ਰਹਿਮਾਦ, ਪੁਰੀ ਲੋਅ ਆਕਾਸ਼ ਲਏ ਬਣਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਦੇ ਕੇ ਦਾਤ, ਵਸਤ ਅਮੋਲਕ ਸਚ ਵਰਤਾਈਆ। ਵਸਤ ਅਮੋਲਕ ਪਾ ਕੇ ਝੋਲੀ ਭੇਵ ਅਭੇਦਾ ਦੱਸ ਕੇ ਆਪਣੀ ਗਾਥ, ਨਿਰਵੈਰ ਪੁਰਖ ਕਰੀ ਪੜ੍ਹਾਈਆ । ਜਿਸ ਸਾਚੇ ਨਾਮ ਦੀ ਹੁਣੇ ਚਲ ਰਹੀ ਸੀ ਬਾਤ, ਜੋ ਨਾਨਕ ਨਿਰਗੁਣ ਸਰਗੁਣ ਸਰਬ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਾਚਾ ਨਾਮ ਦੇਵੇ ਪੁਰਖ ਅਬਿਨਾਸ਼, ਹਰਿ ਕਰਤਾ ਵਡ ਵਡਿਆਈਆ। ਜਿਸ ਦਾ ਨੂਰ ਜੋਤ ਪਰਕਾਸ਼, ਉਸ ਦਾ ਸ਼ਬਦ ਧੁਨ ਸ਼ਨਵਾਈਆ। ਜਿਸ ਦਾ ਲੱਖ ਚੁਰਾਸੀ ਜੀਵ ਜੰਤ ਅੰਡਜ ਜੇਰਜ ਉਤਭੁਜ ਸੇਤਜ ਅੰਦਰ ਵਾਸ, ਨਿਵਾਸ ਆਪਣਾ ਆਸਣ ਲਾਈਆ। ਮਨ ਮਤਿ ਬੁਧਿ ਜਿਸ ਦੀ ਸੇਵਕ ਦਾਸੀ ਦਾਸ, ਸਿਰ ਸਕੇ ਨਾ ਕੋਇ ਉਠਾਈਆ। ਕਾਇਆ ਮੰਦਰ ਅੰਦਰ ਸੁਖਮਨ ਟੇਡੀ ਬੰਕ ਈੜਾ ਪਿੰਗਲ ਸਭ ਨੂੰ ਪੁਛਦੀ ਔਖੀ ਘਾਟ, ਅੰਧ ਅੰਧੇਰ ਨਾ ਕੋਇ ਮਿਟਾਈਆ। ਸਤਿਗੁਰ ਪੂਰਾ ਸ਼ਬਦ ਸਵਾਮੀ ਅੰਤਰਜਾਮੀ ਮੇਟਣਹਾਰਾ ਅੰਧੇਰੀ ਰਾਤੀ, ਸਾਚਾ ਨੂਰ ਚੰਦ ਕਰੇ ਰੁਸ਼ਨਾਈਆ। ਕੋਟਨ ਕੋਟ ਸਾਧ ਸੰਤ ਰਸਨਾ ਜਿਹਵਾ ਬੱਤੀ ਦੰਦ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਅੰਜੀਲ ਕ਼ੁਰਾਨ ਪੜ੍ਹਦੇ ਗਾਥੀ, ਕਲਮਾ ਕਲਾਮ ਕਾਇਨਾਤ ਸਰਬ ਸੁਣਾਈਆ। ਬਿਨ ਸਾਹਿਬ ਸਵਾਮੀ ਪੁਰਖ ਅਕਾਲ ਦੀਨ ਦਿਆਲ ਅੰਦਰ ਵੜ ਕੇ ਮਾਰੇ ਕੋਇ ਨਾ ਝਾਤੀ, ਦੀਆ ਜਗਾਏ ਕੋਇ ਨਾ ਬਾਤੀ, ਬਜਰ ਕਪਾਟੀ ਪਰਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਇਕ ਸਮਝਾਈਆ। ਸਤਿਗੁਰ ਸ਼ਬਦ ਇਕ ਅਤੀਤਾ, ਤ੍ਰੈਗੁਣ ਵਿਚ ਕਦੇ ਨਾ ਆਈਆ। ਕਿਸੇ ਹੱਥ ਨਾ ਆਏ ਮੰਦਰ ਮਸੀਤਾ, ਸ਼ਿਵਦਵਾਲੇ ਮਠ ਗੁਰੂਦਵਾਰ ਰਹੇ ਕੁਰਲਾਈਆ। ਜੋ ਵਸਿਆ ਊਚਾਂ ਨੀਚਾਂ, ਰਾਉ ਰੰਕਾਂ ਸੋਭਾ ਪਾਈਆ। ਜੋ ਸਤਿਗੁਰ ਸਾਚੇ ਕਰੇ ਸਚ ਪ੍ਰੀਤਾ, ਪ੍ਰੇਮ ਪ੍ਰੀਤੀ ਇਕ ਰਖਾਈਆ । ਸੋ ਪਰਦਾ ਲਾਹ ਕੇ ਦਇਆ ਕਮਾ ਕੇ ਘਰ ਮਿਲਾ ਦਏ ਸੱਜਣ ਮੀਤਾ, ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਰੰਗ ਵਖਾਈਆ। ਵਿਦਿਆ ਵਿਧਾਂਤ ਸ਼ਾਸਤਰ ਸਿਮਰਤ ਖਾਣੀ ਬਾਣੀ ਜਗਤ ਵਸੀਕਾ, ਵਸੀਅਤ ਕਰ ਕੇ ਸਭ ਨੂੰ ਰਹੇ ਸਮਝਾਈਆ। ਬਿਨ ਸਤਿਗੁਰ ਕੋਈ ਨਾ ਦੱਸੇ ਅਸਲ ਅਸਲੀਅਤਾ, ਵਿਛੜੀ ਰੂਹ ਸ਼ਬਦੀ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਈਆ। ਜੁਗ ਜੁਗ ਸਤਿਗੁਰ ਸਾਚਾ ਏਕ, ਸ਼ਬਦੀ ਸ਼ਬਦ ਅਖਵਾਇੰਦਾ। ਨਾਨਕ ਜਿਸ ਦੀ ਰੱਖੀ ਟੇਕ, ਨਿਉਂ ਨਿਉਂ ਸੀਸ ਝੁਕਾਇੰਦਾ । ਜੋ ਹਰ ਘਟ ਅੰਦਰ ਰਿਹਾ ਵੇਖ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਕਰ ਕਿਰਪਾ ਜਿਸ ਭਗਤ ਸੁਹੇਲੇ ਬੁੱਧੀ ਕਰੇ ਬਿਬੇਕ, ਕੂੜੀ ਕਿਰਿਆ ਦੁਰਮਤ ਮੈਲ ਧੁਆਇੰਦਾ।

ਤ੍ਰੈਗੁਣ ਮਾਇਆ ਨਾ ਲਾਏ ਸੇਕ, ਪੰਚ ਵਿਕਾਰਾ ਪਰੇ ਹਟਾਇੰਦਾ। ਸੁਰਤ ਸੁਵਾਣੀ ਸ਼ਬਦ ਹਾਣੀ ਫੜ ਕੇ ਲੈ ਜਾਏ ਆਪਣੇ ਦੇਸ, ਅਧ ਵਿਚਕਾਰ ਨਾ ਕੋਇ ਅਟਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਕਰਨ ਆਦੇਸ, ਦੋਏ ਜੋੜ ਵਾਸਤਾ ਸਰਬ ਪਾਇੰਦਾ। ਹਰਿ ਕਾ ਸ਼ਬਦ ਕੋਈ ਰਸਨਾ ਜਿਹਵਾ ਬੱਤੀ ਦੰਦ ਵਾਲਾ ਨਹੀਂ ਖੇਲ, ਮਨ ਮਤਿ ਬੁਧਿ ਚਤੁਰਾਈ ਵਿਚ ਕਦੇ ਨਾ ਆਇੰਦਾ। ਪੜ੍ਹ ਪੜ੍ਹ ਥੱਕੇ ਪੰਡਤ ਪਾਂਧੇ ਮੁਲਾ ਸ਼ੇਖ਼, ਪੜ੍ਹਿਆਂ ਭੇਵ ਕੋਇ ਨਾ ਆਇੰਦਾ। ਬਿਨ ਸਤਿਗੁਰ ਕਿਰਪਾ ਹਰਿ ਸ਼ਬਦ ਸਵਾਮੀ ਨਿਜ ਨੇਤਰ ਲਏ ਕੋਈ ਨਾ ਵੇਖ, ਸਵੱਛ ਸਰੂਪੀ ਦਰਸ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਸੋ ਸਹਿਜੇ ਮੇਲ ਮਿਲਾਇੰਦਾ । ਸਤਿਗੁਰ ਸੱਚਾ ਸਾਹਿਬ ਸਵਾਮੀ, ਆਦਿ ਜੁਗਾਦੀ ਇਕ ਅਖਵਾਈਆ। ਜਿਸ ਦੀ ਸਿਫ਼ਤ ਸਾਲਾਹ ਚਾਰੇ ਖਾਣੀ, ਚਾਰੇ ਬਾਣੀ ਚਾਰੋਂ ਕੁੰਟ ਰਹੀ ਜਸ ਗਾਈਆ। ਜੋ ਘਟ ਘਟ ਅੰਤਰਜਾਮੀ, ਲੱਖ ਚੁਰਾਸੀ ਵੇਖ ਵਖਾਈਆ। ਉਸ ਦੀ ਮੰਜ਼ਲ ਜਗਤ ਜਹਾਨ ਦੂਰ ਦੁਰਾਡੀ, ਨੇਤਰ ਨੈਣਾਂ ਵੇਖਣ ਕੋਇ ਨਾ ਪਾਈਆ। ਪੂਰਾ ਸਤਿਗੁਰ ਮਿਲੇ ਮਿਹਰ ਨਜ਼ਰ ਨਾਲ ਕਰ ਦੇਵੇ ਆਸਾਨੀ, ਬਿਨ ਪੌੜੀ ਡੰਡੇ ਪਾਰ ਚੜ੍ਹਾਈਆ। ਮਨ ਮਨਸਾ ਆਪ ਦੇ ਜਾਏ ਆਪਣੀ ਕ਼ੁਰਬਾਨੀ, ਹੰਕਾਰ ਵਿਕਾਰ ਰਹਿਣ ਕੋਇ ਨਾ ਪਾਈਆ। ਅੰਮ੍ਰਿਤ ਬੂੰਦ ਨਿਝਰ ਝਿਰਨਾ ਝਿਰਾ ਕੇ ਪਿਆਏ ਠੰਡਾ ਪਾਣੀ, ਸਾਂਤਕ ਸਤਿ ਦਏ ਕਰਾਈਆ। ਗਾਰੜੂ ਮਾਂਤਰੀ ਰਹੇ ਨਾ ਕੋਇ ਓਥੇ ਵਿਦਵਾਨੀ, ਵਿਦਿਆ ਕੰਮ ਕਿਸੇ ਨਾ ਆਈਆ। ਧੁਰਦਰਗਾਹੀ ਬੇਪਰਵਾਹੀ ਸ਼ਬਦ ਸਲਾਹੀ ਜਿਨ੍ਹਾਂ ਉਪਰ ਕਰੇ ਆਪ ਮਿਹਰਵਾਨੀ, ਸੋ ਮਹਿਬੂਬ ਮੁਹੱਬਤ ਵਿਚ ਮੁਕਾਮੇ ਹਕ ਸਚਖੰਡ ਦਵਾਰੇ ਦਏ ਮਿਲਾਈਆ। ਸਤਿਗੁਰ ਕਹੇ ਲਿਖਣ ਪੜ੍ਹਨ ਦੀ ਨਹੀਂ ਲੋੜ, ਮੇਰੇ ਹੱਥ ਵਡੀ ਵਡਿਆਈਆ। ਜਿਸ ਵੇਲੇ ਚਾਹਾਂ ਸੁਰਤੀ ਸ਼ਬਦ ਨਾਲ ਦੇਵਾਂ ਜੋੜ, ਜਗਤ ਵਿਕਾਰ ਨਾ ਕੋਇ ਅਟਕਾਈਆ। ਕਰਾਂ ਪਰਕਾਸ਼ ਅੰਧ ਘੋਰ, ਜੋਤੀ ਜੋਤ ਜੋਤ ਰੁਸ਼ਨਾਈਆ। ਭੇਵ ਚੁਕਾ ਕੇ ਤੋਰ ਮੋਰ, ਪਰਮਾਤਮ ਆਤਮ ਵਿਚ ਸਮਾਈਆ। ਚੌਥੇ ਪਦ ਤੋਂ ਅਗੇ ਆਵਾਂ ਛੋੜ, ਜਿਥੇ ਸ਼ਬਦ ਰਾਗ ਧੁਨ ਨਜ਼ਰ ਕੋਇ ਨਾ ਆਈਆ। ਸਤਿ ਪੁਰਖ ਨਿਰੰਜਣ ਅਗੰਮ ਅਥਾਹ ਬੇਪਰਵਾਹ ਆਪਣੇ ਲੈ ਜਾਏ ਕੋਲ, ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਧਾਰ ਕਰ ਪਿਆਰ, ਜੋਤੀ ਜੋਤ ਮਿਲਾਈਆ। ਸਤਿਗੁਰ ਪੂਰਾ ਸਾਹਿਬ ਸਵਾਮੀ ਜੁਗ ਚੌਕੜੀ ਕਰੇ ਖੇਲ ਅਪਾਰ, ਕਰਤਾ ਪੁਰਖ ਕਰਨੀ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਹੋ ਕੇ ਭਗਤ ਸੁਹੇਲੇ ਆਪਣੇ ਰੰਗ ਰੰਗਾਈਆ। ਨਾਨਕ ਕਿਹਾ ਸਚ, ਸਤਿ ਸਤਿਵਾਦੀ ਗਿਆ ਜਣਾਈਆ। ਜਿੰਨਾਂ ਚਿਰ ਮਿਲੇ ਨਾ ਪ੍ਰਭ ਸਮਰਥ, ਸ਼ੌਹ ਦਰਿਆਏ ਬੇੜਾ ਪਾਰ ਨਾ ਕੋਇ ਲੰਘਾਈਆ। ਕੋਟਨ ਕੋਟ ਵੰਞ ਮੁਹਾਣੇ ਗਏ ਥਕ, ਖੇਵਟ ਖੇਟੇ ਤੱਟਾਂ ਉਤੇ ਡੇਰਾ ਲਾਈਆ। ਕੋਟਨ ਕੋਟ ਰਸਨਾ ਜਿਹਵਾ ਬੱਤੀ ਦੰਦ ਨਾਮ ਲਏ ਰਟ, ਸੁੰਨ ਸਮਾਧ ਅੰਦਰ ਕਾਇਆ ਮੰਦਰ ਖੋਜ ਖੁਜਾਈਆ। ਕੋਟਨ ਕੋਟ ਸੀਸ ਛਾਰ ਗਏ ਘਤ, ਜੰਗਲ ਜੂਹ ਉਜਾੜ ਪਹਾੜ ਭੱਜਣ ਵਾਹੋ ਦਾਹੀਆ। ਕੋਟਨ ਕੋਟ ਸੱਥਰ ਬੈਠੇ ਘਤ, ਆਪ ਆਪਣਾ ਗਏ ਮਿਟਾਈਆ। ਬਿਨ ਸਤਿਗੁਰ ਪੂਰੇ ਪ੍ਰਭ ਨੂੰ ਮਿਲਣ ਵਾਲੀ ਖੁਲ੍ਹੀ ਕਿਸੇ ਨਾ ਅੱਖ, ਪਰਤਖ ਨਜ਼ਰ ਕੋਇ ਨਾ ਆਈਆ। ਸ਼ਬਦ ਗੁਰੂ ਗੁਰਦੇਵ ਸਵਾਮੀ ਸਭ ਦਾ ਪੂਰਾ ਕਰਨਹਾਰਾ ਹਕ, ਹਕ ਹਕ਼ੀਕ਼ਤ ਵਿਚੋਂ ਖੋਜ ਖੁਜਾਈਆ। ਜੋ ਨਾਨਕ ਗਿਆ ਦੱਸ, ਉਹ ਕਿਸੇ ਨਾ ਆਵੇ ਹੱਥ, ਚਾਰੋਂ ਕੁੰਟ ਰਹੇ ਨਠ, ਦਹਿ ਦਿਸ਼ਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਦਾ ਆਤਮ ਮਾਲਕ ਪ੍ਰਿਤਪਾਲਕ ਇਕੋ ਨਜ਼ਰੀ ਆਈਆ।

ਸ਼ਬਦ ਗੁਰੂ ਕਹੇ ਜੇ ਸੁਰਤੀ ਦਾ ਕਰਨਾ ਮਿਲਾਪ, ਸ਼ਬਦੀ ਜੋੜ ਜੁੜਾਈਆ। ਫੇਰ ਭੁੱਲ ਜਾਓ ਆਪਾ ਆਪ, ਮਿਟੇ ਭਰਮ ਕੀ ਕਾਈਆ। ਛਡ ਦਿਓ ਕੂੜੇ ਸਾਕ, ਕਾਮ ਕਰੋਧ ਲੋਭ ਮੋਹ ਹੰਕਾਰ ਨਾਤਾ ਲੈਣਾ ਤੁੜਾਈਆ। ਝਗੜਾ ਮੁਕ ਜਾਏ ਸਮਾਜ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਮਨ ਮਨੂਆ ਉਤਾਰ ਲਓ ਆਪਣੇ ਘਾਟ, ਸਿਰ ਸਕੇ ਨਾ ਕੋਇ ਉਠਾਈਆ। ਬੁੱਧੀ ਬਿਬੇਕ ਨਾਲ ਇਕੋ ਸਮਝ ਲਓ ਵਾਕ, ਬਹੁਤਾ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਜਿਨ੍ਹਾਂ ਦਾ ਸਤਿਗੁਰ ਅੰਦਰ ਆਤਮ ਵਸਿਆ ਪਾਸ, ਜੋਤ ਸਰੂਪੀ ਜੋਤੀ ਡਗਮਗਾਈਆ। ਸਦਾ ਸਦਾ ਸਦ ਵਸੇ ਸਾਥ, ਵਿਛੋੜਾ ਅਗੇ ਨਾ ਕੋਇ ਰਖਾਈਆ। ਉਹਨਾਂ ਦੀ ਲੇਖੇ ਲੱਗੇ ਪੜ੍ਹੀ ਗਾਥ, ਜਿਨ੍ਹਾਂ ਦੇ ਅੰਦਰ ਵੜ ਕੇ ਮੰਜ਼ਲ ਚੜ੍ਹ ਕੇ ਸਚ ਦਵਾਰੇ ਖੜ੍ਹ ਕੇ ਨੌ ਦਵਾਰੇ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਕਾਇਆ ਮੰਦਰ ਖੋਜ ਖੁਜਾਈਆ। ਸੁਰਤੀ ਕਹੇ ਮੈਂ ਕੀ ਦੱਸਾਂ, ਦੱਸਣ ਵਾਲੀ ਕਹਾਣੀ ਨਜ਼ਰ ਕੋਇ ਨਾ ਆਈਆ । ਨਾਲੇ ਰੋਵਾਂ ਨਾਲੇ ਹੱਸਾਂ, ਦੋਵੇਂ ਰੰਗ ਵਖਾਈਆ। ਬਾਹਰ ਵਾਲੀਆਂ ਸਮਝ ਨਾ ਸਕੀਆਂ ਅੱਖਾਂ, ਅੰਦਰੋਂ ਅੱਖ ਨਾ ਕਿਸੇ ਉਠਾਈਆ। ਮੈਂ ਚਾਰੋਂ ਕੁੰਟ ਤੱਕਾਂ, ਦਹਿ ਦਿਸ਼ਾ ਖੋਜ ਖੁਜਾਈਆ। ਮੈਂ ਫਿਰ ਕੇ ਆਈ ਮਦੀਨਾ ਮੱਕਾ, ਤੀਰਥ ਤੱਟਾਂ ਉਤੇ ਫੇਰਾ ਪਾਈਆ। ਮੈਂ ਵੇਖਿਆ ਚੌਦਾਂ ਲੋਕ ਚੌਦਾਂ ਹੱਟਾਂ, ਬ੍ਰਹਿਮੰਡ ਖੰਡ ਧਿਆਨ ਲਗਾਈਆ। ਮੈਂ ਪੂਜ ਕੇ ਵੇਖੇ ਪੱਥਰ ਇੱਟਾਂ, ਪੁਸਤਕ ਪੜ੍ਹ ਪੜ੍ਹ ਆਪਣਾ ਵਕ਼ਤ ਲੰਘਾਈਆ। ਸਿਖ ਸਿਖ ਹਟੀ ਜਗਤ ਵਿਦਿਆ ਸਾਚੀ ਸਿੱਖਾ, ਚੌਦਾਂ ਵਿਦਿਆ ਨਾਲ ਕਰੀ ਕੁੜਮਾਈਆ। ਪਰ ਸ਼ਬਦ ਸਵਾਮੀ ਮਿਲਿਆ ਨਹੀਂ ਸਾਚਾ ਪਿਤਾ, ਜੋ ਪਤਿਪਰਮੇਸ਼ਵਰ ਆਪਣੇ ਨਾਲ ਮਿਲਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰਆਧਾਰ ਹੋ ਕੇ ਕਰੇ ਹਿੱਤਾ, ਸਚ ਪ੍ਰੀਤੀ ਆਪਣੇ ਨਾਲ ਜੁੜਾਈਆ। ਪੜ੍ਹਨਾ ਲਿਖਣਾ ਜਗਤ ਕਹਾਣੀ ਕਿੱਸਾ, ਬਿਨ ਸਤਿਗੁਰ ਪੂਰੇ ਕ਼ਿਸਮਤ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਸਾਚਾ ਮੰਦਰ ਦਏ ਸੁਹਾਈਆ। ਸੁਰਤੀ ਕਹੇ ਮੈਂ ਸੁਰਤ ਨਿਰਤ ਨਾਲ, ਅਨਸੁਰਤ ਦਿਆਂ ਜਣਾਈਆ । ਨਿਰਤ ਸੁਰਤ ਦੋਵੇਂ ਬੇਹਾਲ, ਬਿਹਬਲ ਹੋ ਕੇ ਰਹੀ ਕੁਰਲਾਈਆ। ਜਿੰਨਾਂ ਚਿਰ ਸ਼ਬਦ ਗੁਰੂ ਨਾ ਹੋਏ ਦਿਆਲ, ਲੇਖਾ ਕਾਲ ਨਾ ਕੋਇ ਮੁਕਾਈਆ । ਰਾਏ ਧਰਮ ਨਾ ਹੋਏ ਜ਼ਵਾਲ, ਚਿਤਰ ਗੁਪਤ ਡੇਰਾ ਨਾ ਕੋਇ ਢਾਹੀਆ। ਸਾਚਾ ਮੰਨੇ ਨਾ ਕੋਇ ਸਵਾਲ, ਆਸਾ ਮਨਸਾ ਪੂਰ ਨਾ ਕੋਇ ਵਖਾਈਆ । ਸੁਰਤੀ ਕਹੇ ਮੈਂ ਸ਼ਬਦ ਗੁਰੂ ਬਿਨਾ ਹੋਈ ਕੰਗਾਲ, ਮੇਰੀ ਕ਼ੀਮਤ ਜਗਤ ਨਾ ਕੋਇ ਪਾਈਆ। ਜਿੰਨਾਂ ਚਿਰ ਸਤਿ ਸਰੋਵਰ ਵਿਚ ਨਾ ਦਏ ਨੁਹਾਲ, ਹੰਸ ਕਾਗ ਨਾ ਰੂਪ ਵਟਾਈਆ। ਓਨਾਂ ਚਿਰ ਸਚਖੰਡ ਦਵਾਰ ਨਾ ਮਿਲੇ ਸੱਚੀ ਧਰਮਸਾਲ, ਸਾਚੇ ਮੰਦਰ ਸੋਭਾ ਕੋਇ ਨਾ ਪਾਈਆ। ਨਾਨਕ ਵਿਦਿਆ ਸ਼ਬਦੀ ਧਾਰ ਜੋਤ ਨਿਰੰਕਾਰ, ਸ੍ਰਿਸ਼ਟੀ ਨੂੰ ਗਈ ਸਿਖਾਲ, ਇਸ਼ਟ ਇਕੋ ਬੇਪਰਵਾਹੀਆ। ਸੁਰਤ ਕਹੇ ਮੈਨੂੰ ਸਾਰੇ ਥਾਉਂ ਥਾਈਂ ਚੜ੍ਹੌਦੇ, ਆਪਣਾ ਜ਼ੋਰ ਲਗਾਈਆ। ਕੋਈ ਅੰਦਰ ਵੜ ਕੇ ਧਿਆਨ ਲਗੌਂਦੇ, ਆਸਣ ਸੋਹਣਾ ਹੇਠ ਵਿਛਾਈਆ। ਕੋਈ ਰਸਨਾ ਜਿਹਵਾ ਨਹੀਂ ਹਿਲੌਂਦੇ, ਅਜਪਾ ਜਾਪ ਰਹੇ ਗਾਈਆ। ਕੋਈ ਜਲ ਧਾਰਾ ਸੀਸ ਵਗੌਂਦੇ, ਤਨ ਮਾਟੀ ਠਾਰ ਵਖਾਈਆ। ਕੋਈ ਖ਼ਾਕ ਤਨ ਰਮੌਂਦੇ, ਅਵਧੂਤ ਰੂਪ ਵਟਾਈਆ । ਕੋਈ ਪੜ੍ਹ ਪੜ੍ਹ ਵਿਦਿਆ ਜਗਤ ਸੁਣੌਂਦੇ, ਕਥਾ ਵਾਰਤਾ ਨਾਲ ਰਲਾਈਆ। ਕੋਈ ਘਰ ਘਰ ਗੁਰੂ ਰੂਪ ਵਟੌਂਦੇ, ਭੇਖਾਧਾਰੀ ਆਪਣਾ ਭੇਖ ਦਸਾਈਆ। ਪੁਰਖ ਅਕਾਲ ਦਾ ਇਕੋ ਗੁਰੂ ਜੋ ਸ਼ਬਦ ਗੁਰ

ਜਿਸ ਨੂੰ ਆਦਿ ਜੁਗਾਦਿ ਗੁਰ ਅਵਤਾਰ ਸੀਸ ਨਵੌਂਦੇ, ਪੀਰ ਪੈਗ਼ੰਬਰ ਓਸੇ ਦਾ ਕਲਮਾ ਓਸੇ ਦਾ ਨਗ਼ਮਾ ਓਸੇ ਦਾ ਨਾਅਰਾ ਲਾਈਆ। ਬਿਨ ਸਤਿਗੁਰ ਸੁਰਤੀ ਕਹੇ ਮੇਰੇ ਵਿਚ ਨਾ ਕੋਈ ਸਮੌਂਦੇ, ਸਮੁੰਦਰ ਦਾ ਕਤਰਾ ਕਤਰਾ ਸਮੁੰਦਰ ਵਿਚ ਨਾ ਕੋਇ ਮਿਲਾਈਆ। ਜਿਸ ਨਾਮ ਦੀ ਸਿਫ਼ਤ ਸਾਲਾਹ, ਖਾਣੀਆਂ ਬਾਣੀਆਂ ਰਹੀਆਂ ਸੁਣਾਈਆ। ਉਹ ਸਭ ਦਾ ਮਾਲਕ ਮਲਾਹ, ਬੇਪਰਵਾਹ ਅਖਵਾਈਆ। ਕਿਸੇ ਨੇ ਰਾਮ ਵਾਹਿਗੁਰੂ ਅੱਲਾ ਕਿਹਾ ਖ਼ੁਦਾ, ਕੋਈ ਹਜ਼ਰਤ ਕਹਿ ਕੇ ਸੀਸ ਨਿਵਾਈਆ। ਕਹਿਣ ਵਾਲੇ ਸਾਰੇ ਉਹਨੂੰ ਕਰ ਕੇ ਗਏ ਅਲਵਿਦਾ, ਆਪ ਆਪਣਾ ਪੰਜ ਤਤ ਚੋਲਾ ਜਗਤ ਤਜਾਈਆ। ਉਸ ਦੇ ਨਾਮ ਦੀ ਸਿਫ਼ਤ ਸਾਰੇ ਗਏ ਲਿਖਾ, ਸਾਚਾ ਨਾਮ ਹੱਥ ਨਾ ਕੋਇ ਫੜਾਈਆ। ਉਹ ਨਿਰਅੱਖਰ ਜੋ ਸਾਰੇ ਅੱਖਰ ਰਿਹਾ ਬਣਾ, ਓਸੇ ਦੀ ਵੰਡ ਵੰਡਾਈਆ। ਉਹ ਨਾਮ ਪੁਰਖ ਅਕਾਲ ਦੀਨ ਦਿਆਲ ਜਿਸ ਮੁਰਸ਼ਦ ਦੀ ਝੋਲੀ ਦੇਵੇ ਪਾ, ਉਹ ਮੁਰੀਦਾਂ ਲਏ ਤਰਾਈਆ। ਨਾਨਕ ਦੀ ਬਾਣੀ ਉਹਨਾਂ ਦੀ ਗਵਾਹ, ਸ਼ਹਾਦਤ ਰਹੀ ਭੁਗਤਾਈਆ। ਸਭ ਦਾ ਮਾਲਕ ਸੁਰਤੀ ਦਾ ਮਲਾਹ, ਮੁਕਤੀ ਚਰਨਾਂ ਹੇਠਾਂ ਦੇਵੇ ਦਬਾ, ਉਠਦੀ ਲਹਿਰ ਦੀ ਧਾਰ ਵਿਚ ਲਏ ਮਿਲਾ, ਸ਼ਬਦੀ ਜੋਤ ਵਿਚ ਜਾਏ ਸਮਾ, ਨੂਰ ਨੂਰ ਵਿਚ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਵੇ ਆਪਣਾ ਦਰ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਕਾਇਆ ਮੰਦਰ ਅੰਦਰ ਡੂੰਘੀ ਕੰਦਰ ਪਰਦਾ ਦਏ ਉਠਾਈਆ। ਸੁਰਤੀ ਕਹੇ ਜਿਸ ਵੇਲੇ ਮੈਂ ਹੌਲੀ ਹੌਲੀ ਤੁਰਦੀ, ਨੌ ਦਵਾਰੇ ਪੰਧ ਮੁਕਾਈਆ। ਮੈਨੂੰ ਯਾਦ ਆਵੇ ਓਸ ਸਚੇ ਗੁਰ ਦੀ, ਜੋ ਸਤਿਗੁਰ ਹੁਕਮ ਸੁਣਾਈਆ। ਮੇਰੇ ਅੰਤਰ ਇਕ ਆਸਾ ਫੁਰਦੀ, ਜੋ ਪਿਛਲੇ ਫੁਰਨੇ ਦੇਵੇ ਬੰਦ ਕਰਾਈਆ। ਮੈਂ ਓਟ ਰੱਖੀ ਧੁਰ ਦੀ, ਮੰਜ਼ਲ ਚੜ੍ਹਨਾ ਚਾਈਂ ਚਾਈਂਆ। ਮੈਂ ਮਨ ਦੇ ਆਖੇ ਕਦੇ ਨਹੀਂ ਮੁੜਦੀ, ਟੇਢੀ ਬੰਕ ਨਾ ਕੋਇ ਅਟਕਾਈਆ। ਮੈਂ ਆਵਾਜ਼ ਮੰਗਾਂ ਓਸ ਨਾਦ ਅਗੰਮੀ ਸੁਰ ਦੀ, ਜੋ ਅੱਠੇ ਪਹਿਰ ਕਾਇਆ ਮੰਦਰ ਅੰਦਰ ਧੁਨ ਆਤਮਕ ਰਾਗ ਸੁਣਾਈਆ। ਓਥੇ ਬੰਕ ਟੇਢੀ ਕੋਈ ਲੋੜ ਨਹੀਂ, ਰਾਗ ਨਾਦ ਤਾਲ ਨਾ ਕੋਇ ਵਜਾਈਆ। ਓਥੇ ਇਕ ਦੂਜਾ ਕੋਈ ਹੋਰ ਨਹੀਂ, ਠਗ ਚੋਰ ਯਾਰ ਨਜ਼ਰ ਕੋਇ ਨਾ ਆਈਆ। ਸਚ ਪਰਕਾਸ਼ ਅੰਧ ਘੋਰ ਨਹੀਂ, ਜੋਤੀ ਜੋਤ ਜੋਤ ਰੁਸ਼ਨਾਈਆ। ਬ੍ਰਹਮ ਪਾਰਬ੍ਰਹਮ ਇਕ ਡੋਰ ਸਹੀ, ਲੜੀ ਲੜੀ ਨਾਲ ਜੁੜਾਈਆ। ਜਿਨ੍ਹਾਂ ਵੇਖਿਆ ਪੇਖਿਆ ਉਹਨਾਂ ਇਹ ਸਚ ਕਹੀ, ਨਾਨਕ ਗਿਆ ਸਮਝਾਈਆ। ਜਿਨ੍ਹਾਂ ਦੀ ਗੱਲ ਏਥੇ ਦੀ ਏਥੇ ਰਹੀ, ਓਥੇ ਦੀ ਓਸੇ ਦੇ ਹੱਥ ਵਡਿਆਈਆ। ਸੁਰਤ ਕਹੇ ਮੇਰਾ ਸਤਿਗੁਰ ਸੰਗ ਮੈਂ ਇਕੱਲੀ ਨਹੀਂ, ਜੋ ਮੇਰਾ ਭੰਡਾਰਾ ਰਿਹਾ ਵਖਾਈਆ। ਮੇਰਾ ਲੇਖਾ ਸੁਣੇ ਨਾ ਕੋਈ ਕਢ ਕੇ ਵਹੀ, ਦੇਵਣਹਾਰ ਨਾ ਕੋਇ ਸਜ਼ਾਈਆ। ਜਿਸ ਦੀ ਓਸੇ ਦੀ ਅੰਤ ਝੋਲੀ ਪਈ, ਪੀਆ ਪ੍ਰੀਤਮ ਓਹੀ ਨਜ਼ਰੀ ਆਈਆ। ਜਿਸ ਨਾਲੋਂ ਵਿਛੜੀ ਓਸੇ ਗਠ ਲਈ, ਬੈਠੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਆਪ ਕਮਾਈਆ। ਸਤਿਗੁਰ ਪੂਰਾ ਮਿਹਰ ਨਜ਼ਰ ਨਾਲ ਦੇਵੇ ਤਾਰ, ਆਪਣੀ ਦਇਆ ਕਮਾਈਆ। ਬਿਨ ਮੰਜ਼ਲੋਂ ਸਾਚੀ ਮੰਜ਼ਲ ਦੇਵੇ ਚਾੜ੍ਹ, ਇਸ਼ਾਰੇ ਨਾਲ ਪਾਰ ਕਰਾਈਆ। ਮੰਤਰ ਫੁਰਨਾ ਦੇ ਕੇ ਕੂੜੀ ਕਿਰਿਆ ਮੇਟ ਦੇਵੇ ਧਾੜ, ਕਾਇਆ ਮੰਦਰ ਉਜਾੜ ਪਰਭਾਸ ਗੁਲਸ਼ਨ ਰੁਤ ਸ਼ਹਿਨਸ਼ਾਹ ਦਏ ਬਣਾਈਆ। ਓਸ ਮੰਦਰ ਅੰਦਰ ਦੇਵੇ ਵਾੜ, ਜਿਥੋਂ ਸਕੇ ਨਾ ਕੋਇ ਨਿਕਾਲ, ਲੱਖ ਚੁਰਾਸੀ ਫੰਦ ਦਏ ਕਟਾਈਆ। ਜਿਨ੍ਹਾਂ ਦੇ ਉਪਰ ਹੋ ਗਿਆ ਦਿਆਲ, ਉਹਨਾਂ ਦਾ ਲੇਖਾ ਛੁਟ

ਗਿਆ ਕਾਲ ਮਹਾਕਾਲ, ਸਿਰ ਨਾ ਸਕੇ ਉਠਾਈਆ। ਕਾਇਆ ਮੰਦਰ ਅੰਦਰ ਸੁਹਾ ਕੇ ਸਚੀ ਧਰਮਸਾਲ, ਦੀਆ ਬਾਤੀ ਕਮਲਾਪਾਤੀ ਇਕੋ ਬਾਲ, ਅੰਧ ਅੰਧੇਰ ਦਏ ਗਵਾਈਆ। ਸੁਰਤੀ ਕਹੇ ਮੈਂ ਓਸ ਦੇ ਜਾਵਾਂ ਨਾਲ, ਜੋ ਸ਼ਾਹਾਂ ਦਾ ਸ਼ਾਹ ਕੰਗਾਲਾਂ ਦਾ ਕੰਗਾਲ, ਮਾਲਕਾਂ ਦਾ ਮਾਲਕ ਵਾਲੀ ਦੋ ਜਹਾਨ, ਏਥੇ ਓਥੇ ਨਿਰਗੁਣ ਸਰਗੁਣ ਦੋਵੇਂ ਧਾਰ ਕਰੇ ਪ੍ਰਿਤਪਾਲ, ਮਿਹਰਵਾਨ ਆਪਣੇ ਦਰ ਬਹਾਈਆ। ਸੁਰਤੀ ਕਹੇ ਗੁਰਮੁਖੋ ਜੇ ਕਰਨਾ ਹੋਵੇ ਸਚਾ ਸਤਿਸੰਗ, ਸੰਗਤ ਰੂਪ ਵਟਾਈਆ। ਪੂਰੇ ਸਤਿਗੁਰ ਤੋਂ ਪਹਿਲੋਂ ਇਕ ਮੰਗ ਲਓ ਮੰਗ, ਪ੍ਰੇਮ ਪ੍ਰੀਤੀ ਆਪਣੀ ਝੋਲੀ ਪਾਈਆ। ਚਰਨ ਧੂੜ ਨਹਾਓ ਗੰਗ, ਦੁਰਮਤ ਮੈਲ ਧੁਵਾਈਆ। ਪ੍ਰੇਮ ਪਿਆਰ ਦਾ ਗਾਓ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਆਪਣੇ ਅੰਦਰ ਉਸ ਦਾ ਡਾਹੋ ਪਲੰਘ, ਸਾਥੀ ਸਾਚਾ ਲਓ ਬਣਾਈਆ। ਫਿਰ ਨੌ ਦਵਾਰੇ ਸਾਚੇ ਜਾਓ ਲੰਘ, ਅਧ ਵਿਚ ਨਾ ਕੋਇ ਅਟਕਾਈਆ। ਸੁਣਦੇ ਜਾਓ ਸੁਣਾਂਦੇ ਜਾਓ ਅਗੰਮੀ ਛੰਦ, ਜੋ ਸਹਿੰਸਾ ਰਿਹਾ ਮੁਕਾਈਆ। ਅੰਧੇਰ ਗੁਬਾਰੇ ਅਗੇ ਵੇਖੋ ਨੂਰੀ ਚੰਦ, ਸੂਰਜ ਬਾਰਾਂ ਨਹੀਂ ਕੋਟਨ ਕੋਟ ਨੂਰਾਂ ਦਾ ਨੂਰ ਨਜ਼ਰੀ ਆਈਆ। ਇਹ ਇਕ ਦੋ ਤੇ ਗਿਆਰਾਂ, ਇਹ ਨਿੱਕਿਆਂ ਨਿੱਕਿਆਂ ਸਾਧਾਂ ਸੰਤਾਂ ਦੀਆਂ ਵਾਰਾਂ, ਬਾਰਾਂ ਸੂਰਜ ਇਕ ਮਹਾਪੁਰਸ਼ਾਂ ਦਾ ਨਿੱਕਾ ਜਿਹਾ ਇਸ਼ਾਰਾ, ਉਸ ਤੋਂ ਅਗੇ ਵੱਡਾ ਦਵਾਰਾ, ਜਿਥੇ ਬੈਠਾ ਹਰਿ ਨਿਰੰਕਾਰਾ, ਕੋਟਨ ਕੋਟ ਆਤਮਾ ਪਰਮਾਤਮ ਆਪਣੇ ਰੰਗ ਵਿਚ ਰੰਗਾਈਆ। ਕੋਟਨ ਕੋਟ ਵਸਦੇ ਗੁਰੂ ਅਵਤਾਰਾ, ਪੀਰ ਪੈਗ਼ੰਬਰ ਸਜਦੇ ਕਰਨ ਕਰ ਕਰ ਨਿਮਸਕਾਰਾ, ਭਗਤ ਭਗਵਾਨ ਇਕ ਦੂਜੇ ਨਾਲ ਕਰਨ ਪਿਆਰਾ, ਗੁਰਮੁਖ ਜੋਤੀ ਜੋਤ ਨੂਰ ਕਰਨ ਉਜਿਆਰਾ, ਗੁਰਸਿੱਖ ਵੇਖਣ ਬਿਨਾ ਪਵਣ ਅਗੰਮੀ ਹੁਲਾਰਾ, ਪੁਰਖ ਅਕਾਲ ਦੀਨ ਦਿਆਲ ਧੁਰ ਧਾਮੀ ਸ਼ਬਦ ਇਨਾਮੀ ਨਿਹਕਰਮੀ ਸਭ ਦਾ ਮਰਮੀ, ਆਦਿ ਜੁਗਾਦੀ ਧਰਮੀ, ਸਾਚੀ ਬਖ਼ਸ਼ੇ ਇਕ ਸਰਨੀ, ਸੁਰਤ ਸਵਾਣੀ ਮਿਲਾਏ ਸ਼ਬਦ ਹਾਣੀ, ਲੇਖਾ ਚੁਕਾਏ ਜਗਤ ਜਹਾਨੀ, ਪਾਰ ਲੰਘਾ ਕੇ ਪਦ ਨਿਰਬਾਣੀ, ਜੋਤ ਆਪਣੀ ਵਿਚ ਮਿਲਾਈਆ।

ਬੜਾ ਅੰਮ੍ਰਿਤ ਵਸਿਆ, ਜਿਨ੍ਹਾਂ ਨੂੰ ਅੰਮ੍ਰਿਤ ਪਿਆਸ। ਉਹਨਾਂ ਨੂੰ ਆਵੇ ਰਸਿਆ, ਜੋ ਸਤਿਗੁਰ ਦੇ ਹੋਏ ਦਾਸ । ਉਹ ਗੁਰਮੁਖ ਕਾਇਆ ਮੰਦਰ ਆਇਆ ਹੱਸਿਆ, ਖੇਲ ਵੇਖੀ ਪ੍ਰਿਥਮੀ ਆਕਾਸ਼। ਗਗਨ ਮੰਡਲਾਂ ਬ੍ਰਹਿਮੰਡਾਂ ਖੰਡਾਂ ਵਿਚ ਫਿਰੇ ਨਠਿਆ, ਬਜਰ ਕਪਾਟੀ ਖੁਲ੍ਹਿਆ ਹਾਟ । ਮਿਟ ਗਈ ਰੈਣ ਅੰਧੇਰੀ ਮਸਿਆ, ਘਰ ਸਚ ਹੋਇਆ ਪਰਕਾਸ਼। ਆਤਮਾ ਨੇ ਪਰਮਾਤਮਾ ਨੂੰ ਮਿਲ ਕੇ ਆਪਣਾ ਹਾਲ ਦੱਸਿਆ, ਕਿਉਂ ਬੈਠਾ ਰਿਹੋਂ ਪੁਰਖ ਅਬਿਨਾਸ਼। ਮੈਨੂੰ ਵਾਸਨਾ ਜਗਤ ਗ੍ਰਸਿਆ, ਕੂੜੀ ਕਿਰਿਆ ਓਸੇ ਦੇ ਸਾਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਏਥੇ ਆਪਣੇ ਦਰਸ ਦਾ ਲੇਖੇ ਲਗੇ ਸਵਾਸ ਸਵਾਸ। ਅੰਮ੍ਰਿਤ ਕਹੇ ਹੋਈ ਸਾਚੀ ਵਰਖਾ, ਬਾਣੀ ਅੰਮ੍ਰਿਤ ਨਜ਼ਰੀ ਆਈਆ। ਨਾ ਹਰਖ਼ ਸੋਗ਼ ਰਿਹਾ, ਪਾਇਆ ਸਚਾ ਦਰਸਾ, ਦੀਦ ਈਦ ਚੰਦ ਰੁਸ਼ਨਾਈਆ। ਜੀਵਣ ਵਿਚ ਜ਼ਿੰਦਗੀ ਦਾ ਨਾਮ ਲੈਣ ਦਾ ਪਹਿਲਾ ਪਰਚਾ, ਕੋਈ ਗੁਰਮੁਖ ਵਿਰਲਾ ਮੁਸ਼ਕਲ ਹਲ ਕਰਾਈਆ। ਸ਼ਾਸਤਰ ਸਿਮਰਤ ਕਰਦੇ ਚਰਚਾ, ਅੱਖਰਾਂ ਵਾਲੀ ਦੱਸਣ ਪੜ੍ਹਾਈਆ। ਓਹ ਗੁਰਮੁਖੋ ਬਿਨ ਸਤਿਗੁਰ ਪੂਰੇ ਕੋਈ ਨਹੀਂ ਬਝਦਾ ਖਰਚਾ, ਸਾਚੀ ਵਸਤ ਨਾਮ ਅਮੋਲਕ ਗੰਢ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਅੰਮ੍ਰਿਤ ਦੀ ਧਾਰ, ਨਿਝਰ ਦਾ ਪਿਆਰ, ਇਕੋ ਰਸ ਵਖਾਈਆ। ਅੰਮ੍ਰਿਤ ਕਹੇ ਮੇਰੀ ਵਰਖਾ ਅਪਾਰ, ਅਪਰੰਪਰ ਰਿਹਾ ਵਸਾਈਆ। ਜਿਨ੍ਹਾਂ ਉਤੇ ਮੇਰੀ ਬੂੰਦ ਡਿਗ ਪਈ ਇਕ ਵਾਰ, ਉਹ ਵਾਰਤਾ ਪਿਛਲੀ ਗਏ ਭੁਲਾਈਆ। ਉਨ੍ਹਾਂ ਦੀ ਮੰਜ਼ਲ ਮੁਕ ਗਈ ਦੁਸ਼ਵਾਰ, ਔਖੀ ਘਾਟੀ ਚਰਨਾਂ ਹੇਠ ਦਬਾਈਆ। ਘਰ ਸੱਜਣ ਸਵਾਮੀ ਠਾਕਰ ਸ਼ਬਦ ਗੁਰੂ ਮਿਲ ਗਿਆ ਯਾਰ, ਯਰਾਨਾ ਸਾਚਾ ਲਏ ਲਗਾਈਆ। ਅੰਦਰ ਦਾ ਖੋਜੀ ਪ੍ਰੇਮ ਦਾ ਚੋਜੀ ਵੇਖਣਹਾਰਾ ਨੌ ਦਵਾਰੇ ਤੋਂ ਬਾਹਰ, ਸ਼ਾਹ ਰਗ ਤੋਂ ਉਤੇ ਭਗਤ ਉਠਾਏ ਸੁੱਤੇ, ਜਿਨ੍ਹਾਂ ਦੇ ਅੰਮ੍ਰਿਤ ਚੋਏ ਮੁਖੇ, ਤ੍ਰਿਸ਼ਨਾ ਜਗਤ ਮਿਟਾਈਆ । ਉਹ ਸੰਤ ਸੁਹੇਲੇ ਗੁਰਮੁਖ ਹੋ ਗਏ ਸੁੱਚੇ, ਉਨ੍ਹਾਂ ਦੇ ਅੰਦਰ ਦੂਈ ਦਵੈਤ ਕੂੜ ਕੁੜਿਆਰ ਨਹੀਂ ਰਹਿੰਦੇ ਗ਼ੁੱਸੇ, ਇਕੋ ਸਾਹਿਬ ਸਤਿਗੁਰ ਸਚ ਸੁੱਝੇ, ਅਗਲੇ ਪਿਛਲੇ ਪੈਂਡੇ ਮੁਕੇ, ਜੋ ਅੰਮ੍ਰਿਤ ਚਖ ਅੰਮ੍ਰਿਤ ਰਸ ਪਾਈਆ।

੧੩ ਚੇਤ ਸ਼ਹਿਨਸ਼ਾਹੀ ਸੰਮਤ ੧ ਫ਼ਰੰਗੀ ਰਾਮ ਦੇ ਗ੍ਰਹਿ ਪਿੰਡ ਝੰਡੇ

ਜਨ ਭਗਤ ਪਾਏ ਪ੍ਰਭ ਦੀ ਸਾਰ, ਸਾਰ ਭਗਤਾਂ ਪ੍ਰਭੂ ਆਪਣੀ ਆਪ ਜਣਾਇੰਦਾ। ਇਹੋ ਖੇਲ ਲੇਖ ਲਿਖਣ ਦੱਸਣ ਤੋਂ ਬਾਹਰ, ਉਹ ਜਾਣੇ ਜਿਸ ਨੂੰ ਦਇਆ ਕਰ ਵਖਾਇੰਦਾ। ਜੇ ਕਬੀਰ ਨਾ ਪੌਂਦਾ ਸਾਰ, ਢੋਲੇ ਪ੍ਰੇਮ ਦੇ ਕਵਣ ਸੁਣਾਇੰਦਾ। ਭਗਵਾਨ ਨਾ ਦਿੰਦਾ ਅਧਾਰ, ਪਰਦਾ ਕੌਣ ਖੁਲ੍ਹਾਇੰਦਾ। ਸਾਂਝਾ ਨਾ ਹੁੰਦਾ ਪਿਆਰ, ਰਾਗ ਕਵਣ ਅਲਾਇੰਦਾ। ਦਰਸੌਂਦਾ ਨਾ ਦਰਬਾਰ, ਦਰਦ ਕੌਣ ਵੰਡਾਇੰਦਾ। ਕੋਟਨ ਕੋਟਾਂ ਵਿਚੋਂ ਵਿਰਲਿਆਂ ਭਗਤਾਂ ਨੂੰ ਬਨ੍ਹੌਂਦਾ ਆਪਣਾ ਇਤਬਾਰ, ਬਾਕੀ ਖ਼ਾਲੀ ਹੱਥ ਰਖਾਇੰਦਾ। ਜਿਨ੍ਹਾਂ ਮਿਲਿਆ ਉਨ੍ਹਾਂ ਨੂੰ ਦੱਸਿਆ ਹਕ਼ੀਕ਼ੀ ਯਾਰ, ਨਾਅਰਾ ਹਕ ਹਕ ਸੁਣਾਇੰਦਾ। ਜਿਨ੍ਹਾਂ ਦੇ ਆਇਆ ਦਵਾਰ, ਉਨ੍ਹਾਂ ਦੇ ਦੋ ਜਹਾਨ ਨਾਮ ਵਡਿਆਇੰਦਾ। ਪੁਰਖ ਅਕਾਲ ਕਦੇ ਨਹੀਂ ਬਣਿਆ ਗ਼ਦਾਰ, ਬੇਮੁਖ ਹੋ ਨਾ ਮੁਖ ਭਵਾਇੰਦਾ। ਜਿਨ੍ਹਾਂ ਭਗਤਾਂ ਸੰਗ ਪਾ ਲਿਆ ਪਿਆਰ, ਅੰਤ ਉਨ੍ਹਾਂ ਨਾਲ ਨਿਭਾਇੰਦਾ। ਇਹ ਸਭ ਕੁਛ ਓਸੇ ਦੇ ਅਖਤਿਆਰ, ਜੋ ਆਖ਼ਰ ਤੋਂ ਆਖ਼ਰ ਆਪਣਾ ਹੁਕਮ ਵਰਤਾਇੰਦਾ। ਇਸੇ ਕਰ ਕੇ ਕੋਈ ਅਰਬਾਂ ਖਰਬਾਂ ਵਿਚ ਭਗਤਾਂ ਦਾ ਨਹੀਂ ਸ਼ੁਮਾਰ, ਥੋੜੇ ਜੋੜੇ ਆਪਣੇ ਰੰਗ ਰੰਗਾਇੰਦਾ। ਜਿਨ੍ਹਾਂ ਦਿਤਾ ਆਪਣੇ ਦਰਸ ਦਾ ਦੀਦਾਰ, ਤਿਨ੍ਹਾਂ ਦੀਦ ਈਦ ਇਕ ਚੰਦ ਰੁਸ਼ਨਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਪੁਰਖ ਅਕਾਲ ਹੋ ਕੇ ਬਦਲਿਆ ਥੋੜ੍ਹਾ ਆਪਣਾ ਵਿਹਾਰ, ਮਿਹਰ ਨਜ਼ਰ ਇਕ ਉਠਾਇੰਦਾ । ਇਕ ਦੋ ਚਾਰ ਬਦਲੇ ਜਨ ਭਗਤਾਂ ਦੀ ਬਣਾ ਕੇ ਕਤਾਰ, ਹਰਿ ਸੰਗਤ ਰੂਪ ਵਟਾਇੰਦਾ। ਆਪਣੀ ਦੱਸ ਕੇ ਗੁਫ਼ਤਾਰ, ਸ਼ਬਦੀ ਬਖ਼ਸ਼ ਕੇ ਧਾਰ, ਆਤਮ ਪਰਮਾਤਮ ਜੋੜ ਜੁੜਾਇੰਦਾ। ਸੁੱਤਿਆਂ ਨੂੰ ਕਰ ਕੇ ਖ਼ਬਰਦਾਰ, ਰੁੱਠਿਆਂ ਨੂੰ ਮੇਲ ਕੇ ਨਾਲ, ਆਪਣੇ ਰਾਹ ਚਲਾਇੰਦਾ। ਸੱਜਣਾਂ ਦੀ ਸੁਰਤ ਸੰਭਾਲ, ਗੁਰਮੁਖ ਬਣਾ ਕੇ ਲਾਲ, ਆਪਣੀ ਗੋਦ ਉਠਾਇੰਦਾ। ਬਿਵਹਾਰੀ ਹੋ ਕੇ ਕਰ ਵਿਹਾਰ, ਜੋਤੀ ਜਾਤਾ ਭੇਖ ਨਿਆਰ, ਲੋਕਮਾਤ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇੰਦਾ। ਭਗਤ ਭਗਵਾਨ ਇਕ ਦੂਜੇ ਦੀ ਪਾਵਣ ਸਾਰ, ਸਾਰਥੀ ਮਹਾਸਾਰਥੀ ਵਿਦਿਆਰਥੀ ਆਪਣੇ ਲਏ ਪੜ੍ਹਾਈਆ। ਨਿਰਗੁਣ ਨੂਰ ਜੋਤ ਨਿਰੰਕਾਰ, ਸਰਗੁਣ ਦੇਵੇ ਮਾਣ ਵਡਿਆਈਆ। ਜੁਗ ਚੌਕੜੀ ਵੇਖੇ ਵਿਗਸੇ ਵੇਖਣਹਾਰ, ਮਾਲਕ ਖ਼ਾਲਕ

ਫੇਰਾ ਪਾਈਆ। ਲੇਖਾ ਜਾਣਨਹਾਰਾ ਨਰ ਨਾਰ, ਨਰ ਨਰਾਇਣ ਸਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਵਖਾਈਆ। ਭਗਤ ਭਗਵਾਨ ਸਾਰ ਜਾਵਣ ਪਾ, ਪਲੂ ਪਲੂ ਨਾਲ ਗੰਢਾਈਆ। ਸਾਂਝਾ ਮਿਲ ਕੇ ਢੋਲਾ ਲੈਣਾ ਗਾ, ਸੋਹੰ ਸਚ ਪੜ੍ਹਾਈਆ। ਆਤਮ ਪਰਮਾਤਮ ਦਾ ਹੋ ਜਾਏ ਸਚ ਵਿਆਹ, ਜਗਤ ਨਕਾਹ ਦੀ ਲੋੜ ਰਹੇ ਨਾ ਰਾਈਆ। ਸ਼ਹਾਦਤ ਆਪੇ ਦਏ ਭੁਗਤਾ, ਧੁਰ ਦਾ ਹੁਕਮ ਮਨਾਈਆ। ਭੇਵ ਅਭੇਦਾ ਇਕ ਖੁਲ੍ਹਾ, ਧੁਰ ਘਰ ਦਾ ਰਾਹ ਜਣਾਈਆ। ਭਗਤ ਭਗਵਾਨ ਇਕੋ ਕਰਨ ਸਲਾਹ, ਸਤਿ ਸਚ ਸਚੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਆਪਣਾ ਖੇਲ ਵਖਾਈਆ। ਭਗਤ ਭਗਵਾਨ ਇਕ ਦੂਜੇ ਦੀ ਸਾਰ ਪੌਂਦੇ, ਸਮਝੇ ਨਾ ਜਗਤ ਲੋਕਾਈਆ। ਗ੍ਰਹਿ ਮੰਦਰ ਸਾਚੇ ਆਸਣ ਲੌਂਦੇ, ਤਨ ਮਾਟੀ ਸੋਹਣੀ ਸੇਜ ਸੁਹਾਈਆ। ਇਕ ਦੂਜੇ ਦਾ ਦਰਸ਼ਨ ਪੌਂਦੇ, ਨਿਜ ਨੇਤਰ ਅੱਖ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗੌਂਦੇ, ਵਜਦੀ ਰਹੇ ਵਧਾਈਆ। ਜਗਤ ਜਹਾਨ ਕੋਲੋਂ ਨਹੀਂ ਸ਼ਰਮੌਂਦੇ, ਬੇਪਰਵਾਹੀ ਵਿਚ ਸਮਾਈਆ। ਪ੍ਰੇਮ ਪ੍ਰੀਤੀ ਨਾਲ ਇਕ ਦੂਜੇ ਨੂੰ ਮਨੌਂਦੇ, ਰੁੱਠਾ ਰਹਿਣ ਕੋਇ ਨਾ ਪਾਈਆ। ਸਤਿ ਸਤਿ ਕਹਿ ਕੇ ਸੀਸ ਨਵੌਂਦੇ, ਇਕ ਦੂਜੇ ਅਗੇ ਝੁਕ ਝੁਕ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬਖ਼ਸ਼ਣਹਾਰ ਸਚੀ ਸਰਨਾਈਆ। ਸਾਰ ਨਾ ਪੌਂਦਾ ਜੇ ਭਗਵਾਨ ਭਗਤ, ਜਗਤ ਮਿਲਦੀ ਨਾ ਕੋਇ ਵਡਿਆਈਆ। ਕੌਣ ਦੱਸਦਾ ਸ੍ਰਿਸ਼ਟੀ ਨੂੰ ਮਾਲਕ ਅਰਸ਼, ਫ਼ਰਸ਼ਾਂ ਉਤੇ ਖੇਲ ਵਖਾਈਆ । ਗ਼ਰੀਬਾਂ ਦੀ ਵੰਡੇ ਦਰਦ, ਦੁਖੀਆਂ ਦਾ ਹੋਏ ਸਹਾਈਆ। ਸ਼ਰਅ ਦੀ ਕੂੜੀ ਕਰਦ, ਮਜ਼੍ਹਬ ਕਸਾਈਆਂ ਤੋਂ ਦਏ ਸੁਟਾਈਆ। ਮੇਟ ਕੇ ਗੁਬਾਰ ਗਰਦ, ਸਾਚਾ ਨੂਰ ਕਰੇ ਰੁਸ਼ਨਾਈਆ। ਜੁਗ ਚੌਕੜੀ ਕਢ ਕੇ ਫ਼ਰਦ, ਫ਼ੈਸਲੇ ਕਵਣ ਸੁਣਾਈਆ। ਗੁਰ ਅਵਤਾਰਾਂ ਮੰਨ ਕੇ ਅਰਜ਼, ਹੁਕਮ ਰਿਹਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਕਰਤਾ ਖੇਲ ਵਖਾਈਆ। ਭਗਤ ਭਗਵਾਨ ਜੇ ਸਾਰ ਪਾ ਨਾ ਖੁਲ੍ਹਦਾ ਪਰਦਾ, ਉਹਲਾ ਅੰਦਰ ਨਾ ਕੋਇ ਉਠਾਈਆ। ਭਗਤ ਕਿਸ ਦਾ ਢੋਲਾ ਪੜ੍ਹਦਾ, ਕਿਸ ਦਾ ਨਾਮ ਧਿਆਈਆ। ਕਿਸ ਦੀ ਸੇਜੇ ਚੜ੍ਹਦਾ, ਕਿਸ ਦੇ ਮੰਦਰ ਖ਼ੁਸ਼ੀ ਰਖਾਈਆ। ਕਿਸ ਦਾ ਹੋ ਕੇ ਬਰਦਾ, ਸੇਵਾ ਸਚ ਕਮਾਈਆ। ਕਿਸ ਦੀ ਸਰਨ ਪੜਦਾ, ਨਿਉਂ ਨਿਉਂ ਸੀਸ ਝੁਕਾਈਆ। ਕਿਸ ਨੂੰ ਮਾਲਕ ਬਣੌਂਦਾ ਆਪਣੇ ਘਰ ਦਾ, ਕੁੰਜੀ ਜਿੰਦਾ ਓਸੇ ਕੋਲੋਂ ਖੁਲ੍ਹਾਈਆ। ਕਿਸ ਨੂੰ ਆਤਮ ਹੋ ਕੇ ਪਰਮਾਤਮ ਰੂਪ ਵਰਦਾ, ਕੰਤ ਸੁਹਾਗੀ ਕਵਣ ਹੰਡਾਈਆ। ਕਵਣ ਸਨਮੁਖ ਹੋ ਕੇ ਖੜ੍ਹਦਾ, ਸਤਿ ਸਰੂਪੀ ਦਰਸ ਕਵਣ ਕਰਾਈਆ। ਇਹ ਖੇਲ ਪੁਰਖ ਸਮਰਥ ਦਾ, ਜੋ ਭਗਤਾਂ ਆਪਣਾ ਭੇਤ ਦਏ ਜਣਾਈਆ। ਇਹ ਫੁਰਨਾ ਇਸ਼ਾਰਾ ਓਸ ਅੱਖ ਦਾ, ਜਿਹੜੀ ਜਗਤ ਨੇਤਰਾਂ ਤੋਂ ਪਿਛੇ ਰੱਖੀ ਛੁਪਾਈਆ। ਜਿਸ ਦਵਾਰੇ ਅੰਦਰ ਵਸਦਾ, ਓਸੇ ਦਾ ਮੰਦਰ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪਣੇ ਹੱਥ ਰਖਾਈਆ। ਜੇ ਭਗਤ ਭਗਵਾਨ ਸਾਰ ਪਾ ਨਾ ਚਕੌਂਦਾ ਉਹਲਾ, ਰਾਜ਼ ਆਪ ਖੁਲ੍ਹਾਈਆ। ਕੌਣ ਸ੍ਰੀ ਭਗਵਾਨ ਦਾ ਬਣਦਾ ਗੋਲਾ, ਚਾਕਰ ਰੂਪ ਵਟਾਈਆ। ਕੌਣ ਗੌਂਦਾ ਢੋਲਾ, ਰਾਗ ਧੁਰ ਦਰਗਾਹੀਆ। ਕਵਣ ਕਹਿੰਦਾ ਮੌਲਾ, ਮੌਲਿਆ ਹਰ ਘਟ ਥਾਈਂਆ। ਫੇਰ ਲੱਖ ਚੁਰਾਸੀ ਅੰਦਰ ਪਿਆ ਰਹਿੰਦਾ ਰੌਲਾ, ਭਰਮ ਭੁਲੇਖਾ ਦੂਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਅਵੱਲੜੀ

ਆਪਣੀ ਆਪ ਚਲਾਈਆ। ਭਗਵਾਨ ਕਹੇ ਜੇ ਮੈਂ ਭਗਤਾਂ ਰਾਜ਼ ਨਾ ਦੱਸਾਂ, ਤਾਕ ਬੰਦ ਖੁਲ੍ਹਾਈਆ। ਫੇਰ ਮੈਂ ਕੀਹਦੇ ਘਰ ਵਸਾਂ, ਕਿਸ ਨੂੰ ਮਿਲ ਕੇ ਖ਼ੁਸ਼ੀ ਵਖਾਈਆ। ਕਿਸ ਦੇ ਨਾਲ ਹੱਸਾਂ, ਕਿਸ ਨੂੰ ਗੋਦ ਉਠਾਈਆ। ਕਿਸ ਦੇ ਨਾਲ ਮਿਲਾਵਾਂ ਅੱਖਾਂ, ਕਿਸ ਨਾਲੋਂ ਹੋਵੇ ਨਾ ਕਦੇ ਜੁਦਾਈਆ । ਕਿਸ ਦੇ ਅਗੇ ਆਪਣਾ ਪ੍ਰੇਮ ਸੁਟਾਂ, ਝੋਲੀ ਕਿਸ ਦੀ ਪਾਈਆ। ਕਿਸ ਦਾ ਪ੍ਰੀਤੀ ਵਾਲਾ ਜੋਬਨ ਲੁਟਾਂ, ਆਪਣੇ ਅੰਗ ਲਗਾਈਆ। ਕਿਸ ਨੂੰ ਜਾਮ ਪਿਆਵਾਂ ਘੁੱਟਾਂ, ਅੰਮ੍ਰਿਤ ਰਸ ਚਵਾਈਆ। ਕਿਸ ਦੇ ਅੰਦਰੋਂ ਸ਼ਬਦੀ ਧਾਰ ਹੋ ਫੁੱਟਾਂ, ਸੋਹਲੇ ਰਾਗ ਅਲਾਈਆ। ਕਿਸ ਦੇ ਭਾਗ ਲਗਾਵਾਂ ਜੁਸਾ, ਜਿਸਮ ਤਨ ਖ਼ਾਕੀ ਸੋਭਾ ਪਾਈਆ। ਕਿਸ ਨੂੰ ਹਾਲ ਮੁਰੀਦਾਂ ਵਾਲਾ ਜਾ ਕੇ ਪੁੱਛਾਂ, ਮੁਰਸ਼ਦ ਕਿਸ ਦਾ ਅਖਵਾਈਆ। ਜੇ ਭਗਤ ਭਗਵਾਨ ਦਾ ਵਿਹਾਰ ਨਾ ਕਰਾਂ ਤੇ ਫਿਰ ਸਾਰੇ ਕਹੋ ਪ੍ਰਭ ਦਾ ਪੈਂਡਾ ਮੁੱਕਾ, ਨਾ ਦੀਨ ਨਾ ਦੁਨੀ ਨਾ ਧੁਨੀ ਦਾ ਮਾਲਕ ਕੋਇ ਅਖਵਾਈਆ। ਨਾ ਕੋਈ ਪਿਉ ਨਾ ਰਹਿ ਜਾਏ ਪੁਤਾ, ਨਾ ਕੋਈ ਧੰਨ ਜਣੇਂਦੀ ਮਾਈਆ। ਇਹੋ ਭੇਵ ਆਦਿ ਜੁਗਾਦਿ ਰੱਖਿਆ ਗੁੱਝਾ, ਦੂਸਰ ਹੱਥ ਨਾ ਕਿਸੇ ਫੜਾਈਆ। ਸ੍ਰੀ ਭਗਵਾਨ ਇਸੇ ਖੇਲ ਅੰਦਰ ਰੁੱਝਾ, ਜੁਗ ਚੌਕੜੀ ਕਿਵੇਂ ਭਗਤਾਂ ਲਵਾਂ ਮਿਲਾਈਆ। ਸ੍ਰਿਸ਼ਟੀ ਵਾਸਤੇ ਬਣਿਆ ਰਹੇ ਗੂੰਗਾ, ਗੁਰਮੁਖਾਂ ਵਾਸਤੇ ਆਪਣਾ ਸਾਚਾ ਰਾਗ ਜਣਾਈਆ। ਇਕ ਭਗਤ ਓਸ ਦਾ ਸਚਾ ਪਿਆਰ ਲੱਖ ਚੁਰਾਸੀ ਨੂੰ ਉਸ ਦਾ ਥੋੜ੍ਹਾ ਜਿਹਾ ਹਿੱਸਾ ਝੂੰਗਾ, ਏਹੋ ਵਸਤ ਵਰਤਾਈਆ। ਬਾਕੀ ਸਭ ਨੂੰ ਫੋਕਾ ਮਾਰ ਕੇ ਠੂੰਗਾ, ਠੋਕਰ ਵਿਚ ਰਖਾਈਆ। ਭਾਵੇਂ ਸਭ ਦੇ ਅੰਦਰ ਕੂੰਦਾ, ਬੋਲ ਬੋਲ ਨਾਲ ਪਰਚਾਈਆ। ਪੂਰਾ ਲੇਖਾ ਕੋਟਾਂ ਵਿਚੋਂ ਕਿਸੇ ਬੁਤ ਰੂਹ ਦਾ, ਜਿਸ ਨੂੰ ਆਪਣਾ ਰੰਗ ਚੜ੍ਹਾਈਆ। ਓਸ ਨੂੰ ਆਪਣਾ ਆਪ ਜਣਾ ਕੇ ਖੇਲ ਵਖਾ ਦਏ ਹੂਬਹੂ ਦਾ, ਆਪ ਆਪਣੇ ਵਿਚ ਮਿਲਾਈਆ। ਇਹੋ ਲਹਿਣਾ ਇਹੋ ਦੇਣਾ ਪੁਰਖ ਅਕਾਲ ਸਾਚੇ ਸਤਿਗੁਰੂ ਦਾ, ਜੋ ਸ਼ੁਰੂ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ।

੧੩ ਚੇਤ ਸ਼ਹਿਨਸ਼ਾਹੀ ਸੰਮਤ ੧ ਸਾਈਂ ਦਾਸ ਦੇ ਗ੍ਰਹਿ ਪਿੰਡ ਝੰਡੇ

ਮਿਹਰ ਨਜ਼ਰ ਤਰੌਂਦਾ ਜਾਵੇ, ਨਜ਼ਰ ਨਜ਼ਰ ਨਾਲ ਮਿਲਾਈਆ। ਰਹਿਮਤ ਫ਼ਜ਼ਲ ਕਮੌਂਦਾ ਜਾਵੇ, ਮਾਲਕ ਖ਼ਾਲਕ ਬੇਪਰਵਾਹੀਆ। ਅਸਲ ਵਸਲ ਕਰੌਂਦਾ ਜਾਵੇ, ਆਤਮ ਸੇਜ ਹੰਢਾਈਆ। ਭਗਤਾਂ ਦੀ ਸਾਚੀ ਨਸਲ ਬਣੌਂਦਾ ਜਾਵੇ, ਧੁਰ ਦਾ ਰੰਗ ਰੰਗਾਈਆ। ਮਿਲ ਕੇ ਵਸਣਾ ਰਾਹ ਜਣੌਂਦਾ ਜਾਵੇ, ਵਿਛੜੇ ਜੋੜ ਜੁੜਾਈਆ। ਪ੍ਰੇਮ ਪ੍ਰੀਤੀ ਅੰਦਰ ਹਸਣਾ ਸਿਖੌਂਦਾ ਜਾਵੇ, ਚਿੰਤਾ ਰੋਗ ਮਿਟਾਈਆ। ਸਤਿਗੁਰੂ ਦਵਾਰੇ ਨਠਣਾ ਸਮਝੌਂਦਾ ਜਾਵੇ, ਅਗਲਾ ਪਿਛਲਾ ਪੰਧ ਮੁਕਾਈਆ। ਸਤਿਗੁਰ ਸਰਨਾਈ ਢਠਣਾ ਸਮਝੌਂਦਾ ਜਾਵੇ, ਦੂਜੀ ਓਟ ਨਾ ਕੋਇ ਵਖਾਈਆ। ਦੂਰ ਦੁਰਾਡੇ ਵਸਦਿਆਂ ਪਾਰ ਲੰਘੌਂਦਾ ਜਾਵੇ, ਟਿੱਲੇ ਟਿਬਿਆਂ ਖੋਜ ਖੁਜਾਈਆ। ਕਾਹੀਆਂ ਬੇਲਿਆਂ ਲੇਖੇ ਲੌਂਦਾ ਜਾਵੇ, ਇੱਟਾਂ ਰੋੜਿਆਂ ਤੋੜ ਨਿਭਾਈਆ। ਸੋਹਣਿਆਂ ਦਾ ਸੋਹਣਾ ਵਕ਼ਤ ਸੁਹੌਂਦਾ ਜਾਵੇ, ਗੁਰਮੁਖਾਂ ਨੂੰ ਗੁਰ ਗੁਰ ਰੂਪ ਜਣਾਈਆ । ਰੋਂਦਿਆਂ ਨੂੰ ਹਸੌਂਦਾ ਜਾਵੇ, ਧੁਰ ਦਾ ਮੇਲਾ ਕਰ ਕੇ ਮੇਲੇ ਉਹ ਮਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਮੁਰਦਿਆਂ ਨੂੰ ਜਵੌਂਦਾ ਜਾਂਦਾ, ਜੀਵਨ ਜੁਗਤ ਜਣਾਈਆ।

ਸੁੱਤਿਆਂ ਨੂੰ ਉਠੌਂਦਾ ਜਾਂਦਾ, ਸ਼ਬਦ ਹਲੂਣਾ ਲਾਈਆ। ਰੁਸਿਆਂ ਨੂੰ ਮਨੌਂਦਾ ਜਾਂਦਾ, ਫੜ ਬਾਹੋਂ ਰਿਹਾ ਉਠਾਈਆ। ਰੁੜ੍ਹਦਿਆਂ ਨੂੰ ਤਰੌਂਦਾ ਜਾਂਦਾ, ਬੇੜਾ ਸ਼ੌਹ ਦਰਿਆ ਪਾਰ ਲੰਘਾਈਆ। ਭੁਲਦਿਆਂ ਨੂੰ ਰਾਹੇ ਪੌਂਦਾ ਜਾਂਦਾ, ਆਪ ਬਣ ਕੇ ਪਾਂਧੀ ਰਾਹੀਆ। ਰਹਿਮਤ ਮਿਹਰ ਬਰਸੌਂਦਾ ਜਾਂਦਾ, ਦਇਆ ਦ੍ਰਿਸ਼ਟੀ ਇਕ ਜਣਾਈਆ। ਕਾਲ ਫਾਸ ਦਾ ਫਾਸ ਕਟੌਂਦਾ ਜਾਂਦਾ, ਪ੍ਰੇਮ ਫਾਹੀ ਆਪਣੀ ਨਾਲ ਰਖਾਈਆ। ਮਾੜਿਆਂ ਚੰਗਿਆਂ ਦਾ ਇਕੋ ਰੰਗ ਰੰਗੌਂਦਾ ਜਾਂਦਾ, ਜੋ ਚਲ ਆਏ ਸਰਨਾਈਆ। ਪਾਪੀ ਅਪਰਾਧੀ ਤਾਰੀ ਜਾਂਦਾ, ਦਇਆਵਾਨ ਦਇਆ ਕਮਾਈਆ। ਜਗਤ ਜਨਮ ਦਾ ਜੇ ਕੋਈ ਥੱਕਾ ਮਾਂਦਾ, ਫੜ ਕੇ ਬੇੜੇ ਲਏ ਚੜ੍ਹਾਈਆ। ਜੋ ਅੰਦਰੋਂ ਇਕ ਵਾਰ ਧਿਆਨ ਲਗਾਂਦਾ, ਓਸ ਦਾ ਲੇਖਾ ਦਏ ਮੁਕਾਈਆ। ਭਾਵੇਂ ਨਜ਼ਰ ਕਿਸੇ ਨੂੰ ਨਹੀਂ ਆਉਂਦਾ, ਹਰ ਘਟ ਵੇਖਣਹਾਰਾ ਬੇਪਰਵਾਹੀਆ। ਗੁਰਮੁਖ ਪਿਆਰਾ ਇਸ ਨੂੰ ਭੌਂਦਾ, ਪ੍ਰੀਤੀ ਉਹਨਾਂ ਨਾਲ ਲਗਾਈਆ । ਸ੍ਰਿਸ਼ਟ ਸਬਾਈ ਜਗਤ ਤਜੌਂਦਾ, ਬੈਠਾ ਪਿਠ ਵਖਾਈਆ । ਸਮਿਆਂ ਵਿਚੋਂ ਸਮਾਂ ਸੁਹੌਂਦਾ, ਰੁੱਤਾਂ ਵਿਚੋਂ ਰੁਤੜੀ ਰਿਹਾ ਮਹਿਕਾਈਆ। ਮਿਹਰਵਾਨ ਹੋ ਕੇ ਜਿਸ ਪਾਸੇ ਆਪਣਾ ਨੈਣ ਉਠੌਂਦਾ, ਨਰਾਇਣ ਨਰ ਹੋ ਕੇ ਆਪਣੀ ਅੱਖ ਬਦਲਾਈਆ। ਉਜੜੇ ਖੇੜੇ ਸਰਬ ਵਸੌਂਦਾ, ਘਰ ਘਰ ਭਾਗ ਲਗਾਈਆ। ਇਹੋ ਜਿਹਾ ਪਰਮੇਸ਼ਵਰ ਜੁਗ ਚੌਕੜੀ ਕਦੇ ਨਹੀਂ ਔਂਦਾ, ਜੋ ਬਿਨ ਸੱਦਿਆਂ ਪੁਛਿਆਂ ਸਭ ਨੂੰ ਪਾਰ ਲਗਾਈਆ। ਕਰਤਾ ਕ਼ੀਮਤ ਕੋਈ ਨਹੀਂ ਪੌਂਦਾ, ਹਿੱਸਾ ਜਗਤ ਨਾ ਕੋਇ ਵੰਡਾਈਆ। ਜੋ ਜਨ ਸਰਨਾਈ ਢਹਿ ਕੇ ਸੀਸ ਨਿਵੌਂਦਾ, ਤਿਸ ਦਾ ਸੀਸ ਜਗਦੀਸ ਆਪਣੀ ਝੋਲੀ ਪਾਈਆ। ਜਨਮ ਜਨਮ ਦੀ ਭੁਲ ਬਖ਼ਸ਼ੌਂਦਾ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਜਿਨ੍ਹਾਂ ਦੋਹਾਗਣਾਂ ਨੂੰ ਕੋਈ ਨਹੀਂ ਪਰਨੌਂਦਾ, ਉਹਨਾਂ ਨੂੰ ਆਪਣੇ ਕੰਠ ਲਗਾਈਆ। ਓਸ ਦਵਾਰੇ ਬਹੌਂਦਾ, ਜਿਥੇ ਉਹਨਾਂ ਦਾ ਮੁਖ ਵੇਖਣ ਕੋਇ ਨਾ ਜਾਈਆ। ਸੋਹਣਾ ਕੰਤ ਸੁਹਾਗ ਅਖਵੌਂਦਾ, ਧੁਰ ਦਾ ਮਾਲਕ ਸ਼ਹਿਨਸ਼ਾਹੀਆ। ਸਚਖੰਡ ਦਵਾਰੇ ਆਪ ਵਸੌਂਦਾ, ਸਚ ਸਿੰਘਾਸਣ ਦਏ ਬਹਾਈਆ। ਦਿਵਸ ਰੈਣ ਨਾ ਕੋਇ ਵੰਡ ਵੰਡੌਂਦਾ, ਆਦਿ ਜੁਗਾਦਿ ਜੁਗ ਚੌਕੜੀ ਆਪਣੇ ਅੰਗ ਲਗਾਈਆ। ਧਰਤੀ ਕਹੇ ਕੀ ਮੈਂ ਵੇਖਿਆ ਰਾਹੀ, ਰਹਿਬਰ ਨੂਰ ਖ਼ੁਦਾਈਆ। ਦੋ ਜਹਾਨਾਂ ਦਾ ਬਣ ਕੇ ਮਾਹੀ, ਮੁਹੱਬਤ ਵਿਚ ਫਸਾਈਆ। ਜਿਸ ਵੇਲੇ ਉਸ ਦਾ ਰੂਪ ਅਨੂਪ ਮੇਰੀ ਨਜ਼ਰੀ ਆਈ, ਬੇਨਜ਼ੀਰ ਆਪਣਾ ਨੂਰ ਦਿਤਾ ਚਮਕਾਈਆ। ਮੈਂ ਹਾਲ ਦੁਹਾਈ ਪਾਈ, ਬੌਹੜੀ ਬੌਹੜੀ ਕੂਕ ਕੂਕ ਸੁਣਾਈਆ। ਹਾਏ ਕੀ ਹੋਇਆ ਕਿਧਰੋਂ ਆ ਗਿਆ ਧੁਰਦਰਗਾਹੀ, ਸਚਖੰਡ ਨਿਵਾਸੀ ਆਪਣਾ ਫੇਰਾ ਪਾਈਆ। ਜੋ ਬੇਲਿਆਂ ਵਿਚ ਚੀਰਦਾ ਜਾਏ ਦੱਭ ਕਾਹੀ, ਕੱਖਾਂ ਉਤੇ ਸੋਹਣੀ ਸੇਜ ਸੁਹਾਈਆ। ਜੇ ਕਿਤੇ ਕੋਈ ਇਸ ਦੀ ਹੁੰਦੀ ਮਾਈ, ਇਹਦਾ ਵੇਖ ਕੇ ਦੁਖ ਆਪਣਿਆਂ ਨੈਣਾਂ ਨੀਰ ਦਿੰਦੀ ਵਹਾਈਆ। ਇਹਦੀ ਦੇਹ ਦੀ ਬੇਪਰਵਾਹੀ, ਜਿਹੜਾ ਬਾਲਿਆਂ ਨੱਢਿਆਂ ਆਪਣੇ ਉਤੋਂ ਦਿਤਾ ਲੰਘਾਈਆ। ਉਤੋਂ ਨਹੀਂ ਲੰਘਾਈ ਇਹ ਬੇੜੇ ਰਿਹਾ ਚੜ੍ਹਾਈ, ਜਿਸ ਦਾ ਵੰਞ ਮੁਹਾਣਾ ਹੱਥ ਕਿਸੇ ਨਾ ਆਈਆ। ਧਰਨੀ ਕਹੇ ਸਾਰੇ ਰਲ ਮਿਲ ਦਿਉ ਵਧਾਈ, ਵਾਧਾ ਕਰ ਕੇ ਹਰਿ ਸੰਗਤ ਆਪਣੇ ਨਾਲ ਰਲਾਈਆ।

੧੩ ਚੇਤ ਸ਼ਹਿਨਸ਼ਾਹੀ ਸੰਮਤ ੧ ਪ੍ਰੇਮੀ ਦੇਵੀ ਦੇ ਗ੍ਰਹਿ ਪਿੰਡ ਝੰਡੇ

ਨੀ ਸਈਓ ਪ੍ਰਭ ਆਇਆ ਛੈਲ ਛਬੀਲਾ, ਸੋਹਣਾ ਬਾਂਕਾ ਜੋਬਨਵੰਤਾ ਫੇਰਾ ਪਾਈਆ। ਛਡ ਕੇ ਅੰਬਰ ਨੀਲਾ, ਧਰਨੀ ਧਰਤ ਰਿਹਾ ਸੁਹਾਈਆ। ਪ੍ਰੇਮੀਆਂ ਦਾ ਬਣ ਵਸੀਲਾ, ਗੁਰਮੁਖਾਂ ਰਿਹਾ ਵਡਿਆਈਆ। ਭਗਤਾਂ ਦਾ ਬਣ ਕ਼ਬੀਲਾ, ਬੰਸ ਸਰਬੰਸ ਰਿਹਾ ਸੁਹਾਈਆ। ਸਭ ਦੀ ਅੰਦਰੋਂ ਬਦਲ ਕੇ ਦਲੀਲਾ, ਦਿਲਦਾਰ ਹੋ ਕੇ ਵੇਖ ਵਖਾਈਆ । ਸੁਹਾਵਣ ਆਇਆ ਰੁਤ ਸ਼ਬਦ ਚੇਤ ਬਸੰਤੀ ਰੰਗ ਰੰਗੀਲਾ, ਪਾਤਸ਼ਾਹਾਂ ਦਾ ਪਾਤਸ਼ਾਹ ਦੇਣ ਵਾਸਤੇ ਨਹੀਂ ਕਮੀਨਾ, ਪ੍ਰੇਮ ਪ੍ਰੀਤੀ ਧੁਰ ਦੀ ਝੋਲੀ ਪਾਈਆ। ਗੁਰਸਿਖ ਬਣੌਣ ਆਇਆ ਆਪ ਨਗੀਨਾ, ਹੀਰੇ ਮਾਣਕ ਮੋਤੀ ਬਣਾਈਆ। ਬੇੜਾ ਪਾਰ ਕਰ ਕੇ ਲੋਕ ਤੀਨਾ, ਤ੍ਰੈਗੁਣ ਨਾਤਾ ਦਏ ਤੁੜਾਈਆ। ਸਭ ਦਾ ਕਰਕੇ ਜਾਏ ਠਾਂਡਾ ਸੀਨਾ, ਅੰਮ੍ਰਿਤ ਮੇਘ ਬਰਸਾਈਆ । ਕਿਸੇ ਦੇ ਰਹਿਣ ਨਾ ਦੇਵੇ ਅਧੀਨਾ, ਇਕੋ ਆਪਣਾ ਹੁਕਮ ਮਨਾਈਆ। ਗੁਰਮੁਖ ਦਿਸੇ ਨਾ ਨਾਬੀਨਾ, ਨੇਤਰ ਅੱਖ ਸਰਬ ਖੁਲ੍ਹਾਈਆ। ਜਿਨ੍ਹਾਂ ਨੇ ਸੋਹੰ ਚੀਨਾ, ਤਿਨ੍ਹਾਂ ਦੀ ਚਿੰਤਾ ਦਏ ਮਿਟਾਈਆ। ਪਾਰ ਕਰਾ ਕੇ ਜਾਏ ਨਰ ਮਦੀਨਾ, ਮਦਦ ਆਪਣੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਦਇਆ ਕਮਾਈਆ। ਨੀ ਸਖ਼ੀਓ ਪ੍ਰਭ ਵੇਖੋ ਸੂਰਬੀਰ, ਸੂਰਤ ਸੋਹਣੀ ਸਚ ਦ੍ਰਿੜਾਈਆ। ਮਾਰਦਾ ਜਾਏ ਨਿਰਾਲੇ ਤੀਰ, ਆਰ ਪਾਰ ਰਿਹਾ ਲਗਾਈਆ। ਹਰਿ ਸੰਗਤ ਬਣੌਂਦਾ ਜਾਏ ਭੈਣ ਭਾਈ ਸਕੇ ਵੀਰ, ਮੁਹੱਬਤ ਇਕੋ ਰਿਹਾ ਜਣਾਈਆ। ਕੋਈ ਰਹਿਣ ਨਾ ਦੇਵੇ ਦਿਲਗੀਰ, ਦੁਖੀਆਂ ਦੁਖ ਮਿਟਾਈਆ। ਇਕੋ ਆਤਮ ਦੱਸ ਕੇ ਸਚ ਤਸਵੀਰ, ਤਸੱਵਰ ਆਪਣਾ ਆਪ ਕਰਾਈਆ। ਲਹਿਣਾ ਦੇਣਾ ਚੁਕੌਂਦਾ ਜਾਏ ਪਾਤਸ਼ਾਹ ਸ਼ਾਹ ਹਕੀਰ, ਭੁੱਲਿਆਂ ਗੋਦ ਉਠਾਈਆ। ਪੈਗ਼ੰਬਰਾਂ ਦਾ ਪੈਗ਼ੰਬਰ ਮੁਰੀਦਾਂ ਦਾ ਪੀਰ, ਗੁਰ ਗੁਰ ਆਪਣਾ ਹੁਕਮ ਵਰਤਾਈਆ। ਸੱਜਣ ਸੁਹੇਲਿਆਂ ਬਦਲ ਕੇ ਤਕ਼ਦੀਰ, ਜ਼ਾਮਨੀ ਆਪਣੀ ਰਿਹਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਰਨ ਇਕ ਰਖਾਈਆ। ਨੀ ਸਖ਼ੀਓ ਕਿਧਰੋਂ ਆਇਆ ਜੋਬਨਵੰਤਾ, ਦੋ ਜਹਾਨਾਂ ਮਾਲਕ ਫੇਰਾ ਪਾਈਆ। ਭਗਤਾਂ ਬਣੌਂਦਾ ਜਾਏ ਬਣਤਾ, ਘੜਨ ਭੰਨਣਹਾਰ ਸਮਰਥ ਆਪਣਾ ਰੰਗ ਰੰਗਾਈਆ। ਮੇਲ ਮਿਲੌਂਦਾ ਜਾਏ ਨਾਰ ਕੰਤਾ, ਸੇਜ ਸੁਹੰਜਣੀ ਸੋਭਾ ਪਾਈਆ। ਗੁਰਮੁਖ ਵਡਿਔਂਦਾ ਜਾਏ ਸਾਚੇ ਸੰਤਾਂ, ਸਿਰ ਸਿਰ ਆਪਣਾ ਹੱਥ ਰਖਾਈਆ। ਗੜ੍ਹ ਤੋੜਦਾ ਜਾਏ ਹਉਮੇ ਹੰਗਤਾ, ਹੰ ਬ੍ਰਹਮ ਇਕ ਦ੍ਰਿੜਾਈਆ। ਹਰਿਜਨ ਕਿਸੇ ਦਰ ਨਾ ਹੋਣਾ ਮੰਗਤਾ, ਭਿਛਿਆ ਆਪਣੀ ਰਿਹਾ ਵਰਤਾਈਆ। ਹੁਣ ਵੇਲਾ ਨਹੀਂ ਜੇ ਸੰਗ ਦਾ, ਜੋ ਚਾਹੋ ਸੋ ਦੇਵਣਹਾਰ ਗੁਸਾਈਂਆ। ਮਿਹਰ ਨਜ਼ਰ ਨਾਲ ਰੰਗਦਾ, ਲਲਾਰੀਆਂ ਵਾਲਾ ਰੰਗ ਨਾ ਕੋਇ ਵਖਾਈਆ । ਪਰਦਾ ਲਾਹ ਕੇ ਵਿਚਲੀ ਗੰਢ ਦਾ, ਦੂਈ ਦਵੈਤ ਡੇਰਾ ਢਾਹੀਆ। ਕਰ ਪਰਕਾਸ਼ ਆਪਣੇ ਚੰਦ ਦਾ, ਰਵ ਸਸ ਦੋਵੇਂ ਸ਼ਰਮਾਈਆ। ਵੇਖੋ ਖੇਲ ਸੂਰੇ ਸਰਬੰਗ ਦਾ, ਅਨੰਦ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਲੇਖਾ ਸਦਾ ਭਗਤਾਂ ਨਾਲ ਹੰਢਦਾ, ਅੰਦਰ ਬਾਹਰ ਗੁਪਤ ਜ਼ਾਹਰ ਕਦੇ ਨਾ ਕਰੇ ਜੁਦਾਈਆ।

੧੩ ਚੇਤ ਸੰਮਤ ਸ਼ਹਿਨਸ਼ਾਹੀ ੧ ਰਸਾਲ ਸਿੰਘ ਦੇ ਗ੍ਰਹਿ ਪਿੰਡ ਮਨਾਵਰ

ਘਾਹ ਕਿਹਾ ਮੈਂ ਹਿੱਸਾ ਹਾਂ ਓਸੇ ਘਾਹ ਦਾ, ਯਾਦ ਪਿਛਲੀ ਮੈਨੂੰ ਆਈਆ। ਮੈਂ ਸਰਾਹਣਾ ਸਾਂ ਓਸੇ ਮਲਾਹ ਦਾ, ਜੋ ਖੇਵਟ ਖੇਟਾ ਰੂਪ ਵਟਾਈਆ। ਮੈਂ ਹਿੱਸੇਦਾਰ ਸਾਂ ਓਸ ਸਲਾਹ ਦਾ, ਜਿਹੜੀ ਗੋਬਿੰਦ ਪੁਰਖ ਅਕਾਲ ਨਾਲ ਪਕਾਈਆ। ਮੈਂ ਗਵਾਹ ਸਾਂ ਓਸੇ ਬੇਪਰਵਾਹ ਦਾ, ਜੋ ਥੱਲੇ ਪਿਆ ਹੌਲੀ ਹੌਲੀ ਸੁਣਦਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਲਗਾਈਆ। ਘਾਹ ਕਹੇ ਮੈਂ ਹਿੱਸੇਦਾਰ ਬਣਾਂ ਮੀਤ ਮੁਰਾਰ, ਵਿਚੋਂ ਆਪਣੀ ਵੰਡ ਵੰਡਾਈਆ। ਜਿਸ ਵੇਲੇ ਸੁੱਤਾ ਸੀ ਪੈਰ ਪਸਾਰ, ਹੱਥ ਨਾਲ ਸਰਾਹਣੇ ਮੈਨੂੰ ਲਿਆ ਟਿਕਾਈਆ। ਮੈਂ ਢਾਈ ਉਂਗਲਾਂ ਸਿਰ ਦਿਤਾ ਸੀ ਉਭਾਰ, ਨੀਵੇਂ ਤੋਂ ਉਚਾ ਦਿਤਾ ਬਣਾਈਆ। ਉਹਦੀ ਮੁਖ ਤੇ ਛਾਤੀ ਕਰ ਕੇ ਹਮਵਾਰ, ਅੱਖ ਚਰਨਾਂ ਨਾਲ ਮਿਲਾਈਆ। ਇਹ ਸੇਵਾ ਮੇਰੀ ਅਪਾਰ, ਜੋ ਸਵਾਮੀ ਦੀ ਮਿਲੀ ਕਮਾਈਆ। ਓਸ ਹਸ ਕੇ ਕਿਹਾ ਵਾਹ ਵਾਹ ਸੱਜਣ ਮੇਰੇ ਯਾਰ, ਵੇਲੇ ਵਕ਼ਤ ਮੇਰਾ ਸੰਗ ਨਿਭਾਈਆ। ਮੈਂ ਘੋੜੇ ਦਾ ਨਹੀਂ ਅਸਵਾਰ, ਜਥੇ ਦਾ ਨਹੀਂ ਜਥੇਦਾਰ, ਸਰਦਾਰਾਂ ਦਾ ਨਹੀਂ ਸਰਦਾਰ, ਸੀਸ ਕਲਗੀ ਨਾ ਕੋਇ ਸੁਹਾਈਆ। ਇਹ ਖੇਲ ਤੇਰਾ ਨਿਰੰਕਾਰ, ਮੈਂ ਆਇਆ ਤੇਰੇ ਦਵਾਰ, ਤੂੰ ਆਸਣ ਬਣਾਇਆ ਵਿਸ਼ਾਲ, ਸੋਹਣੀ ਸੇਜ ਸੁਹਾਈਆ। ਮੈਂ ਹੋਇਆ ਦਿਆਲ ਤੂੰ ਕਰ ਕੋਈ ਸੁਆਲ, ਤੇਰਾ ਲਹਿਣਾ ਚੁਕਾ ਜਾਂ ਜਹਾਨ, ਲੇਖਾ ਪਾਰ ਕਰਾਈਆ। ਓਸ ਕਿਹਾ ਮੈਨੂੰ ਅੱਜ ਦੀ ਰਾਤ ਤੈਨੂੰ ਲੈਣ ਦੇ ਸੁਵਾਲ, ਨਾਲੇ ਮੈਂ ਵੇਖਾਂ ਤੇਰਾ ਪੁਰਖ ਅਕਾਲ, ਜਿਸ ਦੇ ਪਿਛੇ ਡੇਰਾ ਲਾਈਆ। ਓਧਰੋਂ ਗੋਬਿੰਦ ਕਿਹਾ ਆਹ ਵੇਖ ਮੁਰੀਦਾਂ ਹਾਲ, ਯਾਰੜੇ ਤੇਰਾ ਸੱਥਰ ਸਚ ਹੰਢਾਈਆ । ਹੁਕਮ ਹੋਇਆ ਦੀਨ ਦਿਆਲ, ਦੱਸ ਮੇਰੇ ਲਾਡਲੇ ਲਾਲ, ਤੇਰੀ ਕਰਨੀ ਮੋਹੇ ਭਾਈਆ। ਗੋਬਿੰਦ ਕਿਹਾ ਮੇਰਾ ਅਗਲਾ ਹੋਰ ਅਹਿਵਾਲ, ਜਿਸਦਾ ਲੇਖਾ ਨਹੀਂ ਸੁਖਾਲ, ਬੇਪਰਵਾਹ ਤੈਨੂੰ ਦਿਆਂ ਜਣਾਈਆ। ਜੇ ਤੂੰ ਮੈਨੂੰ ਮਿਲਿਆ ਆਣ, ਮੈਂ ਤੇਰੀ ਕੀਤੀ ਪਹਿਚਾਣ, ਤੂੰ ਮੇਰਾ ਮੈਂ ਤੇਰਾ ਮਹਿਮਾਨ, ਦੋਹਾਂ ਦਾ ਘਰ ਇਕੋ ਨਜ਼ਰੀ ਆਈਆ। ਥੱਲਿਉਂ ਘਾਹ ਨੇ ਕੀਤਾ ਫ਼ਰਮਾਨ, ਗੋਬਿੰਦ ਕਿਹੜਾ ਤੇਰਾ ਭਗਵਾਨ, ਕੀ ਇਸ ਦਾ ਨਿਸ਼ਾਨ, ਮੈਨੂੰ ਦੇ ਵਖਾਈਆ। ਜਿਸ ਨੇ ਮਿਲ ਕੇ ਤੇਰੇ ਨਾਲ, ਮੇਰੇ ਉਤੇ ਹੋਰ ਭਾਰ ਰਿਹਾ ਪਾਈਆ। ਦੁਖਦੇ ਕੀ ਲਗਾ ਸਤਾਣ, ਮੇਰੀ ਵਾਤ ਨਾ ਪੁਛੀ ਰਾਈਆ। ਪੁਰਖ ਅਕਾਲ ਕਿਹਾ ਕਵਣ ਕਰਦਾ ਬਿਆਨ, ਕਿਸ ਦਾ ਮੇਰੇ ਵਲ ਧਿਆਨ, ਕਿੱਥੇ ਬੈਠਾ ਰਾਹ ਤਕਾਈਆ। ਗੋਬਿੰਦ ਕਿਹਾ ਜਿਸ ਦਾ ਮੈਂ ਕੀਤਾ ਸਿਰਹਾਣ, ਉਹਦਾ ਮੈਂ ਨਿਗਾਹਬਾਨ, ਉਹ ਮੇਰੇ ਘਰ ਦਿਸਾਈਆ । ਮੈਂ ਵੀ ਓਸੇ ਘਰ ਦਾ ਮਹਿਮਾਨ, ਉਹ ਮੇਰਾ ਮੈਂ ਉਹਦਾ ਤੂੰ ਮੇਰਾ ਮੈਂ ਤੇਰਾ ਤੀਜਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਕਿਹਾ ਕੀ ਕੁਛ ਦੇ ਜਾਵੇਂ ਦਾਨ, ਘਾਹ ਨੇ ਕਿਹਾ ਨਹੀਂ ਪਹਿਲੀ ਵੇਰਾਂ ਮੈਨੂੰ ਹੋ ਲੈਣ ਦੇ ਕ਼ੁਰਬਾਨ, ਸੇਵਾ ਗੋਬਿੰਦ ਸਚ ਕਮਾਈਆ। ਗੋਬਿੰਦ ਕਿਹਾ ਪ੍ਰਭੂ, ਇਹ ਅਜੇ ਅਨਜਾਣ, ਇਹਨੂੰ ਕੀ ਪਹਿਚਾਣ, ਜਿਸ ਵੇਲੇ ਦੋਵੇਂ ਮਿਲ ਕੇ ਆਈਏ ਵਿਚ ਜਹਾਨ, ਮੈਂ ਗੋਬਿੰਦ ਤੂੰ ਮੇਰਾ ਭਗਵਾਨ, ਇਹਦਾ ਲੇਖਾ ਦਈਏ ਮੁਕਾਈਆ। ਅਬਿਨਾਸ਼ੀ ਕਰਤੇ ਹੋ ਕੇ ਕਿਹਾ ਹੈਰਾਨ, ਕੀ ਕਿਸੇ ਮੰਦਰ ਅੰਦਰ ਵਿਚ ਮਕਾਨ, ਜਿਥੇ ਪੜ੍ਹੀ ਦੀ ਹੋਵੇ ਗੀਤਾ ਕ਼ੁਰਾਨ, ਗੋਬਿੰਦ ਕਿਹਾ ਨਹੀਂ ਤੂੰ ਮੈਂ ਦੋਵੇਂ ਮਿਹਰਵਾਨ, ਬੀਆਬਾਨ ਵਿਚ ਤਰਾਈਆ। ਘਾਹ ਨੇ ਹਸ ਕੇ ਕਿਹਾ ਮੈਂ ਪ੍ਰਭੂ ਘਾਹ ਦਾ ਘਾਹ ਤੇ ਫੇਰ ਹੋਵਾਂ ਇਨਸਾਨ, ਮਾਨੁਖ ਮਾਨਵ ਮਾਨੁਸ਼ ਰੂਪ ਵਟਾਈਆ।

ਗੋਬਿੰਦ ਕਿਹਾ ਘਾਹ ਹੋ ਕੇ ਕਮਲਿਆ ਤਰਨਾ ਆਸਾਨ, ਜਦੋਂ ਵੀ ਲੰਘੇ ਤੇਰੇ ਉਤੇ ਚਰਨ ਜ਼ਰੂਰ ਟਿਕਾਈਆ। ਉਸ ਨੇ ਖ਼ੁਸ਼ੀ ਵਿਚ ਗਾਇਆ ਗਾਨ, ਆਪਣਾ ਤਰਾਨਾ ਦਿਤਾ ਸੁਣਾਈਆ। ਕਿਸ ਬਿਧ ਮਿਲੇ ਮੈਨੂੰ ਆਣ, ਮੇਰਾ ਲੇਖਾ ਦਏ ਚੁਕਾਈਆ। ਗੋਬਿੰਦ ਕਿਹਾ ਜਿਸ ਵੇਲੇ ਭਗਤਾਂ ਦੀ ਕਰਨ ਜਾਵੇ ਕਲਿਆਣ, ਤੇਰਾ ਵੀ ਰਖੇ ਧਿਆਨ, ਸ੍ਰੀ ਭਗਵਾਨ ਮਾਲਕ ਸਰਬ ਅਖਵਾਈਆ । ਘਾਹ ਨੇ ਕਿਹਾ ਜੇ ਮੈਨੂੰ ਸੁਣਿਆ ਨਾ ਜਾਏ ਕਾਨ, ਆਵੇ ਨਾ ਕੋਈ ਗਿਆਨ, ਸੁਝੇ ਨਾ ਕੋਈ ਧਿਆਨ, ਫੇਰ ਕੀ ਮੇਰੀ ਚੁਤਰਾਈਆ। ਗੋਬਿੰਦ ਕਿਹਾ ਮੈਂ ਗੁਰਮੁਖਾਂ ਦੇ ਅੰਦਰ ਵੜ ਕੇ ਦੁਆਵਾਂ ਆਪ ਬਿਆਨ, ਉਹ ਬੇਨੰਤੀ ਕਰਨ ਕਰ ਧਿਆਨ, ਨਾਲੇ ਰੋਵਣ ਨਾਲੇ ਕੁਰਲਾਵਣ ਨਾਲੇ ਮੰਗਣ ਦਾਨ, ਆਪਣੀ ਝੋਲੀ ਅਗੇ ਡਾਹੀਆ। ਕੋਈ ਸੁਣਾਏ ਆਪਣਾ ਗਾਨ, ਬੱਚੇ ਹੋ ਕੇ ਮੰਗਣ ਦਾਨ, ਫੇਰ ਤੇਰੀ ਯਾਦ ਕਰਾ ਭਗਵਾਨ, ਬੇਜ਼ਬਾਨ ਤੇਰਾ ਲੇਖਾ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕ਼ਤ ਦਏ ਸੁਹਾਈਆ। ਘਾਹ ਕਿਹਾ ਕੀ ਸਚਮੁਚ ਆਉਗੇ। ਗੁਰਮੁਖ ਸੱਜਣ ਸੰਤ ਮਿਲਾਉਗੇ। ਮੈਨੂੰ ਦਰਸ ਦਿਖਾਉਗੇ। ਪਿਛਲੀ ਹਰਸ ਮਿਟਾਉਗੇ। ਮੇਰੇ ਉਤੇ ਤਰਸ ਕਮਾਉਗੇ। ਗੋਬਿੰਦ ਕਿਹਾ ਹਾਂ, ਜਨ ਭਗਤ ਬਣ ਬਣ ਵਿਚੋਲੇ, ਤੇਰਾ ਵਿਚਲਾ ਭੇਤ ਤੇਰੇ ਕੋਲੋਂ ਖੁਲ੍ਹੌਣਗੇ। ਤਿਨਕੇ ਕਿਹਾ ਗੋਬਿੰਦ ਕਿਤੇ ਮੈਂ ਨਹੀਂ ਗਿਆ ਰੜਕ, ਮੇਰੀ ਗੰਢ ਕਰੜੀ ਨਜ਼ਰੀ ਆਈਆ। ਮੇਰੀ ਸੇਵਾ ਵਿਚ ਰਹਿ ਗਿਆ ਹੋਵੇ ਫ਼ਰਕ, ਇਹ ਵੀ ਦੇਣਾ ਸਮਝਾਈਆ। ਘਰ ਆਏ ਨੂੰ ਸੰਭਾਲਣਾ ਇਹ ਵੀ ਸਾਡਾ ਫ਼ਰਜ਼, ਭੁਲ ਰਹੇ ਨਾ ਰਾਈਆ। ਮੈਨੂੰ ਐਂ ਜਾਪਦਾ ਮੇਰੇ ਉਤੇ ਲਗੀ ਮਿੱਟੀ ਗਰਦ, ਸਾਫ਼ ਸੁਥਰਾ ਨਾ ਕੋਇ ਕਰਾਈਆ। ਗੋਬਿੰਦ ਕਿਹਾ ਇਸੇ ਵਿਚ ਭਰਿਆ ਦਰਦ, ਜੋ ਮੇਰਾ ਦਰਦ ਨਜ਼ਰੀ ਆਈਆ। ਮੈਂ ਆਇਆ ਨਿਮਾਣਿਆਂ ਦੀ ਖ਼ਾਤਰ ਗ਼ਰਜ਼, ਮਜ਼ਲੂਮਾਂ ਗਲੇ ਲਗਾਈਆ। ਤੇਰਾ ਪਿਆਰ ਵੇਖ ਅਸਚਰਜ, ਖ਼ੁਸ਼ੀ ਹੋਈ ਦੂਣ ਸਵਾਈਆ। ਤੇਰਾ ਸਹਾਰਾ ਮੈਨੂੰ ਸੁਖ ਆਇਆ ਉਤੇ ਫ਼ਰਸ਼, ਅਰਸ਼ ਦਾ ਮਾਲਕ ਇਸੇ ਸੇਜਾ ਉਤੇ ਮਿਲਿਆ ਚਾਈਂ ਚਾਈਂਆ। ਤੂੰ ਮੰਗਿਆ ਸਚਾ ਦਰਸ, ਸਾਖ਼ਿਆਤ ਦੇਵਾਂ ਕਰਾਈਆ। ਤੇਰੀ ਅਗਲੀ ਅਗੇ ਦੀ ਕਟ ਕੇ ਮਰਜ਼, ਮਜ਼ਦੂਰੀ ਤੇਰੀ ਝੋਲੀ ਪਾਈਆ। ਫੇਰ ਤੈਨੂੰ ਗਰਮੀ ਸਰਦੀ ਵਿਚ ਹੋਣਾ ਨਾ ਪਏ ਗਰਮ ਸਰਦ, ਤੇਰਾ ਲੇਖਾ ਆਪਣੇ ਘਰ ਰਖਾਈਆ। ਓਸ ਕਿਹਾ ਮੇਰੀ ਮਨਜ਼ੂਰ ਕਰ ਲਈਂ ਅਰਜ਼, ਆਰਜ਼ੂ ਇਕੋ ਇਕ ਵਖਾਈਆ । ਜਿਸ ਵੇਲੇ ਆਵੇਂ ਉਪਰ ਧਰਤ, ਪੁਰਖ ਅਕਾਲ ਨਾਲ ਵਡਿਆਈਆ। ਆਪਣਾ ਪੂਰਾ ਕਰ ਕੇ ਫ਼ਰਜ਼, ਮੇਰਾ ਲੇਖਾ ਦੇਣਾ ਚੁਕਾਈਆ । ਇਹ ਪਿਛਲੀ ਲਗੀ ਸ਼ਰਤ, ਸ਼ਰਤੀਆ ਓਸੇ ਦਾ ਲਹਿਣਾ ਆਇਆ ਮੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਦਇਆਵਾਨ ਇਕ ਅਖਵਾਈਆ।