ਪੁਸਤਕਾਲਾਭਾਗ ੧੮

੧੮ ਚੇਤ ਸ਼ਹਿਨਸ਼ਾਹੀ ਸੰਮਤ ੧ ਪਰਕਾਸ਼ ਚੰਦ ਦੇ ਗ੍ਰਹਿ ਮਘੋਵਾਲੀ ਜੰਮੂ

ਖ਼ੁਸ਼ੀ ਨਾਲ ਸੰਦੇਸ਼ਾ ਦੇਣ ਲਗੀ ਪੌਣ, ਚਾਰ ਕੁੰਟ ਸੇਵ ਕਮਾਈਆ। ਪ੍ਰੇਮੀਆਂ ਪਿਆਰਿਆਂ ਲਗੀ ਸੁਣੌਣ, ਸੰਦੇਸ਼ਾ ਇਕ ਸੁਣਾਈਆ। ਹਸਦਿਆਂ ਨੂੰ ਲਗੀ ਹਸੌਣ, ਮਸਤੀ ਨਾਮ ਚੜ੍ਹਾਈਆ। ਤੁਸਾਂ ਨਹੀਂ ਵੇਖਿਆ ਕਿਹੜਾ ਲਗਾ ਗੌਣ, ਗੁਣ ਗਹਿਰ ਗੰਭੀਰ ਜਣਾਈਆ। ਬ੍ਰਹਿਮੰਡ ਖੰਡ ਲਗੇ ਸਿਰ ਹਿਲੌਣ, ਖ਼ੁਸ਼ੀਆਂ ਤਾਲ ਵਜਾਈਆ। ਜਿਸ ਦੀ ਪ੍ਰੇਮ ਪਿਆਰ ਸੁਰੀਲੀ ਤਰਜ਼ ਮਨ ਮੋਹਣੀਆਂ ਆਈ ਭਰਮੌਣ, ਆਪਣਾ ਨਾਦ ਜਣਾਈਆ। ਕਰੋੜ ਤੇਤੀਸਾ ਆਈ ਤਰਸੌਣ, ਤੜਪ ਤੜਪ ਵਿਚ ਲਗਾਈਆ। ਸੁਹਾਗਣਾਂ ਦੇ ਸੋਹਣੇ ਸੀਸ ਆਈ ਗੁੰਦੌਣ, ਸਾਚੀ ਮੀਂਢੀ ਸੋਭਾ ਪਾਈਆ।

ਲਾਲ ਮੈਂਹਦੀ ਹੱਥ ਆਈ ਰੰਗੌਣ, ਚੂੜਾ ਸੁਹਾਗ ਵਖਾਈਆ। ਸੁੱਤਿਆਂ ਦੀ ਨੀਂਦ ਆਈ ਮਿਟੌਣ, ਨੇਤਰ ਅੱਖ ਖੁਲ੍ਹਾਈਆ। ਪਾਂਧੀਆਂ ਦੇ ਪੰਧ ਆਈ ਮੁਕੌਣ, ਖ਼ੁਸ਼ੀਆਂ ਰਾਗ ਅਲਾਈਆ। ਹਾਲੀਆਂ ਹਲ ਆਈ ਛਡੌਣ, ਸੁਰਤੀ ਦਿਤੀ ਬਦਲਾਈਆ। ਸਵਾਣੀਆਂ ਨੂੰ ਆਈ ਰਵੌਣ, ਬਿਰਹੋਂ ਚੋਟ ਲਗਾਈਆ। ਸੰਦੇਸ਼ੇ ਆਈ ਪੁਚੌਣ, ਆਪਣਾ ਫ਼ਿਕਰ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੌਣ ਕਹੇ ਜਿਸ ਵੇਲੇ ਕਿਹਾ ਚਰਨ ਪ੍ਰੀਤੀ ਪਾ ਦੇ ਖ਼ੈਰ, ਖ਼ਬਰ ਬੇਖ਼ਬਰਾਂ ਦਿਤੀ ਜਣਾਈਆ। ਹਸਦੇ ਹਸਦੇ ਪਰਮ ਪੁਰਖ ਕਰ ਕੇ ਮਿਹਰ, ਮੁਖ ਬਗ਼ਲ ਵਿਚ ਲੁਕਾਈਆ। ਗੁਰਮੁਖਾਂ ਦੀ ਪ੍ਰੀਤੀ ਕੋਈ ਲੈ ਨਾ ਜਾਵੇ ਗ਼ੈਰ, ਚੋਰੀ ਹੱਥ ਨਾ ਕਦੇ ਫੜਾਈਆ। ਜਿਨ੍ਹਾਂ ਆਪਣੇ ਘਰ ਕਰੌਣਾ ਸੈਰ, ਸੱਯਾਹ ਲੈਣੇ ਬਣਾਈਆ। ਵਸੌਣਾ ਸਾਚੇ ਸ਼ਹਿਰ, ਸ਼ਰਅ ਦੇਣੀ ਤੁੜਾਈਆ। ਬੁਜ਼ਦਿਲ ਰਹਿਣ ਨਹੀਂ ਦੇਣਾ ਕਾਇਰ, ਸੂਰਬੀਰ ਰੂਪ ਵਖਾਈਆ। ਜਿਨ੍ਹਾਂ ਦੇ ਉਤੇ ਵਰਤਣ ਨਹੀਂ ਦੇਣਾ ਕਹਿਰ, ਗ਼ਮੀ ਖ਼ੁਸ਼ੀ ਵਿਚ ਬਦਲਾਈਆ। ਪ੍ਰੇਮ ਪਿਆਰ ਦੀ ਬਖ਼ਸ਼ ਕੇ ਲਹਿਰ, ਪਵਣ ਹੁਲਾਰਿਆਂ ਦਏ ਸਮਝਾਈਆ। ਪਰਮ ਪੁਰਖ ਦਾ ਭਗਤਾਂ ਨਾਲ ਕਦੇ ਨਹੀਂ ਵੈਰ, ਵੈਰੀ ਆਪਣੇ ਨਾਲ ਮਿਲਾਈਆ। ਸ਼ਬਦ ਨਾਲ ਸੁਣਾ ਕੇ ਕੇਹਰ, ਭਬਕ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪਵਣ ਕਹੇ ਅੱਜ ਕਿਉਂ ਬੇਨੰਤੀ ਕਰ ਕੇ ਗਾਇਆ ਗੀਤ, ਮੈਂ ਸਭ ਨੂੰ ਦਿਆਂ ਸੁਣਾਈਆ। ਇਹ ਗੋਤਮ ਦੀ ਪਿਛਲੀ ਰੀਤ, ਪੂਰਬ ਲੇਖਾ ਯਾਦ ਕਰਾਈਆ। ਚੇਤ ਅਠਾਰਾਂ ਆਪਣੇ ਮਿਤਰਾਂ ਨੂੰ ਰਿਹਾ ਸੀ ਉਡੀਕ, ਨਿਜ ਨੇਤਰ ਅੱਖ ਉਠਾਈਆ। ਜਿਸ ਦਾ ਲੇਖਾ ਨਹੀਂ ਕਿਸੇ ਵਿਚ ਤਵਾਰੀਖ, ਤਾਰੀਖ ਨਾ ਕੋਇ ਸਮਝਾਈਆ। ਓਧਰੋਂ ਪਵਣ ਕਹੇ ਮੇਰੀ ਠੰਡ ਸੀ ਠਾਂਡੀ ਸੀਤ, ਆਪਣਾ ਰੰਗ ਵਖਾਈਆ। ਮੇਘਲਾ ਧਾਰ ਇਕ ਬਾਰੀਕ, ਬੂੰਦਾ ਬਾਂਦੀ ਰਹੀ ਟਪਕਾਈਆ। ਇਕ ਉਤਰ ਦਿਸ਼ਾ ਤੋਂ ਆ ਗਿਆ ਨੀਚ, ਕੁਲਹੀਣ ਫੇਰਾ ਪਾਈਆ। ਓਸ ਦੇ ਗਲ ਨਹੀਂ ਸੀ ਕ਼ਮੀਜ਼, ਪਟਕਾ ਸੀਸ ਉਤੇ ਰਖਾਈਆ। ਹੱਥ ਵਿਚ ਬਗ਼ਲੀ ਮੰਗਣ ਵਾਲੀ ਭੀਖ, ਲੜੀਆਂ ਚਾਰ ਜੋੜ ਜੁੜਾਈਆ। ਹੱਥ ਵਿਚ ਤ੍ਰਿਸੂਲ ਵਾਲੀ ਸੀਖ, ਸ਼ੰਕਰ ਸ਼ੰਕਰ ਰਿਹਾ ਗਾਈਆ। ਭਗਵਨ ਨਾਲ ਪ੍ਰੀਤ, ਦੂਜੀ ਆਸ ਨਾ ਕੋਇ ਰਖਾਈਆ। ਜਿਸ ਵੇਲੇ ਗੋਤਮ ਦੇ ਕੋਲ ਪਹੁੰਚਿਆ ਠੀਕ, ਠਾਕਰ ਅੱਗੋਂ ਹੋ ਕੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਨੀਚ ਜਾਤੀ ਨਾਮ ਚੰਦੇਰ, ਸ੍ਰਿਸ਼ਟੀ ਕਹਿ ਜਣਾਈਆ। ਗੋਤਮ ਨੇ ਅਗੇ ਹੋ ਕੇ ਵੇਖਿਆ ਨੇੜ, ਨੇਤਰ ਨੈਣਾਂ ਨਾਲ ਮਿਲਾਈਆ। ਜਾਂ ਬੁਝਿਆ ਇਸ ਦੇ ਅੰਦਰ ਕੋਈ ਭੇਤ, ਭੇਵ ਅਭੇਦ ਛੁਪਾਈਆ। ਓਸ ਕਿਹਾ ਮੇਰਾ ਪ੍ਰਭੂ ਨਾਲ ਹੇਤ, ਰਿਖੀਸ਼ਰ ਤੈਨੂੰ ਦਿਆਂ ਦ੍ਰਿੜਾਈਆ। ਗੋਤਮ ਕਿਹਾ ਮੈਂ ਵੀ ਓਸੇ ਦੀ ਗੋਦੀ ਵਿਚ ਰਿਹਾ ਖੇਡ, ਜੋ ਤੇਰਾ ਰੰਗ ਚੜ੍ਹਾਈਆ। ਨੀਚ ਕਿਹਾ ਓਸੇ ਨੇ ਮੈਨੂੰ ਦਿਤਾ ਭੇਜ, ਅਗੇ ਹੋ ਕੇ ਮੇਲ ਮਿਲਾਈਆ। ਗੋਤਮ ਹਸ ਕੇ ਕਿਹਾ ਜੇ ਦੋਹਾਂ ਦੀ ਸਾਂਝੀ ਹੋ ਜਾਏ ਸੇਜ, ਪਤਿਪਰਮੇਸ਼ਵਰ ਇਕੋ ਦਰ ਸੋਭਾ ਪਾਈਆ। ਓਸੇ ਵੇਲੇ ਪਰਮ ਪੁਰਖ ਸੁਨੇਹੜਾ ਦਿਤਾ ਭੇਜ, ਧੁਰ ਦਾ ਹੁਕਮ ਦ੍ਰਿੜਾਈਆ । ਇਹ ਮੇਰੇ ਹੱਥ ਖੇਡ, ਜਿਉਂ ਭਾਵੇ ਰਿਹਾ ਚਲਾਈਆ । ਲਹਿਣਾ ਦੇਣਾ ਦਿਆਂ ਨਬੇੜ, ਭਰਮ ਭੁਲੇਖਾ ਰਹੇ ਨਾ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੁਕ ਜਾਣ ਦਿਓ ਗੇੜ, ਗੇੜੇ ਆਪਣੇ ਵਿਚ ਭਵਾਈਆ। ਜਿਸ ਵੇਲੇ ਨਿਰਗੁਣ ਰੂਪ ਹੋ ਕੇ ਆਇਆ ਫੇਰ,

ਫੇਰਾ ਲੋਕਮਾਤ ਪਾਈਆ। ਦੋਹਾਂ ਨੂੰ ਮਾਨਸ ਜਨਮ ਦੇ ਕੇ ਸਚ ਦਵਾਰੇ ਲਿਆਵਾਂ ਘੇਰ, ਘੇਰਾ ਆਪਣਾ ਨਾਮ ਰਖਾਈਆ। ਮਿਹਰਵਾਨ ਹੋ ਕੇ ਕਰਾਂ ਮਿਹਰ, ਨਜ਼ਰ ਇਕ ਉਠਾਈਆ। ਗੋਤਮ ਕਿਹਾ ਸਾਡਾ ਤਨ ਖ਼ਾਕੀ ਹੋਣਾ ਢੇਰ, ਨਾਤਾ ਜਗਤ ਤੁੜਾਈਆ । ਕਿਸ ਬਿਧ ਲੇਖਾ ਦਏ ਨਬੇੜ, ਅਗੇ ਦੇ ਸਮਝਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਆਵਾਂ ਹੋ ਕੇ ਸਿੰਘ ਸ਼ੇਰ, ਵਿਸ਼ਨੂੰ ਵਿਸ਼ਵ ਸਹਾਈਆ। ਦੋਹਾਂ ਨੂੰ ਫੜ ਕੇ ਦੇਵਾਂ ਮੇਲ, ਆਪਣਾ ਹੁਕਮ ਵਰਤਾਈਆ । ਚਾੜ੍ਹ ਕੇ ਰੰਗ ਨਵੇਲ, ਰੰਗਣ ਇਕ ਰਖਾਈਆ। ਹੱਥ ਜੋੜ ਕੇ ਕਿਹਾ ਚੰਦੇਰ, ਚਿੰਤਾ ਦੇਣੀ ਗਵਾਈਆ। ਪੁਰਖ ਅਕਾਲ ਕਿਹਾ ਤੇਰੇ ਉਤੇ ਤੀਜੀ ਵਾਰ ਕਰਾਂ ਮਿਹਰ, ਦੂਜੀ ਧਾਰ ਰਾਮ ਨਾਲ ਕੁੜਮਾਈਆ। ਓਸ ਕਰ ਬੇਨੰਤੀ ਆਪਣਾ ਆਪ ਚਰਨ ਕਵਲਾਂ ਉਤੇ ਕੀਤਾ ਢੇਰ, ਸੀਸ ਮਸਤਕ ਧੂੜੀ ਲਈ ਰਮਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਆਵਾਂ ਤੇਰੇ ਖੇੜ, ਗ੍ਰਹਿ ਮੰਦਰ ਵੇਖ ਵਖਾਈਆ। ਭੇਵ ਖੁਲ੍ਹਾਵਾਂ ਨਾ ਲਾਵਾਂ ਦੇਰ, ਗੋਤਮ ਯਾਰ ਜੋੜ ਜੁੜਾਈਆ। ਜੁਗ ਚੌਕੜੀ ਕਰ ਕੇ ਹੇਰ ਫੇਰ, ਵਕ਼ਤ ਦਿਤਾ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੰਦ ਪ੍ਰਕਾਸ਼ ਪਿਛਲਾ ਇਤਿਹਾਸ ਗੋਤਮ ਦਾ ਸਾਥ, ਪ੍ਰਭੂ ਦਾ ਦਰਸ਼ਨ ਸਾਖਿਆਤ, ਲੇਖਾ ਲਿਖ ਕੇ ਕ਼ਲਮ ਦਵਾਤ, ਅਰਥਾਤ ਅਥਵਾ ਅਰਥ ਬੇਅਰਥ ਸਮਰਥ ਅਕਥ ਦਏ ਦ੍ਰਿੜਾਈਆ।

ਪਵਣ ਕਹੇ ਮੈਨੂੰ ਇਕ ਹੋਰ ਆਈ ਸੁਗੰਧੀ, ਸਾਚੀ ਮਹਿਕ ਨਾਲ ਮਹਿਕਾਈਆ। ਮੈਂ ਵੇਖਿਆ ਤਰਾ ਚੰਗੀ, ਚੰਗੀ ਤਰਾ ਖੋਜ ਖੁਜਾਈਆ । ਜਾਂ ਤਕਿਆ ਪਤਾ ਲੱਗਾ ਏਧਰੋਂ ਹਰਿ ਸੰਗਤ ਲੰਘੀ, ਹਿਰਦੇ ਹਰਿ ਹਰਿ ਨਾਮ ਧਿਆਈਆ। ਜਿਨ੍ਹਾਂ ਦੀ ਟੁਟੀ ਗੰਢੀ, ਵਿਛੜੇ ਲਏ ਮਿਲਾਈਆ । ਤੋੜ ਕੇ ਖ਼ਾਨਾਬੰਦੀ, ਬੰਦਗੀ ਇਕੋ ਦਿਤੀ ਸਮਝਾਈਆ। ਉਨ੍ਹਾਂ ਦੀ ਅੱਖ ਨਹੀਂ ਰਹੀ ਅੰਧੀ, ਗਿਆਨ ਨੇਤਰ ਦਿਤਾ ਖੁਲ੍ਹਾਈਆ। ਜਿਸ ਵੇਲੇ ਉਨ੍ਹਾਂ ਢੋਲਾ ਗਾਇਆ ਸੋਹੰ ਛੰਦੀ, ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਪਵਣ ਕਹੇ ਮੈਂ ਮੰਦੀ ਤੋਂ ਹੋ ਗਈ ਚੰਗੀ, ਸੁਗੰਧੀ ਵਿਚ ਆਪਣੀ ਸੁਗੰਧੀ ਦਿਤੀ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪਵਣ ਕਹੇ ਜਾਂ ਮੈਂ ਵੇਖਿਆ ਅੰਮ੍ਰਿਤ ਰਸ ਝਿਰਦਾ, ਬੂੰਦ ਸਵਾਂਤੀ ਨਜ਼ਰੀ ਆਈਆ। ਮੇਰਾ ਸ਼ਾਂਤ ਹੋਇਆ ਹਿਰਦਾ, ਖ਼ੁਸ਼ੀ ਅੰਤ ਵਖਾਈਆ। ਮੈਂ ਕਿਹਾ ਇਹ ਤਪਦਾ ਸੀ ਚਿਰ ਦਾ, ਕਿਸ ਮਿਹਰ ਕੀਤੀ ਗੁਸਾਈਂਆ। ਧੁਰ ਆਵਾਜ਼ ਆਈ ਉਠ ਵੇਖ ਪ੍ਰਭ ਠਾਕਰ ਆ ਗਿਆ ਫਿਰਦਾ ਫਿਰਦਾ, ਵੇਸ ਅਵੇਸਾ ਰੂਪ ਧਰਾਈਆ। ਜਿਸ ਦਾ ਖੇਲ ਘਰ ਥਿਰ ਦਾ, ਥੁੜੇ ਥਿੜਕਿਆਂ ਪਾਰ ਲੰਘਾਈਆ। ਤੈਨੂੰ ਪਤਾ ਨਹੀਂ ਇਹਦੀ ਮਿਹਰ ਦਾ, ਮਿਹਰ ਨਜ਼ਰ ਨਾਲ ਗੁਰਮੁਖ ਰਿਹਾ ਤਰਾਈਆ। ਜਨਮ ਕਰਮ ਦੇ ਲੇਖ ਨਬੇੜਦਾ, ਝਗੜੇ ਰਿਹਾ ਚੁਕਾਈਆ। ਇਹੋ ਖੇਲ ਅਗੰਮੀ ਸ਼ੇਰ ਦਾ, ਜੋ ਸ਼ਰਅ ਰਿਹਾ ਬਦਲਾਈਆ। ਕਲਜੁਗ ਲੇਖਾ ਮੁਕੇ ਅੰਧੇਰ ਦਾ, ਸਤਿ ਜੋਤ ਕਰੇ ਰੁਸ਼ਨਾਈਆ। ਜੁਗ ਜਨਮ ਇਹੋ ਬਖੇਰਦਾ, ਬਿਖੜਿਆਂ ਰਿਹਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪਵਣ ਕਹੇ ਚੰਦੇਰ ਦਾ ਇਕ ਹੋਰ ਸਾਥੀ ਸੀ ਪੋਸਤੀ, ਜੋ ਢਾਈ ਮੀਲ ਪਿਛੇ ਡੇਰਾ ਲਾਈਆ। ਦੋਹਾਂ ਦੀ ਗੂੜ੍ਹੀ ਸੀ ਦੋਸਤੀ, ਮਿਲ ਕੇ ਰਾਮ ਨਾਮ ਧਿਆਈਆ । ਉਨ੍ਹਾਂ ਦੀ ਸੋਚ ਇਕ ਦਿਨ ਸੋਚਦੀ, ਇਕ

ਦੂਜੇ ਨੂੰ ਰਹੀ ਸੁਣਾਈਆ। ਭਾਈ ਕਿਹੜੀ ਘੜੀ ਸਭ ਨਾਲੋਂ ਮੌਜ ਦੀ, ਆਪਣੀ ਆਪਣੀ ਦਈਏ ਬਤਾਈਆ। ਚੰਦੇਰ ਨੇ ਕਿਹਾ ਮੈਨੂੰ ਲੋੜ ਇਕੋ ਓਟ ਦੀ, ਜੋ ਓੜਕ ਲਏ ਮਿਲਾਈਆ । ਸਾਥੀ ਨੇ ਕਿਹਾ ਮੈਨੂੰ ਲੋੜ ਓਸ ਦੇ ਪ੍ਰੇਮ ਚੋਟ ਦੀ, ਜੋ ਸੁਤਿਆਂ ਲਏ ਜਗਾਈਆ। ਦੋਹਾਂ ਕਿਹਾ ਇਹ ਖੇਲ ਓਸੇ ਦੀ ਮੌਜ ਦੀ, ਜੋ ਮੌਜੂਦਾ ਹੋ ਕੇ ਵੇਖ ਵਖਾਈਆ। ਓਧਰੋਂ ਇਕ ਬਿਰਧ ਅਵਸਥਾ ਮਾਈ ਆਈ ਓਹ ਕਹਿੰਦੀ ਮੈਂ ਤੁਹਾਨੂੰ ਰੋਕਦੀ, ਅਗਲਾ ਭੇਵ ਖੁਲ੍ਹਾਈਆ। ਤੁਸੀਂ ਸਾਰ ਨਹੀਂ ਜਾਣਦੇ ਓਸ ਪ੍ਰਭੂ ਚੋਰ ਦੀ, ਜੋ ਠੱਗੀ ਚੋਰੀ ਕਰਕੇ ਆਪਣਾ ਮੁਖ ਛੁਪਾਈਆ। ਜ਼ਰਾ ਸਮਝਣ ਵਾਲੀ ਗੱਲ ਗ਼ੌਰ ਦੀ, ਤੁਹਾਨੂੰ ਦਿਆਂ ਦ੍ਰਿੜਾਈਆ। ਮੇਰੀ ਬੋਲੀ ਭਾਵੇਂ ਬੇਸ਼ਕ ਕੌੜ ਦੀ, ਗ਼ੁੱਸਾ ਦੇਵੇ ਚੜ੍ਹਾਈਆ। ਜਿਹਦੀ ਆਤਮਾ ਇਸ ਨੂੰ ਲੋਚਦੀ, ਉਸ ਨੂੰ ਮੇਲਾ ਦਏ ਮਿਲਾਈਆ । ਚੰਦੇਰ ਦੇ ਸਾਥੀ ਕਿਹਾ ਮਾਈ ਕੁਛ ਗੱਲ ਕਰ ਹੋਸ਼ ਦੀ, ਕਿਉਂ ਸਾਨੂੰ ਰਹੀ ਭੁਲਾਈਆ। ਓਸ ਕਿਹਾ ਮੈਂ ਇਹੋ ਕੁਛ ਸੋਚਦੀ, ਜਿਸ ਦੀ ਤੁਹਾਨੂੰ ਸਮਝ ਨਾ ਆਈਆ। ਤੁਹਾਨੂੰ ਖ਼ਬਰ ਨਹੀਂ ਲੋਕ ਪਰਲੋਕ ਦੀ, ਮੈਂ ਦੋ ਜਹਾਨਾਂ ਵੇਖ ਵਖਾਈਆ। ਤੁਹਾਨੂੰ ਸਾਰ ਨਹੀਂ ਹਰਖ਼ ਸੋਗ ਦੀ, ਚਿੰਤਾ ਗ਼ਮ ਕਵਣ ਮਿਟਾਈਆ। ਪ੍ਰਭ ਨੂੰ ਮਿਲਣਾ ਖੇਲ ਨਹੀਂ ਰੋਜ਼ ਦੀ, ਜਗਤ ਲੱਭਿਆਂ ਹੱਥ ਕਿਸੇ ਨਾ ਆਈਆ। ਮੈਂ ਤੁਹਾਡੇ ਅਗੇ ਨਿੱਕਾ ਜਿਹਾ ਪਰਦਾ ਖੋਲ੍ਹਦੀ, ਤੁਹਾਨੂੰ ਦਿਆਂ ਜਣਾਈਆ। ਜੇ ਮੌਜ ਵੇਖੋ ਮੇਰੇ ਮਾਹੀ ਸਚੇ ਢੋਲ ਦੀ, ਢੋਲੇ ਗਾਓ ਚਾਈਂ ਚਾਈਂਆ। ਮੈਂ ਵਜ਼ਨ ਤੋਲ ਸਾਚੇ ਤੋਲਦੀ, ਕੰਡਾ ਆਪਣੇ ਹੱਥ ਉਠਾਈਆ। ਮੇਰੀ ਗੱਲ ਨਾ ਸਮਝਿਓ ਮਖ਼ੌਲ ਦੀ, ਮੁਖ਼ਾਤਬ ਹੋ ਕੇ ਰਹੀ ਸਮਝਾਈਆ। ਮੇਰੀ ਕੋਈ ਸੁਰਤੀ ਨਹੀਂ ਅਨਭੋਲ ਦੀ, ਭਰਮ ਵਿਚ ਨਾ ਕੋਇ ਰਖਾਈਆ। ਮੈਂ ਕਰਾਂ ਬਾਤ ਸਚੀ ਕੌਲ ਦੀ, ਇਕ਼ਰਾਰ ਨਾਲ ਦ੍ਰਿੜਾਈਆ। ਜਿਸ ਵੇਲੇ ਵਾਰੀ ਆਈ ਧਰਨੀ ਧਰਤ ਧੌਲ ਦੀ, ਪ੍ਰਭ ਆਪਣਾ ਚਰਨ ਦੇਵੇ ਟਿਕਾਈਆ। ਓਸ ਵੇਲੇ ਮੈਂ ਲਹਿਰ ਵੇਖਣੀ ਭਗਤਾਂ ਦੀ ਮੌਜ ਕਿਸ ਤਰਾ ਮੌਲਦੀ, ਆਪਣਾ ਰੂਪ ਬਦਲਾਈਆ। ਇਹ ਖੇਲ ਸਚ ਨਿਰੋਲ ਦੀ, ਰਲਾ ਨਾ ਕੋਈ ਪਾਈਆ। ਜਿਸ ਵੇਲੇ ਅਗੰਮੀ ਜੋਤ ਜਨ ਭਗਤਾਂ ਨੂੰ ਮਿਲ ਮਿਲ ਵੇਖਾਂ ਜੋੜਦੀ, ਵਿਛੜੇ ਆਪ ਮਿਲਾਈਆ। ਉਹ ਰੈਣ ਅੰਧੇਰੀ ਹੋਣੀ ਕਲਜੁਗ ਅੰਧ ਘੋਰ ਦੀ, ਸਾਚਾ ਚੰਦ ਨਾ ਕੋਇ ਚਮਕਾਈਆ। ਪੋਸਤੀਆ ਓਸ ਵੇਲੇ ਤੇਰੀ ਦਸ਼ਾ ਘਰ ਦੀ ਚਿੰਤਾ ਹੋਣੀ ਲੋੜ ਦੀ, ਤ੍ਰਿਸ਼ਨਾ ਨਾਲ ਰਖਾਈਆ। ਤੂੰ ਲੜੀ ਛੁਡਾਣੀ ਪ੍ਰਭ ਦੇ ਨਾਲੋਂ ਆਪਣੀ ਡੋਰ ਦੀ, ਇਹ ਲੇਖਾ ਤੈਨੂੰ ਯਾਦ ਰਹੇ ਨਾ ਰਾਈਆ । ਤੂੰ ਕੀ ਜਾਣੇ ਮੈਂ ਬੁੱਢੜੀ ਕਿਸ ਤਰਾ ਤੈਨੂੰ ਓਸ ਦੇ ਨਾਲ ਜੋੜਦੀ, ਆਪਣੀ ਬਿਧ ਬਣਾਈਆ। ਓਸ ਕਿਹਾ ਕੋਈ ਲੋੜ ਨਹੀਂ ਸ਼ੋਰ ਦੀ, ਕਿਉਂ ਮੈਨੂੰ ਰਹੀ ਭੁਲਾਈਆ। ਓਸ ਕਿਹਾ ਬੱਚੂ ਜਿਸ ਵੇਲੇ ਮੈਂ ਲੰਘ ਗਈ ਤੇਰੇ ਕੋਲ ਦੀ, ਤੇਰੀ ਸੁਰਤ ਦਿਆਂ ਭਵਾਈਆ। ਪੋਸਤੀਆ ਵੇਖੀਂ ਫੜ ਕੇ ਗਿਟਾ ਤੇਰਾ ਕਿਵੇਂ ਮਰੋੜਦੀ, ਪੁੱਠਾ ਗੇੜ ਦਬਾਈਆ। ਮੈਂ ਜੇ ਪਿਛੇ ਲਗ ਜਾਂ ਉਹਨੂੰ ਕਦੀ ਨਹੀਂ ਛੋੜਦੀ, ਛੁਟਕਾਰਾ ਕਰਨ ਨਾ ਦੇਵਾਂ ਕੋਲੋਂ ਸਚੇ ਮਾਹੀਆ । ਗੁਰਮੀਤ ਤੈਨੂੰ ਪਤਾ ਨਹੀਂ ਇਹ ਖੇਲ ਓਸੇ ਚੋਰ ਦੀ, ਜੋ ਚੋਰੀ ਚੋਰੀ ਨਾਲ ਕਰਾਈਆ। ਪਰਕਾਸ਼ ਚੰਦ ਧਾਰ ਓਸੇ ਚੰਦੇਰ ਦੀ, ਜੋ ਤੇਰਾ ਸਾਥੀ ਪਿਛਲਾ ਮਸਤੀ ਮਸਤੀ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਤਾਕ਼ਤ ਨਹੀਂ ਕਿਸੇ ਕਮਜ਼ੋਰ ਦੀ, ਕਮਰ ਬੰਨ੍ਹ ਕੇ ਭਗਤਾਂ ਰਿਹਾ ਮਿਲਾਈਆ।

ਪਵਣ ਕਹੇ ਮੈਂ ਦੱਸਾਂ ਕਰਕੇ ਹਾਂ, ਸਤਿ ਸਚ ਦਿਆਂ ਜਣਾਈਆ। ਓਹ ਬੁੱਢੜੀ ਓਹੋ ਜਿਹੜੀ ਸੰਸਾਰ ਸਿੰਘ ਦੀ ਮਾਂ, ਛੰਬ ਅੰਦਰ ਡੇਰਾ ਲਾਈਆ। ਫੇਰ ਵੀ ਓਸ ਨੇ ਤਰਸ ਲਿਆ ਕਮਾ, ਥੋੜ੍ਹੀ ਲਾਕੇ ਬਹੁਤੀ ਬੇਨੰਤੀ ਦਿਤੀ ਸੁਣਾਈਆ। ਕੀ ਮੈਥੋਂ ਹੋਇਆ ਗੁਨਾਹ, ਚੁੱਪ ਚੁਪਾਤੀ ਅੰਦਰ ਵੜ ਦੇ ਗਈ ਜਣਾਈਆ। ਪ੍ਰਭ ਨੇ ਹੌਲੀ ਜਿਹੀ ਉਸ ਦੀ ਪਿਠ ਤੇ ਥਪਕੀ ਲਾ, ਹਸ ਕੇ ਦਿਤਾ ਵਖਾਈਆ। ਤੁੰ ਬੱਚਿਆਂ ਦੀ ਮਾਂ, ਬੱਚਿਆਂ ਸੰਗ ਆਪਣਾ ਚੋਜ ਕਰਾਈਆ। ਭਲਾ ਹੋਇਆ ਜੋ ਗਿੱਟੇ ਨਾਲ ਨਹੀਂ ਟੁੱਟੀ ਬਾਂਹ, ਇਹ ਵੀ ਲੇਖਾ ਦਿਤਾ ਚੁਕਾਈਆ। ਇਕ ਹੋਰ ਸੁਨੇਹੜਾ ਦੇਵਾਂ ਸੁਣਾ, ਭੇਵ ਅਭੇਦ ਖੁਲ੍ਹਾਈਆ। ਜਿਹੜੀ ਕਰਨੀ ਸੀ ਕਰਨੀ ਓਹ ਕਰਤੇ ਲਈ ਬਚਾ, ਮਿਹਰ ਆਪਣੀ ਨਾਲ ਤਰਾਈਆ। ਇਕ ਦੁਖ ਅਠਾਸੀ ਮੀਲ ਤੇ ਹੋਣਾ ਸੀ ਭੈਣ ਭਰਾ, ਦਲਜੀਤ ਸੱਜੀ ਲੱਤ ਜਾਂਦੀ ਤੁੜਾਈਆ। ਇਸ ਦਾ ਪਿਛਲੇ ਜਾਮੇ ਵਿਚ ਇਹੋ ਪਰਕਾਸ਼ ਸੀ ਭਰਾ, ਜਿਹਨੂੰ ਚੰਦੇਰ ਕਹਿਕੇ ਸਾਰੇ ਨਾਮ ਸੁਣਾਈਆ । ਇਹਨਾਂ ਸਾਰਿਆਂ ਦਾ ਇਕੋ ਗਵਾਹ, ਪਾਰਬ੍ਰਹਮ ਬੇਪਰਵਾਹੀਆ। ਮਿਹਰ ਕਰਕੇ ਲਿਆਂਦੇ ਬਚਾ, ਤਰਸ ਕਰਕੇ ਤਬਅ ਦਿਤੀ ਬਦਲਾਈਆ। ਜੇ ਥੋੜ੍ਹਾ ਜਿਹਾ ਬਣ ਜਾਂਦਾ ਬੇਪਰਵਾਹ, ਫੇਰ ਦੁਖੀਆਂ ਦੁਖ ਨਾ ਕੋਇ ਮਿਟਾਈਆ। ਡਾਕਟਰ ਸਕਦਾ ਨਾ ਕੋਇ ਬਚਾ, ਅੰਗ ਹੱਡ ਨਾ ਕੋਇ ਜੁੜਾਈਆ। ਨਾ ਇਹ ਪਿਛਲੇ ਜਨਮ ਦਾ ਕੋੜਮਾ ਇਕੱਠਾ ਹੁੰਦਾ, ਨਾ ਕੋਈ ਪ੍ਰਭੂ ਲੇਖਾ ਦੇਂਦਾ ਲਿਖਾ, ਧੁਰ ਦਾ ਹੁਕਮ ਸਮਝਾਈਆ। ਜੋ ਆਦਿ ਜੁਗਾਦਿ ਸਭ ਨੂੰ ਚਲੌਂਦਾ ਆਇਆ ਆਪਣੀ ਰਜ਼ਾ, ਹੁਣ ਭਗਤਾਂ ਦੀ ਚਲੇ ਰਜ਼ਾਈਆ। ਭਾਵੇਂ ਇਹਨੂੰ ਕ਼ਿਸਮਤ ਕਹੋ ਭਾਵੇਂ ਕ਼ਜਾ, ਕ਼ਿਆਮਤ ਤੋਂ ਦਿਤਾ ਬਚਾਈਆ। ਜਿਹੜਾ ਪੂਰਬ ਵਾਹਦਾ ਪੂਰਾ ਰਿਹਾ ਕਰਾ, ਓਸ ਦਾ ਲਹਿਣਾ ਝੋਲੀ ਪਾਈਆ। ਭਾਵੇਂ ਪੂਰਨ ਮੰਨੋ ਭਾਵੇਂ ਖ਼ੁਦਾ, ਭਾਵੇਂ ਜਾਣੋ ਬੇਪਰਵਾਹੀਆ। ਭਾਵੇਂ ਜਾਣੋ ਗ਼ਰੀਬਾਂ ਦੀ ਸੇਵਾ ਰਿਹਾ ਕਮਾ, ਚਾਕਰ ਨਜ਼ਰੀ ਆਈਆ। ਜੇ ਚਾਕਰ ਨਾ ਹੁੰਦਾ ਸਾਰੇ ਕਿਸ ਤਰਾ ਲੈਂਦਾ ਰਲਾ, ਅਸਵ ਘੋੜੇ ਲਹਿਣਾ ਚੁਕਾਈਆ। ਕਿਸ ਬਿਧ ਵਕੀਲ ਸਿੰਘ ਦੇ ਜਾਂਦਾ ਥਾਂ, ਬਾਲਮੀਕ ਜਿਸ ਦਾ ਧਿਆਨ ਰਖਾਈਆ। ਕਿਸ ਤਰਾ ਘਸੇਰੇ ਦਾ ਲੇਖਾ ਦੇਂਦਾ ਝੋਲੀ ਪਾ, ਕਿਸ ਤਰਾ ਭਰਾ ਦੀ ਗੰਢ ਬੰਧਾਈਆ। ਕਿਸ ਬਿਧ ਮਾਤਾ ਤੋਂ ਮੰਗ ਲੈਂਦਾ ਮੰਗਾ, ਇਕ ਪੈਸਾ ਕ਼ੀਮਤ ਪਾਈਆ। ਕਿਸ ਬਿਧ ਅੰਗਰੇਜ਼ ਸਿੰਘ ਦਿੰਦਾ ਵਡਿਆ, ਜੋ ਚੌਧਰੀ ਪਿਛਲਾ ਨਜ਼ਰੀ ਆਈਆ। ਦੇਵੀ ਸਿੰਘ ਦਾ ਲੇਖਾ ਸਹਿਜ ਸੁਭਾ, ਦਿਵਸ ਰੈਣ । ਭਾਵੇਂ ਸਚ ਸਮਝੋ ਭਾਵੇਂ ਸਮਝੋ ਪ੍ਰਭ ਨੂੰ ਹੋਇਆ ਸ਼ੁਦਾ, ਐਵੇਂ ਰਿਹਾ ਸੁਣਾਈਆ। ਸਚ ਪੁਛੋ ਜੁਗ ਜਨਮ ਦੇ ਵਿਛੜਿਓ ਬੱਚਿਓ ਤੁਹਾਨੂੰ ਗੋਦੀ ਰਿਹਾ ਬਿਠਾ, ਗੋਬਿੰਦ ਬਣਕੇ ਧੁਰ ਦਾ ਮਾਹੀਆ। ਜੇ ਤੁਸੀਂ ਮੈਨੂੰ ਬੈਠੇ ਭੁਲਾ, ਅਭੁਲ ਭੁਲ ਵਿਚ ਕਦੇ ਨਾ ਆਈਆ। ਅਗੇ ਰਹਿਣ ਨਹੀਂ ਦੇਣਾ ਜੁਦਾ, ਜੁਗਾ ਜੁਗੰਤਰ ਲੇਖਾ ਦੇਣਾ ਮਿਟਾਈਆ। ਮਾਰਗ ਸਿੱਧੇ ਲੈਣਾ ਪਾ, ਸਿਦਕ ਸਬੂਰੀ ਇਕ ਵਖਾਈਆ। ਦੋ ਜਹਾਨਾਂ ਫੜਕੇ ਬਾਂਹ, ਪਾਰ ਕਿਨਾਰਾ ਦੇਣਾ ਕਰਾਈਆ। ਜੇ ਲਹਿਣਾ ਦੇਣਾ ਜਹਾਂ ਵਹਾਂ ਦੇਵਾਂ ਪੁਚਾ, ਜਹਾਂ ਦੂਜਾ ਨਜ਼ਰ ਕੋਇ ਨਾ ਆਇਆ। ਗੁਰਮੁਖੋ ਤੁਸਾਂ ਸਿਰਫ਼ ਮੇਰੇ ਪਿਆਰ ਵਿਚ ਇਕੋ ਕਰਨੀ ਹਾਂ, ਅਗੇ ਹੋਕੇ ਦੀ ਲੋੜ ਰਹੀ ਨਾ ਰਾਈਆ। ਜਿਨ੍ਹਾਂ ਨੂੰ ਸਿੱਧਾ ਮਿਲਿਆ ਆ, ਮੁਲਾਜ਼ੇਦਾਰ ਹੋਰ ਨਾ ਕੋਇ ਬਣਾਈਆ। ਵਾਅਦੇ ਰਿਹਾ ਭੁਗਤਾ, ਪਾਰਬ੍ਰਹਮ ਸਚਾ ਸ਼ਹਿਨਸ਼ਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਇਕੋ ਜਿਹਾ ਰਿਹਾ ਵਖਾ, ਵਡਾ ਛੋਟਾ ਰਹਿਣ ਕੋਇ ਨਾ ਪਾਇਆ।

੧੯ ਚੇਤ ਸ਼ਹਿਨਸ਼ਾਹੀ ਸੰਮਤ ੧ ਅੰਗਰੇਜ਼ ਸਿੰਘ ਦੇ ਗ੍ਰਹਿ ਮਘੋਵਾਲੀ ਜੰਮੂ

ਗਲਾਸ ਕਹੇ ਮੇਰਾ ਇਕੋ ਰੂਪ ਇਕ ਗੱਲ ਦੀ ਆਸ, ਠਠਿਆਰ ਘੜਤ ਨਾ ਕੋਇ ਘੜਾਈਆ। ਜਿਸ ਦੇ ਨਾਲ ਪ੍ਰੇਮੀ ਪਿਆਰ ਦੀ ਬੁਝੌਣ ਪਿਆਸ, ਤ੍ਰਿਸ਼ਨਾ ਤ੍ਰਿਖਾ ਦੂਰ ਕਰਾਈਆ। ਉਹ ਵਸਤ ਰਾਮ ਦੇ ਪਾਸ, ਅਨਮੁਲੜੀ ਕੋਲ ਟਿਕਾਈਆ। ਸੀਤਾ ਦਾ ਸਾਥ, ਸੋਹਣਾ ਸੰਗ ਜਣਾਈਆ । ਲਛਮਣ ਦਿਤਾ ਆਖ, ਆਪਣੀ ਖ਼ਾਹਿਸ਼ ਦ੍ਰਿੜਾਈਆ । ਕਲਜੁਗ ਦਾ ਖੇਲ ਤਮਾਸ਼, ਆਪਣਾ ਰੂਪ ਪਰਗਟਾਈਆ। ਭਗਤਾਂ ਦਾ ਨਿਵਾਸ, ਨੇਤਰ ਨੈਣ ਦਰਸਾਈਆ। ਸ਼ਿਵ ਜੀ ਦਾ ਕੈਲਾਸ਼, ਬੈਠਾ ਸੀਸ ਨਿਵਾਈਆ। ਬ੍ਰਹਮਾ ਦਾ ਇਤਹਾਸ, ਦੇਵੇ ਸਚ ਗਵਾਹੀਆ। ਵਿਸ਼ਨੂੰ ਦਾ ਸਵਾਦ, ਰਸ ਅਗੰਮੀ ਰਿਹਾ ਵਖਾਈਆ। ਪੁਰਖ ਅਕਾਲ ਦੇਵਣਹਾਰਾ ਦਾਤ, ਵਸਤ ਇਕ ਵਰਤਾਈਆ। ਸਭ ਦੀ ਮਿਲ ਕੇ ਇਕ ਜਮਾਤ, ਸੋਹਣਾ ਰੰਗ ਵਖਾਈਆ। ਭਿੰਨੜੀ ਰੈਣ ਨਾਲ ਗਈ ਨਾਚ, ਘੁੰਗਟ ਮੁਖ ਉਠਾਈਆ। ਮਿਲ ਕੇ ਸਭ ਨੇ ਕੀਤੀ ਇਕ ਬਾਤ, ਮਤਾ ਲਿਆ ਪਕਾਈਆ। ਕਿਸ ਵੇਲੇ ਫੇਰ ਹੋਵੇ ਇਤਫ਼ਾਕ, ਮਿਲੀਏ ਚਾਈਂ ਚਾਈਂਆ। ਦੋਏ ਜੋੜ ਕੇ ਹਾਥ, ਸਾਰੇ ਬੇਨੰਤੀ ਰਹੇ ਸੁਣਾਈਆ। ਅਗੋਂ ਕਿਹਾ ਪੁਰਖ ਅਬਿਨਾਸ਼, ਪਰਦਾ ਦਿਆਂ ਉਠਾਈਆ। ਧੁਰ ਸੰਦੇਸ਼ਾ ਦੇਵਾਂ ਸਾਚ, ਸਚ ਕਰਾਂ ਪੜ੍ਹਾਈਆ। ਜਿਸ ਦਾ ਮਤਲਬ ਕੋਈ ਨਹੀਂ ਅਰਥ ਅਰਥਾਤ, ਅਥਵਾ ਆਪਣਾ ਹੁਕਮ ਮਨਾਈਆ। ਜਿਸ ਵੇਲੇ ਨਿਰਗੁਣ ਧਾਰ ਆਵਾਂ ਲੋਕਮਾਤ, ਨਿਰਵੈਰ ਫੇਰਾ ਪਾਈਆ। ਜੋਤੀ ਜੋਤ ਕਰਾਂ ਪਰਕਾਸ਼, ਸ਼ਬਦੀ ਸ਼ਬਦ ਡੰਕ ਸ਼ਨਵਾਈਆ। ਦੋ ਜਹਾਨਾਂ ਲੰਘ ਕੇ ਪਤਣ ਘਾਟ, ਆਪਣਾ ਪੰਧ ਮੁਕਾਈਆ। ਪ੍ਰੇਮੀ ਪ੍ਰੀਤਮ ਹੋ ਕੇ ਭਗਤਾਂ ਕਰਾਂ ਤਲਾਸ਼, ਗੁਰਮੁਖਾਂ ਖੋਜ ਖੁਜਾਈਆ । ਬਾਹਰ ਭੀਤਰ ਵੇਖਾਂ ਸਾਸ, ਸਾਹ ਸਾਹ ਲੇਖ ਚੁਕਾਈਆ। ਸਾਚੇ ਮੰਡਲ ਪਾਵਾਂ ਰਾਸ, ਗੋਪੀ ਕਾਹਨ ਨਚਾਈਆ। ਪਰਦਾ ਲਾਹ ਕੇ ਪ੍ਰਿਥਮੀ ਆਕਾਸ਼, ਧਰਨੀ ਧਰਤ ਧਵਲ ਸੋਭਾ ਪਾਈਆ। ਭਾਗ ਲਗਾ ਕੇ ਸੋਹਣੀ ਖਾਟ, ਆਸਣ ਸਿੰਘਾਸਣ ਦਿਆਂ ਵਡਿਆਈਆ। ਚੌਥੇ ਜੁਗ ਦੀ ਮੇਟ ਕੇ ਵਾਟ, ਵਟਣਾ ਗੁਰਮੁਖਾਂ ਦਿਆਂ ਚੜ੍ਹਾਈਆ। ਲਛਮਣ ਜਿਸ ਇਕ ਗੱਲ ਦੀ ਆਸ, ਉਹ ਪੂਰੀ ਦਿਆਂ ਕਰਾਈਆ। ਜਨ ਭਗਤਾਂ ਦਾ ਬਣ ਕੇ ਬਾਪ, ਬੱਚਿਆਂ ਵਾਂਗ ਗੋਦ ਉਠਾਈਆ। ਰੂਹ ਬੁਤ ਦੋਵੇਂ ਕਰ ਕੇ ਪਾਕ, ਪਵਿੱਤਰ ਦਿਆਂ ਬਣਾਈਆ। ਲੇਖੇ ਲਾ ਕੇ ਮਾਟੀ ਖ਼ਾਕ, ਖ਼ਾਹ ਮਖ਼ਾਹ ਕਰਾਂ ਸਫ਼ਾਈਆ। ਦੋ ਜਹਾਨਾਂ ਬਣ ਕੇ ਸੱਜਣ ਸਾਕ, ਧੁਰ ਦਾ ਸੰਗ ਵਖਾਈਆ। ਏਥੇ ਓਥੇ ਦੇ ਨਜਾਤ, ਸਿਰ ਆਪਣਾ ਹੱਥ ਰਖਾਈਆ । ਕੂੜੀ ਕਿਰਿਆ ਨਾਲ ਇਹ ਵਫ਼ਾਤ, ਮਲਕੁਲ ਮੌਤ ਨਾ ਕੋਇ ਡਰਾਈਆ। ਭੇਵ ਦੱਸਾਂ ਨਾਲ ਵਜ਼ਾਹਤ, ਪਰਦਾ ਦਿਆਂ ਉਠਾਈਆ। ਰਹਿਣ ਦੇਵਾਂ ਨਾ ਕੋਇ ਰਫ਼ਾਕ, ਰਫ਼ੀਕ ਦਿਆਂ ਜਣਾਈਆ। ਰੂਪ ਧਰ ਕੇ ਆਪਣਾ ਵਾਹਿਦ, ਲਾਸ਼ਰੀਕ ਸੇਵ ਕਮਾਈਆ। ਸਚ ਕਾਨੂੰਨ ਕਰਕੇ ਆਇਦ, ਵੇਖਾਂ ਥਾਉਂ ਥਾਈਂਆ। ਸਤਿ ਧਰਮ ਕਰਨਾ ਰਾਇਜ, ਰਜੂਹ ਸਭ ਦੀ ਦਿਆਂ ਬਦਲਾਈਆ। ਸ੍ਰਿਸ਼ਟੀ ਦੇ ਕੋਲੋਂ ਹੋ ਕੇ ਗ਼ਾਇਬ, ਭਗਤਾਂ ਆਪਣਾ ਦਰਸ ਦਿਖਾਈਆ। ਇਹੋ ਖੇਲ ਹੋਵੇ ਅਜਾਇਬ, ਅਜਬ ਲੀਲਾ ਦਿਆਂ ਵਰਤਾਈਆ। ਜੁਗ ਚੌਕੜੀ ਜੋ ਨਾਮ ਦੀ ਕਰਕੇ ਰਖੀ ਕਫ਼ਾਇਤ, ਮਹਿਬੂਬ ਹੋ ਕੇ ਝੋਲੀ ਦੇਵਾਂ ਪਾਈਆ। ਝੂਠੀ ਕਟ ਕੇ ਸ਼ਰਅ ਸ਼ਰਾਇਤ, ਸ਼ਰੀਅਤ ਆਪਣੀ ਦਿਆਂ ਵਖਾਈਆ। ਚਰਨ ਪ੍ਰੀਤੀ ਕਰ ਕੇ ਅਨਾਇਤ, ਅਨਾਇਤ ਦੇ ਅਨਾਇਤ ਬੁੱਲੇ ਦੇ ਪੀਰਾਂ ਵਰਗੇ ਗੁਰਮੁਖ ਦਿਆਂ ਬਣਾਈਆ। ਜਿਹੜੀ ਮਨੀ ਸਿੰਘ ਦੱਸ ਕੇ ਗਏ ਵਲਾਇਤ, ਉਹ ਵਲਵਲੇ ਅੰਦਰੋਂ ਦਿਆਂ

ਕਢਾਈਆ। ਜਿਧਰ ਜਾਣ ਓਧਰ ਆਪਣੀ ਕਰਾਂ ਹਮਾਇਤ, ਹਮ ਸਾਜਣ ਹੋ ਕੇ ਨਜ਼ਰੀ ਆਈਆ। ਸਭ ਦੀ ਪੂਰੀ ਕਰ ਕੇ ਖ਼ਾਹਿਸ਼, ਖ਼ਾਹਿਸ਼ ਆਪਣੀ ਨਾਲ ਮਿਲਾਈਆ। ਚਰਨ ਦਵਾਰੇ ਕਰਕੇ ਰਿਹਾਇਸ਼, ਆਰਾਮਗਾਹ ਇਕ ਵਖਾਈਆ। ਜਿਸ ਮੰਦਰ ਦੀ ਕਿਸੇ ਨਹੀਂ ਕੀਤੀ ਪੈਮਾਇਸ਼, ਓਸੇ ਧਾਮ ਬਹਾਈਆ। ਇਹੋ ਭਗਤਾਂ ਨੂੰ ਸਚੀ ਖ਼ੈਰਾਯਤ, ਬਿਨ ਮੰਗਿਆਂ ਝੋਲੀ ਪਾਈਆ। ਭਗਤ ਭਗਵਾਨ ਦੀ ਸਦਾ ਇਕੱਠੀ ਚੜ੍ਹਦੀ ਰਹੇ ਜਨੇਤ, ਲਾੜੇ ਧੁਰ ਦੇ ਦਿਆਂ ਬਣਾਈਆ। ਦਰਸ਼ਨ ਦੇਂਦਾ ਰਹਾਂ ਨੇਤ ਨੇਤ, ਨੇਤਰ ਨਿਜ ਕਰ ਰੁਸ਼ਨਾਈਆ। ਜਿਹੜੇ ਗੋਬਿੰਦ ਪਿੱਛੇ ਹੋ ਗਏ ਖੇਤ, ਆਪਣਾ ਆਪ ਕਟਾਈਆ। ਉਨ੍ਹਾਂ ਨਾਲ ਕਰ ਹੇਤ, ਧੁਰ ਦਾ ਮੇਲਾ ਸਹਿਜ ਸੁਭਾਈਆ। ਜਿਸ ਨੂੰ ਲੱਭਦੇ ਗਏ ਕੇਤੀ ਕੇਤ, ਕੋਟਨ ਕੋਟ ਫੇਰੀਆਂ ਪਾਈਆ। ਜਿਸ ਦਾ ਨਾਮ ਰਾਗਾਂ ਨਾਦਾਂ ਸ਼ਬਦਾਂ ਧੁਨਾਂ ਵਿਚ ਗੌਂਦੇ ਵਿਸ਼ੇਸ਼, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਜਿਸ ਦਾ ਜਸ ਗੌਂਦੇ ਸਹੰਸਰ ਮੁਖ ਵਾਲੇ ਸ਼ੇਸ਼, ਸੋਹਣੀ ਸੇਜ ਬਣਾਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਸਭ ਨੇ ਮੰਨਿਆਂ ਇਕ ਨਰੇਸ਼, ਨਰ ਨਿਰੰਕਾਰ ਇਕ ਅਖਵਾਈਆ। ਸੋ ਭਗਤ ਸੁਹੇਲਾ ਗ੍ਰਹਿ ਭਗਤਾਂ ਬਣੇ ਦਰਵੇਸ਼, ਦਰਦੀ ਹੋ ਕੇ ਅਲਖ ਜਗਾਈਆ। ਇਕ ਗੱਲ ਕਹੇ ਮੇਰੀ ਆਸ ਏਕ, ਇਕੋ ਦਿਆਂ ਜਣਾਈਆ। ਪਰਮ ਪੁਰਖ ਪ੍ਰਭ ਜਨ ਭਗਤਾਂ ਬੁੱਧੀ ਕਰੇ ਬਿਬੇਕ, ਮਨ ਮਤਿ ਪਰੇ ਹਟਾਈਆ। ਨਿਰਗੁਣ ਹੋ ਕੇ ਸਰਗੁਣ ਨਾਲ ਲਏ ਖੇਡ, ਖਲਾਰੀ ਆਪਣਾ ਫੇਰਾ ਪਾਈਆ। ਜਿਸ ਗੱਲ ਦੀ ਆਸ ਪਿਛੇ ਸਭ ਨੂੰ ਦਿਤਾ ਭੇਜ, ਉਹ ਗਲਾਸ ਆਪਣਾ ਦਏ ਸਮਝਾਈਆ। ਛਹਿਬਰ ਲੱਗੀ ਅੰਮ੍ਰਿਤ ਬਰਖੇ ਦੇਸ ਪਰਦੇਸ, ਦਹਿ ਦਿਸ਼ਾ ਠੰਡਕ ਇਕ ਵਰਤਾਈਆ। ਗੱਲ ਆਸ ਕਹੇ ਮੈਨੂੰ ਮਿਲ ਗਈ ਸਚੀ ਟੇਕ, ਟਿਕਟਿਕੀ ਧਿਆਨ ਜਿਸ ਦੇ ਵਿਚ ਰਖਾਈਆ। ਜਨ ਭਗਤੋ ਤੁਸੀਂ ਸਮਝੋ ਨਾ ਕੋਈ ਕੂੜ ਕੁੜਿਆਰਾ ਭੇਖ, ਪਖੰਡੀ ਪਖੰਡ ਰਿਹਾ ਰਚਾਈਆ । ਜਿਹੜਾ ਮਾਲਕ ਓਸੇ ਦਾ ਦੇਸ, ਦੇਸਾਂ ਦਾ ਮਾਲਕ ਆਪੇ ਵੇਖ ਵਖਾਈਆ। ਧਰਨੀ ਕਹੇ ਜਿਸ ਮੇਰੇ ਉਤੇ ਬਹਿ ਕੇ ਲਿਖੇ ਲੇਖ, ਲਹਿਣੇ ਦਿਤੇ ਚੁਕਾਈਆ। ਮੈਂ ਆਪਣੇ ਨੇਤਰ ਸਾਚੇ ਨੈਣ ਇਸੇ ਦੀ ਕੀਤੇ ਭੇਟ, ਇਸੇ ਦੀ ਝੋਲੀ ਪਾਈਆ। ਗੁਰਮੁਖੋ ਤੁਸੀਂ ਸਨਮੁਖ ਹੋਵੋ ਪੇਸ਼, ਸਾਹਮਣੇ ਨਜ਼ਰੀ ਆਈਆ। ਮਨ ਕਾਮਨਾ ਭਗਤ ਭਗਵੰਤ ਅੰਤਰ ਕਦੇ ਨਾ ਹੋਵੇ ਕਲੇਸ਼, ਕੂੜਾ ਝਗੜਾ ਦੇਣਾ ਮਿਟਾਈਆ। ਧੁਰ ਦਾ ਸਵਾਮੀ ਸਦਾ ਕੋਲ ਰਹੇ ਹਮੇਸ਼, ਵਿਛੜ ਕਦੇ ਨਾ ਜਾਈਆ। ਰਲ ਮਿਲ ਧਰਨੀ ਕਹੇ ਇਕੱਠੇ ਕਰੀਏ ਇਕ ਆਦੇਸ, ਸਜਦਾ ਸੀਸ ਨਿਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਸਭ ਦਾ ਮਾਲਕ ਸਭ ਨੂੰ ਕਰਦੇ ਏਕ, ਚਰਨ ਪ੍ਰੀਤੀ ਬਖ਼ਸ਼ ਕੇ ਟੇਕ, ਟਿੱਕਾ ਮਸਤਕ ਨਾਮ ਦੇ ਲਗਾਈਆ। ਅਨਾਇਤ ਕਹੇ ਕੀ ਕੀਤਾ ਗ਼ਜ਼ਬ, ਪਰਵਰਦਿਗਾਰ ਮੈਨੂੰ ਦੇ ਜਣਾਈਆ। ਭਗਤਾਂ ਦਾ ਇਕੱਠਾ ਕਰ ਕੇ ਵਫ਼ਦ, ਮਿਹਰ ਨਜ਼ਰ ਨਾਲ ਤਰਾਈਆ। ਸ੍ਰੀ ਭਗਵਾਨ ਕਹੇ ਮੈਂ ਇਕੋ ਗਾਇਆ ਸ਼ਬਦ, ਐਧਰੋਂ ਪੁਟ ਕੇ ਐਧਰ ਲਿਆ ਲਗਾਈਆ। ਨਾ ਦੀਨ ਰਿਹਾ ਨਾ ਮਜ਼੍ਹਬ, ਨਾ ਜ਼ਾਤ ਪਾਤ ਜਣਾਈਆ। ਇਹਨਾਂ ਮੇਰਾ ਕੀਤਾ ਅਦਬ, ਅਦਾਬ ਕਰ ਕੇ ਇਹਨਾਂ ਸੀਸ ਝੁਕਾਈਆ। ਅੰਦਰ ਮਾਰ ਕੇ ਆਪਣੀ ਰਮਜ਼, ਇਸ਼ਾਰਾ ਇਕ ਵਖਾਈਆ। ਇਹਨਾਂ ਦਾ ਲੇਖਾ ਬਣ ਗਿਆ ਵਾਂਗ ਸ਼ਮਸ, ਸ਼ਮਅ ਦੇ ਪਰਵਾਨੇ ਪਰਵਾਨਿਆਂ ਨਾਲੋਂ ਚੰਗੇ ਭਗਤ ਭਗਵਾਨ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਅਨਾਇਤ ਕਹੇ ਐਧਰੋਂ ਪੁੱਟਣਾ ਐਧਰ ਲੌਣਾ, ਇਹ ਤੇਰੀ ਹੁਕਮ ਰਜ਼ਾਈਆ।

ਪੁਰਖ ਅਕਾਲ ਕਿਹਾ ਮੈਂ ਮਾਰਗ ਇਕ ਚਲੌਣਾ, ਜਿਸ ਕਾਰਨ ਚਲਦਿਆਂ ਫਿਰਦਿਆਂ ਪਾਰ ਲੰਘਾਈਆ। ਜਗਤ ਕਿਆਰੀਆਂ ਵਿਚ ਨਹੀਂ ਬਹੌਂਣਾ, ਪਨੀਰੀ ਹੱਥ ਨਾ ਕੋਇ ਉਠਾਈਆ। ਮਿਹਰ ਨਜ਼ਰ ਨਾਲ ਜਨ ਭਗਤ ਤਰੌਂਣਾ, ਆਪਣੇ ਰੰਗ ਰੰਗਾਈਆ। ਤੂੰ ਸੀ ਇਕ ਬੁੱਲਾ ਸਮਝੌਣਾ, ਭੁੱਲੇ ਪੰਧ ਲਗਾਈਆ। ਪੁਰਖ ਅਕਾਲ ਕਹੇ ਮੈਂ ਆਪਣਾ ਮਾਰਗ ਲੌਣਾ, ਸਤਿ ਧਰਮ ਨਾਲ ਰਲਾਈਆ। ਕਲਜੁਗ ਅੰਦਰ ਸਤਿਜੁਗ ਵਰਤੌਣਾ, ਧੁਰ ਦਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ।

੧੯ ਚੇਤ ਸ਼ਹਿਨਸ਼ਾਹੀ ਸੰਮਤ ੧ ਚੇਲਾ ਸਿੰਘ ਦੇ ਗ੍ਰਹਿ ਜੰਮੂ

ਬੁੱਕਲ ਕਹੇ ਜਿਸ ਵੇਲੇ ਮੈਂ ਬਕਾਲੇ ਵੱਜੀ, ਰਵਿਦਾਸ ਚਾਦਰ ਮਿਲੀ ਵਡਿਆਈਆ। ਉਸ ਦਿਨ ਤੇਗ਼ਬਹਾਦਰ ਨੂੰ ਇਕ ਫ਼ਕੀਰ ਮਿਲਿਆ ਸੂਫ਼ੀ, ਜੋ ਸ਼ੁਖਨ ਆਪਣੀ ਗਿਆ ਕਰਾਈਆ। ਉਸ ਨੇ ਬਾਤ ਕੀਤੀ ਦੋ ਹਰਫ਼ੀ, ਕਲਮਾ ਇਕ ਜਣਾਈਆ। ਕੀ ਤੇਗ਼ਬਹਾਦਰ ਤੈਨੂੰ ਲੱਗੀ ਸਰਦੀ, ਓਢਣ ਲਿਆ ਟਿਕਾਈਆ। ਕਿ ਭੇਸ ਕੀਤਾ ਫ਼ਰਜੀ, ਲੋਕਾਂ ਰਿਹਾ ਡਰਾਈਆ। ਕਿ ਆਪਣੀ ਕੀਤੀ ਮਰਜ਼ੀ, ਘਰ ਬਾਹਰ ਤਜਾਈਆ। ਕੀ ਕੋਈ ਸਮਝ ਮਿਲੀ ਓਸ ਘਰ ਦੀ, ਜਿਸ ਘਰ ਵਸੇ ਬੇਪਰਵਾਹੀਆ। ਤੇਗ਼ਬਹਾਦਰ ਕਿਹਾ ਮੇਰੀ ਆਤਮਾ ਅੰਦਰੋਂ ਕੁਛ ਪੜ੍ਹਦੀ, ਤੈਨੂੰ ਦਿਆਂ ਦ੍ਰਿੜਾਈਆ। ਖੇਲ ਵੇਖੇ ਓਸ ਨਰਾਇਣ ਨਰ ਦੀ, ਜੋ ਨਰ ਨਿਰੰਕਾਰ ਇਕ ਅਖਵਾਈਆ। ਓਸੇ ਦਾ ਨਾਮ ਜਪਦੀ, ਤੂੰ ਹੀ ਤੂੰ ਸੁਣਾਈਆ। ਖ਼ੁਸ਼ੀਆਂ ਨਾਲ ਨਚਦੀ ਟਪਦੀ, ਆਪਣਾ ਰੰਗ ਰੰਗਾਈਆ। ਓਧਰੋਂ ਇਕ ਕੁੰਜ ਲੱਥੀ ਹੋਈ ਉਡ ਕੇ ਆ ਗਈ ਸੱਪ ਦੀ, ਸਾਫ਼ ਸੁਥਰੀ ਨਜ਼ਰੀ ਆਈਆ। ਓਸ ਆ ਕੇ ਕਿਹਾ ਕ਼ਸਮ ਮੈਨੂੰ ਰੱਬ ਦੀ, ਜੋ ਅੰਦਰ ਤੇਰੇ ਰਬਾਬ ਰਿਹਾ ਵਜਾਈਆ। ਓਧਰੋਂ ਇਕ ਵੈਰਾਗਣ ਆ ਗਈ ਭੱਜਦੀ, ਆਪਣਾ ਪੰਧ ਮੁਕਾਈਆ। ਓਹਦੇ ਹੱਥ ਅੰਗਿਆਰੀ ਅੱਗ ਦੀ, ਹਵਾ ਨਾਲ ਸੁਲਗਾਈਆ। ਓਹਦੇ ਕੋਲ ਤੁਕ ਇਕ ਜਸ ਦੀ, ਸਾਹਿਬ ਸਵਾਮੀ ਢੋਲਾ ਰਹੀ ਸੁਣਾਈਆ। ਇਕ ਹੱਥ ਤੇਗ਼ਬਹਾਦਰ ਦੇ ਚਰਨਾਂ ਉਤੇ ਰਖਦੀ, ਦੂਜਾ ਅੱਖਾਂ ਉਤੇ ਟਿਕਾਈਆ। ਮੈਨੂੰ ਗੱਲ ਦੱਸ ਸਚ ਦੀ, ਸੋਹਣੀ ਮੰਗ ਮੰਗਾਈਆ। ਕੀ ਕੋਈ ਖ਼ਬਰ ਤੈਨੂੰ ਹੱਕ਼ ਦੀ, ਹਕ਼ੀਕ਼ਤ ਦੇ ਦ੍ਰਿੜਾਈਆ। ਓਧਰੋਂ ਇਕ ਲੱਕੜਹਾਰੇ ਦੀ ਲੜਕੀ ਆ ਗਈ ਬਾਲਣ ਕਟਦੀ, ਕੁਹਾੜੀ ਰੱਸੀ ਕੰਧੇ ਉਤੇ ਟਿਕਾਈਆ। ਲਾਗੇ ਆ ਕੇ ਆਵਾਜ਼ ਕੀਤੀ ਠਕ ਠਕ ਦੀ, ਠੋਕਰ ਦਿਤੀ ਜਣਾਈਆ। ਓਧਰੋਂ ਪਵਣ ਠੰਡ ਝਕੋਲਾ ਲੈ ਕੇ ਆ ਗਈ ਭਜਦੀ, ਆਪਣਾ ਪੰਧ ਮੁਕਾਈਆ। ਓਧਰੋਂ ਸਨਿਆਸੀ ਕੂਕ ਸੁਣੌਂਦਾ ਆਵੇ ਨਦ ਦੀ, ਤੰਬੂਰਾ ਨਾਲ ਵਜਾਈਆ। ਓਧਰੋਂ ਇਕ ਭੇਡ ਆ ਗਈ ਆਪਣੇ ਹੌਲੇ ਹੌਲੇ ਪੈਰ ਦਬਦੀ, ਬੋਲੀ ਆਪਣੀ ਰਾਗ ਅਲਾਈਆ। ਓਧਰੋਂ ਖ਼ੁਸਰਿਆਂ ਦੀ ਢੋਲਕੀ ਆ ਗਈ ਵਜਦੀ, ਬਹੁਰੂਪੀਆ ਰੂਪ ਵਟਾਈਆ। ਓਧਰੋਂ ਜੋੜੀ ਆ ਬੈਠੀ ਕੋਲ ਕਗ ਦੀ, ਪਿਛਲਾ ਪੰਧ ਮੁਕਾਈਆ। ਓਧਰੋਂ ਕੋਇਲ ਬੈਠੀ ਲਾਗੇ ਸਜਦੀ, ਆਪਣਾ ਰਾਗ ਅਲਾਈਆ। ਓਧਰੋਂ ਮੰਡਲੀ ਸਾਧਾਂ ਦੀ ਸੀ ਲੰਘਦੀ, ਨੌ ਗਿਣਤੀ ਵਿਚ ਜਣਾਈਆ। ਜਿਨ੍ਹਾਂ ਕੋਲ ਇਕ ਡਲੀ ਸੀ ਸਮੁੰਦ ਝੱਗ ਦੀ, ਪੱਲੂ ਗੰਢ ਪਵਾਈਆ । ਓਧਰੋਂ ਸਜ ਵਿਆਹੀ ਬੈਠੀ ਲੰਘੀ ਵਿਚੋਂ ਰਥ ਦੀ, ਬੈਲ ਸੋਹਣੇ ਜੋੜ ਜੁੜਾਈਆ। ਉਹਦੀ ਪ੍ਰੇਮ ਪਿਆਰ ਵਾਲੀ ਅੱਖ ਤਕਦੀ,

ਨੇਤਰ ਘੁੰਗਟ ਵਿਚੋਂ ਬਦਲਾਈਆ। ਅੰਦਰੇ ਅੰਦਰ ਹਸ ਪਈ, ਆਪਣੀ ਖ਼ੁਸ਼ੀ ਵਖਾਈਆ। ਓਧਰੋਂ ਘਨਘੋਰ ਬੱਦਲ ਕਾਲੀ ਘਟਾ ਟੱਪ ਪਈ, ਆਪਣਾ ਬਲ ਧਰਾਈਆ । ਓਧਰੋਂ ਤੇਗ਼ਬਹਾਦਰ ਇਕੋ ਟੇਕ ਰਖ ਲਈ, ਪ੍ਰਭ ਚਰਨ ਕਵਲ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਡੋਰੀ ਆਪਣੇ ਨਾਲ ਕਸ ਲਈ, ਤੰਦ ਸਤਾਰ ਦਿਤੀ ਜੁੜਾਈਆ। ਤੇਗ਼ਬਹਾਦਰ ਅੰਤਰ ਆਸ਼ਾ ਓਸੇ ਵੇਲੇ ਹਸ ਪਈ, ਖ਼ੁਸ਼ੀ ਖ਼ੁਸ਼ੀ ਨਾਲ ਮਿਲਾਈਆ। ਪ੍ਰਭੂ ਇਕ ਸੰਦੇਸ਼ਾ ਦੱਸ ਜਾਈਂ, ਧੁਰ ਦੀ ਮੰਗ ਮੰਗਾਈਆ। ਵਿਛੋੜਾ ਦੇ ਕਦੇ ਨਾ ਨਸ ਜਾਈਂ, ਸਦ ਆਪਣਾ ਸੰਗ ਨਿਭਾਈਆ। ਇਹ ਮੇਰੇ ਕੁਛ ਵਸ ਨਹੀਂ, ਤੇਰੀ ਬੇਪਰਵਾਹੀਆ। ਜੋ ਤੇਰੇ ਪ੍ਰੇਮ ਅੰਦਰ ਫਸ ਗਈ, ਨਾਤਾ ਨਾ ਲੈਣਾ ਤੁੜਾਈਆ। ਪੁਰਖ ਅਕਾਲ ਹੌਲੀ ਜਿਹੀ ਓਸ ਦੀ ਬੁਕਲ ਨੱਪ ਲਈ, ਸਹਿਜ ਸੁਭਾਓ ਦਿਤਾ ਜਣਾਈਆ। ਮੈਂ ਖੇਲ ਕਰਾਂ ਆਪਣੇ ਆਪ ਲਈ, ਜਿਸ ਦੀ ਸਮਝ ਕਿਸੇ ਨਾ ਆਈਆ। ਜਿਸ ਰਮਜ਼ ਤੇਰੀ ਗੁੱਝੀ ਲਭ ਲਈ, ਪਰਦੇ ਅੰਦਰ ਵੇਖ ਵਖਾਈਆ। ਸੋ ਕਰਤਾ ਕਰਨੀ ਕਰੇ ਆਪਣੇ ਕੰਮ ਲਈ, ਜੁਗ ਜੁਗ ਆਪਣਾ ਹੁਕਮ ਵਰਤਾਈਆ । ਤੇਗ਼ਬਹਾਦਰ ਕਿਹਾ ਇਕ ਮੇਰੀ ਮੰਨ ਲਈਂ, ਬੇਨੰਤੀ ਦੇਵਾਂ ਸੁਣਾਈਆ। ਪੁਰਖ ਅਕਾਲ ਕਿਹਾ ਤੇਰੇ ਨਾਲੋਂ ਤੇਰੇ ਚੰਨ ਲਈ, ਆਪਣੀ ਸੇਵ ਕਮਾਈਆ । ਤੇਗ਼ਬਹਾਦਰ ਕਿਹਾ ਉਹਨਾਂ ਦਾ ਬੇੜਾ ਬੰਨ੍ਹ ਲਈਂ, ਜੋ ਬੰਦਗੀ ਤੇਰੀ ਵਿਚ ਜਣਾਈਆ। ਪੁਰਖ ਅਕਾਲ ਕਿਹਾ ਸਭ ਕੁਛ ਕਰਾਂ ਆਪਣੇ ਅਨੰਦ ਲਈ, ਅਨੰਦ ਆਪਣਾ ਵੇਖ ਵਖਾਈਆ। ਤੇਰੀ ਬੁੱਕਲ ਅੰਦਰ ਤੇਰੀ ਮੰਨ ਲਈ, ਮਨਸਾ ਪੂਰ ਕਰਾਈਆ। ਆਪਣੀ ਬੁੱਕਲ ਅੰਦਰ ਭਗਤਾਂ ਦੇ ਤਨ ਲਈ, ਤਾਰ ਸਤਾਰ ਦਿਆਂ ਵਜਾਈਆ। ਕੂੜੀ ਕਿਰਿਆ ਦੇ ਡੰਨ ਲਈ, ਪਰਦਾ ਪਾ ਕੇ ਹੋਵਾਂ ਸਹਾਈਆ। ਭਗਤਾਂ ਦੀ ਛੱਪਰ ਛੰਨ ਲਈ, ਛਹਿਬਰ ਦਿਆਂ ਲਗਾਈਆ। ਗੁਰਮੁਖਾਂ ਦੀ ਸੋਹਣੀ ਜੰਞ ਲਈ, ਲਾੜੀ ਬਣ ਕੇ ਆਪਣਾ ਮੁਖ ਛੁਪਾਈਆ। ਤੇਗ਼ਬਹਾਦਰ ਫੇਰ ਸਮਝੀਂ ਇਸ ਮੇਰੀ ਤੇ ਮੇਰੇ ਚੰਨ ਦੀ ਮੰਨ ਲਈ, ਜਨ ਭਗਤਾਂ ਮੰਦਰ ਅੰਦਰ ਸੋਭਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲੀ ਕੀਤੀ ਕਰਨੀ ਆਪਣੇ ਨਾਲ ਗੰਢ ਲਈ, ਗੰਢਣਹਾਰ ਗੋਪਾਲ ਸਵਾਮੀ ਠੰਡ ਭਗਤਾਂ ਦਏ ਪਾਈਆ।