੭ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਰਘੁਨਾਥ ਲਾਲ ਸ਼ਰਮਾ ਦੇ ਗ੍ਰਹਿ ਜੰਮੂ
ਕੰਮ ਕਾਜ ਜਗਤ ਵਿਹਾਰ ਜਗਤ ਧੰਦਾ, ਸ੍ਰਿਸ਼ਟ ਸਬਾਈ ਰਹੀ ਕਮਾਈਆ। ਮਨ ਸ਼ਾਂਤ ਕਰ ਸਕੇ ਨਾ ਕੋਈ ਬੰਦਾ, ਭੱਜਣ ਥਾਉਂ ਥਾਈਂਆ। ਅੰਤਰ ਆਤਮਾ ਖੋਲ੍ਹ ਨਾ ਸਕੇ ਕੋਈ ਜੰਦਾ, ਬਜਰ ਕਪਾਟੀ ਕੁੰਡਾ ਲਾਈਆ। ਸਾਚਾ ਸੁਣੇ ਨਾ ਕੋਇ ਮਰਦੰਗਾ, ਧੁਨ ਆਤਮਕ ਰਾਗ ਅਗੰਮੀ ਨਾਦ ਸ਼ਨਵਾਈਆ। ਭੇਵ ਚੁਕੇ ਨਾ ਹੰ ਬ੍ਰਹਮਾ, ਅੰਤਰ ਆਤਮ ਨਾ ਵੇਖ ਵਖਾਈਆ। ਸਾਚੀ ਸਚ ਸਤਿ ਨਾ ਮਿਲੇ ਸਰਨਾ, ਸਾਂਤਕ ਰੂਪ ਨਾ ਕੋਇ ਵਟਾਈਆ। ਕਰਮ ਕਾਂਡ ਚੁਕੇ ਨਾ ਭਰਮਾਂ, ਭੈ ਭੌ ਨਾ ਕੋਇ ਸਮਝਾਈਆ। ਝਗੜਾ ਚੁਕੇ ਨਾ ਵਰਨਾਂ ਬਰਨਾਂ, ਮਾਇਆ ਮਮਤਾ ਮੋਹ ਨਾ ਕੋਇ ਮਿਟਾਈਆ। ਖਾਣ ਪੀਣ ਪਹਿਨਣ ਵਾਸਤੇ ਵਿਹਾਰ ਸਭ ਨੇ ਕਰਨਾ, ਜਗਤ ਸੁਰਤੀ ਜਗਤ ਵਿਚ ਮਿਲਾਈਆ। ਸੱਚਾ ਕੰਮ ਵਖਰਾ ਸਭ ਤੋਂ ਦੱਸਣਾ, ਬਿਨਾਂ ਅੱਖਰਾਂ ਸਚ ਪੜ੍ਹਾਈਆ। ਹਰਿ ਸਿਮਰਨ ਜਪੋ ਬਿਨ ਰਸਨਾ ਜਿਹਵਾ ਆਪਣਾ, ਮਨ ਮਨ ਹੀ ਮਾਹੇ ਸਮਾਈਆ। ਜਗਤ ਵਿਕਾਰਾ ਪਾਰ ਲੰਘਣਾ, ਨਾਤਾ ਜੂਠ ਝੂਠ ਤੁੜਾਈਆ। ਮੰਦਰ ਵੇਖਣਾ ਇਕ ਸੁਹੰਜਣਾ, ਘਰ ਘਰ ਵਿਚ ਨਜ਼ਰੀ ਆਈਆ। ਜੋਤ ਜਗੇ ਨੂਰ ਨਿਰੰਜਣਾ, ਬਿਨ ਤੇਲ ਬਾਤੀ ਹੋਏ ਰੁਸ਼ਨਾਈਆ। ਓਥੇ ਕੰਮ ਕਾਜ ਦਾ ਕੋਈ ਨਾ ਰਹੇ ਝਗੜਾ, ਜਗਤ ਤ੍ਰਿਸ਼ਨਾ ਨਾ ਕੋਇ ਵਧਾਈਆ। ਖੇਲ ਇਸ ਤੋਂ ਹੋਰ ਅਗਲਾ, ਬੇਪਰਵਾਹ ਪਰਦਾ ਦਏ ਉਠਾਈਆ। ਲਹਿਣਾ ਦੇਣਾ ਮੁਕ ਜਾਏ ਸ਼ਾਹ ਕੰਗਲਾ, ਆਤਮ ਪਰਮਾਤਮ ਇਕੋ ਰੂਪ ਸਮਾਈਆ । ਸਚ ਅਨੰਦ ਵਿਚ ਅਨੰਦ ਮੰਗਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਹਾਰ ਵਿਚ ਸੰਸਾਰ ਪੰਜ ਤੱਤ ਕਾਇਆ ਰੀਤ ਚਲਾਈਆ। ਵਿਹਾਰ ਕਰ ਕਰ ਸਾਰੇ ਗਏ ਥੱਕ, ਥਕਾਵਟ ਵਿਚ ਸਰਬ ਲੋਕਾਈਆ। ਮੰਜ਼ਲ ਮੰਜ਼ਲ ਰਹੇ ਭੱਜ, ਦਿਵਸ ਰੈਣ ਵਾਹੋ ਦਾਹੀਆ ।
ਸਾਚਾ ਮਿਲਿਆ ਨਹੀਂ ਕਿਸੇ ਨੂੰ ਹਕ, ਹਕ਼ੀਕ਼ਤ ਸਚ ਨਾ ਕੋਇ ਸਮਝਾਈਆ। ਕੂੜੀ ਤ੍ਰਿਸ਼ਨਾ ਸਕਿਆ ਨਹੀਂ ਕੋਈ ਕੱਢ, ਅੰਦਰੋਂ ਬਾਹਰ ਦਏ ਸੁਟਾਈਆ। ਮਾਇਆ ਮਮਤਾ ਸਾਫ਼ ਕਰ ਨਹੀਂ ਸਕਿਆ ਹੱਡ, ਨਾੜੀ ਨਾੜੀ ਪਾਕ ਜਣਾਈਆ। ਸਾਚੇ ਕੰਮ ਦਾ ਸੱਚਾ ਮਾਰਗ ਨਹੀਂ ਸਕਿਆ ਲਭ, ਪੈਂਡਾ ਸਕਿਆ ਨਾ ਕੋਇ ਮੁਕਾਈਆ। ਸਾਚਾ ਖੇਲ ਪੁਰਖ ਸਮਰਥ, ਮਹਿੰਮਾ ਅਕਥ ਦਏ ਦ੍ਰਿੜਾਈਆ। ਬਿਨ ਰਸਨਾ ਜਿਹਵਾ ਜਪ, ਤੂੰ ਮੇਰਾ ਮੈਂ ਤੇਰਾ ਦੇਵੇ ਸਮਝਾਈਆ। ਅੰਦਰੋਂ ਖੋਲ੍ਹ ਕੇ ਅੱਖ, ਨੇਤਰ ਗਿਆਨ ਕਰੇ ਰੁਸ਼ਨਾਈਆ। ਫੇਰ ਲੋੜ ਨਾ ਰਹੇ ਕੰਮ ਕਾਜ ਕੋਈ ਸੰਸਾਰੀਆਂ ਵਾਲੇ ਹੱਥ, ਬਿਨ ਹੱਥਾਂ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਕਾਰੀਆ ਕਾਰਨ ਕਰਤਾ ਕ਼ੁਦਰਤ ਕਾਦਰ ਹੋ ਕੇ ਆਪਣੇ ਹੁਕਮ ਚਲਾਈਆ। ਕੰਮ ਕਾਜ ਕੀ ਕੀ ਕੀਤਾ, ਸਮਝ ਕਿਸੇ ਨਾ ਆਈਆ। ਪਿਛਲਾ ਵੇਲਾ ਪਿਛੇ ਬੀਤਾ, ਬਾਲ ਜਵਾਨੀ ਬੁਢੇਪਾ ਆਪਣਾ ਰੰਗ ਵਖਾਈਆ। ਅੰਦਰ ਮਾਰ ਕੇ ਧਿਆਨ ਆਪਣਾ ਵੇਖੋ ਸੀਸਾ, ਨੇਤਰ ਲੋਚਨ ਅੱਖ ਖੁਲ੍ਹਾਈਆ। ਕਵਣ ਰੰਗ ਚੜ੍ਹਿਆ ਮਜੀਠਾ, ਦੁਰਮਤ ਮੈਲ ਧਵਾਈਆ। ਕਿਹੜਾ ਧਿਆਏ ਲੇਖੇ ਲੱਗਾ ਗਾਇਆ ਗੀਤਾ, ਅਠਾਰਾਂ ਵਿਚੋਂ ਨਜ਼ਰੀ ਆਈਆ। ਕਿਥੇ ਰਾਮ ਬਣਿਆ ਮੀਤਾ, ਸੀਤਾ ਸੁਰਤੀ ਲਈ ਪਰਨਾਈਆ। ਕਿਥੇ ਕ੍ਰਿਸ਼ਨ ਵਸਿਆ ਚੀਤਾ, ਸੋਹਣੀ ਬੰਸਰੀ ਨਾਮ ਸੁਣਾਈਆ । ਕਿਥੇ ਮਨ ਹੰਕਾਰੀ ਹੋਇਆ ਨੀਕਣ ਨੀਕਾ, ਆਪਣਾ ਆਪ ਮਿਟਾਈਆ। ਸਾਚਾ ਕੰਮ ਬਿਨ ਪੁਰਖ ਅਕਾਲ ਸ੍ਰੀ ਭਗਵਾਨ ਚਰਨ ਸਰਨ ਪ੍ਰੀਤਾ, ਪ੍ਰੀਤਮ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਜਗਤ ਘਰ, ਗ੍ਰਹਿ ਗ੍ਰਹਿ ਘਟ ਘਟ ਫੋਲ ਫੁਲਾਈਆ। ਕੰਮ ਕਾਰ ਦੀ ਜਗਤ ਬਨਾਵਟ, ਅਬਿਨਾਸ਼ੀ ਕਰਤੇ ਦਿਤੀ ਬਣਾਈਆ। ਬਿਰਧ ਅਵਸਥਾ ਵਿਚ ਜੇ ਆ ਗਈ ਥਕਾਵਟ, ਅਗੇ ਹਿੰਮਤ ਨਾ ਰਾਈਆ। ਹੁਣ ਪ੍ਰਭ ਨੂੰ ਕਹੋ ਆਪਣੇ ਨਾਮ ਦੀ ਸਾਡੇ ਉਤੇ ਕਰਦੇ ਸਖ਼ਾਵਤ, ਬਖ਼ਸ਼ਿਸ਼ ਰਹਿਮਤ ਝੋਲੀ ਪਾਈਆ। ਸਾਚੇ ਕੰਮ ਦੀ ਆਤਮ ਪਰਮਾਤਮ ਹੋਵੇ ਅਬਾਦਤ, ਬੰਦਗੀ ਧੁਰ ਦੀ ਸਚ ਦ੍ਰਿੜਾਈਆ। ਜਗਤ ਵਿਹਾਰ ਕਰੇ ਨਾ ਕੋਇ ਮਮਾਨਤ, ਅਗੇ ਹੋ ਨਾ ਕੋਇ ਅਟਕਾਈਆ। ਸਾਚਾ ਕੰਮ ਕਾਜ ਕਰਦਿਆਂ ਰਹੀਏ ਸਹੀ ਸਲਾਮਤ, ਦੁਖ ਸੁਖ ਇਕੋ ਰੂਪ ਸਮਾਈਆ। ਅਗੇ ਜਨਮ ਜਨਮ ਦੀ ਮਰਨ ਮਰਨ ਦੀ ਲੱਖ ਚੁਰਾਸੀ ਵਾਲੀ ਨਾ ਰਹੇ ਅਲਾਮਤ, ਜੂਨੀ ਜੂਨ ਨਾ ਕੋਇ ਭਵਾਈਆ। ਮਨ ਅੰਦਰ ਵੜਿਆ ਕਰੇ ਨਾ ਕੋਇ ਬਗ਼ਾਵਤ, ਝਗੜਾ ਅਵਰ ਨਾ ਕੋਇ ਵਧਾਈਆ। ਸਾਹਿਬ ਸਵਾਮੀ ਸਾਚੇ ਨਾਮ ਦੀ ਦੇ ਜ਼ਮਾਨਤ, ਕਾਇਆ ਅੰਦਰ ਬਰੀ ਲੈਣਾ ਕਰਾਈਆ। ਆਦਿ ਦੀ ਤੇਰੀ ਅਮਾਨਤ, ਜਗਤ ਨਾ ਹੋਏ ਖ਼ਿਆਨਤ, ਅੰਤ ਤੇਰੀ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੰਮ ਕਾਜ ਜਗਤ ਰਚਨਾ ਰਚ ਕੇ ਰਚਣਹਾਰੇ ਸ੍ਰਿਸ਼ਟੀ ਦਾ ਧੰਦਾ ਦਿਤਾ ਬਣਾਈਆ। ਸਾਚਾ ਕੰਮ ਤਰੀਕਾ ਠੀਕ, ਠਾਕਰ ਸਭ ਨੂੰ ਦਿਤਾ ਸਮਝਾਈਆ। ਅੰਦਰੋਂ ਰੱਖੇ ਸਾਫ਼ ਨੀਤ, ਪ੍ਰੇਮ ਪਿਆਰ ਮਾਨਵ ਸੇਵ ਕਮਾਈਆ । ਇਕ ਦੂਜੇ ਨੂੰ ਸਮਝੇ ਆਪਣਾ ਮੀਤ, ਸ਼ਤਰੂ ਰੂਪ ਨਾ ਕੋਇ ਵਖਾਈਆ। ਘਿਰਨਾ ਛਡ ਕੇ ਊਚ ਨੀਚ, ਇਕੋ ਰੰਗ ਵੇਖ ਖ਼ੁਸ਼ੀ ਮਨਾਈਆ। ਸਾਚੀ ਸਿਖਿਆ ਸਾਚੀ ਵਿਦਿਆ ਸਾਚਾ ਕਰਮ ਸਚ ਹਦੀਸ, ਸਚ ਭਾਵਨਾ ਸਾਚੀ ਸਭ ਦੇ ਨਾਲ ਮਿਲਾਈਆ। ਬਿਨਾ ਕੰਮ ਕਾਜ ਮੇਰਾ ਰੂਪ ਹੋਏ ਨਾ ਕੋਇ ਚੀਜ਼, ਖ਼ਾਲੀ ਝੋਲੀ ਨਾ ਕੋਇ ਭਰਾਈਆ। ……
ਪ੍ਰਭੂ ਤੇਰੀ ਭਗਤੀ ਦੀ ਲੋੜ ਰਹੀ ਨਾ ਰਾਈ, ਕਦੀ ਡੋਬ ਦਿਤਾ ਵਿਚ ਗੰਗ, ਵਹਿੰਦੇ ਵਹਿਣ ਵਹਾਈਆ। ਕਦੀ ਖਾਣ ਪੀਣ ਤੋਂ ਭੁਖ ਨੰਗ, ਇਸਤਰੀ ਬਾਣੀਆਂ ਹੱਟ ਵਿਕਾਈਆ। ਕਦੀ ਤਾਣੇ ਪੇਟੇ ਦੇ ਗੰਢਦਾ ਰਿਹਾ ਤੰਦ, ਟੁੱਟਿਆਂ ਜੋੜ ਜੁੜਾਈਆ। ਪਰ ਜਦ ਵੇਖਿਆ ਬਿਨ ਨੈਣ ਤੱਕਿਆ ਤੇਰਾ ਅੰਤਰ ਆਇਆ ਉਹ ਅਨੰਦ, ਜਿਹੜਾ ਰਾਮਾਨੰਦ ਮੈਨੂੰ ਗਿਆ ਸਮਝਾਈਆ। ਫੇਰ ਸਮਝਿਆ ਮੇਰਾ ਅਗੇ ਦਾ ਪਿਛੇ ਦਾ ਮੁਕਿਆ ਪੰਧ, ਮੰਜ਼ਲ ਮਿਲੀ ਬੇਪਰਵਾਹੀਆ। ਓਸ ਵੇਲੇ ਗਾਇਆ ਇਕ ਢੋਲਾ ਛੰਦ, ਸੋਹੰ ਰਾਗ ਅਲਾਈਆ। ਤੂੰ ਮੇਰਾ ਨੂਰ ਮੈਂ ਤੇਰਾ ਜ਼ਹੂਰ ਪ੍ਰਭੂ ਬਿਨਾ ਭਗਤਾਂ ਤੇਰਾ ਕੋਈ ਨਾ ਗਾਵੇ ਛੰਦ, ਜੇ ਅਸੀਂ ਨਾ ਹੋਈਏ ਤੈਨੂੰ ਔਤਰਾ ਕਹਿ ਕੇ ਬੋਲੇ ਸਰਬ ਲੋਕਾਈਆ। ਮੈਂ ਅਗੇ ਵਾਸਤੇ ਮੰਗਾਂ ਇਕ ਮੰਗ, ਖ਼ਾਲੀ ਝੋਲੀ ਆਪਣੀ ਇਕ ਡਾਹੀਆ। ਮੈਨੂੰ ਜਾਪਿਆ ਤੂੰ ਸੂਰਾ ਸਰਬੰਗ, ਸਮਰਥ ਅਕਥ ਅਖਵਾਈਆ। ਮਿਹਰ ਨਜ਼ਰ ਨਾਲ ਭਗਤਾਂ ਦਾ ਦੁਖ ਕੱਟ ਦੇ ਬੰਦ ਬੰਦ, ਬੰਦ ਅੰਦਰ ਕਰ ਕੇ ਆਪਣੀ ਬੰਦਗੀ ਆਪੇ ਲੈਣਾ ਲਾਈਆ। ਉਹਨਾਂ ਦੀ ਆਤਮਾ ਰਹਿਣ ਨਾ ਦੇਣੀ ਰੰਡ, ਹਰਿਜੂ ਕੰਤ ਸੁਹਾਗੀ ਹੋ ਕੇ ਲੈਣਾ ਪਰਨਾਈਆ। ਉਹਨਾਂ ਦੇ ਅੰਦਰ ਦੀ ਭਰਮਾਂ ਰਹਿਣ ਨਾ ਦੇਣੀ ਕੰਧ, ਕੂੜੀ ਕਿਰਿਆ ਬਾਹਰ ਕਢਾਈਆ। ਉਹਨਾਂ ਦੀ ਆਤਮ ਆਪਣਾ ਬਣਾ ਕੇ ਸੋਹਣਾ ਪਲੰਘ, ਸੋਹਣੀ ਸੇਜਾ ਲੈਣੀ ਹੰਢਾਈਆ । ਸਚ ਪ੍ਰੇਮ ਦੀ ਦੇ ਕੇ ਗੰਢ, ਜੋੜੀ ਧੁਰ ਦੀ ਲੈਣੀ ਜੁੜਾਈਆ । ਵੇਖੀਂ ਕਿਤੇ ਸਾਡੇ ਵਾਂਗੂ ਵਿਚ ਸੰਸਾਰ ਦੇ ਨਾ ਦੇਵੀਂ ਦੰਡ, ਹੁਕਮ ਆਪਣਾ ਇਕ ਵਰਤਾਈਆ। ਪੁਰਖ ਅਕਾਲ ਕਿਹਾ ਕਬੀਰਾ ਆਪਣੇ ਅੰਤਰ ਆਵਾਜ਼ ਕਰ ਬੰਦ, ਮੈਂ ਸਚ ਦਿਆਂ ਸਮਝਾਈਆ। ਇਸ ਤੋਂ ਅਗੇ ਕਿਰਪਾ ਕਰ ਕੇ ਜਨ ਭਗਤਾਂ ਨਾਲ ਆਪਣਾ ਨਾਤਾ ਲਵਾਂ ਬੰਨ੍ਹ, ਅੰਦਰੇ ਅੰਦਰ ਆਤਮ ਪਰਮਾਤਮ ਪਰਮਾਤਮ ਆਤਮ ਆਪਣੇ ਨਾਲ ਮਿਲਾਈਆ। ਤੂੰ ਵੇਖਣ ਆਵੀਂ ਨਿਸੰਗ, ਪੁਰੀਆਂ ਲੋਆਂ ਲੰਘ, ਲੋਕਮਾਤ ਨਿਰਗੁਣ ਧਾਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਵਿਦਾਸ ਕਿਹਾ ਪ੍ਰਭੂ ਵੇਖ ਮੈਂ ਤੇਰੇ ਟੁੱਟੇ ਹੋਏ ਛਿਤਰ ਗੰਢਦਾ ਚੰਮ, ਫਿਰ ਦਿਵਸ ਰੈਣ ਤੇਰਾ ਨਾਮ ਧਿਆਈਆ। ਘਰ ਦੀ ਸਵਾਣੀ ਨੂੰ ਖਾਣ ਪੀਣ ਦਾ ਗ਼ਮ, ਓਢਣ ਬਸਤਰ ਸੀਸ ਨਜ਼ਰ ਕੋਇ ਨਾ ਪਾਈਆ। ਨਾ ਕੋਇ ਮਕਾਨ ਬਿਲਡਿੰਗ ਕੋਠੀ ਨਾ ਵਸਣ ਵਾਲੀ ਛੰਨ, ਬਿਨਾਂ ਤਪੜੀ ਦੇ ਡੇਰਾ ਲਾਈਆ। ਨਾ ਦੌਲਤ ਨਾ ਖ਼ਜ਼ੀਨਾ ਨਾ ਧਨ, ਅੰਨ ਦਾਣਾ ਉਹ ਵੀ ਨਾ ਝੋਲੀ ਪਾਈਆ। ਪਰ ਸਚ ਪੁਛੇਂ ਤੇਰੀ ਕਿਰਪਾ ਨਾਲ ਮੇਰਾ ਸ਼ਾਂਤ ਹੋਇਆ ਮਨ, ਮਨਸਾ ਹੋਰ ਨਾ ਕੋਇ ਰਖਾਈਆ। ਅੱਠੇ ਪਹਿਰ ਓਹੋ ਮੰਗਾਂ ਮੰਗ, ਤੇਰਾ ਦਰਸ ਮੇਰੀ ਮਿਟਾਵੇ ਹਰਸ, ਲੇਖਾ ਚੁੱਕੇ ਫ਼ਰਸ਼, ਚੜ੍ਹ ਕੇ ਵੇਖਾਂ ਅਰਸ਼, ਆਰਜ਼ੂ ਆਪਣੀ ਤੇਰੀ ਝੋਲੀ ਪਾਈਆ। ਵਿਛੋੜੇ ਦੀ ਨਾ ਮਾਰੀਂ ਕਰਦ, ਬਿਰਹੋਂ ਦਾ ਨਾ ਦੇਵੀਂ ਦਰਦ, ਮੇਰਾ ਭੁਖੇ ਨੰਗੇ ਰਹਿ ਕੇ ਹੋਣਾ ਨਹੀਂ ਕੋਈ ਹਰਜ, ਅਸਚਰਜ ਤੇਰਾ ਰੂਪ ਵੇਖ ਵਖਾਈਆ। ਮੈਨੂੰ ਤੇਰੇ ਮਿਲਣ ਦੀ ਗ਼ਰਜ਼, ਮੇਰੀ ਪੁੱਠੀ ਸਿੱਧੀ ਕਰਦੇ ਨਰਦ, ਨਰ ਨਰਾਇਣ ਤੇਰੀ ਇਕ ਸਰਨਾਈਆ।
੭ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਆਰ ਐਲ ਸ਼ਰਮਾ ਦੇ ਗ੍ਰਹਿ ਜੰਮੂ
ਬੇਸ਼ਕ ਤੁਸੀਂ ਕਹਿੰਦੇ ਅਸੀਂ ਨਹੀਂ ਰਹੇ ਭੱਜ, ਤੇਰੀ ਭਜਨ ਬੰਦਗੀ ਸਚ ਨਾ ਕੋਇ ਕਮਾਈਆ। ਸ੍ਰੀ ਭਗਵਾਨ ਕਹੇ ਮੈਂ ਤੁਹਾਡੇ ਅੰਤਰ ਆਤਮਾ ਬੈਠਾ ਸਜ, ਧੁਰਦਾ ਸੱਜਣ ਹੋ ਕੇ ਬੈਠਾ ਆਸਣ ਲਾਈਆ। ਤੁਹਾਡੀ ਰਸਨਾ ਜਿਹਵਾ ਦੰਦ ਭਾਵੇਂ ਮੇਰਾ ਨਾਮ ਨਹੀਂ ਰਹੇ ਰਟ, ਉਚੀ ਕੂਕ ਕੂਕ ਸੁਣਾਈਆ। ਮੈਂ ਅੰਤਰ ਅੰਤਰ ਰਿਹਾ ਵਸ, ਵਾਸਤਾ ਆਪਣੇ ਨਾਲ ਰਖਾਈਆ। ਜੇ ਤੁਸਾਂ ਆਪਣਾ ਆਪ ਕੀਤਾ ਭਗਵਨ ਦੇ ਹੱਥ, ਨਾਤਾ ਕੂੜਾ ਜਗਤ ਤੁੜਾਈਆ। ਪੁਰਖ ਅਕਾਲ ਕਹੇ ਮੈਂ ਸੁਣਾਵਾਂ ਸਮਰਥ, ਜਨ ਭਗਤਾਂ ਪਾਰ ਲੰਘਾਈਆ। ਪ੍ਰੇਮ ਪਿਆਰ ਦੀ ਦੇਵਾਂ ਉਹ ਵਸਤ, ਜਿਸ ਨੂੰ ਲੱਭ ਨਾ ਸਕੇ ਜਗਤ ਲੋਕਾਈਆ। ਨਾਮ ਖ਼ੁਮਾਰੀ ਦੇਵਾਂ ਵਸਤ, ਸ਼ਬਦ ਅਨਾਦੀ ਧੁਨ ਸ਼ਨਵਾਈਆ। ਪੜਦਾ ਚੁਕਾ ਦੇਵਾਂ ਅਰਸ਼ ਫ਼ਰਸ਼, ਨਿਜ ਨੇਤਰ ਕਰ ਰੁਸ਼ਨਾਈਆ। ਸਾਖ਼ਿਆਤ ਹੋਵੇ ਦਰਸ, ਬੰਸਰੀ ਵਾਲਾ ਘਨਈਆ ਰੂਪ ਅਨੂਪ ਨਜ਼ਰੀ ਆਈਆ। ਜਨਮ ਜਨਮ ਦੀ ਮਿਟੇ ਹਰਸ, ਰਾਮ ਰਮਈਆ ਗ੍ਰਹਿ ਅੰਦਰ ਸੋਭਾ ਪਾਈਆ। ਸ੍ਰੀ ਭਗਵਾਨ ਕਹੇ ਮੈਂ ਸਦਾ ਭਗਤਾਂ ਉਤੇ ਕਰਾਂ ਤਰਸ, ਮਿਹਰਵਾਨ ਹੋ ਕੇ ਵੇਖ ਵਖਾਈਆ। ਜੋ ਮੇਰੇ ਬਿਰਹੋਂ ਵਿਛੋੜੇ ਵਿਚ ਰਹੇ ਤੜਫ, ਅੱਠੇ ਪਹਿਰ ਦਿਵਸ ਰੈਣ ਰਾਹ ਤਕਾਈਆ। ਉਹਨਾਂ ਦੇ ਪ੍ਰੇਮ ਵਿਚ ਪੈਣ ਨਾ ਦੇਵਾਂ ਫ਼ਰਕ਼, ਫ਼ਰਜ਼ ਆਪਣਾ ਪੂਰ ਕਰਾਈਆ। ਦੁਖੀਆਂ ਦੀਨਾਂ ਦਾ ਮੇਰੇ ਅੰਦਰ ਦਰਦ, ਨੇੜੇ ਹੋ ਕੇ ਝੋਲੀ ਪਾਈਆ। ਜਿਸ ਪ੍ਰੇਮ ਨਾਲ ਕੀਤੀ ਅਰਜ਼, ਆਪਣੀ ਬੇਨੰਤੀ ਦਿਤੀ ਸੁਣਾਈਆ। ਸੋ ਖ਼ਾਹਿਸ਼ ਪੂਰੀ ਕਰ ਕੇ ਗ਼ਰਜ਼, ਆਸਾ ਤ੍ਰਿਸ਼ਨਾ ਲੇਖੇ ਵਿਚ ਲਗਾਈਆ। ਇਹੋ ਖੇਲ ਭਗਤ ਭਗਵਾਨ ਅਸਚਰਜ, ਸਭ ਕੁਛ ਹੁੰਦਿਆਂ ਫੇਰ ਵੀ ਕਹੇ ਮੇਰਾ ਕੁਛ ਨਹੀਂ ਖ਼ਾਲੀ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ । ਬੇਸ਼ਕ ਨਹੀਂ ਮਾਲੂਮ ਕਿੰਨਾਂ ਕੀਤਾ ਭਜਨ, ਸਵਾਸ ਗਿਣਤੀ ਵਿਚ ਮਿਲਾਈਆ। ਪੁਰਖ ਅਕਾਲ ਮੀਤ ਮੁਰਾਰਾ ਧੁਰ ਦਾ ਸੱਜਣ, ਸਤਿ ਸੁਵਾਮੀ ਅੰਤਰਜਾਮੀ ਘਟ ਭੀਤਰ ਗ੍ਰਹਿ ਵੇਖੇ ਚਾਈਂ ਚਾਈਂਆ। ਜਿਸ ਨੇ ਨਿਜ ਨੇਤਰ ਪਾਇਆ ਅੰਜਨ, ਗਿਆਨ ਅੱਖ ਦਿਤੀ ਖੁਲ੍ਹਾਈਆ। ਉਹ ਚਰਨ ਧੂੜ ਦੇ ਕੇ ਜਾਵੇ ਮਜਨ, ਦੁਰਮਤ ਮੈਲ ਧੁਆਈਆ। ਸਚ ਪ੍ਰੀਤੀ ਵਿਚ ਕਰੇ ਮਗਨ, ਪਿਛਲਾ ਅਗਲਾ ਲੇਖਾ ਦਏ ਗਵਾਈਆ। ਅਗਨੀ ਤੱਤ ਨਾ ਸਾੜੇ ਅਗਨ, ਅੰਮ੍ਰਿਤ ਮੇਘ ਇਕ ਬਰਸਾਈਆ। ਧੁੰਨ ਆਤਮਕ ਅਨਾਦੀ ਨਾਦ ਵੱਜਣ, ਢੋਲਕ ਛੈਣੇ ਦੀ ਲੋੜ ਰਹੀ ਨਾ ਰਾਈਆ। ਲੱਖ ਚੁਰਾਸੀ ਵਿਚੋਂ ਆਏ ਕੱਢਣ, ਜਮ ਕੀ ਫ਼ਾਸੀ ਦਏ ਤੁੜਾਈਆ। ਸਤਿ ਸਰੂਪ ਮੂਰਤ ਗੋਪਾਲ ਮਦਨ, ਮਧ ਸੂਦਨ ਸ਼ਹਿਨਸ਼ਾਹੀਆ। ਨਿਤ ਨਵਿਤ ਕਰੇ ਸੱਚਾ ਅਦਲ, ਇਨਸਾਫ਼ ਆਪਣਾ ਇਕ ਜਣਾਈਆ। ਜਨ ਭਗਤ ਜਿਹੜਾ ਘਰ ਛਡ ਕੇ ਹੋ ਗਿਆ ਬੇਵਤਨ, ਅੰਤਮ ਓਸੇ ਵਿਚ ਮਿਲਾਈਆ। ਸਤਿਗੁਰੂ ਦਾ ਇਕੋ ਬੇੜਾ ਤੇ ਇਕੋ ਪਤਣ, ਜੋ ਆਵੇ ਫੜ ਕੇ ਪਾਰ ਦੇਵੇ ਕਰਾਈਆ। ਉਸ ਨੇ ਕਿਹੜੀ ਕਿਸੇ ਕੋਲੋਂ ਵਸਤ ਜਾਣੀ ਮੰਗਣ, ਮਾਲਕ ਹੋ ਕੇ ਹੋਏ ਸਹਾਈਆ। ਅੰਦਰ ਬਾਹਰ ਚਾੜ੍ਹੇ ਰੰਗਣ, ਜਗਤ ਲਲਾਰੀ ਕੋਈ ਸਮਝ ਨਾ ਸਕੇ ਰਾਈਆ । ਨਿਜਾਨੰਦ ਵਿਚ ਦੇਵੇ ਪਰਮਾਨੰਦਨ, ਪਰਮਾਨੰਦ ਵਿਚ ਪਰਮ ਸੁਖ ਵਖਾਈਆ। ਕਰਮ ਕਰਮ ਦਾ ਕੱਟ ਕੇ ਬੰਧਨ, ਬੰਦਾ ਬੰਦੀਖ਼ਾਨਿਉਂ ਲਏ ਛੁਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਵਣਹਾਰਾ ਸਾਚੇ ਅੰਗਣ, ਅੰਗੀਕਾਰ ਇਕ ਹੋ ਜਾਈਆ। ਅੰਤਰ ਕਹੇ ਮੈਂ ਭੱਜਿਆ ਨਹੀਂ
ਗੋਬਿੰਦ, ਗੋਪਾਲ ਸੀਸ ਨਾ ਕੋਇ ਨਿਵਾਈਆ। ਮੰਨਿਆ ਨਹੀਂ ਇੰਦ, ਸੁਰਪਤ ਸੀਸ ਝੁਕਾਈਆ। ਵੇਖਿਆ ਨਹੀਂ ਬਜ਼ਿੰਦ, ਗਹਿਰ ਗੰਭੀਰ ਵਡੀ ਵਡਿਆਈਆ। ਧਾਰ ਮਿਲੀ ਨਹੀਂ ਸਾਗਰ ਸਿੰਧ, ਅੰਮ੍ਰਿਤ ਰੂਪ ਵਟਾਈਆ। ਭੇਵ ਖੁਲ੍ਹਿਆ ਨਹੀਂ ਜੀਓਪਿੰਡ, ਬ੍ਰਹਿਮੰਡ ਖੰਡ ਪੜਦਾ ਨਾ ਕੋਇ ਉਠਾਈਆ। ਕੂੜੀ ਕਿਰਿਆ ਗਈ ਨਹੀਂ ਚਿੰਦ, ਹਉਮੇਂ ਰੋਗ ਨਾ ਕੋਇ ਮਿਟਾਈਆ। ਸਚ ਅਨਾਦੀ ਨਹੀਂ ਹੋਈ ਬਿੰਦ, ਬਿੰਦਰਾਬਨ ਵਾਲਾ ਮਿਲਿਆ ਨਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਸਿਰ ਆਪਣਾ ਹੱਥ ਟਿਕਾਈਆ। ਅੰਤਰ ਕਹੇ ਮੈਂ ਹੌਲੀ ਹੌਲੀ ਦਿਤਾ ਬੋਲ, ਰਾਗ ਨਿਮ੍ਹਾ ਨਿਮ੍ਹਾ ਗਾਈਆ। ਜਿਹੜਾ ਪ੍ਰੇਮ ਸੀ ਮੇਰੇ ਕੋਲ, ਉਹ ਔਂਦਿਆਂ ਦੇ ਭੇਟਾ ਦਿਤਾ ਚੜ੍ਹਾਈਆ। ਬਿਰਧ ਅਵਸਥਾ ਪ੍ਰਭੂ ਬਣ ਕੇ ਤੋਲਣਾ ਪੂਰਾ ਤੋਲ, ਤਕੜੀ ਵੱਟਾ ਸੰਗ ਨਾ ਕੋਇ ਰਖਾਈਆ। ਅਗੇ ਦਰ ਦਰਵਾਜ਼ਾ ਦੇਣਾ ਖੋਲ੍ਹ, ਬੰਦ ਤਾਕੀ ਨਾ ਕੋਇ ਜਣਾਈਆ। ਸੁਰਤੀ ਅੰਦਰ ਜਾਣਾ ਮੌਲ, ਸ਼ਬਦੀ ਰੰਗ ਚੜ੍ਹਾਈਆ। ਵਸਤ ਦੇ ਕੇ ਸਤਿ ਅਨਮੋਲ, ਅਨਡਿੱਠੜੀ ਝੋਲੀ ਪਾਈਆ। ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਵਸਣਾ ਕੋਲ, ਧੁਰ ਦਾ ਮੇਲਾ ਸਹਿਜ ਸੁਭਾਈਆ। ਮਨ ਥਿਰ ਤੇ ਆਤਮਾ ਰਹੇ ਅਡੋਲ, ਕੂੜੀ ਭਟਕਣਾ ਦੇਵੇ ਗਵਾਈਆ। ਆਤਮਾ ਵੇਖੇ ਇਕ ਨਿਰੋਲ, ਪਰਮਾਤਮਾ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਬੋਲ ਕਹੇ ਮੈਨੂੰ ਰਸਨਾ ਨੇ ਦਿਤਾ ਗਾ, ਬੱਤੀ ਦੰਦ ਦੇਣ ਗਵਾਹੀਆ। ਪਰਮ ਪੁਰਖ ਪ੍ਰਭ ਮਿਲੇ ਬੇਪਰਵਾਹ, ਡੁਬਦੇ ਬੇੜੇ ਪਾਰ ਲੰਘਾਈਆ। ਆਵਣ ਜਾਵਣ ਦਏ ਕਟਾ, ਲੇਖਾ ਅਵਰ ਰਹੇ ਨਾ ਰਾਈਆ। ਨਿਮਾਣਿਆਂ ਨਿਥਾਵਿਆਂ ਦੀ ਫੜ ਕੇ ਬਾਂਹ, ਸਹਾਰਾ ਧੁਰ ਦਾ ਦਏ ਜਣਾਈਆ। ਸਚ ਸਵਾਮੀ ਬਣ ਕੇ ਪਿਤਾ ਮਾਂ, ਹਰਿਜਨ ਸਾਚੇ ਗੋਦ ਉਠਾਈਆ। ਹੰਸ ਬੁੱਧੀ ਹੋਈ ਕਾਂ, ਮਾਣਕ ਮੋਤੀ ਚੋਗ ਚੁਗਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਧੁਰ ਦਾ ਦੱਸੇ ਨਾਂ, ਨਾਉਂ ਨਿਰੰਕਾਰਾ ਇਕ ਸਮਝਾਈਆ। ਗੁਰਮੁਖ ਗੁਰਸਿੱਖ ਹਰਿਜਨ ਹਰਿਭਗਤ ਪ੍ਰੇਮ ਪਿਆਰ ਅੰਦਰ ਜੇ ਇਕ ਵੇਰਾਂ ਅੰਦਰੋਂ ਕਹਿ ਦੇ ਹਾਂ, ਅਗੇ ਦਾ ਹੌਕਾ ਰਹੇ ਨਾ ਰਾਈਆ । ਅੰਤ ਸਮੇਂ ਮਨਸੌਣੀ ਪਏ ਨਾ ਕੋਈ ਗਾਂ, ਪੁੰਨ ਦਾਨ ਅਵਰ ਨਾ ਕੋਇ ਕਰਾਈਆ। ਸਿਰ ਦੇ ਕੇ ਠੰਡੀ ਛਾਂ, ਸ਼ਾਂਤੀ ਸ਼ਾਂਤ ਰੂਪ ਸਤਿ ਸਤਿ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰੀ ਭਗਵਾਨ ਹੋਵੇ ਆਪ ਮਿਹਰਵਾਨ, ਮਿਹਰਵਾਨ ਆਪਣੀ ਦਇਆ ਕਮਾਈਆ। ਭਜਨ ਕਹੇ ਜਿਸ ਵੇਲੇ ਮੈਨੂੰ ਗਾਇਆ ਨਾਲ ਰਾਗ, ਨੇਤਰ ਨੈਣ ਛਹਿਬਰ ਰਹੇ ਵਹਾਈਆ। ਸੋਈ ਸੁਰਤੀ ਅੰਦਰੋਂ ਗਈ ਜਾਗ, ਆਪਣੀ ਲਏ ਅੰਗੜਾਈਆ। ਬੋਲ ਕੇ ਕਹੇ ਜੇ ਆਇਆਂ ਧੋ ਕੇ ਜਾਵੀਂ ਦਾਗ਼, ਦੁਰਮਤ ਮੈਲ ਰਹੇ ਨਾ ਰਾਈਆ। ਅੰਦਰ ਵੜ ਕੇ ਪਕੜੀਂ ਵਾਗ, ਡੋਰੀ ਆਪਣੇ ਹੱਥ ਰਖਾਈਆ। ਹਰਿ ਕੰਤ ਬਣਿਆ ਇਕ ਸੁਹਾਗ, ਸੌਹਰੇ ਪਈਏ ਦੋਵੇਂ ਜਾਵਾਂ ਤਜਾਈਆ। ਮੇਰੀ ਅੰਤਰ ਆਤਮਾ ਦਾ ਜਗੇ ਚਿਰਾਗ਼, ਦੀਏ ਬੱਤੀ ਦੀ ਲੋੜ ਰਹੀ ਨਾ ਰਾਈਆ। ਜਿਸ ਪ੍ਰਭੂ ਦੇ ਲੈਂਦੀ ਰਹੀ ਖ਼ੁਆਬ, ਸੋ ਖ਼ਾਹ ਮਖ਼ਾਹ ਮਿਲ ਮਿਲ ਕੇ ਰੰਗ ਚੜ੍ਹਾਈਆ। ਫੇਰ ਜਨਮ ਲੈਣਾ ਨਹੀਂ ਪੈਣਾ ਇਸ ਤੋਂ ਬਾਅਦ, ਜੂਨ ਵਿਚ ਨਾ ਕੋਇ ਭੁਆਈਆ। ਇਹ ਕੋਈ ਲੇਖਾ ਨਹੀਂ ਕਿਸੇ ਸੰਤ ਸਾਧ, ਸਤਿਗੁਰ ਦਾਤਾ ਦਇਆ ਕਮਾਈਆ । ਜੇ ਪਿਛੇ ਨਹੀਂ ਜਪਿਆ, ਜਿਹੜਾ ਇਕ ਅੱਖਰ ਲਿਆ ਅਰਾਧ, ਇਹ ਕੋਟ ਜਨਮ ਦਿਆਂ ਪੂਜਾ ਪਾਠਾਂ ਨਾਲੋਂ ਚੰਗਾ ਨਜ਼ਰੀ ਆਈਆ। ਕਿਉਂ ਤੁਹਾਡੇ ਪ੍ਰੇਮ
ਦੀ ਸੁਣੀ ਗਈ ਆਵਾਜ਼, ਗ਼ਰੀਬ ਨਿਵਾਜ਼ਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦੀ ਦਾਤ, ਦਇਆਵਾਨ ਦਇਆ ਕਮਾਈਆ। ਆਵਾਜ਼ ਕਹੇ ਮੈਂ ਬੋਲਦੀ ਕਰਦੀ ਰਹੀ ਥਰ ਥਰ, ਖ਼ੁਸ਼ੀ ਵਿਚ ਗ਼ਮੀ ਦਿਤੀ ਗਵਾਈਆ। ਮੰਗ ਮੰਗਦੀ ਰਹੀ ਮਿਲੇ ਹਰਿ ਹਰਿ, ਹਰਿ ਹਰਿ ਜੂ ਘਰ ਮੰਦਰ ਸੋਭਾ ਪਾਈਆ। ਮੰਨਦੀ ਰਹੀ ਜਨਮ ਜਨਮ ਦਾ ਡਰ ਡਰ, ਭੈ ਭਿਆਨਕ ਨਜ਼ਰੀ ਆਈਆ। ਇਕ ਬੇਨੰਤੀ ਇਕੋ ਵਾਰ ਦਿਤੀ ਕਰ, ਸਹਿਜ ਧੁਨ ਵਿਚ ਸੁਣਾਈਆ। ਕਿਰਪਾ ਨਿਧਾਨ ਕਿਰਪਾ ਜਾਏ ਕਰ, ਕਰਨੀ ਦੇ ਕਰਤੇ ਤੇਰੇ ਹੱਥ ਵੱਡੀ ਵਡਿਆਈਆ। ਬੇਸ਼ਕ ਪੰਜ ਤਤ ਦਾ ਚੋਲਾ ਛਡ ਕੇ ਸਭ ਨੇ ਜਾਣਾ ਮਰ, ਮਰਨ ਤੋਂ ਪਹਿਲੋਂ ਮੇਰੇ ਜਨਮ ਦਾ ਲੇਖਾ ਦੇਣਾ ਮੁਕਾਈਆ। ਦਰ ਦਰਵੇਸ਼ ਦੀਨਾਂ ਨਾਥ ਮੰਗਿਆ ਤੇਰਾ ਦਰ, ਦੀਨਣ ਵੇਖ ਕੇ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਪੂਰਬ ਲਹਿਣਾ ਮਸਤਕ ਲੇਖਾ ਧੁਰ ਦਾ ਭਾਗ ਝੋਲੀ ਪਾਈਆ। ਜਨਮ ਮਰਨ ਦਾ ਰਹੇ ਨਾ ਬੰਧਨ, ਆਵਣ ਜਾਵਣ ਗੇੜ ਕਟਾਈਆ। ਜਮ ਦੀ ਫ਼ਾਸੀ ਤੁਟੇ ਬੰਧਨ, ਚਿਤਰ ਗੁਪਤ ਲੇਖਾ ਨਾ ਕੋਇ ਵਖਾਈਆ। ਅੰਤਰ ਆਤਮਾ ਦੇਵੇ ਇਕ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ। ਭਗਤ ਰੂਪ ਬਣਾਏ ਸਾਚਾ ਚੰਦਨ, ਕੂੜੀ ਨਿੰਮ ਵਾਸਨਾ ਰਹੇ ਨਾ ਰਾਈਆ। ਸਾਹਿਬ ਸੁਵਾਮੀ ਅੰਤਰਜਾਮੀ ਪਤਿਪਰਮੇਸ਼ਵਰ ਜਨਮ ਜਨਮ ਦੀ ਵਿਛੜੀ ਆਤਮਾ ਆਇਆ ਗੰਢਣ, ਧੁਰ ਦਾ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਵਣ ਜਾਵਣ ਪਤਿਤ ਪਾਵਨ ਗੇੜਾ ਦਏ ਮੁਕਾਈਆ। ਸੱਚਾ ਰਸਤਾ ਪੂਰੇ ਸਤਿਗੁਰ ਸਰਨ, ਇਕੋ ਵਾਰ ਸਚ ਸਮਝਾਈਆ। ਜੋ ਅੰਦਰੋਂ ਖੋਲ੍ਹ ਦੇਵੇ ਹਰਨ ਫਰਨ, ਬਾਹਰੋਂ ਸੰਸਾ ਦਏ ਚੁਕਾਈਆ। ਬਿਨਾ ਵਿਦਿਆ ਤੋਂ ਸਾਚਾ ਮੰਤਰ ਲਗੇ ਪੜ੍ਹਨ, ਜਿਸ ਦੀ ਚੌਦਾਂ ਵਿਦਿਆ ਕਰਨ ਜਗਤ ਸਲਾਹੀਆ। ਬਿਨਾ ਪੌੜ੍ਹੀਉਂ ਆਪਣੀ ਅੰਦਰ ਮੰਜ਼ਲ ਲੱਗੇ ਚੜ੍ਹਨ, ਬਿਨ ਕ਼ਦਮਾਂ ਪੰਧ ਮੁਕਾਈਆ। ਜਾਤ ਪਾਤ ਲੇਖਾ ਚੁੱਕੇ ਵਰਨ ਬਰਨ, ਦੀਨ ਮਜ਼੍ਹਬ ਸ਼ਰਅ ਨਾ ਕੋਇ ਲੜਾਈਆ। ਸਭ ਤੋਂ ਸੌਖਾ ਸਸਤਾ ਅਨਮੁੱਲੜਾ ਰਸਤਾ ਸਾਹਿਬ ਸਰਨ, ਸਰਨਗਤ ਇਕੋ ਇਕ ਵਖਾਈਆ। ਔਣ ਨਾਲ ਸਾਰੇ ਮਿਟ ਜਾਣ ਕਲੇਸ਼, ਕੂੜੀ ਕਲਾ ਅੰਦਰ ਰਹਿਣ ਕੋਇ ਨਾ ਪਾਈਆ। ਸੁਖ ਸ਼ਾਂਤੀ ਰਹੇ ਹਮੇਸ਼, ਅਨੰਦ ਸਚ ਪਰਗਟਾਈਆ। ਤੁਹਾਡੀ ਮਦਦ ਕਰਨ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਗਣਪਤ ਪ੍ਰੇਮ ਧਿਆਨ ਵਧਾਈਆ। ਰਾਮ ਕ੍ਰਿਸ਼ਨ ਦੇਣ ਆਦੇਸ਼, ਸਿਰ ਸਿਰ ਹਥ ਰਖਾਈਆ। ਸਚ ਪਰਮਾਤਮ ਤੁਹਾਡਾ ਆਤਮ ਲਏ ਵੇਖ, ਪੜਦੇ ਅੰਦਰੋਂ ਪੜਦਾ ਆਪ ਚੁਕਾਈਆ। ਪਿਛਲੇ ਜਨਮ ਦਾ ਮੁਕੇ ਲੇਖ, ਅਗੇ ਲੱਛਣ ਦਏ ਬਦਲਾਈਆ । ਸਤਿ ਸਚ ਦੀ ਹੋਵੇ ਖੇਡ, ਪ੍ਰੇਮ ਖ਼ੁਸ਼ੀ ਦੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਲੇਖੇ ਵਿਚੋਂ ਜਣਾਈਆ। ਕਾਸ਼ੀ ਮਥਰਾ ਗੋਕਲ ਬਿੰਦਰਾਬਨ, ਬੰਸਰੀ ਵਾਲਾ ਰਿਹਾ ਜਣਾਈਆ। ਜਰਾ ਫਿਰਕੇ ਵੇਖ ਆਪਣੇ ਅੰਦਰ ਤਨ, ਤੀਰਥ ਯਾਤਰਾ ਸੋਹਣੀ ਇਕ ਬਣਾਈਆ। ਜਰਾ ਪੁੱਛ ਕੇ ਵੇਖ ਆਪਣੇ ਕੋਲੋਂ ਮਨ, ਜੋ ਮਨਸਾ ਬਾਹਰਲੀ ਰਿਹਾ ਵਧਾਈਆ। ਜ਼ਰਾ ਪੁਛ ਕੇ ਵੇਖ ਆਪਣੇ ਕੰਨ, ਜੋ ਜਗਤ ਸੰਗੀਤ ਰਹੇ ਸੁਣਾਈਆ। ਜ਼ਰਾ ਪੁਛ ਕੇ ਵੇਖ ਉਹ ਚੇਤਨ ਚੜ੍ਹਨ ਵਾਲੇ ਚੰਨ, ਜਿਹੜਾ ਸੀਤਲਾ ਕਰੇ ਰੁਸ਼ਨਾਈਆ । ਜੇ ਸੱਚੀ ਦੌਲਤ ਸੱਚਾ ਲਭਣਾ ਧਨ, ਕੋਈ ਸੱਚਾ ਸਤਿਗੁਰ ਲੱਭੋ ਜੋ ਧੁਰ ਦਾ ਹੋਵੇ ਗੁਸਾਈਂਆ। ਉਹ ਰਹਿਣ ਨਾ ਦੇਵੇ ਅੰਤਰ ਅੰਨ੍ਹ, ਰਾਤੀਂ
ਸੁੱਤਿਆਂ ਦਿਨੇ ਜਾਗਦਿਆਂ ਚਲਦਿਆਂ ਫਿਰਦਿਆਂ ਨੂੰ ਮਥਰਾ ਗੋਕਲ ਬਿੰਦਰਾਬਨ ਕਾਸ਼ੀ ਗਯਾ ਜਗਨਨਾਥ ਪੁਰੀ ਰਮੇਸ਼ਵਰ ਪਲਕ ਝਲਕ ਅੰਦਰ ਦਏ ਵਖਾਈਆ। ਰਾਸਤਾ ਲੈਣਾ ਕਿ ਬਰਾਸਤਾ, ਕਿ ਮਾਰਗ ਚਲਣਾ ਚਾਈਂ ਚਾਈਂਆ। ਛੇਤੀ ਜਾਣਾ ਕਿ ਆਹਿਸਤਾ, ਇਹ ਵੀ ਦੇਣਾ ਸਮਝਾਈਆ । ਰੱਜ ਕੇ ਖਾਣਾ ਕਿ ਥੋੜ੍ਹਾ ਥੋੜ੍ਹਾ ਜਿਹਾ ਨਾਸ਼ਤਾ, ਉਹ ਵੀ ਦੇਣਾ ਦ੍ਰਿੜਾਈਆ। ਪ੍ਰੇਮ ਰਖਣਾ ਕਿ ਵਾਸਤਾ, ਕਿ ਥੋੜ੍ਹਾ ਨਾਤਾ ਲੈਣਾ ਜੁੜਾਈਆ। ਨਾਮ ਜਪਣਾ ਕਿ ਲਹਿਣਾ ਚੁਕੌਣਾ ਸਵਾਸ ਸਵਾਸ ਦਾ, ਕਰਮ ਕਾਂਡ ਨਾਲ ਮਿਲਾਈਆ। ਕੰਨੀਂ ਸੁਣਨਾ ਕਿ ਖੇਲ ਵੇਖਣਾ ਗੋਪੀ ਕਾਹਨ ਵਾਲੀ ਰਾਸ ਦਾ, ਜੋ ਜਮਨਾ ਕਿਨਾਰੇ ਘਨਈਆ ਬਣ ਕੇ ਸਈਆ ਹੋ ਕੇ ਗਿਆ ਖੇਲ ਵਖਾਈਆ। ਇਹ ਖੇਲ ਜਨ ਭਗਤ ਪ੍ਰਭੂ ਦੇ ਚਰਨਾਂ ਦੇ ਵਾਸ ਦਾ, ਨਾ ਕਿਸੇ ਤੀਰਥ ਨਾ ਤਾਟ ਨਾ ਜਮਨਾ ਦੇ ਘਾਟ ਦਾ, ਇਹ ਤਮਾਸ਼ਾ ਆਤਮ ਪਰਮਾਤਮ ਦੀ ਬਾਤ ਦਾ, ਇਹ ਨਜ਼ਾਰਾ ਕਲਜੁਗ ਅੰਧੇਰੀ ਰਾਤ ਦਾ, ਇਹ ਸਹਾਰਾ ਓਸ ਅਬਿਨਾਸ਼ੀ ਕਮਲਾਪਾਤ ਦਾ, ਜੋ ਵਿਛੜਿਆਂ ਲਏ ਮਿਲਾਈਆ। ਤੇਰੇ ਮੱਥੇ ਬੁਰਾਈ ਨਹੀਂ ਇਹ ਤੇਰੀ ਭਗਤੀ ਦਾ ਤੋਲ, ਜਿਹੜੀ ਅੰਦਰੇ ਅੰਦਰ ਬੈਠੀ ਰਹੀ ਜਣਾਈਆ। ਇਹੋ ਸਤਿ ਸਚ ਦਾ ਮੂਲ, ਮਾਰਗ ਸੱਚਾ ਰਿਹਾ ਬਣਾਈਆ। ਉਹ ਪਰਮੇਸ਼ਵਰ ਨਹੀਂ ਕਦੇ ਜਾਣਾ ਭੂਲ, ਸਭ ਨੂੰ ਵੇਖੇ ਥਾਉਂ ਥਾਈਂਆ। ਸਭ ਦਾ ਲੇਖਾ ਦੇ ਮੂਲ, ਲਹਿਣਾ ਦੇਣਾ ਝੋਲੀ ਪਾਈਆ। ਬਿਰਹੋਂ ਵਿਚ ਬੋਲਿਆ ਹੰਝੂਆਂ ਵਾਲਾ ਹਾਰ, ਸਧਰਾਂ ਨਾਲ ਜੋ ਭੇਟ ਚੜ੍ਹਾਈਆ। ਪ੍ਰੀਤਮ ਪ੍ਰੇਮ ਦਾ ਦੇ ਪਿਆਰ, ਅੰਤਰ ਦਾ ਕਰ ਉਜਿਆਰ, ਨਿਰੰਤਰ ਰੂਪ ਸਮਝਾਈਆ। ਭਗਤਾਂ ਦੀ ਸੁਣ ਪੁਕਾਰ, ਸੰਤਾਂ ਦੀ ਪੈਜ ਸੁਆਰ, ਦੁਖੀਆਂ ਦਾ ਦੁਖ ਨਿਵਾਰ, ਨਿਰਾਕਾਰ ਤੇਰੀ ਵਡਿਆਈਆ। ਸ਼ਬਦਾਂ ਦੀ ਸੁਣ ਜੈਕਾਰ, ਬੇਖ਼ਬਰਾਂ ਨੂੰ ਕਰ ਖ਼ਬਰਦਾਰ, ਸੁੱਤਿਆਂ ਨੂੰ ਹਲੂਣਾ ਦੇ ਮਾਰ, ਆਲਸ ਨਿੰਦਰਾ ਰਹੇ ਨਾ ਰਾਈਆ। ਰਸਨਾ ਜਿਹਵਾ ਨਾ ਕਰੇ ਵੀਚਾਰ, ਬੱਤੀ ਦੰਦ ਨਾ ਪਾਵੇ ਸਾਰ, ਮਨੂਆ ਕਰ ਨਾ ਸਕੇ ਵਿਸਥਾਰ, ਬੁੱਧੀ ਬੋਧ ਨਾ ਕੋਇ ਦ੍ਰਿੜਾਈਆ। ਤੇਰਾ ਵਖਰਾ ਧਾਮ ਨਿਆਰ, ਅੱਖਰਾਂ ਵਾਲਾ ਲੇਖ ਕੋਈ ਲਿਖ ਨਾ ਸਕੇ ਲਿਖਾਰ, ਕਾਤਬ ਬੈਠੇ ਮੁਖ ਭਵਾਈਆ। ਤੇਰੀ ਮਹਿੰਮਾ ਬੇਸ਼ੁਮਾਰ, ਜੁਗ ਜੁਗ ਲਵੇਂ ਅਵਤਾਰ, ਨਿਰਗੁਣ ਸਰਗੁਣ ਵੇਖਣਹਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਹੰਝੂਆਂ ਹਾਰ ਕਹੇ ਮੈਨੂੰ ਕੋਈ ਵਿਰਲਾ ਕਰੇ ਭੇਟ, ਪ੍ਰਭੂ ਚਰਨਾਂ ਵਿਚ ਟਿਕਾਈਆ। ਮੈਂ ਭਗਵਾਨ ਤੇ ਉਹ ਭਗਤ ਮੇਰਾ ਬੇਟ, ਪਿਤਾ ਪੂਤ ਇਕੋ ਰੰਗ ਸਮਾਈਆ। ਲੋਕਮਾਤ ਬਣ ਕੇ ਮਲਾਹ ਖੇਵਟ ਖੇਟ, ਨਈਆ ਨੌਕਾ ਸਾਚੀ ਲਵਾਂ ਚੜ੍ਹਾਈਆ। ਨਜ਼ਰੀ ਆਵਾਂ ਨੇਤ ਨੇਤ, ਨੇਤਰ ਨਿਜ ਅੱਖ ਖੁਲ੍ਹਾਈਆ। ਜਗਤ ਤੋਂ ਵਖਰਾ ਕਰਾਂ ਹੇਤ, ਆਸਾ ਸਧਰਾਂ ਵਾਲੀ ਪੂਰ ਕਰਾਈਆ। ਭਾਗ ਲਗਾ ਕੇ ਸਾਢੇ ਤਿੰਨ ਹੱਥ ਦੇਸ, ਦਿਸ਼ਾ ਸਾਚੀ ਦਿਆਂ ਵਖਾਈਆ। ਮਿਹਰ ਕਰਾਂ ਸਦਾ ਹਮੇਸ਼, ਬੇਨਜ਼ੀਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਹੰਝੂਆਂ ਹਾਰ ਕਹੇ, ਜੋ ਮੇਰਾ ਜੋੜ ਜੁੜਾਵੇਗਾ। ਸੋ ਪ੍ਰਭੂ ਦੀ ਚਰਨੀ ਬਹੇ, ਪ੍ਰਭ ਲਗੀ ਤੋੜ ਨਿਭਾਵੇਗਾ। ਅਧਵਿਚਕਾਰ ਕੋਇ ਨਾ ਰਹੇ, ਦੋ ਜਹਾਨਾਂ ਪਾਰ ਕਰਾਵੇਗਾ। ਜਮਾਂ ਦਾ ਦੰਡ ਕੋਈ ਨਾ ਸਹੇ, ਅੰਤ ਆਪਣੀ ਗੋਦ ਉਠਾਵੇਗਾ। ਚਰਨਾਂ ਵਿਚ ਸਦਾ ਰਹੇ, ਰੂਪ ਅਨੂਪ ਪਰਗਟਾਵੇਗਾ। ਉਹਦੀ ਅੰਦਰੋਂ ਕਦੀ ਨਾ ਨਿਕਲੇ ਹਾਏ, ਰਾਮ ਰਾਮ ਇਕੋ ਰੂਪ ਬਣਾਵੇਗਾ। ਸੇਵਾ ਕੀਤੀ ਪਾ ਕੇ ਥਾਂਏ, ਝੋਲੀ ਅਗੰਮ
ਆਪ ਭਰਾਵੇਗਾ। ਕਿਸੇ ਹੋਰ ਵਸਤ ਦੀ ਲੋੜ ਨਾ ਰਹੇ, ਸਚ ਪ੍ਰੀਤੀ ਇਕੋ ਲੇਖੇ ਲਾਵੇਗਾ। ਮੁਹੱਬਤ ਵਿਚ ਜੋ ਸ਼ਬਦੀ ਢੋਲੇ ਗਾਏ, ਗਹਿਰ ਗੰਭੀਰ ਲੇਖੇ ਵਿਚ ਰਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਵੇਗਾ। ਹਾਰ ਕਹੇ ਭੇਟਾ ਚੜ੍ਹੌਣ ਦੀ ਹੋਰ ਕਿਹੜੀ ਲੋੜ, ਪਰਮਾਤਮਾ ਦੀ ਆਤਮਾ ਓਸੇ ਦੇ ਅਗੇ ਰਖਾਈਆ। ਆਪਣੇ ਨਾਲ ਲਵੇ ਜੋੜ, ਜੋੜੀ ਬਣੇ ਧੁਰਦਰਗਾਹੀਆ। ਜੇ ਪਿਛੇ ਕਰਮਾਂ ਕਰਕੇ ਛੱਡਿਆ ਵਿਛੋੜ, ਅਗੇ ਨਾ ਹੋਵੇ ਜੁਦਾਈਆ । ਸਚ ਮਾਲਕ ਦੇ ਹੱਥ ਡੋਰ, ਤੰਦੀ ਤੰਦ ਸਤਾਰ ਦਏ ਹਲਾਈਆ। ਬੇਨੰਤੀ ਕਰਕੇ ਜਨ ਭਗਤ ਕਹੇ ਓਸ ਦੇ ਅਗੇ ਕਾਹਦਾ ਜ਼ੋਰ, ਜ਼ੋਰਾਵਰ ਇਕੋ ਨਜ਼ਰੀ ਆਈਆ। ਸ੍ਰੀ ਭਗਵਾਨ ਕਹੇ ਮੈਂ ਕੋਈ ਠੱਗ ਯਾਰ ਨਹੀਂ ਚੋਰ, ਕੂੜਾ ਰੂਪ ਨਾ ਕੋਇ ਵਟਾਈਆ। ਮੈਨੂੰ ਸਦਾ ਸਦਾ ਸਾਚਿਆਂ ਭਗਤਾਂ ਦੀ ਲੋੜ, ਬਿਨਾ ਭਗਤਾਂ ਪ੍ਰਭੂ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਹਾਰ ਕਹੇ ਮੇਰੀ ਪੂਰੀ ਹੋਈ ਆਸਾ, ਬੇਨੰਤੀ ਅਗਲੀ ਕੀ ਸੁਣਾਈਆ। ਉਹ ਕਹਿੰਦਾ ਤੇਰੇ ਚਰਨਾਂ ਦਾ ਭਰਵਾਸਾ, ਨਾਤਾ ਛੱਡਿਆ ਜਗਤ ਲੋਕਾਈਆ। ਮੈਂ ਮੰਗਾਂ ਤੇਰਾ ਸਾਥਾ, ਸਗਲਾ ਸੰਗ ਬਣਾਈਆ। ਤੂੰ ਅਨਾਥਾਂ ਦਾ ਨਾਥਾ, ਦੀਨਨ ਦਏਂ ਵਡਿਆਈਆ । ਤੂੰ ਰਾਮ ਕ੍ਰਿਸ਼ਨ ਵੇਖਣਹਾਰ ਤਮਾਸ਼ਾ, ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਧਾਰ ਪਰਗਟਾਈਆ । ਤੂੰ ਭੇਵ ਅਭੇਦ ਖੋਲ੍ਹੇਂ ਖ਼ੁਲਾਸਾ, ਬੋਧ ਅਗਾਧ ਜਣਾਈਆ। ਤੇਰੇ ਭਗਤ ਤੇਰੀਆਂ ਨਿੱਕੀਆਂ ਨਿੱਕੀਆਂ ਸ਼ਾਖਾਂ, ਪੱਤ ਟਹਿਣੀ ਲੋਕਮਾਤ ਲਹਿਰਾਈਆ। ਸਚ ਬੇਨੰਤੀ ਇਕ ਆਖਾਂ, ਉਚੀ ਕੂਕ ਕੂਕ ਸੁਣਾਈਆ। ਮੇਰੇ ਅੰਦਰੋਂ ਆਵੇ ਆਵਾਜ਼ਾ, ਆਜਜ਼ ਹੋ ਕੇ ਸੀਸ ਨਿਵਾਈਆ। ਆਹ ਵੇਖ ਸਾਡਾ ਤਮਾਸ਼ਾ, ਬਿਹਬਲ ਹੋ ਕੇ ਰਹੇ ਕੁਰਲਾਈਆ । ਕਰ ਕਰ ਥੱਕੇ ਪੂਜਾ ਪਾਠਾ, ਤੀਰਥ ਤਟ ਦੇਣ ਗਵਾਹੀਆ। ਜਿਧਰ ਵੇਖਿਆ ਪਿਆ ਘਾਟਾ, ਪੂਰਾ ਪੱਲੂ ਨਾ ਕੋਇ ਕਰਾਈਆ। ਕਿਸੇ ਰੂਪ ਵਿਚ ਆ ਜਾ ਬਣਾ ਲਾ ਦਾਸੀ ਦਾਸਾ, ਸੇਵਕ ਸੇਵਾ ਸਚ ਦੇ ਦ੍ਰਿੜਾਈਆ । ਤੇਰੇ ਘਰ ਕਿਹੜਾ ਘਾਟਾ, ਦਿੰਦਿਆਂ ਤੋਟ ਰਹੇ ਨਾ ਰਾਈਆ। ਭਾਵੇਂ ਜਲ ਹੋ ਭਾਵੇਂ ਮੇਘ ਬਣ ਬਰਸਾਤਾ, ਭਾਵੇਂ ਅਉਲੇ ਰੂਪ ਵਟਾਈਆ। ਸ੍ਰੀ ਭਗਵਾਨ ਕਹੇ ਮੈਂ ਅੰਦਰੇ ਅੰਦਰ ਜੋੜਾਂ ਨਾਤਾ, ਕਰਮਾਂ ਦਾ ਵੇਖਾਂ ਖਾਤਾ, ਜਿਨ੍ਹਾਂ ਜਿਨ੍ਹਾਂ ਦੀਆਂ ਜਾਣਾਂ ਬਾਤਾਂ, ਪੂਰਬ ਲਹਿਣਾ ਝੋਲੀ ਪਾਈਆ। ਹੁਣ ਪੜ੍ਹਨੀਆਂ ਨਹੀਂ ਪੈਂਦੀਆਂ ਕੋਈ ਜਮਾਤਾਂ, ਅੱਖਰਾਂ ਵਾਲੀ ਨਹੀਂ ਕੋਈ ਗਾਥਾ, ਜੋੜਨੇ ਪੈਂਦੇ ਨਹੀਂ ਦੋਵੇਂ ਹਾਥਾ, ਬਿਨ ਹੱਥਾਂ ਸਮਰਥ ਦਿਆਂ ਮਿਲਾਈਆ। ਪੜ੍ਹਨਾ ਨਹੀਂ ਪੈਂਦਾ ਕਾ ਖਾ, ਅੰਤਰ ਆਤਮ ਦੱਸਾਂ ਰਾਹ, ਪੜਦਾ ਦੂਈ ਦਵੈਤ ਚੁਕਾ, ਨਿਜ ਮੰਦਰ ਹੋਵਾਂ ਸਹਾ, ਜੇ ਭੁਲਣ ਲਗੇਂ ਫੜ ਕੇ ਹਲੂਣਾ ਦੇਵਾਂ ਲਗਾ, ਸਿੱਧਾ ਰਾਹ ਇਕ ਜਣਾਈਆ। ਜੇ ਆਪਣੀ ਮਤਿ ਲਵੇਂ ਗੁਵਾ, ਅੰਦਰ ਨਾਮ ਦੇਵਾਂ ਵਸਾ, ਤੇਰੀ ਬਦਲ ਜਾਵੇ ਹਵਾ, ਤਮਅ ਕੂੜੀ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਰਿਹਾ ਚੁਕਾਈਆ। ਤੇਰੀ ਆਸਾ ਕਹੇ ਮੈਂ ਅਸਮਰਥ, ਬਲਹੀਣ ਦਿਆਂ ਦੁਹਾਈਆ । ਮੈਂ ਲਭ ਲਭ ਗਿਆ ਥਕ, ਜੰਗਲ ਜੂਹ ਪਹਾੜ ਟਿਲੇ ਪਰਬਤ ਵੇਖ ਵਖਾਈਆ। ਮੈਨੂੰ ਕਿਤੋਂ ਨਹੀਂ ਲੱਭਾ ਸਚ, ਸਤਿ ਰੰਗ ਨਾ ਕੋਈ ਰੰਗਾਈਆ। ਕਿਸੇ ਝੋਲੀ ਨਹੀਂ ਪਾਇਆ ਹਕ, ਹਕ਼ੀਕ਼ਤ ਨਾ ਕੋਇ ਵਖਾਈਆ। ਮਨ ਨਹੀਂ ਦਿਤਾ ਡੱਕ, ਡੋਰੀ ਤੰਦ ਬੰਧਾਈਆ। ਮੈਥੋਂ ਹੁਣ ਨਹੀਂ ਹੁੰਦਾ ਬਹੁਤਾ ਹਠ, ਹੌਸਲਾ ਅਗੇ ਨਾ ਕੋਇ ਵਧਾਈਆ। ਜੇ ਆਇਆਂ ਤੇ ਮਾਰਕੇ ਜਾਵੀਂ ਓਹ ਸੱਟ, ਜਿਸਦੀ
ਠੋਕਰ ਭੁਲ ਕੋਇ ਨਾ ਜਾਈਆ। ਤੂੰ ਮੇਰਾ ਤੇ ਮੈਂ ਤੇਰਾ ਇਕੋ ਨਾਮ ਲਵਾਂ ਰਟ, ਰੱਟਾ ਮੁਕੇ ਜਗਤ ਲੋਕਾਈਆ। ਮਾਣਸ ਜਨਮ ਦਾ ਇਹੋ ਲਾਹਾ ਲਵਾਂ ਖਟ, ਕਾਇਆ ਖੇੜਾ ਵੱਜੇ ਵਧਾਈਆ। ਜਿੰਨਾਂ ਚਿਰ ਮਿਲੇਂ ਨਾ ਓਨਾਂ ਚਿਰ ਅਸੀਂ ਨਹੀਂ ਕਰਨੀ ਬਸ, ਬਸਤੇ ਬੰਦ ਦੇਣੇ ਖੁਲ੍ਹਾਈਆ। ਭਗਵਾਨ ਤੈਨੂੰ ਨਹੀਂ ਪਤਾ, ਤੂੰ ਸਦਾ ਭਗਤਾਂ ਦੇ ਵਸ, ਜੁਗ ਜੁਗ ਆਪਣਾ ਫੇਰਾ ਪਾਈਆ। ਜੇ ਸਾਡੇ ਕੋਲੋਂ ਨਹੀਂ ਖੁਲ੍ਹੀ ਆਪਣੀ ਕਿਰਪਾ ਨਾਲ ਖੋਲ੍ਹਦੇ ਅੱਖ, ਆਖ਼ਰ ਮੰਜ਼ਲ ਦੇ ਚੜ੍ਹਾਈਆ। ਸਚ ਪੁਛੇਂ ਪ੍ਰਭੂ ਹੁਣ ਤੈਥੋਂ ਨਹੀਂ ਰਹਿਣਾ ਅੱਡ, ਝਲੀ ਨਾ ਜਾਂਦੀ ਜੁਦਾਈਆ। ਜਿਹੜਾ ਸਿਰ ਸਰ ਹੋ ਕੇ ਤੇਰੇ ਚਰਨਾਂ ਗਿਆ ਢਠ, ਨਾਤਾ ਤੋੜ ਦੇ ਤੱਤ ਅੱਠ, ਨੌ ਦਵਾਰੇ ਲੇਖਾ ਦੇ ਚੁਕਾਈਆ। ਦਸਮ ਦਵਾਰੇ ਆ ਕੇ ਵਸ, ਮੈਂ ਵੇਖਾਂ ਹਸ ਹਸ, ਪ੍ਰੇਮ ਪਿਆਰ ਦਾ ਮਿਲੇ ਰਸ, ਸਾਚਾ ਜਾਮ ਇਕ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹਰਿਜਨ ਸਾਚੀ ਮੰਗ ਮੰਗਾਈਆ। ਹਾਰ ਕਹੇ ਮੈਂ ਸਧਰਾਂ ਭਰਿਆ, ਲੜੀ ਹੰਝੂਆਂ ਵਾਲੀ ਬਣਾਈਆ। ਪ੍ਰੇਮ ਪਿਆਰ ਪ੍ਰੀਤੀ ਅੰਦਰ ਕਦੇ ਨਾ ਡਰਿਆ, ਲੋਕਲਾਜ ਨੇੜ ਕੋਇ ਨਾ ਆਈਆ। ਬਿਨਾ ਭਗਤਾਂ ਦੇ ਪ੍ਰਭੂ ਦੇ ਦਵਾਰੇ ਕਦੀ ਨਾ ਚੜ੍ਹਿਆ, ਸਾਚੀ ਭੇਟਾ ਨਾ ਕੋਈ ਕਰਾਈਆ। ਬਿਨਾ ਹੱਥਾਂ ਤੋਂ ਤੈਨੂੰ ਹੱਥ ਕਿਸੇ ਨਾ ਫੜਿਆ, ਬਿਨਾ ਅੱਖਾਂ ਤੋਂ ਮੇਰੀ ਧਾਰ ਨਾ ਕਿਸੇ ਬਣਾਈਆ। ਮੈਂ ਅਗਨੀ ਹਵਨ ਵਿਚ ਕਦੀ ਨਹੀਂ ਸੜਿਆ, ਸੁਕ ਕੇ ਆਪਣਾ ਰੂਪ ਨਾ ਕੋਇ ਬਦਲਾਈਆ। ਜਦ ਵੇਖੋ ਤੇ ਭਗਤਾਂ ਦੇ ਪਿਆਰ ਅੰਦਰ ਹਰਿਆ, ਪ੍ਰਭੂ ਦੇ ਚਰਨਾਂ ਵਿਚ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਮਨਸਾ ਸਭ ਦੀ ਪੂਰ ਕਰਿਆ, ਖ਼ਾਲੀ ਕੋਈ ਰਹਿਣ ਨਾ ਪਾਈਆ।
੭ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਲੈਫ਼ਟੀਨੈਂਟ ਭਗਤ ਸਿੰਘ ਦੇ ਗ੍ਰਹਿ ਜੰਮੂ
ਦੀਨਾਂ ਨਾਥ ਦਰਦ ਦੁਖ ਭੈ ਭੰਜਨ, ਹਰਿ ਸਮਰਥ ਪੁਰਖ ਵਡੀ ਵਡਿਆਈਆ। ਚਰਨ ਧੂੜ ਇਸ਼ਨਾਨ ਕਰਾਏ ਸਾਚਾ ਮਜਨ, ਦੁਰਮਤ ਮੈਲ ਕੂੜੀ ਕਿਰਿਆ ਜਨਮ ਜਨਮ ਦਾ ਪਾਪ ਦਏ ਮਿਟਾਈਆ। ਘਰ ਠਾਕਰ ਸਵਾਮੀ ਅੰਤਰਜਾਮੀ ਚਾੜ੍ਹੇ ਸਾਚੀ ਰੰਗਣ, ਰੰਗ ਰੰਗੀਲਾ ਆਪ ਰੰਗਾਈਆ। ਨਾਮ ਖ਼ੁਮਾਰੀ ਧੁਰ ਦੀ ਯਾਰੀ ਵਿਚ ਕਰੇ ਮਗਨ, ਅਗਲਾ ਪਿਛਲਾ ਲੇਖਾ ਦਏ ਮੁਕਾਈਆ। ਨਿਰਗੁਣ ਨਿਰਵੈਰ ਨਿਰਾਕਾਰ ਦੀਆ ਬਾਤੀ ਜਗਾਏ ਜੋਤ ਨਿਰੰਜਣ, ਨੂਰੋ ਨੂਰ ਕਰੇ ਰੁਸ਼ਨਾਈਆ। ਕਾਇਆ ਮਾਟੀ ਖ਼ਾਕੀ ਲੇਖੇ ਲਾਵੇ ਬਦਨ, ਮਿਹਰ ਨਜ਼ਰ ਆਪਣੀ ਇਕ ਉਠਾਈਆ । ਘਟ ਘਟ ਅੰਤਰ ਵੇਖੇ ਕਵਣ ਗਾਏ ਸਾਚਾ ਭਜਨ, ਜੋਗ ਅਭਿਆਸ ਹਠ ਤਪ ਕੌਣ ਰਖਾਈਆ। ਜਾਨਣਹਾਰਾ ਸਾਚੇ ਬਚਨ, ਗ੍ਰਹਿ ਗ੍ਰਹਿ ਮੰਦਰ ਖੋਜ ਖੁਜਾਈਆ। ਜਨ ਭਗਤਾਂ ਦਾ ਬੱਚਿਆਂ ਵਾਲਾ ਵੇਖ ਕੇ ਬਚਪਨ, ਬਾਲਕ ਆਪਣੀ ਗੋਦ ਉਠਾਈਆ। ਜਿਹੜੇ ਹਰਿਜਨ ਹਰਿ ਦਰਸ ਨੂੰ ਤਰਸਣ, ਤਿਨ੍ਹਾਂ ਦੀ ਆਤਮ ਅੰਤਰ ਤ੍ਰਿਖਾ ਦਏ ਮਿਟਾਈਆ। ਮਾਣਸ ਜਨਮ ਦੀ ਮੇਟ ਕੇ ਹਰਸਨ, ਹਾਜ਼ਰ ਹੋ ਕੇ ਨਜ਼ਰੀ ਆਈਆ। ਸੋਈ ਸੁਰਤੀ ਕਰਕੇ ਮਰਦਨ, ਮਰਦ ਮਰਦਾਨਾ ਲਏ ਜਗਾਈਆ। ਕੀ ਹੋਇਆ ਜੇ ਕ੍ਰਿਸ਼ਨ ਉਂਗਲੀ ਉਠਾਇਆ ਗਵਰਧਨ, ਦੁਵਾਰਕਾ ਨਿਵਾਸੀਆਂ ਹੋਇਆ ਸਹਾਈਆ। ਪੁਰਖ ਅਬਿਨਾਸ਼ੀ ਜੁਗ ਚੌਕੜੀ ਨਿਤ ਨਵਿਤ ਜਨ ਭਗਤਾਂ ਵੰਡਣਹਾਰਾ ਦਰਦਨ, ਦੁਖੀਆਂ ਦਾ ਦੁਖ ਆਪਣੀ ਝੋਲੀ ਪਾਈਆ। ਅੰਦਰ ਬਾਹਰ ਗੁਪਤ
ਜ਼ਾਹਰ ਯਾਦ ਰਹੇ ਹਰ ਦਮ, ਸਾਹ ਸਾਹ ਵਿਚ ਸਮਾਈਆ। ਭਾਗ ਲਗਾਏ ਕਾਇਆ ਮਾਟੀ ਤਨ, ਤਤਵ ਤਤ ਦਏ ਸਮਝਾਈਆ। ਮਨ ਵਾਸਨਾ ਸ਼ਬਦੀ ਧਾਰ ਬੰਨ੍ਹ, ਖਿਚ ਲਿਆਏ ਵਾਹੋ ਦਾਹੀਆ। ਨਾਮ ਪਦਾਰਥ ਦੇਵੇ ਧਨ, ਦੌਲਤ ਅਣਮੁੱਲੀ ਝੋਲੀ ਪਾਈਆ। ਜਿਹੜੀ ਏਥੇ ਓਥੇ ਜੀਉਂਦਿਆਂ ਤੇ ਮਰਨ ਦੇ ਬਾਦ ਵੀ ਆਵੇ ਕੰਮ, ਦਰਗਾਹ ਸਾਚੀ ਆਪਣਾ ਸੰਗ ਰਖਾਈਆ। ਜਨ ਭਗਤ ਸੁਹੇਲੇ ਚਾੜ੍ਹ ਕੇ ਨੂਰੀ ਚੰਨ, ਲੋਕਮਾਤ ਸਾਚੇ ਚੰਦ ਕਰੇ ਰੁਸ਼ਨਾਈਆ। ਹਰਿ ਕਾ ਖੇਲ ਨਜ਼ਰ ਆਏ ਨਾ ਕਿਸੇ ਨੇਤਰ ਅੰਨ੍ਹ, ਹਰਿਜਨ ਵਿਰਲੇ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਸਤਿਗੁਰ ਕਹੇ ਮੈਂ ਸਭ ਦੇ ਅੰਦਰ ਵਸਦਾ, ਨਿਰਗੁਣ ਹੋ ਕੇ ਡੇਰਾ ਲਾਈਆ। ਪਰ ਕੋਟਾਂ ਵਿਚੋਂ ਵਿਰਲੇ ਆਪਣਾ ਮਾਰਗ ਦੱਸਦਾ, ਸੁੱਤਿਆਂ ਲਵਾਂ ਉਠਾਈਆ। ਲਹਿਣਾ ਦੇਣਾ ਦੇਵਾਂ ਉਹਨਾਂ ਦੇ ਗਾਏ ਸੱਚੇ ਜਸ ਦਾ, ਸਿਫ਼ਤਾਂ ਨਾਲ ਸਲਾਹੀਆ। ਮੇਲ ਮਿਲਾਵਾ ਕਰਾਂ ਓਸ ਅੱਖ ਦਾ, ਜਿਹੜੀ ਅੱਖਾਂ ਦੇ ਪਿਛੇ ਦਿਤੀ ਟਿਕਾਈਆ। ਜਿਸ ਦੇ ਨੂਰ ਨੂੰ ਜਗਤ ਜਹਾਨ ਲਭਦਾ, ਵਾਸਨਾ ਵਿਚ ਭੱਜੇ ਸਰਬ ਲੋਕਾਈਆ। ਸੋ ਲੇਖਾ ਚੁਕਾਵੇ ਕੂੜੀ ਹਦ ਦਾ, ਅਗਲਾ ਪੰਧ ਮੁਕਾਈਆ। ਨਾਤਾ ਜੋੜ ਕੇ ਭਗਤ ਭਗਵਾਨ ਅੱਜ ਦਾ, ਸਬਬ ਸੋਹਣਾ ਲਏ ਬਣਾਈਆ। ਰੈਣ ਸੁਬਾਈ ਪ੍ਰੀਤਮ ਹੋ ਕੇ ਪ੍ਰੇਮੀ ਨੂੰ ਰਿਹਾ ਦੱਸਦਾ, ਅੰਦਰ ਬਾਹਰ ਹੁਕਮ ਸੁਣਾਈਆ। ਵੇਖ ਖੇਲ ਓਸ ਸਮਰਥ ਦਾ, ਜੋ ਸਭ ਦਾ ਪਿਤਾ ਮਾਈਆ। ਦਰਵਾਜ਼ਾ ਖੋਲ੍ਹ ਸਾਚੇ ਹੱਟ ਦਾ, ਨਾਮ ਭਗਤਾਂ ਝੋਲੀ ਪਾਈਆ । ਕੋਟਾਂ ਵਿਚੋਂ ਗੁਰਮੁਖ ਵਿਰਲਾ ਦਮਾਂ ਵਾਲੇ ਦਮ ਵਟਦਾ, ਕ਼ੀਮਤ ਸਵਾਸਾਂ ਵਾਲੀ ਪਾਈਆ। ਕਿਰਪਾ ਕਰੇ ਜਿਸ ਉਤੇ ਓਸੇ ਨੂੰ ਆਪੇ ਰਖਦਾ, ਰਛਿਆ ਕਰੇ ਥਾਉਂ ਥਾਈਂਆ। ਪਿਛੇ ਵੇਲਾ ਗਿਆ ਅਲਗ ਦਾ, ਅਗੇ ਹੋਏ ਨਾ ਕੋਇ ਜੁਦਾਈਆ। ਲੇਖਾ ਮੁਕਾਵੇ ਸ਼ਾਹ ਰਗ ਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਾਮ ਪਿਆਲਾ ਦੇਵੇ ਅੰਮ੍ਰਿਤ ਮਧੁ ਦਾ, ਖ਼ੁਮਾਰੀ ਸਾਚੀ ਦਏ ਚੜ੍ਹਾਈਆ। ਸਿਰ ਹੱਥ ਰਖ ਕੇ ਪਰਦੇ ਢਕਦਾ, ਹੋਵੇ ਆਪ ਸਹਾਈਆ । ਭਗਤ ਸਦਾ ਭਗਵਨ ਦੇ ਕੋਲ ਸਜਦਾ, ਭਗਵਨ ਭਗਤਾਂ ਵਿਚ ਸੋਭਾ ਪਾਈਆ। ਤੈਨੂੰ ਪਤਾ ਨਹੀਂ ਇਹ ਨਾਤਾ ਕਬ ਦਾ, ਜੁਗ ਤ੍ਰੇਤਾ ਦਏ ਗਵਾਹੀਆ। ਜਿਸ ਵੇਲੇ ਦਸਰਥ ਦਾ ਪਹੀਆ ਟੁਟਾ ਸੀ ਰਥ ਦਾ, ਕਕਈ ਅੱਖ ਖੁਲ੍ਹਾਈਆ। ਓਸ ਵੇਲੇ ਤੂੰ ਘਸੇਰਾ ਹੋ ਕੇ ਘਾਹ ਸੀ ਕਟਦਾ, ਦਾਤੀ ਦੰਦਿਆਂ ਵਾਲੀ ਹੱਥ ਉਠਾਈਆ। ਇਹ ਖੇਲ ਵੇਖ ਕੇ ਆਇਆ ਨਠਦਾ, ਨੇੜੇ ਆ ਕੇ ਸੀਸ ਝੁਕਾਈਆ। ਅਗੇ ਹੋ ਕੇ ਹੱਥ ਲਾ ਕੇ ਪਿਛੋਂ ਅਗੇ ਨੂੰ ਧਕਦਾ, ਆਪਣਾ ਜ਼ੋਰ ਲਗਾਈਆ। ਓਸ ਵੇਲੇ ਦਸਰਥ ਨੇ ਕਿਹਾ ਇਹ ਕੌਣ ਬੰਦਾ ਮੇਰੇ ਰਾਮ ਰੱਬ ਦਾ, ਜਿਹੜਾ ਬਿਨ ਸੱਦਿਆਂ ਗਿਆ ਆਈਆ। ਓਨੇ ਚਿਰ ਨੂੰ ਰਥ ਥੋੜ੍ਹਾ ਅਗੇ ਵਧਦਾ, ਆਪਣਾ ਪੰਧ ਮੁਕਾਈਆ। ਦਸਰਥ ਫੇਰ ਕਿਹਾ ਇਹੋ ਜਿਹਾ ਪ੍ਰੇਮੀ ਸਦਾ ਭਗਵਾਨ ਦੇ ਚਰਨਾਂ ਵਿਚ ਸਜਦਾ, ਸੱਜਣ ਧੁਰ ਦਾ ਨਜ਼ਰੀ ਆਈਆ। ਧੁਰ ਦਰਗਾਹੋਂ ਆਈ ਆਵਾਜ਼ ਇਹ ਖੇਲ ਪੁਰਖ ਸਮਰਥ ਦਾ, ਲੇਖਾ ਪੂਰਾ ਦਏ ਕਰਾਈਆ। ਜਿਸ ਵੇਲੇ ਵੇਲਾ ਆਇਆ ਕਲਜੁਗ ਅੰਤ ਕੂੜ ਕੁੜਿਆਰੇ ਜਗ ਦਾ, ਚਾਰੋਂ ਕੁੰਟ ਅੰਧੇਰਾ ਛਾਈਆ। ਓਸ ਵੇਲੇ ਇਸੇ ਅਵਸਥਾ ਵਿਚ ਸ੍ਰੀ ਭਗਵਾਨ ਆਪੇ ਏਨੂੰ ਲਭਦਾ, ਬਿਨ ਖੋਜਿਆਂ ਖੋਜ ਖੁਜਾਈਆ। ਜਿਹੜਾ ਰਥ ਦੇ ਪਿਛੇ ਵਧਦਾ, ਫੇਰ ਇਸ ਦਾ ਵਾਧਾ ਆਪਣੇ ਪ੍ਰੇਮ ਨਾਲ ਰਖਾਈਆ। ਕਾਇਆ ਦਾ ਭਾਂਡਾ ਸਭ ਦਾ ਭਜਦਾ, ਜੁਗ ਜੁਗ ਰਹਿਣ ਕੋਇ ਨਾ ਪਾਈਆ। ਸ੍ਰੀ ਭਗਵਾਨ ਸਾਚੇ ਭਗਤ ਜੀਵਾਂ ਜੰਤਾਂ ਵਿਚੋਂ ਆਪੇ ਕਢਦਾ, ਫੜ ਕੇ
ਬਾਹੋਂ ਲਏ ਉਠਾਈਆ। ਇਹੋ ਕਿਰਪਾ ਜਿਹੜਾ ਵੇਂਹਦੇ ਸਾਰ ਹੀ ਅੰਦਰ ਵਸਦਾ, ਹਸਦਾ ਹਸਦਾ ਆਪਣੇ ਗਲੇ ਲਗਾਈਆ। ਅਗੇ ਲਹਿਣਾ ਦੇਵੇ ਪ੍ਰੇਮ ਰਸ ਦਾ, ਰਸਤਾ ਅਗਲਾ ਸਾਫ਼ ਕਰਾਈਆ। ਆਤਮ ਵਿਛੋੜਾ ਦੇਵੇ ਅਗੰਮੀ ਪਟ ਦਾ, ਜਿਸ ਦਾ ਤਾਣਾ ਪੇਟਾ ਨਜ਼ਰ ਕਿਸੇ ਨਾ ਆਈਆ। ਘਰ ਵਖਾਵੇ ਜਿਥੇ ਦੀਪਕ ਇਕੋ ਜਗਦਾ, ਜੋਤੀ ਜੋਤ ਹੋਵੇ ਰੁਸ਼ਨਾਈਆ। ਜੇ ਤੂੰ ਤ੍ਰੇਤੇ ਦਾ ਬੰਦਾ ਰੱਬ ਦਾ, ਰਾਮ ਦਾ ਪਿਤਾ ਗਿਆ ਜਣਾਈਆ। ਹੁਣ ਕਿਉਂ ਨਾ ਤੈਨੂੰ ਸਦਦਾ, ਆਪਣਾ ਹੁਕਮ ਜਣਾਈਆ । ਪਿਛਲਾ ਲੇਖਾ ਗਿਆ ਕੂੜ ਕਿਰਿਆ ਕਗ ਦਾ, ਅਗੇ ਹੰਸ ਰੂਪ ਵਟਾਈਆ। ਤੇਰੇ ਪਿਛੇ ਸਾਰੀ ਰੈਣ ਰਿਹਾ ਭੱਜਦਾ, ਨੌ ਵਾਰੀ ਤੇਰੇ ਦਰ ਤੇ ਜਾਈਆ। ਕੋਈ ਪਿਆਰ ਨਹੀਂ ਕੀਤਾ ਇਸ ਸੌਣ ਵਾਲੇ ਪਲੰਘ ਦਾ, ਸੁਖਆਸਣ ਦਿਤਾ ਤਜਾਈਆ। ਜਿਹੜਾ ਮੇਰਾ ਮੈਂ ਓਸੇ ਨੂੰ ਰੰਗਦਾ, ਬਿਨਾ ਲਲਾਰੀਉਂ ਰੰਗ ਵਖਾਈਆ। ਜਿਸ ਦੇ ਅੰਦਰ ਦੀ ਇਕ ਵਾਰੀ ਲੰਘਦਾ, ਉਸ ਦਰ ਦੀ ਹੋਵੇ ਨਾ ਕਦੇ ਜੁਦਾਈਆ। ਵੇਖੋ ਖੇਲ ਸੂਰੇ ਸਰਬੰਗ ਦਾ, ਦੇਵਣਹਾਰ ਵੱਡੀ ਵਡਿਆਈਆ। ਸੁਖ ਮਾਨਣਾ ਸੱਚੇ ਅਨੰਦ ਦਾ, ਜੋ ਅਨੰਦ ਅਨੰਦ ਵਿਚੋਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੂਰਬ ਜਨਮ ਦਾ ਲੇਖਾ ਪੂਰਾ ਝੋਲੀ ਪਾਈਆ।