੯ ਜੇਠ ਸ਼ਹਿਨਸ਼ਾਹੀ ਸੰਮਤ ੧ ਜਸਵੰਤ ਸਿੰਘ ਦੇ ਗ੍ਰਹਿ ਕਰਤਾਰ ਪੁਰ ਜ਼ਿਲਾ ਜਲੰਧਰ
ਨੌਂ ਜੇਠ ਕਹੇ ਮੈਂ ਤਕਦਾ ਰਿਹਾ ਨਵ ਨੌ ਚਾਰ, ਚਾਰ ਜੁਗ ਚੌਕੜ ਕੋਟਨ ਵਾਰ ਬਿਤਾਈਆ। ਨਵ ਨੌ ਚਾਰ ਕਹੇ ਮੈਂ ਤਕਦਾ ਰਿਹਾ ਵਿਸ਼ਨ
ਬ੍ਰਹਮਾ ਸ਼ਿਵ ਗੁਰ ਅਵਤਾਰ, ਪੈਗ਼ੰਬਰ ਪੀਰ ਵੇਖੇ ਚਾਈਂ ਚਾਈਂਆ। ਨਵ ਨੌ ਚਾਰ ਕਹੇ ਮੈਂ ਤਕਦਾ ਰਿਹਾ ਜੁਗ ਚੌਕੜੀ ਭਗਤ ਭਗਵਾਨ ਵਿਚ ਸੰਸਾਰ, ਨਿਰਗੁਣ ਸਰਗੁਣ ਵੇਖ ਵਖਾਈਆ। ਨਵ ਨੌ ਚਾਰ ਕਹੇ ਮੈਂ ਖੇਲ ਵੇਖਦਾ ਰਿਹਾ ਸ਼ਾਸਤਰ ਸਿਮਰਤ ਵੇਦ ਪੁਰਾਨ, ਨਿਰਅੱਖਰ ਅੱਖਰਾਂ ਵਿਚ ਪੜ੍ਹਾਈਆ। ਨਵ ਨੌ ਚਾਰ ਕਹੇ ਮੈਂ ਢੋਲੇ ਸੁਣਦਾ ਰਿਹਾ ਰਸਨਾ ਜਿਹਵਾ ਬੱਤੀ ਦੰਦ ਜ਼ਬਾਨ, ਅੰਜੀਲ ਕ਼ੁਰਾਨ ਸਿਫ਼ਤਾਂ ਵਿਚ ਸਾਲਾਹੀਆ । ਨਵ ਨੌ ਚਾਰ ਕਹੇ ਮੈਂ ਵੇਖਦਾ ਰਿਹਾ ਖਾਣੀ ਬਾਣੀ ਮਿਲਦਾ ਮਾਣ, ਧੁਰਦਰਗਾਹੀ ਆਪਣੀ ਦਇਆ ਕਮਾਈਆ। ਨਵ ਨੌ ਚਾਰ ਕਹੇ ਮੈਂ ਤਕਦਾ ਰਿਹਾ ਕ਼ਲਮ ਸ਼ਾਹੀ ਨਾਲ ਲਿਖਿਆ ਬਿਆਨ, ਜੋ ਸ਼ਹਾਦਤ ਅਬਾਦਤ ਵਾਲੀ ਭੁਗਤਾਈਆ । ਨਵ ਨੌ ਚਾਰ ਕਹੇ ਮੈਂ ਤਕਦਾ ਰਿਹਾ ਰਵ ਸਸ ਸੂਰੀਆ ਚੰਦਰ ਭਾਨ, ਬ੍ਰਹਿਮੰਡ ਖੰਡ ਮੰਡਲ ਮੰਡਪ ਆਪਣਾ ਧਿਆਨ ਲਗਾਈਆ। ਨਵ ਨੌ ਚਾਰ ਕਹੇ ਮੈਂ ਵੇਖਦਾ ਰਿਹਾ ਦਿਵਸ ਰੈਣ ਘੜੀ ਪਲ ਜ਼ਿਮੀਂ ਅਸਮਾਨ, ਮਾਸ ਬਰਖ ਆਪਣੀ ਅੱਖ ਖੁਲ੍ਹਾਈਆ। ਨਵ ਨੌ ਚਾਰ ਕਹੇ ਮੈਂ ਵੇਖਦਾ ਰਿਹਾ ਅੰਤਰ ਦ੍ਰਿਸ਼ਟੀ ਇਸ਼ਟੀ ਜਗਤ ਗਿਆਨ, ਨਿਜ ਨੇਤਰ ਪਰਦਾ ਅੱਖ ਖੁਲ੍ਹਾਈਆ। ਨਵ ਨੌ ਚਾਰ ਕਹੇ ਮੈਂ ਵੇਖਦਾ ਰਿਹਾ ਅੰਤਰ ਆਤਮ ਰਸ ਪੀਣ ਖਾਣ, ਭੇਵ ਅਭੇਦਾ ਪਰਦਾ ਓਹਲਾ ਇਕ ਉਠਾਈਆ । ਨਵ ਨੌ ਚਾਰ ਕਹੇ ਮੈਂ ਆਤਮ ਪਰਮਾਤਮ ਦੀਪਕ ਜਗਦਾ ਵੇਖਦਾ ਰਿਹਾ ਵਿਚ ਕਾਇਆ ਮਕਾਨ, ਨਿਤ ਨਵਿਤ ਆਪਣਾ ਰਾਹ ਤਕਾਈਆ। ਨਵ ਨੌ ਚਾਰ ਕਹੇ ਮੈਂ ਜੋੜ ਜੁੜਦਾ ਵੇਖਦਾ ਰਿਹਾ ਗੁਰ ਚੇਲਾ ਨੌਜੁਆਨ, ਸੂਰਬੀਰ ਬੀਰਰਸ ਦੇ ਵਿਚ ਰਸ ਆਪਣਾ ਆਪ ਟਿਕਾਈਆ। ਨਵ ਨੌ ਚਾਰ ਕਹੇ ਮੈਂ ਤਕਦਾ ਰਿਹਾ ਖੇਲ ਦੋ ਜਹਾਨ, ਚੌਂਦਾਂ ਲੋਕ ਚੌਦਾਂ ਤਬਕ ਧੁਰ ਦਾ ਨਾਅਰਾ ਸਚ ਸ਼ਨਵਾਈਆ। ਨਵ ਨੌ ਚਾਰ ਕਹੇ ਨਿਰਗੁਣ ਸਰਗੁਣ ਇਸ਼ਟ ਦੇਵ ਮੰਨਦਾ ਵੇਂਹਦਾ ਰਿਹਾ ਸੀਤਾ ਰਾਮ, ਕਾਹਨ ਕ੍ਰਿਸ਼ਨ ਗਵਾਲਾ ਖੋਜ ਖੁਜਾਈਆ। ਨਵ ਨੌ ਚਾਰ ਕਹੇ ਮੈਂ ਤਕਦਾ ਰਿਹਾ ਈਸਾ ਮੂਸਾ ਮੁਹੰਮਦ ਦਿੰਦਾ ਰਿਹਾ ਪੈਗ਼ਾਮ, ਕਲਮਾ ਕਾਇਨਾਤ ਅਲਿਫ਼ ਯੇ ਪੜ੍ਹਾਈਆ। ਨਵ ਨੌ ਚਾਰ ਕਹੇ ਮੈਂ ਆਵਣ ਜਾਵਣ ਲੱਖ ਚੁਰਾਸੀ ਖੇਲ ਵੇਖਦਾ ਰਿਹਾ ਅਵਾਮ, ਗ੍ਰਹਿ ਮੰਦਰ ਘਟ ਘਟ ਵੇਖ ਵਖਾਈਆ। ਨਵ ਨੌ ਚਾਰ ਕਹੇ ਮੈਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾ ਤਕਦਾ ਰਿਹਾ ਬਦਲਦਾ ਨਿਜ਼ਾਮ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਗਏ ਵਰਤਾਈਆ। ਨਵ ਨੌ ਚਾਰ ਕਹੇ ਮੈਂ ਕਲਜੁਗ ਹੋਇਆ ਅੰਤ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਪੁਰਖ ਅਬਿਨਾਸ਼ੀ ਕਰਿਆ ਖੇਲ ਮਹਾਨ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹੀਆ। ਜੁਗ ਚੌਕੜੀ ਬਦਲ ਕੇ ਆਪਣੇ ਸਮੇਂ ਦਾ ਸੰਮਤ ਕਰ ਪਰਵਾਨ, ਪਰਵਾਨਾ ਦੋ ਜਹਾਨਾਂ ਦਿਤਾ ਪੁਚਾਈਆ। ਸ਼ਬਦ ਸੰਦੇਸ਼ਾ ਦੇ ਕੇ ਨੌਜੁਆਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਅੱਖ ਖੁਲ੍ਹਾਈਆ। ਪਰਤਖ ਹੋ ਵਿਚ ਜਹਾਨ, ਮਿਹਰਵਾਨ ਦਇਆ ਕਮਾਈਆ। ਜੁਗ ਜਨਮ ਦੇ ਪੂਰਬ ਵਿਛੜੇ ਮੇਲੇ ਆਣ, ਲੇਖਾ ਧੁਰ ਦਾ ਝੋਲੀ ਪਾਈਆ। ਚਾਰ ਕੁੰਟ ਦਹਿ ਦਿਸ਼ਾ ਵਦੀ ਸੁਦੀ ਪਰਵਿਸ਼ਟਿਆਂ ਵਿਚ ਮਾਰ ਧਿਆਨ, ਹਿੰਦਸਿਆਂ ਅੰਕੜਿਆਂ ਖੋਜ ਖੁਜਾਈਆ। ਖੋਜਦਿਆਂ ਖੋਜਦਿਆਂ ਨਵ ਜੇਠ ਦਿਵਸ ਮਿਲਿਆ ਮਹਾਨ, ਜਿਸ ਨਾਮ ਦੋ ਜਹਾਨ ਮਿਲੇ ਵਡਿਆਈਆ। ਨਵ ਜੇਠ ਕਹੇ ਮੈਂ ਕਰਾਂ ਚਰਨ ਧਿਆਨ, ਸੀਸ ਜਗਦੀਸ ਇਕ ਝੁਕਾਈਆ। ਜਿਸ ਦਾ ਹੁਕਮ ਧੁਰ ਫ਼ਰਮਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਿੱਲੀ ਦਵਾਰੇ ਦੇ ਕੇ ਮਾਣ, ਨਵ ਜੇਠ ਕਹੇ ਮੇਰੀ ਬਣਤ ਦਿਤੀ ਬਣਾਈਆ। ਜ਼ਿਮੀਂ ਅਸਮਾਨ ਸਕੇ ਨਾ ਕੋਇ ਪਹਿਚਾਨ, ਗ਼ਮੀ ਖ਼ੁਸ਼ੀ ਪਰਦਾ ਨਾ ਕੋਇ ਉਠਾਈਆ। ਜਿਸ ਦਾ
ਝੁਲਦਾ ਸਚ ਨਿਸ਼ਾਨ, ਦੋ ਜਹਾਨਾਂ ਰੱਖੇ ਆਣ, ਹੁਕਮ ਧੁਰ ਦਾ ਇਕ ਮਨਾਈਆ। ਸੋ ਭਗਤਾਂ ਕਰਨਹਾਰਾ ਕਲਿਆਣ, ਆਤਮ ਅੰਤਰ ਦੇਵਣਹਾਰਾ ਬ੍ਰਹਮ ਗਿਆਨ, ਆਤਮ ਜੋਤੀ ਸੁਰਤੀ ਸੋਤੀ ਜਾਗਰਤ ਰੂਪ ਲਏ ਕਰਾਈਆ । ਜੋਤੀ ਜਾਤਾ ਪੁਰਖ ਬਿਧਾਤਾ ਅਨੁਭਵ ਪਰਕਾਸ਼ਾ ਅਬਿਨਾਸ਼ੀ ਕਰਤਾ ਸ੍ਰੀ ਭਗਵਾਨ, ਨਿਗਾਹਬਾਨ ਨੂਰ ਖ਼ੁਦਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਦੇਵਣਹਾਰਾ ਪਦ ਨਿਰਬਾਣ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੁਲਤਾਨ ਬੇਪਰਵਾਹੀਆ। ਨਵ ਜੇਠ ਮੈਂ ਨਵਾਂ ਦੱਸਾਂ ਵਿਹਾਰ, ਨਵ ਨੌ ਡੇਰਾ ਢਾਹੀਆ। ਪੁਰਖ ਅਬਿਨਾਸ਼ੀ ਧੁਰ ਦਾ ਯਾਰ, ਭਗਤ ਸੱਜਣ ਸੁਹੇਲੇ ਰਿਹਾ ਮਿਲਾਈਆ। ਤਖ਼ਤ ਨਿਵਾਸੀ ਹੋ ਕੇ ਸ਼ਾਹ ਸਿਕਦਾਰ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਬੇਖ਼ਬਰਾਂ ਕਰਨ ਆਇਆ ਖ਼ਬਰਦਾਰ, ਸੁੱਤਿਆਂ ਰੁੱਸਿਆਂ ਲਏ ਉਠਾਈਆ । ਗ੍ਰਹਿ ਮੰਦਰ ਅੰਦਰ ਕਰਨ ਆਇਆ ਉਜਿਆਰ, ਦੀਆ ਬਾਤੀ ਕਮਲਾਪਾਤੀ ਸਾਚੇ ਮੰਦਰ ਆਪ ਟਿਕਾਈਆ। ਗ਼ਫ਼ਲਤ ਵਿਚੋਂ ਕਰਨ ਆਇਆ ਹੁਸ਼ਿਆਰ, ਆਲਸ ਨਿੰਦਰਾ ਅੱਖ ਖੁਲ੍ਹਾਈਆ। ਸਚ ਪ੍ਰੀਤੀ ਬਖ਼ਸ਼ਣ ਆਇਆ ਪਿਆਰ, ਧੁਰ ਦੀ ਰੀਤੀ ਇਕ ਦ੍ਰਿੜਾਈਆ। ਪੰਜ ਜੇਠ ਕਹੇ ਜਿਸ ਗਰਮੀ ਤੋਂ ਸਰਦੀ ਮੇਰੀ ਬਦਲ ਦਿਤੀ ਬਹਾਰ, ਉਹ ਭਗਤਾਂ ਦਾ ਅੰਦਰ ਜਾਏ ਠਾਰ, ਦੋਆਬੇ ਵਾਲਿਆਂ ਦੋ ਦੋਆਬਾ ਮੇਲ ਮਿਲਾਈਆ। ਜਿਸ ਮਿਲਾਪ ਵਿਚ ਲੇਖਾ ਮੁਕ ਜਾਏ ਪੁਰਖ ਨਾਰ, ਤਨ ਵਜੂਦ ਪੰਜ ਤੱਤ ਨਾ ਕੋਇ ਅਧਾਰ, ਦੀਪਕ ਜੋਤੀ ਜੋਤ ਜਗੇ ਅਗੰਮ ਅਪਾਰ, ਸ਼ਬਦੀ ਨਾਦ ਧੁਨ ਸ਼ਨਵਾਈਆ। ਸਾਚੀ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਇਕ ਜੈਕਾਰ, ਤੂੰ ਹੀ ਤੂੰ ਰਾਗ ਸੁਣਾਈਆ। ਜਨਮ ਜਨਮ ਦਾ ਰੋਗ ਨਿਵਾਰ, ਕਰਮ ਕਰਮ ਦਾ ਕਟ ਜੰਜਾਲ, ਵਰਨ ਬਰਨ ਦਾ ਲੇਖਾ ਦਏ ਮੁਕਾਈਆ। ਅੰਦਰ ਬਾਹਰ ਗੁਪਤ ਜ਼ਾਹਰ ਵਸੇ ਨਾਲ, ਦਿਵਸ ਰੈਣ ਅੱਠੇ ਪਹਿਰ ਰਖੇ ਖ਼ਿਆਲ, ਅਭੁਲ ਭੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਨੌ ਜੇਠ ਕਹੇ ਮੈਨੂੰ ਸਾਰੇ ਗਏ ਲੱਭਦੇ, ਜੁਗ ਚੌਕੜੀ ਧਿਆਨ ਲਗਾਈਆ। ਢੌਲੇ ਗੌਂਦੇ ਗਏ ਸਚੇ ਪ੍ਰਭ ਦੇ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀਆ। ਕੂਕਾਂ ਮਾਰ ਮਾਰ ਗਏ ਸੱਦਦੇ, ਹੋਕੇ ਦੇ ਦੇ ਜਣਾਈਆ। ਅੰਗੀਠੇ ਬਾਲਦੇ ਗਏ ਅੱਗ ਦੇ, ਜਲ ਧਾਰਾ ਵਿਚ ਸਮਾਈਆ। ਪੰਧ ਮੁਕੌਂਦੇ ਗਏ ਮੱਕਿਆ ਵਾਲੇ ਹੱਜ ਦੇ, ਮੰਦਰ ਮਸਜਿਦ ਸ਼ਿਵਦਵਾਲੇ ਮਠ ਖੋਜ ਖੁਜਾਈਆ। ਨੌ ਜੇਠ ਕਹੇ ਪ੍ਰਭ ਦੇ ਮੇਲੇ ਸਮੇਂ ਨਾਲ ਸਬਬ ਦੇ, ਖੋਜਿਆਂ ਹੱਥ ਕਿਸੇ ਨਾ ਆਈਆ। ਜਨ ਭਗਤੋ ਧੰਨਭਾਗ ਨੌ ਜੇਠ ਕਹੇ ਅੱਜ ਦੇ ਜਗ ਦੇ, ਦੀਪਕ ਜੋਤ ਕਰੇ ਰੁਸ਼ਨਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪ੍ਰੇਮ ਪਿਆਰ ਅੰਦਰ ਸਭ ਦੀ ਆਤਮ ਰੰਗ ਦੇ, ਦੂਈ ਦਵੈਤੀ ਦੁਰਮਤ ਮੈਲ ਧੁਆਈਆ। ਜਿਹੜੀ ਵਸਤ ਜੁਗ ਚੌਕੜੀ ਰਹੇ ਮੰਗਦੇ, ਓਹ ਅਨਮੰਗੀ ਝੋਲੀ ਪਾਈਆ। ਇਕੋ ਵਾਰ ਸਾਚਾ ਤੀਰਥ ਇਸ਼ਨਾਨ ਕਰਵਾ ਦਏ ਧੁਰ ਦੀ ਗੰਗ ਦੇ, ਦੂਜੀ ਵਾਰ ਨਹਾਵਣ ਦੀ ਲੋੜ ਰਹੇ ਨਾ ਰਾਈਆ। ਪਰਦੇ ਢਾਹ ਦਏ ਹਉਮੇ ਹੰਗਤਾ ਕੰਧ ਦੇ, ਕੂੜ ਵਿਕਾਰ ਦੇਵੇ ਮਿਟਾਈਆ । ਧੁਰ ਦੇ ਮੇਲੇ ਮਿਲਾ ਲਏ ਗੁਜਰੀ ਦੇ ਚੰਦ ਦੇ, ਚੰਦ ਚਾਂਦਨੇ ਨਾਲ ਰੁਸ਼ਨਾਈਆ। ਸਤਾਰਾਂ ਸੌ ਪੈਂਠ ਬਿਕ੍ਰਮੀ ਨੌ ਜੇਠ ਅੰਤ ਅਖ਼ੀਰੀ ਸਾਲ ਗੋਬਿੰਦ ਗੁਰਮੁਖਾਂ ਪ੍ਰੇਮ ਗਾਨੇ ਬੰਨ੍ਹ ਦਿਤੇ, ਬਿਨਾ ਨੌਵਾਂ ਦੂਸਰ ਸਮਝ ਕਿਸੇ ਨਾ ਪਾਈਆ । ਪਿਆਰ ਨਾਲ ਕਿਹਾ ਤੁਹਾਡੇ ਲੇਖੇ ਲਾਏ ਜੰਗ ਕੀਤੇ, ਅਗੇ ਮਰਨ ਦੀ ਲੋੜ ਰਹੇ ਨਾ ਰਾਈਆ। ਦਇਆ ਸਿੰਘ ਕਿਹਾ
ਪੁਰੀ ਅਨੰਦ ਕਿੱਥੇ, ਕਿਉਂ ਨੰਦੇੜ ਵੱਜੀ ਵਧਾਈਆ। ਦੱਖਣ ਦਿਸ਼ਾ ਆਈ ਹਿੱਸੇ, ਪਟਨਾ ਅੱਖ ਬਦਲਾਈਆ। ਗੋਬਿੰਦ ਕਿਹਾ ਇਹ ਬਚਨ ਤੇਰੇ ਮਿੱਠੇ, ਪੂਰੇ ਕਰ ਵਖਾਈਆ। ਜਿਸ ਵੇਲੇ ਪੁਰਖ ਅਕਾਲ ਦੀਨ ਦਿਆਲ ਅਗੰਮੇ ਲੇਖ ਲਿਖੇ, ਧੁਰ ਦਾ ਹੁਕਮ ਇਕ ਜਣਾਈਆ। ਓਸ ਵੇਲੇ ਮੈਂ ਤੁਹਾਡੇ ਕੱਢਕੇ ਹਿੱਸੇ, ਧੁਰ ਦੇ ਹਿੱਸੇਦਾਰ ਦਿਆਂ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਨੌ ਜੇਠ ਕਹੇ ਮੈਂ ਕਿਉਂ ਆਇਆ ਦੋਆਬੇ, ਦੇਵਣ ਮਾਣ ਵਡਿਆਈਆ। ਜਿਸ ਵੇਲੇ ਨਾਨਕ ਤੇਰਾਂ ਤੇਰਾਂ ਤੋਲਿਆ ਸੀ ਛਾਬੇ, ਛਾਬਾ ਆਪਣੇ ਹੱਥ ਉਠਾਈਆ। ਉਸ ਵੇਲੇ ਇਕ ਮਾਲੀ ਆਇਆ ਜਿਹੜਾ ਰਹਿੰਦਾ ਸੀ ਵਿਚ ਬਾਗ਼ੇ, ਅੰਬ ਨੌ ਝੋਲੀ ਵਿਚ ਪਾਈਆ। ਓਸ ਕਿਹਾ ਇਹ ਭੇਟ ਚੜ੍ਹੌਂਣੇ ਓਸ ਬਾਬੇ, ਜਿਹੜਾ ਭੁੱਖਿਆਂ ਰਿਹਾ ਰਜਾਈਆ। ਪੰਧ ਮੁਕਾ ਕੇ ਆਇਆ ਲਾਗੇ, ਕਰ ਬੰਦਨਾ ਸੀਸ ਨਿਵਾਈਆ। ਪ੍ਰੇਮ ਨਾਲ ਆਪਣੇ ਅੰਬ ਉਲਟਾ ਕੇ ਓਸ ਦੇ ਆਗੇ, ਨੇਤਰ ਨੈਣਾਂ ਨੀਰ ਦਿਤਾ ਵਹਾਈਆ। ਨਾਨਕ ਕਿਹਾ ਦੱਸ ਕਾਕੇ, ਕਿਉਂ ਭੇਟਾ ਰਿਹਾ ਚੜ੍ਹਾਈਆ। ਓਸ ਨੇ ਕਿਹਾ ਮੇਰੇ ਨਿੱਕੇ ਹੁੰਦੇ ਦੇ ਮਰ ਗਏ ਮਾਪੇ, ਪਿਤਾ ਪਿਆਰ ਨਾਲ ਗੋਦ ਨਾ ਕੋਇ ਉਠਾਈਆ । ਮੈਨੂੰ ਕੋਈ ਅੰਦਰ ਵੜ ਕੇ ਆਖੇ, ਇਸ਼ਾਰਿਆਂ ਨਾਲ ਸਮਝਾਈਆ। ਜੇ ਤੇਰੇ ਇਹਦੇ ਨਾਲ ਜੁੜ ਜਾਣ ਨਾਤੇ, ਮਾਤਾ ਪਿਤਾ ਦੀ ਲੋੜ ਰਹੇ ਨਾ ਰਾਈਆ। ਮੈਂ ਇਸੇ ਕਰ ਕੇ ਤੇਰੀ ਚਰਨੀ ਡਿੱਗਾ ਆਪਣਾ ਆਪ ਮਿਟਾ ਕੇ, ਹਭ ਕੁਛ ਤੇਰੀ ਝੋਲੀ ਪਾਈਆ। ਨਾਨਕ ਫੜ ਕੇ ਆਪਣੀ ਗੋਦ ਉਠਾ ਕੇ, ਸਿਰ ਹੱਥ ਦਿਤਾ ਟਿਕਾਈਆ। ਮੈਂ ਤੈਨੂੰ ਸਚ ਜਾਵਾਂ ਸਮਝਾ ਕੇ, ਹੌਲੀ ਜਿਹੀ ਜਣਾਈਆ। ਪੁਰਖ ਅਕਾਲ ਧੁਰ ਦਾ ਹੁਕਮ ਮੈਨੂੰ ਕੁਛ ਆਖੇ, ਬਿਨ ਅੱਖਰਾਂ ਕਰੇ ਪੜ੍ਹਾਈਆ। ਤੇਰਾ ਲਹਿਣਾ ਦੇਣਾ ਕੁਛ ਅਗੇ ਜਾਪੇ ਬਾਕੇ, ਬਾਕੀ ਦੇਵਣਹਾਰ ਬੇਪਰਵਾਹੀਆ। ਓਸ ਨਿਉਂ ਕੇ ਚਰਨ ਲਾਏ ਦੋ ਹਾਥੇ, ਧੂੜੀ ਮਸਤਕ ਨਾਲ ਛੁਹਾਈਆ। ਨਾਨਕ ਕਿਹਾ ਅਗਲਾ ਖੇਲ ਪੁਰਖ ਸਮਰਾਥੇ, ਤੇਰਾ ਵੇਖੇ ਚਾਈਂ ਚਾਈਂਆ। ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰ ਸਾਰੇ ਬਦਲ ਗਏ ਚਾਚੇ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਪਿਤਾ ਪੁਰਖ ਅਕਾਲ ਫੇਰਾ ਪਾਈਆ। ਤੇਰਾ ਲਹਿਣਾ ਦੇਣਾ ਪਿਛਲਾ ਹਿਸਾਬ ਧੁਰ ਦੇ ਖਾਤੇ ਵਿਚੋਂ ਕਾਢੇ, ਲੇਖਾ ਰਹਿਣ ਕੋਇ ਨਾ ਪਾਈਆ। ਪੂਰਬ ਲੇਖਾ ਤੇਰਾ ਵਾਚੇ, ਵਾਚਕ ਹੋ ਕੇ ਖੋਜ ਖੁਜਾਈਆ। ਮਾਲੀ ਕਿਹਾ ਮੈਨੂੰ ਸਮਝ ਨਾ ਆਈ ਬਾਤੇ, ਬਾਤਨ ਭੇਵ ਨਾ ਕੋਇ ਦ੍ਰਿੜਾਈਆ। ਨਾਨਕ ਕਿਹਾ ਤੇਰਾ ਮਾਨਸ ਜਨਮ ਜਨਮ ਵਿਚੋਂ ਹੋਵੇ ਸਾਚੇ, ਸਤਿ ਸਚ ਨਾਲ ਦ੍ਰਿੜਾਈਆ। ਤੇਰਾ ਲਹਿਣਾ ਦੇਣਾ ਜਨਮ ਹੋਵੇ ਵਿਚ ਦੋਆਬੇ, ਨੌ ਜੇਠ ਦਏ ਗਵਾਹੀਆ। ਜਿਸ ਤਰਾ ਤੂੰ ਪ੍ਰੇਮ ਪਿਆਰ ਪਾਇਆ ਵਿਚ ਛਾਬੇ, ਇਹੋ ਪ੍ਰੇਮ ਪਿਆਰ ਤੇਰਾ ਪ੍ਰੇਮੀਆਂ ਨਾਲ ਹੰਢਾਈਆ। ਓਸੇ ਦਾ ਲਹਿਣਾ ਦੇਣਾ ਓਸੇ ਦੇ ਹਾਥੇ, ਜੋ ਦਸਤ ਬਦਸਤ ਰਿਹਾ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਬੇਪਰਵਾਹੀਆ। ਨੌ ਜੇਠ ਕਹੇ ਕਿਰਪਾ ਕਰੇ ਸ੍ਰੀ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਵਿਛੜੀਆਂ ਰੂਹਾਂ ਦਾ ਮਾਲਕ ਬਣ ਕੇ ਕੰਤ, ਆਤਮ ਪਰਮਾਤਮ ਜੋੜ ਜੁੜਾਈਆ। ਧੁਰ ਦਾ ਨਾਮ ਦੇ ਕੇ ਸਾਚਾ ਮੰਤ, ਤੂੰ ਮੇਰਾ ਮੈਂ ਤੇਰਾ ਕਰੇ ਪੜ੍ਹਾਈਆ। ਮਹਿੰਮਾ ਦਰਸਾ ਕੇ ਆਪਣੀ ਅਨੰਤ, ਅਨਨ ਕਲਾ ਰਿਹਾ ਪਰਗਟਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਰਿਹਾ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਬੋਧ ਅਗਾਧ ਕਰੇ ਪੜ੍ਹਾਈਆ। ਹਰਖ਼ ਸੋਗ਼ ਮਿਟਾ ਕੇ ਚਿੰਤ, ਗ਼ਮੀ ਖ਼ੁਸ਼ੀ ਰੰਗ ਚੜ੍ਹਾਈਆ। ਮਾਲੀ ਦਾ ਲਹਿਣਾ
ਲੈਣਾ ਜਸਵੰਤ, ਧੁਰ ਦੀ ਬੇਪਰਵਾਹੀਆ। ਸ਼ਹਿਨਸ਼ਾਹੀ ਦਾ ਸ਼ਹਾਨਾ ਸੰਮਤ, ਹਿੰਮਤ ਸਭ ਦੀ ਰਿਹਾ ਵਧਾਈਆ। ਨੂਰ ਨੂਰਾਨੀ ਦੇ ਕੇ ਚਮਕ, ਅੰਧ ਅਗਿਆਨ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨੌ ਜੇਠ ਕਹੇ ਜੁਗ ਚੌਕੜੀ ਰਿਹਾ ਤਪਦਾ, ਸਾਂਤਕ ਸਤਿ ਰੂਪ ਨਾ ਕੋਇ ਬਣਾਈਆ। ਜਗਤ ਭੰਡਾਰਾ ਵੇਖਦਾ ਰਿਹਾ ਪਪ ਦਾ, ਦੁਰਮਤ ਮੈਲ ਨਾ ਕੋਇ ਧਵਾਈਆ। ਖੇਲ ਵੇਖਦਾ ਰਿਹਾ ਤੀਰਥ ਅਠਸਠ ਦਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਖੋਜ ਖੁਜਾਈਆ । ਜਗਤ ਜਗਿਆਸੂ ਰਸਨਾ ਜਿਹਵਾ ਬੱਤੀ ਦੰਦ ਮਨਕਾ ਮਨਕਾ ਵੇਖਿਆ ਨਾਮ ਰਟਦਾ, ਤਸਬੀ ਹੱਥਾਂ ਵਿਚ ਫਿਰਾਈਆ । ਮਨ ਵਾਸਨਾ ਜਗਤ ਸੰਸਾਰ ਵੇਖਿਆ ਨੱਚਦਾ, ਨੌ ਦਵਾਰੇ ਟੱਪੇ ਕੁੱਦੇ ਚਾਈਂ ਚਾਈਂਆ। ਜਗਤ ਵਿਕਾਰਾ ਪਿਆਲਾ ਵੇਖਿਆ ਕੂੜੇ ਰਸ ਦਾ, ਅੰਮ੍ਰਿਤ ਜਾਮ ਮੁਖ ਨਾ ਕੋਇ ਲਗਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਚਾਰ ਕੁੰਟ ਦਹਿ ਦਿਸ਼ਾ ਵੇਖਿਆ ਨੱਸਦਾ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਨਿਤ ਨਵਿਤ ਝਗੜਾ ਵੇਖਿਆ ਝੂਠ ਸਚ ਦਾ, ਫੈਸਲਾ ਹਕ ਹਕ ਨਾ ਕੋਇ ਕਰਾਈਆ। ਬਚਨ ਬਲਾਸ ਸੁਣਿਆ ਮਾਨਖ ਮਾਨੁਸ਼ ਮਾਨਵ ਮਤਿ ਦਾ, ਬੁੱਧੀ ਬਬੇਕ ਨਾ ਕੋਇ ਜਣਾਈਆ। ਪੜਦਾ ਚੁਕ ਕੇ ਵੇਖਿਆ ਮੰਦਰ ਮਸਜਿਦ ਸ਼ਿਵਦਵਾਲੇ ਮਠ ਦਾ, ਗੁਰੂਦਵਾਰੇ ਖੋਜ ਖੁਜਾਈਆ । ਰਾਹ ਤਕਿਆ ਮੰਜ਼ਲ ਚੜ੍ਹ ਕੇ ਸ਼ਾਹਰਗ ਦਾ, ਸ਼ਹਿਨਸ਼ਾਹ ਮੇਲ ਨਾ ਕੋਇ ਮਿਲਾਈਆ। ਰਾਗ ਨਾਲ ਢੋਲਾ ਗੀਤ ਸੰਗੀਤ ਸੁਣਿਆ ਸ੍ਰਿਸ਼ਟ ਸਬਾਈ ਜਗ ਦਾ, ਧੁਨ ਆਤਮਕ ਰਾਗ ਨਾ ਕੋਇ ਸੁਣਾਈਆ। ਸਤਿ ਧਰਮ ਸ੍ਰਿਸ਼ਟੀ ਅੰਦਰ ਵੇਖਿਆ ਜੀਵ ਜਹਾਨ ਤਜਦਾ, ਕੂੜੀ ਕਿਰਿਆ ਬਾਹਰ ਨਾ ਕੋਇ ਕਢਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਮੈਂ ਵੇਖਾਂ ਭੱਜਦਾ, ਅੱਠੇ ਪਹਿਰ ਵਾਹੋ ਦਾਹੀਆ। ਪੁਰਖ ਅਕਾਲ ਦੀਨ ਦਿਆਲ ਸਮਰਥ ਸਵਾਮੀ ਰਿਹਾ ਲਭਦਾ, ਬ੍ਰਹਿਮੰਡ ਖੰਡ ਪੁਰੀ ਲੋਅ ਗਗਨ ਗਗਨੰਤਰ ਖੋਜ ਖੁਜਾਈਆ। ਬਿਰਹੋਂ ਵਿਛੋੜੇ ਅੰਦਰ ਰਿਹਾ ਦਗਦਾ, ਆਪ ਆਪਣਾ ਰਿਹਾ ਮਿਟਾਈਆ। ਨਵ ਨੌ ਚਾਰ ਪਿਛੋਂ ਸੁਭਾਗਾ ਦਿਹਾੜਾ ਮਿਲਿਆ ਅੱਜ ਦਾ, ਪਤਿਪਰਮੇਸ਼ਵਰ ਦੇਵਣਹਾਰ ਵਡਿਆਈਆ। ਜਿਸ ਦਾ ਸੰਮਤ ਸਮੇਂ ਸਮਾਪਤ ਕਰ ਕੇ ਲਗਦਾ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਜੋਤ ਮਿਲਾਈਆ। ਨਾਤਾ ਤੁੜਾ ਕੇ ਰਕਤ ਬੂੰਦ ਨਾੜੀ ਮਾਸ ਹੱਡ ਦਾ, ਪੰਜ ਤੱਤ ਲਹਿਣਾ ਝੋਲੀ ਪਾਈਆ। ਭੇਵ ਖੁਲ੍ਹਾ ਕੇ ਆਪਣੀ ਅੱਖ ਪਰਤਖ ਦਾ, ਨਿਜ ਨੇਤਰ ਨੈਣ ਲਏ ਮਿਲਾਈਆ। ਢੋਲਾ ਗਾ ਕੇ ਸ਼ਬਦ ਅਗੰਮੀ ਜਸ ਦਾ, ਸ਼ਾਸਤਰ ਸਿਮਰਤ ਵੇਦ ਪੁਰਾਨ ਧੁਰ ਦਾ ਹੁਕਮ ਇਕ ਮਨਾਈਆ। ਰੂਪ ਧਰਾ ਕੇ ਸੂਰੇ ਸਰਬਗ ਦਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਚਾਰ ਵਰਨ ਅਠਾਰਾਂ ਬਰਨ ਖਾਣੀ ਬਾਣੀ ਮਾਰਗ ਧੁਰ ਦਾ ਦੱਸਦਾ, ਆਤਮ ਪਰਮਾਤਮ ਬੋਧ ਅਗਾਧ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਬੇਪਰਵਾਹੀਆ। ਨਵ ਜੇਠ ਕਹੇ ਮੈਂ ਗਾਵਣ ਆਇਆ ਗੀਤ, ਢੋਲਾ ਗਹਿਰ ਗੰਭੀਰ ਸੁਣਾਈਆ। ਮਨਾਵਣ ਆਇਆ ਧੁਰ ਦਾ ਮੀਤ, ਪਤਿਪਰਮੇਸ਼ਵਰ ਬੇਪਰਵਾਹੀਆ। ਚਲਾਵਣ ਆਇਆ ਸਾਚੀ ਰੀਤ, ਸਤਿਜੁਗ ਸਾਚੀ ਧਾਰ ਬੰਧਾਈਆ। ਵਖਾਵਣ ਆਇਆ ਸ਼ਿਵਦਵਾਲਾ ਮਠ ਮੰਦਰ ਮਸੀਤ, ਕਾਇਆ ਕਾਅਬਾ ਹੁਜਰਾ ਹੱਕ਼ ਇਕ ਵਡਿਆਈਆ। ਭੇਵ ਚੁਕਾਵਣ ਆਇਆ ਊਚ ਨੀਚ, ਰਾਓ ਰੰਕ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਬਹਾਈਆ। ਦੱਸਣ ਆਇਆ ਧੁਰ ਦਾ ਕਲਮਾ ਸਚ ਹਦੀਸ, ਕਲਮਾ ਨਗ਼ਮਾ ਕਾਇਨਾਤ ਪੜ੍ਹਾਈਆ।
ਧਾਮ ਵਖਾਵਣ ਆਇਆ ਅਗੰਮ ਅਥਾਹ ਅਨਡੀਠ, ਜ਼ਿਮੀਂ ਅਸਮਾਨਾਂ ਸਮਝ ਕੋਇ ਨਾ ਪਾਈਆ। ਸੁਣਾਵਣ ਆਇਆ ਢੋਲਾ ਧੁਰ ਦਾ ਇਕੋ ਗੀਤ, ਤੂੰ ਮੇਰਾ ਮੈਂ ਤੇਰਾ ਦੂਜਾ ਰੂਪ ਨਾ ਕੋਇ ਦਰਸਾਈਆ। ਜਨ ਭਗਤਾਂ ਭਗਵਾਨ ਵਸਾਵਣ ਆਇਆ ਚੀਤ, ਮਨ ਠਗੌਰੀ ਰਹਿਣ ਕੋਇ ਨਾ ਪਾਈਆ। ਸਚ ਦਵਾਰੇ ਸ਼ਬਦੀ ਕਰਨ ਆਇਆ ਤਸਦੀਕ਼, ਸ਼ਹਾਦਤ ਆਪਣੇ ਆਪ ਭੁਗਤਾਈਆ। ਦੱਸਣ ਆਇਆ ਗੁਰਮੁਖੋ ਤੁਸੀਂ ਉਸ ਘਰ ਦੇ ਵਸਨੀਕ, ਜਿਸ ਗ੍ਰਹਿ ਇਕੋ ਦੀਆ ਬਾਤੀ ਨਿਰਗੁਣ ਜੋਤ ਕਰੇ ਰੁਸ਼ਨਾਈਆ । ਸੁਣਾਵਣ ਆਇਆ ਸਚ ਨਸੀਹਤ, ਕੂੜ ਕੁੜਿਆਰਾ ਨਾਤਾ ਦੇਣਾ ਤੁੜਾਈਆ। ਬੁਝਾਵਣ ਆਇਆ ਹਕ ਅਸਲੀਅਤ, ਅਸਲ ਵਸਲ ਇਕੋ ਇਕ ਸਮਝਾਈਆ। ਬਦਲਾਵਣ ਆਇਆ ਜਨ ਭਗਤਾਂ ਅੰਦਰ ਤਬੀਅਤ, ਮਾਇਆ ਮਮਤਾ ਰਫ਼ਾ ਦੇਵਾਂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਪਤਿਪਰਮੇਸ਼ਵਰ ਇਕੋ ਓਟ ਰਖਾਈਆ। ਨਵ ਜੇਠ ਕਹੇ ਮੈਂ ਦੇਵਣ ਆਇਆ ਸਚ ਸੰਦੇਸ਼ਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦੀ ਨਾਦ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਸਚ ਨਰੇਸ਼ਾ, ਨਰ ਨਰਾਇਣ ਵੇਖਣਹਾਰਾ ਇਕੋ ਨੈਣ ਦੂਜੀ ਅੱਖ ਨਾ ਕੋਇ ਖੁਲ੍ਹਾਈਆ। ਉਧਾਰਨਹਾਰ ਰੂਪ ਅਨੂਪ ਕਰ ਵੇਸਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਧਾਰ ਬੰਧਾਈਆ । ਭਗਤ ਉਧਾਰਨ ਜਿਸ ਦਾ ਪੇਸ਼ਾ, ਪੇਸ਼ਤਰ ਪੇਸ਼ੀਨਗੋਈ ਆਪਣੀ ਦਏ ਸਮਝਾਈਆ। ਗੁਰਮੁਖਾਂ ਕਰੇ ਸਾਚਾ ਹੇਤਾ, ਸੰਤ ਸੁਹੇਲੇ ਸਾਚੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸ਼ਰਨਾਈਆ। ਨਵ ਜੇਠ ਕਹੇ ਮੈਂ ਆਇਆ ਲੋਕਮਾਤ, ਸੰਮਤ ਸ਼ਹਿਨਸ਼ਾਹੀ ਮਿਲੀ ਵਡਿਆਈਆ। ਜਨ ਭਗਤਾਂ ਮੇਟ ਜਾਵਾਂ ਅੰਧੇਰੀ ਰਾਤ, ਨਿਰਗੁਣ ਨੂਰੀ ਚੰਦ ਚਮਕਾਈਆ। ਆਤਮ ਸੇਜਾ ਸੁਹਾ ਕੇ ਜਾਵਾਂ ਖਾਟ, ਸਚ ਸਿੰਘਾਸਣ ਸੋਭਾ ਪਾਈਆ। ਧੁਰ ਦਾ ਢੋਲਾ ਦ੍ਰਿੜਾ ਕੇ ਜਾਵਾਂ ਗਾਥ, ਸਚ ਸੰਦੇਸ਼ਾ ਇਕ ਸੁਣਾਈਆ। ਮਸਤਕ ਥੇਵਾ ਲਾ ਕੇ ਜਾਵਾਂ ਮਾਥ, ਜੋਤ ਲਲਾਟੀ ਨੂਰ ਰੁਸ਼ਨਾਈਆ। ਨਾਮ ਜਣਾ ਕੇ ਜਾਵਾਂ ਅਕਥਨਾ ਅਕਾਥ, ਰਸਨਾ ਜਿਹਵਾ ਕਥ ਨਾ ਸਕੇ ਰਾਈਆ। ਮੰਜ਼ਲ ਚੜ੍ਹਾ ਕੇ ਜਾਵਾਂ ਸਾਚੇ ਘਾਟ, ਨਵ ਦੁਵਾਰੇ ਪਾਰ ਕਰਾਈਆ। ਈੜਾ ਪਿੰਗਲ ਸੁਖਮਨ ਟੇਡੀ ਰਹੇ ਕੋਇ ਨਾ ਵਾਟ, ਪੰਚ ਵਿਕਾਰਾ ਲੇਖਾ ਦੇਵਾਂ ਮੁਕਾਈਆ। ਅੰਮ੍ਰਿਤ ਬੂੰਦ ਪਿਆਵਾਂ ਸਵਾਂਤ, ਨਿਝਰ ਝਿਰਨਾ ਇਕ ਝਿਰਾਈਆ। ਸ਼ਬਦ ਅਗੰਮੀ ਸੁਣਾਵਾਂ ਨਾਦ, ਅਨਹਦ ਨਾਦੀ ਨਾਦ ਵਜਾਈਆ। ਨੇਤਰ ਲੋਚਣ ਨੈਣ ਖੋਲ੍ਹ ਕੇ ਅੱਖ, ਆਲਸ ਨਿੰਦਰਾ ਦਿਆਂ ਮਿਟਾਈਆ। ਸਵੱਛ ਸਰੂਪ ਹੋ ਪਰਤਖ, ਸਨਮੁਖ ਬਹਿ ਬਹਿ ਖ਼ੁਸ਼ੀ ਮਨਾਈਆ। ਜਿਸ ਆਤਮ ਨੂੰ ਜਗਤ ਨੇਤਰ ਨਾ ਸਕਿਆ ਲਭ, ਪਰਮਾਤਮ ਹੋ ਕੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਨਵ ਜੇਠ ਕਹੇ ਮੇਰੀ ਆਈ ਵਾਰੀ, ਨਵ ਨੌ ਚਾਰ ਵੇਲਾ ਗਿਆ ਵਿਹਾਈਆ। ਭਗਤ ਸੁਹੇਲਾ ਬਣ ਕੇ ਏਕੰਕਾਰੀ, ਅਕਲ ਕਲ ਧਾਰੀ ਦਿਆਂ ਵਖਾਈਆ। ਜਿਸ ਦੀ ਟੁੱਟੇ ਕਦੇ ਨਾ ਯਾਰੀ, ਅਧਵਿਚਕਾਰ ਨਾ ਕੋਇ ਤੁੜਾਈਆ। ਜਿਸ ਦਾ ਨਾਮ ਸ਼ਬਦ ਖ਼ੁਮਾਰੀ, ਪਿਆਲਾ ਅੰਮ੍ਰਿਤ ਜਾਮ ਪਿਆਈਆ। ਜਿਸ ਦਾ ਨੂਰ ਨੁਰਾਨਾ ਇਕੋ ਇਕ ਉਜਿਆਰੀ, ਉਜਾਲਾ ਕਰੇ ਸਰਬ ਲੋਕਾਈਆ। ਜਿਸ ਦਾ ਖੇਲ ਦੋ ਜਹਾਨਾਂ ਆਰ ਪਾਰੀ, ਪਤਿਪਰਮੇਸ਼ਵਰ ਆਪਣਾ ਰੂਪ ਵਟਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਬਣਿਆ ਰਹੇ ਖਿਲਾੜੀ, ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਵਿਚ ਭਵਾਈਆ। ਜਿਸ
ਦਾ ਰੂਪ ਰੰਗ ਰੇਖ ਕੋਈ ਸਮਝ ਨਾ ਸਕੇ ਮੁੱਛ ਦਾੜ੍ਹੀ, ਕੇਸਾਧਾਰੀ ਨਾ ਮੂੰਡ ਮੁੰਡਾਈਆ। ਜਿਸ ਦਾ ਨੂਰ ਜ਼ਹੂਰ ਸ਼ਬੋਰੋਜ਼ ਨਾ ਸਕੇ ਕੋਇ ਵਿਚਾਰੀ, ਘੜੀ ਪਲ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਸਮਝਾਈਆ। ਨਵ ਜੇਠ ਕਹੇ ਮੇਰਾ ਮੇਲਾ ਧੁਰ ਦਰਬਾਰ, ਧੁਰ ਦਰਬਾਰੀ ਦਿਆਂ ਮਿਲਾਈਆ। ਜਨ ਭਗਤਾਂ ਕਰ ਕੇ ਖ਼ਬਰਦਾਰ, ਧੁਰ ਦਾ ਹੁਕਮ ਇਕ ਸੁਣਾਈਆ। ਉਠੋ ਵੇਖੋ ਨੇਤਰ ਖੋਲ੍ਹ ਕਰੋ ਦੀਦਾਰ, ਦੀਦਾ ਦਾਨਿਸਤਾ ਬੈਠਾ ਵੇਸ ਵਟਾਈਆ। ਜਿਹੜਾ ਵੇਖਣ ਆਇਆ ਗੁਲਸ਼ਨ ਸਚ ਦਰਬਾਰ, ਚਾਰੋਂ ਕੁੰਟ ਫੇਰਾ ਪਾਈਆ। ਕ਼ੁਦਰਤ ਦਾ ਕ਼ਾਦਰ ਕਰਨੀ ਦਾ ਕਰਤਾਰ, ਹੁਕਮੇ ਅੰਦਰ ਹੁਕਮ ਮਨਾਈਆ। ਦੀਨਾ ਨਾਥਾਂ ਦੁਖੀਆਂ ਦਰਦ ਸੁਣੇ ਪੁਕਾਰ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਜੁਗ ਚੌਕੜੀ ਜਿਸ ਨੂੰ ਸਜਦੇ ਕਰਦੇ ਗਏ ਗੁਰ ਅਵਤਾਰ, ਪੈਗ਼ੰਬਰ ਹੋ ਕੇ ਸੀਸ ਨਿਵਾਈਆ। ਸੋ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਜਨ ਭਗਤਾਂ ਕਰਨ ਆਇਆ ਪਿਆਰ, ਪ੍ਰੀਤਮ ਹੋ ਕੇ ਆਪਣਾ ਮੇਲ ਮਿਲਾਈਆ। ਆਤਮ ਪਰਮਾਤਮ ਜੁਗ ਜਨਮ ਦੀ ਵਿਛੜੀ ਟੁੱਟੀ ਗੰਢੇ ਵਿਚ ਸੰਸਾਰ, ਜਗਤ ਵਿਛੋੜਾ ਰਹਿਣ ਨਾ ਪਾਈਆ। ਬਿਨ ਭਗਤੀ ਸ਼ਕਤੀ ਲਏ ਉਦਾਰ, ਪ੍ਰਤੀਨਿਧ ਹੋ ਕੇ ਆਪਣੀ ਦਇਆ ਕਮਾਈਆ। ਜਿਸ ਦੀ ਬਰਸੀ ਦਾ ਚੜ੍ਹਿਆ ਸੰਮਤ ਪਹਿਲਾ ਸਾਲ, ਦੋ ਜਹਾਨਾਂ ਬਣ ਦਲਾਲ, ਕਾਲ ਮਹਾਕਾਲ ਆਪਣਾ ਹੁਕਮ ਵਰਤਾਈਆ। ਭਗਤ ਦਵਾਰ ਸੁਹਾ ਕੇ ਸਚੀ ਧਰਮਸਾਲ, ਅੰਦਰ ਬਾਹਰ ਗੁਪਤ ਜ਼ਾਹਰ ਚਲੇ ਨਾਲ, ਅਗਲਾ ਪਿਛਲਾ ਪੰਧ ਮੁਕਾਈਆ। ਜਿਸ ਦਾ ਲਹਿਣਾ ਦੇਣਾ ਲੇਖਾ ਨਾਲ ਰਵਾਲ, ਟਿੱਲੇ ਪਰਬਤ ਚੋਟੀ ਕਰੇ ਭਾਲ, ਸਮੁੰਦ ਸਾਗਰ ਡੂੰਘੀ ਖਾਈ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚਾ ਵਰ, ਸਾਹਿਬ ਸਵਾਮੀ ਬੇਪਰਵਾਹੀਆ। ਨਵ ਜੇਠ ਕਹੇ ਦਿਵਸ ਵਡਭਾਗ, ਘੜੀ ਪਲ ਭਿੰਨੜੀ ਰੈਣ ਖ਼ੁਸ਼ੀ ਮਨਾਈਆ। ਪੁਰਖ ਅਕਾਲ ਦੀਪਕ ਜੋਤ ਜਗੇ ਚਰਾਗ਼, ਤੇਲ ਬਾਤੀ ਲੋੜ ਰਹੇ ਨਾ ਰਾਈਆ। ਕਲਜੁਗ ਅੰਦਰ ਸਤਿਜੁਗ ਬਦਲ ਦੇਵੇ ਸਮਾਜ, ਚਾਰ ਵਰਨ ਅਠਾਰਾਂ ਬਰਨ ਸਮਝ ਦਏ ਸਮਝਾਈਆ । ਮੂਰਖ ਮੁਗਧ ਬਾਲ ਅੰਞਾਣ ਹੰਸ ਬਣਾਏ ਫੜ ਕਾਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਆਤਮ ਅੰਤਰ ਪਰਮਾਤਮ ਹੋ ਕੇ ਦੇਵੇ ਵੈਰਾਗ, ਸੋਈ ਸੁਰਤੀ ਲਏ ਉਠਾਈਆ। ਦੁਰਮਤ ਮੈਲ ਜਰਮ ਕਰਮ ਦਾ ਧੋਵੇ ਦਾਗ਼, ਪਤਿਤ ਪਵਿਤ ਪੁਨੀਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਗ੍ਰਹਿ ਮੰਦਰ ਖੋਜ ਖੁਜਾਈਆ। ਨਵ ਜੇਠ ਕਹੇ ਮੇਰਾ ਭਾਗ ਮਥਨ, ਮਥਰਾ ਗੋਕਲ ਕਾਹਨ ਨਿਉਂ ਕੇ ਪਏ ਸਰਨਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਧੰਨ ਧੰਨ, ਸਚਖੰਡ ਦਵਾਰੇ ਵਜੀ ਹਕ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ ਗਿਆ ਮੰਨ, ਮਨਸਾ ਆਪਣੀ ਨਾ ਕੋਇ ਬਣਾਈਆ। ਸਾਧ ਸੰਤ ਭਗਤ ਭਗਵਾਨ ਇਕੋ ਰਾਗ ਸੁਣਨ ਕੰਨ, ਦੂਜਾ ਨਾਦ ਨਾ ਕੋਇ ਵਜਾਈਆ। ਨਿਰਗੁਣ ਨੂਰੀ ਜੋਤ ਸਤਿ ਪਰਕਾਸ਼ ਚੜ੍ਹੇ ਚੰਨ, ਕਲਜੁਗ ਅੰਧ ਅੰਧਿਆਰ ਦਏ ਮਿਟਾਈਆ। ਭਗਤ ਸੁਹੇਲਾ ਇਕ ਅਕੇਲਾ ਹਰਖ਼ ਸੋਗ਼ ਗ਼ਮੀ ਰਹਿਣ ਨਾ ਦੇਵੇ ਗ਼ਮ, ਕਾਇਆ ਮਾਟੀ ਚੰਮ ਦਏ ਸੁਹਾਈਆ। ਚਾਰ ਕੁੰਟ ਦਹਿ ਦਿਸ਼ਾ ਉਠ ਨਾ ਦੌੜੇ ਮਨ, ਪੰਖੀ ਵਾਂਗ ਉਡੇ ਨਾ ਵਾਹੋ ਦਾਹੀਆ । ਕੂੜੀ ਕਿਰਿਆ ਮਾਇਆ ਮਮਤਾ ਲੋਭ ਹੰਕਾਰ ਰਹੇ ਨਾ ਧਨ, ਹੰਗਤਾ ਰੋਗ ਦਏ ਗੁਆਈਆ। ਸੰਤ ਸੁਹੇਲਾ ਗੁਰ ਚੇਲਾ ਬਣਾ ਕੇ ਆਪਣਾ ਚੰਨ, ਜਨ ਜਣੇਂਦੀ
ਵੇਖ ਵਖਾਈਆ। ਭਾਗ ਲਗਾ ਕੇ ਕਾਇਆ ਮਾਟੀ ਪੰਜ ਤਤ ਸਾਚੇ ਤਨ, ਤੱਤਵ ਆਪਣਾ ਦਏ ਬੁਝਾਈਆ। ਭੇਵ ਖੁਲ੍ਹਾਏ ਬ੍ਰਹਮ ਹੰ, ਹੰ ਬ੍ਰਹਮ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਨਵ ਜੇਠ ਕਹੇ ਜਨ ਭਗਤੋ ਸਿਮਰੋ ਇਕ ਭਗਵਾਨ, ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦਾ ਜਸ ਰਹੇ ਗਾਈਆ । ਜਿਸ ਦਾ ਝੁਲਦਾ ਰਹੇ ਨਿਸ਼ਾਨ, ਸਚਖੰਡ ਦਵਾਰੇ ਸੋਭਾ ਪਾਈਆ। ਜਿਸ ਦਾ ਸੁੱਤ ਦੁਲਾਰਾ ਨੌਜਵਾਨ, ਥਿਰ ਘਰ ਬੈਠਾ ਡੇਰਾ ਲਾਈਆ। ਜਿਸ ਦਾ ਰਾਗ ਨਾਦ ਆਦਿ ਜੁਗਾਦਿ ਜਗਤ ਮਹਾਨ, ਸਿਫ਼ਤਾਂ ਵਿਚ ਸਿਫ਼ਤ ਨਾ ਕੋਇ ਅਲਾਈਆ। ਜੋ ਇਥੇ ਉਥੇ ਨਿਰਗੁਣ ਸਰਗੁਣ ਹੋਵੇ ਮਹਾਨ, ਹੁਕਮਰਾਨ ਹੁਕਮ ਸਕੇ ਨਾ ਕੋਇ ਜਣਾਈਆ । ਜਿਸ ਦਾ ਸਿਮਰਨ ਪੂਜਾ ਪਾਠ ਯੋਗ ਅਭਿਆਸ ਰਸਨਾ ਜਿਹਵਾ ਕਰਨ ਵਖਿਆਨ, ਕਲਮਿਆਂ ਨਾਲ ਪੜ੍ਹਾਈਆ। ਜਿਸ ਨੂੰ ਹਿੰਦੂ ਸਿੱਖ ਈਸਾਈ ਮੰਨਦੇ ਮੁਸਲਮਾਨ, ਮੁਖ ਆਪਣੇ ਨਾਮ ਧਿਆਈਆ। ਸੋ ਖ਼ਾਲਕ ਪ੍ਰਿਤਪਾਲਕ ਅਬਿਨਾਸ਼ੀ ਕਰਤਾ ਖੇਲ ਕਰੇ ਮਹਾਨ, ਜਹਾਲਤ ਕੂੜੀ ਦਏ ਗਵਾਈਆ। ਭਗਤ ਸੁਹੇਲੇ ਵੇਖੇ ਆਣ, ਬੇਈਮਾਨ ਜਗਤ ਤਜਾਈਆ। ਸਚ ਪ੍ਰੀਤੀ ਦੇ ਕੇ ਦਾਨ, ਅੰਤਰ ਨੀਤੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਨਵ ਜੇਠ ਕਹੇ ਜਨ ਭਗਤਾਂ ਮੰਨਣਾ ਇਕ ਭਗਵਾਨ, ਦੂਜਾ ਇਸ਼ਟ ਨਾ ਕੋਇ ਜਣਾਈਆ। ਜਿਸ ਰਾਮ ਵਿਚੋਂ ਉਪਜਿਆ ਰਾਮ, ਦਸਰਥ ਬੇਟਾ ਹੋ ਕੇ ਰਾਮ ਗਿਆ ਅਖਵਾਈਆ । ਜਿਸ ਕਾਹਨ ਵਿਚੋਂ ਆਇਆ ਕਾਹਨ, ਗੋਕਲ ਰਾਸ ਗੋਪੀਆਂ ਵਾਲੀ ਪਾਈਆ। ਸੋ ਖੇਲ ਕਰੇ ਵਡ ਵੱਡਾ ਵਡ ਮਹਾਨ, ਚਾਰ ਕੁੰਟ ਨਾ ਕੋਇ ਸਮਝਾਈਆ। ਜਨ ਭਗਤਾਂ ਦੇ ਕੇ ਧੁਰ ਦਾ ਦਾਨ, ਮਸਤਕ ਟਿੱਕਾ ਨਾਮ ਲਗਾਈਆ। ਸੰਤ ਸੁਹੇਲਾ ਹੋ ਕੇ ਸਿੱਧਾ ਮਿਲਿਆ ਆਣ, ਅਧਵਿਚਕਾਰ ਨਾ ਕੋਇ ਅਟਕਾਈਆ। ਮਿਹਰ ਨਜ਼ਰ ਨਜ਼ਰੀਆ ਨਾਲ ਕਰੇ ਕਲਿਆਨ, ਕਲਮਾ ਜਗਤ ਨਾ ਕੋਇ ਪੜ੍ਹਾਈਆ। ਨੇਤਰ ਲੋਚਨ ਨੈਣ ਦਰਸ਼ਨ ਦੇ ਕੇ ਝੂਲਾ ਦਾਨ, ਖ਼ਾਲੀ ਝੋਲੀ ਦਏ ਭਰਾਈਆ। ਅਗੇ ਦਾ ਮਾਰਗ ਕਰ ਆਸਾਨ, ਮੁਸ਼ਕਲ ਪਿਛਲੀ ਦੂਰ ਵਖਾਈਆ। ਗੁਰਮੁਖ ਬਾਲੇ ਨੱਢੇ ਉਠਾਏ ਨਾਦਾਨ, ਬਾਲੀ ਬੁਧਿ ਦਏ ਵਡਿਆਈਆ। ਆਤਮ ਅੰਤਰ ਸਾਚੀ ਸੇਜਾ ਸਭ ਨੇ ਕਰਨਾ ਆਰਾਮ, ਐਸ਼ੋ ਇਸ਼ਰਤ ਹੰਕਾਰ ਵਿਕਾਰ ਕੂੜ ਕੁੜਿਆਰ ਜਗਤ ਲੋਕਾਈਆ। ਮਿਹਰਵਾਨ ਹੋ ਕੇ ਅੰਦਰੋਂ ਬਦਲ ਦੇਵੇ ਨਜ਼ਾਮ, ਨੌਬਤ ਆਪਣਾ ਨਾਮ ਵਜਾਈਆ। ਰਾਤੀ ਸੁੱਤਿਆਂ ਦਿਨੇ ਜਾਗਦਿਆਂ ਸ਼ਬਦ ਸਰੂਪੀ ਹੁੰਦਾ ਰਹੇ ਪੈਗ਼ਾਮ, ਰਾਗੀ ਨਾਦੀ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲਏ ਮਿਲਾਈਆ। ਨਵ ਜੇਠ ਕਹੇ ਕੂੜ ਕੁੜਿਆਰਾ ਰਹਿਣ ਨਾ ਪਾਏ ਪਾਪ, ਪਾਕੀ ਪਾਕ ਦਏ ਵਖਾਈਆ। ਅੰਤਰ ਅੰਤਰ ਬੁਝਾਏ ਆਪਣਾ ਆਪ, ਦੂਈ ਦਵੈਤੀ ਡੇਰਾ ਢਾਹੀਆ। ਚਿੰਤਾ ਰੋਗ ਮਿਟਾਏ ਸੰਤਾਪ, ਸੰਸੇ ਦਏ ਗਵਾਈਆ। ਸਿਮਰਨ ਯੋਗ ਅਭਿਆਸ ਲੇਖੇ ਲਾਏ ਪੂਜਾ ਪਾਠ, ਹੁਕਮ ਆਪਣਾ ਦਏ ਦ੍ਰਿੜਾਈਆ। ਜਨਮ ਜਨਮ ਦਾ ਕਰਮ ਕਰਮ ਦਾ ਲਹਿਣਾ ਦੇਣਾ ਝੋਲੀ ਪਾ ਕੇ ਘਾਟ, ਘਾਟਾ ਪਿਛਲਾ ਦਏ ਮੁਕਾਈਆ। ਅਗੇ ਦੂਰ ਦੁਰਾਡੀ ਨੇਰਨ ਨੇਰ ਦੱਸੇ ਵਾਟ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਨਵ ਜੇਠ ਕਹੇ ਨੌ ਸੌ ਚੁਰਾਨਵੇ ਜੁਗ ਚੌਕੜੀ ਪਿਛੋਂ ਮੈਨੂੰ ਭਗਤਾਂ ਨਾਲ ਮਿਲ ਕੇ ਮਿਲੀ ਇਹ ਰਾਤ, ਭਿੰਨੀ ਰੈਨੜੀ ਆਪਣਾ ਰੰਗ ਵਖਾਈਆ। ਜਿਸ ਦਾ ਲੇਖਾ ਕਿਸੇ ਨਾ ਲਿਖਿਆ ਕ਼ਲਮ ਦਵਾਤ, ਸ਼ਾਹੀ ਵੰਡ ਨਾ ਕੋਇ ਵੰਡਾਈਆ । ਸੋ ਪੁਰਖ ਅਕਾਲਾ ਦੀਨ
ਦਿਆਲਾ ਦੇਵਣਹਾਰਾ ਧੁਰ ਦੀ ਦਾਤ, ਦੌਲਤ ਆਪਣਾ ਨਾਮ ਝੋਲੀ ਪਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਨਾਰ ਬਣੇ ਨਾ ਕੋਇ ਕਮਜ਼ਾਤ, ਦੁਹਾਗਣ ਹੋ ਨਾ ਕੰਤ ਦੇਵੇ ਤਜਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਿਜ ਗ੍ਰਹਿ ਬੈਠਾ ਰਹੇ ਸਾਥ, ਸਗਲਾ ਸੰਗੀ ਲਾਏ ਅੰਗੀ ਅੰਗੀਕਾਰ ਇਕ ਹੋ ਜਾਈਆ । ਨਵ ਜੇਠ ਕਹੇ ਜਿਸ ਗੁਰਮੁਖ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਈ ਗਾਥ, ਉਸ ਦਾ ਪਿਛਲਾ ਲਹਿਣਾ ਦੇਣਾ ਚੁਕਣਾ ਮਸਤਕ ਮਾਥ, ਪੂਰਬ ਜਨਮ ਦਾ ਲੇਖੇ ਲਗਿਆ ਪੂਜਾ ਪਾਠ, ਮੰਜ਼ਲ ਪੌੜੇ ਚੜ੍ਹੇ ਘਾਟ, ਅਗਲੀ ਮੁਕੇ ਵਾਟ, ਮਿਲੇ ਪੁਰਖ ਅਬਿਨਾਸ਼, ਚਰਨਾਂ ਹੇਠ ਦਬ ਦਏ ਪ੍ਰਿਥਵੀ ਆਕਾਸ਼, ਵਿਸ਼ਨ ਬ੍ਰਹਮਾ ਸ਼ਿਵ ਤੋਂ ਉਤੇ ਰਖੇ ਵਾਸ, ਜਿਥੇ ਨਿਰਮਲ ਨੂਰ ਜੋਤ ਪਰਕਾਸ਼, ਸਵਾਮੀ ਅੰਤਰਜਾਮੀ ਬਹਿ ਬਹਿ ਆਪਣੀ ਖ਼ੁਸ਼ੀ ਮਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਨ੍ਹਾਂ ਨੂੰ ਦੇ ਕੇ ਜਾਵੇ ਦਾਤ, ਮਿਲਦਾ ਰਹੇ ਇਕ ਇਕਾਂਤ, ਤਾਕੀ ਖੋਲ੍ਹ ਕੇ ਮਾਰਦਾ ਰਹੇ ਝਾਤ, ਸ਼ਬਦ ਸ਼ਬਦੀ ਦੱਸਦਾ ਰਹੇ ਬਾਤ, ਪਤਿਪਰਮੇਸ਼ਵਰ ਹੋ ਕੇ ਦਇਆ ਕਮਾਈਆ । ਨਵ ਜੇਠ ਕਹੇ ਮੈਂ ਭਗਤਾਂ ਪਾਵਣ ਆਇਆ ਗੰਢ, ਧੁਰ ਦੀ ਡੋਰੀ ਤੰਦ ਬੰਧਾਈਆ। ਗਰਮੀ ਵਿਚ ਵਰਤਾਵਣ ਆਇਆ ਠੰਡ, ਅਗਨੀ ਤੱਤ ਬੁਝਾਈਆ। ਸੁਨਾਵਣ ਆਇਆ ਛੰਦ, ਸੋਹੰ ਢੋਲਾ ਸ਼ਹਿਨਸ਼ਾਹੀਆ। ਚੜ੍ਹਾਵਣ ਆਇਆ ਰੰਗ, ਦੁਰਮਤ ਮੈਲ ਧਵਾਈਆ। ਸੁਹਾਵਣ ਆਇਆ ਪਲੰਘ, ਆਤਮ ਸੇਜਾ ਵੱਜੇ ਵਧਾਈਆ। ਗੁਰਮੁਖਾਂ ਪਿਆਰਿਆਂ ਦੇਵਣ ਆਇਆ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਨੂੰ ਗਾ ਨਾ ਸਕਣ ਬੱਤੀ ਦੰਦ, ਤੀਸ ਬਤੀਸ ਹਦੀਸ ਰਿਹਾ ਸੁਣਾਈਆ। ਲੇਖਾ ਮੁਕਾ ਕੇ ਜੇਰਜ ਅੰਡ, ਉਤਭੁਜ ਸੇਤਜ ਨਾਤਾ ਰਿਹਾ ਤੁੜਾਈਆ। ਦੇ ਕੇ ਵਡਿਆਈ ਵਿਚ ਵਰਭੰਡ, ਬ੍ਰਹਿਮੰਡ ਪਾਰ ਲੰਘਾਈਆ। ਗੁਰਮੁਖਾਂ ਅੰਮ੍ਰਿਤ ਧਾਰ ਵਹਾ ਕੇ ਗੰਗ, ਰਸ ਜਾਮ ਇਕੋ ਨਾਮ ਪਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਸਾ ਮਨਸਾ ਪੂਰੀ ਕਰੇ ਮੰਗ, ਮਾਂਗਤ ਸੁਆਲੀ ਦਰ ਤੇ ਰਹਿਣ ਕੋਇ ਨਾ ਪਾਈਆ।
੧੦ ਜੇਠ ਸ਼ਹਿਨਸ਼ਾਹੀ ਸੰਮਤ ੧ ਬੀਬੀ ਤੇਜ ਕੌਰ ਰੁੜਕਾ ਜ਼ਿਲਾ ਜਲੰਧਰ
(ਕਰਤਾਰ ਪੁਰ ਦੁਆਬਾ ਸੰਗਤ ਦੇ ਨਵਿਤ)
ਚਾਦਰ ਕਹੇ ਮੈਨੂੰ ਮੂਲ ਨਾ ਸਮਝਣਾ ਖੱਦਰ, ਖ਼ਤਰੇ ਸਾਰੇ ਦਿਆਂ ਮਿਟਾਈਆ। ਤ੍ਰੇਤੇ ਜੁਗ ਦੀ ਤੇਰੀ ਪਿਆਰੀ ਭੈਣ ਜਿਸ ਦੀ ਇਹ ਸਧਰ, ਆਸਾਂ ਨਾਲ ਜੋੜ ਜੁੜਾਈਆ। ਇਕ ਇਕ ਧਾਗੇ ਦੀ ਕਰ ਕੇ ਕ਼ਦਰ, ਕ਼ੁਦਰਤ ਦਾ ਮਾਲਕ ਲੇਖੇ ਲਾਈਆ। ਮਨ ਵਿਕਾਰ ਕਰ ਕੇ ਪੱਧਰ, ਅੰਦਰੋਂ ਬਾਹਰੋਂ ਕਰੇ ਸਫ਼ਾਈਆ। ਕੂੜੀ ਕਿਰਿਆ ਕਰੇ ਨਾ ਗਦਰ, ਦੁਖ ਦਰਦ ਦਏ ਮਿਟਾਈਆ। ਸਚ ਸਵਾਮੀ ਕਰਨ ਆਇਆ ਧੁਰ ਦਾ ਅਦਲ, ਇਨਸਾਫ਼ ਆਪਣੇ ਹੱਥ ਰਖਾਈਆ। ਕੀ ਹੋਇਆ ਜੇ ਜਾਮਾ ਪਾ ਕੇ ਦੂਰ ਦੂਰ ਲਗੇ ਵਸਣ, ਪਿਛਲੇ ਲਹਿਣੇ ਝੋਲੀ ਰਿਹਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਚਾਦਰ ਕਹੇ ਮੈਨੂੰ ਕੋਇ ਨਾ ਸਮਝਿਓ ਕੱਚਾ ਤੰਦ, ਗੋਹੜਾ ਪੂਣੀ ਨਜ਼ਰ ਕੋਇ ਨਾ ਆਈਆ। ਮੇਰਾ ਅੰਦਰੋਂ ਤੱਕੋ ਬੰਦ ਬੰਦ, ਤਾਣਾ ਪੇਟਾ ਖ਼ੁਸ਼ੀ ਮਨਾਈਆ। ਜਿਹੜੀ ਸਾਹਿਬ ਸਤਿਗੁਰ ਦੇ ਲਗ ਕੇ ਅੰਗ,
ਅੰਗਣ ਧੁਰ ਦਾ ਰਹੀ ਸੁਹਾਈਆ। ਤ੍ਰੇਤੇ ਜੁਗ ਦਾ ਕੱਟਕੇ ਪੰਧ, ਕਲਜੁਗ ਅੰਤਮ ਪੰਧ ਰਹੀ ਮੁਕਾਈਆ। ਮੇਰੇ ਅੰਦਰ ਉਹ ਅਨੰਦ, ਜਿਹੜਾ ਦੁਸ਼ਾਲਿਆਂ ਵਿਚੋਂ ਹੱਥ ਕੋਇ ਨਾ ਆਈਆ। ਇਹਦੇ ਵਿਚੋਂ ਵੀ ਨਜ਼ਰੀ ਆਵੇ ਗੁਜਰੀ ਚੰਦ, ਜਿਸ ਦਾ ਨੂਰ ਜ਼ਹੂਰ ਕਰੇ ਰੁਸ਼ਨਾਈਆ। ਮੇਰਾ ਓਢਣ ਕਰ ਕੇ ਆਤਮ ਰਹਿਣ ਨਾ ਪਾਏ ਰੰਡ, ਪਰਮਾਤਮ ਮੇਲਾ ਸਹਿਜ ਸੁਭਾਈਆ। ਇਸ ਨੂੰ ਲੈਣ ਵਿਚ ਕੋਈ ਨਾ ਕਰਨੀ ਸੰਗ, ਸੰਗਤ ਵਿਚ ਮਿਲੇ ਵਡਿਆਈਆ। ਇਹ ਢਕਣ ਵਾਲੀ ਭੁਖ ਨੰਗ, ਦੁਖੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਚਾਦਰ ਕਹੇ ਮੇਰਾ ਰੂਪ ਨਾ ਜਾਣੋ ਤਾਣਾ ਪੇਟਾ, ਆਪਣੀ ਦਿਸ਼ਾ ਲਈ ਬਦਲਾਈਆ। ਜਿਸ ਵੇਲੇ ਵੇਖਿਆ ਪੁਰਖ ਅਬਿਨਾਸ਼ੀ ਖੇਵਟ ਖੇਟਾ, ਡੁਬਦੇ ਬੇੜੇ ਪਾਰ ਲੰਘਾਈਆ। ਮੈਨੂੰ ਪੂਰਬ ਆ ਗਿਆ ਚੇਤਾ, ਪਿਛਲਾ ਲਹਿਣਾ ਰਿਹਾ ਸਤਾਈਆ। ਜਿਸ ਵੇਲੇ ਭੁਲ ਕੇ ਵਿਚ ਖੇਤਾਂ, ਘਰ ਤਿਆਗੀ ਬਣ ਕੇ ਭੱਜਿਆ ਵਾਹੋ ਦਾਹੀਆ। ਤੇਰੀ ਨੌ ਸਾਲ ਦੀ ਭੈਣ ਨੇ ਤੈਨੂੰ ਪ੍ਰੇਮ ਨਾਲ ਲਪੇਟਾ, ਨਿਸ਼ਾਨੀ ਭਰਾ ਦੀ ਲੈ ਕੇ ਆਪਣੇ ਗਲੇ ਲਗਾਈਆ। ਉਸ ਪ੍ਰਭ ਦੇ ਅਗੇ ਕੀਤੀ ਅੰਦੇਸ਼ਾ, ਸੁਨੇਹੜਾ ਦਿਤਾ ਜਣਾਈਆ। ਕਵਣ ਵੇਲੇ ਮੈਂ ਆਪਣਾ ਵੀਰ ਵੇਖਾਂ, ਵੇਖ ਪੇਖ ਬਿਗਸਾਈਆ । ਪੁਰਖ ਅਕਾਲ ਕਿਹਾ ਮੈਂ ਤੇਰਾ ਰਖਾਂ ਚੇਤਾ, ਅਭੁਲ ਭੁਲ ਵਿਚ ਨਾ ਕਦੇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਚਾਦਰ ਕਹੇ ਮੇਰਾ ਰੂਪ ਨਾ ਸਮਝਿਉਂ ਕੋਈ ਸੂਤ, ਕੱਚਾ ਤੰਦ ਨਾ ਕੋਈ ਵਡਿਆਈਆ। ਮੈਂ ਪ੍ਰਭ ਦਾ ਦੇਣ ਆਈ ਸਬੂਤ, ਜਿਹੜਾ ਵਿਛੜੇ ਰਿਹਾ ਮਿਲਾਈਆ। ਭਾਗ ਲਗਾਏ ਪੰਜ ਤੱਤ ਕਾਇਆ ਕਲਬੂਤ, ਅੰਦਰ ਬਾਹਰ ਵੇਖ ਵਖਾਈਆ। ਮੈਂ ਹਾਜ਼ਰ ਹੋਈ ਮੌਜੂਦ, ਪਿਛਲਾ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖ ਰਿਹਾ ਦ੍ਰਿੜਾਈਆ। ਚਾਦਰ ਕਹੇ ਸਾਰੇ ਵੇਖੋ ਮੈਂ ਨਵੀਂ ਨਕੋਰ, ਧੋਬੀ ਖੁੰਬ ਨਾ ਕੋਇ ਚੜ੍ਹਾਈਆ। ਮੈਂ ਬਦਲ ਕੇ ਜਾਮਾ ਆ ਗਈ ਹੋਰ ਦੀ ਹੋਰ, ਹੋਕਾ ਦੇ ਕੇ ਦਿਆਂ ਸੁਣਾਈਆ। ਮੈਨੂੰ ਉਤੇ ਲੈਣ ਨਾਲ ਨਠ ਜਾਣ ਪੰਜੇ ਚੋਰ, ਕਰਾਂ ਸਚ ਸਫ਼ਾਈਆ। ਮਿਟ ਜਾਏ ਅੰਧੇਰਾ ਘੋਰ, ਜੋਤੀ ਨੂਰ ਕਰਾਂ ਰੁਸ਼ਨਾਈਆ। ਵਿਛੜੇ ਦੇਵਾਂ ਜੋੜ, ਮੇਲਾ ਸਹਿਜ ਸੁਭਾਈਆ। ਲਗੀ ਨਿਭਾਵਾਂ ਤੋੜ, ਅਧਵਿਚਕਾਰ ਨਾ ਕੋਇ ਤੁੜਾਈਆ। ਦੂਰ ਦੁਰਾਡਿਆਂ ਲਿਆਂਦਾ ਮੋੜ, ਮੁਹਰੇ ਹੋ ਕੇ ਸੇਵ ਕਮਾਈਆ। ਜਿਸ ਵੇਲੇ ਗੋਬਿੰਦ ਬੈਠਾ ਸੀ ਗੜ੍ਹੀ ਚਮਕੌਰ, ਚਮਕ ਆਪਣੀ ਸਚ ਚਮਕਾਈਆ । ਵੱਡੇ ਸੱਦ ਕੇ ਦੋਵੇਂ ਬਾਲੇ ਛੋਹਰ, ਸ਼ਹਿਨਸ਼ਾਹ ਦਿਤਾ ਜਣਾਈਆ। ਆਪਣੇ ਕੋਲੋਂ ਪ੍ਰੇਮ ਪਿਆਰ ਦੀ ਕੱਢਕੇ ਦੋਹਰ, ਚਾਦਰ ਉਨ੍ਹਾਂ ਉਪਰ ਟਿਕਾਈਆ । ਤੇਗ਼ਬਹਾਦਰ ਨੂੰ ਤੁਹਾਡੀ ਲੋੜ, ਜਿਹੜਾ ਹਿੰਦ ਦੀ ਚਾਦਰ ਰੂਪ ਵਟਾਈਆ। ਬਾਲਿਆਂ ਉਸੇ ਵੇਲੇ ਅਗੋਂ ਦਿਤੀ ਮੋੜ, ਚਰਨਾਂ ਉਤੇ ਭੇਟ ਚੜ੍ਹਾਈਆ । ਅੰਦਰੋਂ ਫੁਰਨਾ ਫੁਰਿਆ ਫੋਰ, ਮੰਤਵ ਸਚ ਸਮਝਾਈਆ। ਜਿਸ ਵੇਲੇ ਕਲਜੁਗ ਅੰਤਮ ਆਵੇ ਘੋਰ, ਅੰਧ ਅੰਧੇਰਾ ਰੂਪ ਵਟਾਈਆ। ਉਸ ਵੇਲੇ ਸਾਹਿਬ ਸਤਿਗੁਰ ਤੇਰੇ ਭਗਤਾਂ ਨੂੰ ਪਏ ਇਸ ਦੀ ਲੋੜ, ਲੋੜੀਂਦਾ ਸਾਜਨ ਘਰ ਘਰ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚੀ ਚਾਦਰ ਦੇਵਣਹਾਰ ਵਡਿਆਈਆ। ਚਾਦਰ ਕਹੇ ਮੈਨੂੰ ਕਿਸੇ ਨਹੀਂ ਨਾਪਿਆ ਕਿੰਨੀ ਲੰਮੀ ਚੌੜੀ, ਗਿਣਤੀ ਦੀ ਤੰਦ ਨਾ ਕੋਇ ਸਮਝਾਈਆ। ਮੈਂ ਭਗਤਾਂ ਦੇ ਅੰਦਰ ਪ੍ਰੇਮ ਪਿਆਰ ਦੀ ਲਾਵਣ ਆਈ ਪੌੜੀ, ਡੰਡਾ ਧੁਰ ਦਾ ਦੇਣਾ ਫੜਾਈਆ। ਮੈਨੂੰ ਉਨ੍ਹਾਂ ਦੀ ਲੋੜੀ,
ਜਿਨ੍ਹਾਂ ਦੀ ਲੋੜ ਪੁਰਖ ਅਕਾਲ ਦਿਤੀ ਸਮਝਾਈਆ। ਮੈਨੂੰ ਨਜ਼ਰੀ ਆਈ ਇਹ ਭੈਣ ਭਰਾਵਾਂ ਦੀ ਪਿਛਲੀ ਜੋੜੀ, ਜੁਗਾਂ ਦੇ ਪਿਛਲੇ ਰਹੀ ਮਿਲਾਈਆ। ਚਾਦਰ ਕਹੇ ਬੇਸ਼ਕ ਮੇਰੀ ਦਾਮਾਂ ਵਿਚ ਕ਼ੀਮਤ ਥੋੜ੍ਹੀ, ਲੱਖ ਕਰੋੜੀ ਮੁਲ ਨਾ ਕੋਇ ਰਖਾਈਆ। ਪਰ ਮੈਂ ਸਚ ਦੱਸਾਂ ਮੈਂ ਇਹਨਾਂ ਦੀ ਉਸ ਨਾਲ ਬੰਨ੍ਹਾ ਡੋਰੀ, ਜਿਸ ਦੀ ਡੋਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਚੁਕਾਈਆ। ਚਾਦਰ ਕਹੇ ਮੈਂ ਵੇਖਣ ਵਿਚ ਨਜ਼ਰੀ ਆਵਾਂ ਕੋਝੀ, ਜਗਤ ਵਾਲਾ ਹੱਥ ਨਾ ਕੋਇ ਲਗਾਈਆ। ਮੇਰੇ ਅੰਦਰ ਉਸ ਪ੍ਰਭੂ ਦੀ ਸੋਝੀ, ਜੋ ਸਭ ਦੀ ਸਮਝ ਦਏ ਬਦਲਾਈਆ। ਜੋ ਸਭ ਦਾ ਦਾਤਾ ਗਿਆਨ ਬੋਧੀ, ਬੁਧਿ ਵਿਵੇਕੀ ਰੂਪ ਦਏ ਵਟਾਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਕਹਿੰਦੇ ਪ੍ਰੀਤਮ ਚੋਜੀ, ਚੋਜ ਨਿਰਾਲੇ ਰਿਹਾ ਵਖਾਈਆ। ਜੋ ਨਿਤ ਨਵਿਤ ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਖੋਜੀ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਜੋ ਅੰਦਰ ਬਾਹਰ ਆਤਮ ਪਰਮਾਤਮ ਦਾ ਠਾਕਰ ਮੌਜੀ, ਮਜਲਸ ਭਗਤਾਂ ਵਿਚ ਵਖਾਈਆ। ਮੈਂ ਉਸ ਦਵਾਰੇ ਆ ਕੇ ਓਸੇ ਦੀ ਹੋ ਗਈ, ਹੋਕਾ ਦੇ ਕੇ ਦਿਆਂ ਸਮਝਾਈਆ। ਚਾਦਰ ਕਹੇ ਮੈਨੂੰ ਲੈਣ ਵਾਲਾ ਹਉਮੇ ਦਾ ਹੋਏ ਕਦੇ ਨਾ ਰੋਗੀ, ਸੋਗ ਚਿੰਤਾ ਦਿਆਂ ਮਿਟਾਈਆ । ਜਗਤ ਵਿਕਾਰ ਦਾ ਕਰ ਕੇ ਵਿਯੋਗੀ, ਸੰਜੋਗੀ ਧੁਰ ਦਾ ਮੇਲ ਮਿਲਾਈਆ। ਬੇਸ਼ਕ ਮੇਰੀ ਕ਼ੀਮਤ ਨਹੀਂ ਕੌਡੀ, ਗੁਰਮੁਖ ਲਾਲ ਅਨਮੁਲੜੇ ਮਾਨਕ ਦਿਆਂ ਵਖਾਈਆ। ਤੁਸੀਂ ਨਹੀਂ ਜਾਣਦੇ ਮੇਰੀ ਖੁਲ੍ਹੀ ਸੀ ਡੋਡੀ, ਪੰਜਾਂ ਵਾਲਾ ਮੁਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਰਿਹਾ ਚੁਕਾਈਆ। ਚਾਦਰ ਕਹੇ ਮੈਂ ਕਿਸੇ ਨਹੀਂ ਵਿਕੀ ਹੱਟ, ਵਣਜਾਰਾ ਕੰਧ ਨਾ ਕੋਇ ਉਠਾਈਆ। ਮੈਂ ਸਿੱਧੀ ਉਸ ਦੇ ਚਰਨੀ ਆਈ ਨੱਠ, ਜਿਥੇ ਮਿਲੇ ਮਾਣ ਵਡਿਆਈਆ। ਜਿਹੜਾ ਕਚਿਆਂ ਤੰਦਾਂ ਨੂੰ ਬਣਾ ਕੇ ਸੋਹਣਾ ਤੰਦ, ਸੋਹਣਾ ਪਟੋਲਾ ਗੁਰਮੁਖਾਂ ਉਤੇ ਟਿਕਾਈਆ। ਮੈਂ ਇਹੋ ਲਾਹ ਰਹੀ ਖੱਟ, ਬਿਨ ਖਟੀਆ ਸੋਭਾ ਰਹੀ ਪਾਈਆ। ਜਿਸ ਵੇਲੇ ਮੈਂ ਲੱਗੀ ਤੱਤ ਅੱਠ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮਨ ਮਤਿ ਬੁਧਿ ਕਰਾਂ ਸਫ਼ਾਈਆ। ਪ੍ਰੇਮ ਪਿਆਰ ਅੰਦਰ ਲੇਖੇ ਲਾ ਕੇ ਰਤ, ਰਤਨ ਅਮੋਲਕ ਹੀਰੇ ਦਿਆਂ ਬਣਾਈਆ। ਮੈਨੂੰ ਤਕੋ ਸਾਰੇ ਉਸ ਅੱਖ, ਜਿਸ ਅੱਖ ਨਾਲ ਰਵਿਦਾਸ ਚਮਾਰੇ ਪੁਰਾਣੀ ਚਾਦਰ ਦਿਤੀ ਵਖਾਈਆ। ਵੱਡੀ ਭੈਣ ਦਾ ਛੋਟੇ ਭਰਾ ਨੂੰ ਦੇਣ ਦਾ ਹਕ, ਪਿਛਲੀ ਰੀਤੀ ਚਲੀ ਆਈਆ। ਪਿਛੇ ਨਾਤਾ ਰਿਹਾ ਜਗ, ਅਗੇ ਤੋਂ ਭਗਤ ਪ੍ਰੀਤੀ ਵਿਚ ਗਏ ਬੱਝ, ਸਚ ਦਵਾਰੇ ਗਏ ਸਜ, ਸੱਜਣ ਮਿਲਿਆ ਬੇਪਰਵਾਹੀਆ। ਚਾਦਰ ਕਹੇ ਪ੍ਰਭੂ ਸਾਡਾ ਪੜਦਾ ਲਏ ਢਕ, ਝੋਲੀ ਪਾ ਕੇ ਧੁਰ ਦਾ ਹਕ, ਲੇਖਾ ਮੁਕਾਇਆ ਹੋ ਪ੍ਰਤੱਖ, ਖ਼ਾਲੀ ਝੋਲੀ ਰਹੇ ਨਾ ਸਖ, ਵਿਛੋੜਾ ਦੂਰ ਰਹੇ ਨਾ ਵਖ, ਧੁਰ ਦਵਾਰਿਉਂ ਦੇਵੇ ਨਾ ਧਕ, ਚੌਦਾਂ ਲੋਕ ਨਾ ਵੇਚੇ ਹੱਟ, ਗੁਰਮੁਖਾਂ ਦੇ ਉਪਰ ਪ੍ਰੇਮ ਨਾਲ ਸਟ, ਸੱਟ ਅਗਲੀ ਪਿਛਲੀ ਦਏ ਕਢਾਈਆ। ਚਾਦਰ ਕਹੇ ਲੈਣ ਦੇਣ ਵਾਲਿਓ ਤੁਹਾਡਾ ਦੋਹਾਂ ਦਾ ਨਹੀਂ ਕੋਈ ਵਸ, ਜਿਸ ਦਾ ਵਾਸਤਾ ਓਹ ਆਪੇ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖਾ ਲਹਿਣਾ ਦੇਣਾ ਦੇਵੇ ਦੱਸ, ਪੜਦਾ ਉਹਲਾ ਦਏ ਉਠਾਈਆ।
੧੧ ਜੇਠ ਸ਼ਹਿਨਸ਼ਾਹੀ ਸੰਮਤ ੧ ਦੁਆਬਾ ਸੰਗਤ ਦੇ ਨਵਿਤ
ਇਕ ਸੌ ਇਕ ਕਹੇ ਮੇਰਾ ਕਿਸੇ ਨਾ ਸਮਝਿਆ ਅੰਕ, ਪਰਦਾ ਸਕਿਆ ਨਾ ਕੋਇ ਉਠਾਈਆ। ਕੋਟਨ ਕੋਟ ਦਵਾਰ ਵੇਖੇ ਬੰਕ, ਰਾਜ ਮਹਿਲਾਂ ਅੰਦਰ ਫੇਰੀਆਂ ਪਾਈਆ। ਕੋਟਨ ਕੋਟ ਫਿਰ ਗਏ ਸੰਤ, ਸੰਦੇਸ਼ਾ ਸਤਿ ਸਤਿ ਸੁਣਾਈਆ। ਕੋਟਨ ਕੋਟ ਗਿਣਤੀਆਂ ਗਿਣਦੇ ਗਏ ਅਗਿਣਤ, ਹਿਸਾਬ ਜਗਤ ਨਾਲ ਬਣਾਈਆ। ਪਰ ਮੇਰਾ ਕਿਸੇ ਨਹੀਂ ਦੱਸਿਆ ਸਚਾ ਮੰਤ, ਮਹਾਤਮ ਸਚਾ ਨਾ ਕੋਇ ਦ੍ਰਿੜਾਈਆ। ਜਿਸ ਦਾ ਖੇਲ ਸਚਾ ਬੇਅੰਤ, ਓਸੇ ਦੀ ਵੇਖੀ ਸਚੀ ਬੇਪਰਵਾਹੀਆ। ਜਿਸ ਦਾ ਲੇਖਾ ਜਗਤ ਜਹਾਨ ਜੀਵ ਜੰਤ, ਲੱਖ ਚੁਰਾਸੀ ਰਿਹਾ ਸਮਾਈਆ। ਸਭ ਦੀ ਬਨਾਉਣਹਾਰਾ ਬਣਤ, ਘੜਨ ਭੰਨਣਹਾਰ ਸਮਰਥ ਪੁਰਖ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪਰਦਾ ਰਿਹਾ ਉਠਾਈਆ । ਇਕ ਕਹੇ ਮੈਨੂੰ ਕਿਉਂ ਕਹਿੰਦੇ ਸਾਰੇ ਇਕ, ਏਕੰਕਾਰ ਮੇਰਾ ਏਕਾ ਇਕੋ ਰੂਪ ਬਣਾਈਆ। ਸਿਫ਼ਰਾ ਕਹੇ ਮੈਂ ਸਿਫ਼ਰਾ ਰੂਪ ਹੋ ਕੇ ਅਗੇ ਲੱਗਾਂ ਬਣ ਕੇ ਸਿੱਖ, ਜ਼ੀਰੋ ਹੋ ਕੇ ਆਪਣਾ ਆਪ ਮਿਟਾਈਆ। ਅਬਿਨਾਸ਼ੀ ਕਰਤਾ ਆਦਿ ਅੰਤ ਦਾ ਮਾਲਕ ਆਦਿ ਜੁਗਾਦੀ ਇਕ, ਸਿਫ਼ਰੇ ਤੋਂ ਆਪਣਾ ਰੂਪ ਦਏ ਬਦਲਾਈਆ। ਜਿਸ ਵੇਲੇ ਮੈਂ ਦੋਹਾਂ ਦੇ ਆ ਜਾਵਾਂ ਵਿਚ, ਏਥੇ ਓਥੇ ਅਗੇ ਪਿਛੇ ਪੁਰਖ ਅਬਿਨਾਸ਼ੀ ਹੋਏ ਸਹਾਈਆ। ਫਿਰ ਮੇਰਾ ਸੈਂਕੜਿਆਂ ਵਿਚ ਲੇਖਾ ਦੇਣ ਲਿਖ, ਗਿਣਤੀ ਬਹੁ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਇਕ ਕਹੇ ਮੈਂ ਵੇਖਿਆ ਏਕੰਕਾਰ, ਇਕੋ ਨਜ਼ਰੀ ਆਈਆ । ਸਿਫ਼ਰਾ ਰੂਪ ਸਰਬ ਸੰਸਾਰ, ਆਪਣੀ ਹਸਤੀ ਜਾਏ ਚੁਕਾਈਆ। ਮੇਲਾ ਮਿਲ ਕੇ ਸਚੀ ਸਰਕਾਰ, ਆਪਣਾ ਰੂਪ ਲਏ ਬਦਲਾਈਆ। ਸਿਫ਼ਰੇ ਦਾ ਇਕ ਅਧਾਰ, ਮਿਹਰਵਾਨ ਅਖਵਾਈਆ। ਮੇਲਾ ਮਿਲਾ ਕੇ ਅਪਰ ਅਪਾਰ, ਗੁਰ ਚੇਲਾ ਰੂਪ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਫ਼ਰਮਾਈਆ। ਇਕ ਕਹੇ ਸਿਫ਼ਰੇ ਨਾਲ ਮਿਲੀ ਇਕਾਈ, ਦਹਾਈ ਆਪਣਾ ਰੂਪ ਬਦਲਾਈਆ। ਇਕ ਦਸ ਦੀ ਹੋਈ ਕੁੜਮਾਈ, ਵਾਹਵਾ ਤੇਰੀ ਵੱਜੀ ਵਧਾਈਆ। ਸਾਚੇ ਘਰ ਹੋਈ ਰੁਸ਼ਨਾਈ, ਨੂਰੋ ਨੂਰ ਡਗਮਗਾਈਆ। ਅਗੇ ਮਿਲੇ ਹਰਿ ਗੁਰ ਸਾਂਈ, ਦਾਤਾ ਬੇਪਰਵਾਹੀਆ। ਆਪਣਾ ਪੜਦਾ ਲਵੇ ਪਾਈ, ਸਾਚਾ ਓਡਣ ਇਕ ਟਿਕਾਈਆ । ਉਥੇ ਇਥੇ ਹੋਏ ਸਹਾਈ, ਅਗੇ ਪਿਛੇ ਆਪਣੀ ਸੇਵ ਕਮਾਈਆ। ਤਿੰਨਾਂ ਮੇਲਾ ਸਹਿਜ ਸੁਭਾਈ, ਘਰ ਸਾਚੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਵਖਾਈਆ। ਇਕ ਕਹੇ ਮੈਂ ਜ਼ੀਰੋ ਰੂਪ ਬਣ ਕੇ ਸਰਬ ਸੰਸਾਰ, ਅੰਤ ਏਕੇ ਵਿਚ ਸਮਾਈਆ। ਇਕ ਸਿਫ਼ਰ ਦਾ ਸਚ ਵਿਹਾਰ, ਝੂਠਾ ਫ਼ਿਕਰ ਦਏ ਗਵਾਈਆ। ਸਿਫ਼ਰੇ ਦੇ ਅਗੇ ਇਕ ਨੂੰ ਬਹਾਰ, ਗੁਲਸ਼ਨ ਬਾਗ਼ ਮਹਿਕਾਈਆ । ਇਸ ਤੋਂ ਅਵਰ ਨਹੀਂ ਕਿਛ ਬਾਹਰ, ਬੈਰੂਨੀ ਰੂਪ ਨਾ ਕੋਇ ਧਰਾਈਆ। ਇਕ ਇਕ ਦਾ ਖੇਲ ਅਪਾਰ, ਸਿਫ਼ਰਾ ਮੇਲਾ ਸਹਿਜ ਸੁਭਾਈਆ। ਸਿਫ਼ਰਾ ਕਹੇ ਗੁਰ ਚੇਲਾ ਵੇਖਾਂ ਇਕੋ ਧਾਰ, ਦੂਜਾ ਨਜ਼ਰ ਕੋਇ ਨਾ ਆਈਆ। ਖੇਵਟ ਖੇਟਾ ਬਣੇ ਇਕ ਕਰਤਾਰ, ਕਰਤਾ ਪੁਰਖ ਇਕ ਸ਼ਹਿਨਸ਼ਾਹੀਆਂ । ਜੁਗ ਜਨਮ ਦਾ ਪੂਰਾ ਕਰੇ ਉਧਾਰ, ਲੇਖਾ ਲੇਖੇ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇਕ ਕਹੇ ਮੈਂ ਆਇਆ ਉਤਰ, ਆਪਣਾ ਰੂਪ ਬਦਲਾਈਆ। ਸਿਫ਼ਰਾ ਰੂਪ
ਬਣਾ ਕੇ ਪੁਤਰ, ਪਿਤਾ ਪੂਤ ਜੋੜ ਜੁੜਾਈਆ। ਦੋਹਾਂ ਦਾ ਆਪੇ ਕਰ ਕੇ ਸ਼ੁਕਰ, ਏਕਾ ਕਹੇ ਮੈਂ ਆਪਣੀ ਖ਼ੁਸ਼ੀ ਮਨਾਈਆ। ਇਕ ਦੇ ਅੰਦਰ ਸਾਰੇ ਲੁਕਣ, ਸਿਫ਼ਰਾ ਰੂਪ ਸਰਬ ਦਰਸਾਈਆ। ਇਕ ਦੇ ਕੋਲੋਂ ਸਾਰੇ ਪੁਛਣ, ਸਚ ਦਵਾਰੇ ਮੰਗ ਮੰਗਾਈਆ। ਇਕ ਦੀ ਧਾਰੋਂ ਸਾਰੇ ਉਠਣ, ਲੱਖ ਚੁਰਾਸੀ ਨੂਰ ਰੁਸ਼ਨਾਈਆ। ਇਕ ਨੂੰ ਸਜਦਿਆਂ ਅੰਦਰ ਸਾਰੇ ਝੁਕਣ, ਨਮੋ ਨਮੋ ਸਾਰੇ ਸੀਸ ਝੁਕਾਈਆ। ਇਕ ਦਾ ਨਾਂ ਗਾਵਣ ਸਾਰੇ ਮੁਖਣ, ਢੋਲਿਆਂ ਵਿਚ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਮਾਈਆ। ਇਕ ਸੌ ਇਕ ਕਹੇ ਮੈਂ ਆਇਆ, ਕਲਜੁਗ ਅੰਤਮ ਵੇਸ ਵਟਾਈਆ। ਕੂੜੀ ਕਿਰਿਆ ਜਗਤ ਤਜਾ ਕੇ ਮਾਇਆ, ਮਮਤਾ ਮੋਹ ਦੇਣਾ ਗਵਾਈਆ। ਪੁਰਖ ਅਬਿਨਾਸ਼ੀ ਰੰਗ ਚੜ੍ਹਾਇਆ, ਦੁਰਮਤ ਮੈਲ ਦੇਣੀ ਧੁਆਈਆ । ਜਿਸ ਦਾ ਲਹਿਣਾ ਓਸੇ ਦੀ ਝੋਲੀ ਪਾਇਆ, ਜਗਤ ਉਧਾਰ ਦਿਤਾ ਗਵਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਿਫ਼ਰਾ ਹੋ ਕੇ ਆਪਣਾ ਆਪ ਦਏ ਤਜਾਇਆ, ਅੰਤ ਏਕਾ ਏਕੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ । ਇਕ ਕਹੇ ਮੇਰੇ ਨਾਲ ਲੱਗਾ ਸਿਫ਼ਰਾ, ਸਿਫ਼ਰਾ ਕਹੇ ਮੇਰੀ ਇਕ ਨਾਲ ਵਡਿਆਈਆ। ਤਿੰਨਾਂ ਦਾ ਮਿਲ ਕੇ ਸੋਹਣਾ ਬਣ ਗਿਆ ਫ਼ਿਕਰਾ, ਆਦਿ ਅੰਤ ਤੇ ਮਧ ਧਾਰ ਦਏ ਚਲਾਈਆ। ਜਨ ਭਗਤਾਂ ਦੀ ਚੋਟੀ ਚੜ੍ਹ ਕੇ ਸਿਫ਼ਰਾ, ਸਿਲਾ ਪੱਥਰ ਤੋੜ ਤੁੜਾਈਆ। ਆਤਮ ਪਰਮਾਤਮ ਦਾ ਬਣ ਕੇ ਮਿਤਰਾ, ਮੀਤ ਮੁਰਾਰਾ ਜੋੜ ਜੁੜਾਈਆ। ਜਗਤ ਅੰਧੇਰੇ ਵਿਚੋਂ ਬਾਹਰ ਨਿਤਰਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜਨ ਭਗਤਾਂ ਦਾ ਮੇਟਣਹਾਰਾ ਖ਼ਤਰਾ, ਖ਼ਾਤਿਰ ਤਵੱਜਹ ਕਰੇ ਥਾਉਂ ਥਾਈਂਆ। ਕਾਇਆ ਦਾ ਪਲਟਣਹਾਰ ਪਤਰਾ, ਵਰਕਾ ਵਰਕਾ ਦਏ ਪਲਟਾਈਆ। ਲੇਖਾ ਲਿਖ ਕੇ ਵਿਚ ਸਤਰਾਂ, ਸਤਾਰਾ ਕ਼ਿਸਮਤ ਦਾ ਦਏ ਬਦਲਾਈਆ। ਅਗੇ ਕਰਨਾ ਨਾ ਪਏ ਕੋਇ ਯਤਨਾ, ਯਥਾਰਥ ਆਪਣਾ ਰੰਗ ਚੜ੍ਹਾਈਆ। ਜਿਹੜੇ ਸਚਖੰਡ ਦੁਵਾਰਿਉਂ ਹੋ ਗਏ ਬੇਵਤਨਾ, ਉਹਨਾਂ ਨੂੰ ਆਪਣੇ ਵਤਨ ਦਏ ਪੁਜਾਈਆ । ਸਚ ਦਵਾਰੇ ਦਾ ਵਖਾ ਕੇ ਪਤਣਾ, ਧੁਰ ਦੀ ਨਈਆ ਦਏ ਚੜ੍ਹਾਈਆ। ਦਰ ਤੇ ਆਇਆ ਕੋਇ ਨਾ ਜਾਵੇ ਸਖਣਾ, ਆਸਾ ਮਨਸਾ ਸਭ ਦੀ ਪੂਰ ਕਰਾਈਆ। ਇਕ ਕਹੇ ਮੈਂ ਜ਼ੀਰੋ ਦੀ ਪਤ ਰਖਣਾ, ਜ਼ੀਰੋ ਕਹੇ ਮੇਰੀ ਇਕ ਨਾਲ ਵਡਿਆਈਆ। ਸਚ ਸੁਨੇਹੜਾ ਸਭ ਨੂੰ ਦਸਣਾ, ਦਹਿ ਦਿਸ਼ਾ ਹੁਕਮ ਸੁਣਾਈਆ। ਕਲਜੁਗ ਕੂੜੀ ਰੈਣ ਅੰਧੇਰੀ ਮੇਟੀ ਮਸਣਾ, ਸਾਚਾ ਨੂਰ ਕਰੇ ਰੁਸ਼ਨਾਈਆ। ਜ਼ੀਰੋ ਕਹੇ ਮੈਂ ਇਕ ਨਾਲ ਬਹਿ ਕੇ ਹਸਣਾ, ਇਕ ਅੰਦਰ ਆਪਣਾ ਡੇਰਾ ਲਾਈਆ। ਜਿਥੇ ਕੋਈ ਨਾ ਹੋਵੇ ਘਟਨਾ, ਭੈ ਭੌ ਨਾ ਕੋਇ ਜਣਾਈਆ। ਸਚ ਪ੍ਰੇਮ ਦਾ ਚੜ੍ਹੇ ਵਟਣਾ, ਸੋਹਣਾ ਸਗਨ ਮਨਾਈਆ। ਗੋਬਿੰਦ ਨੇ ਰਾਣੀ ਨੂੰ ਇਕ ਸੌ ਇਕ ਮੋੜ ਦਿਤਾ ਸੀ ਪਟਨਾ, ਸ਼ਬਦੀ ਸ਼ਬਦ ਦਿਤਾ ਜਣਾਈਆ। ਜਿਸ ਵੇਲੇ ਮੈਂ ਪ੍ਰੇਮੀਆਂ ਦੇ ਅੰਦਰ ਵਸਣਾ, ਆਤਮ ਸੇਜਾ ਡੇਰਾ ਲਾਈਆ। ਆਪਣਾ ਵਕ਼ਤ ਸੁਹੇਲਾ ਦੱਸਣਾ, ਪੜਦਾ ਦੇਣਾ ਉਠਾਈਆ। ਓਸ ਵੇਲੇ ਤ੍ਰੇਤੇ ਜੁਗ ਦੇ ਵਿਛੜੇ ਮਿਤਰਾਂ ਨਾਲ ਮਿਲ ਕੇ ਸਭ ਨੇ ਰਖਣਾ, ਮਿਲੇ ਮਾਣ ਵਡਿਆਈਆ। ਪੂਰਾ ਪਾਲਣ ਕਰਨਾ ਬਚਨਾ, ਸਤਿ ਬਚਨ ਦਿਤਾ ਦ੍ਰਿੜਾਈਆ। ਹੁਣ ਕਾਇਆ ਚੋਲੀ ਛਡਣਾ ਕਚਨਾ, ਤਨ ਮਾਟੀ ਰਹਿਣ ਨਾ ਪਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜਿਸ ਵੇਲੇ ਪਰਤਣਾ, ਪ੍ਰਤੀਨਿਧ ਹੋ ਕੇ ਹੁਕਮ ਮਨਾਈਆ। ਉਸ ਵੇਲੇ ਖੇਲ ਅਗੰਮੀ ਵਰਤਣਾ, ਜਿਸ ਨੂੰ ਸਮਝੇ ਨਾ ਕੋਇ ਲੋਕਾਈਆ। ਲੱਖ ਚੁਰਾਸੀ ਮਾਇਆ ਮਮਤਾ ਅੰਦਰ ਤਰਸਣਾ, ਹੰਗਤਾ ਗੜ੍ਹ ਬਣਾਈਆ।
ਗੋਬਿੰਦ ਕਹੇ ਓਸ ਵੇਲੇ ਅੰਮ੍ਰਿਤ ਮੇਘ ਭਗਤਾਂ ਉਤੇ ਬਰਸਣਾ, ਬੂੰਦ ਸਵਾਂਤੀ ਮੁਖ ਚੁਆਈਆ। ਸ਼ਬਦੀ ਸੂਰਬੀਰ ਹੋ ਕੇ ਗਰਜਣਾ, ਗਰਜ ਇਕੋ ਭਬਕ ਜਣਾਈਆ। ਸੰਤ ਸੁਹੇਲੇ ਸਾਚੇ ਵਰਜਣਾ, ਵਜਹ ਅਗਲੀ ਦੇਣੀ ਦ੍ਰਿੜਾਈਆ। ਜਨ ਭਗਤੋ ਸਚ ਭੰਡਾਰਾ ਸਾਚੇ ਨਾਮ ਦਾ ਖਰਚਣਾ, ਅਤੋਟ ਅਤੁਟ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰਿਹਾ ਮੁਕਾਈਆ। ਇਕ ਜ਼ੀਰੋ ਕਹੇ ਇਕ, ਇਕ ਨਾਲ ਵੱਜੀ ਵਧਾਈਆ। ਅਸੀਂ ਵੇਖੀਏ ਲਹਿਣਾ ਕਿਸ ਕਿਸ, ਕ਼ਿਸਮਤ ਕਿਸ ਦੀ ਰਿਹਾ ਬਦਲਾਈਆ। ਕਿਰਪਾ ਕੀਤੀ ਜਿਸ ਉਪਰ ਤਿਸ, ਤਿਲਕ ਲਲਾਟੀ ਦਿਤਾ ਟਿਕਾਈਆ। ਦਰਸ਼ਨ ਦੇ ਕੇ ਨੇਤਰ ਨਿਜ, ਪੜਦਾ ਦਿਤਾ ਖੁਲ੍ਹਾਈਆ। ਆਪਣੇ ਮਿਲਣ ਦੀ ਦੱਸ ਕੇ ਬਿਧ, ਮੇਲਾ ਲਿਆ ਕਰਾਈਆ। ਜਨਮ ਜਨਮ ਦੇ ਕਾਰਜ ਕਰ ਕੇ ਸਿੱਧ, ਸਿੱਧਾ ਰਸਤਾ ਇਕ ਵਖਾਈਆ। ਜਿਸ ਨੂੰ ਲਭਦੇ ਕੋਟਨ ਕੋਟ ਸੁਰਪਤ ਇੰਦ, ਕਰੋੜ ਤੇਤੀਸਾ ਭੱਜੇ ਵਾਹੋ ਦਾਹੀਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਮੰਨਣ ਮਰਗਿੰਦ, ਗੁਣੀ ਗਹਿੰਦ ਬੇਪਰਵਾਹੀਆ। ਜਿਸ ਦੀ ਧਾਰ ਅੰਮ੍ਰਿਤ ਸਾਗਰ ਸਿੰਧ, ਅਗੰਮ ਅਥਾਹ ਵਹਾਈਆ। ਜ਼ੀਰੋ ਕਹੇ ਮੈਂ ਉਸ ਦੀ ਬਿੰਦ, ਇਕ ਨਾਲ ਆਪਣਾ ਲਿਆ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਅਗੰਮੀ ਰਿਹਾ ਖਿਲਾਈਆ। ਇਕ ਸੌ ਇਕ ਕਹੇ ਮੈਨੂੰ ਕਹਿੰਦੇ ਰਹੇ ਅਕੋਤਰ, ਅਕਲਾਂ ਵਾਲੇ ਮਾਤ ਜਣਾਈਆ। ਪਰ ਮੇਰੀ ਮੰਜ਼ਲ ਮੂਲ ਨਾ ਪਹੁੰਚਣ, ਸਚ ਸਚ ਨਾ ਕੋਇ ਸਮਝਾਈਆ। ਸਾਰੇ ਕਰਦੇ ਗਏ ਸੋਚਨ, ਸੋਚ ਸਮਝ ਨਾ ਕੋਇ ਵਡਿਆਈਆ। ਮੇਰਾ ਜਗਤ ਉਧਾਰਾ ਰੋਕੜ, ਰੋਕੜਾਂ ਵਿਚ ਵੰਡ ਵੰਡਾਈਆ। ਜਗਤ ਸਵਾਰਥ ਲੋਕਨ, ਵਾਧਿਆਂ ਵਿਚ ਗਿਣਾਈਆ। ਪਹਿਲਾ ਲੇਖਾ ਮੇਰਾ ਕਪਾਲ ਮੋਚਨ, ਬ੍ਰਹਮੇ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਖ਼ੁਸ਼ੀ ਵਖਾਈਆ। ਇਕ ਸੌ ਇਕ ਕਹੇ ਜਿਸ ਵੇਲੇ ਰਚੀ ਸ੍ਰਿਸ਼ਟੀ, ਇਕ ਦਿਤੀ ਵਡਿਆਈਆ। ਜ਼ੀਰੋ ਰੂਪ ਬਣ ਕੇ ਗ੍ਰਿਸਤੀ, ਸੇਜ ਅਗੰਮੀ ਆਪ ਹੰਡਾਈਆ। ਇਕ ਬਣਾ ਕੇ ਸਾਚਾ ਇਸ਼ਟੀ, ਆਸ਼ਰਮ ਆਪਣਾ ਲਿਆ ਸੁਹਾਈਆ। ਆਪਣੇ ਪ੍ਰੇਮ ਦੀ ਉਪਜਾ ਕੇ ਦ੍ਰਿਸ਼ਟੀ, ਦ੍ਰਿਸ਼ ਆਪਣਾ ਰਿਹਾ ਵਖਾਈਆ। ਮਾਲਕ ਬਣ ਕੇ ਅਰਸ਼ੀ ਫ਼ਰਸ਼ੀ, ਫ਼ੈਸਲਾ ਹਕ ਸੁਣਾਈਆ। ਉਸ ਵੇਲੇ ਮੈਂ ਕੀਤੀ ਇਕ ਅਰਜ਼ੀ, ਬੇਨੰਤੀ ਇਕ ਸਚ ਜਣਾਈਆ। ਜੁਗ ਚੌਕੜੀ ਮੇਰੀ ਧਾਰ ਰਹੇ ਚਲਦੀ, ਇਕ ਸੌ ਇਕ ਵਜਦੀ ਰਹੇ ਵਧਾਈਆ। ਜਿਸ ਵੇਲੇ ਪ੍ਰਭ ਲੋਕਮਾਤ ਤੇਰੀ ਆਵੇ ਬਰਸੀ, ਤੇਰੇ ਨਾਮ ਵੱਜੇ ਵਧਾਈਆ। ਉਸ ਵੇਲੇ ਯਾਦ ਰੱਖੀਂ ਜਿਹੜਾ ਹੁੰਡੀ ਤਾਰਨ ਵੇਲੇ ਕੌਲ ਇਕ਼ਰਾਰ ਕੀਤਾ ਨਾਲ ਨਰਸੀ, ਰੋਕੜ ਆਪਣੀ ਵੇਖ ਵਖਾਈਆ । ਜ਼ੀਰੋ ਕਹੇ ਮੈਂ ਉਸ ਵੇਲੇ ਇਕ ਦੇ ਘਰ ਸੀ, ਅਗੇ ਇਕ ਦਾ ਰਾਹ ਤਕਾਈਆ। ਬਿਨਾ ਇਕ ਨਾ ਪਾਵਾਂ ਦਰਸੀ, ਦੀਦ ਈਦ ਨਾ ਕੋਇ ਰੁਸ਼ਨਾਈਆ। ਸਦਾ ਪ੍ਰਭ ਦੀ ਚਲਾਂ ਮਰਜ਼ੀ, ਆਪਣੀ ਮਨਸਾ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖੇ ਰਿਹਾ ਜਣਾਈਆ। ਇਕ ਸੌ ਇਕ ਕਹੇ ਮੈਨੂੰ ਮਿਲਦਾ ਰਿਹਾ ਮਾਣ, ਜਗਤ ਵਿਚ ਵਧਾਈਆ। ਇਕ ਕਹੇ ਮੈਂ ਆਦਿ ਜੁਗਾਦਿ ਵੇਖਿਆ ਇਕ ਭਗਵਾਨ, ਜੋ ਸਿਫ਼ਰੇ ਨੂੰ ਦਏ ਬਣਾਈਆ। ਸਿਫ਼ਰਾ ਕਹੇ ਮੈਂ ਉਸੇ ਦਾ ਨਿਸ਼ਾਨ, ਜੋ ਅੰਤ ਇਕੋ ਨਜ਼ਰੀ ਆਈਆ। ਤਿੰਨਾਂ ਦਾ ਮਿਲ ਕੇ ਬਣਿਆ ਵਿਧਾਨ, ਵਾਧਾ ਆਪਣਾ ਇਕ ਪਰਗਟਾਈਆ। ਭਗਤ ਸੁਹੇਲੇ ਕਰ ਪਰਵਾਨ, ਚਰਨ ਧਿਆਨ ਇਕ ਜਣਾਈਆ। ਮਿਹਰ ਨਜ਼ਰ ਨਾਲ ਦੇਵੇ ਗਿਆਨ,
ਅਗਿਆਨ ਅੰਧੇਰ ਗੁਆਈਆ। ਜਨ ਭਗਤਾਂ ਦੀ ਜਨਮ ਜਨਮ ਦੀ ਕਰਮ ਕਰਮ ਦੀ ਧਰਮ ਧਰਮ ਦੀ ਸਰਨ ਸਰਨ ਦੀ ਮਰਨ ਮਰਨ ਦੀ ਤਰਨ ਤਰਨ ਦੀ ਸੇਵਾ ਕਰ ਪਰਵਾਨ, ਪਰਵਾਨੇ ਧੁਰ ਦਏ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗਾਂ ਵਾਲਿਆਂ ਭਗਤਾਂ ਭਾਗਸ਼ਾਲੀ ਲਏ ਬਣਾਈਆ।
੧੧ ਜੇਠ ਸ਼ਹਿਨਸ਼ਾਹੀ ਸੰਮਤ ੧ ਲਛਮਣ ਸਿੰਘ ਦੇ ਖੂਹ ਉਤੇ ਰੁੜਕਾ ਕਲਾ
ਧਰਨੀ ਕਹੇ ਵਕ਼ਤ ਸੁਹੰਜਣਾ ਸੁਹੇਲਾ ਵੇਲਾ ਲੱਭਾ, ਲਾਭਦਾਇਕ ਘੜੀ ਨਜ਼ਰੀ ਆਈਆ। ਪੁਰਖ ਅਕਾਲ ਦੀਨ ਦਿਆਲ ਮਿਲ ਗਿਆ ਧੁਰ ਦਾ ਅੱਬਾ, ਅੰਮੀ ਹੋ ਕੇ ਗੋਦ ਉਠਾਈਆ। ਮੇਰਾ ਰੋਗ ਸੋਗ ਦੁਖ ਗੁਆਇਆ ਹੱਬਾ, ਹਮ ਘਰ ਸਾਜਨ ਮਿਲਿਆ ਆਈਆ। ਸਚ ਪ੍ਰੀਤੀ ਅੰਦਰ ਬੱਧਾ, ਬੰਧੇ ਬੰਧਨ ਰਿਹਾ ਤੁੜਾਈਆ। ਧੁਰ ਦੇ ਪ੍ਰੇਮ ਦਾ ਦੇ ਕੇ ਮਜ਼ਾ, ਮਜ਼ਾਜ ਅੰਦਰੋਂ ਰਿਹਾ ਬਦਲਾਈਆ। ਆਪਣੇ ਆਵਣ ਦੀ ਦੱਸ ਕੇ ਵਜਹ, ਵਜੂਦਾਂ ਵਾਲਿਆਂ ਦਏ ਦ੍ਰਿੜਾਈਆ। ਗੁਰਮੁਖਾਂ ਦਾ ਲਹਿਣਾ ਦੇਣਾ ਰਹਿਣ ਨਾ ਦੇਵੇ ਗੱਬਾ, ਗਬਲਾ ਲੇਖਾ ਦਏ ਮੁਕਾਈਆ। ਨਾਮ ਭੰਡਾਰਾ ਅੰਦਰੋਂ ਕੱਢੇ ਦੱਬਾ, ਪਰਦਾ ਕੂੜਾ ਦਏ ਚੁਕਾਈਆ। ਧੁਰ ਸੰਦੇਸ਼ਾ ਦੇਵੇ ਸੱਦਾ, ਨਾਮ ਨਿਧਾਨਾ ਇਕ ਸੁਣਾਈਆ। ਗੁਰਮੁਖ ਸ਼ੇਰ ਬਣਾ ਕੇ ਬੱਗਾ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਨਾਲ ਕਦੇ ਨਾ ਕਰੇ ਦਗ਼ਾ, ਕਲਜੁਗ ਅਗਨੀ ਦਗਦੇ ਦੇ ਠਰਾਈਆ। ਭਾਗ ਲਗਾਵੇ ਕਾਇਆ ਮਾਟੀ ਨਾੜੀ ਮਾਸ ਹੱਡਾ, ਚਮੜੀ ਪੋਸ਼ ਵੇਖ ਵਖਾਈਆ। ਧੁਰ ਦਾ ਮੀਤ ਬਣ ਕੇ ਸਕਾ, ਸਾਜਨ ਹੋ ਕੇ ਵੇਖ ਵਖਾਈਆ। ਵਸਤ ਅਮੋਲਕ ਝੋਲੀ ਪਾਵੇ ਹਕਾ, ਹਕ਼ੀਕ਼ਤ ਆਪਣੀ ਝੋਲੀ ਪਾਈਆ। ਸਨਮੁਖ ਹੋ ਕੇ ਦਰਸ ਦਿਖਾਵੇ ਅੱਖਾ, ਆਖ਼ਰ ਆਪਣਾ ਜੋੜ ਜੁੜਾਈਆ। ਧਰਨੀ ਕਹੇ ਮੈਂ ਪ੍ਰਭ ਸਵਾਮੀ ਵੇਖਿਆ ਮਸਾਂ, ਜੋ ਮਸਲੇ ਸਭ ਦੇ ਹਲ ਕਰਾਈਆ। ਇਸੇ ਦੇ ਚਰਨਾਂ ਹੇਠ ਵਸਾਂ, ਵਾਸਤਾ ਇਸੇ ਨਾਲ ਜਣਾਈਆ। ਕਦਮਾਂ ਉਤੇ ਢੱਠਾਂ, ਸਿਰ ਨਾ ਸਕਾਂ ਉਠਾਈਆ। ਇਕੋ ਨਾਮ ਰਟਾਂ, ਤੂੰ ਹੀ ਤੂੰ ਹੀ ਢੋਲਾ ਗਾਈਆ। ਪਾਂਧੀ ਹੋ ਕੇ ਦਰ ਦਵਾਰ ਨੱਠਾਂ, ਭੱਜਾਂ ਵਾਹੋ ਦਾਹੀਆ। ਸਾਚਾ ਲਾਹ ਧੁਰ ਦਾ ਖੱਟਾਂ, ਵਸਤ ਅਮੋਲਕ ਝੋਲੀ ਪਾਈਆ। ਜਨ ਭਗਤਾਂ ਸਚ ਸਚ ਦੱਸਾਂ, ਦਹਿ ਦਿਸ਼ਾ ਦਿਆਂ ਜਣਾਈਆ । ਜਿਸ ਦਾ ਕਿਸੇ ਨੂੰ ਲੱਗਾ ਨਹੀਂ ਕੋਈ ਪਤਾ, ਪਤਿਪਰਮੇਸ਼ਵਰ ਹੋ ਕੇ ਆਇਆ ਬੇਪਰਵਾਹੀਆ। ਜਿਹੜੀ ਸੁਆਣੀ ਸੁਆਰ ਕੇ ਖੜਦੀ ਰਹੀ ਭੱਤਾ, ਭਾਵਨਾ ਆਪਣੇ ਨਾਲ ਬਣਾਈਆ। ਉਸੇ ਨਾਲ ਕਰਕੇ ਮਤਾ, ਸਚ ਸਲਾਹ ਲਈ ਸਮਝਾਈਆ । ਪੁਰਖ ਅਕਾਲ ਵੇਖਿਆ ਸਚਾ, ਸਚ ਦਾਤਾ ਬੇਪਰਵਾਹੀਆ। ਜਿਸ ਦਾ ਮਾਟੀ ਭਾਂਡਾ ਰੁੜ੍ਹ ਗਿਆ ਸੀ ਕੱਚਾ, ਕੰਚਨ ਰੂਪ ਦਿਆਂ ਬਦਲਾਈਆ। ਉਸੇ ਦਾ ਵਿਛੜਨ ਵਾਲਾ ਸੀ ਇਕ ਛੇਤੀ ਨਾਲ ਬੱਚਾ, ਨਵ ਦਿਨ ਬਾਕੀ ਨਜ਼ਰੀ ਆਈਆ। ਧਰਨੀ ਕਹੇ ਗਲ ਵਾਸਤਾ ਇਕੋ ਘੱਤਾਂ, ਨੀਵੀਂ ਹੋ ਕੇ ਸੀਸ ਨਿਵਾਈਆ। ਕਿਰਪਾ ਕਰ ਦੇ ਤਤ ਅੱਠਾ, ਅੱਠ ਨੌ ਪੰਧ ਮੁਕਾਈਆ। ਆਪਣੇ ਪਿਆਰ ਦਾ ਦੇਦੇ ਰਸਾ, ਰਸਨਾ ਜਿਹਵਾ ਨਾ ਹੋਏ ਹਲਕਾਈਆ। ਤੇਰਾ ਸੋਹਣਾ ਨਜ਼ਰੀ ਆਵੇ ਸੱਸਾ, ਜਿਸ ਉਤੇ ਹੋੜਾ ਦਿਤਾ ਟਿਕਾਈਆ। ਹੰ ਬ੍ਰਹਮ ਹੋ ਕੇ ਲੇਖਾ ਦਿਤਾ ਹਕਾ, ਹਕ਼ੀਕ਼ਤ ਝੋਲੀ ਦੇਣੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਧੁਰ ਦਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਾਨ ਧੁਰ ਦਾ ਇਕ ਵਰਤਾਈਆ।