ਪੁਸਤਕਾਲਾਭਾਗ ੧੮

੧੧ ਜੇਠ ਸ਼ਹਿਨਸ਼ਾਹੀ ਸੰਮਤ ੧ ਨਛੱਤਰ ਸਿੰਘ ਦੇ ਗ੍ਰਹਿ ਦੁਰਾਹਾ ਲੁਧਿਆਣਾ ਸੰਗਤ

ਗਿਆਰਾਂ ਜੇਠ ਕਹੇ ਮੈਂ ਹੋਇਆ ਖ਼ੁਸ਼ਹਾਲ, ਇਕ ਨਾਲ ਇਕ ਮਿਲ ਕੇ ਵੱਜੀ ਵਧਾਈਆ। ਕਿਰਪਾ ਕਰੀ ਪ੍ਰਭ ਦੀਨ ਦਿਆਲ, ਠਾਕਰ ਸੁਵਾਮੀ ਹੋਇਆ ਸਹਾਈਆ। ਪ੍ਰੇਮ ਪਿਆਰਿਆਂ ਦੇ ਅੰਦਰ ਦੇ ਕੇ ਪ੍ਰੇਮ ਉਛਾਲ, ਸੋਈ ਸੁਰਤੀ ਲਈ ਜਗਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਊਚ ਨੀਚ ਲੇਖਾ ਦਿਤਾ ਮਿਟਾਈਆ। ਸਤਿ ਦੀ ਰੀਤੀ ਦੱਸ ਕੇ ਵਿਚ ਸੰਸਾਰ, ਮੰਦਰ ਮਸੀਤੀ ਪੰਧ ਮੁਕਾਈਆ। ਨੇਤਰ ਲੋਚਨ ਨੈਣ ਇਕ ਦੀਦਾਰ, ਦਰਸੀ ਆਪਣਾ ਦਰਸ ਦਿਖਾਈਆ। ਗੁਲਸ਼ਨ ਵਾਲੀ ਮਹਿਕਾ ਕੇ ਸਚੀ ਬਹਾਰ, ਰੰਗ ਬਸੰਤ ਰਿਹਾ ਚੜ੍ਹਾਈਆ। ਕਲੀ ਕਲੀ ਦਾ ਸੋਹਣਾ ਹਾਰ, ਗੁਲ ਗੁਲ ਰਿਹਾ ਖਿਲਾਈਆ। ਜਨਮ ਜਨਮ ਦਾ ਵਣਜ ਵਪਾਰ, ਕਰਮ ਕਰਮ ਦਾ ਲਹਿਣਾ ਰਿਹਾ ਵਖਾਈਆ। ਹਰਿ ਸੰਗਤ ਸਾਚੀ ਕਰ ਤਿਆਰ, ਤ੍ਰੈਗੁਣ ਅਤੀਤਾ ਅੰਤਰ ਆਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗਿਆਰਾਂ ਜੇਠ ਕਹੇ ਮੈਨੂੰ ਹੋਈ ਖ਼ੁਸ਼ੀ, ਤਾਲ ਵੱਜਿਆ ਬੇਪਰਵਾਹੀਆ। ਮੈਂ ਭਗਤਾਂ ਦੀ ਆਤਮ ਵੇਖੀ ਸੁੱਚੀ, ਸਤਿ ਸਤਿਵਾਦੀ ਅੰਦਰੋਂ ਨਜ਼ਰੀ ਆਈਆ। ਜਿਨ੍ਹਾਂ ਦੀ ਇਕੋ ਨਾਲ ਰੁਚੀ, ਦੂਜਾ ਨਾਤਾ ਗਏ ਤੁੜਾਈਆ। ਉਨ੍ਹਾਂ ਦਾ ਨੂਰ ਸੋਹਣਾ ਚਮਕੇ ਮੁਖੀ, ਤਅਲੁਕ ਵੇਖੇ ਬੇਪਰਵਾਹੀਆ । ਭਾਗ ਲਗਾ ਕੇ ਮਾਤ ਕੁੱਖੀ, ਜਨਮਾਂ ਵਿਚੋਂ ਜਨਮ ਦਏ ਬਦਲਾਈਆ। ਏਥੇ ਓਥੇ ਦੋ ਜਹਾਨ ਰੱਖ ਕੇ ਸੁਖੀ, ਮਰਨ ਜਨਮ ਦਾ ਗੇੜਾ ਦਏ ਕਟਾਈਆ । ਜਿਹੜੀ ਆਤਮ ਪਰਮਾਤਮ ਮਿਲਣ ਨੂੰ ਭੁੱਖੀ, ਉਸ ਦੀ ਤ੍ਰਿਸ਼ਨਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਕਲ ਕਲੀ ਦਾ ਹਾਰ ਕਹੇ ਸਾਡੇ ਵਿਚ ਫੁਲ ਗੁਲਾਬ, ਗੁਲਸ਼ਨ ਧੁਰ ਦਾ ਰਹੇ ਮਹਿਕਾਈਆ । ਸਾਡੇ ਅੰਦਰ ਪ੍ਰੇਮ ਪ੍ਰੀਤੀ ਦਾ ਆਬ, ਆਬੇ ਹਯਾਤ ਰੂਪ ਵਟਾਈਆ। ਭੇਟਾ ਹੋ ਕੇ ਸ਼ਾਹ ਨਵਾਬ, ਆਪਣਾ ਲੇਖਾ ਰਹੇ ਮੁਕਾਈਆ। ਸੱਯਦਿਆਂ ਨਾਲ ਕਰ ਆਦਾਬ, ਨਮਸਤੇ ਕਹਿ ਕੇ ਸੀਸ ਝੁਕਾਈਆ। ਜਿਨ੍ਹਾਂ ਮਿਲੀ ਵਡਿਆਈ ਆਦਿ, ਅਜ਼ਲ ਦੀ ਮਜ਼ਲ ਦਿਤੀ ਮੁਕਾਈਆ। ਧੁਰ ਦਾ ਦੇ ਕੇ ਖ਼ਿਤਾਬ, ਖ਼ਤਾ ਪਿਛਲੀ ਦਿਤੀ ਗਵਾਈਆ। ਸਤਿ ਸਤਿ ਦਾ ਦੱਸ ਰਿਵਾਜ, ਮਾਰਗ ਇਕੋ ਇਕ ਦ੍ਰਿੜਾਈਆ। ਪੁਰਖ ਅਕਾਲਾ ਬਣ ਕੇ ਬਾਪ, ਦੀਨ ਦਿਆਲਾ ਭਗਤਾਂ ਗੋਦ ਉਠਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਧੁਰ ਦਾ ਜਾਪ, ਜੀਵਣ ਜੁਗਤ ਦਿਤੀ ਸਮਝਾਈਆ। ਕੋਟਨ ਕੋਟ ਜਗਤ ਦੇ ਉਤਾਰ ਕੇ ਪਾਪ, ਦੁਰਮਤ ਮੈਲ ਸਾਫ਼ ਕਰਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾ ਪੂਰਾ ਕਰ ਕੇ ਵਾਕ, ਵਾਕਫ਼ਕਾਰ ਆਪਣੇ ਲਏ ਬਣਾਈਆ। ਅੰਦਰ ਵੜ ਕੇ ਸ਼ਬਦੀ ਧਾਰ ਖੋਲ੍ਹੇ ਤਾਕ, ਜਗਤ ਅੰਧੇਰਾ ਦਏ ਗਵਾਈਆ। ਲੇਖੇ ਲਾ ਕੇ ਪੰਜ ਤੱਤ ਮਾਟੀ ਖ਼ਾਕ, ਖ਼ਾਲਸ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਹਾਰ ਕਹਿਣ ਅਸਾਂ ਵੇਖਿਆ ਹਰਿ, ਹਿਰਦੇ ਅੰਦਰ ਡੇਰਾ ਲਾਈਆ। ਜਿਸ ਦਾ ਖੁਲ੍ਹਾ ਇਕੋ ਦਰ, ਜਗਤ ਦਰਵਾਜ਼ੇ ਬੰਦ ਰਿਹਾ ਕਰਵਾਈਆ। ਭਗਤ ਸੁਹੇਲਾ ਦੇਵਣਹਾਰਾ ਵਰ, ਮਿਹਰ ਨਜ਼ਰ ਇਕ ਉਠਾਈਆ। ਦੂਰ ਦੁਰਾਡੇ ਨੇਰਨ ਨੇਰਾ ਅੰਤਰ ਆਤਮ ਲਏ ਫੜ, ਨਿਰੰਤਰ ਬਾਂਹ ਲਏ ਉਠਾਈਆ। ਸਾਚੇ ਮੰਦਰ ਜਾਏ ਚੜ੍ਹ, ਅਗਲਾ ਪਿਛਲਾ ਪੰਧ ਮੁਕਾਈਆ। ਸੁਹੇਲਾ ਦੱਸ ਕੇ ਘਰ, ਘਿਰਨਾ ਸਾਰੀ ਦਏ ਮਿਟਾਈਆ। ਦੂਰ ਦੁਰਾਡਾ ਆਇਆ ਚਲ, ਨਿਰਗੁਣ ਆਪਣਾ ਪੰਧ

ਮੁਕਾਈਆ । ਸਚ ਸਿੰਘਾਸਣ ਬੈਠਾ ਮਲ, ਸੋਭਨੀਕ ਬੇਪਰਵਾਹੀਆ। ਲਹਿਣਾ ਦੇਣਾ ਚੁਕਾਵਣਹਾਰਾ ਜਲ ਥਲ, ਸਮੁੰਦ ਸਾਗਰ ਖੋਜ ਖੁਜਾਈਆ। ਜਨ ਭਗਤਾਂ ਦਾ ਵਿਛੋੜਾ ਰਹਿਣ ਨਾ ਦੇਵੇ ਘੜੀ ਪਲ, ਪਲਕ ਦੀ ਪਲਕ ਆਪਣੇ ਵਿਚ ਰਲਾਈਆ । ਜਿਹੜੇ ਅੰਦਰੋਂ ਜਗਤ ਵਾਸਨਾ ਕਰ ਕੇ ਥੋੜ੍ਹੇ ਥੋੜ੍ਹੇ ਗਏ ਹਲ, ਸਿਰ ਉਹਨਾਂ ਦੇ ਆਪਣਾ ਹੱਥ ਟਿਕਾਈਆ। ਭਾਗ ਲਗਾ ਕੇ ਕਾਇਆ ਮਾਟੀ ਖੱਲ, ਖ਼ਲਕ ਦਾ ਖ਼ਾਲਕ ਖ਼ਿਲਕ ਆਪਣੀ ਦਏ ਵਖਾਈਆ । ਦੁਵਾਰ ਵਖਾ ਕੇ ਨਿਹਚਲ ਧਾਮ ਅਟਲ, ਮਹਲ ਸੁਹੰਜਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਰਿਹਾ ਚੁਕਾਈਆ। ਹਾਰ ਕਹਿਣ ਅਸੀਂ ਵੇਖਿਆ ਹਰਿ ਕਾ ਰੂਪ, ਗੁਰਮੁਖਾਂ ਅੰਦਰੋਂ ਨਜ਼ਰੀ ਆਈਆ। ਤੱਕਿਆ ਸਤਿ ਸਰੂਪ, ਸਚ ਸਚ ਵਿਚ ਸਮਾਈਆ। ਜਿਨ੍ਹਾਂ ਦਾ ਠਾਕਰ ਇਕੋ ਭੂਪ, ਸ਼ਾਹ ਪਾਤਸ਼ਾਹ ਬੇਪਰਵਾਹੀਆ । ਨਾਮ ਨਗਾਰਾ ਵਜਦਾ ਵੇਖਿਆ ਚਾਰੋਂ ਕੂਟ, ਦਹਿ ਦਿਸ਼ਾ ਡੰਕ ਸ਼ਨਵਾਈਆ। ਮਹਲ ਅਟਲ ਵੇਖਿਆ ਉਚ ਅਰੂਜ, ਅਰਸ਼ ਫ਼ਰਸ਼ ਨਾ ਕੋਇ ਵਡਿਆਈਆ। ਜਿਸ ਦਾ ਨਾ ਤਨ ਨਾ ਵਜੂਦ, ਨਿਰਗੁਣ ਦਾਤਾ ਨੂਰ ਰੁਸ਼ਨਾਈਆ। ਜਨ ਭਗਤਾਂ ਆਪਣਾ ਦੇਵਣ ਆਇਆ ਸਬੂਤ, ਸਚ ਸੁਨੇਹੜਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਅਗਲਾ ਪਿਛਲਾ ਰਿਹਾ ਚੁਕਾਈਆ। ਹਾਰ ਕਹਿਣ ਅਸੀਂ ਇਕ ਦੂਜੇ ਦੇ ਨਾਲ ਗਏ ਜੁੜ, ਬਹੁ ਗਿਣਤੀ ਰੂਪ ਵਟਾਈਆ । ਸਭ ਨੇ ਸੁਣੀ ਧੁਰਦਰਗਾਹੀ ਸੁਰ, ਸੁਰਤੀ ਆਪਣੀ ਲਈ ਬਦਲਾਈਆ। ਧੁਰ ਦਾ ਮਾਲਕ ਖ਼ਾਲਕ ਖ਼ਲਕ ਦਾ ਗੁਰ, ਗਹਿਰ ਗੰਭੀਰ ਸਚਾ ਸ਼ਹਿਨਸ਼ਾਹੀਆ। ਜਿਸ ਦੀ ਨਿਤ ਨਵਿਤ ਸਭ ਨੂੰ ਪਈ ਲੋੜ, ਪੀਰ ਪੈਗ਼ੰਬਰ ਬੈਠੇ ਰਾਹ ਤਕਾਈਆ। ਸੋ ਸਵਾਮੀ ਅੰਤਰਜਾਮੀ ਨਿਰਗੁਣ ਦਾਤਾ ਪੁਰਖ ਬਿਧਾਤਾ ਸ਼ਬਦੀ ਧਾਰ ਆਇਆ ਦੌੜ, ਦੋ ਜਹਾਨਾਂ ਨੌਜੁਆਨਾ ਮਰਦ ਮਰਦਾਨਾ ਆਪਣਾ ਪੰਧ ਮੁਕਾਈਆ। ਜਨ ਭਗਤਾਂ ਤੱਕਣ ਆਇਆ ਕਰ ਕੇ ਗ਼ੌਰ, ਗਹਿਰ ਗੰਭੀਰ ਬੇਨਜ਼ੀਰ ਆਪਣਾ ਫੇਰਾ ਪਾਈਆ। ਕਰੇ ਖੇਲ ਅਵਰ ਕੀ ਔਰ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਕਲਜੁਗ ਵੇਖਣਹਾਰਾ ਅੰਧੇਰਾ ਘੋਰ, ਬ੍ਰਹਿਮੰਡਾਂ ਖੰਡਾਂ ਪੜਦਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਿਸ਼ ਰਹਿਮਤ ਆਪਣੀ ਰਿਹਾ ਵਰਤਾਈਆ। ਹਾਰ ਕਹਿਣ ਅਸੀਂ ਹੋ ਗਏ ਸਾਰੇ ਇਕੱਠੇ, ਰਲ ਕੇ ਆਪਣੀ ਖ਼ੁਸ਼ੀ ਮਨਾਈਆ। ਮਿਲਿਆ ਮੇਲ ਪੁਰਖ ਸਮਰਥੇ, ਸਾਹਿਬ ਸਵਾਮੀ ਹੋਏ ਸਹਾਈਆ। ਦਰਸ਼ਨ ਪਾਇਆ ਇਕੋ ਅੱਖੇ, ਦੂਜਾ ਨੈਣ ਨਾ ਕੋਇ ਖੁਲ੍ਹਾਈਆ। ਲੱਖ ਚੁਰਾਸੀ ਨਾਲੋਂ ਹੋ ਕੇ ਵੱਖੇ, ਵਖਰਾ ਮੇਲਾ ਲਿਆ ਮਿਲਾਈਆ। ਪੁਰਖ ਅਬਿਨਾਸ਼ੀ ਹੋ ਪਰਤਖੇ, ਪਾਰਖੂ ਬਣਿਆ ਜਗਤ ਲੋਕਾਈਆ। ਸੰਤ ਸੁਹੇਲੇ ਗੁਰਮੁਖ ਧੁਰ ਦੇ ਸੱਦੇ, ਹਰਿਜਨ ਆਪਣਾ ਜੋੜ ਜੁੜਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਅਕਾਸ਼ ਪਾਤਾਲ ਵਿਸ਼ਨ ਬ੍ਰਹਮਾ ਸ਼ਿਵ ਫਿਰਨ ਭੱਜੇ, ਚਾਰੋਂ ਕੁੰਟ ਵਾਹੋ ਦਾਹੀਆ। ਵੇਖਣ ਖੇਲ ਸਾਹਿਬ ਸੁਲਤਾਨ ਮਿਹਰਵਾਨ ਮਹਿਬੂਬ ਮੁਹੱਬਤ ਵਿਚ ਸਜੇ, ਉਚ ਅਰੂਜ ਮਹਿਫੂਜ਼ ਆਪਣਾ ਡੇਰਾ ਲਾਈਆ। ਜੋਤੀ ਜਾਤਾ ਨੂਰ ਨੁਰਾਨਾ ਜ਼ਿਮੀਂ ਅਸਮਾਨਾਂ ਇਕੋ ਦੀਪਕ ਜਗੇ, ਜਾਗਰਤ ਜੋਤ ਬਿਨ ਵਰਨ ਗੋਤ ਕਰੇ ਰੁਸ਼ਨਾਈਆ। ਜਿਹੜਾ ਚਾਰ ਕੁੰਟ ਦਹਿ ਦਿਸ਼ਾ ਜੰਗਲ ਜੂਹ ਉਜਾੜ ਪਹਾੜ ਤੀਰਥ ਤਟ ਕਿਤੇ ਨਾ ਲੱਭੇ, ਖੋਜਿਆਂ ਹੱਥ ਕਿਸੇ ਨਾ ਆਈਆ। ਸੋ ਪੁਰਖ ਬਿਧਾਤਾ ਜਨ ਭਗਤਾਂ ਰੰਗ ਮਜੀਠੀ ਰੰਗੇ, ਅਨਡਿਠੜਾ ਆਪਣਾ ਰੰਗ ਚੜ੍ਹਾਈਆ। ਹਾਰ ਕਹਿਣ ਸਚ ਸ਼ਿੰਗਾਰ ਦੇ ਸਾਨੂੰ ਮਿਲ ਗਏ ਮਜ਼ੇ, ਮਜਲਸ ਭਗਤਾਂ ਨਾਲ ਵਖਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਹਾਰ ਕਹਿਣ ਜਿਸ ਵੇਲੇ ਅਸੀਂ ਲੱਗੇ ਨਾਲ ਅੰਗ, ਆਪਣਾ ਰੰਗ ਲਿਆ ਬਦਲਾਈਆ । ਸੁਣਿਆ ਨਾਮ ਅਗੰਮੀ ਮਰਦੰਗ, ਢੋਲਾ ਬੇਪਰਵਾਹੀਆ। ਪੜਦਾ ਖੁਲ੍ਹ ਗਿਆ ਹੰ ਬ੍ਰਹਮ, ਪਾਰਬ੍ਰਹਮ ਦਿਤੀ ਸ਼ਰਨਾਈਆ। ਨੂਰੀ ਚਮਕਦਾ ਵੇਖਿਆ ਚੰਦ, ਜਗਤ ਅੰਧੇਰਾ ਰਿਹਾ ਮਿਟਾਈਆ। ਝਗੜਾ ਮੁਕਦਾ ਵੇਖਿਆ ਵਰਭੰਡ, ਬ੍ਰਹਿਮੰਡ ਖ਼ੁਸ਼ੀ ਵਖਾਈਆ। ਜਨ ਭਗਤਾਂ ਦਾ ਢੋਲਾ ਸੁਣ ਕੇ ਛੰਦ, ਸੰਸੇ ਸਾਰੇ ਦਿਤੇ ਗਵਾਈਆ। ਸਾਡੀ ਆਸਾ ਮਨਸਾ ਸਭ ਦੀ ਪੂਰੀ ਹੋ ਗਈ ਮੰਗ, ਤ੍ਰਿਸ਼ਨਾ ਰਹੀ ਨਾ ਰਾਈਆ। ਸਚ ਦਵਾਰੇ ਆ ਕੇ ਵੇਖਿਆ ਸਚ ਅਨੰਦ, ਜਿਹੜਾ ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦਾ ਬਣਿਆ ਧੁਰ ਦਾ ਸੰਗ, ਸੰਗੀ ਸਾਥੀ ਸਾਰੇ ਪਾਰ ਲੰਘਾਈਆ।

ਫੁੱਲ ਕਹਿਣ ਅਸੀਂ ਸੋਹਣੀ ਬਣਾਈ ਸੇਜ, ਆਪਣਾ ਆਪ ਭੇਟ ਚੜ੍ਹਾਈਆ। ਕਿਸੇ ਕ਼ੀਮਤ ਨਾਲ ਸਾਨੂੰ ਕੋਈ ਨਾ ਦੇਵੇ ਵੇਚ, ਵਿਚਲਾ ਮੁਲ ਨਾ ਕੋਇ ਪੁਆਈਆ। ਜੁਗ ਚੌਕੜੀ ਅਸੀਂ ਰਹੇ ਵੇਖ, ਨਿਤ ਨਵਿਤ ਅੱਖ ਖੁਲ੍ਹਾਈਆ। ਕੌਣ ਵੇਲਾ ਪਾਰਬ੍ਰਹਮ ਪਤਿਪਰਮੇਸ਼ਵਰ ਜੋਤੀ ਜਾਤਾ ਬਦਲ ਕੇ ਆਵੇ ਵੇਸ, ਅਵਲੜਾ ਰੂਪ ਵਟਾਈਆ। ਅਨੋਖੇ ਧਾਮ ਵਖਰੇ ਵਸੇ ਦੇਸ, ਸੰਬਲ ਵੱਜੇ ਵਧਾਈਆ। ਜਿਥੇ ਕੋਈ ਲਭ ਨਾ ਸਕੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਨੇਤਰ ਅੱਖ ਨਾ ਕੋਇ ਮਿਲਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਸੁਨੇਹੜਾ ਦੇ ਕੇ ਗਏ ਸੰਦੇਸ਼, ਭਵਿਖਤਾਂ ਵਿਚ ਜਣਾਈਆ। ਸੋ ਸਾਡੀ ਮੇਟਣ ਆਇਆ ਰੇਖ, ਰਿਖੀਆਂ ਮੁਨੀਆਂ ਨਾਲ ਮਿਲਾਈਆ। ਪ੍ਰੇਮ ਪਿਆਰ ਦਾ ਕਰ ਕੇ ਹੇਤ, ਚਰਨ ਕਵਲ ਕਵਲ ਚਰਨ ਉਤੇ ਦਿਤਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡਾ ਰਿਹਾ ਸੁਹਾਈਆ। ਫੁੱਲ ਕਹਿਣ ਸਾਡੀ ਹੋ ਗਈ ਪੱਤੀ ਪੱਤੀ, ਪਤਣ ਵੇਖਿਆ ਬੇਪਰਵਾਹੀਆ। ਧੁਰ ਦਾ ਰੰਗ ਚੜ੍ਹ ਗਿਆ ਰਤ ਰਤੀ, ਰਤਨ ਅਮੋਲਕ ਹੀਰਾ ਦਿਤਾ ਬਣਾਈਆ। ਜਨ ਭਗਤਾਂ ਦੀ ਸੇਵਾ ਵੇਖ ਕੇ ਸਚੀ, ਸਾਜਨ ਸਾਚਾ ਦਇਆ ਕਮਾਈਆ। ਦਰਸ ਦਿਖਾ ਕੇ ਨੇਤਰ ਲੋਚਨ ਅੱਖੀਂ, ਆਖ਼ਰ ਆਪਣਾ ਮੇਲ ਮਿਲਾਈਆ । ਨਾਮ ਨਿਧਾਨ ਸ਼ਬਦ ਗਿਆਨ ਪੜ੍ਹਾ ਕੇ ਪੱਟੀ, ਪਟਨੇ ਦਾ ਮਾਲਕ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਫੁੱਲ ਕਹਿਣ ਅਸੀਂ ਸੁਹੰਜਣਾ ਬਣਾਇਆ ਸਿੰਘਆਸਣ, ਸਿੰਘਾਸਣ ਕਹੇ ਜਗਤ ਲੋਕਾਈਆ। ਭਗਤ ਸੁਹੇਲੇ ਵੇਖੇ ਦਾਸੀ ਦਾਸਨ, ਸੇਵਕ ਸੇਵਾ ਸਚ ਕਮਾਈਆ । ਝੁਕਦੇ ਵੇਖੇ ਪ੍ਰਿਥਮੀ ਆਕਾਸ਼ਨ, ਗਗਨ ਮੰਡਲ ਸੀਸ ਨਿਵਾਈਆ। ਫੁੱਲ ਕਹਿਣ ਅਸੀਂ ਸਭ ਨੂੰ ਆਏ ਆਖਣ, ਬਿਨ ਅੱਖਰਾਂ ਦਈਏ ਜਣਾਈਆ। ਪਰਮ ਪੁਰਖ ਪਰਮਾਤਮ ਆਤਮ ਦਾ ਲਹਿਣਾ ਆਇਆ ਵਾਚਨ, ਅੰਤਰ ਅੰਤਰ ਖੋਜ ਖੁਜਾਈਆ । ਭਗਤਾਂ ਦਾ ਸਾਚੀ ਭਗਤੀ ਬਣ ਕੇ ਸਾਥਨ, ਧੁਰ ਦਾ ਸੰਗ ਨਿਭਾਈਆ। ਸਚ ਦਵਾਰੇ ਕੋਈ ਮਾਟੀ ਖ਼ਾਕੀ ਦੇਹ ਰਹੇ ਨਾ ਪਾਪਨ, ਜਿਸ ਉਪਰ ਆਪਣੀ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਜ਼ਾਹਰ ਬਾਤਨ, ਪੜਦਿਆਂ ਅੰਦਰ ਪੜਦਾ ਦਏ ਖੁਲ੍ਹਾਈਆ। ਹਰਿ ਸ਼ਬਦ ਕਹੇ ਮੈਂ ਧੁਰ ਦਾ ਦੂਤ, ਪੁਰਖ ਅਕਾਲ ਦਿਤੀ ਵਡਿਆਈਆ। ਨਿਰਗੁਣ ਸਰਗੁਣ ਦਹਿ ਦਿਸ਼ਾ ਵੇਖਾਂ ਚਾਰ ਕੂਟ, ਬ੍ਰਹਿਮੰਡ ਖੰਡ

ਖੋਜ ਖੁਜਾਈਆ। ਭੇਵ ਅਭੇਦਾ ਖੋਲ੍ਹਾਂ ਕਾਇਆ ਪੰਜ ਤੱਤ ਕਲਬੂਤ, ਅੰਤਰ ਆਪਣਾ ਰਾਹ ਵਖਾਈਆ । ਕਲਜੁਗ ਅੰਤਮ ਲਹਿਣਾ ਦੇਣਾ ਮੁਕਾਵਾਂ ਜੂਠ ਝੂਠ, ਸਚ ਸਤਿ ਦੇਵਾਂ ਸਮਝਾਈਆ। ਮਹਲ ਅਟਲ ਉਚ ਮਨਾਰਾਂ ਵਖਾਵਾਂ ਅਰੂਜ, ਅਰਸ਼ੀ ਪ੍ਰੀਤਮ ਦਿਆਂ ਮਿਲਾਈਆ। ਭਗਤ ਸੁਹੇਲਿਆਂ ਦੇ ਕੇ ਧੁਰ ਦੀ ਸੂਝ, ਬੁੱਧ ਬਿਬੇਕੀ ਦਿਆਂ ਬਣਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕੋਲੋਂ ਕਰ ਮਹਿਫ਼ੂਜ਼, ਦਿਵਸ ਰੈਣ ਸਿਰ ਆਪਣਾ ਹੱਥ ਟਿਕਾਈਆ। ਮੰਜ਼ਲ ਚੜ੍ਹਾਵਾਂ ਹਕ਼ ਮਕ਼ਸੂਦ, ਦਰਗਾਹ ਸਾਚੀ ਸਚ ਸੁਹਾਈਆ। ਸਦਾ ਸੁਹੇਲਾ ਹੋ ਕੇ ਹੋਵਾਂ ਮੌਜੂਦ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਰਿਹਾ ਵਰਤਾਈਆ। ਹਰਿ ਸ਼ਬਦ ਕਹੇ ਮੈਂ ਨੌਜਵਾਨ, ਨੌਬਤ ਇਕੋ ਨਾਮ ਵਜਾਈਆ। ਸ਼ਾਹ ਪਾਤਸ਼ਾਹ ਭੂਪਤ ਭੂਪ ਮੇਰਾ ਰਾਜ ਰਾਜਾਨ, ਤਖ਼ਤ ਨਿਵਾਸੀ ਪੁਰਖ ਅਕਾਲ ਬੇਪਰਵਾਹੀਆ। ਜੋ ਖੇਲੇ ਖੇਲ ਨਿਰਗੁਣ ਸਰਗੁਣ ਵਿਚ ਜਹਾਨ, ਲੱਖ ਚੁਰਾਸੀ ਜੀਵ ਜੰਤ ਵੇਖ ਵਖਾਈਆ। ਨਿਤ ਨਵਿਤ ਦੇਵਣਹਾਰਾ ਸਾਚਾ ਦਾਨ, ਵਸਤ ਅਮੋਲਕ ਧੁਰ ਦੀ ਆਪ ਵਰਤਾਈਆ। ਨਰ ਨਰੇਸ਼ਾ ਸਚ ਸੰਦੇਸ਼ਾ ਸੁਨਾਵਣਹਾਰਾ ਹਕ ਫ਼ਰਮਾਨ, ਹੁਕਮ ਹਕ਼ੀਕ਼ਤ ਇਕ ਪਗਟਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬਖ਼ਸ਼ਣਹਾਰਾ ਮਾਣ, ਪੁਰਖ ਸਮਰਥ ਮਹਿੰਮਾ ਅਕਥ ਇਕ ਜਣਾਈਆ। ਦੀਆ ਬਾਤੀ ਕਮਲਾਪਾਤੀ ਜੋਤ ਜਗਾਵਣਹਾਰ ਮਹਾਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸਚ ਸਵਾਮੀ ਅੰਤਰਜਾਮੀ ਧੁਰ ਦਾ ਬਣ ਕੇ ਕਾਹਨ, ਬੰਸਰੀ ਅਗੰਮੀ ਇਕ ਸੁਣਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਦਾ ਰਿਹਾ ਜਹਾਨ, ਨਿਤ ਨਵਿਤ ਵੇਸ ਅਨੇਕਾ ਲੋਕਮਾਤ ਆਪ ਵਟਾਈਆ। ਸਿਫ਼ਤ ਸਾਲਾਹੀ ਦੱਸਦਾ ਰਿਹਾ ਸ਼ਾਸਤਰ ਸਿਮਰਤ ਵੇਦ ਪੁਰਾਨ, ਅੱਖਰਾਂ ਨਾਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਹਰਿ ਸ਼ਬਦ ਕਹੇ ਮੈਂ ਵਡ ਬਲਵਾਨ, ਬਲਧਾਰੀ ਨਜ਼ਰੀ ਆਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਾ ਕੋਇ ਉਠਾਈਆ। ਗੁਰੂ ਅਵਤਾਰ ਪੀਰ ਪੈਗ਼ੰਬਰ ਜਿਸ ਤੋਂ ਲੈਦੇ ਦਾਨ, ਸਰਗੁਣ ਹੋ ਕੇ ਝੋਲੀ ਅਗੇ ਡਾਹੀਆ। ਜਿਸ ਦਾ ਕਲਮਾ ਨਗ਼ਮਾ ਕਾਇਨਾਤ ਪੜ੍ਹਨ ਕਲਾਮ, ਨਾਮ ਸਤਿ ਢੋਲੇ ਰਹੇ ਜਣਾਈਆ। ਸੋ ਸਭ ਦਾ ਮਾਲਕ ਪ੍ਰਿਤਪਾਲਕ ਹੋ ਪਰਧਾਨ, ਧੁਰ ਦੀ ਧਾਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਥਾਹੀਆ। ਹਰਿ ਸ਼ਬਦ ਕਹੇ ਮੇਰਾ ਰੂਪ ਨਿਰਮਲ ਨੂਰ ਨੁਰਾਨਾ ਜੋਤ, ਜੋਤੀ ਜਾਤਾ ਵੇਖ ਵਖਾਈਆ। ਸਚ ਦਵਾਰ ਸੁਹਾ ਕੇ ਕੋਟ, ਬੰਕ ਇਕੋ ਰੰਗ ਰੰਗਾਈਆ । ਧੁਰ ਨਗਾਰਾ ਵਜਾ ਕੇ ਚੋਟ, ਆਲਸ ਨਿੰਦਰਾ ਸਰਬ ਮੁਕਾਈਆ। ਕੂੜੀ ਕਿਰਿਆ ਕਢ ਕੇ ਖੋਟ, ਆਤਮ ਪਰਮਾਤਮ ਦਿਆਂ ਮਿਲਾਈਆ। ਸਚ ਖ਼ੁਮਾਰੀ ਨਾਲ ਕਰਾਂ ਮਧਹੋਸ਼, ਜਾਮ ਧੁਰ ਦਾ ਇਕ ਪਿਆਈਆ। ਸਚ ਦਵਾਰੇ ਦੀ ਦੱਸਾਂ ਮੌਜ, ਜਿਥੇ ਮਜਲਸ ਬੇਪਰਵਾਹੀਆ। ਜਿਸ ਗ੍ਰਹਿ ਕੋਈ ਨਾ ਸਕੇ ਪਹੁੰਚ, ਸੋ ਮੰਦਰ ਦਿਆਂ ਵਡਿਆਈਆ। ਜਿਸ ਦੀ ਸੋਚ ਨਾ ਸਕੇ ਕੋਈ ਸੋਚ, ਸੋ ਪਰਵਰਦਿਗਾਰ ਨੂਰ ਖ਼ੁਦਾ ਜਲਵਾਗਰ ਦਿਆਂ ਵਖਾਈਆ। ਜਿਸ ਦੇ ਹੁਕਮੇ ਅੰਦਰ ਆਦਿ ਜੁਗਾਦਿ ਜੁਗ ਚੌਕੜੀ ਬ੍ਰਹਿਮੰਡ ਖੰਡ ਫਿਰਦੇ ਵੇਖੇ ਚੌਦਾਂ ਲੋਕ, ਚੌਦਾਂ ਤਬਕ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਧੁਰ ਦਾ ਦਾ ਸੰਗ ਨਿਭਾਈਆ। ਹਰਿ ਸ਼ਬਦ ਕਹੇ ਪੁਰਖ ਅਕਾਲ ਇਕੋ ਬਾਪ, ਦੋ ਜਹਾਨਾਂ ਦੇਣਾ ਜਣਾਈਆ। ਆਦਿ ਜੁਗਾਦੀ ਜਿਸ ਦਾ ਵਡ ਪਰਤਾਪ,

ਦੂਸਰ ਸਕੇ ਨਾ ਕੋਇ ਮਿਟਾਈਆ। ਇਕ ਇਕੱਲਾ ਸਤਿ ਸਤਿਵਾਦੀ ਜਿਸ ਦਾ ਜਾਪ, ਜੀਵਣ ਜੁਗਤ ਦਏ ਸਮਝਾਈਆ। ਧੁਰ ਸੰਦੇਸ਼ਾ ਜੋ ਸਭੇ ਅੰਦਰ ਦੇਵੇ ਆਖ, ਆਖ਼ਰ ਲੇਖਾ ਦਏ ਮੁਕਾਈਆ। ਜੋ ਨਿਰਗੁਣ ਸਰਗੁਣ ਦੇਵਣਹਾਰਾ ਦਾਤ, ਦਾਤਾ ਦਾਨੀ ਬੇਪਰਵਾਹੀਆ। ਚਾਰੇ ਖਾਣੀ ਚਾਰੇ ਬਾਣੀ ਜਿਸ ਦੀ ਗਾਵਣ ਗਾਥ, ਰਾਗਾਂ ਵਿਚ ਸਿਫ਼ਤ ਸਾਲਾਹੀਆ। ਸੋ ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਵਿਚ ਸਮਾਈਆ। ਜਿਸ ਨੇ ਰਚਨਾ ਰਚ ਲਈ ਆਦਿ, ਅੰਤਰ ਹੋ ਕੇ ਡੇਰਾ ਲਾਈਆ। ਨਿਰਗੁਣ ਰੂਪ ਹੋ ਵਿਸਮਾਦ, ਬਿਸਮਲ ਆਪਣਾ ਆਪ ਜਣਾਈਆ। ਕਲਜੁਗ ਅੰਤ ਧੁਰ ਸੰਦੇਸ਼ਾ ਦੇਵੇ ਆਪ, ਹੁਕਮ ਹਾਕਮ ਇਕ ਉਪਜਾਈਆ। ਕੂੜੀ ਕਿਰਿਆ ਕਰਨੀ ਨਾਸ, ਭੇਖ ਭਖੰਡ ਦੇਣਾ ਮਿਟਾਈਆ। ਝਗੜਾ ਮਿਟੌਣਾ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਨਾ ਕੋਇ ਲੜਾਈਆ। ਸਾਚੇ ਮੰਦਰ ਪੌਣੀ ਰਾਸ, ਬਿਨ ਗੋਪੀ ਕਾਹਨ ਵੱਜੇ ਵਧਾਈਆ। ਨਿਰਮਲ ਨੂਰ ਸਚ ਜੋਤ ਕਰਨਾ ਪਰਕਾਸ਼, ਅੰਧ ਅਗਿਆਨ ਦੇਣਾ ਮਿਟਾਈਆ। ਕਲਜੁਗ ਮੇਟਣੀ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਚਾਰ ਵਰਨ ਅਠਾਰਾਂ ਬਰਨ ਸਾਚੀ ਦੱਸਣੀ ਗਾਥ, ਆਤਮ ਪਰਮਾਤਮ ਇਕ ਪੜ੍ਹਾਈਆ । ਪੁਰਖ ਅਕਾਲ ਮਨੌਣਾ ਧੁਰ ਦਾ ਨਾਥ, ਕੂੜੇ ਨਾਤੇ ਦੇਣੇ ਛੁਡਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਪੂਰਾ ਕਰਨਾ ਭਵਿਖਤ ਵਾਕ, ਜੋ ਵਾਕਫ਼ ਹੋ ਕੇ ਗਏ ਸਮਝਾਈਆ । ਜਨ ਭਗਤਾਂ ਦਾ ਕਾਇਆ ਮੰਦਰ ਅੰਦਰ ਖੋਲ੍ਹਣਾ ਤਾਕ, ਪਰਦਾ ਦੂਈ ਦੇਣਾ ਗਵਾਈਆ। ਸਚ ਸਰੋਵਰ ਦੱਸਣਾ ਧੁਰ ਦਾ ਘਾਟ, ਅੰਮ੍ਰਿਤ ਝਿਰਨਾ ਇਕ ਝਿਰਾਈਆ। ਆਵਣ ਜਾਵਣ ਮੰਜ਼ਲ ਮੁਕੇ ਵਾਟ, ਮਜ਼ਲ ਆਪਣੀ ਦਏ ਵਖਾਈਆ। ਆਤਮ ਸੇਜਾ ਸੁਹੰਜਣੀ ਸੁਹੌਣੀ ਖਾਟ, ਬਿਨ ਬਿਸਤਰ ਡੇਰਾ ਲਾਈਆ। ਸ਼ਬਦ ਅਗੰਮੀ ਵਜੌਣਾ ਨਾਦ, ਬਿਨ ਰਸਨਾ ਜਿਹਵਾ ਬੱਤੀ ਦੰਦ ਕਰੇ ਸ਼ਨਵਾਈਆ। ਚਾਰ ਕੁੰਟ ਦਹਿ ਦਿਸ਼ਾ ਬਦਲ ਦੇਣਾ ਸਮਾਜ, ਸਮਝ ਵਿਚੋਂ ਸਮਝ ਦੇਣੀ ਬਦਲਾਈਆ। ਝਗੜਾ ਮੁਕੌਣਾ ਰੋਜ਼ਾ ਨਿਮਾਜ਼, ਹਜ਼ਰਤਾਂ ਦਾ ਹਜ਼ਰਤ ਪੀਰਾਂ ਦਾ ਪੀਰ ਪੈਗ਼ੰਬਰਾਂ ਦਾ ਪੈਗ਼ੰਬਰ ਸੁਵੰਬਰ ਆਪਣਾ ਇਕ ਰਚਾਈਆ। ਸ਼ਬਦ ਅਣਿਆਲਾ ਮਾਰਨਾ ਤੀਰ, ਤੀਰ ਅੰਦਾਜ ਨੂਰ ਖ਼ੁਦਾਈਆ। ਸ਼ਰਅ ਸ਼ਰੀਅਤ ਦੀਨ ਮਜ਼੍ਹਬ ਕਟ ਜ਼ੰਜੀਰ, ਆਤਮ ਪਰਮਾਤਮ ਆਜ਼ਾਦ ਦੇਣੀ ਮਿਲਾਈਆ। ਭੇਵ ਖੁਲ੍ਹਾਏ ਗਹਿਰ ਗੰਭੀਰ, ਬੇਨਜ਼ੀਰ ਤਤ ਸਰੀਰ ਧੀਰਜ ਧੀਰ ਦੇਣਾ ਧਰਾਈਆ। ਲੇਖਾ ਚੁਕਾ ਕੇ ਹਸਤ ਕੀਟ, ਭੇਵ ਮਿਟਾ ਕੇ ਊਚ ਨੀਚ, ਕਲਮਾ ਦੱਸ ਕੇ ਇਕ ਹਦੀਸ, ਧੁਰ ਦਾ ਢੋਲਾ ਦੇਣਾ ਸਮਝਾਈਆ। ਪਤਿਪਰਮੇਸ਼ਵਰ ਸਭ ਨੇ ਗੌਣਾ ਗੀਤ, ਝਗੜਾ ਮੁਕਣਾ ਮੰਦਰ ਮਸੀਤ, ਸਤਿਜੁਗ ਸਾਚੀ ਚਲੇ ਰੀਤ, ਨੀਤੀ ਸਭ ਦੀ ਦਏ ਬਦਲਾਈਆ। ਪੁਰਖ ਅਕਾਲ ਹੋਵੇ ਪ੍ਰੀਤ, ਸਦੀ ਬੀਸਵੀਂ ਰਹੀ ਬੀਤ, ਭਗਤ ਸੁਹੇਲੇ ਕਰੇ ਤ੍ਰੈਗੁਣ ਅਤੀਤ, ਕੂੜੀ ਮਾਇਆ ਮਮਤਾ ਦੇਣ ਤਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਦ੍ਰਿੜਾਈਆ। ਹਰਿ ਸ਼ਬਦ ਕਹੇ ਹਰਿ ਹੁਕਮ ਅਪਾਰ, ਅਪਰੰਪਰ ਸਵਾਮੀ ਰਿਹਾ ਸੁਣਾਈਆ। ਸਚਖੰਡ ਨਿਵਾਸੀ ਹੋ ਕੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਜਣਾਈਆ। ਥਿਰ ਘਰ ਦਵਾਰਿਉਂ ਸ਼ਬਦੀ ਸੁਤ ਲਿਆ ਉਠਾਲ, ਸਿਰ ਆਪਣਾ ਹੱਥ ਟਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋ ਧਿਆਨ, ਬਿਨ ਅੱਖਾਂ ਅੱਖ ਲਉ ਖੁਲ੍ਹਾਈਆ। ਕਲਜੁਗ ਅੰਤਮ ਸੁਣੋ ਸਚ ਫ਼ਰਮਾਨ, ਫੁਰਨੇ ਪਿਛਲੇ ਬੰਦ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਖੋਲ੍ਹੋ ਨੌਜਵਾਨ, ਯੋਜਨਾ ਇਕੋ ਇਕ ਜਣਾਈਆ। ਲੋਕਮਾਤ ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਹੈਰਾਨ, ਹਰਿ ਕਾ ਰੂਪ ਹਰਿ ਮੰਦਰ

ਨਾ ਕੋਇ ਜਣਾਈਆ। ਨੇਤਰ ਰੋਂਦੇ ਰਾਓ ਰੰਕ ਰਾਜ ਰਾਜਾਨ, ਸ਼ਾਹ ਸੁਲਤਾਨ ਰਹੇ ਕੁਰਲਾਈਆ। ਸਤਿ ਧਰਮ ਚਾਰ ਵਰਨ ਰਿਹਾ ਨਾ ਕੋਇ ਨਿਸ਼ਾਨ, ਸਚ ਗ੍ਰਹਿ ਨਾ ਕੋਇ ਵਡਿਆਈਆ। ਆਤਮ ਪਰਮਾਤਮ ਬਿਨ ਅੱਖਰਾਂ ਦੇਵੇ ਨਾ ਕੋਇ ਗਿਆਨ, ਜਗਤ ਵਿਦਿਆ ਨਾਲ ਪੜ੍ਹਾਈਆ। ਬਿਨ ਕਲਮਿਉਂ ਕਰੇ ਨਾ ਕੋਇ ਕਲਿਆਣ, ਅਲਿਫ ਯੇ ਨਗ਼ਮਾਂ ਨਗ਼ਮਿਆਂ ਨਾਲ ਸੁਣਾਈਆ। ਸਾਚੇ ਦਰ ਕਰੇ ਨਾ ਕੋਇ ਪਰਵਾਨ, ਪਰਵਾਨਾ ਧੁਰ ਹੱਥ ਨਾ ਕੋਇ ਫੜਾਈਆ। ਸਿੱਧਾ ਮੇਲ ਮਿਲਾਏ ਨਾ ਕੋਇ ਸ੍ਰੀ ਭਗਵਾਨ, ਸਾਧ ਸੰਤ ਧੁਰ ਦਾ ਕੰਤ ਜੋੜ ਨਾ ਕੋਇ ਜੁੜਾਈਆ। ਰਸਨਾ ਜਿਹਵਾ ਬੱਤੀ ਦੰਦ ਅੱਖਰਾਂ ਵਾਲਾ ਦੇਣ ਗਿਆਨ, ਸਿਫ਼ਤਾਂ ਵਾਲੀ ਸਿਫ਼ਤ ਸੁਣਾਈਆ । ਹਰਿ ਸ਼ਬਦ ਕਹੇ ਮੈਂ ਵੇਖ ਕੇ ਹੋਇਆ ਹੈਰਾਨ, ਹੈਰਾਨੀ ਧੁਰ ਦੀ ਨਜ਼ਰੀ ਆਈਆ। ਘਰ ਘਰ ਨਚਦਾ ਵੇਖਿਆ ਸ਼ੈਤਾਨ, ਸ਼ਰਅ ਕਰੇ ਲੜਾਈਆ । ਆਤਮ ਪਰਮਾਤਮ ਸਕਿਆ ਨਾ ਕੋਇ ਪਹਿਚਾਨ, ਬ੍ਰਹਮ ਪਾਰਬ੍ਰਹਮ ਨਾ ਕੋਇ ਸਮਾਈਆ। ਮੰਜ਼ਲ ਚੜ੍ਹ ਕੇ ਸਚ ਦਵਾਰਾ ਵੇਖੇ ਨਾ ਕੋਇ ਮਕਾਨ, ਮੁਹੱਬਤ ਮਹਿਬੂਬ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਹਰਿ ਸ਼ਬਦ ਕਹੇ ਮੈਂ ਵੇਖਿਆ ਜਗ, ਕਲਜੁਗ ਅੰਤਮ ਧਿਆਨ ਲਗਾਈਆ। ਸ੍ਰਿਸ਼ਟ ਸਬਾਈ ਰਹੀ ਦਗ, ਅਗਨੀ ਤੱਤ ਨਾ ਕੋਇ ਬੁਝਾਈਆ। ਰਸਨਾ ਜਿਹਵਾ ਬੱਤੀ ਦੰਦ ਪੜ੍ਹ ਪੜ੍ਹ ਗਏ ਥੱਕ, ਧੁਰ ਦਾ ਮੇਲਾ ਮੇਲ ਨਾ ਕੋਇ ਮਿਲਾਈਆ। ਹਕ਼ੀਕ਼ਤ ਵਿਚੋਂ ਮਿਲਿਆ ਕਿਸੇ ਨਾ ਹਕ, ਧੁਰ ਦਾ ਹਾਕਮ ਦੇਵੇ ਨਾ ਕੋਇ ਸਫ਼ਾਈਆ। ਜਗਤ ਵਾਸਨਾ ਮਾਇਆ ਮਮਤਾ ਰਹੇ ਨਠ, ਹਉਮੇ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਮਣਕਾ ਮਣਕਾ ਮਨ ਵਾਸਨਾ ਰਹੇ ਰਟ, ਮਣਕਾ ਮਨ ਨਾ ਕੋਇ ਭਵਾਈਆ। ਦੁਰਮਤ ਮੈਲ ਸਕਿਆ ਨਾ ਕੋਈ ਕੱਟ, ਅਠਸਠ ਤੀਰਥ ਭੱਜੇ ਵਾਹੋ ਦਾਹੀਆ। ਘਰ ਸਵਾਮੀ ਅੰਤਰਜਾਮੀ ਕਿਸੇ ਨਾ ਮਿਲਿਆ ਪੁਰਖ ਸਮਰਥ, ਮਹਿੰਮਾ ਅਕਥ ਨਾ ਕੋਇ ਵਡਿਆਈਆ। ਜਗਤ ਜੀਵ ਜਹਾਨ ਦਿਵਸ ਰੈਣ ਕਰਨ ਪੂਜਾ ਪਾਠ, ਸਿਮਰਨ ਜੋਗ ਅਭਿਆਸ ਰਹੇ ਕਮਾਈਆ। ਅੰਤਰ ਅੰਤਰ ਮਿਟੀ ਨਾ ਕਿਸੇ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਪੁਰਖ ਅਕਾਲ ਗੋਦੀ ਚੁਕੇ ਕਿਸੇ ਨਾ ਆਪ, ਪਿਤਾ ਪੂਤ ਨਾ ਹੋਏ ਸਹਾਈਆ। ਸਚ ਦਵਾਰੇ ਕਿਸੇ ਨਾ ਨਿਭਿਆ ਸਾਥ, ਧੁਰ ਦਾ ਸੰਗ ਨਾ ਕੋਇ ਜਣਾਈਆ। ਮੰਜ਼ਲ ਚੜ੍ਹਿਆ ਕੋਈ ਨਾ ਘਾਟ, ਘਾਟੇ ਵਿਚ ਵੇਖੀ ਲੋਕਾਈਆ। ਸਤਿ ਪੁਰਖ ਦੀ ਕਰਨ ਬਾਤ, ਨੌ ਦਵਾਰੇ ਪੰਧ ਨਾ ਕੋਇ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦੀ ਸੁਤ ਦਏ ਸਮਝਾਈਆ। ਹਰਿ ਸੁਤ ਕਹੇ ਮੈਂ ਵੇਖਣਾ ਲੋਕਮਾਤ, ਆਪਣੀ ਆਪ ਲੈ ਅੰਗੜਾਈਆ। ਸ੍ਰਿਸ਼ਟੀ ਦਾ ਖੋਲ੍ਹ ਕੇ ਵੇਖਣਾ ਤਾਕ, ਕਾਇਆ ਮੰਦਰ ਫੋਲ ਫੁਲਾਈਆ। ਕਿਹੜਾ ਮਿਤਰ ਕਿਹੜਾ ਸਾਕ, ਸੱਜਣ ਕਵਣ ਹਰਿ ਗੁਸਾਈਂਆ। ਕਿਸ ਦਾ ਖੁਲ੍ਹਿਆ ਤਾਕ, ਕਾਇਆ ਮੰਦਰ ਹੋਵੇ ਰੁਸ਼ਨਾਈਆ। ਸਾਧਾਂ ਸੰਤਾਂ ਕੋਲੋਂ ਲੈਣੇ ਜਵਾਬ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਪਹਿਲਾਂ ਭੇਵ ਦਸੌਣਾ ਆਪ, ਆਤਮ ਨੂਰ ਕਵਣ ਰੁਸ਼ਨਾਈਆ। ਕਵਣ ਪੁੰਨ ਕਵਣ ਪਾਪ, ਕਵਣ ਹਰਖ਼ ਸੋਗ਼ ਸਮਝਾਈਆ। ਕਵਣ ਪੂਜਾ ਕਵਣ ਪਾਠ, ਕਵਣ ਆਸਣ ਸਿੰਘਾਸਣ ਡੇਰਾ ਲਾਈਆ। ਕਵਣ ਨਾਦ ਧੁਨ ਕਵਣ ਵਿਸਮਾਦ, ਕਵਣ ਰੂਪ ਵਟਾਈਆ। ਕਵਣ ਸੋਇਆ ਕਵਣ ਰਿਹਾ ਜਾਗ, ਕਵਣ ਆਲਸ ਨਿੰਦਰਾ ਰਿਹਾ ਵਟਾਈਆ। ਕਵਣ ਤ੍ਰੈਗੁਣ ਮਾਇਆ ਮੇਟੇ ਆਗ, ਕਵਣ ਸਾਂਤਕ ਸਤਿ ਆਪਣਾ ਆਪ ਕਰਾਈਆ। ਕਵਣ ਹੰਸ ਕਵਣ

ਕਾਗ, ਕਵਣ ਦੀਪਕ ਜਗਣ ਚਿਰਾਗ਼, ਕਵਣ ਸਤਿ ਸਚ ਆਏ ਵੈਰਾਗ, ਕਵਣ ਦੁਰਮਤ ਮੈਲ ਦਾਗ਼ ਧਵਾਈਆ । ਕਵਣ ਹਿੱਸਾ ਕਵਣ ਭਾਗ, ਕਵਣ ਮੇਲਾ ਕੰਤ ਸੁਹਾਗ, ਕਵਣ ਦਵਾਰੇ ਮਿਲ ਕੇ ਖ਼ੁਸ਼ੀ ਮਨਾਈਆ। ਕਵਣ ਗੋਬਿੰਦ ਕਵਣ ਬਾਜ਼, ਕਵਣ ਸੀਸ ਕਵਣ ਤਾਜ, ਕਵਣ ਮਾਰਗ ਸਚ ਰਿਵਾਜ, ਕਵਣ ਸ਼ਾਹ ਕਵਣ ਨਵਾਬ, ਕਵਣ ਹਯਾਤ ਕਵਣ ਆਬ, ਕਵਣ ਤਨ ਕਵਣ ਰਬਾਬ, ਕਵਣ ਅੰਮ੍ਰਿਤ ਕਵਣ ਕਬਾਬ, ਕਵਣ ਪਿਤਾ ਕਵਣ ਪੂਤ ਕਵਣ ਬਾਪ, ਕਵਣ ਖੇਲ ਰਿਹਾ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਰਿਹਾ ਸਮਝਾਈਆ। ਹਰਿ ਸ਼ਬਦ ਕਹੇ ਮੈਂ ਕਰਦਾ ਰਿਹਾ ਉਡੀਕ, ਨਵ ਨੌ ਚਾਰ ਜੁਗ ਚੌਕੜੀ ਧਿਆਨ ਲਗਾਈਆ। ਸੰਮਤ ਸੰਮਤੀ ਬਦਲ ਕੇ ਮੇਰੀ ਆ ਗਈ ਤਰੀਕ, ਜਿਸ ਨੇ ਤਵਾਰੀਖ ਦੇਣੀ ਬਦਲਾਈਆ। ਭੇਵ ਖੁਲ੍ਹਾ ਕੇ ਲਾਸ਼ਰੀਕ, ਜਨ ਭਗਤਾਂ ਅੰਦਰੋਂ ਕੂੜੀ ਸ਼ਰਕਤ ਦੇਣੀ ਗਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੂੰ ਕਰਦੇ ਗਏ ਤਸਦੀਕ਼, ਤਿਸ ਦਾ ਹੁਕਮ ਦੇਣਾ ਵਰਤਾਈਆ। ਲੇਖਾ ਚੁਕਾ ਕੇ ਰਾਓ ਰੰਕ ਅਮੀਰ ਗ਼ਰੀਬ, ਗ਼ਰੀਬ ਨਿਮਾਣਿਆਂ ਗੋਦ ਉਠਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਜ਼ਿਮੀਂ ਅਸਮਾਨ ਅੰਡਜ ਜੇਰਜ ਉਤਭੁਜ ਸੇਤਜ ਦੇ ਕੇ ਸਚ ਤਰਤੀਬ, ਤਰਾ ਤਰਾ ਦੇਣਾ ਜਣਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖਾਂ ਗੁਰਸਿਖਾਂ ਬਦਲ ਦੇਣਾ ਨਸੀਬ, ਨਫ਼ਾ ਉਨ੍ਹਾਂ ਦੀ ਝੋਲੀ ਪਾਈਆ। ਪਿਛਲਾ ਲੇਖਾ ਪਿਛੇ ਗਿਆ ਬੀਤ, ਅਗੇ ਪ੍ਰਭ ਦੀ ਚਲੇ ਰੀਤ, ਦੂਸਰ ਸੰਗ ਨਾ ਕੋਇ ਰਖਾਈਆ। ਆਪ ਸਵਾਮੀ ਬਣੇ ਮੀਤ, ਇਕ ਸੁਣਾਏ ਅਗੰਮੀ ਗੀਤ, ਤੂੰ ਮੇਰਾ ਮੈਂ ਤੇਰਾ ਹਕੋ ਹਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਸੁਣਾਈਆ। ਹਰਿ ਸ਼ਬਦ ਕਹੇ ਹੁਕਮ ਦੇਵੇ ਸ਼ਾਹ ਸੁਲਤਾਨਾ, ਹਰਿ ਕਰਤਾ ਬੇਪਰਵਾਹੀਆ। ਦੋ ਜਹਾਨਾਂ ਮੰਨਣਾ ਪਏ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਸ਼ਬਦੀ ਸੁਤ ਨੌਜਵਾਨਾ ਸੂਰਬੀਰ ਮਰਦ ਮਰਦਾਨਾ, ਨਿਰਗੁਣ ਨਿਰਾਕਾਰ ਨਿਰੰਕਾਰ ਲਏ ਅੰਗੜਾਈਆ। ਸਚ ਸੰਦੇਸ਼ਾ ਦੇਵੇ ਦੋ ਜਹਾਨਾਂ, ਬ੍ਰਹਿਮੰਡ ਖੰਡ ਰਿਹਾ ਉਠਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਖਾਏ ਖੇਲ ਮਹਾਨਾ, ਖ਼ਾਲਕ ਖ਼ਲਕ ਵਿਚ ਸਮਾਈਆ। ਨਵ ਨੌ ਚਾਰ ਮੁੱਕਿਆ ਪੰਧ ਪੁਰਾਣਾ, ਪਿਛਲਾ ਲੇਖਾ ਰਿਹਾ ਗਵਾਈਆ। ਅਗੇ ਖੇਲ ਸ੍ਰੀ ਭਗਵਾਨਾ, ਭਗਤਨ ਮੀਤਾ ਠਾਂਡਾ ਸੀਤਾ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਧੁਰ ਦਾ ਰਾਗ ਸੁਣਾਈਆ। ਵੇਖਣਹਾਰਾ ਇਕ ਇਕ ਦਾ ਜੋੜ ਜੇਠ ਮਹੀਨਾ, ਦੋ ਜਹਾਨਾਂ ਦਾਨਾ ਬੀਨਾ, ਦੇਵਣਹਾਰਾ ਖਾਣਾ ਪੀਣਾ, ਤਨ ਪੋਸ਼ਾਕ ਤੱਤਾਂ ਵਾਲੀ ਰਿਹਾ ਵਡਿਆਈਆ। ਜਨ ਭਗਤਾਂ ਠਾਂਡਾ ਕਰੇ ਸੀਨਾ, ਮਨ ਵਿਕਾਰੀ ਕਰੇ ਅਧੀਨਾ, ਗੁਰਮੁਖ ਬਣਾਏ ਧੁਰ ਦਾ ਸਚ ਨਗੀਨਾ, ਕ਼ੀਮਤ ਧੁਰ ਦੀ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੁਦਰਤ ਦਾ ਕ਼ਾਦਰ ਵੇਖ ਵਖਾਈਆ। ਹਰਿ ਸ਼ਬਦ ਕਹੇ ਮੈਂ ਆਦਿ ਜੁਗਾਦਿ ਬਦਲਾਂ ਰਿਵਾਜ, ਰਵਾਦਾਰ ਰਹਿਣ ਕੋਇ ਨਾ ਪਾਈਆ। ਜੁਗ ਚੌਕੜੀ ਵੇਖਾਂ ਸਮਾਜ, ਚਾਰ ਕੁੰਟ ਭੱਜਾਂ ਵਾਹੋ ਦਾਹੀਆ। ਸ਼ਾਹ ਸ਼ਹਾਨਾ ਬਦਲ ਕੇ ਰਾਜ, ਰਈਅਤ ਦਿਆਂ ਸਮਝਾਈਆ। ਕਲਜੁਗ ਅੰਤਮ ਪੂਰਾ ਕਰਨਾ ਕਾਜ, ਕਰਨੀ ਆਪਣੀ ਨਾਲ ਮਿਲਾਈਆ। ਕੂੜੀ ਕਿਰਿਆ ਜੂਠ ਝੂਠ ਕਰਨਾ ਬਰਬਾਦ, ਸਤਿ ਸਚ ਦਾ ਖੇੜਾ ਦੇਣਾ ਵਸਾਈਆ । ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਚੇ ਨਾਮ ਦੀ ਦੱਸਣੀ ਇਕ ਆਵਾਜ਼, ਧੁਰ ਦਾ ਢੋਲਾ ਦੇਣਾ ਸੁਣਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਘਰ ਵਿਚ ਘਰ ਵੜ ਕੇ ਖੋਲ੍ਹਣਾ ਰਾਜ਼, ਸਾਢੇ

ਤਿੰਨ ਹੱਥ ਸੋਭਾ ਪਾਈਆ। ਝਗੜਾ ਮੁੱਕ ਜਾਏ ਰੋਜ਼ਾ ਨਿਮਾਜ਼, ਧੁਰ ਦਾ ਨਾਮ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਆਪ ਉਠਾਈਆ। ਹਰਿ ਸ਼ਬਦ ਕਹੇ ਮੈਂ ਆਇਆ ਲੋਕਮਾਤ ਜਗ, ਜਗ ਜੀਵਣ ਦਾਤੇ ਦਿਤੀ ਵਡਿਆਈਆ। ਜਨ ਭਗਤਾਂ ਮੇਲਾ ਕਰੌਣਾ ਉਪਰ ਸ਼ਾਹਰਗ, ਸਾਚਾ ਮੰਦਰ ਇਕ ਸੁਹਾਈਆ। ਕੂੜ ਕੁੜਿਆਰਾ ਦੇਣਾ ਦਗ਼, ਅਗਨੀ ਤਤ ਨਾਲ ਜਲਾਈਆ। ਸੰਤ ਸੁਹੇਲਿਆਂ ਪਰਦਾ ਕੱਜ, ਸਿਰ ਆਪਣਾ ਹੱਥ ਟਿਕਾਈਆ। ਮਾਇਆ ਮਮਤਾ ਕੂੜੀ ਕਿਰਿਆ ਜੋ ਘੜਿਆ ਸੋ ਜਾਏ ਭੱਜ, ਥਿਰ ਰਹਿਣ ਕੋਇ ਨਾ ਪਾਈਆ। ਗੁਰਮੁਖ ਗੁਰਸਿਖ ਅੰਤਰ ਆਤਮ ਵਜੌਣਾ ਨਦ, ਧੁਨ ਆਤਮਕ ਰਾਗ ਸੁਣਾਈਆ। ਕੂੜ ਕੁੜਿਆਰਿਆਂ ਸਚ ਦਵਾਰਿਉਂ ਬਾਹਰ ਕੱਢ, ਲੱਖ ਚੁਰਾਸੀ ਵਿਚ ਭਵਾਈਆ । ਇਹ ਵੀ ਹੁਕਮ ਪੁਰਖ ਸਮਰਥ, ਕਰਨੀ ਦਾ ਕਰਤਾ ਰਿਹਾ ਜਣਾਈਆ । ਭਗਤਾਂ ਦੇ ਕੇ ਆਪਣੀ ਅੱਖ, ਆਖ਼ਰ ਚੋਟੀ ਦਿਆਂ ਚੜ੍ਹਾਈਆ। ਗੁਰਮੁਖਾਂ ਕਰ ਕੇ ਵਖਰਾ ਵਖ, ਪੜਦਾ ਓਹਲਾ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਹਰਿ ਸ਼ਬਦ ਕਹੇ ਮੈਂ ਨੂਰ ਨੁਰਾਨਾ, ਘਟ ਘਟ ਜੋਤ ਰਿਹਾ ਜਗਾਈਆ। ਲੱਖ ਚੁਰਾਸੀ ਵੇਖ ਮਕਾਨਾ, ਬਹਿ ਬਹਿ ਆਪਣੀ ਖ਼ੁਸ਼ੀ ਵਖਾਈਆ। ਜੁਗ ਚੌਕੜੀ ਵੇਖਾਂ ਖੇਲ ਮਹਾਨਾ, ਨਿਤ ਨਵਿਤ ਆਪਣਾ ਫੇਰਾ ਪਾਈਆ। ਕਲਜੁਗ ਅੰਤਮ ਪਹਿਰ ਕੇ ਬਾਣਾ, ਕਲ ਕਲਕੀ ਨਾਉਂ ਧਰਾਈਆ। ਜਿਸ ਨੇ ਬਦਲ ਦੇਣਾ ਜ਼ਮਾਨਾ, ਜ਼ਾਮਨੀ ਸਭ ਦੀ ਦਏ ਗਵਾਈਆ। ਜਿਸ ਦਾ ਚਲਣਾ ਇਕ ਫ਼ਰਮਾਨਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਾ ਬਣਨਾ ਇਕ ਵਿਧਾਨਾ, ਧਾਰਾ ਧੁਰ ਦੀ ਦਏ ਦ੍ਰਿੜਾਈਆ। ਜਿਸ ਦਾ ਝੁਲਣਾ ਇਕ ਨਿਸ਼ਾਨਾ, ਸੱਤਾਂ ਦੀਪਾਂ ਸਚ ਲਹਿਰਾਈਆ। ਜਿਸ ਦਾ ਸੁਣਨਾ ਇਕੋ ਗਾਣਾ, ਸੋਹੰ ਢੋਲਾ ਵੱਜੇ ਸ਼ਨਵਾਈਆ । ਜਿਸ ਦਾ ਵਜਣਾ ਇਕ ਦਮਾਮਾ, ਢੋਲਕ ਛੈਣੇ ਦੀ ਲੋੜ ਰਹੇ ਨਾ ਰਾਈਆ। ਜਿਸ ਦਾ ਵੇਖਿਆ ਇਕੋ ਕਾਹਨਾ, ਕੋਟਨ ਕੋਟ ਕਾਹਨ ਬੰਸਰੀਆਂ ਵਾਲੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਹੁਕਮ ਰਿਹਾ ਵਰਤਾਈਆ। ਹਰਿ ਸ਼ਬਦ ਕਹੇ ਮੈਂ ਧੁਰ ਦਾ ਦਰਵੇਸ਼, ਆਦਿ ਜੁਗਾਦੀ ਨਜ਼ਰੀ ਆਈਆ। ਸਚਖੰਡ ਦੁਵਾਰੇ ਪੁਰਖ ਅਕਾਲ ਅਗੇ ਹੁੰਦਾ ਰਹਵਾਂ ਪੇਸ਼, ਆਪਣੀ ਪੇਸ਼ੀ ਆਪ ਭੁਗਤਾਈਆ। ਹੁਕਮ ਮੰਨਦਾ ਰਹਾਂ ਸਦਾ ਹਮੇਸ਼, ਨਿਉਂ ਨਿਉਂ ਸੀਸ ਝੁਕਾਈਆ। ਕਿਰਪਾ ਕਰ ਨਰ ਨਰੇਸ਼, ਹਰਿ ਨਰਾਇਣ ਦਏ ਵਡਿਆਈਆ। ਲੋਕਮਾਤ ਜਾ ਕੇ ਵੇਖ, ਨਿਰਗੁਣ ਸਰਗੁਣ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰ ਬਦਲ ਕੇ ਔਂਦਾ ਰਿਹਾ ਭੇਖ, ਪੰਜ ਤੱਤ ਕਾਇਆ ਚੋਲਾ ਜਗਤ ਹੰਢਾਈਆ । ਕਲਜੁਗ ਅੰਤਮ ਜਗਤ ਨਿਰਾਲੀ ਖੇਲ ਖੇਡ, ਜਿਸ ਨੂੰ ਭੇਦ ਸਮਝ ਸਕੇ ਨਾ ਰਾਈਆ। ਗਿਆਨੀਆਂ ਧਿਆਨੀਆਂ ਆਇਆ ਨਾ ਭੇਤ, ਵਿਦਵਾਨ ਪਰਦਾ ਨਾ ਕੋਇ ਉਠਾਈਆ। ਕਰੇ ਖੇਲ ਸਾਹਿਬ ਸਵਾਮੀ ਨਰ ਨਰੇਸ਼, ਨਰ ਨਿਰੰਕਾਰ ਬੇਪਰਵਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਰਹੇ ਹਮੇਸ਼, ਸਚ ਦਵਾਰੇ ਸੋਭਾ ਪਾਈਆ। ਜਿਸ ਦਾ ਰੂਪ ਰੰਗ ਨਜ਼ਰ ਨਾ ਆਏ ਰੇਖ, ਅਨੁਭਵ ਆਪਣਾ ਪਰਕਾਸ਼ ਰਿਹਾ ਕਰਾਈਆ। ਜਿਸ ਨੇ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਆਪਣਾ ਸੰਮਤ ਬਦਲ ਦਿਤਾ ਪਹਿਲੀ ਚੇਤ, ਚੇਤਨ ਸਭ ਨੂੰ ਲਏ ਕਰਾਈਆ। ਕੂੜ ਕੁੜਿਆਰੇ ਕਰੇ ਖੇਤ, ਅਗੇ ਸਕੇ ਨਾ ਕੋਇ ਬਚਾਈਆ। ਜਨ ਭਗਤਾਂ ਦੱਸ ਕੇ ਆਪਣਾ ਭੇਤ, ਅੰਦਰੋਂ ਪਰਦਾ ਦਿਤਾ ਉਠਾਈਆ। ਸਹਿਜ ਸੁਭਾਓ ਨੈਣ ਵੇਖ, ਨਿਜ ਨੇਤਰ ਦਰਸ਼ਨ

ਪਾਈਆ। ਸਾਚੀ ਗੋਦੀ ਰਹੇ ਖੇਡ, ਪ੍ਰੇਮ ਪ੍ਰੀਤੀ ਇਕ ਬਣਾਈਆ। ਜੋਤੀ ਜਲਵਾ ਦੇ ਕੇ ਤੇਜ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਕਰੀ ਰੁਸ਼ਨਾਈਆ। ਆਤਮ ਪਰਮਾਤਮ ਵਖਾ ਕੇ ਸਾਚੀ ਸੇਜ, ਸੁਹੰਜਣੇ ਗ੍ਰਹਿ ਦਏ ਵਡਿਆਈਆ। ਧੁਰ ਦਾ ਮੀਤਾ ਮਿਤਰ ਪਿਆਰਾ ਹੋ ਕੇ ਕਰੇ ਹੇਤ, ਹਿਤਕਾਰੀ ਹੋ ਕੇ ਜੋੜ ਜੁੜਾਈਆ । ਜਨਮ ਕਰਮ ਦੀ ਬਦਲ ਕੇ ਰੇਖ, ਲੇਖਾ ਆਪਣੇ ਹੱਥ ਵਖਾਈਆ। ਸਚ ਦਵਾਰਾ ਸਮਝ ਕੇ ਧੁਰ ਦਾ ਦੇਸ, ਕੂੜਾ ਨਾਤਾ ਦਏ ਤੁੜਾਈਆ। ਸੁਹੇਲਾ ਬਣਿਆ ਰਹੇ ਹਮੇਸ਼, ਗੁਰ ਚੇਲਾ ਰੰਗ ਰੰਗਾਈਆ। ਦਰਸ਼ਨ ਦੇਂਦਾ ਰਹੇ ਨੇਤ ਨੇਤ, ਨਿਤ ਨਵਿਤ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਹਰਿ ਸ਼ਬਦ ਕਹੇ ਜਨ ਭਗਤੋ ਤੁਹਾਡਾ ਕਰਨ ਆਇਆ ਮਿਲਾਪ, ਮਿਲਣੀ ਪ੍ਰਭ ਦੇ ਨਾਲ ਕਰਾਈਆ। ਤੂੰ ਮੇਰਾ ਮੈਂ ਤੇਰਾ ਦੱਸਣ ਆਇਆ ਜਾਪ, ਢੋਲਾ ਧੁਰ ਦਾ ਇਕ ਸੁਣਾਈਆ। ਜਨਮ ਜਨਮ ਦਾ ਮੇਟਣ ਆਇਆ ਪਾਪ, ਦੁਰਮਤ ਮੈਲ ਦਿਆਂ ਧਵਾਈਆ। ਸਤਿ ਸਚ ਬੁਝਾ ਕੇ ਆਪ, ਹੰ ਬ੍ਰਹਮ ਦਿਆਂ ਵਡਿਆਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਤਿ ਸਚ ਧਰਮ ਦਿਆਂ ਚਮਕਾਈਆ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਬ੍ਰਹਿਮੰਡ ਖੰਡ ਕਰਾਂ ਰੁਸ਼ਨਾਈਆ। ਭਗਤ ਉਧਾਰਨਾ ਪ੍ਰਭ ਦੀ ਰੀਤੀ ਖ਼ਾਸ, ਖ਼ਾਲਸ ਖ਼ਾਲਸੇ ਦਏ ਬਣਾਈਆ। ਗੁਰ ਅਵਤਾਰਾਂ ਪੂਰੀ ਕਰ ਕੇ ਆਸ, ਪੈਗ਼ੰਬਰਾਂ ਹੋਏ ਸਹਾਈਆ। ਸਚ ਪ੍ਰੀਤੀ ਜੋੜ ਕੇ ਨਾਤ, ਵਿਛੜਿਆਂ ਲਏ ਮਿਲਾਈਆ। ਝਗੜਾ ਮੁਕਿਆ ਜ਼ਾਤ ਪਾਤ, ਇਕੋ ਬ੍ਰਹਮ ਦਿਆਂ ਸਮਝਾਈਆ। ਦੇਵ ਦੇਵਾ ਤੇ ਆਤਮ ਦਾਸ, ਪਰਕਾਸ਼ ਨੂਰ ਖ਼ੁਦਾਈਆ। ਇਕੋ ਪਵਣ ਇਕ ਸਵਾਸ, ਇਕ ਰਿਹਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚ ਸਰਨਾਈਆ। ਹਰਿ ਸ਼ਬਦ ਕਹੇ ਮੈਂ ਮਾਲਕ ਧੁਰ ਦਾ, ਧੁਰ ਵਿਛੜੇ ਲਵਾਂ ਮਿਲਾਈਆ। ਰਾਗ ਸੁਣਾ ਕੇ ਆਪਣੀ ਸੁਰ ਦਾ, ਸੁੱਤਿਆਂ ਲਵਾਂ ਜਗਾਈਆ। ਪੜਦਾ ਲਾਹ ਕੇ ਪੂਰੇ ਗੁਰ ਦਾ, ਗੁਰ ਸਤਿਗੁਰ ਦਿਆਂ ਮਿਲਾਈਆ। ਲਹਿਣਾ ਚੁਕਾ ਕੇ ਅੰਧ ਘੋਰ ਦਾ, ਸਚ ਨੂਰ ਕਰਾਂ ਰੁਸ਼ਨਾਈਆ। ਝਗੜਾ ਮੁਕਾਵਾਂ ਪੰਜ ਚੋਰ ਦਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕਰੇ ਲੜਾਈਆ। ਨਾਤਾ ਜੋੜਾਂ ਓਸ ਅਗੰਮੀ ਡੋਰ ਦਾ, ਜਿਸ ਦਾ ਸੂਤਰ ਤਾਣੇ ਪੇਟੇ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਹਰਿ ਸ਼ਬਦ ਕਹੇ ਝਗੜਾ ਮੁਕੌਣਾ ਦੀਨ ਮਜ਼੍ਹਬ, ਜਗਤ ਲੋਕਾਈ ਦਿਆਂ ਸਮਝਾਈਆ। ਜਨ ਭਗਤਾਂ ਕਰਨਾਂ ਇਕੋ ਅਦਬ, ਅਦਾਲਤ ਧੁਰ ਦੀ ਇਕ ਰਖਾਈਆ। ਪ੍ਰੇਮੀਆਂ ਪ੍ਰੇਮ ਵਿਚ ਕਰ ਕੇ ਜਜ਼ਬ, ਜਜ਼ਬਾ ਸਚ ਦੇਣਾ ਭਰਾਈਆ। ਲੱਖ ਚੁਰਾਸੀ ਕਰਨੀ ਤੁਅੱਜਬ, ਹੈਰਾਨੀ ਵਿਚ ਸੁਕਾਈਆ। ਸ਼ਾਹ ਪਾਤਸ਼ਾਹ ਰਾਜ ਰਾਜਾਨ ਕੂੜ ਕੁੜਿਆਰ ਕਹਿਣ ਕੀ ਹੋਇਆ ਗ਼ਜ਼ਬ, ਗਹਿਰ ਗੰਭੀਰ ਭੇਵ ਕਿਸੇ ਨਾ ਆਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਦੇਣੀ ਬਦਲ, ਇਸ਼ਟ ਇਕੋ ਇਕ ਵਖਾਈਆ। ਮਨ ਵਾਸਨਾ ਕਰ ਕੇ ਕ਼ਤਲ, ਜਨ ਭਗਤਾਂ ਅੰਤਰ ਕਰਨੀ ਸਫ਼ਾਈਆ। ਸਚ ਦਵਾਰਾ ਵਖਾ ਕੇ ਪਤਣ, ਨਈਆ ਨੌਕਾ ਨਾਮ ਲੈਣੇ ਚੜ੍ਹਾਈਆ। ਬਣ ਕੇ ਆਇਆ ਸਚ ਸੁਹੇਲਾ ਭਗਤ ਵਛਲ, ਪੁਰਖ ਅਬਿਨਾਸ਼ੀ ਵੇਸ ਵਟਾਈਆ। ਸਚਾ ਮਾਰਗ ਆਇਆ ਦੱਸਣ, ਦਹਿ ਦਿਸ਼ਾ ਕਰੇ ਪੜ੍ਹਾਈਆ। ਲਜਪਤ ਆਇਆ ਰੱਖਣ, ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਵਿਚੋਂ ਵਿਰੋਲਣ ਆਇਆ ਮੱਖਣ, ਨਾਮ ਮਧਾਣਾ ਹੱਥ ਉਠਾਈਆ। ਬਿਨ ਹਰਿ ਕਿਰਪਾ ਕਿਸੇ ਦਾ ਕੰਮ ਨਾ ਆਏ ਕੋਈ ਯਤਨ, ਸਾਚਾ

ਜੋੜ ਨਾ ਕੋਇ ਜੁੜਾਈਆ। ਜਨ ਭਗਤੋ ਤੁਹਾਨੂੰ ਪੁਚੌਣਾ ਤੁਹਾਡੇ ਓਸ ਪਤਣ, ਜਿਸ ਘਰ ਵਸਿਆ ਬੇਪਰਵਾਹੀਆ। ਕਲਜੁਗ ਜੀਵ ਜਗਤ ਅਗਨੀ ਵਿਚ ਤਪਣ, ਸਾਂਤਕ ਸਤਿ ਨਾ ਕੋਇ ਕਰਾਈਆ। ਕੂੜੀ ਕਿਰਿਆ ਦੁਰਬਚਨ ਬੱਤੀਆਂ ਦੰਦਾਂ ਵਿਚੋਂ ਕੱਢਣ, ਹਰਿ ਕਾ ਨਾਮ ਨਾ ਕੋਇ ਧਿਆਈਆ । ਹਉਮੇ ਵਾਲਾ ਝਗੜਾ ਮੂਲ ਨਾ ਛੱਡਣ, ਹੰਗਤਾ ਵਿਚ ਕਰਨ ਲੜਾਈਆ। ਨਾਮ ਨਿਧਾਨੇ ਸਭ ਨੇ ਸਾਰੇ ਕੀਤੇ ਨਗਨ, ਓਢਣ ਸੀਸ ਨਾ ਕੋਇ ਟਿਕਾਈਆ। ਸੰਤ ਸੁਹੇਲਾ ਕੋਈ ਨਾ ਲਾਵੇ ਅੰਗਣ, ਅੰਗੀਕਾਰ ਇਕ ਅਖਵਾਈਆ। ਸਭ ਦੇ ਖ਼ਾਲੀ ਪੰਜਾਂ ਤੱਤਾਂ ਵਾਲੇ ਬਦਨ, ਬਦੀ ਸਕਿਆ ਨਾ ਕੋਇ ਗਵਾਈਆ। ਮੰਜ਼ਲ ਹਕ ਮੂਲ ਨਾ ਲੰਘਣ, ਸਾਚਾ ਪੰਧ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ । ਹਰਿ ਸ਼ਬਦ ਕਹੇ ਮੈਂ ਭਗਤਾਂ ਮੀਤਾ, ਮਿਤਰ ਪਿਆਰਾ ਨਜ਼ਰੀ ਆਈਆ। ਝੋਲੀ ਪਾਵਾਂ ਪੂਰਬ ਲਹਿਣਾ ਕੀਤਾ, ਕਰਨੀ ਦੀ ਕ਼ੀਮਤ ਦਿਆਂ ਵਖਾਈਆ। ਅਗਲਾ ਮਾਰਗ ਦੱਸ ਕੇ ਨੀਕਣ ਨੀਕਾ, ਨਿੱਕਿਆਂ ਵੱਡਿਆਂ ਕਰਾਂ ਪੜ੍ਹਾਈਆ। ਪ੍ਰਭ ਮਿਲਣ ਦਾ ਸਚ ਤਰੀਕਾ, ਤਰਾ ਤਰਾ ਦਿਆਂ ਸਮਝਾਈਆ। ਧਾਮ ਵਖਾ ਕੇ ਇਕ ਅਨਡੀਠਾ, ਅਨਡਿਠੜਾ ਰਾਹ ਦਿਆਂ ਚਲਾਈਆ। ਤੱਤਾਂ ਵਾਲਾ ਤਪੇ ਨਾ ਕੋਇ ਅੰਗੀਠਾ, ਅਗਨੀ ਭਾਅ ਨਾ ਕੋਇ ਰਖਾਈਆ। ਪੜ੍ਹਨਾ ਪਏ ਨਾ ਸ਼ਾਸਤਰ ਸਿਮਰਤ ਵੇਦ ਪੁਰਾਨ ਅਠਾਰਾਂ ਧਿਆਏ ਗੀਤਾ, ਅੰਜੀਲ ਕ਼ੁਰਾਨ ਨਾਲ ਜ਼ਬਾਨ ਕਲਮਾ ਕਾਇਨਾਤ ਨਾ ਕੋਇ ਸੁਣਾਈਆ। ਜਿਨ੍ਹਾਂ ਠਾਕਰ ਸਵਾਮੀ ਅੰਤਰਜਾਮੀ ਮਿਤਰ ਪਿਆਰਾ ਮਿਲ ਗਿਆ ਮੀਤਾ, ਮਤਿ ਇਕੋ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਹਰਿ ਸ਼ਬਦ ਕਹੇ ਮੈਂ ਭਗਤਾਂ ਜੋਗਾ, ਜੁਗ ਜੁਗ ਸੇਵ ਕਮਾਈਆ। ਪ੍ਰਭ ਦੇ ਨਾਮ ਦਾ ਦੱਸ ਕੇ ਚੋਗਾ, ਤ੍ਰਿਸ਼ਨਾ ਭੁਖ ਮਿਟਾਈਆ । ਲੱਖ ਚੁਰਾਸੀ ਵਿਚੋਂ ਗੁਰਮੁਖੋ ਗੁਰਸਿਖੋ ਮਾਨਸ ਜਨਮ ਮੌਕਾ, ਮੁਕੰਮਲ ਮੇਲਾ ਲਏ ਮਿਲਾਈਆ। ਪੁਰਖ ਅਕਾਲ ਦੀਨ ਦਿਆਲ ਜੋਤੀ ਜਾਤਾ ਕਰੇ ਨਾ ਕੋਇ ਧੋਖਾ, ਕੂੜੀ ਕਿਰਿਆ ਕਾਰ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ। ਹਰਿ ਸ਼ਬਦ ਕਹੇ ਮੈਂ ਤਾਰਨ ਆਇਆ ਭਗਤ, ਭਗਵਾਨ ਦਿਤੀ ਵਡਿਆਈਆ। ਦੇਵਾਂ ਵਡਿਆਈ ਵਿਚ ਸਰਨਾਈ ਜਗਤ, ਜਾਗਰਤ ਜੋਤ ਨੂਰ ਕਰ ਰੁਸ਼ਨਾਈਆ। ਸਤਿ ਸਤਿਵਾਦੀ ਕਰਾਵਾਂ ਦਰਸ, ਜਗਤ ਹਰਸ ਦਿਆਂ ਮਿਟਾਈਆ। ਪੰਧ ਮੁਕਾ ਕੇ ਅਰਸ਼ ਫ਼ਰਸ਼, ਕਾਇਆ ਕਾਅਬਾ ਇਕ ਖੁਲ੍ਹਾਈਆ। ਆਸਾ ਮਨਸਾ ਪੂਰੀ ਕਰ ਕੇ ਗ਼ਰਜ਼, ਤ੍ਰਿਸ਼ਨਾ ਦਿਆਂ ਗਵਾਈਆ। ਜਨ ਭਗਤ ਪਿਆਰਿਆਂ ਨੇਤਰ ਲੋਚਨ ਨੈਣ ਪਾਇਆ ਦਰਸ, ਸਨਮੁਖ ਹੋ ਕੇ ਖ਼ੁਸ਼ੀ ਮਨਾਈਆ। ਉਹਨਾਂ ਦੀ ਜਨਮ ਜਨਮ ਦੀ ਬੇਨੰਤੀ ਮਨਜ਼ੂਰ ਹੋਣੀ ਅਰਜ਼, ਆਰਜ਼ੂ ਵਾਲੀ ਖ਼ਾਹਿਸ਼ ਰਹੇ ਨਾ ਰਾਈਆ । ਦੀਨਾਂ ਦਾ ਦੀਨ ਦਰਦੀਆਂ ਦਾ ਦਰਦੀ ਹੋ ਕੇ ਵੰਡੇ ਦਰਦ, ਦੁਖੀਆਂ ਦਾ ਦੁਖ ਆਪਣੀ ਝੋਲੀ ਪਾਈਆ। ਗੁਰਮੁਖਾਂ ਦਾ ਮਾਨਸ ਜਨਮ ਹੋਣ ਨਾ ਦੇਵੇ ਹਰਜ, ਹਾਜ਼ਰ ਹੋ ਕੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕ ਅਸਚਰਜ, ਅਚਰਜ ਲੀਲ੍ਹਾ ਰਿਹਾ ਵਰਤਾਈਆ। ਹਰਿ ਸ਼ਬਦ ਕਹੇ ਮੇਰੀ ਧੁਰ ਦੀ ਕਾਰ, ਕਰਤੇ ਦਿਤੀ ਜਣਾਈਆ। ਨਿਰਗੁਣ ਨਿਰਵੈਰ ਦੱਸ ਸਚ ਵਿਹਾਰ, ਨਿਰਾਕਾਰ ਰਿਹਾ ਸਮਝਾਈਆ। ਜਿਸ ਦੀ ਖੋਜ ਕਰਦੇ ਰਹੇ ਜੁਗ ਚਾਰ, ਚੌਕੜੀ ਅੱਖ ਖੁਲ੍ਹਾਈਆ। ਸ਼ਾਸਤਰ ਸਿਮਰਤ ਲਿਖਦੇ ਰਹੇ ਲਿਖਾਰ, ਕਾਤਬ ਹੋ ਕੇ ਕ਼ਲਮ ਚਲਾਈਆ।

ਬੁੱਧੀਵਾਨ ਕਰਦੇ ਰਹੇ ਵਿਚਾਰ, ਅਕਲਮੰਦ ਆਪਣੀ ਅਕਲ ਦੁੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਂਦੇ ਰਹੇ ਸਹਾਰ, ਭਵਿਖਤ ਕਾਲ ਵੇਖ ਵਖਾਈਆ। ਸੋ ਸਮਾਂ ਸ਼ਹਾਨਾ ਸ੍ਰੀ ਭਗਵਾਨਾ ਪਹੁੰਚਿਆ ਆਣ, ਆਣ ਆਪਣੀ ਲਏ ਮਨਾਈਆ। ਭਗਤ ਸੁਹੇਲੇ ਕਰ ਪਰਵਾਨ, ਪਰਵਾਨੇ ਧੁਰ ਦੇ ਦਏ ਫੜਾਈਆ। ਸਾਚਾ ਗੀਤ ਗੋਬਿੰਦ ਜਣਾ ਕੇ ਸ੍ਰੀ ਭਗਵਾਨ, ਧਰਮ ਨਿਸ਼ਾਨ ਦਏ ਝੁਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦਾ ਕਰ ਇਕ ਈਮਾਨ, ਅਮਲਾਂ ਵਿਚ ਵੇਖੇ ਲੋਕਾਈਆ। ਸੁਰਤੀ ਸੀਤਾ ਦਾ ਇਕੋ ਨਜ਼ਰੀ ਆਵੇ ਰਾਮ, ਕਾਹਨ ਹੋ ਕੇ ਬੰਸਰੀ ਨਾਮ ਸੁਣਾਈਆ। ਇਕੋ ਸਜਦਾ ਹਕ ਪਰਨਾਮ, ਇਕੋ ਗੋਬਿੰਦ ਸੀਸ ਝੁਕਾਈਆ। ਇਕੋ ਦਾਤਾ ਦੇਵਣਹਾਰਾ ਦਾਨ, ਦੌਲਤ ਧੁਰ ਦੀ ਆਪ ਵਰਤਾਈਆ । ਇਕੋ ਲੇਖਾ ਜਾਣੇ ਜੀਵ ਜਹਾਨ, ਲੱਖ ਚੁਰਾਸੀ ਖੋਜ ਖੁਜਾਈਆ। ਇਕੋ ਮੇਲਾ ਕਰਨ ਆਇਆ ਭਗਵਾਨ, ਭਾਗਾਂ ਵਾਲਿਆਂ ਮਿਟੀ ਜੁਦਾਈਆ। ਤੁਹਾਡੇ ਅੰਦਰੋਂ ਕਢ ਕੇ ਜਾਏ ਸ਼ੈਤਾਨ, ਸ਼ਰਅ ਨਾ ਕਰੇ ਲੜਾਈਆ। ਸਿਦਕ ਸਬੂਰੀ ਦੱਸ ਕੇ ਸਚ ਈਮਾਨ, ਕਾਮਲ ਮੁਰਸ਼ਦ ਹੋਏ ਸਹਾਈਆ। ਇਕ ਇਕ ਦਾ ਦਿਵਸ ਮਹਾਨ, ਗਿਆਰਾਂ ਜੇਠ ਵੱਜੀ ਵਧਾਈਆ। ਦਰ ਆਏ ਹੋਏ ਮਿਹਰਵਾਨ, ਪਰਮ ਪੁਰਖ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਖੇਲ ਕਰੇ ਮਹਾਨ, ਸਰਗੁਣ ਕੋਈ ਸਮਝ ਸਕੇ ਨਾ ਰਾਈਆ।

੧੨ ਜੇਠ ਸ਼ਹਿਨਸ਼ਾਹੀ ਸੰਮਤ ੧ ਜਸਵੰਤ ਕੌਰ ਦੇ ਗ੍ਰਹਿ ਦੁਰਾਹਾ ਮੰਡੀ ਜ਼ਿਲਾ ਲੁਧਿਆਣਾ

ਜਨ ਭਗਤਾਂ ਚਰਨ ਸੀਸ ਜਾਏ ਟਿਕ, ਟਿੱਕਾ ਮਸਤਕ ਧੂੜ ਰਮਾਈਆ। ਪੁਰਖ ਅਕਾਲਾ ਦੀਨ ਦਿਆਲਾ ਕਰੇ ਸਾਚਾ ਹਿਤ, ਪਤਿਪਰਮੇਸ਼ਵਰ ਬੇਪਰਵਾਹੀਆ। ਨਿਜ ਨੇਤਰ ਲੋਚਨ ਨੈਣ ਆਵੇ ਦਿਸ, ਕਾਇਆ ਮੰਦਰ ਅੰਦਰ ਮੇਲਾ ਸਹਿਜ ਸੁਭਾਈਆ। ਕਰਵਟ ਲੈ ਬਦਲ ਲੈ ਪਿੱਠ, ਸਨਮੁਖ ਆਪਣਾ ਦਰਸ ਵਖਾਈਆ। ਦੋ ਜਹਾਨਾਂ ਸਾਜਣ ਨਜ਼ਰੀ ਆਏ ਮਿਤ, ਮਿਤਰ ਪਿਆਰਾ ਆਪਣਾ ਜੋੜ ਜੁੜਾਈਆ। ਆਵਣ ਜਾਵਣ ਲੱਖ ਚੁਰਾਸੀ ਝਗੜਾ ਮੇਟੇ ਨਿਤ, ਕੁੰਭੀ ਨਰਕ ਨਾ ਕੋਇ ਭੁਆਈਆ। ਪ੍ਰੇਮ ਪਿਆਰ ਮੁਹੱਬਤ ਵਿਚ ਲਏ ਖਿਚ, ਸੁਰਤੀ ਸ਼ਬਦੀ ਜੋੜ ਜੁੜਾਈਆ। ਨਿਰਗੁਣ ਧਾਰ ਨੂਰ ਨੁਰਾਨਾ ਨਜ਼ਰੀ ਆਏ ਕਾਇਆ ਵਿਚ, ਦੂਰ ਦੁਰਾਡਾ ਪੰਧ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਭਗਤ ਭਗਵਾਨ ਸੀਸ ਜਾਵੇ ਝੁਕ, ਦੂਸਰ ਮਿਲੇ ਨਾ ਕੋਇ ਵਡਿਆਈਆ। ਆਵਣ ਜਾਵਣ ਪੈਂਡਾ ਜਾਏ ਕੋਈ ਨਾ ਮੁਕ, ਤਿਨ੍ਹਾਂ ਮੇਲਾ ਲਏ ਮਿਲਾਈਆ । ਧੁਰ ਦਾ ਢੋਲਾ ਦੱਸ ਕੇ ਸੋਹਣੀ ਤੁਕ, ਨਾਮ ਨਿਧਾਨਾ ਦਏ ਉਪਜਾਈਆ। ਆਤਮ ਪਰਮਾਤਮ ਮੇਲ ਮਿਲਾ ਕੇ ਦੇਵੇ ਸਾਚਾ ਸੁਖ, ਕੂੜੀ ਕਿਰਿਆ ਬਾਹਰ ਕਢਾਈਆ। ਦਰਸ ਵਖਾਏ ਜੋ ਬੈਠਾ ਲੁਕ, ਬਜਰ ਕਪਾਟੀ ਪੜਦਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਚਰਨ ਕਵਲ ਸੀਸ ਜਾਏ ਝੁਕ, ਵਿਛੋੜਾ ਕੋਇ ਰਹਿਣ ਨਾ ਪਾਈਆ। ਜਨਮ ਕਰਮ ਦੀ ਬੁਝੇ ਅੱਗ, ਕੂੜੀ ਕਿਰਿਆ ਨਾ ਕੋਇ ਸਤਾਈਆ। ਦੁਰਮਤ ਮੈਲ ਧੋਵੇ ਦਾਗ਼, ਪਤਿਤ ਪੁਨੀਤ ਰੂਪ ਵਟਾਈਆ। ਕਾਇਆ ਕਾਅਬੇ ਕਰੇ ਹੱਜ, ਹਜ਼ਰਤ ਮੇਲਾ ਸਹਿਜ ਸੁਭਾਈਆ। ਨਾਮ ਅਗੰਮੀ ਨਾਦ ਅਨਾਦੀ ਜਾਏ ਵਜ, ਸੁਰ ਤਾਲ ਸਮਝ ਕੋਇ ਨਾ ਆਈਆ। ਘਰ ਦੀਪਕ

ਪਰਕਾਸ਼ ਜੋਤ ਜਾਵੇ ਜਗ, ਜੋਤੀ ਜੋਤ ਕਰੇ ਰੁਸ਼ਨਾਈਆ। ਅਗੇ ਰਹਿਣ ਨਾ ਦੇਵੇ ਅੱਡ, ਵਖਰਾ ਧਾਮ ਨਾ ਕੋਇ ਵਖਾਈਆ। ਭਾਗ ਲਗਾ ਕੇ ਕਾਇਆ ਮਾਟੀ ਹੱਡ, ਤੱਤਵ ਤੱਤ ਖੋਜ ਖੁਜਾਈਆ। ਸਚ ਸੁਹੇਲਾ ਸੱਜਣ ਬਣ ਕੇ ਲਏ ਸੱਦ, ਸੁਨੇਹੜਾ ਆਪਣਾ ਨਾਮ ਘਲਾਈਆ। ਲੱਖ ਚੁਰਾਸੀ ਨਾਲੋਂ ਕਰ ਕੇ ਅਲਗ, ਅਗਲਾ ਮਾਰਗ ਇਕੋ ਇਕ ਸਮਝਾਈਆ। ਮਨ ਵਾਸਨਾ ਜਗਤ ਵਿਕਾਰ ਜਾਣ ਭੱਜ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਸਮਝਾਈਆ। ਜਨ ਭਗਤ ਚਰਨ ਕਵਲ ਸਰਨਾਈ ਜਾਵਣ ਢਠ, ਮਾਣ ਅਭਿਮਾਨ ਦੇਣ ਮਿਟਾਈਆ। ਭਾਗ ਲਗਾਵਣ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤਿ ਬੁਧਿ ਵੱਜੇ ਵਧਾਈਆ। ਨਾੜ ਬਹੱਤਰ ਨਾ ਉਬਲੇ ਰਤ, ਅਗਨੀ ਅੱਗ ਨਾ ਕੋਇ ਜਲਾਈਆ। ਆਤਮ ਪਰਮਾਤਮ ਮਿਲੇ ਬ੍ਰਹਮ ਮਤਿ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਧੀਰਜ ਜਤ ਸੰਤੋਖ ਅੰਦਰ ਦੇਵੇ ਘਤ, ਵਸਤ ਅਮੋਲਕ ਸਚੀ ਝੋਲੀ ਪਾਈਆ। ਜਨਮ ਕਰਮ ਦਾ ਲਹਿਣਾ ਦੇ ਕੇ ਹਕ, ਹਕ਼ੀਕ਼ਤ ਪਰਦਾ ਦਏ ਉਠਾਈਆ। ਸ਼ਬਦ ਡੋਰ ਪਾ ਕੇ ਨੱਥ, ਮਨ ਵਾਸਨਾ ਲਏ ਬੰਧਾਈਆ। ਸਾਚਾ ਢੋਲਾ ਜਣਾ ਕੇ ਜਸ, ਤੂੰ ਮੈਂ ਤੇਰਾ ਕਰੇ ਪੜ੍ਹਾਈਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਘਰ ਘਰ ਦਰਸ਼ਨ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਦੇਵੇ ਵਡਿਆਈਆ। ਜਨ ਭਗਤ ਸੁਹੇਲਾ ਮਸਤਕ ਲਾਏ ਚਰਨ ਧੂੜ, ਧੁਰ ਦਾ ਟਿੱਕਾ ਖ਼ਾਕ ਰਮਾਈਆ। ਕਾਇਆ ਚੋਲੀ ਚੜ੍ਹਾਏ ਰੰਗ ਗੂੜ੍ਹ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਬੁਧਿ ਬਿਬੇਕੀ ਰੂਪ ਵਟਾਈਆ। ਜੋਤੀ ਜਾਤਾ ਬਖ਼ਸ਼ੇ ਆਤਮ ਨੂਰ, ਹਾਜ਼ਰ ਹਜ਼ੂਰ ਦਇਆ ਕਮਾਈਆ । ਸ਼ਬਦ ਨਾਦ ਸੁਣਾਵੇ ਤੂਰ, ਤੁਰੀਆ ਮੁਖ ਭਵਾਈਆ। ਮਾਇਆ ਮਮਤਾ ਹਉਮੇ ਹੰਗਤਾ ਗੜ੍ਹ ਤੋੜੇ ਗ਼ਰੂਰ, ਨਿਵਣ ਸੋ ਅੱਖਰ ਇਕ ਸਮਝਾਈਆ। ਆਤਮ ਪਰਮਾਤਮ ਮੇਲਾ ਹੋਵੇ ਜ਼ਰੂਰ ਵਿਛੋੜਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਜਨ ਭਗਤ ਚਰਨ ਕਵਲ ਟੇਕੇ ਮੱਥਾ ਮਥ, ਮਸਤਕ ਮਿਲੇ ਵਡਿਆਈਆ। ਲਹਿਣਾ ਦੇਣਾ ਹੱਥੋ ਹੱਥ, ਜੁਗ ਚੌਕੜੀ ਉਧਾਰ ਨਾ ਕੋਇ ਕਰਾਈਆ । ਖ਼ਾਲੀ ਭਾਂਡੇ ਭਰੇ ਸਖ, ਨਾਮ ਭੰਡਾਰਾ ਆਪ ਵਰਤਾਈਆ। ਨਿਜ ਨੈਣ ਖੋਲ੍ਹ ਕੇ ਅੱਖ, ਆਖ਼ਰ ਮੰਜ਼ਲ ਦਏ ਚੜ੍ਹਾਈਆ। ਸਾਚਾ ਗੀਤ ਸੁਣਾ ਕੇ ਜਸ, ਤੇਰਾ ਮੇਰਾ ਪਰਦਾ ਲਾਹੀਆ। ਨਜ਼ਰੀ ਆਵੇ ਘਟ ਘਟ, ਹਰ ਘਟ ਬੈਠਾ ਸੋਭਾ ਪਾਈਆ । ਸਚ ਸਰਨਾਈ ਜੋ ਭਗਤ ਸੁਹੇਲੇ ਜਾਵਣ ਢਠ, ਡਿੱਗਿਆਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦਏ ਸੁਹਾਈਆ। ਜਨ ਭਗਤ ਰਾਹ ਤੱਕਣ ਚਰਨ ਕਵਲ ਕਰ ਧਿਆਨ, ਨਾਤਾ ਕੂੜਾ ਜਗਤ ਤਜਾਈਆ। ਇਕੋ ਮਿਲੇ ਸ੍ਰੀ ਭਗਵਾਨ, ਭਗਤਨ ਮੀਤਾ ਸਹਿਜ ਸੁਖਦਾਈਆ। ਅੰਤਰ ਦੇਵੇ ਬ੍ਰਹਮ ਗਿਆਨ, ਸਤਿ ਸਰੂਪ ਰੂਪ ਦ੍ਰਿੜਾਈਆ। ਬਸੰਤਰ ਮੇਟੇ ਕੂੜ ਜਹਾਨ, ਮੰਤਰ ਆਪਣਾ ਇਕ ਪੜ੍ਹਾਈਆ। ਕਾਇਆ ਵੇਖੇ ਬੀਆਬਾਨ, ਜੰਗਲ ਜੂਹ ਉਜਾੜ ਪਹਾੜ ਖੋਜ ਖੁਜਾਈਆ। ਸਤਿ ਧਰਮ ਵਖਾ ਕੇ ਇਕ ਨਿਸ਼ਾਨ, ਨਿਸ਼ਾਨੇ ਆਪਣੇ ਨਾਲ ਮਿਲਾਈਆ। ਸਾਚਾ ਮੰਦਰ ਸੁਹਾਏ ਆਣ, ਸਾਢੇ ਤਿੰਨ ਹੱਥ ਡੇਰਾ ਲਾਈਆ । ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਤ੍ਰਿਸ਼ਨਾ ਭੁਖ ਰਹੇ ਨਾ ਰਾਈਆ । ਝਗੜਾ ਮੁਕ ਜਾਏ ਸ਼ਾਸਤਰ ਸਿਮਰਤ ਵੇਦ ਪੁਰਾਨ, ਪੂਜਾ ਪਾਠ ਇਕੋ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਤ ਨਵਿਤ ਵੇਖ ਵਖਾਈਆ। ਜਨ ਭਗਤ ਚਰਨ ਕਵਲ ਦਵਾਰਾ ਲਏ ਤਕ, ਲੋਚਨ ਨੈਣ ਅੱਖ ਖੁਲ੍ਹਾਈਆ । ਸਭ ਦਾ ਪੂਰਾ ਕਰੇ ਹਕ, ਹਾਕਮ ਹੋ ਕੇ ਬੇਪਰਵਾਹੀਆ। ਲੇਖੇ ਲਾ ਕੇ ਰਤੀ ਰਤ, ਰਤਨ ਅਮੋਲਕ ਹੀਰੇ ਲਏ ਬਣਾਈਆ। ਲੱਖ ਚੁਰਾਸੀ ਵਿਚੋਂ ਲਏ ਕਢ, ਹਰਿਜਨ ਆਪਣੀ ਗੋਦ ਉਠਾਈਆ। ਅਧਵਿਚਕਾਰ ਨਾ ਜਾਏ ਛੱਡ, ਸਚ ਦਵਾਰੇ ਦਏ ਟਿਕਾਈਆ। ਜਿਥੇ ਇਕੋ ਨੌਬਤ ਨਾਮ ਨਗਾਰਾ ਰਿਹਾ ਵੱਜ, ਦੂਜੀ ਅਵਰ ਨਾ ਕੋਇ ਸ਼ਨਵਾਈਆ। ਇਕੋ ਦੀਪ ਰਿਹਾ ਜਗ, ਜੋਤੀ ਜੋਤ ਡਗਮਗਾਈਆ। ਇਕੋ ਪੁਰਖ ਅਕਾਲ ਸਚ ਸਿੰਘਾਸਣ ਰਿਹਾ ਸਜ, ਦੂਜਾ ਅਵਰ ਨਾ ਕੋਇ ਤਕਾਈਆ। ਚਰਨ ਕਵਲ ਕਵਲ ਚਰਨ ਇਕੋ ਧਾਮ ਵਖਾਏ ਹਕ, ਦੂਜੇ ਦਰ ਨਾ ਕੋਇ ਭੁਆਈਆ। ਸਚ ਸਰਨਾਈ ਬੇਪਰਵਾਹੀ ਜੋ ਗਿਆ ਢਠ, ਬਾਹੋਂ ਫੜ ਗਲੇ ਲਗਾਈਆ। ਸਾਚੇ ਮੰਦਰ ਮਹਲ ਅਟਲ ਉਚ ਮਨਾਰ ਸਚਖੰਡ ਦਵਾਰੇ ਲਏ ਰਖ, ਰਖਿਅਕ ਹੋ ਕੇ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਰੱਖੇ ਦੇ ਕਰ ਹੱਥ, ਏਥੇ ਓਥੇ ਦੋ ਜਹਾਨ ਜਹਾਲਤ ਵਿਚ ਹੋਏ ਸਹਾਈਆ।