੧੫ ਜੇਠ ਸ਼ਹਿਨਸ਼ਾਹੀ ਸੰਮਤ ੧ ਬਲਵੰਤ ਸਿੰਘ ਦੇ ਗ੍ਰਹਿ ਸੇਵਕ ਕਲੋਨੀ ਪਟਿਆਲਾ ਸੰਗਤ
ਪੰਦਰਾਂ ਜੇਠ ਕਹੇ ਮੈਂ ਵੇਖਿਆ ਖੇਲ ਅਗੰਮੀ ਹਰਿ ਦਾ, ਨਿਰਗੁਣ ਨਿਰਵੈਰ ਆਪਣੀ ਦਇਆ ਕਮਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਆਤਮ ਪਰਮਾਤਮ ਗੁਰਮੁਖਾਂ ਵਰਦਾ, ਪਾਰਬ੍ਰਹਮ ਬ੍ਰਹਮ ਆਪਣਾ ਮੇਲ ਮਿਲਾਇੰਦਾ। ਦੂਈ ਦਵੈਤੀ ਹਉਮੇ ਹੰਗਤਾ ਕੂੜੀ ਕਿਰਿਆ ਚੁਕੇ ਪੜਦਾ, ਨਿਰਗੁਣ ਜੋਤੀ ਸ਼ਬਦ ਅਨਾਦੀ ਧੁਨ ਅਗੰਮੀ ਆਪ ਸੁਣਾਇੰਦਾ । ਅੰਮ੍ਰਿਤ ਰਸ ਨਿਝਰ ਝਿਰਨਾ ਜਾਮ ਪਿਆਵੇ ਸਾਚੇ ਸਰ ਦਾ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਜਗਤ ਤ੍ਰਿਸ਼ਨਾ ਭੁਖ ਮਿਟਾਇੰਦਾ। ਸਾਂਤਕ ਸਤਿ ਸਤਿ ਸਰੂਪ ਕਰੇ ਹਿਰਦਾ, ਭੇਵ ਖੁਲ੍ਹਾਵੇ ਘਰ ਥਿਰ ਦਾ, ਸਚਖੰਡ ਦਵਾਰਾ ਇਕੋ ਇਕ ਜਣਾਇੰਦਾ। ਜਨਮ ਜਨਮ ਦਾ ਲਹਿਣਾ ਦੇਣਾ ਲੇਖਾ ਮੁਕਾਵੇ ਚਿਰ ਦਾ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਇਆ ਫਿਰਦਾ, ਲੋਕਮਾਤ ਮਾਰ ਝਾਤ ਭਗਤ ਭਗਵੰਤ ਵੇਖ ਵਖਾਇੰਦਾ। ਪ੍ਰੇਮ ਪਿਆਰਾ ਸਚ ਮਹਿਬੂਬ ਮੁਹੱਬਤ ਅੰਦਰ ਮਿਲਦਾ, ਕਾਇਆ ਅਰੂਜ ਸਚ ਮੁਕਾਮ ਹਕ਼ੀਕ਼ਤ ਹਕ ਪੜਦਾ ਆਪ ਚੁਕਾਇੰਦਾ। ਅਛਲ ਅਛੇਦਾ ਭੇਵ ਖੁਲ੍ਹਾਵੇ ਸਾਚੇ ਦਰ ਦਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਗ੍ਰਹਿ ਮੰਦਰ ਅੰਦਰ ਜੋਤੀ ਜਾਤਾ ਡਮਗਾਇੰਦਾ। ਸੰਤ ਸੁਹੇਲਾ ਗੁਰੂ ਗੁਰ ਚੇਲਾ ਗੁਰਮੁਖ ਗੁਰ ਗੁਰ ਮੀਤ ਮੁਰਾਰਾ ਸੱਜਣ ਵਰਦਾ, ਕੰਤ ਸੁਹਾਗੀ ਵਡਭਾਗੀ ਪਤਿਪਰਮੇਸ਼ਵਰ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਆਪਣੇ ਰੰਗ ਰੰਗਾਇੰਦਾ। ਪੰਚਮ ਜੇਠ ਕਹੇ ਮੈਂ ਵੇਖਿਆ ਪ੍ਰਭ ਗਹਿਰ ਗੰਭੀਰ, ਪੰਦਰਾਂ ਜੇਠ ਦੇਵਣ ਆਇਆ ਵਡਿਆਈਆ। ਜੋਤੀ ਜਾਤਾ ਪੁਰਖ ਬਿਧਾਤਾ ਬੇਨਜ਼ੀਰ, ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ । ਲਹਿਣਾ ਦੇਣਾ ਅੰਦਰ ਬਾਹਰ ਗੁਪਤ ਜ਼ਾਹਰ ਜਾਣੇ ਪੰਜ ਤੱਤ ਸਰੀਰ, ਤਨ ਮਾਟੀ ਖ਼ਾਕੀ ਨਾਦ ਅਨਾਦੀ ਫੋਲ ਫੁਲਾਈਆ।
ਅੰਮ੍ਰਿਤ ਰਸ ਠਾਂਡਾ ਜਾਮ ਨਿਝਰ ਪਿਆਵਣਹਾਰ ਸੀਰ, ਤਕ਼ਦੀਰ ਤਦਬੀਰ ਨਾਲ ਦੇਵੇ ਬਦਲਾਈਆ। ਦੀਨ ਮਜ਼੍ਹਬ ਜ਼ਾਤ ਪਾਤ ਸ਼ਰਅ ਕੱਟ ਜ਼ੰਜੀਰ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰੰਗ ਵਖਾਈਆ। ਦਾਤਾ ਬਣ ਕੇ ਜੋਧਾ ਸੂਰਬੀਰ, ਨਾਮ ਖੰਡਾ ਸ਼ਬਦ ਕਟਾਰ ਇਕੋ ਦਏ ਦ੍ਰਿੜਾਈਆ। ਲਹਿਣਾ ਦੇਣਾ ਲੇਖ ਮੁਕਾਏ ਸ਼ਾਹ ਪਾਤਸ਼ਾਹ ਫ਼ਕੀਰ ਹਕੀਰ, ਦਸਤਗੀਰ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਆਪਣੇ ਹੱਥ ਰਖਾਈਆ। ਪੰਦਰਾਂ ਜੇਠ ਕਹੇ ਮੈਂ ਵੇਖਿਆ ਸ੍ਰੀ ਭਗਵੰਤ, ਨਿਰਗੁਣ ਦਾਤਾ ਬੇਪਰਵਾਹੀਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਮਹਿੰਮਾ ਅਗਣਤ, ਗੁਰ ਅਵਤਾਰ ਪੀਰ ਪੈਗ਼ੰਬਰ ਰਾਗਾਂ ਨਾਦਾਂ ਸਿਫ਼ਤਾਂ ਵਿਚ ਸਾਲਾਹੀਆ। ਜਿਸ ਦਾ ਨਾਮ ਨਿਧਾਨਾ ਮਰਦ ਮਰਦਾਨਾ ਦੋ ਜਹਾਨਾਂ ਚਲੇ ਸਾਚਾ ਮੰਤ, ਧੁਰ ਸੰਦੇਸ਼ਾ ਨਰ ਨਰੇਸ਼ਾ ਨਾਉਂ ਨਰ ਨਿਰੰਕਾਰ ਇਕ ਦ੍ਰਿੜਾਈਆ। ਜੋ ਨਿਤ ਨਵਿਤ ਮੇਲ ਮਿਲਾਵੇ ਸਾਚੇ ਸੰਤ, ਆਤਮ ਪਰਮਾਤਮ ਨਾਰ ਕੰਤ ਰੂਪ ਬਣਾਈਆ। ਵੇਖਣਹਾਰਾ ਲੱਖ ਚੁਰਾਸੀ ਜੀਵ ਜੰਤ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਖੋਜ ਖੁਜਾਈਆ। ਭਗਤ ਸੁਹੇਲਾ ਇਕ ਇਕੇਲਾ ਗੁਰਮੁਖ ਬਣਾਏ ਸਾਚੀ ਬਣਤ, ਕੂੜੀ ਕਿਰਿਆ ਕਾਇਆ ਮੰਦਰ ਅੰਦਰ ਬਾਹਰ ਕਢਾਈਆ। ਤੋੜ ਤੁੜਾਏ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਪਾਰਬ੍ਰਹਮ ਇਕੋ ਇਕ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਨਿਰਅੱਖਰ ਨਿਰਵੈਰ ਨਿਰਾਕਾਰ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਭੇਵ ਅਭੇਦਾ ਅਛਲ ਅਛੇਦਾ ਆਪਣਾ ਪਰਦਾ ਦਏ ਉਠਾਈਆ। ਪੰਦਰਾਂ ਜੇਠ ਕਹੇ ਮੈਂ ਵੇਖਿਆ ਸ੍ਰੀ ਭਗਵਾਨ, ਭਗਤ ਸੁਹੇਲਾ ਨਜ਼ਰੀ ਆਈਆ। ਨਿਰਗੁਣ ਹੋ ਕੇ ਦੇਵੇ ਦਾਨ, ਦਾਤਾ ਦਾਨੀ ਬੇਪਰਵਾਹੀਆ। ਕੂੜੀ ਕਿਰਿਆ ਮੇਟਦਾ ਜਾਏ ਨਿਸ਼ਾਨ, ਮਾਇਆ ਮਮਤਾ ਮੋਹ ਮਿਟਾਈਆ। ਅੰਤਰ ਆਤਮ ਪਰਮਾਤਮ ਸ਼ਬਦ ਅਨਾਦੀ ਦੇਂਦਾ ਜਾਏ ਗਿਆਨ, ਤੂੰ ਮੇਰਾ ਮੈਂ ਤੇਰਾ ਸੋਹੰ ਕਰੇ ਸਚ ਪੜ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਜ਼ਿਮੀਂ ਅਸਮਾਨਾਂ ਬ੍ਰਹਿਮੰਡਾਂ ਖੰਡਾਂ ਝੁਲੌਂਦਾ ਜਾਏ ਨਿਸ਼ਾਨ, ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਨਿਉਂ ਨਿਉਂ ਸੀਸ ਨਿਵਾਈਆ। ਲੱਖ ਚੁਰਾਸੀ ਆਤਮ ਪਰਮਾਤਮ ਦੱਸਦਾ ਜਾਏ ਧੁਰ ਦਾ ਕਾਹਨ, ਸਚ ਸੰਦੇਸ਼ਾ ਨਰ ਨਰੇਸ਼ਾ ਬੰਸਰੀ ਇਕੋ ਨਾਮ ਵਜਾਈਆ । ਕੂੜੀ ਕਿਰਿਆ ਨੌ ਖੰਡ ਪ੍ਰਿਥਮੀ ਸੱਤ ਦੀਪ ਮੇਟਦਾ ਜਾਏ ਦੁਕਾਨ, ਜੂਠ ਝੂਠ ਕੂੜ ਕਪਟ ਰਹਿਣ ਕੋਇ ਨਾ ਪਾਈਆ । ਦੀਆ ਬਾਤੀ ਕਮਲਾਪਾਤੀ ਜਨ ਭਗਤਾਂ ਅੰਦਰ ਜੋਤ ਜਗੌਂਦਾ ਜਾਏ ਮਹਾਨ, ਅੰਧ ਅੰਧਿਆਰ ਸਚ ਮਹੱਲੇ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗੁਰਮੁਖ ਗੁਰਸਿਖ ਹਰਿ ਮੰਦਰ ਦਏ ਜਣਾਈਆ। ਪੰਦਰਾਂ ਜੇਠ ਕਹੇ ਮੈਂ ਵੇਖਿਆ ਪਾਰਬ੍ਰਹਮ, ਪਤਿਪਰਮੇਸ਼ਵਰ ਨਜ਼ਰੀ ਆਈਆ। ਜਿਸ ਦਾ ਆਦਿ ਜੁਗਾਦੀ ਭਗਤ ਉਧਾਰਨ ਕਰਮ, ਨਿਹਕਰਮੀ ਕਰਮ ਆਪਣੇ ਹੱਥ ਰਖਾਈਆ। ਸਾਚੇ ਸੰਤਾਂ ਦੇਵੇ ਧੁਰ ਦੀ ਸਰਨ, ਦੂਜਾ ਇਸ਼ਟ ਦੇਵ ਜਗਤ ਨਾ ਕੋਇ ਸਮਝਾਈਆ। ਨੇਤਰ ਖੋਲ੍ਹ ਕੇ ਹਰਨ ਫਰਨ, ਨਿਜ ਆਤਮ ਕਰੇ ਰੁਸ਼ਨਾਈਆ। ਨਾਤਾ ਤੋੜ ਕੇ ਵਰਨ ਬਰਨ, ਜ਼ਾਤ ਪਾਤ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਅੰਦਰ ਸੋਭਾ ਪਾਈਆ। ਪੰਦਰਾਂ ਜੇਠ ਕਹੇ ਮੈਂ ਹੋਇਆ ਖ਼ੁਸ਼ਹਾਲ, ਦੋ ਜਹਾਨਾਂ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਦੀਨ ਦਿਆਲ, ਦਇਆਨਿਧ ਠਾਕਰ ਸਵਾਮੀ ਆਪਣੀ
ਫੇਰੀ ਪਾਈਆ। ਸੰਤ ਸੁਹੇਲੇ ਲੱਭੇ ਲਾਲ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਨਾਤਾ ਤੋੜ ਕੇ ਤ੍ਰੈਗੁਣ ਮਾਇਆ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਪੰਚਮ ਪੰਚ ਕਰੇ ਸੰਭਾਲ, ਸਿਰ ਆਪਣਾ ਹੱਥ ਟਿਕਾਈਆ। ਦੀਆ ਬਾਤੀ ਕਮਲਾਪਾਤੀ ਇਕੋ ਬਾਲ, ਹਰਿ ਮੰਦਰ ਕਰੇ ਰੁਸ਼ਨਾਈਆ। ਅੰਮ੍ਰਿਤ ਆਤਮ ਜਾਮ ਰਿਹਾ ਪਿਆਲ, ਰਸ ਇਕੋ ਇਕ ਵਖਾਈਆ। ਸਾਢੇ ਤਿੰਨ ਹੱਥ ਘਰ ਵਿਚ ਘਰ ਵਖਾਏ ਸਚੀ ਧਰਮਸਾਲ, ਸ਼ਿਵਦਵਾਲੇ ਮਠ ਲੋੜ ਰਹੇ ਨਾ ਰਾਈਆ। ਲਹਿਣਾ ਮੁਕੇ ਸ਼ਾਹ ਕੰਗਾਲ, ਊਚ ਨੀਚ ਰਾਓ ਰੰਕ ਇਕੋ ਰੰਗ ਰੰਗਾਈਆ। ਜਨਮ ਜਨਮ ਦਾ ਕਰਮ ਕਰਮ ਦਾ ਜਨ ਭਗਤਾਂ ਹਲ ਹੋਵੇ ਸਵਾਲ, ਅਗੇ ਲੇਖਾ ਮੰਗੇ ਕੋਇ ਨਾ ਰਾਈਆ। ਏਥੇ ਓਥੇ ਦੋ ਜਹਾਨਾਂ ਸਤਿਗੁਰ ਹੋ ਕੇ ਕਰੇ ਆਪ ਪ੍ਰਿਤਪਾਲ, ਮਿਹਰਵਾਨ ਮਹਿਬੂਬ ਮੁਹੱਬਤ ਅੰਦਰ ਸਿਰ ਆਪਣਾ ਹੱਥ ਟਿਕਾਈਆ। ਅੰਤ ਪੋਹ ਨਾ ਸਕੇ ਕਾਲ, ਮਹਾਕਾਲ ਬੈਠੇ ਸੀਸ ਨਿਵਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜਨ ਭਗਤਾਂ ਆਪਣੀ ਗੋਦੀ ਲਏ ਉਠਾਲ, ਸ਼ਬਦ ਹੁਲਾਰਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਪਾਰ ਲੰਘਾਈਆ। ਪੰਦਰਾਂ ਜੇਠ ਕਹੇ ਮੈਂ ਵੇਖਾਂ ਖੇਲ ਸੂਰੇ ਸਰਬੰਗ ਦਾ, ਜੋ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਨਜ਼ਰੀ ਆਈਆ। ਜਨ ਭਗਤਾਂ ਕਾਇਆ ਚੋਲੀ ਰੰਗ ਦਾ, ਨਾਮ ਲਲਾਰੀ ਬੇਪਰਵਾਹੀਆ। ਸਾਥ ਬਣ ਕੇ ਧੁਰ ਦੇ ਸੰਗ ਦਾ, ਆਵਣ ਜਾਵਣ ਰਿਹਾ ਕਟਾਈਆ । ਨਾਤਾ ਤੁੜਾ ਕੇ ਭੇਖ ਪਖੰਡ ਦਾ, ਕੂੜੀ ਕਿਰਿਆ ਬਾਹਰ ਕਢਾਈਆ। ਪਰਦਾ ਲਾਹ ਕੇ ਹੰ ਬ੍ਰਹਮ ਦਾ, ਪਾਰਬ੍ਰਹਮ ਰਿਹਾ ਮਿਲਾਈਆ। ਦੇ ਕੇ ਪਰਕਾਸ਼ ਜੋਤੀ ਚੰਦ ਦਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਭੰਡਾਰਾ ਦੇ ਕੇ ਧੁਰ ਦੇ ਧੰਨ ਦਾ, ਸਚ ਖ਼ਜ਼ੀਨਾ ਰਿਹਾ ਭਰਾਈਆ। ਢੋਲਾ ਸੁਣਾ ਕੇ ਅਗੰਮੀ ਛੰਦ ਦਾ, ਕਰੇ ਹਕ਼ੀਕ਼ਤ ਹਕ ਪੜ੍ਹਾਈਆ । ਲਹਿਣਾ ਚੁਕ ਜਾਏ ਬੰਦੀਖ਼ਾਨੇ ਬੰਦ ਦਾ, ਲੱਖ ਚੁਰਾਸੀ ਰਹਿਣ ਨਾ ਪਾਈਆ। ਰਸ ਦੇਵੇ ਅਗੰਮੀ ਅਨੰਦ ਦਾ, ਪਰਮਾਨੰਦ ਵਿਚ ਸਮਾਈਆ। ਜਨਮ ਜਨਮ ਦੇ ਵਿਛੜਿਆਂ ਸ਼ਬਦ ਡੋਰੀ ਨਾਲ ਗੰਢਦਾ, ਏਥੇ ਓਥੇ ਨਾਤਾ ਸਕੇ ਨਾ ਕੋਇ ਤੁੜਾਈਆ। ਚਰਨ ਧੂੜ ਇਸ਼ਨਾਨ ਕਰਾਵੇ ਸਚੀ ਗੰਗ ਦਾ, ਦੁਰਮਤ ਪਾਪਾਂ ਮੈਲ ਧੁਵਾਈਆ। ਜਨ ਭਗਤਾਂ ਲਹਿਣਾ ਚੁਕ ਜਾਏ ਗੌਣਾ ਬੱਤੀ ਦੰਦ ਦਾ, ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਸੋਹੰ ਅਜਪਾ ਜਾਪ ਜਪਾਈਆ। ਪਰਦਾ ਉਹਲਾ ਮੁਕਾ ਦੇਵੇ ਬਜਰ ਕਪਾਟ ਦਵੈਤੀ ਕੰਧ ਦਾ, ਸਚ ਮਹਲ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰ ਵਡਿਆਈਆ। ਪੰਦਰਾਂ ਜੇਠ ਕਹੇ ਮੈਂ ਵੇਖਿਆ ਪਤਿਪਰਮੇਸ਼ਵਰ ਸਵਾਮੀ, ਵਡ ਦਾਤਾ ਬੇਪਰਵਾਹੀਆ। ਜਿਸ ਦੀ ਬੋਧ ਅਗਾਧ ਅਗੰਮ ਅਥਾਹ ਅਗੰਮੀ ਬਾਣੀ, ਪਰਾ ਪਸੰਤੀ ਮਧਮ ਬੈਖਰੀ ਸਿਫ਼ਤਾਂ ਨਾਲ ਸਾਲਾਹੀਆ। ਜਿਸ ਦੇ ਹੁਕਮ ਅੰਦਰ ਅੰਡਜ ਜੇਰਜ ਉਤਭੁਜ ਸੇਤਜ ਉਪਜੇ ਚਾਰੇ ਖਾਣੀ, ਵਿਸ਼ਨ ਬ੍ਰਹਮਾ ਸ਼ਿਵ ਆਦਿ ਜੁਗਾਦਿ ਸੇਵ ਕਮਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਨੂਰੀ ਜੋਤ ਕਰੇ ਨੂਰਾਨੀ, ਨੂਰੋ ਨੂਰ ਨੂਰ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਦੀ ਵੇਖਣ ਆਇਆ ਕਹਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਫੋਲ ਫੁਲਾਈਆ। ਬੋਧ ਅਗਾਧਾ ਸ਼ਬਦ ਅਨਾਦਾ ਭੇਵ ਖੁਲ੍ਹਾਵੇ ਚੌਦਾਂ ਵਿਦਿਆ ਜਗਤ ਵਿਦਵਾਨੀ ਗਿਆਨੀ ਧਿਆਨੀ, ਕਾਇਆ ਮੰਦਰ ਅੰਦਰ ਸਾਢੇ ਤਿੰਨ ਹੱਥ ਪਰਦਾ ਦਏ ਉਠਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਵੇਖਣ ਆਇਆ ਸਚ ਨਿਸ਼ਾਨੀ, ਸਤਿ ਨਿਸ਼ਾਨਾ ਕਵਣ ਝੁਲਾਈਆ।
ਕਵਣ ਸ਼ਹਿਨਸ਼ਾਹ ਕਵਣ ਰਾਜ ਰਾਜਾਨ ਸੁਲਤਾਨੀ, ਭੂਪਤ ਭੂਪ ਕਵਣ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲਕੀ ਵੇਸ ਵਟਾਈਆ। ਪੰਦਰਾਂ ਜੇਠ ਕਹੇ ਮੈਂ ਵੇਖਿਆ ਸਚ ਅਨੰਦ, ਅਨੰਦ ਅਨੰਦ ਵਿਚੋਂ ਆਈਆ। ਧੁਰ ਦਾ ਢੋਲਾ ਸੁਣਿਆ ਛੰਦ, ਮੇਰਾ ਸੰਸਾ ਗਿਆ ਮੁਕਾਈਆ। ਜਨ ਭਗਤਾਂ ਚੋਲੀ ਰਿਹਾ ਰੰਗ, ਸੰਤ ਸੱਜਣ ਵੱਜੇ ਵਧਾਈਆ। ਗੁਰਮੁਖ ਚਾੜ੍ਹੇ ਸਾਚੇ ਚੰਦ, ਦੋ ਜਹਾਨ ਕਰੇ ਰੁਸ਼ਨਾਈਆ। ਗੁਰਸਿਖਾਂ ਨਾਲ ਜਾਵੇ ਹੰਡ, ਨਿਰਗੁਣ ਨਿਰਗੁਣ ਆਪਣਾ ਮੇਲ ਮਿਲਾਈਆ। ਲੱਖ ਚੁਰਾਸੀ ਜਨਮ ਜਨਮ ਦਾ ਮੇਟੇ ਪੰਧ, ਗੇੜਾ ਅਗੇ ਨਾ ਕੋਇ ਜਣਾਈਆ। ਕਾਇਆ ਮੰਦਰ ਅੰਦਰ ਸਚ ਦਵਾਰੇ ਬੈਠੇ ਲੰਘ, ਈੜਾ ਪਿੰਗਲ ਸੁਖਮਨ ਸਕੇ ਨਾ ਕੋਇ ਅਟਕਾਈਆ। ਆਤਮ ਪਰਮਾਤਮ ਮੇਲ ਮਿਲਾ ਕੇ ਗਾਵੇ ਛੰਦ, ਅਨਰਾਗੀ ਆਪਣਾ ਰਾਗ ਸੁਣਾਈਆ। ਜਨਮ ਜਨਮ ਦੀ ਆਸਾ ਮਨਸਾ ਪੂਰੀ ਕਰੇ ਮੰਗ, ਪੂਰਬ ਲਹਿਣਾ ਸਭ ਦਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ। ਪੰਦਰਾਂ ਜੇਠ ਕਹੇ ਮੈਂ ਕੋਟਨ ਵਾਰ ਲੋਕਮਾਤ ਗਿਆ ਲੰਘ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਦੀ ਸਦੀਵੀ ਜਗਤ ਹੰਡਾਈਆ। ਕਲਜੁਗ ਅੰਤ ਅਖ਼ੀਰੀ ਮੇਰਾ ਮੇਲ ਹੋਇਆ ਨਾਲ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦਿਤੀ ਮਾਣ ਵਡਿਆਈਆ। ਜਿਸ ਦਾ ਦੋ ਜਹਾਨ ਨੂਰ ਨੁਰਾਨਾ ਚਮਕਦਾ ਵੇਖਿਆ ਚੰਦ, ਜੋਤੀ ਜੋਤ ਡਗਮਗਾਈਆ। ਲੱਖ ਚੁਰਾਸੀ ਵਿਚੋਂ ਜਨ ਭਗਤਾਂ ਦਾ ਬਣਿਆ ਸੰਗ, ਸਗਲ ਸ੍ਰਿਸ਼ਟੀ ਦਿਤੀ ਤਜਾਈਆ। ਅਸਵ ਘੋੜੇ ਸ਼ਬਦ ਅਗੰਮੀ ਕਸ ਕੇ ਤੰਗ, ਸਚ ਸਿੰਘਾਸਣ ਬਹਿ ਬਹਿ ਖ਼ੁਸ਼ੀ ਮਨਾਈਆ। ਹੁਕਮ ਸੰਦੇਸ਼ਾ ਨਰ ਨਰੇਸ਼ਾ ਬ੍ਰਹਿਮੰਡਾਂ ਖੰਡਾਂ ਸੁਣਾਏ ਇਕ ਮਰਦੰਗ, ਪੁਰੀ ਲੋਅ ਆਕਾਸ਼ ਪਾਤਾਲ ਜ਼ਿਮੀਂ ਅਸਮਾਨ ਗਗਨ ਗਗਨੰਤਰ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੰਦਰਾਂ ਜੇਠ ਕਹੇ ਮੈਨੂੰ ਸਚ ਆਇਆ ਯਾਦ, ਯਾਦਾਸ਼ਤ ਪਿਛਲੀ ਰਿਹਾ ਕਰਾਈਆ। ਜਿਸ ਵੇਲੇ ਪੰਜ ਆਬ ਹੋਇਆ ਆਬਾਦ, ਆਬ ਖ਼ਾਕ ਵੱਜੀ ਵਧਾਈਆ। ਨਾ ਕੋਈ ਸੂਰਜ ਚੰਦ ਨਾ ਕੋਇ ਮਹਿਤਾਬ, ਨਾ ਨੂਰ ਜ਼ਹੂਰ ਕਰੇ ਰੁਸ਼ਨਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਖੇਲਣਹਾਰਾ ਆਪ ਤਮਾਸ਼, ਦੂਜਾ ਸੰਗ ਨਾ ਕੋਇ ਬਣਾਈਆ। ਜਿਸ ਦਾ ਜੁਗ ਚੌਕੜੀ ਨਿਤ ਨਵਿਤ ਵਜਦਾ ਰਿਹਾ ਰਬਾਬ, ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦ ਅਨਾਦੀ ਨਾਦ ਸੁਣਾਈਆ। ਸੋ ਪੁਰਖ ਬਿਧਾਤਾ ਕਲ ਕਲਕੀ ਖੇਲ ਕਰੇ ਬ੍ਰਹਿਮਾਦ, ਬ੍ਰਹਿਮੰਡ ਖੰਡ ਆਪੇ ਖੋਜ ਖੁਜਾਈਆ। ਜਿਸ ਨੇ ਕਲਜੁਗ ਅੰਦਰ ਸਤਿਜੁਗ ਬਦਲ ਦੇਣਾ ਰਿਵਾਜ, ਸਮਾਜ ਜਗਤ ਦੇਣਾ ਵਟਾਈਆ। ਸੋ ਸਾਹਿਬ ਸਵਾਮੀ ਭਗਤ ਸੁਹੇਲਾ ਸੰਤ ਉਧਾਰਨ ਆਇਆ ਆਜ, ਗੁਰਮੁਖ ਗੁਰਸਿਖ ਆਪਣੇ ਰੰਗ ਰੰਗਾਈਆ। ਘਟ ਭੀਤਰ ਹੋ ਵਿਸਮਾਦ, ਬਿਸਮਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਪੰਦਰਾਂ ਜੇਠ ਕਹੇ ਪ੍ਰਭ ਦੇਵੇ ਸਰਨਗਤ, ਹਰਿ ਚਰਨ ਮਿਲੇ ਵਡਿਆਈਆ। ਭਗਤਾਂ ਬਖ਼ਸ਼ ਕੇ ਇਕੋ ਬ੍ਰਹਮ ਮਤਿ, ਬ੍ਰਹਮ ਵਿਦਿਆ ਦਏ ਸਮਝਾਈਆ। ਅਗਨੀ ਅੱਗ ਬੁਝਾ ਕੇ ਕੂੜਾ ਤਤ, ਤੱਤਵ ਤੱਤ ਦਏ ਦਰਸਾਈਆ। ਨਾੜ ਬਹੱਤਰ ਨਾ ਉਬਲੇ ਰਤ, ਅੰਮ੍ਰਿਤ ਮੇਘ ਬੂੰਦ ਸਵਾਂਤੀ ਮੁਖ ਚਵਾਈਆ। ਸਤਿ ਸੰਤੋਖ ਧੀਰਜ ਬਖ਼ਸ਼ੇ ਜਤ, ਪੰਚ ਵਿਕਾਰ ਨਾ ਕੋਇ ਹਲਕਾਈਆ। ਆਤਮ ਪਰਮਾਤਮ ਜੋੜੇ ਨਤ, ਪਾਰਬ੍ਰਹਮ ਬ੍ਰਹਮ ਆਪਣੇ ਵਿਚ ਸਮਾਈਆ। ਮੇਲ ਮਿਲਾਵੇ ਕਮਲਾਪਤ, ਪਤਿਪਰਮੇਸ਼ਵਰ ਬੇਪਰਵਾਹੀਆ। ਜਨ
ਭਗਤੋ ਤੁਹਾਡੇ ਅੰਦਰੋਂ ਖੋਲ੍ਹ ਕੇ ਆਪਣੀ ਅੱਖ, ਨਿਜ ਨੇਤਰ ਕਰੇ ਰੁਸ਼ਨਾਈਆ। ਕਾਇਆ ਭਾਂਡਾ ਰਹਿਣ ਨਾ ਦੇਵੇ ਕੋਈ ਸਖ, ਵਸਤ ਅਮੋਲਕ ਘਰ ਘਰ ਝੋਲੀ ਦੇਵੇ ਪਾਈਆ। ਪੁਰਖ ਅਬਿਨਾਸ਼ੀ ਗੌਣਾ ਜਸ, ਜਿਸ ਕਾਇਆ ਮੰਦਰ ਅੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਪੰਦਰਾਂ ਜੇਠ ਕਹੇ ਮੈਂ ਵੇਖਿਆ ਦਾਨੀ ਦਾਤਾ, ਗਹਿਰ ਗੰਭੀਰ ਨਜ਼ਰੀ ਆਈਆ। ਜਨ ਭਗਤਾਂ ਬਣ ਕੇ ਪਿਤਾ ਮਾਤਾ, ਪੂਤ ਸਪੂਤੇ ਗੋਦ ਉਠਾਈਆ। ਏਥੇ ਓਥੇ ਬਣ ਕੇ ਰਾਖਾ, ਦੋ ਜਹਾਨਾਂ ਪਾਰ ਲੰਘਾਈਆ। ਦਰਸ਼ਨ ਦੇਵੇ ਪਰਗਟ ਹੋ ਕੇ ਸਾਖ਼ਿਆਤਾ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਸਚ ਸੰਦੇਸ਼ਾ ਅਗੰਮੀ ਸੁਣਾਏ ਧੁਰ ਦੀ ਗਾਥਾ, ਕਰੇ ਹਕ ਪੜ੍ਹਾਈਆ। ਮੰਦਰ ਅੰਦਰ ਖੋਲ੍ਹੇ ਧੁਰ ਦਾ ਰਾਜ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ । ਪੰਦਰਾਂ ਜੇਠ ਕਹੇ ਮੈਂ ਮਿਲਦਾ ਵੇਖਿਆ ਮਹਿਬੂਬ, ਮੁਹੱਬਤ ਵਿਚ ਜੋੜ ਜੁੜਾਈਆ। ਜਨ ਭਗਤਾਂ ਸੂਫ਼ੀਆਂ ਸਾਚਾ ਦੱਸ ਕੇ ਇਕ ਅਰੂਜ, ਅਰਸ਼ ਕੁਰਸ਼ ਪੰਧ ਮੁਕਾਈਆ। ਕੂੜੀ ਕਿਰਿਆ ਜਗਤ ਵਿਕਾਰਾ ਪਾਰ ਕਰਾ ਕੇ ਹਦੂਦ, ਹਕ ਮੁਕਾਮ ਇਕ ਸਮਝਾਈਆ। ਨਿਰਗੁਣ ਸਰਗੁਣ ਜੋਤੀ ਜਾਤਾ ਦਏ ਸਬੂਤ, ਨੂਰ ਜ਼ਹੂਰ ਕਰ ਰੁਸ਼ਨਾਈਆ। ਭੇਵ ਅਭੇਦਾ ਚੁਕਾ ਕੇ ਪੰਜ ਤੱਤ ਵਜੂਦ, ਵਜਹ ਧੁਰ ਦੀ ਦਏ ਸਮਝਾਈਆ। ਭਾਗ ਲਗਾ ਕੇ ਤਨ ਮਾਟੀ ਖ਼ਾਕ ਕਲਬੂਤ, ਕਲਮਾ ਧੁਰ ਦਾ ਦਏ ਪੜ੍ਹਾਈਆ। ਜਿਧਰ ਵੇਖਣ ਜਨ ਭਗਤਾਂ ਓਧਰ ਨਜ਼ਰ ਆਏ ਮੌਜੂਦ, ਚਾਰੋਂ ਕੁੰਟ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਰੰਗਾਈਆ। ਪੰਦਰਾਂ ਜੇਠ ਕਹੇ ਮੈਂ ਪ੍ਰਭ ਦਾ ਖੇਲ ਵੇਖਿਆ ਖ਼ਾਲਸ, ਖ਼ਾਲਸ ਰੂਪ ਰਿਹਾ ਵਟਾਈਆ। ਦੋ ਜਹਾਨਾਂ ਬਣ ਕੇ ਆਇਆ ਸਾਲਸ, ਨਿਰਗੁਣ ਆਪਣੀ ਜੋਤ ਕਰ ਰੁਸ਼ਨਾਈਆ। ਗੁਰਮੁਖਾਂ ਕੂੜੀ ਕਿਰਿਆ ਨਿੰਦਰਾ ਲਾਹੇ ਆਲਸ, ਜਗਤ ਗ਼ਫ਼ਲਤ ਰਿਹਾ ਮਿਟਾਈਆ। ਸਾਚਾ ਨਾਮ ਧੁਰ ਦਾ ਕਲਮਾ ਦੇ ਇਬਾਰਤ, ਬੰਦਗੀ ਇਕੋ ਇਕ ਸਮਝਾਈਆ। ਆਤਮ ਪਰਮਾਤਮ ਮੇਲ ਮਿਲਾਏ ਸਹੀ ਸਲਾਮਤ, ਕੂੜੀ ਅਲਾਮਤ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਪੰਦਰਾਂ ਜੇਠ ਕਹੇ ਮੈਨੂੰ ਸਭ ਤੋਂ ਵੱਡੀ ਖ਼ੁਸ਼ੀ, ਖ਼ੁਸ਼ੀ ਗ਼ਮੀ ਦਿਆਂ ਬਦਲਾਈਆ। ਜਨ ਭਗਤਾਂ ਪ੍ਰਭ ਬਖ਼ਸ਼ੇ ਆਪਣੀ ਰੁਚੀ, ਅੰਤਰ ਅੰਤਰ ਵੇਖ ਵਖਾਈਆ। ਮਨ ਵਾਸਨਾ ਕਰ ਦਏ ਸੁੱਚੀ, ਦੁਰਮਤ ਮੈਲ ਬਾਹਰ ਕਢਾਈਆ। ਘਰ ਆ ਕੇ ਹਾਲਤ ਪੁੱਛੀ, ਪੂਰਬ ਜਨਮ ਲੇਖਾ ਰਿਹਾ ਮੁਕਾਈਆ। ਗੁਰਮੁਖ ਸਵਾਣੀ ਰਹੇ ਕੋਈ ਨਾ ਸੁੱਤੀ, ਨਾਮ ਹਲੂਣਾ ਦਏ ਲਗਾਈਆ। ਸੋ ਸੁਹਾਗਣ ਕੰਤ ਵੈਰਾਗਣ ਹੋ ਕੇ ਉਠੀ, ਜਿਸ ਅੰਤਰ ਅੰਤਰ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਰਿਹਾ ਚੁਕਾਈਆ। ਪੰਦਰਾਂ ਜੇਠ ਕਹੇ ਮੈਨੂੰ ਲੰਘ ਕੇ ਅੰਤਮ ਆ ਗਈ ਰਾਤ, ਭਿੰਨੜੀ ਆਪਣਾ ਰੂਪ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦਵਾਰੇ ਬੈਠੇ ਵੇਖਣ ਮਾਰ ਝਾਤ, ਲੋਕਮਾਤ ਆਪਣਾ ਨੇਤਰ ਨੈਣ ਅੱਖ ਖੁਲ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਇਕ ਦੂਜੇ ਨਾਲ ਕਰਨ ਬਾਤ, ਸ਼ਬਦ ਸੰਦੇਸ਼ੇ ਨਾਲ ਕਰਨ ਪੜ੍ਹਾਈਆ। ਪੁਰਖ ਅਬਿਨਾਸ਼ੀ ਵੇਖੋ ਕੀ ਖੇਲ ਕਰੇ ਤਮਾਸ਼, ਨਿਰਗੁਣ ਨਿਰਵੈਰ ਆਪਣੇ ਹੱਥ ਰੱਖੇ ਵਡਿਆਈਆ। ਗੁਰਮੁਖ ਗੁਰਸਿਖ ਹਰਿਭਗਤ ਦੇਵਣਹਾਰਾ ਸਾਚੀ ਦਾਤ, ਦਾਤਾ ਹੋ ਕੇ ਦਇਆ ਕਮਾਈਆ। ਧੁਰ ਦਾ ਨਾਤਾ ਜੋੜ ਕੇ ਸਾਚਾ ਸਾਕ, ਆਤਮ ਪਰਮਾਤਮ ਮੇਲ ਮਿਲਾਈਆ।
ਬਿਨਾ ਭਜਨ ਬੰਦਗੀ ਸਿਮਰਨ ਪੂਜਾ ਪਾਠ, ਗੁਰਮੁਖਾਂ ਦਾ ਅੰਦਰੋਂ ਖੋਲ੍ਹ ਕੇ ਤਾਕ, ਰਾਤੀ ਸੁੱਤਿਆਂ ਦਰਸ ਕਰਾਈਆ। ਬੁਧਿ ਬਿਬੇਕੀ ਮਨ ਵਾਸਨਾ ਕਰ ਦਏ ਘਾਤ, ਕੂੜੀ ਕਿਰਿਆ ਹਉਮੇ ਹੰਗਤਾ ਦਏ ਮਿਟਾਈਆ । ਦਿਵਸ ਰੈਣ ਅੱਠੇ ਪਹਿਰ ਸਾਚੇ ਪ੍ਰੇਮ ਦੀ ਬਖ਼ਸ਼ੇ ਇਕ ਪਰਭਾਤ, ਸੰਧਿਆ ਰੂਪ ਨਾ ਕੋਇ ਵਖਾਈਆ। ਬਿਨ ਦੀਵਾ ਬਾਤੀ ਕਮਲਾਪਾਤੀ ਕਰੇ ਪਰਕਾਸ਼, ਗੁਰਮੁਖਾਂ ਘਰ ਘਰ ਹੋਵੇ ਰੁਸ਼ਨਾਈਆ। ਜਿਨ੍ਹਾਂ ਢੋਲਾ ਗਾਇਆ ’ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’ ਸਾਚੀ ਗਾਥ, ਤਿਨ੍ਹਾਂ ਗਹਿਰ ਗੰਭੀਰ ਬੇਨਜ਼ੀਰ ਬਿਨਾ ਸਰੀਰ ਸਵੱਛ ਸਰੂਪੀ ਨਜ਼ਰੀ ਆਈਆ। ਲਹਿਣਾ ਦੇਣਾ ਪੂਰਬ ਜਨਮ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੇਖਾ ਚੁਕਾਏ ਮਸਤਕ ਮਾਥ, ਬਾਕੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਰਿਹਾ ਤਰਾਈਆ। ਪੰਦਰਾਂ ਜੇਠ ਕਹੇ ਮੇਰੇ ਤਨ ਵਜੂਦ ਨਾ ਰਹੀ ਅੱਗ, ਤੱਤੀ ਵਾਉ ਦਿਤੀ ਬਦਲਾਈਆ। ਭਗਤ ਸੁਹੇਲੇ ਗੁਰਮੁਖ ਸਦ, ਪ੍ਰਭ ਅੰਮ੍ਰਿਤ ਮੇਘ ਰਿਹਾ ਵਰਸਾਈਆ। ਕੂੜੀ ਕਿਰਿਆ ਵਿਚੋਂ ਬਾਹਰ ਕਢ, ਕਰਮ ਕਾਂਡ ਰਿਹਾ ਮਿਟਾਈਆ। ਸਚ ਦਵਾਰ ਦੀ ਦੱਸ ਕੇ ਹਦ, ਕੂੜੀ ਹਦੂਦ ਦਿਤੀ ਮਿਟਾਈਆ। ਮਾਇਆ ਮਮਤਾ ਤ੍ਰਿਸ਼ਨਾ ਬੁਝਾ ਕੇ ਅੱਗ, ਹਉਮੇ ਹੰਗਤਾ ਦਿਤੀ ਗਵਾਈਆ। ਹੰਸ ਰੂਪ ਬਣਾ ਲਏ ਕਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਸਦਾ ਸਦਾ ਦੇਵੇ ਦਰਸ ਉਪਰ ਸ਼ਾਹ ਰਗ, ਸਤਿਗੁਰ ਦਾਤਾ ਬੇਪਰਵਾਹੀਆ। ਬਿਨ ਮੱਕੇ ਕਾਅਬਿਉਂ ਕਰਾ ਦਏ ਹਜ, ਮਹਿਰਾਬ ਇਕੋ ਇਕ ਰੁਸ਼ਨਾਈਆ। ਲੋੜ ਰਹੇ ਨਾ ਮੰਦਰ ਮਸਜਿਦ ਸ਼ਿਵਦਵਾਲੇ ਮਠ, ਗੁਰਦਵਾਰ ਸਾਢੇ ਤਿੰਨ ਹੱਥ ਦਏ ਸੁਹਾਈਆ। ਧੁਨ ਆਤਮਕ ਨਾਮ ਸੁਣਾਏ ਨਦ, ਅਨਹਦ ਨਾਦੀ ਨਾਦ ਵਜਾਈਆ। ਲੱਖ ਚੁਰਾਸੀ ਵਿਚੋਂ ਅੰਤਮ ਬਾਹਰ ਕਢ, ਜੋਤੀ ਜੋਤ ਲਏ ਮਿਲਾਈਆ। ਆਤਮ ਪਰਮਾਤਮ ਸਚ ਦਵਾਰੇ ਲਏ ਸੱਦ, ਜਿਥੇ ਭਗਤੋ ਹੋਏ ਨਾ ਕਦੇ ਜੁਦਾਈਆ। ਫੇਰ ਔਣਾ ਨਾ ਪਏ ਦਸ ਦਸ ਮਾਸ ਮਾਤ ਗਰਭ ਸੜਨਾ ਨਾ ਪਏ ਅੱਗ, ਤੱਤਾਂ ਵਾਲਾ ਸਰੀਰ ਨਾ ਕੋਇ ਹੰਢਾਈਆ । ਜੋ ਸਾਹਿਬ ਸਤਿਗੁਰ ਦੀ ਸਰਨ ਸਰਨਾਈ ਵਿਚ ਇਕ ਵਾਰ ਗਿਆ ਲਗ, ਤਿਸ ਦੀ ਲਗ ਮਾਤਰ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪਣੇ ਵਿਚ ਸਮਾਈਆ। ਪੰਦਰਾਂ ਜੇਠ ਕਹੇ ਮੈਂ ਵੇਖਿਆ ਸਵਾਮੀ ਠਾਕਰ, ਠੋਕਰ ਭਗਤਾਂ ਰਿਹਾ ਲਗਾਈਆ। ਫੜ ਫੜ ਬਾਹੋਂ ਪਾਰ ਕਿਨਾਰਾ ਕਰਾਏ ਡੂੰਘਾ ਸਾਗਰ, ਗਹਿਰ ਗੰਭੀਰ ਆਪਣੀ ਦਇਆ ਕਮਾਈਆ । ਨਿਮਾਣਿਆਂ ਨਿਤਾਣਿਆਂ ਕੋਝਿਆਂ ਕਮਲਿਆਂ ਮੂਰਖ ਮੂੜ੍ਹਾਂ ਦਰ ਆਇਆਂ ਦੇਵੇ ਆਦਰ, ਆਦਰਸ਼ ਆਪਣਾ ਦਏ ਜਣਾਈਆ। ਜਿਸ ਦਾ ਲੇਖਾ ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਲਿਖ ਨਾ ਸਕੇ ਸ਼ਾਹੀ ਕ਼ਲਮ ਕਾਗ਼ਜ਼, ਕਾਤਬ ਹੋ ਕੇ ਭੇਵ ਨਾ ਕੋਇ ਖੁਲ੍ਹਾਈਆ। ਸੋ ਕੂੜੀ ਕਿਰਿਆ ਕਲਜੁਗ ਅੰਤਮ ਮੇਟਣ ਆਇਆ ਆਤਸ਼, ਆਜਜ਼ ਅਜ਼ੀਜ਼ ਗੁਰਮੁਖ ਲਏ ਤਰਾਈਆ। ਦਰਸ਼ਨ ਦੇਵੇ ਜਾਹਰ ਬਾਤਨ, ਗੁਫ਼ਤ ਸ਼ੁਨੀਦ ਆਪਣਾ ਰਾਹ ਜਣਾਈਆ। ਸਰਬ ਕਲਾ ਪੁਰਖ ਸਮਰਾਥਨ, ਸਮਰਥ ਪੁਰਖ ਆਪਣੇ ਹੱਥ ਰਖੇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਮੁਕਾਈਆ। ਪੰਦਰਾਂ ਜੇਠ ਕਹੇ ਮੇਰਾ ਸੋਹਣਾ ਸੁਹਾਵਣਾ ਵਕ਼ਤ, ਘੜੀ ਪਲ ਖ਼ੁਸ਼ੀ ਮਨਾਈਆ । ਅਰਸ਼ ਦਾ ਮਾਲਕ ਖੇਲ ਕਰੇ ਉਤੇ ਫ਼ਰਸ਼, ਜੋਤੀ ਜਾਤਾ ਵੇਸ ਵਟਾਈਆ। ਆਪਣਾ ਪੂਰਾ ਕਰਨ ਆਇਆ ਫ਼ਰਜ਼, ਫ਼ਜ਼ਲ ਰਹਿਮਤ ਰਿਹਾ ਕਮਾਈਆ ।
ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਮੰਨ ਕੇ ਅਰਜ਼, ਬੇਨੰਤੀ ਆਪਣੀ ਝੋਲੀ ਪਾਈਆ। ਜਿਸ ਦੀ ਚਾਰ ਜੁਗ ਤੇਈ ਅਵਤਾਰ ਅਠਾਰਾਂ ਭਗਤ ਦਸ ਗੁਰ ਈਸਾ ਮੂਸਾ ਮੁਹੰਮਦ ਦੱਸਦੇ ਗਏ ਗ਼ਰਜ਼, ਸੋ ਗ਼ਜ਼ਬ ਦਾ ਮਾਲਕ ਆਪਣਾ ਫੇਰਾ ਪਾਈਆ । ਜਿਸ ਦਾ ਹੁਕਮ ਭਾਣਾ ਕੋਈ ਨਾ ਸਕੇ ਵਰਜ, ਅਗੇ ਹੋ ਨਾ ਕੋਇ ਅਟਕਾਈਆ। ਜਿਸ ਨੇ ਦੋ ਜਹਾਨਾਂ ਆਪਣਾ ਰਾਗ ਸ਼ਬਦ ਅਨਾਦ ਅਗੰਮੀ ਸੁਣਾਈ ਤਰਜ਼, ਜੈਕਾਰਾ ਇਕੋ ਦਿਤਾ ਜਣਾਈਆ। ਅਗੇ ਖੇਲ ਕਰਨਾਂ ਅਸਚਰਜ, ਜਿਸ ਨੂੰ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਮਝ ਸਕੇ ਨਾ ਕੋਈ ਰਾਈਆ। ਪਰਗਟ ਹੋ ਕੇ ਜੋਧਾ ਸੂਰਬੀਰ ਮਰਦਾਨਾ ਮਰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਸਚਾ ਸ਼ਹਿਨਸ਼ਾਹੀਆ। ਪੰਦਰਾਂ ਜੇਠ ਕਹੇ ਚਾਰ ਕੁੰਟ ਵੇਖਿਆ ਹੋ ਗਏ ਸਰਬ ਲਾਜਵਾਬ, ਸਿਰ ਸਕੇ ਨਾ ਕੋਇ ਉਠਾਈਆ। ਨੇਤਰ ਨੀਰ ਰੋਂਦੇ ਵੇਖੇ ਜਲ ਜਲ ਆਬ, ਸਮੁੰਦ ਸਾਗਰ ਰਹੇ ਕੁਰਲਾਈਆ। ਜੁਗ ਚੌਕੜੀ ਦਾ ਕੋਈ ਦੇ ਨਾ ਸਕਿਆ ਹਿਸਾਬ, ਗੁਰ ਅਵਤਾਰ ਪੈਗ਼ੰਬਰ ਅੱਖ ਨਾ ਕੋਇ ਉਠਾਈਆ। ਸੀਸ ਰਖ ਨਾ ਸਕਿਆ ਕੋਈ ਤਾਜ, ਸ਼ਾਹ ਸੁਲਤਾਨ ਦਰ ਦਰਵੇਸ਼ ਹੋ ਕੇ ਦਰ ਦਰ ਅਲਖ ਜਗਾਈਆ। ਲੱਖ ਚੁਰਾਸੀ ਵਿਚੋਂ ਕੋਈ ਹੰਸ ਨਾ ਬਣਿਆ ਬੁਧੀ ਹੋਈ ਕਾਗ, ਕੰਤ ਸੁਹਾਗ ਨਾ ਕੋਇ ਹੰਡਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪਾਂ ਵਿਚੋਂ ਥੋੜ੍ਹੇ ਗੁਰਮੁਖ ਗਏ ਜਾਗ, ਜਿਨ੍ਹਾਂ ਨੂੰ ਪ੍ਰਭ ਅੰਤਰ ਆਪਣਾ ਆਪ ਦਿਤਾ ਬੁਝਾਈਆ। ਤਿੰਨ੍ਹਾਂ ਦਾ ਲੇਖਾ ਦੇਵਣਹਾਰਾ ਪੁਰਖ ਅਬਿਨਾਸ਼, ਕਰਨੀ ਦਾ ਕਰਤਾ ਕਰਤਾ ਪੁਰਖ ਧੁਰ ਦੀ ਵਸਤ ਝੋਲੀ ਰਿਹਾ ਪਾਈਆ। ਗੁਰਮੁਖੋ ਸਦਾ ਸਦਾ ਸਦ ਤੁਹਾਡੇ ਅੰਦਰ ਨਿਰਗੁਣ ਹੋ ਕੇ ਰਖਣਾ ਵਾਸ, ਜੋਤ ਪਰਕਾਸ਼ ਦੇਣਾ ਕਰਾਈਆ। ਤੁਹਾਡਾ ਲੇਖੇ ਲੌਣਾ ਪਵਣ ਵਾਲਾ ਸਵਾਸ, ਸਾਹ ਸਾਹ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਧੁਰ ਦਾ ਘਰ, ਜਿਸ ਗ੍ਰਹਿ ਬੈਠਾ ਸੋਭਾ ਪਾਈਆ। ਪੰਦਰਾਂ ਜੇਠ ਕਹੇ ਮੈਂ ਵੇਖਿਆ ਖੇਲ ਬੇਨਜ਼ੀਰ, ਜਗਤ ਨਜ਼ਰ ਕਿਸੇ ਨਾ ਆਈਆ। ਪੁਰਖ ਅਬਿਨਾਸ਼ੀ ਮੇਰਾ ਉਹ ਪੀਰ, ਪੈਗ਼ੰਬਰਾਂ ਦਾ ਪੈਗ਼ੰਬਰ ਜਲਵਾ ਨੂਰ ਕਰੇ ਸ਼ਹਿਨਸ਼ਾਹੀਆ। ਜਿਸ ਨੂੰ ਕੱਟ ਨਾ ਸਕੇ ਕੋਇ ਸ਼ਮਸ਼ੀਰ, ਚਿੱਲਾ ਤੀਰ ਕਮਾਨ ਨਿਸ਼ਾਨ ਨਾ ਕੋਇ ਬਣਾਈਆ। ਜਿਸ ਦੇ ਹੱਥ ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨਾਂ ਤਦਬੀਰ, ਤਜਵੀਜ਼ ਆਪਣੇ ਵਿਚ ਛੁਪਾਈਆ। ਜਿਸ ਦੀ ਜਗਤ ਨੇਤਰਾਂ ਨਾਲ ਕੋਈ ਤਕ ਨਾ ਸਕਿਆ ਤਸਵੀਰ, ਰੂਪ ਰੰਗ ਰੇਖ ਨਾ ਸਕਿਆ ਕੋਇ ਸਮਝਾਈਆ। ਜਿਸ ਨੇ ਲੇਖਾ ਮੁਕੌਣਾ ਅਮੀਰ ਗ਼ਰੀਬ, ਸ਼ਾਹ ਹਕੀਰ ਇਕੋ ਰੰਗ ਰੰਗਾਈਆ। ਸੋ ਪੁਰਖ ਅਕਾਲ ਦੀਨ ਦਿਆਲ ਆਪਣਾ ਖੇਲ ਕਰਨ ਆਇਆ ਅਜੀਬ, ਜਿਸ ਦੀ ਤਰਤੀਬ ਸਕਿਆ ਨਾ ਕੋਇ ਜਣਾਈਆ। ਜਨ ਭਗਤਾਂ ਮਿਹਰ ਨਜ਼ਰ ਨਾਲ ਬਦਲ ਦੇਵੇ ਨਸੀਬ, ਨਿਸਬਤ ਆਪਣੇ ਹੱਥ ਵਖਾਈਆ। ਏਥੇ ਓਥੇ ਹੋਏ ਨਾ ਕੋਇ ਤਕਲੀਫ਼, ਦੁਖ ਦਰਦ ਦਰਦੀ ਹੋ ਕੇ ਰਿਹਾ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਸਚ ਪ੍ਰੀਤ, ਪਰਮ ਪੁਰਖ ਪਰਮਾਤਮ ਆਤਮ ਆਪਣਾ ਜੋੜ ਜੁੜਾਈਆ। ਪੰਦਰਾਂ ਜੇਠ ਕਹੇ ਮੇਰਾ ਜਗਤ ਨਿਸ਼ਾਨਾ, ਸ਼ਹਿਨਸ਼ਾਹ ਦਏ ਵਡਿਆਈਆ। ਪੁਰਖ ਅਕਾਲ ਜਨ ਭਗਤਾਂ ਦੀਨ ਦੁਨੀ ਦਾ ਬਦਲ ਦੇਣਾ ਜ਼ਮਾਨਾ, ਜ਼ਾਮਨੀ ਦੇ ਕੇ ਸਕੇ ਨਾ ਕੋਇ ਬਚਾਈਆ। ਨਜ਼ਰੀ ਔਣਾ ਨਰ ਨਰਾਇਣ ਇਕੋ ਅਮਾਮਾ, ਉਮਤ ਉਮਤੀਆਂ ਦਏ ਸਮਝਾਈਆ। ਜਿਸ ਦਾ ਸੰਦੇਸ਼ਾ ਧੁਰ ਫ਼ਰਮਾਨਾ, ਸ਼ਬਦ ਸ਼ਬਦੀ ਰੂਪ ਵਟਾਈਆ। ਭਗਤ ਸੁਹੇਲਾ ਨੌਜੁਆਨਾ, ਨਰ ਨਿਰੰਕਾਰ
ਆਪਣਾ ਰੰਗ ਚੜ੍ਹਾਈਆ। ਜੁਗ ਚੌਕੜੀ ਪਿਛੋਂ ਵੇਖਣ ਆਇਆ ਸ੍ਰਿਸ਼ਟ ਸਬਾਈ ਬਣ ਕੇ ਧੁਰ ਦਾ ਕਾਹਨਾ, ਵੇਸ ਅਵੇਸਾ ਰੂਪ ਧਰਾਈਆ। ਨਾਉਂ ਧਰਾ ਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਵਿਸ਼ਵ ਆਪਣਾ ਹੁਕਮ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਧੁਰ ਦਾ ਵਰ, ਵਰਗ ਅਵਰ ਕੋਈ ਲਾ ਨਾ ਸਕੇ ਰਾਈਆ।
੧੬ ਜੇਠ ਸ਼ਹਿਨਸ਼ਾਹੀ ਸੰਮਤ ੧ ਪਿੰਡ ਕਾਠਗੜ੍ਹ ਸੰਤਾਂ ਦੇ ਨਾਲ ਜ਼ਿਲਾ ਪਟਿਆਲਾ
ਗਜ ਕਹੇ ਤਿੰਨ ਸੌ ਸਾਲ ਰਿਹਾ ਤੱਕਦਾ, ਅੰਤਰ ਆਤਮ ਧਿਆਨ ਲਗਾਈਆ। ਜਨਮ ਜਨਮ ਵਿਚ ਰਿਹਾ ਫਸਦਾ, ਸੱਤ ਜਨਮ ਲਏ ਬਦਲਾਈਆ। ਪੁਰਖ ਅਬਿਨਾਸ਼ੀ ਪਤਿਪਰਮੇਸ਼ਵਰ ਪਾਰਬ੍ਰਹਮ ਅਗੇ ਰਿਹਾ ਦੱਸਦਾ, ਸਚ ਬੇਨੰਤੀ ਇਕ ਸੁਣਾਈਆ। ਮੇਰਾ ਲਹਿਣਾ ਦੇਣਾ ਪੂਰਬ ਜਨਮ ਦੇਣਾ ਹਕ ਦਾ, ਜਨਮ ਕਰਮ ਵੇਖ ਵਖਾਈਆ। ਯਾਦ ਆਇਆ ਜਿਸ ਵੇਲੇ ਗੋਬਿੰਦ ਮੇਰੇ ਕੋਲ ਦੀ ਸੀ ਲੰਘਦਾ, ਨੇਤਰ ਨੈਣਾਂ ਨਾਲ ਤਕਾਈਆ। ਮੇਰਾ ਰੂਪ ਸੀ ਬੱਚਾ ਭੁਯੰਗ ਦਾ, ਬਾਲ ਅਵਸਥਾ ਸਮਝ ਕੋਇ ਨਾ ਪਾਈਆ। ਸੁਭਾਵਕ ਉਹ ਮੇਰੀ ਪਿਠ ਉਤੇ ਹੱਥ ਰਖਦਾ, ਥਪਕੀ ਦਿਤੀ ਲਗਾਈਆ। ਮੇਰਾ ਮਨ ਆਤਮਾ ਹਸਦਾ, ਅੰਦਰ ਵੱਜੀ ਵਧਾਈਆ। ਦਰਸ਼ਨ ਪਾ ਕੇ ਓਸ ਦੀ ਅੱਖ ਦਾ, ਨੇਤਰ ਨੂਰ ਹੋਈ ਰੁਸ਼ਨਾਈਆ। ਮੈਂ ਅੰਦਰੇ ਅੰਦਰ ਚਰਨਾਂ ਉਤੇ ਢਠਦਾ, ਬੇਨੰਤੀ ਦਿਤੀ ਸੁਣਾਈਆ। ਜੇ ਤੂੰ ਮੇਰੇ ਉਤੇ ਹੋਵੇਂ ਵਸਦਾ, ਖ਼ੁਸ਼ੀਆਂ ਨਾਲ ਭੱਜਾਂ ਚਾਈਂ ਚਾਈਂਆ। ਗੋਬਿੰਦ ਆਖਿਆ ਇਹ ਖੇਲ ਪੁਰਖ ਸਮਰਥ ਦਾ, ਜੋ ਆਦਿ ਜੁਗਾਦਿ ਜੁਗ ਚੌਕੜੀ ਰਿਹਾ ਕਰਾਈਆ। ਜਿਸ ਵੇਲੇ ਵੇਲਾ ਆਇਆ ਓਸ ਅਲੱਖ ਦਾ, ਅਲਖ ਅਗੋਚਰ ਅਗੰਮ ਅਥਾਹ ਦੇਵੇ ਮਾਣ ਵਡਿਆਈਆ। ਫਿਰ ਮੈਂ ਤੇਰੇ ਉਤੇ ਸੋਹਣਾ ਫਬਦਾ, ਨੂਰ ਇਕ ਦਾ ਨਿਰਗੁਣ ਜੋਤ ਕਰੇ ਰੁਸ਼ਨਾਈਆ। ਬਿਧ ਨਾਲ ਬਿਧਾਤਾ ਹੋ ਕੇ ਤੈਨੂੰ ਸਦਦਾ, ਲੇਖੇ ਵਿਚੋਂ ਲੇਖਾ ਲਏ ਲਗਾਈਆ। ਲਹਿਣਾ ਦੇਣਾ ਪੂਰਬ ਪਿਛਲਾ ਦਿਤਾ ਓਸ ਹਕ ਦਾ, ਜਿਸ ਨੂੰ ਹੁਕਮ ਹਾਕਮ ਦੇਣ ਵਾਲਾ ਸਮਝ ਸਕੇ ਨਾ ਰਾਈਆ। ਜਿਸ ਵੇਲੇ ਚਰਨ ਕਵਲ ਸੀ ਉਤੇ ਰਖਦਾ, ਅੰਤਰ ਅੱਖ ਦਿਤੀ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣੇ ਦਾ ਲਹਿਣਾ ਨੇਤਰ ਨੈਣਾਂ ਰਿਹਾ ਵਖਾਈਆ।
੧੬ ਜੇਠ ਸ਼ਹਿਨਸ਼ਾਹੀ ਸੰਮਤ ੧ ਜਾਗੀਰ ਕੌਰ ਪਿੰਡ ਕਾਠਗੜ੍ਹ ਜ਼ਿਲਾ ਪਟਿਆਲਾ
ਛੱਪਰ ਕਹੇ ਮੈਨੂੰ ਕੋਈ ਨਾ ਕਿਹੋ ਕੁਲੀ ਕੱਖ, ਪ੍ਰਭ ਦੇਵਣਹਾਰ ਸਰਬ ਵਡਿਆਈਆ। ਪਰਮਾਤਮਾ ਕੋਲ ਸਭ ਦਾ ਇਕੋ ਜਿਹਾ ਹਕ, ਵੱਡਾ ਛੋਟਾ ਨਾ ਕੋਇ ਜਣਾਈਆ। ਕਰ ਕਿਰਪਾ ਜਿਨ੍ਹਾਂ ਨੂੰ ਦੇਵੇ ਆਪਣੇ ਮਿਲਣ ਦੀ ਅੱਖ, ਪੜਦਾ ਅੰਦਰੋਂ ਦਏ ਉਠਾਈਆ। ਨਜ਼ਰੀ ਆਏ ਸਾਖਿਆਤ ਪ੍ਰਤੱਖ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਨਾਮ ਭੰਡਾਰਾ ਝੋਲੀ ਪਾਵੇ ਹਕ, ਧੁਰ ਦੀ ਦਾਤ ਇਕ ਵਰਤਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਧੁਰ ਦਾ ਮੇਲਾ ਲਏ ਮਿਲਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਤਿ ਧਰਮ ਸਾਚਾ ਚੰਦ ਕਰੇ ਰੁਸ਼ਨਾਈਆ। ਪ੍ਰੇਮੀ ਪਿਆਰਿਆਂ
ਪੁਛੇ ਵਾਤ, ਗ਼ਰੀਬ ਨਿਮਾਣਿਆਂ ਗੋਦ ਉਠਾਈਆ। ਜਨਮ ਜਨਮ ਦੀ ਜਗਤ ਆਸ, ਵੇਖਣਹਾਰਾ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਕੁੱਲੀ ਕੱਖ ਕਹੇ ਮੇਰਾ ਹੋਇਆ ਵਡ ਵਡਭਾਗ, ਭਾਗਾਂ ਭਰੀ ਖ਼ੁਸ਼ੀ ਮਨਾਈਆ। ਗ੍ਰਹਿ ਮੰਦਰ ਸੋਹਣਾ ਜਗਿਆ ਚਿਰਾਗ਼, ਦੀਪਕ ਜੋਤ ਹੋਈ ਰੁਸ਼ਨਾਈਆ। ਮੇਰਾ ਲਹਿਣਾ ਚੁਕਿਆ ਆਜ, ਦੇਵਣਹਾਰਾ ਦਇਆ ਕਮਾਈਆ। ਅੰਦਰ ਬਾਹਰ ਮੈਨੂੰ ਸੋਹਣੀ ਲਗੇ ਅਵਾਜ਼, ਗੀਤ ਗੋਬਿੰਦ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਕੁੱਲੀ ਕਹੇ ਘਰ ਪਾਇਆ ਠਾਕਰ ਸਵਾਮੀ, ਸਮਾਂ ਆਪਣਾ ਦਏ ਸਮਝਾਈਆ । ਭਗਤ ਸੁਹੇਲਾ ਅੰਤਰਜਾਮੀ, ਗੁਰਮੁਖਾਂ ਰੰਗ ਰੰਗਾਈਆ। ਅੰਮ੍ਰਿਤ ਜਲ ਦੇ ਕੇ ਜਾਵੇ ਠੰਡਾ ਪਾਣੀ, ਬੂੰਦ ਸੁਵਾਂਤੀ ਮੁਖ ਚਵਾਈਆ। ਤੀਰ ਨਿਸ਼ਾਨਾ ਮਾਰੇ ਕਾਨੀ, ਅਣਿਆਲਾ ਆਪ ਉਠਾਈਆ । ਸੁਰਤੀ ਸ਼ਬਦ ਮਿਲਾਵੇ ਹਾਣੀ, ਕੂੜੀ ਕਿਰਿਆ ਦਏ ਗਵਾਈਆ। ਸਾਚਾ ਦੇਵੇ ਪਦ ਨਿਰਬਾਨੀ, ਚਰਨ ਕਵਲ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚੇ ਦੇਵੇ ਤਾਰ, ਬਾਲੇ ਨੱਢਿਆਂ ਦਏ ਵਡਿਆਈਆ। ਜੁਗ ਜਨਮ ਦਾ ਲਹਿਣਾ ਦੇਣਾ ਦਏ ਉਤਾਰ, ਧੁਰ ਦਾ ਲੇਖਾ ਝੋਲੀ ਪਾਈਆ। ਮਾਨਸ ਜਨਮ ਜਾਏ ਸਵਾਰ, ਪੰਜ ਤੱਤ ਕਾਇਆ ਮਾਟੀ ਆਪਣੇ ਲੇਖੇ ਲਾਈਆ। ਧੀਰਜ ਸਤਿ ਸੰਤੋਖ ਦੇ ਕੇ ਜਾਏ ਅਧਾਰ, ਕੂੜੀ ਤ੍ਰਿਸ਼ਨਾ ਦੂਰ ਕਰਾਈਆ। ਹੰਸ ਮਿਲਾ ਕੇ ਜਾਏ ਗੁਰਮੁਖ ਹੰਸਾਂ ਡਾਰ, ਬੁਧੀ ਕਾਗ ਵਾਂਗ ਨਾ ਕੋਇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਿਰ ਹੱਥ ਰਖੇ ਆਪ ਸਮਰਥ, ਦਇਆਵਾਨ ਦਇਆ ਕਮਾਈਆ। ਨਾਮ ਪਦਾਰਥ ਦੇ ਕੇ ਵਥ, ਵਸਤ ਅਮੋਲਕ ਇਕ ਜਣਾਈਆ। ਸਾਚਾ ਢੋਲਾ ਦੱਸ ਕੇ ਗਥ, ਸੋਹੰ ਕਰੇ ਸਚ ਪੜ੍ਹਾਈਆ। ਭਗਤ ਭਗਵਾਨ ਦਾ ਇਕੋ ਜਸ, ਸਿਫ਼ਤ ਸਾਲਾਹ ਵਿਚ ਸਲਾਹੀਆ। ਆਦਿ ਜੁਗਾਦਿ ਏਥੇ ਓਥੇ ਕਦੇ ਨਾ ਹੋਵਣ ਵਖ, ਆਤਮ ਪਰਮਾਤਮ ਇਕੋ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਦੇ ਵਡਿਆਈਆ। ਕੁੱਲੀ ਕੱਖ ਕਹੇ ਮੇਰੇ ਅੰਦਰ ਦੀਪਕ ਜੋਤ ਜਗਿਆ ਚਿਰਾਗ਼, ਚਾਰ ਕੁੰਟ ਹੋਈ ਰੁਸ਼ਨਾਈਆ। ਗੁਰਮੁਖਾਂ ਦਾ ਦੁਰਮਤ ਮੈਲ ਧੋਇਆ ਦਾਗ਼, ਦੂਈ ਦਵੈਤੀ ਦਏ ਮਿਟਾਈਆ। ਜਗਤ ਤ੍ਰਿਸ਼ਨਾ ਬੁਝਾ ਕੇ ਆਗ, ਅੰਮ੍ਰਿਤ ਮੇਘ ਇਕ ਬਰਸਾਈਆ। ਸਚ ਨਾਮ ਦਾ ਸੁਣਾ ਕੇ ਰਾਗ, ਨਾਦ ਅਨਾਦੀ ਧੁਨ ਵਜਾਈਆ। ਪ੍ਰੇਮ ਪ੍ਰੀਤੀ ਦਾ ਬਖ਼ਸ਼ ਕੇ ਵੈਰਾਗ, ਸੋਈ ਸੁਰਤੀ ਲਏ ਉਠਾਈਆ। ਦਰਸ ਵਿਖਾ ਕੇ ਬਹੁ ਬਿਧ ਭਾਂਤ, ਭਾਂਡਾ ਭਰਮ ਭਉ ਭੰਨਾਈਆ। ਨਜ਼ਰੀ ਆਵੇ ਇਕ ਇਕਾਂਤ, ਇਕ ਇਕੱਲਾ ਸ਼ਹਿਨਸ਼ਾਹੀਆ। ਸਤਿਜੁਗ ਸਚ ਦੇ ਕੇ ਜਾਵੇ ਧੁਰ ਦੀ ਦਾਤ, ਅਨਡਿਠੜੀ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪ੍ਰੇਮ ਪ੍ਰੀਤੀ ਸਚ ਸੁਗਾਤ, ਨਾਮ ਨਿਧਾਨਾ ਝੋਲੀ ਪਾਈਆ।