੧੬ ਹਾੜ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਸੋਲਾਂ ਹਾੜ ਕਹੇ ਮੈਂ ਆਇਆ ਜਗ, ਬ੍ਰਹਿਮੰਡ ਖੰਡ ਦੋ ਜਹਾਨ ਵੱਜੀ ਵਧਾਈਆ। ਜਨ ਭਗਤ ਸੁਹੇਲੇ ਸੱਜਣ ਲਏ ਸੱਦ, ਦੂਰ ਦੁਰਾਡੇ ਮੇਲ ਮਿਲਾਈਆ। ਅੰਤਰ ਆਤਮ ਪ੍ਰੇਮ ਪਿਆਰ ਦਾ ਵਜਾ ਕੇ ਨਦ, ਸੋਈ ਸੁਰਤੀ ਦਿਤੀ ਉਠਾਈਆ। ਕੂੜੀ ਕਿਰਿਆ ਜਾਤ ਪਾਤ ਦੀਨ ਮਜ਼੍ਹਬ ਨਾ ਕੋਈ ਹਦ, ਮਾਇਆ ਮਮਤਾ ਮੋਹ ਦੇਣੀ ਤਜਾਈਆ। ਘਰ ਸਵਾਮੀ ਦਰਸ਼ਨ ਕਰਨਾ ਉਪਰ ਸ਼ਾਹਰਗ, ਬਿਨ ਨੇਤਰ ਨੈਣਾ ਨਜ਼ਰੀ ਆਈਆ । ਜੋ ਆਦਿ ਜੁਗਾਦਿ ਜੁਗ ਚੌਕੜੀ ਕਰੇ ਖੇਲ ਸਮਰਥ, ਸਮਰਥ ਅਗੰਮ ਕਹਾਣੀ ਇਕ ਸਮਝਾਈਆ। ਸੋ ਸਾਹਿਬ ਸੁਹੇਲਾ ਜਨ ਭਗਤਾਂ ਦੇਵੇ ਸਾਚੀ ਵਥ, ਨਾਮ ਨਿਧਾਨਾ ਸ੍ਰੀ ਭਗਵਾਨਾ ਨਾਮ ਵਸਤ ਅਮੋਲਕ ਝੋਲੀ ਪਾਈਆ। ਪ੍ਰੇਮੀ ਸੱਜਣ ਗੁਰਮੁਖ ਸੰਤ ਸੁਹੇਲੇ ਹਰਿ ਭਗਤ ਦਵਾਰੇ ਰਹੇ ਸਜ, ਦਰ ਘਰ ਸਾਚੇ ਸੋਭਾ ਪਾਈਆ। ਰਸਨਾ ਜਿਹਵਾ ਸਿੰਘ ਗਿਰਧਾਰਾ ਰਿਹਾ ਭਜ, ਗੁਰ ਕੀ ਮੂਰਤ ਗੁਰ ਨੂਰ ਨਜ਼ਰੀ ਆਈਆ। ਮਨ ਵਾਸਨਾ ਅੰਤਰ ਵਾਲੀ ਤਜ, ਦ੍ਰਿਸ਼ਟੀ ਅੰਦਰੋਂ ਦਿਤੀ ਬਦਲਾਈਆ। ਬਿਨ ਮੱਕੇ ਕਾਅਬਿਉਂ ਹੋਣਾ ਹੱਜ, ਲਾਸ਼ਰੀਕ ਨੂਰ ਖ਼ੁਦਾਈਆ। ਜਨਮ ਜਨਮ ਦਾ ਕੂੜਾ ਰਹੇ ਕੋਈ ਨਾ ਦਾਗ਼, ਮਾਇਆ ਮਮਤਾ ਮੋਹ ਨਾ ਕੋਇ ਜਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਬਦਲਣਹਾਰਾ ਰਿਵਾਜ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਆਦਿ ਜੁਗਾਦਿ ਜੁਗ ਜੁਗ ਪ੍ਰਭ ਦੇ ਹੁਕਮ ਨਾਲ ਰਹੇ ਜਾਗ, ਦੋ ਜਹਾਨਾਂ ਅਭੁਲ ਨਾ ਕੋਇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸੋਲਾਂ ਹਾੜ ਕਹੇ ਮੇਲਾ ਹੋਇਆ ਭਗਤਨ ਮੀਤਾ, ਮਿਤਰ ਪਿਆਰਾ ਦਿਆਂ ਮਿਲਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਵਖਰੀ ਰੀਤਾ, ਸ਼ਾਸਤਰ ਸਿਮਰਤ ਵੇਦ ਪੁਰਾਨ ਸਾਰੇ ਢੋਲੇ ਜਸ ਰਹੇ ਗਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਘਰ ਠਾਂਡੇ ਬੈਠਾ ਸੀਤਾ, ਤ੍ਰੈਗੁਣ ਅਤੀਤਾ ਆਪਣਾ ਹੁਕਮ ਮਨਾਈਆ। ਹਰ ਘਟ ਅੰਦਰ ਵਸਣਹਾਰਾ ਚੀਤਾ, ਲਹਿਣਾ ਦੇਣਾ ਸਭ ਦੀ ਝੋਲੀ ਪਾਈਆ। ਜਿਸ ਦੇ ਛਤਰ ਝੁਲੇ ਸੀਸਾ, ਸਚਖੰਡ ਸਾਚੇ ਵੱਜੇ ਵਧਾਈਆ। ਲੱਖ ਚੁਰਾਸੀ ਵੇਖਣਹਾਰਾ ਨੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਰ ਆਤਮ ਪ੍ਰੇਮੀਆਂ ਦੇਵੇ ਨਾਮ ਰਸ ਧੁਰ ਦਾ ਮੀਠਾ, ਕੂੜੀ ਕਿਰਿਆ ਮਨ ਤਨ ਕਾਇਆ ਮਾਟੀ ਬਾਹਰ ਕਢਾਈਆ। ਸੋਲਾਂ ਹਾੜ ਕਹੇ ਗੁਰਮੁਖੋ ਮੇਰਾ ਤੁਹਾਡੇ ਨਾਲ ਨਾਤਾ, ਜੁਗ ਜੁਗ ਚਲਿਆ ਆਈਆ। ਆਤਮ ਪਰਮਾਤਮ ਖੇਲ ਖੇਲਦਾ ਰਿਹਾ ਬਿਧਾਤਾ, ਸਾਚੀ ਦੇਵੇ ਸਿਫ਼ਤ ਸਾਲਾਹੀਆ। ਜੁਗ ਚੌਕੜੀ ਸ਼ਾਸਤਰ ਸਿਮਰਤ ਵੇਦ ਪੁਰਾਨ ਮਾਰਦੇ ਰਹੇ ਝਾਤਾ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਭਗਤਾਂ ਉਤੇ ਕਿਰਪਾ ਕਰ ਪੁਰਖ ਸਮਰਾਥਾ, ਲੇਖੇ ਲਾਏ ਅੱਜ ਦੀ ਰਾਤਾ, ਜੋ ਚਲ ਆਏ ਸਰਨਾਈਆ । ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹਸਤ ਕੀਟ ਮੇਲ ਮਿਲਾਵਾ ਭੈਣ ਭਰਾਤਾ, ਦੂਈ ਦਵੈਤੀ ਰਹਿਣ ਕੋਇ ਨਾ ਪਾਈਆ । ਸਰਬ ਜੀਆਂ ਦਾ ਪੁਰਖ ਅਕਾਲ ਦੀਨ ਦਿਆਲ ਪਿਤਾ ਮਾਤਾ, ਹਰਿਜਨ ਬਣ ਕੇ ਗੁਰਮੁਖ ਹੋ ਕੇ ਗੁਰਸਿਖ ਇਕੋ ਗੁਰ ਲਏ ਹੰਢਾਈਆ। ਜੋ ਦੇਵਣਹਾਰਾ ਬੂੰਦ ਸੁਵਾਂਤਾ, ਕੂੜੀ ਕਿਰਿਆ ਜਗਤ ਇਕੋ ਅੱਗ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਅਛਲ ਅਛੇਦਾ ਅੰਤਰ ਆਤਮ ਆਪ ਖੁਲ੍ਹਾਈਆ। ਸੋਲਾਂ ਹਾੜ ਕਹੇ ਮੇਰਾ ਨਾਮ ਅਨਮੋਲਾ, ਸ਼ਹਾਦਤ
ਗੁਰ ਅਵਤਾਰ ਪੈਗ਼ੰਬਰਾਂ ਦੇਣੀ ਭੁਗਤਾਈਆ। ਅਗੇ ਪੜਦਾ ਰਹਿਣ ਨਹੀਂ ਦੇਣਾ ਓਹਲਾ, ਮੁਖ ਨਕ਼ਾਬ ਨਾ ਕੋਇ ਰਖਾਈਆ। ਲੱਖ ਚੁਰਾਸੀ ਸ੍ਰਿਸ਼ਟ ਸਬਾਈ ਬ੍ਰਹਿਮੰਡ ਖੰਡ ਇਕੋ ਨਾਮ ਸੁਣਾਵਾਂ ਢੋਲਾ, ਸਤਿ ਸਰੋਵਰ ਇਕੋ ਰੰਗ ਵਖਾਈਆ। ਗੁਰਮੁਖੋ ਗੁਰਸਿਖੋ ਹਰਿਜਨ ਹਰਿਭਗਤੋ ਸਾਰੇ ਕਰ ਲਉ ਇਕ਼ਰਾਰ ਕੌਲਾ, ਦਵੈਤ ਅੰਦਰੋਂ ਦੇਣੀ ਕਢਾਈਆ। ਕੂੜ ਕੁੜਿਆਰ ਜੂਠ ਝੂਠ ਦਾ ਭਾਰ ਕਰ ਲਓ ਹੌਲਾ, ਸਚ ਸੁਚ ਆਪਣੇ ਅੰਤਰ ਲੈਣੀ ਵਸਾਈਆ। ਬਿਨ ਹਰਿ ਨਾਮੇ ਰਸਨਾ ਜਿਹਵਾ ਬੱਤੀ ਦੰਦ ਕੂੜੀ ਵਾਸਨਾ ਪੌਣਾ ਰੌਲਾ, ਆਤਮ ਬ੍ਰਹਮ ਗਿਆਨ ਸਕੇ ਨਾ ਕੋਇ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੋਲਾਂ ਹਾੜ ਕਹੇ ਮੈਂ ਕਰਾਂ ਸਵਾਗਤ, ਸਭ ਨੂੰ ਦਿਆਂ ਦ੍ਰਿੜਾਈਆ। ਪ੍ਰਭ ਦਾ ਅੰਤਰ ਆਤਮ ਨਿੰਦਕ ਮੂਰਖ ਮੂੜ੍ਹ ਸਾਕਤ, ਜੋ ਨੇਤਰ ਲੋਚਨ ਨੈਣ ਦਰਸ਼ਨ ਪਾਈਆ। ਭੇਵ ਅਭੇਦਾ ਸਭ ਦਾ ਲੇਖਾ ਜਾਣੇ ਪ੍ਰਭ ਨਹੀਂ ਅਨਜਾਨਤ, ਪਰਦਾ ਓਹਲਾ ਆਪਣੇ ਹੱਥ ਰਖਾਈਆ। ਸਾਚੇ ਨਾਮ ਦੀ ਪੂਰਬ ਜਨਮਾਂ ਦੀ ਰਖੀ ਹੋਈ ਤੁਹਾਡੀ ਝੋਲੀ ਪਾਏ ਅਮਾਨਤ, ਵਸਤ ਅਮੋਲਕ ਦਏ ਵਰਤਾਈਆ। ਤੁਸੀਂ ਏਥੇ ਓਥੇ ਰਹਿਣਾ ਸਹੀ ਸਲਾਮਤ, ਮਿਹਰਵਾਨ ਸਦਾ ਸਿਰ ਆਪਣਾ ਹੱਥ ਟਿਕਾਈਆ। ਹਰਿਭਗਤ ਦੂਰ ਦੁਰਾਡਾ ਨੇਰਨ ਨੇਰਾ ਆਵਣ ਜਾਵਣ ਦੀ ਰਹੇ ਨਾ ਕੋਈ ਮਮਾਨਤ, ਸਚ ਦੁਵਾਰੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੋਲਾਂ ਹਾੜ ਕਹੇ ਮੈਂ ਸਭ ਨੂੰ ਦੱਸਾਂ ਖ਼ੁਸ਼ੀ, ਗੁਰਮੁਖੋ ਲੈਣਾ ਧਿਆਨ ਲਗਾਈਆ। ਇਕੋ ਨਾਲ ਕਰ ਲਿਉ ਰੁਚੀ, ਚਾਰ ਕੁੰਟ ਦਹਿ ਦਿਸ਼ਾ ਉਠ ਨਾ ਕੋਇ ਧਾਈਆ। ਤੁਹਾਡੀ ਅੰਤਰ ਆਤਮ ਹੋ ਜਾਵੇ ਸੁੱਚੀ, ਮਨ ਵਾਸਨਾ ਦੁਰਮਤ ਮੈਲ ਲੈਣੀ ਧੁਆਈਆ। ਤੁਹਾਡੀ ਪਵਿੱਤਰ ਹੋਵੇ ਬੁੱਧੀ, ਅੱਜ ਦੀ ਸੁਲਖਣੀ ਘੜੀ ਦਏ ਗਵਾਹੀਆ। ਇਹ ਕੋਈ ਖੇਲ ਰਮਜ਼ ਨਹੀਂ ਗੁੱਝੀ, ਸੁੱਤਿਆਂ ਰਹੀ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸੋਲਾਂ ਹਾੜ ਕਹੇ ਦੂਰ ਦੁਰਾਡੇ ਜੋ ਆਏ ਚਲ, ਆਪਣਾ ਪੰਧ ਮੁਕਾਈਆ। ਮੈਂ ਖ਼ੁਸ਼ੀ ਨਾਲ ਹੋਇਆ ਇਹਨਾਂ ਵੱਲ, ਅੰਦਰ ਵੜਕੇ ਦੇ ਸਮਝਾਈਆ। ਜਿਸ ਦੀ ਦੀਪਕ ਜੋਤ ਤੁਹਾਡੇ ਅੰਦਰ ਰਹੀ ਬਲ, ਉਹ ਮਾਲਕ ਆਪਣਾ ਖੇਲ ਵਰਤਾਈਆ। ਜਿਸ ਦਾ ਨਿਹਚਲ ਧਾਮ ਅਟਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋ ਸਚ ਸਿੰਘਾਸਣ ਨਿਜ ਆਤਮ ਬੈਠਾ ਮੱਲ, ਬੇਪਰਵਾਹ ਹੋ ਕੇ ਡੇਰਾ ਲਾਈਆ। ਜ਼ਰਾ ਨਿਜ ਨੇਤਰ ਤੱਕੋ ਉਹਦੇ ਵੱਲ, ਵਲਵਲੇ ਸਾਰੇ ਦਏ ਮਿਟਾਈਆ। ਅੱਜ ਦੇ ਆਇਆਂ ਦਾ ਸੱਚੇ ਪ੍ਰੇਮ ਦਾ ਮਿਲੇ ਅਗੰਮੀ ਫਲ, ਫਲੀਭੂਤ ਪੰਜ ਤਤ ਦਏ ਕਰਾਈਆ। ਅੰਤ ਸਮੇਂ ਕ਼ਜ਼ਾ ਆਵਣ ਵਾਲੀ ਜਾਏ ਟਲ, ਪੁਰਖ ਅਕਾਲ ਮਜ਼ਾ ਆਪਣੇ ਨਾਮ ਚਖਾਈਆ। ਲੱਖ ਚੁਰਾਸੀ ਵਿਚੋਂ ਕੱਢਕੇ ਡੂੰਘੀ ਝਲ, ਆਪ ਆਪਣੇ ਰੰਗ ਰੰਗਾਈਆ । ਮਾਤ ਗਰਭ ਫੇਰ ਕਿਸੇ ਨੌ ਅਠਾਰਾਂ ਧਾਮ ਨਹੀਂ ਲੈਣਾ ਮੱਲ, ਜੋਤੀ ਜੋਤ ਲਏ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤਮ ਲੇਖਾ ਆਪਣੇ ਹੱਥ ਰਖਾਈਆ। ਸੋਲਾਂ ਹਾੜ ਕਹੇ ਜਨ ਆਏ ਸੱਜਣ ਮੀਤ, ਮਿਤਰ ਪਿਆਰਾ ਦਏ ਵਡਿਆਈਆ । ਕਿਰਪਾ ਕਰੇ ਤੁਹਾਡੀ ਕਾਇਆ ਕਾਅਬੇ ਮੰਦਰ ਮਸੀਤ, ਸ਼ਿਵਦਵਾਲਾ ਮਠ ਪੁਰਖ ਸਮਰਥ ਇਕੋ ਦਏ ਵਖਾਈਆ। ਸਭ ਦੇ ਨਾਲ ਸੱਚੀ ਕਰਨੀ ਸਿਖੋ ਪ੍ਰੀਤ, ਬਿਨ ਪ੍ਰੀਤੀ ਪ੍ਰੀਤਮ ਮੇਲ ਨਾ ਕਿਸੇ ਮਿਲਾਈਆ। ਪਿਛਲੀ ਸਭ ਦੀ ਪਿਛੇ ਗਈ ਬੀਤ, ਅਗੇ ਪੁਰਖ ਅਕਾਲ ਸ਼ਹਿਨਸ਼ਾਹੀ ਸੰਮਤ ਦਿਤਾ
ਲਗਾਈਆ। ਜਿਸ ਦਾ ਫ਼ਰਮਾਣ ਵਕ਼ਤ ਨਾਲ ਠੀਕ, ਦੋ ਜਹਾਨ ਨਾ ਕੋਈ ਮੇਟੇ ਮੇਟ ਮਿਟਾਈਆ। ਜਨ ਭਗਤਾਂ ਖੇਲ ਦੱਸੇ ਅਨਡੀਠ, ਸਾਚੇ ਮੰਦਰ ਅੰਦਰ ਵਜਾਵੇ ਨਾਮ ਵਧਾਈਆ। ਧੁਰ ਦਾ ਢੋਲਾ ਨਾਮ ਅਗੰਮੀ ਸੁਣਾਵੇ ਗੀਤ, ਰਸਨਾ ਜਿਹਵਾ ਬੱਤੀ ਦੰਦ ਕੰਮ ਕਿਸੇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਪੜਦਾ ਦਏ ਖੁਲ੍ਹਾਈਆ। ਸੋਲਾਂ ਹਾੜ ਕਹੇ ਜੋ ਆਏ ਦਰ ਦਵਾਰ, ਪ੍ਰੇਮੀ ਪ੍ਰੇਮੀ ਰੂਪ ਵਟਾਈਆ। ਉਹਨਾਂ ਦੇ ਅੰਦਰ ਵਸੇ ਨਿਰੰਕਾਰ, ਨਿਰਗੁਣ ਬੈਠਾ ਸੋਭਾ ਪਾਈਆ। ਜੋ ਹੌਲੀ ਹੌਲੀ ਹਿਲਾਏ ਤੰਦ ਸਤਾਰ, ਸੁਰਤੀ ਸ਼ਬਦ ਨਾਲ ਮਿਲਾਈਆ। ਸੋਹਣੇ ਗੁਰਦਿਆਲ ਸਿੰਘ ਦੇ ਸੁਣੇ ਵਿਚਾਰ, ਵਿਚਰਕੇ ਦਿਤੇ ਜਣਾਈਆ। ਇਹ ਵੀ ਗੋਬਿੰਦ ਨਾਲ ਕੌਲ ਇਕ਼ਰਾਰ, ਗੋਦਾਵਰੀ ਕੰਢਾ ਦਏ ਗਵਾਹੀਆ। ਜਿਸ ਦਾ ਦਇਆ ਸਿੰਘ ਨਾਲ ਸੀ ਬੜਾ ਪਿਆਰ, ਅਠਾਰਾਂ ਸਾਲ ਜੋੜ ਜੁੜਾਈਆ। ਇਸੇ ਕਾਰਨ ਹੋਇਆ ਅੱਜ ਵਿਹਾਰ, ਵਿਵਹਾਰੀ ਦਿਤਾ ਸਮਝਾਈਆ। ਪੂਰਬ ਜਨਮ ਦਾ ਲਹਿਣਾ ਦੇਣਾ ਦੇਵਣਹਾਰ ਆਪ ਕਰਤਾਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਗੁਰਮੁਖ ਗੁਰਮੁਖਾਂ ਨਾਲੋਂ ਵਿਛੜੇ ਮਿਲੇ ਯਾਰ, ਯਾਰੀ ਧੁਰ ਦੀ ਇਕੋ ਲੈਣੀ ਬਣਾਈਆ। ਜਗਤ ਹਕੂਮਤ ਸਦਾ ਦਿਨ ਚਾਰ, ਇਹ ਵੀ ਖ਼ੁਸ਼ੀਆਂ ਵਿਚ ਵਖਾਈਆ । ਪੁਰਖ ਅਬਿਨਾਸ਼ੀ ਹੋ ਦਿਆਲ, ਆਪਣੀ ਸਿਖਿਆ ਇਕ ਜਣਾਈਆ। ਸਰਬ ਦਾ ਸਾਂਝਾ ਕਰਨਾ ਇਕ ਪਿਆਰ, ਪਿਆਰਿਆਂ ਪਿਆਰ ਲੈਣਾ ਪਰਗਟਾਈਆ। ਪ੍ਰੀਤ ਅਗੇ ਗੁਰਮੁਖੋ ਅਗੇ ਨਹੀਂ ਕੋਈ ਉਧਾਰ, ਸੌਦਾ ਨਕ਼ਦੋ ਨਕ਼ਦੀ ਕਾਇਆ ਮੰਦਰ ਅੰਦਰ ਦਏ ਜਣਾਈਆ। ਸੋਲਾਂ ਹਾੜ ਕਹੇ ਮੈਂ ਹਰਿਭਗਤਾਂ ਆਇਆਂ ਗੁਰਮੁਖਾਂ ਤੋਂ ਜਾਵਾਂ ਬਲਿਹਾਰ, ਬਲਿਹਾਰੀ ਜੋ ਇਹਨਾਂ ਦੇ ਗੁਣ ਗਾਈਆ। ਜਿਨ੍ਹਾਂ ਦੇ ਅੰਦਰ ਵਸਿਆ ਸਾਂਝਾ ਯਾਰ, ਸਾਂਝੀ ਵਾਰਤਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੀਤ ਦਾ ਜਾਮ ਸਾਚੇ ਪ੍ਰੇਮੀਆਂ ਨੂੰ ਦਏ ਪਿਆਲ, ਪ੍ਰੇਮ ਦਾ ਨਾਤਾ ਪਰਮਾਤਮ ਆਤਮ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹ ਜਿਸਦੀ ਜਗਤ ਬੁਧੀ ਸਮਝ ਕਿਸੇ ਨਾ ਪਾਈਆ।
ਬਾਂਹ ਕਹੇ ਮੈਂ ਗਈ ਫੜੀ, ਫੜਨ ਵਾਲੇ ਦਇਆ ਕਮਾਈਆ। ਮੈਨੂੰ ਪਿਛਲੀ ਯਾਦ ਆਈ ਬੜੀ, ਮੈਂ ਬੁੜ੍ਹਾਪੇ ਵਿਚੋਂ ਜਵਾਨੀ ਲਈ ਬਦਲਾਈਆ । ਲੇਖਾ ਮੁਕਿਆ ਚਮਕੌਰ ਗੜ੍ਹੀ, ਚਮਕਦੇ ਹੀਰੇ ਗੁਰਮੁਖ ਲਏ ਪਰਗਟਾਈਆ। ਸ਼ਹੀਦੀ ਦੀ ਸ਼ਹਾਦਤ ਵਿਚੋਂ ਕਰ ਕੇ ਬਰੀ, ਬਰੀਖ਼ਾਨਾ ਦਿਤਾ ਵਖਾਈਆ । ਜਿਨ੍ਹਾਂ ਨਾਲ ਮਿਲ ਕੇ ਗੋਬਿੰਦ ਪ੍ਰਭ ਦੀ ਸੋਹਵੇ ਘੜੀ, ਜਗਤ ਘੜਿਆਲ ਵਕ਼ਤ ਨਾ ਕੋਇ ਸਮਝਾਈਆ। ਮੇਲਾ ਹੋ ਗਿਆ ਨਾਲ ਓਸ ਹਰੀ, ਜੋ ਹਰ ਹਿਰਦੇ ਰਿਹਾ ਸਮਾਈਆ। ਲੇਖੇ ਲਗੀ ਸੇਵਾ ਕਰੀ, ਕਰਮਾਂ ਦਾ ਲਹਿਣਾ ਝੋਲੀ ਪਾਈਆ। ਗੁਰਮੁਖ ਆਤਮ ਕਦੇ ਨਾ ਮਰੀ, ਮੁਰਦਾ ਹੋ ਨਾ ਗੋਰ ਸਮਾਈਆ। ਓਸੇ ਦੀ ਸਰਨ ਪੜੀ, ਜਿਹੜਾ ਪਰਤ ਕੇ ਆਪਣਾ ਵੇਸ ਵਟਾਈਆ । ਜਿਸ ਦੇ ਘਰ ਕ਼ੀਮਤ ਪੈਂਦੀ ਖਰੀ, ਖੋਟਿਆਂ ਖਰੇ ਦਏ ਬਣਾਈਆ। ਪ੍ਰੇਮ ਦੀ ਲਾਵੇ ਝੜੀ, ਝਗੜੇ ਜਨਮ ਦੇ ਦਏ ਚੁਕਾਈਆ। ਬਾਂਹ ਕਹੇ ਮੈਂ ਭਗਤ ਦੀ ਉਚੀ ਹੋ ਕੇ
ਖੜ੍ਹੀ, ਖੰਡੇ ਖੜਗ ਨਾਲੋਂ ਤਿੱਖੀ ਨਜ਼ਰੀ ਆਈਆ। ਜਿਸ ਦੀ ਪ੍ਰੇਮ ਦੀ ਜ਼ੰਜੀਰ ਵਖਰੀ ਸਭ ਤੋਂ ਕੜੀ, ਕੜਿਆਂ ਦੇ ਕੰਗਣ ਰਿਹਾ ਬਣਾਈਆ। ਉਸੇ ਦੇ ਦਵਾਰ ਤੇ ਹਰਿਸੰਗਤ ਸੋਹਣੀ ਖੜੀ, ਜਿਨ੍ਹਾਂ ਖ਼ਤਮ ਕੀਤੀ ਲੋਕਾਈਆ। ਭੈ ਵਿਚੋਂ ਨਿਕਲ ਕੇ ਹੋਈ ਨਿਡਰੀ, ਕੂੜਾ ਭਉ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਲਗਾਈਆ। ਬਾਂਹ ਕਹੇ ਮੈਂ ਵੇਖਿਆ ਫੜਦਾ, ਬਿਨ ਹੱਥਾਂ ਹੱਥ ਲਗਾਈਆ। ਗੁਰਮੁਖਾਂ ਦਾ ਲਹਿਣਾ ਵੇਖਿਆ ਅਗੇ ਧਰਦਾ, ਧਰਨੀ ਧਰਤ ਧਵਲ ਦਏ ਗਵਾਹੀਆ। ਪ੍ਰੇਮੀ ਪ੍ਰੀਤਮ ਅੰਦਰ ਹੁੰਦਾ ਵੇਖਿਆ ਬਰਦਾ, ਬਦਲੇ ਦਾ ਬਦਲਾ ਰਿਹਾ ਚੁਕਾਈਆ। ਬਾਂਹ ਕਹੇ ਜਿਸ ਦਾ ਭਗਤਾਂ ਬਿਨਾ ਕੰਮ ਨਹੀਂ ਸਰਦਾ, ਸੱਜਣ ਸਾਚੇ ਵੇਖ ਵਖਾਈਆ । ਜਿਹੜਾ ਗੋਬਿੰਦ ਪਿਛੇ ਪਿਛੇ ਰਿਹਾ ਲੜਦਾ, ਉਨ੍ਹਾਂ ਦੀ ਲੜੀ ਆਪਣੇ ਨਾਲ ਜੁੜਾਈਆ। ਘਰ ਵਖਾ ਕੇ ਸੱਚਾ ਹਰਿ ਦਾ, ਦਰ ਦਾ ਮੇਲਾ ਰਿਹਾ ਕਰਾਈਆ। ਲਹਿਣਾ ਚੁਕਾ ਕੇ ਪੁਰਖ ਨਾਰ ਦਾ, ਨਰ ਨਰਾਇਣ ਹੋਏ ਸਹਾਈਆ। ਲੇਖਾ ਮੁਕਿਆ ਜੁਝਾਰ ਵਾਲੇ ਜਲ ਦਾ, ਝਲ ਦਾ ਦੁਖ ਨਾ ਕੋਇ ਵਖਾਈਆ। ਭਗਤਾਂ ਦੇ ਪ੍ਰੇਮ ਪਿਆਰ ਨਾਲ ਸੀਨੇ ਸਲਦਾ, ਤੀਰ ਅਣਿਆਲਾ ਇਕ ਚਲਾਈਆ। ਅੰਦਰੇ ਅੰਦਰ ਸ਼ਬਦ ਸਰੂਪੀ ਸੁਨੇਹੜੇ ਘਲਦਾ, ਕੀੜੀ ਚਿਉਂਟੀ ਨੰਨ੍ਹੀ ਲਏ ਉਠਾਈਆ। ਅਜੇ ਵੀ ਲੇਖਾ ਕੁਛ ਵਲ ਛਲ ਦਾ, ਜਿਹੜਾ ਪਰਦਿਆਂ ਵਿਚ ਛੁਪਾਈਆ। ਸਮਾਂ ਔਣਾ ਜਿਸ ਵੇਲੇ ਭਗਤ ਭਗਵਾਨ ਨੇ ਵੇਖਣਾ ਫਲਦਾ, ਬੂਟਾ ਦੋ ਜਹਾਨ ਮਹਿਕਾਈਆ। ਸਭ ਦਾ ਲੇਖਾ ਬਿਨ ਲਿਖਤੋਂ ਮੇਰੇ ਨਾਲ ਚਲਦਾ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਜਨ ਭਗਤੋ ਲਹਿਣਾ ਹੋਰ ਵੇਖਿਓ ਕਲ੍ਹ ਦਾ, ਜੋ ਬਿਨਾ ਕਲਮਿਉਂ ਦਏ ਗਵਾਹੀਆ। ਤੁਹਾਡੀ ਜੋਬਨ ਜਵਾਨੀ ਦਾ ਪ੍ਰਛਾਵਾਂ ਕਦੇ ਨਾ ਢਲਦਾ, ਜੁਗੋ ਜੁਗ ਨਿਤ ਨਵਿਤ ਆਪਣੇ ਨਾਲ ਰਖਾਈਆ। ਤੁਹਾਨੂੰ ਭੇਤ ਨਹੀਂ ਇਸ ਗੋਬਿੰਦ ਵਾਲੇ ਬਲ ਦਾ, ਜੋ ਬਹੁਤਾ ਹੋ ਕੇ ਥੋੜ੍ਹਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਬਾਂਹ ਕਹੇ ਜਿਸ ਵੇਲੇ ਮੈਨੂੰ ਫੜ ਕੇ ਘੁੱਟਿਆ, ਘੁਟ ਅੰਮ੍ਰਿਤ ਦਿਤਾ ਪਿਆਈਆ। ਮੇਰਾ ਜਗਤ ਜਹਾਨ ਦਾ ਨਾਤਾ ਤੁਟਿਆ, ਸ਼ਰੀਕਾ ਨਾਲੋਂ ਹੋਈ ਜੁਦਾਈਆ। ਮੇਰਾ ਕੂੜ ਕੁੜਿਆਰਾ ਮਿਟਿਆ ਗ਼ੁੱਸਿਆ, ਮਮਤਾ ਮੋਹ ਦਿਤੀ ਤਜਾਈਆ। ਮੈਂ ਸਹਿਜ ਸੁਭਾਉ ਗੋਬਿੰਦ ਪੁਛਿਆ, ਸੀਸ ਚਰਨਾਂ ਉਤੇ ਟਿਕਾਈਆ । ਕਿਹੜੀ ਗੱਲੋਂ ਮਾਲਕ ਹੋ ਕੇ ਰੁਸਿਆ, ਅੰਦਰਲੇ ਰਸਤੇ ਦਿਤੀ ਜੁਦਾਈਆ। ਜੇ ਤੂੰ ਵਸੇਂ ਭਗਤਾਂ ਜੁੱਸਿਆਂ, ਕੂੜੀ ਕਿਰਿਆ ਦੇ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣੇ ਧੁਰ ਦੇ ਵੇਖ ਵਖਾਈਆ। ਬਾਂਹ ਕਹੇ ਮੈਨੂੰ ਫੜਿਆ ਸਾਹਿਬ ਨੇ ਘੁੱਟ, ਹੌਲੀ ਜਿਹੀ ਉਂਗਲਾਂ ਨਾਲ ਦਬਾਈਆ। ਅਗੰਮੀ ਆਵਾਜ਼ ਨਾਲ ਕਿਹਾ ਗੁਰਮੁਖ ਸਾਚੇ ਸੁਤ, ਸੁੱਤਿਆਂ ਲਵਾਂ ਉਠਾਈਆ। ਅਗੇ ਆ ਗਈ ਮੇਰੀ ਰੁਤ, ਪਿਛਲੀ ਰੁਤ ਦਿਤੀ ਬਦਲਾਈਆ। ਤੁਹਾਡਾ ਵੇਲਾ ਆਇਆ ਢੁਕ, ਸੋਹਣਾ ਸਮਾਂ ਦਿਆਂ ਸੁਹਾਈਆ। ਜੇ ਤੁਹਾਡੇ ਕੋਲ ਨਹੀਂ ਕੁਛ, ਨਾਮ ਭੰਡਾਰੇ ਦਿਆਂ ਭਰਾਈਆ। ਜਿਸ ਦਾ ਲੇਖਾ ਕਦੇ ਨਾ ਜਾਵੇ ਮੁਕ, ਆਦਿ ਜੁਗਾਦਿ ਰਿਹਾ ਵਰਤਾਈਆ। ਗੁਰਮੁਖੋ ਤੁਹਾਡੇ ਉਤੇ ਇਕੋ ਵਾਰ ਹੋਣਾ ਖ਼ੁਸ਼, ਖ਼ੁਸ਼ੀ ਸਭ ਨੂੰ ਦੇਣਾ ਕਰਾਈਆ। ਇਸ ਤੋਂ ਅਗਲਾ ਲੇਖਾ ਸਤਾਰਾਂ ਹਾੜੀ ਲਿਆ ਪੁਛ, ਬਿਨਾ ਪੁਛਿਆਂ ਬਿਨਾ ਦੱਸਿਆਂ ਆਪਣਾ ਆਪ ਨਾ ਕਦੇ ਲੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੌਲੀ ਹੌਲੀ ਤੁਹਾਡੇ ਉਤੇ ਰਿਹਾ ਤੁਠ, ਨੌ ਸੌ ਚੁਰਾਨਵੇ ਚੌਕੜੀ ਦੀ ਮੀਟੀ ਮੁਠ, ਆਪੇ ਰਿਹਾ ਖੁਲ੍ਹਾਈਆ।
ਰੋਟੀ ਕਹੇ ਮੈਂ ਬਦਲਿਆ ਰੂਪ ਪਰਸ਼ਾਦੇ ਮਿੱਸੇ, ਮਿਸਲ ਆਪਣੀ ਦੇਣੀ ਬਣਾਈਆ। ਜਿਹੜੇ ਗੋਬਿੰਦ ਦੇ ਆਏ ਸੀ ਹਿੱਸੇ, ਉਹ ਪੁਰਖ ਅਕਾਲ ਨੂੰ ਦੇਣੇ ਖਵਾਈਆ। ਬਿਨਾ ਭਗਤ ਦੁਵਾਰਿਉਂ ਲੱਭਣ ਕਿਥੇ, ਦੋ ਜਹਾਨਾਂ ਹੱਥ ਕਿਸੇ ਨਾ ਆਈਆ। ਇਹ ਸਭ ਰਸਾਂ ਨਾਲੋਂ ਮਿੱਠੇ, ਮਿੱਠਿਆਂ ਦੀ ਮਿਠਾਸ ਰਹੇ ਗਵਾਈਆ। ਬਿਨਾ ਪੁਰਖ ਅਕਾਲ ਕਿਸੇ ਨਾ ਡਿੱਠੇ, ਜਗ ਨੇਤਰ ਨਜ਼ਰ ਨਾ ਕੋਇ ਟਿਕਾਈਆ। ਜਨ ਭਗਤੋ ਤੁਹਾਡੀ ਪਿਛਲੀ ਕੀਤੀ ਦੇ ਨਿਕਲੇ ਸਿੱਟੇ, ਸਿਖ਼ਰ ਚੋਟੀ ਦਏ ਚੜ੍ਹਾਈਆ। ਤੁਹਾਡੇ ਪਿਛਲੇ ਲੇਖੇ ਕਰ ਕੇ ਚਿੱਟੇ, ਚਿੱਟੇ ਬਸਤਰ ਦਿਤੇ ਪਹਿਨਾਈਆ। ਜਿਨ੍ਹਾਂ ਦੀ ਮਾਂ ਕਦੀ ਨਾ ਪਿੱਟੇ, ਨੇਤਰ ਨੀਰ ਨਾ ਕੋਇ ਵਹਾਈਆ। ਮਾਰਗ ਧੁਰ ਦੇ ਜਾਣਾ ਸਿੱਧੇ, ਰਹਿਬਰ ਹੋ ਕੇ ਦਇਆ ਕਮਾਈਆ। ਪ੍ਰੇਮ ਪਿਆਰ ਦੇ ਪੌਣੇ ਗਿੱਧੇ, ਦੋ ਜਹਾਨਾਂ ਵੱਜੇ ਵਧਾਈਆ। ਏਥੇ ਲੋੜ ਕਿਹੜੀ ਨਾਲ ਪੱਕੇ ਰਿੱਧੇ, ਸਵਾਦ ਸੋਹਣਾ ਨਜ਼ਰੀ ਆਈਆ। ਕਿਉਂ ਪ੍ਰਭੂ ਜੁਗ ਜੁਗ ਭਗਤਾਂ ਨਾਲ ਸੁੱਕੇ ਟੁਕੜੇ ਖਾਣ ਗਿੱਝੇ, ਰਵਿਦਾਸ ਚਮਾਰਾ ਦਏ ਗਵਾਹੀਆ। ਇਹ ਵੀ ਆਪਣੇ ਹੁਕਮ ਦੀ ਖੇਲ ਕਰਾਈ ਬਿਧੇ, ਬਿਧਾਤਾ ਦੇਵਣਹਾਰ ਵਡਿਆਈਆ। ਸੁੱਕੇ ਟੁੱਕੜਿਆਂ ਵਾਲਿਓ ਤੁਸੀਂ ਵੱਡੇ ਹੋ ਗਏ ਕਿੱਡੇ, ਕ਼ਿਸਮਤ ਆਪਣੀ ਲਈ ਬਦਲਾਈਆ। ਓਸੇ ਗੋਬਿੰਦ ਦੀ ਚਰਨੀ ਡਿੱਗੇ, ਜਿਹੜਾ ਡਿਗਦਿਆਂ ਗਲੇ ਲਗਾਈਆ। ਅਗੇ ਹੋਣੇ ਮੂਲ ਨਾ ਦਗ਼ੇ, ਜਗਤ ਦਗ਼ੇ ਵਿਚੋਂ ਬਾਹਰ ਕਢਾਈਆ। ਤੁਹਾਡਾ ਪਰਸ਼ਾਦ ਖਾ ਕੇ ਉਹ ਸਵਾਮੀ ਰੱਜੇ, ਜੋ ਰਾਜ਼ਕ ਰਿਜ਼ਕ ਰਹੀਮ ਅਖਵਾਈਆ । ਜਿਸ ਨੇ ਪ੍ਰੇਮ ਪਿਆਰ ਅੰਦਰ ਗੁਰਮੁਖ ਸੱਦੇ, ਸ਼ਬਦ ਸੰਦੇਸ਼ੇ ਸਚ ਘਲਾਈਆ । ਬੇਸ਼ਕ ਤੁਹਾਡੇ ਗਲੋਂ ਲੱਥੇ ਝੱਗੇ, ਝਗੜੇ ਸਾਰੇ ਦਿਤੇ ਗਵਾਈਆ। ਤੁਹਾਡੇ ਨਾਮ ਦਾ ਡੰਕਾ ਵਜਣਾ ਬਿਨਾ ਢੋਲ ਡੱਗੇ, ਕੁੰਟ ਚਾਰ ਹੋਵੇ ਸ਼ਨਵਾਈਆ । ਇਸ ਪਕਵਾਨ ਦੇ ਪੱਕੇ ਹੋਏ ਮਜ਼ੇ, ਰਸ ਅਗੰਮ ਰਹੇ ਵਖਾਈਆ। ਲੇਖਾ ਹੋਰ ਬਾਕੀ ਅਜੇ ਅਗੇ, ਆਪਣੇ ਹੱਥ ਰਖਾਈਆ। ਭਗਤ ਭਗਵਾਨ ਪੂਰਬ ਲਹਿਣੇ ਅੰਦਰ ਬੱਧੇ, ਦੇਣੇ ਵਿਚ ਖੇਲ ਵਖਾਈਆ। ਉਚੇ ਸੁੱਚੇ ਹੋ ਕੇ ਸਭੇ, ਪ੍ਰਭ ਸਭਿਅਤਾ ਦਏ ਬਦਲਾਈਆ। ਤੁਹਾਡੇ ਅੰਦਰੋਂ ਆਪਣਾ ਨਾਮ ਖ਼ਜ਼ਾਨਾ ਪੁਟ ਕੇ ਕੱਢੇ, ਜੋ ਪੜਦਿਆਂ ਵਿਚ ਲੋਕਾਈਆ। ਵਸਤ ਅਮੋਲਕ ਆਪਣੀ ਲੱਭੇ, ਲਾਭਦਾਇਕ ਤੁਹਾਨੂੰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ।
੧੭ ਹਾੜ ਸ਼ਹਿਨਸ਼ਾਹੀ ਸੰਮਤ ੧ ਲੰਗਰ ਅਸਥਾਨ ਜੇਠੂਵਾਲ
ਹਰਿਸੰਗਤ ਕਹੇ ਪ੍ਰਭ ਤੇਰੀ ਪਹਿਲੀ ਬਰਸੀ, ਬਿਛਰਤ ਲਿਆ ਮਿਲਾਈਆ। ਭਗਤਾਂ ਦੀ ਮੰਨ ਭਗਵਾਨ ਅਰਜ਼ੀ, ਅਰਸ਼ੀ ਪ੍ਰੀਤਮ ਧੁਰਦਰਗਾਹੀਆ। ਦੁਖੀਆਂ ਦਾ ਬਣ ਦਰਦੀ, ਦਰਦੀਆਂ ਦੁਖ ਵੰਡਾਈਆ। ਜੁਗ ਚੌਕੜੀ ਤੈਨੂੰ ਰਹੀ ਲਭਦੀ, ਗੁਰਮੁਖ ਆਤਮ ਰਹੀ ਕੁਰਲਾਈਆ । ਸਹਿੰਦੀ ਰਹੀ ਗਰਮੀ ਸਰਦੀ, ਜਗਤ ਵੰਡ ਵੰਡਾਈਆ। ਤੇਰੇ ਨਾਮ ਦੇ ਕਲਮੇ ਰਹੀ ਪੜ੍ਹਦੀ, ਢੋਲੇ ਰਸਨਾ ਗਾਈਆ। ਵੇਖੀ ਖੇਲ ਨਾ ਸੱਚੇ ਹਰਿ ਦੀ, ਹਿਰਦੇ ਵਿਚ ਨਾ ਗਿਆ ਸਮਾਈਆ। ਅੱਜ ਖੇਲ ਭਗਤਾਂ ਦੇ ਘਰ ਦੀ, ਘਰਬਾਰ ਵਾਲੇ ਦੇ ਬਣਾਈਆ। ਇਕੇ ਸ੍ਰਿਸ਼ਟੀ ਤੇਰੀ ਸੇਵਾ ਰਹੀ ਕਰਦੀ, ਠਾਕਰ ਸੇਵ ਨਾਮ ਕਮਾਈਆ। ਅੱਜ ਹਾਲਤ ਵੇਖ ਸਾਡੇ ਹਾਲ ਦੀ, ਹਰਿਜਨ ਹਿਰਦਾ ਦਏ ਗਵਾਹੀਆ। ਸਾਨੂੰ ਲੋੜ ਨਹੀਂ ਜਗਤ ਧਨ ਮਾਲ
ਦੀ, ਮਾਇਆ ਮਮਤਾ ਦਿਤੀ ਤਜਾਈਆ। ਸਾਨੂੰ ਖ਼ੁਸ਼ੀ ਉਸ ਪ੍ਰੇਮ ਭਰੀ ਦਾਲ ਦੀ, ਜੋ ਦਲਿੱਦ੍ਰੀਆਂ ਦਲਿਦਰ ਵੰਡਾਈਆ। ਜਿਸ ਨੂੰ ਖਾਦਿਆਂ ਜ਼ੰਜੀਰੀ ਕਟ ਜਾਏ ਜਾਲ ਦੀ, ਅਗੇ ਦੇਵੇ ਨਾ ਕੋਇ ਸਜ਼ਾਈਆ। ਇਹ ਬੇਨੰਤੀ ਗ਼ਰੀਬਾਂ ਦੇ ਸੁਆਲ ਦੀ, ਆਪਣੇ ਨਾਲ ਲੈਣਾ ਮਿਲਾਈਆ। ਮਿਹਰ ਵੇਖੀਏ ਤੇਰੀ ਦੀਨ ਦਿਆਲ ਦੀ, ਦਇਆਵਾਨ ਦੇਣੀ ਵਡਿਆਈਆ। ਜੇ ਪਿਛੇ ਨਹੀਂ ਸਾਂ ਤੈਨੂੰ ਜਾਣਦੀ, ਅੱਜ ਤੋਂ ਆਪਣਾ ਭੇਦ ਦੇਣਾ ਖੁਲ੍ਹਾਈਆ। ਭੁਖ ਰਹੇ ਨਾ ਪੀਣ ਖਾਣ ਦੀ, ਤ੍ਰਿਸ਼ਨਾ ਦਏ ਮਿਟਾਈਆ। ਪ੍ਰਭ ਸਾਨੂੰ ਇਛਿਆ ਭਿਛਿਆ ਮਿਲ ਜਾਵੇ ਤੇਰੇ ਦਾਨ ਦੀ, ਖ਼ਾਲੀ ਝੋਲੀ ਦੇਣੀ ਭਰਾਈਆ। ਤੇਰੀ ਸਿਫ਼ਤ ਆਦਿ ਜੁਗਾਦਿ ਸ਼ਾਹ ਪਾਤਸ਼ਾਹ ਸੱਚੇ ਸੁਲਤਾਨ ਦੀ, ਜੋ ਭੁਖਿਆਂ ਰਿਹਾ ਰਜਾਈਆ। ਕੜਛੀ ਕਹੇ ਭਰਦੇ ਵਿਚ ਦੇਗ, ਦਗ਼ਾ ਰਹਿਣ ਕੋਇ ਨਾ ਪਾਈਆ। ਜਿਹੜੀ ਮੰਗ ਮੰਗ ਗਿਆ ਬਹਾਦਰ ਗੁਰੂ ਤੇਗ਼, ਅੰਤਰ ਆਪਣਾ ਧਿਆਨ ਲਗਾਈਆ । ਗੋਬਿੰਦ ਹੋ ਕੇ ਲਿਖ ਗਿਆ ਲੇਖ, ਬਿਨਾ ਕ਼ਲਮ ਦਵਾਤ ਸ਼ਾਹੀਆ। ਜਿਨ੍ਹਾਂ ਨੂੰ ਆਪਣੇ ਹੁਕਮ ਅੰਦਰ ਦਿਤਾ ਭੇਜ, ਭਜਨ ਬੰਦਗੀ ਇਕੋ ਦਿਤੀ ਦ੍ਰਿੜਾਈਆ। ਉਹਨਾਂ ਦੇ ਅੰਦਰ ਮਾਣ ਆ ਕੇ ਸੇਜ, ਜਗਤ ਬਿਸਤਰੇ ਦੇਣੇ ਤਜਾਈਆ। ਪ੍ਰਭ ਤੇਰੀ ਵੇਖੇ ਉਹ ਅਗੰਮੀ ਖੇਡ, ਜਿਸ ਨੂੰ ਖਿਲਾੜੀ ਸਕੇ ਨਾ ਕੋਇ ਖਿਲਾਈਆ। ਤੇਰੇ ਪ੍ਰੇਮ ਪਿਆਰ ਦੀ ਖਾ ਕੇ ਦਾਲ ਹੋ ਜਾਈਏ ਸਾਰੇ ਨੇਕ, ਬਦੀ ਰਹਿਣ ਕੋਇ ਨਾ ਪਾਈਆ। ਵੱਡੇ ਛੋਟੇ ਅਮੀਰ ਗ਼ਰੀਬ ਚਾਰੇ ਵਰਨ ਹੋ ਜਾਈਏ ਏਕ, ਏਕੰਕਾਰ ਤੇਰੀ ਸਰਨਾਈਆ। ਵੇਖੀਂ ਕਿਤੇ ਆਪਣੇ ਦਵਾਰੇ ਤੋਂ ਨਾ ਦੇਵੀਂ ਛੇਕ, ਛੇਕੜ ਇਹੋ ਮੰਗ ਮੰਗਾਈਆ । ਸਤਿ ਪ੍ਰੀਤੀ ਬਖ਼ਸ਼ ਟੇਕ, ਟਿੱਕੇ ਧੂੜੀ ਦੇਣੇ ਲਗਾਈਆ। ਤੇਰੇ ਪਿਆਰ ਦਾ ਲੱਭੇ ਹੇਤ, ਮੁਹੱਬਤ ਬੇਪਰਵਾਹੀਆ। ਜਿਸ ਕਾਰਨ ਸੱਦੇ ਦਿਤੇ ਭੇਜ, ਗੁਰਮੁਖ ਸੱਜਣ ਲਏ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਾਰ ਤੱਕ ਕੇ ਮੇਰੇ ਵਲ ਲੈ ਵੇਖ, ਵਖਰੀ ਆਪਣੀ ਨਜ਼ਰ ਤਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਇਉਂ ਭਗਤਾਂ ਦੇਸ, ਆਪਣਾ ਬਦਲ ਕੇ ਭੇਸ, ਰੇਖ ਪਿਛਲੀ ਦੇਣੀ ਮਿਟਾਈਆ।
ਪ੍ਰੇਮ ਪਿਆਰ ਨਾਲ ਕਹੇ ਜਨ ਭਗਤਾਂ ਫੁਲਕਾ, ਫੁੱਲ ਕੇ ਆਪਣੀ ਖ਼ੁਸ਼ੀ ਵਖਾਈਆ। ਮੈਂ ਦਰਸ਼ਨ ਕੀਤਾ ਉਸ ਸਤਿਗੁਰ ਦਾ, ਜੋ ਗੁਰ ਆਪਣਾ ਰਿਹਾ ਬਦਲਾਈਆ। ਜੋ ਲਹਿਣਾ ਦੇਣਾ ਦੇਵੇ ਧੁਰ ਦਾ, ਧੁਰ ਧਾਰ ਵੇਖ ਵਖਾਈਆ। ਜੋ ਸਚਖੰਡ ਦਵਾਰੇ ਜਾ ਕੇ ਆਪਣੇ ਹੁਕਮ ਅੰਦਰ ਮੁੜਦਾ, ਦੂਜਾ ਸੰਗ ਨਾ ਕੋਇ ਰਖਾਈਆ। ਸੰਤ ਸੁਹੇਲੇ ਸੱਜਣ ਸਾਚੇ ਲੋੜਦਾ, ਲੱਖ ਚੁਰਾਸੀ ਵੇਖ ਵਖਾਈਆ। ਭੇਵ ਮਿਟਾ ਕੇ ਮੋਰ ਤੋਰ ਦਾ, ਤੁਰਤ ਆਪਣਾ ਹੁਕਮ ਮਨਾਈਆ। ਲਹਿਣਾ ਮਿਟਾ ਕੇ ਕੂੜੀ ਕਿਰਿਆ ਸ਼ੋਰ ਦਾ, ਸ਼ਹਿਨਸ਼ਾਹ ਆਪਣਾ ਰੰਗ ਚੜ੍ਹਾਈਆ। ਖੇਲ ਕਰੇ ਭਗਤ ਵਛਲ ਵਿਚੋਲ ਦਾ, ਮੇਲ ਮਿਲਾ ਕੇ ਧੁਰਦਰਗਾਹੀਆ। ਜਨ ਭਗਤੋ ਝਗੜਾ ਰਿਹਾ ਨਾ ਕਿਸੇ ਰੋਲ ਦਾ, ਰੌਣਕ ਆਪਣੀ ਇਕ ਜਣਾਈਆ। ਢੋਲਾ ਸੁਣਾ ਦੇ ਸਾਚੇ ਢੋਲ ਦਾ, ਅਗੰਮੀ ਨਾਦ ਵਜਾਈਆ। ਫੁਲਕਾ ਕਹੇ ਮੈਂ ਅੰਦਰੋਂ ਸੜ ਕੇ ਤੁਹਾਡੇ ਉਤੋਂ ਆਪਣਾ ਆਪ ਘੋਲ ਦਾ, ਘੋਲ ਘੁਮਾ ਕੇ ਸੇਵ ਕਮਾਈਆ। ਇਹ ਪੁਰਖ ਅਬਿਨਾਸ਼ੀ ਜਿਸ ਦੇ ਤੋਲ ਤੋਲਦਾ, ਤੋਲਣਹਾਰਾ ਇਕੋ ਨਜ਼ਰੀ ਆਈਆ। ਮੈਂ ਸੁਨੇਹੜਾ ਦੇਵਾਂ ਜਿਹੜਾ ਗੁਰਮੁਖ ਮੈਨੂੰ ਖਾਵੇ ਉਹ ਇਥੇ ਉਥੇ ਕਦੇ ਨਾ ਡੋਲਦਾ, ਸਿਦਕ ਸਬੂਰੀ ਦਿਆਂ ਬੰਧਾਈਆ। ਪੂਰਾ ਕੀਤਾ ਇਕ਼ਰਾਰ ਗੁਰ ਅਵਤਾਰ ਦੇ ਕੌਲ ਦਾ, ਇਕ
ਅਕੇਲਾ ਹੋ ਕੇ ਰੂਪ ਵਟਾਈਆ। ਲਹਿਣਾ ਮੁਕਿਆ ਐਸ ਧੌਲ ਦਾ, ਜਿਥੇ ਬਾਲਮੀਕ ਇੱਕੀ ਦਿਨ ਭੁੱਖਾ ਰਹਿ ਕੇ ਝਟ ਗਿਆ ਲੰਘਾਈਆ। ਅੱਜ ਉਸੇ ਦੇ ਪ੍ਰੇਮ ਦਾ ਬੂਟਾ ਮੌਲ ਦਾ, ਮੌਲਾ ਆਪਣਾ ਰੰਗ ਵਖਾਈਆ। ਜਨ ਭਗਤੋ ਮਿਹਰ ਨਜ਼ਰ ਨਾਲ ਤੁਹਾਡੇ ਪਿਛਲੇ ਪਰਦੇ ਨਹੀਂ ਫੋਲਦਾ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਆਪਣੀ ਸਮਗਰੀ ਵਿਚੋਂ ਤੁਹਾਡਾ ਖੋਲ੍ਹਦਾ ਜੋਤ ਇਕਗਰੀ ਦਏ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੰਮ ਕਰੇ ਨਾ ਕੋਇ ਹੁਣ ਗੋਲ ਮੋਲ ਦਾ, ਭੁੱਖਿਆਂ ਸਾਰਿਆਂ ਦਏ ਰਜਾਈਆ।