ਪਹਿਲੀ ਸਾਵਣ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਮਿਲਣ ਵਿਛੜਨ ਦਾ ਚੁਕ ਗਿਆ ਝਗੜਾ, ਜਗਤ ਜੁਗ ਵਾਲੀ ਨਾ ਕੋਇ ਜੁਦਾਈਆ। ਮਾਰਗ ਇਕੋ ਰਹਿ ਗਿਆ ਅਗਲਾ, ਪਿਛਲਾ ਪੰਧ ਮੁਕਾਈਆ। ਚਰਨ ਪ੍ਰੀਤੀ ਨਾਤਾ ਜੁੜ ਗਿਆ ਸਗਲਾ, ਧੁਰ ਦਾ ਸੰਗ ਬਣਾਈਆ । ਸਚ ਦਵਾਰਾ ਜਿਨ੍ਹਾਂ ਬਖ਼ਸ਼ਿਆ ਬੰਗਲਾ, ਗੁਰਮੁਖ
ਹੰਸ ਬੈਠੇ ਸੋਭਾ ਪਾਈਆ। ਸਚ ਪ੍ਰੇਮ ਤੋਂ ਰਹੇ ਕੋਇ ਨਾ ਕੰਗਲਾ, ਪ੍ਰੇਮ ਭੰਡਾਰਾ ਦਏ ਭਰਾਈਆ। ਫਿਰਨਾ ਪਏ ਨਾ ਕਿਸੇ ਜੰਗਲਾਂ, ਜੂਹਾਂ ਵਿਚ ਨਾ ਕੋਇ ਭਵਾਈਆ। ਸਦਾ ਵਖਾਵੇ ਚਾਰ ਮੰਗਲਾ, ਵਜਦੀ ਰਹੇ ਵਧਾਈਆ। ਭੁਲੇਖਾ ਰਹੇ ਨਾ ਕੋਈ ਧੁੰਦਲਾ, ਸਚ ਪਰਕਾਸ਼ ਦਏ ਸਮਝਾਈਆ । ਅੰਦਰ ਰਹੇ ਕੋਈ ਨਾ ਗੁੰਝਲਾ, ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਰਿਹਾ ਮਿਲਾਈਆ । ਵਿਛੋੜਾ ਕਹੇ ਮੈਂ ਭਗਤ ਦਵਾਰ ਨਹੀਂ ਰਹਿਣਾ, ਆਪਣਾ ਆਪ ਜਾਣਾ ਛੁਪਾਈਆ । ਮੇਲ ਕਹੇ ਮੈਂ ਇਸੇ ਦਰ ਤੇ ਬਹਿਣਾ, ਆਪਣਾ ਆਸਣ ਲਾਈਆ । ਵਿਛੋੜਾ ਕਹੇ ਮੈਂ ਇਕੋ ਵਾਰ ਭਗਤਾਂ ਕਹਿਣਾ, ਧੁਰ ਦਾ ਹੁਕਮ ਦੇਣਾ ਸੁਣਾਈਆ। ਮੇਲ ਕਹੇ ਮੈਂ ਉਹਨਾਂ ਦੇ ਦਰਸ਼ਨ ਕਰਨਾ ਨੈਣਾਂ, ਜੋ ਨੈਣ ਸਤਿਗੁਰ ਭੇਟ ਚੜ੍ਹਾਈਆ। ਵਿਛੋੜਾ ਕਹੇ ਮੈਂ ਜਾਂਦੀ ਵਾਰ ਗੁਰਮੁਖਾਂ ਦੇ ਚਰਨੀ ਢਹਿਣਾ, ਢਹਿ ਕੇ ਸੀਸ ਨਿਵਾਈਆ। ਮੇਲ ਕਹੇ ਮੈਂ ਇਹਨਾਂ ਦੇ ਅੰਦਰ ਵੜ ਕੇ ਬਹਿਣਾ, ਅੰਦਰ ਵੜ ਕੇ ਆਸਣ ਲੈਣਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਮੇਲ ਵਿਛੋੜਾ ਕਹੇ ਜੁਗ ਚੌਕੜੀ ਰਹੇ ਵਿਛੜੇ, ਮਿਲਾਪ ਆਪ ਨਾ ਕੋਈ ਕਰਾਈਆ। ਮਾਰਗ ਫਿਰਦੇ ਰਹੇ ਬਿਖੜੇ, ਸਾਚੇ ਰਾਹ ਨਾ ਕੋਇ ਚਲਾਈਆ। ਭਗਤ ਭਗਵਾਨ ਕੋਲੋਂ ਰਹੇ ਨਿਖੜੇ, ਫੜ ਬਾਹੋਂ ਉਹਨਾਂ ਗਲੇ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫਿਰਦੇ ਰਹੇ ਕਿਧਰੇ, ਚਾਰੋਂ ਕੁੰਟ ਵਾਹੋ ਦਾਹੀਆ। ਲਹਿਣਾ ਦੇਣਾ ਸਭ ਦਾ ਇਕੋ ਥਾਂ ਮੂਲ ਨਾ ਨਿਕਲੇ, ਲੇਖਾ ਝੋਲੀ ਨਾ ਕੋਇ ਪਾਈਆ। ਚੋਟੀ ਚੜ੍ਹਿਆ ਕੋਈ ਨਾ ਸਿਖ਼ਰੇ, ਮੰਜ਼ਲ ਹਕ ਨਾ ਕੋਇ ਪਹੁੰਚਾਈਆ। ਧੁਰ ਦਾ ਮਿਲਿਆ ਨਾ ਮੀਤ ਮਿਤਰੇ, ਪ੍ਰੀਤੀ ਪ੍ਰੇਮ ਨਾ ਕੋਇ ਵਧਾਈਆ। ਆਤਮ ਸੇਜਾ ਖ਼ਾਲੀ ਸੁਤੇ ਰਹੇ ਬਿਸਤਰੇ, ਸੁਹੰਜਣਾ ਰੰਗ ਨਾ ਕੋਇ ਰੰਗਾਈਆ। ਪਤਾ ਨਹੀਂ ਹੁਣ ਮਿਲ ਗਿਆ ਕਿਸ ਤਰ੍ਹੇ, ਕ਼ਿਸਮਤ ਸਭ ਦੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਮੇਲ ਵਿਛੋੜਾ ਕਹੇ ਗੁਰਮੁਖੋ ਦੇਵਾਂ ਸਚ ਸੁਣਾ, ਸਹਿਜ ਸੁਭਾਓ ਦ੍ਰਿੜਾਈਆ। ਵਿਛੋੜੇ ਦਾ ਅਗੇ ਲੈਣਾ ਕਿਸੇ ਨਾ ਨਾਂ, ਨਾਂਵਾਂ ਇਕੋ ਵਾਰ ਦਿਤਾ ਕਟਾਈਆ। ਜਿਨ੍ਹਾਂ ਦਾ ਮੇਲਾ ਲਿਆ ਮਿਲਾ, ਮਿਲੀ ਸਚ ਦਰ ਸੱਚੀ ਵਡਿਆਈਆ। ਪੂਰਬ ਲੇਖਾ ਦਿਤਾ ਚੁਕਾ, ਅਗਲਾ ਪੰਧ ਮੁਕਾਈਆ। ਸਾਵਣ ਸ਼ਹਾਦਤ ਦਵੇ ਗਵਾਹ, ਨਿਉਂ ਕੇ ਸੀਸ ਝੁਕਾਈਆ। ਮੇਘਲਾ ਵਰਸੇ ਵਾਹੋ ਦਾਹ, ਬੂੰਦਾ ਬਾਂਦੀ ਆਪਣੀ ਰਿਹਾ ਟਪਕਾਈਆ। ਜਿਨ੍ਹਾਂ ਨੂੰ ਬੱਚੇ ਲਿਆ ਬਣਾ, ਉਹਨਾਂ ਦਾ ਬਚਪਨ ਆਪਣੀ ਗੋਦੀ ਵਿਚ ਰਖਾਈਆ। ਬਖ਼ਸ਼ਿਸ਼ ਕਰ ਕੇ ਜਨਮ ਜਨਮ ਦੇ ਬਖ਼ਸ਼ ਦਿਤੇ ਗੁਨਾਹ, ਗਹਿਰ ਗੰਭੀਰ ਹੋਏ ਸਹਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡਿਆਈ ਦੇਵੇ ਤੁਹਾਡੀ ਓਸ ਬੁੱਢੀ ਮਾਂ, ਜੋ ਦੁਧੀ ਧਾਰ ਸਭ ਦੇ ਮੁਖ ਚੁਆਈਆ।
ਰੀ ਸਖ਼ੀ ਸੁਣ ਸਾਵਣ ਆਇਆ, ਸਖ਼ਾਵਤ ਲੈ ਕੇ ਧੁਰਦਰਗਾਹੀਆ। ਰੀ ਸਖ਼ੀ ਪਤਿਤ ਪਾਵਨ ਆਇਆ, ਪਤਿਤ ਉਧਾਰੀ ਬੇਪਰਵਾਹੀਆ । ਰੀ ਸਖ਼ੀ ਭੇਖਾਧਾਰੀ ਬਾਵਨ ਆਇਆ, ਪਰਦੇ ਉਹਲੇ ਅੰਦਰ ਵੇਖ ਵਖਾਈਆ। ਰੀ ਸਖ਼ੀ ਵੇਖ ਰਾਮਨ ਆਇਆ, ਰਮਈਆ ਹੋ ਕੇ ਖੇਲ ਖਿਲਾਈਆ । ਰੀ ਸਖ਼ੀ ਵੇਖ ਸੁੰਦਰ ਸਾਵਲ ਆਇਆ, ਮੁਕੰਦ ਮਨੋਹਰ ਆਪਣਾ ਵੇਸ ਵਟਾਈਆ। ਰੀ ਸਖ਼ੀ ਅਨੰਦ ਮਾਨਣ ਆਇਆ, ਗਹਿਰ ਗੰਭੀਰ ਫੇਰਾ
ਪਾਈਆ। ਰੀ ਸਖ਼ੀ ਧੁਰ ਦਾ ਮੇਲ ਮਿਲਾਵਣ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਵੇਖ ਸਖ਼ੀ ਉਹ ਸਈਆ ਕਾਹਨ, ਮਨਮੋਹਣੀ ਰੂਪ ਵਟਾਈਆ। ਜਿਸ ਨੂੰ ਘਨਈਏ ਕੋਟਾਂ ਗਾਣ, ਰਾਮ ਸੀਸ ਝੁਕਾਈਆ। ਜਿਸ ਨੂੰ ਕੋਟਨ ਰਾਧਾ ਕਰਨ ਪਰਨਾਮ, ਬੈਠੀਆਂ ਸੀਸ ਝੁਕਾਈਆ। ਜਿਸ ਦੇ ਕ਼ਦਮ ਚੁੰਮਣ ਕੋਟਨ ਸ਼ਾਮ, ਬੰਸਰੀਆਂ ਵਾਲੀ ਧੁਨ ਅਲਾਈਆ। ਜਿਸ ਨੂੰ ਲਭਦੇ ਵਿਚੋਂ ਬੀਆਬਾਨ, ਬਿੰਦਰਾ ਗੋਕਲ ਦਏ ਦੁਹਾਈਆ। ਰੀ ਸਖ਼ੀ ਉਹ ਆ ਗਿਆ ਕਾਹਨ, ਜਿਸ ਦਾ ਨਿਸ਼ਾਨ ਨਜ਼ਰ ਕਿਸੇ ਨਾ ਆਈਆ। ਜਿਸ ਦੇ ਕੋਲ ਆਦਿ ਜੁਗਾਦੀ ਆਰਾਮ, ਸੁਖ ਸਾਂਤ ਇਕ ਵਖਾਈਆ। ਜਿਸ ਦੇ ਉਤੇ ਸਭ ਨੂੰ ਮਾਣ, ਅਭਿਮਾਨ ਰਿਹਾ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਰੀ ਸਖ਼ੀ ਉਠ ਵੇਖ ਘਨਈਆ, ਗਹਿਰ ਗੰਭੀਰ ਫੇਰਾ ਪਾਈਆ। ਰੀ ਸਖ਼ੀ ਉਹ ਤੇਰੀ ਪਕੜੇ ਬਹੀਆ, ਆਪ ਆਪਣੇ ਅੰਗ ਲਗਾਈਆ। ਰੀ ਸਖ਼ੀ ਸਚ ਚੜ੍ਹਾਏ ਧੁਰ ਦੀ ਨਈਆ, ਨੌਕਾ ਇਕੋ ਇਕ ਵਖਾਈਆ । ਰੀ ਸਖ਼ੀ ਉਹ ਮਾਲਕ ਧੁਰ ਦਾ ਸਈਆ, ਸਾਹਿਬ ਸੁਲਤਾਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਰਿਹਾ ਵਖਾਈਆ। ਨੀ ਸਖ਼ੀ ਕੀ ਸਾਜਣ ਕਹਿੰਦਾ, ਕਹਿ ਕੇ ਗਿਆ ਸੁਣਾਈਆ। ਤੂੰ ਸੰਭਲ ਨਾ ਸਕੀ ਆਪਣਾ ਲਹਿੰਗਾ, ਅੰਗੀ ਅੰਗ ਨਾ ਕੋਇ ਛੁਹਾਈਆ। ਕਮਲੀਏ ਤੈਨੂੰ ਨਹੀਂ ਪਤਾ ਕਿਹੜੇ ਵੇਲੇ ਸਿੰਘਾਸਣ ਤੇਰੀ ਸੇਜਾ ਬਹਿੰਦਾ, ਸੁਖ ਆਸਣ ਡੇਰਾ ਲਾਈਆ। ਕੀ ਬਚਨ ਅਮੋਲਕ ਤੈਨੂੰ ਕਹਿੰਦਾ, ਬਿਨ ਰਸਨਾ ਜਿਹਵਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਰ ਵਖਾਈਆ। ਸਾਵਣ ਕਹੇ ਮੈਂ ਆਇਆ ਫਿਰਦਾ, ਜੁਗ ਚੌਕੜੀ ਵੇਸ ਵਟਾਈਆ। ਰੀ ਸਖ਼ੀ ਤੈਨੂੰ ਨਹੀਂ ਪਤਾ ਮੈਂ ਕੇਤੇ ਜੁਗ ਤੇਰਾ ਸਾਫ਼ ਕਰਦਾ ਰਿਹਾ ਹਿਰਦਾ, ਅੰਦਰ ਵੜ ਕੇ ਕੀਤੀ ਸਫ਼ਾਈਆ। ਤੈਨੂੰ ਪਤਾ ਨਹੀਂ ਕਿਉਂ ਪਿਆਰ ਲੱਭਾ ਦਿਲਬਰ ਦਿਲਦਾਰ ਦਾ, ਮੁਹੱਬਤ ਸਚ ਕਿਉਂ ਜਣਾਈਆ। ਜਿਹੜਾ ਸਾਚਾ ਝੂਲਾ ਦੇਵੇ ਇਕ ਝੂਲਣੇ ਵਾਲੇ ਹੁਲਾਰ ਦਾ, ਜਿਸ ਦਾ ਬਾਢੀ ਨਜ਼ਰ ਕੋਇ ਨਾ ਆਈਆ। ਇਸੇ ਕਰ ਕੇ ਰੂਪ ਧਰਿਆ ਤਰਖਾਣ ਦਾ, ਵਿੰਗੇ ਟੇਹਡੇ ਸਿੱਧੇ ਲਏ ਕਰਾਈਆ। ਇਹ ਲੇਖਾ ਨਹੀਂ ਕਿਸੇ ਅੰਞਾਣ ਦਾ, ਜੋ ਭੁਲ ਵਿਚ ਭੁਲੇਖਾ ਦੇਵੇ ਪਾਈਆ। ਇਹ ਖੇਲ ਓਸ ਭਗਵਾਨ ਦਾ, ਜੋ ਕ੍ਰਿਸ਼ਨ ਵਰਗੇ ਭਗਵਾਨ ਤ੍ਰੈਲੋਕੀ ਵਿਚ ਨਚਾਈਆ। ਉਹ ਕ੍ਰਿਸ਼ਨ ਇਕ ਨਿੱਕੇ ਜਿਹੇ ਖ਼ਾਨਦਾਨ ਦਾ, ਮਹਿਮਾਨ ਕਰ ਕੇ ਤੁਹਾਡੀ ਸੇਵਾ ਵਿਚ ਲਗਾਈਆ। ਸਾਵਣ ਕਹੇ ਮੈਂ ਪਿਛਲੇ ਭੰਗੂੜੇ ਨਹੀਂ ਪਛਾਣਦਾ, ਹੱਥਾਂ ਦੇ ਝੂਲੇ ਵਾਲੀ ਰੀਤ ਰਹੀ ਨਾ ਰਾਈਆ। ਮੈਂ ਰੰਗ ਮਾਨਣਾ ਓਸ ਮਕਾਨ ਦਾ, ਜਿਸ ਨੂੰ ਇੱਟ ਪੱਥਰ ਗਾਰਾ ਨਾ ਕੋਇ ਬਣਾਈਆ। ਰੀ ਸਖ਼ੀ ਇਹ ਵੇਲਾ ਤੇਰੇ ਇਮਤਿਹਾਨ ਦਾ, ਮਿਹਰਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਰੀ ਸਖ਼ੀ ਇਹ ਆਇਆ ਗੋਪਾਲਾ, ਗੋਕਲ ਬਿੰਦਰਾਬਨ ਤਜਾਈਆ। ਰੀ ਸਖ਼ੀ ਇਹ ਆਇਆ ਅਕਾਲਾ, ਅਕਲ ਕਲ ਵਡੀ ਵਡਿਆਈਆ। ਜਿਸ ਤੇਰੀ ਕਾਇਆ ਮੰਦਰ ਬਣਾਈ ਸੱਚੀ ਧਰਮਸਾਲਾ, ਧਰਮ ਦਵਾਰ ਇਕ ਸੁਹਾਈਆ। ਪ੍ਰੇਮ ਪ੍ਰੀਤੀ ਮਾਰਗ ਧੁਰ ਦਾ ਦੇ ਨਿਰਾਲਾ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਦੀਆਂ ਪਾਰ ਨਾ ਕਰਨਾ ਪਏ ਕੋਈ ਉਛਾਲਾ, ਜਮਨਾ ਧਾਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੁਤੜੀ ਦਏ ਮਹਿਕਾਈਆ ।
ਸਾਵਣ ਕਹੇ ਰੁਤੜੀ ਆਈ ਵਡ ਚੰਗੇਰੀ, ਚੰਗੀ ਤਰਾ ਜਣਾਈਆ। ਸਾਚੀ ਸਖ਼ੀ ਸਾਹਿਬ ਦੀ ਚੇਰੀ, ਚਿਰੀ ਵਿਛੁੰਨੀ ਮੇਲ ਮਿਲਾਈਆ। ਮਿਲਦਿਆਂ ਮੂਲ ਨਾ ਲਗੀ ਦੇਰੀ, ਜੁਗਾਂ ਦਾ ਲੇਖਾ ਦਿਤਾ ਢਾਹੀਆ। ਰੈਣ ਪਿਛਲੀ ਚੁਕੇ ਅੰਧੇਰੀ, ਅਗਲਾ ਚੰਦ ਚਮਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਰਿਹਾ ਮਿਲਾਈਆ। ਰੀ ਸਖ਼ੀ ਉਠ ਵੇਖ ਕਾਹਨ, ਬਿਨ ਹੱਥਾਂ ਪੈਰਾਂ ਵਾਲਾ ਨਜ਼ਰੀ ਆਈਆ। ਜਿਸ ਦੀ ਬੰਸਰੀ ਨਾਮ ਧੁਨ ਸੱਚੀ ਮੁਸਕਾਨ, ਮੁਸ਼ਕਲ ਹਲ ਕਰਾਈਆ। ਜਿਸ ਦੇ ਅਗੇ ਮੰਗਣਾ ਆਸਾਨ, ਸਹਿਜ ਸੁਭਾਓ ਦਏ ਵਡਿਆਈਆ। ਜਿਸ ਨੂੰ ਸਜਦੇ ਕਰੇ ਦੋ ਜਹਾਨ, ਨਮਸਤੇ ਵਿਚ ਲੋਕਾਈਆ। ਉਹ ਛਡ ਕੇ ਗੋਕਲ ਬਿੰਦਰਾਬਨ ਨਿਸ਼ਾਨ, ਸਾਢੇ ਤਿੰਨ ਹੱਥ ਅੰਦਰ ਡੇਰਾ ਲਾਈਆ। ਘਰ ਸੱਜਣ ਤਕ ਭਗਵਾਨ, ਭਾਗਾਂ ਭਰੀਏ ਬੈਠਾ ਆਈਆ। ਜਗਤ ਜੁਗਤ ਨਾ ਰਹੀਂ ਨਾਦਾਨ, ਵਕ਼ਤ ਸ਼ਕਤ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਰੁਤੜੀ ਨਾਲ ਮਿਲਾਈਆ । ਸਾਵਣ ਕਹੇ ਮੇਰਾ ਵਕ਼ਤ ਸੁਹੇਲਾ, ਰੁਤੜੀ ਨਾਲ ਮਹਿਕਾਈਆ। ਸਚ ਸਖ਼ੀ ਤੇਰਾ ਸੋਹਣਾ ਮੇਲਾ, ਮਿਲ ਸੱਜਣ ਖ਼ੁਸ਼ੀ ਮਨਾਈਆ। ਤੇਰਾ ਮੰਦਰ ਇਕ ਨਵੇਲਾ, ਸੋਹਣਾ ਦਿਤਾ ਸਜਾਈਆ। ਜਿਥੇ ਵਕ਼ਤ ਨਾ ਹੋਏ ਦੁਹੇਲਾ, ਦੂਜੀ ਵੰਡ ਨਾ ਕੋਇ ਵੰਡਾਈਆ। ਆਪਣਾ ਲਹਿਣਾ ਦੇਣਾ ਲੈ ਲਾ, ਪੂਰਬ ਲੇਖਾ ਝੋਲੀ ਪਾਈਆ। ਮਿਲ ਪ੍ਰੀਤਮ ਰਲ ਕੇ ਬਹਿ ਲਾ, ਬਹੁੜੀ ਬਹੁੜੀ ਨਾ ਕਰ ਦੁਹਾਈਆ। ਜੋ ਖ਼ੁਸ਼ੀਆਂ ਵਿਚ ਕਹਿਣਾ ਸੋ ਕਹਿ ਲਾ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਅੰਦਰੋਂ ਬਾਹਰੋਂ ਦਰਸ ਕਰ ਲਾ ਨੈਣਾਂ, ਬਿਨ ਨੈਣਾਂ ਨੈਣ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਏ ਦ੍ਰਿੜਾਈਆ। ਉਠ ਵੇਖ ਸਖ਼ੀ ਪਰਮ ਪੁਰਖ ਦੀ ਰਾਸ, ਬਿਨ ਗੋਪੀ ਕਾਹਨ ਜਣਾਈਆ। ਬਿਨ ਹੱਥਾਂ ਪੈਰਾਂ ਬਾਹਵਾਂ ਕਰੇ ਨਾਚ, ਮੁਖ ਘੁੰਗਟ ਨਜ਼ਰ ਕਿਸੇ ਨਾ ਆਈਆ । ਸਖ਼ੀ ਕਾਹਨ ਵੇਖ ਕੇ ਕਹੇ ਸ਼ਾਬਾਸ਼, ਸ਼ਾਬਾਸ਼ ਤੇਰੀ ਵਡਿਆਈਆ। ਪੂਰਨ ਪੁੰਨੀ ਆਸ, ਪੂਰਬ ਲੇਖ ਚੁਕਾਈਆ। ਕ੍ਰਿਸ਼ਨ ਤੱਤਾਂ ਨਾਲ ਕੀਤਾ ਖੇਲ ਤਮਾਸ਼, ਪ੍ਰਭ ਜੋਤੀ ਧਾਰ ਆਪਣਾ ਭੇਵ ਜਣਾਈਆ। ਉਹ ਤਨ ਬਸਤਰ ਪਹਿਨਦਾ ਰਿਹਾ ਲਿਬਾਸ, ਇਹ ਸ਼ਬਦੀ ਰੂਪ ਸਮਾਈਆ। ਉਹ ਜਮਨਾ ਦੇ ਔਂਦਾ ਰਿਹਾ ਘਾਟ, ਇਹ ਤੁਹਾਡੇ ਅੰਦਰ ਡੇਰਾ ਲਾਈਆ। ਉਹ ਭੰਨਦਾ ਰਿਹਾ ਕਾਚੀ ਮਟਕੀ ਮਾਟ, ਇਹ ਬਜਰ ਕਪਾਟੀ ਤੋੜ ਤੁੜਾਈਆ। ਉਹ ਸਖ਼ੀਆਂ ਨਾਲ ਮਿਲੌਂਦਾ ਰਿਹਾ ਹਾਥ, ਇਹ ਆਤਮ ਪਰਮਾਤਮ ਜੋੜ ਜੁੜਾਈਆ। ਉਹ ਗਵਰਧਨ ਚੁਕ ਕੇ ਕਰਦਾ ਰਿਹਾ ਰਾਖ, ਇਹ ਏਥੇ ਓਥੇ ਦੋ ਜਹਾਨਾਂ ਹੋਏ ਸਹਾਈਆ। ਉਹ ਹਲਕਾਰਿਆਂ ਹੱਥੀਂ ਭੇਜਦਾ ਰਿਹਾ ਡਾਕ, ਇਹ ਸ਼ਬਦੀ ਸ਼ਬਦ ਜਣਾਈਆ। ਉਹ ਵਲੀਆ ਛਲੀਆ ਬਣਦਾ ਰਿਹਾ ਚਾਲਾਕ, ਰਾਧਾ ਰੁਕਮਣੀ ਅੰਗ ਲਗਾਈਆ। ਇਹ ਤਨ ਮਾਟੀ ਖ਼ਾਕੀ ਕੂੜੀ ਛਡ ਕੇ ਖ਼ਾਕ, ਨੂਰ ਜ਼ਹੂਰ ਰਿਹਾ ਵਖਾਈਆ। ਉਹ ਤੱਤਾਂ ਵਾਲੇ ਝੂਲੇ ਝੂਲਦਾ ਰਿਹਾ ਸਾਖ਼ਿਆਤ, ਸਹਾਰੇ ਦੂਜਿਆਂ ਆਪਣਾ ਆਪ ਹਿਲਾਈਆ। ਇਹ ਪਰਮਾਤਮ ਦਾ ਬਣ ਕੇ ਸਾਕ, ਇਤਫ਼ਾਕ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਕਰਨੀ ਕਰ ਵਖਾਈਆ। ਰੀ ਸਖ਼ੀ ਉਹ ਝੂਲਾ ਸੋਨਾ ਚਾਂਦੀ, ਹੀਰੇ ਮੋਤੀ ਨਾਲ ਜੁੜਾਈਆ। ਉਸ ਦੇ ਢੋਲੇ ਸਖ਼ੀ ਜਿਹਵਾ ਗਾਂਦੀ, ਰਸਨਾ ਨਾਲ ਵਡਿਆਈਆ। ਉਸ ਦੀ ਸੇਜ ਬਿਸਤਰ ਵਾਲੀ ਸੁਹਾਂਦੀ, ਖਟੀਆ ਨਾਲ ਵਡਿਆਈਆ। ਉਸ ਦੀ ਤੱਤਾਂ ਵਾਲੀ ਬਾਂਦੀ, ਹੱਥਾਂ ਨਾਲ ਸੇਵ ਕਮਾਈਆ। ਉਸ ਦੇ ਲੁਟੇਰੇ
ਬਣੇ ਜਾਂਞੀ, ਜਿਸ ਨੇ ਘਰ ਦੀ ਘਰ ਕਰੀ ਕੁੜਮਾਈਆ। ਉਹ ਤੱਤਾਂ ਦਾ ਸਵਾਲੀ, ਛਲੀਆ ਜਗਤ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਰੀ ਸਖ਼ੀ ਇਹ ਸਖ਼ੀਆਂ ਦਾ ਮੁਰਾਰ, ਬਿਨਾ ਮੁਰਲੀ ਮੁਰਲੀ ਰਿਹਾ ਵਜਾਈਆ। ਰੀ ਸਖ਼ੀ ਬਿਨਾ ਤੱਤਾਂ ਇਹ ਕਰੇ ਉਧਾਰ, ਸਰਬ ਉਧਾਰੀ ਬੇਪਰਵਾਹੀਆ। ਰੀ ਸਖ਼ੀ ਜਿਸ ਦੀ ਸਦਾ ਸਾਵਣ ਵਾਲੀ ਬਹਾਰ, ਪਵਣ ਠੰਡੀ ਰਿਹਾ ਵਗਾਈਆ । ਰੀ ਸਖ਼ੀ ਜਿਸ ਦੇ ਝੂਲੇ ਦੀ ਚਮਤਕਾਰ, ਬਿਨ ਸੋਨੇ ਚਾਂਦੀ ਡਗਮਗਾਈਆ । ਰੀ ਸਖ਼ੀ ਜਿਸ ਦੀ ਸੇਜ ਬਿਨ ਲੇਫ ਤਲਾਈ ਹੋਏ ਤਿਆਰ, ਆਤਮ ਅੰਤਰ ਰਿਹਾ ਸੁਹਾਈਆ। ਰੀ ਸਖ਼ੀ ਜਿਸ ਦਾ ਹੱਥਾਂ ਵਾਲਾ ਨਹੀਂ ਪਿਆਰ, ਸ਼ਬਦੀ ਸ਼ਬਦ ਜੋੜ ਜੁੜਾਈਆ। ਰੀ ਸਖ਼ੀ ਸੋ ਸਾਹਿਬ ਸਵਾਮੀ ਅੰਤਰਜਾਮੀ ਮਿਲਿਆ ਆਣ, ਸ੍ਰੀ ਭਗਵਾਨ ਵੱਡੀ ਵਡਿਆਈਆ। ਉਠ ਵੇਖ ਲੈ ਮਾਰ ਧਿਆਨ, ਅੱਖ ਅੱਖ ਨਾਲ ਮਿਲਾਈਆ। ਬਾਲੀ ਬੁਧਿ ਨਾ ਰਹੇ ਅੰਞਾਣ, ਸੁਰਤੀ ਸੁਰਤ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦਏ ਸੁਹਾਈਆ। ਸੁਣ ਸਖ਼ੀ ਸੱਚੀ ਇਕ ਬਾਤ, ਬਾਤਨ ਦਿਆਂ ਜਣਾਈਆ। ਸਾਵਣ ਕਹੇ ਮੇਰੀ ਸੁਹੰਜਣੀ ਰਾਤ, ਭਿੰਨੜੀ ਰੈਣ ਨਾਲ ਮਿਲਾਈਆ। ਉਠ ਵਸੀਏ ਧਾਮ ਇਕਾਂਤ, ਜਿਥੇ ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਨਾ ਕੋਈ ਰਸਨਾ ਜਿਹਵਾ ਵਾਲੀ ਕਰੇ ਬਾਤ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਨਾ ਕੋਈ ਸੱਜਣ ਨਾ ਕੋਈ ਸਾਕ, ਨਾ ਕੋਈ ਗਵਾਲ ਬਾਲਾ ਨਜ਼ਰੀ ਆਈਆ। ਨਾ ਕੋਈ ਦਹੀਂ ਦੂਧ ਵਾਲੀ ਭਾਤ, ਨਾ ਕੋਈ ਮਟਕੇ ਸੀਸ ਟਿਕਾਈਆ । ਨਾ ਛੁਪਣਾ ਪਏ ਅੰਧੇਰੀ ਰਾਤ, ਨਾ ਕੋਈ ਤਾਅਨੇ ਦਏ ਲੋਕਾਈਆ। ਨਾ ਕੋਈ ਪੜ੍ਹਨੀ ਪਏ ਜਮਾਤ, ਨਾ ਕੋਈ ਵਿਦਿਆ ਕਰੇ ਲੜਾਈਆ। ਨਾ ਕੋਈ ਮੰਦਰ ਕਰਨਾ ਪਏ ਤਲਾਸ਼, ਨਾ ਕੋਈ ਮੱਠਾਂ ਖੋਜ ਖੁਜਾਈਆ। ਨਾ ਕੋਈ ਭੈ ਵਿਚ ਲੈਣਾ ਪਏ ਸਵਾਸ, ਨਾ ਕੋਈ ਨੈਣਾਂ ਨੀਰ ਵਹਾਈਆ । ਨਾ ਕੋਈ ਪੈਰਾਂ ਨਾਲ ਨਚ ਕੇ ਪੌਣੀ ਪਏ ਰਾਸ, ਨਾ ਕੋਈ ਹੱਥਾਂ ਵਾਲਾ ਤਾਲ ਵਜਾਈਆ। ਨਾ ਕੋਈ ਬਦਲਣਾ ਪਏ ਲਿਬਾਸ, ਨਾ ਕੋਈ ਰੇਖਾ ਸਕੇ ਬਦਲਾਈਆ। ਨਾ ਕੋਈ ਕੱਜਲ ਪੌਣਾ ਪਏ ਅੱਖ, ਨਾ ਕੋਈ ਬਿੰਦੀ ਟਿੱਕਾ ਮਸਤਕ ਲਾਈਆ। ਨਾ ਕੋਈ ਹੱਥ ਡਾਹ ਕੇ ਮੰਗਣਾ ਪਏ ਹਕ, ਨਾ ਕੋਈ ਦੀਪਕ ਵਾਲੀ ਥਾਲੀ ਲਏ ਫਿਰਾਈਆ। ਨਾ ਕੋਈ ਨਕ ਬਲਾਕ ਪੌਣੀ ਪਏ ਨੱਥ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਨਾ ਕੋਈ ਦੰਦਾਸਾ ਮਲਣਾ ਪਏ ਸੱਕ, ਕੂੜਾ ਰੰਗ ਨਾ ਕੋਇ ਚੜ੍ਹਾਈਆ। ਨਾ ਕੋਈ ਗ਼ੁੱਸੇ ਵਿਚ ਖਾਵੇ ਵਟ, ਨਾ ਕੋਈ ਨੈਣ ਸਕੇ ਬਦਲਾਈਆ। ਨਾ ਕੋਈ ਰੋਸੇ ਵਿਚ ਕਹੇ ਕ੍ਰਿਸ਼ਨਾ ਪਿਛੇ ਹਟ, ਤੇਰੀ ਲੋੜ ਰਹੀ ਨਾ ਰਾਈਆ। ਇਹ ਓਸ ਵੇਲੇ ਦੀ ਬਾਤ, ਜਿਸ ਵੇਲੇ ਨੌ ਵਾਰ ਰਾਧਾ ਸੁਖਨ ਦਿਤਾ ਉਲਟਾਈਆ। ਕ੍ਰਿਸ਼ਨ ਕਿਹਾ ਮੇਰਾ ਭਗਵਨ ਅਗੇ ਬਦਲ ਦੇਵੇ ਰਿਵਾਜ, ਮਿਹਰਵਾਨ ਬੇਪਰਵਾਹੀਆ। ਜੋ ਸਖ਼ੀਆਂ ਦੀ ਪਾਵੇ ਰਾਸ, ਗੁਰਮੁਖ ਸਖ਼ੀਆਂ ਲਏ ਪਰਗਟਾਈਆ। ਜਿਨ੍ਹਾਂ ਦੇ ਅੰਦਰ ਮਿਲਣ ਦੀ ਪਿਆਸ, ਇਕ ਧਿਆਨ ਦ੍ਰਿੜਾਈਆ। ਉਨ੍ਹਾਂ ਨੂੰ ਨੱਚਣ ਟੱਪਣ ਕੁੱਦਣ ਦੀ ਦੱਸ ਦਏ ਜਾਚ, ਜਾਚਕ ਆਪਣੇ ਲਏ ਬਣਾਈਆ। ਉਨ੍ਹਾਂ ਦੇ ਮਸਤਕ ਨੂਰੀ ਜੋਤ ਧਾਰ ਮਹਿਤਾਬ, ਮਹਿਬੂਬ ਮੁਹੱਬਤ ਵਿਚ ਵੇਖ ਵਖਾਈਆ। ਸਾਚਾ ਪ੍ਰੇਮੀ ਬਣ ਕੇ ਅਹਿਬਾਬ, ਅਵਲ ਦਿਸੇ ਨੂਰ ਖ਼ੁਦਾਈਆ। ਝੂਲਿਆਂ ਵਾਲਾ ਖੋਲ੍ਹ ਕੇ ਰਾਜ਼, ਹੁਲਾਰਾ ਇਕੋ ਦਏ ਲਗਾਈਆ। ਰਮਜ਼ ਸਮਝ ਕੇ ਆਪਣੀ ਆਪ, ਆਪੇ ਹੁਕਮ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ
ਦਾ ਹੁਕਮ ਇਕ ਵਰਤਾਈਆ। ਰਾਧਾ ਕਹੇ ਨਿਰਗੁਣ ਓਹ ਆਇਆ ਸਵਾਮੀ, ਸੋਹਣਾ ਰੂਪ ਵਟਾਈਆ। ਨੀ ਭਗਤਾਂ ਦਾ ਭਗਤ ਅੰਤਰਜਾਮੀ, ਪਾਰਬ੍ਰਹਮ ਬੇਪਰਵਾਹੀਆ। ਨੀ ਸਖ਼ੀਏ ਜਿਸ ਦੇ ਕਾਰਨ ਸਿਰ ਤੇ ਮਟਕੇ ਚੁਕਦੀ ਰਹੀ ਪਾਣੀ, ਪਨਘਟ ਉਤੇ ਫੇਰੀ ਪਾਈਆ। ਜਿਸ ਦੇ ਹਨੋਰੇ ਮਰੋੜੇ ਨਾਲ ਗੌਂਦੀ ਰਹੀ ਬਾਣੀ, ਸ਼ਾਮ ਸ਼ਾਮ ਕਹਿ ਕੇ ਰਾਗ ਅਲਾਈਆ। ਜਿਸ ਦੇ ਕੋਲੋਂ ਇਕ ਫੇਰੇ ਦੀ ਮੰਗਦੀ ਰਹੀ ਦਵਾਨੀ, ਦੁਨੀਆ ਵਾਲੀ ਰਾਸ ਜਗਤ ਰਚਾਈਆ। ਸਖ਼ੀਏ ਓਹ ਤੇਰਾ ਕਾਹਨ ਹੋ ਗਿਆ ਫ਼ਾਨੀ, ਜਿਸ ਦੀ ਦਿਸੇ ਨਾ ਕੋਇ ਨਿਸ਼ਾਨੀ, ਪੰਜ ਤੱਤਾਂ ਕਰੀ ਜੁਦਾਈਆ। ਆ ਤੈਨੂੰ ਵਖਾਵਾਂ ਜੋ ਸਦਾ ਕਰੇ ਮਿਹਰਵਾਨੀ, ਗਲ ਲਗਾਵੇ ਬਾਲ ਅੰਞਾਣੀ, ਬਖ਼ਸ਼ੇ ਇਕੋ ਚਰਨ ਧਿਆਨੀ, ਜਿਸ ਦੇ ਦਰ ਮੰਗ ਕੇ ਦੇਣੀ ਨਾ ਪਏ ਦਵਾਨੀ, ਦੋਹਰਾ ਆਪਣਾ ਰੰਗ ਰੰਗਾਈਆ। ਰੀ ਸਖ਼ੀ ਮੈਂ ਵੇਖਿਆ ਤੇਰਾ ਸਾਵਲ ਸੁੰਦਰ, ਸੋਹਣਾ ਨਜ਼ਰੀ ਆਈਆ। ਕੰਨੀਂ ਨਾ ਕੋਈ ਕੁੰਡਲ ਨਾ ਕੋਈ ਮੁੰਦਰ, ਨਾ ਕੋਈ ਵੇਸ ਵਟਾਈਆ । ਹਾਏ ਮੈਂ ਕਿਸ ਤਰਾ ਇਹਦੇ ਵਲ ਕਰਾਂ ਉਂਗਲ, ਮੇਰੇ ਨੈਣ ਰਹੇ ਸ਼ਰਮਾਈਆ। ਇਹਦਾ ਰੂਪ ਅਨੂਪ ਪਤਾ ਨਹੀਂ ਡੁਲ੍ਹਿਆ ਕਿਹੜੇ ਕੁੰਦਨ, ਸਮਝ ਨਾ ਕੋਇ ਰਖਾਈਆ। ਮੈਂ ਸ਼ਰਮ ਦੀ ਮਾਰੀ ਆਈ ਮੰਗਣ, ਆਪਣਾ ਮੁਖ ਛੁਪਾਈਆ। ਇਹਨਾਂ ਸਖ਼ੀਆਂ ਨੂੰ ਆਈ ਪੁਛਣ ਨੀ ਦੱਸੋ ਕਿਹੋ ਜਿਹਾ ਤੁਹਾਡਾ ਕੁੰਦਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਗੁਰਮੁਖ ਗੋਪੀ ਕਹੇ ਨੀ ਮੈਂ ਕੀ ਦੱਸਾਂ, ਰਾਧਾ ਤੈਨੂੰ ਸਮਝ ਅਜੇ ਨਾ ਆਈਆ। ਜਿਸ ਨੇ ਸਾਡੇ ਅੰਦਰ ਲਾਈਆਂ ਅੱਖਾਂ, ਬਾਹਰੋਂ ਕੀਤੀ ਬੀਨਾਈਆ। ਅਸਾਂ ਲਭਿਆ ਮਸਾਂ ਮਸਾਂ, ਜੋ ਮਸਖ਼ਰਾ ਹੱਥ ਕਿਸੇ ਨਾ ਆਈਆ। ਜਿਸ ਨੂੰ ਮਥਰਾ ਰੋਂਦੀ ਰਹੀ ਮਲ ਮਲ ਅੱਖਾਂ, ਗੋਕਲ ਬਿੰਦਰਾ ਰਿਹਾ ਕੁਰਲਾਈਆ। ਜਿਸ ਨੂੰ ਖੋਜਦੇ ਤੀਰਥ ਤੱਟਾਂ, ਤਟ ਕਿਨਾਰੇ ਸਾਰ ਕਿਸੇ ਨਾ ਪਾਈਆ। ਉਹ ਵਸਿਆ ਗੁਰਮੁਖ ਕਾਇਆ ਮੱਟਾਂ, ਪੰਜ ਤਤ ਮਿੱਟੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਰੀ ਸਖ਼ੀ ਕੀ ਉਸ ਦਾ ਰੂਪ, ਕੁਛ ਮੈਨੂੰ ਦੇ ਜਣਾਈਆ। ਨੀ ਉਹ ਕਿਸ ਦਾ ਪੂਤ, ਕਵਣ ਮਾਤ ਗੋਦੀ ਰਹੀ ਉਠਾਈਆ। ਵਸੇ ਕਿਹੜੀ ਕੂਟ, ਕਵਣ ਕਿਨਾਰੇ ਡੇਰਾ ਲਾਈਆ। ਕਵਣ ਸੁਹਾਵੇ ਰੂਤ, ਕਵਣ ਰੰਗ ਚੜ੍ਹਾਈਆ । ਗੁਰਮੁਖ ਕਹੇ ਕਮਲੀਏ ਤੈਨੂੰ ਕੋਈ ਨਹੀਂ ਸੂਝ, ਤੈਨੂੰ ਦਿਆਂ ਜਣਾਈਆ। ਜਿਸ ਦੇ ਵਿਚ ਨਹੀਂ ਕੋਈ ਦੂਜ, ਗੁਰਮੁਖ ਸਖ਼ੀਆਂ ਇਕੋ ਰੰਗ ਰੰਗਾਈਆ । ਉਹ ਕਿਸੇ ਦਾ ਨਹੀਂ ਪੂਤ, ਪਿਤਾ ਮਾਂ ਨਾ ਕੋਇ ਬਣਾਈਆ। ਉਸ ਦਾ ਕੋਈ ਨਾ ਦੇਵੇ ਸਬੂਤ, ਭੇਵ ਦੱਸੇ ਨਾ ਕੋਇ ਖੁਲ੍ਹਾਈਆ। ਅਸੀਂ ਇਕੋ ਸਮਝੀਏ ਉਹ ਸਭ ਦਾ ਮਾਲਕ ਮਹਿਬੂਬ, ਮੁਹੱਬਤ ਵਿਚ ਡੇਰਾ ਲਾਈਆ। ਜਿਸ ਦਾ ਤਤ ਨਾ ਵਜੂਦ, ਵਸੇ ਅਰਸ਼ ਕ਼ੁਰਸ਼ ਅਰੂਜ, ਹਕ ਮੁਕਾਮੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਖ਼ੀ ਕਹੇ ਮੈਂ ਰਾਸ ਪੌਣ ਲਗੀ ਹੱਥ ਧਰਾਂ ਬੱਖੀ, ਆਪਣਾ ਵੇਸ ਵਟਾਈਆ। ਸੱਜੇ ਹੱਥ ਵਿਚ ਫੜਾਂ ਪੱਖੀ, ਪਵਣ ਹੁਲਾਰਾ ਦਿਆਂ ਜਣਾਈਆ। ਮੈਂ ਨੇਤਰ ਚੁਕ ਕੇ ਵੇਖਾਂ ਅੱਖੀਂ, ਚਾਰੋਂ ਕੁੰਟ ਖੋਜ ਖੁਜਾਈਆ। ਨੀ ਮੈਂ ਕੂੜਾ ਰੰਗ ਚੜ੍ਹਾਇਆ ਖ਼ਰੀਦ ਕੇ ਵਿਚੋਂ ਹੱਟੀ, ਆਪਣਾ ਰੰਗ ਬਦਲਾਈਆ। ਮੈਂ ਬਹਾਨਾ ਕਰ ਕੇ ਆਪਣੇ ਗੁਟ ਨੂੰ ਬੰਨ੍ਹੀ ਪੱਟੀ, ਕੂੜਾ ਵੇਸ ਵਟਾਈਆ। ਮੱਥੇ ਲਾ ਕੇ ਲਾਲ ਰੰਗ ਰਤੀ, ਆਪਣੀ ਰਤ ਲਈ ਬਦਲਾਈਆ। ਮੈਂ ਅੰਦਰੋਂ ਬਾਹਰੋਂ ਵੇਖ ਕੇ ਰਹੀ ਨਾ ਯਤੀ, ਮੇਰਾ ਮਨ ਗਿਆ ਚੁਰਾਈਆ। ਗੁਰਸਿਖ
ਕਿਹਾ ਨੀ ਰਾਧਾ ਉਹ ਤੱਤਾਂ ਵਾਲਾ ਨਹੀਂ ਪਤੀ, ਜੋ ਵਿਸ਼ਿਆਂ ਵਿਚ ਆਪਣਾ ਆਪ ਗਵਾਈਆ । ਉਹ ਸਾਹਿਬ ਸਵਾਮੀ ਅੰਤਰਜਾਮੀ ਘਟ ਵਸੇਰਾ ਜਿਸ ਵਿਚ ਫ਼ਰਕ ਜ਼ਰਾ ਨਹੀਂ ਰਤੀ, ਗੁਰਮੁਖ ਰਤਨ ਅਮੋਲਕ ਹੀਰੇ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਪੀ ਕਹੇ ਜਿਸ ਵੇਲੇ ਮੈਂ ਲਕ ਨੂੰ ਦਿਆਂ ਮਰੋੜਾ, ਘੁੰਮਰ ਆਪਣੀ ਪਾਈਆ। ਕ੍ਰਿਸ਼ਨ ਦਾ ਬੰਸਰੀ ਵਾਲਾ ਤੋੜਾ, ਮੈਨੂੰ ਅੰਦਰੋਂ ਦਏ ਸਤਾਈਆ। ਮੇਰੇ ਪੈਰ ਦਾ ਜੋੜਾ, ਜੋੜਾ ਅੱਡੀ ਦਏ ਹਿਲਾਈਆ। ਮੇਰੇ ਮੁਖ ਚੋਂ ਨਿਕਲੇ ਦੋਹਰਾ, ਸੋਹਣਾ ਰਾਗ ਸੁਣਾਈਆ। ਜਿਸ ਵੇਲੇ ਮੈਂ ਸਚ ਪ੍ਰੇਮ ਮੰਗਾਂ ਮੈਨੂੰ ਕ੍ਰਿਸ਼ਨ ਜਵਾਬ ਦਏ ਕੋਰਾ, ਮੈਂ ਕੁੜੀਆਂ ਦੀ ਕੁੜੀ ਕੁੜੀਆਂ ਵਰਗੀ ਨਜ਼ਰੀ ਆਈਆ । ਮੇਰਾ ਅਜੇ ਤਕ ਨਾ ਗਿਆ ਝੋਰਾ, ਝੁਰਦਿਆਂ ਝੁਰਦਿਆਂ ਇਹ ਵੇਲਾ ਪਹੁੰਚਿਆਂ ਵਕ਼ਤ ਗਿਆ ਸੁਹਾਈਆ। ਜਿਸ ਦੀ ਪੈ ਗਈ ਸਾਚੀ ਲੋੜਾ, ਸੋ ਆਇਆ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ । ਰਾਸ ਕਹੇ ਇਕ ਦਿਨ ਸਖ਼ੀਆਂ ਕੀਤਾ ਇਕੱਠ, ਕ੍ਰਿਸ਼ਨ ਲਿਆ ਮਨਾਈਆ। ਕਾਹਨਾ ਸਾਨੂੰ ਦੱਸ, ਤੇਰੇ ਅਗੇ ਝੋਲੀ ਡਾਹੀਆ। ਕਿਉਂ ਸਾਨੂੰ ਕੀਤਾ ਵਸ, ਲਜਿਆ ਜਗਤ ਗਵਾਈਆ। ਕਿਉਂ ਮਿਲਾਵੇਂ ਅੱਖ ਨਾਲ ਅੱਖ, ਨੇਤਰ ਨੈਣ ਨੈਣ ਮਟਕਾਈਆ। ਮਾਰੇਂ ਵਿਛੋੜੇ ਵਾਲੀ ਸੱਟ, ਭੇਵ ਅਭੇਦਾ ਦੇ ਖੁਲ੍ਹਾਈਆ । ਤਿੰਨਾਂ ਸਖ਼ੀਆਂ ਮਾਰ ਕੇ ਕ੍ਰਿਸ਼ਨ ਦੇ ਪਟਾਂ ਤੇ ਹੱਥ, ਹੱਥ ਉਤੇ ਦਿਤੇ ਲਗਾਈਆ। ਕੀ ਤੂੰ ਤ੍ਰੈਲੋਕੀ ਵਿਚ ਸਕੇਂ ਰੱਖ, ਕਿ ਬਾਹਰ ਵੀ ਦਏਂ ਕਢਾਈਆ। ਓਨ ਕਿਹਾ ਇਹ ਨਹੀਂ ਮੇਰੇ ਵਸ, ਇਹ ਜਾਣੇ ਬੇਪਰਵਾਹੀਆ। ਮੈਂ ਤੇ ਸਿਰਫ਼ ਮਾਰਨ ਵਾਲਾ ਮੱਛ, ਜਗਤ ਖੇਲ ਵਿਚ ਵਡਿਆਈਆ। ਖ਼ੁਸ਼ੀ ਨਾਲ ਤੁਹਾਡੇ ਅਗੇ ਜਾਵਾਂ ਢਠ, ਕ੍ਰਿਸ਼ਨ ਕਹਿ ਕੇ ਰਿਹਾ ਸਮਝਾਈਆ। ਜਿਸ ਵੇਲੇ ਆਵੇ ਮੇਰਾ ਪੁਰਖ ਸਮਰਥ, ਕਾਹਨਾਂ ਦਾ ਕਾਹਨ ਨਜ਼ਰੀ ਆਈਆ। ਨੀ ਸਖ਼ੀਓ ਤੁਹਾਨੂੰ ਉਹ ਆਪਣਾ ਸੋਹਣਾ ਨਾਚ ਦੇਵੇ ਦੱਸ, ਜੋ ਤੁਹਾਡੇ ਅੰਦਰ ਵੜ ਕੇ ਤੁਹਾਡੀ ਕਾਇਆ ਦਏ ਬਦਲਾਈਆ। ਤੁਸੀਂ ਹੋ ਜਾਓ ਬੇਵਸ, ਉਹਦੀ ਚਰਨੀ ਡਿੱਗੋ ਵਾਹੋ ਦਾਹੀਆ। ਤੁਹਾਡੇ ਰੰਗਲੇ ਹੋ ਜਾਣ ਹੱਥ, ਤੁਹਾਡੀ ਕੱਜਲ ਪੈ ਜਾਏ ਅੱਖ, ਨੇਤਰ ਨਾਮ ਕਰੇ ਰੁਸ਼ਨਾਈਆ। ਤੁਹਾਨੂੰ ਆਤਮ ਸੇਜਾ ਸੌਣ ਦਾ ਦੇ ਦਏ ਹਕ, ਕੂੜੇ ਨਾਤੇ ਦਏ ਤੁੜਾਈਆ। ਕਮਲੀਏ ਤੁਹਾਥੋਂ ਕਦੀ ਨਾ ਹੋਵੇ ਵਖ, ਬਿਸਤਰ ਇਕੋ ਲਏ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਰਾਸ ਦਏ ਬਣਾਈਆ। ਰਾਸ ਕਹੇ ਮੈਂ ਵੇਖਾਂ ਰਸੀਆ, ਰਹਿਬਰ ਨੂਰ ਖ਼ੁਦਾਈਆ। ਜਿਸ ਨੂੰ ਕਦੀ ਕਿਸੇ ਨਾ ਬੱਧਾ ਨਾਲ ਰੱਸੀਆਂ, ਰਸਤੇ ਵਿਚ ਨਾ ਕੋਇ ਅਟਕਾਈਆ। ਜਿਹੜਾ ਵਸਿਆ ਕਦੀ ਨਾ ਗੋਕਲ ਵਰਗੀਆਂ ਵਸਤੀਆਂ, ਵਸਤੀ ਆਪਣੀ ਵਖਰੀ ਇਕ ਪਰਗਟਾਈਆ। ਜਿਸ ਦੇ ਨਾਲ ਦੰਦਾਂ ਵਾਲੀਆਂ ਗੋਪੀਆਂ ਕਦੇ ਨਾ ਹੱਸੀਆਂ, ਅੰਤਰ ਆਤਮ ਖ਼ੁਸ਼ੀ ਮਨਾਈਆ। ਓਧਰੋਂ ਸਾਵਣ ਕਹੇ ਉਹ ਹੋਣੀਆਂ ਅੱਜ ਇੱਕਠੀਆਂ, ਜੋ ਜੁਗ ਵਿਛੜੀਆਂ ਬੈਠੀਆਂ ਧਿਆਨ ਲਗਾਈਆ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀਆਂ ਰਤੀਆਂ, ਰੰਗ ਰਤੜਾ ਆਪਣਾ ਰੰਗ ਰਿਹਾ ਰੰਗਾਈਆ। ਏਥੇ ਕੋਈ ਹਿੱਸੇ ਵਾਲੀਆਂ ਨਹੀਂ ਪੱਤੀਆਂ, ਪਤਰਿਆਂ ਵਾਲੀ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਸਾਵਣ ਕਹੇ ਅੱਜ ਵੇਖਣਾ ਨਾਚ ਗਾਣਾ, ਆਪਣੀ ਆਸ ਜਣਾਈਆ। ਅੱਜ ਵੇਖਣਾ ਉਹ ਟਿਕਾਣਾ, ਜਿਥੇ ਸਖ਼ੀਆਂ ਮਿਲੇ ਵਡਿਆਈਆ। ਅੱਜ ਵੇਖਣਾ ਉਹ ਨਿਸ਼ਾਨਾ, ਜੋ ਨਿਸ਼ਾਨੇ ਰਿਹਾ ਲਗਾਈਆ। ਅੱਜ ਵੇਖਣਾ
ਉਹ ਕਾਹਨਾ, ਜਿਹੜਾ ਕਾਹਨ ਰਿਹਾ ਬਣਾਈਆ। ਅੱਜ ਵੇਖਣਾ ਉਹ ਭਗਵਾਨਾ, ਜੋ ਭਗਤ ਵਛਲ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਾਵਣ ਕਹੇ ਮੈਂ ਮਹੀਨਾ ਆਵਾਂ ਪਰਤ, ਸਦ ਸਦ ਵੇਸ ਵਟਾਈਆ। ਮੇਰੀ ਸੋਭਾ ਉਤੇ ਧਰਤ, ਧਵਲ ਵਜੇ ਵਧਾਈਆ। ਮੇਰਾ ਮਾਣ ਉਤੇ ਫ਼ਰਸ਼, ਅਰਸ਼ ਖ਼ੁਸ਼ੀ ਵਖਾਈਆ। ਮੈਂ ਗਰਮ ਤੋਂ ਕਰਾਂ ਸਰਦ, ਠੰਡਕ ਇਕ ਵਰਤਾਈਆ। ਪ੍ਰੇਮੀਆਂ ਦੀ ਵੰਡਾਂ ਦਰਦ, ਪਿਆਰਾ ਪ੍ਰੀਤਮ ਦਿਆਂ ਮਿਲਾਈਆ। ਸਖ਼ੀਆਂ ਦੀ ਸੁਣਾਂ ਅਰਜ਼, ਆਰਜ਼ੂ ਅਗੇ ਧਿਆਨ ਜਣਾਈਆ। ਮੇਰਾ ਖੇਲ ਇਹੋ ਅਸਚਰਜ, ਜੋ ਭਗਤਾਂ ਅੰਦਰ ਪ੍ਰੇਮ ਝੂਲੇ ਦਿਆਂ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਾਵਣ ਕਹੇ ਪ੍ਰੇਮ ਝੂਲਾ ਕਰੇ ਝਿਲਮਿਲ, ਝਲਕ ਆਪਣੀ ਰਿਹਾ ਵਖਾਈਆ। ਗੁਰਮੁਖਾਂ ਨੂੰ ਦਿਸੇ ਪਾਰ ਓਸ ਤਿਲ, ਜਿਸ ਤਿਲ ਪਿਛੇ ਫਿਰਦੀ ਰਹੀ ਲੋਕਾਈਆ। ਜਿਨ੍ਹਾਂ ਦਾ ਸਾਹਿਬ ਨਾਲ ਮਿਲ ਗਿਆ ਦਿਲ, ਉਹ ਦਿਲਦਾਰ ਗਏ ਮਨਾਈਆ। ਉਨ੍ਹਾਂ ਦੇ ਪ੍ਰੇਮ ਗ਼ੁੰਚੇ ਗਏ ਖਿਲ, ਪੱਤ ਟਹਿਣੀ ਨਾਲ ਮਹਿਕਾਈਆ। ਉਹ ਬਿਨਾ ਕਰਦ ਛੁਰੀ ਹੋਏ ਬਿਸਮਿਲ, ਆਪਣਾ ਆਪ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸੰਦੇਸ਼ਾ ਦਏ ਜਣਾਈਆ। ਗੋਪੀ ਕਾਹਨ ਰਾਸ ਪੌਣ ਦੀ ਖੇਲ ਨਿੱਕੀ, ਨਿਕਿਆਂ ਵਡਿਆਂ ਦਿਆਂ ਜਣਾਈਆ। ਜਨ ਭਗਤੋ ਇਸ ਤੋਂ ਉਪਰ ਬੜੀ ਦੂਰ ਸਿੱਖੀ, ਜੋ ਸਾਖ਼ਿਆਤ ਦਿਆਂ ਸਮਝਾਈਆ । ਜਿਸ ਦੀ ਪੁਰਖ ਅਕਾਲ ਕੋਲ ਅਗੰਮੀ ਚਿੱਠੀ, ਗੋਬਿੰਦ ਹੱਥ ਫੜਾਈਆ। ਜਿਸ ਦੀ ਔਣ ਵਾਲੀ ਵਾਰ ਥਿਤੀ, ਰੁਤ ਮਹੀਨਾ ਉਸ ਦੀ ਦਏ ਗਵਾਹੀਆ। ਜਿਨ੍ਹਾਂ ਨੇ ਗੋਦਾਵਰੀ ਕੰਢੇ ਜਾਣਾ ਉਹ ਆਪਣੀ ਅੰਤਰ ਕਰ ਲਓ ਸਿੱਧੀ, ਸਿੱਧਾ ਹੋ ਕੇ ਰਿਹਾ ਜਣਾਈਆ। ਜੇ ਕਿਸੇ ਦੀ ਮਨ ਵਾਸਨਾ ਰਹਿ ਗਈ ਵਿੰਗੀ, ਪੰਦਰਾਂ ਦਿਨ ਪਹਿਲੋਂ ਲਿਸਟ ਵਿਚੋਂ ਦਏ ਕਢਾਈਆ। ਫੇਰ ਨਾ ਕਿਹੋ ਜਗਤ ਮਸਾਲ ਮਸ਼ਹੂਰ ਜਨਾਨੀਆਂ ਮਤਿ ਗਿੱਚੀ, ਗਰਦਨ ਕੰਮ ਕਿਸੇ ਨਾ ਆਈਆ। ਜਿਹੜੀ ਗੋਬਿੰਦ ਦੀ ਬਣ ਗਈ ਇੱਕੀ, ਉਹ ਇਕੋ ਰੂਪ ਦਏ ਪਰਗਟਾਈਆ। ਉਨ੍ਹਾਂ ਦੇ ਅੰਦਰੋਂ ਇਕੋ ਆਵਾਜ ਨਿਕਲੇ ਮਿੱਠੀ, ਧੁਰ ਦੇ ਢੋਲੇ ਸਾਚੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਰਿਹਾ ਸਮਝਾਈਆ । ਸਾਵਣ ਕਹੇ ਮੈਨੂੰ ਸਾਰੇ ਕਹਿੰਦੇ ਆਇਆ ਠੰਡਾ, ਠੰਡਕ ਰਿਹਾ ਵਰਤਾਈਆ। ਗੁਰਮੁਖੋ ਮੇਰੇ ਕੋਲ ਵੱਡਾ ਡੰਡਾ, ਪੁਰਖ ਅਬਿਨਾਸ਼ੀ ਦਿਤਾ ਫੜਾਈਆ । ਜਿਹੜਾ ਲੇਖਾ ਗੋਦਾਵਰੀ ਕੰਢਾ, ਤੁਅੱਲਕ ਮੇਰੇ ਨਾਲ ਰਖਾਈਆ। ਬੇਸ਼ਕ ਭਾਵੇਂ ਮੈਂ ਤੱਤਾਂ ਵਾਲਾ ਨਹੀਂ ਬੰਦਾ, ਬੰਦਗੀ ਕਰ ਕੇ ਮੈਨੂੰ ਚਾਰ ਜੁਗ ਮਿਲੀ ਵਡਿਆਈਆ। ਗੁਰਮੁਖੋ ਕੋਈ ਰਹਿਣ ਨਹੀਂ ਦੇਣਾ ਵਿਚ ਗੰਦਾ, ਮਨ ਹੰਕਾਰੀ ਬਾਹਰ ਦੇਣਾ ਕਢਾਈਆ। ਕੂੜ ਕੁੜਿਆਰਾਂ ਨਾਲੋਂ ਸਤਿਗੁਰ ਚੰਗਾ ਰੰਡਾ, ਬਿਨ ਗੁਰਮੁਖਾਂ ਸੋਭਾ ਕਦੇ ਨਾ ਪਾਈਆ। ਜੇ ਤੁਹਾਡੇ ਮਨ ਦੇ ਅੰਦਰ ਹੈ ਦੰਗਾ, ਉਸ ਨੂੰ ਬਾਹਰ ਦੇਣਾ ਕਢਾਈਆ। ਇਸ ਵਕ਼ਤ ਨਾਲੋਂ ਵੇਲਾ ਹੋਰ ਨਹੀਂ ਸਮਝਣਾ ਚੰਗਾ, ਭਾਵੇਂ ਕੋਟਨ ਕੋਟ ਜਨਮ ਰਾਜਿਆਂ ਘਰ ਪਾਈਆ। ਤੁਹਾਡੇ ਪਿਛੇ ਛਡ ਕੇ ਪੁਰੀ ਅਨੰਦਾ, ਗੋਦਾਵਰੀ ਉਤੇ ਲੇਖਾ ਗਿਆ ਲਿਖਾਈਆ। ਅਗੇ ਗੋਬਿੰਦ ਤੱਤਾਂ ਵਾਲਾ ਸੀ ਬੰਦਾ, ਹੁਣ ਸ਼ਬਦੀ ਰੂਪ ਨਜ਼ਰ ਕਿਸੇ ਨਾ ਆਈਆ। ਅਗੇ ਬਾਜ਼ ਹੱਥ ਤੇ ਰਖਦਾ ਸੀ ਪਰਿੰਦਾ, ਖੇਲ ਲੋਕਮਾਤ ਜਗਤ ਵਖਾਈਆ। ਹੁਣ ਦਾਤਾ ਬਣ ਕੇ ਗੁਣੀ ਗਹਿੰਦਾ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਰਿਹਾ ਕਮਾਈਆ। ਸਾਵਣ ਕਹੇ ਗੁਰਮੁਖੋ ਜੇ ਤੁਸੀਂ ਨਹੀਂ ਨਿਭੌਣ ਜੋਗੇ, ਠੰਡੇ ਹੋ ਕੇ ਦਿਉ ਜਣਾਈਆ। ਪ੍ਰਭੂ ਸਾਡੇ ਬਦਲ ਦੇ ਕਾਇਆ ਚੋਗੇ, ਇਸ ਜਨਮ ਦਾ ਲੇਖਾ ਦੇ ਚੁਕਾਈਆ। ਜਗਤ ਜਹਾਨ ਮਿਟ ਜਾਏ ਹਰਖ਼ ਸੋਗੇ, ਚਿੰਤਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪੇ ਰਿਹਾ ਵਖਾਈਆ । ਸਾਵਣ ਕਹੇ ਮੇਰੀ ਰੁਤ ਸੁਹਾਵਣੀ, ਸੁਹੰਜਣਾ ਰੂਪ ਵਟਾਈਆ। ਮੈਂ ਮੰਨਾ ਰਜ਼ਾ ਜੋ ਖੇਲ ਸਾਹਿਬ ਮੇਰੇ ਭਾਵਣੀ, ਭਾਣੇ ਵਿਚ ਰਿਹਾ ਜਣਾਈਆ। ਭਗਤ ਭਗਵਨ ਦੀ ਧਾਰ ਵੇਖਾਂ ਆਮਣੋ ਸਾਹਮਣੀ, ਸਨਮੁਖ ਹੋ ਕੇ ਖ਼ੁਸ਼ੀ ਮਨਾਈਆ । ਜਨ ਭਗਤੋ ਸਾਵਣ ਕਹੇ ਮੇਰੇ ਪ੍ਰੇਮ ਪਿਆਰ ਠੰਡੇ ਦੀ ਲੈ ਲਉ ਜ਼ਾਮਨੀ, ਜ਼ਾਮਨ ਹੋ ਕੇ ਦਿਆਂ ਜਣਾਈਆ। ਤੁਸਾਂ ਵਸਤ ਅਮੋਲਕ ਇਕ ਪਾਵਣੀ, ਪਵਿੱਤਰ ਹੋ ਕੇ ਦਿਉ ਵਖਾਈਆ। ਤੁਹਾਡੀ ਜ਼ਰੂਰ ਪੂਰੀ ਕਰੇ ਭਾਵਨੀ, ਭਾਣੇ ਵਿਚ ਰਹਿ ਕੇ ਖ਼ੁਸ਼ੀ ਲਉ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਰਿਹਾ ਵਰਤਾਈਆ । ਸਾਵਣ ਕਹੇ ਮੇਰੀ ਵੇਖ ਘਟਾ ਘਨਘੋਰ, ਬਾਦਲ ਘਿਰ ਘਿਰ ਖ਼ੁਸ਼ੀ ਮਨਾਈਆ। ਮਨ ਚੰਚਲ ਚਿਤ ਠਗੌਰੀ ਰਹੇ ਨਾ ਚੋਰ, ਕੂੜੀ ਕਿਰਿਆ ਦਏ ਮਿਟਾਈਆ। ਮਾਇਆ ਮਮਤਾ ਜਾਏ ਦੌੜ, ਹਉਮੇ ਹੰਗਤਾ ਮੁਖ ਛੁਪਾਈਆ। ਰੀਠਾ ਤਤ ਰਹੇ ਨਾ ਕੌੜ, ਅੰਮ੍ਰਿਤ ਰਸ ਭਰਾਈਆ। ਗੁਰਮੁਖੋ ਤੁਹਾਡੀ ਜਨਮ ਜਨਮ ਦੀ ਬੁਝ ਗਈ ਔੜ, ਓੜਕ ਆਪਣੇ ਨਾਲ ਮਿਲਾਈਆ। ਵਿਚ ਫ਼ਰਕ ਨਾ ਰਖਿਆ ਹੋਰ, ਹੋਰ ਦਾ ਹੋਰ ਰੰਗ ਚੜ੍ਹਾਈਆ । ਵੇਖਿਓ ਮਨ ਵਾਸਨਾ ਨਾਲ ਨਾ ਬਣਿਓ ਕਮਜ਼ੋਰ, ਗੁਰ ਸ਼ਬਦੀ ਟੇਕ ਸਮਝਾਈਆ। ਪ੍ਰਭੂ ਕਦੀ ਨਾ ਜਾਇਓ ਵਿਛੋੜ, ਜੋ ਵਿਛੜਿਆਂ ਰਿਹਾ ਮਿਲਾਈਆ । ਆਦਿ ਜੁਗਾਦੀ ਨਿਭੇ ਤੋੜ, ਟੁਟਿਆਂ ਰਿਹਾ ਜੁੜਾਈਆ। ਮੇਰੇ ਪ੍ਰੇਮ ਦਾ ਵੇਖਿਓ ਨਿਚੋੜ, ਸਮਾਂ ਥੋੜ੍ਹਾ ਬਹੁਤਾ ਗਿਆ ਵਿਹਾਈਆ। ਕੂੜੀ ਕਿਰਿਆ ਨੂੰ ਦਿਉ ਮਰੋੜ, ਬਲ ਆਤਮ ਇਕ ਵਧਾਈਆ। ਘਿਰਨਾ ਨੂੰ ਦਿਓ ਝੰਜੋੜ, ਧੱਕਾ ਦੇਣਾ ਲਗਾਈਆ। ਤੁਹਾਡੇ ਅੰਦਰ ਰੜਕੇ ਕੋਈ ਨਾ ਰੋੜ, ਕੂੜ ਕੁੜਿਆਰਾ ਦੇਣਾ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਰੰਗ ਦਏ ਰੰਗਾਈਆ । ਸਾਵਣ ਕਹੇ ਗੋਪੀ ਕਾਹਨ ਮਿਲ ਕੇ ਪਾ ਲਉ ਰਾਸ, ਸੋਹਣਾ ਵਕ਼ਤ ਸੁਹਾਈਆ। ਇਕ ਦੂਜੇ ਦੇ ਆ ਜਾਓ ਪਾਸ, ਦੂਰ ਦੁਰਾਡਾ ਪੰਧ ਮੁਕਾਈਆ। ਸਾਚੀ ਮਸਾਲ ਕਰੋ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਇਕ ਦੂਜੇ ਤੇ ਕਰੋ ਵਿਸ਼ਵਾਸ਼, ਅੰਧ ਵਿਸ਼ਵਾਸ ਦੇਣਾ ਗਵਾਈਆ। ਸੱਚੇ ਪ੍ਰੇਮ ਦਾ ਕਰੋ ਨਾਚ, ਕ਼ਦਮ ਕ਼ਦਮ ਨਾਲ ਬਦਲਾਈਆ। ਵੇਸ ਵਟੌਣ ਦੀ ਸਿੱਖੋ ਜਾਚ, ਅੰਦਰੋਂ ਵਕਾਰ ਦੇਣਾ ਕਢਾਈਆ। ਸਾਚੇ ਕਾਹਨ ਦਾ ਦੇਣਾ ਸਾਥ, ਜੋ ਸਗਲਾ ਸੰਗ ਨਿਭਾਈਆ। ਜਿਹੜੀ ਕ੍ਰਿਸ਼ਨ ਨੇ ਦੱਸੀ ਨਾ ਬਾਤ, ਸੋ ਗੁਰਮੁਖ ਸਖ਼ੀਓ ਤੁਹਾਨੂੰ ਸੋਹੰ ਢੋਲਾ ਦਿਤਾ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਸਾਥ, ਜਗਤ ਨਾਤਾ ਦਿਤਾ ਗਵਾਈਆ। ਆਤਮ ਪਰਮਾਤਮ ਦਾ ਕਰ ਕੇ ਇਤਫ਼ਾਕ, ਧੁਰ ਦਾ ਮੇਲਾ ਲਿਆ ਮਿਲਾਈਆ। ਸਚ ਪ੍ਰੇਮ ਦੀ ਦੇ ਕੇ ਸੌਗ਼ਾਤ, ਖ਼ਾਲੀ ਝੋਲੀ ਰਿਹਾ ਭਰਾਈਆ। ਸਾਵਣ ਰੁਤੜੀ ਸੋਹਣੀ ਲਗੇ ਬਰਸਾਤ, ਨਦੀਆਂ ਨਾਲੇ ਰਹੀ ਵਹਾਈਆ। ਬੂੰਦਾ ਬਾਂਦੀ ਬੂੰਦ ਸਵਾਂਤ, ਅੰਮ੍ਰਿਤ ਝਿਰਨੇ ਰਹੀ ਝਿਰਾਈਆ। ਜਨ ਭਗਤੋ ਹੋ ਇਕਾਂਤ, ਪ੍ਰਭ ਤਕੋ ਸਚ ਗੁਸਾਈਂਆ। ਨਵ ਨੌ ਚਾਰ ਪਿਛੋਂ ਲੱਭੇ ਇਹ ਰਾਤ, ਸਾਵਣ ਸਦਾ ਰਹੇ ਪਰਭਾਤ, ਸੰਮਤ ਸ਼ਹਿਨਸ਼ਾਹੀ ਵਡਿਆਈਆ। ਵੇਖਿਓ ਕੋਈ ਬਣਿਓ ਨਾ ਨਾਰ ਕਮਜ਼ਾਤ, ਕੁਲਖਣੀ ਦੁਹਾਗਣ ਰੂਪ
ਵਟਾਈਆ। ਤੁਹਾਡਾ ਪ੍ਰੇਮੀ ਪ੍ਰੀਤਮ ਉਤੇ ਉਤੇ ਮੁਸ਼ਤਾਕ਼, ਮੁਸ਼ਕਲ ਸਭ ਦੀ ਹਲ ਕਰਾਈਆ। ਲੇਖਾ ਕਰਨ ਆਇਆ ਬੇਬਾਕ, ਲਹਿਣਾ ਦੇਣਾ ਦੇਵੇ ਥਾਉਂ ਥਾਈਂਆ। ਦਾਤਾ ਦਾਨੀ ਗਹਿਰ ਗੰਭੀਰ ਗ਼ਰੀਬ ਨਿਵਾਜ਼, ਰਖਸ਼ਿਕ ਹੋ ਕੇ ਵੇਖ ਵਖਾਈਆ। ਸਾਵਣ ਕਹੇ ਮੈਂ ਸੁਹਾਵਣਾ ਹੋਇਆ ਆਜ, ਸਖ਼ੀਆਂ ਦਾ ਕਾਹਨ ਮਿਲਿਆ ਸੀਸ ਦਾ ਤਾਜ, ਜਿਸ ਚੌਕੜੀ ਜੁਗ ਬਦਲ ਦਿਤਾ ਰਿਵਾਜ, ਬੇੜਾ ਚਲਾ ਕੇ ਨਾਮ ਜਹਾਜ਼, ਗੁਰਮੁਖ ਸਾਚੇ ਪਾਰ ਕਰਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਸੋਹਣਾ ਦੱਸੇ ਨਾਚ, ਕਾਇਆ ਮਾਟੀ ਸਾਢੇ ਤਿੰਨ ਹੱਥ ਕਾਚ, ਪ੍ਰੇਮ ਪਿਆਰ ਮੁਹੱਬਤ ਧੁਰ ਦਾ ਤਬਲਾ ਨਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵਖਰੀ ਵਖਾਏ ਆਪਣੀ ਰਾਸ, ਪ੍ਰੇਮੀ ਪਿਆਰਿਆਂ ਦੀ ਬੁਝਾਏ ਪਿਆਸ, ਆਤਮ ਪਰਮਾਤਮ ਦੇਵੇ ਸਾਥ, ਸਗਲਾ ਸੰਗ ਨਿਭਾਈਆ।
ਮੋਰ ਚਕੋਰ ਘਣੇ ਬਾਦਲ ਅੰਬਰ ਰਹੇ ਝਾਕ, ਨਿਉਂ ਨਿਉਂ ਸੀਸ ਨਿਵਾਈਆ। ਬਖ਼ਸ਼ਿਸ਼ ਵਿਚ ਧੁਰ ਦਾ ਦਾਨ, ਝੋਲੀ ਸਚ ਭਰਾਈਆ। ਤੂੰ ਸਖ਼ੀ ਬਣ ਮੈਂ ਤੇਰਾ ਕਾਹਨ, ਸੋਹਣੀ ਰਾਸ ਰਚਾਈਆ। ਤੂੰ ਬਾਲੀ ਨੱਢੀ ਮੈਂ ਨੌਜਵਾਨ, ਸੋਹਣਾ ਖੇਲ ਵਖਾਈਆ। ਤੂੰ ਪ੍ਰੇਮ ਪਿਆਸੀ ਮੈਂ ਭਗਤ ਵਛਲ ਭਗਵਾਨ, ਸਿਰ ਆਪਣਾ ਹੱਥ ਟਿਕਾਈਆ। ਤੂੰ ਮੰਡਲ ਰਾਸੀ ਮੈਂ ਖੇਲਾਂ ਖੇਲ ਮਹਾਨ, ਆਪਣੀ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਬਣ ਕੇ ਸੱਚਾ ਸਾਥੀ, ਸੱਚਾ ਸੰਗ ਨਿਭਾਈਆ। ਤੇਰੀ ਸਖ਼ੀਆਂ ਵਾਲੀ ਪੁਕਾਰ, ਪ੍ਰੇਮ ਪਿਆਰ ਰਹੀ ਜਣਾਈਆ। ਮੇਰਾ ਖੇਲ ਅਗੰਮ ਅਪਾਰ, ਅਗੰਮੜੀ ਕਾਰ ਕਮਾਈਆ। ਦੋਹਾਂ ਦਾ ਮੇਲਾ ਵਿਚ ਸੰਸਾਰ, ਮਾਤਲੋਕ ਵੱਜੇ ਵਧਾਈਆ। ਤੇਰਾ ਲਹਿਣਾ ਦੇ ਕੇ ਉਧਾਰ, ਕ਼ਰਜ਼ਾ ਦਿਤਾ ਚੁਕਾਈਆ। ਚਰਨਾਂ ਦਾ ਬਖ਼ਸ਼ ਪਿਆਰ, ਪ੍ਰੀਤੀ ਰੰਗ ਰੰਗਾਈਆ। ਸਾਵਣ ਦੀ ਬਹਾਰ, ਸੋਹਣੀ ਠੰਡ ਵਰਤਾਈਆ । ਭਗਤਾਂ ਦੀ ਗੁਲਜ਼ਾਰ, ਫੁੱਲ ਫੁਲਵਾੜੀ ਇਕ ਮਹਿਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਖ਼ੀਆਂ ਦਾ ਸਰਦਾਰ, ਅੱਖੀਆਂ ਦਾ ਕਲਾਕਾਰ, ਕ਼ੁਦਰਤ ਦਾ ਕ਼ਾਦਰ ਕਰਨੀ ਦਾ ਕਰਤਾ ਦਇਆ ਕਮਾਈਆ।
੨੪ ਸਾਵਣ ਸ਼ਹਿਨਸ਼ਾਹੀ ਸੰਮਤ ੧ ਲਾਲ ਸਿੰਘ ਦੇ ਗ੍ਰਹਿ ਪਿੰਡ ਹੇਰ ਜ਼ਿਲਾ ਜਲੰਧਰ
ਧੰਨਵਾਦ ਤੇਰਾ ਸ਼ੁਕਰ, ਰਹਿਮਤ ਬੇਪਰਵਾਹੀਆ। ਨਿਰਗੁਣ ਨਿਰਵੈਰ ਹੋ ਕੇ ਆਪਣੀ ਧਾਰੋਂ ਆਇਆ ਉਤਰ, ਬੇਅੰਤ ਅੰਤ ਤੇਰੀ ਬੇਪਰਵਾਹੀਆ । ਜਿਸ ਸ਼ਬਦੀ ਧਾਰ ਗੋਬਿੰਦ ਬਣਾਇਆ ਪੁਤਰ, ਪਤਿਪਰਮੇਸ਼ਵਰ ਹੋ ਸਹਾਈਆ । ਕੀਤਾ ਕੌਲ ਇਕ਼ਰਾਰ ਨਾ ਗਿਉਂ ਮੁਕਰ, ਅਭੁਲ ਆਪਣੀ ਦਇਆ ਕਮਾਈਆ। ਗੁਰਮੁਖ ਦੁਹਾਗਣ ਨਾਰ ਨਾ ਹੋਣ ਦਿਤੀ ਛੁਟੜ, ਕੁਲਖਣੀ ਕਮਜ਼ਾਤ ਨਾ ਰੂਪ ਵਟਾਈਆ। ਪ੍ਰੇਮੀ ਪਿਆਰ ਵਿਚ ਪ੍ਰੀਤਮ ਹੋ ਕੇ ਗੁਰਮੁਖਾਂ ਚੁਕੇ ਆਪਣੇ ਕੁਛੜ, ਗੋਦ ਸੁਹੰਜਣੀ ਇਕ ਸੁਹਾਈਆ। ਭਾਗਹੀਣ ਰਹਿਣ ਨਾ ਦਿਤਾ ਪੁਤਰ, ਏਕਾ ਰੰਗ ਲਿਆ ਰੰਗਾਈਆ। ਲੱਖ ਚੁਰਾਸੀ ਜੂਨੀ ਕਟ ਕੇ ਸੂਕਰ ਕੂਕਰ, ਕੁਕਰਮਾਂ ਦਾ ਡੇਰਾ ਦਿਤਾ ਢਾਹੀਆ। ਚਾਰ ਕੁੰਟ ਲੁਕਿਆ ਰਹਿਣ ਨਾ ਦਿਤਾ ਕਿਸੇ ਨੁੱਕਰ, ਨੁਕਤਿਆਂ
ਵਿਚੋਂ ਨੁਕਤਾ ਰਿਹਾ ਪਰਗਟਾਈਆ। ਜਨਮ ਜਨਮ ਦਾ ਪਿਆਸਾ ਵੇਖ ਕੇ ਭੁਖੜ, ਚਾਰੋਂ ਕੁੰਟ ਖੋਜ ਖੁਜਾਈਆ। ਵਿਛੋੜੇ ਦਰਦੀ ਦਾ ਵੇਖ ਦੁਖੜ, ਦੁਖੀਆਂ ਦਾ ਦੁਖ ਵੇਖ ਕੇ ਹੋਏ ਸਹਾਈਆ । ਜਿਸ ਦਵਾਰੇ ਤੇ ਸਜਦਿਆਂ ਵਿਚ ਝੁਕਣ, ਨਿਉਂ ਨਿਉਂ ਲਾਗਣ ਪਾਈਆ। ਦੀਨ ਦਿਆਲ ਠਾਕਰ ਸਵਾਮੀ ਹੋ ਕੇ ਜਿਥੇ ਬਾਲੇ ਨੱਢਿਆਂ ਆਇਆ ਚੁਕਣ, ਨੇਰਨ ਦੂਰ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਵੈਰ ਆਪਣਾ ਫੇਰਾ ਪਾਈਆ। ਧੰਨਵਾਦ ਕੀ ਉਸ ਦਾ ਸ਼ੁਕਰਾਨਾ, ਜੋ ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾਈਆ। ਤੁਹਾਡੇ ਪਿਛੇ ਗੋਬਿੰਦ ਦੇ ਕੇ ਗਿਆ ਬਿਆਨਾ, ਬੱਚੇ ਨੀਹਾਂ ਹੇਠ ਦਬਾਈਆ। ਤੁਹਾਨੂੰ ਪਿਆ ਕੇ ਗਿਆ ਜਾਮਾ, ਜਿਸ ਦੀ ਪੈਮਾਇਸ਼ ਨਾ ਕੋਇ ਕਰਾਈਆ। ਓਸੇ ਦਾ ਲੇਖਾ ਦੇਵਣਹਾਰ ਭਗਵਾਨਾ, ਪਰਮ ਪੁਰਖ ਖ਼ੁਦਾਈਆ।