ਪੁਸਤਕਾਲਾਭਾਗ ੧੮

੪ ਅੱਸੂ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਗੋਦਾਵਰੀ ਕਹੇ ਮੈਨੂੰ ਗੋਬਿੰਦ ਦਾ ਮਿਲਿਆ ਗੁਦਾਮ, ਹੀਰਾ ਘਾਟ ਹੀਰੇ ਰਿਹਾ ਵਖਾਈਆ। ਜਿਸ ਦਾ ਖ਼ਜ਼ੀਨਾ ਜਗਤ ਰਿਹਾ ਗੁਮਨਾਮ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਓਸਦਾ ਵੇਖਕੇ ਅਗੰਮ ਨਿਸ਼ਾਨ, ਨਿਸ਼ਾਨੇ ਸਾਰੇ ਗਏ ਭੁਲਾਈਆ। ਦੋ ਜਹਾਨਾਂ ਤਕ ਨਿਜ਼ਾਮ, ਨਾਮ ਨਿਧਾਨਾ ਰਿਹਾ ਸਮਝਾਈਆ। ਜਿਸ ਦਾ ਨੂਰ ਰਬੀ ਅਮਾਮ, ਕਾਮਲ ਮੁਰਸ਼ਦ ਬੇਪਰਵਾਹੀਆ। ਜਿਸ ਨੂੰ ਮਿਲਣਾ ਨਹੀਂ ਆਸਾਨ, ਜੁਗ ਚੌਕੜੀ ਦੇਣ ਗਵਾਹੀਆ। ਜਿਸ ਦਾ ਗੋਬਿੰਦ ਦੇਵੇ ਪੈਗ਼ਾਮ, ਪੈਗ਼ੰਬਰਾਂ ਰਿਹਾ ਸੁਣਾਈਆ। ਜਿਸ ਦਾ ਖੇਲ ਵੇਖ ਤਮਾਮ, ਤਮਅ ਦਿਤੀ ਮਿਟਾਈਆ। ਜਿਸ ਨਾਉਂ ਸੁਣ ਕੇ ‘‘ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’, ਸੋਹੰ ਰੂਪ ਸਮਾਈਆ। ਜਨ ਭਗਤਾਂ ਵੇਖ ਦੀਵਾਨ, ਦੀਵਾਨਖ਼ਾਨੇ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ । ਗੋਦਾਵਰੀ ਕਹੇ ਮੈਂ ਵੇਖਿਆ ਉਹ ਹੀਰਾ, ਜਿਸ ਦੇ ਹਿਰਦੇ ਹਰਿ ਸਮਾਈਆ। ਤਕਿਆ ਉਹ ਨੀਰਾ, ਜੋ ਅੰਮ੍ਰਿਤ ਰੂਪ ਵਟਾਈਆ। ਜਾਣਿਆ ਉਹ ਪੀਰਾ, ਜੋ ਪੈਗ਼ੰਬਰਾਂ ਕਰੇ ਪੜ੍ਹਾਈਆ। ਲੇਖ ਤਕਿਆ ਉਹ ਤਹਿਰੀਰਾ, ਜੋ ਗੋਬਿੰਦ ਗਿਆ ਲਿਖਾਈਆ। ਬੁੱਝਿਆ ਉਹ ਕਸੀਰਾ, ਜੋ ਬ੍ਰਾਹਮਣ ਮੂਲ ਮੁਕਾਈਆ। ਕੋਲ ਵਸਿਆ ਵੇਖਿਆ

ਕਬੀਰਾ, ਜੋ ਕ਼ਲਮਾ ਢੋਲਾ ਇਕ ਸੁਣਾਈਆ। ਸ੍ਰੀ ਭਗਵਾਨ ਦਾ ਸਚ ਵਤੀਰਾ, ਬਿਨ ਵਿਤਕਰਿਉਂ ਰਿਹਾ ਜਣਾਈਆ। ਜਿਹੜਾ ਹੱਥ ਨਾ ਆਇਆ ਫ਼ਕੀਰਾ, ਫ਼ਿਕਰਾ ਰਿਹਾ ਪੜ੍ਹਾਈਆ। ਮੈਂ ਹੈਰਾਨ ਹੋਈ ਪ੍ਰਭ ਦੇ ਹੱਥ ਵੱਡੀਆਂ ਤਦਬੀਰਾ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਜਿਸ ਦੀ ਸ਼ਰਅ ਪਾ ਕੇ ਜ਼ੰਜੀਰਾ, ਅੰਤਮ ਆਪੇ ਰਿਹਾ ਕਟਾਈਆ। ਬੇਧੜਕ ਹੋ ਕੇ ਗਹਿਰ ਗੰਭੀਰਾ, ਗਵਰ ਹੋ ਕੇ ਡੇਰਾ ਲਾਈਆ। ਭਰਮ ਭੁਲੇਖਾ ਪਾਏ ਤਤ ਸਰੀਰਾ, ਅੰਦਰ ਬੈਠਾ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇਂ ਅੰਦਰ ਖ਼ੁਸ਼ੀ ਮਨਾਈਆ । ਗੋਦਾਵਰੀ ਕਹੇ ਮੈਂ ਵੇਖਿਆ ਉਹ ਘਾਟ, ਜਿਥੇ ਘਾਟਾ ਰਹੇ ਨਾ ਰਾਈਆ। ਮੈਂ ਤਕਿਆ ਉਹ ਸਾਥ, ਜੋ ਸਗਲਾ ਸੰਗ ਨਿਭਾਈਆ। ਮਿਲਿਆ ਉਹ ਰਘੁਨਾਥ, ਜੋ ਰਘੁਬੰਸ ਦਏ ਵਡਿਆਈਆ। ਸੁਣਿਆ ਉਹ ਜਾਪ, ਜੋ ਆਤਮ ਪਰਮਾਤਮ ਮੇਲਾ ਰਿਹਾ ਮਿਲਾਈਆ। ਵੇਖਿਆ ਉਹ ਪਾਕ, ਜੋ ਪਤਿਤ ਪਾਪੀ ਦਏ ਤਰਾਈਆ। ਮਿਲਿਆ ਨਾਲ ਇਤਫ਼ਾਕ, ਸਹਿਜੇ ਜੋੜ ਜੁੜਾਈਆ। ਗੋਬਿੰਦ ਵਾਲਾ ਵਾਕ, ਭਵਿਖਤ ਲੇਖੇ ਲਾਈਆ। ਭਗਤਾਂ ਦਾ ਬਣ ਕੇ ਬਾਪ, ਪਿਤਾ ਪੂਤ ਗੋਦ ਉਠਾਈਆ। ਸਭ ਦਾ ਲਹਿਣਾ ਦੇਣਾ ਪੂਰਬ ਕਰ ਬੇਬਾਕ, ਬਾਕੀ ਆਪਣੀ ਝੋਲੀ ਪਾਈਆ। ਦੂਜਾ ਨਾ ਦਏ ਨਿਜਾਤ, ਨਿਜ ਮੰਦਰ ਦਏ ਵਖਾਈਆ। ਗੋਦਾਵਰੀ ਕਹੇ ਮੇਰੀ ਭਗਤਾਂ ਤਾਈਂ ਸ਼ਾਬਾਸ਼, ਖ਼ੁਸ਼ੀਆਂ ਨਾਲ ਸੁਣਾਈਆ। ਅਗੇ ਵਸਾਂ ਤੁਹਾਡੇ ਪਾਸ, ਚਰਨਾਂ ਸੇਵ ਕਮਾਈਆ। ਤੁਹਾਡੀ ਪਰਵਾਨ ਮੈਨੂੰ ਰਾਖ, ਧੂੜੀ ਆਪਣੇ ਵਿਚ ਸਮਾਈਆ। ਸ੍ਰਿਸ਼ਟ ਸਬਾਈ ਦਾ ਵੇਖੋ ਫ਼ਸਾਦ, ਫਸਿਆ ਨਾ ਕੋਇ ਛੁਡਾਈਆ। ਕਲਜੁਗ ਕੂੜ ਕੁੜਿਆਰ ਬਣੇ ਜਲਾਦ, ਖੰਡਾ ਖੜਗ ਹੱਥ ਚਮਕਾਈਆ। ਸਜਦਾ ਰਹੇ ਨਾ ਕੋਇ ਅਦਾਬ, ਨਮਸਤੇ ਸੀਸ ਨਾ ਕੋਇ ਝੁਕਾਈਆ। ਦੁਨੀ ਦਾ ਦੀਨ ਹੋਣਾ ਬਰਬਾਦ, ਬਾਜ਼ੀ ਸਭ ਦੀ ਦਏ ਉਲਟਾਈਆ। ਭਗਤਾਂ ਦਾ ਗੁਲਸ਼ਨ ਮਹਿਕੇ ਬਾਗ਼, ਬਗ਼ੀਚਾ ਧੁਰ ਦਾ ਦਏ ਲਗਾਈਆ। ਜੁਗ ਚੌਕੜੀ ਅਗੇ ਦੇਵੇ ਨਾ ਕੋਇ ਜਵਾਬ, ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਬਿਨ ਗੁਰਮੁਖਾਂ ਹੋਇਆ ਨਾ ਕਿਸੇ ਮਿਲਾਪ, ਵਿਛੜੀ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਵਰਤਾਈਆ। ਗੋਦਾਵਰੀ ਕਹੇ ਹੀਰਾ ਘਾਟ ਲੱਗਾ ਸੋਹਣਾ, ਸਚ ਮਿਲੀ ਵਡਿਆਈਆ। ਜਿਥੇ ਗੁਰਮੁਖ ਇਕੋ ਹੋਣਾ, ਹੋਣੀ ਮੌਤ ਦੇਵੇ ਨਾ ਕੋਇ ਸਜ਼ਾਈਆ। ਜਨਮ ਮਰਨ ਵਿਚ ਪਏ ਨਾ ਰੋਣਾ, ਰੋਂਦਿਆਂ ਨੀਰ ਨਾ ਕੋਇ ਵਹਾਈਆ। ਕੋਟਨ ਕੋਟ ਨਾਮ ਨਾ ਪਏ ਗੌਣਾ, ਨਾਮ ਜੈਕਾਰਾ ਇਕੋ ਇਕ ਸੁਣਾਈਆ। ਆਪਣਾ ਆਪ ਨਾ ਪਏ ਭੁਲਾਣਾ, ਅਭੁਲ ਦੇਵੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ । ਗੋਦਾਵਰੀ ਕਹੇ ਮੈਂ ਰਾਤ ਮੂਲ ਨਾ ਸੁੱਤੀ, ਗ਼ਫ਼ਲਤ ਵਿਚ ਨਿੰਦਰਾ ਨਾ ਕੋਇ ਰਖਾਈਆ। ਮੈਂ ਵੇਖਦੀ ਰਹੀ ਉਹ ਰੁਤੀ, ਰੁਤੜੀ ਆਪਣੀ ਬਹਾਰ ਰਹੀ ਬਦਲਾਈਆ। ਮੈਂ ਭਗਤਾਂ ਦੇ ਦਰ ਦਰ ਘਰ ਘਰ ਕਟਦੀ ਰਹੀ ਬੁਤੀ, ਭੱਜੀ ਵਾਹੋ ਦਾਹੀਆ। ਸ੍ਰਿਸ਼ਟੀ ਵੇਖੀ ਸੁੱਤੀ, ਸੁੱਤਿਆਂ ਨਾ ਕੋਇ ਉਠਾਈਆ। ਮੇਰੀ ਰਮਜ਼ ਇਸ਼ਾਰੇ ਵਾਲੀ ਮੂਲ ਨਾ ਰੁਕੀ, ਰੁੱਕੇ ਘਰ ਘਰ ਦਿਤੇ ਪੁਚਾਈਆ। ਪੰਚਮ ਪੰਚ ਪੰਚ ਪਰਮੁਖੀ, ਪਰਪੰਚ ਦਿਤਾ ਗਵਾਈਆ। ਜਿਸ ਪ੍ਰੇਮ ਦੀ ਮੈਂ ਸਦੀਆਂ ਤੋਂ ਭੁੱਖੀ, ਸੋ ਆਪਣੀ ਤ੍ਰਿਸ਼ਨਾ ਲਈ ਬੁਝਾਈਆ। ਮੈਂ ਕੰਧਾਂ ਕੋਠੇ ਮੰਜ਼ਲ ਚੜ੍ਹਦੀ ਰਹੀ ਉਚੀ, ਬਿਨ ਪੌੜੀ ਡੰਡੇ ਹੱਥ ਲਗਾਈਆ। ਆਪਣੇ ਨਿਸ਼ਾਨਿਉਂ ਮੂਲ ਨਾ ਉੱਕੀ, ਜੋ ਤੀਰ ਅਣਿਆਲਾ ਗੋਬਿੰਦ ਦਿਤਾ

ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਦਾਵਰੀ ਕਹੇ ਮੈਂ ਗ੍ਰਹਿ ਗ੍ਰਹਿ ਪਾਇਆ ਫੇਰਾ, ਭੰਨੀ ਵਾਹੋ ਦਾਹੀਆ। ਸਾਚਾ ਤਕ ਕੇ ਇਕ ਸਵੇਰਾ, ਸੁਬਹ ਦਿਤੀ ਸੁਹਾਈਆ। ਸੁਹੰਜਣਾ ਜਾਣ ਕੇ ਅੰਮ੍ਰਿਤ ਵੇਲਾ, ਅੰਮ੍ਰਿਤ ਜਾਮ ਮੁਖ ਲਗਾਈਆ। ਜਨ ਭਗਤੋ ਕੋਈ ਨਾ ਸਮਝਿਓ ਮੈਂ ਅਕੇਲਾ, ਇਕ ਇਕ ਦੇ ਨਾਲ ਏਕੰਕਾਰ ਵਸਿਆ ਥਾਉਂ ਥਾਈਂਆ। ਇਸ ਨੂੰ ਕਦੀ ਨਾ ਸਮਝਿਓ ਵਿਹਲਾ, ਦਿਵਸ ਰੈਣ ਸਾਚੀ ਸੇਵ ਕਮਾਈਆ। ਚਲਦਿਆਂ ਫਿਰਦਿਆਂ ਕਰੇ ਮੇਲਾ, ਸੋਵਤ ਜਾਗਤ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਪੁਰਖ ਬੇਪਰਵਾਹੀਆ। ਗੋਦਾਵਰੀ ਕਹੇ ਮੇਰਾ ਨਾਤਾ ਤੁੱਟਾ ਨਾਲੋਂ ਗੰਦਗੀ, ਕਲਜੁਗ ਇਛਿਆ ਦਿੱਤੀ ਤਜਾਈਆ। ਇਕੋ ਕਰਨੀ ਪ੍ਰਭ ਸਾਚੇ ਦੀ ਬੰਦਗੀ, ਜੋ ਬੰਧਨ ਦਏ ਤੁੜਾਈਆ। ਜਿਸ ਨੂੰ ਮਿਲਿਆਂ ਦੂਸਰ ਰਹੇ ਨਾ ਕੋਇ ਮਸ਼ੰਦਗੀ, ਮੁਸ਼ਕਲ ਨਜ਼ਰ ਕੋਇ ਨਾ ਆਈਆ। ਜਿਸ ਨੇ ਲੇਖੇ ਲੌਣੀ ਹਰਿਸੰਗਤ ਤੇਰੀ ਜ਼ਿੰਦਗੀ, ਜ਼ਿੰਦਾ ਆਪਣੇ ਵਿਚ ਕਰਾਈਆ। ਅਗਲੀ ਖੇਲ ਨਹੀਂ ਕੋਈ ਹਿੰਦ ਦੀ, ਹਿੰਦਸੇ ਸਭ ਦੇ ਦਏ ਬਦਲਾਈਆ। ਇਹ ਖੇਲ ਸ਼ਬਦੀ ਬਿੰਦ ਦੀ, ਜੋ ਬਿੰਦੀ ਟਿੱਪੀ ਦਏ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਹੁਕਮ ਮਨਾਈਆ। ਗੋਦਾਵਰੀ ਕਹੇ ਮੈਂ ਦੱਸਾਂ ਅੰਤ ਅਖ਼ੀਰੀ, ਸਰਬ ਦਿਆਂ ਸਮਝਾਈਆ। ਜਿਸ ਦੇ ਕੋਲ ਮੀਰੀ ਪੀਰੀ, ਸ਼ਾਹ ਹਕੀਰੀ ਵੇਖ ਵਖਾਈਆ। ਉਹ ਰਹਿਣ ਨਾ ਦੇਵੇ ਕੋਈ ਦਿਲਗੀਰੀ, ਉਦਾਸੀ ਕੂੜੀ ਦਏ ਮਿਟਾਈਆ। ਬੇਸ਼ਕ ਅਗੇ ਗਲੀ ਔਣ ਵਾਲੀ ਭੀੜੀ, ਮਾਰਗ ਔਖਾ ਨਜ਼ਰੀ ਆਈਆ। ਫੇਰ ਵੀ ਭਗਤੋ ਤੁਹਾਡੀ ਬਣੀ ਰਹਿਣੀ ਪੀੜੀ, ਪਿਰ ਤੁਹਾਡੇ ਹੱਥ ਰਖਾਈਆ। ਹੁਣ ਕੋਈ ਬਣਨਾ ਨਹੀਂ ਰੂਪ ਕੀੜੀ, ਸ਼ੇਰਾਂ ਦਾ ਸ਼ੇਰ ਨਜ਼ਰੀ ਆਈਆ। ਥੋੜ੍ਹੀ ਜਿਹੀ ਦੰਦਾਂ ਹੇਠ ਜੀਭ ਦਬ ਕੇ ਵੱਟ ਲਓ ਦਬੀੜੀ, ਦਰਦ ਸਭ ਦਏ ਗਵਾਈਆ। ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’, ਨਾਲੋਂ ਚੰਗੀ ਨਹੀਂ ਫ਼ਕੀਰੀ, ਇਕੇ ਫ਼ਿਕਰੇ ਅੰਦਰ ਫ਼ਿਕਰ ਸਾਰੇ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੋਦਾਵਰੀ ਕਹੇ ਮਿਲ ਗਿਆ ਉਹ ਗੋਬਿੰਦ, ਮੁਹਾਰਾਂ ਉਤੋਂ ਨਜ਼ਰੀ ਆਈਆ। ਜਿਸ ਮੇਟੀ ਮੇਰੀ ਚਿੰਦ, ਚਿੰਤਾ ਦਿਤੀ ਗਵਾਈਆ। ਮੈਂ ਹਾਜ਼ਰ ਕੀਤੀ ਆਪਣੀ ਜ਼ਿੰਦ, ਜ਼ਿੰਦਗੀ ਜੀਵਣ ਇਸੇ ਦੀ ਝੋਲੀ ਪਾਈਆ। ਇਸ ਦੇ ਚਰਨਾਂ ਤੋਂ ਚੰਗਾ ਨਹੀਂ ਕੋਈ ਵਸਣ ਵਾਲਾ ਪਿੰਡ, ਸ਼ਹਿਰ ਗਰਾਂ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਹੋਏ ਸਹਾਈਆ। ਗੋਦਾਵਰੀ ਕਹੇ ਮੇਰਾ ਪ੍ਰੇਮ ਵਾਲਾ ਸੰਦੇਸ਼ਾ, ਗੁਰਮੁਖੋ ਦਿਆਂ ਜਣਾਈਆ। ਪ੍ਰਭ ਦਾ ਪ੍ਰੇਮ ਮੰਗੋ ਹਮੇਸ਼ਾ, ਹਮ ਸਾਜਣ ਲਉ ਬਣਾਈਆ। ਭਗਤ ਉਧਾਰਨ ਜਿਸ ਦਾ ਪੇਸ਼ਾ, ਪੇਸ਼ਤਰ ਆਪੇ ਰਿਹਾ ਜਣਾਈਆ। ਨਿਰਗੁਣ ਸਰਗੁਣ ਧਾਰ ਨਰੇਸ਼ਾ, ਨਰ ਨਰਾਇਣ ਸ਼ਹਿਨਸ਼ਾਹੀਆ। ਉਸ ਦੇ ਕੋਲ ਸਭ ਦਾ ਲੇਖਾ, ਪਰਦਾ ਸਕੇ ਕੋਇ ਨਾ ਪਾਈਆ। ਅੰਤਰ ਕਢਣਾ ਭਰਮ ਭੁਲੇਖਾ, ਸਚ ਮੰਨਣਾ ਇਕੋ ਮਾਹੀਆ । ਜਿਸ ਦਾ ਗੋਬਿੰਦ ਸ਼ਬਦੀ ਧਾਰ ਬੇਟਾ, ਪਿਤਾ ਪੁਰਖ ਅਕਾਲ ਅਖਵਾਈਆ। ਸੋ ਸਾਹਿਬ ਕਰਨ ਆਇਆ ਹੇਤਾ, ਪ੍ਰੇਮ ਪ੍ਰੀਤੀ ਵਿਚ ਸਮਾਈਆ। ਗੋਦਾਵਰੀ ਕਹੇ ਜੇ ਤੁਹਾਨੂੰ ਪਿਛਲਾ ਨਹੀਂ ਚੇਤਾ, ਚਿਤਾਵਨੀ ਦੇ ਕੇ ਸਭ ਨੂੰ ਰਿਹਾ ਹਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਏਕਾ, ਰੂਪ ਅਨੂਪਾ ਵੇਸ ਵਟਾਈਆ।

੧੫ ਅੱਸੂ ਸ਼ਹਿਨਸ਼ਾਹੀ ਸੰਮਤ ੧ ਸਿੰਘਾਸਣ ਉਪਰ ਦਿੱਲੀ

ਗੁਰ ਅਵਤਾਰ ਪੈਗ਼ੰਬਰ ਕਰਨ ਅਰਦਾਸ, ਸਚਖੰਡ ਦਵਾਰੇ ਸੀਸ ਨਿਵਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਬਿਨਾਸ਼, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਬ੍ਰਹਿਮੰਡ ਖੰਡ ਪੁਰੀ ਲੋਅ ਵੇਖ ਆਪਣਾ ਖੇਲ ਤਮਾਸ਼, ਖ਼ਾਲਕ ਖ਼ਲਕ ਫੋਲ ਫੁਲਾਈਆ। ਗੁਣ ਨਿਧਾਨ ਸਚ ਵਸਤ ਨਾ ਕਿਸੇ ਪਾਸ, ਲੱਖ ਚੁਰਾਸੀ ਜੀਵ ਜੰਤ ਸ੍ਰਿਸ਼ਟ ਦ੍ਰਿਸ਼ਟ ਹਲਕਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਦੀਨ ਦੁਨੀ ਕੀਤੀ ਉਦਾਸ, ਸਾਂਤਕ ਸਤਿ ਨਾ ਕੋਇ ਵਰਤਾਈਆ। ਚਾਰ ਕੁੰਟ ਦਹਿ ਦਿਸ਼ਾ ਨਵ ਸਤ ਦਿਸੇ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਝਗੜਾ ਵੇਖਿਆ ਦੀਨ ਮਜ਼੍ਹਬ ਜ਼ਾਤ ਪਾਤ, ਊਚ ਨੀਚ ਭੇਵ ਕੋਇ ਨਾ ਆਈਆ। ਪਾਰਬ੍ਰਹਮ ਤੇਰੀ ਕੋਈ ਨਾ ਗਾਵੇ ਸਾਚੀ ਗਾਥ, ਰਸਨਾ ਜਿਹਵਾ ਬੱਤੀ ਦੰਦ ਢੋਲੇ ਗੀਤ ਸੁਣਾਈਆ। ਆਤਮ ਪਰਮਾਤਮ ਦਿਸੇ ਨਾ ਕਿਸੇ ਸਾਥ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਸਾਚੀ ਮੰਜ਼ਲ ਪੌੜੀ ਚੜ੍ਹੇ ਕੋਇ ਨਾ ਘਾਟ, ਘਰ ਵਿਚ ਘਰ ਖ਼ੁਸ਼ੀ ਨਾ ਕੋਇ ਮਨਾਈਆ। ਬਿਨ ਗੋਪੀ ਕਾਹਨ ਸਚ ਦਵਾਰੇ ਵੇਖੇ ਕੋਈ ਨਾ ਰਾਸ, ਬੰਸਰੀ ਨਾਮ ਨਾ ਕੋਇ ਸੁਣਾਈਆ। ਵਸਤ ਅਮੋਲਕ ਕਾਇਆ ਗੋਲਕ ਨਾਮ ਭੰਡਾਰਾ ਮਿਲੇ ਨਾ ਦਾਤ, ਖ਼ਾਲੀ ਦਵਾਰੇ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਅਗੰਮਾ ਰਾਜ਼, ਰਾਜ਼ਕ ਰਹੀਮ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟ ਸਬਾਈ ਦ੍ਰਿਸ਼ਟੀ ਅੰਦਰ ਨਾ ਹੋਏ ਕੋਈ ਵਿਸਮਾਦ, ਬਿਸਮਲ ਰੂਪ ਨਾ ਕੋਇ ਵਟਾਈਆ। ਮਨ ਵਾਸਨਾ ਕੂੜੀ ਕਿਰਿਆ ਹੋਏ ਖਰਾਬ, ਹਕ ਜਨਾਬ ਦਰਸ ਕੋਇ ਨਾ ਆਈਆ। ਸਾਚਾ ਸਜਦਾ ਕਰੇ ਨਾ ਕੋਇ ਅਦਾਬ, ਨਮਸਤੇ ਨਮੋ ਸੀਸ ਨਾ ਕੋਇ ਝੁਕਾਈਆ । ਸ਼ਬਦ ਅਗੰਮ ਧੁਨ ਸੁਣੇ ਨਾ ਕੋਇ ਆਵਾਜ਼, ਅਨਾਦੀ ਨਾਦ ਨਾ ਕੋਇ ਜਣਾਈਆ। ਮਿਲੇ ਮੇਲ ਨਾ ਸਤਿ ਸਤਿਵਾਦੀ ਏਕਾ ਵਾਹਿਦ, ਦੂਈ ਦਵੈਤੀ ਡੇਰਾ ਕੋਇ ਨਾ ਢਾਹੀਆ। ਸਾਚਾ ਹੁਕਮ ਨਾਮ ਕਰੇ ਕੋਈ ਨਾ ਆਇਦ, ਕੋਟਨ ਕੋਟ ਸਿਫ਼ਤੀ ਢੋਲੇ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਸਚ ਦਵਾਰੇ ਰਹੇ ਝੁਕ, ਕਰ ਬੇਨੰਤੀ ਹਕ ਸੁਣਾਈਆ । ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਿਰਵੈਰ ਨਿਰਾਕਾਰ ਨਿਰੰਕਾਰ ਉਠ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਮਨ ਵਾਸਨਾ ਕੂੜੀ ਕਿਰਿਆ ਪਈ ਲੁਟ, ਸਚ ਵਸਤ ਨਾ ਕੋਇ ਜਣਾਈਆ। ਕਲਜੁਗ ਜੀਵਾਂ ਭਾਗ ਗਏ ਨਿਖੁਟ, ਪਰਦਾ ਓਹਲਾ ਭੇਦ ਨਾ ਕੋਇ ਉਠਾਈਆ। ਉਜਲ ਦਿਸੇ ਕਿਸੇ ਨਾ ਮੁਖ, ਦੁਰਮਤ ਮੈਲ ਭਰੀ ਲੋਕਾਈਆ। ਸਫਲ ਹੋਏ ਨਾ ਕੋਈ ਕੁੱਖ, ਭਗਤ ਜਣੇਂਦੀ ਨਜ਼ਰ ਨਾ ਆਏ ਮਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਚੇਤਨ ਹੋ ਕੇ ਖੋਜ ਖੁਜਾਈਆ। ਸਦੀ ਸਦੀਵੀ ਵੇਖ ਆਪਣੀ ਰੁਤ, ਨਵ ਨੌ ਚਾਰ ਗਏ ਵਿਹਾਈਆ। ਸੱਜਣ ਸੁਹੇਲੇ ਆ ਕੇ ਪੁਛ, ਮੁਰੀਦ ਮੁਰਸ਼ਦ ਲੈ ਉਠਾਈਆ। ਪਰਦਾ ਓਹਲਾ ਰਹੇ ਨਾ ਲੁਕ, ਲੁਕਮਾ ਵੇਖ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਰਹੇ ਦੱਸ, ਸਚਖੰਡ ਦਵਾਰੇ ਸੀਸ ਨਿਵਾਈਆ। ਅਬਿਨਾਸ਼ੀ ਕਰਤੇ ਸਾਡੇ ਕੁਛ ਨਾ ਰਿਹਾ ਵਸ, ਵਾਸਤਾ ਪਾ ਕੇ ਦੇਣ ਦੁਹਾਈਆ । ਤੇਰੇ ਹੁਕਮੇ ਅੰਦਰ ਲੋਕਮਾਤ ਆਏ ਨੱਸ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ

ਜਗਤ ਹੰਢਾਈਆ । ਤੇਰਾ ਨਾਮ ਸੰਦੇਸ਼ਾ ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਵਿਚ ਆਏ ਦੱਸ, ਅੱਖਰਾਂ ਵਾਲੀ ਕਰ ਪੜ੍ਹਾਈਆ । ਬੋਧ ਅਗਾਧ ਸ਼ਬਦ ਅਨਾਦ ਤੇਰਾ ਖੇਲ ਪੁਰਖ ਸਮਰਥ, ਮਹਿੰਮਾ ਅਕਥ ਅਕਥ ਦ੍ਰਿੜਾਈਆ। ਦੋ ਜਹਾਨ ਨੌਜਵਾਨ ਮਰਦ ਮਰਦਾਨ ਤੇਰਾ ਡੰਕਾ ਰਿਹਾ ਵੱਜ, ਰਾਓ ਰੰਕ ਰਾਜ ਰਾਜਾਨ ਜੁਗ ਜੁਗ ਗਏ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਾਤੀ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਠਾਕਰ ਸਵਾਮੀ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਆਦਿ ਜੁਗਾਦਿ ਜੁਗ ਚੌਕੜੀ ਅੰਤਰਜਾਮੀ, ਲੱਖ ਚੁਰਾਸੀ ਘਟ ਭੀਤਰ ਵੇਖ ਵਖਾਈਆ। ਕਲਜੁਗ ਜੀਵ ਕੋਇ ਨਾ ਜਾਣੇ ਗੁਣ ਨਿਧਾਨੀ, ਤੀਰ ਅਗੰਮੀ ਅਣਿਆਲਾ ਨਿਰਾਲਾ ਨਾ ਕੋਇ ਲਗਾਈਆ। ਭਰਮੇ ਭੁਲੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਸਾਚਾ ਮੇਲ ਨਾ ਕੋਇ ਮਿਲਾਈਆ। ਅੰਮ੍ਰਿਤ ਰਸ ਮਿਲੇ ਨਾ ਕਿਸੇ ਠੰਡਾ ਪਾਣੀ, ਨਿਝਰ ਧਾਰ ਨਿਜ ਘਰ ਨਾ ਕੋਇ ਚੁਆਈਆ। ਸੁਰਤੀ ਸ਼ਬਦੀ ਮਿਲੇ ਨਾ ਸਚਾ ਹਾਣੀ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ । ਜਮ ਦੀ ਚੁਕੇ ਨਾ ਕਿਸੇ ਦੀ ਕਾਣੀ, ਆਵਣ ਜਾਵਣ ਗੇੜ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਅੰਤ ਅਖ਼ੀਰ, ਸਦੀ ਚੌਧਵੀ ਦਏ ਦੁਹਾਈਆ। ਸਾਚਾ ਨਜ਼ਰ ਨਾ ਆਏ ਕੋਈ ਪੀਰ, ਪਰਾ ਪਸੰਤੀ ਮਧਮ ਬੈਖਰੀ ਦਏ ਦੁਹਾਈਆ। ਤੇਰਾ ਖੇਲ ਜਾਣੇ ਨਾ ਕੋਇ ਬੇਨਜ਼ੀਰ, ਨਜ਼ਰ ਸਕੇ ਨਾ ਕੋਇ ਬਦਲਾਈਆ। ਚਾਰ ਵਰਨ ਚਾਰ ਕੁੰਟ ਚਾਰ ਦਿਸ਼ਾ ਮਨ ਮਮਤਾ ਲਗੀ ਭੀੜ, ਮਾਰਗ ਸਚ ਨਾ ਕੋਇ ਪਰਗਟਾਈਆ। ਹਉਮੇ ਹੰਗਤਾ ਦਿਸੇ ਪੀੜ, ਕੂੜਾ ਦਰਦ ਨਾ ਕੋਇ ਗਵਾਈਆ । ਹੁਕਮੇ ਅੰਦਰ ਸ਼ਬਦੀ ਧਾਰਾ ਘਤ ਵਹੀਰ, ਵਾਹਵਾ ਤੇਰੀ ਬੇਪਰਵਾਹੀਆ। ਭਰਮੇ ਭੁੱਲੇ ਸੰਤ ਫ਼ਕੀਰ, ਫ਼ਿਕਰਾ ਹਕ ਨਾ ਕੋਇ ਸੁਣਾਈਆ। ਦੋ ਜਹਾਨਾਂ ਦੇਵੇ ਤੇਰੇ ਹੱਥ ਤਦਬੀਰ, ਚੌਦਾਂ ਤਬਕ ਦੇ ਸਮਝਾਈਆ। ਚੌਦਾਂ ਲੋਕ ਕਟ ਜ਼ਜੀਰ, ਸ਼ਰਅ ਸ਼ਰੀਅਤ ਦੇ ਬਦਲਾਈਆ । ਲੇਖਾ ਜਾਣ ਅਮੀਰ ਵਜ਼ੀਰ, ਹਕੀਰ ਫਕੀਰ ਖੋਜ ਖੁਜਾਈਆ। ਸਭ ਦੀ ਅੰਦਰੋਂ ਬਦਲ ਦੇ ਜ਼ਮੀਰ, ਜ਼ਾਮਨ ਹੋ ਕੇ ਹੋ ਸਹਾਈਆ। ਤੇਰੇ ਹੁਕਮੇ ਅੰਦਰ ਝਗੜਾ ਇਕ ਕਸ਼ਮੀਰ, ਕ੍ਰਿਸ਼ਨ ਕਾਹਨ ਗਿਆ ਲਿਖਾਈਆ। ਰਾਮ ਲਿਖ ਕੇ ਚਿੱਟੇ ਉਤੇ ਕਾਲੀ ਲਕੀਰ, ਲਾਹਨਤ ਸਭ ਨੂੰ ਗਿਆ ਪਾਈਆ। ਮੁਹੰਮਦ ਵੇਖ ਤੇਰੀ ਤਸਵੀਰ, ਤੋਬਾ ਤੋਬਾ ਕਰ ਸੁਣਾਈਆ। ਤੂੰ ਵਾਹਿਦ ਲਾਸ਼ਰੀਕ, ਤੌਫ਼ੀਕ਼ ਤੇਰਾ ਨੂਰ ਖ਼ੁਦਾਈਆ । ਗੋਬਿੰਦ ਬਣ ਸਚ ਅਜ਼ੀਜ਼, ਨਿਉਂ ਨਿਉਂ ਸੀਸ ਗਿਆ ਝੁਕਾਈਆ। ਬਿਨਾ ਪੁਰਖ ਅਕਾਲ ਸਾਚੀ ਦੇਵੇ ਨਾ ਕੋਇ ਤਮੀਜ਼, ਤਮਅ ਵਿਚ ਸਰਬ ਲੋਕਾਈਆ। ਝਗੜਾ ਪਿਆ ਹੁਕਮੇ ਹਰਿ ਜਗਦੀਸ਼, ਜਗਦੀਸ਼ਰ ਆਪੇ ਹੋ ਸਹਾਈਆ । ਨਵ ਨੌ ਚਾਰ ਰਿਹਾ ਪੀਸ, ਸੀਸ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਘਟ ਅੰਦਰ ਵੇਖ ਨੀਤ, ਨੀਤੀਵਾਨ ਨੀਤੀ ਦੇ ਬਦਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਅੰਤ ਅਰਜ਼ੋਈ, ਆਰਜ਼ੂ ਬੇਨੰਤੀ ਸਚ ਸੁਣਾਈਆ। ਤੁਝ ਬਿਨ ਦੂਜਾ ਦਿਸੇ ਅਵਰ ਨਾ ਕੋਈ, ਕਾਅਬੇ ਰੋ ਰੋ ਦੇਣ ਦੁਹਾਈਆ। ਬਿਨਾ ਪੁਰਖ ਅਕਾਲ ਮਿਲੇ ਨਾ ਢੋਈ, ਢੋਲੇ ਸਾਰੇ ਰਹੇ ਸੁਣਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੀ ਕਰਨੀ ਕਰਤੇ ਪੁਰਖ ਹੋਈ, ਕ਼ੁਦਰਤ ਦੇ ਕ਼ਾਦਰ ਤੇਰੀ ਇਕ ਸਰਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਬਿਨ ਤੇਰੀ ਕਿਰਪਾ ਮੋਈ, ਮੂਰਖ

ਮੁਗਧ ਅੰਞਾਣ ਦਿਸੇ ਲੋਕਾਈਆ। ਸੋਈ ਸੁਰਤ ਨਾ ਉਠਾਵੇ ਕੋਈ, ਕਲਜੁਗ ਕਾਗ ਰਿਹਾ ਕੁਰਲਾਈਆ। ਪੈਗ਼ੰਬਰ ਕਹਿਣ ਤੇਰੇ ਨਾਮ ਦਰੋਹੀ, ਯਾਮਬੀਨ ਇਕੋ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਦੇ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਦਰ ਦਵਾਰ ਸਜਦਾ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਤੂੰ ਆਦਿ ਜੁਗਾਦੀ ਦੋ ਜਹਾਨਾਂ ਹੁਕਮੇਂ ਅੰਦਰ ਖੇਲ ਕਰਦਾ, ਬ੍ਰਹਿਮੰਡ ਖੰਡ ਰਿਹਾ ਭੁਆਈਆ। ਨਿਰਗੁਣ ਸਰਗੁਣ ਨਿਰਵੈਰ ਨਿਰਾਕਾਰ ਹੋ ਕੇ ਰੂਪ ਧਰਦਾ, ਪੰਜ ਤਤ ਖ਼ੁਸ਼ੀ ਮਨਾਈਆ। ਸ਼ਬਦ ਅਗੰਮੀ ਨਾਮ ਨਿਧਾਨ ਢੋਲਾ ਪੜ੍ਹਦਾ, ਨਿਰਅੱਖਰ ਬਿਨ ਅੱਖਰਾਂ ਦਏ ਸਮਝਾਈਆ। ਘਟ ਘਟ ਅੰਦਰ ਜੋਤ ਸਰੂਪੀ ਹੋ ਕੇ ਵੜਦਾ, ਵਾਹਵਾ ਆਪਣੀ ਖੇਲ ਖਿਲਾਈਆ। ਨਾ ਜੀਂਦਾ ਨਾ ਕਦੇ ਮਰਦਾ, ਜੋਤੀ ਜੋਤ ਡਗਮਗਾਈਆ। ਵਿਸ਼ਨ ਬ੍ਰਹਮਾ ਸ਼ਿਵ ਸਦਾ ਸਦਾ ਸਦ ਮੇਰੀ ਸੇਵਾ ਕਰਦਾ, ਨਿਉਂ ਨਿਉਂ ਲਾਗੇ ਪਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਸਚਖੰਡ ਦਰਗਾਹ ਸਾਚੀ ਓਸ ਅਗੰਮੀ ਘਰ ਦਾ, ਜਿਥੇ ਦੀਵਾ ਬਾਤੀ ਕਮਲਾਪਾਤੀ ਨਜ਼ਰ ਕੋਇ ਨਾ ਆਈਆ। ਜਿਸ ਦਵਾਰੇ ਮੰਜ਼ਲ ਪੌੜੀ ਕੋਈ ਨਾ ਚੜ੍ਹਦਾ, ਬੇਮੁਕ਼ਾਮ ਤੇਰਾ ਮੁਕ਼ਾਮ ਨਾ ਕੋਇ ਸਮਝਾਈਆ। ਤੂੰ ਸ਼ਾਹ ਸੁਲਤਾਨ ਨੌਜਵਾਨ ਆਦਿ ਜੁਗਾਦੀ ਇਕ ਅਮਾਮ, ਆਮਲ ਇਕੋ ਨਜ਼ਰੀ ਆਈਆ । ਕਲਜੁਗ ਖੇਲ ਵੇਖ ਪਤਿਪਰਮੇਸ਼ਵਰ ਆਪ ਤਮਾਮ, ਤਮਅ ਵਿਚ ਸਰਬ ਲੋਕਾਈਆ। ਦਰ ਦਰ ਘਰ ਘਰ ਹੋਇਆ ਹੈਰਾਨ, ਹਿਰਦੇ ਹਰਿ ਨਾ ਕੋਇ ਵਸਾਈਆ । ਸਾਚਾ ਇਸ਼ਟ ਨਾ ਕਿਸੇ ਮਿਲਿਆ ਰਾਮ, ਸੁਰਤੀ ਸੀਤਾ ਨਾ ਕੋਇ ਪਰਨਾਈਆ। ਮਨ ਵਾਸਨਾ ਸਾਰੇ ਹੋਏ ਗ਼ੁਲਾਮ, ਬੰਧਨ ਸਕੇ ਨਾ ਕੋਇ ਤੁੜਾਈਆ । ਨੌ ਖੰਡ ਪ੍ਰਿਥਮੀ ਬਦਲ ਦੇ ਆਪ ਨਜ਼ਾਮ, ਨੌਬਤ ਧੁਰ ਦਾ ਨਾਮ ਵਜਾਈਆ। ਸਾਚਾ ਕ਼ਲਮਾ ਇਕੋ ਦੱਸ ਕਲਾਮ, ਨਾਮ ਨਗ਼ਮਾ ਦੇ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਜੋੜ ਕੇ ਹੱਥ, ਦਰ ਠਾਂਡੇ ਸੀਸ ਨਿਵਾਈਆ । ਤੂੰ ਸਾਹਿਬ ਸਵਾਮੀ ਅੰਤਰਜਾਮੀ ਏਕੰਕਾਰ ਇਕ ਸਮਰਥ, ਪਰਵਰਦਿਗਾਰ ਤੇਰੀ ਓਟ ਰਖਾਈਆ। ਨਿਤ ਨਵਿਤ ਵੇਖਣਹਾਰਾ ਹਕ਼ੀਕ਼ਤ ਹੱਕ, ਦੋ ਜਹਾਨਾਂ ਖੋਜ ਖੁਜਾਈਆ। ਮਿਹਰਵਾਨ ਹੋ ਕੇ ਮੁਹੱਬਤ ਵਿਚ ਬਦਲ ਦੇ ਅੱਖ, ਨਿਜ ਨੇਤਰ ਨੂਰ ਕਰ ਰੁਸ਼ਨਾਈਆ। ਕਲਜੁਗ ਕੂੜੀ ਕਾਇਆ ਦੇ ਪਲਟ, ਕਾਗ ਹੰਸ ਰੂਪ ਬਦਲਾਈਆ। ਸਚ ਦਵਾਰਾ ਧਰਮ ਖੋਲ੍ਹਦੇ ਹੱਟ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਦੇ ਰੰਗਾਈਆ । ਆਤਮ ਪਰਮਾਤਮ ਪਾਰਬ੍ਰਹਮ ਦੇ ਕੇ ਬ੍ਰਹਮ ਮਤ, ਵਿਦਿਆ ਧੁਰ ਦੀ ਦੇ ਸਮਝਾਈਆ। ਤੂੰ ਮੇਰਾ ਮੈਂ ਤੇਰਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਗਾਵੇ ਜਸ, ਦੂਜਾ ਰਾਗ ਨਾ ਕੋਇ ਅਲਾਈਆ। ਤੇਰੇ ਵਿਛੋੜੇ ਅੰਦਰ ਸਾਰੇ ਸੱਥਰ ਲੈਣ ਘਤ, ਕੂੜੀ ਕਿਰਿਆ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀਆਂ ਨਾਲ ਰਹੇ ਬੋਲ, ਜੈਕਾਰਾ ਇਕੋ ਨਾਮ ਲਗਾਈਆ। ਪਰਵਰਦਿਗਾਰ ਸਾਂਝੇ ਯਾਰ ਪੁਰਖ ਅਬਿਨਾਸ਼ੀ ਨਾਮ ਕੰਡੇ ਸਾਚੇ ਤੋਲ, ਸ੍ਰਿਸ਼ਟ ਸਬਾਈ ਆਪਣੇ ਹੱਥ ਰਖਾਈਆ। ਦੇ ਵਡਿਆਈ ਜੀਵ ਜੰਤ ਸੰਤ ਸੁਹੇਲੇ ਉਪਰ ਧੌਲ, ਧਰਨੀ ਧਵਲ ਧਰਤ ਆਪਣਾ ਹੁਕਮ ਵਰਤਾਈਆ। ਹਰ ਘਟ ਅੰਤਰ ਆਤਮ ਪਰਮਾਤਮ ਹੋ ਕੇ ਮੌਲ, ਮੌਲਾ ਇਕੋ ਦੇ ਸਮਝਾਈਆ। ਜੁਗ ਚੌਕੜੀ ਪੂਰਬ ਪੂਰਾ ਕਰ ਦੇ ਕੌਲ, ਇਕ਼ਰਾਰ ਆਪਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣਾ ਦੇ ਮੁਕਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੀ ਇਕੋ ਓਟ, ਦੂਜੀ ਆਸ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਸ੍ਰਿਸ਼ਟੀ ਵਿਚੋਂ ਕਢ ਦੇ ਖੋਟ, ਕਰਮ ਕਾਂਡ ਦੇ ਮੁਕਾਈਆ। ਸਚ ਦਵਾਰੇ ਨਿਰਮਲ ਕਰ ਪਰਕਾਸ਼ ਅਗੰਮੀ ਜੋਤ, ਅੰਧ ਅੰਧੇਰ ਰਹੇ ਨਾ ਰਾਈਆ। ਸਾਚੇ ਪ੍ਰੇਮ ਦੀ ਬਖ਼ਸ਼ ਦੇ ਮੋਖ, ਮੁਫ਼ਤ ਆਪਣਾ ਨਾਮ ਵਰਤਾਈਆ। ਗੁਪਤ ਜ਼ਾਹਰ ਖੋਲ੍ਹ ਦੇ ਲੋਚਨ ਲੋਚ, ਨੈਣ ਤੀਜਾ ਦੇ ਸਮਝਾਈਆ। ਮਨ ਵਾਸਨਾ ਰਹੇ ਕੋਈ ਨਾ ਸੋਚ, ਬੁਧੀ ਬਿਬੇਕ ਦੇ ਕਰਾਈਆ। ਅੰਤਰ ਅੰਤਰ ਬਦਲ ਦੇ ਕੋਟੀ ਕੋਟ, ਕੋਟਨ ਕੋਟ ਆਪਣੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਵਾਮੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਰਮ ਪੁਰਖ ਅਕਾਲ, ਅਕਲ ਕਲਧਾਰੀ ਤੇਰੀ ਵਡ ਵਡਿਆਈਆ। ਤੂੰ ਆਦਿ ਜੁਗਾਦੀ ਠਾਕਰ ਸਵਾਮੀ ਦੀਨ ਦਿਆਲ, ਦਇਆਨਿਧ ਤੇਰੀ ਬੇਪਰਵਾਹੀਆ। ਸਚ ਦਵਾਰੇ ਬਣ ਹਲਕਾਰੇ ਆਏ ਮਿਹਰਵਾਨ, ਮਹਿਬੂਬ ਮੁਹੱਬਤ ਵਿਚ ਤੇਰੇ ਅਗੇ ਸੀਸ ਨਿਵਾਈਆ। ਧੁਰ ਦਾ ਦੇ ਇਕ ਫ਼ਰਮਾਣ, ਫ਼ਰਮਾਬਰਦਾਰ ਹੋ ਕੇ ਸੇਵ ਕਮਾਈਆ। ਕਲਜੁਗ ਕੂੜੀ ਕਿਰਿਆ ਮਿਟੇ ਨਿਸ਼ਾਨ, ਨਿਸ਼ਾਨਾ ਇਕੋ ਦੇ ਝੁਲਾਈਆ। ਚਾਰ ਕੁੰਟ ਦਹਿ ਦਿਸ਼ਾ ਕਰ ਪਰਕਾਸ਼ ਅਗੰਮੀ ਭਾਨ, ਨੂਰ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਮਿਹਰ ਨਜ਼ਰ ਉਠਾਈਆ। ਸ੍ਰੀ ਭਗਵਾਨ ਕਹੇ ਸੁਣੋ ਗੁਰ ਅਵਤਾਰ ਪੀਰ ਪੈਗ਼ੰਬਰ, ਨਿਰਗੁਣ ਨਿਰਗੁਣ ਦਿਆਂ ਜਣਾਈਆ। ਮੇਰੇ ਸੰਮਤ ਦਾ ਪਹਿਲਾ ਸਵੰਬਰ, ਸੋਭਾ ਕਾਰਨ ਦਿਤਾ ਰਚਾਈਆ। ਜਗਤ ਸ੍ਰਿਸ਼ਟੀ ਵੇਖ ਅਡੰਬਰ, ਅਡਰਾ ਖੇਲ ਦਿਤਾ ਪਰਗਟਾਈਆ। ਸਰਬ ਕਲਾ ਹੋ ਪਰਤੰਭਰ, ਭਰਪੂਰ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਹਿਜੇ ਸਹਿਜੇ ਰਿਹਾ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਚਾ ਵੇਖੋ ਨਿਰਗੁਣ ਨਿਰਵੈਰ ਦਾ ਨਕ਼ਸ਼ਾ, ਧੁਰਦਰਗਾਹੀ ਦਏ ਜਣਾਈਆ। ਕਿਸੇ ਨੂੰ ਕੋਈ ਰਹੇ ਨਾ ਖ਼ਦਸ਼ਾ, ਖ਼ਾਲਕ ਖ਼ਲਕ ਵੇਖੇ ਸ਼ਹਿਨਸ਼ਾਹੀਆ। ਮੇਰੇ ਹੁਕਮ ਦਾ ਸ਼ਬਦ ਅਗੰਮੀ ਇਕੋ ਹਾਦਸਾ, ਹੈਸੀਅਤ ਸਭ ਦੀ ਦਏ ਮਿਟਾਈਆ। ਸਤਿ ਸਰੂਪ ਆਤਮ ਪਰਮਾਤਮ ਦਸਣਾ ਖ਼ਾਲਸਾ, ਜ਼ਾਤ ਪਾਤ ਦੀਨ ਮਜ਼੍ਹਬ ਅਗੇ ਵੰਡ ਨਾ ਕੋਇ ਵੰਡਾਈਆ। ਮਾਇਆ ਮਮਤਾ ਮੋਹ ਹੰਕਾਰ ਵਿਕਾਰ ਰਹੇ ਨਾ ਲਾਲਸਾ, ਨਜ਼ਮ ਨਜ਼ਾਮ ਦੇਣਾ ਬਦਲਾਈਆ। ਸਰਬ ਸਵਾਮੀ ਪਾਰਬ੍ਰਹਮ ਪਤਿਪਰਮੇਸ਼ਵਰ ਕੂੜੀ ਨਿੰਦਰਾ ਲਾਹ ਕੇ ਆਲਸਾ, ਖ਼ਬਰਦਾਰ ਕਰੇ ਲੋਕਾਈਆ। ਸਚ ਦਵਾਰੇ ਸਭ ਦਾ ਬਣਨਾ ਸਾਲਸਾ, ਸਾਹਿਬ ਸਵਾਮੀ ਹੋ ਕੇ ਵੇਖ ਵਖਾਈਆ। ਜੋ ਬਿਨ ਕ਼ਲਮ ਸ਼ਾਹੀ ਲਿਖਣਹਾਰ ਇਬਾਰਤਾ, ਬਿਨ ਅੱਖਰਾਂ ਕਰੇ ਪੜ੍ਹਾਈਆ । ਜਿਸ ਦੇ ਕੋਲ ਚਲੇ ਨਾ ਕੋਇ ਸਫ਼ਾਰਸ਼ਾ, ਹੁਕਮੇ ਅੰਦਰ ਹੁਕਮ ਰਿਹਾ ਮਨਾਈਆ। ਝਗੜਾ ਮੁਕ ਜਾਏ ਕਲਜੁਗ ਕੂੜੀ ਗਾਰ ਦਾ, ਨਿਰਗੁਣ ਨੂਰ ਕਰੇ ਰੁਸ਼ਨਾਈਆ । ਗੁਰ ਅਵਤਾਰੋ ਪੀਰ ਪੈਗ਼ੰਬਰੋ ਵਕ਼ਤ ਸੋਹੇ ਤੁਹਾਡੇ ਅਗੰਮੀ ਯਾਰ ਦਾ, ਜਿਸ ਯਾਰੜੇ ਦਾ ਸਥਰ ਗਏ ਹੰਢਾਈਆ। ਜਨ ਭਗਤਾਂ ਵੇਲਾ ਵਕ਼ਤ ਚੁੱਕੇ ਖੁਆਰ ਦਾ, ਖਾਹ ਮਖਾਹ ਨਾ ਕੋਇ ਲੜਾਈਆ। ਜੁਗ ਚੌਕੜੀ ਜੋ ਵਿਗੜੇ ਕਾਜ ਸਵਾਰਦਾ, ਸੋ ਸਾਹਿਬ ਸਤਿਗੁਰ ਹੋਏ ਸਹਾਈਆ। ਲਹਿਣਾ ਮੁਕ ਜਾਏ ਕਲਜੁਗ ਕੂੜ ਹੰਕਾਰ ਦਾ, ਜੂਠ ਝੂਠ ਕਰੇ ਸਫ਼ਾਈਆ। ਸਤਿਜੁਗ ਆਪਣਾ ਆਪ ਸਵਾਰਦਾ, ਨਿਰਗੁਣ ਧਾਰ ਲਏ ਅੰਗੜਾਈਆ। ਕਿਸ ਵੇਲੇ ਹੁਕਮ ਮਿਲੇ ਸਚੇ ਨਿਰੰਕਾਰ ਦਾ, ਧੁਰ ਸੰਦੇਸ਼ਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ

ਤਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਅਗੰਮੀ ਲਾਲ, ਸ਼ਬਦੀ ਧਾਰ ਜਣਾਈਆ। ਜਿਸ ਦਾ ਖੇਲ ਹੁਕਮੇ ਅੰਦਰ ਕਾਲ ਮਹਾਕਾਲ, ਕਲਜੁਗ ਵੇਖਣਹਾਰ ਲੋਕਾਈਆ। ਜੋ ਸਭ ਦੇ ਮੰਨਣਹਾਰ ਸਵਾਲ, ਹਕ ਅਦਾਲਤ ਇਕ ਲਗਾਈਆ। ਸਭ ਦੀ ਲੇਖੇ ਲਾਵੇ ਪੂਰਬ ਕੀਤੀ ਘਾਲ, ਘਾਲਣਾ ਸਭ ਦੀ ਖੋਜ ਖੁਜਾਈਆ। ਨਵ ਨੌ ਚਾਰ ਕਰੇ ਬਹਾਲ, ਬੇਹਤਰ ਆਪਣਾ ਹੁਕਮ ਮਨਾਈਆ। ਜ਼ਮਾਨਾ ਵੇਖੋ ਹੁਕਮੇਂ ਅੰਦਰ ਹਾਲ, ਮਾਜ਼ੀ ਦਾ ਲੇਖਾ ਦਏ ਚੁਕਾਈਆ। ਜਲਵਾ ਨੂਰ ਤਕੋ ਜਮਾਲ, ਜ਼ਾਮਨ ਹੋ ਕੇ ਲਏ ਛੁਡਾਈਆ। ਪਰਮ ਪੁਰਖ ਦਾ ਖੇਲ ਕਮਾਲ, ਕਾਮਲ ਹੋ ਕੇ ਦਏ ਜਣਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਭਵਿਖਤਾਂ ਵਿਚ ਦਿੰਦੇ ਰਹੇ ਅਹਿਵਾਲ, ਸੋ ਅਵਲ ਅਲ੍ਹਾ ਪਰਗਟੇ ਨੂਰ ਖ਼ੁਦਾਈਆ। ਜਿਸ ਦਾ ਲੇਖਾ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਸੋ ਸਾਚੀ ਸਚ ਕਰ ਕੇ ਭਾਲ, ਭਗਤ ਸੁਹੇਲੇ ਲਏ ਉਠਾਈਆ। ਸ਼ਬਦੀ ਸ਼ਬਦ ਬਣ ਦਲਾਲ, ਵਣਜ ਵਪਾਰ ਇਕ ਕਰਾਈਆ। ਪ੍ਰਭ ਨੂੰ ਮਿਲਣਾ ਦੱਸੇ ਰਾਹ ਸੁਖਾਲ, ਮਾਰਗ ਇਕੋ ਇਕ ਦ੍ਰਿੜਾਈਆ। ਹਉਮੇ ਹੰਗਤਾ ਰਹੇ ਨਾ ਕੋਈ ਦੀਵਾਰ, ਭਾਂਡਾ ਭਰਮ ਦਏ ਭੰਨਾਈਆ। ਨਜ਼ਰੀ ਆਏ ਸਭ ਦਾ ਸਾਂਝਾ ਯਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਪੁਰਖ ਅਕਾਲ ਕਹੇ ਮੇਰੇ ਹੱਥ ਸਚ ਤੌਫ਼ੀਕ਼, ਤੋਹਮਤ ਕੂੜੀ ਦਿਆਂ ਮਿਟਾਈਆ। ਜਗਤ ਰਹਿਣ ਦੇਵਾਂ ਨਾ ਕੋਇ ਫ਼ਰੀਕ਼, ਫ਼ਿਰਕਿਆਂ ਕਰਾਂ ਸਫ਼ਾਈਆ । ਸਾਚੇ ਸੱਜਣ ਬਣਾ ਰਫ਼ੀਕ਼, ਰਹਿਮਤ ਆਪਣੀ ਹਕ ਕਮਾਈਆ। ਵਰਨ ਬਰਨ ਦੱਸ ਤਬੀਦ, ਤਮਅ ਕੂੜੀ ਦਿਆਂ ਚੁਕਾਈਆ। ਧੁਰ ਦੇ ਨਾਮ ਦੀ ਸਿਫ਼ਤ ਤਮਹੀਦ, ਸਚ ਦਿਆਂ ਸਮਝਾਈਆ। ਪ੍ਰਭ ਮਿਲਣ ਦੀ ਦਿਆਂ ਉਮੀਦ, ਅੰਤਰ ਕਰਾਂ ਰੁਸ਼ਨਾਈਆ। ਭਗਤ ਸੁਹੇਲੇ ਬਣਾ ਅਜ਼ੀਜ਼, ਆਵਣ ਜਾਵਣ ਦਿਆਂ ਕਟਾਈਆ। ਜਨਮ ਮਰਨ ਦਾ ਰਹੇ ਨਾ ਕੋਈ ਮਰੀਜ਼, ਮਜਲਸ ਸਾਚੀ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਸਾਹਿਬ ਸਵਾਮੀ ਹੋ ਸਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਚ ਸਵਾਮੀ ਵਾਹਵਾ, ਵਾਹਵਾ ਤੇਰੀ ਬੇਪਰਵਾਹੀਆ । ਤੂੰ ਆਦਿ ਜੁਗਾਦੀ ਸ਼ਹਿਨਸ਼ਾਹ, ਸਚਖੰਡ ਨਿਵਾਸੀ ਨਜ਼ਰੀ ਆਈਆ। ਜੁਗ ਚੌਕੜੀ ਹੁਕਮ ਰਿਹਾ ਵਰਤਾ, ਗੁਰ ਅਵਤਾਰ ਪੈਗ਼ੰਬਰ ਹੁਕਮੇ ਵਿਚ ਫਿਰਾਈਆ। ਜੁਗ ਚੌਕੜੀ ਰਿਹਾ ਹੰਢਾ, ਨਵ ਨੌ ਚਾਰ ਖੋਜ ਖੁਜਾਈਆ। ਕਲਜੁਗ ਅੰਤਮ ਗਿਆ ਆ, ਆਪਣਾ ਪੰਧ ਗਿਆ ਮੁਕਾਈਆ। ਚਾਰ ਕੁੰਟ ਅੰਧੇਰਾ ਗਿਆ ਛਾ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਜੀਵ ਜੰਤ ਮਾਰਨ ਧਾ, ਨੇਤਰ ਰੋਵੇ ਸਰਬ ਲੋਕਾਈਆ। ਅੰਤ ਹੋਵੇ ਨਾ ਕੋਇ ਸਹਾ, ਬਦੀ ਤੋਂ ਬਾਹਰ ਨਾ ਕੋਇ ਕਢਾਈਆ । ਗੁਰ ਅਵਤਾਰ ਪੈਗ਼ੰਬਰ ਪਲੂ ਗਏ ਛੁਡਾ, ਹੁਕਮ ਮਿਲਿਆ ਬੇਪਰਵਾਹੀਆ। ਬਿਨ ਤੇਰੀ ਕਿਰਪਾ ਮਦਦ ਅਵਰ ਨਾ ਕੋਇ ਖ਼ੁਦਾ, ਖ਼ੁਦੀ ਸਕੇ ਨਾ ਕੋਇ ਮਿਟਾਈਆ। ਸਭ ਦੀ ਬੇਨੰਤੀ ਇਕ ਦੁਆ, ਦੋਏ ਜੋੜ ਸੀਸ ਨਿਵਾਈਆ। ਤੇਰੇ ਭਾਣੇ ਅੰਦਰ ਰਹਿ ਕੇ ਮੰਨੀਏ ਤੇਰੀ ਰਜ਼ਾ, ਰਾਜ਼ਕ ਰਹੀਮ ਤੇਰੀ ਸਰਨਾਈਆ । ਕਲਜੁਗ ਕੂੜੀ ਕਿਰਿਆ ਮੇਟ ਵਬਾ, ਸਚ ਸ਼ਾਹ ਦੇ ਵਖਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਰੰਗ ਦੇ ਰੰਗਾ, ਆਤਮ ਪਰਮਾਤਮ ਸਭ ਨੂੰ ਦੇ ਸਮਝਾਈਆ। ਪੰਜ ਤਤ ਖ਼ਾਕੀ ਬਦਨ ਸਰੀਰ ਸਾਰੇ ਰਹੇ ਹੰਢਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਜੋੜ ਜੁੜਾਈਆ। ਤੇਰਾ ਨੂਰ ਜੋਤੀ ਜੋਤ ਸਰਬ ਰੁਸ਼ਨਾ, ਆਦਿ ਨਿਰੰਜਣ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦੇ ਖੁਲ੍ਹਾਈਆ।

ਪੁਰਖ ਅਕਾਲ ਕਹੇ ਮੇਰਾ ਭੇਖ ਅਵੱਲੜਾ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਦੋ ਜਹਾਨਾਂ ਵੇਖਾਂ ਇਕ ਅਵਲੜਾ, ਸਚਖੰਡ ਦਵਾਰੇ ਬਹਿ ਕੇ ਖ਼ੁਸ਼ੀ ਮਨਾਈਆ। ਨਿਤ ਨਵਿਤ ਜਨ ਭਗਤ ਫੜਾ ਕੇ ਸ਼ਬਦੀ ਪਲੜਾ, ਡੋਰੀ ਆਪਣੀ ਗੰਢ ਪਵਾਈਆ। ਜਗਤ ਜਹਾਨ ਕਲਜੁਗ ਅੰਤਮ ਮਨ ਵਾਸਨਾ ਹੋਇਆ ਝਗੜਾ, ਝਲਕ ਮਿਲੇ ਨਾ ਨੂਰ ਖ਼ੁਦਾਈਆ। ਮਾਇਆ ਮਮਤਾ ਵਾਸਨਾ ਅੰਦਰ ਰਲੜਾ, ਰਮਿਆ ਰਾਮ ਨਾ ਕੋਇ ਜਣਾਈਆ। ਦੀਪਕ ਜੋਤ ਸਚ ਪਰਕਾਸ਼ ਕਿਸੇ ਨਾ ਬਲੜਾ, ਅੰਧ ਅੰਧੇਰ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਨਿਧਾਨ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰਾ ਹੁਕਮ ਫ਼ਰਮਾਨ, ਨਾ ਕੋਈ ਮੇਟੇ ਮੇਟ ਮਿਟਾਈਆ । ਤੂੰ ਏਥੇ ਓਥੇ ਦੋ ਜਹਾਨਾਂ ਮਿਹਰਵਾਨ, ਮਿਹਬਾਨ ਬੀਦੋ ਤੇਰੀ ਇਕ ਸਰਨਾਈਆ। ਤੂੰ ਨਿਤ ਨਵਿਤ ਧੁਰ ਦਾ ਰਾਮ, ਰਮਈਆ ਹੋ ਕੇ ਰਿਹਾ ਸਮਾਈਆ । ਤੂੰ ਸਚ ਸਵਾਮੀ ਦ੍ਰਿਸ਼ਟੀ ਸ੍ਰਿਸ਼ਟੀ ਵਾਲਾ ਕਾਹਨ, ਘਨਈਆ ਹੋ ਕੇ ਖੋਜ ਖੁਜਾਈਆ। ਤੂੰ ਨੂਰੀ ਜਲਵਾ ਇਕ ਅਮਾਮ, ਪਰਵਰਦਿਗਾਰ ਬੇਪਰਵਾਹੀਆ । ਤੂੰ ਨਾਨਕ ਨਿਰਗੁਣ ਸਰਗੁਣ ਖੇਲ ਮਹਾਨ, ਗੋਬਿੰਦ ਗੋਦ ਰਿਹਾ ਉਠਾਈਆ। ਤੇਰਾ ਲੇਖਾ ਸਮਝ ਸਕੇ ਨਾ ਕੋਈ ਜੀਵ ਵਿਚ ਜਹਾਨ, ਚੌਦਾਂ ਵਿਦਿਆ ਸਮਝ ਕੋਇ ਨਾ ਆਈਆ। ਅਸੀਂ ਸਾਰੇ ਹੋਏ ਹੈਰਾਨ, ਹੈਰਾਨੀ ਸਭ ਦੇ ਅੰਦਰ ਆਈਆ। ਸ੍ਰਿਸ਼ਟ ਸਬਾਈ ਹੁੰਦੀ ਦਿਸੇ ਵੈਰਾਨ, ਵੈਰਾਨੀ ਘਰ ਘਰ ਰੂਪ ਪਰਗਟਾਈਆ। ਜਿਸ ਸਮੇਂ ਦਾ ਸੰਦੇਸ਼ ਦੇ ਕੇ ਆਏ ਜਹਾਨ, ਸੋ ਸ੍ਰੀ ਭਗਵਾਨ ਵੇਲਾ ਗਿਆ ਆਈਆ। ਤੇਰੇ ਹੱਥ ਬ੍ਰਹਿਮੰਡਾਂ ਖੰਡਾਂ ਦੀ ਕਮਾਨ, ਹੁਕਮੇਂ ਅੰਦਰ ਗੁਰ ਅਵਤਾਰ ਪੈਗ਼ੰਬਰ ਪੀਰ ਵਿਸ਼ਨ ਬ੍ਰਹਮਾ ਸ਼ਿਵ ਰਵ ਸਸ ਪ੍ਰਿਥਮੀ ਆਕਾਸ਼ ਮੰਡਲ ਮੰਡਪ ਬ੍ਰਹਿਮੰਡ ਖੰਡ ਭੱਜਣ ਥਾਉਂ ਥਾਈਂਆ। ਤੇਰੇ ਦਰ ਤੋਂ ਕੋਈ ਨਾ ਜਾਏ ਨਿਰਾਸ, ਤੂੰ ਸਭ ਦੀ ਪੂਰੀ ਕਰੇਂ ਆਸ, ਕਲਜੁਗ ਅੰਤਮ ਖੇਲ ਵੇਖ ਜੰਗਲ ਜੂਹ ਉਜਾੜ ਪਹਾੜ ਵਿਚ ਭਰਵਾਸ, ਸਮੁੰਦ ਸਾਗਰ ਟਿੱਲੇ ਪਰਬਤ ਪਹਾੜ ਚੋਟੀ ਖੋਜ ਖੁਜਾਈਆ। ਜਗਤ ਜੀਵ ਵੇਖ ਬਦਮਾਸ਼, ਬਦੀ ਸਭ ਦੀ ਦੇ ਗਵਾਈਆ। ਸਭ ਕੁਛ ਤੇਰੇ ਪਾਸ, ਪ੍ਰੇਮ ਪਿਆਰ ਮੁਹੱਬਤ ਮਹਿਬੂਬ ਹੋ ਕੇ ਦੇ ਵਰਤਾਈਆ। ਕੁਛ ਲਹਿਣਾ ਦੇਣਾ ਵੇਦ ਵਿਆਸ, ਬਿਆਸ ਕੰਢੇ ਬਹਿ ਕੇ ਗਿਆ ਜਣਾਈਆ। ਜਿਸ ਦੀ ਵਿਦਿਆ ਵਿਚ ਕਿਸੇ ਨਾ ਆਈ ਕਿਆਸ, ਕ਼ਸਮ ਦੀ ਕ਼ਿਸਮਤ ਦਿੱਤੀ ਬਦਲਾਈਆ। ਸ੍ਰਿਸ਼ਟੀ ਦਾ ਤੇਰੇ ਉਤੋਂ ਚੁੱਕਿਆ ਗਿਆ ਵਿਸ਼ਵਾਸ, ਵਿਸ਼ਿਆਂ ਵਿਚ ਡੁੱਬੀ ਗਈ ਸਰਬ ਲੋਕਾਈਆ। ਇਹ ਵੀ ਤੇਰਾ ਖੇਲ ਖ਼ਾਸ, ਜਿਸ ਦੀ ਖ਼ਸੂਸੀਅਤ ਖ਼ੁਸ਼ ਹੋ ਕੇ ਨਾ ਕੋਇ ਜਣਾਈਆ। ਧੰਨ ਭਾਗ ਜੋ ਸਾਡੇ ਜੁਗਾਂ ਦੇ ਪੂਰਨ ਹੋਣ ਲਗੇ ਖ਼ਵਾਬ, ਜੋ ਭਵਿਖਤਾਂ ਵਿਚ ਭਾਖਿਆ ਗਏ ਦ੍ਰਿੜਾਈਆ । ਅਸੀਂ ਵੇਖਣੇ ਖ਼ਾਕੀ ਸ਼ਾਹ ਅੰਧੇ ਨਵਾਬ, ਸੀਸ ਰਹਿਣਾ ਨਹੀਂ ਕਿਸੇ ਤਾਜ, ਤਖ਼ਤ ਨਿਵਾਸੀ ਤਖ਼ਤ ਦੇਣੇ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨਾਂ ਦੱਸੇ ਇਕ ਆਦਾਬ, ਇਬਾਦਤ ਸਭ ਦੀ ਦਏ ਬਦਲਾਈਆ।

੧੬ ਅੱਸੂ ਸ਼ਹਿਨਸ਼ਾਹੀ ਸੰਮਤ ੧ ਅਵਤਾਰ ਸਿੰਘ ਨਾਲ ਨਿਰੰਕਾਰੀ ਕਾਲੋਨੀ ਦਿੱਲੀ

ਭੇਵ ਚੁਕ ਜਾਏ ਹੰ ਬ੍ਰਹਮ, ਪਾਰਬ੍ਰਹਮ ਆਪਣਾ ਰੂਪ ਅਨੂਪ ਦਏ ਦਰਸਾਈਆ। ਝਗੜਾ ਮੁਕ ਜਾਏ ਹੱਡ ਮਾਸ ਨਾੜੀ ਚੰਮ, ਦੂਈ ਦਵੈਤ

ਰਹਿਣ ਕੋਇ ਨਾ ਪਾਈਆ। ਲੇਖਾ ਮੁਕ ਜਾਏ ਹਰਖ਼ ਸੋਗ ਚਿੰਤਾ ਗ਼ਮ, ਖ਼ੁਸ਼ੀ ਇਕੋ ਦਏ ਪਰਗਟਾਈਆ। ਉਹ ਸਤਿ ਸੰਗਤ ਸਚੇ ਸਤਿਗੁਰ ਦਾ ਆਦਿ ਜੁਗਾਦਿ ਦਾ ਕੰਮ, ਕਰਨੀ ਦਾ ਕਰਤਾ ਆਪ ਕਰਾਈਆ। ਮਾਇਆ ਮਮਤਾ ਮੋਹ ਹੰਕਾਰ ਵਿਕਾਰ ਮੇਟ ਦੇਵੇ ਪੰਜ ਤਤ ਤਨ, ਹਉਮੇ ਹੰਗਤਾ ਰਹਿਣ ਨਾ ਪਾਈਆ। ਜਿਸ ਸਤਿਸੰਗ ਨੂੰ ਸੁਣ ਕੇ ਫੇਰ ਮਾਤ ਗਰਭ ਨਾ ਪਵੇ ਜੰਮ, ਚੁਰਾਸੀ ਡੇਰਾ ਦੇਵੇ ਢਾਹੀਆ। ਸਤਿਸੰਗ ਸੁਣੋ ਸਦਾ ਅਤੀਤ, ਤ੍ਰੈਗੁਣ ਲੇਖਾ ਦਏ ਮੁਕਾਈਆ। ਝਗੜਾ ਮੁਕ ਜਾਏ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੱਸੇ ਇਕੋ ਰੀਤ, ਦੂਈ ਦਵੈਤ ਨਾ ਕੋਇ ਪਰਗਟਾਈਆ। ਅੰਤਰ ਆਤਮ ਸਾਹਿਬ ਸਤਿਗੁਰ ਕਰ ਕੇ ਠਾਂਡੀ ਸੀਤ, ਅਗਨੀ ਤਤ ਦਏ ਬੁਝਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਦੱਸ ਕੇ ਸਾਚਾ ਗੀਤ, ਗਹਿਰ ਗੰਭੀਰ ਪਰਦਾ ਦਏ ਉਠਾਈਆ। ਘਰ ਸੱਜਣ ਠਾਕਰ ਮਿਲੇ ਮੀਤ, ਸਾਹਿਬ ਸਵਾਮੀ ਨਜ਼ਰੀ ਆਈਆ। ਸਾਚੇ ਸਤਿਸੰਗ ਦੀ ਆਦਿ ਜੁਗਾਦਿ ਜੁਗ ਚੌਕੜੀ ਰੀਤ, ਮਨਮੁਖ ਗੁਰਮੁਖ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸਤਿਸੰਗ ਦਏ ਸਮਝਾਈਆ। ਸਾਚਾ ਸਤਿਸੰਗ ਵਖਾਏ ਅੰਤਰ ਤਨ, ਨਿਜ ਨੇਤਰ ਅੱਖ ਕਰੇ ਰੁਸ਼ਨਾਈਆ। ਭਾਂਡਾ ਫੋੜ ਕੇ ਕੂੜ ਭਰਮ, ਦੋ ਜਹਾਨ ਅੰਤਰ ਆਤਮ ਦਏ ਸਮਝਾਈਆ। ਘਰ ਵਿਚ ਘਰ ਵਖਾਏ ਆਪਣਾ ਵਤਨ, ਗ੍ਰਹਿ ਮੰਦਰ ਖ਼ੁਸ਼ੀ ਜਣਾਈਆ। ਗੁਰਮੁਖ ਲਾਲ ਹੀਰਾ ਅਮੋਲਕ ਬਣੇ ਰਤਨ, ਜੋ ਸਤਿਸੰਗ ਸੁਣ ਕੇ ਸਤਿਗੁਰ ਸਾਚੇ ਸੀਸ ਝੁਕਾਈਆ। ਸਚ ਦਵਾਰਾ ਘਾਟ ਮਿਲੇ ਉਹ ਪਤਣ, ਜਿਸ ਦਾ ਖੇਵਟ ਖੇਟਾ ਸਚ ਮਲਾਹ ਇਕੋ ਨਜ਼ਰੀ ਆਈਆ। ਚਿੰਤਾ ਸੋਗ਼ ਰਹੇ ਨਾ ਹਰਖਨ, ਗ਼ਮੀ ਗ਼ਮ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਤਿਸੰਗ ਗੁਰਮੁਖਾਂ ਨਾਲ ਰਖਾਈਆ। ਸਤਿਸੰਗ ਸਰਬ ਦਾ ਮਿਲਾਪ, ਏਕਤਾ ਇਕੋ ਦਏ ਜਣਾਈਆ। ਪੁਰਖ ਅਕਾਲ ਵਾਹਿਗੁਰੂ ਖ਼ੁਦਾ ਗਾਡ ਅੱਲਾ ਇਕੋ ਜਣਾਵੇ ਧੁਰ ਦਾ ਬਾਪ, ਪਿਤਾ ਪਤਿਪਰਮੇਸ਼ਵਰ ਬੇਪਰਵਾਹੀਆ। ਆਤਮ ਪਰਮਾਤਮ ਨਾਤਾ ਜੋੜ ਕੇ ਸਾਕ, ਸਗਲਾ ਸੰਗ ਦਏ ਬਣਾਈਆ। ਬੰਦ ਕਿਵਾੜੀ ਖੋਲ੍ਹ ਕੇ ਤਾਕ, ਪਰਦਾ ਉਹਲਾ ਦਏ ਉਠਾਈਆ। ਝਗੜਾ ਮੇਟ ਕੇ ਜ਼ਾਤ ਪਾਤ, ਇਕੋ ਬ੍ਰਹਮ ਦਏ ਪਰਗਟਾਈਆ। ਮਨੂਆ ਮਨ ਨਾ ਰਹੇ ਗੁਸਤਾਖ, ਝਗੜਾ ਕੂੜਾ ਦਏ ਗਵਾਈਆ । ਸਤਿਸੰਗ ਅੰਦਰ ਸਤਿਗੁਰ ਨਜ਼ਰ ਆਵੇ ਸਾਖਿਆਤ, ਸਨਮੁਖ ਬੈਠਾ ਸੋਭਾ ਪਾਈਆ। ਜਿਸ ਦੀ ਸ਼ਬਦ ਅਗੰਮੀ ਆਵਾਜ਼, ਬਿਨ ਰਸਨਾ ਜਿਹਵਾ ਦਏ ਸਮਝਾਈਆ। ਝਗੜਾ ਚੁਕ ਜਾਏ ਰੋਜ਼ਾ ਨਿਮਾਜ਼, ਮੰਦਰ ਮਸਜਿਦ ਸ਼ਿਵਦਵਾਲਾ ਮਠ ਸਤਿਗੁਰ ਚਰਨ ਦਵਾਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਸੰਗ ਸਦਾ ਆਪਣਾ ਰੰਗ ਵਖਾਈਆ। ਸਤਿਸੰਗ ਸਰਬ ਦਾ ਸੁਖ, ਸੁਖ ਆਤਮ ਦਏ ਜਣਾਈਆ। ਜਗਤ ਤ੍ਰਿਸ਼ਨਾ ਮੇਟੇ ਭੁਖ, ਮਾਇਆ ਮਮਤਾ ਮੋਹ ਗਵਾਈਆ। ਦਰਸ ਵਖਾਵੇ ਜੋ ਸਤਿਗੁਰ ਬੈਠਾ ਲੁਕ, ਪਰਦਾ ਉਹਲਾ ਦਏ ਮਿਟਾਈਆ। ਪ੍ਰੇਮ ਪਿਆਰ ਅੰਦਰ ਗੁਰਸਿਖ ਗੁਰ ਗੁਰ ਇਕ ਦੂਜੇ ਨੂੰ ਜਾਵਣ ਝੁਕ, ਨਿਉਂ ਨਿਉਂ ਸੀਸ ਨਿਵਾਈਆ। ਗੁਰਸੰਗਤ ਸਤਿਸੰਗਤ ਅੰਦਰ ਆਵਣ ਜਾਵਣ ਦਾ ਪੈਂਡਾ ਜਾਏ ਮੁਕ, ਮੁਫ਼ਤ ਸਤਿਗੁਰ ਦਇਆ ਕਮਾਈਆ। ਜੇ ਕੋਈ ਅਗਲਾ ਮਾਰਗ ਲਏ ਪੁਛ, ਉਹ ਵੀ ਸਹਿਜੇ ਦਏ ਦ੍ਰਿੜਾਈਆ । ਨਾਮ ਨਿਧਾਨ ਸੁਣਾ ਕੇ ਇਕੋ ਤੁਕ, ਤੁਖ਼ਮ ਤਾਸੀਰ ਦਏ ਬਦਲਾਈਆ। ਆਪਣੀ ਗੋਦੀ ਲਏ ਚੁਕ, ਫੜ ਬਾਂਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਜੋਤ ਧਰ, ਸਤਿਸੰਗ ਸਦ ਦੇਵੇ ਮਾਣ ਵਡਿਆਈਆ। ਸਤਿਸੰਗ ਸਰਬ ਤੋਂ ਚੰਗਾ, ਗੁਰ ਅਵਤਾਰ ਪੀਰ ਪੈਗ਼ੰਬਰ ਗਏ ਜਣਾਈਆ। ਗੁਰਮੁਖਾਂ ਦੇ ਚਰਨਾਂ ਹੇਠਾਂ ਵਹਿੰਦੀ ਗੰਗਾ, ਜਮਨਾ ਸੁਰਸਤੀ ਗੋਦਾਵਰੀ ਲਾਗੇ ਪਾਈਂਆ। ਜਿਨ੍ਹਾਂ ਦੇ ਅੰਤਰ ਆਤਮ ਪ੍ਰੇਮ ਨਾਮ ਧੁਨ ਸਚਾ ਮਰਦੰਗਾ, ਦਿਵਸ ਰੈਣ ਵਜੇ ਵਧਾਈਆ। ਓਨ੍ਹਾਂ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਤਿਗੁਰ ਇਕੋ ਨਜ਼ਰੀ ਆਈਆ। ਜਿਸ ਦਾ ਨਾਮ ਅਗੰਮੀ ਖੰਡਾ, ਲੁਹਾਰ ਤਰਖਾਣ ਨਾ ਕੋਇ ਘੜਾਈਆ। ਜਿਸ ਦੀ ਇਕੋ ਮੰਜ਼ਲ ਇਕੋ ਪੌੜਾ ਇਕੋ ਡੰਡਾ, ਸਚਖੰਡ ਦਵਾਰਾ ਸਹਿਜੇ ਦਏ ਜਣਾਈਆ। ਸਤਿਸੰਗ ਬੰਦਗੀ ਵਿਚੋਂ ਬੰਦਨਾ ਸਮਝਾ ਕੇ ਬਣਾਵੇ ਬੰਦਾ, ਬੰਦੀਖਾਨਾ ਦਏ ਤੁੜਾਈਆ। ਗੁਰਮੁਖਾਂ ਵਿਚ ਮਿਲ ਕੇ ਮਨਮੁਖ ਮੂਲ ਰਹੇ ਨਾ ਅੰਧਾ, ਸਤਿਗੁਰ ਨੇਤਰ ਗਿਆਨ ਦਏ ਦਰਸਾਈਆ। ਘਰ ਵਿਚ ਘਰ ਜੋਤ ਪਰਕਾਸ਼ ਹੋਵੇ ਉਹ ਚੰਦਾ, ਜਿਸ ਨੂੰ ਸੂਰਜ ਚੰਦ ਦੋਵੇਂ ਸੀਸ ਝੁਕਾਈਆ। ਸਾਚੇ ਪ੍ਰੇਮ ਦਾ ਮਿਲੇ ਉਹ ਅਨੰਦਾ, ਅਨੰਦ ਇਕੋ ਇਕ ਏਕੰਕਾਰ ਨਿਰੰਕਾਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਸੰਗ ਸਭ ਦਾ ਰੂਪ ਏਕਾ ਦਏ ਬਣਾਈਆ । ਸਤਿਸੰਗ ਕਹੇ ਮੈਨੂੰ ਗੁਰਮੁਖ ਵਿਰਲਾ ਕਰਦਾ, ਪ੍ਰੇਮ ਪ੍ਰੀਤੀ ਨਾਲ ਨਿਭਾਈਆ। ਜੋ ਬਰਦਾ ਬਣੇ ਸਤਿਗੁਰ ਘਰ ਦਾ, ਗੁਰ ਸ਼ਬਦ ਕਰੇ ਕਮਾਈਆ। ਉਹ ਨਿਰਭੈ ਹੋ ਕਦੇ ਨਾ ਡਰਦਾ, ਭੌ ਸਰਬ ਜਾਏ ਤਜਾਈਆ। ਮੇਲਾ ਹੋਵੇ ਓਸ ਨਿਰੰਕਾਰ ਹਰਿ ਦਾ, ਜੋ ਹਰ ਹਿਰਦੇ ਰਿਹਾ ਸਮਾਈਆ। ਜੋ ਸਚ ਦਵਾਰੇ ਅੰਦਰ ਵੜਦਾ, ਮੁਕ਼ਾਮੇ ਹਕ ਬਹਿ ਬਹਿ ਖ਼ੁਸ਼ੀ ਮਨਾਈਆ। ਜੋ ਸਤਿਸੰਗ ਅੰਦਰ ਸਾਹਿਬ ਸਤਿਗੁਰ ਦਾ ਸ਼ਬਦ ਢੋਲਾ ਪੜ੍ਹਦਾ, ਸੋ ਪਾਰਬ੍ਰਹਮ ਸਹਿਜੇ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਾ ਸਤਿਸੰਗ ਗੁਰਮੁਖਾਂ ਨਾਲ ਮਿਲਾਈਆ। ਸਤਿਸੰਗ ਕਹੇ ਮੈਂ ਮਿਲਾਵਾਂ ਸਤਿਗੁਰ, ਜੋ ਸਭ ਦਾ ਮਾਲਕ ਨਜ਼ਰੀ ਆਈਆ। ਜਿਸ ਦਾ ਆਦਿ ਜੁਗਾਦਿ ਲੇਖਾ ਲਹਿਣਾ ਦੇਣਾ ਹੋਵੇ ਧੁਰ, ਧੁਰ ਮਸਤਕ ਖੋਜ ਖੁਜਾਈਆ। ਜੋ ਜੁਗ ਜਨਮ ਦੇ ਵਿਛੜਿਆਂ ਲਏ ਜੋੜ, ਫੜ ਬਾਂਹੋਂ ਗੋਦ ਬਿਠਾਈਆ। ਜੋ ਸਚ ਪ੍ਰੀਤੀ ਲੱਗੀ ਨਿਭਾਵੇ ਤੋੜ, ਅੰਤਮ ਆਪੇ ਹੋਏ ਸਹਾਈਆ। ਕਰੇ ਪਰਕਾਸ਼ ਅੰਧ ਘੋਰ, ਸਤਿ ਜੋਤ ਕਰੇ ਰੁਸ਼ਨਾਈਆ। ਝਗੜਾ ਮੁਕਾ ਕੇ ਪੰਜ ਚੋਰ, ਪਰਦਾ ਉਹਲਾ ਦਏ ਉਠਾਈਆ । ਆਪਣੇ ਨਾਲ ਸਦਾ ਸੰਗ ਨਿਰੰਕਾਰ ਨਿਰਵੈਰ ਲਏ ਤੋਰ, ਤੁਰਤ ਆਪਣਾ ਜੋੜ ਜੁੜਾਈਆ। ਸਚੇ ਸਤਿਗੁਰ ਦਾ ਸਦਾ ਮੰਤਰ ਫੁਰਨਾ ਫੋਰ, ਰਮਜ਼ ਇਕੋ ਇਕ ਵਖਾਈਆ । ਲੇਖਾ ਮੁਕ ਜਾਏ ਮੋਰ ਤੋਰ, ਮਹਿੰਮਾ ਆਪਣੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਾ ਸਤਿਸੰਗ ਸਤਿ ਪੁਰਸ਼ਾਂ ਨਾਲ ਸਮਝਾਈਆ। ਸਤਿਸੰਗ ਕਹੇ ਮੈਂ ਸਦਾ ਸਤਿਵਾਦ, ਸਤਿ ਸਚ ਦਿਆਂ ਦ੍ਰਿੜਾਈਆ। ਮੇਰਾ ਖੇਲ ਆਦਿ ਜੁਗਾਦਿ, ਜੁਗ ਚੌਕੜੀ ਵੇਖ ਵਖਾਈਆ। ਮੇਰਾ ਰੂਪ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਕਰਾਂ ਰੁਸ਼ਨਾਈਆ। ਮੈਂ ਸੁਣਾਵਾਂ ਹੁਕਮ ਸੰਦੇਸ਼ਾ ਧੁਰ ਦਾ ਨਾਦ, ਗੁਰ ਸਤਿਗੁਰ ਕਰੇ ਸ਼ਨਵਾਈਆ। ਪਰਦਾ ਓਹਲਾ ਖੋਲ੍ਹਾਂ ਰਾਜ਼, ਦੂਈ ਦਵੈਤੀ ਡੇਰਾ ਢਾਹੀਆ। ਜਿਨ੍ਹਾਂ ਗੁਰਮੁਖਾਂ ਸਤਿਸੰਗ ਸਾਰਿਆਂ ਮਿਲ ਕੇ ਕੀਤਾ ਏਕ ਸਾਥ, ਇਕੋ ਸਤਿਗੁਰ ਦਿਆਂ ਵਖਾਈਆ। ਜੋ ਪਾਵੇ ਸਾਰ ਅਨਾਥਾਂ ਨਾਥ, ਦੀਨਾਂ ਦਇਆ ਕਮਾਈਆ। ਅੰਦਰ ਬਾਹਰ ਗੁਪਤ ਜ਼ਾਹਰ ਆਪਣੀ ਸੁਣਾਵੇ ਸ਼ਬਦ ਅਗੰਮੀ ਬਾਤ, ਬਾਤਨ ਜ਼ਾਹਰ ਦਏ ਵਡਿਆਈਆ। ਇਕੋ ਪੱਟੀ ਇਕੋ ਪੜ੍ਹਾਵੇ ਜਮਾਤ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਵਰਨ ਬਰਨ ਜ਼ਾਤ ਪਾਤ ਊਚ ਨੀਚ

ਰਾਓ ਰੰਕ ਇਕੋ ਪੌੜੀ ਇਕੋ ਮੰਜ਼ਲ ਚੜ੍ਹਾਏ ਘਾਟ, ਘਾਟੇ ਸਭ ਦੇ ਪੂਰ ਕਰਾਈਆ। ਸਤਿਸੰਗ ਕਹੇ ਸਭ ਦਾ ਮਾਲਕ ਇਕੋ ਪੁਰਖ ਸਮਰਾਥ, ਜੋ ਸਮਰਥ ਸਵਾਮੀ ਸਭ ਦਾ ਮਾਲਕ ਨਜ਼ਰੀ ਆਈਆ। ਸਤਿਸੰਗ ਕਹੇ ਮੈਂ ਗੁਰਮੁਖਾਂ ਸਦਾ ਮੀਤ, ਮਿਤਰਾਂ ਦਾ ਮਿਤਰ ਨਜ਼ਰੀ ਆਈਆ। ਮੈਂ ਝਗੜਾ ਮੁਕਾਵਾਂ ਊਚ ਨੀਚ, ਇਕੋ ਰੂਪ ਦਿਆਂ ਸਮਝਾਈਆ। ਇਕੋ ਕ਼ਲਮਾਂ ਇਕੋ ਨਾਮ ਦੱਸਾਂ ਹਦੀਸ, ਇਕੋ ਹਜ਼ਰਤ ਦਿਆਂ ਵਖਾਈਆ। ਇਕੋ ਢੋਲਾ ਸਮਝਾਵਾਂ ਗੀਤ, ਗਹਿਰ ਗੰਭੀਰ ਪਰਦਾ ਦਿਆਂ ਉਠਾਈਆ। ਗੁਰਮੁਖ ਨਾਲ ਗੁਰਮੁਖ ਮਿਲਣ ਦੀ ਦੱਸਾਂ ਤਮੀਜ਼, ਤਮਅ ਤ੍ਰਿਸ਼ਨਾ ਦੂਰ ਕਰਾਈਆ। ਪ੍ਰੇਮ ਪਿਆਰ ਅੰਦਰ ਕਰਾਵਾਂ ਇਕ ਦੂਜੇ ਦੇ ਅਜੀਜ, ਮੁਹੱਬਤ ਵਿਚ ਮੁਹੱਬਤ ਨਾਤਾ ਦਿਆਂ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਤਿਸੰਗ ਗੁਰਮੁਖਾਂ ਨਾਲ ਰਚਾਈਆ। ਸਤਿਸੰਗ ਕਹੇ ਮੈਨੂੰ ਕਰਦੇ ਸਦਾ ਗੁਰਮੁਖ, ਜੋ ਸਤਿਗੁਰ ਅੰਦਰੇ ਅੰਦਰ ਰਹੇ ਧਿਆਈਆ। ਜਿਨ੍ਹਾਂ ਜਨਮ ਕਰਮ ਦਾ ਰਹਿਣਾ ਨਹੀਂ ਕੋਈ ਦੁੱਖ, ਦੀਨ ਦੁਨੀ ਦੋਵੇਂ ਲੇਖੇ ਪਾਈਆ। ਓਨ੍ਹਾਂ ਦੇ ਅੰਤਰ ਆਤਮ ਇਕ ਪ੍ਰੇਮ ਪਿਆਰ ਦਾ ਸੁਖ, ਸਾਂਤਕ ਸਤਿ ਨਜ਼ਰੀ ਆਈਆ। ਦਿਵਸ ਰੈਣ ਮੌਲੀ ਰਹੇ ਰੁੱਤ, ਪੱਤ ਟਹਿਣੀ ਖ਼ੁਸ਼ੀ ਮਨਾਈਆ। ਸਤਿਸੰਗ ਕਹੇ ਮੈਂ ਸਭ ਦੇ ਉਤੇ ਖ਼ੁਸ਼, ਜੋ ਖ਼ੁਸ਼ੀਆਂ ਨਾਲ ਆਪਣਾ ਸਤਿਗੁਰ ਰਹੇ ਧਿਆਈਆ।

੧੭ ਅੱਸੂ ਸ਼ਹਿਨਸ਼ਾਹੀ ਸੰਮਤ ੧ ਬਿਸ਼ਨ ਸਿੰਘ ਦੇ ਗ੍ਰਹਿ ਗੁੜਗਾਉਂ

ਪੁਰਖ ਅਕਾਲ ਕਹੇ ਮੇਰਾ ਸ਼ਬਦੀ ਰੂਪ ਸ਼ੇਰ ਬੱਬਰ, ਮਹਿੰਮਾ ਮੇਰੇ ਵਿਚ ਸਮਾਈਆ। ਜਿਸ ਦੇ ਅੰਦਰ ਜੁਗ ਚੌਕੜੀ ਦਾ ਭਰਪੂਰ ਪਿਆਲਾ ਸਬਰ, ਬੇਸਬਰੀ ਕਰੇ ਲੋਕਾਈਆ। ਜੋ ਆਦਿ ਜੁਗਾਦਿ ਗੁਰ ਅਵਤਾਰ ਭਗਤ ਬਣਾਏ ਟੱਬਰ, ਘਰਾਨਾ ਇਕੋ ਇਕ ਸਮਝਾਈਆ। ਲੱਖ ਚਰਾਸੀ ਜੀਵ ਜੰਤ ਵੇਖੇ ਮਨ ਵਾਸਨਾ ਕ਼ਬਰ, ਕ਼ਬਰਸਤਾਨ ਖ਼ਲਕ ਖ਼ੁਦਾਈਆ। ਸੋ ਨੂਰ ਜ਼ਹੂਰ ਕਰ ਕੇ ਉਪਰ ਅੰਬਰ, ਅਵਲ ਆਪਣੀ ਖੇਲ ਖਿਲਾਈਆ । ਦੋ ਜਹਾਨਾਂ ਨਾਮ ਧੁਨ ਸ਼ਬਦ ਸੁਣਾ ਕੇ ਮਧੁਰ, ਨਾਦ ਅਨਾਦੀ ਰਾਗ ਅਲਾਈਆ। ਦ੍ਰਿਸ਼ਟੀ ਇਸ਼ਟੀ ਕਰ ਕੇ ਪੱਧਰ, ਸਾਫ਼ ਸੁਥਰਾ ਆਪਣਾ ਹੁਕਮ ਸਮਝਾਈਆ। ਆਪਣੇ ਨਾਮ ਦਾ ਆਪ ਕਰਾਵੇ ਕ਼ਦਰ, ਕ਼ੁਦਰਤ ਦਾ ਕਰਤਾ ਨਜ਼ਰੀ ਆਈਆ। ਹੁਕਮੇ ਅੰਦਰ ਖੇਲ ਕਰਾ ਕੇ ਗ਼ਦਰ, ਗਦਾਗਰ ਸ਼ਾਹ ਸੁਲਤਾਨ ਦਏ ਬਣਾਈਆ। ਸਾਚੇ ਤਖ਼ਤ ਤਖ਼ਤ ਨਿਵਾਸੀ ਬਹਿ ਕੇ ਕਰੇ ਅਦਲ, ਅਦਾਲਤ ਧੁਰ ਦੀ ਇਕ ਲਗਾਈਆ। ਜੀਵਣ ਜੁਗਤੀ ਜਗਤ ਜਹਾਨ ਦੇਵੇ ਬਦਲ, ਧੂੰਆਂਧਾਰ ਵੇਖੇ ਸਰਬ ਖ਼ੁਦਾਈਆ। ਜੁਗ ਚੌਕੜੀ ਲੰਘਦਿਆਂ ਲੰਘਦਿਆਂ ਨੇੜੇ ਆ ਗਈ ਮਜ਼ਲ, ਮੰਜ਼ਲ ਹਕ ਦਏ ਵਖਾਈਆ। ਜੀਵ ਜਹਾਨ ਸੀਸ ਤੇ ਕੂਕੇ ਅਜ਼ਲ, ਅਜ਼ੀਜ਼ ਗੁਰਮੁਖ ਥੋੜ੍ਹੇ ਲਏ ਬਣਾਈਆ। ਲੋਕ ਪਰਲੋਕ ਬ੍ਰਹਿਮੰਡ ਖੰਡ ਕਰ ਕੇ ਵਜ਼ਨ, ਤਰਾਜ਼ੂ ਆਪਣੇ ਹੱਥ ਉਠਾਈਆ। ਲਹਿਣਾ ਦੇਣਾ ਜਾਣੇ ਖ਼ਾਕੀ ਬਦਨ, ਤਨ ਮਾਟੀ ਵੇਖ ਵਖਾਈਆ। ਰੂਪ ਅਨੂਪ ਧਰ ਕੇ ਖੇਲ ਕਰੇ ਮਨੋਹਰ ਮਦਨ, ਮਦਦ ਆਪਣੀ ਆਪਣੇ ਹੱਥ ਰਖਾਈਆ। ਸੰਤ ਸੁਹੇਲੇ ਸਚ ਦਵਾਰੇ ਆਵੇ ਸੱਦਣ, ਸਦਾ ਇਕੋ ਨਾਮ ਜਣਾਈਆ। ਭਾਗ ਲਗਾ ਕੇ ਕਾਇਆ ਮਾਟੀ ਹੱਡਨ, ਰਤੀ ਰਤ ਰੰਗ ਰੰਗਾਈਆ। ਕੂੜੀ ਕਿਰਿਆ ਅੰਦਰੋਂ ਆਏ ਵੱਢਣ, ਪਤਿਤ ਪੁਨੀਤ ਦਏ ਬਣਾਈਆ। ਮਨ ਵਿਕਾਰੀਆਂ ਆਇਆ

ਛੱਡਣ, ਨਾਤਾ ਧੁਰ ਦਾ ਲਏ ਤੁੜਾਈਆ। ਹੁਕਮ ਦੇ ਕੇ ਉਪਰ ਗਗਨ, ਗੁਰ ਅਵਤਾਰ ਪੈਗ਼ੰਬਰ ਰਿਹਾ ਜਣਾਈਆ। ਆਪਣੀ ਸ੍ਰਿਸ਼ਟੀ ਨੂੰ ਲੱਗਦੀ ਵੇਖੋ ਅਗਨ, ਅਗਲੇ ਪਿਛਲੇ ਸਾਰੇ ਜੋੜ ਜੁੜਾਈਆ। ਕਲਜੁਗ ਕਾਇਆ ਲਗਾ ਬਦਲਣ, ਸਤਿ ਸਤਿਵਾਦੀ ਭੇਖ ਵਟਾਈਆ। ਪੁਰਖ ਅਬਿਨਾਸ਼ੀ ਹੋਵਣ ਲਗਾ ਮਰਦਨ, ਮਰਦ ਮਰਦਾਨਾ ਵੇਖ ਵਖਾਈਆ। ਨੇਤਰ ਰੋਣ ਲਗਾ ਗੋਵਰਧਨ, ਛਹਿਬਰ ਧਾਰ ਨੈਣਾਂ ਨੀਰ ਵਹਾਈਆ। ਨਮਸਕਾਰ ਕਰਨ ਲਗਾ ਅਰਜਨ, ਕ੍ਰਿਸ਼ਨ ਕਾਹਨਾ ਸੰਗ ਵਖਾਈਆ। ਪੁਰਖ ਅਕਾਲ ਸਭ ਦੀ ਪੁੱਠੀ ਕਰਨ ਲਗਾ ਨਰਦਨ, ਨਦੀ ਨਾਲੇ ਰਹੇ ਕੁਰਲਾਈਆ । ਖੇਲ ਹੋਣਾ ਇਕ ਅਸਚਰਜਨ, ਅਚਰਜ ਆਪਣਾ ਰੰਗ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੈਂ ਜੁਗਾਂ ਪਿਛੋਂ ਉਠਦੀ, ਨਾਤਾ ਪੁਰਖ ਅਕਾਲ ਜੁੜਾਈਆ। ਕੋਟਾਂ ਵਿਚੋਂ ਥੋੜ੍ਹਿਆਂ ਉਤੇ ਤੁਠਦੀ, ਲੱਖ ਚੁਰਾਸੀ ਵੇਖ ਵਖਾਈਆ। ਮੈਨੂੰ ਕੋਟਾਂ ਵਿਚੋਂ ਲੋੜ ਇਕੋ ਮੁੱਠ ਦੀ, ਜੋ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਆਪ ਆਪਣੇ ਵਿਚ ਸਮਾਈਆ । ਮੈਨੂੰ ਖ਼ਾਹਿਸ਼ ਓਸ ਅਗੰਮੀ ਰੁਤ ਦੀ, ਜੋ ਰੁਤੜੀ ਪ੍ਰਭੂ ਆਪ ਮਹਿਕਾਈਆ। ਮੈਨੂੰ ਤਲਾਸ਼ ਓਸ ਅਗੰਮੀ ਪੁਤ ਦੀ, ਜੋ ਸ੍ਰੀ ਭਗਵਾਨ ਸ਼ਬਦੀ ਸੁਤ ਲਿਆ ਉਠਾਈਆ। ਮੈਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਹੀ ਪੁਛਦੀ, ਗੁਰ ਅਵਤਾਰਾਂ ਪੈਗ਼ੰਬਰਾਂ ਨਾਲ ਸਲਾਹ ਪਕਾਈਆ। ਮੈਂ ਸ਼ਾਸਤਰ ਸਿਮਰਤ ਵੇਦ ਪੁਰਾਨਾਂ ਨਾਲ ਰਹੀ ਰੁਸਦੀ, ਆਪ ਆਪਣਾ ਮੁਖ ਬਦਲਾਈਆ। ਮੈਨੂੰ ਪਿਆਸ ਲਗੀ ਰਹੀ ਅੰਮ੍ਰਿਤ ਜਾਮ ਘੁਟ ਦੀ, ਅਠਸਠ ਤੀਰਥ ਨਾ ਕੋਇ ਮਿਟਾਈਆ। ਮੈਂ ਖੇਲ ਵੇਖਦੀ ਕੂੜੀ ਕਿਰਿਆ ਜਗਤ ਲੁਟ ਦੀ, ਲੋਟੇ ਮਸਜਿਦਾਂ ਵਾਲੇ ਖੋਜ ਖੁਜਾਈਆ। ਮੈਂ ਸਾਧਾਂ ਸੰਤਾਂ ਦੇ ਚਰਨ ਰਹੀ ਘੁੱਟਦੀ, ਜੰਗਲ ਬੇਲੇ ਭੱਜੀ ਵਾਹੋ ਦਾਹੀਆ। ਜਿਧਰ ਵੇਖਾਂ ਮੈਨੂੰ ਖੇਲ ਨਜ਼ਰੀ ਆਈ ਫੁਟ ਦੀ, ਧੁਰ ਦਾ ਜੋੜ ਨਾ ਕੋਇ ਜੁੜਾਈਆ। ਸ੍ਰਿਸ਼ਟੀ ਖਾਹਿਸ਼ ਰਹੀ ਲੁਟ ਦੀ, ਲੁਟਣਾ ਘਰ ਘਰ ਸੋਭਾ ਪਾਈਆ। ਮੇਰੀ ਰੋਂਦਿਆਂ ਰੋਂਦਿਆਂ ਮੰਜ਼ਲ ਅੰਤਮ ਮੁੱਕਦੀ, ਵਕ਼ਤ ਸੁਹੇਲਾ ਗਿਆ ਆਈਆ। ਮੈਂ ਉਨ੍ਹਾਂ ਦੇ ਮੂੰਹ ਵਿਚ ਥੁੱਕਦੀ, ਜਿਹੜੇ ਪ੍ਰਭ ਨੂੰ ਗਏ ਭੁਲਾਈਆ। ਮੈਂ ਸਮਝ ਸਮਝਾਵਾਂ ਇਕ ਤੁਕ ਦੀ, ਜੋ ਤੁਖ਼ਮ ਤਾਸੀਰ ਦਏ ਬਦਲਾਈਆ। ਮੈਂ ਉਨ੍ਹਾਂ ਨੂੰ ਗੋਦੀ ਚੁਕਦੀ, ਜੋ ਭਗਤ ਭਗਵਾਨ ਢੋਲਾ ਗਾਈਆ। ਮੇਰੀ ਪ੍ਰੇਮ ਧਾਰ ਕਦੇ ਨਾ ਸੁੱਕਦੀ, ਵਹਿਣ ਸਾਗਰ ਸਮੁੰਦ ਰਹੇ ਸ਼ਰਮਾਈਆ। ਮੈਂ ਮੰਜ਼ਲ ਚੋਟੀ ਵੇਖੀ ਉਚ ਦੀ, ਊਚੋ ਊਚ ਨਜ਼ਰੀ ਆਈਆ। ਮੈਂ ਕਥਾ ਕਹਾਣੀ ਸੁਣੀ ਸਚ ਸੁਚ ਦੀ, ਸਚ ਸਾਜਣ ਲਏ ਤਰਾਈਆ। ਮੈਂ ਹੁਣ ਕਿਸੇ ਕੋਲੋਂ ਨਹੀਂ ਪੁਛਦੀ, ਇਕੋ ਪੁਰਖ ਅਕਾਲ ਮਨਾਈਆ। ਲੋੜ ਰਹੀ ਨਾ ਦਾੜ੍ਹੀ ਮੁਛ ਦੀ, ਨਿਰਗੁਣ ਨੂਰ ਨਜ਼ਰੀ ਆਈਆ। ਸ਼ਕਲ ਰਹੀ ਨਾ ਚੂੰਡੀ ਗੁੱਤ ਦੀ, ਮੇਂਢੀ ਸੀਸ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਦਿਤੀ ਪੂਰ ਕਰਾਈਆ। ਆਸਾ ਕਹੇ ਮੈਂ ਆਸਾਵੰਦ, ਅਸਲ ਇਕੋ ਰਾਹ ਤਕਾਈਆ। ਧੰਨ ਭਾਗ ਜੇ ਮਿਲਿਆ ਉਹ ਖਾਵੰਦ, ਜੋ ਖ਼ਾਲਸ ਰੰਗ ਚੜ੍ਹਾਈਆ। ਹੁਕਮੇ ਅੰਦਰ ਹੋਵਾਂ ਪਾਬੰਦ, ਨਾਤੇ ਕੂੜੇ ਸਰਬ ਤੁੜਾਈਆ। ਸਚ ਪ੍ਰੇਮ ਦਾ ਮਾਣਾ ਉਹ ਅਨੰਦ, ਜੋ ਅਨੰਦ ਅਨੰਦ ਵਿਚੋਂ ਪਰਗਟਾਈਆ। ਨੂਰੀ ਜੋਤ ਦਾ ਵੇਖਾਂ ਚੰਦ, ਦੀਪਕ ਅਵਰ ਨਾ ਕੋਇ ਟਿਮ ਟਿਮਾਈਆ। ਇਕੋ ਢੋਲਾ ਗਾਵਾਂ ਛੰਦ, ਸੰਸਿਆਂ ਵਾਲੀ ਮੁਕੀ ਪੜ੍ਹਾਈਆ। ਸਚ ਦਵਾਰ ਜਾਵਾਂ ਲੰਘ, ਜਿਥੇ ਬੈਠਾ ਸ਼ਹਿਨਸ਼ਾਹੀਆ। ਸਤਿ ਸਰੂਪੀ ਸੇਜ ਪਲੰਘ, ਪਾਵਾ ਚੂਲ ਨਾ ਕੋਇ

ਵਖਾਈਆ। ਸਦਾ ਸਦਾ ਸਦਾ ਵਸਣਹਾਰਾ ਸੰਗ, ਸੰਗੀ ਇਕੋ ਇਕ ਬਣਾਈਆ। ਆਸਾ ਕਹੇ ਮੇਰੀ ਆਸਾ ਹੋਈ ਨਾ ਭੰਗ, ਭਗਵਨ ਆਪਣੀ ਦਇਆ ਕਮਾਈਆ । ਸੁਣਿਆ ਨਾਮ ਸ਼ਬਦ ਮਰਦੰਗ, ਮਰਦੰਗਾ ਇਕੋ ਰਿਹਾ ਜਣਾਈਆ। ਮੇਰੇ ਫਰਕਣ ਲਗੇ ਅੰਗ, ਅੰਗੀ ਅੰਗ ਲਏ ਅੰਗੜਾਈਆ। ਸ਼ਬਦ ਉਠਣ ਲਗਾ ਤਰੰਗ, ਤੁਰੀਆ ਨਿਉਂ ਨਿਉਂ ਲਾਗੇ ਪਾਈਆ। ਸਾਹਿਬ ਮਿਲਿਆ ਇਕ ਬਖ਼ਸ਼ੰਦ, ਬਖ਼ਸ਼ਣਹਾਰ ਸਚ ਗੁਸਾਈਂਆ। ਜਿਸ ਨੂੰ ਗੌਣਾ ਪਏ ਨਾ ਨਾਲ ਬੱਤੀ ਦੰਦ, ਅੰਦਰੇ ਅੰਦਰ ਰਿਹਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਤ੍ਰਿਸ਼ਨਾ ਰਿਹਾ ਬੁਝਾਈਆ । ਤ੍ਰਿਸ਼ਨਾ ਕਹੇ ਮੈਂ ਰਹੀ ਪੁਛ, ਆਪਣਾ ਆਪ ਮਿਟਾਈਆ। ਮੈਨੂੰ ਸਭ ਕੁਝ ਗਿਆ ਸੁਝ, ਸੋਝੀ ਦਿਤੀ ਬੇਪਰਵਾਹੀਆ। ਮੈਂ ਸਚ ਪ੍ਰੀਤੀ ਅੰਦਰ ਗਿਆ ਰੁਝ, ਦਿਵਸ ਰੈਣ ਹੋਈ ਸ਼ਨਵਾਈਆ। ਮੇਰਾ ਆਪਣਾ ਆਪ ਰਿਹਾ ਨਾ ਕੁਝ, ਕੋਝੀ ਕਮਲੀ ਢੋਲੇ ਬਿਨ ਢੋਲਕ ਰਹੀ ਸੁਣਾਈਆ। ਜਿਸ ਨੇ ਰਮਜ਼ ਇਸ਼ਾਰਾ ਕੀਤਾ ਗੁਝ, ਆਲਸ ਨਿੰਦਰਾ ਦਿਤੀ ਉਠਾਈਆ। ਮੇਰਾ ਰਿਹਾ ਕੋਇ ਨਾ ਦੁਖ, ਰੋਗ ਸੋਗ ਨਾ ਕੋਇ ਸਤਾਈਆ। ਉਪਜਿਆ ਇਕ ਸੁਖ, ਸੁਖ ਸਾਗਰ ਰੂਪ ਵਟਾਈਆ। ਮੇਰਾ ਆਪਣਾ ਆਪ ਹੋਇਆ ਚੁਪ, ਖ਼ਾਮੋਸ਼ੀ ਬੈਠੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਹਾਈ ਮੌਲੀ ਰੁਤ, ਰਤਨ ਅਮੋਲਕ ਗੁਰਮੁਖ ਰਿਹਾ ਵਖਾਈਆ । ਰੁਤ ਕਹੇ ਮੈਂ ਵੇਖਣਾ ਉਹ ਰਤਨ, ਜਿਸ ਦੀ ਰਤੀ ਰਤ ਨਜ਼ਰ ਨਾ ਆਈਆ। ਜਿਸ ਨੇ ਪਰਤ ਕੇ ਜਾਣਾ ਆਪਣੇ ਵਤਨ, ਘਰ ਠਾਂਡੇ ਖ਼ੁਸ਼ੀ ਮਨਾਈਆ। ਘਰ ਸਾਚੇ ਘਾਟ ਬਹਿਣਾ ਪਤਣ, ਘਰ ਵਜਦੀ ਰਹੇ ਵਧਾਈਆ। ਪੂਜਾ ਪਾਠ ਦਾ ਕਰਨਾ ਪਏ ਨਾ ਕੋਈ ਯਤਨ, · ਯਥਾਰਥ ਇਕੋ ਇਕ ਵੇਖ

ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਕ਼ੀਮਤ ਦੇਵੇ ਪਾਈਆ। ਕ਼ੀਮਤ ਕਹੇ ਮੈਂ ਜੁਗ ਜੁਗ ਵੇਖ ਥੱਕੀ, ਮਾਇਆ ਮਮਤਾ ਵਿਚ ਲੋਕਾਈਆ । ਮੇਰਾ ਹਕ ਨਾ ਚੁਕਾਇਆ ਕਿਸੇ ਹਕੀ, ਹਕ਼ੀਕ਼ਤ ਸਚ ਨਾ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰ ਮੇਰੇ ਨਾਲ ਰਖਦੇ ਰਹੇ ਪੱਤੀ, ਹਿਸੇਦਾਰੀ ਜਗਤ ਬਣਾਈਆ। ਮੈਂ ਪ੍ਰਭ ਦਾ ਖੇਲ ਵੇਖ ਵੇਖ ਜੁਗ ਚੌਕੜੀ ਹਸੀ, ਹਸਤੀਆਂ ਵਾਲੇ ਦਿੱਤੇ ਖਪਾਈਆ। ਮੈਂ ਜਗਤ ਮਾਇਆ ਪ੍ਰੇਮ ਨਾਲ ਬੱਧੇ ਰੱਸੀ, ਰਸਤੇ ਸਭ ਦੇ ਰਹੀ ਭੁਲਾਈਆ। ਮੈਂ ਇਸ਼ਾਰੇ ਕਰਦੀ ਰਹੀ ਵਿਚੋਂ ਵੱਖੀ, ਵਖਰਾ ਆਪਣਾ ਹੁਕਮ ਮਨਾਈਆ। ਮੈਂ ਕਾਹਨ ਨਾਲੋਂ ਵਿਛੋੜ ਕੇ ਸਖ਼ੀ, ਬਿੰਦਰਾਬਨ ਦਿਤੀ ਰੁਲਾਈਆ। ਮੈਂ ਗੁਰ ਅਵਤਾਰਾਂ ਪੈਗ਼ੰਬਰਾਂ ਪੜ੍ਹਾ ਕੇ ਪੱਟੀ, ਪਟਨੇ ਵਾਲਾ ਦਿਤਾ ਲੜਾਈਆ। ਮੈਂ ਸਭ ਦੀ ਅੰਤਰ ਆਤਮ ਤੀਰ ਨਿਸ਼ਾਨੇ ਨਾਲ ਫਟੀ, ਫੱਟੜ ਘਾਇਲ ਕੀਤੀ ਲੋਕਾਈਆ। ਮੈਂ ਮਨ ਵਾਸਨਾ ਖੋਲ੍ਹ ਕੇ ਹੱਟੀ, ਹਟਵਾਣੇ ਰਾਜੇ ਰਾਣੇ ਦਿਤੇ ਮਿਟਾਈਆ। ਮੈਂ ਸਭ ਦੇ ਕੋਲੋਂ ਭਰੌਣੀ ਚੱਟੀ, ਚੇਤਨ ਸੁਰਤੀ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕੋ ਮੱਤੀ, ਜੋ ਮਤ ਮਤਾਂਤਰ ਸਾਰੇ ਜਾਣ ਤਜਾਈਆ। ਮਤਿ ਕਹੇ ਮੈਂ ਜੁਗ ਚੌਕੜੀ ਕਰਦੀ ਆਈ ਤਲਾਸ਼, ਚਾਰ ਕੁੰਟ ਖੋਜ ਖੁਜਾਈਆ। ਜੁਗ ਚੌਕੜੀ ਵੇਂਹਦੀ ਆਈ ਧਰਵਾਸ, ਵਿਦਿਆ ਨਾਲ ਕਰ ਪੜ੍ਹਾਈਆ। ਸੁਨੇਹੜੇ ਨਾਲ ਬੁਝੌਂਦੀ ਆਈ ਆਸ, ਆਸਾ ਖ਼ਾਹਿਸ਼ ਨਾਲ ਰਲਾਈਆ। ਕਿਸੇ ਨੂੰ ਸਮਝ ਨਾ ਦਿਤੀ ਆਪਣਾ ਆਪ, ਅਕਲ ਨਾਲ ਦਿਤੀ ਚਤੁਰਾਈਆ। ਅੰਤ ਵੇਖ ਅੰਧੇਰੀ ਰਾਤ, ਕਲਜੁਗ ਮੇਰੀ ਵਜੀ ਵਧਾਈਆ। ਨਾਤਾ ਤੋੜ ਕੇ ਪਿਤਾ ਪੁਤ ਬਾਪ, ਕੂੜੀ ਕਿਰਿਆ ਦਿਤੀ ਵਖਾਈਆ। ਗੁਰੂ ਚੇਲਾ

ਅੰਦਰੋਂ ਰਹਿਣ ਨਾ ਦਿਤਾ ਸਾਫ਼, ਕੂੜੀ ਕਿਰਿਆ ਵਿਚ ਫਸਾਈਆ । ਆਤਮ ਪਰਮਾਤਮ ਸਤਿ ਨਾ ਜਪਿਆ ਕਿਸੇ ਜਾਪ, ਰਸਨਾ ਜਿਹਵਾ ਜਗਤ ਹਲਕਾਈਆ। ਸਭ ਦੇ ਅੰਦਰ ਵੜ ਕੇ ਦਿਤਾ ਆਖ, ਆਖ਼ਰ ਹੁਕਮ ਸੁਣਾਈਆ। ਜਗਤ ਵਿਦਿਆ ਵਾਲੇ ਕਰ ਗੁਸਤਾਖ, ਮਾਰਗ ਓਝੜ ਦਿਤੇ ਪਾਈਆ। ਇਹ ਵੀ ਖੇਲ ਪੁਰਖ ਅਬਿਨਾਸ਼, ਜੋ ਮਾਲਕ ਹੋ ਕੇ ਰਿਹਾ ਕਰਾਈਆ। ਜਨ ਭਗਤਾਂ ਕਰ ਕੇ ਆਪਣਾ ਵਾਸ, ਦਾਸਤਾਨ ਆਪਣੀ ਰਿਹਾ ਸੁਣਾਈਆ। ਜਨਮ ਜਨਮ ਕਰ ਕੇ ਰਾਸ, ਕਰਮ ਕਰਮ ਰਿਹਾ ਮਿਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰੀ ਕਰ ਕੇ ਆਸ, ਆਸਾ ਅਸਲ ਆਪਣੇ ਵਿਚ ਸਮਾਈਆ।