ਪੁਸਤਕਾਲਾਭਾਗ ੧੮

੨ ਮੱਘਰ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਸੋ ਪੁਰਖ ਨਿਰੰਜਣ ਤੇਰਾ ਖੇਲ ਸਮਰਥ, ਸਵਾਮੀ ਅੰਤਰਜਾਮੀ ਤੇਰੀ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਰਹੇ ਹਸ, ਭਗਤ ਸੰਤ ਖ਼ੁਸ਼ੀ ਮਨਾਈਆ। ਧੁਰ ਦਰਬਾਰੇ ਬੋਲ ਇਕ ਅਲਖ, ਢੋਲਾ ਸੋਹਲਾ ਗੀਤ ਅਲਾਹੀਆ। ਨਿਰਗੁਣ ਧਾਰ ਰਹੇ ਦੱਸ, ਜੋਤ ਸ਼ਬਦ ਵਜੇ ਵਧਾਈਆ। ਕਰੇ ਖੇਲ ਪੁਰਖ ਸਮਰਥ, ਸ੍ਰੀ ਭਗਵਾਨ ਹੁਕਮ ਸੁਣਾਈਆ । ਸਚ ਦਵਾਰਾ ਖੋਲ੍ਹ ਕੇ ਹੱਟ, ਵਸਤ ਅਮੋਲਕ ਇਕ ਵਰਤਾਈਆ। ਜੁਗ ਚੌਕੜੀ ਪੈਂਡਾ ਮੁਕਾਇਆ ਨਠ ਨਠ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖੀ ਸਾਰੇ ਜਗ, ਜਗਜੀਵਣ ਦਾਤਾ ਖੋਜ ਖੁਜਾਈਆ। ਨੌ ਖੰਡ ਪ੍ਰਿਥਮੀ ਸਤ ਦੀਪ ਲੱਗੀ ਅੱਗ, ਅਗਨੀ ਅੱਗ ਨਾ ਕੋਇ ਬੁਝਾਈਆ। ਮੱਕੇ ਕਾਅਬੇ ਕਰਦੇ ਹੱਜ, ਹਜ਼ਰਤ ਮੇਲ ਨਾ ਕੋਇ ਮਿਲਾਈਆ। ਮੰਜ਼ਲ ਮਿਲੀ ਨਾ ਕਿਸੇ ਹਕ, ਹਕ਼ੀਕ਼ਤ ਅੰਦਰੋਂ ਬੈਠੇ ਗਵਾਈਆ। ਸਚ ਪ੍ਰੇਮ ਨਾ ਮਾਣਿਆ ਰਸ, ਰਸਤਾ ਭੁੱਲਿਆ ਸਰਬ ਲੋਕਾਈਆ। ਸ਼ਰਅ ਸ਼ਰੀਅਤ ਅੰਦਰ ਗਏ ਫਸ, ਦੀਨ ਮਜ਼੍ਹਬ ਕਰੇ ਲੜਾਈਆ। ਆਤਮ ਪਰਮਾਤਮ ਨਾਲੋਂ ਹੋ ਕੇ ਵਖ, ਮਾਇਆ ਮਮਤਾ ਪਰਦਾ ਰਹੀ ਪਾਈਆ। ਕਲਜੁਗ ਕੂੜੀ ਕਿਰਿਆ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਲੂ ਛੁਡਾ ਗਏ ਨਠ, ਸਗਲਾ ਸੰਗ ਨਾ ਕੋਇ ਬਣਾਈਆ। ਫਿਰੀ ਦਰੋਹੀ ਮੰਦਰ ਮਸਜਿਦ ਮਠ, ਸ਼ਿਵਦਵਾਲੇ ਗੁਰੂਦਵਾਰ ਦੇਣ ਦੁਹਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਨੀਰ ਵਰੋਲੇ ਅੱਖ, ਅੱਠ ਸੱਠ ਆਪਣਾ ਹਾਲ ਸੁਣਾਈਆ। ਵੇਖ ਖੇਲ ਪੁਰਖ ਸਵਾਮੀ ਵਸਣਹਾਰੇ ਘਟ ਘਟ, ਗ੍ਰਹਿ ਭੀਤਰ ਖੋਜ ਖੁਜਾਈਆ। ਸਾਚਾ ਮਿਲੇ ਨਾ ਕੋਇ ਰਸ, ਅੰਮ੍ਰਿਤ ਜਾਮ ਮੁਖ ਨਾ ਕੋਇ ਲਗਾਈਆ। ਮਨ ਕਾਮਨਾ ਹੋਏ ਸਾਰੇ ਵਸ, ਲੋਭ ਮੋਹ ਹੰਕਾਰ ਹਲਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਸਵਾਮੀ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਚਾਰ ਜੁਗ ਤੇਰਾ ਢੋਲਾ ਗਾਇਆ ਸ਼ਬਦੀ ਬਾਣੀ, ਰਾਗਾਂ ਨਾਦਾਂ ਵਿਚ ਸ਼ਨਵਾਈਆ । ਅੰਮ੍ਰਿਤ ਰਸ ਦੱਸਿਆ ਠੰਡਾ ਪਾਣੀ, ਅਗਨੀ ਅੱਗ ਦਏ ਬੁਝਾਈਆ। ਸੁਰਤ ਮਿਲਾਵਾ ਸ਼ਬਦੀ ਹਾਣੀ, ਗ੍ਰਹਿ ਮੰਦਰ ਵਜੇ ਵਧਾਈਆ। ਨਿਰਗੁਣ ਨੂਰ ਜੋਤ ਜਗੇ ਰੁਹਾਨੀ, ਅੰਧ ਅੰਧੇਰ ਦਏ ਮਿਟਾਈਆ। ਚਾਰ ਕੁੰਟ ਦਹਿ ਦਿਸ਼ਾ ਕੋਈ ਨਜ਼ਰ ਨਾ ਆਏ ਸਚ ਨਿਸ਼ਾਨੀ, ਪਰਦਾ ਕੂੜ ਨਾ ਕੋਇ ਉਠਾਈਆ। ਕਲਜੁਗ ਸਾਧ ਸੰਤ ਸ਼ਾਸਤਰ ਸਿਮਰਤਾਂ ਵਾਲੀ ਪੜ੍ਹਨ ਕਹਾਣੀ, ਕਹਿ ਕਹਿ ਸ੍ਰਿਸ਼ਟ ਸੁਣਾਈਆ। ਕਿਸੇ ਨਾ ਮਿਲਿਆ ਪਦ ਨਿਰਬਾਨੀ, ਨਿਰਬਾਨ ਪਦ ਨਾ ਕੋਇ ਸਮਾਈਆ। ਅੰਤ ਹੋਈ ਸਰਬ ਪਰੇਸ਼ਾਨੀ, ਪਸ਼ਚਾਤਾਪ ਵਿਚ ਸਮਾਈਆ। ਰਾਜ ਰਾਜਾਨ ਕਰਨ ਬੇਈਮਾਨੀ, ਧੀਰਜ ਸਤਿ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕ਼ਤ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਰਵਰਦਿਗਾਰ, ਪਰਵਰਿਸ਼ ਤੇਰੀ ਨਜ਼ਰੀ ਆਈਆ। ਦੂਜਾ ਕੋਇ ਨਾ ਮਦਦਗਾਰ, ਜੋ ਦੋ ਜਹਾਨਾਂ ਹੋਏ ਸਹਾਈਆ। ਤ੍ਰਲੋਕੀ ਚੁੱਕੇ ਨਾ ਕੋਈ ਭਾਰ, ਸਿਰ ਹੱਥ ਨਾ ਕੋਇ ਟਿਕਾਈਆ। ਕੂੜਾ ਨਾਤਾ ਵੇਖ ਸੰਸਾਰ, ਭਰਮੇ ਭੁੱਲੇ ਲੋਕਾਈਆ। ਸਚ ਮਿਲਿਆ ਨਾ ਮੀਤ ਮੁਰਾਰ, ਸਖ਼ੀ ਸੱਜਣ ਨਾ ਕੋਇ ਹੰਢਾਈਆ। ਦੁਤਰ ਉਤਰਿਆ ਨਾ ਕੋਇ ਪਾਰ, ਦੁਤੀਆ ਭਾਉ ਨਾ ਕੋਇ ਗਵਾਈਆ। ਸਾਚਾ ਕ਼ਲਮਾ ਕਰੇ ਨਾ ਕੋਇ

ਵਿਚਾਰ, ਸਚ ਨਾਮ ਨਾ ਕੋਇ ਸਮਝਾਈਆ। ਰਸਨਾ ਪੜ੍ਹ ਪੜ੍ਹ ਹੋਏ ਖੁਆਰ, ਢੋਲੇ ਸੋਹਲੇ ਜਗਤ ਅਲਾਈਆ। ਅੰਤਰ ਆਤਮ ਮਿਲਿਆ ਨਾ ਕੋਇ ਪਿਆਰ, ਪ੍ਰੀਤਮ ਪ੍ਰੇਮ ਨਾ ਕੋਇ ਕਮਾਈਆ। ਕਲਜੁਗ ਜੀਵ ਕੁਲਖਣੀ ਹੋਈ ਨਾਰ, ਕੰਤ ਸੁਹਾਗ ਨਾ ਕੋਇ ਹੰਢਾਈਆ। ਕੂੜੀ ਕਿਰਿਆ ਜਗਤ ਵਿਭਚਾਰ, ਘਰ ਘਰ ਫਿਰੇ ਵਾਹੋ ਦਾਹੀਆ। ਮਾਇਆ ਮਮਤਾ ਮੋਹ ਹੰਕਾਰ, ਗ੍ਰਹਿ ਗ੍ਰਹਿ ਕਰੇ ਲੜਾਈਆ। ਨਾਤਾ ਤੁੱਟਾ ਕੰਤ ਭਤਾਰ, ਸਾਚੀ ਸੇਵ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕ਼ਤ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਭ ਨੂੰ ਹੋਈ ਹੈਰਾਨੀ, ਕਲਜੁਗ ਅੰਤਮ ਦਏ ਗਵਾਹੀਆ। ਸਾਚੀ ਜੋਤ ਜਗੇ ਨਾ ਕਿਸੇ ਪੇਸ਼ਾਨੀ, ਮਸਤਕ ਰੂਪ ਨਾ ਕੋਇ ਰੁਸ਼ਨਾਈਆ। ਸਾਧ ਸੰਤ ਮਾਇਆ ਮਮਤਾ ਕਰਨ ਬੇਈਮਾਨੀ, ਬੇਵਾ ਰੂਪ ਬੈਠੇ ਬਣਾਈਆ। ਕੋਈ ਨਾ ਸਮਝੇ ਤੇਰੀ ਸ੍ਰਿਸ਼ਟੀ ਫ਼ਾਨੀ, ਫ਼ੈਸਲਾ ਹਕ ਨਾ ਕੋਇ ਦ੍ਰਿੜਾਈਆ। ਜੁਗ ਚੌਕੜੀ ਲੇਖਾ ਲਿਖ ਲਿਖ ਥੱਕੀ ਕਾਨੀ, ਕ਼ਲਮ ਸ਼ਾਹੀ ਨਾਲ ਮਿਲਾਈਆ। ਭਰਮੇ ਭੁਲ ਗਏ ਜਗਤ ਵਿਦਿਆ ਵਿਦਵਾਨੀ, ਚੌਦਸ ਚੰਦ ਨਾ ਕੋਇ ਚਮਕਾਈਆ। ਤੇਰੀ ਮੰਜ਼ਲ ਦੀ ਨਜ਼ਰ ਨਾ ਆਵੇ ਕਿਸੇ ਨਿਸ਼ਾਨੀ, ਪਰਦਾ ਅੰਦਰ ਨਾ ਕੋਇ ਉਠਾਈਆ। ਕਿਰਪਾ ਕਰ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਜਿਸ ਦੀ ਪਿਛੇ ਜੁਗ ਚੌਕੜੀ ਕਰ ਕੇ ਆਏ ਕ਼ੁਰਬਾਨੀ, ਕਰਬਲਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਸਜਦਾ, ਸੀਸ ਜਗਦੀਸ਼ ਝੁਕਾਈਆ। ਤੇਰੇ ਦਵਾਰੇ ਸਭ ਕੁਛ ਡਰਦਾ, ਭੈ ਭੌ ਵਿਚ ਸਮਝਾਈਆ। ਬਿਨਾ ਭਗਤ ਤੇਰਾ ਨਾਂ ਕੋਇ ਨਾ ਪੜ੍ਹਦਾ, ਪੜ੍ਹਦੀ ਵੇਖੀ ਜਗਤ ਲੋਕਾਈਆ । ਸਾਚੇ ਮੰਦਰ ਕੋਈ ਨਾ ਚੜ੍ਹਦਾ, ਸਤਿ ਦਵਾਰ ਨਾ ਸੋਭਾ ਪਾਈਆ। ਧੁਰ ਦਾ ਦਰਸ ਕੋਇ ਨਾ ਕਰਦਾ, ਨੇਤਰ ਲੋਚਨ ਅੱਖ ਖੁਲ੍ਹਾਈਆ। ਕਿਸੇ ਭੇਵ ਨਾ ਪਾਇਆ ਆਪਣੇ ਘਰ ਦਾ, ਘਰ ਵਿਚ ਘਰ ਨਾ ਕੋਇ ਵਡਿਆਈਆ। ਸਚ ਪ੍ਰੀਤੀ ਪ੍ਰੀਤਮ ਤੇਰੇ ਨਾਲ ਕੋਇ ਨਾ ਕਰਦਾ, ਮਤਲਬ ਭਰੀ ਜਗਤ ਲੋਕਾਈਆ। ਕਿਸੇ ਲੇਖਾ ਸੁਲਝਿਆ ਨਾ ਚੋਟੀ ਜੜ੍ਹ ਦਾ, ਅਧਵਿਚਕਾਰ ਬੈਠੇ ਡੇਰਾ ਲਾਈਆ। ਤੇਰਾ ਰੂਪ ਅਗੰਮੀ ਨਰਾਇਣ ਨਰ ਦਾ, ਨਰ ਹਰਿ ਤੇਰੀ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦੇਣਾ ਵਸਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੀ ਓਟ, ਓੜਕ ਇਕ ਜਣਾਈਆ । ਤੇਰਾ ਸਚ ਦਵਾਰਾ ਠਾਂਢਾ ਕੋਟ, ਗ੍ਰਹਿ ਮੰਦਰ ਸੋਭਾ ਪਾਈਆ। ਜਿਥੇ ਜਗੇ ਇਕੋ ਜੋਤੀ ਜੋਤ, ਦੀਵਾ ਬੱਤੀ ਨਾ ਕੋਇ ਰੁਸ਼ਨਾਈਆ। ਜਿਥੇ ਨਾ ਕੋਈ ਸਮਝ ਨਾ ਕੋਇ ਸੋਚ, ਇਕੋ ਹੁਕਮ ਸ਼ਹਿਨਸ਼ਾਹੀਆ। ਨਾ ਕੋਇ ਲੇਖਾ ਚੌਦਾਂ ਲੋਕ, ਚੌਦਾਂ ਤਬਕ ਨਾ ਚਲੇ ਕੋਇ ਚਤੁਰਾਈਆ। ਇਕੋ ਨਾਮ ਸਚ ਸਲੋਕ, ਢੋਲਾ ਧੁਰ ਦਾ ਰਾਗ ਅਲਾਈਆ । ਸਾਚੇ ਭਗਤਾਂ ਬਖ਼ਸ਼ੇ ਮੌਜ, ਮੌਜੂਦਾ ਹੋ ਕੇ ਹੋਏ ਸਹਾਈਆ। ਗੁਰਮੁਖਾਂ ਕਰਨੀ ਪਵੇ ਨਾ ਖੋਜ, ਜੰਗਲਾਂ ਵਿਚ ਨਾ ਵਕ਼ਤ ਗਵਾਈਆ। ਨਿਤ ਦਰਸ਼ਨ ਦੇਣਾ ਰੋਜ਼, ਰੋਜ਼ਾ ਨਿਮਾਜ਼ ਨਾ ਕੋਇ ਵਡਿਆਈਆ। ਡੇਰਾ ਲਾਉਣਾ ਕੋਨਾ ਗੋਸ਼, ਗ੍ਰਹਿ ਮੰਦਰ ਸੋਭਾ ਪਾਈਆ। ਆਪਣੇ ਮਿਲਣ ਦੀ ਦੇ ਕੇ ਹੋਸ਼, ਹੁਸ਼ਿਆਰ ਹੋ ਕੇ ਹੁਸ਼ਿਆਰ ਦੇਣੇ ਬਣਾਈਆ । ਲਹਿਣਾ ਮੁਕਾ ਕੇ ਲੋਕ ਪਰਲੋਕ, ਪਰਮ ਪੁਰਖ ਹੋਣਾ ਸਹਾਈਆ। ਜਨਮ ਜਨਮ ਦਾ ਰਹਿਣ ਨਹੀਂ ਦੇਣਾ ਰੋਗ, ਲੱਖ ਚੁਰਾਸੀ ਫੰਦ ਕਟਾਈਆ। ਆਤਮ ਪਰਮਾਤਮ ਕਰਨਾ ਧੁਰ ਸੰਜੋਗ, ਵਿਛੜੇ ਜੋੜ ਜੁੜਾਈਆ। ਚਿੰਤਾ ਗ਼ਮ ਨਾ ਰਹੇ

ਸੋਗ, ਦੁਖ ਦਰਦ ਦੇਣਾ ਗਵਾਈਆ। ਸਚ ਪ੍ਰੇਮ ਦਾ ਦੇ ਕੇ ਭੋਗ, ਭਸਮੜ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ ਦੇਣੀ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਬੇਪਰਵਾਹ, ਤੇਰੇ ਹੱਥ ਵਡਿਆਈਆ। ਅਸੀਂ ਜੁਗ ਚੌਕੜੀ ਦਿੰਦੇ ਆਏ ਸਲਾਹ, ਸ਼ਾਸਤਰ ਸਿਮਰਤ ਵੇਦ ਪੁਰਾਨਾਂ ਨਾਲ ਸਮਝਾਈਆ। ਸਭ ਦਾ ਦਾਤਾ ਖ਼ਾਲਕ ਪ੍ਰਿਤਪਾਲਕ ਇਕ ਮਲਾਹ, ਬੇੜਾ ਮੰਝਧਾਰ ਪਾਰ ਕਰਾਈਆ। ਜਿਸ ਦਾ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਇਕੋ ਨਾਂ, ਨਾਉਂ ਨਿਰੰਕਾਰਾ ਸਰਬ ਦ੍ਰਿੜਾਈਆ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਜਨ ਭਗਤਾਂ ਦੇਵੇ ਠੰਡੀ ਛਾਂ, ਅਗਨੀ ਤਤ ਨਾ ਕੋਇ ਜਲਾਈਆ । ਲੱਖ ਚੁਰਾਸੀ ਵਿਚੋਂ ਕੱਢੇ ਫੜ ਕੇ ਬਾਂਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਚਰਨ ਸਰਨ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਸਹਾਰਾ, ਸਾਹਿਬ ਤੇਰੀ ਸਰਨਾਈਆ । ਕਲਜਗ ਅੰਤਮ ਵੇਖ ਕਿਨਾਰਾ, ਨਈਆ ਆਪਣੀ ਲੈਣਾ ਚੜ੍ਹਾਈਆ। ਜਿਥੇ ਇਕੋ ਨਾਮ ਇਕੋ ਜੈਕਾਰਾ, ਇਕੋ ਰਾਗ ਸ਼ਨਵਾਈਆ। ਇਕੋ ਮੰਦਰ ਇਕੋ ਹਰਿਦਵਾਰਾ, ਇਕੋ ਗ੍ਰਹਿ ਵਜੀ ਵਧਾਈਆ। ਇਕੋ ਨੂਰ ਜੋਤ ਉਜਿਆਰਾ, ਇਕੋ ਸ਼ਬਦ ਰਾਗ ਅਲਾਈਆ। ਇਕੋ ਭਗਤਾਂ ਦਿਸੇ ਅਖਾੜਾ, ਦੂਜਾ ਨਾਚ ਨਾ ਕੋਇ ਨਚਾਈਆ। ਇਕੋ ਸੋਭਾਵੰਤ ਸੋਹੇ ਲਾੜਾ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਜੁਗ ਚੌਕੜੀ ਪਿਛੋਂ ਤੇਰਾ ਵੱਜਿਆ ਇਕ ਨਗਾਰਾ, ਨੌਬਤ ਆਪਣਾ ਨਾਮ ਵਜਾਈਆ। ਸਜਦਾ ਕਰੇ ਗੁਰੂ ਅਵਤਾਰਾ, ਪੈਗ਼ੰਬਰ ਸੀਸ ਝੁਕਾਈਆ। ਤੇਰਾ ਖੇਲ ਅਗੰਮ ਅਪਾਰਾ, ਅਪਰੰਪਰ ਤੇਰੇ ਹੱਥ ਵਡਿਆਈਆ। ਧੁਰ ਦਾ ਸਾਜਣ ਮੀਤ ਮੁਰਾਰਾ, ਮਿਤਰ ਪਿਆਰਾ ਸਹਿਜ ਸੁਖਦਾਈਆ। ਸਾਚਾ ਦਸਾ ਦੇ ਉਹ ਦਵਾਰਾ, ਜਿਥੇ ਦੁਵਾਰਕਾ ਵਾਸੀ ਬੈਠੇ ਸੋਭਾ ਪਾਈਆ। ਸਚ ਅਯੁਧਿਆ ਦਾ ਮਿਲੇ ਉਹ ਸਹਾਰਾ, ਜਿਥੇ ਯੁੱਧ ਕਰਨ ਦੀ ਲੋੜ ਰਹੇ ਨਾ ਰਾਈਆ। ਰਾਮ ਰਾਮ ਦਾ ਮਿਲੇ ਪਿਆਰਾ, ਰਾਮ ਰਾਮ ਨਜ਼ਰੀ ਆਈਆ। ਪੈਗ਼ੰਬਰਾਂ ਦਾ ਪੈਗ਼ੰਬਰ ਮਿਲੇ ਸਹਾਰਾ, ਬੇਨਜ਼ੀਰ ਸ਼ਹਿਨਸ਼ਾਹੀਆ। ਗੁਰੂਆਂ ਦਾ ਸਤਿਗੁਰੂ ਮਿਲੇ ਰਖਵਾਲਾ, ਰਖਕ ਥਾਉਂ ਥਾਈਂਆ। ਆਦਿ ਸ਼ਕਤ ਦਾ ਨੂਰ ਮਿਲੇ ਜਵਾਲਾ, ਜੋਤੀ ਜੋਤ ਡਗਮਗਾਈਆ। ਸਾਚਾ ਮਾਰਗ ਦੇ ਸੁਖਾਲਾ, ਸੁਖ ਸਾਗਰ ਵਿਚ ਸਮਾਈਆ। ਪਾਰ ਕਰਦੇ ਸ਼ਾਹ ਕੰਗਾਲਾ, ਜੋ ਚਲ ਆਏ ਸਰਨਾਈਆ। ਤੂੰ ਕਿਹੜਾ ਪਿਛਲਾ ਦੇਣਾ ਅਹਿਵਾਲਾ, ਗ੍ਰੰਥਾਂ ਵਾਲੀ ਪੜ੍ਹਾਈਆ। ਤੇਰਾ ਸ਼ਬਦ ਇਸ਼ਾਰਾ ਸਭ ਤੋਂ ਨਿਰਾਲਾ, ਨਿਰਾਕਾਰ ਲੈਣਾ ਪਰਗਟਾਈਆ। ਜਨ ਭਗਤ ਬਣਾ ਕੇ ਆਪਣਾ ਬਾਲਾ, ਬਾਲਕ ਆਪਣੀ ਗੋਦ ਉਠਾਈਆ। ਸਚ ਦਰਸਾ ਕੇ ਇਕੋ ਧਰਮਸਾਲਾ, ਧਰਮ ਦਵਾਰਾ ਦੇਣਾ ਸੁਹਾਈਆ। ਗੁਰ ਅਵਤਾਰ ਪੈਗ਼ੰਬਰ ਕਰ ਕੇ ਨਮਸਕਾਰਾ, ਨਮੋ ਨਮੋ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਹਰਿ ਹਰਿ ਹਰੀ ਬਣ ਰਖਵਾਲਾ, ਹਰ ਹਿਰਦਾ ਵੇਖ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਆਪਣੀ ਚਲੇ ਅਵਲੜੀ ਚਾਲਾ, ਚਾਲਾਕੀ ਨਾਲ ਬੰਦੇ ਖ਼ਾਕੀ ਲਏ ਭੁਲਾਈਆ।