੨੬ ਪੋਹ ਸ਼ਹਿਨਸ਼ਾਹੀ ਸੰਗਤ ੧ ਹਰਿ ਭਗਤ ਦਵਾਰ ਜੇਠੂਵਾਲ
ਪੁਰਖ ਅਕਾਲ ਕਹੇ ਸਚ ਜੈਕਾਰੇ ਦੀ ਸੋਹਣੀ ਗੂੰਜ, ਸਚਖੰਡ ਵੱਜੇ ਵਧਾਈਆ। ਖ਼ੁਸ਼ੀਆਂ ਨਾਲ ਭਗਤਾਂ ਦੇ ਪ੍ਰੇਮ ਆਸੂ ਲਵਾਂ ਪੂੰਝ, ਨਾਮ ਰੁਮਾਲ ਹੱਥ ਉਠਾਈਆ। ਪਿਆਰ ਮੁਹੱਬਤ ਅੰਦਰ ਕਾਇਆ ਬਸਤੀ ਅੰਦਰੋਂ ਦੇਵਾਂ ਹੂੰਝ, ਮੁਹੱਬਤ ਵਿਚ ਕਰਾਂ ਸਫ਼ਾਈਆ। ਮਿਹਰਵਾਨ ਹੋ ਕੇ ਚੁਕਾਵਾਂ ਏਕਾ ਦੂਜ, ਦੁਤੀਆ ਭਾਉ ਨਾ ਕੋਇ ਵਖਾਈਆ। ਆਤਮ ਪਰਮਾਤਮ ਮਿਲਣ ਦੀ ਦੱਸਾਂ ਸੂਝ, ਪਾਰਬ੍ਰਹਮ ਬ੍ਰਹਮ ਪੜਦਾ ਆਪ ਉਠਾਈਆ। ਮੰਜ਼ਲ ਚੁਕਾਵਾਂ ਸਚ ਮਕ਼ਸੂਦ, ਮਹਿਫਲ ਆਪਣੀ ਦਿਆਂ ਵਖਾਈਆ। ਮਹੱਲ ਅਟਲ ਉਚ ਅਰੂਜ, ਅਰਸ਼ ਫ਼ਰਸ਼ ਇਕ ਮਨਾਈਆ। ਕੂੜੀ ਕਿਰਿਆ ਕਰ ਮੌਕੂਫ਼, ਮੁਕੰਮਲ ਆਪਣਾ ਰਾਹ ਸਮਝਾਈਆ। ਗੁਰਮੁਖ ਰਹੇ ਨਾ ਕੋਈ ਬੇਵਕੂਫ਼, ਬੇਵਾ ਜਗਤ ਨਾ ਕੋਇ ਅਖਵਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਸਬੂਤ, ਸੋ ਸਵਾਮੀ ਹੋ ਕੇ ਗੋਦ ਉਠਾਈਆ। ਆਦਿ ਜੁਗਾਦੀ ਬਣ ਕੇ ਇਕ ਮਹਿਬੂਬ, ਸਚ ਦਵਾਰਾ ਦਿਆਂ ਵਖਾਈਆ। ਹੋਏ ਪਰਕਾਸ਼ ਅਗੰਮੀ ਕੂਟ, ਚਾਰ ਕੁੰਟ ਨਾ ਕੋਇ ਜਣਾਈਆ। ਝਗੜਾ ਰਹੇ ਨਾ ਜੂਠ ਝੂਠ, ਸਤਿ ਸਚ ਇਕ ਸਮਝਾਈਆ। ਅੰਮ੍ਰਿਤ ਰਸ ਦੇ ਕੇ ਘੂਟ, ਨਿਝਰ ਝਿਰਨਾ ਦਿਆਂ ਝਿਰਾਈਆ। ਤਨ ਨਗਾਰੇ ਲਾ ਕੇ ਚੋਟ, ਸੋਈ ਸੁਰਤੀ ਦਿਆਂ ਉਠਾਈਆ। ਬੰਕ ਸੁਹਾ ਕੇ ਕਿਲਾ ਕੋਟ, ਕਾਇਆ ਗੜ੍ਹ ਵੱਜੇ ਵਧਾਈਆ। ਭਗਤ ਦਵਾਰੇ ਆਪੇ ਪਹੁੰਚ, ਪੈਂਡਾ ਸਭ ਦਾ ਦਿਆਂ ਮੁਕਾਈਆ। ਕੋਈ ਰਹਿਣ ਨਾ ਦੇਵਾਂ ਸੋਚ, ਸਮਝ ਆਪਣੀ ਵਿਚ ਸਮਾਈਆ। ਜਿਸ ਦੇ ਦਰਸ਼ਨ ਰਹੇ ਲੋਚ, ਸੋ ਲੋਚਣ ਆਪਣਾ ਰੰਗ ਚੜ੍ਹਾਈਆ। ਸਾਹਿਬ ਸਵਾਮੀ ਕਰ ਕੇ ਖੋਜ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਅਗੇ ਦਰਸ਼ਨ ਦੇਵੇ ਰੋਜ਼, ਘਰ ਘਰ ਆਪਣਾ ਪੜਦਾ ਲਾਹੀਆ। ਸਾਚੀ ਦੇ ਕੇ ਧੁਰ ਦੀ ਖੋਜ, ਮੌਜੂਦਾ ਹੋ ਕੇ ਵੇਖ ਵਖਾਈਆ। ਜਨਮ ਕਰਮ ਦਾ ਰਹਿਣ ਨਾ ਦੇਵੇ ਰੋਗ, ਪ੍ਰੇਮ ਪ੍ਰੀਤੀ ਇਕ ਬਣਾਈਆ। ਆਤਮ ਪਰਮਾਤਮ ਕਰ ਕੇ ਧੁਰ ਸੰਜੋਗ, ਵਿਛੜਿਆਂ ਮੇਲਾ ਲਏ ਕਰਾਈਆ। ਝਗੜਾ ਚੁਕਾ ਕੇ ਚੌਦਾਂ ਲੋਕ, ਚੌਦਾਂ ਤਬਕ ਚਰਨਾਂ ਹੇਠ ਦਬਾਈਆ। ਤਰਾਨਾ ਦੱਸ ਕੇ ਸਚ ਸਲੋਕ, ਸੋਹਲਾ ਇਕੋ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸ੍ਰੀ ਭਗਵਾਨ ਕਹੇ ਜੈਕਾਰਾ
ਸੁਣਿਆ ਸਚਖੰਡ, ਧਰਮ ਦਵਾਰ ਵੱਜੀ ਵਧਾਈਆ। ਖ਼ੁਸ਼ੀ ਹੋਏ ਕੋਟ ਬ੍ਰਹਿਮੰਡ, ਬ੍ਰਹਿਮਾਂਡ ਡੇਰਾ ਢਾਹੀਆ। ਗੁਰ ਅਵਤਾਰ ਪੈਗ਼ੰਬਰ ਸੁਣ ਕੇ ਛੰਦ, ਤਤ ਆਪਣੇ ਰਹੇ ਸਾਲਾਹੀਆ। ਵਿਸ਼ਨ ਬ੍ਰਹਮਾ ਸ਼ਿਵ ਹੋਏ ਅਨੰਦ, ਕਰੋੜ ਤੇਤੀਸਾ ਰਾਗ ਅਲਾਈਆ। ਨੱਚੇ ਟੱਪੇ ਰਵ ਸਸ ਸੂਰੀਆ ਚੰਦ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਭਗਤਾਂ ਫਰਕਣ ਅੰਗ ਅੰਗ, ਅੰਗਣ ਲਾਇਆ ਬੇਪਰਵਾਹੀਆ। ਰਸਨਾ ਬੋਲ ਨਾ ਸਕੇ ਬੱਤੀ ਦੰਦ, ਅੰਦਰੇ ਅੰਦਰ ਦਏ ਸਮਝਾਈਆ। ਪੰਜਾਂ ਮੇਟੇ ਕੂੜਾ ਜੰਗ, ਜਗਤ ਝੇੜਾ ਮਮਤਾ ਦਏ ਮਿਟਾਈਆ। ਜੁਗ ਜਨਮ ਦੀ ਟੁੱਟੀ ਲਏ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੀ ਦਇਆ ਕਮਾਈਆ। ਗੁਪਤ ਜਾਹਰ ਰਹੇ ਸੰਗ, ਸਗਲਾ ਸੰਗ ਬਣਾਈਆ। ਭੇਵ ਚੁਕਾ ਕੇ ਹੰ ਬ੍ਰਹਮ, ਪਾਰਬ੍ਰਹਮ ਲਏ ਮਿਲਾਈਆ। ਜਨ ਭਗਤਾਂ ਸ੍ਰੀ ਭਗਵਾਨ ਦੇ ਗ੍ਰਹਿ ਪੈਣਾ ਜੰਮ, ਨਾਤਾ ਤੁੱਟਣਾ ਪਿਤਾ ਮਾਈਆ। ਕੂੜੀ ਕਰਿਆ ਨਾਤਾ ਛੁੱਟਣਾ ਜਗਤ ਕੰਮ, ਨਿਹਕਰਮੀ ਆਪਣਾ ਕਰਮ ਦਏ ਸਮਝਾਈਆ। ਝਗੜਾ ਰਹੇ ਨਾ ਵਾਸਨਾ ਮਨ, ਮੁਹੱਬਤ ਇਕੋ ਇਕ ਲਗਾਈਆ। ਨੇਤਰ ਰਹੇ ਕੋਈ ਨਾ ਅੰਨ੍ਹ, ਗਿਆਨ ਨੇਤਰ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਪੁਰਖ ਅਕਾਲ ਕਹੇ ਮੈਂ ਸੁਣੀ ਅੰਤਰ ਆਤਮ ਆਵਾਜ, ਜੋ ਢੋਲਾ ਅਗੰਮ ਸੁਣਾਈਆ। ਜਿਸ ਦੇ ਅੰਤਰ ਅਨੋਖਾ ਰਾਜ਼, ਚੌਦਾਂ ਵਿਦਿਆ ਨਾ ਕੋਇ ਸਮਝਾਈਆ। ਪ੍ਰੇਮ ਪ੍ਰੀਤੀ ਵਾਲੀ ਵੇਖੀ ਖ਼ਾਹਿਸ਼, ਆਸ਼ਾ ਨੂਰ ਇਲਾਹੀਆ। ਬਿਨ ਗੋਪੀ ਕਾਹਨ ਸੋਹਣੀ ਵੇਖੀ ਰਾਸ, ਮੰਡਲ ਮੰਡਪ ਨਜ਼ਰ ਕੋਇ ਨਾ ਆਈਆ। ਜਨ ਭਗਤ ਕਹਿਣ ਪ੍ਰਭ ਪਰਮ ਪੁਰਖ ਸਦ ਵਸਣਾ ਪਾਸ, ਤੇਰੀ ਨਾ ਹੋਏ ਜੁਦਾਈਆ। ਝਗੜਾ ਮੁਕੇ ਪ੍ਰਿਥਮੀ ਆਕਾਸ਼, ਪਰਕਾਸ਼ ਤੇਰਾ ਨੂਰ ਇਲਾਹੀਆ। ਕਾਇਆ ਮੰਦਰ ਅੰਦਰ ਕਰਨਾ ਵਾਸ, ਭੂਮਿਕਾ ਇਕੋ ਇਕ ਵਡਿਆਈਆ। ਬਾਲਕ ਸੇਵਕ ਤੇਰੇ ਦਾਸ, ਯਾਚਕ ਆਪਣੇ ਲੈਣੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪੁਰਖ ਅਕਾਲ ਕਹੇ ਜੈਕਾਰਾ ਕਹੇ ਮੇਰਾ ਜੈਕਾਰ, ਜੈ ਜੈਕਾਰ ਸਮਝ ਕਿਸੇ ਨਾ ਆਈਆ। ਮੈਂ ਵੇਖਦਾ ਰਿਹਾ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਮਾਤ ਹੰਢਾਈਆ। ਸੰਦੇਸ਼ੇ ਸੁਣਦਾ ਰਿਹਾ ਗੁਰੂ ਅਵਤਾਰ, ਪੈਗ਼ੰਬਰ ਕਲਮਾ ਨਾਲ ਖ਼ੁਦਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਵਿਚੋਂ ਸਮਝਦਾ ਰਿਹਾ ਵਿਚਾਰ, ਖਾਣੀ ਬਾਣੀ ਖੋਜ ਖੁਜਾਈਆ। ਰਿਸ਼ੀ ਮੁਨੀ ਸੰਤ ਫ਼ਕੀਰ ਸੂਫ਼ੀ ਤੇਰਾ ਕਰਦੇ ਗਏ ਇਸ਼ਾਰ, ਸ਼ਾਇਰ ਸ਼ਾਇਰਾਂ ਨਾਲ ਗਾਈਆ। ਭੇਵ ਅਭੇਦ ਖੁਲ੍ਹਿਆ ਆਦਿ ਅੰਤ ਨਾ ਕੋਇ ਨਿਰੰਕਾਰ, ਨਿਰਵੈਰ ਤੇਰੀ ਬੇਪਰਵਾਹੀਆ। ਕਿਰਪਾ ਕਰੀ ਅਗੰਮ ਅਪਾਰ, ਅਲਖ ਅਗੋਚਰ ਦਇਆ ਕਮਾਈਆ। ਕਲਜੁਗ ਅੰਤਮ ਖੇਲ ਅਪਾਰ, ਅਪਰੰਪਰ ਸਵਾਮੀ ਆਪ ਕਮਾਈਆ। ਲੋਕਮਾਤ ਲਏ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਿਸ ਨੂੰ ਸਮਝੇ ਨਾ ਕੋਇ ਸੰਸਾਰ, ਵਿਦਿਆਵਾਨ ਰਹੇ ਕੁਰਲਾਈਆ। ਭਗਤਾਂ ਉਤੇ ਹੋ ਕੇ ਮਿਹਰਵਾਨ, ਸੰਤ ਸੁਹੇਲੇ ਲਏ ਉਠਾਈਆ। ਸ਼ਬਦ ਅਗੰਮੀ ਦੇ ਕੇ ਦਾਨ, ਸਚ ਝੋਲੀ ਦਿਤੀ ਭਰਾਈਆ। ਸਚ ਦਵਾਰੇ ਸੱਦ ਮਹਿਮਾਨ, ਮਹਿਬੂਬ ਮੁਹੱਬਤ ਸੇਵ ਕਮਾਈਆ। ਪੂਰਬ ਜਨਮ ਦਾ ਲੇਖ ਮਹਾਨ, ਮਹਿੰਮਾ ਅਕਥ ਦ੍ਰਿੜਾਈਆ। ਬ੍ਰਹਿਮੰਡ ਖੰਡ ਹੋਏ ਹੈਰਾਨ, ਭੇਵ ਅਭੇਦ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਜੈਕਾਰਾ ਕਹੇ ਮੈਂ ਲੱਗਾ ਜਗ, ਜਗ ਜੀਵਣ ਦਾਤੇ ਦਿਤੀ ਵਡਿਆਈਆ। ਦੋ ਜਹਾਨਾਂ ਕਰ ਕੇ ਪਾਰ ਹੱਦ, ਹਦੂਦ ਇਕੋ ਵੇਖ ਵਖਾਈਆ। ਜਿਥੇ
ਢੋਲਾ ਨਾ ਕੋਈ ਗੀਤ ਸੱਦ, ਸਦਮਾ ਰੂਪ ਨਾ ਕੋਇ ਪਰਗਟਾਈਆ। ਨਾ ਕੋਈ ਸ਼ਬਦ ਨਾਦ ਧੁੰਨ ਨਦ, ਰਾਗੀ ਰਾਗ ਅਲਾਈਆ। ਨਾ ਕੋਈ ਮੁਰੀਦ ਮੁਰਸ਼ਦ ਕਰੇ ਹੱਜ, ਕ਼ਦਮਾਂ ਸੀਸ ਨਾ ਕੋਇ ਝੁਕਾਈਆ। ਨਾ ਕੋਈ ਤਾਲ ਨਗਾਰਾ ਰਿਹਾ ਵੱਜ, ਵੁਜ਼ੂ ਨਿਮਾਜ਼ ਨਾ ਕੋਇ ਪੜ੍ਹਾਈਆ। ਨਾ ਕੋਈ ਸੱਜਣ ਚੋਰ ਯਾਰ ਠੱਗ, ਠਗੌਰੀ ਮਨ ਨਾ ਕੋਇ ਰਖਾਈਆ। ਨਾ ਕੋਈ ਤ੍ਰੈਗੁਣ ਮਾਇਆ ਮਮਤਾ ਅੱਗ, ਤਤਵ ਤਤ ਨਾ ਕੋਇ ਸਮਝਾਈਆ। ਨਾ ਕੋਈ ਮੰਜ਼ਲ ਉਪਰ ਸ਼ਾਹਰਗ, ਨਵ ਨੌ ਨਾ ਕੋਇ ਜਣਾਈਆ। ਨਾ ਕੋਈ ਖ਼ੁਮਾਰੀ ਨਾ ਕੋਈ ਮਧ, ਜਾਮ ਪਿਆਲਾ ਹੱਥ ਫੜਾਈਆ। ਜਿਸ ਗ੍ਰਹਿ ਇਕੋ ਪੁਰਖ ਅਕਾਲ ਬਹੇ ਸਮਰਥ, ਦੂਜਾ ਨਜ਼ਰ ਕੋਇ ਨਾ ਆਈਆ। ਉਸ ਦਾ ਖੇਲ ਨਿਰਾਲਾ ਵੱਖ, ਵੱਖਰੀ ਧਾਰ ਨਾ ਕੋਇ ਸਮਝਾਈਆ। ਜਨ ਭਗਤਾਂ ਖੋਲ੍ਹ ਕੇ ਅੱਖ, ਆਪਣਾ ਦਰਸ ਰਿਹਾ ਕਰਾਈਆ। ਹਕ਼ੀਕ਼ਤ ਵਿਚੋਂ ਦੇ ਕੇ ਹੱਕ, ਝੋਲੀ ਸਭ ਦੀ ਰਿਹਾ ਭਰਾਈਆ। ਜੋ ਲਾਰੇ ਜੁਗ ਚੌਕੜੀ ਦੇਂਦਾ ਰਿਹਾ ਜਗ, ਦੋ ਜਹਾਨ ਸਮਝ ਕਿਸੇ ਨਾ ਆਈਆ। ਓਸ ਲਹਿਣਾ ਦੇਣਾ ਭਗਤਾਂ ਦੇਣਾ ਅੱਜ, ਆਜਿਜ਼ ਆਪਣੇ ਨਾਲ ਮਿਲਾਈਆ। ਮਿਹਰ ਨਜ਼ਰ ਨਾਲ ਜਨਮ ਕਰਮ ਦੀ ਕਿਰਿਆ ਦੇਣੀ ਦੱਬ, ਸਿਰ ਸਕੇ ਨਾ ਕੋਇ ਉਠਾਈਆ। ਹੁਕਮੇ ਅੰਦਰ ਕਰ ਕੇ ਬੰਦ, ਬੰਦਨਾ ਇਕੋ ਦੇਣੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਵਡਿਆਈਆ। ਜੈਕਾਰਾ ਕਹੇ ਮੈਂ ਸੁਣਿਆ ਹੋਰ ਜੈਕਾਰ, ਜੋ ਆਪਣੀ ਆਵਾਜ਼ ਸੁਣਾਈਆ। ਗੁਲਸ਼ਨ ਵਿਚ ਹਾਹਾਕਾਰ, ਡਾਲੀ ਡਾਲੀ ਦਏ ਦੁਹਾਈਆ। ਜਿਸ ਦੀ ਸੁਣੇ ਨਾ ਕੋਇ ਪੁਕਾਰ, ਬਨਾਸਪਤ ਸਮਝ ਕਿਸੇ ਨਾ ਆਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਸੰਸਾਰੀਆਂ ਨਾਲ ਖੇਲ ਰਚਾਈਆ। ਧੁਰ ਦਾ ਮਾਲਕ ਮਿਲਿਆ ਨਾ ਅਗੰਮੀ ਯਾਰ, ਜੋ ਯਾਰਾਨੇ ਤੋੜ ਨਿਭਾਈਆ। ਦੁੱਖੀਆਂ ਬਣਿਆ ਨਾ ਕੋਇ ਦਿਲਦਾਰ, ਦਿਲਬਰ ਹੋ ਨਾ ਗਲੇ ਲਗਾਈਆ। ਜੋ ਏਥੇ ਓਥੇ ਦੇਵੇ ਪੈਜ ਸਵਾਰ, ਸਿਰ ਆਪਣਾ ਹੱਥ ਟਿਕਾਈਆ। ਜਿਸ ਨੂੰ ਗੌਂਦੇ ਗਏ ਗੁਰੂ ਅਵਤਾਰ, ਪੈਗ਼ੰਬਰ ਸਿਫ਼ਤਾਂ ਨਾਲ ਸਾਲਾਹੀਆ। ਨਵ ਨੌ ਚਾਰ ਪਿਛੋਂ ਜਿਸ ਦੀ ਔਂਦੀ ਵਾਰ, ਵਾਰਤਾ ਵਿਚ ਨਾ ਕੋਇ ਲਿਖਾਈਆ। ਜਿਸ ਦਾ ਵੱਖਰਾ ਨਿਰਾਲਾ ਸਭ ਤੋਂ ਇਜ਼ਹਾਰ, ਵਿਵਹਾਰੀ ਆਪਣੀ ਕਾਰ ਕਮਾਈਆ। ਜਿਸ ਦੇ ਹੁਕਮੇ ਅੰਦਰ ਕਰੇ ਨਾ ਕੋਇ ਤਕਰਾਰ, ਤਕ਼ਰੀਰ ਤਹਿਰੀਰ ਨਾ ਕੋਇ ਸਮਝਾਈਆ। ਫ਼ਰਮਾਨ ਅੰਦਰ ਕਰੇ ਨਾ ਕੋਇ ਇਨਕਾਰ, ਸਿਰ ਅਗੇ ਨਾ ਕੋਇ ਉਠਾਈਆ। ਉਸ ਦਾ ਸੁਣ ਅਗੰਮੀ ਜੈਕਾਰ, ਚਾਰ ਕੁੰਟ ਵੱਜੀ ਵਧਾਈਆ। ਜਿਸ ਦੀ ਸਚ ਪ੍ਰੇਮ ਦੀ ਮਹਿਕੀ ਇਕ ਬਹਾਰ, ਅੰਦਰ ਬਾਹਰ ਖ਼ੁਸ਼ੀ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਜੈਕਾਰਾ ਕਹੇ ਮੈਂ ਸੁਣਿਆ ਇਕ ਇਸ਼ਾਰਾ, ਜੋ ਬਿਨ ਅੱਖਾਂ ਹੱਥਾਂ ਦਿਤਾ ਲਾਈਆ। ਨਜ਼ਰੀ ਆਇਆ ਭਗਤ ਦਵਾਰਾ, ਭਗਵਨ ਦਏ ਵਡਿਆਈਆ। ਜਿਸ ਦਾ ਸੰਮਤ ਚੜ੍ਹਿਆ ਵਿਚ ਸੰਸਾਰਾ, ਸਮਾਂ ਪਿਛਲਾ ਦਏ ਬਦਲਾਈਆ। ਸਚ ਨਾਮ ਵਜਾਏ ਨਗਾਰਾ, ਡੰਕਾ ਇਕੋ ਇਕ ਸੁਣਾਈਆ। ਜਿਸ ਨੇ ਗੋਬਿੰਦ ਸੁਤ ਕੀਤਾ ਪਿਆਰਾ, ਸ਼ਬਦੀ ਜੋੜ ਜੁੜਾਈਆ। ਉਸ ਦੀ ਖੇਲ ਵੇਖੀ ਗੁਲਜ਼ਾਰਾ, ਮਹਿਕ ਨੂਰ ਅਲਾਹੀਆ। ਉਸ ਦਾ ਵੱਖਰਾ ਹੋਣਾ ਵਿਹਾਰਾ, ਦੋ ਜਹਾਨ ਅੱਖ ਉਠਾਈਆ। ਜਿਸ ਦਾ ਮਾਰਗ ਆਤਮ ਪਰਮਾਤਮ ਇਕ ਨਿਆਰਾ, ਨਿਰਾਕਾਰ ਨਿਰਾਕਾਰ ਵਿਚ ਸਮਾਈਆ। ਉਸ ਗੋਬਿੰਦ ਦਾ ਪੂਰਬ ਲਹਿਣਾ ਦੇਣਾ ਦੇਣਾ ਉਧਾਰਾ, ਲੇਖਾ ਸਭ ਦਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਪੜਦਾ ਓਹਲਾ ਸਰਬ ਉਠਾਈਆ। ਜੈਕਾਰਾ ਕਹੇ ਮੈਨੂੰ ਖ਼ੁਸ਼ੀ ਹੋਈ ਜਗਤ, ਜਾਗਰਤ ਜੋਤ ਕਰੀ ਰੁਸ਼ਨਾਈਆ। ਮੈਂ ਅੰਦਰ ਵੜਿਆ ਗੁਰਮੁਖ ਭਗਤ, ਦੂਸਰ ਸੰਗ ਨਾ ਕੋਇ ਰਲਾਈਆ। ਅੰਦਰ ਰਹੇ ਕੋਈ ਨਾ ਫ਼ਰਕ, ਅੰਦਰੋਂ ਫ਼ਾਸਲਾ ਦੇਣਾ ਮੁਕਾਈਆ। ਜਗਤ ਜਹਾਨ ਕਰ ਕੇ ਤਰਕ, ਗੁਰਮੁਖ ਤੁਰਤ ਲੈਣੇ ਮਿਲਾਈਆ। ਗੋਬਿੰਦ ਨਾਲ ਜੋ ਲੱਗੀ ਸ਼ਰਤ, ਸੋ ਵੇਲਾ ਵਕ਼ਤ ਦਏ ਗਵਾਹੀਆ। ਸੋ ਅਗੰਮੀ ਧਾਰ ਆਇਆ ਪਰਤ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਨੂੰ ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਗੁਰਮੁਖਾਂ ਉਤੇ ਕਰ ਕੇ ਤਰਸ, ਸੰਤ ਸੁਹੇਲੇ ਨਾਲ ਜੁੜਾਈਆ। ਸਨਮੁਖ ਹੋ ਕੇ ਦੇਵੇ ਦਰਸ, ਦੀਦ ਈਦ ਚੰਦ ਰੁਸ਼ਨਾਈਆ। ਖੇਲ ਵਖਾਉਂਣਾ ਉਤੇ ਫ਼ਰਸ਼, ਅਰਸ਼ ਵੱਜੇ ਵਧਾਈਆ। ਜਨ ਭਗਤੋ ਤੁਹਾਡਾ ਸਭ ਤੋਂ ਵੱਖਰਾ ਚਰਚ, ਜਿਥੇ ਚਰਚਾ ਰਹੇ ਨਾ ਰਾਈਆ। ਜਿਥੇ ਪੈਸਾ ਧੇਲਾ ਨਾ ਕੋਇ ਖਰਚ, ਨਾ ਕੋਈ ਕਰਨੀ ਪਏ ਪੜ੍ਹਾਈਆ। ਨਾ ਕੋਈ ਆਸਾ ਮਨਸਾ ਹਰਸ, ਹਵਸ ਪਿਛਲੀ ਦਏ ਮਿਟਾਈਆ। ਨਾ ਕੋਈ ਪੂਜਾ ਪਾਠ ਖਾਣੀ ਬਾਣੀ ਵਾਲਾ ਦੇਣਾ ਪਏ ਕ਼ਰਜ਼, ਮਕ਼ਰੂਜ਼ ਰੂਪ ਨਾ ਕੋਇ ਬਣਾਈਆ। ਸਾਚਾ ਖੇਲ ਦਸਣਾ ਅਸਚਰਜ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਵੇਖ ਖ਼ੁਸ਼ੀ ਮਨਾਈਆ। ਤੁਹਾਡੇ ਵਿਛੋੜੇ ਦੀ ਦੂਰ ਕਰਨ ਆਇਆ ਦਰਦ, ਦਰਦੀਆਂ ਦਰਦ ਵੰਡਾਈਆ। ਤੁਹਾਡੇ ਪਿਛੇ ਇਕ ਫੁੱਲ ਗੁਲਾਬ ਕੀਤਾ ਅਰਜ਼, ਆਰਜ਼ੂ ਸਭ ਦੀ ਲੇਖੇ ਪਾਈਆ। ਜੋਧੇ ਸੂਰਬੀਰ ਬਣਾਏ ਮਰਦਾਨੇ ਮਰਦ, ਮਦਦ ਆਪਣੀ ਨਾਲ ਤਰਾਈਆ। ਨਾਮ ਖੰਡਾ ਤੁਹਾਡੇ ਅੰਦਰ ਫੇਰ ਕੇ ਛੁਰੀ ਕਰਦ, ਕੂੜੀ ਕਿਰਿਆ ਬਾਹਰ ਕਢਾਈਆ। ਬੇਸ਼ਕ ਛੱਬੀ ਪੋਹ ਮਹੀਨਾ ਸਰਦ, ਸਦੀਆਂ ਦੇ ਵਿਛੜੇ ਮੇਲ ਮਿਲਾਈਆ। ਤੁਹਾਡੀ ਪੁੱਠੀ ਕਰ ਨਰਦ, ਨਾਰਦ ਤੁਹਾਡਾ ਦਰਸ ਕਰ ਕਰ ਖ਼ੁਸ਼ੀ ਮਨਾਈਆ। ਅੱਜ ਪੂਰੀ ਕਰਨੀ ਲਿਖਤ ਪੜ੍ਹਤ, ਗੁਰ ਅਵਤਾਰ ਪੈਗ਼ੰਬਰ ਗਵਾਹ ਦੇਣੇ ਭੁਗਤਾਈਆ। ਤੁਹਾਡਾ ਲਹਿਣਾ ਦੇਣਾ ਤੁਸਾਂ ਲੈਣਾ ਨਿਧੜਕ, ਮਿੰਨਤਾ ਤਰਲੇ ਕੱਢਣ ਦੀ ਲੋੜ ਰਹੇ ਨਾ ਰਾਈਆ। ਸਿਧੇ ਮਾਰਗ ਪਾ ਕੇ ਆਪਣੀ ਸੜਕ, ਪਗਡੰਡੀਆਂ ਤੋਂ ਪਰੇ ਦਏ ਕਰਾਈਆ। ਜਿਥੇ ਕੋਈ ਨਾ ਹੋਵੇ ਅਟਕ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਜਨ ਭਗਤੋ ਤੁਸਾਂ ਫੇਰ ਨਹੀਂ ਆਉਣਾ ਪਰਤ, ਮਾਤ ਗਰਭ ਅਗਨੀ ਤਤ ਨਾ ਕੋਇ ਜਲਾਈਆ। ਇਕੋ ਵਾਰ ਤੁਹਾਡੇ ਕੂੜ ਕੁੜਿਆਰ ਕਰਮ ਦੇਣੇ ਵਰਜ, ਅਗਨੀ ਦੇਣੀ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਪਣਾ ਇਕ ਦਰਸਾਈਆ। ਜੈਕਾਰਾ ਕਹੇ ਮੈਂ ਸੁਣੀ ਆਵਾਜ ਫੁੱਲ, ਜੋ ਫੁਲ ਫੁਲ ਖ਼ੁਸ਼ੀ ਮਨਾਈਆ। ਧੰਨ ਵਡਿਆਈ ਮੈਂ ਵੇਖੀ ਭਗਤਾਂ ਕੁੱਲ, ਕੁਲਵੰਤ ਦਇਆ ਕਮਾਈਆ। ਜਿਥੇ ਕ਼ੀਮਤ ਪੈਣਾ ਮੁੱਲ, ਅਮੁੱਲ ਦਏ ਸਰਨਾਈਆ। ਜੁਗ ਚੌਕੜੀ ਜਗਤ ਰਿਹਾ ਰੁਲ, ਖ਼ਾਕੀ ਖ਼ਾਕ ਵਿਚ ਮਿਲਾਈਆ। ਅੱਜ ਇਕੋ ਮਾਲਕ ਮਿਲਣਾ ਸੁਲਹਕੁਲ, ਸੁਲਤਾਨ ਸ਼ਾਹ ਪੀਰ ਖ਼ੁਦਾਈਆ। ਜੋ ਆਦਿ ਜੁਗਾਦਿ ਸਦਾ ਅਨਭੁਲ, ਭੁਲਿਆਂ ਮਾਰਗ ਰਿਹਾ ਵਖਾਈਆ। ਜਿਸ ਦਾ ਦਵਾਰਾ ਗਿਆ ਖੁੱਲ੍ਹ, ਖ਼ਾਲਕ ਖ਼ਲਕ ਆਪਣਾ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਫੁੱਲ ਕਹੇ ਬੇਸ਼ਕ ਮੇਰੀ ਸਾਰੇ ਲੈਂਦੇ ਸੁਗੰਧੀ, ਸੁਗੰਦ ਖਾ ਕੇ ਦਿਆਂ ਸੁਣਾਈਆ। ਮੈਨੂੰ ਤੋੜ ਕੇ ਨਾਲੋਂ ਡੰਡੀ, ਡੰਡੀਆਂ ਉਤੇ ਲੈਣ ਉਠਾਈਆ। ਸਭ ਤੋਂ ਜ਼ਿਆਦਾ ਸ਼ਿੰਗਾਰ ਕਰੇ ਦੁਹਾਗਣ ਰੰਡੀ, ਰੂਪ ਅਨੂਪ ਬਦਲਾਈਆ। ਸ਼ੀਸ਼ਾ ਫੜ ਕੇ ਕੰਘੀ, ਪੱਟੀ ਲਏ ਬਣਾਈਆ। ਮੇਰੇ ਕੋਲੋਂ ਕਦੇ ਨਾ ਸੰਗੀ, ਕੂੜੀ ਕਿਰਿਆ ਵਿਚ ਸਮਾਈਆ। ਜਗਤ
ਨੇਤਰ ਹੋ ਕੇ ਅੰਧੀ, ਵਿਸ਼ਿਆਂ ਵਹਿਣ ਵਗਾਈਆ। ਚਾਰ ਜੁਗ ਮੈਨੂੰ ਲੱਭਿਆ ਕੋਇ ਨਾ ਸੰਗੀ, ਮੈਂ ਰੋ ਰੋ ਦਿਤੀ ਦੁਹਾਈਆ। ਜਿਸ ਵੇਲੇ ਗੋਬਿੰਦ ਗਿਆ ਗੋਦਾਵਰੀ ਕੰਢੀ, ਗੋਦੀ ਵਾਲਾ ਫੇਰਾ ਗਿਆ ਪਾਈਆ। ਓਹਦੀ ਸੱਜੇ ਹੱਥ ਦੀ ਉਂਗਲੀ ਮੈਨੂੰ ਲੱਗੀ, ਸਹਿਜ ਨਾਲ ਦਿਤੀ ਛੁਹਾਈਆ। ਮੇਰੀ ਪਿਛਲੀ ਕੱਟੀ ਗਈ ਤੰਗੀ, ਅਗੇ ਵੱਜੀ ਵਧਾਈਆ। ਦੋਏ ਜੋੜ ਇਕੋ ਮੰਗ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੀ ਹਾਲਤ ਵੇਖੋ ਮੰਦੀ, ਮੰਦਭਾਗ ਦਿਤੀ ਸੁਣਾਈਆ। ਮੇਰੀ ਕ਼ੀਮਤ ਪਏ ਨਾ ਕੋਇ ਵਿਚ ਵਰਭੰਡੀ, ਬ੍ਰਹਿਮੰਡ ਨਾ ਕੋਇ ਸ਼ਨਵਾਈਆ। ਮੈਨੂੰ ਕਰੀਰ ਅਤੇ ਜੰਡੀ, ਇੱਟਾਂ ਪੱਥਰਾਂ ਉਤੇ ਸੁਟਾਈਆ। ਮੇਰਾ ਸ਼ਿੰਗਾਰ ਕਰਦੇ ਕੂੜ ਪਾਖੰਡੀ, ਜਗਤ ਵਿਕਾਰੀ ਤਨ ਛੁਹਾਈਆ। ਹੇ ਪ੍ਰਭੂ ਮੇਰੇ ਉਤੇ ਲਾ ਇਕ ਪਾਬੰਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੋਬਿੰਦ ਕਿਹਾ ਸੁਣ ਮੇਰੇ ਨੰਨ੍ਹੇ ਬੱਚੇ, ਸਚ ਦਿਆਂ ਸੁਣਾਈਆ। ਤੇਰੇ ਪਤ ਡਾਲ੍ਹੀ ਪੰਖੜੀਆਂ ਵਾਲੇ ਪੱਤੇ ਕੱਚੇ, ਸੱਚਾ ਰੂਪ ਨਾ ਕੋਇ ਜਣਾਈਆ। ਜਗਤ ਵਿਕਾਰੀ ਤੈਨੂੰ ਲੱਗਦੇ ਅੱਛੇ, ਕੂੜਿਆਂ ਚ ਸੋਭਾ ਪਾਈਆ। ਮਾਛੂਆੜੇ ਤੈਨੂੰ ਕਿਸੇ ਨਾ ਦਿਤੇ ਪਤੇ, ਜਿਸ ਵੇਲੇ ਸੂਲਾਂ ਸੇਜ ਹੰਢਾਈਆ। ਘਾਸ ਫੂਸ ਤਿਲਕੇ ਬਣ ਗਏ ਇਕ ਦੂਜੇ ਦੇ ਸਕੇ, ਨਾਤਾ ਆਪਣੇ ਨਾਲ ਬੰਧਾਈਆ। ਗੋਬਿੰਦ ਉਨ੍ਹਾਂ ਦੀ ਪਤ ਰਖੇ, ਜੋ ਅੰਤਰ ਆਤਮ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਇਕ ਰਖਾਈਆ। ਫੁੱਲ ਕਹੇ ਮੇਰੀ ਇਕ ਅਰਜੋਈ, ਨਮਸਤੇ ਕਹਿ ਜਣਾਈਆ। ਮੈਨੂੰ ਜਗ ਮਿਲੇ ਨਾ ਕੋਈ ਢੋਈ, ਢੋਆ ਲੈ ਦੇ ਕੇ ਖ਼ੁਸ਼ੀ ਬਣਾਈਆ। ਮੇਰੀ ਕ਼ਿਸਮਤ ਜਾਗੀ ਸੋਈ, ਸਿੱਧਾ ਗੋਬਿੰਦ ਦਰਸ਼ਨ ਪਾਈਆ। ਜੇ ਮੈਨੂੰ ਤੋੜਦਾ ਹੋਰ ਕੋਈ, ਕਲਮਾ ਕਲਾਮ ਨਾ ਕੋਇ ਸੁਣਾਈਆ। ਮੇਰੀ ਆਸ਼ਾ ਅੰਦਰੋਂ ਰੋਈ, ਤ੍ਰਿਸ਼ਨਾ ਦਏ ਦੁਹਾਈਆ। ਮੇਰੀ ਡੰਡੀ ਪਖੰਡੀ ਮੋਈ, ਗੁਲਸ਼ਨ ਵਿਚੋਂ ਹੋਈ ਜੁਦਾਈਆ। ਇਕੋ ਤੇਰੇ ਨਾਮ ਦੀ ਦਰੋਹੀ, ਦੋਹਰਾ ਆਪਣਾ ਦੇ ਸਮਝਾਈਆ। ਮੇਰੀ ਮਹਿਕ ਤੇਰੀ ਦਰਦਣ ਹੋਈ, ਦੂਜਾ ਦਰਦ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਿਹਾ ਸੁਣ ਗੁਲਾਲ, ਭੇਵ ਦਿਆਂ ਸੁਣਾਈਆ। ਤੂੰ ਵੇਖ ਆਪਣਾ ਜਲਵਾ ਹੋਇਉਂ ਹਲਾਲ, ਸਿਰ ਕ਼ਲਮ ਦਿਤਾ ਕਰਾਈਆ। ਅਗੇ ਲੱਭਣਾ ਪਏ ਦਲਾਲ, ਵਿਚੋਲਾ ਬੇਪਰਵਾਹੀਆ। ਜੋ ਤੇਰੀ ਕਰੇ ਸੰਭਾਲ, ਜਗਤ ਚੋਂ ਲਏ ਛੁਡਾਈਆ। ਸਚ ਦਵਾਰਾ ਵਖਾ ਕੇ ਧਰਮਸਾਲ, ਧੁਰ ਦਾ ਨਾਤਾ ਲਏ ਬੰਨ੍ਹਾਈਆ। ਤੇਰੀ ਲੇਖੇ ਲਾਵੇ ਘਾਲ, ਸੇਵਾ ਸਹਿਜ ਸਮਝਾਈਆ। ਫੇਰ ਬੱਝਣਾ ਨਾ ਪਏ ਵਿਚ ਕਿਸੇ ਰੁਮਾਲ, ਉਂਗਲਾਂ ਗੰਢ ਨਾ ਕੋਇ ਪਵਾਈਆ। ਇਕੋ ਲੇਖਾ ਹੋਵੇ ਬਿਰਧ ਬਾਲ, ਜੋਬਨਵੰਤਾ ਦਏ ਬਣਾਈਆ। ਜਗਤ ਕਿਰਿਆ ਵਿਚੋਂ ਕਰ ਬਹਾਲ, ਕਲਜੁਗ ਕੂੜੀ ਕਿਰਿਆ ਦਏ ਗਵਾਈਆ। ਸਾਚਾ ਮੰਤਰ ਦਏ ਸਖਾਲ, ਇਕੋ ਕਰੇ ਪੜ੍ਹਾਈਆ। ਚਾਰ ਜੁਗ ਦਾ ਦੱਸ ਅਹਿਵਾਲ, ਤੇਰਾ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਫੁੱਲ ਕਹੇ ਮੇਰਾ ਇਕ ਸਹਾਰਾ, ਸਾਹਿਬ ਤੇਰੀ ਸ਼ਰਨਾਈਆ। ਦਰ ਦਵਾਰ ਮਿਲਿਆ ਧੁਰ ਕਿਨਾਰਾ, ਦੂਜੀ ਆਸਾ ਦਿਤੀ ਮਿਟਾਈਆ। ਤੂੰ ਗੋਬਿੰਦ ਕਰ ਕੇ ਸਚ ਇਸ਼ਾਰਾ, ਸ਼ਬਦੀ ਰਮਜ਼ ਲਗਾਈਆ। ਜਿਸ ਵੇਲੇ ਮੈਂ ਆਵਾਂ ਦੂਜੀ ਵਾਰਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਪੁਰਖ ਅਕਾਲ ਸਾਥ ਪਿਤਾ ਹੋਵੇ ਹਮਾਰਾ, ਜਿਸ ਨੂੰ ਵੇਖੇ ਨਾ ਕੋਇ ਲੋਕਾਈਆ। ਉਸ ਦਾ ਬਣਨਾ ਇਕ ਦਵਾਰਾ,
ਭਗਤਨ ਆਪਣਾ ਰੰਗ ਚੜ੍ਹਾਈਆ। ਜਿਸ ਦਾ ਸੰਮਤ ਸ਼ਹਿਨਸ਼ਾਹੀ ਚਲਣਾ ਵਿਚ ਸੰਸਾਰਾ, ਸ਼ਾਹ ਪਾਤਸ਼ਾਹ ਖ਼ਾਕ ਮਿਲਾਈਆ। ਜਨ ਭਗਤਾਂ ਦਏ ਅਧਾਰਾ, ਅੰਤਰ ਆਤਮ ਪੜਦਾ ਲਾਹੀਆ। ਤੇਰਾ ਨਾਤਾ ਜੋੜੇ ਆਪ ਕਰਤਾਰਾ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਤੇਰੀ ਗੁਲਸ਼ਨ ਸਚ ਬਹਾਰਾ, ਸਚ ਦਵਾਰੇ ਦਏ ਲਗਾਈਆ। ਜਿਥੇ ਇਕੋ ਨਾਮ ਇਕੋ ਰਾਮ ਇਕੋ ਸ਼ਬਦ ਇਕੋ ਸਚ ਜੈਕਾਰਾ, ਹੱਕ ਹਕ਼ੀਕ਼ਤ ਇਕੋ ਇਕ ਵਖਾਈਆ। ਇਕੋ ਮੰਦਰ ਇਕੋ ਮੱਠ ਇਕੋ ਸ਼ਿਵਦਵਾਲਾ ਇਕੋ ਗੁਰੂਦਵਾਰਾ, ਦੂਜੀ ਵੰਡ ਨਾ ਕੋਇ ਵੰਡਾਈਆ। ਇਕੋ ਨਾਰ ਇਕੋ ਕੰਤ ਭਤਾਰਾ, ਅਵਰ ਸੇਜ ਨਾ ਕੋਇ ਹੰਢਾਈਆ। ਇਕੋ ਸਾਜਨ ਇਕੋ ਮੀਤ ਮੁਰਾਰਾ, ਸ਼ੱਤਰੂ ਰੂਪ ਨਾ ਕੋਇ ਵਖਾਈਆ। ਇਕੋ ਹੁਕਮ ਸੱਚੀ ਸਰਕਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਇਕੋ ਦਰ ਇਕ ਦਰਬਾਰਾ, ਦਰੇ ਦਰਬਾਰ ਇਕੋ ਸੋਭਾ ਪਾਈਆ। ਇਕੋ ਸ਼ਾਹ ਇਕੋ ਸਿਕਦਾਰਾ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਇਕੋ ਨਰ ਨਰਾਇਣ ਲਏ ਅਵਤਾਰਾ, ਕਲ ਕਲਕੀ ਵੇਸ ਵਟਾਈਆ। ਜਿਸ ਨੂੰ ਗਾਉਂਦੇ ਸਦਾ ਜੁਗ ਚਾਰਾ, ਆਦਿ ਜੁਗਾਦਿ ਵੱਜੇ ਵਧਾਈਆ। ਜਿਸ ਦਾ ਲੇਖਾ ਸਭ ਤੋਂ ਬਾਹਰਾ, ਸ਼ਾਸਤਰ ਸਿਮਰਤ ਸਮਝ ਕਿਸੇ ਨਾ ਆਈਆ। ਸੋ ਖੇਲ ਕਰੇ ਅਪਰੰਪਰ ਅਪਰ ਅਪਾਰਾ, ਭੇਵ ਅਭੇਦਾ ਆਪਣੇ ਹੱਥ ਵਖਾਈਆ। ਜਨ ਭਗਤਾਂ ਦੇਵੇ ਆਪ ਅਧਾਰਾ, ਦੂਜੀ ਓਟ ਨਾ ਕੋਇ ਸਮਝਾਈਆ। ਪੋਹ ਛੱਬੀ ਕਰੇ ਵਿਹਾਰਾ, ਸੰਮਤ ਸਮੇਂ ਨਾਲ ਬਦਲਾਈਆ। ਜਨ ਭਗਤਾਂ ਤੱਕਣਾ ਤੇਰਾ ਨਜ਼ਾਰਾ, ਨਜ਼ਰ ਅੱਖ ਨਜ਼ਰੀਆ ਇਕ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖ ਬਣਾਈਆ। ਫੁੱਲ ਕਹੇ ਮੈਂ ਹੋਇਆ ਖ਼ੁਸ਼ਹਾਲ, ਬੰਦਨਾ ਸੀਸ ਨਿਵਾਈਆ। ਤੂੰ ਬਣਿਆ ਰਹਿਣਾ ਦਿਆਲ, ਦੀਨਾਂ ਹੋਏਂ ਸਹਾਈਆ। ਵੇਲਾ ਵਕ਼ਤ ਲੈਣਾ ਸੰਭਾਲ, ਅਭੁੱਲ ਤੇਰੀ ਵਡਿਆਈਆ। ਮੈਂ ਵੇਖਾਂ ਓਹ ਸੱਚੀ ਧਰਮਸਾਲ, ਜਿਥੇ ਭਗਤ ਸੁਹੇਲੇ ਸੋਭਾ ਪਾਈਆ। ਸ੍ਰੀ ਭਗਵਾਨ ਹੋਵੇ ਤੇਰੇ ਨਾਲ, ਜੋਤ ਸ਼ਬਦ ਵੱਜੇ ਵਧਾਈਆ। ਇਕੋ ਨਾਮ ਤਾਲ ਕੋਇ ਨਾ ਹੋਏ ਬੇਤਾਲ, ਦੂਜਾ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਫੁੱਲ ਕਹੇ ਮੈਂ ਰੱਖਾਂ ਤੇਰੀ ਉਡੀਕ, ਆਸਾ ਵਿਚ ਲੰਘਾਈਆ। ਸਚ ਦੱਸ ਤਾਰੀਖ, ਤਾਰੀਕ ਦੇ ਮਿਟਾਈਆ। ਸਚ ਦੱਸ ਹਦੀਸ, ਕਲਮਾ ਕੀ ਪੜ੍ਹਾਈਆ। ਮਿੱਤਰ ਬਣ ਰਫ਼ੀਕ਼, ਫ਼ਰੀਕ ਨਾ ਹੋਏ ਜੁਦਾਈਆ। ਹੱਕ ਹੋਵੇ ਤੌਫ਼ੀਕ਼, ਤੁਆਰਫ਼ ਸਮਝੇ ਨਾ ਕੋਇ ਲੋਕਾਈਆ। ਮੈਨੂੰ ਹੋਵੇ ਉਮੀਦ, ਅੰਦਰ ਵੱਜੇ ਵਧਾਈਆ। ਸਾਚੇ ਭਗਤਾਂ ਕਰਾਂ ਦੀਦ, ਦਰੇ ਦਰਬਾਰ ਦਰਸ਼ਨ ਪਾਈਆ। ਬਿਨ ਅੱਖਰਾਂ ਕਟ ਕੇ ਦੇ ਰਸੀਦ, ਦਰ ਠਾਂਡੇ ਮੰਗ ਮੰਗਾਈਆ। ਗੋਬਿੰਦ ਅਗੋਂ ਕਰੇ ਤਾਕੀਦ, ਸਹਿਜ ਨਾਲ ਸਮਝਾਈਆ। ਮੇਰੀ ਮੇਟੇ ਨਾ ਕੋਇ ਵਸੀਅਤ, ਲੇਖਾ ਰਿਹਾ ਬਿਨ ਕ਼ਲਮ ਸ਼ਾਹੀਆ। ਤੂੰ ਮੇਰੀ ਮੰਨਣੀ ਇਕ ਨਸੀਅਤ, ਸਹਿਜੇ ਦਿਆਂ ਸਮਝਾਈਆ। ਭਗਤਾਂ ਵਿਚ ਤੇਰੇ ਪਿਆਰ ਦੀ ਰਖਾਂ ਅਹਿਮੀਅਤ, ਆਮਦ ਆਪਣੇ ਨਾਲ ਜਣਾਈਆ। ਸੰਮਤ ਸ਼ਹਿਨਸ਼ਾਹੀ ਇਕ ਛੱਬੀ ਪੋਹ ਸਭ ਦੀ ਖ਼ੁਸ਼ੀ ਕਰਾਂ ਤਬੀਅਤ, ਅੰਦਰੋਂ ਤਬਅ ਦਿਆਂ ਬਦਲਾਈਆ। ਪੜਦਾ ਖੋਲ੍ਹ ਸਰਬ ਅਸਲੀਅਤ, ਅਸਲ ਵਸਲ ਦਿਆਂ ਕਰਾਈਆ। ਜਨ ਭਗਤਾਂ ਦੇ ਹੱਥ ਫੜਾਵਾਂ ਅਗਲੀ ਪਿਛਲੀ ਮਲਕੀਅਤ, ਮਲਕਲਮੌਤ ਤੋਂ ਦਿਆਂ ਛੁਡਾਈਆ। ਸਭ ਦੀ ਇਕੋ ਬਣਾ ਕੇ ਵਲਦੀਅਤ, ਵਲਦ ਵਾਲਦਾ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਏ ਉਠਾਈਆ। ਫੁੱਲ ਕਹੇ ਮੇਰਾ
ਕਿਸ ਬਿਧ ਜੁੜਨਾ ਨਾਤਾ, ਭਗਤਾਂ ਨਾਲ ਕੁੜਮਾਈਆ। ਗੋਬਿੰਦ ਕਿਹਾ ਇਹ ਮੇਰਾ ਜੁਗ ਚੌਕੜੀ ਸਾਕਾ, ਪੁਛਣ ਦੀ ਲੋੜ ਰਹੇ ਨਾ ਰਾਈਆ। ਨਿਤ ਨਵਿਤ ਮੇਲਣ ਦੀ ਮੈਨੂੰ ਬਹੁਤੀ ਜਾਚਾ, ਜਾਚਕ ਆਪਣੇ ਨਾਲ ਮਿਲਾਈਆ। ਜਿਨ੍ਹਾਂ ਮੇਰਾ ਮੰਨਿਆ ਆਖਾ, ਆਖ਼ਰ ਪੁਰਖ ਅਕਾਲ ਵਿਚ ਸਮਾਈਆ। ਮੈਂ ਸੰਮਤ ਸ਼ਹਿਨਸ਼ਾਹੀ ਖੋਲ੍ਹਣਾ ਤਾਕਾ, ਤਕ਼ਦੀਰ ਸਭ ਦੀ ਦੇਣੀ ਬਦਲਾਈਆ। ਜਨ ਭਗਤਾਂ ਇਕੋ ਮਾਲਕ ਦੱਸ ਕੇ ਆਕ਼ਾ, ਅਕਲਾਂ ਵਾਲੇ ਦੇਣੇ ਭੁਲਾਈਆ। ਜਿਨ੍ਹਾਂ ਦੇ ਅੰਦਰ ਆਪਣੇ ਪ੍ਰੇਮ ਦਾ ਖਿਚ ਕੇ ਖ਼ਾਕਾ, ਖ਼ਾਕ ਵਿਚੋਂ ਬਾਹਰ ਕਢਾਈਆ। ਉਹਨਾਂ ਦੇ ਲੇਖੇ ਲਾਉਣੀ ਇਕੋ ਰਾਤਾ, ਨੌ ਸੌ ਚੁਰਾਨਵੇਂ ਚੌਕੜੀ ਜੁਗ ਜੁਗ ਲਹਿਣਾ ਬਹੁਤਾ ਝੋਲੀ ਪਾਈਆ। ਪਿਛੋਂ ਚਾਰ ਜੁਗ ਕਰਦਾ ਰਹੇ ਜਗਤ ਬਾਤਾ, ਵਾਤਾਵਰਨ ਨਾ ਕੋਇ ਬਦਲਾਈਆ। ਗੁਰ ਅਵਤਾਰ ਪੈਗ਼ੰਬਰਾਂ ਵੇਖਣ ਆਉਣਾ ਪੂਰੀਆਂ ਹੁੰਦੀਆਂ ਆਸਾ, ਆਸਰਾ ਇਕੋ ਦੇਣਾ ਵਖਾਈਆ। ਕੋਈ ਹੋਣ ਨਹੀਂ ਦੇਣਾ ਨਿਰਾਸਾ, ਨਿਰਾਸਾ ਆਸਾ ਵਿਚ ਬਦਲਾਈਆ। ਜਗਤ ਸ੍ਰਿਸ਼ਟੀ ਦਾ ਬਦਲ ਕੇ ਪਾਸ਼ਾ, ਸਾਰ ਪਾਸਾ ਆਪਣਾ ਆਪਣੇ ਹੱਥ ਵਖਾਈਆ। ਭਗਤ ਵਿਹਾਰ ਪ੍ਰਭੂ ਦਾ ਖਾਸਾ, ਖਾਸਿਉਂ ਅਗੇ ਦਏ ਦੁਹਾਈਆ। ਤੇਰੀ ਮਨਜ਼ੂਰ ਹੋਵੇ ਦਰਖ਼ਾਸਾ, ਫ਼ਾਇਲ ਸਕੇ ਨਾ ਕੋਇ ਛੁਪਾਈਆ। ਮੰਜ਼ਲ ਪੰਧ ਮੁਕਾ ਕੇ ਵਾਟਾ, ਨੇਰਨ ਨੇਰਾ ਹੋ ਕੇ ਨਜ਼ਰੀ ਆਈਆ। ਪਿਛੇ ਰਹੇ ਕੋਇ ਨਾ ਘਾਟਾ, ਵਾਧਾ ਸਭ ਦੇ ਹੱਥ ਫੜਾਈਆ। ਫੁੱਲ ਕਿਹਾ ਕੀ ਉਸ ਵੇਲੇ ਅੰਮ੍ਰਿਤ ਪਿਆਵੇਂ ਸਾਨੂੰ ਵਿਚ ਬਾਟਾ, ਜਗਤ ਰੀਤੀ ਵਿਚ ਜਣਾਈਆ। ਗੋਬਿੰਦ ਕਿਹਾ ਨਹੀਂ ਆਤਮ ਪਰਮਾਤਮ ਦਾ ਬਣ ਕੇ ਪਿਤਾ ਮਾਤਾ, ਮਤਰੇਆਂ ਦਾ ਲੇਖਾ ਦੇਵਾਂ ਚੁਕਾਈਆ। ਜਿਥੇ ਨਾ ਕੋਇ ਜਾਤ ਨਾ ਕੋਇ ਪਾਤਾ, ਨਾ ਕੋਇ ਪਿਤਾ ਭੈਣ ਭਾਈਆ। ਨਾ ਕੋਇ ਮਾਂ ਪੁੱਤ ਦਾ ਸਾਕਾ, ਨਾ ਕੋਇ ਨਾਰ ਕੰਤ ਹੰਡਾਈਆ। ਨਾ ਕੋਇ ਪੂਜਾ ਨਾ ਕੋਇ ਪਾਠਾ, ਸਿਮਰਨ ਜੋਗ ਅਭਿਆਸ ਨਾ ਕੋਇ ਵਖਾਈਆ। ਓਥੇ ਵੇਖਣਾ ਖੇਲ ਤਮਾਸ਼ਾ, ਆਪ ਆਪਣਾ ਪੜਦਾ ਲਾਹੀਆ। ਜਨ ਭਗਤ ਬਣਾ ਕੇ ਤੇਰਾ ਸਾਥਾ, ਸਗਲਾ ਸਾਥ ਦੇਣਾ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਹਿਜ ਸੁਭਾਉ ਰਿਹਾ ਸਮਝਾਈਆ। ਫੁੱਲ ਕਹੇ ਕੀ ਭਗਤ ਜਨ ਭਗਤ ਦਵਾਰੇ ਆਵਣਗੇ ? ਗੋਬਿੰਦ ਕਹੇ ਹਾਂ, ਗੁਰਮੁਖ ਸੱਚੇ ਨਿਰਗੁਣ ਸਰਗੁਣ ਦਰਸ਼ਨ ਪਾਵਣਗੇ। ਫੁੱਲ ਕਹੇ, ਕੀ ਭਗਤ ਸੁਹੇਲੇ ਮੈਨੂੰ ਨਾਲ ਮਿਲਾਵਣਗੇ ? ਗੋਬਿੰਦ ਕਹੇ ਹਾਂ, ਮੇਰੇ ਹੁਕਮੇ ਅੰਦਰ ਸਾਰੇ ਆਪਣਾ ਸੀਸ ਝੁਕਾਵਣਗੇ। ਫੁੱਲ ਕਹੇ ਕੀ ਭਗਤ ਸੁਹੇਲੇ ਮੇਰਾ ਜੋੜ ਜੁੜਾਵਣਗੇ ? ਗੋਬਿੰਦ ਕਹੇ ਹਾਂ, ਤੈਨੂੰ ਫੜ ਕੇ ਆਪਣੇ ਸੀਸ ਟਿਕਾਵਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵਣਗੇ। ਫੁੱਲ ਕਹੇ ਮੈਂ ਖ਼ੁਸ਼ੀਆਂ ਨਾਲ ਆਵਾਂਗਾ। ਜੁਗ ਜਨਮ ਦੀਆਂ ਲੁਕੀਆਂ ਸਧਰਾਂ, ਸਦੀਆਂ ਤੋਂ ਵਿਛੜੀਆਂ ਰੂਹਾਂ ਨੂੰ ਆਪ ਸੁਣਾਵਾਂਗਾ। ਸਚ ਦਵਾਰ ਦਾ ਵੇਖ ਕੇ ਅਦਲਾ, ਅਦਾਲਤ ਅਗੇ ਆਪਣਾ ਆਪ ਪੇਸ਼ ਕਰਾਵਾਂਗਾ। ਜਿਸ ਦੇ ਅਗੇ ਪਿਛੇ ਗੋਬਿੰਦ ਸ਼ਬਦੀ ਮਾਰੀਆਂ ਮੰਜ਼ਲਾਂ, ਮੰਜ਼ਲ ਉਸ ਦੀ ਚੜ੍ਹ ਕੇ ਦਰਸ਼ਨ ਪਾਵਾਂਗਾ। ਜਿਥੇ ਇਕੋ ਮਹਿਬੂਬ ਦੀਆਂ ਗਾਈਆਂ ਜਾਣ ਗ਼ਜ਼ਲਾਂ, ਗ਼ਰਜ਼ ਇਕੋ ਨਾਲ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਇਕ ਦ੍ਰਿੜਾਵਾਂਗਾ। ਫੁੱਲ ਕਹੇ ਉਹ ਵਕ਼ਤ ਵੇਖਾਂ ਸੁਹਾਉਣਾ, ਸੋਹਣੀ ਰੁਤ ਬਣਾਈਆ। ਜਿਸ ਵੇਲੇ ਛੱਬੀ ਪੋਹ ਆਉਣਾ, ਸੰਮਤ ਸ਼ਹਿਨਸ਼ਾਹੀ ਵੱਜੇ ਵਧਾਈਆ। ਸ੍ਰਿਸ਼ਟ ਸਬਾਈ ਪੈਣਾ ਰੋਣਾ, ਧੀਰਜ ਧੀਰ ਨਾ ਕੋਇ ਧਰਾਈਆ। ਜਨ ਭਗਤ ਦਵਾਰੇ ਤੇਰਾ ਢੋਲਾ ਗਾਉਣਾ,
ਵੱਜਣੀ ਨਾਮ ਵਧਾਈਆ। ਉਨ੍ਹਾਂ ਦਾ ਮੈਂ ਵੀ ਦਰਸ਼ਨ ਪਾਉਣਾ, ਪੌਣੇ ਪੰਜ ਵਕ਼ਤ ਸਮਝਾਈਆ। ਸਾਰੀ ਰਾਤ ਮੈਂ ਨਹੀਂ ਸੌਣਾ, ਗੁਰਮੁਖ ਸੌਣ ਕੋਇ ਨਾ ਆਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਪਰਮ ਪੁਰਖ ਪਰਮਾਤਮ ਦਾ ਦਰਸ਼ਨ ਪਾਉਣਾ, ਗੋਬਿੰਦ ਸ਼ਬਦੀ ਰਾਗ ਸੁਣਾਈਆ। ਸਾਰਿਆਂ ਨੇ ਫੁੱਲ ਕਹੇ ਮੈਨੂੰ ਰਖਣਾ ਆਪਣੀ ਉਪਰ ਧੌਣਾ, ਪਿਛੇ ਗਰਦਨ ਉਤੇ ਟਿਕਾਈਆ। ਅੱਗੋਂ ਮੱਥੇ ਦਾ ਤਾਲ ਵਜਾਉਣਾ, ਵਾਜਬ ਅਗਲਾ ਹੁਕਮ ਜਣਾਈਆ। ਜਨ ਭਗਤੋ ਆਪਣਾ ਵਕ਼ਤ ਨਾ ਐਵੇਂ ਗਵਾਉਣਾ, ਰੈਣ ਫੇਰ ਕਦੇ ਨਾ ਆਈਆ। ਇੱਕੀਆਂ ਫੁੱਲਾਂ ਦਾ ਜੁਗਿੰਦਰ ਸਿੰਘ ਨੇ ਵਿਛੌਣਾ ਵਿਛਾਉਣਾ, ਜਿਸ ਨੂੰ ਜਮਾਂ ਤੋਂ ਲਿਆ ਛੁਡਾਈਆ। ਸੁਰਜੀਤ ਸਿੰਘ ਨੇ ਚਰਨਾਂ ਹੇਠ ਸੱਜਾ ਹੱਥ ਡਾਹੁਣਾ, ਇਹ ਵੀ ਗੋਬਿੰਦ ਪਿਛਲੀ ਆਸਾ ਪੂਰ ਕਰਾਈਆ। ਜਨ ਭਗਤੋ ਬੜਾ ਪ੍ਰੇਮ ਵਾਲਾ ਤੁਹਾਡਾ ਵਿਹਾਰ ਵਖਾਉਣਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਜੋ ਕੁਛ ਕਹਿਣਾ ਸੋ ਦੇਣਾ ਮਨ ਭਾਉਣਾ, ਭੁੱਖਿਆਂ ਲਏ ਰਜਾਈਆ। ਅਗੇ ਪਏ ਕਿਸੇ ਨਾ ਰੋਣਾ, ਹੰਝੂਆਂ ਧਾਰ ਨਾ ਕੋਇ ਵਹਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਸਾਢੇ ਬਾਰਾਂ ਤੁਹਾਡਾ ਦਰਸ਼ਨ ਪਾਉਣਾ, ਬਿਨ ਅੱਖਾਂ ਅੱਖ ਖੁਲ੍ਹਾਈਆ। ਤੁਹਾਡਾ ਨੂਰ ਜਹੂਰ ਮਜਬੂਰ ਹੋ ਕੇ ਚਮਕਾਉਣਾ, ਮਜਲਸ ਇਕੋ ਦੇਣੀ ਵਖਾਈਆ। ਦੋ ਜਹਾਨਾਂ ਪੰਧ ਮੁਕਾਉਣਾ, ਮੁਕੰਮਲ ਆਪਣੇ ਅਗੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਇਕ ਬੰਧਾਈਆ। ਫੁੱਲ ਕਹੇ ਮੇਰੇ ਅੰਦਰ ਸਭ ਨੇ ਵੇਖਣੀ ਖ਼ੁਸ਼ਬੂ, ਖ਼ੁਸ਼ਖ਼ਬਰੀ ਦਿਆਂ ਸੁਣਾਈਆ। ਜਨ ਭਗਤੋ ਤੁਹਾਡਾ ਢੋਲੇ ਗਾਉਣ ਵਾਲਾ ਤੱਕ ਕੇ ਮੂੰਹ, ਮੁਹੱਬਤ ਮੇਰੇ ਅੰਦਰ ਆਈਆ। ਬਿਨਾ ਬੰਦਗੀ ਤੋਂ ਤੁਹਾਡੀ ਬਖ਼ਸ਼ੀ ਜਾਣੀ ਰੂਹ, ਰਹਿਮਤ ਹਰਿ ਜੂ ਆਪ ਕਮਾਈਆ। ਜਿਸ ਦੀ ਕਿਸੇ ਨੂੰ ਸ਼ਾਸਤਰਾਂ ਸਿਮਰਤਾਂ ਵੇਦਾਂ ਪੁਰਾਨਾਂ ਵਿਚੋਂ ਨਹੀਂ ਮਿਲੀ ਸੂਹ, ਸੋ ਸਵਾਮੀ ਤੁਹਾਡੇ ਸਾਹਮਣੇ ਬੈਠ ਕੇ ਦਰਸ ਦਿਖਾਈਆ। ਤੁਹਾਡਾ ਖ਼ੁਸ਼ੀ ਕਰਨਾ ਸਾਢੇ ਤਿੰਨ ਕਰੋੜ ਲੂੰ ਲੂੰ, ਲਹਿਣਾ ਦੇਣਾ ਪਿਛਲਾ ਝੋਲੀ ਪਾਈਆ। ਤੁਹਾਨੂੰ ਨਜ਼ਰੀ ਆਉਣਾ ਹੁਬਹੂ, ਜੋਤੀ ਜਾਤਾ ਨੂਰ ਖ਼ੁਦਾਈਆ। ਤੁਹਾਨੂੰ ਲਟਕਣਾ ਨਹੀਂ ਪੈਣਾ ਵਿਚ ਕਿਸੇ ਖੂਹ, ਤੁਹਾਡੀ ਕਾਇਆ ਜੂਹ, ਅੰਦਰ ਆਪਣਾ ਡੇਰਾ ਲਾਈਆ। ਕੋਈ ਲੱਭਣਾ ਨਹੀਂ ਪੈਣਾ ਗੁਰੂ, ਗੁਰੂਆਂ ਦਾ ਗੁਰਦੇਵ ਨਜ਼ਰੀ ਆਈਆ। ਜਿਸ ਦੇ ਕੋਲੋਂ ਆਦਿ ਦੀ ਧਾਰ ਹੋਵੇ ਸ਼ੁਰੂ, ਉਹ ਸ਼ਰਅ ਸਭ ਦੀ ਦਏ ਬਦਲਾਈਆ। ਜਿਸ ਦਾ ਮੰਤਰ ਇਕੋ ਨਾਮ ਨਿਧਾਨਾ ਫੁਰੂ, ਫੁਰਨੇ ਸਭ ਦੇ ਬੰਦ ਕਰਾਈਆ। ਉਹ ਦਾਤਾਰ ਦਾਤਾ ਆਪਣੀ ਕਰਨੀ ਕਰਨ ਤੋਂ ਕਦੇ ਨਾ ਮੁੜੂ, ਜੋ ਮੁੜ ਮੁੜ ਨਿਤ ਨਵਿਤ ਜੁਗ ਚੌਕੜੀ ਆਪਣਾ ਨਿਰਗੁਣ ਸਰਗੁਣ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਫੁੱਲ ਕਹੇ ਜਨ ਭਗਤ ਮੈਨੂੰ ਸੱਜੇ ਹੱਥ ਵਿਚ ਲੈ ਕੇ ਅੰਦਰ ਆਉਣਗੇ। ਸਾਢੇ ਦਸ ਆਪਣੀ ਗਰਦਨ ਪਿਛੇ ਟਿਕਾਉਣਗੇ। ਏਸ ਵੇਲੇ ਪੂਰਨ ਅੰਦਰ ਪੂਰਨ ਜੋਤ ਗਈ ਸੀ ਵਸ, ਜੋਤ ਜੋਤ ਵਿਚ ਸਮਾਉਣਗੇ। ਸਚਖੰਡ ਵਿਚ ਜਾਣ ਹੱਸ ਹੱਸ, ਹਸਤੀਆਂ ਹਸਤੀਆਂ ਵਿਚੋਂ ਬਦਲਾਉਣਗੇ। ਇਕੋ ਯਾਰ ਨਾਲ ਮਿਲਾ ਕੇ ਅੱਖ, ਯਾਰਾਨੇ ਜਗਤ ਨਾਲੋਂ ਤੜਾਉਣਗੇ। ਪ੍ਰਭੂ ਦੇ ਪ੍ਰੇਮ ਅੰਦਰ ਡਟ, ਡਾਕੂ ਚੋਰ ਅੰਦਰੋਂ ਬਾਹਰ ਕਢਾਉਣਗੇ। ਸਾਚੇ ਨਾਮ ਦਾ ਵੇਖ ਕੇ ਹੱਟ, ਹਟਵਾਣੇ ਹੋ ਕੇ ਖ਼ਾਲੀ ਝੋਲੀਆਂ ਸਰਬ ਭਰਾਉਣਗੇ। ਜਿਸਦੇ ਪਿਛੇ ਜੁਗ ਚੌਕੜੀ ਚਾਰ ਕੁੰਟ ਦਹਿ ਦਿਸ਼ਾ ਰਹੇ ਨੱਠ, ਘਰ ਉਸੇ ਦਾ ਦਰਸ਼ਨ ਪਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਮਿਲ
ਕੇ ਖ਼ੁਸ਼ੀ ਮਨਾਉਣਗੇ। ਫੁੱਲ ਕਹੇ ਮੇਰੇ ਅੰਦਰੋਂ ਆਵੇ ਮਹਿਕ, ਖ਼ੁਸ਼ਬੂ ਰਹੀ ਸਮਝਾਈਆ। ਜਨ ਭਗਤੋ ਮੈਂ ਤੁਹਾਡੇ ਨਾਲ ਮਿਲ ਕੇ ਗਿਆ ਟਹਿਕ, ਟਹਿਣੀ ਨਾਲੋਂ ਕਰੀ ਜੁਦਾਈਆ। ਵਿਛੋੜੇ ਅੰਦਰ ਰਿਹਾ ਸਹਿਕ, ਸਾਹ ਸਾਹ ਰਿਹਾ ਧਿਆਈਆ। ਮੇਰਾ ਪੂਰਾ ਹੋਇਆ ਅਹਿਦ, ਵੇਲਾ ਵਕ਼ਤ ਗਿਆ ਆਈਆ। ਪਤਾ ਨਹੀਂ ਫੇਰ ਮਿਲੇ ਕਿ ਨਾ ਸ਼ਾਇਦ, ਸ਼ਹਿਨਸ਼ਾਹ ਬੇਪਰਵਾਹੀਆ। ਮੈਂ ਆਪਣਾ ਪੂਰਾ ਕਰਨ ਆਇਆ ਫ਼ਰਾਇਜ਼, ਫ਼ੈਸਲਾ ਤੁਹਾਡੇ ਨਾਲ ਰਖਾਈਆ। ਵੇਖਿਓ ਕੋਈ ਭੁੱਲ ਕੇ ਸਮਝ ਨਾ ਜਾਣਾ ਇਹ ਫੁੱਲ ਦੀ ਨੁਮਾਇਸ਼, ਅਜ਼ਮਾਇਸ਼ ਵਿਚ ਮਨ ਨਾ ਕੋਇ ਲਗਾਈਆ। ਇਹ ਗੋਬਿੰਦ ਦੀ ਹਦਾਇਤ, ਹੁਕਮੇ ਅੰਦਰ ਆਇਆ ਚਾਈਂ ਚਾਈਂਆ। ਇਸ ਤੋਂ ਪਿਛੋਂ ਮੈਂ ਜਾਣਾ ਉਸ ਵਲਾਇਤ, ਜਿਥੇ ਵਲਵਲੇ ਮੁਕਣ ਸਰਬ ਲੋਕਾਈਆ। ਇਕ ਨਿੱਕੀ ਜਿਹੀ ਤੁਹਾਡੀ ਕਰਨੀ ਫ਼ਰਮਾਇਸ਼, ਫ਼ਰਮਾਂਬਰਦਾਰ ਹੋ ਕੇ ਸੀਸ ਨਿਵਾਈਆ। ਜਨ ਭਗਤੋ ਭਗਤਾਂ ਨਾਲ ਮਿਲ ਕੇ ਕਦੀ ਨਾ ਆਇਉ ਵਿਚ ਤੈਸ਼, ਤਮਅ ਦੇਣੀ ਮਿਟਾਈਆ। ਤੁਹਾਡੀ ਉਸ ਧਾਮ ਰਹਾਇਸ਼, ਜਿਥੇ ਰਹਿਬਰ ਇਕੋ ਸੋਭਾ ਪਾਈਆ। ਸਾਰੇ ਲੈ ਕੇ ਜਾਇਉ ਖ਼ਰਾਇਤ, ਖ਼ੈਰਖ਼ਾਹ ਬਣ ਕੇ ਝੋਲੀ ਰਿਹਾ ਭਰਾਈਆ। ਤੁਸੀਂ ਮੇਰੀ ਮੈਂ ਤੁਹਾਡੀ ਕਰਨੀ ਹਮਾਇਤ, ਹਮਸਾਜਨ ਹੋ ਕੇ ਘਰ ਸੱਜਣ ਲੈਣਾ ਮਿਲਾਈਆ। ਛੱਬੀ ਪੋਹ ਕਹੇ ਇਨ ਸ਼ਮਾ ਦੀ ਕਰਨੀ ਅਨਾਇਤ, ਦੀਪਕ ਅੰਦਰੋਂ ਦੇਣਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਰਿਹਾ ਵਖਾਈਆ। ਫੁੱਲ ਕਹੇ ਮੈਂ ਨਹੀਂ ਜਾਣਦਾ ਕੌਣ ਫਲਾਣਾ ਫਲਾਣਾ, ਨਾਵਾਂ ਵਾਲੀ ਲਿਸਟ ਨਾ ਕੋਇ ਰਖਾਈਆ। ਮੈਂ ਇਕੋ ਜਾਣਾ ਜੋ ਗਾਵੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਗਾਣਾ, ਉਹ ਭਗਤ ਭਗਵਾਨ ਨਜ਼ਰੀ ਆਈਆ। ਮੈਂ ਨਾ ਸਮਝਾਂ ਕੋਇ ਰਾਜਾ ਰਾਣਾ, ਤਖ਼ਤ ਨਿਵਾਸੀ ਧੱਕੇ ਨਾਲ ਪਰੇ ਹਟਾਈਆ। ਜੋ ਮੇਰੇ ਸਾਹਿਬ ਅਗੇ ਹੋਇਆ ਨਿਮਾਣਾ, ਪੁਰਖ ਅਕਾਲ ਇਕੋ ਰਿਹਾ ਮਨਾਈਆ। ਮੈਂ ਉਸ ਨੂੰ ਸਮਝਾਂ ਸੁਘੜ ਸੁਚੱਜਾ ਸਿਆਣਾ, ਜਿਸ ਆਤਮ ਵਿਦਿਆ ਭਰਪੂਰ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਸੰਮਤ ਦੇ ਸੁਹਾਈਆ। ਫੁੱਲ ਕਹੇ ਜਨ ਭਗਤੋ ਮੇਰੀ ਬੇਨੰਤੀ ਇਕ, ਏਕੰਕਾਰ ਅਗੇ ਸੁਣਾਈਆ। ਭਗਤ ਦਵਾਰ ਲੰਘਣ ਲੱਗਿਆਂ ਮੈਨੂੰ ਉਪਰ ਲਾਉਣਾ ਛਾਤੀ ਹਿੱਕ, ਹਿਕਮਤ ਪ੍ਰਭ ਦਿਤੀ ਜਣਾਈਆ। ਅੰਦਰ ਵੜ ਕੇ ਬ੍ਰਹਮਾ ਆਪੇ ਤੂੰ ਮੇਰਾ ਮੈਂ ਤੇਰਾ ਦੇਵੇ ਲਿਖ, ਅਗੇ ਲਿਖਣ ਦੀ ਲੋੜ ਰਹੇ ਨਾ ਰਾਈਆ। ਮੁਖੋਂ ਕਹਿਣਾ ਮੈਂ ਪ੍ਰਭੂ ਤੇਰਾ ਭਗਤ ਪਿਆਰਾ ਸਿੱਖ, ਸਿਖਿਆ ਦੂਜੀ ਨਾ ਕੋਇ ਰਖਾਈਆ। ਫੇਰ ਆਪੇ ਸ੍ਰੀ ਭਗਵਾਨ ਤੁਹਾਡਾ ਕਰਮ ਜਰਮ ਦਾ ਲਹਿਣਾ ਲਏ ਨਜਿੱਠ, ਚਿੰਤਾ ਗ਼ਮ ਰਹਿਣ ਕੋਇ ਨਾ ਪਾਈਆ। ਸਦਾ ਰਖੇ ਸਾਇਆ ਹੇਠ, ਅਗਨੀ ਤਤ ਨਾ ਕੋਇ ਤਪਾਈਆ। ਗਿਆਰਾਂ ਵੱਜੇ ਫੇਰ ਮੈਨੂੰ ਉਪਰ ਛੁਹਾਉਣਾ ਪੇਟ, ਨਾਭੀ ਉਤੇ ਛੁਹਾਈਆ। ਅਗੇ ਤੁਹਾਨੂੰ ਆਪੇ ਬਣਾ ਦੇਵੇ ਅੰਮ੍ਰਿਤ ਨਾਮ ਦੇ ਸੇਠ, ਤ੍ਰਿਸ਼ਨਾ ਜਗਤ ਰਹੇ ਨਾ ਰਾਈਆ। ਫੇਰ ਸਾਰੀ ਰੈਣ ਆਪਣੇ ਕੋਲ ਰਖਣਾ ਲਪੇਟ, ਲੰਮੇਂ ਪੈਣ ਵਾਲਿਆਂ ਮੈਂ ਆਪੇ ਦਿਆਂ ਉਠਾਈਆ। ਜਿਸ ਵੇਲੇ ਮੇਰਾ ਪ੍ਰਭੂ ਸਾਡੀ ਵੇਖ ਲਵੇ ਖੇਡ, ਫੇਰ ਹੁਕਮੇ ਅੰਦਰ ਆਪੇ ਦਏ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਦੀ ਇਕੱਠੀ ਲੈ ਕੇ ਭੇਟ, ਭੇਟਾ ਆਪਣੀ ਦਏ ਚੜ੍ਹਾਈਆ।