੨੭ ਪੋਹ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਸਤਿਗੁਰ ਸ਼ਬਦ ਕਹੇ ਨਾ ਕਰਿਓ ਜਲਦੀ, ਮਨ ਵਾਸਨਾ ਨਾ ਕੋਇ ਭਟਕਾਈਆ। ਜਨ ਭਗਤੋ ਤੁਹਾਡੀ ਬਾਕੀ ਰਹਿੰਦੀ ਕਲ੍ਹ ਦੀ, ਨਿਹਕਰਮੀ ਕਰਮ ਰਿਹਾ ਕਮਾਈਆ। ਕੋਈ ਖੇਲ ਨਹੀਂ ਕਪਟ ਛਲ ਦੀ, ਅਛਲ ਛਲਧਾਰੀ ਦਇਆ ਕਮਾਈਆ। ਤੁਸਾਂ ਅਜੇ ਕੁਸ਼ਤੀ ਵੇਖਣੀ ਓਸ ਮੱਲ ਦੀ, ਜੋ ਮਾਲਕ ਧੁਰ ਦਰਗਾਹੀਆ। ਜਿਸ ਦੀ ਧਾਰ ਅਗੰਮੀ ਚਲਦੀ, ਚਾਰ ਜੁਗ ਵਡਿਆਈਆ। ਜੋ ਖੇਲ ਜਾਣੇ ਜਲ ਥਲ ਦੀ, ਲੱਖ ਚੁਰਾਸੀ ਰਿਹਾ ਸਮਾਈਆ। ਜਿਸ ਕ਼ੀਮਤ ਪਾਉਣੀ ਆਪਣੇ ਫੁੱਲ ਦੀ, ਕੰਡਾ ਧੁਰ ਦਾ ਹੱਥ ਉਠਾਈਆ। ਜਗਤ ਸੰਖਿਆ ਮੁੱਕਣੀ ਕੂੜੇ ਧਨ ਦੀ, ਨਵ ਸੱਤ ਲੇਖ ਚੁਕਾਈਆ। ਕਿਸੇ ਨੂੰ ਖ਼ਬਰ ਨਹੀਂ ਅਗਲੇ ਪਲ ਦੀ, ਘੜੀ ਵੰਡ ਨਾ ਕੋਇ ਸਮਝਾਈਆ। ਜੋਤ ਅਕਾਲਣ ਇਕੋ ਬਣ ਕੇ ਮਾਲਣ ਪ੍ਰੇਮ ਸੁਗੰਧੀ ਫੁੱਲ ਘੱਲਦੀ, ਪੱਤ ਟਹਿਣੀ ਨਾਲ ਮਹਿਕਾਈਆ। ਗੁਰਮੁਖੋ ਵੇਦਾਂ ਪੁਰਾਨਾਂ ਸ਼ਾਸਤਰਾਂ ਵਿਚੋਂ ਸਮਝ ਨਹੀਂ ਆਈ ਇਕ ਗੱਲ ਦੀ, ਰਮਜ਼ ਹੱਕ ਨਾ ਕੋਇ ਲਗਾਈਆ। ਜੋਬਨ ਜਵਾਨੀ ਸਭ ਦੀ ਢਲਦੀ, ਥਿਰ ਰਹਿਣ ਕੋਇ ਨਾ ਪਾਈਆ। ਹੁਕਮੇਂ ਅੰਦਰ ਅਗਨੀ ਵੇਖੋ ਬਲਦੀ, ਤੱਤਾਂ ਦਏ ਜਲਾਈਆ। ਪ੍ਰਭ ਦੇ ਅਗੇ ਪੇਸ਼ ਨਾ ਕਿਸੇ ਦੀ ਚਲਦੀ, ਸਿਰ ਸਕੇ ਨਾ ਕੋਇ ਉਠਾਈਆ। ਭਾਵੀ ਕਿਸੇ ਤੋਂ ਨਹੀਂ ਟਲਦੀ, ਭਾਣੇ ਵਿਚ ਲੋਕਾਈਆ। ਕਿਸੇ ਨੇ ਤਾਕਤ ਨਹੀਂ ਸਮਝੀ ਪ੍ਰਭ ਦੇ ਬਲ ਦੀ, ਬਲਧਾਰੀ ਬਲ ਬਾਵਨ ਛਲ ਵਖਾਈਆ। ਹੁਣ ਖੇਲ ਨਹੀਂ ਕਿਸੇ ਤਨ ਦੀ, ਸ਼ਬਦੀ ਡੰਕ ਸੁਣਾਈਆ। ਜਿਸਨੂੰ ਜਨਣੀ ਕੋਈ ਨਾ ਜਣਦੀ, ਸੀਰ ਮੁਖ ਨਾ ਕੋਇ ਲਗਾਈਆ। ਜਿਸ ਦੀ ਆਵਾਜ਼ ਨਹੀਂ ਕੋਈ ਕੰਨ ਦੀ, ਰਸਨਾ ਨਾ ਰਾਗ ਅਲਾਈਆ। ਜਿਸ ਦੀ ਦੌਲਤ ਨਹੀਂ ਮਾਇਆ ਧੰਨ ਦੀ, ਟਕਿਆਂ ਟਕਸਾਲ ਨਾ ਕੋਇ ਬਣਾਈਆ। ਜਿਸ ਦੀ ਰੋਸ਼ਨੀ ਨਹੀਂ ਕਿਸੇ ਚੰਦ ਦੀ, ਸੂਰੀਆ ਰੂਪ ਨਾ ਕੋਇ ਵਟਾਈਆ। ਜਿਹਦੀ ਨਜ਼ਰ ਨਹੀਂ ਨੇਤਰ ਅੰਨ੍ਹ ਦੀ, ਦੂਰ ਨੇੜਾ ਵੇਖ ਵਖਾਈਆ। ਜਿਸ ਦੀ ਸਮਝ ਨਹੀਂ ਕਿਸੇ ਮਨ ਦੀ, ਬੁਧੀ ਨਾਲ ਲੜਾਈਆ।
ਉਹ ਦਾਤ ਦੇਵੇ ਜਨ ਭਗਤਾਂ ਇਕੋ ਭਲ ਦੀ, ਭਾਲ ਭਾਲ ਕੇ ਜੋੜ ਜੁੜਾਈਆ। ਖੇਡ ਮੁਕਾਵੇ ਕੂੜੀ ਝੱਲ ਦੀ, ਝਲਕ ਆਪਣੀ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਨਾ ਕਰੋ ਛੇਤੀ, ਛੱਤੀ ਜੁਗ ਨਾਨਕ ਥੋੜੇ ਗਿਆ ਜਣਾਈਆ। ਪ੍ਰਭੂ ਆਦਿ ਅੰਤ ਦਾ ਭੇਤੀ, ਭੇਵ ਪੜਦੇ ਦਏ ਉਠਾਈਆ। ਜੁਗ ਚੌਕੜੀ ਤੁਸੀਂ ਮੇਰੇ ਨਾਲ ਕਰਦੇ ਰਹੇ ਨੇਕੀ, ਵੱਡਿਉਂ ਨਿੱਕੇ ਰੂਪ ਬਣਾਈਆ। ਜਗਤ ਵਲੋਂ ਬਣਦੇ ਰਹੇ ਬਿਬੇਕੀ, ਵਾਸਨਾ ਕੂੜ ਬਾਹਰ ਕਢਾਈਆ। ਚਰਨ ਕਵਲ ਰਖਦੇ ਰਹੇ ਟੇਕੀ, ਧੂੜੀ ਮਸਤਕ ਟਿੱਕੇ ਨਾਲ ਛੁਹਾਈਆ। ਰੂਪ ਧਰਦੇ ਰਹੇ ਬੇਟਾ ਬੇਟੀ, ਨਿਰਗੁਣ ਸਰਗੁਣ ਜੋੜ ਜੁੜਾਈਆ। ਜਗਤ ਮੁਹਾਣੇ ਬਣਦੇ ਰਹੇ ਖੇਵਟ ਖੇਟੀ, ਮਾਰਗ ਭਗਤ ਭਗਵਾਨ ਲਗਾਈਆ। ਵੇਖਿਓ ਕੋਈ ਚਰਨੀਂ ਨਾ ਝੁਕਿਓ ਵੇਖਾ ਵੇਖੀ, ਠੱਗਾਂ ਦੀ ਲੋੜ ਰਹੀ ਨਾ ਰਾਈਆ। ਜਿਸ ਨੇ ਜੁਗ ਚੌਕੜੀ ਵੇਖੀ, ਉਹ ਪਰਖਣਹਾਰਾ ਧੁਰ ਦਰਗਾਹੀਆ। ਜਿਸ ਨੇ ਨਾਨਕ ਦੇ ਮੋਢਿਆਂ ਉਤੇ ਧਰਾ ਕੇ ਖੇਸੀ, ਜੰਗਲਾਂ ਵਿਚ ਦਿਤਾ ਭਵਾਈਆ। ਉਹ ਜਗਤ ਵਾਸਤੇ ਪਰਦੇਸੀ, ਤੁਹਾਡੇ ਅੰਦਰ ਦਾ ਮਾਲਕ ਨਜ਼ਰੀ ਆਈਆ। ਸ੍ਰੀ ਭਗਵਾਨ ਭਗਤਾਂ ਕਾਰਨ ਆਪਣੇ ਸ਼ਬਦ ਦੀ ਕਰੇ ਸ਼ੇਖ਼ੀ, ਸ਼ਾਖ਼ ਆਪਣੀ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਨਾ ਬਣਿਓ ਕਾਹਲੇ, ਕਾਲਖ ਅੰਦਰੋਂ ਦੇਣੀ ਗਵਾਈਆ। ਮਾਣ ਵਿਚ ਨਾ ਸਮਝਿਓ ਅਸੀਂ ਭਗਤ ਹੋ ਗਏ ਬਾਹਲੇ, ਬਿਨ ਕਿਰਪਾ ਚਰਨ ਕਵਲ ਕੋਇ ਨਾ ਆਈਆ। ਚਾਰ ਜੁਗ ਤੁਹਾਡੇ ਸਭ ਨੇ ਦਿੰਦਿਆਂ ਰਹਿਣਾ ਹਵਾਲੇ, ਮੈਂ ਨਵੇਂ ਸ਼ਾਸਤਰ ਜਾਣਾ ਬਣਾਈਆ। ਬਿਨ ਹੱਥਾਂ ਤੋਂ ਵਜਦੇ ਰਹਿਣੇ ਤਾਲੇ, ਧਾਰ ਇਕੋ ਇਕ ਬੰਧਾਈਆ। ਤੁਸੀਂ ਹੋ ਗਏ ਪ੍ਰਭੂ ਦੇ ਹਵਾਲੇ, ਤੁਹਾਡੀ ਹਵਾਲਾਤ ਦੇਣੀ ਕਟਾਈਆ। ਤੁਸੀਂ ਕ੍ਰਿਸ਼ਨ ਨਾਲ ਖੇਡਣ ਵਾਲੇ ਨਹੀਂ ਗਵਾਲੇ, ਗਊਆਂ ਦੀ ਸੇਵ ਕਮਾਈਆ। ਤੁਸੀਂ ਪ੍ਰਭੂ ਦੇ ਸੱਚੇ ਬਾਲੇ, ਤੁਹਾਡਾ ਪਿਤਾ ਇਕੋ ਨਜ਼ਰੀ ਆਈਆ। ਤੁਹਾਨੂੰ ਸ਼ਬਦ ਗੋਦੀ ਵਿਚ ਪਾਲੇ, ਅੰਮ੍ਰਿਤ ਧੁਰ ਦਾ ਜਾਮ ਪਿਆਈਆ। ਤੁਹਾਡੇ ਪਿਛੇ ਘਾਲਣਾ ਘਾਲੇ, ਪੰਜ ਤਤ ਅੰਦਰ ਆਪਣਾ ਰੂਪ ਛੁਪਾਈਆ। ਤੁਸੀਂ ਹੁਣ ਸਮਝਦੇ ਨਹੀਂ ਪ੍ਰਭੂ ਦੇ ਕਿਹੜੇ ਵੱਖਰੇ ਚਾਲੇ, ਚਲਾਕੀ ਨਾਲ ਸਭ ਨੂੰ ਰਿਹਾ ਭੁਲਾਈਆ। ਮੈਨੂੰ ਦਿਸਦਾ ਤੁਸੀਂ ਬਹਿ ਗਏ ਮੇਰੇ ਦਵਾਲੇ, ਦਾਅਵੇਦਾਰ ਅਖਵਾਈਆ। ਹੁਣ ਤਦਬੀਰ ਨਾਲ ਤੁਹਾਡੇ ਉਤੋਂ ਤੁਹਾਡੀ ਤਕ਼ਦੀਰ ਟਾਲੇ, ਟਾਲਮਟੋਲ ਨਾ ਕੋਇ ਜਣਾਈਆ। ਪਰਖ ਪਰਖ ਕੇ ਵੇਖ ਵੇਖ ਕੇ ਪੇਖ ਪੇਖ ਕੇ ਵਰਨਾਂ ਬਰਨਾਂ ਚੁਰਾਸੀ ਵਿਚੋਂ ਥੋੜੇ ਉਠਾਲੇ, ਅੱਖ ਅੱਖ ਨਾਲ ਮਿਲਾਈਆ। ਤੁਹਾਡੇ ਹੱਲ ਕਰੇ ਸਵਾਲੇ, ਸਵਾਲ ਆਪਣਾ ਦਏ ਸੁਣਾਈਆ। ਅਗੇ ਚਲਣਾ ਤੁਹਾਡੇ ਨਾਲੇ, ਨਾਲਾਇਕ ਰਹਿਣ ਕੋਇ ਨਾ ਪਾਈਆ। ਏਥੇ ਓਥੇ ਕਰੇ ਪ੍ਰਿਤਪਾਲੇ, ਪ੍ਰਿਤਪਾਲਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਨਾ ਅੰਦਰੋਂ ਹੋਵੋ ਕੂੜੇ, ਕੂੜੀ ਕਿਰਿਆ ਦੇਣੀ ਤਜਾਈਆ। ਤੁਹਾਡੇ ਰੰਗ ਵੇਖਣੇ ਗੂੜ੍ਹੇ, ਗੋਬਿੰਦ ਆਪਣੇ ਰੰਗ ਰੰਗਾਈਆ। ਨਾਮ ਵਜਾ ਕੇ ਸਾਚੀ ਤੂਰੇ, ਤੁਰਤ ਪੜਦਾ ਦਏ ਖੁਲ੍ਹਾਈਆ। ਚਾਰ ਜੁਗ ਤੁਹਾਨੂੰ ਕਰੇ ਮਸ਼ਹੂਰੇ, ਢੋਲੇ ਧੁਰ ਦੇ ਨਾਲ ਵਡਿਆਈਆ। ਤੁਸੀਂ ਓਸ ਘਰ ਦੇ ਬਣੇ ਮਜ਼ਦੂਰੇ, ਜਿਥੋਂ ਨਾਮ ਭੰਡਾਰਾ ਮਿਲੇ ਚਾਈਂ ਚਾਈਂਆ। ਤੁਹਾਡਾ ਸਾਹਿਬ ਤੁਹਾਨੂੰ ਕ਼ਬੂਲੇ, ਮਾਲਕ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਅੰਦਰ ਕੋਈ ਨਾ ਕਰਿਓ ਘੁਸ ਘੁਸ,
ਮਨ ਘਮਮਾਨ ਨਾ ਕੋਇ ਬਣਾਈਆ। ਦਰ ਤੇ ਆ ਕੇ ਬਹਿਓ ਨਾ ਰੁੱਸ ਰੁੱਸ, ਰੁੱਸੇ ਰਿਹਾ ਮਨਾਈਆ। ਓਸ ਤੋਂ ਬਹੁਤਾ ਨਹੀਂ ਤੇ ਥੋੜਾ ਲੈ ਕੇ ਜਾਇਓ ਕੁਛ ਕੁਛ, ਜਿਸ ਦੀ ਕਛਪ ਦਏ ਗਵਾਹੀਆ। ਹੰਕਾਰੀ ਜਾਇਓ ਝੁਕ ਝੁਕ, ਵਿਕਾਰੀ ਰੂਪ ਨਾ ਕੋਇ ਵਖਾਈਆ। ਇਕੋ ਸਿਖ ਕੇ ਜਾਇਓ ਆਪਣੇ ਨਾਮ ਦੀ ਤੁਕ, ਜੋ ਤੁਖ਼ਮ ਤਾਸੀਰ ਦਏ ਬਦਲਾਈਆ। ਜਗਤ ਵਾਸਨਾ ਉਤੇ ਜਾਇਓ ਥੁੱਕ, ਕੂੜੀ ਕਿਰਿਆ ਦੇਣੀ ਤਜਾਈਆ। ਤੁਹਾਡੇ ਲੈਣ ਦਾ ਵੇਲਾ ਆਇਆ ਢੁੱਕ, ਦੇਵਣਹਾਰ ਦੇਵੇ ਬੇਪਰਵਾਹੀਆ। ਕੋਈ ਪੜਦਾ ਰਹਿਣਾ ਨਹੀਂ ਲੁਕ, ਸਭ ਦਾ ਕਾਇਆ ਚੋਲਾ ਦੇਣਾ ਬਦਲਾਈਆ। ਜੇ ਨਹੀਂ ਬਣੇ ਹੁਣ ਬਣ ਜਾਓ ਉਸ ਪ੍ਰਭੂ ਦੇ ਪੁੱਤ, ਜੋ ਪੱਤਨ ਇਕੋ ਦਏ ਵਖਾਈਆ। ਵੇਖਿਓ ਬਿਨਾ ਪ੍ਰੇਮ ਦੇ ਖ਼ਾਲੀ ਰਹਿਣ ਨਾ ਦੇਵੇ ਕਾਇਆ ਬੁੱਤ, ਪੰਜ ਤਤ ਕੰਮ ਕਿਸੇ ਨਾ ਆਈਆ। ਇਹੋ ਜਹੀ ਓ ਭਗਤੋ ਕਦੀ ਨਹੀਂ ਮਿਲੀ ਕਿਸੇ ਨੂੰ ਲੁੱਟ, ਬਿਨਾ ਭਗਤੀ ਭਗਤੋ ਦਾਤ ਨਾ ਕਿਸੇ ਵਰਤਾਈਆ। ਕੋਈ ਨਾ ਜਾਣੇ ਕਿਉਂ ਪਿਆ ਤੁੱਠ, ਤੁਟਿਆਂ ਰਿਹਾ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਅੱਖ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਐਵੇਂ ਨਾ ਕਰਿਓ ਹੂੰ ਹੂੰ, ਹੋਕੇ ਨਾਲ ਸੁਣਾਈਆ। ਜਿੰਨਾਂ ਚਿਰ ਮੈਂ ਵਿਚ ਨਾ ਮਿਲੇ ਤੂੰ ਤੂੰ, ਮੈਂ ਤੂੰ ਵਿਚ ਸਮਾਈਆ। ਤੁਹਾਡਾ ਖ਼ੁਸ਼ੀ ਨਾ ਹੋਵੇ ਲੂੰ ਲੂੰ, ਘਰ ਵੱਜੇ ਨਾ ਸਚ ਵਧਾਈਆ। ਓਨਾਂ ਚਿਰ ਪ੍ਰਭ ਦੇ ਦਵਾਰੇ ਦੀ ਕਦੇ ਨਾ ਭੁੱਲਿਓ ਜੂਹ, ਅਗੇ ਪਿਛੇ ਕ਼ਦਮ ਨਾ ਕੋਇ ਟਿਕਾਈਆ। ਜੇ ਮੱਥੇ ਟੇਕਣੇ ਤੇ ਕੋਟਨ ਕੋਟ ਬਾਹਰ ਵੇਖਿਓ ਗੁਰੂ, ਘਰ ਘਰ ਬੈਠੇ ਡੇਰੇ ਲਾਈਆ। ਜੇ ਆਤਮ ਹੋ ਕੇ ਪਰਮਾਤਮ ਨਾਲ ਜਾਓ ਛੂਹ, ਫਿਰ ਸ਼ਰਮ ਹਯਾ ਰਹੇ ਨਾ ਰਾਈਆ। ਆਪਣੇ ਘਰ ਦੀ ਤੁਹਾਨੂੰ ਆਪੇ ਦੱਸ ਦਏ ਸੂਹ, ਇਸ਼ਾਰੇ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਕਾਰ ਕਮਾਈਆ। ਸ਼ਬਦ ਗੁਰੂ ਕਹੇ ਪ੍ਰਭੂ ਕੁਛ ਮੈਨੂੰ ਦੇ ਸਲਾਹ, ਲੋਕਮਾਤ ਸਤਿ ਜਣਾਈਆ। ਮੈਂ ਵੇਖਣਾ ਸਭ ਦੇ ਅੰਦਰ ਉਹ ਰਾਹ, ਜੋ ਅੰਧੇਰੇ ਵਿਚ ਬੈਠੇ ਆਪਣਾ ਆਪ ਛੁਪਾਈਆ। ਜੋ ਚੋਰਾਂ ਵਾਂਗ ਦਾਅ ਰਹੇ ਲਾ, ਠੱਗਾਂ ਵਾਲਾ ਰੂਪ ਵਟਾਈਆ। ਕੀ ਤੈਨੂੰ ਪਤਾ ਨਹੀਂ ਦਸ ਮਾਹ ਤਪਣਾ ਪਏ ਅਗਨੀ ਕੁੱਖ ਮਾਂ, ਸਕੇ ਨਾ ਕੋਇ ਬਚਾਈਆ। ਮਤਲਬ ਵਾਸਤੇ ਕੋਈ ਨਾ ਕਰਿਓ ਹਾਂ, ਬੇਗ਼ਰਜ਼ ਦੇਣੇ ਬਣਾਈਆ। ਕੱਚੀ ਯਾਰੀ ਲਾਉਣ ਦਾ ਮੈਨੂੰ ਕਦੀ ਨਹੀਂ ਆਇਆ ਚਾਅ, ਝੂਠਾ ਨਾਤਾ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਵਰਤਾਈਆ। ਸ਼ਬਦ ਗੁਰੂ ਕਹੇ ਮੈਂ ਫਿਰਦਾ ਸਦਾ ਅਨਭੋਲ, ਜੀਵਾਂ ਨਾਲ ਚੋਰੀ ਚੋਰੀ ਖੇਲ ਖਿਲਾਈਆ। ਜੁਗਾਂ ਪਿਛੋਂ ਆਵਾਂ ਉਤੇ ਧੌਲ, ਧਰਨੀ ਉਤੇ ਫੇਰਾ ਪਾਈਆ। ਲੱਖ ਚੁਰਾਸੀ ਦੇਵਾਂ ਮਧੌਲ, ਖ਼ਾਕ ਵਿਚ ਮਿਲਾਈਆ। ਭਗਤਾਂ ਵਸਾਂ ਕੋਲ, ਨੇਰਨ ਨੇਰ ਨਜ਼ਰੀ ਆਈਆ। ਜਿਹੜੇ ਮੇਰੇ ਨਾਲ ਮਾਰਨ ਆਵਣ ਰੋਲ, ਜੁਗ ਚੌਕੜੀ ਦੇਵਾਂ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸ਼ਬਦ ਗੁਰੂ ਕਹੇ ਮੈਂ ਵੇਖਣ ਆਇਆ ਮਰਦ ਇਸਤਰੀ, ਸਾਰੇ ਖੋਜ ਖੁਜਾਈਆ। ਕਦੇ ਮੈਨੂੰ ਕਹਿੰਦੇ ਸੀ ਜਗਤ ਦਾ ਮੁਸ਼ਤਰੀ, ਮਿਸ਼ਨ ਨਾ ਸਕੇ ਸਮਝਾਈਆ। ਹੁਣ ਮੈਂ ਕਰਨ ਆਇਆ ਮੁਖ਼ਬਰੀ, ਹੋਕਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਰਿਹਾ ਜਣਾਈਆ। ਸ਼ਬਦ ਗੁਰੂ ਕਹੇ ਪ੍ਰਭੂ ਮੇਰੀ ਅੱਜ ਤੱਕ ਕੀਤੀ ਨਹੀਂ ਕਿਸੇ ਪਹਿਚਾਣ, ਜਗਤ ਨੇਤਰ ਨਜ਼ਰ ਕੋਇ ਨਾ ਆਈਆ। ਐਵੇਂ ਤੈਨੂੰ ਮੰਨਦੇ ਰਹੇ ਭਗਵਾਨ, ਤੂੰ ਸਾਖਿਆਤ ਨਜ਼ਰ ਕਿਸੇ ਨਾ ਆਈਆ। ਹੁਕਮ ਨਾਮ ਤੇਰਾ ਸੰਦੇਸ਼ਾ ਦੇਂਦੇ ਰਹੇ
ਮਹਾਨ, ਕਾਗ਼ਜ਼ਾਂ ਉਤੇ ਵਡਿਆਈਆ। ਸਚ ਦੱਸ ਨੌ ਸੌ ਚੁਰਾਨਵੇਂ ਚੌਕੜੀ ਕਦੀ ਆਇਆ ਵਿਚ ਮੈਦਾਨ, ਸੂਰਬੀਰ ਹੋ ਕੇ ਫੇਰਾ ਪਾਈਆ। ਐਵੇਂ ਟਿੱਲਿਆਂ ਪਰਬਤਾਂ ਉਤੇ ਧਰਨ ਤੇਰਾ ਧਿਆਨ, ਮੂਰਤੀ ਬਣਾ ਕੇ ਤੈਨੂੰ ਸ਼ਰਮਿੰਦਾ ਰਹੇ ਕਰਾਈਆ। ਉਂਗਲੀਆਂ ਨਾਲ ਤੇਰਾ ਸਾਜ ਵਜਾ ਕੇ ਰਸਨਾ ਨਾਲ ਗਾਉਂਦੇ ਗਾਨ, ਸਾਹਮਣੇ ਹੋ ਕੇ ਦਰਸ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਕਰਦੇ ਰਹੇ ਬਿਆਨ, ਰਸਨਾ ਜਿਹਵਾ ਢੋਲਿਆਂ ਵਿਚ ਗਾਈਆ। ਤੇਰਾ ਦੱਸਦੇ ਰਹੇ ਨਾਮ, ਕਿਸੇ ਨਜ਼ਰ ਨਾ ਆਇਆ ਅਮਾਮ, ਜੋਤੀ ਜਲਵਾ ਕਰ ਰੁਸ਼ਨਾਈਆ। ਸੁਣ ਸੁਣ ਤੇਰਾ ਪੈਗ਼ਾਮ, ਬਗਲ ਕ਼ੁਰਾਨ ਵਿਚ ਟਿਕਾਈਆ। ਜਿੰਨਾਂ ਚਿਰ ਪਿਆਵੇਂ ਨਾ ਇਕੋ ਜਾਮ, ਜਾਮਨ ਹੋ ਕੇ ਲਏਂ ਛੁਡਾਈਆ। ਓਨ੍ਹਾਂ ਚਿਰ ਝਗੜੇ ਨਹੀਂ ਮੁੱਕਣੇ ਤਮਾਮ, ਤਮ੍ਹਾਂ ਤੋਂ ਲੈ ਛੁਡਾਈਆ। ਸ਼ਬਦ ਗੁਰੂ ਕਹੇ ਪ੍ਰਭੂ ਤੂੰ ਅਗੇ ਸਚਖੰਡ ਕਰਦਾ ਰਿਹੋਂ ਆਰਾਮ, ਹੁਕਮ ਨਾਲ ਪੈਗ਼ੰਬਰ ਗੁਰੂ ਬਣਾਈਆ। ਕਿਸੇ ਨੂੰ ਬਣਾ ਦਿਤਾ ਗੋਪੀਆਂ ਵਾਲਾ ਕਾਹਨ, ਕਿਸੇ ਨੂੰ ਬਣਾ ਕੇ ਸੀਤਾ ਤੇ ਰਾਮ, ਜੰਗਲਾਂ ਵਿਚ ਭਵਾਈਆ। ਛੋਟਾ ਛੋਟਾ ਕਰ ਕੇ ਅਹਿਸਾਨ, ਹਸਤੀਆਂ ਕੋਟ ਦਿਤੀਆਂ ਬਦਲਾਈਆ। ਪੀਰ ਪੈਗ਼ੰਬਰ ਕਰ ਕੇ ਗ਼ੁਲਾਮ, ਬਰਦੇ ਦਿਤੇ ਵਖਾਈਆ। ਆਪਣਾ ਦੱਸਿਆ ਨਹੀਂ ਕਿਸੇ ਨੂੰ ਸਚ ਮਕਾਨ, ਧਾਮ ਆਪਣਾ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਹੁਕਮ ਇਕ ਮਨਾਈਆ। ਸ਼ਬਦ ਗੁਰੂ ਕਹੇ ਸੁਣ ਮੇਰੇ ਭਗਵੰਤ, ਤੇਰੀ ਬੇਪਰਵਾਹੀਆ। ਮੈਂ ਤੇਰਾ ਕਿਸੇ ਕੋਲੋਂ ਸੁਣਨਾ ਨਹੀਂ ਮੰਤ, ਰਸਨਾ ਵਾਲੀ ਗੱਲ ਮੋਹੇ ਨਾ ਭਾਈਆ। ਜੇ ਕਦੀ ਨਹੀਂ ਮਿਲਿਆ ਹੁਣ ਵੇਖਿਆ ਅੰਤ, ਅੰਤਰ ਧਿਆਨ ਲਗਾਈਆ। ਪ੍ਰਭੂ ਤੇਰੇ ਇਹ ਦਰਵੇਸ਼ ਨਹੀਂ ਸੰਤ, ਇਹ ਹਮੇਸ਼ੀ ਨਜ਼ਰੀ ਆਈਆ। ਜਿਨ੍ਹਾਂ ਦੇ ਚਰਨਾਂ ਹੇਠਾਂ ਰੁਲਦਾ ਜੱਨਤ, ਬਹਿਸ਼ਤ ਰਿਹਾ ਕੁਰਲਾਈਆ। ਇਨ੍ਹਾਂ ਦਾ ਲੇਖਾ ਕੀ ਜਾਣੇ ਬ੍ਰਹਮਾ ਪੰਡਤ, ਜੋ ਵੇਦਾਂ ਦੀ ਕਰੇ ਪੜ੍ਹਾਈਆ। ਤੇਈ ਅਵਤਾਰ ਤੇਰਾ ਕੋਈ ਸਮਝ ਨਾ ਸਕੇ ਸੰਮਤ, ਸਚ ਦਾ ਹਾਲ ਨਾ ਕੋਇ ਦ੍ਰਿੜਾਈਆ। ਜੇ ਕਿਸੇ ਨੂੰ ਇਸ਼ਾਰਾ ਦਿਤਾ ਤੇ ਉਹਨੂੰ ਬੋਲਣ ਦੀ ਨਹੀਂ ਦਿਤੀ ਹਿੰਮਤ, ਭਵਿਖਤ ਵਿਚ ਨਾ ਕੋਇ ਦ੍ਰਿੜਾਈਆ। ਨਾ ਕੋਈ ਸਿਫ਼ਤੀ ਬਣਿਆ ਨਾ ਕੋਈ ਬਣਿਆ ਨਿੰਦਕ, ਦੋਹਾਂ ਉਤੇ ਪੜਦਾ ਦਿਤਾ ਪਾਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਕਰਦੇ ਗਏ ਮਿੰਨਤ, ਸੀਸ ਕ਼ਦਮਾਂ ਉਤੇ ਟਿਕਾਈਆ। ਦੀਨਾਂ ਮਜ਼੍ਹਬਾਂ ਦੀ ਪਾ ਕੇ ਚਿੰਨਤ, ਹੁਕਮੇਂ ਵਿਚ ਭਵਾਈਆ। ਕਿਸੇ ਨੂੰ ਦੱਸਿਆ ਕਾਅਬੇ ਵਾਲੀ ਸਿੰਮਤ, ਕਿਸੇ ਨਾਲ ਕਰ ਕੇ ਇੱਲਤ, ਕਿਸੇ ਨੂੰ ਦੇ ਕੇ ਤਨ ਖਤਾਬੀ ਖਿੱਲਤ, ਕਿਸੇ ਨਾਲ ਅੰਦਰੋਂ ਕਰ ਕੇ ਮਿਲਤ, ਕਿਸੇ ਨੂੰ ਦੇ ਕੇ ਜਗਤ ਦੀ ਜ਼ਿੱਲਤ, ਆਪ ਆਪਣਾ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਸਚ ਦੀ ਕਾਰ ਕਮਾਈਆ। ਸ਼ਬਦ ਗੁਰੂ ਕਹੇ ਪ੍ਰਭੂ ਮੈਂ ਨਹੀਂ ਸੁਣਨੇ ਤੇਰੇ ਪੋਥੀਆਂ ਵਾਲੇ ਛੰਦ, ਜੋ ਸ਼ੰਕਿਆਂ ਵਿਚ ਨਜ਼ਰੀ ਆਈਆ। ਮੈਂ ਤੇਰੇ ਤਾਜ ਨੂੰ ਤੇਰੇ ਉਤੇ ਦੇਣਾ ਟੰਗ, ਰਾਜ ਦੀ ਲੋੜ ਰਹੀ ਨਾ ਰਾਈਆ। ਜੋ ਕੁਛ ਸੋ ਤੇਰਿਆਂ ਭਗਤਾਂ ਦੇਣਾ ਵੰਡ, ਬਣ ਕੇ ਬੇਪਰਵਾਹੀਆ। ਏਸ ਤੋਂ ਅਗੇ ਰਹਿਣ ਨਹੀਂ ਦੇਣਾ ਭੇਖ ਭਖੰਡ, ਕੂੜੀ ਕਿਰਿਆ ਦੇਣੀ ਕਢਾਈਆ। ਭਗਤੋ ਤੁਸੀਂ ਨਾ ਹੋਇਓ ਹੈਰਾਨ ਤੇ ਦੰਗ, ਇਹ ਦੰਗਾ ਜਗਤ ਨੂੰ ਰਿਹਾ ਵਖਾਈਆ। ਤੁਸੀਂ ਤੇ ਮੇਰੇ ਲਾਡਲੇ ਚੰਦ, ਖ਼ੁਸ਼ੀ ਨਾਲ ਦਿਆਂ ਚਮਕਾਈਆ। ਜੇ ਕਿਤੋਂ ਨਹੀਂ ਮਿਲਿਆ ਅੱਜ ਦੇਣਾ ਉਹ ਅਨੰਦ, ਅਨੰਦ ਆਤਮਾ ਵਿਚ ਰਖਾਈਆ। ਤੁਸੀਂ ਨਹੀਂ ਜਾਣਦੇ ਤੁਹਾਡੇ ਪ੍ਰੇਮ ਵਾਲੇ ਰੰਗ, ਇਹ ਡੰਡਾ ਰਿਹਾ ਪਰਗਟਾਈਆ। ਜਿਸ ਨੇ ਤੁਹਾਡੀ ਸੇਵਾ ਕਰਨੀ ਪਿਛੇ ਹੋ ਕੇ ਕੰਡ, ਕੰਡਿਆਂ ਵਿਚੋਂ
ਬਾਹਰ ਕਢਾਈਆ। ਹੁਣ ਕੀ ਸਮਝੋਗੇ ਪ੍ਰਭੂ ਕਿ ਮਲੰਗ, ਕਿ ਲੰਗੜਾ ਲੂਲ੍ਹਾ ਫੇਰਾ ਪਾਈਆ। ਕਿਧਰੇ ਸਮਝ ਨਾ ਲਿਓ ਇਹਨੂੰ ਹੋ ਗਿਆ ਅਧਰੰਗ, ਲੱਤ ਬਾਂਹ ਹਿਲੇ ਨਾ ਰਾਈਆ। ਹੁਣ ਮੈਂ ਵਸਾਂ ਤੁਹਾਡੇ ਸੰਗ, ਸਗਲਾ ਸੰਗ ਨਿਭਾਈਆ। ਅੱਜ ਦੀ ਰੈਣ ਸਭ ਹੁਕਮ ਘਲ ਦੇਣੇ ਬੇਰੰਗ, ਮੋਹਰ ਆਪਣੀ ਨਾ ਕੋਇ ਵਖਾਈਆ। ਕੁਛ ਲਹਿਣਾ ਦੇਣਾ ਓਸ ਸੂਰੇ ਸਰਬੰਗ, ਜਿਸ ਸੀਸ ਤਾਜ ਦਿਤਾ ਟਿਕਾਈਆ। ਅੱਜ ਗੋਬਿੰਦ ਦੀ ਵੰਡ, ਗੁਰਮੁਖਾਂ ਝੋਲੀ ਪਾਈਆ। ਜਨ ਭਗਤੋ ਗਾ ਲਓ ਅਗੇ ਬਾਪੂ ਦਾ ਛੰਦ, ਬਖ਼ਸ਼ੰਦ ਮਲੰਗ ਬਣ ਕੇ ਸੇਵ ਕਮਾਈਆ। ਸ਼ਬਦ ਗੁਰੂ ਕਹੇ ਬਾਪੂ ਕਿਤੇ ਹੋ ਤੇ ਨਹੀਂ ਗਿਆ ਬੁੱਢਾ, ਬੁਢਾਪਾ ਦਏ ਵਖਾਈਆ। ਕੋਟਨ ਕੋਟ ਜੁਗਾਂ ਪਿਛੋਂ ਚਲਦਾ ਚਲਦਾ ਹੋ ਤੇ ਨਹੀਂ ਗਿਆ ਡੁੱਡਾ, ਚਰਨ ਪੈਰ ਨਾ ਕੋਇ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀਆਂ ਸਿਫ਼ਤਾਂ ਦਾ ਬੰਨ੍ਹਦੇ ਗਏ ਗੁੱਡਾ, ਸਿਫ਼ਤਾਂ ਵਿਚ ਸਾਲਾਹੀਆ। ਤੂੰ ਬੇਪਰਵਾਹ ਸਭ ਤੋਂ ਭੇਤ ਰੱਖਿਆ ਗੁੱਝਾ, ਗੁੰਝਲ ਵਿਚ ਸਰਬ ਫਸਾਈਆ। ਬੇਪਰਵਾਹ ਤੂੰ ਕਿਸੇ ਨਹੀਂ ਸਮਝਾਇਆ ਆਪਣਾ ਮੁੱਦਾ, ਮੁੱਦਤਾਂ ਤੋਂ ਤੇਰੀ ਆਦਤ ਨਾ ਕਿਸੇ ਬਦਲਾਈਆ। ਕਲਜੁਗ ਅੰਤ ਭਗਵੰਤ ਹੋ ਕੇ ਉਘਾ, ਨਿਰਗੁਣ ਹੋ ਕੇ ਫੇਰਾ ਪਾਈਆ। ਜਨ ਭਗਤ ਕੋਈ ਨਾ ਰਹੇ ਡੁੱਬਾ, ਮੰਝਧਾਰ ਵਿਚੋਂ ਪਾਰ ਕਢਾਈਆ। ਗੁਰਮੁਖੋ ਤੁਹਾਡਾ ਕੋਈ ਨਹੀਂ ਲੈਣਾ ਭੁੱਗਾ, ਭਗਵਨ ਹੋ ਕੇ ਦਇਆ ਕਮਾਈਆ। ਤੁਹਾਡਾ ਵਸਦਾ ਰਹੇ ਝੁੱਗਾ, ਹੁੰਦੀ ਰਹੇ ਰੁਸ਼ਨਾਈਆ। ਤੁਹਾਡੀ ਖ਼ਾਤਰ ਧੁਰ ਦਾ ਲੈ ਕੇ ਆਇਆ ਪੰਜਾਬੀ ਬੋਲੀ ਵਾਲਾ ਚੁੱਗਾ, ਚੁੱਗਤੇ ਸਾਰੇ ਦਏ ਭਜਾਈਆ। ਤੁਹਾਡੇ ਵਿਛੋੜੇ ਦਾ ਮੈਨੂੰ ਦੁੱਖਾ, ਦੂਜਾ ਦੁੱਖ ਨਾ ਕੋਇ ਸਮਝਾਈਆ। ਮੈਂ ਵੇਂਹਦਾ ਰਿਹਾ ਜਿਹੜਾ ਗੁਰਮੁਖ ਆਪਣੀ ਮਾਂ ਦੇ ਪੇਟ ਵਿਚ ਲਟਕਿਆ ਰਿਹਾ ਪੁੱਠਾ, ਬਿਨਾ ਸਾਹ ਸਾਹ ਧਿਆਈਆ। ਮੈਂ ਬੇਫ਼ਿਕਰ ਹੋ ਕੇ ਰਿਹਾ ਸੁੱਤਾ, ਆਪਣੀ ਨਾ ਲਈ ਅੰਗੜਾਈਆ। ਜਿਸ ਵੇਲੇ ਤੁਹਾਡਾ ਵੇਲਾ ਢੁੱਕਾ, ਨਿਰਗੁਣ ਹੋ ਕੇ ਆਇਆ ਜੋਤੀ ਜਾਮਾ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਫੇਰਾ ਪਾਈਆ। ਸ਼ਬਦ ਗੁਰੂ ਕਹੇ ਪੁਰਖ ਅਕਾਲ ਤੂੰ ਸਦਾ ਚਲਣ ਵਾਲਾ ਟੇਢਾ, ਸਿੱਧੀ ਧਾਰ ਨਾ ਕੋਇ ਸਮਝਾਈਆ। ਵੇਖੀਂ ਕਿਤੇ ਤੈਨੂੰ ਚਲਦਿਆਂ ਲੱਗ ਨਾ ਜਾਏ ਠੇਡਾ, ਰਾਹ ਵਿਚ ਨਾ ਕੋਇ ਅਟਕਾਈਆ। ਮੈਨੂੰ ਪਤਾ ਜਿਸ ਵੇਲੇ ਬ੍ਰਹਮੇ ਨੂੰ ਇਸ਼ਾਰਾ ਦਿਤਾ ਚਾਰ ਵੇਦਾ, ਵਿਦਿਆ ਆਪਣੀ ਫੇਰ ਨਾ ਕੋਇ ਪੜ੍ਹਾਈਆ। ਓਹਦਾ ਆਪਣੀ ਚਰਨ ਦੀ ਧੂੜੀ ਨਾਲ ਬਣਾ ਕੇ ਮੇਦਾ, ਮੱਧ ਵਿਚ ਹੱਦ ਦਿਤੀ ਰਖਾਈਆ। ਤੈਨੂੰ ਉਪਰ ਕਦੇ ਨਾ ਵੇਂਹਦਾ, ਚਰਨਾਂ ਵਿਚ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਕਾਰ ਕਮਾਈਆ। ਸ਼ਬਦ ਗੁਰੂ ਕਹੇ ਪ੍ਰਭੂ ਅੱਜੇ ਤਾਈਂ ਤੇਰੇ ਘਰ ਸੁਤ ਨਹੀਂ ਜੰਮਿਆ ਕਦੇ ਜੋੜਾ, ਸੱਜੇ ਖੱਬੇ ਨਾ ਕੋਇ ਲਗਾਈਆ। ਮੈਂ ਹੈਰਾਨ ਹੋਇਆ ਤੂੰ ਕਿਸ ਤਰ੍ਹਾਂ ਸੱਸੇ ਉਪਰ ਲਾਇਆ ਹੋੜਾ, ਹੋੜੇ ਦਾ ਮਤਲਬ ਜਾਣਿਆ ਕਿਸੇ ਨਾ ਰਾਈਆ। ਗੁਰੂ ਗੋਬਿੰਦ ਮਾਛੂਆੜੇ ਤੇਰਾ ਗਾਉਂਣ ਲੱਗਾ ਸੀ ਦੋਹਰਾ, ਫੜ ਕੇ ਕੰਨੋਂ ਚਾਰੋਂ ਕੁੰਟ ਦਿਤਾ ਭਵਾਈਆ। ਤੂੰ ਅੱਜੇ ਮੇਰਾ ਨਿੱਕਾ ਜਿਹਾ ਛੋਹਰਾ, ਸ਼ਹਿਨਸ਼ਾਹ ਹੋ ਕੇ ਤੈਨੂੰ ਲਵਾਂ ਉਠਾਈਆ। ਗੋਬਿੰਦ ਹੱਸ ਕੇ ਦਿਤਾ ਮਰੋੜਾ, ਪ੍ਰਭੂ ਤੇਰਾ ਖੇਲ ਬੇਪਰਵਾਹੀਆ। ਸ੍ਰੀ ਭਗਵਾਨ ਕਹੇ ਓ ਨਹੀਂ ਮੈਨੂੰ ਤੇਰੀ ਪੈਣੀ ਲੋੜਾ, ਲੋਹੜਾ ਪਏ ਜਗਤ ਲੋਕਾਈਆ। ਓਸ ਵੇਲੇ ਤੇਰੇ ਕੋਲ ਹੋਣਾ ਨਹੀਂ ਕੋਈ ਬਾਜ਼ ਘੋੜਾ, ਘੋੜਾ ਸ਼ਬਦੀ ਦਿਆਂ ਬਣਾਈਆ। ਤੇਰੇ ਸਿਰ ਉਤੇ ਕੋਈ ਝੁਲਦਾ ਨਹੀਂ ਦਿਸਣਾ ਚੌਰਾ, ਚਾਰੋਂ ਕੁੰਟ ਮੇਰੇ ਨਾਮ ਦੀ ਵੱਜੇ ਵਧਾਈਆ। ਜਿਹੜਾ ਨਾਨਕ ਤੁਹਾਡੇ ਅੰਦਰ ਰਖ ਕੇ ਗਿਆ ਮੋਹਰਾ, ਮੋਹਰ ਆਪਣੀ ਇਕ ਲਗਾਈਆ। ਓਹਦੇ ਪਿਛੇ
ਭਗਤ ਦਵਾਰੇ ਦੱਬਣਾ ਕਾਗ਼ਜ਼ ਕੋਰਾ, ਖ਼ੂਨ ਆਪਣੇ ਨਾਲ ਰੰਗਾਈਆ। ਫਿਰ ਬਣਨਾ ਭਗਤ ਭਗਵਾਨ ਦਾ ਜੋੜਾ, ਵੱਜਣੀ ਸਚ ਵਧਾਈਆ। ਕਿਉਂ ਤੇਰਾ ਓਹਨਾਂ ਦੇ ਅੰਦਰ ਹੋਣਾ ਪੌੜਾ, ਪਉੜੀ ਗਉੜੀ ਰਾਗ ਨਾ ਕੋਇ ਸੁਣਾਈਆ। ਜੇ ਤੂੰ ਗੋਬਿੰਦ ਹੋਇਓ ਕਮਜ਼ੋਰਾ, ਨੱਕ ਨਾਲ ਲਕੀਰਾਂ ਦਿਆਂ ਖਿਚਾਈਆ। ਤੂੰ ਮੇਰੇ ਉਤੇ ਵਾਰਿਆ ਅਜੀਤ ਜੁਝਾਰ ਫ਼ਤਿਹ ਸਿੰਘ ਜੋਰਾ, ਮਾਤ ਪਿਤ ਦੀ ਲੋੜ ਰਹੀ ਨਾ ਰਾਈਆ। ਇਹ ਵੀ ਦੁਨੀਆ ਵਿਚ ਤੇਰੀ ਨਿਸ਼ਾਨੀ ਡੋਰਾ, ਬਿਨਾ ਪੁਰਖ ਅਕਾਲ ਹੱਥ ਨਾ ਕੋਇ ਫੜਾਈਆ। ਜਿਸ ਵੇਲੇ ਕਲਜੁਗ ਅੰਤ ਹੋਇਆ ਘਨਘੋਰਾ, ਰੈਣ ਅੰਧੇਰੀ ਛਾਈਆ। ਤੇਰਾ ਹੋਣਾ ਭਾਗ ਮਥੋਰਾ, ਮਿਥਿਆ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸ਼ਬਦ ਗੁਰੂ ਕਹੇ ਓ ਗੋਬਿੰਦ ਤੈਨੂੰ ਕਿਸੇ ਬੰਨ੍ਹਣੇ ਨਹੀਂ ਸਿਰ ਤੇ ਫੁੱਲ ਛੱਬੇ, ਛੱਬੀ ਪੋਹ ਦਏ ਗਵਾਹੀਆ। ਤੇਰਾ ਨਾਤਾ ਜੁੜਨਾ ਓਸ ਨਾਲ ਸ਼ੇਰ ਬੱਗੇ, ਜਿਸ ਦੀ ਬਗ਼ਲ ਵਿਚ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਨੇ ਆਪਣੇ ਚਰਨਾਂ ਦੇ ਹੇਠੋਂ ਕੱਢੇ, ਲੋਕਮਾਤ ਪਰਗਟਾਈਆ। ਹੁਕਮੇਂ ਅੰਦਰ ਫਿਰਨ ਬੱਧੇ, ਬੰਦਨਾ ਸੀਸ ਝੁਕਾਈਆ। ਓਸ ਵੇਲੇ ਪਤਾ ਲੱਗੇ ਤੇਰੀ ਤੇ ਪਰਮਾਤਮਾ ਦੀ ਪ੍ਰੀਤੀ ਲੱਗੇ, ਇਕੋ ਨੂਰ ਨਜ਼ਰੀ ਆਈਆ। ਤੇਰਾ ਪੁਰਖ ਅਕਾਲ ਤੇਰੇ ਵਿਚੋਂ ਕੋਈ ਨਾ ਕੱਢੇ, ਦੋਵੇਂ ਰਲ ਕੇ ਖ਼ੁਸ਼ੀਆਂ ਲਓ ਮਨਾਈਆ। ਇਕੋ ਨੂਰ ਇਕੋ ਦੀਪਕ ਜੋਤ ਜਗੇ, ਇਕੋ ਸ਼ਬਦ ਹੋਏ ਸ਼ਨਵਾਈਆ। ਫੇਰ ਭਗਤਾਂ ਨੂੰ ਆਉਣੇ ਮਜ਼ੇ, ਓਹਨਾਂ ਖਾਣੀ ਛੱਡਣੀ ਮਠਿਆਈਆ। ਤੇਰਾ ਪੈਰ ਸਿਰ ਵੇਖ ਕੇ ਨੰਗੇ, ਨੰਗਿਆਂ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦਾਤਾ ਵੇਖ ਵਖਾਈਆ। ਸ਼ਬਦ ਕਿਹਾ ਮੈਂ ਸ਼ਬਦੀ ਕਾਫ਼ਰ, ਗਹਿਰ ਗੰਭੀਰ ਅਖਵਾਈਆ। ਜੁਗ ਚੌਕੜੀ ਰਿਹਾ ਹੋਰ, ਕਲਜੁਗ ਹੋਰ ਰੂਪ ਬਦਲਾਈਆ। ਜਦ ਵੇਖੋ ਨਵਾਂ ਨਕੋਰ, ਬਿਰਧ ਬਾਲ ਨਾ ਰੂਪ ਜਣਾਈਆ। ਮੇਰਾ ਕਿਸੇ ਦੇ ਨਾਲ ਨਹੀਂ ਕੋਈ ਖੋਰ, ਭਗਤਾਂ ਦਾ ਖੋਜੀ ਬਣ ਕੇ ਫੇਰਾ ਪਾਈਆ। ਗੁਰਮੁਖੋ ਕੋਈ ਪ੍ਰਭੂ ਤੁਹਾਡੇ ਵਰਗਾ ਨਹੀਂ ਕਠੋਰ, ਜੋ ਦਰ ਆਇਆਂ ਨੂੰ ਦੇਵੇ ਦੁਰਕਾਈਆ। ਜੇ ਸਚ ਸਮਝੋ ਤੁਹਾਡੇ ਅੰਦਰ ਵਸਾਂ ਤੁਸਾਂ ਫੇਰ ਵੀ ਨਹੀਂ ਜਾਣੀ ਲੋੜ, ਲੋੜਾਂ ਜਗਤ ਪੂਰ ਕਰਾਈਆ। ਜਦੋਂ ਵੜਾਂ ਤੇ ਵੜਾਂ ਬਣ ਕੇ ਚੋਰ, ਰਾਤੀ ਸੁਤਿਆਂ ਦੇ ਅੰਦਰ ਡਾਕਾ ਆਵਾਂ ਪਾਈਆ। ਤੁਹਾਡਾ ਖ਼ਜ਼ਾਨਾ ਤੁਸੀਂ ਨਹੀਂ ਸਮਝੇ ਤੇ ਨਾ ਕੋਈ ਜਾਣੇ ਲੱਖ ਕਰੋੜ, ਅਸੰਖਾਂ ਵਾਲੀ ਗਣਤ ਨਾ ਕੋਇ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੋਬਿੰਦ ਕਹੇ ਮੈਂ ਕੀ ਕੁਛ ਜਾਤਾ, ਕੀ ਕੀਤੀ ਪ੍ਰਭ ਜਣਾਈਆ। ਕੀ ਸਮਝੀ ਰਮਜ਼ ਇਸ਼ਾਰੇ ਵਾਲੀ ਬਾਤਾ, ਬਾਤਨ ਹੋਈ ਪੜ੍ਹਾਈਆ। ਕੀ ਦੱਸੀ ਬਿਨ ਅੱਖਰਾਂ ਤੋਂ ਗਾਥਾ, ਬਿਨ ਸਤਰਾਂ ਸਤਰ ਸਮਝਾਈਆ। ਪੁਰਖ ਅਕਾਲ ਨੇ ਮੇਰੇ ਹੱਥ ਮਾਰ ਕੇ ਉਪਰ ਮਾਥਾ, ਮਸਤਕ ਦਿਤਾ ਬਦਲਾਈਆ। ਜਿਧਰ ਵੇਖਾਂ ਤੇ ਵੇਖਾਂ ਪੁਰਖ ਸਮਰਾਥਾ, ਦੂਸਰ ਨਜ਼ਰ ਕੋਇ ਨਾ ਆਈਆ। ਗੁਰਮੁਖ ਬਾਲਾ ਚੁੱਕਿਆ ਢਾਕਾ, ਸੱਜੇ ਖੱਬੇ ਰਿਹਾ ਲਟਕਾਈਆ। ਮੈਨੂੰ ਸਤਿਗੁਰ ਮਿਲ ਗਿਆ ਡਾਹਢਾ, ਜਿਸ ਲੱਕ ਵਿਚ ਡੰਡੇ ਦਿਤੇ ਟਿਕਾਈਆ। ਓਹਨੇ ਕਿਹੜੇ ਕਾਰਨ ਅੰਮ੍ਰਿਤ ਪਿਆਇਆ ਵਿਚ ਬਾਟਾ, ਜੋ ਤੈਨੂੰ ਗਏ ਭੁਲਾਈਆ। ਕੋਈ ਪੂਜੇ ਦੇਵੀ ਵਾਲੀ ਲਾਟਾ, ਨਿਰਗੁਣ ਜੋਤ ਦਰਸ ਕੋਇ ਨਾ ਪਾਈਆ। ਏਸੇ ਕਾਰਨ ਸਭ ਨੂੰ ਆਇਆ ਘਾਟਾ, ਘਾਟੇ ਵਿਚ ਲੋਕਾਈਆ। ਪੁਰਖ ਅਕਾਲ ਨਾਲੋਂ ਤੁੱਟਿਆ ਨਾਤਾ, ਨਾਤਵਾਂ ਹੋ ਕੇ ਦੇਣ ਦੁਹਾਈਆ। ਤਨ ਮਾਟੀ ਪਹਿਨ ਕੇ ਬਸਤਰ ਖ਼ਾਕਾ, ਖ਼ਾਲੀ ਹੱਥ ਰਹੇ ਵਖਾਈਆ। ਕਿਸੇ ਮਿਲਿਆ ਨਹੀਂ ਧੁਰ ਦਾ
ਆਕਾ, ਅਕ਼ਲ ਚਲੀ ਨਾ ਕੋਇ ਚਤੁਰਾਈਆ। ਜੇ ਸਚ ਸਮਝੋ ਪੁਰਖ ਅਕਾਲ ਸਭ ਦਾ ਨਿੱਕਾ ਕਾਕਾ, ਜੋ ਤੁਹਾਡੇ ਅੰਦਰ ਵੜ ਕੇ ਆਸਣ ਲਾਈਆ। ਜੇ ਉਸ ਦੇ ਨਾਮ ਦਾ ਸੁਣੋ ਕਲਾਕਾ, ਟਿਕ ਟਿਕ ਆਵਾਜ਼ ਸੁਣਾਈਆ। ਉਹ ਬਖ਼ਸ਼ੇ ਸਾਚੀਆਂ ਦਾਤਾਂ, ਦਇਆਵਾਨ ਹੋਏ ਸਹਾਈਆ। ਗੁਰਮੁਖੋ ਤੁਹਾਡੀਆਂ ਬਿਰਥੀਆਂ ਜਾਣ ਨਹੀਂ ਦੇਣੀਆਂ ਦੋਵੇਂ ਰਾਤਾਂ, ਜੁਗ ਜਨਮ ਦੀ ਜ਼ਿੰਦਗੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਅਲਖ ਜਗਾਈਆ। ਸ਼ਬਦ ਗੁਰੂ ਕਹੇ ਪ੍ਰਭੂ ਜਗਾ ਦੇ ਇਕ ਅਲੱਖ, ਸੋਹੰ ਢੋਲਾ ਗਾਈਆ। ਸ੍ਰੀ ਭਗਵਾਨ ਕਹੇ ਮੇਰੀ ਤੋਬਾ ਮੈਂ ਗੋਬਿੰਦ ਨਾਲੋਂ ਕਦੀ ਨਾ ਹੋਣਾ ਵੱਖ, ਵੱਖਰਾ ਧਾਮ ਨਾ ਕੋਇ ਬਣਾਈਆ। ਜਨ ਭਗਤੋ ਤੁਹਾਨੂੰ ਦੇ ਦੇਣੀ ਉਹ ਅੱਖ, ਜਿਸ ਨਾਲ ਸਾਖਿਆਤ ਨਜ਼ਰੀ ਆਈਆ। ਮੈਂ ਅੱਜ ਤਾਂਈ ਕਿਸੇ ਨੂੰ ਭੇਤ ਨਹੀਂ ਦਿਤਾ ਦੱਸ, ਬਹੁੜੀ ਤੁਹਾਨੂੰ ਦੇਣਾ ਸਮਝਾਈਆ। ਕਿਉਂ ਜੁਗ ਚੌਕੜੀ ਗੁਰ ਅਵਤਾਰ ਮੇਰੇ ਜੋਗਾ ਹਿੱਸਾ ਗਏ ਛੱਡ, ਭਵਿਖਤਾਂ ਵਿਚ ਗਾਈਆ। ਮੈਂ ਹੋਇਆ ਗਦ ਗਦ, ਖ਼ੁਸ਼ੀਆਂ ਛੰਦ ਅਲਾਈਆ। ਤੁਸੀਂ ਮੇਰੇ ਲਾਲ ਹੀਰੇ ਨਗ, ਲੋਕਮਾਤ ਕਰੋ ਰੁਸ਼ਨਾਈਆ। ਤੁਹਾਡੇ ਅੰਦਰ ਪ੍ਰੇਮ ਦੀ ਅੱਗ, ਜੋ ਕੂੜੀ ਕਿਰਿਆ ਰਹੀ ਜਲਾਈਆ। ਜਿਸ ਕਾਰਨ ਲਏ ਸੱਦ, ਹੁਕਮ ਰਿਹਾ ਸੁਣਾਈਆ। ਸੋਹਣੇ ਰਹੇ ਫਬ, ਆਸਣ ਰਹੇ ਜਮਾਈਆ। ਕਿਤੇ ਸਮਝ ਨਾ ਲਿਓ ਇਹ ਬੰਦਿਆਂ ਵਾਲਾ ਕੋਈ ਫਿਰਦਾ ਕੱਦ, ਬੁੱਢਾ ਨੱਢਾ ਆਪਣੀ ਧਾਰ ਬਦਲਾਈਆ। ਮੈਂ ਕੋਈ ਭੇਡਾਂ ਦੇ ਚਾਰਨ ਵਾਲਾ ਨਹੀਂ ਵਗ, ਸਾਂਹਸੀ ਡੂਮ ਨਾ ਨਜ਼ਰੀ ਆਈਆ। ਮੈਂ ਕੋਈ ਬ੍ਰਾਹਮਣਾਂ ਦਾ ਬੰਨ੍ਹਣ ਵਾਲਾ ਨਹੀਂ ਤਗ, ਜਨੇਊ ਗਲ ਦੇ ਵਿਚ ਪਾਈਆ। ਇਹ ਵੀ ਕੋਈ ਜਰਨੈਲ ਸਿੰਘ ਦਾ (ਸ਼ਕੱਗ), ਜਿਹੜਾ ਰਾਜਾ ਬਣ ਕੇ ਰਵਦਾਸ ਦੀ ਭੇਟ ਕਰਾਈਆ। ਰਵਦਾਸ ਨੇ ਬੋਲਿਆ ਹੱਕ, ਹੁਕਮ ਦਿਤਾ ਜਣਾਈਆ। ਇਹਨੂੰ ਪਹਿਨੇ ਪੁਰਖ ਸਮਰਥ, ਜਿਸ ਦੇ ਅਗੇ ਸੀਸ ਦਿਤਾ ਨਿਵਾਈਆ। ਤੂੰ ਸਾਂਭ ਕੇ ਛੱਡੀਂ ਰੱਖ, ਖ਼ਜ਼ਾਨੇ ਧੁਰ ਦੇ ਵਿਚ ਲੁਕਾਈਆ। ਜਿਸਨੂੰ ਕਿਸੇ ਨਹੀਂ ਲਾਉਣਾ ਹੱਥ, ਕਲਜੁਗ ਅੰਤਮ ਲਏ ਮਿਲਾਈਆ। ਜਨ ਭਗਤੋ ਕਿਸੇ ਨੂੰ ਨਾ ਹੋਵੇ ਸ਼ਕ, ਪਿਛਲਾ ਲਹਿਣਾ ਰਿਹਾ ਚੁਕਾਈਆ। ਏਸ ਤੋਂ ਬਹੁਤੀ ਹੋਰ ਦੇ ਕੇ ਵੱਥ, ਪ੍ਰੇਮ ਪ੍ਰੀਤੀ ਚਰਨਾਂ ਨਾਲ ਬੰਧਾਈਆ। ਕਿਉਂ ਇਸਨੇ ਗੋਬਿੰਦ ਚੁੱਕਿਆ ਕੰਧੇ ਉਤੇ ਵਿਚੋਂ ਢੱਕ, ਉਚ ਦਾ ਪੀਰ ਸੀਸ ਉਠਾਈਆ। ਅੰਦਰ ਲੱਗਾ ਹਿਜ਼ਰ ਦਾ ਫੱਟ, ਫ਼ਿਕਰ ਦੀ ਲੋੜ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਗੋਬਿੰਦ ਕਿਹਾ ਮੈਂ ਕਿਧਰ ਪੈ ਗਿਆ ਖਹਿੜੇ, ਰਵਦਾਸ ਕਹੇ ਮੇਰਾ ਬਾਕੀ ਲਹਿਣਾ ਨਜ਼ਰੀ ਆਈਆ। ਅਗੇ ਹੋਰ ਬਥੇਰੇ ਦੁਨੀਆ ਦੇ ਪੈਣੇ ਝੇੜੇ, ਝਗੜੇ ਵਿਚ ਰਹਿਣਾ ਲੋਕਾਈਆ। ਕੋਟਾਂ ਜੁਗਾਂ ਪਿਛੋਂ ਸ੍ਰੀ ਭਗਵਾਨ ਆਇਆ ਭਗਤਾਂ ਦੇ ਖੇੜੇ, ਖਿੜੇ ਮੱਥੇ ਸਭ ਨੂੰ ਵੇਖ ਵਖਾਈਆ। ਜਨ ਭਗਤੋ ਚੜ੍ਹ ਜਾਓ ਮੇਰੇ ਬੇੜੇ, ਬੇੜੀਆਂ ਦਾ ਨਾਤਾ ਦੇਣਾ ਤੁੜਾਈਆ। ਵੇਖਿਓ ਵੱਡੇ ਰਖਿਓ ਜੇਰੇ, ਜੇਰਜ ਅੰਡ ਫੇਰ ਨਾ ਮਿਲੇ ਸਜ਼ਾਈਆ। ਜੇ ਏਥੇ ਦੁੱਖ ਤੇ ਏਥੇ ਸੁਖ ਏਥੇ ਚਾਓ ਘਨੇਰੇ, ਘਨਘੋਰ ਰੈਣ ਰਹਿਣ ਨਾ ਪਾਈਆ। ਤੁਹਾਡਾ ਮਾਲਕ ਬਣ ਗਿਆ ਸਿੰਘ ਸ਼ੇਰੇ, ਸ਼ਰਅ ਦਾ ਲੇਖਾ ਦਏ ਚੁਕਾਈਆ। ਤੁਸੀਂ ਆ ਗਏ ਓਸ ਦੇ ਘੇਰੇ, ਜੋ ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਭਾਵੇਂ ਤੁਸੀਂ ਆਪਣੇ ਕਾਇਆ ਦੇ ਚੀਥੜ ਲਬੇੜੇ, ਪ੍ਰੇਮ ਪਿਆਰ ਨਾਲ ਧੋ ਕੇ ਸਾਫ਼ ਦਏ ਕਰਾਈਆ। ਇਹੋ ਬਖ਼ਸ਼ਿਸ਼ ਇਹੋ ਮਿਹਰੇ, ਮਿਹਰਵਾਨ ਆਪ ਸਮਝਾਈਆ। ਹੁਣ ਗੋਬਿੰਦ ਦੇ ਤਬੇਲਿਆਂ ਵਿਚ ਨਹੀਂ ਲੁਕਦੇ ਵਛੇਰੇ, ਸ਼ਬਦ ਤੁਰੰਗ ਭੱਜੇ ਚਾਈਂ ਚਾਈਂਆ। ਨਾਲੇ ਵੇਖੇ ਮੇਰੇ ਪ੍ਰੇਮੀ ਕਿਹੜੇ ਕਿਹੜੇ, ਕਿਥੇ ਬੈਠੇ
ਡੇਰਾ ਲਾਈਆ। ਓਹ ਪੁਰਖ ਅਕਾਲ ਤੂੰ ਰਹੀਂ ਨਾ ਕਿਤੇ ਵਿਚ ਅੰਧੇਰੇ, ਤੇਰੀਆਂ ਅੱਖੀਆਂ ਦਿਆਂ ਖੁਲ੍ਹਾਈਆ। ਗੋਬਿੰਦ ਕਿਹਾ ਮੈਂ ਸਭ ਤੋਂ ਦੂਰ ਸਭ ਤੋਂ ਨੇੜੇ, ਨੇਰਨ ਨੇਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਰੰਗ ਰਿਹਾ ਚਮਕਾਈਆ। ਗੋਬਿੰਦ ਕਹੇ ਪ੍ਰਭੂ ਤੂੰ ਭਗਤਾਂ ਦਾ ਖਾਧਾ ਨਿਮਕ, ਨਿਮਕ ਹਰਾਮ ਨਾ ਕੋਇ ਅਖਵਾਈਆ। ਪਰਕਾਸ਼ ਹੋ ਕੇ ਦਾਸ ਹੋ ਕੇ ਅਬਿਨਾਸ਼ ਹੋ ਕੇ ਚਮਕ, ਨੂਰ ਨੂਰ ਵਿਚੋਂ ਪਰਗਟਾਈਆ। ਇਨ੍ਹਾਂ ਦੀ ਬਣਾ ਦੇ ਬਣਤ, ਜੋ ਆਏ ਪੰਧ ਮੁਕਾਈਆ। ਸਭਨਾਂ ਦਾ ਬਣ ਕੰਤ, ਦੁਹਾਗਣ ਨਜ਼ਰ ਕੋਇ ਨਾ ਆਈਆ। ਇਹ ਸਭ ਤੋਂ ਵੱਡੇ ਸੰਤ, ਜੋ ਸਤਿਗੁਰ ਮਿਲ ਕੇ ਖ਼ੁਸ਼ੀ ਮਨਾਈਆ। ਮਾਇਆ ਮੋਹ ਤੋੜ ਕੇ ਮਮਤ, ਮਮਤਾ ਗਏ ਭੁਲਾਈਆ। ਤੇਰੀ ਆ ਗਏ ਅਨੋਖੀ ਸਿੰਮਤ, ਸਮਾਂ ਜਾਣ ਬਦਲਾਈਆ। ਸ੍ਰੀ ਭਗਵਾਨ ਪਿਛਲੇ ਵਿਛੋੜੇ ਦੀ ਇਨ੍ਹਾਂ ਅਗੇ ਕਰ ਮਿੰਨਤ, ਕਿਉਂ ਦਿਤੀ ਜੁਦਾਈਆ। ਲੱਖ ਚੁਰਾਸੀ ਵਿਚੋਂ ਇਹ ਤੇਰੀ ਥੋੜ੍ਹੀ ਜਹੀ ਜਿਨਸ, ਜਿਸ ਦਾ ਵਪਾਰੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੋਬਿੰਦ ਕਹੇ ਮੈਂ ਦੇਣਾ ਕੁਛ ਜਵਾਬ, ਜਨ ਭਗਤਾਂ ਮੰਗ ਮੰਗਾਈਆ। ਤਰਤਾਲੀਆਂ ਸਾਲਾਂ ਵਿਚ ਮੇਰਾ ਇਕ ਵੇਰਾਂ ਨੀਲੇ ਉਤੇ ਚੜ੍ਹਨ ਲੱਗਿਆਂ ਚਰਨ ਤਿਲਕਿਆ ਸੀ ਵਿਚੋਂ ਰਕਾਬ, ਬਿਨਾ ਰਕਾਬ ਰਮਜ਼ ਸਮਝ ਕਿਸੇ ਨਾ ਆਈਆ। ਇਸ ਦਾ ਹਰਿਕ੍ਰਿਸ਼ਨ ਨੂੰ ਦਿਤਾ ਖ਼ਵਾਬ, ਜੋ ਪਹਿਲੇ ਗਿਆ ਸੁਣਾਈਆ। ਤੇਗ਼ ਬਹਾਦਰ ਗਾ ਕੇ ਰਾਗ, ਤਿੰਨਾਂ ਅੱਖਰਾਂ ਵੰਡ ਵੰਡਾਈਆ। ਪੁਰਖ ਅਕਾਲ ਨੇ ਕਿਹਾ ਮੈਂ ਤੇਰਾ ਵੇਖਣਾ ਓਹ ਬਾਗ਼, ਜੋ ਬਗ਼ੀਚਾ ਸ਼ਹਿਨਸ਼ਾਹੀਆ। ਇਹ ਸੁਣ ਕੇ ਮੁਹੰਮਦ ਦੀ ਤਬੀਅਤ ਹੋਈ ਖ਼ਰਾਬ, ਸਚਖੰਡ ਬੈਠਾ ਹੌਕੇ ਰਿਹਾ ਸੁਣਾਈਆ। ਗੋਬਿੰਦ ਕਿਹਾ ਤੁਹਾਨੂੰ ਕਰਨਾ ਪਏ ਇਕ ਨੂੰ ਆਦਾਬ, ਅਦਬ ਨਾਲ ਦ੍ਰਿੜਾਈਆ। ਕਿਸੇ ਦੀ ਨਾ ਕਿੰਗ ਵਜਣੀ ਨਾ ਰਬਾਬ, ਰੱਬੀ ਨੂਰ ਨਜ਼ਰੀ ਆਈਆ। ਉਸਨੇ ਕੋਈ ਪੁੰਨ ਵੇਖਣਾ ਨਾ ਸਵਾਬ, ਸਭਾ ਭਗਤਾਂ ਦੀ ਲਏ ਬਣਾਈਆ। ਆਪ ਬਣ ਕੇ ਸ਼ਹਿਨਸ਼ਾਹ ਨਵਾਬ, ਨੌਬਤ ਹੱਕ ਦਏ ਵਜਾਈਆ। ਜਿਨ੍ਹਾਂ ਕਲਮਾ ਪੜ੍ਹ ਕੇ ਖਾਧਾ ਕਬਾਬ, ਪੁਸ਼ਤਿਆਂ ਦੇ ਪੁਸ਼ਤੇ ਦਏ ਵਖਾਈਆ। ਅੰਤ ਕਰੇ ਬਰਬਾਦ, ਹੁਕਮੀਂ ਹੁਕਮ ਵਰਤਾਈਆ। ਲਾਗਿਉਂ ਈਸਾ ਪਿਆ ਜਾਗ, ਹਾਏ ਹਾਏ ਇਹ ਕਿਸ ਆਵਾਜ਼ ਸੁਣਾਈਆ। ਮੂਸਾ ਕਹੇ ਮੇਰੀ ਕੌਣ ਕਰੇ ਇਮਦਾਦ, ਸਾਥੀ ਨਜ਼ਰ ਕੋਇ ਨਾ ਆਈਆ। ਗੋਬਿੰਦ ਕਹੇ ਉਹ ਜਿਸ ਨੇ ਇਕ ਬਣਾਉਣੀ ਜਮਾਤ, ਜਮ੍ਹਾਂ ਤਫਰੀਕ ਰਹਿਣ ਕੋਇ ਨਾ ਪਾਈਆ। ਜਿਸ ਦੇ ਝਲਕ ਦੀ ਝਲ ਨਾ ਸਕੇ ਕੋਈ ਤਾਬ, ਬੇਤਾਬ ਹੋਵੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਹੁਕਮ ਵਿਚੋਂ ਸੁਣਾਈਆ। ਗੋਬਿੰਦ ਕਿਹਾ ਮੈਨੂੰ ਅੱਖਰਾਂ ਵਾਲੇ ਕਹਿੰਦੇ ਗੋਬਿੰਦ, ਗੱਗਾ ਬੱਬਾ ਦੱਦਾ ਨਾਲ ਵਡਿਆਈਆ। ਜੇ ਹੋੜੇ ਦੀ ਬਣ ਜਾਂਦੇ ਬਿੰਦ, ਫਿਰ ਪੁਰਖ ਅਕਾਲ ਆਪੇ ਨਜ਼ਰੀ ਆਈਆ। ਝਗੜਾ ਛੁੱਟ ਜਾਂਦਾ ਉਸਤਤ ਨਿੰਦ, ਕੂੜੀ ਕਿਰਿਆ ਨਾ ਕੋਇ ਸੁਣਾਈਆ। ਅੰਮ੍ਰਿਤ ਮਿਲਦਾ ਸਾਗਰ ਸਿੰਧ, ਜੋ ਪੰਜਾਂ ਦੇ ਮੁਖ ਚੁਆਈਆ। ਏਸੇ ਕਰਕੇ ਸਾਰੇ ਗਏ ਖਿੰਡ, ਕਾਇਆ ਖੰਡਰ ਲਿਆ ਬਣਾਈਆ। ਨਾਲੇ ਮੈਨੂੰ ਕਹਿੰਦੇ ਵਾਲੀ ਹਿੰਦ, ਨਾਲੇ ਝਗੜਾ ਹਿੰਦੂਆਂ ਨਾਲ ਬਣਾਈਆ। ਮੈਂ ਸਾਰੇ ਦੇਣੇ ਪਿੰਜ, ਤਾੜਾ ਵੱਜੇ ਥਾਉਂ ਥਾਈਂਆ। ਮੈਂ ਮੂੰਹ ਦੇ ਭਾਰ ਸੁਟਣੇ ਇੰਜ, ਸਿਰ ਸਕੇ ਨਾ ਕੋਇ ਉਠਾਈਆ। ਜਨ ਭਗਤਾਂ ਦੇਣਾ ਨਿੱਘ, ਆਪਣੀ ਛਾਤੀ ਲਾਈਆ। ਕਦੀ ਕਿਸੇ ਨਹੀਂ ਸਮਝਿਆ ਵੇਦ ਰਿਗ, ਜੋ ਰਘੁਪਤ ਦੀ ਕਰੇ ਵਡਿਆਈਆ। ਨਾਨਕ ਦੀ ਗੋਦੀ ਵਿਚੋਂ ਸਾਰੇ ਗਏ ਡਿੱਗ,
ਡਿਗਿਆਂ ਨਾ ਕੋਇ ਉਠਾਈਆ। ਪਾਪਾਂ ਦੀ ਉਤੇ ਪੈ ਗਈ ਢਿੱਗ, ਭਾਰ ਨਾਲ ਦਬਾਈਆ। ਗੋਬਿੰਦ ਕਹੇ ਮੇਰੇ ਬਿਨਾ ਕਿਸੇ ਨਹੀਂ ਡਾਹੁਣੀ ਅਗੇ ਹਿੱਕ, ਬਾਹੂ ਬਲ ਨਾ ਕੋਇ ਵਖਾਈਆ। ਸਭ ਨੂੰ ਪਤਾ ਲਗ ਗਿਆ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਹੋ ਗਏ ਛਿਪ, ਪ੍ਰਭ ਸਿੰਘਾਸਣ ਦੇ ਥੱਲੇ ਬੈਠੇ ਸੀਸ ਨਿਵਾਈਆ। ਕੋਈ ਨਾ ਰਿਹਾ ਕਿਸੇ ਦਾ ਮਿਤ, ਮਿਤਰਾਂ ਕੀਤੀ ਜੁਦਾਈਆ। ਇਕੋ ਪਰਮ ਪੁਰਖ ਅਕਾਲ ਪਿਤ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦਾ ਖੇਲ ਦਿਸੇ ਅਨਡਿਠ, ਪੜਦਾ ਸਕੇ ਨਾ ਕੋਇ ਉਠਾਈਆ। ਜਨ ਭਗਤੋ ਤੁਹਾਨੂੰ ਕਦੇ ਨਹੀਂ ਦੇਣੀ ਪਿਠ, ਸਨਮੁਖ ਹੋ ਕੇ ਸੋਭਾ ਪਾਈਆ। ਤੁਸੀਂ ਭਾਵੇਂ ਯਾਦ ਨਾ ਕਰੋ ਚਿਤ, ਮੈਂ ਆਪਣਾ ਚਿਤਰ ਤੁਹਾਡੇ ਅੰਦਰ ਦੇਣਾ ਲੁਕਾਈਆ। ਪ੍ਰੇਮ ਨਾਲ ਲੈਣਾ ਖਿੱਚ, ਜ਼ੰਜੀਰ ਆਪਣੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮਾਂ ਦਾ ਲੇਖ ਮੁਕਾਈਆ। ਗੋਬਿੰਦ ਕਿਹਾ ਏ ਅਗੇ ਅਗੇ ਨਾ ਡਰ, ਭੱਜਿਆ ਕਿਥੇ ਜਾਏਂਗਾ ਵੜ, ਘੇਰਾ ਸਭ ਨੂੰ ਆਪੇ ਪਾਇੰਦਾ। ਏਧਰੋਂ ਓਧਰੋਂ ਸਭ ਨੂੰ ਲਏ ਫੜ, ਸਾਹਮਣੇ ਫਿਰ ਵੀ ਦਰਸ ਦਿਖਾਇੰਦਾ। ਤੁਹਾਡੀ ਚੋਟੀ ਤੇ ਤੁਹਾਡੀ ਜੜ੍ਹ, ਤੁਹਾਡੇ ਪਿਛੇ ਅਗਨੀ ਚ ਗਿਆ ਸੜ, ਤੁਹਾਨੂੰ ਰੁੜ੍ਹਾ ਕੇ ਪਹਿਲੋਂ ਵਿਚ ਸਰਸੇ ਦੇ ਸਰ, ਮਰਵਾ ਕੇ ਗੜ੍ਹੀ ਚਮਕੌਰ ਦੇ ਗੜ੍ਹ, ਖੇਲ ਖਤਰਾਣੇ ਵਾਲਾ ਕਰ, ਅੰਤਮ ਆਪੇ ਲਏ ਵਰ, · ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ
ਭਗਤੋ ਤੁਹਾਡਾ ਅਨੋਖਾ ਖੋਲ੍ਹਣਾ ਸਰ, ਸਰੋਵਰ ਇਕੋ ਇਕ ਵਖਾਇੰਦਾ। ਜਿਥੇ ਨਹਾਵਣ ਨਾਰੀ ਨਰ, ਕੂੜੀ ਵੰਡ ਨਾ ਕੋਇ ਬਣਾਈਆ। ਇਹ ਮੇਰਾ ਨਹੀਂ ਤੁਹਾਡਾ ਘਰ, ਮੈਂ ਤੇ ਮੁਸਾਫ਼ਰ ਬਣ ਕੇ ਜੁਗ ਜੁਗਾਂ ਦਾ ਬੁੱਢਾ ਗਠੜੀ ਕੰਧ ਉਠਾ ਕੇ, ਪਿਠ ਟਿਕਾ ਕੇ, ਬਗਲ ਵਿਚ ਦੀ ਬਦਲਾ ਕੇ, ਛਾਤੀ ਨਾਲ ਲਾ ਕੇ, ਸੀਸ ਉਤੇ ਟਿਕਾ ਕੇ, ਹੱਕ ਆਵਾਜ਼ ਲਗਾਈਆ। ਹੌਲੀ ਹੌਲੀ ਸਮਝਾ ਕੇ, ਚੁਰਾਸੀ ਵਿਚੋਂ ਉਠਾ ਕੇ, ਉਂਗਲੀਆਂ ਨਾਲ ਲਾ ਕੇ, ਸ਼ਬਦੀ ਪੁੱਤ ਬਣਾ ਕੇ, ਸੋਹੰ ਢੋਲਾ ਪੜ੍ਹਾ ਕੇ, ਅੰਦਰ ਜੋਤ ਜਗਾ ਕੇ, ਜਗਤ ਦਾ ਰਾਜ ਮੁਕਾ ਕੇ, ਲੋਕ ਪਰਲੋਕ ਦਿਤੀ ਵਡਿਆਈਆ। ਆਪਣੀ ਮੌਜ ਵਖਾ ਕੇ, ਪੜਦਾ ਪਰ੍ਹਾਂ ਹਟਾ ਕੇ, ਭਗਤਾਂ ਗਲੇ ਲਗਾ ਕੇ, ਇਕੋ ਰੰਗ ਦਿਤਾ ਚੜ੍ਹਾਈਆ। ਖ਼ਬਰਾਂ ਦਿਤੀਆਂ ਤੰਬੇ ਚੁੱਕੋ ਦਰਸ਼ਨ ਪਾਓ ਜਾ ਕੇ, ਇਹ ਬਾਵਨ ਵਾਲੀ ਪਿਛਲੀ ਯਾਦ ਨਜ਼ਰੀ ਆਈਆ। ਭਗਤਾਂ ਦੇ ਦਵਾਰੇ ਪੁੱਠੇ ਡਿੱਗੇ ਆ ਕੇ, ਪੱਤਰੀ ਖੋਲ੍ਹੇ ਬਣਾ ਕੇ, ਸਤਰੀਂ ਪੜ੍ਹੇ ਨਿਗਾਹ ਟਿਕਾ ਕੇ, ਰੱਬੀ ਜੋਤ ਨੂਰ ਜਗਾ ਕੇ, ਨਜ਼ਰ ਕਿਸੇ ਨਾ ਆਈਆ। ਧੰਨੇ ਦਾ ਹੱਲ ਵਾਹ ਕੇ, ਹੇਠਲੇ ਉਤਲੇ ਨੂੰ ਹਿਲਾ ਕੇ, ਮੋੜ ਉਤੋਂ ਭਾਰ ਟਿਕਾ ਕੇ, ਹੱਥ ਪਿਠ ਉਤੇ ਰਖਾ ਕੇ, ਕਲਜੁਗ ਸਤਿਜੁਗ ਦੋਵੇਂ ਰਿਹਾ ਭਜਾਈਆ। ਗੁਰਮੁਖੋ ਤੁਹਾਡੇ ਪਿਛੇ ਆਪਣਾ ਆਪ ਤਜਾ ਕੇ, ਸ਼ੇਰ ਸਿੰਘ ਦਾ ਨਾਮ ਪੂਰਨ ਜੋੜ ਜੁੜਾ ਕੇ, ਗੋਬਿੰਦ ਦਾ ਰੰਗ ਰੰਗਾ ਕੇ, ਗੁਰਸਿਖਾਂ ਦਾ ਜੋਗ ਕਮਾ ਕੇ, ਭਸਮ ਹੋ ਕੇ ਕ਼ਸਮ ਖਾ ਕੇ, ਇਸਮ ਆਪਣਾ ਰਿਹਾ ਵਖਾਈਆ। ਤੂੰ ਕੀ ਕਹਿਣਾ ਓਏ ਫ਼ਰੀਦ, ਫ਼ਰਦਰ ਦੇ ਸਮਝਾਈਆ। ਫ਼ਰੀਦ ਕਹੇ ਮੈਂ ਪ੍ਰਭੂ ਦਾ ਅਜ਼ੀਜ਼, ਬੱਚਾ ਨਜ਼ਰੀ ਆਈਆ। ਮੇਰੇ ਤਨ ਨਹੀਂ ਕ਼ਮੀਜ਼, ਪਟਕਾ ਸੀਸ ਨਾ ਕੋਇ ਟਿਕਾਈਆ। ਮੈਂ ਸਿਖਣੀ ਭਗਤਾਂ ਤੋਂ ਤਮੀਜ਼, ਜੋ ਸੁੱਤੇ ਪ੍ਰਭ ਨੂੰ ਰਹੇ ਪਾਈਆ। ਜਿਹੜੇ ਜਗਤ ਵਲੋਂ ਗ਼ਰੀਬ, ਨਾਮ ਵਲੋਂ ਮਿਲੀ ਸ਼ਹਿਨਸ਼ਾਹੀਆ। ਮਿਹਰ ਦੀ ਹੋਈ ਬਖ਼ਸ਼ੀਸ਼, ਰਹਿਮਤ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਗੋਬਿੰਦ ਕਹੇ ਕੁਛ ਆਵਾਜ ਆਈ ਵਲੋਂ ਚੜ੍ਹਦੇ, ਪੁਰਖ ਅਕਾਲ ਰਿਹਾ ਜਣਾਈਆ। ਇਸ਼ਾਰੇ ਕੀਤੇ
ਅਗਲੇ ਹੜ੍ਹ ਦੇ, ਜਿਸ ਨੇ ਹੜ੍ਹ ਦੇਣਾ ਵਹਾਈਆ। ਪੜਦੇ ਖੁਲ੍ਹੇ ਅਗੰਮੇ ਘਰ ਦੇ, ਜਿਥੇ ਵੱਜੇ ਸਚ ਵਧਾਈਆ। ਜਿਹੜੇ ਭਗਤ ਬੈਠੇ ਬਾਹਰ ਦਰ ਦੇ, ਦਰਸ਼ਨ ਉਹਨਾਂ ਆਉਣਾ ਵਖਾਈਆ। ਕਿਤੇ ਸਵੇਰੇ ਦੂਜਿਆਂ ਨਾਲ ਰਹਿਣ ਨਾ ਲੜਦੇ, ਸਾਨੂੰ ਬਾਹਰ ਮਿਲਿਆ ਨਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸ਼ਬਦ ਗੁਰੂ ਕਹੇ ਪ੍ਰਭੂ ਓਹ ਤੂੰ ਕੌਣ ਸ਼ੱਤਰੀ, ਕਿ ਛਤਰਧਾਰੀ ਨਜ਼ਰੀ ਆਈਆ। ਕਿ ਬ੍ਰਾਹਮਣ ਬਣਿਓ ਫੋਲਣ ਵਾਲਾ ਪੱਤਰੀ, ਕੁੰਡਲੀਆਂ ਵਿਚ ਹਿੱਸੇ ਰਿਹੋਂ ਪਾਈਆ। ਕਿ ਮੰਤਰ ਪੜ੍ਹੇਂ ਗਾਇਤਰੀ, ਬਾਰਾਂ ਅਕਸ਼ਰ ਨਾਲ ਮਿਲਾਈਆ। ਕਿ ਦੱਸੇਂ ਲਗਾਂ ਮਾਤਰੀ, ਸਿਹਾਰੀ ਬਿਹਾਰੀ ਵੰਡ ਵੰਡਾਈਆ। ਸ੍ਰੀ ਭਗਵਾਨ ਕਿਹਾ ਨਹੀਂ ਓਏ ਮੈਂ ਭਗਤਾਂ ਨੂੰ ਕਦੇ ਦਿਨੇ ਮਿਲਾਂ ਕਦੇ ਰਾਤ੍ਰੀ, ਨਿਰਗੁਣ ਹੋ ਕੇ ਖੇਲ ਖਿਲਾਈਆ। ਮੇਰਾ ਜਲਵਾ ਨੂਰ ਬਾਤਨੀ, ਜਾਹਰ ਕਰਾਂ ਰੁਸ਼ਨਾਈਆ। ਵੇਖਿਓ ਕੋਈ ਨਾ ਸਮਝਿਓ ਇਹ ਕੋਈ ਕਰਾਮਾਤਨੀ, ਕਰਮਾਂ ਦਾ ਲੇਖਾ ਰਿਹਾ ਮੁਕਾਈਆ। ਜਨ ਭਗਤੋ ਤੁਸਾਂ ਕਿਹੜੀ ਪੱਟੀ ਲਿਖ ਕੇ ਪੋਚਣੀ ਨਾਲ ਗਾਚਨੀ, ਸਤਿਗੁਰ ਦਾ ਅੱਖਰ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸ਼ਬਦ ਗੁਰੂ ਕਹੇ ਓ ਬ੍ਰਹਮੇ ਤੇਰੀ ਵੇਖੀ ਨਿੱਕੀ ਜਿਹੀ ਕ਼ਲਮ, ਜੋ ਅਗੇ ਪਿਛੇ ਰਹੀ ਲਿਖਾਈਆ। ਪਰ ਤੈਨੂੰ ਪ੍ਰਭ ਦਾ ਨਹੀਂ ਆਇਆ ਇਲਮ, ਕ਼ਾਨੂੰਨ ਸਕਿਆ ਨਾ ਕੋਇ ਸਮਝਾਈਆ। ਓ ਸ਼ਿਵ ਤੇਰੇ ਪੁਜਾਰੀ ਸੁਲਫ਼ਿਆਂ ਵਾਲੀ ਪੀਂਦੇ ਚਿਲਮ, ਸੂਟੇ ਖਿੱਚ ਕੇ ਬਾਹਰ ਕਢਾਈਆ। ਤੁਸੀਂ ਮੇਰੀ ਨਹੀਂ ਸਮਝੀ ਕਿਸਮ, ਪ੍ਰਭ ਦਾ ਨਾਤਾ ਨਾ ਕੋਇ ਜੁੜਾਈਆ। ਤੁਸੀਂ ਪੂਜਾ ਕਰਾਉਂਦੇ ਰਹੇ ਪੰਜ ਤਤ ਜਿਸਮ, ਸ਼ਬਦ ਦੀ ਸਾਰ ਕਿਸੇ ਨਾ ਆਈਆ। ਇਹ ਭਗਵਾਨ, ਵਿਸ਼ਨੂੰ ਕਹੇ ਤੇਰੀ ਸਮਝੇ ਨਹੀਂ ਰਸਮ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਬ੍ਰਹਮਾ ਕਹੇ ਮੈਂ ਕੰਨ ਫੜ ਕੇ ਖਾਵਾਂ ਕ਼ਸਮ, ਸਮਝ ਕੁਛ ਨਾ ਆਈਆ। ਜੇ ਤੇਰਾ ਗੁਰੂ ਨਾ ਹੁੰਦਾ ਦਸਮ, ਤੇਰਾ ਪੜਦਾ ਨਾ ਕੋਇ ਉਠਾਈਆ। ਓਹ ਮੁਲਾ ਬਣ ਕੇ ਦਾੜ੍ਹੀਆਂ ਨੂੰ ਲਾ ਕੇ ਗਏ ਵਸਮ, ਉਸਤਰਿਆਂ ਨਾਲ ਘਸਾਈਆ। ਜਗਤ ਮਾਇਆ ਵੇਖ ਕੇ ਹੱਸਣ, ਮੁਰੀਦਾਂ ਨਾਲ ਮੁਰਸ਼ਦਾਂ ਦੀ ਵੱਜਦੀ ਰਹੀ ਵਧਾਈਆ। ਜਗਤ ਨਾਰੀਆਂ ਨਾਲ ਵਸਣ, ਸੇਜਾ ਮਾਤ ਹੰਢਾਈਆ। ਜੇ ਪ੍ਰਭੂ ਤੂੰ ਆਇਉਂ ਸਾਰੇ ਲੱਗੇ ਨੱਸਣ, ਭੱਜੇ ਥਾਉਂ ਥਾਈਂਆ। ਸ੍ਰੀ ਭਗਵਾਨ ਕਹੇ ਮੈਂ ਏਸੇ ਕਰ ਕੇ ਆਇਆ ਦੱਸਣ, ਸੂਰਬੀਰ ਨਾਂਉ ਧਰਾਈਆ। ਬਿਨਾ ਭਗਤੋ ਤੁਹਾਡੇ ਹੁਕਮ ਤੋਂ ਅਗੇ ਮੂਲ ਨਾ ਲੰਘਣ, ਇਹ ਮੇਰੀ ਵਡਿਆਈਆ। ਇਹ ਨਾ ਸਮਝਿਓ ਕੋਈ ਡਹਾ ਪਲੰਘਣ, ਸਚਖੰਡ ਦਵਾਰਾ ਰਿਹਾ ਬਣਾਈਆ। ਮੈਂ ਕੋਈ ਛੱਲੇ ਛਾਪਾਂ ਨਹੀਂ ਪਹਿਨਣੇ ਕੰਗਣ, ਅਸ਼ਟਭੁਜ ਵਾਲੇ ਲਾਲ ਬਸਤਰ ਨਾ ਕੋਇ ਵਖਾਈਆ। ਮੇਰਾ ਇਕੋ ਮੁਤਹਿਰਾ ਇਕੋ ਮਰਦੰਗਣ, ਸਭ ਦੇ ਠੀਕਰ ਰਿਹਾ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਆਪਣਾ ਰਿਹਾ ਵਰਤਾਈਆ। ਗੋਬਿੰਦ ਕਹੇ ਪ੍ਰਭੂ ਮੈਨੂੰ ਜਾਪਦਾ ਤੇਰਾ ਕੋਈ ਰੇੜਕਾ, ਤੂੰ ਰਿੜਕੇਂ ਸਰਬ ਲੋਕਾਈਆ। ਓ ਗੋਬਿੰਦ ਨਹੀਂ, ਇਹ ਮੇਰਾ ਵਿਹਾਰ ਸ਼ਬਦੀ ਖੇਡ ਦਾ, ਪਿਛਲੀਆਂ ਖਿੜਕੀਆਂ ਸਾਰੀਆਂ ਬੰਦ ਕਰਾਈਆ। ਅਗੇ ਹੁਣ ਮੇਰਿਆਂ ਭਗਤਾਂ ਨੂੰ ਕੋਈ ਨਹੀਂ ਛੇੜਦਾ, ਸੱਤ ਰੰਗਾ ਸੱਤਾਂ ਲੋਕਾਂ ਕਰੇ ਸਫ਼ਾਈਆ। ਇਹ ਲੇਖਾ ਨੌ ਸੌ ਚੁਰਾਨਵੇਂ ਚੌਕੜੀ ਗੇੜ ਦਾ, ਗੇੜੇ ਵਿਚ ਭਵਾਈਆ। ਇਹ ਲਹਿਣਾ ਗੋਬਿੰਦ ਦੀ ਮਿਹਰ ਦਾ, ਮੁਹੱਬਤ ਦਾ ਮੂਲ ਚੁਕਾਈਆ। ਇਹ ਫੇਰਾ ਪ੍ਰਭੂ ਸ਼ੇਰ ਦਾ, ਸ਼ਰੀਅਤ ਦਏ ਬਦਲਾਈਆ। ਸੰਤ ਸੁਹੇਲੇ ਲੱਖ ਚੁਰਾਸੀ ਵਿਚੋਂ ਨਿਖੇੜਦਾ, ਨਿਖੜਿਆਂ ਜੋੜ ਜੁੜਾਈਆ। ਅਗੇ ਨਜ਼ਾਰਾ ਵੇਖਿਓ
ਅਗੰਮੀ ਕੇਹਰ ਦਾ, ਜੋ ਕ਼ਬਰਾਂ ਵਿਚੋਂ ਸੁੱਤੇ ਲਏ ਉਠਾਈਆ। ਕੁਛ ਲੇਖਾ ਸ਼ਰੀਫ ਅਜਮੇਰ ਦਾ, ਆਪਣੇ ਨਾਲ ਬਣਾਈਆ। ਕੁਛ ਝਗੜਾ ਗੋਬਿੰਦ ਦਾ ਗੋਦਾਵਰੀ ਵਾਲੇ ਡੇਰ ਦਾ, ਡੇਰਿਆਂ ਵਾਲੇ ਦਏ ਹਿਲਾਈਆ। ਨੰਗੀ ਪੈਰੀਂ ਫ਼ਰੰਗੀ ਵੇਖਿਓ ਘੇਰ ਦਾ, ਪਿਠ ਨੰਗੀ ਦਏ ਵਖਾਈਆ। ਜੰਗੀ ਛੇੜਾਂ ਆਪੇ ਛੇੜਦਾ, ਜੰਗਜੂ ਬਹਾਦਰ ਫੇਰਾ ਪਾਈਆ। ਰੰਗ ਵੇਖਿਓ ਪ੍ਰਭੂ ਦੀ ਸਵੇਰ ਦਾ, ਜੋ ਸੁਬਹ ਦੀ ਸੁਬਹ ਦਏ ਬਦਲਾਈਆ। ਸੱਤ ਰੰਗਾ ਕਹੇ ਮੈਨੂੰ ਕਿਉਂ ਬਣਾਇਆ ਡੰਡਾ, ਡੰਡੌਤ ਸਚ ਨਾ ਕੋਇ ਸਮਝਾਈਆ। ਮੇਰਾ ਲੇਖਾ ਗੋਦਾਵਰੀ ਕੰਢਾ, ਗੋਬਿੰਦ ਰਾਹ ਤਕਾਈਆ। ਗੁਲਾਬ ਕਹੇ ਮੇਰਾ ਲੇਖਾ ਨਾਲ ਬੰਦਾ, ਬੰਧਨ ਦਏ ਤੁੜਾਈਆ। ਪੁਰਖ ਅਕਾਲ ਕਿਹਾ ਤੂੰ ਬੱਚੂ ਸਭ ਨਾਲੋਂ ਚੰਗਾ, ਜੋ ਕਲਜੁਗ ਕੂੜੀਆਂ ਵੰਗਾਂ ਦਏਂ ਭੰਨਾਈਆ। ਤੂੰ ਕੀ ਲੱਭਣਾ ਓਹ ਜਿਹੜਾ ਭਗਤ ਸ਼ਮਅ ਤੇ ਜਾ ਕੇ ਕਦੀ ਸੜਿਆ ਨਹੀਂ ਵਾਂਗ ਪਤੰਗਾ, ਸ਼ਮਅ ਦੇ ਵਿਚ ਸਮਾਈਆ। ਲੱਕੋਂ ਕੁਬੀ ਰੋਵੇ ਭੁੱਬੀਂ ਉਹ ਬ੍ਰਾਹਮਣੋਂ ਤੁਹਾਡੀ ਮਾਈ ਗੰਗਾ, ਗੋਦਾਵਰੀ ਮੈਂਢੀ ਖੋਲ੍ਹ ਦਏ ਦੁਹਾਈਆ। ਹਾਏ ਪ੍ਰਭੂ ਕਿਉਂ ਫਿਰਦਾ ਪੈਰੀਂ ਨੰਗਾ, ਤੇਰੀ ਬੇਪਰਵਾਹੀਆ। ਸਾਨੂੰ ਦਿਸਦਾ ਕਿਸੇ ਤੀਰਥ ਵਿਚ ਪਾਣੀ ਰਹਿਣ ਨਹੀਂ ਦਿਤਾ ਚੰਗਾ, ਚੰਗਿਆਂ ਤੋਂ ਮੰਦੇ ਦਿਤੇ ਬਣਾਈਆ। ਸਾਧੂ ਕਲਜੁਗ ਕਰ ਕੇ ਰੰਡਾ, ਰੰਡਿਆਂ ਦਾ ਵਿਹੜਾ ਦਿਤਾ ਵਸਾਈਆ। ਸ਼ਾਹਰਗ ਉਤੇ ਮਾਰ ਕੇ ਡੰਡਾ, ਉਤੋਂ ਹੇਠਾਂ ਦਿਤੇ ਲਾਹੀਆ। ਐਵੇਂ ਕਹਿੰਦੇ ਸਾਨੂੰ ਦਿਸਦਾ ਸੂਰਜ ਚੰਦਾ, ਹਾਏ ਹਾਏ ਮਿਲਿਆ ਨਾ ਪੁਰਖ ਅਕਾਲ ਧੁਰ ਦਾ ਮਾਹੀਆ। ਅਗੇ ਪਿਛੇ ਸੱਜੇ ਖੱਬੇ ਵੇਖਣ ਕੋਈ ਹੋਰ ਵੀ ਹੈਗਾ ਸਾਡੇ ਵਰਗਾ ਗੰਦਾ, ਜੋ ਪ੍ਰਭ ਨਾਲ ਦਗ਼ਾ ਕਮਾਈਆ। ਵੇਸਵਾ ਵਾਂਗ ਡਾਹ ਕੇ ਮੰਜਾ, ਪਗੜੀਆਂ ਟੋਪੀਆਂ ਸਾਂਭ ਕੇ ਮੂੰਹ ਉਤੇ ਹੱਥ ਫਿਰਾਈਆ। ਪ੍ਰਭੂ ਨੇ ਕਿਹਾ ਤੁਹਾਡਾ ਏਥੋਂ ਫੜ ਕੇ ਪੜਦਾ ਕਰਨਾ ਨੰਗਾ, ਗੁੱਸੇ ਵਾਲੀ ਗੁੰਜਾਇਸ਼ ਨਾ ਕੋਇ ਰਖਾਈਆ। ਮੁਰੀਦਾਂ ਦੇ ਪਿਛੋਂ ਈਦਾਂ ਦੇ ਮਗਰੋਂ ਤਕਰੀਰਾਂ ਦੇ ਬਾਅਦ ਅੰਦਰ ਵੜ ਕੇ ਤੋਬਾ ਕਰ ਕੇ ਚਰਨੀ ਪੜ ਕੇ ਕਹਿਣ ਚੰਗਾ, ਜਿਵੇਂ ਤੇਰੀ ਰਜ਼ਾਈਆ। ਸ੍ਰੀ ਭਗਵਾਨ ਕਿਹਾ ਮੈਂ ਕੀ ਕਰਾਂ ਗੋਬਿੰਦ ਮੈਥੋਂ ਛੱਬੀ ਪੋਹ ਤੋਂ ਫੇਰ ਮੰਗ ਲਿਆ ਖੰਡਾ, ਜਿਸਨੂੰ ਮੁੱਠੀ ਪਿਛੇ ਨਹੀਂ ਕੋਈ ਡੰਡਾ, ਡੰਡੌਤ ਸਭ ਨੂੰ ਦਏ ਸਿਖਾਈਆ। ਵੇਖਿਓ ਪੂਰਨ ਨੂੰ ਕੋਈ ਨਾ ਕਹਿਓ ਬੰਦਾ, ਬੰਦਿਓ ਬੰਦਿਓ ਬੰਦਿਓ ਦੀਨਾ ਬੰਧੂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਪ੍ਰਭੂ ਤੇਰਾ ਖੇਲ ਕਿਥੇ, ਗੋਬਿੰਦ ਕਹੇ ਮੈਨੂੰ ਦੇ ਜਣਾਈਆ। ਪੁਰਖ ਅਕਾਲ ਕਹੇ ਭਗਤ ਵਸਣ ਜਿਥੇ, ਮੈਂ ਓਥੇ ਫੇਰਾ ਪਾਈਆ। ਓਹਨਾਂ ਦੇ ਕਰਮ ਜਨਮ ਪਾਪ ਸੰਤਾਪ ਚੁਕ ਕੇ ਇਕੱਠੇ, ਉਠਾ ਕੇ ਆਪਣੇ ਕ਼ਦਮਾਂ ਉਤੇ ਟਿਕਾਈਆ। ਇਹ ਸੁਣ ਕੇ ਦੁਰਗਾ ਅਸ਼ਟਭੁਜ ਪਿੱਟੇ, ਹਾਏ ਹਾਏ ਹਾਏ ਸ਼ੇਰ ਨੇ ਸਭ ਦੀ ਕੀਤੀ ਸਫ਼ਾਈਆ। ਮੇਰੇ ਲਾਲ ਬਸਤਰਾਂ ਨਾਲੋਂ ਗੁਰਮੁਖਾਂ ਦੇ ਚੰਗੇ ਕੀਤੇ ਬਸਤਰ ਚਿੱਟੇ, ਚਿੱਟੀ ਧਾਰੋਂ ਅਗੇ ਲਏ ਲੰਘਾਈਆ। ਹੈਂ ! ਸਾਰੇ ਤਾਰੇ ਵੱਡੇ ਨਿੱਕੇ, ਮੈਂਢੀ ਖੋਲ੍ਹ ਕੇ ਵੈਣ ਪਾਈਆ। ਗੋਬਿੰਦ ਕਿਹਾ ਮੈਂ ਕਿਹੜੇ ਲੁਕੇ ਰਹਿਣ ਦੇਣੇ ਕਿਸੇ ਗੁਠੇ, ਵਿਥਾਂ ਵਿਚੋਂ ਬਾਹਰ ਕਢਾਈਆ। ਅੰਤਮ ਬੰਨ੍ਹਣੇ ਇਕੋ ਮੁਠੇ, ਮੁਠੀ ਆਪਣੀ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਕਹੇ ਮੈਨੂੰ ਕੁਛ ਗਿਆ ਚੁੱਭ, ਤੀਰ ਦਿਤਾ ਲਗਾਈਆ। ਉੱਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾਂ ਵੱਜੇ ਭੁੱਬ, ਰੋ ਰੋ ਸੁਣਾਈਆ। ਦੀਨ ਦੁਨੀ ਦਾ ਨਿਕਲ ਗਿਆ ਕੁੱਬ, ਵਿੰਗ ਸਕੇ ਨਾ ਕੋਇ ਕਢਾਈਆ। ਗੋਬਿੰਦ ਸ਼ਬਦੀ ਮਾਰਿਆ ਗੁੱਭ, ਸਾਰੇ ਦਿਤੇ ਸੁਟਾਈਆ। ਸ੍ਰੀ ਭਗਵਾਨ ਨੇ ਹੁਣ ਵੇਖਣਾ ਚੜ੍ਹ ਕੇ ਉਤੇ
ਲਕੜੀ ਦੇ ਮੁੱਢ, ਸੋਹਣਾ ਆਸਣ ਲਾਈਆ। ਇਹੋ ਜਿਹਾ ਕਦੀ ਨਹੀਂ ਸੀ ਬਦਲਿਆ ਜੁਗ, ਭਗਤ ਉਧਾਰੇ ਤੇ ਦੁਸ਼ਟਾਂ ਦੀ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕ਼ਤ ਦਏ ਵਡਿਆਈਆ। ਗੋਬਿੰਦ ਕਹੇ ਮੈਨੂੰ ਅਜੇ ਚੜ੍ਹਨ ਲੱਗੀ ਜਵਾਨੀ ਸੰਮਤ ਪਹਿਲਾ ਨਜ਼ਰੀ ਆਈਆ। ਮੈਂ ਪਹਿਲੀ ਵਾਰ ਭਗਤਾਂ ਦੀ ਖਾਧੀ ਮਹਿਮਾਨੀ, ਬਲ ਆਪਣਾ ਲਿਆ ਵਧਾਈਆ। ਮੈਂ ਛੱਡ ਦਿਤੇ ਭੱਥੇ ਤੀਰ ਕਾਨੀ, ਸ਼ਬਦੀ ਚਿੱਲਾ ਇਕ ਉਠਾਈਆ। ਕੋਈ ਰਹਿਣ ਨਹੀਂ ਦੇਣਾ ਅਭਿਮਾਨੀ, ਕੂੜੀ ਕਿਰਿਆ ਦੇਣੀ ਗਵਾਈਆ। ਪੁਰਖ ਅਕਾਲ ਦੀ ਭਗਤਾਂ ਨਾਲ ਰਹਿਣੀ ਨਿਸ਼ਾਨੀ, ਨਿਸ਼ਾਨੇ ਸਾਰੇ ਦੇਣੇ ਚੁਕਾਈਆ। ਜਿਨ੍ਹਾਂ ਪਿਛੇ ਬੱਚਿਆਂ ਦੀ ਕੀਤੀ ਕ਼ੁਰਬਾਨੀ, ਆਪਣੀ ਦਿਤੀ ਜ਼ਿੰਦਗਾਨੀ, ਸ੍ਰਿਸ਼ਟੀ ਦੱਸੀ ਫ਼ਾਨੀ, ਮਾਇਆ ਦੀ ਕ਼ੀਮਤ ਨਹੀਂ ਪਾਈ ਦਵਾਨੀ, ਸਰਸੇ ਵਿਚ ਸੁਟਾਈਆ। ਏਸੇ ਕਾਰਨ ਕਰੇ ਮਿਹਰਬਾਨੀ, ਗੁਰਮੁਖੋ ਤੁਹਾਡੇ ਹੱਥ ਲਾਏ ਉਤੇ ਪੇਸ਼ਾਨੀ, ਹੈਰਾਨੀ ਅੰਦਰੋਂ ਦਏ ਗਵਾਈਆ। ਤੁਹਾਡਾ ਮੇਰਾ ਲਹਿਣਾ ਨਹੀਂ ਕੋਈ ਜ਼ਬਾਨੀ ਕਲਾਮੀ, ਮੈਂ ਤੁਹਾਡੇ ਪਿਛੇ ਕਰਨ ਆਇਆ ਗ਼ੁਲਾਮੀ, ਜੇ ਫੇਰ ਪੁਛੋ ਮਾਲਕ ਧੁਰ ਇਨਾਮੀ, ਬਦਨਾਮੀ ਤੁਹਾਡੀ ਆਪਣੀ ਝੋਲੀ ਪਾਈਆ। ਓ ਵੇਖਿਓ ਕਿਤੇ ਓਹ ਜੂਹ ਨਾ ਸਮਝਿਓ ਬੇਗਾਨੀ, ਏਥੇ ਗੁਰੂਆਂ ਅਵਤਾਰਾਂ ਪੈਗ਼ੰਬਰਾਂ ਦਾ ਮੁਕੱਦਮਾ ਦੀਵਾਨੀ, ਫ਼ੈਸਲਾ ਹੱਕੋ ਹੱਕ ਸੁਣਾਈਆ। ਤੁਹਾਡੀ ਅਜੇ ਸੁਰਤ ਅੰਞਾਣੀ, ਗੋਬਿੰਦ ਮਿਲਣਾ ਸੱਚਾ ਹਾਣੀ, ਜਿਸ ਜੁਝਾਰ ਨੂੰ ਦਿਤਾ ਨਹੀਂ ਪਾਣੀ, ਤੁਹਾਨੂੰ ਅੰਮ੍ਰਿਤ ਪਿਆਲੇ ਦਏ ਪਿਆਈਆ। ਨਾਲੇ ਆਉਣਾ ਵਿਚ ਮੈਦਾਨੀ, ਦੁਨੀਆ ਵੇਖਣੀ ਜਗਤ ਨਾਦਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਤ ਧਵਲ ਦਏ ਸੁਹਾਈਆ। ਧਰਨੀ ਕਹੇ ਮੇਰੇ ਉਤੇ ਐਥੇ ਪਿਆ ਧਮਾਕਾ, ਰਾਮ ਨੌ ਵੇਰਾਂ ਸੀਸ ਝੁਕਾਈਆ। ਮੱਥਾ ਟੇਕਿਆ ਆਪਣੇ ਬਾਪਾ, ਰਾਮ ਦਾ ਰਾਮ ਮਨਾਈਆ। ਮੈਂ ਤੇਰਾ ਨਿੱਕਾ ਜਿਹਾ ਕਾਕਾ, ਦਸਰਥ ਦਾ ਬੇਟਾ ਅਖਵਾਈਆ। ਪੁਰਖ ਅਕਾਲ ਕਿਹਾ ਇਹ ਫੇਰ ਕਰਾਂਗਾ ਬਾਤਾ, ਕਲਜੁਗ ਅੰਤਮ ਰਿਹਾ ਸਮਝਾਈਆ। ਸ਼ਹਿਨਸ਼ਾਹੀ ਸੰਮਤ ਦੀਆਂ ਆਉਣ ਰਾਤਾ, ਛੱਬੀ ਪੋਹ ਵੱਜੇ ਵਧਾਈਆ। ਜਿਸ ਵੇਲੇ ਭਾਗ ਲੱਗੇ ਸ੍ਰਿਸ਼ਟੀ ਦੀ ਧਰਤੀ ਮਾਤਾ, ਪ੍ਰਭੂ ਦੇ ਚਰਨਾਂ ਦੀ ਧੂੜ ਨਜ਼ਰੀ ਆਈਆ। ਮੇਰੀ ਕੋਈ ਜਾਤ ਨਹੀਂ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹਮਾਸਾ,, ਵੰਡਾਂ ਵਿਚ ਹਿੱਸਾ ਨਾ ਕੋਇ ਪਾਈਆ। ਜਦ ਆਵਾਂ ਵੇਖਣ ਜਗਤ ਤਮਾਸ਼ਾ, ਤਮਾਸ਼ਗੀਰ ਹੋ ਕੇ ਫੇਰਾ ਪਾਈਆ। ਸਚ ਪੁਛੋ ਤਾਂ ਮੈਨੂੰ ਖ਼ੁਸ਼ੀਆਂ ਵਿਚ ਆਵੇ ਹਾਸਾ, ਗੁਰਮੁਖਾਂ ਮਿਲ ਕੇ ਖ਼ੁਸ਼ੀ ਮਨਾਈਆ। ਸਭ ਨੇ ਜਾਣਿਆ ਗੋਬਿੰਦ ਦਾ ਪੰਜ ਤਤ ਕਾਇਆ ਚੋਲਾ ਪਾਟਾ, ਬਾਜ਼ ਘੋੜੇ ਹੋਏ ਜੁਦਾਈਆ। ਕੋਈ ਨਾ ਜਾਣੇ ਉਹ ਸ਼ਬਦੀ ਧੁਰ ਦਾ ਆਕ਼ਾ, ਅਕ਼ਲਾਂ ਤੋਂ ਬਾਹਰ ਡੇਰਾ ਲਾਈਆ। ਜਿਸ ਨੇ ਦੀਨਾਂ ਮਜ਼੍ਹਬਾਂ ਜਾਤਾਂ ਪਾਤਾਂ ਦਾ ਤੋੜਨਾ ਨਾਕਾ, ਸਿੱਧਾ ਵਹਿਣ ਦੇਣਾ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਮ ਕਿਹਾ ਮੈਂ ਚਾਰੋਂ ਕੁੰਟ ਵੇਖੀ ਇਕ ਹਸਤੀ, ਜਿਸ ਦਾ ਹਿਸਾਬ ਨਾ ਕੋਇ ਆਈਆ। ਫੇਰ ਵੇਖਿਆ ਤੇ ਉਹਦੀ ਭਗਤਾਂ ਅੰਦਰ ਮਸਤੀ, ਮਸਤਾਨੇ ਰਿਹਾ ਬਣਾਈਆ। ਤਰੇਤੇ ਤੋਂ ਅਗੇ ਦੁਆਪਰ ਤੋਂ ਪਰੇ ਕਲਜੁਗ ਅੰਤ ਜਿਨ ਗੁਰਮੁਖਾਂ ਦੀ ਬਣਾਉਣੀ ਬਸਤੀ, ਬਿਸਤਰੇ ਸਭ ਦੇ ਗੋਲ ਕਰਾਈਆ। ਆਪਣੀ ਪ੍ਰੀਤੀ ਕਰਨੀ ਸਸਤੀ, ਮਿਹਰ ਨਜ਼ਰ ਇਕ ਉਠਾਈਆ। ਪਹਿਰੇਦਾਰ ਬਣ ਕੇ ਚਾਰ ਕੁੰਟ ਫਿਰਨਾ ਗਸ਼ਤੀ, ਅੰਦਰ ਵੜ ਵੜ ਵੇਖ ਵਖਾਈਆ। ਕਿਹੜੀ ਆਤਮਾ ਮੇਰੇ ਨਾਲ ਵਸਦੀ, ਗਲਵਕੜੀ ਬੈਠੀ ਪਾਈਆ। ਪਿਆਰ ਵਿਚ ਕਦੇ ਨਾ ਨੱਸਦੀ, ਬਹੁੜੀ ਬਹੁੜੀ ਦਏ ਦੁਹਾਈਆ। ਜੇ ਕਦੀ ਸੁਣੀ ਤੇ ਕਹਾਣੀ ਓਸੇ
ਦੇ ਸਚ ਦੀ, ਜੋ ਸੁੱਚੇ ਗੁਰਮੁਖ ਰਿਹਾ ਬਣਾਈਆ। ਜਨ ਭਗਤੋ ਜੋਤ ਅਕਾਲਣ ਤੁਹਾਡੇ ਪਿਛੇ ਨੱਚਦੀ, ਆਪਣਾ ਰੰਗ ਰਹੀ ਚੜ੍ਹਾਈਆ। ਇਹ ਕ਼ੀਮਤ ਪਾਈ ਗੋਬਿੰਦ ਦੇ ਬਚਨ ਸਵਾ ਲੱਖ ਦੀ, ਲੱਖਾਂ ਦਾ ਸੇਵਾਦਾਰ ਲਖਮੀ ਨਰਾਇਣ ਦਿਤਾ ਬਣਾਈਆ। ਮੈਂ ਖੇਲ ਕਰਾਂ ਤੁਹਾਡੇ ਪੱਖ ਦੀ, ਦੋ ਜਹਾਨਾਂ ਪੰਧ ਮੁਕਾਈਆ। ਅਗੇ ਰੀਤੀ ਬਦਲ ਦੇਣੀ ਜਗ ਦੀ, ਜੁਗਤ ਨਾਲ ਦ੍ਰਿੜਾਈਆ। ਤੁਹਾਡੀ ਬੁਧੀ ਰਹਿਣ ਨਹੀਂ ਦੇਣੀ ਕਗ ਦੀ, ਹੰਸ ਦੇਣੇ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਸੂਰੇ ਸਰਬਗ ਦੀ, ਸਮਰਥ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਹੱਬਤ ਵੇਖੀ ਭਗਤਾਂ ਦੀ ਰਤ ਦੀ, ਰਤੀ ਰਤ ਰੰਗ ਵਿਚ ਰੰਗਾਈਆ।