ਪੁਸਤਕਾਲਾਭਾਗ ੧੯

੬ ਮਾਘ ਸ਼ਹਿਨਸ਼ਾਹੀ ਸੰਤ ੧ ਸੂਬੇਦਾਰ ਮੱਸਾ ਸਿੰਘ ਦੇ ਨਵਿਤ ਪਿੰਡ ਕੋਟਲੀ ਥਾਨ ਜ਼ਿਲਾ ਜਲੰਧਰ

ਭਗਤ ਆਤਮਾ ਕਹੇ ਮੈਂ ਪ੍ਰੇਮ ਪਿਆਰ ਦੀ ਭੁੱਖੀ, ਆਦਿ ਜੁਗਾਦਿ ਜੁਗ ਚੌਕੜੀ ਇਕੋ ਦਰਸ ਧਿਆਨ ਲਗਾਈਆ। ਲੋਕਮਾਤ ਛੱਡ ਕੇ ਸਚਖੰਡ ਦਵਾਰ ਸਦਾ ਸੁਖੀ, ਚਿੰਤਾ ਗ਼ਮ ਨਜ਼ਰ ਕੋਇ ਨਾ ਆਈਆ। ਮੈਂ ਦੋ ਜਹਾਨਾਂ ਵਿਚੋਂ ਹੋ ਗਈ ਉਚੀ, ਬ੍ਰਹਿਮੰਡ ਖੰਡ ਪੁਰੀ ਲੋਅ ਦਿਤੇ ਤਜਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਦੀ ਗੋਦ ਵਿਚ ਸੁੱਤੀ, ਜਿਥੋਂ ਸਕੇ ਨਾ ਕੋਇ ਉਠਾਈਆ। ਬਿਨ ਤਤ ਸ਼ਰੀਰ ਮਨ ਵਾਸਨਾ ਮੇਰੀ ਲੱਗੀ ਰੁਚੀ, ਆਤਮ ਪਰਮਾਤਮ ਵਿਚ ਸਮਾਈਆ। ਮੇਰੀ ਔਧ ਕਦੇ ਨਾ ਮੁਕੀ, ਜਨਮ ਮਰਨ ਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਮੁਕਾਈਆ। ਭਗਤ ਆਤਮਾ ਕਹੇ ਮੈਂ ਹੋਈ ਸਦਾ ਖ਼ੁਸ਼ਹਾਲ, ਗੀਤ ਗੋਬਿੰਦ ਅਲਾਈਆ। ਸਚਖੰਡ ਦਵਾਰਾ ਤੱਕ ਸੱਚੀ ਧਰਮਸਾਲ, ਦਰਗਾਹ ਸਾਚੀ ਸੋਭਾ ਪਾਈਆ। ਪਤਿਪਰਮੇਸ਼ਵਰ ਮਿਲਿਆ ਦੀਨ ਦਿਆਲ, ਦੀਨਾ ਬੰਧਪ ਹੋਏ ਸਹਾਈਆ। ਕੂੜਾ ਨਾਤਾ ਤੁਟਿਆ ਵਿਚ ਜਹਾਨ, ਮਾਇਆ ਮਮਤਾ ਮੋਹ ਦਿਤਾ ਮਿਟਾਈਆ। ਨਿਰਗੁਣ ਨਿਰਵੈਰ ਨਿਰਾਕਾਰ ਦਰਸ ਪਾਇਆ ਸ੍ਰੀ ਭਗਵਾਨ, ਉਤੇ ਅਰਸ਼ ਵੱਜੀ ਵਧਾਈਆ। ਸਚ ਦਵਾਰੇ ਠਾਂਡੇ ਦਰਬਾਰ ਮਿਲਿਆ ਮਾਣ, ਚਰਨ ਕਵਲ ਕਵਲ ਚਰਨ ਸਰਨਾਈਆ। ਸੁਖ ਸਾਂਤਕ ਪਾਇਆ ਇਕ ਆਰਾਮ, ਦੁੱਖ ਦਰਦ ਨੇੜ ਨਾ ਆਈਆ। ਮੈਂ ਭਗਤਾਂ ਦੇਵਾਂ ਸਚ ਪੈਗ਼ਾਮ, ਸਚ ਸੰਦੇਸ਼ਾ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, . . . . . . . . . . . .। ਭਗਤ ਆਤਮਾ ਕਹੇ ਮੈਨੂੰ ਆਵੇ ਅਗੰਮੜਾ ਹਾਸਾ, ਪੁਰਖ

ਅਕਾਲ ਦੀਨ ਦਿਆਲ ਮੇਰੀ ਹਸਤੀ ਦਿਤੀ ਮਿਟਾਈਆ। ਮੈਂ ਵੇਖਿਆ ਦੀਨ ਦੁਨੀ ਜਗਤ ਤਮਾਸ਼ਾ, ਮਾਨਸ ਮਾਨੁਖ ਮਾਨਵ ਤਨ ਹੰਢਾਈਆ। ਸਾਢੇ ਤਿੰਨ ਹੱਥ ਚਲਦਾ ਰਿਹਾ ਰਾਥਾ, ਪੰਜ ਤਤ ਭੱਜਿਆ ਵਾਹੋ ਦਾਹੀਆ। ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਨਾਰ ਕੰਤ ਵੇਖਿਆ ਨਾਤਾ, ਨੇਤਰ ਨੈਣ ਵੇਖ ਵਖਾਈਆ। ਅੰਤ ਕਿਰਪਾ ਕਰੀ ਸ੍ਰੀ ਭਗਵੰਤ ਦਰਸ ਦਿਖਾਇਆ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣੀ ਮਿਹਰ ਨਜ਼ਰ ਉਠਾਈਆ। ਮੈਨੂੰ ਯਾਦ ਆਇਆ ਪਿਛਲਾ ਪੂਰਬ ਜਨਮ ਦਾ ਸਾਕਾ, ਸਾਖਿਆਤ ਦਿਆਂ ਦ੍ਰਿੜਾਈਆ। ਜਿਸ ਵੇਲੇ ਗੋਬਿੰਦ ਨੀਹਾਂ ਹੇਠ ਦਬਾਇਆ ਨਿੱਕਾ ਕਾਕਾ, ਛੋਟਾ ਬਾਲਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਭਗਤ ਆਤਮਾ ਕਹੇ ਮੈਨੂੰ ਪਿਛਲੀ ਆਈ ਯਾਦ, ਪੂਰਬ ਲਹਿਣਾ ਨਜ਼ਰੀ ਆਈਆ। ਨੇਤਰ ਵੇਖਿਆ ਖੇਲ ਤਮਾਸ਼, ਪੜਦਾ ਓਹਲਾ ਨਾ ਕੋਇ ਜਣਾਈਆ। ਸੁਣੀ ਅਗੰਮੀ ਆਵਾਜ਼, ਸ਼ਬਦ ਨਾਦ ਸ਼ਨਵਾਈਆ। ਪੜਦਾ ਖੁਲ੍ਹਿਆ ਰਾਜ਼, ਮਨ ਕਾ ਮਣਕਾ ਦਿਤਾ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਚ ਕਰਨੀ ਕਹੇ ਕਵਣ ਖੇਲ ਜਾਣੇ ਕਰਤਾਰ, ਦੋ ਜਹਾਨ ਸਮਝ ਕੋਇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕੂਕ ਕੂਕ ਕਰਨ ਪੁਕਾਰ, ਸੋਹਲੇ ਢੋਲੇ ਰਾਗ ਅਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਬਦਲਦੇ ਰਹੇ ਵਾਰੋ ਵਾਰ, ਨਿਤ ਨਵਿਤ ਆਪਣਾ ਫੇਰਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਸਰਗੁਣ ਲਏ ਅਵਤਾਰ, ਲੱਖ ਚੁਰਾਸੀ ਜੇਰਜ ਅੰਡਜ ਉਤਭੁਜ ਸੇਤਜ ਵੇਖੇ ਚਾਈਂ ਚਾਈਂਆ। ਭਗਤ ਸੁਹੇਲਾ ਗੁਰੂ ਗੁਰ ਚੇਲਾ ਸ਼ਬਦ ਅਗੰਮੀ ਧੁਨ ਆਤਮਕ ਬੋਲ ਇਕ ਜੈਕਾਰ, ਨਾਅਰਾ ਹੱਕ ਹੱਕ ਸੁਣਾਈਆ। ਸਚ ਤੌਫ਼ੀਕ਼ ਪਰਵਰਦਿਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਭਗਤ ਆਤਮਾ ਕਹੇ ਲੇਖਾ ਜੁਗ ਚੌਕੜੀ ਸਾਖਿਆਤ, ਲੋਕਮਾਤ ਖੇਲ ਖਿਲਾਈਆ। ਪੰਜ ਤਤ ਕਾਇਆ ਮਾਟੀ ਦੇਵਾਂ ਸਾਥ, ਤ੍ਰੈਗੁਣ ਨਾਤਾ ਸਹਿਜ ਸੁਭਾਈਆ। ਮਨ ਮਤ ਬੁਧ ਕਰਾਂ ਪਰਕਾਸ਼, ਭੇਵ ਅਭੇਦ ਖੁਲ੍ਹਾਈਆ। ਨਿਰਗੁਣ ਨਿਰਵੈਰ ਕਰਾਂ ਯਾਦ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਮਾਟੀ ਖੇੜਾ ਕਰਾਂ ਆਬਾਦ, ਸਾਢੇ ਤਿੰਨ ਹੱਥ ਸੋਭਾ ਪਾਈਆ। ਸ਼ਬਦ ਵਜਾ ਸੱਚਾ ਧੁਨ ਨਾਦ, ਅਨਰਾਗੀ ਰਾਗ ਅਲਾਈਆ। ਰਸਨਾ ਜਿਹਵਾ ਬੱਤੀ ਦੰਦ ਛੱਡ ਸਵਾਦ, ਰਸ ਇਕੋ ਇਕ ਚਖਾਈਆ। ਦੀਨ ਦੁਨੀ ਸੁਹਾਵਾ ਬਾਗ਼, ਚਾਰ ਕੁੰਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਵਖਾਈਆ। ਭਗਤ ਆਤਮਾ ਕਹੇ ਮੈਨੂੰ ਨਜ਼ਰੀ ਆਏ ਓਹ ਲਿਖਤ, ਜਿਸ ਦਾ ਹਰਫ਼ ਹਰੂਫ਼ ਨਾ ਕੋਇ ਸਮਝਾਈਆ। ਜਿਸ ਦਾ ਕੋਈ ਨਾ ਜਾਣੇ ਭਵਿਖਤ, ਬੁੱਧੀਵਾਨ ਨਾ ਕੋਇ ਵਡਿਆਈਆ। ਪੜਦਾ ਲਾਹੇ ਨਾ ਕੋਇ ਦ੍ਰਿਸ਼ਟ, ਦ੍ਰਿਸ਼ਟਾਂਤ ਵਿਚ ਨਾ ਕੋਇ ਸਮਝਾਈਆ। ਮੇਰਾ ਆਦਿ ਜੁਗਾਦੀ ਇਕੋ ਇਸ਼ਟ, ਆਤਮ ਪਰਮਾਤਮ ਵਿਚ ਸਮਾਈਆ। ਥੋੜਾ ਇਸ਼ਾਰਾ ਰਾਮ ਨਾਲ ਵਸ਼ਿਸ਼ਟ, ਵਿਸ਼ੇਸ਼ਤਾ ਨਾਲ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਭਗਤ ਆਤਮਾ ਕਹੇ ਮੈਂ ਆਦਿ ਜੁਗਾਦੀ, ਨਿਤ ਨਿਤ ਵੇਸ ਵਟਾਈਆ। ਹੁਕਮੇ ਵਿਚ ਖੇਲ ਕਰਾਂ ਬ੍ਰਹਿਮਾਦੀ, ਬ੍ਰਹਿਮਾਂਡ ਖੋਜ ਖੁਜਾਈਆ। ਮੈਂ ਕੋਟਾਂ ਵਿਚੋਂ ਗੁਰਮੁਖਾਂ ਦੀ ਥੋੜੀ ਰਖਾਂ ਆਬਾਦੀ, ਜਿਨ੍ਹਾਂ ਅਬਾਦਤ ਇਕੋ ਦਿਆਂ ਸਮਝਾਈਆ। ਮੰਤਰ ਸੁਣਾਵਾਂ ਧੁਨ ਅਨਾਦੀ, ਬਿਨ ਰਸਨਾ ਜਿਹਵਾ ਗਾਈਆ। ਬਿਨ ਮੱਕੇ ਕਾਅਬੇ ਬਣਾਵਾਂ ਹਾਜੀ, ਹੁਜਰਾ

ਹੱਕ ਹੱਕ ਦਰਸਾਈਆ। ਦੀਨ ਮਜ਼੍ਹਬ ਜਾਤ ਪਾਤ ਵਰਨ ਗੋਤ ਤੋਂ ਕਰਾਂ ਆਜ਼ਾਦੀ, ਘਰ ਗ੍ਰਹਿ ਇਕੋ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਭਗਤ ਆਤਮਾ ਕਹੇ ਮੇਰਾ ਪੁਰਖ ਅਕਾਲ ਨਾਲ ਸਮਾਜ, ਦੂਜਾ ਸੰਗ ਨਾ ਕੋਇ ਰਖਾਈਆ। ਨਿਤ ਨਵਿਤ ਓਸ ਦੀ ਰਖਾਂ ਆਸ, ਬਿਨ ਅੱਖਾਂ ਅੱਖ ਖੁਲ੍ਹਾਈਆ। ਪ੍ਰੇਮ ਪ੍ਰੀਤ ਵਿਚ ਪਿਆਸ, ਤ੍ਰਿਸ਼ਨਾ ਕੂੜ ਮਿਟਾਈਆ। ਬਿਨ ਗੋਪੀ ਕਾਹਨ ਪਾਵਾਂ ਰਾਸ, ਮੰਡਲ ਮੰਡਪ ਵੱਜੇ ਵਧਾਈਆ। ਜੋਤੀ ਦਿਸੇ ਨੂਰ ਤੱਕਾਂ ਪਰਕਾਸ਼, ਅੰਧ ਅੰਧੇਰ ਰਹਿਣ ਕੋਇ ਨਾ ਪਾਈਆ। ਏਥੇ ਓਥੇ ਦੋ ਜਹਾਨਾਂ ਸਾਚਾ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਮੈਨੂੰ ਪਿਛਲੀ ਆਈ ਯਾਦ, ਤ੍ਰੇਤਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਸਦਾ ਵਰਤਾਈਆ। ਧੁਰ ਦਾ ਹੁਕਮ ਸਦਾ ਵਰਤੰਤ, ਨਾ ਕੋਈ ਮੇਟੇ ਮੇਟ ਮਿਟਾਈਆ। ਜੁਗ ਚੌਕੜੀ ਖੇਲ ਭਗਤ ਭਗਵੰਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਢੋਲੇ ਗਾਈਆ। ਧੰਨ ਵਡਿਆਈ ਗੁਰਮੁਖ ਸਾਚੇ ਸੰਤ, ਜਿਨ੍ਹਾਂ ਸੱਜਣ ਮਿਲਿਆ ਬੇਪਰਵਾਹੀਆ। ਉਨ੍ਹਾਂ ਅੰਤਰ ਆਤਮ ਨਿਰੰਤਰ ਇਕੋ ਮੰਤ, ਬਸੰਤਰ ਕੂੜੀ ਗਏ ਬੁਝਾਈਆ। ਗੜ੍ਹ ਤੋੜ ਕੇ ਹਉਮੇਂ ਹੰਗਤ, ਹੰ ਬ੍ਰਹਮ ਇਕੋ ਨਜ਼ਰੀ ਆਈਆ। ਲੇਖਾ ਮੁਕਾ ਕੇ ਬਹਿਸ਼ਤ ਜੱਨਤ, ਪ੍ਰਭ ਚਰਨ ਮਿਲੇ ਸਰਨਾਈਆ। ਸਦਾ ਖੁਲ੍ਹੀ ਰਹੇ ਦ੍ਰਿਸ਼ਟ, ਬੁਧੀ ਦੀ ਵੰਡ ਨਾ ਕੋਇ ਵੰਡਾਈਆ। ਜੋਤੀ ਜਾਤਾ ਪੁਰਖ ਬਿਧਾਤਾ ਇਕੋ ਨਜ਼ਰੀ ਆਏ ਇਸ਼ਟ, ਈਸ਼ਵਰ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਆਤਮਾ ਕਹੇ ਮੈਂ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਮੇਰੀ ਪਰਮ ਪੁਰਖ ਨਾਲ ਪ੍ਰੀਤ, ਪਤਿਪਰਮੇਸ਼ਵਰ ਸੰਗ ਨਿਭਾਈਆ। ਮੇਰਾ ਝਗੜਾ ਨਹੀਂ ਕੋਈ ਮੰਦਰ ਮਸੀਤ, ਸ਼ਿਵਦਵਾਲਾ ਮੱਠ ਵੰਡ ਨਾ ਕੋਇ ਵੰਡਾਈਆ। ਮੇਰਾ ਰੌਲਾ ਨਹੀਂ ਊਚ ਨੀਚ, ਘਟ ਘਟ ਅੰਦਰ ਡੇਰਾ ਲਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਦੱਸਾਂ ਪ੍ਰਭ ਦਾ ਸਾਚਾ ਗਾਉਂਦੇ ਗੀਤ, ਨਿਰਅੱਖਰ ਅੱਖਰ ਅੱਖਰ ਕਰ ਪੜ੍ਹਾਈਆ। ਚਰਨ ਪ੍ਰੀਤੀ ਦੱਸਾਂ ਧੁਰ ਦੀ ਰੀਤ, ਧੂੜੀ ਟਿੱਕਾ ਮਸਤਕ ਖ਼ਾਕ ਰਮਾਈਆ। ਝਗੜਾ ਮੁਕਾ ਕੇ ਹਸਤ ਕੀਟ, ਇਕੋ ਰੰਗ ਦਿਆਂ ਚੜ੍ਹਾਈਆ। ਸਾਹਿਬ ਸਵਾਮੀ ਅੰਤਰਜਾਮੀ ਜਿਸ ਉਪਰ ਆਪਣੀ ਆਪ ਕਰੇ ਬਖ਼ਸ਼ੀਸ਼, ਰਹਿਮਤ ਰਹੀਮ ਰਹਿਮਾਨ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਵਖਾਈਆ। ਭਗਤ ਆਤਮਾ ਕਹੇ ਮੈਂ ਨਹੀਂ ਤੱਕਿਆ ਕੋਈ ਲੋਕ, ਲੋਕ ਪਰਲੋਕ ਬ੍ਰਹਿਮੰਡ ਖੰਡ ਭੱਜੀ ਨਾ ਵਾਹੋ ਦਾਹੀਆ। ਪਰਮ ਪੁਰਖ ਪਰਮਾਤਮ ਨਿਰਗੁਣ ਨਿਰਵੈਰ ਨਿਰਾਕਾਰ ਆਦਿ ਨਿਰੰਜਣ ਮੈਨੂੰ ਦੱਸਿਆ ਸਚ ਸਲੋਕ, ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਦਿਤਾ ਸਮਝਾਈਆ। ਮੈਂ ਤੱਕ ਕੇ ਓਸ ਦੀ ਓਟ, ਓੜਕ ਨਾਤੇ ਝੂਠੇ ਦਿਤੇ ਤੁੜਾਈਆ। ਮੈਂ ਦਰਸ਼ਨ ਕਰਾਂ ਰੋਜ਼, ਬਿਨ ਅੱਖਾਂ ਅੱਖ ਖੁਲ੍ਹਾਈਆ। ਸਚ ਦਵਾਰੇ ਮਿਲੀ ਮੌਜ, ਮਜਲਸ ਭਗਤਾਂ ਵਿਚ ਲਗਾਈਆ। ਜਿਸ ਦੀ ਕੋਟਨ ਕੋਟ ਗੁਰ ਅਵਤਾਰ ਪੈਗ਼ੰਬਰ ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਅੰਦਰ ਕਰਦੇ ਖੋਜ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਭਗਤ ਆਤਮਾ ਕਹੇ ਮੈਂ ਪ੍ਰੇਮ ਪ੍ਰੀਤੀ ਅੰਦਰ ਬੱਝੀ, ਨਾਤੇ ਕੂੜੇ ਗਈ ਤੁੜਾਈਆ। ਮੈਂ ਸਚ ਦਵਾਰੇ ਆਈ ਸੱਦੀ, ਸੱਦਾ ਦਿਤਾ ਧੁਰਦਰਗਾਹੀਆ। ਮੇਰੀ ਆਯੂ ਕੋਈ ਨਾ ਸਮਝਿਓ ਅੱਧੀ, ਜੁਗ ਜਨਮ ਮਰਨ ਰੂਪ

ਨਾ ਕੋਇ ਵਟਾਈਆ। ਮੇਰਾ ਤਨ ਵਜੂਦ ਮੂਲ ਨਾ ਸਮਝਿਓ ਹੱਡੀ, ਹੱਡ ਮਾਸ ਰੰਗ ਨਾ ਕੋਇ ਰਖਾਈਆ। ਮੈਂ ਜੁਗ ਜੁਗ ਲੋਕਮਾਤ ਆਵਾਂ ਕਦੀ ਕਦੀ, ਕ਼ਦੀਮ ਤੋਂ ਰੀਤੀ ਪ੍ਰਭ ਬਣਾਈਆ। ਮੇਰਾ ਲੇਖਾ ਨਹੀਂ ਵਿਚ ਸੁਦੀ ਵਦੀ, ਨਛੱਤਰਾਂ ਵਿਚ ਨਾ ਕੋਇ ਗਿਣਾਈਆ। ਮੇਰੀ ਜੋਤ ਨਿਰਮਲ ਨਿਰਾਲਮ ਜਗੀ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੁਕਮ ਸੁਣਾਈਆ। ਆਤਮਾ ਕਹੇ ਮੇਰਾ ਪੂਰਬ ਕੋਈ ਲੇਖਾ, ਪਿਛਲਾ ਨਜ਼ਰੀ ਆਈਆ। ਮੈਂ ਜਿਸ ਸਰਹਿੰਦ ਲਿਆ ਸੀ ਠੇਕਾ, ਬੱਚਿਆਂ ਨੀਹਾਂ ਹੇਠ ਦਬਾਈਆ। ਮੇਰਾ ਓਸ ਦੇ ਨਾਲ ਥੋੜਾ ਜਿਹਾ ਹਿੱਸਾ, ਹਿੱਸੇਦਾਰ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਪੜਦਾ ਦਏ ਉਠਾਈਆ। ਆਤਮਾ ਕਹੇ ਮੈਂ ਪਿਛਲੀ ਦੱਸਾਂ ਬਾਤ, ਸਹਿਜ ਸਚ ਸੁਣਾਈਆ। ਜਿਸ ਵੇਲੇ ਇੱਟਾਂ ਲਾਉਣ ਲੱਗਾ ਰਾਜ, ਹੁਕਮ ਸ਼ਹਿਨਸ਼ਾਹੀਆ। ਮੇਰੇ ਅੰਦਰੋਂ ਨਿਕਲੀ ਇਕ ਆਵਾਜ, ਪ੍ਰਭੂ ਦਿਤਾ ਦ੍ਰਿੜਾਈਆ। ਕਿਉਂ ਡੋਬਣ ਲੱਗੋਂ ਬੇੜਾ ਭਰ ਜਹਾਜ਼, ਜਹਾਲਤ ਵਿਚ ਲੋਕਾਈਆ। ਕਿਸੇ ਕੰਮ ਨਹੀਂ ਆਉਣੀ ਵੁਜ਼ੂਆਂ ਵਾਲੀ ਨਿਮਾਜ਼, ਕਾਅਬਿਆਂ ਵਾਲਾ ਸੀਸ ਨਾ ਕੋਇ ਸੁਹਾਈਆ। ਕੂੜੀ ਕਿਰਿਆ ਲਾਉਣ ਲੱਗੋਂ ਦਾਗ਼, ਦੁਰਮਤ ਮੈਲ ਨਾ ਕੋਇ ਧਵਾਈਆ। ਇਹ ਗੋਬਿੰਦ ਦੇ ਚਿਰਾਗ਼, ਜੋ ਚਰਾਗਾਹਾਂ ਵਿਚ ਕਰਨ ਰੁਸ਼ਨਾਈਆ। ਜਿਨ੍ਹਾਂ ਦਾ ਖੇੜਾ ਹੋਣਾ ਆਬਾਦ, ਚਾਰ ਕੁੰਟ ਵੱਜੇ ਵਧਾਈਆ। ਇਹ ਓਸੇ ਵਿਚ ਵਿਸਮਾਦ, ਜਿਸ ਦਾ ਰੂਪ ਰੰਗ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਆਤਮਾ ਕਹੇ ਮੇਰਾ ਨਾਮ ਓਸ ਵਕ਼ਤ ਸੀ ਦਾਸ, ਦਾਸ ਕਹਿ ਕੇ ਸਾਰੇ ਗਾਈਆ। ਮੈਂ ਅੰਦਰ ਬਾਹਰ ਤੱਕਿਆ ਗੋਬਿੰਦ ਖੜ੍ਹਾ ਪਾਸ, ਸਨਮੁਖ ਹੋ ਕੇ ਰਿਹਾ ਵਖਾਈਆ। ਮੈਂ ਦੋਏ ਜੋੜ ਬੇਨੰਤੀ ਕੀਤੀ ਅਰਦਾਸ, ਨਿਉਂ ਕੇ ਸੀਸ ਨਿਵਾਈਆ। ਇਹ ਬਾਲੇ ਨੱਢੇ ਤੇਰੀ ਸ਼ਾਖ਼, ਲੋਕਮਾਤ ਲਹਿਰ ਲਹਿਰਾਈਆ। ਓਸ ਸ਼ਬਦੀ ਦੇ ਆਵਾਜ਼, ਮੇਰਾ ਖੋਲ੍ਹ ਦਿਤਾ ਰਾਜ਼, ਪੜਦਾ ਦਿਤਾ ਉਠਾਈਆ। ਇਹ ਹੁਕਮ ਪੁਰਖ ਅਕਾਲ, ਕਰਨੀ ਦਾ ਕਰਤਾ ਖੇਲ ਕਰੇ ਕਮਾਲ, ਜਗ ਜੀਵ ਸਮਝ ਕੋਇ ਨਾ ਆਈਆ। ਗੋਬਿੰਦ ਕਿਹਾ ਬੇਸ਼ਕ ਇਹ ਮੇਰੇ ਲਾਲ, ਜਗਤ ਦਾ ਬਣਾਂ ਦਲਾਲ, ਅਹਿਵਾਲ ਇਨ੍ਹਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਦਾਸ ਕਹੇ ਮੈਂ ਅਗੇ ਕੀਤਾ ਦਸਤ, ਕ਼ਦਮਾਂ ਵੱਲ ਧਿਆਨ ਲਗਾਈਆ। ਮੇਰੀ ਆਤਮਾ ਹੋ ਗਈ ਮਸਤ, ਖ਼ੁਮਾਰੀ ਵਿਚ ਲਈ ਅੰਗੜਾਈਆ। ਮੇਰੀ ਕੂੜ ਕੁੜਿਆਰੀ ਵਾਸ਼ਨਾ ਹੋਈ ਨਸ਼ਟ, ਸੁਗੰਧੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਕਮਾਈਆ। ਦਾਸ ਕਹੇ ਮੈਂ ਵੇਖਿਆ ਦਸਤਗੀਰ, ਸ਼ਾਹ ਪਾਤਸ਼ਾਹ ਨਜ਼ਰੀ ਆਈਆ। ਦੋ ਜਹਾਨਾਂ ਵਾਲੀ ਇਕੋ ਪੀਰ, ਪੈਗ਼ੰਬਰ ਬੇਪਰਵਾਹੀਆ। ਜਲਵਾਗਰ ਨੂਰ ਬੇਨਜ਼ੀਰ, ਨੇਤਰ ਅੱਖ ਨਾ ਕੋਇ ਤਕਾਈਆ। ਕਰ ਬੇਨੰਤੀ ਕਿਹਾ ਬਦਲ ਦੇ ਤਕ਼ਦੀਰ, ਹੁਕਮੇ ਵਿਚ ਰਜ਼ਾਈਆ। ਗੋਬਿੰਦ ਕਿਹਾ ਇਹ ਵੇਲਾ ਅੰਤ ਅਖ਼ੀਰ, ਖ਼ਬਰ ਦਿਆਂ ਸਮਝਾਈਆ। ਸ਼ਬਦੀ ਖੰਡੇ ਖਿੱਚ ਇਕ ਲਕੀਰ, ਨਿਸ਼ਾਨਾ ਧੁਰ ਦਾ ਦਿਤਾ ਵਖਾਈਆ। ਕਰੇ ਖੇਲ ਗੁਣੀ ਗਹੀਰ, ਗਹਿਰ ਗੰਭੀਰ ਗਵਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਆਤਮਾ ਕਹੇ ਮੈਂ ਰਖੀ ਇਕ ਉਮੀਦ, ਆਸ਼ਾ ਗੋਬਿੰਦ ਦਿਤੀ ਜਣਾਈਆ। ਇਨ੍ਹਾਂ

ਨਾਲ ਮੈਨੂੰ ਕਰ ਸ਼ਹੀਦ, ਸ਼ਹਾਦਤ ਆਪਣੀ ਦੇ ਭੁਗਤਾਈਆ। ਮੈਂ ਵੇਖ ਕੇ ਤੇਰੀ ਦੀਦ, ਦਾਮਨ ਫੜਾਂ ਚਾਈਂ ਚਾਈਂਆ। ਤੂੰ ਵਸਿਆ ਸਦਾ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਤੂੰ ਠਾਕਰ ਸਵਾਮੀ ਠੀਕ, ਠੋਕਰ ਆਪਣੀ ਦੇ ਲਗਾਈਆ। ਕਲਜੁਗ ਅੰਧੇਰਾ ਹੋਇਆ ਤਾਰੀਕ, ਸਾਚਾ ਚੰਦ ਨਾ ਕੋਇ ਚਮਕਾਈਆ। ਮਨ ਵਾਸਨਾ ਕੂੜੀ ਕਿਰਿਆ ਜਗਤ ਸ਼ਰਅ ਹੋਈ ਸ਼ਰੀਕ, ਸ਼ਿਰਕਤ ਵਿਚ ਲੋਕਾਈਆ। ਤੇਰੇ ਵਿਚ ਵਡ ਤੌਫ਼ੀਕ਼, ਤਾਬੇਦਾਰੀ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੋਬਿੰਦ ਕਿਹਾ ਇਹ ਹੁਕਮ ਪੁਰਖ ਅਕਾਲ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਕਾਰਨ ਨੀਹਾਂ ਹੇਠ ਦੱਬੇ ਬਾਲ, ਲਾਲ ਗੁਲਾਲਾ ਰੰਗ ਚੜ੍ਹਾਈਆ। ਕਲਜੁਗ ਅੰਤ ਸ੍ਰਿਸ਼ਟੀ ਦ੍ਰਿਸ਼ਟੀ ਹੋਣੀ ਬੇਹਾਲ, ਚਾਰ ਵਰਨ ਦਏ ਦੁਹਾਈਆ। ਮਾਇਆ ਮਮਤਾ ਹਉਮੇਂ ਹੰਗਤਾ ਕੂੜੀ ਕਿਰਿਆ ਵੱਜਣਾ ਤਾਲ, ਗੁਰੂ ਅਵਤਾਰ ਪੀਰ ਪੈਗ਼ੰਬਰ ਨੇੜੇ ਹੋ ਨਾ ਕੋਇ ਛੁਡਾਈਆ। ਤੇਰਾ ਮੰਨ ਲਿਆ ਸਵਾਲ, ਤੇਰੀ ਪੂਰੀ ਕਰਾਂ ਘਾਲ, ਮਿਹਰ ਨਜ਼ਰ ਇਕ ਉਠਾਈਆ। ਦਾਸ ਰੋ ਕੇ ਕੀਤਾ ਹਾਲ ਹਾਲ, ਤੂੰ ਸ਼ਹਿਨਸ਼ਾਹ ਮੈਂ ਕੰਗਾਲ, ਤੇਰਾ ਖੇਲ ਬੇਮਿਸਾਲ, ਦੋ ਜਹਾਨ ਖੇਲ ਨਾ ਕੋਇ ਬਤਾਈਆ। ਗੋਬਿੰਦ ਕਿਹਾ ਮੈਂ ਗੁਰਮੁਖਾਂ ਦੇ ਸਦਾ ਨਾਲ, ਨਾਤਾ ਤੋੜਾਂ ਕਾਲ ਮਹਾਂਕਾਲ, ਸੇਵਾ ਕਰਾਂ ਹੋ ਕੇ ਦੀਨ ਦਿਆਲ, ਰਕਸ਼ਕ ਪਾਲਕ ਪ੍ਰਿਤਪਾਲਕ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰਸਿਖ ਆਤਮਾ ਕਹੇ ਮੈਂ ਬੇਨੰਤੀ ਕਰ ਕੇ ਕਿਹਾ ਤੇਰੀ ਦਾਸੀ, ਦਾਸਤਾਨ ਦਿਤੀ ਸੁਣਾਈਆ। ਮੇਰੀ ਮਨਸਾ ਪੂਰੀ ਕਰਨੀ ਆਸੀ, ਆਸਰਾ ਤੇਰਾ ਇਕ ਤਕਾਈਆ। ਗਲ ਪਏ ਨਾ ਜਮ ਕੀ ਫਾਸੀ, ਰਾਏ ਧਰਮ ਨਾ ਦਏ ਸਜ਼ਾਈਆ। ਮੰਜ਼ਲ ਚਾੜ੍ਹੀਂ ਇਕੋ ਅਨੋਖੀ ਘਾਟੀ, ਅਧਵਿਚਕਾਰ ਨਾ ਕੋਇ ਅਟਕਾਈਆ। ਦੇਵੀਂ ਦਰਸ ਮੇਰੇ ਕਮਲਾਪਾਤੀ, ਪਤਿਪਰਮੇਸ਼ਵਰ ਹੋ ਕੇ ਨਜ਼ਰੀ ਆਈਆ। ਤੂੰ ਸਚਖੰਡ ਦਾ ਵਾਸੀ, ਨਿਵਾਸ ਅਸਥਾਨ ਆਪਣਾ ਦੇਣਾ ਵਖਾਈਆ। ਜਿਥੇ ਇਕੋ ਜੋਤ ਪਰਕਾਸ਼ੀ, ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਨਾ ਕੋਈ ਦਿਵਸ ਨਾ ਕੋਇ ਰਾਤੀ, ਘੜੀ ਪਲ ਨਾ ਵੰਡ ਵੰਡਾਈਆ। ਨਾ ਕੋਈ ਸੰਧਿਆ ਨਾ ਪਰਭਾਤੀ, ਇਕੋ ਰੰਗ ਰਿਹਾ ਰੰਗਾਈਆ। ਮੇਰੀ ਭੁੱਲ ਨਾ ਜਾਈਂ ਯਾਦੀ, ਨੇਤਰ ਰੋ ਕੇ ਦਿਆਂ ਦੁਹਾਈਆ। ਗੋਬਿੰਦ ਕਿਹਾ ਤੇਰੀ ਪੁਰਖ ਅਕਾਲ ਬਣਾਵੇ ਸਾਚੀ ਸਾਖੀ, ਸਾਖਿਆਤ ਹੋ ਕੇ ਦਇਆ ਕਮਾਈਆ। ਜਨਮ ਕਰਮ ਦੀ ਬੰਦ ਕਿਵਾੜੀ ਖੋਲ੍ਹੇ ਤਾਕੀ, ਪੜਦਾ ਅੰਦਰੋਂ ਦਏ ਉਠਾਈਆ। ਨਾਮ ਪਿਆਲਾ ਦੇਵੇ ਸਣ ਕੇ ਧੁਰ ਦਾ ਸਾਕੀ, ਇਕੋ ਰਸ ਦਏ ਚਖਾਈਆ। ਮਨੂਆ ਮਨ ਨਾ ਰਹੇ ਆਕ਼ੀ, ਮਤ ਮਤਵਾਲੀ ਦਏ ਮਿਟਾਈਆ। ਸਾਖਿਆਤ ਦਰਸ ਦਿਖਾਵੇ ਕਮਲਾਪਾਤੀ, ਪਤਿਪਰਮੇਸ਼ਵਰ ਦਇਆ ਕਮਾਈਆ। ਤੇਰੇ ਜੀਵਣ ਵਿਚੋਂ ਤੇਰੀ ਬਦਲ ਦੇਵੇ ਹਯਾਤੀ, ਹਰਿ ਹਰਿ ਆਪਣਾ ਰੰਗ ਚੜ੍ਹਾਈਆ। ਜੁਗ ਚੌਕੜੀ ਤੇਰਾ ਜਸ ਸ਼ਬਦ ਅਗੰਮਾ ਗਾਵੇ ਗਾਥੀ, ਨਿਤ ਨਿਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦਾਸ ਕਹੇ ਮੈਂ ਕਿਹਾ ਗੋਬਿੰਦ ਸ਼ਬਦੀ ਸੂਰ, ਸੂਰਬੀਰ ਤੇਰੀ ਸਰਨਾਈਆ। ਤੂੰ ਆਸਾ ਮਨਸਾ ਪੂਰ, ਤ੍ਰਿਸ਼ਨਾ ਭੁੱਖ ਦੇ ਮਿਟਾਈਆ। ਚਰਨ ਪ੍ਰੀਤੀ ਬਖ਼ਸ਼ ਸਾਚੀ ਧੂੜ, ਧੂੜੀ ਟਿੱਕਾ ਮਸਤਕ ਖ਼ਾਕ ਰਮਾਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹ, ਮਿਹਰ ਨਜ਼ਰ ਇਕ ਉਠਾਈਆ। ਤੇਰਾ ਭਾਣਾ ਤੇਰਾ ਹੁਕਮ ਤੇਰਾ ਫ਼ਰਮਾਨਾ ਸਾਨੂੰ ਮਨਜ਼ੂਰ, ਸਿਰ ਸਕੇ ਨਾ ਕੋਇ ਉਠਾਈਆ।

ਗੋਬਿੰਦ ਕਿਹਾ ਤੇਰਾ ਲੇਖਾ ਲਹਿਣਾ ਕਲਜੁਗ ਅੰਤ ਚੁਕਾਵਾਂ ਜਰੂਰ, ਜਰੂਰਤ ਪਿਛਲੀ ਵੇਖ ਵਖਾਈਆ। ਮਨ ਮਨਸਾ ਮੇਟ ਦੇਵਾਂ ਵਾਂਗ ਕਾਫੂਰ, ਜਗਤ ਤ੍ਰਿਸ਼ਨਾ ਰਹੇ ਨਾ ਰਾਈਆ। ਜਿਧਰ ਤੱਕੇਂ ਹਾਜ਼ਰ ਹਜ਼ੂਰ, ਹਜ਼ਰਤ ਹੋ ਕੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਗੁਣਵੰਤਾ ਦਇਆ ਕਮਾਈਆ। ਭਗਤ ਆਤਮਾ ਕਹੇ ਮੈਂ ਵੇਖ ਕੇ ਖੇਲ ਅਗੰਮਾ, ਖ਼ੁਸ਼ੀਆਂ ਵਿਚ ਖ਼ੁਸ਼ੀ ਮਨਾਈਆ। ਪੁਰਖ ਅਕਾਲ ਇਕੋ ਮੰਨਾ, ਮਿਹਰਵਾਨ ਹੋਏ ਸਹਾਈਆ। ਨਾਤਾ ਛੱਡਿਆ ਪਿਛਲਾ ਮਾਟੀ ਕਾਇਆ ਚੰਮਾ, ਤਤ ਜਗਤ ਵਿਚ ਤਜਾਈਆ। ਹੁਕਮੇ ਅੰਦਰ ਆਇਆ ਭੰਨਾ, ਨਿਰਗੁਣ ਸਰਗੁਣ ਵੇਸ ਵਟਾਈਆ। ਨਾਮ ਨਿਧਾਨਾ ਸੁਣਿਆ ਕੰਨਾਂ, ਅਨਰਾਗੀ ਰਾਗ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦੇ ਚੁਕਾਈਆ। ਆਤਮਾ ਕਹੇ ਮੈਂ ਸੁਣਿਆ ਪਿਛਲਾ ਗੀਤ, ਗੋਬਿੰਦ ਅਗੰਮ ਗਾਈਆ। ਮੈਨੂੰ ਹੋਈ ਦੀਦ, ਦਰਸ਼ਨ ਪਾਇਆ ਸ਼ਹਿਨਸ਼ਾਹੀਆ। ਮੈਂ ਆਸ ਉਮੀਦ, ਤ੍ਰਿਸ਼ਨਾ ਦਿਤੀ ਮਿਟਾਈਆ। ਪੂਰੀ ਕਰ ਰੀਝ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਿਆ ਮਿਲਾਈਆ। ਭਗਤ ਆਤਮਾ ਕਹੇ ਮੈਂ ਧੰਨ ਹੋਇਆ ਹੋਇਆ ਮਿਲਾਪ, ਮੇਲਾ ਹਰਿ ਜੂ ਆਪ ਕਰਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਜਗਜੀਵਣ ਦਾਤੇ ਪੜਦਾ ਦਿਤਾ ਉਠਾਈਆ। ਕੋਟਨ ਜਨਮ ਦੇ ਮੇਟ ਕੇ ਪਿਛਲੇ ਪਾਪ, ਦੁਰਮਤ ਮੈਲ ਦਿਤੀ ਧਵਾਈਆ। ਆਤਮ ਪਰਮਾਤਮ ਬਣ ਕੇ ਸੱਚਾ ਸਾਕ, ਬ੍ਰਹਮ ਪਾਰਬ੍ਰਹਮ ਮੇਲਾ ਲਿਆ ਕਰਾਈਆ। ਭਾਗ ਲਗਾ ਕੇ ਕਾਇਆ ਮਾਟੀ ਤਨ ਵਜੂਦ ਖ਼ਾਕ, ਖ਼ਾਲਸ ਆਪਣਾ ਰੰਗ ਰੰਗਾਈਆ। ਏਥੇ ਓਥੇ ਦੋ ਜਹਾਨਾਂ ਸ੍ਰੀ ਭਗਵਾਨਾ ਦੇ ਕੇ ਸਾਥ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਭਗਤ ਆਤਮਾ ਕਹੇ ਮੇਰੇ ਉਤੇ ਹੋਇਆ ਮਿਹਰਵਾਨ, ਪ੍ਰਭ ਬੇਪਰਵਾਹੀਆ। ਜਿਸ ਵਿਛੜੀ ਮੇਲੀ ਆਣ, ਆਨਨ ਫ਼ਾਨਨ ਲੇਖਾ ਦਿਤਾ ਮੁਕਾਈਆ। ਘਰ ਜੋਤੀ ਮਿਲਿਆ ਕਾਹਨ, ਬੰਸਰੀ ਨਾਮ ਦਿਤੀ ਸੁਣਾਈਆ। ਸਾਚੀ ਸੀਤਾ ਮਿਲਿਆ ਰਾਮ, ਸੀਤਾ ਸੁਰਤੀ ਆਪ ਪਰਨਾਈਆ। ਸਚ ਪੈਗ਼ੰਬਰ ਦੇ ਪੈਗ਼ਾਮ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਮੰਤਰ ਦੱਸ ਕੇ ਸਾਚਾ ਸਤਿਨਾਮ, ਨਾਨਕ ਨਿਰਗੁਣ ਸਰਗੁਣ ਖੋਜ ਖੁਜਾਈਆ। ਗੋਬਿੰਦ ਖੇਲ ਕਰੇ ਮਹਾਨ, ਸ਼ਬਦੀ ਸ਼ਬਦ ਵੇਸ ਵਟਾਈਆ। ਬਿਨ ਨੇਤਰ ਨੈਣਾਂ ਅੱਖਾਂ ਮਾਰ ਧਿਆਨ, ਲੱਖ ਚੁਰਾਸੀ ਵਿਚੋਂ ਪੜਦਾ ਦਿਤਾ ਚੁਕਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਦੇ ਕੇ ਇਕ ਆਰਾਮ, ਆਰਾਮਗਾਹ ਦਿਤੀ ਵਖਾਈਆ। ਜਿਥੇ ਨਾ ਕੋਈ ਸਜਦਾ ਨਾ ਸਲਾਮ, ਡੰਡਾਵਤ ਵਾਲਾ ਰੂਪ ਨਾ ਕੋਇ ਬਦਲਾਈਆ। ਨਾ ਕੋਈ ਰਸਨਾ ਜਿਹਵਾ ਬੱਤੀ ਦੰਦ ਸਿਫ਼ਤੀ ਕਰੇ ਕਲਾਮ, ਢੋਲੇ ਰਾਗ ਨਾ ਕੋਇ ਸੁਣਾਈਆ। ਨਾ ਕੋਈ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾ ਕੋਈ ਮੁਹੰਮਦ ਨਾ ਕੋਈ ਕਾਹਨ, ਤੱਤਾਂ ਵਾਲਾ ਰੂਪ ਨਾ ਕੋਇ ਵਖਾਈਆ। ਇਕੋ ਜੋਤੀ ਜਾਤਾ ਪੁਰਖ ਬਿਧਾਤਾ ਜਲਵਾਗਰ ਨੂਰ ਨੁਰਾਨ, ਇਨਸਾਨ ਨਜ਼ਰ ਕੋਇ ਨਾ ਆਈਆ। ਭਗਤ ਆਤਮਾ ਕਹੇ ਮੈਂ ਵੇਖ ਹੋਈ ਹੈਰਾਨ, ਨਾ ਕੋਈ ਬਿਰਧ ਨਾ ਬਾਲ ਜਵਾਨ, ਬੁਢੇਪਾ ਰੂਪ ਨਾ ਕੋਇ ਬਦਲਾਈਆ। ਨਾ ਕੋਈ ਮੰਦਰ ਨਾ ਮਕਾਨ, ਨਾ ਕੋਈ ਤੇਲ ਬਾਤੀ ਦੀਆ ਜਗੇ ਮਹਾਨ, ਇਕੋ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਝੋਲੀ ਪਾਈਆ। ਪੂਰਬ ਲੇਖਾ

ਵੇਖਿਆ ਚੁਕਦਾ, ਦਰ ਘਰ ਸਾਚੇ ਮਿਲੀ ਵਡਿਆਈਆ। ਗੋਬਿੰਦ ਨਿਸ਼ਾਨਾ ਕਦੇ ਨਾ ਉਕਦਾ, ਅਣਿਆਲਾ ਤੀਰ ਚਲਾਈਆ। ਜਨ ਭਗਤਾਂ ਸ਼ਬਦੀ ਧਾਰ ਪੁਛਦਾ, ਗੁਰਮੁਖਾਂ ਗੁਰ ਗੁਰ ਗੋਦ ਉਠਾਈਆ। ਭਾਗ ਸੁਲਖਣਾ ਕਰੇ ਮਾਤਾ ਦੀ ਕੁੱਖ ਦਾ, ਧੰਨ ਧੰਨ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਚੇ ਮੇਲ ਮਿਲਾਈਆ। ਹਰਿਜਨ ਸੱਚਾ ਕਹੇ ਮੇਰਾ ਸਵਾਮੀ ਇਕ, ਏਕੰਕਾਰ ਨਜ਼ਰੀ ਆਈਆ। ਦੂਸਰ ਕੋਈ ਨਾ ਆਵੇ ਦਿਸ, ਦਹਿ ਦਿਸ਼ਾ ਨਾ ਕੋਇ ਵਡਿਆਈਆ। ਜਿਸ ਮਨਸਾ ਪੂਰੀ ਕੀਤੀ ਇਛ, ਇਸ਼ਕ ਆਪਣਾ ਲਿਆ ਲਗਾਈਆ। ਜਗਤ ਵਾਸਨਾ ਵਿਚੋਂ ਲਿਆ ਖਿੱਚ, ਸਹਿਜ ਸਭਾਓ ਮੇਲ ਮਿਲਾਈਆ। ਅਗੇ ਦਰਸ਼ਨ ਦੇਵੇ ਨਿਤ, ਆਵਣ ਜਾਵਣ ਪੈਂਡਾ ਦਿਤਾ ਛੁਡਾਈਆ। ਮਾਲਕ ਬਣ ਕੇ ਧੁਰ ਦਾ ਪਿਤ, ਪਤਿਪਰਮੇਸ਼ਵਰ ਗੋਦ ਉਠਾਈਆ। ਸਚਖੰਡ ਦਵਾਰੇ ਕਰੇ ਸਾਚਾ ਹਿਤ, ਹਿਤਕਾਰੀ ਇਕੋ ਨੂਰ ਖ਼ੁਦਾਈਆ। ਨਿਹਕਰਮੀ ਹੋ ਕੇ ਕਰਮ ਕਾਂਡ ਦਾ ਲੇਖਾ ਦਿਤਾ ਨਜਿੱਠ, ਨਿਰਵੈਰ ਹੋ ਕੇ ਦਇਆ ਕਮਾਈਆ। ਸਵਾਮੀ ਹੋ ਕੇ ਨਾ ਦੇਵੇ ਪਿੱਠ, ਕਰਵਟ ਬਦਲੇ ਥਾਉਂ ਥਾਈਂਆ। ਸੰਤ ਸੁਹੇਲੇ ਰਖੇ ਸਾਇਆ ਹੇਠ, ਮਸਤ ਖ਼ੁਮਾਰੀ ਨਾਮ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਭਗਤ ਆਤਮਾ ਕਹੇ ਮੈਂ ਖ਼ੁਸ਼ੀਆਂ ਨਾਲ ਹੱਸਾਂ, ਢੋਲਾ ਧੁਰ ਦਾ ਇਕੋ ਗਾਈਆ। ਪ੍ਰੇਮੀਆਂ ਪਿਆਰਿਆਂ ਦੀਆਂ ਅੱਖਾਂ, ਲੋਕਮਾਤ ਧਿਆਨ ਲਗਾਈਆ। ਗੁਰਮੁਖ ਵੇਖਾਂ ਸੱਚਾ, ਜੋ ਪ੍ਰਭ ਨੂੰ ਰਿਹਾ ਧਿਆਈਆ। ਕਲਜੁਗ ਭਾਂਡਾ ਵੇਖਾਂ ਕੱਚਾ, ਜਗਤ ਵਾਸਨਾ ਵਿਚ ਹਲਕਾਈਆ। ਪ੍ਰੇਮ ਪ੍ਰੀਤੀ ਨਾਤਾ ਵੇਖਾਂ ਪੱਕਾ, ਕਵਣ ਗੁਰਮੁਖ ਰਿਹਾ ਹੰਢਾਈਆ। ਛੱਡ ਮਦੀਨਾ ਮੱਕਾ, ਕਾਇਆ ਕਾਅਬਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਕਹੇ ਮੈਂ ਖ਼ੁਸ਼ੀਆਂ ਵਿਚ ਹੱਸਿਆ, ਚਾਓ ਘਨੇਰਾ ਨਜ਼ਰੀ ਆਈਆ। ਜਗਤ ਅੰਧੇਰੀ ਵੇਖੀ ਮੱਸਿਆ, ਮੱਸਾ ਸਿੰਘ ਰਿਹਾ ਸੁਣਾਈਆ। ਮੇਰੇ ਘਰ ਦਾ ਖੇੜਾ ਵਸਿਆ, ਜਿਥੇ ਭਗਤ ਸੁਹੇਲੇ ਸੋਭਾ ਪਾਈਆ। ਜਿਨ੍ਹਾਂ ਨਾਲ ਰਹਿਣਾ ਸਦਾ ਇਕੱਠਿਆ, ਏਥੇ ਓਥੇ ਨਾ ਹੋਏ ਜੁਦਾਈਆ। ਮੇਰਾ ਸਾਢੇ ਤਿੰਨ ਹੱਥ ਬੁਰਜ ਵਜੂਦ ਕੂੜਾ ਢੱਠਿਆ, ਆਤਮ ਪਰਮਾਤਮ ਸਦਾ ਸਦਾ ਸਦ ਇਕੋ ਰੰਗ ਸਮਾਈਆ। ਪੁਰਖ ਅਕਾਲ ਦਾ ਬਣ ਕੇ ਬੱਚਿਆ, ਬਚਪਨ ਆਪਣਾ ਲਿਆ ਬਦਲਾਈਆ। ਇਕੋ ਢੋਲਾ ਨਾਮ ਰਟਿਆ, ਤੂੰ ਹੀ ਤੂੰ ਹੀ ਰਾਗ ਸੁਣਾਈਆ। ਮਾਨਸ ਜਨਮ ਵਿਚੋਂ ਹਰਿ ਕਾ ਨਾਮ ਲਾਹਾ ਖੱਟਿਆ, ਕੂੜ ਕੁੜਿਆਰਾ ਦਿਤਾ ਤਜਾਈਆ। ਮੈਂ ਖ਼ੁਸ਼ੀਆਂ ਨਾਲ ਸਚਖੰਡ ਦਵਾਰੇ ਗਿਆ ਨੱਠਿਆ, ਭੱਜਿਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਦਿਤੀ ਵਖਾਈਆ। ਭਗਤ ਕਹੇ ਮੈਂ ਵੇਖਿਆ ਦਵਾਰਾ, ਸਤਿ ਸਤਿ ਨਜ਼ਰੀ ਆਈਆ। ਜਿਥੇ ਭਗਤ ਭਗਵਾਨ ਦਾ ਇਕ ਜੈਕਾਰਾ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਬਿਨ ਅੱਖਾਂ ਹੋਏ ਇਸ਼ਾਰਾ, ਬਿਨ ਸੈਨਤ ਲਏ ਸਮਝਾਈਆ। ਬਿਨ ਤੇਲ ਬਾਤੀ ਹੋਏ ਉਜਿਆਰਾ, ਨੂਰੋ ਨੂਰ ਹੋਏ ਰੁਸ਼ਨਾਈਆ। ਬਿਨ ਸਖ਼ੀਆਂ ਲੱਗੇ ਅਖਾੜਾ, ਬਿਨ ਗੋਪੀ ਕਾਹਨ ਰਾਸ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮੱਸਾ ਸਿੰਘ ਕਹੇ ਮੈਂ ਹੋਇਆ ਮਸਤ, ਮਸਤ ਖ਼ੁਮਾਰੀ ਨਜ਼ਰੀ ਆਈਆ। ਮੈਂ ਚੜ੍ਹ ਕੇ ਵੇਖਿਆ ਉਤੇ ਅਰਸ਼, ਅਰਸ਼ੀ ਪ੍ਰੀਤਮ ਬੇਪਰਵਾਹੀਆ। ਜਿਸ ਦਾ ਏਥੇ ਓਥੇ ਇਕੋ ਦਰਸ, ਦਰਸ਼ਨ ਦੇ ਕੇ ਖ਼ੁਸ਼ੀ ਮਨਾਈਆ। ਜਨਮ

ਜਨਮ ਦੀ ਮੇਟ ਕੇ ਹਰਸ, ਹਵਸ ਦਿਤੀ ਗਵਾਈਆ। ਮੇਰੇ ਉਤੇ ਕਰਕੇ ਤਰਸ, ਵਿਛੜਿਆਂ ਲਿਆ ਜੁੜਾਈਆ। ਇਹ ਖੇਲ ਵੱਡਾ ਅਸਚਰਜ, ਅਚਰਜ ਲੀਲਾ ਰਿਹਾ ਵਰਤਾਈਆ। ਕਲਜੁਗ ਕੂੜਾ ਵੇਖ ਅੰਧੇਰਾ ਗਰਦ, ਧੂੰਆਂਧਾਰ ਵਿਚ ਲੋਕਾਈਆ। ਗੁਰਮੁਖ ਵਿਰਲਾ ਪ੍ਰਭ ਦਾ ਪ੍ਰੇਮੀ ਬਣੇ ਮਰਦ, ਮਰਦ ਮਰਦਾਨਾ ਰੂਪ ਵਟਾਈਆ। ਪੰਜ ਤਤ ਕਾਇਆ ਮਾਟੀ ਕਰਕੇ ਹਰਜ, ਹੁਜਰੇ ਸਚ ਦੇ ਬਹਿ ਕੇ ਖ਼ੁਸ਼ੀ ਮਨਾਈਆ। ਜਗਤ ਵਾਸਨਾ ਕੂੜੀ ਛੱਡ ਕੇ ਗਰਜ, ਓਟ ਇਕੋ ਇਕ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਗੁਰਮੁਖ ਆਤਮਾ ਕਹੇ ਮੇਰੀ ਲੈਣੀ ਇਕ ਸਲਾਹ, ਸਰਬ ਦਿਆਂ ਸਮਝਾਈਆ। ਪ੍ਰਭ ਦਾ ਨਾਉਂ ਭੁਲਿਓ ਕੋਈ ਨਾ, ਨਵ ਨੌ ਚਾਰ ਨਾ ਕੋਇ ਵਡਿਆਈਆ। ਬਿਨਾ ਹਰਿ ਸਰਨ ਨਹੀਂ ਕੋਈ ਥਾਂ, ਬ੍ਰਹਿਮੰਡ ਖੰਡ ਰਹੇ ਕੁਰਲਾਈਆ। ਅੰਤਮ ਨਾਤਾ ਤੁੱਟੇ ਪਿਤਾ ਮਾਂ, ਭੈਣ ਭਾਈ ਸੰਗ ਨਾ ਕੋਇ ਨਿਭਾਈਆ। ਬਿਨਾ ਸਤਿਗੁਰ ਸ਼ਬਦੀ ਕੋਈ ਨਾ ਦੇਵੇ ਠੰਡੀ ਛਾਂ, ਅਗਨੀ ਤਤ ਨਾ ਕੋਇ ਬੁਝਾਈਆ। ਜਨ ਭਗਤਾਂ ਪ੍ਰਭ ਨੇ ਸਿਧਾ ਦੱਸਿਆ ਰਾਹ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਵਿਸ਼ਨ ਬ੍ਰਹਮਾ ਸ਼ਿਵ ਸੀਸ ਰਹੇ ਝੁਕਾ, ਅਧਵਿਚਕਾਰ ਨਾ ਕੋਇ ਅਟਕਾਈਆ। ਸਚਖੰਡ ਦਵਾਰੇ ਚਰਨ ਕਵਲ ਮਿਲੇ ਸਰਨਾ, ਸਰਨਗਤ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲਏ ਜੁੜਾਈਆ। ਗੁਰਮੁਖ ਆਤਮਾ ਕਹੇ ਮੈਂ ਦੱਸਾਂ ਅਨੌਖੀ ਗੱਲ, ਗਲਵਕੜੀ ਸਭ ਨੂੰ ਪਾਈਆ। ਜਿਹੜਾ ਲੇਖਾ ਹੋਇਆ ਅੱਜ ਤੇ ਕੱਲ, ਕਲਮਿਆਂ ਤੋਂ ਬਾਹਰ ਰਿਹਾ ਦ੍ਰਿੜਾਈਆ। ਸ਼ਬਦੀ ਗੋਬਿੰਦ ਦੇਵੇ ਫਲ, ਫਲੀਭੂਤ ਦੇਵੇ ਕਰਾਈਆ। ਚੁਰਾਸੀ ਵਿਚੋਂ ਸਵਾਲ ਹੋਇਆ ਹੱਲ, ਹਾਲਤ ਆਪਣੀ ਲਈ ਬਦਲਾਈਆ। ਜਿਸ ਨੇ ਹੁਕਮੇਂ ਅੰਦਰ ਦਿਤਾ ਘੱਲ, ਅੰਤਮ ਓਹ ਗੋਦ ਉਠਾਈਆ। ਵਿਛੋੜਾ ਹੋਵੇ ਨਾ ਘੜੀ ਪਲ, ਜੁਦਾ ਹੋਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਸਰਨਗਤ ਦੇਵੇ ਪੁਰਖ ਅਕਾਲ, ਅਕਲ ਕਲਧਾਰੀ ਦਇਆ ਕਮਾਈਆ। ਸਚਖੰਡ ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕ ਵਖਾਈਆ। ਆਪੇ ਪੁਛੇ ਮੁਰੀਦਾਂ ਹਾਲ, ਮੁਰਸ਼ਦ ਬੇਪਰਵਾਹੀਆ। ਜਨ ਭਗਤਾਂ ਪੋਹ ਨਾ ਸਕੇ ਕਾਲ, ਲਾੜੀ ਮੌਤ ਨਾ ਵੰਡ ਵੰਡਾਈਆ। ਜਨਮ ਜਨਮ ਦੀ ਲੇਖੇ ਪਾਈ ਘਾਲ, ਘਾਲ ਪਿਛਲੀ ਵੇਖ ਵਖਾਈਆ। ਜਨ ਭਗਤੋ ਮੈਂ ਤੁਹਾਡਾ ਬਣਾਂ ਦਲਾਲ, ਵਿਚੋਲਾ ਧੁਰ ਦਾ ਨਜ਼ਰੀ ਆਈਆ। ਤੁਸਾਂ ਸਹਿਜੇ ਮਿਲਣਾ ਆਣ, ਆਪਣਾ ਪੰਧ ਮੁਕਾਈਆ। ਮਿਹਰਵਾਨ ਸ੍ਰੀ ਭਗਵਾਨ, ਭਗਤਾਂ ਦੇਵਣਹਾਰ ਸਰਨਾਈਆ। ਲੋਕਮਾਤ ਪੀਓ ਹਕ਼ੀਕ਼ੀ ਜਾਮ, ਕੂੜਾ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਲਏ ਬਹਾਈਆ। ਦਰ ਠਾਂਡਾ ਵੇਖੋ ਸਚ ਦਰਬਾਰ, ਦਰਗਹਿ ਸਾਚੀ ਨਜ਼ਰੀ ਆਈਆ। ਜਿਥੇ ਵਸੇ ਏਕਾ ਏਕੰਕਾਰ, ਨਿਰਗੁਣ ਨਿਰਵੈਰ ਸੋਭਾ ਪਾਈਆ। ਲੱਖ ਚੁਰਾਸੀ ਜਿਸ ਦਾ ਅਧਾਰ, ਸਰਗੁਣ ਵੱਜੇ ਵਧਾਈਆ। ਉਹ ਭਗਤ ਸੁਹੇਲੇ ਲਏ ਉਠਾਲ, ਗੁਰ ਚੇਲੇ ਮੇਲ ਮਿਲਾਈਆ। ਨਾਤਾ ਤੋੜ ਕੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣੇ ਰੰਗ ਰੰਗਾਈਆ। ਚੁਰਾਸੀ ਵਿਚੋਂ ਕਰੇ ਬਹਾਲ, ਬਿਹਬਲ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਮੱਸਾ ਸਿੰਘ ਕਹੇ ਮੇਰਾ ਕੋਮਲ ਸਮਝਿਓ ਨਾ ਕੋਇ ਸਰੀਰ ਮਲੂਕ, ਮਾਲਕ ਦੇਵਣਹਾਰ ਵਡਿਆਈਆ। ਜਨ ਭਗਤੋ ਚਾਰ ਵਰਨ ਰਖਿਓ ਸਲੂਕ,

ਦੀਨ ਮਜ਼੍ਹਬ ਕਰੇ ਨਾ ਕੋਇ ਲੜਾਈਆ। ਸਭ ਦਾ ਪੰਜ ਤਤ ਕਾਇਆ ਕਲਬੂਤ, ਅੰਦਰ ਨੂਰ ਨੂਰ ਰੁਸ਼ਨਾਈਆ। ਪੁਰਖ ਅਕਾਲ ਸਦਾ ਮੌਜੂਦ, ਹਾਜ਼ਰ ਹਜ਼ੂਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤ ਅੰਦਰ ਕਰੇ ਮਸਰੂਫ਼, ਮੁਨਸਫ ਹੋ ਕੇ ਆਪਣਾ ਹੁਕਮ ਵਰਤਾਈਆ। ਜਨ ਭਗਤੋ ਜੇ ਆਏ ਭਗਤ ਦੀ ਖ਼ਾਤਰ, ਖ਼ਤਰਾ ਦਿਉ ਮਿਟਾਈਆ। ਬਣਿਓ ਧਰਮ ਪਿਆਰ ਦੇ ਚਾਤਰ, ਚਾਤਰਿਕ ਰੂਪ ਸਰਬ ਵਟਾਈਆ। ਦਰਸ਼ਨ ਕਰਿਓ ਬਾਤਨ, ਨਿਜ ਨੇਤਰ ਨੂਰ ਰੁਸ਼ਨਾਈਆ। ਮੈਂ ਆਇਆ ਤੁਹਾਨੂੰ ਆਖਣ, ਦੂਰ ਦੁਰਾਡਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚ ਸਰਨਾਈਆ। ਜਨ ਭਗਤ ਕਹੇ ਮੈਂ ਦੱਸਣ ਆਇਆ ਕਹਾਣੀ, ਕਹਾਵਤ ਨਾਲ ਰਲਾਈਆ। ਜਨ ਭਗਤੋ ਪ੍ਰਭੂ ਦੀ ਭੁਲਿਓ ਕਦੇ ਨਾ ਬਾਣੀ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਚੜ੍ਹਾਈਆ। ਸਤਿ ਧਰਮ ਦੀ ਰੱਖਿਓ ਯਾਦ ਨਿਸ਼ਾਨੀ, ਕੂੜ ਅਪਰਾਧ ਨਾ ਕੋਇ ਕਮਾਈਆ। ਤੁਹਾਡਾ ਆਤਮ ਜੋਤ ਨੁਰਾਨੀ, ਨੂਰੋ ਨੂਰ ਨੂਰ ਰੁਸ਼ਨਾਈਆ। ਖੇਲ ਵੇਖਣਾ ਦੋ ਜਹਾਨੀ, ਲੋਕ ਪਰਲੋਕ ਖ਼ੁਸ਼ੀ ਮਨਾਈਆ। ਅੰਮ੍ਰਿਤ ਜਲ ਪੀਣਾ ਠੰਡਾ ਪਾਣੀ, ਨਿਜ ਆਤਮ ਰਸ ਚਖਾਈਆ। ਤੁਹਾਡੀ ਸਤਿਗੁਰੂ ਦਵਾਰੇ ਮਨਜ਼ੂਰ ਸਦਾ ਕ਼ੁਰਬਾਨੀ, ਜੇ ਮਨ ਦੀ ਮਨਸਾ ਦਿਉ ਮਿਟਾਈਆ। ਤੁਹਾਡੀ ਚੜ੍ਹਦੀ ਸਦਾ ਜਵਾਨੀ, ਬੁਢੇਪਾ ਪਰਤ ਕੋਇ ਨਾ ਆਈਆ। ਮਿਲੇ ਵਡਿਆਈ ਵਿਚ ਚਾਰ ਖਾਣੀ, ਚਾਰੋਂ ਕੁੰਟ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਤਰਾਈਆ। ਮੈਂ ਦੇਵਾਂ ਸੰਦੇਸ਼ਾ ਇਕ ਕੌਰ ਭਜਨ, ਫ਼ਰਮਾਨਾ ਧੁਰ ਸੁਣਾਈਆ। ਪੁਰਖ ਅਕਾਲ ਧੁਰ ਦਾ ਸੱਜਣ, ਸਗਲਾ ਸੰਗ ਨਿਭਾਈਆ। ਧੂੜੀ ਚਰਨ ਮੱਜਨ, ਦੁਰਮਤ ਮੈਲ ਧਵਾਈਆ। ਜੋ ਘੜੇ ਠੀਕਰ ਸੋ ਭੱਜਣ, ਥਿਰ ਰਹਿਣ ਕੋਇ ਨਾ ਪਾਈਆ। ਪਿਆਰ ਅੰਦਰ ਰਹਿਣਾ ਮਗਨ, ਹਿਰਦੇ ਹਰਿ ਵਸਾਈਆ। ਪੁਰਖ ਅਕਾਲ ਦੀ ਲੱਗੇ ਲਗਨ, ਕੂੜੀ ਕਿਰਿਆ ਦੇਣੀ ਤਜਾਈਆ। ਸੀਸ ਹੋਵੇ ਨਾ ਕਦੇ ਨਗਨ, ਸਮਰਥ ਹੱਥ ਟਿਕਾਈਆ। ਕਿਸੇ ਦਵਾਰੇ ਨਾ ਜਾਣਾ ਮੰਗਣ, ਖ਼ਾਲੀ ਭੰਡਾਰੇ ਦਏ ਭਰਾਈਆ। ਸਤਿ ਧਰਮ ਨਾ ਪਾਰ ਕਰਨੀ ਉਲੰਘਣ, ਨੇਤਰ ਅੱਖ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਭਗਤ ਆਤਮਾ ਕਹੇ ਝੂਠਾ ਨਾਤਾ ਨਾਰ ਕੰਤ, ਤੱਤਾਂ ਵਾਲੀ ਵਡਿਆਈਆ। ਜਿਨ੍ਹਾਂ ਮਿਲਿਆ ਸ੍ਰੀ ਭਗਵੰਤ, ਓਹ ਭਗਵਨ ਵਿਚ ਗਏ ਸਮਾਈਆ। ਅੰਤਰ ਆਤਮਾ ਨਾਮ ਮੰਤ, ਢੋਲਾ ਇਕੋ ਗਾਈਆ। ਉਹ ਪਰਮ ਪੁਰਖ ਦੇ ਸੰਤ, ਅੰਤ ਸਤਿਗੁਰ ਵਿਚ ਸਮਾਈਆ। ਕੋਈ ਸਮਝ ਨਾ ਸਕੇ ਪਾਂਧਾ ਪੰਡਤ, ਮੁੱਲਾ ਸ਼ੇਖ਼ ਨਾ ਕੋਇ ਸਮਝਾਈਆ। ਗੁਰਮੁਖ ਤੇਰੀ ਸਭ ਤੋਂ ਵੱਡੀ ਹਿੰਮਤ, ਹੌਸਲਾ ਇਕ ਜਣਾਈਆ। ਤੇਰੇ ਨੇੜ ਨਾ ਆਵੇ ਕਾਮਨਾ ਵਾਲੀ ਇੱਲਤ, ਦੁਰਗੰਧੀ ਅੰਦਰੋਂ ਦੇਣੀ ਕਢਾਈਆ। ਕਿਸੇ ਦਾ ਬਣਨਾ ਨਹੀਂ ਕਦੇ ਵੀ ਨਿੰਦਕ, ਨਿੰਦਿਆ ਮੁਖ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਭਗਤ ਆਤਮਾ ਕਹੇ ਤੂੰ ਆਤਮ ਬਣੀ ਰਹੀਂ ਸੱਚੀ, ਸਚ ਵਿਚ ਸਮਾਈਆ। ਪੁਰਖ ਅਕਾਲ ਬਣਾਵਣਹਾਰਾ ਸਾਚੀ ਬੱਚੀ, ਗੁਰਮੁਖ ਆਪਣੀ ਗੋਦ ਉਠਾਈਆ। ਨਾਮ ਪਦਾਰਥ ਰੰਗਣ ਦੇ ਕੇ ਰਤੀ, ਰਤਨ ਅਮੋਲਕ ਹੀਰੇ ਮਾਣ ਦਏ ਵਡਿਆਈਆ। ਤੇਰਾ ਸਦਾ ਜੀਉਂਦਾ ਪਤੀ, ਪਤਣ ਬਹਿ ਕੇ ਖ਼ੁਸ਼ੀ ਮਨਾਈਆ। ਕੀ ਹੋਇਆ ਜੇ ਜਗਤ ਵਿਚੋਂ ਬੁਝ ਗਈ ਬੱਤੀ, ਅਗੇ ਨਿਰਗੁਣ ਜੋਤ ਵਿਚ ਸਮਾਈਆ।

ਵਕ਼ਤ ਨਾਲ ਆ ਕੇ ਵੇਖੀਂ ਬਿਨਾ ਅੱਖੀਂ, ਆਖ਼ਰ ਉਹੋ ਨਜ਼ਰੀ ਆਈਆ। ਖ਼ੁਸ਼ੀਆਂ ਨਾਲ ਹੱਸੀਂ, ਗੀਤ ਗੋਬਿੰਦ ਅਲਾਈਆ। ਕਲਜੁਗ ਕੂੜੀ ਤਪਣ ਵਾਲੀ ਭੱਠੀ, ਚਾਰੋਂ ਕੁੰਟ ਅਗਨੀ ਇਕ ਜਲਾਈਆ। ਧੰਨ ਭਾਗ ਜੇ ਭਗਤਾਂ ਸੰਗਤ ਹੋਈ ਇਕੱਠੀ, ਗੁਰਮੁਖ ਮਿਲ ਕੇ ਸੋਭਾ ਪਾਈਆ। ਜਿਨ੍ਹਾਂ ਪੜ੍ਹੀ ਇਕੋ ਪੱਟੀ, ਬਿਨ ਅੱਖਰਾਂ ਕਰਨ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਭਗਤ ਆਤਮਾ ਕਹੇ ਰਖਣਾ ਸੱਚਾ ਸਤਿ, ਸਤਿ ਸਤਿਵਾਦੀ ਦਇਆ ਕਮਾਈਆ। ਕਿਸੇ ਵਲ ਵੇਖਣਾ ਨਹੀਂ ਬੇਗਾਨੀ ਅੱਖ, ਨੇਤਰ ਨੈਣ ਨੈਣ ਮਿਲਾਈਆ। ਜਗਤ ਵਾਸਨਾ ਦੇਣੀ ਛੱਡ, ਹੱਡਾਂ ਦੀ ਰਹੇ ਨਾ ਕੋਇ ਲੜਾਈਆ। ਆਤਮ ਪਰਮਾਤਮ ਮੇਲਾ ਕਰਨਾ ਸਚ, ਸਚ ਵਿਚ ਸਮਾਈਆ। ਨਾਮ ਨਿਧਾਨਾ ਸਾਢੇ ਤਿੰਨ ਕਰੋੜ ਜਾਵੇ ਰਚ, ਰਚਨਾ ਅਗਲੀ ਦਏ ਵਖਾਈਆ। ਪੁਰਖ ਅਕਾਲ ਦੀ ਇਕੋ ਮਤ, ਮਤੇ ਅਵਰ ਨਾ ਕੋਇ ਜਣਾਈਆ। ਧੀਰਜ ਵਿਚ ਰਖਣਾ ਹਠ, ਸਤਿ ਸਤਿ ਵਿਚ ਟਿਕਾਈਆ। ਮਾਨਸ ਜਨਮ ਕਾਇਆ ਖੇੜਾ ਨਾ ਹੋਵੇ ਭੱਠ, ਆਤਮ ਪਰਮਾਤਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਪਾਰ ਲੰਘਾਈਆ। ਮੱਸਾ ਸਿੰਘ ਕਹੇ ਮੇਰਾ ਹੱਲ ਹੋਇਆ ਮਸਲਾ, ਪ੍ਰਭੂ ਮਿਸਲ ਦਿਤੀ ਬਣਾਈਆ। ਮੇਰਾ ਰੂਪ ਪਰਗਟ ਹੋਇਆ ਅਸਲਾ, ਅਸਲੀਅਤ ਦਿਤੀ ਜਣਾਈਆ। ਮੈਂ ਸਚਖੰਡ ਦਵਾਰੇ ਵਸਣਾ, ਬਸਤੀ ਸੋਹਣੀ ਨਜ਼ਰੀ ਆਈਆ। ਜਿਥੇ ਵਸੇ ਵਾਸੀ ਪਟਣਾ, ਸ਼ਬਦੀ ਧਾਰਾ ਇਕ ਪਰਗਟਾਈਆ। ਜਨ ਭਗਤੋ ਲੋਕਮਾਤ ਮਾਨਸ ਜਨਮ ਦੀ ਇਕੋ ਵਾਰ ਘਟਨਾ, ਫਿਰ ਘਾਟਿਆਂ ਵਿਚੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਦਏ ਵਡਿਆਈਆ। ਭਗਤ ਆਤਮਾ ਕਹੇ ਮੇਰੀ ਆਸਾ ਪੁੰਨੀ, ਪੁਨਹ ਪੁਨਹ ਸਰਨਾਈਆ। ਗੁਰਮੁਖ ਵੇਖੇ ਵੱਡੇ ਗੁਣੀ, ਗਹਿਰ ਗੰਭੀਰ ਦਿਤੀ ਸਰਨਾਈਆ। ਜਿਨ੍ਹਾਂ ਦੇ ਹਿਰਦੇ ਅੰਦਰ ਇਕੋ ਆਵਾਜ਼ ਸੁਣੀ, ਤੂੰਹੀ ਤੂੰਹੀ ਢੋਲਾ ਗਾਈਆ। ਉਹ ਭਗਤ ਸੁਹਾਗਣ ਭੈਣ ਨੂੰ ਦੇਵਣ ਆਏ ਪ੍ਰੇਮ ਪਿਆਰ ਦੀ ਚੁੰਨੀ, ਓਢਣ ਸੋਹਣਾ ਸੀਸ ਟਿਕਾਈਆ। ਕਿਸੇ ਪਾਸਿਉਂ ਨਾ ਰਹੇ ਊਣੀ, ਦਰਦੀ ਹੋ ਕੇ ਦਰਦ ਵੰਡਾਈਆ। ਸਭ ਦੇ ਵਿਚੋਂ ਪਿਆਰਾ ਦਿਸੇ ਮੁਨੀ, ਲਾਲ ਲਾਲ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਗ ਸਭ ਦਾ ਝੋਲੀ ਪਾਈਆ। ਭਾਗ ਕਹੇ ਮੈਂ ਭਾਗਾਂ ਵਾਲਾ, ਭਗਵਨ ਹੋਏ ਸਹਾਈਆ। ਜਨ ਭਗਤਾਂ ਵੇਖਾਂ ਘਰ ਸੱਚੀ ਧਰਮਸਾਲਾ, ਜਿਥੇ ਗੁਰਮੁਖ ਬਹਿ ਕੇ ਖ਼ੁਸ਼ੀ ਮਨਾਈਆ। ਇਕੋ ਮਰਦੰਗ ਇਕੋ ਵੱਜੇ ਤਾਲਾ, ਤਲਵਾੜਾ ਰਾਗ ਇਕੋ ਇਕ ਗਾਈਆ। ਇਕੋ ਰਾਹ ਰਹਿਬਰ ਦੱਸੇ ਸੁਖਾਲਾ, ਸੁਖ ਸਾਗਰ ਵਿਚ ਸਮਾਈਆ। ਇਕੋ ਨੂਰ ਹੋਏ ਉਜਾਲਾ, ਅੰਧ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਮਿਲਾਈਆ। ਜਨ ਭਗਤ ਕਹੇ ਮੈਂ ਵੇਖ ਕੇ ਅੰਤ ਮੁੜਦਾ, ਆਪ ਆਪਣਾ ਰੁਖ਼ ਬਦਲਾਈਆ। ਸੰਦੇਸ਼ਾ ਸੁਨੇਹੜਾ ਦੇ ਕੇ ਧੁਰ ਦਾ, ਧਰਨੀ ਧਰਤ ਗਿਆ ਸੁਣਾਈਆ। ਲੇਖਾ ਵੇਖੋ ਪੂਰੇ ਸਤਿਗੁਰ ਦਾ, ਸ਼ਬਦੀ ਸ਼ਬਦ ਦਇਆ ਕਮਾਈਆ। ਜੋ ਮਾਲਕ ਅਨੰਦਪੁਰ ਦਾ, ਪੁਰੀਆਂ ਲੋਆਂ ਤੋਂ ਬਾਹਰ ਡੇਰਾ ਲਾਈਆ। ਜਿਸ ਦਾ ਕੀਤਾ ਕੌਲ ਇਕ਼ਰਾਰ ਕਦੇ ਨਾ ਥੁੜਦਾ, ਬਹੁਤਿਆਂ ਵਿਚੋਂ ਥੋੜੇ ਰਿਹਾ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾਲ ਹੋ ਕੇ ਵੇਖ ਵਖਾਈਆ। ਭਗਤ ਆਸਾ ਕਹੇ ਮੈਂ ਦੇਂਦੀ ਜਾਵਾਂ ਅਸੀਸ, ਅਸ਼ੀਰਵਾਦ ਜਣਾਈਆ। ਪੁਰਖ ਅਕਾਲ ਕਰੇ ਬਖ਼ਸ਼ੀਸ਼, ਬਖ਼ਸ਼ਿਸ਼

ਬੇਪਰਵਾਹੀਆ। ਸਾਚਾ ਕਲਮਾ ਹੱਕ ਹਦੀਸ, ਨਗ਼ਮਾ ਨਾਮ ਇਕ ਦ੍ਰਿੜਾਈਆ। ਸੰਤ ਸੁਹੇਲੇ ਰਹਿਣ ਅਤੀਤ, ਤ੍ਰੈਗੁਣ ਕੂੜਾ ਪੰਧ ਮੁਕਾਈਆ। ਧੁਰ ਦਾ ਢੋਲਾ ਗਾਵਣ ਗੀਤ, ਗਹਿਰ ਗੰਭੀਰ ਗੋਬਿੰਦ ਸਾਲਾਹੀਆ। ਪੁਰਖ ਅਕਾਲ ਨਾਲ ਲੱਗੇ ਸਚ ਪ੍ਰੀਤ, ਪ੍ਰੇਮੀ ਹੋ ਕੇ ਤੋੜ ਨਿਭਾਈਆ। ਜਨ ਭਗਤਾਂ ਜੁਗ ਜੁਗ ਚਲਦੀ ਰਹੇ ਰੀਤ, ਰੀਤੀਵਾਨ ਰਿਹਾ ਵਖਾਈਆ। ਹਰਿ ਸੰਗਤ ਹਰਿ ਹਰ ਹਿਰਦੇ ਵਸੇ ਚੀਤ, ਚੇਤਨ ਸਭ ਨੂੰ ਦਏ ਕਰਾਈਆ। ਸ਼ਬਦ ਵਿਚੋਲਾ ਸਤਿਗੁਰ ਸਭ ਦੇ ਬੀਚ, ਵਿਚਾਲੇ ਹੋ ਕੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਲੇਖੇ ਲਾ ਕੇ ਹਸਤ ਕੀਟ, ਦਰ ਘਰ ਸਾਚੇ ਸਚਖੰਡ ਦਵਾਰੇ ਦੇਵੇ ਮਾਣ ਵਡਿਆਈਆ।