੧੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਸੀਤਲ ਸਿੰਘ ਦੇ ਗ੍ਰਹਿ ਪਿੰਡ ਡਗਰੂ ਜ਼ਿਲਾ ਫ਼ਿਰੋਜ਼ਪੁਰ
ਛੱਤੀ ਭੋਜਨ ਖਾਵਣ ਛਤਰਧਾਰੀ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰਸਨ ਲਗਾਈਆ। ਮਨ ਵਾਸਨਾ ਭਰਦੇ ਰਹਿਣ ਪਟਾਰੀ, ਖ਼ੁਸ਼ੀ ਜਗਤ
ਵਿਚ ਵਧਾਈਆ। ਭਗਤ ਭਗਵਾਨ ਦੀ ਵੱਖਰੀ ਖੇਲ ਨਿਆਰੀ, ਨਿਰਗੁਣ ਸਰਗੁਣ ਦਏ ਸਮਝਾਈਆ। ਜੁਗ ਚੌਕੜੀ ਪਿਛੋਂ ਜਨ ਭਗਤਾਂ ਦੀ ਆਈ ਵਾਰੀ, ਲੋਕਮਾਤ ਮਿਲੇ ਵਡਿਆਈਆ। ਕਿਰਪਾ ਕਰੇ ਆਪ ਨਿਰੰਕਾਰੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਾਮ ਖ਼ੁਮਾਰੀ ਜਾਵੇ ਚਾੜ੍ਹੀ, ਰੰਗ ਇਕੋ ਇਕ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਸ ਦਏ ਵਖਾਈਆ। ਛੱਤੀ ਭੋਜਨ ਜਗਤ ਪਕਵਾਨ, ਰਸਨਾ ਜਿਹਵਾ ਰਸ ਵਖਾਈਆ। ਭਗਤਾਂ ਵਸਤ ਅਮੋਲਕ ਦੇਵੇ ਸ੍ਰੀ ਭਗਵਾਨ, ਸਤਿ ਸਚ ਸਤਿ ਦ੍ਰਿੜਾਈਆ। ਜਿਨ੍ਹਾਂ ਘਰ ਸਵਾਮੀ ਮਿਲਿਆ ਆਣ, ਅੰਤਰਜਾਮੀ ਵੇਖ ਵਖਾਈਆ। ਏਥੇ ਓਥੇ ਦੋ ਜਹਾਨਾਂ ਮਿਲੇ ਮਾਣ, ਅਧਵਿਚਕਾਰ ਨਾ ਕੋਇ ਅਟਕਾਈਆ। ਲੱਖ ਚੁਰਾਸੀ ਜੀਵ ਜੰਤ ਸਾਰੇ ਪੀਣ ਖਾਣ, ਅੰਦਰ ਅਧਾਰ ਇਕ ਰਖਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲਾ ਪਰਮ ਪੁਰਖ ਦਾ ਮੰਗੇ ਦਾਨ, ਨਾਮ ਨਿਧਾਨਾ ਆਸ ਰਖਾਈਆ। ਜਿਸ ਨੂੰ ਸਾਹਿਬ ਸਤਿਗੁਰ ਕਰੇ ਪਰਵਾਨ, ਮਿਹਰਵਾਨ ਦਇਆ ਕਮਾਈਆ। ਤਿਨ੍ਹਾਂ ਕਾਇਆ ਮਾਟੀ ਗ੍ਰਹਿ ਮੰਦਰ ਅੰਦਰ ਮਿਲੇ ਆਣ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਆਤਮ ਪਰਮਾਤਮ ਰਸ ਅਨਡਿਠਾ ਭੋਗ ਲਗਾਏ ਆਣ, ਗੁਣਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਜਨ ਭਗਤ ਕਦੇ ਨਾ ਹੋਵੇ ਗ਼ਰੀਬ, ਮਿਲਖ ਜਾਗੀਰ ਧੰਨ ਦੌਲਤ ਕੰਮ ਕਿਸੇ ਨਾ ਆਈਆ। ਜੁਗ ਚੌਕੜੀ ਲੋਕਮਾਤ ਗਏ ਬੀਤ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਭਗਤ ਭਗਵਾਨ ਦੀ ਚਲਦੀ ਆਈ ਰੀਤ, ਧਰੂ ਪ੍ਰਹਿਲਾਦ ਕਬੀਰ ਜੁਲਾਹਾ ਆਪਣਾ ਸੰਗ ਬਣਾਈਆ। ਰਵਦਾਸ ਚਮਾਰਾ ਦੇ ਕੇ ਗਿਆ ਇਕ ਨਸੀਹਤ, ਧੁਰ ਸੰਦੇਸ਼ਾ ਇਕ ਦ੍ਰਿੜਾਈਆ। ਸਚ ਪ੍ਰੀਤੀ ਜਨ ਭਗਤਾਂ ਮਿਲੀ ਵਸੀਅਤ, ਵਿਸ਼ਵ ਇਕੋ ਇਕ ਦਰਸਾਈਆ। ਜਿਨ੍ਹਾਂ ਦੇ ਅੰਤਰ ਸੱਚੇ ਪ੍ਰੇਮ ਪਿਆਰ ਦੀ ਅਸਲੀਅਤ, ਅਸਲ ਵਸਲ ਵੇਖੇ ਜਲਵਾ ਨੂਰ ਖ਼ੁਦਾਈਆ। ਧੁਰ ਦਰਬਾਰ ਸਚ ਦਵਾਰ ਮੁਕਾਮੇ ਹੱਕ ਉਹਨਾਂ ਮਿਲੇ ਅਹਿਮੀਅਤ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਵੇਖ ਵਖਾਈਆ। ਜਨ ਭਗਤ ਲੋਕਮਾਤ ਹੋਵੇ ਨਾ ਮੰਗਤਾ, ਦਰ ਭਿਖਾਰੀ ਨਾ ਰੂਪ ਵਟਾਈਆ। ਪੁਰਖ ਅਕਾਲ ਦੀਨ ਦਿਆਲ ਤੋੜਨਹਾਰਾ ਗੜ੍ਹ ਅੰਤਰ ਹਉਮੇਂ ਹੰਗਤਾ, ਹੰ ਬ੍ਰਹਮ ਦਏ ਸਮਝਾਈਆ। ਮੇਲ ਮਿਲਾ ਕੇ ਸਾਚੀ ਸੰਗਤਾ, ਸੱਜਣ ਇਕੋ ਇਕ ਵਖਾਈਆ। ਨਾਮ ਨਿਧਾਨਾ ਬੋਧ ਅਗਾਧਾ ਦੱਸੇ ਬਣ ਕੇ ਪੰਡਤਾ, ਅੱਖਰ ਵੱਖਰ ਆਪ ਸਮਝਾਈਆ। ਝਗੜਾ ਮੁਕਾ ਕੇ ਬਹਿਸ਼ਤ ਜੰਨਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਮਾਣ ਵਡਿਆਈ ਦੇ ਕੇ ਸਾਚੇ ਸੰਤਾ, ਸਹਿਜ ਸੁਭਾਓ ਅੰਤਰ ਪੜਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਅੰਦਰ ਜਨ ਭਗਤਾਂ ਕਾਇਆ ਚੋਲੀ ਰੰਗਦਾ, ਜੁਗ ਚੌਕੜੀ ਉਤਰ ਕਦੇ ਨਾ ਜਾਈਆ। ਜਨ ਭਗਤ ਕਦੇ ਨਾ ਹੋਵੇ ਭੁੱਖਾ, ਜਗਤ ਤ੍ਰਿਸ਼ਨਾ ਨਾ ਕੋਇ ਵਧਾਈਆ। ਜਿਨ੍ਹਾਂ ਦਾ ਅੰਤਰ ਆਤਮ ਹੋ ਗਿਆ ਸੁੱਚਾ, ਕੂੜ ਮੈਲ ਰਹੇ ਨਾ ਰਾਈਆ। ਉਨ੍ਹਾਂ ਦਾ ਭੰਡਾਰਾ ਕਦੇ ਨਾ ਮੁਕਦਾ, ਦੇਵਣਹਾਰ ਦਇਆ ਕਮਾਈਆ। ਭਗਤ ਭਗਵਾਨ ਦਾ ਸਦਾ ਟੁੱਕਰ ਸੁੱਕਾ, ਸ਼ਾਹ ਪਾਤਸ਼ਾਹ ਘਰ ਫੇਰਾ ਕਦੇ ਨਾ ਪਾਈਆ। ਜਿਨ੍ਹਾਂ ਦਾ ਜੀਵਣ ਪ੍ਰਭੂ ਦੀ ਪ੍ਰੀਤੀ ਅੰਦਰ ਉਚਾ, ਉਹ ਨੀਚੋਂ ਊਚ ਕਰ ਕਰ ਦੇਵੇ ਵਡਿਆਈਆ। ਸ੍ਰੀ ਭਗਵਾਲ ਉਤੇ ਚਲੇ ਕਿਸੇ ਦਾ ਨਾ ਕੋਈ ਗ਼ੁੱਸਾ, ਕੋਝਿਆਂ ਕਮਲਿਆਂ ਗਲੇ ਲਗਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਲੋਕਮਾਤ ਆਪ ਉਠਾਏ ਸੁੱਤਾ, ਸੋਈ ਸੁਰਤੀ ਆਪ ਜਗਾਈਆ। ਜਨ ਭਗਤ ਜਗਤ ਵਾਸਨਾ ਨਾ ਬਣੇ ਭਿਖਾਰੀ, ਮਾਇਆ ਮਮਤਾ ਮੋਹ ਵਧਾਈਆ। ਜਿਸ ਦੇ ਅੰਦਰ ਨਿਰਗੁਣ ਨੂਰ ਜੋਤ ਨਿਰੰਕਾਰੀ, ਜਲਵਾਗਰ ਸੋਭਾ ਪਾਈਆ। ਦੇਵਣਹਾਰ ਵਡ ਦਾਤਾਰੀ, ਦਇਆਵਾਨ ਝੋਲੀ ਦਏ ਭਰਾਈਆ। ਮਾਤਲੋਕ ਜਨ ਭਗਤਾਂ ਨੇੜ ਨਾ ਆਵੇ ਖ਼ੁਆਰੀ, ਖ਼ਾਲਸ ਇਕੋ ਰੰਗ ਰੰਗਾਈਆ। ਜਿਨ੍ਹਾਂ ਦਾ ਲੇਖਾ ਕਾਗਦ ਕ਼ਲਮ ਨਾ ਲਿਖਣਹਾਰੀ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਜੁਗ ਚੌਕੜੀ ਪਿਛੋਂ ਲੋਕਮਾਤ ਪੰਜ ਤਤ ਕਾਇਆ ਅੰਦਰ ਸਾਚੇ ਮੰਦਰ ਉਨ੍ਹਾਂ ਦੀ ਆਏ ਵਾਰੀ, ਵਾਰਤਾ ਢੋਲੇ ਜਸ ਗੀਤ ਰਸਨਾ ਜਿਹਵਾ ਬੱਤੀ ਦੰਦ ਬੁਧੀ ਨਾਲ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਜਨ ਭਗਤਾਂ ਅੰਤਰ ਸਦਾ ਲਗਦਾ ਰਹਿੰਦਾ ਭੋਗ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਅੰਤਰ ਰਸ ਚਖ ਚਖ ਖ਼ੁਸ਼ੀ ਮਨਾਈਆ। ਜਗਤ ਵਿਛੜਿਆਂ ਹੁੰਦਾ ਰਹੇ ਸੰਜੋਗ, ਜਨਮ ਜਨਮ ਦਾ ਲਹਿਣਾ ਦੇਣਾ ਝੋਲੀ ਦੇਵੇ ਪਾਈਆ। ਕਰਮ ਕਰਮ ਦਾ ਕਟਦਾ ਰਹੇ ਰੋਗ, ਚਿੰਤਾ ਸੋਗ਼ ਦਏ ਗਵਾਈਆ। ਖ਼ੁਸ਼ੀਆਂ ਅੰਦਰ ਆਪਣੇ ਨਾਮ ਦੀ ਦੇਂਦਾ ਰਹੇ ਚੋਗ, ਚੁਗਲੀ ਨਿੰਦਿਆ ਅੰਦਰੋਂ ਬਾਹਰ ਕਢਾਈਆ। ਚਰਨ ਪ੍ਰੀਤੀ ਬਖ਼ਸ਼ਦਾ ਰਹੇ ਜੋਗ, ਜਗਤ ਜਗਦੀਸ਼ਰ ਆਪ ਸਮਝਾਈਆ। ਭਾਗ ਲਗਾ ਕੇ ਕਾਇਆ ਮਾਟੀ ਸਾਚੇ ਕੋਟ, ਕੂੜ ਕੁਟੰਬ ਦਏ ਮਿਟਾਈਆ। ਸਾਹਿਬ ਸੁਹੇਲਾ ਇਕ ਅਕੇਲਾ ਪੁਰਖ ਅਬਿਨਾਸ਼ੀ ਜਨ ਭਗਤਾਂ ਨਿਰਗੁਣ ਹੋ ਕੇ ਚੁੱਕੇ ਆਪਣੀ ਗੋਦ, ਬਿਨ ਭੁਜਾਂ ਫੜ ਬਾਹੋਂ ਆਪਣੀ ਗੋਦ ਬਿਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਰਸ਼ਨ ਦੇਵੇ ਰੋਜ਼, ਬਿਨ ਅੱਖਾਂ ਪਰਤੱਖ ਨਜ਼ਰੀ ਆਈਆ। ਜਨ ਭਗਤ ਸਦਾ ਮਾਣਦਾ ਮੌਜ, ਮਜਲਸ ਪ੍ਰਭ ਦੇ ਨਾਲ ਰਖਾਈਆ। ਸਾਚੇ ਪ੍ਰੀਤਮ ਦਾ ਅਗੰਮੀ ਚੋਜ, ਨਿਰਾਲਾ ਆਪਣਾ ਗ੍ਰਹਿ ਦ੍ਰਿੜਾਈਆ। ਇਕੋ ਨਾਮ ਨਿਧਾਨਾ ਸ੍ਰੀ ਭਗਵਾਨਾ ਦੱਸ ਸਲੋਕ, ਸੋਹਲਾ ਸਚ ਦਏ ਸਮਝਾਈਆ। ਝਗੜਾ ਚੁਕ ਜਾਏ ਲੋਕ ਪਰਲੋਕ, ਦੋ ਜਹਾਨਾਂ ਡੇਰਾ ਢਾਹੀਆ। ਚਰਨ ਪ੍ਰੀਤੀ ਸਾਚੀ ਰੀਤੀ ਦੱਸ ਕੇ ਧੁਰ ਦੀ ਓਟ, ਓੜਕ ਆਪਣੇ ਵਿਚ ਮਿਲਾਈਆ। ਜਨ ਭਗਤ ਤੇਰਾ ਰੂਪ ਨਿਰਮਲ ਜੋਤ, ਅੰਤ ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਬੇਨਜ਼ੀਰ ਆਪ ਉਠਾਈਆ।
੧੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਧੰਨਾ ਸਿੰਘ ਦੇ ਗ੍ਰਹਿ ਪਿੰਡ ਡਗਰੂ ਜ਼ਿਲਾ ਫ਼ਿਰੋਜ਼ਪੁਰ
ਜਨ ਭਗਤ ਤੇਰਾ ਸਚ ਪਦਾਰਥ, ਧਰਨੀ ਧਰਤ ਧਵਲ ਦਏ ਗਵਾਹੀਆ। ਪ੍ਰਭ ਦਾ ਖਾ ਕੇ ਸੌਰੇ ਸਵਾਰਥ, ਸਾਂਤਕ ਸਤਿ ਵੱਜੇ ਵਧਾਈਆ। ਗੁਰਮੁਖਾਂ ਬਣਿਆਂ ਰਹੇ ਪਰਮਾਰਥ, ਪ੍ਰੇਮ ਪ੍ਰੀਤੀ ਰੰਗ ਚੜ੍ਹਾਈਆ। ਮਾਨਸ ਜਨਮ ਨਾ ਜਾਏ ਅਕਾਰਥ, ਲੇਖਾ ਲੇਖੇ ਵਿਚੋਂ ਬਦਲਾਈਆ। ਗ਼ਰੀਬਾਂ ਪਿਛੇ ਔਣਾ ਪਿਆ ਯਥਾਰਥ, ਸਾਜਣ ਹੋ ਕੇ ਸਾਚੀ ਸੇਵ ਕਮਾਈਆ। ਪ੍ਰੀਤੀ ਪ੍ਰੇਮ ਦੀ ਲਿਖ ਕੇ ਜਾਏ ਇਬਾਰਤ, ਜੁਗ ਚੌਕੜੀ ਨਾ ਕੋਇ ਮਿਟਾਈਆ। ਪਾਰ ਕਰਾਏ ਬਿਨਾ ਸਫ਼ਾਰਸ਼, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ
ਉਠਾਈਆ। ਭਗਤ ਘਰ ਸਦਾ ਭੋਗ ਲੱਗਦਾ, ਲਗਨ ਪ੍ਰਭ ਦੀ ਚਲੀ ਆਈਆ। ਜਗਤ ਵਿਹਾਰ ਛੱਡ ਜਗ ਦਾ, ਜਗ੍ਹਾ ਜਗ੍ਹਾ ਲਏ ਉਠਾਈਆ। ਕੂੜਾ ਲਾਲਚ ਤੁੜਾ ਮਾਇਆ ਮਮਤਾ ਅੱਗ ਦਾ, ਸਤਿ ਧਰਮ ਇਕ ਵਖਾਈਆ। ਜੋ ਸਾਹਿਬ ਸਰਨਾਈ ਲੱਗਦਾ, ਲਗ ਮਾਤਰ ਦਏ ਬਦਲਾਈਆ। ਸ਼ਹਾਦਤ ਦੇਵੇ ਵੇਲਾ ਵਕ਼ਤ ਅੱਜ ਦਾ, ਜੁਗ ਚੌਕੜੀ ਕਾਰ ਭੁਗਤਾਈਆ। ਵੇਖਿਆ ਖੇਲ ਪੂਰੇ ਪੁਰਖ ਸਮਰਥ ਦਾ, ਜੋ ਭਗਤਾਂ ਹੋਏ ਸਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮ ਬਖ਼ਸ਼ ਕੇ ਜਾਏ ਸਚ ਦਾ, ਕਾਇਆ ਕੱਚ ਮਿਲੇ ਵਡਿਆਈਆ।
੧੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਮੇਲਾ ਸਿੰਘ ਦੇ ਗ੍ਰਹਿ ਪਿੰਡ ਡਗਰੂ ਜ਼ਿਲਾ ਫ਼ਿਰੋਜ਼ਪੁਰ
ਜਨ ਭਗਤ ਕਹੇ ਪ੍ਰਭੂ ਧੰਨ, ਧੰਨ ਧੰਨ ਤੇਰੀ ਬੇਪਰਵਾਹੀਆ। ਜਿਸ ਵਾਸਨਾ ਬਦਲ ਕੇ ਮਨੂਆ ਮਨ, ਮਮਤਾ ਕੂੜ ਦਿਤੀ ਗਵਾਈਆ। ਭਾਗ ਲਗਾ ਕੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦਿਤੀ ਬਦਲਾਈਆ। ਘਰ ਚਾੜ੍ਹ ਕੇ ਸਾਚਾ ਚੰਨ, ਸਤਿ ਸਤਿ ਕੀਤੀ ਰੁਸ਼ਨਾਈਆ। ਨੇਤਰਹੀਣ ਰਿਹਾ ਨਾ ਅੰਨ੍ਹ, ਨੈਣ ਇਕੋ ਦਿਤਾ ਖੁਲ੍ਹਾਈਆ। ਤੇਰਾ ਨਾਉਂ ਸੁਣ ਕੇ ਜਸ ਸਰਵਣ ਕੰਨ, ਮਿਲੀ ਮਾਣ ਵਡਿਆਈਆ। ਲੋਕਮਾਤ ਬੇੜਾ ਦਿਤਾ ਬੰਨ੍ਹ, ਗੁਣ ਨਿਧਾਨ ਹੋ ਕੇ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਰਾਹ ਰਿਹਾ ਵਖਾਈਆ। ਜਨ ਭਗਤ ਕਹੇ ਤੂੰ ਪ੍ਰਭੂ ਆਦਿ ਜੁਗਾਦੀ ਖੋਜੀ, ਜਨ ਭਗਤਾਂ ਲਏਂ ਜਗਾਈਆ। ਕਿਸੇ ਹੱਥ ਨਾ ਆਵੇਂ ਅਭਿਆਸੀ ਜੋਗੀ, ਜੁਗਤੀਆਂ ਵਿਚ ਮਰੇ ਲੋਕਾਈਆ। ਗੁਰਮੁਖਾਂ ਦੇ ਕੇ ਆਪਣੀ ਸੋਝੀ, ਸੋਈ ਸੁਰਤੀ ਲਏਂ ਉਠਾਈਆ। ਆਤਮ ਰਸ ਰਹੇ ਭੋਗੀ, ਜਗਤ ਦੁੱਖੜਾ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਜਣ ਬਣ ਕੇ ਧੁਰ ਦਾ ਮੌਜੀ, ਮੇਲਾ ਰਿਹਾ ਕਰਾਈਆ। ਜਨ ਭਗਤ ਕਹੇ ਮੈਂ ਝਲਕ ਨਿਰਾਲੀ ਤੱਕੀ ਬਾਂਕੀ, ਨਿਰਵੈਰ ਨਿਰਾਕਾਰ ਨਜ਼ਰੀ ਆਈਆ। ਮੇਰੀ ਅੰਦਰੋਂ ਖੁਲ੍ਹ ਗਈ ਤਾਕੀ, ਭੇਵ ਰਿਹਾ ਨਾ ਰਾਈਆ। ਪ੍ਰਭ ਮਿਲਿਆ ਅੰਦਰ ਦਾ ਸਾਕੀ, ਜਾਮ ਪਿਆਲਾ ਇਕ ਪਿਆਈਆ। ਮਨੂਆ ਮਨ ਰਿਹਾ ਨਾ ਆਕ਼ੀ, ਮਨਮਤ ਦਿਤੀ ਗਵਾਈਆ। ਸੁਣਿਆ ਨਾਮ ਅਗੰਮਾ ਅਨਾਦੀ, ਨਾਦ ਧੁੰਨ ਰਿਹਾ ਵਜਾਈਆ। ਹੰਗਤਾ ਗੜ੍ਹ ਹੋਈ ਬਰਬਾਦੀ, ਗ੍ਰਹਿ ਮੰਦਰ ਦਏ ਵਸਾਈਆ। ਆਤਮ ਪਰਮਾਤਮ ਹੋਇਆ ਵਿਸਮਾਦੀ, ਮਿਹਰ ਨਜ਼ਰ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਹੋ ਕੇ ਭਗਤਾਂ ਕਰੇ ਆਪ ਵੈਰਾਗੀ, ਵੈਰਾਗੀਆਂ ਹੱਥ ਕਿਸੇ ਨਾ ਆਈਆ।
੧੫ ਫੱਗਣ ਸ਼ਹਿਨਸ਼ਾਹੀ ਸੰਮਤ ੧ ਸੁਰੈਣ ਸਿੰਘ ਦੇ ਗ੍ਰਹਿ ਪਿੰਡ ਨਿਧਾਂ ਵਾਲਾ ਜ਼ਿਲਾ ਫ਼ਿਰੋਜ਼ਪੁਰ
ਸ੍ਰੀ ਭਗਵਾਨ ਕਹੇ ਮੈਂ ਕਰਤਾ ਕ਼ੁਦਰਤ, ਕ਼ਾਦਰ ਧੁਰ ਦਾ ਬੇਪਰਵਾਹੀਆ। ਜੁਗ ਚੌਕੜੀ ਮਾਲਕ ਬਣ ਕੇ ਧੁਰ ਦਾ ਮੁਰਸ਼ਦ, ਮੁਰੀਦਾਂ ਮੁੱਦਾ ਰਿਹਾ ਸਮਝਾਈਆ। ਲੱਖ ਚੁਰਾਸੀ ਨਾਲੋਂ ਵਿਹਲਾ ਹੋ ਕੇ ਪਾ ਕੇ ਫ਼ੁਰਸਤ, ਹਰਿਜਨ ਆਪਣੇ ਨਾਲ ਮਿਲਾਈਆ। ਕੂੜੀ ਕਿਰਿਆ ਮੇਟ
ਕੇ ਗ਼ੁਰਬਤ, ਗਹਿਰ ਗੰਭੀਰ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਇਕੋ ਰਿਹਾ ਵਖਾਈਆ। ਸ੍ਰੀ ਭਗਵਾਨ ਕਹੇ ਮੇਰਾ ਭਗਤਾਂ ਅੰਤਰ ਨਿਵਾਸ, ਭੂਮਿਕਾ ਇਕੋ ਇਕ ਜਣਾਈਆ। ਜੋਤੀ ਨੂਰ ਕਰ ਪਰਕਾਸ਼, ਅੰਧ ਅਗਿਆਨ ਗਵਾਈਆ। ਪਰਮਾਤਮ ਆਤਮ ਦੇ ਕੇ ਸਾਥ, ਧੁਰ ਦਾ ਜੋੜ ਜੁੜਾਈਆ। ਝਗੜਾ ਮੁਕਾ ਕੇ ਦਸ ਦਸ ਮਾਸ, ਮਸਤ ਖ਼ੁਮਾਰੀ ਵਿਚ ਰਖਾਈਆ। ਸਚ ਦਵਾਰੇ ਦੇ ਨਿਵਾਸ, ਅਸਥਲ ਇਕੋ ਘਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਦਏ ਵਡਿਆਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਹਿਤਕਾਰੀ, ਨਿਰਗੁਣ ਹੋ ਕੇ ਦਇਆ ਕਮਾਈਆ। ਨਿਰਮਲ ਨੂਰ ਜੋਤ ਕਰ ਉਜਿਆਰੀ, ਉਜਾਲਾ ਕਰਾਂ ਥਾਉਂ ਥਾਈਂਆ। ਸਚ ਪ੍ਰੇਮ ਦਾ ਬਣ ਭਿਖਾਰੀ, ਦਰ ਦਰ ਘਰ ਘਰ ਵੇਖਾਂ ਚਾਈਂ ਚਾਈਂਆ। ਪਵਿਤ੍ਰ ਭੋਜਨ ਬਣ ਅਹਾਰੀ, ਹਰਿਜਨ ਸਾਚੇ ਲਵਾਂ ਉਠਾਈਆ। ਸਚ ਦਵਾਰ ਦੀ ਬਖ਼ਸ਼ਾਂ ਇਕ ਸਰਦਾਰੀ, ਸਰਨ ਅਵਰ ਰਹੇ ਨਾ ਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਬਣਿਆ ਆਪ ਜੁਆਰੀ, ਸੰਤ ਸੁਹੇਲੇ ਰਿਹਾ ਉਭਾਰੀ, ਗੁਰ ਚੇਲੇ ਚਰਨ ਦਵਾਰੀ, ਦਰ ਦਵਾਰਾ ਇਕੋ ਇਕ ਸੁਹਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਹਜੂਰਾ ਸਿੰਘ ਦੇ ਗ੍ਰਹਿ ਪਿੰਡ ਸੋਸਣ ਜ਼ਿਲਾ ਫ਼ਿਰੋਜ਼ਪੁਰ
ਧਰਨੀ ਕਹੇ ਮੇਰੇ ਜਾਗੇ ਭਾਗ, ਮਿੱਟੀ ਖ਼ਾਕ ਵੱਜੀ ਵਧਾਈਆ। ਘਰ ਸਵਾਮੀ ਪਾਇਆ ਪਰਮੇਸ਼ਵਰ ਆਪ, ਆਪਣੇ ਰੰਗ ਵਿਚ ਸਮਾਈਆ। ਗੁਰਮੁਖ ਦੀਪਕ ਜਗਾਏ ਅਗੰਮੇ ਚਿਰਾਗ, ਜੋਤੀ ਨੂਰ ਕਰ ਰੁਸ਼ਨਾਈਆ। ਦੁਰਮਤ ਮੈਲ ਧੋ ਕੇ ਦਾਗ਼, ਪਤਿਤ ਪੁਨੀਤ ਰਿਹਾ ਬਣਾਈਆ। ਮੇਲ ਮਿਲਾ ਕੇ ਕੰਤ ਸਹਾਗ, ਸੁਹੰਜਣੀ ਰੁਤ ਰਿਹਾ ਵਖਾਈਆ। ਜਿਸ ਨੇ ਰਚਨਾ ਰਚੀ ਆਦਿ, ਸੋ ਅੰਤਮ ਖੋਜੇ ਚਾਈਂ ਚਾਈਂਆ। ਜਿਸ ਦਾ ਲਹਿਣਾ ਹੋਣਾ ਜੁਗਾਦਿ, ਜੁਗ ਚੌਕੜੀ ਪੰਧ ਮੁਕਾਈਆ। ਸੋ ਬਦਲ ਕੇ ਜਗਤ ਸਮਾਜ, ਸਮਾਂ ਆਪਣਾ ਦਏ ਪਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਲਾਲਚ ਛੱਡ ਸੁਆਦ, ਰਸ ਪ੍ਰੇਮ ਵਿਚ ਸਮਾਈਆ। ਧਰਨੀ ਕਹੇ ਮੈਂ ਹੋਈ ਸੋਭਾਵੰਤ, ਦਰ ਠਾਂਡੇ ਵੱਜੀ ਵਧਾਈਆ। ਘਰ ਪਾਇਆ ਸਵਾਮੀ ਕੰਤ, ਨਿਰਗੁਣ ਨਿਰਵੈਰ ਨਜ਼ਰੀ ਆਈਆ। ਜੋ ਢੋਲਾ ਗਾਵੇ ਸੋਹੰ ਛੰਤ, ਕਰੇ ਸਚ ਪੜ੍ਹਾਈਆ। ਭਗਤਾਂ ਦਾ ਲਹਿਣਾ ਦੇਣਾ ਵੇਖਣਹਾਰ ਅੰਤ, ਅੰਤਸ਼ਕਰਨ ਫੋਲ ਫੁਲਾਈਆ। ਰੁੱਤ ਸੁਹੰਜਣੀ ਕਰੇ ਬਸੰਤ, ਫਲਗੁਣ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਰਿਹਾ ਉਠਾਈਆ। ਧਰਨੀ ਕਹੇ ਮੈਂ ਸੁੱਤੀ ਜਾਗੀ, ਆਲਸ ਨਿੰਦਰਾ ਰਿਹਾ ਨਾ ਰਾਈਆ। ਬਿਰਹੋਂ ਵਿਛੋੜੇ ਹੋਏ ਵੈਰਾਗੀ, ਵੈਰਾਗ ਵਿਚ ਕੁਰਲਾਈਆ। ਜਲਵਾ ਤੱਕਿਆ ਪੁਰਖ ਅਬਿਨਾਸ਼ੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋ ਜੁਗ ਚੌਕੜੀ ਭਗਤਾਂ ਬਣੇ ਸਾਥੀ, ਗੁਰਮੁਖਾਂ ਸੰਗ ਨਿਭਾਈਆ। ਜਿਨ੍ਹਾਂ ਨੇ ਓਸ ਦੀ ਮੰਨੀ ਆਖੀ, ਆਖ਼ਰ ਆਪਣੇ ਵਿਚ ਸਮਾਈਆ। ਏਥੇ ਓਥੇ ਸ਼ਬਦੀ ਧਾਰ ਕਰੇ ਰਾਖੀ, ਸਿਰ ਆਪਣਾ ਹੱਥ ਟਿਕਾਈਆ। ਜਨਮ ਜਨਮ ਦਾ ਲਹਿਣਾ ਦੇਵੇ ਬਾਕੀ, ਪੂਰਬ ਲੇਖਾ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਧਰਨੀ ਕਹੇ ਮੇਰਾ ਅੰਤਰ ਹੋਇਆ ਖ਼ੁਸ਼ਹਾਲ, ਖ਼ੁਸ਼ੀਆਂ
ਵਿਚ ਢੋਲੇ ਗਾਈਆ। ਪ੍ਰਭ ਕਿਰਪਾ ਕੀਤੀ ਦੀਨ ਦਿਆਲ, ਸਾਹਿਬ ਸਵਾਮੀ ਫੇਰਾ ਪਾਈਆ। ਭਗਤ ਸੁਹੇਲੇ ਵੇਖੇ ਆਪਣੇ ਲਾਲ, ਲੋਕਮਾਤ ਵਿਚੋਂ ਬਾਹਰ ਕਢਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਇਕੋ ਰੰਗ ਰਿਹਾ ਰੰਗਾਈਆ। ਸਾਚਾ ਗ੍ਰਹਿ ਘਰ ਬਣਾ ਕੇ ਸੱਚੀ ਧਰਮਸਾਲ, ਧਰਮ ਦਵਾਰ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਸਮਝਾਈਆ। ਧਰਨੀ ਕਹੇ ਮੈਨੂੰ ਬਹੁਤਾ ਆਵੇ ਹਾਸਾ, ਹਸਤੀ ਵੇਖੀ ਬੇਪਰਵਾਹੀਆ। ਜਿਸ ਦਾ ਜੁਗ ਚੌਕੜੀ ਖੇਲ ਤਮਾਸ਼ਾ, ਨਿਰਗੁਣ ਸਰਗੁਣ ਵੇਸ ਵਟਾਈਆ। ਸੋ ਭਗਤਾਂ ਪੂਰੀ ਕਰੇ ਆਸਾ, ਨਿਰਾਸਾ ਰਹਿਣ ਕੋਇ ਨਾ ਪਾਈਆ। ਚਰਨ ਪ੍ਰੀਤੀ ਦੇ ਭਰਵਾਸਾ, ਭਾਵ ਆਪਣਾ ਦਏ ਸਮਝਾਈਆ। ਓਨ੍ਹਾਂ ਦਾ ਲੇਖੇ ਲਾਵੇ ਤੋਲਿਆਂ ਰਤੀਆਂ ਵਾਲਾ ਆਟਾ, ਮਾਸ਼ਿਆਂ ਵਿਚ ਮਿਸਾਲ ਅਗਲੀ ਦਏ ਬਣਾਈਆ। ਜਨ ਭਗਤਾਂ ਕਦੇ ਨਾ ਆਵੇ ਘਾਟਾ, ਨਾਮ ਭੰਡਾਰੇ ਨਾਲ ਭਰਾਈਆ। ਅਗਲੀ ਮੰਜ਼ਲ ਚੁਕਾ ਕੇ ਵਾਟਾ, ਚੁਰਾਸੀ ਗੇੜ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਸਮਰਾਥਾ, ਸਚ ਸਹਾਇਕ ਇਕੋ ਨਜ਼ਰੀ ਆਈਆ।
੧੬ ਫੱਘਣ ਸ਼ਹਿਨਸ਼ਾਹੀ ਸੰਮਤ ੧ ਨੰਦ ਸਿੰਘ ਦੇ ਘਰ ਪਿੰਡ ਥੱਮਣ ਵਾਲਾ ਜ਼ਿਲਾ ਫ਼ਿਰੋਜ਼ਪੁਰ
ਸ੍ਰੀ ਭਗਵਾਨ ਕਹੇ ਮੇਰਾ ਭਗਤ ਸਤਿ, ਆਦਿ ਜੁਗਾਦਿ ਜੁਗ ਚੌਕੜੀ ਸਤਿ ਸਤਿ ਵਿਚ ਸਮਾਇੰਦਾ। ਜਿਸ ਦੇ ਅੰਤਰ ਆਤਮ ਬ੍ਰਹਮ ਮਤ, ਪਾਰਬ੍ਰਹਮ ਪਤਿਪਰਮੇਸ਼ਵਰ ਭੇਵ ਅਭੇਦ ਆਪ ਖੁਲ੍ਹਾਇੰਦਾ। ਨਿਰਮਲ ਜੋਤ ਜਗੇ ਲਟ ਲਟ, ਨੂਰ ਨੁਰਾਨਾ ਸ਼ਾਹ ਸੁਲਤਾਨਾ ਏਕੰਕਾਰਾ ਡਗਮਗਾਇੰਦਾ। ਸ਼ਬਦ ਅਗੰਮੀ ਨਾਦ ਵੱਜੇ ਸੱਟ, ਅਨਹਦ ਨਾਦੀ ਨਾਦ ਸੁਣਾਇੰਦਾ। ਆਤਮ ਪਰਮਾਤਮ ਜੋੜ ਕੇ ਨੱਤ, ਨਾਤਾ ਬਿਧਾਤਾ ਇਕ ਅਖਵਾਇੰਦਾ। ਮਿਲਿਆ ਰਹੇ ਮੇਲ ਸਦਾ ਪੁਰਖ ਸਮਰਥ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਨਿਜ ਨੇਤਰ ਖੁਲ੍ਹੀ ਰਹੇ ਅੱਖ, ਪਰਤੱਖ ਗੁਸਾਈਂ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਲਹਿਣਾ ਦੇਣਾ ਰੰਗ ਚੜ੍ਹਾਇੰਦਾ। ਸ੍ਰੀ ਭਗਵਾਨ ਕਹੇ ਜਨ ਭਗਤਾਂ ਅੰਤਰ ਆਤਮ ਸਦਾ ਅਨੰਦ, ਗ੍ਰਹਿ ਮੰਦਰ ਘਰ ਠਾਂਡੇ ਵੱਜੇ ਵਧਾਈਆ। ਝਗੜਾ ਮੁਕ ਜਾਏ ਗਾਉਣਾ ਰਸਨਾ ਜਿਹਵਾ ਬੱਤੀ ਦੰਦ, ਨਿਰਗੁਣ ਨਿਰਵੈਰ ਨਿਰੰਕਾਰ ਨਿਰਅੱਖਰ ਦਏ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਵਣ ਢੋਲਾ ਛੰਦ, ਨਗ਼ਮਾ ਨਾਮ ਕਲਮਾ ਕਾਇਆ ਕਾਅਬਾ ਇਕ ਸੁਣਾਈਆ। ਜਲਵਾਗਰ ਸਾਚਾ ਨੂਰ ਜੋਤ ਪਰਕਾਸ਼ ਚਾੜ੍ਹੇ ਚੰਦ, ਸੂਰਜ ਚੰਦ ਦੀ ਲੋੜ ਰਹੇ ਨਾ ਰਾਈਆ। ਆਵਣ ਜਾਵਣ ਲੱਖ ਚੁਰਾਸੀ ਜਨਮ ਜਨਮ ਦਾ ਮਿਟੇ ਪੰਧ, ਰਾਏ ਧਰਮ ਦੇਵੇ ਨਾ ਕੋਇ ਸਜ਼ਾਈਆ। ਅੰਤ ਵਸੇਰਾ ਹੋਵੇ ਦਰਗਾਹ ਸਾਚੀ ਮੁਕਾਮੇ ਹੱਕ ਦਵਾਰੇ ਸਚਖੰਡ, ਦਰ ਠਾਂਡੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ, ਸੰਤ ਸੁਹੇਲੇ ਗੁਰਮੁਖ ਮੇਲੇ, ਭਗਤ ਭਗਵਾਨ ਆਪਣੇ ਵਿਚ ਮਿਲਾਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਦੇਵਾਂ ਅੰਤਰ ਆਤਮ ਇਕੋ ਸੁਖ, ਜਗਤ ਵਾਸਨਾ ਕੂੜੀ ਕਿਰਿਆ ਬਾਹਰ ਕਢਾਈਆ। ਜਨਮ ਮਰਨ ਕਰਮ ਕਰਮ ਦਾ ਰਹੇ ਨਾ ਕੋਈ ਦੁੱਖ, ਅਗਨੀ ਤਤ ਤ੍ਰਿਸ਼ਨਾ ਮੋਹ ਨਾ ਕੋਇ ਦ੍ਰਿੜਾਈਆ। ਅੰਮ੍ਰਿਤ ਜਾਮ ਨਿਝਰ ਰਸ ਦੇ ਕੇ ਮਿਟਾਵਾਂ
ਭੁੱਖ, ਸਾਂਤਕ ਸਤਿ ਦਿਆਂ ਕਰਾਈਆ। ਸੁਫ਼ਲ ਕਰਾ ਕੇ ਜਨਣੀ ਕੁੱਖ, ਉਜਲ ਕਰਾਂ ਮਾਤ ਮੁਖ, ਦੁਰਮਤ ਮੈਲ ਅੰਦਰ ਬਾਹਰ ਗੁਪਤ ਜਾਹਰ ਧਵਾਈਆ। ਬਿਨ ਹੱਥਾਂ ਬਾਹਵਾਂ ਸ਼ਬਦ ਅਨਾਦੀ ਗੋਦੀ ਲਵਾਂ ਚੁੱਕ, ਖੰਡਾਂ ਬ੍ਰਹਿਮੰਡਾਂ ਪੁਰੀਆਂ ਲੋਆਂ ਬਾਹਰ ਧਾਮ ਆਪਣਾ ਇਕ ਵਖਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਹੋਵੇ ਢੋਲਾ ਗੀਤ ਛੰਦ, ਦੂਸਰ ਵੰਡ ਨਾ ਕੋਇ ਵੰਡਾਈਆ। ਇਕ ਇਕੇਲਾ ਹੋ ਕੇ ਵਸਾਂ ਸਦਾ ਸੰਗ, ਆਤਮ ਪਰਮਾਤਮ ਨਾਤਾ ਧੁਰ ਦਾ ਜੋੜ ਜੁੜਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਰਿਹਾ ਲੰਘ, ਸਦੀ ਚੌਧਵੀਂ ਰਹੀ ਕੁਰਲਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਕਿਸੇ ਨਜ਼ਰ ਨਾ ਆਏ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਚਾੜ੍ਹਾਂ ਨਾਮ ਰੰਗ, ਅਨਡਿਠੜਾ ਆਪ ਚੜ੍ਹਾਈਆ। ਨਾਮ ਸੇਜਾ ਸਚ ਪਲੰਘ, ਸਿੰਘਾਸਣ ਆਸਣ ਇਕ ਵਡਿਆਈਆ। ਸ਼ਬਦ ਅਗੰਮੀ ਗਾ ਕੇ ਛੰਦ, ਬਿਨ ਅੱਖਰਾਂ ਕਰਾਂ ਪੜ੍ਹਾਈਆ। ਨਾਮ ਨਿਧਾਨ ਵਜਾ ਮਰਦੰਗ, ਸੋਈ ਸੁਰਤੀ ਲਵਾਂ ਉਠਾਈਆ। ਦੂਈ ਦਵੈਤੀ ਭਰਮਾਂ ਢਾਹ ਕੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਵਿਚ ਸਮਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਦੱਸਾਂ ਸਤਿ ਧਰਮ, ਦੂਜੀ ਵੰਡ ਨਾ ਕੋਇ ਵੰਡਾਈਆ। ਲੇਖੇ ਲਾ ਕੇ ਮਾਨਸ ਜਨਮ, ਜਰਮ ਆਪਣੀ ਝੋਲੀ ਪਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਨਾਲ ਜੋ ਕਰਦਾ ਰਿਹਾ ਪਰਨ, ਕੋਲ ਇਕ਼ਰਾਰ ਜੁਗ ਜੁਗ ਆਪ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਬਖ਼ਸ਼ੇ ਆਪਣੀ ਸਰਨ, ਸਰਨਗਤ ਇਕੋ ਨਜ਼ਰੀ ਆਈਆ। ਨੇਤਰ ਖੋਲ੍ਹੇ ਹਰਨ ਫਰਨ, ਨਿਜ ਲੋਚਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਮੇਲ ਮਿਲਾਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਅੰਦਰ ਦੇਣਾ ਇਕ ਸੰਦੇਸ਼ਾ, ਆਲਸ ਨਿੰਦਰਾ ਦੇਣੀ ਗਵਾਈਆ। ਝਗੜਾ ਮੁਕੇ ਗਣਪਤ ਗਣੇਸ਼ਾ, ਸ਼ਿਵ ਸ਼ੰਕਰ ਵਿਸ਼ਨ ਬ੍ਰਹਮਾ ਦੀ ਲੋੜ ਰਹੇ ਨਾ ਰਾਈਆ। ਜਿਨ੍ਹਾਂ ਮਿਲ ਗਿਆ ਪਾਰਬ੍ਰਹਮ ਪਤਿਪਰਮੇਸ਼ਵਰ ਪਰਤੱਖ ਇਕ ਨਰੇਸ਼ਾ, ਨਰ ਨਰਾਇਣ ਬੇਪਰਵਾਹੀਆ। ਉਹ ਸੰਤ ਸੁਹੇਲੇ ਸਦਾ ਵਸਦੇ ਸਚਖੰਡ ਦਵਾਰੇ ਦੇਸਾ, ਮੁਕਾਮੇ ਹੱਕ ਡੇਰਾ ਲਾਈਆ। ਜਿਥੇ ਵਸੇ ਏਕੰਕਾਰ ਏਕਾ, ਪੁਰਖ ਅਕਾਲ ਸੋਭਾ ਪਾਈਆ। ਜਨ ਭਗਤਾਂ ਦੇਵਣਹਾਰਾ ਸਾਚੀ ਟੇਕਾ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਮਨ ਵਾਸਨਾ ਬੁਧ ਕਰੇ ਬਿਬੇਕਾ, ਨਿਰਮਲ ਨਿਰਵੈਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਕੰਤ ਭਗਵੰਤ ਆਪਣੇ ਰੰਗ ਰੰਗਾਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਸਦਾ ਸੁਹੇਲਾ, ਸੱਜਣ ਧੁਰ ਦਾ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਖੇਲ ਕਰਾਂ ਇਕ ਇਕੇਲਾ, ਦੂਜਾ ਸੰਗ ਨਾ ਕੋਇ ਬਣਾਈਆ। ਆਤਮ ਪਰਮਾਤਮ ਕਾਇਆ ਮੰਦਰ ਅੰਦਰ ਕਰ ਕੇ ਧੁਰ ਦਾ ਮੇਲਾ, ਪੜਦਾ ਉਹਲਾ ਦਿਆਂ ਉਠਾਈਆ। ਇਕੋ ਘਰ ਬਹਾ ਕੇ ਗੁਰੂ ਚੇਲਾ, ਚੇਲਾ ਗੁਰ ਆਪਣੇ ਰੰਗ ਰੰਗਾਈਆ। ਨਵ ਨੌ ਚਾਰ ਪਿਛੋਂ ਕਰ ਕੇ ਵਕ਼ਤ ਸੁਹੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੀਤਾ ਠਾਂਡਾ ਸੀਤਾ, ਸਾਚੀ ਰੀਤਾ ਆਪ ਦ੍ਰਿੜਾਈਆ। ਸ੍ਰੀ ਭਗਵਾਨ ਕਹੇ ਮੈਂ ਭਗਤ ਜਨ ਵੇਖਾਂ ਲੋਕਮਾਤ, ਮਾਤਰ ਭੂਮੀ ਖੋਜ ਖੁਜਾਈਆ। ਕਲਜੁਗ ਵੇਖ ਅੰਧੇਰੀ ਰਾਤ, ਲੱਖ ਚੁਰਾਸੀ ਫੋਲ ਫੁਲਾਈਆ। ਜੋ ਇਕੋ ਢੋਲਾ
ਗਾਉਂਦੇ ਗਾਥ, ਧੁਰ ਦੀ ਕਰਨ ਪੜ੍ਹਾਈਆ। ਉਨ੍ਹਾਂ ਬਖ਼ਸ਼ਾਂ ਆਪਣੀ ਦਾਤ, ਨਾਮ ਭੰਡਾਰਾ ਝੋਲੀ ਪਾਈਆ। ਝਗੜਾ ਮੁਕਾ ਕੇ ਜਾਤ ਪਾਤ, ਦੀਨਾਂ ਮਜ਼੍ਹਬਾਂ ਵਿਚੋਂ ਬਾਹਰ ਕਢਾਈਆ। ਮੇਲ ਮਿਲਾ ਕੇ ਪੁਰਖ ਅਬਿਨਾਸ਼, ਆਤਮ ਬ੍ਰਹਮ ਦਿਆਂ ਸਮਝਾਈਆ। ਮਨ ਮਨੂਆ ਕਰ ਕੇ ਘਾਤ, ਸੋਈ ਸੁਰਤੀ ਦਿਆਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੁਛਣਹਾਰਾ ਵਾਤ, ਵਾਸਤਵਿਕ ਨਾਤਾ ਆਪਣੇ ਨਾਲ ਰਖਾਈਆ। ਸ੍ਰੀ ਭਗਵਾਨ ਕਹੇ ਜੁਗ ਚੌਕੜੀ ਬੀਤਦੇ ਗਏ ਵਿਚ ਸੰਸਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਸ਼ਬਦ ਸੰਦੇਸ਼ੇ ਦੇ ਕੇ ਗਏ ਗੁਰੂ ਅਵਤਾਰ, ਪੈਗ਼ੰਬਰ ਕਲਮਿਆਂ ਵਿਚ ਜਣਾਈਆ। ਕਲਜੁਗ ਅੰਤਮ ਖੇਲ ਹੋਣਾ ਅਗੰਮ ਅਪਾਰ, ਅਲਖ ਅਗੋਚਰ ਆਪਣੀ ਖੇਲ ਖਿਲਾਈਆ। ਭਵਿਖਤਾਂ ਵਿਚ ਕਰ ਕੇ ਗਏ ਇਜ਼ਹਾਰ, ਸ਼ਬਦੀ ਢੋਲੇ ਲੋਕਮਾਤ ਸੁਣਾਈਆ। ਕਲ ਕਲਕੀ ਆਵੇ ਅਵਤਾਰ, ਨਿਹਕਲੰਕ ਫੇਰਾ ਪਾਈਆ। ਅਮਾਮਾਂ ਦਾ ਅਮਾਮ ਵਡ ਸਿਕਦਾਰ, ਜਲਵਾਗਰ ਨੂਰ ਖ਼ੁਦਾਈਆ। ਲੇਖਾ ਜਾਣੇ ਦ੍ਰਿਸ਼ਟ ਇਸ਼ਟ ਦੀਨ ਦੁਨੀ ਕਾਇਨਾਤ, ਵੇਖਣਹਾਰਾ ਥਾਉਂ ਥਾਈਂਆ। ਕੋਟਾਂ ਵਿਚੋਂ ਜਨ ਭਗਤਾਂ ਦੇਵੇ ਧੁਰ ਦੀ ਦਾਤ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਦਲ ਦੇਵੇ ਸਮਾਜ, ਸਤਿ ਸੰਤੋਖ ਅੰਤਰ ਆਤਮ ਮੋਖ ਮੁਫ਼ਤ ਆਪਣੀ ਦਇਆ ਕਮਾਈਆ। ਊਚ ਨੀਚ ਰਾਓ ਰੰਕ ਬਣਾ ਕੇ ਇਕ ਜਮਾਤ, ਜ਼ਾਮਨ ਹੋ ਕੇ ਇਕੋ ਘਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਜੋੜ ਜੁੜਾਈਆ। ਸ੍ਰੀ ਭਗਵਾਨ ਕਹੇ ਮੈਂ ਜੁਗ ਚੌਕੜੀ ਦੇਂਦਾ ਲਹਿਣਾ, ਪੂਰਬ ਜਨਮਾਂ ਵੇਖ ਵਖਾਈਆ। ਗੁਰਮੁਖ ਵਿਰਲੇ ਦਰਸ ਦਿਖਾਵਾਂ ਨਿਜ ਨੇਤਰ ਲੋਚਨ ਨੈਣਾਂ, ਲੱਖ ਚੁਰਾਸੀ ਦੋਏ ਅੱਖਾਂ ਦਿਸ ਕਿਸੇ ਨਾ ਆਈਆ। ਆਤਮ ਪਰਮਾਤਮ ਬਣ ਕੇ ਸਾਕ ਸੱਜਣ ਸੈਣਾ, ਪਾਰਬ੍ਰਹਮ ਬ੍ਰਹਮ ਨਾਤਾ ਦਿਆਂ ਜੁੜਾਈਆ। ਸ਼ਬਦ ਅਗੰਮੀ ਹੁਕਮ ਸੰਦੇਸ਼ਾ ਇਕੋ ਕਹਿਣਾ, ਫ਼ਰਮਾਨ ਧੁਰ ਦਾ ਆਪ ਦ੍ਰਿੜਾਈਆ। ਹਰਿਜਨ ਸਾਚੇ ਹਰਿ ਚਰਨ ਦਵਾਰੇ ਸਚਖੰਡ ਸੱਚੇ ਘਰ ਬਾਹਰੇ ਪ੍ਰੇਮ ਪ੍ਰੀਤੀ ਅੰਦਰ ਬਹਿਣਾ, ਦੂਜਾ ਦਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਧੁਰ ਦਾ ਦਾਨ, ਦਰ ਦਰ ਘਰ ਘਰ ਜਨ ਭਗਤਾਂ ਝੋਲੀ ਰਿਹਾ ਭਰਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਸੰਪੂਰਨ ਸਿੰਘ ਦੇ ਗ੍ਰਹਿ ਪਿੰਡ ਫ਼ਿਰੋਜ਼ਸ਼ਾਹ ਜ਼ਿਲਾ ਫ਼ਿਰੋਜ਼ਪੁਰ
ਅੰਨ ਕਹੇ ਮੇਰਾ ਹੋਇਆ ਅੰਤ ਨਿਆਂ, ਅਦਲ ਹਰਿ ਜੂ ਰਿਹਾ ਕਮਾਈਆ। ਮੈਂ ਵੇਖਿਆ ਚਾਈਂ ਚਾ, ਸਾਹਿਬ ਸੁਲਤਾਨ ਬੇਪਰਵਾਹੀਆ। ਨਿਰਗੁਣ ਨੂਰ ਹੋਇਆ ਰੁਸ਼ਨਾ, ਜੋਤੀ ਜੋਤ ਡਗਮਗਾਈਆ। ਭਗਤ ਵਛਲ ਦਇਆ ਕਮਾ, ਦੀਨਾਂ ਅਨਾਥਾਂ ਰਿਹਾ ਉਠਾਈਆ। ਲਹਿਣਾ ਪ੍ਰਿਥੂ ਵਾਲਾ ਚੁਕਾ, ਲੇਖਾ ਸਭ ਦੀ ਝੋਲੀ ਪਾਈਆ। ਹੁਕਮ ਧੁਰ ਦਾ ਇਕ ਸੁਣਾ, ਮਾਰਗ ਅਗਲਾ ਰਿਹਾ ਲਗਾਈਆ। ਨਿਰਵੈਰ ਹੋ ਕੇ ਫੇਰਾ ਪਾ, ਵੇਸ ਅਵੱਲੜਾ ਰੂਪ ਵਟਾਈਆ। ਦਰ ਦਰ ਘਰ ਘਰ ਖ਼ੁਸ਼ੀਆਂ ਰਿਹਾ ਮਨਾ, ਦੁਖੀਆਂ ਦਰਦ ਗਵਾਈਆ। ਗੁਰ ਅਵਤਾਰ ਪੈਗ਼ੰਬਰ
ਜਿਸ ਦੀ ਕਰਦੇ ਗਏ ਦੁਆ, ਹੱਥ ਜੋੜ ਸੀਸ ਨਿਵਾਈਆ। ਉਹ ਮਿਹਰਵਾਨ ਮਹਿਬੂਬ ਜਲਵਾਗਰ ਖ਼ੁਦਾ, ਜਲਾਲ ਆਪਣਾ ਰਿਹਾ ਵਖਾਈਆ। ਜਨ ਭਗਤ ਦਵਾਰੇ ਗਿਆ ਆ, ਆਮਦ ਵਿਚ ਆਦਮੀ ਬਾਹਰੋਂ ਨਜ਼ਰੀ ਆਈਆ। ਸਚ ਪਕਵਾਨ ਭਗਵਾਨ ਰਿਹਾ ਬਣਾ, ਕੱਚੇ ਪੱਕੇ ਦਏ ਵਡਿਆਈਆ। ਗ੍ਰਹਿ ਗ੍ਰਹਿ ਭੋਗ ਰਿਹਾ ਲਗਾ, ਮਨਸਾ ਨਾਮੇ ਪੂਰ ਕਰਾਈਆ। ਧੰਨਾ ਸੀਸ ਰਿਹਾ ਝੁਕਾ, ਧੰਨ ਧੰਨ ਤੇਰੀ ਵਡਿਆਈਆ। ਜੋ ਸੰਤ ਸੁਹੇਲੇ ਰਿਹਾ ਤਰਾ, ਤਾਰਨਹਾਰ ਆਪ ਅਖਵਾਈਆ। ਵੱਡੇ ਛੋਟੇ ਇਕੋ ਜਿਹੇ ਰਿਹਾ ਬਣਾ, ਅਮੀਰ ਗ਼ਰੀਬ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਵੇਖਣ ਦੋ ਜਹਾਂ, ਬ੍ਰਹਿਮਾਂਡ ਖ਼ੁਸ਼ੀ ਬਣਾਈਆ। ਉਹ ਗੁਰਮੁਖਾਂ ਪਰਗਟਾਉਂਦਾ ਜਾਏ ਨਾਂ, ਨਰ ਨਿਰੰਕਾਰਾ ਦਇਆ ਕਮਾਈਆ। ਪਾਂਧੀ ਬਣ ਬਣ ਤੱਕੇ ਰਾਹ, ਰਹਿਬਰ ਹੋ ਕੇ ਵੇਖ ਵਖਾਈਆ। ਬਿਨਾ ਬੇੜਿਉਂ ਬਣ ਮਲਾਹ, ਆਪ ਆਪਣੇ ਕੰਧ ਉਠਾਈਆ। ਤਿਨਕਾ ਤਿਨਕਾ ਬਣੇ ਗਵਾਹ, ਸ਼ਹਾਦਤ ਆਪਣੀ ਇਕ ਭੁਗਤਾਈਆ। ਤੇਰੀ ਖੇਲ ਸ਼ਹਿਨਸ਼ਾਹ, ਪਾਰਬ੍ਰਹਮ ਸਮਝ ਕਿਸੇ ਨਾ ਆਈਆ। ਗੋਬਿੰਦ ਇਸ਼ਾਰੇ ਨਾਲ ਗਿਆ ਜਣਾ, ਲਕੀਰ ਜ਼ਿਮੀਂ ਉਤੇ ਖਿਚਾਈਆ। ਪੁਰਖ ਅਕਾਲ ਜਨ ਭਗਤਾਂ ਦਏ ਜਗਾ, ਗੁਰਮੁਖਾਂ ਆਪ ਉਠਾਈਆ। ਲੱਖ ਚੁਰਾਸੀ ਨਾਲ ਕਰਕੇ ਦਗ਼ਾ, ਫ਼ਰੇਬ ਵਿਚ ਰਖੇ ਲੋਕਾਈਆ। ਸੰਤ ਫ਼ਕੀਰਾਂ ਬਣ ਕੇ ਧੁਰ ਦਾ ਅੱਬਾ, ਗੋਦੀ ਆਪਣੀ ਲਏ ਟਿਕਾਈਆ। ਨਾਮ ਭੰਡਾਰੇ ਦਾ ਦੇਵੇ ਮਜ਼ਾ, ਮਜਲਸ ਆਪਣੇ ਨਾਲ ਬਣਾਈਆ। ਅਗੇ ਦੇਵੇ ਨਾ ਕੋਈ ਸਜ਼ਾ, ਜਮਾਂ ਤੋਂ ਲਏ ਛੁਡਾਈਆ। ਜਿਹੜਾ ਚਾਰ ਜੁਗ ਕਦੇ ਨਾ ਰੱਜਾ, ਭੁੱਖੇ ਭੁੱਖ ਨਾ ਕੋਇ ਗਵਾਈਆ। ਉਹ ਗੁਰਮੁਖਾਂ ਦਵਾਰੇ ਦੇਵੇ ਆਪਣੀ ਸੱਦਾ, ਹੋਕਾ ਹੱਕ ਸੁਣਾਈਆ। ਪ੍ਰੇਮ ਪਿਆਰ ਅੰਦਰ ਆਵੇ ਭੱਜਾ, ਚਲੇ ਵਾਹੋ ਦਾਹੀਆ। ਉਹ ਰੁੱਖਾ ਸੁਖਾ ਟੁੱਕਰ ਖਾ ਕੇ ਅੱਧਾ, ਅਦਨਿਆਂ ਤੋਂ ਆਅਲਾ ਦਏ ਬਣਾਈਆ। ਜਨਮ ਕਰਮ ਦਾ ਰਹੇ ਨਾ ਧੱਬਾ, ਦੁਰਮਤ ਮੈਲ ਧਵਾਈਆ। ਲੇਖਾ ਚੁਕਾ ਕੇ ਪੂਰਬ ਹੱਬਾ, ਹਮਸਾਜਣ ਲਏ ਜੁੜਾਈਆ। ਨਾਮ ਨਿਧਾਨ ਸੁਣਾ ਕੇ ਨੱਦਾ, ਨਾਦੀ ਸੁਤ ਲਏ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਅੰਨ ਕਹੇ ਮੈਂ ਵੇਖਿਆ ਹੁੰਦਾ ਅਦਲ, ਇਨਸਾਫ਼ ਪ੍ਰਭ ਰਿਹਾ ਕਮਾਈਆ। ਜੁਗ ਚੌਕੜੀ ਧਾਰਾ ਬਦਲ, ਬਦਲਾ ਭਗਤਾਂ ਰਿਹਾ ਚੁਕਾਈਆ। ਦੂਰ ਦੁਰਾਡਾ ਪਹੁੰਚੇ ਮਾਰ ਕੇ ਮਜ਼ਲ, ਮੰਜ਼ਲ ਆਪਣੀ ਦਏ ਸਮਝਾਈਆ। ਨਾਮ ਨਿਗਾਹਬਾਨ ਸੁਣਾ ਇਕ ਗ਼ਜ਼ਲ, ਗ਼ਰਜ਼ ਸਭ ਦੀ ਵੇਖ ਵਖਾਈਆ। ਅੰਤਮ ਪੋਹ ਨਾ ਸਕੇ ਅਜ਼ਲ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਾ ਵਜ਼ਨ, ਵਜਹ ਆਪਣੀ ਦਏ ਸਮਝਾਈਆ। ਅੰਨ ਕਹੇ ਮੈਂ ਤੁਲਦਾ ਰਿਹਾ ਤਕੜੀ ਵਿਚ ਤਰਾਜ਼ੂ, ਸੇਰਾਂ ਮਣਾਂ ਵੰਡ ਵੰਡਾਈਆ। ਮਹਿਸੂਸ ਹੁੰਦ ਰਿਹਾ ਬਾਜ਼ੂ, ਕੰਧੇ ਤਾਈਂ ਜਣਾਈਆ। ਮੇਰੀ ਸਾਰ ਨਾ ਪਾਈ ਕਿਸੇ ਸਾਧੂ, ਸੰਤ ਲੇਖ ਨਾ ਕੋਇ ਜਣਾਈਆ। ਗੁਰ ਅਵਤਾਰ ਪੈਗ਼ੰਬਰ ਬਹੁਤੇ ਵੇਖੇ ਆਗੂ, ਜਗਤ ਕਰ ਕਰ ਗਏ ਪੜ੍ਹਾਈਆ। ਕੁਛ ਲਹਿਣਾ ਦੇਣਾ ਦੱਸਿਆ ਗੋਬਿੰਦ ਥੋੜਾ ਦਾਦੂ, ਧੀਰਜ ਧੀਰ ਨਾਲ ਜਣਾਈਆ। ਜਿਸ ਵੇਲੇ ਭਗਤਾਂ ਦਾ ਭਗਵਾਨ ਬਣ ਕੇ ਆਇਆ ਬਾਪੂ, ਬਾਬਲ ਹੋ ਕੇ ਫੇਰਾ ਪਾਈਆ। ਉਨ੍ਹਾਂ ਦੀ ਕਰਮ ਕਾਂਡ ਦੀ ਕਿਰਿਆ ਆਪੇ ਸਾਂਭੂ, ਸਾਧਨਾ ਸੱਚੀ ਇਕ ਜਣਾਈਆ। ਦਾਦੂ ਨੇ ਇਕ ਚੋਲੀ ਨੂੰ ਲਾ ਕੇ ਲਾਂਬੂ, ਅਗਨੀ ਭੇਟ ਕਰਾਈਆ। ਸਵਾਹ ਕਰਕੇ ਕਹੇ ਮੈਂ ਹੁਣ ਕੀ ਤੈਥੋਂ ਮਾਂਗੂ, ਮੈਨੂੰ ਦੇ ਜਣਾਈਆ। ਗੋਬਿੰਦ ਕਿਹਾ ਮੈਂ ਏਸੇ ਚੋਲੀ ਦੀ ਰਖੂੰ ਤਾਂਘੂ, ਚੋਲੀ
ਕਾਇਆ ਕੱਪੜ ਰੂਪ ਵਟਾਈਆ। ਜਿਸ ਵੇਲੇ ਮੇਰਾ ਭਗਵਾਨ ਮੇਰੇ ਨਾਲ ਭਗਤਾਂ ਦਾ ਬਣਿਆ ਆਗੂ, ਅਗਲਾ ਲੇਖਾ ਆਪਣੇ ਨਾਲ ਰਖਾਈਆ। ਦਿਉਹਰੇ ਮੰਦਰ ਮਸੀਤ ਮਠ ਜਗਤ ਤਿਆਗੂ, ਕਰੇ ਖੇਲ ਬੇਪਰਵਾਹੀਆ। ਓਧਰੋਂ ਓਸ ਦਾ ਇਕ ਚੇਲਾ ਆ ਗਿਆ ਭਾਗੂ, ਹੱਥ ਲੱਕੜੀ ਟੇਢੀ ਉਠਾਈਆ। ਹੱਸ ਕੇ ਕਹੇ ਚੁਰਾਸੀ ਵਿਚੋਂ ਕਿਹੜਾ ਕਾਢੂ, ਮੈਨੂੰ ਦੇ ਜਣਾਈਆ। ਗੋਬਿੰਦ ਕਿਹਾ ਜਿਸ ਦੇ ਹੱਥ ਸ਼ਬਦ ਵੱਡਾ ਡਾਂਗੂ, ਦੋ ਜਹਾਨਾਂ ਰਿਹਾ ਡਰਾਈਆ। ਉਹ ਇਕ ਇਕੱਲਾ ਆਪਣੀ ਧਾਰ ਵਿਚੋਂ ਜਾਗੂ, ਨਿੰਦਰਾ ਅੱਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਕਰਾਈਆ। ਅੰਨ ਕਹੇ ਦਾਦੂ ਕੋਲ ਸੀ ਦਾਣੇ ਨੌ, ਗੋਬਿੰਦ ਚਰਨਾਂ ਉਤੇ ਸੁਟਾਈਆ। ਆਪ ਮੱਥਾ ਰਗੜ ਕੇ ਭੌਂ, ਨੇਤਰ ਰੋਇਆ ਮਾਰ ਕੇ ਧਾਈਂਆ। ਪੁੱਠਾ ਹੋ ਕੇ ਗਿਆ ਸੌਂ, ਹੱਥ ਛਾਤੀ ਉਤੇ ਟਿਕਾਈਆ। ਕੀ ਭਗਵਾਨ ਨੂੰ ਭਗਤ ਮਿਲਣ ਦਾ ਗੌਂ, ਮੈਨੂੰ ਦੇ ਜਣਾਈਆ। ਗੋਬਿੰਦ ਕਿਹਾ ਪਰਤ ਕੇ ਆਵਾਂ ਹਉਂ, ਹਉਮੇਂ ਦੇ ਰੋਗ ਗਵਾਈਆ। ਵੱਖਰਾ ਧਰ ਕੇ ਨਾਉਂ, ਨਰ ਨਿਰੰਕਾਰਾ ਸੰਗ ਬਣਾਈਆ। ਗੁਰਮੁਖਾਂ ਦੇਵਾਂ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਈਆ। ਨੌ ਖੰਡ ਪ੍ਰਿਥਮੀ ਆਵਾਂ ਭੌਂ, ਕੋਟਾਂ ਵਿਚੋਂ ਥੋੜੇ ਲਵਾਂ ਉਠਾਈਆ। ਜਨ ਭਗਤਾਂ ਮਿਲਣ ਦਾ ਸਦਾ ਮੈਨੂੰ ਚਾਓ, ਚਾਓ ਘਨੇਰਾ ਇਕ ਜਣਾਈਆ। ਮੈਂ ਵੇਖਾਂ ਥਾਈਂ ਥਾਉਂ, ਥਾਨ ਥਨੰਤਰ ਪੜਦਾ ਲਾਹੀਆ। ਸੰਤ ਸੁਹੇਲੇ ਫੜ ਕੇ ਬਾਹੋਂ, ਪੁਰਖ ਅਕਾਲ ਨਾਲ ਜੁੜਾਈਆ। ਇਕੋ ਦੱਸ ਕੇ ਪਿਤਾ ਮਾਉਂ, ਸਾਚੀ ਗੋਦੀ ਦਿਆਂ ਟਿਕਾਈਆ। ਸਹਿਜੇ ਨਾਲ ਪੁਛਾਂ, ਕੀ ਤੁਸੀਂ ਮੈਨੂੰ ਖਵਾਉਂ, ਸਤਿ ਸਚ ਸਾਚੀ ਭੇਟ ਚੜ੍ਹਾਈਆ ? ਨੌ ਦਾਣੇ ਹੱਸ ਕੇ ਕਹਿਣ ਅਸੀਂ ਬਲ ਬਲ ਤੈਥੋਂ ਜਾਉਂ, ਜਾਨਣਹਾਰ ਤੇਰੀ ਸਰਨਾਈਆ। ਜਿਸ ਵੇਲੇ ਆਇਉਂ ਕਰਨ ਸੱਚਾ ਨਿਆਉਂ, ਨਿਆਮਤ ਹੋ ਕੇ ਤੈਨੂੰ ਆਪਣਾ ਰਸ ਦਈਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਨੌ ਦਾਣੇ ਕਹਿਣ ਤੇਰੀ ਚਰਨ ਲੱਗੇ, ਮਿੱਟੀ ਖ਼ਾਕ ਮਿਲ ਕੇ ਖ਼ੁਸ਼ੀ ਮਨਾਈਆ। ਕੁਛ ਅਗਲਾ ਭੇਵ ਦਿਸੇ ਅਗੇ, ਆਗਮਨ ਵਿਚ ਰਾਹ ਤੱਕੀਏ ਚਾਈਂ ਚਾਈਂਆ। ਜਿਸ ਵੇਲੇ ਨਿਰਗੁਣ ਧਾਰ ਜੋਤ ਜਗੇ, ਬ੍ਰਹਿਮੰਡ ਖੰਡ ਹੋਏ ਰੁਸ਼ਨਾਈਆ। ਸਾਡੀ ਮਾਣ ਵਡਿਆਈ ਵਧੇ, ਵਾਧਾ ਦਿਸੇ ਵਿਚ ਲੋਕਾਈਆ। ਭਗਤ ਸੁਹੇਲੇ ਨਾਲ ਸਾਡੇ ਫਬੇ, ਸੋਹਣੇ ਸੁਹੰਜਣੇ ਨਜ਼ਰੀ ਆਈਆ। ਸਚ ਦਵਾਰੇ ਆਵੀਂ ਸੱਦੇ, ਨਾਮ ਸੰਦੇਸ਼ਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਦਾਣਾ ਦਾਣਾ ਕਹੇ ਸਾਡੇ ਉਤੇ ਲਾ ਦੇ ਮੋਹਰ, ਗੋਬਿੰਦ ਤੇਰੇ ਹੱਥ ਵਡਿਆਈਆ। ਤੂੰ ਹੁਣ ਹੋਰ ਫੇਰ ਬਣ ਕੇ ਆਵੀਂ ਹੋਰ, ਅਵਰ ਦਾ ਅਵਰਾ ਰੂਪ ਵਟਾਈਆ। ਕਲਜੁਗ ਹੋਵੇ ਅੰਧੇਰਾ ਘੋਰ, ਸਾਚਾ ਚੰਦ ਨਾ ਕੋਇ ਚਮਕਾਈਆ। ਮਾਇਆ ਮਮਤਾ ਪਾਵੇ ਸ਼ੋਰ, ਵਾਸਨਾ ਮਨ ਕਰੇ ਲੜਾਈਆ। ਕੋਟਾਂ ਵਿਚੋਂ ਭਗਤ ਸੁਹੇਲੇ ਦਿਸਣੇ ਥੋੜ, ਗੁਰਮੁਖ ਸੱਚੇ ਨਜ਼ਰੀ ਆਈਆ। ਉਨ੍ਹਾਂ ਆਪਣੇ ਨਾਲ ਲੈਣਾ ਜੋੜ, ਮੇਲਾ ਧੁਰ ਦਾ ਸਚ ਮਿਲਾਈਆ। ਨਿਰਗੁਣ ਹੋ ਕੇ ਜਾਣਾ ਬਹੁੜ, ਸਰਗੁਣ ਲੇਖਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਦਾਣਾ ਦਾਣਾ ਕਹੇ ਅਸੀਂ ਵੇਖਿਆ ਤੇਰਾ ਸਵਾਦ, ਛੈਲ ਛਬੀਲਾ ਨਜ਼ਰੀ ਆਈਆ। ਫੇਰ ਰਖਣੀ ਤੇਰੀ ਤਾਂਘ, ਧਿਆਨ ਵਿਚੋਂ ਧਿਆਨ ਬਦਲਾਈਆ। ਮਿਹਰ ਮੁਹੱਬਤ ਵਿਚ ਜਾਣਾ ਜਾਗ, ਜਗ ਜੀਵਣ ਦਾਤੇ ਅੱਖ ਖੁਲ੍ਹਾਈਆ। ਤੇਰਾ ਬਦਲਦਾ ਵੇਖਣਾ ਸਮਾਜ, ਸਮਗਰੀ
ਹੋਵੇ ਬੇਪਰਵਾਹੀਆ। ਤੇਰਾ ਜਲਵਾ ਤੱਕਣਾ ਤਾਜ, ਤਖ਼ਤ ਨਿਵਾਸੀ ਸੋਭਾ ਪਾਈਆ। ਤੇਰੇ ਭਗਤਾਂ ਲਏ ਨਾ ਕੋਇ ਖ਼ਰਾਜ, ਦਾਅਵੇਦਾਰ ਨਾ ਕੋਇ ਬਣਾਈਆ। ਤੇਰਾ ਬੇੜਾ ਵੇਖਣਾ ਜਹਾਜ਼, ਨਾਮ ਨਿਧਾਨਾ ਇਕ ਪਰਗਟਾਈਆ। ਚਾਰ ਵਰਨ ਦਾ ਤੱਕਣਾ ਸਮਾਜ, ਰੀਤੀ ਨੀਤੀ ਇਕ ਪਰਗਟਾਈਆ। ਭਗਤ ਦਵਾਰੇ ਭਗਤਾਂ ਗ੍ਰਹਿ ਤੇਰੇ ਪ੍ਰੇਮ ਦਾ ਵੇਖਣਾ ਸਵਾਦ, ਰਸ ਭੋਗ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇਣਾ ਬਣਾਈਆ। ਦਾਣਾ ਕਹੇ ਮੈਂ ਨਹੀਂ ਰਹਿਣਾ ਦੁਨੀਆਦਾਰ, ਦੁਨੀ ਵਾਲੀ ਮੰਗ ਨਾ ਕੋਇ ਮੰਗਾਈਆ। ਮੈਂ ਵੇਖਣੇ ਤੇਰੇ ਸੰਤ ਸੁਹੇਲੇ ਯਾਰ, ਗੁਰਮੁਖ ਸੋਹਣੇ ਨਜ਼ਰੀ ਆਈਆ। ਜਿਨ੍ਹਾਂ ਅੰਤਰ ਹੋਵੇ ਤੇਰਾ ਪਿਆਰ, ਬਾਹਰ ਕਰੀਂ ਰੁਸ਼ਨਾਈਆ। ਉਹ ਤੇਰੇ ਖ਼ਿਦਮਤਗਾਰ, ਸੇਵਕ ਹੋ ਕੇ ਸੇਵ ਕਮਾਈਆ। ਤੂੰ ਚਲ ਆਵੀਂ ਦਵਾਰ, ਦਰ ਦਰ ਫੇਰਾ ਪਾਈਆ। ਖੇਲ ਕਰੀਂ ਕਮਾਲ, ਕਾਮਲ ਮੁਰਸ਼ਦ ਤੇਰੇ ਹੱਥ ਵਡਿਆਈਆ। ਮੇਰਾ ਰਸ ਤੈਨੂੰ ਰਸਾਂ ਵਿਚ ਦੇਣਾ ਖਵਾਲ, ਅਨਰਸ ਤੇਰੇ ਵਿਚ ਸਮਾਈਆ। ਉਨ੍ਹਾਂ ਦਾ ਜਨਮ ਜਨਮ ਦਾ ਕਟ ਕੇ ਜਾਈਂ ਕਾਲ, ਤ੍ਰਿਸ਼ਨਾ ਭੁੱਖ ਗਵਾਈਆ। ਦੂਜੇ ਦਵਾਰੇ ਕਰਨਾ ਨਾ ਪਏ ਸਵਾਲ, ਮਾਂਗਤ ਹੋ ਨਾ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਣਾ ਸੱਚਾ ਦਾਨ, ਦਾਨ ਇਕੋ ਇਕ ਵਰਤਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਸੁੰਦਰ ਸਿੰਘ ਦੇ ਗ੍ਰਹਿ ਫਿਰੋਜ਼ਸ਼ਾਹ ਜ਼ਿਲਾ ਫ਼ਿਰੋਜ਼ਪੁਰ
ਅੰਨ ਕਹੇ ਮੈਂ ਹੁੰਦਾ ਰਿਹਾ ਹੈਰਾਨ, ਹੈਰਾਨੀ ਅੰਦਰ ਝਟ ਲੰਘਾਈਆ। ਮੈਨੂੰ ਦੁਨੀਆ ਕਹਿੰਦੀ ਰਹੀ ਭਗਵਾਨ, ਸ੍ਰੀ ਭਗਵਾਨ ਦੀ ਸਮਝ ਕਿਸੇ ਨਾ ਪਾਈਆ। ਜਗਤ ਮੰਗਤਿਆਂ ਨੂੰ ਮੇਰਾ ਦਿੰਦੇ ਰਹੇ ਦਾਨ, ਭੁੱਖਿਆਂ ਦੀ ਭੁੱਖ ਨਾਲ ਰਲਾਈਆ। ਮੇਰਾ ਲਹਿਣਾ ਯਾਦ ਕੀਤਾ ਨੌ ਵਾਰ ਸੀਤਾ ਰਾਮ, ਮਨ ਵਿਚ ਭੁੱਖੇ ਰਹਿ ਕੇ ਝੱਟ ਲੰਘਾਈਆ। ਤਿੰਨ ਦਿਨ ਹੁਕਮ ਮੰਨਦਾ ਰਿਹਾ ਕ੍ਰਿਸ਼ਨ ਕਾਹਨ, ਰਾਧਾ ਤੋਂ ਬਿਨਾ ਆਪਣਾ ਆਪ ਬਦਲਾਈਆ। ਈਸਾ ਮੂਸਾ ਮੁਹੰਮਦ ਸੁਣਦੇ ਰਹੇ ਪੈਗ਼ਾਮ, ਬਿਨ ਕੰਨਾਂ ਹੋਈ ਸ਼ਨਵਾਈਆ। ਨਾਨਕ ਉਤੇ ਹੋਇਆ ਪ੍ਰਭੂ ਥੋੜਾ ਮਿਹਰਵਾਨ, ਭਾਗ ਭੋਗ ਲਾਲੋ ਘਰ ਲਗਾਈਆ। ਓਸ ਵੇਲੇ ਅਬਿਨਾਸ਼ੀ ਕਰਤੇ ਕਿਹਾ ਮੈਂ ਸਭ ਦਾ ਲੇਖਾ ਦੇਵਾਂ ਵਿਚ ਜਹਾਨ, ਨਿਰਗੁਣ ਹੋ ਕੇ ਫੇਰਾ ਪਾਈਆ। ਤਰਖ਼ਾਣ ਦੇ ਪ੍ਰੇਮ ਵਿਚੋਂ ਬਣਾ ਤਰਖ਼ਾਣ, ਤ੍ਰਿਖਾ ਸਭ ਦੀ ਦਿਆਂ ਬੁਝਾਈਆ। ਅਰਜਨ ਮਾਰਿਆ ਇਕ ਧਿਆਨ, ਪੁਰਖ ਅਕਾਲ ਰਾਹ ਤਕਾਈਆ। ਤੱਤੀ ਲੋਹ ਦਿਸੇ ਵੈਰਾਨ, ਮੀਤ ਵੈਰੀ ਰੂਪ ਬਣਾਈਆ। ਗੋਬਿੰਦ ਹੋ ਕੇ ਮਿਹਰਵਾਨ, ਗੋਬਿੰਦ ਗੋਬਿੰਦ ਦਿਤਾ ਜਣਾਈਆ। ਜਿਸ ਵੇਲੇ ਪੰਜਾਂ ਪਿਆਰਿਆਂ ਅੰਮ੍ਰਿਤ ਲੱਗਾ ਸੀ ਪਿਆਣ, ਖੰਡਾ ਜਲ ਵਿਚ ਫਿਰਾਈਆ। ਓਸ ਵੇਲੇ ਕਿਰਪਾ ਕੀਤੀ ਸ੍ਰੀ ਭਗਵਾਨ, ਰਸ ਧੁਰ ਦਾ ਦਿਤਾ ਵਖਾਈਆ। ਸਚ ਦਵਾਰੇ ਪਕਦਾ ਵੇਖਿਆ ਪਕਵਾਨ, ਚਾਰ ਜੁਗ ਦੇ ਭਗਤ ਸੇਵ ਕਮਾਈਆ। ਨਾਲ ਝੁਲਦਾ ਵੇਖਿਆ ਨਿਸ਼ਾਨ, ਨਿਸ਼ਾਨਾ ਦਿਸਿਆ ਬੇਪਰਵਾਹੀਆ। ਹੱਸ ਕੇ ਕੀਤੀ ਪਰਨਾਮ, ਦੀਨ ਹੋ ਕੇ ਸੀਸ ਝੁਕਾਈਆ। ਖ਼ੁਸ਼ ਹੋ ਕੇ ਨਿਗਾਹਬਾਨ, ਹੁਕਮ ਦਿਤਾ ਸੁਣਾਈਆ। ਜਿਸ ਵੇਲੇ ਕੱਠੇ ਹੋ ਕੇ ਮਿਲ ਕੇ ਆਏ ਵਿਚ ਜਹਾਨ, ਜਹਾਲਤ ਦਿਸੇ ਸਰਬ ਲੋਕਾਈਆ। ਓਸ ਵੇਲੇ ਭਗਤਾਂ ਕੋਲੋਂ ਲੈਣਾ ਦਾਨ, ਦਰ ਦਰ ਘਰ ਘਰ ਮੰਗ ਮੰਗਾਈਆ।
ਤੇਰਾ ਅੰਮ੍ਰਿਤ ਮੇਰਾ ਪਕਵਾਨ, ਦੋਹਾਂ ਦਾ ਕੱਠਾ ਪੀਣ ਖਾਣ, ਵਕ਼ਤ ਸੁਹੇਲਾ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਸੁਣਾਈਆ। ਹੁਕਮ ਸੁਣਿਆ ਸਚ ਜਗਦੀਸ਼, ਦਹਿ ਦਿਸ਼ਾ ਵੱਜੀ ਵਧਾਈਆ। ਗੋਬਿੰਦ ਕਿਹਾ ਪ੍ਰਭੂ ਠੀਕ, ਪਾਰਬ੍ਰਹਮ ਤੇਰੀ ਬੇਪਰਵਾਹੀਆ। ਸ੍ਰੀ ਭਗਵਾਨ ਕਿਹਾ ਰਖਣੀ ਉਡੀਕ, ਆਸਾ ਆਸਾ ਵਿਚ ਵਧਾਈਆ। ਮੇਰੇ ਸੰਮਤ ਦੀ ਸੋਹਣੀ ਹੋਵੇ ਤਾਰੀਖ, ਤਵਾਰੀਖ ਦਏ ਬਦਲਾਈਆ। ਜਨ ਭਗਤ ਦਵਾਰਿਉਂ ਮੰਗਣਾ ਭੀਖ, ਭਿਖਾਰੀ ਹੋ ਕੇ ਭੇਖ ਵਟਾਈਆ। ਨਾਲ ਸ਼ਬਦ ਦੀ ਪਾਉਣੀ ਤਸਦੀਕ, ਸ਼ਹਾਦਤ ਤੇਰੀ ਦੇਣੀ ਭੁਗਤਾਈਆ। ਸਭ ਦੀ ਖ਼ੁਸ਼ ਕਰਦੇ ਜਾਣਾ ਤਬੀਅਤ, ਦੁਖੀਆ ਰਹਿਣ ਕੋਇ ਨਾ ਪਾਈਆ। ਮੇਰੀ ਤੇਰੇ ਨਾਲ ਵਸੀਅਤ, ਵਿਰਸਾ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਲੇਖਾ ਦੱਸ ਜਾਏ ਅਸਲੀਅਤ, ਅਸਲ ਅਸਲ ਵਿਚੋਂ ਪਰਗਟਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਅਮਰ ਸਿੰਘ ਦੇ ਗ੍ਰਹਿ ਫ਼ਿਰੋਜ਼ਸ਼ਾਹ ਜ਼ਿਲਾ ਫ਼ਿਰੋਜ਼ਪੁਰ
ਅੰਨ ਕਹੇ ਮੈਂ ਬਿਨ ਅੱਖਾਂ ਰਿਹਾ ਅੰਨ੍ਹਾ, ਨਰ ਨਰਾਇਣ ਦਰਸ ਕੋਇ ਨਾ ਪਾਈਆ। ਜੁਗ ਚੌਕੜੀ ਰਿਹਾ ਭੰਨਾ, ਸਾਲ ਬਸਾਲਾ ਆਪਣਾ ਪੰਧ ਮੁਕਾਈਆ। ਜਿਸ ਵੇਲੇ ਠਾਕਰ ਭੋਗ ਲਗਾਇਆ ਧੰਨਾ, ਨਿਰਗੁਣ ਸਰਗੁਣ ਵੇਸ ਵਟਾਈਆ। ਇਕ ਸੰਦੇਸ਼ਾ ਦਿਤਾ ਬਿਨਾ ਕੰਨਾਂ, ਸਹਿਜ ਗਿਆ ਸਮਝਾਈਆ। ਕਲਜੁਗ ਅੰਤ ਨਿਰਗੁਣ ਜੋਤ ਧੁਰ ਦਾ ਚੜ੍ਹਨਾ ਚੰਨਾ, ਸਚ ਕਰੇ ਰੁਸ਼ਨਾਈਆ। ਪਿਛਲਾ ਮੇਟਣਾ ਬੰਨਾਂ, ਅਗਲਾ ਰਾਹ ਵਖਾਈਆ। ਬਾਲਮੀਕ ਜੋ ਲਿਖਿਆ ਲੇਖ ਉਪਰ ਤਿੰਨ ਸੌ ਤਰੇਠ ਪੰਨਾ, ਉਹ ਸ਼ਹਾਦਤ ਨਜ਼ਰੀ ਆਈਆ। ਪੁਰਖ ਅਕਾਲ ਜਨ ਭਗਤਾਂ ਦੇਣਾ ਸਾਚਾ ਧਨਾ, ਧਨ ਪਦਾਰਥ ਝੋਲੀ ਪਾਈਆ। ਲੇਖਾ ਮੁਕਣਾ ਨਾਮਾ ਛੰਨਾ, ਦੁੱਧ ਕਟੋਰੀ ਲਹਿਣਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਅੰਨ ਕਹੇ ਮੈਨੂੰ ਯਾਦ ਆਈ ਗਾਥਾ, ਕਹਾਣੀ ਦਿਆਂ ਸੁਣਾਈਆ। ਸਤਿਜੁਗ ਦਾ ਸਾਕਾ, ਕਲਜੁਗ ਅੰਤਮ ਭੇਵ ਖੁਲ੍ਹਾਈਆ। ਪਿਰਥੂ ਕਟਦਾ ਸੀ ਫ਼ਾਕ਼ਾ, ਫ਼ਿਕਰਾਂ ਵਿਚ ਝੱਟ ਲੰਘਾਈਆ। ਹੁਕਮ ਦਿਤਾ ਧੁਰ ਦੇ ਆਕ਼ਾ, ਅਕ਼ਲ ਅਕ਼ਲ ਵਿਚੋਂ ਬਦਲਾਈਆ। ਚਰਨ ਕਵਲ ਪ੍ਰੀਤੀ ਕਰ ਬਣ ਕੇ ਦਾਸੀ ਦਾਸਾ, ਸੇਵਕ ਹੋ ਕੇ ਸੇਵ ਕਮਾਈਆ। ਅਗਲਾ ਦੱਸਾਂ ਭੇਵ ਖ਼ੁਲਾਸਾ, ਪੜਦਾ ਦਿਆਂ ਉਠਾਈਆ। ਕਲਜੁਗ ਅੰਤ ਪਰਗਟ ਹੋਣਾ ਪੁਰਖ ਅਬਿਨਾਸ਼ਾ, ਨਿਰਗੁਣ ਨਿਰਵੈਰ ਵੇਸ ਵਟਾਈਆ। ਜਨ ਭਗਤਾਂ ਦੇਣਾ ਸਾਥਾ ਸਗਲਾ ਸੰਗ ਨਿਭਾਈਆ। ਚਰਨ ਕਵਲ ਦੇਵੇ ਭਰਵਾਸਾ, ਦ੍ਰਿੜ ਨਿਸ਼ਚਾ ਆਪ ਬੰਧਾਈਆ। ਇਕੋ ਵਾਰੀ ਸਭ ਦਾ ਲੇਖੇ ਲਾ ਜਾਏ ਕੀਤਾ ਹੋਇਆ ਅਰਦਾਸਾ, ਅਗੇ ਅਰਜ਼ ਦੀ ਲੋੜ ਰਹੇ ਨਾ ਰਾਈਆ। ਜਿਹੜਾ ਪਕਵਾਨ ਪੱਕਾ ਹੋਇਆ ਜਾਹਰ ਹੋ ਕੇ ਕਿਸੇ ਨਹੀਂ ਖਾਧਾ, ਘਰ ਘਰ ਆਪਣਾ ਭੋਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਵਡ ਵਡ ਭਾਗਾ, ਸਾਚਾ ਭਾਗ ਹਿੱਸਾ ਭਗਤਾਂ ਝੋਲੀ ਪਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਪ੍ਰੀਤਮ ਸਿੰਘ ਦੇ ਘਰ ਪਿੰਡ ਫ਼ਿਰੋਜ਼ਸ਼ਾਹ ਜ਼ਿਲਾ ਫ਼ਿਰੋਜ਼ਪੁਰ
ਅੰਨ ਕਹੇ ਮੈਂ ਵੇਖੇ ਭੁੱਖੇ ਨੰਗੇ, ਜੁਗ ਜੁਗ ਮਾਂਗਤ ਰੂਪ ਵਟਾਈਆ। ਦਰ ਦਰ ਮੰਗਦੇ ਵੇਖੇ ਪੰਡੇ, ਤਿਲਕ ਸੰਧੂਰ ਮਾਤ ਚਮਕਾਈਆ। ਸੁਥਰੇ ਖੜਕਾਉਂਦੇ ਵੇਖੇ ਡੰਡੇ, ਮਨ ਵਾਸਨਾ ਦੇਣ ਦੁਹਾਈਆ। ਸਾਧੂ ਬੈਠੇ ਤੀਰਥਾਂ ਕੰਢੇ, ਝੋਲੀਆਂ ਰਹੇ ਡਾਹੀਆ। ਤਰਸਦੇ ਵੇਖੇ ਤਟਾਂ ਉਤੇ ਗੰਗੇ, ਗੋਦਾਵਰੀ ਜਮਨਾ ਸੁਰਸਤੀ ਧੀਰ ਨਾ ਕੋਇ ਧਰਾਈਆ। ਇਕ ਦੂਜੇ ਨੂੰ ਮਾਰਦੇ ਵੇਖੇ ਬੰਦੇ, ਬੰਦਗੀ ਗਏ ਭੁਲਾਈਆ। ਵਿਕਾਰੀ ਹੋ ਗਏ ਗੰਦੇ, ਸਤਿ ਧਰਮ ਨਾ ਕੋਇ ਸਮਝਾਈਆ। ਮੰਜ਼ਲ ਚੜ੍ਹੇ ਮੂਲ ਨਾ ਡੰਡੇ, ਸਾਚੇ ਘਰ ਨਾ ਵੱਜੀ ਵਧਾਈਆ। ਕੂੜੀ ਕਿਰਿਆ ਕਰਦੇ ਦੰਗੇ, ਘਰ ਘਰ ਕਰਨ ਲੜਾਈਆ। ਕੋਟਾਂ ਵਿਚੋਂ ਗੁਰਮੁਖ ਥੋੜੇ ਲੱਗੇ ਚੰਗੇ, ਜਿਹੜੇ ਪ੍ਰਭੂ ਨੂੰ ਰਹੇ ਮਨਾਈਆ। ਰਾਹ ਤੱਕਣ ਸੂਰੇ ਸਰਬੰਗੇ, ਰਸਤਾ ਦੂਜਾ ਗਏ ਭੁਲਾਈਆ। ਕਵਣ ਵੇਲਾ ਹਰਿ ਲਾਵੇ ਆਪਣੇ ਅੰਗੇ, ਅੰਗੀਕਾਰ ਇਕ ਅਖਵਾਈਆ। ਚੁਕੇ ਧੁਰ ਦੇ ਕੰਧੇ, ਫੜ ਬਾਹੋਂ ਲਏ ਉਠਾਈਆ। ਆਤਮ ਪਰਮਾਤਮ ਦੇਵੇ ਇਕ ਅਨੰਦੇ, ਰਸ ਆਪਣਾ ਦਏ ਚਖਾਈਆ। ਸਚ ਭੰਡਾਰਾ ਧੁਰ ਦਾ ਵੰਡੇ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਦ੍ਰਿੜਾਈਆ। ਅੰਨ ਕਹੇ ਮੈਂ ਵੇਖਿਆ ਖੇਲ ਅਨਾਦੀ, ਅੰਤਰ ਸਭ ਨੂੰ ਦਿਆਂ ਜਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਖੇਲ ਕਰੇ ਵਿਸਮਾਦੀ, ਬਿਸਮਿਲ ਆਪਣੀ ਧਾਰ ਪਰਗਟਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਬਣ ਕੇ ਆਇਆ ਇਮਦਾਦੀ, ਇਤਹਾਸ ਪਿਛਲਾ ਦਏ ਬਦਲਾਈਆ। ਨਵੀਂ ਸਾਜਣਾ ਰਿਹਾ ਸਾਜੀ, ਸਾਜਨ ਹੋ ਕੇ ਹੋਵੇ ਸਹਾਈਆ। ਭਗਤ ਸੁਹੇਲੇ ਕਰ ਕੇ ਜਾਏ ਰਾਜ਼ੀ, ਰਾਜਨ ਰਾਜ ਦਏ ਵਡਿਆਈਆ। ਜਿਨ੍ਹਾਂ ਜਨਮ ਦੀ ਜਿੱਤ ਲਈ ਬਾਜ਼ੀ, ਮਾਣਸ ਮਾਨਵ ਲੇਖੇ ਪਾਈਆ। ਪ੍ਰੇਮ ਪਿਆਰ ਦੀ ਖਾ ਕੇ ਭਾਜੀ, ਭਜਨ ਬੰਦਗੀ ਇਕੋ ਵਾਰ ਲੇਖੇ ਪਾਈਆ। ਦੇਵੇ ਵਸਤ ਜੋ ਜਨਮ ਜਨਮ ਦੀ ਗਵਾਚੀ, ਘਰ ਵਿਚ ਠਾਕਰ ਦਏ ਮਿਲਾਈਆ। ਇਕੋ ਧਾਰ ਦੱਸੇ ਸਾਚੀ, ਪਾਰਬ੍ਰਹਮ ਬ੍ਰਹਮ ਮੇਲਾ ਰਿਹਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣ ਕੇ ਕਾਇਆ ਮਾਟੀ ਕਾਚੀ, ਕੰਚਨ ਗੜ੍ਹ ਦਏ ਸੁਹਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਜਗਤਾਰ ਸਿੰਘ ਦੇ ਗ੍ਰਹਿ ਪਿੰਡ ਫਿਰੋਜ਼ਸ਼ਾਹ ਜ਼ਿਲਾ ਫ਼ਿਰੋਜ਼ਪੁਰ
ਅੰਨ ਕਹੇ ਕੋਟਨ ਕੋਟ ਖਾਂਦੇ ਗਏ ਆਪਣੀ ਮਰਜ਼ੀ, ਮਜ਼ੇ ਰਸਨਾ ਜਿਹਵਾ ਵਾਲੇ ਜਗਤ ਬਣਾਈਆ। ਵਸ਼ਿਸ਼ਟ ਨੇ ਪੁਰਖ ਅਕਾਲ ਕੋਲ ਦਿਤੀ ਅਰਜ਼ੀ, ਬਿਨ ਅੱਖਰਾਂ ਇਬਾਰਤ ਜਣਾਈਆ। ਤੁਧ ਬਿਨ ਸੱਚਾ ਦਿਸੇ ਕੋਇ ਨਾ ਦਰਦੀ, ਦੁਖੀਆਂ ਦੁੱਖ ਵੰਡਾਈਆ। ਤੂੰ ਮਾਲਕ ਅਗੰਮ ਅਥਾਹ ਅਰਸ਼ੀ, ਪ੍ਰੀਤਮ ਸ਼ਹਿਨਸ਼ਾਹੀਆ। ਜੁਗ ਚੌਕੜੀ ਵੇਖਣਹਾਰਾ ਦੀਨ ਦੁਨੀ ਗਰਦੀ, ਗੁਬਾਰ ਪੜਦਾ ਲਾਹੀਆ। ਸ੍ਰੀ ਭਗਵਾਨ ਤੇਰੀ ਪਿਆਰ ਧਾਰ ਕਿਸੇ ਨਾ ਵਰਲੀ, ਸੱਦਾ ਦੇ ਨਾ ਕੋਇ ਬੁਲਾਈਆ। ਸਾਰ ਪਾਈ ਨਾ ਕਿਸੇ ਆਪਣੇ ਘਰ ਦੀ, ਸੌਹਰੇ ਪਈਏ ਘਰ ਘਰ ਫੇਰੇ ਜਗਤ ਪਾਈਆ। ਆਤਮ ਸਤਿ ਸਚ ਤੈਨੂੰ ਕੋਈ ਨਾ ਵਰਦੀ, ਕੰਤ ਖ਼ਾਕੀ ਤਨ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ
ਦੇਣਾ ਮੁਕਾਈਆ। ਅੰਨ ਕਹੇ ਤੈਨੂੰ ਕਿਸੇ ਨਾ ਦਿਤਾ ਨੇਂਦਾ, ਸਵਾਮੀ ਸਾਚੇ ਘਰ ਨਾ ਕੋਇ ਬੁਲਾਈਆ। ਝਗੜਾ ਪਿਆ ਕਿਉਂ ਕਿਉਂ ਦਾ, ਹਉਂ ਹਉਂ ਰਹੀ ਸਤਾਈਆ। ਜੁੜਿਆ ਜੋੜ ਨਾ ਪਿਤਾ ਪਿਓ ਦਾ, ਭਗਤ ਭਗਵਾਨ ਨਾ ਰੰਗ ਸਮਾਈਆ। ਭਾਗ ਹੋਇਆ ਨਾ ਚੰਗਾ ਘਿਰਤ ਘਿਉ ਦਾ, ਚਾਰ ਜੁਗ ਦੇਣ ਦੁਹਾਈਆ। ਨਾਤਾ ਤੋੜ ਨਿਭਿਆ ਨਾ ਜਗਤ ਨਿਹੋਂ ਦਾ, ਸਾਚਾ ਮੇਲ ਨਾ ਕੋਇ ਮਿਲਾਈਆ। ਵਿਛੋੜਾ ਲੱਗਾ ਨਾ ਤੇਰੀ ਬਿਰਹੋਂ ਦਾ, ਅਗਨੀ ਅੱਗ ਰਹੀ ਜਲਾਈਆ। ਰਸ ਮਿਲਿਆ ਨਾ ਅੰਮ੍ਰਿਤ ਮੇਹੋਂ ਦਾ, ਬੂੰਦ ਸਵਾਂਤੀ ਨਾ ਕੋਇ ਚੁਆਈਆ। ਘਰ ਪਾਇਆ ਨਾ ਸਾਚੇ ਦੇਉ ਦਾ, ਦੇਵਤ ਸੁਰ ਰਹੇ ਮਨਾਈਆ। ਦਰਸ਼ਨ ਕੀਤਾ ਨਾ ਅਲਖ ਅਭੇਉ ਦਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਅੰਨ ਕਹੇ ਮੈਂ ਵੇਖਿਆ ਜੁਗ ਚੌਕੜੀ ਬੀਤਿਆ ਵਿਚ ਸੰਸਾਰ, ਕਲਜੁਗ ਅੰਤਮ ਗਿਆ ਆਈਆ। ਮੈਨੂੰ ਖਾ ਖਾ ਲੱਖ ਚੁਰਾਸੀ ਗਈ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਮੈਂ ਡਰ ਡਰ ਰੋਵਾਂ ਜ਼ਾਰੋ ਜ਼ਾਰ, ਉਚੀ ਕੂਕ ਕੂਕ ਸੁਣਾਈਆ। ਬਹੁੜੀ ਦਰੋਹੀ ਖ਼ੁਦਾਏ ਪਰਵਰਦਿਗਾਰ, ਯਾਮਬੀਨ ਤੇਰੀ ਸਰਨਾਈਆ। ਨਾਤਾ ਜੋੜ ਕਰ ਪਿਆਰ, ਪ੍ਰੇਮ ਪ੍ਰੀਤੀ ਵਿਚ ਰਖਾਈਆ। ਨਿਗਾਹਬਾਨ ਬਣ ਮਦਦਗਾਰ, ਤੇਰੀ ਓਟ ਤਕਾਈਆ। ਜਨ ਭਗਤਾਂ ਦੇ ਆਧਾਰ, ਸੂਫ਼ੀਆਂ ਸੁਖ ਦੇ ਉਪਜਾਈਆ। ਸਾਚੇ ਪ੍ਰੇਮ ਦਾ ਕਰ ਆਹਾਰ, ਭੋਗ ਇਕੋ ਵਾਰ ਲਗਾਈਆ। ਗੁਰਮੁਖਾਂ ਦਾ ਸਦਾ ਲੇਖਾ ਰਹਿ ਜਾਏ ਜੁਗ ਚਾਰ, ਚੌਕੜੀ ਸਕੇ ਨਾ ਕੋਇ ਬਦਲਾਈਆ। ਤੇਰਾ ਭਰਿਆ ਰਹੇ ਭੰਡਾਰ, ਦੇਵਣਹਾਰ ਤੇਰੀ ਵਡਿਆਈਆ। ਗ਼ਰੀਬ ਨਿਮਾਣੇ ਜਾਈਂ ਤਾਰ, ਕੋਝੇ ਕਮਲਿਆਂ ਗੋਦ ਉਠਾਈਆ। ਤੇਰਾ ਨਾਉਂ ਸੱਚਾ ਨਿਰੰਕਾਰ , ਨਿਰਵੈਰ ਹੋ ਕੇ ਵੇਖ ਵਖਾਈਆ। ਘਰ ਠਾਂਡਾ ਬਣਾ ਸੱਚਾ ਦਰਬਾਰ, ਸਚਖੰਡ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਕਰਿਆ ਵਿਹਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੧ ਆਤਮਾ ਸਿੰਘ ਤੇਜਾ ਸਿੰਘ ਦੇ ਗ੍ਰਹਿ ਫ਼ਿਰੋਜ਼ਸ਼ਾਹ ਜ਼ਿਲਾ ਫ਼ਿਰੋਜ਼ਪੁਰ
ਅੰਨ ਕਹੇ ਜਨ ਭਗਤੋ ਸ਼ਾਬਾਸ਼, ਖ਼ੁਸ਼ੀਆਂ ਵਿਚ ਵੱਜੇ ਵਧਾਈਆ। ਤੱਕਿਆ ਪੁਰਖ ਅਬਿਨਾਸ਼, ਜੋ ਅਬਗਤਾਂ ਪਾਰ ਲੰਘਾਈਆ। ਸਭ ਦੀ ਪੂਰੀ ਕਰੀ ਜਾਏ ਆਸ, ਤ੍ਰਿਸ਼ਨਾ ਅਗਲੀ ਰਿਹਾ ਬੁਝਾਈਆ। ਕੂੜ ਕੁਕਰਮਾਂ ਕਰ ਕੇ ਨਾਸ, ਸਚ ਧਰਮਾ ਇਕ ਸਮਝਾਈਆ। ਸੱਜਣ ਹੋ ਕੇ ਵਸੇ ਪਾਸ, ਸਗਲਾ ਸੰਗ ਨਿਭਾਈਆ। ਗੁਰਮੁਖ ਰਹੇ ਨਾ ਕੋਇ ਉਦਾਸ, ਚਿੰਤਾ ਗ਼ਮ ਦਏ ਗਵਾਈਆ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦਏ ਮਿਟਾਈਆ। ਧੀਰਜ ਸੰਤੋਖ ਦੇਵੇ ਵਿਸ਼ਵਾਸ, ਕੂੜੇ ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਆਵਣ ਜਾਵਣ ਫੰਦ ਕਟਾ ਕੇ ਦਸ ਦਸ ਮਾਸ, ਲੱਖ ਚੁਰਾਸੀ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਚੜ੍ਹਾਈਆ। ਰੰਗ ਕਹੇ ਮੈਂ ਚੜ੍ਹਨਾ ਅੰਤਰ ਆਤਮ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੇਲ ਮਿਲਾਉਣਾ ਪਰਮ ਪੁਰਖ ਪਰਮਾਤਮ, ਵਿਛੋੜਾ ਰਹੇ ਨਾ ਰਾਈਆ।
ਜਲਵਾ ਦੇਣਾ ਬਾਤਨ, ਨਿਜ ਨੂਰ ਕਰ ਰੁਸ਼ਨਾਈਆ। ਸਾਚੀ ਸੇਜ ਸੁਹਾਉਣਾ ਆਸਣ, ਧਰਮ ਦਵਾਰਾ ਇਕ ਪਰਗਟਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼ਣ, ਦਰ ਦਵਾਰਾ ਇਕੋ ਦੇਣਾ ਸਮਝਾਈਆ। ਜਿਥੇ ਵਸੇ ਪੁਰਖ ਅਬਿਨਾਸ਼ਣ, ਜੋਤੀ ਜਾਤਾ ਡੇਰਾ ਲਾਈਆ। ਮੰਜ਼ਲ ਦੱਸ ਕੇ ਇਕੋ ਘਾਟਣ, ਘਾਟਾ ਪਿਛਲਾ ਪੂਰ ਕਰਾਈਆ। ਸਾਹਿਬ ਸਵਾਮੀ ਮਿਲ ਜਾਏ ਸਾਥਣ, ਸਮਰਥ ਪੁਰਖ ਨਜ਼ਰੀ ਆਈਆ। ਸ਼ਾਹੋ ਭੂਪ ਵਡ ਰਾਜ ਰਾਜਨ, ਰਈਅਤ ਆਪਣੀ ਲਏ ਬਣਾਈਆ। ਏਥੇ ਓਥੇ ਦੋ ਜਹਾਨਾਂ ਪੂਰੇ ਕਰੇ ਕਾਜਣ, ਕਰਮ ਕਾਂਡ ਦਾ ਲੇਖਾ ਦਏ ਮੁਕਾਈਆ। ਮੁਰਦੇ ਆਇਆ ਜਵਾਲਣ ਗੁਰਮੁਖ ਸੰਭਾਲਣ, ਸੰਤ ਸੁਹੇਲੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਕਰੇ ਦੀਨ ਦਿਆਲਣ, ਦੀਨਾਂ ਅਨਾਥਾਂ ਵੇਖ ਵਖਾਈਆ। ਅਨਾਥ ਕਹਿਣ ਅਸਾਂ ਤੱਕਿਆ ਨਾਥ, ਧੁਰਦਰਗਾਹੀ ਬੇਪਰਵਾਹੀਆ। ਜਿਸ ਨੂੰ ਕਹਿੰਦੇ ਪੁਰਖ ਸਮਰਾਥ, ਮਾਲਕ ਧੁਰ ਦਾ ਇਕ ਅਖਵਾਈਆ। ਜਿਸ ਦੀ ਗਾ ਕੇ ਸੱਚੀ ਗਾਥ, ਆਪਣਾ ਆਪ ਲਿਆ ਬਦਲਾਈਆ। ਇਕੋ ਸਿਮਰਨ ਇਕੋ ਪਾਠ, ਇਕੋ ਅੱਖਰ ਦਿਤਾ ਪੜ੍ਹਾਈਆ। ਮੰਜ਼ਲ ਪਿਛਲੀ ਅਗਲੀ ਮੁਕ ਗਈ ਵਾਟ, ਪੈਂਡਾ ਅਵਰ ਰਿਹਾ ਨਾ ਰਾਈਆ। ਝਗੜਾ ਮੁਕ ਗਿਆ ਤੀਰਥ ਤਾਟ, ਅੰਮ੍ਰਿਤ ਜਾਮ ਦਿਤਾ ਪਿਆਈਆ। ਸਚ ਪ੍ਰੀਤੀ ਜੋੜ ਕੇ ਨਾਤ, ਸਾਥ ਸਗਲਾ ਲਿਆ ਬਣਾਈਆ। ਜਨਮ ਜਨਮ ਦੀ ਪੂਰੀ ਕਰ ਕੇ ਖ਼ਾਹਿਸ਼, ਖ਼ਾਲਸ ਆਪਣਾ ਰੰਗ ਚੜ੍ਹਾਈਆ। ਲੇਖੇ ਲਾ ਕੇ ਜਗਤ ਸਵਾਸ, ਪਵਣ ਪਵਣਾਂ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਜਨਮ ਕਰ ਕੇ ਰਾਸ, ਰਸਤਾ ਧੁਰਦਾ ਦਿਤਾ ਵਖਾਈਆ।