ਪੁਸਤਕਾਲਾਭਾਗ ੧੯

ਰਾਤ ਸਾਢੇ ਨੌ ਵਜੇ

ਸਤਿ ਧਰਮ ਤੇਰੀ ਸਾਚੀ ਜੜ੍ਹ, ਭਗਤ ਦਵਾਰ ਨੀਂਹ ਧਰਾਈਆ। ਪੁਰਖ ਅਬਿਨਾਸ਼ੀ ਵੇਖੇ ਖੜ, ਨਿਰਗੁਣ ਨਿਰਵੈਰ ਬੇਪਰਵਾਹੀਆ। ਧੁਰ ਦਾ ਢੋਲਾ ਅਗੰਮਾ ਪੜ੍ਹ, ਬੋਧ ਅਗਾਧ ਕਰੇ ਪੜ੍ਹਾਈਆ। ਸਾਚੀ ਮੰਜ਼ਲ ਆਪੇ ਚੜ੍ਹ, ਪੂਰਬ ਪਿਛਲਾ ਪੰਧ ਮੁਕਾਈਆ। ਕਿਲ੍ਹਾ ਤੋੜ ਹੰਕਾਰੀ ਗੜ੍ਹ, ਹਉਮੇ ਹੰਗਤਾ ਰਿਹਾ ਮਿਟਾਈਆ। ਸਤਿ ਦਵਾਰਾ ਖੋਲ੍ਹ ਕੇ ਧੁਰ ਦਾ ਸਾਚਾ ਸਰ, ਸਰੋਵਰ ਇਕੋ ਇਕ ਪਰਗਟਾਈਆ। ਦੁਰਮਤ ਮੈਲ ਧੁਆਉਣੀ ਨਾਰੀ ਨਰ, ਨਰ ਨਰਾਇਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਸਤਿ ਧਰਮ ਤੇਰਾ ਲੇਖਾ ਮਾਤ, ਹਰਿ ਕਰਤਾ ਆਪ ਬਣਾਈਆ। ਵਸਤ ਅਮੋਲਕ ਦੇ ਕੇ ਦਾਤ, ਜਨ ਭਗਤਾਂ ਸੰਗ ਰਲਾਈਆ। ਨਾਮ ਭੰਡਾਰਾ ਅਗੰਮ ਸੌਗ਼ਾਤ, ਧੁਰ ਦਾ ਸੋਹਲਾ ਸਚ ਸੁਣਾਈਆ। ਕਲਜੁਗ ਮੇਟ ਕੂੜ ਅੰਧੇਰੀ ਰਾਤ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਬਦਲ ਦੇਵੇ ਹਾਲਾਤ, ਧੁਰ ਦਾ ਹੁਕਮ ਇਕ ਮਨਾਈਆ। ਲੇਖਾ ਜਾਣੇ ਬ੍ਰਹਿਮੰਡ ਖੰਡ ਕਾਇਨਾਤ, ਲੱਖ ਚੁਰਾਸੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਤਿ ਧਰਮ ਤੇਰਾ ਲੇਖਾ ਜਗ, ਹਰਿ ਕਰਤਾ ਆਪ ਜਣਾਇੰਦਾ। ਕਲਜੁਗ ਅਗਨੀ ਵੇਖੇ ਕੂੜੀ ਅੱਗ, ਚਾਰ ਕੁੰਟ ਫੋਲ ਫੁਲਾਇੰਦਾ। ਸਾਚਾ ਸਮਝੇ ਕੋਈ ਨਾ ਹੱਜ, ਹਾਜਤ ਪੂਰ ਨਾ ਕੋਇ ਵਖਾਇੰਦਾ। ਮਨ ਵਾਸਨਾ ਸ੍ਰਿਸ਼ਟੀ ਰਹੀ ਭੱਜ, ਦਹਿ ਦਿਸ਼ਾ ਪੰਧ ਨਾ ਕੋਇ ਮੁਕਾਇੰਦਾ। ਸਾਚਾ ਸੁਣੇ ਕੋਈ ਨਾ ਨਦ, ਅਗੰਮੀ ਰਾਗ ਨਾ ਕੋਇ ਅਲਾਇੰਦਾ। ਜਗਤ ਵਿਕਾਰ ਪੀ ਕੇ ਮਧ, ਅੰਮ੍ਰਿਤ ਰਸ ਮੁਖ ਨਾ ਕੋਇ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਇੰਦਾ।

ਸਤਿ ਧਰਮ ਤੂੰ ਵੇਖ ਧਰਮ ਦਵਾਰ, ਹਰਿ ਕਰਤਾ ਆਪ ਜਣਾਈਆ। ਸੋ ਪੁਰਖ ਨਿਰੰਜਣ ਖੋਲ੍ਹ ਕਿਵਾੜ, ਪੜਦਾ ਦੇਣਾ ਚੁਕਾਈਆ। ਹਰਿ ਪੁਰਖ ਨਿਰੰਜਣ ਪਾਵੇ ਸਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਨਿਰੰਜਣ ਕਰ ਉਜਿਆਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਏਕੰਕਾਰਾ ਦਏ ਅਧਾਰ, ਮਿਹਰ ਨਜ਼ਰ ਉਠਾਈਆ। ਅਬਿਨਾਸ਼ੀ ਕਰਤਾ ਕਰੇ ਪਿਆਰ, ਮੇਲ ਮਿਲਾਵਾ ਸਹਿਜ ਸੁਭਾਈਆ। ਸ੍ਰੀ ਭਗਵਾਨ ਦਏ ਹੁਲਾਰ, ਸਚ ਹੁਲਾਰਾ ਇਕ ਜਣਾਈਆ। ਪਾਰਬ੍ਰਹਮ ਪ੍ਰਭ ਖੇਲੇ ਖੇਲ ਅਗੰਮ ਅਪਾਰ, ਭੇਵ ਅਭੇਦਾ ਦਏ ਖੁਲ੍ਹਾਈਆ। ਆਤਮ ਪਰਮਾਤਮ ਲੇਖਾ ਜਾਣ ਆਪ ਕਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਏ ਚੁਕਾਈਆ। ਸਤਿ ਧਰਮ ਤੇਰਾ ਏਕਾ ਏਕ, ਏਕੰਕਾਰ ਆਪ ਜਣਾਈਆ। ਕਲਜੁਗ ਕੂੜੀ ਕਿਰਿਆ ਚੁੱਕੇ ਟੇਕ, ਟਿੱਕਾ ਮਸਤ ਖ਼ੁਮਾਰੀ ਦਏ ਲਗਾਈਆ। ਮਾਇਆ ਮਮਤਾ ਮੋਹ ਕਰਨਾ ਭੇਟ, ਝਗੜਾ ਕੂੜ ਦਏ ਮੁਕਾਈਆ। ਠਾਕਰ ਬਣ ਕੇ ਖੇਵਟ ਖੇਟ, ਸਾਚਾ ਬੇੜਾ ਪਾਰ ਲੰਘਾਈਆ। ਜਨ ਭਗਤਾਂ ਦਾ ਸੁਹੰਜਣਾ ਹੋਵੇ ਚੇਤ, ਥਿਤ ਪੰਜ ਮਿਲੇ ਵਡਿਆਈਆ। ਸ੍ਰਿਸ਼ਟੀ ਸੰਸਾਰ ਕੱਟਣ ਵਾਲਾ ਖੇਤ, ਰੁੱਤ ਆਪਣੀ ਰਿਹਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਤਰਾਈਆ। ਸਤਿ ਧਰਮ ਤੇਰਾ ਲੇਖਾ ਸਚ ਗ੍ਰਹਿ, ਘਰ ਮੰਦਰ ਇਕੋ ਇਕ ਵਖਾਈਆ। ਜਿਥੇ ਪੁਰਖ ਅਬਿਨਾਸ਼ੀ ਰਹੇ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਚ ਦਵਾਰੇ ਧਾਮ ਬਹੇ, ਸਚਖੰਡ ਵੱਜਦੀ ਰਹੇ ਵਧਾਈਆ। ਹੁਕਮ ਅੰਦਰ ਆਦਿ ਜੁਗਾਦਿ ਜੁਗ ਚੌਕੜੀ ਸ੍ਰਿਸ਼ਟੀ ਦ੍ਰਿਸ਼ਟੀ ਕਰਦਾ ਆਇਆ ਲਯ, ਸਿਰ ਸਕੇ ਨਾ ਕੋਇ ਉਠਾਈਆ। ਏਕੰਕਾਰ ਖੇਲੇ ਖੇਲ ਅਗੰਮ ਅਪਾਰ ਆਦਿ ਜੁਗਾਦਿ ਜੁਗਾ ਜੁਗੰਤ ਇਕੋ ਹੈ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿ ਧਰਮ ਕਹੇ ਮੈਨੂੰ ਰੱਖਿਆ ਕਿਹੜੇ ਥਾਂ, ਪੁਰਖ ਅਕਾਲ ਦੇ ਜਣਾਈਆ। ਕਲਜੁਗ ਸ੍ਰਿਸ਼ਟੀ ਵੇਖੀ ਭਰੀ ਗੁਨਾਹ, ਪਤਿਤ ਪੁਨੀਤ ਰੂਪ ਨਾ ਕੋਇ ਬਣਾਈਆ। ਸਾਚਾ ਭੁੱਲਿਆ ਆਤਮ ਤੇਰਾ ਪਰਮਾਤਮ ਨਾਂ, ਧੁਰ ਦਾ ਢੋਲਾ ਹੱਕ ਨਾ ਕੋਇ ਪੜ੍ਹਾਈਆ। ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਤੁਧ ਬਿਨ ਕਰੇ ਨਾ ਕੋਈ ਨਿਆਂ, ਅਦਲ ਅਦਾਲਤ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ ਕੂੜ ਫਿਰੇ ਸ਼ੈਤਾਨ, ਸ਼ਰਅ ਕਰੇ ਲੜਾਈਆ। ਦੀਨ ਮਜ਼੍ਹਬ ਹੋਏ ਵੈਰਾਨ, ਵੈਰੀ ਘਰ ਘਰ ਬੈਠੇ ਡੇਰਾ ਲਾਈਆ। ਸਾਚਾ ਮਿਲੇ ਨਾ ਕੋਈ ਅਮਾਮ, ਈਮਾਨ ਹੱਕ ਨਾ ਕੋਇ ਦ੍ਰਿੜਾਈਆ। ਦੀਪਾਂ ਖੰਡਾਂ ਵਿਚ ਝੁਲਦੇ ਵੇਖੇ ਨਿਸ਼ਾਨ, ਨਿਸ਼ਾਨਾ ਪਾਰ ਨਾ ਕੋਇ ਕਰਾਈਆ। ਜੁਗ ਚੌਕੜੀ ਦੇਂਦੇ ਗਏ ਬਿਆਨ, ਸ਼ਹਾਦਤ ਅੰਤ ਨਾ ਕੋਇ ਭੁਗਤਾਈਆ। ਬਿਨ ਅੱਖਰਾਂ ਮਿਲੇ ਨਾ ਕਿਸੇ ਗਿਆਨ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਮੁਹੱਬਤ ਵਿਚ ਮਿਲੇ ਨਾ ਆਣ, ਮਹਿਬੂਬ ਬੇਪਰਵਾਹੀਆ। ਤੇਰਾ ਖੇਲ ਖ਼ਾਲਕ ਮਹਾਨ, ਖ਼ਲਕ ਸਮਝ ਸਕੇ ਨਾ ਰਾਈਆ। ਮੈਂ ਵੇਖਾਂ ਮਾਰ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਕਿਸ ਦਵਾਰੇ ਮਿਲੇ ਸ੍ਰੀ ਭਗਵਾਨ, ਭਗਤ ਸੁਹੇਲਾ ਧੁਰ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਦੇ ਉਠਾਈਆ। ਸਤਿ ਧਰਮ ਕਹੇ ਮੈਂ ਵਸਾਂ ਕਿਹੜੀ ਕੂਟ, ਅਬਿਨਾਸ਼ੀ ਕਰਤੇ ਦੇ ਜਣਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਝੂਠ, ਵਰਨ ਬਰਨ ਕਰਨ ਲੜਾਈਆ। ਦਰ ਦਿਸੇ ਨਾ ਕੋਈ ਊਚੋ ਊਚ, ਅਗੰਮ ਅਥਾਹ ਮਿਲੇ ਨਾ ਕਿਸੇ ਸਰਨਾਈਆ। ਮਹੱਲ ਅਟਲ ਸਕੇ ਕੋਈ ਨਾ ਪਹੁੰਚ, ਮੰਜ਼ਲ ਵਿਚ ਥੱਕੇ ਪਾਂਧੀ ਰਾਹੀਆ। ਬੁਧੀ ਕਰੇ ਕੋਈ ਨਾ ਸੋਚ, ਅਨੁਭਵ ਭੇਵ ਨਾ

ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਜਣਾਈਆ। ਸ੍ਰੀ ਭਗਵਾਨ ਕਹੇ ਸੁਣ ਸਤਿ ਧਰਮ, ਪਹਿਲੀ ਵਾਰ ਦਿਆਂ ਜਣਾਈਆ। ਤੇਰਾ ਭਗਤ ਦਵਾਰੇ ਹੋਵੇ ਜਨਮ, ਜਨਮ ਭਗਤਾਂ ਨਾਲ ਸਮਝਾਈਆ। ਪੁਰਖ ਅਕਾਲ ਦਾ ਰਹੇ ਕੋਈ ਨਾ ਭਰਮ, ਭਾਂਡਾ ਭਰਮ ਭਉ ਭੰਨਾਈਆ। ਸ੍ਰਿਸ਼ਟੀ ਦਾ ਅੰਤਮ ਵੇਲਾ ਆਇਆ ਮਰਨ, ਜੀਵਤ ਰੂਪ ਨਾ ਕੋਇ ਵਖਾਈਆ। ਪੁਰਖ ਅਕਾਲ ਕਰਨੀ ਕਰਨ, ਕਰਤਾ ਬੇਪਰਵਾਹੀਆ। ਜਨ ਭਗਤਾਂ ਨੇਤਰ ਖੋਲ੍ਹ ਕੇ ਹਰਨ ਫਰਨ, ਹਰ ਹਿਰਦੇ ਦਏ ਸੁਣਾਈਆ। ਧੂੜੀ ਦੇ ਕੇ ਧੁਰ ਦੇ ਚਰਨ, ਮਸਤਕ ਭਬੂਤੀ ਦਏ ਰਮਾਈਆ। ਲੇਖਾ ਰਹੇ ਨਾ ਵਰਨ ਬਰਨ, ਜਾਤ ਪਾਤ ਨਾ ਕੋਇ ਲੜਾਈਆ। ਸੰਤ ਸੁਹੇਲੇ ਇਕ ਅਕੇਲੇ ਮੰਜ਼ਲ ਚੜ੍ਹਨ, ਅਧਵਿਚਕਾਰ ਨਾ ਕੋਇ ਅਟਕਾਈਆ। ਸੋਹੰ ਢੋਲਾ ਸੱਚਾ ਪੜ੍ਹਨ, ਗ੍ਰਹਿ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿ ਧਰਮ ਤੇਰਾ ਲੇਖਾ ਸਚ ਹਿਸਾਬ, ਧੁਰ ਫ਼ਰਮਾਨੇ ਵਿਚ ਜਣਾਈਆ। ਜਿਹੜਾ ਲੇਖਾ ਨਹੀਂ ਕਿਸੇ ਵਿਚ ਕਿਤਾਬ, ਕ਼ਲਮ ਸ਼ਾਹੀ ਨਾ ਕੋਇ ਚਤੁਰਾਈਆ। ਉਸਨੂੰ ਪੂਰਾ ਕਰੇ ਆਪ, ਪਾਰਬ੍ਰਹਮ ਨੂਰ ਖ਼ੁਦਾਈਆ। ਜਨ ਭਗਤਾਂ ਖੋਲ੍ਹ ਕੇ ਅੰਦਰੋਂ ਤਾਕ, ਪੜਦਾ ਦਏ ਉਠਾਈਆ। ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਸਭ ਨੇ ਕਰਨਾ ਇਕੋ ਪਾਠ, ਇਕੋ ਮੰਤਰ ਦਏ ਦ੍ਰਿੜਾਈਆ। ਇਕੋ ਤੀਰਥ ਇਕੋ ਤਾਟ, ਕਿਨਾਰਾ ਇਕੋ ਇਕ ਸਮਝਾਈਆ। ਇਕੋ ਮੰਦਰ ਸ਼ਿਵਦਵਾਲਾ ਮਾਠ, ਹੱਟ ਇਕੋ ਇਕ ਪਰਗਟਾਈਆ। ਇਕੋ ਲੇਖਾ ਜਾਣੇ ਅੱਠ ਸੱਠ, ਇਕੋ ਪੜਦਾ ਦਏ ਉਠਾਈਆ। ਇਕੋ ਜੋੜਨਹਾਰਾ ਧੁਰ ਦਾ ਨੱਤ, ਆਤਮ ਪਰਮਾਤਮ ਮੇਲ ਮਿਲਾਈਆ। ਇਕੋ ਜਾਣੇ ਮਿਤ ਗਤ, ਆਦਿ ਜੁਗਾਦਿ ਵੇਖ ਵਖਾਈਆ। ਇਕੋ ਹੁਕਮ ਰਿਹਾ ਦੱਸ, ਦੋ ਜਹਾਨ ਕਰੇ ਸ਼ਨਵਾਈਆ। ਜਨ ਭਗਤ ਸਾਚਾ ਲੈਣਾ ਰਸ, ਰਸਤਾ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦਏ ਵਡਿਆਈਆ। ਸਤਿ ਧਰਮ ਵੇਖ ਸਚ ਦਰਵਾਜ਼ਾ, ਭਗਤ ਦਵਾਰਾ ਨਜ਼ਰੀ ਆਈਆ। ਜਿਥੇ ਵਸੇ ਗ਼ਰੀਬ ਨਿਵਾਜ਼ਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਦਰ ਆਇਆਂ ਦੁਰਮਤ ਮੈਲ ਧੋਵੇ ਦਾਗ਼ਾ, ਬਿਨ ਕੱਪੜ ਕਰੇ ਸਫ਼ਾਈਆ। ਨਾਮ ਸੁਣਾਏ ਸ਼ਬਦ ਅਨਰਾਗਾ, ਧੁਨੀ ਨਾਦ ਇਕ ਵਜਾਈਆ। ਕੋਟਾਂ ਵਿਚੋਂ ਸੰਤ ਸੁਹੇਲਾ ਜਾਗਾ, ਹਰਿ ਸਰਨ ਮਿਲੇ ਸਰਨਾਈਆ। ਹੰਸ ਬੁਧੀ ਰਹੇ ਨਾ ਕਾਗਾ, ਨਾ ਕੋਈ ਹੰਸ ਰੂਪ ਵਟਾਈਆ। ਨੌ ਸੌ ਚੁਰਾਨਵੇਂ ਜੁਗ ਚੌਕੜੀ ਪਿਛੋਂ ਪੰਜ ਚੇਤ ਆਇਆ ਸੁਭਾਗਾ, ਭਾਗਾਂ ਵਾਲਿਆਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਭਗਤ ਦਵਾਰ ਕਹੇ ਮੈਂ ਬੂਟਾ ਲਾਉਣਾ ਉਹ, ਜਿਸ ਨੂੰ ਓੜਕ ਸਕੇ ਨਾ ਕੋਇ ਹਿਲਾਈਆ। ਜਿਸ ਦਾ ਮਾਲਕ ਬਣਿਆ ਜੋ ਆਦਿ ਜੁਗਾਦਿ ਜਗਤ ਨਿਰਮੋਹ, ਕੂੜ ਪਿਆਰ ਨਾ ਕੋਇ ਵਖਾਈਆ। ਲੱਖ ਚੁਰਾਸੀ ਜੀਵ ਜੰਤ ਦੇਵਣਹਾਰਾ ਲੋ, ਸਚ ਪਰਕਾਸ਼ ਕਰੇ ਰੁਸ਼ਨਾਈਆ। ਕਿਸੇ ਨਾਲ ਨਾ ਕਰੇ ਧਰੋਹ, ਕਰਮਾਂ ਦਾ ਲੇਖਾ ਦਏ ਭੁਗਤਾਈਆ। ਕਲਜੁਗ ਅੰਤਮ ਕੂੜੀ ਕਿਰਿਆ ਲਵੇ ਖੋਹ, ਸਤਿ ਸਚ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਭਗਤ ਦਵਾਰ ਕਹੇ ਮੇਰੇ ਭਗਵੰਤ, ਬੇਨੰਤੀ ਦਿਆਂ ਸੁਣਾਈਆ। ਜਨ ਭਗਤਾਂ ਦਾ ਬਣ ਅਗੰਮੀ ਕੰਤ, ਵਿਛੋੜਾ ਅਗੇ ਰਹੇ ਨਾ ਰਾਈਆ। ਝਗੜਾ ਰਹੇ ਨਾ ਕੂੜੇ ਸੰਤ, ਜਗਤ ਸਾਧਾਂ ਤੋਂ ਪੱਲੂ ਦੇਣਾ ਛੁਡਾਈਆ। ਆਤਮ ਪਰਮਾਤਮ ਦੱਸ ਕੇ ਆਪਣਾ ਮੰਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਗੜ੍ਹ ਤੋੜ ਕੇ ਹਉਮੇਂ

ਹੰਗਤ, ਹੰ ਬ੍ਰਹਮ ਦੇ ਸਮਝਾਈਆ। ਸਰਬ ਵਖਾਦੇ ਇਕੋ ਪੰਗਤ, ਦੂਜੀ ਵੰਡ ਨਾ ਕੋਇ ਵੰਡਾਈਆ। ਬੋਧ ਅਗਾਧਾ ਬਣ ਕੇ ਪੰਡਤ, ਨਿਰਗੁਣ ਢੋਲਾ ਦੇ ਜਣਾਈਆ। ਲੇਖਾ ਮੁਕ ਜਾਏ ਜੇਰਜ ਅੰਡਜ, ਉਤਭੁਜ ਸੇਤਜ ਨਾ ਕੋਇ ਭਵਾਈਆ। ਨਾਮ ਖ਼ੁਮਾਰੀ ਚਾੜ੍ਹ ਦੇ ਰੰਗਤ, ਅਨਡਿਠੜੇ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਭਗਤ ਦਵਾਰ ਕਹੇ ਮੈਂ ਵੇਖ ਹੋਇਆ ਖ਼ੁਸ਼ਹਾਲ, ਖ਼ੁਸ਼ੀ ਪ੍ਰਭੂ ਪਰਗਟਾਈਆ। ਸਤਿ ਧਰਮ ਦੇ ਵੇਖੇ ਲਾਲ, ਜੋ ਲਾਲਨ ਵਿਚ ਸਮਾਈਆ। ਜਨਮ ਜਨਮ ਦੀ ਪੂਰੀ ਕਰ ਕੇ ਘਾਲ, ਅਗੇ ਲੇਖਾ ਮੰਗਣ ਚਾਈਂ ਚਾਈਂਆ। ਆ ਪਹੁੰਚੇ ਸਚ ਦਵਾਰ ਦੀ ਸੱਚੀ ਧਰਮਸਾਲ, ਜਿਥੇ ਕਰਮ ਦਾ ਰੋਗ ਰਹੇ ਨਾ ਰਾਈਆ। ਜੁਗ ਚੌਕੜੀ ਦਾ ਪੂਰਾ ਹੋਇਆ ਸਵਾਲ, ਭਿਛਿਆ ਸਭ ਦੀ ਝੋਲੀ ਪਾਈਆ। ਭਗਤ ਰਹੇ ਨਾ ਕੋਇ ਕੰਗਾਲ, ਨਾਮ ਭੰਡਾਰਾ ਦਏ ਵਰਤਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਗੁਰਮੁਖਾਂ ਚਲੇ ਨਾਲ ਨਾਲ, ਅੰਦਰ ਬਾਹਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਕਹੇ ਮੈਂ ਆਦਿ ਜੁਗਾਦੀ ਨਾਲ ਫਿਰਾਂ ਜ਼ੋਰ, ਜਾਬਰ ਜਬਰ ਮਾਤ ਅਖਵਾਇੰਦਾ। ਨਾਤਾ ਤੋੜਾਂ ਕੂੜ ਕੁੜਿਆਰਾਂ ਠੱਗ ਚੋਰ, ਮਮਤਾ ਮੋਹ ਵੇਖ ਵਖਾਇੰਦਾ। ਮਨ ਵਾਸਨਾ ਕੂੜੀ ਕਿਰਿਆ ਤੱਕਾਂ ਢੋਰ, ਚੰਮ ਦ੍ਰਿਸ਼ਟੀ ਫੋਲ ਫੁਲਾਇੰਦਾ। ਲੱਖ ਚੁਰਾਸੀ ਅੰਦਰ ਵੜ ਕੇ ਵੇਖਾਂ ਅੰਧੇਰਾ ਘੋਰ, ਗੁਰਮੁਖ ਪੜਦਾ ਕਵਣ ਮਾਤ ਰਖਾਇੰਦਾ। ਕੋਟਾਂ ਵਿਚੋਂ ਥੋੜੇ ਲੱਭੇ ਜਿਨ੍ਹਾਂ ਨੂੰ ਇਕ ਦੀ ਲੋੜ, ਬਹੁਤੇ ਭੱਜਣ ਥਾਉਂ ਥਾਈਂਆ। ਸੁਰਤੀ ਸ਼ਬਦੀ ਬੰਨ੍ਹੇ ਕੋਈ ਨਾ ਡੋਰ, ਆਤਮ ਪਰਮਾਤਮ ਗੰਢ ਨਾ ਕੋਇ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਭਗਤ ਦਵਾਰ ਕਹੇ ਮੈਂ ਆਪਣਾ ਕਰਮ ਕਮਾਵਾਂਗਾ। ਜੋ ਪ੍ਰਭ ਸਰਨਾਈ ਬਹੇ, ਤਿਸਦਾ ਮੇਲਾ ਆਪ ਕਰਾਵਾਂਗਾ। ਜੋ ਧੁਰ ਦਾ ਭਾਣਾ ਸਹੇ, ਲੱਖ ਚੁਰਾਸੀ ਵਿਚੋਂ ਬਾਹਰ ਕਢਾਵਾਂਗਾ। ਜੋ ਨਾਮ ਇਕੋ ਲਏ, ਲਹਿਣਾ

ਉਸਦੀ ਝੋਲੀ ਆਪ ਟਿਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵਾਂਗਾ। ਭਗਤ ਦਵਾਰ ਕਹੇ ਮੈਂ ਆਵਣ ਵਾਲਾ ਆਪਣੀ ਵਿਚ ਬਹਾਰ, ਸਚ ਸੰਦੇਸ਼ੇ ਵਿਚ ਜਣਾਈਆ। ਖੇਲ ਵੇਖਣ ਵਾਲਾ ਵਿਚ ਸੰਸਾਰ, ਖ਼ਲਕ ਖੋਜ ਖੁਜਾਈਆ। ਮੇਰੇ ਉਤੇ ਕਰੇ ਨਾ ਕੋਇ ਇਤਬਾਰ, ਬੇਇਤਬਾਰੀ ਹੋਈ ਲੋਕਾਈਆ। ਮੈਂ ਕੂਕ ਕਹਾਂ ਪੁਕਾਰ, ਊਚੋ ਊਚ ਸੁਣਾਈਆ। ਸਾਰੇ ਹੋ ਜਾਓ ਖ਼ਬਰਦਾਰ, ਨੇਤਰ ਆਲਸ ਨਿੰਦਰਾ ਦਿਉ ਮਿਟਾਈਆ। ਜਿਸ ਨੇ ਸਾਢੇ ਤਿੰਨ ਹੱਥ ਭਾਂਡਾ ਘੜਿਆ ਬਣ ਠਠਿਆਰ, ਉਹ ਠੋਕਰ ਰਿਹਾ ਲਗਾਈਆ। ਪੂਰਬ ਜਨਮ ਦਾ ਲਹਿਣਾ ਦੇਣਾ ਨਾ ਕ਼ਰਜ਼ਾ ਰਹੇ ਉਧਾਰ, ਲੇਖਾ ਸਭ ਦੀ ਝੋਲੀ ਪਾਈਆ। ਕਰਨੀ ਦਾ ਕਰਤਾ ਆਪ ਕਰਤਾਰ, ਕ਼ੁਦਰਤ ਦਾ ਕ਼ਾਦਰ ਵੇਖ ਵਖਾਈਆ। ਬਿਨ ਭਗਤਾਂ ਸੰਤਾਂ ਸਾਚਾ ਵਸੇ ਨਾ ਕੋਇ ਘਰ ਬਾਹਰ, ਮਹੱਲ ਅਟਲ ਨਾ ਕੋਇ ਰੁਸ਼ਨਾਈਆ। ਮੁਹੱਬਤ ਵਿਚ ਨਾ ਮਿਲੇ ਯਾਰ, ਹਕ਼ੀਕ਼ਤ ਹੱਕ ਨਾ ਕੋਇ ਸਮਝਾਈਆ। ਮਨ ਵਾਸਨਾ ਸ੍ਰਿਸ਼ਟੀ ਦਿਸੇ ਖ਼ੁਆਰ, ਧੀਰਜ ਧੀਰ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਸੁਣਾਈਆ। ਭਗਤ ਦਵਾਰ ਕਹੇ ਮੈਂ ਆਦਿ ਜੁਗਾਦਿ ਸੰਜੋਗੀ, ਜਨ ਭਗਤਾਂ ਸਾਚਾ ਮੇਲ ਮਿਲਾਈਆ। ਮੇਰਾ ਭੇਵ ਸਮਝੇ ਕੋਇ ਨਾ ਜੋਗੀ, ਜੋਗੀਸ਼ਰ ਸਾਰ ਕਿਸੇ ਨਾ ਆਈਆ। ਜਗਤ ਵਾਸਨਾ ਕੀਤੇ ਰੋਗੀ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਆਤਮ ਪਰਮਾਤਮ

ਜਨ ਭਗਤਾਂ ਨਾਲ ਬਣਾਈ ਸੰਜੋਗੀ, ਮੇਲਾ ਇਕੋ ਘਰ ਬਣਾਈਆ। ਕੂੜੀ ਕਿਰਿਆ ਰਹੇ ਨਾ ਦੋਖੀ, ਹਰਖ ਚਿੰਤਾ ਦਿਆਂ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸਮਝਾਈਆ। ਭਗਤ ਦਵਾਰ ਕਹੇ ਮੈਂ ਭਗਵਨ ਤੇਰਾ ਮੀਤ, ਮਿੱਤਰ ਇਕ ਅਖਵਾਈਆ। ਕਲਜੁਗ ਕੂੜੀ ਬਦਲ ਦੇ ਰੀਤ, ਸਤਿਜੁਗ ਸਤਿ ਧਰਮ ਕਰ ਰੁਸ਼ਨਾਈਆ। ਲੱਖ ਚੁਰਾਸੀ ਵੇਖ ਕੇ ਰੀਤ, ਆਪਣਾ ਨਾਮ ਦੇ ਜਣਾਈਆ। ਚਾਰੇ ਵਰਨ ਗਾਉਂਣ ਇਕੋ ਗੀਤ, ਢੋਲਾ ਧੁਰ ਦਾ ਦੇ ਸਮਝਾਈਆ। ਚਰਨਾਂ ਸੰਗ ਦੱਸ ਪ੍ਰੀਤ, ਪ੍ਰੀਤਮ ਹੋ ਕੇ ਵੇਖ ਵਖਾਈਆ। ਲੇਖਾ ਰਹੇ ਨਾ ਊਚ ਨੀਚ, ਜਾਤ ਪਾਤ ਖਹਿੜਾ ਦੇ ਛੁਡਾਈਆ। ਨਿਰਗੁਣ ਧਾਰ ਵਸ ਤੂੰ ਬੀਚ, ਸਚ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਧੁਰ ਦਾ ਹੁਕਮ ਕਹੇ ਸੁਣੋ ਅਖ਼ੀਰੀ ਅੰਤ, ਅੰਤਮ ਦਿਆਂ ਜਣਾਈਆ। ਕੀ ਖੇਲ ਕਰੇ ਸ੍ਰੀ ਭਗਵੰਤ, ਚਾਰ ਕੁੰਟ ਖੋਜ ਖੁਜਾਈਆ। ਨਵੀਂ ਬਣਾਵਣ ਵਾਲਾ ਬਣਤ, ਸਚ ਸਾਜਣ ਹੋ ਕੇ ਸੇਵ ਕਮਾਈਆ। ਮਾਇਆ ਮਮਤਾ ਕੂੜ ਵਿਕਾਰ ਕਰ ਕੇ ਅੰਤ, ਅੰਤਸ਼ਕਰਨ ਵੇਖੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨ ਇਕ ਸਮਝਾਈਆ। ਪੰਜ ਚੇਤ ਕਹੇ ਮੈਂ ਸਭ ਨੂੰ ਦੱਸਾਂ ਹਾਲ, ਹਾਲਤ ਵੇਖੀ ਜਗਤ ਲੋਕਾਈਆ। ਕੀ ਕਰੇ ਖੇਲ ਪੁਰਖ ਅਕਾਲ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਮਨ ਵਾਸਨਾ ਦੀ ਬਣਾ ਕੇ ਧਰਮਸਾਲ, ਬਿਨ ਅੱਖਾਂ ਰਾਹ ਤਕਾਈਆ। ਜਗਤ ਵਾਸਨਾ ਬਣ ਕੰਗਾਲ, ਸਾਰੇ ਰਹੇ ਕੁਰਲਾਈਆ। ਚਾਰ ਕੁੰਟ ਹਾਲ ਹਾਲ, ਦਹਿ ਦਿਸ਼ਾ ਦਏ ਦੁਹਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਲਮੇ ਵਾਲਾ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਅਗਲਾ ਖੇਲ ਦੱਸੇ ਭਗਵਾਨ, ਸਾਹਿਬ ਸੁਲਤਾਨ ਦਇਆ ਕਮਾਈਆ। ਪੁਰਖ ਅਕਾਲ ਦਾ ਝੁਲਣਾ ਇਕ ਨਿਸ਼ਾਨ, ਨਿਸ਼ਾਨੇ ਸਾਰੇ ਦੇਣੇ ਮਿਟਾਈਆ। ਦੁਨੀਆ ਅੰਦਰ ਦੇਵੇ ਪਹਿਚਾਣ, ਪੜਦਾ ਆਪ ਉਠਾਈਆ। ਸਾਚਾ ਮੰਦਰ ਦੱਸ ਮਹਾਨ, ਮਹਿੰਮਾ ਅਕਥ ਕਥ ਸੁਣਾਈਆ। ਸੁਣੋ ਪੰਜਾਂ ਤੱਤਾਂ ਵਾਲੇ ਇਨਸਾਨ, ਹੁਕਮ ਵਿਚੋਂ ਹੁਕਮ ਆਪ ਬਦਲਾਈਆ। ਆਤਮ ਪਰਮਾਤਮ ਦਾ ਜਾਣੋ ਇਕ ਗਿਆਨ, ਦੂਜੀ ਲੋੜ ਰਹੇ ਨਾ ਰਾਈਆ। ਜਿਸ ਨੇ ਤਖ਼ਤ ਨਿਵਾਸੀ ਹਿਲਾ ਦੇਣੇ ਪਰਧਾਨ, ਪਰਧਾਨਗੀ ਵਿਚੋਂ ਲਏ ਉਠਾਈਆ। ਸ਼ਬਦ ਅਗੰਮੀ ਮਾਰ ਕੇ ਬਾਣ, ਬਾਲ ਅੰਞਾਣੇ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਿ ਧਰਮ ਕਹੇ ਮੈਂ ਕੀ ਦੱਸਾਂ ਅੰਤ, ਕਹਿਣ ਕੁਛ ਨਾ ਪਾਈਆ। ਪੁਰਖ ਅਕਾਲ ਦਾ ਢੋਲਾ ਸੁਣ ਕੇ ਇਕੋ ਮੰਤ, ਮੰਤਰ ਸਾਰੇ ਗਿਆ ਭੁਲਾਈਆ। ਜਿਸਦੇ ਹੁਕਮੇਂ ਅੰਦਰ ਜੀਵ ਜੰਤ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਓਨ੍ਹਾਂ ਭਗਤ ਸੁਹੇਲਾ ਮਾਲਕ ਖ਼ਾਲਕ ਪ੍ਰਿਤਪਾਲਕ ਬਣ ਕੇ ਬਣਾਵੇ ਬਣਤ, ਘੜਨ ਭੰਨਣਹਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਭਗਤ ਦਵਾਰ ਕਹੇ ਮੈਂ ਭਗਤਾਂ ਦਾ ਦਰਬਾਰ, ਦਿਲਾਂ ਦਾ ਮਾਲਕ ਨਜ਼ਰੀ ਆਈਆ। ਗੁਰਮੁਖਾਂ ਦੇ ਕੇ ਸਚ ਇਤਬਾਰ, ਬੇਇਤਬਾਰੀ ਦਿਆਂ ਗਵਾਈਆ। ਪੁਰਖ ਅਕਾਲ ਨੂੰ ਮੰਨੋ ਸਾਂਝਾ ਯਾਰ, ਜਿਸ ਨੇ ਵੰਡ ਨਾ ਕੋਇ ਵੰਡਾਈਆ। ਨਿਰਗੁਣ ਨਾਲ ਕਰੋ ਪਿਆਰ, ਸਰਗੁਣ ਇਸ਼ਟ ਦੇਵ ਸਮਝਾਈਆ। ਸ਼ਬਦੀ ਸ਼ਬਦ ਕਰੋ ਗੁਫ਼ਤਾਰ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਦੀਵਾ ਬਾਤੀ ਕਰੋ ਉਜਿਆਰ, ਨਿਰਗੁਣ ਜੋਤ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਨਜ਼ਰੀ ਆਈਆ। ਸਾਹਿਬ ਕਹੇ ਮੈਂ ਕੀ ਵੇਖੀ ਹਾਲਤ, ਹੱਲੇ ਵਿਚ ਲੋਕਾਈਆ। ਮਨਸਾ ਵਾਲੀ ਜਹਾਲਤ, ਮਮਤਾ ਕਰੇ ਲੜਾਈਆ। ਸਾਚਾ ਕਲਮਾ ਪੜ੍ਹੇ ਨਾ ਕੋਈ ਅਬਾਦਤ, ਕਰਨੀ ਕਾਰ ਨਾ ਕੋਇ ਕਮਾਈਆ। ਸੁਰਤੀ ਦਿਸੇ ਰੂਪ ਨਾ ਜਾਗਰਤ, ਆਲਸ ਨਿੰਦਰਾ ਨਾ ਕੋਇ ਮਿਟਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਦੀ ਲੈਂਦੇ ਸ਼ਹਾਦਤ, ਜੋ ਆਪਣੀ ਆਪ ਦੇ ਨਾ ਸਕਣ ਸਫ਼ਾਈਆ। ਜਿਨ੍ਹਾਂ ਨੂੰ ਪੜ੍ਹ ਸੁਣ ਕੇ ਮਨ ਨੂੰ ਹੋਵੇ ਬਗ਼ਾਵਤ, ਦੀਨ ਦੁਨੀ ਕਰੇ ਲੜਾਈਆ। ਕੋਟਨ ਕੋਟ ਅੱਖਰ ਮੇਟ ਨਾ ਸਕਣ ਅਦਾਵਤ, ਝਗੜਾ ਝਗੜ ਨਾ ਮੂਲ ਚੁਕਾਈਆ। ਜਿੰਨਾਂ ਚਿਰ ਪੁਰਖ ਅਕਾਲ ਦੀਨ ਦਿਆਲ ਆਪਣੇ ਪ੍ਰੇਮ ਦੀ ਕਰੇ ਨਾ ਆਪ ਸਿਖ਼ਾਵਤ, ਵਸਤ ਅਮੋਲਕ ਕਾਇਆ ਗੋਲਕ ਹੱਥ ਕਿਸੇ ਨਾ ਆਈਆ। ਸਿਖ਼ਾਵਤ ਕਹੇ ਮੈਂ ਪ੍ਰਭ ਨੂੰ ਕਹਿਣਾ ਬਣ ਜਾ ਸਖ਼ੀ, ਵਸਤ ਅਗੰਮੀ ਦੇ ਵਰਤਾਈਆ। ਜਿਹੜੀ ਜੁਗ ਚੌਕੜੀ ਸਾਂਭ ਕੇ ਰਖੀ, ਪੜਦਾ ਦੇ ਖੁਲ੍ਹਾਈਆ। ਜਨ ਭਗਤਾਂ ਵਖਾ ਆਪਣੀ ਅੱਖੀਂ, ਸਿਫ਼ਤਾਂ ਵਿਚੋਂ ਬਾਹਰ ਕਢਾਈਆ। ਮਿਹਰਵਾਨ ਹੋ ਕੇ ਪਤ ਰਖੀਂ, ਅੰਤ ਨਾ ਕਰੀਂ ਜੁਦਾਈਆ। ਸਭ ਨੂੰ ਤੇਰੀ ਪ੍ਰੀਤ ਲੱਗੇ ਅੱਛੀ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਮਿਹਰਵਾਨ ਮਹਿਬੂਬ ਬਿਨ ਅੱਖਾਂ ਮਿਲਾਏ ਆਪਣੀ ਅੱਖੀਂ, ਆਖ਼ਰ ਆਪਣੀ ਮੰਜ਼ਲ ਇਕ ਚੜ੍ਹਾਈਆ। ਜਿਥੇ ਤੱਤਾਂ ਵਾਲੀ ਨਜ਼ਰ ਨਾ ਆਵੇ ਸਖ਼ੀ, ਆਤਮ ਪਰਮਾਤਮ ਵੱਜੇ ਵਧਾਈਆ। ਮਾਲਕ ਧੁਰ ਦਾ ਬਣ ਜਾ ਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਤੇਰੇ ਨਾਮ ਦੀ ਪੜ੍ਹੀਏ ਪੱਟੀ, ਦੂਜੇ ਕਲਮੇ ਦੀ ਲੋੜ ਰਹੇ ਨਾ ਰਾਈਆ। ਬਿਰਹੋਂ ਵੈਰਾਗਣ ਗਈ ਫੱਟੀ, ਘਾਓ ਡੂੰਘਾ ਨਜ਼ਰ ਨਾ ਆਈਆ। ਬਿਨਾ ਦਾਨ ਤੋਲ ਤੋਂ ਦੇਦੇ ਨਾਮ ਦੀ ਰਤੀ, ਜੋ ਰਤਨ ਅਮੋਲਕ ਹੀਰੇ ਗੁਰਮੁਖ ਲਏ ਬਣਾਈਆ। ਤੇਰੀ ਧਾਰ ਆਦਿ ਜੁਗਾਦਿ ਕਦੇ ਨਾ ਥੱਕੀ, ਨਿਰਗੁਣ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦੇ ਜਣਾਈਆ। ਧਰਮ ਦਵਾਰ ਕਹੇ ਭਗਤਾਂ ਦੇਣਾ ਰੰਗ, ਅਨਡਿਠੜਾ ਆਪ ਚੜ੍ਹਾਈਆ। ਸਭ ਦੀ ਪੂਰੀ ਕਰ ਕੇ ਮੰਗ, ਮੰਗਤੇ ਘਰ ਘਰ ਦੇਣੇ ਟਿਕਾਈਆ। ਕਿਸੇ ਰਹੇ ਨਾ ਭੁੱਖ ਨੰਗ, ਦੁਖੀਆਂ ਦਰਦ ਨਾ ਕੋਇ ਸਤਾਈਆ। ਕੂੜੀ ਕਿਰਿਆ ਮੇਟ ਘਮੰਡ, ਮਨ ਕਾ ਮਣਕਾ ਦੇਣਾ ਭਵਾਈਆ। ਸਤਿ ਸਚ ਚਾੜ੍ਹ ਕੇ ਚੰਦ, ਅੰਧ ਅੰਧੇਰਾ ਦੇਣਾ ਗਵਾਈਆ। ਢੋਲਾ ਇਕੋ ਗਾਓ ਛੰਦ, ਸਾਚੀ ਸਚ ਕਰੋ ਪੜ੍ਹਾਈਆ। ਜੋ ਸਚ ਦਰਬਾਰੇ ਗਿਆ ਲੰਘ, ਦਿੱਲੀ ਦਲੀਲ ਵੱਜੇ ਵਧਾਈਆ। ਧਰਮ ਦਵਾਰ ਦਾ ਲਏ ਅਨੰਦ, ਧੀਰਪੁਰ ਦੀ ਧਾਰ ਬਣਾਈਆ। ਭਗਤ ਉਧਾਰਨ ਵਾਲਾ ਕਰ ਕੇ ਢੰਗ, ਆਪਣਾ ਖੇਲ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਭਗਤ ਦਵਾਰ ਕਹੇ ਜੋ ਆ ਗਏ ਅਗੇ ਸਾਥੀ, ਪੂਰਬ ਪਿਛਲਾ ਪੰਧ ਮੁਕਾਈਆ। ਸਤਿ ਧਰਮ ਦੇ ਮੇਰੇ ਬਣ ਗਏ ਜਮਾਤੀ, ਜਿਨ੍ਹਾਂ ਦੀ ਇਕੋ ਇਕ ਪੜ੍ਹਾਈਆ। ਨਾਮ ਭੰਡਾਰਾ ਖ਼ੈਰ ਮਿਲਿਆ ਕੋਲੋਂ ਖ਼ੈਰਾਇਤੀ, ਖੈਰਖਾਹ ਹੋ ਕੇ ਝੋਲੀ ਪਾਈਆ। ਜਨ ਭਗਤੋ ਤੁਹਾਡੀ ਥੋੜੀ ਦਿਸੇ ਅਬਾਦੀ, ਬਹੁਤੇ ਛੇਤੀ ਦੇਣੇ ਖਪਾਈਆ। ਪ੍ਰਭ ਦੀ ਕਾਰ ਵਰਤਣੀ ਡਾਢ੍ਹੀ, ਨਾ ਕੋਈ ਮੇਟੇ ਮੇਟ ਮਿਟਾਈਆ। ਚੁਲ੍ਹੇ ਕੂੜ ਚੜ੍ਹੇ ਨਾ ਹਾਂਡੀ, ਢਾਂਡੀ ਮੁਖ ਕੋਇ ਨਾ ਖਾਈਆ। ਕਿਸੇ ਕੰਮ ਨਾ ਆਵੇ ਸੋਨਾ ਚਾਂਦੀ, ਰੁਪਾ ਰੰਗ ਨਾ ਕੋਇ ਵਖਾਈਆ। ਦੁਨੀਆ ਦੀਨ ਦੀ ਹੋਵੇ ਬਾਂਦੀ, ਬੰਦਨਾ ਭੁੱਲੇ ਲੋਕਾਈਆ। ਜਿਹੜੇ ਪੂਜਾ ਕਰਦੇ ਗਾਂਧੀ, ਗੰਦਲ ਉਨ੍ਹਾਂ ਦੀ ਦੇਣੀ ਤੁੜਾਈਆ। ਕਲਜੁਗ ਅੰਤ ਔਧ ਹੈ ਜਾਂਦੀ, ਨਾ ਸਕੇ ਕੋਇ ਬਚਾਈਆ। ਪੁਰਖ ਅਕਾਲ

ਆ ਗਿਆ ਫਾਂਦੀ, ਲੱਖ ਚੁਰਾਸੀ ਰਿਹਾ ਫਸਾਈਆ। ਜੋ ਤੀਰਥ ਤਟਾਂ ਰਹੀ ਧਿਆਂਦੀ, ਤਿਨ੍ਹਾਂ ਵੇਖੇ ਥਾਉਂ ਥਾਈਂਆ। ਜਿਹੜੇ ਰਸਨਾ ਢੋਲੇ ਰਹੀ ਗਾਂਦੀ, ਕੂਕ ਕੂਕ ਸੁਣਾਈਆ। ਪ੍ਰਭ ਖੇਲ ਜਾਣੇ ਥਾਂ ਥਾਂ ਦੀ, ਬਚਿਆ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਭਗਤ ਦਵਾਰ ਕਹੇ ਜੋ ਚਲ ਕੇ ਆਏ ਪਾਂਧੀ, ਦੂਰ ਦੁਰਾਡਾ ਪੰਧ ਮੁਕਾਈਆ। ਓਨ੍ਹਾਂ ਦੀ ਪੁਰਖ ਅਕਾਲ ਨਾਲ ਨਿਰਮਲ ਧਾਰ ਹੋਵੇ ਸ਼ਾਦੀ, ਆਤਮ ਪਰਮਾਤਮ ਜੋੜ ਜੁੜਾਈਆ। ਮਨ ਵਾਸਨਾ ਦਾ ਰਹਿਵੇ ਕੋਇ ਨਾ ਆਦੀ, ਆਦਤ ਅਗੇ ਦਏ ਬਦਲਾਈਆ। ਸੋਈ ਸੁਰਤ ਸਵਾਣੀ ਜਾਗੀ, ਸ਼ਬਦ ਹਲੂਣੇ ਲਿਆ ਉਠਾਈਆ। ਜਨ ਭਗਤ ਹੋਏ ਵਡ ਵਡਭਾਗੀ, ਭਾਗ ਹਿੱਸਾ ਸਭ ਦਾ ਝੋਲੀ ਪਾਈਆ। ਗੁਰਮੁਖੋ ਥੋੜੇ ਸਮੇਂ ਅੰਦਰ ਬਹੁਤੀ ਘਟ ਜਾਣੀ ਆਬਾਦੀ, ਅਬਾਦਤ ਵਾਲੇ ਗੁਰਮੁਖ ਲਏ ਬਚਾਈਆ। ਪ੍ਰਭ ਦਾ ਰਹਿਣ ਨਹੀਂ ਦੇਣਾ ਕੋਈ ਬਾਗ਼ੀ, ਬਗ਼ਾਵਤ ਵਾਲਿਆਂ ਦੀ ਕਰਨੀ ਸਫ਼ਾਈਆ। ਝਗੜਾ ਮੁਕਾ ਕੇ ਚਾਰ ਕੁੰਟ ਦਹਿ ਦਿਸ਼ਾ ਭੇਵ ਰਹੇ ਨਾ ਹਿੰਦੂ ਪੰਜਾਬੀ, ਪੰਜਾਂ ਦਾ ਮਾਲਕ ਇਕੋ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਕਰਨੀ ਕਾਰ ਕਮਾਈਆ। ਭਗਤ ਦਵਾਰ ਕਹੇ ਜੋ ਆ ਗਏ ਗੁਰਮੁਖ ਚਲ, ਚਲਿਤਰ ਪ੍ਰਭ ਦਾ ਵੇਖ ਵਖਾਈਆ। ਸਚ ਦਵਾਰ ਬੈਠੇ ਮੱਲ, ਮਲਕੁਲਮੌਤ ਨਾ ਦਏ ਸਜ਼ਾਈਆ। ਸਾਚੀ ਧਾਰ ਅੰਦਰ ਗਏ ਰਲ, ਜਿਥੋਂ ਹੋਵੇ ਨਾ ਕਦੇ ਜੁਦਾਈਆ। ਪਹਿਲਾ ਸਾਲ ਹੁਕਮ ਨਾਲ ਗਿਆ ਚਲ, ਦੂਜਾ ਆਪਣਾ ਰੰਗ ਬਦਲਾਈਆ। ਸ਼ਾਹ ਸੁਲਤਾਨ ਉਠਣੇ ਮਲ, ਮਲੀਨ ਬੁਧੀ ਵਾਲੇ ਦੇਣੇ ਲੜਾਈਆ। ਹੁਕਮ ਸੰਦੇਸ਼ਾ ਇਕੋ ਘੱਲ, ਘਲੂਘਾਰਾ ਦੇਣਾ ਵਖਾਈਆ। ਹਰਿ ਕਾ ਭਾਣਾ ਜਾਏ ਨਾ ਟਲ, ਕੋਟਨ ਟੱਲੀਆਂ ਰਹੇ ਖੜਕਾਈਆ। ਪੁਰਖ ਅਕਾਲ ਦੀਨ ਦਿਆਲ ਆਦਿ ਜੁਗਾਦਿ ਜੁਗ ਚੌਕੜੀ ਕਰੇ ਖੇਲ ਅਛਲ ਅਛੱਲ, ਵਲ ਛਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਧੁਰ ਫ਼ਰਮਾਨਾ ਕਹੇ ਭਗਤੋ ਤੁਹਾਡਾ ਲਹਿਣਾ ਜਗਤ ਅਨੋਖਾ, ਵੱਖਰੀ ਧਾਰ ਨਜ਼ਰੀ ਆਈਆ। ਪੁਰਖ ਅਕਾਲ ਨੇ ਮਾਰਗ ਦੱਸਿਆ ਸੌਖਾ, ਬਿਨ ਅੱਖਰਾਂ ਰਿਹਾ ਪੜ੍ਹਾਈਆ। ਨਾਤਾ ਤੁੱਟ ਗਿਆ ਜਗਤ ਪੋਥਾ, ਪੁਸਤਕ ਬਗ਼ਲ ਨਾ ਕੋਇ ਟਿਕਾਈਆ। ਧੁਰ ਦਾ ਮਾਲਕ ਮਿਲ ਗਿਆ ਕਾਇਆ ਕਾਅਬੇ ਸਾਚੇ ਕੋਠਾ, ਜਗਤ ਕੁਟੀਆ ਵਿਚ ਆਸਣ ਨਾ ਕੋਇ ਲਾਈਆ। ਕਰ ਪਰਕਾਸ਼ ਨਿਰਮਲ ਜੋਤਾ, ਜੋਤੀ ਜੋਤ ਡਗਮਗਾਈਆ। ਨਾਮ ਖ਼ੁਮਾਰੀ ਅੰਦਰ ਕਰ ਮਦਹੋਸ਼ਾ, ਦੁਨੀ ਦਾ ਦੀਨ ਦਿਤਾ ਬਦਲਾਈਆ। ਅਗੇ ਰਹਿਣ ਨਾ ਦੇਵੇ ਕੋਈ ਸੋਚਾ, ਸੋਚ ਸਮਝ ਤੋਂ ਬਾਹਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪਣੇ ਮਿਲਣ ਦਾ ਦੇ ਕੇ ਮੌਕਾ, ਸ੍ਰਿਸ਼ਟ ਸਬਾਈ ਦਏ ਰੁੜ੍ਹਾਈਆ। ਭਗਤ ਦਵਾਰ ਕਹੇ ਮੇਰੀ ਸੁਣ ਲਓ ਸੱਚੀ ਪੂਜਾ, ਪੁੱਜ ਕੇ ਦਿਆਂ ਸੁਣਾਈਆ। ਬਿਨਾ ਪੁਰਖ ਅਕਾਲ ਤੋਂ ਕੋਈ ਨਾਂ ਨਹੀਂ ਬਣਨਾ ਦੂਜਾ, ਢੋਲਾ ਸੋਹਲਾ ਇਕ ਸੁਣਾਈਆ। ਇਹ ਭੇਵ ਨਹੀਂ ਗੂਝਾ, ਸਨਮੁਖ ਹੋ ਕੇ ਰਿਹਾ ਸੁਣਾਈਆ। ਕਲਜੁਗ ਅੰਤ ਭਾਂਡਾ ਹੋਣਾ ਮੂਧਾ, ਫੜ ਕੇ ਸਕੇ ਨਾ ਕੋਇ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰ ਵਡਿਆਈਆ। ਜਨ ਭਗਤ ਤੇਰੀ ਆਈ ਸੱਚੀ ਵਾਰੀ, ਵਾਰਤਾ ਪਿਛਲੀ ਰਿਹਾ ਦੁਹਰਾਈਆ। ਪੁਰਖ ਅਕਾਲ ਨਾਲ ਲੱਗੀ ਅਨੋਖੀ ਯਾਰੀ, ਯਾਦਗਾਰ ਰਿਹਾ ਬਣਾਈਆ। ਪੰਜ ਚੇਤ ਚਾਰ ਜੁਗ ਤੱਕ ਲੇਖੇ ਲੱਗਦੀ ਰਹੇ ਦਿਹਾੜੀ, ਦਿਵਸ ਰੈਣ ਇਕੋ ਰੰਗ ਚੜ੍ਹਾਈਆ। ਕਲਜੁਗ

ਕੂੜੀ ਕਿਰਿਆ ਸਭ ਦੀ ਕ਼ਿਸਮਤ ਕੀਤੀ ਮਾੜੀ, ਮੜ੍ਹੀ ਗੋਰ ਬੈਠੀ ਰਾਹ ਤਕਾਈਆ। ਅੰਤ ਵਾਸਾ ਹੋਣਾ ਵਿਚ ਉਜਾੜੀ, ਉਜੜਿਆਂ ਫੇਰ ਨਾ ਕੋਇ ਵਸਾਈਆ। ਜਨ ਭਗਤੋ ਤੁਹਾਡੀ ਲੇਖੇ ਲੱਗੀ ਅੱਜ ਦੀ ਦਿਹਾੜੀ, ਅਗੇ ਪੂਜਾ ਪਾਠ ਸਿਮਰਨ ਜੋਗ ਅਭਿਆਸ ਤੋਂ ਦੇਵੇ ਲੰਘਾਈਆ। ਦਰਸ਼ਨ ਦੇਵੇ ਅਨੇਕ ਵਾਰੀ, ਗਿਣਤੀਆਂ ਵਿਚੋਂ ਲੇਖਾ ਬਾਹਰ ਦੇਵੇ ਕਢਾਈਆ। ਪੁਰਖ ਅਕਾਲ ਬਣ ਕੇ ਵੱਡਾ ਬਲਕਾਰੀ, ਬਲ ਆਪਣਾ ਦਏ ਜਣਾਈਆ। ਕੋਈ ਰਹਿਣ ਨਾ ਦੇਵੇ ਰਾਜਾ ਛਤਰਧਾਰੀ, ਸ਼ਤਰੂਆਂ ਨਾਲ ਸ਼ਤਰੂ ਦੇਣੇ ਲੜਾਈਆ। ਇਕੋ ਜੋਤ ਜਗੇ ਨਿਰੰਕਾਰੀ, ਦੋ ਜਹਾਨਾਂ ਕਰੇ ਰੁਸ਼ਨਾਈਆ। ਸਚ ਦਵਾਰ ਉਤੇ ਸਤਿ ਦੀ ਆਏ ਵਾਰੀ, ਵਾਰਤਾ ਪਿਛਲੀ ਜਾਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਭਗਤਾਂ ਲੇਖਾ ਰਿਹਾ ਵਖਾਈਆ। ਪੰਜ ਚੇਤ ਕਹੇ ਮੈਨੂੰ ਸਮਝੇ ਕੋਈ ਨਾ ਸਾਧ, ਜਗਤ ਸੰਤ ਸਾਰ ਕੋਇ ਨਾ ਆਈਆ। ਮੇਰੇ ਕੋਲੋਂ ਖਟੇ ਕੋਈ ਨਾ ਲਾਭ, ਵਸਤ ਅਮੋਲਕ ਝੋਲੀ ਨਾ ਕੋਇ ਪਵਾਈਆ। ਮੈਂ ਪ੍ਰਭ ਦੇ ਕੋਲੋਂ ਸਭ ਨੂੰ ਕੋਰਾ ਦਵਾ ਦੇਣਾ ਜਵਾਬ, ਅਗੇ ਗੁੰਜਾਇਸ਼ ਨਾ ਕੋਇ ਰਖਾਈਆ। ਸ੍ਰਿਸ਼ਟੀ ਨੇ ਤਰਸਣਾ ਬੂੰਦ ਸਵਾਂਤੀ ਆਬ, ਆਬੇਹਯਾਤ ਮੁਖ ਨਾ ਕੋਇ ਚੁਆਈਆ। ਕਿਸੇ ਕੰਮ ਨਾ ਆਉਣਾ ਖਾਧਾ ਕਬਾਬ, ਕ਼ਬਰਾਂ ਵਿਚ ਸਾਰੇ ਰਹੇ ਕੁਰਲਾਈਆ। ਸਾਰੇ ਕਰ ਕੇ ਲਾਜਵਾਬ, ਜਵਾਬਤਲਬੀ ਵਿਚ ਸਚ ਦਵਾਰੇ ਦਏ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਬਣ ਕੇ ਨਵਾਬ, ਨੌਬਤ ਇਕੋ ਦਏ ਸੁਣਾਈਆ। ਭਗਤ ਦਵਾਰ ਕਹੇ ਮੇਰਾ ਕਿੱਡਾ ਸੋਹਣਾ ਆਇਆ ਵਕ਼ਤ, ਭਵਿਖਤ ਪਿਛਲਾ ਲੇਖ ਮੁਕਾਈਆ। ਅਗੇ ਲਹਿਣਾ ਵਿਚ ਜਗਤ, ਜੁਗਤੀ ਭਗਤਾਂ ਰਿਹਾ ਸਮਝਾਈਆ। ਇਕੋ ਪੁਰਖ ਅਕਾਲ ਦੇ ਮਿਲਣ ਦਾ ਵਕ਼ਤ, ਦੂਜੀ ਘੜੀ ਵੰਡ ਨਾ ਕੋਇ ਵੰਡਾਈਆ। ਕਲਜੁਗ ਅੰਤ ਤਾਰਨ ਵਾਲਾ ਇਕੋ ਫ਼ਕ਼ਤ, ਜੋ ਫ਼ਿਕਰ ਸਾਰੇ ਦਏ ਮਿਟਾਈਆ। ਓਸ ਦੇ ਕੋਲ ਆਪਣੀ ਧੁਰ ਦੀ ਸ਼ਕਤ, ਦੂਜੇ ਦਰ ਮੰਗਣ ਨਾ ਜਾਈਆ। ਨਿਰਗੁਣ ਹੋ ਕੇ ਆਇਆ ਉਤੇ ਫ਼ਰਸ਼, ਸਰਗੁਣ ਦੇਵੇ ਮਾਣ ਵਡਿਆਈਆ। ਜਨ ਭਗਤੋ ਤੁਹਾਡੇ ਉਤੇ ਕਰ ਕੇ ਤਰਸ, ਰਹਿਮਤ ਆਪਣੀ ਰਿਹਾ ਕਮਾਈਆ। ਵੇਖਿਓ ਨਜ਼ਾਰਾ ਕੀ ਕੀ ਹੁੰਦਾ ਇਸ ਦੂਜੇ ਬਰਸ, ਬਰਸੀ ਗਾਵਣ ਵਾਲੇ ਸਾਰੇ ਦੇਣ ਦੁਹਾਈਆ। ਪੁਰਖ ਅਕਾਲ ਆਪ ਬੈਠਣਾ ਨਿਧੜਕ, ਧੜਕੇ ਵਿਚ ਦੀਨ ਦੁਨੀ ਦਏ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਅੰਦਰ ਪੈਣ ਨਾ ਦੇਵੇ ਫ਼ਰਕ਼, ਫ਼ਿਰਕਿਆਂ ਵਾਲੇ ਫ਼ਿਰਕੇ ਵੇਖ ਵਖਾਈਆ। ਭਗਤ ਦਵਾਰ ਕਹੇ ਮੈਂ ਕੋਈ ਖਿੱਚੀ ਨਹੀਂ ਭਗੌਤੀ, ਚੰਡੀ ਹੱਥ ਨਾ ਕੋਇ ਉਠਾਈਆ। ਮੈਂ ਕੋਈ ਖੇਲ ਦੱਸਣੀ ਨਹੀਂ ਬਹੁਤੀ ਧੁਰ ਦਾ ਹੁਕਮ ਸਹਿਜ ਨਾਲ ਜਣਾਈਆ। ਸ੍ਰਿਸ਼ਟੀ ਕੋਟਾਂ ਵਿਚ ਦਿਸੇ ਔਂਤੀ, ਅਗੇ ਜੜ੍ਹ ਨਾ ਕੋਇ ਲਗਾਈਆ। ਮੁਕਾਮੇ ਹੱਕ ਮੂਲ ਨਾ ਪਹੁੰਚੀ, ਸਚਖੰਡ ਨਾ ਕੋਇ ਰੁਸ਼ਨਾਈਆ। ਕਿਸੇ ਕੰਮ ਨਾ ਆਈ ਬੁਧੀ ਵਾਲੀ ਸੋਚ ਸੋਚੀ, ਜਗਤ ਵਾਲੀ ਪੜ੍ਹਾਈਆ। ਬਣ ਗਏ ਜਨਮ ਜਨਮ ਦੇ ਰੋਗੀ, ਕਰਮ ਕਰਮ ਦਾ ਗੇੜ ਰਖਾਈਆ। ਬਿਨਾ ਭਗਤਾਂ ਧੁਰ ਦੇ ਬਣੇ ਨਾ ਮੂਲ ਸੰਜੋਗੀ, ਸਾਚਾ ਮੇਲ ਨਾ ਕੋਇ ਕਰਾਈਆ। ਜਨ ਭਗਤੋ ਤੁਹਾਡੇ ਬਿਨਾ ਕਿਸੇ ਨੂੰ ਆਉਣ ਨਹੀਂ ਦੇਂਦਾ ਸੋਝੀ, ਸੁਤਿਆਂ ਦੀ ਰੈਣ ਰਹੀ ਵਿਹਾਈਆ। ਰੈਣ ਕਹੇ ਮੈਂ ਭਿੰਨੜ ਭਿੰਨੀ, ਭਾਗਾਂ ਵਾਲੀ ਫੇਰੀ ਪਾਈਆ। ਮੈਂ ਵੇਖੀ ਪਰਮ ਪੁਰਖ ਦੀ ਭਗਤਾਂ ਵਾਲੀ ਸੰਗਤ ਕਿੰਨੀ, ਕਿੰਨੇ ਆਪਣੇ ਨਾਲ ਮਿਲਾਈਆ। ਸਚ ਪੁਛੋ ਛੇ ਹਜ਼ਾਰ ਸੱਤ ਸੌ ਤਰੇਠ ਜਿਨ੍ਹਾਂ ਦੀ ਗਿਣਤੀ ਗਿਣੀ, ਗਿਣ ਕੇ ਦਿਆਂ ਸਮਝਾਈਆ। ਉਹਨਾਂ ਦੀ ਅੱਖ ਨਹੀਂ ਅੰਦਰੋਂ ਅੰਨ੍ਹੀ, ਅੰਨ੍ਹਿਆਂ ਦੇ

ਸੁਜਾਖੇ ਅੰਦਰੋਂ ਰੂਪ ਦਏ ਬਦਲਾਈਆ। ਪੰਜ ਚੇਤ ਤੋਂ ਬਾਅਦ ਬਹੁਤਿਆਂ ਨੂੰ ਦਰਸ਼ਨ ਹੋਵੇ ਦਿਨ ਦੀਵੀ, ਸਾਖਿਆਤ ਅਗੇ ਖਲੋਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ। ਭਗਤ ਦਵਾਰ ਕਹੇ ਭਗਵਾਨ ਬਦਲ ਲੈ ਆਪਣਾ ਰੂਪ, ਅਨੂਪ ਦੇ ਬਦਲਾਈਆ। ਤੂੰ ਮਾਲਕ ਧੁਰ ਦਾ ਭੂਪ, ਭੂਪਤ ਤੇਰੀ ਓਟ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਕੂਚ, ਕੂਚਾ ਗਲੀ ਖ਼ਾਲੀ ਦਏ ਦੁਹਾਈਆ। ਸਾਚੀ ਆਵੇ ਕਿਸੇ ਨਾ ਸੂਝ, ਭਰਮੇਂ ਵਿਚ ਲੋਕਾਈਆ। ਝਗੜਾ ਰਿਹਾ ਏਕਾ ਦੂਜ, ਭਰਮੇ ਵਿਚ ਲੋਕਾਈਆ। ਕੋਈ ਚੜ੍ਹੇ ਨਾ ਮੰਜ਼ਲੇ ਮਕ਼ਸੂਦ, ਨਾਅਰਾ ਹੱਕ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇ ਦ੍ਰਿੜਾਈਆ। ਸਾਚਾ ਹੁਕਮ ਕਹੇ ਮੈਂ ਕਰਨ ਵਾਲਾ ਫੁਰਤੀ, ਫੁਰਤੀਲਾ ਹੋ ਕੇ ਦਿਆਂ ਜਣਾਈਆ। ਮੈਂ ਕਿਸੇ ਨੂੰ ਪੂਜਣ ਨਹੀਂ ਦੇਣੀ ਕੋਈ ਮੂਰਤੀ, ਮੂਰਤ ਅਕਾਲ ਇਕੋ ਦੇਣੀ ਜਣਾਈਆ। ਜਨ ਭਗਤੋ ਹੁਣ ਇਹ ਗੱਲ ਨਹੀਂ ਦੂਰ ਦੀ, ਦੂਰ ਦੁਰਾਡਾ ਪੈਂਡਾ ਰਿਹਾ ਮੁਕਾਈਆ। ਇਹ ਖੇਲ ਹੋਣੀ ਸਰਬ ਕਲਾ ਭਰਪੂਰ ਦੀ, ਜੋ ਖ਼ਾਲੀ ਭਾਂਡੇ ਦਏ ਭਰਾਈਆ। ਇਹ ਧਾਰ ਪਰਗਟਾਉਣੀ ਇਕ ਨੂਰ ਦੀ, ਜੋ ਨੂਰੋ ਨੂਰ ਕਰੇ ਰੁਸ਼ਨਾਈਆ। ਇਹ ਕੋਈ ਚੋਟੀ ਨਹੀਂ ਕੋਹਤੂਰ ਦੀ, ਜੋ ਮੂਸਾ ਮੂੰਹ ਦੇ ਭਾਰ ਸੁਟਾਈਆ। ਇਹ ਖੇਲ ਹਾਜ਼ਰ ਹਜ਼ੂਰ ਦੀ, ਜੋ ਹਜ਼ਰਤਾਂ ਨਾਲੋਂ ਨਾਤੇ ਰਿਹਾ ਤੁੜਾਈਆ। ਤੁਹਾਡੀ ਸੇਵਾ ਨਹੀਂ ਕਿਸੇ ਮਜ਼ਦੂਰ ਦੀ, ਜੋ ਟਕਿਆਂ ਵਾਲੀ ਵੰਡ ਵੰਡਾਈਆ। ਤੁਹਾਡੀ ਮੁਹੱਬਤ ਸਦਾ ਮਨਜ਼ੂਰ ਦੀ, ਮਨਜ਼ੂਰੀ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦਏ ਵਡਿਆਈਆ। ਸਚ ਦਵਾਰਾ ਵੇਖਣਾ ਧੁਰ ਧਾਮ, ਹਰਿ ਕਰਤਾ ਆਪ ਜਣਾਈਆ। ਤੁਹਾਡਾ ਮਾਲਕ ਇਕੋ ਰਾਮ, ਹਰ ਘਟ ਰਮਿਆਂ ਦਏ ਵਖਾਈਆ। ਤੁਹਾਡਾ ਸਾਲਸ ਇਕੋ ਕਾਹਨ, ਜੋ ਫ਼ੈਸਲਾ ਧੁਰ ਦਾ ਏਕਾ ਦਏ ਸੁਣਾਈਆ। ਤੁਹਾਡਾ ਮਾਲਕ ਇਕ ਅਮਾਮ, ਜੋ ਅਮਲਾਂ ਤੋਂ ਬਾਹਰ ਦਏ ਕਢਾਈਆ। ਉਸਦਾ ਸਜਦਾ ਇਕ ਕਲਾਮ, ਜੋ ਕਲਮਾ ਕਾਇਨਾਤ ਵਿਚੋਂ ਬਾਹਰ ਦਏ ਸੁਣਾਈਆ। ਕਲਜੁਗ ਅੰਤਮ ਹੋ ਮਿਹਰਵਾਨ, ਹੁਕਮ ਆਪਣਾ ਰਿਹਾ ਜਣਾਈਆ। ਜਨ ਭਗਤੋ ਭਗਤ ਦਵਾਰੇ ਉਤੇ ਚੜ੍ਹ ਗਿਆ ਸੱਤ ਰੰਗ ਨਿਸ਼ਾਨ, ਨਿਸ਼ਾਨੇ ਸਭ ਦੇ ਦਏ ਉਠਾਈਆ। ਜਿਨ੍ਹਾਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਗਾਇਆ ਗਾਣ, ਤਿਨ੍ਹਾਂ ਨੂੰ ਗਾਨੇ ਬੰਨ੍ਹ ਕੇ ਸਗਣਾਂ ਨਾਲ ਆਪਣੇ ਘਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਧਾਰ ਆਇਆ ਵਿਚ ਮੈਦਾਨ, ਮੈਦਾਨ ਸਾਰੇ ਸਾਫ਼ ਕਰਾਈਆ। ਮੈਦਾਨ ਆਇਆ ਵਿਚ ਅਖਾੜੇ, ਪੁਰਖ ਅਕਾਲ ਆਪਣੀ ਫੇਰੀ ਪਾਈਆ। ਨਿੱਕੇ ਨਿੱਕੇ ਰਹਿਣ ਨਹੀਂ ਦੇਣੇ ਵਾੜੇ, ਵਾੜ ਕੰਡਿਆਂ ਵਾਲੀ ਦੇਣੀ ਹਟਾਈਆ। ਇਕੋ ਪੁਰਖ ਅਕਾਲ ਦੇ ਸਭ ਨੂੰ ਕੱਢਣੇ ਪੈਣ ਹਾੜੇ, ਨਿਉਂ ਨਿਉਂ ਸੀਸ ਸਰਬ ਝੁਕਾਈਆ। ਜਨ ਭਗਤ ਸੁਹੇਲੇ ਜਿਸ ਆਪਣੇ ਬਣਾਉਂਣੇ ਧੁਰ ਦੇ ਲਾੜੇ, ਨਾਤਾ ਆਪਣੇ ਨਾਲ ਜੁੜਾਈਆ। ਇਹ ਖੇਲ ਹੋਣ ਵਾਲਾ ਵਿਚ ਹਾੜੇ, ਹਾੜੇ ਕੱਢੇ ਸਰਬ ਲੋਕਾਈਆ। ਕਲਜੁਗ ਜੀਵਾਂ ਬੁਧੀ ਵਾਲੇ ਆਏ ਦਿਨ ਮਾੜੇ, ਸੁਧੀ ਸਚ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਟ ਦੇਵੇ ਜੋ ਟਟੂ ਜਗਤ ਵਾਲੇ ਭਾੜੇ, ਸ਼ਾਹ ਅਸਵਾਰਾ ਇਕੋ ਆਪਣਾ ਅਸਵ ਦਏ ਦੁੜਾਈਆ। ਅਸਵ ਕਹੇ ਮੇਰੀ ਸ਼ਬਦੀ ਦੌੜ, ਕ਼ਦਮਾਂ ਵਾਲੀ ਵੰਡ ਨਾ ਕੋਇ ਵੰਡਾਈਆ। ਮੈਂ ਚਾਰ ਕੁੰਟ ਜਾਵਾਂ ਬੌਹੜ, ਭੱਜਾਂ ਚਾਈਂ ਚਾਈਂਆ। ਕਲਜੁਗ ਅੰਤ

ਸਦੀ ਚੌਧਵੀਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਬੇਈਮਾਨਾਂ ਮਾਰਾਂ ਅਗੰਮਾਂ ਪੌੜ, ਪੌੜੀ ਡੰਡੇ ਉਤੋਂ ਹੇਠਾਂ ਦਿਆਂ ਸੁਟਾਈਆ। ਕਿਸੇ ਨੂੰ ਸਮਝ ਆਉਣ ਨਾ ਦਿਆਂ ਕਿਸ ਧਾਰ ਵਿਚ ਖੇਲੇ ਖੇਲ ਬ੍ਰਾਹਮਣ ਗੌੜ, ਪਾਰਬ੍ਰਹਮ ਬ੍ਰਹਮ ਆਪਣਾ ਹੁਕਮ ਵਰਤਾਈਆ। ਲੱਖਾਂ ਕੋਟਾਂ ਅਰਬਾਂ ਵਿਚੋਂ ਥੋੜ੍ਹਿਆਂ ਉਤੇ ਕਰ ਕੇ ਗ਼ੌਰ, ਗੌਰਵ ਨਾਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤੋ ਵਿਛੜਿਆਂ ਨੂੰ ਰਿਹਾ ਜੋੜ, ਵਿਛੋੜਾ ਅਗਲਾ ਦਏ ਕਟਾਈਆ। ਵਿਛੋੜਾ ਕਹੇ ਮੈਂ ਭਗਤ ਦਵਾਰੇ ਖਾਵਾਂ ਸੁਗੰਦ, ਵਿਚੋਲਾ ਸ੍ਰੀ ਭਗਵਾਨ ਬਣਾਈਆ। ਜਨ ਭਗਤੋ ਤੁਹਾਡਾ ਬੰਦੀਖ਼ਾਨੇ ਵਿਚੋਂ ਨਿਕਲਿਆ ਬੰਦ ਬੰਦ, ਬੰਦਨਾ ਦੱਸੀ ਬੇਪਰਵਾਹੀਆ। ਤੁਹਾਡਾ ਜੋਤੀ ਨੂਰ ਚਮਕਣਾ ਚੰਨ, ਬਿਨਾ ਚੰਦ ਹੋਵੇ ਰੁਸ਼ਨਾਈਆ। ਤੁਹਾਡੇ ਜਨਮ ਮਰਨ ਦਾ ਲੇਖਾ ਹੋਇਆ ਬੰਦ, ਬੰਦੀਆਂ ਤੋਂ ਬੰਦਗੀ ਵਾਲੇ ਬੰਦੇ ਲਏ ਬਣਾਈਆ। ਪੰਜ ਚੇਤ ਦਾ ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਅਨੰਦ, ਸਾਲ ਬਸਾਲਾ ਹੱਥ ਕਿਸੇ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਗੇ ਤੁਹਾਡਾ ਸਦਾ ਬਣਿਆ ਰਹੇ ਬਖ਼ਸ਼ੰਦ, ਰਹਿਮਤਾਂ ਦਾ ਮਾਲਕ ਹੋ ਕੇ ਆਪਣਾ ਰਹਿਮ ਕਮਾਈਆ। ਤੁਸਾਂ ਖ਼ੁਸ਼ੀ ਨਾਲ ਸੌਂਦਿਆਂ ਜਾਗਦਿਆਂ ਦੋਵੇਂ ਵੇਲੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਗਾਉਂਣਾ ਛੰਦ, ਅਗੇ ਦੇਵੇ ਨਾ ਕੋਇ ਸਜ਼ਾਈਆ। ਸੱਚਾ ਪ੍ਰੇਮ ਸਚ ਪਿਆਰ ਸਚ ਮੁਹੱਬਤ ਵਿਚ ਤੁਹਾਨੂੰ ਦੇਣਾ ਵੰਡ, ਗੰਢ ਆਪਣੀ ਰਿਹਾ ਖੁਲ੍ਹਾਈਆ। ਤੁਹਾਡੇ ਸੀਨੇ ਪਾ ਕੇ ਠੰਡ, ਆਪਣੇ ਲਾ ਕੇ ਅੰਗ, ਅੰਗਣ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਹੁਕਮ ਦੇ ਕਰ ਪਾਬੰਦ, ਪਾਬੰਦੀ ਸਾਰੀ ਦਏ ਕਟਾਈਆ। ਜਨ ਭਗਤੋ ਤੁਸਾਂ ਸਚ ਪ੍ਰੇਮ ਦੀ ਸਮਝਣਾ ਪਾਬੰਦੀ, ਮੁਹੱਬਤ ਇਕੋ ਨਾਲ ਰਖਾਈਆ। ਲੱਖ ਚੁਰਸੀ ਰਹੇ ਨਾ ਖ਼ਾਨਾਬੰਦੀ, ਬੰਦਗੀ ਆਪਣੀ ਦਏ ਦ੍ਰਿੜਾਈਆ। ਅਗੇ ਪ੍ਰਭ ਨੇ ਖੇਲ ਕਰਨੀ ਬਹੁਰੰਗੀ, ਭੇਵ ਅਭੇਦਾ ਦਏ ਖੁਲ੍ਹਾਈਆ। ਤੁਹਾਡੀ ਧਾਰ ਬਦਲ ਕੇ ਧਾਰ ਕਰਨੀ ਚੰਗੀ, ਚੰਗੀ ਤਰ੍ਹਾ ਆਪਣੇ ਨਾਲ ਰਖਾਈਆ। ਦੁਨੀਆ ਦੀ ਦ੍ਰਿਸ਼ਟੀ ਕਰਨੀ ਅੰਧੀ, ਅਗਿਆਨ ਵਿਚ ਲੋਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸਦਾ ਪੌਣ ਠੰਡੀ, ਅਗਨੀ ਤਤ ਤੱਤ ਵਿਚ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਦਾ ਸਦਾ ਸਦ ਬਣਿਆ ਰਹੇ ਤੁਹਾਡਾ ਸੰਗੀ, ਸੰਗ ਅੰਦਰੋਂ ਦਏ ਕਢਾਈਆ।

੭ ਚੇਤ ਸ਼ਹਿਨਸ਼ਾਹੀ ਸੰਮਤ ੨ ਭਗਤ ਸਿੰਘ ਦੇ ਗ੍ਰਹਿ ਇਟਾਰਸੀ ਮਧਿਆ ਪ੍ਰਦੇਸ਼

ਸੱਤ ਚੇਤ ਕਹੇ ਮੈਂ ਲਈ ਅੰਗੜਾਈ, ਅੰਗ ਅੰਗ ਲਿਆ ਉਠਾਈਆ। ਭਗਤ ਭਗਵਾਨ ਅੰਤਰ ਆਤਮ ਦੀ ਵੇਖਾਂ ਕੁੜਮਾਈ, ਕਰਮ ਕਾਂਡ ਦਾ ਲੇਖਾ ਰਹੇ ਨਾ ਰਾਈਆ। ਬਿਨ ਰਸਨਾ ਜਿਹਵਾ ਵੱਜੇ ਸਚ ਵਧਾਈ, ਨਾਦ ਅਗੰਮੀ ਰਾਗ ਅਲਾਈਆ। ਦੋ ਜਹਾਨ ਖ਼ੁਸ਼ੀਆਂ ਰਹੇ ਮਨਾਈ, ਗੁਰ ਅਵਤਾਰ ਪੈਗ਼ੰਬਰ ਸਿਫ਼ਤ ਸਾਲਾਹੀਆ। ਸੰਤ ਸੁਹੇਲੇ ਵੇਖੇ ਚਾਈਂ ਚਾਈਂ, ਚਾਓ ਘਨੇਰਾ ਇਕ ਦਸਾਈਆ। ਮਿਹਰ ਕਰੇ ਚੇਤ ਵਿਚ ਗੁਸਾਈਂ, ਗਹਿਰ ਗੰਭੀਰ ਵਡੀ ਵਡਿਆਈਆ। ਮਾਲਕ ਖ਼ਾਲਕ ਬਣ ਕੇ ਧੁਰ ਦਾ ਮਾਹੀ, ਮਹਿਬੂਬ ਹੋ ਕੇ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਭਗਤ ਭਗਵਾਨ ਦਾ ਨਾਤਾ ਵੇਖਾਂ ਜੁੜਦਾ, ਜਗ ਨੇਤਰ ਨਾ ਕੋਇ ਖੁਲ੍ਹਾਈਆ।

ਹੁਕਮ ਸੁਣਾਂ ਅਗੰਮੀ ਸਤਿਗੁਰ ਦਾ, ਜੋ ਸੁਤਿਆਂ ਰਿਹਾ ਜਗਾਈਆ। ਖੇਲ ਕਰੇ ਆਪਣਾ ਆਪ ਸ਼ੁਰੂ ਦਾ, ਸ਼ਰਅ ਦੀ ਲੋੜ ਰਹੇ ਨਾ ਰਾਈਆ। ਜਿਸ ਦਾ ਇਕੋ ਮੰਤਰ ਸੋਹਲਾ ਢੋਲਾ ਫੁਰੂਗਾ, ਜਗਤ ਫ਼ੁਰਨੇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਸਚ ਸਰਨਾਈਆ। ਭਗਤ ਭਗਵਾਨ ਵੇਖਣਾ ਮਿਲਾਪ, ਵਿਚੋਲਾ ਨਜ਼ਰ ਕੋਇ ਨਾ ਆਈਆ। ਨਿਰਗੁਣ ਧਾਰ ਜੋਤ ਸ਼ਬਦ ਦਾ ਜਾਪ, ਅਗੰਮ ਅਥਾਹ ਕਰੇ ਪੜ੍ਹਾਈਆ। ਆਤਮ ਪਰਮਾਤਮ ਨਾਤਾ ਜੋੜ ਕੇ ਲੇਖਾ ਜਾਣ ਕੇ ਪੂਤ ਬਾਪ, ਸਪੂਤ ਆਪਣੇ ਰੰਗ ਰੰਗਾਈਆ। ਨਿਜ ਗ੍ਰਹਿ ਨਿਜ ਮੰਦਰ ਘਰ ਸੁਹੰਜਣੇ ਕਰ ਕੇ ਵਾਸ, ਵਾਸਤਾ ਆਪਣੇ ਨਾਲ ਰਖਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਵਸਤ ਅਮੋਲਕ ਦੇ ਕੇ ਦਾਤ, ਦਾਨੀ ਦਇਆਵਾਨ ਦਇਆ ਕਮਾਈਆ। ਪੂਰਬ ਲੇਖਾ ਲਹਿਣਾ ਦੇਣਾ ਜੁਗ ਚੌਕੜੀ ਦੇਵਣਹਾਰਾ ਆਪ, ਅਨਡਿਠ ਬਿਨ ਮੰਗਿਆਂ ਝੋਲੀ ਪਾਈਆ। ਗੁਰਮੁਖਾਂ ਕਰ ਵਡ ਪਰਤਾਪ, ਜਗਤ ਪਾਪ ਤੋਂ ਲਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਕਰ ਕੇ ਦਾਸ, ਦਰਸ ਆਪਣਾ ਦਏ ਦਿਖਾਈਆ। ਜਨ ਭਗਤ ਵੇਖਣੇ ਪ੍ਰਭ ਦੀ ਮੰਜ਼ਲ ਚੜ੍ਹਦੇ, ਬਿਨ ਪੌੜੇ ਡੰਡੇ ਪੰਧ ਮੁਕਾਈਆ। ਸਚ ਦਵਾਰੇ ਵੇਖਣੇ ਖੜ੍ਹਦੇ, ਅਧਵਿਚਕਾਰ ਨਾ ਕੋਇ ਅਟਕਾਈਆ। ਬਿਨ ਅੱਖਾਂ ਦਰਸ਼ਨ ਕਰਦੇ, ਲੋਚਨ ਨੈਣ ਖ਼ੁਸ਼ੀ ਮਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਪੜ੍ਹਦੇ, ਜਸ ਵੇਦ ਪੁਰਾਨ ਨਾ ਸਿਫ਼ਤ ਸਾਲਾਹੀਆ। ਬਿਰਹੋਂ ਵਿਛੋੜੇ ਅੰਦਰ ਵੈਰਾਗੀ ਹੋ ਕੇ ਮਰਦੇ, ਮੁਰੀਦ ਬਿਨਾ ਮੁਰਸ਼ਦ ਆਪਣਾ ਆਪ ਮਿਟਾਈਆ। ਧੁਰ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਘੱਲਦੇ, ਹੱਕ ਹੱਕ ਆਵਾਜ਼ ਅਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਅਬਿਨਾਸ਼ੀ ਕਰਤੇ ਅਸੀਂ ਮੰਗਤੇ ਤੇਰੇ ਘਰ ਦੇ, ਦੂਜਾ ਦਵਾਰ ਨਾ ਕੋਇ ਤਕਾਈਆ। ਸ੍ਰੀ ਭਗਵਾਨ ਹੋ ਮਿਹਰਵਾਨ ਪੜਦੇ ਲਾਹ ਦੇ ਆਪਣੇ ਘਰ ਦੇ, ਓਹਲਾ ਵਿਚ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਭਗਤ ਭਗਵਾਨ ਮਿਲਣ ਦੀ ਰੀਤੀ, ਬਿਨਾ ਪੁਰਖ ਅਕਾਲ ਨਾ ਕੋਇ ਜਣਾਈਆ। ਪਿਛਲੀ ਗਾਥਾ ਅਜੇ ਬੀਤੀ, ਅਗਲਾ ਵਰਨਣ ਆਪਣੇ ਹੱਥ ਰਖਾਈਆ। ਮਿਹਰ ਨਜ਼ਰ ਨਾਲ ਜਨ ਭਗਤ ਚੜ੍ਹਾ ਆਪਣੀ ਚੋਟੀ ਟੀਸੀ, ਮੰਜ਼ਲ ਆਪਣੀ ਪੰਧ ਮੁਕਾਈਆ। ਸਤਿ ਧਰਮ ਦੀ ਬਦਲ ਕੇ ਰੀਤੀ, ਨੀਤੀਵਾਨ ਹੋਏ ਸਹਾਈਆ। ਜਨ ਭਗਤ ਆਤਮਾ ਸਦਾ ਰਹੇ ਜੀਤੀ, ਜਨਮ ਮਰਨ ਨਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆਵਾਨ ਦਇਆ ਆਪ ਕੀਤੀ, ਕੇਤੇ ਵਿਛੜੇ ਲਏ ਮਿਲਾਈਆ।

੮ ਚੇਤ ਸ਼ਹਿਨਸ਼ਾਹੀ ਸੰਮਤ ੨ ਜੁਗਿੰਦਰ ਸਿੰਘ ਦੇ ਗ੍ਰਹਿ ਇਟਾਰਸੀ ਮਧਿਆ ਪ੍ਰਦੇਸ਼

ਜਨ ਭਗਤਾਂ ਪ੍ਰਭ ਸਦਾ ਦਰਦੀ, ਦੀਨਾਂ ਨਾਥ ਦਇਆ ਕਮਾਇੰਦਾ। ਜੁਗ ਚੌਕੜੀ ਨਿਤ ਨਵਿਤ ਆਸਾ ਮਨਸਾ ਦੀ ਵੇਖੇ ਅਰਜ਼ੀ, ਅਰਸ਼ੀ ਪ੍ਰੀਤਮ ਪਾਰਬ੍ਰਹਮ ਪਤਿਪਰਮੇਸ਼ਵਰ ਪੜਦਾ ਓਹਲਾ ਫੋਲ ਫੁਲਾਇੰਦਾ। ਪੁਰਖ ਅਕਾਲ ਦੀਨ ਦਿਆਲ ਪਤਿਪਰਮੇਸ਼ਵਰ ਸਹੇਲਾ ਬਣਿਆ ਕਦੇ ਨਾ ਫ਼ਰਜ਼ੀ, ਫ਼ੈਸਲਾ ਹੱਕ ਹਕ਼ੀਕ਼ਤ ਲਾਸ਼ਰੀਕ ਸ਼ਹਿਨਸ਼ਾਹ ਆਪ ਜਣਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਖੇਲੇ ਖੇਲ ਨਰਾਇਣ ਨਰ ਦੀ, ਬੋਧ ਅਗਾਧਾ ਸ਼ਬਦ

ਅਨਾਦਾ ਧੁਰ ਸੰਦੇਸ਼ਾ ਅਗੰਮ ਰਾਗ ਅਲਾਇੰਦਾ। ਖੇਲ ਜਾਣੇ ਲੱਖ ਚੁਰਾਸੀ ਜੀਵ ਜੰਤ ਘਰ ਘਰ ਦੀ, ਗ੍ਰਹਿ ਮੰਦਰ ਮੰਡਲ ਮੰਡਪ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਤਾਲ ਫੋਲ ਫੁਲਾਇੰਦਾ। ਗੁਰਮੁਖਾਂ ਖੇਲ ਦੱਸ ਕੇ ਪਰਮ ਪੁਰਖ ਪਰਮਾਤਮ ਆਤਮ ਸਾਚੇ ਘਰ ਦੀ, ਕਾਇਆ ਮਾਟੀ ਸਾਚੀ ਹਾਟੀ ਸੇਜਾ ਖਾਟੀ ਪੜਦਾ ਓਹਲਾ ਦਏ ਚੁਕਾਈਆ। ਆਸਾ ਮਨਸਾ ਪੂਰੀ ਕਰੇ ਜੁਗ ਚੌਕੜੀ ਵਰ ਦੀ, ਵਾਹਿਦ ਲਾਸ਼ਰੀਕ ਸਚ ਤੌਫ਼ੀਕ਼ ਮਹਿਬੂਬ ਮੁਹੱਬਤ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਇਕ ਰੁਸ਼ਨਾਈਆ। ਜਨ ਭਗਤ ਤੇਰਾ ਮਿੱਤਰ ਪਿਆਰਾ ਏਕ, ਏਕੰਕਾਰਾ ਨਜ਼ਰੀ ਆਈਆ। ਏਥੇ ਓਥੇ ਦੋ ਜਹਾਨਾਂ ਦੇਵੇ ਟੇਕ, ਸ੍ਰੀ ਭਗਵੰਤ ਬਣ ਕੇ ਧੁਰ ਦਾ ਕੰਤ, ਸਮਰਥ ਸਵਾਮੀ ਅੰਤਰਜਾਮੀ ਸਿਰ ਆਪਣਾ ਹੱਥ ਟਿਕਾਈਆ। ਸ਼ਬਦ ਗਿਆਨ ਕਰੇ ਬੁਧ ਬਿਬੇਕ, ਮਨ ਵਾਸਨਾ ਕੂੜੀ ਤਨ ਮਾਟੀ ਖ਼ਾਕੀ ਵਜੂਦ ਪਤਿਤ ਪੁਨੀਤ ਦਏ ਬਣਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਨਿਰੰਤਰ ਹੋ ਕੇ ਅੰਤਰ ਖੋਲ੍ਹੇ ਭੇਤ, ਅਛਲ ਅਛੇਦ ਪੜਦਾ ਓਹਲਾ ਬਣ ਵਿਚੋਲਾ ਦੂਈ ਦਵੈਤੀ ਦਏ ਚੁਕਾਈਆ। ਬਿਨ ਕ਼ਲਮ ਸ਼ਾਹੀ ਸ਼ਾਹ ਸੁਲਤਾਨ ਵਡ ਮਿਹਰਵਾਨ ਲਿਖ ਦੇਵੇ ਅਗੰਮਾ ਲੇਖ, ਜੁਗ ਚੌਕੜੀ ਜਿਸ ਨੂੰ ਸਕੇ ਨਾ ਕੋਇ ਬਦਲਾਈਆ। ਏਥੇ ਓਥੇ ਦੋ ਜਹਾਨ ਨਿਰਗੁਣ ਸਰਗੁਣ ਕਰੇ ਆਪਣਾ ਹੇਤ, ਹਿਤਕਾਰੀ ਹੋ ਕੇ ਦਰਸ ਦਿਖਾਏ ਨੇਤਨ ਨੇਤ, ਨਿਜ ਲੋਚਨ ਨੈਣ ਅੱਖ ਖੁਲ੍ਹਾਈਆ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਦੱਸ ਕੇ ਆਪਣੀ ਖੇਡ, ਦੀਆ ਬਾਤੀ ਕਮਲਾਪਾਤੀ ਜੋਤੀ ਜਾਤਾ ਨਿਰਗੁਣ ਨੂਰ ਕਰੇ ਰੁਸ਼ਨਾਈਆ। ਸੰਤ ਸੁਹੇਲੇ ਗੁਰਮੁਖ ਮਿੱਤਰ ਨਿਰਗੁਣ ਸਰਗੁਣ ਧਾਰ ਲੋਕਮਾਤ ਭੇਜ, ਭਜਨ ਬੰਦਗੀ ਸਚ ਮਸ਼ੰਦਗੀ ਹੱਕ ਹਕ਼ੀਕ਼ਤ ਲਾਸ਼ਰੀਕ ਇਕੋ ਇਕ ਦ੍ਰਿੜਾਈਆ। ਧਾਰ ਦੱਸੇ ਸਚ ਦਵਾਰ ਆਪਣੇ ਅਨੰਦ ਦੀ, ਪਰਮਾਨੰਦ ਪਰਮ ਪੁਰਖ ਪਰਮਾਤਮ ਆਤਮ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਿਸ਼ ਬਖ਼ਸ਼ੇ ਆਪਣੇ ਛੰਦ ਦੀ, ਮਸ਼ੰਦਗੀ ਅਵਰ ਰਹੇ ਨਾ ਰਾਈਆ। ਜਨ ਭਗਤ ਤੇਰਾ ਸਦਾ ਕਿਆਸ, ਕ਼ੀਮਤ ਹਰਿ ਜੂ ਦਏ ਬਦਲਾਈਆ। ਲੇਖਾ ਲਿਖ ਕੇ ਗਿਆ ਵੇਦ ਵਿਆਸ, ਸ਼ਹਾਦਤ ਲੇਖਣੀ ਰਹੀ ਭੁਗਤਾਈਆ। ਸਾਹਿਬ ਸਤਿਗੁਰ ਪੁਰਖ ਬਿਧਾਤਾ ਭਗਵਨ ਹੋ ਕੇ ਵਸੇ ਭਗਤਾਂ ਪਾਸ, ਵੇਸ ਅਵੇਸਾ ਨਿਰਗੁਣ ਸਰਗੁਣ ਆਪਣਾ ਰੂਪ ਬਦਲਾਈਆ। ਨਿਰਗੁਣ ਨੂਰ ਜਲਵਾਗਰ ਜੋਤੀ ਜੋਤ ਕਰੇ ਪਰਕਾਸ਼, ਅੰਧ ਅਗਿਆਨ ਵਿਚ ਜਹਾਨ ਸ੍ਰੀ ਭਗਵਾਨ ਮੇਟੇ ਥਾਉਂ ਥਾਈਂਆ। ਲੇਖਾ ਜਾਣੇ ਪੌਣ ਪਵਣਾ ਵਿਚੋਂ ਸਵਾਸ, ਝਗੜਾ ਮੁਕਾ ਕੇ ਪ੍ਰਿਥਮੀ ਆਕਾਸ਼, ਪਰਕਾਸ਼ ਵਿਚੋਂ ਪਰਕਾਸ਼ ਦਏ ਪਰਗਟਾਈਆ। ਸਚ ਦਵਾਰਾ ਬਖ਼ਸ਼ੇ ਇਕ ਨਿਵਾਸ, ਪਰਭਾਸ ਵਿਚ ਲੱਭਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਮਾਨਸ ਜਨਮ ਕਰੇ ਰਾਸ, ਰਸਤਾ ਇਕੋ ਇਕ ਵਖਾਈਆ। ਜਨ ਭਗਤ ਤੇਰਾ ਮਾਰਗ ਪਰਮ ਪੁਰਖ ਦੱਸੇ ਸਤਿ, ਸਤਿ ਸਚ ਆਪ ਦ੍ਰਿੜਾਈਆ। ਬਿਨ ਅੱਖਰਾਂ ਤੋਂ ਦੇ ਕੇ ਬ੍ਰਹਮਮਤ, ਪਾਰਬ੍ਰਹਮ ਬ੍ਰਹਮ ਪੜਦਾ ਦਏ ਉਠਾਈਆ। ਹਕ਼ੀਕ਼ਤ ਵਿਚੋਂ ਮਿਲੇ ਹੱਕ, ਹੁਕਮ ਧੁਰ ਦਾ ਇਕ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਜਸ, ਸਿਫ਼ਤ ਵੇਦ ਪੁਰਾਨ ਰਹੇ ਸੁਣਾਈਆ। ਨਿਜ ਨੇਤਰ ਅੰਦਰੋਂ ਖੋਲ੍ਹ ਕੇ ਅੱਖ, ਆਖ਼ਰ ਆਪਣਾ ਮੇਲਾ ਲਏ ਮਿਲਾਈਆ। ਤਨ ਵਜੂਦ ਮਾਟੀ ਖ਼ਾਕ ਰਹਿਣ ਨਾ ਦੇਵੇ ਵੱਖ, ਹਮਬਿਸਤਰ ਹਮਸਾਜਨ ਸੇਜ ਸੁਹਜੰਣੀ ਡੇਰਾ ਲਾਈਆ। ਸਾਖਿਆਤ ਨਿਰਗੁਣ ਧਾਰ ਜੋਤ ਕਰ ਪਰਤੱਖ, ਸ਼ਬਦੀ ਨਾਦ ਬ੍ਰਹਮ ਬ੍ਰਹਿਮਾਦ ਢੋਲਾ ਗੀਤ ਆਪ ਸੁਣਾਈਆ।

ਪ੍ਰੇਮ ਪਿਆਰ ਅੰਮ੍ਰਿਤ ਧਾਰ ਨਿਝਰ ਦੇ ਕੇ ਰਸ, ਕੂੜੀ ਕਿਰਿਆ ਤ੍ਰਿਸ਼ਨਾ ਅਗਨ ਦੇਵੇ ਬੁਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਸਿਰ ਤੇ ਰਖੇ ਹੱਥ, ਸਮਰਥ ਹੋ ਕੇ ਲੇਖਾ ਦਏ ਚੁਕਾਈਆ।

੮ ਚੇਤ ਸ਼ਹਿਨਸ਼ਾਹੀ ਸੰਮਤ ੨ ਹਰਦਿਤ ਸਿੰਘ ਦੇ ਗ੍ਰਹਿ ਇਟਾਰਸੀ ਮਧਿਆ ਪ੍ਰਦੇਸ਼

ਸ੍ਰੀ ਭਗਵਾਨ ਕਹੇ ਮੈਂ ਭਗਤਾਂ ਜੋਗਾ, ਜਗਤ ਜੋਗੀਸ਼ਰ ਹੱਥ ਕਿਸੇ ਨਾ ਆਇੰਦਾ। ਕਲਜੁਗ ਅੰਤ ਅਖ਼ੀਰ ਨਿਰਗੁਣ ਧਾਰ ਬਦਲ ਕੇ ਚੋਗਾ, ਸਰਗੁਣ ਸਵਰੂਪ ਭੇਵ ਕੋਇ ਨਾ ਪਾਇੰਦਾ। ਹੁਕਮ ਸੰਦੇਸ਼ਾ ਨਾਮ ਨਿਧਾਨਾ ਦੇਵਾਂ ਚੌਦਾਂ ਲੋਕਾ, ਪਰਲੋਕ ਆਪਣੀ ਕਾਰ ਕਮਾਇੰਦਾ। ਨਾਮ ਨਿਧਾਨਾ ਦੱਸਾਂ ਇਕ ਸਲੋਕਾ, ਧੁਰ ਦਾ ਢੋਲਾ ਰਾਗ ਅਲਾਇੰਦਾ। ਲੱਖ ਚੁਰਾਸੀ ਵਿਚੋਂ ਜਨ ਭਗਤਾਂ ਬਖ਼ਸ਼ਣਾ ਆਪਣਾ ਮੌਕਾ, ਮੁਕੰਮਲ ਆਪਣਾ ਰੰਗ ਰੰਗਾਇੰਦਾ। ਗੁਰਮੁਖਾਂ ਨਾਲ ਕਦੇ ਕਰਾਂ ਨਾ ਧੋਖਾ, ਜੁਗ ਜਨਮ ਦੇ ਵਿਛੜੇ ਮੇਲ ਮਿਲਾਇੰਦਾ। ਸਚ ਦਵਾਰੇ ਚੜ੍ਹਨਾ ਮਾਰਗ ਦੱਸਾਂ ਸੌਖਾ, ਫੜ ਬਾਹੋਂ ਪਾਰ ਲੰਘਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਇਕ ਸੁਹਾਇੰਦਾ। ਜਨ ਭਗਤ ਗ੍ਰਹਿ ਮੰਦਰ ਤੇਰਾ ਸੁਹੰਜਣਾ, ਸੋਭਾਵੰਤ ਸੁਹਾਈਆ। ਦੀਪਕ ਜੋਤ ਜਗਾਏ ਆਦਿ ਨਿਰੰਜਣਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸਾਹਿਬ ਸਵਾਮੀ ਅੰਤਰਜਾਮੀ ਸਗਲਾ ਸਾਥ ਦੇਵੇ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਬੇੜਾ ਪਾਰ ਕਰਾਈਆ। ਨਿਜ ਨੈਣ ਲੋਚਣ ਨਾਮ ਪਾਏ ਆਪਣਾ ਅੰਜਣਾ, ਅੰਧ ਅਗਿਆਨ ਕੂੜ ਅੰਧੇਰ ਦਏ ਚੁਕਾਈਆ। ਚਰਨ ਧੂੜੀ ਸਚ ਸਰੋਵਰ ਕਰਾਏ ਮਜਨਾ, ਦੁਰਮਤ ਮੈਲ ਕਾਇਆ ਮਾਟੀ ਅੰਦਰ ਬਾਹਰ ਰਹਿਣ ਕੋਇ ਨਾ ਪਾਈਆ। ਦਰਸ ਦਿਖਾਏ ਗੋਪਾਲ ਮੂਰਤ ਮਦਨਾ, ਨਰਾਲਮ ਆਲਮ ਬਾਹਰ ਕਰੇ ਰੁਸ਼ਨਾਈਆ। ਅੰਤ ਅਖ਼ੀਰ ਬੇਨਜ਼ੀਰ ਹੁਕਮੇਂ ਅੰਦਰ ਸੰਤ ਸੁਹੇਲਾ ਸੱਦਣਾ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਨਿਰਵੈਰ ਨਿਰੰਕਾਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਚਾੜ੍ਹੇ ਆਪਣੀ ਰੰਗਣਾ, ਰੰਗਤ ਅਵਰ ਰਹੇ ਨਾ ਰਾਈਆ। ਜਨ ਭਗਤ ਤੇਰਾ ਰੰਗ ਮਜੀਠ, ਲੱਖ ਚੁਰਾਸੀ ਨਜ਼ਰ ਨਾ ਕੋਇ ਪਾਇੰਦਾ। ਪੁਰਖ ਅਕਾਲ ਦੀਨ ਦਿਆਲ ਮਿਹਰਵਾਨ ਕਰਨਹਾਰ ਬਖ਼ਸ਼ੀਸ਼, ਮਹਿਬੂਬ ਮੁਹੱਬਤ ਵਿਚ ਦਇਆ ਕਮਾਇੰਦਾ। ਸਾਚਾ ਨਾਮ ਧੁਰ ਦਾ ਕਲਮਾ ਨਿਰਅੱਖਰ ਕਰ ਹਦੀਸ, ਹਜ਼ਰਤ ਹੋ ਕੇ ਹਜ਼ੂਰ ਧੁਰ ਫ਼ਰਮਾਨਾ ਇਕ ਸੁਣਾਇੰਦਾ। ਜੁਗ ਚੌਕੜੀ ਲੋਕਮਾਤ ਗਏ ਬੀਤ, ਕੋਟਨ ਕੋਟ ਕਾਲ ਚਰਨਾਂ ਹੇਠ ਦਬਾਇੰਦਾ। ਕਲਜੁਗ ਅੰਤ ਸਤਿਜੁਗ ਬਦਲ ਕੇ ਧੁਰ ਦੀ ਰੀਤ, ਰੀਤੀਵਾਨ ਮਾਰਗ ਮਿਹਰਵਾਨ ਪਰਗਟਾਇੰਦਾ। ਸੰਤ ਸੁਹੇਲਾ ਤ੍ਰੈਗੁਣ ਕਰ ਅਤੀਤ, ਤ੍ਰੈਭਵਨ ਧਨੀ ਕੰਨੀਂ ਆਪਣਾ ਰਾਗ ਸੁਣਾਇੰਦਾ। ਮਾਟੀ ਹਾਟੀ ਕਾਚੀ ਕਰ ਕੇ ਠਾਂਡੀ ਸੀਤ, ਸੀਤਲ ਧਾਰਾ ਹਰਿ ਨਿਰੰਕਾਰਾ ਬੂੰਦ ਸਵਾਂਤੀ ਰਸ ਮੁਖ ਚੁਆਇੰਦਾ। ਝਗੜਾ ਚੁਕਾ ਕੇ ਮੰਦਰ ਮਸੀਤ, ਨੀਤੀ ਅੰਦਰੋਂ ਬਦਲ ਕੇ ਨੀਤ, ਸਚ ਸਵਾਮੀ ਵਸ ਕੇ ਚੀਤ, ਜਗਤ ਠਗੌਰੀ ਬਾਹਰ ਕਢਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧੁਰ ਪ੍ਰੇਮ ਦੀ ਦੱਸ ਕੇ ਪ੍ਰੀਤ, ਪ੍ਰੀਤ ਵਿਚੋਂ ਪ੍ਰੀਤਮ ਆਪਣਾ ਆਪ ਵਖਾਇੰਦਾ।

੯ ਚੇਤ ਸ਼ਹਿਨਸ਼ਾਹੀ ਸੰਮਤ ੨ ਜਸਵੰਤ ਸਿੰਘ ਦੇ ਗ੍ਰਹਿ ਇਟਾਰਸੀ ਮਧਿਆ ਪ੍ਰਦੇਸ਼

ਜਨ ਭਗਤ ਤੇਰਾ ਜਸ, ਜੁਗ ਚੌਕੜੀ ਰਹੇ ਗਾਈਆ। ਆਤਮਾ ਪਰਮਾਤਮਾ ਨਾਲ ਮਿਲ ਕੇ ਰਿਹਾ ਵਸ, ਵਸਲ ਇਕੋ ਯਾਰ ਖ਼ੁਦਾਈਆ। ਬਿਨਾ ਰਸਨਾ ਤੋਂ ਮਿਲਦਾ ਰਿਹਾ ਅਗੰਮਾ ਰਸ, ਝਿਰਨਾ ਅੰਮ੍ਰਿਤ ਆਪ ਝਿਰਾਈਆ। ਮੇਲਾ ਹੁੰਦਾ ਰਿਹਾ ਹੱਸ ਹੱਸ, ਹਸਤੀ ਵਿਚੋਂ ਹਸਤੀ ਮਿਲੇ ਸ਼ਹਿਨਸ਼ਾਹੀਆ। ਨਜ਼ਾਰਾ ਦੇਂਦਾ ਰਿਹਾ ਅਗੰਮੀ ਅੱਖ, ਲੋਚਨ ਲੋਇਣ ਕਰ ਰੁਸ਼ਨਾਈਆ। ਨਾਮ ਸੰਦੇਸ਼ਾ ਦੇਂਦਾ ਰਿਹਾ ਸਚ, ਸਤਿ ਸਤਿ ਕਰ ਪੜ੍ਹਾਈਆ। ਭਾਗ ਲਗਾਉਂਦਾ ਰਿਹਾ ਮਾਟੀ ਕਾਇਆ ਕੱਚ, ਕੰਚਨ ਗੜ੍ਹ ਆਪ ਵਡਿਆਈਆ। ਲੂੰ ਲੂੰ ਅੰਦਰ ਆਪ ਰਚ, ਰੰਚਤ ਦੁੱਖ ਰਿਹਾ ਗਵਾਈਆ। ਜਿਸ ਸ਼ਬਦ ਨੂੰ ਕੋਈ ਨਾ ਸਕੇ ਵਾਚ, ਉਹ ਬਚਨ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਜਨ ਭਗਤ ਤੇਰਾ ਬਣਦਾ ਰਿਹਾ ਗੀਤ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜਦੀ ਰਹੀ ਵਧਾਈਆ। ਧਾਰਾ ਬਦਲਦੀ ਰਹੀ ਜਗ ਰੀਤ, ਦੀਨ ਦੁਨੀ ਭੇਵ ਖੁਲ੍ਹਾਈਆ। ਕਾਇਆ ਹੁੰਦੀ ਰਹੀ ਠੰਡੀ ਸੀਤ, ਅਗਨੀ ਅੱਗ ਨਾ ਕੋਇ ਜਲਾਈਆ। ਮਾਲਕ ਮਿਲਦਾ ਰਿਹਾ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਦੇਵਣਹਾਰ ਸਰਨਾਈਆ। ਛਤਰ ਝੁਲਾਉਂਦਾ ਰਿਹਾ ਉਪਰ ਸੀਸ, ਜਗਦੀਸ਼ ਹੋ ਸਹਾਈਆ। ਨਾਮ ਦੱਸਦਾ ਰਿਹਾ ਅਗੰਮੀ ਹਦੀਸ, ਹਕ਼ੀਕ਼ਤ ਹੱਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਸਚ ਪ੍ਰੀਤ, ਪ੍ਰਤੀਨਿਧ ਹੋ ਕੇ ਵੇਖ ਵਖਾਈਆ। ਜਨ ਭਗਤ ਤੇਰਾ ਕਟਦਾ ਰਿਹਾ ਬੰਧਨ, ਬੰਦਗੀ ਆਪਣੀ ਇਕ ਦ੍ਰਿੜਾਈਆ। ਦੇਂਦਾ ਰਿਹਾ ਅਗੰਮੀ ਅਨੰਦਨ, ਅੰਤਰ ਆਤਮਾ ਰਸ ਚਖਾਈਆ। ਧੂੜੀ ਟਿੱਕਾ ਲਾਉਂਦਾ ਰਿਹਾ ਚੰਦਨ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਸਚ ਦਵਾਰੇ ਰਖਦਾ ਰਿਹਾ ਅੰਗਣ, ਗੋਦੀ ਗੋਦ ਆਪ ਸੁਹਾਈਆ। ਨਾਮ ਨਿਧਾਨ ਚੜ੍ਹਾਉਂਦਾ ਰਿਹਾ ਰੰਗਣ, ਦੁਰਮਤ ਮੈਲ ਧਵਾਈਆ। ਜਨ ਭਗਤ ਦਵਾਰਾ ਜੁਗ ਚੌਕੜੀ ਔਂਦਾ ਰਿਹਾ ਮੰਗਣ, ਨਿਰਗੁਣ ਸਰਗੁਣ ਫੇਰਾ ਪਾਈਆ। ਕਰ ਖੇਲ ਸੂਰਾ ਸਰਬੰਗਣ, ਵੇਸ ਅਵੇਸਾ ਮਾਤ ਜਣਾਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਸਚ ਪ੍ਰੀਤੀ ਆਇਆ ਵੰਡਣ, ਅਨਮੰਗੀ ਦੌਲਤ ਝੋਲੀ ਪਾਈਆ। ਜਿਹੜਾ ਹੱਥ ਨਾ ਆਵੇ ਵਿਚ ਬ੍ਰਹਿਮੰਡਣ, ਵਰਭੰਡ ਰਹੀ ਕੁਰਲਾਈਆ। ਦੀਨ ਦਿਆਲ ਬਣ ਬਖ਼ਸ਼ੰਦਣ, ਬਖ਼ਸ਼ਿਸ਼ ਆਪਣੀ ਰਿਹਾ ਕਰਾਈਆ। ਲੱਖ ਚੁਰਾਸੀ ਤੋੜ ਕੇ ਆਵਣ ਜਾਵਣ ਫੰਦਨ, ਫ਼ੈਸਲਾ ਆਪਣਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਸੁਹੇਲਾ ਜੋੜ ਜੁੜਾਈਆ। ਜਨ ਭਗਤ ਤੇਰਾ ਉਪਜਦਾ ਰਹੇ ਨਾਉਂ, ਨਾਉਂ ਨਿਰੰਕਾਰ ਦਏ ਵਡਿਆਈਆ। ਤੇਰਾ ਵਸਦਾ ਰਹੇ ਸੱਚਾ ਖੇੜਾ ਗਾਉਂ, ਗਹਿਰ ਗੰਭੀਰ ਵੇਖ ਵਖਾਈਆ। ਪੁਰਖ ਅਕਾਲ ਪਕੜਦਾ ਰਹੇ ਬਾਹੋਂ, ਜਗਤ ਵਿਛੋੜਾ ਰਹੇ ਨਾ ਰਾਈਆ। ਮੁਹੱਬਤ ਵਿਚ ਕਰਦਾ ਰਹੇ ਨਿਆਉਂ, ਅਦਲ ਇਨਸਾਫ਼ ਆਪ ਸਮਝਾਈਆ। ਬਣਦਾ ਰਹੇ ਪਿਤਾ ਮਾਉਂ, ਦੋ ਜਹਾਨਾਂ ਗੋਦ ਚੁਕਾਈਆ। ਦੇਵਣਹਾਰਾ ਸਦਾ ਸਦਾ ਸਦ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸ਼ਾਨ ਅਗਲੀ ਰਿਹਾ ਬਣਾਈਆ।