੯ ਚੇਤ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਜਾਤਰੀ ਮਧਿਆ ਪ੍ਰਦੇਸ਼
ਜਨ ਭਗਤ ਤੇਰੀ ਆਸਾ ਮਨਸਾ ਪੂਰੀ ਹੋਵੇ ਸ਼ੀਘਰ, ਸਾਹਿਬ ਸਤਿਗੁਰ ਪੁਰਖ ਅਕਾਲ ਦਇਆ ਕਮਾਈਆ। ਦੂਜਾ ਭੌ ਅੰਤਰ ਅਵਰ ਨਾ ਰਹੇ ਦੀਗਰ, ਦੀਦਾ ਦਾਨਿਸਤਾ ਇਕੋ ਨੂਰ ਕਰੇ ਰੁਸ਼ਨਾਈਆ। ਕੂੜੀ ਕਿਰਿਆ ਜਗਤ ਆਲਸ ਮੇਟੇ ਨੀਂਦਰ, ਸਵੱਛ ਸਰੂਪੀ ਆਪਣਾ ਦਰਸ ਕਰਾਈਆ। ਪੰਜ ਤਤ ਹੱਡ ਮਾਸ ਨਾੜੀ ਸੁੱਕਾ ਰਹੇ ਨਾ ਢੀਂਗਰ, ਪੱਤ ਟਹਿਣੀ ਫੁੱਲ ਫੁਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਤੇਰਾ ਲਹਿਣਾ ਦੇਣਾ ਦੇਵਣਹਾਰਾ ਛੇਤੀ, ਸ਼ਹਿਨਸ਼ਾਹ ਦਇਆ ਕਮਾਈਆ। ਅੰਤਰ ਆਤਮ ਬਣ ਕੇ ਭੇਤੀ, ਪੜਦਾ ਓਹਲਾ ਦਏ ਚੁਕਾਈਆ। ਜੁਗ ਜਨਮ ਦੀ ਯਾਦ ਰਖੇ ਨਾਮ ਜਪਣ ਵਾਲੀ ਨੇਕੀ, ਨਿੱਕਿਆਂ ਤੋਂ ਵੱਡੇ ਦਏ ਬਣਾਈਆ। ਝਗੜਾ ਰਹਿਣ ਨਾ ਦੇਵੇ ਕੋਈ ਪਰਦੇਸੀ, ਦੇਸ ਆਪਣਾ ਦਏ ਵਖਾਈਆ। ਆਤਮ ਪਰਮਾਤਮ ਦਾ ਬਣ ਕੇ ਹੇਤੀ, ਪ੍ਰੇਮੀ ਪ੍ਰੀਤਮ ਮੁਹੱਬਤ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦਏ ਵਡਿਆਈਆ। ਜਨ ਭਗਤ ਤੇਰਾ ਲਹਿਣਾ ਦੇਣਾ ਚੁਕਾਵੇ ਆਪ, ਦੂਸਰ ਹੱਥ ਨਾ ਕਿਸੇ ਫੜਾਈਆ। ਪਰਮ ਪੁਰਖ ਬਣ ਕੇ ਬਾਪ, ਪਤਿਪਰਮੇਸ਼ਵਰ ਹੋਏ ਸਹਾਈਆ। ਤੂੰ ਮੇਰਾ ਤੇਰਾ ਦੋਹਾਂ ਦਾ ਇਕੋ ਜਾਪ, ਜਗ ਜੀਵਣ ਦਾਤਾ ਦਏ ਵਡਿਆਈਆ। ਜਗਤ ਰੋਗ ਨਾ ਰਹੇ ਸੰਤਾਪ, ਸਹਿੰਸਿਆਂ ਵਿਚੋਂ ਬਾਹਰ ਕਢਾਈਆ। ਲੇਖੇ ਲਾਏ ਪ੍ਰੇਮ ਨਾਲ ਰਸਨਾ ਵਾਲੇ ਗਾਏ ਅਲਫ਼ਾਜ਼, ਆਰਫ਼ਾਂ ਤੋਂ ਅਗੇ ਤੇਰਾ ਪੰਧ ਚੁਕਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਾਚੀ ਜਾਤ ਵਿਚ ਮਿਲਾਈਆ। ਨਵ ਨੌ ਚਾਰ ਪਿਛੋਂ ਮਿਲਣ ਦਾ ਹੋਇਆ ਇਤਫ਼ਾਕ, ਇਤਮੀਨਾਨ ਨਾਲ ਦੇਵਣਹਾਰ ਵਡਿਆਈਆ। ਪੂਰਬ ਲਹਿਣਾ ਦੇਣਾ ਕਰੇ ਬੇਬਾਕ, ਹਿੱਸਾ ਹਿਸਾਬ ਪੂਰਬ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੱਸ ਕੇ ਇਕ ਆਦਾਬ, ਅਦਬ ਨਾਲ ਦਰ ਘਰ ਸਾਚੇ ਦਏ ਬਹਾਈਆ। ਜਨ ਭਗਤ ਤੇਰਾ ਦੇਣਾ ਪੂਰਬ ਜਨਮ ਦਾ ਮੂਲ, ਲੇਖਾ ਦੇਵੇ ਧੁਰਦਰਗਾਹੀਆ। ਭਗਤ ਉਧਾਰਨਾ ਪ੍ਰਭ ਦਾ ਅਸੂਲ, ਅਸਲੀਅਤ ਵਿਚੋਂ ਅਸਲ ਦਏ ਸਮਝਾਈਆ। ਨਾਮ ਸੰਦੇਸ਼ਾ ਦੇ ਕੇ ਇਕ ਮਾਕੂਲ, ਮੁਕੰਮਲ ਆਪਣਾ ਪੜਦਾ ਦਏ ਉਠਾਈਆ। ਮਸਤਕ ਲਾ ਕੇ ਬਿਨਾ ਚਰਨਾਂ ਤੋਂ ਧੂਲ, ਧੂੜੀ ਟਿੱਕੇ ਲੇਖੇ ਦਏ ਚੁਕਾਈਆ। ਘਰ ਸਵਾਮੀ ਮਿਲ ਕੇ ਸੱਜਣ ਕੰਤ ਕੰਤੂਹਲ, ਕਾਇਆ ਕੱਪੜ ਕਪਟ ਦਏ ਬਦਲਾਈਆ। ਆਪਣੇ ਨਾਮ ਦਾ ਅਗੰਮਾਂ ਦੱਸ ਕੇ ਮਜ਼ਮੂਨ, ਮਜਮੂਇਆਂ ਵਿਚੋਂ ਬਾਹਰ ਕਢਾਈਆ। ਜਿਸ ਦਾ ਮਾਰਗ ਅਗੰਮੜਾ ਇਕ ਕ਼ਾਨੂੰਨ, ਕਾਇਦੇ ਸਾਰੇ ਰਿਹਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਤੇਰਾ ਲਹਿਣਾ ਦੇਣਾ ਉਧਾਰ ਦਾ ਵਿਚ ਉਦਰ, ਅਧਕ ਅਧਿਆਪਕ ਸਮਝ ਕੋਇ ਨਾ ਪਾਈਆ। ਜਿਸ ਕਾਰਨ ਮਾਣਸ ਜਨਮ ਜਾਵੇ ਸੁਧਰ, ਸ਼ੁਧ ਆਤਮਾ ਲਏ ਕਰਾਈਆ। ਨੇਤਰ ਰੋਣਾ ਨਾ ਪਏ ਵਾਗ ਰੁਦਰ, ਰਿਦਿਆਂ ਦੇ ਵਿਚੋਂ ਸਿੱਧਾ ਆਪਣਾ ਰਾਹ ਵਖਾਈਆ। ਕੁਛ ਨਾਤਾ ਨਾਲ ਬਿਦਰ, ਬੁੜ੍ਹਾਪਾ ਦਏ ਗਵਾਈਆ। ਜਿਸ ਕਾਰਨ ਆਇਆ ਇਧਰ, ਲੇਖਾ ਸ਼ਹਿਨਸ਼ਾਹੀਆ। ਪੁਰਖ ਅਕਾਲ ਕਰ ਕੇ ਫ਼ਿਕਰ, ਫ਼ਿਕਰਿਆਂ ਵਿਚ ਲਹਿਣਾ ਰਿਹਾ ਚੁਕਾਈਆ। ਪੂਰਬ ਜਨਮ ਦਾ ਦੁਆਪਰ ਜੁਗ ਦਾ ਤਿੱਤਰ, ਤੂੰ ਹੀ ਤੂੰ ਹੀ ਰਾਗ ਅਲਾਈਆ। ਸ਼ਰਅ ਸ਼ਿਕਾਰੀ ਵਿਚੋਂ ਗਿਆ ਨਿਕਲ,
ਭੱਜਿਆ ਵਾਹੋ ਦਾਹੀਆ। ਫਸਿਆ ਵਿਚ ਚਿੱਕੜ, ਅੰਗ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਮੰਜ਼ਲ ਚੜ੍ਹ ਕੇ ਚੋਟੀ ਸਿਖ਼ਰ, ਸਿਕ ਪਿਛਲੀ ਬਿਨਾ ਸਿਖਿਆ ਸਾਖਿਆਤ ਦਏ ਵਡਿਆਈਆ।
੯ ਚੇਤ ਸ਼ਹਿਨਸ਼ਾਹੀ ਸੰਮਤ ੨ ਸਵਿੰਦਰ ਸਿੰਘ ਦੇ ਘਰ ਇਟਾਰਸੀ ਮਧਿਆ ਪ੍ਰਦੇਸ਼
ਪੰਜ ਚੇਤ ਸੋਹਿਆ ਦਿੱਲੀ ਦਰਬਾਰ, ਹਰਿ ਭਗਤ ਦਵਾਰ ਵੱਜੀ ਵਧਾਈਆ। ਸਚ ਸਿੰਘਾਸਣ ਬੈਠ ਆਪ ਨਿਰੰਕਾਰ, ਨਿਰਗੁਣ ਨਿਰਵੈਰ ਸ਼ਬਦ ਫ਼ਰਮਾਨ ਹੁਕਮ ਸੁਣਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸ਼ਾਹ ਸੁਲਤਾਨ ਹੋਣਾ ਖ਼ਬਰਦਾਰ, ਰਾਸ਼ਟਰਪਤਿ ਵਾਲੀ ਹਿੰਦ ਅੱਖ ਖੁਲ੍ਹਾਈਆ। ਪਰਧਾਨ ਮੰਤਰੀ ਸਿਆਸਤ ਵਿਚੋਂ ਹੋਣਾ ਬੇਦਾਰ, ਗਿਆਨ ਲੋਚਣ ਅੱਖ ਪਰਤੱਖ ਬਦਲਾਈਆ। ਅਬਿਨਾਸ਼ੀ ਕਰਤਾ ਧੁਰ ਦਾ ਮਾਲਕ ਸੰਦੇਸ਼ਾ ਦੇਵੇ ਅਗੰਮ ਅਪਾਰ, ਪਰਵਰਦਿਗਾਰ ਸਾਂਝਾ ਯਾਰ ਕਰੇ ਸ਼ਨਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਲੱਖ ਚੁਰਾਸੀ ਜਿਸ ਪੌਣੀ ਸਾਰ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਖੋਜ ਖੁਜਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਨਿਹਕਲੰਕ ਨਰਾਇਣ ਨਰ ਆ ਗਿਆ ਅਵਤਾਰ, ਪਰਮ ਪੁਰਖ ਪਤਿਪਰਮੇਸ਼ਵਰ ਆਪਣਾ ਵੇਸ ਵਟਾਈਆ। ਜਿਸ ਨੇ ਚਾਰ ਵਰਨ ਅਠਾਰਾਂ ਬਰਨ ਦੀਨਾਂ ਮਜ਼੍ਹਬਾਂ ਝਗੜਾ ਦੇਣਾ ਨਿਵਾਰ, ਨੌਬਤ ਨਾਮ ਆਪਣਾ ਡੰਕਾ ਇਕ ਵਜਾਈਆ। ਬੁਧੀ ਵਾਲੀ ਵਿਦਿਆ ਲਓ ਸੰਭਾਲ, ਕਰੇ ਖੇਲ ਹਰਿ ਕਮਾਲ, ਸਿਆਸਤ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸਮਝਾਈਆ। ਧੁਰ ਸੰਦੇਸ਼ਾ ਦੇਵੇ ਆਪ ਨਿਰੰਕਾਰ, ਨਿਰਗੁਣ ਨਿਰਵੈਰ ਹੁਕਮ ਜਣਾਈਆ। ਵੇਲਾ ਵਕ਼ਤ ਵੇਖੋ ਸੰਸਾਰ, ਸੰਸੇ ਵਿਚ ਸਰਬ ਲੋਕਾਈਆ। ਹੁਕਮ ਵਰਤੇ ਇਕ ਕਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਚਾਰ ਕੁੰਟ ਹੋਣਾ ਹਾਹਾਕਾਰ, ਸ੍ਰਿਸ਼ਟੀ ਨੇਤਰ ਰੋਵੇ ਮਾਰੇ ਧਾਹੀਆ। ਜਿਸ ਦੀ ਕਰੇ ਨਾ ਕੋਇ ਵਿਚਾਰ, ਮੰਤਰੀ ਮੰਡਲ ਭੇਵ ਕੋਇ ਨਾ ਪਾਈਆ। ਲੋਕ ਸਭਾ ਜਾਣੇ ਕੋਈ ਨਾ ਕਾਰ, ਪੜਦਾ ਓਹਲਾ ਨਾ ਕੋਇ ਉਠਾਈਆ। ਕਰੇ ਕਰਾਏ ਕਰਨੇਹਾਰ, ਕ਼ੁਦਰਤ ਦਾ ਮਾਲਕ ਬੇਪਰਵਾਹੀਆ। ਜਿਸ ਨੇ ਚਰਨ ਛੁਹਾਇਆ ਬਿਨ ਚਰਨਾਂ ਦਿੱਲੀ ਦਰਬਾਰ, ਦਵਾਰੇ ਸਭ ਦੇ ਫੋਲ ਫੁਲਾਈਆ। ਸੱਤ ਰੰਗ ਨਿਸ਼ਾਨ ਝੁਲਾਇਆ ਆਣ, ਦੋ ਜਹਾਨ ਕਰੇ ਰੁਸ਼ਨਾਈਆ। ਓਸ ਦੇ ਕੋਲੋਂ ਸਭ ਨੂੰ ਅਗਲਾ ਪੁਛਣਾ ਪਏ ਬਿਆਨ, ਭਰਮ ਵਿਚ ਭੁੱਲ ਰਹੇ ਨਾ ਰਾਈਆ। ਸੰਦੇਸ਼ਾ ਸੁਣਨਾ ਭਏ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈ ਜੈ ਕਾਰ ਥਾਉਂ ਥਾਈਂਆ। ਰਾਸ਼ਟਰਪਤ ਪਰਧਾਨ ਮੰਤਰੀ ਬਣੇ ਨਾ ਰਹਿਣਾ ਨਾਦਾਨ, ਬਿਨ ਅੱਖਾਂ ਅੱਖ ਲੈਣੀ ਖੁਲ੍ਹਾਈਆ। ਪਹਿਲਾ ਸੰਦੇਸ਼ਾ ਧੁਰ ਦਾ ਹੁਕਮ ਸੰਮਤ ਸ਼ਹਿਨਸ਼ਾਹੀ ਦੋ ਨੌ ਚੇਤ ਦਾ ਫ਼ਰਮਾਨ, ਸੰਦੇਸ਼ਾ ਇਕੋ ਇਕ ਦ੍ਰਿੜਾਈਆ। ਜਗਤ ਵਿਦਿਆ ਦਾ ਰਹਿਣ ਨਹੀਂ ਦੇਣਾ ਗਿਆਨ, ਅਨੁਭਵ ਆਪਣਾ ਖੇਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਬਣ ਕੇ ਹੁਕਮਰਾਨ, ਸੰਦੇਸ਼ਾ ਸਤਿ ਸਤਿ ਸੁਣਾਈਆ। ਧੁਰ ਦਾ ਸੰਦੇਸ਼ਾ ਸ਼ਬਦੀ ਧਾਰ, ਸ਼ਾਹ ਸੁਲਤਾਨਾਂ ਦਏ ਉਠਾਈਆ। ਮਿਲ ਕੇ ਸਭ ਨੇ ਕਰਨੀ ਵਿਚਾਰ, ਕਵਣ ਖ਼ਬਰ ਰਿਹਾ ਪੁਚਾਈਆ। ਜਿਸ ਦਾ ਲੇਖਾ ਮਿਲੇ ਨਾ ਵਿਚੋਂ ਕਿਸੇ ਅਖ਼ਬਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਨਾ ਕੋਇ ਜਣਾਈਆ। ਸਿਰਫ ਲੱਭੇ ਹਰਿ
ਭਗਤਾਂ ਦੇ ਦਵਾਰ, ਦਵਾਰਾ ਜਿਸ ਨੇ ਦਿਤਾ ਸੁਹਾਈਆ। ਓਸ ਦਾ ਪੂਰਾ ਪਤਾ ਧੁਰ ਸੰਦੇਸ਼ੇ ਸ਼ਬਦੀ ਵਿਚ ਇਜ਼ਹਾਰ, ਅੱਖਰਾਂ ਨਾਲ ਜੋੜ ਜੁੜਾਈਆ। ਧੀਰ ਪੁਰ ਦੀ ਧਰਤੀ ਬਣਾ ਕੇ ਧਰਮ ਦਵਾਰ, ਪ੍ਰਤੀਨਿਧ ਹੋ ਕੇ ਹੁਕਮ ਜਣਾਈਆ। ਅਗਲਾ ਭੇਵ ਖੋਲ੍ਹ ਦੇਵੇ ਬਿਨ ਪੜਦਿਆਂ ਵਾਲੇ ਕਿਵਾੜ, ਸਾਲ ਬਸਾਲਾ ਹਾਲ ਸੁਣਾਈਆ। ਕਲਜੁਗ ਅੰਤ ਉਠਣ ਵਾਲੀ ਧਾੜ, ਧੜੇਬਾਜ਼ੀ ਵਿਚ ਲੋਕਾਈਆ। ਇਕ ਵਾਰ ਇਕ ਦੀ ਕਰ ਲਓ ਭਾਲ, ਫੇਰ ਲੋੜ ਅਵਰ ਰਹੇ ਨਾ ਰਾਈਆ। ਜਿਸ ਦਾ ਲੇਖਾ ਨਾਲ ਸ਼ਾਹ ਕੰਗਾਲ, ਸ਼ਹਿਨਸ਼ਾਹਾਂ ਦਏ ਸਮਝਾਈਆ। ਉਹ ਵਸਿਆ ਧਰਮ ਦਵਾਰੇ ਸੱਚੀ ਧਰਮਸਾਲ, ਸਚ ਦਵਾਰਾ ਇਕੋ ਇਕ ਦ੍ਰਿੜਾਈਆ। ਅਗੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਣਾ ਬੇਹਾਲ, ਬਿਹਬਲ ਹੋ ਕੇ ਰੋਵੇ ਸਰਬ ਲੋਕਾਈਆ। ਜਗਤ ਸਾਧ ਸੰਤ ਸਕੇ ਨਾ ਕੋਇ ਸੰਭਾਲ, ਸਿਆਸਤ ਜ਼ੋਰ ਨਾ ਕੋਇ ਚਤੁਰਾਈਆ। ਅੱਸੂ ਵਿਚ ਖੋਲ੍ਹ ਕੇ ਖੁਲਾਸਾ ਦੇਵੇ ਅਹਿਵਾਲ, ਭਵਿਖਤ ਭਵਿਸ਼ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਧਾਰ ਆ ਗਿਆ ਵਿਚ ਮੈਦਾਨ, ਸੰਦੇਸ਼ਾ ਦੇਵੇ ਮੰਤਰੀ ਪਰਧਾਨ, ਰਾਸ਼ਟਰਪਤ ਸਿਖਣਾ ਇਕ ਗਿਆਨ, ਦੂਜੀ ਵੰਡ ਨਾ ਕੋਇ ਵੰਡਾਈਆ।
੧੦ ਚੇਤ ਸ਼ਹਿਨਸ਼ਾਹੀ ਸੰਮਤ ੨ ਕ੍ਰਿਸ਼ਨਾ ਕਾਂਤ ਤਿਵਾਰੀ ਦੇ ਘਰ ਇਟਾਰਸੀ ਮਧਿਆ ਪ੍ਰਦੇਸ਼
ਭਗਤ ਭਗਵਾਨ ਦਾ ਇਕ ਦਰ, ਦਰਵਾਜ਼ਾ ਅਵਰ ਨਾ ਕੋਇ ਵਖਾਇੰਦਾ। ਸਚਖੰਡ ਦਵਾਰਾ ਅਗੰਮੀ ਘਰ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਜਿਥੇ ਵਸੇ ਨਰਾਇਣ ਨਰ, ਦੂਜਾ ਰੂਪ ਨਾ ਕੋਇ ਬਦਲਾਇੰਦਾ। ਚਰਨ ਪ੍ਰੀਤੀ ਦੇਵੇ ਧੁਰ ਦਾ ਸਰ, ਸਰੋਵਰ ਇਕੋ ਇਕ ਸੁਹਾਇੰਦਾ। ਜਨ ਭਗਤ ਸੁਹੇਲੇ ਸਾਚੀ ਮੰਜ਼ਲ ਵੇਖਣ ਚੜ੍ਹ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਬਿਨ ਅੱਖਰਾਂ ਢੋਲਾ ਗੀਤ ਲੈਣ ਪੜ੍ਹ, ਪਰਮ ਪੁਰਖ ਪਰਮਾਤਮ ਆਤਮ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਇਕ ਵਡਿਆਇੰਦਾ। ਭਗਤ ਭਗਵਾਨ ਘਰ ਸੁਹੰਜਣਾ, ਸੋਭਾਵੰਤ ਆਪ ਸੁਹਾਈਆ। ਦੀਪਕ ਜਗੇ ਆਦਿ ਜੋਤ ਨਿਰੰਜਣਾ, ਜਲਵਾਗਰ ਨੂਰ ਰੁਸ਼ਨਾਈਆ। ਮੇਲਾ ਮੇਲੇ ਦੀਨਾਂ ਨਾਥ ਦੁੱਖ ਦਰਦ ਭੈ ਭੰਜਨਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਨਜ਼ਰੀ ਆਵੇ ਅਕਾਲ ਮੂਰਤ ਮੋਹਨ ਮਦਨਾ, ਮਧਸੂਦਨ ਆਪਣਾ ਪੜਦਾ ਦਏ ਉਠਾਈਆ। ਨਾਮ ਸੰਦੇਸ਼ਾ ਧੁਰ ਦਾ ਦੇਵੇ ਦੱਸੇ ਸੱਚੀ ਬੰਦਨਾ, ਡੰਡਾਵਤ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਵੱਡ ਵਡਿਆਈਆ। ਭਗਤ ਭਗਵਾਨ ਅੰਤਰ ਅੰਤਰ ਏਕਾ ਬੋਲ, ਏਕੰਕਾਰਾ ਦਏ ਜਣਾਈਆ। ਸ਼ਬਦ ਨਾਦ ਵਜਾ ਕੇ ਢੋਲ, ਹੁਕਮ ਫ਼ਰਮਾਨਾ ਇਕ ਸੁਣਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਵਸੇਰਾ ਉਪਰ ਧੌਲ, ਧਰਨੀ ਧਰਤ ਖ਼ੁਸ਼ੀ ਮਨਾਈਆ। ਆਦਿ ਆਦਿ ਦਾ ਪੂਰਾ ਹੋਇਆ ਕੌਲ, ਇਕ਼ਰਾਰਨਾਮਾ ਰਿਹਾ ਵਖਾਈਆ। ਪਤਿਪਰਮੇਸ਼ਵਰ ਘਟ ਭੀਤਰ ਅੰਤਰ ਅੰਤਰ ਜਾਵੇ ਮੌਲ, ਨਿਰਗੁਣ ਹੋ ਕੇ ਸਰਗੁਣ ਦੇਵੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਬਖ਼ਸ਼ੇ ਅਨਮੋਲ, ਅਨਮੁਲੜੀ ਦਾਤ ਝੋਲੀ ਪਾਈਆ। ਜਨ ਭਗਤ ਤੇਰਾ ਘਰ ਸੁਹਾਇਆ
ਲੋਕਮਾਤ ਜਗ, ਜਗਜੀਵਣ ਦਾਤਾ ਦਏ ਵਡਿਆਈਆ। ਪਿਆਰ ਮੁਹੱਬਤ ਪ੍ਰੀਤੀ ਅੰਦਰ ਦਰਸ਼ਨ ਦੇਵੇ ਸਤਿ, ਸਚ ਸਚ ਦਏ ਸਮਝਾਈਆ। ਅੰਤਰ ਆਤਮ ਪਰਮਾਤਮ ਦੇ ਕੇ ਬ੍ਰਹਮਮਤ, ਬੋਧ ਅਗਾਧ ਸ਼ਬਦ ਅਨਾਦ ਅਨਾਦੀ ਕਰੇ ਪੜ੍ਹਾਈਆ। ਜਗਤ ਵਾਸਨਾ ਕੂੜੀ ਕਿਰਿਆ ਮਨ ਮਨਸਾ ਨਾ ਉਬਲੇ ਰੱਤ, ਰਤਨ ਅਮੋਲਕ ਨਾਮ ਪਦਾਰਥ ਧੁਰ ਦੀ ਧਾਰ ਦਏ ਦ੍ਰਿੜਾਈਆ। ਜੋ ਨਿਰਗੁਣ ਨਿਰਵੈਰ ਨਿਰੰਕਾਰ ਹੋ ਕੇ ਲੋਕਮਾਤ ਆਇਆ ਵਤ, ਵਾਸਤਵਕ ਨਾਤਾ ਬਿਧਾਤਾ ਬਿਨ ਜਾਤਾ ਇਕੋ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਸਮਰਥ, ਲਹਿਣਾ ਦੇਣਾ ਲੇਖਾ ਅਲੇਖ ਬਿਨਾ ਲਿਖਤ ਪੂਰਬ ਦੀ ਝੋਲੀ ਪਾਏ ਵੱਥ, ਬਿਰਥਾ ਜਨਮ ਨਾ ਮਾਤ ਗਵਾਈਆ।
੧੦ ਚੇਤ ਸ਼ਹਿਨਸ਼ਾਹੀ ਸੰਮਤ ੨ ਮਹਿੰਦਰ ਸਿੰਘ ਔਰੰਗਾਬਾਦ ਵਾਲੇ ਦੇ ਨਵਿਤ ਇਟਾਰਸੀ ਮਧਿਆ ਪ੍ਰਦੇਸ਼
ਜਨ ਭਗਤ ਤੇਰਾ ਕਰਾਂ ਪਵਿਤ ਹਿਰਦਾ, ਪੁਨੀਤ ਅੰਦਰੋਂ ਦਿਆਂ ਕਰਾਈਆ। ਧਾਮ ਸੁਹਾਵਾਂ ਸੱਚੇ ਘਰ ਥਿਰ ਦਾ, ਥਿਰ ਘਰ ਦੇਵਾਂ ਮਾਣ ਵਡਿਆਈਆ। ਕਰਾਂ ਖੇਲ ਨਿਰਵੈਰ ਨਿਰੰਕਾਰ ਨਿਰ ਦਾ, ਨਿਰਾਕਾਰ ਹੋ ਕੇ ਨਜ਼ਰੀ ਆਈਆ। ਪੂਰਬ ਲਹਿਣਾ ਦੇਣਾ ਚੁਕਾਵਾਂ ਜੁਗ ਚੌਕੜੀ ਚਿਰ ਦਾ, ਚਿਰੀ ਵਿਛੁੰਨੇ ਮੇਲ ਮਿਲਾਈਆ। ਅੰਮ੍ਰਿਤ ਝਿਰਨਾਂ ਦੇਵਾਂ ਨਿਝਰ ਦਾ, ਬੂੰਦ ਸਵਾਂਤੀ ਕਮਲਾਪਾਤੀ ਹੋ ਕੇ ਆਪ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਜਨ ਭਗਤ ਤੇਰੀ ਵੇਖਾਂ ਧਾਰ ਧੁਰ ਦੀ, ਬਿਨ ਮਸਤਕ ਵੇਖ ਵਖਾਈਆ। ਇਹ ਵਡਿਆਈ ਪੁਰਖ ਅਕਾਲ ਪੂਰੇ ਸਤਿਗੁਰ ਦੀ, ਜੋ ਸਤਿ ਸਤਿਵਾਦੀ ਹੋ ਕੇ ਹੋਏ ਸਹਾਈਆ। ਸੇਵਾ ਕਰਨੀ ਨਾ ਪਏ ਕਿਸੇ ਦੇਵਤ ਸੁਰ ਦੀ, ਸੁਰਤੀ ਸਰਬ ਵਿਆਪੀ ਆਪਣੇ ਨਾਲ ਮਿਲਾਈਆ। ਜੋੜੀ ਨਿੱਖੜੇ ਨਾ ਪਿਤਾ ਪੁੱਤਰ ਦੀ, ਦੋ ਜਹਾਨਾਂ ਵੱਜਦੀ ਰਹੇ ਵਧਾਈਆ। ਘੜੀ ਸੁਹੰਜਣੀ ਇਕੋ ਲੱਖ ਚੁਰਾਸੀ ਵਿਚੋਂ ਸ਼ੁਕਰ ਦੀ, ਜਿਸ ਵੇਲੇ ਪਰਮ ਪੁਰਖ ਪ੍ਰਭ ਮਿਲੇ ਬੇਪਰਵਾਹੀਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਅਗੰਮੀ ਧਾਰ ਉਤਰਦੀ, ਚਾਰ ਜੁਗ ਗੁਰ ਅਵਤਾਰ ਪੈਗ਼ੰਬਰ ਜਨਮ ਵਿਚੋਂ ਜਨਮ ਲੈਣ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਤੇਰੀ ਅੰਤਰ ਆਤਮ ਵੇਖਾਂ ਨੰਗੀ, ਪੜਦਾ ਓਹਲਾ ਦਿਆਂ ਚੁਕਾਈਆ। ਮਨ ਮਨੂਆ ਨਾ ਰਹੇ ਫ਼ਰੰਗੀ, ਫ਼ੁਰਨਾ ਕੂੜਾ ਬੰਦ ਕਰਾਈਆ। ਸਤਿ ਪ੍ਰੇਮ ਧਾਰ ਦੇ ਕੇ ਇਕ ਅਨੰਦੀ, ਅਨੰਦ ਆਤਮ ਵਿਚੋਂ ਪਰਗਟਾਈਆ। ਜੁਗ ਜਨਮ ਦੀ ਟੁੱਟੀ ਜਾਏ ਗੰਢੀ, ਅਗੇ ਗੰਢ ਨਾ ਕੋਇ ਖੁਲ੍ਹਾਈਆ। ਪੁਰਖ ਅਕਾਲਾ ਦੀਨ ਦਿਆਲਾ ਗੋਬਿੰਦ ਧਾਰ ਬਣੇ ਸੰਗੀ, ਸਗਲਾ ਸੰਗ ਇਕ ਵਖਾਈਆ। ਨਾਮ ਭੰਡਾਰਾ ਧੁਰ ਦੀ ਦੌਲਤ ਦੇਵੇ ਬਿਨ ਰਸਨਾ ਜਿਹਵਾ ਦੰਦੀਂ, ਅਨਮੁਲੜੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਮਿਹਰ ਸੂਰਾ ਸਰਬੰਗੀ, ਸਰਬ ਵਿਆਪਕ ਆਤਮਕ ਅਧਿਆਪਕ ਕਰੇ ਸਚ ਪੜ੍ਹਾਈਆ। ਜਨ ਭਗਤ ਤੇਰਾ
ਅੰਤਰ ਵੇਖੇ ਹਾਲ, ਹਾਲਤ ਆਪ ਬਦਲਾਈਆ। ਸ਼ਬਦੀ ਵੱਜੇ ਤਾਲ, ਸਤਿ ਹੋਵੇ ਸ਼ਨਵਾਈਆ। ਲੇਖੇ ਲੱਗੇ ਘਾਲ, ਸੇਵਾ ਸਚ ਕਮਾਈਆ। ਟੁੱਟੇ ਜਗਤ ਜੰਜਾਲ, ਦੇਵੇ ਮਾਣ ਵਡਿਆਈਆ। ਏਥੇ ਓਥੇ ਸੁਰਤ ਸੰਭਾਲ, ਜਨ ਭਗਤਾਂ ਵਿਚ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋ ਦਿਆਲ, ਦੀਨਣ ਆਪਣੀ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤ ਸ੍ਰੀ ਭਗਵੰਤ ਜਗ ਚਲ ਅਵੱਲੜੀ ਚਾਲ, ਜਨ ਭਗਤ ਰਿਹਾ ਮਿਲਾਈਆ।
੧੦ ਚੇਤ ਸ਼ਹਿਨਸ਼ਾਹੀ ਸੰਮਤ ੨ ਸ਼ਿੰਗਾਰਾ ਸਿੰਘ ਬੰਬਈ ਵਾਲੇ ਦੇ ਨਵਿਤ ਇਟਾਰਸੀ ਮਧਿਆ ਪ੍ਰਦੇਸ਼
ਜਨ ਭਗਤ ਕਦੇ ਨਾ ਹੋਣਾ ਡਾਵਾਂਡੋਲ, ਤਨ ਮਾਟੀ ਨਈਆ ਜਗਤ ਨਾ ਕੋਇ ਡੁਲਾਈਆ। ਅਗੇ ਰਹਿਣਾ ਨਾ ਮੂਲ ਅਨਭੋਲ, ਸੁਤਿਆਂ ਲਏ ਉਠਾਈਆ। ਪੁਰਖ ਅਬਿਨਾਸ਼ੀ ਸਦਾ ਸਮਝਣਾ ਆਪਣੇ ਕੋਲ, ਦੂਰ ਦੁਰਾਡਾ ਨਜ਼ਰ ਕੋਇ ਨਾ ਆਈਆ। ਮਨ ਵਿਚ ਰਹਿਣ ਨਹੀਂ ਦੇਣਾ ਚੋਰ, ਝਗੜਾ ਅਵਰ ਨਾ ਹੋਰ ਵਧਾਈਆ। ਸਾਹਿਬ ਸਵਾਮੀ ਅੰਤਰਜਾਮੀ ਅੰਤਮ ਹੱਥ ਆਪਣੇ ਪਕੜੇ ਡੋਰ, ਬਿਨ ਟੁੱਟਿਆਂ ਟੁੱਟੀ ਗੰਢ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਇਹ ਸ੍ਰਿਸ਼ਟੀ ਤਿਲਕਣਬਾਜ਼ੀ, ਕਲਜੁਗ ਬਾਜ਼ੀਗਰ ਆਪਣਾ ਡੰਕ ਵਜਾਈਆ। ਪਤਾ ਨਹੀਂ ਕਿਸੇ ਨੂੰ ਕੀ ਪਿਛਲਾ ਲੇਖਾ ਮਾਜ਼ੀ, ਪੂਰਬ ਲਹਿਣਾ ਵੇਖੇ ਬੇਪਰਵਾਹੀਆ। ਤੂੰ ਹਰਿ ਗੋਬਿੰਦ ਦੇ ਵੇਲੇ ਦਾ ਇਕ ਮੁਗਲ ਗ਼ਾਜ਼ੀ, ਸ਼ੱਮਸ਼ਦੀਨ ਨਾਮ ਧਰਾਈਆ। ਤੇਰੀ ਸੁਲਹਾ ਸੀ ਨਾਲ ਅਬੂਉਲ ਬੁਕਰ ਕ਼ਾਜ਼ੀ, ਕ਼ਸਮ ਖਾ ਕੇ ਅੰਦਰੋਂ ਸੇਵ ਕਮਾਈਆ। ਇਕ ਦਿਨ ਹਰਿ ਗੋਬਿੰਦ ਦਾ ਤੱਕ ਕੇ ਤਾਜ਼ੀ, ਅਸਵ ਦਿਤਾ ਸੀਸ ਝੁਕਾਈਆ। ਤੇਰੀ ਸੁਰਤੀ ਅੰਦਰੋਂ ਜਾਗੀ, ਦਿਤੀ ਹਾਲ ਦੁਹਾਈਆ। ਗੋਬਿੰਦ ਮਾਰੀ ਸ਼ਬਦ ਆਵਾਜ਼ੀ, ਢੋਲਾ ਦਿਤਾ ਸੁਣਾਈਆ। ਤੇਰੀ ਲੇਖੇ ਲੱਗੇ ਨਿਮਾਜ਼ੀ, ਨਿਵਾਜ਼ਿਸ਼ ਵਿਚ ਵਡਿਆਈਆ। ਜਿਸ ਵੇਲੇ ਪਰਮ ਪੁਰਖ ਅਕਾਲ ਆਵੇ ਵਡ ਸੁਭਾਗੀ, ਨਿਰਗੁਣ ਹੋ ਕੇ ਫੇਰਾ ਪਾਈਆ। ਤੇਰੀ ਸਾਧਨਾ ਜਾਵੇ ਸਾਧੀ, ਗੁਰਮੁਖ ਸੰਤ ਲਏ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਚੁਕਾਈਆ। ਪੂਰਬ ਲੇਖਾ ਕਹੇ ਮੈਂ ਆਦਿ ਜੁਗਾਦਿ ਜੁਗ ਜੁਗ ਮੁਕਦਾ, ਪੁਰਖ ਅਕਾਲ ਦਏ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀਆਂ ਸੁੱਖਣਾਂ ਰਿਹਾ ਸੁੱਖਦਾ, ਸੋ ਸਾਹਿਬ ਸਵਾਮੀ ਹੋਏ ਸਹਾਈਆ। ਜਿਸ ਦਾ ਨਾਮ ਨਿਧਾਨਾ ਇਕੋ ਤੁਕ ਦਾ, ਤੁਖ਼ਮ ਤਾਅਸੀਰ ਦਏ ਬਦਲਾਈਆ। ਉਸਦਾ ਭਾਣਾ ਕਦੇ ਨਾ ਰੁਕਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਦੋ ਜਹਾਨ ਜਿਸ ਨੂੰ ਝੁਕਦਾ, ਸਜਦਿਆਂ ਵਿਚ ਸੀਸ ਝੁਕਾਈਆ। ਓਹ ਹੋ ਮਿਹਰਵਾਨ ਜਨ ਭਗਤ ਪਿਆਰੇ ਪੁਛਦਾ, ਪੂਰਬ ਪਿਛਲੇ ਲੇਖੇ ਸਭ ਦੇ ਝੋਲੀ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗੇ ਲੇਖਾ ਮਿਟਾ ਦੇਵੇ ਜਗਤ ਵਾਲੇ ਦੁੱਖ ਦਾ, ਸੁਖ ਘਰ ਘਰ ਦਏ ਉਪਜਾਈਆ।
੧੦ ਚੇਤ ਸ਼ਹਿਨਸ਼ਾਹੀ ਸੰਮਤ ੨ ਸਦਨ ਮਲ, ਕੌੜਾ ਮਲ ਦੇ ਗ੍ਰਹਿ ਇਟਾਰਸੀ ਮੱਧ ਪ੍ਰਦੇਸ਼
ਜਨ ਭਗਤ ਪੂਰੀ ਹੋਵੇ ਆਸਾ, ਨਿਰਾਸਤਾ ਅੰਦਰ ਰਹੇ ਨਾ ਰਾਈਆ। ਕਿਰਪਾ ਕਰੇ ਪਰਮ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਦਏ ਵਡਿਆਈਆ। ਸਚ ਪ੍ਰੀਤੀ ਬਖ਼ਸ਼ੇ ਚਰਨ ਭਰਵਾਸਾ, ਨਾਤਾ ਆਤਮ ਪਰਮਾਤਮ ਜੁੜਾਈਆ। ਮਾਨਸ ਜਨਮ ਕਰੇ ਰਹਿਰਾਸਾ, ਲੱਖ ਚੁਰਾਸੀ ਪੰਧ ਮੁਕਾਈਆ। ਕਾਇਆ ਮਾਟੀ ਵਸਤ ਅਮੋਲਕ ਪਾਏ ਸਾਚੇ ਕਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨਸਾ ਸਭ ਦੀ ਵੇਖ ਵਖਾਈਆ। ਜਨ ਭਗਤ ਤੇਰੀ ਆਤਮ ਅੰਤਰ ਪੂਰੀ ਹੋਵੇ ਮਨਸਾ, ਦੇਵਣਹਾਰ ਸੱਚੀ ਵਡਿਆਈਆ। ਸੋਹੰ ਰੂਪ ਬਣਾਏ ਸਾਚਾ ਹੰਸਾ, ਬੁਧੀ ਕਾਗ ਨਾ ਕੋਇ ਕੁਰਲਾਈਆ। ਜਗਤ ਨਾਤਾ ਬਣਿਆ ਰਹੇ ਸਰਬੰਸਾ, ਬੰਸ ਖ਼ੁਸ਼ੀ ਮਨਾਈਆ। ਭੰਡਾਰਾ ਦੇਵੇ ਅਗੰਮੀ ਧਨ ਦਾ, ਵਸਤ ਅਮੋਲਕ ਝੋਲੀ ਪਾਈਆ। ਭਾਂਡਾ ਭੰਨਾ ਕੇ ਕੂੜੇ ਜਨ ਦਾ, ਜਨ ਆਪਣਾ ਲਏ ਬਣਾਈਆ। ਪਰਕਾਸ਼ ਕਰ ਕੇ ਨੂਰੀ ਚੰਨ ਦਾ, ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਪ੍ਰਭ ਦੇਂਦਾ ਰਹੇ ਦਲਾਸਾ, ਜੁਗ ਚੌਕੜੀ ਆਪਣੀ ਦਇਆ ਕਮਾਈਆ। ਲੇਖੇ ਲਾਉਂਦਾ ਰਹੇ ਪਵਣ ਸਵਾਸਾ, ਜੋ ਸਾਹ ਸਾਹ ਹਿਰਦੇ ਰਹੇ ਧਿਆਈਆ। ਪੂਰਬ ਲੇਖਾ ਰਹਿਣ ਨਾ ਦੇਵੇ ਰਤੀ ਮਾਸਾ, ਬੇਪਰਵਾਹ ਹੋ ਕੇ ਝੋਲੀ ਪਾਈਆ। ਸਚ ਦਵਾਰੇ ਕਰ ਕੇ ਦਾਸੀ ਦਾਸਾ, ਸੇਵਕ ਸੇਵਾ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤਾਂ ਪ੍ਰਭ ਦੇਵਣਹਾਰਾ ਮਾਣ, ਅਭਿਮਾਨ ਰਹਿਣ ਕੋਇ ਨਾ ਪਾਈਆ। ਸਚ ਪ੍ਰੀਤੀ ਦੇ ਕੇ ਦਾਨ, ਦਇਆਵਾਨ ਹੋਏ ਸਹਾਈਆ। ਜਨਮ ਕਰਮ ਦਿਆਂ ਵਿਛੜਿਆਂ ਮਿਲਿਆ ਆਣ, ਅਗੇ ਆਪਣਾ ਰੰਗ ਰੰਗਾਈਆ। ਵਸਤ ਅਮੋਲਕ ਦੇ ਕੇ ਜਾਏ ਸ੍ਰੀ ਭਗਵਾਨ, ਭਿਛਿਆ ਵਿਚੋਂ ਭਿਛਿਆ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾ ਕੇ ਵਿਚ ਜਹਾਨ, ਜਗਤ ਜਹਾਲਤ ਵਿਚੋਂ ਬਾਹਰ ਕਢਾਈਆ। ਜਨ ਭਗਤ ਤੇਰਾ ਲੇਖਾ ਹੱਥ ਭਗਵਾਨ, ਭਗਵਨ ਦੇਵਣਹਾਰ ਵਡਿਆਈਆ। ਸੋ ਵੇਲਾ ਵਕ਼ਤ ਪਹੁੰਚਿਆ ਆਣ, ਅਗਿਆਨ ਅੰਧੇਰਾ ਦਏ ਚੁਕਾਈਆ। ਸਾਚਾ ਦੇ ਕੇ ਸ਼ਬਦ ਗਿਆਨ, ਅੰਤਰ ਕਰੇ ਪੜ੍ਹਾਈਆ। ਰਸਨਾ ਜਿਹਵਾ ਦਾ ਲੈ ਕੇ ਬਿਆਨ, ਹੁਕਮੇ ਅੰਦਰ ਹੁਕਮ ਵਰਤਾਈਆ। ਆਸਾ ਮਨਸਾ ਪੂਰੀ ਕਰੇ ਵਿਚ ਜਹਾਨ, ਨਿਰਾਸਾ ਰੂਪ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਧੁਰ ਦਾ ਕਾਹਨ, ਦਇਆਵਾਨ ਰਖਿਅਕ ਹੋਵੇ ਥਾਉਂ ਥਾਈਂਆ।
੧੦ ਚੇਤ ਸ਼ਹਿਨਸ਼ਾਹੀ ਸੰਮਤ ੨ ਟੋਪਨਰਾਮ ਦੇ ਗ੍ਰਹਿ ਇਟਾਰਸੀ ਮੱਧ ਪ੍ਰਦੇਸ਼
ਦਸ ਚੇਤ ਕਹੇ ਮੈਂ ਖ਼ੁਸ਼ੀਆਂ ਨਾਲ ਹੱਸਾਂ, ਹਸਤੀ ਵੇਖੀ ਬੇਪਰਵਾਹੀਆ। ਜਨ ਭਗਤਾਂ ਧੁਰ ਸੰਦੇਸ਼ਾ ਹੱਕ ਫ਼ਰਮਾਨ ਦੱਸਾਂ, ਸ਼ਬਦੀ ਢੋਲਾ ਨਾਦ ਜਣਾਈਆ। ਜਨ ਭਗਤੋ ਸ੍ਰੀ ਭਗਵਾਨ ਸਦਾ ਵਸੇ ਤੁਹਾਡੀ ਪਿਛੇ ਅੱਖਾਂ, ਸਚ ਦਵਾਰੇ ਡੇਰਾ ਲਾਈਆ। ਜਿਸ ਨੂੰ ਆਦਿ ਜੁਗਾਦਿ ਜੁਗ
ਚੌਕੜੀ ਨਿਤ ਨਵਿਤ ਲੱਭਦੇ ਗਏ ਲੱਖਾਂ, ਕੋਟਨ ਕੋਟ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਫੇਰਾ ਪਾਈਆ। ਜਿਸ ਦੀਆਂ ਚਾਰ ਕੁੰਟ ਦਹਿ ਦਿਸ਼ਾ ਦੋ ਜਹਾਨ ਬ੍ਰਹਿਮੰਡ ਖੰਡ ਸਾਰ ਨਾ ਪਾਈ ਕਿਸੇ ਹੱਦਾਂ, ਹਦੂਦ ਵਿਚ ਮਹਿਦੂਦ ਨਾ ਕੋਇ ਜਣਾਈਆ। ਓਸ ਦੇ ਹੁਕਮ ਅੰਦਰ ਦੋ ਜਹਾਨ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੈਗ਼ੰਬਰ ਸੂਫ਼ੀ ਸੰਤ ਫ਼ਕੀਰ ਬੱਧਾ, ਬੰਧਨਾ ਵਿਚ ਦਿਸੇ ਸਰਬ ਲੋਕਾਈਆ। ਜੋ ਬੋਧ ਅਗਾਧ ਸ਼ਬਦ ਅਨਾਦ ਵਜਾਏ ਨੱਦਾ, ਧੁਨ ਆਤਮਕ ਰਾਗ ਘਟ ਭੀਤਰ ਸਰਬ ਸੁਣਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਬਿਧਾਤਾ ਨਾਮ ਨਿਧਾਨ ਦੇਵੇ ਸੱਦਾ, ਸੋਹਲਾ ਢੋਲਾ ਲੋਕ ਪਰਲੋਕ ਆਪ ਸੁਣਾਈਆ। ਨਿਰਗੁਣ ਨਿਰਵੈਰ ਨਿਰੰਕਾਰ ਦੀਨ ਦੁਨੀ ਦਾ ਮਾਲਕ ਹੋ ਕੇ ਆਪ ਭੱਜਾ, ਪਾਰਬ੍ਰਹਮ ਪਤਿਪਰਮੇਸ਼ਵਰ ਵੇਸ ਅਨੇਕਾ ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਵੇਸ ਵਟਾਈਆ। ਕੂੜੀ ਕਿਰਿਆ ਮਾਇਆ ਮਮਤਾ ਮੋਹ ਵਿਕਾਰ ਮਨਮੁਖਾਂ ਦੇਵੇ ਸਜ਼ਾ, ਹੁਕਮ ਫ਼ਰਮਾਨ ਨੌਜਵਾਨ ਦੋ ਜਹਾਨਾਂ ਇਕ ਸੁਣਾਈਆ। ਜਨ ਭਗਤਾਂ ਨਾਲ ਏਥੇ ਓਥੇ ਦੋ ਜਹਾਨ ਨਿਰਗੁਣ ਸਰਗੁਣ ਧਾਰ ਕਦੇ ਕਰੇ ਨਾ ਦਗ਼ਾ, ਸਾਚੀ ਸਿਖਿਆ ਬਿਨ ਰਸਨਾ ਜਿਹਵਾ ਬੱਤੀ ਦੰਦ ਅਗੰਮ ਅਥਾਹ ਬੇਪਰਵਾਹ ਨਿਰਅੱਖਰ ਆਪ ਜਣਾਈਆ। ਜਿਸ ਦਾ ਦੀਪਕ ਜੋਤੀ ਧਾਰ ਜਲਵਾ ਨੂਰ ਹੋ ਕੇ ਜਗਾ, ਜਾਗਰਤ ਜੋਤ ਬਿਨ ਵਰਨ ਗੋਤ ਲਾਸ਼ਰੀਕ ਹੱਕ ਤੌਫ਼ੀਕ਼, ਦਾਅਵੇਦਾਰ ਹਰਿ ਨਿਰੰਕਾਰ, ਨਿਰਗੁਣ ਧਾਰ ਹੁਕਮ ਵਰਤਾਈਆ। ਸੋ ਖੇਲ ਕਰੇ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੂਰਾ ਸਰਬਗਾ, ਧੁਰ ਫ਼ਰਮਾਨਾ ਨੌਜਵਾਨਾ ਮਰਦ ਮਰਦਾਨਾ ਧਰਮ ਦੀ ਧਾਰ ਇਕ ਦ੍ਰਿੜਾਈਆ। ਸਾਚਾ ਨਾਮ ਨਰ ਨਿਰੰਕਾਰ ਵਜਾਏ ਡੰਕਾ ਸ਼ਬਦੀ ਢੋਲ ਡੱਗਾ, ਚਾਰ ਵਰਨ ਅਠਾਰਾਂ ਬਰਨ ਅੰਦਰ ਬਾਹਰ ਗੁਪਤ ਜਾਹਰ ਹੱਕ ਸਚ ਕਰੇ ਸ਼ਨਵਾਈਆ। ਕਲਜੁਗ ਕੂੜੀ ਕਿਰਿਆ ਹੰਸ ਰੂਪ ਬਣਾਏ ਕੱਗਾ, ਮਨ ਵਾਸਨਾ ਦੁਰਮਤ ਮੈਲ ਮਮਤਾ ਮੋਹ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲ ਕਰੇ ਹਕ਼ੀਕ਼ਤ ਹੱਕਾ ਹੁਕਮ ਧੁਰ ਦਾ ਇਕ ਪਰਗਟਾਈਆ। ਹੁਕਮ ਕਹੇ ਮੈਂ ਹੋਣ ਲੱਗਾ ਤਾਮੀਰ, ਪੁਰਖ ਅਕਾਲ ਦੇਵੇ ਵਡਿਆਈਆ। ਕਲਜੁਗ ਲੇਖਾ ਅੰਤ ਅਖ਼ੀਰ, ਸ੍ਰਿਸ਼ਟੀ ਦ੍ਰਿਸ਼ਟੀ ਫੋਲ ਫੁਲਾਈਆ। ਝਗੜਾ ਮੁਕਾਵਾਂ ਅਮੀਰ ਗ਼ਰੀਬ, ਊਚ ਨੀਚ ਰਾਓ ਰੰਕ ਇਕੋ ਰੰਗ ਰੰਗਾਈਆ। ਸ਼ਰਅ ਦੇ ਕਟ ਜ਼ੰਜੀਰ, ਸ਼ਰੀਅਤ ਅਸਲੀਅਤ ਇਕੋ ਦਿਆਂ ਪਰਗਟਾਈਆ। ਪਰਮ ਪੁਰਖ ਦੀ ਇਕੋ ਦੱਸ ਕੇ ਤਦਬੀਰ, ਤਬਦੀਲੀ ਵਿਚ ਵੇਖਾਂ ਜਗਤ ਲੋਕਾਈਆ। ਭਗਤ ਸੁਹੇਲਾ ਕੋਈ ਰਹੇ ਨਾ ਦਲਗੀਰ, ਅੰਮ੍ਰਿਤ ਬਖ਼ਸ਼ ਕੇ ਠੰਡਾ ਨੀਰ, ਅਗਨੀ ਅੱਗ ਦੇਵਾਂ ਬੁਝਾਈਆ। ਮੁਹੱਬਤ ਵਿਚ ਦੇਵਾਂ ਧੀਰ, ਪਿਆਰ ਵਿਚ ਨਾਤਾ ਇਕ ਰਖਾਈਆ। ਗੁਰਮੁਖ ਸੰਤ ਸੁਹੇਲੇ ਸੱਜਣ ਸਚ ਦੁਲਾਰੇ ਬਣਾ ਅਜ਼ੀਜ਼, ਪ੍ਰੀਤਮ ਧੁਰ ਦੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦ, ਨਿਰਾਸਾ ਰਹਿਣ ਕੋਇ ਨਾ ਪਾਈਆ।
੧੧ ਚੇਤ ਸ਼ਹਿਨਸ਼ਾਹੀ ਸੰਮਤ ੨ ਸੰਤ ਸਿੰਘ ਦੇ ਗ੍ਰਹਿ ਇਟਾਰਸੀ ਮੱਧ ਪ੍ਰਦੇਸ਼
ਜਨ ਭਗਤਾਂ ਭਗਤੀ ਕਰੇ ਮਨਜ਼ੂਰ, ਮਨਜ਼ੂਰੀ ਆਪਣੇ ਹੱਥ ਰਖਾਇੰਦਾ। ਦਇਆ ਕਮਾ ਕੇ ਹਾਜ਼ਰ ਹਜ਼ੂਰ, ਹਾਜ਼ਰ ਹੋ ਕੇ ਵੇਖ ਵਖਾਇੰਦਾ।
ਜਗਤ ਦੁੱਖੜੇ ਵਿਚ ਰਹਿਣ ਨਾ ਦੇਵੇ ਮਜਬੂਰ, ਮਹਿਬੂਬ ਆਪਣਾ ਰੰਗ ਰੰਗਾਇੰਦਾ। ਚਰਨ ਪ੍ਰੀਤੀ ਬਣਾ ਸੱਚਾ ਮਜ਼ਦੂਰ, ਮੁਸ਼ੱਕਤ ਆਪਣੀ ਝੋਲੀ ਪਾਇੰਦਾ। ਭਗਤ ਉਧਾਰਨਾ ਪ੍ਰਭ ਦਾ ਆਦਿ ਜੁਗਾਦੀ ਦਸਤੂਰ, ਮਿਹਰਵਾਨ ਸਿਰ ਆਪਣਾ ਹੱਥ ਰਖਾਇੰਦਾ। ਸਚ ਪ੍ਰੇਮ ਵਿਚ ਹੋ ਮਸ਼ਕੂਰ, ਮੁਸ਼ਕਲ ਅਗਲੀ ਆਪ ਕਟਾਇੰਦਾ। ਬਿਨਾ ਚੰਦ ਤੋਂ ਦੇ ਕੇ ਨੂਰ, ਅੰਧ ਅੰਧੇਰ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਜਨ ਭਗਤ ਜਗ ਕਟੇ ਦਲਿੱਦਰ, ਦਲਿੱਦਰੀ ਰਹਿਣ ਕੋਇ ਨਾ ਪਾਈਆ। ਦਇਆਵਾਨ ਹੋ ਕੇ ਆਇਆ ਇਧਰ, ਪੁਰਖ ਅਬਿਨਾਸ਼ੀ ਵੇਸ ਵਟਾਈਆ। ਦਏ ਵਡਿਆਈ ਵਾਂਗ ਬਿਦਰ, ਬਿਧ ਆਪਣੀ ਨਾਲ ਤਰਾਈਆ। ਹੋਏ ਸਹਾਈ ਜਾਵੇ ਜਿਧਰ, ਯਥਾਰਥ ਦੇਵੇ ਮਾਣ ਵਡਿਆਈਆ। ਪੁਰਖ ਅਕਾਲ ਬਣ ਕੇ ਧੁਰ ਦਾ ਪਿਤਰ, ਪਿਸਰ ਪਿਸਰਾਨ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਰਹਿਣ ਨਾ ਦੇਵੇ ਦੁੱਖ, ਦੁਖੀਆਂ ਦਰਦ ਮਿਟਾਇੰਦਾ। ਸਚ ਸਵਾਮੀ ਦੇਵਣਹਾਰਾ ਸੁਖ, ਸੁਖ ਨਿਰੰਤਰ ਇਕ ਪਰਗਟਾਇੰਦਾ। ਜਨਮ ਕਰਮ ਦੀ ਰਹੇ ਕੋਈ ਨਾ ਭੁੱਖ, ਨਾਮ ਭੰਡਾਰਾ ਝੋਲੀ ਪਾਇੰਦਾ। ਕਿਰਪਾ ਕਰ ਅਬਿਨਾਸ਼ੀ ਅਚੁਤ, ਚਾਰੋਂ ਕੁੰਟ ਰੰਗ ਰੰਗਾਇੰਦਾ। ਸੰਤ ਸੁਹੇਲਾ ਬਣਾ ਕੇ ਆਪਣਾ ਸੁਤ, ਜਗਤ ਅਪਰਾਧਾਂ ਵਿਚੋਂ ਬਾਹਰ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਕੁਛ ਦਾ ਕੁਛ, ਕ਼ਿਸਮਤ ਦੀ ਕ਼ਿਸਮ ਕਰਮਾਂ ਵਿਚੋਂ ਬਾਹਰ ਰਖਾਇੰਦਾ।
੧੧ ਚੇਤ ਸ਼ਹਿਨਸ਼ਾਹੀ ਸੰਮਤ ੨ ਮੰਗਲ ਸਿੰਘ ਦੇ ਗ੍ਰਹਿ ਭੁਪਾਲ ਮੱਧ ਪ੍ਰਦੇਸ਼
ਜਨ ਭਗਤਾਂ ਮਿਲੇ ਮਾਣ ਅਗੰਮਾ ਮੁਫ਼ਤ, ਕਰਤਾ ਪੁਰਖ ਕਰਤਾਰ ਕ਼ੀਮਤ ਨਾ ਕੋਇ ਲਗਾਈਆ। ਸਚ ਫ਼ਰਮਾਨ ਧੁਰ ਸੰਦੇਸ਼ਾ ਅਗੰਮੀ ਧਾਰ ਦੇਵੇ ਦਰੁਸਤ, ਜਗਤ ਵਿਦਿਆ ਅੱਖਰ ਵੰਡ ਨਾ ਕੋਇ ਵੰਡਾਈਆ। ਮਨ ਵਾਸਨਾ ਕੂੜੀ ਕਿਰਿਆ ਕਲਜੁਗ ਰੈਣ ਅੰਧੇਰੀ ਰਹੇ ਨਾ ਕੋਇ ਸੁਸਤ, ਨਿਰਗੁਣ ਨੂਰੀ ਜੋਤੀ ਚੰਦ ਸਚ ਪਰਕਾਸ਼ ਕਰੇ ਰੁਸ਼ਨਾਈਆ। ਮਿਹਰਵਾਨ ਹੋ ਕੇ ਮਹਿਬੂਬ ਮੁਹੱਬਤ ਵਿਚ ਹੱਥ ਰਖੇ ਉਪਰ ਪੁਸ਼ਤ, ਪ੍ਰਿਤਪਾਲਕ ਹੋ ਕੇ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਜਨ ਭਗਤਾਂ ਦੇਵੇ ਪਰਮ ਪੁਰਖ ਪਰਮਾਤਮ ਨਾਮ ਅਨਮੁੱਲਾ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਭਾਗ ਲਗਾਏ ਸਾਢੇ ਤਿੰਨ ਹੱਥ ਮਨਾਰ ਕਾਇਆ ਕੁੱਲਾ, ਕਲਮਿਆਂ ਦਾ ਮਾਲਕ ਧੁਰ ਦਾ ਨਗ਼ਮਾ ਹੱਕ ਇਕ ਦ੍ਰਿੜਾਈਆ। ਭੇਵ ਖੁਲ੍ਹਾਏ ਦਇਆ ਕਮਾਏ ਹੁਕਮ ਜਣਾਏ ਸੁਲਹ ਕੁਲਾ, ਸਾਹਿਬ ਸਵਾਮੀ ਅੰਤਰਜਾਮੀ ਧੁਰ ਦੀ ਬਾਣੀ ਅਗੰਮੀ ਨਾਦ ਜਣਾਈਆ। ਚਰਨ ਦਵਾਰ ਬਣ ਭਿਖਾਰ ਦਰ ਦਰਵੇਸ਼ ਜੋ ਆਏ ਭੁੱਲਾ, ਅਭੁੱਲ ਗੁਰਦੇਵ ਪਾਰਬ੍ਰਹਮ ਪਤਿਪਰਮੇਸ਼ਵਰ ਦੀਨਾਂ ਬੰਦੂ ਹੋਏ ਆਪ ਸਹਾਈਆ। ਸੰਤ ਸੁਹੇਲਾ ਗੁਰਮੁਖ ਸੱਜਣ ਮੀਤ ਚਾਰ ਜੁਗ ਲੋਕਮਾਤ ਕਦੇ ਨਾ ਰੁਲਾ, ਮਾਣਕ ਮੋਤੀ ਧੁਰ ਦਾ ਹੀਰਾ ਹਰ ਹਿਰਦੇ ਅੰਦਰ ਵੜ ਕੇ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ
ਲੇਖਾ ਲੇਖੇ ਪਾਈਆ। ਜਨ ਭਗਤ ਸਦਾ ਤੱਕੇ ਘਰ ਅਗੰਮ, ਜਿਥੇ ਵੱਜੇ ਇਕ ਵਧਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਹੋਵੇ ਧੰਨ ਧੰਨ, ਬਿਨ ਢੋਲੇ ਗੀਤ ਸਤਿ ਸਚ ਸ਼ਨਵਾਈਆ। ਹੋਵੇ ਪਰਕਾਸ਼ ਬਿਨ ਸੂਰਜ ਚੰਨ, ਜਲਵਾ ਜੋਤ ਨੂਰ ਰੁਸ਼ਨਾਈਆ। ਤਤ ਵਿਕਾਰ ਨਾ ਦਿਸੇ ਤਨ, ਬੇਪਰਵਾਹ ਆਪਣਾ ਖੇਲ ਵਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸ੍ਰੀ ਭਗਵਨ, ਭਗਤ ਭਗਵੰਤ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਜਣ ਵੇਖ ਵਖਾਈਆ। ਜਨ ਭਗਤਾਂ ਦੇਵੇ ਏਕੰਕਾਰਾ ਇਕ ਪਿਆਰ, ਅਪਰੰਪਰ ਸਵਾਮੀ ਦਇਆ ਕਮਾਈਆ। ਬਿਨਾ ਅੱਖਾਂ ਨੇਤਰ ਲੋਚਨ ਦਰਸ ਦੇਵੇ ਦੀਦਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਭਾਗ ਲਗਾਏ ਮਹੱਲ ਅਟਲ ਉਚ ਮਨਾਰ, ਮਹਿਬੂਬ ਮੁਹੱਬਤ ਵਿਚ ਆਪਣਾ ਪੜਦਾ ਦਏ ਉਠਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਇਕ ਇਕੱਲਾ ਪਾਵੇ ਸਾਰ, ਅਕਲ ਕਲਧਾਰੀ ਜੋਤ ਉਜਿਆਰੀ ਪੜਦਿਆਂ ਵਿਚੋਂ ਪੜਦਾ ਲਏ ਉਠਾਈਆ। ਜਿਸ ਨੂੰ ਲੱਭਦੇ ਗਏ ਜੁਗ ਚਾਰ, ਸੋ ਖੇਲ ਕਰੇ ਕਰਤਾਰ, ਕ਼ੁਦਰਤ ਦਾ ਕ਼ਾਦਰ ਸ੍ਰਿਸ਼ਟੀ ਦਾ ਮਾਲਕ ਦ੍ਰਿਸ਼ਟੀ ਦਾ ਪਾਲਕ, ਪਰਵਰਦਿਗਾਰ ਪਰਦਾਨਸ਼ੀਨ ਪਰਦਾ ਦਏ ਉਠਾਈਆ। ਜਨ ਭਗਤਾਂ ਦੇਵੇ ਨਾਮ ਗੁਫ਼ਤਾਰ, ਦੋ ਜਹਾਨਾਂ ਕਰੇ ਨਾ ਕੋਇ ਤਕਰਾਰ, ਸਿਫ਼ਤੀ ਸਿਫ਼ਤ ਕਰੇ ਇਜ਼ਹਾਰ, ਪਾਵੇ ਕੋਇ ਅੰਤ ਨਾ ਪਾਰਾਵਾਰ, ਬੇਪਰਵਾਹ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖਲੇ ਸਾਚਾ ਹਰਿ, ਹਰ ਹਿਰਦਾ ਵੇਖੇ ਥਾਉਂ ਥਾਈਂਆ। ਜਨ ਭਗਤਾਂ ਪ੍ਰਭ ਦੇਵਣਹਾਰਾ ਸਚ ਦਲਾਸਾ, ਅੰਦਰ ਵੜ ਕੇ ਮੰਦਰ ਚੜ੍ਹ ਕੇ ਹੱਕ ਹਕ਼ੀਕ਼ਤ ਆਪ ਜਣਾਈਆ। ਚਰਨ ਪ੍ਰੀਤੀ ਧੁਰ ਦੀ ਰੀਤੀ ਬਿਨ ਮੰਦਰ ਮਸੀਤੀ ਦੇਵੇ ਇਕ ਭਰਵਾਸਾ, ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਕਾਇਆ ਚੋਲੀ ਕਾਇਆ ਮਾਟੀ ਸਾਢੇ ਤਿੰਨ ਹੱਥ ਰੰਗ ਚਾੜ੍ਹੇ ਅਗੰਮ ਮਜੀਠੀ, ਏਥੇ ਓਥੇ ਦੋ ਜਹਾਨ, ਬਿਨਾ ਨਿਸ਼ਾਨ ਵੇਖਣਹਾਰ ਸ੍ਰੀ ਭਗਵਾਨ, ਭਗਵਨ ਆਪਣੇ ਰੰਗ ਰੰਗਾਈਆ। ਅੰਤਰ ਧਾਰ ਕਰ ਪਿਆਰ ਪਰਮ ਪੁਰਖ ਪਰਮਾਤਮ ਆਤਮ ਦੱਸੇ ਇਕ ਪ੍ਰੀਤੀ, ਪ੍ਰੀਤੀਵਾਨ ਪ੍ਰੀਤਮ ਪ੍ਰਤੀਨਿਧ ਹੋ ਕੇ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਹੇਲਾ ਇਕ ਇਕੇਲਾ ਇਕੋ ਰੰਗ ਰੰਗਾਏ ਗੁਰੂ ਗੁਰ ਚੇਲਾ, ਚੇਲਾ ਗੁਰ ਆਪਣਾ ਹੁਕਮ ਵਰਤਾਈਆ। ਜਨ ਭਗਤ ਤੇਰਾ ਮੰਦਰ ਮਹੱਲ ਅਟਲ ਵੇਖੇ ਇਕ ਮਹਿਬੂਬ, ਏਕੰਕਾਰਾ ਦਇਆ ਕਮਾਈਆ। ਲੇਖਾ ਜਾਣੇ ਅਰਸ਼ ਉਪਰ ਸਚ ਅਰੂਜ, ਬੇਪਰਵਾਹ ਦਇਆ ਕਮਾਈਆ। ਤੇਰੀ ਮੰਜ਼ਲ ਹੱਕ ਝਗੜਾ ਰਹੇ ਨਾ ਦੂਜ, ਵਾਹਦ ਦੇਵਣਹਾਰ ਸ਼ਰਨਾਈਆ। ਸੋ ਸਾਹਿਬ ਸਵਾਮੀ ਕਲਜੁਗ ਅੰਤ ਸ੍ਰੀ ਭਗਵੰਤ ਹੱਕ ਦਾ ਮਾਲਕ ਹੋ ਮੌਜੂਦ, ਸੰਤ ਸੁਹੇਲੇ ਰਿਹਾ ਜਗਾਈਆ। ਜਿਸ ਦੀ ਏਥੇ ਓਥੇ ਦੋ ਜਹਾਨ ਚੌਦਾਂ ਲੋਕ ਚੌਦਾਂ ਤਬਕ ਚੌਦਾਂ ਵਿਦਿਆ ਵਿਚ ਸਮਝ ਸਕਿਆ ਨਾ ਕੋਇ ਹਦੂਦ, ਅਨੰਤ ਕਹਿ ਕੇ ਅੰਤ ਨਾ ਕੋਇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਕਿਰਿਆ ਚਾਰ ਵਰਨ ਅਠਾਰਾਂ ਬਰਨ ਵਿਚੋਂ ਕਰਨਹਾਰਾ ਨੇਸਤੋ ਨਾਬੂਦ, ਨਿਜ ਆਤਮ ਪਰਮਾਤਮ ਨਿਜਾਨੰਦ ਪਰਮਾਨੰਦ ਗੁਰਮੁਖਾਂ ਅੰਦਰ ਕਾਇਆ ਮੰਦਰ, ਸਾਢੇ ਤਿੰਨ ਹੱਥ ਗ੍ਰਹਿ ਗ੍ਰਹਿ ਦੇਵੇ ਪਰਗਟਾਈਆ।
੧੨ ਚੇਤ ਸ਼ਹਿਨਸ਼ਾਹੀ ਸੰਮਤ ੨ ਗੁਰਨਾਮ ਸਿੰਘ ਦੇ ਗ੍ਰਹਿ ਭੁਪਾਲ ਮਧਿਆ ਪ੍ਰਦੇਸ਼
ਜਨ ਭਗਤਾਂ ਅੰਮ੍ਰਿਤ ਆਤਮ ਨਾਮ ਦੇਵੇ ਸਾਂਤਕ ਸਤਿ, ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਆਪਣੀ ਦਇਆ ਕਮਾਈਆ। ਬੋਧ ਅਗਾਧ ਸ਼ਬਦ ਅਨਾਦ ਧੁਨ ਆਤਮਕ ਰਾਗ ਸੁਣਾ ਕੇ ਪਰਗਟਾਵੇ ਅਗੰਮੀ ਮਤ, ਬ੍ਰਹਮ ਮਤ ਬਿਨ ਵਿਦਿਆ ਅੱਖਰ ਦਏ ਪੜ੍ਹਾਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨਮਤ ਬੁਧ ਝਗੜਾ ਰਹੇ ਨਾ ਕੋਈ ਤੱਤ, ਭੇਵ ਅਭੇਦਾ ਅਛੱਲ ਅਛੇਦਾ ਬਿਨ ਚਾਰ ਵੇਦਾਂ ਆਪਣਾ ਦਏ ਜਣਾਈਆ। ਧੀਰਜ ਧਰਮ ਸੰਤੋਖ ਬਖ਼ਸ਼ੇ ਸਤਿ, ਕਰੇ ਖੇਲ ਅਲੱਖਨਾ ਅਲਖ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਬੇਪਰਵਾਹੀ ਵਿਚ ਦਇਆ ਕਮਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਿਰਗੁਣ ਸਰਗੁਣ ਨਾਤਾ ਜੁੜੇ ਸਚ, ਦੂਈ ਦਵੈਤ ਕੂੜੀ ਕਿਰਿਆ ਮਾਇਆ ਮਮਤਾ ਮੋਹ ਵਿਕਾਰ ਹੰਕਾਰ ਵਿਚੋਂ ਬਾਹਰ ਕਢਾਈਆ। ਨਿਜ ਨੇਤਰ ਲੋਚਣ ਨੈਣ ਪਰਮ ਪੁਰਖ ਪਰਮਾਤਮ ਖੋਲ੍ਹੇ ਅੱਖ, ਹਰਿਜਨ ਅੰਤਰ ਅੰਤਰ ਜਾਏ ਵਸ, ਵਾਸਤਾ ਵਾਬਸਤਾ ਹੋ ਕੇ ਆਪਣੇ ਨਾਲ ਜੁੜਾਈਆ। ਕੂੜ ਕੁੜਿਆਰ ਨੌ ਦਵਾਰ ਜਗਤ ਵਾਸਨਾ ਪਿਛਲਾ ਪੰਧ ਮੁਕੇ ਹੱਦ, ਹੱਦ ਹਦੂਦ ਹੱਕ ਮਹਿਬੂਬ ਪਾਰਬ੍ਰਹਮ ਪਤਿਪਰਮੇਸ਼ਵਰ ਮੁਕਾਮੇ ਹੱਕ ਸਚਖੰਡ ਦਵਾਰ ਇਕ ਜਣਾਈਆ। ਧੁਨ ਆਤਮਕ ਰਾਗ ਸੁਣਾਏ ਤਾਲ ਅਗੰਮੀ ਨਦ, ਰਸਨਾ ਜਿਹਵਾ ਬੱਤੀ ਦੰਦ ਬੁਧੀ ਢੋਲਾ ਨਾ ਕੋਇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰ ਘਟ ਵੇਖੇ ਚਾਈਂ ਚਾਈਂਆ। ਜਨ ਭਗਤ ਪ੍ਰਭ ਦੇਵਣਹਾਰਾ ਸਚ ਭਰਵਾਸਾ, ਭਾਂਡਾ ਭਰਮ ਭੌ ਕਾਇਆ ਮਾਟੀ ਅੰਦਰ ਦਏ ਤੁੜਾਈਆ। ਜੁਗ ਜਨਮ ਦੀ ਕਰਮ ਕਰਮ ਦੀ ਪੂਰੀ ਕਰੇ ਆਸਾ, ਤ੍ਰਿਸ਼ਨਾ ਤ੍ਰਿਖਾ ਮਾਇਆ ਮਮਤਾ ਮੋਹ ਦਏ ਚੁਕਾਈਆ। ਸਾਚੇ ਮੰਡਲ ਸਾਢੇ ਤਿੰਨ ਹੱਥ ਸਰੀਰ ਸੁਰਤੀ ਸ਼ਬਦੀ ਗੋਪੀ ਕਾਹਨ ਮਿਲ ਕੇ ਪਾਵੇ ਰਾਸਾ, ਨਾਮ ਸ਼ਬਦੀ ਧੁਰ ਦਾ ਰਾਗ ਵੈਰਾਗੀ ਹੋ ਕੇ ਆਪ ਅਲਾਈਆ। ਨਿਜ ਘਰ ਨਿਜ ਗ੍ਰਹਿ ਨਿਜ ਆਤਮ ਕਰ ਕੇ ਵਾਸਾ, ਨਿਰਮਲ ਨੂਰ ਜੋਤ ਜੋਤ ਪਰਕਾਸ਼ਾ, ਅੰਧ ਅਗਿਆਨ ਸ੍ਰੀ ਭਗਵਾਨ ਅੰਧੇਰਾ ਅੰਤਰ ਦਏ ਮੁਕਾਈਆ। ਮਾਨਸ ਜਨਮ ਲੱਖ ਚੁਰਾਸੀ ਵਿਚੋਂ ਕਰੇ ਰਹਿਰਾਸਾ, ਅੰਤਮ ਤੋੜਨਹਾਰਾ ਜਮ ਕੀ ਫਾਸਾ, ਫ਼ੈਸਲਾ ਹੱਕ ਹਕ਼ੀਕ਼ਤ ਇਕੋ ਇਕ ਜਣਾਈਆ। ਸੰਤ ਸੁਹੇਲਾ ਇਕ ਇਕੇਲਾ ਜੁਗ ਚੌਕੜੀ ਜਨ ਭਗਤਾਂ ਬਣ ਕੇ ਦਾਸੀ ਦਾਸਾ, ਪੁਰਖ ਅਬਿਨਾਸ਼ਾ ਸ਼ਾਹੋ ਸ਼ਾਬਾਸ਼ਾ, ਮਿਹਰ ਨਜ਼ਰ ਬੇਨਜ਼ੀਰ ਆਪਣੀ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਾ ਕਰੇ ਜਨਮ ਜਨਮ ਦਾ ਘਾਟਾ, ਅਗਲੀ ਮੰਜ਼ਲ ਪੰਧ ਮੁਕਾਵੇ ਵਾਟਾ, ਚਰਨ ਕਵਲ ਜੋੜ ਕੇ ਸੱਚਾ ਨਾਤਾ, ਨਰਾਇਣ ਨਰ ਨੂਰ ਆਪਣੇ ਵਿਚ ਮਿਲਾਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ੨ ਕਿਸ਼ਨ ਚੰਦ ਨਾਰੰਗ ਦੇ ਨਾਲ ਨਿਰੰਕਾਰੀ ਸਟੋਰ ਕੋਆਪਰੇਟਿਵ ਦਿੱਲੀ
ਏਕੰਕਾਰ ਨਿਰੰਕਾਰ ਸਤਿਗੁਰ ਜਿਸ ਨੂੰ ਦੇਵੇ ਸੱਚੀ ਅਸ਼ੀਰਵਾਦ, ਏਕਾ ਵਾਰ ਇਕ ਇਕੱਲਾ ਆਪਣੀ ਦਇਆ ਕਮਾਈਆ। ਸਤਿ ਵਸਤੂ ਸਚ ਘਰ ਕਾਇਆ ਮੰਦਰ ਸਾਚੇ ਅੰਦਰ ਕਦੀ ਨਾ ਹੋਏ ਬਰਬਾਦ, ਨਸ਼ਟ ਰੂਪ ਨਾ ਕੋਇ ਵਖਾਈਆ। ਨਾਮ ਨਿਧਾਨ ਮਿਹਰਵਾਨ ਜਿਸ ਅੰਤਰ
ਆਤਮ ਪਰਮਾਤਮ ਹੋ ਕੇ ਦੇਵੇ ਆਪਣੀ ਯਾਦ, ਮਨ ਵਾਸਨਾ ਜਗਤ ਮਾਇਆ ਵਿਚ ਵਿਸਰ ਕਦੇ ਨਾ ਜਾਈਆ। ਪ੍ਰੇਮ ਪਿਆਰ ਸਚ ਮੁਹੱਬਤ ਵਿਚ ਮਹਿਬੂਬ ਵਜਾਏ ਆਪਣਾ ਅਗੰਮੀ ਨਾਦ, ਧੁਨ ਆਤਮਕ ਅਨਹਦ ਨਾਦੀ ਨਾਦ ਸ਼ਨਵਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਦੇਵੇ ਸਚ ਸਵਾਦ, ਮਨ ਮਤ ਬੁਧ ਸਕੇ ਨਾ ਕੋਇ ਬਦਲਾਈਆ। ਧੁਰ ਦੀ ਵਸਤ ਬਿਨਾ ਹੱਥ ਦਸਤ ਦੇਵੇ ਦਾਤਾ ਦਾਤਾਰ, ਸ਼ਾਹ ਨਵਾਬ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਜਲਵਾਗਰ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਸ਼ੀਰਵਾਦ ਜਿਸ ਨੂੰ ਦੇਵੇ ਸਾਚੇ ਘਰ, ਸੋ ਦੂਜੇ ਦਰ ਮੰਗਣ ਕਦੇ ਨਾ ਜਾਈਆ। ਸਾਚੀ ਅਸ਼ੀਰਵਾਦ ਮਿਲ ਜਾਏ ਵਿਚ ਜਗ, ਜਗਜੀਵਣ ਦਾਤਾ ਦੇਵੇ ਮਾਣ ਵਡਿਆਈਆ। ਮਾਇਆ ਮਮਤਾ ਮੋਹ ਤ੍ਰਿਸ਼ਨਾ ਕੂੜੀ ਕਿਰਿਆ ਸੜੇ ਨਾ ਵਿਚ ਅੱਗ, ਹਉਮੇ ਹੰਗਤਾ ਰੋਗ ਨਾ ਕੋਇ ਸਤਾਈਆ। ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਨਿਰਾਕਾਰ ਜੋਤ ਸਰੂਪ ਦਰਸ਼ਨ ਕਰੇ ਉਪਰ ਸ਼ਾਹ ਰਗ, ਨਵ ਨੌ ਚਾਰ ਲੇਖਾ ਰਹੇ ਨਾ ਰਾਈਆ। ਬਿਨ ਮੱਕੇ ਕਾਅਬੇ ਸਾਚੇ ਹੁਜਰੇ ਮੁਕਾਮੇ ਹੱਕ ਮੁਰੀਦ ਮੁਰਸ਼ਦ ਕਰਾਵੇ ਆਪਣਾ ਹੱਜ, ਮਹਿਵ ਮਹਿਬੂਬ ਮੁਹੱਬਤ ਵਿਚ ਮਿਲਾਈਆ। ਨਾਮ ਨਿਧਾਨ ਸਤਿ ਸਤਿਵਾਦ ਸ਼ਬਦ ਅਗੰਮੀ ਸੁਣਾਏ ਨਦ, ਸੁਰਤੀ ਸੁੱਤੀ ਲਏ ਉਠਾਈਆ। ਸੋ ਗੁਰਮੁਖ ਗੁਰਸਿਖ ਸੰਤ ਭਗਤ ਹਰਿਜਨ ਇਕੋ ਢੋਲਾ ਇਕੋ ਗੀਤ ਇਕੋ ਨਗ਼ਮਾ ਇਕੋ ਨਾਮ ਇਕੋ ਕਲਮਾ ਗਾਵਣ ਧੁਰ ਦਾ ਸਦ, ਛੰਦ ਇਕੋ ਇਕ ਸੁਣਾਈਆ। ਜੋ ਪੂਰੇ ਸਤਿਗੁਰ ਦੀ ਸ਼ਬਦ ਡੋਰੀ ਅੰਦਰ ਗਿਆ ਬੱਝ, ਮਨ ਵਾਸਨਾ ਵਿਚ ਚਾਰ ਕੁੰਟ ਦਹਿ ਦਿਸ਼ਾ ਨੱਠ ਨੱਠ ਕੋਇ ਨਾ ਜਾਈਆ। ਪੂਰਾ ਮਹਾਂਪੁਰਸ਼ ਜਿਸ ਦੇ ਅੰਦਰ ਜਾਵੇ ਵਸ, ਨਿਝਰ ਝਿਰਨਾ ਅੰਮ੍ਰਿਤ ਦੇਵੇ ਰਸ, ਜੋਤੀ ਜੋਤ ਕਰੇ ਪਰਕਾਸ਼, ਅੰਧ ਅੰਧੇਰ ਕਰੇ ਵਿਨਾਸ਼, ਅੰਦਰ ਬਾਹਰ ਗੁਪਤ ਜਾਹਰ ਰਖੇ ਨਿਵਾਸ, ਸਵਾਸ ਸਵਾਸ ਇਕੋ ਨਾਮ ਜਣਾਈਆ। ਆਤਮ ਪਰਮਾਤਮ ਪਰਮ ਪੁਰਖ ਕਦੇ ਟੁੱਟਣ ਨਾ ਦੇਵੇ ਸਾਥ, ਕਿਰਪਾ ਕਰੇ ਪੁਰਖ ਸਮਰਾਥ, ਅਸ਼ੀਰਵਾਦ ਵਿਚੋਂ ਅਸਰ ਮੁੱਕਣ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣੀ ਅਸ਼ੀਰਵਾਦ, ਤਿਸ ਦੀਨ ਮਜ਼੍ਹਬ ਜਾਤ ਪਾਤ ਵਰਨ ਗੋਤ ਊਚ ਨੀਚ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਲਮਾ ਕਲਾਮ ਸਿਫ਼ਤੀ ਨਾਮ ਵਿਚੋਂ ਕਰੇ ਆਜ਼ਾਦ, ਇਕੋ ਗ੍ਰਹਿ ਇਕੋ ਮੰਦਰ ਇਕੋ ਘਰ ਇਕੋ ਮੁਰੀਦ ਇਕੋ ਮੁਰਸ਼ਦ ਇਕੋ ਰਾਹ ਇਕੋ ਮੰਜ਼ਲ ਇਕ ਦਵਾਰਾ ਸਹਿਜੇ ਦਏ ਵਖਾਈਆ।
੧੪ ਚੇਤ ਸ਼ਹਿਨਸ਼ਾਹੀ ਸੰਮਤ ੨ ਹਰਭਜਨ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ
ਜਨ ਭਗਤ ਤੇਰੀ ਇਛਿਆ ਪੂਰੀ, ਆਸਾ ਮਨਸਾ ਆਪਣਾ ਰੰਗ ਰੰਗਾਈਆ। ਜੁਗ ਜਨਮ ਕਰਮ ਦੀ ਲੇਖੇ ਲਾਏ ਮਜ਼ਦੂਰੀ, ਸੇਵਾ ਸੇਵਕ ਦਏ ਵਡਿਆਈਆ। ਕੂੜੀ ਕਿਰਿਆ ਜਗਤ ਵਾਸਨਾ ਦੂਰ ਕਰਾਏ ਨਾਲ ਚਰਨ ਧੂੜੀ, ਟਿੱਕਾ ਮਸਤਕ ਇਕ ਰਮਾਈਆ। ਨਿਰਗੁਣ ਜੋਤ ਪਰਕਾਸ਼ ਕਰੇ ਅਗੰਮੀ ਨੂਰੀ, ਅੰਧ ਅਗਿਆਨ ਦੇਵੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਜਨ ਭਗਤ ਤੇਰੀ ਜੁਗ ਜੁਗ ਇੱਛਾ, ਪ੍ਰਭ ਮੇਲਾ ਸਹਿਜ ਸੁਭਾਈਆ। ਜੁਗ ਚੌਕੜੀ ਲੇਖਾ ਜਾਣੇ ਧੁਰ ਦਾ ਲਿਖਾ, ਬਿਨ ਅੱਖਰਾਂ ਕਰ ਪੜ੍ਹਾਈਆ।
ਕਰਮ ਕਰਮ ਦਾ ਝੋਲੀ ਪਾਏ ਹਿੱਸਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹੀਆ। ਧੁਰ ਫ਼ਰਮਾਨ ਸ੍ਰੀ ਭਗਵਾਨ ਜੋ ਕ਼ਲਮ ਸ਼ਾਹੀ ਬਿਨ ਅੱਖਰ ਲਿਖਾ, ਭਵਿਖਤ ਵਿਚ ਇਸ਼ਟ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਆਸਾ ਮਨਸਾ ਪੂਰੀ ਕਰੇ ਮੰਗ, ਦੂਜੇ ਦਰ ਮੰਗਣ ਨਾ ਜਾਈਆ। ਨਾਮ ਨਿਧਾਨ ਸ੍ਰੀ ਭਗਵਾਨ ਕਾਇਆ ਮੰਦਰ ਅੰਦਰ ਚਾੜ੍ਹੇ ਰੰਗ, ਅਗੰਮ ਅਗੰਮੜਾ ਆਪ ਰੰਗਾਈਆ। ਧੁਰਦਰਗਾਹੀ ਸੱਚਾ ਦੇਵੇ ਆਤਮ ਪਰਮਾਤਮ ਸੰਗ, ਜੁਗਤੀ ਜਗਤ ਨਾ ਹੋਏ ਜੁਦਾਈਆ। ਬਿਨ ਤਾਲ ਤਲਵਾੜੇ ਵਜਾਏ ਆਪਣਾ ਮਰਦੰਗ, ਨਾਦ ਅਨਾਦੀ ਅਨਹਦ ਰਾਗ ਸੁਣਾਈਆ। ਭੇਵ ਖੁਲ੍ਹਾਏ ਪਾਰਬ੍ਰਹਮ ਬ੍ਰਹਮ ਹੰ, ਪਤਿਪਰਮੇਸ਼ਵਰ ਆਪਣਾ ਪੜਦਾ ਦਏ ਉਠਾਈਆ। ਕਰਨੀ ਦਾ ਕਰਤਾ ਮਾਨਸ ਪੂਰਾ ਕਰੇ ਕੰਮ, ਨਿਹਕਰਮੀ ਹੋ ਕੇ ਕਰਮ ਕਾਂਡ ਦਏ ਮੁਕਾਈਆ। ਵਸਤ ਅਮੋਲਕ ਨਾਮ ਪਦਾਰਥ ਦੇਵੇ ਸੱਚਾ ਧਨ, ਬੇਪਰਵਾਹ ਆਪਣੀ ਦਾਤ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਚਾੜ੍ਹ ਇਕੋ ਚੰਦ, ਅੰਧ ਅੰਧੇਰਾ ਦਏ ਗਵਾਈਆ। ਜਨ ਭਗਤ ਤੇਰਾ ਲੇਖਾ ਲਿਖੇ ਬਿਨ ਸ਼ਾਹੀ ਕ਼ਲਮ ਦਵਾਤ, ਧੁਰ ਦਾ ਹੁਕਮ ਇਕ ਜਣਾਈਆ। ਸਚ ਪ੍ਰੀਤੀ ਜੋੜ ਕੇ ਨਿਰਗੁਣ ਸਰਗੁਣ ਨਾਤ, ਮੇਲਾ ਮੇਲੇ ਧੁਰਦਰਗਾਹੀਆ। ਝਗੜਾ ਮੁਕਾ ਕੇ ਵਿਛੋੜੇ ਵਾਲੀ ਜਾਤ, ਆਤਮ ਪਰਮਾਤਮ ਸੰਗ ਨਿਭਾਈਆ। ਲੇਖੇ ਲਾਵੇ ਸੁਹੰਜਣੀ ਰਾਤ, ਰੁਤ ਰੁਤੜੀ ਵਿਚੋਂ ਬਦਲਾਈਆ। ਲੇਖਾ ਦੇਵਣਹਾਰਾ ਆਦਿ, ਅੰਤ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਲੋਕਮਾਤ, ਅਗਲਾ ਸੰਗ ਸੰਗੀ ਹੋ ਕੇ ਤੋੜ ਨਿਭਾਈਆ।
੧੫ ਚੇਤ ਸ਼ਹਿਨਸ਼ਾਹੀ ਸੰਮਤ ੨ ਹਰਚਰਨ ਸਿੰਘ ਦੇ ਗ੍ਰਹਿ ਧੀਰਪੁਰ ਦਿੱਲੀ
ਭਗਤ ਉਧਾਰੀ ਸਦਾ ਚੌਂਹ ਜੁਗੀ, ਜੁਗ ਕਰਤਾ ਦਇਆ ਕਮਾਇੰਦਾ। ਸਦ ਭਾਗ ਲਗਾਉਂਦਾ ਰਹੇ ਕਾਇਆ ਮਾਟੀ ਝੁੱਗੀ, ਗ੍ਰਹਿ ਮੰਦਰ ਆਪ ਸੁਹਾਇੰਦਾ। ਅੰਤਰ ਵਾਸਨਾ ਰਹਿਣ ਨਾ ਦੇਵੇ ਦੂਜੀ, ਏਕੰਕਾਰਾ ਏਕਾ ਰੰਗ ਰੰਗਾਇੰਦਾ। ਨਿਰਮਲ ਪਵਿੱਤਰ ਬਿਬੇਕ ਕਰੇ ਬੁਧੀ, ਗਿਆਨ ਧਿਆਨ ਵਿਚ ਬਦਲਾਇੰਦਾ। ਸ਼ਬਦੀ ਰਮਜ਼ ਲਗਾਏ ਗੁਝੀ, ਸੋਈ ਸੁਰਤੀ ਆਪ ਉਠਾਇੰਦਾ। ਧਾਰ ਰਹੇ ਨਾ ਮੂਲ ਲੁਕੀ, ਪੜਦਾ ਓਹਲਾ ਆਪ ਉਠਾਇੰਦਾ। ਜਗਤ ਕਿਰਿਆ ਵਿਚ ਰਹੇ ਨਾ ਦੁਖੀ, ਦੀਨਾਂ ਅਨਾਥਾਂ ਦਰਦ ਗਵਾਇੰਦਾ। ਉਜਲ ਕਰ ਕੇ ਮਾਤ ਮੁਖੀ, ਮੁਖੜਾ ਸਿਫ਼ਤ ਸਾਲਾਹ ਸਾਲਾਹਿੰਦਾ। ਮੰਜ਼ਲ ਕਰ ਕੇ ਉਚੀ, ਜਗਤ ਦਵਾਰਿਉਂ ਬਾਹਰ ਕਢਾਇੰਦਾ। ਆਤਮਾ ਕਰ ਕੇ ਸੁੱਚੀ, ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਭਗਤ ਸੁਹੇਲਾ ਸਦਾ ਜੁਗ ਚਾਰ, ਚੌਕੜ ਆਪਣੀ ਦਇਆ ਕਮਾਈਆ। ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰ ਬੇਪਰਵਾਹੀਆ। ਵਸਤ ਅਮੋਲਕ ਦੇਵੇ ਅਪਰ ਅਪਾਰ, ਪਾਰਬ੍ਰਹਮ ਪ੍ਰਭ ਆਪ ਵਰਤਾਈਆ। ਚਰਨ ਪ੍ਰੀਤੀ ਬਖ਼ਸ਼ ਕੇ ਇਕ ਅਧਾਰ, ਆਦਤ ਕੂੜੀ ਦਏ ਬਦਲਾਈਆ। ਗ੍ਰਹਿ ਮੰਦਰ ਖੋਲ੍ਹ ਕਿਵਾੜ, ਪੜਦਾ ਓਹਲਾ ਦਏ ਚੁਕਾਈਆ। ਅਗਨੀ ਮੇਟ ਕੇ ਤੱਤੀ ਹਾੜ੍ਹ, ਬੂੰਦ ਸਵਾਂਤੀ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਬਖ਼ਸ਼ ਕੇ ਪ੍ਰੇਮ ਪਿਆਰ,
ਪ੍ਰੀਤਮ ਹੋ ਕੇ ਧੁਰ ਦਾ ਪਤਾ ਦਏ ਸਮਝਾਈਆ। ਜਨ ਭਗਤਾਂ ਮਿਲਦਾ ਰਹੇ ਸਦਾ ਸੁਹੇਲਾ, ਸਚ ਸਵਾਮੀ ਦਇਆ ਕਮਾਈਆ। ਨਜ਼ਰ ਆਉਂਦਾ ਰਹੇ ਇਕ ਅਕੇਲਾ, ਏਕੰਕਾਰ ਵੱਡ ਵਡਿਆਈਆ। ਮਾਣ ਦਿੰਦਾ ਰਹੇ ਗੁਰੂ ਗੁਰ ਚੇਲਾ, ਚੇਲਾ ਗੁਰੂ ਹੋਏ ਸਹਾਈਆ। ਸੁਹਾਉਂਦਾ ਰਹੇ ਭਗਤਾਂ ਅੰਤਰ ਸੁਹੰਜਣਾ ਵੇਲਾ, ਵਕ਼ਤ ਨਾਲ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤਾਂ ਦੱਸਦਾ ਰਿਹਾ ਇਬਾਦਤ, ਕਲਮਾ ਧੁਰ ਦਾ ਇਕ ਜਣਾਈਆ। ਜਗਤ ਸਮਾਜ ਵਿਚੋਂ ਬਦਲਦਾ ਆਇਆ ਆਦਤ, ਅਗਲਾ ਪੜਦਾ ਆਪ ਉਠਾਈਆ। ਨਾਤਾ ਤੁੜਾਉਂਦਾ ਰਿਹਾ ਨਿੰਦਕ ਸਾਕਤ, ਸਗਲਾ ਆਪਣਾ ਸੰਗ ਬਣਾਈਆ। ਨਿਰਗੁਣ ਹੋ ਕੇ ਕਰਦਾ ਰਿਹਾ ਹਿਫਾਜ਼ਤ, ਚਾਰੋਂ ਕੁੰਟ ਵੇਖ ਵਖਾਈਆ। ਮਨ ਵਾਸਨਾ ਮੇਟਦਾ ਰਿਹਾ ਸਾਜਸ਼, ਸੁਰਤੀ ਆਪਣੇ ਨਾਲ ਜੁੜਾਈਆ। ਅੰਮ੍ਰਿਤ ਮੇਘ ਬਰਸਦਾ ਰਿਹਾ ਬਾਰਸ਼, ਬੂੰਦ ਸਵਾਂਤੀ ਆਪ ਚੁਆਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਦੀ ਕਰਨ ਆਇਆ ਆਪ ਸਫ਼ਾਰਸ਼, ਦੂਜਾ ਵਿਚੋਲਾ ਨਾ ਕੋਇ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧੀਰਜ ਨਾਲ ਦੇਵੇ ਸਚ ਦਵਾਰੇ ਦੀ ਸੱਚੀ ਢਾਰਸ, ਢਾਹ ਢੇਰੀ ਗੁਰਮੁਖ ਖ਼ਾਕ ਨਾ ਕੋਇ ਬਣਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ੨ ਦਰਸ਼ਨ ਸਿੰਘ ਦੇ ਗ੍ਰਹਿ ਧੀਰਪੁਰ ਦਿੱਲੀ
ਜਨ ਭਗਤਾਂ ਪੂਰਬ ਲਹਿਣਾ ਧੁਰ ਦਾ ਭਾਓ, ਭਗਤੀ ਭਗਤਾਂ ਵਿਚੋਂ ਪਰਗਟਾਈਆ। ਇਕੋ ਸਿਮਰਨ ਪੁਰਖ ਅਬਿਨਾਸ਼ੀ ਸਾਚਾ ਨਾਉਂ, ਨਰ ਨਿਰੰਕਾਰ ਨਿਰਾਕਾਰ ਇਕ ਮਨਾਈਆ। ਚਰਨ ਕਵਲ ਸਾਹਿਬ ਸਵਾਮੀ ਲਾਗਣ ਪਾਉਂ, ਪਵਿਤਰ ਪੁਨੀਤ ਆਪਣਾ ਆਪ ਬਣਾਈਆ। ਏਕਾ ਵੇਖਣ ਪਿਤਾ ਮਾਉਂ, ਸਦਾ ਸੁਹੇਲਾ ਸ਼ਹਿਨਸ਼ਾਹੀਆ। ਜੋ ਦੇਵਣਹਾਰਾ ਠੰਡੀ ਛਾਉਂ, ਸਮਰਥ ਪੁਰਖ ਬੇਪਰਵਾਹੀਆ। ਕਲਜੁਗ ਅੰਤ ਕਰਨ ਆਏ ਨਿਆਉਂ, ਨਈਆ ਨੌਕਾ ਵੇਖੇ ਜਗਤ ਲੋਕਾਈਆ। ਪੜਦਾ ਲਾਹਵੇ ਮੰਦਰ ਅੰਦਰ ਸਾਚੇ ਗਾਉਂ, ਗਹਿਰ ਗੰਭੀਰ ਹੋ ਕੇ ਵੇਖ ਵਖਾਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤ ਮਿਲਣ ਦਾ ਚਾਓ, ਚਾਓ ਘਨੇਰਾ ਇਕੋ ਇਕ ਦ੍ਰਿੜਾਈਆ। ਭਗਤ ਸੁਹੇਲੇ ਗੁਰਮੁਖ ਸੱਜਣ ਫੜ ਕੇ ਬਾਹੋਂ, ਪਾਰਬ੍ਰਹਮ ਬ੍ਰਹਮ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਾਲਕ ਹੋ ਕੇ ਧੁਰ ਦਾ ਸ਼ਾਹੋ, ਸ਼ਾਹੀ ਦੁਰਮਤ ਮੈਲ ਦਏ ਧਵਾਈਆ। ਜਨ ਭਗਤਾਂ ਜੁਗ ਚੌਕੜੀ ਅਗੰਮੀ ਦੱਸਦਾ ਰਹੇ ਜੁਗਤੀ, ਜਗਜੀਵਣ ਦਾਤਾ ਦਇਆ ਕਮਾਈਆ। ਸਿੱਧੀ ਆਪਣੇ ਨਾਲ ਮੇਲਦਾ ਰਹੇ ਸੁਰਤੀ, ਸੁੱਤੀ ਲੋਕਮਾਤ ਉਠਾਈਆ। ਧਾਰ ਦੱਸਦਾ ਰਹੇ ਆਦਿ ਜੁਗਾਦੀ ਧੁਰ ਦੀ, ਧੁਰ ਮਸਤਕ ਲੇਖਾ ਦਏ ਪਰਗਟਾਈਆ। ਮਹਿੰਮਾ ਅਕਥ ਅਗਾਧ ਬੋਧ ਜਣਾਉਂਦਾ ਰਹੇ ਸਾਚੇ ਸਤਿਗੁਰ ਦੀ, ਜੋ ਸਤਿ ਸਤਿਵਾਦੀ ਸ਼ਬਦ ਅਨਾਦੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਇਕ ਦਰਸਾਈਆ। ਜਨ ਭਗਤਾਂ ਜੁਗ ਚੌਕੜੀ ਦੇਂਦਾ ਆਇਆ ਦਰਸ, ਦੀਨਾਂ ਅਨਾਥਾਂ ਦਇਆ ਕਮਾਈਆ। ਜਨਮ ਕਰਮ ਦੀ ਮੇਟਦਾ ਆਇਆ ਹਰਸ, ਹਵਸ ਜਗਤ ਵਾਲੀ ਬੁਝਾਈਆ। ਮਿਹਰਵਾਨ ਹੋ ਕੇ ਸਰਗੁਣ ਉਤੇ ਕਰਦਾ ਆਇਆ ਤਰਸ, ਨਿਰਗੁਣ ਹੋ ਕੇ ਅੱਖ ਖੁਲ੍ਹਾਈਆ। ਜਨ ਭਗਤ ਪਿਆਰ ਮੁਹੱਬਤ ਵਿਚ ਪੈਣ ਨਾ ਦੇਵੇ
ਫ਼ਰਕ, ਫ਼ਿਰਕੇਦਾਰੀ ਵਿਚੋਂ ਬਾਹਰ ਕਢਾਈਆ। ਜਗਤ ਜੰਜ਼ਾਲਾ ਕਰ ਕੇ ਤਰਕ, ਤੁਰਤ ਆਪਣਾ ਰੰਗ ਚੜ੍ਹਾਈਆ। ਸਚ ਦਵਾਰ ਦੱਸ ਕੇ ਉਪਰ ਅਰਸ਼, ਐਸ਼ੋ ਇਸ਼ਰਤ ਇਕ ਸਮਝਾਈਆ। ਭੇਵ ਅਭੇਦਾ ਖੋਲ੍ਹ ਕੇ ਆਪ ਅਸਚਰਜ, ਅਚਰਜ ਲੀਲਾ ਦਏ ਵਖਾਈਆ। ਜਿਥੇ ਇਕੋ ਸ਼ਬਦੀ ਸ਼ੇਰ ਰਿਹਾ ਗਰਜ, ਗ਼ਰਜ਼ ਅਵਰ ਨਾ ਕੋਇ ਜਣਾਈਆ। ਗੁਰ ਅਵਤਾਰ ਪੈਗ਼ੰਬਰ ਭੈ ਵਿਚ ਕਰਦੇ ਅਰਜ਼, ਬੇਨੰਤੀ ਸਚ ਸੁਣਾਈਆ। ਕਲਜੁਗ ਕੂੜੀ ਕਿਰਿਆ ਪ੍ਰਭੂ ਲੋਕਮਾਤ ਪਏ ਮਰਜ਼, ਸਚ ਤਬੀਬ ਨਜ਼ਰ ਕੋਇ ਨਾ ਆਈਆ। ਨੁਰਾਨੀ ਚਿਹਰੇ ਹੋਏ ਜ਼ਰਦ, ਜਗਤ ਜ਼ਾਵੀਏ ਵਿਚੋਂ ਬਾਹਰ ਨਾ ਕੋਇ ਕਢਾਈਆ। ਜਿਸ ਬਿਧ ਸਾਡੀ ਫੋਲ ਲਈ ਫ਼ਰਦ, ਪੜਦਾ ਲਿਆ ਉਠਾਈਆ। ਜਨ ਭਗਤਾਂ ਨਾਲ ਵੰਡ ਆਪਣਾ ਦਰਦ, ਦੀਨ ਦਿਆਲ ਦਇਆ ਕਮਾਈਆ। ਕਲਜੁਗ ਕੂੜੀ ਸ਼ਰਅ ਛੁਰੀ ਰਹਿਣ ਨਾ ਦਏ ਕਰਦ, ਕ਼ੁਦਰਤ ਦੇ ਮਾਲਕ ਤੇਰੇ ਹੱਥ ਵਡਿਆਈਆ। ਜੋਧਾ ਸੂਰਬੀਰ ਮਰਦਾਨਾ ਤੂੰ ਆਦਿ ਜੁਗਾਦੀ ਇਕੋ ਮਰਦ, ਦੂਜੀ ਮਦਦ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਬਣਾਈਆ। ਜਨ ਭਗਤਾਂ ਜੁਗ ਜੁਗ ਸੁਣਾਉਂਦਾ ਰਿਹਾ ਢੋਲਾ, ਬਿਨ ਅੱਖਰਾਂ ਕਰ ਪੜ੍ਹਾਈਆ। ਸੁਣਾਉਂਦਾ ਰਿਹਾ ਸੋਹਲਾ, ਧੁਰ ਦਾ ਹੁਕਮ ਜਣਾਈਆ। ਚੁਕਾਉਂਦਾ ਰਿਹਾ ਓਹਲਾ, ਪੜਦਾ ਆਪ ਉਠਾਈਆ। ਪੜ੍ਹਾਉਂਦਾ ਰਿਹਾ ਬੋਲਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਬਣਦਾ ਰਿਹਾ ਵਿਚੋਲਾ, ਨਿਰਗੁਣ ਸਰਗੁਣ ਜੋੜ ਜੁੜਾਈਆ। ਅਖਵਾਉਂਦਾ ਰਿਹਾ ਮੌਲਾ, ਹਰ ਘਟ ਰਮਿਆ ਬੇਪਰਵਾਹੀਆ। ਬਣਿਆ ਰਿਹਾ ਭੋਲਾ, ਭਾਓ ਭਗਤਾਂ ਆਪ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੋ ਸਚ ਦਵਾਰਾ ਖੋਲ੍ਹਾ, ਖ਼ਾਲਕ ਖ਼ਲਕ ਦਏ ਦ੍ਰਿੜਾਈਆ। ਮਨ ਵਾਸਨਾ ਕੰਮ ਨਾ ਆਵੇ ਰੌਲਾ, ਰੌਣਕ ਹੋਵੇ ਆਤਮ ਪਰਮਾਤਮ ਮਿਲ ਕੇ ਘਰ ਵੱਜਦੀ ਰਹੇ ਵਧਾਈਆ। ਲੱਖ ਚੁਰਾਸੀ ਜੀਵ ਜੰਤ ਸਭ ਨੂੰ ਛੱਡਣਾ ਪਏ ਚੋਲਾ, ਚੋਲੀ ਤਨ ਮਾਟੀ ਖ਼ਾਕ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਤਰਾਈਆ। ਜਨ ਭਗਤਾਂ ਸਦਾ ਮਿਲਦਾ ਰਿਹਾ ਜਗਦੀਸ਼, ਜਗਦੀਸ਼ਰ ਹੋ ਕੇ ਵੇਖ ਵਖਾਇੰਦਾ। ਧੁਰ ਦਾ ਕਲਮਾ ਨਾਮ ਦੱਸਦਾ ਰਿਹਾ ਹਦੀਸ, ਹਜ਼ਰਤ ਹੋ ਕੇ ਆਪ ਪੜ੍ਹਾਇੰਦਾ। ਨਾਮ ਨਿਧਾਨ ਦੱਸਦਾ ਰਿਹਾ ਗੀਤ, ਧੁਰ ਦਾ ਰਾਗ ਆਪ ਸਾਲਾਹਿੰਦਾ। ਮਨ ਮਨੂਆ ਬਦਲਦਾ ਰਿਹਾ ਨੀਤ, ਨੀਤੀਵਾਨ ਰੰਗ ਰੰਗਾਇੰਦਾ। ਸਦਾ ਵਸਦਾ ਰਿਹਾ ਚੀਤ, ਜੁਗ ਵਿਛੜੇ ਮੇਲ ਮਿਲਾਇੰਦਾ। ਭਗਤ ਭਗਵਾਨ ਸਦਾ ਮਾਣਦਾ ਰਿਹਾ ਪ੍ਰੀਤ, ਪ੍ਰੀਤਮ ਹੋ ਕੇ ਜੋੜ ਜੁੜਾਇੰਦਾ। ਸਾਚਾ ਮਾਰਗ ਦੱਸ ਕੇ ਠਾਂਡਾ ਸੀਤ, ਅਗਨੀ ਤਤ ਤਤ ਵਿਚੋਂ ਬਦਲਾਇੰਦਾ। ਝਗੜਾ ਮੁਕਾ ਕੇ ਊਚ ਨੀਚ, ਰਾਓ ਰੰਕਾਂ ਇਕੋ ਘਰ ਵਖਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤ ਦਵਾਰਿਉਂ ਭਿਖਾਰੀ ਹੋ ਕੇ ਮੰਗੇ ਭੀਖ, ਭਿਛਿਆ ਲੈ ਕੇ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸੁਹੇਲੇ ਬਣਾ ਅਜ਼ੀਜ, ਅਜ਼ੀਮ ਆਜ਼ਮ ਆਪਣੇ ਰੰਗ ਰੰਗਾਇੰਦਾ।