੨੬ ਚੇਤ ਸ਼ਹਿਨਸ਼ਾਹੀ ਸੰਮਤ ੨ ਬੀਬੀ ਦੁਰਗੀ ਦੇ ਗ੍ਰਹਿ ਨਵਾਂ ਪਿੰਡ ਜ਼ਿਲਾ ਗੁਰਦਾਸ ਪੁਰ
ਭਗਤ ਸੁਹੇਲੇ ਜੁਗ ਜੁਗ ਲੱਭਦਾ, ਲਾਵਾਰਸ ਰਹਿਣ ਕੋਇ ਨਾ ਪਾਈਆ। ਮੇਲਾ ਕਰੇ ਆਪਣੇ ਸਬੱਬ ਦਾ, ਸਹਿਜ ਸੁਭਾਉ ਲਏ ਉਠਾਈਆ। ਹੁਕਮੇਂ ਅੰਦਰ ਸ਼ਬਦੀ ਧਾਰ ਸੱਦਦਾ, ਸੁਨੇਹੜਾ ਇਕ ਜਣਾਈਆ। ਕੂੜਾ ਨਾਤਾ ਸਮਝੋ ਜਗ ਦਾ, ਬਿਨਾ ਸ੍ਰੀ ਭਗਵਾਨ ਲੇਖਾ ਨਾ ਕੋਇ ਮੁਕਾਈਆ। ਮਨ ਵਿਕਾਰ ਅੰਦਰ ਸੜਨਾ ਅੱਗ ਦਾ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਬੁਝਾਈਆ। ਜੋ ਸਾਹਿਬ ਸਤਿਗੁਰ ਸਰਨਾਈ ਲਗਦਾ, ਸੋ ਮੰਜ਼ਲ ਚੜ੍ਹ ਕੇ
ਸੋਭਾ ਪਾਈਆ। ਜਿਥੇ ਨਾਉਂ ਨਿਰੰਕਾਰਾ ਡੰਕਾ ਵੱਜਦਾ, ਦੂਜਾ ਰਾਗ ਨਾ ਕੋਇ ਅਲਾਈਆ। ਝਗੜਾ ਮੁੱਕੇ ਜਗਤ ਜਹਾਨ ਕੂੜੀ ਹੱਦ ਦਾ, ਦੀਨ ਦੁਨੀ ਨਾ ਕੋਇ ਲੜਾਈਆ। ਦਰਸ਼ਨ ਹੋਵੇ ਇਕੋ ਸੂਰੇ ਸਰਬਗ ਦਾ, ਸਰਬ ਵਿਆਪੀ ਨਜ਼ਰੀ ਆਈਆ। ਵਿਛੋੜਾ ਰਹੇ ਨਾ ਅੱਗ ਅਲੱਗ ਦਾ, ਪਿਛਲਾ ਪੰਧ ਦਏ ਮੁਕਾਈਆ। ਪਿਆਰ ਬਣਿਆ ਰਹੇ ਸਚੇ ਜਸ ਦਾ, ਮੁਹੱਬਤ ਵਿਚ ਢੋਲਾ ਗਾਈਆ। ਇਸ਼ਾਰਾ ਮਿਲ ਜਾਏ ਓਸ ਅੱਖ ਦਾ, ਜੋ ਆਖਰ ਇਕੋ ਘਰ ਟਿਕਾਈਆ। ਜੁਗ ਜੁਗ ਜਨ ਭਗਤਾਂ ਪੈਜ ਆਪੇ ਰੱਖ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਮੁਕਾ ਕੇ ਜਗਤ ਰੂਪ ਕੱਗ ਦਾ, ਹੰਸ ਗੁਰਮੁਖ ਆਪ ਪਰਗਟਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ੨ ਤੇਜਕੌਰ ਦੇ ਗ੍ਰਹਿ ਪਿੰਡ ਨਵਾਂ ਪਿੰਡ ਜ਼ਿਲਾ ਗੁਰਦਾਸ ਪੁਰ
ਜਨ ਭਗਤਾਂ ਪ੍ਰਭ ਸਦਾ ਸੰਗ, ਆਦਿ ਜੁਗਾਦਿ ਜੁਗ ਚੌਕੜੀ ਧੁਰ ਦਾ ਸੰਗ ਨਿਭਾਇੰਦਾ। ਆਤਮ ਪਰਮਾਤਮ ਚਾੜ੍ਹੇ ਅਗੰਮੀ ਰੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਦਇਆ ਕਮਾਇੰਦਾ। ਨਾਮ ਨਿਧਾਨ ਸ੍ਰੀ ਭਗਵਾਨ ਵਜਾਏ ਆਪਣਾ ਮਰਦੰਗ, ਧੁਨ ਆਤਮਕ ਰਾਗ ਅਨਰਾਗੀ ਆਪ ਸੁਣਾਇੰਦਾ। ਜਗਤ ਦਵਾਰਾ ਵੇਖੇ ਪਾਰ ਲੰਘ, ਘਰ ਵਿਚ ਘਰ ਗ੍ਰਹਿ ਵਿਚ ਗ੍ਰਹਿ ਆਪ ਵਡਿਆਇੰਦਾ। ਜਿਥੇ ਨਾਉਂ ਨਿਰੰਕਰਾ ਵੱਜੇ ਮਰਦੰਗ, ਸੁਰ ਤਾਲ ਰੂਪ ਨਾ ਕੋਇ ਬਦਲਾਇੰਦਾ। ਹੋਵੇ ਪ੍ਰਕਾਸ਼ ਬਿਨ ਸੂਰਜ ਚੰਦ, ਜੋਤੀ ਜਾਤਾ ਡਗਮਗਾਇੰਦਾ। ਸਾਚਾ ਅੰਮ੍ਰਿਤ ਦੇਵੇ ਨਿਜਾਨੰਦ, ਰਸ ਉਮੰਗ ਬੇਪਰਵਾਹ ਆਪਣਾ ਭੇਵ ਖੁਲ੍ਹਾਇੰਦਾ। ਤੂੰ ਮੇਰਾ ਮੈਂ ਤੇਰਾ ਢੋਲਾ ਦੱਸ ਕੇ ਛੰਦ, ਸੋਹੰ ਸਤਿ ਸਰੂਪ ਆਪ ਸਮਝਾਇੰਦਾ। ਪੜਦਾ ਰਹੇ ਨਾ ਹੰ ਬ੍ਰਹਮ, ਪਾਰਬ੍ਰਹਮ ਪ੍ਰਭ ਆਪਣੇ ਵਿਚ ਮਿਲਾਇੰਦਾ। ਸੰਤ ਸੁਹੇਲਾ ਦੂਜੀ ਵਾਰ ਨਾ ਪਏ ਜੰਮ, ਲੱਖ ਚੁਰਾਸੀ ਗੇੜ ਨਾ ਕੋਇ ਭੁਵਾਇੰਦਾ। ਧੁਰ ਸੰਜੋਗੀ ਮੇਲਾ ਹੋਵੇ ਨਾਲ ਸ੍ਰੀ ਭਗਵਨ, ਭਗਤ ਭਗਵਾਨ ਇਕੋ ਘਰ ਸੋਭਾ ਪਾਇੰਦਾ। ਜਿਥੇ ਝੁੱਲੇ ਸਤਿ ਸਚ ਇਕ ਨਿਸ਼ਾਨ, ਨਿਸ਼ਾਨਾ ਅਵਰ ਨਾ ਕੋਇ ਵਖਾਇੰਦਾ। ਬਿਨ ਪੜ੍ਹਿਆਂ ਹੋਵੇ ਗਿਆਨ, ਨਿਰਅੱਖਰ ਧਾਰ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪੜਦਾ ਆਪ ਉਠਾਇੰਦਾ। ਹਰਿਜਨ ਮਿਲੇ ਨਾਲ ਜਗਦੀਸ਼, ਜਗਦੀਸ਼ ਆਪਣੇ ਵਿਚ ਸਮਾਈਆ। ਸਾਚਾ ਨਾਮ ਕਲਮਾ ਦੱਸੇ ਹੱਕ ਹਦੀਸ, ਹਜ਼ਰਤ ਹੋ ਕੇ ਕਰੇ ਪੜ੍ਹਾਈਆ। ਅੰਤਰ ਅੰਤਰ ਮਨ ਵਾਸਨਾ ਬਦਲ ਦੇਵੇ ਰੀਤ, ਜਗਤ ਵਿਦਿਆ ਦੀ ਲੋੜ ਰਹੇ ਨਾ ਰਾਈਆ। ਝਗੜਾ ਮੁਕ ਜਾਏ ਮੰਦਰ ਮਸੀਤ, ਕਾਇਆ ਕਾਅਬਾ ਦਏ ਵਖਾਈਆ। ਜਿਥੇ ਬੈਠਾ ਸਦਾ ਅਤੀਤ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਲੇਖਾ ਰਹੇ ਨਾ ਹਸਤ ਕੀਟ, ਊਚ ਨੀਚ ਰਾਓ ਰੰਕ ਨਾ ਕੋਇ ਵਖਾਈਆ। ਆਤਮ ਪਰਮਾਤਮ ਦੱਸੇ ਸਚ ਪ੍ਰੀਤ, ਪਰਮ ਪੁਰਖ ਪ੍ਰਭ ਆਪਣਾ ਭੇਵ ਖੁਲ੍ਹਾਈਆ। ਜਨ ਭਗਤਾਂ ਸਾਚੀ ਮੰਜ਼ਲ ਚੜ੍ਹ ਕੇ ਵੇਖੇ ਠੀਕ, ਠੀਕਰ ਕੂੜਾ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੰਘਣਹਾਰਾ ਓਸ ਦਹਿਲੀਜ਼, ਜਿਥੇ ਜਗਤ ਵਾਸਨਾ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਪ੍ਰਭ ਦੇਵਣਹਾਰਾ ਜੁਗਤ, ਸ਼ਬਦੀ ਸ਼ਬਦ ਭੇਵ ਖੁਲ੍ਹਾਈਆ। ਸਚ ਦਵਾਰੇ ਚੜ੍ਹੀ ਰਹੇ ਸੁਰਤ, ਸੁਤਿਆਂ ਆਲਸ ਨਿੰਦਰਾ ਦਏ ਗਵਾਈਆ। ਨਜ਼ਰੀ ਆਏ ਅਕਾਲ ਮੂਰਤ, ਅਕਲ ਕਲਧਾਰੀ ਬੇਪਰਵਾਹੀਆ।
ਜਿਸ ਦਾ ਨਾਮ ਅਗੰਮੀ ਸਾਚਾ ਤੂਰਤ, ਤੁਰੀਆ ਪਦ ਤੋਂ ਆਪਣਾ ਅਗਲਾ ਖੇਲ ਵਖਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹਤ, ਸੰਤ ਸੁਹੇਲੇ ਸਾਚੇ ਦਰ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਤ ਨਵਿਤ ਕਰ ਕਰ ਹਿਤ, ਪੁਰਖ ਅਬਿਨਾਸ਼ੀ ਧੁਰ ਦਾ ਪਿਤ, ਪਤਿਪਰਮੇਸ਼ਵਰ ਪਾਰਬ੍ਰਹਮ ਬ੍ਰਹਮ ਆਪਣੇ ਵਿਚ ਸਮਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ੨ ਚਰਨ ਸਿੰਘ ਦੇ ਗ੍ਰਹਿ ਪਿੰਡ ਨਵਾਂ ਪਿੰਡ ਜ਼ਿਲਾ ਗੁਰਦਾਸ ਪੁਰ
ਜਨ ਭਗਤਾਂ ਬਖ਼ਸ਼ੇ ਅੰਮ੍ਰਿਤ ਸੀਰ, ਧੁਰ ਦਾ ਜਾਮ ਇਕ ਪਿਲਾਈਆ। ਮਨ ਕਲਪਣਾ ਆਵੇ ਧੀਰ, ਧਾਮ ਰਾਮ ਦਏ ਜਣਾਈਆ। ਹਉਮੇ ਰਹੇ ਨਾ ਕੋਈ ਪੀੜ, ਸੋਗ ਰੋਗ ਦਏ ਗਵਾਈਆ। ਮਾਨਸ ਜਨਮ ਬੰਨ੍ਹੇ ਬੀੜ, ਬੇੜਾ ਆਪਣੇ ਕੰਧ ਉਠਾਈਆ। ਸਚਖੰਡ ਦਵਾਰੇ ਭਗਤਾਂ ਦੀ ਕੋਈ ਬਹੁਤੀ ਨਹੀਂ ਭੀੜ, ਕੋਟਾਂ ਵਿਚੋਂ ਥੋੜੇ ਬੈਠੇ ਸੋਭਾ ਪਾਈਆ। ਜਿਨ੍ਹਾਂ ਦਾ ਉਪਦੇਸ਼ਕ ਇਕ ਕਬੀਰ, ਕਾਮਲ ਮੁਰਸ਼ਦ ਨਾਲ ਮਿਲਾਈਆ। ਦਰਸ ਕਰਾਵੇ ਬੇਨਜ਼ੀਰ, ਨਜ਼ਰ ਨਜ਼ਰ ਵਿਚੋਂ ਬਦਲਾਈਆ। ਲਹਿਣਾ ਰਹੇ ਨਾ ਕੋਈ ਤਤ ਸਰੀਰ, ਸ਼ਰਅ ਛੁਰੀ ਨਾ ਕੋਇ ਚਲਾਈਆ। ਜਗਤ ਖੜਗ ਨਾ ਕੋਇ ਸ਼ਮਸ਼ੀਰ, ਚਿੱਲਾ ਤੀਰ ਨਾ ਕੋਇ ਉਠਾਈਆ। ਕਿਰਪਾ ਕਰੇ ਦਾਤਾ ਗਹਿਰ ਗੰਭੀਰ, ਗੁਣਵੰਤਾ ਹੋਏ ਸਹਾਈਆ। ਜਨ ਭਗਤਾਂ ਚਰਨ ਪ੍ਰੀਤੀ ਦੇ ਕੇ ਧੀਰ, ਧੀਰਜ ਧਰਵਾਸ ਇਕ ਦ੍ਰਿੜਾਈਆ। ਸਚ ਦਵਾਰੇ ਰਹੇ ਨਾ ਕੋਇ ਗ਼ਰੀਬ, (ਗ਼ਰੀਬ) ਅਮੀਰ ਇਕੋ ਰੰਗ ਦਏ ਵਖਾਈਆ। ਜੋ ਸੋਹੰ ਢੋਲਾ ਗਾਏ ਫ਼ਿਕਰਾ ਸੋ ਹੱਕ ਫ਼ਕੀਰ, ਫ਼ੱਕਰ ਹੋ ਕੇ ਫ਼ਕਤ ਜਾਤੀ ਨਾਤਾ ਜਾਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਦਰੋਂ ਬਦਲ ਦੇਵੇ ਤਾਸੀਰ, ਬਿਨ ਤਸਬੀ ਮਾਲਾ ਆਤਮ ਪਰਮਾਤਮ ਨਾਮ ਜਪਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ੨ ਤਾਰਾ ਸਿੰਘ ਦੇ ਗ੍ਰਹਿ ਪਿੰਡ ਨਵਾ ਪਿੰਡ ਜ਼ਿਲਾ ਗੁਰਦਾਸ ਪੁਰ
ਜਨ ਭਗਤ ਤੇਰੀ ਰਹੇ ਨਾ ਗਿਰਿਅਜ਼ਾਰੀ, ਗ੍ਰਿਹਾ ਗ੍ਰਹਿ ਵੇਖ ਵਖਾਈਆ। ਚੁਰਾਸੀ ਕੱਟੇ ਜਗਤ ਬੇਜ਼ਾਰੀ, ਬੇਵਾ ਨਾਤਾ ਦਏ ਤੁੜਾਈਆ। ਕਿਰਪਾ ਕਰੇ ਅਪਰ ਅਪਾਰੀ, ਅਪਰੰਪਰ ਹੋਵੇ ਆਪ ਸਹਾਈਆ। ਆਤਮ ਰਹਿਣ ਨਾ ਦੇਵੇ ਕੁਵਾਰੀ, ਪਰਮਾਤਮ ਹੋ ਕੇ ਆਪ ਪਰਨਾਈਆ। ਚਰਨ ਕਵਲ ਸਚ ਪ੍ਰੀਤ ਦੇਵੇ ਆਧਾਰੀ, ਸਿਰ ਆਪਣਾ ਹੱਥ ਟਿਕਾਈਆ। ਜਗਤ ਵਿਛੁੰਨਿਆਂ ਮੇਲੀ ਜਾਏ ਵਾਰੋ ਵਾਰੀ, ਵਾਰਤਾ ਪਿਛਲੀ ਵੇਖ ਵਖਾਈਆ। ਲੇਖਾ ਜਾਣੇ ਧੁਰਦਰਬਾਰੀ, ਪੜਦਾ ਉਹਲਾ ਦਏ ਉਠਾਈਆ। ਮੇਲਾ ਮਿਲੇ ਜੋਤ ਨਿਰੰਕਾਰੀ, ਨਿਰਗੁਣ ਆਪਣੇ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਲਕ ਬਣ ਕੇ ਧੁਰ ਦਰਬਾਰੀ, ਦਰਗਾਹ ਸਾਚੀ ਸਾਚੇ ਧਾਮ ਧੁਰ ਦਾ ਰਾਮ ਆਰਾਮ ਨਾਲ ਗੁਰਮੁਖ ਦਏ ਟਿਕਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ੨ ਦਰਸ਼ਨ ਸਿੰਘ ਦੇ ਗ੍ਰਹਿ ਪਿੰਡ ਨਇਆ ਸ਼ਾਲਾ ਜ਼ਿਲਾ ਗੁਰਦਾਸ ਪੁਰ
ਜਨ ਭਗਤ ਕਹਿਣ ਪ੍ਰਭ ਵੇਖ ਕਲ ਅੰਧੇਰੀ ਰਾਤੀ, ਅੰਤਰ ਆਤਮ ਪਾਰਬ੍ਰਹਮ ਬ੍ਰਹਮ ਗਿਆਨ ਨਾ ਕੋਇ ਦ੍ਰਿੜਾਈਆ। ਸੰਤ ਸੁਹੇਲੇ ਕਹਿਣ ਪੁਰਖ ਅਕਾਲ ਅੰਮ੍ਰਿਤ ਮਿਲੇ ਨਾ ਬੂੰਦ ਸਵਾਂਤੀ, ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਤ੍ਰਿਸ਼ਨਾ ਭੁੱਖ ਨਾ ਕੋਇ ਮਿਟਾਈਆ। ਗੁਰਮੁਖ ਕਹਿਣ ਦੀਨ ਦਿਆਲ ਸਾਚੀ ਦੇਵੇ ਵਸਤ ਕੋਇ ਨਾ ਦਾਤੀ, ਚਾਰ ਵਰਨ ਅਠਾਰਾਂ ਬਰਨ ਵਸਤ ਅਮੋਲਕ ਕਾਇਆ ਗੋਲਕ ਹੱਕ ਹਕ਼ੀਕ਼ਤ ਝੋਲੀ ਕੋਇ ਨਾ ਪਾਈਆ। ਗੁਰਮੁਖ ਕਹਿਣ ਸਾਚਾ ਜੁੜੇ ਨਾ ਕੋਇ ਨਾਤੀ, ਧਰਨੀ ਧਰਤ ਧਵਲ ਸਾਚੀ ਧਾਰਾ ਕੋਇ ਨਾ ਰਿਹਾ ਮਵਲ, ਪੱਤ ਟਹਿਣੀ ਫੁੱਲ ਫੁਲਵਾੜੀ ਨਾ ਕੋਇ ਮਹਿਕਾਈਆ। ਅਬਿਨਾਸ਼ੀ ਕਰਤੇ ਤੁਧ ਬਿਨ ਦੂਜਾ ਦਿਸੇ ਨਾ ਕੋਇ ਸਾਥੀ, ਗੁਰ ਅਵਤਾਰ ਪੈਗ਼ੰਬਰ ਆਪਣਾ ਲਹਿਣਾ ਗਏ ਚੁਕਾਈਆ। ਨਵ ਨੌ ਚਾਰ ਲਹਿਣਾ ਰਹੇ ਕੋਇ ਨਾ ਬਾਕੀ, ਪਰਵਰਦਿਗਾਰ ਸਾਂਝੇ ਯਾਰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰਾ ਮੇਲ ਨਾ ਕੋਇ ਮਿਲਾਈਆ। ਮਨੂਆਂ ਮਨ ਵਿਕਾਰੀ ਹੋਇਆ ਆਕੀ, ਮਮਤਾ ਮੋਹ ਹੰਕਾਰ ਨਾ ਕੋਇ ਗਵਾਈਆ। ਸਾਚਾ ਜਾਮ ਪਿਆਏ ਕੋਇ ਨਾ ਬਣ ਕੇ ਸਾਕੀ, ਮਧਰ ਪਿਆਲੇ ਪੀਵੇ ਖ਼ਲਕ ਖ਼ੁਦਾਈਆ। ਪੁਰਖ ਅਕਾਲ ਦੀਨ ਦਿਆਲ ਜੀਵਣ ਵਿਚੋਂ ਜੀਵਣ ਬਦਲੇ ਨਾ ਕੋਇ ਹਯਾਤੀ, ਕਾਇਆ ਮੰਦਰ ਅੰਦਰ ਤੇਰਾ ਰੂਪ ਸਤਿ ਸਰੂਪ ਸਤਿ ਸਤਿਵਾਦੀ ਦਰਸ ਨਾ ਕੋਇ ਕਰਾਈਆ। ਕੋਟਾਂ ਅਰਬਾਂ ਵਧਦੀ ਦਿਸੇ ਆਬਾਦੀ, ਸਾਚਾ ਮੀਤ ਮਿੱਤਰ ਪਿਆਰਾ ਬਿਨ ਰਸਨਾ ਜਿਹਵਾ ਗਾਵਣਹਾਰਾ ਗੀਤ, ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਲੋਕਮਾਤ ਆਪਣਾ ਦਰ, ਧੁਰ ਦਰਬਾਰੀ ਆਪਣਾ ਫੇਰਾ ਪਾਈਆ। ਜਨ ਭਗਤ ਕਹਿਣ ਪ੍ਰਭ ਵੇਖ ਕਲਜੁਗ ਅੰਧੇਰੀ ਰੈਣ, ਸਾਚਾ ਚੰਦ ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਤੇਰਾ ਦਰਸ ਕਰੇ ਨਾ ਕੋਈ ਨਿਝ ਲੋਚਣ ਨੈਣ, ਆਤਮ ਪਰਮਾਤਮ ਮਿਲ ਕੇ ਖ਼ੁਸ਼ੀ ਨਾ ਕੋਇ ਮਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਢੋਲੇ ਸਾਰੇ ਕਹਿਣ, ਗਾ ਗਾ ਥੱਕੀ ਜਗਤ ਲੋਕਾਈਆ। ਚਾਰ ਕੁੰਟ ਦਹਿ ਦਿਸ਼ਾ ਅਠਸਠ ਤੀਰਥ ਭੱਜ ਭੱਜ ਨਹਾਇਣ, ਦੁਰਮਤ ਮੈਲ ਅੰਤਰ ਭੀਤਰ ਬਾਹਰ ਨਾ ਕੋਇ ਕਢਾਈਆ। ਪਾਰਬ੍ਰਹਮ ਬ੍ਰਹਮ ਮਿਲਿਆ ਨਾ ਸਾਕ ਸੱਜਣ ਸੈਣ, ਮਾਤ ਪਿਤ ਭਾਈ ਭੈਣ ਨਾਰ ਪਤ ਕੋਟਨ ਕੋਟ ਸੱਜਣ ਜਗਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਦਰ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਮਿਹਰ ਨਜ਼ਰ ਇਕ ਖੁਲ੍ਹਾਈਆ। ਜਨ ਭਗਤ ਕਹਿਣ ਪ੍ਰਭ ਵੇਖ ਕਲਜੁਗ ਵੇਲਾ ਅੰਤ ਅਖ਼ੀਰ, ਚਾਰੋਂ ਕੁੰਟ ਅੰਧੇਰਾ ਛਾਈਆ। ਸ਼ਰਅ ਕੱਟੇ ਨਾ ਕੋਇ ਜੰਜੀਰ, ਲਾਸ਼ਰੀਕ ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਝਗੜਾ ਪਿਆ ਗ਼ਰੀਬ ਅਮੀਰ, ਨਾਸਤਕ ਰੂਪ ਬਣੀ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਜੋ ਦੀਨ ਮਜ਼੍ਹਬ ਦੇ ਕੇ ਗਏ ਤਰਤੀਬ, ਹੁਕਮ ਹੁਕਮੇ ਅੰਦਰ ਸੁਣਾਈਆ। ਸੋ ਖੇਲ ਨਿਰਾਲਾ ਹਰਿ ਨਿਰੰਕਾਰਾ ਵੇਖ ਅਜਬ ਅਜੀਬ, ਜਿਸ ਦੀ ਚੌਦਾਂ ਵਿਦਿਆ ਸਾਰ ਕੋਇ ਨਾ ਪਾਈਆ। ਸਚ ਸਵਾਮੀ ਅੰਤਰਜਾਮੀ ਪੁਰਖ ਬਿਧਾਤੇ ਤੇਰੇ ਨਾਮ ਦੀ ਦੇਵੇ ਕੋਈ ਨਾ ਭੀਖ, ਗੁਰਦਵਾਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਨੇਤਰ ਰੋਵਣ ਮਾਰਨ ਧਾਹੀਂਆ। ਭਵਿਖਤਾਂ ਵਿਚ ਲਿਖਤਾਂ ਵਿਚ ਤੇਰੀ ਰੱਖਦੇ ਗਏ ਸਰਬ ਉਡੀਕ, ਬਿਨ ਅੱਖਾਂ ਅੱਖ ਖੁਲ੍ਹਾਈਆ। ਪਰਵਰਦਿਗਾਰ ਸਾਂਝੇ ਯਾਰ ਕਲਜੁਗ ਅੰਤਮ ਬਦਲ ਦੇ ਤਵਾਰੀਖ, ਜੂਠ ਝੂਠ
ਕੂੜ ਕੁੜਿਆਰ ਡੇਰਾ ਢਾਹੀਆ। ਚਾਰ ਵਰਨ ਅਠਾਰਾਂ ਬਰਨ ਆਤਮ ਪਰਮਾਤਮ ਸਾਚੀ ਦੱਸ ਇਕ ਪ੍ਰੀਤ, ਪ੍ਰੀਤਮ ਹੋ ਕੇ ਅੰਦਰੋਂ ਪੜਦਾ ਦੇ ਉਠਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਸਾਚਾ ਦੱਸ ਗੀਤ, ਜੋ ਗੁਰ ਅਵਤਾਰ ਪੈਗ਼ੰਬਰ ਭਗਤ ਭਗਵਾਨ ਮਿਲ ਕੇ ਆਦਿ ਜੁਗਾਦਿ ਜੁਗ ਚੌਕੜੀ ਮਿਲ ਮਿਲ ਸਦਾ ਗਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬਦਲ ਦੇ ਅੰਦਰੋਂ ਨੀਤ, ਕਾਇਆ ਕਾਅਬੇ ਅੰਦਰ ਕਰ ਰੁਸ਼ਨਾਈਆ। ਸਾਹਿਬ ਸਵਾਮੀ ਅੰਤਰਜਾਮੀ ਨਜ਼ਰੀ ਆ ਇਕ ਅਤੀਤ, ਤ੍ਰੈਗੁਣ ਲੇਖਾ ਦੇ ਮੁਕਾਈਆ। ਸਦੀ ਚੌਧਵੀਂ ਰਹੀ ਬੀਤ, ਵਾਤਾਵਰਨ ਵੇਖ ਆਪਣੀ ਜਗਤ ਲੋਕਾਈਆ। ਨਿਰਗੁਣ ਹੋ ਕੇ ਸਰਗੁਣ ਕਰ ਤਸਦੀਕ, ਸ਼ਹਾਦਤ ਇਕੋ ਵਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟੀ ਦ੍ਰਿਸ਼ਟੀ ਵੇਖ ਘਰ, ਨਿਰਗੁਣ ਹੋ ਕੇ ਵੇਸ ਵਟਾਈਆ। ਜਨ ਭਗਤ ਕਹਿਣ ਪ੍ਰਭ ਆ ਜਲਦੀ, ਲੋਕਮਾਤ ਫੇਰਾ ਪਾਈਆ। ਚਾਰੋਂ ਕੁੰਟ ਕੂੜੀ ਕਿਰਿਆ ਅੱਗ ਬਲਦੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਲ ਵਰਤੀ ਕਲਜੁਗ ਕਲ ਦੀ, ਕਾਲਖ ਮਸਤਕ ਟਿੱਕੇ ਲੱਗੇ ਸ਼ਾਹੀਆ। ਕਿਸੇ ਸਾਰ ਨਾ ਜਲ ਥਲ ਦੀ, ਮਹੀਅਲ ਖੋਜ ਨਾ ਕੋਇ ਖੁਜਾਈਆ। ਦੀਪਕ ਜੋਤ ਕੋਇ ਨਾ ਬਲਦੀ, ਸ਼ਮਾਂ ਗੁਲ ਹੋਈ ਲੋਕਾਈਆ। ਕਿਸੇ ਨੂੰ ਖ਼ਬਰ ਨਹੀਂ ਘੜੀ ਪਲ ਦੀ, ਭੇਵ ਅਭੇਦਾ ਅਛਲ ਅਛੇਦਾ ਤੇਰਾ ਪੜਦਾ ਨਾ ਕੋਇ ਉਠਾਈਆ। ਆਤਮ ਪਰਮਾਤਮ ਵਿਚ ਮੂਲ ਨਾ ਰਲਦੀ, ਰਸਨਾ ਜਿਹਵਾ ਢੋਲੇ ਗਾ ਗਾ ਖ਼ੁਸ਼ੀ ਮਨਾਈਆ। ਲਹਿਰ ਮੁੱਕੇ ਨਾ ਅੰਦਰੋਂ ਦੂਈ ਦਵੈਤੀ ਸਲ ਦੀ, ਤੰਦ ਸਤਾਰ ਅੰਤਰ ਆਤਮ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਘਰ, ਗ੍ਰਹਿ ਮੰਦਰ ਫੋਲ ਫੁਲਾਈਆ। ਜਨ ਭਗਤ ਕਹਿਣ ਪ੍ਰਭ ਦੀਨ ਦੁਨੀ ਦੀ ਵੇਖ ਆਦਤ, ਅਦਲੀ ਹੋ ਕੇ ਫੇਰਾ ਪਾਈਆ। ਸਾਚੀ ਕਰੇ ਨਾ ਕੋਇ ਇਬਾਦਤ, ਹਿਰਦੇ ਹਰਿ ਨਾ ਕੋਇ ਵਸਾਈਆ। ਮਨੂਆਂ ਘਰ ਘਰ ਕਰੇ ਬਗ਼ਾਵਤ, ਪੰਜ ਤੱਤ ਕਰਨ ਲੜਾਈਆ। ਮਮਤਾ ਮੋਹ ਨਾ ਮਿਟੇ ਅਲਾਮਤ, ਹਉਮੇ ਰੋਗ ਰਿਹਾ ਸਤਾਈਆ। ਗੁਰ ਅਵਤਾਰ ਪੈਗ਼ੰਬਰ ਦੇਵੇ ਨਾ ਕੋਇ ਜ਼ਮਾਨਤ, ਬਰੀਖ਼ਾਨਾ ਨਾ ਕੋਇ ਵਖਾਈਆ। ਚਾਰ ਵਰਨ ਅਠਾਰਾਂ ਬਰਨ ਜਗਤ ਵਾਸਨਾ ਹੋਈ ਜਹਾਲਤ, ਜਾਹਰ ਜਹੂਰ ਤੇਰਾ ਦਰਸ ਕੋਇ ਨਾ ਪਾਈਆ। ਦੀਨਾਂ ਮਜ਼੍ਹਬਾਂ ਦਿਸੇ ਅਦਾਵਤ, ਹੱਕ ਇਨਸਾਫ਼ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਜੀਵ ਜੰਤ ਤਨ ਮਾਟੀ ਖ਼ਾਕੀ ਵੇਖ ਬਨਾਵਟ, ਘਟ ਭੀਤਰ ਖੋਜ ਖੁਜਾਈਆ। ਜਨ ਭਗਤ ਕਹਿਣ ਪ੍ਰਭ ਵੇਖ ਆਪਣੀ ਦੁਨੀਆ ਦੁਨੀਆ ਦੇ ਦੁਨੀਦਾਰ, ਕਾਅਬਿਆਂ ਵਿਚ ਜਗਤ ਲੋਕਾਈਆ। ਜੂਠ ਝੂਠ ਵਧਿਆ ਹੰਕਾਰ, ਹਉਮੇ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਪੜ੍ਹ ਗਏ ਹਾਰ, ਆਤਮ ਬ੍ਰਹਮ ਬੋਧ ਨਾ ਕੋਇ ਵਖਾਈਆ। ਤੇਰਾ ਸ਼ਬਦ ਕਰੇ ਨਾ ਕੋਇ ਪਿਆਰ, ਧੁਨ ਆਤਮਕ ਅਨਾਦੀ ਨਾਦ ਨਾ ਕੋਇ ਸ਼ਨਵਾਈਆ। ਅੰਮ੍ਰਿਤ ਜਲ ਨਿਝਰ ਝਿਰਨਾ ਕੋਈ ਨਾ ਪੀਵੇ ਠੰਡਾ ਠਾਰ, ਅੱਠਸੱਠ ਤੀਰਥ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਖ਼ਬਰ ਕਰ ਖ਼ਬਰਦਾਰ, ਸ਼ਬਦ ਸੰਦੇਸ਼ਾ ਨਰ ਨਰੇਸ਼ਾ ਏਕੰਕਾਰ ਇਕ ਸੁਣਾਈਆ। ਜਨ ਭਗਤ ਕਹਿਣ ਪ੍ਰਭ ਸਾਚੇ ਭਗਵੰਤ, ਭਗਵਨ ਤੇਰੀ ਓਟ ਰਖਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਧੁਰ ਦਾ ਕੰਤ, ਕੰਤ ਕੰਤੂਹਲ ਤੇਰੇ ਹੱਥ ਵਡਿਆਈਆ। ਨਾਮ ਸੰਦੇਸ਼ਾ ਇਕੋ ਦੇ ਧੁਰ ਦਾ ਮੰਤ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਪੜ੍ਹ ਕੇ ਖ਼ੁਸ਼ੀ ਮਨਾਈਆ।
ਵਿਸ਼ਨ ਬ੍ਰਹਮਾ ਸ਼ਿਵ ਤੇਰੀ ਗਾਥਾ ਕਹਿਣ ਅਨੰਤ, ਢੋਲੇ ਗੀਤ ਸੰਗੀਤ ਬਿਨ ਰਾਗਾਂ ਰਾਗ ਸੁਣਾਈਆ। ਤੂੰ ਬੋਧ ਅਗਾਧਾ ਸ਼ਬਦ ਅਨਾਦਾ ਦੋ ਜਹਾਨਾਂ ਸੱਚਾ ਪੰਡਤ, ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਦੂਜੀ ਕਰੇਂ ਨਾ ਕੋਇ ਪੜ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਸੰਤ ਸੁਹੇਲੇ ਗੁਰ ਅਵਤਾਰ ਪੈਗ਼ੰਬਰ ਬਣਾ ਅਗੰਮੀ ਸੰਗਤ, ਜਿਸ ਦੇ ਸੰਗ ਰਹਿ ਕੇ ਆਪਣਾ ਰੰਗ ਚੜ੍ਹਾਈਆ। ਜਨ ਭਗਤ ਕਿਸੇ ਦਵਾਰੇ ਨਾ ਜਾਏ ਮੰਗਤ, ਖਾਲੀ ਝੋਲੀ ਨਾ ਕੋਇ ਵਖਾਈਆ। ਦੂਜੇ ਦਰ ਨਾ ਕੱਢੇ ਮਿੰਨਤ, ਸੀਸ ਅਵਰ ਨਾ ਕੋਇ ਝੁਕਾਈਆ। ਮਨੂਆ ਮਨ ਨਾ ਕਰੇ ਇੱਲਤ, ਵਾਸਨਾ ਜਗਤ ਨਾ ਕੋਇ ਹਲਕਾਈਆ। ਸਿੱਧੀ ਦੱਸ ਦੇ ਆਪਣੀ ਸਿੰਮਤ, ਸਿਮਰਨ ਪੂਜਾ ਜੋਗ ਅਭਿਆਸ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋ ਸਹਾਈਆ। ਜਨ ਭਗਤ ਕਹਿਣ ਪ੍ਰਭ ਦੇ ਦੇ ਉਹ ਜਾਪ, ਜਿਸ ਨੂੰ ਰਸਨਾ ਨਾਲ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਖੋਲ੍ਹ ਦੇ ਤਾਕ, ਪੜਦਾ ਓਹਲਾ ਦੇ ਉਠਾਈਆ। ਨਿਰਗੁਣ ਨਿਰਵੈਰ ਜੋਤ ਸਰੂਪ ਨਜ਼ਰੀਂ ਆਵੀਂ ਸਾਖਿਆਤ, ਸਵੱਛ ਸਰੂਪੀ ਰੂਪ ਆਪਣਾ ਦਰਸਾਈਆ। ਆਤਮ ਪਰਮਾਤਮ ਹੋ ਕੇ ਵਸੀਂ ਸਾਥ, ਸਗਲਾ ਸੰਗ ਆਪ ਬਣਾਈਆ। ਰੂਹ ਬੁਤ ਦੋਵੇਂ ਕਰ ਦੇ ਪਾਕ, ਖ਼ਾਕੀ ਖ਼ਾਕ ਮਿਲੇ ਵਡਿਆਈਆ। ਕਲਜੁਗ ਅੰਧੇਰੀ ਰਹਿਣ ਨਾ ਪਾਏ ਰਾਤ, ਨਿਰਗੁਣ ਨੂਰ ਕਰ ਰੁਸ਼ਨਾਈਆ। ਝਗੜਾ ਮੁਕ ਜਾਏ ਜਾਤ ਪਾਤ, ਵਰਨ ਗੋਤ ਵੰਡ ਨਾ ਕੋਇ ਵੰਡਾਈਆ। ਸਾਚੀ ਦੱਸ ਦੇ ਪ੍ਰੀਤੀ ਚਰਨ ਨਾਤ, ਚਰਨ ਕਵਲ ਇਕ ਸਰਨਾਈਆ। ਤੂੰ ਆਦਿ ਜੁਗਾਦੀ ਸ਼ਾਹੋ ਸ਼ਾਬਾਸ਼, ਪੁਰਖ ਅਬਿਨਾਸ਼ੀ ਅਬਿਨਾਸ਼ੀ ਕਰਤੇ ਤੇਰੇ ਹੱਥ ਵਡਿਆਈਆ। ਭਗਤ ਸੁਹੇਲੇ ਕਰ ਦਾਸੀ ਦਾਸ, ਸੇਵਕ ਸੇਵਾ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਾਤੀ ਵੇਖ ਵਖਾਈਆ। ਜਨ ਭਗਤ ਕਹਿਣ ਪ੍ਰਭੂ ਵੇਖ ਆਪਣਾ ਪਰਦੇਸ, ਜੋ ਲੋਕਮਾਤ ਦਿਤਾ ਬਣਾਈਆ। ਜਿਥੇ ਆਵੇਂ ਨਿੱਤ ਨਵਿਤ ਕਰ ਅਵੱਲੜਾ ਵੇਸ, ਪੰਜ ਤੱਤ ਕਾਇਆ ਮਾਟੀ ਚੋਲਾ ਤਨ ਹੰਢਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਦੇਂਦਾ ਰਿਹੋਂ ਸੰਦੇਸ਼, ਨਿਰਅੱਖਰ ਅੱਖਰ ਵਿਚ ਬਦਲਾਈਆ। ਕਲਮ ਸ਼ਾਹੀ ਕਾਗਜ਼ ਲਿਖੌਂਦਾ ਰਿਹੋਂ ਲੇਖ, ਕਾਤਬ ਹੋ ਕੇ ਕਰਮ ਕਮਾਈਆ। ਜਨ ਭਗਤਾਂ ਅੰਦਰ ਵੜ ਕੇ ਦਸਦਾ ਰਿਹੋਂ ਭੇਤ, ਪੜਦਾ ਉਹਲਾ ਆਪ ਉਠਾਈਆ। ਨਜ਼ਰੀ ਔਂਦਾ ਰਿਹੋਂ ਨੇਤ ਨੇਤ, ਨਿਝ ਨੇਤਰ ਕਰ ਰੁਸ਼ਨਾਈਆ। ਕਲਜੁਗ ਅੰਤ ਸਵਾਮੀ ਆਤਮ ਪਰਮਾਤਮ ਕਰ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਅੰਤ ਸੁਹੰਜਣਾ ਸੁਹਾਵਣਾ ਕਰ ਮਹੀਨਾ ਚੇਤ, ਚੇਤਨ ਸੁਰਤੀ ਭਗਤ ਕਰਾਈਆ। ਸਭ ਕੁਛ ਤੇਰੇ ਅੱਗੇ ਅਰਪਨ ਕੀਤਾ ਭੇਟ, ਆਤਮ ਪਰਮਾਤਮ ਤੇਰੀ ਝੋਲੀ ਪਾਈਆ। ਤੂੰ ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਬਣ ਖੇਵਟ ਖੇਟ, ਨਈਆ ਨੌਕਾ ਆਪਣੀ ਇਕ ਚੜ੍ਹਾਈਆ। ਧੁਰ ਫ਼ਰਮਾਣ ਸ੍ਰੀ ਭਗਵਾਨ ਸ਼ਬਦ ਅਗੰਮੀ ਦੇ ਸੰਦੇਸ਼, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪ ਦ੍ਰਿੜਾਈਆ। ਗ੍ਰਹਿ ਮੰਦਰ ਤੇਰਾ ਤੱਕੀਏ ਮਹੱਲ ਅਟੱਲ ਉਚ ਮੁਨਾਰ ਏਕ, ਏਕੰਕਾਰ ਜਿਸ ਘਰ ਬੈਠਾ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਫੇਰਾ ਪਾਈਆ। ਜਨ ਭਗਤ ਕਹਿਣ ਪ੍ਰਭ ਕਿਰਪਾ ਕਰ ਧੁਰ ਮਿਹਰਵਾਨ, ਮਹਿਬੂਬ ਤੇਰੀ ਇਕ ਸਰਨਾਈਆ। ਬੁੱਧੀ ਤੋਂ ਪਰੇ ਦੇ ਗਿਆਨ, ਅੱਖਰਾਂ ਦੀ ਲੋੜ ਰਹੇ ਨਾ ਰਾਈਆ। ਧੁਰ ਦਾ ਮੰਦਰ ਵਖਾ ਮਕਾਨ, ਪੌੜ੍ਹੀ ਡੰਡਾ ਨਾ ਕੋਇ ਚੜ੍ਹਾਈਆ। ਝਗੜਾ ਚੁੱਕੇ ਜ਼ਿਮੀਂ ਅਸਮਾਨ,
ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਬਿਨਾ ਅੱਖਾਂ ਤੋਂ ਪਰਤੱਖ ਨਜ਼ਰੀ ਆਏਂ ਸ੍ਰੀ ਭਗਵਾਨ, ਸਵੱਛ ਆਪਣੀ ਕਾਰ ਕਮਾਈਆ। ਬਿਨ ਤੇਰੀ ਕਿਰਪਾ ਲੋਕਮਾਤ ਕਿਸੇ ਨਾ ਹੋਵੇ ਕਲਿਆਣ, ਕਲਮਿਆਂ ਵਾਲੇ ਕਾਅਬੇ ਦੇਣ ਦੁਹਾਈਆ। ਤੂੰ ਪਰਵਰਦਿਗਾਰ ਸਾਂਝਾ ਯਾਰ ਮਾਲਕ ਹੱਕ ਮਕਾਨ, ਸਾਢੇ ਤਿੰਨ ਹੱਥ ਸਮਰਥ ਤੇਰੀ ਧਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦੇ ਵਰ, ਵਾਰਤਾ ਅਗਲੀ ਦੇ ਸਮਝਾਈਆ। ਜਨ ਭਗਤ ਕਹਿਣ ਪ੍ਰਭ ਪਿਛਲਾ ਲੇਖਾ ਦੇ ਚੁਕਾ, ਪੂਰਬ ਰਹੇ ਨਾ ਰਾਈਆ। ਅਗਲੀ ਮੰਜ਼ਲ ਦੇ ਚੜ੍ਹਾ, ਜਿਥੇ ਵਸੇਂ ਬੇਪਰਵਾਹੀਆ। ਇਕੋ ਨੂਰ ਹੋਵੇ ਰੁਸ਼ਨਾ, ਦੀਆ ਬਾਤੀ ਨਾ ਕੋਇ ਜਗਾਈਆ। ਇਕੋ ਸਿੰਘਾਸਣ ਰਿਹਾ ਸੁਹਾ, ਸਾਹਿਬ ਸੁਲਤਾਨ ਡੇਰਾ ਲਾਈਆ। ਭਗਤਾਂ ਨਾਲ ਮਿਲ ਕੇ ਭਗਵਨ ਆਪਣੇ ਵਿਚ ਸਮਾ, ਸਮਾਪਤ ਹੋਵੇ ਖੇਲ ਜਗਤ ਲੋਕਾਈਆ। ਤੂੰ ਦਾਤਾ ਦਾਨੀ ਦਇਆਵਾਨ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਲਵਾਗਰ ਨੂਰ ਖ਼ੁਦਾ, ਮੁਕਾਮੇ ਹੱਕ ਡੇਰਾ ਲਾਈਆ। ਵਾਹਦ ਲਾਸ਼ਰੀਕ ਸਚ ਤੌਫੀਕ ਹਕ ਰਫੀਕ ਚਰਨ ਕਵਲ ਕਦਮੇ ਕਦੀਮ ਦੇ ਪਨਾਹ, ਸਹਾਰਾ ਇਕੋ ਇਕ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਆਤਮ ਪਰਮਾਤਮ ਹੋਵੇ ਨਾ ਕਦੇ ਜੁਦਾ, ਜੁਜ਼ ਅੰਗ ਵੱਖਰੀ ਵੰਡ ਨਾ ਕੋਇ ਵੰਡਾਈਆ।
ਪਹਿਲੀ ਵਿਸਾਖ ਸ਼ਹਿਨਸ਼ਾਹੀ ਸੰਮਤ ੨ ਹਰਿ ਭਗਤ ਦਵਾਰ ਜੇਠੂਵਾਲ
ਵਤਨ ਵਲ ਫੇਰਾ ਪਾਇਆ ਸਾਖਿਆਤ, ਬੇਵਤਨ ਗੁਰਮੁਖ ਰਿਹਾ ਉਠਾਈਆ। ਨਵ ਨੌ ਚਾਰ ਪਿਛੋਂ ਆਇਆ ਉਹ ਵਿਸਾਖ, ਜੋ ਵਸਾਹ ਕੇ ਸ੍ਰਿਸ਼ਟੀ ਵਿਚੋਂ ਭਗਤਾਂ ਦੀ ਦ੍ਰਿਸ਼ਟੀ ਲਏ ਬਦਲਾਈਆ। ਬਿਨ ਅੱਖਰਾਂ ਤੋਂ ਜੋ ਗੋਬਿੰਦ ਗਿਆ ਆਖ, ਬਿਨ ਸਤਰਾਂ ਸਤਿ ਸਤਿ ਸਮਝਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਧਾਰ ਵੇਖਣ ਆਇਆ ਆਪ, ਆਪ ਆਪਣਾ ਫੇਰਾ ਪਾਈਆ। ਜਿਸ ਦਾ ਏਥੇ ਓਥੇ ਦੋ ਜਹਾਨ ਆਦਿ ਜੁਗਾਦਿ ਕਰੇ ਕੋਈ ਨਾ ਨਾਪ, ਪੈਮਾਨਿਆਂ ਵਿਚੋਂ ਪੈਮਾਇਸ਼ ਨਾ ਕੋਇ ਰਖਾਈਆ। ਸੋ ਕਰਨ ਆਇਆ ਖੇਲ ਅੰਤਰਜਾਮੀ ਪੁਰਖ ਅਬਿਨਾਸ਼, ਕਰਨੀ ਦਾ ਕਰਤਾ ਦਇਆ ਕਮਾਈਆ। ਵਿਛੜੀ ਰਹਿਣ ਨਾ ਦੇਵੇ ਕੋਈ ਸਖੀ ਨਾਰ ਕਮਜਾਤ, ਕੁਲਖਣੀ ਰੂਪ ਨਾ ਕੋਇ ਬਣਾਈਆ। ਅੰਦਰ ਬਾਹਰ ਗੁਪਤ ਜਾਹਰ ਰੂਹ ਬੁੱਤ ਦੋਵੇਂ ਕਰ ਦਏ ਪਾਕ, ਪੁਨੀਤ ਪਵਿਤ ਆਪ ਕਰਾਈਆ। ਇਕ ਜਪਾ ਕੇ ਧੁਰ ਦਾ ਜਾਪ, ਜੀਵਣ ਜੁਗਤ ਜੁਗਤ ਦਏ ਬਦਲਾਈਆ। ਬਿਨਾ ਬੇਨਤੀ ਕੀਤੀ ਅਰਦਾਸ, ਆਸ ਸਭ ਦੀ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਅਠਸਠ ਤੀਰਥ ਅੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰਮੁਖ ਕਿਸੇ ਲੱਭਣੀ ਨਾ ਪਏ ਖ਼ਾਕ, ਦਰ ਦਰ ਅਲਖ ਨਾ ਕੋਇ ਜਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲਾ ਆਪਣੇ ਮਿਲਣ ਦੀ ਆਪੇ ਦੱਸ ਦਏ ਜਾਚ, ਯਾਚਕ ਆਪਣੇ ਲਏ ਉਠਾਈਆ। ਕੋਟ ਜਨਮ ਦੀ ਭਗਤੀ ਨਾਲੋਂ ਸੁਹੰਜਣੀ ਹੋ ਜਾਏ ਅੱਜ ਦੀ ਰਾਤ, ਗੁਰ ਅਵਤਾਰ ਪੈਗ਼ੰਬਰ ਵੇਖ ਵੇਖ ਖ਼ੁਸ਼ੀ ਮਨਾਈਆ। ਭਗਤ ਸੁਹੇਲਾ ਇਕ ਇਕੇਲਾ ਸ਼ਾਹ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਪੁੱਛਣਹਾਰਾ ਧੁਰ ਦੀ ਵਾਤ, ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਵਤਨਾਂ ਵਲ
ਪਾਈ ਫੇਰੀ, ਫਿਰ ਕੇ ਆਪਣਾ ਆਪ ਬਦਲਾਈਆ। ਜੋ ਲੇਖਾ ਜਾਣੇ ਆਦਿ ਜੁਗਾਦਿ ਗੁਰੂ ਗੁਰ ਚੇਰੀ, ਲੱਖ ਚੁਰਾਸੀ ਖੋਜ ਖੁਜਾਈਆ। ਗੁਰਮੁਖੋ ਸਤਿਗੁਰ ਪੂਰਾ ਜਾਣਦਾ ਵਿਛੜੀ ਕਿਹੜੀ ਕਿਹੜੀ, ਜੁਗ ਜਨਮ ਦੀ ਪੂਰਬ ਰਾਹ ਤਕਾਈਆ। ਵਿਛੋੜੇ ਦੀ ਰੁਤੜੀ ਪਿਛੇ ਬੀਤ ਗਈ ਬਥੇਰੀ, ਚੌਕੜੀ ਦਏ ਗਵਾਹੀਆ। ਕਲਜੁਗ ਰੈਣ ਵੇਖੋ ਅੰਧੇਰੀ, ਸਾਚਾ ਚੰਦ ਨਾ ਕੋਇ ਚਮਕਾਈਆ। ਬਿਨ ਪੁਰਖ ਅਕਾਲ ਸਾਗਰ ਵਿਚੋਂ ਕੱਢ ਲਈ ਸਭ ਨੇ ਆਪਣੀ ਆਪਣੀ ਬੇੜੀ, ਨੌਕਾ ਨਾਮ ਨਾ ਕੋਇ ਵਖਾਈਆ। ਅਬਿਨਾਸ਼ੀ ਕਰਤਾ ਦੀਨ ਦਿਆਲ ਨਿਰਗੁਣ ਧਾਰ ਹੋ ਕੇ ਲਾਵੇ ਕੋਇ ਨਾ ਦੇਰੀ, ਡੇਰਿਆਂ ਵਿਚੋਂ ਡੰਡੇ ਦਏ ਉਠਾਈਆ। ਧੰਨ ਭਾਗ ਜੇ ਗੁਰਮੁਖੋ ਤੁਸਾਂ ਇਹ ਅੰਦਰੋਂ ਛੇੜ ਛੇੜੀ, ਮਾਂਗਤ ਹੋ ਕੇ ਮੰਗ ਮੰਗਾਈਆ। ਅੱਗੇ ਕੂੜ ਦੀ ਰਹਿਣ ਨਾ ਦੇਵੇ ਅੰਧੇਰੀ, ਅੰਧ ਅੰਧੇਰਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਵਤਨ ਵਿਚ ਆ ਕੇ ਪੜ੍ਹਨ ਨਾ ਦੇਵੇ ਕੋਈ ਪੋਥੀ, ਪੁਸਤਕਾਂ ਤੋਂ ਖਹਿੜਾ ਲਏ ਛੁਡਾਈਆ। ਇਕੋ ਮੰਜ਼ਲ ਦੱਸੇ ਸੌਖੀ, ਸਹਿਜ ਪੜਦਾ ਦਏ ਉਠਾਈਆ। ਘਾਟੀ ਰਹੇ ਨਾ ਕੋਈ ਔਖੀ, ਪਲੂ ਆਪਣੇ ਨਾਲ ਬੰਧਾਈਆ। ਜਨ ਭਗਤ ਸੁਹੇਲੇ ਧੁਰ ਦੇ ਬਣਾ ਸੌਂਕੀ, ਸ਼ਾਨ ਆਪਣੇ ਨਾਲ ਵਧਾਈਆ। ਆਤਮਾ ਚੁਰਾਸੀ ਵਿਚ ਰਹੇ ਨਾ ਭੌਂਦੀ, ਭਵਜਲ ਵਿਚ ਨਾ ਕੋਇ ਰੁੜ੍ਹਾਈਆ। ਜਿਹੜੀ ਤੂੰਹੀ ਤੂੰਹੀ ਢੋਲਾ ਗੌਂਦੀ, ਗਹਿਰ ਗੰਭੀਰ ਵਿਚ ਸਮਾਈਆ। ਪੁਰਖ ਅਕਾਲ ਖੇਲ ਕਰ ਕੇ ਆਪਣੇ ਗੌਂ ਦੀ, ਖੇੜਾ ਤੁਹਾਡਾ ਦਏ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਵਤਨ ਵਲ ਆ ਕੇ ਤੱਕਣ ਲੱਗਾ, ਲਗ ਮਾਤਰ ਪਿਛਲੀ ਵੇਖ ਵਖਾਈਆ। ਦੋ ਜਹਾਨ ਕੂਕ ਪੁਕਾਰ ਉਠੇ ਪ੍ਰਭੂ ਬਿਨ ਭਗਤਾਂ ਤੇਰਾ ਵਧੇ ਕੋਈ ਨਾ ਅੱਗਾ, ਅਗਲਾ ਖੇਲ ਨਾ ਕੋਇ ਦ੍ਰਿੜਾਈਆ। ਬਿਨ ਧਰਮ ਦਵਾਰਿਉਂ ਦੂਜੀ ਨਜ਼ਰ ਨਾ ਆਏ ਕੋਈ ਜਗ੍ਹਾ, ਚਾਰ ਕੁੰਟ ਕੂੜ ਕੁੜਿਆਰ ਹੋਇਆ ਹਲਕਾਈਆ। ਚੇਲੇ ਗੁਰੂਆਂ ਨਾਲ ਤੇ ਗੁਰੂ ਚੇਲਿਆਂ ਨਾਲ ਕਰਨ ਦਗ਼ਾ, ਕਲਜੁਗ ਰੀਤੀ ਸੋਹਣੀ ਦਿਤੀ ਬਣਾਈਆ। ਤੇਰੇ ਸ਼ਬਦ ਧਾਰ ਵਿਚ ਸ਼ਬਦ ਰੂਪ ਕੋਇ ਨਾ ਬੱਝਾ, ਭਜਨ ਬੰਦਗੀ ਵਿਚ ਲੱਗੀ ਜਗਤ ਲੋਕਾਈਆ। ਪੇਟ ਕਾਰਨ ਕਰਦੇ ਮਨ ਵਾਸਨਾ ਗਜਾ, ਸਦਾ ਹੱਕ ਨਾ ਕੋਇ ਸੁਣਾਈਆ। ਤੇਰਾ ਨੂਰ ਜਹੂਰ ਬੇਮਨਜ਼ੂਰ ਕਿਸੇ ਨਾ ਲੱਭਾ, ਮਨਜ਼ੂਰੀ ਵਿਚ ਮਨਸੂਰ ਰੂਪ ਨਾ ਕਿੋੲ ਬਦਲਾਈਆ। ਕਿਸੇ ਕੰਮ ਨਾ ਆਇਆ ਪੜ੍ਹਿਆ ਗੱਗਾ ਘੱਘਾ, ਘਰ ਆਪਣੇ ਚੜ੍ਹ ਕੇ ਹਰਿ ਕੰਤ ਮਿਲ ਨਾ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਰਸ ਮਾਣਿਆ ਨਾ ਉਹ ਮਜ਼ਾ, ਜਿਸ ਦਾ ਮਜ਼ਾਕ ਦੁਨੀਆਂ ਰਹੀ ਉਡਾਈਆ। ਅਬਿਨਾਸ਼ੀ ਕਰਤਾ ਕਹੇ ਜਨ ਭਗਤੋ ਮੈਂ ਤੁਹਾਡੀ ਚਲਾਂ ਸਦਾ ਵਿਚ ਰਜ਼ਾ, ਰਮਜ਼ ਆਪਣੀ ਅੰਦਰੇ ਅੰਦਰ ਲਗਾਈਆ। ਬੇਵਤਨ ਹੋਣ ਦੀ ਜੇ ਸੱਚੀ ਪੁੱਛੋ ਵਜ੍ਹਾ, ਭੇਵ ਅਭੇਦਾ ਦਿਆਂ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਏ ਉਠਾਈਆ। ਜਨ ਭਗਤ ਕਹਿਣ ਬੇਵਤਨ ਹੋਏ ਕਿਉਂ, ਅਬਿਨਾਸ਼ੀ ਕਰਤੇ ਦੇ ਦ੍ਰਿੜਾਈਆ ? ਸ੍ਰੀ ਭਗਵਾਨ ਕਹੇ ਤੁਹਾਡਾ ਗੋਬਿੰਦ ਨਾਲ ਨੇਹੋਂ, ਏਸੇ ਕਾਰਨ ਲੋਕਮਾਤ ਜਨਮ ਦਿਤਾ ਦਵਾਈਆ। ਜੋ ਅੰਤ ਅਖ਼ੀਰ ਬੇਨਜ਼ੀਰ ਬਿਨ ਅੱਖਰ ਬਿਨ ਲੇਖ ਲਿਖਤ ਕਹਿ ਕੇ ਗਿਉਂ, ਓੜਕ ਲੇਖਾ ਪੂਰਾ ਕਰਾਈਆ। ਕੁਛ ਈਸਾ ਮੰਗ ਮੰਗੀ ਅੱਗੇ ਦੇਉ, ਦੀਨ ਹੋ ਕੇ ਸੀਸ ਝੁਕਾਈਆ। ਸੋ ਖੇਲ ਕਰੇ ਅਲੱਖ ਅਭੇਉ, ਅਗੰਮ ਅਥਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਜਨ
ਭਗਤ ਕਹਿਣ ਨਹੀਂ ਕੁਛ ਪਿਆ ਪੱਲੇ, ਭੇਵ ਧੁਰ ਦਾ ਦੇ ਖੁਲ੍ਹਾਈਆ। ਕਿਉਂ ਤੇਰੀ ਧਾਰ ਨਹੀਂ ਰਲੇ, ਹੁੰਦੀ ਰਹੀ ਜੁਦਾਈਆ। ਕੀ ਮਨ ਵਾਸਨਾ ਰਹੇ ਝੱਲੇ, ਬੁੱਧੀ ਚਲੀ ਨਾ ਕੋਇ ਚਤਰਾਈਆ। ਕਿਉਂ ਵਿਛੋੜੇ ਤੀਰ ਰਹੇ ਸਲੇ, ਸਲਲ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਦੇ ਉਠਾਈਆ। ਸ੍ਰੀ ਭਗਵਾਨ ਕਹੇ ਭਗਤੋ ਕੀ ਦੱਸਾਂ, ਦਾਸਤਾਨ ਪਿਛਲੀ ਦਿਆਂ ਦੋਹਰਾਈਆ। ਜਿਸ ਵੇਲੇ ਗੋਬਿੰਦ ਮਾਛੂਵਾੜੇ ਮੇਰੇ ਨਾਲ ਲਾਈਆ ਅੱਖਾਂ, ਅੱਖਾਂ ਅੱਖਾਂ ਵਿਚੋਂ ਬਦਲਾਈਆ। ਸੇਜ ਸੁਹੌਣੀ ਹੋਈ ਕੱਖਾਂ, ਓਢਣ ਨਜ਼ਰ ਕੋਇ ਨਾ ਆਈਆ। ਹੱਥ ਮਾਰ ਕੇ ਉਤੇ ਪੱਟਾਂ, ਪਟਨੇ ਵਾਲੇ ਖ਼ੁਸ਼ੀ ਮਨਾਈਆ। ਮੇਰਾ ਰਾਗ ਕੋਈ ਕਿਸੇ ਨਹੀਂ ਗੌਣਾ ਭੱਟਾਂ, ਵਾਰਾਂ ਵਿਚ ਨਾ ਕੋਇ ਛਪਵਾਈਆ। ਪੁਰਖ ਅਕਾਲ ਮੈਂ ਆਪਣਾ ਪਿਆਰ ਤੇਰੇ ਅੰਦਰ ਰੱਖਾਂ, ਦੁਨੀਆਂ ਹੱਥ ਨਾ ਕਦੇ ਫੜਾਈਆ। ਮੈਂ ਤੈਨੂੰ ਸਦਾ ਬਣਾਉਣਾ ਆਪਣੀ ਜਨਨੀ ਜ਼ੱਚਾ, ਤੇਰੀ ਗੋਦ ਬਹਿ ਕੇ ਖੁਸ਼ੀ ਵਖਾਈਆ। ਮੈਂ ਕੋਈ ਖਾਣ ਪੀਣ ਵਾਲਾ ਗੁਰੂ ਨਹੀਂ ਕੱਚਾ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਮੈਂ ਤੇਰੀ ਧਾਰ ਵਿਚ ਰਚਾ, ਪੰਜ ਤਤ ਨਾ ਕੋਇ ਵਡਿਆਈਆ। ਲੋਕਮਾਤ ਆਇਆ ਤੇ ਕਰਕੇ ਤੇਰੇ ਨਾਲ ਮਤਾ, ਦੂਜੇ ਨਾਲ ਸਲਾਹ ਨਾ ਕੋਇ ਰਖਾਈਆ। ਹੁਣ ਤੇਰੇ ਸੱਥਰ ਲੱਥਾ, ਦੂਜੀ ਸੇਜ ਨਾ ਕੋਇ ਹੰਢਾਈਆ। ਪੁਰਖ ਅਕਾਲ ਖੁਸ਼ੀਆਂ ਵਿਚ ਹੱਸਾ, ਹਸਤੀ ਆਪਣੀ ਲਈ ਬਦਲਾਈਆ। ਗੋਬਿੰਦ ਮੈਂ ਮੁੜ ਕੇ ਤੇਰੇ ਖੇੜੇ ਅੰਦਰ ਵਸਾਂ, ਬਿਨ ਤੇਰੇ ਮੰਦਰ ਡੇਰਾ ਅਵਰ ਨਾ ਕੋਇ ਸੁਹਾਈਆ। ਗੋਬਿੰਦ ਕਿਹਾ ਪ੍ਰਭੂ ਕੀ ਤੈਨੂੰ ਮੇਰੇ ਵਰਗੇ ਲੱਖਾਂ, ਕੋਟਨ ਕੋਟ ਨਜ਼ਰੀ ਆਈਆ। ਸ੍ਰੀ ਭਗਵਾਨ ਕਿਹਾ ਨਹੀਂ ਮੈਂ ਤੇਰੇ ਅੰਦਰ ਆਪਣਾ ਆਪ ਢਕਾਂ, ਢਈਆ ਤੇਰਾ ਮੇਰਾ ਦਏ ਗਵਾਹੀਆ। ਗੋਬਿੰਦ ਕਿਹਾ ਕੀ ਬਾਪ ਨਹੀਂ ਸਕਾ, ਸਕਿਆਂ ਤੋਂ ਲਏਂ ਛੁਡਾਈਆ। ਪੁਰਖ ਅਕਾਲ ਕਿਹਾ ਅੱਛਾ, ਅੱਛੀ ਤਰ੍ਹਾਂ ਦਿਆਂ ਵਖਾਈਆ। ਜਿਹੜਾ ਲੇਖ ਕਿਸੇ ਨਾ ਲਿਖਾ, ਉਹ ਤੇਰੇ ਨਾਲ ਲਵਾਂ ਬਣਾਈਆ। ਗੋਬਿੰਦ ਕਿਹਾ ਪਹਿਲੋਂ ਤਾਰੀਂ ਮੇਰਿਆਂ ਸਿਖਾਂ, ਜੋ ਸਿਖਿਆ ਵਿਚ ਤੇਰਾ ਮੇਰਾ ਨਾਮ ਧਿਆਈਆ। ਪੁਰਖ ਅਕਾਲ ਦੀਨ ਦਿਆਲ ਜੇ ਓਨ੍ਹਾਂ ਨੂੰ ਦੇਵੇਂ ਪਿਛਾ, ਮੈਨੂੰ ਤੇਰੀ ਲੋੜ ਰਹੇ ਨਾ ਰਾਈਆ। ਮੈਂ ਕਿਸੇ ਹੱਥ ਨਹੀਂ ਔਣਾ ਮੰਦਰ ਇੱਟਾਂ, ਪੱਥਰਾਂ ਵਿਚ ਨਾ ਡੇਰਾ ਲਾਈਆ। ਮੇਰੇ ਪੁੱਤਰਾਂ ਪਿਛੇ ਗੁਰਮੁਖਾਂ ਦੀਆਂ ਲਿਖੀਆਂ ਚਿਟਾਂ, ਜਿਨ੍ਹਾਂ ਦਾ ਹਰਫ਼ ਨਾ ਕੋਇ ਬੁਝਾਈਆ। ਸ੍ਰੀ ਭਗਵਾਨ ਕਿਹਾ ਮੈਂ ਓਨ੍ਹਾਂ ਦਾ ਲੇਖਾ ਨਜਿੱਠਾਂ, ਨੇਰਨ ਨੇਰ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਿਹਾ ਵੇਖ ਪ੍ਰਭੂ ਬੇਵਤਨ, ਧੁਰ ਸੰਦੇਸ਼ਾ ਇਕ ਜਣਾਈਆ। ਮੈਂ ਛੱਡਿਆਂ ਕਿਹੜਾ ਪਤਣ, ਡੇਰਾ ਕਵਣ ਕਿਨਾਰ ਟਿਕਾਈਆ। ਕੁਛ ਥੋੜਾ ਹਾਲ ਆਇਆ ਦੱਸਣ, ਸਭ ਨਾਲੋਂ ਕਰ ਜੁਦਾਈਆ। ਜ਼ਰਾ ਤੱਕ ਆਪਣੀ ਅੱਖਨ, ਬੇਨਜ਼ੀਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਵੇਖ ਵਖਾਈਆ। ਪੁਰਖ ਅਕਾਲ ਕਿਹਾ ਗੋਬਿੰਦ ਤੇਰਾ ਬੇਵਤਨ ਨਹੀਂ ਲੋਕਮਾਤ, ਵਤਨ ਸਾਚਾ ਦਿਆਂ ਵਖਾਈਆ। ਬਿਨ ਤੇਰੀ ਧਾਰ ਮੇਰੀ ਪਰਗਟ ਨਾ ਹੋਵੇ ਜਾਤ, ਜਾਹਰ ਜਹੂਰ ਨਾ ਕੋਇ ਰੁਸ਼ਨਾਈਆ। ਧੁਰ ਦਾ ਦੇਵੇ ਨਾ ਕੋਇ ਸਾਥ, ਸਗਲਾ ਸੰਗ ਨਾ ਕੋਇ ਬਣਾਈਆ। ਢੋਲਾ ਗਾਏ ਨਾ ਕੋਈ ਪੁਰਖ ਅਬਿਨਾਸ਼, ਬੇਪਰਵਾਹ ਦੀ ਬੇਪਰਵਾਹੀ ਨਾ ਕੋਇ ਦ੍ਰਿੜਾਈਆ। ਸਾਚਾ ਮੇਲਾ ਕਰੇ ਕੋਈ ਨਾ ਆਪ, ਆਪਣਾ ਆਪ ਭੇਟ ਨਾ ਕੋਇ ਕਰਾਈਆ। ਮੈਂ ਕਿਸ ਦਾ ਬਣਾਂ ਬਾਪ, ਸੁੱਤ ਦੁਲਾਰਾ ਕਵਣ ਅਖਵਾਈਆ।
ਇਹ ਅਗੰਮੀ ਖੇਲ ਤਮਾਸ਼, ਕਲਮ ਸ਼ਾਹੀ ਨਾ ਸਕੇ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਗੋਬਿੰਦ ਕਿਹਾ ਮੈਨੂੰ ਵਤਨ ਬੇਵਤਨ ਦੀ ਨਹੀਂ ਲੋੜ, ਲੋੜੀਂਦੇ ਸਾਜਣ ਦਿਆਂ ਦ੍ਰਿੜਾਈਆ। ਸਭ ਤੋਂ ਪਹਿਲੇ ਗੁਰਮੁਖ ਮੇਰੇ ਸੱਜਣ ਲੈਣੇ ਜੋੜ, ਜੋੜੀ ਧੁਰ ਦੀ ਆਪ ਬਣਾਈਆ। ਜੋ ਆਪਣਾ ਆਪ ਘੋਲੀ ਗਏ ਘੋਲ, ਅੰਤਰ ਆਤਮ ਪ੍ਰੇਮ ਵਧਾਈਆ। ਮੇਰੇ ਨਾਲ ਪੂਰਾ ਕਰ ਕੌਲ, ਇਕਰਾਰਨਾਮਾ ਦੇ ਬਣਾਈਆ। ਪੁਰਖ ਅਕਾਲ ਹੌਲੀ ਜਿਹੀ ਕਿਹਾ ਬੋਲ, ਸ਼ਬਦ ਅਗੰਮੀ ਆਵਾਜ਼ ਸੁਣਾਈਆ। ਕਲਜੁਗ ਅੰਤ ਅਖ਼ੀਰ ਬੇਨਜ਼ੀਰ ਗੁਰਮੁਖ ਸੰਤ ਸੁਹੇਲਾ ਰਹਿਣ ਨਾ ਦੇਵਾਂ ਕੋਈ ਅਨਭੋਲ, ਸੁਰਤੀ ਵਿਚੋਂ ਸੁਰਤੀ ਆਪ ਜਗਾਈਆ। ਗੋਬਿੰਦ ਸਦਾ ਤੈਨੂੰ ਰੱਖਾਂ ਕੋਲ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕ ਸਰਨਾਈਆ। ਗੋਬਿੰਦ ਕਿਹਾ ਸੁਣ ਠਾਕਰ ਮੇਰੇ ਸਵਾਮੀ, ਪਰਮ ਪੁਰਖ ਦਿਆਂ ਦ੍ਰਿੜਾਈਆ। ਤੂੰ ਆਦਿ ਜੁਗਾਦੀ ਅੰਤਰਜਾਮੀ, ਅੰਤਰ ਆਤਮ ਵੇਖ ਵਖਾਈਆ। ਮੇਰੇ ਗੁਰਮੁਖਾਂ ਦੀ ਵਖਰੀ ਹੋਵੇ ਨਿਸ਼ਾਨੀ, ਨਿਸ਼ਾਨਾ ਤੀਰ ਇਕ ਦਰਸਾਈਆ। ਨਿਰਗੁਣ ਢੋਲਾ ਆਤਮ ਪਰਮਾਤਮ ਪੜ੍ਹਨ ਬਾਣੀ, ਬਨਾਂ ਵਿਚ ਖੋਜਨ ਦੀ ਲੋੜ ਰਹੇ ਨਾ ਰਾਈਆ। ਓਨ੍ਹਾਂ ਵਾਸਤੇ ਕਰਨ ਆਇਆ ਆਸਾਨੀ, ਅਸਲ ਵਿਚ ਏਸੇ ਕਾਰਨ ਸੱਥਰ ਰਿਹਾ ਹੰਢਾਈਆ। ਤੂੰ ਪੁਰਖ ਅਕਾਲ ਕਰਨੀ ਮਿਹਰਵਾਨੀ, ਮਹਿਬੂਬ ਹੋ ਕੇ ਮਿਲ ਕੇ ਖ਼ੁਸ਼ੀ ਮਨਾਈਆ। ਜਨ ਭਗਤਾਂ ਅੰਦਰ ਮੇਰੀ ਸ਼ਬਦੀ ਧਾਰ ਜ਼ਿੰਦਗਾਨੀ, ਤੱਤਾਂ ਦੇ ਜੀਵਣ ਦੀ ਲੋੜ ਨਾ ਕੋਇ ਵਖਾਈਆ। ਜਿਨ੍ਹਾਂ ਦਾ ਸਦਾ ਪਦ ਨਿਰਬਾਣੀ, ਨਿਰਵੈਰ ਹੋ ਕੇ ਨਿਰਵੈਰ ਆਪਣੀ ਦਇਆ ਦੇਣੀ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸ੍ਰੀ ਭਗਵਾਨ ਕਹੇ ਮੈਂ ਦਇਆ ਕਮਾਵਾਂਗਾ। ਗੋਬਿੰਦ ਤੇਰੀ ਧਾਰ, ਧਰਮ ਦਾ ਰੂਪ ਸਚ ਪਰਗਟਾਵਾਂਗਾ। ਕਲਜੁਗ ਵੇਖ ਅੰਤਮ ਵਾਰ, ਕਲ ਕਲਕੀ ਨਾਉਂ ਪਰਗਟਾਵਾਂਗਾ। ਸੰਤ ਸੁਹੇਲੇ ਆਪ ਉਬਾਰ, ਗੁਰਮੁਖ ਗੁਰ ਗੁਰ ਰੰਗ ਰੰਗਾਵਾਂਗਾ। ਲੱਖ ਚੁਰਾਸੀ ਵਿਚੋਂ ਭਾਲ, ਸੱਜਣ ਸੁਹੇਲੇ ਆਪ ਜਗਾਵਾਂਗਾ। ਜਿਨ੍ਹਾਂ ਪਿਛੇ ਭੇਟਾ ਕੀਤੇ ਲਾਲ, ਉਹ ਲਾਲ ਆਪਣੇ ਰੰਗ ਰੰਗਾਵਾਂਗਾ। ਸਚ ਦਵਾਰਾ ਵਖਾ ਸੱਚੀ ਧਰਮਸਾਲ, ਬੇਵਤਨਾਂ ਦਾ ਵਤਨ ਆਪ ਵਸਾਵਾਂਗਾ। ਰੰਗ ਚੜ੍ਹਾ ਕੇ ਸ਼ਾਹ ਕੰਗਾਲ, ਊਚ ਨੀਚ ਪੰਧ ਮੁਕਾਵਾਂਗਾ। ਲੱਖ ਚੁਰਾਸੀ ਵਿਚੋਂ ਕਰ ਬਹਾਲ, ਜਮ ਕੀ ਫਾਸੀ ਫੰਦ ਤੁੜਾਵਾਂਗਾ। ਫਲ ਲਗਾ ਕੇ ਤੇਰੀ ਡਾਲ, ਮਾਲੀ ਹੋ ਕੇ ਵੇਖ ਵਖਾਵਾਂਗਾ। ਆਪੇ ਵੇਖ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਖ਼ੁਸ਼ੀ ਮਨਾਵਾਂਗਾ। ਤ੍ਰੈਗੁਣ ਮਾਇਆ ਤੋੜ ਜ਼ੰਜਾਲ, ਜਾਗਰਤ ਜੋਤ ਇਕ ਰੁਸ਼ਨਾਵਾਂਗਾ। ਲੇਖਾ ਚੁਕਾ ਕੇ ਮਾਜ਼ੀ ਹਾਲ, ਅਗਲਾ ਆਪਣੇ ਹੱਥ ਵਖਾਵਾਂਗਾ। ਓਨ੍ਹਾਂ ਪੋਹ ਨਾ ਸਕੇ ਕਾਲ, ਕਲਜੁਗ ਕੂੜ ਕਲੇਸ਼ ਮਿਟਾਵਾਂਗਾ। ਜਿਸ ਵੇਲੇ ਗੁਰਮੁਖ ਅੱਗੇ ਕਰਨ ਸਵਾਲ, ਸਭ ਦਾ ਲੇਖਾ ਪਲਟ ਕੇ ਝੋਲੀ ਪਾਵਾਂਗਾ। ਸਾਚੇ ਵਤਨ ਦੇਵਾਂ ਸਵਾਲ, ਫੜ ਬਾਹੋਂ ਆਪ ਟਿਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਵਾਂਗਾ। ਗੋਬਿੰਦ ਕਿਹਾ ਪ੍ਰਭੂ ਇਹ ਕਿਹੜੀ ਤੇਰੀ ਮਿਹਰਵਾਨੀ, ਬਹੁਤੀ ਖ਼ੁਸ਼ੀ ਨਾ ਮੈਂ ਮਨਾਈਆ। ਜਿਨ੍ਹਾਂ ਤੇਰੇ ਪਿਛੇ ਜੋਬਨ ਲਾਈ ਜਵਾਨੀ, ਆਪਣਾ ਆਪ ਭੇਟ ਕਰਾਈਆ। ਕੀ ਹੋਇਆ ਤੂੰ ਤੱਤਾਂ ਦਾ ਬਣ ਗਿਉਂ ਦਾਨੀ, ਪੰਜ ਤੱਤ ਦਏਂ ਵਡਿਆਈਆ। ਇਹ ਨਾਟਕਾਂ ਵਾਲੀ ਖੇਲ ਆਸਾਨੀ, ਗੋਬਿੰਦ ਸ਼ਬਦ ਕਦੇ ਨਾ ਭਾਈਆ। ਮੇਰਾ ਝਗੜਾ ਰਹਿਣਾ ਨਹੀਂ ਕੋਈ
ਦੀਵਾਨੀ, ਫ਼ੈਸਲਾ ਇਕੋ ਵਾਰ ਸੁਣਾਈਆ। ਜੇ ਮਿਲਣਾ ਫੇਰ ਕਾਹਦੀ ਮਿਹਰਵਾਨੀ, ਅਹਿਸਾਨ ਸਿਰ ਨਾ ਕੋਇ ਰਖਾਈਆ। ਮੇਰਾ ਸਿੱਖ ਪ੍ਰਭੂ ਤੇਰੀ ਕੀਮਤ ਟਕਿਆਂ ਵਿਚ ਨਾ ਚੁਕਾਏ ਕੋਈ ਦਵਾਨੀ, ਮੱਥੇ ਟਿਕੌਣ ਦੀ ਲੋੜ ਰਹੇ ਨਾ ਰਾਈਆ। ਜਿਨ੍ਹਾਂ ਪਿਛੇ ਤੇਰੀ ਲੋਹ ਉਤੇ ਬਹਿ ਗਿਆ ਸੁੱਤ ਭਾਨੀ, ਆਪ ਆਪਣਾ ਤੇਰੀ ਗੋਦ ਟਿਕਾਈਆ। ਕਲਜੁਗ ਅੰਤ ਗੁਰੁਮਖ ਮੇਰੀ ਹੋਏ ਉਹ ਨਿਸ਼ਾਨੀ, ਜੋ ਨਿਸ਼ਾਨਾ ਤੇਰਾ ਨਾਉਂ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਉਠਾਈਆ। ਪੁਰਖ ਅਕਾਲ ਕਿਹਾ ਮੇਰੇ ਉਤੇ ਨਾ ਕਰ ਅਹਿਸਾਨ, ਅਸਲ ਦਿਆਂ ਜਣਾਈਆ। ਗੋਬਿੰਦ ਕਿਹਾ ਓ ਪ੍ਰਭੂ ਤੂੰ ਕਿਹੜਾ ਮੇਰਾ ਜਜਮਾਨ, ਮੈਂ ਮਰਾਸੀ ਡੂਮ ਬਣ ਕੇ ਮੰਗਣ ਆਈਆ। ਮੈਂ ਤੇਰਾ ਬਾਲ ਨਾਦਾਨ, ਬੱਚਿਆਂ ਵਾਂਗ ਗੋਦੀ ਬਹਿ ਕੇ ਸਭ ਕੁਛ ਲੈ ਕੇ ਖਾ ਕੇ ਖ਼ੁਸ਼ੀ ਮਨਾਈਆ। ਮੈਂ ਕੋਈ ਹਜ਼ਾਰਾਂ ਲੱਖਾਂ ਸਖੀਆਂ ਦਾ ਗਿਣਤੀ ਵਾਲਾ ਨਹੀਂ ਕਾਹਨ, ਹਿੰਦਸਿਆਂ ਵਿਚ ਅੰਕ ਨਾ ਕੋਇ ਬਣਾਈਆ। ਬਿਨ ਮੇਰੇ ਤੇਰਾ ਝੁੱਲੇ ਨਾ ਕੋਇ ਨਿਸ਼ਾਨ, ਨਿਸ਼ਾਨਾ ਸਚ ਨਾ ਕੋਇ ਵਖਾਈਆ। ਮੈਂ ਤੇਰਾ ਹੁਕਮ ਕਰਾਂ ਪਰਵਾਨ, ਮੰਨਾਂ ਚਾਈਂ ਚਾਈਂਆ। ਤੈਨੂੰ ਦੇਣਾ ਪਏ ਸਚ ਪ੍ਰੀਤੀ ਦਾ ਦਾਨ, ਦੂਜੀ ਮੰਗ ਨਾ ਕੋਇ ਮੰਗਾਈਆ। ਜਿਸ ਵੇਲੇ ਨਿਰਗੁਣ ਧਾਰ ਸਤਿ ਸਚ ਦਾ ਆਵੇਂ ਭਗਵਾਨ, ਭਾਗ ਗੁਰਮੁਖਾਂ ਦੇਣਾ ਬਦਲਾਈਆ। ਅਬਿਨਾਸ਼ੀ ਕਰਤੇ ਤੇਰੇ ਦਰ ਤੇ ਕਿਹੜੇ ਢੋਲਕ ਛੈਣਿਆਂ ਵਾਲੇ ਲੱਗਣੇ ਦੀਵਾਨ, ਮਸਤ ਦੀਵਾਨੇ ਨਾਮ ਖ਼ੁਮਾਰੀ ਵਿਚ ਦੇਣੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਗੋਬਿੰਦ ਕਹੇ ਗੁਰਮੁਖੋ ਤੁਹਾਡੇ ਵਤਨ ਆਵਾਂ, ਆਵਾ ਗਵਣ ਦਿਆਂ ਮੁਕਾਈਆ। ਆ ਕੇ ਸਾਂਝਾ ਢੋਲਾ ਗਾਵਾਂ, ਆਪਣਾ ਨਾਮ ਨਾ ਕੋਇ ਜਪਾਈਆ। ਤੁਹਾਡਾ ਕੰਡਾ ਆਪਣੇ ਨਾਲ ਰੱਖਾਂ ਸਾਂਵਾਂ, ਤਰਾਜ਼ੂ ਦੂਜੇ ਹੱਥ ਨਾ ਕਦੇ ਫੜਾਈਆ। ਬੱਚਿਆਂ ਨੂੰ ਲਾਡ ਲਡਾਵਾਂ ਵਾਂਗ ਮਾਂਵਾ, ਪਿਤਾ ਹੋ ਕੇ ਪੂਤ ਗੋਦ ਸੁਹਾਈਆ। ਤੁਹਾਡਾ ਲੱਖ ਚੁਰਾਸੀ ਦਾ ਲੇਖਾ ਮੁਕਾਵਾਂ ਨਾਲ ਚਾਵਾਂ, ਜੁਗ ਚੌਕੜੀ ਪਿਛੋਂ ਵਾਰੀ ਆਈਆ। ਉਚੀ ਕੂਕ ਕੇ ਲੰਮੀਆਂ ਕਰੋ ਬਾਹਵਾਂ, ਬੇਵਤਨਾਂ ਦਾ ਮਾਲਕ ਮਿਲਿਆ ਬੇਪਰਵਾਹੀਆ। ਗੁਰਮੁਖ ਕੁਵਾਰੀ ਆਤਮ ਇਕੋ ਵਾਰ ਲੈ ਲਵੇ ਲਾਵਾਂ, ਲੱਖ ਚੁਰਾਸੀ ਵਿਚੋਂ ਦੂਜਾ ਖੌਂਤ ਲੱਭਣ ਦੀ ਲੋੜ ਰਹੇ ਨਾ ਰਾਈਆ। ਜਨ ਭਗਤੋ ਤੁਹਾਨੂੰ ਕਿਸੇ ਦਾ ਲੈਣਾ ਨਾ ਪਏ ਪਰਛਾਵਾਂ, ਪਿਛਲਿਆਂ ਤੋਂ ਪਿਛੇ ਅਗਲਿਆਂ ਤੋਂ ਅੱਗੇ ਲੇਖਾ ਦਿਤਾ ਮੁਕਾਈਆ। ਬੇਵਤਨ ਹੋ ਕੇ ਤੁਹਾਡੇ ਦਵਾਰੇ ਆਵਾਂ, ਵਤਨਾਂ ਦੇ ਮਾਲਕ ਤੁਹਾਨੂੰ ਦਿਆਂ ਬਣਾਈਆ। ਆਪਣਾ ਤਤ ਸਰੀਰ ਤੁਹਾਡੇ ਪਿਛੇ ਗਵਾਵਾਂ, ਜੋਤੀ ਜੋਤ ਕਰ ਰੁਸ਼ਨਾਈਆ। ਭੁੱਖਾ ਦਰਵੇਸ਼ ਹੋ ਕੇ ਟੁਕੜੇ ਮੰਗ ਕੇ ਖਾਵਾਂ, ਭੰਡਾਰਾ ਅਤੋਟ ਅਤੁਟ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਵਤਨ ਵਿਚ ਆਇਆ, ਅਵਣ ਗਵਣ ਮੁਕਾਈਆ। ਲੇਖਾ ਰਹੇ ਨਾ ਤ੍ਰੈਗੁਣ ਮਾਇਆ, ਮਾਇਆ ਮਮਤਾ ਮੋਹ ਦਏ ਚੁਕਾਈਆ। ਜਿਸ ਦੇ ਅੰਤਰ ਆਪਣਾ ਨਾਮ ਦ੍ਰਿੜਾਇਆ, ਦ੍ਰਿੜ ਵਿਸ਼ਵਾਸ਼ ਦਏ ਬੰਧਾਈਆ। ਅੰਤਮ ਲੇਖਾ ਰਹੇ ਨਾ ਰਾਇਆ, ਜਮਾਂ ਤੋਂ ਲਏ ਛੁਡਾਈਆ। ਚੁਰਾਸੀ ਲੱਖ ਨਾ ਕੋਇ ਭੁਵਾਇਆ, ਚਾਰੇ ਖਾਣੀ ਨਾ ਕੋਇ ਕੁਰਲਾਈਆ। ਸਾਚਾ ਮੰਦਰ ਦਏ ਵਖਾਇਆ, ਜਿਥੇ ਵਸੇ ਬੇਪਰਵਾਹੀਆ। ਬੇਵਤਨਾਂ ਵਤਨ ਵਿਚ ਬਹਿ ਕੇ ਢੋਲਾ ਇਕੋ ਗਾਇਆ, ਵੱਜੇ ਸਚ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਜਨ ਭਗਤੋ ਜੇ ਤੁਸੀਂ ਨਾ ਹੁੰਦੇ ਬੇਵਤਨ, ਲੋਕਮਾਤ ਨਾ ਜਨਮ
ਦਿਵਾਈਆ। ਫਿਰ ਕਿਸ ਦੀ ਪਤ ਔਂਦਾ ਰੱਖਣ, ਨਿਰਗੁਣ ਆਪਣਾ ਵੇਸ ਧਰਾਈਆ। ਕਿਸ ਦਵਾਰੇ ਸੋਂਹਦਾ ਪਤਣ, ਕਵਣ ਘਾਟ ਡੇਰਾ ਲਾਈਆ। ਲੱਖ ਚੁਰਾਸੀ ਕਿੰਨਾਂ ਕਰੇ ਯਤਨ, ਅਬਿਨਾਸ਼ੀ ਕਰਤਾ ਹੱਥ ਕਿਸੇ ਨਾ ਆਈਆ। ਜੁਗ ਜਨਮ ਪਿਛੋਂ ਤੁਹਾਡੇ ਪੜਦੇ ਆਇਆ ਢਕਣ, ਓਢਨ ਆਪਣਾ ਨਾਮ ਵਖਾਈਆ। ਸਾਚੇ ਵਤਨ ਆਇਆ ਛੱਡਣ, ਫੜ ਕੇ ਬਾਹੋਂ ਪਾਰ ਕਰਾਈਆ। ਤੁਹਾਡਾ ਨੂਰ ਹੋ ਕੇ ਆਇਆ ਜਗਣ, ਲੋਕਮਾਤ ਕਰੇ ਰੁਸ਼ਨਾਈਆ। ਗੁਰਮੁਖੋ ਸਚ ਪ੍ਰੇਮ ਦਾ ਮੁਖ ਤੇ ਲਾ ਕੇ ਸਗਨ, ਅੰਮ੍ਰਿਤ ਜਾਮ ਦਏ ਪਿਆਈਆ। ਜਿਸ ਦੇ ਨਾਲ ਆਪਣੀ ਮੰਜ਼ਲ ਸਾਰੇ ਲੰਘਣ, ਅਧਵਿਚਕਾਰ ਨਾ ਕੋਇ ਅਟਕਾਈਆ। ਸਾਚੀ ਚੜ੍ਹੀ ਰਹੇ ਰੰਗਣ, ਦੁਰਮਤ ਮੈਲ ਦਏ ਮਿਟਾਈਆ। ਦੂਜੇ ਦਰ ਜਾਣਾ ਪਏ ਨਾ ਮੰਗਣ, ਘਰ ਘਰ ਅਲਖ ਨਾ ਕੋਇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਬਖ਼ਸ਼ਣਹਾਰ ਸਰਨਾਈਆ। ਵਤਨ ਆਇਆ ਜਾਏ ਮਿਲ ਕੇ, ਵਿਛੋੜਾ ਰਹਿਣ ਕੋਇ ਨਾ ਪਾਈਆ। ਭੇਵ ਜਾਣੇ ਹਰ ਘਟ ਅੰਤਰ ਦਿਲ ਦੇ, ਦਿਲਦਾਰ ਹੋ ਕੇ ਖੋਜ ਖੁਜਾਈਆ। ਸੋਚ ਰਹਿਣ ਨਾ ਦੇਵੇ ਕੀ ਨਜ਼ਾਰੇ ਮਿਲਦੇ ਤੇਰੇ ਤਿਲ ਦੇ, ਤਿਲਕਣਬਾਜ਼ੀ ਵਿਚੋਂ ਬਾਹਰ ਕਢਾਈਆ। ਜਿਹੜੇ ਵਿਕਾਰ ਅੰਦਰੋਂ ਕੱਢਿਆਂ ਬਾਹਰ ਨਹੀਂ ਹਿਲਦੇ, ਸ਼ਬਦ ਇਸ਼ਾਰੇ ਨਾਲ ਲੇਖਾ ਦਏ ਚੁਕਾਈਆ। ਖੇਲ ਵਖਾ ਕੇ ਧਾਰ ਬਿਸਮਲ ਦੇ, ਪੜਦੇ ਉਹਲੇ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦਏ ਵਸਾਈਆ। ਵਤਨ ਵਿਚ ਆ ਕੇ ਕੁਰਲਾਵੇ ਕੋਈ ਨਾ ਕੂੰਜ, ਬਿਹਬਲ ਹੋ ਨਾ ਦਏ ਦੁਹਾਈਆ। ਜਨ ਭਗਤੋ ਤੁਸੀਂ ਕਿਹੜੀ ਲੱਭਣੀ ਸਵਾਂਤੀ ਬੂੰਦ, ਜਾਮ ਪਿਆਲੇ ਧੁਰ ਦੇ ਰਿਹਾ ਪਿਆਈਆ। ਅੰਤ ਅਖ਼ੀਰੀ ਤੁਹਾਡੀ ਦੁਰਮਤ ਮੈਲ ਦੇਵੇ ਪੂੰਜ, ਕੂੜ ਕੁੜਿਆਰ ਗਠੜੀ ਗੰਢ ਆਪ ਖੁਲ੍ਹਾਈਆ। ਆਤਮ ਪਰਮਾਤਮ ਰਹੇ ਨਾ ਕੋਇ ਦੂਜ, ਦੁਤੀਆ ਭਾਉ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਸਾਚੀ ਆ ਜਾਏ ਸੂਝ, ਸਮਝ ਵਿਚੋਂ ਆਪਣੀ ਸਮਝ ਦਏ ਬਦਲਾਈਆ। ਕੀ ਹੋਇਆ ਥੋੜੇ ਸਮੇਂ ਵਾਸਤੇ ਚੋਲਾ ਮਿਲਿਆ ਪੰਜ ਤੱਤ ਕਾਇਆ ਭੂਤ, ਹੱਡ ਮਾਸ ਨਾੜੀ ਖੇਲ ਖਿਲਾਈਆ। ਅੰਤ ਫੇਰ ਤੁਸੀਂ ਪੂਤ ਦੇ ਪੂਤ, ਪਿਤਾ ਆਪਣੀ ਗੋਦ ਉਠਾਈਆ। ਲੇਖਾ ਮੁਕਾ ਕੇ ਚਾਰੇ ਕੂਟ, ਦਹਿ ਦਿਸ਼ਾ ਲਹਿਣਾ ਰਹੇ ਨਾ ਰਾਈਆ। ਮਹੱਲ ਅਟੱਲ ਵਖਾ ਕੇ ਊਚੋ ਊਚ, ਸਚ ਦਵਾਰ ਦਏ ਟਿਕਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਕੂਚ, ਓਸੇ ਕੂਚੇ ਗਲੀ ਵਿਚ ਤੁਹਾਡੇ ਢੋਲੇ ਦਏ ਸੁਣਾਈਆ। ਅੰਤ ਸੁਨੇਹੜਾ ਦੇਵਣਹਾਰਾ ਇਕੋ ਸ਼ਬਦੀ ਦੂਤ, ਆਦਿ ਜੁਗਾਦਿ ਜੁਗ ਚੌਕੜੀ ਭੱਜੇ ਵਾਹੋ ਦਾਹੀਆ। ਜਿਸ ਦਾ ਜਸਬੀਰ ਸਿੰਘ ਕੋਲੋਂ ਲੈ ਲਓ ਸਬੂਤ, ਗੁਰਮੇਜ ਕੌਰ ਗੁਰ ਕੇ ਧਾਮ ਪੁਚਾਈਆ। ਹਾਜ਼ਰਾਂ ਵਿਚ ਹਾਜ਼ਰ ਮੌਜ਼ੂਦਾ ਵਿਚ ਮੌਜੂਦ, ਬੇਵਤਨਾਂ ਨੂੰ ਵਤਨਾਂ ਵਿਚ ਦਏ ਪੁਚਾਈਆ। ਖ਼ੁਸ਼ੀਆਂ ਵਿਚ ਰੱਖੇ ਖ਼ੂਬ, ਮਹਿਬੂਬ ਹੋ ਕੇ ਵੇਖ ਵਖਾਈਆ। ਸਭ ਨੇ ਛੱਡਣਾ ਤਨ ਵਜੂਦ, ਤੱਤਾਂ ਦਾ ਨਾਤਾ ਤੋੜ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਵਤਨ ਵਿਚ ਆਇਆ ਜਾਏ ਵਸ ਕੇ, ਭਾਗਾਂ ਵਾਲਿਆਂ ਭਾਗ ਬਣਾਈਆ। ਜਨ ਭਗਤੋ ਤੁਹਾਡੇ ਨਾਲ ਜਾਏ ਹੱਸ ਕੇ, ਹਸਤੀ ਵਿਚੋਂ ਹਸਤੀ ਆਪ ਸਮਝਾਈਆ। ਧੁਰ ਦਾ ਮਾਰਗ ਜਾਏ ਦੱਸ ਕੇ, ਦਸਾਂ ਗੁਰੂਆਂ ਦੀ ਜੋ ਪੜ੍ਹਾਈਆ। ਏਸੇ ਕਾਰਨ ਗੋਬਿੰਦ ਅੰਗੀਠੇ ਵਿਚ ਬਹਿ ਗਿਆ ਅੱਕ ਕੇ, ਅਕਲਾਂ ਵਾਲਿਆਂ ਦੀ ਚਲੀ ਨਾ ਕੋਇ ਚਤੁਰਾਈਆ। ਗੁਰਸਿਖਾਂ ਕੋਲੋਂ ਅੰਮ੍ਰਿਤ ਆਪ ਛਕ ਕੇ, ਆਪਣਾ ਭਰੋਸਾ ਗੁਰਮੁਖਾਂ ਉਤੇ ਟਿਕਾਈਆ।
ਬੇਸ਼ਕ ਗੁਰਮੁਖ ਗਏ ਭੱਜ ਕੇ, ਗੋਬਿੰਦ ਹਾਜ਼ਰ ਹੋ ਕੇ ਦਰਸ ਦਿਖਾਈਆ। ਇਹ ਬਚਨ ਨਹੀਂ ਕੋਈ ਅੱਜ ਦੇ, ਜੁਗ ਚੌਕੜੀ ਰੀਤੀ ਰਿਹਾ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਔਂਦੇ ਰਹੇ ਜਗ ਤੇ, ਹੁਕਮੇਂ ਅੰਦਰ ਖੇਲ ਵਰਤਾਈਆ। ਭਗਤ ਭਗਵਾਨ ਨੂੰ ਰਹੇ ਸੱਦ ਦੇ, ਅੰਤਰ ਰੋ ਰੋ ਮਾਰਨ ਧਾਹੀਂਆ। ਦੂਰ ਦੁਰਾਡੇ ਰਹੇ ਭੱਜਦੇ, ਭੱਜਣ ਵਾਹੋ ਦਾਹੀਆ। ਇਕੱਠੇ ਹੋ ਕੇ ਤੁਹਾਡੇ ਵਾਂਗ ਨਹੀਂ ਰਹੇ ਸਜਦੇ, ਭਗਤ ਦਵਾਰਾ ਨਾ ਕੋਇ ਵਖਾਈਆ। ਦੁਖ ਝੱਲਦੇ ਰਹੇ ਪਾਣੀ ਅੱਗ ਦੇ, ਠੋਕਰਾਂ ਪੱਥਰਾਂ ਨਾਲ ਖਾਈਆ। ਜਨ ਭਗਤੋ ਤੁਹਾਡੇ ਨਾਲ ਖ਼ੁਸ਼ੀਆਂ ਤਾਲ ਵੇਖੋ ਵੱਜਦੇ, ਵਜ੍ਹਾ ਸਕੇ ਨਾ ਕੋਇ ਸਮਝਾਈਆ। ਜੇ ਗੋਬਿੰਦ ਦੇ ਬੱਚੇ ਨੀਹਾਂ ਹੇਠਾਂ ਨਾ ਦੱਬਦੇ, ਪ੍ਰਭ ਦਾ ਦਾਉ ਲੱਗੇ ਨਾ ਵਿਚ ਲੋਕਾਈਆ। ਇਹ ਖੇਲ ਰੋਜ਼ੇ ਸ਼ਬ ਦੇ, ਦਿਵਸ ਦਿਵਸ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਮੁਕਾ ਕੇ ਪਿਛਲੀ ਹੱਦ ਦੇ, ਹਾਜ਼ਰ ਹੋ ਕੇ ਦਇਆ ਕਮਾਈਆ। ਵਤਨ ਵਿਚ ਆਏ ਦੇਵੇ ਹੋਕਾ, ਹੁਕਮ ਧੁਰ ਦਾ ਇਕ ਸੁਣਾਈਆ। ਗੁਰਮੁਖੋ ਗਾਵੋ ਸਚ ਸਲੋਕਾ, ਜੋ ਸੁਲ੍ਹਾਕੁਲ ਰਿਹਾ ਦ੍ਰਿੜਾਈਆ। ਲੱਖ ਚੁਰਾਸੀ ਵਿਚੋਂ ਮਾਣਸ ਜਨਮ ਇਕੋ ਮੌਕਾ, ਜੋ ਮੁਕੰਮਲ ਪ੍ਰਭ ਦੇ ਨਾਲ ਮਿਲਾਈਆ। ਸ਼ਬਦੀ ਧਾਰ ਗੋਬਿੰਦ ਕਦੇ ਕਰੇ ਨਾ ਧੋਖਾ, ਧਰੂ ਪ੍ਰਹਿਲਾਦ ਦੇਣ ਗਵਾਹੀਆ। ਕਿਸੇ ਕੰਮ ਨਹੀਂ ਔਣਾ ਸਾਢੇ ਤਿੰਨ ਹੱਥ ਕਾਇਆ ਮਾਟੀ ਕੋਠਾ, ਜਿੰਨਾਂ ਚਿਰ ਆਤਮ ਪਰਮਾਤਮ ਮਿਲ ਕੇ ਵੱਜੇ ਨਾ ਵਧਾਈਆ। ਗੁਰਮੁਖੋ ਸਤਿਗੁਰੂ ਪ੍ਰੀਤ ਸੱਤ ਸਮੁੰਦਰ ਨਾਲੋਂ ਡੂੰਘਾ ਮਾਰਨਾ ਗੋਤਾ, ਮੋਤੀਆਂ ਵਾਲੇ ਸਿੱਪ ਹੱਥ ਨਾ ਕੋਇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚੀ ਸਰਨਾਈਆ। ਵਤਨ ਕਹੇ ਵਤਨਾਂ ਵਾਲਿਓ ਬੇਵਤਨ ਦੀ ਵਤ ਆਈ ਵਸਾਖੀ, ਵਾਤਾਵਰਨ ਦਏ ਬਦਲਾਈਆ। ਜੇ ਵੇਖੋ ਗੋਬਿੰਦ ਦੀ ਇਕਸਠ ਵਾਲੀ ਸਾਖੀ, ਜੋ ਸਿਖਿਆ ਸਿੱਖ ਦ੍ਰਿੜਾਈਆ। ਵਿਦਿਆ ਵਿਚ ਕਿਸੇ ਨਾ ਭਾਖੀ, ਕਲਜੁਗ ਸੰਤ ਕੰਤ ਭੇਵ ਨਾ ਕੋਇ ਦ੍ਰਿੜਾਈਆ। ਗੋਬਿੰਦ ਵਾਰ ਗਾਏ ਕੋਈ ਨਾ ਢਾਡੀ, ਸਰੰਗਾ ਸਾਰ ਨਾ ਕੋਇ ਜਣਾਈਆ। ਤਾਲ ਕੱਢੇ ਕੋਈ ਨਾ ਭਾਟੀ, ਭੱਟਾਂ ਵਿਚ ਨਾ ਕੋਇ ਵਡਿਆਈਆ। ਬਿਨਾ ਪੁਰਖ ਅਕਾਲ ਖੇਲ ਦੱਸੇ ਕੋਈ ਨਾ ਸਾਚੀ, ਬੁੱਧੀ ਦੀ ਬੁੱਧੀ ਨਾਲ ਲੜਾਈਆ। ਗੋਬਿੰਦ ਬਾਣੀ ਜਗਤ ਵਿਦਿਆ ਵਿਚ ਕਿਸੇ ਨਾ ਭਾਖੀ, ਅੱਖਰਾਂ ਨਾਲ ਬਹੁਤੇ ਰਹੇ ਸਮਝਾਈਆ। ਸ਼ਬਦ ਸਤਿਗੁਰੂ ਦੀ ਮੰਨੇ ਕੋਇ ਨਾ ਆਖੀ, ਅੱਖਰਾਂ ਦੀ ਕਰਨ ਲੜਾਈਆ। ਏਸ ਤੋਂ ਵੱਡੀ ਹੋਰ ਨਹੀਂ ਕੋਈ ਗੁਸਤਾਖੀ, ਏਸੇ ਕਰ ਕੇ ਮਿਲੇ ਸਜ਼ਾਈਆ। ਗੋਬਿੰਦ ਦੀ ਅੰਮ੍ਰਿਤ ਪਿਆਉਣ ਛਕਾਉਣ ਵਾਲੀ ਨਹੀਂ ਵਿਸਾਖੀ, ਬਸਤਰ ਪਹਿਨੌਣ ਨਾ ਕੋਇ ਚਤੁਰਾਈਆ। ਕਿਉਂ, ਗੋਬਿੰਦ ਨੂੰ ਪਤਾ ਸੀ ਮੈਂ ਸ਼ਬਦੀ ਧਾਰ ਹੋ ਕੇ ਜਨ ਭਗਤਾਂ ਅੰਦਰ ਕਟਣੀ ਦਿਨ ਤੇ ਰਾਤੀ, ਦੂਜਾ ਦਰ ਨਜ਼ਰ ਨਾ ਆਈਆ। ਏਨ੍ਹਾਂ ਦੇ ਅੰਤਰ ਮੇਰੇ ਪ੍ਰੇਮ ਦੀ ਹਾਟੀ, ਜਿਥੇ ਅੰਮ੍ਰਿਤ ਦੇਣਾ ਟਿਕਾਈਆ। ਅਜੇ ਤੱਕ ਕਿਸੇ ਨੂੰ ਸਮਝ ਨਹੀਂ ਕੋਈ ਭਾਖੀ, ਭਰਮ ਸਕੇ ਨਾ ਕੋਇ ਚੁਕਾਈਆ। ਗੁਰਮੁਖੋ ਵਤਨ ਵਿਚ ਰਹਿ ਕੇ ਤੁਹਾਡੀ ਕਰਦਾ ਰਹੇ ਰਾਖੀ, ਖ਼ਬਰਦਾਰ ਹੋ ਕੇ ਹੋਕਾ ਆਪ ਸੁਣਾਈਆ। ਬੁੱਤ ਕਰਕੇ ਅੰਦਰੋਂ ਬਾਹਰੋਂ ਪਾਕੀ, ਆਤਮ ਪਰਮਾਤਮ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਿਸੇ ਨਹੀਂ ਜਾਣਿਆ ਕਿਉਂ ਗੋਬਿੰਦ ਗੁਰਮੁਖਾਂ ਕੋਲੋਂ ਅੰਮ੍ਰਿਤ ਪੀਤਾ, ਹੱਥਾਂ ਅੱਗੇ ਹੱਥ ਫਲਾਈਆ। ਕੀ ਪੁਰਖ ਅਕਾਲ ਨੇ ਹੁਕਮ ਕੀਤਾ, ਅੰਦਰੋਂ ਕਰੀ ਪੜ੍ਹਾਈਆ। ਕੀ ਦਾਨ ਦਿਤਾ ਖੋਲ੍ਹ ਕੇ ਖੀਸਾ, ਵਸਤ ਅਮੋਲਕ ਇਕ ਵਰਤਾਈਆ। ਧੁਰ ਸੰਦੇਸ਼ ਹੋਇਆ ਗੋਬਿੰਦ
ਤੇਰਾ ਨੂਰ ਗੁਰਮੁਖ ਸ਼ੀਸ਼ਾ, ਆਪਣਾ ਆਪ ਇਸ ਦੇ ਵਿਚ ਟਿਕਾਈਆ। ਤੈਨੂੰ ਪੰਜਾਂ ਤੱਤਾਂ ਵਾਲਾ ਸਰੀਰ ਧਰਨਾ ਪਏ ਵਿਚ ਅੰਗੀਠਾ, ਵਜੂਦ ਰਹਿਣ ਕੋਇ ਨਾ ਪਾਈਆ। ਫੇਰ ਕਿਥੇ ਰਹੇਂ ਤੂੰ ਜੀਤਾ, ਕਵਣ ਦਵਾਰ ਰਹਿ ਕੇ ਝਟ ਲੰਘਾਈਆ। ਗੋਬਿੰਦ ਚਾਰ ਕੁੰਟ ਵੇਖ ਕੇ ਕਿਹਾ ਪ੍ਰਭੂ ਠੀਕ ਆ, ਠੀਕਰ ਭੱਜਿਆਂ ਮੇਰਾ ਨਿਸ਼ਾਨ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਕਿਹਾ ਸੁਣ ਮੇਰੀ ਸਚ ਹਦੀਸਾ, ਹੁਕਮ ਨਾਲ ਸੁਣਾਈਆ। ਜਿਸ ਵੇਲੇ ਕਲਜੁਗ ਅੰਤ ਅਖ਼ੀਰੀ ਬੀਤਾ, ਵੇਲਾ ਵਕਤ ਦਏ ਗਵਾਹੀਆ। ਤੇਰੀ ਫੁਲਵਾੜੀ ਦਾ ਮਹਿਕਣਾ ਇਕ ਬਗ਼ੀਚਾ, ਮਹਿਕ ਅੰਤਰ ਅੰਤਰ ਮਹਿਕਾਈਆ। ਝਗੜਾ ਰਹੇ ਨਾ ਊਚਾ ਨੀਚਾ, ਰਾਓ ਰੰਕ ਵੰਡ ਨਾ ਕੋਇ ਵੰਡਾਈਆ। ਤੇਰਾ ਖੇਲ ਹੋਣਾ ਠੰਡਾ ਸੀਤਾ, ਅਗਨੀ ਤਤ ਨਾ ਕੋਇ ਜਲਾਈਆ। ਤੂੰ ਜਨ ਭਗਤਾਂ ਬਣਨਾ ਮੀਤਾ, ਮਿੱਤਰ ਪਿਆਰਾ ਹੋ ਕੇ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਹੇ ਮੈਂ ਕਿਉਂ ਗੁਰਮੁਖਾਂ ਅੱਗੇ ਡਾਹੇ ਹੱਥ, ਹਥੇਲੀ ਹਥੇਲੀ ਉਤੇ ਟਿਕਾਈਆ। ਹੁਕਮ ਦਿਤਾ ਪੁਰਖ ਸਮਰਥ, ਸਹਿਜੇ ਸਹਿਜ ਦ੍ਰਿੜਾਈਆ। ਛੱਡ ਕੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦੇਣਾ ਤੁੜਾਈਆ। ਸ਼ਬਦੀ ਧਾਰ ਹੋ ਕੇ ਆਉਣਾ ਸਚ, ਸਤਿ ਤੇਰੀ ਵਡਿਆਈਆ। ਓਸ ਵੇਲੇ ਜਨ ਭਗਤਾਂ ਅੰਦਰ ਜਾਣਾ ਵਸ, ਵਾਸਤਾ ਆਪਣੇ ਨਾਲ ਰਖਾਈਆ। ਅੰਤਰ ਆਤਮ ਧੁਰ ਦਾ ਰਸ ਦੇਣਾ ਝੱਟ, ਅੱਖ ਆਪਣੇ ਨਾਲ ਮਿਲਾਈਆ। ਰਹਿਣਾ ਓਸ ਹੱਟ, ਨਾਮ ਦੇਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦਿਤਾ ਸੁਣਾਈਆ। ਸਾਚਾ ਹੁਕਮ ਸੁਣ ਗੋਬਿੰਦ ਧਾਰ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਵਤਨ ਵੇਖਣਾ ਗੁਰਮੁਖਾਂ ਦਾ ਘਰਬਾਰ, ਕਾਇਆ ਮਾਟੀ ਸੋਭਾ ਪਾਈਆ। ਬਣਨਾ ਮਿੱਤਰ ਯਾਰ, ਪ੍ਰੀਤਮ ਹੋ ਕੇ ਪ੍ਰੀਤੀ ਤੋੜ ਨਿਭਾਈਆ। ਵੇਖਣਾ ਸਦਾ ਜੁਗ ਚਾਰ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਕ਼ਰਜ਼ਾ ਲਹਿਣਾ ਦੇਣਾ ਤੇਰੇ ਕੋਲ ਰੱਖਿਆ ਉਧਾਰ, ਵੇਲੇ ਵਕ਼ਤ ਨਾਲ ਝੋਲੀ ਦੇਣਾ ਪਾਈਆ। ਹੋ ਕੇ ਰਹਿਣਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦੇਣੀ ਪੁਚਾਈਆ। ਸੋ ਵੇਲਾ ਵਕ਼ਤ ਪਹੁੰਚਿਆਂ ਆਣ, ਕਲਜੁਗ ਅੰਤ ਦਏ ਗਵਾਹੀਆ। ਵਤਨਾਂ ਵਾਲਿਓ ਹੋ ਜਾਓ ਸਵਾਧਾਨ, ਜਗਤ ਸਵਾਦਾਂ ਵਿਚੋਂ ਤੁਹਾਨੂੰ ਸਾਧ ਦਏ ਬਣਾਈਆ। ਆਪਣੇ ਘਰ ਦੀ ਕਰੋ ਪਹਿਚਾਨ, ਜਿਸ ਗ੍ਰਹਿ ਵਿਚੋਂ ਹੋਈ ਅੰਤ ਜੁਦਾਈਆ। ਨਾਤਾ ਜੋੜੇ ਨਾਲ ਸ੍ਰੀ ਭਗਵਾਨ, ਭਾਗ ਹਿੱਸਾ ਤੁਹਾਡੀ ਝੋਲੀ ਪਾਈਆ। ਦਸਰਥ ਦਾ ਬੇਟਾ ਲੱਭਣਾ ਪਏ ਨਾ ਰਾਮ, ਗੋਪੀਆਂ ਵਾਲਾ ਕਾਹਨ ਬੰਸਰੀ ਬਾਂਸ ਨਾ ਕੋਇ ਸੁਣਾਈਆ। ਈਸਾ ਮੂਸਾ ਮੁਹੰਮਦ ਕਰਨਾ ਨਾ ਪਏ ਧਿਆਨ, ਨਾਨਕ ਗੋਬਿੰਦ ਸਿਫ਼ਤ ਨਾ ਕੋਇ ਸਾਲਾਹੀਆ। ਇਕੋ ਵਤਨ ਦਾ ਮਾਲਕ ਪਹੁੰਚੇ ਆਣ, ਦੋ ਜਹਾਨ ਲੇਖਾ ਦਏ ਮੁਕਾਈਆ। ਦਇਆ ਕਮਾ ਕੇ ਪੁਚਾਏ ਓਸ ਮੁਕਾਮ, ਜੋ ਮੁਕੀਮ ਕ਼ਦੀਮ ਤੋਂ ਬਣਾਇਆ ਬੇਪਰਵਾਹੀਆ। ਜਿਥੇ ਰਹਿ ਕੇ ਗੁਰਸਿਖੋ ਹੋਣਾ ਨਾ ਪਏ ਬਦਨਾਮ, ਬਦੀ ਨੇਕੀ ਦਾ ਲੇਖਾ ਦਏ ਚੁਕਾਈਆ। ਲੱਖ ਚੁਰਾਸੀ ਰਹਿਣਾ ਨਾ ਪਏ ਗ਼ੁਲਾਮ, ਰਾਏ ਧਰਮ ਦਏ ਨਾ ਕੋਇ ਸਜ਼ਾਈਆ। ਸਤਿਗੁਰ ਚਰਨ ਧੂੜੀ ਹੋਵੇ ਇਸਨਾਨ, ਮਜਨ ਇਕੋ ਇਕ ਕਰਾਈਆ। ਸਾਚੇ ਦਰ ਮਿਲੇ ਬਿਸਰਾਮ, ਬਿਸਤਰ ਖਟੀਆ ਦੋਵੇਂ ਦੇਣਾ ਤਜਾਈਆ। ਕਲਜੁਗ ਅੰਤ ਨਾ ਰਹੇ ਬੇਪਹਿਚਾਨ, ਅੱਖਾਂ ਵਿਚੋਂ ਅੱਖ ਲੈਣੀ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਜਨ ਭਗਤੋ ਤੁਹਾਡਾ ਵਤਨ ਸਦਾ ਵਸਦਾ, ਆ ਕੇ ਵੇਖੇ ਸ਼ਹਿਨਸ਼ਾਹੀਆ। ਜਿਥੇ ਢੋਲਾ
ਭਗਤ ਭਗਵਾਨ ਦੇ ਜਸ ਦਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਇਸ਼ਟ ਬਣਿਆ ਇਕੋ ਗਿਆਨ ਨੇਤਰ ਅੱਖ ਦਾ, ਅਗਿਆਨ ਬੈਠਾ ਮੁਖ ਭਵਾਈਆ। ਪਰਕਾਸ਼ ਹੋਵੇ ਸਚ ਸਤਿ ਦਾ, ਵੱਜੇ ਹੱਕ ਵਧਾਈਆ। ਜੋ ਜਨ ਭਗਤ ਸੁਹੇਲਾ ਸੋਹੰ ਢੋਲਾ ਰਟਦਾ, ਰੱਟਾ ਅਗਲਾ ਪਿਛਲਾ ਜਾਏ ਮੁਕਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਗਗਨ ਗਗਨੰਤਰਾਂ ਆਪੇ ਟੱਪਦਾ, ਭੱਜਾ ਜਾਏ ਵਾਹੋ ਦਾਹੀਆ। ਗੁਰਮੁਖ ਨੂਰ ਕਦੇ ਨਾ ਛਪਦਾ, ਜੁਗ ਚੌਕੜੀ ਕਰੇ ਰੁਸ਼ਨਾਈਆ। ਮੰਜ਼ਲ ਚੜ੍ਹਦਾ ਕਦੇ ਨਾ ਅੱਕਦਾ, ਪੈਂਡਾ ਸਹਿਜੇ ਜਾਏ ਮੁਕਾਈਆ। ਓਸ ਘਰਾਨੇ ਵਿਚ ਵਸਦਾ, ਜਿਥੇ ਗੁਰਮੁਖ ਘਰ ਦੇ ਬੈਠੇ ਡੇਰਾ ਲਾਈਆ। ਸਚ ਸਿੰਘਾਸਣ ਸਾਹਿਬ ਸਵਾਮੀ ਸਜਦਾ, ਸੱਜਣ ਬੇਪਰਵਾਹੀਆ। ਜੋ ਜਨ ਭਗਤਾਂ ਦਰਸ਼ਨ ਕਰ ਕਰ ਜੁਗ ਜੁਗ ਰੱਜਦਾ, ਦੂਜਿਆਂ ਮਿਲਣ ਕਦੇ ਨਾ ਆਈਆ। ਲੱਖ ਚੁਰਾਸੀ ਖੇਲ ਰਚਾਇਆ ਦੁਨੀ ਜਗ ਦਾ, ਕਾਇਨਾਤ ਰਿਹਾ ਭਵਾਈਆ। ਗੁਰਮੁਖੋ ਤੁਹਾਡਾ ਸੁਹਾਵਣਾ ਸਮਾਂ ਹੋਇਆ ਅੱਜ ਦਾ, ਅਗੇ ਅਜ਼ਲ ਨਾ ਕੋਇ ਸਤਾਈਆ। ਵਤਨ ਅਨੋਖਾ ਰਹੇ ਵਸਦਾ, ਜਿਥੇ ਵਸਲ ਯਾਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਲਕ ਬਣਿਆ ਤੁਹਾਡਾ ਸਭ ਦਾ, ਸਭਨਾ ਦਾ ਲੇਖਾ ਲਹਿਣਾ ਆਪਣਿਆਂ ਚਰਨਾਂ ਵਿਚ ਰਖਾਈਆ।