੧੮ ਜੇਠ ਸ਼ਹਿਨਸ਼ਾਹੀ ਸੰਮਤ ੨ ਮਹਿੰਗਾ ਰਾਮ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਮਾਨਸਰ ਜੰਮੂ
ਜਨ ਭਗਤ ਕਹੇ ਪ੍ਰਭ ਕਿਰਪਾ ਕਰੀਂ ਆਪ, ਸਾਡੇ ਵਿਚ ਨਾ ਕੋਇ ਵਡਿਆਈਆ। ਜਨਮ ਕਰਮ ਦਾ ਧੋਵੀਂ ਪਾਪ, ਕਾਇਆ ਮਾਟੀ ਕਰ ਸਫ਼ਾਈਆ। ਨਾਮ ਭੰਡਾਰਾ ਬਖ਼ਸ਼ ਦਾਤ, ਸਤਿ ਸਤਿਵਾਦੀ ਝੋਲੀ ਪਾਈਆ। ਅੰਦਰ ਰਹੇ ਨਾ ਅੰਧੇਰੀ ਰਾਤ, ਕੂੜ ਭਰਮ ਦੇਣਾ ਕਢਾਈਆ। ਸਦਾ ਸਦਾ ਸਦ ਰਹੇ ਤੇਰੀ ਯਾਦ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਬਿਨ ਤੇਰੀ ਕਿਰਪਾ ਹੋਏ ਨਾ ਕੋਈ ਆਬਾਦ, ਘਰ ਸਾਚਾ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤ ਕਹੇ ਆਪਣੀ ਆਪ ਕਰ
ਕਿਰਪਾ, ਮੈਨੂੰ ਦੱਸਣ ਦੀ ਲੋੜ ਰਹੇ ਨਾ ਰਾਈਆ। ਮਿਹਰਵਾਨ ਹੋ ਕੇ ਕਟ ਬਿਪਤਾ, ਦੁਖੀਆਂ ਦੁੱਖ ਦੇ ਗਵਾਈਆ। ਤੂੰ ਆਦਿ ਜੁਗਾਦਿ ਸਭ ਦਾ ਲੇਖਾ ਲਿਖਦਾ, ਬਿਧਨਾ ਲੇਖਾ ਦੇ ਮਿਟਾਈਆ। ਪਿਆਰ ਕਰ ਸਾਚੇ ਹਿਤ ਦਾ, ਪਿਤਾ ਪੂਤ ਗੋਦ ਉਠਾਈਆ। ਰੂਪ ਦੇ ਦੇ ਸਾਚੇ ਸਿੱਖ ਦਾ, ਸਿਖਿਆ ਧੁਰ ਦੀ ਇਕ ਸਮਝਾਈਆ। ਅੰਦਰ ਝਗੜਾ ਰਹੇ ਨਾ ਕੋਈ ਕੂੜੀ ਵਿਖ ਦਾ, ਅੰਮ੍ਰਿਤ ਬੂੰਦ ਸਵਾਂਤੀ ਮੁਖ ਚੁਆਈਆ। ਜਿਧਰ ਵੇਖਾਂ ਓਧਰ ਸਦਾ ਰਹੇਂ ਦਿਸਦਾ, ਚਾਰੋਂ ਕੁੰਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਜਨ ਭਗਤ ਕਹੇ ਪ੍ਰਭ ਵੇਖ ਮੇਰੀ ਹਾਲਤ, ਆਪ ਆਪਣਾ ਧਿਆਨ ਲਗਾਈਆ। ਬਿਨ ਤੇਰੀ ਕਿਰਪਾ ਹੋਵੇ ਨਾ ਸਚ ਇਬਾਦਤ, ਢੋਲਾ ਗੀਤ ਨਾ ਕੋਇ ਗਾਈਆ। ਕਿਰਪਾ ਕਰ ਕੇ ਬਦਲ ਲੈ ਆਪਣੀ ਆਦਤ, ਭਗਤਾਂ ਹੋ ਸਚ ਸਹਾਈਆ। ਮਾਇਆ ਮਮਤਾ ਮੇਟ ਜਹਾਲਤ, ਜਹਾਂ ਤਹਾਂ ਦੇ ਵਡਿਆਈਆ। ਤੇਰਾ ਨਾਮ ਪਦਾਰਥ ਮਿਲੇ ਨਿਆਮਤ, ਰਸ ਖਾ ਖਾ ਖ਼ੁਸ਼ੀ ਮਨਾਈਆ। ਵਿਕਾਰ ਰਹੇ ਨਾ ਕੋਈ ਅਲਾਮਤ, ਹੰਕਾਰ ਅੰਦਰੋਂ ਦੇਣਾ ਕਢਾਈਆ। ਲੋਕਮਾਤ ਸ਼ਬਦੀ ਧਾਰ ਦੇ ਜ਼ਮਾਨਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਦੇ ਵਖਾਈਆ। ਜਨ ਭਗਤ ਕਹੇ ਪ੍ਰਭ ਆ ਕੇ ਵੇਖ ਸਾਡਾ ਹਾਲ, ਹਾਲ ਹਾਲ ਕਰ ਦੁਹਾਈਆ। ਜਗਤ ਦੁੱਖੀ ਹੋਇਆ ਵਾਲ ਵਾਲ, ਵਲਵਲੇ ਅੰਦਰੋਂ ਨਾ ਕੋਇ ਕਢਾਈਆ। ਪਿਤਾ ਗੋਦ ਉਠਾਏ ਨਾ ਕੋਇ ਬਾਲ, ਬਚਪਨ ਲੇਖੇ ਕੋਇ ਨਾ ਪਾਈਆ। ਅੰਦਰ ਬਾਹਰ ਗੁਪਤ ਜਾਹਰ ਚਲੇ ਨਾ ਕੋਇ ਨਾਲ, ਸਗਲਾ ਸੰਗ ਨਾ ਕੋਇ ਬਣਾਈਆ। ਪ੍ਰੇਮ ਪਿਆਰ ਦਾ ਵੱਜੇ ਨਾ ਕੋਇ ਤਾਲ, ਦੁੱਖੀਆਂ ਦੁੱਖ ਰਹੇ ਡਰਾਈਆ। ਕੂੜੀ ਕਿਰਿਆ ਵਿਚੋਂ ਕਰ ਬਹਾਲ, ਅਗਲਾ ਲਹਿਣਾ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜਨ ਭਗਤ ਮੰਗੇ ਤੇਰੀ ਸਰਨਾਈਆ। ਜਨ ਭਗਤ ਕਹੇ ਮੈਂ ਕਰਾਂ ਕੀ, ਸਮਝ ਸਮਝ ਵਿਚ ਨਾ ਆਈਆ। ਜਗਤ ਵਾਸਨਾ ਨਾਤਾ ਜੁੜਿਆ ਪੁੱਤਰ ਧੀ, ਸਾਕ ਸਬੰਧ ਕੁਟੰਬ ਗੰਢ ਪਵਾਈਆ। ਨਿਰਮਲ ਹੋਏ ਨਾ ਅੰਤਰ ਜੀਅ, ਪਤਿਤ ਪਵਿਤ ਪੁਨੀਤ ਨਾ ਕੋਇ ਕਰਾਈਆ। ਝਗੜਾ ਰਖੇ ਨਾ ਸਾਢੇ ਤਿੰਨ ਹੱਥ ਸੀਂ, ਸਤਿਗੁਰ ਸਰਨ ਦੇਵੇ ਨਾ ਕੋਇ ਵਡਿਆਈਆ। ਬਿਨ ਤੇਰੀ ਕਿਰਪਾ ਅੰਮ੍ਰਿਤ ਬਰਖੇ ਕੋਇ ਨਾ ਮੀਂਹ, ਅਗਨੀ ਤਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਚਰਨ ਬਲਿਹਾਰੇ ਜਨ ਭਗਤਾਂ ਮੈਂ ਜਾਵਾਂ ਥੀਂ, ਥਾਨ ਥਨੰਤਰ ਇਕੋ ਦੇ ਵਖਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੨ ਸੰਤੋ ਦੇਵੀ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਮਾਨਸਰ ਜੰਮੂ
ਜਨ ਭਗਤ ਕਹੇ ਪ੍ਰਭ ਆ ਕੇ ਵੇਖ ਸਾਡਾ ਰੁੱਖਾ ਸੁੱਖਾ ਟੁੱਕਰ, ਟੁਕੜਿਆਂ ਵਾਲੀ ਵੰਡ ਨਾ ਕੋਇ ਵੰਡਾਈਆ। ਜਿਸ ਨੂੰ ਖਾ ਕੇ ਕਰੀਏ ਤੇਰਾ ਸ਼ੁਕਰ, ਧੰਨ ਧੰਨ ਧੰਨ ਤੇਰੀ ਬੇਪਰਵਾਹੀਆ। ਮਿਹਰਵਾਨ ਨਿਰਗੁਣ ਧਾਰੋਂ ਆ ਉਤਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਕੀਤਾ ਕੌਲ ਇਕ਼ਰਾਰ ਨਾ ਜਾਵੀਂ ਮੁਕਰ, ਵੇਲਾ ਵਕ਼ਤ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ
ਨਜ਼ਰ ਉਠਾਈਆ। ਜਨ ਭਗਤ ਕਹੇ ਪ੍ਰਭ ਆਪ ਆ ਕੇ ਵੇਖ ਸਾਡਾ ਦਲਿੱਦਰ, ਦਲੀਲ ਸਕੇ ਨਾ ਕੋਇ ਜਣਾਈਆ। ਭਰਮੇ ਫਿਰਦੇ ਇਧਰ ਉਧਰ, ਸਾਚਾ ਘਰ ਨਾ ਕੋਇ ਬਣਾਈਆ। ਦੇ ਵਡਿਆਈ ਵਾਂਗ ਬਿਦਰ, ਕੋਝੇ ਕਮਲੇ ਗਲੇ ਲਗਾਈਆ। ਨਿਰਗੁਣ ਨਿਰਵੈਰ ਹੋ ਜਾ ਪਿਤਰ, ਪਾਰਬ੍ਰਹਮ ਬੇਪਰਵਾਹੀਆ। ਗ਼ਰੀਬ ਨਿਮਾਣਿਆਂ ਬਣਾ ਮਿੱਤਰ, ਮਮਤਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਕਹੇ ਪ੍ਰਭ ਦੱਸ ਕਰੀਏ ਕੀ ਪੁਕਾਰ, ਨਿਉਂ ਨਿਉਂ ਸੀਸ ਨਿਵਾਈਆ। ਤੂੰ ਸਭ ਕੁਛ ਵੇਖਣਹਾਰ, ਅਭੁਲ ਤੇਰੀ ਬੇਪਰਵਾਹੀਆ। ਜਗਤ ਵਿਚ ਹੋਏ ਖ਼ੁਆਰ, ਘਰ ਘਰ ਪਈ ਦੁਹਾਈਆ। ਸ੍ਰਿਸ਼ਟੀ ਤਾਅਨੇ ਰਹੀ ਮਾਰ, ਅਣਿਆਲੇ ਤੀਰ ਚਲਾਈਆ। ਛੱਡ ਗਏ ਭੈਣ ਭਾਈ ਸਾਕ ਸੱਜਣ ਯਾਰ, ਨਾਤੇ ਕੂੜੇ ਗਏ ਤੁੜਾਈਆ। ਕਰ ਕਿਰਪਾ ਸਾਚਾ ਦੇ ਅਧਾਰ, ਮਿਹਰ ਨਜ਼ਰ ਇਕ ਉਠਾਈਆ। ਕੋਟਾਂ ਵਿਚੋਂ ਥੋੜੇ ਤੇਰੇ ਨਾਮ ਦਾ ਕਰਨ ਜੈਕਾਰ, ਨਾਅਰਾ ਧੁਰ ਦਾ ਇਕ ਲਾਈਆ। ਕੂੜੀ ਕਿਰਿਆ ਕਲਜੁਗ ਵਿਚੋਂ ਕੱਢ ਬਾਹਰ, ਬੈਰੂਨੀ ਲੇਖਾ ਦੇ ਮੁਕਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰੀ ਕਰਦੇ ਰਹੇ ਇੰਤਜਾਰ, ਉਡੀਕ ਵਿਚ ਧਿਆਨ ਲਗਾਈਆ। ਅੰਤਮ ਕਿਰਪਾ ਕਰ ਕੇ ਮਿਲਿਉਂ ਆਣ, ਆਪ ਆਪਣਾ ਫੇਰਾ ਪਾਈਆ। ਨਾਉਂ ਰਖ ਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਸਾਡਾ ਦੇ ਬਦਲਾਈਆ। ਦੁੱਖ ਰਹੇ ਨਾ ਵਿਚ ਜਹਾਨ, ਦਲਿਦ੍ਰ ਅੰਦਰੋਂ ਦੇ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਦਵਾਰਿਉਂ ਜਨ ਭਗਤ ਸੁਹੇਲੇ ਮੰਗਦੇ ਸੱਚਾ ਦਾਨ, ਦਾਨਸ਼ਮੰਦੀ ਆਪਣੀ ਪ੍ਰੀਤੀ ਪ੍ਰੀਤਮ ਦੇ ਵਰਤਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੨ ਪਰਕਾਸ਼ੋ ਦੇਵੀ ਪਿੰਡ ਨਗਿਆਲ ਕੈਂਪ ਮਾਨਸਰ ਜੰਮੂ
ਜਨ ਭਗਤ ਕਹੇ ਪ੍ਰਭ ਨੇੜੇ ਆ ਅਗੇ, ਘਰ ਆ ਕੇ ਵੇਖ ਵਖਾਈਆ। ਸਾਡੇ ਪਾਟੇ ਚੀਥੜ ਝੱਗੇ, ਓਢਣ ਸੀਸ ਨਾ ਕੋਇ ਟਿਕਾਈਆ। ਦੁੱਧ ਦਹੀਂ ਦੇ ਖ਼ਾਲੀ ਮੱਘੇ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਦੀਪਕ ਸਚ ਕੋਈ ਨਾ ਜਗੇ, ਅੰਧ ਅੰਧੇਰਾ ਰਿਹਾ ਡਰਾਈਆ। ਭੁੱਖੇ ਨੰਗੇ ਫਿਰਦੇ ਭੱਜੇ, ਨੱਠੀਏ ਵਾਹੋ ਦਾਹੀਆ। ਸਾਚੀ ਵਸਤ ਕੋਈ ਨਾ ਲੱਭੇ, ਦਿਵਸ ਰੈਣ ਕੁਰਲਾਈਆ। ਇਕੋ ਤੇਰੀ ਸਰਨ ਲੱਗੇ, ਬਾਕੀ ਛੱਡੀ ਸਰਬ ਲੋਕਾਈਆ। ਪੜ੍ਹਨੇ ਛੱਡੇ ਕੱਕੇ ਖੱਖੇ ਗੱਗੇ ਘੱਘੇ, ਸੋਹੰ ਢੋਲਾ ਰਹੇ ਗਾਈਆ। ਦੁੱਖ ਦੁਨਿਆਵੀ ਸਾਨੂੰ ਦੱਸ ਵਜ੍ਹੇ, ਕਿਉਂ ਮਾਤ ਰਿਹਾ ਤੜਫਾਈਆ। ਅਸੀਂ ਛੋਟੇ ਨੰਨ੍ਹੇ ਤੇਰੇ ਬੱਚੇ, ਪਿਤਾ ਪੁਰਖ ਅਕਾਲ ਹੋ ਸਹਾਈਆ। ਅਸੀਂ ਬਚਨ ਕਰਦੇ ਸੱਚੇ, ਦੁੱਖ ਆਪਣੇ ਰਹੇ ਜਣਾਈਆ। ਬਿਨ ਤੇਰੀ ਕਿਰਪਾ ਕਦੇ ਨਾ ਹੋਈਏ ਪੱਕੇ, ਕੱਚੇ ਕਰੇ ਜਗਤ ਲੋਕਾਈਆ। ਇਕੋ ਆਸਾ ਮਨਸਾ ਦਰਸ਼ਨ ਕਰੀਏ ਆਪਣੀ ਅੱਖੇ, ਆਖ਼ਰ ਮਿਲ ਕੇ ਖ਼ੁਸ਼ੀ ਮਨਾਈਆ। ਸੁਖਾਂ ਵਾਲੇ ਖਾਈਏ ਭੱਤੇ, ਭਟਕਣਾ ਅਵਰ ਰਹੇ ਨਾ ਰਾਈਆ। ਕਰਮ ਮਾੜੇ ਜਾਣ ਕਟੇ, ਸੁਖ ਮਿਲੇ ਸਭਨੀ ਥਾਈਂਆ। ਜਗਤ ਮਖ਼ੌਲ ਕਰੇ ਨਾ ਠੱਠੇ, ਠੋਕਰ ਸਭ ਨੂੰ ਦੇ ਲਗਾਈਆ। ਵੈਰ ਰਹੇ ਨਾ ਘੜੇ ਵੱਟੇ, ਠੀਕਰ ਕੂੜਾ ਭੰਨ ਦੇ ਸਜ਼ਾਈਆ। ਜੋ ਤੇਰਾ ਨਾਮ ਰਹੇ ਜਪੇ, ਜਾਮਾ ਉਨ੍ਹਾਂ ਦਾ ਵੇਖ ਵਖਾਈਆ। ਸਰਨ ਸਰਨਾਈ ਤੇਰੀ ਢੱਠੇ, ਸੀਸ ਜਗਦੀਸ਼ ਹੱਥ ਟਿਕਾਈਆ। ਜਨ ਭਗਤ ਕਹਿਣ ਪ੍ਰਭੂ ਸਾਨੂੰ
ਚਰਨਾਂ ਵਿਚ ਕਰ ਲੈ ਇਕੱਠੇ, ਚਾਰ ਕੁੰਟ ਵਿਛੋੜੇ ਵਿਚ ਝੱਲੀ ਨਾ ਜਾਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਦਰ ਦਵਾਰ ਹਰਿ ਭਗਤ ਸੁਹੇਲੇ ਸਦਾ ਸਦਾ ਸਦ ਆਵਣ ਨੱਠੇ, ਅਗੇ ਹੋ ਕੇ ਨਾ ਕੋਇ ਅਟਕਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੨ ਗੁਰਦਿਤ ਸਿੰਘ ਦੇ ਗ੍ਰਹਿ ਪਿੰਡ ਛੰਬ ਖੂਣ ਕੈਂਪ ਜੰਮੂ
ਜਨ ਭਗਤ ਕਹੇ ਕਿਉਂ ਭਗਤ ਸੁਹੇਲਾ ਮਾਤ ਆਉਂਦਾ, ਸਚਖੰਡ ਨਿਵਾਸੀ ਆਪਣਾ ਫੇਰਾ ਪਾਈਆ। ਕਿਉਂ ਨਿਰਗੁਣ ਸਰਗੁਣ ਵੇਸ ਵਟਾਉਂਦਾ, ਜੋਤੀ ਸ਼ਬਦੀ ਧਾਰ ਬੇਪਰਵਾਹੀਆ। ਕਿਉਂ ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਉਂਦਾ, ਹੁਕਮੇ ਅੰਦਰ ਹੁਕਮ ਲਗਾਈਆ। ਕਿਉਂ ਤ੍ਰੈਗੁਣ ਮਾਇਆ ਪੰਜ ਤਤ ਖੇਲ ਖਿਲਾਉਂਦਾ, ਮਿਹਰ ਨਜ਼ਰ ਇਕ ਉਠਾਈਆ। ਕਿਉਂ ਲੱਖ ਚੁਰਾਸੀ ਵੰਡ ਵੰਡਾਉਂਦਾ, ਹੁਕਮੇ ਅੰਦਰ ਹੁਕਮ ਵਰਤਾਈਆ। ਕਿਉਂ ਚਾਰੇ ਖਾਣੀ ਰੂਪ ਧਰਾਉਂਦਾ, ਅੰਡਜ ਜੇਰਜ ਉਤਭੁਜ ਸੇਹਤਜ ਆਪਣਾ ਭੇਵ ਜਣਾਈਆ। ਕਿਉਂ ਚਾਰੇ ਬਾਣੀ ਸ਼ਬਦ ਅਲਾਉਂਦਾ, ਪਰਾ ਪਸੰਤੀ ਮਧਮ ਬੈਖਰੀ ਗਾਈਆ। ਕਿਉਂ ਚਾਰੇ ਵੇਦ ਜਣਾਉਂਦਾ, ਬ੍ਰਹਮ ਵੇਤਾ ਕਰ ਪੜ੍ਹਾਈਆ। ਕਿਉਂ ਚਾਰੇ ਕੁੰਟ ਸੁਹਾਉਂਦਾ, ਉੱਤਰ ਪੂਰਬ ਪੱਛਮ ਦੱਖਣ ਕਰ ਰੁਸ਼ਨਾਈਆ। ਕਿਉਂ ਚਾਰੇ ਵਰਨ ਬਣਾਉਂਦਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਵੰਡਾਈਆ। ਕਿਉਂ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਰਚਾਉਂਦਾ, ਕਿਉਂ ਧਰਨੀ ਧਰਤ ਧਵਲ ਜਲ ਵਿਚ ਸਮਾਈਆ। ਕਿਉਂ ਸਮੁੰਦ ਸਾਗਰ ਖੇਲ ਖਿਲੌਂਦਾ, ਨਦੀਆਂ ਨਾਲੇ ਵੰਡ ਵੰਡਾਈਆ। ਕਿਉਂ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਉਪਜਾਉਂਦਾ, ਪੱਤ ਟਹਿਣੀ ਕਿਉਂ ਲਹਿਰਾਈਆ। ਕਿਉਂ ਜੀਵਣ ਮਰਨ ਬਣੌਂਦਾ, ਘੜਿਆ ਭੰਨ ਵਖਾਈਆ। ਕਿਉਂ ਨਿਰਗੁਣ ਹੋ ਕੇ ਸਰਗੁਣ ਹੁਕਮ ਵਰਤਾਉਂਦਾ, ਸ਼ਬਦੀ ਸ਼ਬਦ ਕਰੇਂ ਸ਼ਨਵਾਈਆ। ਕਿਉਂ ਗੁਰ ਅਵਤਾਰ ਪੀਰ ਪੈਗ਼ੰਬਰ ਵੇਸ ਵਟੌਂਦਾ, ਨਵ ਸੱਤ ਫੇਰਾ ਪਾਈਆ। ਕਿਉਂ ਭਗਤ ਭਗਵਾਨ ਰਾਗ ਅਲਾਉਂਦਾ, ਅਨਹਦ ਨਾਦੀ ਨਾਦ ਵਜਾਈਆ। ਕਿਉਂ ਸੰਤ ਸੁਹੇਲੇ ਮਾਤ ਪਰਗਟੌਂਦਾ, ਸਾਧਨਾ ਧੁਰ ਦੀ ਦਏਂ ਸਮਝਾਈਆ। ਕਿਉਂ ਗੁਰਮੁਖ ਗੁਰ ਗੁਰ ਹੋ ਕੇ ਗੋਦ ਉਠਾਉਂਦਾ, ਗਹਿਰ ਗੰਭੀਰ ਬੇਪਰਵਾਹੀਆ। ਕਿਉਂ ਗੁਰਸਿਖ ਆਪਣੇ ਰੰਗ ਰੰਗੌਂਦਾ, ਰੰਗ ਰਤੜਾ ਸ਼ਹਿਨਸ਼ਾਹੀਆ। ਕਿਉਂ ਅੱਠ ਸੱਠ ਤੀਰਥ ਵੰਡ ਵੰਡਾਉਂਦਾ, ਹੁਕਮੇਂ ਅੰਦਰ ਹੁਕਮ ਭਵਾਈਆ। ਕਿਉਂ ਖਾਣੀ ਬਾਣੀ ਰਚਨ ਰਚਾਉਂਦਾ, ਨਿਰਅੱਖਰ ਅੱਖਰਾਂ ਵਿਚੋਂ ਪਰਗਟਾਈਆ। ਕਿਉਂ ਪੰਜ ਤਤ ਮੰਦਰ ਆਪ ਸੁਹਾਉਂਦਾ, ਗ੍ਰਹਿ ਬਹਿ ਕੇ ਸੋਭਾ ਪਾਈਆ। ਕਿਉਂ ਕਾਮ ਕਰੋਧ ਲੋਭ ਮੋਹ ਹੰਕਾਰ ਧਾਰ ਚਲਾਉਂਦਾ, ਸ੍ਰਿਸ਼ਟੀ ਦ੍ਰਿਸ਼ਟੀ ਨਾਲ ਮਿਲਾਈਆ। ਕਿਉਂ ਮਨ ਮਤ ਬੁਧ ਵਿਚਾਰ ਵਖਾਉਂਦਾ, ਸੋਚ ਸਮਝ ਦਾ ਗੇੜਾ ਦਿਤਾ ਭਵਾਈਆ। ਕਿਉਂ ਭੂਤ ਭਵਿਖ ਆਪਣੀ ਕਾਰ ਕਮਾਉਂਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕਿਉਂ ਦੀਨ ਦੁਨੀ ਮਿਟਾਉਂਦਾ, ਤਤ ਰਹਿਣ ਨਾ ਕੋਇ ਪਾਈਆ। ਕਿਉਂ ਵਿਦਿਆ ਵਿਦਿਆਲਿਆਂ ਵਿਚ ਪੜ੍ਹਾਉਂਦਾ, ਧੁਰ ਸੰਦੇਸ਼ਾ ਹੁਕਮ ਸੁਣਾਈਆ। ਜਨ ਭਗਤ ਕਹੇ ਪ੍ਰਭ ਕਿਉਂ ਨਹੀਂ ਸਰਗੁਣ ਆਪ ਵੇਸ ਵਟਾਉਂਦਾ, ਮੋਹੇ ਭੇਵ ਦੇ ਖੁਲ੍ਹਾਈਆ। ਦੋਏ ਜੋੜ ਬੇਨੰਤੀ ਸੀਸ ਚਰਨ ਨਿਵਾਉਂਦਾ, ਨਿਉਂ ਨਿਉਂ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਜਨ ਭਗਤ ਕਹੇ ਪ੍ਰਭੂ ਕਿਉਂ
ਬਣਿਉਂ ਅਗੰਮ ਅਥਾਹ, ਕੀ ਤੇਰੀ ਬੇਪਰਵਾਹੀਆ। ਕੋਟਨ ਕੋਟ ਬ੍ਰਹਿਮੰਡ ਖੰਡ ਦਿਤੇ ਰਚਾ, ਰਵ ਸਸ ਕਰਨ ਰੁਸ਼ਨਾਈਆ। ਮੰਡਲ ਮੰਡਪ ਦਿਤੇ ਸੁਹਾ, ਹੁਕਮੇਂ ਅੰਦਰ ਹੁਕਮ ਮਨਾਈਆ। ਵੇਸ ਅਨੇਕਾਂ ਲਏ ਵਟਾ, ਰੂਪ ਰੰਗ ਨਾ ਕਿਸੇ ਜਣਾਈਆ। ਖੇਲੇਂ ਖੇਲ ਹਰਿ ਘਟ ਥਾਂ, ਨੂਰ ਨੁਰਾਨਾ ਕਰ ਰੁਸ਼ਨਾਈਆ। ਤੇਰਾ ਲੇਖਾ ਜਾਣੇ ਕੋਇ ਨਾ, ਬੇਅੰਤ ਹੋ ਕੇ ਬੇਅੰਤ ਵਿਚ ਡੇਰਾ ਲਾਈਆ। ਕਿਉਂ ਸਭ ਦਾ ਬਣਿਆ ਪਿਤਾ ਮਾਂ, ਕਿਉਂ ਗੋਦ ਰਿਹਾ ਉਠਾਈਆ। ਕਿਉਂ ਹੰਸ ਬਣਾਏ ਕਾਂ, ਕਿਉਂ ਕਾਗੋਂ ਹੰਸ ਉਡਾਈਆ। ਕਿਉਂ ਦੇਵੇਂ ਠੰਡੀ ਛਾਂ, ਕਿਉਂ ਸਿਰ ਆਪਣਾ ਹੱਥ ਟਿਕਾਈਆ। ਕਿਉਂ ਆਵਣ ਜਾਵਣ ਖੇਲ ਦਿਤਾ ਰਚਾ, ਰਾਏ ਧਰਮ ਵੰਡ ਵੰਡਾਈਆ। ਕਿਉਂ ਲੇਖਾ ਲਿਖਾਏਂ ਥਾਉਂ ਥਾਂ, ਚਿਤਰ ਗੁਪਤ ਬੈਠਾ ਸੇਵ ਕਮਾਈਆ। ਕਿਉਂ ਲਾੜੀ ਮੌਤ ਲਈ ਉਪਜਾ, ਜੋ ਘੜਿਆ ਭੰਨ ਵਖਾਈਆ। ਜਨ ਭਗਤ ਕਹੇ ਪ੍ਰਭ ਮੇਰਾ ਪੜਦਾ ਦੇ ਲਾਹ, ਭੇਵ ਅਭੇਦਾ ਰਹੇ ਨਾ ਰਾਈਆ। ਤੂੰ ਮਾਲਕ ਮਹਿਬੂਬ ਮੇਰਾ ਖ਼ੁਦਾ, ਖ਼ੁਦ ਇਕੋ ਨਜ਼ਰੀ ਆਈਆ। ਤੇਰਾ ਢੋਲਾ ਗੀਤ ਰਿਹਾ ਗਾ, ਗਹਿਰ ਗੰਭੀਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਹੁਕਮ ਅੰਦਰ ਦੇ ਸਮਝਾ, ਬੁਧੀ ਦੀ ਲੋੜ ਰਹੇ ਨਾ ਰਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਸੰਸਾਰ ਸਿੰਘ ਦੇ ਗ੍ਰਹਿ ਪਿੰਡ ਛੰਬ ਕੈਂਪ ਖੂਣ ਜੰਮੂ
ਜਨ ਭਗਤ ਕਹੇ ਪ੍ਰਭੂ ਕਿਉਂ ਆਵੇਂ ਜਗਤ, ਸਤਿ ਸਚ ਦੇ ਦ੍ਰਿੜਾਈਆ। ਕਿਉਂ ਪਰਗਟ ਕਰੇਂ ਆਪਣੀ ਸ਼ਕਤ, ਸ਼ਕਤੀ ਆਪਣੇ ਵਿਚੋਂ ਉਪਾਈਆ। ਕਿਉਂ ਉਧਾਰੇਂ ਸਾਚੇ ਭਗਤ, ਭਗਵਨ ਹੋ ਕੇ ਵੇਖ ਵਖਾਈਆ। ਕਿਉਂ ਇਕੋ ਢੋਲਾ ਦੱਸੇਂ ਫ਼ਕ਼ਤ, ਫ਼ਿਕਰਾ ਸਚ ਪੜ੍ਹਾਈਆ। ਕਿਉਂ ਸੁਹਾਵੇਂ ਸਚ ਵਕ਼ਤ, ਜੁਗ ਚੌਕੜੀ ਫੇਰਾ ਪਾਈਆ। ਕਿਉਂ ਜੋਧਾ ਸੂਰਬੀਰ ਮਰਦਾਨ ਬਣਿਆ ਮਰਦ, ਨਿਰਗੁਣ ਹੋ ਕੇ ਭੱਜੇਂ ਵਾਹੋ ਦਾਹੀਆ। ਕਿਉਂ ਗ਼ਰੀਬ ਨਿਮਾਣਿਆਂ ਵੰਡੇਂ ਦਰਦ, ਦੁਖੀਆਂ ਦੁੱਖ ਆਪਣੀ ਝੋਲੀ ਪਾਈਆ। ਕਿਉਂ ਸ਼ਰਅ ਛੁਰੀ ਚਲਾਈ ਕਰਦ, ਕਾਤਲ ਮਕਤੂਲ ਆਪਣਾ ਖੇਲ ਵਖਾਈਆ। ਕਿਉਂ ਬੇਨੰਤੀ ਸੁਣੇਂ ਅਰਜ਼, ਕਿਉਂ ਚਰਨਾਂ ਉਤੇ ਮਸਤਕ ਰਿਹਾ ਰਗੜਾਈਆ। ਜਨ ਭਗਤ ਕਹੇ ਪ੍ਰਭੂ ਪੜਦਾ ਖੋਲ੍ਹ ਕਰ ਨਾ ਪੜਦ, ਓਹਲਾ ਕਾਇਆ ਚੋਲਾ ਰਹਿਣ ਕੋਇ ਨਾ ਪਾਈਆ। ਜਨ ਭਗਤ ਕਹੇ ਪ੍ਰਭੂ ਕਿਉਂ ਆਵੇਂ ਮਾਤ, ਮਿੱਤਰ ਪਿਆਰੇ ਮੈਨੂੰ ਦੇ ਸਮਝਾਈਆ। ਕਿਉਂ ਬਣਾਏ ਦਿਵਸ ਰਾਤ, ਘੜੀ ਪਲ ਵੰਡ ਵੰਡਾਈਆ। ਕਿਉਂ ਖੇਲੇਂ ਖੇਲ ਤਮਾਸ਼, ਬ੍ਰਹਿਮੰਡ ਖੰਡ ਆਪਣੀ ਰਾਸ ਰਚਾਈਆ। ਕਿਉਂ ਸੁਰਤੀ ਸ਼ਬਦੀ ਕਰੇਂ ਨਾਚ, ਨਟੂਆ ਹੋ ਕੇ ਸਾਂਗ ਕਰਾਈਆ। ਕਿਉਂ ਸ਼ਬਦ ਸੁਨੇਹੜੇ ਦੇਵੇਂ ਸਾਚ, ਕਿਉਂ ਜੂਠ ਝੂਠ ਉਪਜਾਈਆ। ਕਿਉਂ ਸੇਜਾ ਸੋਵੇਂ ਜਗਤ ਖਾਟ, ਕਿਉਂ ਅੰਤਰ ਆਤਮ ਬਹਿ ਕੇ ਖ਼ੁਸ਼ੀ ਮਨਾਈਆ। ਕਿਉਂ ਜੁਗ ਚੌਕੜੀ ਕਟੇਂ ਵਾਟ, ਨਿਰਗੁਣ ਸਰਗੁਣ ਬਣ ਕੇ ਪਾਂਧੀ ਰਾਹੀਆ। ਕਿਉਂ ਭਗਤਾਂ ਦੇਵੇਂ ਸਾਥ, ਸਚ ਦੇਣਾ ਸਮਝਾਈਆ। ਕਿਉਂ ਬਣੇਂ ਤ੍ਰਿਲੋਕੀ ਨਾਥ, ਕਿਉਂ ਸਲੋਕੀ ਢੋਲਾ ਗਾਈਆ। ਕਿਉਂ ਕਹੇਂ ਭਵਿਖਤ ਵਾਕ, ਹੁਕਮ ਨਾਲ ਹੁਕਮ ਬਦਲਾਈਆ। ਕਿਉਂ ਸੇਵਕ ਕਰੇਂ ਚਾਕ, ਚਾਕਰ ਰੂਪ ਧਰਾਈਆ। ਜਨ ਭਗਤ ਕਹੇ ਮੇਰੀ ਪੂਰੀ ਕਰ ਦੇ ਆਸ, ਤ੍ਰਿਸ਼ਨਾ ਤ੍ਰਿਖਾ ਦੇ ਗਵਾਈਆ।
ਕਿਉਂ ਲੋਕਮਾਤ ਨਿਰਗੁਣ ਜੋਤ ਕਰੇਂ ਪਰਕਾਸ਼, ਨੂਰ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਦੱਸ ਖ਼ਾਸ, ਖ਼ਸੂਸੀਅਤ ਖ਼ਸਮ ਹੋ ਕੇ ਦੇ ਜਣਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਖੇਮੋ ਦੇਵੀ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਖੂਣ ਜੰਮੂ
ਜਨ ਭਗਤ ਕਹੇ ਪ੍ਰਭ ਕਿਉਂ ਦਿਤਾ ਖ਼ਾਕੀ ਤਨ, ਨਾਤਾ ਤੱਤਾਂ ਨਾਲ ਜੁੜਾਈਆ। ਕਿਉਂ ਬਖ਼ਸ਼ਿਆ ਬੁਧੀ ਮਨ, ਮਿਹਰ ਨਜ਼ਰ ਉਠਾਈਆ। ਕਿਉਂ ਜਣਾਏ ਸਰਵਣ ਕੰਨ, ਸਾਚੀ ਵੰਡ ਵੰਡਾਈਆ। ਕਿਉਂ ਬਖ਼ਸ਼ਿਆ ਮਾਲ ਧਨ, ਖ਼ਜ਼ੀਨਾ ਬੇਪਰਵਾਹੀਆ। ਕਿਉਂ ਬਣਾਇਆ ਆਪਣਾ ਜਨ, ਜਨਮ ਕਰਮ ਦੇ ਦ੍ਰਿੜਾਈਆ। ਕਿਉਂ ਪੜਦਾ ਰਖਾਇਆ ਵਿਚ ਬ੍ਰਹਮ, ਪਾਰਬ੍ਰਹਮ ਲੇਖਾ ਦੇ ਚੁਕਾਈਆ। ਕਿਉਂ ਖ਼ੁਸ਼ੀ ਰਖੀ ਗ਼ਮ, ਚਿੰਤਾ ਨਾਲ ਮਿਲਾਈਆ। ਕਿਉਂ ਪਵਣ ਸਵਾਸ ਦਿਤਾ ਦਮ, ਰਸਨਾ ਜਿਹਵਾ ਨਾਲ ਵਡਿਆਈਆ। ਕਿਉਂ ਹੱਡ ਨਾਲ ਜੋੜਿਆ ਚੰਮ, ਰਕਤ ਬੂੰਦ ਵੰਡ ਵੰਡਾਈਆ। ਕਿਉਂ ਪਰਕਾਸ਼ ਕੀਤਾ ਸਾਚਾ ਨੂਰ ਜੋਤ ਚੰਨ, ਸੀਤਲ ਧਾਰ ਕਿਉਂ ਪਰਗਟਾਈਆ। ਕਿਉਂ ਬਣਾਇਆ ਮਾਤ ਕਰਮ, ਕਾਂਡ ਕਿਉਂ ਝੋਲੀ ਪਾਈਆ। ਕਿਉਂ ਵੰਡ ਵੰਡਾਈ ਜਾਤ ਪਾਤ ਧਰਮ, ਮਜ਼੍ਹਬ ਹਿੱਸਿਆਂ ਵਿਚ ਰਖਾਈਆ। ਕਿਉਂ ਲੇਖਾ ਰੱਖਿਆ ਭਰਮ, ਪੜਦੇ ਓਹਲੇ ਵਿਚ ਛੁਪਾਈਆ। ਕਿਉਂ ਬਦਲਦਾ ਰਵ੍ਹੇਂ ਜਨਮ, ਲੱਖ ਚੁਰਾਸੀ ਵਿਚ ਭਵਾਈਆ। ਕਿਉਂ ਰੱਖਿਆ ਹਯਾ ਸ਼ਰਮ, ਨੇਤਰ ਨੈਣ ਸ਼ਰਮਾਈਆ। ਕਿਉਂ ਦਵੈਤੀ ਲਾਇਆ ਵਰਮ, ਆਰ ਪਾਰ ਦਿਤਾ ਕਰਾਈਆ। ਕਿਉਂ ਨੇਤਰ ਖੋਲ੍ਹਿਆ ਹਰਨ ਫਰਨ, ਨਿਜ ਲੋਚਣ ਕਰ ਰੁਸ਼ਨਾਈਆ। ਕਿਉਂ ਭੈ ਵਿਚ ਸਾਰੇ ਡਰਨ, ਭਉ ਕਵਣ ਰਿਹਾ ਵਖਾਈਆ। ਕਿਉਂ ਮੰਜ਼ਲ ਚੋਟੀ ਤੇਰੀ ਚੜ੍ਹਨ, ਕਿਉਂ ਕਰਨ ਪੜ੍ਹਾਈਆ। ਕਿਉਂ ਬਿਰਹੋਂ ਵੈਰਾਗ ਅੰਦਰ ਮਰਨ, ਵਿਛੋੜਾ ਰਿਹਾ ਸਤਾਈਆ। ਕਿਉਂ ਬਖ਼ਸ਼ੀ ਸੱਚੀ ਸਰਨ, ਸਾਹਿਬ ਸਵਾਮੀ ਦੇ ਸਮਝਾਈਆ। ਕਿਉਂ ਆਦਿ ਜੁਗਾਦਿ ਜੁਗ ਚੌਕੜੀ ਕਰੇਂ ਪ੍ਰਨ, ਭਵਿਖਤਾਂ ਵਿਚ ਗੰਢ ਪਵਾਈਆ। ਕਿਉਂ ਲੱਖ ਚੁਰਾਸੀ ਨਾਲ ਆਵੇਂ ਲੜਨ, ਹੰਕਾਰੀ ਵਿਕਾਰੀ ਖੇਲ ਖਿਲਾਈਆ। ਕਿਉਂ ਅਗਨੀ ਆਵੇਂ ਸੜਨ, ਪੰਜ ਤਤ ਕਾਇਆ ਚੋਲਾ ਦਏਂ ਤਜਾਈਆ। ਕਿਉਂ ਗੋਰ ਆਵੇਂ ਵੜਨ, ਮਕ਼ਬਰਿਆਂ ਵਿਚ ਬਹਿ ਕੇ ਸੋਭਾ ਪਾਈਆ। ਕਿਉਂ ਭਗਤ ਭਗਵਾਨ ਆਵੇਂ ਫੜਨ, ਭੱਜੇਂ ਵਾਹੋ ਦਾਹੀਆ। ਜਨ ਭਗਤ ਕਹੇ ਪ੍ਰਭ ਕਿਉਂ ਤੇਰਾ ਭਾਣਾ ਗੁਰਮੁਖ ਜਰਨ, ਜ਼ਰਾ ਜ਼ਰਾ ਆਪ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਕਿਉਂ ਲੜ ਤੇਰਾ ਫੜਨ, ਭੇਵ ਅਭੇਦਾ ਦੇ ਖੁਲ੍ਹਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਸ਼ੰਕਰ ਦਾਸ ਦੇ ਗ੍ਰਹਿ ਪਿੰਡ ਮਲਕ ਖੂਣ ਕੈਂਪ ਜੰਮੂ
ਜਨ ਭਗਤ ਕਹੇ ਪ੍ਰਭ ਕਿਉਂ ਬਣਾਏ ਜ਼ਿਮੀਂ ਅਸਮਾਨ, ਜਗਤ ਜ਼ਮਾਨਾ ਖੇਲ ਖਿਲਾਈਆ। ਕਿਉਂ ਪਰਗਟਾਏ ਰਵ ਸਸ ਸੂਰੀਆ ਚੰਦ ਭਾਨ,
ਕਿਰਨ ਕਿਰਨ ਤੇਜ ਜੋਤ ਰੁਸ਼ਨਾਈਆ। ਕਿਉਂ ਬਣਾਏ ਬ੍ਰਹਿਮੰਡ ਖੰਡ ਦੋ ਜਹਾਨ, ਬੇਅੰਤ ਅੰਤ ਆਪਣੇ ਵਿਚ ਛੁਪਾਈਆ। ਕਿਉਂ ਗੁਰ ਅਵਤਾਰ ਪੈਗ਼ੰਬਰ ਦਿਤਾ ਦਾਨ, ਸ਼ਬਦ ਨਿਧਾਨਾ ਨਜ਼ਰੀ ਆਈਆ। ਕਿਉਂ ਖੇਲ ਖਿਲਾਏਂ ਗੋਪੀ ਕਾਹਨ, ਕਿਉਂ ਸੀਤਾ ਰਾਮ ਵੱਜੀ ਵਧਾਈਆ। ਕਿਉਂ ਮੂਸਾ ਈਸਾ ਮੁਹੰਮਦ ਦਿਤਾ ਫ਼ਰਮਾਨ, ਕਲਮਾ ਧੁਰ ਦਾ ਇਕ ਦ੍ਰਿੜਾਈਆ। ਕਿਉਂ ਨਾਨਕ ਦੱਸਿਆ ਸਤਿਨਾਮ, ਸਤਿ ਸਤਿ ਵਿਚੋਂ ਸਮਝਾਈਆ। ਕਿਉਂ ਗੋਬਿੰਦ ਫ਼ਤਿਹ ਡੰਕ ਵਜਾਇਆ ਆਣ, ਹੁਕਮੇਂ ਅੰਦਰ ਹੁਕਮ ਵਰਤਾਈਆ। ਕਿਉਂ ਨਾਦ ਧੁਨ ਸੁਣਾਏ ਗਾਣ, ਕਿਉਂ ਨਾਮ ਕਰੀ ਸ਼ਨਵਾਈਆ। ਕਿਉਂ ਜੰਗਲ ਬੇਲੇ ਬਣਾਏ ਬੀਆਬਾਨ, ਬਨ ਖੰਡ ਕਿਉਂ ਵੰਡ ਵੰਡਾਈਆ। ਕਿਉਂ ਖੇਲੇਂ ਖੇਲ ਹਰ ਘਟ ਵਿਚ ਦਰਮਿਆਨ, ਉਪਰ ਥੱਲੇ ਸਮਝ ਕੋਇ ਨਾ ਪਾਈਆ। ਕਿਉਂ ਦੂਈ ਦਵੈਤੀ ਸ਼ਰਅ ਬਣਾਇਆ ਸ਼ੈਤਾਨ, ਚਾਰ ਕੁੰਟ ਕਰੇ ਲੜਾਈਆ। ਕਿਉਂ ਪੰਖੀ ਪੰਛੀ ਬਣਾਏ ਹੈਵਾਨ, ਕਿਉਂ ਇਨਸਾਨਾਂ ਵੰਡ ਵੰਡਾਈਆ। ਕਿਉਂ ਸ਼ਸਤਰ ਚਿੱਲਾ ਬਣਾਏ ਤੀਰ ਕਮਾਨ, ਕਿਉਂ ਭੱਥੇ ਕੰਧ ਉਠਾਈਆ। ਕਿਉਂ ਮਾਣ ਮੋਹ ਹੰਕਾਰ ਵਿਕਾਰ ਬਣਾਇਆ ਗੁਮਾਨ, ਭੇਖ ਪਾਖੰਡ ਕਿਉਂ ਰਚਨ ਰਚਾਈਆ। ਕਿਉਂ ਬਣਾਇਆ ਪੀਵਣ ਖਾਣ, ਕਿਉਂ ਤ੍ਰਿਸ਼ਨਾ ਜਗਤ ਹਲਕਾਈਆ। ਕਿਉਂ ਕਰਾਇਆ ਮਧ ਪਾਣ, ਕਿਉਂ ਨਸ਼ਿਆਂ ਵਿਚ ਰੁਲਾਈਆ। ਕਿਉਂ ਭੂਮਿਕਾ ਬਣਾਈ ਸ਼ਮਸ਼ਾਨ, ਕਿਉਂ ਮਕ਼ਬਰਿਆਂ ਖੇਲ ਖਿਲਾਈਆ। ਕਿਉਂ ਬਣਿਆ ਰਿਹਾ ਨਾਦਾਨ, ਜਗ ਵੇਖਣ ਕੋਇ ਨਾ ਪਾਈਆ। ਕਿਉਂ ਹੁਕਮ ਹਾਕਮ ਬਣਾਏ ਵਿਧਾਨ, ਕਿਉਂ ਹਕੂਮਤ ਰਿਹਾ ਚਲਾਈਆ। ਜਨ ਭਗਤ ਕਹੇ ਪ੍ਰਭੂ ਆਪਣਾ ਖੋਲ੍ਹ ਕੇ ਦੇ ਬਿਆਨ, ਬੇਈਮਾਨੀ ਵਿਚ ਨਾ ਕੋਇ ਰਖਾਈਆ। ਕਿਉਂ ਹੋਇਉਂ ਜਾਣੀ ਜਾਣ, ਹਰ ਘਟ ਵੇਖੇ ਥਾਉਂ ਥਾਈਂਆ। ਕਿਉਂ ਕਲਜੁਗ ਅੰਤ ਬਣਿਉਂ ਤਰਖਾਨ, ਤਿੱਖੀ ਧਾਰ ਆਪ ਪਰਗਟਾਈਆ। ਕਿਉਂ ਬਦਲਿਆ ਰੂਪ ਮਹਾਨ, ਵੇਸ ਜੱਟਾਂ ਵਾਲਾ ਵਖਾਈਆ। ਕਿਉਂ ਮਾਰਨ ਆਇਉਂ ਅਫ਼ਗ਼ਾਨ, ਫ਼ੈਸਲਾ ਹੱਕ ਹੱਕ ਸੁਣਾਈਆ। ਕਿਉਂ ਖ਼ਾਲੀ ਕਰਨ ਆਇਉਂ ਮੈਦਾਨ, ਮਦਦ ਅਵਰ ਨਾ ਕੋਇ ਮੰਗਾਈਆ। ਕਿਉਂ ਸ੍ਰਿਸ਼ਟੀ ਕੀਤੀ ਹੈਰਾਨ, ਹਿਰਦੇ ਹਰਿ ਨਾ ਕੋਇ ਧਿਆਈਆ। ਕਿਉਂ ਸ਼ਬਦੀ ਸੁਤ ਲਿਆਇਆ ਨਾਲ ਜਵਾਨ, ਜੋਬਨਵੰਤਾ ਨਜ਼ਰੀ ਆਈਆ। ਕਿਉਂ ਆਪਣੇ ਹੱਥ ਫੜੀ ਕਮਾਨ, ਕਾਮਲ ਮੁਰਸ਼ਦ ਫੇਰਾ ਪਾਈਆ। ਕਿਉਂ ਦੋ ਜਹਾਨ ਬਣਿਉਂ ਪਰਧਾਨ, ਪਰਧਾਨਗੀ ਆਪਣੀ ਰਿਹਾ ਵਖਾਈਆ। ਜਨ ਭਗਤ ਕਹੇ ਪ੍ਰਭੂ ਜੁਗ ਜੁਗ ਕਿਉਂ ਨਹੀਂ ਬੈਠਦਾ ਨਾਲ ਆਰਾਮ, ਝੰਜਟਾ, ਵਿਚ ਝੰਜਟ ਪਾ ਕੇ ਝਗੜਾ ਵੇਖੇਂ ਜਗਤ ਲੋਕਾਈਆ। ਅਬਿਨਾਸ਼ੀ ਕਰਤਾ ਕਹੇ ਜੁਗ ਚੌਕੜੀ ਛੇੜ ਛੇੜਨੀ ਮੇਰਾ ਕਾਮ, ਸਭ ਦੀ ਕਰਨੀ ਕਰਨੀ ਨਾਕਾਮ, ਮਨ ਮਤ ਬੁਧ ਮੇਟਣੀ ਤਮਾਮ, ਕੂੜਾ ਰਹਿਣ ਨਾ ਦੇਣਾ ਹਰਾਮ, ਸ਼ਰਅ ਸ਼ਰੀਅਤ ਮੇਟ ਸ਼ੈਤਾਨ, ਇਕੋ ਰੂਪ ਨਜ਼ਰੀ ਆਏ ਸਭ ਨੂੰ ਭਗਵਾਨ, ਭਗਵੰਤ ਹੋ ਕੇ ਆਪਣੀ ਖੇਲ ਖਿਲਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਪੂਰਨ ਚੰਦ ਪਿੰਡ ਮਲਕ ਖੂਣ ਕੈਂਪ ਜੰਮੂ
ਜਨ ਭਗਤ ਕਹੇ ਪ੍ਰਭੂ ਕਿਉਂ ਬਣਾਏ ਲੋਕ ਪਰਲੋਕ, ਕਿਉਂ ਪਰਲੋ ਆਪਣੇ ਹੁਕਮ ਵਿਚ ਰਖਾਈਆ। ਕਿਉਂ ਹਰ ਘਟ ਥਾਂ ਪਰਕਾਸ਼ ਕੀਤੀ ਜੋਤ, ਆਪਣੇ ਨੂਰ ਨਾਲ ਚਮਕਾਈਆ। ਕਿਉਂ ਸ਼ਬਦ ਅਗੰਮੀ ਲਾਵੇਂ ਚੋਟ, ਸੋਏ ਸਰਬ ਉਠਾਈਆ। ਕਿਉਂ ਸੁਹਾਵੇਂ ਕਿਲਾ ਕੋਟ, ਬੰਕ ਦਵਾਰੇ
ਦਏਂ ਵਡਿਆਈਆ। ਕਿਉਂ ਜਣਾਵੇਂ ਸਚ ਸਲੋਕ, ਆਪਣਾ ਨਾਮ ਕਰੇਂ ਪੜ੍ਹਾਈਆ। ਕਿਉਂ ਬਖ਼ਸ਼ੇ ਮੁਕਤੀ ਮੋਖ, ਕਿਉਂ ਮੁਫ਼ਤ ਆਪਣੇ ਵਿਚ ਸਮਾਈਆ। ਕਿਉਂ ਨਿਰਗੁਣ ਹੋ ਕੇ ਸਰਗੁਣ ਕਰੇਂ ਖੋਜ, ਵੇਖੇਂ ਥਾਉਂ ਥਾਈਂਆ। ਕਿਉਂ ਪ੍ਰੀਤਮ ਹੋ ਕੇ ਪਿਆਰ ਦਾ ਕਰੇਂ ਚੋਜ, ਚੋਲੇ ਅੰਦਰ ਵੱਜੇ ਵਧਾਈਆ। ਕਿਉਂ ਬਿਰਹੋਂ ਵਿਛੋੜਾ ਲਾਇਆ ਰੋਗ, ਯਾਦ ਰਹੀ ਸਤਾਈਆ। ਕਿਉਂ ਬੈਰਾਗੀ ਬਖ਼ਸ਼ਿਆ ਜੋਗ, ਜੋਗੀਸ਼ਰ ਦਿਤੇ ਭਟਕਾਈਆ। ਕਿਉਂ ਅੰਮ੍ਰਿਤ ਰਸ ਦੀ ਦੇ ਕੇ ਚੋਗ, ਸਾਂਤਕ ਸਤਿ ਦਏਂ ਕਰਾਈਆ। ਕਿਉਂ ਬਖ਼ਸ਼ੇਂ ਦਰਸ ਅਮੋਘ, ਚਿੰਤਾ ਗ਼ਮ ਮਿਟਾਈਆ। ਕਿਉਂ ਭੋਗੇਂ ਸਾਚਾ ਭੋਗ, ਆਤਮ ਸੇਜਾ ਡੇਰਾ ਲਾਈਆ। ਕਿਉਂ ਮਿਲਾਏਂ ਸਚ ਸੰਜੋਗ, ਮੇਲਾ ਸਹਿਜ ਸੁਭਾਈਆ। ਕਿਉਂ ਕਰੇਂ ਵਿਯੋਗ, ਦੋ ਜਹਾਨਾਂ ਸਦਾ ਜੁਦਾਈਆ। ਕਿਉਂ ਲੱਖ ਚੁਰਾਸੀ ਅੰਦਰ ਦੇਵੇਂ ਝੋਕ, ਜੂਨੀਆਂ ਵਿਚ ਭਵਾਈਆ। ਕਿਉਂ ਦੁੱਖ ਦੇਣ ਦਾ ਤੈਨੂੰ ਸ਼ੌਂਕ, ਜਨ ਭਗਤ ਕਹੇ ਮੈਨੂੰ ਦੇ ਸਮਝਾਈਆ। ਤੈਨੂੰ ਕੋਈ ਨਾ ਸਕੇ ਰੋਕ, ਕਿਉਂ ਤੇਰੀ ਬੇਪਰਵਾਹੀਆ। ਜਨ ਭਗਤ ਕਹੇ ਪ੍ਰਭੂ ਤੇਰਾ ਖੇਲ ਵੇਖਿਆ ਬਹੁਤ, ਗਿਣਤੀ ਵਿਚ ਨਾ ਕੋਇ ਗਿਣਾਈਆ। ਕਿਉਂ ਖੁਮਾਰੀ ਅੰਦਰ ਕਰੇਂ ਮਦਹੋਸ਼, ਸੁਰਤੀ ਸੁਰਤ ਭੁਲਾਈਆ। ਕਿਉਂ ਬੈਠਾ ਰਹੇਂ ਖਾਮੋਸ਼, ਸੁਨ ਸਮਾਧ ਡੇਰਾ ਲਾਈਆ। ਕਿਉਂ ਭਾਗ ਲਗਾਵੇਂ ਕਾਇਆ ਮਾਟੀ ਪੋਸ਼, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਦਰਸ਼ਨ ਦੇਵੇ ਰੋਜ਼, ਰਜਾ ਆਪਣੀ ਵਿਚ ਮਨਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਅੰਗਰੇਜ਼ ਸਿੰਘ ਪਿੰਡ ਧੀਂਗਾ ਵਾਲੀ ਕੈਂਪ ਖੂਣ ਜੰਮੂ
ਜਨ ਭਗਤ ਕਹੇ ਪ੍ਰਭੂ ਕਿਉਂ ਕੀਤਾ ਆਪਣਾ ਆਪ ਪਰਕਾਸ਼, ਕਿਉਂ ਨੂਰ ਨੂਰ ਰੁਸ਼ਨਾਈਆ। ਕਿਉਂ ਸਚ ਸਵਾਮੀ ਹੋ ਕੇ ਪਾਵੇਂ ਰਾਸ, ਗੋਪੀ ਕਾਹਨ ਰੂਪ ਵਟਾਈਆ। ਕਿਉਂ ਵਸੇਂ ਆਪਣੇ ਪਾਸ, ਆਪ ਆਪਾ ਦੇ ਸਮਝਾਈਆ। ਕਿਉਂ ਪਰਗਟ ਹੋਇਉਂ ਖ਼ਾਸ, ਖ਼ਸਮ ਹੋ ਕੇ ਹੁਕਮ ਵਰਤਾਈਆ। ਕਿਉਂ ਸੇਵਕ ਬਣਿਉਂ ਦਾਸ, ਸੇਵਕ ਸੇਵਾ ਸਚ ਕਮਾਈਆ। ਕਿਉਂ ਤ੍ਰਿਸ਼ਨਾ ਰਖੀ ਆਸ, ਕਿਉਂ ਮਮਤਾ ਮੋਹ ਜਣਾਈਆ। ਕਿਉਂ ਭੁੱਖ ਬਣਾਈ ਪਿਆਸ, ਸਹਿਜੇ ਦੇ ਸਮਝਾਈਆ। ਕਿਉਂ ਬਣਿਉਂ ਸਰਬ ਗੁਣਤਾਸ, ਗੁਣਵੰਤਾ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਬਣਾਏ ਆਪਣੀ ਸ਼ਾਖ਼, ਸ਼ਰਅ ਦਿਤੀ ਪਰਗਟਾਈਆ। ਕਿਉਂ ਕਰ ਕੇ ਮਾਤਲੋਕ ਉਦਾਸ, ਅੰਤਮ ਨਾਤੇ ਲਏ ਤੁੜਾਈਆ। ਕਿਉਂ ਭਗਤਾਂ ਪੁਛੇਂ ਬਾਤ, ਨਿਤ ਨਵਿਤ ਫੇਰਾ ਪਾਈਆ। ਕਿਉਂ ਸੋਹਣਾ ਵੇਲਾ ਬਣਾਇਆ ਪਰਭਾਤ, ਕਿਉਂ ਸੰਧਿਆ ਢੋਲੇ ਗਾਈਆ। ਕਿਉਂ ਲੇਖਾ ਲਿਖਿਆ ਪੱਟੀ ਨਾਲ ਕ਼ਲਮ ਦਵਾਤ, ਕਿਉਂ ਅੱਖਰਾਂ ਜੋੜ ਜੁੜਾਈਆ। ਕਿਉਂ ਸੰਤਾਂ ਦਏਂ ਸ਼ਾਬਾਸ਼, ਸਿਰ ਆਪਣਾ ਹੱਥ ਟਿਕਾਈਆ। ਕਿਉਂ ਪਤਣ ਬਣਾਇਆ ਘਾਟ, ਕਿਉਂ ਗੁਰਮੁਖਾਂ ਪਾਰ ਲੰਘਾਈਆ। ਕਿਉਂ ਨੇਰਨ ਨੇਰੇ ਰਖੀ ਵਾਟ, ਗੁਰਸਿਖਾਂ ਦਏਂ ਸਮਝਾਈਆ। ਕਿਉਂ ਝਗੜਾ ਪਾਇਆ ਜਾਤ ਪਾਤ, ਦੀਨ ਮਜ਼੍ਹਬ ਰਿਹਾ ਟਕਰਾਈਆ। ਕਿਉਂ ਜੀਵਣ ਰੱਖਿਆ ਵਫ਼ਾਤ, ਕਿਉਂ ਮੁਰਦਾ ਮੁਰੀਦ ਵਿਚ ਸਮਾਈਆ। ਕਿਉਂ ਅੰਦਰੇ ਅੰਦਰ ਧੁਨ ਆਤਮਕ ਜਣਾਏਂ ਆਪਣੀ ਬਾਤ, ਬਾਤਨ ਹੋ ਕੇ ਕਰੇਂ ਸ਼ਨਵਾਈਆ। ਕਿਉਂ ਭਗਤਾਂ ਸਚ ਸੁਨੇਹੜਾ ਜਾਏਂ ਆਖ, ਆਖ਼ਰ ਆਪਣਾ ਹੁਕਮ ਮਨਾਈਆ। ਕਿਉਂ ਝਗੜਾ ਪਾਵਣ
ਵਾਲਾ ਇਸ ਵਿਸਾਖ, ਵਸਾਹ ਕੇ ਸਭ ਨੂੰ ਰਿਹਾ ਹਿਲਾਈਆ। ਕਿਉਂ ਖਿੜਕੀ ਖੋਲੇਂ ਤਾਕ, ਕਿਉਂ ਕੁੰਡੇ ਰਿਹਾ ਖੜਕਾਈਆ। ਕਿਉਂ ਹੋ ਕੇ ਪੁਰਖ ਅਬਿਨਾਸ਼, ਭਗਤਾਂ ਰਿਹਾ ਤੜਪਾਈਆ। ਕਿਉਂ ਦਿੰਦਾ ਨਹੀਂ ਆਪਣੀ ਦਾਤ, ਦਾਤਾਰ ਹੋ ਕੇ ਝੋਲੀ ਪਾਈਆ। ਜਨ ਭਗਤ ਤੈਨੂੰ ਕਹਿ ਬੈਠੇ ਇਕੋ ਬਾਪ, ਪਿਤਾ ਪੁਰਖ ਅਕਾਲ ਨਜ਼ਰੀ ਆਈਆ। ਪੂਰਾ ਕਰ ਗੋਬਿੰਦ ਵਾਲਾ ਵਾਕ, ਵਖ਼ਤ ਪਏ ਤੇ ਜਗਤ ਵਿਚੋਂ ਬਾਹਰ ਕਢਾਈਆ। ਸਭ ਦੇ ਵੇਖ ਹਾਲਾਤ, ਹਾਲਾਂਕਿ ਬਦਲੀ ਨਹੀਂ ਬਦਲਣ ਦਾ ਵੇਲਾ ਰਹੀ ਤਕਾਈਆ। ਕਲਜੁਗ ਕੂੜੀ ਰਹਿਣੀ ਨਹੀਂ ਜਮਾਤ, ਜਮਾਂ ਨੇ ਘੇਰਾ ਲੈਣਾ ਪਾਈਆ। ਜਨ ਭਗਤ ਕਹੇ ਪ੍ਰਭੂ ਤੂੰ ਉਨ੍ਹਾਂ ਪੁਛਣੀ ਬਾਤ, ਜਿਹੜੇ ਤੇਰਾ ਇਕੋ ਨਾਮ ਧਿਆਈਆ। ਕਿਉਂ ਕਲਜੁਗ ਅੰਤਮ ਮੁੱਕਣੀ ਵਾਟ, ਵੱਟਾ ਰਹਿਣ ਕੋਇ ਨਾ ਪਾਈਆ। ਕਿਉਂ ਸੂਰਬੀਰ ਜੋਧਾ ਬਣੇਂ ਰਾਠ, ਹੁਕਮੇ ਅੰਦਰ ਹੁਕਮ ਭਵਾਈਆ। ਕਿਉਂ ਸ਼ੌਹ ਦਰਿਆਏ ਲਹਿਰ ਮਾਰੇ ਠਾਠ, ਅੰਮ੍ਰਿਤ ਧਾਰਾ ਇਕ ਵਹਾਈਆ। ਕਿਉਂ ਬਣੇ ਸਾਚਾ ਘਾਟ, ਪਤਣ ਬਹਿ ਕੇ ਖ਼ੁਸ਼ੀ ਮਨਾਈਆ। ਕਿਉਂ ਭਗਤਾਂ ਹੋਵੇਂ ਦਾਸ, ਦੱਸ ਕੇ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਕੋਇ ਨਾ ਪੁਛੇ ਬਾਤ, ਵਤਨ ਬੇਵਤਨਾਂ ਹੋਏ ਨਾ ਕੋਇ ਸਹਾਈਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੨ ਲਛਮਣ ਸਿੰਘ ਦੇ ਗ੍ਰਹਿ ਪਿੰਡ ਧੰਗਾਲੀ ਖੂਣ ਕੈਂਪ ਜੰਮੂ
ਜਨ ਭਗਤ ਕਹੇ ਕਿਉਂ ਰਚਨ ਰਚਾਈ, ਰਚਨਹਾਰੇ ਦੇ ਸਮਝਾਈਆ। ਕਿਉਂ ਤ੍ਰੈਗੁਣ ਮਾਇਆ ਉਪਜਾਈ, ਆਪਣਾ ਹੁਕਮ ਵਰਤਾਈਆ। ਕਿਉਂ ਪੰਜ ਤਤ ਕਰੀ ਕੁੜਮਾਈ, ਨਾਤਾ ਜੋੜਿਆ ਸਹਿਜ ਸੁਭਾਈਆ। ਕਿਉਂ ਪਰਕਿਰਤੀ ਵਿਚ ਟਿਕਾਈ, ਦਿਤੀ ਮਾਣ ਵਡਿਆਈਆ। ਕਿਉਂ ਸੁਰਤੀ ਸ਼ਬਦ ਭੁਲਾਈ, ਪੜਦਾ ਦਿਤਾ ਰਖਾਈਆ। ਕਿਉਂ ਮੂਰਤ ਅਕਾਲ ਛੁਪਾਈ, ਨਜ਼ਰ ਕਿਸੇ ਨਾ ਆਈਆ। ਕਿਉਂ ਸੁਰ ਤਾਲ ਵਜਾਈ, ਨਾਦੀ ਨਾਦ ਸ਼ਨਵਾਈਆ। ਕਿਉਂ ਘਰ ਮੰਦਰ ਬਣਤ ਬਣਾਈ, ਗ੍ਰਹਿ ਆਪਣਾ ਰੰਗ ਚੜ੍ਹਾਈਆ। ਕਿਉਂ ਜੋਤ ਨਿਰੰਜਣ ਡਗਮਗਾਈ, ਆਦਿ ਨਿਰੰਜਣ ਵੰਡ ਵੰਡਾਈਆ। ਕਿਉਂ ਟੇਢੀ ਬੰਕ ਸੁਹਾਈ, ਭਵਰ ਗੁਫ਼ਾ ਕਿਉਂ ਚਤੁਰਾਈਆ। ਕਿਉਂ ਸਹੰਸ ਕਵਲ ਰਿਹਾ ਭਵਾਈ, ਦਲ ਆਪਣਾ ਨਾਲ ਮਿਲਾਈਆ। ਕਿਉਂ ਈੜਾ ਪਿੰਗਲ ਕਰੀ ਕੁੜਮਾਈ, ਹੁਕਮ ਇਕ ਵਰਤਾਈਆ। ਕਿਉਂ ਮਾਰੂ ਡੰਡ ਵਿਚ ਕੀਤੇ ਸ਼ੁਦਾਈ, ਬੁਧੀ ਚਲੀ ਨਾ ਕੋਇ ਚਤੁਰਾਈਆ। ਕਿਉਂ ਸਵਾ ਗਿਠ ਵੰਡ ਵੰਡਾਈ, ਹਿੱਸਾ ਆਪਣਾ ਆਪੇ ਪਾਈਆ। ਕਿਉਂ ਨੈਣਾਂ ਪਿਛੇ ਨੈਣ ਕੀਤਾ ਰੁਸ਼ਨਾਈ, ਤੀਜੀ ਅੱਖ ਖੁਲ੍ਹਾਈਆ। ਕਿਉਂ ਬਣ ਕੇ ਬ੍ਰਹਮ ਗੁਸਾਈਂ, ਪਾਰਬ੍ਰਹਮ ਅਖਵਾਈਆ। ਕਿਉਂ ਆਤਮ ਨੂਰ ਰੁਸ਼ਨਾਈ, ਰੂਹ ਬੁਤ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਇਕ ਵਰ, ਵਾਰਤਾ ਆਪਣੀ ਦੇ ਦ੍ਰਿੜਾਈਆ। ਜਨ ਭਗਤ ਕਹੇ ਕਿਉਂ ਬਣਾਇਆ ਤਤ ਵਜੂਦ, ਹਰਿ ਸਾਚੇ ਦੇ ਸਮਝਾਈਆ। ਕਿਉਂ ਬਣਾਇਆ ਕਾਇਆ ਮਾਟੀ ਕੱਚ ਕਲਬੂਤ, ਕੰਚਨ ਗੜ੍ਹ ਸੁਹਾਈਆ। ਕਿਉਂ ਸੁਹਾਇਆ ਅਰੂਜ, ਸਚ ਦਵਾਰੇ ਡੇਰਾ ਲਾਈਆ। ਕਿਉਂ ਬਣਿਉਂ ਨਿਰਮਲ ਮਹਿਬੂਬ, ਮੁਹੱਬਤ ਆਪਣਾ ਰੰਗ ਰੰਗਾਈਆ। ਕਿਉਂ ਨਾ ਦੇਵੇਂ
ਆਪਣਾ ਸਚ ਸਬੂਤ, ਸਬਰ ਸਬੂਰੀ ਵਿਚ ਸਮਝਾਈਆ। ਕਿਉਂ ਭੱਜਾ ਫਿਰੇਂ ਚਾਰੇ ਕੂਟ, ਦਹਿ ਦਿਸ਼ਾ ਵਾਹੋ ਦਾਹੀਆ। ਕਿਉਂ ਉਪਜਾਇਆ ਜੂਠ ਝੂਠ, ਮਾਇਆ ਮਮਤਾ ਮੋਹ ਹਲਕਾਈਆ। ਕਿਉਂ ਅੰਦਰੋਂ ਗਿਉਂ ਰੂਠ, ਆਪਣਾ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਨਜ਼ਰ ਆ ਮੌਜੂਦ, ਘਰ ਸਾਚੇ ਸੋਭਾ ਪਾਈਆ। ਜਨ ਭਗਤ ਕਹਿਣ ਕਿਉਂ ਰਚਨ ਲਿਆ ਰਚ, ਰਚ ਰਚ ਵੇਖ ਵਖਾਈਆ। ਕਿਉਂ ਭਾਂਡਾ ਬਣਾਇਆ ਕਾਇਆ ਮਾਟੀ ਕੱਚ, ਤਨ ਮਾਟੀ ਸੋਭਾ ਪਾਈਆ। ਕਿਉਂ ਆਤਮ ਰਖੀ ਸਚ, ਵੱਜੇ ਸਚ ਵਧਾਈਆ। ਕਿਉਂ ਲੂੰ ਲੂੰ ਅੰਦਰ ਰਿਹਾ ਰਚ, ਆਪਣਾ ਆਪ ਛੁਪਾਈਆ। ਕਿਉਂ ਲੁਕਾਇਆ ਬ੍ਰਹਮਮਤ, ਪਾਰਬ੍ਰਹਮ ਦੇ ਦ੍ਰਿੜਾਈਆ। ਕਿਉਂ ਉਪਜਾਇਆ ਧੀਰਜ ਜਤ, ਸਤਿ ਸੰਤੋਖ ਨਾਲ ਮਿਲਾਈਆ। ਕਿਉਂ ਉਬਲੇ ਬਹੱਤਰ ਨਾੜੀ ਰਤ, ਤਿੰਨ ਸੌ ਸੱਠ ਹਾਡੀ ਰਹੀ ਕੁਰਲਾਈਆ। ਜਨ ਭਗਤ ਕਹੇ ਪ੍ਰਭੂ ਕਿਉਂ ਖੇਲ ਖਿਲਾਇਆ ਜਗਤ, ਜਗ ਜੀਵਣ ਦਾਤੇ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਉਂ ਸ੍ਰਿਸ਼ਟੀ ਲਾਈ ਅੱਗ, ਤ੍ਰਿਖਾ ਤ੍ਰਿਸ਼ਨਾ ਵਿਚ ਤਪਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਵਜ਼ੀਰੋ ਦੇਵੀ ਦੇ ਗ੍ਰਹਿ ਪਿੰਡ ਧੰਗਾਲੀ ਖੂਣ ਕੈਂਪ ਜੰਮੂ
ਜਨ ਭਗਤ ਕਹੇ ਕਿਉਂ ਮਾਲਕ ਬਣਿਉਂ ਧੁਰ, ਦਰਗਾਹ ਸਾਚੀ ਸੋਭਾ ਪਾਈਆ। ਕਿਉਂ ਪਰਗਟ ਕੀਤੇ ਪੈਗ਼ੰਬਰ ਅਵਤਾਰ ਗੁਰ, ਹੁਕਮ ਸੰਦੇਸ਼ੇ ਨਾਲ ਸੁਣਾਈਆ। ਕਿਉਂ ਖੇਲ ਖਿਲਾਇਆ ਦੇਵਤ ਸੁਰ, ਕਰੋੜ ਤੇਤੀਸਾ ਵੱਜੇ ਵਧਾਈਆ। ਕਿਉਂ ਨਿਰਗੁਣ ਸਰਗੁਣ ਹੋ ਕੇ ਰਿਹੋਂ ਜੁੜ, ਮੇਲਾ ਮੇਲੇਂ ਥਾਉਂ ਥਾਈਂਆ। ਕਿਉਂ ਲੋਕਮਾਤ ਆਵੇਂ ਮੁੜ, ਨਿਤ ਨਵਿਤ ਫੇਰਾ ਪਾਈਆ। ਕਿਉਂ ਚਾਰ ਕੁੰਟ ਦਹਿ ਦਿਸ਼ਾ ਰਿਹੋਂ ਤੁਰ, ਨਵ ਨੌ ਭੱਜੇਂ ਚਾਈਂ ਚਾਈਂਆ। ਕਿਉਂ ਫ਼ੁਰਨਾ ਹੋ ਕੇ ਰਿਹੋਂ ਫੁਰ, ਫੁਰਨੇ ਅੰਦਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦੇ ਉਠਾਈਆ। ਜਨ ਭਗਤ ਕਹੇ ਕਿਉਂ ਉਪਜਾਏ ਰਿਖੀ ਮੁਨੀ, ਮੁਨੀਸ਼ਰ ਕਿਉਂ ਵਡਿਆਈਆ। ਕਿਉਂ ਬਣਾਇਆ ਦੀਨ ਦੁਨੀ, ਦੋਹਰੀ ਧਾਰ ਚਲਾਈਆ। ਕਿਉਂ ਵਿਦਿਆਵਾਨ ਕੀਤੇ ਗੁਣੀ, ਗਹਿਰ ਗੰਭੀਰ ਦੇ ਸਮਝਾਈਆ। ਕਿਉਂ ਭਾਗ ਲਗਾਵੇਂ ਕਾਇਆ ਕੁੰਨੀ, ਕਾਅਬਾ ਗ੍ਰਹਿ ਗ੍ਰਹਿ ਦਏਂ ਪਰਗਟਾਈਆ। ਕਿਉਂ ਵਸਤ ਅਮੋਲਕ ਦਏਂ ਅਨਮੁੱਲੀ, ਅਨਮੰਗੀ ਦੌਲਤ ਝੋਲੀ ਪਾਈਆ। ਕਿਉਂ ਸ੍ਰਿਸ਼ਟੀ ਤੈਨੂੰ ਭੁੱਲੀ, ਪ੍ਰਭ ਸਹਿਜੇ ਦੇ ਸਮਝਾਈਆ। ਕਿਉਂ ਜਗਤ ਅੰਧੇਰੀ ਝੁੱਲੀ, ਚਾਰੋਂ ਕੁੰਟ ਧੱਕਾ ਰਹੀ ਲਗਾਈਆ। ਕਿਉਂ ਦ੍ਰਿਸ਼ਟ ਇਸ਼ਟ ਕਿਸੇ ਨਾ ਖੁਲ੍ਹੀ, ਨੇਤਰ ਨੈਣ ਨਾ ਕੋਇ ਰੁਸ਼ਨਾਈਆ। ਕਿਉਂ ਅੰਮ੍ਰਿਤ ਧਾਰ ਸਭ ਦੀ ਡੁੱਲ੍ਹੀ, ਨਿਝਰ ਰਸ ਨਾ ਕੋਇ ਪਿਆਈਆ। ਜਨ ਭਗਤ ਕਹਿਣ ਪ੍ਰਭੂ ਤੇਰੀ ਫੁਲਵਾੜੀ ਕਿਸ ਬਿਧ ਮਾਤ ਫੁੱਲੀ, ਸਚ ਸਚ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੇਖੇ ਲਾਏ ਸਚ ਪ੍ਰੀਤੀ ਘੋਲ ਘੁਲੀ, ਘਾਲ ਸਭ ਦੀ ਝੋਲੀ ਪਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਚਰਨ ਜੀਤ ਸਿੰਘ ਦੇ ਗ੍ਰਹਿ ਪਿੰਡ ਧੰਗਾਲੀ ਖੂਣ ਕੈਂਪ ਜੰਮੂ
ਜਨ ਭਗਤ ਕਹੇ ਕਿਰਪਾ ਪ੍ਰਭ ਗਹਿਰ ਗੰਭੀਰ, ਗਵਰ ਸਬਰ ਆਪਣਾ ਦੇ ਬੰਧਾਈਆ। ਅੰਤਰ ਆਤਮ ਸਾਚਾ ਅੰਮ੍ਰਿਤ ਬਖ਼ਸ਼ ਸੀਰ, ਸੀਰ ਖਾਰ ਬੱਚੇ ਸਾਰੇ ਮੰਗ ਮੰਗਾਈਆ। ਤਨ ਮਨ ਰਹੇ ਨਾ ਹਉਮੇਂ ਪੀੜ, ਦੁਖੀਆਂ ਦਰਦ ਦੇ ਗਵਾਈਆ। ਤੇਰੇ ਮਿਲਣ ਦੀ ਇਕੋ ਰਹੇ ਰੀਝ, ਦੂਜਾ ਧਿਆਨ ਨਾ ਕੋਇ ਲਗਾਈਆ। ਤਨ ਮਾਟੀ ਠਾਂਡੀ ਹੋਵੇ ਸੀਝ, ਅਗਨੀ ਅੱਗ ਨਾ ਲਾਗੇ ਰਾਈਆ। ਜੁਗ ਚੌਕੜੀ ਗਏ ਬੀਤ, ਝਲ ਝਲ ਥੱਕੇ ਤੇਰੀ ਜੁਦਾਈਆ। ਲੱਭਦੇ ਰਹੇ ਠਾਕਰ ਮੰਦਰ ਵਿਚੋਂ ਮਸੀਤ, ਮਸਲਾ ਹਲ ਨਾ ਕੋਇ ਕਰਾਈਆ। ਰਸਨਾ ਜਿਹਵਾ ਗਾਉਦੇ ਰਹੇ ਗੀਤ, ਦਿਵਸ ਰੈਣ ਕੂਕ ਕੂਕ ਸੁਣਾਈਆ। ਮਾਨਸ ਜਨਮ ਕਿਸੇ ਨਾ ਲਿਆ ਜੀਤ, ਨਾਤਾ ਛੁਟਿਆ ਨਾ ਜਗਤ ਲੋਕਾਈਆ। ਪੁਰਖ ਅਕਾਲ ਤੇਰੀ ਕਰਦੇ ਰਹੇ ਉਡੀਕ, ਰਾਹ ਤੱਕਦੇ ਥਾਉਂ ਥਾਈਂਆ। ਸਾਡੀ ਪੂਰੀ ਕਰ ਉਮੀਦ, ਆਸਾ ਤ੍ਰਿਸ਼ਨਾ ਦੇ ਗਵਾਈਆ। ਨਾਮ ਭੰਡਾਰਾ ਝੋਲੀ ਪਾ ਭੀਖ, ਭਿਖਿਆ ਆਪਣੀ ਇਕ ਵਰਤਾਈਆ। ਸਿਰ ਹੱਥ ਰਖ ਜਗਦੀਸ਼ ਜਗਦੀਸ਼ਰ ਤੇਰੀ ਬੇਪਰਵਾਹੀਆ। ਕਲਜੁਗ ਮਾਇਆ ਮਮਤਾ ਰਹੀ ਪੀਸ, ਮਿਹਰ ਨਜ਼ਰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਲੈਣਾ ਟਿਕਾਈਆ। ਜਨ ਭਗਤ ਕਹੇ ਪ੍ਰਭ ਚੁਕਾ ਦੇ ਝੇੜੇ, ਝੰਜਟ ਰਹਿਣ ਕੋਇ ਨਾ ਪਾਈਆ। ਉਜੜੇ ਵਸਾ ਦੇ ਖੇੜੇ, ਘਰ ਸਾਚੇ ਮਿਲੇ ਵਡਿਆਈਆ। ਅਸੀਂ ਬਾਲਕ ਬੱਚੇ ਨੰਨ੍ਹੇ ਤੇਰੇ, ਦੂਜਾ ਪਿਤਾ ਨਾ ਕੋਇ ਬਣਾਈਆ। ਚੁਰਾਸੀ ਕੱਟਦੇ ਅਗਲੇ ਗੇੜੇ, ਜਨਮ ਜਨਮ ਨਾ ਕੋਇ ਭਵਾਈਆ। ਚਾਰ ਜੁਗ ਧੱਕੇ ਖਾਧੇ ਬਥੇਰੇ, ਭੱਜੇ ਵਾਹੋ ਦਾਹੀਆ। ਬਿਨ ਪੁਰਖ ਅਕਾਲ ਤੇਰੇ ਕੋਈ ਨਾ ਆਇਆ ਨੇੜੇ, ਸੰਗੀ ਸਾਥੀ ਸਾਰੇ ਗਏ ਤਜਾਈਆ। ਚਰਨ ਕਵਲਾਂ ਲਵਾ ਡੇਰੇ, ਡੇਰਾ ਆਪਣਾ ਇਕ ਬਣਾਈਆ। ਸ਼ਬਦੀ ਹੁਕਮ ਕਰ ਘੇਰੇ, ਘਿਰਨਾ ਅੰਦਰ ਰਹੇ ਨਾ ਰਾਈਆ। ਸਦਾ ਬਹਾ ਆਪਣੇ ਖੁਲ੍ਹੇ ਵਿਹੜੇ, ਜਿਥੇ ਦੁੱਖ ਦਰਦ ਨਾ ਲਾਗੇ ਰਾਈਆ। ਜਮਦੂਤ ਨਾ ਆਵੇ ਨੇੜੇ, ਫਾਸ ਗਲ ਨਾ ਕੋਇ ਲਟਕਾਈਆ। ਸਚ ਚੜ੍ਹਾ ਆਪਣੇ ਬੇੜੇ, ਬਾਹੋਂ ਫੜ ਜਗਤ ਉਠਾਈਆ। ਤੂੰ ਸਤਿਗੁਰ ਹਉਂ ਬਾਲਕ ਤੇਰੇ ਚੇਰੇ, ਤੂੰ ਹੀ ਰਾਗ ਅਲਾਈਆ। ਕਿਉਂ ਮਿਹਰਵਾਨ ਹੋ ਕੇ ਨਖੇੜੇ, ਬਿਖਰੇ ਆਪਣੇ ਨਾਲ ਜੁੜਾਈਆ। ਕੂੜੀ ਕਿਰਿਆ ਜਗਤ ਰਹਿਣ ਨਾ ਝੇੜੇ, ਮਨੂਆ ਕਰੇ ਨਾ ਕੋਇ ਲੜਾਈਆ। ਜਗਤ ਵਾਸਨਾ ਚਿੱਕੜ ਨਾਲ ਲਿਬੇੜੇ, ਦੁਰਮਤ ਮੈਲ ਦੇ ਧਵਾਈਆ। ਦੂਰ ਦੁਰਾਡੇ ਵਸ ਆ ਕੇ ਨੇੜੇ, ਆਪਣਾ ਪੰਧ ਮੁਕਾਈਆ। ਕੋਟਾਂ ਵਿਚੋਂ ਥੋੜੇ ਭਗਤ ਜਿਹੜੇ ਬੈਠੇ ਰਖ ਕੇ ਵੱਡੇ ਜੇਰੇ, ਜੇਰਜ਼ ਅੰਡਜ ਉਤਭੁਜ ਸੇਹਤਜ ਵਿਚੋਂ ਦੇਣਾ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਰ ਨਜ਼ਰ ਕਰ ਮਿਹਰੇ, ਮੇਰਾ ਤੇਰਾ ਤੇਰਾ ਮੇਰਾ ਰਹਿਣ ਕੋਇ ਨਾ ਪਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਦੇਵਾ ਸਿੰਘ ਦੇ ਗ੍ਰਹਿ ਪਿੰਡ ਧੰਗਾਲੀ ਖੂਣ ਕੈਂਪ ਜੰਮੂ
ਜਨ ਭਗਤ ਕਹੇ ਮੈਂ ਸਾਰ ਨਾ ਜਾਣਾਂ ਤੇਰੀ, ਤੇਰਾ ਭੇਵ ਕੋਇ ਨਾ ਆਈਆ। ਬਣ ਸੇਵਕ ਘਰ ਦੀ ਚੇਰੀ, ਗੋਲੀ ਹੋ ਸੇਵ ਕਮਾਈਆ।
ਸ਼ੌਹ ਦਰਿਆ ਡੁੱਬਣ ਨਾ ਦੇਵੀਂ ਬੇੜੀ, ਪਾਰ ਕਿਨਾਰੇ ਆਪ ਲਗਾਈਆ। ਕਲਜੁਗ ਅੰਤ ਕਰੀਂ ਨਾ ਹੇਰਾ ਫੇਰੀ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਸਾਨੂੰ ਨਜ਼ਰ ਔਂਦੀ ਗੁਰਮੁਖ ਕਹੇ ਰਾਮ ਵੇਲੇ ਏਥੇ ਹੁੰਦੀ ਸੀ ਇਕ ਬੇਰੀ, ਬੇਰ ਕੱਚੇ ਪਕੇ ਦੋਵੇਂ ਰੰਗ ਵਟਾਈਆ। ਇਕ ਅਯਾਲੀ ਲਾਈ ਢੇਰੀ, ਤੋੜ ਤੋੜ ਕੇ ਖ਼ੁਸ਼ੀ ਮਨਾਈਆ। ਅੰਦਰ ਆਸਾ ਕੀਤੀ ਵਧੇਰੀ, ਬਹੁ ਮਮਤਾ ਲਈ ਪਰਗਟਾਈਆ। ਸਾਚਾ ਰਾਮ ਮਾਰੇ ਫੇਰੀ, ਬਣ ਕੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਰਤਾਈਆ। ਜਨ ਭਗਤ ਕਹੇ ਪ੍ਰਭ ਫੇਰਾ ਪਾ, ਕਿਉਂ ਬੈਠਾ ਮੁਖ ਛੁਪਾਈਆ। ਅਯਾਲੀ ਦਾਸੀ ਜੀਉਣਾ ਨਾਂ, ਮਾਪੇ ਖ਼ੁਸ਼ੀਆਂ ਨਾਲ ਸੁਣਾਈਆ। ਅੰਤਰ ਬੈਠਾ ਧਿਆਨ ਲਗਾ, ਬਿਨ ਅੱਖਾਂ ਅੱਖ ਉਠਾਈਆ। ਜਿੰਨਾਂ ਚਿਰ ਮੇਰਾ ਰਾਮ ਨਾ ਜਾਵੇ ਆ, ਮੈਨੂੰ ਸੁਰਤ ਰਹੇ ਨਾ ਰਾਈਆ। ਮਾਰ ਕੇ ਉਚੀ ਧਾਹ, ਕੂਕ ਕੂਕ ਦਿਤਾ ਸੁਣਾਈਆ। ਭੀਲਣੀ ਦੀ ਤੇ ਮੇਰੀ ਮਾਂ ਦੀ ਇਕੋ ਮਾਂ, ਭਣੇਵਾਂ ਓਸੇ ਦਾ ਨਜ਼ਰੀ ਆਈਆ। ਜਿੰਨਾਂ ਚਿਰ ਨਾ ਦਰਸ਼ ਦੇਵੇਂ ਆ, ਝੱਲੀ ਨਾ ਜਾਏ ਜੁਦਾਈਆ। ਰਾਮ ਸ਼ਬਦੀ ਰੂਪ ਵਟਾ, ਭੱਜਿਆ ਵਾਹੋ ਦਾਹੀਆ। ਸਹਿਜੇ ਪਹੁੰਚਿਆ ਆ, ਫੜ ਬਾਹੋਂ ਦਿਤਾ ਹਿਲਾਈਆ। ਨੈਣ ਲਿਆ ਖੁਲ੍ਹਾ, ਖ਼ੁਸ਼ੀ ਵਿਚ ਤਾਲੀ ਦਿਤੀ ਲਗਾਈਆ। ਵਾਹ ਮੇਰੇ ਬੇਪਰਵਾਹ, ਤੇਰੇ ਹੱਥ ਵਡਿਆਈਆ। ਰਾਮ ਨੇ ਵਿਚੋਂ ਪੰਜ ਬੇਰ ਲਏ ਖਾ, ਅੱਧਾ ਹਿੱਸਾ ਉਸ ਦੇ ਮੂੰਹ ਵਿਚ ਪਾਈਆ। ਫਿਰ ਸਹਿਜੇ ਸਹਿਜੇ ਦਿਤਾ ਸਮਝਾ, ਇਸ਼ਾਰੇ ਨਾਲ ਦ੍ਰਿੜਾਈਆ। ਜਿਸ ਵੇਲੇ ਤਰੇਤਾ ਦੁਆਪਰ ਗਿਆ ਵਿਹਾ, ਕਲਜੁਗ ਅੰਧ ਅੰਧੇਰਾ ਛਾਈਆ। ਰਾਮ ਦਾ ਰਾਮ ਤੇਰਾ ਅਗਲਾ ਲੇਖਾ ਦਏ ਚੁਕਾ, ਬਾਕੀ ਤੇਰੇ ਹੱਥ ਫੜਾਈਆ। ਨਿਰਗੁਣ ਹੋ ਕੇ ਦੇਵੇ ਦਰਸ ਦਿਖਾ, ਜੋਤੀ ਜਾਤਾ ਸ਼ਹਿਨਸ਼ਾਹੀਆ। ਮਿਹਰ ਨਜ਼ਰ ਲਏ ਉਠਾ, ਮਿਹਰਵਾਨ ਹੋ ਕੇ ਵੇਖ ਵਖਾਈਆ। ਅਯਾਲੀ ਨਿਉਂ ਕੇ ਸੀਸ ਦਿਤਾ ਝੁਕਾ, ਦੋਏ ਜੋੜ ਵਾਸਤਾ ਪਾਈਆ। ਕੀ ਉਹ ਅਕੱਲਾ ਆਵੇ ਤੇਰੇ ਵਾਂਗ ਆਪਣਾ ਆਪ ਲੁਕਾ, ਪੜਦਾ ਜਗਤ ਰਖਾਈਆ। ਰਾਮ ਕਿਹਾ ਨਹੀਂ ਉਹ ਸੰਤ ਸੁਹੇਲੇ ਨਾਲ ਮਿਲਾ, ਗੁਰਮੁਖ ਸਾਚੇ ਸੰਗ ਲਿਆਈਆ। ਤੇਰੇ ਦਵਾਰੇ ਦੇਵੇ ਭਾਗ ਲਗਾ, ਭਗਵਾਨ ਹੋ ਕੇ ਹੋਏ ਸਹਾਈਆ। ਬੱਚੇ ਕਿਹਾ ਕੀ ਮੈਨੂੰ ਲਵੇ ਪਹਿਚਾਨ, ਨਿਰਗੁਣ ਪੜਦਾ ਦਏ ਉਠਾਈਆ। ਰਾਮ ਕਿਹਾ ਹਾਂ ਉਹ ਕਰੇ ਧਿਆਨ, ਦਾਤਾ ਬੇਪਰਵਾਹੀਆ। ਪ੍ਰੇਮ ਪਿਆਰ ਦਾ ਖਾਵੇ ਪਕਵਾਨ, ਕੱਚਿਆਂ ਤੋਂ ਪੱਕੇ ਦਏ ਬਣਾਈਆ। ਪੂਰਬ ਲੇਖਾ ਚੁੱਕਿਆ ਆਣ, ਪੁਰਖ ਅਕਾਲ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਲਹਿਣਾ ਦੇਵਾ ਸਿੰਘ ਦਾ ਦੇਣਾ ਦੇ ਕੇ ਖ਼ੁਸ਼ੀ ਮਨਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਕੁਲਵੰਤ ਸਿੰਘ ਪਿੰਡ ਧੰਗਾਲੀ ਖੂਣ ਕੈਂਪ ਜੰਮੂ
ਜਨ ਭਗਤ ਕਹਿਣ ਪ੍ਰਭੂ ਸਹਾਰੇ ਤੱਕੇ ਸਚ ਸਤਿਗੁਰ ਦੇ, ਸਤਿ ਸਤਿਵਾਦੀ ਹੋ ਕੇ ਵੇਖ ਵਖਾਈਆ। ਮਿਹਰਵਾਨ ਹੋ ਕੇ ਜਗਤ ਉਧਾਰ ਗ਼ਰੀਬ ਗ਼ੁਰਬੇ, ਦਰਦੀ ਹੋ ਕੇ ਦਰਦੀਆਂ ਦਰਦ ਵੰਡਾਈਆ। ਬਿਨ ਤੇਰੇ ਪ੍ਰੇਮ ਸਾਰੇ ਹੋਏ ਮੁਰਦੇ, ਮੁੱਦਤਾਂ ਦੇ ਵਿਛੜੇ ਬੈਠੇ ਧਿਆਨ ਲਗਾਈਆ। ਬਿਨ ਤੇਰੇ ਗ੍ਰਹਿ ਦੂਜੇ ਘਰ ਮੂਲ ਨਾ ਤੁਰਦੇ, ਚਾਰ ਕੁੰਟ ਨਾ ਅੱਖ ਬਦਲਾਈਆ। ਰਾਗ ਦੱਸ ਦੇ ਆਪਣੀ ਸੁਰ ਦੇ, ਸੁਤਿਆਂ ਲੈ ਜਗਾਈਆ।
ਵਿਛੋੜੇ ਮੇਟਦੇ ਪਿਛਲੇ ਅਨੰਦਪੁਰ ਦੇ, ਪੁਰੀਆਂ ਲੋਆਂ ਵਿਚੋਂ ਲੇਖਾ ਬਾਹਰ ਕਢਾਈਆ। ਅਸੀਂ ਮੂਰਖ ਹੋ ਕੇ ਸਾਰੇ ਰਹੇ ਭੁੱਲਦੇ, ਅਭੁੱਲ ਤੇਰੇ ਹੱਥ ਵਡਿਆਈਆ। ਬਿਨ ਤੇਰੇ ਦਰ ਤੋਂ ਰੁਲਦੇ, ਕੋਝਿਆਂ ਕਮਲਿਆਂ ਗਲੇ ਨਾ ਕੋਇ ਲਗਾਈਆ। ਤੂੰ ਟੁਕੜੇ ਖਾ ਕੇ ਚੁਲ੍ਹ ਚੁਲ੍ਹ ਦੇ, ਰਾਜੇ ਬਲ ਦਾ ਲੇਖਾ ਦੇ ਮੁਕਾਈਆ। ਅਸੀਂ ਭਗਤ ਓਸ ਕੁਲ ਦੇ, ਜਿਥੋਂ ਭਗਵਾਨ ਨਜ਼ਰੀ ਆਈਆ। ਸਾਡੀ ਸੇਵਾ ਦਾ ਸਾਨੂੰ ਮੁੱਲ ਦੇ, ਕ਼ੀਮਤ ਨਾਮ ਵਾਲੀ ਝੋਲੀ ਪਾਈਆ। ਬਿਨ ਤੇਰੀ ਕਿਰਪਾ ਤੇਰੇ ਤੋਲ ਕੋਈ ਨਾ ਤੁਲਦੇ, ਜਗਤ ਤਰਾਜ਼ੂ ਕੰਮ ਕਿਸੇ ਨਾ ਆਈਆ। ਸਾਨੂੰ ਮਾਣ ਦੇ ਓਸ ਕਮਲ ਫੁੱਲ ਦੇ, ਜੋ ਕਵਲ ਨੈਣ ਆਪਣੇ ਵਿਚ ਛੁਪਾਈਆ। ਟਿੱਕੇ ਲਾਈਏ ਤੇਰੀ ਸੱਚੀ ਧੂਲ ਦੇ, ਧੂੜ ਮਸਤਕ ਖ਼ਾਕ ਰਮਾਈਆ। ਰਾਹ ਤੱਕੀਏ ਤੇਰੇ ਸਚ ਅਸੂਲ ਦੇ, ਅਸਲ ਵਿਚ ਵਸਲ ਦੇ ਵਖਾਈਆ। ਝਗੜੇ ਮੁਕ ਜਾਣ ਗੁਰ ਅਵਤਾਰ ਪੈਗ਼ੰਬਰ ਰਸੂਲ ਦੇ, ਰਸਤਾ ਇਕੋ ਦੇ ਦ੍ਰਿੜਾਈਆ। ਜਿਥੇ ਭਗਤ ਭਗਵਾਨ ਇਕ ਦੂਜੇ ਨੂੰ ਕ਼ਬੂਲ ਦੇ, ਮਿਲ ਕੇ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤ ਕਹੇ ਪ੍ਰਭ ਕਰੀਂ ਰੱਛਾ, ਰੱਛਕ ਹੋ ਕੇ ਵੇਖ ਵਖਾਈਆ। ਬਲ ਬਾਵਨ ਵਾਲੀ ਇੱਛਾ, ਸਭ ਦੀ ਲੇਖੇ ਦੇਣੀ ਲਗਾਈਆ। ਇਸ ਬਨ ਖੰਡ ਅੰਦਰ ਤੇਰਾਂ ਸੌ ਸਤਾਸੀ ਰਿਸ਼ੀ ਰਹਿੰਦਾ ਸੀ ਇਕੱਠਾ, ਇਕ ਮਨ ਹੋ ਕੇ ਇਕੋ ਧਿਆਨ ਲਗਾਈਆ। ਜਿਨ੍ਹਾਂ ਨੂੰ ਬਲ ਨੇ ਭੇਜੀਆਂ ਗੱਠਾਂ, ਗੰਢਾਂ ਨਾਲ ਬੁਲਾਈਆ। ਸਭ ਨੇ ਆਉਣਾ ਨੱਠਾ, ਭੱਜਣਾ ਵਾਹੋ ਦਾਹੀਆ। ਅਸਮੇਧ ਯਗ ਇਕ ਰਚਾ, ਰਚਨਾ ਕੀਤੀ ਬੇਪਰਵਾਹੀਆ। ਸੰਤ ਸਾਧ ਸੱਦਣਾ ਸੱਚਾ, ਸਚ ਮਿਲੇ ਵਡਿਆਈਆ। ਓਸੇ ਵੇਲੇ ਸਭ ਨੇ ਕਰ ਕੇ ਮਤਾ ਪੱਕਾ, ਇਰਾਦਾ ਲਿਆ ਬਣਾਈਆ। ਜਿਸ ਵੇਲੇ ਦਿਨ ਆਇਆ ਅੱਛਾ, ਭੱਜੇ ਵਾਹੋ ਦਾਹੀਆ। ਬਲ ਦਵਾਰੇ ਖਾ ਖਾ ਸਭ ਰੱਜਾ, ਖ਼ੁਸ਼ੀ ਖ਼ੁਸ਼ੀ ਢੋਲੇ ਗਾਈਆ। ਬਾਵਨ ਬੁੱਢਾ ਉਠ ਕੇ ਕੋਲ ਆਇਆ ਪਾਸੇ ਸੱਜਾ, ਡੰਗੋਰਾ ਸਹਿਜ ਦਿਤਾ ਹਿਲਾਈਆ। ਰਿਸ਼ੀਓ ਮੈਨੂੰ ਦਸੋ ਕਿਹੜੀ ਵਜਹ, ਜਿਸ ਨਾਲ ਪ੍ਰਭ ਨੂੰ ਮਿਲ ਕੇ ਸ਼ੁਕਰ ਮਨਾਈਆ। ਸਭ ਨੇ ਖੱਬਾ ਹੱਥ ਮਾਰ ਕੇ ਉਪਰ ਢਿੱਡਾਂ, ਹੋਕਾ ਦੇ ਕੇ ਦਿਤਾ ਜਣਾਈਆ। ਸਾਡਾ ਮੰਗਤਿਆਂ ਦਾ ਸੜ ਗਿਆ ਪਿੰਡਾ, ਪ੍ਰਭ ਨੂੰ ਖੋਜਿਆ ਥਾਉਂ ਥਾਈਂਆ। ਅਜੇ ਦਰਸ ਨਹੀਂ ਕਿਸੇ ਨੂੰ ਦਿੰਦਾ, ਨਜ਼ਰ ਕੋਇ ਨਾ ਪਾਈਆ। ਬਾਵਨ ਕਿਹਾ ਆਹ ਮੈਂ ਤੁਹਾਨੂੰ ਦੇਵਾਂ ਨੇਂਦਾ, ਸਤਿਜੁਗ ਦਾ ਤਰੇਤਾ ਤਰੇਤੇ ਦਾ ਦੁਆਪਰ ਦੁਆਪਰ ਦਾ ਕਲਜੁਗ ਕਲਜੁਗ ਦਾ ਅੰਤ ਖੇਲ ਭਗਵੰਤ ਸਹਿਜੇ ਦਿਆਂ ਸਮਝਾਈਆ। ਮੈਂ ਓਸ ਵੇਲੇ ਨਿਰਗੁਣ ਧਾਰ ਹੋ ਕੇ ਫਿਰ ਹੋਣਾ ਜੀਉਂਦਾ, ਜਾਗਰਤ ਜੋਤ ਰੂਪ ਵਖਾਈਆ। ਲਹਿਣਾ ਦੇਣਾ ਚੁਕਾਵਾਂ ਸਾਚੇ ਨੇਂਹੁ ਦਾ, ਨਿਹਕਰਮੀ ਹੋ ਕੇ ਦਿਆਂ ਦ੍ਰਿੜਾਈਆ। ਤੁਹਾਡੇ ਨਾਲ ਫੇਰ ਨਾਤਾ ਜੋੜਾਂ ਪਿਤਾ ਪਿਓ ਦਾ, ਪੁਰਖ ਅਕਾਲ ਵੇਸ ਵਟਾਈਆ। ਜਿਸ ਕੰਨਿਆਂ ਮੇਰੇ ਲਈ ਥਾਲ ਪਰੋਸਿਆ ਖੰਡ ਘਿਉ ਦਾ, ਚਾਰ ਭੈਣਾਂ ਪੰਜਵਾਂ ਰਲ ਕੇ ਛੋਟਾ ਵੱਡਾ ਭਾਈਆ। ਮੈਂ ਓਸ ਦਾ ਕੀਤਾ ਧੰਨ ਧੰਨਿਆਂ, ਖ਼ੁਸ਼ੀ ਵਿਚ ਖ਼ੁਸ਼ੀ ਦਿਤੀ ਬਦਲਾਈਆ। ਜਿਸ ਵੇਲੇ ਲੋਕਮਾਤ ਨਿਰਗੁਣ ਚੜ੍ਹਿਆ ਚੰਨਿਆ, ਜੋਤ ਨੂਰ ਹੋਵੇ ਰੁਸ਼ਨਾਈਆ। ਓਸ ਵੇਲੇ ਇਕ ਸ਼ਬਦ ਸੰਦੇਸ਼ਾ ਤੁਹਾਡੇ ਪਾਵਾਂ ਕੰਨਿਆਂ, ਕੰਨਾਂ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਸਮਝਾਈਆ। ਸਾਰੇ ਰਿਖੀ ਕਰ ਕੇ ਨਿਮਸਕਾਰ, ਇਕ ਦੂਜੇ ਵਲ ਬੈਠੇ ਧਿਆਨ ਲਗਾਈਆ। ਬਾਵਨ ਕਿਹਾ ਤੁਹਾਡੇ ਨਹੀਂ ਕੁਛ ਅਖ਼ਤਿਆਰ, ਕਰਨ ਕਰਾਵਣਹਾਰ ਇਕੋ ਨਜ਼ਰੀ ਆਈਆ। ਜਿਸ
ਦਾ ਖੇਲ ਸਦਾ ਜੁਗ ਚਾਰ, ਵਿਛੜਿਆਂ ਲਏ ਮਿਲਾਈਆ। ਤੁਸੀਂ ਰਾਜੇ ਬਲ ਦਾ ਖਾ ਕੇ ਅਹਾਰ, ਮਨ ਸ਼ਾਤ ਨਾ ਕੋਇ ਕਰਾਈਆ। ਕਿਉਂ ਤੁਹਾਨੂੰ ਮਿਲਿਆ ਨਹੀਂ ਨਿਰੰਕਾਰ, ਮਨ ਵੱਜੀ ਨਾ ਸਚ ਵਧਾਈਆ। ਉਹ ਮੇਰੇ ਆਹ ਮੇਰੇ ਨਾਮ ਦਾ ਲਵੋ ਪਿਆਰ, ਤੁਹਾਡੇ ਹੱਥ ਦੇਵਾਂ ਫੜਾਈਆ। ਕਲਜੁਗ ਅੰਤ ਤੁਹਾਡੇ ਵਿਚੋਂ ਲਵਾਂ ਨਿਕਾਲ, ਇਹ ਮੇਰੇ ਹੱਥ ਵਡਿਆਈਆ। ਮੈਂ ਲੇਖੇ ਲਾਉਣਾ ਓਸ ਕੰਨਿਆਂ ਦਾ ਥਾਲ, ਜਿਸ ਦੇ ਪਿਛੇ ਘਰ ਘਰ ਜਾ ਕੇ ਗੁਰਮੁਖਾਂ ਦੇ ਭੋਗ ਲਗਾਈਆ। ਸਭ ਦਾ ਪੂਰਾ ਕਰਾਂ ਸਵਾਲ, ਲੇਖਾ ਸਭ ਦਾ ਦਿਆਂ ਚੁਕਾਈਆ। ਓਸ ਦਾ ਕਾਜ ਰਚਣਾ ਵਿਚ ਜਹਾਨ, ਜਹਾਨ ਜਹਾਨ ਜੁਗ ਓਸ ਨੂੰ ਸਕੇ ਨਾ ਕੋਇ ਪਰਨਾਈਆ। ਕੁਛ ਥੋੜ੍ਹਾ ਲੇਖਾ ਰਖਣਾ ਗੋਬਿੰਦ ਨਾਲ, ਪੜਦਾ ਪੜਦਿਆਂ ਵਿਚੋਂ ਟਿਕਾਈਆ। ਅਗੋਂ ਰਿਸ਼ੀ ਚਰਨਾਂ ਵੱਲ ਕਰ ਧਿਆਨ, ਸਾਰੇ ਨੀਰ ਵਹਾਈਆ। ਸਾਨੂੰ ਸਚ ਦੱਸ ਮਿਹਰਵਾਨ, ਕਿਸ ਬਿਧ ਏਥੇ ਇਕੱਠੇ ਲਏਂ ਕਰਾਈਆ। ਬਾਵਨ ਕਿਹਾ ਇਹ ਮੇਰਾ ਖੇਲ ਕਮਾਲ, ਜੁਗ ਜੁਗ ਮੇਰਾ ਭੇਵ ਕੋਇ ਨਾ ਪਾਈਆ। ਦੂਰ ਦੁਰਾਡੇ ਮੇਲਾਂ ਆਣ, ਡੇਰਾ ਜੰਗਲਾਂ ਵਿਚ ਲਗਾਈਆ। ਫੇਰ ਆਪਣੇ ਨਿਉਂਦੇ ਦਾ ਤੁਹਾਨੂੰ ਸਨੇਹਾ ਦੇਵਾਂ ਆਣ, ਰਿਸ਼ੀਆਂ ਦਾ ਰਿਸ਼ੀ ਚੇਲਾ ਸਿੰਘ ਨਾਲ ਮਿਲਾਈਆ। ਤੁਹਾਨੂੰ ਖਵਾਵਾਂ ਉਹ ਪਕਵਾਨ, ਜਿਸ ਦੇ ਨਾਲ ਮਿਲੇ ਭਗਵਾਨ, ਸੇਵਾ ਕਰੇ ਜਗਤ ਮਹਾਨ, ਬੱਚੇ ਬਣਾ ਕੇ ਗੋਦ ਉਠਾਈਆ। ਘਰ ਆਉਦਿਆਂ ਨੂੰ ਮੁੜ ਕੇ ਦੇ ਕੇ ਜੀਵਨ ਜ਼ਿੰਦਗੀ ਦਾ ਦਾਨ, ਤੁਹਾਡਾ ਅਗਲਾ ਲੇਖਾ ਕਰ ਪਰਵਾਨ, ਪਰਵਾਨੇ ਘਰ ਘਰ ਦਿਆਂ ਪੁਚਾਈਆ। ਜਨ ਭਗਤੋ ਤੁਸੀਂ ਖ਼ੁਸ਼ੀਆਂ ਨਾਲ ਖਾਇਓ ਆਣ, ਤੇਰਾਂ ਸੌ ਸਤਾਸੀਆਂ ਵਿਚੋਂ ਜਿਨ੍ਹਾਂ ਨੂੰ ਮਿਲਿਆ ਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲੇਖੇ ਕਾਰਨ ਸਭ ਨੂੰ ਆਇਆ ਉਠਾਣ, ਇਕੱਠਿਆਂ ਕਰ ਕੇ ਇਕੱਠਾ ਹੁਕਮ ਜਣਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਬਚਨ ਸਿੰਘ ਦੇ ਗ੍ਰਹਿ ਪਿੰਡ ਧੰਗਾਲੀ ਖੂਣ ਕੈਂਪ ਜੰਮੂ
ਰਿਸ਼ੀ ਕਹਿਣ ਕਿਸ ਬਿਧ ਆਵਾਂਗੇ। ਕੀ ਹੋਵੇ ਤੇਰਾ ਨਾਉਂ, ਕਿਸ ਬਿਧ ਦਰਸ਼ਨ ਪਾਵਾਂਗੇ। ਬਾਵਨ ਕਿਹਾ ਨਿਰਗੁਣ ਹੋ ਕੇ ਪਕੜਾਂ ਬਾਹੋਂ, ਦਰ ਦਰ ਘਰ ਘਰ ਸਾਚਾ ਦਰਸ ਦਖਾਵਾਂਗੇ। ਪੂਰਬ ਮੇਟ ਕੇ ਹਰਸ, ਹਸਦਿਆਂ ਹਸਦਿਆਂ ਖ਼ੁਸ਼ੀ ਮਨਾਵਾਗੇ। ਵਿਛੋੜੇ ਵਾਲੀ ਰਹੇ ਨਾ ਤੜਪ, ਤੜਪਦਿਆਂ ਸ਼ਾਂਤ ਕਰਾਵਾਂਗੇ। ਅਗੇ ਕੋਈ ਨਾ ਰਹੇ ਅਟਕ, ਮਾਰਗ ਇਕੋ ਇਕ ਸੁਹਾਵਾਂਗੇ। ਤੁਹਾਡਾ ਮੇਰਾ ਰਹੇ ਕੋਈ ਨਾ ਫ਼ਰਕ, ਇਕੋ ਘਰ ਬਹਿ ਕੇ ਖ਼ੁਸ਼ੀ ਮਨਾਵਾਂਗੇ। ਤੁਹਾਡੇ ਨਾਲ ਪੱਕੀ ਹੋਈ ਸ਼ਰਤ, ਸ਼ਰਅ ਦਾ ਲੇਖਾ ਸਰਬ ਚੁਕਾਵਾਂਗੇ। ਜਿਸ ਵੇਲੇ ਨਿਰਗੁਣ ਹੋ ਕੇ ਆਇਆ ਪਰਤ, ਭਗਤ ਭਗਵਾਨ ਹੋ ਕੇ ਰੰਗ ਵਖਾਵਾਂਗੇ। ਭਾਗ ਲੱਗੇ ਏਸ ਧਰਤ, ਉਜੜੀ ਹੋਈ ਫੇਰ ਵਸਾਵਾਂਗੇ। ਹੁਣ ਤੁਸਾਂ ਬਲ ਦਾ ਕੀਤਾ ਖਰਚ, ਫੇਰ ਤੁਹਾਡਾ ਖਰਚ ਆਪਣੇ ਖ਼ਜ਼ਾਨੇ ਵਿਚੋਂ ਵੰਡ ਵੰਡਾਵਾਂਗੇ। ਤੁਹਾਡੇ ਨਾਲੋਂ ਬਹੁਤੀ ਮੈਨੂੰ ਗਰਜ, ਹੁਣ ਦੇ ਵਿਛੜੇ ਫੇਰ ਇਕੱਠੇ ਹੋ ਕੇ ਸੋਭਾ ਪਾਵਾਂਗੇ। ਜਨ ਭਗਤੋ ਮੈਂ ਆਪਣਾ ਪੂਰਾ ਕਰਾਂ ਫ਼ਰਜ਼, ਮਿਲ ਕੇ ਦੋਵੇਂ ਧਿਰਾਂ ਕਾਜ ਰਚਾਵਾਂਗੇ। ਤੁਸਾਂ ਪ੍ਰਭੂ ਦੀ ਮੰਨਣੀ ਇਕ ਅਰਜ਼, ਬੇਨੰਤੀ ਇਕੱਠੀ ਇਕ ਪਰਗਟਾਵਾਂਗੇ। ਭਾਵੇਂ ਜਗਤ ਵਿਹਾਰ ਦਾ ਹੋ ਜਾਏ ਹਰਜ, ਇਸ ਵਿਵਹਾਰ ਨੂੰ ਸਿਰੇ ਚੜ੍ਹਾਵਾਂਗੇ। ਤੁਸੀਂ ਮੇਰੇ ਮੈਂ ਤੁਹਾਡਾ ਵੰਡਣਾ ਦਰਦ, ਦੁੱਖ
ਵਿਚੋਂ ਸੁਖ ਪਰਗਟਾਵਾਂਗੇ। ਇਹ ਖੇਲ ਹੋਣਾ ਅਸਚਰਜ, ਵੇਲਾ ਵਕ਼ਤ ਵੇਖ ਖ਼ੁਸ਼ੀ ਮਨਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਵਿਚੋਂ ਕੱਢੇ ਸਭ ਦੀ ਫ਼ਰਦ, ਫ਼ੈਸਲਾ ਆਪਣੇ ਹੱਥ ਰਖਾਵਾਂਗੇ।