੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਸਰਦਾਰ ਸਿੰਘ ਪਿੰਡ ਸਰਦਾਰੀ ਖੂਣ ਕੈਂਪ ਜੰਮੂ
ਰਿਸ਼ੀ ਕਹਿਣ ਸਾਡੀ ਭੂਮਿਕਾ ਸੋਹੇ ਅਸਥਾਨ, ਬਿਰਧ ਬਾਵਨ ਧਿਆਨ ਲਗਾਈਆ। ਚੌਦਾਂ ਚੌਦਾਂ ਜੋਜਨ ਸਾਡਾ ਨਿਸ਼ਾਨ, ਚਾਰੇ ਕੁੰਟ ਨਜ਼ਰੀ ਆਈਆ। ਜਿਥੇ ਮਿਲੇ ਪੀਣ ਖਾਣ, ਮੂਲਕੰਦ ਖਾ ਕੇ ਸ਼ੁਕਰ ਮਨਾਈਆ। ਦਿਵਸ ਰੈਣ ਯਾਦ ਕਰੀਏ ਭਗਵਾਨ, ਅੰਦਰ ਆਸ਼ਾ ਇਕ ਵਧਾਈਆ। ਤੇਰਾਂ ਸੌ ਸਤਾਸੀਆਂ ਵਿਚੋਂ ਛੇਵਾਂ ਹਿੱਸਾ ਕੁਛ ਅਣਜਾਣ, ਜੋ ਬੱਚਿਆਂ ਵਾਂਗ ਬੱਚੇ ਰਹੇ ਅਖਵਾਈਆ। ਜੇ ਪੇਟ ਭਰ ਕੇ ਨਾ ਮਿਲੇ ਪਕਵਾਨ, ਰੋ ਰੋ ਦੇਣ ਦੁਹਾਈਆ। ਰਿਸ਼ੀ ਬਣਨਾ ਨਹੀਂ ਆਸਾਨ, ਘਰ ਕੁਟੰਬ ਤਜਾਈਆ। ਇਨ੍ਹਾਂ ਨੂੰ ਦੇ ਕੁਛ ਦਾਨ, ਮਿਹਰ ਨਜ਼ਰ ਉਠਾਈਆ। ਬਾਵਨ ਕਿਹਾ ਹੁਣ ਛੱਡਣਾ ਪਏ ਜਹਾਨ, ਲੋਕਮਾਤ ਰਹਿਣ ਨਾ ਪਾਈਆ। ਫਿਰ ਮੇਲਾ ਹੋਵੇ ਸਚ ਅਸਥਾਨ, ਭੂਮਿਕਾ ਮਿਲੇ ਵਡਿਆਈਆ। ਸਭਨਾ ਭਗਤਾਂ ਨੂੰ ਇਕੋ ਜਿਹਾ ਦੇਵਾਂ ਗਿਆਨ, ਵੱਡਾ ਛੋਟਾ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਭਗਤ ਭਗਵਾਨ ਇਕ ਦੂਜੇ ਨੂੰ ਕਰਨ ਪਰਵਾਨ, ਵਿਛੋੜਾ ਵਿਚੋਂ ਦਿਆਂ ਕਟਾਈਆ। ਸਾਂਝਾ ਰਖਾਂ ਇਕ ਪਕਵਾਨ, ਦੂਜੀ ਵੰਡ ਨਾ ਕੋਇ ਵੰਡਾਈਆ। ਬਿਨ ਅੱਖਾਂ ਮਾਰ ਧਿਆਨ, ਵੇਖਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਰਿਖੀ ਕਹਿਣ ਚੌਦਾਂ ਜੋਜਨ ਸਾਡੀ ਭੂਮ, ਧਰਨੀ ਸੋਹਣੀ ਸੋਭਾ ਪਾਈਆ। ਅਸੀਂ ਬਾਲੇ ਨੱਢੇ ਤੇਰੇ ਮਾਸੂਮ, ਬੱਚੇ ਨਜ਼ਰੀ ਆਈਆ। ਸਾਨੂੰ ਸਾਚਾ ਦੱਸ ਕ਼ਾਨੂੰਨ, ਰਸਤਾ ਦੇ ਦਰਸਾਈਆ। ਇਕੋ ਦੱਸ ਮਜਮੂਨ, ਇਕੋ ਦੇ ਪੜ੍ਹਾਈਆ। ਤੇਰੇ ਪਿਆਰ ਤੋਂ ਹੋਈਏ ਨਾ ਮਹਿਰੂਮ, ਖ਼ਾਲੀ ਹੱਥ ਨਾ ਕੋਇ ਬਦਲਾਈਆ। ਤੇਰਾ ਲਹਿਣਾ ਨਾਮਾਲੂਮ, ਸਮਝ ਵਿਚ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਰਿਖੀ ਕਹਿਣ ਬਾਵਨ ਸਾਡੀ ਵੇਖ ਅਬਾਦੀ, ਆਬਾਦਕਾਰ ਦੇਣਾ ਬਣਾਈਆ। ਅਸੀਂ ਘਰਾਂ ਦੀ ਕਰ ਬਰਬਾਦੀ, ਇਸ ਘਰ ਵਿਚ ਬੈਠੇ ਆਈਆ। ਜਗਤ ਜੰਜਾਲ ਤੋਂ ਦੇ ਆਜ਼ਾਦੀ, ਫਾਸੀ ਗਲ ਰਹੇ ਨਾ ਰਾਈਆ। ਬਾਵਨ ਕਿਹਾ ਜਿਸ ਵੇਲੇ ਕੰਨਿਆਂ ਦੀ ਹੋਵੇ ਸ਼ਾਦੀ, ਸ਼ਾਦਿਆਨੇ ਘਰ ਘਰ ਦਿਆਂ ਵਜਾਈਆ। ਤੁਹਾਡਾ ਨਵਾਂ ਸਾਜਣ ਲਵਾਂ ਸਾਜੀ, ਸਾਜਣ ਹੋ ਕੇ ਵੇਖ ਵਖਾਈਆ। ਪਿਛਲਾ ਲੇਖਾ ਯਾਦ ਰਖਾਂ ਮਾਜ਼ੀ, ਪੂਰਬ ਭੁੱਲ ਕਦੇ ਨਾ ਜਾਈਆ। ਤੁਹਾਡੇ ਲੇਖੇ ਲਾਵਾਂ ਉਹ ਅਰਾਜ਼ੀ, ਜਿਸ ਨੂੰ ਕ਼ਾਨੂੰਨ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਅਗਲਾ ਦਏ ਚੁਕਾਈਆ। ਰਿਸ਼ੀ ਕਹਿਣ ਪ੍ਰਭੂ ਵੇਖ ਸਾਡੀ ਹੱਦ, ਬਾਵਨ ਬੁੱਢੇ ਧਿਆਨ ਲਗਾਈਆ। ਬਾਵਨ ਕਿਹਾ ਮੈਂ ਹੋਵਾਂ ਗਦ ਗਦ, ਕਲਜੁਗ ਅੰਤ ਚਰਨ ਲਵਾਂ ਟਿਕਾਈਆ। ਸਾਰੇ ਇਕੱਠੇ ਲਵਾਂ ਸੱਦ, ਚੌਦਾਂ ਜੋਜਨ ਅੰਦਰ ਦਿਆਂ ਵਸਾਈਆ। ਇਕੋ ਸੁਣਾ ਕੇ ਛੰਦ, ਢੋਲਾ ਦਿਆਂ ਦ੍ਰਿੜਾਈਆ। ਰਸਨਾ ਜਿਹਵਾ ਗਾਏ ਬੱਤੀ ਦੰਦ, ਆਤਮ ਪਰਮਾਤਮ ਵੱਜੇ ਵਧਾਈਆ। ਭਗਤ ਸੁਹੇਲੇ ਹੋ ਕੇ ਚਮਕੋ ਚੰਦ,
ਨੂਰ ਜੋਤ ਰੁਸ਼ਨਾਈਆ। ਤੁਹਾਡਾ ਮੁਕਾਵਾਂ ਫੇਰ ਪੰਧ, ਸਫ਼ਰ ਰਹੇ ਨਾ ਰਾਈਆ। ਪੜਦਾ ਲਾਹ ਕੇ ਬ੍ਰਹਮ ਹੰ, ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਤੁਸਾਂ ਮਾਨਸ ਜਨਮ ਵਿਚ ਪੈਣਾ ਜੰਮ, ਲੋਕਮਾਤ ਤਨ ਹੰਢਾਈਆ। ਤੁਹਾਡਾ ਕਾਰਜ ਪੂਰਾ ਕਰਨਾ ਕੰਮ, ਇਹ ਮੇਰੀ ਬੇਪਰਵਾਹੀਆ। ਮੇਟਣਾ ਖ਼ੁਸ਼ੀ ਗ਼ਮ, ਚਿੰਤਾ ਦੇਣੀ ਕਢਾਈਆ। ਤੁਹਾਡਾ ਲੇਖੇ ਲਾਉਣਾ ਪਵਣ ਸਵਾਸ ਦਮ, ਜਿਸ ਨਾਲ ਪ੍ਰਭ ਨੂੰ ਰਹੇ ਧਿਆਈਆ। ਓਸ ਵੇਲੇ ਨਿਰਗੁਣ ਧਾਰ ਬਿਰਧ ਬ੍ਰਾਹਮਣ ਨਾ ਹੋਵੇ ਹੋਵੇ ਪਾਰਬ੍ਰਹਮ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਿਸ਼ੀਆਂ ਰਿਖੀਆਂ ਮੁਨੀਆਂ ਮੁਨੀਸ਼ਰਾਂ ਮਨਸਾ ਸਭ ਦੀ ਵੇਖ ਵਖਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਰਾਮ ਲਾਲ ਦੇ ਗ੍ਰਹਿ ਪਿੰਡ ਸਰਦਾਰੀ ਕੈਂਪ ਖੂਣ ਜੰਮੂ
ਰਿਸ਼ੀ ਕਹਿਣ ਦੱਸ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਕਿਸ ਬਿਧ ਮਿਲੇ ਭਗਵਾਨ, ਸਾਖਿਆਤ ਦਰਸ ਕਰਾਈਆ। ਉਪਜੇ ਸਚ ਗਿਆਨ, ਅਗਿਆਨ ਦਏ ਮਿਟਾਈਆ। ਵਿਛੋੜਾ ਕਟੇ ਆਣ, ਮੇਲਾ ਸਹਿਜ ਸੁਭਾਈਆ। ਪੱਥਰ ਇੱਟੇ ਕਰੇ ਪਰਵਾਨ, ਉਜਾੜ ਪਹਾੜ ਹੋਏ ਸਹਾਈਆ। ਸੁਣਾਏ ਧੁਰ ਦਾ ਗਾਣ, ਅਗੰਮੀ ਆਵਾਜ ਅਲਾਈਆ। ਦੇਵੇ ਸਾਚਾ ਦਾਨ, ਭੰਡਾਰਾ ਇਕ ਵਰਤਾਈਆ। ਲੇਖਾ ਚੁਕਾਏ ਦੋ ਜਹਾਨ, ਅੰਤ ਅੰਤਸ਼ਕਰਨ ਨਾ ਕੋਇ ਭਵਾਈਆ। ਸਾਚਾ ਘਰ ਵਖਾਏ ਆਣ, ਨਿਜ ਆਪਣੀ ਅੱਖ ਖੁਲ੍ਹਾਈਆ। ਭਾਗ ਲਗਾ ਕੇ ਬੀਆਬਾਨ, ਸਚ ਅਸਥਾਨ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਾਵਨ ਕਿਹਾ ਦਇਆ ਕਮਾਵੇਗਾ। ਰਿਖੀ ਮੁਨੀ ਵੇਖ ਵਖਾਵੇਗਾ। ਦੁਆਪਰ ਤਰੇਤਾ ਕਲਜੁਗ ਪੰਧ ਮੁਕਾਵੇਗਾ। ਪੁਰਖ ਅਬਿਨਾਸ਼ੀ ਵੇਸ ਵਟਾਵੇਗਾ। ਨਿਰਗੁਣ ਨੂਰ ਜੋਤ ਰੁਸ਼ਨਾਵੇਗਾ। ਸ਼ਬਦੀ ਧਾਰ ਹੁਕਮ ਸੁਣਾਵੇਗਾ। ਬ੍ਰਹਿਮੰਡ ਖੰਡ ਖੇਲ ਖਿਲਾਵੇਗਾ। ਲੋਆਂ ਪੁਰੀਆਂ ਵੇਸ ਵਟਾਵੇਗਾ। ਜੋਤ ਸਰੂਪ ਆਪੇ ਹੋ, ਹੋਕਾ ਹੱਕ ਨਾਮ ਸੁਣਾਵੇਗਾ। ਕਿਸੇ ਨਾਲ ਨਾ ਕਰੇ ਧਰੋਹ, ਕੀਤਾ ਕੌਲ ਤੋੜ ਨਿਭਾਵੇਗਾ। ਤੁਹਾਡਾ ਪਿਛਲਾ ਯਾਦ ਕਰ ਕੇ ਮੋਹ, ਮੁਹੱਬਤ ਆਪਣੇ ਨਾਲ ਬਣਾਵੇਗਾ। ਅੰਤਰ ਆਤਮ ਜਾਏ ਛੋਹ, ਬਾਹਰੋਂ ਨਜ਼ਰ ਕਿਸੇ ਨਾ ਆਵੇਗਾ। ਸਚ ਪਰਕਾਸ਼ ਦੀ ਕਰ ਕੇ ਲੋ, ਅਗਿਆਨ ਅੰਧੇਰ ਮਿਟਾਵੇਗਾ। ਤੁਹਾਡੇ ਜੋਗਾ ਜਾਵੇ ਹੋ, ਹਰਿਜਨ ਸਾਚੇ ਆਪ ਪਰਨਾਵੇਗਾ। ਤੁਹਾਡਾ ਲੇਖੇ ਲਾਵੇ ਜਨਮ ਜਨਮ ਅਗਲੇ ਨਾਲ ਮਿਲ ਕੇ ਹੋਣ ਦੋ, ਦੋਹਰੀ ਆਪਣੀ ਕਾਰ ਕਮਾਵੇਗਾ। ਸ੍ਰਿਸ਼ਟੀ ਮਾਇਆ ਨਾਲੋਂ ਕਰ ਨਿਰਮੋਹ, ਧਰਤੀ ਏਸੇ ਆਪ ਟਿਕਾਵੇਗਾ। ਜਿਸ ਦਾ ਭੇਵ ਨਾ ਜਾਣੇ ਕੋ, ਮਾਨਵ ਬੁਧ ਨਾ ਕੋਇ ਸਮਝਾਵੇਗਾ। ਜੋਤੀ ਜਾਤਾ ਜਾਵੇ ਹੋ, ਪੜਦਾ ਓਹਲਾ ਆਪ ਉਠਾਵੇਗਾ। ਕੂੜੀ ਵਸਤ ਸਭ ਕੁਛ ਖੋਹ, ਖੇੜਾ ਸੱਚਾ ਆਪ ਵਖਾਵੇਗਾ। ਰਿਸ਼ੀਓ ਤੁਹਾਡਾ ਇਕੱਠਾ ਕਰ ਕੇ ਇਕ ਗਰੋਹ, ਸੰਗ ਸੋਹਣਾ ਆਪ ਬਣਾਵੇਗਾ। ਲੈ ਕੇ ਆਵੇ ਢੋਆ ਢੋਅ, ਨਿਉਂਦਾ ਨਾਮ ਹੱਥ ਫੜਾਵੇਗਾ। ਤੁਸੀਂ ਲੱਭਣ ਨਾ ਜਾਇਓ ਕੋ, ਕੋਟਾਂ ਵਿਚੋਂ ਤੁਹਾਨੂੰ ਆਪ ਜਗਾਵੇਗਾ। ਤੁਹਾਡੇ ਵਰਗਾ ਆਪੇ ਹੋ, ਅੰਦਰ ਤੁਹਾਡੇ ਸੋਭਾ ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਜਾਵੇ ਛੋਹ, ਸ਼ਹਿਨਸ਼ਾਹ ਆਪਣੀ ਕਾਰ ਕਮਾਵੇਗਾ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਪ੍ਰੇਮੋ ਦੇਵੀ ਪਿੰਡ ਖ਼ੈਰੋਵਾਲ ਕੈਂਪ ਖੂਣ ਜੰਮੂ
ਬਾਵਨ ਕਹੇ ਚੰਗੀ ਭੂਮੀ, ਭਰਮ ਭੌ ਨਾ ਕੋਇ ਰਖਾਈਆ। ਜਿਸ ਨੂੰ ਸਮਝੇ ਨਾ ਕੋਇ ਨਜੂਮੀ, ਹਿਸਾਬ ਕਿਤਾਬ ਨਾ ਕੋਇ ਦ੍ਰਿੜਾਈਆ। ਜਿਥੇ ਖੇਲ ਕਰੇ ਪ੍ਰਭ ਵਡ ਕ਼ਾਨੂੰਨੀ, ਕਾਇਦਾ ਆਪਣਾ ਇਕ ਸਮਝਾਈਆ। ਜਗਤ ਵਿਧਾਨਾਂ ਸਮਝੇ ਖੇਲ ਮਾਮੂਲੀ, ਨਾਮਾਲੂਮ ਆਪਣਾ ਹੁਕਮ ਵਰਤਾਈਆ। ਸਦਾ ਸਦਾ ਸਦ ਕਦੇ ਨਾ ਕਰੇ ਬੇਅਸੂਲੀ, ਅਸਲ ਹੁਕਮ ਇਕ ਵਰਤਾਈਆ। ਦੀਨ ਦੁਨੀ ਜਾਏ ਭੂਲੀ, ਭੁਲਿਆਂ ਰਾਹ ਨਾ ਕੋਇ ਵਖਾਈਆ। ਰਿਸ਼ੀਓ ਤੁਹਾਡੀ ਮਿਹਨਤ ਦੇਵੇ ਦੂਣੀ, ਦੁਗਣੇ ਦੇ ਚੌਗਣੇ ਦਏ ਬਣਾਈਆ। ਤੁਹਾਡੀ ਅੰਦਰੋਂ ਬਦਲ ਦੇਵੇ ਕੂਣੀ, ਸੋਹੰ ਢੋਲਾ ਇਕ ਪੜ੍ਹਾਈਆ। ਏਸੇ ਡੂੰਘੀ ਧਾਰ ਨੂੰ ਕਹਿੰਦੇ ਖੂਹਣੀ, ਜਿਹੜਾ ਹਿੱਸਾ ਕ੍ਰਿਸ਼ਨ ਕਾਹਨ ਝੋਲੀ ਪਾਈਆ। ਤੁਹਾਡੀ ਆਤਮਾ ਰਹੇ ਨਾ ਊਣੀ, ਉਨਤੀ ਕਰੇ ਵਿਚ ਲੋਕਾਈਆ। ਸਚ ਪ੍ਰੀਤੀ ਕਰੇ ਗੂੜ੍ਹੀ, ਰੰਗ ਆਪਣਾ ਦਏ ਰੰਗਾਈਆ। ਚਤੁਰ ਸੁਘੜ ਬਣਾਏ ਮੂੜ੍ਹ ਮੂੜ੍ਹੀ, ਪੁਰਖ ਅਕਾਲ ਵੇਖ ਵਖਾਈਆ। ਚਰਨ ਟਿੱਕਾ ਲਾਵੇ ਧੂੜੀ, ਧੁਰ ਦਾ ਪੜਦਾ ਦਏ ਉਠਾਈਆ। ਤੁਹਾਡੀ ਆਸਾ ਮਨਸਾ ਕਰੇ ਪੂਰੀ, ਪੁਰੀਆਂ ਦੇ ਥਾਂ ਪੂਰਨ ਸਤਿਗੁਰ ਦਏ ਮਿਲਾਈਆ। ਜਿਸ ਦੀ ਬਿਰਥਾ ਨਾ ਜਾਏ ਮਜ਼ਦੂਰੀ, ਸੇਵਕਾਂ ਦੀ ਘਾਲ ਲੇਖੇ ਪਾਈਆ। ਦਰਸ਼ਨ ਦੇ ਕੇ ਹਾਜ਼ਰ ਹਜ਼ੂਰੀ, ਆਪਣੇ ਸਾਜਣ ਲਏ ਬਣਾਈਆ। ਰਿਸ਼ੀਓ ਓਸ ਵੇਲੇ ਸਮਝਿਓ ਨਾ ਕੋਈ ਮਜਬੂਰੀ, ਦੁੱਖ ਦੇ ਭੁੱਖ ਤੋਂ ਲਏ ਛੁਡਾਈਆ। ਭਗਤ ਉਧਾਰਨਾ ਪ੍ਰਭ ਦਾ ਕੰਮ ਜ਼ਰੂਰੀ, ਜੁਗ ਚੌਕੜੀ ਵਿਚੋਂ ਆਪਣੇ ਹਿੱਸੇ ਰਖਾਈਆ। ਤੁਹਾਡੀ ਮੰਜ਼ਲ ਕਰ ਕੇ ਪੂਰੀ, ਮਜ਼ਾ ਆਪਣਾ ਦਏ ਚਖਾਈਆ। ਜੋਤੀ ਦਰਸ਼ਨ ਦੇ ਕੇ ਨੂਰੀ, ਅੰਧ ਅੰਧੇਰਾ ਦਏ ਮਿਟਾਈਆ। ਦੁਨੀਆ ਦੀ ਪ੍ਰੀਤੀ ਦੱਸੇ ਕੂੜੀ, ਸੱਚਾ ਮੇਲਾ ਮਾਲਕ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਮਸਤਕ ਲਾਵੇ ਮਸਤੀ ਵਾਲੀ ਧੂੜੀ, ਮਸਤੀ ਵਿਚੋਂ ਹਸਤੀ, ਹਸਤੀ ਵਿਚੋਂ ਮਿਲੇ ਅਰਸ਼ੀ, ਅਰਸ਼ੀ ਪ੍ਰੀਤਮ ਫ਼ਰਸ਼ ਉਤੇ ਦਏ ਵਡਿਆਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਸ਼ਿਵੋ ਦੇਵੀ ਪਿੰਡ ਬਾਲੇ ਵਾਲ ਕੈਂਪ ਖੂਣ ਜੰਮੂ
ਰਿਸ਼ੀ ਕਹਿਣ ਸਾਡੀ ਗਿਣਤੀ ਤੇਰਾਂ ਸੌਂ ਸਤਾਸੀ, ਸੈਂਕੜੇ ਰਹੇ ਜਣਾਈਆ। ਕਿਸ ਬਿਧ ਮਿਟੇ ਉਦਾਸੀ, ਸਚ ਦੇਣਾ ਸਮਝਾਈਆ। ਰਹੇ ਨਾ ਜਮ ਕੀ ਫ਼ਾਸੀ, ਫ਼ੈਸਲਾ ਅੰਤ ਕਰਾਈਆ। ਹੋਈਏ ਨਾ ਮਧਰਾ ਮਾਸੀ, ਰਸਨਾ ਜਿਹਵਾ ਨਾ ਕੋਇ ਹਲਕਾਈਆ। ਚੜ੍ਹੀਏ ਮੰਜ਼ਲ ਘਾਟੀ, ਆਪਣਾ ਪੰਧ ਮੁਕਾਈਆ। ਕਲਜੁਗ ਦੂਰ ਦੁਰਾਡੀ ਦਿਸੇ ਵਾਟੀ, ਲੰਬਾ ਪੰਧ ਨਾ ਕੋਇ ਫਿਰਾਈਆ। ਬਾਵਨ ਕਿਹਾ ਤੁਸੀਂ ਮੇਰੀ ਮੰਨੋ ਆਖੀ, ਪ੍ਰੇਮ ਨਾਲ ਸਮਝਾਈਆ। ਤੁਹਾਡਾ ਲਹਿਣਾ ਦੇਣਾ ਬਾਕੀ, ਪੁਰਖ ਅਕਾਲ ਹੱਥ ਫੜਾਈਆ। ਤੁਸੀਂ ਜੋਤ ਮਿਲਿਓ ਸਾਚੀ, ਸਚ ਵਿਚ ਸਮਾਈਆ। ਫਿਰ ਮਿਲੇ ਦੇਹ ਮਾਟੀ ਕਾਚੀ, ਕੰਚਨ ਗੜ੍ਹ ਬਣਾਈਆ। ਤੁਹਾਡੀ ਭਗਤਾਂ ਦੀ ਹੋਵੇ ਜਾਤੀ, ਦੀਨ ਮਜ਼੍ਹਬ ਨਾ ਕੋਇ ਵਖਾਈਆ। ਪੁਰਖ ਅਕਾਲ ਹੋਵੇ ਸਾਥੀ, ਸਗਲਾ ਸੰਗ ਬਣਾਈਆ। ਦੁਰਮਤ ਮੈਲ ਜਾਏ ਕਾਟੀ, ਪੜਦੇ ਦਏ ਖੁਲ੍ਹਾਈਆ। ਪੰਧ ਮੁਕਾਵੇ ਮੁਕੀ ਵਾਟੀ, ਧੁਰ ਦਾ ਹੁਕਮ
ਜਣਾਈਆ। ਤੁਹਾਡਾ ਬਣੇ ਧੁਰ ਦਾ ਸਾਥੀ, ਸਗਲਾ ਸੰਗ ਨਿਭਾਈਆ। ਮੇਰਾ ਸੁਨੇਹੜਾ ਲੈ ਲਉ ਬਿਨ ਅੱਖਰਾਂ ਵਾਲੀ ਪਾਤੀ, ਪਤ੍ਰਿਕਾ ਦਿਆਂ ਫੜਾਈਆ। ਤੁਹਾਨੂੰ ਵੇਖਣ ਨਹੀਂ ਦੇਣੀ ਕੋਈ ਕਾਸ਼ੀ, ਗੰਗਾ ਜਲ ਨਾ ਕੋਇ ਨੁਹਾਈਆ। ਪੁਰਖ ਅਕਾਲ ਮਿਹਰਵਾਨ ਮਿਹਰ ਕਰ ਕੇ ਬਣਾਉਣਾ ਦਾਸਨ ਦਾਸੀ, ਸੇਵਕ ਸੇਵ ਆਪ ਕਰਾਈਆ। ਝਗੜਾ ਚੁਕਾ ਪ੍ਰਿਥਮੀ ਆਕਾਸ਼ੀ, ਅਕ਼ਲ ਅੰਦਰੋਂ ਦੇਣੀ ਬਦਲਾਈਆ। ਮਿਲਣਾ ਮੇਲ ਸਚਖੰਡ ਨਿਵਾਸੀ, ਨਿਮਾਣਿਆਂ ਆਪਣੇ ਰੰਗ ਰੰਗਾਈਆ। ਕਲਜੁਗ ਲਹਿਣਾ ਦੇਵੇ ਬਾਕੀ, ਬਾਕੀ ਅਵਰ ਨਾ ਕੋਇ ਰਖਾਈਆ। ਨਿਰਗੁਣ ਹੋ ਕੇ ਖੇਲ ਕਰੇ ਪੁਰਖ ਅਬਿਨਾਸ਼ੀ, ਧੁਰ ਫ਼ਰਮਾਨਾ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੇ ਕਾਰਨ ਮਾਰੇ ਵਾਟੀ, ਵੱਟਿਆਂ ਪੱਥਰਾਂ ਵਿਚ ਫੇਰਾ ਪਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਨਾਨਕ ਚੰਦ ਦੇ ਗ੍ਰਹਿ ਪਿੰਡ ਸਰਦਾਰੀ ਕੈਂਪ ਖੂਣ ਜੰਮੂ
ਬਾਵਨ ਕਿਹਾ ਤੁਹਾਡੀ ਧਰਤੀ ਵੇਖੇ ਚੰਗੀ, ਚੰਗੇਰਾਂ ਛਾਬੇ ਲੇਖੇ ਲਾਈਆ। ਸੇਵਾ ਵੇਖੇ ਕੀਤੀ ਪੈਰੀਂ ਨੰਗੀ, ਬਨ ਖੰਡ ਫਿਰੋ ਵਾਹੋ ਦਾਹੀਆ। ਜਗਤ ਤ੍ਰਿਸ਼ਨਾ ਰਹੇ ਨਾ ਤੰਗੀ, ਤੰਗਦਸਤ ਨਾ ਕੋਇ ਵਖਾਈਆ। ਕਾਇਆ ਚੋਲੀ ਜਾਏ ਰੰਗੀ, ਰੰਗ ਰੰਗੀਲਾ ਧੁਰ ਦਾ ਮਾਹੀਆ। ਦੇਵੇ ਵਸਤ ਨਾਮ ਅਨਮੰਗੀ, ਧੁਰ ਦੀ ਦੌਲਤ ਝੋਲੀ ਪਾਈਆ। ਤੁਹਾਡੀ ਆਤਮਾ ਕਰ ਕੇ ਠੰਡੀ, ਅਗਨੀ ਤਤ ਦਏ ਬੁਝਾਈਆ। ਪਿਛਲੀ ਟੁੱਟੀ ਜਾਵੇ ਗੰਢੀ, ਅਗੇ ਫੇਰ ਨਾ ਕੋਇ ਤੁੜਾਈਆ। ਸਾਚੀ ਦੇਵੇ ਪ੍ਰੇਮ ਸੁਗੰਧੀ, ਸਤਿ ਸਰੂਪ ਵਖਾਈਆ। ਜਨਮ ਕਰਮ ਦੀ ਰਹਿਣ ਨਾ ਦੇਵੇ ਪਾਬੰਦੀ, ਕਾਂਡਾਂ ਦਾ ਡੇਰਾ ਦੇਵੇ ਢਾਹੀਆ। ਸਿੱਧਾ ਮਾਰਗ ਦੱਸ ਕੇ ਡੰਡੀ, ਰਸਤੇ ਆਪਣੇ ਲਏ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਾਵਨ ਕਹੇ ਤੁਹਾਡੀ ਧਰਤੀ ਲੱਗੇ ਭਾਗ, ਚੌਦਾਂ ਜੋਜਨ ਵੇਖ ਵਖਾਈਆ। ਤੁਹਾਡੇ ਜਨਮ ਦਾ ਜਗੇ ਚਿਰਾਗ਼, ਭਗਵਾਨ ਭਗਤਾਂ ਵਿਚ ਵੰਡ ਵੰਡਾਈਆ। ਦੁਰਮਤ ਮੈਲ ਦਾ ਧੋਵੇ ਦਾਗ਼, ਪਾਪਾਂ ਕਰੇ ਸਫ਼ਾਈਆ। ਨਾਮ ਦਾ ਦੇ ਕੇ ਦਾਜ, ਦੌਲਤ ਸੋਹਣੀ ਘਰ ਟਿਕਾਈਆ। ਸਚਖੰਡ ਦਾ ਚਲਾ ਰਿਵਾਜ, ਪਿਛਲਾ ਲੇਖਾ ਦਏ ਮੁਕਾਈਆ। ਤੁਹਾਨੂੰ ਘਰ ਘਰ ਵਿਚੋਂ ਪਾ ਕੇ ਭਾਜ, ਇਕੱਠੇ ਸਹਿਜੇ ਲਏ ਕਰਾਈਆ। ਫਿਰ ਲਹਿਣਾ ਦੇਣਾ ਦੇਵੇ ਆਪ, ਪਿਛਲਾ ਕੀਤਾ ਕ਼ੌਲ ਭੁੱਲ ਨਾ ਜਾਈਆ। ਅਗੇ ਦੱਸ ਕੇ ਸਤਿਜੁਗ ਜਾਪ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਏ ਸੁਣਾਈਆ। ਤੁਸਾਂ ਅੰਦਰੋਂ ਬਾਹਰੋਂ ਬਣਨਾ ਸਾਫ਼, ਕੱਪੜ ਕੂੜ ਨਾ ਕੋਇ ਹੰਢਾਈਆ। ਨਾਮ ਭੰਡਾਰਾ ਦੇਵੇ ਇਕ ਸੌਗ਼ਾਤ, ਵਸਤ ਅਨਮੁਲੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰੀ ਕਰੇ ਆਸ, ਬਹੁਤਿਆਂ ਵਿਚੋਂ ਥੋੜੇ, ਥੋੜਿਆਂ ਵਿਚੋਂ ਥੋੜੇ ਰਹਿਣ ਦੇਵੇ ਉਦਾਸ, ਬਾਕੀ ਹਿਰਦੇ ਆਪਣੇ ਨਾਲ ਮਿਲਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਖੋਜੂ ਰਾਮ ਦੇ ਗ੍ਰਹਿ ਖ਼ੈਰੋਵਾਲ ਖੂਣ ਕੈਂਪ ਜੰਮੂ
ਰਿਸ਼ੀ ਕਹਿਣ ਬਾਵਨ ਦੱਸ, ਅੰਤਰਗਤ ਜਣਾਈਆ। ਅੰਤਰ ਬਿਧ ਤੇਰੇ ਵੱਸ, ਮੇਲਾ ਲੈਣਾ ਮਿਲਾਈਆ। ਹੁਣ ਕਿਧਰ ਜਾਣਾ ਨੱਠ, ਕਵਣ ਕੂਟ ਡੇਰਾ ਲਾਈਆ। ਬਾਵਨ ਕਿਹਾ ਮੇਰਾ ਖਹਿੜਾ ਦਿਉ ਛੱਡ, ਇਕੋ ਹੁਕਮ ਦਿਤਾ ਸਮਝਾਈਆ। ਮੈਂ ਹੋ ਕੇ ਸਭ ਤੋਂ ਅੱਡ, ਆਪਣਾ ਆਪ ਲੈਣਾ ਬਦਲਾਈਆ। ਜਿਸ ਵੇਲੇ ਨਿਰਗੁਣ ਧਾਰ ਹੋ ਕੇ ਪੁਰਖ ਅਕਾਲ ਆਇਆ ਜਗ, ਮੇਰੀ ਆਸ਼ਾ ਨਾਲ ਲਿਆਈਆ। ਮੈਂ ਤੁਹਾਨੂੰ ਲਵਾਂ ਲੱਭ, ਭੱਜਾਂ ਚਾਈਂ ਚਾਈਂਆ। ਇਕੱਠੇ ਕਰ ਕੇ ਏਸੇ ਹੱਦ, ਚੌਦਾਂ ਚੌਦਾਂ ਜੋਜਨ ਅੰਦਰ ਸੋਭਾ ਪਾਈਆ। ਹੁਕਮੇਂ ਅੰਦਰ ਲਵਾਂ ਸੱਦ, ਸੁਨੇਹੜਾ ਇਕ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਿਸ਼ੀ ਕਹਿਣ ਬਾਵਨ ਕੁਛ ਖੋਲ੍ਹ ਭੇਦ, ਭਰਮ ਦੇ ਮਿਟਾਈਆ। ਕਿਸ ਬਿਧ ਕਰੇ ਪ੍ਰਭੂ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਬਾਵਨ ਕਿਹਾ ਸ਼ਹਿਨਸ਼ਾਹੀ ਸੰਮਤ ਦਾ ਪਹਿਲਾ ਹੋਵੇ ਚੇਤ, ਚੇਤਨ ਤੁਹਾਨੂੰ ਦਏ ਕਰਾਈਆ। ਤੁਹਾਡੇ ਘਰ ਘਰਾਨੇ ਖੋਹ ਕੇ ਖੇਤ, ਸਹਿਜੇ ਏਥੇ ਦਏ ਪੁਚਾਈਆ। ਜਿਥੇ ਲੇਖਾ ਮੁਕੇ ਮਹੀਨਾ ਜੇਠ, ਜੇਠ ਪਿਛਲਾ ਦਏ ਗਵਾਹੀਆ। ਅਗੇ ਰਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਈਆ। ਨਾਮ ਦੁਸ਼ਾਲੇ ਲਏ ਲਪੇਟ, ਅਗਨੀ ਅੱਗ ਨਾ ਕੋਇ ਤਪਾਈਆ। ਸ਼ਬਦ ਸੰਦੇਸ਼ੇ ਹੁਕਮੇ ਭੇਜ, ਭਜਨ ਬੰਦਗੀ ਇਕ ਵਖਾਈਆ। ਨਿਰਗੁਣ ਧਾਰ ਦੱਸ ਕੇ ਤੇਜ, ਤੇਜ ਪਰਕਾਸ਼ ਆਪ ਚਮਕਾਈਆ। ਤੁਹਾਡੀ ਘਰ ਘਰ ਦੀ ਲੇਖੇ ਲਾ ਕੇ ਦੇਗ, ਦਾਮਨ ਪਕੜੇ ਦਮਾਂ ਦਾ ਹੋਏ ਸਹਾਈਆ। ਜਿਸ ਕਾਰਨ ਤੁਹਾਨੂੰ ਲਏ ਭੇਜ, ਉਹ ਲੇਖਾ ਪੂਰਾ ਲਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਮਾਣੇ ਸਾਚੀ ਸੇਜ, ਸੁਹੰਜਣਾ ਸਮਾਂ ਦਏ ਪਰਗਟਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਗਿਆਨ ਚੰਦ ਦੇ ਗ੍ਰਹਿ ਪਿੰਡ ਖ਼ੈਰੋਵਾਲ ਖੂਣ ਕੈਂਪ ਜੰਮੂ
ਰਿਖੀ ਕਹਿਣ ਅਸੀਂ ਰਖੀਏ ਉਡੀਕ, ਕਲਜੁਗ ਅੰਤ ਰਾਹ ਤਕਾਈਆ। ਸ੍ਰੀ ਭਗਵਾਨ ਜਣਾ ਕੇ ਸਚ ਪ੍ਰੀਤ, ਪਰਮਾਤਮਾ ਹੋ ਕੇ ਆਤਮਾ ਆਪਣੇ ਨਾਲ ਮਿਲਾਈਆ। ਜਨਮ ਕਰਮ ਦੀ ਬਦਲ ਦੇਵੇ ਤਵਾਰੀਖ, ਤਰੀਕਾ ਆਪਣਾ ਇਕ ਦ੍ਰਿੜਾਈਆ। ਸਚ ਪਦਾਰਥ ਨਾਮ ਪਾਵੇ ਭੀਖ, ਧੁਰ ਦੀ ਦਾਤ ਦੇਵੇ ਵਰਤਾਈਆ। ਕਾਇਆ ਮਾਟੀ ਕਰੇ ਠਾਂਡੀ ਸੀਤ, ਅਗਨੀ ਅੱਗ ਨਾ ਕੋਇ ਜਲਾਈਆ। ਪਾਰਬ੍ਰਹਮ ਬ੍ਰਹਮ ਦੱਸੇ ਸਾਚਾ ਗੀਤ, ਸ਼ਾਸਤਰਾਂ ਵਾਲੀ ਨਾ ਕੋਇ ਪੜ੍ਹਾਈਆ। ਸਤਿ ਧਰਮ ਦੀ ਦੱਸੇ ਰੀਤ, ਮਾਰਗ ਇਕੋ ਇਕ ਜਣਾਈਆ। ਕਲਜੁਗ ਅੰਤ ਅਖ਼ੀਰੀ ਜਾਏ ਬੀਤ, ਲੇਖਾ ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਪੰਧ ਮੁਕਾਵਣ ਠੀਕ, ਠਾਕਰ ਅਗੇ ਸੀਸ ਝੁਕਾਈਆ। ਇਕੋ ਛੱਤਰ ਝੁੱਲੇ ਹਰਿ ਸੀਸ, ਦੂਜਾ ਨਜ਼ਰ ਕੋਇ ਨਾ ਆਈਆ। ਲੇਖਾ ਚੁਕੇ ਬੀਸ ਇਕੀਸ, ਏਕੰਕਾਰ ਵੱਜੇ ਵਧਾਈਆ। ਪਰਮ ਪੁਰਖ ਪਰਮਾਤਮ ਆਵੇ ਠੀਕ, ਠਾਕਰ ਹੋ ਕੇ ਫੇਰਾ ਪਾਈਆ। ਲਹਿਣਾ ਦੇਣਾ ਚੁਕਾਵੇ ਹਸਤ ਕੀਟ, ਸ਼ਾਹ ਸੁਲਤਾਨ ਨਜ਼ਰ ਕੋਇ ਨਾ ਆਈਆ। ਤੁਹਾਡੀ ਪੂਰੀ ਕਰੇ ਉਮੀਦ,
ਮਨਸਾ ਮਨ ਹੀ ਵਿਚ ਸਮਾਈਆ। ਇਕੱਠੇ ਕਰੇ ਨਾਲ ਤਰਤੀਬ, ਤਰੀਕਾ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਰਿਸ਼ੀ ਕਹਿਣ ਕਿਸ ਬਿਧ ਕਰੇਂ ਖੇਲ, ਪ੍ਰਭ ਪ੍ਰਭੂ ਦੇ ਜਣਾਈਆ। ਵਿਛੜਿਆਂ ਲਏਂ ਮੇਲ, ਵਿਛੋੜਾ ਰਹੇ ਨਾ ਰਾਈਆ। ਵਸੇਂ ਧਾਮ ਨਵੇਲ, ਵੱਖਰੀ ਕਾਰ ਕਮਾਈਆ। ਜੋ ਜੋਬਨਵੰਤਾ ਅਲਬੇਲ, ਖੇਲੇ ਖੇਲ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਬਾਵਨ ਕਿਹਾ ਇਹ ਭੇਵ ਅਵੱਲਾ, ਏਕੰਕਾਰ ਆਪ ਕਰਾਈਆ। ਖੇਲੇ ਖੇਲ ਜਲਾ ਥਲਾ, ਸ੍ਰਿਸ਼ਟੀ ਦ੍ਰਿਸ਼ਟੀ ਖੋਜ ਖੁਜਾਈਆ। ਵੇਸ ਵਟਾਵੇ ਘੜੀ ਪਲਾ, ਪਲਕ ਪਲਕ ਵਿਚੋਂ ਬਦਲਾਈਆ। ਕਲਜੁਗ ਅੰਤਮ ਵਸੇ ਸਚ ਮਹੱਲਾ, ਸਚ ਘਰਾਨੇ ਡੇਰਾ ਲਾਈਆ। ਜੋਤੀ ਸ਼ਬਦੀ ਧਾਰ ਹੋ ਕੇ ਰਲਾ, ਨਿਰਗੁਣ ਹੋ ਕੇ ਫੇਰਾ ਪਾਈਆ। ਤੁਹਾਡਾ ਸਭ ਦਾ ਇਕੱਠਾ ਫੜੇ ਪੱਲਾ, ਫੜਨਹਾਰ ਦੇਰ ਕੋਇ ਨਾ ਲਾਈਆ। ਲਿਆ ਕੇ ਏਸੇ ਜੰਗਲ ਜੂਹ ਵਿਚ ਝੱਲਾ, ਝਲਕ ਆਪਣੀ ਇਕ ਵਖਾਈਆ। ਸਭ ਦਾ ਇਕੱਠਾ ਬਣਾ ਕੇ ਇਕੋ ਮਹੱਲਾ, ਭਗਤ ਦਵਾਰ ਦਏ ਵਖਾਈਆ। ਜਿਥੇ ਇਕੋ ਦੀਪਕ ਜੋਤ ਜਲਾ, ਨੂਰ ਨੂਰ ਚਮਕਾਈਆ। ਤੁਹਾਡਾ ਮੇਟੇ ਦੂਈ ਸੱਲਾ, ਸਲਲ ਆਪਣਾ ਰੰਗ ਚੜ੍ਹਾਈਆ। ਸਚ ਪਕਵਾਨ ਦੇਵੇ ਉਹ ਭੱਲਾ, ਜਿਹੜਾ ਭਾਲਿਆਂ ਹੱਥ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਨੇਹੜਾ ਆਪੇ ਦੇਵੇ ਘੱਲਾ, ਘੋਰ ਕਲਜੁਗ ਵਿਚੋਂ ਦੇਵੇ ਆਪ ਉਠਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਰੋਲੂ ਰਾਮ ਦੇ ਗ੍ਰਹਿ ਪਿੰਡ ਖ਼ੈਰੋਵਾਲ ਕੈਂਪ ਖੂਣ ਜੰਮੂ
ਰਿਸ਼ੀਆਂ ਕਿਹਾ ਅਸੀਂ ਬਲਖ ਚੋਂ ਜਾਈਏ ਭੱਜੇ, ਬਲਪੁਰੀ ਸੋਹਣੀ ਨਜ਼ਰੀ ਆਈਆ। ਜਿਥੋਂ ਪਕਵਾਨ ਖਾ ਕੇ ਰੱਜੇ, ਅੱਗੋਂ ਪ੍ਰਭ ਮਿਲਣ ਦੀ ਮਿਲ ਜਾਏ ਵਡਿਆਈਆ। ਜਿਸ ਦਾ ਸੱਚਾ ਨੂਰ ਜਗੇ, ਪਰਕਾਸ਼ ਹੋਵੇ ਰੁਸ਼ਨਾਈਆ। ਸਾਨੂੰ ਮਿਲੇ ਜੁਗ ਅਗੇ, ਅਗਲਾ ਪੰਧ ਮੁਕਾਈਆ। ਬਾਵਨ ਨੇ ਨਿਸ਼ਾਨੇ ਦੱਸੇ ਸੱਚੇ, ਸਚ ਦਿਤਾ ਸਮਝਾਈਆ। ਅਸੀਂ ਹੁਣ ਨਹੀਂ ਰਹਿਣਾ ਕੱਚੇ, ਪੱਕੀ ਲਈ ਪਕਾਈਆ। ਜਿੰਨਾਂ ਚਿਰ ਸ੍ਰੀ ਭਗਵਾਨ ਦਾ ਦਰਸ ਨਾ ਕਰੀਏ ਅੱਖੇ, ਕਥਾ ਸੁਣ ਕੇ ਮਨ ਨਾ ਕੋਇ ਪਰਚਾਈਆ। ਸਦਾ ਸਾਡੇ ਅੰਦਰ ਵਸੇ, ਵਾਸਤਾ ਆਪਣੇ ਨਾਲ ਜੁੜਾਈਆ। ਪਿਛਾ ਦੇ ਮੂਲ ਨਾ ਨੱਠੇ, ਸਾਜਣ ਹੋ ਕੇ ਅੰਗ ਲਗਾਈਆ। ਕਰ ਕਿਰਪਾ ਸਾਨੂੰ ਫੇਰ ਕਰ ਇਕੱਠੇ, ਦੂਰ ਨੇੜੇ ਲਏ ਮਿਲਾਈਆ। ਪੂਰਬ ਲਹਿਣਾ ਦੇਣਾ ਬਾਕੀ ਕਿਸੇ ਨਾ ਰਖੇ, ਸਭ ਦਾ ਦਏ ਚੁਕਾਈਆ। ਸਚ ਪ੍ਰੇਮ ਪਿਆਰ ਮੁਹੱਬਤ ਵਿਚ ਹੱਸੇ, ਹਸਤੀ ਦੂਸਰ ਨਾ ਕਿਸੇ ਸਮਝਾਈਆ। ਲੱਖ ਚੁਰਾਸੀ ਵਿਚੋਂ ਫੜ ਫੜ ਲੱਭੇ, ਕੌਲ ਇਕ਼ਰਾਰ ਜਿਨ੍ਹਾਂ ਨਾਲ ਰਖਾਈਆ। ਸਚ ਪ੍ਰੇਮ ਪਿਆਰ ਦੇ ਦੇਵੇ ਮਜ਼ੇ, ਪਦਾਰਥ ਇਕੋ ਦਏ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਬਚਨ ਕਰੇ ਸੱਚੇ, ਸਚ ਸਵਾਮੀ ਹੋ ਕੇ ਵੇਖ ਵਖਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਗਿਆਨ ਚੰਦ ਦੇ ਗ੍ਰਹਿ ਪਿੰਡ ਤੂਤਾਂ ਵਾਲੀ ਕੈਂਪ ਖੂਣ ਜੰਮੂ
ਬਾਵਨ ਕਿਹਾ ਜਿਸ ਵੇਲੇ ਕਲਜੁਗ ਰੈਣ ਅੰਧੇਰੀ ਹੋਈ ਮੱਸਿਆ, ਮਸਲਾ ਹੱਲ ਨਾ ਕੋਇ ਕਰਾਈਆ। ਸਾਚਾ ਮਾਰਗ ਦੱਸ ਢੰਗਿਆ, ਅਗਲਾ ਭੇਵ ਖੁਲ੍ਹਾਈਆ। ਪੁਰਖ ਅਬਿਨਾਸ਼ੀ ਕਰਤਾ ਆਵੇ ਨੱਠਿਆ, ਲੋਕਮਾਤ ਫੇਰਾ ਪਾਈਆ। ਜਿਹੜਾ ਜਗਤ ਨੇਤਰ ਕਿਸੇ ਨਾ ਲੱਭਿਆ, ਖੋਜੇ ਜਗਤ ਲੋਕਾਈਆ। ਜਨ ਭਗਤਾਂ ਅੰਦਰ ਸਦਾ ਵੱਸਿਆ, ਬਾਹਰ ਡੇਰਾ ਕਦੇ ਨਾ ਲਾਈਆ। ਨਜ਼ਰੀ ਆਏ ਧੁਰ ਦੀ ਅੱਖੀਆਂ, ਆਖ਼ਰ ਆਪਣਾ ਰੰਗ ਚੜ੍ਹਾਈਆ। ਜਨ ਭਗਤ ਸੁਹੇਲੇ ਮੇਲੇ ਸਾਚੀ ਸਖ਼ੀਆਂ, ਸਿਖ਼ਾਵਤ ਆਪਣੇ ਕੋਲੋਂ ਝੋਲੀ ਪਾਈਆ। ਨਾਮ ਰੰਗਣ ਨਾਲ ਜਾਣ ਰੱਤੀਆਂ, ਰਤਨ ਅਮੋਲਕ ਲਏ ਬਣਾਈਆ। ਕਿਸੇ ਦੀਆਂ ਭਰਨ ਮੂਲ ਨਾ ਚੱਟੀਆਂ, ਚੇਟਕ ਇਕੋ ਇਕ ਵਖਾਈਆ। ਸਚ ਦਵਾਰੇ ਹੋਵਣ ਸੱਚੀਆਂ, ਸਤਿ ਸਤਿਵਾਦੀ ਮਿਲ ਕੇ ਖ਼ੁਸ਼ੀ ਮਨਾਈਆ। ਦੀਨ ਮਜ਼੍ਹਬ ਦੀਆਂ ਕੱਟਣ ਰੱਸੀਆਂ, ਫਾਂਸੀ ਜਮ ਨਾ ਕੋਇ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਾਵਨ ਕਿਹਾ ਜਿਸ ਵੇਲੇ ਹੋਵੇ ਕਲਜੁਗ ਅੰਧ, ਰੈਣ ਅੰਧੇਰੀ ਛਾਈਆ। ਨਿਰਗੁਣ ਹੋ ਕੇ ਆਵੇ ਸੂਰਾ ਸਰਬੰਗ, ਲੋਕਮਾਤ ਫੇਰਾ ਪਾਈਆ। ਲੋਕਮਾਤ ਵਜਾਏ ਮਰਦੰਗ, ਅਗੰਮਾ ਰਾਗ ਸੁਣਾਈਆ। ਸ਼ਬਦ ਅਗੰਮੀ ਦੁੜਾਏ ਤੁਰੰਗ, ਤੁਰਤ ਵੇਖੇ ਥਾਉਂ ਥਾਈਂਆ। ਤੁਹਾਡੀ ਪੂਰੀ ਕਰੇ ਮੰਗ, ਮਨਸਾ ਮਨ ਹੀ ਵਿਚ ਸਮਾਈਆ। ਸਚ ਦਵਾਰ ਆਵੇ ਲੰਘ, ਮੰਜ਼ਲ ਪੰਧ ਚੁਕਾਈਆ। ਇਕ ਸੁਣਾਏ ਢੋਲਾ ਛੰਦ, ਮੇਰਾ ਤੇਰਾ ਰਾਗ ਅਲਾਈਆ। ਠਾਕਰ ਹੋ ਕੇ ਦੇਵੇ ਆਨੰਦ, ਪਰਮਾਨੰਦ ਵਿਚ ਸਮਾਈਆ। ਭਗਤ ਸੁਹੇਲੇ ਬਣਾ ਕੇ ਚੰਦ, ਚੰਦ ਚਾਂਦਨੀ ਕਰੇ ਰੁਸ਼ਨਾਈਆ। ਸ਼ਬਦੀ ਧਾਰ ਹੋਵਾਂ ਸੰਗ, ਸੋਹਣਾ ਖੇਲ ਵਖਾਈਆ। ਸਭ ਦੀ ਕਟੇ ਭੁੱਖ ਨੰਗ, ਦੁਖੜਾ ਦਰਦ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਪੂਰ ਕਰਾਈਆ। ਰਿਸ਼ੀ ਕਹਿਣ ਸੁਣ ਸਵਾਮੀ, ਸਚ ਦੇ ਜਣਾਈਆ। ਕਿਸ ਬਿਧ ਹੋਵੇ ਅੰਤਰਜਾਮੀ, ਘਟ ਭੀਤਰ ਵੇਖ ਵਖਾਈਆ। ਸਾਡਾ ਬਣੇ ਹਾਮੀ, ਮਿਲ ਕੇ ਖ਼ੁਸ਼ੀ ਮਨਾਈਆ। ਬਾਵਨ ਕਿਹਾ ਓਹ ਜਾਨ ਜਾਨੀ, ਜਾਨਣਹਾਰ ਵੱਡੀ ਵਡਿਆਈਆ। ਜੁਗ ਚੌਕੜੀ ਬਣ ਕੇ ਬਾਨੀ, ਕੋਟਨ ਬਾਵਨ ਭੇਖ ਵਟਾਈਆ। ਜਿਸ ਖੇਲ ਕਰਨਾ ਰਾਵਣ ਰਾਮੀ, ਰਾਮ ਰਮਈਆ ਫੇਰਾ ਪਾਈਆ। ਜਿਸ ਵੇਸ ਵਟਾਉਣਾ ਕ੍ਰਿਸ਼ਨਾ ਕਾਹਨੀ, ਘਨਈਆ ਹੋ ਕੇ ਫੇਰਾ ਪਾਈਆ। ਜਿਨ੍ਹ ਈਸਾ ਮੂਸਾ ਮੁਹੰਮਦ ਪਰਗਟਾਉਣੀ ਇਕ ਨਿਸ਼ਾਨੀ, ਕਲਜੁਗ ਦੇਵੇ ਮਾਣ ਵਡਿਆਈਆ। ਜਿਸ ਨਾਨਕ ਗੋਬਿੰਦ ਬਖ਼ਸ਼ਣੀ ਜੋਤ ਨੁਰਾਨੀ, ਨੂਰੋ ਨੂਰ ਕਰ ਰੁਸ਼ਨਾਈਆ। ਜਿਸ ਕਲਜੁਗ ਅੰਤ ਨਿਹਕਲੰਕ ਹੋ ਕੇ ਮੰਜ਼ਲ ਕਰਨੀ ਆਸਾਨੀ, ਅਹਿਸਾਨ ਸਿਰ ਨਾ ਕਦੇ ਚੜ੍ਹਾਈਆ। ਰਿਖੀਓ ਤੁਹਾਡੀ ਜੂਹ ਨਾ ਹੋਵੇ ਬੇਗਾਨੀ, ਬੇਗਾਨਾ ਨਜ਼ਰ ਕੋਇ ਨਾ ਆਈਆ। ਖੇਲ ਖੇਲੇ ਵਾਲੀ ਦੋ ਜਹਾਨੀ, ਜਹਾਂ ਤਹਾਂ ਲਏ ਉਠਾਈਆ। ਉਸ ਦੇ ਆਉਣ ਦੀ ਇਕ ਨਿਸ਼ਾਨੀ, ਤੁਹਾਨੂੰ ਸਹਿਜੇ ਦਿਆਂ ਸਮਝਾਈਆ। ਕਿਸੇ ਨੂੰ ਦੇਣੀ ਪਏ ਨਾ ਕ਼ੁਰਬਾਨੀ, ਚਾਰ ਕੁੰਟ ਦਹਿ ਦਿਸ਼ਾ ਲੱਭਣ ਕੋਇ ਨਾ ਜਾਈਆ। ਮਿਹਰਵਾਨ ਹੋ ਕੇ ਤੁਹਾਡੇ ਗ੍ਰਹਿ ਆ ਕੇ ਘਰ ਘਰ ਖਾਵੇ ਮਹਿਮਾਨੀ, ਜਿਸ ਮਹਿਮਾਨੀ ਕਾਰਨ ਬਲ ਦਵਾਰੇ ਫੇਰਾ ਪਾਈਆ ਮਹਿਮਾਨੀ ਖਾ ਕੇ ਮਿਲੀ ਜੋਤ ਨੁਰਾਨੀ, ਨੂਰ ਚਸ਼ਮ ਨਾ ਕੋਇ ਕਰਾਈਆ। ਓਸ ਵੇਲੇ ਤੁਹਾਡੇ ਉਤੇ ਕਰੇ ਮਿਹਰਵਾਨੀ, ਪੜਦਾ ਅੰਦਰੋਂ ਦਏ ਉਠਾਈਆ। ਝਗੜਾ ਚੁਕਾ ਕੇ ਚਾਰੇ ਖਾਣੀ,
ਖ਼ਾਨੇ ਆਪਣੇ ਵਿਚ ਟਿਕਾਈਆ। ਭਗਤ ਭਗਵਾਨ ਦੀ ਸਦਾ ਇਕੋ ਜਿਹੀ ਜਵਾਨੀ, ਬਾਲ ਬੁਢੇਪਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਿਸ਼ੀਓ, ਓਹ ਬਣੇ ਧੁਰ ਦਾ ਦਾਨੀ, ਦਾਤਾ ਹੋ ਕੇ ਦਇਆ ਕਮਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਬੇਲੂ ਰਾਮ ਦੇ ਗ੍ਰਹਿ ਪਿੰਡ ਸਰਦਾਰੀ ਕੈਂਪ ਖੂਣ ਜੰਮੂ
ਬਾਵਨ ਕਿਹਾ ਕਲਜੁਗ ਅੰਤਮ ਧਰੇ ਭੇਖ, ਜਗ ਜੀਵਣ ਦਾਤਾ ਨਜ਼ਰ ਕਿਸੇ ਨਾ ਆਈਆ। ਕਿਸੇ ਹੱਥ ਨਾ ਆਵੇ ਰਿਖੀਕੇਸ਼, ਕੇਸ਼ਵ ਆਪਣਾ ਰੂਪ ਲਏ ਬਦਲਾਈਆ। ਲਹਿਣਾ ਦੇਣਾ ਦੇਵੇ ਦਸ ਦਸਮੇਸ਼, ਦਹਿ ਦਿਸ਼ਾ ਵੱਜੇ ਸਚ ਵਧਾਈਆ। ਕਰੇ ਖੇਲ ਜੋ ਆਦਿ ਜੁਗਾਦਿ ਜੁਗ ਚੌਕੜੀ ਰਹੇ ਹਮੇਸ਼, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਪੂਰਬ ਜਨਮ ਸਭ ਦਾ ਜਾਣੇ ਲੇਖ, ਰਿਖੀ ਰਖੀਸ਼ਰ ਖੋਜ ਖੁਜਾਈਆ। ਚਰਨ ਪ੍ਰੀਤੀ ਬਖ਼ਸ਼ੇ ਧੁਰ ਦੀ ਟੇਕ, ਟਿੱਕਾ ਮਸਤਕ ਨਾਮ ਲਗਾਈਆ। ਬੁਧੀ ਕਰੇ ਆਪ ਬਿਬੇਕ, ਮਨ ਚੰਚਲ ਨਾ ਕੋਇ ਚਤੁਰਾਈਆ। ਮਾਨਸ ਜਨਮ ਬਦਲ ਦੇਵੇ ਰੇਖ, ਸ਼ਬਦੀ ਚੋਟ ਇਕ ਲਗਾਈਆ। ਪਹਿਲੋਂ ਤੁਹਾਨੂੰ ਦੇਵੇ ਭੇਜ, ਲੋਕਮਾਤ ਜਨਮ ਦਵਾਈਆ। ਫਿਰ ਪਰਮਾਤਮ ਹੋ ਕੇ ਆਤਮ ਮਾਣੇ ਸੇਜ, ਘਰ ਸਾਚੇ ਸੋਭਾ ਪਾਈਆ। ਤੁਹਾਡਾ ਦੇਸ ਕਰ ਪਰਦੇਸ, ਦੇਸੰਤਰ ਆਪਣਾ ਵੇਖ ਵਖਾਈਆ। ਜਿਸ ਉਜਲ ਕਰਨਾ ਲੇਖ, ਕ਼ਲਮ ਸ਼ਾਹੀ ਵੰਡ ਵੰਡਾਈਆ। ਚੌਦਾਂ ਜੋਜਨ ਹੋਵੇ ਹੇਤ, ਹਿਤਕਾਰੀ ਬੇਪਰਵਾਹੀਆ। ਲੇਖਾ ਲਿਖ ਕੇ ਮਹੀਨੇ ਚੇਤ, ਚੇਤਨ ਸਭ ਨੂੰ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਬਾਵਨ ਕਹੇ ਜਿਸ ਵੇਲੇ ਲੱਗੀ ਅੱਗ, ਅਗਨੀ ਅੱਗ ਨਾ ਕੋਇ ਬੁਝਾਈਆ। ਬਿਨ ਹਰਿ ਨਾਮੇ ਖ਼ਾਲੀ ਹੋਏ ਹੱਡ, ਹਿਰਦੇ ਹਰਿ ਨਾ ਕੋਇ ਵਸਾਈਆ। ਸਾਕ ਸੱਜਣ ਭੈਣ ਭਾਈ ਸਾਰੇ ਜਾਣ ਛੱਡ, ਨਾਰ ਕੰਤ ਨਾਤਾ ਨਾ ਤੋੜ ਨਿਭਾਈਆ। ਸਾਚੇ ਕਾਅਬੇ ਕਰੇ ਨਾ ਕੋਇ ਹੱਜ, ਹਕ਼ੀਕ਼ਤ ਹੱਕ ਨਾ ਕੋਇ ਸਮਝਾਈਆ। ਨੇਤਰ ਰੋਵਣ ਸ਼ਿਵ ਦਵਾਲੇ ਮਠ, ਗੁਰਦਵਾਰਾ ਦਵਾਰ ਦਏ ਦੁਹਾਈਆ। ਪੜਦਾ ਰਹੇ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਓਢਣ ਸੀਸ ਨਾ ਕੋਇ ਟਿਕਾਈਆ। ਸਾਚਾ ਨਾਮ ਮਿਲੇ ਨਾ ਕਿਸੇ ਹੱਟ ਕੋਟਨ ਕੋਟ ਸਾਧੂ ਬੈਠਣ ਵੇਸ ਵਟਾਈਆ। ਮਨ ਵਾਸਨਾ ਜਗਤ ਰਹੇ ਨੱਠ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਬਿਨ ਭਗਤਾਂ ਕਿਸੇ ਮੇਲ ਨਾ ਮਿਲੇ ਪੁਰਖ ਸਮਰਥ, ਜਗਤ ਵਿਦਿਆ ਕੰਮ ਕਿਸੇ ਨਾ ਆਈਆ। ਅਬਿਨਾਸ਼ੀ ਕਰਤਾ ਤੁਹਾਡੀ ਝੋਲੀ ਪਾਵੇ ਹੱਕ, ਦੇਵਣਹਾਰ ਦੇ ਦੇ ਖ਼ੁਸ਼ੀ ਮਨਾਈਆ। ਦਰਸ ਵਖਾ ਕੇ ਆਪਣੀ ਅੱਖ, ਲੋਚਨ ਧੁਰ ਦਾ ਦਏ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਦੱਸ ਨਾਮ ਸਚ, ਧਰਨੀ ਧਰਤ ਧਵਲ ਭਾਗ ਲੱਗੇ ਜਿਥੇ ਭਗਤ ਸੁਹੇਲੇ ਜਾਣ ਵਸ, ਭੂਮਿਕਾ ਇਕੋ ਮਿਲੇ ਵਡਿਆਈਆ। ਰਿਸ਼ੀਓ ਕਿਸੇ ਦਾ ਚਲੇ ਨਾ ਕੋਇ ਵੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੱਦ ਸਭ ਦੀ ਬੰਦ ਕਰਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਗੁਰਾ ਰਾਮ ਦੇ ਗ੍ਰਹਿ ਪਿੰਡ ਸਰਦਾਰੀ ਕੈਂਪ ਖੂਣ ਜੰਮੂ
ਰਿਸ਼ੀ ਕਹਿਣ ਕੀ ਵੇਲਾ ਹੋਵੇ ਵਕ਼ਤ, ਵਾਕਿਆ ਦਿਉ ਸਮਝਾਈਆ। ਬਾਵਨ ਕਿਹਾ ਅੰਧੇਰਾ ਹੋਵੇ ਜਗਤ, ਸਚ ਸਤਿ ਨਾ ਕੋਇ ਰੁਸ਼ਨਾਈਆ। ਪਿਤਾ ਪੂਤ ਪਵੇ ਫ਼ਰਕ, ਸਾਚਾ ਪ੍ਰੇਮ ਨਾ ਕੋਇ ਨਿਭਾਈਆ। ਸ੍ਰੀ ਭਗਵਾਨ ਦੇਵੇ ਨਾ ਕਿਸੇ ਦਰਸ, ਗੁਰ ਅਵਤਾਰ ਪੈਗ਼ੰਬਰ ਪੱਲੂ ਜਾਣ ਛੁਡਾਈਆ। ਮਾਇਆ ਮਮਤਾ ਦਰ ਮਿਲੇ ਹਰਸ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਜਾਏ ਤੜਪ, ਹਉਕਿਆਂ ਵਿਚ ਦੁਹਾਈਆ। ਮਨੂਆ ਜਾਵੇ ਭਟਕ, ਸਾਂਤਕ ਸਤਿ ਨਾ ਕੋਇ ਕਰਾਈਆ। ਮੰਜ਼ਲ ਚੜ੍ਹਨੋਂ ਸਾਧੂ ਜਾਣ ਅਟਕ, ਰੁਹਾਨੀ ਸਫ਼ਰ ਨਾ ਕੋਇ ਮੁਕਾਈਆ। ਬਿਨਾ ਫ਼ਾਸੀਉਂ ਜਾਣ ਲਟਕ, ਜਮ ਫ਼ਾਸ ਨਾ ਕੋਇ ਕਟਾਈਆ। ਪ੍ਰਭ ਕਾ ਹੁਕਮ ਚਲੇ ਸਖ਼ਤ, ਨਾ ਕੋਈ ਮੇਟੇ ਮੇਟ ਮਿਟਾਈਆ। ਭਾਣੇ ਵਿਚ ਹੋਣ ਨਾ ਦੇਵੇ ਫ਼ਰਕ, ਫ਼ੈਸਲੇ ਹੱਕ ਹੱਕ ਸੁਣਾਈਆ। ਦੀਨ ਮਜ਼੍ਹਬ ਸਾਰੇ ਕਰੇ ਤਰਕ, ਤੁਰਤ ਆਪਣਾ ਫੇਰਾ ਪਾਈਆ। ਜਨ ਭਗਤਾਂ ਨਾਲ ਪੂਰੀ ਕਰੇ ਸ਼ਰਤ, ਸ਼ਰਅ ਵਿਚੋਂ ਬਾਹਰ ਕਢਾਈਆ। ਮਾਣ ਵਡਿਆਈ ਦੇ ਕੇ ਉਪਰ ਫ਼ਰਸ਼, ਅਰਸ਼ਾਂ ਦੇ ਉਪਰ ਦਏ ਟਿਕਾਈਆ। ਵਡਿਆਈ ਦੇਵੇ ਰਿਸ਼ੀਓ ਏਸ ਧਰਤ, ਜਿਥੇ ਬਹਿ ਕੇ ਪ੍ਰਭ ਦਾ ਨਾਮ ਧਿਆਈਆ। ਕਲਜੁਗ ਅੰਤ ਕਰ ਕੇ ਤਰਸ, ਤ੍ਰੈਗੁਣ ਅਤੀਤਾ ਹੋਏ ਸਹਾਈਆ। ਘਰ ਸਵਾਮੀ ਦੇਵੇ ਦਰਸ, ਠਾਕਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮ ਦੀ ਮੇਟ ਕੇ ਹਰਸ, ਵੇਲਾ ਵਕ਼ਤ ਦਏ ਵਡਿਆਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਭਾਗ ਸਿੰਘ ਦੇ ਗ੍ਰਹਿ ਪਿੰਡ ਮਲੇਕ ਖੂਣ ਕੈਂਪ ਜੰਮੂ
ਰਿਸ਼ੀ ਕਹਿਣ ਅਸੀਂ ਕਰਦੇ ਰਹੇ ਤਪੱਸਿਆ, ਤਾਮਸ ਜਗਤ ਮਿਟਾਈਆ। ਅੰਦਰ ਹਨੇਰੀ ਮੱਸਿਆ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਮਨ ਦੀ ਕਰ ਨਾ ਸਕੇ ਹੱਤਿਆ, ਮਨਸਾ ਵਿਚੋਂ ਬਾਹਰ ਕਢਾਈਆ। ਕਲਜੁਗ ਅੰਤ ਪੂਰੀ ਹੋਈ ਸਮੱਸਿਆ, ਪ੍ਰਭ ਸਮਾਂ ਦਿਤਾ ਬਦਲਾਈਆ। ਹਰਿ ਜੂ ਹੋ ਕੇ ਹਿਰਦੇ ਵੱਸਿਆ, ਹਸਦ ਦਿਤਾ ਮਿਟਾਈਆ। ਭਗਤ ਬਣਾ ਕੇ ਕਰੇ ਜਸਿਆ, ਸਿਫ਼ਤਾਂ ਨਾਲ ਸਾਲਾਹੀਆ। ਮਾਣ ਤਾਣ ਜਗਤ ਰੱਖਿਆ, ਸਿਰ ਆਪਣਾ ਹੱਥ ਟਿਕਾਈਆ। ਪੂਰਬ ਲਹਿਣਾ ਕਰ ਕੇ ਸੱਚਿਆ, ਸਚ ਦੇਵੇ ਸਰਨਾਈਆ। ਹਰਿਜਨ ਰਹਿਣ ਨਾ ਦੇਵੇ ਭਾਂਡਾ ਕੱਚਿਆ, ਕੰਚਨ ਗੜ੍ਹ ਦਏ ਵਖਾਈਆ। ਸਚਖੰਡ ਨਿਵਾਸੀ ਆਵੇ ਨੱਸਿਆ, ਭੱਜਿਆ ਆਵੇ ਵਾਹੋ ਦਾਹੀਆ। ਨਿਰਗੁਣ ਹੋ ਕੇ ਦਰਸ ਦਖਾਵੇ ਅੱਖੀਆਂ, ਆਖ਼ਰ ਪੈਂਡਾ ਪੰਧ ਮੁਕਾਈਆ। ਜੋ ਬਾਵਨ ਨਾਲ ਹੋਈਆਂ ਪੱਕੀਆਂ, ਪਕਵਾਨ ਪਿਛੇ ਭੋਜਨ ਰਿਹਾ ਖਾਈਆ। ਜਨ ਭਗਤਾਂ ਜਮਾਂ ਦੀਆਂ ਭਰਨ ਨਾ ਦੇਵੇ ਚੱਟੀਆਂ, ਯਮਰਾਜ ਨਾ ਕੋਇ ਸਤਾਈਆ। ਫਿਰਨ ਨਾ ਦੇਵੇ ਦੀਨਾਂ ਮਜ਼੍ਹਬਾਂ ਦੀਆਂ ਹੱਟੀਆਂ, ਹਿੱਸਿਆਂ ਵਿਚ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੇਖਾ ਰਿਹਾ ਮੁਕਾਈਆ। ਰਿਸ਼ੀ ਕਹਿਣ ਕੁੰਦਰਾਂ ਵਿਚ ਰਹੇ ਵੜਦੇ, ਜੰਗਲ ਪਹਾੜ ਵੇਖ ਵਖਾਈਆ। ਜਗਤ ਹਵਸ ਵਿਚ ਰਹੇ ਸੜਦੇ, ਪ੍ਰਭ ਮਿਲਿਆ ਨਾ ਬੇਪਰਵਾਹੀਆ। ਉਚੀਆਂ ਨੀਵੀਆਂ ਥਾਂਵਾਂ ਰਹੇ ਚੜ੍ਹਦੇ, ਕ਼ਦਮ
ਕ਼ਦਮ ਨਾਲ ਬਦਲਾਈਆ। ਹਰੀ ਓਮ ਰਹੇ ਪੜ੍ਹਦੇ, ਓਮ ਓਮ ਵਿਚ ਸ਼ਨਵਾਈਆ। ਭੇਵ ਖੁਲ੍ਹੇ ਨਾ ਆਪਣੇ ਘਰ ਦੇ, ਪੜਦਾ ਸਕਿਆ ਨਾ ਕੋਇ ਉਠਾਈਆ। ਬਿਰਹੋਂ ਵਿਛੋੜੇ ਅੰਦਰ ਰਹੇ ਸੜਦੇ, ਪ੍ਰਭ ਦਰਸ ਕੋਇ ਨਾ ਪਾਈਆ। ਨੇਤਰ ਹੰਝੂ ਰਹੇ ਕਿਰਦੇ, ਅੱਖੀਆਂ ਵਹਿਣ ਵਹਾਈਆ। ਮੇਲ ਮਿਲੇ ਨਾ ਸਾਚੇ ਪਿਰ ਦੇ, ਪ੍ਰੀਤਮ ਅੰਗ ਨਾ ਕੋਇ ਲਗਾਈਆ। ਇਹ ਬਚਨ ਪੁਰਾਤਨ ਪੁਰਾਣੇ ਚਿਰ ਦੇ, ਬਾਵਨ ਨਾਲ ਮਿਲ ਕੇ ਬ੍ਰਾਹਮਣੀ ਸਲਾਹ ਪਕਾਈਆ। ਜਿਸ ਦੇ ਲਹਿਣੇ ਦੇਣੇ ਨਿਬੜਦੇ, ਕਲਜੁਗ ਅੰਤਮ ਝੋਲੀ ਪਾਈਆ। ਅਗੇ ਝਗੜੇ ਮੁਕਣੇ ਫ਼ਿਕਰ ਦੇ, ਫ਼ਿਕਰਾ ਇਕੋ ਸੋਹੰ ਢੋਲਾ ਗਾਈਆ। ਆਤਮ ਪਰਮਾਤਮ ਮਿਲ ਕੇ ਭਗਤ ਭਗਵਾਨ ਕਦੇ ਨਾ ਵਿਛੜਦੇ, ਲੱਖ ਚੁਰਾਸੀ ਜੂਨ ਨਾ ਕੋਇ ਭਵਾਈਆ। ਜਨ ਭਗਤ ਕਹਿਣ ਅਸੀਂ ਬੇਸ਼ਕ ਮਾਇਆ ਮਮਤਾ ਮੋਹ ਵਿਕਾਰ ਕਲਜੁਗ ਭਰੇ ਚਿੱਕੜ ਦੇ, ਪੁਰਖ ਅਕਾਲ ਆਪਣੀ ਗੋਦ ਉਠਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਥੋੜੇ ਨਿਕਲਦੇ, ਜੋ ਪ੍ਰਭ ਦੀ ਓਟ ਤਕਾਈਆ। ਬਾਕੀ ਭਾਂਡੇ ਜੀਵ ਮੁਲੰਮੇ ਪਿੱਤਲ ਦੇ, ਦਰਗਾਹ ਸਾਚੀ ਕ਼ੀਮਤ ਨਾ ਕੋਇ ਚੁਕਾਈਆ। ਬਾਹਰੋਂ ਰੂਪ ਮਾਨਸ ਵਾਲੀ ਸ਼ਕਲ ਦੇ, ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਰਿਸ਼ੀ ਕਹਿਣ ਅਸੀਂ ਪਿਆਸੇ ਓਸ ਦੇ ਇਸ਼ਕ ਦੇ, ਜਿਸ ਦੀ ਮੁਹੱਬਤ ਬੰਦ ਨਾ ਕਿਸੇ ਕਰਾਈਆ। ਕੀਤੇ ਕੌਲ ਇਕ਼ਰਾਰ ਨਾ ਖਿਸਕਦੇ, ਇਕੱਠੇ ਹੋ ਕੇ ਢੋਲਾ ਗਾਈਆ। ਸਗਨ ਹੋ ਜਾਣ ਇਕੋ ਵਾਰ ਅਗੰਮੀ ਤਿਲਕ ਦੇ, ਤਿਲ ਆਪਣਾ ਦੇ ਵਖਾਈਆ। ਜਿਥੇ ਜੋਤੀ ਨੂਰ ਲਿਸ਼ਕਦੇ, ਜਗਮਗ ਹੋਵੇ ਰੁਸ਼ਨਾਈਆ। ਜਿਸ ਮੰਜ਼ਲ ਨੂੰ ਰਹੇ ਵਿਲਕਦੇ, ਘਰ ਬਾਹਰ ਛਡ ਕੇ ਜੰਗਲਾਂ ਵਿਚ ਡੇਰਾ ਲਾਈਆ। ਹੁਣ ਵੇਲੇ ਆ ਗਏ ਸਿਦਕ ਦੇ, ਪ੍ਰਭ ਭਰੋਸਾ ਦੇ ਕਰਾਈਆ। ਝਗੜੇ ਰਹਿਣ ਨਾ ਕਿਸੇ ਨਿੰਦਕ ਦੇ, ਨਿੰਦਿਆ ਕਲਜੁਗ ਜੀਵਾਂ ਝੋਲੀ ਦੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮਾਣ ਵਡਿਆਈ ਦੇਵੇ ਆਪਣੀ ਹਿੰਮਤ ਦੇ, ਹੌਸਲਾ ਜਗਤ ਵਲੋਂ ਵਧਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੨ ਵਕੀਲ ਸਿੰਘ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਖੂਣ ਜੰਮੂ
ਰਿਸ਼ੀ ਕਹਿਣ ਕਿਸ ਬਿਧ ਸਾਡਾ ਹੋਵੇ ਜਨਮ, ਜਰਮ ਮਿਲੇ ਵਡਿਆਈਆ। ਕਿਸ ਬਿਧ ਹੋਵੇ ਸਾਡਾ ਕਰਮ, ਸਚ ਵੱਜੇ ਵਧਾਈਆ। ਕਿਸ ਬਿਧ ਮਿਲੇ ਸਰਨ, ਪ੍ਰਭ ਚਰਨ ਸੱਚੀ ਸਰਨਾਈਆ। ਕਿਸ ਬਿਧ ਹੋਵੇ ਤਰਨ, ਤਾਰਨਹਾਰ ਪਾਰ ਕਰਾਈਆ। ਕਿਸ ਬਿਧ ਮਿਟੇ ਭਰਮ, ਭਾਂਡਾ ਭਰਮ ਭੰਨਾਈਆ। ਕਿਸ ਬਿਧ ਲੇਖਾ ਚੁੱਕੇ ਮਾਟੀ ਚਰਮ, ਚੰਮ ਦ੍ਰਿਸ਼ਟੀ ਦਏ ਗਵਾਈਆ। ਕਿਸ ਬਿਧ ਮਿਲੇ ਸਰਨ, ਓਟ ਇਕ ਤਕਾਈਆ। ਕਿਸ ਬਿਧ ਖੁਲ੍ਹੇ ਹਰਨ ਫਰਨ, ਧੁਰ ਦਾ ਰੂਪ ਨਜ਼ਰੀ ਆਈਆ। ਝਗੜਾ ਮੁਕੇ ਵਰਨ ਬਰਨ, ਮਨੂਆ ਕਰੇ ਲੜਾਈਆ। ਕਿਸ ਬਿਧ ਢੋਲੇ ਲੱਗੀਏ ਪੜ੍ਹਨ, ਸਹਿਜੇ ਦੇ ਸਮਝਾਈਆ। ਬਾਵਨ ਕਿਹਾ ਜਿਸ ਵੇਲੇ ਨਿਰਗੁਣ ਹੋ ਕੇ ਆਵੇ ਉਪਰ ਧਰਨ, ਧਰਨੀ ਧਰਤ ਧਵਲ ਫੇਰਾ ਪਾਈਆ। ਭਗਤ ਸੁਹੇਲੇ ਆਵੇ ਫੜਨ, ਫ਼ੈਸਲਾ ਹੱਕ ਜਣਾਈਆ। ਉਚੀ ਮੰਜ਼ਲ ਆਵੇ ਚੜ੍ਹਨ, ਬਿਨ ਕ਼ਦਮਾਂ ਕ਼ਦਮ ਟਿਕਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਆਵੇ ਪੜ੍ਹਨ, ਸਹਿਜੇ ਸਭ ਨੂੰ ਦਏ ਪੜ੍ਹਾਈਆ। ਭਗਤ ਭਗਵਾਨ ਇਕ ਦੂਜੇ ਦਾ ਦਰਸ਼ਨ ਕਰਨ, ਪੜਦਾ ਅੰਦਰੋਂ ਦਏ ਚੁਕਾਈਆ।
ਆਤਮ ਪਰਮਾਤਮ ਲਗਾਵੇ ਸਾਚੀ ਲਗਨ, ਲਗ ਮਾਤਰ ਨਾ ਕੋਇ ਜਣਾਈਆ। ਤ੍ਰੈਗੁਣ ਮਾਇਆ ਮੇਟੇ ਅਗਨ, ਬੂੰਦ ਸਵਾਂਤੀ ਇਕ ਚੁਆਈਆ। ਸਚ ਪਰਕਾਸ਼ ਦੀਪਕ ਜਗਣ, ਜਨ ਭਗਤਾਂ ਕਰੇ ਰੁਸ਼ਨਾਈਆ। ਸਾਚੇ ਪ੍ਰੇਮ ਅੰਦਰ ਕਰੇ ਮਗਨ, ਮਗਰਲਾ ਲੇਖਾ ਝੋਲੀ ਪਾਈਆ। ਸਾਜਣ ਹੋ ਕੇ ਆਵੇ ਸੱਦਣ, ਸੁਨੇਹੜਾ ਇਕੋ ਇਕ ਪੁਚਾਈਆ। ਜਨ ਭਗਤ ਸੁਹੇਲੇ ਆਪੇ ਆਏ ਲੱਭਣ, ਪੜਦਿਆਂ ਵਿਚੋਂ ਬਾਹਰ ਕਢਾਈਆ। ਸਾਚਾ ਨਾਮ ਆਏ ਰੰਗਣ, ਰੰਗ ਰੰਗੀਲਾ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚੇ ਆਪ ਬਹਾਈਆ। ਰਿਸ਼ੀ ਕਹਿਣ ਕਿਸ ਬਿਧ ਹੋਵੇ ਪਹਿਚਾਨ, ਸਚ ਦੇ ਸਮਝਾਈਆ। ਬਾਵਨ ਕਿਹਾ ਉਹ ਲੱਭਣਹਾਰ ਸ੍ਰੀ ਭਗਵਾਨ, ਮਿਹਰਵਾਨ ਅਖਵਾਈਆ। ਸਹਿਜੇ ਮਿਲੇ ਆਣ, ਆਨਨ ਫ਼ਾਨਨ ਲੇਖਾ ਦਏ ਮੁਕਾਈਆ। ਸਚ ਪ੍ਰੀਤੀ ਦੇ ਕੇ ਦਾਨ, ਚਰਨ ਚਰਨੋਦਕ ਮੁਖ ਚੁਆਈਆ। ਭੂਮਿਕਾ ਸੁਹਾਏ ਅਸਥਾਨ, ਸੋਭਾਵੰਤ ਦੇ ਵਡਿਆਈਆ। ਸਾਚੀ ਦਰਗਹਿ ਕਰੇ ਪਰਵਾਨ, ਪਰਮ ਪੁਰਖ ਬੇਪਰਵਾਹੀਆ। ਭਗਤ ਸੁਹੇਲੇ ਕਰ ਪਰਧਾਨ, ਲੋਕਮਾਤ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਿਸ਼ੀਓ ਰਿਸ਼ਤੇ ਤੋੜ ਕੇ ਕੂੜ ਜਹਾਨ, ਜੋੜਾ ਜੋੜ ਕੇ ਸ੍ਰੀ ਭਗਵਾਨ, ਕਾਹਨ ਬੰਸਰੀ ਆਪਣਾ ਨਾਮ ਸੁਣਾਈਆ।
੨੦ ਜੇਠ ਸ਼ਹਿਨਸ਼ਾਹੀ ਸੰਮਤ ੨ ਸ਼ਿਵ ਸਿੰਘ ਦੇ ਗ੍ਰਹਿ ਪਿੰਡ ਸ਼ੇਖ਼ਸਰ ਕੈਂਪ ਖੂਣ ਜੰਮੂ
ਰਿਸ਼ੀ ਕਹਿਣ ਸਚ ਦੇ ਸਬੂਤ, ਸਭਨਾਂ ਅੰਦਰ ਧਿਆਨ ਲਗਾਈਆ। ਕਿਸ ਬਿਧ ਭਾਗ ਲੱਗੇ ਕਾਇਆ ਕਲਬੂਤ, ਜਿਸਮ ਇਸਮ ਇਕੋ ਨਜ਼ਰੀ ਆਈਆ। ਚਾਰ ਕੁੰਟ ਹੋਵੇਂ ਮੌਜੂਦ, ਹਰ ਘਟ ਰਮਿਆਂ ਨਜ਼ਰੀ ਆਈਆ। ਸਾਨੂੰ ਸਦਾ ਰਖੇਂ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਜਨਮ ਮਰਨ ਦੀ ਰਹੇ ਨਾ ਕੋਈ ਹਦੂਦ, ਦਾਇਰਾ ਆਪਣਾ ਦਏਂ ਵਖਾਈਆ। ਜਿਥੇ ਜੋਤੀ ਸੂਰਜ ਹੋਏ ਨਾ ਕੋਈ ਗ਼ਰੂਬ, ਦਿਵਸ ਰੈਣ ਵੰਡ ਨਾ ਕੋਇ ਵੰਡਾਈਆ। ਉਚ ਮਹੱਲ ਨਜ਼ਰ ਆਏ ਇਕ ਅਰੂਜ, ਅਰਸ਼ੀ ਪ੍ਰੀਤਮ ਅੰਦਰ ਬੈਠਾ ਸੋਭਾ ਪਾਈਆ। ਸਾਚੇ ਘਰ ਦੀ ਆਵੇ ਸੂਝ, ਬੁਧ ਬਿਬੇਕ ਦਏਂ ਬਣਾਈਆ। ਵੱਖੋ ਵੱਖ ਰਖੇਂ ਪਾਣੀ ਦਾ ਪਾਣੀ ਦੂਧ ਦਾ ਦੂਧ, ਨਿਰਮਲ ਨਿਰਵੈਰ ਦਏਂ ਵਖਾਈਆ। ਭੇਵ ਅੰਦਰੋਂ ਖੁਲ੍ਹੇ ਗੂਝ, ਗੁੰਝਲ ਕੂੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਚੁਕਾਈਆ। ਰਿਸ਼ੀ ਕਹਿਣ ਕਿਸ ਬਿਧ ਹਾਜ਼ਰ ਹੋਵੇਂ ਹਜ਼ੂਰ, ਮਿਲ ਕੇ ਖ਼ੁਸ਼ੀ ਮਨਾਈਆ। ਮੁਆਫ਼ ਕਰੇਂ ਕਸੂਰ, ਕਸਰਾਂ ਨਾਲ ਉਡਾਈਆ। ਜਗਤ ਜਹਾਨ ਕਰੇਂ ਅਬੂਰ, ਦੂਰ ਦੁਰਾਡਾ ਚਲ ਕੇ ਆਈਆ। ਗੜ੍ਹ ਹੰਕਾਰੀ ਤੋੜੇਂ ਗ਼ਰੂਰ, ਭਾਂਡਾ ਭਰਮ ਭੌ ਭੰਨਾਈਆ। ਮਿਹਨਤ ਦੇਵੇਂ ਭਗਤ ਮਜਦੂਰ, ਕੀਤੀ ਘਾਲ ਝੋਲੀ ਪਾਈਆ। ਦਰਸ ਦੇਵੇਂ ਜ਼ਰੂਰ, ਦਰਸ਼ਨ ਕਰ ਕੇ ਖ਼ੁਸ਼ੀ ਮਨਾਈਆ। ਮਨੂਆ ਮਨ ਨਾ ਪਾਏ ਫ਼ਤੂਰ, ਫ਼ਾਤਿਆ ਇਕੋ ਵਾਰ ਪੜ੍ਹਾਈਆ। ਸਾਚੇ ਨਾਮ ਦਾ ਦਏਂ ਸਰੂਰ, ਸੁਰਤੀ ਸ਼ਬਦ ਮੇਲ ਮਿਲਾਈਆ। ਜਨ ਭਗਤ ਕਰੇਂ ਮਸ਼ਹੂਰ, ਮਸ਼ਵਰਾ ਭਗਤਾਂ ਨਾਲ ਪਕਾਈਆ। ਆਪਣੀ ਜੋਤੀ ਬਖ਼ਸ਼ੇਂ ਨੂਰ, ਬਿਨ ਚੰਦ ਚੰਦ ਰੁਸ਼ਨਾਈਆ। ਨਾਤਾ ਰਹੇ ਨਾ ਕੂੜੋ ਕੂੜ, ਸਚ ਸਚ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,
ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਧਾਰਾ ਬਖ਼ਸ਼ੇ ਚਰਨ ਧੂੜ, ਧੂੜ ਦਾ ਟਿੱਕਾ ਲਗਾਵੇ ਵੱਡਾ ਨਿੱਕਾ, ਮਿਤਾ ਪਿਤਾ ਪ੍ਰਭੂ ਇਕੋ ਨਜ਼ਰੀ ਆਈਆ।
੨੦ ਜੇਠ ਸ਼ਹਿਨਸ਼ਾਹੀ ਸੰਮਤ ੨ ਬਸੋ ਦੇਵੀ ਦੇ ਗ੍ਰਹਿ ਪਿੰਡ ਸਰਦਾਰੀ ਕੈਂਪ ਖੂਣ ਜੰਮੂ
ਰਿਸ਼ੀ ਕਹਿਣ ਕਿਸ ਬਿਧ ਕਰੇ ਯਾਦ, ਬਾਵਨ ਸਾਨੂੰ ਦੇ ਸਮਝਾਈਆ। ਸੁਣੇ ਸਰਬ ਫ਼ਰਿਆਦ, ਵੇਖੇ ਚਾਈਂ ਚਾਈਂਆ। ਚੁਰਾਸੀ ਵਿਚੋਂ ਕਾਢ, ਆਪਣੇ ਨਾਲ ਮਿਲਾਈਆ। ਪ੍ਰੀਤੀ ਵਿਚੋਂ ਕਰੇ ਲਾਡ, ਪ੍ਰੇਮ ਇਕ ਸਮਝਾਈਆ। ਬਣਾਏ ਧੁਰ ਦੇ ਸਾਧ, ਸਾਧਨਾ ਦਏ ਸਮਝਾਈਆ। ਮੇਟੇ ਵਾਦ ਵਿਵਾਦ, ਦੁਰਮਤ ਮੈਲ ਗਵਾਈਆ। ਨਾਮ ਸੁਣਾਏ ਨਾਦ, ਵੱਜੇ ਧੁਨ ਸ਼ਨਵਾਈਆ। ਬੁੱਧੀ ਰਹੇ ਨਾ ਕਾਗ, ਹੰਸ ਦਏ ਬਦਲਾਈਆ। ਤ੍ਰਿਸ਼ਨਾ ਰਹੇ ਨਾ ਆਗ, ਅਗਨੀ ਤਤ ਗਵਾਈਆ। ਸਚ ਸੁਣਾਏ ਰਾਗ, ਢੋਲਾ ਬੇਪਰਵਾਹੀਆ। ਆਪੇ ਮਾਰੇ ਆਵਾਜ਼, ਸੁਤਿਆਂ ਲਏ ਉਠਾਈਆ। ਅੰਦਰੋਂ ਖੋਲ੍ਹੇ ਰਾਜ਼, ਪੜਦਾ ਦਏ ਚੁਕਾਈਆ। ਪਰਮਾਤਮ ਦੇਵੇ ਸਾਥ, ਆਤਮ ਜੋੜ ਜੁੜਾਈਆ। ਘਰ ਆਵੇ ਰਘੁਨਾਥ, ਰਗ ਰਗ ਕਰੇ ਰੁਸ਼ਨਾਈਆ। ਸਾਚੀ ਦੱਸੇ ਗਾਥ, ਪੜ੍ਹੀਏ ਇਕ ਪੜ੍ਹਾਈਆ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਮਤਾ ਆਪਣੇ ਨਾਲ ਪਕਾਈਆ। ਕੂੜੀ ਰੈਣ ਅੰਧੇਰੀ ਮੇਟੇ ਰਾਤ, ਰੁਤ ਰੁਤੜੀ ਆਪ ਮਹਿਕਾਈਆ। ਨਜ਼ਰੀ ਆਵੇ ਸਾਖਿਆਤ, ਸਨਮੁਖ ਹੋ ਕੇ ਦਰਸ ਦਿਖਾਈਆ। ਲੇਖਾ ਲਿਖੇ ਨਾਲ ਕ਼ਲਮ ਦਵਾਤ, ਦਾਅਵੇਦਾਰ ਸਚ ਘਰ ਦੇ ਦਏ ਬਣਾਈਆ। ਇਕੱਠੀ ਬਣਾਏ ਸਭ ਦੀ ਇਕ ਜਮਾਤ, ਜਮਾ ਤਫ਼ਰੀਕ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਰਖੇ ਯਾਦ, ਯਾਦਦਾਸ਼ਤ ਭੁੱਲ ਕਦੇ ਨਾ ਜਾਈਆ।
੨੦ ਜੇਠ ਸ਼ਹਿਨਸ਼ਾਹੀ ਸੰਮਤ ੨ ਸਧਰੋ ਦੇਵੀ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਖੂਣ ਜੰਮੂ
ਕਿਰਪਾ ਕਰੇ ਪ੍ਰਭ ਆਪ, ਰਿਸ਼ੀਓ ਰਸਤਾ ਦਿਆਂ ਜਣਾਈਆ। ਇਕੋ ਨਾਮ ਦੱਸ ਕੇ ਜਾਪ, ਜੀਵਣ ਜੁਗਤ ਦਏ ਬਦਲਾਈਆ। ਜਨਮ ਜਨਮ ਦਾ ਕਰਮ ਕਰਮ ਦਾ ਲੇਖਾ ਕਰ ਮੁਆਫ਼, ਮੁਸ਼ਕਲ ਹੱਲ ਕਰਾਈਆ। ਧੁਰ ਦਰਗਾਹੀ ਆ ਕੇ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਮਿਹਰਵਾਨ ਆ ਕੇ ਪੁਛੇ ਬਾਤ, ਵਾਟ ਪਿਛਲੀ ਪੰਧ ਮੁਕਾਈਆ। ਮੇਰਾ ਬਚਨ ਰੱਖਿਓ ਯਾਦ, ਬਾਵਨ ਰਿਹਾ ਸਮਝਾਈਆ। ਜਗਤ ਖੇੜੇ ਕਰ ਬਰਬਾਦ, ਘਰ ਬਾਹਰ ਤਜਾਈਆ। ਸੁਣ ਤੁਹਾਡੀ ਆਵਾਜ਼, ਲੇਖਾ ਦਏ ਮੁਕਾਈਆ। ਵਸਤ ਦੇਵੇ ਦਾਤ, ਨਾਮ ਭੰਡਾਰਾ ਝੋਲੀ ਪਾਈਆ। ਤੁਸਾਂ ਸੁਤਿਆਂ ਜਾਣਾ ਜਾਗ, ਆਲਸ ਨਿੰਦਰਾ ਪਰੇ ਹਟਾਈਆ। ਇਕ ਉਪਜਾਉਣਾ ਵੈਰਾਗ, ਇਕੋ ਧਿਆਨ ਲਗਾਈਆ। ਤੁਹਾਡੀ ਸਾਧਨਾ ਦੇਵੇ ਸਾਧ, ਸਤਿ ਸਵਾਮੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਆਪ ਮਿਲਾਈਆ। ਘਰ
ਸਾਚਾ ਕਿਹੜਾ ਥਾਂ, ਸਹਿਜ ਸਹਿਜ ਦੇ ਜਣਾਈਆ। ਕਿਸ ਬਿਧ ਪਕੜੇ ਬਾਂਹ, ਮੇਲ ਮਿਲੇ ਬੇਪਰਵਾਹੀਆ। ਜਪਾਏ ਆਪਣਾ ਨਾਂ, ਨਾਉਂ ਨਿਰੰਕਾਰਾ ਦਏ ਦਰਸਾਈਆ। ਬਾਵਨ ਕਿਹਾ ਬੜਾ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਕਲਜੁਗ ਅੰਤ ਆਵੇ ਵਿਚ ਜਹਾਨ, ਨਿਰਗੁਣ ਹੋ ਕੇ ਫੇਰਾ ਪਾਈਆ। ਤੁਹਾਡਾ ਕੂੜਾ ਛੁਡਾ ਮਕਾਨ, ਸਚ ਦਵਾਰੇ ਲਏ ਬੁਲਾਈਆ। ਜਿਥੇ ਇਕੱਠਿਆਂ ਸਭ ਨੂੰ ਮਿਲਣਾ ਹੋਵੇ ਆਸਾਨ, ਲੱਭਣ ਦੀ ਲੋੜ ਰਹੇ ਨਾ ਰਾਈਆ। ਸੋ ਭੂਮਿਕਾ ਸਚ ਅਸਥਾਨ, ਜੋਜਨ ਚੌਦਾਂ ਸੋਭਾ ਪਾਈਆ। ਰਿਸ਼ੀਓ ਭਗਤੀ ਦਾ ਦੇਵੇ ਦਾਨ, ਭਗਵਨ ਬੇਪਰਵਾਹੀਆ। ਆਤਮ ਦਰ ਦੇਵੇ ਆਰਾਮ, ਸਾਂਤਕ ਸਤਿ ਕਰਾਈਆ। ਪੂਰਨ ਹੋਵੇ ਕਾਮ, ਕਰਨੀ ਕਰਤਾ ਵੇਖ ਵਖਾਈਆ। ਤੁਹਾਡਾ ਪ੍ਰੇਮ ਪਿਆਰ ਮੁਹੱਬਤ ਦਾ ਵਸਾ ਕੇ ਨਵਾਂ ਗਰਾਮ, ਘਰ ਸਾਚਾ ਦਏ ਜਣਾਈਆ। ਜਿਥੇ ਕਦੇ ਨਾ ਹੋਵੇ ਸ਼ਾਮ, ਸ਼ਮਅ ਦੀਪ ਨਾ ਕੋਇ ਰੁਸ਼ਨਾਈਆ। ਲਹਿਣਾ ਦੇਣਾ ਚੁਕਾਏ ਆਣ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਾਤਾ ਦਾਨੀ ਗੁਣ ਨਿਧਾਨ, ਗੁਣ ਸਭ ਦਾ ਵੇਖ ਵਖਾਈਆ।
੨੦ ਜੇਠ ਸ਼ਹਿਨਸ਼ਾਹੀ ਸੰਮਤ ੨ ਗੂੜ੍ਹਾ ਰਾਮ ਦੇ ਗ੍ਰਹਿ ਪਿੰਡ ਸ਼ੇਖ਼ਸਰ ਕੈਂਪ ਖੂਣ ਜੰਮੂ
ਧਰਨੀ ਕਹੇ ਮੇਰਾ ਬਣਿਆ ਭਾਗ, ਚੌਥੇ ਜੁਗ ਮਿਲੀ ਵਡਿਆਈਆ। ਪੁਰਖ ਅਬਿਨਾਸ਼ੀ ਦੇਵੇ ਦਾਤ, ਦਇਆਵਾਨ ਦਇਆ ਕਮਾਈਆ। ਰਿਸ਼ੀਆਂ ਦੀ ਪੂਰਬ ਜਮਾਤ, ਭਗਤਾਂ ਦਾ ਰੂਪ ਵਟਾਈਆ। ਧੁਰ ਦਾ ਬਣਾ ਕੇ ਸਾਥ, ਸੋਹਣਾ ਵਕ਼ਤ ਸੁਹਾਈਆ। ਆਪਣਾ ਦੱਸ ਕੇ ਪਾਠ, ਸੋਹੰ ਕਰੇ ਪੜ੍ਹਾਈਆ। ਝਗੜਾ ਮੁਕਾ ਕੇ ਜਾਤ ਪਾਤ, ਇਕੋ ਬ੍ਰਹਮ ਰਿਹਾ ਸਮਝਾਈਆ। ਸਾਚਾ ਪਰਵਿਸ਼ਟਾ ਵੇਖ ਵੇਖੇ ਸਾਚੀ ਰਾਸ, ਧੁਰ ਰਸਤਾ ਖੋਜ ਖੁਜਾਈਆ। ਜਿਨ੍ਹਾਂ ਵਿਛੜਿਆ ਉਨ੍ਹਾਂ ਦੇ ਆਇਆ ਪਾਸ, ਪਾਸਾ ਬਦਲ ਕੇ ਆਇਆ ਬੇਪਰਵਾਹੀਆ। ਸਭ ਦੀ ਸੁਣ ਦਰਖਾਸ, ਦਰ ਦਰ ਸਾਜਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪੜਦਾ ਦਏ ਉਠਾਈਆ। ਧਰਨੀ ਕਹੇ ਮੈਨੂੰ ਖ਼ੁਸ਼ੀ ਹੋਈ ਬਹੁਤ, ਬੇਨੰਤੀ ਦਿਆਂ ਜਣਾਈਆ। ਸੁੱਤੀ ਨੂੰ ਆਈ ਹੋਸ਼, ਲਈ ਮਾਤ ਅੰਗੜਾਈਆ। ਰਸਨਾ ਰਹੀ ਨਾ ਮੇਰੀ ਖ਼ਾਮੋਸ਼, ਕੁਕਾਂ ਦਿਆਂ ਦੁਹਾਈਆ। ਪ੍ਰਭ ਤੱਕਿਆ ਨਿਰਮਲ ਜੋਤ, ਜੋਤ ਜੋਤ ਰੁਸ਼ਨਾਈਆ। ਜਿਸ ਦਾ ਸਚਖੰਡ ਦਵਾਰਾ ਸਾਚਾ ਕੋਟ, ਬੰਕ ਇਕੋ ਇਕ ਵਡਿਆਈਆ। ਇਨ੍ਹਾਂ ਮੇਟਣ ਆਇਆ ਪਿਛਲੀ ਸੋਚ, ਭਗਤ ਬਣਾ ਕੇ ਭਗਵਨ ਆਪਣਾ ਰੰਗ ਰੰਗਾਈਆ। ਝਗੜਾ ਮੁਕਾ ਕੇ ਲੋਕ ਪਰਲੋਕ, ਲੁਕਿਆਂ ਨੂੰ ਰਿਹਾ ਉਠਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੱਸ ਕੇ ਸਚ ਸਲੋਕ, ਸੋਹਲਾ ਆਪਣਾ ਇਕ ਗਵਾਈਆ। ਜਿਸ ਦਾ ਭਾਣਾ ਕੋਈ ਨਾ ਸਕੇ ਰੋਕ, ਅਗੇ ਹੋ ਨਾ ਕੋਇ ਅਟਕਾਈਆ। ਸੋ ਭਗਤਾਂ ਦੇਵਣਹਾਰਾ ਸਾਚੀ ਮੌਜ, ਮਜਲਸ ਆਪਣੇ ਨਾਲ ਰਖਾਈਆ। ਮਮਤਾ ਮੈਂ ਰਹੇ ਨਾ ਰੋਗ, ਹਉਮੇ ਰੂਪ ਨਾ ਕੋਇ ਵਖਾਈਆ। ਸਾਚਾ ਦੱਸ ਪ੍ਰਭ ਦਾ ਜੋਗ, ਜੁਗਤੀ ਇਕੋ ਦਏ ਜਣਾਈਆ। ਅੰਦਰ ਰਹੇ ਨਾ ਚਿੰਤਾ ਸੋਗ, ਗ਼ਮੀ ਦਾ ਗ਼ਮ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਧਰਨੀ
ਕਹੇ ਮੈਨੂੰ ਦਿਉ ਵਧਾਈ, ਮੈਂ ਖ਼ੁਸ਼ੀਆਂ ਵਿਚ ਸੁਣਾਈਆ। ਸਤਿਜੁਗ ਰੀਤੀ ਕਲਜੁਗ ਅੰਤ ਪੂਰ ਕਰਾਈ, ਤਰੇਤਾ ਦੁਆਪਰ ਦੇਣ ਗਵਾਹੀਆ। ਬਾਵਨ ਮਿਲੇ ਵਡਿਆਈ, ਰਿਸ਼ੀਆਂ ਹੋਈ ਕੁੜਮਾਈਆ। ਭਗਤਾਂ ਰੰਗ ਚੜ੍ਹਾਈ, ਕਟੀ ਗਈ ਜੁਦਾਈਆ। ਮੇਲਾ ਹੋਇਆ ਭਾਈ ਭਾਈ, ਭਾਵੀ ਸਿਰ ਤੇ ਰਹੀ ਨਾ ਰਾਈਆ। ਧਰਨੀ ਹੋਈ ਸੁਹਾਈ, ਧਰਤ ਨੈਣ ਉਠਾਈਆ। ਧਵਲ ਢੋਲੇ ਰਹੀ ਗਾਈ, ਧਉਲ ਭਾਰ ਚੁੱਕ ਕੇ ਖ਼ੁਸ਼ੀ ਮਨਾਈਆ। ਰਵ ਸਸ ਨੂਰ ਰੁਸ਼ਨਾਈ, ਮੰਡਲ ਮੰਡਪ ਪੜਦਾ ਲਾਹੀਆ। ਬ੍ਰਹਿਮੰਡ ਖੰਡ ਵੇਖਣ ਚਾਈਂ ਚਾਈਂ, ਗੁਰ ਅਵਤਾਰ ਪੈਗ਼ੰਬਰ ਵੱਜੀ ਵਧਾਈਆ। ਆਤਮ ਪਰਮਾਤਮ ਹੋਈ ਕੁੜਮਾਈ, ਭਗਤ ਭਗਵਾਨ ਵੱਜੇ ਸ਼ਨਵਾਈਆ। ਪੂਰਬ ਲੇਖਾ ਰਹੇ ਨਾ ਰਾਈ, ਲਹਿਣਾ ਦੇਣਾ ਸਭ ਦੀ ਝੋਲੀ ਪਾਈਆ। ਖ਼ੁਸ਼ੀਆਂ ਵਾਲੀ ਘੜੀ ਸੁਹੰਜਣੀ ਆਈ, ਮਾਤਲੋਕ ਮਿਲੀ ਵਡਿਆਈਆ। ਧਰਨੀ ਕਹੇ ਮੇਰੀ ਭੂਮਿਕਾ ਭਾਵਨਾ ਖ਼ੁਸ਼ੀਆਂ ਗੀਤ ਗਾਈ, ਗਾ ਗਾ ਆਪ ਸੁਣਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਬੇਪਰਵਾਹੀ, ਜੋ ਵਿਛੜਿਆਂ ਰਿਹਾ ਮਿਲਾਈਆ। ਉਜੜਿਆਂ ਰਿਹਾ ਵਸਾਈ, ਬਿਖੜਿਆਂ ਰਿਹਾ ਜੁੜਾਈ, ਜੋੜ ਆਪਣੇ ਨਾਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਕਵਲ ਉਪਰ ਧਵਲ ਧਰਨੀ ਕਾਰਨ ਰਿਹਾ ਟਿਕਾਈਆ।
੨੦ ਜੇਠ ਸ਼ਹਿਨਸ਼ਾਹੀ ਸੰਮਤ ੨ ਇੰਦਰ ਸਿੰਘ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਖੂਣ ਜੰਮੂ
ਧਰਨੀ ਕਹੇ ਸਤਾਸੀ ਸਾਲ ਏਥੇ ਰਿਸ਼ੀਆਂ ਦਾ ਧੂੰਆਂ ਰਿਹਾ ਧੁਖਦਾ, ਆਹੂਤੀ ਸੁਗੰਧੀ ਵਾਲੀ ਪਾਈਆ। ਰਸ ਮਾਣਦੇ ਰਹੇ ਨਾਮ ਵਾਲੇ ਸੁਖ ਦਾ, ਅੰਦਰੇ ਅੰਦਰ ਰਹੇ ਧਿਆਈਆ। ਸੀਸ ਰਿਹਾ ਝੁਕਦਾ, ਭਬੂਤੀ ਖ਼ਾਕ ਰਮਾਈਆ। ਸ਼ੰਕਰ ਰਿਹਾ ਲੁਕਦਾ, ਨਜ਼ਰ ਕਿਸੇ ਨਾ ਆਈਆ। ਜਾਪ ਬਣਿਆ ਰਿਹਾ ਮੁਖ ਦਾ, ਰਸਨਾ ਨਾਲ ਵਡਿਆਈਆ। ਪੜਦਾ ਖੁਲ੍ਹਿਆ ਨਾ ਇਕ ਤੁਕ ਦਾ, ਰੂਪ ਰੂਪ ਵਿਚ ਨਾ ਕੋਇ ਸਮਾਈਆ। ਜਗਤ ਜਹਾਨ ਨਿਸ਼ਾਨਿਉਂ ਰਿਹਾ ਉਕਦਾ, ਤੀਰ ਬੇਨਜ਼ੀਰ ਨਾ ਕੋਇ ਚਲਾਈਆ। ਮਾਣਸ ਜਾਮਾ ਮਿਲਦਾ ਰਿਹਾ ਮਨੁੱਖ ਦਾ, ਮਾਨਵ ਦਾਨਵ ਖੇਲ ਖਿਲਾਈਆ। ਭੇਵ ਲੱਭਿਆ ਨਾ ਮਾਲਕ ਉਸ ਦਾ, ਜਿਸ ਦੀ ਉਸਤਤ ਸਾਰੇ ਗਾਈਆ। ਪੜਦਾ ਚੁਕਿਆ ਨਾ ਹਨੇਰੀ ਗੁੱਠ ਦਾ, ਨੂਰ ਜਹੂਰ ਨਾ ਕੋਇ ਰੁਸ਼ਨਾਈਆ। ਦਰਦ ਗਿਆ ਨਾ ਅੰਦਰਲੀ ਹੁਕ ਦਾ, ਸਾਹ ਸਾਹ ਸਤਾਈਆ। ਸ਼ਬਦ ਅਗੰਮੀ ਵਿਚ ਅਬਿਨਾਸ਼ੀ ਕਰਤਾ ਇਕ ਦਿਨ ਪੁਛਦਾ, ਕੁਛ ਮੈਨੂੰ ਦਿਉ ਜਣਾਈਆ। ਕੀ ਤੁਹਾਡਾ ਨਾਤਾ ਜੁੜਿਆ ਪਿਉ ਪੁਤ ਦਾ, ਪਰਮਾਤਮ ਆਪਣੀ ਗੋਦ ਉਠਾਈਆ। ਇਹ ਸ਼ਬਦ ਸੁਣ ਕੇ ਰਿਸ਼ੀਆਂ ਦਾ ਦਿਲ ਦੁਖਦਾ, ਨੇਤਰ ਰੋਵਨ ਮਾਰਨ ਧਾਈਂਆ। ਦਰਸ਼ਨ ਹੋਇਆ ਨਹੀਂ ਅਬਿਨਾਸ਼ੀ ਅਚੁਤ ਦਾ, ਮਿਲਿਆ ਮੇਲ ਨਾ ਬੇਪਰਵਾਹੀਆ। ਏਸੇ ਕਾਰਨ ਅਗਲਾ ਪੈਂਡਾ ਨਹੀਂ ਮੁਕਦਾ, ਭੱਜੀਏ ਵਾਹੋ ਦਾਹੀਆ। ਜਗਤ ਜਹਾਨ ਨਹੀਂ ਛੁਟਦਾ, ਛੁਟੀ ਲਿਵ ਨਾ ਕੋਇ ਲਗਾਈਆ। ਸਹਾਰਾ ਤੱਕਿਆ ਬਲ ਦੇ ਟੁੱਕ ਦਾ, ਭੰਡਾਰੇ ਵਿਚੋਂ ਖਾ ਕੇ ਖ਼ੁਸ਼ੀ ਮਨਾਈਆ। ਬਾਵਨ ਖੇਲ ਦੱਸਿਆ ਕੁਛ ਕੁਛ ਦਾ, ਕੁਛ ਸਮਝ ਕੋਇ ਨਾ ਆਈਆ। ਸਾਡਾ ਧੂਣੀ ਵਾਲਾ ਧੂੰਆਂ ਧੁਖਦਾ, ਧੁੰਆਂਧਾਰ ਰਿਹਾ ਵਖਾਈਆ। ਨਜ਼ਾਰਾ ਤੱਕਿਆ ਨਹੀਂ ਮੁਖ ਉਜਲ ਦਾ, ਸਾਫ਼ ਸੁਥਰਾ ਨਜ਼ਰੀ ਆਈਆ।
ਜਿਹੜਾ ਆਪਣੀ ਧਾਰੋਂ ਉਠਦਾ, ਨਿਰਗੁਣ ਹੋ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਸਮਝਾਈਆ। ਧਰਨੀ ਕਹੇ ਮੇਰੇ ਉਤੇ ਤਪਦਾ ਰਿਹਾ ਅੰਗੀਠਾ, ਅਗਨੀ ਈਂਧਨ ਭੇਟ ਚੜ੍ਹਾਈਆ। ਰਿਸ਼ੀਆਂ ਦਾ ਜੀਵਣ ਰਿਹਾ ਜੀਤਾ, ਸਹਾਰਾ ਓਟ ਤਕਾਈਆ। ਸਿਧੀ ਰਖਦੇ ਰਹੇ ਨੀਤਾ, ਅੰਦਰ ਕੂੜ ਕਪਟ ਨਾ ਕੋਇ ਵਧਾਈਆ। ਪੁਰਖ ਅਬਿਨਾਸ਼ੀ ਲੱਭਦੇ ਰਹੇ ਮੀਤਾ, ਤਨ ਭਬੂਤੀ ਖ਼ਾਕ ਰਮਾਈਆ। ਮਿਲਿਆ ਮੇਲ ਨਾ ਸਾਹਿਬ ਅਨਡੀਠਾ, ਨੇਤਰ ਨੈਣ ਨਾ ਕੋਇ ਰੁਸ਼ਨਾਈਆ। ਭਾਗ ਲੱਗਿਆ ਨਾ ਕਿਸੇ ਸੀਸਾ, ਸਿਰ ਹੱਥ ਨਾ ਕੋਇ ਟਿਕਾਈਆ। ਬ੍ਰਹਮ ਪਾਇਆ ਨਾ ਪਾਰਬ੍ਰਹਮ ਜਗਦੀਸ਼ਾ, ਜਗਦੀਸ਼ਰ ਮਿਲ ਨਾ ਖ਼ੁਸ਼ੀ ਮਨਾਈਆ। ਪੂਰੀ ਹੋਈ ਕਿਸੇ ਨਾ ਰੀਝਾ, ਮਿਲੀ ਮਾਣ ਨਾ ਕੋਇ ਵਡਿਆਈਆ। ਸਿੱਧਾ ਹੋਇਆ ਨਾ ਕਿਸੇ ਦੀਦਾ, ਦੀਦ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੜਦਾ ਓਹਲਾ ਨਾ ਕੋਇ ਚੁਕਾਈਆ। ਧਰਨੀ ਕਹੇ ਧੂੰਏਂ ਉਤੇ ਰਿਸ਼ੀਆਂ ਮਾਰਿਆ ਧਰਨਾ, ਇਕ ਸੌ ਅੱਠ ਦਿਨ ਲਗਾਈਆ। ਪ੍ਰਭੂ ਵੈਰਾਗ ਅੰਦਰ ਮਰਨਾ, ਜੀਵਣ ਦੀ ਲੋੜ ਰਹੇ ਨਾ ਰਾਈਆ। ਲੱਭਣੀ ਸਾਚੀ ਸਰਨਾ, ਓਟ ਅਵਰ ਨਾ ਕੋਇ ਤਕਾਈਆ। ਇਕੋ ਮੰਜ਼ਲ ਚੜ੍ਹਨਾ, ਜਿਥੋਂ ਸਕੇ ਨਾ ਕੋਇ ਉਠਾਈਆ। ਇਕੋ ਅੱਖਰ ਪੜ੍ਹਨਾ, ਜਿਸ ਦੀ ਵੱਜਦੀ ਰਹੇ ਵਧਾਈਆ। ਇਕੋ ਪੱਲੂ ਫੜਨਾ, ਜਿਸ ਨੂੰ ਦੋ ਜਹਾਨ ਨਾ ਕੋਇ ਛੁਡਾਈਆ। ਇਕੋ ਨੇਤਰ ਖੁਲ੍ਹੇ ਹਰਨਾਂ ਫਰਨਾਂ, ਨਿਜ ਆਤਮ ਪਰਮਾਤਮ ਮੇਲਾ ਸਹਿਜ ਸੁਭਾਈਆ। ਇਕੋ ਮਿਲੇ ਸਰਨਾਈ ਚਰਨਾਂ, ਚਰਨ ਚਰਨੋਦਕ ਪੀ ਕੇ ਖ਼ੁਸ਼ੀ ਵਖਾਈਆ। ਇਕੋ ਭੈ ਭੌ ਰਹੇ ਨਾ ਡਰਨਾ, ਭਰਮ ਅੰਦਰੋਂ ਦਏ ਕਢਾਈਆ। ਡੂੰਘੀ ਕੰਦਰ ਮਿਲੇ ਨਾ ਵੜਨਾ, ਜੰਗਲਾਂ ਵਿਚ ਨਾ ਕੋਇ ਭਰਮਾਈਆ। ਅਗਨੀ ਅੱਗ ਨਾ ਪਏ ਸੜਨਾ, ਧੂਣੀ ਧਵਲ ਨਾ ਕੋਇ ਤਪਾਈਆ। ਜੋਗ ਅਭਿਆਸ ਨਾ ਪਏ ਕਰਨਾ, ਕਰਤਾ ਮਿਲੇ ਬੇਪਵਰਾਹੀਆ। ਸੋ ਕਰਤਾ ਬਖ਼ਸ਼ੇ ਆਪਣੀ ਸਰਨਾ, ਸਰਨ ਸਵਾਮੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਰਿਕਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਿਸ਼ੀਆਂ ਮਰਨ ਦਾ ਕੀਤਾ ਹਠ, ਇਕ ਸੌ ਅੱਠ ਦਿਨ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਆਇਆ ਨਠ, ਨਿਰਗੁਣ ਹੋ ਕੇ ਫੇਰੀ ਪਾਈਆ। ਹੌਲੀ ਹੌਲੀ ਅੰਦਰ ਵੜ ਕੇ ਦਿਤਾ ਦੱਸ, ਸਹਿਜ ਸਹਿਜ ਸਮਝਾਈਆ। ਰਿਸ਼ੀਓ ਤੁਸੀਂ ਪਓ ਹੱਸ, ਭੇਵ ਅਭੇਦਾ ਦਿਆਂ ਖੁਲ੍ਹਾਈਆ। ਪੁਰਖ ਅਬਿਨਾਸ਼ੀ ਹੁਕਮ ਦੇਵੇ ਸਮਰਥ, ਧੁਰ ਫੁਰਮਾਨ ਆਪ ਜਣਾਈਆ। ਜੋ ਜੁਗ ਚੌਕੜੀ ਚਲਾਵੇ ਰਥ, ਲੱਖ ਚੁਰਾਸੀ ਰਿਹਾ ਭਵਾਈਆ। ਤੁਹਾਨੂੰ ਹੁਕਮ ਸੰਦੇਸ਼ੇ ਦੇਵਾਂ ਸਚ, ਸਚ ਸਚ ਦ੍ਰਿੜਾਈਆ। ਤੁਸੀਂ ਕਾਇਆ ਮਾਟੀ ਪੰਜ ਤਤ ਸਰੀਰ ਜਾਣਾ ਛੱਡ, ਅੰਤ ਰਹਿਣ ਕੋਇ ਨਾ ਪਾਈਆ। ਸ੍ਰਿਸ਼ਟੀ ਨਾਲੋਂ ਹੋ ਕੇ ਅੱਡ, ਪ੍ਰਭ ਦੀ ਧਾਰ ਜਾਣਾ ਸਮਾਈਆ। ਜਿਥੋਂ ਕੋਈ ਨਾ ਸਕੇ ਲੱਭ, ਜਗਤ ਨੇਤਰ ਨਜ਼ਰ ਕੋਇ ਨਾ ਪਾਈਆ। ਜਿਸ ਵੇਲੇ ਕਲਜੁਗ ਅੰਤਮ ਮੁਕਿਆ ਪੰਧ, ਲੋਕਮਾਤ ਤੁਹਾਡਾ ਜਨਮ ਲਏ ਪਰਗਟਾਈਆ। ਸੋਹੰ ਢੋਲਾ ਸੁਣਾ ਕੇ ਛੰਦ, ਸ਼ੰਕਾ ਪਿਛਲਾ ਦਏ ਉਠਾਈਆ। ਆਤਮ ਪਰਮਾਤਮ ਦੇ ਕੇ ਆਨੰਦ, ਸੁਖਸਾਗਰ ਵਿਚ ਸਮਾਈਆ। ਏਸੇ ਧਰਤੀ ਆਉਣਾ ਮਾਰਗ ਪੰਧ, ਸਭ ਨੇ ਭੱਜਣਾ ਚਾਈਂ ਚਾਈਂਆ। ਪੁਰਖ ਅਬਿਨਾਸ਼ੀ ਚਾੜ੍ਹੇ ਰੰਗ, ਅਨਮੋਲਾ ਆਪ ਰੰਗਾਈਆ। ਮਾਨਸ ਜਨਮ ਹੋਣ ਨਾ ਦੇਵੇ ਭੰਗ, ਜੋਤੀ ਜੋਤ ਕਰੇ ਰੁਸ਼ਨਾਈਆ। ਆਤਮ ਪਰਮਾਤਮ ਪਿਆਰ ਦਾ ਕਰ ਕੇ ਢੰਗ, ਤਰੀਕਾ ਇਕ ਉਪਜਾਈਆ। ਹੁਕਮੇ ਅੰਦਰ ਸਾਰੇ ਗੰਢ, ਇਕੱਠੇ
ਕਰ ਕੇ ਲਏ ਬਹਾਈਆ। ਅਗਨੀ ਧੁੰਏਂ ਦੀ ਥਾਂ ਅੰਮ੍ਰਿਤ ਦੀ ਪਾਵੇ ਠੰਡ, ਲੱਕੜੀ ਬਾਲਣ ਦੀ ਲੋੜ ਰਹੇ ਨਾ ਰਾਈਆ। ਨਿਰਗੁਣ ਹੋ ਕੇ ਸਰਗੁਣ ਲਾਵੇ ਅੰਗ, ਅੰਗੀਕਾਰ ਆਪ ਅਖਵਾਈਆ। ਤੁਹਾਡੀ ਆਤਮ ਸੇਜ ਹੰਢਾਵੇ ਪਲੰਘ, ਪਤਿਪਰਮੇਸ਼ਵਰ ਸਦ ਆਪਣੀ ਆਸ ਕਰਾਈਆ। ਜਗਤ ਹੈਰਾਨੀ ਵਿਚ ਤੁਸਾਂ ਹੋਣਾ ਨਹੀਂ ਦੰਗ, ਦੰਗਲ ਵੇਖਣਾ ਸ੍ਰਿਸ਼ਟ ਸਬਾਈਆ। ਤੁਹਾਡੀ ਆਸਾ ਮਨਸਾ ਪੂਰੀ ਕਰੇ ਮੰਗ, ਅਗੇ ਮੰਗਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਬਖ਼ਸ਼ੰਦ, ਪੂਰਬ ਬਾਕੀ ਦੇਵੇ ਬਣ ਕੇ ਸਾਥੀ, ਭਾਗ ਲਗਾ ਕੇ ਧਰਨੀ ਖ਼ਾਕੀ, ਧੂਣੀ ਦੀ ਜਗਹ ਪ੍ਰੀਤ ਦੇਵੇ ਦੂਣੀ, ਦੋਹਰਾ ਨਾਤਾ ਪੁਰਖ ਬਿਧਾਤਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੇ ਨਾਲ ਜੁੜਾਈਆ।