੨੦ ਜੇਠ ਸ਼ਹਿਨਸ਼ਾਹੀ ਸੰਮਤ ੨ ਬਾਬੂ ਰਾਮ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਖੂਣ ਜੰਮੂ
ਧਰਨੀ ਕਹੇ ਮੈਂ ਧੂਣੀ ਨਾਲ ਰਹੀ ਸੜਦੀ, ਅੰਦਰੇ ਅੰਦਰ ਰਹੀ ਤਪਾਈਆ। ਰਿਸ਼ੀਆਂ ਕੋਲੋਂ ਰਹੀ ਡਰਦੀ, ਕੋਈ ਸਰਾਫ ਨਾ ਦੇਵੇ ਸੁਣਾਈਆ। ਪ੍ਰਭ ਨੂੰ ਯਾਦ ਰਹੀ ਕਰਦੀ, ਨੇਤਰ ਰੋ ਰੋ ਨੀਰ ਵਹਾਈਆ। ਮਾਲਕ ਮਹਿਰਮ ਮਿਲੇ ਦਰਦੀ, ਜੋ ਦੁਖੀਆਂ ਦੁੱਖ ਮਿਟਾਈਆ। ਮੇਰੀ ਸ਼ਾਂਤ ਹੋਵੇ ਸੜਦੀ, ਸਾਂਤਕ ਸਤਿ ਕਰਾਈਆ। ਮੈਂ ਇਕੋ ਗੀਤ ਰਹੀ ਪੜ੍ਹਦੀ, ਤੂੰਹੀ ਤੂੰ ਰਾਗ ਅਲਾਈਆ। ਪ੍ਰਭ ਦਾ ਭਾਣਾ ਰਹੀ ਜਰਦੀ, ਸਿਰ ਅਗਨੀ ਤਤ ਤਪਾਈਆ। ਪ੍ਰਭੂ ਵੇਖ ਖੇਲ ਆਪਣੇ ਘਰ ਦੀ, ਕਿਉਂ ਭਗਤਾਂ ਰਿਹਾ ਸਤਾਈਆ। ਤੇਰੀ ਧਾਰ ਲੱਭਿਆਂ ਨਹੀਂ ਕਿਸੇ ਲੱਭਦੀ, ਸਾਰੇ ਭੱਜਣ ਵਾਹੋ ਦਾਹੀਆ। ਆਹੂਤੀ ਦੇ ਕੇ ਬੈਠੇ ਅੱਗ ਦੀ, ਅੰਦਰੋਂ ਅੱਗ ਨਾ ਕੋਇ ਬੁਝਾਈਆ। ਰੀਤੀ ਵੇਖੀ ਜਗ ਦੀ, ਜਗਜੀਵਣ ਦਾਤਾ ਮਿਲੇ ਨਾ ਕਿਸੇ ਗੁਸਾਈਆ। ਖੇਲ ਹੋ ਗਈ ਅੰਤ ਅਖ਼ੀਰੀ ਹੱਦ ਦੀ, ਰੋ ਰੋ ਕੇ ਰਹੀ ਕੁਰਲਾਈਆ। ਮੇਰੀ ਧੀਰਜ ਨਹੀਂ ਬੱਝਦੀ, ਸਤਿ ਸੰਤੋਖ ਨਾ ਕੋਇ ਵਖਾਈਆ। ਮੇਰੀ ਆਵਾਜ਼ ਮੁਕ ਗਈ ਸ਼ਾਹਰਗ ਦੀ, ਅਗੇ ਕਹਿਣ ਸੁਣਨ ਦੀ ਲੋੜ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇਣਾ ਮੁਕਾਈਆ। ਧਰਨੀ ਕਹੇ ਮੈਨੂੰ ਅੱਗ ਨਾਲ ਦਿਤਾ ਤਾਅ, ਧੂਣੀਆਂ ਵਾਲਿਆਂ ਧੂਣੇ ਲਾਈਆ। ਮੇਰੀ ਕਿਸੇ ਨਾ ਸੁਣੀ ਹਾ, ਹੌਕਾ ਲੈ ਕੇ ਰਹੀ ਕੁਰਲਾਈਆ। ਕੋਈ ਨਾ ਪਕੜੇ ਬਾਂਹ, ਫੜ ਬਾਹੋਂ ਨਾ ਕੋਇ ਉਠਾਈਆ। ਸਾਚਾ ਕਰੇ ਨਾ ਕੋਇ ਨਿਆਂ, ਅਦਾਲਤ ਹੱਕ ਨਾ ਕੋਇ ਬਣਾਈਆ। ਨਾਲੇ ਸਾਰੇ ਮੈਨੂੰ ਕਹਿੰਦੇ ਧਰਤੀ ਮਾਂ, ਸੀਨਾ ਸਾੜ ਕੇ ਰਹੇ ਵਖਾਈਆ। ਸਾਚਾ ਦਿਸੇ ਕੋਈ ਨਾ ਥਾਂ, ਪ੍ਰਭੂ ਭੱਜੀ ਵਾਹੋ ਦਾਹੀਆ। ਕਿਰਪਾ ਕਰ ਸੱਚੇ ਸ਼ਹਿਨਸ਼ਾਹ, ਤੇਰੀ ਓਟ ਤਕਾਈਆ। ਪੁਰਖ ਅਬਿਨਾਸ਼ੀ ਹੱਸ ਕੇ ਕਿਹਾ ਨੇੜੇ ਆ, ਮਿਹਰ ਨਜ਼ਰ ਉਠਾਈਆ। ਮੈਨੂੰ ਆਪਣੀਆਂ ਉਂਗਲੀਆਂ ਨਾਲ ਵਖਾ, ਜਿਹੜੇ ਤੇਰੇ ਉਤੇ ਧੂਣੀਆਂ ਰਹੇ ਤਾਈਆ। ਧਰਨੀ ਸਹਿਜੇ ਦਿਤਾ ਸੁਣਾ, ਪ੍ਰਭ ਤੇਰੀ ਬੇਪਰਵਾਹੀਆ। ਓਹ ਵੇਖ ਤੇਰਾਂ ਸੌ ਸਤਾਸੀ ਇਕੱਠੇ ਨਜ਼ਰੀ ਰਹੇ ਆ, ਜਟਾ ਜੂਟ ਵੇਸ ਰਹੇ ਵਟਾਈਆ। ਬਹੁਤੇ ਮਲਕੇ ਤਨ ਸੁਆਹ, ਨੈਣ ਅੱਖ ਲਾਲ ਚਮਕਾਈਆ। ਬਹੁਤੇ ਸੂਟਾ ਖਿਚਣ ਨਾਲ ਚਾਅ, ਸੁਲਫ਼ਾ ਪੀ ਕੇ ਖ਼ੁਸ਼ੀ ਮਨਾਈਆ। ਬਹੁਤੇ ਕਰ ਕੇ ਉਤਾਂਹ
ਬਾਂਹ, ਦੋਏ ਜੋੜ ਸੀਸ ਝੁਕਾਈਆ। ਬਹੁਤੇ ਨੈਣ ਰਹੇ ਸ਼ਰਮਾ, ਮੁਖ ਧਰਤ ਵਲ ਟਿਕਾਈਆ। ਬਹੁਤੇ ਆਹੂਤੀ ਰਹੇ ਪਾ, ਫਲ ਫੁੱਲ ਭੇਟ ਕਰਾਈਆ। ਬਹੁਤੇ ਭਬੂਤੀ ਰਹੇ ਰਮਾ, ਸਵਾਹ ਸੀਸ ਵਿਚ ਟਿਕਾਈਆ। ਬਹੁਤੇ ਲੰਗੋਟੀ ਰਹੇ ਲਗਾ, ਬਹੁਤੇ ਨਗਨ ਫਿਰਨ ਧਾਈਆ। ਮੈਂ ਵੇਖ ਕੇ ਹੋ ਗਈ ਹੈਰਾਂ, ਹੈਰਾਨੀ ਮੇਰੇ ਅੰਦਰ ਆਈਆ। ਇਹਨਾਂ ਦੀ ਪਕੜੀ ਕਿਸੇ ਨਾ ਬਾਂਹ, ਘਰ ਮਿਲਿਆ ਨਾ ਬੇਪਰਵਾਹੀਆ। ਪ੍ਰਭੂ ਤੇਰਾ ਕੀ ਪਤਾ, ਮੈਨੂੰ ਦੇ ਸਮਝਾਈਆ। ਅਬਿਨਾਸ਼ੀ ਕਰਤੇ ਦਿਤਾ ਸੁਣਾ, ਸ਼ਬਦ ਅਗੰਮੀ ਇਕ ਦ੍ਰਿੜਾਈਆ। ਇਹਨਾਂ ਦਾ ਲਹਿਣਾ ਬਾਕੀ ਰਿਹਾ ਮੁਕਾ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਜਿਸ ਵੇਲੇ ਦੁਆਪਰ ਤਰੇਤਾ ਕਲਜੁਗ ਦਿਤਾ ਲੰਘਾ, ਸਤਿਜੁਗ ਵਾਰੀ ਆਈਆ। ਨਿਰਗੁਣ ਜੋਤ ਕਰਾਂ ਰੁਸ਼ਨਾ, ਲੋਕਮਾਤ ਵੇਸ ਵਟਾਈਆ। ਸ਼ਬਦੀ ਧਾਰ ਲਵਾਂ ਪਰਗਟਾ, ਰੂਪ ਨਾ ਕੋਇ ਵਖਾਈਆ। ਗੋਬਿੰਦ ਮੇਲਾ ਲਵਾਂ ਮਿਲਾ, ਘਰ ਸਾਚੇ ਮੇਲ ਮਿਲਾਈਆ। ਰਿਖੀ ਰਿਖੀਸ਼ਰਾਂ ਜਨਮ ਲਵਾਂ ਦਵਾ, ਲੋਕਮਾਤ ਆਪ ਉਪਜਾਈਆ। ਤੇਰੇ ਉਤੇ ਇਕੱਠੇ ਲਵਾਂ ਕਰਾ, ਹੁਕਮੇ ਅੰਦਰ ਹੁਕਮ ਵਰਤਾਈਆ। ਫਿਰ ਸਹਿਜ ਸੁਭਾਓ ਜਾਵਾਂ ਆ, ਆਪ ਆਪਣਾ ਫੇਰਾ ਪਾਈਆ। ਜਿਥੇ ਰਿਸ਼ੀ ਧੂਣੀ ਰਹੇ ਤਾਅ, ਓਥੇ ਚਰਨ ਕਵਲ ਦਿਆਂ ਟਿਕਾਈਆ। ਅਗਨੀ ਅੱਗ ਕੋਈ ਨਾ ਮਾਰੇ ਭਾਅ, ਤੂੰ ਮੇਰਾ ਮੈਂ ਤੇਰਾ ਢੋਲੇ ਸਾਰੇ ਗਾਈਆ। ਅੰਮ੍ਰਿਤ ਮੇਘ ਤੇਰੇ ਉਤੇ ਜਾਵਾਂ ਛਿੜਕਾ, ਭਗਤਾਂ ਦੀ ਧੂੜ ਤੇਰੇ ਨਾਲ ਮਿਲਾਈਆ। ਸਮੇਂ ਸਾਰ ਸਦ ਕਰਾਂ ਨਿਆਂ, ਇਹ ਮੇਰੀ ਬੇਪਰਵਾਹੀਆ। ਬੇਸ਼ਕ ਤੂੰ ਧਰਤੀ ਸਭ ਦੀ ਇਕੋ ਰਹਿਣੀ ਮਾਂ, ਬਿਨਾ ਬਾਪ ਤੋਂ ਮਾਤਾ ਕੰਮ ਕਿਸੇ ਨਾ ਆਈਆ। ਤੇਰਾ ਲੇਖਾ ਲਹਿਣਾ ਦੇਣਾ ਦਿਆਂ ਚੁਕਾ, ਚੁਕੰਨੀ ਹੋ ਕੇ ਵੇਖਣਾ ਆਪਣੀ ਅੱਖ ਖੁਲ੍ਹਾਈਆ। ਕਲਜੁਗ ਅੰਤ ਹੋਵਾਂ ਸਹਾ, ਸਹਾਇਕ ਹੋ ਕੇ ਦਇਆ ਕਮਾਈਆ। ਧਰਨੀ ਕਿਹਾ ਮੈਂ ਕੀ ਕਹਾਂ, ਪਹਿਚਾਣ ਮੈਨੂੰ ਦੇ ਸਮਝਾਈਆ। ਅਬਿਨਾਸ਼ੀ ਕਰਤੇ ਕਿਹਾ ਜਿਸ ਵੇਲੇ ਸੋਹੰ ਮਹਾਰਾਜ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾਂ ਲੈਣਾ ਗਾ, ਤੂੰ ਸਮਝੀਂ ਮੇਰਾ ਵੇਲਾ ਵਕ਼ਤ ਗਿਆ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਫੜ ਫੜ ਬਾਂਹ, ਸਹਾਇਕ ਨਾਇਕ ਇਕੋ ਇਕ ਅਖਵਾਈਆ।
੨੦ ਜੇਠ ਸ਼ਹਿਨਸ਼ਾਹੀ ਸੰਮਤ ੨ ਕਰਮੋ ਦੇਵੀ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਖੂਣ ਜੰਮੂ
ਧਰਨੀ ਕਹੇ ਮੇਰਾ ਠਾਂਡਾ ਹੋਇਆ ਹਿਰਦਾ, ਅੰਮ੍ਰਿਤ ਵਹਿਣ ਦਿਤਾ ਵਹਾਈਆ। ਭਗਤਾਂ ਭਗਵਾਨ ਮਿਲਿਆ ਵਿਛੜਿਆ ਚਿਰ ਦਾ, ਚਿਰੀ ਵਿਛੁੰਨੇ ਮੇਲ ਮਿਲਾਈਆ। ਅਗੰਮੀ ਧਾਰ ਆ ਗਿਆ ਫਿਰਦਾ ਫਿਰਦਾ, ਫਿਰਤ ਫਿਰਤ ਆਪਣਾ ਖੇਲ ਖਿਲਾਈਆ। ਗੁਰਮੁਖਾਂ ਘੇਰਾ ਰਖੇ ਚੌਗਿਰਦਾ, ਗਿਰਵਰ ਗਿਰਧਾਰ ਭਗਤਾਂ ... ... ... ... ... ... ... ... ...। ਸਚ ਦਵਾਰੇ ਜਿਨ੍ਹਾਂ ਦਾ ਲੇਖਾ ਨਿਬੜਦਾ, ਲਹਿਣਾ ਰਿਹਾ ਚੁਕਾਈਆ। ਮੈਨੂੰ ਯਾਦ ਆਇਆ ਲੇਖਾ ਬਿਦਰ ਦਾ, ਬਿਧ ਨਾਲ ਸਮਝਾਈਆ। ਜਿਹੜਾ ਪ੍ਰਭ ਦੀ ਧਾਰੋਂ ਨਿਤਰਦਾ, ਆਪਣੀ ਭਗਤੀ ਨਾ ਕੋਇ ਵਖਾਈਆ। ਸਦਾ ਲਾਹਾ ਲਿਆ ਸਾਚੇ ਮਿੱਤਰ ਦਾ, ਅਲੂਣਾ ਸਾਗ ਖਾ ਕੇ ਦਏ ਵਡਿਆਈਆ। ਪ੍ਰੇਮ ਪਿਆਰ ਵੇਖਿਆ ਧੁਰ ਦੇ ਇਸ਼ਕ ਦਾ, ਮੁਹੱਬਤ ਨਾਤਾ ਇਕ
ਜਣਾਈਆ। ਝਗੜਾ ਚੁੱਕਿਆ ਟਾਂਕ ਜਿਸਤ ਦਾ, ਜਿਸਮ ਜ਼ਮੀਰ ਦਿਤੀ ਬਦਲਾਈਆ। ਭਰੋਸਾ ਦੇ ਕੇ ਚਰਨ ਪ੍ਰੀਤੀ ਸਿਦਕ ਦਾ, ਸਦਨਾ ਸੈਣ ਪਾਰ ਲੰਘਾਈਆ। ਕਬੀਰ ਮੰਜ਼ਲ ਕਦੇ ਨਾ ਖ਼ਿਸਕਦਾ, ਰਵੀ ਪਾਣਾਂ ਗੰਢ ਕੇ ਝਟ ਲੰਘਾਈਆ। ਧਰੂ ਪ੍ਰਹਿਲਾਦ ਮਾਣ ਦੇ ਕੇ ਸਾਚੀ ਹਿੰਮਤ ਦਾ, ਜਗਤ ਨਾਤਾ ਦਿਤਾ ਤੁੜਾਈਆ। ਸੋ ਖੇਲ ਵੇਖੇ ਆਪਣੀ ਸਿੰਮਤ ਦਾ, ਉੱਤਰ ਪੂਰਬ ਪੱਛਮ ਦੱਖਣ ਖੋਜ ਖੁਜਾਈਆ। ਝਗੜਾ ਮੁਕਾ ਕੇ ਕਲਜੁਗ ਕੂੜ ਕੁੜਿਆਰ ਨਿੰਦਕ ਦਾ, ਸੁਖਸਾਗਰ ਵਿਚ ਸਮਾਈਆ। ਰੋਗ ਰਹੇ ਨਾ ਚਿੰਤਕ ਦਾ, ਚਿੰਤਾ ਗ਼ਮ ਨਾ ਕੋਇ ਸਤਾਈਆ। ਰਸ ਦੇਵੇ ਜਨ ਭਗਤਾਂ ਖਾਧੇ ਨਿਮਕ ਦਾ, ਨਿਮਕ ਹਰਾਮ ਨਾ ਕਦੇ ਅਖਵਾਈਆ। ਦੇਣਾ ਦੇਵੇ ਪ੍ਰੇਮ ਪਿਆਰ ਦੀ ਮਿੰਨਤ ਦਾ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਧਰਨੀ ਕਹੇ ਮੇਰੇ ਅੰਤਰ ਆਏ ਹਾਸਾ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਭਗਤਾਂ ਵੇਖਿਆ ਭਰਵਾਸਾ, ਜੋ ਬੈਠੇ ਖ਼ੁਸ਼ੀ ਮਨਾਈਆ। ਪੈਂਦੀ ਵੇਖੀ ਰਾਸਾ, ਸੁਰਤੀ ਸ਼ਬਦ ਨਾਚ ਨਚਾਈਆ। ਪੂਰੀ ਹੁੰਦੀ ਵੇਖੀ ਆਸਾ, ਤ੍ਰਿਸ਼ਨਾ ਰਿਹਾ ਬੁਝਾਈਆ। ਰਿਖੀਆਂ ਦਾ ਸਵਾਸਾ, ਸਾਹ ਸਾਹ ਆਪਣੇ ਵਿਚ ਮਿਲਾਈਆ। ਝਗੜਾ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਰਿਹਾ ਮਿਟਾਈਆ। ਪੂਰਬ ਜਨਮ ਦਾ ਘਾਟਾ, ਸਹਿਜੇ ਪੂਰ ਕਰਾਈਆ। ਅਗਲੀ ਚੁੱਕੇ ਵਾਟਾ, ਪਿਛਾ ਯਾਦ ਕੋਇ ਨਾ ਆਈਆ। ਅਬਿਨਾਸ਼ੀ ਵਸਿਆ ਸਾਥਾ, ਸੋਹਣਾ ਸੰਗ ਬਣਾਈਆ। ਸੋਹੰ ਦੱਸ ਕੇ ਗਾਥਾ, ਗਹਿਰ ਗੰਭੀਰ ਲਿਆ ਉਠਾਈਆ। ਬਾਵਨ ਦਾ ਮੰਨ ਕੇ ਆਖਾ, ਕਲਜੁਗ ਅੰਤਮ ਵੇਖ ਵਖਾਈਆ। ਨਜ਼ਰੀ ਆਏ ਸਾਖਿਆਤਾ, ਸਾਹਿਬ ਸਵਾਮੀ ਦਇਆ ਕਮਾਈਆ। ਜਨ ਭਗਤਾਂ ਪੁਛੇ ਵਾਤਾ, ਵਾਹਵਾ ਵੱਜਦੀ ਰਹੇ ਵਧਾਈਆ। ਝਗੜਾ ਮੁਕਾਏ ਜਾਤਾ ਪਾਤਾ, ਇਕੋ ਰੰਗ ਰਿਹਾ ਰੰਗਾਈਆ। ਹੋ ਕੇ ਦਾਸੀ ਦਾਸਾ, ਧੁਰ ਦੀ ਸੇਵਾ ਸਚ ਕਮਾਈਆ। ਨਿਰਗੁਣ ਜੋਤ ਸਚ ਪਰਕਾਸ਼ਾ, ਪਰਮ ਪੁਰਖ ਬੇਪਰਵਾਹੀਆ। ਸਚ ਦਵਾਰੇ ਦੇਵੇ ਦਾਤਾਂ, ਪੂਰਬ ਲਹਿਣਾ ਖੋਜ ਖੁਜਾਈਆ। ਜਿਥੇ ਧੂੰਏ ਧਾਰ ਵਾਲੀ ਧੁਖਦੀ ਆਗਾ, ਆਗਮਨ ਭਗਤਾਂ ਰਿਹਾ ਕਰਾਈਆ। ਦੀਪਕ ਜੋਤ ਜਗਾ ਚਰਾਗਾ, ਚਰਾਗਾਹਾਂ ਵਿਚ ਦਏ ਵਡਿਆਈਆ। ਜਿਸ ਦਾ ਲਿਖਿਆ ਨਾ ਕਿਸੇ ਸਾਕਾ, ਸੋ ਲਿਖਤ ਭਵਿਖਤ ਰਿਹਾ ਦ੍ਰਿੜਾਈਆ। ਧਰਤੀ ਕਹੇ ਮੇਰੀ ਪੂਰੀ ਕੀਤੀ ਆਸਾ, ਤ੍ਰਿਸ਼ਨਾ ਦਿਤੀ ਬੁਝਾਈਆ। ਮੈਂ ਵੇਖਾਂ ਖੇਲ ਤਮਾਸ਼ਾ, ਨਿਉਂ ਨਿਉਂ ਲਾਗਾਂ ਪਾਈਆ। ਧੰਨ ਭਾਗ ਚਰਨ ਛੋਹਿਆ ਮੇਰੀ ਮਿੱਟੀ ਖ਼ਾਕਾ, ਖ਼ਾਕੀ ਮਿੱਟੀ ਖ਼ਾਲਸ ਦਿਤੀ ਬਣਾਈਆ। ਜਿਹੜੀ ਕਦੀ ਤੁਲੀ ਨਹੀਂ ਧੜੀਆਂ ਸੇਰਾਂ ਵਿਚ ਛਟਾਕਾਂ, ਗੁਰਮੁਖ ਮਸਤਕ ਲਗ ਕੇ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਧਰਤ ਧਵਲ ਕਹੇ ਮੇਰਾ ਲੇਖਾ ਆਪ ਪਛਾਤਾ, ਪਛੋਕੜ ਰੋਕੜ ਓੜਕ ਆਪ ਚੁਕਾਈਆ।
੨੦ ਜੇਠ ਸ਼ਹਿਨਸ਼ਾਹੀ ਸੰਮਤ ੨ ਰਾਮ ਸਿੰਘ ਦੇ ਗ੍ਰਹਿ ਪਿੰਡ ਧੰਗਾਲੀ ਕੈਂਪ ਖੂਣ ਜੰਮੂ
ਧਰਤੀ ਕਹੇ ਕਿਰਪਾ ਕਰ ਸ੍ਰੀ ਭਗਵਾਨ, ਸਰਬ ਸਵਾਮੀ ਤੇਰੀ ਆਸ ਰਖਾਈਆ। ਧੰਨ ਭਾਗ ਜੇ ਪਹੁੰਚਿਉਂ ਆਣ, ਕਲਜੁਗ ਵੇਲਾ ਅੰਤ
ਦਏ ਦੁਹਾਈਆ। ਚਾਰ ਕੁੰਟ ਦਿਸੇ ਕੂੜ ਨਿਸ਼ਾਨ, ਨਿਸ਼ਾਨਾ ਸਚ ਨਾ ਕੋਇ ਝੁਲਾਈਆ। ਧੂੰਆਂਧਾਰ ਜ਼ਿਮੀਂ ਅਸਮਾਨ, ਨੂਰ ਚੰਦ ਨਾ ਕੋਇ ਰੁਸ਼ਨਾਈਆ। ਦੀਨ ਦੁਨੀ ਸਰਬ ਕੁਰਲਾਣ, ਹਾਹਾਕਾਰ ਸੁਣਾਈਆ। ਸਾਂਤਕ ਸਤਿ ਨਾ ਕੋਈ ਕਰਾਏ ਆ ਅੰਮ੍ਰਿਤ ਪਾਨ, ਵਿਖ ਬਾਹਰ ਨਾ ਕੋਇ ਕਢਾਈਆ। ਕੋਟਾਂ ਵਿਚੋਂ ਜਨ ਭਗਤ ਸੁਹੇਲੇ ਮੰਗਣ ਤੈਥੋਂ ਦਾਨ, ਦਰ ਠਾਂਡੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਮੈਂ ਸੁੱਤੀ ਉਠੀ, ਇਕ ਲਈ ਅੰਗੜਾਈਆ। ਵੇਖਿਆ ਚੌਂਹ ਗੁਠੀ, ਚਾਰ ਕੁੰਟ ਧਿਆਨ ਲਗਾਈਆ। ਬਿਨਾ ਭਗਤਾਂ ਪ੍ਰਭ ਨਾਲ ਕਿਸੇ ਦੀ ਲੱਗੀ ਨਹੀਂ ਰੁਚੀ, ਜਗਤ ਵਾਸਨਾ ਭਰੀ ਲੋਕਾਈਆ। ਕੋਟਾਂ ਵਿਚੋਂ ਥੋੜ੍ਹਿਆਂ ਆਤਮ ਵੇਖੀ ਸੁਚੀ, ਜੋ ਇਕੋ ਢੋਲਾ ਰਹੇ ਗਾਈਆ। ਜਿਨ੍ਹਾਂ ਨੂੰ ਸ਼ਬਦ ਫ਼ਰਮਾਨ ਸੰਦੇਸ਼ਾ ਦੇਵੇ ਤੇਰਾ ਦੂਤੀ, ਘਰ ਘਰ ਆਪ ਉਠਾਈਆ। ਜਨ ਭਗਤਾਂ ਬਸੰਤ ਰੁੱਤ ਮੌਲੀ ਰੁੱਤੀ, ਚੁਰਾਸੀ ਜੀਵ ਸਮਝ ਕੋਇ ਨਾ ਪਾਈਆ। ਰਿਸ਼ੀਆਂ ਦੀ ਰੇਖਾ ਭਗਤਾਂ ਦੀ ਧਾਰ ਵਿਚ ਲੁਕੀ, ਬਾਵਨ ਹਾਜ਼ਰ ਹੋ ਕੇ ਦਏ ਗਵਾਹੀਆ। ਜਿਨ੍ਹਾਂ ਕਾਰਨ ਖੇਲ ਬਣੀ ਬੁੱਤੀ, ਬੁਤਖਾਨਿਆਂ ਕਰੇ ਸਫ਼ਾਈਆ। ਤੇਰੀ ਖੇਲ ਸਾਹਿਬ ਅਨਡਿੱਠੀ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਧਾਰ ਬਾਰੀਕ ਅਗੰਮੀ ਨਿੱਕੀ, ਨਿਕਿਉਂ ਵੱਡੇ ਦਏ ਬਣਾਈਆ। ਮੈਂ ਖ਼ੁਸ਼ਹਾਲ ਹੋਈ ਤੇਰੀ ਵੇਖ ਕੇ ਸਤਿਗੁਰ ਵਾਲੀ ਸਿੱਖੀ, ਜਿਨ੍ਹਾਂ ਦੇ ਅੰਦਰ ਵਸ ਕੇ ਵਾਸਨਾ ਕੂੜੀ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਦਰਸ ਦੀਦਾਰ ਦੀ ਭੁੱਖੀ, ਜੁਗ ਜੁਗ ਬੈਠੀ ਰਾਹ ਤਕਾਈਆ।
੨੦ ਜੇਠ ਸ਼ਹਿਨਸ਼ਾਹੀ ਸੰਮਤ ੨ ਹੰਸਰਾਜ ਦੇ ਗ੍ਰਹਿ ਪਿੰਡ ਬਾਲੇਵਾਲ ਖੂਣ ਕੈਂਪ ਜੰਮੂ
ਧਰਤੀ ਕਹੇ ਮੈਂ ਖ਼ੁਸ਼ੀ ਹੋਈ ਨਾਤਾ ਜੁੜਿਆ ਭਗਤ ਭਗਵੰਤ, ਆਤਮ ਪਰਮਾਤਮ ਬ੍ਰਹਿਮੰਡ ਖੰਡ ਵੱਜੀ ਵਧਾਈਆ। ਨਿਰਗੁਣ ਨਿਰਗੁਣ ਪਿਆਰ ਜੁੜਿਆ ਬ੍ਰਹਮ ਪਾਰਬ੍ਰਹਮ ਧੁਰ ਦੇ ਕੰਤ, ਵਿਛੋੜਾ ਵਿਚ ਰਿਹਾ ਨਾ ਰਾਈਆ। ਬੋਧ ਅਗਾਧ ਸ਼ਬਦ ਨਾਦ ਸੁਣਿਆ ਧੁਰ ਦਾ ਮੰਤ, ਮੰਤਵ ਇਕੋ ਨਜ਼ਰੀ ਆਈਆ। ਜੋ ਵਡਿਆਈ ਦੇਵੇ ਲੱਖ ਚੁਰਾਸੀ ਸਾਧ ਸੰਤ, ਜੀਵ ਜੰਤ ਭੇਵ ਅਭੇਦਾ ਮਾਤ ਖੁਲ੍ਹਾਈਆ। ਪੜਦਾ ਲਾਹੇ ਦਇਆ ਕਮਾਏ ਮਾਨਵ ਜਾਤੀ ਸਾਚੇ ਸੰਤ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣੇ ਰੰਗ ਰੰਗਾਈਆ। ਗੜ੍ਹ ਤੋੜੇ ਹਉਮੇ ਹੰਗਤ ਬੋਧ ਅਗਾਧਾ ਬਣ ਕੇ ਪੰਡਤ, ਭੇਵ ਅਭੇਦਾ ਅਛਲ ਛੇਦਾ ਆਪ ਖੁਲ੍ਹਾਈਆ। ਸਿਫ਼ਤ ਮਹਿੰਮਾ ਸੁਣੀ ਅਗਣਤ, ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਭੇਵ ਕੋਇ ਨਾ ਪਾਈਆ। ਲੇਖਾ ਮੁਕਾ ਕੇ ਜੇਰਜ ਅੰਡਜ, ਉਤਭੁਜ ਸੇਤਜ ਪੈਂਡਾ ਰਿਹਾ ਮੁਕਾਈਆ। ਨਾਮ ਲਿਖਤ ਧੁਰ ਦੀ ਦੇ ਕੇ ਸੰਨਤ, ਹੱਕ ਹਕ਼ੀਕ਼ਤ ਖ਼ੁਸ਼ੀ ਮਨਾਈਆ। ਕਲਜੁਗ ਕੂੜੀ ਕਿਰਿਆ ਕਰ ਕੇ ਅੰਤ, ਸਤਿਜੁਗ ਸਚ ਦਏ ਪਰਗਟਾਈਆ। ਜਨ ਭਗਤਾਂ ਕਾਰਨ ਬਣਾਏ ਬਣਤ, ਘੜਨ ਭੰਨਣਹਾਰ ਸਮਰਥ ਬੇਪਰਵਾਹੀਆ। ਜਿਸ ਦਾ ਸ਼ਹਿਨਸ਼ਾਹੀ ਚਲਦਾ ਸੰਮਤ, ਸਮਾਂ ਵੇਖੇ ਥਾਉਂ ਥਾਈਂਆ। ਗੁਰਮੁਖਾਂ ਉਤੇ ਕਰ ਕੇ ਰਹਿਮਤ, ਮੁਰੀਦ ਮੁਰਸ਼ਦ ਲਏ ਮਨਾਈਆ। ਰਹਿਣ ਨਾ ਦੇਵੇ ਅਹਿਮਕ, ਮੂਰਖ ਮੁਗਧਾ ਚਤੁਰ ਸੁਘੜ ਸੁਜਾਨ ਬਣਾਈਆ। ਸ਼ਬਦ ਇਸ਼ਾਰਾ
ਏਕੰਕਾਰਾ ਨਿਰਗੁਣ ਧਾਰਾ ਬਿਨ ਅੱਖਾਂ ਲਾਏ ਸੈਨਤ, ਸੋਈ ਸੁਰਤੀ ਅਕਾਲ ਮੂਰਤੀ ਕਾਇਆ ਮੰਦਰ ਸਾਚੇ ਅੰਦਰ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੋਹੇ ਚੜ੍ਹਿਆ ਰੰਗ, ਰੰਗਤ ਨਜ਼ਰ ਕਿਸੇ ਨਾ ਆਈਆ। ਸਤਿਜੁਗ ਦੀ ਆਸ਼ਾ ਪੂਰੀ ਹੋਣੀ ਮੰਗ, ਬਾਵਨ ਦਾ ਲੇਖਾ ਬਲ ਦੀ ਧਾਰ ਰਿਸ਼ੀਆਂ ਦਾ ਪਿਆਰ ਝੋਲੀ ਪਾਈਆ। ਜਿਸ ਨੂੰ ਜਗਤ ਜੁਗ ਬੀਤੜੇ ਚਾਰ, ਕਲਜੁਗ ਅੰਤਮ ਆਈ ਵਾਰ, ਜਿਸ ਨੂੰ ਸਮਝੇ ਨਾ ਸੰਸਾਰ, ਮਨ ਭੇਵ ਕੋਇ ਨਾ ਪਾਈਆ। ਕਾਗਤ ਕ਼ਲਮ ਨਾ ਲਿਖਣਹਾਰ, ਇਸ਼ਾਰੇ ਦੇ ਕੇ ਗਏ ਗੁਰੂ ਅਵਤਾਰ, ਭਵਿਖਤਾਂ ਵਿਚ ਜਣਾਈਆ। ਚੌਦਾਂ ਯੋਜਨ ਦਾ ਅਧਾਰ, ਲਹਿਣਾ ਦੇਵਣਹਾਰ ਆਪ ਕਰਤਾਰ, ਕ਼ੁਦਰਤ ਦਾ ਮਾਲਕ ਬੇਪਰਵਾਹੀਆ। ਜੋ ਕਲਜੁਗ ਅੰਤਮ ਪਹੁੰਚਿਆ ਆਣ, ਸੰਤ ਸੁਹੇਲੇ ਲਏ ਉਠਾਲ, ਜੋਤੀ ਜਾਤਾ ਪੁਰਖ ਬਿਧਾਤਾ ਧੁਰ ਦੀ ਕਰਨੀ ਆਪਣੀ ਕਾਰ ਕਮਾਈਆ। ਵਸਤ ਅਮੋਲਕ ਦੇਵੇ ਨਾਮ ਸੱਚਾ ਧਨ ਮਾਲ, ਲੱਖ ਚੁਰਾਸੀ ਵਿਚੋਂ ਕਰੇ ਬਹਾਲ, ਆਵਣ ਜਾਵਣ ਪਤਿਤ ਪਾਵਣ ਦਏ ਕਟਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਪਿਆਰੇ ਵੇਖੇ ਆਪਣੇ ਲਾਲ, ਸਚਖੰਡ ਬਹਾਏ ਸੱਚੀ ਧਰਮਸਾਲ, ਦੂਜੇ ਦਰ ਮੰਗਣ ਕੋਇ ਨਾ ਜਾਈਆ। ਲਹਿਣਾ ਦੇਣਾ ਚੁਕਾ ਕੇ ਸ਼ਾਹ ਕੰਗਾਲ, ਸਚ ਪ੍ਰੀਤੀ ਦੱਸੇ ਪੁਰਖ ਅਬਿਨਾਸ਼ੀ ਨਿਭੇ ਨਾਲ, ਦੋ ਜਹਾਨ ਨਾ ਕੋਇ ਤੁੜਾਈਆ। ਧਰਨੀ ਕਹੇ ਸੋ ਵਕ਼ਤ ਪਹੁੰਚਿਆਂ ਆਣ, ਜਿਸ ਦਾ ਮਿਲਿਆ ਧੁਰ ਫ਼ਰਮਾਨ, ਰਿਖੀਆਂ ਹੋਣ ਲੱਗਾ ਕਲਿਆਣ, ਭਗਤਾਂ ਮਿਲਣ ਲੱਗਾ ਦਾਨ, ਜਨਮ ਜਨਮ ਦਾ ਲੇਖਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਭਗਤ ਸੁਹੇਲਾ ਇਕ ਅਕੇਲਾ ਏਕੰਕਾਰ ਕਰ ਪਿਆਰ, ਨਿਰਗੁਣ ਦਾਤਾ ਪੁਰਖ ਬਿਧਾਤਾ ਪੂਰਬ ਲਹਿਣਾ ਦਏ ਉਧਾਰ, ਬਕਾਇਆ ਸਭ ਦੀ ਝੋਲੀ ਪਾਈਆ।
੨੦ ਜੇਠ ਸ਼ਹਿਨਸ਼ਾਹੀ ਸੰਮਤ ੨ ਵਰਿਆਮ ਸਿੰਘ ਦੇ ਗ੍ਰਹਿ ਪਿੰਡ ਮਲਿਕ ਕੈਂਪ ਖੂਣ ਜੰਮੂ
ਧਰਤੀ ਕਹੇ ਮੇਰਾ ਬਣਿਆ ਧਰਮ ਦਵਾਰ, ਸਚ ਦਰਬਾਰਾ ਨਜ਼ਰੀ ਆਈਆ। ਜਿਥੇ ਵਸਿਆ ਹਰਿ ਨਿਰੰਕਾਰ, ਨਿਰਗੁਣ ਦਾਤਾ ਬੇਪਰਵਾਹੀਆ। ਭਗਤਾਂ ਪੈਜ ਰਿਹਾ ਸਵਾਰ ਭਗਵਨ ਹੋ ਕੇ ਦਏ ਵਡਿਆਈਆ। ਜੁਗ ਚੌਕੜੀ ਵਿਛੜੇ ਮੇਲੇ ਯਾਰ, ਪੂਰਬ ਲੇਖਾ ਵੇਖ ਵਖਾਈਆ। ਪੜਦਾ ਓਹਲਾ ਰਿਹਾ ਉਤਾਰ, ਸਹਿੰਸਾ ਰੋਗ ਰਿਹਾ ਚੁਕਾਈਆ। ਰਿਸ਼ੀਆਂ ਦਾ ਉਧਾਰ, ਬਾਵਨ ਦਾ ਪਿਆਰ, ਪਰਮ ਪੁਰਖ ਪਰਮਾਤਮ ਆਪਣੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਰਤਾਈਆ। ਧਰਤੀ ਕਹੇ ਮੈਂ ਖ਼ੁਸ਼ੀਆਂ ਅੰਦਰ ਹੱਸਾਂ, ਹਸਤੀ ਵੇਖ ਬੇਪਰਵਾਹੀਆ। ਭਗਤ ਭਗਵਾਨ ਬਿਨ ਨੇਤਰ ਅੱਖਾਂ ਤੱਕਾਂ, ਜੋਤੀ ਨੂਰ ਨੂਰ ਰੁਸ਼ਨਾਈਆ। ਦੋ ਜਹਾਨਾਂ ਦੱਸਾਂ, ਬ੍ਰਹਿਮੰਡ ਖੰਡ ਸੁਣਾਈਆ। ਚਾਰੋਂ ਕੁੰਟ ਨੱਠਾਂ, ਭੱਜਾਂ ਵਾਹੋ ਦਾਹੀਆ। ਪ੍ਰਭ ਦੇ ਚਰਨ ਕਵਲ ਸਿਰ ਸਿਟਾਂ, ਸੀਸ ਧੜ ਭੇਟ ਚੜ੍ਹਾਈਆ। ਦੋਏ ਜੋੜ ਵਾਸਤਾ ਘੱਤਾਂ, ਨੇਤਰ ਨੈਣ ਹੰਝੂਆਂ ਨੀਰ ਵਹਾਈਆ। ਧੰਨ ਵਡਿਆਈ ਜੇ ਆਇਆ ਪੁਰਖ ਸਮਰਥਾ, ਅਬਿਨਾਸ਼ੀ ਹੋ ਕੇ ਫੇਰਾ ਪਾਈਆ। ਜਿਸ ਦੀ ਚਾਰ ਜੁਗ ਗਾਉਂਦੇ ਗਏ ਕਥਾ, ਗਾਥਾ ਵਾਰਤਾ ਵਿਚ ਅਲਾਈਆ। ਸੋ ਭਗਤਾਂ ਬਣ ਕੇ ਸਖ਼ਾ, ਸਾਜਣ ਹੋ ਕੇ ਫੇਰਾ ਪਾਈਆ। ਲਹਿਣਾ ਦੇਣਾ ਚੁਕਾਵੇ ਹੱਥੋ ਹੱਥਾ,
ਹਾਜਰ ਹੋ ਕੇ ਵੇਖ ਵਖਾਈਆ। ਧਰਨੀ ਕਹੇ ਜਿਸ ਪਿਆਰ ਨਾਲ ਇਸ ਧਰਤੀ ਉਤੇ ਟੇਕ ਲਿਆ ਇਕ ਵਾਰ ਮੱਥਾ, ਮਸਤਕ ਦਾ ਲੇਖ ਲੇਖੇ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਦਾ ਬਣ ਕੇ ਸਕਾ, ਸਾਖਿਆਤ ਸਨਮੁਖ ਏਕਾ ਦਰਸ ਵਖਾਈਆ।
੨੦ ਜੇਠ ਸ਼ਹਿਨਸ਼ਾਹੀ ਸੰਮਤ ੨ ਧਰਮੋ ਦੇਵੀ ਪਿੰਡ ਛੰਬ ਕੈਂਪ ਖੂਣ ਜੰਮੂ
ਧਰਤੀ ਕਹੇ ਮੇਰਾ ਹੋਇਆ ਵੱਡਾ ਕਰਮ, ਨਿਹਕਰਮੀ ਦਿਤੀ ਵਡਿਆਈਆ। ਪੂਰਬਲਾ ਪਾਲਿਆ ਧਰਮ, ਮੇਰਾ ਧਰਮ ਲਿਆ ਰਖਾਈਆ। ਰਿਸ਼ੀਆਂ ਨੂੰ ਦੇ ਕੇ ਜਰਮ, ਜਨਮ ਲਿਆ ਉਪਜਾਈਆ। ਦੁਖੀਆਂ ਦੇ ਮੇਟ ਕੇ ਭਰਮ, ਭਾਂਡਾ ਭਰਮ ਭੌ ਦਿਤਾ ਭੰਨਾਈਆ। ਭਗਤਾਂ ਨੂੰ ਦੇ ਕੇ ਸਰਨ, ਸਰਨਗਤ ਜਣਾਈਆ। ਮੰਜ਼ਲ ਦੱਸਿਆ ਚੜ੍ਹਨ, ਓਝੜ ਰਾਹੋਂ ਬਚਾਈਆ। ਅੰਦਰ ਦੱਸਿਆ ਵੜਨ, ਪ੍ਰਭ ਦਾ ਦਰਸ਼ਨ ਪਾਈਆ। ਸਚ ਦਵਾਰੇ ਦੱਸਿਆ ਖੜ੍ਹਨ, ਹਰਿ ਸੰਗਤ ਮਿਲ ਕੇ ਵੱਜੀ ਵਧਾਈਆ। ਬਾਵਨ ਦਾ ਪੂਰਾ ਕੀਤਾ ਪਰਨ, ਪਰਮਾਤਮ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਸਰਨਾਈਆ। ਧਰਤੀ ਕਹੇ ਮੈਂ ਮਨਸਾ ਵਿਚ ਹੋਈ ਪੂਰ, ਪ੍ਰਭ ਪੂਰਨ ਦਿਤੀ ਵਡਿਆਈਆ। ਮੇਰਾ ਪਿਛਲਾ ਪੈਂਡਾ ਰਿਹਾ ਨਾ ਦੂਰ, ਅਗਲਾ ਪੰਧ ਦਿਤਾ ਮੁਕਾਈਆ। ਨਾਤਾ ਤੋੜ ਕੇ ਕੂੜ, ਕੁਟੰਬ ਭਗਤਾਂ ਦਿਤਾ ਵਖਾਈਆ। ਜਿਥੇ ਬਣਿਆ ਰਹੇ ਮਜ਼ਦੂਰ, ਜੁਗ ਚੌਕੜੀ ਸੇਵ ਕਮਾਈਆ। ਦਿੰਦਾ ਰਹੇ ਨੂਰ, ਜੋਤ ਨੂਰ ਰੁਸ਼ਨਾਈਆ। ਭੰਡਾਰਾ ਕਰਦਾ ਰਹੇ ਭਰਪੂਰ, ਅਤੋਟ ਅਤੁਟ ਵਰਤਾਈਆ। ਬੇਨੰਤੀ ਕਰਦਾ ਰਹੇ ਮਨਜ਼ੂਰ, ਮਜ਼ਦੂਰੀ ਸਭ ਦੀ ਝੋਲੀ ਪਾਈਆ। ਜਨਮ ਜਨਮ ਦਾ ਕਟ ਕ਼ੁਸੂਰ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਧਰਤੀ ਕਹੇ ਮੇਰੀ ਜੁਗ ਚੌਕੜੀ ਆਸਾ ਪੁੰਨੀ, ਭਰਵਾਸਾ ਮਿਲਿਆ ਬੇਪਰਵਾਹੀਆ। ਮੇਰੇ ਸੀਸ ਤੋਂ ਓਢਣ ਲੱਥਾ ਨਾ ਚੁੰਨੀ, ਪ੍ਰਭ ਨੇ ਪੜਦਾ ਦਿਤਾ ਪਾਈਆ। ਭਗਤ ਸੁਹੇਲੇ ਮਿਲੇ ਗੁਣੀ, ਗਹਿਰ ਗਭੀਰ ਦਿਤਾ ਵਖਾਈਆ। ਮੰਨ ਕੇ ਸਾਚੀ ਧੁਨੀ, ਧੰਨ ਭਾਗ ਕਹਿ ਕੇ ਸ਼ੁਕਰ ਮਨਾਈਆ। ਜਿਸ ਵੇਲੇ ਸਚ ਜੈਕਾਰ ਸੁਣੀ, ਸੋਹੰ ਢੋਲਾ ਰਹੇ ਗਾਈਆ। ਲੇਖਾ ਚੁਕਾਇਆ ਰਿਸ਼ੀ ਮੁਨੀ, ਮੁਨਕਰ ਹੋ ਨਾ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਭ ਦੀ ਪੁਕਾਰ ਸੁਣੀ, ਅਨਭੁੱਲ ਭੁੱਲ ਕਦੇ ਨਾ ਜਾਈਆ।
੨੦ ਜੇਠ ਸ਼ਹਿਨਸ਼ਾਹੀ ਸੰਮਤ ੨ ਕਿਰਪਾਲ ਸਿੰਘ ਤੂਤਾਂ ਵਾਲੇ ਦੇ ਗ੍ਰਹਿ ਕੈਂਪ ਖੂਣ ਜੰਮੂ
ਰਿਸ਼ੀਆਂ ਬਾਵਨ ਦੀ ਕੀਤੀ ਧੰਨ ਧੰਨ, ਧੰਨ ਕਹਿ ਕੇ ਖ਼ੁਸ਼ੀ ਮਨਾਈਆ। ਇਹ ਆਵਾਜ ਸ਼ੁੱਕਰ ਪਰੋਹਤ ਦੇ ਪੈ ਗਈ ਕੰਨ, ਸ਼ੰਕਿਆਂ ਵਿਚ
ਹਾਏ ਹਾਏ ਸੁਣਾਈਆ। ਇਹ ਕਿਸ ਦਾ ਬਿਰਧ ਤਨ, ਸਮਝ ਕੋਇ ਨਾ ਆਈਆ। ਬਲ ਨੂੰ ਦੇਵਣ ਆਇਆ ਡੰਨ, ਭੇਖ ਕੋਇ ਬਦਲਾਈਆ। ਮੈਨੂੰ ਪੈ ਗਿਆ ਜੰਨ, ਭਰਮ ਵਿਚ ਰਖਾਈਆ। ਹੌਲੀ ਜਿਹੀ ਕੋਲ ਆ ਕੇ ਬਾਵਨ, ਪਰੋਹਤ ਦੇ ਵਿਚ ਸੁਣਾਇਆ ਕੰਨ, ਹੁਕਮ ਧੁਰਦਰਗਾਹੀਆ। ਜੇ ਤੂੰ ਵੇਖਿਆ ਸੀ ਚੰਨ, ਤੈਨੂੰ ਦਿਆਂ ਸਮਝਾਈਆ। ਹੰਕਾਰੀ ਠੀਕਰ ਅੰਦਰੋਂ ਭੰਨ, ਭੱਜਾ ਜਾ ਵਾਹੋ ਦਾਹੀਆ। ਪੰਜ ਵਾਰ ਇਸ਼ਨਾਨ ਕਰ ਆਪਣੇ ਤਨ, ਤੇਰੇ ਮਾਟੀ ਮੰਦਰ ਹੋਏ ਸਫ਼ਾਈਆ। ਫੇਰ ਭੇਵ ਖੁਲ੍ਹੇ ਬ੍ਰਹਮ ਹੰ, ਹੰ ਬ੍ਰਹਮ ਨਜ਼ਰੀ ਆਈਆ। ਤ੍ਰਿਸ਼ਨਾ ਰਹੇ ਨਾ ਤਮ, ਤਾਮਸ ਦੇਣੀ ਚੁਕਾਈਆ। ਦ੍ਰਿਸ਼ਟੀ ਰਹੇ ਨਾ ਚੰਮ, ਨੇਤਰ ਅੱਖ ਖੁਲ੍ਹਾਈਆ। ਖ਼ੁਸ਼ੀ ਰਹੇ ਨਾ ਗ਼ਮ, ਗ਼ਮਖ਼ਾਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ੁੱਕਰ ਪਰੋਹਤ ਹੋਇਆ ਹੈਰਾਨ, ਹੈਰਾਨੀ ਅੰਦਰ ਆਈਆ। ਚੋਰੀ ਸਭ ਤੋਂ ਕਰਾਂ ਇਸ਼ਨਾਨ, ਮੈਨੂੰ ਵੇਖਣ ਕੋਇ ਨਾ ਪਾਈਆ। ਮੇਰੇ ਵਲ ਕਿਸੇ ਦਾ ਨਾ ਹੋਵੇ ਧਿਆਨ, ਨੇਤਰ ਅੱਖ ਨਾ ਕੋਇ ਉਠਾਈਆ। ਮੈਂ ਕਰਾਂ ਜਲ ਪਰਵਾਨ, ਭੱਜਾ ਵਾਹੋ ਦਾਹੀਆ। ਫਿਰ ਕੁਛ ਮੈਂ ਪੁਛਾਂ ਆਣ, ਸਹਿਜੇ ਦੇ ਸਮਝਾਈਆ। ਅੰਦਰੋਂ ਹੋਇਆ ਇਕ ਫ਼ਰਮਾਨ, ਹੁਕਮ ਦਿਤਾ ਦ੍ਰਿੜਾਈਆ। ਤੇਤੀ ਮਿੰਟ ਵਕ਼ਤ ਪਛਾਣ, ਵਧ ਘਟ ਨਾ ਕੋਇ ਰਖਾਈਆ। ਹੁਣ ਤੈਨੂੰ ਬਣਾਉਂਣਾ ਅਣਜਾਣ, ਤੇਰੀ ਵਿਦਿਆ ਦੇਣੀ ਭੁਲਾਈਆ। ਅਗੇ ਸੁਣਾਵਾਂ ਇਕ ਫ਼ਰਮਾਨ, ਹੁਕਮ ਸੰਦੇਸ਼ਾ ਬੇਪਰਵਾਹੀਆ। ਤੇਰਾ ਮੇਲਾ ਹੋਣਾ ਵਸ਼ਿਸ਼ਟ ਰਾਮ, ਰਮਈਆ ਹੋ ਕੇ ਖੇਲ ਖਿਲਾਈਆ। ਗੋਬਿੰਦ ਜਨਮੇ ਤੇਰੇ ਗਰਾਮ, ਰਾਜ ਮਹੱਲ ਮਿਲੇ ਵਡਿਆਈਆ। ਅੰਤ ਅਖ਼ੀਰੀ ਖੇਲ ਸ੍ਰੀ ਭਗਵਾਨ, ਅਬਿਨਾਸ਼ੀ ਕਰਤਾ ਆਪ ਕਰਾਈਆ। ਸਾਚੇ ਰਿਸ਼ੀਆਂ ਕਰੇ ਪਰਵਾਨ, ਪਰਵਾਨੇ ਸਭ ਦੇ ਹੱਥ ਫੜਾਈਆ। ਤੇਰਾ ਉਹਨਾਂ ਨਾਲ ਲੇਖਾ ਚੁਕਾਏ ਆਣ, ਬਾਕੀ ਪਿਛੇ ਨਾ ਕੋਇ ਰਖਾਈਆ। ਪਰੋਹਤ ਚਰਨ ਕਵਲ ਕਰ ਧਿਆਨ, ਸੀਸ ਦਿਤਾ ਨਿਵਾਈਆ। ਬਾਵਨ ਦੇ ਕੇ ਇਕ ਫ਼ਰਮਾਨ, ਫ਼ੁਰਨਿਆਂ ਵਿਚੋਂ ਫ਼ੁਰਨਾ ਦਿਤਾ ਪਰਗਟਾਈਆ। ਤੇਰੀ ਕਰੇ ਆਪ ਕਲਿਆਣ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਕਲਜੁਗ ਜਿਸ ਵੇਲੇ ਵਕ਼ਤ ਪਹੁੰਚਿਆ ਆਣ, ਸਮਾਂ ਸਮਾਂ ਦਿਤਾ ਬਦਲਾਈਆ। ਤੇਰਾ ਫੇਰ ਕਰਾਏ ਪੰਜ ਵਾਰ ਇਸ਼ਨਾਨ, ਨਿਸ਼ਾਨ ਆਪਣਾ ਵੇਖ ਵਖਾਈਆ। ਏਸੇ ਕਰ ਕੇ ਰਾਜ ਨਰੈਣ ਨੂੰ ਖੇਚਲ ਦਿਤੀ ਮਹਾਨ, ਦੀਬਾਣ ਬਾਣ ਧੁਰ ਦਾ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਸਰਬ ਚੁਕਾਏ ਵਿਚ ਜਹਾਨ, ਕਾਇਦਾ ਕ਼ਾਨੂੰਨ ਆਪਣੇ ਹੱਥ ਰਖਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੨ ਰਾਮ ਚੰਦ ਦੇ ਗ੍ਰਹਿ ਦੇਵਾ ਪਿੰਡ ਕੈਂਪ ਖੂਣ ਜੰਮੂ
ਧਰਤੀ ਕਹੇ ਖ਼ੁਸ਼ੀ ਹੋਏ ਰੋੜੇ ਪੱਥਰ, ਇੱਟਾਂ ਮਿੱਟੀ ਖ਼ਾਕ ਖ਼ੁਸ਼ੀ ਮਨਾਈਆ। ਜਿਸ ਵੇਲੇ ਵੈਰਾਗ ਅੰਦਰ ਸੁੱਟਦੇ ਰਹੇ ਅੱਥਰ, ਬਿਨ ਨੈਣਾਂ ਨੀਰ ਵਹਾਈਆ। ਘਾਸ ਫੂਸ ਉਤੇ ਜਿਸ ਦਾ ਵੇਖਿਆ ਸੱਥਰ, ਸੇਜਾ ਸਚ ਹੰਢਾਈਆ। ਸੋ ਸਾਡੀ ਪੂਰੀ ਕਰਨ ਆਇਆ ਸੱਧਰ, ਜੋ ਸਧਨਾਂ ਸੈਣ ਤਰਾਈਆ। ਗ਼ਰੀਬ ਨਿਮਾਣਿਆਂ ਕੀਤਾ ਕਦਰ, ਕ਼ੁਦਰਤ ਦੇ ਮਾਲਕ ਹੋ ਸਹਾਈਆ। ਸਚ ਇਨਸਾਫ਼ ਕੀਤਾ ਅਦਲ, ਅਦਮ ਦਾ ਲੇਖਾ
ਦਿਤਾ ਮੁਕਾਈਆ। ਛੱਡ ਮੈਦਾਨਾਂ ਪੱਧਰ, ਉਚੇ ਨੀਵੇਂ ਟਿੱਬਿਆਂ ਚਲਿਆ ਚਾਈਂ ਚਾਈਂਆ। ਮਿਹਰ ਕਰ ਕੇ ਆਪਣੀ ਕਰ ਨਦਰ, ਨਜ਼ਰ ਆਪਣੀ ਦਇਆ ਕਮਾਈਆ। ਦੀਨ ਦੁਨੀ ਵੇਖੇ ਗ਼ਦਰ, ਝਗੜਾ ਸਰਬ ਲੋਕਾਈਆ। ਸ੍ਰਿਸ਼ਟੀ ਹੋਵੇ ਮਹਸ਼ਰ, ਦ੍ਰਿਸ਼ਟੀ ਦਏ ਦੁਹਾਈਆ। ਜਨ ਭਗਤਾਂ ਚੋਟੀ ਚਾੜ੍ਹ ਸਿਖਰ, ਮੰਜ਼ਲ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਇੱਟਾਂ ਪੱਥਰ ਕਹਿਣ ਰੋੜੇ, ਰੁੜ੍ਹਦੀ ਧਾਰੋਂ ਲਿਆ ਬਚਾਈਆ। ਕਰ ਕਿਰਪਾ ਜਿਸ ਆਪਣੇ ਨਾਲ ਜੋੜੇ, ਜੁਗ ਚੌਕੜੀ ਦਿਤੀ ਵਡਿਆਈਆ। ਸੰਤ ਸੁਹੇਲਾ ਹੋ ਕੇ ਬਹੁੜੇ, ਨਿਰਗੁਣ ਹੋ ਕੇ ਵੇਖ ਵਖਾਈਆ। ਭਗਤ ਜਨਾਂ ਸੁਣਾ ਕੇ ਦੋਹਰੇ, ਧੁਰ ਦਾ ਨਾਮ ਜਣਾਈਆ। ਲੇਖੇ ਲਾ ਕੇ ਕੋਟਾਂ ਵਿਚੋਂ ਥੋੜੇ, ਜੋਤੀ ਸ਼ਬਦੀ ਧਾਰ ਮਿਲਾਈਆ। ਨਾਮ ਅਗੰਮੇ ਚੜ੍ਹਾਏ ਘੋੜੇ, ਬ੍ਰਹਿਮੰਡ ਖੰਡ ਪਾਰ ਲੰਘਾਈਆ। ਲੇਖਾ ਮੁਕੇ ਪੇਕੇ ਸੌਹਰੇ, ਇਕੋ ਘਰ ਦਏ ਵਖਾਈਆ। ਜਿਥੇ ਗ਼ੁੱਸੇ ਵਿਚ ਕੋਈ ਨਾ ਹੋੜੇ, ਭੈ ਨਾਲ ਨਾ ਕੋਇ ਡਰਾਈਆ। ਲੱਗੀ ਪ੍ਰੀਤ ਕੋਇ ਨਾ ਤੋੜੇ, ਨਾਤਾ ਕੂੜ ਨਾ ਕੋਇ ਜਣਾਈਆ। ਮਮਤਾ ਮੋਹ ਦਿਸੇ ਨਾ ਠੱਗ ਚੋਰੇ, ਹੰਕਾਰ ਵਿਕਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰੋੜੇ ਪੱਥਰ ਕਹਿਣ ਸਾਡੇ ਨਾਲ ਤਰਿਆ ਘਾਸ, ਚਰਨ ਛੋਹ ਕੇ ਖ਼ੁਸ਼ੀ ਮਨਾਈਆ। ਬਣ ਕੇ ਦਾਸੀ ਦਾਸ, ਸੇਵਕ ਨਜ਼ਰੀ ਆਈਆ। ਕਰੇ ਹਾਸ ਬਲਾਸ, ਖ਼ੁਸ਼ੀਆਂ ਰੰਗ ਵਖਾਈਆ। ਵੇਖ ਜੋਤ ਪਰਕਾਸ਼, ਭੱਜਿਆ ਵਾਹੋ ਦਾਹੀਆ। ਜਨਮ ਜਨਮ ਦੀ ਪੂਰੀ ਹੋਈ ਆਸ, ਤ੍ਰਿਸ਼ਨਾ ਲਈ ਬੁਝਾਈਆ। ਜਿਥੇ ਰਿਸ਼ੀ ਜਪਦੇ ਰਹੇ ਸਵਾਸ ਸਵਾਸ, ਅੰਦਰ ਵੜ ਕੇ ਧਿਆਨ ਲਗਾਈਆ। ਓਥੇ ਵਸਿਆ ਸਭ ਦੇ ਪਾਸ, ਘਰ ਸਵਾਮੀ ਨਜ਼ਰੀ ਆਈਆ। ਦਰਸ਼ਨ ਦੇ ਕੇ ਸਾਖਿਆਤ, ਸ਼ਨਾਖ਼ਤ ਆਪਣੀ ਦਏ ਕਰਾਈਆ। ਹਰਿਜਨ ਬਣਾ ਕੇ ਪਾਰਜਾਤ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਖ਼ੁਸ਼ੀ ਹੋਈ ਨਬਾਤਾਤ, ਕਾਇਨਾਤ ਵੱਜੀ ਵਧਾਈਆ। ਬਨਾਸਪਤ ਕਦੀ ਨਾ ਹੋਵੇ ਉਦਾਸ, ਲੇਖਾ ਸਭ ਦਾ ਰਿਹਾ ਚੁਕਾਈਆ। ਧਰਨੀ ਕਹੇ ਲੇਖੇ ਲੱਗੇ ਸਵਾਸ, ਸਾਹ ਸਾਹ ਜਿਸ ਨੂੰ ਰਹੀ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਮੇਟੇ ਵਾਟ, ਵੱਟਾ ਸੱਟਾ ਜਗਤ ਨਾਲ ਕਰਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੨ ਇੰਦਰੋ ਦੇਵੀ ਗ੍ਰਹਿ ਪਿੰਡ ਦਿਉੜੇ ਕੈਂਪ ਮਨਵਾਲ ਜੰਮੂ
ਖ਼ੁਸ਼ੀਆਂ ਵਿਚ ਹੱਸੇ ਟਿਬੇ ਟੋਏ, ਪੱਧਰ ਆਪਣਾ ਰੰਗ ਵਖਾਈਆ। ਦੁਰਮਤ ਮੈਲ ਸਾਡਾ ਧੋਏ, ਪਾਪਾਂ ਰੰਗ ਦਿਤਾ ਮਿਟਾਈਆ। ਸਚ ਅਮੋਲਕ ਵਸਤ ਦੇ ਕੇ ਇਕੋ ਢੋਏ, ਢੋਲਾ ਇਕੋ ਦਿਤਾ ਸੁਣਾਈਆ। ਭਗਤ ਭਗਵਾਨ ਮਿਲ ਕੇ ਗਾਏ ਦੋਹੇ, ਦੋਹਰਾ ਹੁਕਮ ਆਪ ਵਰਤਾਈਆ। ਅੰਮ੍ਰਿਤ ਜਾਮ ਸਾਚਾ ਅੰਤਰ ਚੋਏ, ਮੁਖ ਰਸਨਾ ਜਿਹਵਾ ਸਮਝ ਸਕੇ ਨਾ ਰਾਈਆ। ਸਚ ਪਰਕਾਸ਼ ਕੀਤਾ ਆਪਣਾ ਲੋਏ, ਲੋਚਨ ਦੁਨੀ ਦਾ ਇਕ ਖੁਲ੍ਹਾਈਆ। ਜਿਸ ਵੈਰਾਗ ਅੰਦਰ ਰੋਏ, ਸੋ ਮਿਲਿਆ ਬੇਪਰਵਾਹੀਆ। ਲੇਖਾ ਸਮਝ ਸਕੇ ਨਾ ਕੋਇ, ਕੂਕ ਕੂਕ ਕੂਕ ਦੁਹਾਈਆ। ਕਿਸੇ
ਨਾਲ ਕਦੇ ਨਾ ਕਰੇ ਧਰੋਹੇ, ਧੁਰ ਦਾ ਮਾਲਕ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਟੋਏ ਟਿੱਬੇ ਹੱਸਣ ਪਰਬਤ, ਚੋਟੀਆਂ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਸਚ ਦਵਾਰੇ ਪਾਈ ਬਰਕਤ, ਬੇਪਰਵਾਹ ਦਿਤੀ ਵਡਿਆਈਆ। ਗ਼ਰੀਬ ਨਿਮਾਣੇ ਅੰਮ੍ਰਿਤ ਜਾਮ ਪਿਆਇਆ ਸ਼ਰਬਤ, ਸ਼ਰਅ ਕੂੜ ਬਾਹਰ ਕਢਾਈਆ। ਖ਼ੁਸ਼ੀਆਂ ਅੰਦਰ ਪ੍ਰੇਮ ਦੀ ਆਈ ਹਰਕਤ, ਭੱਜੇ ਨੱਠੇ ਚਾਈਂ ਚਾਈਂਆ। ਲੇਖੇ ਲੱਗੇ ਝਾੜੀ ਬੂਟੇ ਦਰਖ਼ਤ, ਖ਼ਤਾ ਸਭ ਦੀ ਮੁਆਫ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲਹਿਣਾ ਸਭ ਦੀ ਝੋਲੀ ਪਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੨ ਭਾਈਆ ਦੇਵੀ ਪਿੰਡ ਮੋਇਲ ਕੈਂਪ ਮਾਨਸਰ ਜੰਮੂ
ਦਰਖ਼ਤ ਬੂਟੇ ਕਹਿਣ ਟਾਹਣੀ ਪੱਤ, ਜੜ੍ਹ ਚੋਟੀ ਖ਼ੁਸ਼ੀ ਮਨਾਈਆ। ਪ੍ਰਭ ਵੇਖਿਆ ਕਮਲਾਪਤ, ਕੋਝਿਆਂ ਕਮਲਿਆਂ ਹੋਏ ਸਹਾਈਆ। ਜੋ ਸਾਂਝਾ ਗਾਵੇ ਜਸ, ਭਗਤ ਭਗਵਾਨ ਢੋਲਾ ਇਕ ਅਲਾਹੀਆ। ਪੂਰਬ ਲਹਿਣਾ ਦੇਵੇ ਹੱਕ, ਹਾਕਮ ਹੋ ਕੇ ਵੇਖ ਵਖਾਈਆ। ਦਿੰਦਿਆਂ ਕਦੇ ਨਾ ਜਾਵੇ ਥਕ, ਅਤੋਟ ਅਤੁਟ ਭੰਡਾਰ ਆਪ ਵਰਤਾਈਆ। ਆਤਮ ਬ੍ਰਹਮ ਪਿਆਰ ਦੇਵੇ ਸਤਿ, ਸਤਿ ਸਤਿਵਾਦੀ ਵੇਖ ਵਖਾਈਆ। ਧੀਰਜ ਸੰਤੋਖ ਦੇਵੇ ਯਤ, ਮਨਸਾ ਮਨ ਨਾ ਕੋਇ ਹਲਕਾਈਆ। ਭਾਗ ਲਗਾਏ ਤਤ ਅੱਠ, ਤ੍ਰੈ ਪੰਜ ਵੱਜੇ ਵਧਾਈਆ। ਲੋਕਮਾਤ ਲੱਜਿਆ ਲਏ ਰਖ, ਮਿਹਰਵਾਨ ਹੋ ਕੇ ਵੇਖ ਵਖਾਈਆ। ਸੰਤ ਸੁਹੇਲੇ ਤੱਕੇ ਆਪਣੀ ਅੱਖ, ਭਗਤ ਭਗਵਾਨ ਜੋੜ ਜੁੜਾਈਆ। ਗੁਰਮੁਖ ਰਹਿਣ ਨਾ ਦੇਵੇ ਵੱਖ, ਗੁਰਸਿਖ ਇਕੋ ਘਰ ਟਿਕਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਸਾਂਝਾ ਹੋਵੇ ਜਸ, ਵੇਦ ਪੁਰਾਨ ਸਿਫ਼ਤ ਨਾ ਕੋਇ ਸਾਲਾਹੀਆ। ਕਰੇ ਖੇਲ ਪੁਰਖ ਸਮਰਥ, ਧੁਰ ਦਾ ਮਾਲਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਮੁਕਾਈਆ। ਟਾਹਣੀ ਪੱਤੇ ਬੋਲੀ ਸ਼ਾਖ਼, ਸ਼ਨਾਖ਼ਤ ਧੁਰ ਦੀ ਨਜ਼ਰੀ ਆਈਆ। ਜੋ ਬਾਵਨ ਗਿਆ ਆਖ, ਪਤਿਤ ਪਾਵਨ ਪੂਰ ਕਰਾਈਆ। ਰਿਸ਼ੀ ਰਹੇ ਨਾ ਕੋਇ ਉਦਾਸ, ਸਿੱਖੀ ਸਾਚੀ ਆਪ ਉਪਜਾਈਆ। ਲੇਖੇ ਲਾ ਕੇ ਹੱਡ ਮਾਸ, ਨਾੜੀ ਨਾੜੀ ਕਰੇ ਰੁਸ਼ਨਾਈਆ। ਮੰਜ਼ਲ ਮੁਕਾ ਕੇ ਘਾਟ, ਪਾਰ ਕਿਨਾਰੇ ਦਏ ਲਗਾਈਆ। ਸਾਚੀ ਦੱਸ ਕੇ ਗਾਥ, ਸਿਖਿਆ ਇਕ ਸਮਝਾਈਆ। ਮੇਲ ਮਿਲਾ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੇ ਰੰਗ ਰੰਗਾਈਆ। ਜਨ ਭਗਤਾਂ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਧਰਤ ਧਵਲ ਤੇਰੀ ਪੂਰੀ ਕਰ ਕੇ ਖ਼ਾਹਿਸ਼, ਅੱਵਲ ਆਪਣਾ ਨਾਮ ਇਕ ਸਮਝਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੨ ਸੋਭਾ ਸਿੰਘ ਦੇ ਗ੍ਰਹਿ ਪਿੰਡ ਮੋਇਲ ਕੈਂਪ ਰਾਮ ਕੋਟ ਜੰਮੂ
ਜਨ ਭਗਤ ਮਾਨਸ ਜਨਮ ਜਗ ਜਾਏ ਜੀਤ, ਹਿਰਦੇ ਹਰਿ ਹਰਿ ਇਕ ਵਸਾਈਆ। ਪ੍ਰੇਮ ਪਿਆਰ ਦੀ ਚਲਾ ਕੇ ਰੀਤ, ਸ੍ਰਿਸ਼ਟੀ ਦ੍ਰਿਸ਼ਟੀ
ਦਏ ਸਮਝਾਈਆ। ਖੇਲ ਵਖਾ ਕੇ ਹਸਤ ਕੀਟ, ਊਚਾਂ ਨੀਚਾਂ ਜਾਏ ਸਮਾਈਆ। ਪੁਰਖ ਅਬਿਨਾਸ਼ੀ ਸਭ ਦਾ ਮੀਤ, ਮਿੱਤਰ ਪਿਆਰਾ ਇਕੋ ਵੇਖ ਵਖਾਈਆ। ਜੋ ਹਰ ਘਟ ਵਸੇ ਚੀਤ, ਘਟ ਘਟ ਰਿਹਾ ਸਮਾਈਆ। ਸਾਚਾ ਕਰੇ ਨਾਮ ਬਖ਼ਸ਼ੀਸ਼, ਵਸਤ ਵਾਸਤਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਈਆ। ਜਨ ਭਗਤ ਸਫ਼ਲ ਹੋਵੇ ਜਨਮ, ਕੁਫਲ ਅੰਦਰੋਂ ਲਏ ਖੁਲ੍ਹਾਈਆ। ਮਿਟੇ ਮਨ ਕਾ ਭਰਮ, ਭਉ ਜਗਤ ਚੁਕਾਈਆ। ਤੱਕੇ ਸਾਚੀ ਸਰਨ, ਓਟ ਇਕ ਰਖਾਈਆ। ਮਸਤਕ ਨਿਵੇ ਚਰਨ, ਜਗਦੀਸ਼ ਸੀਸ ਝੁਕਾਈਆ। ਘਰ ਸਾਚੇ ਮਿਲੇ ਵੜਨ, ਗ੍ਰਹਿ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਸਰਨਾਈਆ। ਜਨ ਭਗਤ ਮਾਨਸ ਜਨਮ ਲੇਖੇ, ਹਰਿ ਗਿਣਤੀ ਵਿਚ ਗਿਣਾਈਆ। ਨਿਰਗੁਣ ਹੋ ਕੇ ਆਪੇ ਵੇਖੇ, ਸਰਗੁਣ ਮੇਲੇ ਸਹਿਜ ਸੁਭਾਈਆ। ਜੁਗ ਜਨਮ ਰਖੇ ਚੇਤੇ, ਚਾਤਰਕ ਆਪਣੇ ਲਏ ਉਠਾਈਆ। ਨਾਮ ਸ਼ਬਦ ਦਏ ਸੰਦੇਸ਼ੇ, ਧੁਰ ਫ਼ਰਮਾਨ ਦ੍ਰਿੜਾਈਆ। ਅੰਦਰ ਵੜ ਕੇ ਖੋਲ੍ਹੇ ਭੇਤੇ, ਮਮਤਾ ਮੋਹ ਮਿਟਾਈਆ। ਭਗਤ ਭਗਵਾਨ ਸਦਾ ਖੇਲ ਕਰੇ ਜੁਗ ਕੇਤੇ, ਕੋਟਨ ਕੋਟ ਕਾਲ ਗਏ ਵਿਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਈਆ। ਜਨ ਭਗਤ ਜਨਮ ਲੇਖੇ ਜਾਏ ਲੱਗ, ਮਾਟੀ ਖ਼ਾਕ ਨਾ ਕੋਇ ਰਲਾਈਆ। ਆਤਮ ਪਰਮਾਤਮ ਰਹੇ ਨਾ ਅਲਗ, ਧੁਰ ਦਾ ਮੇਲਾ ਸਹਿਜ ਸੁਭਾਈਆ। ਨਾਤਾ ਕੂੜ ਕੁੜਿਆਰ ਤੁੱਟੇ ਜਗ, ਜਗਤ ਪਿਤ ਦਏ ਸ਼ਰਨਾਈਆ। ਪੋਹ ਸਕੇ ਨਾ ਅਗਨੀ ਅੱਗ, ਤੱਤੀ ਵਾ ਨਾ ਕੋਇ ਲਗਾਈਆ। ਨਾਮ ਨਿਧਾਨ ਸੁਣਾਏ ਨਦ, ਹੱਦ ਕੂੜੀ ਪਾਰ ਕਰਾਈਆ। ਅੰਮ੍ਰਿਤ ਜਾਮ ਪਿਆਏ ਮੱਧ, ਮਧੁਰ ਧੁਨ ਇਕ ਸੁਣਾਈਆ। ਦਰਸ ਦੇਵੇ ਉਪਰ ਸ਼ਾਹ ਰਗ, ਪੜਦਾ ਓਹਲਾ ਆਪ ਚੁਕਾਈਆ। ਬਿਨ ਕਾਅਬਿਉਂ ਕਰਾਏ ਧੁਰ ਦਾ ਹੱਜ, ਹਜ਼ਰਤ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਜਨ ਭਗਤ ਜਨਮ ਜਾਏ ਸਵਾਰ, ਮਾਟੀ ਖ਼ਾਕੀ ਮਿਲੇ ਵਡਿਆਈਆ। ਪੂਰਬ ਲਹਿਣਾ ਲੇਖਾ ਚੁੱਕੇ ਉਧਾਰ, ਬਾਕੀ ਅਵਰ ਨਾ ਕੋਇ ਰਖਾਈਆ। ਰਿਸ਼ੀਆਂ ਲਹਿਣਾ ਦੇਣਾ ਕਰੇ ਆਰ ਪਾਰ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਸਚ ਸੌਦਾਗਰ ਕਰਾਏ ਵਣਜ ਵਪਾਰ, ਸੌਦਾ ਇਕੋ ਹੱਟ ਨਾਮ ਵਿਕਾਈਆ। ਖ਼ਰੀਦਦਾਰ ਥੋੜੇ ਲੱਭੇ ਭਗਤ ਸੁਹੇਲੇ ਯਾਰ, ਦੂਜਾ ਲੈਣ ਕੋਇ ਨਾ ਆਈਆ। ਕਰੇ ਖੇਲ ਤਖ਼ਤ ਨਿਵਾਸੀ ਏਕੰਕਾਰ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਲਹਿਣਾ ਦੇਣਾ ਚੁਕਾਵਣਹਾਰ ਸਦਾ ਜੁਗ ਚਾਰ, ਚੌਕੜ ਔਕੜ ਸਭ ਦੀ ਵੇਖ ਵਖਾਈਆ। ਕਲਜੁਗ ਅੰਤਮ ਹੋ ਤਿਆਰ, ਤ੍ਰੈਗੁਣ ਅਤੀਤਾ ਫੇਰਾ ਪਾਈਆ। ਜਨ ਭਗਤ ਸੁਹੇਲੇ ਕਰ ਕੇ ਖ਼ਬਰਦਾਰ, ਨਾਮ ਸੰਦੇਸ਼ੇ ਆਪ ਉਠਾਈਆ। ਸਾਚੀ ਭੂਮਿਕਾ ਖਿੜੀ ਵੇਖੇ ਆਪ ਗੁਲਜ਼ਾਰ, ਗੁਲਸ਼ਨ ਆਪਣਾ ਆਪ ਮਹਿਕਾਈਆ। ਅੰਤ ਲਹਿਣਾ ਦੇਣਾ ਭਗਤ ਭਗਵੰਤ ਦਏ ਉਤਾਰ, ਉੱਤਰ ਪੂਰਬ ਪੱਛਮ ਦੱਖਣ ਚਾਰੇ ਕੁੰਟ ਖ਼ੁਸ਼ੀ ਮਨਾਈਆ। ਵਾਰ ਥਿਤ ਦਿਵਸ ਘੜੀ ਪਲ ਲਏ ਵਿਚਾਰ, ਵਿਲੱਖਣ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪੈਜ ਜਾਏ ਸਵਾਰ, ਧਰਨੀ ਧਰਤ ਧਵਲ ਪਾਵੇ ਸਾਰ, ਹੱਬ ਕਿਛ ਆਪਣੇ ਰਖ ਅਖ਼ਤਿਆਰ, ਇਫ਼ਤਲਾਫ਼ ਅੰਦਰੋਂ ਦਏ ਕਢਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੨ ਹਰਨਾਮੋ ਦੇਵੀ ਦੇ ਗ੍ਰਹਿ ਪਿੰਡ ਮੋਇਲ ਕੈਂਪ ਰਾਮ ਕੋਟ ਜੰਮੂ
ਜਨ ਭਗਤ ਕਹਿਣ ਅਸੀਂ ਪੂਰਬ ਲਹਿਣਾ ਆਏ ਲੈਣ, ਪੁਰੀ ਲੋਅ ਬ੍ਰਹਿਮੰਡ ਖੰਡ ਤਜਾਈਆ। ਸ੍ਰਿਸ਼ਟ ਸਬਾਈ ਆਏ ਕਹਿਣ, ਅਬਿਨਾਸ਼ੀ ਕਰਤਾ ਮੰਨੋ ਬੇਪਰਵਾਹੀਆ। ਪਾਰਬ੍ਰਹਮ ਪ੍ਰਭ ਦਰਸ਼ਨ ਕਰੋ ਆਪਣੇ ਨੈਣ, ਜਗ ਲੋਚਨ ਹਰਸ ਮਿਟਾਈਆ। ਇਕ ਅਕੱਲਾ ਬਣੇ ਸੱਚਾ ਸਾਕ ਸੱਜਣ ਸੈਣ, ਸਮਰਥ ਸਵਾਮੀ ਹੋਏ ਸਹਾਈਆ। ਜੁਗ ਚੌਕੜੀ ਆਦਿ ਜੁਗਾਦਿ ਦੇਵੇ ਦੇਣ, ਕ਼ਰਜ਼ਾ ਸਭ ਦਾ ਦਏ ਚੁਕਾਈਆ। ਜਿਸ ਰਾਮ ਦੀ ਮਹਿੰਮਾ ਸੁਣਦੇ ਵਿਚ ਰਮਾਇਣ, ਰਾਮ ਦਾ ਰਾਮ ਭਗਤਾਂ ਰਿਹਾ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਜਨ ਭਗਤ ਕਹਿਣ ਅਸਾਂ ਪੂਰਬ ਲੈਣਾ ਲੇਖਾ, ਬਾਵਨਧਾਰੀ ਨਜ਼ਰੀ ਆਈਆ। ਚੌਥੇ ਜੁਗ ਚੁੱਕਿਆ ਠੇਕਾ, ਗੁਰ ਅਵਤਾਰ ਪੈਗ਼ੰਬਰ ਗਏ ਸੀਸ ਨਿਵਾਈਆ। ਜਨ ਭਗਤਾਂ ਸਾਹਮਣੇ ਕੀਤਾ ਏਕਾ, ਇਕੋ ਏਕੰਕਾਰ ਲੈਣਾ ਮਨਾਈਆ। ਦੂਜੀ ਰਖਣੀ ਨਹੀਂ ਕੋਈ ਟੇਕਾ, ਸਿਰ ਸਕੇ ਨਾ ਕੋਇ ਝੁਕਾਈਆ। ਅੰਤ ਰਹਿਣਾ ਨਹੀਂ ਵੇਖੀ ਵੇਖਾ, ਭਰਮ ਅੰਦਰੋਂ ਦੇਣਾ ਕਢਾਈਆ। ਮਾਲਕ ਤੱਕਣਾ ਨਰ ਨਰੇਸ਼ਾ, ਅਬਿਨਾਸ਼ੀ ਕਰਤਾ ਸ਼ਹਿਨਸ਼ਾਹੀਆ। ਜਿਸ ਦਾ ਸਚਖੰਡ ਸਾਚਾ ਦੇਸਾ, ਮਾਤਲੋਕ ਕਰੇ ਰੁਸ਼ਨਾਈਆ। ਜੁਗ ਚੌਕੜੀ ਆਵੇ ਵਾਰ ਅਨੇਕਾ, ਬਿਨ ਭਗਤਾਂ ਦਰਸ ਨਾ ਕਿਸੇ ਵਖਾਈਆ। ਜਿਸ ਬਲ ਬਾਵਨ ਰੱਖਿਆ ਚੇਤਾ, ਸਤਿਜੁਗ ਧਾਰ ਸਤਿਜੁਗ ਦਏ ਪਰਗਟਾਈਆ। ਸੋ ਦੋ ਜਹਾਨਾਂ ਬਣ ਕੇ ਆਇਆ ਨੇਤਾ, ਧੁਰ ਫ਼ਰਮਾਨ ਹੁਕਮ ਸੁਣਾਈਆ। ਜਨ ਭਗਤਾਂ ਅੰਦਰ ਖੋਲ੍ਹੇ ਭੇਤਾ, ਭੇਵ ਆਪਣਾ ਦਏ ਖੁਲ੍ਹਾਈਆ। ਸ੍ਰੀ ਭਗਵਾਨ ਆਦਿ ਜੁਗਾਦਿ ਰਹੇ ਹਮੇਸ਼ਾ, ਜਨਮ ਮਰਨ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਬਦਲ ਦੇਵੇ ਰੇਖਾ, ਕਰਮ ਕਾਂਡ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹਿਣ ਅਸੀਂ ਨਹੀਂ ਵੱਡੇ ਛੋਟੇ, ਨਿੱਕੇ ਬਾਲ ਬਿਰਧ ਜਵਾਨੀ ਵੰਡ ਨਾ ਕੋਇ ਵੰਡਾਈਆ। ਜਗਤ ਵਿਚਾਰ ਵਿਚ ਮਾਰੇ ਕਦੇ ਨਾ ਗੋਤੇ, ਵਹਿੰਦੇ ਵਹਿਣ ਨਾ ਕੋਇ ਪਾਈਆ। ਇਕੋ ਪ੍ਰਭ ਦਾ ਦਰਸ਼ਨ ਰਹੇ ਲੋਚੇ, ਦੋ ਜਹਾਨਾ ਧਿਆਨ ਨਾ ਕੋਇ ਲਗਾਈਆ। ਸਚਖੰਡ ਦੀ ਸਾਚੀ ਰਹੇ ਸੋਚੇ, ਸਮਝ ਜਗਤ ਨਾ ਕੋਇ ਭੁਲਾਈਆ। ਲੱਖ ਚੁਰਾਸੀ ਵਿਚੋਂ ਮਾਨਸ ਜਨਮ ਮਿਲਣ ਦੇ ਮੌਕੇ, ਪਾਰਬ੍ਰਹਮ ਪ੍ਰਭ ਮਿਲ ਕੇ ਆਪਣਾ ਆਪ ਸਮਾਈਆ। ਮਾਇਆ ਮਮਤਾ ਦੇ ਨਾ ਸਕੇ ਧੋਖੇ, ਕੂੜੀ ਕਿਰਿਆ ਨਾ ਕੋਇ ਹਲਕਾਈਆ। ਅਸਾਂ ਮੰਜ਼ਲ ਪੌੜੀ ਚੜ੍ਹਨਾ ਸੌਖੇ, ਅਧਵਿਚਕਾਰ ਨਾ ਕੋਇ ਅਟਕਾਈਆ। ਉਚੀ ਕੂਕ ਢੋਲੇ ਗਾਉਣੇ ਹੋਕੇ, ਹੁਕਮ ਸੁਣ ਕੇ ਖ਼ੁਸ਼ੀ ਮਨਾਈਆ। ਕਲਜੁਗ ਜੀਵ ਜਗਤ ਜਹਾਨ ਰਹਿਣੇ ਸੋਤੇ, ਸੁਤਿਆਂ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਰੰਗਾਈਆ। ਜਨ ਭਗਤ ਕਹਿਣ ਅਸੀਂ ਲਹਿਣਾ ਦੇਣਾ ਲੈਣ ਚ ਵੱਡੇ, ਵੱਡਿਆਂ ਵਿਚੋਂ ਨਜ਼ਰੀ ਆਈਆ। ਪੁਰਖ ਅਕਾਲ ਆਪਣੀ ਧਾਰੋਂ ਕੱਢੇ, ਚੁਰਾਸੀ ਗੇੜ ਨਾ ਕੋਇ ਭਵਾਈਆ। ਕੂੜ ਕੁੜਿਆਰੇ ਨਾਤੇ ਛੱਡੇ, ਆਤਮ ਪਰਮਾਤਮ ਮੇਲ ਮਿਲਾਈਆ। ਸਚ ਦਵਾਰੇ ਜਾਈਏ ਭੱਜੇ, ਚਲੀਏ ਵਾਹੋ ਦਾਹੀਆ। ਜਿਥੇ ਇਕੋ ਦੀਪਕ ਜਗੇ, ਨਿਰਗੁਣ ਜੋਤ ਹੋਵੇ ਰੁਸ਼ਨਾਈਆ। ਭਗਤ ਭਗਵਾਨ ਨਾਤੇ ਬਣਨਾ ਸਕੇ, ਸਕਿਆਂ ਨਾਲੋਂ ਹੋਏ ਜੁਦਾਈਆ। ਚਰਨ ਕਵਲ ਸਰਨਾਈ ਸਾਚੀ ਰਖੇ, ਘਰ ਠਾਂਡੇ ਦਏ ਬਹਾਈਆ। ਜਿਥੇ ਜਗਤ
ਅੱਖ ਕੋਈ ਨਾ ਤੱਕੇ, ਨਿਜ ਨੇਤਰ ਦਰਸ਼ਨ ਪਾਈਆ। ਨਾਤਾ ਬਿਧਾਤਾ ਕਰੇ ਪੱਕੇ, ਕੱਚੀ ਗੰਢ ਨਾ ਕੋਇ ਰਖਾਈਆ। ਕੋਟਨ ਕੋਟਾਂ ਵਿਚੋਂ ਭਗਤ ਸੁਹੇਲੇ ਥੋੜੇ ਅੱਛੇ, ਜਿਨ੍ਹਾਂ ਮਿਲੇ ਮਾਣ ਵਡਿਆਈਆ। ਪਰਮ ਪੁਰਖ ਸਰਨਾਈ ਢੱਠੇ, ਨਿਉਂ ਨਿਉਂ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਰਬਾਰ ਕਰ ਸੱਚੇ, ਸਚ ਸਚ ਸਚ ਵਿਚ ਸਮਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੨ ਜੀਤ ਕੌਰ ਪਿੰਡ ਧੰਗਾਲੀ ਕੈਂਪ ਰਾਮ ਕੋਟ ਜੰਮੂ
ਜਨ ਭਗਤ ਕਹਿਣ ਅਸੀਂ ਵੇਖੇ ਜੁਗ ਚੌਕੜੀ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਨਿਤ ਨਿੱਤ ਵੇਸ ਵਟਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਪਾਰਬ੍ਰਹਮ ਪਤਿਪਰਮੇਸ਼ਵਰ ਮਿਲਿਆ ਸਾਂਝਾ ਯਾਰ, ਆਦਿ ਨਿਰੰਜਣ ਅਬਿਨਾਸ਼ੀ ਕਰਤਾ ਆਪਣਾ ਰੂਪ ਬਦਲਾਈਆ। ਸੰਤ ਸੁਹੇਲਾ ਇਕ ਅਕੇਲਾ ਏਕੰਕਾਰ ਮਾਰਗ ਲੌਂਦਾ ਰਿਹਾ ਵਿਚ ਸੰਸਾਰ, ਹੁਕਮੇਂ ਅੰਦਰ ਹੁਕਮ ਸੁਣਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਪਾਉਂਦਾ ਰਿਹਾ ਸਾਰ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਆਪਣਾ ਖੇਲ ਵਖਾਈਆ। ਸ਼ਬਦ ਸੰਦੇਸ਼ਾ ਨਾਮ ਨਿਧਾਨ ਕ਼ਲਮ ਸ਼ਾਹੀ ਕਾਤਬ ਬਣ ਕੇ ਲੇਖਾ ਲਿਖਦਾ ਰਿਹਾ ਲਿਖਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਰੰਗ ਰੰਗਾਈਆ। ਪੰਜ ਤਤ ਕਾਇਆ ਮਾਟੀ ਮਨ ਮਤ ਬੁਧ ਦਿੰਦਾ ਰਿਹਾ ਅਧਾਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਕਰਨੀ ਕਾਰ ਕਮਾਈਆ। ਭਗਤ ਵਛਲ ਅਛਲ ਅਛੱਲ ਗੁਰਮੁਖਾਂ ਦਿੰਦਾ ਰਿਹਾ ਦੀਦਾਰ, ਨਿਜ ਲੋਚਨ ਨੈਣ ਗਿਆਨ ਅੱਖ ਪਰਤੱਖ ਖੁਲ੍ਹਾਈਆ। ਜੋਤੀ ਜਾਤਾ ਪੁਰਖ ਬਿਧਾਤਾ ਚਾਰ ਕੁੰਟ ਦਹਿ ਦਿਸ਼ਾ ਹੁੰਦਾ ਰਿਹਾ ਉਜਿਆਰ, ਗੁਰ ਅਵਤਾਰ ਪੈਗ਼ੰਬਰ ਰੂਪ ਵਟਾਈਆ। ਜਨ ਭਗਤ ਕਹਿਣ ਸਦਾ ਸਦਾ ਸਦ ਸਾਡਾ ਬਣਿਆ ਰਿਹਾ ਮੀਤ ਮੁਰਾਰ, ਵਿਛੋੜੇ ਵਿਚੋਂ ਜੋੜਾ ਆਪ ਮਿਲਾਈਆ। ਅੰਦਰ ਵੜ੍ਹ ਕੇ ਮੰਦਰ ਚੜ੍ਹ ਕੇ ਸ਼ਬਦ ਅਗੰਮੀ ਦੱਸਦਾ ਰਿਹਾ ਗੁਫ਼ਤਾਰ, ਅੱਖ਼ਰਾਂ ਤੋਂ ਬਾਹਰ ਕਰੇ ਪੜ੍ਹਾਈਆ। ਆਦਿ ਅੰਤ ਜੁਗਾ ਜੁਗੰਤ ਜਿਸ ਦੀ ਪਾਵੇ ਕੋਈ ਨਾ ਸਾਰ, ਬੇਅੰਤ ਕਹਿ ਕੇ ਸਾਰੇ ਸ਼ੁਕਰ ਮਨਾਈਆ। ਸੋ ਸਵਾਮੀ ਅੰਤਰਜਾਮੀ ਜਨ ਭਗਤਾਂ ਮੀਤਾ ਠਾਂਡਾ ਸੀਤਾ ਕਰੇ ਹੱਕ ਪਿਆਰ, ਹਕ਼ੀਕ਼ਤ ਵਿਚੋਂ ਸਚ ਖੋਜ ਖੁਜਾਈਆ। ਜਨ ਭਗਤ ਕਹਿਣ ਬਿਨ ਭਗਤਾਂ ਪ੍ਰਭ ਦਾ ਕਰੇ ਨਾ ਕੋਇ ਇਜ਼ਹਾਰ, ਪੜਦਾ ਓਹਲਾ ਭੇਵ ਨਾ ਕੋਇ ਖੁਲ੍ਹਾਈਆ। ਇਸ਼ਟ ਦ੍ਰਿਸ਼ਟ ਵਿਚ ਕਰੇ ਨਾ ਕੋਇ ਪਿਆਰ, ਸ੍ਰਿਸ਼ਟ ਕੂੜ ਕੁੜਿਆਰ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਲਏ ਵਰ, ਵਰਨ ਬਰਨ ਵੇਖ ਕੋਇ ਨਾ ਪਾਈਆ। ਜਨ ਭਗਤ ਕਹਿਣ ਅਸੀਂ ਆਉਂਦੇ ਰਹੀਏ ਜਗ, ਪ੍ਰਭ ਆਪਣਾ ਜੋੜ ਜੁੜਾਈਆ। ਲੱਖ ਚੁਰਾਸੀ ਜੀਵ ਜੰਤ ਛੱਡ, ਸਾਡੇ ਅੰਦਰ ਵੜ ਕੇ ਆਪਣੀ ਮੰਜ਼ਲ ਦਏ ਵਖਾਈਆ। ਪੰਜ ਤਤ ਕਾਇਆ ਮਾਟੀ ਖ਼ਾਕੀ ਰਹਿਣ ਨਾ ਦੇਵੇ ਅੱਡ, ਨਾਮ ਨਿਧਾਨਾ ਸ੍ਰੀ ਭਗਵਾਨਾ ਅੰਦਰ ਦਏ ਟਿਕਾਈਆ। ਸਤਿ ਧਰਮ ਦਾ ਨਿਸ਼ਾਨਾ ਗੱਡ, ਜਿਸ ਨੂੰ ਦੋ ਜਹਾਨ ਵੇਖ ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਬਿਨ ਭਗਤਾਂ ਪ੍ਰਭ ਦੀ ਚਲੇ ਮਾਤ ਨਾ ਯੱਦ, ਬਿਨਾ ਭਗਵੰਤ ਗੋਦ ਨਾ ਕੋਇ ਉਠਾਈਆ। ਸਾਚੀ ਸਿਖਿਆ ਗਾਵੇ
ਕੋਈ ਨਾ ਸਚ, ਸਤਿ ਸਤਿਵਾਦੀ ਰੂਪ ਨਾ ਕਿੋੲ ਵਟਾਈਆ। ਭਾਗ ਲੱਗੇ ਨਾ ਕਾਇਆ ਮਾਟੀ ਕੱਚ, ਨਿਰਗੁਣ ਨੂਰ ਜੋਤ ਨਾ ਕੋਇ ਰੁਸ਼ਨਾਈਆ। ਦਰਸ਼ਨ ਮਿਲੇ ਨਾ ਕਿਸੇ ਅਗੰਮੀ ਅੱਖ, ਜਗਤ ਲੋਚਣ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਮੇਲਾ ਮਿਲਾਉਂਦਾ ਰਹੇ ਪੁਰਖ ਸਮਰਥ, ਮਹਿੰਮਾ ਅਕਥ ਆਪ ਸਮਝਾਈਆ। ਜਨ ਭਗਤ ਕਹਿਣ ਸਾਡਾ ਮੇਲਾ ਹੁੰਦਾ ਰਹੇ ਗਹਿਰ ਗੰਭੀਰ, ਦੂਸਰ ਓਟ ਨਾ ਕੋਇ ਤਕਾਈਆ। ਪੰਜਾਂ ਤੱਤਾਂ ਵਾਲਾ ਲੇਖੇ ਲੌਂਦੇ ਰਹੇ ਸਰੀਰ, ਮਨ ਸ਼ਰੀਰ ਪਰੇ ਹਟਾਈਆ। ਨਜ਼ਰ ਤੱਕ ਦੇ, ਰਹੇ ਬੇਨਜ਼ੀਰ, ਨਜ਼ਰ ਨੁਰਾਨਾ ਸ਼ਹਿਨਸ਼ਾਹੀਆ। ਜਿਸ ਦੀ ਬਾਹਰ ਨਜ਼ਰ ਨਾ ਆਏ ਕਿਸੇ ਤਸਵੀਰ, ਜੋਤੀ ਜੋਤ ਜੋਤ ਸਮਾਈਆ। ਜੋ ਮੰਜ਼ਲ ਚੜ੍ਹੇ ਅਖ਼ੀਰ, ਕਾਇਆ ਕਾਅਬੇ ਸਾਚੇ ਹੁਜਰੇ ਧੁਰ ਦੇ ਮੰਦਰ ਡੇਰਾ ਲਾਈਆ। ਜਿਸ ਗੜ੍ਹ ਵਿਚ ਬਹਿ ਕੇ ਖ਼ੁਸ਼ੀ ਮਨਾਏ ਕਬੀਰ, ਸੋ ਭਗਤ ਸੁਹੇਲੇ ਸਹਿਜੇ ਆਪਣਾ ਪੰਧ ਮੁਕਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜਨ ਭਗਤਾਂ ਬਦਲ ਦੇਵੇ ਤਕ਼ਦੀਰ, ਤਦਬੀਰ ਆਪਣੀ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਨਾਮ ਨਿਧਾਨਾ ਜਾਮ ਪਿਆਏ ਠਾਂਡਾ ਸੀਰ, ਅਗਨੀ ਤਤ ਦਏ ਬੁਝਾਈਆ। ਜੁਗ ਚੌਕੜੀ ਨਿਤ ਨਵਿਤ ਭਗਤ ਭਗਵੰਤ ਇਕ ਦੂਜੇ ਦੀ ਬਣੇ ਰਹੇ ਧੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਅਮੀਰ ਕੰਗਾਲ ਵੰਡ ਨਾ ਕੋਇ ਵੰਡਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੨ ਢੇਰੂ ਰਾਮ ਦੇ ਗ੍ਰਹਿ ਪਿੰਡ ਮਨਾਵਰ ਕੈਂਪ ਰਾਮ ਕੋਟ ਜੰਮੂ
ਜਨ ਭਗਤ ਕਹਿਣ ਸਾਡੀ ਚੁੱਕੀ ਮਾਇਆ ਮਮਤਾ, ਮਨ ਵਾਸਨਾ ਬੰਦ ਕਰਾਈਆ। ਨਾਤਾ ਤੁਟਿਆ ਹੰ ਹੰਗਤਾ, ਵੱਜੀ ਸਚ ਵਧਾਈਆ। ਮੇਲ ਮਿਲਿਆ ਸਾਚੀ ਸੰਗਤਾ, ਸਰਨ ਮਿਲੀ ਸਰਨਾਈਆ। ਠਾਕਰ ਪਾਇਆ ਧੁਰ ਦਾ ਪੰਡਤਾ, ਕਰੇ ਨਾਮ ਪੜ੍ਹਾਈਆ। ਲੇਖਾ ਚੁਕਾ ਚੁਰਾਸੀ ਜਨ ਕਾ, ਜਨਮ ਦਏ ਬਦਲਾਈਆ। ਲਹਿਣਾ ਚੁਕਾਏ ਸਾਚੇ ਤਨ ਕਾ, ਤਨ ਮਨ ਆਪਣੇ ਲੇਖੇ ਪਾਈਆ। ਜੁਗ ਜਨਮ ਬੇੜਾ ਬੰਨ੍ਹਦਾ, ਕਲਜੁਗ ਅੰਤ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਜਾਣੇ ਆਪਣੇ ਜਨ ਦਾ, ਭੁੱਲ ਵਿਚ ਭੁੱਲ ਕੋਇ ਨਾ ਜਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੨ ਬੀਬੀ ਸੰਤੋ ਦੇਵੀ ਦੇ ਗ੍ਰਹਿ ਪਿੰਡ ਨਵਾਂ ਚਕ ਕੈਂਪ ਰਾਮ ਕੋਟ ਜੰਮੂ
ਜਨ ਭਗਤ ਕਹੇ ਮੈਂ ਸਤਿਗੁਰ ਜੋਗਾ, ਜੁਗਾਂ ਦੀ ਧਾਰ ਚਲੀ ਆਈਆ। ਮੇਰਾ ਪ੍ਰਭ ਦੇ ਨਾਲ ਬਦਲਦਾ ਰਹੇ ਚੋਗਾ, ਕਾਇਆ ਕੱਪੜ ਵੇਸ ਵਟਾਈਆ। ਮਿਲਦਾ ਰਹੇ ਨਾਮ ਸਲੋਕਾ, ਸਾਚਾ ਢੋਲਾ ਗਾਈਆ। ਦਿੰਦਾ ਰਹਵਾਂ ਹੋਕਾ, ਹੁਕਮ ਮੰਨ ਬੇਪਰਵਾਹੀਆ। ਦੱਸਦਾ ਰਹਾਂ ਲੋਕਾ, ਓਟ ਇਕੋ ਸ਼ਹਿਨਸ਼ਾਹੀਆ। ਜਿਸ ਦੀ ਲੱਖ ਚੁਰਾਸੀ ਜੋਤਾ, ਜੋਤੀ ਜੋਤ ਕਰੇ ਰੁਸ਼ਨਾਈਆ। ਜਿਸ ਨੂੰ ਮਿਲਿਆਂ ਕਦੇ ਨਾ ਆਏ ਮੌਤਾ, ਮਰ ਕੇ ਜੀਵਣ ਜੀਵਣ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਟੇ ਅਗਲੀ ਪਿਛਲੀ ਸੋਚਾ, ਸਚ ਸਾਜਣ ਹੋ ਕੇ ਆਪਣੇ ਘਰ ਵਸਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੨ ਭੋਲਾ ਰਾਮ ਦੇ ਗ੍ਰਹਿ ਪਿੰਡ ਸਰਦਾਰੀ ਕੈਂਪ ਰਾਮ ਕੋਟ ਜੰਮੂ
ਜਨ ਭਗਤ ਕਹਿਣ ਸਾਡਾ ਮਿਟਿਆ ਕਰਮ ਕਾਂਡ, ਕੰਡਾ ਕੂੜ ਨਾ ਕੋਇ ਚੁਭਾਈਆ। ਘਰ ਠਾਕਰ ਮਿਲਿਆ ਠਾਂਡ, ਅਗਨੀ ਅੱਗ ਬੁਝਾਈਆ। ਜਨ ਭਗਤਾਂ ਬਖ਼ਸ਼ਿਆ ਗਵਾਂਢ, ਦਰ ਸਾਚੇ ਵੱਜੀ ਵਧਾਈਆ। ਜਨਮ ਜਨਮ ਦੀ ਪੂਰੀ ਕੀਤੀ ਤਾਂਘ, ਤ੍ਰਿਸ਼ਨਾ ਦਿਤੀ ਮਿਟਾਈਆ। ਬਦਲ ਕੇ ਆਇਆ ਸਵਾਮੀ ਸਵਾਂਗ, ਕਲਜੁਗ ਜੀਵ ਨਜ਼ਰ ਕਿਸੇ ਨਾ ਆਈਆ। ਅੰਮ੍ਰਿਤ ਰਸ ਦੀ ਚਾੜ੍ਹੇ ਕਾਂਗ, ਵਿਖ ਅੰਦਰੋਂ ਦਏ ਰੁੜ੍ਹਾਈਆ। ਗੁਰਮੁਖਾਂ ਪੂਰੀ ਕਰੇ ਮਾਂਗ, ਆਸ਼ਾ ਪੂਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਜਨ ਭਗਤ ਕਹਿਣ ਸਾਡਾ ਤਨ ਮਨ ਹੋਇਆ ਠਾਂਡਾ, ਅਗਨੀ ਰਹੀ ਨਾ ਰਾਈਆ। ਤਨ ਮਨ ਢੋਲਾ ਗਾਂਦਾ, ਗਾ ਗਾ ਖ਼ੁਸ਼ੀ ਮਨਾਈਆ। ਸਚ ਸਰੋਵਰ ਅੰਦਰ ਨਹਾਂਦਾ, ਮੈਲ ਮਮਤਾ ਮੋਹ ਮਿਟਾਈਆ। ਮਨ ਕਾ ਮਣਕਾ ਆਪ ਭਵਾਂਦਾ, ਗੇੜਾ ਗੇੜੇ ਵਿਚੋਂ ਚਲਾਈਆ। ਪੁਰਖ ਅਬਿਨਾਸ਼ੀ ਦਰਸ਼ਨ ਪਾਉਂਦਾ, ਜਲਵਾ ਤੱਕੇ ਨੂਰ ਰੁਸ਼ਨਾਈਆ। ਘਰ ਠਾਂਡਾ ਇਕ ਰੁਸ਼ਨਾਂਦਾ, ਅੰਧ ਅੰਧੇਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਹਾਰਾ ਦੇ ਕੇ ਆਪਣੇ ਨਾਂ ਦਾ, ਨਈਆ ਨੌਕਾ ਜਗਤ ਪਾਰ ਕਰਾਈਆ। ਜਨ ਭਗਤ ਕਹੇ ਮੇਰੇ ਅੰਤਰ ਆਈ ਸ਼ਾਂਤੀ, ਸਤਿ ਦਿਤਾ ਵਰਤਾਈਆ। ਮਿਲਿਆ ਅੰਮ੍ਰਿਤ ਬੂੰਦ ਸਵਾਂਤੀ, ਅਗਨੀ ਅੱਗ ਗਵਾਈਆ। ਮਾਰੀ ਅੰਦਰ ਝਾਤੀ, ਪੜਦਾ ਲਿਆ ਉਠਾਈਆ। ਮਿਲਿਆ ਕਮਲਾਪਾਤੀ ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੀ ਸਭ ਤੋਂ ਵੱਖਰੀ ਸਾਖੀ, ਜੁਗ ਜੁਗ ਕਰਦੇ ਗਏ ਪੜ੍ਹਾਈਆ। ਜਨ ਭਗਤ ਬਣਾਏ ਦਾਸਣ ਦਾਸੀ, ਸੇਵਕ ਸੇਵਾ ਆਪ ਲਗਾਈਆ। ਸਾਚੇ ਮੰਡਲ ਪਾਵੇ ਰਾਸੀ, ਸੋਹਣਾ ਆਪਣਾ ਰੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸੁਹੇਲੇ ਵੇਖੇ ਸ਼ਬਦ ਸਵਾਸੀ, ਸਵਾਸ ਸ਼ਬਦ ਪਵਣ ਪਵਣ ਸਵਾਸ ਸ਼ਬਦ ਵਿਚ ਸਮਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੨ ਮਲੂਕਾ ਰਾਮ ਦੇ ਗ੍ਰਹਿ ਪਿੰਡ ਦੇਵਾ ਕੈਂਪ ਰਾਮ ਕੋਟ ਜੰਮੂ
ਜਨ ਭਗਤ ਕਹਿਣ ਸਾਨੂੰ ਦੁੱਖ ਨਾ ਕੋਈ ਵਿਆਪੇ, ਸੁਖ ਪ੍ਰਭ ਚਰਨ ਕਵਲ ਨਜ਼ਰੀ ਆਈਆ। ਮਿਲੇ ਮੇਲ ਪੁਰਖ ਅਬਿਨਾਸ਼ੀ ਸਾਚੇ, ਜੋ ਦੇਵਣਹਾਰ ਸਚ ਸਰਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੀ ਮਹਿੰਮਾ ਆਖੇ, ਕਥਾ ਕਥ ਕਥ ਸੁਣਾਈਆ। ਜੋ ਆਤਮ ਪਰਮਾਤਮ ਨਿਰਗੁਣ ਨਿਰਗੁਣ ਜੋੜੇ ਨਾਤੇ, ਪਾਰਬ੍ਰਹਮ ਬ੍ਰਹਮ ਆਪਣਾ ਮੇਲ ਮਿਲਾਈਆ। ਜਿਸ ਦੇ ਜਗ ਗਾਉਂਦੇ ਸਾਕੇ, ਢਾਡੀ ਵਾਰਾਂ ਵਿਚ ਅਲਾਈਆ। ਖੇਲ ਵੇਖਦੇ ਭਗਤ ਭਗਵਾਨ ਦੀਨ ਦੁਨੀ ਜਗਤ ਤਮਾਸ਼ੇ, ਤਮਅ ਆਪਣੀ ਨਾ ਕੋਇ ਰਖਾਈਆ। ਕਲਜੁਗ ਕੂੜੀ ਕਿਰਿਆ ਚਾਰ ਕੁੰਟ ਲੱਗੀ ਆਂਚੇ, ਆਂਚਲ ਪੱਲੂ ਸਕੇ ਨਾ ਕੋਇ ਛੁਡਾਈਆ। ਸ਼ਬਦੀ ਚੋਟ ਕੋਈ ਨਾ ਜਾਗੇ, ਠੱਗ ਚੋਰ ਹੋਈ ਲੋਕਾਈਆ। ਮੰਜ਼ਲ ਚੜ੍ਹੇ ਕੋਈ ਨਾ ਆਗੇ, ਕਾਇਆ ਅੰਦਰ ਪੜਦਾ ਨਾ ਕੋਇ ਉਠਾਈਆ। ਦੀਪਕ ਜੋਤ ਜਗੇ ਨਾ ਕੋਈ ਚਿਰਾਗ਼ੇ, ਘਰ ਘਰ ਦੀਵੇ ਬਾਤੀ ਰਹੇ ਜਗਾਈਆ। ਸ਼ਬਦ ਨਾਦ ਅਨਹਦ
ਸੁਣੇ ਕੋਈ ਨਾ ਵਾਜੇ, ਬਾਹਰ ਢੋਲਕ ਛੈਣੇ ਸਰਬ ਰਹੇ ਖੜਕਾਈਆ। ਦੁਰਮਤ ਮੈਲ ਕੋਈ ਨਾ ਧੋਵੇ ਦਾਗ਼ੇ, ਪਤਿਤ ਪੁਨੀਤ ਨਾ ਕੋਇ ਬਣਾਈਆ। ਬਿਨ ਪੁਰਖ ਅਬਿਨਾਸ਼ੀ ਸਾਚੀ ਸਾਜਣਾ ਕੋਈ ਨਾ ਸਾਜੇ, ਸੱਜਣ ਧੁਰ ਦਾ ਨਜ਼ਰ ਕੋਇ ਨਾ ਆਈਆ। ਜਨ ਭਗਤ ਕਹਿਣ ਅਸੀਂ ਓਸਦੇ ਚਰਨ ਲਾਗੇ, ਜਿਥੇ ਲਾਗਤ ਲੱਗੇ ਕੋਇ ਨਾ ਰਾਈਆ। ਸਾਨੂੰ ਭੁੱਲ ਗਏ ਜਨਮ ਦੇਣ ਵਾਲੇ ਮਾਪੇ, ਮਾਤ ਪਿਤਾ ਪੁਰਖ ਅਕਾਲ ਇਕੋ ਗੋਦ ਰਿਹਾ ਉਠਾਈਆ। ਸਚਖੰਡ ਦਵਾਰ ਦੇ ਨਿਵਾਸੇ, ਸੁਹੰਜਣਾ ਘਰ ਦਏ ਜਣਾਈਆ। ਜਿਥੇ ਇਕੋ ਨੂਰ ਜੋਤ ਪਰਕਾਸ਼ੇ, ਅੰਧ ਅੰਧੇਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲਹਿਣਾ ਦੇਣਾ ਪਾਰ ਕਰਾਏ ਪ੍ਰਿਥਮੀ ਆਕਾਸ਼ੇ, ਅਕਾਸ਼ਾਂ ਤੋਂ ਉਪਰ ਦਰ ਘਰ ਸਾਚੇ ਠਾਂਡੇ ਸਚਖੰਡ ਦਵਾਰ ਦਏ ਟਿਕਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੨ ਬਲਵੰਤ ਕੌਰ ਦੇ ਗ੍ਰਹਿ ਪਿੰਡ ਛੰਬ ਕੈਂਪ ਰਾਮ ਕੋਟ ਜੰਮੂ
ਜਨ ਭਗਤ ਕਹੇ ਮੇਰਾ ਮਾਲਕ ਪੁਰਖ ਅਕਾਲਾ, ਸਚਖੰਡ ਨਿਵਾਸੀ ਇਕ ਅਖਵਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਬਣਿਆ ਰਹੇ ਦੀਨ ਦਿਆਲਾ, ਭਗਤ ਸੁਹੇਲੇ ਗੋਦ ਉਠਾਇੰਦਾ। ਨਿਰਮਲ ਨਿਰਗੁਣ ਜੋਤ ਕਰੇ ਉਜਾਲਾ, ਕੂੜੀ ਕਿਰਿਆ ਅੰਧ ਅੰਧੇਰ ਮਿਟਾਇੰਦਾ। ਸਚਖੰਡ ਦਵਾਰ ਵਖਾਏ ਸੱਚੀ ਧਰਮਸਾਲਾ, ਧਰਮ ਦਵਾਰਾ ਇਕੋ ਸੋਭਾ ਪਾਇੰਦਾ। ਬਣਿਆ ਰਹੇ ਭਗਤਾਂ ਸਦਾ ਰਖਵਾਲਾ, ਜੁਗ ਜੁਗ ਆਪਣੀ ਸੇਵ ਕਮਾਇੰਦਾ। ਪਾਪਾਂ ਮੈਲ ਦੁਰਮਤ ਦਾਗ਼ ਧੋਵੇ ਕਾਲਾ, ਪਤਿਤ ਪੁਨੀਤ ਆਪ ਕਰਾਇੰਦਾ। ਕੂੜੀ ਕਿਰਿਆ ਮਮਤਾ ਮੋਹ ਤੋੜੇ ਜੰਜਾਲਾ, ਜੋਤੀ ਜਾਤਾ ਜੋਤ ਰੁਸ਼ਨਾਇੰਦਾ। ਜਨ ਭਗਤਾਂ ਲੇਖੇ ਲਾਏ ਜਨਮ ਜਨਮ ਦੀ ਘਾਲਾ, ਘਾਇਲ ਆਇਲ ਮਸਾਇਲ ਸਭ ਦਾ ਹਲ ਕਰਾਇੰਦਾ। ਨਾਮ ਪ੍ਰੀਤੀ ਦੇਵੇ ਸਚ ਨਵਾਲਾ, ਕੂੜੀ ਕਿਰਿਆ ਤ੍ਰਿਸ਼ਨਾ ਭੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਗੋਦ ਉਠਾਏ ਆਪਣਾ ਬਾਲਾ, ਬਾਲਮੀਕ ਰਿਖੀ ਹੋ ਕੇ ਰਿਸ਼ੀ ਆਪ ਜਣਾਇੰਦਾ। ਜਨ ਭਗਤ ਕਹੇ ਮੇਰਾ ਮਾਲਕ ਨਿਰੰਕਾਰ, ਨਰ ਨਿਰਵੈਰ ਨਜ਼ਰੀ ਆਈਆ। ਜਿਸ ਦੀ ਦੋ ਜਹਾਨ ਸੱਚੀ ਸਰਕਾਰ, ਸਚ ਅਦਾਲਤ ਰਿਹਾ ਕਮਾਈਆ। ਠਾਂਡੇ ਦਰ ਝੁਕਦੇ ਜਿਸ ਦੇ ਪੈਗ਼ੰਬਰ ਗੁਰ ਅਵਤਾਰ, ਨਿਮਸਕਾਰ ਕਰ ਕਰ ਸਾਰੇ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਹੁਕਮੇਂ ਅੰਦਰ ਖ਼ਬਰਦਾਰ, ਖ਼ਵਾਬਾਂ ਵਿਚ ਵੇਖਣ ਜਗਤ ਲੋਕਾਈਆ। ਪੁਰਖ ਅਬਿਨਾਸ਼ੀ ਸ਼ਬਦ ਸੰਦੇਸ਼ਾ ਦੇਵੇ ਜੁਗ ਚੌਕੜੀ ਵਾਰੋ ਵਾਰ, ਵਾਰਤਾ ਆਪਣੀ ਆਪ ਜਣਾਈਆ। ਸੰਤ ਸੁਹੇਲੇ ਉਠਾਏ ਵਿਚ ਸੰਸਾਰ, ਵਿਹਾਰ ਆਪਣੇ ਨਾਲ ਮਿਲਾਈਆ। ਮਾਰਗ ਦਸ ਅਗੰਮ ਅਪਾਰ, ਅਲਖ ਅਗੋਚਰ ਕਰੇ ਪੜ੍ਹਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਅੰਤ ਸ੍ਰੀ ਭਗਵੰਤ ਪਾਵੇ ਸਾਰ, ਸਰਬ ਵਿਆਪੀ ਸੰਤ ਸੁਹੇਲਾ ਦਇਆ ਕਮਾਈਆ। ਗੁਰਮੁਖ ਗੁਰਸਿਖ ਸੱਜਣ ਲਏ ਉਠਾਲ, ਚੁਰਾਸੀ ਫਾਂਸੀ ਜਮ ਦੀ ਦਏ ਕਟਾਈਆ। ਝਗੜਾ ਮੁਕਾ ਕੇ ਸ਼ਾਹ ਕੰਗਾਲ, ਮੇਲ ਮਿਲਾਏ ਦੀਨ ਦਿਆਲ, ਸਚ ਦਵਾਰ ਵਖਾਏ ਸੱਚੀ ਧਰਮਸਾਲ, ਜਿਥੇ ਪੋਹ ਨਾ ਸਕੇ ਕਾਲ, ਮਹਾਂਕਾਲ ਰਹੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਜੀਵਣ ਹਲ ਕਰੇ ਸਵਾਲ, ਜ਼ਿੰਦਗੀ ਬੰਦਗੀ ਵਿਚ ਬਿਨਾ ਬੰਦਨਾ ਦਏ ਬਦਲਾਈਆ।
੨੧ ਜੇਠ ਸ਼ਹਿਨਸ਼ਾਹੀ ਸੰਮਤ ੨ ਧਰਮ ਚੰਦ ਦੇ ਗ੍ਰਹਿ ਪਿੰਡ ਛੰਬ ਕੈਂਪ ਰਾਮ ਕੋਟ ਜੰਮੂ
ਜਨ ਭਗਤ ਕਹੇ ਜਗਤ ਨਾਲੋਂ ਕੀਤਾ ਨਿਰਮੋਹ, ਮੁਹੱਬਤ ਆਪਣੇ ਨਾਲ ਜੁੜਾਈਆ। ਜੋਤ ਸਰੂਪ ਆਪੇ ਹੋ, ਨਿਰਗੁਣ ਹੋ ਕੇ ਦਇਆ ਕਮਾਈਆ। ਨਾਮ ਦੱਸ ਕੇ ਸੋਹੰ ਸੋ, ਆਦਿ ਅੰਤ ਮਧ ਇਕੋ ਰੰਗ ਰੰਗਾਈਆ। ਸਚ ਪਰਕਾਸ਼ ਕਰ ਕੇ ਲੋ, ਲੋਚਣ ਦਿਤਾ ਖੁਲ੍ਹਾਈਆ। ਅੰਮ੍ਰਿਤ ਰਸ ਚੋ, ਚੋਰਾਂ ਦਿਤਾ ਭਜਾਈਆ। ਜਿਸ ਦਾ ਭੇਵ ਨਾ ਜਾਣੇ ਕੋ, ਸਮਝ ਸਕੇ ਨਾ ਰਾਈਆ। ਕੂੜੀ ਕਿਰਿਆ ਜਗਤ ਵਾਸਨਾ ਖੋਹ, ਜਾਤ ਪਾਤ ਦਿਤੀ ਗਵਾਈਆ। ਸਤਿਜੁਗ ਵਿਛੜੇ ਕਲਜੁਗ ਅੰਤ ਨਹੀਂ ਕੀਤਾ ਧਰੋਹ, ਧੁਰ ਦਾ ਮੇਲਾ ਲਿਆ ਮਿਲਾਈਆ। ਪ੍ਰੇਮ ਨਾਲ ਕਹੇ ਸਚ ਸੰਦੇਸ਼ ਸੁਣੋ, ਸਰਵਣਾਂ ਅੰਦਰ ਗਿਆਨ ਪਰਗਟਾਈਆ। ਪੁਰਖ ਅਕਾਲ ਦੀਨ ਦਿਆਲ ਮਾਲਕ ਇਕੋ ਚੁਣੋ, ਜੋ ਅਵਤਾਰ ਗੁਰੂ ਪੈਗ਼ੰਬਰ ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਣਾਏ ਸਾਚੀ ਧੁਨੋ, ਧੁਨੀਆਂ ਦੀ ਧਾਰ ਜਿਸ ਵਿਚੋਂ ਪਰਗਟ ਕਰੇ ਸ਼ਨਵਾਈਆ।