ਪੁਸਤਕਾਲਾਭਾਗ ੧੯

੨੪ ਹਾੜ ਸ਼ਹਿਨਸ਼ਾਹੀ ਸੰਮਤ ੨ ਊਧਮ ਸਿੰਘ ਦੇ ਗ੍ਰਹਿ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸ਼ਬਦ ਅਗੰਮੀ ਜੱਟ, ਵਰਨ ਬਰਨ ਵੰਡ ਨਾ ਕੋਇ ਵੰਡਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਸਚਖੰਡ ਦਵਾਰ ਸਾਚਾ ਹੱਟ, ਦੋ ਜਹਾਨਾਂ ਵਸਤ ਅਮੋਲਕ ਆਪ ਵਰਤਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਦੇਵੇ ਵਥ, ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੈਗ਼ੰਬਰ ਝੋਲੀ ਆਪ ਭਰਾਈਆ। ਧੁਰ ਦੀ ਕਰਨੀ ਕਰਤਾ ਹੋ ਕੇ ਦੱਸੇ ਸਚ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਹੁਕਮ ਵਰਤਾਈਆ। ਭਾਗ ਲਗਾਏ ਕਾਇਆ ਮਾਟੀ ਪੰਜ ਤਤ ਕੱਚ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੋਭਾ ਪਾਈਆ। ਰੰਗਣ ਰੰਗ ਚੜ੍ਹਾਏ ਹੱਡ ਮਾਸ ਨਾੜੀ ਰੱਤ, ਰਤਨ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਬੋਧ ਅਗਾਧਾ ਸ਼ਬਦ ਅਨਾਦਾ ਹੋ ਕੇ ਗਾਏ ਜਸ, ਵੇਦ ਪੁਰਾਨ ਸ਼ਾਸਤਰ ਸਿਮਰਤ ਹਕ਼ੀਕ਼ੀ ਰਾਗ ਅਲਾਈਆ।

ਅੰਮ੍ਰਿਤ ਆਤਮ ਨਿਝਰ ਝਿਰਨਾ ਸਚ ਸਰੋਵਰ ਦੇਵੇ ਰਸ, ਰਸਤਾ ਵਾਬਸਤਾ ਹੋ ਕੇ ਆਪਣਾ ਆਪ ਸਮਝਾਈਆ। ਬਿਨ ਅੱਖਾਂ ਨਿਜ ਨੇਤਰ ਨੈਣ ਖੋਲ੍ਹੇ ਅੱਖ, ਪਰਤੱਖ ਰੂਪ ਨਜ਼ਰੀ ਆਏ ਗੋਸਾਈਂਆ। ਹਕ਼ੀਕ਼ਤ ਵਿਚੋਂ ਦੇਵੇ ਹੱਕ, ਲਾਸ਼ਰੀਕ ਪਰਵਰਦਿਗਾਰ ਜਲਵਾ ਨੂਰ ਖ਼ੁਦਾਈਆ। ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜਿਸ ਨੂੰ ਰਹੀ ਲੱਭ, ਮਨ ਮਤ ਬੁਧ ਭੱਜੇ ਵਾਹੋ ਦਾਹੀਆ। ਤਿਸ ਦਾ ਮੇਲਾ ਨਿਰਗੁਣ ਧਾਰ ਸਰਗੁਣ ਨਾਲ ਸਬੱਬ, ਕਰੇ ਖੇਲ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਜੱਟ ਇਕ ਅਖਵਾਈਆ। ਧੁਰ ਦਾ ਜੱਟ ਪੁਰਖ ਅਕਾਲ, ਅਕਲ ਕਲਧਾਰੀ ਖੇਲ ਖਿਲਾਇੰਦਾ। ਜੋ ਵਸੇ ਸਚਖੰਡ ਸੱਚੀ ਧਰਮਸਾਲ, ਮੁਕਾਮੇ ਹੱਕ ਡੇਰਾ ਲਾਇੰਦਾ। ਜਿਸ ਨੂੰ ਪੋਹ ਨਾ ਸਕੇ ਕਾਲ, ਜਨਮ ਮਰਨ ਰੂਪ ਨਾ ਕੋਇ ਬਦਲਾਇੰਦਾ। ਸ਼ਬਦ ਗੁਰੂ ਬਣ ਦਲਾਲ, ਦੋ ਜਹਾਨਾਂ ਖੇਲ ਖਿਲਾਇੰਦਾ। ਸੰਤ ਸੁਹੇਲੇ ਭਗਤ ਭਗਵੰਤ ਲਏ ਭਾਲ, ਲੱਖ ਚੁਰਾਸੀ ਵਿਚੋਂ ਫੋਲ ਫੁਲਾਇੰਦਾ। ਸਾਚਾ ਮੰਤਰ ਅੰਤਰ ਦੱਸ ਸੁਖਾਲ, ਨਿਰੰਤਰ ਨਿਰਵੈਰ ਨਿਰਾਕਾਰ ਆਪਣਾ ਪੜਦਾ ਲਾਹਿੰਦਾ। ਮਾਇਆ ਮਮਤਾ ਤੋੜ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਵੇਖਣਹਾਰ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਇੰਦਾ। ਸਾਚਾ ਜੱਟ ਪੁਰਖ ਅਗੰਮ, ਅਲਖ ਅਗੋਚਰ ਵੱਡੀ ਵਡਿਆਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਕਦੇ ਨਾ ਪਏ ਜੰਮ, ਤਤਵ ਤਤ ਨਾ ਕੋਇ ਰਖਾਈਆ। ਹਰਖ਼ ਸੋਗ ਰਹੇ ਨਾ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਪਵਣ ਸਵਾਸ ਨਾ ਲਏ ਦਮ, ਰਸਨਾ ਜਿਹਵਾ ਨਾ ਕੋਇ ਹਲਕਾਈਆ। ਨਿਹਕਰਮੀ ਹੋ ਕੇ ਜਾਣੇ ਆਪਣਾ ਕੰਮ, ਕਰਨੀ ਦਾ ਕਰਤਾ ਆਪਣੇ ਹੱਥ ਰਖੇ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਦੇਵੇ ਬੇੜਾ ਬੰਨ੍ਹ, ਖੇਵਟ ਖੇਟਾ ਹੋ ਕੇ ਭੱਜੇ ਥਾਉਂ ਥਾਈਂਆ। ਕਰ ਪਰਕਾਸ਼ ਸੂਰਜ ਚੰਨ, ਨੂਰੀ ਜਲਵਾ ਇਕ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰਾਏ ਧੰਨ ਧੰਨ, ਸ਼ਬਦ ਅਨਾਦੀ ਨਾਦ ਕਰ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਜਨਨੀ ਜਨ, ਪੜਦਾ ਉਹਲਾ ਦਏ ਚੁਕਾਈਆ। ਸ਼ਬਦੀ ਜੱਟ ਸ੍ਰੀ ਭਗਵੰਤ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਜੋ ਲੱਖ ਚੁਰਾਸੀ ਆਤਮ ਪਰਮਾਤਮ ਧੁਰ ਦਾ ਕੰਤ, ਕੰਤੂਹਲ ਨਜ਼ਰੀ ਆਈਆ। ਕਾਇਆ ਚੋਲੀ ਚਾੜ੍ਹਨਹਾਰਾ ਰੰਗ ਬਸੰਤ, ਲੋਕਮਾਤ ਉਤਰ ਕਦੇ ਨਾ ਜਾਈਆ। ਗੜ੍ਹ ਤੋੜਨਹਾਰਾ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਨਿਰਅੱਖਰ ਨਿਰਵੈਰ ਹੋ ਕੇ ਦਏ ਸਮਝਾਈਆ। ਦੂਸਰ ਘਰ ਕਰਨੀ ਨਾ ਪਏ ਨਾ ਹਿੰਮਤ, ਹਿੰਮਤ ਅੰਦਰੇ ਅੰਦਰ ਵਧਾਈਆ। ਲੱਭਣਾ ਪਏ ਨਾ ਉੱਤਰ ਪੂਰਬ ਪੱਛਮ ਦੱਖਣ ਸਿੰਮਤ, ਸਾਚੇ ਘਰ ਗ੍ਰਹਿ ਮੰਦਰ ਨਜ਼ਰੀ ਆਈਆ। ਮਨ ਵਾਸਨਾ ਵਿਕਾਰ ਵਿਚ ਕਰੇ ਨਾ ਕੋਇ ਇੱਲਤ, ਦਹਿ ਦਿਸ਼ਾ ਨਾ ਕੋਇ ਹਲਕਾਈਆ। ਮਿਹਰਵਾਨ ਹੋ ਕੇ ਮੁਹੱਬਤ ਵਿਚ ਦੇਵੇ ਖਿੱਲਤ, ਸਿਰ ਆਪਣਾ ਹੱਥ ਟਿਕਾਈਆ। ਜਗਤ ਵਾਸਨਾ ਹੋਣ ਨਾ ਦੇਵੇ ਜ਼ਿੱਲਤ, ਖਵਾਰੀ ਅੰਦਰੋਂ ਬਾਹਰ ਕਢਾਈਆ। ਕੂੜੀ ਕਿਰਿਆ ਮੇਟੇ ਜਗਤ ਵਾਸਨਾ ਨਿੰਦਿਆ ਨਿੰਦਕ, ਦੁਰਾਚਾਰ ਵਿਭਚਾਰ ਕਰ ਪਿਆਰ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਾਚਾ ਜੱਟ ਸ੍ਰੀ ਭਗਵਾਨ, ਜਟਾ ਜੂਟ ਨਜ਼ਰ ਕੋਇ ਨਾ ਆਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਕਰਨ ਪਰਵਾਨ, ਪਰਵਾਨੇ ਦੇ ਕੇ ਸਭ ਨੂੰ ਰਿਹਾ ਸਮਝਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇਵੇ ਦਾਨ, ਸ਼ਬਦੀ ਢੋਲਾ ਕਲਮਾ ਕਾਇਨਾਤ ਇਕ ਸੁਣਾਈਆ।

ਵੇਖਣਹਾਰਾ ਮਾਰ ਝਾਤ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਚ ਦਵਾਰੇ ਸੋਭਾ ਪਾਈਆ। ਨਾਮ ਪਦਾਰਥ ਵਸਤ ਅਮੋਲਕ ਅਗੰਮੀ ਦੇਵੇ ਦਾਤ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਵੇਖਣਹਾਰਾ ਖੇਲ ਤਮਾਸ਼, ਜੁਗ ਚੌਕੜੀ ਵੇਸ ਵਟਾਈਆ। ਧੰਨੇ ਦੀ ਪੁਛਣਹਾਰਾ ਬਾਤ, ਪਾਹਨ ਪਾਥਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਸਮਝਾਈਆ। ਸਾਚਾ ਜੱਟ ਸ਼ਬਦ ਗੁਰਦੇਵ, ਸਵਾਮੀ ਇਕੋ ਨਜ਼ਰੀ ਆਈਆ। ਜਿਸ ਦੀ ਧੰਨਾ ਕਰਦਾ ਸੇਵ, ਸੇਵਕ ਹੋ ਕੇ ਸੇਵ ਕਮਾਈਆ। ਉਹ ਵਸੇ ਧਾਮ ਨਿਹਕੇਵ, ਨਿਹਚਲ ਆਪਣਾ ਡੇਰਾ ਲਾਈਆ। ਬੁਧੀ ਪਾਵੇ ਕੋਈ ਨਾ ਭੇਵ, ਅਨੁਭਵ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਸਾਚਾ ਜੱਟ ਸਾਹਿਬ ਸੁਲਤਾਨ, ਪਰਮ ਪੁਰਖ ਇਕ ਅਖਵਾਇੰਦਾ। ਆਦਿ ਜੁਗਾਦੀ ਮਿਹਰਵਾਨ, ਜੁਗ ਜੁਗ ਵੇਖ ਵਖਾਇੰਦਾ। ਧੰਨਾ ਜੱਟ ਕਰ ਪਰਵਾਨ, ਠਾਕਰ ਆਪਣਾ ਪੜਦਾ ਲਾਹਿੰਦਾ। ਪੂਰਬ ਜਨਮ ਦਾ ਦੇ ਕੇ ਦਾਨ, ਖ਼ਾਲੀ ਝੋਲੀ ਆਪ ਭਰਾਇੰਦਾ। ਮੁਹੱਬਤ ਪਿਆਰ ਵਿਚ ਬਣ ਕਿਰਸਾਣ, ਸਾਚੀ ਕਿਰਸ ਆਪ ਕਮਾਇੰਦਾ। ਹਲ ਖੂਹਾ ਵਾਹੇ ਬਣ ਬਲਵਾਨ, ਕਿਆਰੇ ਮੋੜ ਤੋੜ ਜੋੜ ਨਿਭਾਇੰਦਾ। ਅੰਤਰ ਅੰਤਰ ਦੇ ਕੇ ਬ੍ਰਹਮ ਗਿਆਨ, ਸਾਚੀ ਵਿਦਿਆ ਇਕ ਸਮਝਾਇੰਦਾ। ਮਨ ਵਾਸਨਾ ਰਹੇ ਨਾ ਕੋਇ ਸ਼ੈਤਾਨ, ਸ਼ਰਅ ਕੂੜੀ ਮੇਟ ਮਿਟਾਇੰਦਾ। ਜਿਧਰ ਵੇਖੇ ਨਜ਼ਰੀ ਆਏ ਨੌਜਵਾਨ, ਨੌਬਤ ਹੱਕ ਹੱਕ ਸੁਣਾਇੰਦਾ। ਲੇਖੇ ਲਾ ਕੇ ਪੀਣ ਖਾਣ, ਅੰਮ੍ਰਿਤ ਰਸ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਆਪ ਚੁਕਾਇੰਦਾ। ਸਾਚਾ ਜੱਟ ਸਾਹਿਬ ਸਮਰਥ, ਪੁਰਖ ਅਕਾਲਾ ਇਕ ਅਖਵਾਈਆ। ਜੋ ਭਗਤਾਂ ਦੇਵੇ ਅਗੰਮੀ ਵਥ, ਬਿਨ ਹੱਥਾਂ ਹੱਥ ਫੜਾਈਆ। ਕਾਇਆ ਮੰਦਰ ਅੰਦਰ ਸਾਚੀ ਮੰਜ਼ਲ ਚੜ੍ਹ ਕੇ ਦੇਵੇ ਰਖ, ਜਿਥੇ ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਜਗਤ ਵੇਖਣ ਵਾਲੀ ਹੋਵੇ ਕੋਈ ਨਾ ਅੱਖ, ਬੁਧੀ ਸਮਝ ਕੋਇ ਨਾ ਆਈਆ। ਇਕੋ ਨੂਰ ਜੋਤ ਪਰਕਾਸ਼, ਨੂਰੋ ਨੂਰ ਨੂਰ ਡਗਮਗਾਈਆ। ਜਿਥੇ ਭਗਤ ਭਗਵਾਨ ਦੀ ਪੂਰੀ ਹੋਵੇ ਖ਼ਾਹਿਸ਼, ਖ਼ਾਲਸ ਆਪਣਾ ਰੰਗ ਚੜ੍ਹਾਈਆ। ਆਤਮ ਪਰਮਾਤਮ ਹੋਵੇ ਸਾਥ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗ੍ਰਹਿ ਵੇਖ ਵਖਾਈਆ। ਸਾਚਾ ਜੱਟ ਬਣਿਆ ਇਕ ਧੰਨਾ, ਧਨ ਧਨਾਢ ਨਜ਼ਰ ਕੋਇ ਨਾ ਆਈਆ। ਜਿਸ ਨੇ ਧੁਰ ਦਾ ਹੁਕਮ ਮੰਨਾ, ਮਨ ਵਾਸਨਾ ਦਿਤੀ ਤਜਾਈਆ। ਜਗਤ ਨੇਤਰ ਹੀਣ ਹੋ ਕੇ ਅੰਨ੍ਹਾ, ਨਿਜ ਨੈਣ ਅੱਖ ਖੁਲ੍ਹਾਈਆ। ਅਬਿਨਾਸ਼ੀ ਕਰਤਾ ਨਿਰਗੁਣ ਸਰਗੁਣ ਹੋ ਕੇ ਆਇਆ ਭੰਨਾ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪੰਧ ਮੁਕਾਈਆ। ਆ ਕੇ ਵੇਖਿਆ ਜਗਤ ਕਿਸਾਨ ਦਾ ਬੰਨਾ, ਖੇਤ ਕਿਆਰੇ ਸੰਸਾਰੀ ਵੰਡ ਵੰਡਾਈਆ। ਕੋਲ ਬਹਿ ਕੇ ਖੂਹ ਦੇ ਚੰਨਾ, ਚੰਨ ਆਪਣਾ ਕੀਤਾ ਰੁਸ਼ਨਾਈਆ। ਭਾਗ ਲਗਾ ਕੇ ਕਾਇਆ ਮਾਟੀ ਤਨਾਂ, ਤਤਵ ਤਤ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚਾ ਜੱਟ ਕਰੇ ਸਾਚੀ ਕਿਰਸ, ਮਿਹਨਤ ਸਤਿਗੁਰ ਝੋਲੀ ਪਾਈਆ। ਸ਼ਬਦ ਗੁਰੂ ਮੇਟੇ ਹਿਰਸ, ਹਵਸ ਅਗਲੀ ਦਏ ਮਿਟਾਈਆ। ਪੁਰਖ ਅਕਾਲ ਕਰੇ ਤਰਸ, ਮਿਹਰ ਨਜ਼ਰ ਨਾਲ ਤਕਾਈਆ। ਘਰ ਸਵਾਮੀ ਆ ਕੇ ਦੇਵੇ ਦਰਸ, ਪਾਥਰ ਪਾਹਨ ਦੀ ਲੋੜ ਰਹੀ ਨਾ ਰਾਈਆ। ਜਨਮ ਜਨਮ ਦੀ ਮੁਕੀ ਭਟਕ, ਅਟਕ ਅਗੇ ਨਾ ਕੋਇ ਵਖਾਈਆ। ਕੂੜ ਕੁੜਿਆਰ ਰਿਹਾ ਨਾ ਅੰਦਰ ਕਟਕ, ਨਾਤਾ ਝੂਠਾ ਦਿਤਾ ਮੁਕਾਈਆ। ਆਤਮ ਪਰਮਾਤਮ

ਪਰਮਾਤਮ ਆਤਮ ਦਵੈਤ ਦਵੇਸ਼ ਰਿਹਾ ਨਾ ਫ਼ਰਕ, ਰੰਗ ਇਕੋ ਦਿਤਾ ਚੜ੍ਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕਰ ਕੇ ਤਰਕ, ਤੁਰਤ ਆਪਣੇ ਨਾਲ ਮਿਲਾਈਆ। ਭੁੱਖੇ ਦਾ ਭੁੱਖਿਆਂ ਵਾਲਾ ਫੇਰ ਰਹਿਣ ਨਾ ਦਿਤਾ ਵਰਤ, ਨਾਮ ਭੰਡਾਰ ਏਕੰਕਾਰ ਇਕੋ ਲਿਆ ਛਕਾਈਆ। ਅਗੇ ਲਾ ਕੇ ਗਿਆ ਸ਼ਰਤ, ਸ਼ਰਅ ਦੀ ਸ਼ਰੀਅਤ ਦਿਤੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਈਆ। ਸਾਚਾ ਜੱਟ ਜ਼ਬਰਦਸਤ, ਸਤਿਗੁਰ ਸ਼ਬਦੀ ਨਜ਼ਰੀ ਆਈਆ। ਜਿਸ ਦਾ ਖੇਲ ਕੀਟ ਹਸਤ, ਹਸਤੀ ਸਭ ਦੀ ਦਏ ਬਦਲਾਈਆ। ਜੋ ਵਿਸ਼ਨ ਬ੍ਰਹਮਾ ਸ਼ਿਵ ਦੇਵਣਹਾਰਾ ਰਸਦ, ਭੰਡਾਰਾ ਧੁਰ ਦਾ ਇਕ ਵਰਤਾਈਆ। ਭਗਤ ਭਗਵਾਨ ਨਾਮ ਖ਼ੁਮਾਰੀ ਵਿਚ ਰਖੇ ਮਸਤ, ਮਸਤ ਦੀਵਾਨੇ ਲਏ ਬਣਾਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਅੰਦਰ ਹਸਦ, ਵਿਕਾਰ ਹੰਕਾਰ ਦੇਵੇ ਕਢਾਈਆ। ਮਨ ਮਮਤਾ ਮੇਟੇ ਆਤਸ਼, ਅਗਨੀ ਅੱਗ ਨਾ ਕੋਇ ਜਲਾਈਆ। ਸਾਚਾ ਹੁਕਮ ਦੇਵੇ ਸਖ਼ਤ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਕਲਜੁਗ ਵੇਲਾ ਆਵੇ ਵਕ਼ਤ, ਅੰਤ ਅਖ਼ੀਰ ਬੇਨਜ਼ੀਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਓਹਲਾ ਪੜਦਾ ਰਿਹਾ ਚੁਕਾਈਆ। ਧੰਨਾ ਜੱਟ ਮੂਰਖ ਨਾ ਜਾਣੋ ਗਵਾਰ, ਮਨਸਾ ਮਨ ਹੀ ਮਾਂਹਿ ਸਮਾਈਆ। ਦਿਵਸ ਰੈਣ ਅੱਠੇ ਪਹਿਰ ਮੰਗੇ ਦੀਦਾਰ, ਬਿਨ ਲੋਚਨ ਨੈਣ ਅੱਖ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਗਾਉਂਦਾ ਰਹੇ ਸਾਚੀ ਵਾਰ, ਵਾਰਤਾ ਇਕੋ ਇਕ ਅਲਾਈਆ। ਘਰ ਮੰਦਰ ਸੋਹੇ ਠਾਕਰ ਠਾਕਰ ਦਵਾਰ, ਠੋਕਰ ਆਪਣਾ ਨਾਮ ਲਗਾਈਆ। ਬੰਦ ਕਿਵਾੜੀ ਖੁਲ੍ਹੇ ਕਿਵਾੜ, ਬਜਰ ਕਪਾਟੀ ਪਾਰ ਨਜ਼ਰੀ ਆਈਆ। ਅੰਮ੍ਰਿਤ ਬਖ਼ਸ਼ੇ ਠੰਡਾ ਠਾਰ, ਧੁਰ ਦਾ ਝਿਰਨਾ ਇਕ ਝਿਰਾਈਆ। ਸ਼ਬਦ ਅਗੰਮੀ ਵੱਜੇ ਨਾਦ, ਅਨਹਦ ਨਾਦੀ ਨਾਦ ਸ਼ਨਵਾਈਆ। ਪਰਮ ਪੁਰਖ ਦੀ ਆਵੇ ਯਾਦ, ਦੂਜਾ ਗੁਣ ਨਾ ਕੋਇ ਵਡਿਆਈਆ। ਸੁਰਤੀ ਸ਼ਬਦ ਹੋਵੇ ਬਿਸਮਾਦ, ਬਿਸਮਿਲ ਆਪਣਾ ਰੰਗ ਕਰਾਈਆ। ਸਾਚਾ ਮਿਲੇ ਇਕ ਅਹਿਬਾਬ, ਮੁਹੱਬਤ ਵਿਚ ਵਡਿਆਈਆ। ਆਸਾ ਮਨਸਾ ਪੂਰੀ ਕਰੇ ਮੁਰਾਦ, ਮੁੱਦਤਾਂ ਦੇ ਵਿਛੜਿਆਂ ਦਏ ਮਿਲਾਈਆ। ਘਰ ਸਵਾਮੀ ਆ ਕੇ ਸੁਣੇ ਫ਼ਰਿਆਦ, ਫ਼ੈਸਲਾ ਹੱਕ ਦਏ ਕਰਾਈਆ। ਅੰਤਰ ਅੰਦਰ ਪ੍ਰੇਮ ਪਿਆਰ ਦੀ ਪੁਰਖ ਅਕਾਲ ਸੁਣੀ ਇਕ ਆਵਾਜ਼, ਭੱਜਾ ਵਾਹੋ ਦਾਹੀਆ। ਨਾਤਾ ਤੋੜ ਜਗਤ ਸਮਾਜ, ਜਗਤ ਸਮਗਰੀ ਪਰੇ ਹਟਾਈਆ। ਭਗਤ ਭਗਵਾਨ ਦਾ ਸਾਚਾ ਦੱਸ ਰਿਵਾਜ, ਰਵਾਇਤ ਕਰ ਕੇ ਕਫ਼ਾਇਤ ਕਰ ਕੇ ਅਨਾਇਤ ਵਿਚ ਆਸ਼ਾ ਪੂਰ ਕਰਾਈਆ। ਦੁਰਮਤ ਮੈਲ ਧੋ ਕੇ ਦਾਗ਼, ਪਤਿਤ ਪੁਨੀਤ ਦਿਤਾ ਬਣਾਈਆ। ਨੂਰੀ ਜੋਤ ਜਗਾ ਚਿਰਾਗ਼, ਕਾਇਆ ਮੰਦਰ ਕਰੇ ਰੁਸ਼ਨਾਈਆ। ਨਾਮ ਪਦਾਰਥ ਦੇ ਕੇ ਖਾਜ, ਭੋਗ ਬਾਹਰੋਂ ਦਿਤਾ ਲਗਾਈਆ। ਸੇਵਕ ਸੇਵਾਦਾਰ ਬਣ ਕੇ ਚਾਕ, ਮੱਝੀ ਛੇੜ ਹਲ ਵਾਹ ਖ਼ੁਸ਼ੀ ਰਖਾਈਆ। ਚਾਰ ਜੁਗ ਵਿਚ ਇਕ ਵਾਰ ਧੰਨੇ ਨਾਲ ਮਿਲਣ ਦਾ ਹੋਇਆ ਇਤਫ਼ਾਕ, ਦੂਜਾ ਧੰਨਾ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਜੁਗ ਚੌਕੜੀ ਲਹਿਣਾ ਦੇਣਾ ਸਭ ਦਾ ਕਰੇ ਬੇਬਾਕ, ਪੁਰਖ ਅਕਾਲ ਦੀਨ ਦਿਆਲ ਦਇਆਵੰਤ ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਜੱਟ ਲਏ ਪਰਗਟਾਈਆ। ਸਾਚਾ ਜੱਟ ਏਕਾ ਸਿੱਧਾ, ਸਿਦਕ ਸਬੂਰੀ ਵਿਚ ਸਮਾਈਆ। ਜਿਸ ਨੂੰ ਪੋਹ ਨਾ ਸਕੇ ਨੌ ਨਿਧਾ, ਅਠਾਰਾਂ ਸਿਧਾਂ ਨੇੜ ਕੋਇ ਨਾ ਆਈਆ। ਜਿਸ ਦਾ ਸ਼ਬਦ ਗੁਰੂ ਤੀਰ ਅਣਿਆਲੇ ਨਾਲ ਵਿੱਧਾ, ਕਾਇਆ ਵਿਦਿਆਲੇ ਅੰਦਰ ਕਰੀ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਸਾਚੀ ਬਿਧਾ, ਬਿਧਨਾ ਦਾ ਲੇਖਾ ਦਿਤਾ ਚੁਕਾਈਆ। ਭਾਗ ਲਗਾ ਕੇ

ਜੀਓ ਪਿੰਡਾ, ਬ੍ਰਹਿਮੰਡ ਖੰਡ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਿਤਾ ਖੁਲ੍ਹਾਈਆ। ਧੰਨਾ ਜੱਟ ਕਹੇ ਮੈਂ ਹੋਇਆ ਧਨਾਢ, ਮਿਲੀ ਨਾਮ ਸੱਚੀ ਵਡਿਆਈਆ। ਜਿਸ ਨੇ ਖੂਹਾ ਵਾਹਿਆ ਆਜ, ਕਿਆਰੇ ਮੋੜ ਖ਼ੁਸ਼ੀ ਵਖਾਈਆ। ਮੈਂ ਓਸ ਦਾ ਹੋਇਆ ਦਾਸ, ਆਪਾ ਆਪ ਓਸੇ ਦੀ ਝੋਲੀ ਪਾਈਆ। ਮੇਰਾ ਲੇਖੇ ਲੱਗੇ ਸਵਾਸ, ਸਾਹ ਸਾਹ ਇਕੋ ਨਾਮ ਧਿਆਈਆ। ਨਿਰਗੁਣ ਜੋਤ ਹੋਵੇ ਪਰਕਾਸ਼, ਅੰਧ ਅੰਧੇਰਾ ਦਏ ਗਵਾਈਆ। ਇਕੋ ਦੱਸੇ ਜਾਪ, ਸਾਚਾ ਢੋਲਾ ਦਏ ਜਣਾਈਆ। ਰੂਹ ਬੁਤ ਦੋਵੇਂ ਕਰੇ ਪਾਕ, ਪਾਰਬ੍ਰਹਮ ਬੇਪਰਵਾਹ ਆਪਣਾ ਰੰਗ ਚੜ੍ਹਾਈਆ। ਏਥੇ ਓਥੇ ਦੋ ਜਹਾਨਾਂ ਬਣੇ ਸੱਚਾ ਬਾਪ, ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ। ਨਾਤਾ ਜੋੜੇ ਧੁਰ ਦਾ ਸਾਕ, ਸੱਜਣ ਇਕੋ ਨਜ਼ਰੀ ਆਈਆ। ਮਿਹਰਵਾਨ ਹੋ ਕੇ ਸਿਰ ਤੇ ਰਖੇ ਹਾਥ, ਸਮਰਥ ਆਪਣੀ ਦਇਆ ਕਮਾਈਆ। ਜਿਸ ਕਾਰਨ ਧੰਨੇ ਦੇ ਆਇਆ ਪਾਸ, ਆਸ਼ਾ ਮਨਸਾ ਪੂਰ ਕਰਾਈਆ। ਜਨ ਭਗਤੋ ਗੁਰਮੁਖੋ ਜੇ ਇਹੋ ਜਿਹੀ ਸਭ ਨੂੰ ਆ ਜਾਏ ਜਾਚ, ਫਿਰ ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਸਤਿਗੁਰ ਸ਼ਬਦ ਘਰ ਘਰ ਦਾ ਲੇਖਾ ਲਿਆ ਵਾਚ, ਲਹਿਣਾ ਦੇਣਾ ਜਾਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਕਰਨੀ ਦਾ ਮਾਲਕ ਕ਼ੁਦਰਤ ਦਾ ਕ਼ਾਦਰ ਇਕੋ ਨਜ਼ਰੀ ਆਈਆ। ਧੰਨਾ ਬਣਨ ਦਾ ਜਿਸ ਨੂੰ ਚਾਅ, ਚਾਓ ਘਨੇਰਾ ਅੰਦਰ ਲੈਣਾ ਪਰਗਟਾਈਆ। ਸਤਿਗੁਰ ਸ਼ਬਦ ਆਪੇ ਬਣੇ ਮਲਾਹ, ਬੇੜਾ ਸ਼ੌਹ ਦਰਿਆਏ ਪਾਰ ਕਰਾਈਆ। ਕੋਟ ਜਨਮ ਦੇ ਬਖ਼ਸ਼ ਦੇਵੇ ਗੁਨਾਹ, ਪਤਿਤ ਪਾਪੀ ਲਏ ਤਰਾਈਆ। ਇਕੋ ਨਾਮ ਸੰਦੇਸ਼ਾ ਦਏ ਸੁਣਾ, ਧੁਰ ਦਾ ਢੋਲਾ ਰਾਗ ਅਲਾਈਆ। ਘਰ ਮੰਦਰ ਦਏ ਸੁਹਾ, ਕਾਇਆ ਕਾਅਬੇ ਵੱਜੇ ਵਧਾਈਆ। ਅੰਮ੍ਰਿਤ ਆਤਮ ਜਾਮ ਦਏ ਪਿਆ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਬਿਨ ਦੀਵਾ ਬਾਤੀ ਕਰੇ ਰੁਸ਼ਨਾ, ਜੋਤੀ ਜੋਤ ਡਗਮਗਾਈਆ। ਆਤਮ ਸੇਜਾ ਦਏ ਸੁਹਾ, ਸਾਹਿਬ ਸਵਾਮੀ ਹੋ ਕੇ ਵੇਖ ਵਖਾਈਆ। ਦਾਮਨਗੀਰ ਹੋ ਕੇ ਆਪਣਾ ਦਾਮਨ ਦਏ ਫੜਾ, ਸੁਰਤੀ ਸ਼ਬਦੀ ਪੱਲੂ ਗੰਢ ਫੜਾਈਆ। ਬਿਨਾ ਸੱਦਿਆਂ ਘਰ ਸਵਾਮੀ ਠਾਕਰ ਜਾਵੇ ਆ, ਠੋਕਰ ਨਾਲ ਲਏ ਉਠਾਈਆ। ਧੰਨਾ ਜੱਟ ਸ਼ਹਾਦਤ ਵਿਚ ਬਣੇ ਗਵਾਹ, ਜੋ ਗਹਿਰ ਗੰਭੀਰ ਮਿਲ ਕੇ ਖ਼ੁਸ਼ੀ ਮਨਾਈਆ। ਮਨ ਵਾਸਨਾ ਅੰਦਰੋਂ ਦਿਓ ਗਵਾ, ਕੂੜੀ ਕਿਰਿਆ ਰਹੇ ਨਾ ਰਾਈਆ। ਮਾਇਆ ਮਮਤਾ ਦਾ ਲੱਗਣ ਦਿਓ ਨਾ ਦਾਅ, ਹੰਕਾਰ ਵਿਕਾਰ ਨਾ ਕੋਇ ਵਡਿਆਈਆ। ਇਕੋ ਚਰਨ ਕਵਲ ਪੁਰਖ ਅਬਿਨਾਸ਼ੀ ਕਰੋ ਧਿਆਂ, ਸਾਹਿਬ ਸਤਿਗੁਰ ਹੋਏ ਸਹਾਈਆ। ਜਿਸ ਵੇਲੇ ਚਾਹੋ ਨਿਜ ਨੇਤਰ ਦਰਸ਼ਨ ਲਵੋ ਪਾ, ਅੱਖ ਪਰਤੱਖ ਸਾਖਿਆਤ ਸਤਿ ਸਰੂਪ ਨਜ਼ਰੀ ਆਈਆ। ਆਪਣਾ ਹੱਕ ਸਚ ਦਵਾਰੇ ਲਉ ਜਣਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਧੁਰ ਦਾ ਹਿੱਸਾ ਵੰਡ ਵੰਡਾਈਆ। ਆਤਮ ਹੋ ਕੇ ਪਰਮਾਤਮ ਨਾਲੋਂ ਕਦੇ ਨਾ ਹੋਵੇ ਜੁਦਾ, ਬ੍ਰਹਮ ਹੋ ਕੇ ਪਾਰਬ੍ਰਹਮ ਵਿਚ ਸਮਾਈਆ। ਇਹੋ ਧੰਨੇ ਦਾ ਬਿਨ ਧਨ ਤੋਂ ਸੱਚਾ ਰਾਹ, ਮਾਰਗ ਚਲ ਕੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਅੰਦਰ ਪੜਦਾ ਦਏ ਉਠਾਈਆ। ਧੰਨੇ ਜੱਟ ਨੇ ਪਾਇਆ ਠਾਕਰ, ਸਵਾਮੀ ਇਕੋ ਨਜ਼ਰੀ ਆਈਆ। ਭਾਗ ਲੱਗਾ ਕਾਇਆ ਗਾਗਰ, ਗਹਿਰ ਗੰਭੀਰ ਦਿਤੀ ਮਾਣ ਵਡਿਆਈਆ। ਨਿਰਮਲ ਕਰਮ ਹੋਇਆ ਉਜਾਗਰ, ਦੁਰਮਤ ਮੈਲ ਧਵਾਈਆ। ਇਕੋ ਵਣਜ ਕੀਤਾ ਬਣ ਕੇ ਹੱਕ ਸੁਦਾਗਰ, ਦੂਜੀ ਵਸਤ ਹੱਥ ਨਾ ਕੋਇ ਛੁਹਾਈਆ। ਯਾਦ ਕਰਦਾ ਰਿਹਾ ਹੋ ਇਕਾਗਰ, ਮਨ

ਵਾਸਨਾ ਨਾ ਕਦੇ ਹਲਕਾਈਆ। ਪੁਰਖ ਅਕਾਲ ਦੀਨ ਦਿਆਲ ਘਰ ਆ ਕੇ ਦਿਤਾ ਆਦਰ, ਆਦਤ ਠਾਕਰਾਂ ਵਾਲੀ ਦਿਤੀ ਬਦਲਾਈਆ। ਝਗੜਾ ਰਿਹਾ ਨਾ ਮਕ਼ਤੂਲ ਕ਼ਾਤਲ, ਬਾਤਨ ਆਪਣਾ ਦਰਸ ਕਰਾਈਆ। ਲੇਖਾ ਜਾਣ ਧੁਰ ਰਸਾਤਲ, ਰਸੀਆ ਹੋ ਕੇ ਰਸ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ਼ਨ ਦੇਵੇ ਸਤਿਗੁਰ ਬਾਤਨ, ਜਨ ਭਗਤ ਦਵਾਰੇ ਆ ਕੇ ਖ਼ੁਸ਼ੀ ਮਨਾਈਆ।