੧੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਰੌਣਕ ਸਿੰਘ, ਸੇਵਾ ਸਿੰਘ ਦੇ ਗ੍ਰਹਿ ਪਿੰਡ ਰੁੜਕੀ
ਸਤਿਜੁਗ ਸਾਚੇ, ਤੇਰੀ ਆਸਾ ਮਨਸਾ ਹੋਵੇ ਪੂਰੀ, ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਦੀਨ ਦਿਆਲ ਦਇਆ ਕਮਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਚਾਰ ਕੁੰਟ ਦਹਿ ਦਿਸ਼ਾ ਏਕਾ ਜੋਤ ਕਰੇ ਨੂਰੀ, ਸ਼ਾਹ ਸੁਲਤਾਨਾ ਸ੍ਰੀ ਭਗਵਾਨਾ ਬੇਪਰਵਾਹ ਆਪਣੀ ਖੇਲ ਖਿਲਾਈਆ। ਮਨ ਵਾਸਨਾ ਦੀਨ ਦੁਨੀ ਅੰਦਰੋਂ ਕਿਰਿਆ ਕੱਢੇ ਕੂੜੀ, ਕੂੜ ਕੁਟੰਬ ਕਾਮ ਕਰੋਧ ਲੋਭ ਮੋਹ ਹੰਕਾਰ ਦਏ ਖਪਾਈਆ। ਜਨ ਭਗਤਾਂ ਸਾਚੇ ਸੰਤਾਂ ਸਾਹਿਬ ਸਵਾਮੀ ਅੰਤਰਜਾਮੀ ਨਾਮ ਸ਼ਬਦ ਦੀ ਪੂਰੀ ਕਰੇ ਮਜ਼ਦੂਰੀ, ਵੇਖ ਵਖਾਣੇ ਥਾਉਂ ਥਾਈਂਆ। ਨਾਮ ਰੰਗਣ ਤਨ ਮਾਟੀ ਖ਼ਾਕੀ ਵਜੂਦ ਆਪਣੀ ਚਾੜ੍ਹੇ ਗੂੜ੍ਹੀ, ਗਹਿਰ ਗੰਭੀਰ ਬੇਨਜ਼ੀਰ ਲਾਸ਼ਰੀਕ ਆਪਣਾ ਭੇਵ ਖੁਲ੍ਹਾਈਆ। ਦੋ ਜਹਾਨ ਸ੍ਰੀ ਭਗਵਾਨ ਝਗੜਾ ਮੁਕਾ ਕੇ ਦੂਰ ਦੂਰੀ, ਨੇਰਨ ਨੇਰਾ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਸੱਚਾ ਰਾਹ, ਸ਼ਬਦੀ ਸਤਿਗੁਰ ਬਣ ਮਲਾਹ, ਏਕੰਕਾਰ ਇਕ ਇਕੱਲਾ ਨਵ ਸੱਤ ਦਏ ਵਖਾਈਆ। ਸਤਿਜੁਗ ਸਾਚੇ, ਕਿਰਪਾ ਕਰੇ ਸ੍ਰੀ ਭਗਵੰਤ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਕੂੜੀ ਕਿਰਿਆ ਗੜ੍ਹ ਤੋੜ ਕੇ ਹਉਮੇਂ ਹੰਗਤ, ਹੰ ਬ੍ਰਹਮ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦਏ ਸਮਝਾਈਆ। ਬੋਧ
ਅਗਾਧਾ ਬਣ ਕੇ ਦੋ ਜਹਾਨਾਂ ਪੰਡਤ, ਨਿਰਗੁਣ ਨਿਰਵੈਰ ਨਿਰਅੱਖਰ ਨਿਰਾਕਾਰ ਸਾਕਾਰ ਦਏ ਸਮਝਾਈਆ। ਲੇਖਾ ਜਾਣੇ ਕੂੜੀ ਕਿਰਿਆ ਕਲਜੁਗ ਅੰਤਮ, ਅੰਤਸ਼ਕਰਨ ਦੀਨ ਦੁਨੀ ਵੇਖੇ ਥਾਉਂ ਥਾਈਂਆ। ਸਾਹਿਬ ਸੁਹੇਲਾ ਇਕ ਇਕੇਲਾ ਨਾਮ ਨਿਧਾਨਾ ਆਪਣਾ ਚਲਾਏ ਧੁਰ ਦਾ ਮੰਤਰ, ਮੰਤਵ ਸਭ ਦੇ ਹੱਲ ਕਰਾਈਆ। ਤ੍ਰੈਗੁਣ ਮਾਇਆ ਘਟ ਭੀਤਰ ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਮੇਘ ਇਕੋ ਇਕ ਬਰਸਾਈਆ। ਪੜਦਾ ਲਾਹੇ ਭੇਵ ਖੁਲ੍ਹਾਏ ਬ੍ਰਹਮ ਨਿਰੰਤਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਸੱਚਾ ਰਾਹ, ਸਤਿ ਸਤਿਵਾਦੀ ਬਣ ਮਲਾਹ, ਧਰਨੀ ਧਰਤ ਧਵਲ ਦਏ ਵਖਾਈਆ। ਸਤਿਜੁਗ ਸਾਚੇ, ਕਿਰਪਾ ਕਰੇ ਸਾਹਿਬ ਸਤਿਗੁਰ ਸਵਾਮੀ, ਸਾਜਣ ਮੀਤ ਆਪਣਾ ਖੇਲ ਖਿਲਾਈਆ। ਚਾਰ ਵਰਨ ਅਠਾਰਾਂ ਬਰਨ ਆਤਮ ਪਰਮਾਤਮ ਦੱਸ ਕੇ ਧੁਰ ਦੀ ਬਾਣੀ, ਬਾਣ ਨਿਰਾਲਾ ਅਣਿਆਲਾ ਤੀਰ ਲਗਾਈਆ। ਝਗੜਾ ਚੁਕਾ ਕੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਦਏ ਸਮਝਾਈਆ। ਜਨ ਭਗਤਾਂ ਸਾਚੇ ਸੰਤਾਂ ਇਕੋ ਦੱਸ ਕੇ ਪਦ ਨਿਰਬਾਣੀ, ਸਚ ਦਵਾਰਾ ਹਰਿ ਨਿਰੰਕਾਰਾ ਇਕੋ ਦਏ ਵਖਾਈਆ। ਨਿਰਗੁਣ ਨੂਰ ਜੋਤ ਜਗੇ ਸਚ ਦਵਾਰ ਮਹਾਨੀ, ਦੀਵਾ ਬਾਣੀ ਕਮਲਾਪਾਤੀ ਪਤਿਪਰਮੇਸ਼ਵਰ ਅਵਰ ਨਾ ਕੋਇ ਰਖਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਬਖ਼ਸ਼ੇ ਸਚ ਨਿਸ਼ਾਨੀ, ਜਗਤ ਨਿਸ਼ਾਨਾ ਕੂੜ ਕੁੜਿਆਰ ਜਗ ਨੇਤਰ ਨੈਣ ਨਜ਼ਰ ਕੋਇ ਨਾ ਆਈਆ। ਸਚ ਦਵਾਰੇ ਸੋਹੇ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ ਸੁਲਤਾਨੀ, ਪਾਤਸ਼ਾਹ ਪਰਵਰਦਿਗਾਰ ਇਕੋ ਨਜ਼ਰੀ ਆਈਆ। ਜਿਸ ਦਾ ਲੇਖਾ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਦੋ ਜਹਾਨੀ, ਲੋਕ ਪਰਲੋਕ ਨਾਮ ਸਲੋਕ ਸੋਹਲਾ ਢੋਲਾ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਤਿਜੁਗ ਵਰ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪਾਰਬ੍ਰਹਮ ਇਕ ਇਕੱਲਾ ਏਕੰਕਾਰ ਆਪਣਾ ਹੁਕਮ ਵਰਤਾਈਆ। ਸਤਿਜੁਗ ਸਾਚੇ, ਸਾਚਾ ਪ੍ਰਭ ਬਖ਼ਸ਼ੇ ਧੁਰ ਦੀ ਧਾਰ ਅਗੰਮੀ ਧਰਮ, ਧਰਮ ਆਤਮਾ ਪਰਮਾਤਮਾ ਦਏ ਜਣਾਈਆ। ਨਿਹਕਰਮੀ ਹੋ ਕੇ ਕਰੇ ਆਪਣਾ ਕਰਮ, ਕੂੜੀ ਕਿਰਿਆ ਕਰਮ ਕਾਂਡ ਦਾ ਲੇਖਾ ਦਏ ਮੁਕਾਈਆ। ਏਕਾ ਰੰਗ ਰੰਗਾਏ ਚਾਰ ਵਰਨ, ਚਾਰ ਕੁੰਟ ਦਹਿ ਦਿਸ਼ਾ ਏਕਾ ਹੁਕਮ ਦਏ ਸਮਝਾਈਆ। ਸੋ ਪੁਰਖ ਨਿਰੰਜਣ ਦੱਸ ਕੇ ਧੁਰ ਦੀ ਇਕੋ ਸਰਨ, ਸਰਨਗਤ ਦਰ ਦਵਾਰੇ ਸਾਚੇ ਦਏ ਦ੍ਰਿੜਾਈਆ। ਨੇਤਰ ਖੋਲ੍ਹ ਕੇ ਹਰਨ ਫਰਨ, ਨਿਜ ਲੋਚਨ ਕਰੇ ਰੁਸ਼ਨਾਈਆ। ਜਨ ਭਗਤਾਂ ਭੈ ਚੁਕਾ ਕੇ ਮਰਨ ਡਰਨ, ਲੱਖ ਚੁਰਾਸੀ ਪੈਂਡਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਨਿਰਗੁਣ ਸਰਗੁਣ ਖੇਲ ਆਏ ਕਰਨ, ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਆਪਣੀ ਕਾਰ ਕਮਾਈਆ। ਸਤਿਜੁਗ ਸਾਚੇ ਸਾਚਾ ਪ੍ਰਭ ਹੋਏ ਦਿਆਲ, ਦੀਨਾਂ ਅਨਾਥਾਂ ਦਏ ਵਡਿਆਈਆ। ਕਿਰਪਾਨਿਧ ਹੋ ਕਿਰਪਾਲ, ਕਿਰਪਨ ਵੇਖੇ ਥਾਉਂ ਥਾਈਂਆ। ਕੂੜੀ ਕਿਰਿਆ ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਚਖੰਡ ਨਿਵਾਸੀ ਸਚ ਦਵਾਰ ਇਕ ਵਖਾਏ ਧੁਰ ਦੀ ਧਰਮਸਾਲ, ਜਿਥੇ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਏਕਾ ਰੰਗ ਰੰਗੇ ਸ਼ਾਹ ਕੰਗਾਲ, ਊਚ ਨੀਚ ਝਗੜਾ ਦਏ ਮੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਵੱਜੇ ਸ਼ਬਦ ਅਗੰਮੀ ਤਾਲ, ਜਗਤ ਤਲਵਾੜਿਆਂ ਦੀ ਲੋੜ ਰਹੇ ਨਾ ਰਾਈਆ। ਜਨ ਭਗਤਾਂ ਸਾਚੇ ਸੰਤਾਂ ਮਾਰਗ ਦੱਸ ਆਪ ਸੁਖਾਲ, ਜਗਤ ਦਵਾਰੇ ਪਾਰ ਦਏ ਕਰਾਈਆ। ਨਿਰਗੁਣ ਜੋਤੀ ਦੀਆ ਬਾਤੀ ਕਮਲਾਪਾਤੀ ਆਪੇ ਬਾਲ,
ਗ੍ਰਹਿ ਮੰਦਰ ਕਾਇਆ ਭੀਤਰ ਸਾਚੇ ਘਰ ਕਰੇ ਰੁਸ਼ਨਾਈਆ। ਸਤਿਜੁਗ ਸਾਚੇ, ਤੇਰਾ ਹੱਲ ਹੋਵੇ ਸਵਾਲ, ਕਲਜੁਗ ਕੂੜੀ ਕਿਰਿਆ ਚੁੱਕੇ ਵਿਚ ਜਹਾਨ, ਬੇਈਮਾਨ ਸ਼ੈਤਾਨ ਰਹਿਣ ਕੋਇ ਨਾ ਪਾਈਆ। ਪਰਗਟ ਹੋਵੇ ਧੁਰ ਦਾ ਨਾਮ, ਅੰਮ੍ਰਿਤ ਮਿਲੇ ਸਭ ਨੂੰ ਜਾਮ, ਭਾਗ ਲੱਗੇ ਕਾਇਆ ਮਾਟੀ ਖੇੜਾ ਤਨ ਗਰਾਮ, ਮਹੱਲ ਅਟਲ ਸੋਹਣਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਸ਼ਬਦ ਦੇਵੇ ਹੱਕ ਪੈਗ਼ਾਮ, ਪੀਰ ਪੈਗ਼ੰਬਰ ਜਿਸ ਨੂੰ ਕਰਨ ਸਲਾਮ, ਸਜਦਿਆਂ ਵਿਚ ਬੈਠੇ ਸੀਸ ਨਿਵਾਈਆ।
੧੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਮਿਹਰ ਸਿੰਘ ਦੇ ਗ੍ਰਹਿ ਪਿੰਡ ਸ਼ੇਖ਼ ਪੁਰਾ
ਸਤਿਜੁਗ ਸਾਚਾ ਕਹੇ ਪ੍ਰਭ ਤੇਰਾ ਨਾਮ ਉਪਜੇ ਏਕ, ਏਕੰਕਾਰ ਦੇ ਵਡਿਆਈਆ। ਸ਼ਬਦ ਸਵਾਮੀ ਬਖ਼ਸ਼ ਸਾਚੀ ਟੇਕ, ਟਿੱਕੇ ਮਸਤਕ ਧੂੜੀ ਧੁਰ ਦੀ ਖ਼ਾਕ ਰਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰ ਬੁਧ ਬਿਬੇਕ, ਅਦਵੈਤੀ ਆਪਣੀ ਧਾਰ ਸਮਝਾਈਆ। ਸਚ ਸੁਨੇਹੜਾ ਦੇ ਅਗੰਮੀ ਦੇਸ, ਬ੍ਰਹਿਮੰਡ ਖੰਡ ਪੁਰੀ ਲੋਅ ਵੱਜੇ ਇਕ ਵਧਾਈਆ। ਨਿਉਂ ਨਿਉਂ ਸੀਸ ਝੁਕਾਵਣ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਪੈਗ਼ੰਬਰ ਸਜਦਿਆਂ ਵਿਚ ਸਿਰ ਨਾ ਕੋਇ ਉਠਾਈਆ। ਸਚ ਦਵਾਰੇ ਸਾਰੇ ਕਰਨ ਇਕ ਆਦੇਸ, ਨਮੋ ਨਮਸਤੇ ਵਿਚ ਸ਼ੁਕਰ ਮਨਾਈਆ। ਕਲਜੁਗ ਕੂੜੀ ਕਿਰਿਆ ਮੇਟ ਭੇਖ, ਪਖੰਡੀ ਕੂੜੇ ਦੇ ਗਵਾਈਆ। ਸਚ ਧਰਮ ਦੀ ਲਾ ਰੇਖ, ਰਿਖੀ ਮੁਨੀ ਦੇ ਸਮਝਾਈਆ। ਲੋਕਮਾਤ ਜਗਤ ਪਰਦੇਸ, ਦੇਸੀ ਗੁਰਮੁਖ ਲੈ ਉਠਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਦੱਸ ਭੇਤ, ਭਾਂਡਾ ਭਰਮ ਭੌ ਭੰਨਾਈਆ। ਨਜ਼ਰੀ ਆਵੇਂ ਪੁਰਖ ਅਕਾਲ ਨੇਤਨ ਨੇਤ, ਨਿਜ ਲੋਚਨ ਨੈਣ ਕਰ ਰੁਸ਼ਨਾਈਆ। ਸੰਤ ਸੁਹੇਲੇ ਤੇਰਾ ਦਰਸ਼ਨ ਲੈਣ ਪੇਖ, ਸਵੱਛ ਸਰੂਪੀ ਸ਼ਾਹੋ ਭੂਪੀ ਘਰ ਘਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਹੋ ਕੇ ਨਿਰਗੁਣ ਕਰ ਹੇਤ, ਹਿਤਕਾਰੀ ਹੋ ਕੇ ਆਪਣਾ ਮੇਲ ਮਿਲਾਈਆ। ਸਤਿਜੁਗ ਸਾਚਾ ਕਹੇ ਪ੍ਰਭ ਤੇਰਾ ਨਾਮ ਹੋਵੇ ਨਿਰੰਕਾਰ, ਲੋਕ ਪਰਲੋਕ ਵੱਜੇ ਵਧਾਈਆ। ਗੁਰਮੁਖ ਸਖੀਆਂ ਹੋਵੇ ਮੰਗਾਲਾਚਾਰ, ਦਰ ਘਰ ਸਾਚੇ ਸੋਭਾ ਪਾਈਆ। ਸ਼ਬਦ ਨਾਦ ਹੋਵੇ ਧੁਨਕਾਰ, ਅਨਹਦ ਨਾਦੀ ਨਾਦ ਕਰ ਸ਼ਨਵਾਈਆ। ਨਿਰਮਲ ਦੀਵਾ ਬਾਤੀ ਜੋਤ ਹੋਵੇ ਉਜਿਆਰ, ਕਮਲਾਪਾਤੀ ਸੋਭਾ ਪਾਈਆ। ਭਗਤ ਸੁਹੇਲੇ ਕਰ ਪਿਆਰ, ਗੁਰ ਚੇਲੇ ਮੇਲ ਮਿਲਾਈਆ। ਗੁਰਮੁਖ ਰਹੇ ਨਾ ਕੋਈ ਦੁਖਿਆਰ, ਦੁਖੀਆਂ ਦਰਦ ਦੇ ਗਵਾਈਆ। ਕ਼ੁਦਰਤ ਦੇ ਕ਼ਾਦਰ ਤੇਰੇ ਤੋਂ ਬਲਿਹਾਰ, ਸਤਿਜੁਗ ਕਹੇ ਨਿਉਂ ਨਿਉਂ ਲਾਗਾਂ ਪਾਈਆ। ਦਰ ਭਿੱਖਕ ਬਣਾਂ ਭਿਖਾਰ, ਦਰ ਦਰਵੇਸ਼ ਹੋ ਕੇ ਅਲਖ ਸੁਣਾਈਆ। ਕਿਰਪਾ ਕਰ ਸਿਰਜਣਹਾਰ, ਸਜਦਿਆਂ ਵਿਚ ਮੰਗ ਮੰਗਾਈਆ। ਦੀਨ ਦੁਨੀ ਤੋਂ ਕੱਢ ਬਾਹਰ, ਗੁਪਤ ਜਾਹਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਖ਼ਸ਼ ਇਕ ਭੰਡਾਰ, ਵਸਤ ਅਮੋਲਕ ਝੋਲੀ ਦੇਣੀ ਟਿਕਾਈਆ। ਸਤਿਜੁਗ ਕਹੇ ਪ੍ਰਭ ਸੁਣ ਅਗੰਮੀ ਅਰਦਾਸ, ਆਰਜ਼ੂ ਅਰਜ਼ ਵਿਚੋਂ ਪਰਗਟਾਈਆ। ਖੇਲ ਵੇਖਿਆ ਤੇਰਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਈਆ। ਲੱਖ
ਚੁਰਾਸੀ ਪੈਂਦੀ ਵੇਖੀ ਰਾਸ, ਮਨੂਆ ਆਪਣਾ ਸਾਂਗ ਵਰਤਾਈਆ। ਸਚ ਸਵਾਮੀ ਕਿਸੇ ਨਾ ਦਿਸਿਆ ਪਾਸ, ਪਾਸਾ ਉਲਟਿਆ ਜਗਤ ਲੋਕਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸੇ ਸਵਾਸ, ਸਾਹ ਸਾਹ ਤੇਰਾ ਨਾਮ ਨਾ ਕੋਇ ਧਿਆਈਆ। ਮਨ ਹੰਕਾਰੀ ਸਭ ਦਾ ਕਰੇ ਘਾਤ, ਘਾਓ ਡੂੰਘਾ ਆਪਣਾ ਲਾਈਆ। ਸਚ ਪ੍ਰੀਤੀ ਸ਼ਬਦੀ ਸੁਰਤੀ ਜੁੜਿਆ ਕੋਇ ਨਾ ਨਾਤ, ਨਾਤਾ ਬਿਧਾਤਾ ਨਾ ਕੋਇ ਜੁੜਾਈਆ। ਚਾਰ ਕੁੰਟ ਦਿਸੇ ਅੰਧੇਰੀ ਰਾਤ, ਅੰਧ ਅਗਿਆਨ ਦੂਰ ਨਾ ਕੋਇ ਕਰਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਪਾਰਬ੍ਰਹਮ ਤੇਰੀ ਇਕੋ ਓਟ ਰਖਾਈਆ। ਤੂੰ ਸਵਾਮੀ ਸਾਹਿਬ ਸਰਬ ਗੁਣਤਾਸ, ਗੁਣਵੰਤਾ ਸ਼ਹਿਨਸ਼ਾਹੀਆ। ਜਨ ਭਗਤਾਂ ਪੂਰੀ ਕਰ ਆਸ, ਆਸਾ ਮੇਰੇ ਨਾਲ ਮਿਲਾਈਆ। ਮੈਂ ਸੇਵਕ ਤੇਰਾ ਬਣਾਂ ਦਾਸੀ ਦਾਸ, ਚਾਰ ਕੁੰਟ ਦਹਿ ਦਿਸ਼ਾ ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਕਹੇ ਮੇਰੀ ਪੂਰੀ ਕਰਨੀ ਆਸ, ਆਸਾਵੰਦ ਤੇਰੇ ਦਰ ਤੇ ਨਜ਼ਰੀ ਆਈਆ। ਸਤਿਜੁਗ ਕਹੇ ਮੈਂ ਨਿਉਂ ਨਿਉਂ ਕਰਾਂ ਨਿਮਸਕਾਰ, ਨਿਮਰਤਾ ਵਿਚ ਜਣਾਈਆ। ਕਿਰਪਾ ਕਰ ਆਪ ਕਰਤਾਰ, ਬੇਅੰਤ ਬੇਪਰਵਾਹ ਮਿਹਰ ਨਜ਼ਰ ਉਠਾਈਆ। ਸਾਚਾ ਮਾਰਗ ਦੇ ਸੰਸਾਰ, ਜੁਗ ਜਨਮ ਦੇ ਵਿਛੜੇ ਮੇਲ ਮਿਲਾਈਆ। ਭਗਤ ਸੁਹੇਲੇ ਲੈ ਉਠਾਲ, ਸ਼ਬਦ ਹੁਲਾਰਾ ਇਕ ਲਗਾਈਆ। ਅਗਲਾ ਖੋਲ੍ਹ ਕੇ ਦੱਸ ਅਹਿਵਾਲ, ਹਾਲਤ ਪਿਛਲੀ ਦੇ ਬਦਲਾਈਆ। ਸ੍ਰਿਸ਼ਟ ਸਬਾਈ ਸਿਰ ਤੇ ਕੂਕੇ ਕਾਲ, ਮਹਾਂਕਾਲ ਦਏ ਦੁਹਾਈਆ। ਸੰਤ ਸੁਹੇਲੇ ਗੁਰਮੁਖ ਵੇਖ ਆਪਣੇ ਲਾਲ, ਲਾਲ ਗੁਲਾਲਾ ਰੰਗ ਦੇਣਾ ਚੜ੍ਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਝਗੜਾ ਮੁਕਾ ਸ਼ਾਹ ਕੰਗਾਲ, ਇਕ ਵਖਾ ਸੱਚੀ ਧਰਮਸਾਲ, ਧਰਮ ਦਵਾਰਾ ਤੇਰਾ ਸਚਖੰਡ ਸੱਚਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨਾਂ ਬੰਧਪ ਦੀਨ ਦਿਆਲ ਦਇਆਵਾਨ ਦਇਆਨਿਧ ਸਾਗਰ ਸਾਚਾ ਮਾਰਗ ਆਪਣਾ ਇਕ ਪਰਗਟਾਈਆ।
੧੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਹਰਭਜਨ ਸਿੰਘ ਦੇ ਗ੍ਰਹਿ ਪਿੰਡ ਸ਼ੇਖ਼ਪੁਰਾ ਜ਼ਿਲਾ ਰੋਪੜ
ਸਤਿਜੁਗ ਕਹੇ ਪ੍ਰਭ ਤੇਰੇ ਰੂਪ ਨਜ਼ਰੀ ਆਵਣ ਧੁਰ ਦੇ ਬੱਚੇ, ਬਚਪਨ ਇਨ੍ਹਾਂ ਦਾ ਲੇਖੇ ਲਾਈਆ। ਤੇਰੇ ਪ੍ਰੇਮ ਪਿਆਰ ਅੰਦਰ ਵੇਖੇ ਰਤੇ, ਰਤਨ ਅਮੋਲਕ ਹੀਰੇ ਦੇ ਬਣਾਈਆ। ਖ਼ੁਸ਼ੀਆਂ ਵਿਚ ਫਿਰਨ ਹੱਸੇ, ਪਾਂਧੀ ਬਣ ਕੇ ਭੱਜਣ ਵਾਹੋ ਦਾਹੀਆ। ਤੇਰੀ ਮੁਹੱਬਤ ਵਿਚ ਸੱਚੇ, ਨਾਤੇ ਸਾਰੇ ਗਏ ਤੁੜਾਈਆ। ਲੱਖ ਚੁਰਾਸੀ ਨਾਲੋਂ ਅੱਛੇ, ਜੋ ਤੇਰਾ ਢੋਲਾ ਗਾਈਆ। ਕਾਇਆ ਮਾਟੀ ਭਾਂਡੇ ਰਹਿਣ ਨਾ ਦੇਵੀਂ ਕੱਚੇ, ਕੰਚਨ ਗੜ੍ਹ ਦੇਣਾ ਸੁਹਾਈਆ। ਲੂੰ ਲੂੰ ਅੰਦਰ ਤੇਰਾ ਨੂਰ ਰਚੇ, ਰਚਨਾ ਆਪਣੀ ਦੇਣੀ ਵਖਾਈਆ। ਦਰਸ ਵਖਾ ਕੇ ਅਗੰਮੀ ਅੱਖੇ, ਆਖ਼ਰ ਪੜਦਾ ਦੇਣਾ ਉਠਾਈਆ। ਸੱਜਣ ਸੁਹੇਲੇ ਬਣਾ ਕੇ ਸਖ਼ੇ, ਸਗਲਾ ਸੰਗ ਦੇਣਾ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ। ਸਤਿਜੁਗ ਕਹੇ ਪ੍ਰਭ ਭਗਤ ਸੁਹੇਲੇ ਤੇਰੇ ਪੂਤ, ਪਿਤਾ ਪੁੱਤ ਇਕੋ ਨਜ਼ਰੀ ਆਈਆ। ਭਾਗ ਲਗਾਉਣਾ ਕਾਇਆ ਪੰਜ ਤਤ ਭੂਤ, ਭਵਿਖ ਆਪਣਾ ਦੇਣਾ ਸਮਝਾਈਆ। ਹੁਕਮ ਸੰਦੇਸ਼ਾ ਦੇਣਾ ਨਾਲ ਸ਼ਬਦੀ ਦੂਤ, ਨਿਰਗੁਣ ਸਰਗੁਣ ਹੋ ਕੇ ਹੁਕਮ ਵਰਤਾਈਆ। ਮੇਲ
ਮਿਲਾਉਣਾ ਚਾਰੇ ਕੂਟ, ਦਿਸ਼ਾ ਅੰਦਰ ਬਚਿਆ ਰਹਿਣ ਕੋਇ ਨਾ ਪਾਈਆ। ਝਗੜਾ ਮੁਕਾ ਕੇ ਜੂਠ ਝੂਠ, ਕੂੜ ਕੁੜਿਆਰਾਂ ਲੇਖਾ ਦੇਣਾ ਮੁਕਾਈਆ। ਪਰਮਾਤਮ ਹੋ ਕੇ ਜਾਣਾ ਤੁੱਠ, ਰੁਠਿਆਂ ਲੈਣਾ ਮਨਾਈਆ। ਅੰਮ੍ਰਿਤ ਜਾਮ ਪਿਆਲਾ ਦੇ ਕੇ ਘੁਟ, ਰਸ ਆਪਣਾ ਦੇਣਾ ਚਖਾਈਆ। ਆਵਣ ਜਾਵਣ ਸਭ ਦਾ ਪੈਂਡਾ ਜਾਏ ਮੁਕ, ਜੂਨੀ ਵਿਚ ਨਾ ਕੋਇ ਭਵਾਈਆ। ਸਚ ਦਵਾਰੇ ਕਰਨੀ ਪੁਛ, ਮਿਹਰਵਾਨ ਹੋ ਕੇ ਵੇਖ ਵਖਾਈਆ। ਭਗਤ ਉਧਾਰਨੇ ਤੇਰੇ ਅਗੇ ਤੁਛ, ਮਿਹਰ ਨਜ਼ਰ ਨਾਲ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਹਾਵਣੀ ਕਰਨੀ ਰੁਤ, ਨਾਮ ਰੁਤੜੀ ਇਕ ਮਹਿਕਾਈਆ। ਸਤਿਜੁਗ ਕਹੇ ਪ੍ਰਭ ਜਨ ਭਗਤ ਤੇਰੇ ਦੁਲਾਰੇ, ਦੂਲ੍ਹੇ ਧੁਰ ਦੇ ਨਜ਼ਰੀ ਆਈਆ। ਇਕੋ ਨਾਮ ਬਣਾ ਵਣਜਾਰੇ, ਵਣਜ ਸਾਚਾ ਦੇਣਾ ਵਖਾਈਆ। ਤੇਰੇ ਪ੍ਰੇਮ ਦੇ ਲੱਗਣ ਜੈਕਾਰੇ, ਜੈ ਜੈਕਾਰ ਕਰ ਕੇ ਖ਼ੁਸ਼ੀ ਮਨਾਈਆ। ਨਜ਼ਰ ਆਉਣਾ ਨਿਰਗੁਣ ਰੂਪ ਜੋਤ ਨਿਰੰਕਾਰੇ, ਨਿਰਗੁਣ ਆਪਣਾ ਖੇਲ ਵਰਤਾਈਆ। ਸੰਤ ਸੁਹੇਲੇ ਤੇਰੇ ਸਹਾਰੇ, ਦੂਜੀ ਓਟ ਨਾ ਕੋਇ ਤਕਾਈਆ। ਕਲਜੁਗ ਨਈਆ ਲਾਉਣੀ ਪਾਰ ਕਿਨਾਰੇ, ਵਹਿੰਦੀ ਧਾਰ ਨਾ ਕੋਇ ਰੁੜ੍ਹਾਈਆ। ਤੁਧ ਬਿਨ ਪੈਜ ਨਾ ਕੋਇ ਸਵਾਰੇ, ਸਮਰਥ ਸਿਰ ਹੱਥ ਨਾ ਕੋਇ ਟਿਕਾਈਆ। ਸ਼ਬਦੀ ਮਹਿੰਮਾ ਅਪਰ ਅਪਾਰੇ, ਅਲਖ ਅਗੋਚਰ ਤੇਰੀ ਬੇਪਰਵਾਹੀਆ। ਤੇਰੇ ਭਗਤ ਨਾ ਹੋਣ ਖ਼ੁਆਰੇ, ਜਗਤ ਖ਼ੁਆਰੀ ਦੇਣੀ ਗਵਾਈਆ। ਮਨੂਆ ਕਰੇ ਨਾ ਕੋਇ ਹੰਕਾਰੇ, ਨਿਵਣ ਸੁ ਅੱਖਰ ਦੇਣਾ ਪੜ੍ਹਾਈਆ। ਸਦਾ ਵਸਣ ਤੇਰੇ ਦਵਾਰੇ, ਚਰਨ ਕਵਲ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਮਹੱਲ ਅਟਲ ਸੁਹਾ ਆਪਣੇ ਦਵਾਰੇ, ਜਿਸ ਗ੍ਰਹਿ ਦੀਵਾ ਬਾਤੀ ਕਮਲਾਪਾਤੀ ਏਕਾ ਜੋਤ ਕਰੇ ਰੁਸ਼ਨਾਈਆ।
੧੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਪਿੰਡ ਗੋਸਲਾਂ ਜ਼ਿਲਾ ਰੋਪੜ
ਸਤਿਜੁਗ ਸਾਚੇ ਸਚ ਦਵਾਰ ਹੋਵੇ ਸੋਭਾਵੰਤ, ਸਤਿ ਸਤਿਵਾਦੀ ਦੀਨ ਦਿਆਲਾ ਆਪਣੀ ਦਇਆ ਕਮਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਧੁਰ ਦਾ ਦਿਸੇ ਅਗੰਮੀ ਨਤ, ਨਾਮ ਨਿਧਾਨਾ ਨੌਜਵਾਨਾ ਮਰਦ ਮਰਦਾਨਾ ਇਕੋ ਇਕ ਸਮਝਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਨਜ਼ਰੀ ਆਵੇ ਇਕੋ ਕੰਤ, ਪਤਿਪਰਮੇਸ਼ਵਰ ਬੇਪਰਵਾਹ ਆਪਣਾ ਖੇਲ ਖਿਲਾਈਆ। ਪਾਵੇ ਸਾਰ ਦੀਨ ਦੁਨੀ ਜੀਵ ਜੰਤ, ਚਾਰ ਵਰਨ ਅਠਾਰਾਂ ਬਰਨ ਖੋਜ ਖੁਜਾਈਆ। ਬੋਧ ਅਗਾਧਾ ਸ਼ਬਦ ਅਨਾਦਾ ਧੁਰ ਦਾ ਬਣ ਕੇ ਪੰਡਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰੇ ਹੱਕ ਪੜ੍ਹਾਈਆ। ਕੂੜੀ ਕਿਰਿਆ ਮਾਇਆ ਮਮਤਾ ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਪਾਰਬ੍ਰਹਮ ਆਪਣਾ ਭੇਵ ਦਏ ਖੁਲ੍ਹਾਈਆ। ਲਹਿਣਾ ਦੇਣਾ ਮੁਕਾ ਕੇ ਬਹਿਸ਼ਤ ਜੱਨਤ, ਸਚਖੰਡ ਦਵਾਰ ਏਕੰਕਾਰ ਇਕੋ ਦਏ ਵਖਾਈਆ। ਮਾਣ ਰਖਾਏ ਗੁਰਮੁਖ ਗੁਰਸਿਖ ਸਾਚੇ ਸੰਤ, ਸਤਿ ਸਤਿਵਾਦੀ ਦਰਗਾਹ ਸਾਚੀ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ, ਸਾਚਾ ਦਰ ਇਕੋ ਇਕ ਖੁਲ੍ਹਾਈਆ। ਸਤਿਜੁਗ ਸਾਚੇ, ਅਬਿਨਾਸ਼ੀ ਕਰਤਾ ਹੋਵੇ ਮਿਹਰਵਾਨ, ਮਹਿਬੂਬ ਆਪਣੀ ਦਇਆ ਕਮਾਈਆ। ਨਾਮ ਸੰਦੇਸ਼ਾ ਦੇ ਕੇ ਧੁਰ
ਪੈਗ਼ਾਮ, ਦੀਨ ਦੁਨੀ ਕਰੇ ਹੱਕ ਪੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਦੇ ਕੇ ਗਏ ਬਿਆਨ, ਸੋ ਲਹਿਣਾ ਦੇਣਾ ਜੁਗ ਚੌਕੜੀ ਅੰਤਮ ਪੂਰ ਕਰਾਈਆ। ਜਿਸ ਦਾ ਲੇਖਾ ਲਿਖ ਨਾ ਸਕੇ ਕੋਇ ਵਿਚ ਜਹਾਨ, ਕਾਤਬ ਚਲੇ ਨਾ ਕੋਇ ਚਤੁਰਾਈਆ। ਸੋ ਕਰਨੀ ਦਾ ਕਰਤਾ ਹੋ ਕੇ ਨਿਰਗੁਣ ਨਿਰਵੈਰ ਆਪ ਪਰਧਾਨ, ਸ਼ਬਦ ਸੰਦੇਸ਼ਾ ਹੁਕਮ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ, ਚਾਰ ਕੁੰਟ ਦਹਿ ਦਿਸ਼ਾ ਵੱਜੇ ਹੱਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਘਟ ਭੀਤਰ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਖੋਜ ਖੁਜਾਈਆ। ਸਤਿਜੁਗ ਸਾਚੇ, ਕਿਰਪਾ ਕਰੇ ਬੇਪਰਵਾਹ, ਅਲਖ ਅਗੋਚਰ ਦੇਵਣਹਾਰ ਸੱਚੀ ਸਰਨਾਈਆ। ਸਤਿ ਸਤਿਵਾਦੀ ਧੁਰ ਦਾ ਮਾਰਗ ਦੀਨ ਦਿਆਲਾ ਦੇਵੇ ਲਾ, ਧਰਨੀ ਧਰਤ ਧਵਲ ਧੌਲ ਖ਼ੁਸ਼ੀਆਂ ਵਿਚ ਢੋਲਾ ਗਾਈਆ। ਸਤਿ ਸਤਿਵਾਦੀ ਸਾਹਿਬ ਸਵਾਮੀ ਬਣ ਕੇ ਦੋ ਜਹਾਨਾਂ ਜਗਤ ਮਲਾਹ, ਖੇਵਟ ਖੇਟਾ ਹੋ ਕੇ ਬੇੜਾ ਆਪਣੇ ਕੰਧ ਉਠਾਈਆ। ਸੰਤ ਸੁਹੇਲੇ ਗੁਰਮੁਖ ਸੱਜਣ ਸੰਸਾਰ ਸਾਗਰ ਵਿਚੋਂ ਲਏ ਤਰਾ, ਤਾਰਨਹਾਰ ਏਕੰਕਾਰ ਆਪਣੀ ਸੇਵ ਕਮਾਈਆ। ਸਾਚੀ ਮੰਜ਼ਲ ਪੌੜੇ ਲਏ ਚੜ੍ਹਾ, ਸਚ ਦਵਾਰਾ ਇਕੋ ਇਕ ਸੁਹਾਈਆ। ਕਰੇ ਖੇਲ ਮਾਲਕ ਪ੍ਰਿਤਪਾਲਕ ਖ਼ਾਲਕ ਧੁਰ ਦਾ ਸ਼ਹਿਨਸ਼ਾਹ, ਹੁਕਮੇਂ ਅੰਦਰ ਹੁਕਮ ਬਦਲਾਈਆ। ਲੇਖਾ ਜਾਣੇ ਦੋ ਜਹਾਂ, ਜਹਾਂ ਤਹਾਂ ਵੇਖੇ ਥਾਉਂ ਥਾਈਂਆ। ਨਿਰਗੁਣ ਦਾਤਾ ਪੁਰਖ ਬਿਧਾਤਾ ਨਿਰਗੁਣ ਨੂਰ ਜੋਤ ਕਰੇ ਰੁਸ਼ਨਾ, ਗਹਿਰ ਗੰਭੀਰ ਬੇਨਜ਼ੀਰ ਆਪਣੀ ਖੇਲ ਵਖਾਈਆ। ਸਤਿਜੁਗ ਸਾਚੇ, ਸਤਿ ਸਤਿਵਾਦੀ ਸਾਹਿਬ ਸਵਾਮੀ ਹੋ ਮਿਹਰਵਾਨ ਸਤਿ ਦਵਾਰੇ ਤੇਰੀ ਪਕੜੇ ਬਾਂਹ, ਚਰਨ ਕਵਲ ਦੇਵੇ ਅਗੰਮੀ ਥਾਂ, ਦਰ ਦਵਾਰਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਅਦਲ ਇਨਸਾਫ਼ ਵਿਚ ਕਰੇ ਸਚ ਨਿਆਂ, ਨਾਮ ਨਿਆਮਤ ਸਹੀ ਸਲਾਮਤ ਤੇਰੀ ਝੋਲੀ ਦੇਵੇ ਪਾਈਆ।
੧੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਰਾਜੋ ਮਾਜਰਾ ਜ਼ਿਲਾ ਰੋਪੜ
ਸਤਿਜੁਗ ਸਾਚੇ, ਪਿਛਲਾ ਲੇਖਾ ਰਹੇ ਨਾ ਮਾਜ਼ੀ, ਜਗਤ ਝਗੜਾ ਦਏ ਮੁਕਾਈਆ। ਸ਼ਰਅ ਦੀਨ ਲੜੇ ਕੋਇ ਨਾ ਕ਼ਾਜ਼ੀ, ਕ਼ਿਆਮਤ ਸਭ ਨੂੰ ਦਏ ਵਖਾਈਆ। ਹੰਕਾਰੀਆਂ ਰਹੇ ਨਾ ਕੋਇ ਮਨੂਆ ਗ਼ਾਜ਼ੀ, ਗਹਿਰ ਗੰਭੀਰ ਆਪਣਾ ਹੁਕਮ ਵਰਤਾਈਆ। ਮੂਰਖ ਮੁਗਧ ਦਿਸੇ ਕੋਇ ਨਾ ਪਾਜੀ, ਮੁਰੀਦ ਮੁਰਸ਼ਦ ਲਏ ਉਠਾਈਆ। ਤਨ ਮਾਟੀ ਖ਼ਾਕੀ ਵਜੂਦ ਹਕੂਕ ਵਾਲੀ ਰਹਿਣ ਨਾ ਦੇਵੇ ਅਰਾਜ਼ੀ, ਮਲਕੀਅਤ ਸਭ ਦੀ ਦਏ ਗਵਾਈਆ। ਦੀਨ ਦੁਨੀ ਇਸਮ ਕਰੇ ਲਾਜਵਾਬੀ, ਵਾਜਬ ਆਪਣਾ ਹੁਕਮ ਸੁਣਾਈਆ। ਜਗਤ ਸ੍ਰਿਸ਼ਟੀ ਕਰ ਇੰਤਖਾਬੀ, ਮੁਖ਼ਾਤਬ ਹੋ ਕੇ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਿਛਲਾ ਲੇਖਾ ਦੇ ਮੁਕਾਈਆ। ਸਤਿਜੁਗ ਸਾਚੇ, ਜਗਤ ਰਹੇ ਨਾ ਕੋਈ ਕਿਸੇ ਵਿਰਸਾ, ਵਾਰਸ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਮਿਟੇ ਜਗਤ ਹਿਰਸਾ, ਹਵਸ ਅਗਲੀ ਦਏ ਗਵਾਈਆ। ਜਨ ਭਗਤਾਂ ਜਨਮ ਜਾਣ ਨਾ ਦੇਵਾਂ ਬਿਰਥਾ, ਬਿਛਰਤ ਹੋ ਕੇ ਆਪ ਮਿਲਾਈਆ। ਭੇਵ ਖੁਲ੍ਹਾ ਕੇ ਘਰ ਥਿਰ ਦਾ, ਗ੍ਰਹਿ ਮੰਦਰ
ਇਕ ਸੁਹਾਈਆ। ਕਰ ਪਰਕਾਸ਼ ਨਿਰਗੁਣ ਨਿਰਵੈਰ ਜੋਤ ਨਿਰ ਦਾ, ਨਿਰਧਨ ਸਰਧਨ ਖੋਜ ਖੁਜਾਈਆ। ਜੋ ਸੰਤ ਸੁਹੇਲਾ ਵਿਛੜਿਆ ਜੁਗ ਚੌਕੜੀ ਚਿਰ ਦਾ, ਫੜ ਬਾਹੋਂ ਲਏ ਮਿਲਾਈਆ। ਪੁਰਖ ਅਕਾਲ ਦੀਨ ਦਿਆਲ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਧਾਰ ਸਦਾ ਫਿਰਦਾ, ਜਗਤ ਲੋਚਨ ਨਜ਼ਰ ਕਿਸੇ ਨਾ ਆਈਆ। ਸਦਾ ਪਿਆਰ ਕਰੇ ਗੁਰਮੁਖਾਂ ਰੂਪ ਧਾਰ ਅਗੰਮੀ ਪਿਰ ਦਾ, ਪੀਆ ਪ੍ਰੀਤਮ ਹੋ ਕੇ ਜੋੜ ਜੁੜਾਈਆ। ਝਗੜਾ ਮੁਕਾ ਕੇ ਧੜ ਸਿਰ ਦਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਕਰੇ ਆਪਣੀ ਮਿਹਰ ਦਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿਜੁਗ ਸਾਚੇ ਪੁਰਖ ਅਕਾਲ ਦੀਨ ਦਿਆਲ ਲੇਖਾ ਜਾਣੇ ਪਿਛਲਾ ਕੀਤਾ, ਕਲਜੁਗ ਕਰਮ ਭੁੱਲ ਕੋਇ ਨਾ ਜਾਈਆ। ਪਸ਼ਚਾਤਾਪ ਸਭ ਨੂੰ ਰਹੇ ਬੀਤਾ, ਬੀਤੀ ਕਹਾਣੀ ਫਿਰ ਨਾ ਕੋਇ ਸੁਣਾਈਆ। ਅਬਿਨਾਸ਼ੀ ਕਰਤਾ ਬਦਲ ਦੇਵੇ ਤੇਰੀ ਰੀਤਾ, ਕੂੜੀ ਕਿਰਿਆ ਦਏ ਖਪਾਈਆ। ਦਰ ਵਖਾਵੇ ਇਕੋ ਠਾਂਡਾ ਸੀਤਾ, ਅਗਨੀ ਤਤ ਨਾ ਲਾਗੇ ਰਾਈਆ। ਦੀਨ ਦੁਨੀ ਬਦਲ ਦੇਵੇ ਰੀਤਾ, ਨੀਤੀਵਾਨ ਇਕੋ ਇਕ ਅਖਵਾਈਆ। ਏਕਾ ਰੰਗ ਰੰਗਾ ਕੇ ਹਸਤ ਕੀਟਾ, ਕੂੜ ਕਪਟ ਦਏ ਮੁਕਾਈਆ। ਜਨ ਭਗਤਾਂ ਬਣਾ ਕੇ ਸੱਚਾ ਮੀਤਾ, ਸੱਜਣ ਹੋ ਕੇ ਜੋੜ ਜੁੜਾਈਆ। ਜਿਸ ਦੀਆਂ ਕਰਦੇ ਰਹੇ ਸਦਾ ਉਡੀਕਾਂ, ਸੋ ਪੁਰਖ ਨਿਰੰਜਣ ਆਪਣੀ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਕਰਵਾ ਕੇ ਤਸਦੀਕਾਂ, ਭਵਿਖਤਾਂ ਦਾ ਲਿਖਤ ਲੇਖ ਭਵਿਸ਼ ਵਿਚ ਪੂਰਾ ਦਏ ਕਰਾਈਆ। ਤੇਰੀਆਂ ਆਸਾ ਮਨਸਾ ਪੂਰੀਆਂ ਕਰੇ ਉਮੀਦਾਂ, ਆਪ ਆਪਣਾ ਰੰਗ ਰੰਗਾਈਆ। ਅਗੇ ਰਾਜ਼ ਰਹਿਣ ਨਾ ਦੇਵੇ ਪੋਸ਼ੀਦਾ, ਪੜਦਾ ਉਹਲਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਜੁਗ ਦੀਆਂ ਪਿਛਲੀਆਂ ਵੇਖੇ ਲਿਖਤੀ ਸ਼ਬਦ ਰਸੀਦਾਂ, ਧੁਰ ਦੀ ਫ਼ਾਈਲ ਅਗੰਮੀ ਵਿਚੋਂ ਬਾਹਰ ਕਢਾਈਆ।
੧੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਸਰਜੀਤਮ ਸਿੰਘ ਦੇ ਗ੍ਰਹਿ ਪਿੰਡ ਰਾਜੋ ਮਾਜਰਾ ਜ਼ਿਲਾ ਰੋਪੜ
ਸਤਿਜੁਗ ਸਾਚੇ, ਪੁਰਖ ਅਕਾਲ ਚੜ੍ਹ ਅਗੰਮੇ ਰਾਕੀ, ਦੋ ਜਹਾਨਾਂ ਵੇਖ ਵਖਾਈਆ। ਲਹਿਣਾ ਦੇਣਾ ਵੇਖੇ ਪੰਜ ਤਤ ਬੰਦਾ ਖ਼ਾਕੀ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਮਨੂਆ ਰਹਿਣ ਨਾ ਦੇਵੇ ਕੋਇ ਆਕ਼ੀ, ਹੁਕਮ ਆਪਣਾ ਇਕ ਜਣਾਈਆ। ਕਲਜੁਗ ਲਹਿਣਾ ਦੇਣਾ ਚੁਕਾਵੇ ਬਾਕੀ, ਲੇਖਾ ਅਗੇ ਰਹੇ ਨਾ ਰਾਈਆ। ਸਚ ਦਵਾਰਾ ਖੋਲ੍ਹੇ ਧੁਰ ਦੀ ਤਾਕੀ, ਧਰਮ ਦਵਾਰਾ ਇਕ ਪਰਗਟਾਈਆ। ਨਾਮ ਸੰਦੇਸ਼ਾ ਦੇ ਕੇ ਸਾਚੀ ਪਾਤੀ, ਦੀਨ ਦੁਨੀ ਦਏ ਪੜ੍ਹਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਪੂਰੀ ਕਰੇ ਆਖੀ, ਆਖ਼ਰ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਮੇਟ ਅੰਧੇਰੀ ਰਾਤੀ, ਸਤਿਜੁਗ ਸਾਚਾ ਨੂਰ ਕਰੇ ਰੁਸ਼ਨਾਈਆ। ਸਤਿਜੁਗ ਸਾਚੇ ਪ੍ਰਭ ਸਭ ਦਾ ਲੇਖਾ ਕਰੇ ਪੂਰ, ਪੂਰਬ ਪੱਛਮ ਉੱਤਰ ਦੱਖਣ ਲੇਖਾ ਦਏ ਮੁਕਾਈਆ। ਪੰਧ ਮੁਕਾ ਕੇ ਨੇੜਾ ਦੂਰ, ਝਗੜਾ ਕੂੜਾ ਦਏ ਚੁਕਾਈਆ। ਲੋਕਮਾਤ ਰਹਿਣ ਨਾ ਦੇਵੇ ਗ਼ੁਰਬਤ ਗ਼ਰੂਰ, ਗਹਿਰ ਗੰਭੀਰ ਬਾਹਰ ਕਢਾਈਆ। ਨਾਮ ਭੰਡਾਰਾ ਕਰ ਭਰਪੂਰ, ਭਗਤ ਸੁਹੇਲੇ ਲਏ ਉਠਾਈਆ। ਸ਼ਬਦੀ
ਨਾਦ ਸੁਣਾ ਤੂਰ, ਤੁਰਤ ਆਪਣਾ ਰੰਗ ਚੜ੍ਹਾਈਆ। ਜੋਤੀ ਜਲਵਾ ਦੇ ਨੂਰ, ਅਗਿਆਨ ਅੰਧੇਰਾ ਦਏ ਖਪਾਈਆ। ਸਚ ਖ਼ੁਮਾਰੀ ਦੇ ਸਰੂਰ, ਜਾਮ ਹਕ਼ੀਕ਼ੀ ਦਏ ਪਿਆਈਆ। ਆਤਮ ਪਰਮਾਤਮ ਮੇਲਾ ਕਰ ਜ਼ਰੂਰ, ਆਸਾ ਤ੍ਰਿਸ਼ਨਾ ਦਏ ਬੁਝਾਈਆ। ਨਜ਼ਰੀ ਆਵੇ ਹਾਜਰ ਹਜੂਰ, ਸਚ ਸਵਾਮੀ ਅੰਤਰਜਾਮੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰੀ ਬੇਨੰਤੀ ਕਰੇ ਮਨਜ਼ੂਰ, ਮਨਜ਼ੂਰੀ ਵਿਚ ਅਧੂਰੀ ਰਹਿਣ ਕੋਇ ਨਾ ਪਾਈਆ।
੧੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਜਰਨੈਲ ਕੌਰ ਦੇ ਗ੍ਰਹਿ ਪਿੰਡ ਰਾਜੋ ਮਾਜਰਾ
ਸਤਿਜੁਗ ਸਾਚੇ, ਸਾਚਾ ਮਿਲੇ ਅੰਮ੍ਰਿਤ ਆਬ, ਜ਼ਿੰਦਗੀ ਹਯਾਤੀ ਵਿਚੋਂ ਬਦਲਾਈਆ। ਸਤਿਗੁਰ ਸ਼ਬਦ ਬਣ ਅਹਿਬਾਬ, ਮਿੱਤਰ ਪਿਆਰਾ ਵੇਖ ਵਖਾਈਆ। ਨਾਮ ਨਿਧਾਨ ਵਜਾਏ ਰਬਾਬ, ਤੰਦ ਸਤਾਰ ਅਗੰਮ ਹਿਲਾਈਆ। ਸਾਚੀ ਪੜ੍ਹਨੀ ਦੱਸੇ ਆਪਣੀ ਕਿਤਾਬ, ਕੁਤਬਖ਼ਾਨਿਆਂ ਦਾ ਲੇਖਾ ਦਏ ਮੁਕਾਈਆ। ਜਿਸ ਦਾ ਤੂੰ ਮੇਰਾ ਮੈਂ ਤੇਰਾ ਪਹਿਲਾ ਬਾਬ, ਸੋਹਣਾ ਹਿੱਸਾ ਵੰਡ ਵੰਡਾਈਆ। ਲੇਖਾ ਮੁਕ ਜਾਏ ਪੁੰਨ ਸਵਾਬ, ਦਰ ਘਰ ਸਾਚਾ ਨਜ਼ਰੀ ਆਈਆ। ਮਾਨਸ ਜਨਮ ਦਾ ਹੋਵੇ ਲਾਭ, ਸੂਫ਼ੀ ਸੰਤ ਫ਼ਕੀਰ ਦੇਵਾਂ ਤਰਾਈਆ। ਸਚ ਮਹੱਲ ਦੱਸ ਮਹਿਰਾਬ, ਮਹਿਬੂਬ ਇਕੋ ਨਜ਼ਰੀ ਆਈਆ। ਮੇਲਾ ਮੇਲ ਏਕਾ ਵਾਹਦ, ਵਾਹਵਾ ਢੋਲਾ ਧੁਰ ਦਰਗਾਹੀਆ। ਤੇਰੇ ਨਾਲ ਕਰ ਕੇ ਅਹਿਦ, ਇਕ਼ਰਾਰ ਆਪਣਾ ਤੋੜ ਨਿਭਾਈਆ। ਕਲਜੁਗ ਆਪਣਾ ਖੇਲ ਕਰ ਨਾ ਸਕੇ ਸ਼ਾਇਦ, ਹੁਕਮ ਵਰਤੇ ਬੇਪਰਵਾਹੀਆ। ਸਤਿਗੁਰ ਸ਼ਬਦ ਦਾ ਹੋਣਾ ਪਏ ਤੈਨੂੰ ਨਾਇਬ, ਹੁਕਮੇ ਅੰਦਰ ਹੁਕਮ ਕਮਾਈਆ। ਵੇਖਣਾ ਖੇਲ ਅਜੀਬ ਅਜਾਇਬ, ਅਜਬ ਨਿਰਾਲਾ ਦਿਆਂ ਵਖਾਈਆ। ਏਕਾ ਫ਼ਰਮਾਨ ਹੋਵੇ ਰਾਇਜ, ਰਾਜ ਰਾਜਾਨ ਸ਼ਾਹ ਸੁਲਤਾਨ ਸੀਸ ਨਿਵਾਈਆ। ਭਗਤ ਸੁਹੇਲੇ ਵੇਖਾਂ ਲਾਇਕ, ਗੁਰਮੁਖ ਗੁਰ ਗੁਰ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਪੂਰਾ ਕਰੇ ਫ਼ਰਾਇਜ਼, ਫ਼ਰਜ਼ ਤੇਰਾ ਤੈਨੂੰ ਦਏ ਸਮਝਾਈਆ।
੧੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਜਾਗੀਰ ਸਿੰਘ ਦੇ ਗ੍ਰਹਿ ਪਿੰਡ ਰੰਗੀਲ ਪੁਰ ਜ਼ਿਲਾ ਰੋਪੜ
ਸਤਿਜੁਗ ਕਹੇ ਪ੍ਰਭ ਆਤਮ ਪਰਮਾਤਮ ਰਖ ਵਾਸਤਾ, ਵਾਸਤਕ ਆਪਣਾ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰ ਦਾ ਰਹੇ ਨਾ ਕੋਇ ਬਰਾਸਤਾ, ਧੁਰ ਦਾ ਮੇਲਾ ਮੇਲ ਸਹਿਜ ਸੁਭਾਈਆ। ਜੁਗ ਚੌਕੜੀ ਤੇਰਾ ਖੇਲ ਹੁੰਦਾ ਰਿਹਾ ਆਹਿਸਤਾ ਆਹਿਸਤਾ, ਤਰੇਤਾ ਦੁਆਪਰ ਕਲਜੁਗ ਬੈਠਾ ਪੰਧ ਮੁਕਾਈਆ। ਕਿਸੇ ਭੇਵ ਨਾ ਪਾਇਆ ਅਗੰਮੀ ਧਾਰ ਪ੍ਰਿਥਮੀ ਆਕਾਸ਼ ਦਾ, ਅਕਲ ਕਲਧਾਰੀ ਆਪਣੀ ਕਲ ਦੇ ਵਰਤਾਈਆ। ਤੇਰਾ ਰੂਪ ਪੁਰਖ ਅਬਿਨਾਸ਼ ਦਾ, ਅਬਿਨਾਸ਼ੀ ਕਰਤੇ ਵੇਖ ਵਖਾਈਆ। ਕਾਰਜ ਪੂਰਾ ਕਰ ਸੇਵਕ ਦਾਸ ਦਾ, ਦਰ ਠਾਂਡੇ ਮੰਗ ਮੰਗਾਈਆ। ਝਗੜਾ
ਮੁਕਾ ਅੰਧ ਵਿਸ਼ਵਾਸ ਦਾ, ਧੀਰਜ ਧਰਮ ਇਕ ਉਪਜਾਈਆ। ਲੇਖਾ ਮੁਕਾ ਤੱਤਾਂ ਵਾਲੀ ਰਾਸ ਦਾ, ਸੁਰਤੀ ਸ਼ਬਦੀ ਮੇਲਾ ਲੈ ਮਿਲਾਈਆ। ਵਿਚੋਲਾ ਬਣ ਦਰਦ ਦੁੱਖ ਵਿਨਾਸ ਦਾ, ਤਨ ਮਾਟੀ ਰਹਿਣ ਕੋਇ ਨਾ ਪਾਈਆ। ਸਦਾ ਮੇਲਾ ਹੋਵੇ ਧੁਰ ਦੇ ਸਾਥ ਦਾ, ਸਗਲਾ ਸੰਗ ਬਣਾਈਆ। ਨਾਮ ਪਰਗਟ ਕਰ ਦੇ ਆਪਣੀ ਗਾਥ ਦਾ, ਸਾਚਾ ਕਲਮਾ ਇਕ ਜਣਾਈਆ। ਲੇਖਾ ਰਹੇ ਨਾ ਕੂੜ ਅੰਧੇਰੀ ਰਾਤ ਦਾ, ਸਤਿ ਨੂਰ ਦੇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਤਿਜੁਗ ਕਹੇ ਪ੍ਰਭ ਹੁਕਮੇ ਅੰਦਰ ਦੇ ਜ਼ੋਰ, ਜ਼ਬਰ ਰਹਿਣ ਕੋਇ ਨਾ ਪਾਈਆ। ਕਲਜੁਗ ਮੇਟਾਂ ਅੰਧੇਰਾ ਘੋਰ, ਘਰ ਘਰ ਕਰਾਂ ਆਪ ਰੁਸ਼ਨਾਈਆ। ਝਗੜਾ ਮੁਕਾ ਕੇ ਪੰਜ ਚੋਰ, ਜਗਤ ਭੈ ਦਿਆਂ ਖਪਾਈਆ। ਆਤਮ ਪਰਮਾਤਮ ਬੰਨ੍ਹ ਕੇ ਸ਼ਬਦੀ ਡੋਰ, ਤੰਦ ਏਕੋ ਦਿਆਂ ਵਖਾਈਆ। ਸਭ ਨੂੰ ਦੱਸਾਂ ਤੇਰੀ ਲੋੜ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸੰਤ ਸੁਹੇਲੇ ਸ਼ਬਦ ਅਨਾਦੀ ਚਾੜ੍ਹ ਘੋੜ, ਜਗਤ ਕਿਰਿਆ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਮਨਸਾ ਮਿਟਾ ਸ਼ੋਰ, ਛੋਹਰਾ ਬਾਂਕਾ ਸ਼ਬਦ ਇਕੋ ਇਕ ਨਜ਼ਰੀ ਆਈਆ। ਸਤਿਜੁਗ ਕਹੇ ਪ੍ਰਭ ਕਿਰਪਾ ਕਰ ਰੂਪ ਅਸਮਾਨੀ, ਧਰਨੀ ਧਰਤ ਧਵਲ ਧਿਆਨ ਲਗਾਈਆ। ਲੋਕਮਾਤ ਜੂਹ ਨਾ ਸਮਝ ਬੇਗਾਨੀ, ਨਿਰਗੁਣ ਹੋ ਕੇ ਸਰਗੁਣ ਮੇਲ ਮਿਲਾਈਆ। ਤੇਰੀ ਮੰਜ਼ਲ ਇਕੋ ਨਜ਼ਰ ਆਵੇ ਰੁਹਾਨੀ, ਰੂਹ ਬੁਤ ਮਿਲ ਕੇ ਵੱਜੇ ਵਧਾਈਆ। ਝਗੜਾ ਰਹੇ ਨਾ ਵੰਡ ਜਿਸਮਾਨੀ, ਜ਼ਮੀਰ ਅੰਦਰੋਂ ਦੇ ਬਦਲਾਈਆ। ਤੇਰੇ ਭਗਤਾਂ ਦੇਣੀ ਪਏ ਨਾ ਕੋਇ ਕ਼ੁਰਬਾਨੀ, ਕ਼ਤਲਗਾਹ ਸੀਸ ਨਾ ਕੋਇ ਕਟਾਈਆ। ਆਪਣੇ ਨਾਮ ਦੀ ਸੁਣਾ ਅਗੰਮੀ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਮੰਜ਼ਲ ਦੱਸ ਪਦ ਨਿਰਬਾਣੀ, ਸਚ ਦਵਾਰ ਇਕ ਵਖਾਈਆ। ਜਿਥੇ ਮੇਲਾ ਹੋਵੇ ਜੋਤ ਨੁਰਾਨੀ, ਨੂਰ ਨੂਰ ਵਿਚ ਸਮਾਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਦੱਸਣ ਨਿਸ਼ਾਨੀ, ਸਚ ਦਵਾਰੇ ਸੋਭਾ ਪਾਈਆ। ਕਿਰਪਾ ਕਰ ਸ਼ਾਹ ਪਾਤਸ਼ਾਹ ਸੱਚੇ ਸੁਲਤਾਨੀ, ਸੁਤ ਆਪਣੇ ਵੇਖ ਵਖਾਈਆ। ਜਨ ਭਗਤਾਂ ਦਵਾਰਿਉਂ ਖਾ ਧੁਰ ਦੀ ਮਹਿਮਾਨੀ, ਚਾਰ ਜੁਗ ਜਿਹੜੀ ਹੱਥ ਕਿਸੇ ਨਾ ਆਈਆ। ਜਿਸ ਨੂੰ ਸਮਝੇ ਨਾ ਕੋਇ ਵਿਦਵਾਨੀ, ਬੁਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਢਹਿ ਪਿਆ ਸਰਨਾਈਆ। ਸਤਿਜੁਗ ਸਾਚਾ ਕਹੇ ਪ੍ਰਭ ਕਰ ਦੇ ਆਪਣੀ ਮਿਹਰ, ਮਿਹਰਵਾਨ ਮਹਿਬੂਬ ਦਇਆ ਕਮਾਈਆ। ਸ਼ਬਦ ਸੁਤ ਤੇਰਾ ਅਗੰਮੀ ਕੇਹਰ, ਭੈ ਵਿਚ ਰਖੇ ਜਗਤ ਲੋਕਾਈਆ। ਨਿਰਗੁਣ ਨਿਰਵੈਰ ਅੰਤ ਨਾ ਲਾ ਦੇਰ, ਨਿਰਗੁਣ ਹੋ ਕੇ ਹੋ ਸਹਾਈਆ। ਕੂੜੀ ਕਿਰਿਆ ਕਰ ਢੇਰ, ਗੜ੍ਹ ਹੰਕਾਰ ਦੇ ਤੁੜਾਈਆ। ਜਨ ਭਗਤਾਂ ਕਾਇਆ ਮੰਦਰ ਅੰਦਰ ਤੇਰਾ ਵਸੇ ਸੋਹਣਾ ਸ਼ਹਿਰ, ਲਹਿਰ ਆਪਣਾ ਨਾਮ ਵਹਾਈਆ। ਜਿਸ ਨੂੰ ਜਾਣੇ ਕੋਈ ਨਾ ਗ਼ੈਰ, ਪੜਦਾ ਉਹਲਾ ਨਾ ਕੋਇ ਚੁਕਾਈਆ। ਆਪਣੇ ਨਾਮ ਦਾ ਅਗੰਮਾ ਰਾਗ ਸੁਣਾ ਬਹਿਰ, ਤਰਜ਼ ਤਾਲ ਦਾ ਲੇਖਾ ਦੇ ਮੁਕਾਈਆ। ਕਲਜੁਗ ਕੂੜੀ ਕਿਰਿਆ ਲੱਖ ਚੁਰਾਸੀ ਦਿਸੇ ਜ਼ਹਿਰ, ਜਾਹਰਾ ਹੋ ਕੇ ਦੇ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸੱਚਾ ਸਾਚੀ ਆਸਾ ਰਿਹਾ ਵਖਾਈਆ। ਸਤਿਜੁਗ ਕਹੇ ਪ੍ਰਭ ਮੈਂ ਗ਼ਰੀਬ ਨਿਮਾਣਾ ਨਾਚੀਜ਼, ਹਿੰਮਤ ਵਿਚ ਹਿੰਮਤ ਨਾ ਕੋਇ ਬਣਾਈਆ। ਡਰਦਾ ਡਰਦਾ ਆਇਆ ਤੇਰੇ ਦਹਿਲੀਜ਼, ਦਵਾਰੇ ਬਹਿ ਕੇ ਸੀਸ ਝੁਕਾਈਆ। ਆਸਾ ਮਨਸਾ ਰਖ ਕੇ ਆਇਆ ਉਮੀਦ,
ਆਮਦ ਵਿਚ ਖ਼ੁਸ਼ਾਮਦ ਦੇਣੀ ਬਣਾਈਆ। ਲੋਕਮਾਤ ਸਤਿ ਧਰਮ ਦੀ ਆਪਣੇ ਕੋਲੋਂ ਦੱਸ ਤਰਤੀਬ, ਮੇਰੀ ਚਲੇ ਨਾ ਕੋਇ ਚਤੁਰਾਈਆ। ਮੈਂ ਤਾਰਾਂ ਜਾ ਕੇ ਨਿਮਾਣੇ ਕੋਝੇ ਕਮਲੇ ਗ਼ਰੀਬ, ਸ਼ਦੀਦ ਤੇਰਾ ਹੁਕਮ ਮਨਾਈਆ। ਖੇਲ ਦੱਸਾਂ ਇਕ ਅਜੀਬ, ਜਗਤ ਨਿਰਾਲਾ ਰਾਹ ਚਲਾਈਆ। ਤੇਰਾ ਘਰ ਦਰਸਾਵਾਂ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਸ਼ਰਅ ਦਾ ਰਹੇ ਕੋਇ ਫ਼ਰੀਕ਼, ਰਫ਼ੀਕ਼ ਸਾਰੇ ਦਿਆਂ ਵਖਾਈਆ। ਜੀਵਾਂ ਜੰਤਾਂ ਬਦਲ ਕੇ ਅੰਦਰੋਂ ਨੀਤ, ਨੀਤੀਵਾਨ ਗੁਰਮੁਖ ਲਵਾਂ ਪਰਗਟਾਈਆ। ਸਾਚੇ ਚਰਨ ਕਵਲ ਦੱਸ ਕੇ ਇਕ ਪ੍ਰੀਤ, ਪ੍ਰੀਤਮ ਧੁਰ ਦਾ ਦਿਆਂ ਮਿਲਾਈਆ। ਕਾਇਆ ਮਾਟੀ ਕਰ ਕੇ ਠਾਂਡੀ ਸੀਤ, ਅਗਨੀ ਤਤ ਦਿਆਂ ਬੁਝਾਈਆ। ਝਗੜਾ ਮੁਕਾ ਕੇ ਊਚ ਨੀਚ, ਨੀਚੋਂ ਊਚ ਤੇਰਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਸਾਚਾ ਆਸਾ ਵਿਚੋਂ ਆਸਾ ਰਿਹਾ ਵਧਾਈਆ। ਸਤਿਜੁਗ ਸਾਚਾ ਕਹੇ ਪ੍ਰਭ ਤੇਰੇ ਨਾਮ ਦਾ ਹੋਵੇ ਇਕੋ ਨਗ਼ਮਾ, ਦੀਨ ਦੁਨੀ ਖ਼ੁਸ਼ੀ ਨਾਲ ਗਾਈਆ। ਦੂਈ ਦਵੈਤ ਰਹੇ ਕੋਈ ਨਾ ਸਦਮਾ, ਦੁਖਾਂ ਵਾਲਾ ਰੋਗ ਨਾ ਕੋਇ ਸਤਾਈਆ। ਸਭ ਦਾ ਸਿਰ ਸਰ ਝੁਕੇ ਤੇਰੇ ਕ਼ਦਮਾਂ, ਕ਼ੁਦਰਤ ਦੇ ਮਾਲਕ ਇਕੋ ਨੂਰ ਤੇਰਾ ਨਜ਼ਰੀ ਆਈਆ। ਸਾਚਾ ਮਾਰਗ ਇਕੋ ਲਗਣਾ, ਲਗ ਮਾਤਰ ਪਿਛਲੀ ਦੇਣੀ ਮਿਟਾਈਆ। ਨਾਮ ਨਗਾਰਾ ਇਕੋ ਵੱਜਣਾ, ਚਾਰ ਕੁੰਟ ਹੋਵੇ ਸ਼ਨਵਾਈਆ। ਤੇਰਾ ਦੀਪਕ ਇਕੋ ਜਗਣਾ, ਚਾਰ ਵਰਨ ਹੋਵੇ ਰੁਸ਼ਨਾਈਆ। ਜਨ ਭਗਤਾਂ ਬਖ਼ਸ਼ ਆਪਣੀ ਮਜ਼ਲਾ, ਮੰਜ਼ਲ ਚੜ੍ਹ ਕੇ ਤੇਰਾ ਦਰਸ਼ਨ ਪਾਈਆ। ਉਨ੍ਹਾਂ ਛੋਹ ਨਾ ਸਕੇ ਅਜ਼ਲਾ, ਕ਼ਿਆਮਤ ਰੂਪ ਨਾ ਕੋਇ ਬਦਲਾਈਆ। ਤੇਰੇ ਪ੍ਰੇਮ ਦੀ ਗਾਵਣ ਗ਼ਜ਼ਲਾ, ਢੋਲਾ ਸੋਹਲਾ ਰਾਗ ਇਲਾਹੀਆ। ਲੱਖ ਚੁਰਾਸੀ ਵਿਚੋਂ ਕੱਢ ਲਾ, ਜਨਮ ਜਨਮ ਨਾ ਕੋਇ ਭਵਾਈਆ। ਸਚ ਦਵਾਰੇ ਸਦ ਲਾ, ਸੁਰਤੀ ਸ਼ਬਦੀ ਮੇਲ ਮਿਲਾਈਆ। ਨਾਮ ਰੰਗਣ ਅੰਦਰ ਰੰਗ ਲਾ, ਮੋਹਣ ਮਾਧਵ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਾਮ ਦੀ ਸਾਚੀ ਇਕੋ ਹੋਵੇ ਬੰਦਨਾ, ਬੰਦਗੀ ਵਿਚ ਮੁਸ਼ੰਦਗੀ ਅਵਰ ਰਹਿਣ ਕੋਇ ਨਾ ਪਾਈਆ।
੧੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਬਚਨ ਸਿੰਘ ਦੇ ਗ੍ਰਹਿ ਪਿੰਡ ਧਿਆਨਪੁਰ
ਸਤਿਜੁਗ ਜਨ ਭਗਤਾਂ ਨਾਮ ਦੇ ਕੇ ਗਹਿਰ ਗੰਭੀਰ, ਸੋਹੰ ਸੋ ਆਤਮ ਪਰਮਾਤਮ ਪਰਮਾਤਮ ਆਤਮ ਦਿਤਾ ਸਮਝਾਈਆ। ਪੰਜ ਤਤ ਕਾਇਆ ਮਾਟੀ ਦੇ ਕੇ ਧੁਰ ਦੀ ਧੀਰ, ਧਰਮ ਦਵਾਰਾ ਏਕੰਕਾਰਾ ਇਕੋ ਦਿਤਾ ਵਖਾਈਆ। ਅੰਮ੍ਰਿਤ ਆਤਮ ਬਖ਼ਸ਼ ਕੇ ਠਾਂਡਾ ਨੀਰ, ਅਗਨੀ ਤਤ ਜਗਤ ਵਿਕਾਰ ਦਿਤਾ ਮਿਟਾਈਆ। ਹਉਮੇਂ ਹੰਗਤਾ ਕੂੜੀ ਕਿਰਿਆ ਕੱਢ ਕੇ ਪੀੜ, ਪਾਰਬ੍ਰਹਮ ਬ੍ਰਹਮ ਮੇਲਾ ਰਿਹਾ ਮਿਲਾਈਆ। ਜਾਤ ਪਾਤ ਦੀਨ ਮਜ਼੍ਹਬ ਸ਼ਰਅ ਨਾ ਰਹੀ ਜ਼ੰਜੀਰ, ਸ਼ਰੀਅਤ ਵਿਚੋਂ ਅਸਲੀਅਤ ਦਿਤੀ ਸਮਝਾਈਆ। ਮਾਣਸ ਜਨਮ ਲੱਖ ਚੁਰਾਸੀ ਵਿਚੋਂ ਬਦਲ ਤਕ਼ਦੀਰ, ਤਦਬੀਰ ਆਪਣੀ ਦਿਤੀ ਦ੍ਰਿੜਾਈਆ। ਬਾਹੋਂ ਫੜ ਮੰਜ਼ਲ ਚੋਟੀ ਚਾੜ੍ਹ ਅਖ਼ੀਰ, ਸਚ ਦਵਾਰਾ ਇਕੋ ਦਿਤਾ ਸੁਹਾਈਆ। ਸਾਚਾ ਭਗਤ ਸੰਤ ਹੋਏ ਨਾ ਕੋਇ ਦਿਲਗੀਰ, ਰਾਏ ਧਰਮ ਦਏ ਨਾ ਕੋਇ ਸਜਾਈਆ। ਸਚਖੰਡ ਦਵਾਰੇ ਘੱਤੀ ਜਾਏ ਵਹੀਰ, ਅਗੇ ਹੋ ਨਾ ਕੋਇ ਅਟਕਾਈਆ। ਪਾਰਬ੍ਰਹਮ
ਪਤਿ ਪਰਮੇਸ਼ਵਰ ਮਿਲੇ ਵਡ ਪੀਰਨ ਪੀਰ, ਅਬਿਨਾਸ਼ੀ ਕਰਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਧੀਰ, ਮਿਹਰ ਨਜ਼ਰ ਇਕ ਉਠਾਈਆ। ਸਤਿਜੁਗ ਸਾਚੇ ਜਨ ਭਗਤਾਂ ਖੋਲ੍ਹ ਆ ਆਤਮ ਦ੍ਰਿਸ਼ਟੀ, ਦਿਸ਼ਾ ਪੁਰਖ ਅਕਾਲ ਇਕੋ ਦਿਤੀ ਵਖਾਈਆ। ਨਾਤਾ ਤੋੜ ਕੇ ਮਾਇਆ ਮਮਤਾ ਮੋਹ ਜਗਤ ਸ੍ਰਿਸ਼ਟੀ, ਸ੍ਰੇਸ਼ਟ ਆਪਣਾ ਨਾਮ ਦਿਤਾ ਸਮਝਾਈਆ। ਧੁਰ ਦਾ ਰਾਮ ਕਰਨੀ ਦਾ ਕਰਤਾ ਨਜ਼ਰੀ ਆਵੇ ਇਕੋ ਇਸ਼ਟੀ, ਇਸ਼ਟ ਆਤਮਾ ਪਰਮਾਤਮਾ ਵੇਖ ਖ਼ੁਸ਼ੀ ਮਨਾਈਆ। ਜਿਸ ਦੀ ਮੰਜ਼ਲ ਅਗੰਮ ਅਥਾਹ ਇਕੋ ਦਿਸਦੀ, ਸਚਖੰਡ ਦਵਾਰਾ ਸੋਭਾ ਪਾਈਆ। ਇਹ ਖੇਲ ਆਦਿ ਜੁਗਾਦੀ ਅਗੰਮੀ ਪਿਤ ਦੀ, ਪਿਤਾ ਪੂਤ ਆਪਣੀ ਗੋਦ ਉਠਾਈਆ। ਆਵਣ ਜਾਵਣ ਜਨ ਭਗਤਾਂ ਖੇਲ ਮੁਕਾ ਕੇ ਨਿਤ ਦੀ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਰੀਤੀ ਦੱਸ ਦਿਤੀ ਪੁਰਖ ਅਕਾਲ ਹਿਤ ਦੀ, ਪਾਰਬ੍ਰਹਮ ਬ੍ਰਹਮ ਮੇਲਾ ਲਿਆ ਮਿਲਾਈਆ। ਜਿਹੜੀ ਮੰਜ਼ਲ ਨਹੀਂ ਕਿਸੇ ਮੁਨ ਰਿਖ ਦੀ, ਗੁਰਸਿਖ ਸਾਚੇ ਸਾਚੀ ਦਰਗਾਹ ਦਿਤੀ ਮਾਣ ਵਡਿਆਈਆ। ਜਿਸ ਦੀ ਮਹਿੰਮਾ ਕ਼ਲਮ ਸ਼ਾਹੀ ਨਹੀਂ ਕੋਈ ਲਿਖਦੀ, ਸੋ ਮਿਹਰ ਨਜ਼ਰ ਨਾਲ ਪਾਰ ਕਰਾਈਆ। ਕਲਜੁਗ ਅੰਤ ਸ੍ਰੀ ਭਗਵੰਤ ਧਾਰ ਕਰੇ ਖੇਲ ਇਕ ਦੀ, ਏਕੰਕਾਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਸਤਿਜੁਗ ਸਾਚੇ ਜਨ ਭਗਤਾਂ ਦਿਤਾ ਧੁਰ ਦਾ ਹੱਕ, ਹਕ਼ੀਕ਼ਤ ਵਿਚੋਂ ਹਕ਼ੀਕ਼ਤ ਦਿਤੀ ਸਮਝਾਈਆ। ਮਨੂਆ ਰਹੇ ਨਾ ਵਿਚ ਸ਼ੱਕ, ਸ਼ਿਕਵੇ ਪਿਛਲੇ ਦਿਤੇ ਗਵਾਈਆ। ਪ੍ਰੇਮ ਪਿਆਰ ਦੀ ਖੋਲ੍ਹ ਕੇ ਅੱਖ, ਆਪਣਾ ਪੜਦਾ ਦਿਤਾ ਉਠਾਈਆ। ਦੀਨ ਦੁਨੀ ਨਾਲੋਂ ਕਰ ਕੇ ਵੱਖ, ਮਾਰਗ ਧੁਰ ਦੇ ਦਿਤਾ ਲਗਾਈਆ। ਸੋਹੰ ਸੋ ਜੋ ਨਾਮ ਰਹੇ ਜਪ, ਲੱਖ ਚੁਰਾਸੀ ਵਿਚ ਜਗਤ ਵਾਸਨਾ ਨਾ ਕੋਇ ਭਵਾਈਆ। ਮਾਨਸ ਜਨਮ ਗਏ ਜਿੱਤ, ਹਰਿ ਹਿਰਦੇ ਅੰਦਰ ਵਸਾਈਆ। ਅਗੇ ਪ੍ਰਭ ਦਾ ਦਰਸ਼ਨ ਹੋਵੇ ਨਿਤ, ਸਚ ਦਵਾਰੇ ਮਿਲ ਕੇ ਵੱਜੇ ਵਧਾਈਆ। ਅਬਿਨਾਸ਼ੀ ਕਰਤਾ ਵਸਿਆ ਚਿਤ, ਮਨ ਠਗੌਰੀ ਰਹੇ ਨਾ ਰਾਈਆ। ਚਾਰ ਕੁੰਟ ਦਹਿ ਦਿਸ਼ਾ ਇਕੋ ਆਵੇ ਦਿਸ, ਦਿਸ਼ਾਂ ਦਾ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪਣੇ ਵਿਚ ਮਿਲਾਈਆ। ਸਤਿਜੁਗ ਜਨ ਭਗਤਾਂ ਦਿਤਾ ਅਗੰਮਾ ਜਾਪ, ਜਗਜੀਵਣ ਦਾਤਾ ਹੋ ਦਿਤੀ ਵਡਿਆਈਆ। ਜਨਮ ਕਰਮ ਦਾ ਮੇਟ ਸੰਤਾਪ, ਕਰਮ ਕਰਮ ਦੇ ਦੁਖੜੇ ਦਿਤੇ ਗਵਾਈਆ। ਤ੍ਰੈਗੁਣ ਮਾਇਆ ਮੇਟ ਕੇ ਤਾਪ, ਅਗਨੀ ਅੱਗ ਦਿਤੀ ਬੁਝਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਸਾਕ, ਨਾਤਾ ਧੁਰ ਦਾ ਲਿਆ ਜੁੜਾਈਆ। ਬਜਰ ਕਪਾਟੀ ਖੋਲ੍ਹ ਕੇ ਤਾਕ, ਅੰਦਰੋਂ ਪੜਦਾ ਦਿਤਾ ਉਠਾਈਆ। ਲੇਖਾ ਮੁਕਾ ਕੇ ਜਾਤ ਪਾਤ, ਪਤਿਤ ਪੁਨੀਤ ਦਿਤਾ ਬਣਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਨੂਰ ਕਰ ਰੁਸ਼ਨਾਈਆ। ਚਾਰ ਜੁਗ ਤੋਂ ਵਖਰੀ ਦੱਸ ਕੇ ਗਾਥ, ਧੁਰ ਦਾ ਮੰਤਰ ਦਿਤਾ ਸਮਝਾਈਆ। ਮੇਲਾ ਕਰ ਪੁਰਖ ਅਬਿਨਾਸ਼, ਜਗਤ ਵਿਨਾਸ਼ ਦਾ ਖਹਿੜਾ ਦਿਤਾ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋ ਕੇ ਦਾਸੀ ਦਾਸ, ਸੇਵਾ ਸਾਚੀ ਸਚ ਕਮਾਈਆ। ਸਤਿਜੁਗ ਸਾਚੇ ਜਨ ਭਗਤਾਂ ਨਾਮ ਦਿਤਾ ਅਨਡਿਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਮਹਿੰਮਾ ਗਏ ਲਿਖ, ਸੋ ਵਿਦਿਆ ਤੋਂ ਬਾਹਰ ਕਰੇ ਪੜ੍ਹਾਈਆ। ਜਿਸ ਦਾ ਸਭ ਤੋਂ ਉੱਤਮ ਸ੍ਰੇਸ਼ਟ ਨਿਰਾਲਾ ਭਵਿਖ, ਭਵਿਸ਼ ਆਪਣਾ ਦਏ ਜਣਾਈਆ। ਮਾਣ ਵਡਿਆਈ
ਉਤੇ ਧਰਨੀ ਦੇਵੇ ਤਿਸ, ਜਿਸ ਪੂਰਬ ਜਨਮ ਲੇਖਾ ਬਾਕੀ ਰਿਹਾ ਵਖਾਈਆ। ਸਰਬ ਦਾ ਸਵਾਮੀ ਅੰਤਰਜਾਮੀ ਮਾਲਕ ਹੋ ਕੇ ਵੇਖੇ ਇਕ, ਏਕੰਕਾਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪਣੇ ਰੰਗ ਰੰਗਾਈਆ। ਸਤਿਜੁਗ ਸਾਚੇ ਜਨ ਭਗਤਾਂ ਨਾਮ ਦਿਤਾ ਅਗੰਮ ਅਥਾਹ, ਅਲਖ ਅਗੋਚਰ ਦੇਵਣਹਾਰ ਸੱਚੀ ਸਰਨਾਈਆ। ਸਤਿਜੁਗ ਸੱਚਾ ਦੱਸ ਕੇ ਰਾਹ, ਮਾਰਗ ਇਕੋ ਦਿਤਾ ਵਖਾਈਆ। ਲੱਖ ਚੁਰਾਸੀ ਵਿਚੋਂ ਥੋੜੇ ਬਾਹਰ ਕਢਾ, ਕੋਟਾਂ ਵਿਚੋਂ ਨਾਮ ਚੋਟ ਲਗਾਈਆ। ਧੁਰ ਦਾ ਮੰਤਰ ਇਕ ਦ੍ਰਿੜਾ, ਦ੍ਰਿੜ ਵਿਸ਼ਵਾਸ ਦਿਤਾ ਬੰਧਾਈਆ। ਪਵਣ ਸਵਾਸ ਸਾਹ ਲੇਖੇ ਲਾ, ਮਿਹਰਵਾਨ ਮਿਹਰ ਨਜ਼ਰ ਨਾਲ ਪਾਰ ਕਰਾਈਆ। ਹਰ ਘਟ ਵਸਿਆ ਨਜ਼ਰੀ ਆਏ ਖ਼ੁਦਾ, ਖ਼ੁਦ ਮਾਲਕ ਆਪਣਾ ਖੇਲ ਖਿਲਾਈਆ। ਜਨ ਭਗਤ ਸੁਹੇਲੇ ਤਤ ਵਜੂਦ ਰਹਿਣ ਨਾ ਦੇਵੇ ਜੁਦਾ, ਆਤਮ ਪਰਮਾਤਮ ਨਾਤਾ ਜੋੜੇ ਥਾਉਂ ਥਾਈਂਆ। ਕਲਜੁਗ ਕੂੜੀ ਕਿਰਿਆ ਮਮਤਾ ਮੋਹ ਮਿਟਾ ਕੇ ਵਬਾ, ਪ੍ਰੇਮ ਪ੍ਰੀਤੀ ਸਾਚੀ ਨੀਤੀ ਇਕੋ ਇਕ ਸਮਝਾਈਆ। ਗੁਰਮੁਖ ਗੁਰਸਿਖ ਵਰਨਾਂ ਬਰਨਾਂ ਵਿਚੋਂ ਆਪ ਉਠਾ, ਬਾਲੇ ਨੱਢੇ ਬਿਰਧ ਜਵਾਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਤੇਰਾ ਮਾਰਗ ਲਾ ਕੇ ਨਵਾਂ, ਨਵ ਨੌ ਚਾਰ ਦਾ ਲੇਖਾ ਰਿਹਾ ਮੁਕਾਈਆ। ਸਤਿਜੁਗ ਸਾਚੇ, ਜਨ ਭਗਤ ਨਾਮ ਅਗੰਮੀ ਕਹਿਣ, ਕਹਿ ਕਹਿ ਸ਼ੁਕਰ ਮਨਾਈਆ। ਸਾਹਿਬ ਸਤਿਗੁਰ ਦਰਸ ਕਰਨ ਆਪਣੇ ਨੈਣ, ਜਗਤ ਨੇਤਰ ਨਾਤਾ ਕੂੜ ਤੁੜਾਈਆ। ਸਚ ਦਵਾਰ ਇਕੱਠੇ ਬਹਿਣ, ਭੂਮਿਕਾ ਇਕੋ ਸੋਭਾ ਪਾਈਆ। ਪੁਰਖ ਅਕਾਲ ਦੇਵੇ ਲਹਿਣ ਦੇਣ, ਮਕ਼ਰੂਜ਼ ਹੋ ਕੇ ਪਿਛਲਾ ਕ਼ਰਜ਼ ਚੁਕਾਈਆ। ਲੇਖਾ ਜਾਣੇ ਬਣ ਕੇ ਸਾਕ ਸੱਜਣ ਸੈਣ, ਸਈਆ ਨਈਆ ਨੌਕਾ ਨਾਮ ਆਪਣਾ ਦਏ ਵਖਾਈਆ। ਗੁਰਮੁਖ ਗੁਰਸਿਖ ਕੂੜੇ ਵਹਿਣ ਕਦੇ ਨਾ ਵਹਿਣ, ਵਾਹਵਾ ਕਰਦਿਆਂ ਆਪਣੇ ਘਰ ਵਸਾਈਆ। ਪੁਰਖ ਅਕਾਲ ਦੀਨ ਦਿਆਲ ਸਮਰਥ ਸਵਾਮੀ ਅੰਤਰਜਾਮੀ ਕਲਜੁਗ ਅੰਤ ਸ੍ਰੀ ਭਗਵੰਤ, ਨਿਰਗੁਣ ਨਿਰਵੈਰ ਹੋ ਕੇ ਆਇਆ ਕਹਿਣ, ਸਰਗੁਣ ਅੰਤਰ ਆਤਮ ਪਰਮਾਤਮ ਹੋ ਕੇ ਆਪਣਾ ਜੋੜ ਜੁੜਾਈਆ।
੧੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਜਸਵੰਤ ਸਿੰਘ ਦੇ ਗ੍ਰਹਿ ਪਿੰਡ ਮੁਰਿੰਡਾ ਜ਼ਿਲਾ ਅੰਬਾਲਾ
ਸਤਿਜੁਗ ਸਾਚੇ, ਹਰਿ ਕਾ ਨਾਮ ਹੋਵੇ ਏਕਾ ਅਨਮੋਲਾ, ਵਸਤ ਅਮੋਲਕ ਤੇਰੀ ਝੋਲੀ ਪਾਈਆ। ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਬਣੇ ਸਾਚਾ ਤੋਲਾ, ਸਚ ਤਰਾਜ਼ੂ ਅਗੰਮੀ ਆਪ ਉਠਾਈਆ। ਆਤਮ ਪਰਮਾਤਮ ਧੁਰ ਦਾ ਬੋਲਾ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਤੂੰ ਮੇਰਾ ਮੈਂ ਤੇਰਾ ਚਾਰ ਵਰਨ ਅਠਾਰਾਂ ਬਰਨ ਹੋਵੇ ਇਕੋ ਢੋਲਾ, ਗੀਤ ਗੋਬਿੰਦ ਗਹਿਰ ਗੰਭੀਰ ਬੇਨਜ਼ੀਰ ਦਏ ਸਮਝਾਈਆ। ਸਤਿਗੁਰ ਸ਼ਬਦ ਜੀਵ ਜੰਤ ਨਿਰਗੁਣ ਸਰਗੁਣ ਬਣੇ ਵਿਚੋਲਾ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਭਾਗ ਲਗਾਏ ਸਾਢੇ ਤਿੰਨ ਹੱਥ ਕਾਇਆ ਮਾਟੀ ਚੋਲਾ, ਚੋਜੀ ਪ੍ਰੀਤਮ ਆਪਣਾ ਰੰਗ ਦਏ ਰੰਗਾਈਆ। ਭੇਵ ਅਭੇਦਾ ਖੋਲ੍ਹੇ ਪੜਦਾ ਉਹਲਾ, ਘਰ ਵਿਚੋਂ ਘਰ ਗ੍ਰਹਿ ਮੰਦਰ ਦਏ ਵਖਾਈਆ। ਮਨੂਆ ਜਗਤ ਵਾਸਨਾ ਪਾਏ ਨਾ ਰੌਲਾ, ਵਿਕਾਰ ਹੰਕਾਰ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਚਾਰ ਕੁੰਟ ਦਹਿ ਦਿਸ਼ਾ ਇਕੋ ਗਾਵੇ ਸੋਹਲਾ,
ਕਲਮਾ ਕਾਇਨਾਤ ਆਪ ਸਮਝਾਈਆ। ਕਲਜੁਗ ਕੂੜੀ ਕਿਰਿਆ ਧਰਨੀ ਧਰਤ ਧਵਲ ਭਾਰ ਕਰੇ ਹੌਲਾ, ਸਤਿਜੁਗ ਸਾਚੇ ਸਤਿ ਧਰਮ ਦਏ ਵਡਿਆਈਆ। ਜੁਗ ਚੌਕੜੀ ਪੂਰਾ ਕਰੇ ਕੀਤਾ ਇਕ਼ਰਾਰ ਕੌਲਾ, ਗੁਰ ਅਵਤਾਰ ਪੈਗ਼ੰਬਰਾਂ ਭਵਿਸ਼ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿ ਸਾਚੀ ਕਾਰ ਕਮਾਈਆ। ਸਤਿਜੁਗ ਸਾਚੇ, ਹਰਿ ਕਾ ਨਾਮ ਏਕਾ ਮਿਲੇ ਜੀਵ ਜੰਤ, ਲੱਖ ਚੁਰਾਸੀ ਵੰਡ ਨਾ ਕੋਇ ਵੰਡਾਈਆ। ਏਕੋ ਸਿਮਰਨ ਕਰੇ ਸਾਧ ਸੰਤ, ਪੂਜਾ ਪਾਠ ਇਕੋ ਦਏ ਸਮਝਾਈਆ। ਸ੍ਰਿਸ਼ਟ ਸਬਾਈ ਨਾਰ ਇਕੋ ਮਿਲੇ ਧੁਰ ਦਾ ਕੰਤ, ਪੁਰਖ ਅਬਿਨਾਸ਼ੀ ਘਟ ਨਿਵਾਸੀ ਨਜ਼ਰੀ ਆਈਆ। ਗੜ੍ਹ ਤੋੜੇ ਮਾਇਆ ਮਮਤਾ ਹਉਮੇ ਹੰਗਤ, ਹੰ ਬ੍ਰਹਮ ਚਾਰ ਵਰਨ ਦਏ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਸਾਚੀ ਸਿਖਿਆ ਦਏ ਦ੍ਰਿੜਾਈਆ। ਮਹਿੰਮਾ ਦੱਸ ਕੇ ਆਪਣੀ ਅਗਣਤ, ਭੇਵ ਅਭੇਦਾ ਅਗਲਾ ਦਏ ਖੁਲ੍ਹਾਈਆ। ਮਨ ਵਾਸਨਾ ਕੂੜੀ ਰਹੇ ਨਾ ਚਿੰਤ, ਅਗਨੀ ਅੱਗ ਨਾ ਕੋਇ ਤਪਾਈਆ। ਜਨ ਭਗਤਾਂ ਆਪਣੇ ਮਿਲਣ ਦੀ ਦੇ ਕੇ ਹਿੰਮਤ, ਮਾਰਗ ਸਾਚੇ ਦਏ ਚੜ੍ਹਾਈਆ। ਜਿਥੇ ਦਿਸੇ ਕੋਇ ਨਾ ਨਿੰਦਕ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਸਚਖੰਡ ਦਵਾਰ ਏਕੰਕਾਰ ਇਕ ਵਖਾਏ ਆਪਣੀ ਸਿੰਮਤ, ਚਾਰ ਕੁੰਟ ਦਹਿ ਦਿਸ਼ਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਏਕਾ ਰਾਮ ਕਾਇਆ ਨਗਰ ਖੇੜਾ ਗਰਾਮ, ਵਜੂਦ ਅੰਦਰ ਮਹਿਬੂਬ ਦਏ ਵਖਾਈਆ। ਸਤਿਜੁਗ ਸਾਚੇ, ਸਾਚਾ ਨਾਮ ਏਕੰਕਾਰ ਏਕਾ ਕਰੇ ਪਰਚਲਤ, ਸ੍ਰਿਸ਼ਟ ਸਬਾਈ ਸਾਚੀ ਸਿਖਿਆ ਦਏ ਸਮਝਾਈਆ। ਜੋ ਹੋਏ ਸਹਾਈ ਹਲਤ ਪਲਤ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਮਨੂਆ ਕੂੜ ਕਰੇ ਕੋਈ ਨਾ ਇੱਲਤ, ਸ਼ਰਅ ਸ਼ਰਾਰਤ ਵਿਚ ਨਾ ਕੋਇ ਹਲਕਾਈਆ। ਜਨ ਭਗਤਾਂ ਬਖ਼ਸ਼ੇ ਸਾਚੀ ਹਿੰਮਤ, ਹੌਸਲਾ ਆਪਣੇ ਨਾਮ ਵਡਿਆਈਆ। ਸਾਚੇ ਪ੍ਰੇਮ ਦੀ ਦੇ ਕੇ ਖਿੱਲਤ, ਖ਼ਾਤਬ ਇਕੋ ਇਕ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੂਜੇ ਦਰ ਕਰਨ ਨਾ ਦੇਵੇ ਮਿੰਨਤ, ਨਾਮ ਭੰਡਾਰਾ ਏਕੰਕਾਰਾ ਬਣ ਵਰਤਾਰਾ, ਸ਼ਬਦੀ ਧਾਰ ਕਰ ਪਿਆਰ ਏਕਾ ਵਾਰ ਝੋਲੀ ਦਏ ਭਰਾਈਆ।
੧੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੨ ਦਰਬਾਰਾ ਸਿੰਘ ਦੇ ਗ੍ਰਹਿ ਪਿੰਡ ਬਾਠ ਖੁਰਦ
ਸਤਿਜੁਗ ਸਾਚੇ, ਸਾਚੇ ਨਾਮ ਦਾ ਡੰਕਾ ਵੱਜੇ ਵਿਚ ਬ੍ਰਹਿਮੰਡ, ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਇਕੋ ਕਰੇ ਸ਼ਨਵਾਈਆ। ਕਲਜੁਗ ਕੂੜੀ ਕਿਰਿਆ ਮੇਟੇ ਭੇਖ ਪਖੰਡ, ਧਰਨੀ ਧਰਤ ਧਵਲ ਉਪਰ ਰਹਿਣ ਕੋਇ ਨਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਪੁਰਖ ਅਕਾਲ ਤੂੰ ਮੇਰਾ ਮੈਂ ਤੇਰਾ ਗਾਵੇ ਛੰਦ, ਚਾਰ ਵਰਨ ਅਠਾਰਾਂ ਬਰਨ ਇਕੋ ਨਾਮ ਧਿਆਈਆ। ਕਿਰਪਾ ਕਰੇ ਦੀਨ ਦਿਆਲ ਸਾਹਿਬ ਬਖ਼ਸ਼ੰਦ, ਪਾਰਬ੍ਰਹਮ ਪਤਿਪਰਮੇਸ਼ਵਰ ਪੜਦਾ ਉਹਲਾ ਦਏ ਉਠਾਈਆ। ਕਾਇਆ ਮਾਟੀ ਤਨ ਵਜੂਦ ਸਾਢੇ ਤਿੰਨ ਹੱਥ ਚਾੜ੍ਹੇ ਰੰਗ, ਨਾਮ ਅਨਮੁੱਲਾ ਇਕੋ ਇਕ ਸਮਝਾਈਆ। ਦੂਈ ਦਵੈਤੀ ਹਉਮੇ ਹੰਗਤਾ ਢਾਹੇ ਅੰਦਰੋਂ ਕੰਧ, ਸਚ ਸੁਚ ਏਕਾ ਏਕ ਦਏ ਸਮਝਾਈਆ। ਘਰ ਵਿਚੋਂ ਘਰ ਗ੍ਰਹਿ ਮੰਦਰ ਦੇਵੇ ਇਕ ਅਨੰਦ,
ਨੌ ਦਵਾਰੇ ਨੌ ਰਸ ਲੇਖਾ ਦਏ ਮੁਕਾਈਆ। ਸੁਰਤੀ ਸ਼ਬਦੀ ਡੋਰੀ ਬੰਨ੍ਹੇ ਆਪਣੇ ਤੰਦ, ਧੁਰ ਦਰਗਾਹੀ ਬੇਪਰਵਾਹੀ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਸਾਚੇ ਸੰਤਾਂ ਖ਼ੁਸ਼ੀ ਕਰੇ ਬੰਦ ਬੰਦ, ਨਾਮ ਭੰਡਾਰਾ ਏਕੰਕਾਰਾ ਇਕੋ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਸਾਚੀ ਕਰਨੀ ਆਪ ਕਮਾਈਆ। ਸਤਿਜੁਗ ਸਾਚੇ, ਸਾਚੇ ਨਾਮ ਦਾ ਵੱਜੇ ਇਕੋ ਡੰਕਾ, ਨੌ ਖੰਡ ਪ੍ਰਿਥਮੀ ਸੱਤ ਦੀਪ ਵੱਜੇ ਵਧਾਈਆ। ਸ੍ਰੀ ਭਗਵਾਨ ਦਾ ਸੋਹੇ ਇਕੋ ਬੰਕਾ, ਪੁਰਖ ਅਕਾਲ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਨਾਮ ਧਿਆਈਆ। ਇਕੋ ਮੰਦਰ ਦਿਸੇ ਰਾਓ ਰੰਕਾ, ਚਾਰ ਵਰਨਾਂ ਅਠਾਰਾਂ ਬਰਨਾਂ ਇਕੋ ਘਰ ਦਏ ਸਮਝਾਈਆ। ਇਕੋ ਸਤਿਗੁਰ ਸ਼ਬਦ ਹੋਵੇ ਬੋਧ ਅਗਾਧਾ ਪੰਡਤਾ, ਆਤਮ ਬ੍ਰਹਮ ਪਾਰਬ੍ਰਹਮ ਬ੍ਰਹਮ ਵਿਦਿਆ ਇਕ ਸਮਝਾਈਆ। ਜਗਤ ਵਾਸਨਾ ਕੂੜੀ ਕਿਰਿਆ ਗੜ੍ਹ ਰਹੇ ਨਾ ਹਉਮੇ ਹੰਗਤਾ, ਨਿਰਗੁਣ ਨਿਰਵੈਰ ਨਿਰਾਕਾਰ ਨਿਵਣ ਸੁ ਅੱਖਰ ਇਕੋ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ, ਤੇਰਾ ਰਾਹ ਪੁਰਖ ਅਕਾਲ ਚਲਾਵੇ ਬੇਪਰਵਾਹ ਧਰਨੀ ਧਰਤ ਧਵਲ ਦੇਵੇ ਮਾਣ ਵਡਿਆਈਆ। ਸਤਿਜੁਗ ਸਾਚੇ, ਸਾਚੇ ਨਾਮ ਦਾ ਵੱਜੇ ਇਕੋ ਨਗਾਰਾ, ਨੌਬਤ ਧੁਰ ਦੀ ਆਪ ਵਜਾਈਆ। ਗੁਰ ਅਵਤਾਰ ਪੈਗ਼ੰਬਰ ਖ਼ੁਸ਼ੀਆਂ ਵਿਚ ਲਾਵਣ ਧੁਰ ਦਾ ਨਾਅਰਾ, ਵਾਹਵਾ ਪ੍ਰਭ ਤੇਰੀ ਬੇਪਰਵਾਹੀਆ। ਭਗਤ ਸੁਹੇਲੇ ਗਾਵਣ ਸਾਚੀ ਵਾਰਾ, ਵਾਰਤਾ ਵਿਚ ਸਿਫ਼ਤੀ ਢੋਲੇ ਜਗਤ ਸੁਣਾਈਆ। ਕਰਨੀ ਦੇ ਕਰਤੇ ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਤੇਰੇ ਹੱਥ ਵਡਿਆਈਆ। ਨਿਰਗੁਣ ਨਿਰਵੈਰ ਕਲਜੁਗ ਅੰਤ ਸ੍ਰੀ ਭਗਵੰਤ ਕਲ ਕਲਕੀ ਇਕ ਅਵਤਾਰਾ, ਜਿਸ ਦਾ ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ। ਜਿਸ ਨੂੰ ਮਾਤਾ ਜਨਮੇ ਨਾ ਕੋਇ ਵਿਚ ਸੰਸਾਰਾ, ਹੱਡ ਮਾਸ ਨਾੜੀ ਨਾਤਾ ਜੋੜ ਨਾ ਕੋਇ ਜੁੜਾਈਆ। ਜਿਸ ਦਾ ਲੇਖਾ ਕਾਗਦ ਕ਼ਲਮ ਸ਼ਾਹੀ ਨਾ ਲਿਖਣਹਾਰਾ, ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਹੁਕਮੇਂ ਅੰਦਰ ਸਿਫ਼ਤ ਸਾਲਾਹੀਆ। ਸੋ ਸਵਾਮੀ ਅੰਤਰਜਾਮੀ ਸਚਖੰਡ ਨਿਵਾਸੀ ਪਰਵਰਦਿਗਾਰਾ, ਜਲਵਾਗਰ ਨੂਰ ਅਲਾਹੀਆ। ਸਤਿਜੁਗ ਸਾਚੇ ਸਾਚਾ ਸਚ ਖੋਲ੍ਹੇ ਇਕ ਦਵਾਰਾ, ਚਾਰ ਕੁੰਟ ਦਹਿ ਦਿਸ਼ਾ ਇਕੋ ਘਰ ਵਖਾਈਆ। ਜਿਸ ਮੰਦਰ ਗ੍ਰਹਿ ਤੂੰ ਮੇਰਾ ਮੈਂ ਤੇਰਾ ਸੁਣਾਵੇ ਇਕ ਜੈਕਾਰਾ, ਦੂਜਾ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਤੇਰੀ ਵਖਾਏ ਇਕੋ ਧਰਮਸਾਲਾ, ਜਿਸ ਦਵਾਰ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਇਸ਼ਟ ਮਨਾਈਆ। ਸਤਿਜੁਗ ਸਾਚੇ, ਸਾਚੇ ਨਾਮ ਦਾ ਇਕੋ ਹੋਵੇ ਹੋਕਾ, ਹੁਕਮ ਧੁਰ ਦਾ ਆਪ ਜਣਾਈਆ। ਮੰਨਣਾ ਪਏ ਚੌਦਾਂ ਲੋਕਾ, ਚੌਦਾਂ ਤਬਕ ਸੀਸ ਨਾ ਕੋਇ ਉਠਾਈਆ। ਪ੍ਰਭ ਦਾ ਭਾਣਾ ਕਿਸੇ ਨਾ ਰੋਕਾ, ਗੁਰ ਅਵਤਾਰ ਪੈਗ਼ੰਬਰ ਭਾਣੇ ਵਿਚ ਸੇਵ ਕਮਾਈਆ। ਜਨ ਭਗਤਾਂ ਧਰਮ ਦਾ ਮਾਰਗ ਦੱਸੇ ਸੌਖਾ, ਕਲਜੁਗ ਕੂੜ ਕੁੜਿਆਰਾ ਡੇਰਾ ਢਾਹੀਆ। ਸ੍ਰੀ ਭਗਵਾਨ ਹੋ ਮਿਹਰਵਾਨ ਆਪਣੇ ਮਿਲਣ ਦਾ ਦੇਵੇ ਮੌਕਾ, ਨਿਰਗੁਣ ਹੋ ਕੇ ਸਰਗੁਣ ਜੋੜ ਜੁੜਾਈਆ। ਸਾਚੇ ਸੰਤਾਂ ਨਾਲ ਕਦੇ ਕਰੇ ਨਾ ਧੋਖਾ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਸਾਚੀ ਮੰਜ਼ਲ ਚੜ੍ਹਾਵੇ ਚੋਟਾ, ਅੰਤ ਅਖ਼ੀਰ ਇਕੋ ਘਰ ਵਖਾਈਆ। ਜਿਸ ਗ੍ਰਹਿ ਨਿਰਮਲ ਪਰਕਾਸ਼ ਹੋਵੇ ਨੂਰੀ ਜੋਤਾ, ਜਾਗਰਤ ਜੋਤ ਡਗਮਗਾਈਆ। ਸਚਖੰਡ ਦਵਾਰਾ ਬਿਨ ਛੱਪਰ ਛੰਨ ਕੋਠਾ, ਸੂਰਜ ਚੰਦ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੇ ਤੇਰੀ ਆਸਾ ਮਨਸਾ ਪੂਰੀ ਕਰੇ
ਸੋਚਾ, ਸਮਝ ਰਮਜ਼ ਆਪਣੀ ਵਿਚ ਮਿਲਾਈਆ। ਸਤਿਜੁਗ ਸਾਚੇ, ਹਰਿ ਕਾ ਨਾਮ ਪਰਗਟ ਹੋਵੇ ਜਗਤ, ਚਾਰ ਵਰਨਾਂ ਅਠਾਰਾਂ ਬਰਨਾਂ ਕਰੇ ਇਕ ਪੜ੍ਹਾਈਆ। ਆਤਮ ਪਰਮਾਤਮ ਮੇਲ ਮਿਲਾ ਕੇ ਬਣਾਏ ਧੁਰ ਦੇ ਭਗਤ, ਭਗਵਨ ਹੋ ਕੇ ਆਪਣਾ ਸੰਗ ਨਿਭਾਈਆ। ਘਰ ਸਵਾਮੀ ਅੰਤਰਜਾਮੀ ਉਪਰ ਸ਼ਾਹ ਰਗ ਦੇਵੇ ਦਰਸ, ਨੌ ਦਵਾਰਾ ਕੂੜ ਵਿਕਾਰਾ ਡੇਰਾ ਢਾਹੀਆ। ਜਨਮ ਜਨਮ ਦੀ ਕਰਮ ਕਰਮ ਦੀ ਮੇਟੇ ਹਰਸ, ਪਿਛਲੀ ਹਵਸ ਰਹੇ ਨਾ ਰਾਈਆ। ਮਿਹਰਵਾਨ ਮਹਿਬੂਬ ਪਰਮਾਤਮ ਕਰੇ ਤਰਸ, ਅਬਿਨਾਸ਼ੀ ਕਰਤਾ ਹੋਏ ਸਹਾਈਆ। ਸੰਤ ਸੁਹੇਲਾ ਸਾਚੀ ਮੰਜ਼ਲ ਚੜ੍ਹਦਿਆਂ ਕੋਈ ਨਾ ਜਾਵੇ ਅਟਕ, ਦਸਮ ਦਵਾਰੀ ਜੋਤ ਨਿਰੰਕਾਰੀ ਨਿਰਗੁਣ ਦਰਸ਼ਨ ਪਾਈਆ। ਝਗੜਾ ਰਹੇ ਨਾ ਬੂੰਦ ਰਕਤ, ਆਤਮ ਸ਼ਕਤ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜ ਕੁੜਿਆਰੀ ਮੇਟੇ ਭਟਕ, ਭਾਵਨਾ ਸਤਿਜੁਗ ਤੇਰੀ ਵੇਖ ਵਖਾਈਆ। ਸਤਿਜੁਗ ਸਾਚੇ, ਸਾਚੇ ਨਾਮ ਦਾ ਚਲੇ ਪਰਵਾਹ, ਪਾਰਬ੍ਰਹਮ ਹਰ ਹਿਰਦੇ ਦਏ ਵਸਾਈਆ। ਗੁਰ ਗੋਬਿੰਦ ਸ਼ਬਦ ਬਣੇ ਗਵਾਹ, ਜਨ ਭਗਤਾਂ ਸ਼ਹਾਦਤ ਦਏ ਭੁਗਤਾਈਆ। ਜੋ ਲੇਖਾ ਜਾਣੇ ਸਾਹ ਸਾਹ, ਸਵਾਸ ਸਵਾਸ ਆਪਣੀ ਝੋਲੀ ਪਾਈਆ। ਅੰਤਰ ਆਤਮ ਪਰਮਾਤਮ ਨਿਰਾਕਾਰ ਨਾਮ ਦ੍ਰਿੜਾ, ਅੱਖਰਾਂ ਤੋਂ ਬਾਹਰ ਕਰੇ ਪੜ੍ਹਾਈਆ। ਵਾਹਦ ਨੂਰ ਨਜ਼ਰੀ ਆਵੇ ਇਕ ਖ਼ੁਦਾ, ਖ਼ੁਦ ਮਾਲਕ ਆਪਣਾ ਪੜਦਾ ਦਏ ਉਠਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਾਚੀ ਮੰਜ਼ਲ ਪੌੜੀ ਦਏ ਚੜ੍ਹਾ, ਦਰ ਦਵਾਰਾ ਏਕੰਕਾਰਾ ਇਕੋ ਇਕ ਵਖਾਈਆ। ਜਿਸ ਗ੍ਰਹਿ ਨਿਰਮਲ ਜੋਤ ਹੋਵੇ ਰੁਸ਼ਨਾ, ਦੀਵਾ ਬਾਤੀ ਕਮਲਾਪਾਤੀ ਨੂਰੋ ਨੂਰ ਕਰੇ ਰੁਸ਼ਨਾਈਆ। ਸੰਤ ਸੁਹੇਲੇ ਗੁਰਮੁਖ ਗੁਰਸਿਖ ਹਰਿਜਨ ਭਗਤ ਕਰ ਕਿਰਪਾ ਲਏ ਬਹਾ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਉਠਾਈਆ। ਕਲਜੁਗ ਅੰਤ ਸ੍ਰੀ ਭਗਵੰਤ ਅਬਿਨਾਸ਼ੀ ਕਰਤਾ ਕੂੜੀ ਕਿਰਿਆ ਜਗਤ ਨਾਤਾ ਦਏ ਤੁੜਾ, ਸਤਿਜੁਗ ਸਾਚਾ ਸਤਿ ਧਰਮ ਬਿਨ ਗੋਤ ਵਰਨ ਏਕਾ ਏਕ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਨੇਤਰ ਖੋਲ੍ਹੇ ਹਰਨ ਫਰਨ ਝਗੜਾ ਚੁਕਾਵੇ ਮਰਨ ਡਰਨ, ਮਾਰਗ ਦਸਾਏ ਤਰਨੀ ਤਰਨ, ਤਾਰਨਹਾਰਾ ਏਕੰਕਾਰਾ ਇਕ ਇਕੱਲਾ ਆਪਣੇ ਚਰਨ ਕਵਲ ਬਖ਼ਸ਼ੇ ਹੱਕ ਸਰਨਾਈਆ।