ਪੁਸਤਕਾਲਾਭਾਗ ੨੦

੧੮ ਮਾਘ ਸ਼ਹਿਨਸ਼ਾਹੀ ਸੰਮਤ ੨ ਜਰਨੈਲ ਸਿੰਘ ਦੇ ਗ੍ਰਹਿ ਸ਼ਾਹ ਵਾਲਾ ਜ਼ਿਲਾ ਫ਼ਿਰੋਜ਼ਪੁਰ

ਗੋਬਿੰਦ ਕਹੇ ਮੈਂ ਪੁਰ ਅਨੰਦ ਤੋਂ ਹੋਇਆ ਵੱਖਰਾ, ਵੱਖਰੀ ਧਾਰ ਚਲਾਈਆ। ਮੈਂ ਉਹਲੇ ਹੋ ਕੇ ਨਾਲੋਂ ਅੱਖਰਾਂ, ਅੱਖੀਆਂ ਤੋਂ ਪਰੇ ਡੇਰਾ ਲਾਈਆ। ਫੂੜ੍ਹੀਆਂ ਤੋਂ ਦੂਰ ਵਛਾ ਕੇ ਸਥਰਾ, ਸੱਥਰ ਯਾਰੜਾ ਇਕ ਸੁਹਾਈਆ। ਨੇਤਰ ਹੰਝੂ ਛੱਡ ਕੇ ਅੱਥਰਾ, ਸਤਿ ਸਰੂਪੀ ਧਾਰ ਵਹਾਈਆ। ਜਗਤ ਨਿਸ਼ਾਨਾ ਛੱਡ ਕੇ ਪੱਥਰਾ, ਪੱਤਣ ਮਿਲਿਆ ਬੇਪਰਵਾਹੀਆ। ਖੋਜਿਆਂ ਹੱਥ ਨਾ ਆਵਾਂ ਜੰਗਲ ਜੂਹ ਉਜਾੜ ਪਹਾੜ ਰਕੜਾ, ਥਲਾਂ ਵਿਚ ਅੱਖ ਨਾ ਕੋਇ ਮਿਲਾਈਆ। ਸਿਫ਼ਤ ਦੱਸਾਂ ਨਾ ਵਿਚ ਸਤਰਾਂ, ਮਹਿੰਮਾ ਗਣਤ ਨਾ ਕੋਇ ਵਡਿਆਈਆ। ਸ੍ਰਿਸ਼ਟੀ ਨਾਲੋਂ ਹੋ ਕੇ ਬੇਵਤਨਾ, ਵਤਨ ਮੱਲਿਆ ਧੁਰਦਰਗਾਹੀਆ। ਜਿਸ ਦਾ ਚਾਰ ਜੁਗ ਕਰਦੇ ਰਹੇ ਯਤਨਾ, ਯਥਾ ਯੋਗ ਆਪਣੀ ਸੇਵ ਕਮਾਈਆ। ਮੈਨੂੰ ਚੰਗਾ ਲੱਗਾ ਓਥੇ ਵਸਣਾ, ਜਿਥੇ ਵਸਲ ਨੂਰ ਖ਼ੁਦਾਈਆ। ਮੇਰਾ ਰੂਪ ਸਮਝਿਆ ਕਿਸੇ ਨਾ ਅਸਲਾ, ਅਸਲ ਭੇਵ ਨਾ ਕੋਇ ਚੁਕਾਈਆ। ਰਸ ਅਗੰਮੀ ਜਾਣੇ ਕੋਈ ਨਾ ਰਸਨਾ, ਰਸਤਾ ਲੱਭੇ ਨਾ ਕਿਸੇ ਲੋਕਾਈਆ। ਰਸਨਾ ਜਿਹਵਾ ਬੱਤੀ ਦੰਦ ਕਰੇ ਕੋਈ ਨਾ ਜਸਨਾ, ਸਿਫ਼ਤਾਂ ਵਿਚ ਨਾ ਸਿਫ਼ਤ ਸਾਲਾਹੀਆ। ਮੈਂ ਤੱਜਿਆ ਦੁਨੀ ਵਾਲਾ ਪਟਨਾ, ਘਰ ਇਕੋ ਵੇਖ ਵਖਾਈਆ। ਜਿਸ ਗ੍ਰਹਿ ਦੀ ਕੋਈ ਨਾ ਜਾਣੇ ਘਟਨਾ, ਘਾਟੀ ਚੜ੍ਹ ਨਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਧੁਰ ਦਾ ਸੰਗ ਬਣਾਈਆ। ਗੋਬਿੰਦ ਕਹੇ ਮੇਰਾ ਕੋਈ ਨਾ ਜਾਣੇ ਪੁਰ ਅਨੰਦ ਵਿਛੋੜਾ, ਵਿਸ਼ਾ ਸਮਝ ਕਿਸੇ ਨਾ ਆਈਆ। ਮੇਰਾ ਜਾਣੇ ਕੋਈ ਨਾ ਜੋੜਾ, ਜੋੜੀ ਕਿਸ ਦੇ ਨਾਲ ਬਣਾਈਆ। ਮੇਰਾ ਤੱਕੇ ਕੋਈ ਨਾ ਘੋੜਾ, ਜੋ ਚਲੇ ਵਾਹੋ ਦਾਹੀਆ। ਮੈਂ ਓਸ ਦਾ ਬਾਂਕਾ ਛੋਹਰਾ, ਜਿਸ ਨੂੰ ਸ਼ਹਿਨਸ਼ਾਹ ਕਹਿ ਕੇ ਸਾਰੇ ਗਾਈਆ। ਜਿਸ ਨਿਰਗੁਣ ਤੋਂ ਸਰਗੁਣ ਸੱਸੇ ਉਪਰ ਲਾਇਆ ਹੋੜਾ, ਸੋਹਣੀ ਵੰਡ ਵੰਡਾਈਆ। ਹੰ ਬ੍ਰਹਮ ਬਣਾ ਕੇ ਪੌੜਾ, ਮੰਜ਼ਲ ਆਪਣੀ ਦਿਤੀ ਵਖਾਈਆ। ਮੁਹੱਬਤ ਪਿਆਰ ਦੀ ਰੱਖ ਕੇ ਲੋੜਾ, ਨਾਤਾ ਦੁਨੀ ਨਾਲੋਂ ਤੁੜਾਈਆ। ਹੁਕਮ ਦੇ ਕੇ ਇਕੋ ਕੋਰਾ, ਕੂੜੀ ਕਿਰਿਆ ਡੇਰਾ ਢਾਹੀਆ। ਮਾਣ ਦੇ ਕੇ ਬਾਂਕਾ ਛੋਹਰਾ, ਸ਼ੁਹਰਤ ਆਪਣੀ ਇਕ ਸਮਝਾਈਆ। ਕਰ ਪਰਕਾਸ਼ ਅੰਧੇਰ ਘੋਰਾ, ਨੂਰ ਨੂਰ ਨਾਲ ਚਮਕਾਈਆ। ਸਾਚਾ ਬਲ ਦੇ ਕੇ ਜ਼ੋਰਾ, ਜੋਰੂ ਜ਼ਰ ਜ਼ੇਰ ਕਰਾਈਆ। ਪੜਦਾ

❋

❋

ਲਾਹ ਕੇ ਤੋਰਾ ਮੋਰਾ, ਆਪ ਆਪਣੇ ਅੰਗ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਗੋਬਿੰਦ ਕਹੇ ਕਿਉਂ ਪੁਰੀ ਅਨੰਦ ਛੱਡੀ, ਨਾਤਾ ਲਿਆ ਤੁੜਾਈਆ। ਕਿਉਂ ਗੋਬਿੰਦ ਚੱਲੀ ਨਾ ਗੱਦੀ, ਅੱਗੇ ਗੁਰੂ ਤਤ ਨਾ ਕੋਇ ਵਡਿਆਈਆ। ਕਿਉਂ ਸ਼ਬਦੀ ਧਾਰ ਬੱਧੀ, ਹੁਕਮੀ ਹੁਕਮ ਸ਼ਨਵਾਈਆ। ਕਿਉਂ ਖੇਲ ਕੀਤਾ ਯਦੀ, ਯੱਕ ਨਾਅਰਾ ਇਕ ਸੁਣਾਈਆ। ਇਹ ਵੇਲਾ ਵਕਤ ਆਉਂਦਾ ਕਦੀ, ਕਦੀਮ ਤੋਂ ਪ੍ਰਭ ਦੀ ਰੀਤੀ ਚਲੀ ਆਈਆ। ਮੇਰੀ ਧਾਰ ਓਸ ਨਾਲ ਬੱਧੀ, ਜਿਸ ਨੂੰ ਬੰਦਨਾ ਕਰ ਕੇ ਸਾਰੇ ਸੀਸ ਝੁਕਾਈਆ। ਜਿਸ ਦਾ ਹੁਕਮ ਕਦੇ ਨਾ ਹੋਵੇ ਰੱਦੀ, ਬਦਲੀ ਵਿਚ ਨਾ ਕੋਇ ਬਦਲਾਈਆ। ਓਸ ਦੇ ਪ੍ਰੇਮ ਦੀ ਸੱਚੀ ਸਦੀ, ਸੱਦੇ ਦੇ ਕੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਮੇਰੇ ਅੰਦਰ ਵਰਤਾਈਆ। ਗੋਬਿੰਦ ਕਿਹਾ ਕਿਉਂ ਹੋਇਆ ਪੁਰ ਅਨੰਦ ਅਲੱਗ, ਸਮਝ ਕਿਸੇ ਨਾ ਆਈਆ। ਖੋਜ ਸਕੇ ਨਾ ਕੋਇ ਜਗ, ਭੇਵ ਸਕੇ ਨਾ ਕੋਇ ਦ੍ਰਿੜਾਈਆ। ਰਾਜ਼ ਸਕੇ ਨਾ ਕੋਇ ਲੱਭ, ਸਮਝ ਵਿਚ ਨਾ ਕੋਈ ਚਤੁਰਾਈਆ। ਜਗਤ ਵਾਸਨਾ ਮੇਟ ਕੇ ਹੱਦ, ਮਾਇਆ ਖ਼ਾਹਿਸ਼ ਦਿਤੀ ਤਜਾਈਆ। ਪੁਰਖ ਅਕਾਲ ਦਾ ਕਰ ਕੇ ਹੱਜ, ਹਾਜਤ ਆਪਣੀ ਵੇਖ ਵਖਾਈਆ। ਸਚ ਦਵਾਰੇ ਮੰਗ ਕੇ ਮੰਗ, ਮੰਗੀ ਖ਼ੁਸ਼ੀ ਰਾਈਆ। ਕਿਰਪਾ ਕੀਤੀ ਸੂਰੇ ਸਰਬੰਗ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸ਼ਬਦ ਅਗੰਮੀ ਹੁਕਮ ਦਿਤਾ ਅਸਵ ਨੀਲੇ ਨਹੀਂ ਕਸਣਾ ਤੰਗ, ਜ਼ੀਨ ਪਾਖਰ ਖ਼ੁਸ਼ੀ ਨਾਲ ਟਿਕਾਈਆ। ਹੁਕਮੇ ਅੰਦਰ ਦੇ ਕੇ ਢੰਗ, ਤਰੀਕਾ ਅਗਲਾ ਦਿਤਾ ਸਮਝਾਈਆ। ਜਗਤ ਗੋਬਿੰਦ ਤੇਰਾ ਸ਼ਸਤਰਾਂ ਵਾਲਾ ਜੰਗ, ਜਗਤ ਖੇਲ ਲੋਕਾਈਆ। ਤੇਰਾ ਭਗਤਾਂ ਵਾਲਾ ਅਨੰਦ, ਆਪਣੇ ਵਿਚ ਛੁਪਾਈਆ। ਗੁਰਮੁਖਾਂ ਵਾਲਾ ਸੰਗ, ਜੋਤ ਸ਼ਬਦ ਵਡਿਆਈਆ। ਨਿਰਗੁਣ ਨੂਰ ਦੱਸ ਕੇ ਹੰ, ਪਾਰਬ੍ਰਹਮ ਪੜਦਾ ਲਾਹੀਆ। ਜਿਸ ਧਾਰੋਂ ਆਏ ਜੰਮ, ਤਨ ਵਜੂਦ ਮਿਲੇ ਵਡਿਆਈਆ। ਭਾਗ ਲੱਗੇ ਮਾਟੀ ਕੱਚ ਚੰਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਗੋਬਿੰਦ ਕਹੇ ਕਿਉਂ ਤਜਿਆ ਘਰ ਬਾਰ, ਘਰਾਨਾ ਦਿਤਾ ਤਜਾਈਆ। ਓਟ ਰੱਖ ਕੇ ਇਕ ਯਾਰ, ਯਾਰਾਨੇ ਕੂੜੇ ਦਿੱਤੇ ਮੁਕਾਈਆ। ਪ੍ਰੇਮ ਪ੍ਰੀਤੀ ਪਹਿਨ ਹਥਿਆਰ, ਹੱਥ ਜੋੜ ਸੀਸ ਨਿਵਾਈਆ। ਪੁਰਖ ਅਕਾਲ ਖਿੱਚ ਕਟਾਰ, ਕਰਤਬ ਆਪਣਾ ਦਿਤਾ ਦ੍ਰਿੜਾਈਆ। ਇਸ ਦਾ ਲਹਿਣਾ ਦੇਣਾ ਬਰਸ ਦੋ ਚਾਰ, ਪੰਜ ਸੱਤ ਤੋਂ ਵੱਧ ਨਾ ਵੰਡ ਵੰਡਾਈਆ। ਅਗਲਾ ਖੇਲ ਨਾਲ ਨਿਰੰਕਾਰ, ਨਿਰਗੁਣ ਸਰਗੁਣ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਬਣੇ ਹਥਿਆਰ, ਜਿਸ ਦੀ ਸਮਝੇ ਕੋਇ ਨਾ ਧਾਰ, ਕਟਾਰ ਤਲਵਾਰ ਕੰਮ ਕੋਇ ਨਾ ਆਈਆ। ਲਹਿਣਾ ਦੇਣਾ ਮੁਕਾਵੇ ਸਰਬ ਸੰਸਾਰ, ਕੂੜੀ ਕਿਰਿਆ ਕਰੇ ਖੁਆਰ, ਗੁਰਮੁਖ ਸੱਜਣ ਲਏ ਉਬਾਰ, ਅੰਤਰ ਬਾਹਰ ਕਰੇ ਪਿਆਰ, ਨਿਰੰਤਰ ਨੂਰ ਕਰ ਉਜਿਆਰ, ਮੰਤਰ ਇਕ ਜੈਕਾਰ, ਧੁਰ ਦਾ ਹੁਕਮ ਇਕ ਵਰਤਾਈਆ। ਗੋਬਿੰਦ ਕਰ ਕੇ ਨਿਮਸਕਾਰ, ਮੰਗੀ ਮੰਗ ਦਰ ਭਿਖਾਰ, ਸਭ ਕਿਛ ਤੇਰੇ ਅਖ਼ਤਿਆਰ, ਦੇਵਣਹਾਰੇ ਸਿਰਜਣਹਾਰ, ਬੇਪਰਵਾਹ ਤੇਰੀ ਬੇਪਰਵਾਹੀ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰੇ ਆਪਣੀ ਕਾਰ, ਕਰਨੀ ਦਾ ਕਰਤਾ ਕਾਇਨਾਤ ਆਪਣਾ ਖੇਲ ਵਖਾਈਆ।

❋

❋

੧੮ ਮਾਘ ਸ਼ਹਿਨਸ਼ਾਹੀ ਸੰਮਤ ੨ ਕਰਨੈਲ ਸਿੰਘ ਦੇ ਗ੍ਰਹਿ ਸ਼ਾਹ ਵਾਲਾ ਜ਼ਿਲਾ ਫ਼ਿਰੋਜ਼ਪੁਰ

ਗੋਬਿੰਦ ਕਹੇ ਪੁਰਖ ਅਕਾਲ ਜਾਣੇ ਵਜ਼ਿਆ, ਸ਼ਾਸਤਰ ਸਿਮਰਤ ਸਮਝ ਕਿਸੇ ਨਾ ਆਈਆ। ਜਿਸ ਕਾਰਨ ਪੁਰੀ ਅਨੰਦ ਤੱਜਿਆ, ਨਾਤਾ ਕੂੜ ਤੁੜਾਈਆ। ਸਚਖੰਡ ਦਵਾਰੇ ਸਾਚੇ ਸਜਿਆ, ਸੱਜਣ ਪਾਇਆ ਬੇਪਰਵਾਹੀਆ। ਜਿਸ ਦਾ ਨਾਮ ਦਮਾਮਾ ਵੱਜਿਆ, ਚੋਟ ਅਗੰਮੀ ਲਾਈਆ। ਓਸੇ ਦਾ ਆਇਆ ਸੱਦਿਆ, ਘਰ ਓਹੋ ਵੇਖਿਆ ਚਾਈਂ ਚਾਈਂਆ। ਸਚ ਪ੍ਰੇਮ ਦਾ ਵੇਖ ਕੇ ਮਜ਼ਿਆ, ਅਨੰਦ ਆਪਣਾ ਲਿਆ ਬਣਾਈਆ। ਜਿਸ ਮੇਰਾ ਪੜਦਾ ਕੱਜਿਆ, ਓਢਣ ਸੀਸ ਦਿਤਾ ਟਿਕਾਈਆ। ਓਸ ਦੇ ਹੁਕਮ ਅੰਦਰ ਆਦਿ ਜੁਗਾਦਿ ਲੱਗਿਆ, ਦਿਵਸ ਰੈਣ ਸੇਵ ਕਮਾਈਆ। ਸਚ ਮੁਹੱਬਤ ਦੀ ਪੀ ਕੇ ਮਧਿਆ, ਮਧੁਰ ਧੁਨ ਓਸੇ ਦਾ ਨਾਮ ਧਿਆਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਸੱਜਣ ਮੀਤ ਮੁਰਾਰਾ ਇਕੋ ਲੱਭਿਆ, ਜਿਸ ਨਾਲ ਮਿਲ ਕੇ ਆਦਿ ਜੁਗਾਦਿ ਝਟ ਲੰਘਾਈਆ। ਏਥੇ ਓਥੇ ਨਿਰਗੁਣ ਸਰਗੁਣ ਕਦੇ ਨਾ ਕਰੇ ਦਗ਼ਿਆ, ਦਗ਼ਾ ਫ਼ਰੇਬੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਆਪਣਾ ਰੰਗ ਚੜ੍ਹਾਈਆ। ਗੋਬਿੰਦ ਕਹੇ ਕਿਉਂ ਛੱਡਿਆ ਜਗਤ ਮੰਦਰ, ਮੰਤਵ ਸਮਝੇ ਕੋਇ ਨਾ ਰਾਈਆ। ਮੈਂ ਲੰਘਿਆ ਓਸ ਅੰਦਰ, ਜਿਸ ਦਾ ਕੁਫ਼ਲ ਬੰਦ ਨਾ ਕੋਇ ਕਰਾਈਆ। ਅਗੰਮੀ ਵੇਖੀ ਰੰਗਣ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਕੋਟਨ ਮੰਗਣ, ਅਨਗਿਣਤ ਵਿਸ਼ਨ ਬ੍ਰਹਮਾ ਸ਼ਿਵ ਝੋਲੀਆਂ ਡਾਹੀਆ। ਪੁਰੀ ਅਨੰਦ ਨਾਲੋਂ ਮੈਨੂੰ ਆਇਆ ਚੰਗਾ ਅਨੰਦਨ, ਅਨੰਦ ਵੇਖਿਆ ਧੁਰਦਰਗਾਹੀਆ। ਸਾਚੀ ਧੂੜੀ ਦੀ ਲਾ ਕੇ ਚੰਦਨ, ਮਸਤਕ ਆਪਣੀ ਰੇਖ ਬਦਲਾਈਆ। ਬਿਨਾ ਹੱਥਾਂ ਤੋਂ ਕਰ ਕੇ ਬੰਦਨ, ਬੰਦੇ ਦੀ ਬੰਦਗੀ ਤੋਂ ਪਰੇ ਪਾਰਬ੍ਰਹਮ ਵਿਚ ਸਮਾਈਆ। ਗਾ ਕੇ ਢੋਲਾ ਛੰਦਨ, ਸੋਹੰ ਸਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਵਰਤਾਈਆ। ਗੋਬਿੰਦ ਕਹੇ ਕਿਉਂ ਪੁਰੀ ਅਨੰਦ ਵਿਚੋਂ ਹੋਇਆ ਭਗੌੜਾ, ਭਾਜੜ ਦਿਤੀ ਪਾਈਆ। ਇਕੋ ਹੱਥ ਫੜਾ ਕੇ ਡੋਰਾ, ਡੋਰੀ ਓਸੇ ਨਾਲ ਜੁੜਾਈਆ। ਜਿਸ ਦਾ ਖੇਲ ਬ੍ਰਾਹਮਣ ਗੌੜਾ, ਬ੍ਰਹਮਾ ਵੇਤਾ ਸਮਝ ਨਾ ਰਾਈਆ। ਜੁਗ ਚੌਕੜੀ ਜਿਸ ਦਾ ਨਾਮ ਵਰਤਿਆ ਭੋਰਾ ਭੋਰਾ, ਭੋਰ ਭੋਰ ਗੁਰ ਅਵਤਾਰ ਪੈਗ਼ੰਬਰ ਗਏ ਖਾਈਆ। ਬਿਨਾ ਤੱਤਾਂ ਤੋਂ ਓਸ ਦਾ ਬਣਿਆ ਛੋਹਰਾ, ਬਾਂਕਾ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਅੰਦਰ ਖੇਲ ਵਰਤਾਈਆ। ਗੋਬਿੰਦ ਕਹੇ ਕਿਉਂ ਪੁਰੀ ਅਨੰਦੋਂ ਨੱਠਾ, ਖ਼ੁਸ਼ੀਆਂ ਢੋਲਾ ਗਾਈਆ। ਕਿਉਂ ਗੁਰਸਿੱਖਾਂ ਸਰਸੇ ਖੇਲ ਖੇਲਿਆ ਇਕੱਠਾ, ਖ਼ਲਕ ਪੜਦਾ ਨਾ ਕੋਇ ਉਠਾਈਆ। ਕਿਉਂ ਦੇ ਕੇ ਧੀਰਜ ਹੱਠਾ, ਸਤਿ ਸੰਤੋਖ ਦਿਤਾ ਬੰਧਾਈਆ। ਪੁਰਖ ਅਕਾਲ ਕਿਸ ਬਿਧ ਮਾਰੇ ਮੇਰੇ ਅੰਦਰ ਸੱਟਾਂ, ਸ਼ਬਦੀ ਸ਼ਬਦ ਹੁਕਮ ਸੁਣਾਈਆ। ਤੇਰੇ ਸ਼ਰੀਰ ਦਾ ਹੋਣਾ ਵਟਾ, ਬਦਲੀ ਸ਼ਬਦ ਨਾਲ ਬਦਲਾਈਆ। ਮੁੜ ਕੇ ਕਰਨਾ ਪਏ ਨਾ ਰੱਟਾ, ਝਗੜਾ ਝਗੜਨਾ ਪਏ ਨਾ ਨਾਲ ਲੋਕਾਈਆ। ਜਿਹੜਾ ਮੇਰਾ ਨਾਮ ਨੂਰ ਲੱਭਦੇ ਰਤਾ, ਭੋਰਾ ਭੋਰਾ ਸਰਬ ਵਰਤਾਈਆ। ਫੇਰ ਸਭ ਕੁਛ ਦੇਵਾਂ ਤੇਰੇ ਹੱਥਾਂ, ਨਾਤਾ ਆਪਣੇ ਨਾਲ ਜੁੜਾਈਆ। ਹੁਣ ਛੱਡ ਦੇ ਮੰਦਰ ਮੁਨਾਰੇ ਇੱਟਾਂ, ਕੱਖਾਂ ਨਾਲ ਨਾ ਕੋਇ ਵਡਿਆਈਆ। ਫੇਰ ਮੈਂ ਤੇਰੇ ਅੰਦਰ ਵਸਾਂ, ਜਿਸ ਨੂੰ ਸਮਝੇ ਨਾ ਕੋਇ ਜਗਤ ਸ਼ਾਸਤਰ ਸ਼ਰਅ ਵਾਲੀ ਦੁਹਾਈਆ। ਆਪਣੀ ਰਚਨਾ ਤੇਰੇ ਨਾਲ ਮਿਲ ਕੇ ਵੇਖਾਂ ਬਿਨਾ ਅੱਖਾਂ, ਰੱਖਕ ਹੋ ਕੇ ਰੱਖਿਆ

❋

❋

ਕਰਾਂ ਥਾਉਂ ਥਾਈਂਆ। ਕੌਲ ਇਕਰਾਰ ਕਰਾਂ ਸੱਚਾ, ਸਚ ਸਚ ਦਿਆਂ ਜਣਾਈਆ। ਅਸਲ ਵਿਚ ਵਸਲ ਵਿਚ ਤੂੰ ਮੇਰਾ ਸ਼ਬਦੀ ਪੂਤ ਪੱਕਾ, ਸੁਤ ਦੁਲਾਰਾ ਨਿਰਗੁਣ ਨਜ਼ਰੀ ਆਈਆ। ਇਹ ਕਾਇਆ ਦਾ ਭਾਂਡਾ ਕੱਚਾ, ਅੰਤ ਨਾਤਾ ਜਾਏ ਛੁਡਾਈਆ। ਗੋਬਿੰਦ ਸੀਸ ਨਵਾ ਕੇ ਕਿਹਾ ਅੱਛਾ, ਤੇਰੇ ਹੁਕਮ ਅੰਦਰ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਸਮਝਾਈਆ। ਗੋਬਿੰਦ ਕਹੇ ਅਨੰਦ ਪੁਰ ਛੱਡਦਿਆਂ ਕੀਤੀ ਫ਼ਰਿਆਦ, ਫ਼ਰਮਾਂਬਰਦਾਰ ਹੋ ਕੇ ਸੀਸ ਨਿਵਾਈਆ। ਮੈਨੂੰ ਰਸ ਦੇ ਜੋ ਅਗੰਮੀ ਆਦਿ ਜੁਗਾਦਿ, ਜੁਗ ਬਦਲ ਕਦੇ ਨਾ ਜਾਈਆ। ਪੁਰਖ ਅਕਾਲ ਮਾਰ ਆਵਾਜ਼, ਧੁਰ ਦੀ ਧਾਰ ਅੰਦਰ ਜਣਾਈਆ। ਤੂੰ ਮੇਰਾ ਮੈਂ ਤੇਰਾ ਇਹ ਗਾ ਆਪਣਾ ਰਾਗ, ਦੂਜਾ ਸੁਣਨ ਕੋਇ ਨਾ ਪਾਈਆ। ਸਚ ਮੁਹੱਬਤ ਵਿਚ ਸਦਾ ਰੱਖਣੀ ਆਸ, ਆਸਾ ਵਿਚ ਭਰਵਾਸਾ ਦਿਤਾ ਬੰਧਾਈਆ। ਮੇਰੀ ਪਵਣ ਤੇਰਾ ਸਵਾਸ ਤੇਰਾ ਸਵਾਸ ਮੇਰਾ ਪਰਕਾਸ਼, ਵਿਚ ਪ੍ਰਿਥਮੀ ਆਕਾਸ਼ ਸੀਸ ਨਿਵਾਈਆ। ਦੱਸਾਂ ਖੇਲ ਬਿਨ ਤੱਤਾਂ ਮੇਲ ਨਿਰਗੁਣ ਨਿਰਗੁਣ ਤਮਾਸ਼, ਖ਼ਾਲਕ ਹੋ ਕੇ ਖ਼ਲਕ ਵਿਚ ਖਿਲਾਈਆ। ਮਿਹਰਵਾਨ ਹੋ ਕੇ ਦੇਵਾਂ ਸ਼ਾਬਾਸ਼, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹੋ ਕੇ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਗੁਣਤਾਸ, ਗੁਣਵੰਤਾ ਗਹਿਰ ਗੰਭੀਰ ਬੇਨਜ਼ੀਰ ਨਜ਼ਰ ਤੋਂ ਪਰੇ, ਕਰੇ ਖੇਲ ਆਪਣਾ ਹਰੇ, ਹਰੀ ਹਰਿ ਹਰਿ ਹਰਿ ਗੋਬਿੰਦ ਹੁਕਮ ਵਰਤਾਈਆ।

੧੮ ਮਾਘ ਸ਼ਹਨਸ਼ਾਹੀ ਸੰਮਤ ੨ ਬੀਬੀ ਮਹਿੰਦਰ ਕੌਰ ਦੇ ਗ੍ਰਹਿ ਸ਼ਾਹ ਵਾਲਾ ਜ਼ਿਲਾ ਫ਼ਿਰੋਜਪੁਰ

ਗੋਬਿੰਦ ਕਹੇ ਪੁਰੀ ਅਨੰਦ ਦਾ ਆਇਆ ਚੇਤਾ, ਚੇਤਨ ਹੋ ਕੇ ਦਿਆਂ ਜਣਾਈਆ। ਹੁਕਮ ਸੁਣਿਆ ਪੁਰਖ ਅਕਾਲ ਹੋਣਾ ਸਭ ਦਾ ਨੇਤਾ, ਨਰ ਨਿਰੰਕਾਰ ਧੁਰਦਰਗਾਹੀਆ। ਲੱਖ ਚੁਰਾਸੀ ਵੇਖੇ ਆਪਣੇ ਖੇਤਾਂ, ਚਾਰ ਕੁੰਟ ਦਹਿ ਦਿਸ਼ਾ ਫੇਰਾ ਪਾਈਆ। ਬ੍ਰਹਿਮੰਡਾ ਖੰਡਾਂ ਕਰੇ ਵੇਂਤਾ, ਪੁਰੀਆਂ ਲੋਆ ਹੁਕਮ ਵਰਤਾਈਆ। ਲੱਖ ਚੁਰਾਸੀ ਜਾਣੇ ਲੇਖਾ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਕੂੜੀ ਕਿਰਿਆ ਮੇਟੇ ਭੇਖਾ, ਇਕੋ ਡੰਕਾ ਨਾਮ ਸੁਣਾਈਆ। ਪੜਦਾ ਲਾਹੇ ਦੇਸ ਪਰਦੇਸਾ, ਦੋ ਜਹਾਨਾਂ ਭੇਵ ਚੁਕਾਈਆ। ਸ਼ਾਹੋ ਭੂਪ ਬਣ ਨਰ ਨਰੇਸ਼ਾ, ਨਰ ਨਰਾਇਣ ਹੁਕਮ ਵਰਤਾਈਆ। ਜਿਸ ਨੂੰ ਸਾਰੇ ਕਰਨ ਆਦੇਸਾ, ਸਚ ਦਵਾਰੇ ਸੀਸ ਝੁਕਾਈਆ। ਸੋ ਸਦਾ ਰਹੇ ਹਮੇਸ਼ਾ, ਜੁਗ ਜੌਕੜੀ ਆਪਣੀ ਕਾਰ ਕਮਾਈਆ। ਭਗਤ ਉਧਾਰਨਾ ਜਿਸ ਦਾ ਪੇਸ਼ਾ, ਗੁਰਮੁਖ ਆਪਣੇ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦਏ ਉਠਾਈਆ। ਗੋਬਿੰਦ ਕਿਹਾ ਪੁਰੀ ਅਨੰਦ ਅਗੰਮੀ ਆਈ ਖ਼ਬਰ, ਧੁਰ ਸੰਦੇਸ ਸੁਣਾਈਆ। ਜਿਸ ਦਾ ਪਰਕਾਸ਼ ਦੋ ਜਹਾਨਾਂ ਉਤੇ ਅੰਬਰ, ਆਦਿ ਅੰਤ ਸਦਾ ਰੁਸ਼ਨਾਈਆ। ਓਸ ਦਿਤਾ ਪਿਆਲਾ ਸਬਰ, ਮਧੁਰ ਜਾਮ ਪਿਆਈਆ। ਰੂਪ ਦੱਸ ਅਗੰਮੀ ਬੱਬਰ, ਬਾਬਰ ਸ਼ਾਹੀ ਦਿਤੀ ਖਪਾਈਆ। ਲੇਖੇ ਲਾ ਆਪਣਾ ਬੰਸ ਸਰਬੰਸ ਟੱਬਰ, ਲੇਖਾ ਪਿਛਲਾ ਮੂਲ ਚੁਕਾਈਆ। ਜਿਹੜੀ ਮੰਗ ਮੁਹੰਮਦ ਮੰਗੀ ਵੜਨ ਲੱਗੇ ਵਿਚ ਕਬਰ,

❋

❋

ਕਾਅਬੇ ਦੇ ਮਾਲਕ ਕਾਇਲ ਹੋ ਕੇ ਤੇਰੀ ਆਸ ਤਕਾਈਆ। ਸਦੀ ਚੌਧਵੀਂ ਦੇਣੀ ਬਦਲ, ਬਦਲ ਵਿਚ ਅਦਲ ਤੇਰਾ ਨਜ਼ਰੀ ਆਈਆ। ਜਗਤ ਵਾਸਨਾ ਕਰ ਕਤਲ, ਨਾਮ ਖੰਡਾ ਸ਼ਮਸ਼ੀਰ ਸ਼ਰਅ ਕਰੇ ਸਫ਼ਾਈਆ। ਓਸ ਦਾ ਕਰਨਾ ਯਤਨ, ਯਥਾਰਥ ਗੋਬਿੰਦ ਸੇਵਾ ਲਾਈਆ। ਜਿਸ ਦਾ ਇਕੋ ਆਦਿ ਜੁਗਾਦੀ ਵਤਨ, ਬੇਵਤਨ ਹੋ ਕੇ ਬੇਵਤਨਾਂ ਆਪਣੇ ਘਰ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਗੋਬਿੰਦ ਕਿਹਾ ਮੇਰੀ ਅੰਤ ਅੰਤਰ ਸੱਧਰ, ਸਦੀਆਂ ਦੀ ਪਿਛਲੀ ਦਿਆਂ ਜਣਾਈਆ। ਕੂੜੀ ਕਿਰਿਆ ਵੇਖ ਗ਼ਦਰ, ਨੇਤਰ ਨੈਣ ਅੱਖ ਖੁਲ੍ਹਾਈਆ। ਬੇਨੰਤੀ ਵਿਚ ਕਿਹਾ ਕਿਰਪਾ ਕਰ ਕਰ ਅਦਲ, ਪੁਰਖ ਅਕਾਲ ਤੇਰੀ ਸਰਨਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਆਵੇਂ ਮੇਰੇ ਵਤਨ, ਘਰਾਨੇ ਡੇਰਾ ਲਾਈਆ। ਫੇਰ ਬਣਾ ਕੇ ਤੇਰਾ ਪੱਤਣ, ਕਿਨਾਰਾ ਧੁਰ ਦਾ ਦਿਆਂ ਸੁਹਾਈਆ। ਨਜ਼ਾਰਾ ਵੇਖਾਂ ਬਿਨ ਨੇਤਰ ਅੱਖਨ, ਅੱਖੀਆਂ ਪੱਖੀਆ ਤੋਂ ਡੇਰਾ ਪਰੇ ਲਾਈਆ। ਪੈਜ ਮਾਤ ਆਵਾ ਰੱਖਣ, ਸਹਿਜ ਸਹਿਜ ਆਪਣੀ ਕਾਰ ਕਮਾਈਆ। ਸਚ ਦੇਹੁਰੇ ਆਵਾਂ ਵਸਣ, ਮੰਦਰ ਮਹਿਬੂਬ ਹੋ ਕੇ ਮਹੱਲ ਦਿਆਂ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਗੋਬਿੰਦ ਕਹੇ ਸ਼ਬਦ ਅਗੰਮੀ ਕਾਇਆ ਅੰਦਰ ਫਿਰਿਆ, ਭੱਜਿਆ ਵਾਹੋ ਦਾਹੀਆ। ਪੁਰਖ ਅਕਾਲ ਦੀ ਦੱਸੀ ਸਾਚੀ ਕਿਰਿਆ, ਪੜਦਾ ਦਿਤਾ ਉਠਾਈਆ। ਗੇੜਾ ਇਕੋ ਵਾਰ ਗਿੜਿਆ, ਗਰਦਸ਼ ਰਹੀ ਨਾ ਕੋਇ ਲੋਕਾਈਆ। ਪ੍ਰੇਮ ਪ੍ਰੀਤੀ ਫੁੱਲ ਖਿੜਿਆ, ਪੰਖੜੀ ਵੰਡ ਨਾ ਕੋਇ ਵੰਡਾਈਆ। ਘਰ ਵੇਖ ਅਗੰਮਾ ਥਿਰਿਆ, ਸਚ ਦਵਾਰ ਸੋਭਾ ਪਾਈਆ। ਜੋ ਜੁਗ ਚੌਕੜੀ ਚਿਰੀਂ ਵਿਛੜਿਆ, ਸਹਿਜੇ ਵੇਖ ਵਖਾਈਆ। ਆਪਣੀ ਧਾਰ ਵਿਚੋਂ ਨਿਕਲਿਆ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਹੁਕਮ ਨਾਲ ਕਿਹਾ ਗੋਬਿੰਦ ਆਪਣੇ ਸਿੱਖ ਲਿਆ, ਜਿਨ੍ਹਾਂ ਦੇਵਾਂ ਮਾਣ ਵਡਿਆਈਆ। ਗੋਬਿੰਦ ਕਿਹਾ ਪਹਿਲੋਂ ਮੈਨੂੰ ਭਿੱਖ ਪਾ, ਗੁਰਮੁਖਾਂ ਨੂੰ ਰਸ ਦਿਆਂ ਚਖਾਈਆ। ਜਨਮ ਜਨਮ ਦੀ ਤ੍ਰਿਖ ਮਿਟਾ, ਤ੍ਰਿਸਨਾ ਦਿਆਂ ਗਵਾਈਆ। ਸਾਚਾ ਮਾਰਗ ਇਕ ਲਗਾ, ਇਕੋ ਰੰਗ ਰੰਗਾਈਆ। ਹੁਣ ਅੰਮ੍ਰਿਤ ਜਾਮ ਜਾਵਾਂ ਪਿਆ, ਅੰਮ੍ਰਿਤ ਰਸ ਚਖਾਈਆ। ਦੂਜੀ ਵਾਰ ਤੇਰੀ ਚਰਨੀ ਦਿਆਂ ਟਿਕਾ, ਟਿੱਕੇ ਮਸਤਕ ਆਪਣਾ ਨਾਮ ਲਗਾਈਆ। ਪੁਰਖ ਅਕਾਲ ਕਿਹਾ ਕੁਛ ਖ਼ੁਸ਼ੀ ਨਾਲ ਖਵਾ, ਆਪਣੀ ਵਸਤ ਵਰਤਾਈਆ। ਗੋਬਿੰਦ ਕਿਹਾ ਮੈਨੂੰ ਸੱਦ ਲੈਣ ਦੇ ਗਵਾਹ, ਬਾਵਨ ਆਵਾਜ਼ ਲਗਾਈਆ। ਓਸ ਆ ਕੇ ਸੀਸ ਦਿਤਾ ਝੁਕਾ, ਚਰਨ ਧੂੜੀ ਛਾਰ ਛੁਹਾਈਆ। ਪ੍ਰਭੂ ਉਹ ਵੇਲਾ ਵਕਤ ਲੈਣ ਦੇ ਆ, ਮਰਿਆਦਾ ਪਰਸ਼ੋਤਮ ਤੇਰੀ ਮਰਿਆਦਾ ਧੁਰ ਦੀ ਚਲੀ ਆਈਆ। ਜਿਸ ਵੇਲੇ ਨਿਰਗੁਣ ਨੂਰ ਜੋਤ ਕਰੇਂ ਰੁਸ਼ਨਾ, ਗੋਬਿੰਦ ਸ਼ਬਦੀ ਧਾਰ ਆਪਣਾ ਨਾਮ ਡੰਕ ਲਏਂ ਵਜਾ, ਗੁਰਮੁਖ ਗੁਰਸਿਖ ਹਰਿਭਗਤ ਸੁਹੇਲੇ ਸਹਿਜੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਖਿਲਾ, ਖੇਲ ਵਿਚ ਆਪਣਾ ਆਪ ਖਿਲਾਈਆ।

❋

❋

੧੮ ਮਾਘ ਸ਼ਹਿਨਸ਼ਾਹੀ ਸੰਮਤ ੨ ਮੱਖਣ ਸਿੰਘ ਦੇ ਗ੍ਰਹਿ ਸ਼ਾਹ ਵਾਲਾ ਜ਼ਿਲਾ ਫਿਰੋਜਪੁਰ

ਗੋਬਿੰਦ ਕਹੇ ਕਿਉਂ ਛੱਡਿਆ ਜਗਤ ਅਨੰਦ ਪੁਰ ਕਿਲ੍ਹਾ, ਚਾਰ ਦੀਵਾਰੀ ਦਿਤੀ ਤਜਾਈਆ। ਪੁਰਖ ਅਕਾਲ ਹੁਕਮ ਇਕੋ ਮਿਲਾ, ਧੁਰ ਫ਼ਰਮਾਨਾ ਦਿਤਾ ਦ੍ਰਿੜਾਈਆ। ਸ਼ਬਦੀ ਧਾਰ ਰਹਿਣਾ ਨਾ ਢਿੱਲਾ, ਤਤ ਸੁਖ ਨਾ ਕੋਇ ਚਤੁਰਾਈਆ। ਮੇਰੇ ਹੁਕਮ ਦਾ ਕੱਟਣਾ ਛਿਲਾ, ਚਿੱਲਾ ਤੀਰ ਕਮਾਨ ਸੁਹਾਈਆ। ਸੁਹੰਜਣਾ ਹੋਏ ਵੇਲਾ, ਧੁਰ ਦੇ ਵਕਤ ਵੱਜੇ ਵਧਾਈਆ। ਤੇਰਾ ਮਾਲਕ ਇਕ ਇਕੱਲਾ, ਸਚਖੰਡ ਨਿਵਾਸੀ ਨਜ਼ਰੀ ਆਈਆ। ਜੋ ਮੰਗਣਾ ਮੰਗ ਕੇ ਲੈ ਲਾ, ਦੇਵਣਹਾਰ ਦਇਆ ਕਮਾਈਆ। ਜੋ ਕਹਿਣਾ ਰਸਨਾ ਨਾਲ ਕਹਿ ਲਾ, ਹਰਿ ਸੁਣ ਕੇ ਖ਼ੁਸ਼ੀ ਬਣਾਈਆ। ਗੋਬਿੰਦ ਕਿਹਾ ਮੈਂ ਤੇਰਾ ਭਾਣਾ ਸਹਿਣਾ, ਦੂਜੀ ਆਸ ਨਾ ਕਿੋੲ ਵਧਾਈਆ। ਤੇਰੇ ਚਰਨ ਕਵਲਾਂ ਰਹਿਣਾ, ਇਹੋ ਮੇਰੀ ਵਡਿਆਈਆ। ਤੇਰੇ ਧਾਮ ਦਵਾਰੇ ਬਹਿਣਾ, ਅਸਥਾਨ ਇਕੋ ਸੋਭਾ ਪਾਈਆ। ਦਰਸ ਕਰਾਂ ਬਿਨ ਨੈਣਾਂ, ਤੇਰੀ ਅੱਖ ਮੇਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਲੈਣਾ ਬਣਾਈਆ। ਗੋਬਿੰਦ ਕਹੇ ਮੈਨੂੰ ਅਗੰਮੀ ਲੱਗਾ ਟਿੱਕਾ, ਬਿਨ ਹੱਥਾਂ ਦਿਤਾ ਕਿਸੇ ਲਗਾਈਆ। ਮੇਰਾ ਰੂਪ ਹੋ ਗਿਆ ਨਿੱਕਾ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਲੇਖ ਅਨੋਖਾ ਲਿਖਾ, ਲਾਈਨ ਸਤਰ ਢਾਈ ਵੰਡ ਵੰਡਾਈਆ। ਪੁਰਖ ਅਕਾਲ ਕਿਹਾ ਉਠ ਮੇਰਿਆ ਸਿੱਖਾ, ਸਿਖਿਆ ਤੈਨੂੰ ਦਿਤੀ ਦ੍ਰਿੜਾਈਆ। ਗੋਬਿੰਦ ਕਿਹਾ ਧੁਰ ਦੇ ਬਿਨ ਧਰਨੀ ਤੋਂ ਮੇਰੇ ਪਿਤਾ, ਧਰਮ ਦਾ ਸਾਕ ਨਾ ਕੋਇ ਬਣਾਈਆ। ਸਦਾ ਮੇਰਾ ਪੂਰੀਂ ਪਿੱਛਾ, ਪੱਛੋਤਾ ਰਹੇ ਨਾ ਕੋਇ ਲੋਕਾਈਆ। ਮੈਂ ਤੇਰੇ ਦਵਾਰੇ ਵਿਕਾ, ਕੀਮਤ ਆਪੇ ਲੈਣੀ ਪਾਈਆ। ਪੁਰਖ ਅਕਾਲ ਕਰ ਕੇ ਹਿਤਾ, ਮਿਹਰ ਨਜ਼ਰ ਇਕ ਉਠਾਈਆ। ਅਗਲਾ ਕਰਾਇਆ ਚੇਤਾ, ਪੜਦਾ ਦਿਤਾ ਚੁਕਾਈਆ। ਜਿਸ ਵੇਲੇ ਹੋਵਾਂ ਇਕੋ ਨੇਤਾ, ਨਰ ਨਰਾਇਣ ਵੇਸ ਵਟਾਈਆ। ਤੇਰਾ ਮੇਰਾ ਮੇਰੇ ਘਰ ਹੋਵੇ ਏਕਾ, ਏਕੰਕਾਰ ਹੋ ਕੇ ਖੇਲ ਖਿਲਾਈਆ। ਸਿੱਖ ਉਧਾਰਨੇ ਤੇਰਾ ਮੁਹੱਬਤ ਵਾਲਾ ਹੋਵੇ ਠੇਕਾ, ਦੂਜੀ ਸ਼ਰਅ ਨਾ ਕੋਇ ਬਣਾਈਆ। ਤੇਰਾ ਗੁਰਮੁਖ ਫੇਰ ਜਨਮੇ ਨਾ ਮਾਈ ਪੇਟਾ, ਅਗਨੀ ਅਗਨ ਨਾ ਕੋਇ ਤਪਾਈਆ। ਤੂੰ ਸ਼ਬਦੀ ਗੋਬਿੰਦ ਸਤਿ ਸਚ ਦਾ ਖੇਵਟ ਖੇਟਾ, ਮਲਾਹ ਧੁਰ ਦਾ ਦਿਆਂ ਵਖਾਈਆ। ਆਦਿ ਦਾ ਉਪਜਿਆ, ਹੁਕਮ ਦਾ ਬੇਟਾ, ਸ਼ਬਦ ਦੀ ਸ਼ਬਦੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦੇ ਕੇ ਸਤਿ ਸਚ ਦੀ ਭੇਟਾ, ਗੋਬਿੰਦ ਭਾਵ ਭੇਟਾ ਆਪਣੇ ਵਿਚ ਰਖਾਈਆ।

੧੮ ਮਾਘ ਸ਼ਹਨਸ਼ਾਹੀ ਸੰਮਤ ੨ ਜਾਗੀਰ ਸਿੰਘ ਦੇ ਗ੍ਰਹਿ ਸ਼ਾਹ ਵਾਲਾ ਜ਼ਿਲਾ ਫਿਰੋਜਪੁਰ

ਗੋਬਿੰਦ ਕਹੇ ਕਿਉਂ ਛੱਡਿਆ ਗੋਬਿੰਦ ਖੇੜਾ, ਅਖਾੜਾ ਜਗਤ ਵਾਲਾ ਬਣਾਈਆ। ਕਿਉਂ ਪਿਆ ਦਵੈਤੀ ਝੇੜਾ, ਝਗੜੇ ਵਿਚ ਲੜਾਈਆ। ਕਿਉਂ ਸਰਸੇ ਡੋਬਿਆ ਬੇੜਾ, ਆਪਣਾ ਲੇਖਾ ਭੇਟ ਕਰਾਈਆ। ਕਿਉਂ ਆਪਣਾ ਬੰਸ ਨਿਖੇੜਾ, ਧੁਰ ਦੀ ਵੰਡ ਵੰਡਾਈਆ। ਕਿਉਂ ਜਗਤ ਹੋਇਆ ਅੰਧੇਰਾ, ਰੈਣ ਅੰਧੇਰੀ ਛਾਈਆ। ਕਿਉਂ ਅੰਤਮ ਹੋਇਆ ਫੇਰਾ, ਅੱਗੇ ਗੁਰੂ ਨਾ ਕੋਇ ਵਡਿਆਈਆ। ਕਿਉਂ ਗੋਬਿੰਦ ਬਣ ਕੇ ਚੇਰਾ, ਚਿਰੀ

❋

❋

ਵਿਛੁੰਨੇ ਜੋੜ ਜੁੜਾਈਆ। ਕਿਉਂ ਨਾਉਂ ਧਰਾਇਆ ਸਿੰਘ ਸ਼ੇਰਾ, ਸ਼ਰਅ ਤੋਂ ਬਾਹਰ ਪਰਗਟਾਈਆ। ਕਿਉਂ ਬਣ ਵੱਡ ਦਲੇਰਾ, ਦੋ ਜਹਾਨਾਂ ਰਿਹਾ ਭਵਾਈਆ। ਕਿਉਂ ਛੁਪਾ ਕੇ ਆਪਣਾ ਚਿਹਰਾ, ਜਲਵਾ ਨੂਰ ਕੀਤਾ ਰੁਸ਼ਨਾਈਆ। ਕਿਉਂ ਸ਼ਬਦੀ ਬਣ ਕੇ ਕੇਹਰਾ, ਭਬਕ ਦਿਤੀ ਸੁਣਾਈਆ। ਕਿਉਂ ਨਿਰਵੈਰ ਹੋ ਕੇ ਕਰੇ ਮਿਹਰਾ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਗੋਬਿੰਦ ਕਹੇ ਕਿਉਂ ਪੁਰ ਅਨੰਦ ਛੱਡਿਆ ਗਰਾਂ, ਗਿਰਹਿ ਆਪਣੀ ਵੇਖ ਵਖਾਈਆ। ਸ਼ਬਦੀ ਸਤਿਗੁਰ ਸ਼ਬਦ ਕਰਾਈ ਹਾਂ, ਰਸਨਾ ਜਿਹਵਾ ਵੰਡ ਨਾ ਕੋਇ ਵੰਡਾਈਆ। ਕੀ ਸਿਖਿਆ ਦਿਤੀ ਮਾਂ, ਜਗਤ ਮਾਤਾ ਹੋ ਕੇ ਰਮਜ਼ ਲਗਾਈਆ। ਕਿਉਂ ਹਲੂਣੀ ਫੜ ਕੇ ਬਾਂਹ, ਬੱਚਿਆਂ ਵਾਂਗ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਗੋਬਿੰਦ ਕਹੇ ਯਾਦ ਆਈ ਪੁਰਾਣੀ, ਪੂਰਬ ਦਿਆਂ ਜਣਾਈਆ। ਜਿਸ ਵੇਲੇ ਨਿਰਗੁਣ ਨਾਨਕ ਸਰਗੁਣ ਨਾਨਕ ਪਹਿਲੀ ਵਾਰ ਸੁਣਾਈ ਆਪਣੀ ਬਾਣੀ, ਆਪਣਾ ਨਾਮ ਜਣਾਈਆ। ਖੇਲ ਦੱਸ ਕੇ ਪਰੇ ਚਾਰ ਖਾਣੀ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਢੋਲਾ ਗਾਈਆ। ਸ਼ਬਦ ਸਤਿਗੁਰ ਦੱਸ ਹਾਣੀ, ਇਕੋ ਰੰਗ ਰੰਗਾਈਆ। ਆਪਣਾ ਪ੍ਰੇਮ ਅੰਮ੍ਰਿਤ ਪਾਣੀ, ਜਾਮ ਧੁਰ ਦਾ ਦਿਤਾ ਪਿਲਾਈਆ। ਘਰ ਬਣਾ ਸੁਘੜ ਸੁਚੱਜੀ ਸਵਾਣੀ, ਸੋਹਣਾ ਰੰਗ ਰੰਗਾਈਆ। ਪੁਰਖ ਅਕਾਲ ਕਰ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਦਸ ਜਾਮੇ ਬਣ ਕੇ ਰਹਿਣਾ ਬਾਲ ਅੰਞਾਣੀ, ਤੱਤਾਂ ਵਾਲਾ ਸ਼ਰੀਰ ਹੰਢਾਈਆ। ਫੇਰ ਨਿਰਗੁਣ ਧਾਰ ਆਵੇ ਜਵਾਨੀ, ਜੋਬਨ ਅਗਲਾ ਲੈਣਾ ਹੰਢਾਈਆ। ਜਿਸ ਦੀ ਚਾਰ ਜੁਗ ਦੱਸ ਨਾ ਸਕਣ ਨਿਸ਼ਾਨੀ, ਭੇਵ ਸਕੇ ਨਾ ਕੋਇ ਖੁਲ੍ਹਾਈਆ। ਓਸ ਵੇਲੇ ਤੇਰਾ ਪਿਆਰ ਨਾਮ ਮੁਹੱਬਤ ਮੇਰੀ ਹੋਵੇ ਮਹਿੰਮਾਨੀ, ਰਸ ਅਗੰਮਾ ਇਕ ਵਖਾਈਆ। ਇਹ ਖੇਲ ਪਰੇ ਦੋ ਜਹਾਨੀ, ਸ੍ਰਿਸ਼ਟੀ ਦਾ ਰਚੇਤਾ ਬ੍ਰਹਮਾ ਭੇਵ ਕੋਇ ਨਾ ਪਾਈਆ। ਕੋਈ ਜਲਵਾ ਨਹੀਂ ਜਿਸਮਾਨੀ, ਤੱਤਾਂ ਨਾਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜਾਣ ਜਾਣੀ, ਜਾਨਣਹਾਰ ਆਪਣੀ ਖੇਲ ਖਿਲਾਈਆ।

੧੮ ਮਾਘ ਸ਼ਹਿਨਸ਼ਾਹੀ ਸੰਮਤ ੨ ਗੁਰਦਾਸ ਸਿੰਘ ਦੇ ਗ੍ਰਹਿ ਸ਼ਾਹ ਵਾਲਾ ਜ਼ਿਲਾ ਫ਼ਿਰੋਜ਼ਪੁਰ

ਗੋਬਿੰਦ ਕਹੇ ਪੁਰ ਅਨੰਦ ਪਿਆ ਰੋ, ਬਿਂਨ ਨੇਤਰ ਨੈਣਾਂ ਨੀਰ ਵਹਾਈਆ। ਤੁਧ ਬਿਨ ਮੇਰੀ ਵਾਤ ਨਾ ਪੁਛੇ ਕੋ, ਸਹਾਇਕ ਨਾਇਕ ਨਜ਼ਰ ਕੋਇ ਨਾ ਆਈਆ। ਕਿਉਂ ਨਾਤਾ ਤੋੜਿਆ ਮੁਹੱਬਤ ਮੋਹ, ਭੇਵ ਅਭੇਦਾ ਦੇ ਖੁਲ੍ਹਾਈਆ। ਮੇਰੇ ਅੰਦਰ ਤੇਰਾ ਚਰਨ ਗਿਆ ਛੋਹ, ਸਰਨ ਮਿਲੀ ਸਰਨਾਈਆ। ਧਰਨੀ ਨੇ ਆਪਣਾ ਪਾਪ ਲਿਆ ਧੋ, ਦੁਰਮਤ ਮੈਲ ਗਵਾਈਆ। ਤੇਰੇ ਪਰਕਾਸ਼ ਦੀ ਹੋਈ ਲੋ, ਬਿਨ ਲੋਚਨ ਨਜ਼ਰੀ ਆਈਆ। ਕਿਉਂ ਸਭ ਕੁਛ ਲਿਆ ਖੋਹ, ਖ਼ਾਲੀ ਭੰਡਾਰੇ ਦਿੱਤੇ ਬਣਾਈਆ। ਮੇਰੇ ਨਾਲ ਕਰ ਕੇ ਧਰੋਹ, ਧੁਰ ਦਾ ਨਾਤਾ ਲਿਆ ਜੁੜਾਈਆ । ਕੁਛ ਅੰਮ੍ਰਿਤ ਰਸ ਆਪਣਾ ਚੋ, ਗਹਿਰ ਗੰਭੀਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਕਰਾਈਆ।

❋

❋

ਗੋਬਿੰਦ ਕਹੇ ਪੁਰ ਅਨੰਦ ਵਹਾਏ ਨੀਰ, ਛਹਿਬਰ ਪ੍ਰੇਮ ਲਗਾਈਆ। ਕਿਉਂ ਬਦਲ ਦਿਤੀ ਤਕਦੀਰ, ਤਦਬੀਰ ਕੀ ਬਣਾਈਆ। ਮੈਂ ਬਣ ਕੇ ਹਕੀਰ, ਸ਼ਹਿਨਸ਼ਾਹ ਤੇਰੇ ਚਰਨਾਂ ਸੀਸ ਝੁਕਾਈਆ। ਸਾਚੇ ਪ੍ਰੇਮ ਦਾ ਦੇ ਸੀਰ, ਅੰਮ੍ਰਿਤ ਰਸ ਚਖਾਈਆ। ਇਹ ਤੇਰਾ ਵਿਰਸਾ ਤੇਰੀ ਜਾਗੀਰ, ਤੇਰੇ ਨਾਮ ਲਗਾਈਆ। ਜਿਥੇ ਗੁਰਮੁਖਾਂ ਦੀ ਰਹਿੰਦੀ ਭੀੜ, ਉਹ ਖ਼ਾਲੀ ਦਵਾਰੇ ਰਹੇ ਕੁਰਲਾਈਆ। ਬਿਰਹੋਂ ਵਿਚ ਮੇਰੀ ਅੰਦਰੋਂ ਨਿਕਲੇ ਪੀੜ, ਧੀਰਜ ਧੀਰ ਨਾ ਕੋਇ ਆਈਆ। ਵਾਸਤਾ ਪਾਵਾਂ ਕੱਢ ਲਕੀਰ, ਨਿਉਂ ਨਿਉਂ ਸੀਸ ਝੁਕਾਈਆ। ਤੂੰ ਲੇਖਾ ਜਾਣੇ ਸ਼ਾਹ ਹਕੀਰ, ਸ਼ਹਿਨਸ਼ਾਹ ਨੂਰ ਖ਼ੁਦਾਈਆ। ਤੇਰੇ ਅੱਗੇ ਵਾਸਤਾ ਹਕ ਆਮੀਨ, ਕਾਮਲ ਮੁਰਸ਼ਦ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਗੁਰ ਗੋਬਿੰਦ ਕਹੇ ਪੁਰ ਅਨੰਦ ਮਾਰੀ ਧਾਹ, ਕੂਕ ਕੂਕ ਸੁਣਾਈਆ। ਮੈਨੂੰ ਦਿਸੇ ਕੋਈ ਨਾ ਰਾਹ, ਰਹਿਬਰ ਤੇਰੀ ਝੱਲੀ ਨਾ ਜਾਏ ਜੁਦਾਈਆ। ਤੇਰੇ ਬਿਨਾ ਕੰਮ ਨਾ ਆਵੇ ਖ਼ਲਕ ਖ਼ੁਦਾ, ਖ਼ਾਦਮ ਹੋ ਕੇ ਝੋਲੀ ਡਾਹੀਆ। ਮੇਰਾ ਲੇਖਾ ਦੇ ਬਦਲਾ, ਬਦਲੀ ਵਿਚ ਅਦਲੀ ਰੂਪ ਵਟਾਈਆ। ਠਾਂਡੇ ਦਰ ਹੋ ਸਹਾ, ਸਹਾਇਤਾ ਅਨਾਇਤ ਵਿਚ ਝੋਲੀ ਪਾਈਆ। ਕਿਉਂ ਬੈਠਾ ਮੁਖ ਭਵਾ, ਬਿਨ ਕਰਵਟ ਲੈ ਅੰਗੜਾਈਆ। ਮੈਂ ਵਾਸਤਾ ਰਿਹਾ ਪਾ, ਤੇਰੇ ਚਰਨਾਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਗੋਬਿੰਦ ਕਹੇ ਪੁਰ ਅਨੰਦ ਮਾਰੀ ਚੀਕ, ਉਚੀ ਕੂਕ ਕੂਕ ਸੁਣਾਈਆ। ਹੁਣ ਕਦ ਰੱਖਾਂ ਉਡੀਕ, ਧੁਰ ਦੇ ਮਾਲਕ ਦੱਸਣਾ ਮਾਹੀਆ। ਕਵਣ ਵੇਲਾ ਵਕਤ ਤਾਰੀਖ਼, ਤਰੀਕਾ ਦੇਣਾ ਜਣਾਈਆ। ਮੇਰਾ ਅੰਤਰ ਹੋਵੇ ਠਾਂਡਾ ਸੀਤ, ਅਗਨੀ ਤਤ ਬੁਝਾਈਆ। ਗੋਬਿੰਦ ਕਿਹਾ ਜਿਸ ਵੇਲੇ ਤੇਰਾ ਮੇਰਾ ਸਾਂਝਾ ਹੋਇਆ ਗੀਤ, ਪੁਰਖ ਅਕਾਲ, ਇਕੋ ਢੋਲਾ ਦਏ ਸਮਝਾਈਆ। ਤੂੰ ਬੈਠਾ ਰਹਿਣਾ ਅਤੀਤ, ਤ੍ਰੈਗੁਣ ਵਿਚੋਂ ਆਪਣਾ ਮੁਖ ਛੁਪਾਈਆ। ਆਪਣੇ ਅੰਤਰ ਰੱਖਣੀ ਮੇਰੀ ਪ੍ਰੀਤ, ਬਾਹਰ ਸ੍ਰਿਸ਼ਟੀ ਹੋਏ ਹਲਕਾਈਆ। ਸਾਚੇ ਨਾਮ ਦੀ ਦੇ ਵਸੀਅਤ, ਅਸਲੀਅਤ ਦਿਤੀ ਦ੍ਰਿੜਾਈਆ। ਜਿਸ ਵੇਲੇ ਦੀਨ ਦੁਨੀ ਦੀ ਬਦਲੀ ਨੀਅਤ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰਾਂ ਰਹੇ ਨਾ ਕੋਇ ਅਹਿਮੀਅਤ, ਮਾਣ ਚਲੇ ਨਾ ਕੋਇ ਚਤੁਰਾਈਆ। ਓਸ ਵੇਲੇ ਸਚ ਪਿਆਰ ਦੀ ਬਦਲਾ ਵਲਦੀਅਤ, ਵੇਸ ਅਵੇਸਾ ਰੂਪ ਵਟਾਈਆ। ਸਚ ਅਨੰਦ ਦੀ ਬਣਾ ਮਲਕੀਅਤ, ਪੂਰ ਪੂਰਨ ਬ੍ਰਹਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ; ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਆਪਣਾ ਹੁਕਮ ਵਰਤਾਈਆ।

੧੮ ਮਾਘ, ਸ਼ਹਿਨਸ਼ਾਹੀ ਸੰਮਤ ੨ ਅਜੀਤ ਸਿੰਘ ਦੇ ਗ੍ਰਹਿ ਸ਼ਾਹ ਵਾਲਾ ਜ਼ਿਲਾ ਫਿਰੋਜਪੁਰ

ਗੋਬਿੰਦ ਕਹੇ ਪੁਰ ਅਨੰਦ ਕੱਢਿਆ ਹਾੜਾ, ਹਾਏ ਹਾਏ ਕਰ ਸੁਣਾਈਆ। ਕਿੱਥੇ ਚਲਿਆ ਧੁਰ ਦਾ ਲਾੜਾ, ਲਾੜੀ ਮੌਤ ਜਗਤ ਕਰੇ ਕੁੜਮਾਈਆ। ਮੈਨੂੰ ਦੇ ਕੇ ਲਾਰਾ, ਬੈਠਾ ਮੁਖ ਭਵਾਈਆ। ਅਗਲਾ ਦੇ ਸਹਾਰਾ, ਸਹਿਜੇ ਰਿਹਾ ਜਣਾਈਆ। ਜਿਸ ਵੇਲੇ ਆਵਾਂ ਨਿਰਗੁਣ ਧਾਰਾ, ਨਿਰਵੈਰ ਨਾਲ ਮਿਲ ਕੇ ਵੇਸ ਵਟਾਈਆ। ਡੰਕ ਵਜਾਵਾਂ ਅਪਰ ਅਪਾਰਾ, ਅਪਰੰਪਰ ਸਵਾਮੀ ਖ਼ੁਸ਼ੀ ਬਣਾਈਆ। ਹੁਕਮ ਦੇਵਾਂ ਵਿਚ ਸੰਸਾਰਾ, ਮਹਾਂਸਾਰਬੀ

❋

❋

ਹੋ ਕੇ ਆਪ ਸਮਝਾਈਆ। ਤੇਰਾ ਪੂਰਬ ਲਹਿਣਾ ਦੇਣਾ ਲੇਖਾ ਜਗਤ ਵਿਚਾਰਾਂ, ਵਿਚਲਾ ਪੜਦਾ ਆਪ ਚੁਕਾਈਆ। ਭਾਗ ਲਗਾਵਾਂ ਓਸ ਦਵਾਰਾ, ਜਿਸ ਦਵਾਰੇ ਆਪਣਾ ਰੰਗ ਵਖਾਈਆ। ਸਾਚਾ ਅਨੰਦ ਕਰ ਉਜਿਆਰਾ, ਪੁਰ ਪੁਰੀਆਂ ਤੋਂ ਬਾਹਰ ਪਰਗਟਾਈਆ। ਜਿਥੇ ਭਗਤਾਂ ਮਿਲੇ ਸਹਾਰਾ, ਸਭ ਨੂੰ ਆਪਣੇ ਘਰ ਵਸਾਈਆ। ਮੇਲ ਮਿਲਾ ਕੇ ਸਿਰਜਣਹਾਰਾ, ਸਿਰ ਸਿਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜੀ ਕਿਰਿਆ ਕਰ ਕੇ ਪਾਰ ਕਿਨਾਰਾ, ਅਨੰਦ ਆਪਣਾ ਦਏ ਵਖਾਈਆ।

੧੮ ਮਾਘ ਸ਼ਨਿਸ਼ਾਹੀ ਸੰਮਤ ੨ ਬਚਨ ਕੌਰ ਦੇ ਗ੍ਰਹਿ ਪਿੰਡ ਪਦਰੀ ਜ਼ਿਲਾ ਫਿਰੋਜਪੁਰ

ਗੋਬਿੰਦ ਕਿਹਾ ਪੁਰ ਅਨੰਦ ਰੋ ਕੇ ਕੱਢੇ ਤਰਲਾ, ਤਰਾ ਤਰਾ ਸਮਝਾਈਆ। ਸਾਹਿਬ ਸਤਿਗੁਰ ਸਦ ਰੱਖ ਆਪਣੇ ਚਰਨਾਂ, ਚਰਨ ਧੂੜੀ ਟਿੱਕਾ ਖ਼ਾਕ ਰਮਾਈਆ। ਗੋਬਿੰਦ ਕਿਹਾ ਇਕੋ ਧੁਰ ਦਾ ਢੋਲਾ ਪੜ੍ਹ ਲਾ, ਬਿਨ ਵਿਦਿਆ ਦਿਆਂ ਜਣਾਈਆ। ਤੂੰ ਮੇਰਾ ਮੈਂ ਤੇਰਾ ਯਾਦ ਕਰ ਲਾ, ਯਾਦਦਾਸ਼ਤ ਆਪਣੀ ਲੈ ਬਣਾਈਆ। ਸਚ ਦਵਾਰ ਇਕੋ ਮਲ ਲਾ, ਕਦੀਮ ਦਾ ਅਗਲਾ ਪੰਧ ਮੁਕਾਈਆ। ਸਚ ਅਨੰਦ ਅਨੰਦ ਓਸ ਕਰ ਲਾ, ਜਿਥੇ ਮੁਕ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਆਪਣਾ ਭੇਵ ਖੁਲ੍ਹਾਈਆ।

੧੮ ਮਾਘ ਸ਼ਹਿਨਸ਼ਾਹੀ ਸੰਮਤ ੨ ਗੁਰਚਰਨ ਕੌਰ ਦੇ ਗ੍ਰਹਿ ਫ਼ਿਰੋਜ਼ਪੁਰ

ਗੋਬਿੰਦ ਕਿਹਾ ਪੁਰ ਅਨੰਦ ਹਾਏ, ਬਹੁੜੀ ਬਹੁੜੀ ਕਰ ਸੁਣਾਈਆ। ਤੁੱਧ ਬਿਨ ਦੂਜਾ ਨਜ਼ਰ ਕੋਇ ਨਾ ਆਏ, ਨਈਆ ਨੌਕਾ ਪਾਰ ਨਾ ਕੋਇ ਲੰਘਾਈਆ। ਧਰਨੀ ਧਰਤ ਧਵਲ ਉਪਰ ਪਕੜੇ ਕੋਇ ਨਾ ਬਾਂਹੇ, ਸਗਲਾ ਸੰਗ ਨਾ ਕੋਇ ਬਣਾਈਆ। ਸਾਚਾ ਰੰਗ ਨਾ ਕੋਇ ਵਖਾਏ, ਅਨੰਦ ਅਨੰਦ ਵਿਚੋਂ ਪਰਗਟਾਈਆ। ਧੁਰ ਦਾ ਗੀਤ ਕੋਇ ਨਾ ਗਾਏ, ਅਨਰਾਗੀ ਰਾਗ ਨਾ ਕੋਇ ਸੁਣਾਈਆ। ਪੁਰਖ ਅਕਾਲ ਨਾ ਵੇਖਣ ਆਏ, ਬਿਨ ਗੋਬਿੰਦ ਗ੍ਰਹਿ ਨਾ ਕੋਇ ਵਡਿਆਈਆ। ਪੁਰ ਅਨੰਦ ਕਹੇ ਕਿਉਂ ਬੈਠਾ ਮੁਖ ਛੁਪਾਏ, ਛੱਪਰ ਛੰਨ ਦੇ ਸੁਹਾਈਆ। ਗੋਬਿੰਦ ਕਿਹਾ ਇਹ ਹੁਕਮ ਬੇਪਰਵਾਹੇ, ਦੇਵਣਹਾਰਾ ਧੁਰ ਦਰਗਾਹੀਆ। ਹੁਣ ਤੇਰਾ ਮੇਰਾ ਸੰਗ ਰਹੇ ਨਾ ਰਾਏ, ਅਗਲਾ ਸੰਗ ਇਕ ਬਣਾਈਆ। ਜਿਸ ਵੇਲੇ ਮਿਹਰਵਾਨ ਮਹਿਬੂਬ ਕਿਰਪਾ ਕਰੇ ਖ਼ੁਦਾਏ, ਖ਼ੁਦ ਮਾਲਕ ਆਪਣਾ ਫੇਰਾ ਪਾਈਆ। ਨਿਰਗੁਣ ਧਾਰ ਗੋਬਿੰਦ ਸ਼ਬਦ ਨਾਲ ਰਲਾਏ, ਲੋਕਮਾਤ ਨਿਰਗੁਣ ਨੂਰ ਕਰੇ ਰੁਸ਼ਨਾਈਆ। ਸਚ ਅਨੰਦ ਪੁਰ ਇਕ ਵਸਾਏ, ਜਿਸ ਵਿਚ ਭਗਤ ਬਹਿ ਕੇ ਸੋਭਾ ਪਾਈਆ। ਵਰਨ ਬਰਨ ਨਾ ਵੰਡ ਵੰਡਾਏ, ਜਾਤ ਪਾਤ ਨਾ ਕੋਏ ਰਖਾਏ, ਊਚ ਨੀਚ ਨਾ ਕੋਇ ਅਖਵਾਏ, ਰੰਕ ਰਾਜਾਨ ਨਾ ਕੋਏ ਚਤੁਰਾਈਆ। ਇਕੋ ਢੋਲਾ ਸਭ ਨੂੰ ਦਏ ਸੁਣਾਏ, ਤੂੰ ਮੇਰਾ

❋

❋

ਮੈਂ ਤੇਰਾ ਦੂਜਾ ਨਜ਼ਰ ਕੋਏ ਨਾ ਆਈਆ। ਵੇਲਾ ਵਕਤ ਦਏ ਵਡਿਆਏ, ਭਗਤ ਦਵਾਰ ਵੱਜੇ ਵਧਾਈਆ। ਤੇਰੀ ਆਸਾ ਮਨਸਾ ਪੂਰ ਕਰਾਏ, ਅਮਾਵਸ ਅੰਧੇਰ ਦਏ ਗਵਾਈਆ। ਸਾਚਾ ਨੂਰੀ ਚੰਦ ਚਮਕਾਏ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਭਗਤ ਸੁਹੇਲੇ ਸੰਗ ਰਖਾਏ, ਗੁਰਮੁਖ ਆਪਣੇ ਘਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਧਾਰ ਜੋਤ ਉਜਿਆਰ, ਸਚ ਵਿਚੋਲਾ ਆਪ ਅਖਵਾਏ, ਜਗਤ ਰੌਲਾ ਰਹਿਣ ਕੋਏ ਨਾ ਪਾਈਆ।

੧੯ ਮਾਘ ਸ਼ਹਿਨਸ਼ਾਹੀ ਸੰਮਤ ੨ ਬੀਬੀ ਕਰਤਾਰ ਕੌਰ ਦੇ ਗ੍ਰਹਿ, ਰਟੌਲ ਰੋਹੀ ਵਾਲੇ, ਜ਼ਿਲਾ ਫ਼ਿਰੋਜ਼ਪੁਰ

ਗੋਬਿੰਦ ਕਿਹਾ ਮੇਰਾ ਸੱਚਾ ਅਨੰਦਪੁਰ, ਪੁਰੀਆਂ ਲੋਆਂ ਤੋਂ ਪਰੇ ਨਜ਼ਰੀ ਆਈਆ। ਜਿਥੇ ਪੁਰਖ ਅਕਾਲ ਵਸੇ ਧੁਰ, ਸਚਖੰਡ ਨਿਵਾਸੀ ਬੈਠਾ ਸੋਭਾ ਪਾਈਆ। ਦਰ ਦਰਵੇਸ਼ ਮੰਗਤੇ ਅਵਤਾਰ ਪੈਗ਼ੰਬਰ ਗੁਰ, ਦਰ ਠਾਂਡੇ ਸੀਸ ਝੁਕਾਈਆ। ਰਾਹ ਤੱਕਣ ਦੇਵਤ ਸੁਰ, ਵਿਸ਼ਨ ਬ੍ਰਹਮਾ ਸ਼ਿਵ ਅੱਖ ਉਠਾਈਆ। ਨਿਰਗੁਣ ਨਿਰਾਕਾਰ ਨਿਰਵੈਰ ਨਾਲ ਜੁੜ, ਆਪਣਾ ਆਪ ਬਦਲਾਈਆ। ਵਸਤ ਭੰਡਾਰਾ ਰਹੇ ਕੋਈ ਨਾ ਥੁੜ, ਅਤੋਟ ਅਤੁਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਸਾਚਾ ਇਕ ਦਰਸਾਈਆ। ਗੋਬਿੰਦ ਕਿਹਾ ਮੇਰਾ ਅਨੰਦ ਪੁਰ ਅਗੰਮਾ ਅਹਾਤਾ, ਚਾਰ ਦੀਵਾਰੀ ਨਜ਼ਰ ਕੋਇ ਨਾ ਆਈਆ। ਛੱਪਰ ਛੰਨ ਨਾ ਕੋਈ ਛਾਤਾ, ਬਾਢੀ ਬਣਤ ਨਾ ਕੋਇ ਬਣਾਈਆ। ਨਾ ਕੋਈ ਨਜ਼ਰੀ ਆਵੇ ਤਾਕਾ, ਕਿਵਾੜ ਬੰਦ ਨਾ ਕੋਇ ਕਰਾਈਆ। ਨਾ ਕੋਈ ਵੇਖ ਸਕੇ ਖ਼ਾਕਾ, ਰੂਪ ਰੰਗ ਨਾ ਕੋਇ ਸਮਝਾਈਆ। ਜਿਸ ਘਰ ਵਸੇ ਪੁਰਖ ਅਬਿਨਾਸ਼ਾ, ਨਿਰਗੁਣ ਦਾਤਾ ਬੇਪਰਵਾਹੀਆ। ਸਚ ਪ੍ਰੀਤੀ ਦੇ ਭਰਵਾਸਾ, ਨਾਮ ਸਬੂਰੀ ਸਿਦਕ ਬਣਾਈਆ। ਨਿਰਗੁਣ ਨੂਰ ਕਰ ਪਰਕਾਸ਼ਾ, ਜੋਤੀ ਜਾਤਾ ਡਗਮਗਾਈਆ। ਸਭ ਤੋਂ ਵਖਰਾ ਰੱਖਿਆ ਆਪਣਾ ਖਾਤਾ, ਦੂਜਾ ਵੰਡ ਨਾ ਕੋਇ ਕਰਾਈਆ। ਸੋ ਵਸਦਾ ਰਹੇ ਆਦਿ ਜੁਗਾਦਾ, ਜੁਗ ਚੌਕੜੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਨੰਦ ਆਪਣਾ ਇਕ ਵਖਾਈਆ। ਗੋਬਿੰਦ ਕਿਹਾ ਮੈਂ ਅਨੰਦ ਪੁਰ ਵੇਖਿਆ ਅਗੰਮੀ ਚੰਗਾ, ਚੰਗਿਆਈਆਂ ਬੁਰਿਆਈਆਂ ਵਿਚੋਂ ਬਾਹਰ ਨਜ਼ਰੀ ਆਈਆ। ਜਿਥੇ ਬੈਠਾ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਆਸਣ ਲਾਈਆ। ਇਕੋ ਨਾਮ ਵੱਜੇ ਮਰਦੰਗਾ, ਦੂਜਾ ਤਾਲ ਨਾ ਕੋਇ ਸੁਣਾਈਆ। ਇਕੋ ਢੋਲਾ ਇਕੋ ਛੰਦਾ, ਕਲਮਾ ਇਕੋ ਇਕ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦਏ ਵਡਿਆਈਆ। ਗੋਬਿੰਦ ਕਹੇ ਮੈਂ ਵੇਖਿਆ ਅਨੰਦਪੁਰ ਆਅਲਾ, ਆਲੀਸ਼ਾਨ ਨਜ਼ਰੀ ਆਈਆ। ਜਿਸ ਦਾ ਮਾਰਗ ਸਚ ਸੁਖਾਲਾ, ਭਗਤਾਂ ਦਿਤਾ ਦ੍ਰਿੜਾਈਆ। ਜਿਥੇ ਨੂਰ ਇਕ ਨਿਰਾਲਾ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਜਿਥੇ ਵਸਣ ਸ਼ਾਹ ਕੰਗਾਲਾ, ਰਾਓ ਰੰਕ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਰਿਹਾ ਟਿਕਾਈਆ। ਗੋਬਿੰਦ ਕਿਹਾ ਮੈਂ ਵੇਖਿਆ ਅਨੰਦ ਪੁਰ ਅਨੋਖਾ, ਪਰਮ ਪੁਰਖ ਦਿਤਾ ਜਣਾਈਆ। ਜਿਸ ਘਰ ਹੋਵੇ ਕੋਈ ਨਾ ਧੋਖਾ, ਭਰਮ ਵਿਚ ਨਾ ਕੋਇ ਭੁਲਾਈਆ। ਪੜ੍ਹਨਾ ਪਏ ਕੋਈ ਨਾ ਪੋਥਾ, ਅੱਖਰਾਂ ਅੱਖ ਨਾ ਕੋਇ ਤਕਾਈਆ। ਮਾਰਗ

❋

❋

ਦਿਸੇ ਸੌਖਾ, ਅਬਿਨਾਸ਼ੀ ਕਰਤਾ ਦਏ ਚੜ੍ਹਾਈਆ। ਝਗੜਾ ਰਹੇ ਨਾ ਚੌਦਾਂ ਲੋਕਾਂ, ਚੌਦਾਂ ਤਬਕ ਨਾ ਕੋਇ ਵਡਿਆਈਆ। ਓਥੇ ਇਕੋ ਅਗੰਮੀ ਸੁਣਿਆ ਸਲੋਕਾ, ਤੂੰ ਮੇਰਾ ਮੈਂ ਤੇਰਾ ਨਾਮ ਧਿਆਈਆ। ਸ਼ਬਦ ਧਾਰ ਸਤਿਗੁਰ ਹੋਕਾ, ਹੁਕਮ ਫ਼ਰਮਾਨਾ ਇਕ ਸੁਣਾਈਆ। ਹੋਏ ਪਰਕਾਸ਼ ਸਾਚੀ ਜੋਤਾ, ਨੂਰ ਨੁਰਾਨਾ ਡਗਮਗਾਈਆ। ਦੋ ਜਹਾਨ ਤੋਂ ਵੱਖਰਾ ਕੋਠਾ, ਕਾਇਨਾਤ ਤੋਂ ਬਾਹਰ ਦਿਤਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦਏ ਵਡਿਆਈਆ। ਗੋਬਿੰਦ ਕਹੇ ਮੈਂ ਅਨੰਦ ਪੁਰ ਤੱਕਿਆ ਬਿਨਾ ਅੱਖਾਂ, ਸਤਿ ਸੁਹੰਜਣਾ ਨਜ਼ਰੀ ਆਈਆ। ਜਿਥੇ ਪੁਰਖ ਅਕਾਲ ਬੈਠਾ ਸਖ਼ਾ, ਸਹਾਇਕ ਨਾਇਕ ਧੁਰਦਰਗਾਹੀਆ। ਗੁਰ ਅਵਤਾਰ ਪੈਗ਼ੰਬਰ ਮੰਗਦੇ ਲੱਖਾਂ, ਖ਼ਾਲੀ ਝੋਲੀ ਅੱਗੇ ਡਾਹੀਆ। ਇਕੋ ਨਾਮ ਜੈਕਾਰਾ ਲੱਗੇ ਸੱਚਾ ਸੋਹੰ ਧੁਨ ਇਕ ਸ਼ਨਵਾਈਆ। ਕਾਇਆ ਮਾਟੀ ਦਿਸੇ ਕੋਇ ਨਾ ਭਾਂਡਾ ਕੱਚਾ, ਤਨ ਵਜੂਦ ਨਾ ਕੋਇ ਵਡਿਆਈਆ। ਕਰੇ ਖੇਲ ਪੁਰਖ ਸਮਰਥਾ, ਮਿਹਰਵਾਨ ਆਪਣਾ ਡੇਰਾ ਲਾਈਆ। ਦੇਵੇ ਹੁਕਮ ਅਲੱਖਨਾ ਅਲੱਖਾ, ਅਲੱਖ ਅਗੋਚਰ ਆਪਣੀ ਕਾਰ ਕਮਾਈਆ। ਚੁਕਣਾ ਪਏ ਨਾ ਤੀਰ ਕਮਾਨ ਭੱਥਾ, ਜਗਤ ਕਟਾਰ ਨਾ ਕੋਇ ਉਠਾਈਆ। ਇਕੋ ਮਿਲੇ ਅਗੰਮੀ ਵੱਥਾ, ਵਸਤ ਅਮੋਲਕ ਦਏ ਵਰਤਾਈਆ। ਤੂੰ ਮੇਰਾ ਮੈਂ ਤੇਰਾ ਸਭ ਤੋਂ ਉਤਮ ਹੋਵੇ ਕਥਾ, ਰਸਨਾ ਕਥਨੀ ਕੱਥੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥਾ, ਸਮਰਥ ਸਵਾਮੀ ਅੰਤਰਜਾਮੀ ਘਰ ਆਪਣੇ ਸੋਭਾ ਪਾਈਆ। ਗੋਬਿੰਦ ਕਹੇ ਮੈਂ ਅਨੰਦ ਪੁਰ ਦਾ ਵੇਖਿਆ ਅਨੰਦ, ਅਨੰਦ ਧੁਰ ਦਾ ਨਜ਼ਰੀ ਆਈਆ। ਜਿਥੇ ਨਾ ਕੋਈ ਸੂਰਜ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਇ ਵਖਾਈਆ। ਨਾ ਕੋਈ ਸ਼ਸਤਰ ਨਾ ਕੋਈ ਸੰਦ, ਸੰਧਿਆ ਰੂਪ ਨਾ ਕੋਇ ਵਖਾਈਆ। ਨਾ ਕੋਈ ਦੀਨ ਮਜ਼੍ਹਬ ਪਾਬੰਦ, ਸ਼ਰਅ ਸ਼ਰੀਅਤ ਜ਼ੰਜੀਰ ਨਾ ਕੋਇ ਬੰਧਾਈਆ। ਨਾ ਕੋਈ ਦਵੈਤ ਦੂਈ ਕੰਧ, ਭਰਮਾਂ ਵਿਚ ਨਾ ਕੋਇ ਭਰਮਾਈਆ। ਨਾ ਕੋਈ ਸਿਫ਼ਤਾਂ ਵਾਲਾ ਛੰਦ, ਇਕੋ ਢੋਲਾ ਰਿਹਾ ਗਾਈਆ। ਨਾ ਕੋਈ ਜਗਤ ਕਟਾਰ ਜੰਗ, ਮਨ ਵਾਸਨਾ ਨਾ ਕੋਇ ਲੜਾਈਆ। ਇਕੋ ਨਜ਼ਰੀ ਆਏ ਸੂਰਾ ਸਰਬੰਗ, ਧੁਰ ਦਾ ਦਾਤਾ ਬੇਪਰਵਾਹੀਆ। ਪ੍ਰੇਮ ਪ੍ਰੀਤੀ ਚਾੜ੍ਹੇ ਰੰਗ, ਰੰਗਤ ਆਪਣਾ ਨਾਮ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਦੇਵੇ ਸਗਲਾ ਸੰਗ, ਸਾਥੀ ਹੋ ਕੇ ਆਪਣਾ ਸਾਥ ਨਿਭਾਈਆ।

੧੯ ਮਾਘ ਸ਼ਹਿਨਸ਼ਾਹੀ ਸੰਮਤ ੨ ਖੇਮ ਸਿੰਘ ਦੇ ਗ੍ਰਹਿ ਕੋਟ ਕਪੂਰਾ

ਗੋਬਿੰਦ ਕਹੇ ਅਨੰਦ ਪੁਰ ਤੋਂ ਅਗਲਾ ਵੇਖਿਆ ਸੁਖ, ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਤਜਾਈਆ। ਜਗਤ ਵਾਸਨਾ ਦੀਨ ਦੁਨੀ ਰਿਹਾ ਕੋਈ ਨਾ ਦੁੱਖ, ਮਮਤਾ ਮੋਹ ਤਨ ਵਜੂਦ ਨਜ਼ਰ ਕੋਇ ਨਾ ਆਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਉਜਲ ਕੀਤਾ ਮੁਖ, ਦੁਰਮਤ ਮੈਲ ਦੀਨ ਦਿਆਲ ਪਾਰਬ੍ਰਹਮ ਪ੍ਰਭ ਆਪਣੀ ਆਪ ਧਵਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਆਪਣੀ ਗੋਦੀ ਲਿਆ ਚੁੱਕ, ਸਚਖੰਡ ਦਵਾਰ ਏਕੰਕਾਰ ਆਪਣਾ ਰੰਗ ਚੜ੍ਹਾਈਆ। ਪੜਦਾ ਓਹਲਾ ਨਿਰਗੁਣ ਸਰਗੁਣ ਰਿਹਾ ਕੋਈ ਨਾ ਲੁਕ, ਜੋਤੀ ਜਾਤੇ ਪੁਰਖ ਬਿਧਾਤੇ ਆਪਣੀ ਦਇਆ

❋

❋

ਕਮਾਈਆ। ਦਰਗਾਹ ਸਾਚੀ ਸਚ ਦਵਾਰੇ ਲਿਆ ਪੁਛ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਬੁਲਾਈਆ। ਮੈਂ ਨਿਰਗੁਣ ਧਾਰ ਹੋਇਆ ਖ਼ੁਸ਼, ਸ਼ਬਦੀ ਢੋਲਾ ਰਾਗ ਸੁਣਾਈਆ। ਅਕਲ ਕਲਧਾਰੀ ਤੂੰ ਮੇਰਾ ਮੈਂ ਤੇਰਾ ਪੁੱਤ, ਬਿਨਾ ਪਤਿਪਰਮੇਸ਼ਵਰ ਦੂਜਾ ਸੰਗ ਨਾ ਕੋਇ ਰਖਾਈਆ। ਕੂੜੀ ਕਿਰਿਆ ਨਾਤਾ ਤੁੱਟਾ ਪੰਜ ਤਤ ਕਾਇਆ ਬੁਤ, ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਬਾਹਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰਾ ਇਕ ਸੁਹਾਈਆ। ਗੋਬਿੰਦ ਕਹੇ ਅਨੰਦ ਪੁਰ ਤੋਂ ਅੱਗੇ ਵੇਖਿਆ ਘਰ ਅਗੰਮਾ, ਅਲਖ ਅਗੋਚਰ ਦਿਤਾ ਵਖਾਈਆ। ਜਿਸ ਧਾਰੋਂ ਬਿਨ ਮਾਤ ਪਿਤਾ ਦੇ ਜੰਮਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਸਦ ਜੀਵਤ ਰਹਾਂ ਬਿਨਾ ਦਮਾਂ, ਜਨਮ ਮਰਨ ਨਾ ਰੂਪ ਵਟਾਈਆ। ਵਸਦਾ ਰਹਾਂ ਬਿਨ ਕਾਇਆ ਮਾਟੀ ਚੰਮਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਜੋ ਤਮੋ ਸਤੋ ਜੋੜ ਨਾ ਕੋਇ ਜੁੜਾਈਆ। ਨਿਤ ਜੋਬਨ ਹੰਢਾਵਾਂ ਜੁਗ ਚੌਕੜੀ ਨਵਾਂ, ਰੂਪ ਰੰਗ ਰੇਖ ਭੇਖ ਪ੍ਰਭ ਦੇ ਹੱਥ ਫੜਾਈਆ। ਖੇਲ ਵਿਚ ਵੇਖਦਾ ਰਹਾਂ ਸਮਾਂ, ਸਤਿਜੁਗ ਤਰੇਤਾ ਦੁਆਪਰ ਕਲਜੁਗ ਧੁਰ ਦੀ ਕਾਰ ਕਮਾਈਆ। ਲੇਖੇ ਲਾ ਕੇ ਸੁਤ ਦੁਲਾਰੇ ਚੌਹਾਂ, ਚਾਰ ਜੁਗ ਦਾ ਲਹਿਣਾ ਦਿਤਾ ਮੁਕਾਈਆ। ਮਾਇਆ ਮਮਤਾ ਰਹੀ ਨਾ ਕੋਈ ਤਮਾ, ਘਰ ਗ੍ਰਹਿ ਘਰਾਨੇ ਦਿਤੇ ਤਜਾਈਆ। ਲੋੜ ਰਹੀ ਨਾ ਤੇਲ ਬਾਤੀ ਵਾਲੀ ਸ਼ਮਅ, ਸ਼ਮਸ਼ਾਨ ਭੂਮੀ ਵਿਚੋਂ ਬਾਹਰ ਡੇਰਾ ਲਾਈਆ। ਸਦ ਇਕੋ ਢੋਲਾ ਕਹਿਵਾਂ, ਤੂੰ ਮੇਰਾ ਮੈਂ ਤੇਰਾ ਪੁਰਖ ਅਕਾਲ ਪਿਤਾ ਮਾਈਆ। ਸੋਹੰ ਧਾਰ ਵਿਚ ਰਹਿਵਾਂ, ਦੂਜਾ ਰੰਗ ਨਾ ਕੋਇ ਬਦਲਾਈਆ। ਸਚ ਸਿੰਘਾਸਣ ਅਗੰਮੀ ਸੇਜੇ ਸਵਾਂ, ਸੱਥਰ ਯਾਰ ਇਕ ਹੰਢਾਈਆ। ਅੰਮ੍ਰਿਤ ਰਸ ਪ੍ਰੇਮ ਪ੍ਰੀਤੀ ਅੰਦਰ ਪੀਵਾਂ, ਤ੍ਰਿਸ਼ਨਾ ਭੁੱਖ ਜਗਤ ਨਾ ਲਾਗੇ ਰਾਈਆ। ਬਿਨ ਸੀਸ ਜਗਦੀਸ ਦਵਾਰੇ ਰਹਿਵਾਂ ਨੀਵਾਂ, ਸਚਖੰਡ ਦਵਾਰੇ ਦਰਗਾਹ ਸਾਚੀ ਸੋਭਾ ਪਾਈਆ। ਅਗੰਮ ਅਥਾਹ ਬੇਪਰਵਾਹ ਪਰਵਰਦਿਗਾਰ ਢੋਲਾ ਗਾਵਾਂ, ਗੀਤ ਗੋਬਿੰਦ ਇਕੋ ਨਾਮ ਬਣਾਈਆ। ਸਾਚੀ ਸੇਜਾ ਸਾਹਿਬ ਸਵਾਮੀ ਅੰਤਰਜਾਮੀ ਇਕੋ ਰਾਵਾਂ, ਨਾਰ ਭਤਾਰ ਕੰਤ, ਕੰਤ ਕੰਤੂਹਲ ਸੁਤ ਦੁਲਾਰਾ ਇਕੋ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਦਿਤਾ ਵਖਾਈਆ। ਗੋਬਿੰਦ ਕਿਹਾ ਅਨੰਦ ਪੁਰ ਤੋਂ ਅਗਲਾ ਵੇਖਿਆ ਗ੍ਰਹਿ, ਮੰਦਰ ਧੁਰ ਦਾ ਨਜ਼ਰੀ ਆਈਆ। ਜਿਥੇ ਸੋ ਪੁਰਖ ਨਿਰੰਜਣ ਨਿਰਗੁਣ ਹੋ ਕੇ ਬਹੇ, ਹਰਿ ਪੁਰਖ ਨਿਰੰਜਣ ਹੋ ਕੇ ਆਪਣੀ ਕਾਰ ਕਮਾਈਆ। ਏਕੰਕਾਰ ਹੋ ਕੇ ਆਪਣੀ ਧਾਰ ਵਹੇ, ਆਦਿ ਨਿਰੰਜਣ ਹੋ ਕੇ ਨਿਰਗੁਣ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਹੋ ਕੇ ਆਪਣਾ ਹੁਕਮ ਕਹੇ, ਸ੍ਰੀ ਭਗਵਾਨ ਹੋ ਕੇ ਵੇਖੇ ਚਾਈਂ ਚਾਈਂਆ। ਪਾਰਬ੍ਰਹਮ ਪਤਿਪਰਮੇਸ਼ਵਰ ਹੋ ਕੇ ਆਪਣੀ ਵਸਤ ਆਪੇ ਦਏ, ਦਾਤਾ ਦਾਨੀ ਦੀਨ ਦਿਆਲ ਵੱਡੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਜਿਸ ਨੇ ਆਦਿ ਜੁਗਾਦਿ ਜੁਗ ਚੌਕੜੀ ਕੋਟਨ ਕੋਟ ਕੀਤੇ ਲੈ, ਸਰਗੁਣ ਨਿਰਗੁਣ ਆਪਣੇ ਵਿਚ ਛੁਪਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਸਰਨੀ ਢਹੇ, ਦਰ ਦਵਾਰੇ ਭਿੱਖਕ ਹੋ ਕੇ ਮੰਗਣ ਥਾਉਂ ਥਾਈਂਆ। ਕੋਟਨ ਕੋਟ ਜੁਗ ਸ਼ਬਦੀ ਧਾਰ ਇਛਿਆ ਅੰਦਰ ਜਿਸ ਨੇ ਕੀਤੇ ਲੈ, ਉਤਪਤ ਵਿਚ ਉਪਮਾਂ ਜਗਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਈਆ। ਗੋਬਿੰਦ ਕਿਹਾ ਅਨੰਦ ਪੁਰ ਤੋਂ ਖੇਲ ਵੇਖਿਆ ਅਗਲਾ, ਭੇਵ ਅਭੇਦਾ ਕਹਿਣ ਕੋਇ ਨਾ ਪਾਈਆ। ਜਿਥੇ ਆਦਿ ਜੁਗਾਦਿ ਜੁਗ ਚੌਕੜੀ ਇਕੋ ਚਾਰ ਮੰਗਲਾ, ਦੂਜਾ ਰਾਗ ਨਾਦ ਨਾ ਕੋਇ ਸੁਣਾਈਆ।

❋

❋

ਸ਼ਰਅ ਜ਼ੰਜੀਰ ਰਹੇ ਕੋਈ ਨਾ ਸੰਗਲਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਧੁਰ ਦਾ ਸਜਦਾ ਇਕੋ ਹੋਵੇ ਬੰਦਨਾ, ਨਮੋਂ ਨਮਸਤੇ ਰੂਪ ਨਾ ਕੋਇ ਬਦਲਾਈਆ। ਮਸਤਕ ਧੂੜੀ ਜਗਤ ਲਲਾਟੀ ਲਾਏ ਕੋਈ ਨਾ ਚੰਦਨਾ, ਸਰਗੁਣ ਧਾਰ ਨਾ ਬੰਧਨ ਪਾਈਆ। ਦੀਨ ਦਿਆਲ ਸਮਰਥ ਸਵਾਮੀ ਪੁਰਖ ਅਕਾਲਾ ਇਕੋ ਏਕ ਏਕ ਬਖ਼ਸ਼ੰਦਨਾ, ਬਖ਼ਸ਼ਿਸ਼ ਰਹਿਮਤ ਆਪਣੇ ਹੱਥ ਰਖਾਈਆ। ਜਿਸ ਦਾ ਦਵਾਰਾ ਬਣ ਭਿਖਾਰਾ ਲਾਲ ਦੁਲਾਰਾ ਹੋ ਕੇ ਮੰਗਣਾ, ਖ਼ੁਸ਼ੀਆਂ ਨਾਲ ਵਸਤ ਅਮੋਲਕ ਧੁਰ ਦੀ ਝੋਲੀ ਆਪ ਭਰਾਈਆ। ਸਤਿ ਸਤਿਵਾਦ ਆਪਣੀ ਧਾਰ ਦੀ ਚਾੜ੍ਹੇ ਰੰਗਣਾ, ਰੰਗਤ ਵਿਚ ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਸਚਖੰਡ ਦਵਾਰ ਏਕੰਕਾਰ ਇਕ ਇਕੱਲਾ ਸੁਹਾਏ ਆਪਣਾ ਅੰਗਣਾ, ਅੰਗੀਕਾਰ ਇਕੋ ਨਜ਼ਰੀ ਆਈਆ। ਜਿਸ ਦੀ ਚਰਨ ਧੂੜ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਮਜਨਾ, ਭਗਤ ਸੰਤ ਗੁਰਮੁਖ ਗੁਰਸਿਖ ਸੂਫ਼ੀ ਬੈਠੇ ਰਾਹ ਤਕਾਈਆ। ਜਿਸ ਦਾ ਨਾਮ ਨਗਾਰਾ ਦੋ ਜਹਾਨਾਂ ਤਾਲ ਵੱਜਣਾ, ਵਾਜਬ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਵਡਿਆਈਆ।

੧੯ ਮਾਘ ਸ਼ਹਿਨਸ਼ਾਹੀ ਸੰਮਤ ੨ ਦੌਲਤ ਸਿੰਘ ਦੇ ਗ੍ਰਹਿ ਪੰਜ ਗਰਾਈਂ ਜ਼ਿਲਾ ਫ਼ਿਰੋਜ਼ਪੁਰ

ਗੋਬਿੰਦ ਕਹੇ ਅਨੰਦ ਪੁਰ ਤੋਂ ਅੱਗੇ ਵੇਖਿਆ ਨੂਰ, ਨੂਰ ਨੁਰਾਨਾ ਨਜ਼ਰੀ ਆਇਆ। ਪੁਰਖ ਅਕਾਲਾ ਹਾਜ਼ਰ ਹਜ਼ੂਰ, ਹਰਿ ਜੂ ਬੈਠਾ ਸੋਭਾ ਪਾਈਆ। ਮੇਰੀ ਅਰਜ਼ ਬੇਨੰਤੀ ਕਰ ਮਨਜ਼ੂਰ, ਮਿਹਰ ਨਜ਼ਰ ਇਕ ਉਠਾਈਆ। ਜੁਗ ਚੌਕੜੀ ਭਗਤ ਉਧਾਰਨਾ ਮੇਰਾ ਦਸਤੂਰ, ਨਿਤ ਨਵਿਤ ਨਿਰਗੁਣ ਸਰਗੁਣ ਸੇਵ ਕਮਾਈਆ। ਪ੍ਰੇਮ ਪ੍ਰੀਤੀ ਅੰਦਰ ਹੋਵਾਂ ਮਜਬੂਰ, ਮੁਸ਼ਕਲ ਵਿਚ ਖ਼ੁਸ਼ਦਿਲ ਹੋ ਕੇ ਰੰਗ ਰੰਗਾਈਆ। ਨਾਮ ਖੁਮਾਰੀ ਦੇਵਾਂ ਸਰੂਰ, ਸੁਰਤੀ ਸ਼ਬਦ ਨਾਲ ਜੁੜਾਈਆ। ਸਚ ਭੰਡਾਰਾ ਭਰਾਂ ਭਰਪੂਰ, ਅਤੋਟ ਅਤੁਟ ਵਰਤਾਈਆ। ਸੰਤ ਸੁਹੇਲੇ ਵੇਖਾਂ ਜ਼ਰੂਰ, ਜਾਹਰ ਜਹੂਰ ਹੋ ਕੇ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਏਕੰਕਾਰ ਧੁਰ ਦਰਬਾਰਾ ਇਕ ਵਖਾਈਆ। ਗੋਬਿੰਦ ਕਹੇ ਅਨੰਦ ਪੁਰ ਤੋਂ ਅੱਗੇ ਵੇਖਿਆ ਧੁਰ ਦਾ ਘਰ, ਮੰਦਰ ਸੋਹਣਾ ਨਜ਼ਰੀ ਆਈਆ। ਜਿਥੇ ਵਸੇ ਨਿਰਗੁਣ ਹਰਿ, ਹਰੀ ਬੈਠਾ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇਵੇ ਵਰ, ਵਸਤ ਅਮੋਲਕ ਝੋਲੀ ਪਾਈਆ। ਹੁਕਮੇ ਅੰਦਰ ਸਭ ਕੁਛ ਰਿਹਾ ਕਰ, ਕਰਨੀ ਦਾ ਕਰਤਾ ਖੇਲ ਖਿਲਾਈਆ। ਮਹੱਲ ਅਟਲ ਉਚ ਮਨਾਰੇ ਚੜ੍ਹ, ਸਚ ਸਿੰਘਾਸਣ ਸੋਭਾ ਪਾਈਆ। ਸਾਚੀ ਸਿਖਿਆ ਬਿਨ ਲਿਖਿਆਂ ਸਭ ਦੇ ਅੱਗੇ ਦੇਵੇ ਧਰ, ਧੁਰ ਫ਼ਰਮਾਨਾ ਇਕੋ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਤੂੰ ਮੇਰਾ ਮੈਂ ਤੇਰਾ ਲੈਣ ਪੜ੍ਹ, ਸੋਹੰ ਢੋਲਾ ਸਾਰੇ ਗਾਈਆ। ਨਿਰਗੁਣ ਨਾਲ ਨਿਰਗੁਣ ਦੀ ਲੱਗੇ ਜੜ੍ਹ, ਨਿਰਗੁਣ ਸਰਗੁਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰ ਦੇਵੇ ਮਾਣ ਵਡਿਆਈਆ। ਗੋਬਿੰਦ ਕਹੇ ਅਨੰਦ ਪੁਰ ਤੋਂ ਅੱਗੇ ਤੱਕਿਆ ਰਾਹ, ਦੋ ਜਹਾਨਾਂ ਪਰੇ ਨਜ਼ਰੀ ਆਈਆ। ਜਿਸ ਦਾ ਅਬਿਨਾਸ਼ੀ ਕਰਤਾ ਇਕ ਮਲਾਹ, ਬੇੜਾ ਆਪਣਾ ਨਾਮ ਚਲਾਈਆ। ਸੂਫ਼ੀਆਂ ਜਿਸ ਨੂੰ ਕਿਹਾ

❋

❋

ਖ਼ੁਦਾ, ਪੈਗ਼ੰਬਰ ਸਜਦਿਆਂ ਵਿਚ ਸੀਸ ਝੁਕਾਈਆ। ਜਿਸ ਦਾ ਨਾਮ ਤਰਾਨਾ ਧੁਰ ਦੀ ਸਦਾ, ਰਾਗਾਂ ਨਾਦਾਂ ਬਾਹਰ ਸੋਭਾ ਪਾਈਆ। ਉਸ ਦੀ ਸਮਝੇ ਕੋਈ ਨਾ ਵਜਹ, ਵਾਹਦ ਆਪਣੀ ਕਾਰ ਕਮਾਈਆ। ਨਿਰਗੁਣ ਧਾਰ ਸਭ ਦਾ ਅੱਬਾ, ਬਾਲ ਅੰਞਾਣੇ ਵੇਖੇ ਥਾਉਂ ਥਾਈਂਆ। ਦੋ ਜਹਾਨ ਜਿਸ ਨੇ ਹੁਕਮੇ ਅੰਦਰ ਬੱਧਾ, ਬੰਦਗੀ ਵਿਚ ਸਾਰੇ ਸੀਸ ਨਿਵਾਈਆ। ਗੋਬਿੰਦ ਕਹੇ ਮੈਂ ਓਸ ਦਾ ਸੁਣਿਆ ਸੱਦਾ, ਸ਼ਬਦੀ ਹੁਕਮ ਵਿਚ ਸ਼ਨਵਾਈਆ। ਸਚਖੰਡ ਦਵਾਰ ਗਿਆ ਭੱਜਾ, ਮਾਤਲੋਕ ਵਿਚੋਂ ਆਪਣਾ ਪੰਧ ਮੁਕਾਈਆ। ਕਿਸੇ ਨਾਲ ਨਹੀਂ ਕੀਤਾ ਦਗ਼ਾ, ਕੂੜ ਫ਼ਰੇਬ ਨਾ ਕੋਇ ਹਲਕਾਈਆ। ਸਚ ਦਵਾਰਾ ਧੁਰ ਦਾ ਲੱਭਾ, ਨਾਤਾ ਤੁੱਟਾ ਕੂੜ ਲੋਕਾਈਆ। ਪੁਰਖ ਅਕਾਲ ਦੀਨ ਦਿਆਲ ਪ੍ਰੀਤੀ ਵਿਚ ਲੱਗਾ ਚੰਗਾ, ਸਚ ਸਵਾਮੀ ਅੰਤਰਜਾਮੀ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਗ੍ਰਹਿ ਦਏ ਵਡਿਆਈਆ।

੧੯ ਮਾਘ ਸ਼ਹਿਨਸ਼ਾਹੀ ਸੰਮਤ ੨ ਦਲੀਪ ਕੌਰ ਦੇ ਗ੍ਰਹਿ ਸਮਾਲਸਰ ਜ਼ਿਲਾ ਫ਼ਿਰੋਜ਼ਪੁਰ

ਗੋਬਿੰਦ ਕਿਹਾ ਅਨੰਦ ਪੁਰ ਤੋਂ ਅਗਲਾ ਵੇਖਿਆ ਹਕ ਮਹੱਲਾ, ਜਿਸ ਦੀ ਬਾਢੀ ਬਣਤ ਨਾ ਕੋਇ ਬਣਾਈਆ। ਪਰਵਰਦਿਗਾਰ ਵਸਿਆ ਇਕ ਇਕੱਲਾ, ਅੱਲਾ ਜਿਸ ਨੂੰ ਕਹਿ ਕੇ ਸਾਰੇ ਗਾਈਆ। ਧਾਮ ਸੁਹਾ ਕੇ ਨਿਹਚਲ ਅਟੱਲਾ, ਦੇਵਣਹਾਰ ਸਰਬ ਵਡਿਆਈਆ। ਸ਼ਬਦੀ ਧਾਰ ਫੜਾ ਕੇ ਪੱਲਾ, ਆਪਣੀ ਗੰਢ ਪਵਾਈਆ। ਓਸ ਦੀ ਧਾਰ ਵਿਚ ਰਲਾ, ਜਗ ਨੇਤਰ ਨੈਣ ਵੇਖਣ ਕੋਇ ਨਾ ਪਾਈਆ। ਇਹ ਖੇਲ ਅਛਲ ਅਛੱਲਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਸਮਝ ਨਾ ਕੋਇ ਸਮਝਾਈਆ। ਸਚ ਦਵਾਰ ਦਰਗਾਹ ਸਾਚੀ ਮੁਕਾਮੇ ਹਕ ਇਕੋ ਮੱਲਾ, ਮਾਲਕ ਮਹਿਬੂਬ ਵੇਖ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕੋ ਇਕ ਸੁਹਾਈਆ। ਗੋਬਿੰਦ ਕਿਹਾ ਅਨੰਦ ਪੁਰ ਤੋਂ ਬਾਅਦ, ਅਨੰਦ ਅਨੰਦ ਵਿਚ ਸਮਾਈਆ। ਨਿਰਗੁਣ ਧਾਰ ਹੋ ਆਜ਼ਾਦ, ਦੋ ਜਹਾਨਾਂ ਭੱਜਾਂ ਵਾਹੋ ਦਾਹੀਆ। ਜਨ ਭਗਤਾਂ ਕਰਾ ਪਿਛਲੀ ਯਾਦ, ਯਾਦਦਾਸ਼ਤ ਅਗਲੀ ਰਿਹਾ ਜਣਾਈਆ। ਭੇਵ ਅਭੇਦਾ ਖੋਲ੍ਹ ਆਗ਼ਾਜ਼, ਪੜਦਾ ਓਹਲਾ ਆਪ ਚੁਕਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਰਾਜ਼, ਰਹਿਮਤ ਹਕ ਕਮਾਈਆ। ਧੁਰ ਦਾ ਸ਼ਬਦ ਅਗੰਮੀ ਮਾਰ ਆਵਾਜ਼, ਸੋਈ ਸੁਰਤੀ ਸੁੱਤੀ ਆਪ ਉਠਾਈਆ। ਭੇਵ ਖੁਲ੍ਹਾ ਪੁਰਖ ਅਬਿਨਾਸ਼, ਰਾਹ ਮਾਰਗ ਰਿਹਾ ਵਖਾਈਆ। ਜਿਸ ਦਾ ਹੁਕਮ ਪ੍ਰਿਥਮੀ ਆਕਾਸ਼, ਹਰ ਘਟ ਰੱਖੇ ਨਿਵਾਸ, ਨਿਰਗੁਣ ਨੂਰ ਜੋਤ ਪਰਕਾਸ਼, ਆਤਮ ਪਰਮਾਤਮ ਆਪਣੀ ਧਾਰ ਜਣਾਈਆ। ਓਸ ਘਰ ਗ੍ਰਹਿ ਮੰਦਰ ਸੁਹਾਵਣੇ ਕੀਤਾ ਨਿਵਾਸ, ਛੱਡੀ ਸੇਜ ਜਗਤ ਪਰਭਾਸ, ਯਾਰੜੇ ਪੂਰੀ ਕੀਤੀ ਆਸ, ਨਾਤਾ ਤੋੜ ਕੇ ਪਵਣ ਸਵਾਸ, ਪੰਧ ਮੁਕਾ ਕੇ ਪ੍ਰਿਥਮੀ ਆਕਾਸ਼, ਵਾਸਤਾ ਇਕੋ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰੇ ਕਰ ਆਬਾਦ, ਨਿਰਗੁਣ ਧਾਰ ਨਿਰਗੁਣ ਕਰੀ ਇਮਦਾਦ, ਆਮਦ ਵਿਚ ਆਪਣੇ ਵਿਚ ਸਮਾਈਆ।

❋

❋

੧੯ ਮਾਘ ਸ਼ਹਿਨਸ਼ਾਹੀ ਸੰਮਤ ੨ ਰਾਜ ਸਿੰਘ ਦੇ ਗ੍ਰਹਿ ਮੁਕਤਸਰ ਜ਼ਿਲਾ ਫ਼ਿਰੋਜ਼ਪੁਰ

ਅਨੰਦ ਪੁਰ ਤੋਂ ਅਗਲਾ ਘਰ ਦਿਸਿਆ ਸੁਹੰਜਣਾ, ਗੋਬਿੰਦ ਵੇਖ ਖ਼ੁਸ਼ੀ ਮਨਾਈਆ। ਪੁਰਖ ਅਕਾਲ ਮਿਲਿਆ ਆਦਿ ਨਿਰੰਜਣਾ, ਅਬਿਨਾਸ਼ੀ ਕਰਤਾ ਧੁਰ ਦਰਗਾਹੀਆ। ਸਤਿ ਪ੍ਰੀਤੀ ਕਰਾਇਆ ਮਜਨਾ, ਸਰੋਵਰ ਅਗੰਮ ਅਥਾਹ ਨੁਹਾਈਆ। ਠਾਕਰ ਹੋ ਕੇ ਮਿਲਿਆ ਸੱਜਣਾ, ਸਗਲਾ ਸੰਗ ਬਣਾਈਆ। ਬੰਦਗੀ ਦੱਸ ਕੇ ਆਪਣੀ ਭਜਨਾ, ਭਾਉ ਭੇਵ ਪੜਦਾ ਦਿਤਾ ਉਠਾਈਆ। ਸਚਖੰਡ ਦਵਾਰੇ ਸਦਾ ਵਸਣਾ, ਥਿਰ ਘਰ ਵੱਜਦੀ ਰਹੇ ਵਧਾਈਆ। ਕਰਨਾ ਖੇਲ ਪ੍ਰਿਥਮੀ ਆਕਾਸ਼ਨਾ, ਦੋ ਜਹਾਨਾਂ ਸੋਭਾ ਪਾਈਆ। ਨਿਰਗੁਣ ਨੂਰ ਜੋਤ ਹੋਵੇ ਪਰਕਾਸ਼ਨਾ, ਸ਼ਬਦੀ ਆਪਣਾ ਡੰਕ ਸੁਣਾਈਆ। ਨਿਰਗੁਣ ਧਾਰ ਵੇਖਣਾ ਖੇਲ ਤਮਾਸ਼ਨਾ, ਤਮਾ ਤ੍ਰਿਸ਼ਨਾ ਕੂੜ ਮਿਟਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਉਪਾਸਨਾ, ਲੋਕਮਾਤ ਧਿਆਨ ਲਗਾਈਆ। ਸੋ ਲੇਖਾ ਜਾਣੇ ਸਰਬ ਗੁਣ ਤਾਸਨਾ, ਗਹਿਰ ਗੰਭੀਰ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰਾ ਇਕ ਸੁਹਾਈਆ। ਗੋਬਿੰਦ ਕਹੇ ਅਨੰਦ ਪੁਰ ਤੋਂ ਅਗਲਾ ਵੇਖਿਆ ਸੰਗ, ਹਰਿ ਸੰਗੀ ਧੁਰ ਦਰਗਾਹੀਆ। ਚਾੜ੍ਹ ਅਗੰਮੀ ਰੰਗ, ਰੰਗਤ ਦਿਤੀ ਬਦਲਾਈਆ। ਆਸਾ ਮਨਸਾ ਪੂਰੀ ਕਰ ਉਮੰਗ, ਤ੍ਰਿਸ਼ਨਾ ਦਿਤੀ ਮਿਟਾਈਆ। ਤੂੰ ਮੇਰਾ ਮੈਂ ਤੇਰਾ ਸੁਣਾ ਕੇ ਛੰਦ, ਸੋਹੰ ਢੋਲਾ ਦਿਤਾ ਜਣਾਈਆ। ਨੂਰ ਵਿਚ ਨੂਰ ਚਾੜ੍ਹ ਚੰਦ, ਨੂਰ ਨੂਰ ਵਿਚ ਸਮਾਈਆ। ਸਚ ਦਵਾਰ ਦਾ ਦੇ ਅਨੰਦ, ਅਨੰਦ ਪੁਰੀ ਦਾ ਲੇਖਾ ਦਿਤਾ ਮੁਕਾਈਆ। ਝਗੜਾ ਰਿਹਾ ਨਾ ਕੋਈ ਜੰਗ, ਖੜਗ ਖੰਡਾ ਨਾ ਕੋਇ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਘਰ ਸੋਭਾ ਪਾਈਆ। ਗੋਬਿੰਦ ਕਹੇ ਅਨੰਦ ਪੁਰੀ ਦਾ ਕਰ ਕਿਨਾਰਾ, ਪੱਤਣ ਪਿਛਲਾ ਦਿਤਾ ਤਜਾਈਆ। ਵੇਖਿਆ ਖੇਲ ਨਰ ਨਿਰੰਕਾਰਾ, ਸਚਖੰਡ ਦਵਾਰ ਵੱਜੇ ਵਧਾਈਆ। ਜੋਤ ਸਰੂਪ ਅਗੰਮ ਅਪਾਰਾ, ਅਲਖ ਅਗੋਚਰ ਸੋਭਾ ਪਾਈਆ। ਸਚ ਸਿੰਘਾਸਣ ਸ਼ਾਹ ਸਿਕਦਾਰਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਸ਼ਬਦੀ ਸ਼ਬਦ ਇਕ ਜੈਕਾਰਾ, ਧੁਰ ਸੰਦੇਸ਼ਾ ਰਾਗ ਅਲਾਈਆ। ਮੰਦਰ ਮਹੱਲ ਅਟਲ ਉਚ ਮਨਾਰਾ, ਦਰਗਾਹ ਸਚ ਮੁਕਾਮੇ ਹਕ ਸੋਭਾ ਪਾਈਆ। ਕੋਟਨ ਕੋਟ ਦਰ ਦਰਵੇਸ਼ ਖੜ੍ਹੇ ਗੁਰ ਅਵਤਾਰਾ, ਪੈਗ਼ੰਬਰ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰਾ, ਧੂੜੀ ਟਿੱਕੇ ਮਸਤਕ ਖ਼ਾਕ ਰਮਾਈਆ। ਪੁਰਖ ਅਕਾਲ ਦੀਨ ਦਿਆਲ ਸਮਰਥ ਸਵਾਮੀ ਅੰਤਰਜਾਮੀ ਦੇਵਣਹਾਰਾ, ਦੇ ਦੇ ਆਪਣੀ ਖ਼ੁਸ਼ੀ ਬਣਾਈਆ। ਗੋਬਿੰਦ ਕਹੇ ਮੈਂ ਵੇਖਿਆ ਸੱਚਾ ਘਰ ਬਾਰਾ, ਪਿਛਲਾ ਭੁੱਲ ਗਿਆ ਪਿਆਰਾ, ਅੱਗੇ ਆਪਣਾ ਆਪ ਪ੍ਰਭ ਦੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਕਰੇ ਵਿਹਾਰਾ, ਬਿਵਹਾਰੀ ਹੋ ਕੇ ਧਾਰ ਆਪਣੀ ਆਪ ਬਦਲਾਈਆ।

❋

❋