ਪੁਸਤਕਾਲਾਭਾਗ ੨੧

੨੭ ਜੇਠ ਸ਼ਹਿਨਸ਼ਾਹੀ ਸੰਮਤ ੪ ਅਰਜਨ ਸਿੰਘ ਦੇ ਗ੍ਰਹਿ ਬਲੋਚਪੁਰਾ

ਸਤਿਜੁਗ ਕਹੇ ਕਿਰਪਾ ਕਰ ਮੇਰੇ ਜਗਦੀਸ਼, ਜਗਦੀਸ਼ਰ ਤੇਰੀ ਓਟ ਤਕਾਈਆ। ਨਿਰਗੁਣ ਸਰਗੁਣ ਤੇਰਾ ਖੇਲ ਬੀਸ ਇਕੀਸ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਬੇਪ੍ਰਵਾਹੀਆ। ਜੁਗ ਚੌਕੜੀ ਨਿਰਗੁਣ ਸਰਗੁਣ ਧਾਰ ਗਏ ਬੀਤ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਬਿਨ ਤੇਰੀ ਕਿਰਪਾ ਸਾਹਿਬ ਸੁਲਤਾਨ ਨੌਜਵਾਨ ਬਦਲੇ ਕੋਇ ਨਾ ਰੀਤ, ਮੰਦਰ ਮਸੀਤ ਪੰਧ ਨਾ ਕੋਇ ਚੁਕਾਈਆ। ਏਕਾ ਰੰਗ ਰੰਗੇ ਨਾ ਕੋਇ ਹਸਤ ਕੀਟ, ਊਚ ਨੀਚ ਡੇਰਾ ਕੋਇ ਨਾ ਢਾਹੀਆ। ਸਦੀ ਚੌਧਵੀਂ ਪਰਵਰਦਿਗਾਰ ਰਹੀ ਬੀਤ, ਬਾਤਨ ਭੇਵ ਨਾ ਕੋਇ ਖੁਲ੍ਹਾਈਆ। ਨਾਉਂ ਨਿਰੰਕਾਰ ਤੇਰਾ ਕਲਮਾ ਹੱਕ ਹਦੀਸ, ਹਜ਼ਰਤਾਂ ਹਜ਼ੂਰ ਦੇਣਾ ਜਣਾਈਆ। ਤੇਰਾ ਪ੍ਰਕਾਸ਼ ਹੋਵੇ ਅਗੰਮ ਦੀਪ, ਦੀਪਕ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇਣਾ ਚੁਕਾਈਆ। ਸਤਿਜੁਗ ਕਹੇ ਪ੍ਰਭ ਮੈਂ ਦਰ ਦਰਵੇਸ਼ ਮੰਗਤਾ, ਨਿਰਧਨ ਹੋ ਕੇ ਆਸ ਰਖਾਈਆ। ਕਲਜੁਗ ਕੂੜੀ ਕਿਰਿਆ ਗੜ੍ਹ ਤੋੜ ਹਉਮੇ ਹੰਗਤਾ, ਹੰ ਬ੍ਰਹਮ ਦੇ ਜਣਾਈਆ। ਝਗੜਾ ਰਹੇ ਨਾ ਕੋਈ ਮਮਤਾ ਮਨ ਦਾ, ਮਨਸਾ ਮੋਹ ਮੇਟ ਮਿਟਾਈਆ। ਭੇਵ ਖੁਲ੍ਹਾਵਾਂ ਕਾਇਆ ਮਾਟੀ ਤਨ ਦਾ, ਤੰਦ ਸਤਾਰ ਅੰਦਰ ਇਕ ਵਜਾਈਆ। ਰੂਪ ਜਣਾਵਾਂ ਭਗਤ

❋

❋

ਜਨ ਜਨ ਦਾ, ਜਾਗਰਤ ਜੋਤ ਡਗਮਗਾਈਆ। ਪੰਧ ਮੁਕਾਵਾਂ ਚਿੰਤਾ ਹਰਖ ਸੋਗ ਗ਼ਮ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਸਤਿਜੁਗ ਕਹੇ ਪ੍ਰਭ ਮੇਰੀ ਤੇਰੇ ਅਗੇ ਅਰਦਾਸ, ਬੇਨੰਤੀ ਇਕ ਜਣਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਸਾਹਿਬ ਸੁਲਤਾਨ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਹੋਵੇ ਨਾਸ, ਨਾਸਤਕ ਰਹਿਣ ਕੋਇ ਨਾ ਪਾਈਆ। ਹਰ ਘਟ ਅੰਦਰ ਤੇਰੀ ਪਵੇ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਾਚ ਨਚਾਈਆ। ਰੂਹ ਬੁਤ ਦੋਵੇਂ ਹੋਵਣ ਪਾਕ, ਪਤਤ ਪੁਨੀਤ ਤੇਰੀ ਸਰਨਾਈਆ। ਸਚ ਦਵਾਰ ਖੁਲ੍ਹਾ ਕੇ ਹਾਟ, ਵਸਤ ਅਮੋਲਕ ਇਕ ਵਰਤਾਈਆ। ਧਰਮ ਦਵਾਰ ਜਣਾ ਕੇ ਘਾਟ, ਪਤਣ ਕੂੜ ਕੁਕਰਮ ਦਿਆਂ ਗੁਆਈਆ। ਨਵ ਨੌ ਚਾਰ ਨਾ ਰਹੇ ਅੰਧੇਰੀ ਰਾਤ, ਇਕੋ ਤੇਰਾ ਨੂਰ ਜੋਤ ਹੋਵੇ ਰੁਸ਼ਨਾਈਆ। ਜਨ ਭਗਤਾਂ ਪੂਰੀ ਕਰ ਕੇ ਆਸ, ਜਨਮ ਜਨਮ ਦੀ ਤ੍ਰਿਸ਼ਨਾ ਪਿਆਸ ਮਿਟਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਇਕ ਜਣਾ ਕੇ ਬਾਪ, ਚਾਚੇ ਗੁਰ ਅਵਤਾਰ ਪੈਗ਼ੰਬਰ ਤੋਂ ਖਹਿੜਾ ਦਿਆਂ ਛੁਡਾਈਆ। ਜਿਧਰ ਤੱਕਣ ਨਜ਼ਰੀ ਆਵੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਸੀਸ ਨਿਵਾਈਆ। ਸਤਿਜੁਗ ਕਹੇ ਪ੍ਰਭ ਮੇਰੀ ਪਿੱਠ ਤੇ ਦੇਦੇ ਥਪਕੀ, ਸਿਰ ਆਪਣਾ ਹੱਥ ਟਿਕਾਈਆ। ਮੈਂ ਅੰਤਰ ਨਿਰੰਤਰ ਸੁਰਤ ਬਦਲਾਵਾਂ ਸਭ ਦੀ, ਨਿਰਗੁਣ ਹੋ ਕੇ ਨਿਰਗੁਣ ਵੇਖ ਵਖਾਈਆ। ਘਟ ਘਟ ਅੰਤਰ ਤੇਰੀ ਜੋਤ ਹੋਵੇ ਜਗਦੀ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਤ੍ਰੈਗੁਣ ਅਗਨੀ ਮੇਟਾਂ ਅੱਗ ਦੀ, ਪੰਜ ਤਤ ਨਾ ਕੋਇ ਜਲਾਈਆ। ਰਸਨਾ ਜਿਹਵਾ ਇਕੋ ਨਾਮ ਤੇਰਾ ਹੋਵੇ ਜਪਦੀ, ਜਗਜੀਵਣ ਦਾਤੇ ਤੇਰੀ ਓਟ ਰਖਾਈਆ। ਕਲਪਣਾ ਰਹਿਣ ਨਾ ਦੇਵਾਂ ਮਨਮਤ ਦੀ, ਗੁਰਮਤ ਇਕੋ ਇਕ ਸਮਝਾਈਆ। ਨਜ਼ਰ ਖੁਲ੍ਹਾ ਕੇ ਨਿਜ ਨੇਤਰ ਲੋਚਨ ਨੈਣ ਅੱਖ ਦੀ, ਆਖ਼ਰ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਤਿਜੁਗ ਕਹੇ ਪ੍ਰਭ ਮੇਰੀ ਆਸਾ ਇਕ ਅਗੰਮੀ, ਲਿਖਣ ਵਿਚ ਕਦੇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਹੋ ਕੇ ਮੰਨੀਂ, ਮਿਹਰਵਾਨ ਮਹਿਬੂਬ ਤੇਰੀ ਸਰਨਾਈਆ। ਮੈਂ ਤੇਰਾ ਨਾਉਂ ਸੁਣੌਣਾ ਚਾਹੁੰਦਾ ਨਹੀਂ ਕਿਸੇ ਕੰਨੀਂ, ਨਿਰੰਤਰ ਅੰਤਰ ਹਿਰਦੇ ਵਿਚ ਦਿਆਂ ਟਿਕਾਈਆ। ਤੂੰ ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਧੁਰ ਦਾ ਧਨੀ, ਧਰਮ ਦੀ ਦਾਤ ਦੇ ਵਰਤਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵਿਚ ਰਹੇ ਨਾ ਅੰਨ੍ਹੀ, ਨਿਜ ਲੋਚਨ ਨੈਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਵਜਦੀ ਰਹੇ ਵਧਾਈਆ। ਸਤਿਜੁਗ ਕਹੇ ਪ੍ਰਭ ਤੇਰੇ ਨਾਮ ਦਾ ਦੱਸਾਂ ਢੋਲਾ, ਢੋਲ ਮਾਹੀ ਦਿਆਂ ਸਮਝਾਈਆ। ਵਿਛੜਿਆ ਰਹੇ ਕੋਈ ਨਾ ਗੋਲਾ, ਕਾਇਆ ਗੋਲਕ ਫੋਲ ਫੁਲਾਈਆ। ਤੇਰਾ ਭੇਵ ਖੁਲ੍ਹਾ ਕੇ ਮੌਲਾ, ਹਰ ਘਟ ਮੌਲਿਆ ਦਿਆਂ ਸਮਝਾਈਆ। ਦੀਨ ਮਜ਼੍ਹਬ ਦਾ ਰਹਿਣ ਨਾ ਦਿਆਂ ਰੌਲਾ, ਰਹਿਬਰ ਇਕੋ ਦਿਆਂ ਵਖਾਈਆ। ਗੁਰ ਅਵਤਾਰ ਪੈਗ਼ੰਬਰ ਪੂਰਾ ਕਰ ਇਕ਼ਰਾਰ ਕੌਲਾ, ਕਵਲ ਨੈਣ ਤੇਰੀ ਓਟ ਤਕਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸੁੱਤਾ ਅਨਭੋਲਾ, ਬਿਨ ਤੇਰੀ ਕਿਰਪਾ ਲਏ ਨਾ ਕੋਇ ਅੰਗੜਾਈਆ। ਤਨ ਵਜੂਦ ਮਾਟੀ ਖ਼ਾਕ ਭਾਗ ਲੱਗੇ ਕਿਸੇ ਨਾ ਚੋਲਾ, ਚੋਜੀ ਪ੍ਰੀਤਮ ਤੇਰਾ ਦਰਸ ਕਿਸੇ ਨਾ ਪਾਈਆ। ਤੇਰੀ ਕਿਰਪਾ ਸਭ ਦੇ ਅੰਦਰੋਂ ਚੁਕਾਵਾਂ ਪਰਦਾ ਉਹਲਾ, ਭਾਂਡਾ

❋

❋

ਭਰਮ ਭੌ ਭੰਨਾਈਆ। ਭਗਤ ਸੁਹੇਲਾ ਗੁਰੂ ਗੁਰ ਚੇਲਾ, ਤੇਰੇ ਦਵਾਰ ਬਣਾਵਾਂ ਗੋਲਾ, ਗਹਿਰ ਗੰਭੀਰ ਬੇਨਜ਼ੀਰ ਮੇਲ ਮਿਲਾ ਕੇ ਸਹਿਜ ਸੁਭਾਈਆ। ਤੂੰ ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਬਣਾ ਤੋਲਾ, ਤੋਲਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਾਹਵਾ ਤੇਰੀ ਬੇਪ੍ਰਵਾਹੀਆ। ਸਤਿਜੁਗ ਕਹੇ ਮੇਰੇ ਮਾਲਕ ਧੁਰ ਦੇ ਅਰਸ਼ੀ, ਸਾਹਿਬ ਸੁਲਤਾਨ ਤੇਰੀ ਵਡਿਆਈਆ। ਨਿਗਾਹ ਮਾਰ ਉਪਰ ਫ਼ਰਸ਼ੀ, ਫ਼ਰਿਸ਼ਤੇ ਚਾਰੇ ਦੇਣ ਦੁਹਾਈਆ। ਗੁਰ ਅਵਤਾਰ ਪੈਗ਼ੰਬਰਾਂ ਮਨਜ਼ੂਰ ਕਰ ਅਰਜ਼ੀ, ਆਜਜ਼ ਹੋ ਕੇ ਸੀਸ ਨਿਵਾਈਆ । ਗ਼ਰੀਬ ਨਿਮਾਣਿਆਂ ਬਣ ਦਰਦੀ, ਦਰਦਵੰਦ ਹੋ ਕੇ ਦਰਦ ਵੰਡਾਈਆ। ਵੇਖੀਂ ਕਲਜੁਗ ਅੰਤ ਮੂਲ ਨਾ ਬਣੀਂ ਅਲਗ਼ਰਜ਼ੀ, ਬੇਪ੍ਰਵਾਹੀ ਵਿਚ ਸਮਾਈਆ। ਇਹ ਖੇਲ ਤੇਰੇ ਅਨੋਖੇ ਘਰ ਦੀ, ਜਿਸ ਦੀ ਖ਼ਬਰ ਨਾ ਕੋਇ ਸੁਣਾਈਆ। ਸਤਿਜੁਗ ਕਹੇ ਮੈਂ ਚਾਹੁੰਦਾ ਸਭ ਰਸਨਾ ਤੇਰਾ ਇਕੋ ਨਾਉਂ ਹੋਵੇ ਪੜ੍ਹਦੀ, ਪੜਦਾ ਅੰਦਰ ਰਹੇ ਨਾ ਰਾਈਆ। ਸੁਰਤੀ ਮੰਜ਼ਲ ਹੋਵੇ ਚੜ੍ਹਦੀ, ਸ਼ਬਦੀ ਢੋਲਾ ਨਾਮ ਗਾਈਆ। ਨਿਰਗੁਣ ਜੋਤ ਹੋਵੇ ਜਗਦੀ, ਘਰ ਵਿਚ ਘਰ ਕਰੇ ਰੁਸ਼ਨਾਈਆ। ਤੇਰੀ ਆਸਾ ਹੋਵੇ ਸਦ ਦੀ, ਮਨਸਾ ਵਿਚ ਮਿਲਾਈਆ। ਮੰਜ਼ਲ ਮੁਕ ਜਾਏ ਜਗਤ ਹਦੂਦ ਹੱਦ ਦੀ, ਰਾਹ ਇਕੋ ਵੱਜੇ ਵਧਾਈਆ। ਸੁਣੇ ਆਵਾਜ਼ ਅਗੰਮੀ ਨਦ ਦੀ, ਅਨਹਦ ਨਾਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਾਚੀ ਮੰਗ ਮੰਗਾਈਆ। ਸਤਿਜੁਗ ਕਹੇ ਮੇਰੇ ਅੰਤਰ ਆਵੇ ਖ਼ੁਸ਼ੀ, ਖ਼ੁਸ਼ਖ਼ਬਰੀ ਦਿਆਂ ਜਣਾਈਆ। ਸ੍ਰਿਸ਼ਟੀ ਦੀ ਤੇਰੇ ਨਾਲ ਲਗਾਵਾਂ ਰੁਚੀ, ਰਚਨਾ ਤੇਰੀ ਦਿਆਂ ਸਮਝਾਈਆ। ਸਭ ਦੀ ਬੁੱਧੀ ਕਰਾਂ ਸੁੱਚੀ, ਸੱਚ ਸੰਜਮ ਇਕ ਪ੍ਰਗਟਾਈਆ। ਕੂੜੀ ਕਿਰਿਆ ਜੜ੍ਹ ਜਾਏ ਪੁੱਟੀ, ਪਟਨੇ ਵਾਲਾ ਕਰੇ ਸਫ਼ਾਈਆ। ਜਨ ਭਗਤਾਂ ਮਨ ਰਹੇ ਨਾ ਕੋਇ ਤ੍ਰਿਕੁਟੀ, ਈੜਾ ਪਿੰਗਲ ਸੁਖਮਨ ਵੰਡ ਨਾ ਕੋਇ ਵੰਡਾਈਆ। ਸਹਿੰਸ ਦਲ ਦੀ ਕਰੇ ਨਾ ਕੋਈ ਬੁੱਤੀ, ਮਨਸਾ ਮੋਹ ਨਾ ਕੋਇ ਜਣਾਈਆ। ਇਕੋ ਤੇਰੀ ਮੰਜ਼ਲ ਦੱਸਾਂ ਉਚੀ, ਘਰ ਘਰ ਵਿਚ ਹੋਵੇ ਰੁਸ਼ਨਾਈਆ। ਜਨ ਭਗਤ ਵਿਛੋੜੇ ਵਿਚ ਰਹੇ ਕੋਇ ਨਾ ਦੁਖੀ, ਆਤਮ ਪਰਮਾਤਮ ਪਰਮਾਤਮ ਆਤਮ ਵਿਚ ਸਮਾਈਆ। ਔਣਾ ਪਵੇ ਨਾ ਕਿਸੇ ਮਾਤ ਕੁੱਖੀ, ਗਰਭ ਜੂਨ ਨਾ ਕੋਇ ਭੁਆਈਆ। ਸਚ ਸੁਹੰਜਣੀ ਕਰ ਕੇ ਰੁੱਤੀ, ਰੁਤੜੀ ਤੇਰਾ ਨਾਮ ਮਹਿਕਾਈਆ। ਸਤਿਜੁਗ ਕਹੇ ਪ੍ਰਭ ਮੇਰੀ ਅੰਤ ਵਾਤ ਪੁਛੀਂ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਝਗੜਾ ਰਹਿਣ ਨਾ ਦੇਵਾਂ ਕਾਇਆ ਬੁੱਤੀਂ, ਬੁਤਖ਼ਾਨੇ ਦਿਆਂ ਗਵਾਈਆ। ਤੇਰੀ ਜੋਤ ਰਹੇ ਨਾ ਲੁਕੀ, ਲੋਕ ਪ੍ਰਲੋਕ ਵੱਜੇ ਵਧਾਈਆ। ਨਿਰਗੁਣ ਧਾਰ ਹੋ ਕੇ ਉਠੀਂ, ਨਿਰਵੈਰ ਦਇਆ ਕਮਾਈਆ। ਸਾਹਿਬ ਸਤਿਗੁਰ ਹੋ ਕੇ ਤੁੱਠੀਂ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਕਲਜੁਗ ਕੂੜੀ ਕਿਰਿਆ ਜਾਏ ਕੁੱਠੀ, ਕੂੜ ਕੁਟੰਬ ਦੇਣਾ ਮਿਟਾਈਆ। ਜਨ ਭਗਤ ਉਜਲ ਕਰੀਂ ਮੁਖੀ, ਮਾਨੁੱਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਨੌਜਵਾਨ, ਤੇਰਾ ਖੇਲ ਮਰਦ ਮਰਦਾਨ, ਹਰਿਜਨ ਆਤਮ ਰਹੇ ਕੋਇ ਨਾ ਸੁੱਤੀ, ਸੁਤੇ ਪ੍ਰਕਾਸ਼ ਆਪਣਾ ਦੇਣਾ ਵਖਾਈਆ।

❋

❋

੨੮ ਜੇਠ ਸ਼ਹਿਨਸ਼ਾਹੀ ਸੰਮਤ ੪ ਸ੍ਰੀ ਰਾਮ ਦੇ ਗ੍ਰਹਿ ਪਿੰਡ ਮਕਸੂਦੜਾ

ਸਤਿਜੁਗ ਕਹੇ ਪ੍ਰਭ ਤੇਰੇ ਚਰਨ ਜਾਵਾਂ ਝੁੱਕ, ਨਿਉਂ ਨਿਉਂ ਨਿਰਵੈਰ ਸੀਸ ਨਿਵਾਈਆ। ਕਲਜੁਗ ਕੂੜੀ ਕਿਰਿਆ ਮੇਟ ਦੁੱਖ, ਦੀਨਾਂ ਅਨਾਥਾਂ ਦਇਆ ਕਮਾਈਆ। ਚਾਰ ਵਰਨ ਅਠਾਰਾਂ ਬਰਨ ਦੇ ਸੁਖ, ਆਤਮ ਪਰਮਾਤਮ ਮੇਲ ਮਿਲਾਈਆ। ਤ੍ਰਿਸ਼ਨਾ ਕੂੜ ਰਹੇ ਨਾ ਭੁੱਖ, ਮਮਤਾ ਮੋਹ ਦੇਣਾ ਚੁਕਾਈਆ। ਅੰਤਰ ਉਹਲਾ ਰਹੇ ਨਾ ਲੁਕ, ਪੜਦਾ ਪ੍ਰੇਮ ਦੇਣਾ ਉਠਾਈਆ। ਉਜਲ ਕਰ ਮਾਤ ਮੁਖ, ਦੁਰਮਤ ਮੈਲ ਧਵਾਈਆ। ਭਗਤ ਸੁਹੇਲਾ ਬਣਾ ਸੁਤ, ਅਪਰਾਧੀ ਰਹਿਣ ਕੋਇ ਨਾ ਪਾਈਆ। ਤੂੰ ਮਾਲਕ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਰੰਗਾਈਆ। ਸਤਿਜੁਗ ਕਹੇ ਪ੍ਰਭ ਵੇਖ ਅੰਤਰ ਨਿਰੰਤਰ, ਨਿਰਵੈਰ ਦਇਆ ਕਮਾਈਆ। ਧੁਰ ਦਾ ਦੱਸ ਅਗੰਮੀ ਮੰਤਰ, ਮੰਤਵ ਸਭ ਦਾ ਹੱਲ ਕਰਾਈਆ। ਸਤਿ ਧਰਮ ਬਣਾ ਬਣਤਰ, ਕੂੜੀ ਕਿਰਿਆ ਡੇਰਾ ਢਾਹੀਆ। ਤੇਰਾ ਖੇਲ ਜੁਗਾ ਜੁਗੰਤਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਸਤਿਜੁਗ ਕਹੇ ਮੇਰੇ ਸਾਹਿਬ ਸਵਾਮੀ ਪੁਰਖ ਅਕਾਲ, ਅਕਲ ਕਲਧਾਰੀ ਤੇਰੀ ਵਡਿਆਈਆ। ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਤੇਰੀ ਸਰਨਾਈਆ। ਜਨ ਭਗਤਾਂ ਲੇਖੇ ਲਾ ਘਾਲ, ਜੋ ਨਿਤ ਨਵਿਤ ਤੇਰਾ ਨਾਮ ਧਿਆਈਆ। ਕਰ ਪ੍ਰਕਾਸ਼ ਕਾਇਆ ਮਾਟੀ ਸਾਚੀ ਧਰਮਸਾਲ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਪੰਚ ਵਿਕਾਰ ਰਹਿਣ ਨਾ ਪਾਈਆ। ਸ਼ਬਦ ਅਨਾਦੀ ਧੁਨ ਆਤਮਕ ਵਜਾ ਤਾਲ, ਅਗੰਮੀ ਰਾਗ ਸੁਣਾਈਆ। ਦੀਪਕ ਜੋਤ ਜਗੇ ਬੇਮਿਸਾਲ, ਜਿਸ ਦੀ ਮਿਸਲ ਨਾ ਕੋਇ ਸਮਝਾਈਆ। ਝਗੜਾ ਰਹੇ ਨਾ ਕਾਲ ਮਹਾਂਕਾਲ, ਭੈ ਭੌ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਵੇਖ ਵਖਾਈਆ। ਸਤਿਜੁਗ ਕਹੇ ਪ੍ਰਭ ਮੇਰੇ ਭਗਵੰਤ, ਪਰਮਾਤਮ ਤੇਰੀ ਓਟ ਤਕਾਈਆ। ਸ੍ਰਿਸ਼ਟ ਸਬਾਈ ਬਣ ਅਗੰਮੀ ਕੰਤ, ਆਤਮ ਪਰਮਾਤਮ ਜੋੜ ਜੁੜਾਈਆ। ਕਾਇਆ ਚੋਲੀ ਚਾੜ੍ਹ ਰੰਗ ਬਸੰਤ, ਨਿਰਵੈਰ ਉਤਰ ਕਦੇ ਨਾ ਜਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਦੇ ਸਮਝਾਈਆ। ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਬਣ ਪੰਡਤ, ਨਿਰਅੱਖਰ ਅੱਖਰ ਵਿਚੋਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਇਕ ਪ੍ਰਗਟਾਈਆ। ਸਤਿਜੁਗ ਕਹੇ ਮੇਰੇ ਸਾਹਿਬ ਪੁਰਖ ਸਮਰਥ, ਹਰਿ ਕਰਤੇ ਤੇਰੀ ਵਡ ਵਡਿਆਈਆ। ਜੁਗ ਚੌਕੜੀ ਤੂੰ ਚਲਾਵਣਹਾਰਾ ਰਥ, ਬਣ ਰਥਵਾਹੀ ਵੇਸ ਵਟਾਈਆ। ਤੇਰੀ ਬੋਧ ਅਗਾਧ ਮਹਿੰਮਾ ਨਾਮ ਅਕਥ, ਰਸਨਾ ਜਿਹਵਾ ਕਹਿਣ ਕੋਇ ਨਾ ਪਾਈਆ। ਕਲਜੁਗ ਕੂੜੀ ਕਿਰਿਆ ਨਾਮ ਮਧਾਣੇ ਦੇ ਮੱਥ, ਮਮਤਾ ਮੋਹ ਦੇ ਗੁਆਈਆ। ਜਨ ਭਗਤਾਂ ਆਪਣੇ ਮਿਲਣ ਦੀ ਖੋਲ੍ਹ ਅੱਖ, ਨਿਜ ਨੇਤਰ ਜੋੜ ਜੁੜਾਈਆ। ਵਸਤ ਅਮੋਲਕ ਦੇ ਕੇ ਸਚ, ਸੰਜਮ ਇਕੋ ਦੇਣਾ ਸਮਝਾਈਆ। ਭਾਗ ਲਗਾ ਦੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਮਿਲੇ ਵਡਿਆਈਆ। ਮਨੂਆ ਮਨ ਨਾ ਸਕੇ ਨੱਚ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸਿਰ ਸਭ ਦੇ ਰਖਣਾ ਹੱਥ, ਪੁਸ਼ਤ ਪਨਾਹ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਧਰਮ ਦੇ ਵਥ, ਕੂੜੀ ਕਿਰਿਆ ਬਾਹਰ ਕਢਾਈਆ। ਸਤਿਜੁਗ ਕਹੇ ਮੇਰੇ ਭਗਤ ਵਛਲ ਗਿਰਧਾਰ, ਗਹਿਰ

❋

❋

ਗੰਭੀਰ ਤੇਰੀ ਬੇਪ੍ਰਵਾਹੀਆ। ਚਰਨ ਝੁਕਣ ਤੇਈ ਅਵਤਾਰ, ਪੈਗ਼ੰਬਰ ਬੈਠੇ ਸੀਸ ਨਿਵਾਈਆ। ਨਿਮਸਕਾਰ ਕਰੇ ਗੁਰੂ ਗੁਰ ਧਾਰ, ਨੇਤਰ ਅੱਖ ਨਾ ਕੋਇ ਉਠਾਈਆ। ਤੇਰਾ ਹੁਕਮ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਨਾ ਕੋਈ ਮੇਟੇ ਮੇਟ ਮਿਟਾਈਆ। ਨਵ ਨੌ ਚਾਰ ਬੀਤੇ ਸੰਸਾਰ, ਜੁਗ ਚੌਕੜੀ ਆਪਣਾ ਪੰਧ ਮੁਕਾਈਆ। ਕਲਜੁਗ ਅੰਤ ਵੇਖ ਧੂੰਆਂਧਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਸਤਿ ਰਿਹਾ ਨਾ ਕੋਇ ਉਜਿਆਰ, ਕੂੜ ਕੁੜਿਆਰ ਨਾ ਕੋਇ ਮਿਟਾਈਆ। ਸ੍ਰਿਸ਼ਟੀ ਦਿਸ਼ਟੀ ਅੰਦਰ ਹਾਹਾਕਾਰ, ਇਸ਼ਟੀ ਬੈਠੇ ਮੁਖ ਭਵਾਈਆ। ਖੇਲ ਵੇਖ ਅਗੰਮ ਅਪਾਰ, ਅਲਖ ਅਗੋਚਰ ਦਇਆ ਕਮਾਈਆ। ਚਾਰ ਵਰਨ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਸਾਚੇ ਭਗਤਾਂ ਦੇ ਦੀਦਾਰ, ਨੂਰ ਜ਼ਹੂਰ ਕਰ ਰੁਸ਼ਨਾਈਆ। ਮੈਂ ਮੰਗਤਾ ਤੇਰੇ ਦਰਬਾਰ, ਦਰ ਠਾਂਡੇ ਸੀਸ ਨਿਵਾਈਆ। ਸਤਿਜੁਗ ਉਚੀ ਕੂਕ ਕਰੇ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਝੁਲਦਾ ਵੇਖਾਂ ਇਕ ਨਿਸ਼ਾਨ, ਜਿਸ ਨੂੰ ਡੰਡਾਵਤ ਕਰੇ ਦੋ ਜਹਾਨ, ਸੱਯਦਿਆਂ ਵਿਚ ਸਿਰ ਸਰ ਨਾ ਕੋਇ ਉਠਾਈਆ।

੨੯ ਜੇਠ ਸ਼ਹਿਨਸ਼ਹੀ ਸੰਮਤ ੪ ਜਸਵੰਤ ਸਿੰਘ ਦੇ ਗ੍ਰਹਿ ਕਰਤਾਰ ਪੁਰ ਜ਼ਿਲਾ ਜਲੰਧਰ

ਸਤਿਜੁਗ ਕਹੇ ਪ੍ਰਭ ਕੂੜੀ ਕਿਰਿਆ ਬਦਲ ਦੇ ਸਿੱਕਾ, ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਆਪਣਾ ਨਾਮ ਪ੍ਰਗਟਾਈਆ। ਪੁਰਖ ਅਕਾਲ ਦੀਨ ਦਿਆਲ ਨਜ਼ਰ ਆ ਸਭ ਨੂੰ ਪਿਤਾ, ਪਤਿਪਰਮੇਸ਼ਵਰ ਬੇਪ੍ਰਵਾਹ ਆਪਣਾ ਪੜਦਾ ਦੇ ਉਠਾਈਆ। ਏਕਾ ਰੰਗ ਰੰਗਾ ਵੱਡਾ ਨਿੱਕਾ, ਊਚ ਨੀਚ ਰਾਓ ਰੰਕ ਝਗੜਾ ਦੇਣਾ ਮੁਕਾਈਆ। ਆਤਮ ਪਿਆਰ ਬ੍ਰਹਮ ਧਾਰ ਕਰ ਹਿੱਤਾ, ਸਚ ਸਵਾਮੀ ਆਪਣਾ ਰੰਗ ਰੰਗਾਈਆ। ਜੁਗ ਚੌਕੜੀ ਨਿਤ ਨਵਿਤ ਤੇਰਾ ਲੇਖ ਲਿਖਾ, ਮਹਿੰਮਾ ਵਿਚ ਸਿਫ਼ਤ ਸਾਲਾਹੀਆ। ਚਾਰ ਜੁਗ ਦੇ ਸ਼ਾਸਤਰ ਤੇਰਾ ਸਿਫ਼ਤ ਸਾਲਾਹੀ ਚਿੱਠਾ, ਜੁਗ ਚੌਕੜੀ ਦੇਣ ਗਵਾਹੀਆ। ਗੁਰ ਅਵਤਾਰ ਪੈਗ਼ੰਬਰ ਤੇਰਾ ਭਾਣਾ ਮੰਨਿਆ ਮਿੱਠਾ, ਸੀਸ ਜਗਦੀਸ਼ ਸਕਿਆ ਨਾ ਕੋਇ ਉਠਾਈਆ। ਤੇਰਾ ਹੁਕਮ ਸਦਾ ਨਿਤ ਨਵਿਤਾ, ਨਰ ਨਿਰੰਕਾਰ ਵਜਦੀ ਰਹੇ ਵਧਾਈਆ। ਕਲਜੁਗ ਅੰਤਮ ਵੇਖ ਰਸ ਸਭ ਦਾ ਹੋਇਆ ਫਿੱਕਾ, ਫਲ ਫੁੱਲ ਦੇਣ ਦੁਹਾਈਆ। ਜਗਤ ਵਿਕਾਰ ਵਧਿਆ ਵਿਸ਼ਾ, ਵਿਸ਼ਨ ਬ੍ਰਹਮਾ ਸ਼ਿਵ ਹੋਏ ਨਾ ਕੋਇ ਸਹਾਈਆ। ਮੈਂ ਤੱਕਿਆ ਚਾਰ ਕੁੰਟ ਦਹਿ ਦਿਸ਼ਾ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਆਤਮ ਸੇਜ ਸਿੰਘਾਸਣ ਕੋਈ ਨਾ ਵਿਛਾ, ਵਿਸ਼ਿਆਂ ਭਰੀ ਦਿਸੀ ਲੋਕਾਈਆ। ਮੇਰੀ ਅੰਦਰੋਂ ਬਦਲ ਗਈ ਇੱਛਾ, ਸਤਿਜੁਗ ਕਹੇ ਨਿਰਇੱਛਤ ਹੋ ਕੇ ਦਿਆਂ ਦੁਹਾਈਆ। ਤੇਰਾ ਲੇਖ ਅਗੰਮੀ ਕਿਸੇ ਨਾ ਲਿਖਾ, ਸ਼ਾਹੀ ਕ਼ਲਮ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੇ ਨਾਮ ਦੀ ਵਜਦੀ ਰਹੇ ਵਧਾਈਆ। ਸਤਿਜੁਗ ਕਹੇ ਪ੍ਰਭ ਸਭ ਦਾ ਅੰਤਰ ਕਰ ਦੇ ਸ਼ੁੱਧ, ਸੁਦੀ ਵਦੀ ਦੀ ਲੋੜ ਰਹੇ ਨਾ ਰਾਈਆ। ਬਿਨ ਜਲ ਪਾਣੀ ਪਵਿਤ੍ਰ ਕਰ ਦੇ ਬੁੱਧ, ਬਿਬੇਕ ਏਕ ਆਪਣੀ ਧਾਰ ਸਮਝਾਈਆ। ਸਚ ਦਵਾਰ ਏਕੰਕਾਰ ਤੇਰਾ ਜਾਵੇ ਸੁੱਝ, ਦੂਜਾ ਗ੍ਰਹਿ ਮੰਦਰ ਨਜ਼ਰ ਕੋਇ ਨਾ ਆਈਆ। ਪੜਦਾ ਉਹਲਾ ਰਹੇ ਕੋਈ ਨਾ ਲੁਕ, ਆਤਮ ਪਰਮਾਤਮ ਮਿਲ

❋

❋

ਕੇ ਵੱਜੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਤੈਨੂੰ ਰਹੇ ਝੁਕ, ਚਾਰ ਜੁਗ ਡੰਡਾਵਤ ਬੰਦਨਾ ਸੱਯਦਿਆਂ ਵਿਚ ਸੀਸ ਨਿਵਾਈਆ। ਜਨ ਭਗਤ ਸੁਹੇਲੇ ਤੇਰੇ ਸੁਤ, ਸਤਿ ਧਰਮ ਦਾ ਮਾਰਗ ਦੇਣਾ ਸਮਝਾਈਆ। ਨਿਰਗੁਣ ਧਾਰੋਂ ਨਿਰਵੈਰ ਨਿਰਾਕਾਰ ਨਿਰੰਕਾਰ ਹੋ ਕੇ ਉਠ, ਸਤਿ ਪੁਰਖ ਨਿਰੰਜਣ ਆਪਣੀ ਲੈ ਅੰਗੜਾਈਆ। ਕਲਜੁਗ ਕੂੜੀ ਕਿਰਿਆ ਜੜ੍ਹ ਦੇ ਪੁੱਟ, ਪਟਨੇਵਾਲਾ ਸਭ ਦੀ ਕਰੇ ਸਫ਼ਾਈਆ। ਦੀਨ ਦੁਨੀ ਅੰਦਰ ਰਹਿਣ ਨਾ ਦੇਵੇ ਕੋਈ ਫੁੱਟ, ਅੰਮ੍ਰਿਤ ਰਸ ਚਾਰ ਵਰਨ ਅਨਰਸ ਰਸ ਵਿਚ ਚਖਾਈਆ। ਜਨਮ ਮਰਨ ਦਾ ਰਹੇ ਕੋਈ ਨਾ ਦੁੱਖ, ਦੀਨਾਂ ਅਨਾਥਾਂ ਦਰਦ ਲਏ ਵੰਡਾਈਆ। ਸਫ਼ਲ ਕਰਾਏ ਮਾਤਲੋਕ ਜਨਣੀ ਕੁੱਖ, ਸਾਹਿਬ ਸਮਰਥ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਵਾਰੇ ਵੱਜੇ ਵਧਾਈਆ। ਸਤਿਜੁਗ ਕਹੇ ਪ੍ਰਭ ਖੋਲ੍ਹ ਦੇ ਆਪਣੀ ਖਿੜਕੀ, ਖਟਕਾ ਅਵਰ ਰਹੇ ਨਾ ਰਾਈਆ। ਜਨ ਭਗਤ ਅੰਤਰ ਵੇਖ ਬਿਰਤੀ, ਬਿਰਹੋਂ ਵੈਰਾਗ ਵਿਚ ਕੁਰਲਾਈਆ। ਧਾਰ ਬਖ਼ਸ਼ ਦੇ ਸੁਰਤੀ ਨਿਰਤੀ, ਨਿਜ ਲੋਚਨ ਲੋਇਣ ਕਰ ਰੁਸ਼ਨਾਈਆ। ਖੇਲ ਦੱਸ ਅਗੰਮੀ ਸਤਿਗੁਰ ਦੀ, ਜੋ ਸਤਿ ਸਤਿਵਾਦੀ ਹੋ ਕੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਸਤਿਜੁਗ ਕਹੇ ਪ੍ਰਭ ਮੈਨੂੰ ਲਾ ਦੇ ਉਤੇ ਧਰਤੀ, ਧਰਨੀ ਧਵਲ ਧੌਲ ਦਿਆਂ ਵਡਿਆਈਆ। ਝਗੜਾ ਮੁਕਾ ਕੇ ਗਰਮੀ ਸਰਦੀ, ਸਾਜ਼ਸ਼ ਕੂੜੀ ਅੰਦਰੋਂ ਦਿਆਂ ਕਢਾਈਆ। ਰਮਜ਼ ਲਾ ਕੇ ਆਪਣੇ ਘਰ ਦੀ, ਸਚ ਘਰਾਨਾ ਦਿਆਂ ਵਖਾਈਆ। ਜਿਥੇ ਆਤਮ ਕਦੇ ਨਾ ਮਰਦੀ, ਨਿਰਗੁਣ ਜੋਤ ਜੋਤ ਵਿਚ ਸਮਾਈਆ। ਤੂੰ ਮੇਰਾ ਮੈਂ ਤੇਰਾ ਆਦਿ ਜੁਗਾਦਿ ਜੁਗ ਚੌਕੜੀ ਢੋਲਾ ਪੜ੍ਹਦੀ, ਸਿਫ਼ਤਾਂ ਵਿਚ ਸਿਫ਼ਤ ਵਡਿਆਈਆ। ਕਲਜੁਗ ਕੂੜੀ ਕਿਰਿਆ ਮੇਟ ਕਲ ਦੀ, ਕਲਮੇ ਵਾਲੇ ਦੇਣੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਖੇਲ ਸਦਾ ਅਛਲ ਅਛੱਲ ਦੀ, ਵਲ ਛਲ ਅੰਦਰ ਝਗੜਾ ਕਾਇਆ ਮੰਦਰ ਦੇਣਾ ਮੁਕਾਈਆ।

੩੦ ਜੇਠ ਸ਼ਹਿਨਸ਼ਾਹੀ ਸੰਮਤ ੪ ਬੰਨਾ ਸਿੰਘ ਦੇ ਗ੍ਰਹਿ ਕਰਤਾਰ ਪੁਰ ਜ਼ਿਲਾ ਜਲੰਧਰ

ਸਤਿ ਕਹੇ ਮੈਂ ਧਰਨੀ ਧਰਤ ਧਵਲ ਆਵਾਂ, ਆਮਦ ਵਿਚ ਖ਼ੁਸ਼ਾਮਦ ਤੇਰੀ ਸੇਵ ਕਮਾਈਆ। ਇਕੋ ਨਾਮ ਅਗੰਮੀ ਢੋਲਾ ਗਾਵਾਂ, ਲੱਖ ਚੁਰਾਸੀ ਕਰਾਂ ਸਫ਼ਾਈਆ। ਤੇਰਾ ਇਸ਼ਟ ਇਕ ਮਨਾਵਾਂ, ਦ੍ਰਿਸ਼ਟ ਅੰਦਰ ਦੇਣੀ ਖੁਲ੍ਹਾਈਆ। ਕੰਤ ਕੰਤੂਹਲ ਤੈਨੂੰ ਰਾਵਾਂ, ਰਹਿਬਰ ਹੋ ਕੇ ਵੱਜੇ ਵਧਾਈਆ। ਤੇਰਾ ਨਾਉਂ ਅਗੰਮੀ ਜਣਾਵਾਂ, ਸਿਫ਼ਤ ਦੀ ਲੋੜ ਰਹੇ ਨਾ ਰਾਈਆ। ਜਨ ਭਗਤ ਰਹੇ ਨਾ ਕੋਇ ਨਿਥਾਵਾਂ, ਤੇਰੀ ਗੋਦੀ ਦਿਆਂ ਟਿਕਾਈਆ। ਤੂੰ ਕਰੇਂ ਪਿਆਰ ਜਿਉਂ ਪੁਤਰਾਂ ਮਾਵਾਂ, ਮਾਤ ਪਿਤ ਆਪ ਅਖਵਾਈਆ । ਮੇਰਾ ਸਤਿ ਧਰਮ ਦਾ ਸਾਚਾ ਦਾਅਵਾ, ਦਾਅਵੇਦਾਰ ਅਖਵਾਈਆ। ਮੈਂ ਨਾਤਾ ਜੋੜਾਂ ਮਾਨਵ ਮਾਨਵ ਚਾਰ ਵਿਛੜੇ ਭਰਾਵਾਂ, ਭਾਂਡਾ ਭਰਮ ਭਰਮ ਭੰਨਾਈਆ। ਮੈਂ ਗੋਬਿੰਦ ਦਾ ਤੇਰੇ ਕੋਲੋਂ ਪੂਰ ਕਰਾਵਾਂ ਜੋ ਪਿਛਲਾ ਦਿਸੇ ਬੇਦਾਵਾ, ਵੇਦੀ ਸੋਢੀ ਜਿਸ ਦੀ ਦੇਣ ਗਵਾਹੀਆ। ਚਾਰ ਕੁੰਟ ਦਹਿ ਦਿਸ਼ਾ ਤੈਨੂੰ ਕਹਿਣ ਵਾਹਵਾ, ਵਾਹਦ ਇਕੋ ਨਜ਼ਰੀ ਆਈਆ।

❋

❋

ਹੰਸ ਬੁੱਧੀ ਰਹੇ ਨਾ ਕੋਇ ਵਾਂਗ ਕਾਵਾਂ, ਜੂਠ ਝੂਠ ਨਾ ਮੁਖ ਲਗਾਈਆ। ਕਰਾਂ ਪ੍ਰਕਾਸ਼ ਕਾਇਆ ਨਗਰ ਖੇੜਾ ਗਰਾਵਾਂ, ਗ੍ਰਹਿ ਗ੍ਰਹਿ ਆਪਣਾ ਰੰਗ ਰੰਗਾਈਆ। ਪੰਧ ਮੁਕੇ ਜਗਤ ਵਹਿਣ ਦਰਿਆਵਾਂ, ਦਰ ਕਿਨਾਰਾ ਇਕੋ ਦਿਆਂ ਦ੍ਰਿੜਾਈਆ। ਸਾਚੇ ਭਗਤਾਂ ਸਿਰ ਰੱਖਾਂ ਠੰਡੀਆਂ ਛਾਵਾਂ, ਅਗਨੀ ਤਤ ਨਾ ਕੋਇ ਬੁਝਾਈਆ। ਤਤ ਕ੍ਰਿਸ਼ਨ ਜੋ ਪਾਲੀ ਅਖਵਾਏ ਗਾਵਾਂ, ਗਹਿਰ ਗੰਭੀਰ ਗਊ ਗ਼ਰੀਬ ਦਿਆਂ ਵਡਿਆਈਆ। ਚਾਰ ਜੁਗ ਦਾ ਸਮਾਜ ਬਦਲ ਕੇ ਆਤਮ ਪਰਮਾਤਮ ਸਾਂਝੀਆਂ ਕਰਾਂ ਲਾਵਾਂ, ਲਾਸ਼ਰੀਕ ਤੇਰਾ ਜੋੜ ਜੁੜਾਈਆ। ਤੇਰਾ ਨਾਉਂ ਨਿਰੰਕਾਰ ਸੁਣਾਵਾਂ ਨਾਲ ਚਾਵਾਂ, ਚਾਓ ਘਨੇਰਾ ਮੈਨੂੰ ਨਜ਼ਰੀ ਆਈਆ। ਜੁਗ ਜਨਮ ਦੇ ਵਿਛੜੇ ਸੰਤ ਸੁਹੇਲੇ ਗੁਰਮੁਖ ਮਿਲਾਵਾਂ, ਮਿਲਣੀ ਹਰਿ ਜਗਦੀਸ਼ ਕਰਾਈਆ। ਮੈਨੂੰ ਯਾਦ ਆਵੇ ਕੀ ਕੌਲ ਕੀਤਾ ਰਾਮ ਭਰਤ ਆਸ਼ਾ ਰੱਖ ਕੇ ਜਗਤ ਖੜਾਵਾਂ, ਖ਼ੈਰ ਤੇਰੀ ਓਟ ਤਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਇਕੋ ਤੇਰਾ ਨਾਮ ਪੜ੍ਹਾਵਾਂ, ਵਿਦਿਆਲਾ ਸਾਢੇ ਤਿੰਨ ਹੱਥ ਸੋਭਾ ਪਾਈਆ। ਮੰਜ਼ਲ ਅਗੰਮੀ ਤੇਰੀ ਚਰਨ ਕਵਲ ਚੜ੍ਹਾਵਾਂ, ਜਿਥੇ ਚੜ੍ਹਦਾ ਲਹਿੰਦਾ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਰਖਣੀਆਂ ਪੈਣ ਨਾ ਕੋਇ ਜਟਾਵਾਂ, ਜਟਾ ਜੂਟਾਂ ਤੋਂ ਮੰਜ਼ਲ ਅੱਗੇ ਦਿਆਂ ਵਖਾਈਆ। ਸਾਚਾ ਸਮਾਜ ਇਕ ਬਣਾਵਾਂ, ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਸਾਚਾ ਰਾਹ ਤੇਰੇ ਮਿਲਣ ਦਾ ਸਚ ਚਲਾਵਾਂ, ਜਗ ਚਲਦੀ ਦਿਸੇ ਲੋਕਾਈਆ। ਗੁਰਮੁਖ ਦੀਆਂ ਅੰਦਰ ਵੇਖ ਇਛਾਵਾਂ, ਇੱਛਿਆ ਸਭ ਦੀ ਪੂਰ ਕਰਾਈਆ। ਕਲਜੁਗ ਕੂੜੀ ਕਿਰਿਆ ਅਗਨੀ ਜਲਾਵਾਂ, ਜਲ ਥਲ ਮਹੀਅਲ ਖੋਜ ਖੁਜਾਈਆ। ਸਤਿਜੁਗ ਕਹੇ ਮੈਂ ਸਤਿ ਧਰਮ ਦਾ ਸੁਤ ਅਖਵਾਵਾਂ, ਸਤਿ ਸਤਿ ਨਾਲ ਵਡਿਆਈਆ। ਸਚ ਸੁਚ ਤੇਰੇ ਚਰਨਾਂ ਵਿਚੋਂ ਲਿਆਵਾਂ, ਲੋਕਮਾਤ ਦਿਆਂ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਕਿਰਪਾ ਨਾਲ ਦੀਨ ਦੁਨੀ ਦਾ ਬਦਲ ਦੇਵਾਂ ਨਾਵਾਂ, ਨਾਮ ਨਿਧਾਨ ਇਕੋ ਇਕ ਜਣਾਈਆ।

੩੦ ਜੇਠ ਸ਼ਹਿਨਸ਼ਾਹੀ ਸੰਮਤ ੪ ਕਰਤਾਰ ਪੁਰ ਜ਼ਿਲਾ ਜਲੰਧਰ

ਸਤਿਜੁਗ ਕਹੇ ਪ੍ਰਭ ਤੇਰਾ ਖੇਲ ਸਦਾ ਚਹੁੰ ਜੁਗੀ, ਜੁਗ ਜੁਗ ਵੇਸ ਵਟਾਈਆ। ਕਲਜੁਗ ਅੰਤਮ ਔਧ ਰਹੀ ਪੁੱਗੀ, ਪੈਂਡਾ ਪੰਧ ਆਪ ਅੰਤ ਕਰਾਈਆ। ਸਤਿ ਸਚ ਦਵਾਰ ਵਸਾ ਝੁੱਗੀ, ਝਗੜਾ ਮੰਦਰ ਮਸਜਿਦ ਦੇ ਮਿਟਾਈਆ। ਮਾਨਵ ਨਿਰਮਲ ਕਰ ਬੁੱਧੀ, ਬਿਬੇਕ ਏਕ ਸਮਝਾਈਆ। ਤੇਰੇ ਨਾਮ ਦੀ ਰਮਜ਼ ਰਹੇ ਨਾ ਗੁੱਝੀ, ਭੇਵ ਅਭੇਦ ਦੇ ਖੁਲ੍ਹਾਈਆ। ਆਪਣੀ ਧਾਰ ਨਿਰੰਕਾਰ ਕਰ ਉਘੀ, ਉਘਣ ਆਥਣ ਵੱਜੇ ਵਧਾਈਆ। ਕਲਜੁਗ ਸ੍ਰਿਸ਼ਟੀ ਵਹਿਣ ਵਿਚ ਡੁੱਬੀ, ਫੜ ਬਾਹੋਂ ਬਾਹਰ ਕਢਾਈਆ। ਜਨ ਭਗਤ ਆਤਮ ਰੋਵੇ ਭੁੱਬੀਂ, ਸਾਚਾ ਮੇਲਾ ਲੈਣਾ ਮਿਲਾਈਆ। ਹੰਕਾਰ ਵਿਕਾਰ ਮੇਟ ਕੇ ਖ਼ੁਦੀ, ਖ਼ੁਦ ਆਪਣਾ ਪਰਦਾ ਲਾਹੀਆ। ਧਾਰ ਰਹੇ ਕੋਈ ਨਾ ਦੂਜੀ, ਦੂਆ ਏਕੇ ਵਿਚ ਸਮਾਈਆ। ਤੇਰੀ ਮੰਜ਼ਲ ਮਹਿਬੂਬ ਕਦੇ ਨਾ ਮੁਕੀ, ਚੜ੍ਹ ਚੜ੍ਹ ਥੱਕੇ ਪਾਂਧੀ ਰਾਹੀਆ। ਤੇਰੀ ਦਰਗਾਹ ਅਗੰਮ ਅਥਾਹ ਉਚੀ, ਊਚੋ ਊਚ ਤੇਰੀ ਸਰਨਾਈਆ। ਸਤਿਜੁਗ ਕਹੇ ਪ੍ਰਭ ਸੰਤ ਸੁਹੇਲੇ ਬਣਾ ਆਪਣੇ ਮੁੱਖੀ, ਮੁਖ ਅੰਤਮ ਦੇ ਵਡਿਆਈਆ। ਜਗਤ ਰਹੇ ਕੋਈ ਨਾ ਦੁਖੀ, ਦੁਖੀਆਂ ਦਰਦ ਗਵਾਈਆ। ਅੰਤ ਅਖ਼ੀਰ

❋

❋

ਬੇਨਜ਼ੀਰ ਤੇਰੇ ਵਿਚ ਲੱਗੇ ਸਭ ਦੀ ਰੁਚੀ, ਵਾਸਨਾ ਕੂੜੀ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰਸਿਖ ਹਰਿਜਨ ਸਾਚੇ ਆਪ ਪੁਛੀਂ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ।