੧੪ ਕੱਤਕ ਸ਼ਹਿਨਸ਼ਾਹੀ ਸੰਮਤ ੪ ਸ਼ਬਦ ਸਿੰਘਾਸਣ ਹਰਿ ਭਗਤ ਦਵਾਰ ਧੀਰਪੁਰ ਦਿੱਲੀ-੯
ਕ਼ਦਮ ਬਿਨਾ ਕ਼ਦਮ ਨਾ ਜਾਏ ਚੁੱਕਿਆ, ਚਾਰ ਕੁੰਟ ਦਹਿ ਦਿਸ਼ਾ ਕ਼ਦਮਾਂ ਹੇਠ ਰਖਾਈਆ। ਬਿਨਾ ਜਗ ਨੇਤਰ ਪੈਂਡਾ ਜਾਏ ਮੁੱਕਿਆ, ਮੰਜ਼ਲ ਬਾਮੰਜ਼ਲ ਪੰਧ ਮੁਕਾਈਆ। ਘਰ ਸਵਾਮੀ ਮਿਲੇ ਲੁਕਿਆ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਬਸੰਤ ਸੁਹਾਏ ਅਗੰਮੀ ਰੁੱਤਿਆ, ਪੱਤ ਡਾਲੀ ਫਲ ਫੁੱਲ ਆਪ ਮਹਿਕਾਈਆ। ਪਰਮਾਤਮ ਆਤਮ ਉਠਾਏ ਸੁੱਤਿਆ, ਆਲਸ ਨਿੰਦਰਾ ਦੂਰ ਕਰਾਈਆ। ਜਨਮ ਜਨਮ ਗਵਾਏ ਗ਼ੁੱਸਿਆ, ਖ਼ੁਸ਼ੀ ਗ਼ਮੀ ਵਿਚੋਂ ਗਵਾਈਆ। ਸ਼ਬਦੀ ਧਾਰ ਰਹਿਣ ਨਾ ਦੇਵੇ ਰੁੱਸਿਆ, ਕਰ ਕਿਰਪਾ ਜੋੜ ਜੁੜਾਈਆ। ਜਿਨ੍ਹਾਂ ਨੂੰ ਸਾਹਿਬ ਸਤਿਗੁਰ ਆ ਕੇ ਪੁਛਿਆ, ਲੋਕਮਾਤ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਸਤਿਗੁਰ ਚਰਨ ਕ਼ਦਮ ਝੁਕਣਾ ਬੜਾ ਸੌਖਾ, ਭੱਜਣਾ ਪਏ ਨਾ ਵਾਹੋ ਦਾਹੀਆ। ਪੜ੍ਹਨਾ ਪਏ ਕੋਈ ਨਾ ਪੋਥਾ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਕਰੇ ਪੜ੍ਹਾਈਆ। ਰੱਖਣਾ ਪਏ ਕੋਈ ਨਾ ਰੋਜ਼ਾ, ਨਿਮਾਜ਼ਾਂ ਵਿਚ ਸੀਸ ਨਾ ਕੋਇ ਝੁਕਾਈਆ। ਭਾਗ ਲਗਾ ਕੇ ਕਾਇਆ ਮਾਟੀ ਗੋਸ਼ਾ, ਕੋਨਾ ਕੋਨਾ ਖੋਜ ਖੁਜਾਈਆ। ਸਹੀ ਤੁਆਮ ਦਾ ਦੇ ਕੇ ਤੋਸਾ, ਜਗਤ ਰਸਨਾ ਲੇਖ ਮੁਕਾਈਆ। ਪੂਰਬ ਜਨਮ ਦਾ ਮੇਟ ਕੇ ਰੋਸਾ, ਰਸੀਆ ਹੋ ਕੇ ਅੱਖ ਖੁਲ੍ਹਾਈਆ। ਦੁੱਖ ਸਹੇ ਨਾ ਕੋਇ ਬੇਦੋਸ਼ਾ, ਦੋਸ਼ੀਆਂ ਲਏ ਉਠਾਈਆ। ਸੁਨ ਸਮਾਧੀ ਵਿਚ ਨਾ ਰਹੇ ਖ਼ਾਮੋਸ਼ਾ, ਸ਼ਬਦ ਅਨਾਦ ਕਰੇ ਸ਼ਨਵਾਈਆ। ਬੁੱਧੀ ਦੀ ਰਹਿਣ ਨਾ ਦੇਵੇ ਸੋਚਾ, ਬੋਧ ਅਗਾਧ ਕਰੇ ਪੜ੍ਹਾਈਆ। ਨਿਜ ਨੇਤਰ ਖੋਲ੍ਹ ਪੂਰੀ ਕਰੇ ਲੋਚਾ, ਲੋਇਣ ਆਪਣਾ ਨੂਰ ਚਮਕਾਈਆ। ਮਾਨਸ ਜਨਮ ਵਿਚ ਦੇਵੇ ਮੌਕਾ, ਮੁਕੰਮਲ ਆਪਣਾ ਰੰਗ ਰੰਗਾਈਆ। ਜੀਵਣ ਨਈਆ ਚਲਾਏ ਨੌਕਾ, ਨੌ ਦਵਾਰੇ ਜਗਤ ਦਰਿਆ ਪਾਰ ਕਰਾਈਆ। ਵਿਛੋੜੇ ਵਿਚ ਭਰੇ ਨਾ ਹੌਕਾ, ਹੰ ਬ੍ਰਹਮ ਪੜਦਾ ਦਏ ਉਠਾਈਆ। ਮੁਹੱਬਤ ਵਿਚ ਕਰੇ ਕੋਈ ਨਾ ਧੋਖਾ, ਧਰਮ ਦੀ ਧਾਰ ਇਕ ਜਣਾਈਆ। ਸਚ ਦਵਾਰ ਦੀ ਬਖ਼ਸ਼ ਕੇ ਓਟਾ, ਓੜਕ ਇਕੋ ਘਰ ਸਮਝਾਈਆ। ਨਾਮ ਨਿਧਾਨ ਲਗਾ ਕੇ ਚੋਟਾ, ਚੋਟੀ ਚੜ੍ਹਕੇ ਵੇਖ ਵਖਾਈਆ। ਮਨ ਕਲਪਣਾ ਵਿਚ ਰਹਿਣ ਨਾ ਦੇਵੇ ਖੋਟਾ, ਖੋਟੇ ਖਰੇ ਰੂਪ ਬਦਲਾਈਆ। ਕਰ ਪਰਕਾਸ਼ ਨਿਰਮਲ ਜੋਤਾ, ਅੰਧ ਅੰਧੇਰਾ ਦਏ ਗਵਾਈਆ। ਚੌਦਾਂ ਲੋਕ ਚੌਦਾਂ ਤਬਕ ਸੁਣਾਏ ਹੋਕਾ, ਹੁਕਮ ਇਕੋ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਸਤਿਗੁਰ ਦਵਾਰ ਕਦਮ ਪਏ ਨਾ ਚੁੱਕਣਾ, ਰਸਤਾ ਬੰਦ ਨਾ ਕੋਇ ਵਡਿਆਈਆ। ਦਰਸ਼ਨ ਕੀਤਿਆਂ ਪੈਂਡਾ ਮੁਕਣਾ, ਆਵਣ ਜਾਵਣ ਚੁਰਾਸੀ ਤੁੱਟੇ ਫਾਹੀਆ। ਪੂਜਾ ਪਾਠ ਦੀ ਸੁਖਣੀ ਪਏ ਨਾ ਸੁੱਖਣਾ, ਮੰਦਰ ਮਸਜਿਦ ਸ਼ਿਵਦਵਾਲੇ ਮਠ ਵੰਡ ਨਾ ਕੋਇ ਵੰਡਾਈਆ। ਤੀਰਥ ਤੱਟਾਂ ਉਪਰ ਪਏ ਨਾ ਧੁੱਪਣਾ, ਦੁਰਮਤ ਮੈਲ ਦਏ ਧੁਆਈਆ। ਈੜਾ ਪਿੰਗਲ ਸੁਖਮਨ ਪਏ ਨਾ ਵੇਖਣਾ, ਤ੍ਰਬੈਣੀ ਨੈਣੀ ਆਪੇ ਪਾਰ ਕਰਾਈਆ। ਕਿਸੇ ਦਵਾਰੇ ਸਿਰ ਪਏ ਨਾ ਸੁੱਟਣਾ, ਬਖ਼ਸ਼ਣਹਾਰ ਆਪ ਵਡਿਆਈਆ। ਕਰਮ ਕਾਂਡ ਦਾ ਸਹਿਣਾ ਪਏ ਨਾ ਦੁਖਣਾ, ਦਰਦੀ ਹੋ ਕੇ ਦਰਦੀਆਂ ਦਰਦ ਵੰਡਾਈਆ। ਮਾਤ ਗਰਭ ਉਲਟਾ ਹੋਣਾ ਪਏ ਨਾ ਰੁੱਖਣਾ, ਦਸ ਦਸ ਮਾਸ ਨਾ ਕੋਇ ਤਪਾਈਆ। ਸਾਹਿਬ ਸਤਿਗੁਰ ਸ਼ਬਦੀ ਧਾਰ ਕਹੇ ਮੇਰੇ ਪੁੱਤਣਾ, ਪਿਤਾ ਪੂਤ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਾਚਾ ਕ਼ਦਮ ਜਨ ਭਗਤਾਂ ਉਠੇ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਨ੍ਹਾਂ ਉਤੇ ਸਾਹਿਬ ਸਤਿਗੁਰ ਪੁਰਖ ਅਕਾਲਾ ਤੁੱਠੇ, ਦੀਨ ਦੁਨੀ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਵੇਖ ਵਖਾਈਆ। ਨਾਮ ਨਿਧਾਨ ਸ੍ਰੀ ਭਗਵਾਨ ਗਾਨਾ ਬੰਨ੍ਹੇ ਤੇਰੇ ਗੁੱਟੇ, ਆਤਮ ਪਰਮਾਤਮ ਧੁਰ ਦਾ ਸ਼ਗਨ ਮਨਾਈਆ। ਨਿਝਰ ਧਾਰੋਂ ਨਿਰਵੈਰ ਹੋ ਕੇ ਉਠੇ, ਨਿਰਾਕਾਰ ਨਿਰੰਕਾਰ ਕਰ ਰੁਸ਼ਨਾਈਆ। ਸੰਤ ਸੁਹੇਲੇ ਜਗਾਏ ਸੁੱਤੇ, ਸੋਵਤ ਜਾਗਤ ਆਪਣਾ ਰੰਗ ਰੰਗਾਈਆ। ਭਾਗ ਲਗਾਏ ਕਾਇਆ ਮਾਟੀ ਪੰਜ ਤੱਤ ਬੁਤੇ, ਬੁਤਖ਼ਾਨਾ ਦਏ ਸੁਹਾਈਆ। ਮਾਲਕ ਹੋ ਕੇ ਕਦੇ ਨਾ ਲੁਕੇ, ਪੜਦਾ ਉਹਲਾ ਦਏ ਚੁਕਾਈਆ। ਜੋ ਸਿਰ ਸਰ ਸਤਿਗੁਰ ਪੂਰੇ ਝੁਕੇ, ਹਿਰਦੇ ਅੰਤਰ ਨਿਰੰਤਰ ਸੀਸ ਝੁਕਾਈਆ। ਉਹਦਾ ਆਵਣ ਜਾਵਣ ਪੈਂਡਾ ਮੁੱਕੇ, ਮੁਕੰਮਲ ਸਤਿਗੁਰ ਦੇਵੇ ਇਕ ਸਰਨਾਈਆ। ਆਉਣਾ ਪਏ ਨਾ ਜਨਣੀ ਕੁੱਖੇ, ਨੌ ਅਠਾਰਾਂ ਨਾ ਵੰਡ ਵੰਡਾਈਆ। ਕਲਪਣਾ ਵਿਚ ਨਾ ਕੋਇ ਦੁਖੇ, ਸੁਖ ਸਾਗਰ ਰੂਪ ਸਮਝਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਹੋ ਕੇ ਵੇਖੇ, ਪ੍ਰੀਤੀ ਵਿਚ ਆਪਣਾ ਜੋੜ ਜੁੜਾਈਆ। ਸਾਚੀ ਮੰਜ਼ਲ ਕ਼ਦਮ ਕਦੇ ਨਾ ਰੁਕੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰ ਸੱਚੀ ਵਡਿਆਈਆ। ਕ਼ਦਮ ਚੁੱਕਣ ਉਤੇ ਲਾਉਣਾ ਪਏ ਨਾ ਜ਼ੋਰ, ਜੋਰੂ ਜ਼ਰ ਨਾ ਕੋਇ ਵਡਿਆਈਆ। ਜਿਸ ਵੇਲੇ ਸਾਹਿਬ ਸਤਿਗੁਰ ਕਰੇ ਦੌਰ, ਗਹਿਰ ਗੰਭੀਰ ਵੇਖ ਵਖਾਈਆ। ਝਗੜਾ ਮੁਕਾ ਕੇ ਪੰਜ ਚੋਰ, ਪੰਚਮ ਸ਼ਬਦ ਧੁਨ ਕਰੇ ਸ਼ਨਵਾਈਆ। ਭੇਵ ਖੁਲ੍ਹਾਏ ਤੂੰ ਕੋਈ ਹੋਰ ਨਹੀਂ ਮੇੈਂ ਤਰਾ ਤਰਾ ਕੋਈ ਹੋਰ, ਅਵਰ ਅਵਰਾ ਨਜ਼ਰ ਕੋਇ ਨਾ ਆਈਆ। ਪਰਵਰਦਿਗਾਰ ਆਤਮਾ ਇਕੋ ਕੋਰ, ਆਦਿ ਜੁਗਾਦੀ ਦਿਆਂ ਪ੍ਰਗਟਾਈਆ। ਜਿਸ ਦੀ ਤਬੀਅਤ ਸਮਝੇ ਨਾ ਕੋਇ ਤੌਰ, ਤਰਾਂ ਤਰਾਂ ਨਾ ਕੋਇ ਜਣਾਈਆ। ਸੋ ਹੋਵੇ ਨਾ ਕਦੇ ਕਮਜ਼ੋਰ, ਬਲਹੀਣ ਨਾ ਕਦੇ ਅਖਵਾਈਆ। ਜਿਸ ਦੀ ਦੋ ਜਹਾਨਾਂ ਦੌੜ, ਬ੍ਰਹਿਮੰਡ ਖੰਡ ਪ੍ਰਿਥਮੀ ਆਕਾਸ਼ ਵੇਖੇ ਚਾਈਂ ਚਾਈਂਆ। ਸੋ ਸਾਹਿਬ ਸਤਿਗੁਰ ਜਿਨ੍ਹਾਂ ਗੁਰਮੁਖਾਂ ਗਿਆ ਬਹੁੜ, ਬਹੁੜੀ ਬਹੁੜੀ ਕਰੇ ਨਾ ਕੋਇ ਦੁਹਾਈਆ। ਜਨਮ ਜਨਮ ਦੀ ਤ੍ਰਿਸ਼ਨਾ ਮੇਟੇ ਔੜ, ਓੜਕ ਆਪਣਾ ਅੰਮ੍ਰਿਤ ਮੇਘ ਬਰਸਾਈਆ। ਕਾਇਆ ਰਸ ਮਿੱਠਾ ਕਰੇ ਕੌੜ, ਅਨਰਸ ਆਪਣਾ ਆਪ ਚਖਾਈਆ। ਮਨੂਆ ਪਾਏ ਕੋਈ ਨਾ ਸ਼ੋਰ, ਸ਼ਰਅ ਦਾ ਲੇਖਾ ਦਏ ਗਵਾਈਆ। ਹਰਿਜਨ ਕਰਕੇ ਭਾਗ ਮਥੋਰ, ਮਿਥਿਆ ਦੱਸੇ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਧਾਰ ਸਦਾ ਨਵਾਂ ਨਕੋਰ, ਬਿਰਧ
❋
❋
ਬਾਲ ਰੂਪ ਨਾ ਕੋਇ ਵਖਾਈਆ। ਕ਼ਦਮ ਚੁੱਕਣ ਤੋਂ ਸਤਿਗੁਰ ਕਿਰਪਾ ਕਰੇ ਪਹਿਲਾਂ, ਪਹਿਲੇ ਦਰ ਦਏ ਵਡਿਆਈਆ। ਮਾਰਗ ਆਪਣਾ ਸਹਿਲਾ, ਸਹਿਜ ਸੁਭਾਓ ਲਏ ਮਿਲਾਈਆ। ਸਚ ਦਵਾਰ ਲੈ ਜਾਏ ਅਗੰਮੀ ਮਹਿਲਾ, ਮਹਿਲ ਮਹੱਲ ਜਿਸ ਦੀ ਸਿਫ਼ਤ ਸਾਲਾਹੀਆ। ਸਾਚੇ ਨਾਮ ਦਾ ਦੇ ਕੇ ਸ਼ੋਅਲਾ, ਥਾਲੀ ਦੀਪਕ ਦਏ ਸਮਝਾਈਆ। ਦੀਨ ਦੁਨੀ ਤੋਂ ਹੋ ਕੇ ਵਿਹਲਾ, ਵਾਹਵਾ ਆਪਣੀ ਕਰੇ ਪੜ੍ਹਾਈਆ। ਕਾਇਆ ਮੰਦਰ ਅੰਦਰ ਵੇਖ ਕੇ ਜੂਹ ਬੇਲਾ, ਜੰਗਲ ਟਿੱਲੇ ਪਰਬਤ ਖੋਜ ਖੁਜਾਈਆ। ਚੁਰਾਸੀ ਵਿਚੋਂ ਜਨ ਭਗਤਾਂ ਤੱਕੇ ਸੱਜਣ ਸੁਹੇਲਾ, ਗੁਰਮੁਖਾਂ ਆਪਣਾ ਰੰਗ ਰੰਗਾਈਆ। ਆਤਮ ਪਰਮਾਤਮ ਕਰਕੇ ਮੇਲਾ, ਮਿਲਣੀ ਹਰਿ ਜਗਦੀਸ਼ ਕਰਾਈਆ। ਤੂੰ ਮੇਰਾ ਮੈਂ ਤੇਰਾ ਆਪੇ ਗੁਰ ਆਪੇ ਚੇਲਾ, ਆਤਮ ਪਰਮਾਤਮ ਆਪਣਾ ਖੇਲ ਖਿਲਾਈਆ। ਆਪੇ ਵਸੇ ਧਾਮ ਨਵੇਲਾ, ਸਚਖੰਡ ਸਾਚੇ ਸੋਭਾ ਪਾਈਆ। ਆਪੇ ਕੱਟਣਹਾਰਾ ਧਰਮ ਰਾਏ ਦੀ ਜੇਲ੍ਹਾ, ਚਿਤਰਗੁਪਤ ਲੇਖਾ ਦਏ ਗਵਾਈਆ। ਆਪੇ ਕਰੇ ਅਗੰਮੀ ਖੇਲਾ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਬੇਅੰਤ ਕਹਿ ਕੇ ਗਏ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਤਿਗੁਰ ਬੇਪ੍ਰਵਾਹੀਆ। ਕ਼ਦਮ ਚੁੱਕਣ ਦੀ ਕਿਹੜੀ ਲੋੜ, ਲੋੜੀਂਦਾ ਸਾਜਣ ਘਰ ਆਈਆ। ਜਗਤ ਵਿਛੜਿਆਂ ਜਗ ਲਵੇ ਜੋੜ, ਜੋੜੀ ਆਤਮ ਪਰਮਾਤਮ ਲਵੇ ਬਣਾਈਆ। ਸ਼ਬਦੀ ਚਾੜ੍ਹ ਅਗੰਮੀ ਘੋੜ, ਤੁਰੀਆ ਤੋਂ ਪਰੇ ਦਏ ਟਿਕਾਈਆ। ਜਿਥੇ ਅਵਰ ਨਹੀਂ ਕੋਈ ਸ਼ੋਰ, ਸ਼ਰਅ ਦੀ ਵੰਡ ਨਾ ਕੋਇ ਵੰਡਾਈਆ। ਕਰਨੀ ਦਾ ਕਰਤਾ ਖੇਲ ਕਰੇ ਬਤੌਰ, ਬਾਤਨ ਆਪਣਾ ਭੇਵ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਨੂਰ ਅਲਾਹੀਆ। ਕ਼ਦਮ ਚੁੱਕਣਾ ਪਏ ਕਿਉਂ, ਕੌਣ ਦਏ ਵਡਿਆਈਆ। ਜਨ ਭਗਤਾਂ ਨਾਲ ਪ੍ਰਭ ਆਪੇ ਲਾਏ ਨੇਂਹੋਂ, ਨਿਰਗੁਣ ਹੋ ਕੇ ਸਰਗੁਣ ਮੇਲ ਮਿਲਾਈਆ । ਤੂੰ ਹੀ ਮੈਂ ਪਰਮਾਤਮਾ ਰਹੇ ਤਿਉਂ ਦਾ ਤਿਉਂ, ਤੂੰ ਮੈਂ ਝਗੜਾ ਦਏ ਗਵਾਈਆ। ਅੰਮ੍ਰਿਤ ਬਰਖ ਅਗੰਮਾ ਮੇਹੋਂ, ਤ੍ਰਿਸ਼ਨਾ ਭੁੱਖ ਦਏ ਮਿਟਾਈਆ। ਲੇਖੇ ਲਾਵੇ ਖਾਧੀ ਕਣਕ ਗੰਦਮ ਗੇਹੋਂ, ਤਨ ਵਜੂਦ ਦਏ ਵਡਿਆਈਆ। ਸਭ ਦਾ ਮਾਲਕ ਬਣ ਕੇ ਪਿਓ, ਪਿਤਾ ਪੂਤ ਗੋਦ ਉਠਾਈਆ। ਜਿਸ ਨੂੰ ਪੰਚ ਕਹਿੰਦੇ ਦਿਓ, ਦੇਵ ਆਤਮਾ ਵੇਖ ਵਖਾਈਆ। ਮਾਲਕ ਹੋ ਕੇ ਅਲਖ ਅਭਿਓ, ਭੈ ਭੌ ਭਰਮ ਦਏ ਮਿਟਾਈਆ। ਲਹਿਣਾ ਦੇਣਾ ਮੁਕਾਏ ਪਿੰਡ ਜਿਓ, ਤਨ ਸਰੀਰ ਵੇਖ ਵਖਾਈਆ। ਆਦਿ ਅੰਤ ਜੁਗਾ ਜੁਗੰਤ ਨਿਰਗੁਣ ਧਾਰ ਏਕੰਕਾਰ ਪਰਵਰਦਿਗਾਰ ਪੁਰਖ ਅਕਾਲ ਇਕੋ ਇਹੋ, ਰਹਿਬਰ ਬਣੇ ਖ਼ਲਕ ਖ਼ੁਦਾਈਆ। ਝਗੜਾ ਮਿਟਾਏ ਸਾਢੇ ਤਿੰਨ ਹੱਥ ਸੀਆਂ ਸਿਉਂ, ਸੇਵਕ ਹੋ ਕੇ ਆਪਣੀ ਕਾਰ ਕਮਾਈਆ। ਜਨ ਭਗਤਾਂ ਤੀਰ ਲਗਾਏ ਬਿਰਹੋਂ, ਅਣਿਆਲਾ ਆਪਣਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਾਤਾ ਇਕ ਅਖਵਾਈਆ। ਕ਼ਦਮ ਚੁੱਕਣ ਤੋਂ ਲਵੇ ਰੋਕ, ਰੁੱਕਾ ਅਗੰਮੀ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦਾ ਸਲੋਕ, ਸੋਹਲਾ ਸਾਹਿਬ ਆਪ ਸਮਝਾਈਆ। ਚਰਨਾਂ ਹੇਠਾਂ ਦੱਬ ਕੇ ਮੁਕਤੀ ਮੋਖ, ਮੁਫ਼ਤ ਆਪਣਾ ਘਰ ਵਖਾਈਆ। ਜਿਥੇ ਪ੍ਰਕਾਸ਼ ਇਕੋ ਜੋਤ, ਦੂਜਾ ਨਜ਼ਰ ਕੋਇ ਨਾ ਆਈਆ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਇ ਸਮਝਾਈਆ। ਨਾ ਕੋਈ ਬੁੱਧੀ ਕਰਨ ਵਾਲੀ ਸੋਚ, ਨਾ ਕੋਈ ਮਨ ਦਹਿ ਦਿਸ਼ਾ ਉਠ ਉਠ ਧਾਈਆ। ਨਾ ਕੋਈ ਲਗਾਵਣਹਾਰਾ ਚੋਟ, ਨਾ ਕੋਈ ਸੁੱਤਿਆਂ ਰਿਹਾ ਜਗਾਈਆ। ਨਾ ਕੋਈ ਪੰਡਤ ਪਾਂਧਾ
❋
❋
ਦਿਸੇ ਪਰੋਹਤ, ਨਾ ਕੋਈ ਮੁੱਲਾ ਸ਼ੇਖ਼ ਮੁਸਾਇਕ ਨਾਇਕ ਨਜ਼ਰੀ ਆਈਆ। ਇਕੋ ਪੁਰਖ ਅਕਾਲਾ ਦੀਨ ਦਿਆਲਾ ਬਹੁਤ, ਜੋ ਬਹੁਭਾਂਤੀ ਆਪਣੀ ਖੇਲ ਖਿਲਾਈਆ। ਕ਼ਦਮ ਚੁੱਕਣ ਤੋਂ ਪਹਿਲਾਂ ਭਗਤਾਂ ਦੇ ਅੰਦਰ ਪਹੁੰਚ, ਕ਼ਦਮ ਦਾ ਸੱਜਣ ਕ਼ੁਦਰਤ ਦਾ ਮਾਲਕ ਕ਼ਾਦਰ ਦਇਆ ਕਮਾਈਆ। ਉਨ੍ਹਾਂ ਦਰਸ਼ਨ ਦੇਵੇ ਰੋਜ਼, ਜਾਗਤ ਸੋਵਤ ਆਪਣੀ ਖੇਲ ਖਿਲਾਈਆ। ਮੁਹੱਬਤ ਪਿਆਰ ਦੀ ਦੇ ਕੇ ਮੌਜ, ਮਜਲਸ ਆਪਣੇ ਨਾਲ ਜਣਾਈਆ। ਬਾਹਰ ਕਰਨੀ ਪਏ ਨਾ ਖੋਜ, ਕਾਇਆ ਕਾਅਬੇ ਕਰੇ ਰੁਸ਼ਨਾਈਆ। ਭੇਵ ਖੁਲ੍ਹਾ ਕੇ ਗੋਝ, ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬਹਿਮਾਦੀ ਸ਼ਬਦ ਅਨਾਦੀ ਆਪਣਾ ਰਾਗ ਸੁਣਾਈਆ। ਕ਼ਦਮ ਚੁੱਕਣ ਤੋਂ ਪਹਿਲਾਂ ਜਾਵੇ ਆ, ਜਿਸ ਨੂੰ ਅਲਾਹ ਕਹੇ ਲੋਕਾਈਆ। ਹਾਜ਼ਰ ਹਜ਼ੂਰ ਹੋਏ ਖ਼ੁਦਾ, ਖ਼ੁਦਗ਼ਰਜ਼ੀ ਆਪਣੀ ਡੇਰਾ ਢਾਹੀਆ। ਕਦੀ ਨਾ ਹੋਵੇ ਜੁਦਾ, ਜੁਜ਼ ਵਖਰਾ ਨਾ ਕੋਇ ਵਖਾਈਆ। ਬਣ ਕੇ ਮੁਹੱਬਤ ਦਾ ਦਿਲਰੁਬਾ, ਮਹਿਬੂਬ ਨੂਰ ਅਲਾਹੀਆ। ਮੁਰਸ਼ਦ ਹੋ ਕੇ ਮੁਰੀਦਾਂ ਨੂੰ ਮਿਲਣ ਦੀ ਪੂਰੀ ਕਰੇ ਅਦਾ, ਅਦਬ ਵਾਲਾ ਪ੍ਰਗਟਾਈਆ। ਹਕ਼ੀਕ਼ਤ ਦੀ ਹਕ਼ੀਕ਼ਤ ਵਿਚੋਂ ਰਬਾਬ ਵਜਾ, ਬਿਨਾ ਤੰਦ ਸਤਾਰ ਹਿਲਾਈਆ। ਅੰਮ੍ਰਿਤ ਆਬੇਹਯਾਤ ਪਲਾ, ਪੱਲੂ ਆਪਣੇ ਨਾਲ ਜੁੜਾਈਆ। ਜਿਸ ਨੂੰ ਕਹਿੰਦੇ ਰੱਬ ਅਲਾਹ, ਬਿਨਾ ਵਜਹ ਆਪਣਾ ਰੰਗ ਰੰਗਾਈਆ। ਅੰਦਰੋਂ ਆਤਮਾ ਆਪਣੇ ਨਾਲ ਲਏ ਰਲਾ, ਅਗੰਮੀ ਗਲੀ ਵਿਚ ਭਵਾਈਆ। ਧਰਮ ਦੀ ਦਏ ਸਲਾਹ, ਸਿਫ਼ਤਾਂ ਵਿਚ ਦ੍ਰਿੜਾਈਆ। ਹੱਕ ਦਾ ਬਣ ਮਲਾਹ, ਬੇੜਾ ਲਏ ਉਠਾਈਆ । ਮਾਰਗ ਦੱਸ ਕੇ ਨਵਾਂ, ਨਵ ਨੌ ਚਾਰ ਦਾ ਡੇਰਾ ਢਾਹੀਆ। ਦੀਨ ਦੁਨੀ ਦਾ ਬਦਲ ਕੇ ਸਮਾਂ, ਸਮਾਇਤ ਸਮਾਜ ਦੀ ਦਏ ਕਰਾਈਆ। ਚਾਰ ਵਰਨ ਦਾ ਬਣ ਕੇ ਮੀਆਂ ਅੰਮਾਂ, ਆਪ ਆਪਣੀ ਲਏ ਅੰਗੜਾਈਆ। ਮਮਤਾ ਵਾਲਾ ਰਹਿਣ ਨਾ ਦੇਵੇ ਕੋਇ ਪੰਮਾ, ਪਾਰਬ੍ਰਹਮ ਪ੍ਰਭ ਆਪਣਾ ਪੜਦਾ ਲਾਹੀਆ। ਤੂੰ ਮੇਰਾ ਮੈਂ ਤੇਰਾ ਜਾਪ ਜਪਾਏ ਸ੍ਰਿਸ਼ਟੀ ਅੰਦਰ ਦਮਾ, ਦਾਮਨਗੀਰ ਆਪ ਹੋ ਜਾਈਆ। ਚਿੰਤਾ ਹਰਖ ਸੋਗ ਮਿਟਾਏ ਗ਼ਮਾ, ਗ਼ਮਖਾਰ ਵੇਖ ਵਖਾਈਆ। ਭਾਗ ਲਗਾ ਕੇ ਕਾਇਆ ਮਾਟੀ ਤਨਾ, ਤਨ ਵਜੂਦ ਕਰੇ ਰੁਸ਼ਨਾਈਆ। ਭਟਕਣ ਨਾ ਦੇਵੇ ਮਨਸਾ ਅੰਦਰ ਮਨਾ, ਕਾਮਲ ਮੁਰਸ਼ਦ ਵੇਖ ਵਖਾਈਆ। ਬੇਸ਼ਕ ਤੁਸੀਂ ਵਾਲੇ ਦੋ ਕੰਨਾਂ, ਸਰੋਤੇ ਸਰਵਣ ਰੂਪ ਧਰਾਈਆ। ਬੋਲਣ ਵਾਲੀ ਜੋ ਜਿਹਵਾ ਜਿਸ ਦਾ ਹੱਦ ਕੋਈ ਨਾ ਬੰਨਾ, ਓਹ ਰਸਨਾ ਬੋਲ ਬੋਲ ਆਪਣਾ ਰਾਗ ਅਲਾਈਆ। ਜਿਨ੍ਹਾਂ ਉਤੇ ਸਾਹਿਬ ਸਤਿਗੁਰ ਆਪੇ ਮੰਨਾ, ਮਮਤਾ ਮੋਹ ਵਿਚੋਂ ਬਾਹਰ ਕਢਾਈਆ। ਚੰਦ ਸਤਾਰਿਆਂ ਤੋਂ ਪਰੇ ਚਮਕਾਏ ਆਪਣੇ ਚੰਨਾਂ, ਜਿਥੇ ਸੂਰੀਆ ਬੈਠਾ ਮੁਖ ਛੁਪਾਈਆ। ਸ਼ੰਕਰ ਨਾਲ ਸੀਸ ਨਿਵਾਏ ਬ੍ਰਹਮਾ, ਵਿਸ਼ਨੂੰ ਅੱਖ ਨਾ ਕੋਇ ਉਠਾਈਆ। ਜਨ ਭਗਤਾਂ ਸੁਖ ਦੇਵੇ ਆਪਣੇ ਚਰਨਾ, ਅਨੰਦ ਨਿਜਾਨੰਦ ਤੋਂ ਅੱਗੇ ਕਰੇ ਰਸਾਈਆ। ਗੁਰਮੁਖਾਂ ਸਾਚਾ ਦੱਸ ਕੇ ਧਰਮਾ, ਧਰਮ ਦੀ ਧਾਰ ਮੇਲ ਮਿਲਾਈਆ। ਨਾਤਾ ਤੋੜ ਕੇ ਕਰਮ ਕੁਕਰਮਾ, ਕਰਮ ਕਾਂਡ ਤੋਂ ਲਏ ਬਚਾਈਆ। ਝਗੜਾ ਰਹਿਣ ਨਾ ਦੇਵੇ ਵਰਨਾਂ, ਬਰਨਾਂ ਡੇਰਾ ਢਾਹੀਆ। ਜਿਸ ਦਾ ਸਿਰ ਝੁਕ ਗਿਆ ਇਕ ਵਾਰ ਉਤੇ ਸਤਿਗੁਰ ਚਰਨਾ, ਆਵਣ ਜਾਵਣ ਲੱਖ ਚੁਰਾਸੀ ਪੈਂਡਾ ਦਏ ਚੁਕਾਈਆ। ਨੇਤਰ ਖੋਲ੍ਹ ਕੇ ਹਰਨਾ ਫਰਨਾ, ਫ਼ੁਰਨੇ ਅੰਦਰ ਫ਼ੁਰਨਾ ਦਏ ਜਣਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਅੱਖਰ ਇਕੋ ਪੜ੍ਹਨਾ, ਜਗਤ ਵਿਦਿਆ ਦੀ ਲੋੜ ਰਹੇ ਨਾ ਰਾਈਆ। ਬਿਨਾ ਕ਼ਦਮ ਤੋਂ ਮੰਜ਼ਲ ਉਹ ਚੜ੍ਹਨਾ, ਜਿਥੇ ਬੈਠਾ ਧੁਰ ਦਾ ਸ਼ਹਿਨਸ਼ਾਹੀਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਮਾਤਮ ਹੋ ਕੇ ਆਤਮ ਸਾਚੀ ਵਰਨਾ, ਵਰਿਆਮ ਹੋ ਕੇ ਵਾਰਸ ਹੋ ਕੇ ਖ਼ਾਲਸ ਆਪਣੇ ਵਿਚ ਸਮਾਈਆ।