੬ ਮੱਘਰ ਸ਼ਹਿਨਸ਼ਾਹੀ ਸੰਮਤ ੪ ਤਰਿਪਤ ਕੌਰ ਦੇ ਗ੍ਰਹਿ ਪਿੰਡ ਵੈਰੋਵਾਲ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਬਾਲਮੀਕ ਕੁਟੀਆ ਵੇਖ ਠੀਕ, ਠਾਕਰ ਹੋ ਕੇ ਦਇਆ ਕਮਾਈਆ। ਤ੍ਰੇਤਾ ਦਵਾਪਰ ਕਲਜੁਗ ਤੇਰੀ ਕਰਦੀ ਰਹੀ ਉਡੀਕ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਧਿਆਨ ਲਗਾਈਆ। ਆਸਾ ਮਨਸਾ ਪੂਰੀ ਕਰ ਉਮੀਦ, ਤ੍ਰਿਸ਼ਨਾ ਤ੍ਰਿਖਾ ਦੇ ਬੁਝਾਈਆ। ਧੁਰ ਦੇ ਹੁਕਮ ਨਾਲ ਕਰ ਤਸਦੀਕ, ਸਤਿਗੁਰ ਸ਼ਬਦ ਤੇਰੀ ਓਟ ਤਕਾਈਆ। ਤੂੰ ਸਾਹਿਬ ਸੁਲਤਾਨ ਸਚਖੰਡ ਦਵਾਰ ਸਦਾ ਵਸਨੀਕ, ਦੂਰ ਨੇੜੇ ਸੋਭਾ ਪਾਈਆ। ਭਗਤ ਭਗਵਾਨ ਦੇ ਪ੍ਰੀਤ, ਪ੍ਰੀਤਮ ਤੇਰੀ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਗਾਵਾਂ ਗੀਤ, ਗਹਿਰ ਗੰਭੀਰ ਢੋਲਾ ਧੁਰਦਰਗਾਹੀਆ। ਕਾਇਆ ਮਾਟੀ ਕਰ ਠਾਂਡੀ ਸੀਤ, ਅਗਨੀ ਤਤਵ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ । ਸਦੀ ਚੌਧਵੀਂ ਕਹੇ ਭਗਤ ਵੇਖ ਅਸਥਾਨ, ਭੂਮਿਕਾ ਬੈਠੀ ਰਾਹ ਤਕਾਈਆ। ਪਰਵਰਦਿਗਾਰ ਵਡ ਮਿਹਰਵਾਨ, ਮਹਿਬੂਬ ਤੇਰੀ ਇਕ ਸਰਨਾਈਆ। ਜੋਧੇ ਸੂਰਬੀਰ ਨੌਜਵਾਨ, ਨਰ ਨਰਾਇਣ ਪਰਦਾ ਦੇ ਉਠਾਈਆ। ਸਚ ਦਵਾਰੇ ਬਖ਼ਸ਼ ਮਾਣ, ਮਿਹਰ ਮੁਹੱਬਤ ਵਿਚ ਆਪਣਾ ਰੰਗ ਰੰਗਾਈਆ। ਸਤਿ ਧਰਮ ਪ੍ਰਗਟਾ ਨਿਸ਼ਾਨ, ਨਿਸ਼ਾਨੇ ਕੂੜੇ ਦੇ ਚੁਕਾਈਆ। ਤੈਨੂੰ ਝੁਕਦੇ ਜ਼ਿਮੀਂ ਅਸਮਾਨ, ਦੋ ਜਹਾਨਾਂ ਵੱਜੇ ਵਧਾਈਆ। ਹੁਕਮ ਸੰਦੇਸਾ ਦੇ ਫ਼ਰਮਾਨ, ਫ਼ੁਰਨਾ ਮਨ ਰਹੇ ਨਾ ਰਾਈਆ। ਸ਼ਰਅ ਕੂੜੀ ਮੇਟ ਸ਼ੈਤਾਨ, ਸ਼ਰੀਅਤ ਵਿਚੋਂ ਬਾਹਰ ਕਢਾਈਆ। ਤੇਰਾ ਹਕ਼ੀਕ਼ੀ ਇਕ ਈਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਪੁਰਖ ਅਕਾਲ ਆਪਣੀ ਵੇਖ ਧਰਨੀ ਧਰਤ, ਧਵਲ ਧੌਲ ਬੈਠੀ ਆਸ ਲਗਾਈਆ। ਨਿਰਗੁਣ ਧਾਰ ਹੋ ਕੇ ਆਵੀਂ ਪਰਤ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਬਾਲਮੀਕ ਦੀ ਪੂਰੀ ਕਰ ਦੇ ਸ਼ਰਤ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰ ਗਰਦ, ਨੂਰੀ ਜੋਤ ਕਰ ਰੁਸ਼ਨਾਈਆ। ਤੇਰਾ ਖੇਲ ਸਦਾ ਅਸਚਰਜ, ਸਿਫ਼ਤਾਂ ਵਿਚ ਨਾ ਕੋਇ ਸਾਲਾਹੀਆ। ਤੂੰ ਜੋਧਾ ਸੂਰਬੀਰ ਮਰਦਾਨਾ ਮਰਦ, ਦਰ ਠਾਂਡੇ ਸੀਸ ਨਿਵਾਈਆ। ਗ਼ਰੀਬ ਨਿਮਾਣਿਆਂ ਨਾਲ ਵੰਡ ਦਰਦ, ਦੀਨ ਦਿਆਲ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਾਹਵਾ ਵਜਦੀ ਰਹੇ ਵਧਾਈਆ। ਸਦੀ ਚੌਧਵੀਂ ਕਹੇ ਇਹ ਭੂਮਿਕਾ ਵੇਖੋ ਭੂਮੀ, ਭਾਂਡਾ ਭਰਮ ਭੌ ਭੰਨਾਈਆ। ਤੂੰ ਗਹਿਰ ਗੰਭੀਰ ਦਾਤਾ ਗੁਣੀ, ਗੁਣਵੰਤ ਤੇਰੀ ਸਰਨਾਈਆ । ਸਾਚੇ ਨਾਮ
❋
❋
ਦੀ ਬਖ਼ਸ਼ ਧੁਨੀ, ਆਤਮਕ ਰਾਗ ਦੇ ਉਪਜਾਈਆ। ਪੁਕਾਰ ਤੇਰੇ ਦਵਾਰੇ ਜਾਵੇ ਸੁਣੀ, ਅਨਬੋਲਤ ਆਪਣਾ ਪੜਦਾ ਦੇਣਾ ਉਠਾਈਆ। ਸਾਰੇ ਛੱਡ ਗਏ ਰਿਖੀ ਮੁਨੀ, ਰਖੀਸ਼ਰ ਨਜ਼ਰ ਕੋਇ ਨਾ ਆਈਆ। ਜਾਪ ਜਗਤ ਦੀ ਰਿਹਾ ਬੁੱਲੀਂ, ਹਿਰਦੇ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਝੁਕਾਈਆ। ਸਦੀ ਚੌਧਵੀਂ ਕਹੇ ਮੇਰਾ ਸੀਸ ਵੇਖ ਝੁਕਦਾ, ਹਰਿ ਕਰਤੇ ਮਿਹਰਵਾਨ। ਕਿਉਂ ਨਹੀਂ ਮਾਤ ਆ ਕੇ ਪੁਛਦਾ, ਜੀਵ ਜੰਤ ਹੋਏ ਹੈਰਾਨ। ਨਾਮ ਦੱਸ ਇਕੋ ਆਪਣੀ ਤੁਕ ਦਾ, ਲੇਖਾ ਮੁਕੇ ਆਵਣ ਜਾਣ। ਨਾਤਾ ਜੋੜ ਮੁਹੱਬਤ ਸੁਖ ਦਾ, ਕੂੜੀ ਕਿਰਿਆ ਮੇਟ ਸ਼ੈਤਾਨ। ਘਰ ਸੁਹਾ ਪਿਤਾ ਪੁਤ ਦਾ, ਆਤਮ ਪਰਮਾਤਮ ਦੇ ਗਿਆਨ। ਸਦੀ ਚੌਧਵੀਂ ਕਿਉਂ ਫਿਰੇਂ ਲੁਕਦਾ, ਚੌਦਾਂ ਤਬਕ ਹੋਏ ਹੈਰਾਨ। ਕੌਲ ਇਕ਼ਰਾਰ ਪੂਰਾ ਕਰ ਈਸਾ ਮੂਸਾ ਮੁਹੰਮਦ ਮੁਖ ਦਾ, ਤੀਸ ਬਤੀਸਾ ਕੀ ਹੁਕਮ ਦੇਵੇ ਕ਼ੁਰਾਨ। ਕਿਉਂ ਨਹੀਂ ਆਪਣੀ ਧਾਰੋਂ ਉਠਦਾ, ਸਤਿ ਸਵਾਮੀ ਨੌਜਵਾਨ। ਝਗੜਾ ਮੁਕਾ ਦੇ ਕਲਜੁਗ ਦਾ, ਸਤਿਜੁਗ ਸਾਚਾ ਕਰ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਵੇਖ ਮਾਨਵ ਮਾਨੁੱਖ ਦਾ, ਪਾਰਬ੍ਰਹਮ ਪ੍ਰਭ ਨਿਰਗੁਣ ਮਾਰ ਧਿਆਨ। ਸਦੀ ਚੌਧਵੀਂ ਕਹੇ ਇਹ ਭੂਮਿਕਾ ਵੇਖ ਸੋਹਣੀ, ਧਰਨੀ ਧਰਤ ਧਵਲ ਵਡਿਆਈਆ । ਤੇਰੀ ਸੂਰਤ ਕੋਈ ਨਾ ਜਾਣੇ ਮੋਹਣੀ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਐਂ ਦਿਸਦਾ ਦੁਨੀ ਦੀਨ ਸਾਰੀ ਰੋਣੀ, ਨੇਤਰ ਨੈਣਾਂ ਨੀਰ ਵਹਾਈਆ। ਤੇਰੇ ਸ਼ਬਦ ਕਸਾਈ ਕੋਹਣੀ, ਸ਼ਰਅ ਛੁਰੀ ਜਗਤ ਵਾਲੀ ਝਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਹੋਇਆ ਜੇ ਦੁਆਪਰ ਅਠਾਰਾਂ ਲੇਖ ਲੇਖਾ ਹੋਇਆ ਅਕਸ਼ੂਣੀ, ਅਠਾਈ ਲੱਖ ਇਕ ਇਕ ਵੰਡ ਵੰਡਾਈਆ। ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦੇ ਕੰਤ ਦੀਨ ਦੁਨੀਆ ਹੋਈ ਦੂਣੀ, ਹਿੰਸਿਆਂ ਵਿਚ ਅੰਕੜਿਆਂ ਵਿਚ ਹਿਸਾਬ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਦਰ ਤੇਰਾ ਠੰਡਾ, ਪਰਵਰਦਿਗਾਰ ਨਜ਼ਰੀ ਆਈਆ। ਕਲਜੁਗ ਕੂੜ ਕੁੜਿਆਰਾ ਮੇਟ ਦੇ ਕੰਢਾ, ਸ਼ੌਹ ਦਰਿਆ ਵਿਚ ਰੁੜ੍ਹਾਈਆ। ਸਾਚੇ ਨਾਮ ਦੀ ਬਖ਼ਸ਼ ਸੁਗੰਧਾ, ਕਾਇਆ ਮੰਦਰ ਅੰਦਰ ਮਹਿਕ ਮਹਿਕਾਈਆ । ਸਾਚੀ ਮੰਜ਼ਲ ਚੜ੍ਹਾ ਡੰਡਾ, ਅੱਧਵਿਚਕਾਰ ਨਾ ਕੋਇ ਅਟਕਾਈਆ। ਨਿਜ ਆਤਮ ਦੇ ਅਨੰਦਾ, ਪਰਮਾਨੰਦ ਵਿਚ ਸਮਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਹੋਵੇ ਛੰਦਾ, ਅੰਦਰ ਬਾਹਰ ਵਜਦੀ ਰਹੇ ਵਧਾਈਆ। ਸਦੀ ਚੌਧਵੀਂ ਕਹੇ ਮੇਰਾ ਅੰਤ ਅਖੀਰੀ ਕੰਢਾ, ਕੰਢੀ ਵਾਲੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਰੰਗ ਰੰਗਾਈਆ। ਪੁਰਖ ਅਕਾਲ ਕਹੇ ਸਦੀ ਚੌਧਵੀਂ ਨਾ ਮਾਰੀਂ ਧਾਹ, ਧਰਮ ਧਾਰ ਸਮਝਾਈਆ। ਪ੍ਰਭ ਮਾਲਕ ਬੇਪ੍ਰਵਾਹ, ਪਰਵਰਦਿਗਾਰ ਰੂਪ ਅਲਾਹੀਆ। ਖ਼ੁਦੀ ਤਕੱਬਰ ਤੋਂ ਬਾਹਰ ਰਹੇ ਖ਼ੁਦਾ, ਖ਼ੁਦ ਮਾਲਕ ਵਡ ਵਡਿਆਈਆ। ਆਤਮ ਹੋਣ ਨਾ ਦੇਵੇ ਜੁਦਾ, ਜੋ ਪਰਮਾਤਮ ਢੋਲਾ ਗਾਈਆ। ਹਰ ਹਿਰਦੇ ਸੁਣਦਾ ਰਹੇ ਸਦਾ, ਨਾਦ ਧੁਨ ਸ਼ਨਵਾਈਆ। ਸਚ ਸੰਦੇਸ਼ਾ ਦਏ ਜਣਾ, ਕਲਮਿਆਂ ਬਾਹਰ ਪੜ੍ਹਾਈਆ। ਚਾਰ ਕੁੰਟ ਡੰਕਾ ਦਏ ਵਜਾ, ਉੱਤਰ ਪੂਰਬ ਪੱਛਮ ਦੱਖਣ ਦਏ ਹਿਲਾਈਆ। ਖੇਲ ਖੇਲ ਅਗੰਮ ਨਵਾਂ, ਚਾਰ ਕੁੰਟ ਪੜਦਾ ਲਾਹੀਆ। ਸਦੀ ਚੌਧਵੀਂ ਜ਼ਰੂਰ ਬਦਲੇ
❋
❋
ਤੇਰਾ ਸਮਾਂ, ਸਮਾਪਤ ਹੋਏ ਲੋਕਾਈਆ। ਨੇਤਰ ਰੋਂਦੀ ਫਿਰੇ ਹੱਵਾ ਅੰਮਾਂ, ਬਾਵਾ ਆਦਮ ਰਿਹਾ ਕੁਰਲਾਈਆ। ਵਿਸ਼ਨ ਬ੍ਰਹਮਾ ਸ਼ਿਵ ਨੀਰ ਵਹਾਵਣ ਛਮਛਮਾ, ਛਹਿਬਰ ਰਹੇ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਹੋਇਆ ਗ਼ਮਾ, ਗ਼ਮਖ਼ਾਰ ਕੀ ਕੀ ਖੇਲ ਕਰਾਈਆ। ਸਭ ਨੂੰ ਦੀਨਾਂ ਮਜ਼੍ਹਬਾਂ ਦੀ ਛੱਡਣੀ ਪੈਣੀ ਤਮਅ, ਲਾਲਚ ਨਜ਼ਰ ਕੋਇ ਨਾ ਆਈਆ। ਧੁਰ ਸੰਦੇਸਾ ਇਕੋ ਕਹਵਾਂ, ਜਿਸ ਦਾ ਭੇਤ ਨਾ ਕੋਇ ਖੁਲ੍ਹਾਈਆ। ਬਾਲਮੀਕ ਦਾ ਥਾਉਂ ਫੇਰ ਬਣਨਾ ਨਵਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਬਾਲਮੀਕ ਕਹੇ ਮੈਂ ਤੇਰਾ ਰਖੀਸ਼ਰ ਰਿਸ਼ੀ, ਅੰਤਰ ਧਿਆਨ ਲਗਾਈਆ। ਜਿਸ ਨੇ ਤਕ਼ਦੀਰ ਤਦਬੀਰ ਬੇਨਜ਼ੀਰ ਲਿਖੀ, ਬਿਨ ਲਕੀਰ ਫ਼ਕੀਰ ਸਮਝਾਈਆ। ਜ਼ਰਾ ਖੋਲ੍ਹ ਕੇ ਵੇਖ ਰਾਮ ਵਸ਼ਿਸ਼ਟ ਵਾਲੀ ਚਿੱਠੀ, ਜਿਸ ਦੇ ਹਰਫ਼ ਨਾ ਕੋਇ ਵੰਡ ਵੰਡਾਈਆ। ਅੱਖਰਾਂ ਵਿਚ ਕਿਸੇ ਨਾ ਡਿੱਠੀ, ਨੇਤਰ ਲੋਚਨ ਨਜ਼ਰ ਕੋਇ ਨਾ ਪਾਈਆ। ਨਾ ਕੋਈ ਸਿਹਾਰੀ ਬਿੰਦੀ ਟਿੱਪੀ, ਔਂਕੜ ਦੁਲੈਂਕੜ ਲਾਂਵ ਨਾ ਕੋਇ ਵਖਾਈਆ। ਨਾ ਕੋਈ ਵੱਡੀ ਨਾ ਕੋਈ ਨਿੱਕੀ, ਰੂਪ ਰਹੀ ਬਦਲਾਈਆ। ਜਾਂ ਵੇਖਾਂ ਤੇਰੇ ਸਤਿਗੁਰ ਪ੍ਰੇਮ ਪਿਆਰ ਦੀ ਸਿੱਖੀ, ਜਿਸ ਵਿਚ ਸਿਖਿਆ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣ ਦੇਵੇ ਏਕੰਕਾਰਾ ਇੱਕੀ, ਇਕ ਇਕੱਲਾ ਦਇਆ ਕਮਾਈਆ। ਬਾਲਮੀਕ ਤੇਰੀ ਸੁਹਾਵੇ ਮਾਤ ਝੁੱਗੀ, ਝਗੜਾ ਮਿਟੇ ਲੋਕਾਈਆ। ਜਿਸ ਵੇਲੇ ਸਦੀ ਚੌਧਵੀਂ ਔਧ ਪੁੱਗੀ, ਖ਼ਾਕ ਦਰ ਖ਼ਾਕ ਹੋਏ ਲੋਕਾਈਆ। ਸਾਚਾ ਰਾਹ ਕਿਸੇ ਕੋਇ ਨਾ ਸੁੱਝੀ, ਬੁੱਧੀ ਅਕਲ ਨਾ ਕੋਇ ਚਤੁਰਾਈਆ। ਪੁਰਖ ਅਕਾਲਾ ਰਮਜ਼ ਲਗਾਵੇ ਗੁੱਝੀ, ਬਿਨ ਸੈਨਤ ਅੱਖ ਖੁਲ੍ਹਾਈਆ। ਧਾਰ ਰਹਿਣ ਨਾ ਦੇਵੇ ਦੂਜੀ, ਦੁਵੈਤ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰਗਾਹ ਸਾਚੀ ਇਕ ਸੁਹਾਈਆ। ਸਦੀ ਚੌਧਵੀਂ ਕਹੇ ਮੈਂ ਵੇਖਣਾ ਖੇਲ ਅਪਾਰ, ਅਪਰੰਪਰ ਸਵਾਮੀ ਦਿਆਂ ਜਣਾਈਆ। ਮੈਂ ਤਕਣੇ ਤੇਈ ਅਵਤਾਰ, ਜੋ ਤੇਰੀ ਜੋਤ ਵਿਚ ਸਮਾਈਆ । ਮੈਂ ਪੈਗ਼ੰਬਰਾਂ ਵੇਖਣਾ ਨੂਰ ਉਜਿਆਰ, ਜ਼ਹੂਰ ਦੇਣਾ ਚਮਕਾਈਆ। ਮੈਂ ਗੁਰੂਆਂ ਤਕਣਾ ਅਖਾੜ, ਜੋ ਆਪਣੀ ਧਾਰ ਵਖਾਈਆ । ਮੈਂ ਰੰਗ ਵੇਖਣਾ ਜੋ ਦੀਸੇ ਏਸੇ ਹਾੜ੍ਹ, ਹਾੜਾ ਕੱਢਕੇ ਰਹੀ ਸੁਣਾਈਆ। ਤੇਰੇ ਹੁਕਮ ਦਾ ਲੱਗੇ ਅਖਾੜ, ਬ੍ਰਹਿਮੰਡ ਖੰਡ ਦੇਣਾ ਨਚਾਈਆ। ਨਿਗਾਹ ਮਾਰਨੀ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ, ਸਮੁੰਦ ਸਾਗਰ ਡੂੰਘੀ ਕੰਦਰ ਫੋਲ ਫੁਲਾਈਆ । ਤੇਰਾ ਨਾਉਂ ਇਕ ਨਿਰੰਕਾਰ, ਨਿਰਵੈਰ ਤੇਰੀ ਸਰਨਾਈਆ। ਮੈਂ ਜੁਗ ਜੁਗ ਫਿਰ ਫਿਰ ਗਈ ਹਾਰ, ਥੱਕੀ ਮਾਂਦੀ ਦਿਆਂ ਦੁਹਾਈਆ। ਚਾਰ ਕੁੰਟ ਦਿਸੇ ਨਾ ਕੋਇ ਗੁਲਜ਼ਾਰ, ਗੁਲਸ਼ਨ ਮਹਿਕ ਨਾ ਕੋਇ ਮਹਿਕਾਈਆ। ਮਨੁੱਸ਼ਾਂ ਅੰਦਰ ਕੂੜੀ ਕਿਰਿਆ ਖ਼ਿਜ਼ਾਂ ਦੀ ਆਈ ਬਹਾਰ, ਪੱਤ ਟਹਿਣੀ ਰਹੀ ਕੁਮਲਾਈਆ। ਪੁਰਖ ਅਕਾਲੇ ਤੇਰਾ ਕਰਦੀ ਰਹੀ ਇੰਤਜ਼ਾਰ, ਸਦੀ ਚੌਧਵੀਂ ਅੱਖ ਉਠਾਈਆ। ਆ ਮਿਲ ਮੇਰੇ ਧੁਰਦਰਗਾਹੀ ਯਾਰ, ਤੇਰੀ ਮੁਹੱਬਤ ਵਿਚ ਦੁਹਾਈਆ। ਮੈਂ ਤੇਰੀ ਖ਼ਿਦਮਤਗਾਰ, ਦਰ ਠਾਂਡੇ ਸੇਵ ਕਮਾਈਆ। ਗ਼ਫ਼ਲਤ ਵਿਚੋਂ ਕਰ ਬੇਦਾਰ, ਨਿੰਦਰਾ ਆਲਸ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਉਂ ਮਾਂਗਤ ਢਹਿ ਪਈ ਸਰਨਾਈਆ। ਸਦੀ ਚੌਧਵੀਂ ਕਹੇ ਮੇਰੇ ਨਬੀ ਉਲ ਜ਼ਵਾ, ਜ਼ਈਕੇ ਜ਼ਮੂ ਜੱਨਤੇ ਜਲਾਲ ਸੋਭਾ ਪਾਈਆ। ਤੈਨੂੰ ਵਲੀਆਂ ਕਿਹਾ ਖ਼ੁਦਾ, ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੀ ਵੱਜਦੀ ਰਹੇ ਵਧਾਈਆ। ਸਦੀ ਚੌਧਵੀਂ ਕਹੇ ਮੈਂ ਬਣ ਗਈ ਤੇਰੀ ਮੰਗਤੀ, ਮਾਂਗਤ ਹੋ ਕੇ ਝੋਲੀ ਡਾਹੀਆ। ਚਾਰ ਜੁਗਾਂ ਵਿਚੋਂ ਮੈਨੂੰ ਤੇਰੇ ਨਾਮ ਦੀ ਲੱਭੀ ਕੋਈ ਨਾ ਪੰਗਤੀ, ਵਰਕੇ ਵਰਕੇ ਦਿਤੇ ਉਲਟਾਈਆ । ਮੈਂ ਪਿਛੇ ਰਹੀ ਸੰਗਦੀ, ਨੇਤਰ ਨੈਣ ਨਾ ਅੱਖ ਉਠਾਈਆ। ਜਿਸ ਵੇਲੇ ਮੈਂ ਖੇਲ ਤੱਕੀ ਭਗਤ ਭਗਵਾਨ ਦੇ ਸੰਗ ਦੀ, ਨਿਰਗੁਣ ਸਰਗੁਣ ਵਜਦੀ ਵੇਖੀ ਵਧਾਈਆ। ਮੇਰੀ ਮੰਜ਼ਲ ਮੁਕ ਗਈ ਪਿਛਲੇ ਪੰਧ ਦੀ, ਅੱਗਾ ਨੇੜੇ ਨਜ਼ਰੀ ਆਈਆ। ਕੁਛ ਧਾਰ ਹੋਣੀ ਮਿਸਲ ਮਸ਼ਹੂਰ ਤੇਰੇ ਜੰਗ ਦੀ, ਜਗਹ ਜਗਹ ਦੁਹਾਈਆ। ਧਾਰ ਵੇਖ ਓਸ ਦੁਲਦੁਲ ਤੰਗ ਦੀ, ਅਲੀ ਅੱਲਾ ਹੂ ਕਹਿ ਕੇ ਰਿਹਾ ਸੁਣਾਈਆ। ਨਿਸ਼ਾਨੀ ਮਿਟਣੀ ਤਾਰਾ ਚੰਦ ਦੀ, ਤੇਰਾ ਨੂਰ ਇਕੋ ਜੋਤ ਰੁਸ਼ਨਾਈਆ। ਕੀ ਹਾਲਤ ਹੋਣੀ ਵਰਭੰਡ ਦੀ, ਨੌ ਖੰਡ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਧਰਮ ਦਵਾਰੇ ਤੇਰਾ ਰਾਹ ਤਕਾਈਆ। ਧਰਮ ਦਵਾਰੇ ਤੱਕਾਂ ਰਾਹ, ਹਰਿ ਰਹਿਬਰ ਵੇਖ ਵਖਾਈਆ। ਕਿਰਪਾ ਕਰ ਮੇਰੇ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਤੇਰੇ ਹੱਥ ਵਡਿਆਈਆ। ਦੀਨ ਦੁਨੀ ਦਾ ਝਗੜਾ ਦੇ ਮੁਕਾ, ਮੁਕੰਮਲ ਆਪਣੀ ਕਾਰ ਕਮਾਈਆ। ਚਾਰ ਵਰਨ ਅਠਾਰਾਂ ਬਰਨ ਦੱਸ ਇਕ ਰਜ਼ਾ, ਰਹਿਮਤ ਹੱਕ ਦੇ ਸਮਝਾਈਆ। ਖ਼ਾਲਕ ਖ਼ਲਕ ਮਖ਼ਲੂਕ ਜੀਵਣ ਦੇ ਨਵਾਂ, ਨੌ ਦਵਾਰੇ ਡੇਰਾ ਢਾਹੀਆ। ਮਾਇਆ ਮਮਤਾ ਰਹੇ ਨਾ ਤਮਅ, ਤਾਮਸ ਤ੍ਰਿਸ਼ਨਾ ਦੇਣੀ ਗਵਾਈਆ। ਘਰ ਘਰ ਅੰਦਰ ਪਰਵਰਦਿਗਾਰ ਜਗਾ ਸ਼ਮਅ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਚ ਭੰਡਾਰਾ ਦੇ ਆਪਣਾ ਧਨਾ, ਨਾਮ ਖ਼ਜ਼ਾਨਾ ਝੋਲੀ ਦੇ ਟਿਕਾਈਆ। ਸਤਿਜੁਗ ਸਾਚਾ ਹੋਵੇ ਰਵਾਂ, ਕਲਜੁਗ ਕੂੜੀ ਕਿਰਿਆ ਬੈਠੇ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਰਹਿਮਤ ਧੁਰ ਦੀ ਆਪ ਕਮਾਈਆ। ਸਦੀ ਚੌਧਵੀਂ ਉਠ ਵੇਖ ਪਿਆਰੀ ਨੰਨ੍ਹੀ, ਬਿਨ ਨੈਣਾਂ ਦਿਆਂ ਜਣਾਈਆ। ਜੋ ਗੰਢ ਦੇ ਕੇ ਰੱਖੀ ਆਪਣੀ ਕੰਨੀ, ਮੁਹੰਮਦ ਵਾਲੇ ਹੱਥ ਛੁਹਾਈਆ। ਉਸ ਨੂੰ ਖੋਲ੍ਹ ਦੇ ਬੱਚੀ ਚੰਨੀ, ਤਾਰਾ ਚੰਦ ਦਏ ਦੁਹਾਈਆ। ਤੇਰਾ ਰਿਹਾ ਕੋਈ ਨਾ ਤਨੀ, ਸਾਚਾ ਸੰਗ ਨਾ ਕੋਇ ਬਣਾਈਆ। ਤੂੰ ਚੌਦਾਂ ਤਬਕਾਂ ਫਿਰੀ ਭੰਨੀ, ਭੱਜੀ ਵਾਹੋ ਦਾਹੀਆ। ਉਮਤ ਵੇਖੀ ਅੰਨ੍ਹੀ, ਨੈਣ ਅੱਖ ਨਾ ਕੋਇ ਰੁਸ਼ਨਾਈਆ। ਸਭ ਨੂੰ ਰੋਟੀ ਮਿਲੇ ਕੋਈ ਨਾ ਖੰਨੀ, ਰੋਜ਼ਿਆਂ ਵਾਲਾ ਦਏ ਦੁਹਾਈਆ। ਜਿਸ ਨੇ ਹੁਕਮੇ ਅੰਦਰ ਘੱਲੀ, ਸੁਨੇਹੜਾ ਇਕ ਸਮਝਾਈਆ। ਉਸ ਨੂੰ ਸੀਸ ਝੁਕੌਂਦਾ ਅਲੀ, ਮੁਹੰਮਦ ਚਰਨ ਧੂੜੀ ਖ਼ਾਕ ਰਮਾਈਆ। ਸਭ ਨੂੰ ਦੇਣੀ ਪੈਣੀ ਬਲੀ, ਬਲੀਵਾਨ ਵੇਖ ਵਖਾਈਆ। ਤੂੰ ਜਗਤ ਵਾਸਨਾ ਵਿਚ ਫਲੀ, ਫਲੀਭੂਤ ਦਿਤਾ ਕਰਾਈਆ। ਅੰਤਮ ਜਾਣਾ ਦਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਉਂ ਨਿਉਂ ਨਿਉਂ ਲਾਗਾਂ ਪਾਈਂਆ। ਸਦੀ ਚੌਧਵੀਂ ਸੁਣ ਲਾ ਬਾਤ ਅਗੰਮੀ ਏਕ, ਏਕੰਕਾਰ ਰਿਹਾ ਜਣਾਈਆ। ਗੁਰ ਅਵਤਾਰ ਪੈਗ਼ੰਬਰਾਂ ਬਖ਼ਸ਼ਾਂ ਇਕੋ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਦੀਨ ਮਜ਼੍ਹਬ ਤੋਂ ਸਭ ਨੂੰ ਕਰ ਬਿਬੇਕ, ਨਾਤਾ ਜਗਤ ਵਾਲਾ ਛੁਡਾਈਆ। ਸਚਖੰਡ ਦਵਾਰ ਵਖਾ ਕੇ ਦੇਸ, ਦਹਿ ਦਿਸ਼ਾ ਦਾ ਡੇਰਾ ਢਾਹੀਆ। ਜਿਥੇ ਸੁਵਾਮੀ ਹੋ ਕੇ ਵਸਾਂ ਹਮੇਸ਼, ਅੰਤਰਜਾਮੀ ਹੋ ਕੇ ਖੋਜ ਖੁਜਾਈਆ। ਝਗੜਾ ਮੇਟ ਕੇ ਮੁੱਲਾ ਸ਼ੇਖ਼, ਮੁਸਾਇਕਾਂ ਲੇਖਾ ਦਿਆਂ ਮੁਕਾਈਆ। ਜਗਤ ਰਹੇ ਕੋਈ ਨਾ ਭੇਖ, ਭੇਖਾਧਾਰੀ
❋
❋
ਦਿਆਂ ਗਵਾਈਆ। ਸਤਿਗੁਰ ਨਾਮ ਕੋਈ ਨਾ ਸਕੇ ਵੇਚ, ਹੱਟਾਂ ਵਿਚ ਮੁੱਲ ਪਵਾਈਆ। ਸਭ ਨੂੰ ਮਾਤਲੋਕ ਸਮਝਾਵਾਂ ਤੁਹਾਡਾ ਪਰਦੇਸ, ਦੇਸੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਵਰ ਦਾਤਾ ਆਪਣੀ ਦਇਆ ਕਮਾਈਆ। ਸਦੀ ਚੌਧਵੀਂ ਕਹੇ ਸੁਣ ਸ਼ਬਦ ਸੰਦੇਸ਼ਾ ਆਦਿ, ਜੁਗ ਚੌਕੜੀ ਦਿਆਂ ਜਣਾਈਆ। ਜਿਸ ਨੇ ਖੇਲ ਰਚਿਆ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਵੱਡੀ ਵਡਿਆਈਆ। ਸ਼ਬਦ ਅਗੰਮ ਵਜਾ ਕੇ ਨਾਦ, ਦੋ ਜਹਾਨਾਂ ਰਿਹਾ ਸੁਣਾਈਆ। ਕਲਜੁਗ ਬਦਲ ਦੇਵੇ ਸਮਾਜ, ਸਾਚੀ ਸਿਖਿਆ ਇਕ ਉਪਜਾਈਆ। ਜਿਸ ਨੂੰ ਕਹਿੰਦੇ ਅੱਲਾ ਵਾਹਿਗੁਰੂ ਗਾਡ, ਰਾਮ ਰਹੀਮ ਕਹਿ ਕੇ ਢੋਲਾ ਗਾਈਆ। ਰਸਨਾ ਜਿਹਵਾ ਬੱਤੀ ਦੰਦ ਲੈਂਦੇ ਸਵਾਦ, ਸਿਫ਼ਤਾਂ ਸਿਫ਼ਤ ਵਿਚ ਵਡਿਆਈਆ। ਸੋ ਸਭ ਦੀ ਖੋਲ੍ਹੇ ਅੰਤਰ ਜਾਗ, ਨਿਰੰਤਰ ਹੋ ਕੇ ਵੇਖ ਵਖਾਈਆ। ਜਿਸ ਗੋਬਿੰਦ ਦਾ ਸਾਰੇ ਉਡਦਾ ਤਕਦੇ ਬਾਜ਼, ਬਾਜ਼ਾਂ ਵਾਲਾ ਨਜ਼ਰ ਕਿਸੇ ਨਾ ਆਈਆ। ਸੋ ਹਰ ਹਿਰਦੇ ਹੋ ਵਿਸਮਾਦ, ਬਿਸਮਿਲ ਹੋ ਕੇ ਆਪਣੀ ਕਾਰ ਕਮਾਈਆ। ਸਤਿ ਧਰਮ ਦਾ ਬਖ਼ਸ਼ ਕੇ ਰਾਜ, ਰਈਆਤ ਚਾਰ ਵਰਨ ਉਪਜਾਈਆ। ਲੇਖਾ ਜਾਣੇ ਮੋਹਣ ਮਾਧਵ ਮਾਧ, ਮੁਕੰਦ ਮਨੋਹਰ ਲਖ਼ਮੀ ਨਰਾਇਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਝੋਲੀ ਪਾਈਆ। ਸਦੀ ਚੌਧਵੀਂ ਕਹੇ ਪ੍ਰਭ ਮੈਨੂੰ ਨਹੀਂ ਕੋਈ ਲਾਲਚ, ਤਮਅ ਨਾ ਕੋਇ ਰਖਾਈਆ। ਮੈਂ ਚਾਹੁੰਦੀ ਤੇਰਾ ਰੂਪ ਖ਼ਾਲਸ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਰੁਸ਼ਨਾਈਆ। ਤੇਰੇ ਮਿਲਣ ਦੀ ਸਭ ਨੂੰ ਹੋਵੇ ਲਾਲਸ, ਲਾਲਨ ਤੇਰਾ ਰਾਹ ਤਕਾਈਆ। ਮੈਂ ਬੁਧਹੀਣ ਅਨਜਾਣਤ, ਮੇਰੀ ਚਲੇ ਨਾ ਕੋਇ ਚਤੁਰਾਈਆ। ਲੱਖ ਚੁਰਾਸੀ ਤੇਰੀ ਧਾਰ ਅਮਾਨਤ, ਧਰਨੀ ਧਰਤ ਧਵਲ ਉਤੇ ਨਜ਼ਰੀ ਆਈਆ। ਤੂੰ ਆਦਿ ਜੁਗਾਦੀ ਸਹੀ ਸਲਾਮਤ, ਸਚਖੰਡ ਬੈਠਾ ਡੇਰਾ ਲਾਈਆ। ਸਾਚਾ ਕਲਮਾ ਨਾਮ ਦੇ ਨਿਆਮਤ, ਰਸ ਅਨਡਿੱਠਾ ਆਪ ਚਖਾਈਆ। ਕਲਜੁਗ ਕੂੜੀ ਕਿਰਿਆ ਨਾ ਰਹੇ ਬਗ਼ਾਵਤ, ਝਗੜਾ ਕੂੜ ਦੇਣਾ ਚੁਕਾਈਆ। ਚਰਨ ਪ੍ਰੀਤੀ ਦੇ ਸਖ਼ਾਵਤ, ਸੁਖ਼ਨ ਆਪਣੇ ਨਾਲ ਤਰਾਈਆ। ਮਮਤਾ ਮੋਹ ਨਾ ਰਹੇ ਬਨਾਵਟ, ਪੰਚ ਵਿਕਾਰਾ ਡੇਰਾ ਢਾਹੀਆ। ਜਿਧਰ ਤੱਕਾਂ ਤੇਰੇ ਪਿਆਰ ਦੀ ਦਿਸੇ ਸਜਾਵਟ, ਗੁਰਮੁਖ ਸੋਹਣੇ ਨਜ਼ਰੀ ਆਈਆ। ਮੇਰੀ ਤੇਰਾਂ ਸੌ ਅਠਾਸੀ ਸਾਲ ਦੀ ਲਾਹ ਥਕਾਵਟ, ਥੱਕੀ ਮਾਂਦੀ ਦਿਆਂ ਦੁਹਾਈਆ। ਮੇਰੇ ਪੱਲੂ ਰਹੇ ਨਾ ਕੋਇ ਅਲਾਮਤ, ਇਲਮ ਵਾਲਿਆਂ ਤੋਂ ਪੱਲਾ ਦੇਣਾ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਿਸੇ ਕੰਮ ਨਾ ਆਈ ਅਲਿਫ਼ ਯੇ ਦੇ ਅੱਖਰਾਂ ਵਾਲੀ ਜ਼ਮਾਨਤ, ਬਿਨਾ ਨਿਰਅੱਖਰ ਤੇਰੀ ਧਾਰ ਨਾ ਕੋਇ ਮਿਲਾਈਆ। ਸਦੀ ਚੌਧਵੀਂ ਨਾ ਕਰ ਝਗੜਾ, ਪਰਵਰਦਿਗਾਰ ਰਿਹਾ ਦ੍ਰਿੜਾਈਆ। ਤੈਨੂੰ ਖੇਲ ਵਖਾਵਾਂ ਅਗਲਾ, ਪੜਦਾ ਆਪ ਉਠਾਈਆ। ਕਲਜੁਗ ਜੀਵ ਬਗੜਾ ਬਗਲਾ, ਨਹਾਤਾ ਧੋਤਾ ਸੋਭਾ ਪਾਈਆ। ਅੰਦਰ ਨਾਮਹੀਣ ਕੰਗਲਾ, ਧਨ ਦੌਲਤ ਨਾ ਕੋਇ ਵਡਿਆਈਆ। ਚੁਰਾਸੀ ਫਿਰੇ ਵਾਂਗ ਪਗ਼ਲਾ, ਭੱਜੇ ਵਾਹੋ ਦਾਹੀਆ। ਘਰ ਸੁਣੇ ਨਾ ਚਾਰ ਮੰਗਲਾ, ਧੁਨ ਸ਼ਬਦ ਨਾ ਕੋਇ ਸ਼ਨਵਾਈਆ। ਧਰਮ ਰਾਏ ਬੰਨ੍ਹਣ ਵਾਲਾ ਨਾਲ ਸੰਗਲਾ, ਗੁਰ ਅਵਤਾਰ ਪੈਗ਼ੰਬਰ ਨਾ ਕੋਇ ਸਹਾਈਆ। ਦੀਨ ਮਜ਼੍ਹਬਾਂ ਫਿਰਨਾਂ ਵਿਚ ਜੰਗਲਾਂ, ਹਦ ਹਦੂਦ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ
❋
❋
ਸੰਦੇਸ਼ਾ ਇਕ ਸੁਣਾਈਆ। ਬਾਲਮੀਕ ਕਹੇ ਸਦੀ ਚੌਧਵੀਂ ਤੂੰ ਕਿਉਂ ਪਾਇਆ ਵਿਚ ਰੌਲਾ, ਮੁਖ਼ਾਤਬ ਮੋਹੇ ਪ੍ਰਭ ਦੇ ਨਾਲ ਕਰਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਮੌਲਾ, ਮੌਲਾ ਹੋ ਕੇ ਰਿਹਾ ਸਮਾਈਆ। ਨਾਨਕ ਕਿਹਾ ਅੱਵਲ ਔਲਾ, ਆਅਲਾ ਆਲਮੀਨ ਵਡਿਆਈਆ। ਮੈਂ ਓਸ ਦੇ ਕੋਲੋਂ ਪੂਰ ਕਰੌਣਾ ਕੌਲਾ, ਜੋ ਕਵਲ ਨੈਣ ਨਿਰਗੁਣ ਨੂਰ ਜੋਤ ਰੁਸ਼ਨਾਈਆ। ਭਾਗ ਲਗੌਣਾ ਓਸ ਧੌਲਾ, ਜਿਸ ਧਰਨੀ ਸਾਚਾ ਰੰਗ ਰੰਗਾਇਆ। ਕੂੜੀ ਕਿਰਿਆ ਭਾਰ ਕਰੇ ਹੌਲਾ, ਜਨ ਭਗਤ ਸੁਹੇਲੇ ਸੰਗ ਮਿਲਾਈਆ। ਓਨ੍ਹਾਂ ਅੰਦਰ ਆਪਣਾ ਰਹਿਣ ਨਾ ਦੇਵੇ ਉਹਲਾ, ਆਤਮ ਪਰਮਾਤਮ ਪੜਦਾ ਦਏ ਉਠਾਈਆ। ਤੂੰ ਮੇਰਾ ਮੈਂ ਤੇਰਾ ਸਾਂਝਾ ਹੋਵੇ ਬੋਲਾ, ਅਨਬੋਲਤ ਰਾਗ ਸਮਝਾਈਆ। ਸਦੀ ਚੌਧਵੀਂ ਮੇਰਾ ਸਾਹਿਬ ਸੁਲਤਾਨ ਇਕੋ ਦੋ ਜਹਾਨਾਂ ਹੋਵੇ ਤੋਲਾ, ਤਰਾਜ਼ੂ ਆਪਣਾ ਨਾਮ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਵਖਾਈਆ। ਸਦੀ ਚੌਧਵੀਂ ਕਹੇ ਬਾਲਮੀਕ, ਪੁਰਖ ਅਕਾਲ ਸਭ ਦਾ ਵਸੀਲਾ, ਵਿਸ਼ਿਆਂ ਤੋਂ ਬਾਹਰ ਵੇਖ ਵਖਾਈਆ। ਜਿਸ ਦਾ ਭਗਤ ਸੰਤ ਆਦਿ ਜੁਗਾਦਿ ਕ਼ਬੀਲਾ, ਜੁਗ ਚੌਕੜੀ ਮੇਲ ਮਿਲਾਈਆ। ਤ੍ਰੇਤੇ ਦੀ ਪਿਛਲੇ ਜਨਮ ਦੀ ਭੈਣ ਸ਼ੀਲਾ, ਸ਼ੀਲਵੰਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਵੇਖ ਵਖਾਈਆ। ਬਾਲਮੀਕ ਕਹੇ ਮੈਨੂੰ ਮਾਰ ਲੈਣ ਦਿਓ ਝਾਕੀ, ਬਿਨ ਅੱਖਾਂ ਅੱਖ ਉਠਾਈਆ। ਕੀ ਓਹੋ ਬੰਦਾ ਖ਼ਾਕੀ, ਜੋ ਮੇਰਾ ਸੰਗ ਨਿਭਾਈਆ। ਬਣ ਕੇ ਸੇਵਕ ਦਾਸੀ, ਜਲ ਧਾਰਾ ਨਾਲ ਵਡਿਆਈਆ। ਇਕ ਦਿਨ ਹੋਇਆ ਅੰਧੇਰਾ ਰਾਤੀ, ਝੱਖੜ ਮੀਂਹ ਵਹਾਈਆ। ਵਕ਼ਤ ਸਮਝਿਆ ਨਾ ਕੋਇ ਪਰਭਾਤੀ, ਵਜੇ ਡੇੜ੍ਹ ਉਠ ਕੇ ਧਾਈਆ। ਅੱਗੇ ਆਈ ਡੂੰਘੀ ਖਾਡੀ, ਮੂੰਹ ਦੇ ਭਾਰ ਸੁਟਾਈਆ। ਢਾਈ ਵਾਰ ਲੱਗੀ ਬਾਜ਼ੀ, ਪਿਠ ਰਗੜ ਨਾਲ ਰਗੜਾਈਆ। ਓਧਰੋਂ ਆ ਗਿਆ ਸ਼ਾਹਸਵਾਰਾ ਇਕ ਤਾਜੀ, ਆਪਣਾ ਰੂਪ ਬਦਲਾਈਆ। ਹੱਸ ਕੇ ਕਿਹਾ ਵਾਹ ਵਾਹ ਜੀ, ਵਾਹਵਾ ਤੇਰੀ ਬੇਪ੍ਰਵਾਹੀਆ। ਸੇਵਕ ਕਿਹਾ ਹਾਂ ਜੀ, ਹਾਂ ਹਾਂ ਵਿਚ ਰਖਾਈਆ। ਘੋੜੇ ਵਾਲੇ ਕਿਹਾ ਇਕ ਵਾਰ ਲੈਣਾ ਮੇਰਾ ਨਾਂ ਜੀ, ਨਾਉਂ ਨਿਰੰਕਾਰਾ ਗਿਆ ਸਮਝਾਈਆ। ਇਹ ਸੋਹਣਾ ਚੰਗਾ ਥਾਂ ਜੀ, ਥਾਨ ਥਨੰਤਰ ਮਿਲੇ ਵਡਿਆਈਆ। ਬਾਲਮੀਕ ਉਚੀ ਕਰ ਕੇ ਕਿਹਾ ਬਾਂਹ ਜੀ, ਬਾਜ਼ਾਂ ਵਾਲਾ ਮੇਰੀ ਲੱਜਿਆ ਲਏ ਰਖਾਈਆ। ਪੁਰਖ ਅਕਾਲ ਸਭ ਦਾ ਪਿਤਾ ਮਾਂ ਜੀ, ਦੂਜੀ ਜੰਮਣ ਵਾਲੀ ਨਾ ਕੋਇ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਸਤਾਈ ਹੱਥ ਖ਼ਜੂਰ ਕਹੇ ਮੈਂ ਉਚਾ ਲੰਮਾ ਬਿਰਛ, ਮੇਰੀ ਸਾਰ ਨਾ ਕੋਇ ਪਾਈਆ। ਮੇਰੇ ਅੰਦਰ ਪ੍ਰਭ ਮਿਲਣ ਦੀ ਹਿਰਸ, ਹਵਸ ਦਿਤੀ ਵਧਾਈਆ। ਮੈਂ ਸਦਾ ਛਾਂ ਦੇਣ ਦੀ ਕਰਦਾ ਰਿਹਾ ਕਿਰਤ, ਔਂਦਿਆਂ ਜਾਂਦਿਆਂ ਆਪਣੀ ਸੇਵ ਕਮਾਈਆ। ਮੈਨੂੰ ਵਿਸ਼ਵਾਸ ਹੋਇਆ ਦ੍ਰਿੜਤ, ਮੇਰਾ ਹਿਰਦਾ ਦਏ ਗਵਾਹੀਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰਾ ਸਾਂਝਾ ਯਾਰਾ ਜ਼ਰੂਰ ਮੇਲੇ ਜੋ ਗਏ ਵਿਛੜਤ, ਵਿਛੜਿਆਂ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਧਾਮ ਸੋਭਾ ਪਾਈਆ। ਬਾਲਮੀਕ ਕਹੇ ਮੇਰੀ ਨਿੱਕੀ ਹੁੰਦੀ ਸੀ ਕੁੱਲੀ, ਕੁਲ ਭਗਤਾਂ ਦਏ ਵਡਿਆਈਆ। ਮੇਰੀ ਪਾਟੀ ਹੁੰਦੀ ਸੀ ਜੁੱਲੀ, ਆਸਣ ਸਿੰਘਾਸਣ ਨਾ ਕੋਇ ਸੁਹਾਈਆ। ਮੇਰੀ ਢੱਠੀ ਹੁੰਦੀ ਸੀ ਚੁਲ੍ਹੀ, ਦੋਵੇਂ ਵੇਲੇ ਅੱਗ ਨਾ ਕਦੇ ਤਪਾਈਆ। ਮੇਰੀ
❋
❋
ਸੁੱਕੀ ਹੁੰਦੀ ਸੀ ਗੁੱਲੀ, ਰੁੱਖੀ ਖਾ ਕੇ ਝਟ ਲੰਘਾਈਆ। ਮੇਰੀ ਆਸਾ ਹੁੰਦੀ ਸੀ ਡੁੱਲੀ, ਪ੍ਰਭ ਚਰਨਾਂ ਹੇਠ ਦਬਾਈਆ। ਮੇਰੀ ਖਾਹਸ਼ ਹੁੰਦੀ ਸੀ ਫੁੱਲੀ, ਗੁਲਸ਼ਨ ਰੂਪ ਮਹਿਕਾਈਆ। ਮੈਂ ਪ੍ਰਭ ਨੂੰ ਯਾਦ ਕੀਤਾ ਨਹੀਂ ਸੀ ਕਦੇ ਨਾਲ ਬੁੱਲ੍ਹੀਂ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਦਏ ਚੜ੍ਹਾਈਆ। ਬਾਲਮੀਕ ਕਹੇ ਮੇਰੇ ਕੋਲ ਹੁੰਦਾ ਸੀ ਤੂੰਬੇ ਦਾ ਇਕ ਪਿਆਲਾ, ਜਿਸ ਵਿਚ ਪਲਕ ਝਲਕ ਰੁਸ਼ਨਾਈਆ। ਓਸ ਦੇ ਵਿਚੋਂ ਨਜ਼ਰ ਔਂਦਾ ਸੀ ਦੀਨ ਦਿਆਲਾ, ਦਇਆਨਿਧ ਦਇਆ ਕਮਾਈਆ । ਮੈਂ ਇਕ ਦਿਨ ਉਸ ਨੂੰ ਟੰਗਿਆ ਨਾਲ ਖਜੂਰ ਦੇ ਪੱਤੇ ਜਿਸ ਦਾ ਨਹੀਂ ਕੋਈ ਡਾਲਾ, ਸਹਿਜ ਦਿਤਾ ਲਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਤਿਗੁਰ ਵਡ ਵਡਿਆਈਆ। ਧਰਤੀ ਕਹੇ ਤੁਸੀਂ ਸਾਰੇ ਪਾਵੋ ਸ਼ੋਰ, ਮੈਨੂੰ ਰਹੇ ਸੁਣਾਈਆ। ਮੈਂ ਵੇਖਾਂ ਕਲਜੁਗ ਅੰਧੇਰਾ ਘੋਰ, ਅੰਦਰ ਵੜ ਕੇ ਖੋਜ ਖੁਜਾਈਆ। ਦੀਨ ਦੁਨੀ ਹੋਈ ਚੋਰ, ਠੱਗੀ ਪ੍ਰਭ ਦੇ ਨਾਲ ਕਮਾਈਆ। ਬਾਹਰੋਂ ਹੋਰ ਤੇ ਅੰਦਰ ਹੋਰ, ਸਾਚਾ ਰੰਗ ਨਾ ਕੋਇ ਰੰਗਾਈਆ। ਮੈਨੂੰ ਓਹ ਚੰਗਾ ਲੱਗੇ ਜਿਹੜਾ ਰਵਦਾਸ ਚੰਮੜੀ ਲਾਹਵੇ ਢੋਰ, ਆਪਣੀ ਕਾਰ ਕਮਾਈਆ। ਨਾਤਾ ਛੱਡਕੇ ਮੜ੍ਹੀ ਗੋਰ, ਗੁਰ ਸਤਿਗੁਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦੇਵੇ ਵਡਿਆਈਆ। ਸਦੀ ਚੌਧਵੀਂ ਕਹੇ ਕੀ ਕਹਿਣਾ ਰਿਖੀਕੇਸ਼, ਕੇਸ਼ਵ ਕੀ ਸਮਝਾਈਆ। ਕੀ ਦੱਸਦੇ ਬ੍ਰਹਮਾ ਵਿਸ਼ਨ ਮਹੇਸ਼, ਸ਼ੰਕਰ ਕੀ ਦ੍ਰਿੜਾਈਆ। ਕੀ ਲੇਖਾ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਦੇਣਾ ਸੁਣਾਈਆ। ਕੀ ਲਹਿਣਾ ਦੇਣਾ ਹਮੇਸ਼, ਜੁਗ ਜੁਗ ਝੋਲੀ ਪਾਈਆ। ਮੈਂ ਨਿਮਾਣੀ ਹੋਈ ਪੇਸ਼, ਪੇਸ਼ੀਨਗੋਈ ਦਿਆਂ ਦ੍ਰਿੜਾਈਆ। ਪ੍ਰਭ ਭਗਤਾਂ ਨਾਲ ਕਰੇ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਿਸ ਦਾ ਲਹਿਣਾ ਦੇਣਾ ਨੇਤਨ ਨੇਤ, ਨਿਜ ਘਰ ਬੈਠਾ ਸੋਭਾ ਪਾਈਆ। ਧੁਰ ਸੰਦੇਸਾ ਦੇਵੇ ਭੇਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਆਸਾ ਪੂਰ ਕਰਾਈਆ। ਬਾਲਮੀਕ ਕਹੇ ਮੇਰੇ ਧੁਰ ਦੇ ਭਗਵੰਤ, ਭਗਵਨ ਦੇ ਸਮਝਾਈਆ। ਕਿਹੜਾ ਕਲਜੁਗ ਵਿਚ ਸੰਤ, ਜੋ ਸਤਿਗੁਰ ਤੇਰੇ ਵਿਚ ਸਮਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਡੇਰਾ ਢਾਹੀਆ। ਬੋਧ ਅਗਾਧਾ ਬਣ ਕੇ ਪੰਡਤ, ਸੋਹਲਾ ਢੋਲਾ ਤੇਰਾ ਰਾਗ ਸੁਣਾਈਆ। ਝਗੜਾ ਛੱਡ ਬਹਿਸ਼ਤ ਜੱਨਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਦੂਸਰ ਅੱਗੇ ਕਦੇ ਕਰੇ ਨਾ ਮਿੰਨਤ, ਸੀਸ ਜਗਦੀਸ਼ ਇਕੋ ਇਕ ਨਿਵਾਈਆ। ਮੈਂ ਹੈਰਾਨ ਹੋ ਗਿਆ ਕਿਸੇ ਵਿਚ ਰਹੀ ਕੋਈ ਨਾ ਹਿੰਮਤ, ਹੌਸਲੇ ਸਾਰੇ ਬੈਠੇ ਢਾਹੀਆ। ਮਾਲਾ ਘੜ ਕੇ ਮਣਕੇ ਫੇਰ ਕੇ ਜਿਹੜੇ ਕਰਦੇ ਪ੍ਰਭੂ ਤੇਰੇ ਅੱਗੇ ਮਿੰਨਤ, ਕੀ ਦੂਜਿਆਂ ਲੈਣ ਤਰਾਈਆ। ਗ੍ਰੰਥਾਂ ਪੜ੍ਹ ਕੇ ਮੇਟਦੇ ਚਿੰਨਤ, ਢੋਲੇ ਗੀਤ ਸਾਲਾਹੀਆ। ਮਨੂਆ ਰੁਕ ਨਾ ਸਕੇ ਕਰਨੋਂ ਇੱਲਤ, ਆਲਮ ਉਲਮਾ ਚਲੇ ਨਾ ਕੋਇ ਚਤੁਰਾਈਆ। ਸਾਰੇ ਤੇਰੇ ਹੋਏ ਨਿੰਦਕ, ਗਰੰਥਾਂ ਦੀ ਕਰਨ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਬਾਲਮੀਕ ਪ੍ਰਭ ਕਦੇ ਨਾ ਚਾਹਵੇ ਉਲਫ਼ਤ, ਮਹਿਮਾ ਵਿਚ ਨਾ ਕੋਇ ਵਡਿਆਈਆ। ਉਸ ਨੂੰ ਗਾ ਸਕੇ ਕੋਈ ਨਾ ਪੁਸਤਕ, ਸਿਫ਼ਤਾਂ ਵਿਚ ਨਾ ਕੋਇ ਸਾਲਾਹੀਆ। ਭੇਵ ਜਾਣੇ ਕੋਈ ਨਾ ਮੁਰਸ਼ਦ, ਮੁਰੀਦਾਂ ਕੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੇ ਦਵਾਰੇ ਸਾਰੇ ਬੈਠੇ
❋
❋
ਮੁਫ਼ਲਿਸ, ਖ਼ਾਲੀ ਝੋਲੀਆਂ ਅੱਗੇ ਡਾਹੀਆ। ਸਦੀ ਚੌਧਵੀਂ ਕਿਸੇ ਨੂੰ ਮਿਲਣ ਜੋਗੀ ਪ੍ਰਭ ਨੇ ਰੱਖੀ ਨਹੀਂ ਕੋਈ ਫ਼ੁਰਸਤ, ਵਿਹਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਧਰਨੀ ਕਹੇ ਮੇਰਾ ਮਾਲਕ ਧੁਰ ਦਾ ਅੱਬਾ, ਨੂਰ ਇਕ ਅਲਾਹੀਆ। ਜਿਸ ਦਾ ਦੋ ਜਹਾਨਾਂ ਦੱਬਾ, ਸਿਰ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਭੱਜਦੇ ਉਤੇ ਪੱਬਾਂ, ਨਿਉਂ ਨਿਉਂ ਸੀਸ ਨਿਵਾਈਆ। ਸਾਚੇ ਨਾਮ ਦੀ ਗੌਂਦੇ ਸਦਾ, ਢੋਲਾ ਧੁਰਦਰਗਾਹੀਆ। ਜਿਸ ਦੀ ਨਿਰਗੁਣ ਸਰਗੁਣ ਬਣ ਗਏ ਯੱਦਾ, ਪੁਸ਼ਤ ਪਨਾਹ ਹੱਥ ਟਿਕਾਈਆ। ਉਸ ਦਾ ਹੁਕਮ ਸਦਾ ਸੂਰਾ ਸਰਬੱਗਾ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਦਏ ਚੁਕਾਈਆ। ਸਦੀ ਚੌਧਵੀਂ ਕਹੇ ਮੇਰੇ ਅੰਦਰ ਆਈ ਹੈਰਾਨੀ, ਹੈਰਤ ਵਿਚ ਦੁਹਾਈਆ। ਕਿਉਂ ਚਾਰੋਂ ਕੁੰਟ ਵਧੀ ਬੇਈਮਾਨੀ, ਬੇਵਾ ਹੋਈ ਲੋਕਾਈਆ। ਗੁਰ ਅਵਤਾਰ ਪੈਗ਼ੰਬਰੋ ਕਿੱਥੇ ਗਈ ਤੁਹਾਡੀ ਮਿਹਰਵਾਨੀ, ਮਹਿਬੂਬ ਨਾਲ ਨਾ ਕੋਇ ਵਡਿਆਈਆ। ਕਿਧਰ ਗਈ ਕਰਬਲਿਆਂ ਵਾਲੀ ਕ਼ੁਰਬਾਨੀ, ਗੜ੍ਹੀ ਚਮਕੌਰ ਦਏ ਦੁਹਾਈਆ। ਕਿਉਂ ਕਲਜੁਗ ਕੂੜੀ ਚੜ੍ਹੀ ਤੁਗ਼ਿਆਨੀ, ਸਾਧਾਂ ਸੰਤਾਂ ਰਹੀ ਰੁੜ੍ਹਾਈਆ। ਸਤਿ ਧਰਮ ਦੀ ਮਿਟੀ ਨਿਸ਼ਾਨੀ, ਨਿਸ਼ਾਨੇ ਸਾਰੇ ਗਈ ਚੁਕਾਈਆ। ਨੇਤਰ ਰੋਵੇ ਚਾਰੇ ਖਾਣੀ, ਚਾਰੇ ਬਾਣੀ ਸਾਰ ਕੋਇ ਨਾ ਪਾਈਆ। ਧਾਹੀਂ ਮਾਰੇ ਅਠਸਠ ਤੀਰਥ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਸਾਰ ਕੋਇ ਨਾ ਆਈਆ। ਨੱਠੀ ਭੱਜੀ ਫਿਰੇ ਅੱਲਾ ਰਾਣੀ, ਹੂ ਹੂ ਨਾਅਰਿਆਂ ਵਿਚ ਸੁਣਾਈਆ । ਕਿਧਰ ਗਈ ਬ੍ਰਹਮਾ ਦੀ ਮਿਸ਼ਰਾਣੀ, ਗਾਨਾ ਸਗਨ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਆਸਾ ਇਕ ਵਧਾਈਆ। ਧਰਤੀ ਕਹੇ ਏਥੇ ਬਾਲਮੀਕ ਦੀ ਝੁੱਗੀ, ਝੌਂਪੜੀ ਸੋਹਣੀ ਨਜ਼ਰੀ ਆਈਆ। ਜਿਸ ਦਾ ਲਹਿਣਾ ਚੌਂਹ ਜੁਗੀ, ਜੁਗ ਕਰਤਾ ਆਪ ਸਮਝਾਈਆ। ਅੰਤਮ ਉਹ ਵੀ ਔਧ ਪੁੱਗੀ, ਸਮਾਂ ਰਿਹਾ ਸੁਹਾਈਆ। ਜਨ ਭਗਤਾਂ ਨਿਰਮਲ ਕਰੇ ਬੁੱਧੀ, ਮਨ ਮਮਤਾ ਮੋਹ ਮਿਟਾਈਆ। ਆਤਮਾ ਪਰਮਾਤਮਾ ਕੋਲੋਂ ਰਹੇ ਨਾ ਲੁਕੀ, ਘਰ ਸਵਾਮੀ ਜੋੜ ਜੁੜਾਈਆ। ਬ੍ਰਹਮ ਧਾਰ ਰਹੇ ਨਾ ਰੁੱਠੀ, ਪਾਰਬ੍ਰਹਮ ਆਪ ਮਨਾਈਆ। ਗੁਰਮੁਖੋ ਕਦੀ ਵਿਚਾਰ ਨਾ ਕਰਿਓ ਤ੍ਰਿਕੁਟੀ, ਈੜਾ ਪਿੰਗਲ ਸੁਖਮਨ ਤੁਹਾਡੇ ਚਰਨਾਂ ਹੇਠ ਦਬਾਈਆ। ਤੁਹਾਡੀ ਜਗਤ ਵਾਸਨਾ ਜਾਏ ਟੁੱਟੀ, ਮਨੂਆ ਦਹਿ ਦਿਸ਼ਾ ਨਾ ਉਠ ਉਠ ਧਾਈਆ। ਜਿਸ ਕਾਰਨ ਬਾਲਮੀਕ ਦਵਾਰੇ ਲੋਹ ਪੁੱਟੀ, ਤ੍ਰੈਗੁਣ ਭੇਟਾ ਦਿਤੀ ਕਰਾਈਆ। ਤੁਹਾਨੂੰ ਲੱਖ ਚੁਰਾਸੀ ਵਿਚੋਂ ਦੇ ਕੇ ਛੁੱਟੀ, ਪੁਰਖ ਅਕਾਲ ਨਾਲ ਮਿਲਾਈਆ। ਵੇਖਿਓ ਕਿਸੇ ਦੀ ਕਰਿਓ ਕੋਈ ਨਾ ਬੁੱਤੀ, ਬੁਤਖ਼ਾਨਿਆਂ ਤੋਂ ਲੇਖਾ ਦਿਤਾ ਮੁਕਾਈਆ। ਸਦਾ ਭਗਤਾਂ ਦੀ ਸ਼ਾਨ ਉਚੀ, ਉਚ ਅਗੰਮ ਦਏ ਵਡਿਆਈਆ। ਇਹ ਰਮਜ਼ ਰਹੇ ਨਾ ਲੁਕੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਦੀ ਚੌਧਵੀਂ ਕਹੇ ਮੈਂ ਕਰਨੀ ਕ਼ਦਮਬੋਸੀ, ਨਿਉਂ ਨਿਉਂ ਲਾਗਾਂ ਪਾਈਆ। ਬਾਲਮੀਕ ਕਹੇ ਮੈਂ ਰਖਣੀ ਨਹੀਂ ਖ਼ਾਮੋਸ਼ੀ, ਉਚੀ ਕੂਕ ਕੂਕ ਸੁਣਾਈਆ। ਧਰਨੀ ਕਹੇ ਮੈਂ ਬੈਠੀ ਹਾਂ ਨਿਰਦੋਸ਼ੀ, ਪਾਪ ਪੁੰਨ ਨਾ ਕੋਇ ਦਰਸਾਈਆ। ਪੁਰਖ ਅਕਾਲ ਕਹੇ ਮੈਂ ਸਭ ਦੇ ਵਾਸਤੇ ਰਿਹਾ ਸੋਚੀ, ਬੁੱਧੀ ਤੋਂ ਪਰੇ ਮੇਰੀ ਪੜ੍ਹਾਈਆ। ਬਾਲਮੀਕ ਤੇਰਾ ਸਾਥੀ ਰਵਦਾਸ ਚਮਾਰਾ ਮੋਚੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਵਜਦੀ ਰਹੇ ਵਧਾਈਆ। ਸਦੀ ਚੌਧਵੀਂ ਕਹੇ ਮੈਂ ਆ ਗਈ ਦੂਰ ਦੁਰਾਡੀ ਨੇੜੇ, ਪਾਂਧੀ ਹੋ ਕੇ ਪੰਧ ਮੁਕਾਈਆ। ਬਾਲਮੀਕ ਕਹੇ ਤੂੰ ਵਸਜਾ ਓਸ ਖੇੜੇ, ਜਿਥੇ ਖੜ੍ਹਾ ਖੜੋਤਾ ਪ੍ਰਭ ਨਜ਼ਰ ਕਿਸੇ ਨਾ ਆਈਆ। ਧਰਨੀ ਕਹੇ ਤੂੰ ਛੱਡ ਦੇ ਪਿਛਲੇ ਝੇੜੇ, ਦੀਨਾਂ ਮਜ਼੍ਹਬਾਂ ਵਾਲੀ ਲੜਾਈਆ। ਚੜ੍ਹ ਜਾ ਓਸ ਪ੍ਰਭੂ ਦੇ ਬੇੜੇ, ਜਿਥੇ ਨਈਆ ਨੌਕਾ ਇਕੋ ਨਾਮ ਨਜ਼ਰੀ ਆਈਆ। ਅੱਗੇ ਸਿਰ ਤੇ ਨਿਗਾਹ ਪ੍ਰੇਮ ਦੀ ਫੇਰੇ, ਫੇਰੀ ਜਗਤ ਵਾਲੀ ਰਖਾਈਆ। ਲੈ ਜਾਏ ਓਸ ਸਚੇ ਡੇਰੇ, ਜਿਥੇ ਡੇਰਿਆਂ ਵਾਲਾ ਪਹੁੰਚ ਸਕੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਘਰ ਵਖਾਈਆ। ਸਦੀ ਚੌਧਵੀਂ ਕਹੇ ਮੈਂ ਧੂੜੀ ਲਾਵਾਂ ਖ਼ਾਕ, ਮਸਤਕ ਨਾਲ ਛੁਹਾਈਆ। ਬਾਲਮੀਕ ਕਹੇ ਕਮਲੀਏ ਹੋ ਜਾ ਪਾਕ, ਪ੍ਰਭ ਪੱਤਤ ਪੁਨੀਤ ਬਣਾਈਆ। ਧਰਨੀ ਕਹੇ ਮੇਰਾ ਖੋਲ੍ਹ ਕੇ ਵੇਖ ਤਾਕ, ਪੜਦਾ ਅੰਦਰੋਂ ਇਕ ਉਠਾਈਆ। ਪੁਰਖ ਅਕਾਲ ਕਹੇ ਮੈਂ ਸਭ ਦਾ ਪੂਰਾ ਕਰਨਾ ਅੰਤ ਵਾਕ, ਵਾਅਦਾ ਧੁਰ ਦਾ ਚਲਿਆ ਆਈਆ। ਇਹ ਸੁਹੰਞਣੀ ਭਾਗਾਂ ਵਾਲੀ ਰਾਤ, ਮੱਘਰ ਛੇ ਮਿਲੇ ਵਡਿਆਈਆ। ਪਿਛਲੀ ਫੇਰ ਕਰਾਵਾਂ ਯਾਦ, ਯਾਦਦਾਸ਼ਤ ਅੱਗੇ ਨਾਲ ਰਲਾਈਆ। ਵਾਸਤਾ ਪਾ ਕੇ ਕਹੇ ਸਤਿਗੁਰ ਗੁਰਮੁਖਾਂ ਅੰਦਰੋਂ ਧੋਣਾ ਦਾਗ਼, ਦੁਰਮਤ ਮੈਲ ਧੁਆਈਆ। ਦੀਪਕ ਜੋਤ ਜਗੌਣਾ ਚਰਾਗ਼, ਅੰਧ ਅੰਧੇਰਾ ਰਹੇ ਨਾ ਰਾਈਆ। ਨਿਝਰ ਰਸ ਦਾ ਦੇਣਾ ਸਵਾਦ, ਬੂੰਦ ਸਵਾਂਤੀ ਇਕ ਟਪਕਾਈਆ। ਭਗਤਾਂ ਨੂੰ ਕੱਢਕੇ ਵਿਚੋਂ ਸਮਾਜ, ਆਤਮ ਬ੍ਰਹਮ ਦੇਣਾ ਦ੍ਰਿੜਾਈਆ। ਗੁਰਮੁਖ ਤੇਰਾ ਲੰਗੜਾ ਲੂਲ੍ਹਾ ਰਹੇ ਨਾ ਕੋਇ ਅਪਾਹਜ, ਬਲਧਾਰੀ ਦੇਣਾ ਬਣਾਈਆ । ਹਰ ਹਿਰਦੇ ਅੰਦਰ ਹੋ ਵਿਸਮਾਦ, ਵਿਸ਼ਵ ਆਪਣੀ ਕਲ ਵਰਤਾਈਆ। ਨਿਜ ਨੇਤਰ ਖੋਲ੍ਹ ਕੇ ਆਪਣੀ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਪਣਾ ਆਪ ਦਰਸਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਦਰ ਸੁਹੰਜਣਾ, ਸੋਭਾਵੰਤ ਨੂਰ। ਬਾਲਮੀਕ ਕਹੇ ਮੇਰਾ ਆਦਿ ਪੁਰਖ ਨਿਰੰਜਣਾ, ਨੂਰ ਜ਼ਹੂਰ। ਧਰਨੀ ਕਹੇ ਮੇਰਾ ਸੁਵਾਮੀ ਦਰਦ ਦੁੱਖ ਭੈ ਭੰਜਨਾ, ਸਰਬ ਕਲਾ ਭਰਪੂਰ। ਗੁਰਮੁਖਾਂ ਕਰਾਵੇ ਚਰਨ ਧੂੜੀ ਸਦ ਮਜਨਾ, ਨਿਰਗੁਣ ਸਰਗੁਣ ਇਹ ਦਸਤੂਰ। ਪ੍ਰੇਮ ਪ੍ਰੀਤੀ ਚਾੜ੍ਹੇ ਰੰਗਣਾ, ਨਾਤਾ ਤੋੜ ਕੇ ਕੂੜੋ ਕੂੜ। ਧੁਰ ਦਰਗਾਹ ਦੀ ਦੱਸ ਕੇ ਬੰਦਨਾ, ਸੱਯਦਾ ਇਕੋ ਕਰੇ ਮਸ਼ਹੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸਵਾਮੀ ਹਾਜ਼ਰ ਹਜ਼ੂਰ। ਬਾਲਮੀਕ ਕਹੇ ਮੇਰੇ ਨੇਤਰ ਰੋਂਦੇ ਨੀਰ, ਛਹਿਬਰ ਦੇਣ ਦੁਹਾਈਆ। ਸਦੀ ਚੌਧਵੀਂ ਕਹੇ ਉਫ਼ ਹਾਏ ਮੇਰਾ ਅਖ਼ੀਰ, ਆਖ਼ਰ ਰਹੀ ਕੁਰਲਾਈਆ। ਧਰਨੀ ਕਹੇ ਮੇਰਾ ਮੌਲਾ ਬਦਲੇ ਤਕ਼ਦੀਰ, ਤਦਬੀਰ ਆਪਣੀ ਇਕ ਜਣਾਈਆ। ਹੱਸ ਕੇ ਕਹੇ ਕਬੀਰ, ਸਚਖੰਡ ਬੈਠਾ ਤਾੜੀ ਲਾਈਆ। ਗੁਰ ਅਵਤਾਰ ਪੈਗ਼ੰਬਰੋ ਦੀਨ ਮਜ਼੍ਹਬ ਦੀ ਰਹੇ ਨਾ ਕੋਇ ਜਾਗੀਰ, ਹਿੱਸੇ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲਾ ਦੀਨ ਦਿਆਲਾ ਪਿਛਲੀ ਉਤੇ ਮਾਰਨ ਲੱਗਾ ਲਕੀਰ, ਲਾਈਨ ਆਪਣੀ ਆਪ ਖਿਚਾਈਆ । ਸਦੀ ਚੌਧਵੀਂ ਕਹੇ ਮੇਰੇ ਅੰਤ ਰਿਹਾ ਨਾ ਕੋਇ ਫ਼ਕੀਰ, ਜੋ ਫ਼ਿਕਰਾ ਢੋਲਾ ਧੁਰ ਦਾ ਗਾਈਆ। ਤ੍ਰੈਗੁਣ ਮਾਇਆ ਸਭ ਦਾ ਅੰਦਰ ਤੱਕਿਆ ਖ਼ਮੀਰ, ਤਾਅਸੀਰ ਦਿਤੀ ਬਦਲਾਈਆ। ਕਿਸੇ ਨਜ਼ਰ ਨਾ ਆਵੇ ਬੇਨਜ਼ੀਰ, ਨੇਤਰ ਨੈਣ ਉਠਾਈਆ। ਤੋਬਾ ਮੇਰੀ ਜਿਸ ਦੀ ਕ਼ਸਮ ਪਾਈ ਨਾਂ ਦੱਸਿਆ ਖ਼ੰਜੀਰ, ਮੁਹੰਮਦ ਗਿਆ ਸਮਝਾਈਆ।
❋
❋
ਓਹ ਮਮਤਾ ਓਹ ਮਾਇਆ ਓਹ ਕਲਪਣਾ ਸਭ ਦੀ ਹੋਈ ਬਗ਼ਲਗੀਰ, ਦਸਤਗੀਰਾਂ ਤੋਂ ਪੱਲੂ ਰਹੀ ਛੁਡਾਈਆ। ਆਲਮ ਫ਼ਾਜ਼ਲ ਸਾਫ਼ ਦਿਸੇ ਨਾ ਕੋਇ ਜ਼ਮੀਰ, ਅਕ਼ਲ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਬਾਲਮੀਕ ਕਹੇ ਮੇਰੇ ਸੇਵਕ ਦਾ ਨਾਮ ਹੁੰਦਾ ਸੀ ਮਧੋਸਾ, ਮਧੂ ਕਹਿ ਕੇ ਸਾਰੇ ਗਾਈਆ। ਰਖਦਾ ਸੀ ਸਚ ਭਰੋਸਾ, ਸਿਦਕ ਵਿਚ ਸੀਸ ਝੁਕਾਈਆ। ਪਾਣੀ ਰਖਦਾ ਸੀ ਕੋਸਾ, ਅਗਨੀ ਤੱਤ ਤਪਾਈਆ। ਅੰਦਰ ਸੁਣਦਾ ਸੀ ਇਕੋ ਨਾਮ ਦਾ ਹੋਕਾ, ਹਰਿ ਹਿਰਦੇ ਵਿਚ ਟਿਕਾਈਆ। ਚਾਹੁੰਦਾ ਸੀ ਜਦ ਮਿਲਾਂ ਤੇ ਨਾਲ ਪੁਰਖ ਅਕਾਲ ਦੀ ਜੋਤਾ, ਤੱਤਾਂ ਵਾਲੇ ਗੁਰੂ ਦੀ ਲੋੜ ਰਹੇ ਨਾ ਰਾਈਆ। ਭਾਵੇਂ ਜੁਗਾਂ ਪਿਛੋਂ ਮਿਲੇ ਮੌਕਾ, ਜੁਗ ਬੀਤਦਿਆਂ ਦੇਰ ਨਾ ਕੋਇ ਲਗਾਈਆ। ਬਿਨਾ ਪੁਰਖ ਅਕਾਲ ਤੋਂ ਜੀਵਣ ਜਹਾਨ ਥੋਥਾ, ਹੋਛੀ ਮਤ ਦਿਸਾਈਆ। ਭਾਵੇਂ ਪਰਵਾਰ ਵਧ ਜਾਏ ਪੋਤ ਪੋਤਾ, ਦੋਹਤ ਪੋਤ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਕੇ ਮਾਰਗ ਸੌਖਾ, ਘਰ ਆਪਣਾ ਇਕ ਦ੍ਰਿੜਾਈਆ। ਮਧੂ ਕਹੇ ਮੈਂ ਇਕ ਦਿਨ ਪੁਛਿਆ ਕੋਲੋਂ ਬਾਲਮੀਕ, ਨਿਮਰਤਾ ਵਿਚ ਸੀਸ ਨਿਵਾਈਆ। ਕੁਛ ਮੈਨੂੰ ਦੱਸ ਗੀਤ, ਗੋਬਿੰਦ ਕਿਸ ਬਿਧ ਗਾਈਆ। ਓਸ ਨੇ ਦੇ ਦਿਤੀ ਤਾਰੀਖ, ਸਹਿਜ ਨਾਲ ਸੁਣਾਈਆ। ਜਿਸ ਵੇਲੇ ਕਲਜੁਗ ਅੰਤ ਹੋਇਆ ਠੀਕ, ਠਾਕਰ ਮਿਲੇ ਧੁਰਦਰਗਾਹੀਆ। ਆਤਮਾ ਪਰਮਾਤਮਾ ਦੀ ਓਹ ਆਪੇ ਦੱਸੇ ਪ੍ਰੀਤ, ਮੇਰੇ ਦੱਸਣ ਦੀ ਲੋੜ ਰਹੇ ਨਾ ਰਾਈਆ। ਅਜੇ ਤੇ ਮੈਂ ਓਸ ਨੂੰ ਰਿਹਾ ਉਡੀਕ, ਆਸਾ ਵਿਚ ਧਿਆਨ ਲਗਾਈਆ। ਜਦ ਓਹ ਤੇਰੇ ਮੇਰੇ ਆਪੇ ਆ ਗਿਆ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਕਿਉਂ ਓਸ ਦੇ ਵਿਚ ਸਚ ਤੌਫ਼ੀਕ਼, ਤੋਹਫ਼ੇ ਘਰ ਘਰ ਦਏ ਟਿਕਾਈਆ। ਮਧੂ ਕਿਹਾ ਕੀ ਕੋਈ ਹੋਣਾ ਪਏ ਸ਼ਹੀਦ, ਸ਼ਹਾਦਤ ਤਨ ਵਾਲੀ ਭੁਗਤਾਈਆ। ਬਾਲਮੀਕ ਕਿਹਾ ਹੁਣ ਓਹਦੇ ਚਰਨਾਂ ਵਿਚ ਰਖਣੀ ਆਪਣੀ ਦੀਦ, ਦੀਦਾ ਦਾਨਿਸਤਾ ਮੇਲ ਮਿਲਾਈਆ। ਇਹੋ ਆਸਾ ਤੇ ਇਹੋ ਉਮੀਦ, ਇਹੋ ਖ਼ਾਹਿਸ਼ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਮਸਤਕ ਵੇਖ ਵਖਾਈਆ। ਧਰਨੀ ਕਹੇ ਕੀ ਬਾਲਮੀਕ ਦਏ ਸੰਦੇਸਾ, ਸਚ ਸਚ ਦਏ ਸਮਝਾਈਆ। ਬਾਲਮੀਕ ਕਿਹਾ ਭਗਤ ਉਧਾਰਨਾ ਜਿਸ ਦਾ ਪੇਸ਼ਾ, ਪੇਸ਼ੀਨਗੋਈ ਓਸੇ ਦੀ ਰਿਹਾ ਦ੍ਰਿੜਾਈਆ। ਧਰਨੀ ਕਹੇ ਕੀ ਧਾਰ ਕੇ ਆਵੇ ਵੇਸਾ, ਕਵਣ ਰੂਪ ਬਦਲਾਈਆ। ਬਾਲਮੀਕ ਕਿਹਾ ਮੈਨੂੰ ਵੇਖ ਲਾ ਜਟਾ ਜੂਟ ਜਿਉਂ ਧਾਰੀ ਕੇਸਾ, ਦਸ ਦਸਮੇਸ਼ਾ ਖੇਲ ਕਰਾਈਆ। ਵੇਖੀਂ ਭੁੱਲ ਨਾ ਜਾਵੀਂ ਚੇਤਾ, ਚੇਤਨ ਸੁਰਤੀ ਨਾਲ ਕਰਾਈਆ। ਗੁਰ ਅਵਤਾਰ ਪੈਗ਼ੰਬਰਾਂ ਮੁਕਾ ਦਏ ਠੇਕਾ, ਠਾਕਰ ਹੋ ਕੇ ਫੇਰਾ ਪਾਈਆ। ਸਭ ਦਾ ਮਾਲਕ ਬਣ ਜਾਏ ਏਕਾ, ਏਕੰਕਾਰ ਨੂਰ ਖ਼ੁਦਾਈਆ। ਤੀਰ ਅਣਿਯਾਲੇ ਨਾਲ ਕਰੇ ਛੇਕਾ, ਸ਼ਿਕਮ ਵਿਚ ਗੁਰਮੁਖਾਂ ਕਰੇ ਜਣਾਈਆ। ਲੇਖਾ ਜਾਣ ਕੇ ਸਚ ਸੰਦੇਸਾ, ਲੋਕਮਾਤ ਫੋਲ ਫੁਲਾਈਆ। ਜਿਸ ਦਾ ਸ਼ਬਦੀ ਧਾਰ ਇਕੋ ਬੇਟਾ, ਜੋ ਘਰ ਘਰ ਭਗਤਾਂ ਦਏ ਪੁਚਾਈਆ। ਜੁਗ ਚੁੌਕੜੀ ਬਣ ਕੇ ਖੇਵਟ ਖੇਟਾ, ਜਗਤ ਜਹਾਨ ਪਾਰ ਕਰਾਈਆ। ਸਚ ਮਿਲਾਵੇ ਧੁਰ ਦਾ ਨੇਤਾ, ਨਰ ਨਰਾਇਣ ਸਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦਏ ਵਡਿਆਈਆ। ਧਰਨੀ ਕਹੇ ਬਾਲਮੀਕ ਕਿਸ ਬੈਠੇਂ ਗੋਸ਼ੇ ਗੁੱਠੇ, ਨੁਕਰ ਦੇ ਸਮਝਾਈਆ । ਜਿਥੇ ਸਾਹਿਬ ਸਵਾਮੀ ਤੁੱਠੇ, ਮਿਹਰ ਨੈਣ ਉਠਾਈਆ।
❋
❋
ਭਗਤ ਸੁਹੇਲੇ ਗੋਦੀ ਚੁੱਕੇ, ਧੁਰ ਦੀ ਗੋਦ ਬਹਾਈਆ। ਜਗਤ ਉਠਾਏ ਸੁੱਤੇ, ਨਿਜ ਨੇਤਰ ਅੱਖ ਖੁਲ੍ਹਾਈਆ। ਭਾਗ ਲਗਾਵੇ ਏਸੇ ਮੱਘਰ ਦੀ ਰੁੱਤੇ, ਛੇ ਪ੍ਰਵਿਸ਼ਟਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲਹਿਣਾ ਦਏ ਮੁਕਾਈਆ। ਸਦੀ ਚੌਧਵੀਂ ਕਹੇ ਸੁਣ ਧੁਰ ਦੇ ਦਾਸ ਦਾਸੀ, ਦਾਸਤਾਨ ਦਿਆਂ ਜਣਾਈਆ। ਪ੍ਰਭ ਦਾ ਖੇਲ ਅਗੰਮ ਤਮਾਸ਼ੀ, ਤਮਾਸ਼ਬੀਨ ਜਗਤ ਲੋਕਾਈਆ। ਜੋ ਸਚਖੰਡ ਵਸੇ ਸਾਹਿਬ ਅਬਿਨਾਸ਼ੀ, ਨਿਰਾਕਾਰ ਨੂਰ ਅਲਾਹੀਆ। ਉਸ ਦੀ ਮੰਨਣੀ ਸਭ ਨੇ ਆਖੀ, ਜੋ ਅੱਖਰਾਂ ਤੋਂ ਬਾਹਰ ਕਰੇ ਪੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੇ ਬਣੇ ਭਾਟੀ, ਰਾਗਾਂ ਨਾਦਾਂ ਵਿਚ ਸਿਫ਼ਤ ਸਾਲਾਹੀਆ। ਓਹ ਖੇਲ ਕਰੇ ਜੋਤ ਪ੍ਰਭ ਜਾਤੀ, ਜਾਗਰਤ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਦਰ ਵਖਾਈਆ। ਸਦੀ ਚੌਧਵੀਂ ਕਹੇ ਡਾਕਟਰ ਪਾਲ ਸਿੰਘ ਲੈ ਕੇ ਆਵੇ ਤਿੱਖੀ ਧਾਰ ਚਾਕੂ, ਚਕਨਾਚੂਰ ਹੋਵੇ ਲੋਕਾਈਆ। ਪ੍ਰਗਟ ਸਿੰਘ ਬਣ ਕੇ ਆਵੇ ਡਾਕੂ, ਭੇਖ ਅਵੱਲੜਾ ਇਕ ਵਟਾਈਆ। ਹਰਚਰਨ ਸਿੰਘ ਬਣਾ ਕੇ ਲਿਆਵੇ ਮਾਟੂ, ਰੰਗ ਸੱਤ ਵਿਚ ਸਮਝਾਈਆ। ਤਰਿਪਤ ਲਿਖ ਕੇ ਲਿਆਵੇ ਸੋਹੰ ਪਰਮਾਤਮ ਆਤਮ ਦਾ ਬਾਪੂ, ਆਦਿ ਜੁਗਾਦਿ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਚੌਦਾਂ ਲੋਕਾਂ ਵੇਖਣੀ ਹੱਟੀ, ਚੌਦਾਂ ਤਬਕਾਂ ਫੋਲ ਫੁਲਾਈਆ। ਮੈਂ ਪਤਿਪਰਮੇਸ਼ਵਰ ਨੂਰ ਅਲਾਹੀ ਜਗਤ ਵਸਨਾ ਵੇਖਣੀ ਸਤੀ, ਸਤਿ ਸਤਿਵਾਦ ਵਿਚ ਕਵਣ ਸਮਾਈਆ। ਕਿਸ ਦੀ ਹੁੰਦੀ ਅੰਤਮ ਗਤੀ, ਗੁਰ ਅਵਤਾਰ ਪੈਗ਼ੰਬਰ ਕੀ ਕੀ ਸੇਵ ਕਮਾਈਆ। ਸਾਧਾਂ ਸੰਤਾਂ ਅੰਦਰ ਵੇਖਣੀ ਜੋਤ ਦੀ ਜਗਦੀ ਨਿੰਮ੍ਹੀ ਨਿੰਮ੍ਹੀ ਮੋਮਬੱਤੀ, ਕਿਸ ਗ੍ਰਹਿ ਨੂਰ ਹੋਵੇ ਰੁਸ਼ਨਾਈਆ। ਜਗਤ ਮੰਡਲੇਸ਼ਵਰ ਵੇਖਣੇ ਯਤੀ, ਹਠ ਕਵਣ ਨਿਭਾਈਆ। ਵਿਦਵਾਨਾਂ ਦੀ ਪੜ੍ਹੀ ਵੇਖਣੀ ਪੱਟੀ, ਪਟਨੇ ਵਾਲਾ ਕਰੇ ਅਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰਦਰਗਾਹੀ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਵੇਖਣੀ ਦੀਨ ਦੁਨੀ ਦੀ ਦ੍ਰਿਸ਼ਟ, ਅੰਤਰ ਨਿਰੰਤਰ ਫੋਲ ਫੁਲਾਈਆ। ਕਿਸ ਦਾ ਪੁਰਖ ਅਕਾਲ ਇਸ਼ਟ, ਇਸ਼ਟਦੇਵ ਕਵਣ ਮਨਾਈਆ । ਕਿਸ ਦੀ ਬੁੱਧੀ ਹੋਈ ਭ੍ਰਿਸ਼ਟ, ਕੁਕਰਮਾਂ ਵਿਚ ਹਲਕਾਈਆ। ਕਿਸ ਦਾ ਧੁਰ ਦਾ ਸਚਾ ਇਸ਼ਕ, ਹਕ਼ੀਕੀ ਮਜਾਜ਼ੀ ਤੋਂ ਬਾਹਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਸਦੀ ਚੌਧਵੀਂ ਕਹੇ ਮੈਂ ਅੰਦਰ ਦੀ ਬਣਾਂ ਖੋਜੀ, ਖੋਜਤ ਖੋਜਤ ਵੇਖ ਵਖਾਈਆ। ਕਿਸ ਘਰ ਵਸੇ ਪ੍ਰੀਤਮ ਮੇਰਾ ਚੋਜੀ, ਹਰਿ ਕਰਤਾ ਡੇਰਾ ਲਾਈਆ। ਕਵਣ ਹੋਇਆ ਮਮਤਾ ਦਾ ਰੋਗੀ, ਹਉਮੇ ਹੰਗਤਾ ਵਿਚ ਕੁਰਲਾਈਆ। ਕਵਣ ਬਣਿਆ ਧੁਰ ਸੰਜੋਗੀ, ਆਤਮ ਪਰਮਾਤਮ ਜੋੜ ਜੁੜਾਈਆ। ਕਵਣ ਨਾਰ ਕੰਤ ਦਾ ਭੋਗੀ, ਕਵਣ ਆਤਮ ਪਰਮਾਤਮ ਮਿਲ ਕੇ ਖ਼ੁਸ਼ੀ ਬਣਾਈਆ। ਕਵਣ ਕਰਮ ਕਾਂਡ ਦਾ ਬੋਝੀ, ਭਾਰ ਕੁਕਰਮਾਂ ਵਾਲਾ ਉਠਾਈਆ। ਕਵਣ ਪਾ ਕੇ ਬੈਠਾ ਸੋਝੀ, ਘਰ ਠਾਕਰ ਵੇਖ ਵਖਾਈਆ। ਕਵਣ ਸਿਰ ਤੇ ਰੱਖਕੇ ਬੋਦੀ, ਰਾਮ ਕ੍ਰਿਸ਼ਨ ਨੈਣ ਮਿਲਾਈਆ। ਕਵਣ ਬਣ ਕੇ ਵੇਸ ਧਾਰ ਜੋਗੀ, ਜੁਗਤੀ ਵਿਚ ਸਮਾਈਆ। ਕਵਣ ਮੁੰਡੀ ਕਰ ਕੇ ਰੋਡੀ, ਮਿਲੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਦਰ ਮੇਲਾ ਲਏ
❋
❋
ਮਿਲਾਈਆ। ਛੇ ਮੱਘਰ ਕਹੇ ਮੇਰੀ ਸੋਹਣੀ ਥਿਤ, ਸੰਮਤ ਸ਼ਹਿਨਸ਼ਾਹੀ ਵਡਿਆਈਆ। ਧੰਨ ਵਡਿਆਈ ਮਿਲਿਆ ਧੁਰ ਦਾ ਮਿਤ, ਮਿਤ੍ਰ ਪਿਆਰਾ ਬੇਪਰਵਾਹੀਆ। ਸਦਾ ਸਵਾਮੀ ਵਸੇ ਚਿਤ, ਮਨ ਠਗੌਰੀ ਰਹੇ ਨਾ ਰਾਈਆ। ਬਿਨ ਅੱਖਾਂ ਪਏ ਦਿਸ, ਚਾਰੋਂ ਕੁੰਟ ਨੂਰ ਰੁਸ਼ਨਾਈਆ। ਧੁਰ ਦਾ ਵੰਡੇ ਹਿੱਸ, ਨਾਤਾ ਤੋੜ ਕੂੜ ਲੋਕਾਈਆ। ਅੰਤਰ ਆਤਮ ਮਾਰੇ ਖਿਚ, ਸੁਰਤੀ ਸ਼ਬਦ ਵਿਚ ਸਮਾਈਆ। ਜਨ ਭਗਤਾਂ ਦਰਸ਼ਨ ਦੇਵੇ ਨਿਤ, ਜਾਗਤ ਸੋਵਤ ਸੋਭਾ ਪਾਈਆ। ਆਤਮ ਸੇਜਾ ਜਾਏ ਲਿਟ, ਸਚ ਸਿੰਘਾਸਣ ਡੇਰਾ ਲਾਈਆ। ਗੁਰਮੁਖੋ ਕਿਸੇ ਨੂੰ ਤਾਰੇ ਕੋਈ ਨਾ ਪੱਥਰ ਇੱਟ, ਪਾਹਨ ਪੂਜਨ ਕੋਇ ਨਾ ਜਾਈਆ। ਬਿਨਾ ਸਤਿਗੁਰ ਤੋਂ ਸੁਰਤੀ ਕਿਸੇ ਨਾ ਜਾਵੇ ਟਿਕ, ਸਮਾਧੀਆਂ ਵਿਚ ਸਮਝ ਨਾ ਕੋਇ ਪਾਈਆ। ਜਿਨ੍ਹਾਂ ਦੇ ਕੋਲ ਧੁਰ ਦੇ ਨਾਮ ਦੀ ਚਿਟ, ਚਿੱਟੀ ਧਾਰੀ ਦਸਮ ਦਵਾਰੀ ਲਏ ਮਿਲਾਈਆ। ਪੰਜਾਂ ਦਾ ਝਗੜਾ ਆਪੇ ਲਏ ਨਜਿੱਠ, ਇਹ ਸਤਿਗੁਰ ਹੱਥ ਵਡਿਆਈਆ। ਪੂਰਾ ਸਤਿਗੁਰ ਕਦੇ ਨਾ ਦੇਵੇ ਪਿੱਠ, ਸਨਮੁਖ ਹੋ ਕੇ ਗੋਦ ਟਿਕਾਈਆ। ਕੂੜੀ ਕਿਰਿਆ ਵਿਚ ਹੋਣ ਨਾ ਦੇਵੇ ਜਿੱਚ, ਔਖੇ ਰਾਹ ਨਾ ਕੋਇ ਪਾਈਆ। ਜਿਸ ਪ੍ਰੇਮ ਪਿਆਰ ਨਾਲ ਕੀਤਾ ਹਿਤ, ਓਸੇ ਨੂੰ ਲੱਖ ਚੁਰਾਸੀ ਵਿਚੋਂ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡੇ ਦਏ ਟਿਕਾਈਆ। ਧਰਨੀ ਕਹੇ ਮੇਰਾ ਸਾਹਿਬ ਸਤਿਗੁਰ ਠੰਡਾ, ਅਗਨੀ ਅੱਗ ਬੁਝਾਈਆ। ਆਤਮ ਬ੍ਰਹਮ ਦਾ ਦੇਵੇ ਅਨੰਦਾ, ਨਿਜਾਨੰਦ ਪਰਮਾਨੰਦ ਵਿਚ ਸਮਾਈਆ। ਬਿਨਾ ਬੰਦਗੀ ਤੋਂ ਪਾਰ ਕਰਾਵੇ ਬੰਦਾ, ਬੰਧਨ ਸਾਰੇ ਦਏ ਤੁੜਾਈਆ । ਨਹੌਣਾ ਪਏ ਕਿਸੇ ਨਾ ਗੰਗਾ, ਜਲ ਧਾਰਾ ਨਾ ਕੋਇ ਵਹਾਈਆ। ਖਲੋਣਾ ਪਏ ਨਾ ਕੋਇ ਇਕ ਟੰਗਾ, ਅੱਖੀਂ ਮੀਟ ਧਿਆਨ ਲਗਾਈਆ। ਜਿਸ ਦੇ ਉਤੇ ਸਾਹਿਬ ਸਤਿਗੁਰ ਹੋਵੇ ਬਖ਼ਸ਼ਿੰਦਾ, ਬਖ਼ਸ਼ੀਸ਼ ਰਹਿਮਤ ਨਾਮ ਕਮਾਈਆ। ਓਹ ਗੁਰਮੁਖ ਨੇਤਰ ਨੈਣ ਕਦੇ ਨਾ ਹੋਵੇ ਅੰਧਾ, ਨਿਜ ਲੋਚਨ ਨੈਣ ਕਰੇ ਰੁਸ਼ਨਾਈਆ। ਸਤਿਗੁਰ ਸ਼ਬਦ ਦਸਵੇਂ ਹਿੱਸੇ ਦਾ ਕਦੇ ਨਹੀਂ ਲੈਂਦਾ ਚੰਦਾ, ਚੁੰਗੀਖ਼ਾਨਿਆਂ ਉਤੇ ਮਸੂਲ ਨਾ ਕੋਇ ਲਗਾਈਆ। ਜਦੋਂ ਚਾਹਵੇ ਭਗਤਾਂ ਨੂੰ ਚਾੜ੍ਹ ਦੇਵੇ ਉਤੇ ਬ੍ਰਹਿਮੰਡਾਂ, ਪੌੜੀ ਡੰਡਾ ਨੇੜ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ। ਬਾਲਮੀਕ ਕਹੇ ਮੈਂ ਕੀ ਦੱਸਾਂ ਹਾਲ, ਹਾਲਤ ਵਿਗੜੀ ਜਗਤ ਲੋਕਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕੂੜ ਨਗਾਰਾ ਰਿਹਾ ਵਜਾਈਆ । ਮੌਤ ਲਾੜੀ ਵਜਾਵੇ ਤਾਲ, ਤਾਲ ਤਲਵਾੜਾ ਸਮਝ ਕਿਸੇ ਨਾ ਆਈਆ। ਚਿਤ੍ਰਗੁਪਤ ਲੇਖਾ ਰਿਹਾ ਸੰਭਾਲ, ਵਰਕਾ ਵਰਕੇ ਨਾਲ ਉਲਟਾਈਆ। ਰਾਏ ਧਰਮ ਤੱਕੇ ਸ਼ਾਹ ਕੰਗਾਲ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਸਦੀ ਚੌਧਵੀਂ ਅੰਤ ਅਖ਼ੀਰ ਖੇਲ ਹੋਣਾ ਬੇਮਿਸਾਲ, ਜਿਸ ਦੀ ਮਿਸਲ ਨਾ ਕੋਇ ਬਣਾਈਆ। ਕੀ ਥੋੜ੍ਹਾ ਜਿਹਾ ਖੇਲ ਕੀਤਾ ਕ੍ਰਿਸ਼ਨ ਖੇਲਣ ਵਾਲੇ ਨਾਲ ਗਵਾਲ, ਗੋਕਲ ਬਿੰਦਰਾਬਨ ਕੀ ਸਮਝਾਈਆ। ਕੌਰਵ ਪਾਂਡਵ ਫੜ ਕੇ ਸ਼ਸਤਰ ਢਾਲ, ਤੀਰ ਤਲਵਾਰ ਨਾਲ ਲੜਾਈਆ। ਕਲਜੁਗ ਅੰਤ ਸਦੀ ਚੌਧਵੀਂ ਮਰਿਆਦਾ ਵਿਚ ਬਦਲ ਗਈ ਚਾਲ, ਚਾਲਾਕੀ ਵਿਚ ਬੰਦੇ ਖ਼ਾਕੀ ਦੇਣੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਦਾ ਮਾਲਕ ਖ਼ਲਕ ਦਾ ਖ਼ਾਲਕ ਖ਼ਲਕ ਦੇ ਉਤੇ ਆਪਣੀ ਦਇਆ ਕਮਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਪਰਵਰਦਿਗਾਰ ਦਾ ਤੱਕੋ ਹੁਜਰਾ, ਜਿਸ ਨੂੰ ਮੁਹੱਬਤ ਕਰੇ ਲੋਕਾਈਆ। ਜਿਸ ਦੀ
❋
❋
ਯਾਦ ਵਿਚ ਬੁੱਲ੍ਹੇਸ਼ਾਹ ਕਰ ਕੇ ਗਿਆ ਮੁਜਰਾ, ਇਨਾਇਤ ਵਾਲੀ ਮੰਜ਼ਲ ਨਾ ਕੋਇ ਚੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਪ੍ਰਭ ਦੀ ਮਰਦਮਸ਼ੁਮਾਰੀ ਵਿਚ ਖ਼ੁਸਰਾ, ਵਲਦ ਵਾਲਦਾ ਰੂਪ ਨਾ ਕੋਇ ਬਣਾਈਆ। ਨਿਰਗੁਣ ਸਰਗੁਣ ਏਕੋ ਧਾਰ ਨਹੀਂ ਕੋਈ ਦੂਸਰਾ, ਦੋਏ ਲੋਚਨ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਸਦੀ ਚੌਧਵੀਂ ਕਹੇ ਵਾਹ ਮੇਰੇ ਭਗਵਾਨ, ਤੇਰੀ ਬੇਪ੍ਰਵਾਹੀਆ। ਬਾਲਮੀਕ ਦਾ ਲੇਖੇ ਲਾ ਪਕਵਾਨ, ਪੱਕਾ ਰਿੱਧਾ ਆਪਣੇ ਵਿਚ ਸਮਾਈਆ। ਜਨ ਭਗਤਾਂ ਸਾਚੇ ਦਰ ਕਰ ਪ੍ਰਵਾਨ, ਪ੍ਰਵਾਨੇ ਧੁਰ ਦੇ ਲਏ ਉਪਜਾਈਆ । ਤੇਰੀ ਜੋਤ ਦਾ ਵੇਖਣ ਸ਼ਮਾਦਾਨ, ਜਿਥੇ ਸੜਨ ਦੀ ਲੋੜ ਰਹੇ ਨਾ ਰਾਈਆ। ਤੂੰ ਦਾਤਾ ਦਾਨੀ ਮਿਹਰਵਾਨ, ਮਹਿਬੂਬ ਮੁਹੱਬਤ ਵਿਚ ਤੇਰੀ ਬੇਪ੍ਰਵਾਹੀਆ। ਇਕ ਸੌ ਸਤਾਰਾਂ ਸਾਲ ਪਿਛੋਂ ਸੱਤ ਰੰਗਾ ਝੁੱਲੇ ਨਿਸ਼ਾਨ, ਨਿਸ਼ਾਨੀ ਸਤਿਜੁਗ ਦਏ ਉਪਜਾਈਆ। ਦੂਰੋਂ ਤੱਕੇ ਸਖ਼ੀਆਂ ਵਾਲਾ ਕਾਹਨ, ਨੇਤਰ ਨੈਣ ਉਠਾਈਆ। ਖ਼ੁਸ਼ੀ ਹੋਵੇ ਸੀਤਾ ਨਾਲ ਰਾਮ, ਰਾਮ ਰਾਮ ਨਾਲ ਸਿਫ਼ਤ ਸਾਲਾਹੀਆ। ਈਦ ਮਨਾਏ ਮੁਹੰਮਦ ਵਾਲਾ ਅਮਾਮ, ਮਹਿਦੀ ਦਿਸ਼ਾ ਲਹਿੰਦੀ ਡੇਰਾ ਢਾਹੀਆ। ਕਲਜੁਗ ਕੂੜੀ ਕਿਰਿਆ ਵੇਖਣੀ ਸ਼ਾਮ, ਸਤਿਜੁਗ ਸਾਚਾ ਸਚ ਕਰੇ ਰੁਸ਼ਨਾਈਆ। ਇਕੋ ਪੁਰਖ ਅਕਾਲ ਨੂੰ ਸ੍ਰਿਸ਼ਟੀ ਮੰਨੇ ਤਮਾਮ, ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਸੀਸ ਨਿਵਾਈਆ। ਇਕੋ ਇਸ਼ਟ ਦੇ ਹੋਣ ਗ਼ੁਲਾਮ, ਇਕੋ ਦ੍ਰਿਸ਼ਟ ਮਿਲੇ ਵਡਿਆਈਆ। ਇਕੋ ਸਭ ਦਾ ਹੋਵੇ ਪੀਣ ਖਾਣ, ਮਦਿਰਾ ਮਾਸ ਰਸਨ ਨਾ ਕੋਇ ਛੁਹਾਈਆ। ਕੁਛ ਛੇਤੀ ਔਣ ਵਾਲਾ ਜਪਾਨ, ਜੈਪਨ ਵਿਚ ਆਪਣਾ ਹੁਕਮ ਵਰਤਾਈਆ। ਜਗਤ ਬੇੜੇ ਦਾ ਸਤਿਗੁਰ ਸ਼ਬਦ ਬਣਿਆ ਕਪਤਾਨ, ਸਮੁੰਦ ਸਾਗਰ ਦੀਨ ਦੁਨੀ ਵਿਚ ਭਵਾਈਆ। ਪਤਾ ਨਹੀਂ ਕਿਸ ਬਿਧ ਜਗਤ ਕੂੜਾ ਡੁੱਬੇ ਈਮਾਨ, ਅਮਲ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੀ ਕਰ ਪਹਿਚਾਨ, ਬੇਪਹਿਚਾਨ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੈਂ ਦੇਵਾਂ ਅੰਤਮ ਹੋਕਾ, ਹੁਕਮ ਇਕ ਸੁਣਾਈਆ। ਸੁਣੋ ਚੌਦਾਂ ਲੋਕਾ, ਪ੍ਰਲੋਕ ਮੇਰੀ ਦੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਗਾਵੋ ਸਲੋਕਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਗੁਰ ਅਵਤਾਰ ਪੈਗ਼ੰਬਰ ਜਾਣ ਨਾ ਦਿਓ ਮੌਕਾ, ਮੁਕੰਮਲ ਪੜਦਾ ਦਿਆਂ ਉਠਾਈਆ। ਅੰਤ ਅਖ਼ੀਰ ਸਭ ਦੇ ਨਾਲ ਹੋਣ ਵਾਲਾ ਧੋਖਾ, ਧੂੰਆਂ ਧੁਖਦਾ ਦਿਸੇ ਲੋਕਾਈਆ। ਸਾਬਤ ਰਹਿਣਾ ਨਹੀਂ ਕਿਸੇ ਦਾ ਸਾਢੇ ਤਿੰਨ ਹੱਥ ਕਾਇਆ ਕੋਠਾ, ਪੰਜ ਤੱਤ ਨਾ ਕੋਇ ਬਚਾਈਆ। ਪੁਰਖ ਅਕਾਲ ਬਣ ਕੇ ਨਿਰਗੁਣ ਧਾਰ ਚੋਟਾ, ਚੋਟ ਸਭ ਨੂੰ ਰਿਹਾ ਲਗਾਈਆ। ਧਰਤੀ ਉਤੇ ਰਹਿਣ ਨਹੀਂ ਦੇਣਾ ਕੋਈ ਖੋਟਾ, ਮਨ ਮਣਕਾ ਦਏ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਤਰ ਜਗਾ ਕੇ ਜੋਤਾ, ਜੋਤੀ ਜੋਤ ਲਏ ਮਿਲਾਈਆ।