ਪੁਸਤਕਾਲਾਭਾਗ ੨੧

੨੭ ਮੱਘਰ ਸ਼ਹਿਨਸ਼ਾਹੀ ਸੰਮਤ ੪ ਕਰਮ ਸਿੰਘ ਦੇ ਗ੍ਰਹਿ ਪਿੰਡ ਅਹਿਮਦਪੁਰ ਜ਼ਿਲਾ ਕਪੂਰਥਲਾ

ਸਦੀ ਚੌਧਵੀਂ ਕਹੇ ਨਬੀ ਲੈ ਕੇ ਆਏ ਟੋਪੀ ਸੇਲੀਆ, ਸਿਲਸਲੇ ਵਾਰ ਵਖਾਈਆ। ਸੁਣ ਪੁਰਖ ਅਕਾਲ ਧੁਰ ਅਲਬੇਲੀਆ, ਬੇਪ੍ਰਵਾਹ ਤੇਰੀ ਵਡਿਆਈਆ। ਤੇਰਾ ਖੇਲ ਰੰਗ ਨਵੇਲੀਆ, ਬੇਐਬ ਤੇਰੇ ਹੱਥ ਸਾਡੀ ਚਤੁਰਾਈਆ। ਅਸੀਂ ਰਹਿਣਾ ਨਹੀਂ ਅਕੇਲੀਆਂ, ਅਕਲ ਕਲਧਾਰੀ ਤੇਰੇ ਵਿਚ ਸਮਾਈਆ। ਤੂੰ ਮੁਰਸ਼ਦ ਅਸੀਂ ਤੇਰੀਆਂ ਚੇਲੀਆਂ, ਚਿਲਾ ਕੱਟਣ ਦੀ ਲੋੜ ਰਹੇ ਨਾ ਰਾਈਆ। ਜਗਤ ਜਹਾਨੋਂ ਹੋਈਆਂ ਵਿਹਲੀਆਂ, ਨਾਤਾ ਲਿਆ ਤੁੜਾਈਆ। ਚੌਦਾਂ ਤਬਕਾਂ ਬਾਜ਼ੀਆਂ ਪੇਲੀਆਂ, ਆਪਣੀ ਖੇਲ ਖਿਲਾਈਆ। ਅੰਤ ਪਸੀਨੇ ਵਿਚ ਆਈਆਂ ਤਰੇਲੀਆਂ, ਅਗਨੀ ਤਤ ਰਹੀ ਜਲਾਈਆ। ਸਾਡੀ ਉਮਤ ਸਾਨੂੰ ਕੱਢਦੀ ਡੇਲੀਆਂ, ਭੈ ਸਿਰ ਨਾ ਕੋਇ ਮਨਾਈਆ। ਝਗੜਾ ਪਿਆ ਜ਼ਾਤਾਂ ਪਾਤਾਂ ਡੂਮ ਮਰਾਸੀ ਨਾਈ ਤੇਲੀਆਂ, ਧੁਰ ਦੀ ਤੁਲਬਿਆਂ ਕਰੇ ਨਾ ਕੋਇ ਪੜ੍ਹਾਈਆ। ਜਗਤ ਡਰਾਇਆ ਮਨ ਮਮਤਾ ਝਮੇਲਿਆਂ, ਕੂੜ ਕੁੜਿਆਰ ਨਾਲ ਮਿਲਾਈਆ। ਆਹਾਰ ਬਣਾਇਆ ਬੱਕਰੇ ਛੇਲਿਆਂ, ਗਊ ਮਾਸ ਜਗਤ ਕਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਾਤੇ ਤੇਰੀ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਨਬੀ ਝੁਕ ਝੁਕ ਕਰਨ ਸਲਾਮ, ਸਹੀ ਸਲਾਮਤ ਧਿਆਨ ਲਗਾਈਆ। ਸਾਡਾ ਵਿਗੜ ਗਿਆ ਨਿਜ਼ਾਮ, ਨਾਜ਼ਮ ਵੇਖ ਜਗਤ ਲੋਕਾਈਆ। ਬਰਦਾ ਰਿਹਾ ਨਾ ਕੋਇ ਗ਼ੁਲਾਮ, ਕੋਟ ਗ਼ੁਰਬਤ ਭਰੀ ਲੋਕਾਈਆ। ਸਾਚਾ ਰਿਹਾ ਨਾ ਕੋਇ ਇੰਤਜਾਮ, ਭੈ ਡਰ ਨਾ ਕੋਇ ਮਨਾਈਆ। ਤਾਰਾ ਚੰਦ ਰੋਵੇ ਨਿਸ਼ਾਨ, ਨਿਸ਼ਾਨਾ ਨੂਰ ਨਾ ਕੋਇ ਚਮਕਾਈਆ। ਜਹਾਲਤ ਵਧੀ ਜੀਵ ਜਹਾਨ, ਅਦਾਲਤ ਸਚ ਨਾ ਕੋਇ ਕਮਾਈਆ। ਛੁਰੀ ਸ਼ਰਅ ਹੋਈ ਸ਼ੈਤਾਨ, ਸ਼ਰੀਅਤ ਘਰ ਘਰ ਕਰੇ ਲੜਾਈਆ। ਪੈਗ਼ੰਬਰ ਕਹਿਣ ਛੱਡ ਆਏ ਮੈਦਾਨ, ਧਰਨੀ ਧਰਤ ਧਵਲ ਪੰਧ ਮੁਕਾਈਆ। ਅਗਲਾ ਸੁਣਨ ਆਏ ਫ਼ਰਮਾਨ, ਕੀ ਸੰਦੇਸ਼ਾ ਨੂਰ ਅਲਾਹੀਆ। ਚੌਦਾਂ ਤਬਕਾਂ ਲੁੱਟੀ ਜਾਣੀ ਦੁਕਾਨ,

❋

❋

ਵਸਤ ਅਨਮੁਲ ਨਾ ਕੋਇ ਵਰਤਾਈਆ। ਕਿਰਪਾ ਕਰ ਹਰਿ ਮਿਹਰਵਾਨ, ਮਹਿਬੂਬ ਮੰਗ ਮੰਗਾਈਆ। ਕੀ ਤੇਰਾ ਹੁਕਮ ਢੰਡੋਰਾ ਹੋਵੇ ਸ਼ਰੇਆਮ, ਕੀ ਤੇਰਾ ਹੁਕਮ ਸੁਣਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਇਕ ਅਖਵਾਈਆ। ਸਦੀ ਚੌਧਵੀਂ ਕਹੇ ਨਬੀ ਧੂੜੀ ਲੌਂਦੇ ਛਾਰ, ਸ਼ਹਿਨਸ਼ਾਹ ਖ਼ਾਕ ਰਮਾਈਆ। ਅਸੀਂ ਤੇਰੇ ਬਰਖ਼ੁਰਦਾਰ, ਖ਼ੁਦੀ ਤਕੱਬਰ ਦਿਤਾ ਗਵਾਈਆ। ਮੰਗਦੇ ਦਰਸ ਦੀਦਾਰ, ਨੂਰ ਚਸ਼ਮ ਰੁਸ਼ਨਾਈਆ। ਦਰਗਾਹ ਸਾਚੀ ਦੇ ਬਣਾ ਹੱਕਦਾਰ, ਘਰ ਘਰਾਨੇ ਦੇ ਵਡਿਆਈਆ। ਸਾਡੀ ੳਮਤ ਹੋਈ ਗ਼ਦਾਰ, ਭੈ ਡਰ ਨਾ ਕੋਇ ਵਖਾਈਆ। ਅਸੀਂ ਛੱਡ ਦਿਤਾ ਸੰਸਾਰ, ਨਾਤਾ ਲਿਆ ਤੁੜਾਈਆ। ਕਲਮਿਆਂ ਵਾਲਾ ਰੱਖਿਆ ਨਾ ਕੋਇ ਬਾਜ਼ਾਰ, ਹੋਕਾ ਕੂਕ ਨਾ ਕੋਇ ਸੁਣਾਈਆ। ਅੱਗੇ ਸਭ ਕੁਛ ਤੇਰੇ ਅਖਤਿਆਰ, ਮੁਖ਼ਤਾਰਨਾਮੇ ਤੇਰੀ ਝੋਲੀ ਭਰਾਈਆ। ਤੂੰ ਸਾਹਿਬ ਸੱਚਾ ਸਿਕਦਾਰ, ਤੇਰਾ ਹੁਕਮ ਰਜ਼ਾਈਆ। ਕਰੇ ਕਰਾਵੇਂ ਕਰਨੇਹਾਰ, ਕ਼ੁਦਰਤ ਕ਼ਾਦਰ ਤੇਰੀ ਨਜ਼ਰੀ ਆਈਆ। ਸਚਖੰਡ ਸਚਾ ਤੇਰਾ ਦਰਬਾਰ, ਦਰਗਾਹ ਸਾਚੀ ਵੱਜੇ ਵਧਾਈਆ। ਨਬੀ ਕਹਿਣ ਅਸੀਂ ਤੇਰੇ ਬਰਖ਼ੁਰਦਾਰ, ਬਰਖ਼ੁਰਦਾਰੀ ਵਿਚ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੁਕਮ ਦਾ ਇੰਤਜ਼ਾਰ, ਇੰਤਜ਼ਾਰੀ ਵਿਚ ਬੈਠੇ ਰਾਹ ਤਕਾਈਆ।

ਗੁਰਮੁਖ ਸਿੰਘ ਧੁਰ ਦਾ ਗੁਰਮੁਖ, ਗੁਰਮੁਖ ਗੁਰਮੁਖ ਰੂਪ ਵਟਾਈਆ। ਤੇਗ਼ ਬਹਾਦਰ ਨਾਲ ਢਾਈ ਸਾਲ ਮਾਣਿਆ ਸੁਖ, ਬਕਾਲੇ ਦੁਆਲੇ ਸੇਵ ਕਮਾਈਆ। ਨੌ ਵਾਰ ਸਤਿਗੁਰ ਨੂੰ ਕੰਧਿਆਂ ਉਤੇ ਚੁੱਕ, ਬਾਹਰੋਂ ਅੰਦਰ ਤੇ ਅੰਦਰੋਂ ਬਾਹਰ ਦਿਤਾ ਟਿਕਾਈਆ । ਜਿਸ ਵੇਲੇ ਤੇਗ਼ ਬਹਾਦਰ ਨੂੰ ਤਰਤਾਲੀਵੇਂ ਸਾਲ ਪੇਟ ਵਿਚ ਹੁੰਦਾ ਸੀ ਦੁੱਖ, ਦਰਦ ਦਰਦ ਨਾਲ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਨਾਵੀਂ ਵਾਰ ਜਿਸ ਦਿਨ ਚੁੱਕਿਆ, ਬਾਬਲ ਸੋਹਣਾ ਨਜ਼ਰੀ ਆਈਆ। ਕੰਧੇ ਸਹਾਰੇ ਨਾਲ ਉਠਿਆ, ਤੇਗ਼ ਬਹਾਦਰ ਲਈ ਅੰਗੜਾਈਆ। ਗੁਰਮੁਖ ਸਿੰਘ ਨੇ ਪੁਛਿਆ, ਸਤਿਗੁਰ ਤੇਰੀ ਵਡ ਵਡਿਆਈਆ। ਹਿਰਦਿਉਂ ਅੰਦਰ ਝੁਕਿਆ, ਨਿਮਰਤਾ ਵਿਚ ਸੀਸ ਨਿਵਾਈਆ। ਤੇਰਾ ਮੈਨੂੰ ਲੱਗ ਜਾਏ ਦੁੱਖਿਆ, ਤੂੰ ਸਤਿਗੁਰ ਸੋਹਣਾ ਸੋਭਾ ਪਾਈਆ। ਤੇਗ਼ ਬਹਾਦਰ ਓਸੇ ਵੇਲੇ ਨਵਾਂ ਨਰੋਆ ਹੋ ਕੇ ਉਠਿਆ, ਆਪਣੀ ਲਈ ਅੰਗੜਾਈਆ। ਛਾਤੀ ਨਾਲ ਲਗਾਇਆ ਤੇ ਕਿਹਾ ਮੇਰੇ ਪੁੱਤਿਆ, ਬੱਚਿਆ ਦਿਆਂ ਸਮਝਾਈਆ। ਜਿਹੜਾ ਪੁਰਖ ਅਕਾਲ ਜੁਗ ਚੌਕੜੀ ਰਿਹਾ ਲੁਕਿਆ, ਤੇਰਾ ਮੇਲਾ ਮੇਲਾਂ ਸਹਿਜ ਸੁਭਾਈਆ। ਸੋਹਣੀ ਸੁਹਾਵੇ ਰੁੱਤਿਆ, ਲੋਕਮਾਤ ਮਹਿਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਘਰ ਵਸਾਈਆ। ਗੁਰਮੁਖ ਕਿਹਾ ਸਾਹਿਬ ਸਤਿਗੁਰ ਤੇਰੀ ਲੋੜ, ਮੈਂ ਸੇਵਕ ਨਜ਼ਰੀ ਆਈਆ। ਤੇਗ਼ ਬਹਾਦਰ ਕਿਹਾ ਮੈਂ ਗੁਰੂ ਤੈਨੂੰ ਪੁਰਖ ਅਕਾਲ ਨਾਲ ਦੇਵਾਂ ਜੋੜ, ਇਹ ਮੇਰੀ ਸੇਵਾ ਬਣ ਆਈਆ। ਗੁਰਮੁਖ ਕਿਹਾ ਮੇਰੀ ਤੁੱਟੇ ਨਾ ਤੇਰੇ ਨਾਲੋਂ ਡੋਰ, ਪ੍ਰੀਤੀ ਤੇਰੇ ਨਾਲ ਰਖਾਈਆ। ਤੇਗ਼ ਬਹਾਦਰ ਕਿਹਾ ਮੈਂ ਤੈਨੂੰ ਓਸ ਦੇ ਨਾਲ ਦੇਵਾਂ ਤੋਰ, ਜੋ ਤੇਰਾ ਮੇਰਾ ਲੇਖਾ ਸਭ ਦਾ ਵੇਖ ਵਖਾਈਆ। ਜਿਸ ਵੇਲੇ ਕਲਜੁਗ ਅੰਧੇਰਾ ਹੋਇਆ ਘੋਰ, ਚਾਰੋਂ ਕੁੰਟ ਅੰਧੇਰਾ ਛਾਈਆ । ਅੰਮ੍ਰਿਤ ਵੇਲਾ ਸਰਘੀ ਰਹੇ ਨਾ ਭੋਰ, ਭੋਰੀ ਦਰਸ ਨਾ ਕੋਇ ਕਰਾਈਆ।

❋

❋

ਸਾਧ ਸੰਤ ਬਣ ਜਾਵਣ ਠਗ ਚੋਰ, ਸਤਿ ਵਿਚ ਨਾ ਕੋਇ ਸਮਾਈਆ। ਓਸ ਵੇਲੇ ਪੁਰਖ ਅਕਾਲਾ ਦੀਨ ਦਿਆਲਾ ਆਪਣੀਆਂ ਵਾਗਾਂ ਆਵੇ ਮੋੜ, ਨਿਰਗੁਣ ਹੋ ਕੇ ਆਪਣਾ ਨੂਰ ਲਏ ਚਮਕਾਈਆ। ਸਾਰੀ ਦੁਨੀਆ ਸ੍ਰਿਸ਼ਟੀ ਪਾਵੇ ਸ਼ੋਰ, ਕੂਕੇ ਹਾਲ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਗੁਰਮੁਖ ਸਿੰਘ ਕਿਹਾ ਕਿ ਮੇਰੀ ਫੇਰ ਕਿਹੜੀ ਹੋਵੇ ਜ਼ਾਤੀ, ਫੇਰ ਸਤਿਗੁਰ ਦੇ ਸਮਝਾਈਆ। ਤੇਗ਼ ਬਹਾਦਰ ਕਿਹਾ ਤੂੰ ਹੁਣ ਵੀ ਗੁਰਮੁਖ ਫੇਰ ਵੀ ਗੁਰਮੁਖ ਇਹ ਮੇਰੀ ਦੇਣ ਵਾਲੀ ਦਾਤੀ, ਗੁਰਮੁਖ ਨੂੰ ਗੁਰਮੁਖ ਵਿਚੋਂ ਪ੍ਰਗਟਾਈਆ। ਨਾਲ ਪ੍ਰੇਮ ਨਾਲ ਲਾਇਆ ਉਤੇ ਛਾਤੀ, ਤਿੰਨ ਵਾਰ ਪਾਣੀ ਉਤੇ ਦਿਤਾ ਧਰਾਈਆ। ਫੇਰ ਕਿਹਾ ਗੁਰਮੁਖ ਸਿੰਘ ਇਹ ਮੇਰੀ ਰੱਖਣੀ ਯਾਦੀ, ਯਾਦਦਾਸ਼ਤ ਪਿਛਲੀ ਤੇਰੇ ਵਿਚ ਲੁਕਾਈਆ। ਜਿਸ ਵੇਲੇ ਪ੍ਰੇਮ ਪਿਆਰ ਉਤਸ਼ਾਹ ਨਾਲ ਇਸ਼ਨਾਨ ਕਰਾਵੇਂਗਾ ਫੇਰ ਤੇਰੀ ਬਦਲ ਦੇਵਾਂ ਹਯਾਤੀ, ਜੀਵਣ ਆਪਣੇ ਲੇਖੇ ਪਾਈਆ। ਪਰ ਯਾਦ ਰੱਖੀਂ ਨੌ ਮਹੀਨੇ ਅਠਾਰਾਂ ਦਿਨ ਤੈਨੂੰ ਕਰਨੀ ਪਊ ਫ਼ਰਿਆਦੀ, ਮਾਤ ਗਰਭ ਦਾ ਅੱਗੇ ਲੇਖਾ ਰਹੇ ਨਾ ਰਾਈਆ। ਗੁਰਮੁਖ ਸਿੰਘ ਕਿਹਾ ਪ੍ਰਭੂ ਸਤਿਗੁਰ ਮੈਂ ਜ਼ਰੂਰ ਮੰਨਾ ਤੇਰੀ ਆਖੀ, ਅੰਦਰ ਵੜ ਕੇ ਮੈਨੂੰ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਗੁਰਮੁਖ ਸਿੰਘ ਨੂੰ ਪਿਛਲਾ ਸੀ ਗਿਆਨ, ਅੰਦਰੇ ਅੰਦਰ ਰਿਹਾ ਹਿਲਾਈਆ। ਤੇਗ਼ ਬਹਾਦਰ ਦੀ ਧਾਰ ਕਹੇ ਓਸ ਪ੍ਰਭੂ ਦਾ ਕਰਾ ਇਸ਼ਨਾਨ, ਜਿਥੇ ਦੁਰਮਤ ਮੈਲ ਰਹੇ ਨਾ ਰਾਈਆ। ਓਹ ਕਾਇਆ ਵਰਗਾ ਮਕਾਨ, ਪੱਥਰਾਂ ਇੱਟਾਂ ਨਾਲ ਵਡਿਆਈਆ। ਸਤਿਗੁਰੂ ਦਾ ਅੰਮ੍ਰਿਤ ਉਪਰੋਂ ਆਵੇ ਅਸਮਾਨ, ਗੁਰਮੁਖ ਨੇ ਅੰਮ੍ਰਿਤ ਧਰਤੀ ਵਿਚੋਂ ਲਿਆ ਕਢਾਈਆ। ਕਿਸੇ ਦੇ ਘਰੋਂ ਮੰਗਣ ਗਿਆ ਨਹੀਂ ਦਾਨ, ਘੜਾ ਕੁੰਭ ਮੋਢਿਆਂ ਉਤੇ ਨਾ ਕੋਇ ਰਖਾਈਆ। ਸਤਿਗੁਰੂ ਦਾ ਹੁਕਮ ਮੰਨਿਆ ਤੇ ਮੰਨਿਆ ਹੋਇਆ ਪ੍ਰਵਾਨ, ਪ੍ਰਵਾਨਾ ਆ ਗਿਆ ਧੁਰਦਰਗਾਹੀਆ। ਜਿੰਨੇ ਚਿਰ ਵਿਚ ਕਰਾਇਆ ਇਸ਼ਨਾਨ, ਓਨੇ ਚਿਰ ਤੋਂ ਪਹਿਲੋਂ ਲੇਖਾ ਦਿਤਾ ਮੁਕਾਈਆ। ਦੀਨ ਦੁਨੀ ਦਾ ਦੁੱਖ ਦਰਦ ਰੋਗ ਨਾ ਵੇਖਿਆ ਵਿਚ ਜਹਾਨ, ਹੱਸਦਾ ਹੱਸਦਾ ਵਸਦਾ ਵਸਦਾ ਆਪਣੇ ਘਰ ਗਿਆ ਚਾਈਂ ਚਾਈਂਆ। ਗੁਰਮੁਖ ਸਿੰਘ ਦਾ ਗੁਰਮੁਖ ਗੁਰਮੁਖ ਸਿੰਘ ਫੇਰ ਬਣਿਆ ਆਣ, ਜਿਸ ਦੇ ਘਰ ਦਾ ਧਰਮ ਨਿਸ਼ਾਨ ਬੰਸ ਸਰਬੰਸ ਨੂੰ ਪ੍ਰਭੂ ਦੇਵੇ ਮਾਣ, ਵੱਡੇ ਨਿੱਕੇ ਬਿਰਧ ਬਾਲ ਸਾਰੇ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੇ ਸਿਰ ਕੋਈ ਕਰਨ ਨਹੀਂ ਔਂਦਾ ਅਹਿਸਾਨ, ਪੂਰਬ ਦਾ ਲੇਖਾ ਸਮੇਂ ਅਨੁਸਾਰ ਸਭ ਦੀ ਝੋਲੀ ਪਾਈਆ।

੨੭ ਮੱਘਰ ਸ਼ਹਿਨਸ਼ਾਹੀ ਸੰਮਤ ੪ ਕਰਤਾਰ ਸਿੰਘ ਦੇ ਗ੍ਰਹਿ ਕਪੂਰਥਲਾ

ਸਦੀ ਚੌਧਵੀਂ ਕਹੇ ਮੈਨੂੰ ਦਿਸਦਾ ਆਪਣਾ ਅੰਤ ਅਖ਼ੀਰ, ਆਖ਼ਰ ਧੁਰ ਕਰਤਾ ਰਿਹਾ ਵਖਾਈਆ। ਦੇਵੇ ਹੁਕਮ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬੇਨਜ਼ੀਰ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪ੍ਰਵਾਹੀਆ। ਜੋ ਲੇਖਾ ਜਾਨਣਹਾਰਾ ਸ਼ਾਹ ਹਕੀਰ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਬਦਲਣ ਵਾਲਾ ਤਕ਼ਦੀਰ, ਤਦਬੀਰ ਨਾਮ ਨਿਧਾਨ ਆਪਣੀ ਇਕ ਉਪਜਾਈਆ। ਸ਼ਰਅ ਸ਼ਰੀਅਤ ਕੱਟਣ ਵਾਲਾ ਜ਼ੰਜੀਰ,

❋

❋

ਲਾਸ਼ਰੀਕ ਆਪਣਾ ਖੇਲ ਖਿਲਾਈਆ। ਸਰਬ ਸਵਾਮੀ ਅੰਤਰਜਾਮੀ ਆਤਮ ਪਰਮਾਤਮ ਬਣਨ ਵਾਲਾ ਦਸਤਗੀਰ, ਪਾਰਬ੍ਰਹਮ ਬ੍ਰਹਮ ਵੇਖੇ ਥਾਉਂ ਥਾਈਂਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਹਦੂਦ ਵੰਡ ਰਹਿਣ ਨਾ ਦੇਵੇ ਲਕੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦ ਆਪਣਾ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਮੇਰਾ ਅੰਤ ਅਖ਼ੀਰ ਆਇਆ ਨੇੜੇ, ਨੇਰਨ ਨੇਰ ਹੋ ਕੇ ਦਿਆਂ ਜਣਾਈਆ। ਚਾਰ ਕੁੰਟ ਦਹਿ ਦਿਸ਼ਾ ਛਿੜਨ ਵਾਲੇ ਝੇੜੇ, ਉੱਤਰ ਪੂਰਬ ਪੱਛਮ ਦੱਖਣ ਬਚਿਆ ਰਹਿਣ ਕੋਇ ਨਾ ਪਾਈਆ। ਪਰਵਰਦਿਗਾਰ ਸਾਂਝਾ ਯਾਰ ਦੀਨ ਦੁਨੀ ਦੇਵੇ ਗੇੜੇ, ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਸਰਗੁਣ ਲੱਠ ਭਵਾਈਆ। ਤਨ ਵਜੂਦ ਕਾਇਆ ਮਾਟੀ ਵੇਖੇ ਖੇੜੇ, ਬੰਦ ਕਿਵਾੜੀ ਖਿੜਕੀ ਪੜਦਾ ਅੰਦਰੋਂ ਦਏ ਉਠਾਈਆ। ਸੰਤ ਸੁਹੇਲੇ ਗੁਰਮੁਖ ਸੂਫ਼ੀ ਫ਼ਕੀਰ ਜਿਹੜੇ, ਵਰਨਾਂ ਬਰਨਾਂ ਵਿਚੋਂ ਬਾਹਰ ਕਢਾਈਆ। ਭੇਵ ਖੁਲ੍ਹਾਏ ਆਤਮ ਪਰਮਾਤਮ ਪਰਮਾਤਮ ਆਤਮ ਤੂੰ ਮੇਰਾ ਮੈਂ ਤੇਰੇ, ਅਨਭਵ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਧੁਰ ਦਾ ਵਰ, ਸਚਖੰਡ ਨਿਵਾਸੀ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਮੇਰਾ ਅੰਤ ਅਖ਼ੀਰੀ ਚੱਕਰ, ਚਕਰਵਰਤੀ ਰਹਿਣ ਕੋਇ ਨਾ ਪਾਈਆ। ਸੂਫ਼ੀ ਸੁਰਤੀ ਵਾਲਾ ਦਿਸੇ ਕੋਈ ਨਾ ਫ਼ੱਕਰ, ਫ਼ਿਕਰੇ ਅਲਿਫ਼ ਯੇ ਢੋਲੇ ਸਾਰੀ ਸ੍ਰਿਸ਼ਟੀ ਰਹੀ ਗਾਈਆ। ਨਾਮ ਨਿਧਾਨ ਤੁਲੇ ਕੋਈ ਨਾ ਤੱਕੜ, ਜਗਤ ਵਿਦਿਆ ਤਰਾਜ਼ੂ ਕੰਮ ਕਿਸੇ ਨਾ ਆਈਆ। ਆਲਮ ਉਲਮਾ ਦੀਨ ਮਜ਼੍ਹਬ ਦੀ ਲੌਂਦੇ ਟੱਕਰ, ਜ਼ਾਤ ਪਾਤ ਵਿਚ ਦੁਹਾਈਆ । ਸਚ ਦਵਾਰ ਧੁਰਦਰਬਾਰ ਦਰਗਾਹ ਸਾਚੀ ਮੁਕ਼ਾਮੇ ਹੱਕ ਕੋਈ ਨਾ ਸਕੇ ਅੱਪੜ, ਨਿਰਗੁਣ ਧਾਰ ਨਿਰਵੈਰ ਨਿਰੰਕਾਰ ਨਿਰਮਲ ਜੋਤ ਨਾ ਕੋਇ ਮਿਲਾਈਆ। ਮਨ ਵਾਸਨਾ ਕੂੜੀ ਕਿਰਿਆ ਜਗਤ ਜਹਾਨ ਕੀਤਾ ਫੱਟੜ, ਧੁਰ ਦੀ ਪੱਟੀ ਨਾਮ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਖੇਲ ਦੋ ਜਹਾਨਾਂ, ਜਹਾਲਤ ਭਰੀ ਜਗਤ ਲੋਕਾਈਆ। ਸੰਦੇਸਾ ਦੇਵਾਂ ਧੁਰ ਫ਼ਰਮਾਨਾ, ਪੁਰਖ ਅਕਾਲਾ ਰਿਹਾ ਦ੍ਰਿੜਾਈਆ। ਜਗਤ ਬੁੱਧੀ ਪੜ੍ਹ ਪੜ੍ਹ ਥੱਕੀ ਸ਼ਾਸਤਰ ਸਿਮਰਤ ਵੇਦ ਪੁਰਾਨਾਂ, ਅੰਜੀਲ ਕ਼ੁਰਾਨ ਰਸਨਾ ਜਿਹਵਾ ਨਾਲ ਗਾਈਆ। ਸਾਚੀ ਮੰਜ਼ਲ ਚੜ੍ਹੇ ਨਾ ਕੋਇ ਨੌਜਵਾਨਾ, ਨੌ ਦਵਾਰੇ ਕਾਇਆ ਮੰਦਰ ਅੰਦਰ ਪੰਧ ਮੁਕਾਈਆ। ਦੀਵਾ ਬਾਤੀ ਕਮਲਾਪਾਤੀ ਜਗਾਏ ਨਾ ਕੋਈ ਜੋਤੀ ਨੂਰ ਮਹਾਨਾ, ਅੰਮ੍ਰਿਤ ਬੂੰਦ ਸਵਾਂਤੀ ਠਾਂਡੀ ਠਾਰ ਨਿਝਰ ਝਿਰਨਾ ਨਾ ਕੋਇ ਝਿਰਾਈਆ। ਆਤਮ ਬ੍ਰਹਮ ਸਤਿ ਸਰੂਪ ਨਾ ਕਿਸੇ ਪਹਿਚਾਨਾ, ਭੇਵ ਅਭੇਦਾ ਭੇਵ ਨਾ ਕੋਇ ਖੁਲ੍ਹਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀ ਅੱਲਾ ਵਾਹਿਗੁਰੂ ਰਾਮ ਗਾਡ ਸਤਿਨਾਮ ਸਾਰੇ ਗੌਂਦੇ ਗਾਣਾ, ਅਜਪਾ ਜਾਪ ਵਿਚ ਆਪਣਾ ਆਪ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਕਰਨੀ ਦਾ ਕਰਤਾ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਪੜ੍ਹ ਪੜ੍ਹ ਥੱਕੇ, ਥਕਾਵਟ ਵਿਚ ਵੇਖੀ ਲੋਕਾਈਆ। ਹੱਕ ਹਕ਼ੀਕ਼ਤ ਮਿਲੇ ਨਾ ਮਦੀਨੇ ਮੱਕੇ, ਕਾਅਬੇ ਅੰਦਰ ਪਈ ਦੁਹਾਈਆ। ਹੁਜਰਾ ਹੱਕ ਕੋਈ ਨਾ ਦੱਸੇ, ਮਹਿਰਾਬ ਅਹਿਬਾਬ ਰਬਾਬ ਨਾ ਕੋਇ ਸੁਣਾਈਆ। ਮਨ ਕਲਪਣਾ ਸਾਰੇ ਫਿਰਦੇ ਨੱਠੇ, ਕਲਮਾ ਨਾਦ ਧੁਨ ਕਰੇ ਨਾ ਕੋਇ ਸ਼ਨਵਾਈਆ। ਬੁੱਧੀ ਵਿਚਾਰ ਬਣ ਗਏ ਸੱਚੇ, ਅਕ਼ਲ

❋

❋

ਵਿਦਿਆ ਨਾਲ ਵਡਿਆਈਆ। ਮੰਜ਼ਲ ਮਿਲੀ ਕਿਸੇ ਨਾ ਹੱਕੇ, ਹੱਕਲੁਯਕੀਨ ਨਾ ਕੋਇ ਰਖਾਈਆ। ਮੈਂ ਚਾਰ ਵਰਨ ਅਠਾਰਾਂ ਬਰਨ ਤੱਕੇ, ਕਸ਼ੱਤ੍ਰੀ ਬ੍ਰਹਮਣ ਸ਼ੂਦਰ ਵੈਸ਼ ਫੋਲ ਫੁਲਾਈਆ। ਦਿਵਸ ਰੈਣ ਸ਼ਾਸਤਰ ਸਿਮਰਤ ਵੇਦ ਪੁਰਾਨਾਂ ਲਾਏ ਰੱਟੇ, ਮਾਲਾ ਮਣਕਿਆਂ ਵਾਲੀ ਭੁਵਾਈਆ। ਅੰਮ੍ਰਿਤ ਰਸ ਨਿਝਰ ਧਾਰ ਬੂੰਦ ਸਵਾਂਤੀ ਕੋਈ ਨਾ ਚੱਟੇ, ਚਾਤ੍ਰਿਕ ਤ੍ਰਿਖਾ ਨਾ ਕੋਇ ਬੁਝਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬਿਨ ਰਸਨਾ ਜਿਹਵਾ ਜਾਪ ਕੋਈ ਨਾ ਜਪੇ, ਸੁਰਤੀ ਸ਼ਬਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਕੋਟਾਂ ਵਿਚੋਂ ਸੰਤ ਸੁਹੇਲੇ ਆਪਣੇ ਪ੍ਰੇਮ ਪਿਆਰ ਵਿਚ ਰੱਖੇ, ਰੱਖਕ ਹੋ ਕੇ ਵੇਖੇ ਚਾਈਂ ਚਾਈਂਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਗੁਰਦਰ ਮੰਦਰ ਮਸੀਤ, ਸ਼ਿਵਦਵਾਲੇ ਮੱਠਾਂ ਫੋਲ ਫੁਲਾਈਆ। ਦੀਨਾਂ ਮਜ਼੍ਹਬਾਂ ਵਾਲੀ ਰੀਤ, ਮਾਨਵ ਮਾਨਵ ਹਿੱਸਿਆਂ ਵਿਚ ਵੰਡ ਵੰਡਾਈਆ। ਤ੍ਰੈਗੁਣ ਤੋਂ ਬਾਹਰ ਨਜ਼ਰ ਆਇਆ ਨਾ ਕੋਇ ਅਤੀਤ, ਤ੍ਰੈਭਵਣ ਵਿਚ ਨਾ ਕੋਇ ਸਮਾਈਆ। ਸਾਚਾ ਛਤਰ ਝੁੱਲੇ ਕਿਸੇ ਨਾ ਸੀਸ, ਸਤਿਗੁਰ ਸਤਿ ਨਾ ਕੋਇ ਵਰਤਾਈਆ। ਝਗੜਾ ਪਿਆ ਚਾਰੋਂ ਕੁੰਟ ਹਸਤ ਕੀਟ, ਆਤਮ ਬ੍ਰਹਮ ਪੜਦਾ ਨਾ ਕੋਇ ਉਠਾਈਆ। ਮੈਂ ਸਭ ਦੀ ਅੰਦਰ ਵੜ ਕੇ ਵੇਖੀ ਨੀਤ, ਨੌ ਦਵਾਰੇ ਭੱਜਣ ਚਾਈਂ ਚਾਈਂਆ। ਤਨ ਵਜੂਦ ਖ਼ਾਕੀ ਮਾਟੀ ਤ੍ਰੈਗੁਣ ਅਗਨੀ ਵਿਚੋ ਕਿਸੇ ਨਾ ਹੋਈ ਸੀਤ, ਸਾਂਤਕ ਸਤਿ ਨਾ ਕੋਇ ਕਰਾਈਆ। ਪਰਮ ਪੁਰਖ ਦਾ ਗਾਏ ਕੋਇ ਨਾ ਗੀਤ, ਗੁਰ ਅਵਤਾਰ ਪੈਗ਼ੰਬਰਾਂ ਦੇ ਢੋਲੇ ਰਹੇ ਗਾਈਆ। ਅਬਿਨਾਸ਼ੀ ਕਰਤਾ ਘਟ ਨਿਵਾਸੀ ਪਰਵਰਦਿਗਾਰ ਸਾਂਝਾ ਯਾਰ ਵਸਿਆ ਕਿਸੇ ਨਾ ਚੀਤ, ਮਨ ਚਿਤ ਠਗੌਰੀ ਚਾਰੋਂ ਕੁੰਟ ਨਜ਼ਰੀ ਆਈਆ। ਸਚ ਸੰਦੇਸ਼ਾ ਧੁਰ ਦਾ ਕਲਮਾ ਅਗੰਮੀ ਧਾਰ ਸਮਝੇ ਨਾ ਕੋਇ ਹਦੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਏਕੰਕਾਰ ਇਕ ਇਕੱਲਾ ਇਕੋ ਇਕ ਦਰਸਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਮੱਕਾ ਕਾਅਬਾ, ਕਾਇਆ ਉਮਤ ਫੋਲ ਫੁਲਾਈਆ। ਰਸ ਮਿਲੇ ਨਾ ਕੋਇ ਦੋਆਬਾ, ਆਬੇਹਯਾਤ ਨਾ ਕੋਇ ਪਿਆਈਆ। ਝਿਰਨਾ ਝਿਰੇ ਕੋਈ ਨਾ ਨਾਭਾ, ਕਵਲੀ ਕਵਲ ਨਾ ਕੋਇ ਵਡਿਆਈਆ। ਸੱਯਦਾ ਸੀਸ ਨਾ ਕੋਇ ਅਦਾਬਾ, ਕ਼ਦਮਬੋਸੀ ਧੂੜ ਨਾ ਕੋਇ ਰਮਾਈਆ। ਚਾਰੋਂ ਕੁੰਟ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਨਬੀ ਰਸੂਲਾਂ ਟੁੱਟਾ ਨਾਤਾ, ਪੈਗ਼ੰਬਰ ਗੰਢ ਨਾ ਕੋਇ ਪੁਆਈਆ। ਸਭ ਦਾ ਫੋਲ ਕੇ ਵੇਖਿਆ ਖਾਤਾ, ਪੜਦਾ ਉਹਲਾ ਆਪ ਚੁਕਾਈਆ। ਕੀ ਅੱਗੇ ਖੇਲ ਕਰੇ ਜੋਤੀ ਜਾਤਾ, ਪਾਰਬ੍ਰਹਮ ਪ੍ਰਭ ਧੁਰਦਰਗਾਹੀਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਭਵਿਖਤਾਂ ਵਿਚ ਬੋਲ ਕੇ ਗਏ ਅਗੰਮੀ ਭਾਸ਼ਾ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਸੋ ਵੇਖਣਹਾਰਾ ਦੀਨ ਦੁਨੀ ਤਮਾਸ਼ਾ, ਲੋਕ ਪ੍ਰਲੋਕ ਸਲੋਕ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਫ਼ਰਮਾਨਾ ਇਕ ਦ੍ਰਿੜਾਈਆ। ਸਦੀ ਚੌਧਵੀਂ ਕਹੇ ਮੈਂ ਵੇਖ ਵੇਖ ਹੋਈ ਹੈਰਾਨ, ਹਰ ਹਿਰਦਾ ਫੋਲ ਫੁਲਾਈਆ। ਘਰ ਘਰ ਸ਼ਰਅ ਫਿਰੀ ਸ਼ੈਤਾਨ, ਛੁਰੀ ਮਮਤਾ ਕਰਦ ਉਠਾਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਸਚ ਅਮਲ ਨਾ ਕੋਇ ਜਣਾਈਆ। ਨੇਤਰ ਰੋਂਦੀ ਵੇਖੀ ਕ਼ੁਰਾਨ, ਮਸਲਿਆਂ ਵਿਚ ਦੁਹਾਈਆ। ਜਲਵਾ ਨੂਰ ਕਰੇ ਨਾ ਕੋਇ ਪਹਿਚਾਨ, ਨੇਤਰ ਅੱਖ ਨਾ ਕੋਇ ਬਦਲਾਈਆ । ਅੱਲ੍ਹਾ ਹੂ ਅਕਬਰ ਸਾਰੇ ਗਾਣ, ਨਾਅਰੇ ਹੁਜਰਿਆਂ ਵਿਚ ਸੁਣਾਈਆ। ਧੁਰ ਦਾ ਸੁਣੇ ਨਾ ਕੋਇ ਫ਼ਰਮਾਨ, ਪਰਵਰਦਿਗਾਰ ਕੀ ਸਮਝਾਈਆ। ਸਦੀ ਚੌਧਵੀਂ ਕਹੇ ਮੁਹੰਮਦ ਦੀ ਮਿਟਣ ਲੱਗੀ ਸ਼ਾਨ,

❋

❋

ਸ਼ਹਿਨਸ਼ਾਹ ਆਪਣਾ ਖੇਲ ਖਿਲਾਈਆ। ਅੰਤ ਅਖ਼ੀਰ ਹੋਣਾ ਵੈਰਾਨ, ਵੈਰੀ ਘਰ ਘਰ ਨਜ਼ਰੀ ਆਈਆ। ਪ੍ਰਭ ਉਤੇ ਕਿਸੇ ਦਾ ਰਿਹਾ ਨਾ ਇਤਮੀਨਾਨ, ਤਸੱਲੀ ਤਸੱਵਰ ਨਾ ਕੋਇ ਕਰਾਈਆ। ਦੀਨ ਦੁਨੀ ਹੋਈ ਨਾਦਾਨ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਮਰਦ ਮਰਦਾਨ, ਨੌਜਵਾਨ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਪ੍ਰਭ ਦਾ ਕਲਮਾ ਅਗੰਮ ਅਥਾਹ, ਅੱਖਰਾਂ ਵਿਚ ਨਾ ਵੰਡ ਵੰਡਾਈਆ। ਜਿਹੜਾ ਜਪਿਆ ਜਾਏ ਬਿਨਾ ਸਾਹ, ਪਵਣ ਸਵਾਸ ਨਾ ਕੋਇ ਵਡਿਆਈਆ। ਨਾਮ ਨਿਧਾਨ ਨਿਰਗੁਣ ਧਾਰ ਜਾਏ ਸਮਾ, ਸਰਗੁਣ ਵੇਖਣ ਕੋਇ ਨਾ ਪਾਈਆ। ਨਾਦ ਧੁਨ ਧੁਨ ਨਾਦ ਵਿਚੋਂ ਉਪਜਾ, ਨਾਦ ਅਨਾਦੀ ਆਪੇ ਗਾਈਆ। ਜੋਤੀ ਨੂਰ ਕਰ ਰੁਸ਼ਨਾ, ਅੰਧ ਅੰਧੇਰਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਡ ਦਾਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਚਾਰ ਕੁੰਟ ਤੱਕਿਆ ਪਾਪ, ਪਤਤ ਪੁਨੀਤ ਨਾ ਕੋਇ ਕਰਾਈਆ। ਬਿਨਾ ਭਗਤ ਤੋਂ ਕੋਈ ਜਪ ਸਕੇ ਨਾ ਅਜਪਾ ਜਾਪ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਜਿਥੇ ਝਗੜਾ ਨਹੀਂ ਤ੍ਰੈਗੁਣ ਤਾਪ, ਰਜੋ ਤਮੋ ਸਤੋ ਨਾ ਕੋਇ ਵਡਿਆਈਆ। ਰੂਹ ਬੁਤ ਹੋਵੇ ਪਾਕ, ਮਾਟੀ ਖ਼ਾਕ ਨੂਰ ਜੋਤ ਚਮਕਾਈਆ। ਅੱਖਰਾਂ ਵਾਲੀ ਰਹੀ ਨਾ ਗਾਥ, ਨਿਰਅੱਖਰ ਵਿਚ ਸਮਾਈਆ। ਜਿਥੇ ਮਿਲੇ ਪਰਮ ਪੁਰਖ ਪ੍ਰਭ ਆਪ, ਆਪ ਆਪਣਾ ਜੋੜ ਜੁੜਾਈਆ। ਆਤਮ ਬਣਾ ਕੇ ਸੱਚਾ ਸਾਕ, ਸੱਜਣ ਹੋ ਕੇ ਵੇਖ ਵਖਾਈਆ। ਸਦਾ ਖੁਲ੍ਹਾ ਰੱਖੇ ਤਾਕ, ਬਜਰ ਕਪਾਟੀ ਕੰਮ ਕਿਸੇ ਨਾ ਆਈਆ। ਸਾਚੀ ਪੌਂਦਾ ਦਿਸੇ ਰਾਸ, ਬਿਨ ਗੋਪੀ ਕਾਹਨ ਨਚਾਈਆ। ਸਾਚਾ ਨੂਰ ਕਰ ਪ੍ਰਕਾਸ਼, ਬਿਨ ਤੇਲ ਬਾਤੀ ਡਗਮਗਾਈਆ। ਕਿਰਪਾ ਕਰੇ ਪੁਰਖ ਅਬਿਨਾਸ਼, ਮਿਹਰਵਾਨ ਮਹਿਬੂਬ ਆਪਣੇ ਰੰਗ ਰੰਗਾਈਆ। ਉਨ੍ਹਾਂ ਪੂਰਬ ਪੂਰੀ ਕਰੇ ਆਸ, ਜਨਮ ਜਨਮ ਦਾ ਲੇਖਾ ਲੇਖੇ ਵਿਚ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰਗਾਹ ਸਾਚੀ ਇਕ ਸੁਹਾਈਆ। ਸਦੀ ਚੌਧਵੀਂ ਕਹੇ ਅਜਪਾ ਜਾਪ ਉਹ ਗੁਰਮੁਖ ਜਪਦਾ, ਜਿਸ ਨੂੰ ਜਗਜੀਵਣ ਦਾਤਾ ਦਏ ਵਡਿਆਈਆ। ਜਗਤ ਦਵਾਰੇ ਮੰਜ਼ਲ ਟਪਦਾ, ਸੁਖਮਨ ਟੇਢੀ ਬੰਕ ਈੜਾ ਪਿੰਗਲ ਪੈਰਾਂ ਹੇਠ ਦਬਾਈਆ । ਪਿਆਰ ਛੱਡਕੇ ਨਿਜ ਅੰਮ੍ਰਿਤ ਰਸ ਦਾ, ਕਵਲ ਨਾਭੀ ਮੁਖ ਭਵਾਈਆ। ਸੁਣ ਆਵਾਜ਼ ਅਗੰਮੇ ਨਦ ਦਾ, ਸ਼ਬਦੀ ਧੁਨ ਧੁਨ ਵਡਿਆਈਆ। ਦੇ ਪ੍ਰਕਾਸ਼ ਨੂਰੀ ਸਤਿ ਦਾ, ਸਤਿ ਸਤਿ ਵਿਚ ਸਮਾਈਆ। ਨਾਤਾ ਤੋੜ ਕੇ ਪੰਜ ਤਤ ਦਾ, ਸੁਰਤੀ ਅਕਾਲ ਮੂਰਤੀ ਆਪਣੇ ਰੰਗ ਰੰਗਾਈਆ। ਜਿਉਂ ਭਾਵੇ ਤਿਉਂ ਰਖਦਾ, ਬੇਪ੍ਰਵਾਹ ਆਪਣੀ ਦਇਆ ਕਮਾਈਆ। ਓਥੇ ਇਸ਼ਾਰਾ ਨਹੀਂ ਕੋਈ ਅੱਖ ਦਾ, ਨੇਤਰ ਅੱਖ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਦਵਾਰਾ ਇਕੋ ਇਕ ਸੁਹਾਈਆ। ਸਦੀ ਚੌਧਵੀਂ ਕਹੇ ਅਜਪਾ ਜਾਪ ਜਗਤ ਧਾਰ ਨਿਰਾਲਾ, ਨਿਰਵੈਰ ਆਪ ਜਣਾਈਆ। ਮਣਕਿਆਂ ਵਾਲੀ ਫੇਰਨੀ ਪਏ ਨਾ ਮਾਲਾ, ਮਨ ਕਾ ਮਣਕਾ ਦਏ ਭਵਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਕਾਇਆ ਮੰਦਰ ਬਣਾ ਕੇ ਸੱਚੀ ਧਰਮਸਾਲਾ, ਘਰ ਵਿਚ ਘਰ ਪੜਦਾ ਦਏ ਉਠਾਈਆ। ਦੀਆ ਬਾਤੀ ਕਰ ਉਜਾਲਾ, ਕਮਲਾਪਾਤੀ ਵੇਖ ਵਖਾਈਆ। ਝਗੜਾ ਮੁਕਾ ਕੇ ਕਾਲ ਮਹਾਂਕਾਲਾ, ਆਵਣ ਜਾਵਣ ਗੇੜ ਚੁਕਾਈਆ । ਸਾਚਾ ਮਾਰਗ ਦੱਸ ਸੁਖਾਲਾ, ਸੁੱਖ ਆਸਣ ਵਿਚ ਭਰਾਈਆ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰਾ ਇਕੋ ਇਕ ਸੁਹਾਈਆ। ਅਜਪਾ ਜਾਪ ਜਪਾਏ ਕਾਇਆ ਮੰਦਰ, ਮਨਸਾ ਮਨ ਰਹਿਣ ਨਾ ਪਾਈਆ। ਭਾਗ ਲਗਾ ਕੇ ਡੂੰਘੀ ਕੰਦਰ, ਅੰਧ ਅੰਧੇਰਾ ਦਏ ਮਿਟਾਈਆ। ਬਜਰ ਕਪਾਟੀ ਤੋੜ ਕੇ ਜੰਦਰ, ਤ੍ਰੈਗੁਣ ਲੇਖਾ ਦਏ ਮੁਕਾਈਆ । ਮਨਸਾ ਵਿਚ ਫਿਰੇ ਨਾ ਮਨ ਬੰਦਰ, ਸ਼ਬਦ ਡੋਰੀ ਤੰਦ ਬੰਧਾਈਆ। ਕਰ ਪ੍ਰਕਾਸ਼ ਅੰਧੇਰਾ ਖੰਡਰ, ਨੂਰੀ ਜੋਤ ਡਗਮਗਾਈਆ। ਬੋਧ ਅਗਾਧਾ ਬਣ ਪੰਡਤ, ਸਾਚੀ ਸਿਖਿਆ ਇਕ ਸਮਝਾਈਆ। ਝਗੜਾ ਮੁਕਾ ਕੇ ਜੇਰਜ ਅੰਡਜ, ਉਤਭੁਜ ਸੇਤਜ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝਾ ਯਾਰ ਜਲਵਾਗਰ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਅਜਪਾ ਜਾਪ ਨਹੀਂ ਕੋਈ ਔਖਾ, ਇਹ ਸਤਿਗੁਰ ਹੱਥ ਵਡਿਆਈਆ। ਪੜ੍ਹਨਾ ਪਏ ਕੋਇ ਨਾ ਪੋਥਾ, ਪੁਸਤਕ ਲੋੜ ਰਹੇ ਨਾ ਰਾਈਆ। ਵੜਨਾ ਪਏ ਕਿਸੇ ਨਾ ਕੋਠਾ, ਮੰਦਰਾਂ ਵਿਚ ਨਾ ਫੇਰਾ ਪਾਈਆ। ਦੇਣਾ ਪਏ ਕਿਸੇ ਨਾ ਰੋਟਾ, ਪੁੰਨ ਦਾਨ ਨਾ ਕੋਇ ਸਮਝਾਈਆ। ਪਾਣੀ ਵਿਚ ਮਾਰਨਾ ਪਏ ਨਾ ਗੋਤਾ, ਅਠਸਠ ਨਾ ਪੰਧ ਮੁਕਾਈਆ। ਮਨ ਕਲਪਣਾ ਕਰਨੀ ਪਏ ਨਾ ਲੋਚਾ, ਜਗ ਨੇਤਰ ਨੈਣ ਨਾ ਕੋਇ ਉਠਾਈਆ। ਬੁੱਧੀ ਕਰਨੀ ਪਏ ਨਾ ਸੋਚਾ, ਅਕ਼ਲ ਵਿਚ ਨਾ ਕੋਇ ਚਤੁਰਾਈਆ। ਕਰਨਾ ਪਏ ਕੋਈ ਨਾ ਧੋਖਾ, ਜਗਤ ਫ਼ਰੇਬ ਨਾ ਕੋਇ ਜਣਾਈਆ। ਜਿਨ੍ਹਾਂ ਨੂੰ ਸਾਹਿਬ ਸਤਿਗੁਰ ਪੁਰਖ ਅਕਾਲਾ ਦੀਨ ਦਿਆਲਾ ਆਪਣੇ ਮਿਲਣ ਦਾ ਦੇਵੇ ਮੌਕਾ, ਜਨਮ ਜਨਮ ਦਾ ਪੂਰਬ ਲੇਖ ਵੇਖ ਵਖਾਈਆ। ਓਹ ਅਜਪਾ ਜਾਪ ਜਪਦੇ ਨਾਲ ਸ਼ੌਂਕਾ, ਰਸਨਾ ਜਿਹਵਾ ਬੱਤੀ ਦੰਦ ਆਤਮ ਪਰਮਾਤਮ ਪਰਮਾਤਮ ਆਤਮ ਢੋਲਾ ਗਾਈਆ। ਉਨ੍ਹਾਂ ਦਾ ਕਾਇਆ ਮੰਦਰ ਦੀਨ ਦਿਆਲਾ ਸਦਾ ਸਾਫ਼ ਰੱਖੇ ਚੌਂਕਾ, ਪਤਤ ਪੁਨੀਤ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਗ੍ਰਹਿ ਮੰਦਰ ਇਕ ਵਖਾਈਆ। ਅਜਪਾ ਜਾਪ ਜਪਦਾ ਜਿਸ ਨੂੰ ਧੁਰ ਦੀ ਲੋੜ, ਲੋੜੀਂਦਾ ਸੱਜਣ ਵੇਖ ਵਖਾਈਆ। ਸਤਿਗੁਰ ਸ਼ਬਦ ਆਪੇ ਲਏ ਜੋੜ, ਅੰਤਰ ਨਿਰੰਤਰ ਮੇਲ ਮਿਲਾਈਆ। ਭਟਕਣਾ ਪਏ ਨਾ ਵਿਚ ਕਾਇਆ ਗੋਰ, ਮਨਸਾ ਮਨ ਨਾ ਕੋਇ ਹਲਕਾਈਆ। ਠੱਗੀ ਕਰੇ ਨਾ ਕੋਈ ਪੰਜ ਚੋਰ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਵਧਾਈਆ। ਸਤਿਗੁਰ ਸੱਜਣ ਸਵਾਮੀ ਅੰਤਰ ਜਾਏ ਬਹੁੜ, ਬਹੁੜ ਆਪਣਾ ਮੇਲ ਮਿਲਾਈਆ। ਸਚ ਦਵਾਰ ਦਾ ਲਾ ਕੇ ਪੌੜ, ਮੰਜ਼ਲ ਹਕ਼ੀਕ਼ੀ ਇਕ ਵਖਾਈਆ। ਜਿਸ ਨੂਰ ਨੂੰ ਆਤਮ ਤਕਦਾ ਨਾਲ ਗ਼ੌਰ, ਗਹਿਰ ਗੰਭੀਰ ਦਏ ਵਖਾਈਆ। ਉਸ ਦਾ ਫ਼ੁਰਨਾ ਫੁਰਦਾ ਫੋਰ, ਪਿਛਲਾ ਫ਼ੁਰਨਾ ਰਹਿਣ ਕੋਇ ਨਾ ਪਾਈਆ। ਅਜਪਾ ਜਾਪ ਆਤਮ ਪਰਮਾਤਮ ਤੋਂ ਬਿਨਾ ਨਹੀਂ ਕੋਈ ਹੋਰ, ਹੋਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਧੁਰ ਦਾ ਘਰ, ਘਰ ਪੜਦਾ ਆਪ ਚੁਕਾਈਆ। ਅਜਪਾ ਜਾਪ ਵਿਚ ਜਿਸ ਹੋਇਆ ਵਾਸਾ, ਵਸਲ ਮਿਲੇ ਨੂਰ ਅਲਾਹੀਆ। ਆਤਮ ਪਰਮਾਤਮ ਪਰਮਾਤਮ ਆਤਮ ਇਕ ਭਰਵਾਸਾ, ਦੂਜਾ ਨਜ਼ਰ ਕੋਇ ਨਾ ਆਈਆ। ਚੰਚਲ ਮਨ ਕਰੇ ਕੋਈ ਨਾ ਹਾਸਾ, ਬੁੱਧੀ ਭਰਮ ਨਾ ਕੋਇ ਭੁਲਾਈਆ। ਸਮਰਥ ਪੁਰਖ ਇਕੋ ਜਾਤਾ, ਜੋਤੀ ਜਾਤਾ ਧੁਰਦਰਗਾਹੀਆ। ਜਿਸ ਨੇ ਚਾਰ ਜੁਗ ਅੱਖਰਾਂ ਵਾਲੇ ਸ਼ਬਦ ਬਣਾਈ ਗਾਥਾ, ਗੁਰ ਅਵਤਾਰ ਪੈਗ਼ੰਬਰਾਂ ਵੰਡ ਵੰਡਾਈਆ। ਸੋ ਵੇਖਣਹਾਰਾ ਖੇਲ ਤਮਾਸ਼ਾ, ਪ੍ਰਿਥਮੀ ਆਕਾਸ਼ ਖੋਜ ਖੁਜਾਈਆ। ਜਿਸ ਨੂੰ ਝੁਕਦੇ ਤ੍ਰੈਲੋਕੀ ਨਾਥਾ,

❋

❋

ਰਾਮ ਵਸ਼ਿਸ਼ਟ ਸੀਸ ਨਿਵਾਈਆ। ਤੇਈ ਅਵਤਾਰ ਟੇਕਣ ਮਾਥਾ, ਈਸਾ ਮੂਸਾ ਮੁਹੰਮਦ ਸੱਯਦਿਆਂ ਵਿਚ ਧੂੜੀ ਖ਼ਾਕ ਰਮਾਈਆ। ਨਾਨਕ ਗੋਬਿੰਦ ਮੰਨਿਆ ਪਿਤਾ ਮਾਤਾ, ਪੁਰਖ ਅਕਾਲ ਬੇਪ੍ਰਵਾਹੀਆ। ਸੋ ਸਾਹਿਬ ਸਵਾਮੀ ਆਦਿ ਜੁਗਾਦੀ ਸਤਿਗੁਰ ਸਾਚਾ, ਹਰਿ ਸੱਜਣ ਇਕ ਅਖਵਾਈਆ। ਜਿਨ੍ਹਾਂ ਭਗਤਾਂ ਦੇ ਅੰਦਰ ਲੂੰ ਲੂੰ ਅੰਦਰ ਰਾਚਾ, ਸਾਢੇ ਤਿੰਨ ਕਰੋੜ ਦਏ ਗਵਾਹੀਆ। ਓਹ ਗੁਰਸਿਖ ਅਜਪਾ ਜਾਪ ਜਪਦੇ ਬਿਨਾ ਪਵਣ ਸਵਾਸਾ, ਸਾਹ ਤੋਂ ਬਿਨਾ ਸਾਹਿਬ ਤੁਰਤ ਸ਼ਬਦ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਨੂਰ ਜੋਤ ਪ੍ਰਕਾਸ਼ਾ, ਵੇਖਣਹਾਰਾ ਥਾਉਂ ਥਾਈਂਆ।

੨੭ ਮੱਘਰ ਸ਼ਹਿਨਸ਼ਾਹੀ ਸੰਮਤ ੪ ਮਨਜੀਤ ਕੌਰ ਦੇ ਗ੍ਰਹਿ ਪਿੰਡ ਮੰਗੂਪੁਰ

ਸਦੀ ਚੌਧਵੀਂ ਕਹੇ ਕੀ ਹਾਲ ਹੋਣਾ ਇੱਤਲ, ਇਤਲਾਹ ਮੁਹੰਮਦ ਦੇ ਜਣਾਈਆ। ਕੀ ਖੇਲ ਵੇਖਣਾ ਮਿੱਤਲ, ਮਿਤ੍ਰ ਪਿਆਰੇ ਪੜਦਾ ਦੇ ਉਠਾਈਆ। ਕੀ ਰੰਗ ਰੰਗੌਣਾ ਸਿਤਲ, ਸਾਹਿਬ ਸਵਾਮੀ ਦਇਆ ਕਮਾਈਆ। ਤੇਰਾ ਕਲਮਾ ਜਾਏ ਕਿਤਲ, ਕਾਤਬ ਕਵਣ ਕਰੇ ਲਿਖਾਈਆ। ਧਾਤੂ ਰੂਪ ਵਟਾਏ ਪਿੱਤਲ, ਕ਼ੀਮਤ ਕਰਮ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਕੀ ਹੋਣਾ ਚੌਦਾਂ ਤਬਕ, ਸਚ ਤਬੀਅਤ ਨਾਲ ਦੇ ਜਣਾਈਆ। ਕੀ ਪੜ੍ਹਨਾ ਸਭ ਨੇ ਸਬਕ, ਸਿਖਿਆ ਕਵਣ ਸੁਣਾਈਆ। ਕੀ ਨੂਰ ਅਲਾਹੀ ਦੇਣੀ ਝਲਕ, ਜਲਵਾਗਰ ਡਗਮਗਾਈਆ। ਕੀ ਸੰਦੇਸਾ ਦੱਸਣਾ ਹਮਦ, ਲਾਸ਼ਰੀਕ ਪੜ੍ਹਾਈਆ। ਕੀ ਇਸ਼ਾਰਾ ਮਾਰ ਰਮਜ਼, ਰਹਿਮਤ ਹੱਕ ਕਮਾਈਆ। ਕੀ ਅੰਤ ਅਖ਼ੀਰ ਕਰੇ ਗ਼ਜ਼ਬ, ਮਿਹਰਵਾਨ ਮਹਿਬੂਬ ਧੁਰਦਰਗਾਹੀਆ। ਕਿਸ ਦਾ ਅੱਗੇ ਹੋਵੇ ਅਦਬ, ਸੱਯਦਿਆਂ ਵਿਚ ਸੀਸ ਝੁਕਾਈਆ। ਕੀ ਸਭ ਦਾ ਸਾਂਝਾ ਹੋਵੇ ਮਜ਼੍ਹਬ, ਪੜਦਾ ਉਹਲਾ ਦੇ ਉਠਾਈਆ। ਮੈਂ ਹੈਰਾਨ ਹੋਈ ਤਅੱਜੁਬ, ਪਰੇਸ਼ਾਨੀ ਵਿਚ ਕੁਰਲਾਈਆ। ਮੁਨਾਰਾ ਦਿਸੇ ਕੋਈ ਨਾ ਮਸਜਿਦ, ਹੁਜਰਾ ਹੱਕ ਨਾ ਕੋਇ ਸੁਹਾਈਆ। ਮਾਣ ਦਿਸੇ ਨਾ ਮੁਰੀਦ ਮੁਰਸ਼ਦ, ਸਿਰ ਸਰ ਨਾ ਕੋਇ ਨਿਵਾਈਆ। ਧਰਮ ਦੀ ਧਾਰ ਰਹੀ ਨਾ ਉਲਫ਼ਤ, ਕਲਮਾ ਕਲਾਮ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੁਹੰਮਦ ਦੱਸ ਅਗੰਮੀ ਰਾਜ਼, ਭੇਵ ਅਭੇਦ ਖੁਲ੍ਹਾਈਆ। ਫੇਰ ਪੜ੍ਹੇ ਕਵਣ ਨਿਮਾਜ਼, ਸੱਯਦਿਆਂ ਵਿਚ ਸੀਸ ਝੁਕਾਈਆ। ਕੀ ਉਮਤ ਮਿਲਣਾ ਇਜ਼ਾਜ਼, ਕਵਣ ਦੇਵੇ ਵਡਿਆਈਆ। ਕੀ ਪੜਦਾ ਖੋਲ੍ਹੇ ਆਗ਼ਾਜ਼, ਸਹਿਜ ਦੇਣਾ ਸਮਝਾਈਆ । ਨਿਗਾਹ ਮਾਰ ਉਪਰ ਆਕਾਸ਼, ਬਿਨ ਅੱਖਾਂ ਅੱਖ ਉਠਾਈਆ। ਕਵਣ ਨੂਰ ਕਰੇ ਪ੍ਰਕਾਸ਼, ਚੰਦ ਚਾਂਦਨੀ ਡੇਰਾ ਢਾਹੀਆ। ਮੈਂ ਅੰਤਮ ਹੋਈ ਉਦਾਸ, ਹੈਰਾਨੀ ਮੇਰੇ ਅੰਦਰ ਛਾਈਆ। ਸਾਚਾ ਦੇਵੇ ਕੋਈ ਨਾ ਸਾਥ, ਸੰਗੀ ਸੰਗ ਗਏ ਤਜਾਈਆ। ਮੰਜ਼ਲ ਮਿਲੇ ਕੋਈ ਨਾ ਘਾਟ, ਅੱਧਵਾਟੇ ਬੈਠੀ ਡੇਰਾ ਲਾਈਆ। ਮੁਹੱਬਤ ਜੁੜੇ ਕੋਈ ਨਾ ਨਾਤ, ਨਾਤਵਾਂ ਹੋ ਕੇ ਦਿਆਂ ਦੁਹਾਈਆ। ਪੈਗ਼ੰਬਰਾਂ ਦੀ ਫਿਰਦੀ ਵੇਖੀ ਜਮਾਤ, ਜੁਮਲਾ ਅੱਖਰ ਨਾ ਕੋਇ ਸਮਝਾਈਆ। ਬਗ਼ਲੇ ਰਹੀ ਨਾ ਕੋਈ ਕਿਤਾਬ, ਕੁਤਬਖਾਨਿਆਂ

❋

❋

ਹੋਈ ਸਫ਼ਾਈਆ। ਪੁਰਖ ਅਕਾਲ ਦਾ ਸਮਝੇ ਕਵਣ ਮਜਾਜ਼, ਪੜਦਾ ਉਹਲਾ ਦਏ ਚੁਕਾਈਆ। ਸਦੀ ਚੌਧਵੀਂ ਕਹੇ ਮੈਂ ਪੁਛਣ ਲੱਗੀ ਆਜ, ਆਜਿਜ਼ ਹੋ ਕੇ ਸੀਸ ਨਿਵਾਈਆ। ਸਤਿ ਧਰਮ ਦਾ ਕਿਹੜਾ ਹੋਵੇ ਸਮਾਜ, ਮਾਨਵ ਮਾਨਵ ਏਕਾ ਘਰ ਵਸਾਈਆ । ਝਗੜਾ ਰਹੇ ਨਾ ਕਿਸੇ ਜ਼ਾਤ, ਜੋਰੂ ਜ਼ਰ ਨਾ ਕੋਇ ਲੜਾਈਆ। ਨਾਮ ਉਪਜੇ ਇਕੋ ਸਾਚ, ਸਤਿ ਸਤਿ ਮਿਲੇ ਵਡਿਆਈਆ। ਭਾਗ ਲੱਗੇ ਕਾਇਆ ਮਾਟੀ ਕਾਚ, ਕੰਚਨ ਗੜ੍ਹ ਸੋਭਾ ਪਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ । ਪੁਰਖ ਅਕਾਲਾ ਦੇਵੇ ਦਾਤ, ਦਾਨੀ ਹੋ ਕੇ ਆਪ ਵਰਤਾਈਆ। ਕੂੜੀ ਕਿਰਿਆ ਪਾਏ ਵਫ਼ਾਤ, ਮੜ੍ਹੀ ਗੋਰ ਵਿਚ ਦਬਾਈਆ। ਮਜ਼੍ਹਬਾਂ ਕੋਲੋਂ ਮਿਲੇ ਨਜਾਤ, ਬੰਦੀਖ਼ਾਨਾ ਤੋੜ ਤੁੜਾਈਆ। ਸਭ ਦੇ ਅੰਦਰੋਂ ਤੂੰਹੀ ਤੂੰਹੀ ਦੀ ਨਿਕਲੇ ਆਵਾਜ਼, ਦੂਜਾ ਰਾਗ ਨਾ ਕੋਇ ਸੁਣਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਜਾਵੇ ਜਾਗ, ਆਲਸ ਨਿੰਦਰਾ ਮੇਟ ਮਿਟਾਈਆ। ਹਿਰਦੇ ਉਪਜੇ ਹੱਕ ਵੈਰਾਗ, ਵੈਰੀ ਅੰਦਰੋਂ ਦੇਣੇ ਕਢਾਈਆ। ਕੂੜ ਕਿਰਿਆ ਹੋਵੇ ਤਿਆਗ, ਧਰਮ ਦੀ ਧਾਰ ਇਕ ਉਪਜਾਈਆ। ਸਚ ਸਵਾਮੀ ਮਿਲੇ ਸੁਹਾਗ, ਜਗਤ ਰੰਡੇਪਾ ਡੇਰਾ ਢਾਹੀਆ। ਗੁਰਮੁਖ ਹੰਸ ਬਣਨ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਮੁਹੰਮਦ ਕੁਛ ਪਰਦਾ ਖੋਲ੍ਹ ਬਾਤਨ, ਬੇਵਤਨ ਦਿਆਂ ਜਣਾਈਆ। ਕੀ ਖੇਲ ਹੋਵੇ ਮਾਤਨ, ਮਾਤਰ ਭੂਮੀ ਵੇਖ ਵਖਾਈਆ। ਚਾਰੋਂ ਕੁੰਟ ਅੰਧੇਰੀ ਰਾਤਨ, ਰੁਤੀ ਨੂਰ ਨਾ ਕੋਇ ਰੁਸ਼ਨਾਈਆ। ਬਾਹਰੋਂ ਮਾਨਵ ਤੱਤਾਂ ਵਾਲੇ ਜਾਪਣ, ਅੰਤਰ ਕਰੇ ਨਾ ਕੋਇ ਸਫ਼ਾਈਆ। ਬੁਤ ਹੋਇਆ ਕਿਸੇ ਨਾ ਪਾਕਨ, ਪਲੀਤ ਵੇਖੀ ਜਗਤ ਲੋਕਾਈਆ। ਧੂੜੀ ਮਿਲੇ ਨਾ ਕਿਸੇ ਖ਼ਾਕਨ, ਮੱਟੀ ਮਸਤਕ ਨਾ ਕੋਇ ਰਮਾਈਆ। ਪੜਦਾ ਲੱਥੇ ਕਿਸੇ ਨਾ ਤਾਕਨ, ਤਕਵਾ ਹੱਕ ਨਾ ਕੋਇ ਜਣਾਈਆ। ਹੱਕ ਬੰਦਗੀ ਵਿਚ ਮੂਲ ਨਾ ਜਾਗਣ, ਸੋਈ ਸੁਰਤ ਨਾ ਕੋਇ ਉਠਾਈਆ। ਮੂਰਖ ਮੂੜ੍ਹ ਹੋਏ ਕਾਗਨ, ਹੰਸ ਰੂਪ ਨਾ ਕੋਇ ਬਣਾਈਆ। ਮਾਇਆ ਡੱਸੇ ਡੱਸਣੀ ਨਾਗਣ, ਘਰ ਘਰ ਆਪਣਾ ਡੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਧਾਰ ਦੇਣੀ ਦ੍ਰਿੜਾਈਆ। ਸਦੀ ਚੌਧਵੀਂ ਕਹੇ ਮੁਹੰਮਦ ਕੁਛ ਤੇ ਆਖ, ਬਿਨ ਅੱਖਰਾਂ ਦੇ ਸਮਝਾਈਆ। ਕਲਮਾ ਅਗੰਮੀ ਇਸ਼ਾਰਾ ਦੇ ਭਾਖ, ਪੜਦਾ ਅੰਦਰੋਂ ਆਪ ਚੁਕਾਈਆ। ਕੀ ਉਮਤ ਨਾਲ ਖੇਲ ਹੋਣਾ ਮਹੀਨੇ ਵਿਚ ਵਿਸਾਖ, ਵਸਾਹ ਕੇ ਕੀ ਕਰਤਾ ਕਾਰ ਕਮਾਈਆ। ਪੜਦਾ ਖੋਲ੍ਹ ਅਗਲੀ ਬਾਤ, ਬਾਤਨ ਭੇਵ ਰਹੇ ਨਾ ਰਾਈਆ। ਕਿਉਂ ਬਦਲਣ ਲੱਗਾ ਜਾਪ, ਜਗ ਜੀਵਣ ਦਾਤਾ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੇ ਮਿਲਣ ਦਾ ਦਏ ਆਪ ਇਤਫ਼ਾਕ਼, ਬੇਵਫ਼ਾਈ ਦੂਰ ਕਰਾਈਆ। ਮੁਹੰਮਦ ਕਹੇ ਸੁਣ ਚੌਧਵੀਂ ਸਦੀ ਮੇਰੀ ਸਾਥਣ, ਸਚ ਦਿਆਂ ਦ੍ਰਿੜਾਈਆ। ਮੈਂ ਸੁਨੇਹੜਾ ਆਇਆ ਆਖਣ, ਬਿਨ ਅੱਖਰਾਂ ਰਾਗ ਅਲਾਈਆ। ਸਭ ਦੇ ਕਰਮ ਆਇਆ ਵਾਚਣ, ਜਨਮ ਫੋਲ ਫੁਲਾਈਆ। ਘਾਟ ਆਇਆ ਪਾਤਣ, ਤੱਟਾਂ ਵੇਖ ਵਖਾਈਆ। ਸਭ ਦੀ ਵੇਖਾਂ ਆਸਣ, ਘਰ ਘਰ ਫੋਲ ਫੁਲਾਈਆ। ਰੂਹ ਬੁਤ ਰਿਹਾ ਕੋਈ ਨਾ ਪਾਕਨ, ਪਤਤ ਪੁਨੀਤ ਨਾ ਕੋਇ ਜਣਾਈਆ। ਮੇਰਾ ਸਭ ਨਾਲੋਂ ਤੁੱਟਾ ਨਾਤਣ, ਸੰਗੀ ਸੰਗ ਨਾ ਕੋਇ ਨਿਭਾਈਆ। ਪਰਵਰਦਿਗਾਰ ਵੇਖੇ ਖੇਲ ਤਮਾਸ਼ਣ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ

❋

❋

ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਧਰਮ ਇਕ ਉਪਜਾਈਆ। ਸਦੀ ਚੌਧਵੀਂ ਕਹੇ ਕੀ ਪ੍ਰਭ ਦੀ ਅੱਗੇ ਮਨਸਾ, ਮਨਸੂਰ ਤੋਂ ਪੁਛ ਕੇ ਦੇ ਸਮਝਾਈਆ। ਕਿੱਥੇ ਭਗਤ ਭਗਵਾਨ ਦਾ ਵਸਦਾ ਬੰਸਾ, ਬੰਸੀ ਵਾਲੇ ਜਿਥੇ ਸੀਸ ਨਿਵਾਈਆ। ਮੇਰਾ ਅੰਤਮ ਮੇਟ ਦੇ ਸੰਸਾ, ਭਰਮ ਰਹੇ ਨਾ ਰਾਈਆ। ਕਿਹੜੀ ਧਾਰ ਬਣੇ ਪ੍ਰਭ ਸਾਚੇ ਦੀ ਅੰਸਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮਨ ਹੰਕਾਰੀ ਰਹੇ ਨਾ ਕੰਸਾ, ਕੂੜੀ ਕਿਰਿਆ ਡੇਰਾ ਢਾਹੀਆ। ਗੁਰਮੁਖ ਰੂਪ ਧਰੇ ਜਗ ਹੰਸਾ, ਹੰ ਬ੍ਰਹਮ ਭੇਵ ਖੁਲ੍ਹਾਈਆ। ਸਤਿ ਧਰਮ ਦੀ ਸਾਚੀ ਹੋਵੇ ਬਣਤਾ, ਘੜਨ ਭੰਨਣਹਾਰ ਦੇਣਾ ਦ੍ਰਿੜਾਈਆ। ਪੁਰਖ ਅਬਿਨਾਸ਼ੀ ਇਕੋ ਹੋਵੇ ਕੰਤਾ, ਕ਼ਦੀਮ ਦਾ ਮਾਲਕ ਖ਼ਸਮ ਗੋਸਾਈਂਆ। ਝਗੜਾ ਮੁਕਾਵੇ ਬਹਿਸ਼ਤ ਜੱਨਤਾ, ਸਚ ਦਵਾਰੇ ਦਏ ਇਕ ਸਰਨਾਈਆ। ਕਲਮਿਆਂ ਵਿਚ ਨਾਮਾਂ ਵਿਚ ਅੱਖਰਾਂ ਵਿਚ ਪੱਥਰਾਂ ਵਿਚ ਸੱਥਰਾਂ ਵਿਚ ਕਢਾਵੇ ਕੋਈ ਨਾ ਮਿੰਨਤਾ, ਅਗਨੀ ਤਤ ਨਾ ਕੋਇ ਤਪਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਆਪਣੇ ਮਿਲਣ ਦੀ ਦੇਵੇ ਸਾਚੀ ਹਿੰਮਤਾ, ਹੌਸਲਾ ਇਕ ਵਧਾਈਆ। ਨਜ਼ਰੀ ਆਵੇ ਚਾਰ ਕੁੰਟ ਦਹਿ ਦਿਸ਼ਾ ਸਾਚੀ ਸਿੰਮਤਾ, ਸਿਮਰਨ ਪੂਜਾ ਪਾਠ ਜੋਗ ਅਭਿਆਸ ਦਾ ਲੇਖਾ ਦਏ ਚੁਕਾਈਆ। ਜਨਮ ਮਰਨ ਦੀ ਕਰਮ ਕਾਂਡ ਦੀ ਰਹਿਣ ਨਾ ਦੇਵੇ ਇੱਲਤਾ, ਕੂੜੀ ਕਿਰਿਆ ਡੇਰਾ ਢਾਹੀਆ। ਸਚ ਪੋਸ਼ਾਕ ਤਨ ਮਾਟੀ ਖ਼ਾਕ ਦੇਵੇ ਖ਼ਿਲਤਾ, ਖ਼ਾਲਕ ਖ਼ਲਕ ਦਇਆ ਕਮਾਈਆ। ਕਰਨੀ ਪਏ ਕੋਈ ਨਾ ਸੁੰਨਤਾ, ਸੀਸ ਮੁੰਡੌਣਾ ਪਏ ਕੋਈ ਨਾ ਮੁਨਤਾ, ਲਬਾਂ ਕਟੌਣ ਦੀ ਲੋੜ ਰਹੇ ਨਾ ਰਾਈਆ। ਏਕਾ ਨਾਮ ਨਿਧਾਨ ਦੇਵੇ ਸ਼ਬਦ ਅਗੰਮੀ ਧੁਨ ਦਾ, ਧੁਨ ਆਤਮਕ ਰਾਗ ਸੁਣਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਸਾਹਿਬ ਸਵਾਮੀ ਬਣੇ ਕੁੱਲ ਦਾ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਧੂੜੀ ਟਿੱਕਾ ਲਾਵੇ ਸਭ ਨੂੰ ਆਪਣੀ ਧੂਲ ਦਾ, ਧਰਮ ਦੀ ਧਾਰ ਇਕ ਜਣਾਈਆ। ਹੁਕਮ ਸੰਦੇਸ਼ਾ ਦੇਵੇ ਧੁਰ ਮਾਅਕ਼ੂਲ ਦਾ, ਮੁਕੰਮਲ ਕਰ ਪੜ੍ਹਾਈਆ। ਮਾਰਗ ਦੱਸ ਆਤਮ ਪਰਮਾਤਮ ਪਰਮਾਤਮ ਆਤਮ ਸਚ ਅਸੂਲ ਦਾ, ਅਸਲੀਅਤ ਵਿਚੋਂ ਆਪਣਾ ਅਸਲ ਸਮਝਾਈਆ। ਨਾਤਾ ਜੋੜ ਕੇ ਪਾਰਬ੍ਰਹਮ ਬ੍ਰਹਮ ਕੰਤ ਕੰਤੂਹਲ ਦਾ, ਮੇਲਾ ਮੇਲੇ ਸਹਿਜ ਸੁਭਾਈਆ। ਸਦੀ ਚੌਧਵੀਂ ਕਹੇ ਮੁਹੰਮਦ ਕਵਣ ਲਹਿਣੇ ਦੇਣੇ ਲੇਖੇ ਸਰਬ ਵਸੂਲਦਾ, ਹਿਸਾਬ ਮੰਗੇ ਥਾਉਂ ਥਾਈਂਆ। ਜਿਸ ਕੋਲ ਥਾਂ ਟਿਕਾਣਾ ਨਹੀਂ ਕੋਈ ਪੂਲ ਦਾ, ਆਰਜ਼ੀ ਖੇਲ ਨਾ ਕੋਇ ਵਖਾਈਆ। ਉਸ ਦਾ ਹੁਕਮ ਸੰਦੇਸ਼ਾ ਇਕੋ ਸ਼ਬਦ ਅਗੰਮੀ ਮਜ਼ਮੂਨ ਦਾ, ਜਿਸ ਨੂੰ ਪੜ੍ਹੇ ਕੋਇ ਨਾ ਵਿਚ ਲੋਕਾਈਆ। ਉਸ ਦਾ ਮਾਰਗ ਧਰਮ ਦਵਾਰ ਕ਼ਾਨੂੰਨ ਦਾ, ਕ਼ਾਇਦੇ ਵਿਚ ਤਰਮੀਮ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਲੇਖਾ ਕਦੇ ਨਾ ਭੂਲਦਾ, ਅਭੁੱਲ ਹੋ ਕੇ ਲੇਖੇ ਸਭ ਦੇ ਲੇਖੇ ਲਾਈਆ।

❋

❋

੨੮ ਮੱਘਰ ਸ਼ਹਿਨਸ਼ਾਹੀ ਸੰਮਤ ੪ ਫ਼ਕੀਰ ਸਿੰਘ ਮਜੀਦ ਪੁਰ ਮਹਿੰਦਰ ਸਿੰਘ ਹਰਨਾਮ ਪੁਰ

ਸਦੀ ਚੌਧਵੀਂ ਕਹੇ ਰਾਤੀਂ ਨਾਨਕ ਅਲਿਫ਼ ਨਾਲ ਮਿਲਾਇਆ ਊੜਾ, ਦੋਵੇਂ ਅੱਖਾਂ ਦੋਹਾਂ ਉਤੇ ਟਿਕਾਈਆ। ਤੱਕਿਆ ਰੰਗ ਗੂੜ੍ਹਾ, ਸੋਹਣਾ ਸੋਭਾ ਪਾਈਆ। ਅੰਤਰ ਕਹੇ ਕਿਸ ਨੂੰ ਕਹਾਂ ਕੂੜਾ, ਕੂੜਾ ਨਜ਼ਰ ਕੋਇ ਨਾ ਆਈਆ। ਜਾਂ ਧਰਨੀ ਵੇਖੇ ਜਗਤ ਜਹਾਨ ਹੋ ਗਿਆ ਮੂੜ੍ਹਾ, ਬੁਧ ਬਿਬੇਕ ਨਾ ਕੋਇ ਬਣਾਈਆ। ਮਸਤਕ ਲੱਗੇ ਕਿਸੇ ਨਾ ਧੂੜਾ, ਟਿੱਕੇ ਖ਼ਾਕ ਨਾ ਕੋਇ ਰਮਾਈਆ । ਫੇਰ ਤੱਕਿਆ ਯੇ ਦਾ ਵਕ਼ਤ ਹੋਇਆ ਪੂਰਾ, ੜਾੜਾ ੜਾੜਿ ਰਿਹਾ ਮਿਟਾਈਆ। ਪੁਰਖ ਅਕਾਲ ਦਾ ਸਚ ਦਸਤੂਰਾ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਜੋ ਭਵਿਖਤ ਦੱਸਿਆ ਹੁਕਮ ਵਿਚ ਹਜ਼ੂਰਾ, ਹਜ਼ੂਰੀਏ ਹੋ ਕੇ ਜਗਤ ਸੁਣਾਈਆ। ਸੋ ਵਕ਼ਤ ਰਿਹਾ ਨਾ ਦੂਰਾ, ਨੇਰਨ ਨੇਰਾ ਪੈਂਡਾ ਗਿਆ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਹਰਿ ਦਾਤਾ ਸ਼ਹਿਨਸ਼ਾਹੀਆ। ਨਾਨਕ ਕਹੇ ਮੈਂ ਵੇਖੀ ਪਿਆਰ ਨਾਲ ਅਲਿਫ਼, ਅਲਫ਼ੀ ਨਜ਼ਰ ਕੋਇ ਨਾ ਆਈਆ। ਜਿਸ ਨੇ ਇਕੋ ਚੁੱਕਿਆ ਹਲਫ਼, ਹਲਫ਼ੀਆ ਬਿਆਨ ਆਪਣੇ ਵਿਚ ਛੁਪਾਈਆ। ਮੈਂ ਸਦਾ ਰਹਿਣਾ ਯਕ ਤਰਫ਼, ਦੋ ਤਰਫ਼ ਨਾ ਵੰਡ ਵੰਡਾਈਆ। ਮੈਂ ਖ਼ੁਦਾ ਨੂੰ ਕਹਿਣਾ ਸ਼ਰਫ਼, ਮੁਸ਼ੱਰਫ਼ ਕਹਿ ਕੇ ਸੀਸ ਨਿਵਾਈਆ। ਮੈਂ ਤਕਣਾ ਉਤੇ ਅਰਸ਼, ਅਰਸ਼ੀ ਪ੍ਰੀਤਮ ਧਿਆਨ ਲਗਾਈਆ। ਮੈਂ ਵੇਖਣਾ ਉਤੇ ਫ਼ਰਸ਼, ਜਲਵਾਗਰ ਨੂਰ ਨੂਰ ਰੁਸ਼ਨਾਈਆ। ਮੈਂ ਨਿਰਗੁਣ ਕਰਨਾ ਦਰਸ, ਦਰਸ ਪਿਆਸੀ ਤਿਹਾਈਆ। ਮੈਂ ਆਪਣੀ ਬੁਝੌਣੀ ਹਰਸ, ਹਵਸ ਰਹੇ ਨਾ ਰਾਈਆ। ਅੰਮ੍ਰਿਤ ਦੇਵੇ ਬਰਸ, ਰਹਿਮਤ ਵਿਚ ਵਡਿਆਈਆ। ਮੇਰੀ ਮਨਜ਼ੂਰ ਕਰੇ ਅਰਜ਼, ਬੇਨੰਤੀ ਦਿਆਂ ਸੁਣਾਈਆ। ਆਪਣਾ ਖੇਲ ਵੇਖ ਅਸਚਰਜ, ਅਲਿਫ਼ ਯੇ ਦੀ ਚਲੇ ਨਾ ਕੋਇ ਚਤੁਰਾਈਆ । ਤੇਰੇ ਕਲਮੇ ਦੀ ਰਹੀ ਨਾ ਕੋਇ ਗ਼ਰਜ਼, ਗ਼ੁਰਬਤ ਅੰਦਰ ਭਰੀ ਲੋਕਾਈਆ। ਚਾਰੋਂ ਕੁੰਟ ਅੰਧੇਰਾ ਗਰਦ, ਗਰਦਸ਼ ਵਿਚ ਪਈ ਦੁਹਾਈਆ। ਦੁਖੀਆਂ ਵੰਡੇ ਕੋਇ ਨਾ ਦਰਦ, ਦੀਨਾਂ ਗੋਦ ਨਾ ਕੋਇ ਟਿਕਾਈਆ। ਤੇਰੀ ਸ਼ਰਅ ਕਸਾਈ ਹੋਈ ਕਰਦ, ਕ਼ਤਲਗਾਹ ਵੇਖੀ ਲੋਕਾਈਆ। ਹਉਮੇ ਦੀ ਮੇਟੇ ਕੋਈ ਨਾ ਮਰਜ਼, ਮਰੀਜ਼ ਘਰ ਘਰ ਰੋਵਣ ਮਾਰਨ ਧਾਈਂਆ। ਸਾਚਾ ਪੱਲੇ ਨਹੀਂ ਕਿਸੇ ਖਰਚ, ਦਾਮਨ ਦਾਮਨਗੀਰ ਨਾ ਕੋਇ ਫੜਾਈਆ। ਨਫ਼ਾ ਵੇਖਿਆ ਨਾ ਕਿਸੇ ਚਰਚ, ਮਸਜਿਦ ਖ਼ਾਲੀ ਝੋਲੀ ਰਹੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਆਪਣਾ ਹੁਕਮ ਵਰਤਾਈਆ। ਊੜਾ ਕਹੇ ਮੈਂ ਵੇਖਿਆ ਉਠ, ਚਾਰੋਂ ਕੁੰਟ ਧਿਆਨ ਲਗਾਈਆ। ਵਸਤ ਦਿਸੀ ਕੋਇ ਨਾ ਮੁਠ, ਨਾਮ ਨਿਧਾਨ ਨਾ ਕੋਇ ਵਰਤਾਈਆ। ਸਭ ਨੂੰ ਖ਼ਾਲੀ ਦਿਸੇ ਠੁਠ, ਪਿਆਲੇ ਠੂਠੇ ਮੂਧੇ ਹੋਈ ਸਫ਼ਾਈਆ। ਜਗਤ ਵਿਕਾਰ ਪਾਈ ਲੁੱਟ, ਘਰ ਘਰ ਦਿਸੇ ਲੜਾਈਆ। ਦੀਨ ਦੁਨੀ ਆਪਣੇ ਅੰਦਰੋਂ ਧਰਮ ਦਾ ਬੂਟਾ ਦਿਤਾ ਪੁੱਟ, ਬਿਨ ਹੱਥਾਂ ਬਾਹਰ ਸੁਟਾਈਆ। ਸਾਰੇ ਬਣ ਗਏ ਅਪਰਾਧੀ ਪੁਤ, ਸੁਤ ਦੁਲਾਰਾ ਰਹਿਣ ਕੋਇ ਨਾ ਪਾਈਆ। ਮਾਇਆ ਮਮਤਾ ਰਹੇ ਚੁੱਕ, ਲੜ ਲਾਵਣ ਚਾਈਂ ਚਾਈਂਆ। ਹਉਮੇ ਹੰਗਤਾ ਵਿਚ ਖ਼ੁਸ਼, ਖ਼ੁਸ਼ੀ ਆਪਣੀ ਰਹੇ ਪ੍ਰਗਟਾਈਆ। ਜਗਤ ਵਿਕਾਰ ਸੁਹਾਈ ਰੁੱਤ, ਭੋਗ ਬਿਲਾਸ ਵਿਚ ਲੋਕਾਈਆ। ਸਤਿ ਸਚ ਗਿਆ ਛੁੱਪ, ਕਲਜੁਗ ਰੈਣ ਅੰਧੇਰਾ ਛਾਈਆ। ਨਾਨਕ ਦੀ ਸਾਰੇ ਭੁੱਲ ਗਏ ਤੁਕ, ਸੋਹੰ ਢੋਲਾ ਕੋਇ ਨਾ ਗਾਈਆ। ਊੜਾ ਕਹੇ ਮੈਨੂੰ ਹੋਇਆ ਬੜਾ ਦੁੱਖ, ਦੁਖੀ

❋

❋

ਹੋ ਕੇ ਦਿਆਂ ਸੁਣਾਈਆ। ਅੰਮ੍ਰਿਤ ਮਿਲੇ ਕਿਸੇ ਨਾ ਘੁਟ, ਜਾਮ ਹਕ਼ੀਕ਼ੀ ਨਾ ਕੋਇ ਪਿਆਈਆ । ਖ਼ਾਲੀ ਦਿਸਣ ਬੁਤ, ਤਤ ਅਗਨੀ ਰਿਹਾ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਅਲਿਫ਼ ਓੂੜਾ ਅੱਗੇ ਪਿਛੇ ਪਿਛੇ ਅੱਗੇ, ਪਾਸਾ ਰਹੇ ਬਦਲਾਈਆ। ਅੱਖਰਾਂ ਵਾਲੇ ਰਹਿਣ ਨਾ ਦਈਏ ਹਿੱਸੇ, ਹਿੱਸਿਆਂ ਵਾਲੀ ਵੰਡ ਨਾ ਕੋਇ ਵੰਡਾਈਆ। ਸਾਡੇ ਅੰਦਰ ਇਕੋ ਨੂਰ ਦਿਸੇ, ਦੂਜੀ ਚਮਕ ਨਾ ਕੋਇ ਚਮਕਾਈਆ। ਅਸੀਂ ਇਕੇ ਚੜ੍ਹੀਏ ਚਿਖੇ, ਜਿਥੇ ਅਗਨੀ ਅੱਗ ਨਾ ਕੋਇ ਤਪਾਈਆ। ਇਕੋ ਮੰਨੀਏ ਪਿਤੇ, ਜੋ ਪਤਿਪਰਮੇਸ਼ਵਰ ਨੂਰ ਖ਼ੁਦਾਈਆ। ਹੁਣ ਛੱਡ ਦਈਏ ਦੀਨਾਂ ਮਜ਼੍ਹਬਾਂ ਦੇ ਕਿੱਤੇ, ਕਿਤੇ ਸਾਡੀ ਵੀ ਹੋਏ ਸਫ਼ਾਈਆ। ਜਿਸ ਨੇ ਸਾਨੂੰ ਭੰਡਾਰੇ ਦਿੱਤੇ, ਅੱਖਰਾਂ ਵਾਲਾ ਰੂਪ ਪ੍ਰਗਟਾਈਆ। ਮਾਤਲੋਕ ਚਲਾਏ ਸਿੱਕੇ, ਹੁਕਮਰਾਨ ਦਿਤਾ ਜਣਾਈਆ। ਅੰਤ ਡੋਰੀ ਪਿਛੇ ਨਾ ਖਿੱਚੇ, ਸਾਡੀ ਕਰੇ ਸਫ਼ਾਈਆ। ਅਸੀਂ ਕਾਲੇ ਉਤੇ ਫੇਰ ਹੋਈਏ ਚਿੱਟੇ, ਜਿਨ੍ਹਾਂ ਚਿੱਟੇ ਤੋਂ ਕਾਲੇ ਦਿਤੇ ਬਣਾਈਆ । ਅੰਤ ਅਖ਼ੀਰੀ ਨਿਕਲਣ ਲੱਗੇ ਸਿੱਟੇ, ਕ਼ੀਮਤ ਕਰਤਾ ਸਭ ਦੀ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅਲਿਫ਼ ਕਹੇ ਸੁਣ ਊੜੇ ਵੀਰ, ਵੀਰਨਾ ਦਿਆਂ ਜਣਾਈਆ । ਸਾਡੀ ਸਾਂਝੀ ਹੋਵੇ ਤਕ਼ਦੀਰ, ਤਕੱਬਰ ਵਿਚ ਰਹੇ ਨਾ ਰਾਈਆ। ਬੰਧਨ ਤੁੱਟੇ ਜ਼ੰਜੀਰ, ਹੱਦ ਦੇਣੀ ਗੁਆਈਆ। ਮੰਨੀਏ ਇਕੋ ਪੀਰ, ਜਿਸ ਨੂੰ ਵਾਹਿਗੁਰੂ ਕਹਿ ਕੇ ਗਾਈਆ। ਤੱਕੀਏ ਓਹ ਤਸਵੀਰ, ਜਿਸ ਨੂੰ ਮਸੱਵਰ ਨਾ ਕੋਇ ਖਿਚਾਈਆ। ਬਦਲੀਏ ਓਹ ਜ਼ਮੀਰ, ਜਿਥੇ ਜ਼ਾਮਨ ਰਹੇ ਨਾ ਰਾਈਆ। ਚੜ੍ਹੀਏ ਚੋਟੀ ਅਖ਼ੀਰ, ਜਿਥੇ ਸਾਡੇ ਅੱਖਰਾਂ ਦੀ ਮੁਕੇ ਪੜ੍ਹਾਈਆ। ਦਵੈਤੀ ਵਾਲਾ ਰਹੇ ਨਾ ਕੋਇ ਖ਼ਮੀਰ, ਖ਼ੁਮਾਰੀ ਸਭ ਨੂੰ ਇਕ ਰਖਾਈਆ। ਮੰਜ਼ਲ ਦਾ ਪੈਂਡਾ ਰਿਹਾ ਚੀਰ, ਚਿਰੀ ਵਿਛੁੰਨੇ ਜੋੜ ਜੁੜਾਈਆ। ਅਲਿਫ਼ ਕਹੇ ਝਗੜਾ ਮਿਟਾਈਏ ਸ਼ਾਹ ਅਮੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸਾ ਇਕ ਸੁਣਾਈਆ। ਊੜਾ ਕਹੇ ਸੁਣ ਅਲਿਫ਼ ਮੇਰੀ ਹਮਸ਼ੀਰਾ, ਹਮਦ ਵਿਚ ਸੁਣਾਈਆ। ਦੋਵੇਂ ਤੱਕੀਏ ਬੇਨਜ਼ੀਰਾ, ਜੋ ਨਜ਼ਰਾਂ ਤੋਂ ਉਹਲੇ ਡੇਰਾ ਲਾਈਆ। ਪਿਆਰ ਮੁਹੱਬਤ ਦਾ ਚੁਕੀਏ ਬੀੜਾ, ਧਰਮ ਧਾਰ ਦੀ ਗੰਢ ਪੁਆਈਆ। ਮੈਨੂੰ ਦੇ ਦੇ ਆਪਣਾ ਲੀੜਾ, ਮੇਰਾ ਬਸਤਰ ਤੇਰੇ ਹਿੱਸੇ ਆਈਆ। ਜਿਹੜੀਆਂ ਗ੍ਰੰਥਾਂ ਦੀਆਂ ਬੰਨ੍ਹੀਆਂ ਬੀੜਾਂ, ਸਿਫ਼ਤਾਂ ਵਿਚ ਸਾਲਾਹੀਆ। ਉਸ ਦਾ ਖੇਲ ਵੇਖ ਅਖ਼ੀਰਾ, ਜੋ ਆਖ਼ਰ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਧੁਰਦਰਗਾਹੀਆ। ਅਲਿਫ਼ ਕਹੇ ਊੜਾ ਤੇਰੀ ਵੇਖਣੀ ਲਿਖੀ ਹੋਈ ਪੈਂਤੀ, ਪੈਂਤੀਸ ਅੱਖਰਾਂ ਵਿਚ ਵਡਿਆਈਆ। ਗੁਰਮੁਖ ਦੇ ਹੱਥ ਵਿਚ ਹੋਣੀ ਕੈਂਚੀ, ਸ਼ਰਅ ਜ਼ੰਜੀਰ ਕਟਾਈਆ। ਮੈਂ ਢੋਲਾ ਗਾਵਾਂ ਬੈਂਤੀ, ਬੈਤੁਲਮੁਕੱਦਸ ਮੇਰੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਸਤਕ ਵੇਖ ਵਖਾਈਆ। ਊੜਾ ਕਹੇ ਸੁਣ ਅਲਿਫ਼ ਭੈਣ ਏ, ਏਕਾ ਦਿਆਂ ਜਣਾਈਆ। ਜੇ ਮੇਰੀ ਪੈਂਤੀ ਤੇ ਤੇਰਾ ਵੀ ਲੇਖ ਲਿਖਿਆ ਜਾਏ ਨਾਲ ਯੇ, ਹਿੰਦਸੇ ਵਿਚਲੇ ਅੱਖਰ ਨਾਲ ਮਿਲਾਈਆ। ਪਰ ਸਚ ਜਾਣੀ ਧਰਮ ਦਵਾਰੇ ਦੋਹਾਂ ਦਾ ਲੱਗਣਾ ਨੇਂਹ, ਭਗਤਾਂ ਵਿਚ ਸੋਭਾ ਪਾਈਆ। ਪੁਰਖ ਅਕਾਲਾ ਬਰਖੇ ਮੇਂਹ, ਅੰਮ੍ਰਿਤ ਧਾਰ ਵਹਾਈਆ। ਦੀਨ ਦੁਨੀ ਮਾਟੀ ਹੋਣੀ ਖੇਹ, ਖ਼ਾਕ ਖ਼ਾਕ ਨਾਲ ਉਡਾਈਆ।

❋

❋

ਸਾਡੀ ਪਵਿੱਤ੍ਰ ਹੋਵੇ ਦੇਹ, ਅੱਖਰ ਅੱਖਰ ਸੋਭਾ ਪਾਈਆ। ਹੰਕਾਰ ਰਹੇ ਕੋਈ ਨਾ ਮੈਂ, ਮੈਂ ਮਮਤਾ ਦੇਣੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਦੇਣਾ ਉਠਾਈਆ। ਅਲਿਫ਼ ਕਹੇ ਮੈਨੂੰ ਕਿਹੜਾ ਲਿਖੇ ਕਾਤਬ, ਕ਼ਲਮ ਸ਼ਾਹੀ ਨਾਲ ਵਡਿਆਈਆ। ਮੇਰੇ ਸਾਹਮਣੇ ਹੋਵੇ ਮੁਖ਼ਾਤਬ, ਪੜਦਾ ਰਹੇ ਨਾ ਰਾਈਆ। ਮੈਂ ਜਾਵਾਂ ਓਸ ਦੀ ਜਾਨਬ, ਰਸਤਾ ਰਾਹ ਤਕਾਈਆ। ਓਹ ਮੇਰਾ ਕਰੇ ਤੁਆਕ਼ਬ, ਵੇਖੇ ਚਾਈਂ ਚਾਈਂਆ। ਮੇਰੀ ਬਦਲ ਜਾਵੇ ਆਦਤ, ਹਿੱਸਾ ਵੰਡ ਨਾ ਕੋਇ ਵੰਡਾਈਆ। ਮੈਂ ਵੀ ਕਹਾਂ ਸਾਂਝੀ ਹੋਵੇ ਇਕ ਇਬਾਦਤ, ਮਾਲਕ ਇਕ ਅਖਵਾਈਆ। ਮਿਲੇ ਅਗੰਮ ਨਿਆਮਤ, ਵਸਤ ਧੁਰਦਰਗਾਹੀਆ। ਰਹੀਏ ਸਹੀ ਸਲਾਮਤ, ਦੁੱਖ ਨਾ ਲਾਗੇ ਰਾਈਆ। ਤੂੰ ਮੇਰੀ ਮੈਂ ਤੇਰੀ ਦੇਵਾਂ ਜ਼ਮਾਨਤ, ਜ਼ਾਮਨ ਅਵਰ ਨਾ ਕੋਇ ਜਣਾਈਆ। ਅਲਿਫ਼ ਕਹੇ ਮੈਨੂੰ ਦਿਸਦਾ ਜ਼ਰੂਰ ਆਵੇ ਕ਼ਿਆਮਤ, ਕਾਮਲ ਮੁਰਸ਼ਦ ਹੁਕਮ ਮਨਾਈਆ। ਊੜਾ ਕਹੇ ਏਸੇ ਕਰ ਕੇ ਪੰਜਾਂ ਨੇ ਕਰਾ ਕੇ ਔਣਾ ਹਜਾਮਤ, ਚੋਟੀ ਸਭ ਦੀ ਦਏ ਮੁਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਪੜਦਾ ਲਾਹੀਆ। ਅਲਿਫ਼ ਕਹੇ ਸੁਣ ਭਈਆ ਊੜਾ, ਊੜੀ ਦੇ ਕੋਲ ਦੁਹਾਈਆ। ਪੰਜਾਂ ਬੀਬੀਆਂ ਗਿੱਚੀ ਤੋਂ ਥੱਲੇ ਚਾਰ ਉਂਗਲ ਕਰਨਾ ਜੂੜਾ, ਵੱਧ ਘੱਟ ਨਾ ਕੋਇ ਬਣਾਈਆ। ਮੱਥੇ ਲੱਗੀ ਹੋਵੇ ਧੂੜਾ, ਛਾਰ ਛਾਰ ਸ਼ੰਕਰ ਵਾਲੀ ਛੁਹਾਈਆ। ਬੁਲਾਂ ਨੂੰ ਨੀਲਾ ਰੰਗ ਚੜ੍ਹਿਆ ਹੋਵੇ ਗੂੜ੍ਹਾ, ਦੂਸਰ ਰੰਗ ਨਾ ਕੋਇ ਬਦਲਾਈਆ। ਉਚੀ ਉਚੀ ਮਾਰਦੀਆਂ ਔਣ ਖੰਗੂਰਾ, ਖ਼ਬਰਦਾਰ ਹੋ ਕੇ ਅੱਖ ਲਓ ਖੁਲ੍ਹਾਈਆ। ਹੱਥ ਵਿਚ ਫੜਿਆ ਹੋਵੇ ਇਕ ਇਕ ਮੂੜ੍ਹਾ, ਕਦੀ ਕਦੀ ਸਿਰ ਉਤੇ ਲੈਣ ਟਿਕਾਈਆ। ਪੌਂਦੀਆਂ ਔਣ ਫ਼ਤੂਰਾ, ਢੋਲਾ ਜ਼ੋਰ ਜ਼ੋਰ ਸੁਣਾਈਆ। ਪੁਰਖ ਅਕਾਲ ਕਰਨ ਮਸ਼ਹੂਰਾ, ਨਿਹਕਲੰਕ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਗੜਾ ਮੁਕਾਵੇ ਬਹਿਸ਼ਤਾਂ ਵਾਲੀਆਂ ਹੂਰਾਂ, ਪੈਗ਼ੰਬਰਾਂ ਦੇ ਹੁਜਰਿਆਂ ਵਿਚੋਂ ਕਰੇ ਸਫ਼ਾਈਆ।