੧੭ ਪੋਹ ਸ਼ਹਿਨਸ਼ਾਹੀ ਸੰਮਤ ੪ ਗੁਰਨਾਮ ਸਿੰਘ ਦੇ ਗ੍ਰਹਿ ਸੀੜ ਜੰਮੂ
ਸਦੀ ਚੌਧਵੀਂ ਕਹੇ ਮੇਰਾ ਖ਼ੁਸ਼ੀਆਂ ਦਾ ਪੋਹ ਛੱਬੀ, ਜਨ ਭਗਤੋ ਦਿਆਂ ਸੁਣਾਈਆ। ਤਕਣਾ ਨੂਰ ਅਲਾਹੀ ਰੱਬੀ, ਮਿਹਰਵਾਨ ਖ਼ਲਕ ਖ਼ੁਦਾਈਆ। ਚਰਨ ਬੰਦਨਾ ਕਰਾਂ ਹੱਥੀਂ ਬੱਧੀ, ਬੰਦਗੀ ਵਿਚ ਸੀਸ ਨਿਵਾਈਆ। ਮੇਰੀ ਪੂਰੀ ਕਰ ਲਈਂ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਨੂਹ ਦੇ ਹੱਥ ਫੜਾ ਕੇ ਨਦੀ, ਨਈਆ ਆਪਣੀ ਲੈ ਉਠਾਈਆ। ਪਰਵਰਦਿਗਾਰ ਤੇਰਾ ਖੇਲ ਕਦੇ ਕਦੀ, ਜੁਗ ਚੌਕੜੀ ਪਿਛੋਂ ਆਈਆ। ਮੈਂ ਫਿਰੀ ਨੱਠੀ ਭੱਜੀ, ਭਜਨ ਬੰਦਗੀ ਵਾਲੇ ਵੇਖ ਵਖਾਈਆ। ਕੋਟਾਂ ਵਿਚੋਂ ਮੈਨੂੰ ਥੋੜ੍ਹੀ ਸੰਗਤ ਲੱਭੀ, ਜੋ ਤੇਰੇ ਦਵਾਰੇ ਸੋਭਾ ਪਾਈਆ। ਮੇਰੀ ਕੂਕ ਕੂਕ ਕੇ ਬਹਿ ਗਈ ਘੱਗੀ, ਆਵਾਜ਼ ਅਵਰ ਨਾ ਕੋਇ ਜਣਾਈਆ । ਤੇਰੀ ਸਰਨ ਬਿਨ ਤੇਰੀ ਕਿਰਪਾ ਆਤਮ ਕਦੇ ਨਾ ਲੱਗੀ, ਤਨ ਵਜੂਦ ਛੋਹਣ ਕੋਇ ਨਾ ਪਾਈਆ। ਮੇਰੀ ਲਾਲੀ ਹੋ ਗਈ ਬੱਗੀ, ਰੋ ਕੇ ਦਿਆਂ ਦੁਹਾਈਆ। ਕਲਜੁਗ ਜੀਵਾਂ ਕੁਕਰਮਾਂ ਭਾਰ ਬੰਨ੍ਹਿਆ ਡੱਗੀ, ਗਠੜੀਆਂ ਘਰ ਘਰ ਰਹੇ ਟਿਕਾਈਆ। ਖਾ ਖਾ ਸੂਰ ਤੇ ਢੱਗੀ, ਅੰਮ੍ਰਿਤ ਰਸ ਗਏ ਗਵਾਈਆ। ਤੇਰੀ ਨੂਰ ਜੋਤ ਕਿਸੇ ਨਾ ਲੱਭੀ, ਨਿਰਗੁਣ ਦਰਸ ਕੋਇ ਨਾ ਪਾਈਆ। ਦੁਨੀਆਦਾਰੀ ਚਲਦੀ ਕੂੜੀ ਗੱਦੀ, ਸਚ ਅਦਲ ਨਾ ਕੋਇ ਕਮਾਈਆ। ਮੈਂ ਵੇਖਿਆ ਸੁਦੀ ਵਦੀ, ਕਿਸ਼ਨਾ ਸ਼ੁਕਲਾ ਪੱਖ ਫੋਲ ਫੁਲਾਈਆ। ਸਾਰੀ ਦੁਨੀਆ ਦਿਸੀ ਅਜਨਬੀ, ਘਰ ਦਾ ਮਾਲਕ ਸੋਭਾ ਕੋਇ ਨਾ ਪਾਈਆ। ਤ੍ਰੈਗੁਣ ਅਗਨੀ ਖੂਬ ਮਘੀ, ਚਾਰ ਕੁੰਟ ਰਹੀ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਮੇਰੀ ਫਿਰ ਫਿਰ ਘਸ ਗਈ ਅੱਡੀ, ਅੱਗੇ ਹਿੰਮਤ ਰਹੀ ਨਾ ਰਾਈਆ। ਸਦੀ ਚੌਧਵੀਂ ਕਹੇ ਮੇਰਾ ਦਿਹਾੜਾ ਆਉਣਾ ਅੱਛਾ, ਅੱਛੀ ਮਿਲੇ ਮਾਣ ਵਡਿਆਈਆ। ਮੈਂ ਸੁਨੇਹੜਾ ਦੇ ਕੇ ਆਈ ਕੱਛਾਂ ਮੱਛਾਂ, ਜਲਹੋੜਿਆਂ ਤਾਈਂ ਸੁਣਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਕਹਿ ਕੇ ਆਈ ਅੱਛਾ, ਸੰਦੇਸ਼ਾ ਧੁਰ ਦਾ ਇਕ ਅਲਾਈਆ। ਜਿਹੜਾ
❋
❋
ਪੁਰਖ ਅਕਾਲ ਦਾ ਹੋਵੇ ਬੱਚਾ, ਓਹ ਜ਼ਰੂਰ ਆਵੇ ਚਾਈਂ ਚਾਈਂਆ। ਜਿਹੜਾ ਕਰਮ ਕਾਂਡ ਦਾ ਕੱਚਾ, ਓਹ ਕੰਨੀ ਜਾਏ ਕਤਰਾਈਆ। ਮੇਰੇ ਸਾਹਿਬ ਦੀਆਂ ਮੈਨੂੰ ਸਦਾ ਰੱਖਾਂ, ਰੱਖਕ ਹੋ ਕੇ ਵੇਖੇ ਥਾਉਂ ਥਾਈਂਆ। ਮੈਂ ਬਦਲ ਲੈਣੀਆਂ ਅੱਖਾਂ, ਉਮਤ ਨਾਲੋਂ ਮੁਖ ਭਵਾਈਆ। ਛੱਡ ਦੇਣੇ ਸਾਥੀ ਕਰੋੜਾਂ ਲੱਖਾਂ, ਭਗਤ ਸੁਹੇਲੇ ਥੋੜ੍ਹੇ ਲੈਣੇ ਅਪਣਾਈਆ। ਅੰਤਮ ਮਾਰ ਦੁਹੱਥੜ ਪਿੱਟਾਂ, ਪਿਟਣੇ ਘਰ ਘਰ ਦੇਣੇ ਪਾਈਆ। ਗੁਰਮੁਖਾਂ ਹਿਰਦੇ ਫਟਾਂ, ਪ੍ਰਭ ਦਾ ਤੀਰ ਨਾਮ ਚਲਾਈਆ। ਬਹੁੜੀ ਮੈਂ ਵੱਸ ਪੈ ਜਾਣਾ ਹੁਣ ਜੱਟਾਂ, ਕਮੀਨਿਆਂ ਕੋਲੋਂ ਪੱਲੂ ਲੈਣਾ ਛੁਡਾਈਆ। ਮੈਂ ਫਿਰਨਾ ਨਹੀਂ ਚੌਦਾਂ ਹੱਟਾਂ, ਦਰ ਦਰ ਨਾ ਕੁੰਡਾ ਖੜਕਾਈਆ। ਮੈਂ ਸੌਣਾ ਨਹੀਂ ਬਿਸਤਰੇ ਖੱਟਾਂ, ਲੇਫ਼ ਨਿਹਾਲੀ ਨਾ ਕੋਇ ਹੰਢਾਈਆ। ਮੈਂ ਪੜ੍ਹਨਾ ਨਹੀਂ ਕੋਈ ਟੱਪਾ, ਹੂ ਹੂ ਨਾ ਕੋਇ ਜਣਾਈਆ। ਮੈਂ ਖਾਣਾ ਨਹੀਂ ਕੋਈ ਵੱਛਾ ਕੱਟਾ, ਰਸਨਾ ਰਸ ਨਾ ਕੋਇ ਚਖਾਈਆ। ਮੈਂ ਕੋਈ ਪੁਟਨਾ ਨਹੀਂ ਹੁੱਕੇ ਦਾ ਗੱਟਾ, ਟੋਪੀ ਹੱਥ ਨਾ ਕੋਇ ਰਖਾਈਆ। ਮੈਂ ਕੋਈ ਦੀਨ ਮਜ਼੍ਹਬ ਦਾ ਵੇਖਣਾ ਨਹੀਂ ਰੱਟਾ, ਰੋਟੀ ਗੁੱਲੀ ਹੱਥ ਨਾ ਕੋਇ ਉਠਾਈਆ। ਮੈਂ ਕੋਈ ਪੈਗ਼ੰਬਰਾਂ ਕੋਲੋਂ ਮੰਗਣ ਨਹੀਂ ਜਾਣਾ ਫੱਕਾ, ਖ਼ਾਲੀ ਝੋਲੀ ਅੱਗੇ ਵਖਾਈਆ। ਮੈਂ ਰਾਹ ਨਹੀਂ ਤਕਣਾ ਮੱਕਾ, ਮਦੀਨੇ ਅੱਖ ਨਾ ਕੋਇ ਰਲਾਈਆ। ਮੈਂ ਸਾਕ ਨਹੀਂ ਬਣਾਉਣਾ ਬੂਰਾ ਕੱਕਾ, ਨਾਤਾ ਕਾਲਿਆਂ ਨਾਲੋਂ ਤੁੜਾਈਆ। ਮੈਂ ਸਭ ਨੂੰ ਦੇ ਕੇ ਆਈ ਧੱਕਾ, ਧੱਕੇ ਨਾਲ ਭੱਜੀ ਚਾਈਂ ਚਾਈਂਆ। ਇਕ ਬਚਨ ਸੁਣਾਵਾਂ ਸੱਚਾ, ਸਚ ਸੁਨੇਹੜਾ ਇਕ ਅਗੰਮ ਅਥਾਹੀਆ। ਪੁਰਖ ਅਕਾਲ ਦਾ ਕਿਸੇ ਨਹੀਂ ਪਤਾ, ਕਲਜੁਗ ਪੱਤਨ ਬੈਠੀ ਜਗਤ ਲੋਕਾਈਆ। ਜਿਸ ਵੇਲੇ ਮੈਂ ਦੁਨੀਆ ਤੱਕਾਂ ਮੈਨੂੰ ਪੈਂਦੀ ਗ਼ਸ਼ਾ, ਹੋਸ਼ ਸਮਝ ਰਹੇ ਨਾ ਰਾਈਆ। ਹਾਏ ਉਫ਼ ਅਰਬਾਂ ਵਿਚੋਂ ਖਰਬਾਂ ਵਿਚੋਂ ਅਸੰਖਾਂ ਵਿਚੋਂ ਪਰਮ ਪੁਰਖ ਦਾ ਵਿਰਲਾ ਕੋਈ ਬੱਚਾ, ਜਨ ਭਗਤ ਨਜ਼ਰੀ ਆਈਆ। ਓਸੇ ਦਾ ਰਾਹ ਤੱਕੇ ਦੂਰ ਦੁਰਾਡਾ ਬੈਠਾ ਨਾਨਕ ਤਪਾ, ਤਪੀਸ਼ਰਾਂ ਵੇਖ ਵਖਾਈਆ। ਮੈਨੂੰ ਸਚ ਪੁਛੋ ਮੈਂ ਵੇਖਿਆ ਓਹ ਅਗੰਮੀ ਸਫ਼ਾ, ਜਿਸ ਦੀ ਸਿਫ਼ਤ ਸਾਰੇ ਰਹੇ ਗਾਈਆ। ਓਥੇ ਲਿਖਿਆ ਬਿਨਾ ਪੁਰਖ ਅਕਾਲ ਦੀਨ ਦਿਆਲ ਤੋਂ ਜ਼ਿੰਦਗੀ ਦਾ ਹੋਰ ਕਿਤੇ ਨਹੀਂ ਹੋਣਾ ਨਫ਼ਾ, ਨੁਕਸਾਨ ਵਿਚ ਜਗਤ ਲੋਕਾਈਆ। ਪੁਰਖ ਅਕਾਲ ਦੀਨ ਦਿਆਲ ਜੋ ਕਦੇ ਨਾ ਹੋਵੇ ਖ਼ਫ਼ਾ, ਗ਼ੁੱਸੇ ਵਿਚ ਕਦੇ ਨਾ ਆਈਆ। ਜਦ ਮਿਹਰ ਕਰੇ ਕੋਟ ਜਨਮ ਦੇ ਪਾਪ ਕਰ ਦਏ ਰਫ਼ਾ, ਮਿਹਰ ਨਜ਼ਰ ਨਾਲ ਤਰਾਈਆ। ਸਦੀ ਚੌਧਵੀਂ ਕਹੇ ਮੈਂ ਨਾਤਾ ਜੋੜਨਾ ਪੱਕਾ, ਪੱਕੀ ਤਰਾ ਜਣਾਈਆ। ਜਨ ਭਗਤੋ ਤੁਸੀਂ ਵੀ ਐਵੇਂ ਉਤੋਂ ਨਾ ਕਿਹੋ ਅੱਛਾ, ਹਿਰਦਿਉਂ ਹਰਿ ਲੈਣਾ ਅਪਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਠੇਕੇਦਾਰੀ ਦਾ ਪੂਰਾ ਕਰੇ ਪਟਾ, ਅੱਗੇ ਲੇਖਾ ਆਪਣੇ ਹੱਥ ਰਖਾਈਆ।
੧੭ ਪੋਹ ਸ਼ਹਿਨਸ਼ਾਹੀ ਸੰਮਤ ੪ ਖ਼ਜ਼ਾਨ ਸਿੰਘ ਦੇ ਗ੍ਰਹਿ ਰਣਬੀਰ ਸਿੰਘ ਪੁਰਾ ਜੰਮੂ
ਸਦੀ ਚੌਧਵੀਂ ਕਹੇ ਮੈਨੂੰ ਨਜ਼ਰ ਆਈ ਅਗੰਮੀ ਬਸਤੀ, ਜਿਸ ਦੀ ਛੱਪਰ ਛੰਨ ਨਾ ਕੋਇ ਛੁਹਾਈਆ। ਨਿਰਗੁਣ ਨੂਰ ਨਿਰਾਕਾਰ ਵੇਖੀ ਹਸਤੀ, ਰੂਪ ਰੰਗ ਰੇਖ ਜਗਤ ਨਾ ਕੋਇ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਬੈਠੇ ਅਰਸ਼ੀ, ਜੋਤ ਜੋਤ ਵਿਚ ਸਮਾਈਆ। ਜਿਨ੍ਹਾਂ ਉਪਰ ਤੱਕੀ ਅਨੋਖੀ ਪਰਚੀ, ਜਿਸ ਦਾ ਲੇਖ ਅੱਖਰ ਵਿਚ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
❋
❋
ਸਾਚਾ ਹਰਿ, ਹਰਿ ਸਾਚਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਨਿਰਅੱਖਰ, ਜਿਸ ਦੀ ਵੰਡ ਨਾ ਕੋਇ ਵੰਡਾਈਆ। ਜੋ ਲਿਖਿਆ ਜਾਵੇ ਨਾ ਕਿਸੇ ਉਪਰ ਪੱਥਰ, ਕ਼ਲਮ ਸ਼ਾਹੀ ਨਾ ਜੋੜ ਜੁੜਾਈਆ। ਜਿਸ ਦੀ ਲਾਈਣ ਬਣੇ ਕੋਇ ਨਾ ਸਤਰ, ਹਰੂਫ਼ ਵੰਡ ਨਾ ਕੋਇ ਵੰਡਾਈਆ। ਜਗਤ ਨੇਤਰ ਮੂਲ ਨਾ ਤੱਕਣ, ਨਿਗਾਹ ਅੱਖ ਨਾ ਕੋਇ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਮੂਲ ਨਾ ਦੱਸਣ, ਸਮਝ ਰਮਜ਼ ਨਾ ਕੋਇ ਲਗਾਈਆ। ਓਹ ਲੇਖਾ ਹੱਥ ਪੁਰਖ ਸਮਰਥਨ, ਜੋ ਦਾਤਾ ਧੁਰਦਰਗਾਹੀਆ। ਜਿਸ ਦੇ ਵਿਚੋਂ ਜੁਗ ਜੁਗ ਨਿਰਗੁਣ ਧਾਰ ਸਰਗੁਣ ਦੇਵੇ ਕਥਨ, ਕਥਨੀ ਕਥ ਕਥ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਅਗੰਮੀ ਲੇਖ, ਜਿਸ ਦੀ ਲਿਖਤ ਲੋਕਮਾਤ ਨਾ ਕੋਇ ਸਮਝਾਈਆ। ਜਿਸ ਵਿਚੋਂ ਅਵਤਾਰ ਪੈਗ਼ੰਬਰਾਂ ਗੁਰੂਆਂ ਮਿਲੇ ਸੰਦੇਸ਼, ਜੁਗ ਜੁਗ ਕਲਮਾ ਨਾਮ ਸਮਝਾਈਆ। ਓਹ ਸਦਾ ਰਹੇ ਹਮੇਸ਼, ਜੁਗ ਚੌਕੜੀ ਵੰਡ ਨਾ ਕੋਇ ਵੰਡਾਈਆ। ਜਿਸ ਵਿਚੋਂ ਥੋੜ੍ਹਾ ਹਿੱਸਾ ਨਜ਼ਰੀ ਆਇਆ ਦਸ ਦਸਮੇਸ਼, ਗੋਬਿੰਦ ਸ਼ਬਦ ਗੁਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਦਇਆ ਕਮਾਈਆ। ਸਦੀ ਚੌਧਵੀਂ ਕਹੇ ਗੋਬਿੰਦ ਤੱਕਿਆ ਲੇਖ ਓਹ, ਜੋ ਬਿਨ ਅੱਖਰਾਂ ਨਜ਼ਰੀ ਆਈਆ। ਜਿਸ ਨਾਲ ਦੀਨ ਦੁਨੀ ਤੋਂ ਹੋਣ ਨਿਰਮੋਹ, ਨਾਤਾ ਨਿਰਾਕਾਰ ਨਾਲ ਰਖਾਈਆ। ਇਕੋ ਨਜ਼ਰੀ ਆਏ ਪੁਰਖ ਅਕਾਲ ਸੋ, ਸਾਹਿਬ ਸਵਾਮੀ ਧੁਰਦਰਗਾਹੀਆ। ਜਿਸ ਦੀ ਆਦਿ ਅੰਤ ਜੁਗਾ ਜੁਗੰਤ ਲੱਖ ਚੁਰਾਸੀ ਲੋ, ਘਟ ਅੰਤਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਨ ਮਿਹਰ ਨਜ਼ਰ ਉਠਾਈਆ। ਸਦੀ ਚੌਧਵੀਂ ਕਹੇ ਗੋਬਿੰਦ ਤੱਕੀ ਅਗੰਮੀ ਲਿਖਤ, ਜਿਸ ਦਾ ਲੇਖ ਨਾ ਕੋਇ ਦ੍ਰਿੜਾਈਆ। ਓਸ ਵਿਚ ਪਰਮ ਪੁਰਖ ਦਾ ਭਵਿਖਤ, ਦੂਸਰ ਵੰਡ ਨਾ ਕੋਇ ਵੰਡਾਈਆ। ਇਕੋ ਪੁਰਖ ਅਕਾਲ ਦਾ ਇਸ਼ਟ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਲਹਿਣਾ ਦੇਣਾ ਖ਼ਤਮ ਹੋਵੇ ਸ੍ਰਿਸ਼ਟ, ਤਤ ਵਜੂਦ ਨਾ ਕੋਇ ਰਖਾਈਆ। ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਦੀ ਲਿਸਟ, ਤਰਤੀਬ ਨਾਲ ਦਰਸਾਈਆ। ਜਿਸ ਕਾਰਨ ਭੇਜਿਆ ਰਾਮਾ ਵਸ਼ਿਸ਼ਟ, ਕ੍ਰਿਸ਼ਨ ਭੇਵ ਖੁਲ੍ਹਾਈਆ। ਕਿਉਂ ਮੂਸਾ ਈਸਾ ਮੁਹੰਮਦ ਖੁਲ੍ਹਾਈ ਦ੍ਰਿਸ਼ਟ, ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਬਿਨ ਹਰਫ਼ਾਂ ਤੋਂ ਓਹ ਪਾਤਰ, ਜਿਸ ਦਾ ਪਤਾ ਨਾ ਕੋਇ ਸਮਝਾਈਆ। ਜਿਸ ਦੇ ਇਸ਼ਾਰੇ ਵਿਚੋਂ ਚਾਰ ਜੁਗ ਦੇ ਨਿਕਲਦੇ ਵੇਦ ਸ਼ਾਸਤਰ, ਅਵਤਾਰ ਪੈਗ਼ੰਬਰਾਂ ਵਾਲੀ ਪੜ੍ਹਾਈਆ। ਇਹ ਥੋੜ੍ਹੇ ਥੋੜ੍ਹੇ ਨਿੱਕੇ ਨਿੱਕੇ ਲਗ ਮਾਤਰ, ਅਗਲਾ ਪਰਦਾ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਚ ਦਏ ਸਰਨਾਈਆ। ਸਦੀ ਚੌਧਵੀਂ ਕਹੇ ਗੋਬਿੰਦ ਥੋੜ੍ਹੀ ਵੇਖੀ ਅਗੰਮੀ ਹੱਟੀ, ਪੁਰਖ ਅਕਾਲ ਦਿਤੀ ਵਖਾਈਆ। ਜਿਥੋਂ ਨਿਰਗੁਣ ਨਾਨਕ ਪੜ੍ਹੀ ਪੱਟੀ, ਬਿਨ ਅੱਖਰਾਂ ਆਪਣੇ ਅੰਤਰ ਲਈ ਟਿਕਾਈਆ। ਓਹ ਖੇਲ ਅਗੰਮੀ ਸਮਰਥੀ, ਹਰਿ ਕਰਤਾ ਆਪ ਸਮਝਾਈਆ। ਜਿਸ ਨੂੰ ਵੰਡ ਨਾ ਸਕੇ ਕੋਇ ਹੱਥੋ ਹੱਥੀ, ਲੋਕਮਾਤ ਝੋਲੀ ਨਾ ਕੋਇ ਭਰਾਈਆ। ਜਿਸ ਦੀ ਧਾਰ ਆਦਿ ਅੰਤ ਸੱਚੀ, ਜੁਗ ਜੁਗ ਆਪਣੀ ਕਾਰ ਕਮਾਈਆ। ਓਹ ਵਿਦਿਆ ਓਹ ਸਿਖਿਆ ਪੁਰਖ ਅਕਾਲ ਕਿਸੇ ਨਾ ਦੱਸੀ, ਹਰਫ਼ ਹਿਫ਼ਜ਼ ਨਾ ਕੋਇ ਕਰਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਰਗੁਣ ਆਪਣੀ ਧਾਰ ਜਣਾਈਆ। ਸਦੀ ਚੌਧਵੀਂ ਕਹੇ ਗੋਬਿੰਦ ਤੱਕਿਆ ਅਗੰਮ ਹਰੂਫ਼, ਹਰਫ਼ ਹਰਫ਼ ਨਾਲ ਮਿਲਾਈਆ। ਜਿਸ ਵਿਚ ਲਿਖਿਆ ਚਾਰ ਜੁਗ ਦਾ ਲਹਿਣਾ ਹੋਣਾ ਮਨਸੂਖ਼, ਅੰਤ ਰਹਿਣ ਕੋਇ ਨਾ ਪਾਈਆ। ਝਗੜਾ ਮੁਕਣਾ ਕਾਇਆ ਮਾਟੀ ਪੰਜ ਭੂਤ, ਭੂਤ ਭਵਿਖਤ ਕਾਲ ਦਏ ਗਵਾਹੀਆ। ਧੁਰ ਦਾ ਡੰਕਾ ਵੱਜਣਾ ਚਾਰੇ ਕੂਟ, ਚੌਥੇ ਜੁਗ ਰੰਗ ਰੰਗਾਈਆ। ਸ਼ਬਦ ਅਗੰਮੀ ਭੱਜੇ ਦੂਤ, ਦੋ ਜਹਾਨਾਂ ਵੇਖ ਵਖਾਈਆ। ਨਾਮ ਖੰਡਾ ਅਗੰਮਾ ਸੂਤ, ਸੂਤਰਧਾਰੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਸਦੀ ਚੌਧਵੀਂ ਕਹੇ ਗੋਬਿੰਦ ਤੱਕਿਆ ਅਗੰਮ ਨਜ਼ਾਰਾ, ਨਜ਼ਰ ਨਜ਼ਰ ਵਿਚੋਂ ਬਦਲਾਈਆ। ਦੇਖ ਖੇਲ ਅਗੰਮ ਅਪਾਰਾ, ਅਲਖ ਅਗੋਚਰ ਖ਼ੁਸ਼ੀ ਬਣਾਈਆ। ਕਲਜੁਗ ਅੰਤਮ ਦਿਸਿਆ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਚਾਰ ਜੁਗ ਦਾ ਸ਼ਾਸਤਰ ਹੋਇਆ ਬੇਚਾਰਾ, ਸਿਰ ਸਕੇ ਨਾ ਕੋਇ ਉਠਾਈਆ। ਭੱਠ ਖੇੜਾ ਦਿਸੇ ਸੰਸਾਰਾ, ਸਚ ਮੰਦਰ ਨਾ ਕੋਇ ਵਡਿਆਈਆ। ਧੁਰ ਦਾ ਲੱਗੇ ਨਾ ਕੋਇ ਜੈਕਾਰਾ, ਸਿਫ਼ਤੀ ਨਾਮ ਸਿਫ਼ਤ ਵਡਿਆਈਆ। ਚਾਰੋਂ ਕੁੰਟ ਧੂੰਆਂਧਾਰਾ, ਧੁਰ ਦਾ ਚੰਦ ਨਾ ਕੋਇ ਚਮਕਾਈਆ। ਦੀਨਾਂ ਮਜ਼੍ਹਬਾਂ ਲੱਗਾ ਅਖਾੜਾ, ਨਾਮ ਕਲਮੇ ਨਾਲ ਟਕਰਾਈਆ। ਪਵਿਤ੍ਰ ਦਿਸਿਆ ਨਾ ਕੋਈ ਮੰਦਰ ਮਸਜਿਦ ਸ਼ਿਵਦਵਾਲਾ ਮਠ ਗੁਰੂਦਵਾਰਾ, ਬੁੱਧ ਬਿਬੇਕ ਨਾ ਕੋਇ ਰਖਾਈਆ। ਮਨ ਕਲਪਣਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵਧਿਆ ਹੰਕਾਰਾ, ਹੰਕਾਰੀ ਗੜ੍ਹ ਨਾ ਕੋਇ ਤੁੜਾਈਆ। ਚਾਰ ਵਰਨ ਅਠਾਰਾਂ ਬਰਨ ਹੋਏ ਵਿਭਚਾਰਾ, ਪਤਤ ਪੁਨੀਤ ਨਾ ਕੋਇ ਕਰਾਈਆ। ਜਗਤ ਵਿਦਿਆ ਕੂੜ ਕਲਪਣਾ ਦਏ ਹੁਲਾਰਾ, ਆਤਮ ਬ੍ਰਹਮ ਭੇਵ ਨਾ ਕੋਇ ਖੁਲ੍ਹਾਈਆ। ਸਾਚੀ ਮੰਜ਼ਲ ਚੜ੍ਹੇ ਨਾ ਕੋਇ ਦਵਾਰਾ, ਦਰਗਾਹ ਸਾਚੀ ਮਿਲਣ ਕੋਇ ਨਾ ਪਾਈਆ। ਸਤਿ ਸੰਤੋਖ ਧੀਰਜ ਯਤ ਧਰਮ ਦਾ ਰਹੇ ਨਾ ਕੋਇ ਦੁਆਰਾ, ਦੀਨ ਦੁਨੀ ਹੋਈ ਹਲਕਾਈਆ। ਗੋਬਿੰਦ ਪੁਰਖ ਅਕਾਲ ਦੇ ਚਰਨਾਂ ਤਕ ਨਿਉਂ ਕੀਤੀ ਨਿਮਸਕਾਰਾ, ਡੰਡਾਵਤ ਵਿਚ ਸੀਸ ਨਿਵਾਈਆ। ਤੇਰਾ ਖੇਲ ਸੱਚੀ ਸਰਕਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਮਾਣ ਰਹੇ ਨਾ ਗੁਰੂ ਅਵਤਾਰਾ, ਪੈਗ਼ੰਬਰਾਂ ਭੈ ਨਾ ਕੋਇ ਰਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਵੇ ਵਿਭਚਾਰਾ, ਦੁਰਮਤ ਮੈਲ ਨਾ ਕੋਇ ਧੁਆਈਆ। ਕਿਰਪਾ ਕਰੀਂ ਮੇਰੇ ਗਿਰਵਰ ਗਿਰਧਾਰਾ, ਗਹਿਰ ਗੰਭੀਰ ਤੇਰੀ ਸਰਨਾਈਆ। ਤੂੰ ਆਦਿ ਜੁਗਾਦਿ ਸ਼ਹਿਨਸ਼ਾਹ ਸਚ ਸੱਚੀ ਸਰਕਾਰਾ, ਤੁਧ ਬਿਨ ਅਦਲ ਨਾ ਕੋਇ ਕਮਾਈਆ। ਨਿਰਗੁਣ ਨੂਰ ਜੋਤ ਕਰੀਂ ਉਜਿਆਰਾ, ਸ਼ਬਦੀ ਸਤਿਗੁਰ ਹੋ ਕੇ ਡੰਕ ਵਜਾਈਆ। ਤੇਰਾ ਨਾਉਂ ਜਗਤ ਜਹਾਨ ਹੋਵੇ ਕਲ ਕਲਕੀ ਅਵਤਾਰਾ, ਅਕਲ ਕਲਧਾਰੀ ਆਪਣਾ ਫੇਰਾ ਪਾਈਆ। ਚਾਰ ਵਰਨ ਅਠਾਰਾਂ ਬਰਨ ਧੁਰ ਦਾ ਦੱਸਣਾ ਨਾਮ ਜੈਕਾਰਾ, ਆਤਮ ਪਰਮਾਤਮ ਪਰਮਾਤਮ ਆਤਮ ਮੇਲ ਮਿਲਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝੇ ਯਾਰ ਦੱਸਣਾ ਇਕ ਦਰਬਾਰਾ, ਜਿਸ ਦਰ ਤੇਰੀ ਇਕੋ ਵੱਜੇ ਵਧਾਈਆ। ਤੇਰਾ ਲੇਖ ਅਲੇਖ ਤੇਰਾ ਭੇਖ ਅਨੇਕ ਸ਼ਾਸਤਰ ਸਿਮਰਤ ਵੇਦ ਪੁਰਾਣ ਅੰਜੀਲ ਕ਼ੁਰਾਨ ਖਾਣੀ ਬਾਣੀ ਪਾਵੇ ਕੋਇ ਨਾ ਸਾਰਾ, ਬੇਅੰਤ ਬੇਅੰਤ ਬੇਅੰਤ ਕਹਿ ਕੇ ਸਾਰੇ ਤੈਨੂੰ ਗਏ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਕਿਰਿਆ ਮੇਟ ਅੰਧਿਆਰਾ, ਸਤਿ ਧਰਮ ਸੀਤ ਸਚ ਦਾ ਮਾਰਗ ਦੇਣਾ ਵਖਾਈਆ।
❋
❋
੧੭ ਪੋਹ ਸ਼ਹਿਨਸ਼ਾਹੀ ਸੰਮਤ ੪ ਰਣੀਆ ਰਾਮ ਦੇ ਗ੍ਰਹਿ ਕਲੋਏ ਜੰਮੂ
ਸਦੀ ਚੌਧਵੀਂ ਕਹੇ ਗੋਬਿੰਦ ਤੱਕੀ ਓਹ ਲਕੀਰ, ਜੋ ਲਾਈਨ ਨੂਰ ਅਲਾਹੀਆ। ਜਿਥੋਂ ਸਿਖਿਆ ਮਿਲਦੀ ਸੰਤ ਸਾਧ ਫ਼ਕੀਰ, ਭਗਤ ਨਾਮ ਵਡਿਆਈਆ। ਸ਼ਰਅ ਦਾ ਤੁਟਦਾ ਜ਼ੰਜੀਰ, ਦੀਨ ਮਜ਼੍ਹਬ ਬੰਧਨ ਰਹੇ ਨਾ ਰਾਈਆ। ਝਗੜਾ ਮੁਕਦਾ ਸ਼ਾਹ ਹਕੀਰ, ਊਚ ਨੀਚ ਡੇਰਾ ਢਾਹੀਆ। ਲੇਖਾ ਰਹੇ ਨਾ ਗ਼ਰੀਬ ਅਮੀਰ, ਮਾਇਆ ਮਮਤਾ ਨਾ ਕੋਇ ਹਲਕਾਈਆ। ਵੰਡ ਰਹੇ ਨਾ ਤਨ ਸ਼ਰੀਰ, ਵਜੂਦ ਵਖ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਸਹਿਜ ਸੁਖਦਾਈਆ। ਸਦੀ ਚੌਧਵੀਂ ਕਹੇ ਗੋਬਿੰਦ ਤੱਕੀ ਓਹ ਲਾਈਨ, ਜਿਸ ਦੀ ਸਿੰਮਤ ਸਮਝ ਕੋਇ ਨਾ ਪਾਈਆ। ਜੋ ਮੇਲ ਮਿਲਾਵੇ ਪੁਰਖ ਅਕਾਲ ਨਾਲ ਐਨ, ਰਸਤੇ ਵਿਚ ਨਾ ਕੋਇ ਅਟਕਾਈਆ। ਨਾਤਾ ਤੋੜੇ ਕੂੜੇ ਸਾਕ ਸੱਜਣ ਭਾਈ ਭੈਣ, ਜੂਠ ਝੂਠ ਡੇਰਾ ਢਾਹੀਆ। ਨਾਮ ਧਨ ਮਿਲੇ ਰਸਾਇਨ, ਦੌਲਤ ਧੁਰ ਦੀ ਨਜ਼ਰੀ ਆਈਆ। ਕਾਇਆ ਮੰਦਰ ਅੰਦਰ ਉਪਜੇ ਗਾਇਨ, ਗੀਤ ਗੋਬਿੰਦ ਇਕ ਅਲਾਹੀਆ। ਨਿਰਗੁਣ ਨੂਰ ਨਜ਼ਰ ਆਏ ਨਿਜ ਨੈਣ, ਅੰਧ ਅੰਧੇਰ ਰਹੇ ਨਾ ਰਾਈਆ। ਸਚ ਧਾਰ ਤੱਕੀ ਜਿਸ ਉਤੇ ਕਿਸੇ ਦੇ ਨਹੀਂ ਸਾਇਨ, ਸਨਦ ਹੱਥ ਨਾ ਕੋਇ ਫੜਾਈਆ। ਗੁਰ ਅਵਤਾਰ ਪੈਗ਼ੰਬਰ ਦੂਰ ਦੁਰਾਡੇ ਕਹਿਣ, ਕਹਿ ਕਹਿ ਰਹੇ ਜਣਾਈਆ। ਏਸੇ ਧਾਰੋਂ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਨਿਕਲੇ ਧੁਰ ਰਮਾਇਣ, ਰਾਮਾ ਕ੍ਰਿਸ਼ਨਾ ਏਸੇ ਦਾ ਢੋਲਾ ਗਾਈਆ। ਇਹੋ ਖੇਲ ਆਦਿ ਜੁਗਾਦੀ ਨਰ ਨਰਾਇਣ, ਹਰਿ ਕਰਤਾ ਆਪ ਕਰਾਈਆ। ਦੀਨ ਦੁਨੀ ਜਗਤ ਦਿਸੇ ਪਰਾਇਨ, ਸਾਚਾ ਬੰਧਨ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਆਪ ਅਖਵਾਈਆ। ਸਦੀ ਚੌਧਵੀਂ ਕਹੇ ਗੋਬਿੰਦ ਤੱਕੀ ਬਿਨ ਸ਼ਰਅ ਜ਼ੰਜੀਰ, ਕੜੀ ਕੜੀ ਨਾ ਕੋਇ ਜੁੜਾਈਆ। ਜਿਥੇ ਨਾਅਰਾ ਹੱਕ ਬੋਲੇ ਕਬੀਰ, ਕ਼ਬਰਾਂ ਤੋਂ ਬਾਹਰ ਡੇਰਾ ਲਾਈਆ। ਹਕ਼ੀਕ਼ੀ ਨੂਰ ਚਮਕੇ ਤਸਵੀਰ, ਤਸੱਵਰ ਕਰ ਨਾ ਕੋਇ ਵਖਾਈਆ। ਲੇਖਾ ਜਾਣ ਬੇਨਜ਼ੀਰ, ਨਜ਼ਰ ਆਪਣੀ ਵਿਚ ਛੁਪਾਈਆ। ਜਿਸ ਨਾਲ ਬਦਲ ਜਾਏ ਸਰਬ ਤਦਬੀਰ, ਤਰੀਕਾ ਆਪਣਾ ਦਏ ਦ੍ਰਿੜਾਈਆ। ਜਿਸ ਦੇ ਵਿਚੋਂ ਚਾਰ ਜੁਗ ਦੀ ਬਾਣੀ ਨਿਕਲੀ ਤਕ਼ਰੀਰ, ਤਹਿਰੀਰ ਨਾਲ ਵਡਿਆਈਆ। ਸੋ ਖੇਲ ਅਗੰਮ ਅਖ਼ੀਰ, ਆਖ਼ਰ ਦਿਤਾ ਜਣਾਈਆ। ਸਦੀ ਚੌਧਵੀਂ ਕਹੇ ਮੈਂ ਵਾਸਤਾ ਪਾ ਕੇ ਕਿਹਾ ਪੀਰਨ ਪੀਰ, ਪੀਰ ਪੀਰਾ ਤੇਰੀ ਸਰਨਾਈਆ। ਮੇਰਾ ਸਾਹਿਬ ਬਣ ਦਸਤਗੀਰ, ਦਸਤਬਰਦਾਰ ਕਰੇ ਲੋਕਾਈਆ। ਮੇਰੇ ਅੰਤਮ ਪਾਟੇ ਚੀਥੜ ਵੇਖ ਚੀਰ, ਚੀਰੇ ਵਾਲੇ ਧੁਰ ਦੇ ਮਾਹੀਆ। ਤੂੰ ਕ਼ਾਦਰ ਕਰਤਾ ਕਰੀਮ, ਕਰਮ ਕਾਂਡ ਦਾ ਡੇਰਾ ਢਾਹੀਆ। ਤੇਰਾ ਨੂਰ ਨੁਰਾਨਾ ਸਦਾ ਹੁਸੀਨ, ਹੁਸੀਨਾ ਦੂਜੀ ਨਜ਼ਰ ਕੋਇ ਨਾ ਆਈਆ। ਤੂੰ ਸਰਬ ਕਲਾ ਪ੍ਰਬੀਨ, ਪਾਰਬ੍ਰਹਮ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਾਮ ਦੀ ਹੋਵੇ ਨਾ ਕੋਇ ਤਕ਼ਸੀਮ, ਤਫ਼ੱਰਕ਼ਾ ਰਹਿਣ ਕੋਇ ਨਾ ਪਾਈਆ।
❋
❋
੧੭ ਪੋਹ ਸ਼ਹਿਨਸ਼ਾਹ ਸੰਮਤ ੪ ਪਿਆਰੇ ਲਾਲ ਦੇ ਗ੍ਰਹਿ ਕਲੋਏ ਜੰਮੂ
ਸਦੀ ਚੌਧਵੀਂ ਕਹੇ ਗੋਬਿੰਦ ਵੇਖਿਆ ਓਹ ਨੁਕਤਾ, ਜਿਸ ਦਾ ਨਿਸ਼ਾਨ ਨਾ ਕੋਇ ਜਣਾਈਆ। ਜਿਥੇ ਜੁਗ ਜੁਗ ਪੈਂਡਾ ਮੁਕਦਾ, ਅੱਗੇ ਪੰਧ ਨਾ ਕੋਇ ਸਮਝਾਈਆ। ਚਾਰ ਜੁਗ ਦਾ ਤੇਈ ਅਵਤਾਰ ਹਜ਼ਰਤ ਈਸਾ ਮੂਸਾ ਮੁਹੰਮਦ ਦਸ ਗੁਰੂ ਪੁਜਦਾ, ਛੱਤੀ ਜੁਗ ਦਾ ਗੇੜ ਚੁਕਾਈਆ। ਅੱਗੇ ਫੇਰ ਕੁਛ ਨਹੀਂ ਸੁਝਦਾ, ਨੂਰ ਨੂਰ ਵਿਚ ਸਮਾਈਆ। ਪੁਰਖ ਅਕਾਲ ਆ ਕੇ ਪੁਛਦਾ, ਗੁਰ ਅਵਤਾਰ ਪੈਗ਼ੰਬਰਾਂ ਆਪ ਉਠਾਈਆ। ਨਾਤਾ ਵੇਖੋ ਅਗੰਮਾ ਪਿਤਾ ਪੁਤ ਦਾ, ਜਣਨ ਵਾਲੀ ਦਿਸੇ ਕੋਇ ਨਾ ਮਾਈਆ। ਕੀ ਖੇਲ ਤੁਹਾਡੀ ਰੁੱਤ ਦਾ, ਮੌਸਮ ਮੈਨੂੰ ਦਿਓ ਸਮਝਾਈਆ। ਕਿਸ ਬਿਧ ਜੀਵ ਜਹਾਨ ਡੰਡਾਵਤ ਬੰਦਨਾ ਸੱਯਦਿਆਂ ਵਿਚ ਮੈਨੂੰ ਝੁਕਦਾ, ਨਾਮ ਕਲਾਮਾਂ ਵਿਚ ਢੋਲੇ ਰਿਹਾ ਗਾਈਆ। ਕੀ ਹਾਲ ਵਿਛੋੜੇ ਵਾਲੇ ਦੁੱਖ ਦਾ, ਭੇਵ ਅਭੇਦਾ ਦਿਓ ਖੁਲ੍ਹਾਈਆ। ਕਿਸ ਬਿਧ ਜਾਪ ਹੁੰਦਾ ਮੇਰੀ ਆਤਮ ਪਰਮਾਤਮ ਤੁਕ ਦਾ, ਸੋਹੰ ਸਤਿ ਪੜ੍ਹਾਈਆ। ਕਿਸ ਬਿਧ ਮਾਣ ਹੁੰਦਾ ਮਾਣਸ ਮਾਨੁੱਖ ਦਾ, ਲੱਖ ਚੁਰਾਸੀ ਵਿਚੋਂ ਸੋਭਾ ਪਾਈਆ। ਕਿਸ ਬਿਧ ਸ਼ਬਦ ਅਗੰਮਾ ਅੰਦਰੋਂ ਉਠਦਾ, ਨਾਦ ਅਨਾਦੀ ਧੁਨ ਸੁਣਾਈਆ। ਕਿਸ ਬਿਧ ਪੁਰਖ ਅਕਾਲ ਹਰ ਘਟ ਅੰਦਰ ਲੁਕਦਾ, ਨਿਰਗੁਣ ਹੋ ਕੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਨੂਰ ਅਲਾਹੀਆ। ਸਦੀ ਚੌਧਵੀਂ ਕਹੇ ਗੋਬਿੰਦ ਵੇਖਿਆ ਓਹ ਕੰਨਾ, ਜਿਸ ਦਾ ਅੱਗਾ ਪਿੱਛਾ ਨਜ਼ਰ ਕਿਸੇ ਨਾ ਆਈਆ। ਉਸ ਤੋਂ ਅੱਗੇ ਜਾਣ ਤੋਂ ਗੁਰ ਅਵਤਾਰ ਪੈਗ਼ੰਬਰ ਕੀਤੇ ਮਨ੍ਹਾ, ਮੰਜ਼ਲ ਅੱਗੇ ਨਾ ਕੋਇ ਸਮਝਾਈਆ। ਜਿਥੇ ਬਹਿ ਕੇ ਪੁਰਖ ਅਕਾਲ ਜੋਤ ਸ਼ਬਦੀ ਧਾਰ ਦੇਂਦਾ ਵਿਚ ਤਨਾਂ, ਲੋਕਮਾਤ ਵਜੂਦ ਦਏ ਵਡਿਆਈਆ। ਰਾਗ ਸੁਣਾਵੇ ਆਪਣਾ ਬਿਨਾ ਕੰਨਾਂ, ਧੁਰ ਦੀ ਧਾਰ ਆਪ ਪ੍ਰਗਟਾਈਆ। ਕਰੇ ਪ੍ਰਕਾਸ਼ ਨਿਰਗੁਣ ਜੋਤ ਚੰਨਾ, ਚੰਦ ਚਾਂਦਨੀ ਡਗਮਗਾਈਆ। ਲੇਖ ਮੁਕਾਵੇ ਹਰਖ ਸੋਗ ਗ਼ਮਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਮਾਇਆ ਮਮਤਾ ਮੇਟ ਕੇ ਤਮਅ, ਤ੍ਰਿਸ਼ਨਾ ਕੂੜੀ ਦਏ ਬੁਝਾਈਆ। ਜਦ ਦੇਵੇ ਤਦ ਆਪਣਾ ਨਾਮ ਨਵਾਂ, ਜੁਗ ਜੁਗ ਆਪਣਾ ਖੇਲ ਵਖਾਈਆ। ਜਦ ਬਦਲੇ ਦੀਨ ਦੁਨੀ ਦਾ ਸਮਾਂ, ਸਹਿਜ ਸੁਖਧਾਰੀ ਆਪਣੀ ਕਲ ਵਰਤਾਈਆ। ਜਾਂ ਬਣਾਏ ਦੀਨ ਦੁਨੀ ਦਾ ਬੰਨਾ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਹਰਿਜਨ ਮੇਲ ਮਿਲਾਈਆ । ਸਦੀ ਚੌਧਵੀਂ ਕਹੇ ਗੋਬਿੰਦ ਓਹ ਤੱਕਿਆ ਮੁਕਤਾ, ਜਿਥੇ ਮੁਕੰਮਲ ਨੂਰ ਅਲਾਹੀਆ। ਖੇਲ ਅਗੰਮੀ ਧਾਰ ਸੁਚ ਦਾ, ਸੰਜਮ ਨਜ਼ਰ ਕੋਇ ਨਾ ਆਈਆ। ਘਰਾਨਾ ਸੋਹੇ ਸਦਾ ਚੁਪ ਦਾ, ਸ਼ੋਰੋ ਗੁਲ ਨਾ ਕੋਇ ਮਚਾਈਆ। ਭਾਵ ਦਿਸੇ ਨਾ ਕਿਸੇ ਮਾਨੁੱਖ ਦਾ, ਤਤ ਵਜੂਦ ਨਾ ਕੋਇ ਵਡਿਆਈਆ। ਸ਼ਬਦ ਸੁਣੋ ਤੇ ਇਕੋ ਤੁਕ ਦਾ, ਤੂੰ ਮੇਰਾ ਮੈਂ ਤੇਰਾ ਢੋਲਾ ਅਲਾਹੀਆ। ਗੁਰ ਅਵਤਾਰ ਪੈਗ਼ੰਬਰ ਜੋਤੀ ਧਾਰ ਵੇਖੋ ਝੁਕਦਾ, ਬਿਨ ਸੀਸ ਸੀਸ ਨਿਵਾਈਆ। ਓਥੇ ਝਗੜਾ ਨਹੀਂ ਕਿਸੇ ਦੁੱਖ ਦਾ, ਚਿੰਤਾ ਰੋਗ ਨਾ ਕੋਇ ਸਤਾਈਆ। ਜਦ ਵੇਖੋ ਨਾਤਾ ਜੋਤੀ ਸ਼ਬਦੀ ਧਾਰ ਅਗੰਮੇ ਸੁਤ ਦਾ, ਅਪਰਾਧੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਧਾਰੋਂ ਆਪੇ ਉਠਦਾ, ਜਨ ਭਗਤਾਂ ਉਪਰ ਤੁਠਦਾ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਆਪਣੀ ਇਕ ਉਠਾਈਆ।
❋
❋
੧੭ ਪੋਹ ਸ਼ਹਿਨਸ਼ਾਹੀ ਸੰਮਤ ੪ ਸੇਵਾ ਰਾਮ ਦੇ ਗ੍ਰਹਿ ਕਲੋਏ ਜੰਮੂ
ਸਦੀ ਚੌਧਵੀਂ ਕਹੇ ਪ੍ਰਭ ਦੀ ਕਰੋ ਪਹਿਚਾਨ, ਜੋ ਬੇਪਹਿਚਾਨ ਰੂਪ ਵਟਾਈਆ। ਸ਼ਬਦ ਸੰਦੇਸ਼ਾ ਸੁਣੋ ਨਾਲ ਕਾਨ, ਧੁਰ ਦਾ ਹੁਕਮ ਇਕ ਜਣਾਈਆ। ਨੇਤਰ ਖੋਲ੍ਹ ਕਰੋ ਧਿਆਨ, ਅਨਡਿੱਠੜੀ ਖੇਲ ਵਖਾਈਆ। ਨਿਰਗੁਣ ਜੋਤ ਸ੍ਰੀ ਭਗਵਾਨ, ਆਪਣੀ ਕਲ ਵਰਤਾਈਆ। ਗੁਰ ਅਵਤਾਰ ਪੈਗ਼ੰਬਰਾਂ ਬੋਲ ਵੇਖ ਜ਼ਬਾਨ, ਅੱਖਰ ਅੱਖਰ ਖੋਜ ਖੁਜਾਈਆ। ਸਚ ਦਵਾਰੇ ਕਰ ਪਰਵਾਨ, ਪਰਵਾਨਗੀ ਵਿਚ ਆਪਣਾ ਹੁਕਮ ਵਰਤਾਈਆ। ਦੀਨ ਦੁਨੀ ਦਾ ਬਦਲ ਦੇਵੇ ਵਿਧਾਨ, ਵਾਹਦ ਆਪਣਾ ਹੁਕਮ ਚਲਾਈਆ। ਪੁਰਖ ਅਕਾਲਾ ਕਦੇ ਨਾ ਹੋਵੇ ਬੇਜ਼ਬਾਨ, ਜ਼ਬਾਨੀ ਕਲਾਮੀ ਕਾਰ ਨਾ ਕੋਇ ਭੁਗਤਾਈਆ। ਧੁਰ ਸੰਦੇਸ਼ਾ ਦੇਵੇ ਬਣ ਕੇ ਹੁਕਮਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਵਖਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਹੱਥ ਮਾਰੋ ਉਤੇ ਛਾਤੀ, ਬਲ ਆਪਣੇ ਅੰਤਰ ਪ੍ਰਗਟਾਈਆ। ਪ੍ਰਭ ਮਿਲਣਾ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਸੰਤ ਸੁਹੇਲੇ ਮਿਲਣੇ ਸਾਥੀ, ਗੁਰਮੁਖ ਗੁਰ ਗੁਰ ਜੋੜ ਜੁੜਾਈਆ। ਕਥਾ ਕਹਾਣੀ ਸੁਣਨੀ ਸਾਚੀ, ਸਚ ਮਾਰਗ ਲੈਣਾ ਅਪਨਾਈਆ। ਲੇਖੇ ਲਾਉਣੀ ਜ਼ਿੰਦਗੀ ਵਾਲੀ ਰਾਤੀ, ਜੀਵਣ ਜੀਵਣ ਵਿਚੋਂ ਪ੍ਰਗਟਾਈਆ। ਖੇਲ ਵੇਖਣਾ ਆਦਿ ਅੰਤ ਦਾ ਆਦੀ, ਕੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਦਏ ਵਡਿਆਈਆ। ਸਦੀ ਚੌਧਵੀਂ ਕਹੇ ਜਨ ਭਗਤੋ ਕੀ ਮੇਰਾ ਮੰਨੋਗੇ ਆਖਾ, ਅੱਖਰਾਂ ਵਿਚ ਦਿਆਂ ਸੁਣਾਈਆ। ਕੀ ਨਿਰੰਤਰ ਤੁਹਾਡੇ ਭਾਖਾ, ਭਾਖਿਆ ਦਿਓ ਸਮਝਾਈਆ। ਜਨ ਭਗਤ ਕਹਿਣ ਸਾਨੂੰ ਪ੍ਰਭੂ ਤੇ ਭਰਵਾਸਾ, ਦੂਜਾ ਭਰਮ ਨਾ ਕੋਇ ਭੁਲਾਈਆ। ਓਹ ਮਾਲਕ ਧੁਰ ਦਾ ਸਾਚਾ, ਸਾਹਿਬ ਸੁਲਤਾਨ ਅਖਵਾਈਆ। ਅਸੀਂ ਓਸ ਦੇ ਦਾਸੀ ਦਾਸਾ, ਸੇਵਕ ਹੋ ਕੇ ਸੇਵ ਕਮਾਈਆ। ਸਦੀ ਚੌਧਵੀਂ ਆਪੇ ਦੇ ਥਾਂ ਕਰ ਲੈ ਸਾਡਾ ਸਾਥਾ, ਮਿਲ ਕੇ ਚਲੀਏ ਚਾਈਂ ਚਾਈਂਆ। ਅੱਗੇ ਤੇਰਾ ਸੀ ਮੁਹੰਮਦ ਨਾਲ ਨਾਤਾ, ਚਾਰ ਯਾਰੀ ਵੇਖ ਵਖਾਈਆ। ਹੁਣ ਵਖਾਈਏ ਤੈਨੂੰ ਓਹ ਪੁਰਖ ਅਕਾਲ ਬਿਧਾਤਾ, ਜੋ ਪਾਰਬ੍ਰਹਮ ਅਖਵਾਈਆ। ਅਸੀਂ ਸਾਰੇ ਓਸੇ ਦੀਆਂ ਸ਼ਾਖਾਂ, ਤੂੰ ਵੀ ਓਸੇ ਦਾ ਨੂਰ ਨਜ਼ਰੀ ਆਈਆ। ਓਸ ਪ੍ਰਭੂ ਦਾ ਖੋਲ੍ਹ ਕੇ ਦੱਸ ਖੁਲਾਸਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਓਹ ਧੁਰ ਦਾ ਇਕੋ ਦਾਤਾ, ਦੇਵਣਹਾਰ ਗੁਸਾਈਂਆ। ਜੁਗ ਚੌਕੜੀ ਸਭ ਦਾ ਰਾਖਾ, ਰੱਛਿਆ ਕਰੇ ਥਾਉਂ ਥਾਈਂਆ। ਜੋ ਓਸ ਦੀ ਚਰਨ ਧੂੜੀ ਸਚ ਸਰੋਵਰ ਨ੍ਹਾਤਾ, ਦੁਰਮਤ ਮੈਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਸੋਭਾ ਪਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਮੈਨੂੰ ਦਿਓ ਛੁੱਟੀ, ਖ਼ੁਸ਼ੀਆਂ ਨਾਲ ਵਿਦਾ ਕਰਾਈਆ। ਮੈਂ ਮਸਤੀ ਵਿਚ ਕ਼ਦਮ ਜਾਵਾਂ ਪੁੱਟੀ, ਚਲਾਂ ਚਾਈਂ ਚਾਈਂਆ। ਤੁਸੀਂ ਹੱਥ ਮਿਲਾਉਂਣੇ ਆਪਣੇ ਗੁੱਟੀਂ, ਜ਼ੋਰ ਨਾਲ ਦਬਾਈਆ। ਮੁਖੋਂ ਕਹਿਣਾ ਜਗਤ ਨਾਲੋਂ ਤੁੱਟੀ, ਨਾਤਾ ਪ੍ਰਭ ਦੇ ਨਾਲ ਜੁੜਾਈਆ। ਤੁਹਾਡੀ ਧਾਰ ਕਦੇ ਨਾ ਜਾਵੇ ਲੁੱਟੀ, ਲੁਟੇਰੇ ਅੰਦਰੋਂ ਦੇਣੇ ਕਢਾਈਆ। ਤੁਹਾਡੇ ਨਾਲ ਦਸ ਦਿਨ ਬੜੀ ਸੋਹਣੀ ਸੁਹਾਈ ਰੁੱਤੀ, ਦਸਮ ਦੁਆਰੀ ਦਾ ਦਰਸ਼ਨ ਦਿਆਂ ਕਰਾਈਆ। ਤੁਸਾਂ ਚਲ ਚਲ ਘਸਾਈ ਜੁੱਤੀ, ਰਵਦਾਸ ਚਮਾਰੇ ਤੋਂ ਗੰਢ ਦਿਆਂ ਪੁਆਈਆ। ਜਿਹੜਾ ਬਸਤਰਾਂ ਦਾ ਭਾਰ ਕੰਧਿਆਂ ਉਤੇ ਫਿਰੇ ਚੁੱਕੀ, ਓਸ
❋
❋
ਬਦਲੇ ਤੁਹਾਨੂੰ ਚੁੱਕ ਕੇ ਸਚਖੰਡ ਪੁਚਾਈਆ। ਅੰਤ ਸਮੇਂ ਕਿਸੇ ਨੂੰ ਹੋਣ ਨਾ ਦੇਵਾਂ ਦੁੱਖੀ, ਪ੍ਰਗਟ ਹੋ ਕੇ ਆਪਣਾ ਦਰਸ ਕਰਾਈਆ। ਉਜਲ ਕਰ ਕੇ ਮਾਤ ਕੁੱਖੀ, ਲੇਖੇ ਲਾਵਾਂ ਜੰਮਣ ਵਾਲੀ ਮਾਈਆ। ਸਦੀ ਚੌਧਵੀਂ ਕਹੇ ਮੈਂ ਤੁਹਾਡੇ ਪਿਆਰ ਦੀ ਭੁੱਖੀ, ਤੁਸਾਂ ਭੁੱਖ ਤ੍ਰਿਸ਼ਨਾ ਦਿਤੀ ਗਵਾਈਆ। ਜਿਸ ਵੇਲੇ ਤੁਸਾਂ ਗੁੰਦੀ ਮੇਰੀ ਗੁੱਤੀ, ਮੀਂਢੀ ਮੀਂਢੀ ਨਾਲ ਜੁੜਾਈਆ। ਫਿਰ ਭਾਗ ਲਗਾਵਾਂ ਸਭ ਦੇ ਕਾਇਆ ਬੁੱਤੀਂ, ਰੰਡੇਪਾ ਦੋ ਜਹਾਨ ਦਿਆਂ ਕਟਾਈਆ। ਇਹ ਖੇਲ ਰਹਿਣੀ ਨਹੀਂ ਛੁਪੀ, ਛੱਪਰ ਛੰਨਾਂ ਤੋਂ ਬਾਹਰ ਕਰਾਂ ਰੁਸ਼ਨਾਈਆ । ਸਭ ਦੇ ਭਾਗ ਲਗਾਵਾਂ ਪੁੱਤੀਂ, ਔਂਤਰਾ ਰਹਿਣ ਕੋਇ ਨਾ ਪਾਈਆ। ਤੁਸਾਂ ਮੇਰੇ ਨਾਲ ਕੱਟੀ ਬੁਤੀ, ਭੱਜੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਸਾਚੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਬੇਸ਼ਕ ਤੁਸੀਂ ਗਏ ਥਕ, ਤੁਹਾਡੀ ਥਕਾਵਟ ਵੇਖ ਵਖਾਈਆ। ਜ਼ਰੂਰ ਇਸ ਮਿਹਨਤ ਦਾ ਦੇਵਾਂ ਹੱਕ, ਸਭ ਦੀ ਝੋਲੀ ਪਾਈਆ। ਸਚ ਦੁਆਰੇ ਲਵਾਂ ਰੱਖ, ਰੱਖਿਆ ਕਰਾਂ ਥਾਉਂ ਥਾਈਂਆ। ਮਾਰਗ ਧੁਰ ਦਾ ਦੱਸ, ਦਹਿ ਦਿਸ਼ਾ ਤੋਂ ਪੱਲੂ ਦਿਆਂ ਛੁਡਾਈਆ। ਅਣਿਆਲਾ ਤੀਰ ਮਾਰਾਂ ਕਸ, ਤਿੱਖੀ ਮੁੱਖੀ ਧਾਰ ਬਣਾਈਆ। ਤੁਹਾਡਾ ਲਹਿਣਾ ਹੱਥ ਪੁਰਖ ਸਮਰਥ, ਦੂਜਾ ਅਵਰ ਨਾ ਕੋਇ ਸਹਾਈਆ। ਇਕ ਵਾਰ ਏਕੰਕਾਰ ਚਰਨੀ ਜਾਓ ਢੱਠ, ਨਿਉਂ ਨਿਉਂ ਸੀਸ ਝੁਕਾਈਆ। ਸਦਾ ਤੁਹਾਡਾ ਸਾਂਝਾ ਬਣਿਆ ਰਹੇ ਇਕੱਠ, ਭਗਤਾਂ ਨਾ ਹੋਏ ਜੁਦਾਈਆ। ਨਾਮ ਭਗਤੀ ਦਾ ਖੁਲ੍ਹਾ ਰਹੇ ਹੱਟ, ਭੰਡਾਰਾ ਦੇਵੇ ਧੁਰਦਰਗਾਹੀਆ। ਅੰਮ੍ਰਿਤ ਧਾਰ ਬਖ਼ਸ਼ ਕੇ ਰਸ, ਅਗਨੀ ਤਤ ਦਏ ਬੁਝਾਈਆ। ਤੁਸਾਂ ਘਰ ਜਾਣਾ ਹੱਸ ਹੱਸ, ਖ਼ੁਸ਼ੀਆਂ ਵਿਚ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਤੁਹਾਡਾ ਰਾਹ ਰਿਹਾ ਤਕ, ਰਸਤੇ ਰਸਤੇ ਧੁਰ ਦਾ ਪੰਧ ਮੁਕਾਈਆ।
੧੭ ਪੋਹ ਸ਼ਹਿਨਸ਼ਾਹੀ ਸੰਮਤ ੪ ਵਕੀਲ ਸਿਘ ਦੇ ਗ੍ਰਹਿ ਪਿੰਡ ਹੰਸਾ ਜੰਮੂ
ਸਦੀ ਚੌਧਵੀਂ ਕਹੇ ਤੁਹਾਡੇ ਸਾਫ਼ ਦਿਸਣ ਹਿਰਦੇ, ਹਿਰਦੇ ਹਰਿ ਵਡਿਆਈਆ। ਜਿਹੜੇ ਇਕ ਸਰਨਾਈ ਗਿਰਦੇ, ਗਿਰਹ ਵੰਡ ਨਾ ਕੋਇ ਵੰਡਾਈਆ। ਪਿਆਰੇ ਇਕ ਪਿਰ ਦੇ, ਪ੍ਰੀਤਮ ਇਕ ਮਨਾਈਆ। ਵਿਛੜੇ ਜੁਗਾਂ ਚਿਰ ਦੇ, ਸਹਿਜੇ ਲਿਆ ਜੁੜਾਈਆ। ਅੱਗੇ ਖੇਲ ਵੇਖਣੇ ਨਿਰਵੈਰ ਨਿਰ ਦੇ, ਨਿਰੰਕਾਰ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੇ ਘਰ ਵਸਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਤੁਹਾਡੇ ਅੰਤਰ ਵੇਖਿਆ ਨੂਰ ਨੁਰਾਨਾ, ਜਲਵਾ ਇਕ ਅਲਾਹੀਆ। ਸੁਣਿਆ ਅਗੰਮ ਤਰਾਨਾ, ਤੂੰਹੀ ਤੂੰਹੀ ਆਵਾਜ਼ ਸੁਣਾਈਆ। ਤੱਕਿਆ ਸਚ ਯਾਰਾਨਾ, ਯਾਰੀ ਪ੍ਰਭ ਦੇ ਨਾਲ ਲਗਾਈਆ। ਛੱਡਿਆ ਕੂੜ ਜਹਾਨਾ, ਨਾਤਾ ਲਿਆ ਤੁੜਾਈਆ। ਗੁਰਮੁਖ ਦਿਸੇ ਨਾ ਕੋਇ ਬੇਗਾਨਾ, ਹਰਿਜਨ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਹਿੱਸਾ ਸਭ ਦੀ ਝੋਲੀ ਪਾਈਆ।
❋
❋
੧੮ ਪੋਹ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਚੌਥੀ ਮੰਜ਼ਲ ਜੇਠੂਵਾਲ
ਸਦੀ ਚੌਧਵੀਂ ਕਹੇ ਮੈਂ ਛੱਡੇ ਮੁਨਾਰੇ ਮੰਦਰ, ਹੁਜਰੇ ਦਿਤੇ ਤਜਾਈਆ। ਚੜ੍ਹ ਕੇ ਪ੍ਰਭੂ ਦੇ ਉਪਰ ਅੰਬਰ, ਅਮਨ ਵੇਖਿਆ ਚਾਈਂ ਚਾਈਂਆ। ਮੇਰਾ ਚੌਥੀ ਮੰਜ਼ਲ ਤੋਂ ਉਤੇ ਹੋਣ ਲੱਗਾ ਸਵੰਬਰ, ਮੇਲ ਮਿਲਣਾ ਧੁਰਦਰਗਾਹੀਆ। ਜਨ ਭਗਤਾਂ ਗੁਲਸ਼ਨ ਖਿੜਨ ਲੱਗਾ ਚਮਨ, ਬਗ਼ੀਚਾ ਲੋਕਮਾਤ ਵਡਿਆਈਆ। ਲਹਿਣਾ ਮੁੱਕਣ ਲੱਗਾ ਦੁਸ਼ਟ ਦਮਨ, ਜੋ ਜਲਧਾਰਾ ਮੰਗ ਮੰਗਾਈਆ। ਦੋ ਜਹਾਨ ਲੱਗਾ ਕੰਬਨ, ਅਰਸ਼ ਫ਼ਰਸ਼ ਦਏ ਦੁਹਾਈਆ। ਪੁਰਖ ਅਕਾਲਾ ਸਾਚਾ ਮਾਰਗ ਲੱਗਾ ਬੰਨ੍ਹਣ, ਹਰਿ ਕਰਤਾ ਧੁਰਦਰਗਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਦੁਸ਼ਟ ਦਮਨ ਦਾ ਮਜ਼ਮੂਨ, ਹੇਮਕੁੰਟ ਲਿਖਣ ਕੋਇ ਨਾ ਪਾਈਆ। ਗੋਬਿੰਦ ਸ਼ਬਦੀ ਧਾਰ ਦੱਸ ਕੇ ਗਿਆ ਕ਼ਾਨੂੰਨ, ਕ਼ਾਇਦਾ ਬਕ਼ਾਇਦਾ ਇਕ ਦ੍ਰਿੜਾਈਆ। ਮੇਰਾ ਲੇਖੇ ਲੱਗੇ ਅੰਤਮ ਖ਼ੂਨ, ਪੁਰਖ ਅਕਾਲ ਰੰਗ ਰੰਗਾਈਆ। ਜਿਥੇ ਬੱਚੇ ਦੱਬੇ ਬਾਲ ਮਾਸੂਮ, ਨੀਹਾਂ ਹੇਠ ਸੁਹਾਈਆ। ਓਥੇ ਬੰਨ੍ਹਣਾ ਸਚ ਅਸੂਲ, ਚਾਰ ਜੁਗ ਦੀ ਵੰਡ ਵੰਡਾਈਆ। ਧੁਰ ਫ਼ਰਮਾਨਾ ਮਿਲਣਾ ਮਾਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਸਚ ਧਰਮ ਦਾ ਦੱਸਣਾ ਰੂਲ, ਕਰੇ ਖੇਲ ਨੂਰ ਅਲਾਹੀਆ। ਗੁਰ ਅਵਤਾਰ ਪੈਗ਼ੰਬਰਾਂ ਮੁੱਕੇ ਮਸੂਲ, ਚੁੰਗੀਖ਼ਾਨਾ ਦੀਨ ਮਜ਼੍ਹਬ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਦੁਸ਼ਟ ਦਮਨ ਨੇ ਵੇਖੀ ਧਾਰਾ, ਧਰਨੀ ਤੋਂ ਉਪਰ ਨਜ਼ਰੀ ਆਈਆ। ਜਿਥੇ ਪੁੱਜੇ ਨਾ ਕੋਇ ਗੁਰ ਅਵਤਾਰਾ, ਪੈਗ਼ੰਬਰ ਨਜ਼ਰ ਕੋਇ ਨਾ ਆਈਆ। ਸ਼ਬਦ ਨਾਮ ਨਾ ਕੋਇ ਜੈਕਾਰਾ, ਕਲਮਾ ਨਬੀ ਨਾ ਕੋਇ ਸੁਣਾਈਆ । ਇਕੋ ਪੁਰਖ ਅਕਾਲ ਏਕੰਕਾਰਾ, ਇਕ ਇਕੱਲਾ ਸੋਭਾ ਪਾਈਆ। ਨਵ ਨੌ ਚਾਰ ਦਾ ਲਾਹੇ ਉਧਾਰਾ, ਜੁਗ ਚੌਕੜੀ ਫੋਲ ਫੁਲਾਈਆ । ਮੇਲਾ ਮੇਲ ਕੇ ਗੋਬਿੰਦ ਸੁਤ ਦੁਲਾਰਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਕਲ ਕਲਕੀ ਲੈ ਅਵਤਾਰਾ, ਸਚ ਦਵਾਰਾ ਇਕ ਵਖਾਈਆ। ਜਿਥੇ ਝੁਕਣ ਗੁਰੂ ਅਵਤਾਰਾ, ਪੀਰ ਪੈਗ਼ੰਬਰ ਸੀਸ ਨਿਵਾਈਆ। ਸਦੀ ਚੌਧਵੀਂ ਕਹੇ ਮੈਂ ਤੱਕਿਆ ਉਹ ਮੁਨਾਰਾ, ਜਿਸ ਦੀ ਮੰਜ਼ਲ ਨਜ਼ਰ ਕਿਸੇ ਨਾ ਆਈਆ। ਭਗਤਾਂ ਨਾਲ ਹੋਇਆ ਵਿਵਹਾਰਾ, ਦਰਗਾਹ ਸਾਚੀ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਵਖਾਈਆ। ਸਦੀ ਚੌਧਵੀਂ ਕਹੇ ਦੁਸ਼ਟ ਦਮਨ ਕਰ ਕੇ ਗਿਆ ਆਸ, ਆਸਾ ਇਕ ਵਧਾਈਆ। ਗੋਬਿੰਦ ਮੰਗਦਾ ਗਿਆ ਸਾਥ, ਅੰਤ ਅਖ਼ੀਰ ਧਿਆਨ ਲਗਾਈਆ। ਕਰੇ ਖੇਲ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਜਿਸ ਕਲਜੁਗ ਅੰਤਮ ਕਰਨਾ ਨਾਸ, ਸਤਿਜੁਗ ਸਾਚਾ ਰੰਗ ਰੰਗਾਈਆ। ਭਗਤ ਸੁਹੇਲੇ ਰੱਖਣੇ ਪਾਸ, ਪਾਸਾ ਦੀਨ ਦੁਨੀ ਉਲਟਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰਨੀ ਖ਼ਾਹਿਸ਼, ਤ੍ਰਿਸ਼ਨਾ ਮੇਟੇ ਥਾਉਂ ਥਾਈਂਆ। ਸਦੀ ਚੌਧਵੀਂ ਕਹੇ ਮੇਰਾ ਕਾਰਜ ਹੋਣਾ ਰਾਸ, ਰਸਤਾ ਦੇਵੇ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਜਨ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਕਿਉਂ ਦਸਾਂ ਉਂਗਲੀਆਂ ਲਾਇਆ ਨਿਸ਼ਾਨ, ਕੀ ਖੇਲ ਬੇਪਰਵਾਹੀਆ। ਇਹ ਆਸਾ ਰਖ ਕੇ ਗਿਆ ਰਾਮ, ਕ੍ਰਿਸ਼ਨ ਭਗਵਾਨ, ਤ੍ਰੇਤਾ ਦੁਆਪਰ ਜਗਤ ਵਡਿਆਈਆ । ਮੂਸਾ ਕੂਕ ਸੁਣਾਏ ਪੈਗ਼ਾਮ, ਧੁਰ ਦੀ ਧਾਰ ਜਣਾਈਆ। ਈਸਾ ਜਿਸ ਵੇਲੇ ਤਖ਼ਤੇ ਚੜ੍ਹਿਆ ਪੜ੍ਹੀ ਅਗੰਮੀ
❋
❋
ਕਲਾਮ, ਨਗ਼ਮਾ ਅੰਤਰ ਅੰਤਰ ਗਾਈਆ। ਮੁਹੰਮਦ ਕਿਹਾ ਮੇਰਾ ਅਮਾਮ, ਆਵੇ ਬੇਪਰਵਾਹੀਆ। ਜਿਸ ਦੀ ਜਗਤ ਮੁਨਾਰਿਆਂ ਤੋਂ ਬਾਹਰ ਸ਼ਾਨ, ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰੇ ਬੰਦ ਨਾ ਕੋਇ ਕਰਾਈਆ। ਧੁਰ ਦਾ ਸਾਂਝਾ ਦੇਵੇ ਫ਼ਰਮਾਨ, ਫ਼ੁਰਨੇ ਪਿਛਲੇ ਵੇਖ ਵਖਾਈਆ। ਇਕੋ ਮੰਦਰ ਹੱਕ ਦੱਸੇ ਮੁਕਾਮ, ਮੁਕਾਮੇ ਹੱਕ ਦਏ ਜਣਾਈਆ। ਜਿਥੇ ਜਿਸਮ ਇਸਮ ਵੰਡ ਹੋਵੇ ਨਾ ਕੋਇ ਇਨਸਾਨ, ਤੱਤਵ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਸੋ ਮਾਲਕ ਖ਼ਾਲਕ ਪ੍ਰਿਤਪਾਲਕ ਮੇਰਾ ਸਾਹਿਬ ਹੋਇਆ ਮਿਹਰਵਾਨ, ਮਹਿਬੂਬ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਦਾ ਲੇਖਾ ਮੰਗੇ ਬਲੀਦਾਨ, ਬਲਧਾਰੀ ਜਗ ਰਹਿਣ ਕੋਇ ਨਾ ਪਾਈਆ।
੧੮ ਪੋਹ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਸਦੀ ਚੌਧਵੀਂ ਕਹੇ ਸੂਫ਼ੀਆਂ ਹੱਕ ਨਿਮਾਜ਼, ਇਜ਼ਾਜ਼ ਵਿਚ ਖ਼ੁਦ ਖ਼ੁਦਾ ਝੋਲੀ ਪਾਈਆ। ਹਕ਼ੀਕ਼ੀ ਕਲਮੇ ਨਾਲ ਖੋਲ੍ਹ ਰਾਜ਼, ਅੰਦਰ ਨੂਰ ਜ਼ਹੂਰ ਕੀਤਾ ਰੁਸ਼ਨਾਈਆ। ਭੇਵ ਅਭੇਦਾ ਖੋਲ੍ਹ ਆਗ਼ਾਜ਼, ਪਰਦਾ ਦਿਤਾ ਚੁਕਾਈਆ। ਰਿਹਾ ਨਾ ਕੋਇ ਰਾਜ਼, ਪੋਸ਼ੀਦਾ ਭੇਵ ਨਾ ਕੋਇ ਛੁਪਾਈਆ। ਸਦਾ ਲਈ ਇਕੋ ਵਾਰ ਦੱਸ ਕੇ ਸਚ ਆਦਾਬ, ਅਦਬ ਦਿਤਾ ਦ੍ਰਿੜਾਈਆ। ਸਾਚਾ ਮਾਲਕ ਹੱਕ ਜਨਾਬ, ਸਚ ਦੁਆਰੇ ਨਜ਼ਰੀ ਆਈਆ। ਜੋ ਪੰਜ ਵਕ਼ਤ ਦੀ ਪੂਰੀ ਕਰੇ ਖ਼ਾਹਿਸ਼, ਤ੍ਰਿਸ਼ਨਾ ਆਪਣੇ ਵਿਚ ਮਿਲਾਈਆ। ਸਦਾ ਪ੍ਰਕਾਸ਼ ਬਖ਼ਸ਼ੇ ਕਾਇਆ ਮਾਟੀ ਲਾਸ਼, ਸ਼ਮਅ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਆਪਣਾ ਰੰਗ ਰੰਗਾਈਆ। ਸਚ ਨਿਮਾਜ਼ ਹੱਕ ਹਕ਼ੀਕ਼ੀ, ਹਕ਼ੀਕ਼ਤ ਇਕ ਜਣਾਈਆ। ਨਾਤਾ ਮਿਲੇ ਨਾਲ ਲਾਸ਼ਰੀਕੀ, ਜੋ ਵਾਹਿਦ ਧੁਰ ਦਾ ਮਾਹੀਆ। ਜਿਸ ਦੇ ਹੱਥ ਸਚ ਤੌਫ਼ੀਕ਼ੀ, ਤੋਹਫ਼ਾ ਕਲਮਾ ਝੋਲੀ ਪਾਈਆ। ਬਰਖ਼ੁਰਦਾਰੀ ਦੱਸੇ ਅਜ਼ੀਜ਼ੀ, ਨਿਮਰਤਾ ਇਕ ਦ੍ਰਿੜਾਈਆ। ਸਚ ਜਣਾਏ ਤਮੀਜ਼ੀ, ਭਰਮਾਂ ਦੂਰ ਕਰਾਈਆ। ਅਗੰਮ ਦੱਸ ਹਦੀਸੀ, ਹਜ਼ਰਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰਗਾਹ ਸਾਚੀ ਇਕ ਸੁਹਾਈਆ। ਸਦੀ ਚੌਧਵੀਂ ਕਹੇ ਜਿਸ ਹਿਰਦੇ ਅੰਦਰ ਮਹਿਬੂਬ, ਮੁਹੱਬਤ ਵਿਚ ਸਮਾਈਆ। ਦਿਵਸ ਰੈਣ ਮੌਜੂਦ, ਵਿਛੜ ਕਦੇ ਨਾ ਜਾਈਆ। ਸੁਹਾਏ ਉਚ ਅਰੂਜ, ਆਲੀਸ਼ਾਨ ਦਏ ਵਡਿਆਈਆ। ਮੰਜ਼ਲ ਹੱਕ ਮਕ਼ਸੂਦ, ਸਹਿਜੇ ਦਏ ਪੁਚਾਈਆ। ਜਿਥੇ ਖੇਲ ਹਜ਼ਾਰਾ ਦਰੂਦ, ਬਸਰੀ ਇਸਮ ਰਮਜ਼ ਸ਼ਨਵਾਈਆ। ਸੂਫ਼ੀਆਂ ਰੱਖੇ ਮਹਿਫ਼ੂਜ਼, ਨਜ਼ਰੇ ਕਰਮ ਦ੍ਰਿੜਾਈਆ। ਪਾਕ ਕਰ ਤਨ ਵਜੂਦ, ਰੂਹ ਬੁਤ ਕਰੇ ਸਫ਼ਾਈਆ। ਕੂੜੀ ਕਿਰਿਆ ਕਰ ਨੇਸਤੋ ਨਾਬੂਦ, ਸਤਿ ਸਚ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰੰਗ ਦਏ ਰੰਗਾਈਆ। ਸਚ ਨਿਮਾਜ਼ ਸਦਾ ਸਚ ਕਲਾਮ, ਕਲਮਾ ਕਾਇਨਾਤ ਦਏ ਵਡਿਆਈਆ। ਜੋ ਵੇਖ ਵਖਾਣੇ ਆਲਮ ਆਲਮੀਨ ਉਲਮਾਨ, ਉਲਫਤ ਵਿਚ ਫੋਲ ਫੁਲਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖੇ ਸਭ ਹਿੰਦੂ ਮੁਸਲਮਾਨ, ਮੁਸਮੱਮ ਆਪਣਾ ਖੇਲ ਕਰਾਈਆ। ਸਤਿ ਸਚ ਨਾਲ ਸਦਾ ਕ਼ਾਇਮ ਈਮਾਨ, ਖ਼ੁਦੀ ਤਕੱਬਰ ਡੇਰਾ ਢਾਹੀਆ। ਜਿਸ
❋
❋
ਦੇ ਅੰਦਰ ਵਸਿਆ ਹਜ਼ਰਤਾਂ ਦਾ ਹਜ਼ਰਤ ਇਮਾਮ, ਅਮਲਾਂ ਤੋਂ ਰਹਿਤ ਦਏ ਕਰਾਈਆ। ਮੇਟ ਅੰਧੇਰੀ ਸ਼ਾਮ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ । ਬਿਨ ਰਸਨਾ ਤੋਂ ਦੇ ਪੈਗ਼ਾਮ, ਅਗੰਮ ਆਵਾਜ਼ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ ਪਰਵਰਦਿਗਾਰ ਨੂਰ ਅਲਾਹੀਆ। ਸਚ ਨਿਮਾਜ਼ ਪੜ੍ਹੋ ਬਸ਼ੀਰ, ਬਸ਼ਰਤੇ ਇਕੋ ਰੰਗ ਵਖਾਈਆ। ਅੰਦਰ ਨਜ਼ਾਰਾ ਤੱਕੋ ਬੇਨਜ਼ੀਰ, ਜੋ ਨਜ਼ਰੀਆ ਦਏ ਬਦਲਾਈਆ। ਜਿਸ ਦੀ ਸਿਫ਼ਤਾਂ ਵਿਚ ਸਾਰੇ ਤਕ਼ਰੀਰ ਨਾਲ ਕਰ ਕੇ ਗਏ ਤਹਿਰੀਰ, ਲੇਖਾ ਲਿਖਤ ਨਾਲ ਵਡਿਆਈਆ। ਓਹ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਵੇਖਣਹਾਰ ਹਕੀਰ, ਪੀਰਾਂ ਦਾ ਪੀਰ ਨਜ਼ਰੀਂ ਆਈਆ। ਸੂਫ਼ੀਆਂ ਹੋਣ ਨਾ ਦੇਵੇ ਕਦੇ ਦਿਲਗੀਰ, ਦਿਲਦਾਰ ਦਿਲਬਰ ਆਪਣਾ ਮੇਲ ਮਿਲਾਈਆ। ਤਨ ਵਜੂਦ ਮਾਟੀ ਖ਼ਾਕ ਬਦਲ ਦਏ ਤਾਸੀਰ, ਤਹਿਜ਼ੀਬ ਇਕ ਦ੍ਰਿੜਾਈਆ। ਜਿਸ ਦੀ ਮਹਿੰਮਾ ਸਿਫ਼ਤ ਕਰੇ ਕ਼ੁਰਾਨ ਮਜੀਦ, ਧੁਰ ਦਾ ਭੇਵ ਖੁਲ੍ਹਾਈਆ। ਸੋ ਆਸਾ ਮਨਸਾ ਪੂਰੀ ਕਰੇ ਉਮੀਦ, ਤ੍ਰਿਸ਼ਨਾ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰਵਾਨ ਇਕ ਅਖਵਾਈਆ। ਸਦਾ ਕਰੇ ਖ਼ੁਦਾਵੰਦ ਮਿਹਰਵਾਨੀ, ਮਹਿਬੂਬ ਧੁਰਦਰਗਾਹੀਆ। ਜਿਸ ਦਾ ਆਦਿ ਜੁਗਾਦਿ ਨਾ ਕੋਇ ਸਾਨੀ, ਲਾਸ਼ਰੀਕ ਨੂਰ ਅਲਾਹੀਆ। ਸ਼ਾਹੋ ਭੂਪ ਧੁਰ ਸੁਲਤਾਨੀ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦਾ ਫ਼ਰਮਾਨ ਪੈਗ਼ੰਬਰ ਦੇਂਦੇ ਗਏ ਪੈਗ਼ਾਮੀ, ਸੁਨੇਹੜਾ ਹੱਕ ਸੁਣਾਈਆ। ਓਸੇ ਦੀ ਸਿਫ਼ਤ ਓਸੇ ਦੀ ਮਹਿਮਾ ਓਸੇ ਦੀ ਸਲਾਮੀ, ਸਲਾਮਾਲੈਕਮ ਕਹਿ ਕੇ ਆਪਣਾ ਰੰਗ ਰੰਗਾਈਆ। ਚਾਰ ਕੁੰਟ ਦਹਿ ਦਿਸ਼ਾ ਦੀਨ ਦੁਨੀ ਜਗਤ ਨਾਦਾਨੀ, ਆਲਮ ਇਲਮ ਨਾ ਕੋਇ ਵਡਿਆਈਆ। ਜਿੰਨਾਂ ਚਿਰ ਹੱਕ ਖ਼ੁਦਾ ਖ਼ੁਦ ਮਾਲਕ ਕਰੇ ਨਾ ਆਪ ਮਿਹਰਬਾਨੀ, ਮਹਿਬੂਬ ਮਿਲਣ ਕੋਇ ਨਾ ਪਾਈਆ। ਮਿਹਰ ਅੰਦਰ ਮੁਹੱਬਤ ਅੰਦਰ ਅੰਦਰੋਂ ਕੱਢ ਦੇਵੇ ਬੇਈਮਾਨੀ, ਸ਼ਰਅ ਸ਼ੈਤਾਨੀ ਨਾ ਕੋਇ ਜਣਾਈਆ। ਮਾਲਕ ਮਿਲੇ ਓਹ ਅਸਮਾਨੀ, ਜੋ ਜਿਸਮਾਨੀ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰ ਏਕੰਕਾਰ ਪਰਵਰਦਿਗਾਰ ਸਾਂਝਾ ਯਾਰ ਜਲਵਾਗਰ ਵਾਹਦ ਲਾਸ਼ਰੀਕ ਨਿਰਗੁਣ ਧਾਰ ਨਿਰਾਕਾਰ ਨਿਰਵੈਰ ਇਕ ਅਖਵਾਈਆ।
੨੦ ਪੋਹ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਸਦੀ ਚੌਧਵੀਂ ਕਹੇ ਸਤਿ ਧਰਮ ਹੋਣ ਲੱਗਾ ਤਲੂਹ, ਆਫ਼ਤਾਬ ਇਕ ਰੁਸ਼ਨਾਈਆ। ਸਭ ਦਾ ਪ੍ਰਗਟ ਹੋਣ ਲੱਗਾ ਸ਼ਬਦ ਗੁਰੂ, ਗੁਰਦੇਵ ਬੇਪ੍ਰਵਾਹੀਆ। ਜਿਸ ਨੇ ਆਦਿ ਕੀਤਾ ਸ਼ੁਰੂ, ਅੰਤ ਆਪਣੇ ਹੱਥ ਰਖਾਈਆ। ਆਪਣੀ ਕਰਨੀ ਕਰਨੇ ਤੋਂ ਕਦੇ ਨਾ ਮੁੜੂ, ਨਾ ਕੋਈ ਰੋਕੇ ਰੋਕ ਰੁਕਾਈਆ। ਆਪਣੇ ਹੁਕਮੇ ਅੰਦਰ ਆਪੇ ਤੁਰੂ, ਤੁਰਤ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਖੇਲ ਅਪਾਰ, ਅਪਰੰਪਰ ਸੁਆਮੀ ਰਿਹਾ ਵਖਾਈਆ। ਜਿਸ ਦੀ ਮੈਂ ਖ਼ਿਦਮਤਗਾਰ, ਓਹ ਖ਼ਿਦਮਤ ਸਭ ਦੀ ਰਿਹਾ ਕਮਾਈਆ। ਕਿਰਪਾ ਕਰ ਸੱਚੀ ਸਰਕਾਰ, ਸਾਚਾ ਮੇਲਾ ਰਿਹਾ ਮਿਲਾਈਆ। ਮੈਂ
❋
❋
ਨਿਵ ਨਿਵ ਕਰਾਂ ਨਿਮਸਕਾਰ, ਨਿਉਂ ਨਿਉਂ ਲਾਗਾਂ ਪਾਈਂਆ। ਤੇਰਾ ਖੇਲ ਅਪਰ ਅਪਾਰ, ਅਗੰਮ ਤੇਰੀ ਵਡਿਆਈਆ। ਕਿਰਪਾ ਕਰ ਸੱਚੀ ਸਰਕਾਰ, ਹਰਿ ਕਰਤੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਸਚ ਕਰਾਂ ਇਜ਼ਹਾਰ, ਇਸ਼ਤਿਹਾਰੀ ਦਿਆਂ ਜਣਾਈਆ। ਲੋਆਂ ਪੁਰੀਆਂ ਕਰ ਕੇ ਖ਼ਬਰਦਾਰ, ਬ੍ਰਹਿਮੰਡਾਂ ਦਿਆਂ ਉਠਾਈਆ । ਮੇਰੀ ਆਈ ਖ਼ੁਸ਼ੀ ਬਹਾਰ, ਰੁਤੜੀ ਸਚ ਮਹਿਕਾਈਆ। ਹੁਕਮ ਦੱਸਾਂ ਧੁਰ ਸਰਕਾਰ, ਕੀ ਕਰਤਾ ਰਿਹਾ ਜਣਾਈਆ। ਛੱਬੀ ਪੋਹ ਵਕ਼ਤ ਵਿਚਾਰ, ਬਾਰਾਂ ਵਜੇ ਨਾਲ ਮਿਲਾਈਆ। ਦਸ ਗੁਰਮੁਖ ਸੋਹਣੇ ਲਿਆਉਣ ਹਾਰ, ਅੰਤਰ ਚਾਓ ਬਣਾਈਆ। ਦਸ ਬੀਬੀਆਂ ਨਾਲ ਹੋਣ ਤਿਆਰ, ਹੱਥਾਂ ਵਿਚ ਉਠਾਈਆ। ਜੋ ਸਦੀ ਚੌਧਵੀਂ ਦੀ ਗੋਲੀ ਹੋਵੇ ਸੇਵਾਦਾਰ, ਸੇਵਕਨ ਰੂਪ ਬਣਾਈਆ। ਇਕ ਇਕ ਫੜ ਕੇ ਗਲ ਵਿਚ ਦਏ ਡਾਲ, ਦਸ ਦਸ ਬੀਸ ਸੋਭਾ ਪਾਈਆ। ਗੁਰਮੁਖ ਖੜਕੌਣ ਤਲਵਾਰ ਨਾਲ ਤਲਵਾਰ, ਸੋਹਣੀ ਆਵਾਜ਼ ਬਣਾਈਆ। ਇਕ ਵਾਰ ਬੋਲ ਜੈਕਾਰ, ਜੈ ਜੈਕਾਰ ਦੇਣ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਸਾਚੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਚੌਦਾਂ ਹੋਣ ਪਹਿਰੇਦਾਰ, ਖ਼ਬਰਦਾਰੀ ਨਾਲ ਜਣਾਈਆ। ਇਹ ਹੁਕਮ ਸੱਚੀ ਸਰਕਾਰ, ਧੁਰ ਦੀ ਧਾਰ ਵਿਚੋਂ ਪ੍ਰਗਟਾਈਆ। ਸਭ ਨੂੰ ਕਰਦੇ ਰਹਿਣ ਖ਼ਬਰਦਾਰ, ਆਲਸ ਨਿੰਦਰਾ ਵਿਚ ਕੋਇ ਨਾ ਆਈਆ। ਖ਼ੁਸ਼ੀਆਂ ਨਾਲ ਫਿਰਨ ਅੰਦਰ ਬਾਹਰ, ਅੱਗੇ ਹੋ ਨਾ ਕੋਇ ਅਟਕਾਈਆ। ਚੌਦਾਂ ਫੁਟ ਸਾਹਮਣੇ ਕੋਈ ਨਾ ਬਹੇ ਪੈਰ ਪਸਾਰ, ਖ਼ਾਲੀ ਜਗਹ ਨਜ਼ਰੀ ਆਈਆ। ਜਿਥੇ ਮੈਂ ਨੱਚਾਂ ਟੱਪਾਂ ਖ਼ੁਸ਼ੀਆਂ ਕਰਾਂ ਇਜ਼ਹਾਰ, ਸੋਹਣਾ ਵੇਸ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਸਦੀ ਚੌਧਵੀਂ ਕਹੇ ਮੇਰਾ ਮਾਲਕ ਹੋਣਾ ਅਦਲੀ, ਮੇਰਾ ਸੰਗ ਬਣਾਈਆ। ਚੌਦਾਂ ਪਹਿਰੇਦਾਰਾਂ ਦੀ ਤਿੰਨ ਵਾਰ ਹੋਵੇ ਬਦਲੀ, ਪੋਹ ਛੱਬੀ ਸੋਭਾ ਪਾਈਆ। ਗੁਰਮੁਖ ਖੜ੍ਹਾ ਹੋਵੇ ਕੋਈ ਨਾ ਨਕਲੀ, ਜੋ ਅੰਦਰ ਵਿਕਾਰ ਬਣਾਈਆ। ਹਰਿਸੰਗਤ ਵਿਚ ਭਗਤ ਰਹਿਣਾ ਜੋ ਅਸਲੀ, ਅਸਲ ਦਾ ਅਸਲ ਦੇਣਾ ਸਮਝਾਈਆ। ਯਾਰ ਮਿਲੇ ਮਹਿਬੂਬ ਵਸਲੀ, ਨਾਤਾ ਆਪਣੇ ਨਾਲ ਰਖਾਈਆ। ਭਗਵਨ ਮਿਲਣ ਦੀ ਧਾਰ ਬੜੀ ਪਤਲੀ, ਬਾਰੀਕ ਨੇਤਰ ਨਜ਼ਰ ਕਿਸੇ ਨਾ ਆਈਆ। ਜਿਨ੍ਹਾਂ ਅੰਦਰ ਰਮਜ਼ ਲੱਗ ਗਈ, ਇਸ਼ਾਰੇ ਨਾਲ ਜਣਾਈਆ। ਓਹ ਕਦੇ ਨਾ ਜਾਵਣ ਜੰਗਲੀਂ, ਜੂਹਾਂ ਵਿਚ ਨਾ ਫੇਰਾ ਪਾਈਆ। ਚੜ੍ਹ ਹਕ਼ੀਕ਼ੀ ਮੰਜ਼ਲੀ, ਪ੍ਰਭ ਦੇ ਵਿਚ ਸਮਾਈਆ। ਸੇਜ ਸੁਹੰਜਣੀ ਵੇਖਣ ਰੰਗਲੀ, ਹਰਿ ਕਰਤਾ ਆਪ ਰੰਗਾਈਆ। ਓਥੇ ਵਸਤ ਪਏ ਕੋਇ ਨਾ ਮੰਗਣੀ, ਤ੍ਰਿਸ਼ਨਾ ਭੁੱਖ ਨਾ ਕੋਇ ਰਖਾਈਆ। ਇਕੋ ਨੂਰ ਜੋਤ ਅਗੰਮੀ ਜਗਣੀ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਦੱਸਾਂ ਰਮਜ਼ ਡੂੰਘੀ, ਖ਼ਾਲਕ ਵਿਚੋਂ ਫੋਲ ਫੁਲਾਈਆ। ਇਕ ਧੂਣੀ ਤਾਉਣੀ ਧੂੰ ਦੀ, ਇੱਕੀ ਪਾਥੀਆਂ ਨਾਲ ਰਖਾਈਆ। ਉਤੇ ਪੋਟਲੀ ਸਾੜਨੀ ਸਵਾ ਪਾ ਰੂੰ ਦੀ, ਜੋ ਮੁਹੰਮਦ ਸੰਗ ਰਖਾਈਆ। ਇਕ ਬੇੜੀ ਉਤੇ ਰੱਖਣੀ ਨੂਹ ਦੀ, ਮੁਹੰਮਦ ਕ਼ਬਰ ਦਏ ਗਵਾਹੀਆ। ਇਕ ਬੇਰੀ ਟਹਿਣੀ ਰਖਣੀ ਜੂਹ ਦੀ, ਜੂਏਬਾਜ਼ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਪੁਸ਼ਪਾ ਲੈ ਕੇ ਆਏ ਪੁਸ਼ਪ, ਪੋਸ਼ਾਕ ਫੂਲਨ ਸੋਭਾ ਪਾਈਆ।
❋
❋
ਪੰਜ ਮੇਵੇ ਲਿਆਉਣੇ ਖ਼ੁਸ਼ਕ, ਪੰਜ ਛੁਹਾਰੇ ਨਾਲ ਸੁਹਾਈਆ । ਪੰਜ ਬਦਾਮ ਰੱਖਣੇ ਦਰੁਸਤ, ਪੰਚਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਤਿੰਨ ਬਾਰ ਕਰਨੀ ਪੁਸ਼ਪ ਬਰਖਾ, ਪੰਜ ਪਿਆਰੇ ਸੇਵ ਕਮਾਈਆ। ਤਿੰਨ ਵਾਰ ਬੀਬੀਆਂ ਉਚਾ ਕਰਨ ਬਰਛਾ, ਜੋ ਤਿੱਖੇ ਮੁੱਖ ਰਖਾਈਆ। ਫੇਰ ਸਭ ਨੇ ਆਪਣੀ ਜੇਬ ਵਿਚੋਂ ਕੱਢਣਾ ਚਿੱਟਾ ਪਰਚਾ, ਪਰਚੀ ਹੱਥ ਵਿਚ ਉਠਾਈਆ। ਹਰ ਇਕ ਨੇ ਹਿਰਦੇ ਅੰਦਰ ਭਗਤ ਦੁਆਰੇ ਭਰਤੀ ਹੋਣ ਦੀ ਕਰਨੀ ਚਰਚਾ, ਚਿਰੀ ਵਿਛੁੰਨੇ ਲਏ ਮਿਲਾਈਆ। ਪੁਰਖ ਅਕਾਲ ਦੀਨ ਦਿਆਲ ਨਾਮ ਭੰਡਾਰਾ ਦੇਣ ਲੱਗਾ ਅੱਗੇ ਕਰੇ ਕੋਈ ਨਾ ਸਰਫਾ, ਮਿਹਰ ਨਜ਼ਰ ਨਾਲ ਤਰਾਈਆ। ਧੁਰ ਦਾ ਦੇਵੇ ਅਗੰਮੀ ਖਰਚਾ, ਰਾਹ ਵਿਚ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਤੇਰੀ ਆਸ ਰਖਾਈਆ। ਸਦੀ ਚੌਧਵੀਂ ਕਹੇ ਪੰਜ ਗੁਰਮੁਖ ਮੇਰੇ ਪੈਰਾਂ ਹੇਠਾਂ ਹੱਥ ਧਰਨ, ਕ਼ਦਮ ਵਾਰੀ ਵਾਰੀ ਟਿਕਾਈਆ। ਮੁਖੋਂ ਕਹਿਣ ਅਸੀਂ ਧਰਮ ਦਾ ਚਾਹੁੰਦੇ ਮਰਨ, ਜੀਵਣ ਸਤਿਗੁਰ ਝੋਲੀ ਪਾਈਆ। ਫੇਰ ਕੰਨੀ ਘੁੱਟ ਕੇ ਫੜਨ, ਨੇਤਰ ਨੈਣਾਂ ਨੀਰ ਵਹਾਈਆ। ਫੇਰ ਸੋਹੰ ਢੋਲਾ ਪੜ੍ਹਨ, ਸਾਡੀ ਕੱਟ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਜੋ ਮੇਰੀ ਹੋਵੇ ਬਾਂਦੀ, ਬੰਦਨਾ ਕਰ ਕੇ ਸੀਸ ਨਿਵਾਈਆ। ਸਿਰ ਕਾਲੇ ਰੰਗ ਦੀ ਹੋਵੇ ਪਰਾਂਦੀ, ਸਵਾ ਹੱਥ ਲੰਮੀ ਸੋਭਾ ਪਾਈਆ। ਭਰੀ ਹੋਵੇ ਚਾਅ ਦੀ, ਚਿੰਤਾ ਗ਼ਮ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸਦੀ ਚੌਧਵੀਂ ਕਹੇ ਗੁਰਮੁਖ ਸੁਣ ਲੈ ਇਕ ਬਾਤ, ਰਵਦਾਸ ਦਿਆਂ ਜਣਾਈਆ। ਤਿੰਨਾਂ ਰੰਗਾਂ ਦੀ ਤੇਰੇ ਕੋਲ ਹੋਵੇ ਦਵਾਤ, ਸਿਆਹੀ ਵੱਖ ਵੱਖ ਵੰਡਾਈਆ। ਨੌ ਕੋਰੇ ਰੱਖਣੇ ਕਾਗ਼ਜ਼ਾਤ, ਆਪਣੇ ਕੋਲ ਛੁਪਾਈਆ। ਇਕ ਜਲਕਾਜ਼ੂ ਲਿਖ ਕੇ ਰੱਖਣਾ ਪਾਸ, ਜੇਬ ਵਿਚ ਛੁਪਾਈਆ। ਅਗਲਾ ਖੇਲ ਪੁਰਖ ਅਬਿਨਾਸ਼, ਹਰਿ ਕਰਤਾ ਦਏ ਦ੍ਰਿੜਾਈਆ। ਜਿਹੜੀ ਸੇਵਾ ਬਾਕੀ ਕਰਨੀ ਖ਼ਾਸ, ਓਹ ਭੇਵ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਕਰਨੀ ਇਕ ਨਿਮਸਕਾਰੀ, ਨਿਉਂ ਨਿਉਂ ਸੀਸ ਨਿਵਾਈਆ। ਪ੍ਰਭੂ ਨੂੰ ਕਹਿਣਾ ਗੁਰਮੁਖ ਦੇ ਨਾਲ ਚਾਰ ਹੋਰ ਹੋਣ ਲਿਖਾਰੀ, ਜੋ ਲੇਖਾ ਲੇਖੇ ਨਾਲ ਬਣਾਈਆ। ਸਤਿਗੁਰ ਸ਼ਬਦ ਸਾਚੀ ਵੇਖਣ ਧਾਰੀ, ਧਰਨੀ ਧਰਤ ਧਵਲ ਨਾ ਕੋਇ ਵਡਿਆਈਆ । ਰਵਦਾਸ ਵਾਂਗਣ ਪੱਕੀ ਲਾਵਣ ਯਾਰੀ, ਨਾਤਾ ਮਾਤ ਪਿਤ ਤੁੜਾਈਆ। ਭੈਣ ਭਰਾ ਦਾ ਦੁੱਖ ਨਾ ਲੱਗੇ ਭਾਰੀ, ਨਾਰ ਕੰਤ ਕਰੇ ਜੁਦਾਈਆ। ਮੰਜ਼ੂਰ ਕਰੇ ਸਾਹਿਬ ਦੀ ਬਰਖ਼ੁਰਦਾਰੀ, ਆਜਜ਼ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਨਾਲ ਮਿਲਾਈਆ। ਸਦੀ ਚੌਧਵੀਂ ਕਹੇ ਧੁਰ ਫ਼ਰਮਾਨਾ ਰਿਹਾ ਭੇਜ, ਹਰਿ ਕਰਤਾ ਆਪ ਜਣਾਈਆ। ਮੇਰੀ ਫੁੱਲਾਂ ਦੀ ਹੋਵੇ ਸੇਜ, ਸਿੰਘਾਸਣ ਸੋਹਣਾ ਲੈਣਾ ਸਜਾਈਆ। ਉਤੇ ਖ਼ਾਲੀ ਰੱਖੀ ਹੋਵੇ ਇਕ ਕਤੇਬ, ਕਾਗ਼ਜ਼ ਚਿੱਟੇ ਨਜ਼ਰੀ ਆਈਆ। ਗੁਰਮੁਖ ਸਤਿਗੁਰ ਨਾਲ ਕਦੇ ਨਾ ਕਰੇ ਫ਼ਰੇਬ, ਧੋਖਾ ਝੂਠ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਚ ਦਏ ਦ੍ਰਿੜਾਈਆ। ਸਦੀ ਚੌਧਵੀਂ ਕਹੇ ਛੱਬੀ ਪੋਹ ਸਾਢੇ ਨੌਂ, ਰੈਣ ਖ਼ੁਸ਼ੀਆਂ ਵਾਲੀ ਆਈਆ। ਹਰਿਭਗਤ ਕੋਈ ਨਾ
❋
❋
ਜਾਏ ਸੌਂ, ਸੁੱਤਿਆਂ ਲੈਣਾ ਉਠਾਈਆ। ਤਿੰਨ ਵਾਰ ਪੁਰਖ ਅਕਾਲ ਦੀਨ ਦਿਆਲ ਹਰਿ ਸੰਗਤ ਗਿਰਦ ਲਏ ਭੌਂ, ਚੱਕਰ ਚਾਕਰਾਂ ਵਾਲਾ ਲਾਈਆ। ਹਰਿਜਨ ਉਠਾਏ ਫੜ ਕੇ ਬਾਹੋਂ, ਸਹਿਜੇ ਲਏ ਮਿਲਾਈਆ। ਆਪ ਭਗਤਾਂ ਦੇ ਲਾਗੇ ਪਾਉਂ, ਨਿਉਂ ਕੇ ਸੀਸ ਨਿਵਾਈਆ। ਮੁਖੋਂ ਕਹੇ ਜਨ ਭਗਤੋ ਤੁਸਾਂ ਮੈਨੂੰ ਨਥਾਵੇਂ ਨੂੰ ਦਿਤਾ ਥਾਉਂ, ਭਗਤ ਦਵਾਰਾ ਮਾਤ ਬਣਾਈਆ। ਬੇਸ਼ਕ ਮੈਂ ਤੁਹਾਡਾ ਪਿਤਾ ਮਾਉਂ, ਤੁਸੀਂ ਸੋਹਣੇ ਬੱਚੇ ਜੋ ਬੱਚੇ ਹੋ ਕੇ ਸੇਵ ਕਮਾਈਆ। ਜਿਸ ਧਾਰ ਵਿਚ ਗੋਬਿੰਦ ਕਿਹਾ ਵਾਹੋ ਵਾਹੋ, ਵਾਹ ਵਹਿਗੁਰੂ ਤੇਰੀ ਵਡਿਆਈਆ। ਉਸ ਦਾ ਲੇਖਾ ਚੁਕਾਵਾਂ ਚਾਓ ਚਾਓ, ਚਾਓ ਘਨੇਰਾ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਪੁਸ਼ਪਾ ਤਿੰਨ ਸਾਲ ਤਰੇਠ ਦਿਨ ਰੁਕਮਣੀ ਦੀ ਰਹੀ ਦਾਸੀ, ਚੋਰੀ ਛੁਪੇ ਸੇਵ ਕਮਾਈਆ। ਖ਼ੁਸ਼ੀਆਂ ਨਾਲ ਕਰਦੀ ਹਾਸੀ, ਹੱਸ ਕੇ ਦਿਤਾ ਜਣਾਈਆ। ਸਖ਼ੀ ਤੇਰਾ ਕਾਹਨ ਸਾਡਾ ਪੁਰਖ ਅਬਿਨਾਸ਼ੀ, ਕਿਸ ਦੀ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਰਖਾਈਆ। ਰੁਕਮਣੀ ਤੱਕਿਆ ਆ ਗਿਆ ਕਾਹਨ, ਘਨਈਆ ਬੰਸਰੀ ਹੱਥ ਉਠਾਈਆ। ਹੱਸ ਕੇ ਲੱਗਾ ਸੁਣਾਨ, ਕੀ ਬਾਤਾਂ ਰਹੀਆਂ ਪਾਈਆ। ਰੁਕਮਣੀ ਨੱਕ ਚੜ੍ਹਾ ਕੇ ਕਿਹਾ ਦਾਸੀ ਕਹੇ ਨੀ ਤੇਰਾ ਕਾਹਨ ਤੇ ਮੇਰਾ ਭਗਵਾਨ, ਕਿਸ ਵਿਚ ਵਡਿਆਈਆ। ਕ੍ਰਿਸ਼ਨ ਹੱਥ ਉਤੇ ਹੱਥ ਮਾਰ ਕੇ ਕਿਹਾ ਮੇਰਾ ਤੱਤਾਂ ਵਾਲਾ ਨਿਸ਼ਾਨ, ਅੰਤ ਰਹਿਣ ਕੋਇ ਨਾ ਪਾਈਆ। ਰੁਕਮਣੀ ਸਰੀਰ ਦਾ ਨਹੀਂ ਮਾਣ, ਅੰਤ ਸੰਗ ਨਾ ਕੋਇ ਨਿਭਾਈਆ। ਦਾਸੀ ਦਾ ਭਗਵਾਨ ਸਦਾ ਨੌਜਵਾਨ, ਜੰਮਣ ਮਰਨ ਵਿਚ ਕਦੇ ਨਾ ਆਈਆ। ਜਿਸ ਵੇਲੇ ਫੇਰ ਆਵਾਂ ਵਿਚ ਜਹਾਨ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਓਸ ਵੇਲੇ ਮੇਲਾ ਮੇਲਾਂ ਹੋ ਕੇ ਦਇਆਵਾਨ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ । ਸਦੀ ਚੌਧਵੀਂ ਕਹੇ ਇਹ ਖੇਲ ਅਪਾਰ, ਅਪਰੰਪਰ ਦਿਆਂ ਜਣਾਈਆ। ਓਸ ਦਿਨ ਦਾਸੀ ਲੈ ਕੇ ਆਈ ਸੀ ਹਾਰ, ਰੁਕਮਣੀ ਗਲ ਨਾ ਕੋਇ ਛੁਹਾਈਆ। ਉਸ ਲਿਆ ਕੇ ਕ੍ਰਿਸ਼ਨ ਅੱਗੇ ਬਾਂਹ ਦਿਤੀ ਪਸਾਰ, ਖ਼ੁਸ਼ੀਆਂ ਨਾਲ ਵਧਾਈਆ। ਕ੍ਰਿਸ਼ਨ ਕਿਹਾ ਨਹੀਂ ਰੁਕਮਣੀ ਜਿਸ ਵੇਲੇ ਬਣ ਕੇ ਆਵਾਂ ਭਗਤਾਂ ਦਾ ਭਗਵਾਨ, ਭਗਵਨ ਹੋ ਕੇ ਫੇਰਾ ਪਾਈਆ। ਫੇਰ ਕਰਾਂ ਪਰਵਾਨ, ਪਰਵਾਨਾ ਧੁਰ ਦਾ ਨਾਮ ਜਣਾਈਆ। ਸਦੀ ਚੌਧਵੀਂ ਕਹੇ ਸੋ ਵਕ਼ਤ ਪਹੁੰਚਿਆ ਆਣ, ਲੇਖਾ ਲੇਖੇ ਵਿਚ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲਹਿਣਾ ਗੁਰਮੁਖਾਂ ਰਿਹਾ ਚੁਕਾਈਆ।