ਪੁਸਤਕਾਲਾਭਾਗ ੨੧

੧੪ ਫੱਗਣ ਸ਼ਹਿਨਸ਼ਾਹੀ ਸੰਮਤ ੪ ਲਾਲ ਸਿੰਘ ਦੇ ਗ੍ਰਹਿ ਪਿੰਡ ਗੁਜਰਾਤ

ਨੀ ਗੰਗਾ ਨੀ ਸੁਰਸਤੀ ਆਹ ਲਓ ਪਾਤੀ, ਗੋਦਾਵਰੀ ਹੱਸ ਕੇ ਰਹੀ ਸੁਣਾਈਆ। ਭੈਣੇ ਕਿਹਦੀ ਚਿੱਠੀ ਕਿਸ ਨੇ ਵਾਚੀ, ਪੜ੍ਹ ਕੇ ਦੇ ਸੁਣਾਈਆ। ਅੜੀਓ ਰਾਵੀ ਨੇ ਘੱਲੀ ਮੇਰੇ ਕੰਢੇ ਔਣਾ ਕਮਲਾਪਾਤੀ, ਪਤਿਪਰਮੇਸ਼ਵਰ ਫੇਰਾ ਪਾਈਆ। ਤੁਸੀਂ ਆਓ ਬਦਲ ਲਓ ਆਪਣੀ ਹਯਾਤੀ, ਜੀਵਣ ਜੁਗਤ ਉਲਟਾਈਆ। ਅੱਗੇ ਸਿਫ਼ਤ ਸੁਣੀ ਤੁਸੀਂ ਕਾਗ਼ਜ਼ਾਤੀ, ਹੁਣ ਦਰਸ਼ਨ ਲਓ ਪਾਈਆ। ਪੰਧ ਮੁਕਾਉਣਾ ਵਾਟੀ, ਭੱਜਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੁਕਮ ਰਿਹਾ ਸੁਣਾਈਆ। ਸੁਣ ਕੇ ਗੰਗਾ ਪੈ ਗਈ ਸੋਚੀਂ, ਹੱਥ ਮੱਥੇ ਉਤੇ ਟਿਕਾਈਆ। ਜਮਨਾ ਹਲੂਣ ਕੇ ਕਿਹਾ, ਭੈਣੇ ਤੇਰਾ ਤੇ ਓਥੇ ਮਿਤ੍ਰ ਪਿਆਰਾ ਰਵਦਾਸ ਚਮਾਰਾ ਮੋਚੀ, ਪਿਛਲਾ ਨਜ਼ਰੀ ਆਈਆ। ਸੁਰਸਤੀ ਕਹੇ ਉਹ ਕੱਲਾ ਨਹੀਂ ਉਹਦੇ ਨਾਲ ਪ੍ਰੀਤਮ ਚੋਜੀ, ਸੋਹਣਾ ਸੰਗ ਬਣਾਈਆ। ਗੋਦਾਵਰੀ ਕਹੇ ਕਮਲੀਓ ਉਹਦੇ ਕੋਲ ਉਹਦੇ ਭਗਤ ਬੈਠੇ ਵਿਚ ਗੋਦੀ, ਮੈਂ ਗੋਦਾਵਰੀ ਰੋ ਕੇ ਦਿਆਂ ਦੁਹਾਈਆ। ਨੀ ਸਾਡਾ ਚੌਹਾਂ ਦਾ ਪਾਣੀ ਨਾ ਹੋਇਆ ਨਿਰਮਲ ਉਹ ਗੁਰਮੁਖਾਂ ਦਾ ਬਣ ਗਿਆ ਧੋਬੀ, ਦੁਰਮਤ ਮੈਲ ਧਵਾਈਆ। ਚਾਰ ਜੁਗ ਦੇ ਗੁਰ ਅਵਤਾਰ ਪੈਗ਼ੰਬਰ ਸੰਤ ਭਗਤ ਜੋਗੀ, ਜੁਗਤੀ ਨਾਲ ਸਾਰੇ ਸੀਸ ਨਿਵਾਈਆ। ਇਕੋ ਨਿਗਾਹ ਤੱਕੇ ਧੋਤੀ ਟਿੱਕਾ ਜੰਞੂ ਬੋਦੀ, ਬੋਦਿਆਂ ਵਾਲੇ ਵੇਖ ਵਖਾਈਆ। ਜਮਨਾ ਕਹੇ ਗੰਗੀ ਜ਼ਰੂਰ ਨਾਲ ਲੈ ਕੇ ਜਾਵੀਂ ਰਵਦਾਸ ਵਾਲੀ ਕੌਡੀ, ਕਸੀਰਾ ਆਪਣੇ ਹੱਥ ਉਠਾਈਆ। ਨਿਮਸਕਾਰ ਕਰੀਂ ਜਾ ਕੇ ਹੱਥ ਲਾਵੀਂ ਗੋਡੀਂ, ਸੁਰਸਤੀ ਕਹੇ ਭੈਣੇ ਨਵੀਂ ਬੋਲੀ ਬੋਲੀਂ, ਗੁਡ ਮਾਰਨਿੰਗ ਕਹਿ ਕੇ ਦੇਣਾ ਸੁਣਾਈਆ। ਇਹ ਤੇ ਗੱਲ ਸਾਡੀ ਪੁਰਾਣੀ ਘਰੋਗੀ, ਕਿਉਂਕਿ ਵਿਚੋਲਾ ਰਵਦਾਸ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੁਰਸਤੀ ਕਹੇ ਨੀ ਗੰਗਾ ਤੈਨੂੰ ਸਚ ਕਹਿੰਦੇ ਗੰਗਾ ਮਾਤਾ, ਤੇ ਮਾਂ ਆਖਣ ਵਾਲਿਆਂ ਨੂੰ ਕਦੀ ਪਿਓ ਵੀ ਦਈਂ ਵਖਾਈਆ। ਅੱਗੇ ਐਵੇਂ ਕਹੀ ਗਏ ਓਹ ਪੁਰਖ ਬਿਧਾਤਾ, ਪੁਰਖੋਤਮ ਇਕ ਅਖਵਾਈਆ। ਭਗਤਾਂ ਜੋੜੇ ਨਾਤਾ, ਧੁਰ ਦਾ ਮੇਲ ਮਿਲਾਈਆ। ਸ਼ਬਦੀ ਦੱਸਦਾ ਆਇਆ ਗਾਥਾ, ਜੁਗ ਜੁਗ ਕਰ ਪੜ੍ਹਾਈਆ। ਗੁਰ ਅਵਤਾਰ ਪੈਗ਼ੰਬਰਾਂ ਮਨੌਂਦਾ ਰਿਹਾ ਆਖਾ, ਹੁਕਮੀ ਹੁਕਮ ਸਮਝਾਈਆ। ਸਚਖੰਡ ਦਵਾਰੇ ਬਣਿਆ ਰਿਹਾ ਰਾਖਾ, ਜਗਤ ਜਹਾਨ ਨਜ਼ਰ ਨਾ ਆਈਆ। ਉਹਦਾ ਦਰਸ਼ਨ ਪੌਣਾ ਸਾਖਿਆਤਾ, ਸਾਖੀ ਪਿਛਲੀ ਦੇਣੀ ਭੁਲਾਈਆ। ਚਰਨ ਚੁੰਮ ਕੇ ਬਣਾ ਲੈ ਆਪਣਾ ਨਾਤਾ, ਅਗਲਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੰਗਾ ਕਹੇ ਮੈਂ ਜਗਤ ਦੀ ਮਾਤਾ ਤੇ ਓਸ ਦੀ ਗੰਗੀ, ਚਰਨਾਂ ਵਿਚ ਰਖਾਈਆ। ਧੂੜੀ ਨਾਲ ਰਿਹਾ ਰੰਗੀ, ਆਪਣਾ ਰੰਗ ਰੰਗਾਈਆ। ਮਾਣ ਵਡਿਆਈ ਦੇ ਕੇ ਚੰਗੀ, ਚੰਦ ਵਾਂਗ ਚਮਕਾਈਆ। ਹੁਕਮ ਦੀ ਲਾ ਪਾਬੰਦੀ, ਵਹਿਣਾਂ ਵਿਚ ਵਹਾਈਆ। ਮੈਨੂੰ ਲਿਖ ਕੇ ਦਿਤੀ ਇਕ ਸੰਦੀ, ਸਨਦ ਮੇਰੇ ਵਿਚ ਛੁਪਾਈਆ। ਜਿਸ ਵੇਲੇ ਕਲਜੁਗ ਅੰਤਮ ਆਇਆ ਕੰਢੀ, ਕੰਡਾ ਖ਼ਾਰ ਚੁੱਭੇ ਲੋਕਾਈਆ। ਮੈਂ ਆਵਾਂ ਵਿਚ ਵਰਭੰਡੀ, ਆਪਣਾ ਫੇਰਾ ਪਾਈਆ। ਮੈਨੂੰ ਸ੍ਰਿਸ਼ਟੀ ਕਹੇ ਪਾਖੰਡੀ, ਭੇਵ ਨਾ ਕਿਸੇ ਜਣਾਈਆ। ਆਪਣੀ ਖੇਲ ਕਰੇ ਬਹੁ ਰੰਗੀ, ਅਨਕ ਕਲਧਾਰੀ ਆਪਣੀ ਕਲ ਪ੍ਰਗਟਾਈਆ। ਪਵਣ ਦੇਵੇ ਠੰਡੀ, ਅਗਨੀ ਤਤ ਬੁਝਾਈਆ। ਮੇਰੀ ਅੱਖ ਰਹੇ ਨਾ ਅੰਧੀ, ਨੇਤਰ ਦਏ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਗੰਗਾ ਕਹੇ ਤੂੰ ਕਿਉਂ ਹੱਸੀ ਸੁਰਸਤੀ, ਅੰਗੀ ਤਨ ਨਾ ਕੋਇ ਛੁਪਾਈਆ। ਭੈਣੇ ਮੈਨੂੰ ਪ੍ਰੇਮ ਵਾਲੀ ਆ ਗਈ ਮਸਤੀ, ਮੈਂ ਬੁੱਢੀ ਨੱਢੀ ਆਪਣਾ ਰੂਪ ਬਦਲਾਈਆ। ਮੈਨੂੰ ਖ਼ੁਸ਼ੀ ਹੋਈ ਮੈਂ ਤੱਕਣਾ ਪ੍ਰੀਤਮ ਅਰਸ਼ੀ, ਮਾਲਕ ਧੁਰਦਰਗਾਹੀਆ। ਮੈਂ ਜੁਗ ਚੌਕੜੀ ਖ਼ਸਮ ਨਹੀਂ ਕੀਤਾ ਕੋਈ ਫ਼ਰਜ਼ੀ, ਜੋ ਜੰਮਿਆ ਤੇ ਮਰ ਜਾਈਆ। ਇਕੋ ਬੇਨੰਤੀ ਤੇ ਇਕੋ ਅਰਜ਼ੀ, ਇਕੋ ਦਵਾਰੇ ਦਿਤੀ ਟਿਕਾਈਆ। ਜਿਸ ਵੇਲੇ ਆਵੇਂ ਬਣ ਕੇ ਭਗਤਾਂ ਦਾ ਦਰਦੀ, ਨਿਰਗੁਣ ਆਪਣਾ ਫੇਰਾ ਪਾਈਆ। ਮੈਨੂੰ ਵੀ ਸੇਵਾ ਬਖ਼ਸ਼ੀਂ ਆਪਣੇ ਘਰ ਦੀ, ਚਾਕਰ ਹੋ ਕੇ ਸੇਵ ਕਮਾਈਆ। ਸਚ ਪੁੱਛੋ ਮੈਂ ਜੁਗ ਚੌਕੜੀ ਤੂੰ ਮੇਰਾ ਮੈਂ ਤੇਰਾ ਢੋਲਾ ਰਹੀ ਪੜ੍ਹਦੀ, ਏਸੇ ਮਸਤੀ ਵਿਚ ਗੁਰ ਅਵਤਾਰ ਪੈਗ਼ੰਬਰਾਂ ਨਾਲ ਅੱਖ ਨਾ ਕੋਇ ਮਿਲਾਈਆ। ਵੇਖਦੀ ਰਹੀ ਪੂਰਬ ਪੱਛਮ ਦੱਖਣ ਦਿਸ਼ਾ ਚੜ੍ਹਦੀ, ਚਾਰੋਂ ਕੁੰਟ ਧਿਆਨ ਲਗਾਈਆ। ਵਹਿਣਾਂ ਵਿਚ ਰਹੀ ਹੜ੍ਹਦੀ, ਭੱਜੀ ਵਾਹੋ ਦਾਹੀਆ। ਮੈਨੂੰ ਯਾਦ ਸਤੌਂਦੀ ਰਹੀ ਨਰਾਇਣ ਨਰ ਦੀ, ਦਿਵਸ ਰੈਣ ਚੈਨ ਨਾ ਆਈਆ। ਬਿਰਹੋਂ ਵਿਛੋੜੇ ਵਿਚ ਰਹੀ ਮਰਦੀ, ਮਰ ਜੀਵਤ ਆਪਣਾ ਰੂਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਕਰਤਾ ਕਾਰ ਕਮਾਈਆ। ਗੰਗਾ ਕਹੇ ਤਗੜੀ ਹੋ ਭੈਣ ਜਮਨਾ, ਜੰਮਣ ਵਾਲਾ ਵੇਖ ਧੁਰ ਦਾ ਮਾਹੀਆ। ਸੁਰਸਤੀ ਕਹੇ ਗੰਗਾ ਇਹ ਵਿਚਾਰੀ ਡਰਪੋਕ ਓਸ ਨੂੰ ਵੇਖ ਕੇ ਏਸ ਨੇ ਕੰਬਣਾ, ਦਦੋੜਿਕੇ ਵਿਚ ਦੰਦਾਂ ਲਏ ਹਿਲਾਈਆ। ਫਿਰ ਚਾਰ ਚੁਫੇਰੇ ਵੇਖੇ ਕਿੱਥੇ ਰਵਦਾਸ ਚਮਿਆਰ ਜੋ ਗੰਢੇ ਤੰਦਨਾ, ਚਾਰੋਂ ਕੁੰਟ ਧਿਆਨ ਲਗਾਈਆ। ਜਮਨਾ ਕਹੇ ਤੁਸੀਂ ਸਚ ਦੱਸੋ ਕੀ ਸਾਰੀਆਂ ਇਕੋ ਪ੍ਰਭੂ ਮੰਨਣਾ, ਕਿ ਹੋਰ ਵੀ ਕੋਈ ਗੁਸਾਈਂਆ। ਗੋਦਾਵਰੀ ਕਹੇ ਮੈਂ ਤੇ ਪਹਿਲੋਂ ਤੱਕਾਂ ਗੋਬਿੰਦ ਚੰਨਣਾ, ਜੋ ਚੰਦ ਨੂਰ ਰੁਸ਼ਨਾਈਆ। ਜਿਸ ਨੇ ਜਗਤ ਜਹਾਨ ਦਾ ਬਣਨਾ

❋

❋

ਥੰਮ੍ਹਣਾ, ਪ੍ਰਿਥਮੀ ਆਕਾਸ਼ ਹੁਕਮ ਨਾਲ ਬੰਧਾਈਆ। ਓਸੇ ਦਾ ਹੁਕਮ ਮੰਨਣਾ, ਓਸੇ ਦੀ ਇਕ ਸਰਨਾਈਆ। ਗੰਗਾ ਕਹੇ ਨੀ ਓਹੋ ਪੁਰਖ ਅਕਾਲ ਜਿਸ ਰੂਪ ਵਟਾਇਆ ਅੰਨ੍ਹਣਾ, ਅੰਨ੍ਹਿਆਂ ਕਰੇ ਰੁਸ਼ਨਾਈਆ। ਭਗਤਾਂ ਬੇੜਾ ਬੰਨ੍ਹਣਾ, ਬਾਂਦੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੋਦਾਵਰੀ ਕਹੇ ਨੀ ਦੱਸੋ ਜਾਈਏ ਕਦੋਂ, ਕੀ ਸਲਾਹ ਪਕਾਈਆ। ਗੰਗਾ ਜਮਨਾ ਸੁਰਸਤੀ ਕਹਿਣ ਪਹਿਲੋਂ ਸਾਨੂੰ ਦੱਸ ਅਸੀਂ ਜੰਮੀਆਂ ਕਿਹੜੀ ਯੱਦੋਂ, ਤੇ ਕਿਹੜਾ ਸਾਡਾ ਪਿਤਾ ਮਾਈਆ। ਗੋਦਾਵਰੀ ਕਹੇ ਪਹਿਲੋਂ ਲੰਘੋ ਆਪਣੀ ਹੱਦੋਂ, ਜਗਤ ਵਾਲਾ ਪੰਧ ਮੁਕਾਈਆ। ਪਿਛਲੀ ਕੀਤੀ ਸਾਰੀ ਰੱਦੋ, ਮਾਣ ਅਭਿਮਾਨ ਗਵਾਈਆ। ਰਾਵੀ ਕੰਡੇ ਜਾ ਕੇ ਓਸ ਦੀ ਸਰਨੀ ਲੱਗੋ, ਤੁਹਾਨੂੰ ਆਪੇ ਦਏ ਸਮਝਾਈਆ। ਫਿਰ ਭਾਵੇਂ ਬੁਝੋ ਤੇ ਭਾਵੇਂ ਜਗੋ, ਇਹ ਤੁਹਾਡੇ ਹੱਥ ਵਡਿਆਈਆ। ਮੈਨੂੰ ਤੇ ਚਾਅ ਭੱਜ ਚਲੀਏ ਅੱਜੋ, ਪਿਛੇ ਆਸ ਨਾ ਕੋਇ ਰਖਾਈਆ। ਗੰਗਾ ਕਹੇ ਨੀ ਆਹ ਚਾਰ ਜੁਗ ਦਿਆਂ ਮੁਰਦਿਆਂ ਦੀਆਂ ਹੱਡੀਆਂ ਪਹਿਲੋਂ ਮੇਰੀਆਂ ਦੱਬੋ, ਮੈਨੂੰ ਸਾਫ਼ ਦਿਓ ਕਰਾਈਆ। ਸੁਰਸਤੀ ਹੱਸ ਕੇ ਕਹੇ ਅਸੀਂ ਕੋਈ ਭਾਰ ਚੁੱਕਣ ਵਾਲੀਆਂ ਨਹੀਂ ਗਧੋ, ਪਿੱਠਾਂ ਉਤੇ ਲਈਏ ਟਿਕਾਈਆ। ਜਮਨਾ ਵਿਚੋਂ ਬੋਲੀ ਮੱਧੋਂ, ਮਧੁਰ ਧੁਨ ਸੁਣਾਈਆ। ਨੀ ਜੇ ਤੁਸਾਂ ਨਹੀਂ ਬਣਨਾ ਹੰਸ ਕੱਗੋਂ, ਆਪਣਾ ਰੂਪ ਲੈਣਾ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸਮਝਾਈਆ। ਗੰਗਾ ਕਹੇ ਵੇਖੋ ਭੈਣੋ ਮੇਰੇ ਵਿਚ ਹੱਡੀਆਂ ਵਾਲੇ ਬੋਲਣ ਮੁਰਦੇ, ਸਾਰੇ ਦੇਣ ਦੁਹਾਈਆ। ਅਸੀਂ ਸਾਰੇ ਫਿਰਦੇ ਤੁਰਦੇ, ਲੱਖ ਚੁਰਾਸੀ ਜੋਤੀ ਰੂਪ ਬਦਲਾਈਆ। ਸਾਨੂੰ ਦਰਸ ਨਹੀਂ ਹੋਏ ਸੱਚੇ ਸਤਿਗੁਰ ਦੇ, ਜੋ ਬੇੜੇ ਲਏ ਚੜ੍ਹਾਈਆ। ਜੁਗ ਜੁਗ ਵਹਿਣਾਂ ਵਿਚ ਰਹੇ ਰੁੜ੍ਹਦੇ, ਪਾਰ ਕਿਨਾਰ ਨਾ ਕੋਇ ਲਗਾਈਆ। ਸਾਡੇ ਅੰਦਰ ਫ਼ੁਰਨੇ ਰਹੇ ਫੁਰਦੇ, ਚਾਰ ਜੁਗ ਧਿਆਨ ਲਗਾਈਆ। ਕਿਸ ਬਿਧ ਭਗਤ ਸੁਹੇਲੇ ਪਾਰ ਉਤਰਦੇ, ਗੰਗਾ ਸਾਨੂੰ ਦੱਸ ਦੇ ਜਗਤ ਮਾਈਆ। ਕਿੱਥੋਂ ਪਿਆਰ ਮਿਲਦੇ ਸੱਚੇ ਪਿਤਰ ਦੇ, ਪਿਤਾ ਆਪਣੀ ਗੋਦ ਉਠਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਗਏ ਮੁਕਰਦੇ, ਦਾਅਵੇ ਨਾਲ ਪਾਰ ਨਾ ਕੋਇ ਲੰਘਾਈਆ। ਪੂਜਾ ਪਾਠ ਵਿਚ ਲਗਾ ਕੇ ਆਪ ਲੁਕ ਗਏ, ਸਿਰ ਹੱਥ ਨਾ ਕੋਇ ਟਿਕਾਈਆ। ਕਿਸ ਬਿਧ ਪੈਂਡੇ ਅੰਤਮ ਮੁਕਦੇ, ਪੰਧ ਰਹੇ ਨਾ ਰਾਈਆ। ਗੋਦਾਵਰੀ ਕਹੇ ਨੀ ਗੰਗਾ ਇਨ੍ਹਾਂ ਨੂੰ ਦੱਸ ਦੇ ਜੇ ਕਮਲਿਓ ਢੋਲੇ ਗਾ ਲਓ ਇਕ ਤੁਕ ਦੇ, ਤੁਰਤ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ । ਜਮਨਾ ਕਹੇ ਸਖ਼ੀਓ ਕਿਹੜਾ ਪੌਣਾ ਲਬਾਸ, ਸੋਹਣਾ ਰੂਪ ਬਣਾਈਆ। ਸੁਰਸਤੀ ਛੋਟੀ ਤੇ ਮਖ਼ੌਲਣ ਕਹੇ ਨੇਤਰ ਕੱਜਲ ਨਾ ਪਾਇਓ ਕਿਤੇ ਸ਼ਿਵਜੀ ਭੱਜ ਕੇ ਨਾ ਆ ਜਾਵੇ ਉਤੋਂ ਕੈਲਾਸ਼, ਮੋਹ ਮੁਹੱਬਤ ਵਾਲਾ ਵਧਾਈਆ। ਗੋਦਾਵਰੀ ਕਹੇ ਸ਼ਾਬਾਸ਼, ਸੋਹਣੀ ਗੱਲ ਦਿਤੀ ਸਮਝਾਈਆ। ਗੰਗਾ ਕਹੇ ਨੀ ਉਹ ਤੇ ਭੋਲਾ ਨਾਥ, ਕਾਮ ਵਾਸਨਾ ਨਾ ਕੋਇ ਹਲਕਾਈਆ। ਜਮਨਾ ਕਹੇ ਮੋਹਣੀ ਪਿਛੇ ਓਸ ਦਾ ਗਿਆ ਵਿਸ਼ਵਾਸ, ਵਿਸ਼ੇ ਵਿਚ ਆਪਣਾ ਲਿੰਗ ਵਧਾਈਆ। ਜਮਨਾ ਕਹੇ ਗੋਦਾਵਰੀ ਸੁਰਸਤੀ ਨੀ ਸਾਨੂੰ ਕਾਹਦਾ ਡਰ, ਹੁਣ ਤੇ ਸਾਡੇ ਕੋਲ ਆ ਗਿਆ ਸਾਡਾ ਬਾਪ, ਜਿਸ ਦੇ ਭੈ ਵਿਚ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਸੀਸ ਨਿਵਾਈਆ। ਚੋਰੀ ਨਾ ਕਰਿਓ ਸਚ ਦੱਸ ਦਿਓ ਭੈਣੋ ਜੇ ਕੋਈ ਕੀਤਾ ਪਾਪ, ਅੱਖ ਗੁਨਾਹ ਵਾਲੀ ਨਾ ਲੈਣੀ ਛੁਪਾਈਆ। ਪਹਿਲੋਂ ਹੀ ਜਾ ਕੇ ਗੋਦਾਵਰੀ ਕਹੇ ਰਾਵੀ ਨੂੰ ਦਈਏ ਆਖ, ਕੰਨਾਂ ਵਿਚ ਸੁਣਾਈਆ।

❋

❋

ਰਾਵੀ ਕਹੇ ਮੈਂ ਦੂਰ ਦੁਰਾਡੀ ਸੁਣਦੀ ਤੁਹਾਡੀ ਬਾਤ, ਰਮਜ਼ ਇਸ਼ਾਰਾ ਮੇਰੇ ਅੰਦਰ ਆਈਆ। ਕਿਉਂ ਗੁਰੂ ਅਰਜਨ ਮੈਨੂੰ ਬੇਨੰਤੀ ਕਰਨ ਦੀ ਦੱਸ ਗਿਆ ਜਾਚ, ਜਿਸ ਵੇਲੇ ਮੇਰੇ ਵਿਚ ਵੜ ਕੇ ਪੁਰਖ ਅਕਾਲ ਦੇ ਚਰਨ ਧਿਆਨ ਲਗਾਈਆ। ਓਸ ਵੇਲੇ ਉਹਦਾ ਸਰੀਰ ਰਿਹਾ ਨਹੀਂ ਸੀ ਮਾਟੀ ਕਾਚ, ਪਾਣੀ ਵਿਚ ਪਾਣੀ ਜਲ ਵਿਚ ਜਲ ਜੋਤ ਵਿਚ ਜੋਤ ਮਿਲ ਕੇ ਅਰਦਾਸ ਦਿਤੀ ਸੁਣਾਈਆ। ਖ਼ਬਰ ਪੁੱਜੀ ਉਤੇ ਆਕਾਸ਼, ਝਟ ਪੁਰਖ ਅਕਾਲਾ ਪਹੁੰਚਿਆ ਪਾਸ, ਰਾਵੀ ਕਹੇ ਮੇਰਾ ਉਖੜ ਗਿਆ ਸਵਾਸ, ਥਰ ਥਰ ਕੰਬੀ ਨੇਤਰ ਰੋਈ ਤੇਰੀ ਦਰੋਹੀ ਤੇਰੇ ਵਰਗਾ ਅੱਗੇ ਨਜ਼ਰ ਕੋਇ ਨਾ ਆਈਆ। ਓਹ ਕਰ ਕੇ ਹਾਸ ਬਿਲਾਸ, ਮੇਰੇ ਮੱਥੇ ਤੇ ਰੱਖ ਕੇ ਹਾਥ, ਚਰਨਾਂ ਉਤੇ ਟਿਕਾ ਕੇ ਮਾਥ, ਕਹਿ ਕੇ ਗਿਆ ਖ਼ਾਸ, ਜਿਸ ਵੇਲੇ ਆਵਾਂ ਬਣ ਕੇ ਪੁਰਖ ਅਬਿਨਾਸ਼, ਜਨ ਭਗਤਾਂ ਹੋਵੇ ਸਾਥ, ਕਲਜੁਗ ਮੇਟਾਂ ਅੰਧੇਰੀ ਰਾਤ, ਤੇਰੀ ਬਦਲ ਦੇਵਾਂ ਜ਼ਾਤ, ਜ਼ਾਤ ਆਪਣੀ ਨਾਲ ਮਿਲਾਈਆ। ਰਾਵੀ ਕਹੇ ਭੈਣੋ ਜਿਹੜੇ ਮਰਜ਼ੀ ਪਾਓ ਕੱਪੜੇ, ਆਪਣੇ ਤਨ ਸ਼ਿੰਗਾਰ ਬਣਾਈਆ। ਵੇਖਿਓ ਕਿਤੇ ਬਾਹਰੋਂ ਨਾ ਬਣ ਜਾਇਓ ਬਗਲੇ ਬੱਪੜੇ, ਅੰਦਰੋਂ ਕਰਨੀ ਸਫ਼ਾਈਆ। ਜਿਹੜੇ ਪ੍ਰਭ ਦੇ ਕੋਲ ਅੱਪੜੇ, ਉਹਨਾਂ ਦੇ ਰਵਿਦਾਸ ਵਾਂਗੂੰ ਪਾਟੇ ਚੀਥੜੇ ਸੋਹਣੇ ਨਜ਼ਰੀ ਆਈਆ। ਉਨ੍ਹਾਂ ਦੇ ਸੋਹਣੇ ਲੱਗਦੇ ਛੱਪਰੇ, ਕੁੱਲੀ ਕੱਖਾਂ ਮਿਲੇ ਵਡਿਆਈਆ। ਤੁਹਾਡੇ ਕਿਨਾਰਿਆਂ ਉਤੇ ਬ੍ਰਾਹਮਣਾਂ ਬੜੇ ਫਰੋਲੇ ਪੱਤਰੇ, ਗਾਇਤਰੀ ਮੰਤਰ ਪੜ੍ਹ ਪੜ੍ਹ ਕੇ ਹੋਮ ਯੱਗ ਕਰਾਈਆ। ਬੜਿਆਂ ਨੇ ਭੇਟਾ ਲਈਆਂ ਬੱਕਰੇ ਛਤਰੇ, ਛਤ੍ਰਧਾਰੀ ਰਾਜੇ ਗਏ ਫੇਰੀਆਂ ਪਾਈਆ। ਅੱਗੇ ਵੇਖੋ ਜਿਧਰ ਜਾਂਦੇ ਓਧਰ ਵੱਜਦੇ ਲੱਫੜੇ, ਰਾਏ ਧਰਮ ਦਏ ਸਜ਼ਾਈਆ। ਚੁਰਾਸੀ ਵਿਚ ਜਕੜੇ, ਬੰਧਨ ਸਕੇ ਨਾ ਕੋਇ ਤੁੜਾਈਆ। ਸਾਰੀਆਂ ਕਹਿਣ ਹਾਏ ਇਹ ਬਚਨ ਹੱਕੜੇ ਬੱਕੜੇ, ਹਉਕਿਆਂ ਵਿਚ ਦੁਹਾਈਆ। ਰਾਵੀ ਕਹੇ ਏਸੇ ਕਰ ਕੇ ਤੁਹਾਨੂੰ ਚਲ ਕੇ ਔਣਾ ਪੈਣਾ ਜੰਗਲ ਕੱਲਰ ਰੱਕੜੇ, ਕਾਨਿਆਂ ਕਾਹੀਆਂ ਵਿਚ ਆਪਣਾ ਪੰਧ ਮੁਕਾਈਆ। ਗੰਗਾ ਕਹੇ ਰਾਹ ਵਿਚ ਸੁਣਿਆ ਬੜੇ ਖ਼ਤਰੇ, ਠੱਗ ਚੋਰ ਯਾਰ ਬੈਠੇ ਡੇਰਾ ਲਾਈਆ। ਰਾਵੀ ਕਹੇ ਐਵੇਂ ਨਾ ਕਰੋ ਨਖ਼ਰੇ, ਕੀ ਮੈਨੂੰ ਰਹੀਆਂ ਸੁਣਾਈਆ। ਗੋਬਿੰਦ ਵਾਂਗੂੰ ਆਪਣੇ ਯਾਰ ਦੇ ਵਿਛਾ ਦਿਓ ਸੱਥਰੇ, ਭੈ ਭਉ ਦੋਵੇਂ ਦਏ ਚੁਕਾਈਆ। ਫੇਰ ਪੜ੍ਹਨੇ ਪੈਣ ਨਾ ਕੋਈ ਮੰਤਰੇ, ਨਿਮੰਤਰਨ ਦੇਣ ਕੋਇ ਨਾ ਆਈਆ । ਗੋਦਾਵਰੀ ਕਹੇ ਭੈਣੋ ਮੇਰੇ ਕੋਲ ਗੋਬਿੰਦ ਦੀ ਪੁਰਾਣੀ ਸ਼੍ਰੀਣੀ ਯਾਦ ਢਾਈ ਸੰਤਰੇ, ਜੋ ਮਾਤਲੋਕ ਛੱਡਣ ਤੋਂ ਪਹਿਲੋਂ ਮੇਰੇ ਵਿਚ ਗਿਆ ਰਖਾਈਆ। ਮੇਰੀ ਆਸਾ ਰੋਂਦੀ ਅੰਤਰੇ, ਮੇਰਾ ਅੰਤਸ਼ਕਰਨ ਰਿਹਾ ਕੁਰਲਾਈਆ। ਓਹ ਨਾਰਦ ਆ ਗਿਆ ਨੀ ਕੁੜੀਓ ਮੈਨੂੰ ਕੁਛ ਪੜ੍ਹ ਲੈਣ ਦਿਓ ਮੰਤਰੇ, ਓਅੰਗ ਜਲ ਪਾਣੀ, ਗੰਗਾ ਜਲ ਜਾਣੀ, ਇੰਦ ਇੰਦ੍ਰਾਸਣ ਸਿੰਘ ਸਿੰਘਾਸਣ ਮੁਨੀ ਜਨ ਜਾਣੀ, ਬਿਸਨ ਬਿਸਨ ਬਿਸ ਹਰੇ, ਬਾਸ਼ਕ ਤਸ਼ਕ ਤੇਰੀ ਬਾਣੀ, ਵੇਖਿਓ ਕੁੜੀਓ ਮੁਟਿਆਰੋ ਕਿਤੇ ਵਿਸ਼ਨੂੰ ਦੀ ਜਾ ਕੇ ਬਣ ਨਾ ਜਾਇਓ ਸਵਾਣੀ, ਓਹ ਬੜਾ ਚਲਾਕ ਜਿਸ ਵੇਲੇ ਚਾਹੇ ਸਭ ਦਾ ਬਣ ਜਾਏ ਹਾਣੀ, ਝਟ ਪਟ ਆਪਣਾ ਰੂਪ ਬਦਲਾਈਆ। ਨੀ ਓਹ ਹੋਰ ਵੇਖੋ ਓਹ ਜੁਲਾਹਾ ਕਬੀਰ ਮੋਢੇ ਤੇ ਚੁੱਕੀ ਔਂਦਾ ਤਾਣੀ, ਭਾਰ ਸਵਾ ਮਣ ਟਿਕਾਈਆ। ਗੰਗਾ ਕਹਿੰਦੀ ਨਾਰਦ ਜੀ ਤੁਹਾਡੇ ਪਿਛੇ ਕੌਣ, ਝਟ ਵੇਖ ਕੇ ਕਹਿੰਦਾ ਇਹ ਬ੍ਰਹਮਾ ਦੀ ਮਿਸ਼ਰਾਣੀ, ਸੁਰਸਤੀ ਮਸਤੀ ਵਿਚ ਭੱਜੀ ਆਈਆ। ਨਾਰਦ ਕਰੇ ਇਹ ਵੱਡੇ ਘਰ ਦੀ ਤੇ ਇਹਦੀ ਜੁੱਤੀ ਪੁਰਾਣੀ, ਵੇਖੋ ਨਜ਼ਰੀ ਆਈਆ। ਉਸ ਰੋ ਕੇ ਕਿਹਾ ਮੈਂ ਇਕ ਅਰਜ਼ ਸੁਣਾਣੀ, ਸਚ ਸਚ ਜਣਾਈਆ। ਵੇ ਨਾਰਦਾ ਪਖੰਡੀਆ ਮੁਸ਼ਟੰਡਿਆ ਕੁਛ ਸੁਣਿਆ ਈ, ਨਹੀਂ ਭਾਬੋ, ਵੇ ਪ੍ਰਭੂ

❋

❋

ਨੇ ਕਾਨੇ ਦੀ ਮਧਾਣੀ ਨਾਲ ਰਿੜਕਣਾ ਪਾਣੀ, ਹਾਏ ਹਾਏ ਇਹ ਕੀ ਖੇਲ ਕਰਾਈਆ। ਵੇ ਕਿੱਥੇ ਜਾਊ ਵਿਸ਼ਨੂੰ ਦੀ ਲਕਸ਼ਮੀ ਸ਼ੰਕਰ ਦੀ ਪਾਰਬਤੀ ਬ੍ਰਹਮੇ ਦੀ ਸਵਾਣੀ, ਸਾਰਿਆਂ ਦੀ ਕਰਨ ਲੱਗਾ ਸਫ਼ਾਈਆ। ਨਾਰਦ ਕਹੇ ਨੀ ਦੱਸਾਂ, ਨਾਨਕ ਤੀਰ ਮਾਰ ਕੇ ਗਿਆ ਸ਼ਬਦ ਕਾਨੀ, ਨਿੱਕੀ ਨੰਨ੍ਹੀ ਬੱਚੀ ਨੂੰ ਦਿਤਾ ਨਾਮ ਦਾਨ ਬਣ ਕੇ ਦਾਨੀ, ਓਹ ਓਸ ਪ੍ਰਭੂ ਦੀ ਬਣ ਗਈ ਗੋਲੀ, ਜਿਸ ਦਾ ਰਵਿਦਾਸ ਚਮਾਰਾ ਹਾਣੀ, ਬੇਪਹਿਚਾਣੀ ਆਪਣੀ ਕਾਰ ਕਮਾਈਆ। ਸੁਰਸਤੀ ਤੇਰੇ ਥਾਂ ਓਸ ਦੀ ਜੁੱਤੀ ਹੋਵੇ ਨਵੀਂ ਤੇ ਪੈਰੋਂ ਲਾਹੇ ਪੁਰਾਣੀ, ਪਰਾਨ ਅਧਾਰੀ ਦਏ ਵਡਿਆਈਆ । ਸੁਰਸਤੀ ਕਹੇ ਜਾਹ ਵੇ ਜਾਹ ਕੀ ਮਾਤਲੋਕ ਦੀ ਪੜ੍ਹਦਾ ਬਾਣੀ, ਮੈਂ ਆਪਣੇ ਬ੍ਰਹਮੇ ਨੂੰ ਕਹਿਣ ਆਈ ਜਿਸ ਸ੍ਰਿਸ਼ਟੀ ਦਿਤੀ ਰਚਾਈਆ। ਨਾਰਦ ਕਹੇ ਓ ਕਮਲੀਏ ਓਹ ਸ਼ਹਿਨਸ਼ਾਹ ਸੁਲਤਾਨੀ ਤਖ਼ਤਨਿਵਾਸੀ ਹੁਕਮਰਾਨੀ, ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਨਿੱਕੀ ਜਿਹੀ ਨਿਸ਼ਾਨੀ, ਜਿਸ ਵੇਲੇ ਚਾਹੇ ਓਸੇ ਵੇਲੇ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਓਧਰੋਂ ਗੰਗਾ ਕਹੇ ਜਮਨਾ ਤੂੰ ਲਾਈ ਧੋਤੀ ਤੇ ਮੈਂ ਲਾਵਾਂ ਸਾੜ੍ਹੀ, ਸਲਵਾਰ ਸੁਰਸਤੀ ਵੰਡੇ ਆਈਆ। ਗੋਦਾਵਰੀ ਕਹੇ ਤੁਸੀਂ ਤਿੰਨੇ ਸ਼ੁਕੀਨਣਾਂ ਰੋਂਦੀਆਂ ਰਹੋ ਤੇ ਮੈਂ ਬਣ ਜਾਵਾਂ ਓਸ ਪ੍ਰਭੂ ਦੀ ਲਾੜੀ, ਜਿਹੜਾ ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਜਮਨਾ ਕਹੇ ਨੀ ਓਹ ਮੁੱਛਾਂ ਵਾਲਾ ਕਿ ਮੂੰਡ ਮੁੰਡਾਇਆ ਕਿ ਕੇਸਾ ਧਾਰੀ ਕਿ ਲੰਬੀ ਰੱਖੇ ਦਾੜ੍ਹੀ, ਸੁਰਸਤੀ ਕਹੇ ਨੀ ਨਹੀਂ ਓਹ ਨੂਰ ਨੁਰਾਨਾ ਨੂਰ ਜੋਤ ਰੁਸ਼ਨਾਈਆ। ਨੀ ਓਸ ਨੂੰ ਘੋੜੀ ਕੌਣ ਚਾੜ੍ਹੀ ਪਾਣੀ ਕੌਣ ਵਾਰੀ, ਤਨ ਕਰੇ ਕੌਣ ਸ਼ਿੰਗਾਰੀ, ਕਿਹੜਾ ਪਿਤਾ ਤੇ ਕਿਹੜੀ ਉਹਦੀ ਮਾਤਾ ਪਿਆਰੀ, ਗੋਦਾਵਰੀ ਕਹੇ ਨਹੀਂ ਨੀ ਉਹ ਤੇ ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਰਾਵੀ ਕਹੇ ਔਣ ਲੱਗੀਆਂ ਚਾਰ ਜੁਗ ਦੇ ਲਿਆਓ ਭੁੱਗੇ, ਜੋ ਭੇਟਾ ਝੋਲੀਆਂ ਵਿਚ ਪਾਈਆ। ਪੂਜ ਕੇ ਆਇਓ ਆਪਣੇ ਗੁੱਗੇ, ਜੋ ਦੁੱਧਾਂ ਸੀਰਾਂ ਮੁਖ ਲਗਾਈਆ। ਛੱਡ ਕੇ ਆਇਓ ਆਪਣੇ ਹੁੱਦੇ, ਮਾਣ ਨਾ ਕੋਇ ਵਡਿਆਈਆ। ਚਲ ਕੇ ਔਣਾ ਉਤੇ ਬਸੁੱਧੇ, ਆਪਣਾ ਪੰਧ ਮੁਕਾਈਆ। ਮੇਰੇ ਕਿਨਾਰੇ ਪਹੁੰਚਣਾ ਜਿਸ ਵੇਲੇ ਅਠਾਰਾਂ ਫੱਗਣ ਸੂਰਜ ਉਘੇ, ਘੜੀ ਪਲ ਫ਼ਰਕ਼ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਰਾਵੀ ਕਹੇ ਵੇਖਿਓ ਕਿਤੇ ਮੇਰੀ ਨਾ ਕਰਾਇਓ ਤੌਹੀਨ, ਪਹਿਲੋਂ ਦਿਆਂ ਜਣਾਈਆ। ਜੇ ਬਣਨਾ ਤੁਸਾਂ ਸ਼ੌਕੀਨ, ਤਨ ਸ਼ਿੰਗਾਰ ਬਣਾਈਆ। ਇਹ ਮਾਰਗ ਬੜਾ ਮਹੀਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਭਗਤਾਂ ਵਾਂਗ ਕਰਿਓ ਯਕੀਨ, ਭਰੋਸਾ ਇਕ ਰਖਾਈਆ। ਸਿਖਿਓ ਸਚ ਤਾਲੀਮ, ਇਕੋ ਇਕ ਪੜ੍ਹਾਈਆ। ਮਾਲਕ ਇਕ ਅਜ਼ੀਮ, ਆਲੀਸ਼ਾਨ ਨੂਰ ਅਲਾਹੀਆ। ਜਿਸ ਨੇ ਸਭ ਦੀ ਕਰਨੀ ਤਨਜ਼ੀਮ, ਆਪਣਾ ਹੁਕਮ ਵਰਤਾਈਆ। ਕਮਲੀਓ ਕੁਛ ਭੰਡਾਰਾ ਲੈ ਕੇ ਆਇਓ ਨਾਲ ਨਮਕੀਨ, ਸਵਾ ਪਾ ਸੋਭਾ ਪਾਈਆ। ਕਿਸੇ ਦੀ ਬੁੱਧੀ ਅੰਦਰੋਂ ਨਾ ਹੋਵੇ ਮਲੀਨ, ਮਮਤਾ ਮੋਹ ਬਾਹਰ ਰਖਾਈਆ। ਇਕੋ ਸ਼ਬਦ ਲੈਣਾ ਚੀਨ, ਸੋਹੰ ਢੋਲਾ ਧੁਰਦਰਗਾਹੀਆ। ਮੁਖੋਂ ਕਹਿਣਾ ਅਸੀਂ ਮਸਕੀਨ, ਨਿਮਰਤਾ ਵਿਚ ਸੀਸ ਨਿਵਾਈਆ। ਇਹ ਖੇਲ ਹੋਣਾ ਉਤੇ ਜ਼ਮੀਨ, ਧਰਨੀ ਧਰਤ ਧਵਲ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਫਿਰ ਆ ਗਿਆ ਨੀ ਨੱਢੀਓ ਮੈਨੂੰ ਬਣਾ ਲਓ ਲਾਗੀ, ਬਿਨਾ ਬ੍ਰਾਹਮਣਾਂ ਕਾਰਜ ਰਾਸ

❋

❋

ਨਾ ਕੋਇ ਕਰਾਈਆ। ਗੰਗਾ ਤੂੰ ਗਿੱਟੇ ਕੋਲੋਂ ਦਾਗ਼ੀ, ਵੇਖ ਲੈ ਅੱਖ ਉਠਾਈਆ। ਜਮਨਾ ਤੇਰੀ ਨੱਕ ਦੀ ਲੰਮੀ ਹਾਡੀ, ਬਹੁਤਾ ਉਚਾ ਕੰਮ ਕਿਸੇ ਨਾ ਆਈਆ। ਸੁਰਸਤੀ ਤੇਰੀ ਨਿੱਕੀ ਜੇਹੀ ਬਾਡੀ, ਬਹੁਤੀ ਨਿੱਕੀ ਨੂੰ ਪਸੰਦ ਨਾ ਕੋਇ ਰਖਾਈਆ। ਗੋਦਾਵਰੀ ਤੂੰ ਬੜੀ ਲਾਡਲੀ ਲਾਡੀ, ਲਾਡੋ ਕਹਿ ਕੇ ਤੈਨੂੰ ਦਿਆਂ ਸੁਣਾਈਆ। ਗੋਬਿੰਦ ਆਇਆ ਤੂੰ ਓਸ ਵੇਲੇ ਨਹੀਂ ਜਾਗੀ, ਆਪਣਾ ਵਕ਼ਤ ਲਿਆ ਗਵਾਈਆ। ਨਾਰਦ ਕਹੇ ਜੇ ਤੁਸੀਂ ਮੈਨੂੰ ਬ੍ਰਾਹਮਣ ਨਹੀਂ ਬਣੌਣਾ ਤੇ ਮਜ਼ਦੂਰ ਬਣਾ ਕੇ ਚੁਕਾ ਲਓ ਭਾਜੀ, ਪਰ ਮੈਂ ਭਾਜੀ ਭਜਨ ਬੰਦਗੀ ਵਾਲੀ ਮੋਢੇ ਟਿਕਾਈਆ। ਫੇਰ ਝਟ ਰੂਪ ਬਦਲ ਲਿਆ ਪਾ ਕੇ ਗਲ ਵਿਚ ਮਾਲਾ ਮਣਕੇ ਕਹੇ ਨੀ ਮੈਂ ਬਣ ਗਿਆ ਹਾਜੀ, ਚਲੋ ਤੁਹਾਨੂੰ ਉਡਾ ਕੇ ਮੱਕੇ ਮਦੀਨੇ ਦਿਆਂ ਪੁਚਾਈਆ। ਗੰਗਾ ਬੋਲ ਕੇ ਕਿਹਾ ਝਟ ਜਵਾਬੀ, ਇਹ ਕੀ ਦਿਤਾ ਸੁਣਾਈਆ। ਨਾਰਦ ਹੱਸ ਕੇ ਕਹਿੰਦਾ ਜਾਹ ਨੀ ਸ਼ੁਕੀਨਣੇ ਤੇਰੇ ਪੈਰ ਕਿਹੜੀ ਗੁਰਗਾਬੀ, ਸਿਰ ਤੇ ਅਨਾਬੀ ਲੀੜਾ ਮੁਹੰਮਦ ਵਾਲਾ ਨਜ਼ਰ ਕੋਇ ਨਾ ਆਈਆ। ਜਮਨਾ ਕਿਹਾ ਨਾਰਦ ਜੀ ਇਹ ਤੇ ਸਾਡੀ ਭੈਣ ਮਹਿਤਾਬੀ, ਤੇਰੇ ਵਰਗੇ ਪੰਡਤ ਵੇਖ ਕੇ ਲੋਟ ਪੋਟ ਹੋ ਜਾਈਆ। ਸੁਰਸਤੀ ਕਹੇ ਹਾਏ ਉਹ ਆ ਗਿਆ ਸ਼ਹਿਨਸ਼ਾਹ ਜਿਸ ਨੂੰ ਕਹਿੰਦੇ ਸਿੰਘ ਪੰਜਾਬੀ, ਪੰਜਾ ਆਪਣਾ ਰਿਹਾ ਉਠਾਈਆ। ਨਾਰਦ ਗਲ ਵਿਚ ਪੱਲੂ ਪਾ ਕੇ ਕਹੇ ਮੈਂ ਕੋਈ ਨਹੀਂ ਕਰਦਾ ਖ਼ਰਾਬੀ, ਮੈਂ ਤੇ ਪ੍ਰਭੂ ਦੀ ਖ਼ਬਰ ਆਇਆ ਸੁਣਾਈਆ। ਕੱਢ ਕੇ ਕਿਤਾਬ ਕਹੇ ਨੀ ਬੀਬੀਓ ਮੈਂ ਬੜਾ ਹਿਸਾਬੀ, ਕੁੰਡਲੀਆਂ ਤਿੰਨਾਂ ਦੀਆਂ ਵੇਖ ਵਖਾਈਆ। ਤੇ ਕਲਜੁਗ ਦਾ ਮੂਲ ਮੈਂ ਵੱਡਾ ਕ਼ਾਜ਼ੀ, ਸ਼ਰਅ ਦੇ ਫ਼ਤਵੇ ਸਾਰਿਆਂ ਉਤੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਰੰਗ ਚੜ੍ਹਾਈਆ। ਰਾਵੀ ਕਹੇ ਭੈਣੋ ਮੇਰੇ ਘਰ ਔਣੇ ਭਗਤ ਪਰੌਹੁਣੇ, ਸੋਹਣਾ ਪ੍ਰੇਮ ਲਿਆਈਆ। ਤੁਸਾਂ ਸੋਹਣੇ ਗੀਤ ਗੌਣੇ, ਗੋਬਿੰਦ ਗੁਰੂ ਤੇ ਗੋਬਿੰਦ ਮਾਹੀਆ। ਮੈਂ ਸੋਹਣੀ ਰੇਤ ਉਤੇ ਬਹੌਣੇ, ਜੋ ਅਰਜਨ ਦੇ ਸੀਸ ਤੇ ਬਹਿ ਕੇ ਤੇ ਪੁਰਖ ਅਕਾਲ ਦੇ ਚਰਨਾਂ ਹੇਠਾਂ ਆਈਆ। ਫੇਰ ਬਚਨ ਕਰਨੇ ਮਨ ਭੌਣੇ, ਆਸਾਂ ਪਿਛਲੀਆਂ ਅੱਗੇ ਰਖਾਈਆ। ਜਿਸ ਨੇ ਬਸਤਰ ਲਾਲ ਪੌਣੇ, ਉਹ ਗੋਲੀ ਧੁਰ ਦੀ ਸੇਵ ਕਮਾਈਆ। ਰਵਦਾਸ ਦੇ ਲੇਖੇ ਅਗਲੇ ਸਾਲ ਲਿਖੌਣੇ, ਇੱਕੀ ਹਜ਼ਾਰ ਦਏ ਗਵਾਹੀਆ। ਓਸ ਇੱਟ ਦੇ ਮੁੱਲ ਪੌਣੇ, ਜਿਸ ਨੂੰ ਬਾਬੂਪੁਰ ਮਿਲੀ ਵਡਿਆਈਆ । ਰਾਵੀ ਕਹੇ ਮੈਂ ਅਜੇ ਹੋਰ ਬਥੇਰੇ ਖੇਲ ਖਲੌਣੇ, ਹੌਲੀ ਹੌਲੀ ਦਿਆਂ ਸੁਣਾਈਆ। ਜਨ ਭਗਤੋ ਤੁਸੀਂ ਆਪਣੇ ਹੱਥ ਆਪੇ ਪਾ ਲਿਓ ਆਪਣੀ ਧੌਣੇ, ਹਲੂਣਾ ਆਪੇ ਲਿਓ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਹੁਕਮ ਵਰਤਾਈਆ।

ਰਾਵੀ ਕਹੇ ਗੁਰ ਅਰਜਨ ਦੇ ਚਰਨਾਂ ਨਾਲ ਮੇਰੇ ਵਿਚ ਆ ਗਈ ਇਕ ਕੀੜੀ, ਚਰਨ ਚੁੰਮ ਚੁੰਮ ਖ਼ੁਸ਼ੀ ਮਨਾਈਆ। ਮੈਨੂੰ ਕਹੇ ਰਾਵੀ ਤੇਰੇ ਘਰ ਆਈ ਤੇ ਮੈਨੂੰ ਡਾਹ ਦੇ ਪੀਹੜੀ, ਕੁਛ ਦੇ ਮਾਣ ਵਡਿਆਈਆ। ਰਾਵੀ ਕਹੇ ਮੈਂ ਤੇ ਭਰੀ ਨੀਰੀ, ਪਾਣੀ ਦੇ ਵਹਿਣ ਵਹਾਈਆ। ਕੀੜੀ ਕਿਹਾ ਕਮਲੀਏ ਇਹਦੇ ਕੋਲੋਂ ਮੰਗ ਲੈ ਜਿਹੜਾ ਮਾਲਕ ਮੀਰੀ ਪੀਰੀ, ਦਇਆ ਦਏ ਕਮਾਈਆ । ਰਾਵੀ ਕਹੇ ਮੈਂ ਚਰਨ ਛੂਹ ਕੇ ਕਿਹਾ ਅਰਜਨ ਜੇ ਤੂੰ ਮਿਲਿਆ ਏਸੇ ਤਰਾਂ ਮੇਰਾ ਸਾਹਿਬ ਮਿਲੇ ਤਕ਼ਦੀਰੀ, ਮੇਰੀ ਤਕ਼ਦੀਰ ਦਏ ਬਦਲਾਈਆ। ਆਸਾ ਇਹੋ ਅਖ਼ੀਰੀ, ਆਖ਼ਰ ਦਏ

❋

❋

ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਰਾਵੀ ਕਹੇ ਮੇਰੀ ਅੰਦਰੋਂ ਦਲੀਲ ਗਿੜੀ, ਚੱਕਰ ਦਿਤਾ ਲਗਾਈਆ। ਮੈਂ ਗੋਡਿਆਂ ਭਾਰ ਰਿੜ੍ਹੀ, ਲੰਮੀ ਪੈ ਕੇ ਸੀਸ ਨਿਵਾਈਆ। ਓਨੇ ਚਿਰ ਨੂੰ ਓਥੇ ਆ ਗਈ ਬੋਦੀ ਵਾਲੀ ਚਿੜੀ, ਚੁੰਜ ਭਰ ਕੇ ਬੋਦੀ ਦਿਤੀ ਹਿਲਾਈਆ। ਇਸ਼ਾਰੇ ਨਾਲ ਕਹਿ ਗਈ ਨੀ ਰਾਵੀ ਅਰਜਨ ਮਾਤਲੋਕ ਦੀ ਸੀੜ੍ਹੀ, ਜੇ ਇਹਦੇ ਉਤੇ ਚੜ੍ਹ ਜਾਏਂ ਸਚਖੰਡ ਪੁਰਖ ਅਕਾਲ ਕੋਲ ਤੈਨੂੰ ਦਏ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਰਾਵੀ ਕਿਹਾ ਨੀ ਤੇਰਾ ਭਲਾ, ਭਲੇ ਘਰ ਦੀਏ ਮੈਨੂੰ ਦਿਤਾ ਸਮਝਾਈਆ। ਓਹ ਉਡਦੀ ਉਡਦੀ ਕਹਿ ਗਈ ਹਲਾ, ਆਪਣੀ ਆਵਾਜ਼ ਵਿਚ ਢੋਲਾ ਗਾਈਆ। ਰਾਵੀ ਯਾਦ ਰੱਖੀਂ ਉਹ ਸਾਹਿਬ ਨਹੀਂ ਔਣਾ ਕੱਲਾ, ਭਗਤਾਂ ਨਾਲ ਲਿਆਈਆ। ਉਹਦੇ ਨਾਲ ਹੋਣਾ ਡੱਲਾ, ਜੇ ਉਹ ਡੱਲਾ ਚੰਗਾ ਹੋਵੇ ਮੈਨੂੰ ਵੀ ਫੜ ਕੇ ਤੇਰੀ ਭੇਟ ਕਰਾਈਆ। ਫਿਰ ਮੈਂ ਦੱਸਾਂਗੀ ਏਸ ਦਾ ਕੀ ਫਲਾ, ਵਕ਼ਤ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੋ ਕਰਨਾ ਸੋ ਕਰ ਕੇ ਦਏ ਵਖਾਈਆ। ਰਾਵੀ ਕਹੇ ਮੇਰੇ ਵਿਚ ਕਈ ਤਰੇ ਤੇ ਕਈ ਡੁੱਬੇ, ਗਿਣਤੀ ਗਣਤ ਨਾ ਕੋਇ ਗਿਣਾਈਆ। ਕਈ ਮਰੇ ਤੇ ਕਈ ਉਗੇ, ਆਪਣਾ ਆਪਣਾ ਫਲ ਝੋਲੀ ਪਾਈਆ। ਏਸੇ ਤਰਾ ਕਈ ਬੀਤ ਗਏ ਜੁਗੇ, ਚੌਕੜੀਆਂ ਪੰਧ ਮੁਕਾਈਆ। ਮੇਰੇ ਪਾਰ ਕੋਈ ਨਾ ਪੁੱਜੇ, ਉਰਾਰ ਸਾਰੇ ਤਾਰੀਆਂ ਲਾਈਆ। ਮੈਂ ਇਕ ਗੱਲ ਪੁੱਛਣੀ ਜਨ ਭਗਤੋ ਪ੍ਰਭੂ ਦਾ ਵਿਹਾਰ ਚੰਗਾ ਕਿ ਘਰ ਦੇ ਝੁੱਗੇ, ਝੁੱਗੀਆਂ ਵਾਲਿਓ ਦੇਣਾ ਸਮਝਾਈਆ। ਜਿਹੜਾ ਤੁਹਾਡੇ ਪਿਛੇ ਤੁਹਾਡੀ ਮੰਜ਼ਲ ਪੁੱਜੇ, ਪੂਜਨੀਕ ਹੋ ਕੇ ਦਰ ਦਰ ਫੇਰਾ ਪਾਈਆ। ਤੁਸੀਂ ਉਨ੍ਹਾਂ ਧੰਦਿਆਂ ਵਿਚ ਰੁਝੇ, ਜਿਹੜੇ ਕੰਮ ਕਿਸੇ ਨਾ ਆਈਆ। ਮਿਹਰ ਕਰ ਕੇ ਤੁਹਾਨੂੰ ਬਣਾਈ ਜਾਂਦਾ ਉਚੇ, ਸਿਰ ਆਪਣਾ ਹੱਥ ਟਿਕਾਈਆ। ਸਰਨ ਆਏ ਨਹੀਂ ਵੇਂਹਦਾ ਕੋਝੇ ਕਮਲੇ ਨਾ ਬਦਮਾਸ਼ ਲੁੱਚੇ, ਫੜ ਬਾਹੋਂ ਪਾਰ ਕਰਾਈਆ । ਜਿਨ੍ਹਾਂ ਵਲ ਤਕ ਲਿਆ ਕੋਟ ਜਨਮ ਦੇ ਪਾਪੀ ਹੋ ਜਾਣ ਸੁੱਚੇ, ਮਾਣਕ ਮੋਤੀ ਹੀਰੇ ਲਏ ਬਣਾਈਆ। ਜਨ ਭਗਤੋ ਰਾਵੀ ਕਹੇ ਤੁਹਾਡਾ ਸਾਹਿਬ ਤੇ ਮੇਰਾ ਸਤਿਗੁਰੂ ਆਦਿ ਜੁਗਾਦਿ ਜੁਗ ਚੌਕੜੀ ਭਗਤਾਂ ਨਾਲ ਕਦੇ ਨਾ ਹੋਵੇ ਗ਼ੁੱਸੇ, ਜੇ ਕੋਈ ਭਗਤ ਰੁਸ ਜਾਏ ਤੇ ਉਹਦੇ ਚਰਨਾਂ ਉਤੇ ਆਪਣਾ ਆਪ ਟਿਕਾਈਆ। ਜੋ ਕੋਈ ਮੈਥੋਂ ਮੇਰੇ ਸਾਹਿਬ ਦਾ ਪਿਆਰ ਪੁੱਛੇ, ਮੇਰੀ ਰਸਨਾ ਕਹਿਣ ਕੋਇ ਨਾ ਪਾਈਆ। ਰਾਵੀ ਕਹੇ ਇਹ ਰਸ ਕਿਸੇ ਨਹੀਂ ਲੁੱਟੇ, ਲਟੇਰਿਓ ਲੁੱਟ ਲਓ ਲੁੱਟਣ ਦਾ ਵੇਲਾ ਗਿਆ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਨਾਲ ਮਿਲਾਈਆ। ਔਹ ਵੇਖੋ ਭੱਜੀ ਆਉਂਦੀ ਚੌਧਵੀਂ ਸਦੀ, ਨੰਗੀ ਪੈਰੀਂ ਵਾਹੋ ਦਾਹੀਆ। ਰਾਵੀ ਮੈਂ ਨਹੀਂ ਸਮਝਿਆ ਤੂੰ ਕੋਈ ਵਗਣ ਵਾਲੀ ਨਦੀ, ਵਹਿਣ ਪਾਣੀ ਵਾਲੇ ਵਹਾਈਆ। ਮੈਨੂੰ ਅਚਾਨਕ ਖ਼ਬਰ ਹੋਈ ਨੀ ਓਸ ਸਾਂਭ ਲੈਣਾ ਜੋ ਦੋ ਜਹਾਨਾਂ ਮਾਲਕ ਗੱਦੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਹੁਣ ਗੰਗਾ ਗੋਦਾਵਰੀ ਜਮਨਾ ਸੁਰਸਤੀ ਸਦਾਈਆਂ ਅੱਜੀ ਪੱਜੀਂ, ਪੱਤ੍ਰ ਪਤ੍ਰਿਕਾ ਇਕ ਘਲਾਈਆ। ਸਦੀ ਚੌਧਵੀਂ ਕਹੇ ਮੈਂ ਕਿਹੜੀ ਕੱਚੀ, ਬੁਧਹੀਣ ਅਖਵਾਈਆ। ਮੈਂ ਵੀ ਮਾਲਕ ਮੰਨਿਆ ਇਕੋ ਨੂਰ ਰੱਬੀ, ਦੂਜੇ ਅੱਖ ਨਾ ਕਦੇ ਮਿਲਾਈਆ। ਮੈਂ ਸਾਰੀ ਸ੍ਰਿਸ਼ਟੀ ਛੱਡੀ, ਦੀਨ ਦੁਨੀ ਤਜਾਈਆ। ਏਸੇ ਦੀ ਚਰਨੀ ਲੱਗੀ, ਜੋ ਦੇਵਣਹਾਰ ਸਰਨਾਈਆ। ਵੇਖੀਂ ਰਾਵੀ ਮੇਰੇ ਨਾਲ ਨਾ ਕਰੀਂ ਠੱਗੀ, ਚੋਰੀ ਚੋਰੀ ਕੰਤ ਨਾ ਲਈਂ ਮਨਾਈਆ। ਮੈਂ ਵੀ ਪੌਂਟੇ

❋

❋

ਪਾ ਕੇ ਨੱਚੀ ਮਾਰ ਕੇ ਅੱਡੀ, ਭਗਤ ਗਵਾਹ ਦੇਣੇ ਭੁਗਤਾਈਆ। ਪ੍ਰਭ ਨੇ ਆਦਿ ਤੋਂ ਲੈ ਕੇ ਅੱਜ ਤਕ ਜਿਹੜੀ ਭਗਤ ਆਤਮਾ ਵਰੀ ਉਹ ਫੇਰ ਕਦੀ ਨਹੀਂ ਛੱਡੀ, ਹੱਡੀਆਂ ਮਸਾਣਾਂ ਵਿਚ ਆਤਮਾ ਬਿਬਾਣਾ ਵਿਚ ਆਪਣੇ ਘਰ ਲੈ ਜਾਈਆ। ਪਰ ਇਹ ਸਮਾਂ ਮਿਲਦਾ ਕਦੀ ਕਦੀ, ਜੁਗ ਚੌਕੜੀ ਹੱਥ ਕਿਸੇ ਨਾ ਆਈਆ। ਭਾਵੇਂ ਕੋਟਨ ਹੋ ਜਾਣ ਰਸੂਲ ਨਬੀ, ਪੈਗ਼ੰਬਰ ਫੇਰਾ ਪਾਈਆ। ਇਹ ਮੌਜ ਇਹ ਬਹਾਰ ਇਹ ਖ਼ੁਸ਼ੀ ਭਗਤਾਂ ਨੂੰ ਕਦੇ ਨਹੀਂ ਲੱਭੀ, ਕਿ ਪ੍ਰਭੂ ਆਪ ਲੱਭ ਲੱਭ ਕੇ ਆਪਣੇ ਗਲੇ ਲਗਾਈਆ। ਉਫ਼, ਰਾਵੀ ਕਹੇ ਮੇਰੀ ਪੀੜ ਹੋਈ ਬੱਖੀ ਖੱਬੀ, ਖਬਰੇ ਕੀ ਦਿਤਾ ਸੁਣਾਈਆ। ਗੰਗਾ ਕਹੇ ਨੀ ਇਹ ਬੜੀ ਸ਼ਰਾਰਤਣ ਜਮਨਾ ਰਾਣੀ ਕੱਬੀ, ਤੈਨੂੰ ਹੁੱਜ ਮਾਰ ਕੇ ਸੱਟ ਦਿਤੀ ਲਗਾਈਆ। ਸੁਰਸਤੀ ਮਖ਼ੌਲ ਨਾਲ ਚੁੱਕ ਲਿਆਈ ਮੰਜੀ, ਜੇ ਬਹੁਤਾ ਦੁੱਖ ਤੇ ਇਹਦੇ ਉਤੇ ਦਿਆਂ ਲਿਟਾਈਆ। ਝਟ ਜੋਤ ਅਗੰਮੀ ਜਗੀ, ਇਕੇ ਵਾਰ ਹੋਈ ਰੁਸ਼ਨਾਈਆ। ਨਾ ਕੋਈ ਪਸਲੀ ਰਹਿ ਗਈ ਤੇ ਨਾ ਕੋਈ ਹੱਡੀ, ਨਾ ਕੋਈ ਜਮਨਾ ਸੁਰਸਤੀ ਗੋਦਾਵਰੀ ਗੰਗੀ, ਨਾ ਕੋਈ ਤਨ ਬਸਤਰ ਭੂਸ਼ਨ ਪਹਿਨੇ ਨਾ ਕੋਈ ਦਿਸੇ ਨੰਗੀ, ਨਾ ਕੋਈ ਸਾਥਣ ਨਾ ਕੋਈ ਮਜਾਜਣ ਨਾ ਕੋਈ ਸੰਗੀ, ਜਿਧਰ ਤੱਕਾਂ ਉਧਰ ਆਪ ਆਪਣੀ ਖੇਲ ਕਰੇ ਬਹੁਰੰਗੀ, ਸੂਰਾ ਸਰਬੰਗੀ ਆਪਣੀ ਦਇਆ ਕਮਾਈਆ। ਰਾਵੀ ਕਹੇ ਭੈਣੋ ਜੇ ਆਓ ਵੇਸ ਕਰ ਕੇ ਆਇਓ ਦਿਹਾਤੀ, ਪਿੰਡਾਂ ਨਗਰਾਂ ਵਾਲਾ ਦਿਆਂ ਜਣਾਈਆ। ਜੇ ਸ਼ਹਿਰਨਾਂ ਬਣ ਕੇ ਆਈਆਂ ਸਾਰਿਆਂ ਸਾਧੂਆਂ ਦੀ ਖੁਲ੍ਹ ਜਾਊ ਸਮਾਧੀ, ਅੱਖਾਂ ਮੀਟ ਸਮਾਧੀ ਲੌਣ ਵਾਲੇ ਅੱਖਾਂ ਤੁਹਾਡੇ ਵਲ ਟਿਕਾਈਆ। ਜਿਨ੍ਹਾਂ ਦੇ ਮੁਖ ਵਿਚ ਹੋਵੇ ਸੀਤਾ ਰਾਮ ਕ੍ਰਿਸ਼ਨਾ ਰਾਧੀ, ਓਹ ਤੁਹਾਡੀ ਸੂਰਤ ਵੇਖ ਕੇ ਕਹਿਣ ਇਹ ਕਿੱਥੋਂ ਆਵੇ ਸਾਡੀ ਭਾਬੀ, ਭਜੜਾ ਪਿੱਟੀ ਪੰਧ ਮੁਕਾਈਆ। ਮੁਰਸ਼ਦਾਂ ਦੇ ਮੁਰੀਦ ਕਹਿਣ ਮਸੀਤਾਂ ਵਿਚ ਬੈਠੇ ਇਹ ਕੋਈ ਮਹਿਤਾਬੀ, ਕਿਸੇ ਮਹਿਰਮ ਦਾ ਰਾਹ ਤਕਾਈਆ। ਚਰਚਾਂ ਵਿਚ ਬੈਠੇ ਪੋਪ ਕਹਿਣ ਇਹ ਕੋਈ ਫੁੱਲ ਗੁਲਾਬੀ, ਖ਼ੁਸ਼ਬੂ ਦੇਣ ਵਾਸਤੇ ਆਇਆ ਚਾਈਂ ਚਾਈਂਆ। ਮੰਦਰਾਂ ਵਿਚ ਬੈਠੇ ਕਹਿਣ ਇਹ ਸਾਥਣ ਪੁਰਾਣੀ ਸਾਡੀ, ਵਿਛੜੀ ਮਿਲੀ ਚਾਈਂ ਚਾਈਂਆ। ਗੁਰੂਦਵਾਰਿਆਂ ਵਿਚ ਬੈਠੇ ਕਹਿਣ ਭਰਾਵੋ ਮੇਰੇ ਬਣ ਜਾਓ ਜਾਂਞੀ, ਇਨ੍ਹਾਂ ਲਈਏ ਪ੍ਰਨਾਈਆ। ਰਾਵੀ ਕਹੇ ਕਿਤੇ ਵੇਖਿਓ ਮੇਰੀ ਨਾ ਕਰਿਓ ਹਾਨੀ, ਸਚ ਦਿਆਂ ਸੁਣਾਈਆ। ਇਕ ਵਾਰ ਸਭ ਤੇ ਔਂਦੀ ਜਵਾਨੀ, ਜੋਬਨ ਆਇਆ ਅੰਤ ਢਲ ਜਾਈਆ। ਤੁਸਾਂ ਭਗਤਾਂ ਦੇ ਕੋਲ ਔਣਾਂ ਉਨ੍ਹਾਂ ਦੀ ਖਾਣੀ ਮਹਿਮਾਨੀ, ਭਗਤਾਂ ਵਾਂਗੂ ਸਿੱਧੇ ਸਾਦੇ ਕੱਪੜੇ ਲੈਣੇ ਪਾਈਆ। ਰਲ ਕੇ ਵਿਚ ਬਹਿਣਾ ਬਣਿਓ ਨਾ ਕੋਈ ਬੇਗਾਨੀ, ਬੇਗਮਾਂ ਵਾਲਾ ਰੂਪ ਵਟਾਈਆ। ਤੁਹਾਨੂੰ ਵੀ ਨਿਮਕ ਵਾਲੀ ਸੁੱਕੀ ਰੋਟੀ ਪੈਣੀ ਖਾਣੀ, ਦੰਦਾਂ ਨਾਲ ਚਬਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹਿਣ ਜੇ ਓਹ ਸੰਘ ਵਿਚ ਫਸ ਗਈ ਕਿੱਥੋਂ ਪੀਵਾਂਗੀਆਂ ਪਾਣੀ, ਸਾਨੂੰ ਦੇ ਸਮਝਾਈਆ। ਰਾਵੀ ਕਿਹਾ ਨੀ ਓਹ ਜੀਵ ਆਧਾਰ ਪ੍ਰਾਣੀ, ਅੰਮ੍ਰਿਤ ਰਸ ਆਪਣਾ ਮੁਖ ਚੁਆਈਆ। ਗੋਦਾਵਰੀ ਅੱਖਾਂ ਚੁਕੀਆਂ, ਰਾਵੀ ਕਿਤੇ ਓਸ ਦੇ ਨਾਲ ਉਹ ਤੇ ਨਹੀਂ ਜਿਹੜਾ ਬੱਚਿਆਂ ਦੀ ਦੇ ਕੇ ਗਿਆ ਕ਼ੁਰਬਾਨੀ, ਗੋਬਿੰਦ ਸੂਰਾ ਸੰਗ ਰਖਾਈਆ। ਰਾਵੀ ਕਿਹਾ ਗੋਬਿੰਦ ਬਿਨਾ ਪ੍ਰਭੂ ਦੀ ਕੋਈ ਨਾ ਦੱਸੇ ਨਿਸ਼ਾਨੀ, ਭਗਤਾਂ ਉਤੇ ਕੋਈ ਨਾ ਕਰੇ ਮਿਹਰਵਾਨੀ, ਮਿਹਰਵਾਨ ਹੋ ਕੇ ਮਿਹਰ ਨਜ਼ਰ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦਰ ਘਰ ਸਾਚਾ ਇਕ ਸੁਹਾਈਆ।

❋

❋

੧੫ ਫੱਗਣ ਸ਼ਹਿਨਸ਼ਾਹੀ ਸੰਮਤ ੪ ਕੰਸ ਰਾਜ ਗ੍ਰਹਿ ਪਿੰਡ ਗੁਜਰਾਤ ਜ਼ਿਲਾ ਗੁਰਦਾਸਪੁਰ

ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਜੇ ਰਾਵੀ ਕੰਢੇ ਜਾਣਾ ਕਰੋ ਧਿਆਨ, ਅੰਤਰ ਅੰਤਰ ਆਪਣੀ ਲਿਵ ਲਾਈਆ । ਸਚ ਦਵਾਰਿਉਂ ਮੰਗੋ ਦਾਨ, ਨਿਮਾਣੀਆਂ ਹੋ ਕੇ ਝੋਲੀ ਡਾਹੀਆ। ਕਿਰਪਾ ਕਰ ਸ੍ਰੀ ਭਗਵਾਨ, ਮਿਹਰ ਨਜ਼ਰ ਉਠਾਈਆ। ਸਾਨੂੰ ਤੁਰ ਕੇ ਔਣਾ ਬੜਾ ਮਹਾਨ, ਪੰਧ ਦੂਰ ਦੁਰਾਡਾ ਨਜ਼ਰੀ ਆਈਆ। ਬਣ ਜਾਓ ਬਾਲ ਅੰਞਾਣ, ਬੱਚਿਆਂ ਵਾਂਗ ਸ਼ੋਰ ਮਚਾਈਆ । ਨੇਤਰ ਹੰਝੂ ਵਹਿਣ ਵਹਾਨ, ਅੱਥਰਾਂ ਧਾਰ ਬਣਾਈਆ। ਫਿਰ ਆਪੇ ਤੁਹਾਨੂੰ ਸ਼ਬਦੀ ਭੇਜ ਦਏ ਬਬਾਣ, ਦੂਜੀ ਲੋੜ ਰਹੇ ਨਾ ਰਾਈਆ। ਤੁਹਾਡਾ ਪੁੱਜਣਾ ਹੋਵੇ ਅਸਾਨ, ਮੁਸ਼ਕਲ ਹੱਲ ਕਰਾਈਆ। ਛੱਡ ਜਾਓ ਜ਼ਿਮੀਂ ਆਮਾਨ, ਮੱਧ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡਾ ਹੋਵੇ ਆਪ ਸਹਾਈਆ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ੪ ਦਰਸ਼ਨ ਲਾਲ ਦੇ ਗ੍ਰਹਿ ਪਿੰਡ ਗੁਜਰਾਤ

ਪ੍ਰਭ ਦਾ ਸ਼ਬਦ ਅਗੰਮੀ ਬਬਾਣਾ, ਆਦਿ ਜੁਗਾਦਿ ਇਕ ਅਖਵਾਈਆ। ਜਿਸ ਉਤੇ ਚੜ੍ਹੇ ਨਾ ਕੋਈ ਰਾਜਾ ਰਾਣਾ, ਪਾਤਸ਼ਾਹਾਂ ਹੱਥ ਕਿਸੇ ਨਾ ਆਈਆ। ਜਿਸ ਵੇਲੇ ਹੋਵੇ ਆਪ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਆਪਣੇ ਭਗਤਾਂ ਕਰੇ ਪ੍ਰਵਾਨਾ, ਆਪਣੇ ਰੰਗ ਰੰਗਾਈਆ। ਫੇਰ ਬਖ਼ਸ਼ਿਸ਼ ਕਰੇ ਉਹ ਵਿਚ ਜਹਾਨਾ, ਜਿਸ ਦੀ ਬਾਡੀ ਜਗਤ ਨਾ ਕੋਇ ਸਮਝਾਈਆ। ਹਰਿਜਨ ਪਿਆਰੇ ਬਣਾ ਪ੍ਰਧਾਨਾ, ਸਹਿਜ ਨਾਲ ਵਿਚ ਟਿਕਾਈਆ। ਹੁਕਮੇ ਅੰਦਰ ਹੋਵੇ ਰਵਾਨਾ, ਆਵੇ ਜਾਵੇ ਚਾਈਂ ਚਾਈਂਆ। ਇਹੋ ਖੇਲ ਸ੍ਰੀ ਭਗਵਾਨਾ, ਜੋ ਹਰਿ ਕਰਤਾ ਆਪ ਕਰਾਈਆ। ਨਾਰਦ ਕਹੇ ਓਸ ਨੂੰ ਨਿਉਂ ਨਿਉਂ ਕਰੋ ਪ੍ਰਨਾਮਾ, ਸੀਸ ਜਗਦੀਸ਼ ਝੁਕਾਈਆ। ਫੇਰ ਸੁਣੋ ਅਗੰਮੀ ਕਲਾਮਾ, ਸੋਹੰ ਢੋਲਾ ਬੇਪਰਵਾਹੀਆ। ਤੱਕੋ ਧੁਰ ਦਾ ਅਮਾਮਾ, ਨਿਰਗੁਣ ਨੂਰ ਅਲਾਹੀਆ। ਜਿਸ ਨੇ ਭੇਜੇ ਕ੍ਰਿਸ਼ਨਾ ਕਾਹਨਾ, ਰਾਮ ਸੀਤਾ ਦਇਆ ਕਮਾਈਆ। ਜਿਸ ਤੁਹਾਡਾ ਬਣਾਇਆ ਨਿਸ਼ਾਨਾ, ਲੋਕਮਾਤ ਵੱਜੀ ਵਧਾਈਆ । ਸੋ ਸਾਹਿਬ ਸੱਚਾ ਸੁਲਤਾਨਾ, ਹਰਿ ਕਰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਰੰਗਾਈਆ।

੧੫ ਫੱਗਣ ਸ਼ਹਿਨਸ਼ਾਹੀ ਸੰਮਤ ੪ ਚਰਨ ਸਿੰਘ ਦੇ ਗ੍ਰਹਿ ਪਿੰਡ ਅੰਤੋਰ ਜ਼ਿਲਾ ਗੁਰਦਾਸਪੁਰ

ਰਾਵੀ ਕਹੇ ਗੁਰ ਅਰਜਨ ਦੇ ਕੇ ਗਿਆ ਪਾਤੀ, ਬਿਨ ਅੱਖਰਾਂ ਅਗੰਮ ਲਿਖਾਈਆ। ਜਿਸ ਵੇਲੇ ਪ੍ਰਗਟ ਹੋਵੇ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਨ ਭਗਤ ਸੁਹੇਲੇ ਬਣਾਏ ਸਾਥੀ, ਸਗਲਾ ਸੰਗ ਉਪਜਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰੇ ਆਖੀ, ਆਖ਼ਰ ਭੇਵ ਚੁਕਾਈਆ। ਲਹਿਣਾ ਦੇਣਾ ਵੇਖੇ ਤ੍ਰੈਲੋਕੀ ਨਾਥੀ, ਕਾਹਨਾ ਇਕ ਵਡਿਆਈਆ। ਜੋ ਸੀਤਾ ਰਾਮ ਦੱਸੀ ਬਾਤੀ, ਬਾਤਨ ਪਰਦਾ ਦਏ ਖੁਲ੍ਹਾਈਆ।

❋

❋

ਜਿਸ ਪੈਗ਼ੰਬਰਾਂ ਦਿਤੀ ਹਯਾਤੀ, ਜੀਵਣ ਜੁਗਤ ਸਮਝਾਈਆ। ਉਹ ਖੇਲ ਕਰੇ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੀ ਕਥਾ ਕਹਾਣੀ ਸਾਚੀ, ਸ਼ਬਦ ਬੋਧ ਸਮਝਾਈਆ। ਬੁੱਧੀ ਵਿਚ ਕਿਸੇ ਨਾ ਵਾਚੀ, ਨੇਤਰ ਨੈਣ ਨਾ ਕੋਇ ਵਖਾਈਆ। ਓਹ ਲਹਿਣਾ ਦੇਣਾ ਵੇਖੇ ਚਾਰ ਜੁਗ ਦਾ ਬਾਕੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਵੀ ਕਹੇ ਚਿੱਠੀ ਦਾ ਅਗੰਮ ਮਜ਼ਮੂਨ, ਮੈਂ ਸਮਝ ਸਕੀ ਨਾ ਰਾਈਆ। ਨਿਮਰਤਾ ਵਿਚ ਹੋ ਮਮਨੂਨ, ਨਮਸਤੇ ਕਹਿ ਕੇ ਸੀਸ ਝੁਕਾਈਆ। ਕੀ ਇਸ ਦੇ ਵਿਚ ਕ਼ਾਨੂੰਨ, ਧਾਰਾ ਕਵਣ ਵਡਿਆਈਆ। ਅਰਜਨ ਕਿਹਾ ਓਸੇ ਨੂੰ ਮਾਲੂਮ, ਜੋ ਹੁਕਮ ਸੰਦੇਸੇ ਰਿਹਾ ਦ੍ਰਿੜਾਈਆ। ਮੈਂ ਵੀ ਬਾਲ ਅੰਜਾਣਾ ਮਾਸੂਮ, ਨੰਨ੍ਹਾ ਨਜ਼ਰੀ ਆਈਆ। ਜਿਹੜਾ ਸ਼ਰੀਰ ਤੋਂ ਮਹਿਰੂਮ, ਜੋਤੀ ਜੋਤ ਵਿਚ ਸਮਾਈਆ। ਓਹ ਦੱਸੇ ਆਪਣਾ ਆਪੇ ਸਚ ਅਸੂਲ, ਅਸਲੀਅਤ ਇਕ ਜਣਾਈਆ। ਜਿਸ ਦਾ ਹੁਕਮ ਵਰਤੇ ਮਾਕ਼ੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਰਾਵੀ ਤੈਨੂੰ ਦੇਵੇ ਚਰਨਾਂ ਦੀ ਧੂਲ, ਧੂੜੀ ਭਗਤਾਂ ਖ਼ਾਕ ਰਮਾਈਆ। ਆਵੇ ਦਰ ਜ਼ਰੂਰ, ਆਵੇ ਹਜ਼ੂਰ ਨੂਰ ਅਲਾਹੀਆ। ਦੀਨ ਦੁਨੀ ਦਾ ਵੇਖੇ ਕ਼ਸੂਰ, ਲੱਖ ਚੁਰਾਸੀ ਫੋਲ ਫੁਲਾਈਆ। ਅਸੀਂ ਬਰਦੇ ਉਹਦੇ ਮਜ਼ਦੂਰ, ਤੱਤਾਂ ਵਾਲੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਸੁਣਾਈਆ। ਰਾਵੀ ਕਹੇ ਦੱਸ ਸਤਿਗੁਰ ਕੀ ਲੇਖਾ ਲਿਖਿਆ, ਬਿਨ ਕ਼ਲਮ ਸ਼ਾਹੀਆ। ਮੈਨੂੰ ਨੇਤਰ ਨਾਲ ਨਾ ਦਿਸਿਆ, ਰੋ ਕੇ ਦਿਆਂ ਦੁਹਾਈਆ। ਮੇਰਾ ਅੰਤਰ ਅੰਤਰ ਪਿਟਿਆ, ਬਹੁੜੀ ਬਹੁੜੀ ਕਰ ਜਣਾਈਆ। ਕੀ ਇਸ ਵਿਚ ਲੇਖਾ ਪਾਇਆ ਨਾਲ ਹਿੱਸਿਆ, ਕਵਣ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਜਣਾਈਆ। ਅਰਜਨ ਕਹੇ ਇਹਦਾ ਭੇਵ ਅੱਖਰਾਂ ਤੋਂ ਬਾਹਰ, ਵਿਦਿਆ ਵੰਡ ਨਾ ਕੋਇ ਵੰਡਾਈਆ। ਰਾਵੀ ਤੇਰੇ ਕੰਢੇ ਆ ਕੇ ਆਪੇ ਕਰੇ ਜ਼ਾਹਰ, ਤੇਰੇ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਜਿਸ ਵੇਲੇ ਦੁਨੀਆ ਸਾਰੀ ਹੋਈ ਕਾਇਰ, ਕਰਮ ਕਾਂਡ ਵਿਚ ਕੁਰਲਾਈਆ। ਸਚ ਦਵਾਰਿਓ ਹੋਈ ਗ਼ੈਰ, ਗਹਿਰ ਗੰਭੀਰ ਨਾ ਕੋਇ ਮਿਲਾਈਆ। ਜਗ ਸਾਗਰ ਸਕੇ ਕੋਈ ਨਾ ਤੈਰ, ਤੀਰਥ ਤਟ ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਈਆ। ਓਸ ਵੇਲੇ ਕਰੇ ਪ੍ਰਭ ਆਪਣੀ ਮਿਹਰ, ਮਿਹਰ ਨਜ਼ਰ ਇਕ ਉਠਾਈਆ। ਜਿਹੜਾ ਸ਼ਾਹ ਸੁਲਤਾਨ ਸੂਰਬੀਰ ਵੱਡਾ ਕੇਹਰ, ਭਬਕ ਸਬਕ ਨਾਲ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਵੀ ਕਹੇ ਮੇਰਾ ਸਿਰ ਗਿਆ ਦੁਖ, ਨਿਮਰਤਾ ਵਿਚ ਦੁਹਾਈਆ। ਅਰਜਨ ਇਕ ਦੱਸ ਦੇ ਤੁਕ, ਬਹੁਤਾ ਨਾ ਸਮਝਾਈਆ। ਗੁਰ ਅਰਜਨ ਕਿਹਾ ਹੁਣ ਨਾ ਮੈਥੋਂ ਪੁਛ, ਪੁਛਣ ਦੀ ਲੋੜ ਰਹੇ ਨਾ ਰਾਈਆ। ਜਿਸ ਵੇਲੇ ਸਾਹਿਬ ਸਵਾਮੀ ਗਿਆ ਪੁੱਜ, ਨਿਰਗੁਣ ਆਪਣਾ ਪੰਧ ਮੁਕਾਈਆ। ਸਭ ਕੁਛ ਜਾਏ ਸੁਝ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪਰਦਾ ਲਾਹੀਆ। ਰਾਵੀ ਕਹੇ ਓਹ ਕਿਹੜਾ ਹੋਣਾ ਤਿਉਹਾਰ, ਸਚ ਦੇ ਸਮਝਾਈਆ। ਤੇਰੇ ਚਰਨ ਕਵਲ ਨਿਮਸਕਾਰ, ਨਿਉਂ ਨਿਉਂ ਲਾਗਾਂ ਪਾਈਂਆ। ਗੁਰ ਅਰਜਨ ਕਿਹਾ ਸੋਲਾਂ ਫੱਗਣ ਸੁਹੰਜਣੀ ਹੋਏ ਬਹਾਰ, ਸੰਮਤ ਸ਼ਹਿਨਸ਼ਾਹੀ ਚਾਰ ਨਾਲ ਵਡਿਆਈਆ। ਤੇਰਾ ਲੇਖਾ ਦੱਸੇ ਅਗੰਮ ਅਪਾਰ, ਅਲਖ ਅਗੋਚਰ ਪਰਦਾ ਲਾਹੀਆ।

❋

❋

ਚਿੱਠੀ ਦਾ ਮਜ਼ਮੂਨ ਸਹਿਜ ਦਏ ਸਿਖਾਲ, ਔਖਾ ਰਾਹ ਨਾ ਕੋਇ ਜਣਾਈਆ। ਜਿਸ ਨੂੰ ਝੁਕਦੇ ਸ਼ਾਹ ਕੰਗਾਲ, ਓਹ ਸਹਿਜ ਹੋਵੇ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਲਾ ਲਏ ਮਿਲਾਈਆ। ਰਾਵੀ ਕਹੇ ਕੀ ਗੋਬਿੰਦ ਸ਼ਬਦ ਗੁਰੂ ਕਿ ਅਰਜਨ ਧਾਰ, ਕੀ ਰਾਮ ਕ੍ਰਿਸ਼ਨ ਈਸਾ ਮੁਹੰਮਦ ਮੂਸਾ ਕੀ ਵਡਿਆਈਆ। ਖੇਲ ਦੱਸ ਕਰ ਪਿਆਰ, ਅਪਰੰਪਰ ਦੇਣਾ ਜਣਾਈਆ। ਮੈਨੂੰ ਵਹਿੰਦੀ ਨੂੰ ਬੀਤ ਗਏ ਜੁਗ ਕੋਟਨ ਕਈ ਹਜ਼ਾਰ, ਮੇਰੀ ਆਸਾ ਪੂਰ ਨਾ ਕੋਇ ਕਰਾਈਆ। ਆ ਆ ਚਲੇ ਗਏ ਮਾਤ ਤਤ ਅਵਤਾਰ, ਪੈਗ਼ੰਬਰ ਗੁਰੂ ਫੇਰੀਆਂ ਪਾਈਆ। ਫਿਰਦੇ ਗਏ ਤਟ ਕਿਨਾਰ, ਕੰਢਿਆਂ ਉਤੇ ਡੇਰਾ ਲਾਈਆ। ਮੇਰਾ ਅਸਲ ਕਿਸੇ ਨਾ ਕੀਤਾ ਇਜ਼ਹਾਰ, ਸਿਫ਼ਤਾਂ ਵਿਚ ਨਾ ਕੋਇ ਸਾਲਾਹੀਆ। ਸਨਮੁਖ ਹੋ ਕੇ ਕਰੀ ਨਾ ਕਿਸੇ ਗ਼ੁਫ਼ਤਾਰ, ਗ਼ੁਫ਼ਤ ਸ਼ਨੀਦ ਨਾ ਢੋਲਾ ਗਾਈਆ। ਮੈਂ ਚਾਹੁੰਦੀ ਜ਼ਰੂਰ ਜਿਸ ਵੇਲੇ ਆਏ ਕਲ ਕਲਕੀ ਅਵਤਾਰ, ਅਮਾਮ ਅਮਾਮਾ ਹੋਏ ਸਿਕਦਾਰ, ਸੰਦੇਸ਼ਾ ਦੇਵੇ ਆਪਣੀ ਧਾਰ, ਵਾਰਤਾ ਪਿਛਲੀ ਦਏ ਸਮਝਾਈਆ । ਸੋ ਵਕ਼ਤ ਸੁਹੰਜਣਾ ਸੋਲਾਂ ਫੱਗਣ ਸਾਢੇ ਤਿੰਨ ਮੇਰਾ ਸੋਹੇ ਕਿਨਾਰ, ਵੱਜੇ ਸਚ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਲੇਖਾ ਜਾਣ ਸਰਬ ਸੰਸਾਰ, ਸ੍ਰਿਸ਼ਟੀ ਦੀ ਦ੍ਰਿਸ਼ਟੀ ਆਪਣੇ ਹੱਥ ਰਖਾਈਆ।