੨੦ ਫੱਗਣ ਸ਼ਹਿਨਸ਼ਾਹੀ ਸੰਮਤ ੪ ਬੂੜ ਸਿੰਘ ਦੇ ਘਰ ਪਿੰਡ ਵਜ਼ੀਰ ਪੁਰ
ਗੋਦਾਵਰੀ ਕਹੇ ਗੋਬਿੰਦ ਵਲ ਲਾਈਆਂ ਅੱਖਾਂ, ਜੋ ਆਖ਼ਰ ਹੋਏ ਸਹਾਈਆ। ਜਿਸ ਦਾ ਮੇਲ ਨਾਲ ਪੁਰਖ ਸਮਰਥਾ, ਸਮਰਥ ਪੁਰਖ ਦਏ ਗਵਾਹੀਆ। ਜਿਸ ਦਾ ਨਾਮ ਬੋਧ ਅਗਾਧ ਅਕਥਨਾ ਅਕਥਾ, ਰਸਨਾ ਕਥ ਨਾ ਸਕੇ ਰਾਈਆ। ਜੁਗ ਜੁਗ ਕਰੇ ਖੇਲ ਯਥਾਰਥ ਯਥਾ, ਨਿਤ ਨਵਿਤ ਆਪਣਾ ਵੇਸ ਵਟਾਈਆ। ਜਿਹੜਾ ਤੀਰ ਚਿੱਲਾ ਛੱਡ ਕੇ ਗਿਆ ਭੱਥਾ, ਕਮਾਨ ਟੰਗ ਜਗਤ ਸੁਟਾਈਆ। ਸਚਖੰਡ ਦਵਾਰੇ ਜਾ ਕੇ ਵਸਾ, ਜੋਤੀ ਜੋਤ ਜੋਤ ਸਮਾਈਆ। ਅੰਤਮ ਨਿਰਗੁਣ ਧਾਰ ਹੋ ਕੇ ਪ੍ਰਗਟਾ, ਪ੍ਰਗਟ ਹੋ ਕੇ ਆਪਣਾ ਖੇਲ ਖਿਲਾਈਆ। ਸਤਿ ਧਰਮ ਦਾ ਖੋਲ੍ਹ ਕੇ ਹੱਟਾ, ਵਸਤ ਅਮੋਲਕ ਇਕ ਵਰਤਾਈਆ। ਆਤਮ ਪਰਮਾਤਮ ਜੋੜੇ ਨਾਤਾ ਪੱਕਾ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਦੇਣਾ ਦੇਵੇ ਹਕ਼ੀਕ਼ਤ ਹੱਕਾ, ਹੱਕ ਹਕ਼ੀਕ਼ਤ ਵੇਖ ਵਖਾਈਆ। ਸਤਿਜੁਗ ਸਚ ਚਲਾਏ ਰਥਾ, ਬਣ ਰਥਵਾਹੀ ਸੇਵ ਕਮਾਈਆ। ਯੋਧਾ ਸੂਰਬੀਰ ਮਰਦਾਨਾ ਬਣ ਗਿਆ ਹੱਟਾ, ਨੌਜਵਾਨਾ ਆਪਣਾ ਮੇਲ ਜਣਾਈਆ। ਅਵਤਾਰਾਂ ਪੂਰਾ ਕਰੇ ਪਟਾ, ਸਦੀ ਚੌਧਵੀਂ ਵੇਖ ਵਖਾਈਆ। ਝਗੜਾ ਰਿਹਾ ਨਾ ਤੱਤਾਂ ਅੱਠਾਂ, ਅਪ ਵਾਏ ਤੇਜ ਪ੍ਰਿਥਮੀ ਆਕਾਸ਼ ਮਨਮਤ ਬੁਧ ਪਰਦਾ ਦਏ ਉਠਾਈਆ। ਹਿੰਦੂ ਮੁਸਲਿਮ ਸਿਖ ਈਸਾਈ ਮੇਟੇ ਰੱਟਾ, ਇਕੋ ਨਾਮ ਦਏ ਜਣਾਈਆ । ਨਿਰਗੁਣ ਨੂਰ ਜੋਤ ਪ੍ਰਕਾਸ਼ ਕਰੇ ਲਟ ਲਟਾ, ਅੰਧ ਅੰਧੇਰਾ ਦਏ ਮਿਟਾਈਆ। ਸ਼ਬਦ ਅਗੰਮੀ ਮਾਰ ਕੇ ਸੱਟਾ, ਸੋਈ ਸੁਰਤੀ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਦਇਆ ਕਮਾਈਆ। ਗੋਦਾਵਰੀ ਕਹੇ ਗੋਬਿੰਦ ਦਿਸੇ ਇਕ ਸਹਾਰਾ, ਸਤਿਗੁਰ ਸ਼ਬਦ ਨਾਮ ਵਡਿਆਈਆ। ਜਿਸ ਨੇ ਕਲਜੁਗ ਕਰਨਾ ਪਾਰ ਕਿਨਾਰਾ, ਸਤਿਜੁਗ ਸਾਚਾ ਰਾਹ ਵਖਾਈਆ। ਚਾਰ ਵਰਨਾਂ ਦੇਣਾ ਅਧਾਰਾ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਰੰਗ ਰੰਗਾਈਆ। ਏਕਾ ਮੰਦਰ ਦੱਸਣਾ ਗੁਰੂਦਵਾਰਾ, ਕਾਇਆ ਕਾਅਬਾ ਇਕ ਉਪਜਾਈਆ। ਏਕਾ ਨਾਮ ਸ਼ਬਦ ਧੁਨਕਾਰਾ, ਸ਼ਬਦ ਅਨਾਦੀ ਨਾਦ ਇਕ ਵਜਾਈਆ। ਅੰਮ੍ਰਿਤ ਰਸ ਠੰਡਾ ਠਾਰਾ, ਨਿਝਰ ਝਿਰਨਾ ਦਏ ਝਿਰਾਈਆ। ਏਕਾ ਦੀਆ ਬਾਤੀ ਕਮਲਾਪਾਤੀ ਕਰੇ ਉਜਿਆਰਾ, ਜੋਤੀ ਜੋਤ ਡਗਮਗਾਈਆ। ਏਕਾ ਮੇਲਾ ਹੋਏ ਪਰਵਰਦਿਗਾਰਾ, ਗੁਰ ਚੇਲਾ ਇਕੋ ਘਰ ਸੋਭਾ ਪਾਈਆ। ਖੇਲੇ ਖੇਲ ਆਪਣੀ ਧਾਰਾ, ਧਰਨੀ ਧਰਤ ਧਵਲ ਉਪਰ ਡੇਰਾ ਲਾਈਆ। ਜਿਸ ਨੂੰ ਕਹਿੰਦੇ ਚਵੀਆਂ ਅਵਤਾਰਾ, ਨਿਹਕਲੰਕ ਨਾਉਂ ਸਮਝਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਲੇਖ ਨਾ ਲਿਖਣਹਾਰਾ, ਕਾਤਬ ਚਲੇ ਨਾ ਕੋਇ ਚਤੁਰਾਈਆ । ਸੋ ਸਵਾਮੀ ਅੰਤਰਜਾਮੀ ਖੇਲੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪਣਾ ਵੇਸ ਵਟਾਈਆ। ਉੱਤਰ ਪੂਰਬ ਪੱਛਮ ਦੱਖਣ ਨੌ ਖੰਡ ਪ੍ਰਿਥਮੀ ਪਾਵੇ ਸਾਰਾ, ਭੇਵ ਅਭੇਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਾਹ ਸਾਚੀ ਇਕ ਸੁਹਾਈਆ।
❋
❋
ਗੋਦਾਵਰੀ ਕਹੇ ਮੈਂ ਤੱਕਾਂ ਗੋਬਿੰਦ ਚਰਨ ਕਵਲ, ਕਵਲ ਚਰਨ ਧਿਆਨ ਲਗਾਈਆ। ਜੋ ਹਰ ਹਿਰਦੇ ਜਾਏ ਮਵਲ, ਮੌਲਾ ਰੂਪ ਸੋਭਾ ਪਾਈਆ। ਪ੍ਰਗਟ ਹੋਇਆ ਉਪਰ ਧਵਲ, ਧਰਨੀ ਧਰਤ ਧੌਲ ਦਏ ਵਡਿਆਈਆ। ਉਲਟਾ ਕਰੇ ਨਾਭੀ ਕਵਲ, ਅੰਮ੍ਰਿਤ ਝਿਰਨਾ ਇਕ ਝਿਰਾਈਆ। ਉਸ ਦਾ ਲੇਖਾ ਜਾਣੇ ਕਵਣ, ਮਨਮਤ ਬੁਧ ਨਾ ਕੋਇ ਵਡਿਆਈਆ। ਉਸ ਦਾ ਸੰਦੇਸ਼ਾ ਦੇ ਨਾ ਸਕੇ ਪਵਣ, ਉਨੰਜਾ ਪਵਣ ਰਹੀ ਕੁਰਲਾਈਆ। ਜਿਸ ਵੇਸ ਵਟਾਇਆ ਧਾਰੀ ਪਵਨ, ਬਲ ਆਪਣਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਲੱਖ ਚੁਰਾਸੀ ਵੇਖੇ ਅਵਣ ਗਵਣ, ਆਵਣ ਜਾਵਣ ਪਤਤ ਪਾਵਨ ਦੀਨ ਦੁਨੀ ਖੋਜ ਖੁਜਾਈਆ।
੨੦ ਫੱਗਣ ਸ਼ਹਿਨਸ਼ਾਹੀ ਸੰਮਤ ੪ ਮੇਲਾ ਸਿੰਘ ਦੇ ਘਰ ਪਿੰਡ ਬਾਊਪੁਰ
ਨਾਰਦ ਕਹੇ ਰਾਵੀ ਤੇਰੇ ਕੰਢੇ ਕੰਢੇ ਭੱਜੀ ਆਵੇ ਲਾਟਾਂ ਵਾਲੀ, ਲਿਟਾਂ ਖੁਲ੍ਹੀਆਂ ਨਜ਼ਰੀ ਆਈਆ। ਰਾਹ ਖਹਿੜਾ ਰਹੀ ਭਾਲੀ, ਚਾਰੋਂ ਕੁੰਟ ਵੇਖ ਵਖਾਈਆ। ਉਹਦੀ ਚਮਕ ਵੇਖ ਕੇ ਮੈਂ ਵੀ ਭੱਜ ਉਠਾ ਸ਼ਾਲੀ, ਭੱਜਦੇ ਦੀ ਬੋਦੀ ਹੁਲਾਰੇ ਰਹੀ ਖਾਈਆ। ਮੈਂ ਕੋਲ ਆ ਕੇ ਅਸ਼ਟਭੁਜ ਬੜੀ ਸੋਹਣੀ ਨੂੰ ਵੇਖ ਕੇ, ਥੂ ਥੂ ਕਰ ਕੇ ਕਿਹਾ ਤੂੰ ਬੜੀ ਕਾਲੀ, ਕੋਝੀ ਨਜ਼ਰੀ ਆਈਆ। ਉਹਦੇ ਮੁਖ ਉਤੇ ਗ਼ੁੱਸੇ ਨਾਲ ਆਈ ਲਾਲੀ, ਸ਼ਸਤਰ ਅੱਠੇ ਰਹੀ ਹਿਲਾਈਆ। ਮੈਂ ਕਿਹਾ ਕਿਥੋਂ ਆਈ ਤੂੰ ਰਾਣੀ ਖਾਂ ਦੀ ਸਾਲੀ, ਸਾਡੀਆਂ ਹੱਦਾਂ ਵਿਚ ਫੇਰਾ ਪਾਈਆ। ਉਹ ਜੋਸ਼ ਵਿਚ ਆ ਗਈ ਕਾਹਲੀ, ਅੱਗੇ ਨੂੰ ਕ਼ਦਮ ਉਠਾਈਆ। ਮੈਂ ਝਟ ਚੜ੍ਹ ਕੇ ਉਤੇ ਟਾਹਲੀ, ਟਟੈਂ ਟਟੈਂ ਕਰ ਕੇ ਦਿਤਾ ਸੁਣਾਈਆ। ਜੇ ਮੈਨੂੰ ਖੜਨਾ ਈਂ ਮੈਂ ਮੁੱਢ ਥਾਣੀ ਚੜ੍ਹਿਆ ਤੂੰ ਚੜ੍ਹ ਜਾ ਵਲੋਂ ਪ੍ਰਾਲੀ, ਜਿਨ੍ਹਾਂ ਨੂੰ ਪਰਮਲ ਕਹਿ ਕੇ ਲੋਕੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਾਰਦ ਕਹੇ ਮੈਂ ਗ਼ੌਰ ਨਾਲ ਤੱਕਿਆ ਉਹ ਅਸਵਾਰ ਉਤੇ ਸ਼ੇਰ, ਭੈ ਰਹੀ ਜਣਾਈਆ। ਮੈਂ ਹੱਥ ਜੋੜ ਕੇ ਕਿਹਾ ਮੇਰੇ ਉਤੇ ਕਰ ਦੇ ਮਿਹਰ, ਤੇਰੀ ਬੇਪਰਵਾਹੀਆ। ਨੀ ਜੇ ਤੂੰ ਸ਼ਹਿਨਸ਼ਾਹ ਦੀ ਰਾਣੀ ਤੇ ਮੈਨੂੰ ਬ੍ਰਾਹਮਣ ਨੂੰ ਬਣਾ ਲੈ ਆਪਣਾ ਦੇਰ, ਭਾਬੀ ਕਹਿ ਕੇ ਆਪਣੀ ਖ਼ੁਸ਼ੀ ਬਣਾਈਆ। ਉਹਨੂੰ ਗ਼ੁੱਸੇ ਵਿਚ ਫੇਰ ਆ ਗਈ ਚੇੜ੍ਹ, ਗਦਾ ਰਹੀ ਭਵਾਈਆ । ਮੈਂ ਫੇਰ ਦਿਤਾ ਛੇੜ, ਉਤੋਂ ਹਲੂਣਾ ਦੇ ਕੇ ਸੁੱਕੇ ਪੱਤੇ ਉਹਦੇ ਉਤੇ ਸੁਟਾਈਆ। ਉਸ ਲੰਮੀ ਬਾਂਹ ਕਰ ਕੇ ਮੇਰੇ ਮੂੰਹ ਤੇ ਮਾਰੀ ਚਪੇੜ, ਮੈਂ ਹੱਸ ਕੇ ਦਿਤਾ ਵਖਾਈਆ। ਅੱਗੋਂ ਕਿਹਾ ਚਪੇੜਾਂ ਮਾਰਨ ਨਾਲੋਂ ਮੈਨੂੰ ਆਪਣੀ ਬੁਕਲ ਵਿਚ ਲੈ ਲਪੇਟ, ਭਾਵੇਂ ਸਾਰਾ ਦਿਨ ਚੁੱਕੀ ਫਿਰੀਂ ਮੈਂ ਸੀ ਨਾ ਕਦੇ ਕਰਾਈਆ। ਉਸ ਨੇ ਮੈਨੂੰ ਖਿੱਚ ਕੇ ਲਾਹ ਲਿਆ ਹੇਠ, ਮੈਂ ਚਰਨ ਚੁੰਮ ਕੇ ਦੁਰਗਾ ਮਾਤਾ ਦੀ ਜੈ ਜੈ ਜੈ ਦਾ ਨਾਅਰਾ ਦਿਤਾ ਸੁਣਾਈਆ। ਫੇਰ ਆਪਣੇ ਹੱਥ ਮਾਰ ਕੇ ਉਤੇ ਪੇਟ, ਪਿੱਟ ਪਿੱਟ ਕੇ ਦਿਤੀ ਦੁਹਾਈਆ। ਜ਼ੋਰ ਨਾਲ ਕਿਹਾ ਜੇ ਤੂੰ ਅੱਗੇ ਜਾਣਾ ਮੇਰੇ ਵਲ ਵੇਖ, ਤੈਨੂੰ ਰਸਤਾ ਦਿਆਂ ਸਮਝਾਈਆ। ਜੇ ਰਾਵੀ ਦੀ ਹੱਦ ਟੱਪੀਓ ਓਥੇ ਮੁਹੰਮਦ ਚਾਰ ਯਾਰੀ ਮੁਹੰਮਦ ਸ਼ੇਖ਼, ਸ਼ਰਅ ਵਾਲੇ ਤੇਰੇ ਨਾਲ ਕਰਨ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮੈਂ ਕਿਹਾ ਨੀ ਅਸ਼ਟਭੁਜ ਮੈਥੋਂ ਪਿਆਰ ਨਾਲ ਪੁਛ, ਮੇਰੀ ਪੁਸ਼ਤ ਪਨਾਹ ਹੱਥ ਟਿਕਾਈਆ।
❋
❋
ਫੇਰ ਹੱਥ ਮੇਰੀ ਉਤੇ ਮੁੱਛ, ਵਟ ਦੇ ਚੜ੍ਹਾਈਆ। ਫੇਰ ਮੈਨੂੰ ਖਵਾ ਕੁਛ, ਜਿਹੜਾ ਅੰਮ੍ਰਿਤ ਫਲ ਧੁਰ ਤੋਂ ਲੈ ਕੇ ਆਈਆ। ਫੇਰ ਪਿਆਰ ਨਾਲ ਚੁੱਕ, ਹੁਲਾਰਾ ਦੇ ਲਗਾਈਆ। ਫੇਰ ਤੂੰ ਵੀ ਗਾਈਂ ਮੈਂ ਵੀ ਗਾਵਾਂ ਤੂੰ ਮੇਰਾ ਮੈਂ ਤੇਰਾ ਤੁਕ, ਸੋਹੰ ਢੋਲਾ ਅਗੰਮ ਅਥਾਹੀਆ। ਫੇਰ ਮੈਨੂੰ ਖਵਾ ਟੁੱਕ, ਭੁੱਖੇ ਨੂੰ ਦੇ ਰਜਾਈਆ। ਜੇ ਤੈਨੂੰ ਬਹੁਤੀ ਖ਼ੁਸ਼ੀ ਆ ਜਾਵੇ ਮੇਰੇ ਚਰਨਾਂ ਵੱਲ ਜਾਵੀਂ ਝੁਕ, ਇਹ ਤੇਰੀ ਮਰਜ਼ੀ ਮੈਂ ਤੈਨੂੰ ਦਿਤੀ ਜਣਾਈਆ। ਨਾਰਦ ਕਹੇ ਇਹ ਬਚਨ ਸੁਣ ਕੇ ਮੈਨੂੰ ਖ਼ੂਬ ਦਿਤਾ ਕੁੱਟ, ਕੁੱਟ ਕੁੱਟ ਕੇ ਮੇਰਾ ਰੰਗ ਬਦਲਾਈਆ। ਮੈਂ ਭੱਜਾ ਥੱਕ ਕੇ ਗਿਆ ਟੁੱਟ, ਆਪਣਾ ਬਲ ਗਵਾਈਆ। ਉਹ ਮੇਰੇ ਮਗਰੇ ਆਈ ਉਠ, ਚਲੀ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਾਰਦ ਕਹੇ ਮੇਰੇ ਅੰਦਰ ਆਈ ਫੇਰ ਖ਼ੁਸ਼ੀ, ਗ਼ਮੀ ਦਿਤੀ ਭੁਲਾਈਆ। ਚੜ੍ਹ ਗਿਆ ਆ ਕੇ ਧੁੱਸੀ, ਰਾਤ ਦੇ ਅੱਠ ਵਜੇ ਮੇਰੀ ਰਾਮ ਦੁਹਾਈਆ। ਮੈਂ ਵੇਖਿਆ ਅੱਡੀਆਂ ਚੁੱਕੀ, ਆਪਣਾ ਜ਼ੋਰ ਲਗਾਈਆ। ਉਹ ਸ਼ੇਰ ਵਾਂਗੂ ਸ਼ੇਰ ਉਤੇ ਬੈਠੀ ਬੁੱਕੀ, ਭਬਕ ਦਿਤੀ ਲਗਾਈਆ। ਮੈਥੋਂ ਭੈ ਨਾਲ ਆਵਾਜ਼ ਨਿਕਲੀ ਦੋ ਤੁੱਕੀ, ਸੋਹੰ ਢੋਲਾ ਦਿਤਾ ਗਾਈਆ। ਓਨੇ ਚਿਰ ਨੂੰ ਰਸਤੇ ਵਿਚੋਂ ਭੌਂਕ ਪਈ ਕੁੱਤੀ, ਆਪਣੀ ਆਵਾਜ਼ ਪ੍ਰਗਟਾਈਆ। ਮੇਰੀ ਡਰਦੇ ਦੀ ਪੈਰੋਂ ਲਹਿ ਗਈ ਜੁੱਤੀ, ਨੰਗੇ ਪੈਰੀਂ ਭੱਜਿਆ ਵਾਹੋ ਦਾਹੀਆ। ਜਿਹੜਾ ਰਾਹ ਵਿਚ ਪੁੱਛੇ ਉਹਨੂੰ ਮੈਂ ਕਹਾਂ ਮੈਂ ਨੰਗੇ ਪੈਰੀਂ ਓਸ ਪ੍ਰਭੂ ਦੀ ਕਰਨ ਗਿਆ ਸਾਂ ਬੁੱਤੀ, ਜਿਹੜਾ ਬੁਤਖ਼ਾਨਿਆਂ ਦੀ ਕਰੇ ਸਫ਼ਾਈਆ। ਜਿਸ ਨੇ ਕਾਲਾ ਗਾਨਾ ਬੱਧਾ ਗੁੱਟੀਂ, ਆਪਣੀ ਵੰਡ ਵੰਡਾਈਆ। ਜਾਂ ਮੈਂ ਪਿਛੇ ਭੌਂ ਕੇ ਵੇਖਿਆ ਦੁਰਗਾ ਸੰਖ ਵਾਲੇ ਹੱਥ ਦੀ ਵੱਟੀ ਮੁੱਕੀ, ਮੈਨੂੰ ਰਹੀ ਵਖਾਈਆ। ਨਾਲੇ ਉਚੀ ਉਚੀ ਕੂਕੀ, ਆਪਣੀ ਆਵਾਜ਼ ਪ੍ਰਗਟਾਈਆ। ਬੇਲੇ ਵਾਂਗੂ ਸੂਕੀ, ਸਾਂ ਸਾਂ ਦਿਤੀ ਸੁਣਾਈਆ। ਮੈਂ ਝਟ ਘੱਟੇ ਦੀ ਮਲ ਕੇ ਭਬੂਤੀ, ਸਾਧੂਆਂ ਵਾਲਾ ਵੇਸ ਕਰਾਈਆ। ਇਹ ਗੱਲ ਮਗਰੋਂ ਹੋ ਗਈ ਕਸੂਤੀ, ਉਹਨੇ ਖੰਜਰ ਲਿਆ ਉਠਾਈਆ। ਮੈਂ ਨਾਲੇ ਭੱਜਾ ਆਵਾਂ ਨਾਲੇ ਡਰਦਾ ਜਾਵਾਂ ਮੂਝੀ, ਨਾਲੇ ਕਹਾਂ ਤੇਰੇ ਅੱਗੇ ਭੈ ਨਾ ਕੋਇ ਰਖਾਈਆ। ਮੈਂ ਕੋਈ ਦੁਸ਼ਮਣ ਨਹੀਂ ਨਾ ਕੋਇ ਦੂਤੀ, ਦੁਸ਼ਟ ਦੁਰਾਚਾਰ ਨਾ ਰੂਪ ਵਟਾਈਆ। ਮੈਂ ਪਿਆਰ ਕਰਨ ਵਾਲਾ ਆਸ਼ਕ ਦੁਰਗੀ, ਜੇ ਤੂੰ ਬਣ ਜਾਏਂ ਮਸ਼ੂਕੀ, ਮੇਰਾ ਮਸਲਾ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਾਰਦ ਕਹੇ ਨਾਲੇ ਡਰਾਂ ਨਾਲੇ ਭੱਜਾਂ, ਭੱਜ ਭੱਜ ਕੇ ਪੈਂਡਾ ਲਿਆ ਮੁਕਾਈਆ। ਮੇਰੇ ਦਰਦ ਹੋਣ ਲੱਗੀ ਉਤੇ ਗੋਡੇ ਸੱਜਾ, ਕ਼ਦਮ ਕ਼ਦਮ ਨਾ ਕੋਇ ਬਦਲਾਈਆ। ਫੇਰ ਓਸ ਨੇ ਮੇਰੇ ਪਿਛੇ ਭਵਾਈ ਗਦਾ, ਮੈਨੂੰ ਲਿਆ ਡਰਾਈਆ। ਮੇਰਾ ਸਾਹ ਰਹਿ ਗਿਆ ਅੱਧਾ, ਹਿੰਮਤ ਰਹੀ ਨਾ ਰਾਈਆ। ਮੈਨੂੰ ਅੱਗੋਂ ਮਿਲ ਗਿਆ ਗਧਾ, ਮੈਂ ਪਲਾਕੀ ਮਾਰ ਕੇ ਉਤੇ ਬੈਠਾ ਚਾਈਂ ਚਾਈਂਆ। ਨਾਲੇ ਮੈਂ ਹੋਕਾ ਦੇਂਦਾ ਆਇਆ ਅਵਤਾਰੋ ਪੈਗ਼ੰਬਰੋ ਗੁਰੂਓ ਭਗਤੋ ਸੰਤੋ ਸੂਫ਼ੀ ਫ਼ਕੀਰੋ ਜਿਹੜਾ ਤੁਹਾਨੂੰ ਤੁਹਾਡਾ ਨਹੀਂ ਲੱਭਾ, ਆਓ ਦਿਆਂ ਮਿਲਾਈਆ। ਮੇਰੇ ਪਿਛੇ ਹੋਣੀ ਲੱਗੀ ਆਈ ਕ਼ਜ਼ਾ, ਵੈਰਨ ਆਪਣਾ ਭੈ ਰਖਾਈਆ। ਜਿਸ ਵੇਲੇ ਮੈਂ ਬਾਬੂਪੁਰ ਦੇ ਨੇੜੇ ਆਇਆ ਇਧਰੋਂ ਭਗਤਾਂ ਦਾ ਜੈਕਾਰਾ ਲੱਗਾ, ਮੈਂ ਸੁਣ ਕੇ ਖੋਤੇ ਦੇ ਕੰਨ ਮਰੋੜੇ ਉਤੋਂ ਉਤਰ ਕੇ ਪਿਛੇ ਲੱਤ ਦਿਤੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਨਾਰਦ ਕਹੇ ਮੈਂ ਡਰਦਾ ਆਇਆ ਦੌੜ, ਆਪਣਾ ਪੰਧ ਮੁਕਾਈਆ। ਪਿਛੇ ਆਵਾਜ਼ ਸੁਣਦਾ ਆਇਆ ਕੋਈ ਖੜਕਦਾ
❋
❋
ਨਹੀਂ ਪੌੜ, ਧਮਕ ਜ਼ਿਮੀਂ ਉਤੇ ਪਾਈਆ। ਮੈਂ ਨੇੜੇ ਆ ਕੇ ਮਾਰ ਕੇ ਛਾਲ ਚੜ੍ਹ ਗਿਆ ਉਤੇ ਬੋਹੜ, ਟੀਸੀ ਤੇ ਬੈਠਾ ਸੀਟੀਆਂ ਰਿਹਾ ਵਜਾਈਆ। ਜਾਂ ਚੜ੍ਹਦੇ ਨਿਗਾਹ ਮਾਰੀ ਮੇਰੇ ਸਾਹਿਬ ਦੇ ਸਿਰ ਤੇ ਹੋਵੇ ਚੌਰ, ਮੇਰੇ ਅੰਦਰ ਖ਼ੁਸ਼ੀ ਆਈਆ। ਫੇਰ ਮੈਂ ਦੁਰਗਾ ਵਲ ਵੇਖਿਆ ਕਰ ਕੇ ਗ਼ੌਰ, ਆਪਣੀ ਨਿਗਾਹ ਉਠਾਈਆ। ਫੇਰ ਮੈਂ ਪਾਸਾ ਕਰ ਕੇ ਓਧਰ ਨੂੰ ਕਰ ਲਏ ਮੌਰ, ਪਿਠ ਲਈ ਬਦਲਾਈਆ। ਨੀ ਮੈਂ ਸਾਹਿਬਜ਼ਾਦਾ ਮੈਂ ਪਾਤਸ਼ਾਹ ਦਾ ਕੌਰ, ਜਿਸ ਨੇ ਕੌਰਵ ਪਾਂਡਵ ਕ੍ਰਿਸ਼ਨ ਦੇ ਨਾਲ ਮਿਲ ਕੇ ਸਾਰੇ ਦਿਤੇ ਖਪਾਈਆ। ਮੈਂ ਇਸ ਜੁਗ ਵਿਚ ਮਾਰਿਆ ਫੌਹੜ, ਝੂਠ ਦਿਤਾ ਸੁਣਾਈਆ। ਜੇ ਅੱਗੇ ਆਈਉਂ ਏਥੇ ਇਕ ਸਰੋਵਰ ਵੱਡਾ ਜੌਹੜ, ਪਾਣੀ ਡੂੰਘਾ ਵੇਖ ਵਖਾਈਆ। ਜੇ ਕੋਈ ਪੀਵੇ ਤੇ ਬੜਾ ਕੌੜ, ਜੇ ਕੋਈ ਨਹਾਵੇ ਤੇ ਨਹਾਉਂਦਿਆਂ ਹੀ ਮਰ ਜਾਈਆ। ਜੇ ਤੈਨੂੰ ਪਿਆਸ ਦੀ ਲੱਗੀ ਔੜ, ਮੈਨੂੰ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਨਾਰਦ ਕਹੇ ਦੁਰਗਾ ਨੇ ਮੇਰੀ ਵੇਖੀ ਨਿਸ਼ਾਨੀ, ਨਿਸ਼ਾਨੇ ਉਤੇ ਚਲੀ ਆਈਆ। ਜੂਹ ਛੱਡੀ ਬੇਗਾਨੀ, ਦੂਰ ਦੁਰਾਡਾ ਪੰਧ ਮੁਕਾਈਆ। ਲੇਖਾ ਮੁਕਾਇਆ ਅਸਮਾਨੀ, ਜ਼ਿਮੀਂ ਵਲ ਧਿਆਨ ਲਗਾਈਆ। ਕਿੱਥੇ ਬੈਠਾ ਸ਼ਾਹ ਸੁਲਤਾਨੀ, ਪੰਡਤ ਜੀ, ਮੈਨੂੰ ਦਿਓ ਵਖਾਈਆ। ਮੈਂ ਹੱਸ ਕੇ ਕਿਹਾ ਪਹਿਲੋਂ ਮੇਰੇ ਕੋਲ ਬੋਹੜ ਦੀ ਚੋਟੀ ਤੇ ਆ ਜੇ ਤੇਰੀ ਵੱਡੀ ਜਵਾਨੀ, ਨੌਜਵਾਨੇ ਫੇਰ ਤੈਨੂੰ ਦਿਆਂ ਵਖਾਈਆ। ਜੇ ਤੂੰ ਚੜ੍ਹ ਨਾ ਸਕੇਂ ਫੇਰ ਤੂੰ ਮੇਰੇ ਸੂਰਮੇ ਦੀ ਕਦੇ ਨਾ ਕਰੀਂ ਬਦਨਾਮੀ, ਬਦਲੇ ਦੀ ਭਾਵਨਾ ਨਾ ਕੋਇ ਰਖਾਈਆ। ਵੇਖੀਂ ਕਿਤੇ ਭੁੱਲ ਕੇ ਧਿਆਨ ਧਰੀਂ ਨਾ ਬਾਹਰਲੇ ਤਤ ਜਿਸਮਾਨੀ, ਪੁਤਲਾ ਖ਼ਾਕ ਮਿੱਟੀ ਧਿਆਨ ਲਗਾਈਆ। ਨਿਗਾਹ ਮਾਰੀਂ ਮੇਰਾ ਪਾਤਸ਼ਾਹ ਤੇ ਤੇਰਾ ਸ਼ਹਿਨਸ਼ਾਹ ਸਚਖੰਡ ਦਾ ਸੁਲਤਾਨੀ, ਦਰਗਾਹ ਸਾਚੀ ਸੋਭਾ ਪਾਈਆ। ਓਹ ਪਿਛਲੀ ਯਾਦ ਕਰਾਉਣ ਆਇਆ ਕਥਾ ਕਹਾਣੀ, ਸੁੰਭ ਨਿਸੁੰਭ ਭੇਵ ਖੁਲ੍ਹਾਈਆ। ਓਹ ਓਸ ਦੀ ਖਾਣ ਆਇਆ ਮਹਿਮਾਨੀ, ਜੋ ਪਾਣੀ ਦਾ ਮਾਲਕ ਬਣ ਕੇ ਨਾਨਕ ਰਿਹਾ ਤਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਨਾਰਦ ਕਹੇ ਮੈਂ ਛੇਤੀ ਨਾਲ ਬੋਹੜ ਤੋਂ ਉਤਰਾ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਸ੍ਰੀ ਭਗਵਾਨ ਨੇ ਕਿਹਾ ਵਾਹ ਮੇਰਿਆ ਪੁੱਤਰਾ, ਤੇਰੀ ਵਡ ਵਡਿਆਈਆ। ਮੈਂ ਭੱਜ ਕੇ ਚੜ੍ਹ ਗਿਆ ਕੁਛੜਾ, ਬੁਕਲ ਵਿਚ ਲੁਕ ਕੇ ਜੱਫੀ ਲਈ ਪਾਈਆ। ਨਾਲੇ ਦੱਸਿਆ ਝਗੜਾ, ਰੋ ਕੇ ਦਿਤੀ ਦੁਹਾਈਆ। ਫੇਰ ਮੇਰਾ ਪੂੰਝਿਆ ਮੁਖੜਾ, ਸਾਫ਼ ਦਿਤਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮੈਂ ਕਿਹਾ ਪ੍ਰਭੂ ਓਹ ਮੇਰੇ ਪਿਛੇ ਲੱਗੀ ਦੁਰਗਾ ਦੇਵੀ, ਦੇਵ ਦੇਵਾ ਮੈਂ ਕਹਿ ਕੇ ਪਲੂ ਆਇਆ ਛੁਡਾਈਆ। ਮੈਂ ਮੰਦਰਾਂ ਵਿਚ ਵੇਖਣ ਗਿਆ ਕਾਗ਼ਜ਼ਾਂ ਦੀ ਖੜ੍ਹੀ ਕੀਤੀ ਨਾਲ ਲੇਵੀ, ਪੱਥਰਾਂ ਵਿਚ ਵਡਿਆਈਆ। ਸਚ ਦੱਸ ਇਹ ਕੋਈ ਹੈ ਵੀ, ਕਿ ਐਂਵੇਂ ਮੈਨੂੰ ਭੈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਨੇ, ਨਾਰਦ ਕਹੇ, ਮੇਰਾ ਕੰਨ ਦਿਤਾ ਖਿੱਚ, ਹਲੂਣਾ ਦਿਤਾ ਲਗਾਈਆ। ਧਿਆਨ ਧਰ ਜਾਂ ਵੇਖਿਆ ਗੁਰ ਅਵਤਾਰ ਪੈਗ਼ੰਬਰ ਦੇਵੀ ਦੇਵਤ ਸਾਰੇ ਇਸ ਦੇ ਵਿਚ, ਆਪ ਆਪਣੇ ਵਿਚ ਟਿਕਾਈਆ। ਫੇਰ ਵਖਾਈ ਅਗੰਮੀ ਚਿਟ, ਚਿੱਠੀ ਦਿਤੀ ਫੜਾਈਆ। ਫੇਰ ਕਿਹਾ ਮੇਰੇ ਚਰਨਾਂ ਵਿਚ ਲਿਟ, ਮੈਂ ਲੇਟ ਕੇ ਆਪਣੇ ਪਾਸੇ ਲਏ ਬਦਲਾਈਆ। ਫਿਰ ਕਿਹਾ ਮੇਰੇ ਵਲ ਵੇਖ ਲਾ ਕੇ ਟਿਕ, ਮੈਂ ਟਿਕ ਟਿਕੀ ਲਈ ਲਗਾਈਆ। ਫੇਰ
❋
❋
ਕਿਹਾ ਓਹ ਵੇਖ ਰਵਿਦਾਸ ਦੀ ਇੱਟ, ਜੋ ਇੱਟਾਂ ਪੱਥਰਾਂ ਦਾ ਖਹਿੜਾ ਰਹੀ ਛੁਡਾਈਆ। ਮੈਂ ਤੱਕਣ ਲੱਗਾ ਬਿਟ ਬਿਟ, ਖੇਲ ਵਖਾਇਆ ਅਨਡਿਠ, ਜਿਸ ਨੂੰ ਸਮਝੇ ਨਾ ਕੋਇ ਲੋਕਾਈਆ। ਫੇਰ ਨਾਪ ਨਪਾਇਆ ਮੈਥੋਂ ਸਵਾ ਗਿਠ, ਆਪਣੀ ਦਇਆ ਕਮਾਈਆ। ਫੇਰ ਬਦਲਾ ਕੇ ਮੇਰੀ ਪਿਠ, ਠੋਕਰ ਆਪਣੇ ਹੱਥ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਨਾਰਦ ਕਹੇ ਮੈਂ ਨਿਮਸਕਾਰ ਕੀਤੀ, ਸੀਸ ਜਗਦੀਸ਼ ਝੁਕਾਈਆ। ਕਥਾ ਕਹਾਣੀ ਦੱਸੀ ਬੀਤੀ, ਆਪਣਾ ਪਰਦਾ ਲਾਹੀਆ। ਫੇਰ ਆਪਣੀਆਂ ਨਾਸਾਂ ਵਿਚ ਫੇਰ ਕੇ ਚੀਚੀ, ਧੁੱਸੀ ਦਾ ਮਿੱਟੀ ਘੱਟਾ ਲਿਆ ਕਢਾਈਆ। ਫੇਰ ਬਾਊਪੁਰ ਦੀ ਵੜ ਕੇ ਵਿਚ ਬਗ਼ੀਚੀ, ਗੁਰਮੁਖ ਫੁੱਲ ਬੂਟੇ ਵੇਖੇ ਚਾਈਂ ਚਾਈਂਆ। ਫੇਰ ਮੈਂ ਜ਼ੋਰ ਜ਼ੋਰ ਦੀ ਮਾਰੀ ਸੀਟੀ, ਦੂਰ ਦੂਰ ਸੁਣਾਈਆ। ਨਾਲੇ ਕਿਹਾ ਅਸ਼ਟਭੁਜ ਆਹ ਮੈਂ ਓਸ ਗਾਡੀ ਦਾ ਟੀਟੀ, ਜਿਸ ਉਤੇ ਭਗਤ ਭਗਵਾਨ ਰਿਹਾ ਚੜ੍ਹਾਈਆ। ਮੈਂ ਕੋਈ ਪੜ੍ਹਿਆ ਨਹੀਂ ਬੀ ਏ ਬੀ ਟੀ, ਬ੍ਰਿਸਟ ਬਰਤਾਨੀਆਂ ਡਿਗਰੀ ਹਾਸਲ ਨਾ ਕੋਇ ਕਰਾਈਆ। ਏਥੇ ਕੋਈ ਜੰਕਸ਼ਨ ਨਹੀਂ ਬੰਬੇ ਵਾਲਾ ਵੀ ਟੀ, ਵੀਟੋ ਅਧਿਕਾਰ ਪ੍ਰਭ ਨੇ ਮੇਰੇ ਹੱਥ ਦਿਤਾ ਫੜਾਈਆ। ਮੈਂ ਕੋਈ ਡਰਪੋਕ ਨਹੀਂ ਗੀਦੀ, ਰੋ ਕੇ ਦਿਆਂ ਵਖਾਈਆ। ਮੇਰੇ ਕੋਲ ਸੱਤ ਰੰਗਾ ਝੰਡਾ ਓਹ ਲੈਨ ਵਖਾਵੇ ਸਿੱਧੀ, ਅੱਗੇ ਹੋ ਨਾ ਕੋਇ ਅਟਕਾਈਆ। ਕੋਈ ਲੋੜ ਨਹੀਂ ਪੈਂਦੀ ਲਾਈਨ ਲੀਹ ਦੀ, ਬਿਨਾ ਲੈਨ ਤੋਂ ਐਨ ਦਿਆਂ ਚਲਾਈਆ। ਕੋਈ ਜ਼ਰੂਰਤ ਨਹੀਂ ਸਿਫ਼ਤਾਂ ਵਾਲੀ ਤਸ਼ਰੀਹ ਦੀ, ਤਾਰੀਫ਼ ਕਰਨ ਵਾਲੇ ਗੁਰ ਅਵਤਾਰ ਪੈਗ਼ੰਬਰ ਓਸੇ ਦਾ ਰਾਹ ਤਕਾਈਆ। ਆਹ ਵੇਖ ਆਸਾ ਓਸ ਮਸੀਹ ਦੀ, ਜਿਸ ਨੂੰ ਹਜ਼ਰਤ ਈਸਾ ਕਹਿ ਕੇ ਸਾਰੇ ਸੀਸ ਨਿਵਾਈਆ। ਖੇਲ ਵੇਖ ਉਸ ਰੱਬੀ ਦੀ, ਜੋ ਰੱਬੇ ਆਲਮ ਮੁਹੰਮਦ ਸਲੱਲਾ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਾਰਦ ਕਹੇ ਮੈਂ ਫੇਰ ਕੀਤੀ ਸ਼ੈਤਾਨੀ, ਸ਼ਰਅ ਜਗਤ ਵਾਲੀ ਦ੍ਰਿੜਾਈਆ। ਜੇ ਕਲਜੁਗ ਵਿਚ ਕਰੀਏ ਬੇਈਮਾਨੀ, ਮਿਲਦੀ ਮਾਤ ਵਡਿਆਈਆ। ਜੇ ਧੋਖਾ ਦੇਈਏ ਮਾਤ ਰੁਪਈਆ ਚਵਾਨੀ ਦਵਾਨੀ, ਪੈਸਿਆਂ ਵਿਚ ਪਾਸਾ ਉਲਟਾਈਆ। ਫੇਰ ਸਾਧੂ ਸਾਰੇ ਮਗਰ ਲਾ ਲਓ ਜਿਹੜੇ ਕਹਿਣ ਚੜ੍ਹਦੇ ਮੰਜ਼ਲ ਰੁਹਾਨੀ, ਟੱਕਿਆਂ ਵਿਚ ਖਰੀਦੋ ਥਾਉਂ ਥਾਈਂਆ। ਜੇ ਪੰਡਤ ਬਣ ਕੇ ਸੁਣਾਵਾਂ ਗ੍ਰੰਥਾਂ ਵਾਲੀ ਬਾਣੀ, ਵਿਦਿਆਵਾਨ ਕਹੇ ਲੋਕਾਈਆ। ਜੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰੇ ਜਾ ਕੇ ਮਸਤਕ ਰਗੜਾਂ ਪੇਸ਼ਾਨੀ, ਫੇਰ ਸਾਰੇ ਕਹਿਣ ਗੁਰਮੁਖ ਚੰਗਾ ਨਜ਼ਰੀ ਆਈਆ। ਜੇ ਮੈਂ ਆਖਾਂ ਮੈਂ ਸਿੱਧਾ ਮਿਲਿਆ ਉਸ ਪਾਤਸ਼ਾਹ ਸ਼ਹਿਨਸ਼ਾਹ ਪੁਰਖ ਅਕਾਲ ਜੋ ਸਭ ਤੇ ਕਰੇ ਮਿਹਰਵਾਨੀ, ਮਹਿਬੂਬ ਮੇਰਾ ਨੂਰ ਅਲਾਹੀਆ। ਫਿਰ ਸਾਰੇ ਮੈਨੂੰ ਕੱਢਣ ਗਾਲੀ, ਕਹਿਣ ਕਿੱਥੋਂ ਪ੍ਰਭ ਦਾ ਭਗਤ ਆ ਕੇ ਰੌਲਾ ਰਿਹਾ ਪਾਈਆ। ਜਨ ਭਗਤੋ ਏਸੇ ਤਰ੍ਹਾ ਹੀ ਤੁਹਾਡੀ ਹੁੰਦੀ ਹਾਨੀ, ਮੈਂ ਤੁਹਾਨੂੰ ਦਿਆਂ ਸਮਝਾਈਆ। ਜੇ ਤੁਸੀਂ ਵੀ ਇੱਟਾਂ ਪੱਥਰ ਕ਼ਾਗਜ਼ ਕ਼ਲਮ ਸ਼ਾਹੀ ਤਨ ਵਜੂਦ ਪੂਜੋ ਜਿਸਮਾਨੀ, ਤੁਹਾਨੂੰ ਵੀ ਸਮਾਜ ਦਏ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਮਿਹਰ ਨਜ਼ਰ ਨਾਲ ਤਰਾਈਆ। ਨਾਰਦ ਕਹੇ ਓਹ ਆ ਗਈ ਸਤਿਜੁਗ ਦੀ ਰਾਣੀ, ਮਹਾਰਾਣੀ ਮਹਾਰਾਣੀ ਮਹਾਰਾਣੀ ਸੋਭਾ ਪਾਈਆ। ਭਰ ਲਿਆਇਆ ਠੰਡਾ ਪਾਣੀ, ਅੰਮ੍ਰਿਤ ਜਲ ਅੰਮ੍ਰਿਤ ਜਲ ਕਹਿ ਕੇ ਰਿਹਾ ਸੁਣਾਈਆ। ਪੜ੍ਹੀ ਜਾਵੇ ਬਾਣੀ, ਹਰੀ ਓਮ ਤਤ ਸਤਿ ਸੁਣਾਈਆ। ਤਕਦਾ ਜਾਏ ਨੌਜਵਾਨੀ, ਜੋਬਨਵੰਤੀ ਜੋਬਨਵੰਤੀ ਜੋਬਨਵੰਤੀ ਕਹਿ
❋
❋
ਕੇ ਆਪਣੀ ਅੱਖ ਚੁਰਾਈਆ। ਬੋਲਦਾ ਜਾਏ ਬੜੀ ਮਿਹਰਵਾਨੀ ਬੜੀ ਮਿਹਰਵਾਨੀ, ਪਿਆਰ ਦੇ ਪਿਆਰ ਦੇ, ਸਤਿਕਾਰ ਦੇ ਸਤਿਕਾਰ ਦੇ, ਇਤਬਾਰ ਦੇ ਇਤਬਾਰ ਦੇ, ਤੇਰੀ ਮਿਹਰਵਾਨੀ, ਝੋਲੀ ਤੇਰੇ ਅੱਗੇ ਡਾਹੀਆ । ਕਹਿੰਦਾ ਜਾਏ ਮੇਰੇ ਦਿਲ ਦੀ ਜਾਨ ਜਾਨੀ ਜਾਨ ਜਾਨੀ, ਜਾਨਣਹਾਰ ਵਿਚ ਸੰਸਾਰ ਇਹੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹਾਲ ਸੁਣਾਈਆ। ਅਸ਼ਟਭੁਜ ਕਹੇ ਉਰਾਂ ਆ ਵੇ ਨਾਰਦਾ, ਨਦੀਆਂ ਦੇ ਕੰਢੇ ਕਿਉਂ ਭੱਜਾ ਵਾਹੋ ਦਾਹੀਆ। ਨਾਰਦ ਕਹੇ ਮੈਂ ਤਾਂ ਸੇਵਾ ਕਰਦਾ ਸਾਂ ਵਾਂਗ ਗਾਰਦਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦੀ ਰੱਛਿਆ ਲਈ ਗਿਆ ਸਾਂ ਚਾਈਂ ਚਾਈਂਆ। ਮੈਨੂੰ ਹੁਕਮ ਮਿਲਿਆ ਸੀ ਬਾਹਰ ਦਾ, ਸੋ ਸੇਵਕ ਹੋ ਕੇ ਕਾਰ ਕਮਾਈਆ। ਬੀਬੀ ਰਾਣੀ ਜੇ ਦਰਸ਼ਨ ਕਰਨਾ ਈ ਮੇਰੀ ਸੱਚੀ ਸਰਕਾਰ ਦਾ, ਇਸ਼ਾਰੇ ਨਾਲ ਇਸ਼ਾਰਾ ਦਿਆਂ ਮਿਲਾਈਆ। ਜਿਹੜਾ ਸਭ ਦੀ ਪੈਜ ਸਵਾਰਦਾ, ਜੁਗ ਚੌਕੜੀ ਹੋਏ ਸਹਾਈਆ। ਜਿਹੜਾ ਤੇਰੇ ਵਰਗੇ ਅਨੰਤ ਰੂਪ ਧਾਰਦਾ, ਦੁਰਗਾ ਨੂੰ ਕਰ ਕੇ ਮੁਰਦਾ ਅੱਗੇ ਹੋਰ ਵੇਸ ਕਰ ਕੇ ਤੁਰਦਾ, ਇਹ ਖੇਲ ਅਗੰਮਾ ਧੁਰ ਦਾ, ਜਿਸ ਦੀ ਸਮਝ ਕਿਸੇ ਨਾ ਆਈਆ। ਜਦ ਤੱਕੋ ਤੇ ਭਗਤਾਂ ਨਾਲ ਨਾਤਾ ਜੁੜਦਾ, ਜਦ ਵੇਖੋ ਤੇ ਜਗਤ ਜਹਾਨ ਰੁੜ੍ਹਦਾ, ਜਦ ਜਾਣੋ ਗੁਰ ਅਵਤਾਰ ਪੈਗ਼ੰਬਰਾਂ ਤੋਂ ਕੰਮ ਲਏ ਆਪਣੀ ਲੋੜ ਦਾ, ਜ਼ਰੂਰਤ ਤੋਂ ਵੱਧ ਕਿਸੇ ਦੇ ਹੱਥ ਨਾ ਕੁਛ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਸਾਚੀ ਕਾਰ ਕਮਾਈਆ। ਅਸ਼ਟਭੁਜ ਕਹੇ ਹੋ ਜਾ ਮੇਰੇ ਅੱਗੇ, ਅੱਗੋਂ ਰਸਤਾ ਦੇ ਵਖਾਈਆ। ਨਾਰਦ ਕਹੇ ਮੈਨੂੰ ਪੰਜ ਸੱਤ ਉਤੋਂ ਲਾਹ ਲੈਣ ਦੇ ਝੱਗੇ, ਤੈਨੂੰ ਵੇਖ ਕੇ ਮੈਨੂੰ ਗਰਮੀ ਗਈ ਆਈਆ। ਕਿਤੇ ਬਦੋ ਬਦੀ ਮੈਨੂੰ ਚੁੱਕ ਕੇ ਨਾਲ ਬਹਾ ਨਾ ਲਈਂ ਉਤੇ ਸ਼ੇਰ ਬੱਗੇ, ਸਾਥੀ ਆਪਣਾ ਲਏਂ ਬਣਾਈਆ। ਕਿਤੇ ਮੇਰੀ ਸੇਵਾ ਨਾ ਲਾ ਦੇਵੀਂ ਨੌਬਤ ਉਤੇ ਲਾ ਡੱਗੇ, ਡੰਕਾ ਦੇ ਵਜਾਈਆ। ਮੈਂ ਪਿਛਲੇ ਡੌਰੂ ਸਾਰੇ ਛੱਡੇ, ਝਗੜਾ ਦਿਤਾ ਮੁਕਾਈਆ। ਮੈਂ ਇਕੋ ਜਾਣਦਾ ਜਿਹੜਾ ਮੇਰੇ ਸਾਹਿਬ ਦੀ ਚਰਨੀ ਲੱਗੇ, ਪੁਰਖ ਅਕਾਲ ਦੀ ਓਟ ਤਕਾਈਆ। ਉਹਦਾ ਝਗੜਾ ਮੁਕ ਜਾਏ ਜ਼ਿਮੀਂ ਅਸਮਾਨਾਂ ਮੱਧੇ, ਦੋ ਜਹਾਨਾਂ ਪਾਰ ਕਰਾਈਆ। ਇਹ ਖੇਲ ਵੇਖ ਲੈ ਹੁਣ ਤੇ ਅੱਜੇ, ਤੈਨੂੰ ਦਿਆਂ ਵਖਾਈਆ। ਤਖ਼ਤ ਨਿਵਾਸੀ ਦੀ ਜਗਮਗ ਜੋਤ ਜਗੇ, ਜਾਗਰਤ ਜੋਤ ਨੂਰ ਰੁਸ਼ਨਾਈਆ। ਨੀ ਦੁਰਗਾ ਉਹ ਤੇਰੇ ਨਾਲੋਂ ਮੇਰੇ ਨਾਲੋਂ ਗੁਰ ਅਵਤਾਰ ਪੈਗ਼ੰਬਰਾਂ ਨਾਲੋਂ ਹੁਣ ਚੜ੍ਹ ਗਿਆ ਈ ਭਗਤਾਂ ਗ਼ਰੀਬਾਂ ਦੇ ਅੱਡੇ, ਅੱਡੀ ਚੋਟੀ ਤਾਈਂ ਜ਼ੋਰ ਲਾ ਲਾ, ਫੇਰ ਵੀ ਹੱਥ ਕਦੇ ਨਾ ਆਈਆ। ਜੇ ਭਗਤ ਚਾਹੁਣ ਤੇ ਫੇਰ ਲੰਘੀਏ ਉਸ ਦੀ ਹੱਦੇ, ਹੱਦ ਹਦੂਦ ਪਾਰ ਕਰਾਈਆ। ਨਾਰਦ ਕਹੇ ਵੇਖ ਮੈਂ ਆਪਣੇ ਹੱਥ ਬੱਧੇ, ਬੰਦਨਾ ਕਰ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਖਾਈਆ। ਦੁਰਗਾ ਕਹੇ ਮੈਨੂੰ ਮਨਜ਼ੂਰ, ਢਿਲ ਰਹੇ ਨਾ ਰਾਈਆ । ਚਲ ਤੱਕੀਏ ਹਜ਼ੂਰ, ਜੋ ਹਰ ਹਿਰਦੇ ਰਿਹਾ ਸਮਾਈਆ। ਮੈਂ ਚਾਰ ਜੁਗ ਦਾ ਪੈਂਡਾ ਮੁਕਾ ਕੇ ਆਈ ਦੂਰ, ਸਤਿਜੁਗ ਦੀ ਚਲੀ ਕਲਜੁਗ ਅੰਤਮ ਪੁੱਜੀ ਚਾਈਂ ਚਾਈਂਆ। ਜਿਸ ਨਾਤਾ ਤੋੜਨਾ ਕੂੜ, ਜੂਠ ਝੂਠ ਦੇਣਾ ਮਿਟਾਈਆ। ਉਹਦੀ ਮਸਤਕ ਲਾਈਏ ਧੂੜ, ਟਿੱਕਾ ਖ਼ਾਕ ਰਮਾਈਆ। ਤੱਕੀਏ ਅਗੰਮਾ ਨੂਰ, ਨੂਰ ਨੁਰਾਨਾ ਡਗਮਗਾਈਆ। ਦਰਸ਼ਨ ਕਰਨਾ ਜ਼ਰੂਰ, ਜ਼ਾਹਰ ਜ਼ਹੂਰ ਹੋਵੇ ਰੁਸ਼ਨਾਈਆ। ਜਿਸ ਨੇ ਸਭ ਨੂੰ ਕੀਤਾ ਮਜਬੂਰ, ਭੱਜੇ ਆਵਣ ਥਾਉਂ ਥਾਈਂਆ। ਅਸੀਂ ਸਾਰੇ ਓਸੇ ਦੇ ਮਜ਼ਦੂਰ, ਸੇਵਾ ਵਿਚ ਸੇਵ ਕਮਾਈਆ।
❋
❋
ਨਾਰਦ ਹੱਸ ਕੇ ਕਹੇ ਦੁਰਗਾ ਤੂੰ ਤੇ ਬੜੀ ਉਚੀ ਲੰਮੀ ਵਾਂਗ ਖਜੂਰ, ਮੇਰਾ ਜੀਅ ਕਰਦਾ ਤੇਰੇ ਮੋਢਿਆਂ ਤੇ ਚੜ੍ਹ ਕੇ ਦਿਆਂ ਦੁਹਾਈਆ। ਕਿਉਂ ਚਾਰੋਂ ਕੁੰਟ ਕਲ ਕਾਤੀਆਂ ਪਾਇਆ ਫ਼ਤੂਰ, ਕ਼ਤਲਗਾਹ ਬਣੀ ਲੋਕਾਈਆ। ਦੀਨ ਦੁਨੀ ਹੋਈ ਮਜਬੂਰ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਾਰਦ ਕਹੇ ਦੁਰਗਾ ਵੇਖ ਅਗੰਮਾ ਸਿੰਘ ਆਸਣ, ਸਚਖੰਡ ਸਾਚੇ ਸੋਭਾ ਪਾਈਆ। ਜਿਥੇ ਬੈਠੇ ਪੁਰਖ ਅਬਿਨਾਸ਼ਣ, ਅਬਿਨਾਸ਼ੀ ਕਰਤਾ ਡੇਰਾ ਲਾਈਆ। ਝੁਕਦੇ ਪ੍ਰਿਥਮੀ ਆਕਾਸ਼ਣ, ਗਗਨ ਗਗਨੰਤਰ ਸੀਸ ਨਿਵਾਈਆ। ਸਭ ਦੀ ਪੂਰੀ ਹੋਵੇ ਆਸਣ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਜਲਵਾ ਦੇਵੇ ਬਾਤਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਵੇਖੇ ਖੇਲ ਤਮਾਸ਼ਣ, ਜੁਗ ਚੌਕੜੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,ਮਿਹਰ ਨਜ਼ਰ ਨਾਲ ਤਰਾਈਆ। ਦੁਰਗਾ ਦਰ ਠਾਂਡੇ ਆ ਕੇ ਗਈ ਝੁਕ, ਨਮਸਤੇ ਕਹਿ ਕੇ ਸੀਸ ਨਿਵਾਈਆ। ਮੇਰਾ ਲੇਖਾ ਪਿਛਲਾ ਗਿਆ ਮੁਕ, ਅੱਗੇ ਤੇਰੇ ਹੱਥ ਵਡਿਆਈਆ। ਸ਼ਸਤਰ ਅੱਠੇ ਦਿਤੇ ਸੁੱਟ, ਖ਼ਾਲੀ ਭੁਜਾਂ ਰਹੀ ਹਿਲਾਈਆ। ਤੂੰ ਮੇਰਾ ਮੈਂ ਤੇਰਾ ਮੈਂ ਵੀ ਗਾਵਾਂ ਤੁਕ, ਇਕੋ ਵੱਜੇ ਵਧਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿਜੁਗ ਬਦਲ ਦੇ ਰੁੱਤ, ਕਲਜੁਗ ਖਿਜ਼ਾਂ ਦੇ ਮਿਟਾਈਆ। ਭਗਤ ਸੁਹੇਲੇ ਤੇਰੇ ਪੁੱਤ, ਪਿਤਾ ਪੂਤ ਗੋਦ ਸੁਹਾਈਆ। ਕਿਸੇ ਨੂੰ ਰਹੇ ਨਾ ਵਿਛੋੜੇ ਦਾ ਦੁੱਖ, ਦੁਖੀਆਂ ਦਰਦ ਗਵਾਈਆ। ਅਸੀਂ ਸਾਰੇ ਉਪਜੇ ਤੇਰੀ ਵਿਚੋਂ ਕੁੱਖ, ਅੰਤ ਤੇਰੇ ਵਿਚ ਸਮਾਈਆ। ਇਕੋ ਜੋਧਾ ਸੂਰਬੀਰ ਬਹਾਦਰ ਸ਼ਬਦੀ ਤੇਰਾ ਪੁਤ, ਜੋ ਆਦਿ ਜੁਗਾਦਿ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਦੁਰਗਾ ਕਹੇ ਮੈਂ ਛੱਡੇ ਸਾਰੇ ਸ਼ਾਸਣ, ਸ਼ਸਤਰ ਧਾਰ ਨਜ਼ਰ ਨਾ ਆਈਆ। ਤੇਰੇ ਗ੍ਰਹਿ ਕਰ ਕੇ ਵਾਸਣ, ਜਗਤ ਵਾਸਨਾ ਦਿਤੀ ਮਿਟਾਈਆ। ਓਨ ਮੋਆ ਦੇਸ ਗੁਰੂ ਜੀ ਕਾ ਮਰੂ ਦੇਵਾ ਛਿਆ ਦੇਵੀ ਛੱਡਿਆ ਭਾਸ਼ਨ, ਸੰਥਾ ਜਗਤ ਨਾ ਕੋਇ ਸੁਣਾਈਆ। ਦਰ ਤੇਰੇ ਆਈ ਘਾਟਨ, ਘੱਟੇ ਮਿੱਟੀ ਵਿਚ ਆਪਣਾ ਪੰਧ ਮੁਕਾਈਆ। ਮੈਨੂੰ ਰਾਵੀ ਲੱਗੀ ਆਖਣ, ਸਹਿਜ ਨਾਲ ਸੁਣਾਈਆ। ਜਾਹ, ਅੱਜ ਨੇੜੇ ਓਸ ਕੱਟਣੀ ਅੱਜ ਦੀ ਰਾਤਨ, ਬਹੁਤਾ ਪੰਧ ਨਾ ਕੋਇ ਮੁਕਾਈਆ। ਮੈਂ ਕਰਨ ਲੱਗ ਪਈ ਦਾਤਨ, ਆਪਣੇ ਹੱਥ ਉਠਾਈਆ। ਆਪਣਾ ਹਿਰਦਾ ਲੱਗ ਗਈ ਵਾਚਣ, ਆਪਣੇ ਆਪ ਦੀ ਕਰੀ ਪੜ੍ਹਾਈਆ। ਕੀ ਮੈਂ ਓਸੇ ਦੀ ਸਾਥਣ, ਜੋ ਸਭ ਦਾ ਪਿਤਾ ਮਾਈਆ। ਮੈਂ ਮਸਤੀ ਵਿਚ ਉਸ ਦੀ ਹਸਤੀ ਵਿਚ ਲੱਗ ਗਈ ਗਵਾਚਣ, ਆਪਣੀ ਸੁੱਧ ਰਹੀ ਨਾ ਰਾਈਆ। ਜਾਂ ਨਿਗਾਹ ਮਾਰੀ ਵੇਖਿਆ ਆਪਣਾ ਜਾਪਣ, ਜਪ ਜਪ ਥੱਕੀ ਜਗਤ ਲੋਕਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਈ ਪਾਪਣ, ਪਤਤ ਪੁਨੀਤ ਨਾ ਕੋਇ ਕਰਾਈਆ। ਫਿਰ ਮੈਂ ਨਿਮਾਣੀ ਹੋ ਕੇ ਪ੍ਰਭ ਨੂੰ ਲੱਗੀ ਆਖਣ, ਕਹਿ ਕੇ ਦਿਤਾ ਸੁਣਾਈਆ। ਮੇਰੇ ਸਤਿਗੁਰ ਸਾਹਿਬ ਪੁਰਖ ਅਬਿਨਾਸ਼ਣ, ਤੇਰੀ ਬੇਪਰਵਾਹੀਆ। ਸਤਿਜੁਗ ਸਚ ਲਗਾ ਦੇ ਗੁਰ ਅਵਤਾਰ ਪੈਗ਼ੰਬਰ ਸਾਰੇ ਆਖਣ, ਮੈਂ ਵੀ ਕਹਿ ਕੇ ਹਿੱਸਾ ਦਿਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਧਾ ਸੂਰਬੀਰ ਸਭ ਤੋਂ ਵੱਡਾ ਰਾਠਣ, ਏਕੋ ਏਕ ਏਕੰਕਾਰਾ ਨਜ਼ਰੀ ਆਈਆ।
❋
❋
੨੧ ਫੱਗਣ ਸ਼ਹਿਨਸ਼ਾਹੀ ਸੰਮਤ ੪ ਸੰਤਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ
ਨਾਰਦ ਕਹੇ ਵਾਹਵਾ ਮੇਰੇ ਪ੍ਰਭੂ ਰੰਗ, ਰੰਗਲੇ ਦਿਆਂ ਜਣਾਈਆ। ਅੰਮ੍ਰਿਤ ਵੇਲਾ ਢਾਈ ਤੋਂ ਪੰਜ, ਤੇਰੇ ਚਰਨ ਦਵਾਰੇ ਆਪਣੀ ਖ਼ੁਸ਼ੀ ਮਨਾਈਆ। ਫਿਰ ਬਾਹਰ ਖਲੋ ਗਿਆ ਉਤੇ ਇਕ ਟੰਗ, ਯਕ ਟੰਗਾ ਧਿਆਨ ਲਗਾਈਆ। ਫਿਰ ਮੈਂ ਰੌਲਾ ਸੁਣਿਆ ਡੰਡ, ਆਪਣੀ ਨਿਗਾਹ ਉਠਾਈਆ। ਜ਼ਿਮੀਂ ਵੇਖੀ ਅਸਮਾਨ ਵੇਖਿਆ ਖੇਲ ਵੇਖਿਆ ਬ੍ਰਹਿਮੰਡ, ਆਕਾਸ਼ਾਂ ਉਪਰ ਖੋਜ ਖੁਜਾਈਆ। ਜਾਂ ਨਿਗਾਹ ਮਾਰੀ ਭੋਲਾ ਨਾਥ ਛਾਰ ਮਲ ਕੇ ਉਤੇ ਕੰਡ, ਚਲਿਆ ਆਵੇ ਚਾਈਂ ਚਾਈਂਆ। ਹੱਥ ਤਰਸੂਲ ਕੰਨੀ ਨੂੰ ਘੁੱਟ ਕੇ ਦਿਤੀ ਗੰਢ, ਪੱਲੂ ਮੁੱਠੀ ਰਾਖ ਬੰਧਾਈਆ। ਦੂਰੋਂ ਪਿਆ ਖੰਘ, ਜ਼ੋਰ ਦੀ ਦਿਤਾ ਸੁਣਾਈਆ। ਮੈਂ ਹੱਸ ਕੇ ਕਿਹਾ ਭੋਲੇ ਨਾਥ ਅੱਜ ਕਿਹੜੇ ਚੜ੍ਹਿਉਂ ਜੰਗ, ਜੰਗਜੂ ਦੇ ਜਣਾਈਆ। ਤੂੰ ਇਕੱਲਾ ਤੇਰੇ ਨਾਲ ਨਹੀਂ ਕੋਈ ਸੰਗ, ਕਿਧਰੋਂ ਆਇਆ ਬਣ ਕੇ ਪਾਂਧੀ ਰਾਹੀਆ। ਤੇਰੀ ਪਾਰਬਤੀ ਕਿਉਂ ਨਹੀਂ ਨਾਲ ਕੀ ਉਹਦੇ ਦੋਧੀਆਂ ਦੰਦੀਆਂ ਵਾਲੇ ਦੰਦ, ਬਾਲੀ ਉਮਰ ਸਾਥ ਨਾ ਕੋਇ ਨਿਭਾਈਆ। ਜੇ ਮੈਥੋਂ ਪੁਛ ਲਏਂ ਢੰਗ, ਓਮ ਹਰੇ ਹਰੇ ਹਰੇ ਤੈਨੂੰ ਦਿਆਂ ਸਮਝਾਈਆ। ਤੂੰ ਓਹ ਕੀ ਰੱਖੀ ਮਿੱਟੀ ਦੀ ਕੰਧ, ਜਿਹੜੀ ਤੇਰੇ ਨਾਲ ਚਲ ਕੇ ਨਾ ਖ਼ੁਸ਼ੀ ਮਨਾਈਆ। ਜੇ ਚੰਗਾ ਹੋਵੇਂ, ਮੇਰੇ ਗੁਰਦੇਵ, ਇਹੋ ਜਿਹੀ ਪਰ੍ਹਾਂ ਮੈਨੂੰ ਦੇ ਵੰਡ, ਮੇਰੀ ਝੋਲੀ ਦੇ ਪਾਈਆ। ਮੈਂ ਉਹਨੂੰ ਲੈ ਕੇ ਜਾਵਾਂ ਗੋਦਾਵਰੀ ਜਮਨਾ ਸੁਰਸਤੀ ਕੰਢੇ ਗੰਗ, ਸਗਲਾ ਸਾਥ ਬਣਾਈਆ। ਨਾਲੇ ਉਹਨਾਂ ਨੂੰ ਜਾ ਕੇ ਕਹਾਂ ਓਹ ਵੇਖੋ ਮੈਂ ਬ੍ਰਾਹਮਣ ਨੇ ਮੰਗ ਲਿਆਂਦੀ ਮੰਗ, ਸ਼ਿਵ ਦੀ ਪਾਰਬਤੀ ਮੇਰੇ ਪਿਆਰ ਵਿਚ ਰੱਤੀ, ਮੁਹੱਬਤ ਵਿਚ ਮੱਤੀ ਭੱਜੀ ਆਵੇ ਚਾਈਂ ਚਾਈਂਆ। ਇਹ ਮੇਰਿਆਂ ਅੱਖਰਾਂ ਦੀ ਪੱਟੀ, ਜੇ ਤੂੰ ਕਿਰਪਾ ਕਰ ਦੇਵੇਂ ਮੇਰੀ ਖੁਲ੍ਹ ਜਾਏ ਹੱਟੀ, ਘਰ ਸਾਚੇ ਵੱਜੇ ਵਧਾਈਆ। ਵੇਖ ਮੈਂ ਚਾਰ ਜੁਗ ਰੰਡੇਪਾ ਲਿਆ ਕੱਟੀ, ਜੁਗ ਚੌਕੜੀ ਗੁਰ ਅਵਤਾਰਾਂ ਪੈਗ਼ੰਬਰਾਂ ਖੇਲ ਵੇਖਦਾ ਰਿਹਾ ਅੱਖੀਂ, ਮੈਨੂੰ ਕਚੀਚੀਆਂ ਜਾਂਦੀਆਂ ਸੀ ਜਿਸ ਵੇਲੇ ਕ੍ਰਿਸ਼ਨ ਸੋਲਾਂ ਹਜ਼ਾਰ ਤਿੰਨ ਸੌ ਸੱਠ ਰੱਖਦਾ ਸੀ ਸਖ਼ੀ, ਮੇਰੇ ਹਿੱਸੇ ਵੰਡ ਨਾ ਕੋਇ ਵੰਡਾਈਆ। ਮੈਂ ਇਕ ਦਿਨ ਸੂਤ ਦੀ ਲੈ ਕੇ ਅੱਟੀ, ਓਹ ਅੱਧ ਵਿਚੋਂ ਕੱਟੀ, ਫਿਰ ਹੱਥਾਂ ਨਾਲ ਚੌੜੀ ਕਰ ਕੇ ਉਹਦੀ ਬਣਾਈ ਪੱਟੀ, ਪੱਟੀ ਬਣਾ ਕੇ ਫੇਰ ਵੇਖਿਆ ਉਹਦੇ ਉਤੇ ਨਜ਼ਰੀ ਆਇਆ ਪਟਨੇ ਵਾਲਾ ਇਕ ਮਾਹੀਆ। ਓਨ ਮੇਰੇ ਮੂੰਹ ਤੇ ਚਪੇੜ ਮਾਰੀ ਅਗਲੀ ਗੱਲ ਦੱਸੀ, ਕੰਨੋਂ ਫੜ ਕੇ ਹਲੂਣਿਆਂ ਇਹ ਸ੍ਰਿਸ਼ਟੀ ਨੇਜ਼ੇ ਉਤੇ ਮੱਛੀ, ਇਹ ਵੇਖ ਕੇ ਮੈਨੂੰ ਪੈ ਗਈ ਗਸ਼ੀ, ਦੰਦ ਮੀਟ ਕੇ ਮੈਂ ਅੱਖਾਂ ਲਈਆਂ ਬਦਲਾਈਆ। ਫੇਰ ਮੈਨੂੰ ਹੋਸ਼ ਆਈ ਮੈਂ ਗੁਰ ਅਵਤਾਰ ਪੈਗ਼ੰਬਰਾਂ ਦੇ ਅੰਦਰ ਜਗਦੀ ਵੇਖੀ ਮੋਮਬੱਤੀ, ਜਿਨ੍ਹਾਂ ਦੇ ਕੋਲ ਦੀਨਾਂ ਮਜ਼੍ਹਬਾਂ ਦੀ ਛੋਟੀ ਛੋਟੀ ਪੱਤੀ, ਪਤਿਪਰਮੇਸ਼ਵਰ ਸਭ ਨੂੰ ਬੈਠਾ ਵੱਖਰਾ ਨਜ਼ਰੀ ਆਈਆ। ਫੇਰ ਮੈਂ ਵੀ ਕਿਹਾ ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹਿਣ ਸਾਡੇ ਤੱਟਾਂ ਤੇ ਹੁੰਦੀ ਗਤੀ, ਦੂਜਾ ਨਾਮ ਨਾ ਕੋਇ ਸੁਹਾਈਆ। ਫਿਰ ਮੈਂ ਕਰਵਟ ਬਦਲ ਕੇ ਹੋ ਗਿਆ ਭਾਰ ਵੱਖੀ, ਆਪਣਾ ਹੱਥ ਸਿਰ ਤੇ ਰੱਖੀ, ਉਂਗਲ ਨਾਲ ਥੋੜ੍ਹੀ ਜਿਹੀ ਮਿੱਟੀ ਚੱਖੀ, ਰਸਨਾ ਰਸ ਕੁਛ ਨਾ ਆਈਆ। ਫੇਰ ਮੈਂ ਵੇਖਿਆ ਕੀ ਖੇਲ ਲੱਖ ਚਾਰ ਅੱਸੀ, ਚੁਰਾਸੀ ਕੀ ਵਡਿਆਈਆ। ਜਾਂ ਤੱਕਿਆ ਪ੍ਰਭ ਦੇ ਬੰਧਨ ਵਿਚ ਸਾਰੇ ਫਸੀ, ਫ਼ੈਸਲਾ ਸਚ ਨਾ ਕੋਇ ਕਰਾਈਆ। ਫਿਰ ਮੈਂ ਸ਼ੰਕਰ ਵੱਲ ਤੱਕਿਆ ਇਹ ਗੱਲ ਦੱਸੀ, ਭੋਲੇ ਨਾਥ ਮੈਨੂੰ ਦੇਣਾ ਸਮਝਾਈਆ। ਓਸ ਨੇ ਕਿਹਾ ਇਹ ਏਥੇ ਰਹਿਣ ਦੇ ਠੱਪੀ, ਪਰਦਾ ਨਾ ਅੱਗੇ ਖੁਲ੍ਹਾਈਆ। ਮੈਂ ਕਿਹਾ
❋
❋
ਕਿਉਂ, ਓਸ ਕਿਹਾ ਮੇਰੀ ਪ੍ਰਭ ਦੇ ਨਾਲ ਗੱਲ ਪੱਕੀ, ਫ਼ੈਸਲਾ ਇਕੋ ਵਾਰ ਕਰਾਈਆ। ਜਿਹੜੀ ਤੂੰ ਚਾਰ ਖਾਣੀਆਂ ਵਿਚੋ ਕਰਨੀ ਉਤਪਤੀ, ਬ੍ਰਹਮਾ ਸੇਵ ਲਗਾਈਆ। ਉਸ ਦਾ ਨਿਸ਼ਾਨਾ ਰਹਿਣ ਨਹੀਂ ਦੇਣਾ ਰਤੀ, ਇਹ ਸੇਵਾ ਮੇਰੇ ਹਿੱਸੇ ਆਈਆ। ਓਨੇ ਚਿਰ ਨੂੰ ਪਾਰਬਤੀ ਆ ਗਈ ਨੱਸੀ, ਸਾਹ ਚੜ੍ਹਿਆ ਹਉਕੇ ਲੈ ਕੇ ਚਰਨ ਢੱਠੀ, ਮਸਤਕ ਧੂੜੀ ਲਾਈਆ। ਨਾਰਦ ਕਿਹਾ ਤੂੰ ਇਸ ਦੇ ਨਾਲ ਕਿਉਂ ਨਹੀਂ ਵਸੀ, ਤੇਰੀ ਕਿਹੜੀ ਵੱਖਰੀ ਰਹਿਣ ਵਾਲੀ ਬਸੀ, ਕਿਉਂ ਵਿਛੜ ਕੇ ਆਪਣਾ ਝਟ ਲੰਘਾਈਆ। ਪਾਰਬਤੀ ਖਿੜ ਖਿੜਾ ਕੇ ਹੱਸੀ, ਪੰਡਤਾ, ਲਿਆ ਤੇਰੀ ਸਿਰ ਵਿਚ ਪਾਵਾਂ ਕੱਚੀ ਲੱਸੀ, ਦੁੱਧ ਪਾਣੀ ਦਾ ਮੇਲ ਮਿਲਾਈਆ। ਨਾਰਦ ਕਹੇ ਮੈਂ ਗੁੱਸੇ ਵਿਚ ਮੱਥੇ ਤਿਉੜੀ ਵੱਟੀ, ਵੇਖੀਂ ਹੁਣ ਅੱਗੇ ਹੱਦ ਨਾ ਟੱਪੀਂ, ਕੁਛ ਮੈਨੂੰ ਨਾ ਦੇਣਾ ਸੁਣਾਈਆ। ਜੇ ਕੁਛ ਹੋਰ ਬਚਨ ਕੱਢਿਆ ਮੈਂ ਚੌਥੇ ਜੁਗ ਕਲਜੁਗ ਅੰਤ ਤੈਨੂੰ ਮਾਝੇ ਦੀ ਬਣਾ ਕੇ ਜੱਟੀ, ਪ੍ਰਭੂ ਦੇ ਵਸ ਦੇਣਾ ਪਾਈਆ। ਫੇਰ ਭਾਵੇਂ ਕਿੰਨਾ ਭੱਜੀਂ ਤੇ ਕਿੰਨਾ ਟੱਪੀਂ, ਤੇਰਾ ਟੱਪਾ ਸੁਣਨ ਵਾਲਾ ਨਜ਼ਰ ਕੋਇ ਨਾ ਆਈਆ। ਭਾਵੇਂ ਕਿੰਨਾ ਸ਼ੰਕਰ ਸ਼ੰਕਰ ਜਪੀਂ, ਰਸਨਾ ਜਿਹਵਾ ਢੋਲੇ ਗਾਈਆ। ਮੈਂ ਵੀ ਗੱਲ ਦੱਸਾਂ ਸੱਚੀ, ਵੇਲੇ ਨਾਲ ਸਮਝਾਈਆ। ਭਾਵੇਂ ਮੈਨੂੰ ਸਮਝਦੇ ਇਹ ਨਾਰਦ ਬੜਾ ਗੱਪੀ, ਆਪਣਾ ਰਾਗ ਅਲਾਈਆ। ਮੈਂ ਹੁਕਮ ਮੰਨਣ ਵਿਚ ਬੜਾ ਤਪੀ, ਤਪੀਸ਼ਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਭੋਲੇ ਨਾਥ ਜੀ ਪ੍ਰਭੂ ਪ੍ਰਭ ਸ਼ੰਕਰ, ਸ਼ੁਕਰੀਆ ਕਰ ਕੇ ਸੀਸ ਨਿਵਾਈਆ। ਪੂਜਾ ਤੁਹਾਡੀ ਹੋਣੀ ਕਿ ਤੁਹਾਡੇ ਪਿਛੋਂ ਪੱਥਰ ਕੰਕਰ, ਮੈਨੂੰ ਦਿਓ ਜਣਾਈਆ। ਤੁਸਾਂ ਦੁਨੀਆ ਖ਼ੁਸ਼ ਰੱਖਣੀ ਕਿ ਸਮਾਂ ਲਿਔਣਾ ਭਿਅੰਕਰ, ਮੈਨੂੰ ਦਿਓ ਦ੍ਰਿੜਾਈਆ। ਕੀ ਵਿਚਾਰ ਆਉਂਦੀ ਅੰਤਰ, ਨਿਰੰਤਰ ਦਿਓ ਸਮਝਾਈਆ। ਕੀ ਤੁਹਾਡਾ ਸਦਾ ਚਲੇਗਾ ਸ਼ਿਵ ਸ਼ੰਭੂ ਵਾਲਾ ਮੰਤਰ, ਸ਼ੰਕਰ ਸ਼ੰਕਰ ਸਾਰੇ ਗਾਈਆ। ਕੀ ਤੁਸੀਂ ਜ਼ਿਮੀਂ ਉਤੇ ਵਸੋਗੇ ਕਿ ਵਸੋ ਉਤੇ ਗਗਨੰਤਰ, ਮੰਡਲਾਂ ਉਤੇ ਡੇਰਾ ਲਾਈਆ। ਕਿਹੜਾ ਤੁਹਾਡਾ ਹੋਵੇਗਾ ਜੰਤਰ, ਜੰਤਾ ਨੂੰ ਕੀ ਦਿਓ ਵਡਿਆਈਆ। ਕੀ ਤੁਹਾਡਾ ਹੋਏਗਾ ਤੰਤਰ, ਤਰਾ ਤਰਾ ਦਿਓ ਸਮਝਾਈਆ। ਕੀ ਤੁਹਾਡੀ ਏਸੇ ਤਰਾ ਬਣੀ ਰਹੇਗੀ ਬਣਤਰ, ਅੱਗੇ ਹੋਰ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ੰਕਰ ਕਹੇ ਮੈਨੂੰ ਕਰ ਲੈਣ ਦੇ ਧਿਆਨ, ਆਪਣੀ ਨਿਗਾਹ ਉਠਾਈਆ। ਤੱਕਿਆ ਉਪਰ ਅਸਮਾਨ, ਨੇਤਰ ਨੈਣ ਖੁਲ੍ਹਾਈਆ। ਪੁਛਿਆ ਸ੍ਰੀ ਭਗਵਾਨ, ਕੀ ਤੇਰੀ ਬੇਪਰਵਾਹੀਆ। ਸੰਦੇਸ਼ਾ ਸੁਣਿਆ ਮਹਾਨ, ਦੀਨ ਦਿਆਲੇ ਦਿਤਾ ਜਣਾਈਆ। ਸ਼ੰਕਰ ਜੀ ਤੁਸੀਂ ਮੇਰੀ ਕਿਰਪਾ ਦੇ ਮਹਿਮਾਨ, ਜਿੰਨਾਂ ਚਿਰ ਚਾਹਵਾਂ ਸੇਵਾ ਦਿਆਂ ਲਗਾਈਆ। ਫੇਰ ਖੇਲ ਮੇਰੇ ਹੱਥ ਮਹਾਨ, ਜੋ ਉਪਜੇ ਸੋ ਰਹਿਣ ਕੋਇ ਨਾ ਪਾਈਆ। ਤੁਹਾਨੂੰ ਬਣਾਵਾਂ ਪ੍ਰਧਾਨ, ਪ੍ਰਧਾਨਗੀ ਤੁਹਾਡੇ ਹੱਥ ਫੜਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਖ਼ੁਸ਼ੀਆਂ ਮਾਣੂੰ ਵਿਚ ਜਹਾਨ, ਦੋ ਜਹਾਨਾਂ ਭੈ ਵਖਾਈਆ। ਜਿਸ ਵੇਲੇ ਕਲਜੁਗ ਆਵੇ ਅੰਤ ਤੁਹਾਡਾ ਤੋੜ ਮਾਣ ਅਭਿਮਾਨ, ਆਪਣਾ ਹੁਕਮ ਦਿਆਂ ਵਰਤਾਈਆ। ਭਗਤ ਸੁਹੇਲੇ ਪ੍ਰਗਟ ਕਰ ਨੌਜਵਾਨ, ਸੂਰਬੀਰ ਆਪਣੇ ਆਪ ਪ੍ਰਗਟਾਈਆ। ਓਨ੍ਹਾਂ ਦਾ ਮਾਤਲੋਕ ਜੀਵਣ ਲੈ ਕੇ ਬਲੀਦਾਨ, ਜੀਵਤ ਜੀਅ ਵਡਿਆਈਆ। ਆਪ ਬਣ ਕੇ ਸਾਹਿਬ ਸੁਲਤਾਨ, ਨਿਰਗੁਣ ਵੇਸ ਵਟਾਈਆ। ਤੁਹਾਡੀ ਜਗਹ ਭੂਮਿਕਾ ਦੇ ਕੇ ਉਨ੍ਹਾਂ ਨੂੰ ਅਸਥਾਨ, ਅਸਥਾਪਤ ਦਿਆਂ ਕਰਾਈਆ। ਨਾ ਇੰਦਰ ਰਹੇ ਨਾ ਸ਼ੰਕਰ ਰਹੇ ਨਾ ਬ੍ਰਹਮਾ ਰਹੇ ਮੇਰੀ ਜੋਤੀ ਮੇਰੇ ਵਿਚ ਮਿਲ ਜਾਣ, ਮੇਰਾ ਰੂਪ ਸਮਾਈਆ। ਇਹ ਖੇਲ
❋
❋
ਆਦਿ ਅੰਤ ਮੇਰਾ ਮਹਾਨ, ਮਹਿੰਮਾ ਬੇਪ੍ਰਵਾਹੀਆ। ਨਾਰਦ ਕਹੇ ਮੈਂ ਸੁਣ ਕੇ ਹੋ ਗਿਆ ਹੈਰਾਨ, ਪ੍ਰਭ ਇਹ ਕੀ ਹੁਕਮ ਜਣਾਈਆ। ਕਿਸ ਬਿਧ ਹੋਵੇ ਆਪ ਪ੍ਰਧਾਨ, ਲੋਕਮਾਤ ਫੇਰਾ ਪਾਈਆ। ਹੁਣ ਵੇਖਿਆ ਅੱਖੀਂ ਆਣ, ਬਿਨ ਅੱਖਾਂ ਅੱਖ ਖੁਲ੍ਹਾਈਆ। ਸ਼ੰਕਰ ਜੀ ਤੁਸੀਂ ਕਿਉਂ ਏਨੀ ਵਾਰ ਕਰਦੇ ਪ੍ਰਨਾਮ, ਮੈਨੂੰ ਦਿਓ ਸਮਝਾਈਆ। ਨਾਰਦ ਕਹੇ ਤੁਸੀਂ ਤੇ ਬੜੇ ਸੂਰਬੀਰ ਬਲਵਾਨ, ਚੁਰਾਸੀ ਨੂੰ ਮਾਰ ਖਾ ਕੇ ਆਪਣਾ ਝਟ ਲੰਘਾਈਆ। ਸ਼ੰਕਰ ਕਹੇ ਨਾਰਦ ਜੀ ਅੱਜ ਦਾ ਪਰਵਿਸ਼ਟਾ ਬੜਾ ਮਹਾਨ, ਇੱਕੀ ਫੱਗਣ ਏਸੇ ਦਿਨ ਮੈਨੂੰ ਪਹਿਲੀ ਵਾਰ ਪਾਰਬਤੀ ਮਿਲੀ ਚਾਈਂ ਚਾਈਂਆ। ਮੈਂ ਇਕੱਠੇ ਹੁੰਦੇ ਵੇਖੇ ਭਗਤ ਭਗਵਾਨ, ਮੈਂ ਛੱਡ ਕੇ ਟਿੱਲੇ ਪਰਬਤ ਅਸਮਾਨ, ਭੱਜਾ ਵਾਹੋ ਦਾਹੀਆ। ਮੈਨੂੰ ਬਥੇਰਾ ਕਿਹਾ ਸਭ ਨੇ ਰਸਤੇ ਵਿਚ ਸ਼ੰਕਰ ਜੀ ਤੁਸੀਂ ਤੇ ਸਾਡੇ ਗੁਰਦੇਵ, ਤੁਸੀਂ ਕਿਸ ਨੂੰ ਮਿਲਣ ਚਲੇ ਜਹਾਨ, ਲੋਕਮਾਤ ਫੇਰਾ ਪਾਈਆ। ਮੈਂ ਹੱਸ ਕੇ ਕਿਹਾ ਮੇਰਾ ਪ੍ਰਭੂ ਨਾ ਜ਼ਿਮੀਂ ਨਾ ਅਸਮਾਨ, ਨਾ ਜੀਵ ਨਾ ਜਹਾਨ ਨਾ ਧਰਮ ਨਾ ਨਿਸ਼ਾਨ, ਜਦੋਂ ਖ਼ੁਸ਼ੀ ਵਿਚ ਆਵੇ ਆਪਣੀ ਦਇਆ ਕਮਾਵੇ, ਜੋਤ ਨੂਰ ਰੁਸ਼ਨਾਵੇ, ਸਾਨੂੰ ਸਿਖਿਆ ਸਮਝਾਵੇ, ਭਗਤਾਂ ਦੇ ਅੰਦਰ ਵੜ ਕੇ ਆਪਣਾ ਨੂਰ ਦਏ ਚਮਕਾਈਆ। ਨਾਰਦ ਕਹੇ ਮੈਂ ਕੱਛਾਂ ਮਾਰੀਆਂ, ਭੋਲੇ ਨਾਥ ਜੀ, ਫਿਰ ਤੇ ਭਗਤ ਹੋ ਗਏ ਤੁਹਾਡੇ ਸਾਂਵੇਂ, ਸਾਰਿਆਂ ਦੇ ਇਕੇ ਘਰ ਨਾਂਵੇਂ, ਤੂੰ ਜਿਸ ਨੂੰ ਗੌਂਦਾ ਸੈਂ ਬਹੁਤਾ ਓਹ ਤੇ ਭਗਤਾਂ ਦੇ ਢੋਲੇ ਗਾਈਆ। ਮੈਂ ਵੀ ਰੋਜ਼ ਲੁਕਿਆ ਰਹਿੰਦਾ ਆਂ ਮੰਜੀ ਦੇ ਹੇਠਾਂ ਪਾਵੇ, ਭਾਰ ਮਹਿਸੂਸ ਨਾ ਕੋਇ ਕਰਾਈਆ। ਭਾਵੇਂ ਕੋਈ ਰੋਵੇ ਭਾਵੇਂ ਕੁਰਲਾਵੇ, ਸਾਹਿਬ ਮੇਰਾ ਬੇਪ੍ਰਵਾਹ ਆਪਣੀ ਕਰਨੀ ਕਾਰ ਕਮਾਈਆ। ਸ਼ੰਕਰ ਜੀ ਜੇ ਮੇਰੀ ਪਿਠ ਉਤੇ ਇਕ ਵਾਰ ਹੱਥ ਲਾਵੇਂ, ਥਾਪੀ ਦੇ ਕੇ ਦੇ ਵਡਿਆਈਆ। ਫਿਰ ਭਾਵੇਂ ਆਪਣੀ ਪਾਰਬਤੀ ਆਪਣੇ ਨਾਲ ਲੈ ਜਾਵੇਂ, ਮੈਨੂੰ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲੇ ਸਭ ਦੇ ਅੰਤ ਅਖ਼ੀਰ ਖ਼ਾਰਜ ਕਰ ਦੇਵੇ ਦਾਅਵੇ, ਅੱਗੇ ਆਪਣਾ ਹੁਕਮ ਵਰਤਾਈਆ।
੨੧ ਫੱਗਣ ਸ਼ਹਿਨਸ਼ਾਹੀ ਸੰਮਤ ੪ ਰਵੇਲ ਕੌਰ ਦੇ ਗ੍ਰਹਿ ਪਿੰਡ ਬਾਬੂਪੁਰ
ਸ਼ੰਕਰ ਕਹੇ ਮੈਂ ਭਗਤਾਂ ਦੇਣ ਆਇਆ ਅਸੀਸ, ਨਾਰਦ ਮੁਨੀ ਦੇਣਾ ਤੂੰ ਵੀ ਸੀਸ ਨਿਵਾਈਆ। ਜਿਸ ਨੂੰ ਅਸੀਂ ਕਹਿੰਦੇ ਆਏ ਜਗਦੀਸ਼, ਜਗਦੀਸ਼ਰ ਧੁਰਦਰਗਾਹੀਆ। ਮੈਂ ਦੋ ਜਹਾਨ ਤੱਕਿਆ ਤਾਜ ਰਿਹਾ ਕਿਸੇ ਨਾ ਸੀਸ, ਤਖ਼ਤ ਨਿਵਾਸੀ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰਾਂ ਮੈਂ ਸੁਣੀ ਸਚ ਹਦੀਸ, ਜੋ ਇਕੋ ਕਲਮਾ ਰਹੇ ਧਿਆਈਆ। ਜਿਸ ਨੇ ਝਗੜਾ ਰਹਿਣ ਨਹੀਂ ਦੇਣਾ ਬੀਚ, ਪਰਦਾ ਦਏ ਉਠਾਈਆ। ਸਾਂਝਾ ਦੱਸ ਅਗੰਮਾ ਗੀਤ, ਜਨ ਭਗਤਾਂ ਕਰੇ ਪੜ੍ਹਾਈਆ। ਜਿਨ੍ਹਾਂ ਸੁਣਿਆ ਉਹ ਛੱਡ ਗਏ ਮੰਦਰ ਮਸੀਤ, ਕਾਅਬੇ ਵੱਲ ਨਾ ਧਿਆਨ ਲਗਾਈਆ। ਬੈਠ ਗਏ ਹੋ ਕੇ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਦਰਸ਼ਨ ਕਰ ਕੇ ਹੋਵਣ ਸੀਤ, ਅਗਨੀ ਤਤ ਬੁਝਾਈਆ। ਜਿਧਰ ਤੱਕਾਂ ਚਰਨ ਕਵਲ ਕਰਨ ਪ੍ਰੀਤ, ਦੂਜਾ ਇਸ਼ਟ ਨਾ ਕੋਇ ਮਨਾਈਆ। ਮੈਂ ਵੇਖ ਹੋਇਆ ਭੈ ਭੀਤ, ਭੈ ਮੇਰੇ ਅੰਦਰ ਆਈਆ। ਕਿਸ ਬਿਧ ਪ੍ਰਭ ਨੇ ਅੰਦਰੋਂ ਬਦਲ ਦਿਤੀ ਨੀਤ, ਪਿਛਲਾ ਲੇਖਾ ਗਏ ਮੁਕਾਈਆ। ਨਾਰਦ ਨੇ ਰੋ ਕੇ ਮਾਰੀ ਚੀਕ, ਹਾਏ, ਇਹ ਕੀ ਗੱਲ ਸੁਣਾਈਆ। ਸ਼ੰਕਰ ਜੀ, ਜਿਸ
❋
❋
ਦੇ ਵਿਚ ਹੱਕ ਤੌਫ਼ੀਕ਼, ਓਹ ਜੋ ਚਾਹੇ ਸੋ ਲਏ ਕਰਾਈਆ। ਓਨ ਕਿਹੜੀ ਮੰਗਣ ਜਾਣੀ ਕਿਸੇ ਦਵਾਰਿਉਂ ਭੀਖ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਤਰਸੂਲ ਬਣਾਈ ਤ੍ਰੈਲੋਕੀ ਉਠਾਈ, ਤ੍ਰੈਗੁਣ ਮਾਇਆ ਢਾਹੀ ਭੀਤ, ਤ੍ਰੈਭਵਨ ਧਨੀ ਕੀਤੀ ਵਡਿਆਈਆ। ਓਸ ਦੋਹਾਂ ਪਾਸਿਆਂ ਤੋਂ ਤਿੱਖੀ ਕਰ ਕੇ ਸੀਖ, ਜ਼ਿਮੀਂ ਤੇ ਰਹਿਣ ਵਾਲੇ ਅਸਮਾਨਾਂ ਉਤੇ ਬਹਿਣ ਵਾਲੇ ਸਾਰੇ ਲਏ ਨਿਵਾਈਆ। ਆਪ ਬੈਠ ਕੇ ਸਚ ਸਿੰਘਸਣ ਅਤੀਤ, ਤਾਰ ਸਿਤਾਰ ਆਪਣੀ ਆਪ ਹਿਲਾਈਆ। ਮੈਂ ਤੇ ਨੱਕ ਨਾਲ ਕੱਢਾਂ ਲੀਕ, ਲੰਮਾ ਪੈ ਕੇ ਨਾਰਦ ਇਕ ਦੋ ਤਿੰਨ ਚਾਰ ਪੰਜ ਲੀਕਾਂ ਦਏ ਖਿਚਾਈਆ। ਮੈਂ ਤੇ ਚਰਨ ਚੱਟਾਂ ਨਾਲ ਜੀਭ, ਇਹ ਰੀਤੀ ਮੋਹੇ ਭਾਈਆ। ਜਿਸ ਨੇ ਸਾਂਝੀ ਕੀਤੀ ਤਰਤੀਬ, ਤਰੀਕਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ੰਕਰ ਕਹੇ ਮੈਂ ਸਾਹਿਬ ਸਵਾਮੀ ਆਇਆ ਝੁੱਕਣ, ਨਿਵ ਨਿਵ ਸੀਸ ਝੁਕਾਈਆ। ਅਗਲਾ ਹੁਕਮ ਆਇਆ ਪੁੱਛਣ, ਕੀ ਮੇਰੀ ਸੇਵ ਲਗਾਈਆ। ਸ਼ੰਕਰ ਕਿਹਾ ਸਤਿਜੁਗ ਬਲਧਾਰੀ ਲੱਗਾ ਉਠਣ, ਕ਼ਦਮ ਅੰਦਰੋਂ ਬਾਹਰ ਕਢਾਈਆ। ਓਸ ਹੱਸ ਕੇ ਕਿਹਾ ਮੇਰਾ ਸਾਹਿਬ ਲੱਗਾ ਤੁੱਠਣ, ਦਏ ਮਾਤ ਵਡਿਆਈਆ। ਕਲਜੁਗ ਡੋਰਾ ਲੱਗਾ ਟੁੱਟਣ, ਟੁੱਟੀ ਗੰਢ ਨਾ ਕੋਇ ਪਵਾਈਆ। ਕੂੜ ਕੁੜਿਆਰਾ ਲੱਗਾ ਲੁੱਟਣ, ਘਰ ਘਰ ਆਪਣਾ ਫੇਰਾ ਪਾਈਆ। ਭਾਗ ਲਗਾ ਕੇ ਗੁਰਮੁਖਾਂ ਪੁੱਤਨ, ਪਿਤਾ ਪੂਤ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸ਼ੰਕਰ ਕਹੇ ਮੈਂ ਵੇਖੇ ਭਗਤ ਸੁਹੇਲੇ ਸੰਗੀ, ਸੋਹਣੇ ਨਜ਼ਰੀ ਆਈਆ। ਜਿਥੇ ਫਿਰਨ ਗੋਦਾਵਰੀ ਜਮਨਾ ਸੁਰਸਤੀ ਗੰਗੀ, ਗੋਬਿੰਦ ਧਿਆਨ ਲਗਾਈਆ। ਦੀਨ ਮਜ਼੍ਹਬ ਦੀ ਨਹੀਂ ਪਾਬੰਦੀ, ਸ਼ਰਅ ਵੰਡ ਨਾ ਕੋਇ ਵੰਡਾਈਆ। ਨਾਮ ਕ਼ਲਮੇ ਦੀ ਨਹੀਂ ਡੰਡੀ, ਮਾਰਗ ਇਕ ਚਲਾਈਆ। ਸ਼ਸਤਰ ਫੜਿਆ ਨਹੀਂ ਕੋਈ ਜੰਗੀ, ਤੀਰ ਕਮਾਨ ਭੱਥਾ ਕੰਧ ਟਿਕਾਈਆ। ਝਗੜਾ ਫ਼ਸਾਦ ਨਹੀਂ ਕੋਈ ਦੰਗੀ, ਮਿਹਰ ਨਜ਼ਰ ਉਠਾਈਆ। ਜਿਸ ਦਵਾਰੇ ਜਾਂਦਾ ਲੰਘੀ, ਉਹ ਬੇੜਾ ਭਗਤਾਂ ਪਾਰ ਕਰਾਈਆ। ਕਿਸੇ ਦਰ ਰਹਿਣ ਨਾ ਦੇਵੇ ਖ਼ਾਨਾਬੰਦੀ, ਬੰਧਨ ਰਿਹਾ ਤੁੜਾਈਆ। ਫ਼ਰੇਬ ਕਰੇ ਨਾ ਕੋਇ ਪਖੰਡੀ, ਧੋਖੇ ਧਾਰ ਨਾ ਕੋਇ ਜਣਾਈਆ। ਭਰਮਾਂ ਢਾਹ ਕੇ ਅੰਦਰੋਂ ਕੰਧੀ, ਕਰੇ ਪ੍ਰੇਮ ਸਫ਼ਾਈਆ। ਮਨ ਵਾਸਨਾ ਰਹੇ ਨਾ ਗੰਦੀ, ਅੰਮ੍ਰਿਤ ਰਸ ਜਾਮ ਪਿਆਈਆ। ਇਹੋ ਕਾਰੀਆ ਖੇਲ ਮੇਰੇ ਆਈ ਪਸੰਦੀ, ਮੈਂ ਨਿਉਂ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸ਼ੰਕਰ ਕਹੇ ਮੈਂ ਸ਼ਬਦ ਸੁਣਦਾ ਰਿਹਾ ਅਗੰਮੀ ਚੋਜ, ਰਾਵੀ ਕੰਢਾ ਧਿਆਨ ਲਗਾਈਆ। ਕੀ ਖੇਲ ਕਰੇ ਰੋਜ਼ ਬਰੋਜ਼, ਰਾਜ਼ਕ ਰਹੀਮ ਬੇਪ੍ਰਵਾਹੀਆ। ਮੈਂ ਰੌਲਾ ਸੁਣਿਆ ਲੋਕ ਪ੍ਰਲੋਕ, ਬ੍ਰਹਿਮੰਡ ਖੰਡ ਸਰਬ ਸੁਣਾਈਆ। ਕਰ ਪ੍ਰਕਾਸ਼ ਨਿਰਮਲ ਜੋਤ, ਪੁਰਖ ਅਕਾਲਾ ਸੋਭਾ ਪਾਈਆ। ਜਗਤ ਜਹਾਨ ਵਿਚੋਂ ਜਨ ਭਗਤ ਲੁੱਟੀ ਜਾਣ ਮੌਜ, ਬਾਕੀ ਨਜ਼ਰ ਕਿਸੇ ਨਾ ਆਈਆ। ਵੇਖ ਅਜਬ ਨਿਰਾਲਾ ਚੋਜ, ਮੇਰੇ ਅੰਤਰ ਲਈ ਅੰਗੜਾਈਆ। ਮੈਂ ਵੀ ਦਰਸ਼ਨ ਕਾਰਨ ਏਥੇ ਗਿਆ ਪਹੁੰਚ, ਚਲਿਆ ਚਾਈਂ ਚਾਈਂਆ। ਮੇਰੀ ਪਿਛਲੀ ਹਟ ਗਈ ਸੋਚ, ਅੱਗੇ ਹੁਕਮ ਰਜ਼ਾਈਆ। ਮੈਂ ਚਾਹੁੰਦਾ ਸ਼ੰਕਰ ਕਹੇ ਮੁਨੀ ਜੀ ਤੁਸੀਂ ਵੀ ਉਠੋ ਜਨ ਭਗਤ ਸਾਰੇ ਜ਼ੋਰ ਨਾਲ ਪੰਜ ਵੇਰ ਗਾਵਣ ਓਹ ਸਲੋਕ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਨਾਅਰਾ ਲਾਈਆ । ਨਾਰਦ ਕਹੇ ਮੈਂ ਨਹੀਂ ਮੰਨਿਆ ਮੈਨੂੰ ਐਂ ਜਾਪਿਆ ਤੁਸੀਂ ਕੜਾਹ ਖਾਵਣ ਵਾਲੀ ਫ਼ੌਜ, ਜੈਕਾਰੇ
❋
❋
ਉਤੇ ਜ਼ੋਰ ਨਾ ਕੋਇ ਲਗਾਈਆ। ਇਹੋ ਤੁਹਾਡੀ ਭਗਤੀ ਇਹੋ ਤੁਹਾਡਾ ਜੋਗ, ਇਸ ਵਿਚ ਲੋਕ ਲੱਜਿਆ ਕੀ ਰਖਾਈਆ। ਜੇ ਭਗਤੋ ਤੁਸੀਂ ਗਾ ਨਹੀਂ ਸਕਦੇ ਪ੍ਰਭੂ ਦੇ ਨਾਮ ਵਾਲਾ ਸਲੋਕ, ਫਿਰ ਉਚੀ ਉਚੀ ਗੱਲਾਂ ਕਰ ਕੇ ਆਪਣਾ ਮਨ ਲਵੋ ਪਰਚਾਈਆ। ਨਾਰਦ ਕਹੇ ਮੈਂ ਰੋਜ਼ ਤਕਦਾ ਜੈਕਾਰਾ ਬੁਲਾਵਣ ਵੇਲੇ ਕਿਸੇ ਦੇ ਅੰਦਰ ਔਂਦਾ ਨਹੀਂ ਜੋਸ਼, ਜੋਸ਼ੀਲਾਪਨ ਨਾ ਕੋਇ ਰਖਾਈਆ। ਮੈਂ ਤੇ ਸਚ ਕਹਿਣ ਆਇਆ ਜਿਹੜਾ ਮੁਖੋਂ ਰਹਿੰਦਾ ਖ਼ਾਮੋਸ਼, ਓਸ ਨੂੰ ਪ੍ਰਭ ਦੇਵੇ ਨਾ ਕੋਇ ਵਡਿਆਈਆ। ਗੁਰਸਿਖ ਨੂੰ ਜੈਕਾਰਾ ਨਾ ਬੋਲਣ ਨਾਲੋਂ ਚੰਗੀ ਮੌਤ, ਜਿਹੜੀ ਜਨਮ ਲਏ ਬਦਲਾਈਆ। ਇਹ ਕੋਈ ਬਣਾਉਟੀ ਨਹੀਂ ਸ਼ੌਕ, ਇਹ ਸ਼ੁਰੂ ਦੀ ਰਮਜ਼ ਇਕ ਰਖਾਈਆ। ਜਿਸ ਦੇ ਕੋਲ ਬੋਲਣ ਦੀ ਨਹੀਂ ਪਹੁੰਚ, ਉਹ ਬੇਨੰਤੀ ਕਰ ਕੇ ਆਪਣਾ ਪੱਲਾ ਲਓ ਛੁਡਾਈਆ। ਜੇ ਕੋਈ ਹੋ ਜਾਏ ਫ਼ੌਤ, ਫਿਰ ਸਾਰੇ ਕਿਸ ਬਿਧ ਰੌਲਾ ਪਾਈਆ। ਜੇ ਝਗੜੇ ਨਾਲ ਹੋ ਜਾਵੇ ਕਿਸੇ ਨਾਲ ਅਦੌਤ, ਫਿਰ ਦੂਰ ਦੁਰਾਡਿਆਂ ਦੇਣ ਸੁਣਾਈਆ। ਨਾਰਦ ਕਹੇ ਮੈਂ ਏਸੇ ਕਾਰਨ ਆਇਆ ਜੋ ਕਿਸੇ ਨਹੀਂ ਕਿਹਾ ਉਹ ਮੈਂ ਕਹਿ ਦੇਣਾ ਸਲੋਕ, ਕਿਉਂ ਬੁਰਾ ਕਹਿ ਕੇ ਅੱਗੇ ਸਾਰੇ ਮੈਨੂੰ ਗਾਈਆ। ਜੁਗ ਚੌਕੜੀ ਮੈਨੂੰ ਸਾਰੇ ਰਹੇ ਟੋਕ, ਗ਼ੁੱਸੇ ਵਿਚ ਅੱਖਾਂ ਲਾਲ ਕੱਢ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਸਾ ਮਨਸਾ ਪੂਰੀ ਕਰੇ ਲੋਚ, ਲੋਚਾ ਲੋਚਣ ਵਾਲੀ ਆਪਣੇ ਨਾਲ ਮਿਲਾਈਆ।
ਸ਼ੰਕਰ ਕਹੇ ਮੇਰੀ ਬੇਨੰਤੀ ਪ੍ਰਭੂ ਦਾ ਇਸ਼ਾਰਾ, ਭੋਲਾ ਨਾਥ ਹੋ ਕੇ ਦੱਸਣ ਆਈਆ। ਪਹਿਲੋਂ ਕਰਾਂ ਦੋਏ ਹੱਥ ਜੋੜ ਨਿਮਸਕਾਰਾ, ਨਿਮਸਕਾਰ ਕਰਨੀ ਸਭ ਨੂੰ ਦਿਆਂ ਸਿਖਾਈਆ। ਫੇਰ ਨੇਤਰ ਮੀਟ ਅੰਤਰ ਕਰਾਂ ਦੀਦਾਰਾ, ਸੂਰਤ ਸਤਿਗੁਰ ਸੋਭਾ ਪਾਈਆ। ਫਿਰ ਇਕ ਗੁਰਮੁਖ ਖੜ੍ਹਾ ਹੋ ਕੇ ਅੱਗੇ ਬੋਲੇ ਜੈਕਾਰਾ, ਓਨਾਂ ਚਿਰ ਦੂਜਾ ਮੁਖੋਂ ਆਵਾਜ਼ ਨਾ ਕੋਇ ਸੁਣਾਈਆ। ਫਿਰ ਵੇਖਿਓ ਕਿਸ ਬਿਧ ਸਾਚੇ ਨਾਮ ਦਾ ਭਰੇ ਭੰਡਾਰਾ, ਊਣਾ ਰਹਿਣ ਕੋਇ ਨਾ ਪਾਈਆ। ਸਭ ਦਾ ਇਕੋ ਹੋਵੇ ਪਿਆਰਾ, ਇਕੋ ਆਵਾਜ਼ ਦਏ ਸੁਣਾਈਆ। ਵਖਰੀ ਵਖਰੀ ਬੋਲੀ ਨਾ ਹੋਵੇ ਜਿਵੇਂ ਲੜਦੀਆਂ ਹੋਣ ਗਟਾਰਾਂ, ਆਪਣਾ ਰਾਗ ਸੁਣਾਈਆ। ਇਹ ਗ਼ਲਤੀ ਨਹੀਂ ਕਰਨੀ ਭੁੱਲ ਕੇ ਦੋਬਾਰਾ, ਇਕੋ ਵਾਰ ਦਿਤਾ ਜਣਾਈਆ। ਜਿਸ ਘਰ ਵਿਚ ਹੋਵੇ ਇਹ ਵਿਹਾਰਾ, ਉਹ ਓਸ ਵੇਲੇ ਚਰਨ ਕਵਲ ਝੁਕ ਕੇ ਆਪਣਾ ਸੀਸ ਚਰਨਾਂ ਉਤੇ ਟਿਕਾਈਆ। ਸ਼ੰਕਰ ਕਹੇ ਮੇਰੇ ਸਾਹਿਬ ਨੇ ਮੈਨੂੰ ਦਿਤਾ ਹੁਲਾਰਾ, ਮੈਂ ਭੱਜਾ ਆਇਆ ਵਿਚ ਸੰਸਾਰਾ, ਜਨ ਭਗਤੋ ਅਧੀਨਗੀ ਵਿਚ ਤੁਹਾਨੂੰ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਸਚ ਦੀ ਰੀਤੀ ਸਚ ਨਾਲ ਚਲਾਈਆ।
੨੧ ਫੱਗਣ ਸ਼ਹਿਨਸ਼ਾਹੀ ਸੰਮਤ ੪ ਦਲੀਪ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ
ਸ਼ੰਕਰ ਕਹੇ ਗੁਰ ਅਵਤਾਰ ਪੈਗ਼ੰਬਰ ਹੱਸੇ, ਸਚਖੰਡ ਸਾਚੇ ਖ਼ੁਸ਼ੀ ਮਨਾਈਆ। ਕਵਣ ਸਿਖਿਆ ਸਾਚੀ ਦੱਸੇ, ਕਰੇ ਅਗੰਮ ਪੜ੍ਹਾਈਆ।
❋
❋
ਸਵਾਧਾਨ ਹੋ ਗਏ ਪ੍ਰਭ ਦੇ ਸਾਰੇ ਬੱਚੇ, ਜਨ ਭਗਤ ਵੱਜੀ ਵਧਾਈਆ। ਪੈਗ਼ੰਬਰ ਕਹਿਣ ਫਿਰੀ ਦਰੋਹੀ ਮਦੀਨੇ ਮੱਕੇ, ਕਾਅਬੇ ਰਹੇ ਕੁਰਲਾਈਆ। ਅਵਤਾਰ ਕਹਿਣ ਵੇਖੇ ਮੰਦਰ ਸ਼ਿਵਦਵਾਲੇ ਮੱਠੇ, ਰਾਮ ਨਰਾਇਣ ਨਾ ਕੋਇ ਵਡਿਆਈਆ। ਇਹ ਖੇਲ ਅਗੰਮੇ ਅਨੋਖੇ ਰਸਨਾ ਜਿਹੜੀ ਜਪੇ, ਜਪ ਜੀਵਤ ਰਾਗ ਅਲਾਈਆ। ਤ੍ਰੈਗੁਣ ਵਿਚ ਨੂਰ ਨਾ ਤਪੇ, ਅਗਨੀ ਅੱਗ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ੰਕਰ ਕਹੇ ਮੈਂ ਕਰ ਕੇ ਆਇਆ ਅਰਜ਼, ਆਰਜ਼ੂ ਦਿਆਂ ਜਣਾਈਆ। ਸਮਝ ਕੇ ਆਪਣਾ ਫ਼ਰਜ਼, ਧਰਮ ਜੈਕਾਰਾ ਦਿਤਾ ਲਗਾਈਆ। ਭਗਵਾਨ ਦੀ ਪੂਰੀ ਹੋਈ ਗ਼ਰਜ਼, ਤ੍ਰਿਸ਼ਨਾ ਰਹੇ ਨਾ ਰਾਈਆ। ਗੁਰਮੁਖਾਂ ਜੀਵਣ ਮਰਨ ਦੀ ਮਿਟੀ ਮਰਜ਼, ਚੁਰਾਸੀ ਵਿਚ ਨਾ ਕੋਇ ਫਿਰਾਈਆ। ਸ਼ਰਅ ਛੁਰੀ ਨਾ ਕੱਟੇ ਕਰਦ, ਕ਼ਾਤਲ ਮਕ਼ਤੂਲ ਰੂਪ ਨਾ ਕੋਇ ਵਖਾਈਆ। ਮਾਇਆ ਮਮਤਾ ਮਿਟੀ ਗਰਦ, ਦੁਰਮਤ ਮੈਲ ਰਹੀ ਨਾ ਰਾਈਆ। ਇਹੋ ਖੇਲ ਸਦਾ ਅਸਚਰਜ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਕਰਤਾ ਵਡ ਵਡਿਆਈਆ। ਸ਼ੰਕਰ ਕਹੇ ਮੈਂ ਦੱਸ ਕੇ ਆਇਆ ਰੀਤ, ਰੀਤੀਵਾਨ ਦਿਤੀ ਵਡਿਆਈਆ। ਆਤਮ ਪਰਮਾਤਮ ਧੁਰ ਦਾ ਗੀਤ, ਪੁਰਖ ਅਕਾਲੇ ਸਾਨੂੰ ਦਿਤਾ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਅਸੀਂ ਸਾਰੇ ਏਸੇ ਕਾਰਨ ਨਿਉਂਦੇ ਸੀਸ, ਚਰਨ ਧੂੜੀ ਖ਼ਾਕ ਰਮਾਈਆ। ਨਿਰਗੁਣ ਨਿਰਗੁਣ ਬਣੀ ਰਹੇ ਪ੍ਰੀਤ, ਬਿਪਰੀਤ ਰੂਪ ਨਾ ਕੋਇ ਵਟਾਈਆ। ਸਾਹਿਬ ਸਵਾਮੀ ਰਹੇ ਮੀਤ, ਮਿਤ੍ਰ ਪਿਆਰਾ ਨਜ਼ਰੀ ਆਈਆ। ਝਗੜਾ ਰਹੇ ਨਾ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਦੀਨ ਮਜ਼੍ਹਬ ਦੀ ਮੇਟੇ ਲੀਕ, ਆਤਮ ਬ੍ਰਹਮ ਇਕ ਸਮਝਾਈਆ। ਜਿਸ ਦੇ ਵਿਚ ਸਚ ਤੌਫ਼ੀਕ਼, ਮਿਹਰਵਾਨ ਮਿਹਰਵਾਨ ਮਿਹਰਵਾਨ ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸ਼ੰਕਰ ਕਹੇ ਮੈਨੂੰ ਪੁੱਛਣ ਲੱਗਾ ਬ੍ਰਹਮਾ, ਬ੍ਰਹਿਮਾਦਕ ਧਿਆਨ ਲਗਾਈਆ। ਕੀ ਪ੍ਰਭੂ ਚਲਾਵੇ ਧਰਮਾ, ਧਰਮ ਧਾਰ ਵੰਡ ਵੰਡਾਈਆ। ਮੈਂ ਹੱਸ ਕੇ ਕਿਹਾ ਲੇਖਾ ਮੁਕਾ ਕੇ ਵਰਨਾਂ ਬਰਨਾਂ, ਜ਼ਾਤੀ ਪਾਤੀ ਡੇਰਾ ਢਾਹੀਆ। ਏਕਾ ਓਟ ਜਣਾਵੇ ਪੁਰਖ ਅਕਾਲਾ ਚਰਨਾਂ, ਚਰਨੋਦਕ ਜਾਮ ਇਕ ਪਿਆਈਆ। ਝਗੜਾ ਮੁਕਾ ਕੇ ਜੰਮਣਾ ਮਰਨਾ, ਲਖ ਚੁਰਾਸੀ ਡੇਰਾ ਢਾਹੀਆ। ਨੇਤਰ ਖੋਲ੍ਹ ਕੇ ਹਰਨਾ ਫਰਨਾ, ਨਿਜ ਲੋਚਨ ਕਰੇ ਰੁਸ਼ਨਾਈਆ। ਅੰਮ੍ਰਿਤ ਦੇ ਕੇ ਅਗੰਮਾ ਝਿਰਨਾ, ਬੂੰਦ ਸਵਾਂਤੀ ਇਕ ਟਪਕਾਈਆ। ਊਚ ਨੀਚ ਦੀ ਰਹੇ ਕੋਈ ਨਾ ਘਿਰਨਾ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਦਰ ਸੁਹਾਈਆ। ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਸਦੀ ਚੌਧਵੀਂ ਕਲਜੁਗ ਅੰਤ ਆਪੇ ਕਰੇ ਨਿਰਨਾ, ਨਰ ਨਰਾਇਣ ਆਪਣਾ ਵੇਸ ਵਟਾਈਆ। ਤੀਰਥ ਤਟ ਕਿਨਾਰਾ ਭਗਤ ਕਿਸੇ ਪਏ ਨਾ ਫਿਰਨਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਗੁਰਮੁਖਾਂ ਦੇ ਚਰਨਾਂ ਹੇਠ ਦਬਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਚਾਰ ਜੁਗ ਦਾ ਨਾਮ ਪਏ ਨਾ ਪੜ੍ਹਨਾ, ਪੁਸਤਕ ਬਗ਼ਲ ਨਾ ਕੋਇ ਟਿਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਰਮਾਤਮ ਆਤਮ ਦੋਹਾਂ ਨੇ ਇਕੋ ਮੰਜ਼ਲ ਚੜ੍ਹਨਾ, ਮੋਹ ਮੁਹੱਬਤ ਵਿਚ ਆਪਣਾ ਰੰਗ ਰੰਗਾਈਆ। ਪਾਰਬ੍ਰਹਮ ਬ੍ਰਹਮ ਪੱਲੂ ਆਪੇ ਫੜਨਾ, ਸੁਰਤੀ ਸ਼ਬਦ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੇ ਹੱਥ ਰੱਖੇ
❋
❋
ਵਡਿਆਈਆ। ਸ਼ੰਕਰ ਕਹੇ ਮੈਂ ਦੱਸਿਆ ਨਾਲ ਅਧੀਨ, ਅਦਨਾ ਰੂਪ ਵਟਾਈਆ। ਸਭ ਨੂੰ ਆਇਆ ਯਕੀਨ, ਭਰੋਸਾ ਇਕ ਵਖਾਈਆ। ਸਭ ਤੋਂ ਵਖਰੀ ਤਾਲੀਮ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਰਹੇ ਨਾ ਕੋਇ ਗ਼ਮਗੀਨ, ਚਿੰਤਾ ਚਿਖਾ ਜਲਾਈਆ। ਸਾਰੇ ਕਹਿਣ ਅਮੀਨ, ਕਾਮਲ ਮੁਰਸ਼ਦ ਬੇਪ੍ਰਵਾਹੀਆ। ਜਿਸ ਇਕੋ ਰੰਗ ਰੰਗੌਣਾ ਨਰ ਮਦੀਨ, ਵੱਡਾ ਛੋਟਾ ਨਾ ਕੋਇ ਰਖਾਈਆ। ਜਿਸ ਦਾ ਖੇਲ ਆਦਿ ਕ਼ਦੀਮ, ਕ਼ੁਦਰਤ ਦਾ ਕਰਤਾ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸ਼ੰਕਰ ਕਹੇ ਸੁਣੋ ਹੁਕਮ ਅਗੰਮਾ, ਅਗੰਮ ਦਿਆਂ ਜਣਾਈਆ। ਝਗੜਾ ਰਖਿਓ ਨਾ ਮਾਟੀ ਚੰਮਾ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਪ੍ਰਭ ਦਾ ਮਾਰਗ ਨਵਾਂ, ਨਵ ਖੰਡ ਵੱਜੇ ਵਧਾਈਆ। ਮੈਂ ਸਚ ਸੰਦੇਸ਼ਾ ਕਹਿਵਾਂ, ਕਹਿ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਹੁਕਮ ਕਰੇ ਰਵਾਂ, ਰਵਾਨਗੀ ਸਭ ਦੇ ਹੱਥ ਫੜਾਈਆ।