੨੫ ਫੱਗਣ ਸ਼ਹਿਨਸ਼ਾਹੀ ਸੰਮਤ ੪ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਅਲੜ੍ਹਪਿੰਡੀ
ਨਾਰਦ ਕਹੇ ਮੇਰਾ ਡੱਬਾ ਵੱਜੇ ਡਗਾ ਡਗ, ਡੁਗਡੁਗੀ ਸਭ ਨੂੰ ਰਿਹਾ ਸੁਣਾਈਆ। ਜਨ ਭਗਤੋ ਚਾਰ ਕੁੰਟ ਵੇਖੋ ਲੱਗੀ ਅੱਗ, ਤ੍ਰੈਗੁਣ ਸਭ ਨੂੰ ਰਹੀ ਜਲਾਈਆ। ਚਾਰ ਦਿਨ ਦੀ ਜ਼ਿੰਦਗੀ ਜੀਵਣ ਜਗ, ਅੰਤ ਰਹਿਣ ਨਾ ਪਾਈਆ। ਭਾਵੇਂ ਤੀਰਥ ਤਟ ਜਾਓ ਸਰੋਵਰ ਅਠਸਠ ਨਹਾਓ ਕਾਅਬੇ ਕਰੋ ਹੱਜ, ਬਿਨਾ ਹਜ਼ੂਰ ਤੋਂ ਪਾਰ ਨਾ ਕੋਇ ਲੰਘਾਈਆ। ਭਾਵੇਂ ਕੂਕ ਪੁਕਾਰੋ ਭਾਵੇਂ ਰਸਨਾ ਗਾਵੋ ਸਦ, ਬਿਨਾ ਸ਼ਹਿਨਸ਼ਾਹ ਸ਼ਹਿਰ ਧੁਰ ਨਾ ਕੋਇ ਟਿਕਾਈਆ। ਮੈਂ ਸਚ ਦੱਸਾਂ ਜਿੰਨਾਂ ਚਿਰ ਦੀਨ ਦੁਨੀ ਨਾ ਦਿਓ ਛੱਡ, ਨਾਤਾ ਕੂੜ ਜਗਤ ਤਜਾਈਆ। ਓਨਾਂ ਚਿਰ ਸਮਝਿਓ ਅਸੀਂ ਡਿੱਗੇ ਡੂੰਘੀ ਖੱਡ, ਬਾਹਰ ਸਕੇ ਨਾ ਕੋਇ ਕਢਾਈਆ। ਅਸੀਂ ਉਸ ਪ੍ਰਭੂ ਦੀ ਯੱਦ, ਜੋ ਯਕੇ ਬਾਦ ਦੀਗਰੇ ਭਗਤਾਂ ਸਦਾ ਤਰਾਈਆ। ਮੈਂ ਦੱਸਣ ਆਇਆ ਤਬ, ਜਿਸ ਵੇਲੇ ਤਬੀਅਤ ਵਿਗੜੀ ਜਗਤ ਲੋਕਾਈਆ। ਬਹੁਤੇ ਕਹਿੰਦੇ ਹੈ ਨਹੀਂ ਰੱਬ, ਕ਼ੁਦਰਤ ਵਿਚ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਮੇਰਾ ਡੱਬਾ ਮੰਗੇ ਗਲਾਸ ਪਾਣੀ, ਜ਼ੋਰ ਜ਼ੋਰ ਸੁਣਾਈਆ। ਅੰਗੜਾਈ ਲਓ ਗੰਗਾ ਗੋਦਾਵਰੀ ਜਮਨਾ ਸੁਰਸਤੀ ਸਵਾਣੀ, ਤੁਹਾਨੂੰ ਦਿਆਂ ਸਮਝਾਈਆ। ਤੁਸਾਂ ਪਿਛਲਾ ਘਰ ਲੈਣਾ ਪਛਾਣੀ, ਜਿਥੇ ਗੰਗਾ ਸਾਗਰ ਗੰਗਾ ਜਲ ਲੈ ਕੇ ਆਈਆਂ ਚਾਈਂ ਚਾਈਂਆ। ਖ਼ੁਸ਼ੀਆਂ ਨਾਲ ਸੁਣ ਕੇ ਗਈਆਂ ਧੁਰ ਦੀ ਬਾਣੀ, ਪਿਛਲਾ ਚੇਤਾ ਦਿਆਂ ਕਰਾਈਆ। ਮੈਂ ਤੇ ਪਹਿਲੀ ਵਾਰ ਆਇਆ ਬਣ ਅੰਜਾਣੀ, ਰਸਤਾ ਨਜ਼ਰ ਕੋਇ ਨਾ ਆਈਆ। ਮੈਂ ਏਸੇ ਕਰ ਕੇ ਸੰਦੇਸ਼ਾ ਦੇਵਾਂ ਜੋ ਹੁਕਮ ਦੇਵੇ ਜਾਣ ਜਾਣੀ, ਜਾਨਣਹਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਰੰਗ ਵਖਾਈਆ। ਨਾਰਦ ਕਹੇ ਮੇਰਾ ਡੱਬਾ ਕਹੇ ਕਿਉਂ ਚੜ੍ਹਿਉਂ ਬੋਹੜ ਦੀ ਚੋਟੀ, ਮੈਨੂੰ ਦੇ ਸਮਝਾਈਆ। ਮੈਂ ਹੱਸ ਕੇ ਕਿਹਾ ਮੈਂ ਉਚਾ ਚੜ੍ਹ ਕੇ ਵੇਖਾਂ ਕਿੱਥੇ ਪੱਕਣੀ ਮੇਰੀ ਰੋਟੀ, ਕੌਣ ਮੈਨੂੰ ਖਵਾਈਆ। ਇਹ ਤੇ ਸਾਰੇ ਬਣ ਗਏ ਆਪਣੇ ਆਪਣੇ ਗੋਤੀ, ਮੇਰੀ ਪ੍ਰਦੇਸੀ ਦੀ ਸਾਰ ਕਿਸੇ ਨਾ ਪਾਈਆ। ਮੈਂ ਵੀ ਓਸ ਪ੍ਰਭੂ ਦੀ ਜੋਤੀ, ਜੋ ਘਰ ਘਰ ਜੋਤ ਕਰੇ ਰੁਸ਼ਨਾਈਆ। ਭਾਵੇਂ ਮੈਨੂੰ ਚੜ੍ਹਨ ਨੂੰ ਮਿਲੀ ਖੋਤੀ, ਖ਼ਤਾ ਨਜ਼ਰ ਕੋਇ ਨਾ ਆਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਤੁਸੀਂ ਸੁਆਰ ਲਓ ਆਪਣੀ ਸਾੜ੍ਹੀ ਧੋਤੀ, ਬਸਤਰ ਤਨ ਸੁਹਾਈਆ। ਅੰਤਰ ਅੰਤਰ ਲਓ ਸੋਧੀ, ਦੁਰਮਤ ਮੈਲ ਰਹੇ ਨਾ ਰਾਈਆ। ਮੇਰੀ ਹਿਲਦੀ ਵੇਖੋ ਬੋਦੀ, ਇਸ਼ਾਰੇ ਰਹੀ ਕਰਾਈਆ। ਜਿਸ ਨੂੰ ਯਾਦ ਕਰਦੇ ਗਏ ਵੇਦੀ ਸੋਢੀ, ਓਹ ਆਇਆ ਧੁਰ ਦਾ ਮਾਹੀਆ। ਭਗਤ ਸੁਹੇਲਾ ਬਣ ਕੇ ਮੌਜੀ, ਮਜਲਸ ਆਪਣੀ ਇਕ ਬਣਾਈਆ। ਜਿਹਨੂੰ ਲੱਭ ਸਕੇ ਕੋਈ ਨਾ ਜੋਗੀ,
❋
❋
ਜੁਗੀਸ਼ਰਾਂ ਹੱਥ ਕਿਸੇ ਨਾ ਆਈਆ। ਆਦਿ ਜੁਗਾਦੀ ਬਣ ਸੰਜੋਗੀ, ਆਤਮ ਪਰਮਾਤਮ ਜੋੜ ਜੁੜਾਈਆ। ਤੁਸਾਂ ਸਾਰਿਆਂ ਓਸ ਦੇ ਚਰਨ ਚੁੰਮਣੇ ਭਗਤਾਂ ਦੇ ਹੱਥ ਲਗੌਣਾ ਗੋਡੀਂ, ਨਵੀਂ ਬੋਲੀ ਗੰਗਾ ਗੁਡ ਮਾਰਨਿੰਗ ਕਹਿ ਕੇ ਦੇਣਾ ਸੁਣਾਈਆ। ਫਿਰ ਇਕ ਇਕ ਬਿੰਦੀ ਮੇਰੀ ਲਾਇਓ ਠੋਡੀ, ਨਾਲ ਰਾਵੀ ਲੈਣੀ ਮਿਲਾਈਆ। ਮੈਂ ਖੋਲ੍ਹਾਂ ਆਪਣੀ ਪੋਥੀ, ਪੁਸਤਕ ਦਿਆਂ ਵਖਾਈਆ । ਜਿਸ ਵਿਚ ਸਤਿਗੁਰ ਨਾਨਕ ਲਾਂਵ ਬੋਲੀ ਸੀ ਚੌਥੀ, ਪ੍ਰਭ ਅਬਿਨਾਸ਼ੀ ਮਿਲ ਕੇ ਵੱਜੇ ਵਧਾਈਆ। ਬਾਕੀ ਸ੍ਰਿਸ਼ਟੀ ਦਿਸਦੀ ਥੋਥੀ, ਜੀਵਣ ਕੰਮ ਕਿਸੇ ਨਾ ਆਈਆ। ਜੇ ਜਨ ਭਗਤ ਵਰਜ ਕੇ ਸਾਨੂੰ ਖਵਾ ਦੇਣ ਰੋਟੀ, ਫੇਰ ਪਰਤ ਕੇ ਜਾਈਏ ਚਾਈਂ ਚਾਈਂਆ । ਅਸੀਂ ਦੱਛਣਾ ਵਿਚ ਗਾਂ ਮੱਝ ਨਹੀਂ ਮੰਗਣੀ ਝੋਟੀ, ਬਸਤਰ ਭੂਸ਼ਣ ਨਾ ਮੰਗ ਮੰਗਾਈਆ। ਕਿਉਂ ਸਾਨੂੰ ਸਾਹਿਬ ਦੀ ਦਿਸਦੀ ਓਹ ਸੋਟੀ, ਜਿਹੜੀ ਸੁੱਤਿਆਂ ਰਹੀ ਜਗਾਈਆ। ਜੇ ਸਾਨੂੰ ਦੇਣਾ ਜਨ ਭਗਤੋ ਆਪਣੀਆਂ ਅੱਖਾਂ ਦੇ ਹੰਝੂ ਪ੍ਰੇਮ ਪਿਆਰ ਦੇ ਮੋਤੀ, ਝੋਲੀ ਦੇਣੀ ਭਰਾਈਆ। ਇਹੋ ਗੱਲ ਮੈਂ ਚੰਗੀ ਸੋਚੀ, ਸਚ ਦਿਤਾ ਸੁਣਾਈਆ। ਜੇ ਗੁਰਮੁਖ ਕਿਰਪਾ ਕਰ ਦੇਵੇ ਰਵਿਦਾਸ ਚਮਾਰਾ ਮੋਚੀ, ਸਾਡੀ ਮੁਸ਼ਕਲ ਹਲ ਕਰਾਈਆ। ਜਨ ਭਗਤੋ ਅੱਗੇ ਵਾਸਤੇ ਤੁਹਾਡੀ ਸਾਡੀ ਸਾਂਝੀ ਬਣੀ ਰਹੇ ਰੋਜ਼ੀ, ਰਾਜਕ ਰਿਜ਼ਕ ਰਹੀਮ ਰਹਿਮਤ ਆਪ ਕਮਾਈਆ।
੨੫ ਫੱਗਣ ਸ਼ਹਿਨਸ਼ਾਹੀ ਸੰਮਤ ੪ ਅੱਛਰ ਸਿੰਘ ਦੇ ਗ੍ਰਹਿ ਪਿੰਡ ਅੱਲੜਪਿੰਡੀ
ਨਾਰਦ ਕਹੇ ਸਾਹਿਬ ਸਤਿਗੁਰ ਮੇਰੇ ਦੋਵੇਂ ਹੱਥ ਜੋੜੇ, ਜੋੜੀਆਂ ਵਾਲਿਆ ਸੀਸ ਨਿਵਾਈਆ। ਹੁਣ ਪੈ ਗਏ ਵਿਚ ਰੋੜੇ, ਕਰ ਕਿਰਪਾ ਪਾਰ ਕਰਾਈਆ। ਤੇਰੇ ਅੱਗੇ ਨਹੀਂ ਕੋਈ ਜ਼ੋਰੇ, ਤਾਕ਼ਤਵਰ ਤੇਰੀ ਸਰਨਾਈਆ। ਆਪ ਤੇ ਚੜ੍ਹੇਂ ਉਤੇ ਘੋੜੇ, ਸ਼ਾਹ ਅਸਵਾਰਾ ਨਾਉਂ ਧਰਾਈਆ। ਜਨ ਭਗਤਾਂ ਨੂੰ ਖ਼ੁਸ਼ੀਆਂ ਨਾਲ ਖਵਾਏਂ ਪਕੌੜੇ, ਪਕਵਾਨ ਤਰ੍ਹਾ ਤਰ੍ਹਾ ਬਣਾਈਆ। ਕੀ ਮੇਰੇ ਮੂੰਹ ਵਿਚ ਕੋਈ ਨਿਕਲੇ ਸੀ ਫੋੜੇ, ਸੁਲਹ ਮਾਰਨ ਵਾਲਾ ਨਜ਼ਰ ਕੋਇ ਨਾ ਆਈਆ। ਮੈਂ ਵੀ ਗਿਆਰਾਂ ਦਿਨ ਬੈਠਾ ਰਿਹਾ ਰੱਖ ਕੇ ਡੋਰੇ, ਆਪਣੀ ਆਸ ਵਧਾਈਆ। ਕਦੀ ਤੇ ਮੇਰੀ ਗ਼ਰੀਬ ਦੀ ਪਵੇਗੀ ਲੋੜੇ, ਆਪੇ ਲਏ ਬੁਲਾਈਆ। ਮੈਂ ਬਥੇਰਾ ਰੋਵਾਂ ਦੇਵਾਂ ਹਨ੍ਹੋਰੇ, ਗੱਲਾਂ ਬਾਤਾਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਹਿਬ ਤੇਰੀ ਵਡਿਆਈਆ। ਨਾਰਦ ਕਹੇ ਮੇਰਾ ਡੱਬਾ ਕਹੇ ਜਾਗੋ ਜਾਗੋ ਜਾਗੋ, ਜਾਗਣ ਵੇਲਾ ਆਇਆ। ਉਠੋ ਉਠੋ ਉਠੋ ਭਾਗੋ ਭਾਗੋ ਭਾਗੋ, ਭਗਵਨ ਮੇਲਾ ਰਿਹਾ ਮਿਲਾਇਆ। ਸਾਧੋ ਸਾਧੋ ਸਾਧੋ ਆਪਣਾ ਆਪ ਸਾਧੋ, ਸੰਬਲ ਬੈਠਾ ਸੋਭਾ ਪਾਇਆ। ਅਰਾਧੋ ਅਰਾਧੋ ਅਰਾਧੋ, ਜਿਸ ਨੇ ਰਾਧਾ ਕ੍ਰਿਸ਼ਨ ਮਾਣ ਦਵਾਇਆ। ਲਾਭੋ ਲਾਭੋ ਲਾਭੋ, ਜਿਸ ਨੇ ਸੀਤਾ ਰਾਮ ਬਣਾਂ ਵਿਚ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਇਆ। ਨਾਰਦ ਕਹੇ ਮੇਰਾ ਡੱਬਾ ਕਹੇ ਆਇਆ ਆਇਆ ਆਇਆ, ਆਇਆ ਬੇਪ੍ਰਵਾਹੀ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰਾਂ ਗਾਇਆ, ਗਾ ਗਾ ਗਏ ਸੁਣਾਈ। ਜਿਸ ਨੇ ਜੁਗ ਜੁਗ ਕਲਮਾ ਨਾਮ ਚਲਾਇਆ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਕਰੇ ਪੜ੍ਹਾਈ। ਜਿਸ
❋
❋
ਨੇ ਦੀਨ ਮਜ਼੍ਹਬ ਵੰਡ ਵੰਡਾਇਆ, ਹਿੰਦੂ ਮੁਸਲਿਮ ਸਿੱਖ ਈਸਾਈ ਦਿਤੇ ਬਣਾਈ। ਜਿਸ ਨੇ ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਰੰਗ ਰੰਗਾਇਆ, ਚਾਰੇ ਵਰਨਾਂ ਕਰ ਕੁੜਮਾਈ। ਜਿਸ ਨੇ ਧਰਨੀ ਧਰਤ ਸੁਹਾਇਆ, ਚਾਰੋਂ ਕੂਟਾਂ ਸੋਭਾ ਪਾਈ। ਜਿਸ ਨੇ ਸੂਰੀਆ ਚੰਦ ਰੁਸ਼ਨਾਇਆ, ਮੰਡਲ ਮੰਡਪ ਡਗਮਗਾਈ। ਜਿਸ ਨੇ ਸਤਿਜੁਗ ਤਰੇਤਾ ਦਵਾਪਰ ਕਲਜੁਗ ਖੇਲ ਖਿਲਾਇਆ, ਖ਼ਲਕ ਦਾ ਖ਼ਾਲਕ ਨੂਰ ਅਲਾਹੀ। ਉਹ ਦੇਸ ਉਹ ਪ੍ਰਦੇਸ ਉਹ ਵੇਸ ਉਹ ਨਰੇਸ਼ ਉਹ ਮਹੇਸ਼ ਉਹ ਦਸਮੇਸ਼ ਆਪਣਾ ਵੇਸ ਵਟਾਇਆ, ਜਗ ਨੇਤਰ ਨਜ਼ਰ ਕਿਸੇ ਨਾ ਆਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਸੁਣਾਈ। ਨਾਰਦ ਕਹੇ ਮੇਰਾ ਡੱਬਾ ਕਹੇ ਵੇਖੋ ਧੁਰ ਦਾ ਸੱਜਣ, ਮੀਤਾ ਇਕ ਅਖਵਾਈਆ। ਕਰੋ ਅਗੰਮਾ ਭਜਨ, ਭੈ ਭੰਜਨ ਰਿਹਾ ਦ੍ਰਿੜਾਈਆ। ਕਰੋ ਸਾਚਾ ਮਜਨ, ਦੁਰਮਤ ਮੈਲ ਧਵਾਈਆ। ਪਾਓ ਅਗੰਮਾ ਕੱਜਣ, ਕਜਲਾ ਧਾਰ ਬਣਾਈਆ। ਚੜ੍ਹੇ ਅਗੰਮੀ ਰੰਗਣ, ਅੰਦਰ ਬਾਹਰ ਕਰੇ ਸਫ਼ਾਈਆ। ਕਿਸੇ ਦਵਾਰੇ ਜਾਣਾ ਪਏ ਨਾ ਮੰਗਣ, ਘਰ ਘਰ ਵਿਚ ਦਏ ਵਡਿਆਈਆ। ਪਵਿਤ੍ਰ ਕਰੋ ਬਦਨ, ਚਰਨ ਧੂੜੀ ਖ਼ਾਕ ਰਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਧੁਰ ਅਨੰਦਨ, ਅਨੰਦ ਅਨੰਦ ਵਿਚੋਂ ਪ੍ਰਗਟਾਈਆ।
੨੫ ਫੱਗਣ ਸ਼ਹਿਨਸ਼ਾਹੀ ਸੰਮਤ ੪ ਵਕੀਲ ਸਿੰਘ ਦੇ ਗ੍ਰਹਿ ਪਿੰਡ ਅੱਲੜਪਿੰਡੀ
ਨਾਰਦ ਕਹੇ ਮੇਰਾ ਡੱਬਾ ਕਹਿੰਦਾ ਸਾਹਿਬ ਨੂੰ ਕਰੋ ਨਿਮਸਕਾਰ, ਨਿਉਂ ਨਿਉਂ ਸੀਸ ਨਿਵਾਈਆ। ਜਨ ਭਗਤੋ ਰਹਿਣਾ ਨਾਲ ਪਿਆਰ, ਦੁਤੀਆ ਰੂਪ ਨਾ ਕੋਇ ਵਖਾਈਆ। ਤੁਹਾਡਾ ਸਾਰਿਆਂ ਦਾ ਸਾਂਝਾ ਇਕ ਦਰਬਾਰ, ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ ਤੋਂ ਖਹਿੜਾ ਦਿਤਾ ਛੁਡਾਈਆ। ਤੁਸੀਂ ਅਜੇ ਚੁਰਾਸੀ ਵਿਚੋਂ ਦੋ ਚਾਰ, ਬਹੁਤੇ ਨਜ਼ਰ ਕੋਇ ਨਾ ਆਈਆ। ਮੈਂ ਵੇਖਦਾ ਤਕਦਾ ਜਾਣਦਾ ਬੁੱਝਦਾ ਪਾਵਾਂ ਸਭ ਦੀ ਸਾਰ, ਅੰਤਸ਼ਕਰਨ ਵੇਖ ਵਖਾਈਆ। ਜਿਸ ਤਰ੍ਹਾਂ ਤੁਹਾਡੀ ਬਾਹਰੋਂ ਮਿੱਠੀ ਗੁਫ਼ਤਾਰ, ਏਸੇ ਤਰ੍ਹਾਂ ਅੰਦਰੋਂ ਮਨ ਲਓ ਬਣਾਈਆ। ਲੜਨਾ ਰੁਸਣਾ ਝਗੜਨਾ ਨਹੀਂ ਚੰਗੀ ਕਾਰ, ਮੂਰਖਾਂ ਵਾਲੀ ਮਤ ਗਵਾਈਆ। ਜੇ ਤੁਹਾਡਾ ਮਾਲਕ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਤੁਸੀਂ ਸੱਚੀ ਰਈਅਤ ਬਣ ਕੇ ਦਿਓ ਵਖਾਈਆ। ਵੇਖੋ ਗੰਗਾ ਗੋਦਾਵਰੀ ਜਮਨਾ ਸੁਰਸਤੀ ਅਵਤਾਰ ਪੈਗ਼ੰਬਰ ਗੁਰ ਚਾਰ ਜੁਗ ਦੇ ਪਨਿਹਾਰ, ਹੁਕਮੇ ਅੰਦਰ ਅੱਜ ਵੀ ਆਏ ਚਾਈਂ ਚਾਈਂਆ। ਜੁਗ ਚੌਕੜੀ ਕਰਦੇ ਰਹੇ ਇੰਤਜ਼ਾਰ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਨਾਰਦ ਕਹੇ ਜਨ ਭਗਤੋ ਬੀਤ ਗਈਆਂ ਕਈ ਸਦੀਆਂ, ਸਦਮਿਆਂ ਵਿਚ ਝਟ ਲੰਘਾਈਆ। ਵੇਖੋ ਭੱਜੀਆਂ ਆਈਆਂ ਵਹਿਣ ਵਿਚ ਵਹਿਣ ਵਾਲੀਆਂ ਨਦੀਆਂ, ਆਪਣਾ ਰੂਪ ਬਦਲਾਈਆ। ਪ੍ਰੇਮ ਦੇ ਅੰਦਰ ਬੱਧੀਆਂ, ਮੁਹੱਬਤ ਵਿਚ ਵਡਿਆਈਆ। ਏਸੇ ਤਰ੍ਹਾ ਤੁਹਾਡੀਆਂ ਪ੍ਰੀਤਾਂ ਓਸ ਦੇ ਨਾਲ ਲੱਗੀਆਂ, ਜਿਹੜਾ ਕਦੇ ਨਾ ਕਰੇ ਜੁਦਾਈਆ। ਭਾਵੇਂ ਤੁਸੀਂ ਮਾੜੀਆਂ ਭਾਵੇਂ ਤੁਸੀਂ ਚੰਗੀਆਂ, ਚਿੱਕੜ ਭਰੀਆਂ ਲਏ ਗਲ ਲਾਈਆ। ਵੇਖਿਓ ਡੁਲ ਨਾ ਜਾਇਓ ਜੇ ਗ਼ਰੀਬੀ ਵਿਚ ਆਵਣ ਤੰਗੀਆਂ, ਭੁੱਖ ਨਾਲ ਭੁੱਖਾ ਨਾ ਕੋਇ ਮਰ ਜਾਈਆ। ਇਸ ਦੇ
❋
❋
ਦਰਸ਼ਨ ਨੂੰ ਜਮਨਾ ਸੁਰਸਤੀ ਗੋਦਾਵਰੀ ਰੋਂਦੀਆਂ ਰਹੀਆਂ ਗੰਗੀਆਂ, ਰਾਵੀ ਰਾਹ ਤਕ ਤਕ ਕੇ ਸੈਂਕੜੇ ਸਾਲ ਦਿਤੇ ਬਿਤਾਈਆ। ਤੁਸੀਂ ਤੇ ਪੈਰੀਂ ਪਾਏ ਜੋੜੇ ਓਹ ਵਿਚਾਰੀਆਂ ਵੇਖੋ ਪੈਰੀਂ ਨੰਗੀਆਂ, ਭੱਜਣ ਥਾਉਂ ਥਾਈਂਆ। ਜਿਹੜੀਆਂ ਬਸਤਰ ਪਹਿਨਦੀਆਂ ਸੀ ਰੰਗ ਬਰੰਗੀਆਂ, ਓਨ੍ਹਾਂ ਦੇ ਉਤੇ ਢਾਈ ਗਜ਼ ਦਾ ਖੱਦਰ ਵਕੀਲ ਸਿੰਘ ਨੇ ਦਿਤਾ ਪਾਈਆ। ਇਹੋ ਜਿਹੀਆਂ ਉਹ ਲੱਗੀਆਂ ਵੇਖ ਪਾਬੰਦੀਆਂ, ਹੈਰਾਨੀ ਵਿਚ ਨਾਰਦ ਕਹੇ, ਮੈਨੂੰ ਰਹੀਆਂ ਸੁਣਾਈਆ। ਮੈਂ ਹੱਸ ਕੇ ਕਿਹਾ ਨੀ ਕਮਲੀਓ ਇਹੋ ਜਿਹਾ ਵੇਸ ਕਰਨ ਵੇਸਵਾ ਤੇ ਰੰਡੀਆਂ, ਕੰਤ ਸੁਹਾਗਣਾਂ ਚਲਣ ਆਪਣੇ ਪ੍ਰਭ ਦੀ ਰਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਾਰਦ ਕਹੇ ਜਨ ਭਗਤੋ ਮੇਰਾ ਨਾ ਕਰਿਓ ਗ਼ੁੱਸਾ, ਗ਼ੁੱਸੇ ਵਾਲੀ ਨਾ ਗੱਲ ਸੁਣਾਈਆ। ਐਵੇਂ ਤਾਅ ਨਾ ਦਿਓ ਮੁੱਛਾਂ, ਬਾਹਰੋਂ ਗੰਢ ਪਵਾਈਆ । ਪਹਿਲੋਂ ਆਪਣਾ ਅੰਦਰੋਂ ਪਵਿਤ੍ਰ ਕਰੋ ਜੁੱਸਾ, ਜ਼ਮੀਰ ਲਓ ਬਦਲਾਈਆ। ਸਤਿਗੁਰ ਨਾਲ ਰਹੇ ਕੋਈ ਨਾ ਰੁੱਸਾ, ਮਨ ਮਮਤਾ ਨਾ ਦਏ ਦੁਹਾਈਆ। ਜਿੰਨਾਂ ਚਿਰ ਗੋਦੀ ਚੁਕੇ ਨਾ ਬਣਾ ਕੇ ਪੁੱਤਾ, ਸੁਤ ਆਪਣੇ ਰੰਗ ਰੰਗਾਈਆ। ਓਨਾਂ ਚਿਰ ਉਸ ਦਾ ਭੇਵ ਗੁੱਝਾ, ਬਾਹਰੋਂ ਹੱਸ ਹੱਸ ਕੇ ਸਭ ਨੂੰ ਦਏ ਟਰਕਾਈਆ। ਜਿਹਨਾਂ ਦੇ ਅੰਦਰ ਵੜ ਜਾਏ ਓਨ੍ਹਾਂ ਦਾ ਵਸਾ ਦੇਵੇ ਝੁੱਗਾ, ਝੁੱਗੀ ਅੰਦਰ ਡੇਰਾ ਲਾਈਆ। ਤੁਸੀਂ ਨਹੀਂ ਜਾਣਦੇ ਇਹ ਵਲੀਆ ਆਦਿ ਜੁਗਾਦੀ ਖੇਲ ਕਰੇ ਵਿਚ ਜੁਗਾਂ, ਗੁਰ ਅਵਤਾਰ ਪੈਗ਼ੰਬਰਾਂ ਨੂੰ ਭੁੰਬਲ ਭੂਸਿਆਂ ਵਿਚ ਭਵਾਈਆ। ਮੈਂ ਵੀ ਨਹੀਂ ਸਮਝ ਸਕਿਆ ਇਹਦਾ ਮੁੱਦਾ, ਮੁੱਦਤ ਤੋਂ ਇਹਦੇ ਪਿੱਛੇ ਲੱਗ ਕੇ ਆਪਣਾ ਘਰ ਬਾਰ ਤਜਾਈਆ। ਕਿਤੇ ਮਾਣ ਨਾ ਕਰਿਓ ਅਸੀਂ ਇਹਨੂੰ ਪਿਔਂਦੇ ਤਾਜ਼ਾ ਚੋ ਕੇ ਦੁੱਧਾ, ਦੁੱਧਾਧਾਰੀ ਨਜ਼ਰੀ ਆਈਆ। ਇਹ ਹੱਥ ਨਾ ਆਇਆ ਕਦੀ ਕਿਸੇ ਉਤੇ ਬਸੁੱਧਾ, ਬੁੱਧ ਵਰਗੇ ਕਰ ਕਰ ਧਿਆਨ ਬੈਠੇ ਤਾੜੀਆਂ ਲਾਈਆ। ਜੇ ਇਹ ਆਪਣੇ ਆਪ ਚਾਹਵੇ ਤੇ ਚਮਾਰ ਜੁਲਾਹਿਆਂ ਦਾ ਬਣਾ ਦੇਵੇ ਗੁੱਡਾ, ਅਸਮਾਨਾਂ ਦੇ ਉਤੇ ਦਏ ਚੜ੍ਹਾਈਆ। ਇਹ ਨਹੀਂ ਜਾਣਦਾ ਭਾਵੇਂ ਕੋਈ ਅਮਰੂ ਨਿਥਾਵੇਂ ਵਰਗਾ ਹੋਵੇ ਬੁੱਢਾ, ਸੱਤਰੇ ਬਹੱਤਰੇ ਨੂੰ ਪਿਆਰ ਕਰਾਈਆ। ਕਿਤੇ ਖ਼ੁਸ਼ ਨਾ ਹੋ ਜਾਇਓ ਅਸੀਂ ਮੁੱਠੀਆਂ ਭਰਦੇ ਤੇ ਛਕੌਂਦੇ ਰੁੱਗਾ, ਬੜੀ ਸੇਵ ਕਮਾਈਆ। ਜਿੰਨਾ ਚਿਰ ਆਪਣਾ ਮਨ ਅੰਦਰੋਂ ਕਰੋਗੇ ਨਾ ਸ਼ੁੱਧਾ, ਇਹ ਸਾਧੂਆਂ ਵਾਂਗੂ ਭਰਮ ਵਿਚ ਕਦੇ ਨਾ ਆਈਆ। ਇਹ ਚੰਗਾ ਖਾਣ ਪੀਣ ਨਹੀਂ ਗਿੱਝਾ, ਧੰਨੇ ਵਰਗੇ ਦੇ ਰੁੱਖੇ ਸੁੱਖੇ ਟੁਕੜੇ ਖਾ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਮੇਲ ਮਿਲਾਈਆ। ਨਾਰਦ ਕਹੇ ਮੈਨੂੰ ਸਾਰੇ ਕਹਿੰਦੇ ਸ਼ੈਤਾਨ, ਸ਼ੈਤਾਨੀ ਦਿਆਂ ਕਰਾਈਆ। ਜਨ ਭਗਤੋ ਸਚ ਦੱਸਾਂ ਮੈਂ ਜਦੋਂ ਕਰਾਂ ਤੇ ਕਰਾਂ ਪ੍ਰਭੂ ਦਾ ਗਿਆਨ, ਗਿਆਨ ਬਿਨਾ ਨਿਸ਼ਾਨ ਨਾ ਕੋਇ ਜਣਾਈਆ। ਇਹ ਜ਼ਰੂਰ ਮੇਰਾ ਮਸਖ਼ਰਿਆਂ ਵਾਲਾ ਬਿਆਨ, ਹੇਰਾ ਫੇਰੀ ਕਰ ਕੇ ਸਿੱਧਾ ਰਾਹ ਦੇਵਾਂ ਵਖਾਈਆ। ਕਦੇ ਮੈਂ ਬ੍ਰਾਹਮਣ ਬਣ ਕੇ ਜਜਮਾਨਾਂ ਦੀ ਕਰਾਂ ਕਲਿਆਣ, ਕਦੇ ਮੈਂ ਭਗਤ ਸੰਤ ਬਣ ਕੇ ਜਗਿਆਸੂਆਂ ਨੂੰ ਕਰਾਂ ਪ੍ਰਵਾਨ, ਕਦੀ ਮੈਂ ਕੰਤ ਬਣ ਕੇ ਨਾਰੀਆਂ ਦੀ ਕਰਾਂ ਪਹਿਚਾਣ, ਕਦੇ ਮੈਂ ਜੀਵ ਜੰਤ ਬਣ ਕੇ ਮੂਰਖ ਹੋਵਾਂ ਅੰਜਾਣ, ਕਦੇ ਮੈਂ ਬਲਵੰਤ ਬਣ ਕੇ ਸਭ ਨੂੰ ਦੇਵਾਂ ਦਾਨ, ਕਦੇ ਮੈਂ ਅਨੰਤ ਬਣ ਕੇ ਆਪਣਾ ਖੇਲ ਕਰਾਂ ਮਹਾਨ, ਸਚ ਪੁੱਛੋ ਮੈਂ ਨਿਰਾਕਾਰ ਨਿਰੰਕਾਰ ਜਨਣੀ ਵਿਚੋਂ ਆਪਣਾ ਆਪ ਜਣ ਕੇ ਜਣੇਂਦੀ ਸੁਚੱਜੀ ਓਹੋ ਇਕੋ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ। ਨਾਰਦ
❋
❋
ਕਹੇ ਮੇਰੀ ਬੇਨੰਤੀ ਮੇਰੀ ਅਰਜੋਈ, ਅਰਜ਼ ਦਿਆਂ ਸੁਣਾਈਆ। ਭਗਤ ਬਣੇ ਜੇ ਕੋਈ, ਮੈਂ ਜ਼ਰੂਰ ਉਸ ਦਾ ਦਰਸ਼ਨ ਪਾਈਆ। ਜਿਸ ਨੂੰ ਦਰਗਾਹ ਸਾਚੀ ਮਿਲੇ ਢੋਈ, ਮੈਂ ਢੋਲਕ ਛੈਣਿਆਂ ਦੇ ਥਾਂ ਉਹਦੇ ਅੱਗੇ ਆਪਣਾ ਪੀਪਾ ਦਿਆਂ ਖੜਕਾਈਆ। ਸੁਰਤੀ ਰਹੇ ਕਿਸੇ ਨਾ ਸੋਈ, ਸੁੱਤਿਆਂ ਨੂੰ ਦਿਆਂ ਜਗਾਈਆ। ਮੈਂ ਇਕ ਦਿਨ ਜੁੱਤੀ ਚੁਕ ਲਈ ਸੀ ਕਬੀਰ ਦੀ ਲੋਈ, ਉਸ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਆਪਣਾ ਆਪ ਛੁਪਾਈਆ। ਫਿਰ ਮੈਂ ਉਚੀ ਉਚੀ ਰੌਲਾ ਪਾਇਆ ਹਾਏ ਮੇਰੀ ਚੋਰੀ ਹੋਈ, ਮੈਨੂੰ ਕਬੀਰ ਜੁਲਾਹਾ ਲੁੱਟ ਕੇ ਲੈ ਗਿਆ ਮੇਰੀ ਦਰੋਹੀ, ਦਰੋਹੀ ਦਰੋਹੀ ਕਰ ਕੇ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਨਾਰਦ ਕਹੇ ਲੋਈ ਕਹੇ ਕਬੀਰਾ ਮੇਰੀ ਚੁਕ ਲਈ ਕਿਸੇ ਜੁੱਤੀ, ਕਵਣ ਏਥੇ ਫੇਰਾ ਪਾਈਆ। ਮੈਂ ਕੱਢ ਕੇ ਜ਼ਿਮੀਂ ਵਿਚ ਖੁੱਤੀ, ਟੋਏ ਵਿਚ ਦਿਤੀ ਦਬਾਈਆ। ਮੱਥੇ ਤਿਲਕ ਲਗਾ ਕੇ ਬੋਦੀ ਹਲਾ ਕੇ ਸਾਹਮਣੇ ਆ ਕੇ, ਮਣਕੇ ਭਵਾ ਕੇ ਕਿਹਾ, ਕੁਛ ਮੈਥੋਂ ਲਓ ਪੁੱਛੀ, ਮੈਂ ਜਨਮ ਜਨਮ ਦੇ ਲੇਖੇ ਦਿਆਂ ਸਮਝਾਈਆ। ਮੈਂ ਰੱਦੀ ਕਾਗ਼ਜ਼ਾਂ ਦੀ ਬਗ਼ਲ ਵਿਚੋਂ ਕੱਢ ਕੇ ਗੁੱਛੀ, ਜਿਹੜੀ ਬੱਧੀ ਸੀ ਨਾਲ ਰੱਸੀ, ਗੰਢਾਂ ਘੁੱਟ ਘੁੱਟ ਕੇ ਪਾਈਆ। ਜਾਂ ਮੈਂ ਨਿਗਾਹ ਮਾਰੀ ਲੋਈ ਮੈਨੂੰ ਦਿਸੀ ਜਿਸ ਤਰ੍ਹਾ ਕਬੀਰ ਨਾਲੋਂ ਰੁੱਸੀ, ਮੂੰਹ ਭੈੜਾ ਜਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਅਪਣਾ ਖੇਲ ਵਖਾਈਆ। ਲੋਈ ਕਹੇ ਕਬੀਰ ਜੀ ਓਹ ਵੇਖੋ ਆਇਆ ਜੋਤਸ਼ੀ, ਓਹ ਜੋਤਸ਼ ਦਏ ਲਗਾਈਆ। ਮੈਂ ਝਟ ਕਿਹਾ ਲੋਈ ਤੂੰ ਕੀ ਸੋਚਦੀ, ਲੋਇਣ ਮੇਰੇ ਲੋਇਣਾਂ ਨਾਲ ਮਿਲਾਈਆ। ਐਸ ਜੁਲਾਹੇ ਨਾਲ ਕੀ ਸੁਖ ਭੋਗਦੀ, ਜਿਹੜਾ ਤੇਰੀ ਜੁੱਤੀ ਨਾ ਸਕਿਆ ਲਭਾਈਆ। ਇਹਨੂੰ ਸਾਰ ਕੀ ਓਸ ਪ੍ਰਭੂ ਦੀ ਮੌਜ ਦੀ, ਬਿਨਾ ਪੰਡਤਾਂ ਤੋਂ ਹੱਥ ਕਿਸੇ ਨਾ ਆਈਆ। ਨਿੱਕੀਆਂ ਨਿੱਕੀਆਂ ਗੱਲਾਂ ਦੱਸਣੀਆਂ ਮੇਰੀ ਖੇਲ ਰੋਜ਼ ਦੀ, ਸਹਿਜੇ ਦਿਆਂ ਸਮਝਾਈਆ। ਮੈਨੂੰ ਇਕ ਪਤਾ ਲਗਦਾ ਤੁਹਾਡੀ ਇਹ ਧਰਤੀ ਮਾਂ ਰੂਪ ਬਣ ਗਈ ਚੋਰ ਦੀ, ਤੇਰੀ ਜੁੱਤੀ ਚੋਰੀ ਕਰ ਕੇ ਆਪਣੇ ਵਿਚ ਦਬਾਈਆ। ਆਸਾ ਬਦਲ ਗਈ ਲੋਈ ਕਮਜ਼ੋਰ ਦੀ, ਵਿਸ਼ਵਾਸ ਪੰਡਤ ਉਤੇ ਕਰਾਈਆ। ਕਬੀਰ ਕਿਹਾ ਤੂੰ ਕੀ ਏਥੋਂ ਲੋੜਦੀ, ਇਹ ਤੇ ਕੋਈ ਸ਼ੈਤਾਨ ਰੂਪ ਬਦਲਾਈਆ। ਨਾਰਦ ਕਿਹਾ ਜੇ ਲੋਈ ਤੂੰ ਮੇਰੇ ਆਖੇ ਲੱਗ ਕੇ ਉਤੋਂ ਧਰਤੀ ਗੋਡ ਦਈਂ, ਗਿਠ ਸਵਾ ਗਿਠ ਹਲਾਈਆ। ਜਾਂ ਲੋਈ ਨੇ ਤੀਲਾ ਮਾਰਿਆ ਨਾਰਦ ਨੇ ਤਾਲੀ ਲਾਈ ਜ਼ੋਰ ਦੀ, ਹੱਥ ਹੱਥਾਂ ਉਤੇ ਖੜਕਾਈਆ। ਵੇਖੀ ਊ ਸ਼ੈਤਾਨੀ ਇਸ ਧਰਤੀ ਹਰਾਮ ਖੋਰ ਦੀ, ਜਿਹੜੀ ਭਗਤਾਂ ਨਾਲ ਦਗ਼ੇ ਰਹੀ ਕਮਾਈਆ। ਜੇ ਮੈਂ ਪੰਡਤ ਨਾ ਆਉਂਦਾ ਤੇ ਤੇਰਾ ਜੁੱਤੀ ਨਾਲ ਜੋੜ ਕਵਣ ਜੋੜਦੀ, ਸਾਂਝਾ ਰੰਗ ਰੰਗਾਈਆ। ਲੋਈ ਕਿਹਾ ਇਹ ਤੇਰੀ ਕਿਰਪਾ ਮਿਹਰਵਾਨੀ ਮੁਹਰ ਦੀ, ਮੋਹਰ ਧਰਤੀ ਉਤੇ ਲਗਾਈਆ। ਨਾਰਦ ਕਹੇ ਜੇ ਜੁੱਤੀ ਹੁੰਦੀ ਕਿਸੇ ਹੋਰ ਦੀ, ਮੈਂ ਬਿਨਾ ਸਵਾ ਰੁਪਈਏ ਦਿਤਿਆਂ ਤੋਂ ਇਸ਼ਾਰਾ ਨਾ ਕਦੇ ਕਰਾਈਆ। ਓਨੇ ਚਿਰ ਨੂੰ ਕਬੀਰ ਟਾਹਣੀ ਭੰਨ ਲਿਆਂਦੀ ਬੋਹੜ ਦੀ, ਨਾਰਦ ਦੇ ਸਿਰ ਵਿਚ ਦਿਤੀ ਲਗਾਈਆ। ਨਾਰਦ ਕਿਹਾ ਖੌਰੇ ਕੋਈ ਸਵਾਣੀ ਇਹ ਮੇਰਾ ਮਿੱਟੀ ਦਾ ਭਾਂਡਾ ਠਕੋਰਦੀ, ਦੁੱਧ ਰਿੜਕਣ ਵਾਸਤੇ ਪਸੰਦ ਕਰਨ ਆਈਆ। ਫੇਰ ਕਬੀਰ ਨੇ ਚਪੇੜ ਮਾਰੀ ਜ਼ੋਰ ਦੀ, ਮੂੰਹ ਦਿਤਾ ਭਵਾਈਆ। ਨਾਰਦ ਕਿਹਾ ਕਿੱਡੀ ਅੰਦਰੋਂ ਆਵਾਜ਼ ਆਈ ਸ਼ਬਦ ਅਗੰਮੀ ਘਨਘੋਰ ਦੀ, ਕੰਨਾਂ ਵਿਚੋਂ ਸਾਂ ਸਾਂ ਸਾਂ ਦਿਤਾ ਕਰਾਈਆ। ਫੇਰ ਕਬੀਰ ਨੇ ਉਹਦੇ ਗਲ ਵਿਚ ਰੱਸੀ ਪਾਈ ਡੋਰ ਦੀ, ਜ਼ੋਰ ਨਾਲ ਖਿਚਾਈਆ।
❋
❋
ਨਾਰਦ ਕਹੇ ਖੌਰੇ ਇਹ ਕੋਈ ਬੜੀ ਚੰਗੀ ਸਵਾਣੀ ਜਿਹੜੀ ਮੈਨੂੰ ਲੋੜਦੀ, ਵਰ ਪ੍ਰਾਪਤ ਕਰਨ ਵਾਸਤੇ ਭੱਜੀ ਥਾਉਂ ਥਾਈਂਆ। ਫੇਰ ਕਬੀਰ ਨੇ ਸਫ਼ਾ ਵਿਛਾ ਲਈ ਆਪਣੀ ਦੋਹਰ ਦੀ, ਥੱਲੇ ਦਿਤੀ ਵਿਛਾਈਆ। ਨਾਰਦ ਕਿਹਾ ਮੇਰੀ ਵੀ ਮਨਸਾ ਸੀ ਇਹੋ ਲੋੜ ਦੀ, ਕੋਈ ਮੈਨੂੰ ਆਰਾਮ ਨਾਲ ਦੇਵੇ ਸਵਾਈਆ। ਇਹ ਬਚਨ ਸੁਣ ਕੇ ਲੋਈ ਸਹਿਜੇ ਨਾਲ ਪਿਠ ਠਕੋਰਦੀ, ਪੁੱਠੀ ਮੁੱਕੀ ਦਿਤੀ ਲਗਾਈਆ। ਨਾਰਦ ਕਿਹਾ ਓ ਬੇਬੇ ਇਹ ਕੋਈ ਖੱਲ ਨਹੀਂ ਢੋਰ ਦੀ, ਇਹ ਬ੍ਰਾਹਮਣ ਨਾਹੁਣ ਧੌਣ ਵਾਲਾ ਸੋਹਣਾ ਮਲੂਕ ਡੇਰਾ ਲਾਈਆ। ਤੂੰ ਦੱਸ ਕਿਸ ਨੂੰ ਟਟੋਲਦੀ, ਜੇ ਕੋਈ ਅਜੇ ਤੱਕ ਨਹੀਂ ਲੱਭਾ ਮੇਰੇ ਨਾਲੋਂ ਚੰਗਾ ਹੋਰ ਨਜ਼ਰ ਕੋਇ ਨਾ ਆਈਆ। ਲੋਈ ਗ਼ੁੱਸੇ ਵਿਚ ਬੋਲਦੀ, ਤੂੰ ਕਿਧਰੋਂ ਆਇਆ ਸ਼ੁਦਾਈਆ। ਨਾਰਦ ਕਿਹਾ ਇਹ ਆਵਾਜ਼ ਖ਼ਾਲੀ ਢੋਰ ਦੀ, ਮੈਨੂੰ ਅਜੇ ਨਾ ਭਾਈਆ। ਜੇ ਤੂੰ ਆਪਣੇ ਪਤੀ ਦੇ ਬਰਾਬਰ ਹੋ ਜਾਏਂ ਤੋਲ ਦੀ, ਵਜ਼ਨ ਇਕੋ ਜਿਹਾ ਕਰਾਈਆ। ਓਹਨੇ ਆਪਣੇ ਕੰਨ ਫੜ ਕੇ ਖਿੱਚੇ, ਨਾਰਦ ਕਹੇ, ਫਿਰ ਕਿਸੇ ਦੀ ਜੁਰਅਤ ਨਹੀਂ ਮਖ਼ੌਲ ਦੀ, ਅੱਖ ਲਏ ਉਠਾਈਆ। ਉਹੋ ਮਰਦੀ ਉਹੋ ਫਸਦੀ ਜਿਹੜੀ ਹਿਰਦਿਉਂ ਡੋਲਦੀ, ਜਿਹੜੀ ਪ੍ਰੇਮ ਵਿਚ ਰੱਤੀ ਤੇ ਹੰਢਾਵੇ ਕਮਲਾਪਤੀ, ਪਤਿਪਰਮੇਸ਼ਵਰ ਸੀਸ ਨਿਵਾਈਆ। ਉਹਦੀ ਕਦੇ ਨਾ ਬਦਲੇ ਅੱਖੀ ਦੂਸਰੇ ਦੀ ਹੋਵੇ ਕਦੇ ਨਾ ਸਖ਼ੀ, ਭਾਵੇਂ ਕਿੰਨੇ ਆ ਜਾਣ ਮੁਨੀ ਰਿਖੀ, ਮੁਨੀਸ਼ਰਾਂ ਵਲ ਨਿਗਾਹ ਨਾ ਕਦੇ ਉਠਾਈਆ। ਨਾਰਦ ਕਹੇ ਜਨ ਭਗਤੋ ਤੁਸਾਂ ਕਲ੍ਹ ਕਿਹੜੀ ਗੱਲ ਸਿੱਖੀ, ਤੇ ਕਿਹੜੀ ਆਪਣੇ ਹਿਰਦੇ ਵਿਚ ਲਿਖੀ, ਮੈਨੂੰ ਦਿਓ ਜਣਾਈਆ। ਕਿਹੜੀ ਤੁਹਾਡੇ ਕੋਲ ਚਿੱਠੀ, ਜਿਹੜੀ ਸਦਾ ਰਹੇ ਅਨਡਿੱਠੀ, ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ੇ ਰਿਹਾ ਸੁਣਾਈਆ। ਜਨ ਭਗਤੋ ਸੁਣੋ ਮੇਰਿਓ ਭਈਆ, ਭੈਣੋ ਦਿਆਂ ਜਣਾਈਆ। ਪ੍ਰਭੂ ਜੇ ਇਕੋ ਸਈਆ, ਸਾਜਣ ਇਕ ਅਖਵਾਈਆ। ਸਚ ਦੱਸੋ ਰਾਵੀ ਉਤੇ ਜਿਸ ਮਲਾਹ ਦੀ ਚੜ੍ਹੇ ਸੋ ਨਈਆ, ਉਹ ਮਲਾਹ ਤੁਹਾਡੇ ਕੋਲ ਨਜ਼ਰ ਕੋਇ ਨਾ ਆਈਆ। ਜੋ ਪ੍ਰਭ ਸਰਨਾਈ ਢਈਆਂ, ਉਨ੍ਹਾਂ ਦੀ ਫੜ ਲਈਆਂ ਬਹੀਆਂ, ਬਾਜ਼ੂ ਆਪਣੇ ਹੱਥ ਰਖਾਈਆ। ਬਾਕੀ ਦਾ ਹਿਸਾਬ ਸਾਰੇ ਲਿਖਦੇ ਰੱਖਦੇ ਨਿਉਂਦਰੇ ਪੌਂਦੇ ਉਤੇ ਵਹੀਆਂ, ਪੁੱਤ ਪੋਤਰੇ ਤਾਈਂ ਲੇਖਾ ਚਲਿਆ ਆਈਆ। ਤੁਹਾਨੂੰ ਸਮਝ ਨਹੀਂ ਆਈ ਕਿਉਂ ਬਚਨ ਸਿੰਘ ਨੇ ਅਰਦਾਸਾ ਕੀਤਾ ਸਵਾ ਰੁਪਈਆ, ਸੁੱਕਿਆਂ ਕੱਖਾਂ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਸਵਾ ਰੁਪਈਆ ਤੁਹਾਡੀ ਅਰਦਾਸ, ਅਰਦਾਸੇ ਪਿਛਲੇ ਦਿਤੇ ਤਜਾਈਆ। ਤੁਸੀਂ ਪ੍ਰਭ ਦੇ ਤੇ ਪ੍ਰਭੂ ਤੁਹਾਡੇ ਪਾਸ, ਰਾਵੀ ਦਾ ਆਰ ਪਾਰ ਕਿਨਾਰਾ ਦਏ ਗਵਾਹੀਆ। ਨਾਰਦ ਕਹੇ ਮੈਨੂੰ ਜ਼ਰੂਰ ਦੇਣੀ ਪਈ ਸ਼ਾਬਾਸ਼, ਸ਼ਾਬਾ ਕਹਿ ਕੇ ਸਭ ਨੂੰ ਦਿਆਂ ਸੁਣਾਈਆ। ਤੁਹਾਡਾ ਓਸ ਦੇ ਚਰਨਾਂ ਵਿਚ ਵਾਸ, ਜਿਸ ਦੇ ਅੱਗੇ ਵਾਸਤਾ ਪਾ ਪਾ ਸਾਰੇ ਸੀਸ ਨਿਵਾਈਆ। ਤੁਹਾਨੂੰ ਕੱਟਣਾ ਪਏ ਨਾ ਕੋਇ ਬਨਬਾਸ, ਜੰਗਲਾਂ ਵਿਚ ਨਾ ਕੋਇ ਭਵਾਈਆ। ਪਰਬਤਾਂ ਉਤੇ ਹੋਣਾ ਨਾ ਪਏ ਉਦਾਸ, ਘਰ ਬਾਰ ਤਜਾਈਆ। ਪੜ੍ਹਨਾ ਪਏ ਨਾ ਵਿਚ ਕਿਸੇ ਕਲਾਸ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਇਕ ਨਾਲ ਜੁੜ ਗਿਆ ਨਾਤ, ਰਿਸ਼ਤਾ ਲਿਆ ਬਣਾਈਆ। ਮੇਰੀ ਇਕ ਮੰਨਿਓ ਬਾਤ, ਬਾਤਨ ਦਿਆਂ ਸਮਝਾਈਆ। ਬਾਬੂਪੁਰ ਵਾਲਿਓ ਤੁਹਾਡੀ ਇੱਕੀਆਂ ਦੀ ਨਾਲ ਜ਼ਰੂਰ ਹੋਵੇ ਜਮਾਤ, ਜ਼ਾਮਨ ਆਪਣਾ ਆਪ ਕਰਾਈਆ। ਬਾਕੀ ਸਭ ਦਾ ਲਹਿਣਾ ਦੇਣਾ ਪੂਰਾ ਕਰੇ ਜੋ ਸਭ ਦਾ ਮਾਈ ਬਾਪ,
❋
❋
ਪਿਤਾ ਪੁਰਖ ਅਕਾਲ ਵਡ ਵਡਿਆਈਆ। ਅਸੀਂ ਖ਼ੁਸ਼ੀ ਨਾਲ ਭੋਰਾ ਭੋਰਾ ਖਾ ਕੇ ਜਾਣਾ ਖਾਜ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਾਵੀ ਨਾਲ ਮਿਲਾਈਆ। ਫਿਰ ਹਾਜ਼ਰ ਹੋਵਾਂਗੇ ਜਿਸ ਦਿਨ ਪਹਿਲੀ ਚੇਤ ਨੂੰ ਪਹਿਨਣਾ ਤਾਜ, ਤਖ਼ਤ ਨਿਵਾਸੀ ਭਗਤ ਦਵਾਰੇ ਡੇਰਾ ਲਾਈਆ। ਨਾਰਦ ਕਹੇ ਤੁਹਾਡਾ ਸੋਹਣਾ ਲੱਗਾ ਸਮਾਜ, ਮੈਂ ਸਮਝ ਕੇ ਖ਼ੁਸ਼ੀ ਮਨਾਈਆ। ਏਥੇ ਨਾ ਕੋਈ ਸਵਾਲ ਨਾ ਕੋਈ ਜਵਾਬ, ਬਿਨਾ ਸੀਸ ਝੁਕੌਣ ਤੋਂ ਚਾਰਾ ਨਜ਼ਰ ਕੋਇ ਨਾ ਆਈਆ। ਮੈਂ ਜਾਂਦਾ ਜਾਂਦਾ ਨਮਸਤੇ ਨਮੋ ਨਮੋਂ ਨਿਮਸਕਾਰ ਭਗਤੋ ਸਭ ਨੂੰ ਕਰਾਂ ਆਦਾਬ, ਭਗਤੋ ਕੀਤੀ ਬੇਅਦਬੀ ਮੇਰੀ ਮੁਆਫ਼ ਦੇਣੀ ਕਰਾਈਆ। ਮੈਂ ਪੰਜ ਸੱਤ ਦਿਨ ਫਿਰ ਕੇ ਔਣਾ ਬਗ਼ਦਾਦ, ਮੇਰੀ ਸੇਵਾ ਦਿਤੀ ਲਗਾਈਆ। ਅਰਬ ਵਾਸੀਆਂ ਦਾ ਲਹਿਣਾ ਦੇਣਾ ਤੇ ਲੇਖਾ ਆਣ ਕੇ ਦੇਣਾ ਜਵਾਬ, ਹੁਕਮ ਧੁਰ ਦਾ ਦਿਤਾ ਸੁਣਾਈਆ। ਮੇਰੀ ਗ਼ਰੀਬ ਦੀ ਕੀ ਮਜਾਲ, ਘੜੀ ਪਲ ਅਟਕ ਨਾ ਸਕਾਂ ਰਾਈਆ। ਤੁਸੀਂ ਜਿਥੇ ਗਾਇਆ ਕਰੋਗੇ ਗਾਥ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਨਾਅਰਾ ਲਾਈਆ। ਮੈਂ ਓਥੇ ਦੂਰ ਦੁਰਾਡਾ ਝੁੱਕ ਕੇ ਕਰਿਆ ਕਰਾਂਗਾ ਆਦਾਬ, ਨਿਉਂ ਨਿਉਂ ਸੀਸ ਨਿਵਾਈਆ। ਮੇਰੀ ਅੰਤ ਅਖ਼ੀਰ ਸਭ ਦੇ ਅੱਗੇ ਅਰਦਾਸ, ਪ੍ਰੇਮ ਪਿਆਰ ਮੁਹੱਬਤ ਮੰਗ ਮੰਗਾਈਆ। ਆਪਣੇ ਰੱਖਿਓ ਪਾਸ ਧੀਰਜ ਧਾਰ ਲੈਣਾ ਵਿਸ਼ਵਾਸ, ਵਿਸ਼ਿਆਂ ਵਿਚ ਸਾਹਿਬ ਸਤਿਗੁਰ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੇ ਸਾਹਮਣੇ ਸਾਖਿਆਤ, ਸਾਖੀ ਪ੍ਰਮਾਣ ਦੀ ਲੋੜ ਰਹੇ ਨਾ ਰਾਈਆ।
ਨਾਰਦ ਕਹੇ ਜਿਸ ਵੇਲੇ ਵਕੀਲ ਸਿੰਘ ਦੇ ਗਲ ਵਿਚ ਸੋਹੰ ਫਸਿਆ, ਅੱਧ ਵਿਚ ਆ ਕੇ ਆਪਣੀ ਖ਼ੁਸ਼ੀ ਮਨਾਈਆ। ਮੈਂ ਖਿੜ ਖਿੜਾ ਕੇ ਹੱਸਿਆ, ਆਪਣੀ ਲਈ ਅੰਗੜਾਈਆ। ਸ਼ਾਇਦ ਅੱਜ ਏਸ ਥੋੜਾ ਪ੍ਰਸ਼ਾਦ ਹੋਵੇ ਛਕਿਆ, ਜ਼ੋਰ ਨਾ ਸਕੇ ਲਗਾਈਆ । ਜਾਂ ਰਾਤ ਦਾ ਹੋਵੇ ਥੱਕਿਆ, ਨੀਂਦਰੇ ਵਿਚ ਉਂਘਲਾਈਆ। ਮੇਰਾ ਜੀਅ ਕਰਦਾ ਇਹਨੂੰ ਲੈ ਜਾਵਾਂ ਨਾਲ ਮਦੀਨਾ ਮੱਕਿਆ, ਮਕ਼ਬਰਿਆਂ ਦੇ ਉਤੇ ਦਿਆਂ ਫਿਰਾਈਆ। ਜਿਥੇ ਵੱਡੀ ਵੱਡੀ ਰੇਤ ਬਾਲੂ ਦਿਸੇ ਉਡਦਾ ਘੱਟਿਆ, ਧੂੜੋ ਧੂੜ ਨਜ਼ਰੀ ਆਈਆ। ਜੇ ਕੋਈ ਵੇਖਣ ਆਵੇ ਉਹਦੇ ਕੋਲੋਂ ਨਾ ਜਾਵੇ ਲੰਘਿਆ, ਮੈਂ ਇਸ਼ਾਰਿਆਂ ਨਾਲ ਜਣਾਈਆ। ਫੇਰ ਪੁਛਿਆ ਜ਼ੋਰ ਨਾਲ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿਉਂ ਨਹੀਂ ਜਪਿਆ, ਉਹ ਜਪਣਾ ਸੌਖਾ ਜਾਂ ਮੇਰੇ ਨਾਲ ਫਿਰਨਾ ਸੌਖਾ ਮੈਨੂੰ ਦੇ ਸਮਝਾਈਆ। ਫੇਰ ਲੈ ਜਾਵਾਂ ਜਿਧਰ ਘੱਟਾ ਹੋਵੇ ਤਪਿਆ, ਅਗਨੀ ਰੂਪ ਵਟਾਈਆ। ਫੇਰ ਲੈ ਜਾਵਾਂ ਜਿਥੇ ਫੂੜੀ ਸਫ਼ਾ ਹੋਵੇ ਵਿਛਿਆ, ਕਹਾਂ ਨਾਲੇ ਰੋਜੇ ਰੱਖ ਨਾਲੇ ਨਿਮਾਜ਼ਾਂ ਰੱਖ ਨਾਲੇ ਹੱਥ ਰੱਖ ਕੰਨਾਂ ਤੋਂ ਲੈ ਕੇ ਗਿਟਿਆਂ, ਮੂੰਹ ਦੇ ਭਾਰ ਆਪਣਾ ਆਪ ਸੁਟਾਈਆ। ਫੇਰ ਕੀ ਕਹੇਂ ਮੈਥੋਂ ਨਹੀਂ ਜਾਂਦਾ ਝੁਕਿਆ, ਕਮਰ ਨੀਵੀਂ ਨਾ ਕੋਇ ਕਰਾਈਆ। ਫੇਰ ਮੈਂ ਕਹਾਂ ਓਥੇ ਚਲਿਆ ਜਾਹ ਜਿਥੋਂ ਆਇਆਂ ਬਿਨਾ ਓਸ ਤੋਂ ਪੈਂਡਾ ਕਦੇ ਨਾ ਮੁੱਕਿਆ, ਮੱਕਾ ਮਦੀਨਾ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਦੀ ਕਾਰ ਕਮਾਈਆ।
❋
❋
੨੫ ਫੱਗਣ ਸ਼ਹਿਨਸ਼ਾਹੀ ਸੰਮਤ ੪ ਭਜਨ ਸਿੰਘ ਦੇ ਗ੍ਰਹਿ ਪਿੰਡ ਦੋਸਤਪੁਰਾ
ਰਾਵੀ ਕਹੇ ਮੈਨੂੰ ਅੰਮ੍ਰਿਤ ਰਸ ਮਿਲਿਆ ਠੰਡਾ ਪਾਣੀ, ਮੇਰਾ ਅਗਨੀ ਤਤ ਬੁਝਾਈਆ। ਮੈਂ ਦਿਵਸ ਰੈਣ ਜਪਦੀ ਰਹੀ ਅਗੰਮੀ ਬਾਣੀ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਆਸਾਂ ਤਕਦੀ ਰਹੀ ਚਾਰੇ ਕੁੰਟ ਚਾਰੇ ਖਾਣੀ, ਚਾਰ ਵਰਨਾਂ ਵੇਖ ਵਖਾਈਆ। ਕਵਣ ਵੇਲੇ ਆਏ ਮੇਰਾ ਪੁਰਖ ਸੁਲਤਾਨੀ, ਸ਼ਾਹ ਪਾਤਸ਼ਾਹ ਧੁਰਦਰਗਾਹੀਆ। ਜੋ ਆਤਮ ਪਰਮਾਤਮ ਪਰਮਾਤਮ ਆਤਮ ਆਦਿ ਜੁਗਾਦੀ ਸਾਚਾ ਹਾਣੀ, ਬਿਰਧ ਬਾਲ ਨਾ ਰੂਪ ਵਟਾਈਆ। ਸਾਚੀ ਮੰਜ਼ਲ ਦੱਸੇ ਇਕ ਰੁਹਾਨੀ, ਰੂਹ ਬੁਤ ਕਰੇ ਸਫ਼ਾਈਆ। ਸ਼ਬਦ ਅਣਿਆਲਾ ਤੀਰ ਮਾਰੇ ਕਾਨੀ, ਕਲਮਾ ਹੱਕ ਹੱਕ ਦ੍ਰਿੜਾਈਆ। ਝਗੜਾ ਰਹੇ ਨਾ ਕੋਇ ਜਿਸਮਾਨੀ, ਜਿਸਮ ਜ਼ਮੀਰ ਦਏ ਬਦਲਾਈਆ। ਸ਼ਰਅ ਦਿਸੇ ਨਾ ਕੋਇ ਬੇਗਾਨੀ, ਬੇਵਾ ਰੂਪ ਨਾ ਕੋਇ ਵਖਾਈਆ। ਜਲਵਾ ਨੂਰ ਦੇਵੇ ਅਸਮਾਨੀ, ਘਰ ਘਰ ਅੰਦਰ ਕਰੇ ਰੁਸ਼ਨਾਈਆ। ਦੀਨ ਦੁਨੀ ਦੇ ਅੰਦਰੋਂ ਕਲਜੁਗ ਕੂੜੀ ਕਿਰਿਆ ਕੱਢੇ ਬੇਈਮਾਨੀ, ਜੂਠ ਝੂਠ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਸਚਖੰਡ ਨਿਵਾਸੀ ਦਇਆ ਕਮਾਈਆ। ਰਾਵੀ ਕਹੇ ਮੈਨੂੰ ਮਿਲਿਆ ਅੰਮ੍ਰਿਤ ਰਸ, ਝਿਰਨਾ ਰਿਸਕ ਰਿਸਕ ਝਿਰਾਈਆ। ਮੇਰਾ ਆਪਾ ਹੋਇਆ ਵੱਸ, ਕਲਪਣਾ ਅਵਰ ਰਹੀ ਨਾ ਰਾਈਆ। ਮੈਂ ਚਰਨਾਂ ਉਤੇ ਗਈ ਢੱਠ, ਨਿਮਰਤਾ ਵਿਚ ਸੀਸ ਨਿਵਾਈਆ। ਕਿਰਪਾ ਕਰ ਸਾਹਿਬ ਸਮਰਥ, ਦਰ ਤੇਰੇ ਅਲਖ ਜਗਾਈਆ। ਕਲਜੁਗ ਕੂੜ ਕਲਪਣਾ ਕਿਸ ਬਿਧ ਜਾਵੇ ਨੱਸ, ਹਰ ਹਿਰਦੇ ਹੋਏ ਸਫ਼ਾਈਆ। ਸਾਚੀ ਮੰਜ਼ਲ ਮਿਲੇ ਅਗੰਮੀ ਘਟ, ਤਟ ਕਿਨਾਰੇ ਵੱਜੇ ਵਧਾਈਆ। ਚਾਰ ਵਰਨ ਅਠਾਰਾਂ ਬਰਨ ਨੌ ਖੰਡ ਪ੍ਰਿਥਮੀ ਸੱਤ ਦੀਪ ਰਹੇ ਨਾ ਅੰਧੇਰੀ ਰਾਤ, ਨਿਰਗੁਣ ਨੂਰ ਚੰਦ ਚਮਕਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਸਦ ਵਸੇ ਤੇਰੇ ਪਾਸ, ਵਿਛੋੜਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲਾ ਦੀਨ ਦਿਆਲਾ ਦਇਆਨਿਧ ਠਾਕਰ ਸਵਾਮੀ ਭੇਵ ਅਭੇਦਾ ਖੋਲ੍ਹੇ ਆਪ, ਆਪ ਆਪਣੀ ਦਇਆ ਕਮਾਈਆ। ਤੂੰ ਮੇਰਾ ਮੈਂ ਤੇਰਾ ਕਰਨਾ ਜਾਪ, ਜਗਜੀਵਣ ਦਾਤਾ ਆਪੇ ਹੋਏ ਸਹਾਈਆ। ਤ੍ਰੈਗੁਣ ਅਤੀਤਾ ਠਾਂਡਾ ਸੀਤਾ ਮੇਟ ਮਿਟਾਏ ਤ੍ਰੈਗੁਣ ਮਾਇਆ ਆਗ, ਅਗਨੀ ਤੱਤ ਨਾ ਕੋਇ ਤਪਾਈਆ। ਅੰਤ ਕੰਤ ਭਗਵੰਤ ਤੇਰੀ ਆਪੇ ਪੁੱਛੇ ਵਾਤ, ਦਾਤਾ ਦਾਨੀ ਵੇਖੇ ਜਗਤ ਲੋਕਾਈਆ। ਜਿਉਂ ਭਾਵੇਂ ਤਿਉਂ ਲਵੇ ਰਾਖ, ਹਰਿ ਕਰਤਾ ਧੁਰਦਰਗਾਹੀਆ। ਨਿਰਗੁਣ ਨੂਰ ਜੋਤ ਕਰ ਪ੍ਰਕਾਸ਼, ਜ਼ਹੂਰ ਆਪਣਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰਗਾਹ ਸਾਚੀ ਸਚ ਦਵਾਰਾ ਏਕੰਕਾਰਾ ਇਕ ਇਕੱਲਾ ਆਪ ਜਣਾਈਆ। ਰਾਵੀ ਕਹੇ ਮੈਨੂੰ ਅੰਮ੍ਰਿਤ ਮਿਲਿਆ ਜਲ, ਜਲ ਥਲ ਮਹੀਅਲ ਵੱਜੀ ਵਧਾਈਆ। ਮੇਰਾ ਵਿਛੋੜਾ ਹੋਵੇ ਨਾ ਪਲ, ਆਦਿ ਜੁਗਾਦੀ ਸੰਗ ਨਿਭਾਈਆ। ਅੰਧੇਰਾ ਰਹੇ ਨਾ ਡੂੰਘੀ ਡੱਲ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਝਗੜਾ ਮੁਕੇ ਕਲਜੁਗ ਕੱਲ, ਕਲ ਕਾਤੀ ਰਹੇ ਨਾ ਕੋਇ ਕਸਾਈਆ। ਗੁਰ ਅਵਤਾਰ ਪੈਗ਼ੰਬਰਾਂ ਮਸਲਾ ਹੋਵੇ ਹੱਲ, ਭਵਿਖਤਾਂ ਵਿਚ ਲੇਖਾ ਗਏ ਜਣਾਈਆ। ਧਾਮ ਵੇਖਾਂ ਉਹ ਅਟਲ, ਸਚ ਦਵਾਰ ਲਵਾਂ ਮੱਲ, ਚਰਨ ਕਵਲ ਇਕ ਸਰਨਾਈਆ। ਨਿਰਗੁਣ ਧਾਰ ਜਾਵੇ ਰਲ, ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹੁਕਮ ਧੁਰ ਦਾ ਇਕ ਸੁਣਾਈਆ। ਰਾਵੀ ਕਹੇ ਮੇਰੀ ਤ੍ਰਿਸ਼ਨਾ
❋
❋
ਮਿਟੀ ਪਿਆਸ, ਹਰਸ ਰਹੀ ਨਾ ਰਾਈਆ। ਆਇਆ ਸਚ ਵਿਸ਼ਵਾਸ, ਭਰੋਸਾ ਲਿਆ ਬੰਧਾਈਆ। ਕਵਣ ਵੇਲਾ ਮਿਲੇ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਅੰਤਰ ਦੇਵੇ ਸਾਥ, ਨਿਰੰਤਰ ਨਾਤਾ ਲਏ ਜੁੜਾਈਆ। ਮੇਰੀ ਇਕੋ ਹੋ ਜਾਏ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਈਆ। ਕੂੜ ਕਲਪਣਾ ਕਰੇ ਵਫ਼ਾਤ, ਸਤਿ ਧਰਮ ਲਏ ਉਪਜਾਈਆ। ਸਾਚੇ ਮੰਡਲ ਪਾਵੇ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਰਾਵੀ ਕਹੇ ਅੰਮ੍ਰਿਤ ਵਿਚੋਂ ਮਿਲੀ ਅਗੰਮੀ ਸ਼ਕਤ, ਮੇਰੀ ਸ਼ਖ਼ਸੀਅਤ ਦਿਤੀ ਬਦਲਾਈਆ। ਹੁਕਮ ਸੰਦੇਸ਼ਾ ਦਿਤਾ ਜਗਤ, ਦੀਨ ਦੁਨੀ ਦ੍ਰਿੜਾਈਆ। ਪ੍ਰਗਟ ਕਰੇ ਪ੍ਰਭੂ ਪ੍ਰਭ ਭਗਤ, ਭਗਵਨ ਆਪਣਾ ਰੰਗ ਰੰਗਾਈਆ। ਉਹ ਵੇਲਾ ਸੁਹੰਜਣਾ ਹੋਵੇ ਵਕ਼ਤ, ਮਿਲੇ ਮਾਣ ਵਡਿਆਈਆ । ਗੁਰਮੁਖਾਂ ਉਪਰ ਕਰੇ ਤਰਸ, ਰਹਿਮਤ ਆਪ ਕਮਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਅੰਮਿਉਂ ਰਸ ਆਪ ਚਖਾਈਆ। ਜਨਮ ਮਰਨ ਦੀ ਮੇਟੇ ਹਰਸ, ਚੁਰਾਸੀ ਫੰਦ ਕਟਾਈਆ। ਕਾਇਆ ਮੰਦਰ ਅੰਦਰ ਦੇ ਕੇ ਦਰਸ, ਨਿਜ ਲੋਚਣ ਨੈਣ ਕਰੇ ਰੁਸ਼ਨਾਈਆ । ਇਹ ਖੇਲ ਹੋਵੇ ਅਸਚਰਜ, ਜਿਸ ਨੂੰ ਸਮਝੇ ਨਾ ਕੋਇ ਲੋਕਾਈਆ। ਪ੍ਰਗਟ ਹੋ ਮਰਦਾਨਾ ਮਰਦ, ਮਹਿਬੂਬ ਮੁਹੱਬਤ ਵਾਲਾ ਵੇਖ ਵਖਾਈਆ। ਦੀਨ ਦਿਆਲ ਦਇਆਨਿਧ ਠਾਕਰ ਦੀਨਾਂ ਅਨਾਥਾਂ ਵੰਡੇ ਦਰਦ, ਦੋ ਜਹਾਨਾਂ ਵੇਖ ਵਖਾਈਆ। ਰਾਵੀ ਕਹੇ ਮੇਰੀ ਬੇਨੰਤੀ ਮਨਜ਼ੂਰ ਕਰੇ ਅਰਜ਼, ਆਰਜ਼ੂ ਆਪਣੇ ਲੇਖੇ ਲਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪੂਰਾ ਕਰੇ ਫ਼ਰਜ਼, ਗ਼ਰਜ਼ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਫ਼ਰਸ਼ ਅਰਸ਼, ਅਰਸ਼ ਫ਼ਰਸ਼ ਆਪਣੀ ਕਾਰ ਕਮਾਈਆ।
੨੫ ਫੱਗਣ ਸ਼ਹਿਨਸ਼ਾਹੀ ਸੰਮਤ ੪ ਧਿਰਤਾ ਸਿੰਘ ਦੇ ਗ੍ਰਹਿ ਪਿੰਡ ਕਲਾਨੌਰ
ਰਾਵੀ ਕਹੇ ਮੇਰੀ ਸੁਹੰਜਣੀ ਹੋਵੇ ਰੁੱਤ, ਰੁਤੜੀ ਪ੍ਰਭ ਮਹਿਕਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਮੇਰਾ ਕਰਮ ਕਰਮ ਦਾ ਮੇਟ ਕੇ ਦੁੱਖ, ਦੁਖੜਾ ਦਿਤਾ ਗਵਾਈਆ। ਅੰਤ ਉਪਜਾਏ ਇਕੋ ਸੁਖ, ਨਿਰੰਤਰ ਆਪਣਾ ਰੰਗ ਰੰਗਾਈਆ। ਧਰਮ ਦੀ ਧਾਰ ਦੱਸ ਕੇ ਤੁਕ, ਤੁਖ਼ਮ ਤਾਸੀਰ ਦਿਤਾ ਬਦਲਾਈਆ। ਕਲਜੁਗ ਕੂੜੀ ਕਿਰਿਆ ਬਦਲ ਕੇ ਰੁਖ਼, ਸਤਿਜੁਗ ਸਾਚਾ ਰਾਹ ਜਣਾਈਆ। ਸ਼ਬਦੀ ਗੋਬਿੰਦ ਸੂਰਾ ਉਠਾ ਕੇ ਸੁਤ, ਸੁਤ ਦੁਲਾਰੇ ਰੰਗ ਰੰਗਾਈਆ। ਜਿਸ ਨੂੰ ਬ੍ਰਹਿਮੰਡ ਖੰਡ ਰਹੇ ਝੁਕ, ਪੁਰੀ ਲੋਅ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਬੇਪਰਵਾਹੀਆ। ਰਾਵੀ ਕਹੇ ਮੈਨੂੰ ਗੁਰ ਅਵਤਾਰ ਪੈਗ਼ੰਬਰ ਸਾਰੇ ਦੇਣ ਦਲਾਸਾ, ਸੰਦੇਸ਼ ਅਗੰਮ ਸੁਣਾਈਆ। ਮਿਹਰਬਾਨ ਮਹਿਬੂਬ ਦਾ ਰਖ ਭਰਵਾਸਾ, ਭਾਂਡਾ ਭਰਮ ਦੇਣਾ ਭੰਨਾਈਆ। ਜਿਸ ਨੇ ਖੇਲ ਕਰਨਾ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਵੇਖ ਵਖਾਈਆ। ਮੰਡਲ ਮੰਡਪ ਪਾਵੇ ਰਾਸਾ, ਗੋਪੀ ਕਾਹਨ ਕਾਹਨ ਨਚਾਈਆ । ਸਦ ਜੋਤੀ ਦਾ ਬਣ ਕੇ ਜਾਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਤਮ ਬ੍ਰਹਮ ਦਾ ਹੋ ਗਿਆਤਾ, ਭੇਵ ਅਭੇਦਾ ਦਏ ਖੁਲ੍ਹਾਈਆ । ਕਲਜੁਗ ਕੂੜੀ
❋
❋
ਕਿਰਿਆ ਝਗੜਾ ਮੇਟੇ ਜ਼ਾਤ ਪਾਤਾ, ਸਤਿਜੁਗ ਸਾਚਾ ਰੰਗ ਰੰਗਾਈਆ। ਹੋਏ ਸਹਾਈ ਨਾਥ ਅਨਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧਰਮ ਦਵਾਰਾ ਇਕ ਸੁਹਾਈਆ। ਰਾਵੀ ਕਹੇ ਗੁਰ ਅਵਤਾਰ ਪੈਗ਼ੰਬਰ ਮੈਨੂੰ ਸਾਰੇ ਦੇਵਣ ਥਾਪੀ, ਹੱਥ ਪੁਸ਼ਤ ਪਨਾਹ ਟਿਕਾਈਆ। ਵੇਖਣਾ ਖੇਲ ਪ੍ਰਭੂ ਪ੍ਰਤਾਪੀ, ਪਾਬ੍ਰਹਮ ਪ੍ਰਭ ਆਪਣਾ ਵੇਸ ਵਟਾਈਆ। ਜਿਸ ਨੇ ਮੇਟਣੇ ਕੂੜੇ ਪਾਪੀ, ਦੁਸ਼ਟ ਦੁਰਾਚਾਰਾਂ ਦਏ ਖਪਾਈਆ। ਆਤਮ ਬ੍ਰਹਮ ਦੇ ਵੇਖੇ ਜਾਪੀ, ਜੋ ਹਿਰਦੇ ਹਰਿ ਰਹੇ ਵਸਾਈਆ। ਥਰ ਥਰ ਸ੍ਰਿਸ਼ਟੀ ਰਹੀ ਕਾਂਪੀ, ਧੀਰਜ ਧੀਰ ਨਾ ਕੋਇ ਧਰਾਈਆ। ਜਿਸ ਨੇ ਲਹਿਣਾ ਦੇਣਾ ਚੁਕੌਣਾ ਬਾਕੀ, ਬਾਕਾਇਦਾ ਆਪਣਾ ਹੁਕਮ ਵਰਤਾਈਆ। ਲੇਖਾ ਚੁਕੇ ਤਨ ਵਜੂਦ ਮਾਟੀ ਖ਼ਾਕੀ, ਖ਼ਾਲਕ ਖ਼ਲਕ ਵੇਸ ਵਟਾਈਆ। ਕਰੇ ਖੇਲ ਆਪ ਇਤਫ਼ਾਕੀ, ਇਤਫ਼ਾਕੀਆ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਰਾਵੀ ਕਹੇ ਗੁਰ ਅਵਤਾਰ ਪੈਗ਼ੰਬਰ ਮੇਰਾ ਦੇਵਣ ਸਾਥ, ਸਗਲਾ ਸੰਗ ਬਣਾਈਆ। ਤੇਰਾ ਮਾਲਕ ਪੁਰਖ ਸਮਰਾਥ, ਮਿਹਰਵਾਨ ਮਹਿਬੂਬ ਨੂਰ ਅਲਾਹੀਆ। ਓਹ ਪ੍ਰਗਟ ਹੋਵੇ ਸਾਖਿਆਤ, ਜੋਤੀ ਜਾਤਾ ਡਗਮਗਾਈਆ। ਜੋ ਗੁਰ ਅਰਜਨ ਗਿਆ ਆਖ, ਆਖ਼ਰ ਪੂਰਾ ਦਏ ਕਰਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਚ ਕਰੇ ਰੁਸ਼ਨਾਈਆ। ਦੀਨ ਦੁਨੀ ਦੀ ਇਕ ਜਮਾਤ, ਜੁਮਲਾ ਅੱਖਰ ਇਕ ਪੜ੍ਹਾਈਆ। ਨਜ਼ਰੀ ਆਏ ਨਰ ਨਿਰੰਕਾਰਾ ਵਾਹਦ, ਵਾਹਵਾ ਗੁਰੂ ਇਕ ਵਡਿਆਈਆ। ਸਾਚਾ ਹੁਕਮ ਕਰੇ ਆਇਦ, ਆਦਤ ਇਬਾਦਤ ਵਿਚ ਬਦਲਾਈਆ। ਦੀਨ ਦੁਨੀ ਦਾ ਇਕੋ ਹੋਵੇ ਕਵਾਇਦ, ਕਰਨੀ ਕਰਤਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਰਾਵੀ ਵੇਖ ਮੰਜ਼ਲੇ ਹੱਕ ਮਕ਼ਸੂਦ, ਦਰਗਾਹ ਸਚ ਧਿਆਨ ਲਗਾਈਆ। ਜਿਸ ਨੇ ਸਾਡਾ ਲੇਖਾ ਕਰਨਾ ਆਪ ਮਨਸੂਖ਼, ਹੁਕਮ ਇਕ ਜਣਾਈਆ। ਸਾਨੂੰ ਕਰਨਾ ਪਏ ਰਸੂਖ਼, ਦੀਨ ਮਜ਼੍ਹਬ ਨਾ ਕੋਇ ਲੜਾਈਆ । ਤੂੰ ਆਪਣਾ ਹਿਰਦਾ ਰਖ ਮਜ਼ਬੂਤ, ਕਲਜੁਗ ਵੇਖ ਨਾ ਜਾਣਾ ਘਬਰਾਈਆ। ਚਾਰ ਦਿਨ ਦਾ ਝਗੜਾ ਪੰਜ ਭੂਤ, ਅੰਤਮ ਅੰਤਰ ਅੰਤਸ਼ਕਰਨ ਕਰੇ ਸਫ਼ਾਈਆ। ਇਸ ਨੇ ਕਲਜੁਗ ਰੂਪ ਬਦਲਾ ਕੇ ਕਰ ਜਾਣਾ ਕੂਚ, ਕੂਚਾ ਗਲੀ ਹੋਵੇ ਸਫ਼ਾਈਆ। ਚਾਰੇ ਕੁੰਟਾਂ ਉਪਜੇ ਸੂਚ, ਸੰਜਮ ਇਕੋ ਦਏ ਦਰਸਾਈਆ। ਜਿਧਰ ਤੱਕਣਾ ਪੁਰਖ ਅਕਾਲ ਓਧਰ ਮੌਜੂਦ, ਚਾਰੋਂ ਕੁੰਟ ਸੋਭਾ ਪਾਈਆ। ਪੈਗ਼ੰਬਰਾਂ ਲੇਖਾ ਮੁਕਣਾ ਹਜਾਰਾ ਦਰੂਦ, ਕਲਮਾ ਅਗੰਮ ਅਗੰਮ ਪੜ੍ਹਾਈਆ। ਮਿਹਰਵਾਨ ਸਭ ਨੂੰ ਰੱਖੇ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਜਿਸ ਦਾ ਗ੍ਰਹਿ ਇਕ ਅਰੂਜ, ਆਲੀਸ਼ਾਨ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਗਲਾ ਵੇਖ ਇਸ਼ਾਰਾ, ਸ਼ਬਦੀ ਸ਼ਬਦ ਧਾਰ ਜਣਾਈਆ। ਕੀ ਵਰਤੇ ਖੇਲ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸਮਝ ਕਿਛ ਨਾ ਆਈਆ। ਦੇਵੇ ਹੁਕਮ ਅਗੰਮ ਅਪਾਰਾ, ਅਲਖ ਅਗੋਚਰ ਆਪ ਦ੍ਰਿੜਾਈਆ। ਜਿਸ ਨੂੰ ਕਹਿੰਦੇ ਕਲ ਕਲਕੀ ਅਵਤਾਰਾ, ਕਲ ਕਲੇਸ਼ ਦਏ ਮਿਟਾਈਆ। ਦੀਨ ਦੁਨੀ ਦਾ ਦ੍ਰਿਸ਼ਟੀ ਵਿਚ ਸ੍ਰਿਸ਼ਟੀ ਵਿਚ ਇਸ਼ਟੀ ਵਿਚ ਇਕੋ ਹੋਵੇ ਓਂਕਾਰਾ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਸਭ ਨੇ ਕਰਨੀ ਓਸ ਨੂੰ ਨਿਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਜਿਸ ਦਾ ਨਾਮ ਅਗੰਮਾ ਨਿਰਅੱਖਰ ਧਾਰ ਪ੍ਰਗਟੇ ਓਹ ਜੈਕਾਰਾ, ਜੈ ਜੈਕਾਰ
❋
❋
ਦਏ ਕਰਾਈਆ। ਜਿਸ ਦਾ ਲੇਖਾ ਕੋਈ ਲੇਖ ਨਾ ਲਿਖਣਹਾਰਾ, ਕਾਗ਼ਜ਼ ਕ਼ਲਮ ਸ਼ਾਹੀ ਨਾ ਕੋਇ ਵਡਿਆਈਆ। ਜਿਸ ਨੂੰ ਕਹਿੰਦੇ ਆਦਿ ਅੰਤ ਅਵਤਾਰਾ, ਅਵਤਰ ਰੂਪ ਧਰਾਈਆ। ਓਹ ਸੁਹਾਏ ਤੇਰਾ ਤਟ ਕਿਨਾਰਾ, ਘਾਟ ਇਕੋ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਰਾਵੀ ਸਭ ਦੇ ਪੈਂਡੇ ਮੁਕਦੇ, ਮੁਕੰਮਲ ਦਈਏ ਜਣਾਈਆ। ਪ੍ਰਭ ਦੇ ਹੁਕਮ ਕਦੇ ਨਾ ਰੁਕਦੇ, ਨਾ ਕੋਈ ਮੇਟੇ ਮੇਟ ਮਿਟਾਈਆ। ਜੁਗ ਚੌਕੜੀ ਅਸੀਂ ਡਰਦੇ ਕਦੀ ਨਾ ਕੁਛ ਪੁਛਦੇ, ਸਦ ਚਲੀਏ ਹੁਕਮ ਰਜਾਈਆ। ਜੇ ਸੰਦੇਸ਼ੇ ਮਿਲ ਗਏ ਇਕ ਤੁਕ ਦੇ, ਸਾਰਿਆਂ ਢੋਲੇ ਲੈਣੇ ਗਾਈਆ। ਡੰਕੇ ਵੱਜਣੇ ਗੋਬਿੰਦ ਸੁਤ ਦੇ, ਦੋ ਜਹਾਨ ਕਰੇ ਰੁਸ਼ਨਾਈਆ। ਸੰਤ ਸੁਹੇਲੇ ਸਾਜਣ ਉਠਦੇ, ਦੀਨ ਦੁਨੀ ਵਿਚੋਂ ਲੈਣ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਰਾਵੀ ਰਹਿਣਾ ਠੰਡੀ, ਠੰਡਕ ਇਕ ਵਰਤਾਈਆ। ਜਿਸ ਨੇ ਔਣਾ ਤੇਰੀ ਕੰਡੀ, ਕਾਇਨਾਤ ਵੇਖੇ ਥਾਉਂ ਥਾਈਂਆ। ਕਲਜੁਗ ਕੂੜੀ ਕਿਰਿਆ ਰਹਿਣ ਨਾ ਦੇਵੇ ਪਖੰਡੀ, ਮਾਇਆ ਮਮਤਾ ਮੋਹ ਮਿਟਾਈਆ। ਫੜ ਕੇ ਨਾਮ ਅਗੰਮੀ ਚੰਡੀ, ਚੰਡਾਲਾਂ ਕਰੇ ਸਫ਼ਾਈਆ। ਸੇਵਾ ਲੇਖੇ ਲਾਏ ਗੋਬਿੰਦ ਪੁਰ ਅਨੰਦ ਦੀ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਕ਼ੀਮਤ ਪਾਏ ਲਿਖੇ ਛੰਦ ਦੀ, ਸਹਿਸਾ ਦੀਨ ਦੁਨੀ ਗਵਾਈਆ। ਸਾਡੀ ਅੰਤਰ ਆਸ਼ਾ ਇਕੋ ਮੰਗਦੀ, ਮਾਂਗਤ ਹੋ ਕੇ ਝੋਲੀ ਡਾਹੀਆ। ਤੇਰੀ ਧਾਰ ਵੇਖੀਏ ਸੂਰੇ ਸਰਬੰਗ ਦੀ, ਸਾਹਿਬ ਤੇਰੀ ਬੇਪਰਵਾਹੀਆ। ਨਿਸ਼ਾਨੀ ਰਹਿਣੀ ਨਹੀਂ ਤਾਰਾ ਚੰਦ ਦੀ, ਮੁਹੰਮਦ ਕੂਕ ਕੂਕ ਸੁਣਾਈਆ। ਨਿਸ਼ਾਨੀ ਰਹਿਣੀ ਨਹੀਂ ਮਜ਼੍ਹਬਾਂ ਵਾਲੀ ਵੰਡ ਦੀ, ਈਸਾ ਆਸਾ ਆਪਣੀ ਇਕ ਸਮਝਾਈਆ। ਦਵੈਤ ਰਹਿਣੀ ਨਹੀਂ ਗ਼ਰੀਬਾਂ ਵਾਲੀ ਕੰਧ ਦੀ, ਨਾਨਕ ਨਿਰਗੁਣ ਦਏ ਗਵਾਹੀਆ। ਲੜੀ ਰਹਿਣੀ ਨਹੀਂ ਪਾਖੰਡ ਦੀ, ਗੋਬਿੰਦ ਗੁਰ ਗੁਰ ਸਮਝਾਈਆ। ਰਾਵੀ ਜਿਸ ਵਹਿਣਾਂ ਵਿਚ ਤੂੰ ਲੰਘਦੀ, ਆਪਣਾ ਪੰਧ ਮੁਕਾਈਆ। ਅੰਤਮ ਖੇਲ ਵੇਖਣੀ ਜਗਤ ਵਿਚ ਵਰਭੰਡ ਦੀ, ਬ੍ਰਹਿਮੰਡੀ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਆਪਣੇ ਅਨੰਦ ਦੀ, ਦੂਜਾ ਸੰਗ ਨਾ ਕੋਇ ਰਖਾਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ੪ ਮੰਗਲ ਸਿੰਘ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਡੇਢ ਗਵਾੜ
ਤੂੰ ਹੈਂ ਪੰਜਾਂ ਤੱਤਾਂ ਵਾਲਾ ਮਨੁੱਖ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਤ ਬਣਾਈਆ। ਤ੍ਰੈਗੁਣ ਮਾਇਆ ਨਾਲ ਕੀਤਾ ਜੁੱਟ, ਰਜੋ ਤਮੋ ਸਤੋ ਰੰਗ ਰੰਗਾਈਆ। ਪਰਮਾਤਮਾ ਆਤਮਾ ਤੇਰੇ ਵਿਚ ਦਿਤੀ ਸੁੱਟ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸ਼ਬਦੀ ਨਾਦ ਅਨਾਦੀ ਉਪਜਾਏ ਤੁਕ, ਅਨਰਾਗੀ ਰਾਗ ਸੁਣਾਈਆ। ਬੂੰਦ ਸਵਾਂਤੀ ਅੰਮ੍ਰਿਤ ਲੈਣਾ ਘੁਟ, ਕਵਲ ਨਾਭੀ ਵਿਚ ਟਿਕਾਈਆ। ਈੜਾ ਪਿੰਗਲ ਸੁਖਮਨ ਤਿੰਨਾਂ ਦਾ ਇਕੋ ਰੁਖ਼, ਰਸਤਾ ਇਕ ਜਣਾਈਆ। ਪੰਝੀ ਪ੍ਰਕਿਰਤੀਆਂ ਪੰਚ ਪਰਪੰਚ ਕਾਮ ਕਰੋਧ ਲੋਭ ਮੋਹ ਹੰਕਾਰ ਦਾ ਲਾਇਆ ਦੁੱਖ, ਮਾਇਆ ਮਮਤਾ ਆਸਾ ਤ੍ਰਿਸ਼ਨਾ ਨਾਲ ਮਿਲਾਈਆ। ਸਚਖੰਡ ਦਵਾਰ ਵਿਚੋਂ ਚੁੱਕ, ਧਰਨੀ ਧਰਤ ਧਵਲ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਮਿਹਰ ਨਜ਼ਰ ਇਕ ੳਠਾਈਆ। ਤੂੰ ਹੈਂ ਪੰਜ ਤੱਤ ਸ਼ਰੀਰ, ਤਾਣੀ ਖ਼ਾਕ ਨਜ਼ਰੀ ਆਈਆ। ਜਿਸ ਦੇ ਅੰਤਰ ਖੇਲ ਬੇਨਜ਼ੀਰ, ਨੌ ਦਵਾਰੇ ਸਮਝ ਕਿਸੇ ਨਾ ਪਾਈਆ। ਆਤਮਾ ਧਾਰ ਪਰਮਾਤਮਾ ਸਰਕਾਰ ਖੇਲ ਸ਼ਹਿਨਸ਼ਾਹ ਵਜ਼ੀਰ, ਵਜ਼ਾਰਤ ਨਿਰਗੁਣ ਧਾਰ ਚਲਾਈਆ। ਕਲਪਣਾ ਵਿਚ ਬੁੱਧੀ ਮਨ ਵਿਚ ਤਾਅਸੀਰ, ਮਤ ਵਿਚ ਬੇਨਜ਼ੀਰ ਆਪਣੀ ਕਾਰ ਕਮਾਈਆ। ਧੁਰ ਦਾ ਹੁਕਮ ਸ਼ਬਦੀ ਧਾਰ ਕਰਮ ਕਾਂਡ ਦੀ ਤਕ਼ਰੀਰ, ਤੇਰੇ ਨਾਲ ਪ੍ਰਨਾਈਆ। ਸੌਣਾ ਜਾਗਣਾ ਖਾਣਾ ਪੀਣਾ ਚਲਣਾ ਫਿਰਨਾ ਗ਼ਰੀਬੀ ਨਾਲ ਅਮੀਰ, ਸਾਰੇ ਖੇਲ ਖਿਲਾਈਆ। ਜਗਤ ਤ੍ਰਿਸ਼ਨਾ ਦੀ ਪਾ ਕੇ ਜ਼ੰਜੀਰ, ਦੀਨ ਦੁਨੀ ਨਾਲ ਲੜਾਈਆ। ਕਦੇ ਕੰਨ ਕਦੇ ਨੱਕ ਕਦੇ ਹੱਥ ਕਦੇ ਲੱਕ ਕਦੇ ਢਿੱਡ ਪੀੜ, ਕਦੇ ਤਾਪ ਕਦੇ ਸੰਤਾਪ ਕਦੇ ਰੋਗ ਕਦੇ ਸੋਗ ਕਦੇ ਚਿੰਤਾ ਕਦੇ ਹਰਖ਼ ਵਿਚ ਭਵਾਈਆ। ਅੱਠੇ ਪਹਿਰ ਦਿਵਸ ਰੈਣ ਬਣੀ ਰਹੀ ਭੀੜ, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਤੂੰ ਹੈਂ ਪੰਜ ਤੱਤ ਦਾ ਵਜੂਦ, ਮਾਟੀ ਖ਼ਾਕ ਨਜ਼ਰੀ ਆਈਆ। ਮੇਰੇ ਵਿਚ ਦਿਸੇ ਮਹਿਬੂਬ, ਦੋਏ ਨੇਤਰ ਵੇਖਣ ਕੋਇ ਨਾ ਪਾਈਆ। ਤੇਰੇ ਕੋਲ ਆਪਣੇ ਆਪ ਦਾ ਕਿਉਂ ਨਹੀਂ ਸਬੂਤ, ਬਿਨਾ ਬੰਦਗੀ ਤੋਂ ਮਾਨਸ ਜਾਮਾ ਕਿਸੇ ਕੰਮ ਨਾ ਆਈਆ। ਕਿਉਂ ਇਕ ਸੌ ਪੱਚੀ ਪੌਂਡ ਦਾ ਚੁੱਕੀ ਫਿਰੇਂ ਕਲਬੂਤ, ਆਪਣਾ ਭਾਰ ਉਠਾਈਆ। ਬਿਬੇਕੀ ਵਿਚ ਨਹੀਂ ਕੋਈ ਸੂਝ, ਭੇਖੀ ਵਿਚ ਭੇਖ ਨਾ ਕੋਇ ਦ੍ਰਿੜਾਈਆ। ਖਾ ਪੀ ਕੇ ਵਿਸ਼ਟਾ ਕਰਨਾ ਫੇਰ ਛੱਡਣਾ ਮੂਤ, ਇਹ ਮਾਨਵ ਦੀ ਨਹੀਂ ਚਤੁਰਾਈਆ। ਵੱਸ ਨਾ ਆਇਆ ਮਨ ਕਲਪਣਾ ਵਾਲਾ ਕਲਬੂਤ, ਦਹਿ ਦਿਸ਼ਾ ਉਠ ਉਠ ਧਾਹੀਆ। ਜਿੰਨਾਂ ਚਿਰ ਆਪਣੇ ਵਿਚੋਂ ਕੂੜੀ ਕਿਰਿਆ ਨਾ ਕਰੋ ਮਨਸੂਖ਼, ਮੁਹੱਬਤ ਪ੍ਰੇਮ ਇਕ ਵਧਾਈਆ। ਓਨਾਂ ਚਿਰ ਕਦੇ ਨਾ ਆਵੇ ਸੂਝ, ਬਿਨਾ ਸਤਿਗੁਰ ਸਤਿ ਰੰਗ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਤੂੰ ਹੈਂ ਤਨ ਖ਼ਾਕੀ ਹੋਣ ਵਾਲਾ ਨਾਸ, ਜਗ ਰਹਿਣ ਨਾ ਪਾਈਆ। ਅੰਦਰ ਬਾਹਰ ਵੇਖੀ ਨਹੀਂ ਕੋਈ ਰਾਸ, ਭਰਮ ਵਿਚ ਆਪਣਾ ਭਰਮ ਵਧਾਈਆ। ਅੰਦਰ ਹੋਇਆ ਨੂਰ ਨਹੀਂ ਪ੍ਰਕਾਸ਼, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਸ਼ਬਦ ਸੁਣਿਆ ਨਹੀਂ ਧੁਨ ਨਾਦ, ਅਨਰਾਗੀ ਰਾਗ ਨਾ ਕੋਇ ਅਲਾਈਆ। ਅੰਮ੍ਰਿਤ ਜਲ ਦਾ ਚੱਖਿਆ ਨਹੀਂ ਸਵਾਦ, ਸਵਾਂਗੀ ਹੋ ਨਾ ਕੋਇ ਟਪਕਾਈਆ। ਕੁਛ ਵੇਲਾ ਯਾਦ ਕਰ ਲੈ ਜਿਸ ਵੇਲੇ ਰੋਇਆ ਸੈਂ ਵਿਚ ਕਮਾਦ, ਨੇਤਰ ਨੈਣਾਂ ਨੀਰ ਵਹਾਈਆ। ਕੀ ਹਾਲਤ ਹੋਈ ਜਦੋਂ ਸੁੱਤਾ ਸੈਂ ਵਿਚ ਬਾਗ਼, ਮੂੰਹ ਦੇ ਭਾਰ ਸੁਟਾਈਆ। ਪਰ ਅਜੇ ਤਕ ਓਹ ਜੋਤੀ ਦਾ ਜਗਿਆ ਨਹੀਂ ਚਿਰਾਗ਼, ਜਿਸ ਨਾਲ ਹੋਏ ਰੁਸ਼ਨਾਈਆ । ਇਹ ਤੇਰਾ ਸ਼ਰੀਰ ਇਹ ਵੀ ਤੇਰਾ ਨਾ ਦੇਵੇ ਸਾਥ, ਸਾਥੀ ਕਿਹੜਾ ਨਜ਼ਰੀ ਆਈਆ। ਔਣਾ ਜਾਣਾ ਖ਼ਾਲੀ ਹਾਥ, ਇਹ ਵੀ ਪਤਾ ਨਹੀਂ ਕਿਹੜਿਆਂ ਭਰਾਵਾਂ ਨੇ ਚੁਕ ਕੇ ਮਸਾਣਾਂ ਵਿਚ ਦੇਣਾ ਪਹੁੰਚਾਈਆ। ਜੇ ਸ਼ਰੀਰ ਮਿਲਿਆ, ਤਨ ਮਿਲਿਆ, ਮਨ ਮਿਲਿਆ ਸਰਵਣ ਕੰਨ ਮਿਲਿਆ ਤੇ ਫੇਰ ਮਿਲੋ ਓਸ ਭਗਵਾਨ ਜੋ ਅੰਤਰ ਦੀ ਅੰਤਰ ਨਿਰੰਤਰ ਦੀ ਨਿਰੰਤਰ ਦੇਵੇ ਸਾਧ, ਰਸਨਾ ਜਿਹਵਾ ਬੱਤੀ ਦੰਦ ਪੁੱਛਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ, ਖ਼ਲਕ ਦਾ ਖ਼ਾਲਕ ਸਰਬ ਦਾ ਪ੍ਰਿਤਪਾਲਕ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਾਰਬ੍ਰਹਮ ਬ੍ਰਹਮ ਸਭ ਦਾ ਲੇਖਾ ਵੇਖ ਵਖਾਈਆ। ਤੁਹਾਡੇ ਅੰਦਰ ਇਕ ਖ਼ਿਆਲ, ਜਿਸ ਨੂੰ ਮਨ ਬੁੱਧੀ ਰਹੀ
❋
❋
ਠੁਕਰਾਈਆ। ਓਸ ਦੀ ਸ਼ਬਦ ਗੁਰੂ ਕਰੇ ਸੰਭਾਲ, ਜੋ ਆਦਿ ਜੁਗਾਦੀ ਬੇਪਰਵਾਹੀਆ। ਜੇ ਨਹੀਂ ਵੇਖਿਆ ਤੁਹਾਡੀਆਂ ਅੱਖਾਂ ਨਾਲ ਦਏ ਵਖਾਲ, ਜਿਹੜਾ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਹੜਾ ਸਾਢੇ ਤਿੰਨ ਹੱਥ ਕਾਇਆ ਮੰਦਰ ਜਿਸ ਵਿਚ ਸੱਚੀ ਧਰਮਸਾਲ, ਘਰ ਵਿਚ ਘਰ ਦਿਤਾ ਬਣਾਈਆ । ਕਿਰਪਾ ਕਰ ਕੇ ਮਿਹਰਵਾਨ ਦੀਪਕ ਜੋਤੀ ਦੇਵੇ ਬਾਲ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਜਿਹੜਾ ਲੱਭਣ ਵਾਲਾ ਧਨ ਮਾਲ, ਓਸ ਦੀ ਸੋਚ ਵਿਚ ਤੁਸੀਂ ਆਪਣਾ ਜੀਵਣ ਰਹੇ ਬਿਤਾਈਆ। ਕਿਸ ਬਿਧ ਝਗੜਾ ਮੁਕ ਜਾਏ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਚਿਤ੍ਰ ਗੁਪਤ ਲੇਖਾ ਨਾ ਸਕੇ ਵਖਾਲ, ਲਾੜੀ ਮੌਤ ਨਾ ਅੰਤ ਪ੍ਰਨਾਈਆ। ਓਸ ਦੇ ਕੋਲੋਂ ਸਾਹਿਬ ਸਤਿਗੁਰ ਆਪੇ ਕਰੇ ਬਹਾਲ, ਲੇਖਾ ਅਵਰ ਰਹੇ ਨਾ ਰਾਈਆ। ਜਗਤ ਤਤ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋ ਪੁੱਛਣਹਾਰਾ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਵੇਖ ਵਖਾਈਆ। ਭਾਵੇਂ ਤੁਸੀਂ ਕੁਛ ਨਹੀਂ ਕੀਤਾ ਸਵਾਲ, ਤੁਹਾਡੇ ਅੰਤਰ ਇਕ ਆਵਾਜ਼, ਜਿਸ ਦੇ ਵਿਚ ਗੁੱਝਾ ਰਾਜ਼, ਜਿਸ ਨੂੰ ਰਸਨਾ ਜਿਹਵਾ ਬੱਤੀ ਦੰਦ ਬਾਹਰ ਸਕੇ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪ੍ਰੇਮ ਦੀ ਪ੍ਰੀਤੀ ਵਾਲੀ ਧਾਰ, ਧਰਮ ਦਵਾਰਿਉਂ ਦਏ ਪ੍ਰਗਟਾਈਆ।
ਰਾਵੀ ਕਹੇ ਮੈਂ ਸਚ ਪ੍ਰੇਮ ਰੰਗੀ, ਪ੍ਰਭ ਰੰਗਤ ਇਕ ਰੰਗਾਈਆ। ਆਦਿ ਜੁਗਾਦਿ ਦਾ ਬਣ ਕੇ ਸੰਗੀ, ਜੁਗ ਜੁਗ ਆਪਣਾ ਸਾਥ ਨਿਭਾਈਆ। ਆਸਾ ਮਨਸਾ ਪੂਰੀ ਕਰੇ ਜੋ ਚਰਨ ਕਵਲ ਦਰ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਜਨ ਭਗਤਾਂ ਸਾਹਿਬ ਕਦੇ ਨਾ ਦੇਵੇ ਤੰਗੀ, ਤੰਗਦਸਤੀ ਦਏ ਕਢਾਈਆ। ਪਿਠ ਕਦੇ ਨਾ ਹੋਵੇ ਨੰਗੀ, ਪੁਸ਼ਤ ਪਨਾਹ ਹੱਥ ਰਖਾਈਆ। ਅੰਦਰ ਵਾਸਨਾ ਔਣ ਨਾ ਦੇਵੇ ਮੰਦੀ, ਸੁਗੰਧੀ ਆਪਣਾ ਨਾਮ ਭਰਾਈਆ। ਤੇਰਾ ਦਵਾਰਾ ਜਾਵਣ ਲੰਘੀ, ਅੱਗੇ ਹੋ ਨਾ ਕੋਇ ਅਟਕਾਈਆ। ਨਿਜਾਨੰਦ ਦੇਵੇ ਅਨੰਦੀ, ਪਰਮਾਨੰਦ ਵਿਚ ਸਮਾਈਆ। ਤੂੰ ਮੇਰਾ ਮੈਂ ਤੇਰਾ ਗਾਵਣ ਛੰਦੀ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸ਼ਰਅ ਦੀ ਰਹੇ ਨਾ ਕੋਇ ਪਾਬੰਦੀ, ਸ਼ਰੀਅਤ ਇਕੋ ਦੇਣੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ। ਰਾਵੀ ਕਹੇ ਮੇਰੇ ਸਾਹਿਬ ਸੁਲਤਾਨ, ਤੇਰੇ ਹੱਥ ਵਡਿਆਈਆ। ਸ੍ਰਿਸ਼ਟ ਸਬਾਈ ਦੇ ਗਿਆਨ, ਅੰਤਰ ਨਿਰੰਤਰ ਇਕ ਪੜ੍ਹਾਈਆ। ਕੂੜੀ ਕਿਰਿਆ ਮੇਟ ਨਿਸ਼ਾਨ, ਸਤਿ ਸਚ ਇਕ ਪ੍ਰਗਟਾਈਆ। ਸਾਚਾ ਮਾਰਗ ਦੱਸ ਨੌਜਵਾਨ, ਮਰਦ ਮਰਦਾਨੇ ਹੋ ਸਹਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਹੋਇਆ ਹੈਰਾਨ, ਹੈਰਾਨੀ ਸਭ ਦੇ ਅੰਦਰ ਆਈਆ। ਕੂੜੀ ਕਲਪਨਾ ਫਿਰੇ ਸ਼ੈਤਾਨ, ਘਰ ਘਰ ਡੇਰਾ ਲਾਈਆ। ਪਿਤਾ ਪੂਤ ਨਾ ਰਿਹਾ ਮਾਣ, ਭਾਈ ਭਾਈਆਂ ਕਰਨ ਲੜਾਈਆ। ਨੇਤਰ ਅੱਖ ਨਾ ਕੋਇ ਸ਼ਰਮਾਣ, ਤੀਰਥ ਤਟ ਦੇਣ ਦੁਹਾਈਆ। ਫਿਰੀ ਦਰੋਹੀ ਵਿਚ ਜਹਾਨ, ਜਹਾਲਤ ਵਿਚ ਲੋਕਾਈਆ। ਅੰਮ੍ਰਿਤ ਰਸ ਮਿਲੇ ਨਾ ਪੀਣ ਖਾਣ, ਤ੍ਰਿਸ਼ਨਾ ਭੁੱਖ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਹੁਲਾਰਾ ਲੈਣਾ ਲਾਈਆ। ਰਾਵੀ ਕਹੇ ਪ੍ਰਭ ਚਾਰ ਵਰਨਾਂ ਕਰ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਆਤਮ ਪਰਮਾਤਮ ਸਭ
❋
❋
ਦਾ ਹੋਵੇ ਜਾਪ, ਜਗਜੀਵਣ ਦਾਤੇ ਦੇਣਾ ਬਣਾਈਆ। ਕੂੜੀ ਕਿਰਿਆ ਮੇਟ ਸੰਤਾਪ, ਸਹਿਸਾ ਰੋਗ ਦੇ ਗਵਾਈਆ। ਰੂਹ ਬੁਤ ਕਰ ਪਾਕ, ਪਰਵਰਦਿਗਾਰ ਤੇਰੀ ਸਰਨਾਈਆ। ਚਰਨ ਧੂੜੀ ਸਭ ਦੇ ਮਸਤਕ ਲਾ ਖ਼ਾਕ, ਟਿੱਕੇ ਨਾਮ ਅਗੰਮ ਰਮਾਈਆ। ਬਜਰ ਕਪਾਟੀ ਖੋਲ੍ਹ ਤਾਕ, ਉਹਲਾ ਰਹਿਣ ਕੋਇ ਨਾ ਪਾਈਆ। ਦਰਸ ਵਖਾ ਸਾਖਿਆਤ, ਸਵੱਛ ਸਰੂਪੀ ਰੂਪ ਵਟਾਈਆ। ਝਗੜਾ ਮਿਟਾ ਕਾਗ਼ਜ਼ਾਤ, ਇਕੋ ਬ੍ਰਹਮ ਦੇਣਾ ਦ੍ਰਿੜਾਈਆ। ਇਕੋ ਸਭ ਦਾ ਮਾਈ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਕਲਜੁਗ ਰਹੇ ਨਾ ਅੰਧੇਰੀ ਰਾਤ, ਅਮਾਵਸ ਡੇਰਾ ਦੇਣਾ ਢਾਹੀਆ। ਤੇਰੀ ਤੱਕਣ ਸਾਰੇ ਵਾਟ, ਪੈਂਡਾ ਲੈਣਾ ਮੁਕਾਈਆ। ਰਾਵੀ ਕਹੇ ਮੈਂ ਨਿਮਰਤਾ ਵਿਚ ਰਹੀ ਆਖ, ਨਮਸਤੇ ਕਹਿ ਕੇ ਸੀਸ ਨਿਵਾਈਆ। ਕਿਰਪਾ ਕਰ ਮੇਰੇ ਅਬਿਨਾਸ਼, ਅਬਿਨਾਸ਼ੀ ਕਰਤੇ ਤੇਰੀ ਵਡਿਆਈਆ। ਸਾਚੇ ਮੰਡਲ ਪਾ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਾਚ ਨਚਾਈਆ। ਦੀਨ ਦੁਨੀ ਦਾ ਬਦਲ ਸਮਾਜ, ਸਮਗਰੀ ਇਕ ਵਰਤਾਈਆ। ਦੁਰਮਤ ਮੈਲ ਧੋ ਦਾਗ਼, ਪੱਤਤ ਪੁਨੀਤ ਆਪ ਕਰਾਈਆ। ਤੇਰੀ ਮੁਹੱਬਤ ਵਿਚ ਆਪਣਾ ਆਪ ਸਾਰੇ ਲੈਣ ਸਾਧ, ਦੁਤੀਆ ਭਾਉ ਰਹੇ ਨਾ ਰਾਈਆ। ਨਿਰਗੁਣ ਧਾਰ ਦੇ ਵੈਰਾਗ, ਸਰਗੁਣ ਆਪਣਾ ਭੇਵ ਖੁਲ੍ਹਾਈਆ। ਤੂੰ ਸਭ ਦਾ ਕਰਤਾ ਸਰਬ ਸਵਾਮੀ ਅੰਤਰਜਾਮੀ ਬਦਲ ਦੇ ਮਿਜ਼ਾਜ, ਮਜ਼ਾ ਆਪਣਾ ਨਾਮ ਚਖਾਈਆ। ਜਿਥੇ ਨਾ ਕੋਈ ਸਵਾਲ ਨਾ ਜਵਾਬ, ਗ੍ਰਹਿ ਇਕੋ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਬੋਧ ਅਗਾਧ, ਬੁਧੀ ਤੋਂ ਪਰੇ ਤੇਰੀ ਵਡਿਆਈਆ।