ਪੁਸਤਕਾਲਾਭਾਗ ੨੧

੨ ਸਾਵਣ ਸ਼ਹਿਨਸ਼ਾਹੀ ਸੰਮਤ ੫ ਅਜੀਤ ਸਿੰਘ ਦੇ ਗ੍ਰਹਿ ਪਿੰਡ ਮਾਂਗਾ ਸਰਾਏ

ਅਵਤਾਰ ਕਹਿਣ ਸਾਹਿਬ ਸਾਚੇ ਸੁਲਤਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਸਰਨਾਈਆ। ਪੁਰਖ ਅਕਾਲ ਦੀਨ ਦਿਆਲ ਆਦਿ ਜੁਗਾਦੀ ਮਿਹਰਵਾਨ ਮਹਿਬਾਨ, ਮਹਿਬੂਬ ਤੇਰੀ ਬੇਪ੍ਰਵਾਹੀਆ। ਹਉਂ ਬਾਲਕ ਤੇਰੇ ਨੰਨ੍ਹੇ ਨਾਦਾਨ, ਜੁਗ ਚੌਕੜੀ ਨਿਤ ਨਵਿਤ ਸੇਵ ਕਮਾਈਆ। ਤੇਰਾ ਨਾਮ ਸੰਦੇਸ਼ਾ ਸੁਣੀਏ ਬਿਨਾ ਕਾਨ, ਅਨਭਵ ਦ੍ਰਿਸ਼ਟੀ ਤੇਰਾ ਧਿਆਨ ਲਗਾਈਆ। ਸਤਿ ਸਰੂਪੀ ਨੌਜਵਾਨ, ਮਰਦ ਮਰਦਾਨ ਤੇਰੇ ਹੱਥ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਬੀਤਿਆ ਵਿਚ ਜਹਾਨ, ਕਲਜੁਗ ਕੂੜੀ ਕਿਰਿਆ ਰਹੀ ਕੁਰਲਾਈਆ। ਚਾਰੋਂ ਕੁੰਟ ਫਿਰੇ ਸ਼ੈਤਾਨ, ਸ਼ਰਅ ਛੁਰੀ ਜਗਤ ਕਸਾਈਆ। ਆਤਮ ਬ੍ਰਹਮ ਨਾ ਹੋਵੇ ਗਿਆਨ, ਅਨਦ੍ਰਿਸ਼ਟ ਪਰਦਾ ਨਾ ਕੋਇ ਉਠਾਈਆ। ਨਜ਼ਰੀ ਆਵੇ ਨਾ ਧੁਰ ਦਾ ਕਾਹਨ, ਬੰਸਰੀਆਂ ਵਾਲੀ ਨਾ ਕੋਇ ਵਡਿਆਈਆ। ਕਿਰਪਾ ਕਰ ਸ੍ਰੀ ਭਗਵਾਨ, ਸਚ ਦਵਾਰੇ ਮੰਗ ਮੰਗਾਈਆ। ਮਾਇਆ ਮਮਤਾ ਮੋਹ ਮੇਟ ਤੁਫ਼ਾਨ, ਸ਼ੌਹ ਦਰਿਆਏ ਦੇ ਰੁੜ੍ਹਾਈਆ। ਹਰ ਹਿਰਦੇ ਉਪਜੇ ਤੇਰਾ ਨਾਮ, ਨਾਮ ਨਿਰੰਕਾਰਾ ਇਕ ਜਣਾਈਆ। ਸਾਚਾ ਕਲਮਾ ਹੱਕ ਕਲਾਮ, ਕਾਇਨਾਤ ਕਰ ਸ਼ਨਵਾਈਆ। ਪੈਗ਼ੰਬਰਾਂ ਤੈਨੂੰ ਮੰਨਿਆ ਅਮਾਮ, ਅਮਲਾਂ ਤੋਂ ਰਹਿਤ ਬੇਪਰਵਾਹੀਆ। ਧੁਰ ਦੀ ਧਾਰ ਬਖ਼ਸ਼ ਤੁਆਮ, ਤਮਅ ਤਮੰਨਾ ਕੂੜ ਮਿਟਾਈਆ। ਸ਼ਰਅ

❋

❋

ਦਾ ਰਹੇ ਨਾ ਕੋਇ ਗ਼ੁਲਾਮ, ਬੰਧਨ ਜ਼ੰਜੀਰ ਦੇਣਾ ਕਟਾਈਆ। ਮੰਦਰ ਮਸਜਿਦ ਕਰੇ ਨਾ ਕੋਇ ਹਰਾਮ, ਸਤਿ ਧਰਮ ਦੇਣਾ ਸਮਝਾਈਆ। ਨੌ ਖੰਡ ਪ੍ਰਿਥਮੀ ਵੇਖ ਮੈਦਾਨ, ਸੱਤ ਦੀਪ ਪੜਦਾ ਆਪ ਚੁਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਹੈਰਾਨ, ਹੈਰਤ ਵਿਚ ਕੁਰਲਾਈਆ। ਜਗਤ ਜਗਿਆਸੂ ਹੋਏ ਬੇਈਮਾਨ, ਬੇਵਾ ਦਿਸੇ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਅਵਤਾਰ ਕਹਿਣ ਪ੍ਰਭ ਸਾਜਣ ਸਚ ਸਵਾਮੀ, ਸਤਿ ਸਤਿ ਤੇਰੀ ਸਰਨਾਈਆ। ਘਟ ਨਿਵਾਸੀ ਅੰਤਰਜਾਮੀ, ਪੁਰਖ ਅਬਿਨਾਸ਼ੀ ਨੂਰ ਅਲਾਹੀਆ। ਬੋਧ ਅਗਾਧ ਦੇ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਝਗੜਾ ਰਹੇ ਨਾ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਦੇ ਸੁਣਾਈਆ। ਪ੍ਰੇਮ ਪ੍ਰੀਤੀ ਦੱਸ ਜੀਵ ਪ੍ਰਾਣੀ, ਪ੍ਰਾਣ ਅਧਾਰੀ ਹੋ ਕੇ ਵੇਖ ਵਖਾਈਆ। ਲੇਖਾ ਮੁਕਾ ਮੜ੍ਹੀ ਮਸਾਣੀਂ, ਪੌਣ ਪਾਣੀ ਅਗਨੀ ਤੱਤ ਗਵਾਈਆ। ਸਚ ਦਵਾਰ ਦੀ ਦੇ ਨਿਸ਼ਾਨੀ, ਨਿਸ਼ਾਨਾ ਅਵਰ ਨਾ ਕੋਇ ਰਖਾਈਆ। ਸਦੀ ਚੌਧਵੀਂ ਕਰ ਮਿਹਰਵਾਨੀ, ਮਿਹਰਵਾਨ ਮਹਿਬੂਬ ਤੇਰੇ ਕ਼ਦਮਾਂ ਸੀਸ ਝੁਕਾਈਆ। ਕਾਇਨਾਤ ਦਿਸੇ ਫ਼ਾਨੀ, ਫ਼ਨਾਫ਼ਿੱਲਾ ਦਿਸੇ ਲੋਕਾਈਆ। ਗੜ੍ਹ ਗ਼ਰੂਰ ਤੋੜ ਅਭਿਮਾਨੀ, ਮਾਇਆ ਮਮਤਾ ਦੇ ਮਿਟਾਈਆ। ਭੇਵ ਖੁਲ੍ਹਾਇਆ ਆਲਮੇ ਜਾਬਿਦਾਨੀ, ਜਾਗਰਤ ਜੋਤ ਕਰ ਰੁਸ਼ਨਾਈਆ। ਜਿਸ ਕਾਰਨ ਗੋਬਿੰਦ ਬੱਚਿਆਂ ਦੀ ਦੇ ਕੇ ਗਿਆ ਕ਼ੁਰਬਾਨੀ, ਕਰਬਲਾ ਲੇਖਾ ਵੇਖ ਵਖਾਈਆ। ਕਿਉਂ ਰਾਮ ਨੇ ਹੱਥ ਧਰਿਆ ਮਸਤਕ ਪੇਸ਼ਾਨੀ, ਉਂਗਲਾਂ ਢਾਈ ਤਿੰਨ ਛੁਹਾਈਆ। ਕਿਉਂ ਕ੍ਰਿਸ਼ਨ ਨੇ ਅਰਜਨ ਤੀਰ ਚਲਾਇਆ ਕਾਨੀ, ਸਤਰਾਂ ਢਾਈ ਨਾਲ ਵਡਿਆਈਆ। ਕਿਉਂ ਨਾਨਕ ਝਗੜਾ ਵੇਖਿਆ ਚਾਰ ਜੁਗ ਦੀਵਾਨੀ, ਸਤਿਜੁਗ ਤ੍ਰੇਤਾ ਦੁਆਪਰ ਫੋਲ ਫੁਲਾਈਆ। ਕਿਉਂ ਗੋਬਿੰਦ ਜੁਝਾਰ ਨੂੰ ਦਿਤਾ ਮੂਲ ਨਾ ਪਾਣੀ, ਗੜ੍ਹੀ ਚਮਕੌਰ ਦਏ ਗਵਾਹੀਆ। ਕਿਉਂ ਚਾਰ ਕੁੰਟ ਦਹਿ ਦਿਸ਼ਾ ਵਧੀ ਬੇਈਮਾਨੀ, ਸਤਿ ਸਚ ਨਾ ਕੋਇ ਕਮਾਈਆ। ਪਰਮ ਪੁਰਖ ਪਰਮਾਤਮ ਆਤਮ ਕਰ ਪ੍ਰਵਾਨੀ, ਘਰ ਸਾਚੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਸਾਚੇ ਵੱਜੇ ਵਧਾਈਆ। ਅਵਤਾਰ ਕਹਿਣ ਪ੍ਰਭ ਸਾਹਿਬ ਸਵਾਮੀ ਠਾਕਰ, ਠੋਕਰ ਆਪਣੇ ਨਾਮ ਲਗਾਈਆ। ਗਹਿਰ ਗੰਭੀਰ ਡੂੰਘੇ ਸਾਗਰ, ਗਵਰ ਤੇਰੀ ਓਟ ਤਕਾਈਆ। ਲੇਖਾ ਵੇਖ ਸਾਢੇ ਤਿੰਨ ਹੱਥ ਗਾਗਰ, ਕਾਇਆ ਮਾਟੀ ਕਾਚੀ ਫੋਲ ਫੁਲਾਈਆ। ਤੇਰੇ ਨਾਮ ਦਾ ਰਿਹਾ ਨਾ ਕੋਇ ਸੌਦਾਗਰ, ਵਣਜ ਵਪਾਰਾ ਨਜ਼ਰ ਕੋਇ ਨਾ ਆਈਆ। ਜਿਸ ਕਾਰਨ ਸੀਸ ਦਿਤਾ ਤੇਗ਼ ਬਹਾਦਰ, ਜਗਦੀਸ਼ ਲੇਖਾ ਦੇਣਾ ਚੁਕਾਈਆ। ਸਦੀ ਚੌਧਵੀਂ ਕਰੀਮ ਕ਼ਾਦਰ, ਕ਼ੁਦਰਤ ਕਰਤੇ ਵੇਖ ਵਖਾਈਆ। ਭਗਤਾਂ ਮਿਲੇ ਕੋਇ ਨਾ ਆਦਰ, ਸੰਤਾਂ ਸਚ ਨਾ ਕੋਇ ਵਡਿਆਈਆ। ਸਭ ਦਾ ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਧਵਾਈਆ। ਦ੍ਰਿਸ਼ਟੀ ਰਹੇ ਕਿਸੇ ਨਾ ਪਾਗ਼ਲ, ਪਾਰਬ੍ਰਹਮ ਲੈਣਾ ਮਿਲਾਈਆ। ਤੇਰੇ ਹੱਥ ਅੰਤ ਅਖ਼ੀਰ ਆਦਲ, ਇਨਸਾਫ਼ ਇਕੋ ਇਕ ਕਮਾਈਆ। ਕਲਜੁਗ ਅੰਧੇਰਾ ਮੇਟ ਦੇ ਬਾਦਲ, ਬਦਲੀ ਸਤਿਜੁਗ ਨਾਲ ਬਦਲਾਈਆ। ਸ਼ਰਅ ਦਾ ਰਹੇ ਕੋਇ ਨਾ ਕ਼ਾਤਲ, ਮਕ਼ਤੂਲ ਵੰਡ ਨਾ ਕੋਇ ਵੰਡਾਈਆ। ਧਾਮ ਦੱਸ ਮੁਕੱਦਸ ਬੈਤੁਲ, ਬਾਤਲ ਆਪਣਾ ਪਰਦਾ ਲਾਹੀਆ। ਤੇਰਾ ਨਾਮ ਸਾਰੇ ਵਾਚਣ, ਵਾਚਕ ਹੋ ਕੇ ਖੋਜ ਖੁਜਾਈਆ। ਕਲਜੁਗ ਅਗਨ ਬੁਝਾ ਦੇ ਆਂਚਨ, ਅੰਮ੍ਰਿਤ ਮੇਘ ਇਕ ਬਰਸਾਈਆ। ਪਰਦਾ ਭੇਵ ਰਹੇ ਨਾ ਬਾਤਨ, ਸ਼ਬਦ ਨਾਦ ਧੁਨ ਸ਼ਨਵਾਈਆ। ਖੇਲ ਵੇਖ ਪ੍ਰਿਥਮੀ ਆਕਾਸ਼ਨ,

❋

❋

ਗਗਨ ਗਗਨੰਤਰ ਫੋਲ ਫੁਲਾਈਆ। ਹਉਂ ਸੇਵਕ ਦਾਸੀ ਦਾਸਨ, ਦਰ ਠਾਂਡੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਪੁਰਖ ਅਬਿਨਾਸ਼ਣ, ਅਬਿਨਾਸ਼ੀ ਕਰਤੇ ਤੇਰੇ ਹੱਥ ਵਡਿਆਈਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ੫ ਬੀਬੀ ਚਰਨੋ ਦੇ ਗ੍ਰਹਿ ਪਿੰਡ ਮਾਂਗਾ ਸਰਾਏ

ਅਵਤਾਰ ਕਹਿਣ ਤੇਰੇ ਨਾਮ ਦੀ ਤੱਕੀਏ ਭਗੌਤੀ, ਭਗਵਨ ਭਗਵਾਨ ਦੇਣੀ ਦਰਸਾਈਆ। ਜੋ ਝਗੜਾ ਮੇਟੇ ਦੀਨ ਦੁਨੀ ਅਦੌਤੀ, ਅਦਲ ਇਨਸਾਫ਼ ਇਕ ਕਮਾਈਆ। ਸਚ ਧਰਮ ਦੀ ਕਰੇ ਮਨੌਤੀ, ਮਨ ਮਨਸਾ ਮੇਟ ਮਿਟਾਈਆ। ਸ਼ਰਅ ਕਲਪਣਾ ਰਹੇ ਨਾ ਬਹੁਤੀ, ਬਹੁੜੀ ਬਹੁੜੀ ਨਾ ਕਰੇ ਲੋਕਾਈਆ। ਜਿਸ ਮੰਜ਼ਲ ਤੇ ਕਲਜੁਗ ਧਾਰ ਮੂਲ ਨਾ ਪਹੁੰਚੀ, ਸੋ ਦਵਾਰਾ ਦਏ ਦਰਸਾਈਆ। ਭਗਤਾਂ ਆਤਮ ਹੋਏ ਨਾ ਔਂਤੀ, ਸੌਂਤਰੇ ਸਭ ਨੂੰ ਦਏ ਬਣਾਈਆ। ਚਾਰ ਜੁਗ ਤੇਰੀ ਭਰਦੇ ਰਹੇ ਚੌਂਕੀ, ਸੇਵਕ ਹੋ ਕੇ ਸੇਵ ਕਮਾਈਆ। ਕੂੜ ਕਲਪਣਾ ਬੁੱਧੀ ਬਦਲ ਦੇ ਕਾਉਂ ਕੀ, ਹੰਸ ਗੁਰਮੁਖ ਲੈ ਬਣਾਈਆ। ਮਾਣ ਵਡਿਆਈ ਦੇ ਆਪਣੀ ਛਾਉਂ ਕੀ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਮੁਹੱਬਤ ਬਖ਼ਸ਼ ਪਿਤਾ ਮਾਉਂ ਕੀ, ਮਾਤ ਪਿਤ ਆਪ ਹੋ ਆਈਆ । ਲਾਜ ਰੱਖ ਪਕੜੀ ਬਾਹੋਂ ਕੀ, ਗੋਬਿੰਦ ਗੁਰ ਗੁਰ ਨਾਲ ਮਿਲਾਈਆ। ਵਡਿਆਈ ਰਹਿ ਜਾਏ ਸਾਢੇ ਤਿੰਨ ਹੱਥ ਗਰਾਉਂ ਕੀ, ਗ੍ਰਹਿ ਮੰਦਰ ਵੱਜੇ ਵਧਾਈਆ। ਇਕੋ ਪਤ ਹੋਵੇ ਰੰਕ ਰਾਓ ਕੀ, ਅਮੀਰ ਗ਼ਰੀਬ ਨਾ ਵੰਡ ਵੰਡਾਈਆ। ਸਾਚੀ ਲਹਿਰ ਵਖਾ ਦੇ ਨਈਆ ਨਾਉਂ ਕੀ, ਜਗਤ ਵਹਿਣ ਨਾ ਕੋਇ ਵਹਾਈਆ। ਕੀ ਖੇਲ ਤੇਰੇ ਪਸਾਓ ਕੀ, ਪਸਰ ਪਸਾਰੀ ਦੇਣੀ ਦ੍ਰਿੜਾਈਆ। ਕੀ ਕਾਰ ਹੁਕਮ ਅਲਾਓ ਕੀ, ਅਲਾਹ ਆਲਮੀਨ ਦੇਣਾ ਜਣਾਈਆ। ਸਾਡੇ ਅੰਤਰ ਖ਼ੁਸ਼ੀ ਆਵੇ ਚਾਓ ਕੀ, ਚਾਓ ਘਨੇਰਾ ਇਕ ਉਪਜਾਈਆ। ਆਦਤ ਰਹੇ ਨਾ ਕੂੜੀ ਦਾਓ ਕੀ, ਸਾਚਾ ਮਾਰਗ ਇਕ ਦਰਸਾਈਆ। ਅਟਕਣ ਰਹੇ ਨਾ ਕਿਸੇ ਰਹਾਓ ਕੀ, ਰਹਿਰਾਸ ਇਕ ਜਣਾਈਆ। ਵਹਿਣ ਦਿਸੇ ਨਾ ਕਿਸੇ ਦਰਿਆਓ ਕੀ, ਜਲ ਥਲ ਨਾ ਕੋਇ ਪ੍ਰਗਟਾਈਆ। ਤੇਰੀ ਖੇਲ ਤੱਕੀਏ ਸ਼ਹਿਨਸ਼ਾਹੋ ਕੀ, ਸ਼ਾਹ ਪਾਤਸ਼ਾਹ ਦੇਣੀ ਵਖਾਈਆ। ਲਹਿਰ ਵੇਖੀਏ ਰਘੁਪਤ ਰਘੁਰਾਓ ਕੀ, ਰਾਮ ਰਹੀਮ ਤੇਰੀ ਸਰਨਾਈਆ। ਢਹਿੰਦੀ ਕਲਾ ਨਾ ਰਹੇ ਗਰਾਉਂ ਦੀ, ਗੁਰੂ ਗੁਰਦੇਵ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਖੇਲ ਸਚ ਅੱਲਾਹੋ ਕੀ, ਅਸਲ ਵਸਲ ਯਾਰ ਸਮਝਾਈਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ੫ ਦਰਸ਼ਨ ਸਿੰਘ ਦੇ ਗ੍ਰਹਿ ਪਿੰਡ ਮਾਂਗਾ ਸਰਾਏ

ਅਵਤਾਰ ਕਹਿਣ ਸਾਡਾ ਦੀਨ ਦੁਨੀ ਤੋੜ ਦੇ ਨਾਤਾ, ਨਰ ਨਰਾਇਣ ਮੰਗ ਮੰਗਾਈਆ। ਝਗੜਾ ਮੇਟ ਦੇ ਜ਼ਾਤਾ ਪਾਤਾ, ਦੀਨਾਂ ਮਜ਼੍ਹਬਾਂ

❋

❋

ਕਰ ਸਫ਼ਾਈਆ। ਇਕੋ ਨਾਮ ਦੱਸ ਦੇ ਗਾਥਾ, ਗਹਿਰ ਗੰਭੀਰ ਕਰ ਪੜ੍ਹਾਈਆ। ਆਤਮ ਪਰਮਾਤਮ ਹੋਵੇ ਸਾਥਾ, ਏਥੇ ਓਥੇ ਸਗਲਾ ਸੰਗ ਬਣਾਈਆ। ਕਲਜੁਗ ਅੰਤਮ ਮੇਟ ਦੇ ਵਾਟਾ, ਵਾਹਵਾ ਤੇਰੀ ਵਡ ਵਡਿਆਈਆ। ਸਾਨੂੰ ਸਭ ਨੂੰ ਆਇਆ ਘਾਟਾ, ਪੱਲੂ ਗੰਢ ਨਾ ਕੋਇ ਰਖਾਈਆ। ਵੇਖ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਤੁਧ ਬਿਨ ਦਿਸੇ ਕੋਈ ਨਾ ਦਾਤਾ, ਦੇਵਣਹਾਰ ਨਾ ਕੋਇ ਅਖਵਾਈਆ। ਸਾਨੂੰ ਚਾਰ ਜੁਗ ਦਾ ਦਰਜਾ ਮਿਲਿਆ ਚਾਚਾ, ਪਿਤਾ ਸਕਿਆ ਨਾ ਕੋਇ ਅਖਵਾਈਆ। ਧਰਨੀ ਧਰਤ ਧਵਲ ਵੇਖ ਅਹਾਤਾ, ਨਵ ਸੱਤ ਫੇਰਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਤੇਰੀਆਂ ਪਾਵੇ ਬਾਤਾਂ, ਬਾਤਨ ਪਰਦਾ ਦਏ ਉਠਾਈਆ। ਤੂੰ ਪੁਰਖ ਅਕਾਲ ਦੀਨ ਦਿਆਲ ਆਤਮ ਪਰਮਾਤਮ ਸਾਕਾ, ਸੱਜਣ ਇਕੋ ਨੂਰ ਅਲਾਹੀਆ। ਤੈਨੂੰ ਝੁਕਦੇ ਗੁਰੂ ਅਵਤਾਰ ਪੈਗ਼ੰਬਰ ਦੇਵੀ ਵਾਲੀ ਲਾਟਾ, ਦੁਰਗਾ ਅਸ਼ਟਭੁਜ ਸਰਨਾਈਆ । ਸਚ ਸਿੰਘਾਸਣ ਸੁਹਾ ਖਾਟਾ, ਖਟਕਾ ਅਵਰ ਰਹੇ ਨਾ ਰਾਈਆ। ਗੋਬਿੰਦ ਭਰਪੂਰ ਕਰ ਬਾਟਾ, ਅੰਮ੍ਰਿਤ ਧਾਰ ਜਲ ਭਰਾਈਆ । ਤੇਰਾ ਇਕੋ ਹੋਵੇ ਪੂਜਾ ਪਾਠਾ, ਸਿਮਰਨ ਇਕੋ ਨਾਮ ਵਡਿਆਈਆ। ਇਕੋ ਗ੍ਰਹਿ ਹੋਵੇ ਤੀਰਥ ਤਾਟਾ, ਅਠਸਠ ਨਾ ਵੰਡ ਵੰਡਾਈਆ। ਹਉਂ ਸੇਵਕ ਦਾਸੀ ਦਾਸਾ, ਯਾਚਕ ਹੋ ਕੇ ਸੇਵ ਕਮਾਈਆ। ਤੂੰ ਨਿਰਗੁਣ ਨੂਰ ਜੋਤ ਪ੍ਰਕਾਸ਼ਾ, ਪ੍ਰਕਾਸ਼ਵਾਨ ਵੇਖ ਵਖਾਈਆ। ਰਾਹ ਤੱਕਣ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਅੱਖ ਖੁਲ੍ਹਾਈਆ। ਦੀਨ ਦੁਨੀ ਬਦਲ ਦੇ ਪਾਸਾ, ਪੇਸ਼ਤਰ ਆਪਣਾ ਹੁਕਮ ਜਣਾਈਆ। ਤੇਰਾ ਹਰ ਘਟ ਅੰਦਰ ਵਾਸਾ, ਲੱਖ ਚੁਰਾਸੀ ਰਿਹਾ ਸਮਾਈਆ। ਕਿਉਂ ਸਦੀ ਚੌਧਵੀਂ ਵੇਖੇਂ ਖੇਲ ਤਮਾਸ਼ਾ, ਚਾਰੋਂ ਕੁੰਟ ਪਰਦਾ ਲਾਹੀਆ। ਸਚ ਪ੍ਰੀਤੀ ਜੋੜ ਦੇ ਨਾਤਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਆਕ਼ਾ, ਅਕ਼ਲ ਬੁੱਧੀ ਸਮਝ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਮ ਦੀ ਧਾਰ ਪਾਵੇ ਰਾਸਾ, ਰਾਸਤਾ ਬਾਵਾਸਤਾ ਹੋ ਕੇ ਇਕ ਜਣਾਈਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ੫ ਸੁਰਜਨ ਸਿੰਘ ਦੇ ਗ੍ਰਹਿ ਪਿੰਡ ਮਾਂਗਾ ਸਰਾਏ

ਅਵਤਾਰ ਕਹਿਣ ਪ੍ਰਭ ਕਿਰਪਾ ਕਰ ਉਪਰ ਬਸੁੱਧਾ, ਧਰਨੀ ਧਰਤ ਧਵਲ ਧੌਲ ਦਇਆ ਕਮਾਈਆ। ਸਭ ਦਾ ਭਓ ਮਿਟਾ ਦੇ ਦੂਜਾ, ਦੁਤੀਆ ਰਹਿਣ ਕੋਇ ਨਾ ਪਾਈਆ। ਅੰਤਰ ਪਰਦਾ ਉਠਾ ਦੇ ਗੁਝਾ, ਗਹਿਰ ਗੰਭੀਰ ਆਪਣਾ ਰੰਗ ਰੰਗਾਈਆ। ਸਾਚਾ ਨਾਮ ਬਖ਼ਸ਼ ਦੇ ਸੁਧਾ, ਸੁਧਾਸਰ ਅੰਮ੍ਰਿਤ ਧਾਰ ਵਹਾਈਆ। ਕਲਜੁਗ ਕੂੜ ਚਾਰੋਂ ਕੁੰਟ ਕੁੱਦਾ, ਦਹਿ ਦਿਸ਼ਾ ਕੀਤੀ ਹਲਕਾਈਆ। ਤੇਰਾ ਸਮਝ ਸਕਿਆ ਨਾ ਕੋਇ ਮੁੱਦਾ, ਮੁੱਦਤਾਂ ਦੇ ਮਾਲਕ ਵੇਖ ਵਖਾਈਆ। ਤੇਰੇ ਨਾਮ ਦਾ ਲਏ ਕੋਇ ਨਾ ਭੁੱਗਾ, ਕ਼ੀਮਤ ਹੱਟ ਨਾ ਕੋਇ ਪਵਾਈਆ। ਤੇਰਾ ਸ਼ਬਦ ਬਾਜ਼ ਆਦਿ ਜੁਗਾਦਿ ਦੋ ਜਹਾਨ ਉਡਾ, ਜ਼ਿਮੀਂ ਅਸਮਾਨਾਂ ਪਰੇ ਵਖਾਈਆ। ਸਦੀ ਚੌਧਵੀਂ ਅੰਤ ਅਖ਼ੀਰ ਸਭ ਦਾ ਖ਼ਾਲੀ ਕਰ ਹੁੱਕਾ, ਹੁਕਮ ਆਪਣਾ ਇਕ ਸੁਣਾਈਆ। ਮਜ਼੍ਹਬ ਦਾ ਰਹੇ ਕੋਇ ਨਾ ਦੁੱਖਾ, ਦਰਦੀਆਂ ਦਰਦ ਵੰਡਾਈਆ। ਸੁਫ਼ਲ ਕਰਾ ਦੇ ਧਰਤ ਮਾਤ ਦੀ ਕੁੱਖਾ, ਜਨ ਭਗਤ ਲੈ ਉਪਜਾਈਆ। ਤੈਥੋਂ

❋

❋

ਰਹੇ ਕੋਇ ਨਾ ਰੁੱਠਾ, ਜੁਗ ਜਨਮ ਦੇ ਵਿਛੜੇ ਗੋਦ ਟਿਕਾਈਆ। ਚਾਰ ਵਰਨ ਕਰ ਦੇ ਇਕ ਮੁੱਠਾ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਭਗਤ ਮਾਤ ਗਰਭ ਨਾ ਲਟਕੇ ਪੁੱਠਾ, ਦੋਜ਼ਖ਼ ਮਿਲੇ ਨਾ ਕੋਇ ਸਜ਼ਾਈਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ੫ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਮਾਂਗਾ ਸਰਾਏ

ਅਵਤਾਰ ਕਹਿਣ ਪ੍ਰਭ ਲੋਕਮਾਤ ਹਿੱਸਾ ਮੁਕਾ ਪੱਤੀ, ਪਤਿਪਰਮੇਸ਼ਵਰ ਦਇਆ ਕਮਾਈਆ। ਤੇਰੇ ਪਿਆਰ ਵਿਚ ਫ਼ਰਕ਼ ਰਹੇ ਨਾ ਰੱਤੀ, ਰਤਨ ਅਮੋਲਕ ਹੀਰੇ ਗੁਰਮੁਖ ਲੈ ਪ੍ਰਗਟਾਈਆ। ਆਤਮ ਜੋਤ ਜਗਾ ਅਗੰਮੀ ਬੱਤੀ, ਬਾਤਨ ਪਰਦਾ ਦੇ ਉਠਾਈਆ। ਤੇਰੇ ਚਰਨ ਸਰਨ ਤੇਰੇ ਹੋਵਣ ਸਤੀ, ਸਤਿ ਸਤਿਵਾਦੀ ਰੰਗ ਰੰਗਾਈਆ। ਕਲਜੁਗ ਕੂੜੀ ਕਿਰਿਆ ਮੇਟ ਮਨਮਤੀ, ਮਾਇਆ ਮੋਹ ਨਾ ਚਲੇ ਚਤੁਰਾਈਆ। ਤੈਨੂੰ ਉਡੀਕਦਿਆਂ ਨਾਨਕ ਧਾਰ ਯਾਦ ਕੀਤਾ ਜੁਗ ਛੱਤੀ, ਛੱਤੀ ਰਾਗ ਸਿਫ਼ਤ ਸਾਲਾਹੀਆ । ਸ੍ਰਿਸ਼ਟੀ ਦ੍ਰਿਸ਼ਟੀ ਫਿਰਦੀ ਨੱਠੀ, ਨਵ ਨੌ ਭੱਜੇ ਵਾਹੋ ਦਾਹੀਆ। ਤੁਧ ਬਿਨ ਚਾਰ ਖਾਣੀ ਕਰੇ ਨਾ ਕੋਇ ਇਕੱਠੀ, ਵਰਨ ਬਰਨ ਪੰਧ ਨਾ ਕੋਇ ਮੁਕਾਈਆ। ਸਚ ਨਾਮ ਪੜ੍ਹਾ ਪੱਟੀ, ਪਟਨੇ ਵਾਲੇ ਦੇ ਮਾਣ ਵਡਿਆਈਆ। ਮਿਹਰ ਨਿਗਾਹ ਨਾਲ ਸਭ ਦੀ ਕਰ ਗਤੀ, ਗਤ ਮਿਤ ਆਪਣੇ ਹੱਥ ਰਖਾਈਆ। ਚਰਨ ਪ੍ਰੀਤੀ ਜੋੜ ਨੱਤੀ, ਸਾਕ ਸੱਜਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਤੇਰੀ ਕਿਰਪਾ ਧਰਨੀ ਧਰਤ ਧਵਲ ਧਾਰ ਕਦੇ ਨਾ ਵਸੀ, ਸਚ ਰੰਗ ਨਾ ਕੋਇ ਸਮਾਈਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ੫ ਬਚਨ ਸਿੰਘ ਦੇ ਗ੍ਰਹਿ ਪਿੰਡ ਮਾਂਗਾ ਸਰਾਏ

ਅਵਤਾਰ ਕਹਿਣ ਪ੍ਰਭ ਦੀਨ ਦੁਨੀ ਬਦਲ ਸਮਾਜ, ਸਮਗਰੀ ਆਪਣਾ ਨਾਮ ਵਰਤਾਈਆ। ਨੇਤਰ ਲੋਚਨ ਅੱਖ ਖੋਲ੍ਹ ਸਭ ਦੀ ਜਾਗ, ਆਲਸ ਨਿੰਦਰਾ ਵਿਚ ਸੋਇਆ ਰਹਿਣ ਕੋਇ ਨਾ ਪਾਈਆ। ਕਾਇਆ ਮਾਟੀ ਤਨ ਵਜ਼ੂਦ ਲਾ ਭਾਗ, ਸਾਢੇ ਤਿੰਨ ਹੱਥ ਮੰਦਰ ਅੰਦਰ ਦਇਆ ਕਮਾਈਆ। ਤੇਰਾ ਦੀਪਕ ਜੋਤ ਜਗੇ ਚਰਾਗ਼, ਅੰਧ ਅੰਧੇਰਾ ਦੇਣਾ ਗਵਾਈਆ। ਤ੍ਰੈਗੁਣ ਮਾਇਆ ਬੁਝੇ ਆਗ, ਅਗਨੀ ਤੱਤ ਨਾ ਕੋਇ ਤਪਾਈਆ। ਆਤਮ ਪਰਮਾਤਮ ਸਵਾਮੀ ਮਿਲ ਕੰਤ ਸੁਹਾਗ, ਸਚ ਸਵਾਮੀ ਵੇਸ ਵਟਾਈਆ । ਕਲਜੁਗ ਜੀਵ ਬੁੱਧੀ ਰਹੇ ਨਾ ਕਾਗ, ਹੰਸ ਗੁਰਮੁਖ ਲੈ ਪ੍ਰਗਟਾਈਆ। ਹਰ ਹਿਰਦੇ ਆਪਣਾ ਦੇ ਵੈਰਾਗ, ਵੈਰੀ ਕਾਮ ਕਰੋਧ ਲੋਭ ਮੋਹ ਹੰਕਾਰ ਅੰਦਰੋਂ ਦੇ ਕਢਾਈਆ। ਸਤਿ ਧਰਮ ਚਲਾ ਜਹਾਜ਼, ਨਈਆ ਨੌਕਾ ਕਲਜੁਗ ਕੂੜੀ ਕਿਰਿਆ ਦੇ ਡੁਬਾਈਆ। ਵਿਕਾਰੀ ਹੰਕਾਰੀ ਵਿਭਚਾਰੀ ਰਹੇ ਕੋਇ ਨਾ ਸਾਧ, ਕੁਕਰਮੀ ਕੁਕਰਮ ਨਾ ਕੋਇ ਕਮਾਈਆ। ਸਾਚੀ ਸਿਖਿਆ ਦੇ ਬੋਧ ਅਗਾਧ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਕਰ ਪੜ੍ਹਾਈਆ। ਸ੍ਰਿਸ਼ਟ ਸਬਾਈ ਤੈਨੂੰ ਲਏ ਅਰਾਧ, ਇਸ਼ਟ ਦੇਵ ਇਕੋ ਨਜ਼ਰੀ ਆਈਆ।

❋

❋

ਧੁਨ ਆਤਮਕ ਤੇਰਾ ਵੱਜੇ ਨਾਦ, ਅਨਹਦ ਨਾਦੀ ਕਰ ਸ਼ਨਵਾਈਆ। ਕੂੜੀ ਕਿਰਿਆ ਰਹੇ ਨਾ ਵਾਦ ਵਿਵਾਦ, ਵਿਖ ਅੰਦਰੋਂ ਬਾਹਰ ਕਢਾਈਆ। ਲੱਖ ਚੁਰਾਸੀ ਵੇਖ ਆਪਣਾ ਬਾਗ਼, ਫੁੱਲ ਫੁਲਵਾੜੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਹਰਿ ਨਿਰੰਕਾਰ, ਪੁਰੀ ਲੋਅ ਖੰਡ ਬ੍ਰਹਿਮੰਡ ਤੇਰਾ ਦੋ ਜਹਾਨਾਂ ਹੋਵੇ ਰਾਜ, ਰਈਅਤ ਆਤਮ ਪਰਮਾਤਮ ਲੈ ਬਣਾਈਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ੫ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਮਾਂਗਾ ਸਰਾਏ

ਅਵਤਾਰ ਕਹਿਣ ਪ੍ਰਭ ਸਾਡਾ ਰਿਹਾ ਕੋਇ ਨਾ ਇਸ਼ਟ, ਇਸ਼ਟ ਦੇਵ ਆਤਮ ਪਰਮਾਤਮ ਨਾ ਕੋਇ ਪਰਨਾਈਆ। ਸਿਖਿਆ ਭੁੱਲੀ ਰਾਮ ਵਸ਼ਿਸ਼ਟ, ਵਿਸ਼ਿਆਂ ਵਿਚ ਕੂੜ ਲੋਕਾਈਆ। ਧਰਮ ਦੀ ਧਾਰ ਖੁਲ੍ਹੇ ਨਾ ਕਿਸੇ ਦ੍ਰਿਸ਼ਟ, ਦਿੱਬ ਨੇਤਰ ਅੱਖ ਨਾ ਕੋਇ ਉਠਾਈਆ। ਮਨ ਵਿਕਾਰੀ ਭੋਗੇ ਗ੍ਰਹਿਸਤ, ਗ੍ਰਹਿ ਗ੍ਰਹਿ ਕੂੜ ਕਮਾਈਆ। ਮਮਤਾ ਮੋਹ ਹੋਇਆ ਇਸ਼ਕ, ਹਕ਼ੀਕ਼ੀ ਮਜਾਜ਼ੀ ਦੋਵੇਂ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਅਵਤਾਰ ਕਹਿਣ ਪ੍ਰਭ ਜਗਤ ਰਿਹਾ ਕੋਇ ਨਾ ਮਾਣ, ਸੀਸ ਜਗਦੀਸ਼ ਨਾ ਕੋਇ ਝੁਕਾਈਆ। ਸਿਰ ਝੁਕੇ ਨਾ ਕੋਇ ਸ੍ਰੀ ਭਗਵਾਨ, ਮੰਦਰ ਮਸਜਿਦ ਸ਼ਿਵਦਵਾਲੇ ਮਠ ਬੈਠੇ ਸੀਸ ਨਿਵਾਈਆ। ਨਜ਼ਰੀ ਆਏ ਨਾ ਕਿਸੇ ਕਾਹਨ, ਨਾਮ ਬੰਸਰੀ ਧੁਨ ਨਾ ਕੋਇ ਸ਼ਨਵਾਈਆ। ਮਿਲੇ ਮੇਲ ਨਾ ਰਾਮ ਦੇ ਰਾਮ, ਦਸ਼ਰਥ ਬੇਟਾ ਮੰਨ ਕੇ ਸਾਰੇ ਢੋਲਾ ਗਾਈਆ। ਕਿਰਪਾ ਕਰ ਨੌਜਵਾਨ, ਨਰ ਨਰਾਇਣ ਆਪਣਾ ਪਰਦਾ ਲਾਹੀਆ। ਕਲਜੁਗ ਕੂੜੀ ਕਿਰਿਆ ਮੇਟ ਜਹਾਨ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਸਾਰੇ ਨਾਮ ਢੋਲਾ ਗੀਤ ਤੇਰਾ ਗਾਣ, ਚਾਰ ਵਰਨ ਅਠਾਰਾਂ ਬਰਨ ਇਕ ਪੜ੍ਹਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਸੀਸ ਝੁਕਾਣ, ਸ਼ਰਅ ਮਜ਼੍ਹਬ ਨਾ ਕੋਇ ਲੜਾਈਆ। ਤੇਰੀ ਸਿਫ਼ਤ ਕਰੇ ਅੰਜੀਲ ਕ਼ੁਰਾਨ, ਮਹਿਮਾ ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਗਾਈਆ। ਤੂੰ ਆਦਿ ਜੁਗਾਦਿ ਸਚਖੰਡ ਨਿਵਾਸੀ ਮਿਹਬਾਨ, ਬੀਖ਼ੈਰਯਾ ਅਲਾਹ ਤੇਰੀ ਇਕ ਵਡਿਆਈਆ। ਕ਼ੁਦਰਤ ਦੇ ਕ਼ਾਦਰ ਹੋ ਨਿਗਾਹਬਾਨ, ਦੀਨ ਦੁਨੀ ਦੇ ਮਾਲਕ ਖ਼ਾਲਕ ਆਪਣਾ ਭੇਵ ਚੁਕਾਈਆ। ਸਦੀ ਚੌਧਵੀਂ ਸਾਬਤ ਰਿਹਾ ਨਾ ਕਿਸੇ ਈਮਾਨ, ਮੁੱਲਾ ਸ਼ੇਖ਼ ਮੁਸਾਇਕ ਦੇਣ ਦੁਹਾਈਆ। ਚਾਰੋਂ ਕੁੰਟ ਕੂੜ ਤੁਫ਼ਾਨ, ਸਤਿ ਧਰਮ ਗਿਆ ਰੁੜ੍ਹਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਫਿਰੇ ਸ਼ੈਤਾਨ, ਵਿਭਚਾਰ ਕੁਕਰਮ ਕਰੇ ਲੋਕਾਈਆ। ਜਗਤ ਸਾਧ ਸੰਤ ਹੋਏ ਬੇਈਮਾਨ, ਆਤਮ ਬ੍ਰਹਮ ਭੇਵ ਨਾ ਕੋਇ ਖੁਲ੍ਹਾਈਆ। ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਸਵਾਮੀ ਤੇਰੇ ਧਰਨ ਧਿਆਨ, ਧਰਨੀ ਧਰਤ ਧਵਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਅਵਤਾਰ ਕਹਿਣ ਪ੍ਰਭੂ ਸਾਡੀ ਇਕ ਅਰਜ਼ੋਈ, ਅਰਜ਼ ਆਜਜ਼ ਹੋ ਕੇ ਰਹੇ ਜਣਾਈਆ। ਤੇਰੇ ਨਾਮ ਮਿਲੇ ਕਿਤੇ ਨਾ ਢੋਈ, ਢੋਲਕ ਛੈਣੇ ਸਾਰੇ ਰਹੇ ਖੜਕਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲਾ ਕੋਈ, ਭਗਤ ਸੁਹੇਲਾ ਤੇਰਾ ਦਰਸ਼ਨ ਪਾਈਆ। ਜਾਂ ਤੱਕਿਆ ਸ੍ਰਿਸ਼ਟ ਸਬਾਈ ਸੁਰਤੀ ਸੋਈ, ਸ਼ਬਦੀ ਨਾਦ ਨਾ

❋

❋

ਕੋਇ ਸੁਣਾਈਆ। ਚਾਰੋਂ ਕੁੰਟ ਫਿਰੀ ਦਰੋਹੀ, ਤੋਬਾ ਤੋਬਾ ਕਰੇ ਖ਼ਲਕ ਖ਼ੁਦਾਈਆ। ਬਿਨ ਤੇਰੀ ਕਿਰਪਾ ਤੇਰੀ ਸ੍ਰਿਸ਼ਟੀ ਮੋਈ, ਮਰ ਜੀਵਤ ਰੂਪ ਨਾ ਕੋਇ ਬਦਲਾਈਆ। ਆਪਣੀ ਪਤ ਸਭ ਨੇ ਆਪੇ ਖੋਈ, ਖ਼ਾਲਕ ਖ਼ਲਕ ਤੇਰੀ ਮਿਲੇ ਨਾ ਕਿਸੇ ਸਰਨਾਈਆ। ਅੰਮ੍ਰਿਤ ਬੂੰਦ ਸਵਾਂਤ ਕਿਸੇ ਨਾ ਚੋਈ, ਲੋਚਣ ਨੈਣ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਅਵਤਾਰ ਕਹਿਣ ਸਾਡੀ ਔਧ ਪੁੱਗੀ, ਕਲਜੁਗ ਅੰਤਮ ਦੇਣ ਸੁਣਾਈਆ। ਤੇਰੀ ਧਾਰ ਬਦਲਦੀ ਆਈ ਜੁਗੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਤੇਰਾ ਲੇਖਾ ਸਮਝੇ ਕੋਇ ਨਾ ਵਦੀ ਸੁਦੀ, ਕਿਸ਼ਨਾ ਸ਼ੁਕਲਾ ਪੱਖ ਨਾ ਕੋਇ ਸਮਝਾਈਆ। ਅੰਤ ਖੇਲ ਮੇਟ ਦੇ ਦੂਜੀ, ਦੂਆ ਏਕਾ ਰੂਪ ਬਦਲਾਈਆ। ਆਪਣੀ ਰਮਜ਼ ਮਾਰ ਦੇ ਗੁੱਝੀ, ਸੋਈ ਸੁਰਤੀ ਲੈ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਅਵਤਾਰ ਕਹਿਣ ਪੁਰਖ ਅਕਾਲੇ ਮਾਰ ਝਾਤ, ਝਾਕੀ ਆਪਣੀ ਇਕ ਰਖਾਈਆ। ਲੇਖਾ ਵੇਖ ਕ਼ਲਮ ਦਵਾਤ, ਜੋ ਕਾਗਦ ਜੋੜਿਆ ਨਾਲ ਸ਼ਾਹੀਆ। ਧਰਮ ਦੀ ਰਹੇ ਨਾ ਕੋਇ ਜਮਾਤ, ਦੀਨ ਮਜ਼੍ਹਬ ਕਰੇ ਲੜਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਪ੍ਰੇਮ ਪ੍ਰੀਤੀ ਜੁੜੇ ਕਿਸੇ ਨਾ ਨਾਤ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਤੂੰ ਮੇਰਾ ਮੈਂ ਤੇਰਾ ਦੇਵੇ ਕੋਇ ਨਾ ਸਾਥ, ਸਗਲ ਸ੍ਰਿਸ਼ਟੀ ਤੈਨੂੰ ਗਈ ਤਜਾਈਆ। ਸਾਚੀ ਮੰਜ਼ਲ ਚੜ੍ਹੇ ਕੋਇ ਨਾ ਘਾਟ, ਰਹਿਬਰ ਰਾਹ ਨਾ ਕੋਇ ਵਖਾਈਆ। ਨੇਤਰ ਰੋਂਦੇ ਜੋਗੀ ਸਿਧ ਨਾਥ, ਤਪੀਸ਼ਰ ਜੁਗੀਸ਼ਰ ਰਹੇ ਕੁਰਲਾਈਆ। ਪੈਗ਼ੰਬਰ ਧਾਰ ਆਵੇ ਨਾ ਹਾਥ, ਈਸਾ ਮੂਸਾ ਮੁਹੰਮਦ ਦਏ ਗਵਾਹੀਆ। ਤੇਰਾ ਖੇਲ ਅਗੰਮ ਅਥਾਹ ਅਬਿਨਾਸ਼, ਅਬਿਨਾਸ਼ੀ ਕਰਤੇ ਸਾਰ ਕਿਸੇ ਨਾ ਪਾਈਆ। ਹਉਂ ਸੇਵਕ ਤੇਰੇ ਦਾਸ, ਦਾਸੀ ਹੋ ਕੇ ਮੰਗ ਮੰਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪ੍ਰਗਟ ਹੋ ਆਪ, ਕਲ ਕਲਕੀ ਆਪਣਾ ਨਾਉਂ ਧਰਾਈਆ। ਸੰਬਲ ਨਗਰ ਥਾਪਣ ਥਾਪ, ਵਕ਼ਤ ਸੁਹੰਜਣਾ ਇਕ ਵਡਿਆਈਆ। ਕੂੜ ਕਲਪਣਾ ਮੇਟ ਪਾਪ, ਪੱਤਤ ਪੁਨੀਤ ਦੇ ਕਰਾਈਆ। ਸਭ ਦਾ ਸਾਂਝਾ ਹੋਵੇ ਜਾਪ, ਇਕੋ ਕਲਮਾ ਤੇਰਾ ਨਾਮ ਧਿਆਈਆ। ਤੂੰ ਲੱਖ ਚੁਰਾਸੀ ਮਾਈ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਪਿਛਲਾ ਲਹਿਣਾ ਸਭ ਦਾ ਕਾਟ, ਕਟਾਕਸ਼ ਇਕੋ ਆਪਣਾ ਹੁਕਮ ਵਖਾਈਆ। ਅਵਤਾਰ ਕਹਿਣ ਤੇਰੀ ਚਰਨ ਧੂੜ ਝੁਕ ਝੁਕ ਲਾਈਏ ਮਸਤਕ ਮਾਥ, ਟਿੱਕੇ ਟਾਈਮ ਵਾਲੇ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਨਿਤ ਨਵਿਤ ਜੁਗ ਚੌਕੜੀ ਏਥੇ ਓਥੇ ਦੋ ਜਹਾਨ ਤੇਰੇ ਉਤੇ ਵਿਸ਼ਵਾਸ਼, ਵਿਸ਼ਵ ਦੇ ਮਾਲਕ ਕੂੜ ਵਿਸ਼ਿਆਂ ਦਾ ਝਗੜਾ ਦੇਣਾ ਮੁਕਾਈਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ੫ ਜਗੀਰ ਸਿੰਘ ਦੇ ਗ੍ਰਹਿ ਪਿੰਡ ਮੈਣੀਆਂ

ਅਵਤਾਰ ਕਹਿਣ ਪ੍ਰਭ ਸਾਡੀ ਪੂਰੀ ਕਰ ਮਨਸਾ, ਮਾਨਸ ਮਾਨਵ ਮਾਨੁਖ ਆਪਣੇ ਰੰਗ ਰੰਗਾਈਆ। ਕਲਜੁਗ ਜੀਵ ਕਾਗ ਬਣਾ ਹੰਸਾ,

❋

❋

ਆਤਮ ਪਰਮਾਤਮ ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਕੂੜੀ ਕਿਰਿਆ ਗੜ੍ਹ ਤੋੜ ਹਉਮੇ ਹੰਗਤਾ, ਹੰ ਬ੍ਰਹਮ ਆਪਣਾ ਪਰਦਾ ਲਾਹੀਆ। ਸਾਚੀ ਸਿਖਿਆ ਦੇ ਬਣ ਬੋਧ ਅਗਾਧਾ ਪੰਡਤਾ, ਅੱਖਰਾਂ ਤੋਂ ਪਰੇ ਨਿਰਅੱਖਰ ਧਾਰ ਦੇ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਮੇਲ ਕਰ ਸਾਚੀ ਸੰਗਤਾ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲੇ ਦੀਨ ਦਿਆਲੇ ਇਕੋ ਹੋਵੇ ਤੇਰੀ ਮੰਨਤਾ, ਦੋ ਜਹਾਨ ਦੂਜਾ ਇਸ਼ਟ ਨਾ ਕੋਇ ਮਨਾਈਆ। ਤੇਰਾ ਖੇਲ ਆਦਿ ਜੁਗਾਦਿ ਜੁਗ ਚੌਕੜੀ ਅੰਤਾ, ਅੰਤਸ਼ਕਰਨ ਬਦਲ ਖ਼ਲਕ ਖ਼ੁਦਾਈਆ। ਝਗੜਾ ਰਹੇ ਨਾ ਕੂੜਾ ਮਨ ਦਾ, ਮਮਤਾ ਮੋਹ ਵਿਕਾਰ ਦੇਣਾ ਗਵਾਈਆ। ਮੰਦਰ ਸੁਹਾ ਸਾਢੇ ਤਿੰਨ ਹੱਥ ਕਾਇਆ ਤਨ ਦਾ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਕਰ ਪ੍ਰਕਾਸ਼ ਅਗੰਮੀ ਚੰਨ ਦਾ, ਅੰਧ ਅਗਿਆਨ ਦੇ ਗਵਾਈਆ। ਅੰਤਰ ਨਿਰੰਤਰ ਤੇਰਾ ਨਾਦ ਵੱਜੇ ਧੰਨ ਧੰਨ ਦਾ, ਨਾਦ ਅਨਾਦੀ ਆਪਣੀ ਕਰ ਸ਼ਨਵਾਈਆ। ਝਗੜਾ ਮੁਕ ਜਾਏ ਸ਼ਬਦ ਸੁਣਨਾ ਸਰਵਣ ਕੰਨ ਦਾ, ਧੁਨ ਆਤਮਕ ਰਾਗ ਦੇ ਦ੍ਰਿੜਾਈਆ। ਕਲਜੁਗ ਅੰਤਮ ਜਾਏ ਲੰਘਦਾ, ਸਦੀ ਚੌਧਵੀਂ ਵੇਖ ਵਖਾਈਆ। ਰਸ ਦੇ ਦੇ ਨਿਝਰ ਆਪਣੇ ਅਨੰਦ ਦਾ, ਅਨੰਦਪੁਰ ਵਾਸੀ ਨਾਲ ਮਿਲਾਈਆ। ਘਰ ਸੁਹਾ ਦੇ ਆਤਮ ਸੇਜ ਪਲੰਘ ਦਾ, ਮੰਦਰ ਗ੍ਰਹਿ ਵੱਜੇ ਵਧਾਈਆ। ਝਗੜਾ ਮੁਕੇ ਦੁਹਾਗਣ ਰੰਡ ਦਾ, ਸਚ ਸੁਹਾਗਣ ਵੇਖ ਵਖਾਈਆ। ਵੇਖ ਖੇਲ ਆਪਣੇ ਬ੍ਰਹਿਮੰਡ ਖੰਡ ਦਾ, ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਫੋਲ ਫੁਲਾਈਆ। ਚਾਰ ਯੁਗ ਭੇਵ ਖੁਲ੍ਹਿਆ ਨਾ ਪਰਮ ਪੁਰਖ ਤੇਰੇ ਨਾਮ ਛੰਦ ਦਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਤੇਰੀ ਸਿਫ਼ਤ ਸਾਲਾਹੀਆ। ਲੇਖਾ ਲਾ ਲੈ ਪਵਣ ਸਵਾਸੀ ਦਮ ਦਾ, ਦਾਮਨਗੀਰ ਆਪਣੀ ਗੰਢ ਪਵਾਈਆ। ਝਗੜਾ ਮੁਕਾ ਦੇ ਹਰਖ ਸੋਗ ਗ਼ਮ ਦਾ, ਗ਼ਮਖ਼ਾਰ ਤੇਰੀ ਬੇਪਰਵਾਹੀਆ। ਲੇਖਾ ਰਹੇ ਨਾ ਕਾਇਆ ਮਾਟੀ ਚੰਮ ਦਾ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਭੇਵ ਖੁਲ੍ਹਾ ਦੇ ਆਪਣੇ ਨਾਮ ਦਾ, ਕਲਮਾ ਕਾਇਨਾਤ ਜਣਾਈਆ। ਅੰਮ੍ਰਿਤ ਰਸ ਪਿਆ ਦੇ ਹਕ਼ੀਕ਼ੀ ਜਾਮ ਦਾ, ਅੱਠ ਸੱਠ ਦੀ ਲੋੜ ਰਹੇ ਨਾ ਰਾਈਆ। ਕੂੜ ਅੰਧੇਰ ਮਿਟਾ ਦੇ ਸ਼ਾਮ ਦਾ, ਸਤਿਜੁਗ ਸ਼ਮਅ ਸਚ ਰੁਸ਼ਨਾਈਆ। ਬੰਧਨ ਕੱਟ ਦੇ ਸ਼ਰਅ ਜ਼ੰਜੀਰ ਮਜ਼੍ਹਬ ਗ਼ੁਲਾਮ ਦਾ, ਮਾਨਵ ਵੰਡ ਨਾ ਕੋਇ ਵੰਡਾਈਆ। ਧਰਮ ਵਖਾ ਦੇ ਆਪਣੇ ਨਿਸ਼ਾਨ ਦਾ, ਨਿਸ਼ਾਨਾ ਇਕੋ ਇਕ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਦਵਾਰੇ ਮੰਗ ਮੰਗਾਈਆ। ਅਵਤਾਰ ਕਹਿਣ ਪ੍ਰਭ ਸਾਡੀ ਅਗੰਮੀ ਅਰਦਾਸ, ਦਰ ਠਾਂਡੇ ਸੀਸ ਨਿਵਾਈਆ। ਕਲਜੁਗ ਕੂੜੀ ਕਿਰਿਆ ਕਰ ਨਾਸ, ਨਾਸਤਕ ਆਸਤਕ ਰੂਪ ਬਦਲਾਈਆ। ਹਰ ਹਿਰਦੇ ਆਪਣਾ ਦੇ ਵਿਸ਼ਵਾਸ਼, ਵਿਸ਼ਿਆਂ ਵਿਚੋਂ ਕੱਢ ਲੋਕਾਈਆ। ਮਨੂਆ ਮਨ ਨਾ ਰਹੇ ਬਦਮਾਸ਼, ਬਦੀ ਦਾ ਡੇਰਾ ਦੇਣਾ ਢਾਹੀਆ। ਸਾਚੇ ਮੰਡਲ ਵਖਾ ਰਾਸ, ਸੁਰਤੀ ਸ਼ਬਦ ਗੋਪੀ ਕਾਹਨ ਨਚਾਈਆ। ਤੇਰੇ ਨਾਮ ਦਾ ਵੱਜੇ ਨਾਦ, ਅਗੰਮੀ ਰਾਗ ਅਲਾਈਆ। ਤੇਰਾ ਨੂਰ ਹੋਵੇ ਪ੍ਰਕਾਸ਼, ਜੋਤੀ ਜੋਤ ਡਗਮਗਾਈਆ। ਕਲਜੁਗ ਅੰਤ ਮੇਟ ਦੇ ਵਾਟ, ਅੱਗੇ ਅਵਰ ਨਾ ਕੋਇ ਵਧਾਈਆ। ਸਭ ਦਾ ਚੀਥੜ ਗਿਆ ਪਾਟ, ਕਾਇਆ ਕੱਪੜ ਨਾ ਕੋਇ ਸੁਹਾਈਆ। ਜਿਧਰ ਤੱਕੀਏ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਸਤਿ ਧਰਮ ਦੀ ਰਹੀ ਨਾ ਕੋਈ ਜਮਾਤ, ਕੂੜੀ ਕਿਰਿਆ ਕੂੜ ਹਲਕਾਈਆ। ਤੂੰ ਮੇਰਾ ਮੈਂ ਤੇਰਾ ਗਾਏ ਕੋਈ ਨਾ ਗਾਥ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਨਿਉਂ ਕੇ ਸੀਸ ਨਿਵਾ ਤ੍ਰੈਲੋਕੀ

❋

❋

ਨਾਥ, ਕਾਹਨਾ ਕ੍ਰਿਸ਼ਨਾ ਧੂੜੀ ਮਸਤਕ ਖ਼ਾਕ ਰਮਾਈਆ। ਰਾਮਾ ਨਿਉਂ ਨਿਉਂ ਰਿਹਾ ਝਾਕ, ਮੇਰੇ ਰਾਮ ਤੇਰੀ ਸਰਨਾਈਆ। ਪੱਲੇ ਰਿਹਾ ਕਿਸੇ ਨਾ ਸਾਚ, ਸਤਿ ਵਿਚ ਨਾ ਕੋਇ ਸਮਾਈਆ। ਝਗੜਾ ਪਿਆ ਜ਼ਾਤ ਪਾਤ, ਦੀਨਾਂ ਮਜ਼੍ਹਬਾਂ ਕਰੇ ਲੜਾਈਆ। ਜੋ ਸੰਦੇਸ਼ਾ ਗਿਆ ਆਖ, ਅੱਖਰਾਂ ਵਿਚ ਲਿਖਾਈਆ। ਤਿਸ ਦਾ ਦੇਵੇ ਕੋਇ ਨਾ ਸਾਥ, ਸਗਲਾ ਸੰਗ ਨਾ ਕੋਇ ਨਿਭਾਈਆ। ਸਾਡੀ ਅੰਤ ਅਖ਼ੀਰੀ ਕੱਟ ਦੇ ਵਾਟ, ਵਾਹਵਾ ਤੇਰੀ ਵੱਜੇ ਵਧਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਪਾਰਬ੍ਰਹਮ ਤੇਰੀ ਸਰਨਾਈਆ। ਆਦਿ ਨਿਰੰਜਣ ਦੇ ਦਾਤ, ਏਕੰਕਾਰ ਝੋਲੀ ਪਾਈਆ। ਹਰਿ ਪੁਰਖ ਨਿਰੰਜਣ ਪੁਛ ਵਾਤ, ਸੋ ਪੁਰਖ ਨਿਰੰਜਣ ਹੋ ਸਹਾਈਆ। ਤੇਰਾ ਖੇਲ ਜਗਤ ਤਮਾਸ਼, ਦੀਨ ਦੁਨੀ ਤੇਰੀ ਵਡਿਆਈਆ। ਸਭ ਨੂੰ ਇਕੋ ਦੱਸ ਦੇ ਜਾਪ, ਦੋ ਜਹਾਨ ਤੇਰੀ ਪੜ੍ਹਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਾਹਿਬ ਸਵਾਮੀ ਸਭ ਦਾ ਬਾਪ, ਪਤਿਪਰਮੇਸ਼ਵਰ ਸੋਭਾ ਪਾਈਆ। ਕਲਜੁਗ ਅੰਤਮ ਅਸੀਂ ਸਾਰੇ ਗਏ ਕਾਂਪ, ਸਾਡੀ ਚਲੇ ਨਾ ਕੋਇ ਚਤੁਰਾਈਆ। ਰੂਹ ਬੁਤ ਨਾ ਦਿਸੇ ਪਾਕ, ਪਤਤ ਪੁਨੀਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਅਵਤਾਰ ਕਹਿਣ ਪੁਰਖ ਅਕਾਲੇ ਕਰ ਗ਼ੌਰ, ਗਹਿਰ ਗੰਭੀਰ ਵੇਖ ਵਖਾਈਆ। ਦੋ ਜਹਾਨਾਂ ਆਪੇ ਦੌੜ, ਨਿਰਗੁਣ ਸਰਗੁਣ ਵੇਸ ਵਟਾਈਆ। ਦਰਗਾਹ ਸਾਚੀ ਲਾ ਪੌੜ, ਨਾਮ ਡੰਡਾ ਇਕ ਵਡਿਆਈਆ। ਕਲਜੁਗ ਅੰਤਮ ਤੇਰੀ ਲੋੜ, ਦੂਜਾ ਅਵਰ ਨਾ ਕੋਇ ਸਹਾਈਆ। ਦੀਨਾਂ ਮਜ਼੍ਹਬਾਂ ਪਿਆ ਖੋਰ, ਦੂਈ ਦਵੈਤ ਵੰਡ ਵੰਡਾਈਆ। ਕਲਜੁਗ ਸਾਧ ਸੰਤ ਬਣ ਗਏ ਚੋਰ, ਠੱਗੀ ਤੇਰਾ ਨਾਮ ਕਮਾਈਆ। ਸਾਚੇ ਚੜ੍ਹੇ ਕੋਈ ਨਾ ਘੋੜ, ਸ਼ਾਹ ਸਵਾਰਾ ਨਜ਼ਰ ਕੋਇ ਨਾ ਆਈਆ। ਸਭ ਦੀ ਨੀਤੀ ਹੋਈ ਹੋਰ, ਹਿਰਦੇ ਹਰਿ ਨਾ ਕੋਇ ਵਸਾਈਆ। ਪਰਮ ਪੁਰਖ ਪ੍ਰਭ ਆਪੇ ਬਹੁੜ, ਬਹੁੜੀ ਬਹੁੜੀ ਤੇਰੀ ਦੁਹਾਈਆ। ਮਨ ਕਲਪਣਾ ਮੇਟ ਸ਼ੋਰ, ਸ਼ੌਹਰ ਬਾਂਕੇ ਵੇਖ ਵਖਾਈਆ। ਬਲਹੀਣ ਰਿਹਾ ਨਾ ਜ਼ੋਰ, ਜੋਰੂ ਜ਼ਰ ਰਿਹਾ ਕੁਰਲਾਈਆ। ਬਿਨ ਤੇਰੀ ਕਿਰਪਾ ਭਾਗ ਹੋਵੇ ਨਾ ਕਿਸੇ ਮਥੌਰ, ਸੀਸ ਜਗਦੀਸ਼ ਹੱਥ ਨਾ ਕਿਸੇ ਟਿਕਾਈਆ। ਕਲਜੁਗ ਜੀਵਾਂ ਬੁੱਧੀ ਹੋਈ ਢੋਰ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਆਪਣਾ ਫ਼ੁਰਨਾ ਫੋਰ ਫੋਰ, ਧੁਰ ਦਾ ਨਾਮ ਕਰ ਸ਼ਨਵਾਈਆ। ਸਭ ਦੀ ਤੇਰੇ ਹੱਥ ਡੋਰ, ਆਤਮ ਪਰਮਾਤਮ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਅਵਤਾਰ ਕਹਿਣ ਪ੍ਰਭ ਦੀਨ ਦਿਆਲ ਸਾਡੀ ਬੰਦਨ, ਬੰਦਗੀ ਡੰਡਾਵਤ ਇਕ ਜਣਾਈਆ। ਕਲਜੁਗ ਕਿਰਿਆ ਕੱਟ ਦੇ ਬੰਧਨ, ਮਮਤਾ ਮੋਹ ਰਹੇ ਨਾ ਰਾਈਆ। ਸਾਚਾ ਧੂੜੀ ਟਿੱਕਾ ਲਾ ਚੰਦਨ, ਚੇਤਨ ਸੁਰਤੀ ਦੇ ਕਰਾਈਆ। ਨਾਮ ਖ਼ੁਮਾਰੀ ਦੇ ਅਨੰਦਨ, ਨਿਜਾਨੰਦ ਵਿਚ ਸਮਾਈਆ। ਬਿਨ ਤੇਰੇ ਕੋਈ ਨਾ ਆਵੇ ਟੁੱਟੀ ਗੰਢਣ, ਨਾਤਾ ਬਿਧਾਤਾ ਵੇਖ ਵਖਾਈਆ। ਸਤਿਗੁਰ ਸ਼ਬਦ ਉਠਾ ਚੰਡ ਪ੍ਰਚੰਡਣ, ਬ੍ਰਹਿਮੰਡ ਖੰਡ ਫੋਲ ਫੁਲਾਈਆ। ਬਿਨ ਤੇਰੇ ਦੁਸ਼ਟਾਂ ਕੋਈ ਨਾ ਆਵੇ ਦੰਡਣ, ਦਾਅਵੇਦਾਰ ਨਜ਼ਰ ਕੋਇ ਨਾ ਆਈਆ। ਦਰਵੇਸ਼ ਹੋ ਕੇ ਤੇਰੇ ਕੋਲੋਂ ਲੱਗੇ ਮੰਗਣ, ਤੇਈ ਅਵਤਾਰ ਝੋਲੀ ਡਾਹੀਆ। ਕਿਰਪਾਲ ਦਿਆਲ ਸਾਨੂੰ ਰੱਖ ਅੰਗਣ, ਅੰਗੀਕਾਰ ਇਕ ਹੋ ਜਾਈਆ। ਸਾਡਾ ਤਨ ਵਜੂਦ ਨਹੀਂ ਕੋਈ ਬਦਨ, ਜੋਤੀ ਧਾਰ ਸੀਸ ਝੁਕਾਈਆ । ਮਾਤਲੋਕ ਵੇਖ ਆਪਣਾ ਵਤਨ, ਜਿਥੇ ਬੇਵਤਨ ਬੈਠੇ ਡੇਰਾ ਲਾਈਆ। ਕਲਜੁਗ ਅੰਤਮ ਸਤਿਜੁਗ ਸਾਚਾ ਦੱਸ ਪੱਤਨ, ਤਟ ਕਿਨਾਰਾ ਇਕੋ ਇਕ

❋

❋

ਸੁਹਾਈਆ। ਜਨ ਭਗਤਾਂ ਦਰਸ ਦਿਖਾ ਨਿਜ ਨੇਤਰ ਅੱਖਣ, ਲੋਇਣ ਆਪਣਾ ਇਕ ਖੁਲ੍ਹਾਈਆ । ਸੰਤ ਸੁਹੇਲੇ ਤੇਰੀ ਸਰਨ ਵਸਣ, ਵਾਸਤਾ ਆਪਣੇ ਨਾਲ ਜੁੜਾਈਆ। ਗੁਰਮੁਖ ਲੱਖ ਚੁਰਾਸੀ ਵਿਚੋਂ ਵਿਰੋਲ ਮੱਖਣ, ਚਾਰੇ ਖਾਣੀ ਫੋਲ ਫੁਲਾਈਆ। ਤੇਈ ਅਵਤਾਰ ਕਹਿਣ ਤੁਧ ਬਿਨ ਜੁਗ ਜੁਗ ਕੋਈ ਨਾ ਆਵੇ ਪੈਜ ਰੱਖਣ, ਸਹਾਇਕ ਨਾਇਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਧੁਰ ਦੀ ਧਾਰ ਚਾੜ੍ਹ ਦੇ ਰੰਗਣ, ਰੰਗਤ ਆਪਣਾ ਨਾਮ ਰੰਗਾਈਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ੫ ਮੁਖ਼ਤਿਆਰ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ

ਅਵਤਾਰ ਕਹਿਣ ਪ੍ਰਭ ਤੇਰੇ ਅੱਗੇ ਸਾਡੀ ਨਿਮਸਕਾਰ, ਨਮੋਂ ਨਮੋਂ ਸੀਸ ਨਿਵਾਈਆ। ਤੇਰੇ ਨਾਮ ਦਾ ਹੋਵੇ ਇਕ ਜੈਕਾਰ, ਦੀਨ ਦੁਨੀ ਇਕੋ ਨਾਮ ਧਿਆਈਆ। ਝਗੜਾ ਮਜ਼੍ਹਬ ਮੇਟ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਬੈਠੇ ਸੀਸ ਨਿਵਾਈਆ। ਚਰਨ ਪ੍ਰੀਤੀ ਏਕੰਕਾਰ ਦੇ ਇਕ ਅਧਾਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਾਚਾ ਮੰਦਰ ਸੋਹੇ ਤੇਰਾ ਇਕ ਦਵਾਰ, ਧਰਮ ਦੀ ਧਾਰ ਦੇ ਇਕ ਪ੍ਰਗਟਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਦੀ ਹੋਵੇ ਵਾਰ, ਵਾਰਸ ਹੋ ਕੇ ਦੇ ਸਮਝਾਈਆ । ਕਲਜੁਗ ਕੂੜੀ ਕਿਰਿਆ ਮੇਟ ਅੰਧ ਅੰਧਿਆਰ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਤੇਈ ਅਵਤਾਰ ਤੇਰੇ ਸੇਵਾਦਾਰ, ਬੱਚੇ ਨੰਨ੍ਹੇ ਮੰਗ ਮੰਗਾਈਆ। ਚਾਰੋਂ ਕੁੰਟ ਵੇਖ ਹਾਹਾਕਾਰ, ਦੀਨ ਦੁਨੀ ਰਹੀ ਕੁਰਲਾਈਆ। ਪਿਤਾ ਪੂਤ ਨਾ ਰਿਹਾ ਪਿਆਰ, ਭੈਣ ਭਾਈ ਸਗਲਾ ਸੰਗ ਨਾ ਕੋਇ ਵਖਾਈਆ। ਚਾਰੋਂ ਕੁੰਟ ਧੂੰਆਂਧਾਰ, ਧਰਮ ਦਾ ਚੰਦ ਨਾ ਕੋਇ ਚਮਕਾਈਆ। ਤੁਧ ਬਿਨ ਕੋਇ ਨਾ ਪਾਵੇ ਸਾਰ, ਮਿਹਰਵਾਨ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਅਵਤਾਰ ਕਹਿਣ ਪ੍ਰਭ ਵੇਖ ਕਲਜੁਗ ਅੰਧ, ਸ੍ਰਿਸ਼ਟੀ ਦ੍ਰਿਸ਼ਟੀ ਫੋਲ ਫੁਲਾਈਆ। ਭਰਮਾਂ ਢਾਹੇ ਕੋਈ ਨਾ ਕੰਧ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਪੜ੍ਹ ਪੜ੍ਹ ਥੱਕੀ ਲੋਕਾਈਆ। ਆਤਮ ਪਰਮਾਤਮ ਪ੍ਰੀਤੀ ਸਕੇ ਨਾ ਕੋਇ ਗੰਢ, ਟੁੱਟੀ ਜੋੜ ਨਾ ਕੋਇ ਜੁੜਾਈਆ। ਨਿਜ ਗ੍ਰਹਿ ਮਿਲੇ ਨਾ ਕਿਸੇ ਅਨੰਦ, ਅਨੰਦਪੁਰ ਵਾਲਾ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮਾਇਆ ਮਮਤਾ ਮੋਹ ਵਿਕਾਰ ਵਧਿਆ ਘਮੰਡ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਕਿਰਪਾ ਕਰ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਤੇਰੀ ਇਕ ਸ਼ਰਨਾਈਆ। ਜਨ ਭਗਤ ਸੁਹੇਲੇ ਲਾ ਅੰਗ, ਅੰਗੀਕਾਰ ਆਪ ਹੋ ਜਾਈਆ। ਸਦੀ ਚੌਧਵੀਂ ਸਾਰੇ ਹੋਏ ਨੰਗ, ਨਾਮ ਪਰਦਾ ਸੀਸ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਅਵਤਾਰ ਕਹਿਣ ਪ੍ਰਭ ਸਾਬਤ ਰਿਹਾ ਨਾ ਕੋਇ ਸਰੀਰ, ਪੰਜ ਤੱਤ ਨਾ ਕੋਇ ਵਡਿਆਈਆ। ਸੂਫ਼ੀ ਮਿਲੇ ਨਾ ਕੋਇ ਫ਼ਕੀਰ, ਕਲਮਾ ਹੱਕ ਨਾ ਕੋਇ ਜਣਾਈਆ। ਸੰਤ ਬਦਲੇ ਨਾ ਕੋਇ ਤਕ਼ਦੀਰ, ਤਬਾ ਤਬੀਅਤ ਨਾ ਕੋਇ ਬਦਲਾਈਆ। ਝਗੜਾ ਪਿਆ ਸ਼ਾਹ ਹਕੀਰ, ਅਮੀਰ ਗ਼ਰੀਬ ਕਰੇ ਲੜਾਈਆ। ਹਉਮੇ ਘਰ

❋

❋

ਘਰ ਵਧੀ ਪੀੜ, ਦੁੱਖ ਦਰਦ ਨਾ ਕੋਇ ਮਿਟਾਈਆ। ਲੇਖਾ ਵੇਖ ਹਸਤ ਕੀਟ, ਕੀਟ ਕੀਟਾਂ ਖੋਜ ਖੁਜਾਈਆ। ਸਾਡਾ ਅੰਤਰ ਹੋਇਆ ਦਿਲਗੀਰ, ਧੀਰਜ ਧੀਰ ਨਾ ਕੋਇ ਧਰਾਈਆ। ਕਿਰਪਾ ਕਰ ਗੁਣਵੰਤ ਗਹਿਰ ਗੰਭੀਰ, ਗਵਰ ਤੇਰੀ ਓਟ ਤਕਾਈਆ। ਨਾਮ ਖੰਡਾ ਫੜ ਸ਼ਮਸ਼ੀਰ, ਸ਼ਰਅ ਜ਼ੰਜੀਰ ਦੇ ਤੁੜਾਈਆ। ਜੋ ਆਸਾ ਰੱਖ ਕੇ ਗਿਆ ਕਬੀਰ, ਬਿਨਾ ਕਾਅਬਿਆਂ ਤੇਰਾ ਨੂਰ ਚਮਕਾਈਆ । ਓਸ ਦਾ ਵੇਖ ਅੰਤ ਅਖ਼ੀਰ, ਆਖ਼ਰ ਹੋ ਸਹਾਈਆ। ਤੇਈ ਅਵਤਾਰ ਵਹਾਉਂਦੇ ਨੀਰ, ਬਿਨ ਨੈਣਾਂ ਛਹਿਬਰ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਨਿਧਾਨ ਬਖ਼ਸ਼ ਆਪਣਾ ਸੀਰ, ਰਸ ਇਕੋ ਇਕ ਚਖਾਈਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ੫ ਕਰਮ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ

ਅਵਤਾਰ ਕਹਿਣ ਸਾਡੇ ਅੰਤਰ ਆਈ ਪ੍ਰਭ ਚਿੰਦਾ, ਚਿੰਤਾ ਵੇਖੀ ਥਾਉਂ ਥਾਈਂਆ। ਜਿਧਰ ਵੇਖੀਏ ਦੀਨ ਮਜ਼੍ਹਬ ਇਕ ਦੂਜੇ ਦੀ ਕਰਨ ਨਿੰਦਾ, ਤੇਰਾ ਨਾਮ ਕਲਮਾ ਸਮਝ ਕੋਇ ਨਾ ਪਾਈਆ। ਸਤਿ ਧਰਮ ਦੀ ਸਾਚੀ ਦਿਸੇ ਕੋਈ ਨਾ ਬਿੰਦਾ, ਜਨਣੀ ਜਨ ਨੂਰ ਨਾ ਕੋਇ ਚਮਕਾਈਆ। ਪ੍ਰਕਾਸ਼ ਦਿਸੇ ਨਾ ਕਿਸੇ ਜੀਉ ਪਿੰਡਾ, ਪੰਚ ਵਿਕਾਰਾ ਅਗਨੀ ਰਹੀ ਜਲਾਈਆ। ਅੰਮ੍ਰਿਤ ਰਸ ਧਾਰ ਵਹਾਏ ਨਾ ਕੋਇ ਸਿੰਧਾ, ਕਾਇਆ ਗਾਗਰ ਡੂੰਘਾ ਸਾਗਰ ਨਾ ਕੋਇ ਵਡਿਆਈਆ। ਮੇਲ ਮਿਲੇ ਨਾ ਕਿਸੇ ਗਹਿਰ ਗੰਭੀਰ ਗੁਣੀ ਗਹਿੰਦਾ, ਪਾਰਬ੍ਰਹਮ ਬ੍ਰਹਮ ਤੇਰਾ ਜੋੜ ਨਾ ਕੋਇ ਜੁੜਾਈਆ। ਕਲਜੁਗ ਕੂੜੀ ਕਿਰਿਆ ਮਾਰਗ ਚਲੇ ਵਿੰਗਾ, ਸੁਖਮਨ ਟੇਢੀ ਬੰਕ ਪਾਰ ਨਾ ਕੋਇ ਕਰਾਈਆ। ਨੇਤਰ ਰੋਵੇ ਕਰੋੜ ਤਤੀਸਾ ਸੁਰਪਤ ਇੰਦਾ, ਵਿਸ਼ਨ ਬ੍ਰਹਮਾ ਸ਼ਿਵ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਆਦਿ ਅੰਤ ਪ੍ਰਭ ਤੇਰੇ ਹੱਥ ਵਡਿਆਈਆ। ਅਵਤਾਰ ਕਹਿਣ ਪ੍ਰਭ ਸਚ ਰਿਹਾ ਨਾ ਕੋਇ ਇਨਸਾਫ਼, ਅਦਲ ਅਦਾਲਤ ਨਾ ਕੋਇ ਕਰਾਈਆ। ਜਨਮ ਕਰਮ ਦਾ ਲੇਖਾ ਕਰੇ ਨਾ ਕੋਇ ਮੁਆਫ਼, ਸੰਤ ਸਤਿਗੁਰ ਸੀਸ ਹੱਥ ਨਾ ਕੋਇ ਟਿਕਾਈਆ। ਮਨ ਕਲਪਣਾ ਮੇਟੇ ਨਾ ਕੋਇ ਗੁਸਤਾਖ਼, ਮੋਹ ਹੰਕਾਰ ਵਿਕਾਰ ਅੰਦਰੋਂ ਬਾਹਰ ਨਾ ਕੋਇ ਕਢਾਈਆ। ਤੇਰਾ ਨਾਮ ਨਿਧਾਨ ਸ੍ਰੀ ਭਗਵਾਨ ਸਕੇ ਨਾ ਕੋਇ ਵਾਚ, ਅੱਖਰ ਵਿਦਿਆ ਪੜ੍ਹ ਪੜ੍ਹ ਦੀਨ ਦੁਨੀ ਹੋਈ ਹਲਕਾਈਆ। ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਚ ਕਰ ਰੁਸ਼ਨਾਈਆ। ਝਗੜਾ ਰਹੇ ਨਾ ਦੀਨ ਮਜ਼੍ਹਬ ਜ਼ਾਤ ਪਾਤ, ਹਿੰਦੂ ਮੁਸਲਿਮ ਸਿੱਖ ਈਸਾਈ ਇਕੋ ਰੰਗ ਦੇ ਰੰਗਾਈਆ। ਤੇਰਾ ਨਾਮ ਕਲਮਾ ਹੋਵੇ ਇਕ ਇਕੋ ਤੁਲਬਿਆਂ ਹੋਵੇ ਜਮਾਤ, ਨੌ ਖੰਡ ਪ੍ਰਿਥਮੀ ਇਕੋ ਕਰ ਪੜ੍ਹਾਈਆ। ਹਰ ਹਿਰਦੇ ਅੰਤਰ ਨਿਰੰਤਰ ਰੱਖ ਵਾਸ, ਵਾਸਤਾ ਆਤਮਾ ਪਰਮਾਤਮਾ ਨਾਲ ਜੁੜਾਈਆ। ਅਸੀਂ ਤੱਕੀਏ ਉਪਰ ਆਕਾਸ਼, ਤੇਰੇ ਖੇਲ ਉਪਰ ਪ੍ਰਿਥਮੀ ਜੰਗਲ ਜੂਹ ਉਜਾੜ ਪਹਾੜ ਵਿਚ ਭਰਵਾਸ, ਸਮੁੰਦ ਸਾਗਰ ਪਰਦਾ ਦੇ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰਾ ਨੂਰ ਹੋਵੇ ਪ੍ਰਕਾਸ਼, ਜੋਤੀ ਜਾਤੇ ਡਗਮਗਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਸਭ ਦੇ ਸਿਰ ਤੇ ਰੱਖ ਹਾਥ, ਪੁਸ਼ਤ ਪਨਾਹ ਆਪਣੀ ਦਇਆ

❋

❋

ਕਮਾਈਆ। ਜੋ ਭਵਿਖਤਾਂ ਵਿਚ ਸਰਗੁਣ ਧਾਰ ਆਏ ਆਖ, ਨਿਰਗੁਣ ਨਿਰਵੈਰ ਪੂਰਾ ਦੇ ਕਰਾਈਆ। ਹਉਂ ਸੇਵਕ ਤੇਰੇ ਬਾਲੇ ਚਰਨ ਦਾਸ, ਯਾਚਕ ਹੋ ਕੇ ਸੇਵ ਕਮਾਈਆ। ਤੇਈ ਅਵਤਾਰ ਕਹਿਣ ਪ੍ਰਭ ਸਾਡੀ ਇਕ ਅਰਜ਼ੋਈ ਇਕੋ ਤੇਰੇ ਅੱਗੇ ਬਾਤ, ਬਾਤਨ ਪਰਦਾ ਦੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌ ਖੰਡ ਪ੍ਰਿਥਮੀ ਸੱਤ ਦੀਪ ਮਨ ਕਲਪਣਾ ਰਹੇ ਨਾ ਕੋਇ ਗੁਸਤਾਖ, ਸਤਿ ਸਚ ਹਰ ਹਿਰਦੇ ਦੇ ਵਸਾਈਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ੫ ਜਗੀਰ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ

ਅਵਤਾਰ ਕਹਿਣ ਪ੍ਰਭ ਵੇਖ ਤੱਤ ਅੱਠ, ਤਨ ਮਾਟੀ ਖੋਜ ਖੁਜਾਈਆ। ਧੀਰਜ ਰਿਹਾ ਨਾ ਕੋਇ ਹੱਠ, ਸਤਿ ਸੰਤੋਖ ਨਾ ਕੋਇ ਜਣਾਈਆ। ਭਾਗ ਲੱਗੇ ਨਾ ਕਾਇਆ ਮਠ, ਤਨ ਵਜੂਦ ਨਾ ਕੋਇ ਰੁਸ਼ਨਾਈਆ। ਫਿਰੀ ਦਰੋਹੀ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਸਚ ਨਾਮ ਦਾ ਮਿਲੇ ਨਾ ਇਕ ਹੱਟ, ਧੁਰ ਦੀ ਵਸਤ ਨਾ ਕੋਇ ਵਰਤਾਈਆ। ਅਵਤਾਰ ਪੈਗ਼ੰਬਰ ਗਏ ਥੱਕ, ਸਿਫ਼ਤਾਂ ਵਿਚ ਤੇਰੀ ਸਿਫ਼ਤ ਸਾਲਾਹੀਆ। ਅੰਤਮ ਵੇਖ ਹਕ਼ੀਕ਼ਤ ਹੱਕ, ਲਾਸ਼ਰੀਕ ਪਰਦਾ ਲਾਹੀਆ। ਨੌ ਖੰਡ ਪ੍ਰਿਥਮੀ ਉਬਲੇ ਰੱਤ, ਸਾਂਤਕ ਸਤਿ ਨਾ ਕੋਇ ਕਰਾਈਆ। ਅੰਤਰ ਰਹੀ ਨਾ ਕਿਸੇ ਗੁਰਮਤ, ਮਨਮਤ ਹੋਈ ਹਲਕਾਈਆ। ਤੁਧ ਬਿਨ ਰੱਖੇ ਕੋਇ ਨਾ ਪਤਿ, ਪਤਿਪਰਮੇਸ਼ਵਰ ਹੋ ਸਹਾਈਆ। ਸਤਿਜੁਗ ਤ੍ਰੇਤਾ ਦੁਆਪਰ ਗਿਆ ਨਠ, ਕਲਜੁਗ ਵੇਲਾ ਅੰਤਮ ਆਈਆ। ਦੀਨ ਮਜ਼੍ਹਬ ਦੀ ਮੇਟੇ ਨਾ ਕੋਇ ਵੱਟ, ਹਦੂਦ ਹੱਦ ਨਾ ਕੋਇ ਗਵਾਈਆ। ਸਚ ਨਾਮ ਦਾ ਲਾਹਾ ਸਕੇ ਨਾ ਕੋਇ ਖੱਟ, ਖਟਕਾ ਅੰਦਰੋਂ ਨਾ ਕੋਇ ਚੁਕਾਈਆ। ਕਿਰਪਾ ਕਰ ਪੁਰਖ ਸਮਰਥ, ਸਾਹਿਬ ਸੁਲਤਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ । ਅਵਤਾਰ ਕਹਿਣ ਪ੍ਰਭ ਕਲਜੁਗ ਵੇਖ ਕਿਨਾਰਾ, ਨਵ ਨੌ ਚਾਰ ਖੋਜ ਖੁਜਾਈਆ। ਸਤਿ ਧਰਮ ਦਾ ਦਏ ਨਾ ਕੋਇ ਸਹਾਰਾ, ਸੀਸ ਜਗਦੀਸ਼ ਹੱਥ ਨਾ ਕੋਇ ਟਿਕਾਈਆ। ਘਰ ਘਰ ਵੇਖਿਆ ਹਉਮੇ ਹੰਗਤਾ ਗੜ੍ਹ ਹੰਕਾਰਾ, ਨਿਮਰਤਾ ਵਿਚ ਨਾ ਕੋਇ ਸਮਾਈਆ । ਸਤਿ ਸਚ ਤੇਰਾ ਨਾਮ ਲਾਏ ਨਾ ਕੋਇ ਅਖਾੜਾ, ਕਲਜੁਗ ਮਾਇਆ ਮਮਤਾ ਵੇਸਵਾ ਨਾਚ ਨਚਾਈਆ। ਤ੍ਰੈਗੁਣ ਮਾਇਆ ਅਗਨੀ ਅੱਗ ਲਗਾਏ ਹਾੜਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਝਗੜਾ ਪਿਆ ਪੁਰਖ ਨਾਰਾ, ਪਿਤਾ ਪੂਤ ਕਰੇ ਲੜਾਈਆ। ਕਿਸੇ ਕੰਮ ਨਾ ਸੀਤਾ ਰਾਮ ਜੈਕਾਰਾ, ਰਾਧਾ ਕ੍ਰਿਸ਼ਨਾ ਨਾ ਕੋਇ ਚਤੁਰਾਈਆ। ਨੇਤਰ ਸਾਰੇ ਰੋਵਣ ਜ਼ਾਰੋ ਜ਼ਾਰਾ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਬੇਅੰਤ ਬੇਪਰਵਾਹ ਪਾ ਸਾਰਾ, ਮਹਾਂਸਾਰਥੀ ਆਪਣਾ ਵੇਸ ਵਟਾਈਆ। ਤੈਨੂੰ ਕਹਿ ਕੇ ਆਏ ਚੌਵੀਵਾਂ ਅਵਤਾਰਾ, ਕਲ ਕਲਕੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੇ ਨਾਮ ਦੀ ਇਕ ਵਡਿਆਈਆ। ਅਵਤਾਰ ਕਹਿਣ ਦੀਨ ਦਿਆਲ ਆਪਣੀ ਦੁਨੀ ਤਕ, ਸਚਖੰਡ ਨਿਵਾਸੀ ਧਿਆਨ ਲਗਾਈਆ। ਚਾਰ ਕੁੰਟ ਨਾ ਰਿਹਾ ਸੱਚ, ਜੂਠ ਝੂਠ ਵੱਜੀ ਵਧਾਈਆ। ਗੁਰ ਅਵਤਾਰ ਪੈਗ਼ੰਬਰ ਗਏ ਛੱਡ, ਨਾਸਤਕ ਰੂਪ ਹੋਈ ਲੋਕਾਈਆ। ਆਤਮ ਪਰਮਾਤਮ ਕਰ

❋

❋

ਕੇ ਅੱਡ, ਪ੍ਰਭੂ ਤੈਨੂੰ ਰਹੇ ਭੁਲਾਈਆ। ਵਿਸ਼ਵ ਧਾਰ ਸਮਝੇ ਨਾ ਕੋਇ ਯੱਦ, ਭਗਤ ਭਗਵਾਨ ਨਾ ਰੰਗ ਰੰਗਾਈਆ। ਗ੍ਰਹਿ ਮੰਦਰ ਅੰਦਰ ਲਏ ਨਾ ਕੋਇ ਸੱਦ, ਕਾਇਆ ਕਾਅਬੇ ਖ਼ੁਸ਼ੀ ਨਾ ਕੋਇ ਮਨਾਈਆ। ਸਾਚੇ ਹੁਜਰੇ ਵੇਖੇ ਨਾ ਕੋਇ ਹੱਜ, ਮਹਿਬੂਬ ਮੁਹੱਬਤ ਵਿਚ ਮਿਲਣ ਕੋਇ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਸਾਰੇ ਪੜ੍ਹ ਪੜ੍ਹ ਗਏ ਥੱਕ, ਅੰਤਰ ਆਤਮ ਪਰਦਾ ਨਾ ਕੋਇ ਉਠਾਈਆ। ਮਿਹਰਵਾਨ ਮਹਿਬੂਬ ਸਦੀ ਚੌਧਵੀਂ ਕੂੜੀ ਮੇਟ ਹੱਦ, ਹਦੂਦ ਆਪਣੀ ਇਕ ਸਮਝਾਈਆ। ਤੇਰੀ ਧਾਰ ਤੇਰਾ ਆਤਮ ਤੇਰੇ ਨਾਲੋਂ ਰਹੇ ਨਾ ਕੋਇ ਅਲਗ, ਵਖਰਾ ਗ੍ਰਹਿ ਨਾ ਕੋਇ ਸੁਹਾਈਆ । ਜਨ ਭਗਤਾਂ ਦਰਸ਼ਨ ਦੇ ਉਪਰ ਸ਼ਾਹ ਰਗ, ਨੌ ਦਵਾਰੇ ਡੇਰਾ ਢਾਹੀਆ। ਕਲਜੁਗ ਕੂੜ ਕਲਪਣਾ ਬੁਝੇ ਅੱਗ, ਸਾਂਤਕ ਸਤਿ ਸਤਿ ਕਰਾਈਆ। ਤੇਈ ਅਵਤਾਰ ਲੋਕਮਾਤ ਰਹੇ ਸੱਦ, ਸੱਦਾ ਦੇਵਣ ਥਾਉਂ ਥਾਈਂਆ। ਬਿਨ ਹਰਿ ਨਾਮੇ ਖ਼ਾਲੀ ਹੋਏ ਸਭ ਦੇ ਹੱਡ, ਨਾੜ ਬਹੱਤਰ ਰਹੀ ਕੁਰਲਾਈਆ। ਕਿਰਪਾ ਕਰ ਸਾਹਿਬ ਸਮਰਥ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਰਤਾ ਨੂਰ ਅਲਾਹੀਆ। ਅਵਤਾਰ ਕਹਿਣ ਪ੍ਰਭ ਦੇਖ ਆਪਣੀ ਦੁਨੀ, ਦਾਅਵੇ ਨਾਲ ਜਣਾਈਆ। ਸਾਚਾ ਰਿਹਾ ਨਾ ਕੋਇ ਰਿਖੀ ਮੁਨੀ, ਮੁਨੀਸ਼ਰ ਰੂਪ ਨਾ ਕੋਇ ਦਰਸਾਈਆ। ਅੰਤਰ ਸੁਣੇ ਨਾ ਕੋਇ ਧੁਨੀ, ਨਾਦ ਸ਼ਬਦ ਨਾ ਕੋਇ ਸ਼ਨਵਾਈਆ। ਧਰਮ ਦਾ ਦਿਸੇ ਕੋਇ ਨਾ ਗੁਣੀ, ਗੁਣਵੰਤ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਸ੍ਰਿਸ਼ਟੀ ਛਾਣੀ ਪੁਣੀ, ਮਾਨਵ ਮਾਨਵ ਫੋਲ ਫੁਲਾਈਆ। ਭਾਗ ਦਿਸੇ ਨਾ ਕਿਸੇ ਕੁਲੀ, ਸਾਢੇ ਤਿੰਨ ਹੱਥ ਕਾਇਆ ਖ਼ਾਲੀ ਨਜ਼ਰੀ ਆਈਆ। ਤੇਰਾ ਨਾਮ ਰਸਨਾ ਜਪਦੇ ਸਾਰੇ ਬੁੱਲੀਂ, ਹਿਰਦੇ ਅੰਦਰ ਨਾ ਕੋਇ ਵਸਾਈਆ। ਸਖ਼ੀ ਸਹੇਲੀ ਤੇਰੇ ਕੰਡੇ ਕੋਇ ਨਾ ਤੁਲੀ, ਤੁਲਸੀ ਰਮਾਇਣ ਕੰਮ ਕਿਸੇ ਨਾ ਆਈਆ। ਸਦੀ ਚੌਧਵੀਂ ਮੁਹੰਮਦ ਫੁਲਵਾੜੀ ਫੁੱਲੀ, ਈਸਾ ਮੂਸਾ ਦਏ ਗਵਾਹੀਆ। ਉਮਤ ਨਬੀਆਂ ਰਾਹ ਭੁੱਲੀ, ਰਹਿਮਤ ਹੱਕ ਨਾ ਕੋਇ ਕਮਾਈਆ। ਤੁਧ ਬਿਨ ਅਵਰ ਨਾ ਦਿਸੇ ਕੋਈ ਸੁਲਹਕੁਲੀ, ਕੁਲਮਾਲਕ ਵੇਖ ਵਖਾਈਆ। ਧਰਨੀ ਧਰਤ ਧਵਲ ਧੌਲ ਮਾਇਆ ਮਮਤਾ ਵਿਚ ਰੁਲੀ, ਮਨਸਾ ਮੋਹ ਨਾ ਕੋਇ ਮਿਟਾਈਆ। ਸਭ ਦੀ ਕਾਇਆ ਬਿਰਛ ਟਾਹਣੀ ਹੁੱਲੀ, ਫਲ ਫੁੱਲ ਨਜ਼ਰ ਕੋਇ ਨਾ ਆਈਆ। ਕਿਰਪਾ ਕਰ ਆਪਣੇ ਚਰਨਾਂ ਦੇ ਧੂਲੀ, ਧੂੜੀ ਟਿੱਕੇ ਮਸਤਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਅਵਤਾਰ ਕਹਿਣ ਪੁਰਖ ਅਕਾਲ ਕਿਉਂ ਬੈਠਾ ਲੁਕ, ਕਲਜੁਗ ਅੰਤਮ ਵੇਖ ਵਖਾਈਆ। ਘਰ ਘਰ ਹਉਮੇ ਭਰਿਆ ਦੁੱਖ, ਦਰਦੀਆਂ ਦਰਦ ਨਾ ਕੋਇ ਗਵਾਈਆ। ਸੁਫਲ ਹੋਵੇ ਨਾ ਜਨਣੀ ਕੁੱਖ, ਭਗਤ ਜਨਮੇ ਨਾ ਕੋਇ ਮਾਈਆ। ਕੋਟਨ ਕੋਟ ਵੇਖ ਮਾਨਸ ਮਨੁੱਖ, ਤੱਤਾਂ ਵਾਲਾ ਸ਼ਰੀਰ ਰਹੇ ਹੰਡਾਈਆ। ਤੇਰਾ ਦਰਸ ਕੋਇ ਨਾ ਪਾਏ ਅਬਿਨਾਸ਼ੀ ਅਚੁਤ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਆਸਾ ਤ੍ਰਿਸ਼ਨਾ ਵਧੀ ਭੁੱਖ, ਸਾਂਤਕ ਸਤਿ ਨਾ ਕੋਇ ਜਣਾਈਆ। ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਆਪੇ ਉਠ, ਜੋਤੀ ਜਾਤੇ ਲੈ ਅੰਗੜਾਈਆ। ਗ਼ਰੀਬ ਨਿਮਾਣਿਆਂ ਉਤੇ ਤੁਠ, ਕੋਝੇ ਕਮਲੇ ਗਲੇ ਲਗਾਈਆ। ਭਗਤ ਭਗਵਾਨ ਬਣਾ ਸੁਤ, ਅਪਰਾਧੀ ਆਪਣੇ ਰੰਗ ਰੰਗਾਈਆ। ਕਲਜੁਗ ਪੈਂਡਾ ਜਾਏ ਮੁਕ, ਨਾਮ ਖੰਡਾ ਖੜਗ ਚਮਕਾਈਆ। ਝੂਠ ਅੰਧੇਰਾ ਜਾਏ ਛੁਪ, ਸਾਚਾ ਚੰਦ ਨਾਮ ਰੁਸ਼ਨਾਈਆ। ਸੰਤ ਸੁਹੇਲਿਆਂ ਆਪੇ ਪੁਛ,

❋

❋

ਕਾਇਆ ਮੰਦਰ ਅੰਦਰ ਵੜ ਕੇ ਪਰਦਾ ਲਾਹੀਆ। ਕੂੜ ਕੁੜਿਆਰਾਂ ਜੜ੍ਹ ਪੁੱਟ, ਲੋਕਮਾਤ ਰਹਿਣ ਨਾ ਪਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਇ ਫੁੱਟ, ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਇਕੋ ਘਰ ਵਸਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਸਭ ਦੀ ਸਾਂਝੀ ਹੋਵੇ ਤੁਕ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਤੇਈ ਅਵਤਾਰ ਕਹਿਣ ਤੇਰੀ ਸਰਨ ਸਰਨਾਈ ਜਾਈਏ ਝੁਕ, ਡੰਡਾਵਤ ਵਿਚ ਨਿਉਂ ਨਿਉਂ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਅੰਮ੍ਰਿਤ ਹਕ਼ੀਕ਼ੀ ਜਾਮ ਪਿਆ ਘੁਟ, ਜਨਮ ਜਨਮ ਦੀ ਕਰਮ ਕਰਮ ਦੀ ਤ੍ਰਿਸ਼ਨਾ ਰਹੇ ਨਾ ਰਾਈਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ੫ ਗੁਰਬਖ਼ਸ਼ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ

ਅਵਤਾਰ ਕਹਿਣ ਪ੍ਰਭ ਵੇਖ ਕਲਜੁਗ ਰੈਣ ਅੰਧੇਰੀ ਕਾਲੀ, ਕਲੂ ਕਲ ਆਪਣੀ ਕਾਰ ਕਮਾਈਆ। ਚਾਰ ਕੁੰਟ ਦਹਿ ਦਿਸ਼ਾ ਸਾਨੂੰ ਕੱਢਣ ਗਾਲੀ, ਸਤਿਕਾਰ ਵਿਚ ਸੀਸ ਨਾ ਕੋਇ ਨਿਵਾਈਆ। ਸੰਮਤ ਸੰਮਤੀ ਵਕ਼ਤ ਵੇਖ ਹਾਲੀ, ਹਰਿਜੂ ਆਪਣੀ ਦਇਆ ਕਮਾਈਆ। ਸਤਿ ਧਰਮ ਦੇ ਬਾਗ਼ ਦਾ ਰਿਹਾ ਕੋਇ ਨਾ ਮਾਲੀ, ਹਰਿਆ ਸਿੰਚ ਨਾ ਕੋਇ ਕਰਾਈਆ। ਸਾਡੇ ਨਾਮ ਦੀ ਮੁਕੀ ਦਲਾਲੀ, ਦਲੀਲ ਵਿਚੋਂ ਦਲੀਲ ਨਾ ਕੋਇ ਬਦਲਾਈਆ। ਅਸੀਂ ਦਰ ਤੇਰੇ ਸਵਾਲੀ, ਮਾਂਗਤ ਹੋ ਕੇ ਮੰਗ ਮੰਗਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲੀ, ਜਾਗਰਤ ਜੋਤ ਕਰ ਰੁਸ਼ਨਾਈਆ। ਤੇਰੇ ਦਵਾਰਿਉਂ ਕੋਈ ਨਾ ਜਾਏ ਖ਼ਾਲੀ, ਖ਼ਾਲਸ ਵਸਤ ਦੇਣੀ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਅਵਤਾਰ ਨਿਵ ਨਿਵ ਲਾਗਣ ਪਾਈਂਆ। ਅਵਤਾਰ ਕਹਿਣ ਪ੍ਰਭ ਦੇ ਦੇ ਇਕ ਸਹਾਰਾ, ਸਹਾਇਕ ਹੋ ਕੇ ਵੇਖ ਵਖਾਈਆ। ਮਸਤਕ ਧੂੜੀ ਲਾ ਦੇ ਛਾਰਾ, ਸ਼ਹਿਨਸ਼ਾਹ ਟਿੱਕਾ ਨਾਮ ਰਮਾਈਆ। ਤੂੰ ਸਰਗੁਣ ਨਿਰਗੁਣ ਧਰਿਆ ਰੂਪ ਦੁਬਾਰਾ, ਕਲ ਕਲਕੀ ਵੇਸ ਵਟਾਈਆ। ਆਤਮ ਬ੍ਰਹਮ ਦਾ ਸਾਂਝਾ ਯਾਰਾ, ਸਚ ਦਾ ਮਾਲਕ ਇਕ ਅਖਵਾਈਆ। ਕਲਜੁਗ ਅੰਧ ਅੰਧੇਰਾ ਮੇਟ ਗੁਬਾਰਾ, ਨਿਰਗੁਣ ਨੂਰ ਚੰਦ ਕਰ ਰੁਸ਼ਨਾਈਆ। ਵੇਦ ਵਿਆਸਾ ਦੇ ਰਿਹਾ ਇਸ਼ਾਰਾ, ਸ਼ਬਦੀ ਸੈਨਤ ਨਾਲ ਦ੍ਰਿੜਾਈਆ। ਤੇਰਾ ਖੇਲ ਅਲਖ ਅਗੋਚਰ ਅਗੰਮ ਅਪਾਰਾ, ਪਾਰਬ੍ਰਹਮ ਪ੍ਰਭ ਭੇਵ ਕੋਇ ਨਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਮੇਟ ਧੂੰਆਂਧਾਰਾ, ਨਿਰਗੁਣ ਦੀਆ ਇਕੋ ਇਕ ਡਗਮਗਾਈਆ। ਤੇਈ ਅਵਤਾਰ ਤੇਰਾ ਵਣਜਾਰਾ, ਵਸਤ ਇਕੋ ਦੇਣੀ ਵਰਤਾਈਆ। ਸਤਿ ਸਚ ਦਾ ਬੋਲ ਜੈਕਾਰਾ, ਜੈ ਜੈਕਾਰ ਦੇਣੀ ਸੁਣਾਈਆ। ਇਕੋ ਹੁਕਮ ਵਰਤੇ ਪੁਰਖ ਨਾਰਾ, ਬਿਰਧ ਬਾਲ ਵੰਡ ਨਾ ਕੋਇ ਵੰਡਾਈਆ। ਤੂੰ ਸਾਹਿਬ ਸਵਾਮੀ ਚੌਵੀਵਾਂ ਅਵਤਾਰਾ, ਤਾਰਨਹਾਰਾ ਧੁਰਦਰਗਾਹੀਆ । ਤੇਰਾ ਲੇਖਾ ਕਾਗਦ ਕ਼ਲਮ ਨਾ ਲਿਖਣਹਾਰਾ, ਕਾਨੀ ਕ਼ਲਮ ਨਾ ਕੋਇ ਚਤੁਰਾਈਆ। ਦਰ ਠਾਂਡੇ ਕੱਢੀਏ ਸਾਰੇ ਹਾੜਾ, ਹਉਕਾ ਲੈ ਹਾਲ ਜਣਾਈਆ। ਕਲਜੁਗ ਜੀਵਾਂ ਅਗਨੀ ਲੱਗੀ ਬਹੱਤਰ ਨਾੜਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਸਾਂਤਕ ਸਤਿ ਨਾ ਕੋਇ ਕਰਾਈਆ। ਤੂੰ ਸ਼ਹਿਨਸ਼ਾਹ ਸੁਲਤਾਨ ਪਰਵਰਦਿਗਾਰ ਹੋ ਜ਼ਾਹਰਾ, ਜ਼ਹੂਰ ਨੂਰ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਸਤ ਅਗੰਮ ਅਥਾਹ

❋

❋

ਵਰਤਾਈਆ। ਅਵਤਾਰ ਕਹਿਣ ਪ੍ਰਭ ਆਪਣੀ ਦੱਸ ਦੇ ਹਸਤੀ, ਹਸਤਨਾਪੁਰ ਕ੍ਰਿਸ਼ਨ ਪਾਂਡਵ ਗਿਆ ਦ੍ਰਿੜਾਈਆ। ਨਿਗਾਹ ਮਾਰ ਨਿਰਗੁਣ ਧਾਰ ਚਾੜ੍ਹ ਦੇ ਮਸਤੀ, ਮਸਤ ਮਸਤਾਨੇ ਆਪ ਪ੍ਰਗਟਾਈਆ। ਤੂੰ ਮਾਲਕ ਖ਼ਾਲਕ ਧੁਰ ਦਾ ਅਰਸ਼ੀ, ਪ੍ਰੀਤਮ ਪੁਰਾਤਨ ਨਜ਼ਰੀ ਆਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿੱਛੋਂ ਤੇਰੀ ਭਗਤਾਂ ਵਾਲੀ ਬਰਸੀ, ਦੂਸਰ ਸਮਝ ਕੋਇ ਨਾ ਪਾਈਆ। ਆਦਿ ਅੰਤ ਦੀ ਸਾਡੇ ਲੇਖੇ ਵਾਲੀ ਕੱਢ ਪਰਚੀ, ਪਰਾਚੀਨ ਦਾ ਪਰਦਾ ਦੇ ਉਠਾਈਆ। ਅਸੀਂ ਸਾਰੇ ਤੇਰੇ ਗ਼ਰਜ਼ੀ, ਗਰਜ ਕੇ ਤੈਨੂੰ ਰਹੇ ਸੁਣਾਈਆ। ਅੰਤ ਅਖ਼ੀਰੀ ਵੇਖ ਅਰਜ਼ੀ, ਜੋ ਆਰਜ਼ੂ ਤੇਰੇ ਵਿਚ ਟਿਕਾਈਆ। ਸਦੀ ਚੌਧਵੀਂ ਬਣ ਦਰਦੀ, ਦੀਨਾਂ ਅਨਾਥਾਂ ਦਇਆ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਧਾਮ ਦੇਣਾ ਦਰਸਾਈਆ। ਅਵਤਾਰ ਕਹਿਣ ਸਾਚਾ ਨਾਮ ਵਜਾ ਦੇ ਡੰਕਾ, ਡੌਰੂ ਇਕ ਖੜਕਾਈਆ। ਸੰਦੇਸ਼ਾ ਦੇ ਦੇ ਰਾਓ ਰੰਕਾ, ਸ਼ਾਹ ਸੁਲਤਾਨ ਲੈ ਉਠਾਈਆ। ਸਚ ਸਮਝਾ ਦੇ ਆਪਣਾ ਬੰਕਾ, ਬੰਕ ਦਵਾਰੀ ਦੇ ਖੁਲ੍ਹਾਈਆ। ਸ਼ਬਦੀ ਧਾਰ ਲਾ ਕੇ ਤਨਕਾ, ਸੋਈ ਸੁਰਤੀ ਲੈ ਜਗਾਈਆ। ਕਲਜੁਗ ਜੀਵ ਫੇਰਦੇ ਮਣਕਾ, ਮਨ ਕੀ ਮਾਲਾ ਨਾ ਕੋਇ ਭਵਾਈਆ। ਝਗੜਾ ਮਿਟਾ ਦੇ ਰਾਗ ਕੰਨ ਕਾ, ਅਨਹਦ ਨਾਦੀ ਧੁਨ ਸ਼ਨਵਾਈਆ। ਲੇਖਾ ਰਹੇ ਨਾ ਹਰਖ ਸੋਗ ਗ਼ਮ ਕਾ, ਚਿੰਤਾ ਅੰਦਰੋਂ ਦੇਣੀ ਕਢਾਈਆ। ਪ੍ਰਕਾਸ਼ ਕਰ ਦੇ ਆਪ ਗੋਬਿੰਦ ਚੰਨ ਕਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਝਗੜਾ ਮਿਟਾ ਦੇ ਮਾਇਆ ਮਮਤਾ ਤਨ ਕਾ, ਦੌਲਤ ਇਕੋ ਨਾਮ ਵਰਤਾਈਆ। ਤੁਧ ਬਿਨ ਬੇੜਾ ਕੋਇ ਨਾ ਬੰਨ੍ਹਦਾ, ਜੁਗ ਚੌਕੜੀ ਤੇਰੀ ਓਟ ਤਕਾਈਆ। ਵੇਖ ਖੇਲ ਕਲਜੁਗ ਕਲ ਦਾ, ਕਲਕਾਤੀ ਬਣੇ ਕਸਾਈਆ । ਭੇਵ ਖੁਲ੍ਹਾ ਦੇ ਆਪਣੇ ਅਗੰਮ ਮਹੱਲ ਦਾ, ਮਹਿਫ਼ਲ ਆਪਣੇ ਨਾਲ ਰਖਾਈਆ। ਵਿਛੋੜਾ ਹੋਵੇ ਨਾ ਕਦੇ ਪਲ ਦਾ, ਪਲਕਾਂ ਦੇ ਪਿਛੇ ਨਜ਼ਰੀ ਆਈਆ। ਸਚ ਸਿੰਘਾਸਣ ਤੁਧ ਬਿਨ ਕੋਇ ਨਾ ਮੱਲਦਾ, ਆਤਮ ਸੇਜ ਨਾ ਕੋਇ ਸੁਹਾਈਆ। ਵਕ਼ਤ ਸੁਹੰਞਣਾ ਕਰ ਦੇ ਆਪਣੇ ਮਹੱਲ ਅਟਲ ਦਾ, ਦਰਗਾਹ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਆਪ ਉਠਾਈਆ। ਅਵਤਾਰ ਕਹਿਣ ਸਾਡੀ ਅੰਤ ਅੰਤ ਇਹ ਮਿੰਨਤ, ਨਿਮਰਤਾ ਵਿਚ ਜਣਾਈਆ। ਸਾਡੀ ਰਹੀ ਕੋਇ ਨਾ ਹਿੰਮਤ, ਹੌਂਸਲੇ ਰਹੇ ਢਾਹੀਆ। ਪ੍ਰਗਟ ਹੋ ਚਾਰੇ ਸਿੰਮਤ, ਚਾਰੇ ਬਾਣੀ ਫੋਲ ਫੁਲਾਈਆ। ਕਲਜੁਗ ਕਲੂਆ ਕਰੇ ਇੱਲਤ, ਮਨ ਮਨਸਾ ਨਾਲ ਮਿਲਾਈਆ। ਜਗਤ ਖ਼ੁਆਰੀ ਦਿਸੇ ਜ਼ਿੱਲਤ, ਆਬਰੂ ਰਹਿਣ ਕੋਇ ਨਾ ਪਾਈਆ। ਜਿਧਰ ਤੱਕੀਏ ਤੇਰੇ ਨਿੰਦਕ, ਨਿੰਦਿਆ ਵਿਚ ਸ੍ਰਿਸ਼ਟ ਸਬਾਈਆ। ਸਾਚਾ ਸਬਰ ਸਬੂਰੀ ਦੇ ਦੇ ਸਿਦਕ, ਸਦਕੇ ਵਾਰੀ ਘੋਲ ਘੁਮਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਹੋਵੇ ਮਿੱਲਤ, ਮੇਲਾ ਹਰਿ ਜਗਦੀਸ਼ ਕਰਾਈਆ। ਹਰਖ ਸੋਗ ਗ਼ਮ ਰਹੇ ਨਾ ਚਿੰਤਕ, ਚਿੰਤਾ ਚਿਖਾ ਨਾ ਕੋਇ ਜਲਾਈਆ। ਝਗੜਾ ਰਹੇ ਨਾ ਮਜ਼੍ਹਬ ਹਿੰਸਕ, ਹੰਸ ਰੂਪ ਦੇਣਾ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ।

❋

❋