੧੮ ਅੱਸੂ ਸ਼ਹਿਨਸ਼ਾਹੀ ਸੰਮਤ ੬ ਪਾਖਰ ਸਿੰਘ ਦੇ ਗ੍ਰਹਿ ਪਿੰਡ ਮੋਹੀ ਜ਼ਿਲਾ ਲੁਧਿਆਣਾ
ਕਲਜੁਗ ਕਹੇ ਮੇਰੇ ਸਾਹਿਬ ਪਰਵਰਦਿਗਾਰਾ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਗਹਿਰ ਗੰਭੀਰ ਬੇਨਜ਼ੀਰ ਨਿਰਗੁਣ ਧਾਰ ਹੋ ਜ਼ਾਹਿਰਾ, ਜ਼ਾਹਿਰ ਜ਼ਹੂਰ ਹਰਿ ਹਜ਼ੂਰ ਤੇਰੀ ਓਟ ਤਕਾਈਆ। ਨਿਰਗੁਣ ਧਾਰ ਮੈਨੂੰ ਮੁਹੰਮਦ ਦਏ ਇਸ਼ਾਰਾ, ਸਦੀ ਚੌਧਵੀਂ ਅੱਖ ਖੁਲ੍ਹਾਈਆ। ਉਮਤ ਉਮਤੀ ਦਿਸਦਾ ਅੰਤ ਕਿਨਾਰਾ, ਅੰਤਸ਼ਕਰਨ ਬਦਲਿਆ ਖ਼ਲਕ ਖ਼ੁਦਾਈਆ। ਹੱਕ ਹਕੀਕਤ ਦਾ ਲਾਏ ਕੋਇ ਨਾ ਨਾਅਰਾ, ਕਲਮਾ ਕਾਇਨਾਤ ਨਾ ਕੋਇ ਵਡਿਆਈਆ। ਦੀਨ ਮਜ਼੍ਹਬ ਦਾ ਮੇਟ ਦੇ ਦਾਇਰਾ, ਹਦ ਹਦੂਦ ਰਹੇ ਨਾ ਰਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਚੌਦਾਂ ਲੋਕ ਚੋਦਾਂ ਤਬਕ ਤੇਰਾ ਹੋਏ ਜੈਕਾਰਾ, ਜੈ ਜੈਕਾਰ ਕਰੇ ਲੋਕਾਈਆ। ਸ਼ਬਦ ਗੋਬਿੰਦ ਖੇਲ ਖੇਲੇ ਦੁਬਾਰਾ, ਦੋਹਰੀ ਆਪਣੀ ਕਰਨੀ ਕਾਰ ਕਮਾਈਆ। ਤੂੰ ਨਿਰਵੈਰ ਪੁਰਖ ਨਿਰਾਕਾਰਾ, ਆਦਿ ਨਿਰੰਜਣ ਨੂਰ ਅਲਾਹੀਆ। ਸਤਿਜੁਗ ਸਾਚਾ ਕਰ ਉਜਿਆਰਾ, ਸਤਿ ਧਰਮ ਸਤਿ ਪਰਗਟਾਈਆ। ਕੂੜੀ ਕਿਰਿਆ ਕਰ ਖ਼ੁਆਰਾ, ਜਗਤ ਤ੍ਰਿਸ਼ਨਾ ਵਾਸਨਾ ਦੇ ਬੁਝਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਆਤਮ ਪਰਮਾਤਮ ਕਰ ਪਿਆਰਾ, ਸ਼ਬਦ ਨਾਦ ਧੁਨ ਸ਼ਨਵਾਈਆ। ਕਲ ਕਲਕੀ ਤੇਰਾ ਖੇਲ ਹੋਵੇ ਅਪਾਰਾ, ਅਪਰੰਪਰ ਤੇਰੇ ਹੱਥ ਸਰਬ ਵਡਿਆਈਆ। ਤੂੰ ਕਰਤਾ ਕਰੀਮ ਕਰਨੇਹਾਰਾ, ਕੁਦਰਤ ਦਾ ਮਾਲਕ ਨੂਰ ਅਲਾਹੀਆ। ਤੇਰੀ ਜਾਗਰਤ ਜੋਤ ਜਗੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਬੈਠਣ ਸੀਸ ਨਿਵਾਈਆ। ਤੈਨੂੰ ਡੰਡਾਵਤ ਕਰਨ ਤੇਈ ਅਵਤਾਰਾ, ਰਾਮਾ ਕ੍ਰਿਸ਼ਨਾ ਧੂੜੀ ਖ਼ਾਕ ਰਮਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਤੇਰਾ ਨੂਰ ਉਜਿਆਰਾ, ਜਲਵਾਗਰ ਤੇਰੀ ਰੁਸ਼ਨਾਈਆ। ਨਾਨਕ ਧਾਰ ਗੋਬਿੰਦ ਤੇਰਾ ਸੁਤ ਦੁਲਾਰਾ, ਦੋ ਜਹਾਨਾਂ ਮਰਦ ਮਰਦਾਨਾ ਸੋਭਾ ਪਾਈਆ। ਤੇਰਾ ਸ਼ਬਦੀ ਸ਼ਬਦ ਵਡ ਬਲਕਾਰਾ, ਬਲਧਾਰੀ ਇਕ ਅਖਵਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕੀਤਾ ਪਾਰ ਕਿਨਾਰਾ, ਮੇਰਾ ਅੰਤਮ ਲੇਖਾ ਦੇ ਮੁਕਾਈਆ। ਕਲਜੁਗ ਕਹੇ ਮੇਰੀ ਨਮੋ ਨਮੋ ਨਿਮਸਕਾਰਾ, ਡੰਡਾਵਤ ਬੰਦਨਾ ਸੱਯਦਾ ਜਗਤ ਸੀਸ ਨਿਵਾਈਆ। ਤੂੰ ਕਰਨੇਹਾਰ ਕਰਤਾ ਪੁਰਖ ਕਰਤਾਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਧਰਮ ਦੀ ਧਾਰ ਦੱਸ ਦਵਾਰਾ, ਜਿਥੇ ਦਵਾਰਕਾਵਾਸੀ ਸੀਸ ਨਿਵਾਈਆ। ਜਿਥੇ ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਦਾ ਨਹੀਂ ਕੋਈ ਅਖਾੜਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿਖ ਈਸਾਈ ਵੰਡ ਨਾ ਕੋਇ ਵੰਡਾਈਆ। ਇਕੋ ਸ਼ਬਦ ਨਾਦ ਹੋਵੇ
❋
❋
ਧੁਨਕਾਰਾ, ਇਕੋ ਜੋਤ ਨੂਰ ਰੁਸ਼ਨਾਈਆ। ਕਿਰਪਾ ਕਰ ਪਰਮ ਪੁਰਖ ਮੈਂ ਢਹਿ ਪਿਆ ਤੇਰੇ ਦਵਾਰਾ, ਨਿਮਰਤਾ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਓਟ ਤਕਾਈਆ। ਕਲਜੁਗ ਕਹੇ ਪ੍ਰਭੂ ਮੇਰਾ ਅੰਤ ਅਖ਼ੀਰ ਪਕੜ ਲੈ ਦਾਮਨ, ਦਾਮਨਗੀਰ ਤੇਰੀ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਰਿਹਾ ਕੋਇ ਨਾ ਜਾਮਨ, ਨਾਤਾ ਬਿਧਾਤਾ ਅੰਤ ਨਾ ਕੋਇ ਜੁੜਾਈਆ। ਚਾਰੋਂ ਕੁੰਟ ਵੇਖ ਅੰਧੇਰੀ ਸ਼ਾਮਨ, ਸ਼ਮਾ ਨੂਰ ਜੋਤ ਨਾ ਕੋਇ ਰੁਸ਼ਨਾਈਆ। ਕਲਜੁਗ ਕਹੇ ਮੇਰਾ ਕੂੜ ਬਣਿਆ ਰਾਵਣ, ਬਲਧਾਰੀ ਬਲ ਪਰਗਟਾਈਆ। ਸਾਚਾ ਦਿਸੇ ਕੋਇ ਨਾ ਕਾਨ੍ਹਨ, ਬੰਸਰੀ ਧੁੰਨ ਨਾ ਕੋਇ ਸੁਣਾਈਆ। ਪੈਗ਼ੰਬਰ ਨੂਰ ਨਾ ਕੋਇ ਚਮਕਾਵਣ, ਜਲਵਾ ਸਕੇ ਨਾ ਕੋਇ ਦਰਸਾਈਆ। ਪੜਦਾ ਖੋਲ੍ਹੇ ਨਾ ਜ਼ਿਮੀ ਅਸਮਾਨਨ, ਚੌਦਾਂ ਤਬਕ ਰਹੇ ਕੁਰਲਾਈਆ। ਜਿਧਰ ਤਕੀਏ ਕਾਮਨੀ ਕਾਮਨ, ਕਮਸਨ ਦਿਸੇ ਲੋਕਾਈਆ। ਆਤਮ ਬ੍ਰਹਮ ਦਾ ਰਿਹਾ ਕੋਇ ਨਾ ਬ੍ਰਾਹਮਣ, ਪਾਰਬ੍ਰਹਮ ਤੇਰਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦੀ ਧਾਰ ਸ਼ਾਹ ਸੁਲਤਾਨਨ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਦਰ ਤੇਰੇ ਮੰਗ ਮੰਗਾਈਆ।
੧੮ ਅੱਸੂ ਸ਼ਹਿਨਸ਼ਾਹੀ ਸੰਮਤ ੬ ਗੁਰਨਾਮ ਸਿੰਘ ਦੇ ਘਰ ਪਿੰਡ ਬੁਢੇਲ ਜ਼ਿਲਾ ਲੁਧਿਆਣਾ
ਕਲਜੁਗ ਕੋਲੋਂ ਸੋ ਗੁਰਮੁਖ ਜਾਏ ਬਚ, ਜੋ ਬਚਪਨ ਸਤਿਗੁਰ ਝੋਲੀ ਪਾਈਆ। ਸਤਿਗੁਰ ਲੂੰ ਲੂੰ ਅੰਦਰ ਜਾਏ ਰਚ, ਸਾਢੇ ਤਿੰਨ ਕਰੋੜ ਰੋਮ ਵਿਚ ਸਮਾਈਆ। ਮਨੂਆ ਦਹਿ ਦਿਸ਼ਾ ਨਾ ਪਵੇ ਨੱਚ, ਕਲਪਣਾ ਵਿਚ ਭੱਜੇ ਨਾ ਵਾਹੋ ਦਾਹੀਆ। ਭਾਗ ਲੱਗੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਸੁਹਾਈਆ। ਰਸਨਾ ਜਿਹਵਾ ਬੋਲਣਾ ਸਚ, ਕੂੜੀ ਕਿਰਿਆ ਪੰਧ ਮੁਕਾਈਆ। ਨਾੜ ਬਹੱਤਰ ਨਾ ਉਬਲੇ ਰਤ, ਤਤਵ ਤਤ ਨਾ ਕੋਇ ਤਪਾਈਆ। ਚਰਨ ਪ੍ਰੀਤੀ ਜੋੜੇ ਨਤ, ਹਰਿ ਚਰਨ ਕਵਲ ਸਰਨਾਈਆ। ਧੀਰਜ ਸੰਤੋਖ ਰੱਖੇ ਜਤ, ਕਾਮ ਕਰੋਧ ਨਾ ਰੰਗ ਰੰਗਾਈਆ। ਹਿਰਦੇ ਧਾਰੇ ਸਤਿਗੁਰ ਮਤ, ਮਨਮਤ ਦੂਰ ਕਰਾਈਆ। ਦੀਨ ਦਿਆਲਾ ਅੰਦਰ ਜਾਏ ਵਸ, ਹਰਿ ਗੋਪਾਲਾ ਪੜਦਾ ਦਏ ਉਠਾਈਆ। ਤ੍ਰੈਗੁਣ ਅਗਨ ਵਿਚ ਨਾ ਜਾਏ ਮੱਚ, ਸਤਿਗੁਰ ਅੰਮ੍ਰਿਤ ਮੇਘ ਬਰਸਾਈਆ। ਸਤਿ ਧਰਮ ਦਾ ਸਾਚਾ ਇਕੋ ਤਪ, ਸਦ ਚਲਣਾ ਹੁਕਮ ਰਜ਼ਾਈਆ। ਗੁਰੂ ਸ਼ਬਦ ਗਾਉਣਾ ਹੱਸ ਹੱਸ, ਗੁਰ ਸਤਿਗੁਰ ਮੇਲ ਮਿਲਾਈਆ। ਨਿਜ ਨੇਤਰ ਖੁਲ੍ਹੇ ਅੱਖ, ਅਗਿਆਨ ਅੰਧੇਰ ਦਏ ਮਿਟਾਈਆ। ਨਿਝਰ ਅੰਮ੍ਰਿਤ ਲਏ ਚੱਖ, ਬੂੰਦ ਸਵਾਂਤੀ ਇਕ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਲਾ ਲਏ ਮਿਲਾਈਆ। ਕਲਜੁਗ ਆ ਨਾ ਸਕੇ ਨੇੜੇ, ਗੁਰਮੁਖ ਸੰਗ ਨਾ ਕੋਇ ਜਣਾਈਆ। ਜਿਹੜੇ ਸਤਿਗੁਰ ਚੜ੍ਹ ਗਏ ਬੇੜੇ, ਨਈਆ ਨੌਕਾ ਨਾਮ ਟਿਕਾਈਆ। ਕੂੜ ਕਲਪਨਾ ਮਿਟ ਗਏ ਝੇੜੇ, ਝਗੜਾ ਰਹੇ ਨਾ ਰਾਈਆ। ਚੁਰਾਸੀ ਵਿਚ ਪੈਣ ਨਾ ਗੇੜੇ, ਖਾਣੀ ਵਿਚ ਨਾ ਕੋਇ ਭਵਾਈਆ। ਦੂਰ ਦੁਰਾਡੇ ਪਹੁੰਚਣ ਨੇੜੇ, ਜੋ ਹਿਰਦੇ ਨਾਮ ਧਿਆਈਆ। ਪੁਰਖ ਅਕਾਲਾ ਕਰੇ ਮਿਹਰੇ, ਮਿਹਰ ਨਜ਼ਰ ਇਕ ਟਿਕਾਈਆ। ਇਕੋ ਰੰਗ ਗੁਰੂ
❋
❋
ਗੁਰ ਚੇਰੇ, ਗੁਰ ਗੋਬਿੰਦ ਗੋਦ ਉਠਾਈਆ। ਭਰਮ ਰਹੇ ਨਾ ਸੰਝ ਸਵੇਰੇ, ਏਕਾ ਨੂਰ ਜੋਤ ਰੁਸ਼ਨਾਈਆ। ਜੋ ਲੇਖਾ ਹੱਕ ਨਬੇੜੇ, ਮਾਲਕ ਧੁਰਦਰਗਾਹੀਆ। ਕਲਜੁਗ ਦੇ ਕਟੇ ਝੇੜੇ, ਝਗੜਾ ਮਮਤਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਜਿਸ ਕਲਜੁਗ ਕੋਲੋਂ ਆਪਣਾ ਆਪ ਬਚਾਉਣਾ, ਨੇਤਰ ਨਜ਼ਰ ਕੋਇ ਨਾ ਆਈਆ। ਉਸ ਨੇ ਇਕੋ ਇਸ਼ਟ ਮਨਾਉਣਾ, ਇਸ਼ਟ ਗੁਰਦੇਵ ਸਵਾਮੀ ਮਿਲ ਕੇ ਵੱਜੇ ਵਧਾਈਆ। ਆਤਮ ਪਰਮਾਤਮ ਢੋਲਾ ਗਾਉਣਾ, ਗੀਤ ਨਾਦੀ ਨਾਦ ਸ਼ਨਵਾਈਆ। ਮਹਿਬੂਬ ਮੁਹੱਬਤ ਵਿਚ ਇਕੋ ਪਾਉਣਾ, ਪਵਣ ਪਾਣੀ ਨਾ ਕੋਇ ਚਤੁਰਾਈਆ। ਸਾਚੀ ਸੇਜਾ ਸੇਜ ਸੁਹਾਉਣਾ, ਪਰਦਾ ਆਤਮ ਦਰ ਖੁਲ੍ਹਾਈਆ। ਨਾਦੀ ਨਾਦ ਸ਼ਬਦ ਵਜਾਉਣਾ, ਧੁਨ ਆਤਮਕ ਰਾਗ ਅਲਾਈਆ। ਘਰ ਦੀਪਕ ਜੋਤ ਜਗਾਉਣਾ, ਜੋਤੀ ਜੋਤ ਜੋਤ ਰੁਸ਼ਨਾਈਆ। ਸਚ ਸਵਾਮੀ ਦਰਸ਼ਨ ਪਾਉਣਾ, ਜਿਸ ਨੂੰ ਮਿਲ ਕੇ ਵੱਜੇ ਵਧਾਈਆ। ਜਿਸ ਨੇ ਕਲਜੁਗ ਕੋਲੋਂ ਛੁਡਾਉਣਾ, ਛੁਟਕਾਰਾ ਚੁਰਾਸੀ ਕੋਲੋਂ ਕਰਾਈਆ। ਉਸ ਸਤਿਗੁਰ ਦੇ ਚਰਨੀ ਸੀਸ ਨਿਵਾਉਣਾ, ਜੋ ਆਦਿ ਅੰਤ ਦਾ ਪਿਤਾ ਮਾਈਆ। ਜਿਸ ਨੇ ਦਰਗਹ ਸਾਚੀ ਸਚਖੰਡ ਵਸਾਉਣਾ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਅੰਤ ਜੋਤੀ ਮੇਲ ਕਰਾਉਣਾ, ਜੋਤੀ ਜੋਤ ਸਮਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਏਕੰਕਾਰਾ ਇਕ ਧਿਆਉਣਾ, ਧਰਮ ਦੀ ਧਾਰ ਧਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਕਰਾਈਆ। ਕਲਜੁਗ ਕਹੇ ਜਨ ਭਗਤੋ ਮੈਂ ਜਣਾਵਾਂਗਾ। ਭੇਵ ਅਭੇਦਾ ਖੋਲ੍ਹ ਵਖਾਵਾਂਗਾ। ਪੜਦਾ ਓਹਲਾ ਸਰਬ ਉਠਾਵਾਂਗਾ। ਧੁਰ ਦਾ ਢੋਲਾ ਇਕੋ ਗਾਵਾਂਗਾ। ਜਿਸ ਦਾ ਸ਼ਬਦ ਗੁਰੂ ਵਿਚੋਲਾ, ਤਿਸ ਦੇ ਨੇੜ ਕਦੇ ਨਾ ਆਵਾਂਗਾ। ਜੋ ਨਾਨਕ ਘਰ ਦਾ ਗੋਲਾ, ਤਿਸ ਨਿਉਂ ਨਿਉਂ ਸੀਸ ਝੁਕਾਵਾਂਗਾ। ਜਿਸ ਦਾ ਆਤਮ ਪਰਮਾਤਮ ਬੋਲਾ, ਉਥੇ ਧੂੜੀ ਖ਼ਾਕ ਖ਼ਾਕ ਰਮਾਵਾਂਗਾ। ਗੁਰਮੁਖ ਦਵਾਰੇ ਕਦੇ ਨਾ ਪਾਵਾਂ ਰੌਲਾ, ਦੂਰ ਦੁਰਾਡਾ ਪੰਧ ਮੁਕਾਵਾਂਗਾ। ਜਿਸ ਨੇ ਮੇਰੇ ਸਾਹਿਬ ਦਾ ਗਾਇਆ ਸੋਹਲਾ, ਸੁਣ ਕੇ ਉਸ ਨੂੰ ਸੀਸ ਝੁਕਾਵਾਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਡਿਆਵਾਂਗਾ। ਕਲਜੁਗ ਕਹੇ ਗੁਰਮੁਖੋ ਮੈਂ ਸਚ ਸੁਨੇਹੜਾ ਦੱਸਾਂ, ਸਚ ਦਿਆਂ ਜਣਾਈਆ। ਮੈਂ ਗੁਰਮੁਖਾਂ ਕੋਲੋਂ ਕੋਟਨ ਯੋਜਨ ਨੱਸਾਂ, ਨੇੜ ਰਹਿਣ ਕਦੇ ਨਾ ਪਾਈਆ। ਮੈਂ ਉਥੇ ਜਾਵਾਂ ਜਿਥੇ ਰੈਣ ਅੰਧੇਰੀ ਮੱਸਾ, ਸਤਿਗੁਰ ਰਿਦੇ ਨਾ ਕੋਇ ਵਸਾਈਆ। ਮੈਂ ਖ਼ੁਸ਼ੀਆਂ ਵਿਚ ਮਾਰਾਂ ਕੱਛਾਂ, ਜਿਥੇ ਪ੍ਰਭ ਨੂੰ ਗਏ ਭੁਲਾਈਆ। ਮੈਂ ਲੇਖਾ ਪੂਰ ਕਰਾਉਣਾ ਜਿਨ੍ਹਾਂ ਖਾਧਾ ਗਾਂ ਵੱਛਾ, ਵਲਛਲ ਆਪਣੀ ਖੇਲ ਕਰਾਈਆ। ਜਨ ਭਗਤੋ ਜਿਨ੍ਹਾਂ ਦੀ ਮੇਰਾ ਸਾਹਿਬ ਪ੍ਰਭ ਕਰੇ ਰੱਛਾ, ਉਨ੍ਹਾਂ ਦਰ ਕਦੇ ਨਾ ਆਈਆ। ਮੇਰਾ ਇਕੋ ਕੌਲ ਇਕਰਾਰ ਪੱਕਾ, ਨਾ ਕੋਇ ਤੋੜੇ ਤੋੜ ਤੁੜਾਈਆ। ਜਿਥੇ ਪੁਰਖ ਅਕਾਲ ਦੇ ਨਾਮ ਤੋਂ ਲੈਂਦੇ ਪੈਸਾ ਟਕਾ, ਧੁਰ ਦਾ ਨਾਮ ਹੱਟਾਂ ਵਿਚ ਵਿਕਾਈਆ। ਓਥੇ ਮੈਂ ਆਪਣੇ ਸਮੇਂ ਦਾ ਲਾਗ ਖੱਟਾਂ, ਸਭ ਦੀ ਸੁਰਤੀ ਦਿਆਂ ਬਦਲਾਈਆ। ਕੂੜ ਕੁਕਰਮ ਵਾੜਾਂ ਕਾਇਆ ਮੱਟਾ, ਕਾਮ ਕਰੋਧ ਲੋਭ ਮੋਹ ਹੰਕਾਰ ਕਰਾਂ ਹਲਕਾਈਆ। ਨਾਲੇ ਹੱਸ ਕੇ ਕਰਾਂ ਠੱਠਾ, ਮਖ਼ੌਲ ਵਿਚ ਜਣਾਈਆ। ਦੁਸ਼ਟੋ ਪ੍ਰਭ ਦੇ ਨਾਮ ਤੋਂ ਧਨ ਜੋ ਕਰੋ ਇਕੱਠਾ, ਇਹੋ ਤੁਹਾਡੀ ਕਰੇ ਸਫ਼ਾਈਆ। ਕਲਜੁਗ ਕਹੇ ਮੇਰੇ ਕੋਲ ਗੋਬਿੰਦ ਦਾ ਲਿਖਿਆ ਪਟਾ, ਪਟਨੇ ਵਾਲਾ ਗਿਆ ਸਮਝਾਈਆ। ਜੇ ਮੇਰੇ
❋
❋
ਗੁਰਸਿਖਾਂ ਵੱਲ ਤਕਾਂ, ਤੇਰੇ ਨੈਣ ਦੋਵੇਂ ਬਾਹਰ ਕਢਾਈਆ। ਕਲਜੁਗ ਕਹੇ ਜੋ ਗੋਬਿੰਦ ਦਾ ਸਿਖ ਮੈਂ ਉਸ ਦੇ ਚਰਨਾਂ ਉਤੇ ਆਪਣਾ ਸੀਸ ਸੁੱਟਾਂ, ਨਿਉਂ ਨਿਉਂ ਲਾਗਾਂ ਪਾਈਆ। ਜਿਹੜਾ ਸਾਹਿਬ ਸਤਿਗੁਰ ਨੂੰ ਭੁਲਿਆ ਉਸ ਦੀਆਂ ਜੜ੍ਹਾਂ ਪੁੱਟਾਂ, ਇਹ ਮੇਰੇ ਹੱਥ ਵਡਿਆਈਆ। ਸ਼ਾਹ ਸੁਲਤਾਨਾਂ ਦੀ ਡੋਰੀ ਅੰਤਮ ਕਟਾਂ, ਕਟਾਕਸ਼ ਆਪਣਾ ਇਕ ਲਗਾਈਆ। ਗੁਰਸਿਖੋ ਜਿਸ ਦੇ ਸਾਹਿਬ ਸਤਿਗੁਰ ਦੀ ਪੂਰੀ ਸੱਤਾ, ਸਤਿ ਵਿਚ ਮਿਲ ਕੇ ਸਤਿ ਵਿਚ ਸਮਾਈਆ। ਉਸ ਦੇ ਦਵਾਰੇ ਮੈਂ ਆ ਨਾ ਸਕਾਂ ਰਤਾ, ਸੋ ਰਤਨ ਅਮੋਲਕ ਗੁਰਮੁਖ ਹੀਰਾ ਰੂਪ ਗਏ ਬਣਾਈਆ। ਮੈਨੂੰ ਡਰ ਆ ਜਾਂਦਾ ਜਿਸ ਵੇਲੇ ਮੈਂ ਪੂਰੇ ਗੁਰਸਿਖ ਦੇ ਮੁਖੋਂ ਸੁਣਦਾ ਜੈਕਾਰਾ ਫ਼ਤਹ, ਫ਼ਤਹਿ ਦਾ ਮਾਲਕ ਗੋਬਿੰਦ ਨੇ ਪੁਰਖ ਅਕਾਲ ਦਿਤਾ ਬਣਾਈਆ। ਕਲਜੁਗ ਕਹੇ ਇਹੋ ਮੇਰੀ ਨਿਸ਼ਾਨੀ ਤੇ ਇਹੋ ਮੇਰਾ ਪਤਾ, ਪਤਿਪਰਮੇਸ਼ਵਰ ਨੂੰ ਭੁੱਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਭ ਦੀ ਜਾਣੇ ਮਿਤ ਗਤਾ, ਗਤ ਮਿਤ ਜਾਨਣਹਾਰ ਇਕ ਅਖਵਾਈਆ।
੧੮ ਅੱਸੂ ਸ਼ਹਿਨਸ਼ਾਹੀ ਸੰਮਤ ੬ ਪਲਟੂ ਰਾਮ ਦੇ ਗ੍ਰਹਿ ਪਿੰਡ ਸੁਧਾਰ ਜ਼ਿਲਾ ਲੁਧਿਆਣਾ
ਕਲਜੁਗ ਕਹੇ ਪ੍ਰਭੂ ਮੈਂ ਤੇਰਾ ਸ਼ੇਰ ਬੱਬਰ, ਬਾਬਰ ਧਾਰ ਦੇਣੀ ਮਿਟਾਈਆ। ਨਬੀ ਰਸੂਲ ਪੈਗ਼ੰਬਰ ਵਿਚ ਵੇਖਣੇ ਕਬਰ, ਮਕਬਰਿਆਂ ਖੋਜ ਖੁਜਾਈਆ। ਉਮਤ ਉਮਤੀ ਮੁਹੰਮਦ ਦਾ ਵੇਖਣਾ ਟੱਬਰ, ਰਸੂਲਾਂ ਨਾਲ ਮਿਲਾਈਆ। ਸਦੀ ਚੌਧਵੀਂ ਪਾਉਣਾ ਅੰਤਮ ਗ਼ਦਰ, ਗਦਾਗਰ ਕਰਾਂ ਲੋਕਾਈਆ। ਆਪਣੀ ਪੂਰੀ ਕਰਾਂ ਸਧਰ, ਸਦਮਾ ਘਰ ਘਰ ਵਿਚ ਪਹੁੰਚਾਈਆ। ਜਿਹੜੇ ਤੇਰੀ ਨਹੀਂ ਕਰਦੇ ਕਦਰ, ਕੁਦਰਤ ਦੇ ਮਾਲਕ ਕਾਇਨਾਤ ਦਿਆਂ ਉਲਟਾਈਆ। ਜਗਤ ਦੀ ਧਾਰ ਦੇਣੀ ਬਦਲ, ਜੂਠ ਝੂਠ ਨਾਲ ਵਡਿਆਈਆ। ਇਨਸਾਫ਼ ਕਰੇ ਕੋਇ ਨਾ ਅਦਲ, ਸ਼ਾਹ ਸੁਲਤਾਨ ਮੁਖ ਭਵਾਈਆ। ਸ਼ਰਅ ਨੇ ਸ਼ਰਅ ਨੂੰ ਕਰਨਾ ਕਤਲ, ਮਜ਼੍ਹਬ ਮਜ਼੍ਹਬ ਨਾਲ ਟਕਰਾਈਆ। ਧਾਮ ਦਿਸੇ ਨਾ ਕੋਇ ਮੁਕੱਦਸ ਬੈਤੁਲ, ਚਾਰੋਂ ਕੁੰਟ ਕੂੜ ਹਲਕਾਈਆ। ਪਿਛਲੀ ਕੀਤੀ ਸਭ ਦੀ ਕਰਨੀ ਮੁਅੱਤਲ, ਅੱਗੇ ਤੇਰਾ ਰਾਹ ਤਕਾਈਆ। ਧਰਮ ਦਾ ਰਹਿਣ ਦੇਣਾ ਨਹੀਂ ਪੱਤਨ, ਨੌਕਾ ਨਾਮ ਨਾ ਕੋਇ ਚੜ੍ਹਾਈਆ। ਭਗਤੀ ਦਾ ਚਲਣ ਦੇਣਾ ਨਹੀਂ ਯਤਨ, ਯਥਾਰਥ ਤੇਰੀ ਸੇਵ ਕਮਾਈਆ। ਦੀਨ ਦੁਨੀ ਕੀਤੀ ਬੇਵਤਨ, ਤੇਰੇ ਦਰ ਮਿਲਣ ਕੋਇ ਨਾ ਆਈਆ। ਮਨ ਵਾਸਨਾ ਲੱਗੀ ਨੱਚਣ, ਚਾਰੋਂ ਕੁੰਟ ਉਠ ਉਠ ਧਾਈਆ। ਗੜ੍ਹ ਰਿਹਾ ਨਾ ਕਿਸੇ ਸੋਨਾ ਕੰਚਨ, ਪੰਜ ਤਤ ਖ਼ਾਕੀ ਖ਼ਾਕ ਉਡਾਈਆ। ਕੋਟਾਂ ਵਿਚੋਂ ਤੇਰਾ ਭਗਤ ਸੁਹੇਲਾ ਦਿਸੇ ਅਮੋਲਕ ਰਤਨ, ਜਿਸ ਦੀ ਕੀਮਤ ਜਗਤ ਨਾ ਕੋਇ ਚੁਕਾਈਆ। ਜਿਸ ਝਗੜਾ ਮੇਟਿਆ ਮਨ ਮਤ ਬੁਧ ਬਦਨ, ਇਕੋ ਤੇਰੀ ਓਟ ਤਕਾਈਆ। ਨਿਜ ਦਰਸ ਪਾਏ ਅੱਖਣ, ਲੋਚਣ ਨੈਣ ਖੁਲ੍ਹਾਈਆ। ਚਰਨ ਕਵਲ ਸਰਨਾਈ ਸਾਚੀ ਵਸਣ, ਦਰ ਠਾਂਡੇ ਸੀਸ ਝੁਕਾਈਆ। ਮੈਂ ਪੂਰਾ ਕਰਾਂ ਕੌਲ ਇਕਰਾਰ ਬਚਨ, ਭਵਿਖਤ ਲਿਖਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਕਲਜੁਗ ਕਹੇ ਪ੍ਰਭ ਤੇਰਾ ਹੁਕਮ ਸੰਦੇਸ਼ਾ
❋
❋
ਯਕ, ਯਦੀ ਦਿਆਂ ਦ੍ਰਿੜਾਈਆ। ਮੈਂ ਪਰਗਟ ਹੋਵਾਂ ਜਗ, ਚਾਰੋਂ ਕੁੰਟ ਅੰਧੇਰਾ ਛਾਈਆ। ਤੇਰਾ ਦਰਸ ਕੋਇ ਪਾ ਸਕੇ ਨਾ ਉਪਰ ਸ਼ਾਹ ਰਗ, ਨੌਂ ਦਵਾਰੇ ਡੇਰਾ ਢਾਹੀਆ। ਮਾਇਆ ਮਮਤਾ ਘਰ ਘਰ ਲਾਵਾਂ ਅੱਗ, ਤਤ ਤਤ ਨਾਲ ਟਕਰਾਈਆ। ਨਾੜ ਬਹੱਤਰ ਉਬਾਲ ਕੇ ਰਤ, ਸਾਂਤਕ ਸਤਿ ਨਾ ਕੋਇ ਕਰਾਈਆ। ਮੇਰੇ ਮਾਲਕ ਮੇਰੀ ਰੱਖਣੀ ਪਤ, ਪਤਿਪਰਮੇਸ਼ਵਰ ਤੇਰੇ ਅੱਗੇ ਦੁਹਾਈਆ। ਸਦੀ ਚੌਧਵੀਂ ਮੇਰਾ ਪੂਰਾ ਕਰਨਾ ਹੱਕ, ਹਕੀਕਤ ਨਾਲ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇ ਦੀਨ ਮਜ਼੍ਹਬਾਂ ਦੇ ਪਟੇ ਕਰਨੇ ਫਕ, ਫੈਸਲਾ ਆਪਣਾ ਹੁਕਮ ਸੁਣਾਈਆ। ਅੱਗੇ ਰਹੇ ਕੋਇ ਨਾ ਸ਼ੱਕ, ਸ਼ਿਕਵਾ ਸਭ ਦਾ ਦੇਣਾ ਚੁਕਾਈਆ। ਆਦਿ ਅੰਤ ਜੁਗਾ ਜੁਗੰਤ ਤੇਰੇ ਹੱਥ, ਨਿਤ ਨਵਿਤ ਆਪਣਾ ਹੁਕਮ ਸੁਣਾਈਆ। ਕਿਰਪਾ ਕਰ ਮਹਿਬੂਬ ਸਮਰਥ, ਪੁਰਖ ਅਕਾਲ ਤੇਰੀ ਸਰਨਾਈਆ। ਕਲਜੁਗ ਕਹੇ ਮੈਂ ਚਰਨੀ ਤੇਰੇ ਰਿਹਾ ਢੱਠ, ਮਾਣ ਹੰਕਾਰ ਨਾ ਕੋਇ ਰਖਾਈਆ। ਤੇਰੀ ਕਿਰਪਾ ਨਾਲ ਦੀਨ ਦੁਨੀ ਦੇ ਅੰਦਰ ਲਾਵਾਂ ਸੱਟ, ਸੋਏ ਜਗਤ ਲਵਾਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਵਸਣਹਾਰਾ ਘਟ ਘਟ, ਘਾਟ ਅੰਤਰ ਨਿਰੰਤਰ ਵੇਖਣਹਾਰਾ ਥਾਉਂ ਥਾਈਂਆ।
੧੮ ਅੱਸੂ ਸ਼ਹਿਨਸ਼ਾਹੀ ਸੰਮਤ ੬ ਸਰਵਣ ਸਿੰਘ ਦੇ ਘਰ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ
ਕਲਜੁਗ ਕਹੇ ਮੈਨੂੰ ਹੁਕਮ ਦਿਤਾ ਸੂਰੇ ਸਰਬਗੇ, ਸ਼ਾਹ ਪਾਤਸ਼ਾਹ ਆਪਣੀ ਦਇਆ ਕਮਾਈਆ। ਕਿਸੇ ਨੂੰ ਚੜ੍ਹਨ ਦੇਣਾ ਨਹੀਂ ਉਪਰ ਸ਼ਾਹ ਰਗੇ, ਰਘੁਪਤ ਰਘੁਬੰਸ ਹੁਕਮ ਸੁਣਾਈਆ। ਤਨ ਵਜੂਦ ਲਗਾਉਣੀ ਅੱਗੇ, ਸਾਂਤਕ ਸਤਿ ਨਾ ਕੋਇ ਕਰਾਈਆ। ਜੀਵ ਜਹਾਨ ਬਣਾਉਣੇ ਕੱਗੇ, ਹੰਸ ਰੂਪ ਨਾ ਕੋਇ ਦਰਸਾਈਆ। ਦੀਪਕ ਨੂਰ ਕੋਇ ਨਾ ਜਗੇ, ਅੰਧ ਅੰਧੇਰ ਦੇਣਾ ਪਰਗਟਾਈਆ। ਮੇਰੀ ਮੰਜ਼ਲ ਵੱਲ ਕੋਇ ਨਾ ਵਧੇ, ਸਚ ਕਦਮ ਨਾ ਕੋਇ ਉਠਾਈਆ। ਸਭ ਦੇ ਖ਼ਾਲੀ ਕਰਨੇ ਹੱਡੇ, ਨਾੜ ਬਹੱਤਰ ਨਾਲ ਮਿਲਾਈਆ। ਕੂੜ ਰਸਨਾ ਦੇ ਦੇਣੇ ਮਜ਼ੇ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਨੌਂ ਖੰਡ ਪ੍ਰਿਥਮੀ ਕਰਨੇ ਗਜੇ, ਸੱਤ ਦੀਪ ਤਕਣਾ ਚਾਈਂ ਚਾਈਂਆ। ਜਿਸ ਦੀ ਸਮਝ ਸਕੇ ਕੋਇ ਨਾ ਵਜ੍ਹੇ, ਤਿਸ ਦਾ ਹੁਕਮ ਦੇਣਾ ਸੁਣਾਈਆ। ਡੰਕ ਲਗਾਉਣਾ ਆਪਣਾ ਕੂੜ ਧਾਰ ਦੀ ਡੱਗੇ, ਹਾਹਾਕਾਰ ਸ੍ਰਿਸ਼ਟ ਦ੍ਰਿਸ਼ਟ ਦਰਸਾਈਆ। ਇਕ ਦੂਜੇ ਨਾਲੋਂ ਕਰਨੇ ਅੱਡੇ, ਪਿਤਾ ਪੂਤ ਨਾਲ ਲੜਾਈਆ। ਧਰਮ ਨਿਸ਼ਾਨਾ ਕੋਇ ਨਾ ਗੱਡੇ, ਸੱਤ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਜਣਾਈਆ। ਕਲਜੁਗ ਕਹੇ ਪ੍ਰਭੂ ਜੇ ਤੇਰੀ ਹੋਵੇ ਕਿਰਪਾ, ਕਿਰਪਾਨਿਧਾਨ ਦਇਆ ਕਮਾਈਆ। ਮੈਂ ਸਾਰੀ ਸ੍ਰਿਸ਼ਟੀ ਵਿਚ ਪਾਵਾਂ ਬਿਪਤਾ, ਵਿਪਰੀਤ ਦਿਆਂ ਦ੍ਰਿੜਾਈਆ। ਤੇਰਾ ਲੇਖਾ ਬਿਨ ਤੇਰੀ ਕਿਰਪਾ ਕੋਇ ਨਾ ਹੋਵੇ ਲਿਖਦਾ, ਅੱਖਰ ਅੱਖਰ ਨਾ ਕੋਇ ਜੋੜ ਜੁੜਾਈਆ। ਸਰੂਪ ਰਹਿਣ ਨਾ ਦੇਵਾਂ ਸਾਚੇ ਸਿੱਖ ਦਾ, ਸਿਖਿਆ ਕੂੜ ਕੂੜ ਸਮਝਾਈਆ। ਮੈਂ ਦੀਨ ਦੁਨੀ ਹੋਵਾਂ ਜਿੱਤਦਾ, ਹਾਰ ਵਿਚ ਸਰਬ ਕੁਰਲਾਈਆ। ਇਸ਼ਟ ਭੁੱਲ ਜਾਏ ਤੇਰੇ ਪਿਤ ਦਾ, ਪਤਿਪਰਮੇਸ਼ਵਰ ਤੈਨੂੰ ਸੀਸ ਨਾ ਕੋਇ ਨਿਵਾਈਆ। ਝਗੜਾ
❋
❋
ਵਖਾਵਾਂ ਪੱਥਰ ਇੱਟ ਦਾ, ਸਿਲ ਪਾਹਨ ਨਾਲ ਟਕਰਾਈਆ। ਮਨ ਕਿਸੇ ਨਾ ਹੋਵੇ ਟਿਕਦਾ, ਸੁਰਤੀ ਸ਼ਬਦ ਨਾ ਕੋਇ ਸਮਾਈਆ। ਤੇਰਾ ਖੇਲ ਦੱਸਾਂ ਨਿਤ ਦਾ, ਨਵਿਤ ਤੇਰੀ ਕਾਰ ਕਮਾਈਆ। ਝਗੜਾ ਵੇਖਾਂ ਚੇਤਨ ਚਿਤ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਕਹੇ ਪ੍ਰਭੂ ਮੈਨੂੰ ਬਖ਼ਸ਼ ਅਗੰਮ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਮੈਂ ਵੇਖਾਂ ਨਿਸ਼ਾਨ ਤਾਰਾ ਚੰਦਾ, ਚੰਨ ਸਿਤਾਰ ਨਾਲ ਮਿਲਾਈਆ। ਦੀਨ ਦੁਨੀ ਵਿਚ ਤਕਾਂ ਬੰਦਗੀ ਵਾਲਾ ਬੰਦਾ, ਬੰਦਨ ਵੇਖਾਂ ਥਾਉਂ ਥਾਈਂਆ। ਕਵਣ ਜਗਤ ਧਾਰ ਵਿਚ ਗੰਦਾ, ਗੰਦਗੀ ਵਿਚ ਆਪਣਾ ਆਪ ਫਸਾਈਆ। ਕਵਣ ਤੇਰੀ ਮੰਜ਼ਲ ਲੰਘਾ, ਦਰ ਤੇਰੇ ਅਲਖ ਜਗਾਈਆ। ਕਿਹੜਾ ਮਾਨਵ ਹੋਇਆ ਚੰਗਾ, ਮਾਨੁਖ ਆਪਣਾ ਰੂਪ ਬਦਲਾਈਆ। ਮੈਂ ਸਭ ਦਾ ਤਕਾਂ ਧੋਤੀ ਤਹਿਮਤ ਤੰਬਾ, ਜਗਤ ਲਬਾਸ ਫੋਲ ਫੁਲਾਈਆ। ਕਵਣ ਬਿਨ ਓਢਣ ਸੀਸ ਫਿਰਦਾ ਨੰਗਾ, ਚਾਰੋਂ ਕੁੰਟ ਹਾਲ ਦੁਹਾਈਆ। ਮੈਂ ਖੋਜਾਂ ਜੇਰਜ ਅੰਡਾ, ਉਤਭੁਜ ਸੇਤਜ ਫੋਲ ਫੁਲਾਈਆ। ਇਹੋ ਵਸਤ ਅਗੰਮੀ ਮੰਗਾਂ, ਚਰਨ ਕਵਲ ਢਹਿ ਢਹਿ ਸਰਨਾਈਆ। ਮੇਰਾ ਕੌਲ ਇਕਰਾਰ ਤੇਰੇ ਸੰਦਾ, ਸੰਨਦ ਪਿਛਲੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਦਾਤੇ ਦਇਆ ਕਮਾਈਆ। ਕਲਜੁਗ ਕਹੇ ਸਦੀ ਚੌਧਵੀਂ ਅੰਤਮ ਵੇਲਾ ਹੋਇਆ ਰਵਾਂ, ਰਵਾਨਗੀ ਸਭ ਨੂੰ ਦੇਣੀ ਕਰਾਈਆ। ਜੋ ਆਸਾ ਰੱਖੀ ਆਦਮ ਹੱਵਾ, ਮੁਹੰਮਦ ਸਹਿਜ ਨਾਲ ਸਮਝਾਈਆ। ਚਾਰੋਂ ਕੁੰਟ ਪੈਣੀ ਵਬਾ, ਅੱਗੇ ਹੋ ਨਾ ਕੋਇ ਅਟਕਾਈਆ। ਹਾਏ ਉਫ਼ ਤੋਬਾ ਸਭ ਨੇ ਕਰਨਾ ਰੱਬਾ, ਯਾਮਬੀਨ ਤੇਰੀ ਬੇਪਰਵਾਹੀਆ। ਕਿਸੇ ਹੱਥ ਨਾ ਆਉਣਾ ਧੁਰ ਦਾ ਮਾਲਕ ਅੱਬਾ, ਅੰਮੀ ਗੋਦ ਨਾ ਕੋਇ ਟਿਕਾਈਆ। ਤੇਰਾ ਸੂਰਬੀਰ ਦੁਲਾਰਾ ਕਲਜੁਗ ਕਹੇ ਮੈਂ ਉਠਣਾ ਹੋ ਕੇ ਸ਼ੇਰ ਬੱਗਾ, ਬਗਲਗੀਰ ਇਕ ਅਖਵਾਈਆ। ਸਭ ਦੀ ਬੁੱਧੀ ਕਰਨੀ ਵਾਂਗ ਕੱਗਾ, ਸ੍ਰਿਸ਼ਟ ਕਾਗ ਵਾਂਗ ਕੁਰਲਾਈਆ। ਚਾਰ ਕੁੰਟ ਦਹਿ ਦਿਸ਼ਾ ਨਵ ਸੱਤ ਆਪੇ ਲੰਘਾ, ਮੰਜ਼ਲ ਮੰਜ਼ਲ ਨਾਲ ਬਣਾਈਆ। ਜਗਤ ਸਿੰਘਾਸਣ ਵੇਖ ਪਲੰਘਾ, ਚਰਨ ਟਿਕਾਵਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੁਰਖ ਅਕਾਲ ਕਿਹਾ ਕਲਜੁਗ ਅੱਗੇ ਆਜਾ ਮੇਰੇ ਕੋਲ, ਕੁਲ ਮਾਲਕ ਦਇਆ ਕਮਾਈਆ। ਆਪਣਾ ਅੰਤਮ ਕਰ ਲੈ ਤੋਲ, ਵਜਨ ਤੇਰਾ ਤੇਰੇ ਹੱਥ ਫੜਾਈਆ। ਕੂੜ ਕੁੜਿਆਰ ਵਜਾ ਲੈ ਢੋਲ, ਡੌਰੂ ਡੰਕ ਸੁਣਾਈਆ। ਆਪਣਾ ਦੱਸ ਲੈ ਬੋਲ, ਅਨਬੋਲਤ ਰਿਹਾ ਜਣਾਈਆ। ਲੱਖ ਚੁਰਾਸੀ ਨਾਲ ਕਰ ਲੈ ਚੋਹਲ, ਮੁਹੱਬਤ ਪਿਆਰ ਵਿਚ ਬਦਲਾਈਆ। ਆਪਣਾ ਭੰਡਾਰਾ ਲੈ ਖੋਲ੍ਹ, ਚਾਰੋਂ ਕੁੰਟ ਦੇਣਾ ਵਰਤਾਈਆ। ਅੰਤਮ ਤੇਰਾ ਲਹਿਣਾ ਦੇਣਾ ਬਿਸਤਰ ਹੋਣਾ ਗੋਲ, ਗੋਲਕ ਕੂੜ ਰਹੇ ਨਾ ਰਾਈਆ। ਪੁਰਖ ਅਕਾਲ ਸਭ ਘਟ ਅੰਤਰ ਜਾਵੇ ਮੌਲ, ਮੌਲਾ ਆਪਣੀ ਖੇਲ ਖਿਲਾਈਆ। ਜਿਸ ਵਿਚ ਫ਼ਰਕ ਰਹੇ ਨਾ ਰਤੀ ਚੌਲ, ਮਾਸਾ ਤੋਲਾ ਨਾ ਕੋਇ ਜਣਾਈਆ। ਭੇਵ ਪਾਏ ਨਾ ਕੋਇ ਪੰਡਤ ਪਾਂਧੇ ਰੌਲ, ਅਕਲ ਬੁੱਧੀ ਨਾ ਕੋਇ ਸਮਝਾਈਆ। ਅੰਤ ਅਖ਼ੀਰੀ ਆਪਣੀ ਪ੍ਰੀਤੀ ਚਰਨ ਘੋਲ, ਘੋਲੀ ਵਾਰੀ ਆਪਣਾ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕਲਜੁਗ ਪ੍ਰਭ ਲੇਖਾ ਵੇਖ ਵਖਾਏਗਾ। ਦੀਨ ਦਿਆਲ ਦਇਆ ਕਮਾਏਗਾ। ਵਿਸ਼ਨ ਬ੍ਰਹਮਾ ਸ਼ਿਵ ਉਠਾਏਗਾ। ਕਰੋੜ ਤੇਤੀਸਾ ਸੁਰਪਤ ਇੰਦ ਨਾਲ ਮਿਲਾਏਗਾ।
❋
❋
ਤੇਈ ਅਵਤਾਰ ਪੜਦਾ ਲਾਹੇਗਾ। ਈਸਾ ਮੂਸਾ ਮੁਹੰਮਦ ਜੋੜ ਜੁੜਾਏਗਾ। ਨਾਨਕ ਗੋਬਿੰਦ ਡੰਕ ਵਜਾਏਗਾ। ਚਾਰ ਜੁਗ ਦੇ ਸ਼ਾਸਤਰ, ਅੱਖਰ ਅੱਖਰੀ ਫੋਲ ਫੁਲਾਏਗਾ। ਤੇਰਾ ਵੇਖ ਕੇ ਕਾਲਾ ਬਸਤਰ, ਬਸਨ ਬਨਵਾਰੀ ਹੁਕਮ ਚਲਾਏਗਾ। ਜਗਤ ਸ਼ਰਅ ਦਾ ਤਕ ਕੇ ਸ਼ਸਤਰ, ਸ਼ਰੀਅਤ ਕੂੜ ਦਾ ਪੰਧ ਮੁਕਾਏਗਾ। ਨਾਮ ਅਗੰਮੀ ਚੜ੍ਹ ਕੇ ਅਸਤਰ, ਦੋ ਜਹਾਨਾਂ ਆਪ ਦੁੜਾਏਗਾ। ਜੋ ਕਹਿ ਕੇ ਗਿਆ ਈਸਾ ਮੁਹੰਮਦ ਹਜ਼ਰਤ, ਹਜ਼ੂਰ ਹਰਿ ਜੂ ਪੜਦਾ ਲਾਹੇਗਾ। ਜਿਸ ਦੇ ਹੁਕਮ ਅੰਦਰ ਜੁਗ ਚੌਕੜੀ ਕੀਤੀ ਬਸਰਤ, ਸੋ ਬਿਸਰਤ ਵਿਛੜ ਕਦੇ ਨਾ ਜਾਏਗਾ। ਅੰਤਮ ਸਭ ਦੀ ਪੂਰੀ ਕਰੇ ਹਸਰਤ, ਖਾਹਿਸ਼ ਖਾਹਿਸ਼ ਵਿਚੋਂ ਮਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਹੁਕਮ ਇਕ ਸੁਣਾਏਗਾ। ਧੁਰ ਹੁਕਮ ਇਕ ਸੁਣਾਵਾਂਗਾ। ਨਾਮ ਨਿਧਾਨ ਇਕ ਪਰਗਟਾਵਾਂਗਾ। ਨੌਜਵਾਨ ਸ਼ਬਦ ਉਠਾਵਾਂਗਾ। ਸ੍ਰੀ ਭਗਵਾਨ ਡੰਕ ਵਜਾਵਾਂਗਾ। ਰਾਓ ਰੰਕ ਇਕ ਕਰਾਵਾਂਗਾ। ਦਵਾਰ ਬੰਕ ਇਕ ਸੁਹਾਵਾਂਗਾ। ਚਾਰ ਵਰਨ ਅਠਾਰਾਂ ਬਰਨ ਡੇਰਾ ਢਾਹਵਾਂਗਾ। ਆਤਮ ਬ੍ਰਹਮ ਬ੍ਰਹਮ ਦ੍ਰਿੜਾਵਾਂਗਾ। ਸਾਚੀ ਕਰਨੀ ਕਾਰ ਕਮਾਵਾਂਗਾ। ਸ਼ਾਹੋ ਭੂਪ ਇਕ ਅਖਵਾਵਾਂਗਾ। ਦੋ ਜਹਾਨਾਂ ਪੰਧ ਮੁਕਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਹੁਕਮ ਮਨਾਵਾਂਗਾ। ਅੰਤਰ ਭਗਤਾਂ ਲਾ ਕੇ ਲਿਵ, ਲਹਿਣਾ ਸਭ ਦਾ ਝੋਲੀ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਦੇਵੀ ਦੇਵ, ਦੇਵ ਆਤਮਾ ਪਰਮਾਤਮਾ ਇਕੋ ਰੰਗ ਰੰਗਾਵਾਂਗਾ।
੧੯ ਅੱਸੂ ਸ਼ਹਿਨਸ਼ਾਹੀ ਸੰਮਤ ੬ ਸਾਧੂ ਸਿੰਘ ਦੇ ਗ੍ਰਹਿ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ
ਕਲਜੁਗ ਕਹੇ ਮੈਂ ਮੋਟਾ ਤਾਜ਼ਾ ਕਾਲਾ, ਤਖ਼ਤ ਨਿਵਾਸੀ ਇਕ ਅਖਵਾਈਆ। ਮੈਂ ਜਗਤ ਜਹਾਨ ਦਾ ਭੂਪਨ ਰਾਜਾ, ਪਾਤਸ਼ਾਹ ਬੇਪਰਵਾਹੀਆ। ਮੇਰੇ ਕੋਲੋਂ ਪੁਛਣ ਆਇਆ ਪੀਰ ਖਵਾਜਾ, ਖਿਜ਼ਰ ਆਪਣਾ ਪੰਧ ਮੁਕਾਈਆ। ਸਚ ਦੱਸ ਕੀ ਕਹਿ ਕੇ ਗਿਆ ਵਾਲਾ ਬਾਜ਼ਾਂ, ਬਾਜ਼ੀ ਤੇਰੇ ਨਾਲ ਲਗਾਈਆ। ਮੈਂ ਝਟ ਉਚੀ ਕੂਕ ਕੇ ਮਾਰੀਆਂ ਵਾਜ਼ਾ, ਬਹੁੜੀ ਬਹੁੜੀ ਕਰ ਸੁਣਾਈਆ। ਮੇਰੇ ਕੋਲ ਅੱਗੇ ਆ ਜਾ, ਤੈਨੂੰ ਸਹਿਜ ਦਿਆਂ ਸੁਣਾਈਆ। ਜਿਸ ਨੂੰ ਕਹਿੰਦੇ ਗ਼ਰੀਬ ਨਿਵਾਜਾ, ਪਾਰਬ੍ਰਹਮ ਬੇਪਰਵਾਹੀਆ। ਉਸ ਨੇ ਆਪਣਾ ਸਾਜਣ ਸਾਜਾ, ਸੱਜਣ ਹੋ ਕੇ ਧੁਰਦਰਗਾਹੀਆ। ਭੇਵ ਖੁਲ੍ਹਾਵੇ ਬੋਧ ਅਗਾਧਾ, ਬੁਧੀ ਤੋਂ ਪਰੇ ਕਰੇ ਪੜ੍ਹਾਈਆ। ਝਗੜਾ ਮੇਟ ਕੇ ਸੰਤਨ ਸਾਧਾ, ਸਿੱਧ ਮਾਰਗ ਇਕ ਪਰਗਟਾਈਆ। ਜਿਸ ਦਾ ਹੁਕਮ ਆਦਿ ਜੁਗਾਦਾ, ਜੁਗ ਚੌਕੜੀ ਸੇਵ ਕਮਾਈਆ। ਉਹ ਸ਼ਾਹੋ ਭੂਪ ਬਣ ਨਵਾਬਾ, ਨੌਬਤ ਆਪਣਾ ਨਾਮ ਸੁਣਾਈਆ। ਉਸ ਦਾ ਗੋਬਿੰਦ ਲਿਆ ਖਵਾਬਾ, ਭਵਿਖਤਾਂ ਵਿਚ ਗਿਆ ਜਣਾਈਆ। ਜਿਸ ਦਾ ਖੇਲ ਦਿਸਦਾ ਮਾਝਾ, ਮਜਲਸ ਭਗਤਾਂ ਨਾਲ ਬਣਾਈਆ। ਚਰਨ ਛੁਹਾ ਵਿਚ ਦੁਆਬਾ, ਮਾਲਵਾ ਆਪਣੀ ਗੰਢ ਖੁਲ੍ਹਾਈਆ। ਹੁਣ ਫੇਰਾ ਪਾਉਣਾ ਵਿਚ ਕਾਅਬਾ, ਸ਼ਹਿਨਸ਼ਾਹ ਨੂਰ ਇਲਾਹੀਆ। ਜਿਸ ਵੇਖਣਾ ਪੈਗ਼ੰਬਰ ਪੁੰਨ ਸੁਆਬਾ, ਪੜਦਾ ਲਾਹਵੇ ਥਾਉਂ ਥਾਈਂਆ। ਕੌਲ ਇਕਰਾਰ ਪੂਰਾ ਕਰਨਾ ਵਿਚ ਬਗ਼ਦਾਦਾ, ਜੋ ਨਾਨਕ ਆਸ ਰਖਾਈਆ। ਫੇਰ ਹੁਕਮ ਦੇਣਾ ਡਾਹਢਾ, ਡੰਡਾਵਤ
❋
❋
ਸਭ ਦੀ ਦਏ ਬਦਲਾਈਆ। ਫੇਰ ਤਕਣਾ ਮਸੀਹ ਜਿਸ ਨੇ ਮੰਨਿਆ ਗਾਡਾ, ਗਾਈਡ ਹੋ ਕੇ ਵੇਖ ਵਖਾਈਆ। ਫੇਰ ਤਕਣਾ ਰਾਮ ਸੀਤਾ ਕ੍ਰਿਸ਼ਨ ਰਾਧਾ, ਰਹਿਬਰ ਹੋ ਕੇ ਪੜਦਾ ਲਾਹੀਆ। ਫੇਰ ਤਕਣਾ ਲੱਖ ਚੁਰਾਸੀ ਬਾਗ਼ਾ, ਨਵ ਸੱਤ ਕਿਆਰੀ ਫੋਲ ਫੁਲਾਈਆ। ਕਲਜੁਗ ਕਹੇ ਸਤਿਜੁਗ ਆਉਣਾ ਮੇਰੇ ਤੋਂ ਬਾਅਦਾ, ਆਪਣਾ ਬਲ ਪਰਗਟਾਈਆ। ਜਿਸ ਨੇ ਇਕ ਵਜਾਉਣੀ ਰਬਾਬਾ, ਰੱਬੀ ਨੂਰ ਨਾਲ ਮਿਲਾਈਆ। ਸਭ ਦੀ ਸੁਣਨੀ ਫ਼ਰਿਆਦਾ, ਦੁਖੀਆ ਰਹਿਣ ਕੋਇ ਨਾ ਪਾਈਆ। ਦੇਣਾ ਹਯਾਤੇ ਆਬਾ, ਅੰਮ੍ਰਿਤ ਰਸ ਪਿਆਈਆ। ਨਾਮ ਵਜਾਉਣਾ ਵਾਜਾ, ਧੁਨ ਨਾਦ ਸ਼ਨਵਾਈਆ। ਇਹੋ ਖੇਲ ਕਰਨਾ ਪੁਰਖ ਅਕਾਲ ਦੀਨ ਦਿਆਲ ਸ੍ਰਿਸ਼ਟਨ ਸ੍ਰਿਸ਼ਟ ਲੰਘਾਉਣੀ ਜਿਉਂ ਸੂਈ ਨੱਕੇ ਵਿਚ ਦੀ ਧਾਗਾ, ਤੰਦ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਹੁਕਮ ਵਰਤਾਏ ਸਾਚਾ, ਸਚ ਸਚ ਨਾਲ ਪਰਗਟਾਈਆ।
੧੯ ਅੱਸੂ ਸ਼ਹਿਨਸਾਹੀ ਸੰਮਤ ੬ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਪਖੋਵਾਲ ਜ਼ਿਲਾ ਲੁਧਿਆਣਾ
ਕਲਜੁਗ ਕਹੇ ਸੁਣ ਪੀਰ ਖਵਾਜੇ ਖਿਜ਼ਰਾ, ਖ਼ੈਰਖਾਹੀ ਨਾਲ ਜਣਾਈਆ। ਮੁਹੰਮਦ ਲੇਖਾ ਵੇਖ ਸਦੀ ਹਿਜਰੀ ਹਿਜਰਾ, ਚੌਦਸ ਚੌਦਸ ਧਿਆਨ ਲਗਾਈਆ। ਪਰਵਰਦਿਗਾਰ ਨੇ ਫੋਲਿਆ ਸਭ ਦਾ ਸ਼ਜਰਾ, ਸ਼ਹਿਨਸ਼ਾਹ ਪੜਦਾ ਆਪ ਚੁਕਾਈਆ। ਜਿਸ ਗੋਬਿੰਦ ਨੇ ਵਾਰਿਆ ਲਖ਼ਤੇ ਜਿਗਰਾ, ਨੰਨੇ ਨੀਹਾਂ ਹੇਠ ਦਬਾਈਆ। ਉਹ ਲੇਖਾ ਜਾਣੇ ਆਦਿ ਦਾ ਸੁਰਪਤ ਇੰਦਰਾ, ਇੰਦਰਾਸਣ ਖੋਜ ਖੁਜਾਈਆ। ਵਿਸ਼ਨ ਬ੍ਰਹਮਾ ਸ਼ਿਵ ਲਾਹਵੇ ਨਿੰਦਰਾ, ਆਲਸ ਰਹਿਣ ਕੋਇ ਨਾ ਪਾਈਆ। ਸਵਾਧਾਨ ਕਰੇ ਜਿਸ ਰਾਸ ਰਚਾਈ ਬਨ ਬਿੰਦਰਾ, ਗੋਕਲ ਰੰਗ ਰੰਗਾਈਆ। ਲੇਖਾ ਜਾਣੇ ਜਿਸ ਰਾਮ ਫਿਰਾਇਆ ਸੀਤਾ ਨਾਲ ਜੰਗਲਾ, ਜੂਹਾਂ ਦੇਣ ਦੁਹਾਈਆ। ਸੋ ਮੂਸਾ ਈਸਾ ਵਾਅਦਾ ਪੂਰਾ ਕਰੇ ਜੋ ਕੀਤਾ ਉਤੇ ਉਂਗਲਾਂ, ਪੋਰਵਿਆਂ ਨਾਲ ਗਿਣਾਈਆ। ਆਪਣੇ ਵਿਚ ਕੋਟਨ ਕੋਟ ਰੱਖ ਕੇ ਗੁੰਝਲਾਂ, ਪਰਦਾ ਪਰਦੇ ਵਿਚ ਛੁਪਾਈਆ। ਉਸ ਨੇ ਲੇਖਾ ਕਰਨਾ ਸਤਿਜੁਗ ਮੁਢਲਾ, ਸਤਿ ਧਰਮ ਦਾ ਰਾਹ ਪਰਗਟਾਈਆ। ਜਿਸ ਦਾ ਸ਼ਬਦ ਸ਼ਬਦ ਸ਼ਬਦ ਗੁਰੂ ਉਠਣਾ, ਇਕੇ ਵਾਰ ਲਏ ਅੰਗੜਾਈਆ। ਦੀਨ ਦਿਆਲੇ ਧੁਰ ਦੇ ਤੁਠਣਾ, ਮਿਹਰਵਾਨ ਨਜ਼ਰ ਉਠਾਈਆ। ਚਾਰ ਵਰਨ ਕਰਨਾ ਇਕ ਮੁੱਠਣਾ, ਹਿੰਦੂ ਮੁਸਲਿਮ ਸਿਖ ਈਸਾਈ ਡੇਰਾ ਢਾਹੀਆ। ਬਹੁੜੀ ਦਰੋਹੀ ਮੇਰਾ ਪੈਂਡਾ ਮੁਕਣਾ, ਮੁਕੰਮਲ ਦਿਆਂ ਜਣਾਈਆ। ਮੇਰੇ ਸਾਹਿਬ ਦਾ ਭਾਣਾ ਕਦੇ ਨਾ ਰੁਕਣਾ, ਅੱਗੇ ਹੋ ਨਾ ਕੋਇ ਅਟਕਾਈਆ। ਇਕੋ ਸੀਸ ਜਗਦੀਸ ਝੁਕਣਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਨ ਭਗਤਾਂ ਉਜਲ ਹੋਣਾ ਮੁਖਣਾ, ਦੁਰਮਤ ਮੈਲ ਧਵਾਈਆ। ਕਿਸੇ ਦੀ ਰਹੇ ਨਾ ਪੂਜਾ ਸੁੱਖਣਾ, ਨਿਆਜ਼ਾਂ ਵਿਚ ਨਾ ਕੋਇ ਚਤੁਰਾਈਆ। ਅੰਤਮ ਤੈਨੂੰ ਪੈਣਾ ਲੁਕਣਾ, ਖਵਾਜੇ ਖ਼ਬਰ ਦਿਆਂ ਦ੍ਰਿੜਾਈਆ। ਮੇਰੇ ਮਾਲਕ ਖ਼ਾਲਕ ਤਾਈਂ ਪੁਛਣਾ, ਖ਼ਲਕ ਵੇਖ ਵਖਾਈਆ। ਜਿਸ ਦਾ ਨਿਸ਼ਾਨਾ ਕਦੇ ਨਾ ਉਕਣਾ, ਦੋ ਜਹਾਨਾਂ ਕਰੇ ਸਫ਼ਾਈਆ। ਇਕ ਗੋਬਿੰਦ ਕਹਿ ਕੇ ਗਿਆ ਪੁਤਨਾ, ਪ੍ਰੀਤਮ ਆਪਣੀ ਗੋਦ ਟਿਕਾਈਆ। ਕਲਜੁਗ ਕਹੇ ਇਕ ਸ਼ਬਦ ਅਨਮੋਲ ਸਾਹਿਬ ਸਵਾਮੀ ਕੋਲੋਂ ਪੁਛਣਾ, ਚਰਨ ਕਵਲ ਸੀਸ ਨਿਵਾਈਆ। ਕੀ ਅੰਤਮ ਉਮਤ
❋
❋
ਉਮਤੀ ਹੋਣਾ ਦੁੱਖਣਾ, ਕਵਣ ਦਰਦ ਵਿਚ ਕੁਰਲਾਈਆ। ਕਿਸ ਬਿਧ ਬੂਟਾ ਜਗਤ ਜਹਾਨ ਪੁੱਟਣਾ, ਪਾਰਬ੍ਰਹਮ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਦੀ ਸੁਫ਼ਲ ਕਰਾਏ ਕੁੱਖਣਾ, ਕੁੱਖੀਂ ਭਾਗ ਜਗਤ ਲਗਾਈਆ।
੧੯ ਅੱਸੂ ਸ਼ਹਿਨਸ਼ਾਹੀ ਸੰਮਤ ੬ ਕਰਮ ਸਿੰਘ ਦੇ ਗ੍ਰਹਿ ਪਿੰਡ ਪਖੋਵਾਲ ਜ਼ਿਲਾ ਲੁਧਿਆਣਾ
ਕਲਜੁਗ ਕਹੇ ਸੁਣ ਖਵਾਜੇ ਪੀਰਾ, ਪੀਰਨ ਪੀਰ ਰਿਹਾ ਜਣਾਈਆ। ਜਿਸ ਤੇਰਾ ਵੇਖਣਾ ਸਮੁੰਦ ਸਾਗਰ ਨੀਰਾ, ਜਲ ਧਾਰ ਫੋਲ ਫੁਲਾਈਆ। ਉਹ ਲੇਖਾ ਜਾਣੇ ਸ਼ਾਹ ਹਕੀਰਾ, ਕੋਝਿਆਂ ਕਮਲਿਆਂ ਪੜਦਾ ਲਾਹੀਆ। ਜਿਸ ਨੇ ਬਦਲਣੀਆਂ ਸਭ ਦੀਆਂ ਤਕਦੀਰਾਂ, ਤਕਦੀਰੀ ਆਪਣਾ ਹੁਕਮ ਵਰਤਾਈਆ। ਉਸ ਦੇ ਅੱਗੇ ਚਲਣੀਆਂ ਨਹੀਂ ਤਦਬੀਰਾਂ, ਤਰੀਕਾ ਸਕੇ ਨਾ ਕੋਇ ਅਪਨਾਈਆ। ਅੰਤ ਕਟਣੀਆਂ ਸ਼ਰਅ ਦੀਆਂ ਜ਼ੰਜੀਰਾਂ, ਬੰਦਨਾ ਕਲਮਾ ਨਾ ਕੋਇ ਵਡਿਆਈਆ। ਮਾਣ ਚੁਕਾਉਣਾ ਬਵੰਜਾ ਬੀਰਾਂ, ਬੈਤਾਲੇ ਦੇਣ ਦੁਹਾਈਆ। ਖੰਡੇ ਨਾਲ ਖੜਕਾਉਣੀਆਂ ਸ਼ਮਸ਼ੀਰਾਂ, ਜਗਤ ਸ਼ਮਾਂ ਗੁਲ ਕਰਾਈਆ। ਵੇਖਣੀਆਂ ਸਭ ਤਕਸੀਰਾਂ, ਤਰਾ ਤਰਾ ਭੇਵ ਖੁਲ੍ਹਾਈਆ। ਸਭ ਤੋਂ ਕਢਾਉਣੀਆਂ ਨੱਕ ਨਾਲ ਲਕੀਰਾਂ, ਹੰਗਤਾ ਰਹਿਣ ਕੋਇ ਨਾ ਪਾਈਆ। ਜੋ ਸੰਦੇਸ਼ਾ ਦੇ ਕੇ ਗਿਆ ਕਬੀਰਾ, ਗੰਗਾ ਧਾਰ ਵਿਚ ਦ੍ਰਿੜਾਈਆ। ਜਿਸ ਕਾਰਨ ਰਵਦਾਸ ਨੂੰ ਮਿਲਿਆ ਕਸੀਰਾ, ਕੌਡੀ ਕੀਮਤ ਦਿਤੀ ਬਣਾਈਆ। ਉਸ ਦਾ ਖੇਲ ਹੋਣਾ ਬੇਨਜ਼ੀਰਾ, ਨਜ਼ਰ ਵਿਚ ਨਾ ਕੋਇ ਟਿਕਾਈਆ। ਸਭ ਦੇ ਉਤੇ ਆਉਣੀਆਂ ਭੀੜਾਂ, ਭੀੜੀ ਗਲੀ ਪਾਰ ਨਾ ਕੋਇ ਲੰਘਾਈਆ। ਕਲਜੁਗ ਕਹੇ ਸਭ ਦੇ ਹੱਡ ਮਾਸ ਨਾੜੀ ਹੋਣੀਆਂ ਪੀੜਾਂ, ਦੁੱਖ ਦਰਦ ਨਾ ਕੋਇ ਮਿਟਾਈਆ। ਬੰਧੀਆਂ ਰਹਿਣ ਮੂਲ ਨਾ ਬੀੜਾਂ, ਬੇੜਾ ਰੋੜ੍ਹੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਕਰਮ ਕਾਂਡ ਵਿਚ ਦੇਵੇ ਤਲ, ਤਲਬ ਸਾਰੇ ਲਏ ਕਰਾਈਆ।
੧੯ ਅੱਸੂ ਸ਼ਹਿਨਸ਼ਾਹੀ ਸੰਮਤ ੬ ਭਾਗ ਸਿੰਘ ਦੇ ਗ੍ਰਹਿ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ
ਕਲਜੁਗ ਕਹੇ ਖਵਾਜੇ ਵੇਖ ਲੈ ਆਪਣਾ ਜਲ, ਜਲਦੀ ਜਲਦੀ ਧਿਆਨ ਲਗਾਈਆ। ਜਿਸ ਮਾਲਕ ਨੇ ਕਰਨਾ ਥਲ, ਅਸਗਾਹਾਂ ਰੰਗ ਰੰਗਾਈਆ। ਉਹਦਾ ਲੇਖਾ ਘੜੀ ਪਲ, ਪਲਕ ਵਿਚ ਆਪਣਾ ਹੁਕਮ ਵਰਤਾਈਆ। ਦੇਣਾ ਪੂਰਾ ਕਰੇ ਬਲ, ਬਾਵਨ ਨਾਲ ਸਲਾਹੀਆ। ਮੇਰਾ ਮੈਨੂੰ ਮਿਲਣਾ ਫਲ, ਫਲੀਭੂਤ ਦੇਣਾ ਬਣਾਈਆ। ਪਰਵਰਦਿਗਾਰ ਨੇ ਵਰਤਣੀ ਆਪਣੀ ਕਲ, ਕਲਧਾਰੀ ਖੇਲ ਖਿਲਾਈਆ। ਸਾਰੀ ਸ੍ਰਿਸ਼ਟੀ ਨਾਲ ਕਰ ਕੇ ਛਲ, ਛਲੀਏ ਆਪਣਾ ਹੁਕਮ ਦੇਣਾ ਵਰਤਾਈਆ। ਚੌਦਾਂ ਤਬਕ ਜਾਣੇ ਹਲ, ਚੌਧਵੀਂ ਸਦੀ ਸੰਗ ਮਿਲਾਈਆ। ਉਮਤੀ ਲੇਖਾ ਹੋਣਾ ਡੂੰਘੀ ਡਲ, ਬਾਹਰ ਸਕੇ ਨਾ ਕੋਇ ਕਢਾਈਆ। ਦਰੋਹੀ ਖ਼ੁਦਾ ਦੀ ਚੜ੍ਹਨਾ ਦਲ, ਅੱਗੇ ਹੋ ਨਾ ਕੋਇ ਅਟਕਾਈਆ। ਮੈਂ ਵੀ ਉਸ
❋
❋
ਦੇ ਨਾਲ ਜਾਣਾ ਰਲ, ਰਲ ਮਿਲ ਆਪਣਾ ਰੰਗ ਵਖਾਈਆ। ਜਿਨ੍ਹਾਂ ਢੋਰਾਂ ਲਾਹੀ ਖੱਲ, ਤਿਨ੍ਹਾਂ ਕਰਨੀ ਅੰਤ ਸਫ਼ਾਈਆ। ਪਰਵਰਦਿਗਾਰ ਵੇਖਣਾ ਖੇਲ ਬੈਠ ਨਿਹਚਲ ਧਾਮ ਅਟਲ, ਦਰਗਹ ਸਾਚੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਅਗੰਮ ਦੀਆਂ ਤਦਬੀਰਾਂ, ਦੂਸਰ ਸਮਝ ਨਾ ਕੋਇ ਸਮਝਾਈਆ।
੧੯ ਅੱਸੂ ਸ਼ਹਿਨਸ਼ਾਹੀ ਸੰਮਤ ੬ ਬਾਊ ਭਗਵਾਨ ਸਿੰਘ ਦੇ ਗ੍ਰਹਿ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ
ਕਲਜੁਗ ਕਹੇ ਖਵਾਜੇ ਉਸ ਨੂੰ ਕਰ ਅਰਦਾਸ, ਅਦਬ ਨਾਲ ਸੀਸ ਝੁਕਾਈਆ। ਜਿਸ ਨੇ ਪੈਗ਼ੰਬਰਾਂ ਵਖਾਈ ਹੱਕ ਮਹਿਰਾਬ, ਮਹਿਬੂਬ ਨੂਰ ਇਲਾਹੀਆ। ਉਸ ਦੀ ਸਿਫ਼ਤਾਂ ਨਾਲ ਅੱਖਰਾਂ ਭਰੀ ਕਿਤਾਬ, ਕਲਮੇ ਨਗ਼ਮਿਆਂ ਵਿਚ ਸੁਣਾਈਆ। ਜਿਸ ਦਾ ਪਿਆਰ ਹਕੀਕੀ ਨਾਲ ਮਜ਼ਾਜ, ਮਿਹਰਵਾਨ ਆਪਣੀ ਧਾਰ ਪਰਗਟਾਈਆ। ਉਸ ਦੇ ਸੀਸ ਤੇ ਸੋਹਣਾ ਤਾਜ, ਤਖ਼ਤ ਨਿਵਾਸੀ ਸੋਭਾ ਪਾਈਆ। ਮੇਰਾ ਕੂੜ ਦਾ ਬਦਲਣਾ ਰਾਜ, ਰਈਅਤ ਵਿਕਾਰ ਦੇਣੀ ਗਵਾਈਆ। ਸਤਿਜੁਗ ਨੂੰ ਬਖ਼ਸ਼ ਕੇ ਸਚ ਖ਼ਤਾਬ, ਸਿਰ ਆਪਣਾ ਹੱਥ ਟਿਕਾਈਆ। ਅੰਮ੍ਰਿਤ ਦੇ ਕੇ ਹਯਾਤੇ ਆਬ, ਆਬਰੂ ਸਭ ਦੀ ਲੈਣੀ ਬਣਾਈਆ। ਨਿਰਗੁਣ ਨੂਰ ਜੋਤ ਬਖ਼ਸ਼ ਮਹਿਤਾਬ, ਨਿਰਾਕਾਰ ਕਰੇ ਰੁਸ਼ਨਾਈਆ। ਦੀਨਾਂ ਮਜ਼੍ਹਬਾਂ ਵਿਚੋਂ ਸਭ ਨੂੰ ਕਰ ਆਜ਼ਾਦ, ਮਾਨਵ ਇਕੋ ਘਰ ਵਸਾਈਆ। ਹਉਮੇ ਹੰਗਤਾ ਕਰ ਬਰਬਾਦ, ਜੜ੍ਹ ਡੂੰਘੀ ਦਏ ਉਖੜਾਈਆ। ਜੋ ਝਗੜਾ ਕਾਗ਼ਜ਼ਾਤ, ਅੱਖਰ ਅੱਖਰਾਂ ਨਾਲ ਲੜਾਈਆ। ਸਭ ਦਾ ਲਹਿਣਾ ਕਰੇ ਸਾਫ਼, ਪੂਰਬ ਨਜ਼ਰ ਕੋਇ ਨਾ ਆਈਆ। ਮੇਰੀ ਕਰਨੀ ਕਰੇ ਮੁਆਫ਼, ਸਿਰ ਮੇਰੇ ਹੱਥ ਟਿਕਾਈਆ। ਕਿਸੇ ਨੂੰ ਰਹਿਣ ਨਾ ਦੇਵੇ ਗੁਸਤਾਖ਼, ਗਿਲੇ ਸਭ ਦੇ ਮੇਟ ਮਿਟਾਈਆ। ਜਿਸ ਦੀ ਅਵਤਾਰ ਪੈਗ਼ੰਬਰ ਗੁਰੂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣੇ ਸ਼ਾਖ਼, ਸ਼ਨਾਖ਼ਤ ਸਭ ਦੀ ਆਪਣੇ ਹੱਥ ਰਖਾਈਆ। ਜਨ ਭਗਤਾਂ ਦੇ ਧਰਮ ਧਰਵਾਸ, ਧੁਰ ਦੀ ਧਾਰ ਇਕ ਦ੍ਰਿੜਾਈਆ। ਇਕੋ ਮੰਨਣਾ ਪੁਰਖ ਅਬਿਨਾਸ਼, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਖਵਾਜਾ ਕਹੇ ਵਾਹ ਮੇਰੇ ਸਾਹਿਬ ਸ਼ਾਬਾਸ਼, ਧੁਰ ਦੇ ਮਾਲਕ ਤੇਰੀ ਬੇਪਰਵਾਹੀਆ। ਮੈਂ ਚਾਹੁੰਦਾ ਮਾਲਵਾ ਸੰਗਤ ਮੇਰੇ ਲਈ ਲਿਆਵੇ ਸੋਹਣਾ ਇਕ ਗਿਲਾਸ, ਖਵਾਜਾ ਖਿਜ਼ਰ ਵਾਸਤਾ ਪਾ ਕੇ ਮੰਗ ਮੰਗਾਈਆ। ਨਾਲ ਪੰਜਾਂ ਦਰਬਾਰੀਆਂ ਕੋਲ ਦਹਿਲੇ ਤੋਂ ਲੈ ਕੇ ਕਿੰਗ ਤਕ ਪੱਤੇ ਹੋਣ ਤਾਸ਼, ਸੱਜੇ ਹੱਥ ਉਠਾਈਆ। ਫੇਰ ਦੱਸਾਂ ਮੇਰੀ ਕਿਸ ਬਿਧ ਬੁਝੇ ਪਿਆਸ, ਤ੍ਰਿਸ਼ਨਾ ਜਗਤ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਖਵਾਜਾ ਕਹੇ ਕਲ ਆਉਣੀ ਅੰਧੇਰ ਆਂਧੀ, ਅੰਧਲਾ ਰੂਪ ਦਰਸਾਈਆ। ਸ੍ਰਿਸ਼ਟੀ ਹੋਣੀ ਥੱਕੀ ਮਾਂਦੀ, ਬਲਹੀਣ ਲੋਕਾਈਆ। ਸਭ ਦੀ ਪਤ ਹੋਣੀ ਜਾਂਦੀ, ਬਿਨਾ ਸਾਹਿਬ ਨਾ ਕੋਇ ਸਹਾਈਆ। ਕਲਜੁਗ ਅੱਖ ਹੋਵੇ ਸ਼ਰਮਾਂਦੀ, ਨੇਤਰ ਨੈਣ ਨਾ ਕੋਇ ਵਡਿਆਈਆ। ਮੇਰਾ ਗਿਲਾਸ ਬਣਿਆ ਹੋਵੇ ਚਾਂਦੀ, ਪਿੱਤਲ ਰੂਪ ਨਾ ਕੋਇ ਬਦਲਾਈਆ। ਮੈਨੂੰ ਮੁਹੰਮਦ ਆਸ਼ਾ ਆਂਹਦੀ, ਕਹਿ ਕੇ ਰਹੀ ਸੁਣਾਈਆ। ਸਦੀ
❋
❋
ਚੌਧਵੀਂ ਗਾਂਦੀ, ਸੋਹਣਾ ਰਾਗ ਦ੍ਰਿੜਾਈਆ। ਕਾਲਾ ਲਬਾਸ ਹੋਵੇ ਜਿਹੜੀ ਸਦੀ ਚੌਧਵੀਂ ਦੀ ਬਾਂਦੀ, ਜੋਗਿੰਦਰ ਜੋਗ ਰੂਪ ਦ੍ਰਿੜਾਈਆ। ਨੌਂ ਰੰਗ ਦੀ ਹੋਵੇ ਪਰਾਂਦੀ, ਧਾਰ ਵੱਖ ਵੱਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੁਕਮ ਸੰਦੇਸ਼ਾ ਦੇਵੇ ਮਾਲਵੇ ਵਾਲਿਆਂ ਇਕ ਮੂਰਤ ਲਿਆਉਣੀ ਢਾਂਡੀ, ਜਿਸ ਦੀ ਖੱਲ ਨਾ ਕੋਇ ਲੁਹਾਈਆ।
੧੯ ਅੱਸੂ ਸ਼ਹਿਨਸ਼ਾਹੀ ਸੰਮਤ ੬ ਬੀਬੀ ਭਗਵਾਨ ਕੌਰ ਦੇ ਘਰ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ
ਕਲਜੁਗ ਕਹੇ ਖਵਾਜੇ ਮੇਰੀ ਧਾਰ ਵਿਚ ਮਾਰ ਚੁਭੀ, ਗੋਤਾ ਇਕ ਲਗਾਈਆ। ਜਾਂ ਤੱਕਿਆ ਉਮਤ ਸਾਰੀ ਵਿਚ ਖੁਭੀ, ਬਾਹਰ ਸਕੇ ਨਾ ਕੋਇ ਕਢਾਈਆ। ਖਵਾਜਾ ਰੋਇਆ ਭੁੱਬੀਂ ਭੁੱਬੀਂ, ਉਚੀ ਕੂਕ ਕੂਕ ਸੁਣਾਈਆ। ਬਹੁੜੀ ਮੁਹੰਮਦ ਸ਼ਰਅ ਜਾਂਦੀ ਡੁੱਬੀ, ਅੱਗੇ ਹੋ ਨਾ ਕੋਇ ਬਚਾਈਆ। ਕਲਜੁਗ ਕਹੇ ਮੈਂ ਖ਼ੁਸ਼ੀ ਵਿਚ ਪਾਈ ਲੁੱਡੀ, ਨੱਚ ਟੱਪ ਕੇ ਦਿਤਾ ਵਖਾਈਆ। ਉਹ ਵੇਖ ਮੇਰੀ ਅਸਮਾਨਾਂ ਚੜ੍ਹੀ ਗੁੱਡੀ, ਡੋਰੀ ਸਕੇ ਨਾ ਕੋਇ ਤੁੜਾਈਆ। ਮੈਂ ਸਭ ਦੀ ਭਰਿਸ਼ਟ ਕੀਤੀ ਬੁੱਧੀ, ਦਾਨਸ਼ਮੰਦ ਨਾ ਕੋਇ ਅਖਵਾਈਆ। ਸ਼ਰਅ ਦੀ ਵਸਣ ਨਹੀਂ ਦੇਣੀ ਝੁੱਗੀ, ਝੁੱਗੇ ਦੇਣੇ ਢਾਹੀਆ। ਮੇਰੇ ਮਾਲਕ ਦੀ ਧਾਰ ਹੋਈ ਉਘੀ, ਉਗਣ ਆਥਣ ਵੱਜੇ ਵਧਾਈਆ। ਰਸ ਰਹਿਣ ਨਹੀਂ ਦੇਣਾ ਦੁੱਧੀ, ਸੀਰ ਸ਼ੀਰ ਦੇਣਾ ਬਦਲਾਈਆ। ਮੇਰੀ ਆਸ਼ਾ ਪੁਰਾਣੀ ਬੁੱਢੀ, ਜੋਬਨ ਰੰਗ ਨਾ ਕੋਇ ਹੰਢਾਈਆ। ਅੱਗੇ ਧਾਰ ਰਹਿਣੀ ਨਹੀਂ ਦੂਜੀ, ਇਕੋ ਰੂਪ ਦਏ ਦਰਸਾਈਆ। ਪ੍ਰਭ ਦੀ ਧਾਰ ਖੇਲ ਰਹਿਣੀ ਨਹੀਂ ਗੁੱਝੀ, ਪੜਦਾ ਓਹਲਾ ਦਏ ਉਠਾਈਆ। ਮੈਂ ਕੂਕ ਪੁਕਾਰਾਂ ਉਚੀ, ਜ਼ੋਰ ਜ਼ੋਰ ਸੁਣਾਈਆ। ਆਪਣੀ ਕਲਪਨਾ ਸਾਰੇ ਕਰ ਲਓ ਸੁੱਚੀ, ਸੰਜਮ ਧੁਰ ਦਾ ਨਾਲ ਮਿਲਾਈਆ। ਮੇਰੀ ਅੰਤਮ ਪੂਰੀ ਹੋਣੀ ਬੁਤੀ, ਬੁਤਖ਼ਾਨੇ ਦੇਣ ਦੁਹਾਈਆ। ਕਲਜੁਗ ਕਹੇ ਸਭ ਦੀ ਜੜ੍ਹ ਜਾਣੀ ਪੁੱਟੀ, ਜਗਤ ਵਹਿਣ ਵਿਚ ਰੁੜ੍ਹਾਈਆ। ਖਵਾਜੇ ਤੇਰੀ ਤ੍ਰਿਸ਼ਨਾ ਜਾਣੀ ਲੁੱਟੀ, ਲੁਟੇਰਾ ਬਣਨਾ ਧੁਰ ਦਾ ਮਾਹੀਆ। ਅੰਤ ਪ੍ਰੀਤੀ ਉਹ ਵੇਖ ਟੁੱਟੀ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਕਲਜੁਗ ਕਹੇ ਮੇਰੀ ਆਸਾ ਜੋ ਮਾਲਵੇ ਵਾਲੇ ਸੱਤ ਰੰਗ ਦਾ ਗਾਨਾ ਬੰਨ੍ਹ ਕੇ ਆਵਣ ਗੁੱਟੀ, ਸੱਜੇ ਹੱਥ ਨਾਲ ਛੁਹਾਈਆ। ਚੌਦਾਂ ਗੁਰਮੁਖਾਂ ਇਕ ਰੂਪ ਦੀ ਪਹਿਨੀ ਹੋਵੇ ਜੁੱਤੀ, ਇਕੋ ਰੰਗ ਰੰਗਾਈਆ। ਚੌਦਾਂ ਬੀਬੀਆਂ ਲਾਲ ਰੰਗ ਚਾੜ੍ਹਿਆ ਹੋਵੇ ਬੁੱਟੀਂ, ਚੌਦਾਂ ਤਬਕ ਹਾਲ ਦੁਹਾਈਆ। ਇਕ ਗੁਰਮੁਖ ਕੂਕ ਪੁਕਾਰੇ ਬਹੁੜੀ ਸ੍ਰਿਸ਼ਟੀ ਗਈ ਲੁੱਟੀ, ਲੁਟੇਰਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕਹੇ ਮੇਰੀ ਪੂਰ ਕਰਾਵੇ ਖ਼ੁਸ਼ੀ, ਖ਼ੁਸ਼ਹਾਲੀ ਵਿਚ ਆਪਣੀ ਦਇਆ ਕਮਾਈਆ।
੧੯ ਅੱਸੂ ਸ਼ਹਿਨਸ਼ਾਹੀ ਸੰਮਤ ੬ ਮੰਗਲ ਸਿੰਘ ਦੇ ਘਰ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ
ਖਵਾਜਾ ਕਹੇ ਗੋਬਿੰਦ ਸੰਦੇਸ਼ਾ ਦਿਤਾ ਅੱਬਲ, ਅੱਵਲ ਇਕ ਜਣਾਈਆ। ਪੁਰਖ ਅਕਾਲ ਨੇ ਕਲਜੁਗ ਦੇਣਾ ਬਦਲ, ਬਦੀ ਦਾ ਡੇਰਾ ਢਾਹੀਆ।
❋
❋
ਧੁਰ ਇਨਸਾਫ਼ ਕਰੇ ਅਦਲ, ਅਦਾਲਤ ਇਕ ਲਗਾਈਆ। ਸ਼ਰਅ ਮਕਤੂਲ ਰਹੇ ਨਾ ਕਤਲ, ਕਤਲਗਾਹ ਨਾ ਦਿਸੇ ਲੋਕਾਈਆ। ਨਿਰਗੁਣ ਧਾਰ ਪਰਗਟ ਹੋਵੇ ਵਿਚ ਸੰਬਲ, ਸੰਭਲ ਆਪਣਾ ਖੇਲ ਖਿਲਾਈਆ। ਉਸ ਵੇਲੇ ਅੰਬਾਲੇ ਵਾਲਿਆਂ ਲਿਆਉਣਾ ਇਕ ਕੰਬਲ, ਦੋ ਦੋ ਧਾਰ ਦਾ ਰੰਗ ਰੰਗਾਈਆ। ਨਾਲ ਹਿੱਸਾ ਪਾਵਣ ਜਿਹੜੇ ਗੁਰਮੁਖ ਰਹਿੰਦੇ ਵਿਚ ਚੰਬਲ, ਚਾਰ ਜੁਗ ਦਾ ਲੇਖ ਦ੍ਰਿੜਾਈਆ। ਖਵਾਜਾ ਕਹੇ ਮੈਂ ਭੈ ਵਿਚ ਲੱਗਾ ਕੰਬਣ, ਥਰਥਰਾਹਟ ਵਿਚ ਦੁਹਾਈਆ। ਬਹੁੜੀ ਜਿਹੜੇ ਚੌਦਾਂ ਗੁਰਮੁਖਾਂ ਲਿਆਉਣਾ ਸੰਮਣ, ਵਰੰਟ ਚੌਦਾਂ ਲੋਕ ਕਢਾਈਆ। ਜੇਹੜਾ ਰੂਪ ਬਣਾਉਣਾ ਦੁਸ਼ਟ ਦਮਨ, ਦਾਮਨਗੀਰ ਪੜਦਾ ਆਪ ਉਠਾਈਆ। ਮੁਹੰਮਦ ਦਾ ਗੁਲਸ਼ਨ ਬਗੀਚਾ ਉਜੜਨਾ ਚਮਨ, ਉਮਤ ਮਹਿਕ ਨਾ ਕੋਇ ਮਹਿਕਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਧੁਰ ਦਾ ਹੁਕਮ ਮੰਨਣ, ਸਿਰ ਸਕੇ ਨਾ ਕੋਇ ਉਠਾਈਆ। ਖਵਾਜਾ ਕਹੇ ਮੈਂ ਸੰਦੇਸ਼ਾ ਸੁਣਿਆ ਕੰਨਨ, ਜੋ ਗੋਬਿੰਦ ਗੋਬਿੰਦ ਗਿਆ ਜਣਾਈਆ। ਬਿਨਾ ਪੁਰਖ ਅਕਾਲ ਤੋਂ ਅੰਤ ਹੋਣਾ ਨਹੀਂ ਅਮਨ, ਸਾਂਤਕ ਸਤਿ ਨਾ ਕੋਇ ਵਰਤਾਈਆ। ਸ਼ੰਕਰ ਜੋ ਘੜਿਆ ਆਵੇ ਭੰਨਣ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਤ੍ਰਿਸ਼ਨਾ ਮੇਟੇ ਤਮਨ, ਤਾਮਸ ਵਿਚ ਤ੍ਰਿਖਾ ਨਾ ਕੋਇ ਵਧਾਈਆ।
੧੯ ਅੱਸੂ ਸ਼ਹਿਨਸ਼ਾਹੀ ਸੰਮਤ ੬ ਨਾਜ਼ਰ ਸਿੰਘ ਦੇ ਘਰ ਪਿੰਡ ਪਖੋਵਾਲ ਜ਼ਿਲਾ ਲੁਧਿਆਣਾ
ਕਲਜੁਗ ਕਹੇ ਖਵਾਜੇ ਮੈਂ ਧੁਰ ਦਾ ਗ਼ੁਲਾਮ, ਗ਼ੁਲਾਮੀ ਵਿਚ ਸੇਵ ਕਮਾਈਆ। ਉਠ ਸੁਣ ਪੈਗ਼ੰਬਰਾਂ ਵਾਲੀ ਕਲਾਮ, ਜੋ ਕਲਮਾ ਕਾਇਨਾਤ ਗਏ ਦ੍ਰਿੜਾਈਆ। ਜੋ ਹਜ਼ਰਤ ਈਸਾ ਮੂਸਾ ਦਿਤਾ ਪੈਗ਼ਾਮ, ਸੰਦੇਸ਼ਾ ਧੁਰ ਅਲਾਹੀਆ। ਸਦੀ ਚੌਧਵੀਂ ਪਰਗਟ ਹੋਵੇ ਇਕ ਅਮਾਮ, ਮਹਿੰਦੀ ਮਹਿਬੂਬ ਧੁਰਦਰਗਾਹੀਆ। ਜਿਸ ਨੇ ਸ਼ਰਅ ਦਾ ਝਗੜਾ ਮੇਟਣਾ ਤਮਾਮ, ਤਮਾਂ ਦਾ ਰੋਗ ਗਵਾਈਆ। ਮਾਰਗ ਦੱਸਣਾ ਜਗਤ ਅਵਾਮ, ਆਮ ਪੜਦਾ ਦੇਣਾ ਉਠਾਈਆ। ਨੌਂ ਖੰਡ ਪ੍ਰਿਥਮੀ ਜਪਾਉਣਾ ਏਕੋ ਨਾਮ, ਸਿਖਿਆ ਇਕ ਸਮਝਾਈਆ। ਸਾਰੀ ਦੀਨ ਦੁਨੀ ਹੋਣੀ ਹੈਰਾਨ, ਹੈਰਤ ਵਿਚ ਜਗਤ ਲੋਕਾਈਆ। ਮੇਰਾ ਕੂੜ ਦਾ ਮੇਟਣਾ ਨਿਸ਼ਾਨ, ਨਿਸ਼ਾਨਾ ਧਰਮ ਵਾਲਾ ਝੁਲਾਈਆ। ਕਲ ਕਲਕੀ ਪਰਗਟ ਹੋ ਬਲਵਾਨ, ਬਲ ਆਪਣਾ ਆਪ ਸਮਝਾਈਆ। ਮੇਰਾ ਜਗਣ ਨਹੀਂ ਦੇਣਾ ਕੂੜ ਵਾਲਾ ਸ਼ਮਾਂਦਾਨ, ਦੀਵਾ ਗੁੱਲ ਦਏ ਕਰਾਈਆ। ਮੇਰਾ ਅੰਤਰ ਹੋਇਆ ਪਰੇਸ਼ਾਨ, ਪਰੇਸ਼ਾਨੀ ਵਿਚ ਕੁਰਲਾਈਆ। ਕੀ ਖੇਲ ਕਰੇ ਸ੍ਰੀ ਭਗਵਾਨ, ਭਗਵਨ ਆਪਣਾ ਹੁਕਮ ਵਰਤਾਈਆ। ਜੋ ਮੇਰੀ ਕਰਨੀ ਹੋਈ ਬਦਨਾਮ, ਕਿਸ ਬਿਧ ਬਦੀ ਦਾ ਡੇਰਾ ਢਾਹੀਆ। ਝਗੜਾ ਮੁਕਾਵੇ ਕਾਇਆ ਮਾਟੀ ਚਾਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਸਭ ਦਾ ਇਕੋ ਕਰ ਕੇ ਧਰਮ ਧਾਰ ਮੁਕਾਮ, ਮੁਕਾਮੇ ਹੱਕ ਦਏ ਸਮਝਾਈਆ। ਅੰਧ ਅੰਧੇਰੀ ਮੇਟ ਕੇ ਸ਼ਾਮ, ਸਤਿਜੁਗ ਸਚ ਕਰੇ ਰੁਸ਼ਨਾਈਆ। ਜਿਸ ਸੰਬਲ ਵਸਾਉਣਾ ਇਕ ਗਰਾਮ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜੋਤੀ ਧਾਰ ਸ਼ਬਦ ਸੁਣਾਉਣਾ ਅਗੰਮਾ ਗਾਣ, ਧੁਰ ਦੀ ਆਵਾਜ਼ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਕਲਜੁਗ ਕਹੇ ਖਵਾਜੇ ਖੇਲ ਹੋਣਾ ਅਗੰਮੀ ਨੂਰ,
❋
❋
ਅਵਤਾਰ ਪੈਗ਼ੰਬਰ ਗੁਰੂ ਗਏ ਜਣਾਈਆ। ਜਿਸ ਦਾ ਜਲਵਾ ਤਕਣਾ ਜ਼ਾਹਰ ਜ਼ਹੂਰ, ਜ਼ਾਹਿਰਾ ਆਪਣਾ ਆਪ ਪਰਗਟਾਈਆ। ਜਿਸ ਨੂੰ ਮੂਸਾ ਤੱਕਿਆ ਉਪਰ ਕੋਹਤੂਰ, ਉਹ ਤੁਰੀਆ ਤੋਂ ਬਾਹਰ ਦਏ ਸਮਝਾਈਆ। ਕਲਜੁਗ ਪਰਗਟ ਹੋਏ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਈਆ। ਉਹ ਮਾਲਕ ਸਰਬ ਕਲਾ ਭਰਪੂਰ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਨੇ ਕੂੜੀ ਕਿਰਿਆ ਤੋੜਨਾ ਗੜ੍ਹ ਗ਼ਰੂਰ, ਹੰਕਾਰ ਰਹਿਣ ਕੋਇ ਨਾ ਪਾਈਆ। ਮਨੂਆ ਮਨ ਨਾ ਕਰੇ ਫ਼ਤੂਰ, ਫ਼ਤਵਾ ਲਾਵੇ ਖ਼ਲਕ ਖ਼ੁਦਾਈਆ। ਸਭ ਦਾ ਬਣ ਕੇ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਲਹਿਣਾ ਦਏ ਚੁਕਾਈਆ। ਜਿਸ ਨੂੰ ਕਹਿੰਦੇ ਵਸਿਆ ਦੂਰ, ਘਰ ਘਰ ਅੰਦਰ ਪੜਦਾ ਦਏ ਉਠਾਈਆ। ਲੇਖਾ ਵੇਖੇ ਚਤੁਰ ਸਿਆਣੇ ਮੂਰਖ ਮੂੜ੍ਹ, ਅੰਤਰਜਾਮੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕਹੇ ਮੇਰਾ ਨਾਤਾ ਤੋੜੇ ਕੂੜੋ ਕੂੜ, ਸਤਿਜੁਗ ਸਤਿ ਸਚ ਸਚ ਵਰਤਾਈਆ।
੧੯ ਅੱਸੂ ਸ਼ਹਿਨਸ਼ਾਹੀ ਸੰਮਤ ੬ ਅਮਰੀਕ ਸਿੰਘ ਦੇ ਘਰ ਪਿੰਡ ਭੈਣੀ ਜ਼ਿਲਾ ਲੁਧਿਆਣਾ
ਕਲਜੁਗ ਕਹੇ ਖਵਾਜੇ ਤਕ ਲੈ ਅਗਲਾ ਖ਼ੁਆਬ, ਸੁਫ਼ਨ ਵਿਚ ਦਰਸਾਈਆ। ਮੁਹੰਮਦ ਬੈਠਾ ਹੋਇਆ ਬੇਤਾਬ, ਤਾਬਿਆਦਾਰੀ ਵਿਚ ਨਾ ਕੋਇ ਲੋਕਾਈਆ। ਖ਼ਾਲੀ ਕਾਅਬਾ ਦਿਸੇ ਮਹਿਰਾਬ, ਮਹਿਬੂਬ ਨੂਰ ਨਾ ਕੋਇ ਚਮਕਾਈਆ। ਨਜ਼ਰ ਆਏ ਨਾ ਕੋਇ ਅਹਿਬਾਬ, ਚਾਰ ਯਾਰੀ ਨਾ ਸੰਗ ਰਖਾਈਆ। ਤੀਸ ਬਤੀਸਾ ਫੜ ਕਿਤਾਬ, ਹਦੀਸਾ ਰਿਹਾ ਦੁਹਰਾਈਆ। ਕੀ ਖੇਲ ਕਰੇ ਮੇਰਾ ਸ਼ਹਿਨਸ਼ਾਹ ਨਵਾਬ, ਨੌਬਤ ਕੀ ਵਜਾਈਆ। ਕਿਸ ਬਿਧ ਲੇਖਾ ਪੂਰਾ ਹੋਵੇ ਜੋ ਨਾਨਕ ਦੱਸ ਕੇ ਆਇਆ ਬਗਦਾਦ, ਬਗਲੀਆਂ ਗਲ ਵਿਚ ਲਟਕਾਈਆ। ਕਿਸ ਬਿਧ ਉਮਤ ਉਮਤੀ ਬਦਲ ਦੇਵੇ ਸਮਾਜ, ਸਮਗਰੀ ਇਕ ਵਰਤਾਈਆ। ਸੀਸ ਤੇ ਰਹਿਣਾ ਨਹੀਂ ਕੋਈ ਤਾਜ, ਤਖ਼ਤ ਨਿਵਾਸੀ ਆਪਣਾ ਹੁਕਮ ਵਰਤਾਈਆ। ਕੀ ਖੇਲ ਹੋਣਾ ਸਦੀ ਚੌਧਵੀਂ ਬਾਦ, ਬਦਲਾ ਕਿਵੇਂ ਚੁਕਾਈਆ। ਕਿਸੇ ਨੂੰ ਲੱਭਣਾ ਨਹੀਂ ਆਬ, ਚਾਰੋਂ ਕੁੰਟ ਕੁੰਟ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਕਲਜੁਗ ਕਹੇ ਖਵਾਜੇ ਤਕ ਲੈ ਇਕ ਮੁਬੀਨ, ਅੱਲਾ ਅਲਾਹ ਨੂਰ ਇਲਾਹੀਆ। ਜਿਸ ਨੂੰ ਕਹਿੰਦੇ ਸਾਰੇ ਆਮੀਨ, ਅਮਲਾਂ ਤੋਂ ਬਾਹਰ ਨੂਰ ਖ਼ੁਦਾਈਆ। ਜਿਸ ਨੇ ਅਲਿਫ਼ ਯੇ ਦਿਤੀ ਤਾਲੀਮ, ਨਗ਼ਮਿਆਂ ਵਿਚ ਕੀਤੀ ਸ਼ਨਵਾਈਆ। ਉਹ ਮਾਲਕ ਇਕ ਕਦੀਮ, ਕੁਦਰਤ ਦਾ ਮਾਲਕ ਧੁਰਦਰਗਾਹੀਆ। ਜਿਸ ਨੇ ਦੀਨ ਮਜ਼੍ਹਬ ਕੀਤੀ ਤਕਸੀਮ, ਮਾਨਵ ਇਨਸਾਨ ਵੰਡ ਵੰਡਾਈਆ। ਉਹ ਸਭ ਨੂੰ ਕਰੇ ਯਤੀਮ, ਯਦੀ ਆਪਣਾ ਹੁਕਮ ਸੁਣਾਈਆ। ਕਰ ਕਿਰਪਾ ਕਰੇ ਜਗਤ ਤਰਮੀਮ, ਤਰਕੀਬ ਆਪਣੀ ਇਕ ਦ੍ਰਿੜਾਈਆ। ਜਿਸ ਦਾ ਲੇਖਾ ਸਮਝੇ ਨਾ ਕੋਇ ਤਬੀਬ, ਤਬੀਅਤ ਦੀਨ ਦੁਨੀ ਬਦਲਾਈਆ। ਇਹ ਹੁਕਮ ਵਰਤਣਾ ਅਜੀਬ, ਅਜਬ ਨਿਰਾਲਾ ਆਪ ਵਰਤਾਈਆ। ਲੇਖਾ ਰਹਿਣਾ ਨਹੀਂ ਈਦ ਬਕਰੀਦ, ਬਈਦ ਸਈਦ ਸੱਯਦਾ ਸੀਸ ਨਾ ਕੋਇ ਝੁਕਾਈਆ। ਪੈਗ਼ੰਬਰਾਂ ਬੱਧੇ ਨਹੀਂ ਰਹਿਣੇ ਤਾਵੀਜ਼, ਮਣਕੇ ਗਲ ਨਾ ਕੋਇ ਲਟਕਾਈਆ। ਹਜ਼ਰਤਾਂ ਰਹੇ ਨਾ ਕੋਇ ਤੌਫ਼ੀਕ, ਤੋਬਾ ਤੋਬਾ ਕਰੇ ਲੋਕਾਈਆ। ਮੇਰੀ ਆਸਾ
❋
❋
ਮਨਸਾ ਸਦੀ ਚੌਧਵੀਂ ਪੂਰੀ ਹੋਵੇ ਉਮੀਦ, ਖਾਹਿਸ਼ ਆਪਣੀ ਇਕ ਜਣਾਈਆ। ਇਕੋ ਨੂਰ ਇਕੋ ਪ੍ਰਕਾਸ਼ ਤੇ ਇਕੋ ਹੋਵੇ ਈਦ, ਇਬਾਦਤ ਇਕੋ ਇਕ ਜਣਾਈਆ। ਜੋ ਅੱਖਰਾਂ ਵਾਲੀ ਸੱਥਰਾਂ ਵਾਲੀ ਪੱਥਰਾਂ ਵਾਲੀ ਚਾਰ ਜੁਗ ਦੀ ਵਸੀਹਤ, ਸੋ ਵੇਖਣਹਾਰਾ ਵੇਖੇ ਚਾਈਂ ਚਾਈਂਆ। ਸਭ ਦੀ ਜਾਨਣਹਾਰਾ ਅਸਲੀਅਤ, ਅਸਲ ਅਸਲ ਵਿਚੋਂ ਪਰਗਟਾਈਆ। ਜਿਸ ਨੇ ਦੀਨ ਦੁਨੀ ਨੂੰ ਦੇਣੀ ਇਕ ਨਸੀਹਤ, ਹੁਕਮ ਹੁਕਮ ਅਗੰਮ ਜਣਾਈਆ। ਆਤਮ ਪਰਮਾਤਮ ਸਾਂਝੀ ਕਰ ਵਲਦੀਅਤ, ਵਲਦ ਵਾਲਦਾ ਰੂਪ ਪਰਗਟਾਈਆ। ਕੂੜੀ ਰਹਿਣ ਨਾ ਦੇਵੇ ਨੀਅਤ, ਨੇਸਤੋ ਨਾਬੂਦ ਕਰਕੇ ਜੜ੍ਹ ਦਏ ਉਖੜਾਈਆ। ਸਾਚੇ ਨਾਮ ਦੀ ਪਾਵੇ ਕੀਮਤ, ਕੁਦਰਤ ਦਾ ਮਾਲਕ ਆਪਣੀ ਦਇਆ ਕਮਾਈਆ। ਖਵਾਜੇ ਵਕਤ ਸਮਝਣਾ ਗ਼ਨੀਮਤ, ਗ਼ਮਖਾਰ ਕੀ ਆਪਣੀ ਕਾਰ ਕਮਾਈਆ। ਜਿਸ ਦੀ ਪੈਗ਼ੰਬਰ ਰੂਪ ਤ੍ਰੀਆ ਤਰੀਮਤ, ਤ੍ਰੈਗੁਣ ਤਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਕਲਜੁਗ ਕਹੇ ਖਵਾਜੇ ਵੇਖ ਲੈ ਅੱਖਰ ਅਲਿਫ਼, ਨਿਰਗੁਣ ਸਰਗੁਣ ਰੂਪ ਦਰਸਾਈਆ। ਜਿਸ ਦਾ ਮੁਹੰਮਦ ਚੁੱਕਿਆ ਹਲਫ਼, ਸੱਯਦਾ ਸੱਯਦੇ ਵਿਚੋਂ ਜਣਾਈਆ। ਉਹ ਸਭ ਨੂੰ ਕਰਨ ਲੱਗਾ ਬਰਤਰਫ਼, ਯਕ ਤਰਫ਼ ਹੁਕਮ ਸਮਝਾਈਆ। ਸਦੀ ਚੌਧਵੀਂ ਹੋਣੀ ਕਲਮੇ ਵਾਲੀ ਪਰਖ, ਪਾਰਖੂ ਬਣਿਆ ਧੁਰਦਰਗਾਹੀਆ। ਨਾ ਕੋਇ ਸੋਗ ਨਾ ਕੋਇ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਆਪਣੀ ਸ਼ਰਅ ਦੀ ਪੂਰੀ ਕਰਨੀ ਸ਼ਰਤ, ਸ਼ਰੀਅਤ ਦਾ ਲੇਖਾ ਦਏ ਮੁਕਾਈਆ। ਪਰਵਰਦਿਗਾਰ ਦਾ ਹੁਕਮ ਹੁੰਦਾ ਨਹੀਂ ਗ਼ਲਤ, ਗ਼ਲਤੀ ਵਿਚ ਕੂੜ ਲੋਕਾਈਆ। ਜੋ ਖੇਲੇ ਖੇਲ ਲੇਖਾ ਜਾਣੇ ਹਲਤ ਪਲਤ, ਨਿਰਗੁਣ ਸਰਗੁਣ ਬੇਪਰਵਾਹੀਆ। ਉਹ ਵੇਸ ਵਟਾਏ ਜੋਤ ਪਰਗਟਾਏ ਨੂਰ ਰੁਸ਼ਨਾਏ ਘੜੀ ਪਲਕ, ਪਲਕਾਂ ਦਾ ਮਾਲਕ ਅਗੰਮ ਅਥਾਹੀਆ। ਜਿਸ ਨੇ ਖੇਲ ਖੇਲਣਾ ਧਰਨੀ ਧਰਤ ਧਵਲ ਧੌਲ ਅਸਮਾਨਾਂ ਉਪਰ ਫ਼ਲਕ, ਜ਼ਿਮੀਂ ਜ਼ਮਾਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਇਕ ਸਮਝਾਈਆ। ਕਲਜੁਗ ਕਹੇ ਖਵਾਜੇ ਉਹ ਵੇਖ ਨੂਰ ਨੁਰਾਨਾ, ਅਗੰਮ ਅਗੰਮੜਾ ਬੇਪਰਵਾਹੀਆ। ਜਿਸ ਦਾ ਇਕੋ ਇਕ ਨਿਸ਼ਾਨਾ, ਨਿਸ਼ਾਨੇ ਸਾਰੇ ਦਏ ਬਦਲਾਈਆ। ਜਿਸ ਦੀ ਪੈਗ਼ੰਬਰ ਪੜ੍ਹਨ ਕਲਾਮਾ, ਕਾਇਨਾਤ ਸ਼ਨਵਾਈਆ। ਉਹ ਯੋਧਾ ਸੂਰਬੀਰ ਅਮਾਮਾ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਦਾ ਗੋਬਿੰਦ ਸ਼ਬਦ ਇਕ ਦਮਾਮਾ, ਦੋ ਜਹਾਨਾਂ ਕਰੇ ਰੁਸ਼ਨਾਈਆ। ਜਿਸ ਨੂੰ ਝੁਕਦੇ ਕ੍ਰਿਸ਼ਨਾ ਕਾਹਨਾ, ਬੰਸਰੀਆਂ ਧੁੰਨ ਸ਼ਨਵਾਈਆ। ਜਿਸ ਦਾ ਖੇਲ ਨੌਜਵਾਨਾ, ਮਰਦ ਮਰਦਾਨਾ ਆਪਣਾ ਵੇਸ ਵਟਾਈਆ। ਜਿਸ ਨੇ ਸਦੀ ਚੌਧਵੀਂ ਵਰਤਣਾ ਆਪਣਾ ਭਾਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਤਖ਼ਤੋਂ ਲਾਹ ਕੇ ਰਾਜਾ ਰਾਣਾ, ਗ਼ਰੀਬ ਨਿਮਾਣਿਆਂ ਆਪਣਾ ਰੰਗ ਚੜ੍ਹਾਈਆ। ਇਹ ਖੇਲ ਸ੍ਰੀ ਭਗਵਾਨਾ, ਹਰਿ ਭਗਵਨ ਆਪਣੇ ਹੱਥ ਰਖਾਈਆ। ਜਿਸ ਦਾ ਸੰਬਲ ਇਕ ਟਿਕਾਣਾ, ਸੰਭਲ ਆਪਣਾ ਕਦਮ ਟਿਕਾਈਆ। ਜਿਸ ਨੂੰ ਬ੍ਰਾਹਮਣ ਗੌੜ ਕਹੇ ਜਹਾਨਾ, ਸ਼ਾਸਤਰਾਂ ਨਾਲ ਸਾਲਾਹੀਆ। ਉਹ ਮਰਦ ਮਰਦਾਨਾ ਨੌਜਵਾਨਾ, ਨੂਰ ਨੁਰਾਨਾ ਸੋਭਾ ਪਾਈਆ। ਜਿਸ ਦਾ ਮੰਦਰ ਹੱਕ ਹਕੀਕਤ ਸਚਖੰਡ ਟਿਕਾਣਾ, ਦਰਗਹ ਸਾਚੀ ਸੋਭਾ ਪਾਈਆ। ਕਲਜੁਗ ਕਹੇ ਮੈਂ ਉਸ ਦੇ ਦਰ ਨਿਮਾਣਾ, ਨਿਮਰਤਾ ਵਿਚ ਨਿਉਂ ਨਿਉਂ ਸੀਸ ਨਿਵਾਈਆ। ਜਿਸ ਨੇ ਸਤਿਜੁਗ ਸਚ ਮਾਤ ਪਰਗਟਾਣਾ, ਪਰਗਟ ਹੋ ਕੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਮਹਾਨਾ, ਮਹਿੰਮਾ ਅਕਥ ਕਥ ਆਪਣੀ ਆਪ ਸਮਝਾਈਆ।