੧੧ ਫੱਗਣ ਸ਼ਹਿਨਸ਼ਾਹੀ ਸੰਮਤ ੭ ਸੁਰਜੀਤ ਸਿੰਘ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਨਾਰਦ ਕਹੇ ਪ੍ਰਭੂ ਅਬਿਨਾਸ਼ੀ ਅਚੁਤ, ਪਰਮ ਪੁਰਖ ਤੇਰੀ ਸਰਨਾਈਆ। ਮੈਂ ਵੇਖਣ ਆਇਆ ਤੇਰੀ ਸੁਹੰਜਣੀ ਰੁਤ, ਰੁਤੜੀ ਤੇਰੀ ਵੇਖ ਵਖਾਈਆ। ਮੈਂ ਤਕੇ ਭਗਤ ਸੁਹੇਲੇ ਤੇਰੇ ਸੁਤ , ਹਰਿਜਨ ਸਾਚੇ ਸੋਭਾ ਪਾਈਆ। ਜਿਨ੍ਹਾਂ ਦਾ ਪਿਆਰ ਤੇਰੇ ਨਾਲ ਸਦਾ ਵੱਧ ਪੁੱਤ, ਪਿਤਾ
❋
❋
ਪੁਰਖ ਅਕਾਲ ਤੇਰੀ ਸਰਨਾਈਆ। ਸਦੀ ਚੌਧਵੀਂ ਮੌਲੀ ਰੁਤ, ਰੁਤੜੀ ਆਪਣਾ ਰੰਗ ਰੰਗਾਈਆ। ਮੇਰਾ ਸੀਸ ਰਿਹਾ ਝੁਕ, ਕਦਮਾਂ ਵਿਚ ਟਿਕਾਈਆ। ਤੇਰਾ ਨਿਸ਼ਾਨਾ ਨਿਸ਼ਾਨਿਉਂ ਜਾਏ ਨਾ ਉਕ, ਤੀਰ ਨਿਰਾਲਾ ਅਗੰਮ ਅਥਾਹੀਆ। ਮੈਂ ਹੈਰਾਨ ਹੋ ਗਿਆ ਜਿਹੜੇ ਗਾਉਂਦੇ ਸੋਹੰ ਤੁਕ, ਆਤਮ ਪਰਮਾਤਮ ਖ਼ੁਸ਼ੀ ਬਣਾਈਆ। ਇਹੋ ਜੇਹੀ ਕਦੇ ਜਗਤ ਜਹਾਨ ਮਿਲੀ ਨਹੀਂ ਲੁੱਟ, ਲੁਟੇਰਿਓ ਕਿਉਂ ਆਪਣਾ ਨਾਮ ਦਿਤਾ ਲੁਟਾਈਆ। ਭਾਗ ਲਗਾਉਂਦਾ ਜਾਏ ਕਾਇਆ ਬੁਤ, ਬੁਤਖ਼ਾਨਿਆਂ ਕਰੇ ਸਫ਼ਾਈਆ। ਮੇਰੇ ਸਾਹਿਬ ਕੁਛ ਮੈਨੂੰ ਵੀ ਪੁਛ, ਮੈਂ ਖ਼ੁਸ਼ੀ ਨਾਲ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਨਾਰਦ ਕਹੇ ਪ੍ਰਭੂ ਤੇਰਿਆਂ ਭਗਤਾਂ ਦਾ ਤਕਾਂ ਜਨਮ, ਜਨਮ ਤੇਰੇ ਦਰ ਸੋਭਾ ਪਾਈਆ। ਤੂੰ ਮਾਲਕ ਤਰਨੀ ਤਰਨ, ਤਾਰਨਹਾਰ ਇਕ ਅਖਵਾਈਆ। ਤੇਰੇ ਕੋਲੋਂ ਅਵਤਾਰ ਪੈਗ਼ੰਬਰ ਗੁਰੂ ਡਰਨ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਭਗਤ ਸੁਹੇਲੇ ਤੇਰੀ ਮੰਜ਼ਲ ਚੜ੍ਹਨ, ਪਾਂਧੀ ਪਿਛਲਾ ਪੰਧ ਮੁਕਾਈਆ। ਮੈਂ ਕੁਛ ਅਗਲੀ ਸਿਖਿਆ ਆਇਆ ਪੜ੍ਹਨ, ਪੜਦਾ ਅੰਦਰੋਂ ਦੇਣਾ ਉਠਾਈਆ। ਕੀ ਘਾੜਨ ਲੱਗਾ ਘੜਨ, ਘੜਨ ਭੰਨਣਹਾਰ ਕੀ ਆਪਣੀ ਖੇਲ ਖਿਲਾਈਆ। ਮੈਂ ਫੜ ਕੇ ਤੇਰੇ ਚਰਨ, ਧੂੜੀ ਖ਼ਾਕ ਲਵਾਂ ਰਮਾਈਆ। ਕਿਉਂ ਝਗੜਾ ਮੇਟਣ ਲੱਗਾ ਵਰਨ ਬਰਨ, ਜ਼ਾਤ ਪਾਤ ਪੰਧ ਮੁਕਾਈਆ। ਕਿਸ ਬਿਧ ਭਗਤਾਂ ਖੋਲ੍ਹ ਕੇ ਨੇਤਰ ਹਰਨ ਫਰਨ, ਰਾਤੀਂ ਸੁਤਿਆਂ ਦਰਸ ਦਏਂ ਦਿਖਾਈਆ। ਮੈਂ ਤੇਰੇ ਨਾਲ ਆਇਆ ਲੜਨ, ਲੜਾਕਾ ਹੋ ਕੇ ਦਿਆਂ ਜਣਾਈਆ। ਤੇਰਾ ਖੇਲ ਚੋਟੀ ਚੇਤਨ ਜੜ੍ਹਨ, ਜੜ੍ਹ ਚੇਤਨ ਕੀ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਨਾਰਦ ਕਹੇ ਪ੍ਰਭੂ ਤੇਰਿਆਂ ਭਗਤਾਂ ਦਾ ਦਿਵਸ ਦਿਹਾੜਾ, ਸਦਾ ਵੱਜਦੀ ਰਹੇ ਵਧਾਈਆ। ਪਰ ਮੇਰੀ ਇਕੋ ਬੇਨੰਤੀ ਇਕੋ ਹਾੜਾ, ਨਿਵ ਨਿਵ ਕੇ ਸੀਸ ਝੁਕਾਈਆ। ਤੂੰ ਜੁਗ ਚੌਕੜੀ ਕਿਉਂ ਧਰਨੀ ਉਤੇ ਵੇਖੇਂ ਅਖਾੜਾ, ਖੰਡੇ ਖੜਗ ਜਗਤ ਚਮਕਾਈਆ। ਕਿਉਂ ਸਦੀ ਚੌਧਵੀਂ ਅੰਤਮ ਮਾਰਨ ਆ ਗਿਉਂ ਧਾੜਾ, ਧਾੜਵੀ ਹੋ ਕੇ ਆਪਣਾ ਬਲ ਪਰਗਟਾਈਆ। ਤੇਰਾ ਸ਼ਬਦ ਅਗੰਮੀ ਦੋ ਜਹਾਨ ਇਸ਼ਾਰਾ, ਸੈਨਤ ਇਕੋ ਨਾਮ ਰਖਾਈਆ। ਕਲਜੁਗ ਅੰਤਮ ਨਾ ਦਿਸੇ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਤੂੰ ਮਾਲਕ ਖ਼ਾਲਕ ਕੰਤ ਭਤਾਰਾ, ਖ਼ਾਵੰਦ ਖ਼ਸਮ ਇਕ ਅਖਵਾਈਆ। ਤੇਰੇ ਚਰਨ ਕਵਲ ਨਿਮਸਕਾਰਾ, ਨਿਵ ਨਿਵ ਲਾਗਾਂ ਪਾਈਆ। ਮੈਂ ਹੈਰਾਨ ਹੋ ਗਿਆ ਜਨ ਭਗਤਾਂ ਅੰਦਰ ਤੇਰੇ ਪ੍ਰੇਮ ਦੀਆਂ ਬਹਾਰਾਂ, ਖ਼ੁਸ਼ੀਆਂ ਫਲ ਫੁੱਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਪ੍ਰਭੂ ਤੂੰ ਤ੍ਰੈਭਵਣ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਆਦਿ ਜੁਗਾਦੀ ਠਾਂਡਾ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਦਲਣੀ ਰੀਤ, ਰੀਤੀਵਾਨ ਆਪਣੇ ਹੱਥ ਰਖਾਈਆ। ਕਲਜੁਗ ਅੰਤਮ ਸਮਾਂ ਰਿਹਾ ਬੀਤ, ਬੀਤੀ ਕਹਾਣੀ ਕਹਿਣ ਕੋਇ ਨਾ ਪਾਈਆ। ਤੂੰ ਮਾਲਕ ਪ੍ਰਿਤਪਾਲਕ ਏਕੰਕਾਰ ਅਤੀਤ, ਤ੍ਰੈਭਵਣ ਤੇਰੀ ਸਰਨਾਈਆ। ਜਨ ਭਗਤਾਂ ਚਲਾਈ ਸਾਚੀ ਰੀਤ, ਰੀਤੀਵਾਨ ਆਪਣਾ ਰੰਗ ਰੰਗਾਈਆ। ਤੇਰਾ ਭਗਤ ਤੇਰੀ ਧਰਮ ਦੀ ਹੋਵੇ ਨੀਤ, ਨੀਤੀਵਾਨ ਤੇਰੀ ਵਡਿਆਈਆ। ਝਗੜਾ ਰਹੇ ਨਾ ਮੰਦਰ ਮਸੀਤ, ਕਾਇਆ ਕਾਅਬਾ ਇਕ ਦਰਸਾਈਆ। ਲੇਖੇ ਲਾਉਣਾ ਜਨਮ ਜਨਮ ਜਨਮ ਸਿੰਘ ਸੁਰਜੀਤ, ਜੁਝਾਰ ਝੂਜਣ ਦਾ
❋
❋
ਲੇਖਾ ਆਪਣੇ ਹੱਥ ਰਖਾਈਆ। ਭਗਤਾਂ ਭਗਵਨ ਬਖ਼ਸ਼ ਅਗੰਮ ਪ੍ਰੀਤ, ਪ੍ਰੀਤਮ ਮੇਲ ਮਿਲਾਉਣਾ ਚਾਈਂ ਚਾਈਂਆ। ਤੇਰੀ ਸਾਰੇ ਕਰਦੇ ਗਏ ਉਡੀਕ, ਚਾਰ ਕੁੰਟ ਬਿਨ ਅੱਖਾਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਸਦਾ ਵਸਣਾ ਚੀਤ, ਚਿਤ ਠਗੌਰੀ ਰਹਿਣ ਕੋਇ ਨਾ ਪਾਈਆ।
੧੪ ਫੱਗਣ ਸ਼ਹਿਨਸ਼ਾਹੀ ਸੰਮਤ ੭ ਰਣਜੀਤ ਸਿੰਘ, ਮੌਤਾ ਸਿੰਘ ਕਲਸੀਆਂ ਨਵਿਤ, ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਪ੍ਰਭੂ ਕਿਉਂ ਮੇਰਾ ਰੂਪ ਬਣਾਇਆ ਵਾਂਗ ਠੱਗਾਂ, ਠਗੌਰੀ ਜਗਤ ਨਾਲ ਰਖਾਈਆ। ਸਦੀ ਚੌਧਵੀਂ ਘਰ ਘਰ ਲਾਉਂਦਾ ਫਿਰੇਂ ਅੱਗਾਂ, ਕਲਜੁਗ ਕੂੜੀ ਕਿਰਿਆ ਨਾਲ ਮਿਲਾਈਆ। ਜਨ ਭਗਤਾਂ ਸੀਸ ਬੰਨ੍ਹਾ ਕੇ ਪੱਗਾਂ, ਪਗਡੰਡੀਆਂ ਵਿਚੋਂ ਬਾਹਰ ਕਢਾਈਆ। ਦਰਸ਼ਨ ਦੇ ਕੇ ਉਪਰ ਸ਼ਾਹਰਗਾ, ਰਘੁਪਤ ਮੇਲ ਮੇਲਿਆ ਚਾਈਂ ਚਾਈਂਆ। ਕੂੜ ਕਿਰਿਆ ਦੀਆਂ ਮੇਟ ਕੇ ਹੱਦਾਂ, ਹਦੂਦ ਇਕੋ ਦਿਤੀ ਵਖਾਈਆ। ਮੈਂ ਦੋ ਜਹਾਨ ਦੇਵਾਂ ਸੱਦਾ, ਹੋਕਾ ਹੱਕ ਹੱਕ ਦ੍ਰਿੜਾਈਆ। ਪੁਰਖ ਅਕਾਲਾ ਦਿਆਲਾ ਬਿਨਾ ਭਗਤਾਂ ਕਿਸੇ ਨਾ ਲੱਧਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਪਿਆਰ ਮੁਹੱਬਤ ਵਿਚ ਕਿਸੇ ਨਾ ਬੱਧਾ, ਡੋਰੀ ਨਾਮ ਤੰਦ ਨਾ ਕੋਇ ਵਖਾਈਆ। ਦੀਪਕ ਪ੍ਰਕਾਸ਼ ਧਰਨੀ ਧਰਤ ਧਵਲ ਧੌਲ ਉਤੇ ਜਗਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਦੀ ਅਕਲ ਬੁੱਧੀ ਵਿਚ ਕੋਈ ਜਾਣ ਨਾ ਸਕੇ ਵਜਹ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜਿਸ ਨੌ ਖੰਡ ਪ੍ਰਿਥਮੀ ਸੱਤ ਦੀਪ ਦੀ ਬਦਲ ਦੇਣੀ ਤਬਾ, ਤਬੀਅਤ ਦਾ ਤਬੀਬ ਇਕੋ ਨੂਰ ਇਲਾਹੀਆ। ਕੂੜੀ ਕਿਰਿਆ ਸਫ਼ਾ ਮੇਟਣੀ ਸਭਾ, ਮਲੇਛਾਂ ਡੇਰਾ ਢਾਹੀਆ। ਪੀਰ ਪੈਗ਼ੰਬਰਾਂ ਇਕੋ ਤਕਣਾ ਅੱਬਾ, ਅੰਮੀਜਾਨ ਇਕੋ ਨੂਰ ਇਲਾਹੀਆ। ਸਚ ਨਾਮ ਦੀ ਖ਼ੁਮਾਰੀ ਬਖ਼ਸ਼ਣੀ ਮਧਾ, ਮਧੁਰ ਧੁੰਨ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਕੀ ਹਾਲ ਵੇਖੇਂ ਮੁਰੀਦਾਂ, ਮੁਰਸ਼ਦ ਆਪਣੀ ਦਇਆ ਕਮਾਈਆ। ਤੇਰੇ ਪਿਆਰ ਵਿਚ ਮੁਹੱਬਤ ਵਾਲੀਆਂ ਈਦਾਂ, ਈਦੁਲਫ਼ਿਤਰ ਵਾਲੇ ਸਾਰੇ ਸੀਸ ਨਿਵਾਈਆ। ਜਿਨ੍ਹਾਂ ਨੂੰ ਤੇਰੇ ਕਲਮੇ ਕੀਤੀਆਂ ਤਾਕੀਦਾਂ, ਤਾਈਦ ਵਿਚ ਧੁਰ ਦਾ ਹੁਕਮ ਜਣਾਈਆ। ਉਨ੍ਹਾਂ ਦੀਆਂ ਮਨਸਾ ਆਸਾ ਪੂਰੀਆਂ ਕਰ ਉਮੀਦਾਂ, ਤ੍ਰਿਸ਼ਨਾ ਜਗਤ ਵਾਲੀ ਗਵਾਈਆ। ਲੇਖੇ ਲਾਵੀਂ ਜਗਤ ਕੁਰਬਾਨੀਆਂ ਪਾਵੀਂ ਸਾਰ ਸ਼ਹੀਦਾਂ, ਸ਼ਰਅ ਦਾ ਲੇਖਾ ਦੇਣਾ ਮੁਕਾਈਆ। ਮੈਂ ਚਾਰ ਕੁੰਟ ਤਕਾਂ ਲਾ ਕੇ ਨੀਝਾਂ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਮੇਰਾ ਅੰਤਰ ਬਿਨ ਤੇਰੇ ਚਰਨ ਨਾ ਕਦੇ ਪਤੀਜਾ, ਪਤਿਪਰਮੇਸ਼ਵਰ ਤੁਧ ਬਿਨ ਸੀਸ ਨਾ ਕਦੇ ਨਿਵਾਈਆ। ਮੇਰੀ ਆਸ਼ਾ ਸਾਚੇ ਭਗਤਾਂ ਦੀਆਂ ਪੂਰੀਆਂ ਕਰ ਰੀਝਾਂ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਲੋਚਨ ਨੈਣ ਅੱਖ ਪ੍ਰਤਖ ਸਾਹਮਣੇ ਰੱਖ ਦੀਦਾ, ਦਾਨਿਸਤਾ ਦਰਸ ਦੇਣਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋਣਾ ਸਹਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਤੇਰੇ ਵੇਖੇ ਰੰਗ ਅਨੋਖੇ, ਅਚਰਜ ਤੇਰੀ ਵਡ ਵਡਿਆਈਆ। ਚਾਰ ਕੁੰਟ ਚਾਰ ਵਰਨ ਹੋਏ ਧੋਖੇ, ਧਰਮ ਦੀ ਧਾਰ ਨਾ ਕੋਇ ਅਪਨਾਈਆ। ਅੱਖਰਾਂ ਵਾਲੇ ਸ਼ਾਸਤਰ ਸਿਮਰਤ ਪੜ੍ਹੇ
❋
❋
ਪੋਥੇ, ਵੇਦ ਪੁਰਾਨਾਂ ਅੰਜੀਲ ਕੁਰਾਨਾਂ ਧਿਆਨ ਲਗਾਈਆ। ਸਾਚੀ ਮੰਜ਼ਲ ਚੜ੍ਹੇ ਕੋਇ ਨਾ ਤੇਰੇ ਕੋਠੇ, ਕਿਵਾੜੀ ਬੰਦ ਨਾ ਪੜਦਾ ਕੋਇ ਚੁਕਾਈਆ। ਕਾਇਆ ਮਾਟੀ ਖ਼ਾਲੀ ਦਿਸੇ ਲੋਥੇ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਸਦੀ ਚੌਧਵੀਂ ਜੀਵ ਜੰਤ ਹੋ ਗਏ ਥੋਥੇ, ਹੋਛੀ ਮਨਸਾ ਮਨ ਬਣਾਈਆ। ਮੁਹੱਬਤ ਹੋ ਗਈ ਦੋਹਤੇ ਪੋਤੇ, ਪਰਮ ਪੁਰਖ ਤੇਰੀ ਸਾਰ ਕਿਸੇ ਨਾ ਆਈਆ। ਕਲਜੁਗ ਜੀਵ ਜਹਾਨ ਦਿਸਦੇ ਰੋਤੇ, ਰੁੱਸਿਆਂ ਸਕੇ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਤੇਰਾ ਖੇਲ ਆਪਣੇ ਘਰ ਦਾ, ਗ੍ਰਹਿ ਮੰਦਰ ਵੇਖ ਵਖਾਈਆ। ਅਵਤਾਰ ਪੈਗ਼ੰਬਰ ਗੁਰੂ ਫਿਰੇ ਡਰਦਾ, ਸਿਰ ਸਕੇ ਨਾ ਕੋਇ ਉਠਾਈਆ। ਪੈਗ਼ੰਬਰ ਹੋਇਆ ਤੇਰਾ ਬਰਦਾ, ਬੰਧਨ ਪ੍ਰੇਮ ਨਾਲ ਰਖਾਈਆ। ਕਿਉਂ ਨਹੀਂ ਆਪਣੀ ਕਿਰਪਾ ਕਰਦਾ, ਕਰਨਹਾਰ ਤੇਰੇ ਹੱਥ ਵਡਿਆਈਆ। ਤੇਰਾ ਭਗਤ ਸੁਹੇਲਾ ਜਗਤ ਜਹਾਨ ਹੋਵੇ ਤਰਦਾ, ਬੇੜਾ ਅਧਵਿਚਕਾਰ ਨਾ ਕੋਇ ਅਟਕਾਈਆ। ਲੇਖਾ ਪੂਰਾ ਕਰਦੇ ਲਹਿੰਦਾ ਚੜ੍ਹਦਾ, ਚੜ੍ਹਦਿਉਂ ਲਹਿੰਦੇ ਪਏ ਦੁਹਾਈਆ। ਖੇਲ ਤਕਣਾ ਚੋਟੀ ਜੜ੍ਹ ਦਾ, ਚੇਤਨ ਤੇਰੇ ਹੱਥ ਵਡਿਆਈਆ। ਕਿਲਾ ਤੋੜ ਦੇ ਹੰਕਾਰੀ ਗੜ੍ਹ ਦਾ, ਹਉਮੇ ਹੰਗਤਾ ਦੇ ਮਿਟਾਈਆ। ਤੇਰਾ ਪ੍ਰੇਮੀ ਪਿਆਰਾ ਭਗਤ ਗੁਰਮੁਖ ਸੰਤ ਸੂਫ਼ੀ ਤ੍ਰੈਗੁਣ ਵਿਚ ਰਹੇ ਨਾ ਸੜਦਾ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਜਿਧਰ ਵੇਖਾਂ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਢੋਲਾ ਮਾਨਸ ਮਾਨਵ ਮਾਨੁਖ ਹੋਵੇ ਪੜ੍ਹਦਾ, ਜ਼ਨੋ ਮਰਦ ਦਰ ਤੇਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਭੈ ਵਿਚ ਦੋ ਜਹਾਨ ਡਰਦਾ, ਭੈ ਭਿਆਨਕ ਹੋਣਾ ਆਪ ਸਹਾਈਆ।
੧੫ ਫੱਗਣ ਸ਼ਹਿਨਸ਼ਾਹੀ ਸੰਮਤ ੭ ਕੱਲਾ ਹਰਿ ਸੰਗਤ ਨਵਿਤ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਮੁਹੰਮਦ ਕਹੇ ਵਾਹ ਮੇਰੇ ਅਮਾਮ, ਅਮਾਮ ਅਮਾਮਾ ਸੱਯਦਾ ਸੀਸ ਝੁਕਾਈਆ। ਤੇਰਾ ਸੁਣਾਂ ਅਗੰਮ ਪੈਗ਼ਾਮ, ਪੈਗ਼ੰਬਰਾਂ ਤੋਂ ਪਰੇ ਤੇਰੀ ਪੜ੍ਹਾਈਆ। ਸ਼ਰਅ ਦਾ ਰਹਿਣਾ ਨਹੀਂ ਕੋਈ ਗ਼ੁਲਾਮ, ਜ਼ੰਜੀਰ ਬੇਨਜ਼ੀਰ ਦੇਣਾ ਤੁੜਵਾਈਆ। ਸਦੀ ਚੌਧਵੀਂ ਕੂੜੀ ਕਿਰਿਆ ਮੇਟਣੀ ਹਰਾਮ, ਹਰਸ ਹਵਸ ਦੇਣੀ ਗਵਾਈਆ। ਕਲਮੇ ਨੂੰ ਕਰੇ ਨਾ ਕੋਇ ਬਦਨਾਮ, ਕਾਇਨਾਤ ਪੜਦਾ ਦੇਣਾ ਚੁਕਾਈਆ। ਅੰਤ ਸ਼ਰਅ ਸ਼ਰੀਅਤ ਦਾ ਕਰਨਾ ਕਤਲੇਆਮ, ਕਾਤਲ ਮਕਤੂਲ ਪੰਧ ਮੁਕਾਈਆ। ਤੇਰਾ ਖੇਲ ਵੇਖਣਾ ਮਿਹਰਵਾਨ, ਮਹਿਬੂਬ ਤੇਰੀ ਸਰਨਾਈਆ। ਮੈਂ ਦਸਤ ਬਦਸਤ ਮੰਗਾਂ ਦਾਨ, ਚਰਨ ਝੁਕ ਕੇ ਸੱਯਦਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਹ ਸਾਚੀ ਮੰਗ ਮੰਗਾਈਆ। ਮੁਹੰਮਦ ਕਹੇ ਮੇਰੇ ਪਰਵਰਦਿਗਾਰ ਤੇਰੀ ਦਰਗਾਹ ਸਾਚੀ, ਸਚ ਤੇਰੀ ਸਰਨਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਚਮਕਾਈਆ। ਕਲਮਾ ਪੜ੍ਹੇ ਨਾ ਕੋਇ ਸਫ਼ਾਤੀ, ਪਰਦਾਨਸ਼ੀਂ ਪਰਦਾ ਸਕੇ ਨਾ ਕੋਇ ਉਠਾਈਆ। ਖ਼ਾਲਕ ਮਖ਼ਲੂਕ ਸਭ ਦਾ ਬਦਲਿਆ ਅਖਲਾਕੀ, ਖ਼ਾਲਸ ਨਜ਼ਰ ਕੋਇ ਨਾ ਆਈਆ। ਮੈਂ ਤੇਰਾ ਖੇਲ ਤਕਣਾ ਇਤਫ਼ਾਕੀ, ਇਤਫ਼ਾਕੀਆਂ ਆਪਣਾ ਹੁਕਮ ਵਰਤਾਈਆ। ਲਹਿਣਾ ਦੇਣਾ ਪੂਰਾ ਕਰਾ ਬਾਕੀ, ਬਾਕਾਇਦਾ
❋
❋
ਝੋਲੀ ਦੇਣੀ ਭਰਾਈਆ। ਤੂੰ ਮਾਲਕ ਖ਼ਾਲਕ ਚੌਦਾਂ ਤਬਕਾਂ ਸਾਕੀ, ਸਾਖਿਆਤ ਕਰਨੀ ਅਗੰਮ ਰੁਸ਼ਨਾਈਆ। ਨੂਰ ਨੁਰਾਨੇ ਖੋਲ੍ਹਣੀ ਤਾਕੀ, ਤਕਵਾ ਤੇਰੇ ਉਤੇ ਰਖਾਈਆ। ਮੇਰਾ ਵਜੂਦ ਨਾ ਰਿਹਾ ਪੰਜ ਤਤ ਖ਼ਾਕੀ, ਖ਼ਾਕ ਖ਼ਾਕ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਮੁਹੰਮਦ ਕਹੇ ਮੇਰੇ ਮਹਿਬੂਬ, ਮਿਹਰਵਾਨ ਤੇਰੀ ਸਰਨਾਈਆ। ਮੈਂ ਤੇਰਾ ਤਕਾਂ ਇਕ ਆਰੂਜ, ਆਲੀਜਾਹ ਆਲੀਸ਼ਾਨ ਤੇਰੀ ਵਡਿਆਈਆ। ਸਦੀ ਚੌਧਵੀਂ ਮੇਰੀ ਉਮਤ ਕਰ ਮਹਿਫ਼ੂਜ਼, ਸਿਰ ਸਿਰ ਆਪਣਾ ਹੱਥ ਰਖਾਈਆ। ਭੇਵ ਰਹੇ ਨਾ ਏਕਾ ਦੂਜ, ਦੁਤੀਆ ਲੇਖਾ ਦੇਣਾ ਚੁਕਾਈਆ। ਇਕੋ ਦੱਸ ਮੰਜ਼ਲ ਹੱਕ ਮਕਸੂਦ, ਦਰ ਦਵਾਰਾ ਇਕ ਦ੍ਰਿੜਾਈਆ। ਜਿਧਰ ਤਕਾਂ ਚਾਰੋਂ ਕੁੰਟ ਦਿਸੇਂ ਮੌਜੂਦ, ਮੌਜੂਦਾ ਲੇਖਾ ਦੇਣਾ ਚੁਕਾਈਆ। ਮੇਰੀ ਸ਼ਰਅ ਦੀ ਸ਼ਰੀਅਤ ਵਿਚ ਹਦੂਦ, ਚੌਦਾਂ ਤਬਕ ਵੰਡ ਵੰਡਾਈਆ। ਸਦੀ ਚੌਧਵੀਂ ਅੰਤਮ ਹੋਣਾ ਕੂਚ, ਕੂਚਾ ਗਲੀ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋਣਾ ਸਹਾਈਆ। ਪਰਵਰਦਿਗਾਰ ਕਹੇ ਸੁਣ ਮੁਹੰਮਦ ਰਸੂਲ, ਰਸੂਲਲੱਲਾ ਦਿਆਂ ਜਣਾਈਆ। ਧੁਰ ਪੈਗ਼ਾਮ ਕਰ ਕਬੂਲ, ਮਕਬਰਿਆਂ ਬਾਹਰ ਦਿਆਂ ਦ੍ਰਿੜਾਈਆ। ਕਿਸੇ ਦਾ ਲੇਖਾ ਰਹਿਣ ਨਹੀਂ ਦੇਣਾ ਅਰਜ਼ ਤੂਲ, ਹਿੱਸਾ ਵੰਡ ਨਾ ਕੋਇ ਵੰਡਾਈਆ। ਪੇਸ਼ੀਨਗੋਈ ਨਾ ਜਾਣਾ ਭੂਲ, ਅਭੁੱਲ ਰਿਹਾ ਸਮਝਾਈਆ। ਜੋ ਮਦੀਨੇ ਵਿਚ ਕੌਲ ਇਕਰਾਰ ਕੀਤਾ ਮਾਕੂਲ, ਮੁਕੰਮਲ ਦਿਤਾ ਸਮਝਾਈਆ। ਸਦੀ ਚੌਧਵੀਂ ਧਰਨੀ ਉਤੇ ਉਡਣੀ ਧੂਲ, ਧੂੜੀ ਖ਼ਾਕ ਨਾਲ ਮਿਲਾਈਆ। ਗੁਲਸ਼ਨ ਵਿਚ ਨਹੀਂ ਰਹਿਣੇ ਫੂਲ, ਫੁਲਵਾੜੀ ਨਬੀ ਨਾ ਕੋਇ ਮਹਿਕਾਈਆ। ਹੁਕਮ ਵਰਤਣਾ ਇਕੋ ਕੰਤ ਕੰਤੂਹਲ, ਦੋ ਜਹਾਨ ਕਰੇ ਸ਼ਨਵਾਈਆ। ਉਮਤ ਉਮਤੀ ਰਹੇ ਨਾ ਕੋਇ ਮਸ਼ਗ਼ੂਲ, ਮਸ਼ਵਰਾ ਜਗਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪਰਵਰਦਿਗਾਰ ਕਹੇ ਸੁਣ ਮੇਰੇ ਨਬੀ, ਨਬੀ ਨੂਹ ਧਿਆਨ ਲਗਾਈਆ। ਆਪਣਾ ਲੇਖਾ ਤਕ ਸਭੀ, ਸਭਾ ਮਲੇਛਾਂ ਦੇ ਮਿਟਾਈਆ। ਦੋ ਜਹਾਨਾਂ ਬਣ ਕੇ ਤਬੀ, ਤਬੀਅਤ ਸਭ ਦੀ ਫੋਲ ਫੁਲਾਈਆ। ਪਰਗਟ ਹੋ ਕੇ ਨੂਰ ਇਲਾਹੀ ਰੱਬੀ, ਰਹਿਮਤ ਆਪਣੀ ਹੱਕ ਕਮਾਈਆ। ਸ਼ਰਅ ਦਾ ਮੂਲ ਨਾ ਰਹਿਣਾ ਲਬੀ, ਲਾਲਚ ਵਿਚ ਕਦੇ ਨਾ ਆਈਆ। ਪਰਮ ਪੁਰਖ ਦਾ ਹੁਕਮ ਮਿਲਣਾ ਯਦੀ, ਯਥਾਰਥ ਆਪਣਾ ਹੁਕਮ ਸੁਣਾਈਆ। ਜਿਸ ਨੇ ਤੇਰੀ ਜੜ੍ਹ ਲੋਕਮਾਤ ਗੜੀ, ਧਰਨੀ ਧਰਤ ਧਵਲ ਦਿਤੀ ਵਡਿਆਈਆ। ਉਹ ਉਮਤ ਅੰਤਮ ਜਾਣਾ ਛੱਡੀ, ਨਾਤਾ ਤੋੜ ਕੂੜ ਲੋਕਾਈਆ। ਮਕਬਰਿਆਂ ਵਿਚ ਰੋਵੇ ਪਸਲੀ ਹੱਡੀ, ਨਾੜੀ ਨਾੜੀ ਦਏ ਦੁਹਾਈਆ। ਕਵਣ ਵੇਲਾ ਬੀਤੇ ਚੌਧਵੀਂ ਸਦੀ, ਸਦਮੇ ਮਿਟੇ ਜਗਤ ਲੋਕਾਈਆ। ਲੇਖਾ ਰਹੇ ਨਾ ਕੂੜ ਕੁੜਿਆਰ ਬਦੀ, ਮੁਹੰਮਦ ਦਾ ਮੋਹ ਨਾ ਕੋਇ ਹਲਕਾਈਆ। ਇਕੋ ਜੋਤ ਦੋ ਜਹਾਨ ਹੋਵੇ ਜਗੀ, ਨੂਰ ਨੁਰਾਨਾ ਡਗਮਗਾਈਆ। ਜੋ ਸ਼ਾਹ ਪਾਤਸ਼ਾਹ ਸੂਰਾ ਸਰਬਗੀ, ਸ਼ਹਿਨਸ਼ਾਹ ਇਕ ਅਖਵਾਈਆ। ਜੀਵ ਜਗਤ ਵੇਖੇ ਅਲਪਗੀ, ਚਾਰੋਂ ਕੁੰਟ ਖੋਜ ਖੁਜਾਈਆ। ਉਸ ਦਾ ਖੇਲ ਹੋਣਾ ਸਬੱਬੀ, ਭੇਵ ਅਭੇਦ ਸਕੇ ਨਾ ਕੋਇ ਖੁਲ੍ਹਾਈਆ। ਉਸ ਦੀ ਧੁਨ ਹੋਣੀ ਮਧੀ, ਮਧੁਰ ਧੁਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਪਰਵਰਦਿਗਾਰ ਕਹੇ ਸੁਣ ਮੁਹੰਮਦ ਮੇਰੇ ਬੱਚੇ ਨੰਨ੍ਹੇ, ਬਿਨ ਨੈਣਾਂ ਦਿਆਂ
❋
❋
ਜਣਾਈਆ। ਸਭ ਨੇ ਮੇਰੇ ਹੁਕਮ ਮੰਨੇ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰਾ ਅੰਤ ਕਰਨਾ ਗੋਬਿੰਦ ਵਾਲੇ ਇਕੋ ਕੰਨੇ, ਚੌਦਾਂ ਸੌ ਤੀਹ ਅੰਕ ਸੀਸ ਝੁਕਾਈਆ। ਲੇਖਾ ਪੂਰਾ ਹੋਵੇ ਜੱਟ ਧੰਨੇ, ਜੱਟ ਜੱਟਾਂ ਦਏ ਵਡਿਆਈਆ। ਜਿਸ ਚੁਰਾਸੀ ਦੇਣਾ ਡੰਨੇ, ਚਾਰੇ ਖਾਣੀ ਫੋਲ ਫੁਲਾਈਆ। ਉਸ ਦਾ ਵਸੇਰਾ ਕਦੇ ਨਾ ਛੱਪਰ ਛੰਨੇ, ਮਹੱਲ ਅਟਲ ਨਾ ਡੇਰਾ ਲਾਈਆ। ਇਕੋ ਨੂਰ ਪ੍ਰਕਾਸ਼ ਅਗੰਮੇ ਚੰਨੇ, ਚੰਨ ਸੂਰੀਆ ਸਾਰੇ ਸੀਸ ਨਿਵਾਈਆ। ਉਸ ਦੇ ਗਿਣ ਸਕਿਆ ਕੋਇ ਨਾ ਲਮਹੇ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਜੁਗ ਜੁਗ ਬਦਲਦਾ ਆਇਆ ਸਮੇਂ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਜਿਸ ਨੂੰ ਹਰਖ਼ ਸੋਗ਼ ਨਾ ਕੋਇ ਗ਼ਮੇ, ਚਿੰਤਾ ਚਿਖਾ ਨਾ ਕੋਇ ਤਪਾਈਆ। ਉਹ ਲੱਖ ਚੁਰਾਸੀ ਲੇਖਾ ਜਾਣੇ ਦਮੇ, ਸਵਾਸ ਸਵਾਸਾਂ ਖੋਜ ਖੁਜਾਈਆ। ਜਿਸ ਦੇ ਖੇਲ ਹੋਣੇ ਘਨੇ, ਗਹਿਰ ਗੰਭੀਰ ਆਪਣਾ ਹੁਕਮ ਵਰਤਾਈਆ। ਜੋ ਘੜਿਆ ਸੋ ਅੰਤਮ ਭੰਨੇ, ਘੜਨ ਭੰਨਣਹਾਰ ਬੇਪਰਵਾਹੀਆ। ਜਿਸ ਨੇ ਸੂਫ਼ੀ ਸੰਤ ਫ਼ਕੀਰ ਵੇਖਣੇ ਪੰਜ ਤਤ ਤਨੇ, ਤਤ ਕਾਇਆ ਖੋਜ ਖੁਜਾਈਆ। ਹਰਿਜਨ ਨੇਤਰਹੀਣ ਰਹਿਣ ਨਹੀਂ ਦੇਣੇ ਅੰਨ੍ਹੇ, ਨਿਜ ਲੋਚਨ ਨੈਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਮੁਹੰਮਦ ਕਹੇ ਮੇਰੇ ਸਾਹਿਬ ਸੁਲਤਾਨਾ, ਦਰ ਠਾਂਡੇ ਸੀਸ ਨਿਵਾਈਆ। ਕੀ ਖੇਲ ਤੇਰਾ ਵਿਚ ਜਹਾਨਾ, ਜਾਗਰਤ ਜੋਤ ਦੇਣਾ ਦ੍ਰਿੜਾਈਆ। ਕਿਸ ਬਿਧ ਵਰਤੇਂ ਆਪਣਾ ਭਾਣਾ, ਹੁਕਮੇ ਅੰਦਰ ਕਾਰ ਕਮਾਈਆ। ਕੀ ਖੇਲ ਤੇਰਾ ਹੋਣਾ ਧੁਰ ਦੇ ਕਾਹਨਾ, ਰਾਮ ਰਾਮਾ ਕੀ ਚਤੁਰਾਈਆ। ਕਵਣ ਰੂਪ ਹੋਵੇ ਅਮਾਮਾ, ਅਮਲਾਂ ਤੋਂ ਰਹਿਤ ਨੂਰ ਇਲਾਹੀਆ। ਤੇਰੇ ਕਦਮਾਂ ਮੇਰਾ ਸਲਾਮਾ, ਸੱਯਦਾ ਸੀਸ ਝੁਕਾਈਆ। ਤੇਰਾ ਨੂਰ ਜ਼ਹੂਰ ਹੋਵੇ ਬੇਪਹਿਚਾਨਾ, ਪਰਦਾ ਓਹਲਾ ਕਵਣ ਉਠਾਈਆ। ਮੈਂ ਦਰਵੇਸ਼ ਤੇਰਾ ਗ਼ੁਲਾਮਾ, ਦਰ ਠਾਂਡੇ ਮੰਗ ਮੰਗਾਈਆ। ਤੇਰੇ ਕਿਹੜੇ ਗ੍ਰਹਿ ਹੋਵੇ ਕਿਆਮਾ, ਕਵਣ ਕਾਅਬੇ ਕਰੇਂ ਰੁਸ਼ਨਾਈਆ। ਕਵਣ ਨੂਰੇ ਚਸ਼ਮ ਤੇਰਾ ਹੋਵੇ ਨਜ਼ਰਾਨਾ, ਵਾਹਿਦ ਆਪਣਾ ਭੇਵ ਦੇਣਾ ਚੁਕਾਈਆ। ਭੇਵ ਖੋਲ੍ਹ ਮੇਰੇ ਮਿਹਰਵਾਨਾ, ਮਿਹਰ ਤੇਰੀ ਓਟ ਰਖਾਈਆ। ਮੁਹੰਮਦ ਕਹੇ ਮੈਂ ਕਦਮਬੋਸੀ ਕਰਾਂ ਸ਼ਾਹ ਸੁਲਤਾਨਾ, ਬਿਨ ਸੱਯਦੇ ਸੀਸ ਨਿਵਾਈਆ। ਤੇਰਾ ਭੇਵ ਜਾਣੇ ਨਾ ਕੋਇ ਆਲਮ ਉਲਮਾਨਾ, ਉਲਮਾ ਸਮਝ ਸਕੇ ਨਾ ਰਾਈਆ। ਤੁਰੀਆ ਤੋਂ ਪਰੇ ਤੇਰਾ ਤਰਾਨਾ, ਅੱਨਾ ਹੂ ਅੱਲਾ ਹੂ ਤੇਰਾ ਭੇਵ ਕੋਇ ਨਾ ਪਾਈਆ। ਕਿਸ ਬਿਧ ਸਦੀ ਚੌਧਵੀਂ ਅੰਤਮ ਪਹਿਰੇ ਬਾਨਾ, ਵੇਸ ਅਵੇਸਾ ਆਪ ਵਟਾਈਆ। ਜਗਤ ਅੰਧੇਰਾ ਮੇਟੇਂ ਸ਼ਾਮਾਂ, ਸ਼ਮਾਂ ਜੋਤ ਨੂਰ ਕਰੇ ਰੁਸ਼ਨਾਈਆ। ਤੇਰਾ ਗੋਬਿੰਦ ਵਾਲਾ ਵੱਜੇ ਇਕ ਦਮਾਮਾ, ਡੰਕਾ ਦੋ ਜਹਾਨ ਸੁਣਾਈਆ। ਤੂੰ ਹਰ ਘਟ ਅੰਤਰ ਹੋਵੇਂ ਜਾਣੀ ਜਾਣਾ, ਜਾਨਣਹਾਰ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਹ ਸਾਚੀ ਦਰ ਠਾਂਡੇ ਮੰਗ ਮੰਗਾਈਆ। ਮੁਹੰਮਦ ਕਹੇ ਮੇਰੇ ਪਰਵਰਦਿਗਾਰ ਤੇਰੇ ਵਿਚ ਹੱਕ ਤੌਫ਼ੀਕਾ, ਤੇਰੀ ਤਾਰੀਫ਼ ਦੀ ਲੋੜ ਰਹੇ ਨਾ ਰਾਈਆ। ਤੇਰੀ ਆਮਦ ਦੀਆਂ ਉਮੀਦਾਂ, ਸਾਰੇ ਬੈਠੇ ਨੈਣ ਉਠਾਈਆ। ਅਵਤਾਰ ਪੈਗ਼ੰਬਰ ਗੁਰੂ ਕਰਨ ਤਸਦੀਕਾਂ, ਸ਼ਹਾਦਤ ਤੇਰੇ ਨਾਮ ਵਾਲੀ ਭੁਗਤਾਈਆ। ਮਿਹਰਵਾਨਾ ਨੌਜਵਾਨਾ ਮਰਦ ਮਰਦਾਨਾ ਆਪਣਾ ਭੇਵ ਦੱਸ ਪੋਸ਼ੀਦਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਪੈਗ਼ੰਬਰ ਰਸੂਲ ਤੇਰੇ ਅਜ਼ੀਜ਼ਾ, ਤਮੀਜ਼ ਇਕੋ ਇਕ ਦੇਣੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ।
❋
❋
ਪਰਵਰਦਿਗਾਰ ਕਹੇ ਮੁਹੰਮਦ ਸਦੀ ਚੌਧਵੀਂ ਤਕ, ਤਕਵਾ ਇਕ ਰਖਾਈਆ। ਸਭ ਦਾ ਪੂਰਾ ਕਰਾਂ ਹੱਕ, ਹਕੀਕਤ ਵੇਖਾਂ ਥਾਉਂ ਥਾਈਂਆ। ਸ਼ਕੂਕ ਰਹੇ ਨਾ ਸ਼ਿਕਵਾ ਸ਼ੱਕ, ਸ਼ਿਕਵੇ ਸਾਰੇ ਦੇਣੇ ਗਵਾਈਆ। ਨਿਰਗੁਣ ਧਾਰ ਹੋ ਪਰਗਟ, ਪਰਗਣੇ ਵੇਖਾਂ ਚਾਈਂ ਚਾਈਂਆ। ਜੋ ਨਾਮ ਕਲਮੇ ਦੀਨ ਦੁਨੀ ਰਹੀ ਰਟ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਇਹ ਖੇਲ ਪੁਰਖ ਸਮਰਥ, ਸਮਰਥ ਸਵਾਮੀ ਰਿਹਾ ਕਰਾਈਆ। ਜਿਸ ਨੇ ਸਭ ਕੁਛ ਲੈਣਾ ਅੱਗੇ ਆਪਣੇ ਹੱਥ, ਹੁਕਮ ਧੁਰ ਦਾ ਇਕ ਵਰਤਾਈਆ। ਕੂੜੀ ਕਿਰਿਆ ਦੇਵੇ ਮਥ, ਨਾਮ ਮਧਾਣਾ ਇਕ ਹਿਲਾਈਆ। ਝਗੜਾ ਮੇਟ ਕੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਕਰੇ ਸਫ਼ਾਈਆ। ਨੌ ਦਵਾਰੇ ਉਬਲਣ ਨਾ ਦੇਵੇ ਰੱਤ, ਰੱਤੀ ਰੱਤ ਨਾ ਕੋਇ ਤਪਾਈਆ। ਸਤਿ ਸਚ ਦਾ ਬਖ਼ਸ਼ ਕੇ ਤਤ, ਤਤਵ ਤਤ ਦਏ ਸਮਝਾਈਆ। ਚਰਨ ਪ੍ਰੀਤ ਬਖ਼ਸ਼ ਕੇ ਨਤ, ਮੇਲ ਮਿਲਾਏ ਸਹਿਜ ਸੁਭਾਈਆ। ਸਭ ਦੀ ਪੂਰੀ ਕਰੇ ਆਸ, ਤ੍ਰਿਸ਼ਨਾ ਜਗਤ ਰਹੇ ਨਾ ਰਾਈਆ। ਨਿਰਗੁਣ ਨੂਰ ਕਰ ਪ੍ਰਕਾਸ਼, ਜੋਤੀ ਜਾਤਾ ਡਗਮਗਾਈਆ। ਸੰਬਲ ਕਰਕੇ ਆਪਣਾ ਵਾਸ, ਕਾਅਬਾ ਇਕੋ ਇਕ ਜਣਾਈਆ। ਜਿਥੇ ਬਿਨਾ ਪ੍ਰਭੂ ਦੀ ਕਿਰਪਾ ਤੋਂ ਕਰ ਸਕੇ ਨਾ ਕੋਇ ਤਲਾਸ਼, ਖੋਜਿਆਂ ਹੱਥ ਕਿਸੇ ਨਾ ਆਈਆ। ਜਿਸ ਨੇ ਮੁਹੰਮਦਾ ਤੇਰੀ ਮਿੱਟੀ ਵਿਚ ਰੁਲਾਈ ਲਾਸ਼, ਵਜੂਦ ਕਬਰਾਂ ਵਿਚ ਦਬਾਈਆ। ਉਸ ਦਾ ਖੇਲ ਅਗੰਮ ਤਮਾਸ਼, ਚੌਦਾਂ ਤਬਕਾਂ ਤੋਂ ਪਰੇ ਹੁਕਮ ਵਰਤਾਈਆ। ਉਹ ਤਕ ਸ਼ੰਕਰ ਭੱਜਾ ਫਿਰੇ ਉਤੇ ਕੈਲਾਸ਼, ਚਾਰੋਂ ਕੁੰਟ ਵਾਹੋ ਦਾਹੀਆ। ਬ੍ਰਹਮਾ ਤਕੇ ਕੀ ਖੇਲ ਸਰਬ ਗੁਣਤਾਸ, ਕੀ ਕਰਤਾ ਕਾਰ ਕਮਾਈਆ। ਵਿਸ਼ਨੂੰ ਕਹੇ ਮੇਰਾ ਸਾਹਿਬ ਇਕ ਅਬਿਨਾਸ਼, ਅਬਿਨਾਸ਼ੀ ਕਰਤਾ ਇਕ ਅਖਵਾਈਆ। ਜੋ ਕਲਜੁਗ ਅੰਤਮ ਮੇਟੇ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਸ੍ਰਿਸ਼ਟ ਸਬਾਈ ਬਣਾਏ ਇਕ ਜਮਾਤ, ਇਕੋ ਅੱਖਰ ਨਾਮ ਪੜ੍ਹਾਈਆ। ਗੁਪਤ ਜ਼ਾਹਰ ਬਾਤਨ ਕਰੇ ਬਾਤ, ਪਰਦਾ ਓਹਲਾ ਰਹੇ ਨਾ ਰਾਈਆ। ਜਨ ਭਗਤਾਂ ਦਰਸ਼ਨ ਦੇਵੇ ਸਾਖਿਆਤ, ਸਖ਼ੀ ਸੁਲਤਾਨ ਨੂਰ ਇਲਾਹੀਆ। ਝਗੜਾ ਮੇਟ ਕੇ ਜ਼ਾਤ ਪਾਤ, ਕੂੜੀ ਕਿਰਿਆ ਦਏ ਗਵਾਈਆ। ਬੰਦ ਕਵਾੜੀ ਖੋਲ੍ਹ ਕੇ ਤਾਕ, ਕਾਇਆ ਮੰਦਰ ਅੰਦਰ ਕਰੀ ਰੁਸ਼ਨਾਈਆ। ਸ਼ਬਦੀ ਅਗੰਮ ਸੁਣਾਏ ਨਾਦ, ਅਨਾਦੀ ਧੁਨ ਸ਼ਨਵਾਈਆ। ਪਰਦਾ ਲਾਹ ਕੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਦਾ ਡੇਰਾ ਢਾਹੀਆ। ਜਿਸ ਨੂੰ ਜੁਗ ਜੁਗ ਗਾਉਂਦੇ ਸੰਤ ਸਾਧ, ਸੂਫ਼ੀ ਸਿਫ਼ਤਾਂ ਵਿਚ ਸਾਲਾਹੀਆ। ਓਹ ਜਨ ਭਗਤਾਂ ਖੋਲ੍ਹੇ ਜਾਗ, ਆਲਸ ਨਿੰਦਰਾ ਵਿਚੋਂ ਬਾਹਰ ਕਢਾਈਆ। ਅੰਤਰ ਪ੍ਰੇਮ ਦਾ ਦੇ ਕੇ ਵੈਰਾਗ, ਪ੍ਰੀਤੀ ਇਕੋ ਇਕ ਸਮਝਾਈਆ। ਦੀਪਕ ਜੋਤ ਜਗਾ ਚਰਾਗ਼, ਚਰਾਗ਼ਾਹਾਂ ਕਰੇ ਰੁਸ਼ਨਾਈਆ। ਧਰਨੀ ਧਰਤ ਧਵਲ ਧੌਲ ਉਤੇ ਰੱਖੇ ਲਾਜ, ਗੁਰਮੁਖਾਂ ਹੋਏ ਆਪ ਸਹਾਈਆ। ਰਾਤੀ ਸੁਤਿਆਂ ਦਿਨੇ ਜਾਗਦਿਆਂ ਦਰਸ਼ਨ ਦੇਵੇ ਆਪ, ਆਪ ਆਪਣਾ ਹੁਕਮ ਵਰਤਾਈਆ। ਜਨਮ ਜਨਮ ਦੇ ਮੇਟ ਕੇ ਪਾਪ, ਪਤਿਤ ਪੁਨੀਤ ਦਏ ਬਣਾਈਆ। ਸਭ ਦੀ ਪੁਛੇ ਵਾਤ, ਵਾਸਤਾ ਆਪਣੇ ਨਾਲ ਰਖਾਈਆ। ਜਨ ਭਗਤੋ ਤੁਹਾਡੀ ਸੁਹੰਜਣੀ ਹੋਵੇ ਪੰਦਰਾਂ ਫੱਗਣ ਦੀ ਰਾਤ, ਰੈਣ ਭਿੰਨੜੀ ਵੱਜਦੀ ਰਹੇ ਵਧਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਪਰਮਾਤਮ ਆਤਮ ਰਹੇ ਸਾਥ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਪੂਰੀ ਕਰੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ।
❋
❋
੧੬ ਫੱਗਣ ਸ਼ਹਿਨਸ਼ਾਹੀ ਸੰਮਤ ੭ ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਖ਼ੁਸ਼ੀਆਂ ਵਾਲੀ ਪਰਭਾਤੀ, ਪ੍ਰਭ ਭਰਮ ਰਿਹਾ ਮਿਟਾਈਆ। ਕਿਰਪਾ ਕਰੇ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਨ ਭਗਤਾਂ ਬਖ਼ਸ਼ੇ ਦਾਤੀ, ਦਇਆਵਾਨ ਦਇਆ ਕਮਾਈਆ। ਗੁਰਮੁਖਾਂ ਮਿਲੇ ਅੰਮ੍ਰਿਤ ਬੂੰਦ ਸਵਾਂਤੀ, ਸਾਂਤਕ ਸਤਿ ਸਤਿ ਕਰਾਈਆ। ਮੈਨੂੰ ਖ਼ੁਸ਼ੀ ਹੁੰਦੀ ਜਿਸ ਵੇਲੇ ਹਰਿਜਨ ਚਰਨ ਰੱਖਦੇ ਮੇਰੀ ਉਪਰ ਛਾਤੀ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਦੀ ਬਦਲਦੀ ਜਾਂਦੀ ਜਾਤੀ, ਜ਼ਾਤ ਪਾਤ ਦਾ ਡੇਰਾ ਢਾਹੀਆ। ਹੁਕਮ ਸੰਦੇਸ਼ਾ ਸੁਣਦੀ ਲੋਕਮਾਤੀ, ਚਾਰ ਕੁੰਟ ਬਿਨ ਸਰਵਣਾਂ ਹੋਏ ਸ਼ਨਵਾਈਆ। ਕਰੇ ਖੇਲ ਸਾਹਿਬ ਅਬਿਨਾਸ਼ੀ, ਅਬਿਨਾਸ਼ੀ ਕਰਤਾ ਵਡ ਵਡਿਆਈਆ। ਜਿਸ ਦੀ ਦੋ ਜਹਾਨ ਖ਼ੁਸ਼ੀਆਂ ਵਾਲੀ ਰਹਿਰਾਸੀ, ਰਸਤਾ ਇਕੋ ਇਕ ਦਰਸਾਈਆ। ਝਗੜਾ ਮੇਟੇ ਮਦਿਰਾ ਮਾਸੀ, ਮਧੁਰ ਧੁਨ ਇਕ ਸੁਣਾਈਆ। ਮਾਣ ਗਵਾ ਕੇ ਪੰਡਤ ਕਾਸੀ, ਜਨ ਭਗਤਾਂ ਸੋਹੰ ਤੁਕ ਦਿਤੀ ਪੜ੍ਹਾਈਆ। ਜੀਵਣ ਵਿਚੋਂ ਬਦਲ ਗਈ ਹਯਾਤੀ, ਹਰ ਹਿਰਦੇ ਵਿਚ ਟਿਕਾਈਆ। ਜਨਮ ਕਰਮ ਦਾ ਲਹਿਣਾ ਮੁਕਾਇਆ ਖਾਤੀ, ਲੇਖਾ ਅਵਰ ਨਾ ਕੋਇ ਜਣਾਈਆ। ਦਰਸ਼ਨ ਦੇਵੇ ਹੋ ਕੇ ਸਾਖਿਆਤੀ, ਸਨਮੁਖ ਸੋਭਾ ਪਾਈਆ। ਨੌਂ ਖੰਡ ਪ੍ਰਿਥਮੀ ਪੂਰੀ ਕਰੇ ਆਸੀ, ਦੀਪ ਲੋਅ ਵੇਖ ਵਖਾਈਆ। ਮੈਂ ਖ਼ੁਸ਼ੀਆਂ ਵਿਚ ਕਰਾਂ ਹਾਸੀ, ਧਰਨੀ ਧਰਤ ਹੱਸ ਕੇ ਰਹੀ ਸੁਣਾਈਆ। ਸ਼ੰਕਰ ਦਾ ਲਹਿਣਾ ਮੁਕਾਉਣਾ ਉਤੋਂ ਕੈਲਾਸ਼ੀ, ਬ੍ਰਹਮਾ ਬ੍ਰਹਮ ਦਾ ਭੇਵ ਚੁਕਾਈਆ। ਵਿਸ਼ਨ ਰਹੇ ਨਾ ਕੋਇ ਉਦਾਸੀ, ਲੇਖਾ ਜਾਣੇ ਅਗੰਮ ਅਥਾਹੀਆ। ਜਿਸ ਸਾਹਿਬ ਭਗਤਾਂ ਦੀ ਮੁਕਾਈ ਵਾਟੀ, ਆਵਣ ਜਾਵਣ ਪੰਧ ਮੁਕਾਈਆ। ਧਰਮ ਦਵਾਰਾ ਖੋਲ੍ਹ ਕੇ ਹਾਟੀ, ਨਾਮ ਭੰਡਾਰਾ ਝੋਲੀ ਪਾਈਆ। ਦੀਨ ਦੁਨੀ ਤਕੇ ਖੇਲ ਬਾਜ਼ੀਗਰ ਨਾਟੀ, ਸਵਾਂਗੀ ਆਪਣਾ ਸਵਾਂਗ ਰਚਾਈਆ। ਧਰਨੀ ਕਹੇ ਜਨ ਭਗਤੋ ਮੈਂ ਪ੍ਰਭੂ ਦੇ ਚਰਨ ਕਵਲ ਰਹੀ ਚਾਟੀ, ਬਿਨ ਰਸਨਾ ਰਸ ਆਪਣੇ ਵਿਚ ਰਖਾਈਆ। ਤੁਹਾਡੀ ਜੋਤ ਜਗੇ ਵਿਚ ਲਲਾਟੀ, ਲਾਟਾਂ ਵਾਲੀ ਜਿਸ ਦੇ ਸਿੰਘਾਸਣ ਥੱਲੇ ਬਹਿ ਕੇ ਆਪਣਾ ਝਟ ਲੰਘਾਈਆ। ਸੰਮਤ ਸ਼ਹਿਨਸ਼ਾਹੀ ਸੱਤ ਦੀ ਮੁਕਦੀ ਜਾਂਦੀ ਵਾਟੀ, ਅੱਠਵਾਂ ਆਪਣੀ ਲਏ ਅੰਗੜਾਈਆ। ਲੇਖਾ ਪੂਰਾ ਕਰਨਾ ਜੋ ਸੰਦੇਸ਼ਾ ਦਿਤਾ ਗੋਬਿੰਦ ਜਿਸ ਵੇਲੇ ਅੰਮ੍ਰਿਤ ਪਾਇਆ ਸੀ ਵਿਚ ਬਾਟੀ, ਦ੍ਰਿਸ਼ਟ ਇਸ਼ਟ ਵਾਲੀ ਟਿਕਾਈਆ। ਉਸ ਦਿਨ ਸੁੱਤਾ ਨਹੀਂ ਸੀ ਉਤੇ ਖਾਟੀ, ਸਿੰਘਾਸਣ ਧਰਤੀ ਉਤੇ ਲਗਾਈਆ। ਖ਼ੁਸ਼ੀਆਂ ਵਿਚ ਇਕੋ ਗੱਲ ਆਖੀ, ਆਖ ਕੇ ਗਿਆ ਸੁਣਾਈਆ। ਮੇਰਾ ਸਾਹਿਬ ਪੁਰਖ ਅਕਾਲ ਮੇਰੇ ਪਿਆਰ ਦੀ ਕਰੇਗਾ ਰਾਖੀ, ਮੁਹੱਬਤ ਹੁਕਮ ਵਾਲੀ ਜਣਾਈਆ। ਜਿਸ ਦਾ ਦਿਵਸ ਇਕ ਸੱਤ ਪੰਜ ਛੇ ਦੀ ਵਿਸਾਖੀ, ਵਸਾਹ ਕੇ ਸਭ ਨੂੰ ਗਿਆ ਸੁਣਾਈਆ। ਸੋ ਲੇਖਾ ਪੂਰਾ ਕਰੇ ਅਲੱਖਣਾ ਅਲਾਖੀ, ਅਲਖ ਅਗੋਚਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਆਦਿ ਜੁਗਾਦਿ ਦਾਤੀ, ਦਾਤਾ ਦਾਨੀ ਦਇਆਵਾਨ ਇਕ ਅਖਵਾਈਆ।
❋
❋
੧੬ ਫੱਗਣ ਸ਼ਹਿਨਸ਼ਾਹੀ ਸੰਮਤ ੭ ਕੁੰਦਨ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਗੋਬਿੰਦ ਕਿਹਾ ਜਿਸ ਵੇਲੇ ਮੇਰਾ ਸਾਹਿਬ, ਸਾਬਤ ਆਪਣਾ ਸਤਿ ਸਰੂਪ ਪਰਗਟਾਈਆ। ਮੈਂ ਨਿਰਗੁਣ ਧਾਰ ਉਸ ਦਾ ਹੋਵਾਂ ਨਾਇਬ, ਸਤਿਗੁਰ ਸ਼ਬਦ ਰੂਪ ਬਦਲਾਈਆ। ਖੇਲ ਕਰਾਂ ਅਗੰਮ ਅਜ਼ਾਇਬ, ਅਗੰਮੜੀ ਕਾਰ ਕਮਾਈਆ। ਸਭ ਦਾ ਪਿਛਲਾ ਪੂਰਾ ਕਰਾਂ ਅਹਿਦ, ਅਹਿਦਨਾਮਾ ਆਪਣੇ ਹੱਥ ਰਖਾਈਆ। ਇਕੋ ਹੁਕਮ ਵਰਤਾਂ ਵਾਹਿਦ, ਲਾਸ਼ਰੀਕ ਹੋ ਕੇ ਆਪਣੀ ਕਾਰ ਭੁਗਤਾਈਆ। ਬਿਨਾ ਭਗਤਾਂ ਤੋਂ ਲੱਭ ਸਕੇ ਨਾ ਕੋਇ ਸ਼ਾਇਦ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਦੀਨਾਂ ਮਜ਼੍ਹਬਾਂ ਨਾਲੋਂ ਹੋ ਕੇ ਅਲਾਹਿਦ, ਵੱਖਰੀ ਖੇਲ ਖਿਲਾਈਆ। ਧੁਰ ਦਾ ਹੁਕਮ ਕਰ ਕੇ ਰਾਇਜ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਨਵ ਨੌ ਚਾਰ ਦਾ ਕਢ ਨਤਾਇਜ, ਅਸਲ ਸਭ ਨੂੰ ਦਿਆਂ ਵਖਾਈਆ। ਧੁਰ ਦਾ ਹੁਕਮ ਦੇਣਾ ਜਾਇਜ਼, ਜਾਇਜ਼ਾ ਲੈ ਕੇ ਖ਼ਲਕ ਖ਼ੁਦਾਈਆ। ਆਪਣਾ ਪੂਰਾ ਕਰਾਂ ਫ਼ਰਾਇਜ਼, ਫ਼ੈਸਲਾ ਹੱਕ ਹੱਕ ਸੁਣਾਈਆ। ਕਲਜੁਗ ਅੰਤ ਆਵਾਂ ਮਹਿਜ਼, ਮਹਿਵ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਧਾਰ ਨਿਰਗੁਣ ਹੋਇਆ ਰਹਾਂ ਗ਼ਾਇਬ, ਗ਼ੈਬੀ ਆਪਣਾ ਹੁਕਮ ਵਰਤਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੭ ਸੁਖਦੇਵ ਰਾਜ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਗੋਬਿੰਦ ਨੇ ਢੋਲਾ ਗਾਇਆ ਦੋ ਤੁਕੀ, ਤੂੰ ਮੇਰਾ ਮੈਂ ਤੇਰਾ ਦਿਤਾ ਜਣਾਈਆ। ਫੇਰ ਪਿਆਰ ਵਿਚ ਮੇਰੇ ਸੀਨੇ ਤੇ ਮਾਰੀ ਮੁੱਕੀ, ਮੁਕੰਮਲ ਦਿਤਾ ਦ੍ਰਿੜਾਈਆ। ਤੂੰ ਕਲਜੁਗ ਜੀਵਾਂ ਭਾਰ ਫਿਰੀਂ ਚੁੱਕੀ, ਚੁਕੰਨੀ ਹੋ ਕੇ ਆਪਣੀ ਸੇਵ ਕਮਾਈਆ। ਆਪਣੀ ਮੰਜ਼ਲ ਤੋਂ ਨਾ ਰੁਕੀਂ, ਭੱਜੀ ਜਾਣਾ ਵਾਹੋ ਦਾਹੀਆ। ਘੁਪ ਅੰਧੇਰੇ ਵਿਚ ਨਾ ਲੁੱਕੀਂ, ਚਾਰੋਂ ਕੁੰਟ ਅੰਧੇਰਾ ਛਾਈਆ। ਇਕੋ ਸਾਹਿਬ ਸਤਿਗੁਰ ਝੁਕੀਂ, ਜੋ ਪੁਰਖ ਅਕਾਲਾ ਬੇਪਰਵਾਹੀਆ। ਜਿਸ ਨੇ ਖੇਲ ਕਰਨੀ ਦੋ ਟੁੱਕੀ, ਟੁਕੜੇ ਦੋ ਕਰੇ ਲੋਕਾਈਆ। ਕੂੜੀ ਕਿਰਿਆ ਜਾਣੀ ਕੁੱਟੀ, ਕਟਾਕਸ਼ ਆਪਣਾ ਨਾਮ ਲਗਾਈਆ। ਫੇਰ ਧਰਮ ਦੀ ਪੋਹ ਜਾਣੀ ਫੁੱਟੀ, ਫੁਟਕਲ ਦਾ ਲੇਖਾ ਰਹੇ ਨਾ ਰਾਈਆ। ਜਨ ਭਗਤਾਂ ਆਤਮ ਪਰਮਾਤਮ ਮੇਲੇ ਟੁੱਟੀ, ਟੁੱਟਿਆਂ ਗੰਢ ਪਵਾਈਆ। ਦੀਨਾਂ ਮਜ਼੍ਹਬਾਂ ਨੂੰ ਦੇ ਕੇ ਛੁੱਟੀ, ਸ਼ਰਅ ਜ਼ੰਜੀਰ ਦਏ ਕਟਾਈਆ। ਤੂੰ ਧਰਨੀ ਉਸ ਵੇਲੇ ਸੁੱਤੀ ਉਠੀਂ, ਉਠ ਕੇ ਲੈ ਅੰਗੜਾਈਆ। ਪ੍ਰਭ ਦੇ ਚਰਨਾਂ ਦੀ ਧੂੜ ਇਕੋ ਰੱਖੀਂ ਮੁੱਠੀ, ਮੁੱਠੀ ਆਪਣੀ ਗੰਢ ਬੰਧਾਈਆ। ਜਿਸ ਵੇਲੇ ਦੀਨ ਦੁਨੀ ਜਾਏ ਲੁੱਟੀ, ਫੇਰ ਲੁਟੇਰਾ ਵੇਖਣਾ ਬੇਪਰਵਾਹੀਆ। ਉਸ ਵੇਲੇ ਕਿਸੇ ਸਾਧ ਸੰਤ ਦੀ ਮੰਜ਼ਲ ਹੋਣੀ ਨਹੀਂ ਉਤੇ ਤ੍ਰੈਕੁਟੀ, ਤ੍ਰੈਗੁਣ ਦਾ ਡੇਰਾ ਕੋਇ ਨਾ ਢਾਹੀਆ। ਮੇਰੇ ਸਾਹਿਬ ਨੇ ਜਗਤ ਜਹਾਨ ਤੋਂ ਮੰਜ਼ਲ ਕਰਨੀ ਉਚੀ, ਉਚ ਅਗੰਮ ਆਪਣਾ ਖੇਲ ਖਿਲਾਈਆ। ਜਨ ਭਗਤਾਂ ਪਿਆਰ ਵਿਚ ਤੈਨੂੰ ਕਰੇ ਸੁੱਚੀ, ਸੰਜਮ ਇਕੋ ਇਕ ਜਣਾਈਆ। ਜੁਗ ਚੌਕੜੀ ਦੀ ਤੇਰੇ ਲੇਖੇ ਲਾਵੇ ਬੁਤੀ, ਜੋ ਬੁਤਖ਼ਾਨਿਆਂ ਬੈਠੀ ਭਾਰ ਉਠਾਈਆ। ਆਪਣੇ ਨਾਲ ਸੁਹਾਏ ਰੁਤੀ, ਰੁਤੜੀ ਧਰਮ ਧਾਰ ਮਹਿਕਾਈਆ।
❋
❋
ਸਦੀ ਚੌਧਵੀਂ ਆਪਣਾ ਲਹਿਣਾ ਦੇਣਾ ਪੁਛੀਂ, ਪੂਰਬ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਣਾਵੇ ਵਕਤ ਉਸੀ, ਜਿਸ ਦੀ ਉਸਤਤ ਕਰਕੇ ਅਵਤਾਰ ਪੈਗ਼ੰਬਰ ਗੁਰੂ ਆਪਣਾ ਲੇਖਾ ਗਏ ਜਣਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੭ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੈਂ ਨਿਮਾਣੀ ਧਰਤ, ਧਵਲ ਧੌਲ ਬਣਕੇ ਮਿਲੇ ਵਡਿਆਈਆ। ਮੇਰੇ ਉਤੇ ਗੋਬਿੰਦ ਨੇ ਪਾਸਾ ਲਿਆ ਪਰਤ, ਸਤਿ ਸਚ ਦੀ ਲੈ ਅੰਗੜਾਈਆ। ਵਾਅਦਾ ਕੌਲ ਕੀਤਾ ਸ਼ਬਦੀ ਲਾਈ ਸ਼ਰਤ, ਸ਼ਰਅ ਦਿਤੀ ਸਮਝਾਈਆ। ਉਹ ਵੇਖ ਉਤੇ ਅਰਸ਼, ਫ਼ਰਸ਼ਾਂ ਵਾਲੀਏ ਆਪਣੀ ਅੱਖ ਉਠਾਈਆ। ਜਿਸ ਨੇ ਸਭ ਦੇ ਉਤੇ ਕਰਨਾ ਤਰਸ, ਰਹਿਮਤਾਂ ਦਾ ਮਾਲਕ ਬੇਪਰਵਾਹੀਆ। ਮੇਘ ਅਗੰਮਾ ਦੇਵੇ ਬਰਸ, ਬੂੰਦ ਸਵਾਂਤੀ ਅੰਮ੍ਰਿਤ ਜਾਮ ਪਿਆਈਆ। ਜੁਗ ਜਨਮ ਦੀ ਮੇਟੇ ਹਰਸ, ਹਰਸ ਕੂੜੀ ਦਏ ਗਵਾਈਆ। ਜਿਸ ਨੇ ਭਗਤਾਂ ਨੂੰ ਦੇਣਾ ਦਰਸ, ਦਰਸ਼ਨ ਭਗਤਾਂ ਆਪ ਪਾਈਆ। ਉਸ ਦੇ ਸਿਰ ਮੇਰਾ ਅਹਿਸਾਨ ਤੇ ਮੇਰਾ ਕਰਜ਼, ਮਕਰੂਜ਼ ਉਸ ਨੂੰ ਰਿਹਾ ਬਣਾਈਆ। ਫੇਰ ਕਰਾਂਗਾਂ ਅਰਜ਼, ਬੇਨੰਤੀ ਵਿਚ ਸੀਸ ਝੁਕਾਈਆ। ਯੋਧਾ ਸੂਰਬੀਰ ਮਰਦਾਨਾ ਬਣ ਮਰਦ, ਮਦਦ ਦੇਣੀ ਥਾਉਂ ਥਾਈਂਆ। ਗ਼ਰੀਬ ਨਿਮਾਣਿਆਂ ਵੰਡਣੀ ਦਰਦ, ਦੁਖੀਆਂ ਦੁੱਖ ਆਪਣੀ ਝੋਲੀ ਪਾਈਆ। ਸ਼ਰਅ ਛੁਰੀ ਰਹਿਣ ਨਾ ਦੇਵੀਂ ਕਰਦ, ਕਸਾਈ ਰੂਪ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤਮ ਉਸ ਜ਼ਰੂਰ ਮੇਟਣਾ ਅੰਧੇਰ ਗਰਦ, ਗਰਦ ਗੁਬਾਰ ਤਕੇ ਖ਼ਲਕ ਖ਼ੁਦਾਈਆ। ਜਿਸ ਦੇ ਕੋਲ ਗੁਰ ਅਵਤਾਰ ਪੈਗ਼ੰਬਰਾਂ ਦੀ ਫ਼ਰਦ, ਫ਼ੈਸਲੇ ਹੱਕ ਹੱਕ ਸੁਣਾਈਆ। ਉਸ ਦਾ ਰੂਪ ਅਨੂਪ ਹੋਣਾ ਅਸਚਰਜ, ਸਤਿ ਸਰੂਪ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਦਾ ਹੋਣ ਨਾ ਦੇਵੇ ਹਰਜ, ਹਰਜਾਨੇ ਗੁਰਮੁਖਾਂ ਪੂਰ ਕਰਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੭ ਗੁਰਬਖ਼ਸ਼ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੈਨੂੰ ਖ਼ਬਰ ਸੁਣਾਈ ਸੱਜਰੀ, ਗੋਬਿੰਦ ਸ਼ਬਦ ਧਾਰ ਪਰਗਟਾਈਆ। ਮੇਰਾ ਸਾਹਿਬ ਆਵੇ ਸੰਬਲ ਨਗਰੀ, ਨਗਰਾਂ ਵਾਲਿਆਂ ਨਜ਼ਰ ਕੋਇ ਨਾ ਆਈਆ। ਨਿਰਮਲ ਜੋਤ ਕਰੇ ਉਜਗਰੀ, ਜੋਤੀ ਜਾਤਾ ਡਗਮਗਾਈਆ। ਜਿਸ ਨੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਕਰਨੀ ਪੱਧਰੀ, ਊਚਾਂ ਨੀਚਾਂ ਪੰਧ ਮੁਕਾਈਆ। ਜਨ ਭਗਤਾਂ ਪੂਰੀਆਂ ਕਰੇ ਸਧਰੀ, ਸਧਰ ਵੇਖੇ ਥਾਉਂ ਥਾਈਂਆ। ਦੀਨ ਦੁਨੀ ਝਗੜਾ ਤਕੇ ਗ਼ਦਰੀ, ਵਰਨ ਬਰਨ ਪਏ ਦੁਹਾਈਆ। ਗੁਰਮੁਖਾਂ ਮਿਹਰ ਕਰੇ ਨਦਰੀ, ਨਦਰ ਨਿਹਾਲ ਆਪ ਅਖਵਾਈਆ। ਕਲਜੁਗ ਦੀ ਸਤਿਜੁਗ ਨਾਲ ਕਰੇ ਬਦਲੀ, ਬਦਲਾ ਚੁਕਾਏ ਥਾਉਂ ਥਾਈਂਆ। ਇਨਸਾਫ਼ ਕਰੇ ਧੁਰ ਦਾ ਅਦਲੀ, ਅਦਾਲਤ ਇਕੋ ਇਕ ਪਰਗਟਾਈਆ। ਆਤਮ ਪਰਮਾਤਮ ਨਾਤਾ ਜੋੜੇ ਪਤਿ ਪਤਨੀ,
❋
❋
ਪਤਿਪਰਮੇਸ਼ਵਰ ਬੇਪਰਵਾਹੀਆ। ਸੰਤ ਸੁਹੇਲੇ ਬਣਾਏ ਧੁਰ ਦੇ ਵਤਨੀ, ਬੇਵਤਨ ਲੋਕਮਾਤ ਤਜਾਈਆ। ਨਾਮ ਖ਼ੁਮਾਰੀ ਦੇਵੇ ਰਤਨੀ, ਰਤਨ ਅਮੋਲਕ ਹੀਰੇ ਲਏ ਪਰਗਟਾਈਆ। ਸਦੀ ਚੌਧਵੀਂ ਲੇਖਾ ਜਾਣਾਂ ਕੰਢਾ ਪੱਤਨੀ, ਤਟ ਕਿਨਾਰੇ ਖੋਜ ਖੁਜਾਈਆ। ਪਰਗਟ ਹੋ ਕੇ ਅਲਖ ਅਲੱਖਣੀ, ਲੇਖਾ ਸਭ ਦਾ ਦਏ ਮੁਕਾਈਆ। ਜਿਸ ਨੇ ਪਤ ਤੇਰੀ ਰੱਖਣੀ, ਪਤਿਪਰਮੇਸ਼ਵਰ ਬੇਪਰਵਾਹੀਆ। ਉਸ ਦੀ ਇਕੋ ਜੋਤ ਪੂਰਨ ਧਾਰ ਵਿਚ ਜਗਣੀ, ਜੋਤੀ ਜਾਤਾ ਡਗਮਗਾਈਆ। ਦੀਨ ਦੁਨੀ ਜਲੇ ਵਿਚ ਅਗਨੀ, ਅਗਨੀ ਤਤ ਨਾ ਕੋਇ ਬੁਝਾਈਆ। ਜਨ ਭਗਤਾਂ ਮੇਲ ਮਿਲਾਏ ਸੋਹੰ ਮੁਖ ਲਗਾਏ ਸਗਨੀ, ਸਗਲਾ ਸਾਥੀ ਆਪ ਅਖਵਾਈਆ। ਨਿਸ਼ਾਨ ਮੇਟੇ ਤਾਰਾ ਚੰਦਨੀ, ਚੰਦ ਸਿਤਾਰ ਲੇਖਾ ਅੰਤ ਰਹੇ ਨਾ ਰਾਈਆ। ਝਗੜਾ ਮੇਟੇ ਕਾਇਆ ਬਦਨੀ, ਤਨ ਵਜੂਦ ਮਾਟੀ ਖ਼ਾਕ ਨਾ ਕੋਇ ਲੜਾਈਆ। ਇਕੋ ਬਖ਼ਸ਼ੇ ਨਿਰਬਾਣ ਪਦਨੀ, ਗ੍ਰਹਿ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੋਪਾਲ ਮੂਰਤ ਮੋਹਣ ਮਾਧਵ ਮਦਨੀ, ਮਧੁਰ ਧੁਨ ਇਕ ਸੁਣਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੭ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਗੋਬਿੰਦ ਮੇਰੇ ਵੱਲ ਤੱਕਿਆ, ਨਿਗਾਹ ਪ੍ਰੇਮ ਵਾਲੀ ਬਦਲਾਈਆ। ਫਿਰ ਖਿੜ ਖਿੜਾ ਕੇ ਹੱਸਿਆ, ਹੱਸਤੀ ਦੱਸੀ ਬੇਪਰਵਾਹੀਆ। ਜਿਹੜਾ ਇਕੋ ਧਾਰ ਵਿਚ ਰੱਤਿਆ, ਰਤਨ ਅਮੋਲਕ ਹੀਰੇ ਗੁਰਮੁਖ ਲਏ ਪਰਗਟਾਈਆ। ਜਿਸ ਦਾ ਇਕੋ ਆਦਿ ਜੁਗਾਦੀ ਮਤਿਆ, ਮਤ ਮਤਾਂਤਰ ਵਿਚ ਕਦੇ ਨਾ ਆਈਆ। ਲੱਖ ਚੁਰਾਸੀ ਆਤਮ ਪਰਮਾਤਮ ਨਾਤਾ ਰੱਖੇ ਸਕਿਆ, ਸੱਜਣ ਸੁਹੇਲ ਇਕ ਅਖਵਾਈਆ। ਜਿਸ ਸਦੀ ਚੌਧਵੀਂ ਮੁਹੰਮਦ ਦਾ ਫਲ ਵੇਖਣਾ ਪੱਕਿਆ, ਉਮਤ ਉਮਤੀ ਖੋਜ ਖੁਜਾਈਆ। ਲਹਿਣਾ ਦੇਣਾ ਪੂਰਾ ਕਰੇ ਮਦੀਨਾ ਮੱਕਿਆ, ਕਾਅਬਿਆਂ ਆਪਣੀ ਕਾਰ ਭੁਗਤਾਈਆ। ਕਲਜੁਗ ਕੂੜੀ ਕਿਰਿਆ ਮਾਰੇ ਧੱਕਿਆ, ਅੱਗੇ ਹੋ ਨਾ ਕੋਇ ਅਟਕਾਈਆ। ਕਿਸੇ ਦੀ ਕੀਮਤ ਰਹਿਣ ਨਹੀਂ ਦੇਣੀ ਟਕਿਆ, ਮਾਇਆ ਮਮਤਾ ਨਾ ਕੋਇ ਚਤੁਰਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਦਾ ਪੂਰਾ ਕਰਨਾ ਪਟਿਆ, ਪਟਨੇ ਵਾਲਾ ਸੰਗ ਰਖਾਈਆ। ਸ੍ਰਿਸ਼ਟੀ ਨੂੰ ਜ਼ੀਰੋ ਨਾਲ ਕਰ ਕੇ ਬਟਿਆ, ਬਟਾ ਸਿਫ਼ਰ ਨਾਲ ਬਦਲਾਈਆ। ਜਗਤ ਜਹਾਨ ਦਾ ਚੀਥੜ ਹੋਣਾ ਫਟਿਆ, ਓਢਣ ਸੀਸ ਨਾ ਕੋਇ ਟਿਕਾਈਆ। ਚਾਰੋਂ ਕੁੰਟ ਉਡਣਾ ਗੁਬਾਰ ਘੱਟਿਆ, ਅੰਧ ਅੰਧੇਰਾ ਜਾਵੇ ਛਾਈਆ। ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਸੱਤ ਟੱਪਿਆ, ਟਾਪੂਆਂ ਤੋਂ ਪਰੇ ਪ੍ਰਭ ਆਪਣਾ ਹੁਕਮ ਵਰਤਾਈਆ। ਕਰੇ ਪ੍ਰਕਾਸ਼ ਜੋਤ ਲਟ ਲਟਿਆ, ਨੂਰ ਨੁਰਾਨਾ ਡਗਮਗਾਈਆ। ਜਿਧਰ ਜਾਵੇ ਪੈਂਦੇ ਜਾਣ ਰੱਟਿਆ, ਰੱਟਾ ਸਕੇ ਨਾ ਕੋਇ ਮਿਟਾਈਆ। ਲਹਿਣਾ ਦੇਣਾ ਪੂਰਾ ਕਰੇ ਸਭ ਦਾ ਹੱਥੋ ਹੱਥਿਆ, ਪੂਰਬ ਉਧਾਰ ਰਹੇ ਨਾ ਰਾਈਆ। ਜਗਤ ਜਹਾਨ ਜਾਏ ਮੱਥਿਆ, ਮੱਥਣ ਵਾਲਾ ਇਕੋ ਬੇਪਰਵਾਹੀਆ। ਕਰੇ ਖੇਲ ਪੁਰਖ ਸਮਰੱਥਿਆ, ਹਰਿ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਹਰ ਘਟ ਅੰਦਰ ਵਸਿਆ, ਵੇਖਣਹਾਰਾ ਚਾਈਂ ਚਾਈਂਆ।
❋
❋
੧੬ ਫੱਗਣ ਸ਼ਹਿਨਸ਼ਾਹੀ ਸੰਮਤ ੭ ਸਵਰਨ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੈਨੂੰ ਗੋਬਿੰਦ ਦਿਤਾ ਸੰਦੇਸ਼ਾ, ਸੰਧਿਆ ਸਰਘੀ ਵੰਡ ਨਾ ਕੋਇ ਵੰਡਾਈਆ। ਤੇਰਾ ਮੇਰਾ ਮਾਲਕ ਇਕ ਨਰ ਨਰੇਸ਼ਾ, ਨਰ ਨਰਾਇਣ ਧੁਰਦਰਗਾਹੀਆ। ਜੋ ਆਦਿ ਜੁਗਾਦਿ ਰਹੇ ਹਮੇਸ਼ਾ, ਜੁਗ ਚੌਕੜੀ ਆਪਣਾ ਖੇਲ ਖਿਲਾਈਆ। ਜੋ ਲੇਖਾ ਜਾਣੇ ਦੇਸ ਪਰਦੇਸ਼ਾ, ਦੋ ਜਹਾਨਾਂ ਵੇਖ ਵਖਾਈਆ। ਉਹ ਲੱਜਿਆ ਰੱਖੇ ਮੁੱਛ ਦਾੜ੍ਹੀ ਕੇਸਾ, ਕੇਸਗੜ੍ਹ ਦਾ ਵਕਤ ਸੁਹਾਈਆ। ਖ਼ੁਸ਼ੀ ਨਾਲ ਕਿਹਾ ਦਸ ਦਸਮੇਸ਼ਾ, ਦਹਿ ਦਿਸ਼ਾ ਦਾ ਪੰਧ ਮੁਕਾਈਆ। ਜਿਸ ਝਗੜਾ ਮੇਟਣਾ ਮੁੱਲਾਂ ਸ਼ੇਖ਼ਾ, ਪੈਗ਼ੰਬਰਾਂ ਲਹਿਣਾ ਦਏ ਚੁਕਾਈਆ। ਭਗਤ ਉਧਾਰਨਾ ਉਸ ਦਾ ਪੇਸ਼ਾ, ਪੇਸ਼ੀਨਗੋਈ ਵਿਚ ਸੁਣਾਈਆ। ਉਸ ਦਾ ਰੂਪ ਅਨੂਪ ਦਰ ਦਰਵੇਸਾ, ਗ੍ਰਹਿ ਗ੍ਰਹਿ ਆਪਣੀ ਅਲਖ ਜਗਾਈਆ। ਜਿਸ ਦਾ ਕੋਈ ਨਾ ਜਾਣੇ ਭੇਤਾ, ਪੜਦਾ ਸਕੇ ਨਾ ਕੋਇ ਉਠਾਈਆ। ਜਿਸ ਲਹਿਣਾ ਪੂਰਾ ਕਰਨਾ ਜਿਸ ਸੀਸ ਪਵਾਈ ਰੇਤਾ, ਗੁਰ ਅਰਜਨ ਰਾਵੀ ਕੰਢਾ ਸੁਹਾਈਆ। ਗ਼ਰੀਬ ਨਿਮਾਣਿਆਂ ਕਰਨਾ ਹੇਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂਆਂ ਮੰਨਣਾ ਨੇਤਾ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਉਸ ਨੇ ਦੀਨਾਂ ਮਜ਼੍ਹਬਾਂ ਪੂਰਾ ਕਰਨਾ ਠੇਕਾ, ਠੇਕੇਦਾਰੀ ਸਭ ਦੀ ਆਪਣੇ ਵਿਚ ਛੁਪਾਈਆ। ਇਕੋ ਦੇਣਾ ਧੁਰ ਸੰਦੇਸ਼ਾ, ਆਤਮ ਪਰਮਾਤਮ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਏਕੰਕਾਰ ਇਕ ਏਕਾ, ਇਕ ਇਕੱਲਾ ਆਪਣਾ ਹੁਕਮ ਵਰਤਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੭ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਗੋਬਿੰਦ ਨੇ ਅੰਮ੍ਰਿਤ ਦਾ ਬਖ਼ਸ਼ਿਆ ਸਰੂਰ, ਸੁਰਤ ਸ਼ਬਦ ਮੇਲਾ ਮੇਲਿਆ ਸਹਿਜ ਸੁਭਾਈਆ। ਪੁਰਖ ਅਕਾਲ ਦਾ ਦਰਸਾਇਆ ਨੂਰ, ਨੂਰ ਨੁਰਾਨਾ ਡਗਮਗਾਈਆ। ਜੋ ਆਦਿ ਜੁਗਾਦਿ ਜ਼ਾਹਰ ਜ਼ਹੂਰ, ਜ਼ੱਰਾ ਜ਼ੱਰਾ ਰਿਹਾ ਸਮਝਾਈਆ। ਸ਼ਬਦੀ ਸ਼ਬਦ ਸ਼ਬਦ ਪਰਗਟਾਏ ਤੂਰ, ਤੁਰੀਆ ਤੋਂ ਪਰੇ ਆਪਣਾ ਗ੍ਰਹਿ ਵਖਾਈਆ। ਜਿਥੇ ਵਸੇ ਸਰਬ ਕਲਾ ਭਰਪੂਰ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੀ ਅਵਤਾਰ ਪੈਗ਼ੰਬਰ ਗੁਰ ਬਿਨਾ ਚਰਨਾਂ ਲਾਉਂਦੇ ਧੂੜ, ਮਸਤਕ ਖ਼ਾਕ ਰਮਾਈਆ। ਉਹ ਕਲਜੁਗ ਅੰਤਮ ਸਦੀ ਚੌਧਵੀਂ ਮੇਟੇ ਕੂੜ, ਕੂੜੀ ਕਿਰਿਆ ਡੇਰਾ ਢਾਹੀਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਗੁਰਮੁਖ ਗੁਰ ਗੁਰ ਆਪਣੇ ਰੰਗ ਰੰਗਾਈਆ। ਪਰਗਟ ਹੋਵੇ ਜੋਧਾ ਦਾਤਾ ਸੂਰ, ਮਹਾਂਬਲੀ ਇਕ ਅਖਵਾਈਆ। ਜੋ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੋੜੇ ਗੜ੍ਹ ਗ਼ਰੂਰ, ਹੰਕਾਰ ਵਿਕਾਰ ਦਏ ਮਿਟਾਈਆ। ਇਕੋ ਨਾਮ ਧੁਰ ਦਾ ਕਲਮਾ ਨੌ ਖੰਡ ਪ੍ਰਿਥਮੀ ਕਰੇ ਮਸ਼ਹੂਰ, ਮਸ਼ਵਰਾ ਨਾਲ ਨਾ ਕੋਇ ਰਖਾਈਆ। ਪੰਧ ਮੁਕਾ ਕੇ ਨੇੜਾ ਦੂਰ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਜਗਤ ਵਿਕਾਰਾਂ ਕਰਕੇ ਚੂਰੋ ਚੂਰ, ਚਰਨ ਚਰਨੋਦਕ ਜਾਮ ਦਏ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਧਰਨੀ ਕਹੇ ਗੋਬਿੰਦ ਦਿਤਾ ਅਗੰਮ ਇਸ਼ਾਰਾ, ਸੈਨਤ ਨਾਮ ਵਾਲੀ ਲਗਾਈਆ। ਉਠ ਵੇਖ
❋
❋
ਨਰ ਨਿਰੰਕਾਰਾ, ਨਿਰਵੈਰ ਅਗੰਮ ਅਥਾਹੀਆ। ਜਿਸ ਨੂੰ ਪੈਗ਼ੰਬਰਾਂ ਕਿਹਾ ਪਰਵਰਦਿਗਾਰਾ, ਵਾਹਿਦ ਕਰਤਾ ਨੂਰ ਇਲਾਹੀਆ। ਸੋ ਖੇਲ ਕਰੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਜਿਸ ਨੂੰ ਸੀਸ ਨਿਵਾਈਆ। ਪਰਗਟ ਹੋਵੇ ਚਵ੍ਹੀਆਂ ਅਵਤਾਰਾ, ਨਿਹਕਲੰਕਾ ਕਲ ਕਲਕੀ ਵੇਸ ਵਟਾਈਆ। ਅਮਾਮ ਅਮਾਮਾ ਹੋਵੇ ਜ਼ਾਹਿਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਸਦੀ ਚੌਧਵੀਂ ਪਾਵੇ ਸਾਰਾ, ਬੀਸਵੀਂ ਲੇਖਾ ਰਹੇ ਨਾ ਰਾਈਆ। ਮੁਹੰਮਦ ਦਾ ਲਹਿਣਾ ਦੇਣਾ ਪੂਰਾ ਕਰੇ ਉਧਾਰਾ, ਚੌਦਾਂ ਤਬਕਾਂ ਖੋਜ ਖੁਜਾਈਆ। ਮੂਸਾ ਜਣਾਏ ਅੰਤ ਨਜ਼ਾਰਾ, ਕੋਹਤੂਰ ਦਾ ਡੇਰਾ ਢਾਹੀਆ। ਈਸਾ ਪੜਦਾ ਦਏ ਉਤਾਰਾ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜਿਸ ਦਾ ਗੋਬਿੰਦ ਬੋਲਿਆ ਫ਼ਤਹਿ ਜੈਕਾਰਾ, ਦੋ ਜਹਾਨ ਸ਼ਬਦ ਸ਼ਨਵਾਈਆ। ਸੋ ਕਲਜੁਗ ਅੰਤਮ ਕੂੜੀ ਕਿਰਿਆ ਕਰੇ ਪਾਰ ਕਿਨਾਰਾ, ਨਈਆ ਸ਼ੌਹ ਦਰਿਆ ਰੁੜ੍ਹਾਈਆ। ਸਤਿ ਧਰਮ ਦਾ ਸਤਿ ਸਤਿ ਕਰੇ ਵਰਤਾਰਾ, ਸਤਿਜੁਗ ਸਚ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਗੁਣ ਜੋਤੀ ਜਾਤਾ ਇਕ ਅਵਤਾਰਾ, ਪੁਰਖ ਬਿਧਾਤਾ ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੭ ਹਰਦੀਪ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਧਰਨੀ ਕਹੇ ਮੇਰੇ ਉਤੇ ਲੱਗਾ ਭਾਗ, ਭਗਵਨ ਦਿਤੀ ਮਾਣ ਵਡਿਆਈਆ। ਦੀਪਕ ਜੋਤ ਜਗਾ ਅਗੰਮੀ ਚਰਾਗ਼, ਚਰਾਗ਼ਾਹਾਂ ਕਰੇ ਰੁਸ਼ਨਾਈਆ। ਮੇਰਾ ਧੋ ਕੇ ਪਿਛਲਾ ਦਾਗ਼, ਕੀਤੀ ਹੱਕ ਸਫ਼ਾਈਆ। ਕਲਜੁਗ ਅੰਤਮ ਰੱਖੀ ਲਾਜ, ਸਿਰ ਸਵਾਮੀ ਹੱਥ ਟਿਕਾਈਆ। ਜਿਸ ਦੇ ਅੱਗੇ ਨਾ ਕੋਇ ਸਵਾਲ ਨਾ ਕੋਇ ਜਵਾਬ, ਜਵਾਬ ਤਲਬੀ ਵਿਚ ਸਾਰੇ ਸੀਸ ਨਿਵਾਈਆ। ਉਹ ਭਗਤਾਂ ਦੇਵੇ ਖਿਤਾਬ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤਨ ਮੰਦਰ ਵਜਾ ਰਬਾਬ, ਸਿਤਾਰ ਅਪਾਰ ਆਪ ਹਿਲਾਈਆ। ਨਿਰਗੁਣ ਧਾਰ ਦੇ ਇਮਦਾਦ, ਸਰਗੁਣ ਝੋਲੀ ਦਏ ਭਰਾਈਆ। ਹਰਿਜਨ ਹੋਏ ਨਾ ਕਿਸੇ ਮੁਹਤਾਜ, ਲੋੜੀਂਦਾ ਸੱਜਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਅੰਤਰ ਨਿਰੰਤਰ ਰਹੇ ਅਰਾਧ, ਅਰਾਧਨਾ ਸਭ ਦੀ ਲੇਖੇ ਪਾਈਆ।