੧੮ ਹਾੜ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਜੇਠੂਵਾਲ ਰਾਤ ਦੇ ਸਮੇਂ ਜ਼ਿਲਾ ਅੰਮ੍ਰਿਤਸਰ
ਭਗਤੀ ਕਹੇ ਵੇ ਸ਼ਬਦੀ ਨਾਰਦੂ, ਨਾਰਦਾ ਭੇਵ ਦੇ ਖੁਲਾਈਆ। ਮੇਰੀ ਤੇਰੇ ਅਗੇ ਆਰਜੂ, ਅਰਜ਼ ਵਿਚ ਸੀਸ ਨਿਵਾਈਆ। ਨਾਰਦ ਕਹੇ ਨੀ ਉਹ ਬੇਪ੍ਰਵਾਹ ਜਿਸ ਵੇਲੇ ਚਾਹੇ ਤਾਰਦੂ, ਤਾਰਨਹਾਰ ਇਕ ਅਖਵਾਈਆ। ਕੂੜੀ ਕਿਰਿਆ ਜਗਤ ਵਿਚੋਂ ਮਾਰਦੂ, ਮਰਦ ਮਰਦਾਨਾ ਹੁਕਮ ਵਰਤਾਈਆ। ਜਿਮੀ ਅਸਮਾਨਾਂ ਦੋ ਜਹਾਨਾਂ ਪਾੜ ਦੂ, ਟੁਕੜੇ ਟੁਕੜੇ ਕਰ ਵਖਾਈਆ। ਉਹ ਮਾਲਕ ਹਿਰਦਕ ਹਾਰਦੂ, ਹਿਰਦਿਆਂ ਫੋਲ ਫੁਲਾਈਆ। ਜਨ ਭਗਤਾਂ ਪੈਜ ਸਵਾਰ ਦੂ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਭਗਤੀ ਕਹੇ ਵੇ ਨਾਰਦ ਸ਼ਬਦ ਪਖੰਡੀ, ਸਚ ਦੇ ਸਮਝਾਈਆ। ਕਿਹੜਾ ਮਾਰਗ ਕਿਹੜੀ ਡੰਡੀ, ਰਸਤਾ ਕਵਣ ਸੋਭਾ ਪਾਈਆ। ਨਾਰਦ ਕਹੇ ਕਮਲੀਏ ਤੂੰ ਓਸ ਪ੍ਰਭੂ ਤੋਂ ਬਿਨਾ ਰੰਡੀ, ਜਗਤ ਮਿਲੀ ਨਾ ਕੋਇ ਵਡਿਆਈਆ। ਸਚ ਲੱਭੇ ਨਾ ਕੋਇ ਅਨੰਦੀ, ਅਨੰਦ ਵਿਚ ਨਾ ਕੋਇ ਰਖਾਈਆ। ਇਕ ਖ਼ਬਰ ਸੁਣਾਵਾਂ ਚੰਗੀ, ਚੰਗੀ ਤਰਾ ਦ੍ਰਿੜਾਈਆ। ਨੀ ਓਹ ਬਾਬਲ ਬੜਾ ਢੰਗੀ, ਜਿਹਨੂੰ ਕਹਿੰਦੇ ਬੇਪਰਵਾਹੀਆ। ਉਸ ਜੁਗ ਜੁਗ ਧਾਰ ਵੰਡੀ, ਹਿੱਸੇ ਲੋਕਮਾਤ ਬਣਾਈਆ। ਆਪਣੇ ਹੁਕਮ ਦੀ ਲਾ ਪਾਬੰਦੀ, ਬੰਧਨਾ ਵਿਚ ਸਰਬ ਬੰਧਾਈਆ। ਜਗਤ ਤ੍ਰਿਸ਼ਨਾ ਕਰ ਕੇ ਨੰਗੀ, ਜਗਤ
ਜਹਾਨ ਦਿਤੀ ਵਖਾਈਆ। ਜਿਸ ਦੀ ਜੁਗ ਚੌਕੜੀ ਲੰਘੀ, ਭੱਜੀ ਵਾਹੋ ਦਾਹੀਆ। ਉਸ ਦੀ ਬਿਨਾ ਅੱਖਰਾਂ ਤੋਂ ਸ਼ਬਦ ਧਾਰ ਦੀ ਸੰਧੀ, ਜਿਸ ਦਾ ਲੇਖਾ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਖੇਲ ਆਪ ਖਿਲਾਈਆ। ਭਗਤੀ ਕਹੇ ਵੇ ਨਾਰਦਾ ਮੈਂ ਬੜੀ ਜੋਬਨਵੰਤੀ, ਸੋਹਣਿਆਂ ਦਿਆਂ ਸੁਣਾਈਆ। ਮੇਰਾ ਜੋਬਨ ਇਕ ਬਸੰਤੀ, ਨਵ ਰੰਗ ਇਕ ਨਜ਼ਰੀ ਆਈਆ। ਮੈਂ ਕਦੇ ਕਿਸੇ ਦੀ ਨਾ ਮੰਨਦੀ, ਮਨਸਾ ਜਗਤ ਨਾ ਕੋਇ ਵਖਾਈਆ। ਮੈਂ ਵਣਜਾਰਨ ਨਹੀਂ ਤਨ ਦੀ, ਤਤਾਂ ਸੰਗ ਨਾ ਕੋਇ ਬਣਾਈਆ। ਮੈਂ ਸਰੋਤੀ ਨਹੀਂ ਕੰਨ ਦੀ, ਸਰਵਣਾਂ ਨਾ ਕੋਇ ਚਤੁਰਾਈਆ। ਮੈਂ ਵਣਜਾਰਨ ਉਸੇ ਅਗੰਮੇ ਚੰਨ ਦੀ, ਜਿਸ ਨੂੰ ਚੰਦ ਸਿਤਾਰੇ ਸੀਸ ਝੁਕਾਈਆ। ਮੈਂ ਪਿਆਸੀ ਸਚ ਬ੍ਰਹਮ ਦੀ, ਪਾਰਬ੍ਰਹਮ ਵੇਖ ਵਖਾਈਆ। ਮੈਂ ਸਚ ਦਵਾਰਿਉਂ ਜੰਮਦੀ, ਜੰਮਣ ਵਾਲੀ ਅਵਰ ਕੋਇ ਨਾ ਮਾਈਆ। ਮੈਂ ਸਭ ਦੇ ਬੇੜੇ ਬੰਨ੍ਹਦੀ, ਜਗਤ ਸਾਗਰਾਂ ਪਾਰ ਕਰਾਈਆ। ਮੇਰੀ ਵਡਿਆਈ ਧੰਨ ਧੰਨ ਦੀ, ਧੰਨ ਕਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਲਕ ਦਇਆ ਕਮਾਈਆ। ਭਗਤੀ ਕਹੇ ਵੇ ਨਾਰਦ ਤੇਰੀ ਕਿਧਰੇ ਫਿਰਦੀ ਬੋਦੀ, ਬੁੱਧੀ ਤੋਂ ਪਰੇ ਦੇ ਜਣਾਈਆ। ਤੂੰ ਜਗਤ ਸਾਧੂ ਕਿ ਜੋਗੀ, ਕਿ ਜੁਗੀਸ਼ਰ ਨਾਉਂ ਪ੍ਰਗਟਾਈਆ। ਕਿਸ ਬਿਧ ਧਾਰ ਆਪਣੀ ਸੋਧੀ, ਸੁਧ ਸਚ ਦੇ ਸਮਝਾਈਆ। ਤੂੰ ਕਿਸ ਵਕਤ ਦਾ ਲੋਭੀ, ਲਾਲਚ ਵਿਚ ਲਲਚਾਈਆ। ਜੇ ਮੈਂ ਹੱਥ ਲਾਵਾਂ ਤੇਰੇ ਗੋਡੀਂ, ਸਹਿਜ ਨਾਲ ਦਬਾਈਆ। ਫੇਰ ਉਂਗਲ ਰਖ ਕੇ ਉਤੇ ਠੋਡੀ, ਸੋਚਾਂ ਥਾਉਂ ਥਾਈਂਆ। ਤੇਰੀ ਟਿੰਡ ਰੋਡੀ ਭੋਡੀ, ਸਾਫ਼ ਸੁਥਰੀ ਸੋਭਾ ਪਾਈਆ। ਤੇਰੀ ਠੋਡੀ ਦਿਸੇ ਖੋਦੀ, ਮੁੱਛ ਦਾੜ੍ਹੀ ਨਾ ਕੋਇ ਵਧਾਈਆ। ਤੇਰੀ ਕਾਇਆ ਦਿਸੇ ਕੋਝੀ, ਤਤਾਂ ਰੰਗ ਨਾ ਕੋਇ ਰੰਗਾਈਆ। ਤੈਨੂੰ ਕਿਥੋਂ ਤਾਈਂ ਸੋਝੀ, ਭੇਵ ਅਭੇਦਾ ਦੇਣਾ ਖੁਲਾਈਆ। ਤੇਰੀ ਕਿਤਨੀ ਲੰਬੀ ਔਧੀ, ਆਯੂ ਗਣਤ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਸੁਣ ਭਗਤੀ ਜਗਤ ਵਣਜਾਰੀ, ਵਣਜਾਂ ਵਾਲੀਏ ਦਿਆਂ ਜਣਾਈਆ। ਤੈਨੂੰ ਖ਼ਰੀਦਣ ਵਾਲਾ ਦਿਸੇ ਨਾ ਕੋਇ ਵਪਾਰੀ, ਕੀਮਤ ਮਾਤ ਨਾ ਕੋਇ ਰਖਾਈਆ। ਤੇਰਾ ਰੂਪ ਜਾਣੇ ਨਾ ਕੋਇ ਗਵਾਰੀ, ਪਰਦਾ ਸਕੇ ਨਾ ਕੋਇ ਉਠਾਈਆ। ਤੂੰ ਚਾਰੋਂ ਕੁੰਟ ਜਾਵੇਂ ਵਾਰੋ ਵਾਰੀ, ਭੱਜੇਂ ਵਾਹੋ ਦਾਹੀਆ। ਕਮਲੀਏ ਤੇਰੇ ਨਾਲ ਲਾਵੇ ਕੋਈ ਨਾ ਯਾਰੀ, ਯਾਰਾਨਾ ਸਚ ਨਾ ਕੋਇ ਰਖਾਈਆ। ਭਾਵੇਂ ਮੇਰੀ ਮੁੱਛ ਨਹੀਂ ਕੋਈ ਦਾਹੜੀ, ਸੀਸ ਸੋਹਣਾ ਸਾਫ਼ ਸੁਥਰਾ ਨਜ਼ਰੀ ਆਈਆ। ਮੈਂ ਕਦੀ ਕਿਸੇ ਦੀ ਮੰਗਣ ਗਿਆ ਨਹੀਂ ਵਾੜੀ, ਖ਼ਾਲੀ ਝੋਲੀ ਨਾ ਅਗੇ ਡਾਹੀਆ। ਮੈਂ ਕਿਸੇ ਦੀ ਕੀਤੀ ਨਹੀਂ ਕਦੀ ਦਿਹਾੜੀ, ਨਿਵ ਨਿਵ ਸੀਸ ਨਾ ਕੋਇ ਝੁਕਾਈਆ। ਮੈਂ ਕਦੀ ਫਿਰਿਆ ਨਹੀਂ ਜੰਗਲ ਜੂਹ ਪਹਾੜੀ, ਟਿੱਲੇ ਪਰਬਤਾਂ ਡੇਰਾ ਲਾਈਆ। ਤੂੰ ਕਿਉਂ ਫਿਰੇਂ ਚਾਰ ਕੁੰਟ ਨੀ ਕਰ ਕਰ ਹਾਰ ਸ਼ਿੰਗਾਰੀ, ਆਪਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਭਗਤੀ ਕਹੇ ਵੇ ਨਾਰਦਾ ਪੰਡੂ, ਪੰਡਤਾ ਦੇ ਸਮਝਾਈਆ। ਕੀ ਖੇਲ ਵੇਖਿਆ ਜੇਰਜ ਅੰਡੂ, ਉਤਭੁਜ ਸੇਤਜ ਫੋਲ ਫੁਲਾਈਆ। ਕੀ ਪ੍ਰਕਾਸ਼ ਤੱਕਿਆ ਤਾਰਾ ਚੰਦੂ, ਸੂਰੀਆ ਰੰਗ ਰੰਗਾਈਆ। ਕੀ ਖੇਲ ਕਰੇ ਦੀਨਾ ਬੰਧੂ, ਦੀਨ ਦਿਆਲ ਬੇਪ੍ਰਵਾਹੀਆ। ਵੇ ਕਿਹੋ ਜਿਹਾ ਅਗਲਾ ਸਮਾਂ ਲੰਘੂ, ਜਗਤ ਵਿਚ ਆਪਣਾ ਪੰਧ
ਮੁਕਾਈਆ। ਨਾਰਦ ਕਿਹਾ ਕਮਲੀਏ ਮੈਂ ਕੋਈ ਬ੍ਰਹਿਮਣ ਨਹੀਂ ਗੰਗੂ, ਜਗਤ ਮਾਇਆ ਵਿਚ ਲਲਚਾਈਆ। ਮੈਂ ਕੋਈ ਚੰਦਰਾ ਨਹੀਂ ਚੰਦੂ, ਚੰਦ ਸਿਤਾਰ ਦੇਣ ਗਵਾਹੀਆ। ਮੈਂ ਇਕੋ ਗੱਲ ਦੱਸਾਂ, ਨੀ ਵੈਰਾਗਣੇ ਮੇਰਾ ਸਾਹਿਬ ਇਕੋ ਵਸਤ ਵੰਡੂ, ਦੇਵਣਹਾਰ ਆਪਣੀ ਦਇਆ ਕਮਾਈਆ। ਜਨ ਭਗਤਾਂ ਆਤਮ ਪਰਮਾਤਮ ਗੰਢੂ, ਗੰਢ ਆਪਣੇ ਨਾਲ ਰਖਾਈਆ। ਸਭ ਦਾ ਸੀਨਾ ਕਰੇ ਠੰਡੂ, ਠੰਡਕ ਆਪ ਵਰਤਾਈਆ। ਭਾਵੇਂ ਮੈਨੂੰ ਲੁੱਚਾ ਕਹੋ ਭਾਵੇਂ ਕਹੋ ਲੰਡੂ, ਮੈਂ ਸਚ ਸਚ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਾਤਾ ਇਕ ਅਖਵਾਈਆ। ਭਗਤੀ ਕਹੇ ਬ੍ਰਹਿਮਣਾ ਅਗੇ ਕਰ ਲੈ ਗ਼ੌਰ, ਨਿਗਹ ਨਿਗਹ ਵਿਚੋਂ ਉਠਾਈਆ। ਕਿਸ ਬਿਧ ਜਨ ਭਗਤਾਂ ਕਾਰਜ ਜਾਏ ਸੌਰ, ਬਿਨਾ ਮੇਰੇ ਤੋਂ ਮਿਲੇ ਨਾ ਕਿਸੇ ਵਡਿਆਈਆ। ਮੈਂ ਪ੍ਰੇਮ ਦੀ ਪ੍ਰੀਤਮ ਨਾਲ ਬੰਨ੍ਹਾਂ ਡੋਰ, ਪ੍ਰੇਮੀਆਂ ਪ੍ਰੇਮ ਨਾਲ ਬੰਨ੍ਹਾਈਆ। ਮੈਂ ਅੰਦਰੋਂ ਕਢਾਂ ਪੰਜ ਚੋਰ, ਸ਼ਰਅ ਸ਼ੈਤਾਨ ਬਾਹਰ ਕਢਾਈਆ। ਮੈਂ ਵਸਾਂ ਅੰਧੇਰੇ ਘੋਰ, ਕਾਇਆ ਮੰਦਰ ਡੇਰਾ ਲਾਈਆ। ਮੇਰੇ ਵਿਚ ਬੜਾ ਜ਼ੋਰ, ਜੋਰੂ ਜ਼ਰ ਦਿਆਂ ਤਜਾਈਆ। ਰੂਪ ਬਣਾ ਕੇ ਹੋਰ ਦਾ ਹੋਰ, ਅਵਰਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਨਾਰਦ ਕਹੇ ਨੀ ਭਗਤੀਏ ਦੱਸ ਤੇਰੀ ਕੀ ਤਾਕਤ, ਬਲ ਕੀ ਰਖਾਈਆ। ਤੂੰ ਕਿਸ ਦੀ ਕਰੇਂ ਸ਼ਨਾਖ਼ਤ, ਫੜ ਬਾਹੋਂ ਲਏਂ ਜਗਾਈਆ। ਕੀ ਤੇਰੀ ਹੋਵੇ ਲਿਆਕਤ, ਅਕਲ ਕੀ ਵਡਿਆਈਆ। ਕੀ ਤੇਰੇ ਕੋਲ ਵਿਰਾਸਤ, ਮੈਨੂੰ ਦੇ ਸਮਝਾਈਆ। ਕਲਜੁਗ ਜੀਵ ਕੋਈ ਨਾ ਆਵੇ ਤੇਰੀ ਵਿਚ ਹਿਰਾਸਤ, ਹੈਰਾਨੀ ਸਭ ਦੇ ਉਤੇ ਛਾਈਆ। ਤੇਰੀ ਸਾਰੇ ਕਰਨ ਖ਼ਿਲਾਫ਼ਤ, ਸਗਲਾ ਸੰਗ ਨਾ ਕੋਇ ਬਣਾਈਆ। ਤੇਰੇ ਵਿਚ ਕੀ ਕਰਨੀ ਮਹਾਨਤ, ਭੇਵ ਦੇਣਾ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਭਗਤੀ ਕਹੇ ਨਾਰਦਾ ਨਾ ਕਰ ਬੋਲ ਕੌੜਾ, ਕੁੜੱਤਣ ਵਿਚ ਸੁਣਾਈਆ। ਤੂੰ ਕੀ ਜਾਣੇ ਮੇਰਾ ਮੰਜ਼ਲ ਪੌੜਾ, ਡੰਡਾ ਡੰਡਾਵਤ ਵਾਲਾ ਨਜ਼ਰ ਕੋਇ ਨਾ ਆਈਆ। ਮੇਰਾ ਮਾਰਗ ਬੜਾ ਸੌੜਾ, ਭੀੜੀ ਗਲੀ ਪਾਰ ਨਾ ਕੋਇ ਕਰਾਈਆ। ਝਟ ਨਾਰਦ ਬੋਲਿਆ ਮੇਰਾ ਹੁਕਮ ਸੁਣ ਲੈ ਥੋੜ੍ਹਾ, ਥੋੜ੍ਹੀਏ ਨਿੱਕੀਏ ਛੋਟੀਏ ਤੈਨੂੰ ਦਿਆਂ ਜਣਾਈਆ। ਉਹ ਵੇਖ ਭਗਤੀ ਵਾਲਿਆਂ ਭਗਵਾਨ ਨੂੰ ਕਿਹਾ ਉਹ ਆਵੇ ਬਣ ਕੇ ਬ੍ਰਾਹਮਣ ਗੌੜਾ, ਮੈਂ ਉਸੇ ਬ੍ਰਹਮ ਦਾ ਬ੍ਰਾਹਮਣ ਰੂਪ ਨਜ਼ਰੀਂ ਆਈਆ। ਜਿਸ ਦਾ ਇਕੋ ਖੇਲ ਹੋਣਾ ਭਗਤ ਭਗਵਾਨ ਦਾ ਜੋੜਾ, ਮੇਲਾ ਧੁਰ ਦਾ ਲੈਣਾ ਮਿਲਾਈਆ। ਸੱਸੇ ਉਤੇ ਲਾ ਕੇ ਹੋੜਾ, ਹਾਹੇ ਟਿੱਪੀ ਰੰਗ ਰੰਗਾਈਆ। ਨੀ ਜਗਤ ਦੀਏ ਵਣਜਾਰਨੇ ਤੈਨੂੰ ਜਵਾਬ ਦੇਣਾ ਕੋਰਾ, ਇਕੋ ਵਾਰ ਸੁਣਾਈਆ। ਮੇਰਾ ਸ਼ਬਦ ਦੁਲਾਰਾ ਬਾਂਕਾ ਛੋਹਰਾ, ਜੋਬਨਵੰਤਾ ਨਜ਼ਰੀ ਆਈਆ। ਜਿਸ ਦੇ ਅਗੇ ਚਲੇ ਕੋਇ ਨਾ ਜੋਰਾ, ਚਾਰ ਜੁਗ ਦੇ ਸ਼ਾਸਤਰ ਗੁਰ ਅਵਤਾਰ ਪੈਗ਼ੰਬਰ ਜਨ ਭਗਤ ਬੈਠੇ ਸੀਸ ਨਿਵਾਈਆ। ਉਸ ਦੀ ਉਸੇ ਨੂੰ ਪਈ ਲੋੜਾ, ਲੁੜੀਂਦਾ ਸੱਜਣ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਭਗਤੀ ਕਹੇ ਜਾ ਵੇ ਨਾਰਦ ਪਲਾਲੀ, ਕਿਉਂ ਪਲ ਪਲ ਆਪਣਾ ਆਪ ਰਿਹਾ ਬਦਲਾਈਆ। ਵੇ ਤੂੰ ਔਤ੍ਰਾ ਨਿਖਤਾ ਮੈਂ ਤੈਨੂੰ ਕਢਾਂ ਗਾਲੀ, ਜ਼ੋਰ ਜ਼ੋਰ ਸੁਣਾਈਆ। ਤੇਰੀ ਸ਼ਕਲ ਨਾ ਗੋਰੀ ਨਾ ਕਾਲੀ, ਰੂਪ ਰੰਗ ਨਾ ਕੋਇ ਬਣਾਈਆ। ਤੂੰ ਸਚ ਦੱਸ ਕਿਸ ਗਗਨ ਮੰਡਲ ਵਸੇ ਕਿ ਆਕਾਸ਼ ਪਾਤਾਲੀ, ਕੀ ਧਰਨੀ
ਧਰਤ ਧਵਲ ਡੇਰਾ ਲਾਈਆ। ਨਾਰਦ ਹੱਸ ਕੇ ਕਿਹਾ, ਤਾਲੀ ਮਾਰ ਕੇ ਕਿਹਾ, ਨੀ ਸਤਿਗੁਰ ਸ਼ਬਦ ਦਾ ਮੈਂ ਦਲਾਲੀ, ਦਲਾਲ ਹੋ ਕੇ ਰਿਹਾ ਜਣਾਈਆ। ਜਿਸ ਨੇ ਸਭ ਦੀ ਸੁਰਤ ਸੰਭਾਲੀ, ਉਹ ਸਾਹਿਬ ਬੇਪ੍ਰਵਾਹੀਆ। ਨੀ ਭਗਤੀਏ ਤੇਰੀ ਕਿਸ ਨੇ ਘਾਲ ਘਾਲੀ, ਤੂੰ ਘਾਇਲ ਕੀਤੀ ਲੋਕਾਈਆ। ਦੱਸ ਤੇਰਾ ਕਿਹੜਾ ਵਾਰਸ ਤੇ ਕਿਹੜਾ ਵਾਲੀ, ਕਵਣ ਮਾਲਕ ਨਜ਼ਰੀ ਆਈਆ। ਮੈਨੂੰ ਇਉਂ ਦਿਸਦਾ ਤੇਰੇ ਬਿਨਾ ਸਾਰੀ ਦੁਨੀਆ ਖ਼ਾਲੀ, ਜਗ ਵਿਚ ਨਜ਼ਰ ਕੋਇ ਨਾ ਆਈਆ। ਮੈਂ ਸਤਿਗੁਰ ਸ਼ਬਦ ਸ਼ਬਦ ਸਤਿਗੁਰ ਜਿਸ ਦੀ ਤੂੰ ਸਦਾ ਬਣੀ ਰਹੇਂ ਸਵਾਲੀ, ਦਰ ਠਾਂਡੇ ਸੀਸ ਨਿਵਾਈਆ। ਹੁਣ ਖੇਲ ਕਰਾਂ ਨਿਰਾਲੀ, ਨਿਰਗੁਣ ਆਪਣੀ ਕਾਰ ਭੁਗਤਾਈਆ। ਉਠ ਵੇਖ ਨੇਤਰ ਹਾਲੀ, ਬਿਨ ਨੈਣਾਂ ਅੱਖ ਉਠਾਈਆ। ਕੀ ਖੇਲ ਕਰੇ ਸ਼ਹਿਨਸ਼ਾਹ ਵਾਲੀ ਦੋ ਜਹਾਨੀ, ਨਿਰਗੁਣ ਸਰਗੁਣ ਆਪਣਾ ਹੁਕਮ ਵਰਤਾਈਆ। ਉਹ ਦਾਤਾ ਬਣ ਕੇ ਦਾਨੀ, ਦਇਆਵਾਨ ਦਇਆ ਕਮਾਈਆ। ਲੇਖੇ ਲਾਏ ਜੀਵ ਪ੍ਰਾਣੀ, ਪੁਨਹ ਪੁਨਹ ਵੇਖ ਵਖਾਈਆ। ਮੰਜ਼ਲ ਦੱਸੇ ਇਕ ਅਸਾਨੀ, ਜ਼ਿਮੀਂ ਅਸਮਾਨਾਂ ਪਾਰ ਜਣਾਈਆ। ਆਪਣੀ ਮੰਜ਼ਲ ਆਪ ਬਣਾ ਰੁਹਾਨੀ। ਰੂਹ ਬੁਤ ਖੇਲ ਖਿਲਾਈਆ। ਜਨ ਭਗਤਾਂ ਤੇਰੀ ਕੱਟਣ ਨਾ ਦੇਵੇ ਗ਼ੁਲਾਮੀ, ਗ਼ੁਲਾਮ ਬਣਾਉਣ ਵਾਲੀਏ ਤੇਰਾ ਲੇਖਾ ਦੇਣਾ ਮੁਕਾਈਆ। ਧੁਰ ਸੰਦੇਸਾ ਦੇ ਪੈਗ਼ਾਮੀ, ਪੈਗ਼ੰਬਰਾਂ ਤੋਂ ਪਰੇ ਆਪਣਾ ਰੰਗ ਚੜ੍ਹਾਈਆ। ਜਿਹੜਾ ਜਗਤ ਜਹਾਨ ਦਿਸੇ ਫ਼ਾਨੀ, ਅੰਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਵੇਸ ਆਪ ਵਟਾਈਆ। ਭਗਤੀ ਕਹੇ ਮੈਂ ਬੜੀ ਗੰਭੀਰ, ਨਾਰਦ ਦਿਆਂ ਜਣਾਈਆ। ਮੇਰੀ ਸਿਫ਼ਤ ਕੀਤੀ ਕਬੀਰ, ਕੂਕ ਕੂਕ ਸੁਣਾਈਆ। ਰਵਦਾਸ ਚਮਾਰੇ ਬਦਲੀ ਤਕਦੀਰ, ਤਦਬੀਰ ਇਕ ਦ੍ਰਿੜਾਈਆ। ਮੈਨੂੰ ਮੰਨਦੇ ਪੈਗ਼ੰਬਰ ਪੀਰ, ਸੂਫ਼ੀ ਸੰਤ ਧਿਆਨ ਰਖਾਈਆ। ਮੈਂ ਸਭ ਦੀ ਬਦਲਾਂ ਜ਼ਮੀਰ, ਕੂੜੀ ਕਿਰਿਆ ਡੇਰਾ ਢਾਹੀਆ। ਮੇਲ ਮਿਲਾਵਾਂ ਨਾਲ ਬੇਨਜ਼ੀਰ, ਨਜ਼ਰੀਆ ਦਿਆਂ ਬਦਲਾਈਆ। ਸੁਧ ਕਰਾਂ ਪੰਜ ਤਤ ਸ਼ਰੀਰ, ਦੁਰਮਤ ਮੈਲ ਧਵਾਈਆ। ਮੇਰੀ ਮੰਜ਼ਲ ਇਕ ਅਖ਼ੀਰ, ਮੇਲ ਮਿਲਾਵਾਂ ਧੁਰ ਦੇ ਮਾਹੀਆ। ਜਿਥੇ ਝਗੜਾ ਰਹੇ ਨਾ ਕੋਇ ਤਕਦੀਰ, ਕਰਮ ਕਾਂਡ ਦਾ ਡੇਰਾ ਢਾਹੀਆ। ਇਕ ਆਤਮਾ ਇਕ ਪਰਮਾਤਮਾ ਮੇਲ ਮਿਲਾਵਾ ਹੋਏ ਮੈਨੂੰ ਮਿਲੇ ਵਾਦ ਅਸ਼ੀਰ, ਖ਼ੁਸ਼ੀਆਂ ਵਿਚ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਭਗਤੀਏ ਨੀ ਤੇਰਾ ਸਫ਼ਰ ਬੜਾ ਲੰਮਾ, ਅਗਲਾ ਪੰਧ ਨਾ ਕੋਇ ਮੁਕਾਈਆ। ਜਗਤ ਜਹਾਨ ਤੈਨੂੰ ਵੇਖ ਕੇ ਕੰਬਾ, ਥਰ ਥਰਾਹਟ ਵਿਚ ਦੁਹਾਈਆ। ਕਿੱਡਾ ਮੁਸ਼ਕਲ ਚੜ੍ਹਨਾ ਡੰਡਾ, ਪੌੜੀ ਪੌੜੀ ਵੇਖ ਵਖਾਈਆ। ਦਿਵਸ ਰੈਣ ਗਾਉਂਦਾ ਰਹਾਂ ਛੰਦਾ, ਅੱਠੇ ਪਹਿਰ ਧਿਆਨ ਰਖਾਈਆ। ਬੰਦਗੀ ਵਿਚ ਫਸ ਜਾਏ ਬੰਦਾ, ਬੰਧਨ ਤੇਰੇ ਨਾਲ ਪਾਈਆ। ਦੁਨੀਆ ਵਿਚ ਹਾਲ ਹੋਵੇ ਮੰਦਾ, ਜਗਤ ਰੰਗ ਨਾ ਕੋਇ ਰੰਗਾਈਆ। ਮਨ ਮਿਲੇ ਨਾ ਸੁਖ ਅਨੰਦਾ, ਤ੍ਰਿਸ਼ਨਾ ਕੂੜ ਜਗਤ ਹਲਕਾਈਆ। ਤੱਕ ਖੇਲ ਸੂਰਾ ਸਰਬੰਗਾ, ਹਰਿ ਕਰਤਾ ਆਪ ਅਖਵਾਈਆ। ਨੇਤਰ ਹੀਣ ਕਰ ਕੇ ਅੰਧਾ, ਜਗਤ ਲੋਚਣ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਭਗਤੀ ਕਹੇ ਨਾਰਦਾ ਮੇਰੇ ਬਿਨਾ ਕੋਈ ਨਹੀਂ ਤਰਿਆ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਮੈਨੂੰ ਸਭ ਨੇ ਆਦਿ ਜੁਗਾਦਿ ਵਰਿਆ, ਜੁਗ ਜੁਗ ਮੇਲਾ ਮੇਲਿਆ ਸਹਿਜ ਸੁਭਾਈਆ।
ਬਿਨਾ ਮੇਰੇ ਤੋਂ ਜਗਤ ਜਹਾਨ ਮਰਿਆ, ਤਨ ਵਜੂਦ ਮਾਟੀ ਖ਼ਾਕ ਕੰਮ ਕਿਸੇ ਨਾ ਆਈਆ। ਮੈਂ ਸਚ ਸੰਦੇਸ਼ਾ ਦੇਵਾਂ ਅੜਿਆ, ਅੜਿੱਕੇ ਨਾਲ ਜਣਾਈਆ। ਬਿਨਾ ਭਗਤੀ ਤੋਂ ਪ੍ਰਭ ਦੀ ਮੰਜ਼ਲ ਕੋਇ ਨਾ ਚੜ੍ਹਿਆ, ਦਰਗਾਹ ਸਾਚੀ ਪੁੱਜਣ ਕੋਇ ਨਾ ਪਾਈਆ। ਸਚ ਦਵਾਰ ਕੋਈ ਨਾ ਖੜਿਆ, ਸਨਮੁਖ ਹੋ ਨਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਨੀ ਭਗਤੀ ਤੇਰਾ ਮਾਰਗ ਬੜਾ ਸਖ਼ਤ, ਸਖ਼ਤੀ ਨਾਲ ਜਣਾਈਆ। ਮੈਨੂੰ ਯਾਦ ਆਉਂਦਾ ਵੇਲਾ ਵਕਤ, ਜਿਸ ਵੇਲੇ ਭਗਤਾਂ ਮਿਲੀ ਸਜ਼ਾਈਆ। ਤੇਰੀ ਤੱਕ ਕੇ ਅਸੂਲਾਂ ਵਾਲੀ ਸ਼ਰਤ, ਸ਼ਰਅ ਰਹੀ ਸ਼ਰਮਾਈਆ। ਤੂੰ ਜੁਗ ਜੁਗ ਖੇਲ ਕੀਤਾ ਉਤੇ ਧਰਤ, ਧਵਲੀ ਭੇਵ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਸਤਿਗੁਰ ਸ਼ਬਦ ਕਹੇ ਭਗਤੀ ਮੈਂ ਉਹ ਨਾਰਦ ਮੁਨੀ, ਜਿਸ ਨੂੰ ਮੁਨੀ ਮੁਨੀਸ਼ਰ ਸੀਸ ਨਿਵਾਈਆ। ਮੈਂ ਉਹ ਦਾਤਾ ਵਡ ਗੁਣ ਗੁਣੀ, ਗਹਿਰ ਗੰਭੀਰ ਇਕ ਅਖਵਾਈਆ। ਜੋ ਸਭ ਦੀ ਪੁਕਾਰ ਰਿਹਾ ਸੁਣੀ, ਲੱਖ ਚੁਰਾਸੀ ਵੇਖ ਵਖਾਈਆ। ਸ਼ਬਦ ਅਨਾਦੀ ਨਾਦ ਸੁਣੀ, ਅਨਹਦ ਨਾਦ ਕਰੇ ਸ਼ਨਵਾਈਆ। ਜਿਸ ਦੀ ਚੋਟੀ ਕਦੇ ਨਾ ਜਾਏ ਮੁੰਨੀ, ਮੇਰੀ ਬੋਦੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਮੈਂ ਸਤਿਗੁਰ ਸ਼ਬਦ ਸੁਹੰਜਣਾ, ਸੋਭਾਵੰਤ ਸੋਭਨੀਕ। ਮੇਰਾ ਮਾਲਕ ਆਦਿ ਨਿਰੰਜਣਾ, ਜਿਸ ਦੇ ਵਿਚ ਹਕ ਤੌਫ਼ੀਕ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਜੋ ਆਦਿ ਜੁਗਾਦਿ ਬਦਲੇ ਰੀਤ। ਚਰਨ ਧੂੜ ਦੇਵੇ ਮਜਨਾ, ਅੰਮ੍ਰਿਤ ਸਚ ਕਰੇ ਬਖ਼ਸ਼ੀਸ਼। ਨਿਜ ਨੇਤਰ ਪਾਵੇ ਅੰਜਣਾ, ਤ੍ਰੈਗੁਣ ਦਾਤਾ ਇਕ ਅਤੀਤ। ਸਚ ਪ੍ਰੇਮ ਦੀ ਚਾੜ੍ਹੇ ਰੰਗਣਾ, ਹਰਿ ਮਾਲਕ ਅਗੰਮ ਅਨਡੀਠ। ਜਿਸ ਦੇ ਹੁਕਮ ਅੰਦਰ ਸਭ ਨੇ ਵੰਞਣਾ, ਜਗਤ ਦਾ ਜਗਤ ਰਹੇ ਕੋਇ ਨਾ ਮੀਤ। ਉਸੇ ਦੀ ਡੰਡਾਵਤ ਉਸੇ ਦੀ ਬੰਦਨਾ, ਉਸੇ ਨੂੰ ਰਖਿਆ ਚੀਤ। ਜੋ ਨਿਰਗੁਣ ਦਾਤਾ ਸੱਜਣਾ, ਜਿਸ ਸਾਹਿਬ ਉਤੇ ਉਮੀਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਜਿਸ ਦੀ ਕਰਨ ਤਾਰੀਫ਼। ਭਗਤੀ ਕਹੇ ਜੇ ਤੂੰ ਨਾਰਦ ਸ਼ਬਦ ਗੁਰਦੇਵਾ, ਸਤਿਗੁਰ ਤੇਰੀ ਵਡਿਆਈਆ। ਮੈਂ ਤੇਰੇ ਹੁਕਮ ਵਿਚ ਜੁਗ ਜੁਗ ਕਰਨੀ ਸੇਵਾ, ਸੇਵਕ ਹੋ ਕੇ ਸੇਵ ਕਮਾਈਆ। ਤੂੰ ਮਾਲਕ ਖ਼ਾਲਕ ਵਸੇਂ ਨਿਹਚਲ ਧਾਮ ਨਿਹਕੇਵਾ, ਨਿਰਗੁਣ ਨਿਰਵੈਰ ਨਜ਼ਰੀ ਆਈਆ। ਤੂੰ ਬੇਪ੍ਰਵਾਹ ਅਲਖ ਅਭੇਵਾ, ਬੇਅੰਤ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਨਾਰਦ ਉਹ ਨਰਾਇਣ, ਜਿਸ ਨੂੰ ਸਾਰੇ ਸੀਸ ਨਿਵਾਈਆ। ਮੇਰੇ ਢੋਲੇ ਸਾਰੇ ਕਹਿਣ, ਸਿਫ਼ਤਾਂ ਵਿਚ ਸੁਣਾਈਆ। ਮੈਂ ਕਲਜੁਗ ਅੰਤਮ ਲੇਖਾ ਆਇਆ ਦੇਣ, ਲਹਿਣਾ ਝੋਲੀ ਪਾਈਆ। ਜਨ ਭਗਤਾਂ ਬਣ ਕੇ ਸੱਜਣ ਸੈਣ, ਸਾਕ ਇਕ ਅਖਵਾਈਆ। ਦਰਸ਼ਨ ਦੇਵਾਂ ਨੈਣ, ਨੈਣ ਮੁੰਦਾਰੀ ਵਜੇ ਵਧਾਈਆ। ਝਗੜਾ ਮੇਟਾਂ ਤਰਫ਼ੈਣ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਨਜ਼ਰੀ ਆਵਾਂ ਐਨ ਦਾ ਐਨ, ਨੂਰ ਨੁਰਾਨਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਮੇਲਾ ਆਪ ਮਿਲਾਈਆ। ਨਾਰਦ ਕਹੇ ਨੀ ਭਗਤੀ ਭਗਤ ਭਗਵਾਨ ਇਕ ਮਿਕ, ਰੂਪ ਇਕੋ ਨਜ਼ਰੀ ਆਈਆ। ਜਨ ਭਗਤਾਂ ਅੰਦਰ ਗਿਆ ਟਿਕ, ਆਸਣ ਸਿੰਘਾਸਣ
ਆਪ ਸੁਹਾਈਆ। ਸਚ ਮੁਹੱਬਤ ਵਿਚ ਗਿਆ ਵਿਕ, ਆਪਣੀ ਕੀਮਤ ਨਾ ਕੋਇ ਰਖਾਈਆ। ਨੀ ਤੂੰ ਹੱਥ ਮਾਰ ਆਪਣੀ ਛਾਤੀ ਉਤੇ ਹਿਕ, ਦੋਹੱਥੜ ਦੇ ਲਗਾਈਆ। ਵੇ ਪ੍ਰਭੂ ਕਿਉਂ ਮੇਰੇ ਨਾਲੋਂ ਪ੍ਰੀਤੀ ਲਈ ਖਿੱਚ, ਕੀ ਪ੍ਰੀਤਮ ਤੇਰੀ ਬੇਪ੍ਰਵਾਹੀਆ। ਝਟ ਨਾਰਦ ਨੂੰ ਆ ਗਈ ਨਿੱਛ, ਛਿੱਕ ਮਾਰ ਕੇ ਰਿਹਾ ਸੁਣਾਈਆ। ਨੀ ਸੋਂਹਣੀਏ ਕਮਲੀਏ ਉਹ ਭਗਤਾਂ ਦੇ ਵੜ ਗਿਆ ਵਿਚ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਤੈਨੂੰ ਗ਼ੁੱਸੇ ਵਿਚ ਚੜ੍ਹੇ ਨਾ ਚਿਪ, ਚੁੱਪ ਚੁਪਾਤੀ ਚਰਨੀ ਸੀਸ ਨਿਵਾਈਆ। ਭਗਤੀ ਕਹੇ ਮੈਂ ਵੀ ਕਲਜੁਗ ਦੀ ਸਵਾਣੀ ਬੁਲਾਂ ਨੂੰ ਲਾਵਾਂਗੀ ਸਟਿਕ, ਲਿਪ ਸੋਹਣਾ ਰੰਗ ਰੰਗਾਈਆ। ਮੈਂ ਪਰਦਾ ਚੁੱਕ ਕੇ ਵੇਖਾਂਗੀ ਵਿਚੋਂ ਮਾਇਆ ਵਾਲੀ ਚਿਟ, ਹੌਲੀ ਹੌਲੀ ਅੱਖ ਉਠਾਈਆ। ਨਾਲੇ ਦੱਸਾਂਗੀ ਮੇਰੇ ਕੋਲ ਪੁਰਾਣਿਆਂ ਭਗਤਾਂ ਦੀ ਚਿਟ, ਜੋ ਚਿੱਟੇ ਦਾ ਲੇਖਾ ਚਿੱਟਾ ਦਏ ਜਣਾਈਆ। ਕਲਜੁਗ ਮੇਰਾ ਲਹਿਣਾ ਲਓ ਨਜਿਠ, ਸਚ ਸਚ ਦਿਆਂ ਦ੍ਰਿੜਾਈਆ। ਨਾਰਦ ਕਹੇ ਜਗਤ ਦੀ ਭਗਤੀ ਤੈਨੂੰ ਭਗਤਾਂ ਕਰਨਾ ਠਿੱਠ, ਮੈਂ ਸਚ ਦਿਆਂ ਸੁਣਾਈਆ। ਉਹ ਇਕੋ ਵਾਰ ਆ ਗਏ ਪ੍ਰਭੂ ਦੇ ਚਰਨਾਂ ਹੇਠ, ਦੂਸਰ ਲੋੜ ਰਹੇ ਨਾ ਰਾਈਆ। ਕਮਲੀਏ ਤੂੰ ਵੀ ਭਗਤਾਂ ਦੇ ਨਾਲ ਏਥੇ ਲੇਟ, ਆਪਣਾ ਪੰਧ ਮੁਕਾਈਆ। ਆਪਣੀ ਕੀਤੀ ਕਰਨੀ ਕਰ ਦੇ ਭੇਟ, ਇਕੋ ਵਾਰ ਸੀਸ ਨਿਵਾਈਆ। ਅਗੇ ਭਗਤ ਭਗਵਾਨ ਦੀ ਚਲਣੀ ਖੇਡ, ਦੂਸਰ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਭਗਤੀ ਕਹੇ ਜੇ ਪ੍ਰਭ ਦਾ ਸੁਹੰਜਣਾ ਦਰ, ਸਤਿ ਦੇ ਸੁਣਾਈਆ। ਜਿਨ੍ਹਾਂ ਨੂੰ ਇਕੋ ਵਾਰ ਮਿਲ ਗਿਆ ਵਰ, ਵਰ ਪਾਇਆ ਬੇਪ੍ਰਵਾਹੀਆ। ਸਾਚੀ ਮੰਜ਼ਲ ਗਏ ਚੜ੍ਹ, ਅਗੇ ਹੋ ਨਾ ਕੋਇ ਅਟਕਾਈਆ। ਸਚ ਦਵਾਰੇ ਗਏ ਵੜ, ਅਗੇ ਜਿਥੇ ਬੈਠਾ ਬੇਪ੍ਰਵਾਹੀਆ। ਮੈਂ ਸਚ ਸਰਨਾਈ ਜਾਵਾਂ ਪੜ, ਨਿਉਂ ਨਿਉਂ ਸੀਸ ਝੁਕਾਈਆ। ਸਭ ਦਾ ਸਾਂਝਾ ਹੋ ਜਾਏ ਇਕੋ ਗੜ੍ਹ, ਜਿਥੇ ਭਗਤ ਭਗਵਾਨ ਮਿਲ ਕੇ ਵੱਜੇ ਵਧਾਈਆ। ਨਾ ਕੋਈ ਭੈ ਰਹੇ ਨਾ ਡਰ, ਚਿੰਤਾ ਸੋਗ ਨਾ ਕੋਇ ਵਖਾਈਆ। ਜਿਥੇ ਅਵਤਾਰ ਪੈਗ਼ੰਬਰ ਗੁਰੂ ਤੂੰ ਹੀ ਤੂੰ ਹੀ ਰਹੇ ਕਰ, ਦੂਜਾ ਰਾਗ ਨਾ ਕੋਇ ਅਲਾਈਆ। ਸੋ ਲੇਖਾ ਪੂਰਾ ਕਰੇ ਅਠਾਰਾਂ ਹਾੜ, ਹਾੜ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੰਧ ਮੁਕਾਈਆ। ਭਗਤੀ ਕਹੇ ਜਗਤ ਸਮਝਦਾ ਨਾਰਦ ਕੋਈ ਸ਼ੈਤਾਨ, ਜੁਗ ਜੁਗ ਖੇਲ ਖਿਲਾਈਆ। ਨਾਰਦ ਕਹੇ ਮੈਂ ਬੜਾ ਬਲਵਾਨ, ਬਲਧਾਰੀ ਇਕ ਅਖਵਾਈਆ। ਮੈਂ ਬ੍ਰਾਹਮਣ ਸਰਬ ਬਣਾਇਆ ਜਜਮਾਨ, ਮੰਗਾਂ ਥਾਉਂ ਥਾਈਂਆ। ਸਖ਼ੀਆਂ ਨੂੰ ਉਠਾਇਆ ਕਾਹਨ, ਸੀਤਾ ਨੂੰ ਰਾਮ ਜਣਾਈਆ। ਆਪ ਫਿਰ ਕੇ ਵਿਚ ਬੀਆਬਾਨ, ਜੰਗਲ ਜੂਹ ਸੁਹਾਈਆ। ਫੇਰ ਬਣ ਕੇ ਨੌਜਵਾਨ, ਜੋਬਨਵੰਤਾ ਭੱਜਾ ਵਾਹੋ ਦਾਹੀਆ। ਮੇਰੀ ਸ਼ਕਲ ਸਕੇ ਨਾ ਕੋਇ ਪਹਿਚਾਨ, ਅਕਲ ਆਕਲਾਂ ਵਿਚ ਨਾ ਕੋਇ ਦ੍ਰਿੜਾਈਆ। ਮੇਰਾ ਖੇਲ ਬੜਾ ਕੁਨ ਹੈਰਾਨ, ਹੈਰਾਨੀ ਵਿਚ ਸਰਬ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਤਿਗੁਰ ਨਾਰਦ ਕਹੇ ਮੈਂ ਬਣ ਜਾਵਾਂ ਵਣਜਾਰਾ, ਆਪਣਾ ਰੂਪ ਬਦਲਾਈਆ। ਸਮੁੰਦ ਸਾਗਰਾਂ ਕਰਨਾ ਪਾਰ ਕਿਨਾਰਾ, ਭੱਜਣਾ ਵਾਹੋ ਦਾਹੀਆ। ਮੁਹੰਮਦ ਨੂੰ ਹਲੂਣਾ ਦੇਣਾ ਨਾਲ ਚਾਰ ਯਾਰਾ, ਯਾਰਾਨਾ ਸਭ ਦਾ ਵੇਖ ਵਖਾਈਆ। ਮੂਸਾ ਦੇਣਾ ਇਸ਼ਾਰਾ, ਇਸ਼ਾਰਿਆਂ ਨਾਲ ਉਠਾਈਆ। ਈਸਾ ਦਾ ਲੇਖਾ ਵੇਖਣਾ ਦਿਨ ਦਿਹਾੜਾ, ਦਿਵਸ ਆਪਣੇ ਰੰਗ ਰੰਗਾਈਆ। ਨਾਲੇ ਦਰਵੇਸ਼ ਬਣਨਾ ਫ਼ਕੀਰ ਬਣਨਾ ਬੇਨਜ਼ੀਰ
ਬਣਨਾ ਨਾਲੇ ਬਣਨਾ ਧੁਰ ਦਾ ਲਾੜਾ, ਜੋਬਨ ਆਪਣਾ ਇਕ ਵਖਾਈਆ। ਕਿਤੇ ਧਾਰ ਧਰਮ ਕਿਤੇ ਪ੍ਰੇਸ਼ਾਨੀ ਦਾ ਲਾਉਣਾ ਅਖਾੜਾ, ਦੋਵੇਂ ਰੰਗ ਰੰਗਾਈਆ। ਖੇਲ ਕਰਨਾ ਜੰਗਲਾਂ ਵਿਚ ਉਜਾੜਾਂ, ਪਹਾੜਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਚਵ੍ਹੀਆਂ ਅਵਤਾਰਾਂ, ਜਨ ਭਗਤਾਂ ਦਰਸ਼ਨ ਦੇਂਦਾ ਰਹੇ ਕਾਇਆ ਦਰ ਦਵਾਰਾ, ਸਚ ਸਵਾਮੀ ਹੋ ਕੇ ਦਇਆ ਕਮਾਈਆ।
੨੨ ਹਾੜ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਵਿਦੇਸ਼ੀ ਟੂਰ ਤੇ ਜਾਣ ਸਮੇਂ ਸਵੇਰੇ
ਸਦੀ ਚੌਧਵੀਂ ਕਹੇ ਮੇਰੇ ਅੰਤਰ ਚੜ੍ਹ ਗਈ ਲਾਲੀ, ਲਾਲ ਗੁਲਾਲਾ ਮਿਲਿਆ ਧੁਰ ਦਾ ਮਾਹੀਆ। ਮੈਂ ਪੂਰਬ ਦੀ ਪਤ੍ਰਕਾ ਆਪ ਸੰਭਾਲੀ, ਸੰਬਲ ਵੇਖਾਂ ਧੁਰ ਦਾ ਮਾਹੀਆ। ਜਿਸ ਦਾ ਨੂਰ ਜੋਤ ਅਕਾਲੀ, ਅਕਲ ਕਲਧਾਰੀ ਵਡ ਵਡਿਆਈਆ। ਜਿਸ ਦੀ ਸੇਵਾ ਸੰਮਤ ਸੰਮਤੀ ਘਾਲੀ, ਘਾਇਲ ਹੋ ਕੇ ਭੱਜੀ ਵਾਹੋ ਦਾਹੀਆ। ਉਹ ਮਾਲਕ ਤੱਕਿਆ ਜੋ ਅਰਸ਼ ਫ਼ਰਸ਼ ਦਾ ਵਾਲੀ, ਵਾਲੀ ਦੋ ਜਹਾਨ ਅਖਵਾਈਆ। ਮੇਰੇ ਅੰਤਰ ਖ਼ੁਸ਼ੀ ਬਾਹਲੀ, ਖ਼ੁਸ਼ੀਆਂ ਰੰਗ ਰੰਗਾਈਆ। ਮੈਂ ਦਰ ਤੇ ਹੋਈ ਸਵਾਲੀ, ਖ਼ਾਲੀ ਝੋਲੀ ਅਗੇ ਡਾਹੀਆ। ਤੂੰ ਦੀਨ ਮਜ਼੍ਹਬ ਦਾ ਮਾਲੀ, ਅਵਤਾਰ ਪੈਗ਼ੰਬਰ ਗੁਰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਸਦੀ ਚੌਧਵੀਂ ਕਹੇ ਮੇਰੀ ਨਿਮਸਕਾਰ, ਦਰ ਠਾਂਡੇ ਸੀਸ ਨਿਵਾਈਆ। ਮੈਂ ਨਾਲ ਲਿਆਈ ਮੁਹੰਮਦ ਯਾਰ, ਚਾਰ ਯਾਰੀ ਸੰਗ ਰਖਾਈਆ। ਮੇਰਾ ਲੇਖਾ ਵੇਖ ਚੌਦਾਂ ਤਬਕ ਦੀ ਧਾਰ, ਚੌਦਸ ਚੰਦ ਦਏ ਗਵਾਹੀਆ। ਤੇਰੇ ਬਰਦੇ ਤੇਰੇ ਬਰਖ਼ੁਰਦਾਰ, ਤੇਰੀ ਸੇਵ ਕਮਾਈਆ। ਕਰਦੀ ਰਹੀ ਇੰਤਜ਼ਾਰ, ਬਿਨ ਅੱਖਾਂ ਅੱਖ ਉਠਾਈਆ। ਕੱਦ ਆਵੇ ਸਾਂਝਾ ਯਾਰ, ਯਾਰਾਨਾ ਤੋੜ ਨਿਭਾਈਆ। ਦਿਵਸ ਰੈਣ ਮੇਰੀ ਮੁਕੇ ਨਾ ਕਦੇ ਗੁਫ਼ਤਾਰ, ਗੁਫ਼ਤ ਸ਼ਨੀਦ ਖ਼ੁਸ਼ੀ ਬਣਾਈਆ। ਤੂੰ ਮਾਲਕ ਸਭ ਦਾ ਕਿਰਦਾਰ, ਕਾਦਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਦੀ ਚੌਧਵੀਂ ਕਹੇ ਮੈਂ ਹਾਰ ਸ਼ਿੰਗਾਰ ਕੀਤਾ, ਸੋਹਣਾ ਰੂਪ ਬਣਾਈਆ। ਦਰਸ਼ਨ ਕਰ ਸਾਹਿਬ ਅਨਡੀਠਾ, ਅਨਡਿੱਠੜੀ ਧਾਰ ਵੇਖ ਵਖਾਈਆ। ਮੈਨੂੰ ਰਸ ਮਿਲਿਆ ਮੀਠਾ, ਕੂੜੀ ਕਿਰਿਆ ਬਾਹਰ ਸੁਟਾਈਆ। ਵਿਕਾਰ ਰਿਹਾ ਨਾ ਕੌੜਾ ਰੀਠਾ, ਹੰਕਾਰ ਦਿਤਾ ਗਵਾਈਆ। ਜਿਸ ਦਾ ਜਗਤ ਜਹਾਨ ਤਪਣ ਵਾਲਾ ਅੰਗੀਠਾ, ਅਗਨੀ ਤ੍ਰੈਗੁਣ ਤਤ ਵਖਾਈਆ। ਸੋ ਮੈਨੂੰ ਚਾੜ੍ਹੇ ਰੰਗ ਮਜੀਠਾ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੇਰਾ ਸਾਹਿਬ ਮਿਲਿਆ ਮੀਤ, ਮਿਤਰ ਇਕ ਅਖਵਾਈਆ। ਮੈਂ ਛਡ ਕੇ ਹੁਜਰੇ ਮਸੀਤ, ਕਾਅਬਿਆਂ ਆਈ ਤਜਾਈਆ। ਨੇਤਰ ਪੇਖ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਸੀਸ ਨਿਵਾਈਆ। ਮੇਰੇ ਸਦਾ ਵਸਿਆ ਚੀਤ, ਠਗੌਰੀ ਰਹੇ ਨਾ ਰਾਈਆ। ਮੇਰਾ ਝੁਕਦਾ ਰਹੇ ਸੀਸ, ਸਿਰ ਸਰ ਦੋਵੇਂ ਭੇਟ ਕਰਾਈਆ। ਮੇਰਾ ਕਲਗੀਧਰ ਜਗਦੀਸ਼, ਜਗਦੀਸ਼ਰ ਨੂਰ ਅਲਾਹੀਆ। ਜਿਸ ਦੀ ਆਇਤ
ਹਦੀਸ, ਹਜ਼ਰਤਾਂ ਕੀਤੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੇਰਾ ਸੁਹੰਜਣਾ ਲਿਬਾਸ, ਮਸਤਕ ਨੂਰ ਨੂਰ ਰੁਸ਼ਨਾਈਆ। ਮੈਂ ਆ ਗਈ ਉਸ ਸਾਹਿਬ ਦੇ ਪਾਸ, ਜਿਸ ਤੋਂ ਪਾਸਾ ਸਕੇ ਨਾ ਕੋਇ ਬਦਲਾਈਆ। ਇਕ ਸੰਦੇਸ਼ਾ ਦੇਵਾਂ ਖ਼ਾਸ, ਸਹਿਜ ਨਾਲ ਸੁਣਾਈਆ। ਜਨ ਭਗਤੋ ਪੂਰਾ ਰੱਖਣਾ ਵਿਸ਼ਵਾਸ, ਵਿਸ਼ਾ ਜਗਤ ਨਾ ਕੋਇ ਭੁਲਾਈਆ। ਜਿਸ ਦੇ ਦਰਸ਼ਨ ਨੂੰ ਭੱਜਾ ਫਿਰੇ ਸ਼ੰਕਰ ਉਤੇ ਕੈਲਾਸ਼, ਬ੍ਰਹਮਾ ਵਾਹੋ ਦਾਹੀਆ। ਵਿਸ਼ਨੂੰ ਤਕ ਮੰਡਲ ਦੀ ਰਾਸ, ਨਿਵ ਨਿਵ ਲਾਗੇ ਪਾਈਂਆ। ਗੋਬਿੰਦ ਦੀ ਪੂਰੀ ਕਰੇ ਅਰਦਾਸ, ਅਰਦਾਸਾ ਆਪਣੇ ਵਿਚ ਰਖਾਈਆ। ਮੈਂ ਸਭ ਨੂੰ ਦੇਣ ਆਈ ਸ਼ਾਬਾਸ਼, ਨਿਵ ਨਿਵ ਸੀਸ ਨਿਵਾਈਆ। ਤੁਹਾਡੇ ਅੰਦਰ ਉਸ ਪ੍ਰਭੂ ਦਾ ਵਾਸ, ਜੋ ਆਤਮ ਪਰਮਾਤਮ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਸਦੀ ਚੌਧਵੀਂ ਕਹੇ ਮੁਹੰਮਦ ਆ ਤੱਕੀਏ ਸਭ ਦਾ ਜੁੱਸਾ, ਜਿਸਮ ਜਮੀਰ ਖੋਜ ਖੁਜਾਈਆ। ਗਠੜੀ ਬੰਨ੍ਹੀਏ ਕੂੜ ਕੁੜਿਆਰ ਦਾ ਗੁੱਸਾ, ਗੰਢ ਆਪਣੇ ਨਾਲ ਰਖਾਈਆ। ਪ੍ਰਭੂ ਦਾ ਭਗਤ ਰਹੇ ਕੋਇ ਨਾ ਰੁੱਸਾ, ਰੁਸਿਆਂ ਲਏ ਮਨਾਈਆ। ਤੂੰ ਕੌਲ ਕੀਤਾ ਸੀ ਜਿਸ ਵੇਲੇ ਲਵ ਕਟਾਈ ਮੁੱਛਾ, ਮੁਸ਼ਕਲ ਵੇਲੇ ਹੋਣਾ ਆਪ ਸਹਾਈਆ। ਓਹ ਵੇਖ ਖੇਲ ਹੁੰਦਾ ਦੀਪ ਕੁਸ਼ਾ, ਕੁਛ ਕਹਿਣ ਦੀ ਲੋੜ ਰਹੇ ਨਾ ਰਾਈਆ। ਮੈਂ ਉਸ ਸਾਹਿਬ ਤੋਂ ਪੁਛਾਂ, ਜੋ ਪੁਸ਼ਤ ਪਨਾਹ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਖ਼ੁਸ਼ੀਆਂ ਨਾਲ ਵਸੋ, ਗੀਤ ਖ਼ੁਸ਼ੀਆਂ ਵਾਲੇ ਗਾਈਆ। ਅੰਦਰ ਪ੍ਰਭੂ ਨੂੰ ਯਾਦ ਕਰੋ ਬੁੱਲਾਂ ਨਾਲ ਹੱਸੋ, ਮਸਤਕ ਤੇਵੜੀ ਨਾ ਕੋਇ ਰਖਾਈਆ। ਅੰਮ੍ਰਿਤ ਧਾਰ ਪੀਓ ਰਸੋ, ਬਿਨਾ ਰਸਨਾ ਰਸ ਚਖਾਈਆ। ਦਰਸ਼ਨ ਪਾਓ ਨਿਜ ਨੇਤਰ ਨੈਣ ਅੱਖੋ, ਲੋਚਨ ਅੰਤਰ ਨਿਰੰਤਰ ਇਕ ਖੁਲਾਈਆ। ਓਟ ਇਕ ਪ੍ਰਭੂ ਦੀ ਰਖੋ, ਦੂਸਰ ਸੀਸ ਨਾ ਕਿਸੇ ਝੁਕਾਈਆ। ਭਾਗ ਲਗਾਓ ਕਾਇਆ ਮੱਟੋ, ਮਟਕੀ ਫੋੜਨ ਵਾਲਾ ਕ੍ਰਿਸ਼ਨ ਦਏ ਗਵਾਹੀਆ। ਜੋਤ ਵੇਖੋ ਲਟ ਲਟੋ, ਨੂਰ ਨੁਰਾਨਾਂ ਨਜ਼ਰੀ ਆਈਆ। ਧਰਮ ਦੀ ਧਾਰ ਸੂਰਬੀਰ ਜੱਟੋ, ਜਟਾ ਜੂਟ ਦਾ ਡੇਰਾ ਦੇਣਾ ਢਾਹੀਆ। ਸਾਚਾ ਲਾਹਾ ਏਕੋ ਖਟੋ, ਖਟਕਾ ਜਗਤ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੁਹੰਮਦ ਵੇਖ ਭਗਤ ਦਵਾਰ, ਚਹੁੰ ਯਾਰਾਂ ਸੰਗ ਧਿਆਨ ਲਗਾਈਆ। ਜਿਥੇ ਨੂਰ ਅਲਾਹੀ ਪਰਵਰਦਿਗਾਰ, ਮਾਲਕ ਖ਼ਾਲਕ ਇਕ ਅਖਵਾਈਆ। ਪਾਤਸ਼ਾਹਾਂ ਦਾ ਪਾਤਸ਼ਾਹ ਗ਼ਰੀਬਾਂ ਦਾ ਗ਼ਰੀਬ ਆਪ ਨਿਰੰਕਾਰ, ਨਿਰਗੁਣ ਸਰਗੁਣ ਆਪਣੀ ਕਾਰ ਕਮਾਈਆ। ਸਾਡੇ ਨਾਲ ਕਰਨ ਚਲਿਆ ਪਿਆਰ, ਉਮਤ ਉਮਤੀ ਵੇਖ ਵਖਾਈਆ। ਜਿਸ ਦਾ ਸਿਫ਼ਤਾਂ ਵਾਲਾ ਇਜ਼ਹਾਰ, ਮਹਿੰਮਾ ਵਿਚ ਵਡਿਆਈਆ। ਉਹ ਹੁਕਮ ਸੰਦੇਸ਼ਾ ਦੇਵੇ ਇਕੋ ਵਾਰ, ਇਕ ਇਕੱਲਾ ਅਗੰਮ ਅਥਾਹੀਆ। ਜਨ ਭਗਤੋ ਰਹਿਣਾ ਹੁਸ਼ਿਆਰ, ਜਗਤ ਦਲਿੱਦਰ ਦੇਣਾ ਮਿਟਾਈਆ। ਤੁਹਾਡੀ ਕੂੜੀ ਕਿਰਿਆ ਲੈ ਜਾਏ ਬਾਹਰ, ਹੁਕਮ ਆਪਣਾ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੈਨੂੰ ਆਇਆ ਚਮਤਕਾਰ, ਨੂਰ ਨੂਰ ਨੂਰ ਨੂਰ ਰੁਸ਼ਨਾਈਆ। ਫੇਰ ਵੇਖਿਆ ਨਾਲ ਪਿਆਰ, ਬਿਨ ਨੈਣਾਂ ਨੈਣ ਉਠਾਈਆ। ਮੈਂ ਝਟ ਅਰਜ਼ ਦਿਤੀ ਗੁਜ਼ਾਰ, ਬੇਨੰਤੀ ਇਕ ਸੁਣਾਈਆ। ਸੁਣ ਸਾਹਿਬ ਮੇਰੀ
ਸਰਕਾਰ, ਸ਼ਹਿਨਸ਼ਾਹ ਤੇਰੀ ਸ਼ਰਨਾਈਆ। ਕਿਸ ਬਿਧ ਲਹਿਣਾ ਦੇਣਾ ਪੂਰਾ ਕਰੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਲੇਖਾ ਰਹੇ ਨਾ ਰਾਈਆ। ਆਦਮ ਹੱਵਾ ਕਰ ਰਹੇ ਵਿਚਾਰ, ਬਿਨ ਸਮਝ ਤੋਂ ਸਮਝ ਬਦਲਾਈਆ। ਕਿਸ ਵੇਲੇ ਹੋਵੇ ਦੀਦਾਰ, ਦੀਦ ਈਦ ਕਰੇ ਨੂਰ ਰੁਸ਼ਨਾਈਆ। ਉਧਰੋਂ ਮੁਹੰਮਦ ਰੂਪ ਧਰੇ ਸਾਕਾਰ, ਨਿਰਾਕਾਰ ਭੇਵ ਚੁਕਾਈਆ। ਜਿਸ ਦੀ ਆਦਿ ਜੁਗਾਦਿ ਆਪਣੀ ਰਫ਼ਤਾਰ, ਰਫ਼ਤਾ ਰਫ਼ਤਾ ਆਪਣਾ ਖੇਲ ਖਿਲਾਈਆ। ਉਹ ਮਾਲਕ ਖ਼ੁਦ ਮੁਖ਼ਤਿਆਰ, ਮੁਖ਼ਤਿਆਰਨਾਮੇ ਸਭ ਦੇ ਵੇਖ ਵਖਾਈਆ। ਜਿਸ ਨੂੰ ਸਭ ਨੇ ਕਿਹਾ ਅਮਾਮ ਅਮਾਮਾ ਕਲ ਕਲਕੀ ਨਿਹਕਲੰਕ ਨਿਰੰਕਾਰ, ਨਿਰਵੈਰ ਇਕ ਅਖਵਾਈਆ। ਓਹ ਜਨ ਭਗਤਾਂ ਨਾਲ ਜਾਣ ਵਾਲਿਆਂ ਨੂੰ ਆਪਣੇ ਦੋਵੇਂ ਹੱਥ ਜੋੜ ਕੇ ਕਰੇ ਨਿਮਸਕਾਰ, ਵੱਡਿਆਂ ਛੋਟਿਆਂ ਸੀਸ ਨਿਵਾਈਆ। ਵੇਖਿਓ ਬਣਿਓ ਨਾ ਕੋਇ ਗ਼ਦਾਰ, ਗ਼ਦਾਰੀ ਕੰਮ ਕਿਸੇ ਨਾ ਆਈਆ। ਗੁਰਸਿਖ ਗੁਰਸਿਖ ਨਾਲ ਕਰਨਾ ਪਿਆਰ, ਗੁਰਮੁਖ ਗੁਰਮੁਖ ਵਿਚ ਸਮਾਈਆ। ਈਸਾ ਕਹੇ ਮੈਂ ਵੇਖਣਾ ਜ਼ਰੂਰ ਨਿਗਹ ਮਾਰ, ਬਿਨ ਨੈਣਾਂ ਨੈਣ ਉਠਾਈਆ। ਮੂਸਾ ਕਹੇ ਮੈਂ ਹਾਜ਼ਰ ਹੋਵਾਂ ਸਚ ਸੱਚੇ ਦਰਬਾਰ, ਦਰ ਠਾਂਡੇ ਸੀਸ ਨਿਵਾਈਆ। ਜਨ ਭਗਤੋ ਤੁਸੀਂ ਵੱਡੇ ਤੁਹਾਡਾ ਸਾਹਿਬ ਤੁਹਾਡੇ ਚਰਨਾਂ ਦੀ ਛਾਰ, ਧੂੜੀ ਤੁਹਾਡੇ ਟਿੱਕੇ ਖ਼ਾਕ ਰਮਾਈਆ। ਪੂਰਬ ਦਾ ਲਹਿਣਾ ਜੁਗਾਂ ਦਾ ਕਰਜ਼ਾ ਜਨਮਾਂ ਦਾ ਉਧਾਰ, ਕਰਮਾਂ ਦਾ ਲੇਖਾ ਪੂਰ ਕਰਾਈਆ। ਅੱਜ ਤੋਂ ਪੂਰਨ ਨਹੀਂ ਪੂਰਨ ਸਮਝਣਾ ਚਵ੍ਹੀਆਂ ਅਵਤਾਰ, ਚੌਬੀਸਾ ਜਗਦੀਸ਼ਾ ਆਪਣਾ ਖੇਲ ਖਿਲਾਈਆ। ਸਾਰੇ ਖ਼ੁਸ਼ੀ ਵਿਚ ਹੱਸ ਕੇ ਦਿਓ ਵਖਾਲ, ਹੰਸ ਮੁਖ ਮੁਖ ਹੰਸ ਗੁਰਮੁਖ ਨਜ਼ਰੀ ਆਈਆ। ਗੁਰਮੁਖੋ ਤੁਸੀ ਪਾਤਸ਼ਾਹ ਤੁਹਾਡਾ ਸਤਿਗੁਰ ਸਦਾ ਕੰਗਾਲ, ਜੁਗ ਜੁਗ ਪ੍ਰੇਮ ਪ੍ਰੀਤੀ ਮੰਗੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਜਨ ਭਗਤ ਕਹਿਣ ਪ੍ਰਭੂ ਸਾਨੂੰ ਬਖ਼ਸ਼ ਦੇ ਆਪਣੀ ਧੂੜ, ਚਰਨੋਦਕ ਨਾਮ ਨਿਧਾਨ ਵਰਤਾਈਆ। ਅੰਤਰ ਰਹੇ ਨਾ ਕਿਸੇ ਦਾ ਮੂਰਖ ਮੂੜ੍ਹ, ਬੁਧ ਬਿਬੇਕ ਦੇਣੀ ਕਰਾਈਆ। ਸਾਡੇ ਅੰਦਰੋਂ ਕਢਣਾ ਗ਼ੁੱਸਾ ਗ਼ਰੂਰ, ਹਉਮੇ ਗੜ੍ਹ ਤੁੜਾਈਆ। ਨਾਮ ਖੁਮਾਰੀ ਬਖ਼ਸ਼ ਸਰੂਰ, ਸਿਰ ਸਿਰ ਆਪਣਾ ਹੱਥ ਰਖਾਈਆ। ਸਾਡੀ ਬੇਨੰਤੀ ਕਰੀਂ ਮਨਜ਼ੂਰ, ਦਰ ਠਾਂਡੇ ਸੀਸ ਨਿਵਾਈਆ। ਤੂੰ ਮਾਲਕ ਹਾਜ਼ਰ ਹਜ਼ੂਰ, ਹਰਿ ਕਰਤਾ ਇਕ ਅਖਵਾਈਆ। ਸਾਨੂੰ ਦਰਸ ਦੇਂਦਾ ਰਹੀਂ ਜ਼ਰੂਰ, ਹਾਜ਼ਰ ਹਜ਼ੂਰ ਜ਼ਾਹਰ ਜ਼ਹੂਰ ਨਜ਼ਰੀ ਆਈਆ। ਪਿਛਲੇ ਬਖ਼ਸ਼ ਦੇ ਸਰਬ ਕਸੂਰ, ਅਗੇ ਆਪਣਾ ਰੰਗ ਰੰਗਾਈਆ। ਓਹ ਮੂਸਾ ਇੰਤਜ਼ਾਰ ਕਰਦਾ ਉਤੇ ਕੋਹਤੂਰ, ਈਸਾ ਭੱਜੇ ਵਾਹੋ ਦਾਹੀਆ। ਮੁਹੰਮਦ ਤੇਰਾ ਨਾਮ ਕਰ ਕੇ ਗਿਆ ਮਸ਼ਹੂਰ, ਕਲਮਿਆਂ ਵਿਚ ਸਾਲਾਹੀਆ। ਸਦੀ ਚੌਧਵੀਂ ਕਹੇ ਮੇਰੇ ਮਾਲਕ ਹਾਜ਼ਰ ਹਜ਼ੂਰ, ਕਦਮ ਬੋਸੀ ਵਿਚ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਮੁਹੰਮਦ ਕਹੇ ਮੇਰੇ ਤਬਕਾਂ ਸੰਭਾਲੀ ਸੁਰਤੀ, ਸਤਿ ਸਤਿ ਲੈਣ ਅੰਗੜਾਈਆ। ਇਹ ਖੇਲ ਅਗੰਮੀ ਧੁਰ ਕੀ, ਨਾ ਕੋਈ ਮੇਟੇ ਮੇਟ ਮਿਟਾਈਆ। ਆਸ਼ਾ ਰਖੀ ਸੀ ਉਸ ਅਲਾਹੀ ਨੂਰ ਕੀ, ਜੋ ਨੂਰ ਨੁਰਾਨਾ ਨਜ਼ਰੀ ਆਈਆ। ਮੈਂ ਧਾਰ ਬਣਾਈ ਸੀ ਆਪਣੀ ਮਜ਼ਦੂਰ ਕੀ, ਮਜ਼ਦੂਰੀ ਕਰ ਕੇ ਝਟ ਲੰਘਾਈਆ। ਸਦੀ ਚੌਧਵੀਂ ਕਹੇ ਮੈਂ ਤੇਰੇ ਨਾਲੋਂ ਕਰਾਂ ਫੁਰਤੀ, ਫੁਰਤੀਲੀ ਹੋ ਕੇ ਦਿਆਂ ਵਖਾਈਆ। ਇਕ ਗੱਲ ਗੁਰਮੁਖ ਜਾਣ ਵਾਲੇ ਮੇਰੇ ਮਾਲਕ ਨੂੰ ਦੇਣ ਇਕ ਇਕ ਬੁਰਕੀ, ਬੁਰਕਾ ਸ਼ੇਰ ਵਾਲਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸਦ ਆਪਣਾ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਮੈਂ ਇਕੋ ਦੱਸਾਂ ਦੱਸ, ਜਿਸ ਦੀ ਦੱਸ ਸਾਰੇ ਆਏ ਪਾਈਆ। ਜੋ ਹਰ ਘਟ ਰਿਹਾ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਨਿਰਗੁਣ ਧਾਰ ਹੋ ਕੇ ਦੋ ਜਹਾਨਾਂ ਰਿਹਾ ਨੱਸ, ਭੱਜੇ ਵਾਹੋ ਦਾਹੀਆ। ਜਿਸ ਪਿਛਲਾ ਲੇਖਾ ਕਰਨਾ ਬਸ, ਅਗਲਾ ਮਾਰਗ ਦਏ ਲਗਾਈਆ। ਤੀਰ ਅਣਿਆਲਾ ਮਾਰੇ ਕਸ, ਕਸਮ ਖਾ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਪੁਰਖ ਅਕਾਲ ਕਹੇ ਹਰਿਜਨ ਮੇਰੇ ਸੁਤ ਦੁਲਾਰ, ਬੱਚੇ ਧੁਰ ਦੇ ਨਜ਼ਰੀ ਆਈਆ। ਜਿਨ੍ਹਾਂ ਨਾਲ ਕੌਲ ਇਕਰਾਰ, ਪੂਰਬ ਦਾ ਪੂਰਬ ਚਲਿਆ ਆਈਆ। ਸੋ ਲਹਿਣਾ ਦੇਣਾ ਪੂਰਾ ਕਰ ਉਧਾਰ, ਲੇਖਾ ਸਭ ਦਾ ਝੋਲੀ ਪਾਈਆ। ਹਰਿ ਸੰਗਤ ਜਾਣ ਵਾਲਿਆਂ ਨੂੰ ਗਲ ਵਿਚ ਪਾਏ ਦੋ ਦੋ ਹਾਰ, ਹਾਰ ਬਾਰਾਂ ਬਾਰਾਂ ਮਾਸ ਦਾ ਪੰਧ ਮੁਕਾਈਆ। ਫੇਰ ਹੱਥ ਮਿਲਾਉਣਾ ਭਗਤ ਭਗਤ ਦੀ ਧਾਰ, ਨਾਤਾ ਧਰਮ ਵਾਲਾ ਜੁੜਾਈਆ। ਤੁਸਾਂ ਜਾਣਾ ਸਮੁੰਦਰਾਂ ਤੋਂ ਪਾਰ, ਧਰਨੀ ਧਰਤ ਧਵਲ ਪੰਧ ਮੁਕਾਈਆ। ਪਾਤਸ਼ਾਹਾਂ ਦੇ ਨਾਲ ਤੁਹਾਡਾ ਵੀ ਹੋਇਆ ਕਰੇ ਦੀਦਾਰ, ਸੋਹਣਾ ਧੁਰ ਦਾ ਸੰਗ ਬਣਾਈਆ। ਤੁਹਾਡੀ ਸਾਰੇ ਕਰਦੇ ਰਹੀਏ ਇੰਤਜ਼ਾਰ, ਰਾਹ ਤੱਕੀਏ ਚਾਈਂ ਚਾਈਂਆ। ਜਿਸ ਵੇਲੇ ਕੰਢੇ ਉਤਰਨਾ ਉਰਾਰ, ਆਰ ਪਾਰ ਦਾ ਪੰਧ ਮੁਕਾਈਆ। ਤੁਹਾਡਾ ਸੋਹਣਾ ਹੋਵੇ ਸ਼ਿੰਗਾਰ, ਸੁਨਿਹਰੀ ਬਿੰਦੀਆਂ ਮਸਤਕ ਵਿਚ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਨੂੰ ਦੇਵੇ ਓਹ ਪਿਆਰ, ਜਿਸ ਪਿਆਰ ਦੀ ਖੋਜ ਵਿਚ ਅਵਤਾਰ ਪੈਗ਼ੰਬਰ ਗੁਰ ਗਏ ਸੇਵ ਕਮਾਈਆ।
੨੩ ਹਾੜ ਸ਼ਹਿਨਸ਼ਾਹੀ ਸੰਮਤ ੮ ਗੁੜਗਾਉਂ ਸ਼ਹਿਰ ਸੇਵਾ ਸਿੰਘ ਦੇ ਗ੍ਰਹਿ
ਸਦੀ ਚੌਧਵੀਂ ਕਹੇ ਮੈਂ ਸਦਕੇ, ਹਉਂ ਵਾਰੀ ਘੋਲ ਘੁਮਾਈਆ। ਜਿਸ ਦੀ ਯਾਦ ਕਰਦੇ ਸਾਂ ਕਦ ਦੇ, ਮੁੱਦਤਾਂ ਦੇ ਨਿਗਾਹ ਨੈਣ ਉਠਾਈਆ। ਧੁਰ ਕਲਮੇ ਵਿਚ ਆਇਉਂ ਸਦਕੇ, ਸੰਦੇਸਾ ਕਾਇਨਾਤ ਦ੍ਰਿੜਾਈਆ। ਚੌਦਾਂ ਤਬਕਾਂ ਆਇਉਂ ਲੱਭ ਕੇ, ਚਾਰੋਂ ਕੁੰਟ ਧਿਆਨ ਲਗਾਈਆ। ਵੇਖ ਖੇਲ ਉਸ ਅਲਾਹੀ ਰੱਬ ਦੇ, ਜੋ ਨੂਰ ਨੁਰਾਨਾ ਬੇਪਰਵਾਹੀਆ। ਜਿਸ ਦੇ ਲਹਿਣੇ ਦੇਣੇ ਜਗਤ ਸਬੱਬ ਦੇ, ਜੁਗ ਜੁਗ ਆਪਣਾ ਖੇਲ ਵਰਤਾਈਆ। ਜਿਸ ਦੇ ਦਵਾਰੇ ਉਤੇ ਬਹਿ ਕੇ ਸਾਰੇ ਸਜਦੇ, ਸੱਜਣ ਮੀਤ ਇਕੋ ਰੰਗ ਵਖਾਈਆ। ਉਹ ਲੇਖੇ ਪੂਰੇ ਕਰੇ ਅੰਤਮ ਆਪਣੇ ਹੱਜ ਦੇ, ਹੁਜਰਾ ਇਕੋ ਇਕ ਸੁਹਾਈਆ। ਜਿਸ ਦੇ ਨਾਦ ਤੂਰ ਵੱਜਦੇ, ਤੁਰੀਆ ਤੋਂ ਪਰੇ ਕਰੇ ਸ਼ਨਵਾਈਆ। ਉਸ ਲੇਖੇ ਵੇਖਣੇ ਜਗ ਦੇ, ਜਾਗਰਤ ਜੋਤ ਕਰੇ ਰੁਸ਼ਨਾਈਆ। ਮਾਣ ਰਖਣੇ ਭਗਤਾਂ ਵਾਲੀ ਪੱਗ ਦੇ, ਜੋ ਸੀਸ ਜਗਦੀਸ ਸੁਹਾਈਆ। ਸਾਨੂੰ ਵਿਛੋੜੇ ਹੋਣੇ ਅੰਤ ਅਲਗ ਦੇ, ਅਗੇ ਮੇਲ ਨਾ ਕੋਇ ਮਿਲਾਈਆ। ਝਗੜੇ ਰਹਿਣੇ ਨਹੀਂ ਦੀਨ ਮਜ਼੍ਹਬ ਦੀ ਹੱਦ ਦੇ, ਹਦੂਦ ਵੰਡ ਨਾ ਕੋਇ ਵੰਡਾਈਆ। ਅਵਤਾਰ ਪੈਗ਼ੰਬਰ ਗੁਰੂ ਨਾਤੇ ਵੇਖਣੇ ਛਡਦੇ, ਸਗਲਾ ਸੰਗ ਨਾ ਕੋਇ ਬਣਾਈਆ। ਖੇਲ ਤੱਕਣੇ ਕਾਇਆ ਮਾਟੀ ਹੱਡ ਦੇ, ਚੰਮ ਦ੍ਰਿਸ਼ਟੀ ਫੋਲ ਫੁਲਾਈਆ। ਹੁਣ ਸ਼ਰਅ ਦਾ ਜ਼ੰਜੀਰ ਕੱਟ ਦੇ, ਸ਼ਰੀਅਤ ਰਹਿਣ ਕੋਇ ਨਾ ਪਾਈਆ। ਸਭ ਨੇ ਵਣਜਾਰੇ ਬਣਨਾ ਇਕੋ ਹੱਟ ਦੇ, ਅਵਤਾਰ ਪੈਗ਼ੰਬਰ ਗੁਰ ਝੋਲੀਆਂ ਡਾਹੀਆ। ਵਸ ਪੈਣਾ ਸਤਿਗੁਰ ਸ਼ਬਦ
ਧਾਰ ਜੱਟ ਦੇ, ਜੋ ਜਟਾ ਜੂਟਾਂ ਲੇਖਾ ਦਏ ਮੁਕਾਈਆ। ਜਿਸ ਰਹਿਬਰ ਦਾ ਰਾਹ ਰਹੇ ਤਕਦੇ, ਨਜ਼ਰ ਬੇਨਜ਼ੀਰ ਵੱਲ ਟਿਕਾਈਆ। ਓਹ ਅੰਤਮ ਫ਼ੈਸਲੇ ਕਰੇ ਹਕ ਦੇ, ਹਕੀਕਤ ਵੇਖੇ ਥਾਉਂ ਥਾਈਂਆ। ਉਸ ਵਾਅਦੇ ਪੂਰੇ ਕਰਨੇ ਯਕ ਦੇ, ਜੋ ਯਕੇ ਬਾਦ ਦੀਗਰੇ ਸਭ ਨੂੰ ਦਿਤੇ ਸੁਣਾਈਆ। ਜਗਤ ਜੀਵ ਜਹਾਨ ਵੇਖ ਨੱਸਦੇ, ਭੱਜਣ ਵਾਹੋ ਦਾਹੀਆ। ਨਾਤੇ ਰਹੇ ਨਾ ਅੰਮ੍ਰਿਤ ਰਸ ਦੇ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਹੁਣ ਵਣਜਾਰੇ ਰਹਿਣਾ ਨਹੀਂ ਸਿਫ਼ਤਾਂ ਵਾਲੇ ਜਸ ਦੇ, ਸਿਫ਼ਤੀ ਸਿਫ਼ਤ ਨਾ ਕੋਇ ਵਡਿਆਈਆ। ਖੇਲ ਤੱਕੀਏ ਅਲਖਣਾ ਅਲਖ ਦੇ, ਜੋ ਅਲਖ ਅਗੋਚਰ ਆਪ ਕਰਾਈਆ। ਦਰਸ਼ਨ ਪਾਈਏ ਓਸ ਪ੍ਰਤਖ ਦੇ, ਜੋ ਪਰਮ ਪੁਰਖ ਬੇਪ੍ਰਵਾਹੀਆ। ਜੋ ਮਿਹਰਵਾਨ ਮਿਹਰਵਾਨ ਮਿਹਰਵਾਨ ਦਰਸ਼ਨ ਦੇਵੇ ਝਬ ਦੇ, ਝਲਕ ਆਪਣੀ ਇਕ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੂੰ ਜੁਗ ਚੌਕੜੀ ਅਵਤਾਰ ਪੈਗ਼ੰਬਰ ਗੁਰ ਗਏ ਲੱਭਦੇ, ਬਿਨ ਨੈਣਾਂ ਨੈਣ ਉਠਾਈਆ।
੨੪ ਹਾੜ ਸ਼ਹਿਨਸ਼ਾਹੀ ਸੰਮਤ ੮ ਹਰਿ ਭਗਤ ਦਵਾਰ ਧੀਰਪੁਰ ਦਿੱਲੀ ਮਹਿੰਗਾ ਸਿੰਘ ਦੇ ਨਵਿਤ
ਮੁਹੰਮਦ ਵੇਖ ਖੇਲ ਧੁਰ ਅਮਾਮ, ਸਦੀ ਚੌਧਵੀਂ ਰਹੀ ਜਣਾਈਆ। ਹਜ਼ਰਤ ਬਿਨ ਅੱਖਰਾਂ ਤੋਂ ਸੁਣ ਕਲਾਮ, ਕਾਇਨਾਤ ਦੇ ਇਲਮ ਤੋਂ ਬਾਹਰ ਪੜ੍ਹਾਈਆ। ਕੀ ਸੰਦੇਸ਼ਾ ਦੇਵੇ ਸ਼ਾਹ ਸੁਲਤਾਨ, ਸ਼ਾਹ ਪਾਤਸ਼ਾਹ ਬੇਪ੍ਰਵਾਹੀਆ। ਜਿਸ ਦਾ ਬਣਿਆ ਤਾਰਾ ਚੰਦ ਨਿਸ਼ਾਨ, ਉਮਤ ਉਮਤੀ ਰੰਗ ਰੰਗਾਈਆ। ਓਹ ਮਾਲਕ ਖ਼ਾਲਕ ਵਾਲੀ ਦੋ ਜਹਾਨ, ਚੌਦਾਂ ਤਬਕਾਂ ਵੇਖ ਵਖਾਈਆ। ਜਿਸ ਦਾ ਇਸਮ ਆਜ਼ਮ ਇਸਲਾਮ, ਅਸਲਾਮੁਲੈਕਮ ਕਹਿ ਕੇ ਸੀਸ ਨਿਵਾਈਆ। ਉਸ ਦਾ ਹੁਕਮ ਸੁਣ ਅਗੰਮਾ ਫ਼ਰਮਾਨ, ਫ਼ੁਰਨਿਆਂ ਤੋਂ ਬਾਹਰ ਸੁਣਾਈਆ। ਜਿਸ ਲੇਖਾ ਚੁਕਾਉਣਾ ਅਵਾਮ, ਦੀਨ ਦੁਨੀ ਫੋਲ ਫੁਲਾਈਆ। ਓਹ ਝਗੜਾ ਮੇਟਣ ਆਇਆ ਤਮਾਮ, ਤਮਅ ਸ਼ਰਅ ਨਾ ਕੋਇ ਰਖਾਈਆ। ਹਕੀਕਤ ਹਕ ਦਾ ਦਏ ਜਾਮ, ਖ਼ੁਮਾਰੀ ਇਕੋ ਇਕ ਰਖਾਈਆ। ਮਹਿਬੂਬ ਹੋਵੇ ਮਿਹਰਵਾਨ, ਮਹਿਬਾਨ ਬੀਦੋ ਆਪਣਾ ਖੇਲ ਵਖਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਜ਼ਨੋ ਮਰਦ ਨਿਵ ਨਿਵ ਲਾਗਣ ਪਾਈਂਆ। ਓਹ ਕੁਦਰਤ ਦਾ ਕਾਦਰ ਨੌਜਵਾਨ, ਜੋਬਨਵੰਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੁਹੰਮਦ ਤੱਕ ਉਹ ਮਹਿਬੂਬ, ਜੋ ਮੁਹੱਬਤ ਵਿਚ ਸਮਾਈਆ। ਜਿਸ ਦੀ ਮਜ਼੍ਹਬਾਂ ਵਾਲੀ ਨਹੀਂ ਹਦੂਦ, ਸ਼ਰਅ ਵੰਡ ਨਾ ਕੋਇ ਵੰਡਾਈਆ। ਜਿਧਰ ਤੱਕੀਏ ਉਧਰ ਮੌਜੂਦ, ਹਾਜ਼ਰ ਹਜ਼ੂਰ ਨਜ਼ਰੀ ਆਈਆ। ਜਿਸ ਦੀ ਮੰਜ਼ਲ ਹਕ ਮਕਸੂਦ, ਦਰਗਾਹ ਸਾਚੀ ਨੂਰ ਰੁਸ਼ਨਾਈਆ। ਉਹ ਲੇਖਾ ਮੁਕਾਏ ਏਕਾ ਦੂਜ, ਦਵੈਤ ਦੁਤੀਆ ਭਾਉ ਮਿਟਾਈਆ। ਉਸ ਦੀ ਸਮਝ ਨਾ ਆਵੇ ਸੂਝ, ਬੇਸਮਝ ਹੋਈ ਲੋਕਾਈਆ। ਸੋ ਲੇਖਾ ਜਾਣੇ ਕਾਇਆ ਪੰਜ ਭੂਤ, ਮਾਟੀ ਖ਼ਾਕ ਫੋਲ ਫੁਲਾਈਆ। ਪਰਦਾ ਰਹਿਣ ਨਾ ਦੇਵੇ ਤਨ ਵਜੂਦ, ਨੂਰੇ ਚਸ਼ਮ ਕਰੇ ਰੁਸ਼ਨਾਈਆ। ਕੂੜੀ ਕਿਰਿਆ ਕਰੇ ਨੇਸਤੋ ਨਾਬੂਦ, ਜੜ ਮਮਤਾ ਦਏ ਉਖੜਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਦੇਣ ਸਬੂਤ, ਪੇਸ਼ੀਨਗੋਈਆਂ ਨਾਲ ਮਿਲਾਈਆ। ਓਹ ਵੇਖਣਹਾਰਾ ਚਾਰੇ ਕੂਟ, ਕੁੰਟ ਦਿਸ਼ਾ ਫੋਲ ਫੁਲਾਈਆ। ਸ਼ਰਅ
ਦੀ ਮੇਟਣ ਵਾਲਾ ਹਦੂਦ, ਹੱਦ ਆਪਣੀ ਇਕ ਦਰਸਾਈਆ। ਜੋ ਵਸੇ ਆਲੀਸ਼ਾਨ ਉਚ ਅਰੂਜ, ਆਲੀਜਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਹਾਨ ਰਖਣਹਾਰ ਮਹਿਫ਼ੂਜ਼, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ।
੨੫ ਹਾੜ ਸ਼ਹਿਨਸ਼ਾਹੀ ਸੰਮਤ ੮ ਮੇਰਠ ਛਾਉਣੀ ਸੁਰਮੈਲ ਸਿੰਘ ਦੇ ਗ੍ਰਹਿ
ਸਦੀ ਚੌਧਵੀਂ ਕਹੇ ਮੈਂ ਕਹਾਂ ਧੰਨ ਧੰਨ, ਬਿਨ ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀਆ। ਪਰਵਰਦਿਗਾਰ ਸਾਂਝੇ ਯਾਰ ਮੇਰੇ ਕੀਤੇ ਭਾਗ ਮੱਥਨ, ਭਾਗਹੀਣ ਮਿਲੀ ਵਡਿਆਈਆ। ਨੂਰ ਅਲਾਹੀ ਨਿਰਾਕਾਰ ਤੱਕਿਆ ਚੰਨ, ਜਿਸ ਨੂੰ ਚੰਦ ਸਿਤਾਰ ਸੀਸ ਝੁਕਾਈਆ। ਮੇਰੀ ਆਸਾ ਮਨਸਾ ਗਈ ਮੰਨ, ਖ਼ਾਹਿਸ਼ ਅਵਰ ਨਾ ਕੋਇ ਰਖਾਈਆ। ਮੈਂ ਫ਼ਰਮਾਨਾ ਸੁਣਿਆ ਬਿਨਾ ਕੰਨ, ਬਿਨਾ ਸਰਵਣਾ ਦਿਤਾ ਦ੍ਰਿੜਾਈਆ। ਜਿਸ ਮਾਲਕ ਨੇ ਕਲਜੁਗ ਕੂੜੀ ਕਿਰਿਆ ਕਰਨੀ ਖੰਨ ਖੰਨ, ਖੰਡਾ ਖੜਗ ਨਾਮ ਉਠਾਈਆ। ਜਗਤ ਵਿਕਾਰੇ ਦੇਣਾ ਡੰਨ, ਡੌਰੂ ਡੰਕਾ ਇਕੋ ਨਾਮ ਕਰੇ ਸ਼ਨਵਾਈਆ। ਭੇਵ ਖੁਲਾਉਣਾ ਆਤਮ ਬ੍ਰਹਮ, ਅੱਲਾ ਹੂ ਅੱਨਾ ਹੂ ਪਰਦਾ ਦਏ ਉਠਾਈਆ। ਸੂਫ਼ੀ ਫ਼ਕੀਰ ਭਗਤ ਬਣਾ ਕੇ ਜਨ, ਜਨ ਜਣੇਂਦੀ ਬਣੇ ਧੁਰ ਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੈਂ ਨੂਰ ਨੁਰਾਨਾ ਤੱਕਿਆ ਬਿਨਾ ਝਲਕ, ਜੋਤੀ ਜਾਤਾ ਨਜ਼ਰੀ ਆਈਆ। ਮੇਰੀ ਬਦਲ ਨਾ ਸਕੀ ਪਲਕ, ਪਲਕ ਵਿਚ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਈਆ। ਨਜ਼ਰੀ ਆਇਆ ਨੂਰ ਅਲਾਹੀ ਖ਼ਾਲਕ ਖ਼ਲਕ, ਖ਼ਾਲਸ ਇਕੋ ਇਕ ਵੇਖ ਵਖਾਈਆ। ਜਿਸ ਦਾ ਜਲਵਾ ਉਤੇ ਫ਼ਲਕ, ਧਰਨੀ ਧਵਲ ਕਰੇ ਰੁਸ਼ਨਾਈਆ। ਉਸ ਦੀ ਝੱਲੀ ਨਾ ਜਾਏ ਡਲ੍ਹਕ, ਜਿਸ ਡਾਵਾਂਡੋਲ ਕਰਨੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਤੱਕਿਆ ਸ਼ਾਹ ਸ਼ਹਾਨਾ, ਸ਼ਹਿਨਸ਼ਾਹ ਬੇਪ੍ਰਵਾਹੀਆ। ਜਿਸ ਨੂੰ ਪੈਗ਼ੰਬਰ ਕਰਨ ਸਲਾਮਾ, ਸਜਦਿਆਂ ਵਿਚ ਸੀਸ ਨਿਵਾਈਆ। ਸੁਣਨ ਅਗੰਮ ਕਲਾਮਾ, ਅਲਫ਼ ਯੇ ਤੋਂ ਬਾਹਰ ਪੜ੍ਹਾਈਆ। ਸ਼ਬਦੀ ਵੱਜੇ ਦਮਾਮਾ, ਧੁਨ ਅਨਾਦੀ ਇਕ ਸੁਣਾਈਆ। ਜਿਸ ਅੰਤ ਪਹਿਰਿਆ ਬਾਣਾ, ਬਾਨੀ ਦੋ ਜਹਾਨ ਅਖਵਾਈਆ। ਜਿਸ ਨੂੰ ਝੁਕਦੇ ਸੀਤਾ ਰਾਮਾ, ਰਾਧਾ ਕ੍ਰਿਸ਼ਨ ਕ੍ਰਿਸ਼ਨ ਰਾਧਾ ਰੂਪ ਵਖਾਈਆ। ਸੋ ਲੇਖਾ ਜਾਣੇ ਜ਼ਿਮੀਂ ਅਸਮਾਨਾਂ, ਬ੍ਰਹਿਮੰਡਾਂ ਖੰਡਾਂ ਪਰਦਾ ਆਪ ਉਠਾਈਆ। ਜੋ ਹਰ ਘਟ ਜਾਣੀ ਜਾਣਾ, ਲੱਖ ਚੁਰਾਸੀ ਵੇਖ ਵਖਾਈਆ। ਸੋ ਸਵਾਮੀ ਅੰਤਰਯਾਮੀ ਹੋਏ ਪ੍ਰਧਾਨਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਰੂਪ ਬਦਲਾਈਆ। ਜਿਸ ਦਾ ਇਕੋ ਹੋਵੇ ਨਾਮ ਨਿਧਾਨਾ, ਕਲਮਾ ਕਾਇਨਾਤ ਸੁਣਾਈਆ। ਨਵ ਸੱਤ ਝੁਲਾਏ ਨਿਸ਼ਾਨਾ, ਨਿਸ਼ਾਨਾ ਧਰਮ ਧਾਰ ਪ੍ਰਗਟਾਈਆ। ਮਹਿਬੂਬ ਹੋਵੇ ਮਿਹਰਵਾਨਾ, ਮਹਿਬਾਨ ਬੀਦੋ ਆਪਣਾ ਖੇਲ ਖਿਲਾਈਆ। ਜਿਸ ਨੇ ਦੀਨ ਦੁਨੀ ਬਦਲ ਦੇਣਾ ਜ਼ਮਾਨਾ, ਜ਼ਿਮੀਂ ਅਸਮਾਨਾਂ ਵੇਖੇ ਚਾਈਂ ਚਾਈਂਆ। ਸੋ ਸ਼ਾਹੋ ਭੂਪ ਬਣ ਸੁਲਤਾਨਾ, ਸਤਿ ਸਤਿਵਾਦੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਸੁਣਿਆ ਧੁਰ ਫ਼ਰਮਾਨ, ਬਿਨਾ ਅੱਖਰਾਂ ਦਿਤਾ ਦ੍ਰਿੜਾਈਆ। ਨਾ ਬੋਲਿਆ ਕਿਸੇ ਜ਼ਬਾਨ, ਜਿਹਵਾ ਚਲੀ ਨਾ ਕੋਇ ਚਤੁਰਾਈਆ। ਮੇਰਾ ਅੰਤਰ ਹੋਇਆ ਹੈਰਾਨ, ਹੈਰਾਨੀ ਵਿਚ ਕੁਰਲਾਈਆ। ਕੀ ਖੇਲ ਕਰੇ ਨੌਜਵਾਨ, ਮਰਦ ਮਰਦਾਨਾ ਆਪਣਾ ਹੁਕਮ ਵਰਤਾਈਆ। ਝਟ ਸੰਦੇਸਾ ਸੁਣਿਆ ਇਕ ਇਕ ਦਾ ਇਕ ਗਿਆਨ, ਦੁਤੀਆ ਭਾਉ ਨਾ ਕੋਇ ਵਖਾਈਆ। ਸ਼ਾਹ ਪਾਤਸ਼ਾਹ ਵਾਲੀ ਦੋ ਜਹਾਨ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਵੇਖੇ ਆਣ, ਆਨਨ ਫ਼ਾਨਨ ਸਭ ਦਾ ਪਰਦਾ ਦਏ ਉਠਾਈਆ। ਜੋ ਸੂਰਬੀਰ ਬਣ ਬਲਵਾਨ, ਬਲਧਾਰੀ ਆਪਣੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਲੇਖਾ ਸਭ ਦਾ ਲਏ ਜਾਣ, ਜਾਨਣਹਾਰ ਆਪਣੇ ਹੱਥ ਰਖੇ ਵਡਿਆਈਆ। ਕਲਜੁਗ ਕੂੜੀ ਕਿਰਿਆ ਮੇਟੇ ਨਿਸ਼ਾਨ, ਨਵ ਸੱਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਧੁਰ ਦੀ ਧਾਰ ਨੂਰ ਅਲਾਹ, ਬੇਪ੍ਰਵਾਹ ਵਡ ਵਡਿਆਈਆ। ਜੋ ਸਭ ਦਾ ਬਣੇ ਮਲਾਹ, ਬੇੜਾ ਲੱਖ ਚੁਰਾਸੀ ਆਪਣੇ ਕੰਧ ਉਠਾਈਆ। ਧੁਰ ਸੰਦੇਸ਼ਾ ਦਏ ਸੁਣਾ, ਅਣਸੁਣਤ ਆਪਣਾ ਹੁਕਮ ਦਏ ਵਰਤਾਈਆ। ਕਲਜੁਗ ਰੈਣ ਅੰਧੇਰਾ ਮੇਟੇ ਸ਼ਾਹ, ਕੂੜੀ ਕਿਰਿਆ ਡੇਰਾ ਢਾਹੀਆ। ਅਵਤਾਰ ਪੈਗ਼ੰਬਰ ਗੁਰ ਬਣਾਏ ਗਵਾਹ, ਸ਼ਹਾਦਤ ਸ਼ਬਦ ਧਾਰ ਭੁਗਤਾਈਆ। ਲਹਿਣਾ ਦੇਣਾ ਖ਼ਾਲਕ ਖ਼ਲਕ ਸਭ ਦਾ ਦਏ ਚੁਕਾ, ਬਚਿਆ ਰਹਿਣ ਕੋਇ ਨਾ ਪਾਈਆ। ਜਿਸ ਦੇ ਅਗੇ ਸਾਰੇ ਕਰਦੇ ਆਏ ਦੁਆ, ਤੋਬਾ ਤੋਬਾ ਕਰ ਕੇ ਸੀਸ ਨਿਵਾਈਆ। ਓਹ ਵਾਹਿਦ ਇਕ ਖ਼ੁਦਾ, ਖ਼ੁਦ ਮਾਲਕ ਨੂਰ ਅਲਾਹੀਆ। ਜਿਸ ਨੇ ਦੀਨ ਮਜ਼੍ਹਬ ਜੁਜ਼ ਦਿਤੇ ਵੰਡਾ, ਹੱਦ ਹਦੂਦ ਕਲਮਿਆਂ ਵਾਲੀ ਰਖਾਈਆ। ਅੰਤਮ ਸਭ ਦਾ ਲੇਖਾ ਕਰੇ ਸਫ਼ਾ, ਸਫ਼ ਮਲੇਛਾਂ ਦਏ ਉਠਾਈਆ। ਕੂੜੀ ਕਿਰਿਆ ਕਰੇ ਰਫ਼ਾ, ਰਹਿਮਤ ਸਚ ਸਚ ਕਮਾਈਆ। ਸਤਿ ਧਰਮ ਚਲਾਏ ਰਥਾ, ਰਥਵਾਹੀ ਇਕੋ ਇਕ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਜਣਾਏ ਕਥਾ, ਕਥਨੀ ਦੀ ਲੋੜ ਰਹੇ ਨਾ ਰਾਈਆ। ਕਲਜੁਗ ਅੰਦਰ ਸਤਿਜੁਗ ਖੇਲ ਕਰੇ ਯਥਾਰਥ ਯਥਾ, ਯਦੀ ਆਪਣਾ ਹੁਕਮ ਵਰਤਾਈਆ। ਭੇਵ ਖੁਲਾਏ ਪੁਰਖ ਸਮਰਥਾ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪਰਦਾ ਆਪ ਉਠਾਈਆ। ਸਭ ਦਾ ਲਹਿਣਾ ਦੇਣਾ ਨਿਰਗੁਣ ਸਰਗੁਣ ਦੇਵੇ ਹੱਥੋ ਹੱਥਾ, ਪਿਛਲਾ ਲੇਖਾ ਰਹਿਣ ਕੋਇ ਨਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕੂੜੀ ਕਿਰਿਆ ਜ਼ੀਰੋ ਜ਼ੀਰੋ ਨਾਲ ਕਰੇ ਬਟਾ, ਸਿਫ਼ਰ ਸਿਫ਼ਰ ਨਾਲ ਉਡਾਈਆ। ਸਤਿ ਧਰਮ ਦੀ ਸਾਚੀ ਦੇਵੇ ਇਕੋ ਮਤਾ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਲਹਿਣਾ ਦੇਣਾ ਮੁਕਾਏ ਪੰਜ ਤਤਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਲੇਖਾ ਕੂੜ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਵੇਸ ਵਟਾਏ ਨਿਤ ਨਵਿਤਾ, ਨਿਰਗੁਣ ਸਰਗੁਣ ਜੋਤੀ ਜਾਤਾ ਪੁਰਖ ਬਿਧਾਤਾ ਆਪਣੀ ਕਾਰ ਭੁਗਤਾਈਆ।
੨੬ ਹਾੜ ਸ਼ਹਿਨਸ਼ਾਹੀ ਸੰਮਤ ੮ ਮੇਰਠ ਛਾਉਣੀ ਵਿਸ਼ਵਾ ਮਿਤਰ ਦੀ ਸ਼ਾਦੀ ਸਮੇਂ ਸਵੇਰੇ
ਧਰਨੀ ਕਹੇ ਮੇਰਾ ਖ਼ੁਸ਼ੀ ਬੰਦ ਬੰਦ, ਬੰਦਗੀ ਡੰਡਾਵਤ ਵਿਚ ਪ੍ਰਭ ਨੂੰ ਸੀਸ ਨਿਵਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਗਾਇਆ ਛੰਦ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਸਿਫ਼ਤ ਸਲਾਹ ਕਰਨ ਬੱਤੀ ਦੰਦ, ਜਿਹਵਾ ਗਹਿਰ ਗੰਭੀਰ ਰਹੀ ਗੁਣ ਗਾਈਆ। ਮੇਰੇ ਅੰਤਰ ਨਿਰੰਤਰ ਆਈ ਠੰਡ, ਅਗਨੀ ਤਤ ਰਿਹਾ ਨਾ ਰਾਈਆ। ਸਤਿ ਧਰਮ ਦੀ ਮੇਰੇ ਪਲੇ ਬੰਨ੍ਹੀ ਗੰਢ, ਕੂੜੀ ਕਿਰਿਆ ਦਿਤੀ ਖੁਲਾਈਆ। ਮੈਂ ਨਿਗਾਹ ਮਾਰੀ ਨਜ਼ਰ ਆਇਆ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ ਸੂਰੀਆ ਚੰਦ, ਮੰਡਲ ਮੰਡਪ ਸੀਸ ਨਿਵਾਈਆ। ਓਹ ਸਚ ਸਵਾਮੀ ਅੰਤਰਜਾਮੀ ਜਨ ਭਗਤਾਂ ਪੂਰੀ ਕਰੇ ਮੰਗ, ਆਸ਼ਾ ਆਸ਼ਾ ਨਾਲ ਮਿਲਾਈਆ। ਸਚ ਪ੍ਰੀਤੀ ਚਾੜ੍ਹ ਕੇ ਰੰਗ, ਦੁਰਮਤ ਮੈਲ ਦਏ ਧੁਆਈਆ। ਆਵਣ ਜਾਵਣ ਮੇਟੇ ਪੰਧ, ਚੁਰਾਸੀ ਗੇੜ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਦਇਆ ਕਮਾਈਆ। ਧਰਨੀ ਕਹੇ ਮੇਰੇ ਅੰਤਰ ਚਾਓ ਘਨੇਰਾ, ਗ੍ਰਹਿ ਸਚ ਵੱਜੇ ਵਧਾਈਆ। ਪ੍ਰਭ ਪਾਇਆ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਮੇਰਾ ਭਰਮਾ ਢੱਠਿਆ ਡੇਰਾ, ਭਰਮ ਰਿਹਾ ਨਾ ਰਾਈਆ। ਇਕੋ ਰੰਗ ਤੱਕਿਆ ਸੰਝ ਸਵੇਰਾ, ਰੁਤ ਰੁਤੜੀ ਇਕ ਮਹਿਕਾਈਆ। ਇਕੋ ਰੂਪ ਤੱਕਿਆ ਗੁਰੂ ਗੁਰ ਚੇਰਾ, ਚੇਲਾ ਗੁਰ ਮਿਲ ਕੇ ਵੱਜੇ ਵਧਾਈਆ। ਸਚ ਸਵਾਮੀ ਕਰੇ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਭਾਗ ਲਗਾਏ ਮੇਰੇ ਵਿਹੜਾ, ਘਰ ਮੰਦਰ ਸੋਭਾ ਪਾਈਆ। ਜਨ ਭਗਤ ਵਸਾਏ ਖੇੜਾ, ਕਾਇਆ ਖਿੜਕੀ ਆਪ ਖੁਲਾਈਆ। ਜਗਤ ਵਿਕਾਰ ਰਹੇ ਨਾ ਝੇੜਾ, ਝਗੜਾ ਦੁਤੀਆ ਭਾਉ ਕਢਾਈਆ। ਮਾਰਗ ਦੱਸ ਕੇ ਨੇਰਨ ਨੇੜਾ, ਗ੍ਰਹਿ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਧਰਨੀ ਕਹੇ ਮੇਰੇ ਅੰਤਰ ਆਈ ਖ਼ੁਸ਼ਹਾਲੀ, ਖ਼ੁਸ਼ੀਆਂ ਰਾਗ ਸੁਣਾਈਆ। ਮੇਰੇ ਮਸਤਕ ਚੜ੍ਹੀ ਲਾਲੀ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਫਲ ਲੱਗਾ ਮੇਰੀ ਡਾਲੀ, ਪੱਤ ਟਹਿਣੀ ਦਿਤੀ ਮਹਿਕਾਈਆ। ਮੈਂ ਸਚ ਦਵਾਰ ਤੇ ਬਣੀ ਸਵਾਲੀ, ਬੇਨੰਤੀ ਆਪਣੀ ਇਕ ਜਣਾਈਆ। ਕਿਰਪਾ ਕਰ ਜੋਤ ਅਕਾਲੀ, ਅਕਲ ਕਲ ਧਾਰ ਤੇਰੀ ਸੇਵ ਕਮਾਈਆ। ਜੁਗ ਚੌਕੜੀ ਤੇਰੀ ਸੇਵਾ ਘਾਲੀ, ਨਿਤ ਨਵਿਤ ਭੱਜੀ ਵਾਹੋ ਦਾਹੀਆ। ਕਲਜੁਗ ਅੰਤਮ ਮੇਟ ਰੈਣ ਅੰਧੇਰੀ ਕਾਲੀ, ਕਲਾ ਆਪਣੀ ਇਕ ਪ੍ਰਗਟਾਈਆ। ਤੂੰ ਜਗਤ ਜਹਾਨ ਦਾ ਮਾਲੀ, ਮਾਲਕ ਖ਼ਾਲਕ ਇਕ ਅਖਵਾਈਆ। ਤੇਰੇ ਸਚ ਦਵਾਰੇ ਮੇਰੇ ਉਤੇ ਹੋਵੇ ਧਰਮ ਦੀ ਧਰਮਸਾਲੀ, ਧੁਰ ਦਵਾਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭ ਮੇਰੇ ਬੇਪ੍ਰਵਾਹ, ਬੇਅੰਤ ਤੇਰੀ ਸ਼ਰਨਾਈਆ। ਤੂੰ ਦਾਤਾ ਦਾਨੀ ਸ਼ਹਿਨਸ਼ਾਹ, ਪਾਤਸ਼ਾਹ ਇਕ ਅਖਵਾਈਆ। ਅਵਤਾਰ ਪੈਗ਼ੰਬਰ ਗੁਰੂ ਦੇਣ ਸਲਾਹ, ਮਸ਼ਵਰਾ ਧਰਮ ਧਾਰ ਬਣਾਈਆ। ਚਾਰੋਂ ਕੁੰਟ ਤੱਕਣ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਸਤਿ ਧਰਮ ਦਾ ਰਿਹਾ ਕੋਇ ਨਾ ਨਾਂ, ਭਰਮੇ ਭੁਲੀ ਕੂੜ ਲੋਕਾਈਆ। ਝਗੜਾ ਪਿਆ ਪਿਤਾ ਪੂਤ ਪੁਤਰ ਮਾਂ, ਨਾਤਾ ਸਕੇ ਨਾ ਕੋਇ ਜੁੜਾਈਆ। ਹੰਸ ਬੁੱਧੀ ਹੋਈ ਕਾਂ, ਕਾਗ ਵਾਂਗ ਸ੍ਰਿਸ਼ਟ ਕੁਰਲਾਈਆ। ਦੀਨ ਮਜ਼੍ਹਬ ਰੋਵੇ ਮਾਰ ਧਾਹ,
ਬਿਨ ਨੈਣਾਂ ਨੀਰ ਵਹਾਈਆ। ਕਿਰਪਾ ਕਰ ਪਰਵਰਦਿਗਾਰ ਮੇਰੇ ਖ਼ੁਦਾ, ਖ਼ੁਦ ਮਾਲਕ ਹੋ ਸਹਾਈਆ। ਜੋ ਮਾਨਸ ਮਾਨਸ ਨਾਲੋਂ ਹੋਏ ਜੁਦਾ, ਜੁਜ਼ ਵੱਖਰਾ ਵੰਡ ਵੰਡਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਭ ਨੂੰ ਇਕੋ ਦੇ ਰਾਹ, ਆਤਮ ਪਰਮਾਤਮ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਅੰਤਮ ਪਕੜ ਬਾਂਹ, ਫੜ ਬਾਹੋਂ ਗਲੇ ਲਗਾਈਆ। ਗ਼ਰੀਬ ਨਿਮਾਣਿਆਂ ਨਿਥਾਵਿਆਂ ਦੇ ਥਾਂ, ਗ੍ਰਹਿ ਆਪਣਾ ਇਕ ਸੁਹਾਈਆ। ਤੇਰੇ ਚਰਨ ਕਵਲ ਬਲ ਬਲ ਜਾਂ, ਘੋਲੀ ਆਪਣਾ ਆਪ ਘੋਲ ਘੁਮਾਈਆ। ਚਾਰ ਕੁੰਟ ਦਹਿ ਦਿਸ਼ਾ ਸਾਰੀ ਸ੍ਰਿਸ਼ਟੀ ਦ੍ਰਿਸ਼ਟੀ ਕਹੇ ਵਾਹ ਵਾਹ, ਵਾਹਵਾ ਕਹਿ ਕੇ ਖ਼ੁਸ਼ੀ ਮਨਾਈਆ। ਸਿਰ ਸਵਾਮੀ ਦੇਣੀ ਠੰਡੀ ਛਾਂ, ਅਗਨੀ ਤਤ ਨਾ ਲਾਗੇ ਰਾਈਆ। ਆਤਮ ਪਰਮਾਤਮ ਲੈਣੀ ਪਰਨਾ, ਪਰਮ ਪੁਰਖ ਆਪਣਾ ਮੇਲ ਮਿਲਾਈਆ। ਤਤਾਂ ਨਾਲ ਨਾਤਾ ਤਤ ਦੇਣਾ ਜੁੜਾ, ਜੋੜੀ ਜਗਤ ਵਡ ਵਡਿਆਈਆ। ਮਾਨਵ ਜ਼ਾਤੀ ਸਾਚੀ ਧਾਰ ਦੀਨ ਦੁਨੀ ਧਰਮ ਦਾ ਧਰਮ ਹੋਵੇ ਵਿਵਾਹ, ਰੀਤੀ ਭਗਤ ਭਗਵਾਨ ਦੇਣੀ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਦਰਸ ਦਾ ਧਰਨੀ ਧਵਲ ਧੌਲ ਧਰਤ ਕਹੇ ਮੇਰੇ ਅੰਤਰ ਸਦਾ ਰਹੇ ਚਾਅ, ਚਾਉ ਘਨੇਰਾ ਮੇਰੀ ਝੋਲੀ ਦੇਣਾ ਪਾਈਆ।