ਪੁਸਤਕਾਲਾਭਾਗ ੨੩

੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਸਵੇਰੇ ਕਵੈਤ ਬੰਦਰਗਾਹ ਤੇ ਸਮੁੰਦਰ ਵਿਚ ਜਹਾਜ਼ ਖੜੇ ਵਿਚ ਕਿਰਪਾ ਕੀਤੀ

ਧਰਨੀ ਕਹੇ ਮੈਂ ਜੁਗ ਚੌਕੜੀ ਘੁੰਮਾ, ਜੁਗ ਚੌਕੜੀ ਭੱਜਾਂ ਵਾਹੋ ਦਾਹੀਆ। ਸਦੀ ਚੌਧਵੀਂ ਕਹੇ ਮੈਂ ਪਰਵਰਦਿਗਾਰ ਦੇ ਚਰਨ ਚੁੰਮਾ, ਨਿਵ ਨਿਵ ਲਾਗਾ ਪਾਈਂਆ। ਹਜ਼ਰਤ ਮੁਹੰਮਦ ਕਹੇ ਸ਼ੁਕਰਾਨੇ ਵਾਲਾ ਮੇਰਾ ਜੁਮਾ, ਜੁਮਲਾ ਅੱਖਰ ਦੇਣ ਗਵਾਹੀਆ। ਜਗਤ ਜਹਾਨ ਦਿਸਦਾ ਸੁੰਨਾ, ਸੁੰਝ ਮਸਾਣ ਦਿਸੇ ਲੋਕਾਈਆ। ਖੇਲ ਕਰੇ ਮਾਲਕ ਕੁੱਨਾ, ਕੁਲ ਮਾਲਕ ਅਗੰਮ ਅਥਾਹੀਆ। ਜੋ ਲੇਖਾ ਜਾਣੇ ਬਤਾਲੀ ਜੂਨਾ, ਲੱਖ ਨਾਲ ਵਡਿਆਈਆ। ਉਸ ਦਾ ਚਾਰ ਜੁਗ ਦੇ ਸ਼ਾਸਤਰ ਦੇ ਨਾ ਸਕਣ ਨਮੂਨਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਉਹ ਲੇਖੇ ਲਾਏ ਜਨ ਭਗਤ ਭਗਤੀ ਵਿਹੂਣਾ, ਮਿਹਰ ਨਜ਼ਰ ਉਠਾਈਆ। ਜਿਸ ਦਾ ਪ੍ਰਕਾਸ਼ ਨਾ ਕੋਇ ਸਮਝੇ ਚੌਣਾ ਕਿ ਦੂਣਾ, ਬੇਅੰਤ ਆਪਣੀ ਕਾਰ ਭੁਗਤਾਈਆ। ਉਹ ਧਰਨੀ ਨੂੰ ਦੇਵਣ ਆਇਆ ਹਲੂਣਾ, ਹੁਲਾਰਾ ਆਪਣਾ ਰੰਗ ਰੰਗਾਈਆ। ਜਿਸ ਦਾ ਖੇਲ ਨਾਮਾਲੂਮਾ, ਅਕਲ ਬੁੱਧੀ ਸਮਝਣ ਕੋਇ ਨਾ ਆਈਆ। ਉਹ ਆਸ਼ਾ ਪੂਰੀ ਕਰੇ ਅਵਤਾਰ ਪੈਗ਼ੰਬਰ ਗੁਰੂ ਮਾਸੂਮਾਂ, ਨੰਨ੍ਹਿਆਂ ਵੇਖ ਵਖਾਈਆ। ਸ਼ਰਅ ਮਜ਼੍ਹਬ ਵੇਖੇ ਹਜੂਮਾ, ਚਾਰੋਂ ਕੁੰਟ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਦੀ ਚੌਧਵੀਂ ਕਹੇ ਧਰਨੀ ਨੀ ਤੈਨੂੰ ਸਾਰੇ ਕਹਿੰਦੇ ਮਾਤਾ, ਧਵਲ ਦੇ ਸਮਝਾਈਆ। ਜਗਤ ਸ਼ਾਸਤਰ ਗਾਉਂਦੇ ਗਾਥਾ, ਅੱਖਰ ਅੱਖਰ ਜੋੜ ਜੁੜਾਈਆ। ਤੈਨੂੰ ਸਾਰੇ ਟੇਕਣ ਮਾਥਾ, ਮਿੱਟੀ ਖ਼ਾਕ ਰਮਾਈਆ। ਧਰਨੀ ਕਹੇ ਸਦੀ ਚੌਧਵੀ ਇਹ ਖੇਲ ਪੁਰਖ ਅਬਿਨਾਸ਼ਾ, ਜੁਗ ਜੁਗ ਆਪਣੀ ਕਾਰ ਕਮਾਈਆ। ਮੈਂ ਵੇਖਦੀ ਰਹੀ ਜਗਤ ਤਮਾਸ਼ਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣੀ ਅੱਖ ਉਠਾਈਆ। ਤੇਰੇ ਅੰਤਮ ਮੈਨੂੰ ਆਉਂਦਾ ਹਾਸਾ, ਹੱਸ ਕੇ ਦਿਆਂ ਵਖਾਈਆ। ਜਿਸ ਦੀਨ ਦੁਨੀ ਬਦਲ ਦੇਣਾ ਪਾਸਾ, ਪੇਸ਼ੀਨਗੋਈਆਂ ਸਭ ਦੀਆਂ ਵੇਖ ਵਖਾਈਆ। ਤੂੰ ਉਸ ਦਾ ਮੰਨਣਾ ਆਖਾ, ਨਿਵ ਨਿਵ ਸੀਸ ਝੁਕਾਈਆ। ਜੋ ਦੋ ਜਹਾਨ ਰਾਖਾ, ਚੌਦਾਂ ਤਬਕ ਹੋਏ ਸਹਾਈਆ। ਜਿਸ ਦਾ ਇਕੋ ਨੂਰ ਜੋਤੀ ਧਾਰ ਸਭ ਦੀ ਜਗੇ ਲਲਾਟਾ, ਹਰ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ। ਧਰਨੀ ਕਹੇ ਸਦੀ ਚੌਧਵੀਂ ਮੇਰੇ ਅੰਦਰ ਬੜੀ ਰੀਝ, ਖ਼ੁਸ਼ੀਆਂ ਨਾਲ ਜਣਾਈਆ। ਮੇਰਾ ਮਾਲਕ ਗਿਆ ਪਤੀਜ, ਪਾਰਬ੍ਰਹਮ ਬੇਪ੍ਰਵਾਹੀਆ। ਜਿਸ ਦੇ ਪੈਗ਼ੰਬਰ ਬਣੇ ਅਜ਼ੀਜ਼, ਈਸਾ ਮੂਸਾ ਮੁਹੰਮਦ ਸੀਸ ਨਿਵਾਈਆ। ਉਹ ਤੇਰੇ ਗ੍ਰਹਿ ਆਉਣਾ ਉਹਦਾ ਕਦਮ ਧਰਨੀ ਕਹੇ ਮੇਰੀ ਹੋਣਾ ਦਹਿਲੀਜ਼, ਸੋਹਣਾ ਚਰਨ ਟਿਕਾਈਆ। ਜਿਸ ਨੇ ਕਪੂਰ ਸਿੰਘ ਨੂੰ ਪਵਾਈ ਲਾਲ ਕਮੀਜ਼, ਲਾਲ ਗੁਲਾਲਾ ਰੰਗ ਚੜ੍ਹਾਈਆ। ਜ਼ਰਾ ਤੱਕ ਲੈ ਲਾ ਕੇ ਨੀਝ, ਬਿਨ ਅੱਖਾਂ ਅੱਖ ਉਠਾਈਆ। ਜੋ ਸ਼ਰਅ ਸ਼ਰੀਅਤ ਉਮਤ ਬੀਜਿਆ ਬੀਜ, ਉਹ ਵੇਖੇ ਚਾਈਂ ਚਾਈਂਆ। ਭੇਵ ਖੋਲੇ ਭਰਮ ਵਾਲੀ ਹਦੀਸ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਜਿਸ ਦੇ ਛਤਰ ਝੁਲਣਾ ਸੀਸ, ਦੋ ਜਹਾਨ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਸਦੀ ਚੌਧਵੀਂ ਕਹੇ ਸੁਣ ਵੇ ਲਾਲ ਰੰਗਾ, ਜਗਤ ਕਪੜਿਆ ਦਿਆਂ ਸੁਣਾਈਆ। ਹਜ਼ਰਤ ਮੁਹੰਮਦ ਦੀਆਂ ਮੰਗਾਂ, ਚਾਰ ਯਾਰੀ ਸੰਗ ਧਿਆਨ ਰਖਾਈਆ। ਜਿਸ ਵੇਲੇ ਮੇਰਾ ਅੰਤਮ ਵੇਲਾ ਲੰਘਾ, ਚੜ੍ਹਦਾ ਲਹਿੰਦਾ ਵੇਖ ਵਖਾਈਆ। ਕਿਸੇ ਦਾ ਸੀਨਾ

ਰਹੇ ਨਾ ਠੰਢਾ, ਅਗਨੀ ਤਤ ਨਾ ਕੋਇ ਬੁਝਾਈਆ। ਮੈਂ ਇਕੋ ਮੰਗ ਉਸ ਪ੍ਰਭੂ ਤੋ ਮੰਗਾਂ, ਪਰਵਰਦਿਗਾਰ ਮੇਰੀ ਝੋਲੀ ਦੇਣਾ ਪਾਈਆ। ਮੇਰਾ ਸਫ਼ਰ ਰਿਹਾ ਨਾ ਲੰਬਾ, ਅੰਤਮ ਲੇਖਾ ਰਿਹਾ ਮੁਕਾਈਆ। ਮੈਂ ਜਦੋਂ ਸੁਣਦੀ ਤੂੰ ਮੇਰਾ ਮੈਂ ਤੇਰਾ ਛੰਦਾ, ਮੁਛੰਦਗੀ ਦਾ ਲੇਖਾ ਦਿਆਂ ਚੁਕਾਈਆ। ਮੈਨੂੰ ਯਾਦ ਆ ਗਿਆ ਜੋ ਸੰਦੇਸਾ ਦਿਤਾ ਗੋਬਿੰਦ ਪੁਰੀ ਅਨੰਦਾ, ਅਨੰਦਪੁਰ ਛਡਣ ਲੱਗਿਆਂ ਦਿਤਾ ਸੁਣਾਈਆ। ਜਿਸ ਦਾ ਭੇਵ ਪਾਏ ਕੋਇ ਨਾ ਪੰਡਾ, ਗ੍ਰਹਿ ਨਛੱਤਰ ਸਮਝ ਕਿਸੇ ਨਾ ਆਈਆ। ਮੇਰਾ ਪੁਰਖ ਅਕਾਲ ਸਾਹਿਬ ਗੁਣੀ ਗਹਿੰਦਾ, ਗਹਿਰ ਗਵਰ ਗਵਰ ਅਖਵਾਈਆ। ਜਿਸ ਲੇਖੇ ਲਾਉਣਾ ਨਿਸ਼ਾਨ ਤਾਰਾ ਚੰਦਾ, ਆਸਾ ਮੁਹੰਮਦ ਪੂਰ ਕਰਾਈਆ। ਉਸ ਦੇ ਗ੍ਰਹਿ ਵੜਦਿਆਂ ਸੱਤਾਂ ਗੁਰਮੁਖਾਂ ਆਪਣੇ ਗਾਨੇ ਦੀਆਂ ਖੋਲਣੀਆਂ ਗੰਢਾਂ, ਲਾਲ ਰੰਗ ਧਰਤੀ ਉਤੇ ਦੇਣਾ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਹਾਨ ਜੁਗ ਚੌਕੜੀ ਮੇਟਣਹਾਰਾ ਪੰਧਾ, ਪਾਂਧੀ ਵੇਖੇ ਖ਼ਲਕ ਖ਼ੁਦਾਈਆ।

੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਕਵੈਤ ਸ਼ਹਿਰ ਅਜੀਤ ਸਿੰਘ ਦੇ ਗ੍ਰਹਿ ਸਵੇਰੇ ਕਿਰਪਾ ਕੀਤੀ

ਸਦੀ ਚੌਧਵੀਂ ਕਹੇ ਮੈਂ ਮਿਲੀ ਇਕ ਅਲਾਹ, ਜਿਸ ਨੂੰ ਵਲੀ ਅੱਲਾ ਸਾਰੇ ਸੀਸ ਨਿਵਾਈਆ। ਚੌਦਾਂ ਤਬਕ ਤੋਂ ਬਾਹਰ ਫਿਰੇ ਇਕੱਲਾ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਜੋ ਵਸੇ ਤਨ ਵਜੂਦ ਮਾਟੀ ਖੱਲਾ, ਖ਼ਾਲਕ ਖ਼ਲਕ ਵਡ ਵਡਿਆਈਆ। ਮੇਰਾ ਵਿਛੋੜੇ ਦਾ ਮੇਟਣ ਆਇਆ ਸੱਲਾ, ਸੁਲਹਕੁਲ ਆਪਣਾ ਰੰਗ ਰੰਗਾਈਆ। ਲੇਖਾ ਜਾਣੇ ਮਾਰੂ ਥਲਾ, ਤਿਨਕਾ ਤਿਨਕਾ ਦਏ ਗਵਾਹੀਆ। ਜਿਸ ਦਾ ਸੰਗ ਭਗਤੀ ਧਾਰ ਭਗਤ ਦਲਾ, ਸੱਤ ਜ਼ਿਮੀਂ ਸੱਤ ਅਸਮਾਨ ਵੇਖਣ ਚਾਈਂ ਚਾਈਂਆ। ਜਿਸ ਲਹਿਣਾ ਪੂਰਾ ਕਰਨਾ ਗੋਬਿੰਦ ਧਾਰ ਡੱਲਾ, ਇਸ਼ਾਰਾ ਅਰਬ ਗੋਬਿੰਦ ਅੱਖ ਉਠਾਈਆ। ਜਿਸ ਲੇਖਾ ਵੇਖਣਾ ਗੁਰਦਾਸ ਕਲਮ ਅਛੱਲਾ, ਵਲ ਛਲਧਾਰੀ ਆਪਣੀ ਖੇਲ ਖਿਲਾਈਆ। ਜਿਸ ਧਰਮ ਦੀ ਧਾਰ ਗੋਲੀ ਦਾ ਤਿੰਨ ਦਿਨ ਇਕ ਮੋਢੇ ਤੇ ਰਖਣਾ ਪੱਲਾ, ਤ੍ਰੈਗੁਣ ਮਾਇਆ ਪੰਧ ਮੁਕਾਈਆ। ਮੈਨੂੰ ਖ਼ੁਸ਼ੀ ਦਿਸੇ ਮਛ ਕਛ ਧਾਰ ਵਿਚ ਜਲਾ, ਸਾਰੇ ਰਹੇ ਸੁਣਾਈਆ। ਤੇਰੇ ਆਇਆ ਅਗੰਮ ਮਹੱਲਾ, ਖ਼ਿਆਲਾਂ ਦੇ ਮਹੱਲ ਵਾਲੀਏ ਆਪਣਾ ਮਹੱਲ ਲੈਣਾ ਸੁਹਾਈਆ। ਪਰ ਇਕ ਗੱਲ ਉਹਦੇ ਕੋਲ ਹੋਣਾ ਤੇਲ ਦਾ ਪਲਾ, ਪਲਕ ਪਲਕ ਆਪਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਵੇਖ ਕੇ ਚੰਦ ਨੂਰਾ, ਨੂਰ ਵਿਚ ਸਮਾਈਆ। ਜਿਸ ਵਾਇਦਾ ਕੀਤਾ ਪੂਰਾ, ਪੁਰੀਆਂ ਲੋਆਂ ਤੋਂ ਬਾਹਰ ਨਜ਼ਰੀ ਆਈਆ। ਤੱਕਿਆ ਹਾਜ਼ਰ ਹਜ਼ੂਰਾ, ਕਵੈਤ ਤਟ ਸੋਭਾ ਪਾਈਆ। ਮੈਂ ਮੁਹੰਮਦ ਨੂੰ ਕਿਹਾ ਹੋ ਜਾ ਮਸ਼ਕੂਰਾ, ਸ਼ੁਕਰੀਆ ਕਹਿ ਕੇ ਸੀਸ ਨਿਵਾਈਆ। ਮੁਹੰਮਦ ਕਿਹਾ ਮੈਨੂੰ ਚੜ੍ਹ ਗਿਆ ਰੰਗ ਗੂੜ੍ਹਾ, ਬਿਨਾ ਤਨ ਵਜੂਦ ਰੰਗਤ ਨਜ਼ਰੀ ਆਈਆ। ਮੈਨੂੰ ਨਜ਼ਰ ਆ ਗਿਆ ਨਾਨਕ ਦਾ ਓਅੰਕਾਰ ਵਾਲਾ ਊੜਾ, ਜਿਸ ਅਲਿਫ਼ ਨਾਲ ਹਲਫ਼ ਲਿਆ ਉਠਾਈਆ। ਝਟ ਮੇਰੀ ਨਜ਼ਰ ਪਈ ਕੋਹਤੂਰਾ, ਮੂਸਾ ਨੂਰ ਚਮਕਾਈਆ। ਈਸੇ ਦੀ ਸੁਣੀ ਤੂਰਾ, ਜੋ ਤੁਰਤ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ

ਦਾ ਰੰਗ ਆਪ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਤੱਕ ਕੇ ਨੂਰ ਅਲਾਹ, ਅੱਲਾ ਅੱਲਾ ਕਹਿ ਕੇ ਸੀਸ ਨਿਵਾਈਆ। ਨਾਲੇ ਕਿਹਾ ਵਾਹ ਵਾਹ, ਵਾਹਵਾ ਤੇਰੀ ਬੇਪ੍ਰਵਾਹੀਆ। ਜਿਸ ਮੇਰੀ ਗੋਲੀ ਆਪਣੀ ਗੋਲਕ ਵਿਚੋਂ ਕਢ ਕੇ ਸਾਡੇ ਦੇਸ਼ ਦਿਤੀ ਪਹੁੰਚਾ, ਪਿਛਲਾ ਪੰਧ ਮੁਕਾਈਆ। ਜੇ ਮਹਿਬੂਬ ਇਹਦਾ ਮਕਬਰਾ ਕਰਬਲੇ ਦਏ ਬਣਾ, ਪੈਗ਼ੰਬਰਾਂ ਦੀ ਆਸ਼ਾ ਰਹੇ ਨਾ ਰਾਈਆ। ਮੇਰੇ ਹਕ ਖ਼ੁਦਾ, ਤੇਰੇ ਅਗੇ ਅਰਜ਼ੋਈਆ। ਝਟ ਨਾਰਦ ਪਹੁੰਚਿਆ ਆ, ਆਪਣੇ ਕੰਨ ਰਿਹਾ ਖਿਚਾਈਆ। ਵਿੰਗਾ ਮੂੰਹ ਕਰ ਕੇ ਰਿਹਾ ਮੁਸਕਰਾ, ਹੱਸ ਹੱਸ ਰਿਹਾ ਸੁਣਾਈਆ। ਵਾਹ ਨੀ ਸਵਾਣੀਏ ਕੀ ਮੁਖੋਂ ਬੋਲਿਆ ਨਾਂ, ਚਾਅ ਖ਼ੁਸ਼ੀਆਂ ਨਾਲ ਸੁਣਾਈਆ। ਨੀ ਇਹਦਾ ਮਾਲਕ ਬੇਪ੍ਰਵਾਹ, ਬੇਅੰਤ ਇਕ ਅਖਵਾਈਆ। ਤੈਨੂੰ ਪਤਾ ਨਹੀਂ ਤੇਰਿਆਂ ਪੈਗ਼ੰਬਰਾਂ ਇਹਦੇ ਚਰਨਾਂ ਕਰਨੀ ਦੁਆ, ਕਦਮਾਂ ਆਸ ਰਖਾਈਆ। ਇਹਦਾ ਮਕਬਰਾ ਬਣੇਗਾ ਨਹੀਂ ਸਾਰਿਆਂ ਮਕਬਰਿਆਂ ਦਾ ਅੰਤ ਜਾਏ ਕਰਾ, ਕਰਨੀ ਦਾ ਕਰਤਾ ਆਪਣਾ ਹੁਕਮ ਵਰਤਾਈਆ। ਤੂੰ ਹੁਣ ਆਪਣੀ ਗੱਲ ਸੁਣਾ, ਪਿਛਲੀ ਰੈਣ ਕੀ ਖੇਲ ਖਿਲਾਈਆ। ਝਟ ਸਦੀ ਚੌਧਵੀਂ ਨੈਣ ਲਿਆ ਬਦਲਾ, ਬਿਨ ਅੱਖੀਆਂ ਅੱਖ ਭਵਾਈਆ। ਮੈਂ ਕੀ ਦੱਸਾਂ ਆ, ਕੀ ਕੀ ਹਾਲ ਸੁਣਾਈਆ। ਮੈਂ ਮੱਕੇ ਗਈ ਬੈਤੁਲ ਵਿਚ ਮਾਰੀ ਹਾਹ, ਮੁਕੱਦਸ ਦਿਤਾ ਸੁਣਾਈਆ। ਤੈਨੂੰ ਵੀ ਇੱਟਾਂ ਪੱਥਰਾਂ ਦਾ ਦਿਤਾ ਬਣਾ, ਖ਼ੁਦਾ ਨੂਰ ਨਜ਼ਰ ਕੋਇ ਨਾ ਆਈਆ। ਕਾਅਬਿਆਂ ਵੰਡ ਵੰਡਾ, ਕਿਬਲ ਦਾ ਰੂਪ ਨਾ ਕੋਇ ਦਰਸਾਈਆ। ਜ਼ਨ ਹੀ ਵਜ਼ ਹੂ ਤੋਜ਼ੀ ਮਹਿਬਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੈਂ ਗਈ ਮਦੀਨੇ ਸ਼ਰੀਫ਼, ਸ਼ੁਰਫ਼ਾ ਮੁਹੰਮਦ ਦਿਤਾ ਜਣਾਈਆ। ਹਜ਼ਰਤ ਕੀ ਉਸ ਦੀ ਤਾਰੀਫ਼, ਜੋ ਹਜ਼ੂਰ ਇਕ ਅਖਵਾਈਆ। ਉਹ ਜਵਾਂ ਕਿ ਜ਼ਈਫ਼, ਭੇਵ ਦੇਣਾ ਖੁਲਾਈਆ। ਉਹਦੀ ਸਿਫ਼ਤ ਕੀ ਤਸਨੀਫ਼, ਤਹਿਰੀਰ ਕੀ ਜਣਾਈਆ। ਉਹ ਹਕੀਰ ਕਿ ਹਰੀਫ਼, ਹੁਕਮ ਕੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਮੁਹੰਮਦ ਕਹੇ ਮੇਰਾ ਮਕਬਰਾ ਖਾ ਗਿਆ ਤਨ ਵਜੂਦ, ਮੁਕਾਹ ਨਜ਼ਰ ਕੋਇ ਨਾ ਆਈਆ। ਉਹ ਮੇਰਾ ਮਹਿਬੂਬ, ਜੋ ਓਮ ਦੋਮ ਸੋਮ ਵਿਚ ਕਦੇ ਨਾ ਆਈਆ। ਕੀ ਤੇਰਾ ਕਰਾਵਣ ਆਇਆ ਕੂਚ, ਕੂਚਾ ਗਲੀ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੈਨੂੰ ਇਹੋ ਰਿਹਾ ਸੂਝ, ਸਮਝ ਤੋਂ ਪਰੇ ਦ੍ਰਿੜਾਈਆ। ਉਹ ਕਲਮਿਆਂ ਦੀਨਾਂ ਇਸਲਾਮਾਂ ਮਜ਼੍ਹਬਾਂ ਤੋਂ ਬਾਹਰ ਮੌਜੂਦ, ਦੋ ਜਹਾਨਾਂ ਇਕੋ ਨੂਰ ਅਲਾਹੀਆ। ਜਿਸ ਤੱਕਣੀ ਕਲਮੇ ਵਾਲੀ ਹਦੂਦ, ਹੱਦਾਂ ਵਿਚ ਬੇਹੱਦ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਸਚ ਰਖਾਈਆ। ਮੁਹੰਮਦ ਕਹੇ ਮੇਰੀ ਖ਼ਾਹਿਸ਼ ਪੁਰਾਣੀ ਤਮੰਨਾ, ਤਾਮਨ ਤ੍ਰਿਸ਼ਨਾ ਨਾ ਕੋਇ ਰਖਾਈਆ। ਜਿਸ ਨੇ ਮੇਰਾ ਅੰਤ ਕਰਨਾ ਅਮਨਾ, ਆਮਦ ਵਿਚ ਆਵੇ ਬੇਪ੍ਰਵਾਹੀਆ। ਮੇਰੀ ਉਮਤ ਨਾ ਵੇਖੇ ਚਮਨਾ, ਗੁਲਸ਼ਨ ਥਲਾਂ ਵਿਚ ਮਹਿਕਾਈਆ। ਉਸ ਲੇਖਾ ਜ਼ਰੂਰ ਪੂਰਾ ਕਰਨਾ ਜੋ ਕ੍ਰਿਸ਼ਨ ਕਿਹਾ ਕਿਨਾਰੇ ਜਮਨਾ, ਦੁਆਪਰ ਆਪਣਾ ਰੰਗ ਰੰਗਾਈਆ। ਮੇਰਾ ਵਜੂਦ ਉਸ ਦੀ ਖੇਲ ਵੇਖ ਕੇ ਕੰਬਣਾ, ਹਲੂਣਾ ਸਮਝ ਕਿਸੇ ਨਾ ਆਈਆ। ਜਿਸ ਲੇਖੇ ਲਾਉਣਾ ਆਅਲਾ ਅਦਨਾ, ਅਦਲ ਅਦਾਲਤ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ। ਸਦੀ ਚੌਧਵੀਂ ਕਹੇ ਮੁਹੰਮਦ ਮੈਂ ਇਕ ਗੱਲ

ਦੱਸਾਂ ਖ਼ਾਸ, ਖ਼ਸੂਸੀਅਤ ਨਾਲ ਜਣਾਈਆ। ਮੈਂ ਬੜੀ ਸਾਂ ਉਦਾਸ, ਉਦਾਸੀ ਵਿਚ ਉਸੇ ਦਾ ਰਾਹ ਤਕਾਈਆ। ਮੇਰੇ ਅੰਦਰ ਥਲਾਂ ਵਾਲੀ ਸੀ ਪਿਆਸ, ਸਕੇ ਨਾ ਕੋਇ ਬੁਝਾਈਆ। ਜਿਸ ਵੇਲੇ ਮੇਰੇ ਮਹਿਬੂਬ ਨੇ ਮੇਰਾ ਤਨ ਛੁਹਾਇਆ ਲਬਾਸ, ਉਸ ਵੇਲੇ ਪਿਆਸ ਦੀ ਆਗ ਆਪਣੇ ਵਿਚ ਰਖਾਈਆ। ਮੈਂ ਫਿਰੀ ਵਿਚ ਆਕਾਸ਼, ਭੱਜੀ ਵਾਹੋ ਦਹੀਆ। ਸ਼ੰਕਰ ਨੂੰ ਕਿਹਾ ਛਡ ਦੇ ਕੈਲਾਸ਼, ਕਲਧਾਰੀ ਦਰਸ਼ਨ ਪਾਈਆ। ਬ੍ਰਹਮੇ ਨੂੰ ਕਿਹਾ ਆ ਜਾ ਪਾਸ, ਬ੍ਰਹਮ ਦੇਸ਼ ਤਜਾਈਆ। ਵਿਸ਼ਨੂੰ ਨੂੰ ਕਿਹਾ ਤੂੰ ਉਸੇ ਦਾ ਸਾਥ, ਸਗਲਾ ਸੰਗ ਰਖਾਈਆ। ਅਵਤਾਰਾਂ ਨੂੰ ਕਿਹਾ ਤੁਹਾਨੂੰ ਏਸੇ ਨੇ ਦਿਤੀ ਦਾਤ, ਦੇਵਣਹਾਰਾ ਬੇਪ੍ਰਵਾਹੀਆ। ਪੈਗ਼ੰਬਰਾਂ ਨੂੰ ਕਿਹਾ ਤੁਸੀਂ ਏਸੇ ਦੀ ਜ਼ਾਤ, ਏਸੇ ਦਾ ਨੂਰ ਚਮਕਾਈਆ। ਗੁਰੂਆਂ ਨੂੰ ਕਿਹਾ ਤੱਕੋ ਸਤਿਗੁਰ ਸਾਖਿਆਤ, ਸਚ ਸਵਾਮੀ ਨਜ਼ਰੀ ਆਈਆ। ਜਿਸ ਨੂੰ ਕਲਜੁਗ ਅੰਤ ਸਭ ਨੇ ਰਖੀ ਖ਼ਾਹਿਸ਼, ਸਾਡਾ ਮਾਲਕ ਆਵੇ ਚਾਈਂ ਚਾਈਂਆ। ਉਸ ਆਉਣਾ ਅਰਬ ਦੇ ਘਾਟ ਕਰੋ ਤਲਾਸ਼, ਜੋ ਉਰਫ਼ ਆਪਣਾ ਨਾਮ ਬਦਲਾਈਆ। ਨੂਰ ਤੱਕੋ ਜ਼ਹੂਰ ਤੱਕੋ ਲਾਟ, ਤਨ ਵਜੂਦ ਅੰਦਰ ਆਪਣਾ ਰੂਪ ਵਖਾਈਆ। ਜਿਸ ਸਾਡਾ ਲੇਖਾ ਪੂਰਾ ਕਰਨਾ ਅੱਜ ਦੀ ਰਾਤ, ਨੌ ਬਾਰਾਂ ਤਿੰਨ ਤਿੰਨੇ ਵਕਤ ਸੁਹਾਈਆ। ਸਦੀ ਚੌਧਵੀਂ ਕਹੇ ਮੈਂ ਸਾਰੀ ਖੋਲ ਕੇ ਦੱਸਾਂਗੀ ਬਾਤ, ਬਾਤਨ ਪਰਦਾ ਦਿਆਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਜਿਸ ਨੇ ਆਪਣੇ ਅੰਦਰ ਸਾਡੀ ਸਾਰੀ ਰਖੀ ਤਪਸ, ਹਵਸ ਸਾਰੀ ਨਾਲ ਰਖਾਈਆ। ਉਸ ਨੂੰ ਵੇਖਣ ਰਿਖੀ ਸਪਤ, ਉਂਗਲਾਂ ਮੂੰਹ ਵਿਚ ਪਾਈਆ। ਜਿਸ ਆਪਣਾ ਸੁਹੰਜਣਾ ਕੀਤਾ ਵਕਤ, ਬੇਵਕਤਾਂ ਦਾ ਵਕਤ ਵੇਖ ਵਖਾਈਆ। ਨਾਲ ਲਿਆ ਕੇ ਜਨਮ ਜਨਮ ਦੇ ਭਗਤ, ਭਗਤੀ ਵਿਚ ਆਪਣਾ ਖੇਲ ਖਿਲਾਈਆ। ਜਿਸ ਧਾਰ ਬਦਲਣੀ ਜਗਤ, ਜੁਗਤੀ ਸ਼ਬਦੀ ਵੰਡ ਵੰਡਾਈਆ। ਮੈਂ ਉਸ ਦੇ ਅਗੇ ਕਰਾਂ ਅਰਜ਼, ਨਿਮਾਣੀ ਹੋ ਕੇ ਸੀਸ ਝੁਕਾਈਆ। ਮੇਰਾ ਲੇਖਾ ਆਪਣੇ ਦਰ ਕਰੀਂ ਦਰਜ, ਦਰਜਾ ਚਰਨਾਂ ਦਾ ਦੇਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਆਪਣੀ ਇਕ ਵਖਾਈਆ।

੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਸਮਾਂ ਨੌ ਵਜੇ ਕਵੈਤ ਸ਼ਹਿਰ ਅਜੀਤ ਸਿੰਘ ਦੇ ਗ੍ਰਹਿ

ਸਦੀ ਚੌਧਵੀਂ ਕਹੇ ਮੈਨੂੰ ਇਸ਼ਾਰਾ ਕਰੇ ਤਾਰਾ ਚੰਦ, ਬਿਨ ਸੈਨਤ ਸੈਨਤ ਲਗਾਈਆ। ਸਾਡਾ ਖ਼ੁਸ਼ੀ ਹੋਇਆ ਬੰਦ ਬੰਦ, ਬੰਦਗੀ ਵਿਚ ਸੀਸ ਝੁਕਾਈਆ। ਜਿਹੜਾ ਮਹਿਬੂਬ ਪਾਰ ਕਿਨਾਰਾ ਆਇਆ ਲੰਘ, ਆਪਣਾ ਰੰਗ ਰੰਗਾਈਆ। ਸਭ ਦਾ ਸ਼ਰਅ ਦਾ ਤੋੜੇ ਬੰਧ, ਬੰਧਨ ਰਹਿਣ ਕੋਇ ਨਾ ਪਾਈਆ। ਚਾਰ ਕੁੰਟ ਵੇਖੇ ਅੰਧੇਰਾ ਅੰਧ, ਖ਼ਾਲਕ ਖ਼ਲਕ ਫੋਲ ਫੁਲਾਈਆ। ਸਾਡੇ ਗ੍ਰਹਿ ਸਾਨੂੰ ਦਏ ਅਨੰਦ, ਅਨੰਦ ਆਪਣਾ ਇਕ ਦਰਸਾਈਆ। ਜਿਸ ਦਾ ਲੇਖਾ ਬਿਨਾ ਮੁਹਾਣਿਆਂ ਵੰਝ, ਚਲੇ ਬੇਪਰਵਾਹੀਆ। ਨਾ ਖ਼ੁਸ਼ੀ ਨਾ ਰੰਜ, ਗ਼ਮੀ ਗ਼ਮਖ਼ਾਰ ਨਾ ਕੋਇ ਰਖਾਈਆ। ਸਾਡੀ ਖ਼ੁਸ਼ੀ ਵਿਚ ਵਹਿ ਗਈ ਹੰਝ, ਹੰਝੂਆਂ ਹਾਰ ਬਣਾਈਆ। ਜਿਸ ਮਜ਼੍ਹਬਾਂ ਦੀ ਢਾਹੁਣੀ ਕੰਧ, ਦੁਤੀਆ ਭਾਉ ਦਏ ਚੁਕਾਈਆ। ਕੂੜੀ

ਵਾਸਨਾ ਕਰਨੀ ਖੰਡ, ਬ੍ਰਹਿਮੰਡ ਆਪ ਸਮਝਾਈਆ। ਫੇਰੇ ਦਰੋਹੀ ਵਿਚ ਵਰਭੰਡ, ਬ੍ਰਹਿਮੰਡ ਖੋਜ ਖੁਜਾਈਆ। ਲੇਖਾ ਚੁਕਾਏ ਜੇਰਜ ਅੰਡ, ਉਤਭੁਜ ਸੇਤਜ ਪਰਦਾ ਰਹੇ ਨਾ ਰਾਈਆ। ਉਸ ਦੇ ਕੋਲੋਂ ਇਕ ਵਸਤ ਲਈਏ ਮੰਗ, ਮਾਂਗਤ ਹੋ ਕੇ ਝੋਲੀ ਲਈਏ ਡਾਹੀਆ। ਉਹਦਾ ਸੁਹੰਜਣਾ ਸਮਾਂ ਤੇ ਆਪਣਾ ਖੇਲ ਕਰੇ ਆਰੰਭ, ਸ਼ੁਰੂ ਦੀ ਸ਼ਰਅ ਇਕ ਜਣਾਈਆ। ਗਵਾਹੀ ਦੇਵੇ ਮੁਹੰਮਦ ਦਾ ਮੌਲੀ ਵਾਲਾ ਤੰਦ, ਕੱਚਾ ਤੰਦ ਰਿਹਾ ਜਣਾਈਆ। ਜਿਸ ਦਾ ਕਲਮਾ ਗਾਇਆ ਸਿਫ਼ਤਾਂ ਵਾਲੇ ਦੰਦ, ਜ਼ਬਾਂ ਜ਼ੇਰ ਜ਼ਬਰ ਬਣਾਈਆ। ਸੋ ਢੋਲਾ ਦੱਸੇ ਛੰਦ, ਕਲਮਾ ਕਾਇਨਾਤ ਸਮਝਾਈਆ। ਅਸੀਂ ਵੇਖ ਕੇ ਹੋਏ ਦੰਗ, ਹੈਰਾਨੀ ਸਾਡੇ ਅੰਦਰ ਆਈਆ। ਸਦੀ ਚੌਧਵੀਂ ਕਹੇ ਮੇਰੇ ਸੀਨੇ ਪਈ ਠੰਡ, ਅਗਨੀ ਤਤ ਬੁਝਾਈਆ। ਸ਼ੁਕਰ ਹੈ ਉਸ ਨੇ ਆਪਣੀ ਖੋਲੀ ਗੰਢ, ਪੱਲੂ ਲਿਆ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਸੁਣ ਵੇ ਤਾਰਾ ਚੰਦਾ, ਚੰਦਰੀ ਵੇਖੇ ਲੋਕਾਈਆ। ਦੀਨ ਮਜ਼੍ਹਬ ਜਗਤ ਜਹਾਨ ਹੋਇਆ ਗੰਦਾ, ਕੂੜ ਕਲਪਨਾ ਮਨ ਮਨਸਾ ਹਲਕਾਈਆ। ਨੇਤਰ ਹੀਣ ਹੋਇਆ ਅੰਧਾ, ਨਿਜ ਲੋਚਣ ਨਾ ਕੋਇ ਖੁਲਾਈਆ। ਖ਼ੁਦਾ ਦੇ ਨਾਮ ਦਾ ਸਾਰੇ ਲੈਂਦੇ ਚੰਦਾ, ਹਿੰਦੂ ਮੁਸਲਮ ਸਿਖ ਇਸਾਈ ਬਚਿਆ ਨਜ਼ਰ ਕੋਇ ਨਾ ਆਈਆ। ਸਚ ਮੁਹੱਬਤ ਵਿਚ ਮੇਰਾ ਮਹਿਬੂਬ ਹੋਇਆ ਰੰਡਾ, ਜਗਤ ਦਾਸੀ ਸੇਵ ਨਾ ਕੋਇ ਕਮਾਈਆ। ਜਿਸ ਨੇ ਸੂਫ਼ੀਆਂ ਭਗਤਾਂ ਦੇ ਪਿਆਰ ਵਿਚ ਰਸਨਾ ਭੋਗ ਲਗਾਇਆ ਗੰਢਾ, ਉਹ ਗੰਢ ਸਾਡੇ ਨਾਲ ਪਾਈਆ। ਪਹਿਲੋਂ ਉਮਤ ਦੀਆਂ ਵੰਡਾ ਕੇ ਵੰਡਾਂ, ਕਲਮਾ ਸ਼ਰਅ ਵਾਲਾ ਸੁਣਾਈਆ। ਲੜਾ ਕੇ ਵਿਚ ਜੰਗਾ, ਸ਼ਹਾਦਤਾਂ ਸ਼ਰਅ ਦੀਆਂ ਭੁਗਤਾਈਆ। ਉਸ ਨੂੰ ਫੇਰ ਵੀ ਸਾਰੇ ਕਹਿੰਦੇ ਚੰਗਾ, ਉਸ ਦੀ ਚੰਗੀ ਬੇਪ੍ਰਵਾਹੀਆ। ਪਰ ਮੇਰਾ ਹਲੂਣ ਕੇ ਕੰਧਾ, ਆਲਸ ਨਿੰਦਰਾ ਵਿਚੋਂ ਉਠਾਈਆ। ਨਾਲ ਇਸ਼ਾਰਾ ਦਿਤਾ ਨੂਰ ਤੱਕ ਜ਼ਹੂਰ ਤੱਕ ਤੱਕ ਖ਼ਾਕੀ ਬੰਦਾ, ਖ਼ਾਲਕ ਮਾਲਕ ਦਿਤਾ ਸੁਣਾਈਆ। ਮੈਂ ਫਿਰੀ ਸਮੁੰਦ ਸਾਗਰ ਕੰਡਾ, ਅਰਬ ਖਰਬ ਦਾ ਮਾਲਕ ਰਾਹ ਤਕਾਈਆ। ਮੈਨੂੰ ਦੂਰੋਂ ਇਸ਼ਾਰਾ ਦਿਸਿਆ ਉਹ ਹਿਲਾਏ ਸੱਤ ਰੰਗ ਦਾ ਡੰਡਾ, ਸੱਤ ਜਿਮੀ ਅਸਮਾਨਾਂ ਸੀਸ ਨਿਵਾਈਆ। ਮੈਂ ਕਦਮ ਬੋਸੀ ਵਿਚ ਆਪਣਾ ਆਪ ਪਾਇਆ ਲੰਬਾ, ਖ਼ਾਕ ਮਸਤਕ ਨਾਲ ਛੁਹਾਈਆ। ਤੇਰਾ ਸ਼ੁਰੂ ਦਾ ਖੇਲ ਹੋਣਾ ਆਰੰਭਾ, ਰੰਭਾ ਦਏ ਗਵਾਹੀਆ। ਫੇਰ ਮੇਰਾ ਆਪਣਾ ਆਪ ਕੰਬਾ, ਹਲੂਣਾ ਵੱਜਿਆ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਤਾਰਾ ਚੰਦ ਕਹੇ ਸਦੀ ਚੌਧਵੀਂ ਮਾਰ ਧਿਆਨ, ਆਪਣਾ ਨੈਣ ਉਠਾਈਆ। ਤੇਰਾ ਵਕਤ ਪਹੁੰਚਿਆ ਆਣ, ਆਨਨ ਫ਼ਾਨਨ ਖ਼ਾਲਕ ਆਪਣਾ ਖੇਲ ਖਿਲਾਈਆ। ਮੁਹੰਮਦ ਦਾ ਕਲਮਾ ਦਏ ਬਿਆਨ, ਸ਼ਹਾਦਤ ਹਦੀਸਾਂ ਵਾਲੀ ਪਾਈਆ। ਸਾਡਾ ਮਿਟਣ ਵਾਲਾ ਨਿਸ਼ਾਨ, ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਅੰਤਮ ਟੁੱਟਣਾ ਸਭ ਦਾ ਮਾਣ, ਮਾਨਸ ਸਾਰੇ ਰੋਵਣ ਮਾਰਨ ਧਾਹੀਂਆ। ਅਸੀਂ ਸਤਿਜੁਗ ਤਰੇਤਾ ਦੁਆਪਰ ਕਲਜੁਗ ਤੱਕਿਆ ਜਗਤ ਜਹਾਨ, ਮੰਡਲ ਰਾਸੀ ਆਪਣਾ ਆਸਣ ਲਾਈਆ। ਮੇਰੇ ਮਹਿਬੂਬ ਤੋਂ ਬਿਨਾ ਧਰਨੀ ਉਤੇ ਰਹੀ ਨਹੀਂ ਕਿਸੇ ਦੀ ਸ਼ਾਨ, ਸ਼ਹਿਨਸ਼ਾਹ ਰਹਿਣ ਕੋਇ ਨਾ ਪਾਈਆ। ਜੋ ਆਇਆ ਸੋ ਲੈ ਕੇ ਆਇਆ ਨਾਮ ਕਲਮੇ ਦਾ ਦਾਨ, ਦਾਤਾ ਦਾਨੀ ਆਪ ਵਰਤਾਈਆ। ਅਸੀਂ ਹੋ ਰਹੇ ਹੈਰਾਨ, ਹੈਰਾਨੀ ਸਾਡੇ ਅੰਦਰ ਛਾਈਆ। ਅਸੀਂ ਚੌਦਾਂ ਸਦ ਦੇ ਤੇਰੇ ਨਾਲ ਹੋਏ ਪ੍ਰਵਾਨ, ਪ੍ਰਵਾਨਗੀ ਧੁਰ

ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਤਾਰਾ ਚੰਦ ਕਹੇ ਸਾਡਾ ਵੇਖ ਪ੍ਰਕਾਸ਼ ਲਿਸ਼ਕ, ਜਿਸ ਨੂੰ ਲਸ਼ਕਰ ਸਾਰੇ ਸੀਸ ਨਿਵਾਈਆ। ਮੁਹੰਮਦ ਹਜ਼ਰਤ ਦਾ ਜਿਸ ਨਾਲ ਇਸ਼ਕ, ਆਸ਼ਕ ਮਾਸ਼ੂਕ ਦੋਵੇਂ ਖੇਲ ਖਿਲਾਈਆ। ਵੇਖੀਂ ਅੰਤ ਸਦੀ ਚੌਧਵੀਂ ਨਾ ਜਾਵੀਂ ਖ਼ਿਸਕ, ਆਪਣਾ ਪੱਲੂ ਨਾ ਕੋਇ ਛੁਡਾਈਆ। ਪ੍ਰਭੂ ਦਾ ਖੇਲ ਨਾ ਟਾਂਕ ਨਾ ਜਿਸਤ, ਜੁਸਤਜੂ ਸਭ ਦੀ ਫੋਲ ਫੁਲਾਈਆ। ਹਜ਼ਰਤ ਦਾ ਇਸ਼ਾਰਾ ਕਿਆਮਤ ਵਿਚ ਸਭ ਨੂੰ ਮਿਲੇ ਬਹਿਸ਼ਤ, ਸਹੀ ਸਲਾਮਤ ਖ਼ੁਦ ਮਾਲਕ ਲਏ ਉਠਾਈਆ। ਉਸ ਨੂੰ ਤੱਕੋ ਸਾਰੇ ਆਪਣੀ ਆਪਣੀ ਦ੍ਰਿਸ਼ਟ, ਅੰਤਰ ਦ੍ਰਿਸ਼ਟੀ ਧਿਆਨ ਲਗਾਈਆ। ਜਿਸ ਲੇਖਾ ਪੂਰਾ ਕਰਨਾ ਰਾਮ ਵਸ਼ਿਸ਼ਟ, ਮੁਨੀ ਗੁਰਦੇਵ ਗਿਆ ਦ੍ਰਿੜਾਈਆ। ਜਿਸ ਦੀ ਆਸ਼ਾ ਰਖੀ ਯਸੂਹ ਕਰਿਸਟ, ਕ੍ਰਿਸ਼ਨ ਦਾ ਲੇਖਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੈਂ ਵਿਕੀ ਇਕ ਦੇ ਹਾਟ, ਕੀਮਤ ਅਵਰ ਕੋਇ ਨਾ ਪਾਈਆ। ਮੇਰੀ ਮੰਜ਼ਲ ਮੁਕਣੀ ਵਾਟ, ਪੰਧ ਦੀਨ ਦੁਨੀ ਚੁਕਾਈਆ। ਸੌਣਾ ਮਿਲੇ ਨਾ ਕਿਸੇ ਖਾਟ, ਖਟੀਆ ਰੋਵੇ ਮਾਰੇ ਧਾਹੀਆ। ਮੇਰੇ ਮਹਿਬੂਬ ਦਾ ਲੇਖਾ ਕੁਛ ਸਮੁੰਦ ਵਾਲੇ ਘਾਟ, ਘਾਟਾ ਮੇਰਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਨੂਰ ਜੋਤ ਕਰ ਪ੍ਰਕਾਸ਼, ਪ੍ਰਕਾਸ਼ ਅਗੰਮੇ ਡਗਮਗਾਈਆ।

੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਰਾਤ ਬਾਰਾਂ ਵਜੇ ਕਵੈਤ ਸ਼ਹਿਰ ਅਜੀਤ ਸਿੰਘ ਦੇ ਗ੍ਰਹਿ

ਸਦੀ ਚੌਧਵੀਂ ਕਹੇ ਮੇਰੇ ਅਲਾਹ ਮਵਜ਼ ਜੇ ਅਜ਼ੀ ਕਿਵਜ਼ਸਤੋ ਹਮਜ਼ਿਲਹਾ ਵਲੀਉਲ ਜ਼ਕਿਨ ਯਾਵਸੇ ਮਖ਼ਲੂਕੇ ਨੂਰੇ ਚਸ਼ਮੇ ਜ਼ਾਇਲਵ ਜ਼ਹੀ ਨੌਜ਼ੁਮਹਾ ਤੌਹਫ਼ੀਕੇ ਖ਼ੁਦਾ ਰਫ਼ੀਕੇ ਨਹਾ ਕੂਨੇ ਕਜ਼ਾਕ ਸ਼ਾਹੇ ਅਹਿਬਾਬ ਵਨਜ਼ਇਤ ਇਜ਼ਵਹਿਕ ਜ਼ਾਜ਼ੀਨਸੋ ਅਸਹੂਬੇ ਖ਼ੁਦਾ ਮੁਹੰਮਦੇ ਰਜ਼ਾ ਰਾਜ਼ਕ ਰਿਜ਼ਕ ਰਹੀਮ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਆਪ ਵਰਤਾਈਆ। ਸਦੀ ਚੌਧਵੀਂ ਕਹੇ ਮੇਰਾ ਸਜਦਾ ਨਾਲ ਅਦਬ, ਅਦਾਬ ਨਾਲ ਸੀਸ ਝੁਕਾਈਆ। ਜਿਸ ਵਿਚ ਸਾਰੇ ਹੋਣੇ ਜਜ਼ਬ, ਸ਼ਰਅ ਸ਼ਰੀਅਤ ਨਜ਼ਰ ਕੋਇ ਨਾ ਆਈਆ। ਜਿਸ ਲੇਖਾ ਪੂਰਾ ਕਰਨਾ ਦੀਨ ਮਜ਼੍ਹਬ, ਅਵਤਾਰ ਪੈਗ਼ੰਬਰ ਗੁਰੂਆਂ ਪੇਸ਼ੀਨਗੋਈਆਂ ਆਪਣੇ ਰੰਗ ਰੰਗਾਈਆ। ਕਾਇਨਾਤ ਹੈਰਾਨ ਹੋਣੀ ਤਅੱਜੁਬ, ਪਰੇਸ਼ਾਨੀ ਵਿਚ ਸਾਰੇ ਦੇਣ ਦੁਹਾਈਆ। ਉਹ ਪਰਵਰਦਿਗਾਰ ਸਾਂਝਾ ਯਾਰ ਮਹਿਬੂਬ ਮੁਹੱਬਤ ਵਾਲਾ ਆਪਣਾ ਅਗੰਮੀ ਚੁਕੇ ਕਦਮ, ਜੋ ਕਦਮ ਕਦੀਮ ਤੋਂ ਨਜ਼ਰ ਕਿਸੇ ਨਾ ਆਈਆ। ਜਿਸ ਦੀ ਮਸਤੀ ਵਿਚ ਸੰਤਾਂ ਫ਼ਕੀਰਾਂ ਆਇਆ ਵਜਦ, ਮਸਤੀ ਵਿਚ ਉਸੇ ਦੇ ਢੋਲੇ ਗਾਈਆ। ਉਹ ਕਲਜੁਗ ਅੰਤ ਨੌ ਖੰਡ ਪ੍ਰਿਥਮੀ ਸੱਤ ਦੀਪ ਮੇਟਣ ਆਏ ਹਸਦ, ਦੂਈ ਦਵੈਤ ਰਹਿਣ ਕੋਇ ਨਾ ਪਾਈਆ। ਉਹ ਬੇਮੁਕਾਮ ਲਾਹਕ ਲਾਸ਼ਰੀਕ ਮੁਕਾਮੇ ਹਕ ਦਾ ਨੂਰ ਨੁਰਾਨਾ ਮੁਰਸ਼ਦ, ਜਿਸ ਦੇ ਮੁਰੀਦ ਅਵਤਾਰ ਪੈਗ਼ੰਬਰ ਗੁਰ ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਉਹ ਕਲਜੁਗ ਅੰਤ ਸ੍ਰੀ ਭਗਵੰਤ ਆਪਣੀ ਕਰ ਕੇ ਆਪ ਫ਼ੁਰਸਤ, ਪਾਰਬ੍ਰਹਮ ਪ੍ਰਭ ਆਪਣਾ ਖੇਲ ਖਿਲਾਈਆ। ਜਿਸ ਸੰਸਾਰੀ ਭੰਡਾਰੀ ਸੰਘਾਰੀ ਸਰਗੁਣ ਧਾਰ ਸਭ

ਨੂੰ ਦੇਣੀ ਫ਼ੁਰਸਤ, ਸ਼ਬਦੀ ਸ਼ਬਦ ਸ਼ਬਦ ਹੁਕਮ ਸੁਣਾਈਆ। ਉਸ ਮਿਹਰਵਾਨ ਮਹਿਬੂਬ ਦੀ ਕੀ ਹਰਫ਼ਾਂ ਹਰੂਫਾਂ ਅਲਿਫ਼ ਯੇ ਵਿਚ ਕਰਾਂ ਉਲਫਤ, ਜਿਸ ਦੀ ਸਿਫ਼ਤ ਸਲਾਹ ਵਡਿਆਈ ਅੱਖਰ ਕਹਿਣ ਕੋਇ ਨਾ ਪਾਈਆ। ਉਹ ਦੀਨ ਦੁਨੀ ਲੇਖਾ ਵੇਖੇ ਗ਼ਰੀਬ ਨਿਮਾਣੇ ਮੁਫ਼ਲਿਸ, ਅਪਾਹਾਜ਼ਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਸੁਣ ਸੰਦੇਸ਼ਾ ਚੰਦ ਸਿਤਾਰ, ਸਤ੍ਹਾ ਬੁਲੰਦੀ ਦਿਆਂ ਜਣਾਈਆ। ਜਿਸ ਦੀ ਮੁਰੀਦ ਮੁਰਸ਼ਦ ਮਜਲਸ ਵਿਚ ਕਰਨ ਇੰਤਜ਼ਾਰ, ਅੰਤਰ ਨਿਰੰਤਰ ਧਿਆਨ ਲਗਾਈਆ। ਉਹ ਨੂਰ ਨੁਰਾਨਾ ਹੋ ਉਜਿਆਰ, ਆਪਣਾ ਜ਼ਹੂਰ ਕਰੇ ਰੁਸ਼ਨਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਕਰਨ ਆਇਆ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਦਰਗਾਹ ਸਾਚੀ ਮੁਕਾਮੇ ਹਕ ਉਠੋ ਮੇਰੇ ਬਰਖ਼ੁਰਦਾਰ, ਅਜ਼ੀਜ਼ੋ ਆਪਣੀ ਲਓ ਅੰਗੜਾਈਆ। ਆਪਣੀ ਉਮਤ ਦੀਨ ਕਲਮਾ ਤੱਕੋ ਵਿਚ ਸੰਸਾਰ, ਮੁੱਲਾ ਸ਼ੇਖ਼ ਮੁਸਾਇਕ ਪਰਦਾ ਅੰਦਰ ਉਠਾਈਆ। ਜਿਸ ਨੂੰ ਵਾਹਿਦ ਮਿਲਿਆ ਹਕੀਕਤ ਵਿਚ ਯਾਰ, ਜੋ ਧੁਰ ਦਾ ਮਾਲਕ ਇਕ ਅਖਵਾਈਆ। ਜਿਸ ਨੇ ਅਮਾਮ ਅਮਾਮਾ ਵੇਸ ਧਰਨਾ ਅਪਰ ਅਪਾਰ, ਅਗੰਮ ਅਗੰਮੜਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਸੁਣਾਈਆ। ਚੰਦ ਸਿਤਾਰ ਕਹੇ ਸੁਣ ਚੌਧਵੀਂ ਸਦੀ ਸਾਡੀ ਧਰਮ ਧਾਰ ਦੀ ਭੈਣ, ਕਲਮਾ ਮੁਹੰਮਦ ਦਏ ਗਵਾਹੀਆ। ਚਾਰੋਂ ਕੁੰਟ ਆਪਣੀ ਵੇਖ ਅੰਧੇਰੀ ਰੈਣ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਰਸਨਾ ਜਿਹਵਾ ਬੱਤੀ ਦੰਦ ਨਾਮ ਕਲਮਾ ਸਾਰੇ ਕਹਿਣ, ਹਿਰਦੇ ਅੰਦਰ ਕਾਇਆ ਮੰਦਰ ਧੁਰ ਦੇ ਕਾਅਬੇ ਵਿਚ ਪਰਵਰਦਿਗਾਰ ਨਾ ਕੋਇ ਵਸਾਈਆ। ਮਨ ਕਾਮਨਾ ਜਗਤ ਵਾਸਨਾ ਮਾਇਆ ਹੋਈ ਡੈਣ, ਦੀਨਾਂ ਮਜ਼੍ਹਬਾਂ ਰਹੀ ਖਾਈਆ। ਜ਼ਰਾ ਨਿਗਾਹ ਮਾਰ ਲੈ ਜਿਸ ਕਾਰਨ ਨੁਕਤਾ ਲਾਇਆ ਐਨ ਉਤੇ ਗ਼ੈਨ, ਕੁਆਫ਼ ਦਾ ਕੁਤਰ ਸਮਝ ਕੋਇ ਨਾ ਪਾਈਆ। ਮਾਲਕ ਸਚ ਨਾਲੋਂ ਸਾਰੇ ਹੋਏ ਤਰਫ਼ੈਣ, ਤਰਫ਼ ਉੱਤਰ ਪੂਰਬ ਪੱਛਮ ਦੱਖਣ ਚਾਰੇ ਕੁੰਟ ਧਿਆਨ ਲਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਹਉਮੇ ਹੰਗਤਾ ਕੂੜ ਕੁੜਿਆਰ ਦਾ ਵਹਿੰਦਾ ਵਹਿਣ, ਅਗੇ ਹੋ ਨਾ ਕੋਇ ਅਟਕਾਈਆ। ਮਨ ਮਨਸਾ ਮਿਲੇ ਕਿਸੇ ਨਾ ਚੈਨ, ਸਾਂਤਕ ਸਤਿ ਨਾ ਕੋਇ ਵਰਤਾਈਆ। ਕੁਛ ਲੇਖਾ ਯਾਦ ਕਰ ਕਰਬਲੇ ਵਾਲਾ ਹਸਨ ਹੁਸੈਨ, ਸ਼ਾਹ ਅਲੀ ਦੀ ਆਸ਼ਾ ਨਾਲ ਮਿਲਾਈਆ। ਅੱਬੂ ਬਕਰ ਦਾ ਦੇਣਾ ਕੀ ਦੇਣ, ਉਮਰ ਆਹ ਭਰ ਕੇ ਕੀ ਸੁਣਾਈਆ। ਚੌਥੇ ਯਾਰ ਦਾ ਕਿਸ ਕਾਰਨ ਹੋਇਆ ਬਹਿਣ, ਜਗਤ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਤਾਰਾ ਚੰਦ ਕਹੇ ਸਦੀ ਚੌਧਵੀਂ ਸੁਣ ਸ਼ਬਦ ਅਗੰਮਾ ਨਾਨਕ, ਕੀ ਨਿਰਗੁਣ ਸਰਗੁਣ ਗਿਆ ਸੁਣਾਈਆ। ਜਿਸ ਵੇਲੇ ਤੇਰਾ ਵਕਤ ਹੋਇਆ ਭੈ ਭਿਆਨਕ, ਚਾਰੋਂ ਕੁੰਟ ਅੰਧੇਰਾ ਛਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀ ਧਰਮ ਰਹੇ ਨਾ ਕੋਇ ਅਮਾਨਤ, ਅਮਲ ਸਚ ਨਾ ਕੋਇ ਕਮਾਈਆ। ਸ਼ਰਅ ਦੀ ਸ਼ਰਅ ਰਹੇ ਨਾ ਕੋਇ ਜ਼ਮਾਨਤ, ਨਾਤਾ ਧਰਮ ਜਾਣ ਤੁੜਾਈਆ। ਮਨ ਕਲਪਣਾ ਜਗਤ ਵਾਸਨਾ ਕਰੇ ਬਗ਼ਾਵਤ, ਬਗ਼ਲਗੀਰ ਹੋ ਕੇ ਬਗ਼ਦਾਦ ਨਾਨਕ ਗਿਆ ਸਮਝਾਈਆ। ਪ੍ਰਭੂ ਦਾ ਖੇਲ ਹੋਣਾ ਤੇਰੇ ਅੰਤ ਅਚਾਨਕ, ਅਮਾਮ ਅਮਾਮਾ ਆਪਣਾ ਨੂਰ ਕਰੇ ਰੁਸ਼ਨਾਈਆ। ਜਿਸ ਦੀ ਸਮਝੇ ਨਾ ਕੋਇ ਜ਼ਿਆਰਤ, ਜ਼ੱਰਾ ਜ਼ੱਰਾ ਆਪਣਾ ਹੁਕਮ ਵਰਤਾਈਆ। ਜਿਸ ਦਾ ਇਕੋ ਹੁਕਮ ਇਕੋ ਇਬਾਰਤ,

ਲੇਖਾ ਇਕੋ ਇਕ ਸੁਣਾਈਆ। ਤੇਰਾ ਅੰਤ ਮੁਰੀਦਾਂ ਦੀ ਮੁਰਸ਼ਦ ਕਰੇ ਨਾ ਕੋਇ ਸਿਫ਼ਾਰਸ਼, ਸਜਦਿਆਂ ਵਿਚ ਸਾਰੇ ਸੀਸ ਨਿਵਾਈਆ। ਉਸ ਮਹਿਬੂਬ ਦੀ ਮਿਹਰਵਾਨ ਨੂਰ ਅਲਾਹ ਦੀ ਉਸਤਤ ਕਰ ਸਕੇ ਨਾ ਕੋਇ ਤੁਆਰਫ਼, ਤਾਰੀਫ਼ ਕਹਿ ਸਕੇ ਨਾ ਰਾਈਆ। ਭੇਵ ਪਾਵੇ ਕੋਇ ਨਾ ਆਰਫ਼, ਉਲਮਾ ਅਕਲ ਵਿਚ ਨਾ ਕੋਇ ਜਣਾਈਆ। ਉਹਦਾ ਲੇਖਾ ਪੂਰਾ ਹੋਣਾ ਭਾਰਤ, ਭਾਰਤ ਦਾ ਵਾਰਸ ਅਰਬ ਅਰਬਾਨੀਆਂ ਖੋਜ ਖੁਜਾਈਆ। ਜਿਸ ਦੇ ਕੋਲ ਹੁਕਮ ਧਾਰ ਦੇ ਨੌ ਕਾਰਡ, ਨੌਵਾਂ ਖੰਡਾਂ ਹੁਕਮ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪਣੇ ਹੱਥ ਰਖਾਈਆ। ਸਦੀ ਚੌਧਵੀਂ ਕਹੇ ਮੈਂ ਸਦਕੇ ਵਾਰੀ ਉਸ ਤੋਂ ਘੋਲੀ, ਆਪਣਾ ਆਪ ਘੋਲ ਘੁਮਾਈਆ। ਜਿਸ ਦੀ ਕਲਮਿਆਂ ਕਲਾਮਾਂ ਤੋਂ ਬਾਹਰ ਬੋਲੀ, ਅਨਬੋਲਤ ਆਪਣਾ ਰਾਗ ਸੁਣਾਈਆ। ਜਿਸ ਦੀ ਤਨ ਵਜੂਦ ਕਾਇਆ ਨਹੀਂ ਵਿਚੋਲੀ, ਵਿਚਲਾ ਭੇਵ ਸਤਿਗੁਰ ਸ਼ਬਦ ਹੋ ਕੇ ਆਪ ਜਣਾਈਆ। ਉਹ ਮੇਰੇ ਕਿਵਾੜ ਚੌਦਾਂ ਤਬਕਾਂ ਸੰਗ ਰਿਹਾ ਖੋਲੀ, ਮੁਹੰਮਦ ਢੋਲੀ ਡੱਗਾ ਕਲਮੇ ਵਾਲਾ ਲਾਈਆ। ਜਿਸ ਦਾ ਹੁਕਮ ਮੇਰੇ ਵਿਚ ਵਰਤਣਾ ਹੌਲੀ ਹੌਲੀ, ਹੁਕਮ ਆਪਣਾ ਇਕ ਵਰਤਾਈਆ। ਨੌ ਦੇਸ਼ਾਂ ਜਗਤ ਧਾਰ ਵਿਚ ਪਾਵੇ ਰੌਲੀ, ਰੌਣਕ ਆਪਣੀ ਇਕ ਬਣਾਈਆ। ਉਸ ਦਾ ਖੇਲ ਹੋਣਾ ਦੇਸ ਪਰਦੇਸ ਉਪਰ ਧੌਲੀ, ਧਰਨੀ ਧਰਤ ਧਵਲ ਬੈਠੀ ਬਿਨ ਨੈਣਾਂ ਨੈਣ ਉਠਾਈਆ। ਜਿਸ ਦਾ ਸਗਨ ਕੱਚਾ ਤੰਦ ਮੌਲੀ, ਮੌਲਾ ਹੋ ਕੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਧਾਰ ਆਪਣੇ ਨਾਮ ਕਲਮੇ ਦੀ ਆਪੇ ਗਾਉਣੀ, ਗਾਵਤ ਗਾਵਤ ਗਾਵਤ ਆਪਣਾ ਰੰਗ ਰੰਗਾਈਆ।

੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਰਾਤ ਤਿੰਨ ਵਜੇ ਕਵੈਤ ਸ਼ਹਿਰ ਅਜੀਤ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਕਹੇ ਮੈਨੂੰ ਨਜ਼ਰ ਆਇਆ ਨਾਨਕ ਦਾ ਨਿਰਅੱਖਰ, ਜੋ ਅੱਖਰਾਂ ਰੂਪ ਬਣਾਈਆ। ਜਿਸ ਨੇ ਤਾਰੇ ਪਾਹਨ ਪੱਥਰ, ਲੋਕਮਾਤ ਦਿਤੀ ਵਡਿਆਈਆ। ਉਸ ਦੀ ਯਾਦ ਵਿਚ ਮਾਰੂਥਲ ਵਹਾਉਂਦੇ ਅੱਥਰ, ਬਿਨ ਨੈਣਾਂ ਨੀਰ ਵਹਾਈਆ। ਜਿਸ ਦੀ ਪਿਆਰ ਸ਼ਰੀਣੀ ਸ਼ੱਕਰ, ਰਸ ਅਨਰਸ ਅਨਡਿਠੜਾ ਦਿਤਾ ਚਖਾਈਆ। ਉਸ ਦੀ ਯਾਦ ਵਿਚ ਸੈਂਕੜੇ ਸਾਲ ਕੀਤੇ ਬਸਰ, ਸੋ ਬਿਸਰਤ ਮੇਲ ਮਿਲਾਈਆ। ਸੋ ਸ਼ਰਅ ਦਾ ਵੇਖੇ ਹਸ਼ਰ, ਹਜ਼ਰਤਾਂ ਦਾ ਪਰਦਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਅਗੰਮ ਅਥਾਹੀਆ। ਨਿਰਅੱਖਰ ਕਹੇ ਮੇਰੀ ਅੱਖਰਾਂ ਵਾਲੀ ਵੰਡ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਮੇਰੀ ਨਾਮ ਕਲਮੇ ਦੀ ਗੰਢ, ਸ਼ਬਦੀ ਧਾਰ ਸੋਭਾ ਪਾਈਆ। ਜੋ ਮਾਨਸ ਮਾਨਵ ਪਾਵੇ ਠੰਡ, ਮਾਨੁਸ਼ ਆਪਣੇ ਰੰਗ ਰੰਗਾਈਆ। ਨਾਨਕ ਇਸ਼ਾਰਾ ਕੀਤਾ ਅੰਤ ਲੇਖਾ ਮੁਕਣਾ ਤਾਰਾ ਚੰਦ, ਮੁਹੰਮਦ ਨਿਸ਼ਾਨ ਨਿਸ਼ਾਨ ਦਏ ਬਦਲਾਈਆ। ਖੇਲ ਕਰੇ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਚਾਰ ਜੁਗ ਤੋਂ ਵੱਖਰਾ ਹੋਣਾ ਪੰਧ, ਪਾਂਧੀ ਬਣ ਕੇ ਭੱਜੇ ਵਾਹੋ ਦਾਹੀਆ। ਉਸ ਲੇਖੇ ਲਾਉਣੀ ਜੇਰਜ ਅੰਡ, ਉਤਭੁਜ ਸੇਤਜ ਹੋਏ ਸਹਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪਣੇ ਹੱਥ ਰਖਾਈਆ। ਸਤਿਗੁਰ ਸ਼ਬਦ ਕਹੇ ਨਾਨਕ ਲਹਿੰਦੇ ਚੜ੍ਹਦੇ ਮਾਰੀ ਲੀਕ, ਲਕੀਰ ਫ਼ਕੀਰ ਦਿਤੀ ਬਣਾਈਆ। ਫੇਰ ਸਤਿਨਾਮ ਨਾਲ ਕੀਤਾ ਤਸਦੀਕ, ਸ਼ਹਾਦਤ ਧੁਰ ਦੀ ਇਕ ਰਖਾਈਆ। ਨਾਲ ਮੁਹੰਮਦ ਦੀ ਤੱਕੀ ਤਬਲੀਕ, ਜਿਸ ਨੂੰ ਤਬਕ ਵੇਖ ਵਖਾਈਆ। ਫੇਰ ਨੇਤਰ ਲਏ ਮੀਟ, ਮੇਲ ਮਿਲਿਆ ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਸ਼ਬਦ ਸੰਦੇਸ਼ਾ ਦਿਤਾ ਠੀਕ, ਧੁਰ ਫ਼ਰਮਾਨਾ ਇਕ ਅਲਾਈਆ। ਮਹਾਬਲੀ ਉਤਰੇ ਆਪਣੀ ਤਰੀਕ, ਤਵਾਰੀਖ ਸਮਝ ਕੋਇ ਨਾ ਪਾਈਆ। ਜਿਸ ਦਾ ਮਾਰਗ ਹੋਣਾ ਬਾਰੀਕ, ਗੋਬਿੰਦ ਖੰਡਾ ਧਾਰ ਵੰਡ ਵੰਡਾਈਆ। ਉਸ ਨੂੰ ਕਹਿਣਾ ਜਗਤ ਜਗਤ ਜਗਦੀਸ਼, ਜਗਦੀਸ਼ਰ ਬੇਪ੍ਰਵਾਹੀਆ। ਜਿਸ ਸਦੀ ਚੌਧਵੀਂ ਅੰਤ ਸਭ ਨੂੰ ਜਾਣਾ ਪੀਸ, ਪੀਸਣ ਪੀਸੇ ਖ਼ਲਕ ਖ਼ੁਦਾਈਆ। ਚਾਰ ਕੁੰਟ ਭੱਜੇ ਅਬਲੀਸ, ਦਿਵਸ ਰੈਣ ਖੇਲ ਖਿਲਾਈਆ। ਲਹਿਣਾ ਪੂਰਾ ਕਰਨਾ ਮੁਹੰਮਦ ਵਾਲੀ ਹਦੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਨਿਰਅੱਖਰ ਕਹੇ ਮੈਨੂੰ ਲਿਖਿਆ ਖ਼ੁਸ਼ਖ਼ਤ, ਬਿਨਾ ਕਲਮ ਸ਼ਾਹੀ ਦਿਤੀ ਵਡਿਆਈਆ। ਜਿਸ ਨੂੰ ਸਮਝੇ ਕੋਇ ਨਾ ਬੰਦਾ ਪੰਜ ਤਤ, ਤਤਵ ਤਤ ਨਜ਼ਰ ਕਿਸੇ ਨਾ ਆਈਆ। ਉਸ ਵਿਚ ਲਿਖੀ ਉਹ ਬ੍ਰਹਮ ਮਤ, ਜਿਸ ਨੂੰ ਬ੍ਰਹਮਾ ਸ਼ਿਵ ਵਿਸ਼ਨ ਸਾਰੇ ਰਹੇ ਸਾਲਾਹੀਆ। ਜਿਸ ਅੰਤ ਲੇਖੇ ਲਾਉਣੀ ਦੀਨ ਮਜ਼੍ਹਬ ਦੀ ਰਤ, ਰਤੀ ਰਤ ਲੇਖੇ ਲਾਹੀਆ। ਉਹ ਸਾਹਿਬ ਸਵਾਮੀ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੇ ਸਤਿਜੁਗ ਤਰੇਤਾ ਦੁਆਪਰ ਕਲਜੁਗ ਚਲਾਇਆ ਰਥ, ਰਥਵਾਹੀ ਹੋ ਕੇ ਵੇਖ ਵਖਾਈਆ। ਸੋ ਸਾਹਿਬ ਸਚ ਦੀ ਸਚ ਦੇਵੇ ਵਥ, ਵਸਤ ਅਮੋਲਕ ਆਪ ਵਰਤਾਈਆ। ਮਾਰੂਥਲਾਂ ਆਵੇ ਨਠ, ਕਦਮ ਕਦਮਾਂ ਨਾਲ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਸਰੂਪ ਆਦਿ ਜੁਗਾਦਿ ਸਦਾ ਸਵੱਛ, ਸਤਿ ਸਰੂਪੀ ਆਪਣਾ ਖੇਲ ਵਖਾਈਆ।

੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਕਵੈਤ ਸ਼ਹਿਰ ਅਜੀਤ ਸਿੰਘ ਦੇ ਗ੍ਰਹਿ

ਧਰਨੀ ਕਹੇ ਦੀਨ ਦੁਨੀ ਦਾ ਹੋਛਾ ਹੋਇਆ ਕਰਮ, ਕੁਕਰਮ ਕਰੇ ਲੋਕਾਈਆ। ਜਗਤ ਵਾਸਨਾ ਹੋਇਆ ਭਰਮ, ਭਾਂਡਾ ਭਰਮ ਨਾ ਕੋਇ ਭੰਨਾਈਆ। ਪਿਆਰ ਵਧਿਆ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਨਾਲ ਮਿਲਾਈਆ। ਪੁਰਖ ਅਕਾਲ ਪੂਜੇ ਕੋਇ ਨਾ ਚਰਨ, ਚਰਨੋਦਕ ਮੁਖ ਨਾ ਕੋਇ ਚੁਆਈਆ। ਸਚ ਸਾਹਿਬ ਦੀ ਮਿਲੇ ਕਿਸੇ ਨਾ ਸਰਨ, ਸਰਨਗਤ ਨਾ ਕੋਇ ਅਖਵਾਈਆ। ਅੱਖਰਾਂ ਵਾਲੀ ਵਿਦਿਆ ਪੜ੍ਹਨ, ਨਿਰਅੱਖਰ ਪਰਦਾ ਨਾ ਕੋਇ ਚੁਕਾਈਆ। ਹਕੀਕੀ ਮੰਜ਼ਲ ਮੂਲ ਨਾ ਚੜ੍ਹਨ, ਨੌ ਦਵਾਰ ਭੇਵ ਨਾ ਕੋਇ ਚੁਕਾਈਆ। ਦੀਨ ਮਜ਼੍ਹਬ ਸ਼ਰਅ ਸ਼ਰੀਅਤ ਵਿਚ ਲੜਨ, ਅਗਨੀ ਤਤ ਨਾ ਕੋਇ ਬੁਝਾਈਆ। ਨਿਰਭੈ ਕੋਲੋਂ ਮੂਲ ਨਾ ਡਰਨ, ਭਉ ਅੰਦਰ ਨਾ ਕੋਇ ਟਿਕਾਈਆ। ਮੈਂ ਕਲਜੁਗ ਅੰਤ ਸਾਹਿਬ ਨਾਲ ਬਚਨ ਆਈ ਕਰਨ, ਕਰਨੀ ਦੇ ਕਰਤੇ ਤੇਰੇ ਹੱਥ ਵਡਿਆਈਆ। ਸਚ ਦਵਾਰਾ ਮੇਰੇ ਉਤੇ ਦਿਸੇ ਨਾ ਕੋਇ ਦਰਨ, ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਤੱਕਣ ਥਾਉਂ ਥਾਈਂਆ। ਕੋਟਾਂ ਵਿਚੋਂ ਭਗਤ ਸੁਹੇਲੇ ਵਿਰਲੇ ਤੇਰਾ ਭਾਣਾ ਜਰਨ, ਭਾਵੀ ਸਭ ਦੇ ਉਤੇ ਨਜ਼ਰੀ ਆਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਧਰਨੀ ਕਹੇ ਮੇਰੇ ਸਾਹਿਬ ਕਮਲਾਪਾਤੀ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਸੰਤ ਕੁਮਾਰ ਲੇਟਿਆ ਉਤੇ ਮੇਰੀ ਛਾਤੀ, ਬਰਾਹ ਭੱਜਿਆ ਵਾਹੋ ਦਾਹੀਆ। ਯਗਅ ਪੁਰਸ਼ ਜੋੜਿਆ ਨਾਤੀ, ਹਾਵਗਰੀਬ ਆਪਣਾ ਖੇਲ ਖਿਲਾਈਆ। ਨਰ ਨਰਾਇਣ ਮੈਂ ਤੇਰਾ ਵੇਖਿਆ ਖੇਲ ਤਮਾਸ਼ੀ, ਕਪਲ ਮੁਨ ਆਪਣੀ ਖ਼ੁਸ਼ੀ ਬਣਾਈਆ। ਦੱਤਾ ਤ੍ਰੈ ਪ੍ਰਗਟ ਕਰ ਕੇ ਤੇਰੀ ਜ਼ਾਤੀ, ਹੁਕਮ ਧੁਰ ਦਾ ਗਿਆ ਸੁਣਾਈਆ। ਰਿਖਪ ਦੇਵ ਅਠਵੇਂ ਅਵਤਾਰ ਇਕ ਖ਼ਬਰ ਅਗੰਮੀ ਆਖੀ, ਕਲਜੁਗ ਅੰਤ ਧਿਆਨ ਲਗਾਈਆ। ਪ੍ਰਿਥੂ ਮੇਰੇ ਵਿਚੋਂ ਮਥਨ ਕੇ ਕੱਢਿਆ ਅੰਨ ਦਾਤੀ, ਭੰਡਾਰਾ ਜਗਤ ਵਰਤਾਈਆ। ਮੱਤਸ ਬਣ ਕੇ ਸਮੁੰਦ ਸਾਗਰ ਖੇਲ ਖੇਲੀ ਜਲ ਜੀਵਾਂ ਬਣਿਆ ਸਾਥੀ, ਸਗਲਾ ਸੰਗ ਬਣਾਈਆ। ਕਛਪ ਹੋ ਕੇ ਮਿੰਦਰਾ ਚੁਕਿਆ ਆਪ ਲੇਟਿਆ ਹੇਠ ਸਫ਼ਾਤੀ, ਸਫ਼ਾ ਜਗਤ ਵਾਲੀ ਹਿਲਾਈਆ। ਧਨੰਤਰ ਤੇਰਾ ਖੇਲ ਤੱਕ ਅਬਿਨਾਸ਼ੀ, ਔਸ਼ਧ ਜਗਤ ਰੰਗ ਰੰਗਾਈਆ। ਮੋਹਣੀ ਧਾਰ ਤੇਰੀ ਬਹੁਭਾਂਤੀ, ਬਾਵਨ ਆਪਣਾ ਪੰਧ ਮੁਕਾਈਆ। ਹਰੀ ਹਰਿ ਆਪਣੀ ਕਰਨੀ ਕੀਤੀ ਮੇਰੇ ਨਾਲ ਜੋੜਿਆ ਨਾਤੀ, ਨਰ ਸਿੰਘ ਆਪਣੀ ਵੰਡ ਵੰਡਾਈਆ। ਨਰ ਨਰਾਇਣ ਤੇਰੀ ਜੋਤ ਮੇਰੇ ਉਤੇ ਪ੍ਰਕਾਸ਼ੀ, ਪ੍ਰਕਾਸ਼ਤ ਹੋਇਆ ਚਾਈਂ ਚਾਈਂਆ। ਇਕ ਲੇਖਾ ਉਹਦਾ ਭੇਵ ਫੇਰ ਦੱਸਣਾ ਜੋ ਸਤਿਜੁਗ ਦਾ ਸਾਥੀ, ਸਗਲਾ ਸੰਗ ਰਖਾਈਆ। ਤਰੇਤੇ ਪਰਸ ਰਾਮ ਚੜ੍ਹਿਆ ਮੇਰੀ ਘਾਟੀ, ਰਾਮ ਰਾਮਾ ਰੰਗ ਰੰਗਾਈਆ। ਵੇਦ ਵਿਆਸ ਲੇਖਾ ਲਿਖਿਆ ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਪੁਰਾਨ ਅਠਾਰਾਂ ਬਹੁਭਾਂਤੀ, ਭਵਿਖਤ ਪੁਰਾਨ ਨੌ ਹਜ਼ਾਰ ਸਲੋਕ ਤੇਰੀ ਦਏ ਗਵਾਹੀਆ। ਘਨਈਆ ਕ੍ਰਿਸ਼ਨ ਖੇਲ ਖੇਲਿਆ ਮੰਡਲ ਗੋਪੀ ਪਾਈ ਰਾਸੀ, ਤਟ ਕਿਨਾਰਾ ਜਮਨਾ ਵਾਲਾ ਸੁਹਾਈਆ। ਬੁੱਧ ਮੇਰੇ ਉਤੇ ਆਸਣ ਲਾ ਕੇ ਤੇਰੀ ਮਾਰੀ ਝਾਕੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੇਰਾ ਖੇਲ ਮੈਂ ਜੁਗ ਚੌਕੜੀ ਤੱਕਿਆ ਸਫ਼ਾਤੀ, ਅਬਿਨਾਸ਼ੀ ਤੇਰੀ ਬੇਪ੍ਰਵਾਹੀਆ। ਤੂੰ ਪੈਗ਼ੰਬਰਾਂ ਦਿਤਾ ਇਖ਼ਲਾਕੀ, ਇਖ਼ਲਾਕ ਆਪਣੇ ਨਾਲ ਬਣਾਈਆ। ਮੂਸੇ ਦਿਤੀ ਹਯਾਤੀ, ਜੀਵਣ ਜ਼ਿੰਦਗੀ ਵਿਚੋਂ ਬਦਲਾਈਆ। ਮਸੀਹ ਸੰਦੇਸਾ ਦਿਤਾ ਪਾਤੀ, ਕਲਮਾ ਧੁਰ ਦਾ ਇਕ ਦ੍ਰਿੜਾਈਆ। ਮੁਹੰਮਦ ਪਰਦਾ ਲਾਹ ਚੌਦਾਂ ਤਬਕ ਹਾਟੀ, ਹਮਦ ਆਪਣੀ ਇਕ ਸੁਣਾਈਆ। ਨਾਨਕ ਨਿਰਗੁਣ ਸਰਗੁਣ ਸਤਿਨਾਮ ਦੀ ਦੇ ਕੇ ਦਾਤੀ, ਮੇਰੇ ਉਤੇ ਭੇਜਿਆ ਚਾਈਂ ਚਾਈਂਆ। ਨਾਨਕ ਖੇਲ ਕੀਤਾ ਬਹੁਭਾਂਤੀ, ਖ਼ਿਮਾਂ ਗ਼ਰੀਬੀ ਸੰਗ ਰਖਾਈਆ। ਗੋਬਿੰਦ ਹੱਥ ਫੜਾ ਕੇ ਬਾਟੀ, ਅੰਮ੍ਰਿਤ ਭੰਡਾਰਾ ਦਿਤਾ ਵਰਤਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੇਰੇ ਉਤੇ ਬਦਲਦੇ ਰਹੇ ਆਪਣੀ ਵਾਟੀ, ਜਗਤ ਪੈਂਡਾ ਪੰਧ ਮੁਕਾਈਆ। ਮੈਂ ਸੁਣਦੀ ਰਹੀ ਮੇਰੇ ਸਾਹਿਬ ਸਭ ਨੇ ਰਖੀ ਇਹੋ ਆਸੀ, ਆਸ਼ਾ ਆਪਣੀ ਆਸ਼ਾ ਵਿਚੋਂ ਪ੍ਰਗਟਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਵੇ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜਿਸ ਨੂੰ ਸੀਸ ਨਿਵਾਏ ਸ਼ੰਕਰ ਕੈਲਾਸ਼ੀ, ਬ੍ਰਹਮਾ ਭੱਜੇ ਵਾਹੋ ਦਾਹੀਆ। ਵਿਸ਼ਨੂੰ ਕਹੇ ਮੈਂ ਹੋ ਕੇ ਦਾਸਨ ਦਾਸੀ, ਸਾਚੀ ਸੇਵ ਕਮਾਈਆ। ਅਠਾਰਾਂ ਭਗਤ ਸੌਦਾ ਲੈਣ ਅਗੰਮੀ ਹਾਟੀ, ਵਸਤ ਇਕੋ ਇਕ ਵਰਤਾਈਆ। ਸੂਫ਼ੀਆਂ ਕਲਾਮ ਦੇਵੇ ਸਾਚੀ, ਧੁਰ ਦਾ ਕਲਮਾ ਇਕ ਸੁਣਾਈਆ। ਧਰਨੀ ਕਹੇ ਮੇਰੇ ਮਹਿਬੂਬ ਮੇਰੇ ਉਤੇ ਸਭ ਨੇ ਇਹ ਧਾਰ ਖ਼ੁਸ਼ੀਆਂ ਨਾਲ ਆਖੀ, ਆਖ ਕੇ ਗਏ ਸੁਣਾਈਆ। ਬੇਸ਼ਕ ਤੂੰ ਸਚਖੰਡ ਦਰਗਾਹ ਸਚ ਦਾ ਨਿਵਾਸੀ, ਹਰਿਜਨ ਤੇਰੇ ਥਿਰ ਘਰ ਡੇਰਾ ਲਾਈਆ। ਚਾਰ ਜੁਗ ਦੇ ਸ਼ਾਸਤਰ ਤੇਰੀ ਹੁਕਮ ਵਾਲੀ ਪਾਤੀ, ਪਤ੍ਰਕਾ

ਤੇਰੀ ਦਏ ਗਵਾਹੀਆ। ਮਿਹਰਵਾਨ ਏਸ ਵੇਲੇ ਆਪਣੀ ਦੁਨੀ ਵੇਖ ਕਾਇਆ ਮਾਟੀ, ਵਜੂਦ ਸਾਢੇ ਤਿੰਨ ਹੱਥ ਫੋਲ ਫੁਲਾਈਆ। ਦੁਰਮਤ ਮੈਲ ਕਿਸੇ ਨਾ ਜਾਏ ਕਾਟੀ, ਵਿਭਚਾਰ ਭਰੀ ਲੋਕਾਈਆ। ਤੇਰਾ ਨਾਮ ਕਲਮਾ ਪੜ੍ਹਨ ਵਾਲੇ ਠੱਗੀ ਚੋਰੀ ਕਰਨ ਬਦਮਾਸ਼ੀ, ਧਰਮ ਦਵਾਰਾ ਧਰਮ ਨਾ ਕੋਇ ਕਮਾਈਆ। ਮਨ ਕਲਪਣਾ ਵਧੀ ਅਯਾਸ਼ੀ, ਸੁਰਤ ਨਿਰਤ ਤੇਰਾ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੁਰਖ ਅਕਾਲ ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਵੇਖ ਸਾਹਿਬ ਆਪਣਾ ਜਗ, ਚਾਰ ਕੁੰਟ ਧਿਆਨ ਲਗਾਈਆ। ਦਹਿ ਦਿਸ਼ਾ ਕਾਮ ਕਰੋਧ ਦੀ ਅੱਗ, ਲੋਭ ਮੋਹ ਹੰਕਾਰ ਹੋਇਆ ਹਲਕਾਈਆ। ਗੁਰਮਤ ਸਾਰੇ ਗਏ ਤਜ, ਮੁਰੀਦ ਮੁਰਸ਼ਦ ਮਿਲਣ ਕੋਇ ਨਾ ਪਾਈਆ। ਮੇਰੇ ਉਤੇ ਕਬੂਲ ਹੋਏ ਕਿਸੇ ਨਾ ਹੱਜ, ਹੁਜਰਾ ਹਕ ਨਾ ਕੋਇ ਸੁਹਾਈਆ। ਸਦੀ ਚੌਧਵੀਂ ਮੇਰੇ ਮਾਲਕ ਮੇਰੀ ਰਖਣੀ ਲਜ, ਖ਼ਲਕ ਦੇ ਖ਼ਾਲਕ ਮੇਰਾ ਲੇਖਾ ਦੇਣਾ ਚੁਕਾਈਆ। ਮੇਰੇ ਉਤੇ ਚਰਨ ਟਿਕਾਉਣਾ ਭੱਜ ਭੱਜ, ਭਜਨ ਬੰਦਗੀ ਵਾਲੇ ਵੇਖਣੇ ਚਾਈਂ ਚਾਈਂਆ। ਅੰਤ ਅਖ਼ੀਰ ਬੇਨਜ਼ੀਰ ਧਰਮ ਨਿਸ਼ਾਨਾ ਦੇਣਾ ਗੱਡ, ਵਾਹਿਦ ਗਾਡ ਇਕੋ ਨਜ਼ਰੀ ਆਈਆ। ਮਕਬਰੇ ਰੋਵਣ ਪੁਕਾਰਨ ਮਾਸ ਨਾੜੀ ਹੱਡ, ਕੂਕ ਕੂਕ ਜਣਾਈਆ। ਕੇਤੇ ਮੇਰੇ ਉਤੇ ਗਏ ਲਦ, ਗੁਰੂ ਅਵਤਾਰ ਪੈਗ਼ੰਬਰ ਫੇਰੀਆਂ ਪਾਈਆ। ਦੀਨ ਮਜ਼੍ਹਬ ਬਣਾ ਕੇ ਹੱਦ, ਕਲਮੇ ਨਾਮ ਜਗਤ ਸੁਣਾਈਆ। ਅੰਤ ਮੈਂ ਨਿਮਾਣੀ ਤੇਰੇ ਚਰਨ ਰਹੀ ਢੱਠ, ਬਲਹੀਣ ਸੁਣਾਈਆ। ਕਲਜੁਗ ਲੇਖਾ ਮੁਕਾ ਤੇ ਤਤ ਅੱਠ, ਅੱਠ ਸਾਲ ਸਦੀ ਚੌਧਵੀਂ ਤੇਰੀ ਸੇਵ ਕਮਾਈਆ। ਕੂੜ ਕੁੜਿਆਰਾ ਖੇੜਾ ਕਰਦੇ ਭੱਠ, ਭਠਿਆਲਾ ਕਲਜੁਗ ਅਗਨੀ ਡਾਹੀਆ। ਇਕੋ ਪ੍ਰਕਾਸ਼ ਹੋਵੇ ਤੇਰਾ ਨੂਰੀ ਜੋਤ ਲਟ ਲਟ, ਲਾਟਾਂ ਵਾਲੀਏ ਤੈਨੂੰ ਸੀਸ ਨਿਵਾਈਆ। ਇਕੋ ਕਲਮਾ ਮਾਨਵ ਜ਼ਾਤੀ ਲਏ ਰੱਟ, ਇਕੋ ਇਸ਼ਟ ਦੇਣਾ ਬਣਾਈਆ। ਤੂੰ ਸਾਹਿਬ ਪੁਰਖ ਸਮਰਥ, ਪਾਰਬ੍ਰਹਮ ਤੇਰੀ ਸਰਨਾਈਆ। ਮੈਂ ਬਿਨ ਹੱਥਾਂ ਤੋਂ ਜੋੜਾਂ ਹੱਥ, ਧਰਨੀ ਕਹੇ ਨਿਉਂ ਨਿਉਂ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਪੂਰਾ ਦੇ ਦੇ ਹਕ, ਹਕੀਕਤ ਦੇ ਮਾਲਕ ਆਪਣੀ ਦਇਆ ਕਮਾਈਆ।

੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਕਵੈਤ ਸ਼ਹਿਰ ਅਜੀਤ ਸਿੰਘ ਦੇ ਗ੍ਰਹਿ

ਭਾਦਰੋਂ ਕਹੇ ਮੇਰੇ ਪ੍ਰਵਿਸ਼ਟੇ ਸੱਤ ਦੀ ਵੰਡ, ਸੱਤ ਜ਼ਿਮੀਂ ਅਸਮਾਨ ਦੇਣ ਗਵਾਹੀਆ। ਚੌਦਾਂ ਤਬਕ ਕੰਨੀ ਦੀ ਖੁਲ੍ਹੀ ਵੇਖਣ ਗੰਢ, ਤ੍ਰਿਪਤ ਆਪਣੀ ਸੇਵ ਕਮਾਈਆ। ਇਹ ਇਸ਼ਾਰਾ ਕੀਤਾ ਸੀ ਨਾਨਕ ਜਿਸ ਵੇਲੇ ਸੁੱਤਾ ਸਾਇਆ ਹੇਠ ਜੰਡ, ਸੱਪ ਮੁਖ ਉਤੇ ਸੋਭਾ ਪਾਈਆ। ਇਸ਼ਾਰਾ ਕਰ ਕੇ ਤਾਰਾ ਚੰਦ, ਦਿਵਸ ਰੈਣ ਇਕੋ ਹੁਕਮ ਵਰਤਾਈਆ। ਸਦੀ ਚੌਧਵੀਂ ਤੱਕ ਕੇ ਪੰਧ, ਪਾਂਧੀ ਆਪਣਾ ਖੇਲ ਖਿਲਾਈਆ। ਫੇਰ ਖ਼ੁਸ਼ੀ ਹੋਇਆ ਬੰਦ ਬੰਦ, ਬਿਨਾ ਬੰਦਗੀ ਵੱਜੀ ਵਧਾਈਆ। ਭਰਮਾਂ ਰਹੀ ਮੂਲ ਨਾ ਕੰਧ, ਕੰਢੀ ਬੈਠਾ ਸੋਭਾ ਪਾਈਆ। ਮੇਰਾ ਸਾਹਿਬ ਸੂਰਾ ਸਰਬੰਗ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਓਹ ਲੇਖਾ ਮੁਕਾਵੇ ਜ਼ੇਰਜ ਅੰਡ, ਉਤਭੁਜ ਸੇਤਜ ਪਰਦਾ ਲਾਹੀਆ। ਪੂਰਨ ਜੋਤ ਪੂਰਨ ਹੋਵੇ ਅਨੰਦ, ਅਨੰਦ

ਅਨੰਦ ਆਪਣੇ ਵਿਚੋਂ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸੱਤ ਭਾਦਰੋਂ ਕਹੇ ਹੁਕਮ ਦੀ ਧਾਰ ਗੰਢ ਗਈ ਖੁਲ੍ਹ, ਬੰਧਨ ਰਿਹਾ ਨਾ ਰਾਈਆ। ਹਜ਼ਰਤਾਂ ਦੇ ਹਿਲਣੋਂ ਹਟੇ ਬੁੱਲ, ਬੁੱਲੇ ਸ਼ਾਹ ਨੀਰ ਵਹਾਈਆ। ਮਾਲਕ ਤੱਕਣ ਸੁਲਹਕੁਲ, ਕੁਲ ਮਾਲਕ ਨੂਰ ਅਲਾਹੀਆ। ਜੋ ਸਭ ਦੀ ਕੀਮਤ ਪਾਏ ਮੁੱਲ, ਅਨਮੁੱਲ ਅਮੁੱਲ ਆਪਣੀ ਵਸਤ ਵਰਤਾਈਆ। ਉਸ ਦੀ ਪ੍ਰੀਤੀ ਜਾਣਾ ਘੁਲ, ਆਪਣਾ ਆਪ ਘੋਲ ਘੁਮਾਈਆ। ਜਿਸ ਦੇ ਹੁਕਮ ਅੰਦਰ ਜਗਤ ਅੰਧੇਰਾ ਜਾਣਾ ਝੁਲ, ਝਲਕ ਆਪਣੀ ਇਕ ਵਖਾਈਆ। ਹੰਕਾਰ ਵਿਕਾਰ ਜਾਣਾ ਫੁਲ, ਫੜ ਬਾਹੋਂ ਨਾ ਕੋਇ ਉਠਾਈਆ। ਜਗਤ ਬੂਟਾ ਜਾਣਾ ਹੁਲ, ਹੁਲੀਆ ਦੀਨ ਦੁਨੀ ਬਦਲਾਈਆ। ਮੇਰਾ ਸਾਹਿਬ ਸਦਾ ਅਭੁਲ, ਭਾਦਰੋਂ ਕਹੇ ਮੈਂ ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਆਦਿ ਜੁਗਾਦਿ ਅਗੰਮੀ ਧੂਲ, ਧਵਲ ਤੋਂ ਪਰੇ ਆਪਣਾ ਰੰਗ ਰੰਗਾਈਆ।

੯ ਭਾਦਰੋਂ ਸ਼ਹਿਨਸ਼ਾਹੀ ਸੰਮਤ ੮ ਕਵੈਤ ਸ਼ਹਿਰ ਅਜੀਤ ਸਿੰਘ ਦੇ ਗ੍ਰਹਿ ਰਖੜੀ ਵਾਲੇ ਦਿਨ

ਸਦੀ ਚੌਧਵੀਂ ਕਹੇ ਮੈਂ ਫਿਰੀ ਵਿਚ ਕਵੈਤ, ਕਾਅਬੇ ਘਰ ਘਰ ਵੇਖ ਵਖਾਈਆ। ਸ਼ਰਅ ਦੀ ਸ਼ਰਅ ਅੰਦਰ ਦਵੈਤ, ਤਨ ਵਜੂਦ ਪਾਕ ਨਜ਼ਰ ਕੋਇ ਨਾ ਆਈਆ। ਮੇਰੇ ਮਹਿਬੂਬ ਤੇਰੀ ਭੁਲੇ ਸਰਬ ਹਦਾਇਤ, ਮੰਨਣੇ ਵਿਚ ਮਨ ਨਾ ਕੋਇ ਟਿਕਾਈਆ। ਮੈਂ ਤੇਰੇ ਅਗੇ ਆਪਣੀ ਇਕ ਰਖਣੀ ਸ਼ਰਾਇਤ, ਦਰ ਠਾਂਡੇ ਸੀਸ ਨਿਵਾਈਆ। ਮੈਂ ਚੌਦਾਂ ਸੌ ਸਾਲ ਤੋਂ ਸੇਵਾ ਕਰਦੀ ਬਣ ਲਾਇਕ, ਨਲਾਇਕ ਤੱਕਾਂ ਖ਼ਲਕ ਖ਼ੁਦਾਈਆ। ਜ਼ਰਾ ਆਪਣੀ ਵੇਖ ਮੁਹੰਮਦ ਇਸ਼ਾਰੇ ਵਾਲੀ ਆਇਤ, ਅਤਿਆਦਿਕ ਧਿਆਨ ਲਗਾਈਆ। ਜਿਸ ਦਾ ਲੇਖਾ ਮੇਰੇ ਨਾਲ ਮਹਿਜ਼, ਮਿਹਰਵਾਨ ਪਰਦਾ ਦੇਣਾ ਚੁਕਾਈਆ। ਮੇਰੀ ਮੰਗ ਹੋਵੇਗੀ ਜਾਇਜ਼, ਬਸਰੇ ਜਾ ਕੇ ਦੇਣੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਸਦੀ ਚੌਧਵੀਂ ਕਹੇ ਮੇਰੇ ਗ਼ਰੀਬ ਨਿਵਾਜ਼ਾ, ਪਰਵਰਦਿਗਾਰ ਤੇਰੀ ਸਰਨਾਈਆ। ਜਿਸ ਵੇਲੇ ਇਰਾਕ ਦੇ ਅੰਦਰ ਵੜਿਆ ਦਰਵਾਜ਼ਾ, ਦਰ ਮੇਰਾ ਸੋਭਾ ਪਾਈਆ। ਓਥੇ ਹਾਜ਼ਰ ਹੋਵੇਗਾ ਖਿਜਰ ਖਵਾਜਾ, ਲੋਟਾ ਜਲ ਹੱਥ ਉਠਾਈਆ। ਮੈਂ ਯਾਦ ਕਰਾਵਾਂਗੀ ਜੋ ਹੁਕਮ ਸੰਦੇਸ਼ਾ ਸ਼ੁਰੂ ਵਿਚ ਦਿਤਾ ਦੇਸ ਮਾਝਾ, ਆਵਣ ਲੱਗਿਆਂ ਆਪ ਲਿਖਾਈਆ। ਉਸ ਦਾ ਸਭ ਨੂੰ ਦੇਣਾ ਪਏਗਾ ਜਵਾਬਾ, ਜਵਾਬ ਤਲਬੀ ਤੇਰੇ ਹੱਥ ਰਖਾਈਆ। ਕਿਤੇ ਮੁਹੰਮਦ ਦੇ ਦੇਸ਼ ਦਾ ਐਵੇਂ ਸੁਫ਼ਨਾ ਨਾ ਰਹਿ ਜਾਏ ਖੁਆਬਾ, ਖ਼ਾਹਮਖ਼ਾਹ ਆਪਣਾ ਵਕਤ ਸੁਹਾਈਆ। ਫੇਰ ਤੈਨੂੰ ਇਕੱਲੇ ਨੂੰ ਜਾਣਾ ਪਏਗਾ ਕੂਫ਼ਾ ਤੇ ਵਿਚ ਬਗ਼ਦਾਦਾ, ਆਪਣਾ ਪੰਧ ਮੁਕਾਈਆ। ਤੂੰ ਨੂਰ ਨੁਰਾਨਾ ਮਿਹਰਵਾਨਾ ਮੇਰਾ ਆਦਿ ਦਾ ਅੰਤ ਅੱਬਾ ਦਾਦਾ, ਅੰਮੀ ਜਾਨ ਤੂੰ ਹੀ ਨਜ਼ਰੀ ਆਈਆ। ਮੈਂ ਦੂਸਰਾ ਵੇਖਣਾ ਨਹੀਂ ਚਾਹੁੰਦੀ ਸਵਾਂਗਾ, ਸਚ ਨਾਲ ਸਚ ਦਾ ਖੇਲ ਖਿਲਾਈਆ। ਮੈਂ ਬਿਨਾ ਮੰਬਰਾਂ ਤੋਂ ਦੇਵਾਂਗੀ ਬਾਂਗਾ, ਉਚੀ ਕੂਕ ਕੂਕ ਸੁਣਾਈਆ। ਹਜ਼ਰਤ ਮੁਹੰਮਦ ਨੂੰ ਕਹਾਂਗੀ ਆਪਣੀਆਂ ਪੂਰੀਆਂ ਕਰ ਤਾਂਘਾਂ, ਖ਼ਾਹਿਸ਼ ਤਮੰਨਾ ਪਿਛਲੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ

ਸਚ ਤੇਰੀ ਸਰਨਾਈਆ। ਸਦੀ ਚੌਧਵੀਂ ਕਹੇ ਸਾਡੇ ਗ੍ਰਹਿ ਆਵੇ ਓਹ, ਜਿਸ ਦੀ ਆਮਦ ਵਿਚ ਸੀਸ ਝੁਕਾਈਆ। ਜਿਸ ਦਾ ਨਿਰਗੁਣ ਸਰਗੁਣ ਹੋਵੇ ਮੋਹ, ਮੁਹੱਬਤ ਆਤਮ ਪਰਮਾਤਮ ਬੰਧਾਈਆ। ਮੈਨੂੰ ਕੋਈ ਬਹੁਤਾ ਨਹੀਂ ਚਾਹੀਦਾ ਗਰੋਹ, ਜੋ ਹੁਕਮ ਵਿਚ ਹੁਕਮ ਨਾ ਕੋਇ ਰਖਾਈਆ। ਤੇਰੇ ਨੂਰ ਦੀ ਸਾਚੀ ਹੋਵੇ ਲੋਅ, ਜਿਸ ਲੋਇਨ ਮੇਰਾ ਦਿਤਾ ਖੁਲਾਈਆ। ਮੈਂ ਸੁਣ ਕੇ ਦਰਗਾਹ ਸਾਚੀ ਦੀ ਸੋਅ, ਸੋ ਸਵਾਮੀ ਦਰ ਤੇਰੇ ਸੀਸ ਨਿਵਾਈਆ। ਮੇਰੇ ਲਈ ਢੋਆ ਜੋ ਲੈ ਕੇ ਢੋ, ਪਿਆਰ ਮੁਹੱਬਤ ਦਾ ਨਾਤਾ ਮੇਰੀ ਝੋਲੀ ਦੇਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਸਦੀ ਚੌਧਵੀਂ ਕਹੇ ਤੂੰ ਸ਼ਹਿਨਸ਼ਾਹ ਪਰਵਰਦਿਗਾਰ, ਆਲਮੀਨ ਤੇਰੀ ਵਡਿਆਈਆ। ਪੈਗ਼ੰਬਰ ਤੇਰੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਤੂੰ ਸਭ ਦਾ ਸਾਂਝਾ ਯਾਰ, ਵਾਹਿਦ ਇਕ ਨੂਰ ਅਲਾਹੀਆ। ਤੂੰ ਉਸ ਕਰਬਲੇ ਆਉਣਾ ਜਿਥੇ ਮੁਹੰਮਦ ਦਾ ਲੇਖੇ ਲੱਗੇ ਦੋਹਤ ਵਾਲਾ ਪ੍ਰਵਾਰ, ਹਜ਼ਰਤ ਅਲੀ ਗੰਢ ਵਖਾਈਆ। ਇਹ ਮੰਜ਼ਲ ਘਾਟੀ ਸਭ ਤੋਂ ਦੁਸ਼ਵਾਰ, ਜਿਥੇ ਮੁਰਸ਼ਦ ਪਿਛੇ ਮੁਰੀਦ ਆਪਣਾ ਆਪ ਤਨ ਸ਼ਹੀਦ ਗਏ ਕਰਾਈਆ। ਨਾ ਕੋਇ ਕਰੋਧ ਨਾ ਹੰਕਾਰ, ਚਿੰਤਾ ਗ਼ਮ ਨਾ ਕੋਇ ਸਤਾਈਆ। ਥਲ ਮਾਰੂ ਪਾਣੀ ਅਗਨੀ ਰੋਵੇ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਮੈਂ ਜ਼ਰੂਰ ਅਰਜ਼ ਦੇਵਾਂ ਗੁਜ਼ਾਰ, ਗੁਜ਼ਾਰਿਸ਼ ਵਿਚ ਸੀਸ ਝੁਕਾਈਆ। ਬਸਰੇ ਵਿਚ ਨਾਨਕ ਦਾ ਉਧਾਰ, ਓਹ ਨਿਰਅੱਖਰ ਅੱਖਰ ਦੇਣੇ ਪ੍ਰਗਟਾਈਆ। ਮੇਰੇ ਮਿਹਰਵਾਨ ਮੇਰੀ ਨਮੋ ਨਮੋ ਡੰਡਾਵਤ ਬੰਦਨਾ ਸਜਦੇ ਵਿਚ ਨਿਮਸਕਾਰ, ਚਰਨ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੇਰੇ ਅੰਤਰ ਇਕ ਉਮੀਦ, ਤਮੰਨਾ ਆਪਣੀ ਦਿਆਂ ਜਣਾਈਆ। ਤੇਰਾ ਦਰਸ ਕਰਾਂ ਗੁਫ਼ਤ ਸ਼ਨੀਦ, ਤੱਕਾਂ ਨੂਰ ਨੁਰਾਨਾ ਨੂਰ ਅਲਾਹੀਆ। ਪਹਿਲੇ ਸੁਣੀ ਹਰਫ਼ਾਂ ਵਾਲੀ ਤਮਹੀਦ, ਅੱਖਰਾਂ ਵਾਲੀ ਵੰਡ ਵੰਡਿਆਈਆ। ਨਾਲ ਤੇਰਾ ਹੋਵੇ ਮੁਹੰਮਦ ਅਜ਼ੀਜ਼, ਰਸੂਲ ਰਸੂਲਲਿਲ੍ਹਾ ਸੀਸ ਨਿਵਾਈਆ। ਜਿਸ ਵੇਲੇ ਮੇਰੇ ਗ੍ਰਹਿ ਆਇਉਂ ਪਹਿਲਾ ਕਦਮ ਰਖਿਆ ਦਹਿਲੀਜ਼, ਦਹਿ ਦਿਸ਼ਾ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤੇ ਪੁਰਖ ਬਿਧਾਤੇ ਪਰਵਰਦਿਗਾਰ ਸਾਂਝੇ ਯਾਰ ਨੂਰ ਅਲਾਹੀ ਅੱਲਾ ਤੇਰੀ ਉਡੀਕ, ਆਲਮ ਦੇ ਮਾਲਕ ਆਲਮੀਨ ਤੇਰਾ ਧਿਆਨ ਲਗਾਈਆ।