੩ ਅਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਸਾਊਥ ਲੰਡਨ ੭ ਬਰੇਬੋਰਨ ਗਰੋਬ ਪੈਕਮ ਮਨਜੀਤ ਕੌਰ ਦੇ ਗ੍ਰਹਿ
ਨਾਰਦ ਕਹੇ ਪ੍ਰਭੂ ਤੈਨੂੰ ਭਗਵਾਨ ਕਹਾਂ ਕਿ ਜਜਮਾਨ, ਜ਼ਿਮੀਂ ਅਸਮਾਨ ਦੇ ਮਾਲਕ ਦੇ ਸਮਝਾਈਆ। ਤੈਨੂੰ ਗੋਪੀ ਕਹਾਂ ਕਿ ਕਾਹਨ, ਕਾਹਨਾਂ ਦੇ ਕਾਹਨ ਪਰਦਾ ਦੇ ਉਠਾਈਆ। ਤੈਨੂੰ ਸੀਤਾ ਕਹਾਂ ਕਿ ਰਾਮ, ਰਾਮ ਦੇ ਰਾਮ ਭੇਵ ਦੇਣਾ ਖੁਲਾਈਆ। ਤੈਨੂੰ ਪੈਗ਼ੰਬਰ ਕਹਾਂ ਕਿ ਅਮਾਮ, ਅੱਲਾ ਹੂ ਕਹਾਂ ਕਿ ਅੱਲਾ ਰਾਣੀ ਕਹਿ ਕੇ ਖ਼ੁਸ਼ੀ ਬਣਾਈਆ। ਤੈਨੂੰ ਸਤਿਨਾਮ ਕਹਾਂ ਕਿ ਵਾਹਿਗੁਰੂ ਨੌਜਵਾਨ, ਜਵਾਂ ਮਰਦ ਦੇਣਾ ਦ੍ਰਿੜਾਈਆ। ਜਿਧਰ ਤੱਕਾਂ ਉਧਰ ਤੇਰਾ ਨਿਸ਼ਾਨ, ਬਿਨਾ ਨਿਸ਼ਾਨੇ ਨਜ਼ਰ ਕੋਇ ਨਾ ਆਈਆ। ਨੌ ਖੰਡ ਪ੍ਰਿਥਮੀ ਤੱਕਾਂ ਤੱਕਾਂ ਅਸਮਾਨ, ਮੰਡਲ ਮੰਡਪਾਂ ਖੋਜ ਖੁਜਾਈਆ। ਲੱਖ ਚੁਰਾਸੀ ਤੱਕਾਂ ਕਿ ਤੱਕਾਂ ਚੁਰਾਸੀ ਵਿਚੋਂ ਇਨਸਾਨ, ਪੰਜ ਤਤ ਦੇ ਮਾਲਕ ਭੇਤ ਦੇਣਾ ਖੁਲਾਈਆ। ਕਲਮਾ ਤੱਕਾਂ ਕਿ ਤੱਕਾਂ ਤੇਰਾ ਨਾਮ ਨਿਧਾਨ, ਨਾਮ ਦੇ ਮਾਲਕ ਧੁਰ ਦਾ ਪਰਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਨਾਰਦ ਕਹੇ ਪ੍ਰਭੂ ਤੈਨੂੰ ਦਾਤਾ ਕਹਾਂ ਕਿ ਦਾਨੀ, ਕਿ ਦਇਆਵਾਨ ਅਖਵਾਈਆ। ਤੈਨੂੰ ਜੋਤ ਕਹਾਂ ਕਿ ਨੂਰ ਨੁਰਾਨੀ, ਜ਼ਹੂਰ ਦੇ ਮਾਲਕ ਦੇਣਾ ਸਮਝਾਈਆ। ਤੈਨੂੰ ਸ਼ਬਦ ਕਹਾਂ ਕਿ ਨਾਦ ਧੁਨ ਬਾਣੀ, ਕਿ ਬਾਣ ਅਣਿਆਲਾ ਤੀਰ ਚਲਾਈਆ। ਤੈਨੂੰ ਵਿਸ਼ਨ ਬ੍ਰਹਮਾ ਸ਼ਿਵ ਕਹਾਂ ਕਿ ਤ੍ਰੈਗੁਣ ਮਾਇਆ ਪੰਜ ਤਤ ਤੇਰਾ ਰੂਪ ਲਾਸਾਨੀ, ਸਹਿਜ ਨਾਲ ਦੇਣਾ ਸਮਝਾਈਆ। ਤੈਨੂੰ ਲੱਖ ਚੁਰਾਸੀ ਕਹਾਂ ਕਿ ਅੰਡਜ ਜੇਰਜ ਉਤਭੁਜ ਸੇਤਜ ਖਾਣੀ, ਖਾਣੀਆਂ ਦੇ ਮਾਲਕ ਖ਼ੈਰਖ਼ਾਹ ਹੋ ਕੇ ਦੇਣਾ ਜਣਾਈਆ। ਤੈਨੂੰ ਮੰਜ਼ਲ ਹਕ ਕਹਾਂ ਕਿ ਰੁਹਾਨੀ, ਰਹਿਮਤ ਰਹੀਮ ਦੇਣੀ ਕਮਾਈਆ। ਤੈਨੂੰ ਜਗਤ ਕਹਾਂ ਕਿ ਕਹਾਂ ਜਗਤ ਦੀ ਜਵਾਨੀ, ਜੋਬਨਵੰਤੇ ਆਪਣਾ ਰੰਗ ਦੇਣਾ ਰੰਗਾਈਆ। ਮੈਂ ਦਰ ਠਾਂਡੇ ਇਕੋ ਓਟ ਰੱਖਾਂ ਤੇਰੀ ਕਾਨੀ, ਦੂਜੀ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਆਪ ਸਹਾਈਆ। ਨਾਰਦ ਕਹੇ ਪ੍ਰਭੂ ਤੈਨੂੰ ਸ਼ਾਹ ਕਹਾਂ ਕਿ ਕੰਗਾਲ, ਸ਼ਹਿਨਸ਼ਾਹ ਕੀ ਤੇਰੀ ਬੇਪ੍ਰਵਾਹੀਆ। ਤੈਨੂੰ ਨੂਰ ਕਹਾਂ ਕਿ ਜਮਾਲ, ਕਿ ਜੋਬਨਵੰਤਾ ਸੋਭਾ ਪਾਈਆ। ਸਤਿਗੁਰ ਸ਼ਬਦ ਕਹਾਂ ਕਿ ਕਹਾਂ ਭਗਤਾਂ ਦਾ ਦਲਾਲ, ਵਿਚੋਲਾ ਹੋ ਕੇ ਵਿਚਲਾ ਭੇਵ ਦੇਣਾ ਖੁਲਾਈਆ। ਤੈਨੂੰ ਮੁਰਸ਼ਦ ਕਹਾਂ ਕਿ ਮੁਰੀਦ ਕਹਾਂ ਕਿ ਕਹਾਂ ਸੁਣਨ ਵਾਲਾ ਮੁਰੀਦਾਂ ਹਾਲ, ਮਾਲਕ ਖ਼ਾਲਕ ਨੂਰ ਅਲਾਹੀਆ। ਸਚ ਦੱਸ ਤੈਨੂੰ
ਜਵਾਬ ਕਹਾਂ ਕਿ ਕਹਾਂ ਭਗਤਾਂ ਦਾ ਸਵਾਲ, ਜਵਾਬ ਸਵਾਲ ਦੇ ਮਾਲਕ ਮੇਰਾ ਸਹਿੰਸਾ ਦੇਣਾ ਮਿਟਾਈਆ। ਤੈਨੂੰ ਕਾਲ ਕਹਾਂ ਕਿ ਕਹਾਂ ਮਹਾਕਾਲ, ਕੀ ਮਹਾਸਾਰਥੀ ਤੇਰੀ ਬੇਪ੍ਰਵਾਹੀਆ। ਸਚ ਦੱਸ ਮੇਰੇ ਸਾਹਿਬ ਜਨ ਭਗਤਾਂ ਉਤੇ ਕਦੋਂ ਹੋਏਂ ਦਿਆਲ, ਦੀਨ ਦਿਆਲ ਦਇਆ ਕਮਾਈਆ। ਪਿਆਰ ਮੁਹੱਬਤ ਵਿਚ ਪਿਆਰਿਆਂ ਨੂੰ ਦੇਵੇਂ ਪਿਆਰ ਵਾਲਾ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਲੇਖੇ ਲਾਵੇਂ ਗੁਰਮੁਖਾਂ ਦੀ ਘਾਲ, ਘਾਲਣ ਆਪਣੇ ਚਰਨ ਟਿਕਾਈਆ। ਫਲ ਲਗਾਉਣਾ ਕਾਇਆ ਡਾਲ, ਫਲ ਫੁਲਵਾੜੀ ਦੇਣੀ ਮਹਿਕਾਈਆ। ਤੇਰਾ ਲੇਖਾ ਲਹਿਣਾ ਦੇਣਾ ਬੇਮਿਸਾਲ, ਮਿਸਲ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਲੇਖਾ ਪੂਰ ਕਰਾਈਆ। ਨਾਰਦ ਕਹੇ ਪ੍ਰਭੂ ਤੂੰ ਠਾਕਰ ਕਿ ਸਵਾਮੀ, ਸਮੇਂ ਦੇ ਮਾਲਕ ਦੇ ਜਣਾਈਆ। ਤੂੰ ਮਾਲਕ ਕਿ ਅੰਤਰਜਾਮੀ, ਅੰਤਸ਼ਕਰਨ ਦਾ ਪਰਦਾ ਦੇ ਚੁਕਾਈਆ। ਤੂੰ ਹਕੀਕਤ ਹਕ ਕਿ ਹਕ ਮੁਕਾਮੀ, ਮੁਕੰਮਲ ਆਪਣਾ ਲੇਖਾ ਦੇ ਸਮਝਾਈਆ। ਤੂੰ ਸ਼ਰਅ ਸ਼ਰੀਅਤ ਕਿ ਸ਼ਰਅ ਦਾ ਗ਼ੁਲਾਮੀ, ਕੀ ਜ਼ਿਮੀਂ ਅਸਮਾਨੀ ਖੇਲ ਖਿਲਾਈਆ। ਮਿਹਰਵਾਨ ਜਨ ਭਗਤਾਂ ਤੱਕ ਨਗਰ ਗਰਾਮੀ, ਕਾਇਆ ਖੇੜਾ ਫੋਲ ਫੁਲਾਈਆ। ਤਨ ਵਜੂਦ ਮਾਟੀ ਖ਼ਾਕ ਉਤੇ ਕਰ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਈਆ। ਸਚ ਵਸਤ ਦਾ ਬਣ ਕੇ ਦਾਨੀ, ਦੀਨ ਦਿਆਲ ਦੇਣੀ ਵਰਤਾਈਆ। ਭਗਤ ਦੀ ਧਾਰ ਭਗਤ ਬਖ਼ਸ਼ਣਾ ਨਿਸ਼ਾਨੀ, ਨਿਸ਼ਾਨਾ ਜਗਤ ਵਿਚ ਵਡਿਆਈਆ। ਤੇਰੀ ਮਿਹਰ ਮਹਿਬੂਬ ਬਖ਼ਸ਼ਿਸ਼ ਸਦਾ ਆਸਾਨੀ, ਸਿਰ ਆਪਣਾ ਹੱਥ ਟਿਕਾਈਆ। ਨਾਰਦ ਕਹੇ ਪ੍ਰਭੂ ਜਨ ਭਗਤਾਂ ਊਣੀ ਪਿਛਲੀ ਰਹੇ ਨਾ ਖ਼ਾਮੀ, ਖ਼ਾਲਕ ਆਪਣਾ ਰੰਗ ਦੇਣਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਜਨ ਹਰਿ ਤੇਰੇ ਦਰ ਦਵਾਰ ਦਾ ਰਾਹ ਤੱਕਣ ਜ਼ਿਮੀਂ ਅਸਮਾਨੀ, ਜ਼ਿਮੀਂ ਅਸਮਾਨਾਂ ਪਰੇ ਗ੍ਰਹਿ ਮੰਦਰ ਘਰ ਦੇਣੀ ਵਡਿਆਈਆ।
੪ ਅੱਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਲੰਡਨ ਸਾਊਥ ਹਾਲ ੩੧ ਟਿਊਡਰ ਰੋੜ ਹਰਚਰਨ ਸਿੰਘ ਬਰਾੜ ਦੇ ਗ੍ਰਹਿ
ਕਲਜੁਗ ਕਹੇ ਮੇਰੇ ਸਤਿਗੁਰ ਸ਼ਬਦ ਸ਼ਬਦ ਗੁਰਦੇਵਾ, ਨਿਰਗੁਣ ਧਾਰ ਤੇਰੀ ਸਰਨਾਈਆ। ਮੇਰੀ ਸ੍ਰਿਸ਼ਟੀ ਦ੍ਰਿਸ਼ਟੀ ਦੇ ਅੰਤਰ ਨਿਰੰਤਰ ਵੇਖ ਸੇਵਾ, ਜੋ ਦਿਵਸ ਰੈਣ ਰਿਹਾ ਕਮਾਈਆ। ਮੈਂ ਅੰਮ੍ਰਿਤ ਨਾਮ ਰਸ ਕਿਸੇ ਖਾਣ ਨਾ ਦੇਵਾਂ ਮੇਵਾ, ਤ੍ਰਿਸ਼ਨਾ ਜਗਤ ਨਾ ਕੋਇ ਮਿਟਾਈਆ। ਕੋਟਨ ਕੋਟ ਜੀਵ ਤੈਨੂੰ ਜਪਦੇ ਰਸਨਾ ਜਿਹਵਾ, ਹਿਰਦੇ ਸਕੇ ਨਾ ਕਇ ਵਸਾਈਆ। ਬੇਸ਼ਕ ਪ੍ਰਭੂ ਤੂੰ ਅਲਖ ਅਭੇਵਾ, ਅਗੋਚਰ ਨੂਰ ਅਲਾਹੀਆ। ਵਸੇਂ ਦਰਗਾਹ ਸਾਚੀ ਧਾਮ ਨਿਹਕੇਵਾ, ਨਿਹਚਲ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਕਲਜੁਗ ਕਹੇ ਸਤਿਗੁਰ ਸ਼ਬਦ ਪੁਰਖ ਅਕਾਲ ਨੂਰ ਮੇਰੀ ਸਿਫ਼ਤ ਦੇ ਦੱਸ, ਦੱਸਣਹਾਰ ਤੇਰੀ ਵਡਿਆਈਆ। ਮੈਂ ਜਗਤ ਵਿਕਾਰ ਦਾ ਤੀਰ ਮਾਰਿਆ ਕਸ, ਜੀਵਾਂ ਜੰਤਾਂ ਸਾਧਾਂ ਸੰਤਾਂ ਅੰਦਰ ਲਗਾਈਆ। ਅੰਤਰ ਆਤਮ ਮਿਲੇ ਨਾ ਕਿਸੇ ਰਸ, ਰਸਤਾ ਆਤਮ ਪਰਮਾਤਮ ਨਾ ਕੋਇ ਖੁਲਾਈਆ। ਨਿਜ ਨੇਤਰ ਖੁਲ੍ਹਣ ਨਾ ਦੇਵਾਂ ਅੱਖ, ਲੋਚਨ ਨੈਣ ਨਾ ਕੋਇ ਰੁਸ਼ਨਾਈਆ। ਪੁਰਖ ਅਕਾਲ ਦਾ ਕੋਈ ਦਰਸ
ਕਰ ਸਕੇ ਨਾ ਪ੍ਰਤੱਖ, ਇਹ ਮੇਰੀ ਬੇਪ੍ਰਵਾਹੀਆ। ਪਾਰਬ੍ਰਹਮ ਬ੍ਰਹਮ ਕੀਤਾ ਵੱਖ ਵੱਖ, ਈਸ਼ ਜੀਵ ਜੋੜ ਨਾ ਕੋਇ ਜੁੜਾਈਆ। ਕਿਸੇ ਦੀ ਪਤ ਸਕੇ ਕੋਇ ਨਾ ਰਖ, ਸਿਰ ਹੱਥ ਨਾ ਕੋਇ ਟਿਕਾਈਆ। ਜਗਤ ਖੇੜਾ ਹੁੰਦਾ ਵੇਖ ਭੱਠ, ਕਲਜੁਗ ਕਹੇ ਮੈਂ ਭਠਿਆਲਾ ਹੋ ਕੇ ਘਰ ਘਰ ਅਗਨੀ ਡਾਹੀਆ। ਮਨੂਆ ਸਭ ਦੀ ਉਲਟੀ ਗੇੜੇ ਲੱਠ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਝਗੜਾ ਮਿਟੇ ਨਾ ਤਤ ਅੱਠ, ਨੌ ਦਵਾਰ ਵਾਸ਼ਨਾ ਸਰਬ ਹਲਕਾਈਆ। ਕਾਇਆ ਮਾਟੀ ਤਨ ਵਜੂਦ ਉਬਲੇ ਰੱਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਤੇਰੀ ਵਡਿਆਈਆ। ਕਲਜੁਗ ਕਹੇ ਸਤਿਗੁਰ ਸ਼ਬਦ ਮੇਰੀ ਵੇਖ ਕੁਰਬਾਨੀ, ਸੇਵਾ ਸਤਿ ਸਚ ਕਮਾਈਆ। ਤੇਈ ਅਵਤਾਰਾਂ ਜੋ ਦੱਸੀ ਸਚ ਨਿਸ਼ਾਨੀ, ਨਿਸ਼ਾਨੀ ਸਭ ਨੂੰ ਦਿਆਂ ਵਖਾਈਆ। ਮਾਣ ਰਹੇ ਨਾ ਕਿਸੇ ਵਿਦਵਾਨੀ, ਵਿਦਿਆ ਵਿਦਤ ਚਲੇ ਨਾ ਕੋਇ ਚਤੁਰਾਈਆ। ਚਾਰ ਕੁੰਟ ਕਰਾਈ ਬੇਈਮਾਨੀ, ਬੇਵਾ ਰੂਪ ਹੋਈ ਲੋਕਾਈਆ। ਝਗੜਾ ਪਿਆ ਜੇਰਜ ਖਾਣੀ, ਚਾਰੇ ਖਾਣੀ ਰੋਵੇ ਮਾਰੇ ਧਾਹੀਆ। ਅੰਮ੍ਰਿਤ ਰਸ ਮਿਲੇ ਕਿਸੇ ਨਾ ਪਾਣੀ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਆਤਮ ਪਰਮਾਤਮ ਮੇਲ ਮਿਲੇ ਨਾ ਹਾਣੀ, ਸਚ ਘਰ ਵੱਜੇ ਨਾ ਕੋਇ ਵਧਾਈਆ। ਕਲਜੁਗ ਕਹੇ ਮੈਂ ਬਣਿਆ ਸਭ ਦਾ ਜਾਣ ਜਾਣੀ, ਚਾਰ ਕੁੰਟ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਕਲਜੁਗ ਕਹੇ ਸਤਿਗੁਰ ਸ਼ਬਦ ਮੈਂ ਆਇਆ ਦਿਸ਼ਾ ਲਹਿੰਦੀ, ਲਹਿਣਾ ਈਸਾ ਵੇਖ ਵਖਾਈਆ। ਮੂਸਾ ਧਾਰ ਜਿਸ ਨਾਲ ਬਹਿੰਦੀ, ਮੁਹੰਮਦ ਆਸ਼ਾ ਰਿਹਾ ਤਕਾਈਆ। ਸਭ ਦੀ ਕਲਾ ਹੋਣੀ ਢਹਿੰਦੀ, ਢਈਆ ਗੋਬਿੰਦ ਦਾ ਦਏ ਗਵਾਹੀਆ। ਖੇਲ ਕਰੇ ਧੁਰ ਅਮਾਮ ਮਹਿੰਦੀ, ਜੋ ਮਹਿੰਦੀ ਆਪਣੇ ਰੰਗ ਰੰਗਾਈਆ। ਜਿਸ ਦੀ ਧਾਰ ਹੋਵੇ ਅਗੰਮੀ ਨੈਂ ਦੀ, ਵਹਿਣ ਵਹਿਣਾਂ ਵਿਚੋਂ ਵਹਾਈਆ। ਜਿਨ੍ਹ ਹੰਗਤਾ ਕਢਣੀ ਮਮਤਾ ਮੈਂ ਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਅਗੰਮ ਅਥਾਹੀਆ। ਕਲਜੁਗ ਕਹੇ ਮੈਂ ਆਇਆ ਸਮੁੰਦ ਸਾਗਰਾਂ ਪਾਰ, ਪਰਮ ਪੁਰਖ ਤੇਰਾ ਧਿਆਨ ਲਗਾਈਆ। ਮੇਰਾ ਖੇਲ ਵੇਖ ਸੱਚੀ ਸਰਕਾਰ, ਸਰਕਾਰੇ ਆਅਲਾ ਦਿਆਂ ਜਣਾਈਆ। ਜੋ ਭਵਿਖਤ ਕਹਿ ਕੇ ਗਏ ਪੈਗ਼ੰਬਰ ਗੁਰ ਅਵਤਾਰ, ਭਵਿਖਤਾਂ ਖੋਜ ਖੁਜਾਈਆ। ਜੋਧਾ ਸੂਰਬੀਰ ਬਣ ਬਲਕਾਰ, ਤੇਰਾ ਹੁਕਮ ਮੰਨਾਂ ਚਾਈਂ ਚਾਈਂਆ। ਕੁਸ਼ਾ ਲਖਣ ਕਰਾਂ ਖ਼ਬਰਦਾਰ, ਕਰੌਚ ਦੀਪ ਡੰਕਾ ਦਿਆਂ ਵਜਾਈਆ। ਬ੍ਰਹਮੇ ਨੂੰ ਕਹਾਂ ਉਠ ਵੇਖ ਆਪਣਾ ਸੰਸਾਰ, ਸੰਸਾਰੀ ਪਰਦਾ ਲੈ ਚੁਕਾਈਆ। ਸ਼ੰਕਰ ਨੂੰ ਕਹਾਂ ਸ਼ੰਕਰ ਹੋ ਤਿਆਰ, ਮੈਂ ਸ਼ਰਅ ਸ਼ਰਅ ਨਾਲ ਟਕਰਾਈਆ। ਅੰਤ ਸਭ ਦੀ ਕਰਨੀ ਸੰਭਾਲ, ਸੰਬਲ ਬਹਿ ਕੇ ਵੇਖੇ ਧੁਰ ਦਾ ਮਾਹੀਆ। ਵਿਸ਼ਨੂੰ ਨੂੰ ਕਹਾਂ ਨਿਗਾਹ ਮਾਰ ਜਿਨ੍ਹਾਂ ਦੀ ਕਰੇਂ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਸੇਵ ਕਮਾਈਆ। ਸਤਿ ਧਰਮ ਰਹਿਣ ਦਿਤਾ ਨਹੀਂ ਕਿਸੇ ਮਾਨਵ ਡਾਲ, ਫਲ ਫੁੱਲ ਧੁਰ ਦਾ ਨਾਮ ਨਜ਼ਰ ਕੋਇ ਨਾ ਆਈਆ। ਨਾਮ ਵਿਹੂਣੀ ਸ੍ਰਿਸ਼ਟੀ ਕੀਤੀ ਕੰਗਾਲ, ਜਗਤ ਧਨ ਦੌਲਤ ਚਲੇ ਨਾ ਕੋਇ ਚਤੁਰਾਈਆ। ਮੇਰਾ ਖੇਲ ਖੇਲ ਕਮਾਲ, ਪੁਰਖ ਅਕਾਲ ਤੇਰੀ ਓਟ ਇਕ ਤਕਾਈਆ। ਮੈਂ ਅਗੇ ਚਲਣੀ ਅਨੋਖੀ ਚਾਲ, ਚਾਰ ਜੁਗ ਦੇ ਸ਼ਾਸਤਰ ਜਿਸ ਨੂੰ ਸਮਝ ਸਕਣ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭੂ ਮੇਰੀ ਤੱਕ ਲੈ
ਆਪਣੇ ਹੁਕਮ ਵਾਲੀ ਰੀਤੀ, ਰੀਤੀਵਾਨ ਤੇਰੀ ਵਡਿਆਈਆ। ਮੈਂ ਤੇਰੇ ਨਾਲ ਕਿਸੇ ਦੀ ਰਹਿਣ ਨਹੀਂ ਦਿਤੀ ਪ੍ਰੀਤੀ, ਪ੍ਰੀਤਮ ਤੇਰਾ ਸੰਗ ਨਾ ਕੋਇ ਬਣਾਈਆ। ਕੋਟਾਂ ਵਿਚੋਂ ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰੇ ਭਗਤਾਂ ਦੀ ਛੋਟੀ ਜਿਹੀ ਬਗ਼ੀਚੀ, ਫਲ ਤੇਰੇ ਪ੍ਰੇਮ ਵਾਲਾ ਨਜ਼ਰੀ ਆਈਆ। ਮੈਂ ਮਾਣ ਰਹਿਣ ਨਹੀਂ ਦਿਤਾ ਮੰਦਰ ਮਸੀਤੀ, ਜਗਤ ਕਾਅਬੇ ਰਹੇ ਕੁਰਲਾਈਆ। ਅੰਤ ਸਦੀ ਚੌਧਵੀਂ ਰਹੀ ਬੀਤੀ, ਪਿਛਲਾ ਆਪਣਾ ਪੰਧ ਮੁਕਾਈਆ। ਮੁਹੰਮਦ ਦੀ ਚਾਰ ਯਾਰੀ ਰਹੀ ਚੀਕੀ, ਉਮਤ ਰੋਵੇ ਮਾਰੇ ਧਾਹੀਆ। ਤੇਰਾ ਕਲਮਾ ਹਕ ਇਕ ਹਦੀਸੀ, ਹਜ਼ਰਤਾਂ ਤੋਂ ਬਾਹਰ ਤੇਰੀ ਪੜ੍ਹਾਈਆ। ਕਲਜੁਗ ਕਹੇ ਮੈਂ ਸਭ ਨੂੰ ਵਖਾਉਣੀ ਨਿਗਾਹ ਨੀਚੀ, ਸਿਰ ਸਕੇ ਨਾ ਕੋਇ ਉਠਾਈਆ। ਜੋ ਮੈਥੋਂ ਹੋਈ ਮੈਂ ਦੁਨੀਆ ਨਾਲ ਕੀਤੀ, ਕਰਨੀ ਦੇ ਕਰਤੇ ਤੇਰੀ ਓਟ ਤਕਾਈਆ। ਜੋ ਜਗਤ ਜਗਿਆਸੂ ਨੇਤਰ ਅੱਖ ਰਹੇ ਮੀਟੀ, ਅੰਤਰ ਅੱਖ ਦਿਆਂ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਕਹੇ ਪ੍ਰਭੂ ਮੈਂ ਤੱਕਾਂ ਤੇਰਾ ਦੀਨ ਮਜ਼੍ਹਬ ਦਾ ਦਵਾਰਾ, ਚਾਰੋਂ ਕੁੰਟ ਵੇਖ ਵਖਾਈਆ। ਅੰਤਰ ਨੂਰ ਰਹਿਣ ਦਿਤਾ ਨਹੀਂ ਕਿਸੇ ਉਜਿਆਰਾ, ਅੰਧ ਅੰਧਿਆਰਾ ਗਿਆ ਛਾਈਆ। ਤੇਰੇ ਨਾਮ ਗ੍ਰੰਥ ਟਕਿਆਂ ਉਤੇ ਵਿਕਦੇ ਵਿਚ ਬਜ਼ਾਰਾ, ਕਲਜੁਗ ਕਹੇ ਤੇਰੀ ਕੀਮਤ ਮੈਂ ਮਾਤਲੋਕ ਦਿਤੀ ਪਾਈਆ। ਉਠ ਚਾਰੋਂ ਕੁੰਟ ਤੱਕ ਲੈ ਧੂੰਆਂਧਾਰਾ, ਸੂਰੀਆ ਚੰਦ ਕਰੇ ਨਾ ਕੋਇ ਰੁਸ਼ਨਾਈਆ। ਮੈਂ ਮਾਣ ਰਹਿਣ ਨਹੀਂ ਦਿਤਾ ਤੇਈ ਅਵਤਾਰਾ, ਅਵਤਰ ਤੇਰਾ ਭੇਵ ਕੋਇ ਨਾ ਪਾਈਆ। ਓਹ ਤੱਕ ਲੈ ਈਸਾ ਮੂਸਾ ਮੁਹੰਮਦ ਹੋਣਾ ਪਾਰ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਜਗਤ ਵਾਸਨਾ ਖੇਲ ਬਣਿਆ ਗੁਰੂਦਵਾਰਾ, ਸਤਿਗੁਰ ਸਾਚੇ ਤੇਰਾ ਰੂਪ ਨਾ ਕੋਇ ਦਰਸਾਈਆ। ਕਲਜੁਗ ਕਹੇ ਮੈਂ ਚਾਰੋਂ ਕੁੰਟ ਦਿਵਸ ਰੈਣ ਭੱਜਾਂ ਵਾਰੋ ਵਾਰਾ, ਘੜੀ ਪਲ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਦੇਣਾ ਵਰਤਾਈਆ। ਝਟ ਨਾਰਦ ਆਇਆ ਹੱਸ ਕੇ ਕਹੇ ਕਲਜੁਗ ਨਾ ਮਾਰ ਐਡੀਆਂ ਗੱਪਾਂ, ਝੂਠਿਆ ਝੂਠ ਮਿਲਾਈਆ। ਓਹ ਤੱਕੋ ਜੋ ਸੰਦੇਸਾ ਦੇ ਕੇ ਗਿਆ ਨਾਨਕ ਤਪਾ, ਤਪੀਸ਼ਰਾਂ ਤੋਂ ਬਾਹਰ ਸਮਝਾਈਆ। ਪਤਿਪਰਮੇਸ਼ਵਰ ਖੇਲ ਕਰੇ ਜਿਸ ਦੀ ਧਾਰ ਅਗੰਮੀ ਪੱਪਾ, ਪੂਰਨ ਪਰਦਾ ਆਪ ਚੁਕਾਈਆ। ਜਿਸ ਦੀ ਆਦਿ ਜੁਗਾਦੀ ਇਕੋ ਸਤ੍ਹਾ, ਸਤਿ ਸਤਿਵਾਦੀ ਨੂਰ ਅਲਾਹੀਆ। ਓਹ ਹੁਕਮੀ ਹੁਕਮ ਆਪਣੇ ਨਾਲ ਪਕਾਏ ਮਤਾ, ਮਸ਼ਵਰਾ ਅਵਰ ਨਾ ਕੋਇ ਰਖਾਈਆ। ਜਿਸ ਪ੍ਰਭੂ ਦਾ ਗੋਬਿੰਦ ਡੰਕ ਵਜਾਇਆ ਫ਼ਤ੍ਹਾ, ਓਹ ਫ਼ਾਤਿਆ ਪੜ੍ਹੇ ਕੂੜ ਲੋਕਾਈਆ। ਉਠ ਨਿਗਾਹ ਮਾਰ ਲੈ ਰਤਾ, ਰਾਤੀ ਸੁੱਤਿਆਂ ਲੈ ਅੰਗੜਾਈਆ। ਖੇਲ ਕਰੇ ਪੁਰਖ ਸਮਰਥਾ, ਹਰਿ ਕਰਤਾ ਧੁਰਦਰਗਾਹੀਆ। ਜੋ ਜਨ ਭਗਤਾਂ ਦੇਵੇ ਤੇਰੇ ਵਿਚ ਅਗੰਮੀ ਵਥਾ, ਵਸਤ ਅਮੋਲਕ ਆਪ ਵਰਤਾਈਆ ਉਸ ਨਾਮ ਦੀ ਕਰਨੀ ਪਏ ਨਾ ਕਥਾ, ਵਾਰਤਾ ਵਿਚ ਨਾ ਕੋਇ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਾਤਾ ਪੱਕਾ, ਗੰਢ ਇਕੋ ਇਕ ਪਵਾਈਆ। ਤਿਨ੍ਹਾਂ ਭਾਗ ਲਗਾਏ ਕਾਇਆ ਮਾਟੀ ਭਾਂਡਾ ਕੱਚਾ, ਤਨ ਵਜੂਦ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜਿਸ ਦੀ ਮਹਿੰਮਾ ਸਦਾ ਅਕਥਾ, ਕਥਨੀ ਕਥ ਨਾ ਸਕੇ ਰਾਈਆ।
੫ ਅੱਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਲੰਡਨ ਸਾਊਥ ਹਾਲ ੧੫੯ ਬੀਕਨਸਫੀਲਡ ਰੋੜ ਪ੍ਰੀਤਮ ਸਿੰਘ ਦੇ ਗ੍ਰਹਿ
ਕਲਜੁਗ ਕਹੇ ਪ੍ਰਭੂ ਮੇਰਾ ਤੇਰੇ ਅਗੇ ਸਜਦਾ, ਪਰਵਰਦਿਗਾਰ ਬੇਪ੍ਰਵਾਹ ਸੀਸ ਨਿਵਾਈਆ। ਤੇਰਾ ਨੂਰ ਨੁਰਾਨਾ ਦੋ ਜਹਾਨਾਂ ਦੀਪਕ ਵੇਖਾਂ ਜਗਦਾ, ਜਾਗਰਤ ਜੋਤ ਬਿਨ ਵਰਨ ਗੋਤ ਸੋਭਾ ਪਾਈਆ। ਤੇਰਾ ਜ਼ਹੂਰ ਅਲਾਹੀ ਅਗੰਮੇ ਰੱਬ ਦਾ, ਜਿਸ ਨੂੰ ਆਲਮੀਨ ਕਹੇ ਖ਼ਲਕ ਖ਼ੁਦਾਈਆ। ਆਹ ਵੇਖ ਮੇਰੇ ਕੋਲ ਤੇਰਾ ਪਟਾ ਸਦੀ ਚੌਧਵੀਂ ਹਕ ਦਾ, ਹਕੀਕਤ ਦੇ ਮਾਲਕ ਦਿਆਂ ਸੁਣਾਈਆ। ਮੁਹੰਮਦ ਚਾਰ ਯਾਰੀ ਨਾਲ ਤੱਕਦਾ, ਸ਼ਰੀਅਤ ਤੋਂ ਬਾਹਰ ਅੱਖ ਉਠਾਈਆ। ਮੈਂ ਵੀ ਖ਼ੁਸ਼ੀਆਂ ਦੇ ਵਿਚ ਨੱਚਦਾ, ਟੱਪਾਂ ਕੁੱਦਾਂ ਚਾਈਂ ਚਾਈਂਆ। ਕਿਉਂ ਖੇਲ ਤੱਕਣਾ ਕਾਇਆ ਮਾਟੀ ਕੱਚ ਦਾ, ਤਨ ਵਜੂਦ ਭਾਂਡੇ ਫੋਲ ਫੁਲਾਈਆ। ਬਿਨ ਤੇਰੀ ਕਿਰਪਾ ਦਿਸੇ ਕੋਈ ਨਾ ਬਚਦਾ, ਬਚਪਨ ਸਮਝ ਕੋਇ ਨਾ ਆਈਆ। ਤੇਰਾ ਹੁਕਮ ਵਰਤਣਾ ਅਲਖ ਦਾ, ਅਲਖ ਅਗੋਚਰ ਤੇਰੀ ਵਡ ਵਡਿਆਈਆ। ਮੇਰਾ ਭੰਡਾਰਾ ਭਰਿਆ ਵੇਖ ਕੂੜ ਹੱਟ ਦਾ, ਚਾਰ ਕੁੰਟ ਦਿਤਾ ਵਰਤਾਈਆ। ਨਗਾਰਾ ਸੁਣੇ ਨਾ ਕੋਈ ਸ਼ਬਦ ਅਨਹਦ ਦਾ, ਨਾਦੀ ਨਾਦ ਨਾ ਕੋਇ ਜਣਾਈਆ। ਆਤਮ ਦੀਪ ਕਿਸੇ ਨਾ ਜਗਦਾ, ਜੀਵ ਜੰਤ ਸਾਧ ਸੰਤ ਰੋਵਣ ਮਾਰਨ ਧਾਹੀਆ। ਰਸ ਰਹਿਣ ਦਿਤਾ ਨਹੀਂ ਕਿਸੇ ਮੰਤ ਦਾ, ਮੰਤਵ ਹਲ ਨਾ ਕੋਇ ਕਰਾਈਆ। ਕਲਜੁਗ ਕਹੇ ਪ੍ਰਭੂ ਮੈਂ ਵਿਛੋੜਾ ਕੀਤਾ ਤੇਰੇ ਸੁਹਾਗੀ ਕੰਤ ਦਾ, ਨਾਰ ਦੁਹਾਗਣ ਦਿਸੇ ਲੋਕਾਈਆ। ਮਾਣ ਰਿਹਾ ਨਾ ਕਿਸੇ ਪੰਡਤ ਦਾ, ਬੁੱਧੀ ਤੋਂ ਪਰੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਕਲਜੁਗ ਕਹੇ ਪ੍ਰਭੂ ਮੇਰੇ ਉਤੇ ਹੋ ਮਿਹਰਵਾਨ, ਮਿਹਰਵਾਨ ਦਇਆ ਕਮਾਈਆ। ਮੇਰਾ ਚਾਰ ਕੁੰਟ ਝੁਲੇ ਨਿਸ਼ਾਨ, ਨਿਸ਼ਾਨਾ ਜਗਤ ਰਹਿਣ ਕੋਇ ਨਾ ਪਾਈਆ। ਮੈਂ ਟਿੱਲੇ ਪਰਬਤ ਜੰਗਲ ਜੂਹ ਬੀਆ ਬਾਨ, ਸਮੁੰਦ ਸਾਗਰਾਂ ਖੋਜ ਖੁਜਾਈਆ। ਚਾਰ ਜੁਗ ਦੇ ਸ਼ਾਸਤਰਾਂ ਤੱਕਾਂ ਗਿਆਨ, ਵਿਦਿਤ ਹੋ ਕੇ ਵਿਦਿਆ ਵੇਖਾਂ ਥਾਉਂ ਥਾਈਂਆ। ਤੇਰੀ ਕਿਰਪਾ ਨਾਲ ਮੈਂ ਧਰਨੀ ਉਤੇ ਹੋਇਆ ਹੁਕਮਰਾਨ, ਹੁਕਮ ਵਿਚ ਹੁਕਮੀ ਸੀਸ ਨਿਵਾਈਆ। ਤੂੰ ਮਾਲਕ ਖ਼ਾਲਕ ਮੇਰਾ ਭਗਵਾਨ, ਭਗਵਨ ਤੇਰੀ ਬੇਪ੍ਰਵਾਹੀਆ। ਸਚ ਸਵਾਮੀ ਅੰਤਰਜਾਮੀ ਧੁਰ ਦੀ ਦਾਤ ਦੇ ਦਾਨ, ਦਇਆਵਾਨ ਦੇਣੀ ਵਰਤਾਈਆ। ਮੇਰਾ ਲੇਖਾ ਪੂਰਾ ਕਰ ਦੇ ਜੋ ਸੀਤਾ ਨੂੰ ਕਹਿ ਕੇ ਗਿਆ ਰਾਮ, ਬਨਵਾਸੀ ਹੁਕਮ ਸੁਣਾਈਆ। ਜੋ ਅਰਜਨ ਸੰਦੇਸ਼ਾ ਦਿਤਾ ਕਾਹਨ, ਘਨਈਆ ਹੋ ਕੇ ਨਈਆ ਕਲਜੁਗ ਵੇਖੀ ਚਾਈਂ ਚਾਈਂਆ। ਜੋ ਪੈਗ਼ੰਬਰਾਂ ਦਿਤਾ ਬਿਆਨ, ਬਿਨ ਰਸਨਾ ਜਿਹਵਾ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਕਲਜੁਗ ਕਹੇ ਮੇਰੇ ਪਰਮੇਸ਼ਵਰ ਮੈਂ ਤੇਰਾ ਧੁਰਦਰਗਾਹੀ ਪੁੱਤਰ, ਮੈਨੂੰ ਜਨਮੇ ਕੋਇ ਨਾ ਮਾਈਆ। ਮੈਂ ਨਿਰਗੁਣ ਧਾਰੋਂ ਆਇਆ ਉਤਰ, ਉੱਤਰ ਪੂਰਬ ਪੱਛਮ ਦੱਖਣ ਮੇਰੀ ਵੱਜੇ ਵਧਾਈਆ। ਮੇਰੀ ਸੁਹੰਜਣੀ ਹੋਵੇ ਰੁਤੜ, ਰੁਤੜੀ ਕੂੜ ਕੁੜਿਆਰ ਨਾਲ ਮਹਿਕਾਈਆ। ਮੈਂ ਚਾਹੁੰਦਾ ਦੀਨ ਦੁਨੀ ਸਾਰੀ ਕਰਾਂ ਛੁੱਟੜ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਮਾਤ ਗਰਭ ਦਾ ਲੇਖਾ ਤੇਰੇ ਨਾਲੋਂ ਸਾਰੇ ਜਾਣ ਮੁੱਕਰ, ਛੁਟਕੀ ਲਿਵ ਨਾ ਕੋਇ ਲਗਾਈਆ। ਕਿਸੇ ਨੂੰ ਚੁੱਕੇ ਕੋਇ ਨਾ ਕੁੱਛੜ, ਸਚਖੰਡ ਦਵਾਰੇ ਸੋਭਾ ਕੋਇ ਨਾ ਪਾਈਆ। ਦੀਨ ਦੁਨੀ ਕਰਾਂ ਭੁੱਖੜ, ਭੁੱਖਿਆਂ ਤ੍ਰਿਸ਼ਨ ਨਾ ਕੋਇ ਮਿਟਾਈਆ। ਮੈਂ ਜਗਤ ਜਹਾਨ ਵੇਖਾਂ ਉਲਟਾ ਰੁੱਖੜ, ਦਸ ਦਸ ਮਾਸ ਅਗਨ
ਵਿਚ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਕਲਜੁਗ ਕਹੇ ਪ੍ਰਭੂ ਤੂੰ ਦਾਤਾ ਗਹਿਰ ਗੰਭੀਰ, ਗੁਣਵੰਤ ਇਕ ਅਖਵਾਈਆ। ਤੇਰੀ ਕਿਰਪਾ ਨਾਲ ਮੈਂ ਦੀਨ ਦੁਨੀ ਦੀ ਬਦਲ ਦਿਤੀ ਤਕਦੀਰ, ਤਦਬੀਰ ਸਮਝ ਕੋਇ ਨਾ ਆਈਆ। ਤੇਰੀ ਨਜ਼ਰ ਨਾ ਆਏ ਕਿਸੇ ਤਸਵੀਰ, ਲਾਤਸਵੀਰ ਤੇਰਾ ਨੂਰ ਜ਼ਹੂਰ ਤੱਕੇ ਕੋਇ ਨਾ ਚਾਈਂ ਚਾਈਂਆ। ਅਵਤਾਰ ਪੈਗ਼ੰਬਰ ਗੁਰੂਆਂ ਦੇ ਹੁੰਦਿਆਂ ਮੈਂ ਸਭ ਦੇ ਅੰਦਰੋਂ ਬਦਲ ਦਿਤੀ ਜ਼ਮੀਰ, ਜ਼ਿਮੀਂ ਜ਼ਮਾਂ ਦੋਵੇਂ ਵੇਖਣ ਰੋਵਣ ਮਾਰਨ ਧਾਹੀਆ। ਮੇਰੇ ਕੂੜ ਕੁੜਿਆਰ ਦਾ ਖੰਡਾ ਸ਼ਮਸ਼ੀਰ, ਸ਼ਰਅ ਵਿਚ ਚਲਾਵਾਂ ਚਾਈਂ ਚਾਈਂਆ। ਮੇਰਾ ਲੇਖਾ ਤੱਕ ਲੈ ਜੋ ਗੋਬਿੰਦ ਨੇ ਖੰਡੇ ਨਾਲ ਮਾਰੀ ਲਕੀਰ, ਲਾਈਨ ਐਨ ਦਿਤੀ ਵਖਾਈਆ। ਜੋ ਸਚਖੰਡ ਦਵਾਰੇ ਕੂਕ ਕੇ ਕਿਹਾ ਕਬੀਰ, ਦਰੋਹੀ ਤੇਰਾ ਖੇਲ ਬੇਪ੍ਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਬਿਨ ਤੇਰੀ ਕਿਰਪਾ ਸਾਚਾ ਰਹੇ ਕਿਸੇ ਨਾ ਚੀਰ, ਚਿਰੀ ਵਿਛੁੰਨੇ ਮੇਲ ਨਾ ਕੋਇ ਮਿਲਾਈਆ। ਝਗੜਾ ਮੇਟੇ ਨਾ ਕੋਇ ਹਕੀਰ, ਫ਼ਕੀਰ ਫ਼ਿਕਰਾ ਹਕ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਦਇਆ ਕਮਾਈਆ। ਝਟ ਨਾਰਦ ਆ ਕੇ ਕਹੇ ਕਲਜੁਗਾ ਨਾ ਕਰ ਐਡਾ ਰੌਲਾ, ਕੂਕ ਕੂਕ ਸੁਣਾਈਆ। ਕਮਲਿਆ ਔਹ ਤੱਕ ਅਗੰਮਾ ਮੌਲਾ, ਜਿਸ ਨੂੰ ਅਵਤਾਰ ਪੈਗ਼ੰਬਰ ਗੁਰ ਸੀਸ ਨਿਵਾਈਆ। ਉਹ ਸਭ ਦਾ ਪੂਰਾ ਕਰੇ ਇਕਰਾਰ ਕੌਲਾ, ਕਵਲ ਨੈਣ ਧੁਰਦਰਗਾਹੀਆ। ਜੋ ਦੇਸ ਦੇਸੰਤਰ ਲੇਖਾ ਪੂਰਾ ਕਰੇ ਧਰਨੀ ਧੌਲਾ, ਧਵਲ ਧਰਮ ਦੀ ਧਾਰ ਲਹਿਣਾ ਰਿਹਾ ਚੁਕਾਈਆ। ਜਿਸ ਖੇਲ ਖਿਲਾਇਆ ਕਾਹਨ ਸਾਂਵਲ ਸਵਲਾ, ਸੋ ਸਵਾਮੀ ਆਪਣਾ ਹੁਕਮ ਵਰਤਾਈਆ। ਜਿਸ ਨੂੰ ਕਿਹਾ ਨੂਰ ਅਲਾਹੀ ਅਵਲਾ, ਅਵਲ ਅੱਲਾ ਇਕ ਅਖਵਾਈਆ। ਜੋ ਹਰ ਘਟ ਅੰਦਰ ਮਵਲਾ, ਲੱਖ ਚੁਰਾਸੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਭੇਵ ਆਪ ਖੁਲਾਈਆ। ਨਾਰਦ ਕਹੇ ਕਲਜੁਗ ਤੱਕ ਉਹ ਗੋਬਿੰਦ ਵਾਲੀ ਪਾਤੀ, ਬਿਨਾ ਅੱਖਰਾਂ ਖੋਜ ਖੁਜਾਈਆ। ਜਿਸ ਵਿਚ ਨਾ ਜ਼ਿੰਦਗੀ ਨਾ ਹਯਾਤੀ, ਜੀਵਣ ਮਰਨ ਨਾ ਕੋਇ ਵਡਿਆਈਆ। ਨਾ ਕੋਈ ਅੱਖਰ ਦਿਸੇ ਕਾਗ਼ਜ਼ਾਤੀ, ਕਲਮ ਚਲੇ ਨਾ ਕੋਇ ਚਤੁਰਾਈਆ। ਜਗਤ ਜਹਾਨ ਦਿਸੇ ਨਾ ਕੋਇ ਆਬਾਦੀ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਜਿਸ ਝਗੜਾ ਮਿਟਾਉਣਾ ਤੇਰਾ ਕਲਜੁਗ ਅੰਧੇਰੀ ਰਾਤੀ, ਰੁਤੜੀ ਆਪਣੀ ਇਕ ਮਹਿਕਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਕਮਲਾਪਾਤੀ, ਪਤਿਪਰਮੇਸ਼ਵਰ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਬੇਪ੍ਰਵਾਹੀਆ। ਕਲਜੁਗ ਕਹੇ ਉਠ ਜਾ ਨਾਰਦ ਬ੍ਰਹਿਮਣਾ, ਉਹ ਵੇਖ ਬ੍ਰਹਮਾ ਧਿਆਨ ਲਗਾਈਆ। ਮੇਰਾ ਕਿਸੇ ਨਹੀਂ ਕਰਨਾ ਸਾਹਮਣਾ, ਵਿਸ਼ਨੂੰ ਵੇਖੇ ਚਾਈਂ ਚਾਈਂਆ। ਮੈਂ ਸ਼ੰਕਰ ਫੜਾਉਣਾ ਸਭ ਦਾ ਦਾਮਨਾ, ਜਿਸ ਨੂੰ ਸੰਘਾਰੀ ਕਹੇ ਲੋਕਾਈਆ। ਸ੍ਰੀ ਭਗਵਾਨ ਬਣਾਉਣਾ ਜ਼ਾਮਨਾ, ਮੇਰਾ ਅੰਤਸ਼ਕਰਨ ਦਏ ਗਵਾਹੀਆ। ਮੈਂ ਕਲਜੁਗ ਜੀਵਾਂ ਪਵਿਤ੍ਰ ਰਹਿਣ ਨਹੀਂ ਦੇਣੀ ਭਾਵਨਾ, ਭਾਵੀ ਸਭ ਦੇ ਸਿਰ ਦੇ ਉਤੇ ਦੇਣੀ ਵਖਾਈਆ। ਮੇਰਾ ਖੇਲ ਬੇਪ੍ਰਵਾਹ ਜੋ ਲੇਖਾ ਰਾਮ ਰਾਵਣਾ, ਰਾਮ ਰਾਮਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਕਲਜੁਗ ਆਹ ਵੇਖ ਲੇਖ ਅਪਾਰਾ, ਅਪਰੰਪਰ ਰਿਹਾ ਜਣਾਈਆ। ਜਿਸ
ਵਿਚ ਤੇਰਾ ਅੰਤ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਲਹਿਣਾ ਪੂਰਾ ਹੋਵੇ ਤੇਈ ਅਵਤਾਰਾ, ਅਵਤਰ ਆਪਣਾ ਹੁਕਮ ਵਰਤਾਈਆ। ਪੈਗ਼ੰਬਰਾਂ ਦੇਵੇ ਇਸ਼ਾਰਾ, ਸੈਨਤ ਅਗੰਮ ਅਗੰਮ ਲਗਾਈਆ। ਗੁਰੂਆਂ ਦੱਸੇ ਨਜ਼ਾਰਾ, ਬੇਨਜ਼ੀਰ ਭੇਵ ਖੁਲਾਈਆ। ਚਾਰੋਂ ਕੁੰਟ ਹਾਹਾਕਾਰਾ, ਹੌਕਿਆਂ ਭਰੀ ਲੋਕਾਈਆ। ਨੇਤਰ ਰੋਵੇ ਜ਼ਿਮੀਂ ਅਸਮਾਨ ਚੰਦ ਸਿਤਾਰਾ, ਸੂਰੀਆ ਕੂਕ ਕੂਕ ਸੁਣਾਈਆ। ਤੇਰਾ ਲਹਿਣਾ ਦੇਣਾ ਲੇਖਾ ਪੂਰਾ ਕਰੇ ਕਲ ਕਲਕੀ ਚਵ੍ਹੀਆਂ ਅਵਤਾਰਾ, ਚੌਬੀਸਾ ਜਗਦੀਸਾ ਆਪਣਾ ਹੁਕਮ ਵਰਤਾਈਆ। ਅਮਾਮ ਅਮਾਮਾ ਹੋਏ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਜਿਸ ਦਾ ਲੇਖਾ ਸੰਗ ਮੁਹੰਮਦ ਚਾਰ ਯਾਰਾਂ, ਸਦੀ ਚੌਧਵੀਂ ਲਹਿਣਾ ਝੋਲੀ ਪਾਈਆ। ਓਹ ਜੋਤ ਸਰੂਪੀ ਜੋਤ ਉਜਿਆਰਾ, ਸ਼ਬਦੀ ਸ਼ਬਦ ਸ਼ਬਦ ਦੀ ਧਾਰਾ, ਲੋਕਮਾਤ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਓਹਦੀ ਸਿਫ਼ਤ ਵਡਿਆਈ ਕਾਗਤ ਕਲਮ ਸ਼ਾਹੀ ਕੀ ਲਿਖੇ ਵਿਚ ਸੰਸਾਰਾ, ਜੋ ਨਿਰਅੱਖਰ ਧਾਰ ਨਿਰਵੈਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਨਾਰਦ ਬੇਸ਼ਕ ਮੇਰਾ ਮਾਲਕ ਬੇਐਬ, ਨੂਰ ਨੁਰਾਨਾ ਇਕ ਅਖਵਾਈਆ। ਮੈਂ ਉਸੇ ਦੇ ਮਤਾਹਿਤ, ਸਿਰ ਸਰ ਦੋਵੇਂ ਰਿਹਾ ਝੁਕਾਈਆ। ਮੈਨੂੰ ਉਸੇ ਨੇ ਕੀਤੀ ਹਦਾਇਤ, ਹਜ਼ਰਤਾਂ ਤੋਂ ਬਾਹਰ ਕਰੀ ਪੜ੍ਹਾਈਆ। ਇਕੋ ਕੂੜ ਕਿਰਿਆ ਦੀ ਬਖ਼ਸ਼ਿਸ਼ ਕੀਤੀ ਅਨਾਇਤ, ਅਗੰਮ ਅਥਾਹ ਮੇਰੀ ਝੋਲੀ ਦਿਤੀ ਭਰਾਈਆ। ਮਾਇਆ ਮਮਤਾ ਨਾਲ ਮੇਰੀ ਕੀਤੀ ਹਮਾਇਤ, ਮੋਹ ਵਿਕਾਰ ਸਾਜਣ ਦਿਤੇ ਨਾਲ ਰਲਾਈਆ। ਮੈਂ ਸਤਿ ਧਰਮ ਵਿਚ ਕਿਸੇ ਨੂੰ ਰਹਿਣ ਨਹੀਂ ਦਿਤਾ ਲਾਇਕ, ਅਕਲ ਬੁਧੀ ਦਾ ਲੇਖਾ ਦਿਤਾ ਮੁਕਾਈਆ। ਮਨ ਮਨੂਆਂ ਕਰ ਨਾਇਕ, ਕਾਇਆ ਮੰਦਰ ਅੰਦਰ ਦਿਤਾ ਨਚਾਈਆ। ਮੈਂ ਖੇਲ ਕੀਤਾ ਜਾਇਜ਼, ਨਾਜਾਇਜ਼ ਸੇਵ ਨਾ ਕੋਇ ਕਮਾਈਆ। ਮੇਰਾ ਸਾਹਿਬ ਮੇਰਾ ਮਨਜ਼ੂਰ ਕਰੇ ਫ਼ਰਾਇਜ਼, ਮੈਂ ਫ਼ਰਮਾਬਰਦਾਰ ਹੋ ਕੇ ਸੀਸ ਨਿਵਾਈਆ। ਮੈਨੂੰ ਸਭ ਕੁਛ ਦਿਸਦਾ ਜਿਸ ਬਿਧ ਪੂਰਾ ਹੋਣਾ ਅਹਿਦ, ਅਹਿਦਨਾਮਾ ਧੁਰ ਦਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵਡਾ ਵਡ ਵਡਿਆਈਆ। ਨਾਰਦ ਕਹੇ ਕਲਜੁਗ ਜ਼ਰਾ ਵੇਖ ਲੈ ਆਪਣੀ ਸ਼ਰਅ, ਸ਼ਰੀਅਤ ਨਾਲ ਮਿਲਾਈਆ। ਨਿਗਾਹ ਮਾਰ ਲੈ ਜ਼ਰਾ, ਜ਼ੱਰੇ ਜ਼ੱਰੇ ਵਿਚ ਵਸੇ ਬੇਪ੍ਰਵਾਹੀਆ। ਜਿਸ ਦਾ ਹੁਕਮ ਸੰਦੇਸਾ ਖਰਾ, ਖਰੇ ਖੋਟੇ ਪਰਖੇ ਜਗਤ ਲੋਕਾਈਆ। ਜੋ ਨਿਰਭੈ ਭੈ ਵਿਚ ਕਦੇ ਨਾ ਡਰਾ, ਭਾਉ ਵਿਚ ਸਭ ਨੂੰ ਰਿਹਾ ਰਖਾਈਆ। ਉਸ ਦਾ ਦੀਨਾਂ ਮਜ਼੍ਹਬਾਂ ਵਾਲਾ ਨਹੀਂ ਕੋਈ ਧੜਾ, ਦੋ ਜਹਾਨਾਂ ਇਕੋ ਨਜ਼ਰੀ ਆਈਆ। ਸਚਖੰਡ ਨਿਵਾਸੀ ਜੋਤੀ ਜਾਤਾ ਪੁਰਖ ਬਿਧਾਤਾ ਵੇਖ ਖੜਾ, ਸਨਮੁਖ ਸੋਭਾਵੰਤ ਨਜ਼ਰੀ ਆਈਆ। ਜੋ ਲੇਖਾ ਜਾਣੇ ਚੋਟੀ ਜੜਾ, ਚੇਤਨ ਭੇਵ ਰਹੇ ਨਾ ਰਾਈਆ। ਨਾ ਉਹ ਜੀਵਤ ਨਾ ਉਹ ਮਰਾ, ਮਰਨ ਜੰਮਣ ਖੇਲ ਨਾ ਕੋਇ ਖਿਲਾਈਆ। ਉਹ ਨਰ ਨਿਰੰਕਾਰ ਨਿਰਵੈਰ ਪਰਵਰਦਿਗਾਰ ਹਰਾ, ਜੋ ਹਰ ਘਟ ਰਿਹਾ ਸਮਾਈਆ। ਉਸ ਦਾ ਇਕੋ ਹੁਕਮ ਫ਼ਰਮਾਨ ਦੋ ਜਹਾਨ ਬੜਾ, ਧਰਨੀ ਧਰਤ ਧਵਲ ਧੌਲ ਦਿਵਸ ਰੈਣ ਭੱਜੇ ਵਾਹੋ ਦਾਹੀਆ। ਕਲਜੁਗਾ ਮੈਂ ਉਹ ਨਿਰਅੱਖਰ ਗੋਬਿੰਦ ਦੀ ਕਿਰਪਾ ਨਾਲ ਪੜ੍ਹਾ, ਜੋ ਖੰਡੇ ਦੀ ਨੋਕ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਕਲਜੁਗ ਗੋਬਿੰਦ ਖੰਡੇ ਦੀ ਹਿਲਾਈ ਨੋਕ, ਬਣਤ ਅਗੰਮ ਦਿਤੀ ਬਣਾਈਆ। ਜਿਸ ਵਿਚ ਉਲੀਕੇ
ਚੌਦਾਂ ਲੋਕ, ਚੌਦਾਂ ਤਬਕ ਉਸੇ ਵਿਚ ਸਮਾਈਆ। ਫੇਰ ਸੁਣਿਆ ਨਾਮ ਸਲੋਕ, ਢੋਲਾ ਬੇਪ੍ਰਵਾਹੀਆ। ਪੁਰਖ ਅਕਾਲ ਦਾ ਹੁਕਮ ਸਕੇ ਕੋਈ ਨਾ ਰੋਕ, ਨਾ ਕੋਈ ਰੋਕੇ ਰੋਕ ਰੁਕਾਈਆ। ਜਿਸ ਕਲਜੁਗ ਕੂੜੀ ਕਿਰਿਆ ਕੂੜ ਭਠਿਆਲੇ ਦੇਣੀ ਝੋਕ, ਜਗਤ ਵਿਕਾਰ ਦੇਣਾ ਮਿਟਾਈਆ। ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਨਿਰਅੱਖਰ ਧਾਰ ਦੱਸਣੀ ਗੋਤ, ਗੌਤਮ ਬੁੱਧ ਦੀ ਮਨਸਾ ਪੂਰ ਕਰਾਈਆ। ਜਿਸ ਸਾਹਿਬ ਦਾ ਭੇਵ ਪਾ ਸਕੇ ਨਾ ਕੋਟੀ ਕੋਟ, ਕੋਟਨ ਕੋਟ ਗਏ ਧਿਆਨ ਲਗਾਈਆ। ਉਸ ਦਾ ਪ੍ਰਕਾਸ਼ ਅੰਤਮ ਇਕੋ ਨਿਰਮਲ ਜੋਤ, ਜੋਤੀ ਜਾਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਖੇਲ ਆਪ ਖਿਲਾਈਆ। ਕਲਜੁਗ ਕਹੇ ਨਾਰਦ ਮੈਨੂੰ ਉਸੇ ਦੀ ਕਸਮ, ਸੁਗੰਦ ਖਾ ਕੇ ਦਿਆਂ ਜਣਾਈਆ। ਉਹ ਮਾਲਕ ਦੀਨ ਦੁਨੀ ਦਾ ਖ਼ਸਮ, ਖ਼ਸਮਾਨਾ ਇਕ ਅਖਵਾਈਆ। ਮੈਂ ਉਸ ਦਾ ਨੂਰ ਤੱਕਾਂ ਚਸ਼ਮ, ਚਸ਼ਮੇ ਦੀਦ ਖ਼ੁਸ਼ੀ ਮਨਾਈਆ। ਜਿਸ ਦੀ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਰਸਮ, ਰਿਵਾਜ ਦੀਨ ਦੁਨੀ ਸਮਝਾਈਆ। ਜਿਸ ਦਾ ਵਜੂਦ ਤਨ ਨਹੀਂ ਕੋਈ ਜਿਸਮ, ਜ਼ਮੀਰ ਨਜ਼ਰ ਕੋਇ ਨਾ ਆਈਆ। ਉਹ ਇਕੋ ਆਦਿ ਜੁਗਾਦਿ ਇਕੋ ਇਸ਼ਟ ਤੇ ਇਕੋ ਇਸਮ, ਇਸਮ ਆਜ਼ਮ ਇਕ ਅਖਵਾਈਆ। ਉਸ ਦਾ ਧਰਮ ਦੀ ਧਾਰ ਵਿਚ ਸੰਸਾਰ ਆਤਮ ਪਰਮਾਤਮ ਸਤਿ ਸਚ ਦਾ ਮਿਸ਼ਨ, ਦੂਸਰ ਰਾਹ ਨਾ ਕੋਇ ਵਖਾਈਆ। ਜਿਸ ਦੀ ਸ਼ਹਾਦਤ ਦੇਵੇ ਰਾਮ ਕ੍ਰਿਸ਼ਨ, ਤ੍ਰੈਲੋਕੀ ਨਾਥ ਨਾਥ ਅਖਵਾਈਆ। ਜਿਸ ਦਾ ਸੰਦੇਸ਼ਾ ਦਿਤਾ ਬ੍ਰਹਮਾ ਸ਼ਿਵ ਵਿਸ਼ਨ, ਵਿਸ਼ਵ ਦੀ ਧਾਰ ਦ੍ਰਿੜਾਈਆ। ਉਹ ਲੇਖਾ ਅੰਤਮ ਆਵੇ ਜਗਤ ਨਜਿੱਠਣ, ਨਿਰਗੁਣ ਆਪਣੀ ਦਇਆ ਕਮਾਈਆ। ਜਿਸ ਦੇ ਪਿਆਰ ਨਾਮ ਨਾਲ ਮਨੂਏ ਸਾਰੇ ਟਿਕਣ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਉਹ ਕੂੜੀ ਕਿਰਿਆ ਜਗਤ ਕਲਪਣਾ ਆਵੇ ਜਿੱਤਣ, ਮਨਸਾ ਮਨਸਾ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ ਦਇਆ ਨਿਧ ਠਾਕਰ ਸਵਾਮੀ ਸਭ ਦਾ ਇਕੋ ਦਿਸੇ ਪਿਤਣ, ਪਿਤਾ ਪੁਰਖ ਅਕਾਲ ਨਜ਼ਰੀ ਆਈਆ।
੬ ਅੱਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਹੋਨਜ਼ਲੋਹ ਮਿਡੈਕਸ ੭੦ ਵੇਅ ਅਵਨੀਉ ਕੈਰਨ ਫ਼ੋਰਡ
ਚੰਨਣ ਸਿੰਘ ਦੇ ਗ੍ਰਹਿ ਮਕਾਨ ਦੀ ਨੀਂਹ ਰਖਣ ਸਮੇਂ
ਧਰਨੀ ਕਹੇ ਅੱਜ ਦਿਵਸ ਦਿਹਾੜਾ ਚੰਗਾ, ਪ੍ਰਭ ਚੰਗੀ ਦਏ ਵਡਿਆਈਆ। ਹਰਿ ਸੰਗਤ ਪਿਆਰ ਧਰਮ ਦੀ ਧਾਰ ਗੰਗਾ, ਨੀਰ ਅੰਮ੍ਰਿਤ ਰਸ ਵਹਾਈਆ। ਜਿਸ ਦਾ ਲੇਖਾ ਭਗਤਾਂ ਸੰਦਾ, ਕਬੀਰ ਜੁਲਾਹਾ ਦਏ ਗਵਾਹੀਆ। ਸਚ ਦਵਾਰਾ ਸੁਹੰਜਣਾ ਹੋਵੇ ਜਿਥੇ ਗੁਰਮੁਖਾਂ ਆਇਆ ਅਨੰਦਾ, ਅਨੰਦਪੁਰ ਵਾਲਾ ਗੋਬਿੰਦ ਮਿਲੇ ਮਾਲਕ ਧੁਰ ਦਾ ਮਾਹੀਆ। ਚੰਣਨ ਸਿੰਘ ਦਾ ਪ੍ਰਕਾਸ਼ ਜਿਉਂ ਨੂਰੀ ਚੰਦ ਦਾ ਚੰਦਾ, ਚੰਦ ਚਾਂਦਨੀ ਵੇਖ ਖ਼ੁਸ਼ੀ ਬਣਾਈਆ। ਬਖ਼ਸ਼ਣਹਾਰ ਦੀਨ ਦਿਆਲ ਪੁਰਖ ਅਕਾਲ ਸਰਬ ਬਖ਼ਸ਼ੰਦਾ, ਦੇਵਣਹਾਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਮੇਰੇ ਉਤੇ ਲੱਗਾ ਪ੍ਰੇਮ ਦਾ ਟੱਪ, ਟਾਪੂਆਂ ਤੋਂ ਬਾਹਰ ਮਿਲੀ ਵਡਿਆਈਆ।
ਮੇਰੇ ਅੰਦਰ ਉਪਜਿਆ ਸਤਿ, ਸਤਿ ਦੀ ਵੱਜੀ ਵਧਾਈਆ। ਮੇਰੀ ਖ਼ੁਸ਼ੀ ਵਿਚ ਉਬਲੀ ਰੱਤ, ਰਤਨ ਅਮੋਲਕ ਗੁਰਮੁਖ ਵੇਖੇ ਚਾਈਂ ਚਾਈਂਆ। ਸਾਰਿਆਂ ਦੇ ਅੰਦਰ ਪਿਆਰ ਪ੍ਰੇਮ ਦੀ ਬ੍ਰਹਮ ਮਤ, ਆਤਮ ਪਰਮਾਤਮ ਵਿਚ ਸਮਾਈਆ। ਮੈਂ ਪੁਰਖ ਅਕਾਲ ਅਗੇ ਜੋੜਾਂ ਹੱਥ, ਹਥੇਲੀ ਬਿਨਾ ਹੱਥ ਉਠਾਈਆ। ਮੇਰੇ ਸਾਹਿਬ ਸਵਾਮੀ ਅੰਤਰਜਾਮੀ ਸਰਬ ਕਲਾ ਸਮਰਥ, ਤੇਰੀ ਵਡ ਵਡਿਆਈਆ। ਜੋ ਦਵਾਰਾ ਪ੍ਰਗਟ ਹੋਵੇ ਉਹ ਤੇਰੇ ਗੁਰਮੁਖਾਂ ਦਾ ਕਦੇ ਨਾ ਜਾਵੇ ਢੱਠ, ਲੰਡਨ ਵਿਚ ਵਜਦੀ ਰਹੇ ਵਧਾਈਆ। ਜਿਸ ਕਾਰਨ ਹਰਿਜਨ ਹਰਿ ਪਿਆਰਿਆਂ ਦਾ ਹੋਇਆ ਇਕੱਠ, ਇਕੱਤਰਤਾ ਵਿਚ ਲੇਖਾ ਦਿਤਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਧਰਨੀ ਕਹੇ ਚੰਨਣ ਸਿੰਘ ਪ੍ਰੇਮ ਪਿਆਰ ਦਾ ਮੀਤਾ, ਮਿਤਰ ਮਿਤਰਾਂ ਨਾਲ ਮੇਲ ਮਿਲਾਈਆ। ਜਿਸ ਦਾ ਅੰਤਰ ਅੰਤਸ਼ਕਰਨ ਠਾਂਡਾ ਸੀਤਾ, ਅਗਨੀ ਤਤ ਨਾ ਲਾਗੇ ਰਾਈਆ। ਮਾਨਸ ਜਨਮ ਜਾਏ ਜਗ ਜੀਤਾ, ਚੁਰਾਸੀ ਵੰਡ ਰਹੇ ਨਾ ਰਾਈਆ। ਸਭ ਤੋਂ ਉੱਤਮ ਸ੍ਰੇਸ਼ਟ ਧਰਨੀ ਕਹੇ ਮੈਨੂੰ ਅੰਮ੍ਰਿਤ ਰਸ ਮਿਲੇ ਉਹ ਮੀਠਾ, ਜੋ ਅੰਮਿਉਂ ਰਸ ਜਗਤ ਜਹਾਨ ਤੋਂ ਬਾਹਰ ਨਜ਼ਰੀ ਆਈਆ। ਮੇਰਾ ਖੇਲ ਹੋਵੇ ਅਨਡੀਠਾ, ਅਨਡਿੱਠੜੀ ਕਾਰ ਪਰਮ ਪੁਰਖ ਦਏ ਭੁਗਤਾਈਆ। ਜਿਸ ਧਰਨੀ ਉਤੇ ਗੋਬਿੰਦ ਦਾ ਤਪਿਆ ਅੰਗੀਠਾ, ਉਹ ਧਰਨੀ ਗੁਰਮੁਖਾਂ ਦਾ ਗ੍ਰਹਿ ਬਣਾ ਕੇ ਆਪਣੀ ਖ਼ੁਸ਼ੀ ਬਣਾਈਆ। ਜੋ ਹਰ ਘਟ ਹਰ ਗ੍ਰਹਿ ਹਰ ਤਨ ਵਜੂਦ ਵਸੇ ਚੀਤਾ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਚੜ੍ਹਾਈਆ। ਧਰਨੀ ਕਹੇ ਮੇਰੀ ਮਿੱਟੀ ਖ਼ਾਕ, ਖ਼ਾਕ ਖ਼ਾਕ ਨਜ਼ਰੀ ਆਈਆ। ਮੈਂ ਗੁਰਮੁਖ ਦਾ ਖੋਲਣ ਲੱਗੀ ਤਾਕ, ਜਿਸ ਦਾ ਮਾਲਕ ਇਕੋ ਬੇਪ੍ਰਵਾਹੀਆ। ਜਿਸ ਦਾ ਸੱਜਣਾ ਮਿਤਰਾਂ ਗੁਰਸਿਖਾਂ ਨਾਲ ਸਾਕ, ਨਾਤਾ ਧੁਰ ਦਾ ਆਤਮ ਪਰਮਾਤਮ ਬੰਧਾਈਆ। ਮੇਰੀ ਦੋਵੇਂ ਜੋੜ ਕੇ ਪੁਰਖ ਅਕਾਲ ਅਗੇ ਬੇਨੰਤੀ ਹਾਥ, ਬਿਨਾ ਹਥੇਲੀ ਰਹੀ ਵਖਾਈਆ। ਮੇਰੇ ਮਾਲਕ ਖ਼ਾਲਕ ਪ੍ਰਿਤਪਾਲਕ ਦੀਨ ਦਿਆਲ ਤੂੰ ਸਦਾ ਸਦਾ ਸਦਾ ਦੇਣਾ ਸਾਥ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਚ ਤੇਰੀ ਸਰਨਾਈਆ। ਧਰਨੀ ਕਹੇ ਮੇਰੀ ਆਸਾ ਪੂਰੀ ਹੋਵੇ ਮਨਸਾ, ਖ਼ਾਹਿਸ਼ ਸਚ ਸਚ ਦਿਆਂ ਜਣਾਈਆ। ਜੋ ਗੁਰਮੁਖ ਰੂਪ ਹੰਸਾ, ਹੰਸ ਗੁਰਮੁਖ ਨਜ਼ਰੀ ਆਈਆ। ਜਿਸ ਦਾ ਪ੍ਰਵਾਰ ਸਦਾ ਖ਼ੁਸ਼ੀਆਂ ਵਿਚ ਵਸੇ ਏਥੇ ਬੰਸਾ, ਬੰਸਾਵਲੀ ਅਗੇ ਚਲੇ ਚਾਈਂ ਚਾਈਂਆ। ਮਿਲੇ ਪਰਮ ਪੁਰਖ ਪਰਮਾਤਮ ਸਚ ਦਾ ਮਾਲਕ ਆਤਮਾ ਦੀ ਧਾਰ ਵਿਚ ਕੰਤਾ, ਕੰਤ ਕੰਤੂਹਲ ਇਕੋ ਨਜ਼ਰੀ ਆਈਆ। ਇਹ ਫੁਲਵਾੜੀ ਇਹ ਰੁਤ ਮਹਿਕੀ ਰਹੇ ਸਦਾ ਬਸੰਤਾ, ਬਸੰਤ ਰੁਤ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਖ਼ਲਕ ਦਾ ਖ਼ਾਲਕ ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਨਾਲ ਗੁਰਮੁਖ ਦਵਾਰਾ ਜਗਤ ਦਏ ਬਣਾਈਆ।
੭ ਅੱਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਬਿਰਮਿੰਗਮ ਮੂਸਲੀ ੨੩ ਏ ਬੇਲੀ ਵਾਕ ਮਾਈ ਈਸ਼ਰ ਕੌਰ ਦੇ ਗ੍ਰਹਿ
ਸਤਿਗੁਰ ਸ਼ਬਦ ਜਾਣੇ ਹਰ ਘਟ ਅੰਦਰ, ਅੰਤਸ਼ਕਰਨ ਵੇਖੇ ਚਾਈਂ ਚਾਈਂਆ। ਕਰ ਕਿਰਪਾ ਭਾਗ ਲਗਾਏ ਕਾਇਆ ਮੰਦਰ, ਜਨ ਭਗਤਾਂ ਦਏ ਮਾਤ ਵਡਿਆਈਆ। ਕਰ ਪ੍ਰਕਾਸ਼ ਅੰਧੇਰੇ ਡੂੰਘੀ ਕੰਦਰ, ਅੰਧ ਅੰਧੇਰਾ ਦਏ ਚੁਕਾਈਆ। ਬਜਰ ਕਪਾਟੀ ਤੋੜ ਕੇ ਜੰਦਰ, ਨੌ ਦਵਾਰੇ ਲੇਖਾ ਦਏ ਮੁਕਾਈਆ। ਮਨੂਆ ਦਹਿ ਦਿਸ਼ਾ ਉਠ ਨਾ ਧਾਏ ਬੰਦਰ, ਡੋਰੀ ਨਾਮ ਨਾਲ ਬੰਧਾਈਆ। ਦੂਈ ਦਵੈਤੀ ਢਾਹ ਕੇ ਕੰਧਨ, ਪਰਦਾ ਅੰਦਰੋਂ ਦਏ ਚੁਕਾਈਆ। ਸ਼ਬਦ ਅਨਾਦੀ ਧੁਨ ਦੇਵੇ ਅਨੰਦਨ, ਅਨੰਦ ਅਨੰਦ ਵਿਚੋਂ ਵਖਾਈਆ। ਦੀਪਕ ਜੋਤ ਪ੍ਰਕਾਸ਼ ਕਰੇ ਸਾਹਿਬ ਸ੍ਰੀ ਭਗਵਾਨ ਬਖ਼ਸ਼ੰਦਨ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਈਆ। ਆਵਣ ਜਾਵਣ ਲੱਖ ਚੁਰਾਸੀ ਤੋੜ ਕੇ ਬੰਧਨ, ਬੰਦਾ ਬੰਦਗੀ ਵਿਚ ਆਪਣੇ ਰੰਗ ਰੰਗਾਈਆ। ਝਗੜਾ ਮੁਕਾਏ ਪੂਰੀ ਲੋਅ ਆਕਾਸ਼ ਪਾਤਾਲ ਬ੍ਰਹਿਮੰਡ ਖੰਡਣ, ਬ੍ਰਹਿਮਾਂਡ ਦਾ ਲੇਖਾ ਦਏ ਚੁਕਾਈਆ। ਨਾਤਾ ਰਹੇ ਨਾ ਉਤਭੁਜ ਸੇਤਜ ਜੇਰਜ ਅੰਡਨ, ਆਤਮ ਪਰਮਾਤਮ ਪਰਮਾਤਮ ਆਤਮ ਏਕਾ ਨੂਰ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦਨ, ਸਹਿੰਸਾ ਕੂੜ ਦਏ ਚੁਕਾਈਆ। ਪਾਰਬ੍ਰਹਮ ਬ੍ਰਹਮ ਪਾਏ ਆਪਣੀ ਗੰਢਣ, ਨਾਤਾ ਸਕੇ ਨਾ ਕੋਇ ਤੁੜਾਈਆ। ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਵਸਤ ਅਗੰਮੀ ਆਏ ਵੰਡਣ, ਦੇਵਣਹਾਰ ਆਪਣੀ ਦਇਆ ਕਮਾਈਆ। ਜਿਨ੍ਹਾਂ ਗੁਰਮੁਖਾਂ ਧੂੜੀ ਮਸਤਕ ਲਗਾਏ ਧੁਰ ਦਾ ਚੰਦਨ, ਦੁਰਮਤ ਮੈਲ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਸਚ ਮੇਲਾ ਕਰੇ ਸ੍ਰੀ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਜਨ ਭਗਤਾਂ ਅੰਤਰ ਨਿਰੰਤਰ ਦੇ ਕੇ ਨਾਮ ਮੰਤ, ਮੰਤਵ ਆਪਣਾ ਦਏ ਸਮਝਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਦ੍ਰਿੜਾਈਆ। ਬੁੱਧੀ ਤੋਂ ਪਰੇ ਅਨੁਭਵ ਦ੍ਰਿਸ਼ਟੀ ਦਾ ਬਣ ਕੇ ਪੰਡਤ, ਨਿਰਅੱਖਰ ਦਏ ਜਣਾਈਆ। ਮੇਲ ਮਿਲਾਵਾ ਕਰਕੇ ਧੁਰ ਦੇ ਕੰਤ, ਕੰਤ ਕੰਤੂਹਲ ਇਕੋ ਨਜ਼ਰੀ ਆਈਆ। ਗੁਰਮੁਖਾਂ ਸਦਾ ਸੁਹੰਜਣੀ ਰੁਤ ਕਰੇ ਬਸੰਤ, ਪੱਤ ਟਹਿਣੀ ਫੁੱਲ ਕਾਇਆ ਤਤ ਆਪ ਮਹਿਕਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਹਉਮੇ ਰੋਗ ਰਹੇ ਨਾ ਚਿੰਤ, ਚਿਖਾ ਕੂੜ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਸਦਾ ਦਿਆਲਾ, ਦੀਨ ਦਿਆਲ ਇਕ ਅਖਵਾਈਆ। ਜੁਗ ਜੁਗ ਜਨ ਭਗਤਾਂ ਹੋਏ ਰਖਵਾਲਾ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਹਰਿਜਨ ਵੇਖੇ ਧਰਮ ਧਾਰ ਦੇ ਲਾਲਾ, ਪਾਰਬ੍ਰਹਮ ਪ੍ਰਭ ਪਰਦਾ ਆਪ ਚੁਕਾਈਆ। ਮੰਦਰ ਸੁਹਾਏ ਕਾਇਆ ਅੰਦਰ ਸੱਚੀ ਧਰਮਸਾਲਾ, ਸਚ ਦਵਾਰਾ ਇਕ ਵਖਾਈਆ। ਜਿਥੇ ਪੋਹ ਨਾ ਸਕੇ ਕਾਲਾ, ਮਹਾਕਾਲ ਵੇਖੇ ਚਾਈਂ ਚਾਈਂਆ। ਚਿਤ੍ਰਗੁਪਤ ਅੰਤ ਨਾ ਕਢੇ ਦਵਾਲਾ, ਰਾਏ ਧਰਮ ਨਾ ਦਏ ਸਜ਼ਾਈਆ। ਜਿਧਰ ਤੱਕਣ ਹਰਿਜਨ ਅੰਤਰ ਨਿਰੰਤਰ ਨਜ਼ਰੀ ਆਏ ਪੁਰਖ ਅਕਾਲਾ, ਅਕਲ ਕਲਧਾਰੀ ਆਪਣਾ ਰੂਪ ਦਰਸਾਈਆ। ਮਨ ਕਾ ਮਣਕਾ ਫਿਰੇ ਅਗੰਮੀ ਮਾਲਾ, ਜਗਤ ਤਸਬੀ ਲੋੜ ਰਹੇ ਨਾ ਰਾਈਆ। ਤੋੜਨਹਾਰਾ ਜਗਤ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਫਲ ਲਗਾਏ ਕਾਇਆ ਡਾਲਾ, ਸਾਢੇ ਤਿੰਨ ਹੱਥ ਬੂਟਾ ਧਰਮ ਇਕ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,
ਸਚ ਦਾ ਰੰਗ ਆਪ ਰੰਗਾਈਆ। ਰੰਗ ਕਹੇ ਮੈਂ ਜਨ ਭਗਤਾਂ ਚੜ੍ਹਦਾ, ਜੁਗ ਜੁਗ ਪੁਰਖ ਅਕਾਲ ਦਏ ਵਡਿਆਈਆ। ਮੈਂ ਨਿਰਗੁਣ ਧਾਰ ਹੋ ਕੇ ਅੰਦਰ ਵੜਦਾ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਸਚ ਸਵਾਮੀ ਦਾ ਇਕੋ ਢੋਲਾ ਪੜ੍ਹਦਾ, ਅੰਤਰਜਾਮੀ ਵੇਖਾਂ ਚਾਈਂ ਚਾਈਂਆ। ਮੈਂ ਖੇਲ ਤੱਕਣਾ ਨਰਾਇਣ ਨਰ ਦਾ, ਜੋ ਦੋ ਜਹਾਨਾਂ ਨੂਰ ਅਲਾਹੀਆ। ਜੋ ਮਾਲਕ ਲੱਖ ਚੁਰਾਸੀ ਘਰ ਦਾ, ਘਰ ਘਰ ਬੈਠਾ ਡੇਰਾ ਲਾਈਆ। ਨਾ ਜਨਮੇ ਨਾ ਕਦੇ ਮਰਦਾ, ਆਦਿ ਜੁਗਾਦੀ ਇਕ ਅਖਵਾਈਆ। ਜਿਸ ਦੇ ਭੈ ਵਿਚ ਦੋ ਜਹਾਨ ਡਰਦਾ, ਅਵਤਾਰ ਪੈਗ਼ੰਬਰ ਗੁਰ ਬੈਠਣ ਸੀਸ ਨਿਵਾਈਆ। ਸੋ ਕਲਜੁਗ ਅੰਤਮ ਖੇਲ ਵੇਖੇ ਕਲ ਕਾਤੀ ਕਲ ਦਾ, ਕਾਇਨਾਤ ਦਾ ਪਰਦਾ ਦਏ ਉਠਾਈਆ। ਜਿਸ ਦਾ ਇਕੋ ਦੀਪਕ ਦੋ ਜਹਾਨ ਚਰਾਗ਼ ਬਲਦਾ, ਬਿਨ ਤੇਲ ਬਾਤੀ ਹੋਏ ਰੁਸ਼ਨਾਈਆ। ਜੋ ਮਾਲਕ ਖ਼ਾਲਕ ਮਹੀਅਲ ਜਲ ਥਲ ਦਾ, ਅਸਗਾਹਾਂ ਵੇਖੇ ਚਾਈਂ ਚਾਈਂਆ। ਜੋ ਵਾਸੀ ਨਿਹਚਲ ਧਾਮ ਅਟੱਲ ਦਾ, ਸਚਖੰਡ ਦਵਾਰੇ ਏਕੰਕਾਰ ਬੈਠਾ ਸੋਭਾ ਪਾਈਆ। ਸੋ ਸੱਜਣ ਸੁਹੇਲਾ ਠਾਂਡਾ ਸੀਤਾ ਧੁਰ ਦਾ ਮੀਤਾ ਸਚ ਦਵਾਰਾ ਇਕੋ ਮੱਲਦਾ, ਹਰਿਜਨ ਅੰਤਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਦਇਆ ਕਰੇ ਮੇਰਾ ਸਾਹਿਬ ਦਇਆਵਾਨ, ਦਇਆਨਿਧ ਅਖਵਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਲਾਗਣ ਪਾਈਂਆ। ਓਹ ਲਹਿਣਾ ਦੇਣਾ ਜਾਣੇ ਕੁੱਲ ਜਹਾਨ, ਕੁਲ ਮਾਲਕ ਇਕ ਅਖਵਾਈਆ। ਜੋ ਆਤਮ ਪਰਮਾਤਮ ਦਾ ਸੱਚਾ ਕਾਹਨ, ਪੁਰਖ ਅਕਾਲਾ ਇਕੋ ਨੂਰ ਅਲਾਹੀਆ। ਚੁਰਾਸੀ ਵਿਚੋਂ ਹਰਿਜਨ ਭਗਤ ਸੁਹੇਲੇ ਲਏ ਪਹਿਚਾਨ, ਬੇਪਹਿਚਾਨ ਆਪਣਾ ਮੇਲ ਮਿਲਾਈਆ। ਨਾਮ ਭਗਤੀ ਆਤਮ ਸ਼ਕਤੀ ਦੇਵੇ ਦਾਨ, ਸ਼ਰਅ ਸ਼ਰੀਅਤ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪ੍ਰਵਾਹੀਆ। ਸਚ ਕਹੇ ਮੇਰਾ ਮਾਲਕ ਸਵਾਮੀ, ਸਾਹਿਬ ਸਤਿਗੁਰ ਇਕ ਅਖਵਾਈਆ। ਜੋ ਆਦਿ ਜੁਗਾਦੀ ਅੰਤਰਜਾਮੀ, ਘਟ ਘਟ ਵੇਖੇ ਬੇਪ੍ਰਵਾਹੀਆ। ਚਾਰ ਜੁਗ ਦੇ ਸ਼ਾਸਤਰ ਜਿਸ ਦੀ ਅਗੰਮੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਉਹ ਵਸੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਸੋਭਾਵੰਤ ਆਪ ਸੁਹਾਈਆ। ਜਿਸ ਦਾ ਅੰਮ੍ਰਿਤ ਰਸ ਨਿਝਰ ਝਿਰਨੇ ਅਮਿਉਂ ਰਸ ਪਾਣੀ, ਬੂੰਦ ਸਵਾਂਤੀ ਆਪ ਟਪਕਾਈਆ। ਜਿਸ ਦਾ ਨਾਦ ਧੁਨ ਅਨਾਦ ਅਨਾਹਦ ਖੇਲ ਮਹਾਨੀ, ਮਹਿੰਮਾ ਕਥ ਸਕੇ ਕੋਇ ਨਾ ਰਾਈਆ। ਜਿਸ ਦੀ ਜੋਤ ਜੋਤ ਨੁਰਾਨੀ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਭਗਤਾਂ ਉਤੇ ਕਰੇ ਮਿਹਰਵਾਨੀ, ਮਿਹਰਵਾਨ ਮਹਿਬੂਬ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਸਰਗੁਣ ਇਕ ਅਖਵਾਈਆ। ਜਨ ਭਗਤ ਕਹੇ ਮੇਰਾ ਪਰਮ ਪੁਰਖ ਬਿਧਾਤਾ, ਵੇਦ ਪੁਰਾਨਾਂ ਬਾਹਰ ਡੇਰਾ ਲਾਈਆ। ਜੋ ਨਿਰਗੁਣ ਨਿਰਗੁਣ ਆਦਿ ਜੁਗਾਦੀ ਪਿਤਾ ਮਾਤਾ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਦੀ ਸਤਿਜੁਗ ਤਰੇਤਾ ਦੁਆਪਰ ਗਾਉਂਦੇ ਆਏ ਗਾਥਾ, ਕਲਜੁਗ ਕਥਾ ਕਹਾਣੀ ਰਿਹਾ ਦ੍ਰਿੜਾਈਆ। ਜਿਸ ਦਾ ਖੇਲ ਹੁਕਮ ਦੋ ਜਹਾਨ ਸਦਾ ਸਮਰਾਥਾ, ਨਾ ਕੋਈ ਮੇਟੇ ਮੇਟ ਮਿਟਾਈਆ। ਓਹ ਲੇਖਾ ਜਾਣੇ ਦੀਨ ਦੁਨੀ ਜਿਸ ਆਤਮ ਬ੍ਰਹਮ ਪਛਾਤਾ, ਭੇਵ ਅਭੇਦਾ ਆਪ ਖੁਲਾਈਆ। ਲਹਿਣਾ ਤੱਕੇ ਕਲਜੁਗ ਰੈਣ ਅੰਧੇਰੀ ਰਾਤਾ, ਪਰਦਾ ਪਰਦਿਆਂ ਵਿਚੋਂ
ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਭਗਵਨ ਇਕ ਅਗੰਮ, ਅਗੰਮੜੀ ਖੇਲ ਖਿਲਾਈਆ। ਜਿਸ ਨੇ ਲੱਖ ਚੁਰਾਸੀ ਨਿਰਗੁਣ ਧਾਰੋਂ ਦਿਤੀ ਜੰਮ, ਵਿਸ਼ਨ ਬ੍ਰਹਮਾ ਸ਼ਿਵ ਸੇਵਾ ਰਿਹਾ ਲਗਾਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਤਮ, ਤਾਮਸ ਵਿਚ ਕਦੇ ਨਾ ਆਈਆ। ਜੋ ਆਪੇ ਘੜੇ ਆਪੇ ਲਏ ਭੰਨ, ਭੰਨਣਹਾਰ ਬੇਪ੍ਰਵਾਹੀਆ। ਜਿਸ ਕਲਜੁਗ ਅੰਤਮ ਲਹਿਣਾ ਦੇਣਾ ਲੇਖਾ ਪੂਰਾ ਕਰਨਾ ਸੂਰੀਆ ਚੰਨ, ਚੰਨ ਸਿਤਾਰ ਦੋਵੇਂ ਬੈਠੇ ਨੈਣ ਉਠਾਈਆ। ਜਿਸ ਦਾ ਹੁਕਮ ਸਦੀ ਚੌਧਵੀਂ ਮੁਹੰਮਦ ਲੈਣਾ ਮੰਨ, ਮਨਸਾ ਅਵਰ ਨਾ ਕੋਇ ਵਧਾਈਆ। ਈਸਾ ਮੂਸਾ ਕਹਿਣਾ ਧੰਨ ਧੰਨ, ਧੰਨ ਤੇਰੀ ਸਰਨਾਈਆ। ਸ਼ਬਦ ਸੰਦੇਸਾ ਸੁਣਨਾ ਬਿਨਾ ਕੰਨ, ਸਰੋਤੀ ਹੋ ਕੇ ਆਪਣਾ ਬਲ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਸਤਿਗੁਰ ਸ਼ਬਦ ਕਹੇ ਭਗਤੋ ਵੇਖੋ ਖੇਲ ਸਾਹਿਬ ਸੁਲਤਾਨਾ, ਸੋਈ ਸੁਰਤੀ ਮਾਤ ਉਠਾਈਆ। ਜੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨਾ, ਦੋ ਜਹਾਨਾਂ ਇਕ ਅਖਵਾਈਆ। ਜਿਸ ਦਾ ਜਲਵਾ ਨੂਰ ਨੁਰਾਨਾ, ਜੋਤੀ ਜਾਤਾ ਡਗਮਗਾਈਆ। ਜਿਸ ਨੂੰ ਪੈਗ਼ੰਬਰਾਂ ਕੀਤੀਆਂ ਸਲਾਮਾਂ, ਸਜਦਿਆਂ ਵਿਚ ਸੀਸ ਝੁਕਾਈਆ। ਸੁਣਿਆ ਧੁਰ ਪੈਗ਼ਾਮਾ, ਅਲਫ਼ ਯੇ ਤੋਂ ਬਾਹਰ ਪੜ੍ਹਾਈਆ। ਅੰਤਮ ਆਉਣਾ ਇਕੋ ਮਰਦ ਮਰਦਾਨਾ, ਸੂਰਬੀਰ ਨੂਰ ਅਲਾਹੀਆ। ਜਿਸ ਦਾ ਰੂਪ ਇਕੋ ਹੋਵੇ ਇਕ ਅਮਾਮਾ, ਅਮਲਾਂ ਤੋਂ ਰਹਿਤ ਨੂਰ ਖ਼ੁਦਾਈਆ। ਉਸ ਦਾ ਤੀਸ ਬਤੀਸ ਹਦੀਸ ਤੋਂ ਬਾਹਰ ਹੋਣਾ ਕਲਮਾ ਕਲਾਮਾ, ਕਾਇਨਾਤ ਤੋਂ ਬਾਹਰ ਹਦਾਇਤ ਇਕ ਸੁਣਾਈਆ। ਜਿਸ ਨੇ ਸ਼ਰਅ ਮੇਟਣੀ ਅੰਧੇਰੀ ਸ਼ਾਮਾ, ਸ਼ਮਅ ਜੋਤ ਨੂਰ ਇਕੋ ਨੂਰ ਕਰੇ ਰੁਸ਼ਨਾਈਆ। ਜਨ ਭਗਤਾਂ ਅੰਤਰ ਵੇਖੇ ਮਾਰ ਧਿਆਨਾ, ਕਾਇਆ ਮਾਟੀ ਜਗਤ ਹਾਟੀ ਫੋਲ ਫੁਲਾਈਆ।। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਭਗਤੀ ਭਾਵ ਅਪਾਰ, ਅਪਰੰਪਰ ਆਪ ਦ੍ਰਿੜਾਈਆ। ਜਿਨ੍ਹਾਂ ਦੇ ਅੰਦਰ ਵਸੇ ਕਰਤਾਰ, ਕੁਦਰਤ ਕਾਦਰ ਵਡ ਵਡਿਆਈਆ। ਦੂਈ ਦਵੈਤੀ ਪਰਦਾ ਦਏ ਉਠਾਲ, ਸ਼ਰੀਅਤ ਰਹਿਣ ਕੋਇ ਨਾ ਪਾਈਆ। ਮਾਰਗ ਦੱਸ ਇਕ ਸੁਖਾਲ, ਸੁਖਮਨ ਟੇਢੀ ਬੰਕ ਪਾਰ ਕਰਾਈਆ। ਅੰਮ੍ਰਿਤ ਸਰੋਵਰ ਦੇ ਉਛਾਲ, ਦੁਰਮਤ ਮੈਲ ਧਵਾਈਆ। ਦੀਪਕ ਜੋਤੀ ਦੇਵੇ ਬਾਲ, ਅੰਧ ਅਗਿਆਨ ਦੇਵੇ ਮਿਟਾਈਆ। ਸੁਣਾ ਕੇ ਸ਼ਬਦ ਸੱਚੀ ਧੁਨਕਾਨ, ਧੁਨ ਆਤਮਕ ਰਾਗ ਦਏ ਦ੍ਰਿੜਾਈਆ। ਲੱਖ ਚੁਰਾਸੀ ਆਵਣ ਜਾਵਣ ਚੁਕਾਏ ਕਾਨ, ਕਰਮ ਕਾਂਡ ਦਾ ਲੇਖਾ ਰਹੇ ਨਾ ਰਾਈਆ। ਹਰਿਜਨ ਵੇਖਣਹਾਰਾ ਬਿਰਧ ਬਾਲ ਜਵਾਨ, ਜਗਤ ਅਵਸਥਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਵਸਤ ਇਕ ਵਰਤਾਈਆ। ਸਚ ਵਸਤ ਦਏ ਗੁਰ ਸਤਿਗੁਰ, ਸਤਿਗੁਰ ਸ਼ਬਦ ਦਇਆ ਕਮਾਈਆ। ਲਹਿਣਾ ਦੇਣਾ ਲੇਖਾ ਪੂਰਾ ਕਰੇ ਧੁਰ, ਧੁਰ ਮਸਤਕ ਵੇਖ ਵਖਾਈਆ। ਜੋ ਸੰਦੇਸ਼ਾ ਦੇ ਕੇ ਗਿਆ ਗੋਬਿੰਦ ਅਨੰਦਪੁਰ, ਪੁਰੀਆਂ ਲੋਆਂ ਤੋਂ ਬਾਹਰ ਜਣਾਈਆ। ਜਿਸ ਵੇਲੇ ਕਲਜੁਗ ਹੋਇਆ ਅੰਧੇਰਾ ਘੋਰ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਵਡਿਆਈ ਮਿਲਣੀ ਠੱਗ ਚੋਰ, ਸਾਧ ਸੰਤ ਰੋਵਣ ਮਾਰਨ ਧਾਹੀਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਣੀ ਅਵਰ ਦੀ ਔਰ, ਹੋੜਾ ਸੱਸੇ ਵਾਲਾ ਦਏ ਗਵਾਹੀਆ। ਆਤਮ ਪਰਮਾਤਮ ਟੁੱਟਣੀ ਡੋਰ, ਹੰ ਬ੍ਰਹਮ ਨਾ ਕੋਇ ਸਮਝਾਈਆ।
ਮਨੂਆ ਦਹਿ ਦਿਸ਼ਾ ਉਠ ਉਠ ਜਾਏ ਦੌੜ, ਅਗੇ ਹੋ ਨਾ ਕੋਇ ਅਟਕਾਈਆ। ਉਸੇ ਲੇਖੇ ਨੂੰ ਵੇਦ ਵਿਆਸੇ ਕਿਹਾ ਆਵੇ ਬ੍ਰਹਿਮਣ ਗੌੜ, ਪਾਰਬ੍ਰਹਮ ਆਪਣੀ ਕਲ ਧਰਾਈਆ। ਅਵਤਾਰਾਂ ਕਿਹਾ ਅਵਤਰ ਹੋ ਕੇ ਜਾਏ ਬਹੁੜ, ਜਿਸ ਵੇਲੇ ਬਹੁੜੀ ਬਹੁੜੀ ਕਰੇ ਲੋਕਾਈਆ। ਪੈਗ਼ੰਬਰਾਂ ਕਿਹਾ ਸਾਨੂੰ ਸੰਦੇਸਾ ਦੇਵੇ ਅਸੀਂ ਸੁਣਿਆ ਨਾਲ ਗ਼ੌਰ, ਗੋਰਾਂ ਵਿਚ ਪਏ ਸਾਡੇ ਮਕਬਰੇ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਰੰਗ ਇਕ ਰੰਗਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਇਹੋ ਮੇਰੀ ਸਲਾਹ, ਮਸ਼ਵਰਾ ਧੁਰ ਜਣਾਈਆ। ਤੇਈ ਅਵਤਾਰ ਪੈਗ਼ੰਬਰ ਬਣਨ ਗਵਾਹ, ਸ਼ਹਾਦਤ ਦਸ ਗੁਰੂ ਦੇਣ ਭੁਗਤਾਈਆ। ਸਭ ਦਾ ਇਕੋ ਪਿਤਾ ਤੇ ਇਕੋ ਮਾਂ, ਦੂਸਰ ਅਵਰ ਨਾ ਕੋਇ ਜਣੇਂਦੀ ਮਾਈਆ। ਇਕੋ ਕਲਮਾ ਇਕੋ ਨਾਂ, ਨਿਰੰਕਾਰਾ ਇਕ ਅਖਵਾਈਆ। ਜਿਸ ਦਾ ਸੰਦੇਸ਼ਾ ਸਭ ਨੇ ਦਿਤਾ ਥਾਉਂ ਥਾਂ, ਸਤਿਜੁਗ ਤਰੇਤਾ ਦੁਆਪਰ ਕਲਜੁਗ ਰਿਹਾ ਜਣਾਈਆ। ਅੰਤਮ ਲਹਿਣਾ ਦੇਣਾ ਲੇਖਾ ਸਭ ਤੋਂ ਮੰਗੇ ਆ, ਬਚਿਆ ਰਹਿਣ ਕੋਇ ਨਾ ਪਾਈਆ। ਜਾਂ ਤੱਕੇ ਹਕੀਕਤ ਹਕੇ ਕਲਜੁਗ ਜੀਵਾਂ ਬੁੱਧੀ ਹੋਈ ਕਾਂ, ਕਾਗ ਵਾਂਗ ਕੁਰਲਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਸਚ ਸੰਦੇਸ਼ਾ ਦੇਣਾ ਸੁਣਾ, ਦਰੋਹੀ ਤੇਰਾ ਨਾਮ ਖ਼ੁਦਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਬੇਪ੍ਰਵਾਹ, ਪਰਮ ਪੁਰਖ ਤੇਰੇ ਹੱਥ ਵਡਿਆਈਆ। ਸਾਡੀ ਦਰੋਹੀ ਦੁਹਾਈ ਸਦੀ ਚੌਧਵੀਂ ਕਲਜੁਗ ਜੀਵਾਂ ਭੁਲੇ ਤੇਰਾ ਰਾਹ, ਰਹਿਬਰ ਸਾਰੇ ਰਹੇ ਸੁਣਾਈਆ। ਤੂੰ ਨੂਰ ਅਲਾਹੀ ਆਦਿ ਜੁਗਾਦੀ ਇਕ ਖ਼ੁਦਾ, ਵਾਹਿਦ ਤੇਰੇ ਹੱਥ ਵਡਿਆਈਆ। ਸਾਡੇ ਨਾਮ ਕਲਮੇ ਸਾਰੇ ਗਏ ਭੁਲਾ, ਅਭੁਲ ਤੇਰਾ ਭੇਵ ਕੋਇ ਨਾ ਪਾਈਆ। ਆਹ ਤੱਕ ਕਿਸੇ ਨੇ ਸੂਰ ਖਾਧਾ ਕਿਸੇ ਨੇ ਖਾਧੀ ਗਾਂ, ਮਾਨਸ ਹੋ ਕੇ ਪਸ਼ੂਆਂ ਖੱਲ ਲੁਹਾਈਆ। ਜਿਸ ਕਾਰਨ ਗੋਬਿੰਦ ਖੰਡਾ ਗਿਆ ਖੜਕਾ, ਖੜਗ ਆਪਣੇ ਦਸਤ ਉਠਾਈਆ। ਓਹਦਾ ਲਹਿਣਾ ਦੇਣਾ ਲੇਖਾ ਹੱਥੋ ਹੱਥ ਦੇਣਾ ਚੁਕਾ, ਚਾਰੋਂ ਕੁੰਟ ਲੇਖਾ ਰਹੇ ਨਾ ਰਾਈਆ। ਜਨ ਭਗਤ ਸੁਹੇਲੇ ਗੁਰੂ ਗੁਰ ਚੇਲੇ ਲੈਣੇ ਜਗਾ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਪਰਮ ਪੁਰਖ ਪਰਮਾਤਮ ਆਤਮ ਮੇਲੇ ਲੈਣੇ ਮਿਲਾ, ਵਿਛੋੜਾ ਰਹਿਣ ਕੋਇ ਨਾ ਪਾਈਆ। ਕੋਝੇ ਕਮਲੇ ਗ਼ਰੀਬ ਨਿਮਾਣੇ ਗਲੇ ਲੈਣੇ ਲਗਾ, ਊਚ ਨੀਚ ਦਾ ਡੇਰਾ ਦੇਣਾ ਢਾਹੀਆ। ਜਨ ਭਗਤ ਸੁਹੇਲੇ ਸਾਚੇ ਮੀਤ ਦਰਗਾਹ ਸਾਚੀ ਸਚਖੰਡ ਦਵਾਰੇ ਦੇਣੇ ਬਹਾ, ਰਾਹ ਵਿਚ ਸਕੇ ਨਾ ਕੋਇ ਅਟਕਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਨ੍ਹਾਂ ਨੂੰ ਤੱਕਣ ਨਾਲ ਚਾਅ, ਅਵਤਾਰ ਪੈਗ਼ੰਬਰ ਗੁਰੂ ਵੇਖ ਕੇ ਖ਼ੁਸ਼ੀ ਬਣਾਈਆ। ਵਿਚ ਜੋਤੀ ਜੋਤ ਲੈਣੇ ਮਿਲਾ, ਜੋਤੀ ਜਾਤੇ ਤੇਰੇ ਹੱਥ ਵਡਿਆਈਆ। ਤੇਰੇ ਸੰਤ ਤੇਰੇ ਰੂਪ ਵਿਚ ਅਨੰਤ ਜਾਣਾ ਸਮਾ, ਕਲਜੁਗ ਕੂੜੀ ਕਿਰਿਆ ਸਮਾਪਤ ਹੋਵੇ ਖ਼ਲਕ ਖ਼ੁਦਾਈਆ। ਤੂੰ ਰਹੀਮ ਰਹਿਮਾਨਾ ਤੇਰੇ ਅਗੇ ਇਕ ਦੁਆ, ਦੋਏ ਜੋੜ ਕੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤ ਤੇਰਾ ਉਜਲ ਮੁਖ, ਦੁਰਮਤ ਮੈਲ ਰਹੇ ਨਾ ਰਾਈਆ। ਸੁਫਲ ਹੋਵੇ ਜਨਣੀ ਕੁੱਖ, ਧੰਨ ਜਣੇਂਦੀ ਮਾਈਆ। ਨਾਤਾ ਤੁਟੇ ਉਲਟੇ ਗਰਭ ਰੁੱਖ, ਦਸ ਦਸ ਮਾਸ ਨਾ ਅਗਨ ਤਪਾਈਆ। ਆਤਮ ਪਰਮਾਤਮ ਦੇਵੇ ਸੁਖ, ਸੁਖ ਸਾਗਰ ਵਿਚ ਸਮਾਈਆ। ਝਗੜਾ ਮੇਟੇ ਕਾਇਆ ਪੰਜ ਭੁਤ, ਪੰਚਮ ਪੰਚ ਕਰੇ ਸ਼ਨਵਾਈਆ। ਸਚ ਸੁਹੰਜਣੀ ਹੋਵੇ ਰੁਤ, ਰੁਤੜੀ ਪ੍ਰਭ ਨਾਲ ਮਹਿਕਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਚੇਤਨ ਪਰਦਾ ਦਏ ਉਠਾਈਆ। ਆਵਣ ਜਾਵਣ
ਮੇਟੇ ਦੁੱਖ, ਦੁੱਖ ਅਵਰ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਜਲ ਕਰੇ ਦੋ ਜਹਾਨਾਂ ਮੁਖ, ਜੋ ਮੁਖੜਾ ਹਰਿ ਹਰਿ ਨਾਮ ਧਿਆਈਆ।
੮ ਅੱਸੂ ਸ਼ਹਿਨਸ਼ਾਹੀ ਸੰਮਤ ਅੱਠ ਇੰਗਲੈਂਡ ਵਿਲਨਹਾਲ ਸਟੈਫਰਡ ਸ਼ਾਇਰ ੧੩੫ ਜਿਪਸੀ ਲੇਨ ਮਹਿੰਦਰ ਕੌਰ ਦੇ ਗ੍ਰਹਿ
ਸਪਤਸ ਰਿਖ ਕਹਿਣ ਸਾਡੀ ਏਥੇ ਆਸਾ ਪੁੱਜੀ, ਪੂਜਸ ਜਗਹ ਕੋਈ ਨਾ ਦਏ ਗਵਾਹੀਆ। ਅਸਾਂ ਰਮਜ਼ ਮਾਰੀ ਧਰਨੀ ਉਤੇ ਗੁੱਝੀ, ਇਸ਼ਾਰਾ ਇਸ਼ਾਰੇ ਵਿਚੋਂ ਜਣਾਈਆ। ਕਮਲੀਏ ਤੇਰਾ ਖੇਲ ਹੁੰਦਾ ਜੁਗ ਜੁਗੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਭੱਜੇਂ ਵਾਹੋ ਦਾਹੀਆ। ਤੇਰੀ ਕਿਸਮ ਕਿਸੇ ਨਾ ਕੀਤੀ ਉਘੀ, ਦੋ ਜਹਾਨ ਮਿਲੇ ਨਾ ਕੋਇ ਵਡਿਆਈਆ। ਝਟ ਧਰਨੀ ਰੋ ਪਈ ਭੁੱਬੀ, ਬਿਨ ਨੈਣਾਂ ਨੀਰ ਵਹਾਈਆ। ਮੇਰੀ ਬਸੁਧਾ ਦੀ ਰਹੀ ਕੋਇ ਨਾ ਸੁਧੀ, ਵਦੀ ਸੁਦੀ ਸਮਝ ਕਿਸੇ ਨਾ ਆਈਆ। ਮੈਂ ਵੇਖਾਂ ਨੈਣ ਉਠਾ ਕੇ ਉਚੀ, ਉਚ ਅਗੰਮ ਅਥਾਹ ਕੀ ਤੇਰੀ ਬੇਪ੍ਰਵਾਹੀਆ। ਤੇਰੇ ਚਰਨ ਕਵਲਾਂ ਮੇਰੀ ਲੱਗੀ ਰਹੇ ਰੁਚੀ, ਇਸ਼ਟ ਦੇਵ ਇਕ ਮਨਾਈਆ। ਸਪਤਸ ਰਿਖ ਕਹਿਣ ਚਾਰ ਕੁੰਟ ਤੱਕ ਕੇ ਕਿਹਾ ਕਲਜੁਗ ਤੇਰੀ ਕੁੱਖ ਰਹਿਣੀ ਨਹੀਂ ਸੁੱਚੀ, ਸੰਜਮ ਸਚ ਨਾ ਕੋਇ ਕਮਾਈਆ। ਜੀਵ ਜੰਤ ਹੋਣੇ ਦੁਖੀ, ਦੁਖੀਆਂ ਦਰਦ ਨਾ ਕੋਇ ਮਿਟਾਈਆ। ਜਨਣੀ ਭਾਗ ਲੱਗੇ ਕਿਸੇ ਨਾ ਕੁੱਖੀ, ਭਗਤ ਜਨਮੇ ਕੋਇ ਨਾ ਮਾਈਆ। ਜਗਤ ਵਾਸ਼ਨਾ ਮਾਇਆ ਮਮਤਾ ਦੀਨ ਦੁਨੀ ਜਾਣੀ ਲੁੱਟੀ, ਲੁਟੇਰਾ ਕਲਜੁਗ ਬਣੇ ਭੱਜੇ ਵਾਹੋ ਦਾਹੀਆ। ਸਭ ਦੀ ਜੀਵਣ ਚੋਗ ਜਾਣੀ ਨਿਖੁੱਟੀ, ਸਿਰ ਹੱਥ ਨਾ ਕੋਇ ਟਿਕਾਈਆ। ਆਤਮ ਪਰਮਾਤਮ ਧਾਰ ਜਾਣੀ ਟੁੱਟੀ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਦੀਨਾਂ ਮਜ਼੍ਹਬਾਂ ਪਰਮ ਪੁਰਖ ਦਾ ਨਾਮ ਗਾਉਣਾ ਬੁੱਲੀਂ ਬੁੱਟੀਂ, ਹਿਰਦੇ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਸਪਤਸ ਰਿਖ ਕਹਿਣ ਅਸੀਂ ਨਿਗਾਹ ਮਾਰੀ ਤੱਕਿਆ ਨੂਰ ਅਲਾਹ, ਆਦਿ ਪੁਰਖ ਬੇਪਰਵਾਹੀਆ। ਜੋ ਆਦਿ ਜੁਗਾਦਿ ਦੋ ਜਹਾਨਾਂ ਮਲਾਹ, ਬੇੜਾ ਇਕੋ ਇਕ ਰਖਾਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰੂ ਮਲਾਹ, ਸ਼ਹਾਦਤ ਸ਼ਬਦ ਵਾਲੀ ਭੁਗਤਾਈਆ। ਓਹ ਮਿਹਰਵਾਨ ਮਹਿਬੂਬ ਬੇਪਰਵਾਹ, ਨੂਰ ਨੁਰਾਨਾ ਨਜ਼ਰੀ ਆਈਆ। ਜਿਸ ਨੂੰ ਰਾਮ ਕ੍ਰਿਸ਼ਨ ਕਾਹਨ ਕਹਿ ਕੇ ਜਾਣ ਗਾ, ਰਾਮ ਰਾਮਾ ਧੁਰ ਦਾ ਮਾਹੀਆ। ਹਜ਼ਰਤ ਈਸਾ ਮੂਸਾ ਮੁਹੰਮਦ ਉਸੇ ਅਗੇ ਕਰਨ ਦੁਆ, ਖ਼ਾਲੀ ਹੱਥ ਹੱਥ ਉਠਾਈਆ। ਤੂੰ ਵਾਹਿਦ ਮਾਲਕ ਇਕ ਖ਼ੁਦਾ, ਖ਼ਾਦਮ ਹੋ ਕੇ ਸੀਸ ਨਿਵਾਈਆ। ਗੁਰ ਦਸ ਕਹਿਣ ਤੇਰੀ ਚਲੀਏ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਤੇਰੀ ਵਡਿਆਈਆ। ਸਪਤਸ ਰਿਖ ਕਹਿਣ ਅਸਾਂ ਧੁਰ ਸੰਦੇਸਾ ਅਵਰ ਦਿਤਾ ਸੁਣਾ, ਸਹਿਜ ਨਾਲ ਜਣਾਈਆ। ਕਲਜੁਗ ਅੰਤਮ ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਰੂਪ ਜਾਵੇ ਆ, ਨੂਰ ਨੁਰਾਨਾ ਡਗਮਗਾਈਆ। ਨਵ ਖੰਡ ਪ੍ਰਿਥਮੀ ਸੱਤ ਦੀਪ ਵੇਖੇ ਨਾਲ ਚਾਅ, ਕੁਸ਼ਾ ਦੀਪ ਆਪਣਾ ਚਰਨ ਛੁਹਾਈਆ। ਜਿਸ ਵਿਚ ਇੰਗਲੈਂਡ ਇੰਗਲਿਸਤਾਨ ਜਾਵੇ ਆ, ਲੰਡਨ ਲੈਂਡ ਮਾਰਕ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਪਤਸ ਰਿਖ ਕਹਿਣ ਅਸੀਂ ਵੇਖਿਆ ਸੱਤਾਂ
ਝੁਕ, ਸੀਸ ਸੀਸ ਵਿਚੋਂ ਨਿਵਾਈਆ। ਉਸ ਵੇਲੇ ਸਾਡੇ ਮੁਖੋਂ ਨਿਕਲੀ ਅਗੰਮੀ ਤੁਕ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਦਿਤਾ ਗਾਈਆ। ਪੁਰਖ ਅਕਾਲ ਕਿਹਾ ਓਹ ਕਲਜੁਗ ਤੱਕੋ ਮਾਨਸ ਮਾਨੁਖ, ਮਾਨਵ ਖੋਜ ਖੁਜਾਈਆ। ਸਾਚੀ ਮੌਲੇ ਕਿਸੇ ਨਾ ਰੁਤ, ਰੁਤੜੀ ਨਾਮ ਨਾ ਕੋਇ ਮਹਿਕਾਈਆ। ਬਿਨ ਹਰਿਨਾਮੇ ਖ਼ਾਲੀ ਦਿਸਣ ਬੁਤ, ਬੁਤਖ਼ਾਨੇ ਰੋਵਣ ਮਾਰਨ ਧਾਹੀਆ। ਧਰਮ ਦੀ ਧਾਰ ਦਿਸੇ ਕੋਈ ਨਾ ਸੁਤ, ਅਪਰਾਧੀ ਹੋਏ ਕੂੜ ਕੁੜਿਆਰ ਮਚਾਏ ਲੁੱਟ, ਕਾਇਆ ਮੰਦਰ ਅੰਦਰ ਭੱਜੇ ਵਾਹੋ ਦਾਹੀਆ। ਉਸ ਵੇਲੇ ਸਾਹਿਬ ਸਵਾਮੀ ਅੰਤਰਯਾਮੀ ਪੁਰਖ ਅਕਾਲਾ ਦੀਨ ਦਿਆਲਾ ਪਏ ਉਠ, ਜੋਤੀ ਜਾਤਾ ਲਏ ਅੰਗੜਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਚਾਰ ਕੁੰਟਾਂ ਵੇਖੇ ਗੁਠ, ਕੂਚਾ ਗਲੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਪਤਸ ਰਿਖ ਕਹਿਣ ਸਾਡੀ ਅੰਤਰ ਲੱਗੀ ਸੁਰਤੀ, ਅਸੁਤੇ ਪ੍ਰਭੂ ਦਿਤੀ ਵਡਿਆਈਆ। ਅਸਾਂ ਖੇਲ ਤੱਕੀ ਅਗੰਮੀ ਧੁਰ ਦੀ, ਜਿਸ ਦਾ ਭੇਵ ਚਾਰ ਵੇਦ ਕਹਿਣ ਕੋਇ ਨਾ ਪਾਈਆ। ਜੋਤ ਧਾਰ ਤੱਕੀ ਅਕਾਲ ਮੂਰਤੀ, ਜਿਸ ਦਾ ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਫੇਰ ਆਵਾਜ਼ ਸੁਣੀ ਅਗੰਮੀ ਤੂਰਤੀ, ਤੁਰੀਆ ਤੋਂ ਬਾਹਰ ਦ੍ਰਿੜਾਈਆ। ਓਹ ਖੇਲ ਤੱਕੋ ਕਲਜੁਗ ਕੂੜ ਦੀ, ਡੰਕਾ ਕੂੜ ਰਿਹਾ ਵਜਾਈਆ। ਜੀਵਾਂ ਜੰਤਾਂ ਬੁੱਧੀ ਹੋਈ ਮੂੜ੍ਹ ਦੀ, ਮੂਰਖ ਦਿਸੇ ਲੋਕਾਈਆ। ਉਸ ਵੇਲੇ ਮੂਸਾ ਦੀ ਆਵਾਜ਼ ਸੁਣਨੀ ਕੋਹਤੂਰ ਦੀ, ਕੁਦਰਤ ਦਾ ਮਾਲਕ ਦਇਆ ਕਮਾਈਆ। ਈਸਾ ਦੀ ਘੜੀ ਖੇਲ ਰਹੇ ਨਾ ਦੂਰ ਦੀ, ਦੂਰ ਦੁਰਾਡਾ ਪੰਧ ਮੁਕਾਈਆ। ਮੁਹੰਮਦ ਆਸ਼ਾ ਖ਼ਾਹਿਸ਼ ਮਨਸਾ ਹੋਏ ਮਨਜ਼ੂਰ ਦੀ, ਹਕੀਕਤ ਹਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਪਤਸ ਰਿਖ ਕਹਿਣ ਸਾਨੂੰ ਇਸ਼ਾਰਾ ਦਿਤਾ ਅਸੀਂ ਸ਼ਬਦੀ ਧਾਰ ਉਠੇ, ਆਤਮ ਅੰਤਰ ਲਈ ਅੰਗੜਾਈਆ। ਹੁਕਮੇ ਅੰਦਰ ਹੋ ਗਏ ਪੁੱਠੇ, ਕਰਵਟ ਆਪਣੀ ਲਈ ਬਦਲਾਈਆ। ਫੇਰ ਸਾਹਿਬ ਸੁਲਤਾਨਾ ਸ੍ਰੀ ਭਗਵਾਨਾ ਸਾਡੇ ਉਪਰ ਤੁਠੇ, ਮਿਹਰ ਨਜ਼ਰ ਉਠਾਈਆ। ਓਹ ਤੱਕੋ ਸਤਿਜੁਗ ਤਰੇਤਾ ਦੁਆਪਰ ਅੰਤਮ ਮਾਤ ਮੁਕੇ, ਕਲਜੁਗ ਅੰਤਮ ਬੈਠਾ ਰਾਹ ਤਕਾਈਆ। ਕਲਜੁਗ ਜੀਵ ਫਿਰਨ ਰਾਹ ਘੁੱਸੇ, ਮੰਜ਼ਲ ਹਕ ਨਜ਼ਰ ਕਿਸੇ ਨਾ ਆਈਆ। ਜਗਤ ਜਹਾਨ ਸੜੇ ਵਿਚ ਗ਼ੁੱਸੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪ੍ਰਭ ਵਿਛੜਿਆਂ ਨੂੰ ਮੂਲ ਕੋਈ ਨਾ ਪੁਛੇ, ਪੁਸ਼ਤ ਪਨਾਹ ਹੱਥ ਨਾ ਕੋਇ ਰਖਾਈਆ। ਝਗੜਾ ਦਿਸੇ ਸੋਨਾ ਰੁਪੇ, ਕਾਮ ਕਾਮਨੀ ਨਾਲ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਪਤਸ ਰਿਖ ਕਹਿਣ ਨਾਰਦ ਆ ਗਿਆ ਚੁਪਕੇ, ਸਹਿਜ ਨਾਲ ਸੁਣਾਈਆ। ਕਿਉਂ ਰਿਸ਼ੀਓ ਪੁਠੇ ਲਟਕੇ, ਲਟਕਣ ਵਾਲਿਓ ਦਿਆਂ ਜਣਾਈਆ। ਕਿਉਂ ਕਾਮਨਾ ਵਿਚ ਭਟਕੇ, ਭਾਂਡਾ ਭਰਮ ਦਿਓ ਭੰਨਾਈਆ। ਤੁਸੀਂ ਪਿਆਰੇ ਉਸ ਦੇ ਜੋ ਵਸਿਆ ਘਟ ਘਟ ਕੇ, ਘਟ ਘਟ ਰਿਹਾ ਸਮਾਈਆ। ਵਣਜਾਰੇ ਉਸ ਹੱਟ ਦੇ, ਜਿਥੋਂ ਅਵਤਾਰ ਪੈਗ਼ੰਬਰ ਗੁਰੂ ਨਾਮ ਕਲਮੇ ਝੋਲੀਆਂ ਵਿਚ ਭਰਾਈਆ। ਕੀ ਤੁਹਾਨੂੰ ਭੈ ਡਰ ਖਟਕੇ, ਮੈਨੂੰ ਦਿਉ ਸੁਣਾਈਆ। ਝਟ ਸਪਤਸ ਰਿਖੀ ਬੋਲੇ ਝੱਕ ਕੇ, ਹੌਲੀ ਹੌਲੀ ਦ੍ਰਿੜਾਈਆ। ਨਾਰਦਾ ਅਸੀਂ ਕਲਜੁਗ ਅੰਤ ਨਜ਼ਾਰੇ ਤੱਕਦੇ, ਜੋ ਪੁਰਖ ਅਕਾਲਾ ਰਿਹਾ ਵਖਾਈਆ। ਮਾਣ ਰਹੇ ਨਾ ਕਿਸੇ ਹਕ ਦੇ, ਹਕੀਕਤ ਸਮਝ ਕੋਇ ਨਾ ਪਾਈਆ। ਦੀਨ ਮਜ਼੍ਹਬ
ਪਿਆਸੇ ਹੋਣੇ ਰੱਤ ਦੇ, ਸ਼ਰਅ ਸ਼ਰਅ ਨਾਲ ਕਰੇ ਲੜਾਈਆ। ਸਭ ਨੇ ਸੰਦੇਸ਼ੇ ਭੁਲਣੇ ਪਰਮੇਸ਼ਵਰ ਪਤ ਦੇ, ਪਤਤ ਹੋਏ ਲੋਕਾਈਆ। ਧੀਰਜ ਰਹਿਣੇ ਨਹੀਂ ਕਿਸੇ ਯਤ ਦੇ, ਸੰਤੋਖ ਵਿਚ ਨਾ ਕੋਇ ਸਮਾਈਆ। ਵਣਜ ਹੋਣੇ ਬੁੱਧੀ ਮਤ ਦੇ, ਅਨੁਭਵ ਪਰਦਾ ਨਾ ਕੋਇ ਉਠਾਈਆ। ਫੇਰ ਖੇਲ ਤੱਕਣੇ ਸਵਾਮੀ ਪ੍ਰਗਟ ਦੇ, ਜੋ ਪ੍ਰਗਟ ਹੋਵੇ ਬੇਪ੍ਰਵਾਹੀਆ। ਓਹ ਤੱਕ ਸਤਿਜੁਗ ਤਰੇਤਾ ਦੁਆਪਰ ਜੁਗ ਜਾਂਦੇ ਟੱਪਦੇ, ਕਲਜੁਗ ਅੰਤਮ ਰਾਹ ਤਕਾਈਆ। ਉਸ ਵੇਲੇ ਕਲਜੁਗ ਜੀਵਾਂ ਰੂਪ ਧਰਨੇ ਸੱਪ ਦੇ, ਇਕ ਦੂਜੇ ਨੂੰ ਡੱਸਣ ਚਾਈਂ ਚਾਈਂਆ। ਕੋਟਾਂ ਵਿਚੋਂ ਜਨ ਭਗਤ ਸੁਹੇਲੇ ਪ੍ਰਭ ਨੂੰ ਹੋਣੇ ਲੱਭਦੇ, ਜਿਨ੍ਹਾਂ ਦਾ ਮੇਲਾ ਆਪਣੇ ਆਪ ਨਾਲ ਕਰਾਈਆ। ਉਨ੍ਹਾਂ ਦੇ ਜਨਮ ਲੇਖੇ ਲਾਉਣੇ ਬਗੜੇ ਬਪ ਦੇ, ਹੰਸ ਗੁਰਮੁਖ ਆਪ ਬਣਾਈਆ। ਲੇਖੇ ਪੂਰੇ ਕਰ ਕੇ ਤ੍ਰੈਗੁਣ ਤਤ ਦੇ, ਤ੍ਰੈਗੁਣ ਅਤੀਤਾ ਦਏ ਵਡਿਆਈਆ। ਸਪਤਸ ਰਿਖ ਕਹਿਣ ਨਾਰਦ ਹਰਿਜਨ ਸੋਹੰ ਜਾਪ ਵੇਖੇ ਜਪਦੇ, ਕਲਜੁਗ ਅੰਤਮ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਪਤਸ ਰਿਖ ਕਹਿਣ ਅਸਾਂ ਹੁਕਮੇ ਅੰਦਰ ਤੱਕਿਆ, ਤੱਕਿਆ ਖੇਲ ਬੇਪ੍ਰਵਾਹ। ਸਾਨੂੰ ਭੇਵ ਜਣਾਇਆ ਮਦੀਨਾ ਮੱਕਿਆ, ਕਾਅਬਿਆਂ ਪਰਦਾ ਦਿਤਾ ਉਠਾ। ਰਾਹ ਦੱਸਿਆ ਹਕੀਕਤ ਹਕਿਆ, ਹਕੀਕਤ ਦਾ ਮਾਲਕ ਇਕ ਖ਼ੁਦਾ। ਜੋ ਸੂਫ਼ੀ ਭਗਤਾਂ ਦੇ ਪ੍ਰੇਮ ਵਿਚ ਰੱਤਿਆ, ਮੁਹੱਬਤ ਵਿਚ ਨਾ ਹੋਏ ਜੁਦਾ। ਜਿਸ ਇਸ਼ਾਰਾ ਕੀਤਾ ਗੋਬਿੰਦ ਦਾ ਡੰਕ ਵੱਜੇ ਫ਼ਤ੍ਹਿਆ, ਅੰਤਮ ਫ਼ਾਤਿਆ ਸਭ ਦਾ ਦਏ ਪੜ੍ਹਾ। ਓਹ ਪੁਰਖ ਅਕਾਲਾ ਦੀਨ ਦਿਆਲਾ ਸਰਬ ਕਲਾ ਸਮਰਥਿਆ, ਦੇਵਣਹਾਰਾ ਨੂਰ ਅਲਾਹ। ਉਸ ਦਾ ਸਤਿ ਸਤਿਵਾਦੀ ਹੋਵੇ ਹੱਟਿਆ, ਵਸਤ ਅਮੋਲਕ ਅਗੰਮ ਦਏ ਵਰਤਾ। ਜੋਤ ਨੂਰ ਜਗੇ ਲਟ ਲਟਿਆ, ਜਗਤ ਜਹਾਨ ਕਰੇ ਰੁਸ਼ਨਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਧਰਨੀ ਧਰਤ ਧਵਲ ਧੌਲ ਆਵੇ ਨੱਠਿਆ, ਬਿਨ ਕਦਮਾ ਪੰਧ ਮੁਕਾ। ਗੁਰ ਅਵਤਾਰ ਪੈਗ਼ੰਬਰਾਂ ਲੇਖਾ ਲਿਖਿਆ ਵੇਖੇ ਪਟਿਆ, ਸੰਧੀ ਦਾ ਭੇਵ ਰਹੇ ਨਾ ਰਾਅ। ਸਪਤਸ ਰਿਖ ਕਹਿਣ ਨਾਰਦ ਖ਼ੁਸ਼ੀਆਂ ਦੇ ਵਿਚ ਹੱਸਿਆ, ਹੱਸ ਕੇ ਰਿਹਾ ਸੁਣਾ। ਰਿਸ਼ੀਓ ਉਸ ਵੇਲੇ ਕਲਜੁਗ ਰੈਣ ਅੰਧੇਰੀ ਹੋਣੀ ਮੱਸਿਆ, ਸਾਚਾ ਨੂਰ ਚੰਦ ਕਰੇ ਨਾ ਕੋਇ ਰੁਸ਼ਨਾ। ਮਜ਼੍ਹਬ ਦੀਨ ਦੀਨ ਮਜ਼੍ਹਬ ਦੀ ਕਰੇ ਹੱਤਿਆ, ਸਿਰ ਧੜ ਦੋਵੇਂ ਰੋਵਣ ਮਾਰਨ ਧਾਹ। ਚਾਰ ਕੁੰਟ ਕੂੜੀ ਧੂੜੀ ਉਡੇ ਘੱਟਿਆ, ਸਾਚੀ ਖ਼ਾਕ ਖ਼ਾਕੀ ਬੰਦਾ ਸਕੇ ਨਾ ਕੋਇ ਰਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਭਗਤਾਂ ਅੰਤਰ ਆਤਮ ਦੇਵੇ ਰਸਿਆ, ਰਸਤਾ ਪਰਮ ਪੁਰਖ ਪਰਮਾਤਮ ਦਏ ਸਮਝਾ।