ਪੁਸਤਕਾਲਾਭਾਗ ੨੩

੨੭ ਪੋਹ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਦੇ ਸਮੇਂ

ਨਾਰਦ ਕਹੇ ਸੁਣੋ ਜੀ ਭਗਤ ਕਬੀਰ, ਕਾਬੂ ਆਪਣਾ ਆਪ ਕਰਾਈਆ। ਮੈਂ ਕੁਛ ਸਚ ਕਰਾਂ ਤਕਰੀਰ, ਜਿਸ ਦੀ ਤਹਿਰੀਰ ਨਾ ਕਿਸੇ

ਕਰਾਈਆ। ਮੈਂ ਖੇਲ ਤੱਕ ਕੇ ਆਇਆ ਬੇਨਜ਼ੀਰ, ਨਜ਼ਰਾਂ ਤੋਂ ਬਾਹਰ ਧਿਆਨ ਲਗਾਈਆ। ਜਿਸ ਭਾਗ ਲਗਾਇਆ ਤਨ ਵਜੂਦ ਸਰੀਰ, ਪੂਰਨ ਸਿੰਘ ਜਗਤ ਵਡਿਆਈਆ। ਆਪ ਬਣ ਕੇ ਬੱਚਾ ਸ਼ੀਰ, ਸ਼ੀਰਖ਼ਾਰ ਅੰਦਰ ਡੇਰਾ ਲਾਈਆ। ਫੇਰ ਬਿਨਾ ਕਲਮ ਤੋਂ ਮਾਰੀ ਬੈਠਾ ਲਕੀਰ, ਲਾਈਨ ਐਨ ਐਨ ਬਣਾਈਆ। ਜਿਥੇ ਸਭ ਦੀ ਬਦਲ ਰਿਹਾ ਤਕਦੀਰ, ਤਦਬੀਰ ਆਪਣੇ ਹੱਥ ਵਖਾਈਆ। ਮੈਨੂੰ ਇਉਂ ਜਾਪਿਆ ਅਵਤਾਰ ਪੈਂਗ਼ੰਬਰ ਗੁਰੂਆਂ ਦੀ ਰਹਿਣ ਦਿਤੀ ਨਹੀਂ ਕੋਈ ਜਗੀਰ, ਹਕਦਾਰ ਨਾ ਕੋਇ ਅਖਵਾਈਆ। ਜਿਸ ਲੇਖੇ ਲਾਇਆ ਰਵੀਦਾਸ ਦਾ ਇਕ ਕਸੀਰ, ਕਸਮ ਖਾ ਕੇ ਦਿਆਂ ਸੁਣਾਈਆ। ਉਸ ਨੇ ਦੀਨ ਦੁਨੀਆ ਦਾ ਬਦਲ ਦੇਣਾ ਜ਼ਮੀਰ, ਜ਼ਿਮੀਂ ਅਸਮਾਨ ਦੇਣ ਗਵਾਹੀਆ। ਉਸ ਦਾ ਨਾਮ ਖੰਡਾ ਅਗੰਮੀ ਸ਼ਮਸ਼ੀਰ, ਜੋ ਸ਼ਰਅ ਦਾ ਡੇਰਾ ਢਾਹੀਆ। ਓਹਦਾ ਤਨ ਲਬਾਸ ਤੇ ਬਸਤਰ ਚੀਰ, ਚੀਰੇ ਵਾਲਾ ਧੁਰ ਦਾ ਮਾਹੀਆ। ਜੋ ਪੀਰਾਂ ਦਾ ਪੀਰ, ਦਸਤਗੀਰ ਨੂਰ ਖ਼ੁਦਾਈਆ। ਜਿਸ ਲੇਖਾ ਪੂਰਾ ਕਰਨਾ ਸ਼ਾਹ ਹਕੀਰ, ਹਕੀਕਤ ਇਕ ਦ੍ਰਿੜਾਈਆ। ਪੂਜਾ ਰਹਿਣ ਨਾ ਦੇਵੇ ਜੰਡ ਕਰੀਰ, ਪਾਹਨ ਪਾਥਰ ਸੀਸ ਨਾ ਕੋਇ ਨਿਵਾਈਆ। ਓਹਦਾ ਇਕੋ ਫ਼ਿਕਰਾ ਸਾਰੀ ਸ੍ਰਿਸ਼ਟੀ ਨੂੰ ਕਰ ਦੇਵੇ ਫ਼ਕੀਰ, ਘਰ ਬਾਹਰ ਸਾਰੇ ਜਾਣ ਤਜਾਈਆ। ਮਮਤਾ ਦਾ ਰਹੇ ਨਾ ਕੋਇ ਅਮੀਰ, ਮਾਇਆ ਗੰਢ ਨਾ ਕੋਇ ਬੰਧਾਈਆ। ਮੈਂ ਹੈਰਾਨ ਹੋ ਗਿਆ ਓਹ ਆਪ ਪਾਤਸ਼ਾਹ ਤੇ ਸਤਿਗੁਰ ਸ਼ਬਦ ਉਸ ਦਾ ਵਜ਼ੀਰ, ਵਜ਼ਾਰਤ ਭਗਤਾਂ ਵਾਲੀ ਬਣਾਈਆ। ਜਾਂ ਮੈਂ ਨਿਗਾਹ ਮਾਰੀ ਤੇ ਓਹਦਾ ਰਸਤਾ ਦਿਸਿਆ ਭੀੜ, ਭੀੜੀ ਗਲੀ ਪਾਰ ਨਾ ਕੋਇ ਕਰਾਈਆ। ਨਾ ਉਥੇ ਅੰਜੀਲ ਕੁਰਾਨ ਨਾ ਉਥੇ ਵੇਦ ਪੁਰਾਨ ਤੇ ਨਾ ਗੁਰੂ ਗ੍ਰੰਥ ਸਾਹਿਬ ਦੀ ਬੀੜ, ਬਿਨਾ ਅੱਖਰਾਂ ਤੋਂ ਸਭ ਦੇ ਬੇੜੇ ਪਾਰ ਕਰਾਈਆ। ਨਾ ਕਬੀਰਾ ਤੇਰੇ ਵਾਂਗ ਲੰਗੋਟੀ ਕਿਸੇ ਨੇ ਬੱਧੀ ਲੀਰ, ਜੋ ਲੀਰ ਲੀਰ ਹੋ ਕੇ ਵਿਛੜੇ ਇਕੱਠੇ ਲਏ ਕਰਾਈਆ। ਨਾਰਦ ਕਹੇ ਮੇਰੀਆਂ ਅੱਖੀਆਂ ਵਿਚੋਂ ਬਿਨਾ ਹੰਝੂਆਂ ਤੋਂ ਵਗ ਗਿਆ ਨੀਰ, ਨੀਰ ਵਹਿਣਾ ਧਾਰ ਵਹਾਈਆ। ਮੈਂ ਉਥੇ ਹੋਰ ਤੱਕਿਆ ਭੰਡਾਰਾ ਭਗਤਾਂ ਦਾ ਉਥੇ ਨਾ ਪੂੜੀ ਕੜਾਹ ਨਾ ਖੀਰ, ਖ਼ੈਰਖ਼ਾਹ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਵਾ ਦੇਵੀ ਦੇਵਾ ਦੇਵਤ ਸੁਰ ਆਪ ਖਵਾਈਆ। ਨਾਰਦ ਕਹੇ ਕਬੀਰ ਜੀ ਮੈਂ ਕੀ ਕੁਝ ਵੇਖਿਆ, ਬਿਨ ਅੱਖਾਂ ਦਿਤਾ ਵਖਾਈਆ। ਮੈਂ ਫਿਰਿਆਂ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਧਰਤੀ ਦੇ ਪਰਦੇਸਿਆ, ਦੇਸ ਇਕੋ ਵੇਖ ਵਖਾਈਆ। ਜਿਥੇ ਸਾਹਿਬ ਸਵਾਮੀ ਅੰਤਰਜਾਮੀ ਮਾਲਕ ਨਰ ਨਰੇਸ਼ਿਆ, ਨਰ ਨਰਾਇਣ ਖੇਲ ਖਿਲਾਈਆ। ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਧਰ ਕੇ ਭੇਸਿਆ, ਭੇਸ ਅਵੱਲੜਾ ਆਇਆ ਵਟਾਈਆ। ਜੋ ਨਵ ਨੌ ਚਾਰ ਦਾ ਪੂਰਾ ਕਰੇ ਲੇਖਿਆ, ਜੁਗ ਚੌਕੜੀ ਬੈਠੇ ਸੀਸ ਨਿਵਾਈਆ। ਧੁਰ ਦੇ ਹੁਕਮ ਨਾਲ ਸਭ ਦੀ ਬਦਲੇ ਰੇਖਿਆ, ਰਿਖੀ ਮੁਨੀ ਸਿਰ ਨਾ ਕੋਇ ਉਠਾਈਆ। ਜੋ ਮਾਲਕ ਖ਼ਾਲਕ ਆਦਿ ਜੁਗਾਦਿ ਹਮੇਸ਼ਿਆ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਨੂਰ ਅਲਾਹੀਆ। ਉਹਨੂੰ ਜੁਗ ਚੌਕੜੀ ਦਾ ਭੁੱਲਿਆ ਅਜੇ ਨਾ ਚੇਤਿਆ, ਚੇਤਨ ਹੋ ਕੇ ਵੇਖ ਵਖਾਈਆ। ਨਿਰਵੈਰ ਹੋ ਕੇ ਖੇਡਾਂ ਰਿਹਾ ਖੇਡਿਆ, ਖੇਡਣਹਾਰ ਵਡ ਵਡਿਆਈਆ। ਜਿਸ ਨੇ ਅਵਤਾਰ ਪੈਗ਼ੰਬਰ ਗੁਰੂ ਲੋਕਮਾਤ ਵਿਚ ਭੇਜਿਆ, ਭਜਨ ਬੰਦਗੀ ਨਾਮ ਨਾਲ ਦਿਤੀ ਵਡਿਆਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਦੀ ਅੰਦਰ ਸੁੱਤਾ ਸੇਜਿਆ, ਸਾਜਣ ਬਣਿਆ ਧੁਰ ਦਾ ਮਾਹੀਆ। ਮੈਨੂੰ ਚਾਰੋਂ ਕੁੰਟ ਪਏ ਭੁਲੇਖਿਆ,

ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਕਿਹੜਾ ਰਾਮ ਕ੍ਰਿਸ਼ਨ ਤੇ ਕਿਹੜਾ ਈਸਾ ਮੂਸਾ ਮੁਹੰਮਦ ਕਿਹੜਾ ਨਾਨਕ ਕਵਣ ਗੋਬਿੰਦ ਦਸ ਦਸਮੇਸਿਆ, ਤਨ ਵਜੂਦ ਕਵਣ ਵਡ ਵਡਿਆਈਆ। ਜਾਂ ਨਿਗਾਹ ਮਾਰੀ ਸਤਿ ਸਰੂਪ ਸ਼ਾਹੋ ਭੂਪ ਦਿਸਿਆ ਇਕ ਵਿਸ਼ੇਸ਼ਿਆ, ਜੋ ਵਿਸ਼ਿਆਂ ਤੋਂ ਬਾਹਰ ਆਪਣਾ ਨੂਰ ਕਰੇ ਰੁਸ਼ਨਾਈਆ। ਜਿਸ ਨੇ ਕਲਜੁਗ ਅੰਤ ਮਿਟਾਉਣਾ ਕਲੇਸ਼ਿਆ, ਕਲ ਕਾਤੀਆਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਦਇਆ ਕਮਾਈਆ। ਨਾਰਦ ਕਹੇ ਕਬੀਰ ਜੀ ਮੈਂ ਕੀ ਖੋਲਾਂ ਭੇਵ, ਭੇਦ ਕੀ ਜਣਾਈਆ। ਮੰਗਤੇ ਵੇਖੇ ਅਵਤਾਰ ਪੈਗ਼ੰਬਰ ਦੇਵਤ ਦੇਵ, ਸੁਰ ਨਰ ਦੂਰ ਦੁਰਾਡੇ ਝੋਲੀਆਂ ਡਾਹੀਆ। ਵਿਸ਼ਨ ਬ੍ਰਹਮਾ ਸ਼ਿਵ ਮੰਗਤੇ ਬਿਨਾ ਰਸਨਾ ਜਿਹਵ, ਬੱਤੀ ਦੰਦ ਨਾ ਕੋਇ ਮੁਖ ਸੁਹਾਈਆ। ਧਾਮ ਤੱਕਿਆ ਨਿਹਚਲ ਇਕ ਨਿਹਕੇਵ, ਨਿਹਕਰਮੀ ਬੈਠਾ ਆਸਣ ਲਾਈਆ। ਜੋ ਆਪ ਆਪ ਹੋਏ ਅਲਖ ਅਭੇਵ, ਅਗੋਚਰ ਕਹਿਣ ਕੁਝ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਕਬੀਰ ਕਹੇ ਨਾਰਦਾ, ਕੀ ਦੱਸੇਂ ਪ੍ਰਭੂ ਦੀ ਗੱਲ, ਸਮਝ ਕੀ ਸਮਝਾਈਆ। ਜਿਹੜਾ ਵਸੇ ਨਿਹਚਲ ਧਾਮ ਅਟੱਲ, ਸਤਿ ਦਵਾਰੇ ਸੋਭਾ ਪਾਈਆ। ਜਿਸ ਦਾ ਮਸਲਾ ਕੋਈ ਕਰੇ ਨਾ ਹੱਲ, ਅੰਤ ਵਿਚ ਅੰਤ ਨਾ ਕੋਇ ਜਣਾਈਆ। ਉਸ ਦਾ ਖੇਲ ਅਛਲ ਅਛੱਲ, ਵਲ ਛਲਧਾਰੀ ਬੇਪ੍ਰਵਾਹੀਆ। ਉਹ ਲਹਿਣਾ ਦੇਣਾ ਪੂਰਾ ਕਰੇ ਰਾਜੇ ਬਲ, ਬਾਵਨ ਸੰਗ ਮਿਲਾਈਆ। ਪ੍ਰਗਟ ਹੋ ਕੇ ਕਲਜੁਗ ਕਲ, ਕਲ ਕਲਕੀ ਨਾਉਂ ਸੁਹਾਈਆ। ਜੋ ਸ਼ਬਦੀ ਧਾਰ ਰਲ, ਸੰਬਲ ਸੋਭਾ ਪਾਈਆ। ਭਗਤਾਂ ਨੂੰ ਦੇਵੇ ਭਗਤੀ ਫਲ, ਅੰਮ੍ਰਿਤ ਰਸ ਆਪ ਚੁਆਈਆ। ਬੂੰਦ ਸਵਾਂਤੀ ਦੇ ਕੇ ਜਲ, ਜਲ ਥਲ ਮਹੀਅਲ ਆਪ ਲੰਘਾਈਆ। ਭਾਗ ਲਗਾ ਕੇ ਕਾਇਆ ਮਾਟੀ ਖੱਲ, ਖ਼ਾਲਕ ਆਪਣਾ ਮੇਲ ਮਿਲਾਈਆ। ਮੈਨੂੰ ਵੀ ਉਥੇ ਲੈ ਕੇ ਚਲ, ਜਿਥੇ ਆਇਆਂ ਫੇਰੀ ਪਾਈਆ। ਸਚ ਦਵਾਰਾ ਲਈਏ ਮੱਲ, ਚਰਨ ਚਰਨੋਦਕ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਕਬੀਰ ਕਹੇ ਨਾਰਦ ਕਰ ਦੇ ਹਾਂ, ਹਾਂ ਹਾਂ ਵਿਚ ਮਿਲਾਈਆ। ਕਿਹੜਾ ਸੁਹਾਵਣਾ ਹੋਵੇ ਥਾਂ, ਥਨੰਤਰ ਮਿਲੇ ਵਡਿਆਈਆ। ਜਿਥੇ ਹੰਸ ਬਣਦੇ ਕਾਂ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਪੁਤ ਤਿਆਗਣ ਮਾਂ, ਪਿਤਾ ਗੋਦ ਨਾ ਕੋਇ ਚਤੁਰਾਈਆ। ਤਿਸ ਸਾਹਿਬ ਦੇ ਬਲ ਬਲ ਜਾਂ, ਜੋ ਜਾਨਣਹਾਰ ਇਕ ਅਖਵਾਈਆ। ਜਿਸ ਝਗੜਾ ਮੁਕਾਇਆ ਸੂਰ ਤੇ ਗਾਂ, ਪੰਛੀਆਂ ਖੱਲ ਨਾ ਕੋਇ ਲੁਹਾਈਆ। ਨਿਰਗੁਣ ਹੋ ਕੇ ਸਰਗੁਣ ਪਕੜੀ ਬਾਂਹ, ਪੱਲੂ ਸ਼ਬਦੀ ਗੰਢ ਰਖਾਈਆ। ਹਰਿਜਨ ਬਣਾ ਕੇ ਭੈਣ ਭਰਾ, ਧਰਮ ਦੀ ਧਾਰ ਇਕ ਸਮਝਾਈਆ। ਓਥੇ ਜਾ ਕੇ ਕਰੀਏ ਵਾਹ ਵਾਹ, ਵਾਹਵਾ ਵਾਹਿਗੁਰੂ ਤੇਰੀ ਬੇਪ੍ਰਵਾਹੀਆ। ਸਾਚਾ ਖੇੜਾ ਨਗਰ ਵੇਖੀਏ ਗਰਾਂ, ਘਰ ਬਾਹਰ ਦੀਨ ਦੁਨੀ ਤਜਾਈਆ। ਜਿਥੇ ਭਗਤਾਂ ਮਿਲਦੀ ਠੰਡੀ ਛਾਂ, ਅਗਨੀ ਅਗ ਨਾ ਕੋਇ ਤਪਾਈਆ। ਸਾਚਾ ਮਾਰਗ ਮਿਲਦਾ ਰਾਹ, ਰਹਿਬਰ ਏਕੋ ਨੂਰ ਅਲਾਹੀਆ। ਓਸ ਨੂੰ ਖ਼ਾਲਕ ਕਹੀਏ ਜਾਂ ਖ਼ੁਦਾ, ਖ਼ੁਦ ਆਪਣਾ ਪੰਧ ਮੁਕਾਈਆ। ਜਿਹੜਾ ਭਗਤਾਂ ਤੋਂ ਹੋਵੇ ਨਾ ਕਦੇ ਜੁਦਾ, ਜੁਜ਼ ਵੱਖਰਾ ਵੰਡ ਨਾ ਕੋਇ ਵੰਡਾਈਆ। ਓਸ ਦੇ ਚਰਨ ਕਵਲਾਂ ਹੋਈਏ ਫ਼ਿਦਾ, ਆਪ ਆਪਾ ਭੇਟ ਕਰਾਈਆ। ਜੇ ਤੂੰ ਨਹੀਂ ਜਾਣਾ ਤੇ ਮੈਨੂੰ ਕਰ ਵਿਦਾ, ਅਲਵਿਦਾ ਕਹਿ ਕੇ ਖ਼ੁਸ਼ੀ ਮਨਾਈਆ। ਮਾਰਗ ਰਸਤਾ ਦੱਸ ਦੇ ਸਿੱਧਾ, ਮੈਂ ਜਾਵਾਂ ਚਾਈਂ ਚਾਈਂਆ।

ਝਟ ਨਾਰਦ ਨੇ ਦੋ ਹੱਥਾਂ ਨਾਲ ਮਾਰਿਆ ਗਿੱਧਾ, ਤਾੜੀ ਦਿਤੀ ਵਜਾਈਆ। ਨਾਲੇ ਪੁੱਠੇ ਭਾਰ ਡਿੱਗਾ, ਮੁਖ ਨੈਣ ਉਪਰ ਟਿਕਾਈਆ। ਨਾਲੇ ਕਰਨ ਲੱਗਾ ਜ਼ਿਦਾ, ਜ਼ਿਦੀਆ ਬਣ ਕੇ ਮੁਖ ਭਵਾਈਆ। ਫੇਰ ਪਰਤ ਕੇ ਹੋ ਗਿਆ ਸਿੱਧਾ, ਨੈਣ ਮੂੰਦ ਨਜ਼ਰੀ ਆਈਆ। ਹੱਥ ਜੋੜ ਕੇ ਕਿਹਾ ਕਬੀਰਾ ਓਸ ਦੇ ਮਿਲਣ ਦੀ ਇਕੋ ਬਿਧਾ, ਜੋ ਬਿਧਨਾ ਦੀ ਲਿਖੀ ਰੇਖ ਦਏ ਮਿਟਾਈਆ। ਜੋ ਅੰਮ੍ਰਿਤ ਰਸ ਦੇਵੇ ਨਿਜਾ, ਨਿਜ ਨੈਣ ਕਰੇ ਰੁਸ਼ਨਾਈਆ। ਓਹ ਭਗਤਾਂ ਦੇ ਪਿਆਰ ਦਾ ਪਿਆਰ ਵਿਚ ਗਿਝਾ, ਬਿਨਾ ਮੁਹੱਬਤ ਤੋਂ ਹੱਥ ਕਿਸੇ ਨਾ ਆਈਆ। ਓਹ ਦਰ ਦਰਬਾਰਾ ਸਦਾ ਨਿਘਾ, ਅਗਨੀ ਠੰਡ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਕਬੀਰ ਕਹੇ ਨਾਰਦ ਕੁਛ ਓਸ ਦੀ ਦੱਸ ਖ਼ੂਬੀ, ਖ਼ੂਬਸੂਰਤ ਇਕੋ ਜਿਹਾ ਨਜ਼ਰੀ ਆਈਆ। ਓਹ ਮਸ਼ਰਕ ਮਗ਼ਰਬ ਕਿ ਸ਼ਮਾਲ ਵਸੇ ਜਨੂਬੀ, ਚਾਰੋਂ ਕੁੰਟ ਦਏ ਜਣਾਈਆ। ਓਹਦੀ ਸਿਫ਼ਤ ਵਡਿਆਈ ਸ਼ਬਦ ਧਾਰ ਕੀ ਹਰੂਫ਼ੀ, ਅੱਖਰਾਂ ਨਾਲ ਸੁਣਾਈਆ। ਓਹ ਦਾਤਾ ਸੂਮ ਕਿ ਮਨਹੂਸੀ, ਕਿ ਮਿਹਰਵਾਨ ਅਖਵਾਈਆ। ਓਸ ਦੀ ਕਿਸ ਬਿਧ ਤੂੰ ਕਰ ਕੇ ਆਇਉਂ ਜਸੂਸੀ, ਪਰਦਾ ਦੇ ਉਠਾਈਆ। ਓਹ ਸਭ ਦਾ ਹਕਦਾਰ ਕਿ ਮਾਲਕ ਦਿਸੇ ਮਾਰੂਸੀ, ਭੇਵ ਦੇਣਾ ਚੁਕਾਈਆ। ਕਿ ਓਹ ਤਨ ਲਗਾਏ ਵਿਭੂਤੀ, ਤਨ ਖ਼ਾਕ ਰਮਾਈਆ। ਕੀ ਭੰਗ ਪੋਸਤ ਪੀਵੇ ਬੂਟੀ, ਅਮਲਾਂ ਵਡ ਵਡਿਆਈਆ। ਕਿ ਨੌ ਦਵਾਰਿਆਂ ਤੋਂ ਬਾਹਰ ਵਸੇ ਤ੍ਰਿਕੁਟੀ, ਸਹੰਸ ਦਲ ਦਸਮ ਦਵਾਰੀ ਸੋਭਾ ਪਾਈਆ। ਕੀ ਸ਼ਬਦ ਹੁਲਾਰਾ ਰਿਹਾ ਝੂਟੀ, ਪਵਣ ਪਵਣਾਂ ਖੇਲ ਖਿਲਾਈਆ। ਕੀ ਜੋਤੀ ਧਾਰ ਲਾਏ ਅਹੂਤੀ, ਸਮਗਰੀ ਕੀ ਰਖਾਈਆ। ਓਸ ਦੀ ਕਿਹੜੀ ਸਾਚੀ ਰੁਤੀ, ਰੁਤੜੀ ਕਵਣ ਮਹਿਕਾਈਆ। ਨਾਰਦ ਕਹੇ ਕਬੀਰਾ ਜੇ ਤੂੰ ਮੈਥੋਂ ਰਿਹਾ ਪੁਛੀ, ਸਚ ਸਚ ਦਿਆਂ ਜਣਾਈਆ। ਮੈਂ ਓਸ ਨੂੰ ਇਉਂ ਤੱਕਿਆ ਓਹ ਭਗਤਾਂ ਦੀ ਕਰੇ ਬੁੱਤੀ, ਬੁਤਖ਼ਾਨਿਆਂ ਵਿਚ ਫੜ ਕੇ ਕਰੇ ਸਫ਼ਾਈਆ। ਸਭ ਦੇ ਭਾਰ ਆਪਣੇ ਕੰਧਿਆਂ ਉਤੇ ਰਿਹਾ ਚੁੱਕੀ, ਗੱਠੜੀ ਇਕੋ ਵਾਰ ਬੰਧਾਈਆ। ਮੈਨੂੰ ਓਸ ਦੇ ਖੇਲ ਦੀ ਸਮਝ ਨਹੀਂ ਆਈ ਉਕੀ, ਕੀ ਆਪਣੀ ਕਾਰ ਭੁਗਤਾਈਆ। ਮੈਂ ਗ੍ਰੰਥ ਸ਼ਾਸਤਰ ਛਡੇ ਤੇ ਮੈਂ ਸੁਣਿਆ ਤੇ ਓਸ ਦੀ ਇਕੋ ਧਾਰ ਦੋ ਤੁਕੀ, ਤੂੰ ਮੇਰਾ ਮੈਂ ਤੇਰਾ ਕਹਿ ਕੇ ਸਭ ਨੂੰ ਪਾਰ ਕਰਾਈਆ। ਓਸ ਦੀ ਖੇਲ ਰਹਿਣੀ ਨਹੀਂ ਸੀ ਲੁਕੀ, ਜਿਸ ਨੇ ਲੁਕਮਾ ਕਰਨਾ ਖ਼ਲਕ ਖ਼ੁਦਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਕੋਲੋਂ ਸਭ ਨੂੰ ਦਵਾਉਣੀ ਛੁੱਟੀ, ਰੁਖ਼ਸਤ ਸਾਰੇ ਦੇਣੇ ਕਰਾਈਆ। ਜਨ ਭਗਤਾਂ ਆਤਮ ਧਾਰ ਮੇਲਣੀ ਟੁੱਟੀ, ਟੁੱਟਿਆਂ ਗੰਢ ਪਵਾਈਆ। ਓਹ ਵਣਜਾਰਾ ਨਹੀਂ ਰਸਨਾ ਜਿਹਵਾ ਬੁੱਲਾਂ ਬੁਟੀ, ਢੋਲਿਆਂ ਵਡ ਵਡਿਆਈਆ। ਓਹ ਪਤਾ ਨਹੀਂ ਕਿਸ ਬਿਧ ਨਾਲ ਅੰਦਰੋਂ ਸੁਰਤ ਉਠਾਵੇ ਸੁੱਤੀ, ਆਲਸ ਨਿੰਦਰਾ ਦਏ ਗਵਾਈਆ। ਬਿਨਾ ਬੋਲਿਆਂ ਆਪਣੇ ਨਾਲ ਲਗਾਵੇ ਰੁਚੀ, ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਕਬੀਰਾ ਮੇਰਾ ਹਾੜਾ, ਹਾਏ ਹਾਏ ਕਰ ਕੇ ਦੇ ਸੁਣਾਈਆ। ਮੈਂ ਵੇਖਿਆ ਜੰਗਲਾਂ ਵਿਚ ਪਹਾੜਾਂ, ਜੂਹਾਂ ਫੋਲ ਫੁਲਾਈਆ। ਮੈਨੂੰ ਸਰਦੀ ਵਿਚ ਸਰਦੀ ਤੇ ਗਰਮੀਆਂ ਵਿਚ ਪਸੀਨਾ ਆਇਆ ਗਾੜ੍ਹਾ, ਭੱਜਿਆ ਵਾਹੋ ਦਾਹੀਆ। ਜਾਂ ਨਿਗਾਹ ਮਾਰੀ ਮੈਂ, ਉਹ ਭਗਤਾਂ ਦਾ ਲਾਈ ਬੈਠਾ ਅਖਾੜਾ, ਜਿਥੇ ਗੋਪੀ ਕਾਹਨ ਸੀਤਾ ਰਾਮ ਸਾਰੇ ਸੀਸ ਨਿਵਾਈਆ। ਸ਼ਾਹੋ ਸ਼ਾਬਾਸੀ ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਜੋਤੀ ਜਾਤਾ ਬਣ

ਕੇ ਧੁਰ ਦਾ ਲਾੜਾ, ਪਤ ਪਤਵੰਤਾ ਸ੍ਰੀ ਭਗਵੰਤਾ ਸਾਚਾ ਕੰਤਾ ਸੋਭਾ ਪਾਈਆ। ਜਿਸ ਨੇ ਰੰਗ ਅਗੰਮਾ ਕਾਇਆ ਚੰਮਾ ਪਵਣ ਸਵਾਸੀ ਦਮਾ ਗੁਰਮੁਖਾਂ ਚਾੜ੍ਹਾ, ਜੋ ਏਥੇ ਓਥੇ ਉੱਤਰ ਕਦੇ ਨਾ ਜਾਈਆ। ਮੈਂ ਹੋ ਗਿਆ ਹੈਰਾਨ, ਉਸ ਦੇ ਪ੍ਰੇਮੀ ਬਿਨਾ ਭਗਤੀ ਤੋਂ ਮਾਰਦੇ ਟਾਹਰਾਂ, ਖ਼ੁਸ਼ੀਆਂ ਦੇ ਢੋਲੇ ਗਾਈਆ। ਸਭ ਨੂੰ ਮਿਲ ਗਿਆ ਯਾਰ ਯਾਰਾਂ ਦਾ ਯਾਰਾ, ਜੋ ਯਰਾਨਾ ਤੋੜ ਨਿਭਾਈਆ। ਜਿਸ ਦੀਆਂ ਵਿਸ਼ਨ ਬ੍ਰਹਮਾ ਸ਼ਿਵ ਪੜ੍ਹਨ ਅਖਬਾਰਾਂ, ਥੱਲੇ ਹੱਥ ਕਿਸੇ ਨਾ ਆਈਆ। ਜਿਸ ਮਜ਼੍ਹਬਾਂ ਦੀਆਂ ਤੋੜਨੀਆਂ ਦੀਵਾਰਾਂ, ਹਦੂਦਾਂ ਹੱਦ ਵਿਚ ਮਿਲਾਈਆ। ਬਦਨੀਤੀਆਂ ਰਹਿਣ ਨਹੀਂ ਦੇਣੀਆਂ ਗਵਾਰਾ, ਨੀਤੀਵਾਨ ਨੀਤੀਆਂ ਦਏ ਬਦਲਾਈਆ। ਜਿਸ ਮਾਣ ਦੇਣਾ ਚੂਹੜੇ ਤੇ ਚਮਿਆਰਾ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਏਕੋ ਰੰਗ ਰੰਗਾਈਆ। ਸਮਾਜ ਬਣਾਉਣਾ ਪੁਰਖ ਨਾਰਾ, ਨਰ ਨਰਾਇਣ ਹੋਏ ਸਹਾਈਆ। ਉਸ ਦੇ ਦਰ ਤੇ ਮੰਗਤੇ ਗੁਰ ਅਵਤਾਰ ਪੈਗ਼ੰਬਰ ਕੋਟਨ ਕੋਟ ਖੜੇ ਵਿਚ ਕਤਾਰਾ, ਕਤਰਾ ਕਤਰਾ ਨਾਮ ਸਭ ਨੂੰ ਰਿਹਾ ਵਰਤਾਈਆ। ਉਸ ਦਾ ਖੇਲ ਅਗੰਮਾ ਓਏ ਕਬੀਰਾ ਬਿਨਾ ਮਾਤਾ ਦੀ ਕੁੱਖ ਤੋਂ ਜੰਮਾ ਬਿਨਾ ਜੋਤ ਤੋਂ ਹੋ ਗਿਆ ਜ਼ਾਹਿਰਾ, ਜ਼ਾਹਰ ਜ਼ਹੂਰ ਆਪਣੀ ਕਲ ਪ੍ਰਗਟਾਈਆ। ਗੋਬਿੰਦ ਦਾ ਨੂਰ ਗੋਬਿੰਦ ਦਾ ਪ੍ਰਕਾਸ਼ ਆ ਗਿਆ ਦੁਬਾਰਾ, ਦੋਹਰਾ ਤਾਲ ਤਲਵਾੜਾ ਦੇ ਵਜਾਈਆ। ਜਿਸ ਦਾ ਏਕੋ ਘਰ ਏਕੋ ਗ੍ਰਹਿ ਏਕੋ ਮੰਦਰ ਏਕਾ ਦਵਾਰਾ, ਦਰੇ ਦਰਬਾਰ ਇਕ ਸੁਹਾਈਆ। ਏਕੋ ਵਸਤ ਏਕੋ ਗੋਲਕ ਏਕੋ ਹੋਵੇ ਭੰਡਾਰਾ, ਏਕਾ ਏਕੰਕਾਰ ਇਕੋ ਵਾਰ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ। ਨਾਰਦ ਕਹੇ ਕਬੀਰ ਜੀ ਓਹਦੀ ਉਲਟੀ ਚਲਣੀ ਨੇਈਆ, ਨੌਕਾ ਅਗੰਮ ਬਣਾਈਆ। ਉਨ੍ਹ ਨਾਤਾ ਤੋੜ ਦੇਣਾ ਜਗਤ ਦਾ ਬਣੇ ਸਾਲਾ ਭਣਵਈਆ, ਦੂਲਹਾ ਦੂਲਹਨ ਸਮਝ ਕੋਇ ਨਾ ਪਾਈਆ। ਜਿਸ ਦੇ ਦਰਬਾਰ ਵਿਚ ਧਰਮ ਰਾਏ ਹਾਜ਼ਰ ਹੋ ਗਿਆ ਲੈ ਕੇ ਵਹੀਆ, ਵਹੀ ਖਾਤਾ ਆਪਣਾ ਆਪ ਵਖਾਈਆ। ਚਿਤ੍ਰਗੁਪਤ ਸੰਦੇਸਾ ਦੇਵੇ ਅਗੇ ਸਈਆ, ਸਚ ਸਚ ਸੁਣਾਈਆ। ਜਿਸ ਦਾ ਇਸ਼ਾਰਾ ਦਿਤਾ ਕਾਹਨ ਘਨੱਈਆ, ਦੁਆਪਰ ਆਪਣੀ ਉਂਗਲ ਉਠਾਈਆ। ਧਰਨੀ ਉਤੇ ਠੋਕਰ ਮਾਰ ਕੇ ਕਿਹਾ ਰਾਮ ਰਮਈਆ, ਰਾਮ ਰਾਮ ਤੇਰੀ ਬੇਪ੍ਰਵਾਹੀਆ। ਕਲਜੁਗ ਅੰਤ ਗੋਬਿੰਦ ਕਿਹਾ ਮੇਰਾ ਲੇਖਾ ਪੂਰਾ ਕਰਾਉਣਾ ਜਿਸ ਬਾਦ ਮੇਰੇ ਢਈਆ, ਢੌਂਕਾ ਜਗਤ ਵਾਲਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਨਾਰਦ ਕਹੇ ਕਬੀਰ ਜੀ ਮੈਂ ਵੇਖੇ ਪਵਣ ਪਾਣੀ, ਬਸੰਤਰਾਂ ਧਿਆਨ ਲਗਾਈਆ। ਮੈਂ ਵੇਖੀ ਚਾਰੇ ਖਾਣੀ, ਖ਼ਾਨਿਆਂ ਫੋਲ ਫੁਲਾਈਆ। ਮੈਂ ਤੱਕੀ ਮਾਇਆ ਰਾਣੀ, ਜੋਬਨਵੰਤੀ ਧਿਆਨ ਲਗਾਈਆ। ਮੈਂ ਆਸ਼ਾ ਤੱਕੀ ਜੀਵ ਪ੍ਰਾਣੀ, ਘਟ ਘਟ ਅੰਦਰ ਵੇਖ ਵਖਾਈਆ। ਮੈਂ ਲੇਖ ਤੱਕੇ ਕਲਮ ਕਾਨੀ, ਕਾਇਨਾਤ ਖੋਜ ਖੁਜਾਈਆ। ਮੈਂ ਜਗਤ ਸ਼ਾਹ ਤੱਕੇ ਦਾਨੀ, ਦਾਨਿਸ਼ਮੰਦਾਂ ਧਿਆਨ ਲਗਾਈਆ। ਮੈਂ ਹੁਕਮ ਸੰਦੇਸੇ ਕਲਮੇ ਸੁਣੇ ਜ਼ਬਾਨੀ, ਜੋ ਸਿਫ਼ਤਾਂ ਨਾਲ ਵਡਿਆਈਆ। ਮੈਂ ਸਾਧਾਂ ਸੰਤਾਂ ਦੇ ਅੰਦਰ ਵੜ ਕੇ ਮੰਜ਼ਲ ਵੇਖੀ ਰੁਹਾਨੀ, ਰੂਹ ਬੁਤ ਫੋਲ ਫੁਲਾਈਆ। ਮੈਂ ਸਤਿਗੁਰ ਸ਼ਬਦ ਧਾਰ ਦੀ ਤੱਕੀ ਕੁਰਬਾਨੀ, ਸ਼ਬਦ ਸ਼ਹੀਦ ਕਵਣ ਅਖਵਾਈਆ। ਮੈਂ ਦੀਨ ਦੁਨੀਆ ਦੀ ਜਾਣੀ ਬੇਈਮਾਨੀ, ਪਰਦੇ ਪਰਦਿਆਂ ਵਿਚੋਂ ਫੁਲਾਈਆ। ਪਰ ਸਭ ਤੋਂ ਵੇਖੀ ਕਬੀਰ ਜੀ ਦੀਨਾਂ ਮਜ਼੍ਹਬਾਂ ਵਾਲੀ ਗ਼ੁਲਾਮੀ, ਸ਼ਰਅ ਦੇ ਜ਼ੰਜੀਰ ਬਿਨਾ ਬੇਨਜ਼ੀਰ ਤੋਂ ਸਕੇ ਨਾ ਕੋਇ ਕਟਾਈਆ। ਪਰ ਓਹ ਮਾਲਕ ਇਕੋ ਜਿਹੜਾ ਸਕੇ ਨਾ ਕੋਇ ਪਹਿਚਾਨੀ,

ਬੇਪਹਿਚਾਨ ਪਹਿਚਾਨ ਵਿਚ ਨਾ ਆਈਆ। ਪਰ ਮੈਂ ਕੀ ਦੱਸਾਂ ਓਹ ਭਗਤਾਂ ਦੀ ਖਾਣ ਆਇਆ ਮਹਿਮਾਨੀ, ਭਗਤ ਭੰਡਾਰਾ ਛੱਕ ਕੇ ਆਪਣੀ ਖ਼ੁਸ਼ੀ ਮਨਾਈਆ। ਓਹ ਨਾਤਾ ਤੋੜ ਕੇ ਅਵਸਥਾ ਬਾਲ ਬਿਰਧ ਜਵਾਨੀ, ਇਕੋ ਰੰਗ ਸਮਾਈਆ। ਓਹਦੀ ਕਥਾ ਵਾਲੀ ਨਹੀਂ ਕਹਾਣੀ, ਕਥ ਕਥ ਕੀ ਦ੍ਰਿੜਾਈਆ। ਓਹਦਾ ਖੇਲ ਅਨੋਖਾ ਮਹਾਨੀ, ਬੇਪ੍ਰਵਾਹ ਬੇਪ੍ਰਵਾਹੀ ਵਿਚ ਸਮਾਈਆ। ਜਿਸ ਸਮੁੰਦ ਸਾਗਰ ਵਰੋਲਣਾ ਪਾਣੀ, ਧਰਨੀ ਧਰਤ ਧਵਲ ਖ਼ਾਕ ਦੇਣੀ ਉਡਾਈਆ। ਓਹਦੀ ਸਿਫ਼ਤ ਕੀ ਦੱਸਾਂ ਜ਼ਬਾਨੀ, ਜੋ ਜ਼ਬ੍ਹਾ ਕਰੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਕਬੀਰ ਕਹੇ ਨਾਰਦਾ ਓਹ ਕਿਸ ਨੂੰ ਦੱਸੇ ਦੋਸ਼ੀ, ਹੁਕਮ ਕੀ ਸੁਣਾਈਆ। ਕਬੀਰ ਕਹੇ ਮੈਂ ਹੋਰ ਕੁਛ ਨਹੀਂ ਜਾਣਦਾ ਓਹ ਭਗਤਾਂ ਦਾ ਬਣਿਆ ਪੜੋਸੀ, ਹਮਸਾਇਆ ਹੋ ਕੇ ਝਟ ਲੰਘਾਈਆ। ਓਹਦੀ ਵਿਚਾਰ ਨਹੀਂ ਕੋਈ ਹੋਛੀ, ਹੋਛਿਆਂ ਗਲੇ ਲਗਾਈਆ। ਕਬੀਰਾ ਨਾ ਓਹ ਪੜ੍ਹਦਾ ਨਾ ਪੜ੍ਹਾਉਂਦਾ ਕਿਸੇ ਨੂੰ ਪੋਥੀ, ਇਕੋ ਨਾਮ ਦਏ ਜਣਾਈਆ। ਮਿਹਰਵਾਨ ਹੋ ਕੇ ਮਿਹਰ ਜਗਾਏ ਜੋਤੀ, ਜੋਤੀ ਜਾਤਾ ਆਪ ਅਖਵਾਈਆ। ਭਗਤ ਸੁਹੇਲੇ ਲੱਭੇ ਵਿਚੋਂ ਕੋਟਨ ਕੋਟੀ, ਕੋਟ ਗੜ੍ਹ ਕਾਇਆ ਫੋਲ ਫੁਲਾਈਆ। ਫੇਰ ਉਨ੍ਹਾਂ ਦੀ ਚੜ੍ਹ ਕੇ ਚੋਟੀ, ਸੁੱਤਿਆਂ ਲਏ ਉਠਾਈਆ। ਰਸਨਾ ਰਸ ਗਵਾ ਕੇ ਮਦਿ ਤੇ ਬੋਟੀ, ਆਤਮ ਰਸ ਦਏ ਸਮਝਾਈਆ। ਬੁੱਧੀ ਰਹਿਣ ਨਾ ਦੇਵੇ ਖੋਟੀ, ਖੋਟੇ ਖਰੇ ਬਣਾਈਆ। ਉਨ੍ਹਾਂ ਦੇ ਭੰਡਾਰੇ ਵਿਚੋਂ ਖ਼ੁਸ਼ੀਆਂ ਨਾਲ ਖਾ ਕੇ ਰੋਟੀ, ਆਪਣੀ ਖ਼ੁਸ਼ੀ ਬਣਾਈਆ। ਜਿਸ ਨੂੰ ਵੇਖਣ ਲੋਕ ਪ੍ਰਲੋਕੀ, ਦੋ ਜਹਾਨ ਧਿਆਨ ਲਗਾਈਆ। ਸੁਣ ਕੇ ਸਚ ਸਲੋਕੀ, ਢੋਲੇ ਸੋਹਲੇ ਸੋਹਲੇ ਢੋਲੇ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਰੰਗਣ ਰਿਹਾ ਰੰਗਾਈਆ। ਕਬੀਰ ਕਹੇ ਨਾਰਦਾ ਓਹ ਸਚ ਦੱਸ ਟਿਕਾਣਾ, ਤੇਰੇ ਟਿੱਕੇ ਮਸਤਕ ਦਿਆਂ ਲਗਾਈਆ। ਉਸ ਸਾਹਿਬ ਦਾ ਕਿਹੜਾ ਬਾਣਾ, ਰੂਪ ਰੰਗ ਦੇ ਸਮਝਾਈਆ। ਕਿ ਸ਼ਹਿਨਸ਼ਾਹੀ ਦਾ ਬਣਿਆ ਰਾਣਾ, ਰਈਅਤ ਕਵਣ ਦਏ ਵਡਿਆਈਆ। ਕੀ ਉਸ ਦਾ ਪੀਣਾ ਖਾਣਾ, ਆਹਾਰ ਕੀ ਚਤੁਰਾਈਆ। ਕੀ ਉਸ ਦਾ ਅਗੰਮੀ ਗਾਣਾ, ਗਾ ਗਾ ਖ਼ੁਸ਼ੀ ਬਣਾਈਆ। ਕੀ ਉਸ ਦਾ ਭੂਮੀ ਉਤੇ ਅਸਥਾਨਾ, ਕਵਣ ਦਵਾਰੇ ਡੇਰਾ ਲਾਈਆ। ਕਿਹੜੇ ਮੰਦਰ ਵਸੇ ਮਕਾਨਾ, ਕਵਣ ਛੱਪਰੀ ਛੰਨ ਛੁਹਾਈਆ। ਕਿਹੜਾ ਇਸ਼ਟ ਮੰਨੇ ਰਾਮਾ, ਕਵਣ ਕਾਹਨਾ ਸੀਸ ਨਿਵਾਈਆ। ਕਿਹੜਾ ਸਤਿ ਦਾ ਹੋਵੇ ਤਰਾਨਾ, ਤੁਰੀਆ ਤੋਂ ਬਾਹਰ ਕੀ ਸ਼ਨਵਾਈਆ। ਨਾਰਦ ਕਿਹਾ ਕਬੀਰ ਜੀ ਮੈਂ ਜੋ ਵੇਖਿਆ ਸੋ ਸੁਣਾਉਣਾ, ਸਹਿਜ ਨਾਲ ਸੁਣਾਈਆ। ਓਹ ਇਕੋ ਮਿਹਰਵਾਨ ਮਿਹਰਵਾਨ ਜਨ ਭਗਤਾਂ ਉਤੇ ਹੋਇਆ ਮਿਹਰਵਾਨਾ, ਮਿਹਰ ਨਜ਼ਰ ਨਾਲ ਤਰਾਈਆ। ਸਚ ਪ੍ਰੀਤੀ ਉਸ ਦਾ ਪੀਣਾ ਖਾਣਾ, ਸਾਰੇ ਰੰਗ ਏਸੇ ਵਿਚ ਜਣਾਈਆ। ਓਹ ਸ਼ਹਿਨਸ਼ਾਹ ਵਾਲੀ ਦੋ ਜਹਾਨਾਂ, ਧਰਮ ਨਿਸ਼ਾਨਾ ਇਕ ਝੁਲਾਈਆ। ਜੋ ਸਭ ਨੂੰ ਕਰਨਾ ਪਏ ਪ੍ਰਵਾਨਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਕਬੀਰ ਕਹੇ ਨਾਰਦ ਛੱਬੀ ਪੋਹ ਦੀ ਦੱਸ ਅਣਹੋਣੀ ਖ਼ਬਰ, ਖ਼ਬਰ ਕੀ ਲਿਆਈਆ। ਨਾਰਦ ਕਹੇ ਕਬੀਰ ਜੀ ਕਰੋ ਸਬਰ, ਧੀਰਜ ਨਾਲ ਦ੍ਰਿੜਾਈਆ। ਪਿਛੇ ਉਸ ਇਕ ਇਕ ਭਗਤ ਕੱਢਿਆ ਵਿਚੋਂ ਕਬਰ, ਮੜ੍ਹੀ ਮਸਾਣਾਂ ਬਾਹਰ ਕਢਾਈਆ। ਹੁਣ ਮੈਂ ਕੀ ਵੇਖਿਆ ਓਹ ਤਾਰੀ ਜਾਂਦਾ ਟੱਬਰਾਂ ਦੇ ਟੱਬਰ, ਬਿਰਧ

ਬਾਲ ਨੌਜਵਾਨਾਂ ਆਪਣੇ ਘਰ ਬਹਾਈਆ। ਆਪ ਬਣ ਕੇ ਅਗੰਮਾ ਸ਼ੇਰ ਬੱਬਰ, ਭੈ ਵਿਚ ਸਾਰੇ ਰਿਹਾ ਡਰਾਈਆ। ਹੁਕਮ ਦਾ ਹਾਕਮ ਬਣ ਕੇ ਜ਼ਬਰ, ਜ਼ਬਰਦਸਤੀ ਗੁਰਮੁਖ ਲਏ ਤਰਾਈਆ। ਚਾਰ ਜੁਗ ਦੀ ਪਿਛਲੀ ਸਭ ਦੀ ਪੂਰੀ ਕਰਦਾ ਸੱਧਰ, ਸਦਮੇ ਸਭ ਦੇ ਰਿਹਾ ਮਿਟਾਈਆ। ਜਿਸ ਨੇ ਦੀਨਾਂ ਮਜ਼੍ਹਬਾਂ ਨੂੰ ਕਰ ਦੇਣਾ ਪੱਧਰ, ਸਤ੍ਹਾ ਬੁਲੰਦੀ ਵੰਡ ਨਾ ਕੋਇ ਵੰਡਾਈਆ। ਦੀਨ ਦੁਨੀ ਵਿਚ ਪਾ ਦੇਣਾ ਗ਼ਦਰ, ਗਦਾਗਰ ਕਰੇ ਲੋਕਾਈਆ। ਫੇਰ ਭਗਤਾਂ ਉਤੇ ਕਰੇ ਮਿਹਰ ਦੀ ਨਦਰ, ਨਜ਼ਰੀ ਨਦਰ ਨਿਹਾਲ ਕਰਾਈਆ। ਸਤਿਜੁਗ ਸਾਚਾ ਲਿਆਏ ਬਦਲ, ਮਿਹਰਵਾਨ ਹੋਏ ਸਹਾਈਆ। ਧਰਮ ਦੀ ਧਾਰ ਕਰਾਏ ਅਦਲ, ਇਨਸਾਫ਼ ਇਕ ਰਖਾਈਆ। ਸਭ ਦਾ ਸਾਂਝਾ ਕਰੇ ਪਤਣ, ਨਈਆ ਨੌਕਾ ਨਾਮ ਚੜ੍ਹਾਈਆ। ਬਿਰਥਾ ਸਾਰੇ ਜਾਣੇ ਯਤਨ, ਯਥਾਰਥ ਪ੍ਰਭੂ ਦਏ ਵਡਿਆਈਆ। ਗੁਰਮੁਖ ਉਪਜਾ ਕੇ ਸਾਚੇ ਰਤਨ, ਅਮੋਲਕ ਆਪਣੇ ਰੰਗ ਰੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਨ੍ਹਾਂ ਨੂੰ ਤੱਕਣ, ਅਵਤਾਰ ਪੈਗ਼ੰਬਰ ਗੁਰ ਨੈਣ ਉਠਾਈਆ। ਸਭ ਦੀ ਝੋਲੀ ਪਾਵੇ ਹਕੀਕਤ ਹਕਣ, ਹਕੂਕ ਸਭ ਨੂੰ ਦਏ ਵਰਤਾਈਆ। ਸਾਚਾ ਮਾਰਗ ਆਇਆ ਦੱਸਣ, ਦਹਿ ਦਿਸ਼ਾ ਦਏ ਜਣਾਈਆ। ਜਿਸ ਦੇ ਹੁਕਮ ਵਿਚ ਲੱਖ ਚੁਰਾਸੀ ਵਸਣ, ਚਾਰੇ ਖਾਣੀ ਸੋਭਾ ਪਾਈਆ। ਓਹ ਅੰਮ੍ਰਿਤ ਅੰਮ੍ਰਿਤ ਦੇਵੇ ਰਸਨ, ਅੰਮ੍ਰਿਤ ਅੰਮ੍ਰਿਤ ਜਾਮ ਪਿਆਈਆ। ਜਿਸ ਲੇਖਾ ਵੇਖਿਆ ਜਾ ਕੇ ਪੱਛਮ, ਪੂਰਬ ਆਪਣਾ ਭੇਵ ਚੁਕਾਈਆ। ਉਸ ਦੀ ਸਾਚੀ ਹੋਣੀ ਰਸਮ, ਰਿਵਾਜ ਇਕ ਦ੍ਰਿੜਾਈਆ। ਜਿਨ੍ਹਾਂ ਭਗਤਾਂ ਕੋਲੋਂ ਛੱਬੀ ਪੋਹ ਨੂੰ ਭਗਤ ਦਵਾਰੇ ਵਿਚ ਖਵਾਈ ਕਸਮ, ਨਾਰਦ ਕਹੇ ਕਬੀਰ ਜੀ ਮੈਂ ਕਸਮ ਖਾ ਕੇ ਦਿਆਂ ਸੁਣਾਈਆ। ਉਸ ਦੇ ਪਿਆਰ ਤੋਂ ਬਿਨਾ ਸਾਰੀ ਸ੍ਰਿਸ਼ਟੀ ਹੋ ਜਾਣੀ ਭਸਮ, ਮਿੱਟੀ ਖ਼ਾਕ ਦਏ ਉਡਾਈਆ। ਮੈਂ ਵੇਖ ਕੇ ਆਇਆ ਨੈਣੀ ਚਸ਼ਮ, ਚਸ਼ਮ ਦੀਦਾ ਧਿਆਨ ਲਗਾਈਆ। ਜਿਸ ਅਸਵਮੇਧ ਯੱਗ ਦਾ ਕਰਾਇਆ ਜਸ਼ਨ, ਖ਼ੁਸ਼ੀਆਂ ਰੰਗ ਰੰਗਾਈਆ। ਉਹਦੇ ਚਰਨਾਂ ਹੇਠ ਕੋਟਨ ਕੋਟ ਬ੍ਰਹਿਮੰਡ ਖੰਡ ਵਸਣ, ਅਣਗਿਣਤ ਅਵਤਾਰ ਪੈਗ਼ੰਬਰ ਗੁਰੂ ਸੇਵ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋ ਕੇ ਭੱਜਣ, ਨੱਠਣ ਵਾਹੋ ਦਾਹੀਆ। ਗੋਪੀ ਕਾਹਨ ਬਹਿ ਕੇ ਮਗਨ, ਉਸੇ ਦਾ ਢੋਲਾ ਗਾਈਆ। ਜਿਸ ਨੇ ਭਗਤਾਂ ਨੂੰ ਆਪਣੇ ਪ੍ਰੇਮ ਦਾ ਪਾਇਆ ਸ਼ਗਨ, ਨਾਤਾ ਆਤਮ ਪਰਮਾਤਮ ਜੁੜਾਈਆ। ਓਹ ਦੀਪਕ ਦੀਏ ਉਸ ਸਾਹਿਬ ਦੇ ਜਗਣ, ਜਿਸ ਦੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਖਿਲਾਈਆ। ਨਾਰਦ ਕਹੇ ਛੱਬੀ ਪੋਹ ਮੈਂ ਕੀ ਜਾਣਿਆ, ਅਣਜਾਣਤ ਕੀ ਜਣਾਈਆ। ਪ੍ਰਭੂ ਮਾਣ ਤੋੜ ਕੇ ਰਾਜਿਆਂ ਰਾਣਿਆਂ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਤੋਲ ਤੋਲ ਕੇ ਤੱਕੜ ਦਾਣਿਆਂ, ਅੰਨ ਦਾਤੇ ਦਿਤੀ ਵਡਿਆਈਆ। ਮਾਣ ਦੇ ਕੇ ਵਿਚ ਜਹਾਨਿਆ, ਦੋ ਜਹਾਨਾਂ ਪਾਰ ਕਰਾਈਆ। ਜਿਥੇ ਧਰਮ ਦਾ ਇਕ ਨਿਸ਼ਾਨਿਆ, ਦੂਜਾ ਨਿਸ਼ਾਨ ਨਾ ਕੋਇ ਝੁਲਾਈਆ। ਭਗਤ ਦਵਾਰੇ ਖੇਲ ਵੇਖਿਆ ਮਹਾਨਿਆ, ਮਹਿੰਮਾ ਕਥ ਕਥ ਸੁਣਾਈਆ। ਸਚ ਭੰਡਾਰ ਪੀਣਾ ਖਾਣਿਆ, ਖਾ ਖਾ ਸ਼ੁਕਰ ਮਨਾਈਆ। ਜਨ ਭਗਤਾਂ ਵਰ ਦਿਤਾ ਵਿਸ਼ਨੂੰ ਭਗਵਾਨਿਆ, ਵਿਸ਼ਵ ਦਾ ਮਾਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਛੱਬੀ ਪੋਹ ਤੋਂ ਆ ਗਿਆ ਸਤਾਈ, ਸਚ ਦਿਆਂ ਸੁਣਾਈਆ। ਕਬੀਰ ਜੀ ਸਚਖੰਡ ਵਿਚ ਸਾਰਿਆਂ ਭਗਤਾਂ ਨੂੰ ਕਹੋ ਭਗਤ ਦਵਾਰੇ ਦੇ ਭਗਤਾਂ ਨੂੰ ਦੇਣ ਵਧਾਈ, ਧੁਰ ਦੀ ਆਵਾਜ਼ ਲਗਾਈਆ। ਤੁਹਾਡਾ ਸਾਡਾ ਇਕੋ

ਸਾਂਝਾ ਮਾਹੀ, ਜੋਤੀ ਜਾਤਾ ਇਕ ਅਖਵਾਈਆ। ਜਿਹੜਾ ਕਲਜੁਗ ਅੰਤਮ ਬਣਿਆ ਰਾਹੀ, ਭੱਜੇ ਵਾਹੋ ਦਾਹੀਆ। ਜਿਸ ਦੀ ਸਾਰੇ ਦੇਣ ਗਵਾਹੀ, ਸ਼ਹਾਦਤ ਅਵਤਾਰ ਪੈਗ਼ੰਬਰ ਗੁਰ ਭੁਗਤਾਈਆ। ਉਸ ਦਾ ਲੇਖ ਮਿਟੇ ਨਾ ਰਾਈ, ਨਾ ਕੋਈ ਮੇਟ ਮਿਟਾਈਆ। ਓਹ ਵੇਖਣਹਾਰਾ ਕੂੜ ਕਸਾਈ, ਚਾਰੋਂ ਕੁੰਟ ਫੋਲ ਫੁਲਾਈਆ। ਓਹ ਵੇਖੇ ਕਲਜੁਗ ਝੂਠੀ ਸ਼ਾਹੀ, ਸ਼ਹਿਨਸ਼ਾਹ ਬੇਪ੍ਰਵਾਹੀਆ। ਜੋ ਜਨ ਭਗਤਾਂ ਹੋਇਆ ਸਹਾਈ, ਸਿਰ ਸਿਰ ਹੱਥ ਟਿਕਾਈਆ। ਜਿਸ ਧਰਮ ਦੇ ਤੱਕੜ ਹਰਿ ਸੰਗਤ ਲਈ ਤੁਲਾਈ, ਤੋਲਾ ਬਣਿਆ ਨੂਰ ਖ਼ੁਦਾਈਆ। ਸਤਿ ਪਕਵਾਨ ਲਿਆ ਪਕਾਈ, ਪੱਕਾ ਰਿਧਾ ਲੇਖੇ ਲਾਈਆ। ਦੇਗ ਤੇਗ਼ ਦੀ ਗੰਢ ਰਖਾਈ, ਅਗੇ ਸਕੇ ਨਾ ਕੋਇ ਖੁਲਾਈਆ। ਡੰਕਾ ਫ਼ਤਿਹ ਇਕ ਵਜਾਈ, ਵਜਹ ਸਮਝ ਕੋਇ ਨਾ ਪਾਈਆ। ਨਾਰਦ ਕਹੇ ਕਬੀਰਾ ਸਾਰੇ ਮਿਲ ਕੇ ਕਹੀਏ ਇਹੋ ਸਾਡਾ ਮਾਹੀ, ਮਹਿਬੂਬ ਇਕ ਅਖਵਾਈਆ। ਜਿਸ ਨੇ ਸਤਿਜੁਗ ਸਾਚੀ ਬਣਤ ਬਣਾਈ, ਸਚ ਸਚ ਸਚ ਲਏ ਅਪਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖ਼ਸਮ ਗੁਸਾਈਂ ਪੂਰਨ ਪੂਰ ਰਿਹਾ ਸਰਬ ਠਾਈਂ, ਖ਼ਾਲੀ ਦਵਾਰਾ ਨਜ਼ਰ ਕੋਇ ਨਾ ਆਈਆ।