੨੮ ਪੋਹ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਸਵੇਰੇ ਸ਼ਾਦੀਆਂ ਦੇ ਸਮੇਂ ਜ਼ਿਲਾ ਅੰਮ੍ਰਿਤਸਰ
ਸਤਿਜੁਗ ਕਹੇ ਮੋਹੇ ਚਾਓ ਘਨੇਰਾ, ਦੋ ਜਹਾਨਾਂ ਖ਼ੁਸ਼ੀ ਮਨਾਈਆ। ਪੁਰਖ ਅਕਾਲਾ ਦੀਨ ਦਿਆਲਾ ਕਰੇ ਮਿਹਰਾ, ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹੀਆ। ਨਾਤਾ ਜੋੜੇ ਤੂੰ ਮੇਰਾ ਮੈਂ ਤੇਰਾ, ਆਤਮ ਪਰਮਾਤਮ ਸਤਿ ਸਰੂਪ ਬਣਾਈਆ। ਕਲਜੁਗ ਕੂੜੀ ਕਿਰਿਆ ਮਿਟੇ ਅੰਧੇਰਾ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਰਹਿਣ ਨਾ ਪਾਈਆ। ਇਕੋ ਰੰਗ ਰਵੇ ਸੰਝ ਸਵੇਰਾ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਇਕੋ ਰੂਪ ਦਰਸਾਏ ਗੁਰੂ ਗੁਰ ਚੇਰਾ, ਚੇਲਾ ਗੁਰ ਇਕ ਜਣਾਈਆ। ਦੀਨਾਂ ਮਜ਼੍ਹਬਾਂ ਚੁਕਾ ਕੇ ਝੇੜਾ, ਝਗੜਾ ਸ਼ਰਅ ਵਾਲਾ ਮਿਟਾਈਆ। ਸਤਿ ਧਰਮ ਸੁਹਾ ਕੇ ਖੇੜਾ, ਭਗਤ ਦਵਾਰ ਦਏ ਵਡਿਆਈਆ। ਜਨ ਭਗਤਾਂ ਬੰਨ੍ਹੇ ਬੇੜਾ, ਨਈਆ ਨੌਕਾ ਨਾਮ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਜੁਗ ਕਹੇ ਮੋਹੇ ਚਾਓ ਘਨੇਰਾ ਅੰਦਰ, ਗ੍ਰਹਿ ਸਾਚੇ ਵੱਜੇ ਵਧਾਈਆ। ਪ੍ਰਭੂ ਭਾਗ ਲਗਾਇਆ ਧਰਮ ਦੇ ਮੰਦਰ, ਸਚ ਦਵਾਰ ਇਕ ਸੁਹਾਈਆ। ਕਰ ਪ੍ਰਕਾਸ਼ ਅੰਧੇਰੀ ਕੰਦਰ, ਤਨ ਮਾਟੀ ਕਰੇ ਰੁਸ਼ਨਾਈਆ। ਬਜਰ ਕਪਾਟੀ ਤੋੜ ਕੇ ਜੰਦਰ, ਜਨ ਭਗਤਾਂ ਲਏ ਮਿਲਾਈਆ। ਮਨੂਆ ਦਹਿ ਦਿਸ਼ ਉਠ ਨਾ ਧਾਏ ਬੰਦਰ, ਮਾਇਆ ਮਮਤਾ ਨਾ ਕੋਇ ਹਲਕਾਈਆ। ਘਰ ਸਵਾਮੀ ਆਏ ਸੱਦਣ, ਸੰਦੇਸ਼ਾ ਸਚ ਸ਼ਬਦ ਸੁਣਾਈਆ। ਲੇਖਾ ਪੂਰਾ ਕਰੇ ਕਾਇਆ ਬਦਨ, ਕਾਇਆ ਮਾਟੀ ਰੰਗ ਰੰਗਾਈਆ। ਧਰਮ ਦਵਾਰ ਵਖਾ ਕੇ ਪਤਣ, ਘਾਟ ਇਕੋ ਇਕ ਸਮਝਾਈਆ। ਦੂਸਰਾ ਰਹੇ ਕੋਇ ਨਾ ਯਤਨ, ਯਥਾਰਥ ਇਕੋ ਰਾਹ ਚਲਾਈਆ। ਮਾਨਸ ਮਾਨਵ ਮਾਨੁਖ ਨੌ ਖੰਡ ਪ੍ਰਿਥਮੀ ਬਣਾ ਕੇ ਸੱਜਣ, ਸੱਤਾਂ ਦੀਪਾਂ ਜੋੜ ਜੁੜਾਈਆ। ਚਰਨ ਧੂੜ ਕਰਾਏ ਅਗੰਮਾ ਮਜਨ, ਦੁਰਮਤ ਮੈਲ ਮੈਲ ਧਵਾਈਆ। ਨਾਮ ਅਵੱਲੜੀ ਚਾੜ੍ਹੇ ਰੰਗਣ, ਰੰਗ ਰੰਗੀਲਾ ਧੁਰ ਦਾ ਮਾਹੀਆ। ਭਗਤਾਂ ਦਾ ਭਗਤੀ ਨਾਲ ਪਾਏ ਸਗਣ, ਸਤਿ ਸਚ ਕਰੇ ਕੁੜਮਾਈਆ।
ਘਰ ਦੀਪਕ ਜੋਤੀ ਜਗਣ, ਅੰਧ ਅੰਧੇਰ ਗਵਾਈਆ। ਪ੍ਰੀਆ ਨਾਰੀ ਪ੍ਰੇਮ ਵਿਚ ਹੋਵੇ ਮਗਨ, ਮਸਤੀ ਨਾਮ ਖ਼ੁਮਾਰੀ ਇਕ ਰਖਾਈਆ। ਦੀਨ ਮਜ਼੍ਹਬ ਤੋੜ ਕੇ ਹੱਦਣ, ਨਾਤਾ ਸਤਿ ਨਾਲ ਰਖਾਈਆ। ਪੁਰਖ ਅਕਾਲਾ ਹੋਵੇ ਪਰਦੇ ਕੱਜਣ, ਸਿਰ ਆਪਣਾ ਹੱਥ ਟਿਕਾਈਆ। ਦੇਵਤ ਸੁਰ ਗਣ ਗਧੰਰਬ ਯਸ਼ਪ ਕਿਨਰ ਪ੍ਰਭ ਚਰਨ ਦਵਾਰੇ ਨੱਚਣ ਟੱਪਣ, ਖ਼ੁਸ਼ੀਆਂ ਰਾਗ ਅਲਾਈਆ। ਵਿਸ਼ਨ ਬ੍ਰਹਮਾ ਸ਼ਿਵ ਹੱਸਣ, ਸੋਹਣਾ ਤਾਲ ਬਣਾਈਆ। ਅਵਤਾਰ ਪੈਗ਼ੰਬਰ ਗੁਰ ਧਰਮ ਰਾਏ ਦੀ ਧਾਰ ਬੈਠੇ ਮਗਨ, ਜੋਤੀ ਜੋਤ ਵਿਚ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਰਗ ਇਕ ਲਗਾਈਆ। ਸਤਿਜੁਗ ਕਹੇ ਮੈਨੂੰ ਪਰਮ ਪੁਰਖ ਦਿਤੀ ਦਾਤ, ਦਾਤਾ ਦਾਨੀ ਦਇਆ ਕਮਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿ ਦਾ ਸਾਚਾ ਚੰਦ ਚੜ੍ਹਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥ, ਸੋਹੰ ਆਤਮ ਪਰਮਾਤਮ ਕਰੇ ਪੜ੍ਹਾਈਆ। ਮਿਹਰਵਾਨ ਚੜ੍ਹਾ ਕੇ ਆਪਣੇ ਰਾਥ, ਰਥਵਾਹੀ ਹੋ ਕੇ ਸੇਵ ਕਮਾਈਆ। ਜਿਸ ਨੂੰ ਝੁਕਦੇ ਤ੍ਰੈਲੋਕੀ ਨਾਥ, ਰਾਮ ਰਾਮਾ ਸੀਸ ਝੁਕਾਈਆ। ਜਿਸ ਦੀ ਪੈਗ਼ੰਬਰਾਂ ਰਖੀ ਆਸ, ਗੁਰੂ ਗੁਰਦੇਵ ਸਵਾਮੀ ਧਿਆਨ ਲਗਾਈਆ। ਸੋ ਸਚ ਦਾ ਸਚ ਕਰੇ ਪ੍ਰਕਾਸ਼, ਜੋਤੀ ਜਾਤਾ ਡਗਮਗਾਈਆ। ਨਿਰਗੁਣ ਸਰਗੁਣ ਪਾਵੇ ਰਾਸ, ਸੁਰਤੀ ਸ਼ਬਦੀ ਨਾਚ ਨਚਾਈਆ। ਧਰਮ ਦੀ ਧਾਰ ਜਣਾਏ ਵਿਸ਼ਵਾਸ, ਕੂੜੇ ਵਿਸ਼ਿਆਂ ਵਿਚੋਂ ਬਾਹਰ ਕਢਾਈਆ। ਜਨ ਭਗਤਾਂ ਭਗਤੀ ਦੇ ਕੇ ਦਾਤ, ਦਾਸੀ ਦਾਸ ਖੋਜ ਖੁਜਾਈਆ। ਜਿਸ ਨੂੰ ਤੱਕਣ ਪ੍ਰਿਥਮੀ ਆਕਾਸ਼, ਗਗਨ ਮੰਡਲ ਅੱਖ ਉਠਾਈਆ। ਸੋ ਪਰਵਰਦਿਗਾਰਾ ਸਾਂਝਾ ਯਾਰਾ ਖੇਲ ਕਰੇ ਪ੍ਰਭ ਆਪ, ਆਪ ਆਪਣੀ ਦਇਆ ਕਮਾਈਆ। ਜਨ ਭਗਤਾਂ ਬਣ ਕੇ ਮਾਈ ਬਾਪ, ਪਰਮ ਪੁਰਖ ਆਪਣੀ ਗੋਦ ਟਿਕਾਈਆ। ਤਨ ਬਦਨ ਸਰੀਰ ਦਾ ਜਗਤ ਜੋੜ ਕੇ ਨਾਤ, ਪਤ ਪਤਨੀ ਰੰਗ ਰੰਗਾਈਆ। ਰੂਹ ਬੁਤ ਕਰ ਕੇ ਪਾਕ, ਪਤਤ ਪੁਨੀਤ ਕਰੇ ਸਫ਼ਾਈਆ। ਜਗਤ ਸੁਹੇਲੇ ਬਣ ਕੇ ਸਾਕ, ਸੱਜਣ ਸੱਜਣਾਂ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਿਜੁਗ ਕਹੇ ਮੇਰੀ ਸਚ ਬੰਦਨਾ, ਸਚਖੰਡ ਦਵਾਰੇ ਸੀਸ ਨਿਵਾਈਆ। ਦਰ ਦਵਾਰਾ ਧੁਰ ਦਾ ਮੰਗਣਾ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੇ ਸਵਾਮੀ ਪਿਛਲਾ ਕਲਜੁਗ ਪੈਂਡਾ ਵੰਞਣਾ, ਕੂੜਾ ਵੰਝ ਮੁਹਾਣਾ ਰਹਿਣ ਕੋਇ ਨਾ ਪਾਈਆ। ਅਗੇ ਤੇਰਾ ਇਕੋ ਦੀਪਕ ਜੋਤ ਜਗਣਾ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਲੇਖਾ ਮੁਕੇ ਮੱਕਾ ਕਾਅਬਾ ਹੱਜਣਾ, ਹੁਜਰਿਆਂ ਪੰਧ ਮੁਕਾਈਆ। ਮੁੱਲਾ ਸ਼ੇਖ਼ ਮੁਸਾਇਕ ਪੀਰਾਂ ਨੱਸਣਾ, ਸਦੀ ਚੌਧਵੀਂ ਭੱਜਣਾ ਵਾਹੋ ਦਾਹੀਆ। ਤੇਰਾ ਨਾਮ ਨਗਾਰਾ ਦੋ ਜਹਾਨਾਂ ਡੰਕਾ ਵੱਜਣਾ, ਡੌਰੂ ਏਕੋ ਇਕ ਸ਼ਨਵਾਈਆ। ਵੇਦ ਪੁਰਾਨਾਂ ਸ਼ਾਸਤਰਾਂ ਤੈਨੂੰ ਫਿਰ ਫਿਰ ਧਰਨੀ ਧਰਤ ਧਵਲ ਧੌਲ ਤੇ ਲੱਭਣਾ, ਅੰਦਰ ਬਾਹਰ ਖੋਜ ਖੁਜਾਈਆ। ਤੂੰ ਮਾਲਕ ਬਣਨਾ ਸਭਨਾ, ਸਭਾ ਮਲੇਛਾਂ ਦੇਣਾ ਉਠਾਈਆ। ਤੈਨੂੰ ਈਸਾਈ ਪਾਰਸੀ ਮੁਸਲਮ ਕਹਿਣ ਰੱਬਨਾ, ਰਬੇ ਆਲਮੀਨ ਤੇਰੀ ਵਡਿਆਈਆ। ਅਵਤਾਰਾਂ ਪੈਗ਼ੰਬਰਾਂ ਕਹਿਣਾ ਆਦਿ ਨਿਰੰਜਣਾ, ਨੂਰ ਨੁਰਾਨਾ ਧੁਰਦਰਗਾਹੀਆ। ਗੁਰੂਆਂ ਕਹਿਣਾ ਸਤਿਗੁਰ ਸਾਚਾ ਜਿਸ ਦਾ ਸਭ ਨੇ ਜਾਪ ਜਪਣਾ, ਨਾਮ ਨਿਧਾਨਾ ਨਜ਼ਰੀ ਆਈਆ। ਤੂੰ ਸਭ ਦਾ ਬੇੜਾ ਬੰਨ੍ਹਣਾ, ਬੰਨ੍ਹਣਹਾਰ ਇਕ ਅਖਵਾਈਆ। ਨਿਸ਼ਾਨ ਮਿਟਾਉਣੇ ਤਾਰੇ ਚੰਦਨਾ, ਚੰਦ ਸਿਤਾਰ ਨੇਤਰ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਸਤਿਜੁਗ ਕਹੇ ਮੇਰੀ ਮਨਸਾ
ਕਰ ਦੇ ਪੂਰੀ, ਪ੍ਰਭ ਪੂਰਨ ਬ੍ਰਹਮ ਧਿਆਈਆ। ਕਲਜੁਗ ਮੇਟ ਦੇ ਰੀਤੀ ਕੂੜੀ, ਕੁਕਰਮ ਦਾ ਡੇਰਾ ਢਾਹੀਆ। ਬੁਧ ਮਤ ਰਹੇ ਕਿਸੇ ਨਾ ਮੂੜ੍ਹੀ, ਮਨ ਮਨਸਾ ਦੇ ਗਵਾਈਆ। ਜਗਤ ਮਾਰਗ ਬਦਲਣਾ ਜ਼ਰੂਰੀ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਪੰਧ ਮੁਕਾ ਕੇ ਨੇੜਾ ਦੂਰੀ, ਚਾਰ ਵਰਨਾਂ ਅਠਾਰਾਂ ਬਰਨਾਂ ਰੰਗ ਰੰਗਾਈਆ। ਮੂਸੇ ਦੀ ਆਸਾ ਪੂਰੀ ਕਰ ਕੋਹਤੂਰੀ, ਜੋ ਮੂੰਹ ਦੇ ਭਾਰ ਧਿਆਨ ਲਗਾਈਆ। ਈਸਾ ਜੋ ਸਲੀਵ ਉਤੇ ਚੜ੍ਹ ਕੇ ਤੇਰੀ ਸੂਲੀ ਨੂੰ ਸੀਸ ਤਾਜ ਬਣਾਇਆ ਸੂਲੀ, ਸੋ ਪੁਰਖ ਨਿਰੰਜਣ ਧਿਆਨ ਲਗਾਈਆ। ਮੁਹੰਮਦ ਕਿਹਾ ਮੇਰਾ ਅਮਾਮ ਸਦੀ ਚੌਧਵੀਂ ਮੇਰੀ ਅਰਜ਼ ਕਰੇ ਕਬੂਲੀ, ਕਾਅਬਿਆਂ ਤੋਂ ਬਾਹਰ ਰੁਸ਼ਨਾਈਆ। ਸਤਿਗੁਰ ਨਾਨਕ ਕਿਹਾ ਜੁਗ ਬਦਲਣਾ ਓਸ ਦਾ ਖੇਲ ਮਾਮੂਲੀ, ਮਹਾਬਲੀ ਆਪਣਾ ਹੁਕਮ ਵਰਤਾਈਆ। ਗੋਬਿੰਦ ਕਿਹਾ ਓਹ ਵੇਖ ਸ੍ਰਿਸ਼ਟੀ ਭੂਲੀ, ਨੌ ਖੰਡ ਪ੍ਰਿਥਮੀ ਖੋਜ ਖੁਜਾਈਆ। ਓਹ ਸਤਿਗੁਰ ਸ਼ਬਦ ਸਤਿਗੁਰ ਦਾ ਮਾਰਗ ਅਸੂਲੀ, ਅਸਲ ਅਸਲ ਦਾ ਰਾਹ ਵਖਾਈਆ। ਆਤਮ ਪਰਮਾਤਮ ਖੇਲ ਕਰ ਕੰਤ ਕੰਤੂਹਲੀ, ਨਾਰ ਸੁਹਾਗਣ ਦੇ ਵਡਿਆਈਆ। ਜੋ ਸਚ ਪੰਘੂੜਾ ਲਏ ਝੂਲੀ, ਹੁਲਾਰਾ ਦੋ ਜਹਾਨ ਰਖਾਈਆ। ਧਰਨੀ ਧਰਤ ਧਵਲ ਧੌਲ ਫਲੇ ਫੂਲੀ, ਫੁੱਲ ਫੁਲਵਾੜੀ ਮਾਤ ਮਹਿਕਾਈਆ। ਜਨ ਭਗਤ ਸੁਹੇਲੇ ਬਣਾ ਕੇ ਦੂਲ੍ਹਾ ਦੂਲ੍ਹੀ, ਧਰਮ ਦੀ ਜੋੜੀ ਜੋੜ ਜੁੜਾਈਆ। ਸਤਿ ਸਚ ਚੜ੍ਹਾ ਕੇ ਡੋਲੀ, ਚਾਰੇ ਜੁਗ ਕਹਾਰ ਬਣਾਈਆ। ਮਾਇਆ ਮਮਤਾ ਵਿਚ ਨਾ ਪਾਏ ਰੌਲੀ, ਆਸ਼ਾ ਤ੍ਰਿਸ਼ਨਾ ਨਾ ਕੋਇ ਵਧਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰੇ ਇਕਰਾਰ, ਕੌਲੀ, ਜੋ ਭਵਿਖਤਾਂ ਵਿਚ ਅਵਤਾਰ ਪੈਗ਼ੰਬਰ ਗੁਰੂ ਗਏ ਗਾਈਆ। ਏਕਾ ਰੰਗ ਰੰਗਾਏ ਧੌਲੀ, ਧਰਮ ਦੀ ਧਾਰ ਉਪਜਾਈਆ। ਜਿਸ ਦੀ ਮੁਹੱਬਤ ਹਰ ਘਟ ਅੰਦਰ ਮੌਲੀ, ਮੌਲਾ ਰੂਪ ਨੂਰ ਅਲਾਹੀਆ। ਸਚ ਪਿਆਰ ਵਿਚ ਕਿਸੇ ਦੀ ਲੱਗਣ ਨਾ ਦੇਵੇ ਧੇਲੀ ਪੌਲੀ, ਟਕਿਆਂ ਗੰਢ ਨਾ ਕੋਇ ਰਖਾਈਆ। ਨਿਆਜ਼ ਦਏ ਨਾ ਕੋਇ ਚੌਲੀ, ਭੋਜਨ ਪਖ ਨਾ ਕੋਇ ਸਮਝਾਈਆ। ਸਭ ਦੀ ਦ੍ਰਿਸ਼ਟੀ ਅੰਦਰੋਂ ਆਪੇ ਰਿਹਾ ਫੋਲੀ, ਘਟ ਘਟ ਫੋਲ ਫੁਲਾਈਆ। ਜਨ ਭਗਤੋ ਜਿਸ ਤਰਾਂ ਆਤਮਾ ਪਰਮਾਤਮਾ ਦੀ ਇਕੋ ਬੋਲੀ, ਏਸੇ ਤਰਾ ਨਾਰ ਕੰਤ ਤਨ ਸਰੀਰ ਵਾਲੇ ਏਕੋ ਰੰਗ ਬਣਾਈਆ। ਧੁਰ ਦੀ ਦਾਤ ਸਭ ਦੀ ਪਾਵੇ ਝੋਲੀ, ਅਨਡਿਠੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਹੋਏ ਸਹਾਈਆ। ਸਤਿਜੁਗ ਕਹੇ ਪ੍ਰਭੂ ਮੈਂ ਤੇਰਾ ਨਿੱਕਾ ਬਾਲਾ, ਬਚਪਨ ਤੇਰੀ ਗੋਦ ਸੁਹਾਈਆ। ਮੇਰਾ ਕੋਈ ਜਵਾਬ ਨਾ ਕੋਈ ਸਵਾਲਾ, ਪ੍ਰੇਮ ਪ੍ਰੀਤੀ ਵਿਚ ਮੰਗ ਮੰਗਾਈਆ। ਤੇਰੀ ਧਰਮ ਦੀ ਹੋਵੇ ਧਰਮਸਾਲਾ, ਮੰਦਰ ਮਸਜਿਦ ਸ਼ਿਵਦਵਾਲਾ ਮਠ ਗੁਰੂਦਵਾਰਾ ਇਕੋ ਗ੍ਰਹਿ ਨਜ਼ਰੀ ਆਈਆ। ਜਿਥੇ ਦੀਪਕ ਜੋਤੀ ਜਗੇ ਜਲਾਲਾ, ਜ਼ਾਹਰ ਜ਼ਹੂਰ ਹੋਵੇ ਰੁਸ਼ਨਾਈਆ। ਮਾਣ ਮਿਲੇ ਸ਼ਾਹ ਕੰਗਾਲਾ, ਹਕੀਰ ਫ਼ਕੀਰ ਏਕੋ ਘਰ ਬਹਾਈਆ। ਸਤਿਗੁਰ ਸ਼ਬਦ ਹੋਏ ਦਲਾਲਾ, ਵਿਚੋਲਾ ਰਹਿਣ ਕੋਇ ਨਾ ਪਾਈਆ। ਨਾਮ ਭੰਡਾਰਾ ਦੇਣਾ ਬਾਹਲਾ, ਧਨ ਦੌਲਤ ਦਾ ਡੇਰਾ ਡਾਹੀਆ। ਫਲ ਲਗਾਉਣਾ ਸਾਚਾ ਡਾਲਾ, ਪੱਤ ਟਹਿਣੀ ਆਪ ਮਹਿਕਾਈਆ। ਗ੍ਰਹਿ ਮੰਦਰ ਸੋਹੇ ਜਿਥੇ ਤੇਰਾ ਨੂਰ ਉਜਾਲਾ, ਨੂਰ ਨੁਰਾਨਾ ਨਜ਼ਰੀ ਆਈਆ। ਕਲਜੁਗ ਦਾਗ਼ ਧੋਣਾ ਕਾਲਾ, ਧੱਬਾ ਕੂੜ ਦੇਣਾ ਮਿਟਾਈਆ। ਲਾਲਚ ਮੋਹ ਕਿਸੇ ਰਹਿਣ ਨਹੀਂ ਦੇਣਾ ਬਾਹਲਾ, ਤ੍ਰਿਸ਼ਨਾ ਤ੍ਰਿਖਾ ਦੇਣੀ ਬੁਝਾਈਆ। ਮੇਰੀ ਸਤਿ ਧਰਮ ਦੀ ਚਲੇ ਚਾਲਾ, ਸਤਿਜੁਗ ਸਾਚਾ ਆਸ ਰਖਾਈਆ। ਕਿਸੇ ਨੂੰ ਦੇਣਾ ਪਏ ਨਾ ਹਾਲਾ, ਡੰਡਣ ਡੰਡ ਨਾ ਕੋਇ ਲਗਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੇ ਹੱਥ ਵਡਿਆਈਆ। ਸਤਿਜੁਗ ਕਹੇ ਮੇਰੀ ਬੇਨੰਤੀ ਹੋਏ ਪ੍ਰਵਾਨ, ਪ੍ਰਵਾਨਾ ਨਾਮ ਵਾਲਾ ਜਣਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਜਨ ਭਗਤਾਂ ਦਰ ਅਇਆਂ ਦੇਵੇ ਮਾਣ, ਨਿਮਾਣਿਆਂ ਹੋਏ ਸਹਾਈਆ। ਜੋੜ ਜੁੜਾਏ ਹਾਣੀਆਂ ਹਾਣ, ਤਨ ਵਜੂਦ ਵੱਜੇ ਵਧਾਈਆ। ਜਿਸ ਦਾ ਲੇਖਾ ਤੱਕਣ ਸੀਆ ਰਾਮ, ਰਾਧਾ ਕ੍ਰਿਸ਼ਨ ਅੱਖ ਉਠਾਈਆ। ਵਿਸ਼ਨੂੰ ਲਕਸ਼ਮੀ ਕਰੇ ਪ੍ਰਵਾਨ, ਬ੍ਰਹਮਾ ਸੁਰਸਤੀ ਸੋਭਾ ਪਾਈਆ। ਸ਼ੰਕਰ ਪਾਰਬਤੀ ਗਾਏ ਗਾਣ, ਢੋਲੇ ਅਗੰਮ ਅਥਾਹੀਆ। ਅਵਤਾਰ ਪੈਗ਼ੰਬਰ ਗੁਰੂ ਪ੍ਰਭੂ ਧਰਮ ਦਾ ਤੇਰਾ ਧਰਮ ਨਿਸ਼ਾਨ, ਨਿਸ਼ਾਨਾ ਇਕੋ ਨਜ਼ਰੀ ਆਈਆ। ਚਾਰੋਂ ਕੁੰਟ ਤੇਰੇ ਇਨਸਾਨ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਪੰਜਾਂ ਤਤਾਂ ਕਰੀਂ ਕਲਿਆਣ, ਮਨ ਮਤ ਬੁਧ ਨਾਲ ਰਲਾਈਆ। ਆਤਮ ਬ੍ਰਹਮ ਦੇਵੀਂ ਗਿਆਨ, ਜਗਤ ਅੰਧੇਰ ਮਿਟਾਈਆ। ਤੈਨੂੰ ਝੁਕਣ ਜ਼ਿਮੀਂ ਅਸਮਾਨ, ਸੂਰੀਆ ਚੰਦ ਨਿਵ ਨਿਵ ਲਾਗਣ ਪਾਈਂਆ। ਤੂੰ ਮਹਾਬਲੀ ਬਲਵਾਨ, ਬਲਧਾਰੀ ਇਕੋ ਨਜ਼ਰੀ ਆਈਆ। ਜਿਸ ਸਤਿਜੁਗ ਤਰੇਤਾ ਦੁਆਪਰ ਮੇਟਿਆ ਨਿਸ਼ਾਨ, ਕਲਜੁਗ ਅੰਤਮ ਨਿਸ਼ਾਨਾ ਰਹਿਣ ਕੋਇ ਨਾ ਪਾਈਆ। ਮੇਰਾ ਧਰਮ ਕਰਨਾ ਪ੍ਰਧਾਨ, ਪ੍ਰਧਾਨਗੀ ਭਗਤਾਂ ਹੱਥ ਰਖਾਈਆ। ਮੇਰੀ ਸਿਫ਼ਤ ਕਰਨ ਵਾਲੀ ਨਹੀਂ ਜ਼ਬਾਨ, ਜ਼ਿਬਹ ਕਰਨ ਵਾਲਾ ਰਹਿਣ ਨਾ ਪਾਈਆ। ਗੁਰਮੁਖ ਗੁਰਮੁਖ ਮਿਲ ਕੇ ਖ਼ੁਸ਼ੀ ਮਨਾਣ, ਗੁਰਸਿਖ ਗੁਰਸਿਖਾਂ ਰੰਗ ਰੰਗਾਈਆ। ਸ਼ਾਹ ਸੁਲਤਾਨ ਰੰਕ ਰਾਜਾਨ ਇਕੋ ਦਰ ਤੇ ਸੋਭਾ ਪਾਣ, ਦੂਜਾ ਦਰ ਨਾ ਕੋਇ ਵਡਿਆਈਆ। ਤੂੰ ਮੇਰਾ ਮੈਂ ਤੇਰਾ ਸਭ ਨੂੰ ਦੇਵੀਂ ਪਹਿਚਾਨ, ਭੇਵ ਅਭੇਦਾ ਆਪ ਖੁਲਾਈਆ। ਜਨ ਭਗਤਾਂ ਹਮ ਸਾਜਣ ਬਣੀ ਆਣ, ਸਜਣ ਸੁਹੇਲਾ ਇਕੋ ਨਜ਼ਰੀ ਆਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰੋਂ ਕੁੰਟ ਤੇਰਾ ਹੁਕਮ ਹੋਵੇ ਪ੍ਰਵਾਨ, ਪਰਮ ਪੁਰਖ ਤੇਰੀ ਸਰਨਾਈਆ। ਤੇਰਾ ਸਤਿ ਨਿਆਂਏ ਦਾ ਹੋਵੇ ਵਿਧਾਨ, ਜਗਤ ਜਗਿਆਸੂ ਨਾ ਕੋਇ ਬਦਲਾਈਆ। ਲਿਖਿਆ ਲੇਖ ਸਕੇ ਨਾ ਕੋਇ ਮਿਟਾਣ, ਹਰਫ਼ ਹਰੂਫ਼ ਵੰਡ ਨਾ ਕੋਇ ਵੰਡਾਈਆ। ਮੇਰੀ ਬੇਨੰਤੀ ਮੇਰੇ ਮਹਿਬੂਬਾ ਮੰਨਣਾ ਸ੍ਰੀ ਭਗਵਾਨ, ਭਗਵਨ ਤੇਰੀ ਓਟ ਤਕਾਈਆ। ਦਰ ਆਇਆਂ ਜਨ ਭਗਤਾਂ ਕਰੀਂ ਆਪ ਪਹਿਚਾਨ, ਬੇਪਹਿਚਾਨ ਵੇਖ ਵਖਾਈਆ। ਜਗਤ ਜੋੜੀ ਤੇਰੇ ਚਰਨ ਵਿਚ ਜੀਵਤ ਰਹੇ ਜਹਾਨ, ਜਹਾਲਤ ਦੀਨ ਦੁਨੀ ਗਵਾਈਆ। ਮੇਰੀ ਕੋਟਨ ਵਾਰ ਬਿਨਾ ਸੀਸ ਜਗਦੀਸ਼ ਪ੍ਰਨਾਮ, ਡੰਡਾਵਤ ਬੰਦਨਾ ਸਜਦਿਆਂ ਵਿਚ ਸਿਰ ਸਰ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਤਿ ਸਤਿ ਸਤਿ ਧਰਮ ਤੇਰਾ ਮਿਹਰਵਾਨ, ਮਿਹਰਵਾਨ ਮਹਿਬਾਨ ਬੀਖ਼ੈਰ ਯਾ ਅੱਲਾ ਪੁਰਖ ਅਕਾਲੇ ਦੀਨ ਦਿਆਲੇ ਦਇਆਨਿਧ ਠਾਕਰ ਸਵਾਮੀ ਅੰਤਰਜਾਮੀ ਅਕਲ ਕਲ ਧਾਰੀ ਤੇਰੀ ਇਕ ਸਰਨਾਈਆ।
੨੮ ਪੋਹ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਮਾਂ ਜੀ ਬਿਸ਼ਨ ਕੌਰ ਦੇ
ਦਰਬਾਰ ਲਿਆਉਣ ਸਮੇਂ ਦੁਪਹਿਰੇ
ਸੱਤ ਰੰਗਾ ਕਹੇ ਮੈਂ ਦੋ ਜਹਾਨਾਂ ਆਇਆ ਘੁੰਮਦਾ, ਸਚਖੰਡ ਸਤਿ ਜੋਤ ਵਿਚ ਸਮਾਈਆ। ਖੇਲ ਤੱਕ ਆਇਆ ਮਾਲਕ ਕੁੱਲ ਦਾ, ਜੋ
ਕੁੱਲ ਮਾਲਕ ਬੇਪ੍ਰਵਾਹੀਆ। ਲੇਖਾ ਜਾਣਿਆ ਜੋ ਫਲਦਾ ਫੁਲਦਾ, ਆਦਿ ਜੁਗਾਦਿ ਜੁਗ ਚੌਕੜੀ ਜਿਸ ਦੀ ਵਡ ਵਡਿਆਈਆ। ਜਿਸ ਦੇ ਤੋਲ ਕੋਈ ਨਹੀਂ ਤੁਲਦਾ, ਅਤੁਲ ਆਪ ਅਖਵਾਈਆ। ਓਹ ਸਤਿਜੁਗ ਤਰੇਤਾ ਦੁਆਪਰ ਕਲਜੁਗ ਕੀਤੇ ਕੌਲ ਕਦੇ ਨਹੀਂ ਭੁਲਦਾ, ਅਭੁਲ ਸਹਿਜ ਸੁਖਦਾਈਆ। ਜਿਸ ਦਾ ਸਤਿ ਧਰਮ ਦਾ ਬੂਟਾ ਕਦੇ ਨਹੀਂ ਹੁਲਦਾ, ਪੱਤ ਟਹਿਣੀ ਆਪ ਮਹਿਕਾਈਆ। ਓਹਦਾ ਧਰਮ ਨਿਸ਼ਾਨਾ ਝੁਲਦਾ, ਜਿਸ ਨੂੰ ਜ਼ਿਮੀਂ ਅਸਮਾਨ ਸੀਸ ਝੁਕਾਈਆ। ਉਸ ਦਾ ਸਚ ਦਵਾਰ ਖੁਲ੍ਹਦਾ, ਖ਼ਾਲਕ ਖ਼ਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਸੱਤ ਰੰਗਾ ਕਹੇ ਮੈਂ ਸਚਖੰਡ ਵਿਚ ਜਾ ਕੇ ਮਾਰੀ ਇਕ ਠਕੋਰ, ਠੋਕਰ ਸਚ ਲਗਾਈਆ। ਭਗਤੋ ਭਗਤੋ ਭਗਤੋ ਵੇਖੋ ਕਲਜੁਗ ਅੰਧੇਰਾ ਘੋਰ, ਘੋਰੀ ਨਜ਼ਰ ਕਿਸੇ ਨਾ ਆਈਆ। ਸਭ ਦਾ ਸਵਾਮੀ ਬਣਿਆ ਚੋਰ, ਚੋਰੀ ਚੋਰੀ ਆਪਣੀ ਖੇਲ ਵਖਾਈਆ। ਜਿਸ ਦੇ ਅਗੇ ਨਹੀਂ ਕਿਸੇ ਦਾ ਜ਼ੋਰ, ਜ਼ੋਰਾਵਰ ਨਾ ਕੋਇ ਅਖਵਾਈਆ। ਜਿਸ ਦੀ ਅਵਤਾਰ ਪੈਗ਼ੰਬਰ ਗੁਰੂਆਂ ਸ਼ਬਦੀ ਤੰਦ ਬੱਧੀ ਡੋਰ, ਤੰਦ ਨਜ਼ਰ ਕਿਸੇ ਨਾ ਆਈਆ। ਓਹ ਖੇਲ ਕਰੇ ਹੋਰ ਦਾ ਹੋਰ, ਅਵਰ ਅਵਰੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸੱਤ ਰੰਗ ਕਹੇ ਮੈਂ ਸਚਖੰਡ ਜਾ ਕੇ ਹੱਸਿਆ, ਹੱਸ ਕੇ ਦਿਤਾ ਵਖਾਈਆ। ਸਭ ਨੂੰ ਜਾ ਕੇ ਦੱਸਿਆ, ਸਵਾਧਾਨ ਦਿਤੇ ਕਰਾਈਆ। ਵੇਖੋ ਰੈਣ ਅੰਧੇਰੀ ਮੱਸਿਆ, ਚਾਰੋਂ ਕੁੰਟ ਅੰਧੇਰਾ ਛਾਈਆ। ਪ੍ਰਕਾਸ਼ ਰਿਹਾ ਨਾ ਰਵ ਸਸਿਆ, ਮੰਡਲ ਮੰਡਪ ਰਹੇ ਕੁਰਲਾਈਆ। ਧਰਮ ਦੀ ਰਹੀ ਕੋਇ ਨਾ ਸਤਿਆ, ਸਤਿ ਸਚ ਨਾ ਕੋਇ ਜਣਾਈਆ। ਪ੍ਰਭੂ ਪਿਆਰ ਵਿਚ ਕੋਈ ਨਾ ਰਤਿਆ, ਰਤਨ ਅਮੋਲਕ ਸੋਭਾ ਕੋਇ ਨਾ ਪਾਈਆ। ਮੈਂ ਚਾਰੋਂ ਕੁੰਟ ਨੱਸਿਆ, ਭੱਜਿਆ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਕਰਾਈਆ। ਜਨ ਭਗਤ ਕਹਿਣ ਸੱਤ ਰੰਗੇ ਤੇਰਾ ਰੂਪ ਸਤਿ, ਪ੍ਰਭ ਸਤਿ ਦਿਤੀ ਵਡਿਆਈਆ। ਤੇਰਾ ਨਾਲ ਮੇਲਾ ਕਮਲਾਪਤ, ਜੋ ਪਤਿਪਰਮੇਸ਼ਵਰ ਸੋਭਾ ਪਾਈਆ। ਉਸ ਦਾ ਸਾਂਝਾ ਹੋਇਆ ਨਤ, ਏਥੇ ਓਥੇ ਦੋ ਜਹਾਨਾਂ ਖੇਲ ਖਿਲਾਈਆ। ਉਹ ਧਰਨੀ ਉਤੇ ਰਿਹਾ ਵਸ, ਧਵਲ ਦਏ ਵਡਿਆਈਆ। ਜਨ ਭਗਤਾਂ ਦੇਵੇ ਰਸ, ਅੰਮ੍ਰਿਤ ਰਸ ਚੁਆਈਆ। ਸਿਫ਼ਤੀ ਗਾਵੇ ਜਸ, ਢੋਲੇ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਜਨ ਭਗਤ ਕਹਿਣ ਅਸੀਂ ਲੋਕਮਾਤ ਤੇਰਾ ਵੇਖੀਏ ਸਤਿਕਾਰ, ਸੱਤਾਂ ਦੀਪਾਂ ਮਿਲੇ ਵਡਿਆਈਆ। ਅਸੀਂ ਡੰਡਾਵਤ ਬੰਦਨਾ ਕਰੀਏ ਨਿਮਸਕਾਰ, ਨਿਵ ਨਿਵ ਪ੍ਰਭ ਨੂੰ ਸੀਸ ਝੁਕਾਈਆ। ਜੋ ਜੋਤੀ ਜਾਤਾ ਪੁਰਖ ਬਿਧਾਤਾ ਹੋ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਜਿਹੜਾ ਬੈਠਾ ਭਗਤਾਂ ਦੇ ਦਵਾਰ, ਭਗਵਨ ਹੋ ਕੇ ਸੋਭਾ ਪਾਈਆ। ਇਸੇ ਨੇ ਸੰਬਲ ਖੇੜਾ ਕੀਤਾ ਤਿਆਰ, ਸਾਢੇ ਤਿੰਨ ਹੱਥ ਰੰਗ ਰੰਗਾਈਆ। ਓਸ ਧਰਨੀ ਨੂੰ ਸੱਤ ਰੰਗਿਆ ਦੋਹਾਂ ਧਾਰਾਂ ਵਿਚ ਕਰਨੀ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਓਹ ਮਿੱਟੀ ਵਾਲੀ ਧੌਲ ਨਹੀਂ ਓਹ ਬਿਸ਼ਨ ਕੌਰ ਦਾ ਸਰੀਰ ਅਪਾਰ, ਜਿਸ ਵਿਚ ਨਗਰ ਖੇੜਾ ਦਿਤਾ ਬਣਾਈਆ। ਏਸ ਦੀ ਮਰਿਆਦਾ ਰਹੂ ਸਦਾ ਜੁਗ ਚਾਰ, ਜੁਗ ਚੌਕੜੀ ਨਾ ਕੋਇ ਬਦਲਾਈਆ। ਸੱਤ ਰੰਗਿਆ ਤੂੰ ਅਗੇ ਧਰਤ ਮਾਤ ਦਾ ਸਿਕਦਾਰ, ਹੁਣ ਦੂਜਾ ਮਿਲ ਕੇ ਸਚਖੰਡ ਦਾ ਪਹਿਰਾ ਦੇਣਾ ਭਗਤਾਂ ਦਾ ਥਾਉਂ ਥਾਈਂਆ।
ਤੇਰੇ ਸਾਹਮਣੇ ਅਵਤਾਰ ਪੈਗ਼ੰਬਰ ਗੁਰੂ ਸਾਰੇ ਕਰਨ ਪ੍ਰਭੂ ਨੂੰ ਨਿਮਸਕਾਰ, ਸਜਦਿਆਂ ਵਿਚ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਨ ਬਰਖ਼ੁਰਦਾਰ, ਨਿਵ ਨਿਵ ਲਾਗਣ ਪਾਈਆ। ਰਾਏ ਧਰਮ ਚਿਤ੍ਰਗੁਪਤ ਚਰਨ ਧੂੜੀ ਲਾਵੇ ਛਾਰ, ਟਿੱਕੇ ਖ਼ਾਕ ਰਮਾਈਆ। ਲਾੜੀ ਮੌਤ ਜਾਵੇ ਹਾਰ, ਮਲਕਲ ਮੌਤ ਨਾ ਕੋਇ ਵਡਿਆਈਆ। ਕਾਲ ਕਹੇ ਮੈਂ ਆਪਣਾ ਪਾਸਾ ਜਾਵਾਂ ਹਾਰ, ਚਲੇ ਨਾ ਕੋਇ ਚਤੁਰਾਈਆ। ਮਹਾਕਾਲ ਕਹੇ ਮੇਰਾ ਇੰਤਜ਼ਾਰ, ਦੋਵੇਂ ਜੋੜ ਵਾਸਤਾ ਪਾਈਆ। ਸਤਿਗੁਰ ਸ਼ਬਦ ਕਹੇ ਮੈਂ ਆਪ ਕਰਾਂ ਉਸ ਦੀ ਸੰਭਾਲ, ਜਿਨ ਸੰਬਲ ਦੇਸ਼ ਪੂਰਨ ਦਾ ਗੜ੍ਹ ਦਿਤਾ ਵਸਾਈਆ। ਜਿਥੇ ਵਸਿਆ ਪੁਰਖ ਅਕਾਲ, ਜੋਤੀ ਜਾਤਾ ਸੋਭਾ ਪਾਈਆ। ਸੋ ਸਭ ਨੂੰ ਦੇਣ ਆਈ ਦੀਦਾਰ, ਜਨ ਭਗਤੋ ਦਰਸ਼ਨ ਕਰਨਾ ਚਾਈਂ ਚਾਈਂਆ। ਨੌ ਸੌ ਚੁਰਾਨਮੇ ਚੌਕੜੀ ਜੁਗ ਪਿਛੋਂ ਇਹ ਆਉਂਦੀ ਵਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਹੱਥ ਕਦੇ ਨਾ ਆਈਆ। ਇਹ ਵੇਲਾ ਉਦੋਂ ਸੁਹੰਜਣਾ ਹੁੰਦਾ ਜਦੋਂ ਨਿਹਕਲੰਕ ਕਲ ਕਲਕੀ ਆਵੇ ਅਵਤਾਰ, ਅਮਾਮ ਅਮਾਮਾ ਵੇਸ ਵਟਾਈਆ। ਇਹ ਜਗਤ ਮਾਤਾ ਨਹੀਂ ਭਗਤਾਂ ਦਾ ਕਰੇ ਉਧਾਰ, ਬਿਨਾ ਉਦਰ ਤੋਂ ਆਪਣੀ ਕੁੱਖ ਸੁਹਾਈਆ। ਅਠਾਈ ਪੋਹ ਕਹੇ ਅੱਜ ਸ਼ਾਦੀਆਂ ਤੇ ਖ਼ੁਸ਼ੀਆਂ ਦਾ ਵਿਹਾਰ, ਏਸੇ ਖ਼ੁਸ਼ੀ ਵਿਚ ਬਿਸ਼ਨ ਕੌਰ ਨੂੰ ਮਿਲੀ ਵਡਿਆਈਆ। ਇਹ ਏਸੇ ਦੇ ਬਾਗ਼ ਦੀ ਖਿੜੀ ਗੁਲਜ਼ਾਰ, ਜਿਸ ਦਾ ਮਾਲੀ ਅਤੇ ਰਾਖਾ ਹੋਕਾ ਦੋ ਜਹਾਨ ਸੁਣਾਈਆ। ਬਣ ਕੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਰਿਹਾ ਪਹੁੰਚਾਈਆ। ਬ੍ਰਹਿਮੰਡੋ ਖੰਡੋ ਪੁਰੀਓ ਲੋਓ ਜ਼ਿਮੀਂ ਅਸਮਾਨੋ ਰਹਿਣਾ ਹੁਸ਼ਿਆਰ, ਹੁਸ਼ਿਆਰੀ ਵਿਚ ਆਪਣੀ ਅੱਖ ਖੁਲਾਈਆ। ਜਦ ਆਵੇ ਆਤਮ ਦੀ ਧਾਰ, ਸਭ ਨੇ ਕਰਨੀ ਨਿਮਸਕਾਰ, ਬਿਨਾ ਫੁੱਲਾਂ ਤੋਂ ਪ੍ਰੇਮ ਦੇ ਪਾਉਣੇ ਹਾਰ, ਬਰਖਾ ਨਾਮ ਵਾਲੀ ਲਗਾਈਆ। ਬਿਨਾ ਬੋਲਣ ਤੋਂ ਸ਼ਬਦ ਦੀ ਹੋਵੇ ਧੁਨਕਾਰ, ਅਨਾਦੀ ਨਾਦ ਵੱਜੇ ਅਪਾਰ, ਬਿਨਾ ਦੀਵੇ ਬਾਤੀ ਤੋਂ ਜੋਤ ਹੋਵੇ ਉਜਿਆਰ, ਅੰਧ ਅੰਧੇਰਾ ਰਹਿਣ ਕੋਇ ਨਾ ਪਾਈਆ। ਫੇਰ ਪੁੱਜਣਾ ਸਚਖੰਡ ਸੱਚੇ ਦਰਬਾਰ, ਜਿਥੇ ਵਸੇ ਧੁਰ ਦਾ ਮਾਹੀਆ। ਓਥੇ ਸੰਤ ਸੁਹੇਲੇ ਵੇਖਣ ਬਿਨਾ ਨੈਣਾਂ ਨੈਣ ਉਘਾੜ, ਬਿਨਾ ਅੱਖ ਅੱਖ ਤਕਾਈਆ। ਛੋਟਾ ਬਾਲਾ ਸਿੰਘ ਮਨਜੀਤ ਬੋਲੇ ਜੈਕਾਰ, ਜਗਦੀਸ਼ ਰਾਗ ਅਲਾਈਆ। ਗੁਰਦਿਆਲ ਸਿੰਘ ਕਰੇ ਇਸ਼ਾਰ, ਸਵਰਨ ਸਿੰਘ ਸਮਝਾਈਆ। ਚੇਤ ਸਿੰਘ ਦਾ ਸਾਚਾ ਯਾਰ, ਪਾਲ ਸਿੰਘ ਤਾੜੀ ਰਿਹਾ ਵਜਾਈਆ। ਅਸੀਂ ਸਾਰੇ ਖ਼ੁਸ਼ੀਆਂ ਵਿਚ ਹੋਏ ਖ਼ੁਸ਼ਹਾਲ, ਖ਼ੁਸ਼ੀ ਖ਼ੁਸ਼ੀ ਨਾਲ ਬਣਾਈਆ। ਉਹ ਧਾਰ ਆਵੇ ਉਹ ਪਿਆਰ ਆਵੇ ਜਿਸ ਸੰਸਾਰ ਵਿਚ ਪ੍ਰਗਟ ਕੀਤਾ ਪੂਰਨ ਲਾਲ, ਲਾਲ ਮਿਲੀ ਵਡਿਆਈਆ। ਜਿਸ ਵਿਚ ਵਸਿਆ ਦੀਨ ਦਿਆਲ, ਠਾਕਰ ਸਵਾਮੀ ਅਗੰਮ ਅਥਾਹੀਆ। ਉਹ ਸੰਬਲ ਵਿਚ ਬਹਿ ਕੇ ਸਭ ਦੀ ਕਰੇ ਸੰਭਾਲ, ਵੇਖਣਹਾਰਾ ਥਾਉਂ ਥਾਈਂਆ। ਜਿਥੇ ਨਾ ਕੋਇ ਸ਼ਾਹ ਨਾ ਕੋਇ ਕੰਗਾਲ, ਭਗਤ ਭਗਵੰਤ ਆਪਣੇ ਰੰਗ ਰੰਗਾਈਆ। ਸੱਤ ਰੰਗ ਕਹਿਣ ਸਾਨੂੰ ਵੀ ਉਸੇ ਦਿਤਾ ਮਾਣ, ਚਾਰ ਜੁਗ ਦਿਤੀ ਨਾ ਕਿਸੇ ਵਡਿਆਈਆ। ਇਕੋ ਇਕ ਦੇ ਹੁਕਮ ਨੂੰ ਕਰੀਏ ਪ੍ਰਵਾਨ, ਜੋ ਪਰਮ ਪੁਰਖ ਰਿਹਾ ਸੁਣਾਈਆ। ਅਠਾਈ ਪੋਹ ਕਹੇ ਜਨ ਭਗਤੋ ਤੁਹਾਡੇ ਪ੍ਰੇਮ ਨਾਲ ਬਿਸ਼ਨ ਕੌਰ ਦਾ ਹੋ ਗਿਆ ਇਸ਼ਨਾਨ, ਅੰਤ ਸਮੇਂ ਇਸ਼ਨਾਨ ਨਾ ਕੋਇ ਕਰਾਈਆ। ਤੁਹਾਡੀ ਭਗਤੀ ਦਾ ਏਸੇ ਦੇ ਭੰਡਾਰੇ ਵਿਚੋਂ ਮਿਲ ਗਿਆ ਦਾਨ, ਇਹਦੀ ਹੱਥੀਂ ਦਾਨ ਨਾ ਕੋਇ ਕਰਾਈਆ। ਇਹਦੀ ਮੁਹੱਬਤ ਦਾ ਸਭ ਨੂੰ ਮਿਲ ਗਿਆ ਪੀਣ ਖਾਣ, ਭੁੱਖਿਆਂ ਭੁਖ ਨਾ ਕੋਇ ਸਮਝਾਈਆ। ਇਹਦਾ ਤਨ ਵਜੂਦ ਜਾਵੇਗਾ ਨਹੀਂ ਭੂਮੀ ਸ਼ਮਸ਼ਾਨ, ਭਗਤ ਦਵਾਰ ਦੇ ਦਰ ਵਿਚ ਢੇਰ ਲਗਾਈਆ।
ਜਿਸ ਦਾ ਹਰਿਜਨ ਦਰਸ਼ਨ ਕਰਿਆ ਕਰਨਗੇ ਆਣ, ਆਉਂਦਿਆਂ ਆਉਂਦਿਆਂ ਆਉਂਦਿਆਂ ਸੀਸ ਨਿਵਾਈਆ। ਕੋਈ ਮਠ ਨਹੀਂ ਬਣੇਗਾ ਮੰਦਰ ਨਹੀਂ ਬਣੇਗਾ ਨਾ ਕੋਈ ਬਣੇਗਾ ਮੁਕਾਮ, ਬੇਮੁਕਾਮ ਨਾਲ ਮਿਲ ਕੇ ਬੇਮੁਕਾਮ ਵਿਚ ਸਮਾਈਆ। ਗੋਬਿੰਦ ਦਾ ਮਾਰਗ ਤੇ ਗੋਬਿੰਦ ਦਾ ਰਸਤਾ ਤੇ ਗੋਬਿੰਦ ਦਾ ਨਾਮ ਨਹੀਂ ਕੋਈ ਦੁਕਾਨ, ਜੋ ਹੱਟੋ ਹੱਟ ਵਿਕਾਈਆ। ਇਕ ਸੱਤ ਰੰਗ ਦਾ ਨਿਸ਼ਾਨ ਇਕ ਸੱਤ ਰੰਗ ਪ੍ਰਧਾਨ, ਦੋਵੇਂ ਮਿਲ ਕੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਦਾ ਸਚ ਕਰੇ ਪ੍ਰਵਾਨ, ਪਰਮ ਪੁਰਖ ਆਪਣੀ ਪ੍ਰਵਾਨਗੀ ਵਿਚ ਪ੍ਰਵਾਨਾ ਆਪਣੇ ਹੱਥ ਰਖਾਈਆ।
੨੯ ਪੋਹ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਰਾਤ ਗਿਰਧਾਰਾ ਸਿੰਘ ਲਾਂਗਰੀ ਦੇ ਲੋਹੜੀ ਮੰਗਣ ਤੇ
ਗਿਰਧਾਰਾ ਸਿੰਘ ਤੇਰੀ ਕਾਲੀ ਪੱਗ, ਰੰਗ ਕਾਲੇ ਨਾਲ ਸੋਭਾ ਪਾਈਆ। ਸੰਪੂਰਨ ਹੋਇਆ ਭਗਤਾਂ ਯੱਗ, ਜੁਗਤੀ ਪ੍ਰਭ ਨੇ ਦਿਤੀ ਬਣਾਈਆ। ਲੇਖੇ ਲੱਗੇ ਭੱਠੀਆਂ ਵਿਚ ਡਾਹੁਣ ਵਾਲੇ ਅੱਗ, ਬਾਲਣ ਵਾਲੇ ਸਾਚੇ ਲੇਖੇ ਪਾਈਆ। ਸਚਖੰਡ ਦਵਾਰੇ ਸੇਵਾਦਾਰ ਸਾਰੇ ਜਾਣ ਭੱਜ, ਅਗੇ ਹੋ ਨਾ ਕੋਇ ਅਟਕਾਈਆ। ਜਿਨ੍ਹਾਂ ਮੰਡੇ ਦਿਤੇ ਠੱਪ, ਪੇੜਿਆਂ ਸੇਵ ਕਮਾਈਆ। ਸੇਵਾ ਕੀਤੀ ਹੱਸ ਹੱਸ, ਵੱਡੇ ਛੋਟੇ ਭੱਜੇ ਵਾਹੋ ਦਾਹੀਆ। ਪ੍ਰਭ ਖ਼ੁਸ਼ੀਆਂ ਦਾ ਮਾਣਦੇ ਰਹੇ ਰਸ, ਚਿੰਤਾ ਦੁੱਖ ਗਵਾਈਆ। ਲੇਖੇ ਲਾਉਂਦੇ ਰਹੇ ਆਪਣੀ ਰਤ, ਸਰਦੀ ਵਿਚ ਰਾਤੀ ਜਾਗਤ ਆਪਣੀ ਖ਼ੁਸ਼ੀ ਬਣਾਈਆ। ਸਿਖਿਆ ਲੈਂਦੇ ਰਹੇ ਸਾਚੀ ਮਤ, ਕੂੜ ਵਿਕਾਰ ਗਵਾਈਆ। ਲੰਗਰ ਤਿਆਰ ਕਰ ਕੇ ਲਾਂਗਰੀ ਲੈਣ ਰਖ, ਪਾਲ ਸਿੰਘ ਬਖ਼ਸ਼ੀਸ਼ ਕਾਂਸ਼ੀ ਨਾਲ ਮਿਲਾਈਆ। ਲੰਗਰ ਕਹੇ ਮੇਰੀ ਸੁਹੰਜਣੀ ਹੋ ਗਈ ਛੱਤ, ਛਤਰਧਾਰੀ ਦਿਤੀ ਵਡਿਆਈਆ। ਜਿਸ ਭਗਤਾਂ ਰਖੀ ਪਤਿ, ਪਤਿਪਰਮੇਸ਼ਵਰ ਬੇਪਰਵਾਹੀਆ। ਓਹ ਮੁੜ ਕੇ ਆਇਆ ਵੱਤ, ਬੇਵਤਨਾਂ ਲਏ ਮਿਲਾਈਆ। ਵੇਖੇ ਸਭ ਨੂੰ ਆਪਣੀ ਅੱਖ, ਅੱਖਰਾਂ ਵਾਲਾ ਸਮਝ ਸਕੇ ਨਾ ਰਾਈਆ। ਜਗਤ ਜਹਾਨ ਨਾਲੋਂ ਵੱਖ, ਭਗਤ ਭਗਵਾਨ ਰੀਤ ਚਲਾਈਆ। ਭਗਤ ਭੰਡਾਰਾ ਜਿਹੜਾ ਪ੍ਰੇਮ ਵਿਚ ਗਿਆ ਪੱਕ, ਲੋਹ ਅਗਨੀ ਤਤ ਤਪਾਈਆ। ਓਹ ਓਹਨਾਂ ਭਗਤਾਂ ਲਿਆ ਛਕ, ਜੋ ਸ਼ਹਿਨਸ਼ਾਹ ਭਗਤ ਦਿਤੇ ਬਣਾਈਆ। ਨਾਮ ਰਸ ਲੈ ਕੇ ਯਕ, ਯਕ ਮੁਰਸ਼ਦ ਵੇਖ ਵਖਾਈਆ। ਝੋਲੀ ਉਨ੍ਹਾਂ ਪਿਆ ਹਕ, ਖ਼ਾਲੀ ਭੰਡਾਰੇ ਦਿਤੇ ਭਰਾਈਆ। ਕਿਰਪਾ ਕਰੀ ਪੁਰਖ ਸਮਰਥ, ਮਿਹਰ ਨਜ਼ਰ ਉਠਾਈਆ। ਭਾਵੇਂ ਗਿਰਧਾਰਾ ਸਿੰਘ ਦਾ ਵਿੰਗਾ ਟੇਢਾ ਹੱਥ, ਫੇਰ ਵੀ ਜ਼ੋਰ ਨਾਲ ਕੜਛੇ ਦਿਤੇ ਹਿਲਾਈਆ। ਸੱਜੇ ਖੱਬੇ ਹੋ ਕੇ ਰਿਹਾ ਨਠ, ਧੌਣ ਟੇਢੀ ਰਿਹਾ ਵਖਾਈਆ। ਜਦੋਂ ਗ਼ੁੱਸੇ ਵਿਚ ਆਵੇ ਝਟ, ਅੱਖਾਂ ਲਾਲ ਕਢ ਡਰਾਈਆ। ਫੇਰ ਪੱਟਾਂ ਤੇ ਮਾਰੇ ਹੱਥ, ਮੋਟਾ ਪਤਲਾ ਵੇਖ ਵਖਾਈਆ। ਭੱਠੀਆਂ ਦੇ ਇਰਦ ਗਿਰਦ ਟੱਪ, ਕੰਨ ਖੁਰਕ ਕੇ ਪੱਗ ਲਏ ਹਿਲਾਈਆ। ਆਂਢ ਗਵਾਂਢ ਨੂੰ ਦੱਸ, ਸਬਜ਼ੀ ਭਾਜੀ ਰਿਹਾ ਚਿਰਾਈਆ। ਲੋਹੜੀ ਕਹੇ ਮੈਂ ਲੋਹੜਾ ਪੈਣੀ ਕਹਾਂ ਬੋਲ ਕੇ ਵੱਜ, ਵਾਜਾ ਪ੍ਰੇਮ ਵਾਲਾ ਵਜਾਈਆ। ਜਨ ਭਗਤਾਂ ਖ਼ੁਸ਼ੀ ਖ਼ੁਸ਼ੀ ਹੋਈ ਜਬ, ਦਰਸ ਪਾਇਆ ਪ੍ਰਭ ਸਤਿਗੁਰ ਮਿਲ ਕੇ ਖ਼ੁਸ਼ੀ ਬਣਾਈਆ। ਸ੍ਰਿਸ਼ਟੀ ਦੁਨੀ ਰਸਨਾ ਲਾਉਂਦੀ ਮਦਿ, ਕੂੜ ਵਿਕਾਰ ਹਲਕਾਈਆ। ਜਨ ਭਗਤਾਂ ਸਾਚੀ ਮੰਜ਼ਲ ਪਾਰ ਕਰ ਕੇ ਹੱਦ, ਦਰ ਘਰ ਸਾਚੇ ਸੋਭਾ ਪਾਈਆ।
ਜਿਨ੍ਹਾਂ ਨੂੰ ਲੋਹੜੀ ਵਿਚ ਲੋਹੜੇ ਪੈਣੀ ਵਸਤ ਗਈ ਲੱਭ, ਅਨਮੁੱਲ ਦਿਤੀ ਵਰਤਾਈਆ। ਹਰਿਜਨ ਗੁਰਮੁਖ ਦਰਸ਼ਨ ਕਰਨ ਰੱਜ, ਅੱਖੀਆਂ ਨੈਣ ਨੈਣ ਬਿਘਸਾਈਆ। ਓਹ ਵੇਖੋ ਨਾਰਦ ਆਇਆ ਭੱਜ, ਬੋਦੀ ਰਿਹਾ ਹਿਲਾਈਆ। ਹੱਸ ਕੇ ਕਹਿੰਦਾ ਜਿਸ ਵੇਲੇ ਮੈਂ ਗਿਰਧਾਰਾ ਸਿੰਘ ਦਾ ਸੁਰੀਲਾ ਸੁਣਿਆ ਛੰਤ, ਆਪਣੀ ਲਈ ਅੰਗੜਾਈਆ। ਕਿੰਨਰ ਯਸ਼ਪ ਅਪਛਰਾਂ ਪਈਆਂ ਨੱਚ, ਕੁੱਦਣ ਟੱਪਣ ਥਾਉਂ ਥਾਈਂਆ। ਇਕ ਦੂਜੇ ਨੂੰ ਕਹਿਣ ਉਹ ਭਗਤ ਕਿਹੋ ਜਿਹਾ ਹੋਵੇ ਸੱਚ, ਕਵਣ ਰੂਪ ਸੋਭਾ ਪਾਈਆ। ਨਾਰਦ ਕਹੇ ਮੈਂ ਤਾਲੀ ਮਾਰ ਕੇ ਕਿਹਾ ਉਹਦਾ ਰੰਗ ਕਾਲਾ ਤੇ ਮੋਟੀ ਅੱਖ, ਜਗਤ ਜਹਾਨ ਸੋਭਾ ਪਾਈਆ। ਪਰ ਜਦੋਂ ਤੁਰਦਾ ਇਕ ਹੱਥ ਢਾਕ ਉਤੇ ਕਦੇ ਕਦੇ ਲਏ ਰਖ, ਬੜਾ ਸੋਹਣਾ ਵਿੰਗਾ ਟੇਢਾ ਨਜ਼ਰੀ ਆਈਆ। ਮੈਂ ਉਸ ਦਾ ਕਰਾਂ ਕੀ ਜਸ, ਕੀ ਸਿਫ਼ਤਾਂ ਨਾਲ ਮਿਲਾਈਆ। ਮੇਰੇ ਨਾਲ ਚਲੋ ਕਮਲੀਓ ਮੈਂ ਤੁਹਾਨੂੰ ਦੇਵਾਂ ਦੱਸ, ਅੱਖਾਂ ਲਓ ਖੁਲਾਈਆ। ਸਾਰੀਆਂ ਕਹਿਣ ਉਠੋ ਚਲੀਏ ਨੱਸ, ਭੱਜੀਏ ਵਾਹੋ ਦਾਹੀਆ। ਜੇ ਉਸ ਦਾ ਵੱਡਾ ਤਪ, ਤਪੀਆ ਸੋਭਾ ਪਾਈਆ। ਅਸੀਂ ਤੁਹਾਨੂੰ ਕਹੀਏ ਜੇ ਭਗਤਾ ਨੌ ਸੌ ਨੜ੍ਹਿਨਵੇਂ ਅਪਛਰਾਂ ਸਾਨੂੰ ਸਾਰੀਆਂ ਨੂੰ ਲਏਂ ਰਖ, ਲੰਗਰ ਵਿਚ ਤੇਰਾ ਹੱਥ ਲਈਏ ਵਟਾਈਆ। ਵਿਹਲੀਆਂ ਹੋ ਕੇ ਫੇਰ ਤੇਰੇ ਸਿਰ ਨੂੰ ਦਈਏ ਝੱਸ, ਜੋ ਬਿਨਾ ਵਾਲਾਂ ਤੋਂ ਸੋਭਾ ਪਾਈਆ। ਫੇਰ ਤੇਰੀ ਛੋਟੀ ਲੱਤ ਨੂੰ ਬੰਨ੍ਹੀਏ ਕਸ, ਇਕੋ ਜਿਹੀ ਇਕੋ ਰੰਗ ਨਜ਼ਰੀ ਆਈਆ। ਜੇ ਜਿਆਦਾ ਘੁਟਿਆ ਤੈਨੂੰ ਖ਼ੁਸ਼ੀ ਵਿਚ ਪੈ ਜਾਏ ਗਸ਼, ਫੇਰ ਮੁਖ ਅੰਮ੍ਰਿਤ ਦਈਏ ਚੁਆਈਆ। ਬਾਲਣ ਚੁੱਕ ਕੇ ਲਿਆਉਣ ਕਿੰਨਰ ਯਸ਼ਪ, ਗੰਧਰਵ ਸੇਵ ਕਮਾਈਆ। ਸਾਨੂੰ ਡਰ ਲਗਦਾ ਤੇਰੀ ਸੂਰਤ ਵੇਖ ਕੇ ਤੇਰੇ ਪਿਆਰ ਵਿਚ ਨਾ ਜਾਈਏ ਫਸ, ਮੁਹੱਬਤ ਵਿਚ ਤੇਰੇ ਢੋਲੇ ਗਾਈਆ। ਸਚ ਦੱਸੀਏ ਕਿਤੇ ਗੁੱਸੇ ਵਿਚ ਆ ਕੇ ਸਾਨੂੰ ਖੌਂਚੇ ਨਾ ਮਾਰੀਂ ਠਪ ਠਪ, ਸਾਡੀਆਂ ਪੱਟੀਆਂ ਦਏਂ ਹਿਲਾਈਆ। ਜੇ ਇਕ ਵਾਰ ਆਖੇਂਗਾ ਤੇ ਅਸੀਂ ਭਰ ਭਰ ਗੁੰਨ੍ਹ ਦੇਵਾਂਗੀਆਂ ਆਟੇ ਦੇ ਟੱਪ, ਫੁਲਕੇ ਲੋਹਾਂ ਉਤੇ ਟਿਕਾਈਆ। ਤੈਥੋਂ ਡਰਦੀਆਂ ਸੋਹੰ ਦਾ ਕਰਾਂਗੀਆਂ ਜਪ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਪਰ ਤੂੰ ਵੀ ਸਾਡੇ ਪਿਆਰ ਵਿਚ ਪਸੀਨੇ ਦੀ ਥਾਂ ਡੋਲ੍ਹੀ ਰੱਤ, ਰੰਗ ਰਤੜਾ ਹੋ ਕੇ ਨਜ਼ਰੀ ਆਈਆ। ਝਟ ਨਾਰਦ ਬੋਲਿਆ ਥੋੜ੍ਹੀ ਮੇਰੀ ਵੀ ਖਿਚ ਦਿਓ ਲੱਤ, ਨਾਲੇ ਬੋਦੀ ਦਿਓ ਵਧਾਈਆ,। ਮੈਂ ਵੀ ਚਰੋਕਣਾ ਰਿਹਾ ਸਾਂ ਤੱਕ, ਕੀ ਖੇਲ ਪ੍ਰਭੂ ਕਰਾਈਆ। ਤੁਸੀਂ ਇਧਰ ਵੇਖੋ ਮੇਰਾ ਗਿਰਧਾਰੇ ਨਾਲੋਂ ਚੰਗਾ ਨੱਕ, ਮੇਰੀਆਂ ਨਾਸਾਂ ਵਿਚ ਵਾਲ ਨਜ਼ਰ ਕੋਇ ਨਾ ਆਈਆ। ਮੇਰੇ ਮੱਥੇ ਵਿਚ ਨਹੀਂ ਕੋਈ ਵੱਟ, ਗਿਰਧਾਰਾ ਸਿੰਘ ਤਿਉੜੀ ਵਲ ਪਾ ਕੇ ਚੜ੍ਹਾਈਆ। ਗਿਰਧਾਰਾ ਕਹੇ ਉਹ ਨਾਰਦ ਵੇਖ ਆ ਮੇਰੀਆਂ ਭੱਠੀਆਂ ਦੀ ਅੱਗ ਬਲੇ ਲਟ ਲਟ, ਜਿਥੇ ਲਾਟਾਂ ਵਾਲੀ ਸੇਵ ਕਮਾਈਆ। ਤੈਨੂੰ ਪਤਾ ਨਹੀਂ ਮੇਰਾ ਪਾਤਸ਼ਾਹ ਦੋ ਜਹਾਨਾਂ ਕਿਰਸਾਣਾ ਤੇ ਸ਼ਬਦ ਧਾਰ ਦਾ ਜੱਟ, ਜਿਸ ਮੈਨੂੰ ਦਿਤੀ ਵਡਿਆਈਆ। ਤੁਹਾਨੂੰ ਸਾਰਿਆਂ ਨੂੰ ਖਿੱਚ ਕੇ ਕੀਤਾ ਇਕੱਠ, ਸਿਰ ਸਕੇ ਨਾ ਕੋਇ ਉਠਾਈਆ। ਜੇ ਮੇਰਾ ਦਿਲ ਕਰ ਆਇਆ ਤੇ ਮੈਂ ਸਾਰੀਆਂ ਨੂੰ ਲਊਂਗਾ ਰਖ, ਤੈਨੂੰ ਵੀ ਏਸੇ ਜਗਹ ਸੇਵਾ ਵਿਚ ਲਗਾਈਆ। ਤੂੰ ਮੇਰੀ ਮੱਝ ਨੂੰ ਪਾਇਆ ਕਰੀਂ ਕੱਖ, ਮੈਂ ਮੁੱਛਾਂ ਨੂੰ ਤਾਅ ਦੇ ਕੇ ਬੈਠਾਂ ਚਾਈਂ ਚਾਈਂਆ। ਨਾਰਦ ਕਿਹਾ ਏਥੇ ਸਭ ਦਾ ਸਾਂਝਾ ਹਕ, ਦੂਸਰ ਵੰਡ ਨਾ ਕੋਇ ਵੰਡਾਈਆ। ਮੈਂ ਵੀ ਸੇਵਾਦਾਰ ਜੁਗ ਚੌਕੜੀ ਦਾ ਪੱਕ, ਪੱਕੀ ਦਿਆਂ ਸੁਣਾਈਆ। ਪਰ ਮੈਂ ਤੇਰੇ ਨਾਲੋਂ ਪ੍ਰਭੂ ਦੇ ਪਿਆਰ ਵਿਚ ਸਤਿ, ਜਿਸ ਸਤਿਜੁਗ ਤਰੇਤਾ ਦੁਆਪਰ ਕਲਜੁਗ ਨਾ ਕੀਤੀ ਕੁੜਮਾਈਆ। ਪਰ ਤੂੰ ਯਾਦ ਕਰ ਲੈ
ਸਤਿਜੁਗ ਅਹਲਿਆ ਨੂੰ ਲਾਹਿਆ ਸਥ, ਪਥਰ ਪਾਹਨ ਦਿਤਾ ਬਣਾਈਆ। ਜੇ ਰਾਮ ਉਪਰ ਚਰਨ ਨਾ ਦੇਂਦਾ ਰਖ, ਉਸ ਨੂੰ ਮਿਲਦੀ ਨਾ ਮਾਣ ਵਡਿਆਈਆ। ਮੈਂ ਤੱਦ ਦਾ ਡਰਦਾ ਨਾਰਦ ਕਹੇ ਕਿ ਤੇਰਾ ਸਾਹਿਬ ਸਮਰਥ, ਦਾਤਾ ਬੇਪ੍ਰਵਾਹੀਆ। ਅੱਜ ਲੋਹੜੀ ਤੂੰ ਖ਼ੁਸ਼ੀਆਂ ਨਾਲ ਮਲਾ ਲੈ ਹੱਥ, ਬਿਨ ਹਥੇਲੀ ਹੱਥ ਲਗਾਈਆ। ਜੇ ਤੂੰ ਗਿਆ ਏਂ ਥੱਕ, ਮੈਂ ਅਪਛਰਾਂ ਨੂੰ ਕਹਾਂ ਇਹਨੂੰ ਘੁੱਟੋ ਚਾਈਂ ਚਾਈਂਆ। ਪਰ ਵੇਖੀਂ ਨੌ ਸੌ ਨੜ੍ਹਿਨਵੇਂ ਕੋਲੋਂ ਨਾ ਜਾਈਂ ਅੱਕ, ਅੰਦਰੇ ਅੰਦਰ ਆਪਣਾ ਮਨ ਡਰਾਈਆ। ਨਾਰਦ ਕਹੇ ਪੁਰਖ ਅਕਾਲ ਦੀਨ ਦਿਆਲ ਦਾ ਜਗਤ ਭੰਡਾਰਾ ਸਦਾ ਸਤਿ, ਸਤਿ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੇਖੇ ਲਾਏ ਪੰਚਮ ਪੰਚ ਪਿਆਰ ਦੇ ਤਤ, ਤਤਵ ਤਤ ਆਪਣੇ ਰੰਗ ਰੰਗਾਈਆ।