ਪੁਸਤਕਾਲਾਭਾਗ ੨੩

ਪਹਿਲੀ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਵਿਹਾਰ ਹੋਇਆ

ਧਰਮ ਕਹੇ ਮੇਰੀ ਹੋਵੇ ਰੁਤ ਸੁਹੰਜਣੀ, ਪੁਰਖ ਅਕਾਲ ਦੀਨ ਦਿਆਲ ਦਏ ਵਡਿਆਈਆ। ਚਰਨ ਧੂੜ ਇਸ਼ਨਾਨ ਕਰਾਏ ਮਜਨੀ, ਦੁਰਮਤ ਮੈਲ ਧਵਾਈਆ। ਨਿਰਗੁਣ ਸਰਗੁਣ ਮੇਲੇ ਸਜਨੀ, ਹਰਿ ਕਰਤਾ ਅਗੰਮ ਅਥਾਹੀਆ। ਜਿਸ ਦੀ ਸ਼ਬਦ ਆਵਾਜ਼ ਇਕੋ ਨਦਨੀ, ਨਾਦ ਅਨਾਦੀ ਦਏ ਦ੍ਰਿੜਾਈਆ। ਝਗੜਾ ਮੇਟੇ ਤਨ ਵਜੂਦ ਬਦਨੀ, ਕਾਇਆ ਕਾਅਬਾ ਪਰਦਾ ਦਏ ਉਠਾਈਆ। ਲੇਖਾ ਜਾਣੇ ਆਅਲਾ ਅਦਨੀ, ਰਾਓ ਰੰਕਾਂ ਖੋਜ ਖੁਜਾਈਆ। ਤ੍ਰੈਗੁਣ ਮਾਇਆ ਬੁਝਾਏ ਅਗਨੀ, ਅੰਮ੍ਰਿਤ ਮੇਘ ਬਰਸਾਈਆ। ਕੂੜੀ ਕਿਰਿਆ ਮੇਟੇ ਹਦਨੀ, ਹਦੂਦ ਇਕੋ ਇਕ ਪ੍ਰਗਟਾਈਆ। ਜਨ ਭਗਤਾਂ ਦੇਵੇ ਸਾਚੀ ਸੱਦਨੀ, ਸੱਦਾ ਨਾਮ ਦ੍ਰਿੜਾਈਆ। ਜਿਨ੍ਹਾਂ ਗ੍ਰਹਿ ਜੋਤ ਇਕੋ ਜਗਣੀ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਤਮ ਪਰਮਾਤਮ ਪਾਵੇ ਸਗਣੀ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ।

ਧਰਨੀ ਕਹੇ ਮੇਰਾ ਵਕਤ ਸੁਹੇਲਾ ਅੱਜ, ਪ੍ਰਭ ਦੇਵੇ ਮਾਣ ਵਡਿਆਈਆ। ਬਿਨ ਕਾਅਬਿਉਂ ਹੋਵੇ ਹੱਜ, ਹੁਜਰਾ ਹਕ ਵਖਾਈਆ। ਮੈਂ ਸਭ ਕੁਛ ਜਾਵਾਂ ਤਜ, ਮਿਲ ਕੇ ਮਹਿਬੂਬ ਧੁਰ ਦੇ ਮਾਹੀਆ। ਨਿਰਗੁਣ ਦਰਸ਼ਨ ਕਰਾਂ ਰੱਜ, ਬਿਨ ਨੈਣਾਂ ਦਰਸ਼ਨ ਪਾਈਆ। ਖ਼ੁਸ਼ੀ ਹੋਵਾਂ ਵਿਚ ਜਗ, ਜਾਗਰਤ ਜੋਤ ਡਗਮਗਾਈਆ। ਤ੍ਰੈਗੁਣ ਕੂੜੀ ਬੁਝੇ ਅੱਗ, ਅਗਨੀ ਅੱਗ ਨਾ ਕੋਇ ਤਪਾਈਆ। ਮਿਲੇ ਮੇਲ ਸੂਰਾ ਸਰਬਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਮ ਕਹੇ ਧਰਨੀਏ ਵੇਖੀਂ ਸਾਹਿਬ ਸੁਲਤਾਨਾ, ਹਰਿ ਕਰਤਾ ਧੁਰਦਰਗਾਹੀਆ। ਜੋ ਆਦਿ ਜੁਗਾਦੀ ਨੌਜਵਾਨਾ, ਮਰਦ ਮਰਦਾਨਾ ਵਡ ਵਡਿਆਈਆ। ਜਿਸ ਨੂੰ ਸਾਰੇ ਕਹਿੰਦੇ ਸ੍ਰੀ ਭਗਵਾਨਾ, ਭਗਵਨ ਭਗਵਾਨ ਆਪਣਾ ਖੇਲ ਖਿਲਾਈਆ। ਨਿਰਗੁਣ ਧਾਰ ਪਹਿਰੇ ਬਾਣਾ, ਸ਼ਬਦ ਅਣਿਆਲਾ ਤੀਰ ਚਲਾਈਆ। ਜੋ ਲੇਖਾ ਜਾਣੇ ਦੋ ਜਹਾਨਾਂ, ਪੁਰੀਆਂ ਲੋਆਂ ਵੇਖ ਵਖਾਈਆ। ਉਹ ਵਰਤ ਕੇ ਆਪਣਾ ਭਾਣਾ, ਸਦ ਭਾਣੇ ਵਿਚ ਸਮਾਈਆ। ਜਿਸ ਤਖ਼ਤੋਂ ਲਾਹਿਆ ਰਾਜਾ ਰਾਣਾ, ਤਖ਼ਤ ਨਿਵਾਸੀ ਇਕੋ ਧੁਰਦਰਗਾਹੀਆ। ਜਿਸ ਦਾ ਨਾਮ ਖੰਡਾ ਮਹਾਨਾ, ਮਹਿੰਮਾ ਅਕਥ ਅਕਥ ਸਮਝਾਈਆ। ਹਰ ਘਟ ਉਹ ਹੋਇਆ ਜਾਣੀ ਜਾਣਾ, ਜਾਨਣਹਾਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਧਰਮ ਸ਼ਬਦ ਅਗੰਮਾ ਸੁਣ ਹੁਣ, ਬਿਨ ਸਰਵਣਾਂ ਧਿਆਨ ਲਗਾਈਆ। ਪੁਰਖ ਅਕਾਲ ਦਾ ਤੱਕ (ਗੁਣ), ਗੁਣਵੰਤਾ ਕੀ ਆਪਣਾ ਰੰਗ ਰੰਗਾਈਆ। ਜਿਸ ਦੀ ਸ਼ਬਦ ਅਗੰਮੀ ਧੁਨ, ਆਤਮਕ ਰਾਗ ਸੁਣਾਈਆ। ਓਹ ਮੇਰੇ ਉਤੇ ਭਾਗ ਲਗਾਏ ਫਲਗੁਣ, ਪਹਿਲਾ ਪ੍ਰਵਿਸ਼ਟਾ ਮਿਲੇ ਵਡਿਆਈਆ। ਸੰਤ ਸੁਹੇਲੇ ਗੁਰਮੁਖ ਚੁਣ, ਆਪਣੇ ਰੰਗ ਰੰਗਾਈਆ। ਉਸ ਦਾ ਲੇਖਾ ਜਾਣੇ ਕਵਣ, ਗਿਣਤੀ ਗਣਤ ਨਾ ਕੋਇ ਗਿਣਾਈਆ। ਜਿਸ ਨੂੰ ਝੁਕਦੇ ਪਾਣੀ ਪਵਣ, ਬਸੰਤਰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਦਾ ਹੁਕਮ ਸੁਣਾਈਆ ਫਲਗੁਣ ਕਹੇ ਧਰਨੀ ਧਰਮ ਮੈਂ ਆਇਆ ਜਗ, ਜਾਗਰਤ ਜੋਤ ਪ੍ਰਭ ਦਿਤੀ ਵਡਿਆਈਆ। ਭਗਤਾਂ ਮਿਲਾਂ ਉਪਰ ਸ਼ਾਹ ਰਗ, ਨਵ ਦਰ ਦਾ ਡੇਰਾ ਢਾਹੀਆ। ਕੂੜੀ ਕਿਰਿਆ ਕਰਾਂ ਬੱਧ, ਬੱਧਕ ਦਾ ਲੇਖਾ ਨਾਲ ਮਿਲਾਈਆ। ਬਲ ਦਵਾਰੇ ਆਪਣੇ ਸੱਦ, ਬਾਵਣ ਦਾ ਲਹਿਣਾ ਝੋਲੀ ਪਾਈਆ। ਸਤਿਗੁਰ ਧਾਰ ਰਹਿਣ ਨਾ ਦੇਵਾਂ ਅਲੱਗ, ਵੱਖਰੀ ਵੰਡ ਨਾ ਕੋਇ ਵੰਡਾਈਆ। ਫੜ ਫੜ ਹੰਸ ਬਣਾਵਾਂ ਕਗ, ਕਾਗੋਂ ਹੰਸ ਉਡਾਈਆ। ਨਾਮ ਖ਼ੁਮਾਰੀ ਦੇ ਕੇ ਮਧੁ, ਮਧੁਰ ਧੁਨ ਕਰਾਂ ਸ਼ਨਵਾਈਆ। ਕੂੜੀ ਕਿਰਿਆ ਮੇਟ ਕੇ ਹੱਦ, ਹਦੂਦ ਇਕੋ ਦਿਆਂ ਵਖਾਈਆ। ਜਿਸ ਗ੍ਰਹਿ ਦੀਪਕ ਜੋਤੀ ਰਿਹਾ ਜਗ, ਜਾਗਰਤ ਜੋਤ ਡਗਮਗਾਈਆ। ਸਾਹਿਬ ਸੁਲਤਾਨ ਨੌਜਵਾਨ ਨਜ਼ਰੀ ਆਏ ਸੂਰਾ ਸਰਬਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਤਿਸ ਚਰਨੀਂ ਜਾਵਾਂ ਲਗ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਹੋ ਆਈਆ। ਫਲਗੁਣ ਕਹੇ ਮੇਰੀ ਰੁੱਤ ਸੋਹਣੀ ਰੁਤੜੀ, ਮੇਰੇ ਸਾਹਿਬ ਦਿਤੀ ਮਹਿਕਾਈਆ। ਧਰਨੀਏ ਕੀਤੇ ਕੌਲ ਇਕਰਾਰ ਮੂਲ ਨਾ ਮੁਕਰੀਂ, ਪਿਛਲਾ ਲੇਖਾ ਦਿਆਂ ਸਮਝਾਈਆ। ਬਚਨ ਯਾਦ ਕਰ ਲੈ ਜੋ ਪ੍ਰੋਹਿਤ ਸੁਣਾਇਆ ਸ਼ੁਕਰੀ, ਸ਼ੁਕਰ ਕਹਿ ਕੇ ਕੀ ਜਣਾਈਆ। ਕਲਜੁਗ ਅੰਤ ਆਪਣੇ ਕੌਲ ਇਕਰਾਰ ਤੇ ਪੂਰੀ ਉਤਰੀਂ,

ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਉਜਲ ਰਹੇ ਕੋਇ ਨਾ ਮੁਖੜੀ, ਪਤਤ ਪੁਨੀਤ ਨਾ ਕੋਇ ਕਰਾਈਆ। ਦੀਨ ਦੁਨੀ ਆਪਣੀ ਧਾਰ ਤੋਂ ਜਾਣ ਉਖੜੀ, ਮਾਰਗ ਪੰਧ ਸਾਰੇ ਜਾਣ ਭੁਲਾਈਆ। ਤੂੰ ਆਪਣੀ ਖੋਲ ਕੇ ਦੇਖੀਂ ਗੁਠੜੀ, ਜੋ ਧਰਮ ਗੰਢ ਰਖਾਈਆ। ਕਲਜੁਗ ਲੁਟੇਰੇ ਕੋਲੋਂ ਨਾ ਜਾਈਂ ਲੁਟੜੀ, ਜੋ ਲੁੱਟੇ ਚਾਈਂ ਚਾਈਂਆ। ਆਲਸ ਵਿਚ ਰਹੀਂ ਨਾ ਸੁੱਤੜੀ, ਸੁੱਤੀਏ ਲੈਣੀ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਆਪ ਹੋ ਆਈਆ। ਧਰਨੀ ਕਹੇ ਫਲਗੁਣਾ ਮੈਂ ਬੜੀ ਚਲਾਕ, ਮੇਰਾ ਭੇਵ ਕੋਇ ਨਾ ਪਾਈਆ। ਮੇਰਾ ਵੱਡਾ ਡੂੰਘਾ ਖਾਤ, ਹਿਸਾਬ ਕਿਤਾਬ ਨਾ ਕਿਸੇ ਸਮਝਾਈਆ। ਮੇਰਾ ਸਭ ਤੋਂ ਅਨੋਖਾ ਵੱਖਰਾ ਤਾਕ, ਪਰਦਾ ਸਕੇ ਨਾ ਕੋਇ ਚੁਕਾਈਆ। ਮੇਰੇ ਵਿਚ ਸਭ ਦੀ ਮਿੱਟੀ ਮਿਲ ਗਈ ਖ਼ਾਕ, ਜਿਸਮ ਇਸਮ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਉਡਦੀ ਖ਼ਾਕ, ਮੇਰੀ ਮੇਰੇ ਉਤੇ ਦਏ ਗਵਾਹੀਆ। ਅਵਤਾਰ ਪੈਗ਼ੰਬਰ ਗੁਰ ਦੀਨਾਂ ਮਜ਼੍ਹਬਾਂ ਦੇ ਮੇਰੇ ਸਾਹਿਬ ਬਣਾਏ ਰਾਕ, ਹਕ ਹਕੂਕ ਆਪਣੇ ਹੱਥ ਰਖਾਈਆ। ਸ਼ਬਦ ਵਣਜਾਰੇ ਬਣ ਗਏ ਚਾਕ, ਚਾਕਰੀ ਲੋਕਮਾਤ ਕਮਾਈਆ। ਗ੍ਰੰਥ ਸ਼ਾਸਤਰ ਹੁਕਮ ਵਾਲੇ ਸਾਰੇ ਕਾਟ, ਕਾਰਡ ਹੁਕਮ ਵਾਲੇ ਦ੍ਰਿੜਾਈਆ। ਛੋਟੇ ਛੋਟੇ ਹਿੱਸੇ ਆਰਜ਼ੀ ਮੇਰੇ ਉਤੇ ਕੀਤੇ ਅਲਾਟ, ਮਾਲਕ ਹਕੀਕੀ ਨਜ਼ਰ ਕੋਇ ਨਾ ਆਈਆ। ਮੈਨੂੰ ਇਉਂ ਦਿਸਦਾ ਸਭ ਦੀ ਅੰਤਮ ਮੁਕਣ ਵਾਲੀ ਵਾਟ, ਪਾਂਧੀ ਬੈਠਣ ਰਾਹ ਤਕਾਈਆ। ਚਾਰੋਂ ਕੁੰਟ ਨਾ ਰਹੇ ਅੰਧੇਰੀ ਰਾਤ, ਅੰਧ ਅੰਧੇਰਾ ਦਏ ਗਵਾਈਆ। ਪੁਰਖ ਅਕਾਲਾ ਦੀਨ ਦਿਆਲਾ ਮੇਰਾ ਰਖਵਾਲਾ ਹੋਵੇ ਆਪ, ਆਪ ਆਪਣੀ ਦਇਆ ਕਮਾਈਆ ਜਿਸ ਨੂੰ ਪੈਗ਼ੰਬਰਾਂ ਕਿਹਾ ਬਾਪ, ਪਿਤਾ ਪੁਰਖ ਅਕਾਲ ਕਹਿ ਕੇ ਗੋਬਿੰਦ ਗਿਆ ਗਾਈਆ। ਉਹ ਸਭ ਦਾ ਪੂਰਾ ਕਰੇ ਭਵਿਖਤ ਵਾਕ, ਪੇਸ਼ੀਨਗੋਈਆਂ ਸਭ ਦੀਆਂ ਨਾਲ ਮਿਲਾਈਆ। ਮੈਂ ਉਸ ਦੇ ਦਰ ਦੀ ਦਰਵੇਸ਼ਣ ਦਾਸੀ ਦਾਸ, ਜੁਗ ਜੁਗ ਸੇਵ ਕਮਾਈਆ। ਉਹ ਸਵਾਮੀ ਅੰਤਰਜਾਮੀ ਮੇਰੀ ਮਨਜ਼ੂਰ ਕਰੇ ਅਰਦਾਸ, ਬਿਨ ਹੱਥਾਂ ਸੀਸ ਝੁਕਾਈਆ। ਜੋ ਵਸੇ ਉਪਰ ਆਕਾਸ਼, ਜਿਸ ਦਾ ਪ੍ਰਿਥਮੀ ਉਪਰ ਪ੍ਰਕਾਸ਼, ਪ੍ਰਕਾਸ਼ ਪ੍ਰਕਾਸ਼ਾ ਆਪ ਅਖਵਾਈਆ। ਮੈਂ ਉਸੇ ਦੀ ਰਖੀ ਆਸ, ਆਸ਼ਾ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੂਪ ਇਕ ਦਰਸਾਈਆ। ਫਲਗੁਣ ਕਹੇ ਧਰਨੀਏ ਮੇਰੀ ਵੇਖ ਰੁਤ ਬਸੰਤ, ਬਸਨ ਬਨਵਾਰੀ ਰਿਹਾ ਵਖਾਈਆ। ਧਰਨੀ ਕਹੇ ਮੇਰਾ ਸਾਹਿਬ ਸੁਲਤਾਨਾ ਵੇਖ ਕੰਤ, ਜੋ ਕੰਤੂਹਲ ਇਕ ਅਖਵਾਈਆ। ਜਿਸ ਤੇਰੀ ਬਣਾਈ ਬਣਤ, ਘੜਨ ਭੰਨਣਹਾਰ ਵਡਿਆਈਆ। ਜੋ ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਚਾਰੇ ਖਾਣੀ ਫੋਲ ਫੁਲਾਈਆ। ਉਸ ਦਾ ਨਾਮ ਸੁਣ ਅਗੰਮਾ ਮੰਤ, ਜੋ ਮੰਤਵ ਸਭ ਦੇ ਹੱਲ ਕਰਾਈਆ। ਜਿਸ ਨੇ ਆਪਣੀ ਕਿਰਪਾ ਨਾਲ ਭਗਤ ਬਣਾਏ ਸੰਤ, ਗੁਰ ਗੁਰ ਗੋਦ ਟਿਕਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਿਤਾ ਸਮਝਾਈਆ। ਬੁੱਧੀ ਤੋਂ ਪਰੇ ਬਣਾ ਕੇ ਪੰਡਤ, ਬੋਧ ਅਗਾਧਾ ਭੇਵ ਚੁਕਾਈਆ। ਨਾਰ ਸੁਹਾਗਣ ਬਣਾ ਕੇ ਮੇਲ ਮਿਲਾਏ ਆਪਣਾ ਕੰਤ, ਦਰਗਾਹ ਸਾਚੀ ਸਚ ਘਰ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਤ, ਛੰਦ ਢੋਲਾ ਸੋਹਲਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਫਲਗੁਣ ਕਹੇ ਧਰਨੀਏ ਮੇਰਾ ਰੂਪ ਵੇਖ ਅਪਾਰਾ, ਅਪਰੰਪਰ ਸਵਾਮੀ ਦਿਤਾ ਬਣਾਈਆ। ਮੇਰੀ ਗੁਲਸ਼ਨ ਤੱਕ ਬਹਾਰਾ, ਪੱਤ ਟਹਿਣੀ ਆਪਣਾ

ਰੰਗ ਬਦਲਾਈਆ। ਮੇਰਾ ਖੇਲ ਵੇਖ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਸੰਦੇਸਾ ਦੇ ਤੇਈ ਅਵਤਾਰਾ, ਅਵਤਰ ਹੋ ਕੇ ਖੋਜ ਖੁਜਾਈਆ। ਪੈਗ਼ੰਬਰਾਂ ਕਰ ਇਸ਼ਾਰਾ, ਬਿਨ ਸੈਨਤ ਸੈਨਤ ਦੇ ਲਗਾਈਆ। ਗੁਰੂ ਗੁਰਦੇਵਾ ਦੇ ਅਧਾਰਾ, ਹਲੂਣਾ ਇਕੋ ਨਾਮ ਸਮਝਾਈਆ। ਆਓ ਉਠੋ ਤੱਕੋ ਨਿਰਗੁਣ ਨੂਰ ਜੋਤ ਉਜਿਆਰਾ, ਜੋਤੀ ਜਾਤਾ ਇਕ ਅਖਵਾਈਆ। ਜਿਸ ਨੂੰ ਕਹਿੰਦੇ ਕਲ ਕਲਕੀ ਅਵਤਾਰਾ, ਨਿਹਕਲੰਕਾ ਨੂਰ ਅਲਾਹੀਆ। ਸੋ ਅਮਾਮ ਅਮਾਮਾ ਹੋਵੇ ਜ਼ਾਹਿਰਾ, ਜ਼ਾਹਿਰ ਜ਼ਹੂਰ ਡਗਮਗਾਈਆ। ਜਿਸ ਨੇ ਕਲਜੁਗ ਕੂੜੀ ਕਿਰਿਆ ਕਰਨਾ ਪਾਰ ਕਿਨਾਰਾ, ਨੌਕਾ ਦਏ ਰੁੜ੍ਹਾਈਆ। ਸੋ ਸਤਿਜੁਗ ਸਾਚੇ ਦੇਵੇ ਮਾਤ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਧਰਮ ਦਾ ਧਰਮ ਖੁਲਾਏ ਦਵਾਰਾ, ਦੋਹਰੀ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਦਏ ਚਮਤਕਾਰਾ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਫਲਗੁਣ ਕਹੇ ਮੇਰੀ ਇਕ ਸਾਹਿਬ ਨੂੰ ਬੰਦਨਾ, ਧਰਨੀਏ ਬੰਦਗੀ ਵਿਚ ਸੀਸ ਨਿਵਾਈਆ। ਜਿਸ ਦਾ ਇਕੋ ਸਚ ਅਨੰਦਨਾ, ਅਨੰਦ ਅਨੰਦ ਵਿਚ ਸਮਾਈਆ। ਜਿਸ ਨਿਸ਼ਾਨ ਮੇਟਣਾ ਤਾਰਾ ਚੰਦਨਾ, ਸਦੀ ਚੌਧਵੀਂ ਮੁਹੰਮਦ ਦੀ ਦਏ ਗਵਾਹੀਆ। ਜਿਸ ਦਾ ਸਚ ਅਖਾੜਾ ਲੱਗਣਾ, ਲਗ ਮਾਤਰ ਦਾ ਡੇਰਾ ਢਾਹੀਆ। ਨੂਰ ਨੁਰਾਨਾ ਦੀਪਕ ਇਕੋ ਜਗਣਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸ਼ਬਦ ਅਨਾਦੀ ਨਾਦ ਵੱਜਣਾ, ਧੁਨ ਆਤਮਕ ਕਰੇ ਸ਼ਨਵਾਈਆ। ਬਿਨਾ ਭਗਤਾਂ ਕਿਸੇ ਨਾ ਲੱਭਣਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦਾ ਰੂਪ ਰੰਗ ਰੇਖ ਨਾ ਮਾਸ ਨਾ ਨਾੜੀ ਹੱਡਨਾ, ਜੋਤੀ ਜਾਤਾ ਡਗਮਗਾਈਆ। ਜਿਸ ਨੇ ਸੰਤ ਸੁਹੇਲਾ ਗੁਰੂ ਗੁਰ ਚੇਲਾ ਲੱਖ ਚੁਰਾਸੀ ਵਿਚੋਂ ਕਢਣਾ, ਸੁਰਤੀ ਸ਼ਬਦੀ ਮੇਲ ਮਿਲਾਈਆ। ਉਹਦਾ ਲੇਖਾ ਨਹੀਂ ਕੋਈ ਆਅਲਾ ਅਦਨਾ, ਊਚ ਨੀਚ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਫਲਗੁਣ ਮੈਂ ਓਸ ਨੂੰ ਸੀਸ ਝੁਕਾਵਾਂਗੀ। ਜੋ ਮੇਰੀ ਪੁਕਾਰ ਲਏ ਸੁਣ, ਤਿਸ ਅਗੇ ਵਾਸਤਾ ਪਾਵਾਂਗੀ। ਜੋ ਲੇਖਾ ਜਾਣੇ ਰਿਖ ਮੁਨ, ਭੇਵ ਅਭੇਦਾ ਉਸ ਦੇ ਅਗੇ ਜਣਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਮੰਗ ਇਕ ਮੰਗਾਵਾਂਗੀ। ਦੋਏ ਜੋੜ ਵਾਸਤਾ ਪਾਵਾਂਗੀ। ਖ਼ਾਲੀ ਝੋਲੀ ਅਗੇ ਡਾਹਵਾਂਗੀ। ਨੇਤਰ ਨੈਣਾਂ ਨੀਰ ਵਹਾਵਾਂਗੀ। ਬਸਤਰ ਚੀਰ ਪਾੜ ਵਖਾਵਾਂਗੀ। ਮੇਰੇ ਅੰਦਰ ਬ੍ਰਿਹੋਂ ਪੀੜ, ਕੂਕ ਸੁਣਾਵਾਂਗੀ। ਕਲਜੁਗ ਕੂੜੀ ਕਿਰਿਆ ਬਦਲ ਤਕਦੀਰ, ਦਰ ਪ੍ਰਭ ਦੇ ਅਲਖ ਜਗਾਵਾਂਗੀ। ਸ਼ਰਅ ਛੁਰੀ ਨਾ ਰਹੇ ਜ਼ੰਜੀਰ, ਸ਼ਰੀਅਤ ਇਕੋ ਰੰਗ ਰੰਗਾਵਾਂਗੀ। ਝਗੜਾ ਮੇਟ ਗ਼ਰੀਬ ਅਮੀਰ, ਤਾਮੀਰ ਨਵੀਂ ਇਕ ਦਰਸਾਵਾਂਗੀ। ਤੂੰ ਮਾਲਕ ਬੇਨਜ਼ੀਰ, ਨਜ਼ਰ ਮਿਹਰ ਤੇਰੀ ਰਖਾਵਾਂਗੀ। ਤੇਰਾ ਨਾਮ ਖੰਡਾ ਸ਼ਮਸ਼ੀਰ, ਸ਼ਬਦ ਸਤਿਗੁਰ ਤੇਰੇ ਹੱਥ ਉਠਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਾਸਤਾ ਪਾਵਾਂਗੀ। ਦਰ ਤੇਰੇ ਵਾਸਤਾ ਪਾਉਂਦੀ ਹਾਂ। ਦਰ ਠਾਂਡੇ ਸੀਸ ਨਿਵਾਉਂਦੀ ਹਾਂ। ਪੁਰਖ ਅਕਾਲੇ ਅਲਖ ਜਗਾਉਂਦੀ ਹਾਂ। ਖੁਲ੍ਹੜੇ ਕੇਸ ਵੇਸ ਵਟਾਉਂਦੀ ਹਾਂ। ਮੇਰੀ ਚਲੇ ਕੋਈ ਨਾ ਪੇਸ਼, ਪੇਸ਼ੀਨਗੋਈਆਂ ਸਭ ਦੀਆਂ ਹੱਥ ਉਠਾਉਂਦੀ ਹਾਂ। ਜੋ ਇਸ਼ਾਰਾ ਦੇ ਕੇ ਗਿਆ ਦਸ ਦਸਮੇਸ਼, ਸੋ ਨਿਰਅੱਖਰ ਪੜ੍ਹ ਪੜ੍ਹ ਖ਼ੁਸ਼ੀ ਮਨਾਉਂਦੀ ਹਾਂ। ਮੈਂ ਜ਼ਰੂਰ ਤੇਰਾ ਨੂਰ ਤੱਕਾਂ ਮਾਝੇ ਦੇਸ, ਮਜਲਸ ਭਗਤਾਂ

ਨਾਲ ਬਣਾਉਂਦੀ ਹਾਂ। ਮੈਨੂੰ ਯਾਦ ਆ ਗਿਆ ਜਿਸ ਵੇਲੇ ਨਾਨਕ ਨੇ ਮੋਢੇ ਭੂਰੀ ਧਰੀ ਖੇਸ, ਖੂੰਡੀ ਖੜਗ ਵਾਲੀ ਚਮਕਾਉਂਦੀ ਹਾਂ। ਜਿਸ ਵੇਲੇ ਅਰਜਨ ਤੱਤੀ ਪਈ ਰੇਤ, ਸੀਸ ਜਗਦੀਸ਼ ਤੇਰੀ ਭੇਟ ਚੜ੍ਹਾਉਂਦੀ ਹਾਂ। ਜੋ ਤੇਗ਼ ਬਹਾਦਰ ਰਖੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਉਂਦੀ ਹਾਂ। ਤੂੰ ਸਾਹਿਬ ਸਵਾਮੀ ਅੰਤਰਜਾਮੀ ਆਦਿ ਜੁਗਾਦੀ ਪੁਰਖ ਅਕਾਲਾ ਏਕ, ਏਕੰਕਾਰ ਤੇਰੀ ਓਟ ਤਕਾਉਂਦੀ ਹਾਂ। ਏਥੇ ਉਥੇ ਦੋ ਜਹਾਨਾਂ ਟੇਕ, ਦੂਜੀ ਆਸ ਨਾ ਕੋਇ ਰਖਾਉਂਦੀ ਹਾਂ। ਜਨ ਭਗਤਾਂ ਬੁੱਧੀ ਕਰੀਂ ਬਿਬੇਕ, ਮਾਂਗਤ ਹੋ ਕੇ ਮੰਗ ਮੰਗਾਉਂਦੀ ਹਾਂ। ਨਿਰਗੁਣ ਅੰਦਰੋਂ ਆਪਣਾ ਖੋਲਣਾ ਭੇਤ, ਸਰਗੁਣ ਸਾਚਾ (ਸੰਗ) ਰਲਾਉਂਦੀ ਹਾਂ। ਤੂੰ ਵੇਖਣਹਾਰਾ ਨੇਤਨ ਨੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਉਂਦੀ ਹਾਂ। ਫਲਗੁਣ ਕਹੇ ਧਰਨੀ ਮੇਰਾ ਪਹਿਲਾ ਪ੍ਰਵਿਸ਼ਟਾ, ਵਿਸ਼ਵ ਦਾ ਪਰਦਾ ਆਪ ਚੁਕਾਈਆ। ਕ੍ਰਿਸ਼ਨ ਨੇ ਰਾਧਾ ਬੰਨ੍ਹਾਇਆ ਨਿਸਚਾ, ਨਿਸਚਿਤ ਹੋ ਕੇ ਆਪ ਜਣਾਈਆ। ਕਲਜੁਗ ਅੰਤ ਪੁਰਖ ਅਕਾਲ ਦਾ ਧੁਰ ਦੇ ਕਾਹਨ ਦਾ ਇਕੋ ਹੋਵੇ ਇਸ਼ਟਾ, ਇਸ਼ਟ ਦੇਵ ਸਵਾਮੀ ਇਕੋ ਨਜ਼ਰੀ ਆਈਆ। ਜੋ ਦੀਨ ਦੁਨੀ ਦੀ ਜਾਣੇ ਦ੍ਰਿਸ਼ਟਾ, ਅੰਤਰ ਨਿਰੰਤਰ ਵੇਖ ਵਖਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਭ ਦੇ ਲੇਖ ਲਿਖਦਾ, ਲਿਖਣਹਾਰ ਬੇਪ੍ਰਵਾਹੀਆ। ਉਹ ਨਿਰਗੁਣ ਲਹਿਣਾ ਦੇਣਾ ਚੁਕਾਏ ਗੁਰਮੁਖ ਸਾਚੇ ਸਿਖ ਦਾ, ਸਿਖਿਆ ਇਕ ਦ੍ਰਿੜਾਈਆ। ਜਿਸ ਦੀ ਪ੍ਰੀਤੀ ਵਿਚ ਜਨ ਭਗਤਾਂ ਮਨ ਹੋਵੇ ਟਿਕਦਾ, ਟਿੱਕੇ ਧੂੜੀ ਖ਼ਾਕ ਰਮਾਈਆ। ਉਹ ਵਣਜਾਰਾ ਹੋਣਾ ਨਹੀਂ ਪੱਥਰ ਇੱਟ ਦਾ, ਪਾਹਨ ਸੰਗ ਨਾ ਕੋਇ ਬਣਾਈਆ। ਉਹ ਪ੍ਰੇਮੀ ਹੋਵੇ ਪਿਆਰਾ ਮਿਤ ਦਾ, ਮਿਤਰ ਪਿਆਰਾ ਆਪ ਅਖਵਾਈਆ। ਉਹ ਝਗੜਾ ਮੁਕਾਵੇ ਆਵਣ ਜਾਵਣ ਨਿਤ ਦਾ, ਚੁਰਾਸੀ ਗੇੜ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲ ਆਪ ਮਿਲਾਈਆ। ਫਲਗੁਣ ਕਹੇ ਧਰਨੀਏ ਮੈਨੂੰ ਕੋਟਨ ਬੀਤੇ ਜੁਗ, ਸਾਲ ਬਸਾਲਾ ਫੇਰਾ ਪਾਈਆ। ਮੈਨੂੰ ਪੂਰਬ ਰਹੀ ਨਾ ਸੁਧ, ਸੁਦੀ ਵਦੀ ਨਾ ਕੋਇ ਵਡਿਆਈਆ। ਮੇਰੀ ਜਗਤ ਵਾਲੀ ਨਹੀਂ ਬੁਧ, ਬੁਧ ਮਤ ਨਾ ਕੋਇ ਜਣਾਈਆ। ਮੈਨੂੰ ਕੁਝ ਨਹੀਂ ਆਉਂਦੀ ਸੁੱਝ, ਸਮਝ ਨਾ ਕੋਇ ਰਖਾਈਆ। ਚਾਰੋਂ ਕੁੰਟ ਵੇਖਿਆ ਉਡ, ਭੱਜਿਆ ਵਾਹੋ ਦਾਹੀਆ। ਕਲਜੁਗ ਰੈਣ ਅੰਧੇਰੀ ਖੁੱਡ, ਸਚ ਦੀਪ ਨਾ ਕੋਇ ਰੁਸ਼ਨਾਈਆ। ਮੈਂ ਲੇਖਾ ਜਾਣਾ ਨਾ ਆਪਣਾ ਮੁਝ, ਭੇਵ ਸਕਾਂ ਨਾ ਕੋਇ ਖੁਲਾਈਆ। ਕੀ ਸੰਦੇਸ਼ਾ ਦੇਵਾਂ ਤੁਝ, ਹੁਕਮ ਕੀ ਸਮਝਾਈਆ। ਮੈਂ ਬਿਹਬਲ ਬੇਹਾਲ ਤੱਕੀ ਸ੍ਰਿਸ਼ਟੀ ਹੋਈ ਬੇਸੁਧ, ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲਾਈਆ। ਨਿਰਗੁਣ ਧਾਰ ਹੋਈ ਗੁੰਗ, ਮੁਖ ਸ਼ਬਦ ਨਾ ਕੋਇ ਸਾਲਾਹੀਆ। ਮੈਨੂੰ ਇਉਂ ਦਿਸਦਾ ਜਿਵੇਂ ਕਲਜੁਗ ਔਧ ਰਹੀ ਪੁੱਗ, ਸਦੀ ਚੌਧਵੀਂ ਆਪਣਾ ਪੰਧ ਮੁਕਾਈਆ। ਇਹ ਖੇਲ ਕਰੇ ਬਖ਼ੁਦ, ਆਪਣਾ ਹੁਕਮ ਵਰਤਾਈਆ। ਉਹ ਕਮਲੀਏ ਤੇਰੇ ਉਤੇ ਹੋਣ ਵਾਲਾ ਯੁੱਧ, ਯੁਧਿਸ਼ਟਰ ਬੈਠਾ ਅੱਖ ਉਠਾਈਆ। ਈਸਾ ਨੇ ਅੰਤਮ ਕਹਿਣਾ ਮੇਰੀ ਵੀਹਵੀਂ ਸਦੀ ਅੰਤ ਮੈਂ ਸਭ ਨੂੰ ਕਹਿਣਾ ਮਾਰਨਿੰਗ ਗੁਡ, ਗਾਡ ਸੀਸ ਨਿਵਾਈਆ। ਇਹ ਲਹਿਣਾ ਦੇਣਾ ਮੂਸਾ ਵਾਲਾ ਸ਼ੁਡ, ਜਿਸ ਨੂੰ ਸਕੇ ਨਾ ਕੋਇ ਸਮਝਾਈਆ। ਉਹ ਵੇਖ ਮੁਹੰਮਦ ਰਿਹਾ ਉਠ, ਚਾਰ ਯਾਰੀ ਨਾਲ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਆਪਣਾ ਖੇਲ ਖਿਲਾਈਆ। ਧਰਨੀ ਕਹੇ ਫਲਗੁਣਾ ਮੇਰੇ ਅੰਦਰ ਆਈ ਆਵਾਜ਼, ਬਿਨਾ ਸਰਵਣਾਂ ਦਿਤੀ ਸੁਣਾਈਆ। ਖੋਲ ਕੇ ਭੇਵ ਆਗਾਜ਼, ਪਰਦਾ ਦਿਤਾ

ਚੁਕਾਈਆ। ਉਹ ਤੱਕ ਜੋ ਤੇਰੇ ਉਤੇ ਪੜ੍ਹਦੇ ਨਿਮਾਜ਼, ਵੁਜ਼ੂਆਂ ਖੇਲ ਖਿਲਾਈਆ। ਜਿਨ੍ਹਾਂ ਦਾ ਇਕੋ ਉਤੇ ਨਾਜ਼, ਆਸਰਾ ਇਕ ਵਖਾਈਆ। ਉਨ੍ਹਾਂ ਦਾ ਲਹਿਣਾ ਦੇਣਾ ਚੌਦਾਂ ਤਬਕਾਂ ਉਸ ਅਮਾਮ ਦੇ ਹਾਥ, ਜਿਸ ਨੂੰ ਸਜਦਾ ਸਲਾਮ ਕਹਿ ਕੇ ਸਾਰੇ ਸੀਸ ਨਿਵਾਈਆ। ਜਿਸ ਨੂੰ ਝੁਕਦੇ ਤ੍ਰੈਲੋਕੀ ਨਾਥ, ਰਾਮ ਰਾਮਾ ਲਾਗੇ ਪਾਈਆ। ਮੂਸਾ ਕੋਹਤੂਰ ਤੇ ਗਾਏ ਗਾਥ, ਢੋਲਾ ਤੇਰਾ ਬੇਪਰਵਾਹੀਆ। ਨਾਨਕ ਗੋਬਿੰਦ ਬਿਨ ਅੱਖਰਾਂ ਰਹੇ ਆਖ, ਨਿਰਅੱਖਰ ਧਾਰ ਤੇਰੀ ਸਿਫ਼ਤ ਸਾਲਾਹੀਆ। ਤੂੰ ਸਰਬ ਕਲਾ ਸਮਰਾਥ, ਸਮਰਥ ਪੁਰਖ ਤੇਰੀ ਵਡਿਆਈਆ। ਕਲਜੁਗ ਅੰਤਮ ਹੋ ਪ੍ਰਗਟ, ਪ੍ਰਗਣੇ ਵੇਖੇ ਚਾਈਂ ਚਾਈਂਆ। ਦੀਨ ਮਜ਼੍ਹਬ ਦੇ ਤੱਕੇ ਹੱਟ, ਹਟਵਾਣਿਆਂ ਹੱਥ ਮਿਲਾਈਆ। ਨਿਰਗੁਣ ਧਾਰੋਂ ਸਾਰੇ ਆਓ ਨੱਠ, ਪਿਛਲਾ ਪੰਧ ਮੁਕਾਈਆ। ਧਰਮ ਦਵਾਰੇ ਕਰੋ ਇਕੱਠ, ਜਿਥੇ ਵਸੇ ਧੁਰ ਦਾ ਮਾਹੀਆ। ਤੀਰਥ ਤੱਕੋ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਧਿਆਨ ਲਗਾਈਆ। ਮੰਦਰ ਮਸਜਿਦ ਸ਼ਿਵਦਵਾਲੇ ਵੇਖੋ ਮਠ, ਚਰਚਾਂ ਗਿਰਜਿਆਂ ਖੋਜ ਖੁਜਾਈਆ। ਜੀਵਾਂ ਜੰਤਾਂ ਕਾਇਆ ਮਾਟੀ ਹੋਈ ਕੱਚ, ਕੰਚਨ ਗੜ੍ਹ ਨਾ ਹੋਏ ਰੁਸ਼ਨਾਈਆ। ਬਿਨਾ ਰਸਨਾ ਜਿਹਵਾ ਆਤਮ ਪਰਮਾਤਮ ਰਿਹਾ ਰਟ, ਕਲਮਾ ਅਗੰਮ ਅਥਾਹੀਆ। ਨਿਝਰ ਝਿਰਨਾ ਕਵਣ ਪੀਏ ਰਸ, ਬਿਨ ਰਸਨਾ ਰਸ ਚਖਾਈਆ। ਨਿਜ ਨੇਤਰ ਕਿਸ ਦੀ ਖੁਲ੍ਹੀ ਅੱਖ, ਪ੍ਰਤਖ ਦਿਓ ਵਖਾਈਆ। ਆਪਣਾ ਲਹਿਣਾ ਦੇਣਾ ਪੂਰਾ ਕਰ ਲਉ ਹਕ, ਹਕੀਕਤ ਦਾ ਮਾਲਕ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਫਲਗੁਣ ਕਹੇ ਧਰਨੀਏ ਮੇਰਾ ਵੇਖ ਹਾਲ, ਕੀ ਹਾਲਤ ਕੀਤੀ ਲੋਕਾਈਆ। ਮੈਂ ਫਸ ਗਿਆ ਵਿਚ ਕੂੜ ਜੰਜਾਲ, ਪਰਦਾ ਸਕੇ ਨਾ ਕੋਇ ਚੁਕਾਈਆ। ਚਾਰੋਂ ਕੁੰਟ ਹੋਇਆ ਬੇਹਾਲ, ਭੱਜਿਆ ਵਾਹੋ ਦਾਹੀਆ। ਇਕ ਕੂਕ ਸੁਣਾਈ ਪਰਮ ਪੁਰਖ ਕਰ ਮੇਰੀ ਸੰਭਾਲ, ਸੰਬਲ ਬਹਿ ਕੇ ਵੇਖ ਵਖਾਈਆ। ਹੁਕਮ ਸਦੇਸਾ ਦੇ ਦੇ ਇਕੋ ਕਾਲ, ਕਾਲ ਨਗਾਰਾ ਦੇ ਵਜਾਈਆ। ਦਰੋਹੀ ਹੋਵੇ ਦੀਨ ਦੁਨੀ ਕਰੇ ਨਾ ਕੋਇ ਪ੍ਰਿਤਪਾਲ, ਪ੍ਰਿਤਪਾਲਕ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਤਿਗੁਰ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੀ ਸਖ਼ੀ, ਸਖ਼ਾਵਤ ਆਪਣੀ ਦੇ ਕਰਾਈਆ। ਮੇਰੀ ਹਾਲਤ ਵੇਖ ਬਿਨ ਅੱਖੀਂ, ਅੱਖੀਆਂ ਵਾਲੇ ਅੱਖੀਆਂ ਗਏ ਬਦਲਾਈਆ। ਮੇਰੀ ਆਪੇ ਪਤ ਰਖੀਂ, ਰੱਖਿਆ ਕਰੀਂ ਥਾਉਂ ਥਾਈਂਆ। ਦੀਨ ਦੁਨੀ ਆਪਣੀ ਸਿਖਿਆ ਦੱਸੀਂ, ਦਹਿ ਦਿਸ਼ਾ ਕਰੀਂ ਪੜ੍ਹਾਈਆ। ਤੂੰ ਆਪਣੀ ਜੂਨੀ ਤੱਕ ਲੈ ਚਾਰ ਲੱਖ ਅੱਸੀ, ਬਿਨਾ ਅੰਕੜਿਆਂ ਗਣਤ ਗਿਣਾਈਆ। ਸ਼ਰਅ ਦੀਨ ਦੀ ਬੱਧੀ ਵਿਚ ਰੱਸੀ, ਰਸਤਾ ਤੇਰਾ ਗਈ ਭੁਲਾਈਆ। ਮੇਰੀ ਆਸ਼ਾ ਫਿਰਦੀ ਨੱਸੀ, ਭੱਜੇ ਵਾਹੋ ਦਾਹੀਆ। ਚਾਰੋਂ ਕੁੰਟ ਅਗਨੀ ਤੱਤੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੇਰੀ ਚੁੰਨੀ ਸੀਸ ਤੋਂ ਲੱਥੀ, ਓਢਣ ਉਪਰ ਨਾ ਕੋਇ ਟਿਕਾਈਆ। ਤੇਰੀ ਮਹਿੰਮਾ ਸਦਾ ਅਕਥ ਅਕਥੀ, ਕਥ ਸਕੇ ਕੋਇ ਨਾ ਰਾਈਆ। ਤੂੰ ਸਾਹਿਬ ਮੇਰਾ ਸਮਰਥੀ, ਤੇਰੀ ਵਡ ਵਡਿਆਈਆ। ਤੇਰੇ ਚਰਨ ਕਵਲਾਂ ਮੇਰੇ ਸਵਾਮੀ ਮੈਂ ਢੱਠੀ, ਢੱਠਿਆਂ ਲੈ ਉਠਾਈਆ। ਮੇਰੀ ਅੰਤਮ ਆਪਣਿਆਂ ਚਰਨਾਂ ਵਿਚ ਕਰ ਦੇ ਗਤੀ, ਗਤਮਿਤ ਆਪਣੇ ਹੱਥ ਰਖਾਈਆ। ਤੂੰ ਗਹਿਰ ਗੰਭੀਰਾ ਬੇਨਜ਼ੀਰਾ ਮੇਰਾ ਕਮਲਾਪਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਮੈਂ ਤੇਰੇ ਉਤੋਂ ਹੋਵਾਂ ਸਤੀ, ਸਤਿਆ ਵਾਲਿਆ ਆਪਾ ਤੇਰੀ ਭੇਟ ਚੜ੍ਹਾਈਆ। ਨਿਗਾਹ ਮਾਰ ਲੈ ਮੇਰੇ ਉਤੇ ਰਿਹਾ ਕੋਈ ਨਾ ਜਤੀ, ਜੋਗੀ ਜੰਗਮ

ਜਗਿਆਸੂ ਸਾਰੇ ਰਹੇ ਕੁਰਲਾਈਆ। ਗੁਰ ਅਵਤਾਰ ਪੈਗ਼ੰਬਰ ਮੈਂ ਤੋਰੇ ਆਪਣੀ ਹੱਥੀਂ, ਤੇਰੇ ਦਰ ਧਿਆਨ ਲਗਾਈਆ। ਮੈਂ ਆਪਣੀ ਕਥਾ ਕਹਾਣੀ ਸੁਣਾਵਾਂ ਸੱਚੀ, ਸਚ ਸਚ ਨਾਲ ਦ੍ਰਿੜਾਈਆ। ਮੇਰੇ ਉਤੇ ਮਨ ਕਲਪਣਾ ਚਾਰ ਕੁੰਟ ਦਹਿ ਦਿਸ਼ਾ ਨੱਚੀ, ਘੁੰਗਟ ਮੁਖ ਰਿਹਾ ਨਾ ਰਾਈਆ। ਮੇਰੇ ਸਵਾਮੀਆਂ ਮੇਰੀ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਹੋਈ ਪੱਕੀ, ਪੇਸ਼ੀਨਗੋਈਆਂ ਦੇਣ ਗਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਇਕੋ ਤੇਰੀ ਓਟ ਰਖੀ, ਦੂਸਰ ਆਸ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਮੇਰੇ ਸਾਹਿਬ ਦਿਆਲਾ, ਦੀਨ ਦਿਆਲ ਤੇਰੀ ਸਰਨਾਈਆ। ਮੇਰੇ ਪਰਮ ਪੁਰਖ ਕਿਰਪਾਲਾ, ਕਿਰਪਾਨਿਧ ਤੇਰੀ ਵਡਿਆਈਆ। ਤੇਰੀ ਜੁਗ ਜੁਗ ਅਵੱਲੜੀ ਚਾਲਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਖੇਲ ਖਿਲਾਈਆ। ਮੇਰਾ ਤੇਰੇ ਅਗੇ ਇਕੋ ਸਵਾਲਾ, ਸਵਾਲੀ ਹੋ ਕੇ ਝੋਲੀ ਡਾਹੀਆ। ਕਲਜੁਗ ਕੂੜੀ ਕਿਰਿਆ ਮੇਰਾ ਮੁਖ ਕੀਤਾ ਕਾਲਾ, ਦੁਰਮਤ ਮੈਲ ਨਾ ਕੋਇ ਧਵਾਈਆ। ਉਠ ਕੇ ਖੇਲ ਵੇਖ ਹਾਲਾ, ਹਾਲਤ ਵਿਗੜੀ ਖ਼ਲਕ ਖ਼ੁਦਾਈਆ। ਠੱਗਾਂ ਚੋਰਾਂ ਫੜੀਆਂ ਮਾਲਾ, ਕਾਮੀ ਕਰੋਧੀ ਤਿਲਕ ਲਲਾਟ ਲਗਾਈਆ। ਮੁੱਲਾ ਸ਼ੇਖ਼ ਮੁਸਾਇਕ ਕਾਜ਼ੀ ਮਾਰਨ ਛਾਲਾ, ਹਰਾਮ ਖੋਰ ਕੂਕ ਕੂਕ ਸੁਣਾਈਆ। ਫਲ ਰਿਹਾ ਨਾ ਕਿਸੇ ਤਨ ਵਜੂਦ ਵਾਲੇ ਡਾਲਾ, ਮਾਨਸ ਸਿੰਮਲ ਰੁੱਖ ਲਹਿਰਾਈਆ। ਪ੍ਰਭੂ ਤੇਰੇ ਪਿਆਰ ਦੀ ਘਾਲੇ ਕੋਇ ਨਾ ਘਾਲਾ, ਘਾਇਲ ਹੋ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਪੁਰਖ ਅਕਾਲ ਕਹੇ ਸੁਣ ਧਰਤੀ, ਧਵਲ ਧੌਲ ਦਿਆਂ ਜਣਾਈਆ। ਮੈਂ ਇਕੋ ਨਿਧ ਪਰਤੀ, ਪਤਿਪਰਮੇਸ਼ਵਰ ਨੂਰ ਅਲਾਹੀਆ। ਮੈਂ ਮਾਲਕ ਅਰਸ਼ੀ ਫ਼ਰਸ਼ੀ, ਦੋ ਜਹਾਨਾਂ ਖੇਲ ਖਿਲਾਈਆ। ਤੇਰੀ ਮਨਜ਼ੂਰ ਕਰਾਂ ਅਰਜ਼ੀ, ਆਰਜ਼ੂ ਵੇਖਾਂ ਚਾਈਂ ਚਾਈਂਆ। ਮੈਂ ਸਤਿਗੁਰੂ ਨਹੀਂ ਕੋਈ ਫ਼ਰਜ਼ੀ, ਸ਼ਬਦ ਦੇਵ ਦੇਵਾ ਇਕ ਅਖਵਾਈਆ। ਜਦੋਂ ਚਾਹਵਾਂ ਤੇ ਕਰਾਂ ਆਪਣੀ ਮਰਜ਼ੀ, ਹੁਕਮ ਵਿਚ ਬੰਧਨ ਕੋਇ ਨਾ ਪਾਈਆ। ਜੁਗ ਬਦਲਣਾ ਮੇਰੀ ਖੇਲ ਘਰ ਦੀ, ਅਵਤਾਰ ਪੈਗ਼ੰਬਰ ਗੁਰੂ ਹੁਕਮ ਵਿਚ ਭਵਾਈਆ। ਮੇਰੀ ਧਾਰ ਮੇਰੇ ਨਾਲ ਲੜਦੀ, ਦੂਸਰ ਅਵਰ ਨਾ ਕੋਇ ਲੜਾਈਆ। ਮੈਂ ਖੇਲ ਜਾਣਾ ਚੋਟੀ ਜੜ ਦੀ, ਚੇਤਨ ਆਪਣਾ ਹੁਕਮ ਵਰਤਾਈਆ। ਖੇਲ ਵੇਖਾਂ ਹੰਕਾਰੀ ਗੜ੍ਹ ਦੀ, ਕਾਮ ਕਰੋਧ ਲੋਭ ਮੋਹ ਹੰਕਾਰ ਫੋਲ ਫੁਲਾਈਆ। ਆਸ ਤੱਕਾਂ ਨਾੜੀ ਨਾੜ ਦੀ, ਹਾਡੀ ਹਾਡੀ ਪਰਦਾ ਲਾਹੀਆ। ਇਹ ਖੇਲ ਸੱਚੀ ਸਰਕਾਰ ਦੀ, ਹਰਿ ਕਰਤਾ ਆਪ ਕਰਾਈਆ। ਧਰਨੀ ਤੂੰ ਕਿਉਂ ਧਾਹਾਂ ਮਾਰਦੀ, ਕੂਕ ਕੂਕ ਸੁਣਾਈਆ। ਹੁਣ ਖੇਲ ਵਕਤ ਅੰਤ ਅਖ਼ੀਰ ਸੰਗ ਮੁਹੰਮਦ ਚਾਰ ਯਾਰ ਦੀ, ਸਦੀ ਚੌਧਵੀਂ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰੇ ਪ੍ਰਭੂ ਮੈਂ ਚਰਨ ਤੇਰੇ ਧੂੜ ਦੀ, ਧੂੜੀ ਖ਼ਾਕ ਰਮਾਈਆ। ਮੈਂ ਮੂਰਖ ਅੰਞਾਣ ਮੂੜ੍ਹ, ਬੁੱਧਹੀਣ ਨਜ਼ਰੀ ਆਈਆ। ਮੇਰਾ ਨਾਤਾ ਜੁੜਿਆ ਨਾਲ ਕੂੜ, ਕਲਜੁਗ ਕੂੜ ਕੀਤੀ ਕੁੜਮਾਈਆ। ਤੂੰ ਮੇਰਾ ਸਾਹਿਬ ਹਾਜ਼ਰ ਹਜ਼ੂਰ, ਹਜ਼ਰਤਾਂ ਤੋਂ ਬਾਹਰ ਨਜ਼ਰੀ ਆਈਆ। ਮੇਰੀ ਬੇਨੰਤੀ ਕਰ ਮਨਜ਼ੂਰ, ਦਰ ਠਾਂਡੇ ਮੰਗ ਮੰਗਾਈਆ। ਇਕੋ ਜੋਤ ਦਾ ਬਖ਼ਸ਼ ਨੂਰ, ਨੂਰ ਨੁਰਾਨੇ ਦੇ ਚਮਕਾਈਆ। ਤੂੰ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਤੇਰਾ ਪੰਧ ਨਾ ਨੇੜੇ ਨਾ ਦੂਰ, ਘਰ ਘਰ ਬੈਠਾ ਡੇਰਾ ਲਾਈਆ।

ਮੇਰਾ ਲੇਖਾ ਪੂਰਾ ਕਰਦੇ ਜ਼ਰੂਰ, ਜ਼ਰੂਰਤ ਤੇਰੇ ਅਗੇ ਟਿਕਾਈਆ। ਓਹ ਵੇਖ ਮੂਸਾ ਰਾਹ ਤੱਕੇ ਉਤੇ ਕੋਹਤੂਰ, ਤੁਰੀਆ ਤੋਂ ਬਾਹਰ ਤੇਰਾ ਨੂਰ ਨਜ਼ਰੀ ਆਈਆ। ਈਸਾ ਤੇਰੇ ਪਿਆਰ ਦਾ ਲਏ ਸਰੂਰ, ਸਲੀਵ ਗਲ ਗਿਆ ਲਟਕਾਈਆ। ਮੁਹੰਮਦ ਮਕਬਰਿਆਂ ਵਿਚ ਤੇਰਾ ਤੱਕੇ ਨੂਰ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਪ੍ਰਭੂ ਤੇਰੀ ਵਡਿਆਈ ਵੱਡੀ, ਮੇਰੇ ਸਾਹਿਬ ਗੁਣੀ ਗਹੀਰਾ। ਧਰਨੀ ਖਲੋਤੀ ਹੱਥ ਬੱਧੀ, ਵੇਖ ਮਾਟੀ ਤਨ ਖ਼ਾਕ ਸਰੀਰਾ। ਪੈਗ਼ੰਬਰਾਂ ਤੱਕ ਸਦੀ, ਜੋ ਸਦਮੇ ਵਾਲੀਆਂ ਤਕਦੀਰਾ। ਉਹ ਤੱਕ ਕਲਜੁਗ ਧਾਰ ਨੂਹ ਨਦੀ, ਘਤੀ ਆਏ ਵਹੀਰਾ। ਕਲਜੁਗ ਚਾਰੋਂ ਕੁੰਟ ਫਿਰੇ ਲੱਭੀ, ਪਾਟੇ ਚੀਥੜ ਵਖਾਏ ਲੀਰਾ। ਤੂੰ ਨੂਰ ਅਲਾਹੀ ਰੱਬੀ, ਲੇਖਾ ਜਾਣੇ ਸ਼ਹਿਨਸ਼ਾਹ ਹਕੀਰਾ। ਅੰਤਮ ਰਹਿਣ ਦਏ ਨਾ ਕਿਸੇ ਦੀ ਗੱਦੀ, ਗਦਾਗਰ ਵੇਖ ਫ਼ਕੀਰਾ। ਕੂੜੀ ਕਿਰਿਆ ਮੇਟ ਦੇ ਹੱਦੀ, ਹਦੂਦ ਦੱਸ ਬੇਨਜ਼ੀਰਾ। ਤੇਰਾ ਖੇਲ ਹੁੰਦਾ ਸਬੱਬੀ, ਜੁਗ ਚੌਕੜੀ ਘੱਤ ਕੇ ਜਾਣ ਵਹੀਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਸਭ ਦੀਆਂ ਜ਼ਮੀਰਾ। ਫਲਗੁਣ ਕਹੇ ਮੇਰੀ ਰੁਤ ਸੁਹਾਵੀ, ਹਰਿ ਸਤਿਗੁਰ ਆਪ ਸੁਹਾਏ। ਮੇਰਾ ਲੇਖਾ ਕਲਜੁਗ ਕੰਢੇ ਰਾਵੀ, ਰਵੀਦਾਸ ਧਿਆਨ ਲਗਾਏ। ਜੋ ਸਰਗੁਣ ਉਤੇ ਵਰਤੀ ਭਾਵੀ, ਤਨ ਅਰਜਨ ਦਏ ਗਵਾਹੇ। ਤੇਰਾ ਖੇਲ ਬੇਪਰਵਾਹੀ, ਬੇਪਰਵਾਹੀ ਵਿਚ ਸਮਾਏ। ਤੂੰ ਜੋਤੀ ਜਾਤਾ ਇਕ ਅਖਵਾਈ, ਨੂਰ ਨੁਰਾਨਾ ਨੂਰ ਰੁਸ਼ਨਾਏ। ਅਮਾਮ ਅਮਾਮਾ ਸੋਭਾ ਪਾਈ, ਜੋਤੀ ਰਾਤਾ ਡਗਮਗਾਏ। ਸੰਬਲ ਦੇਸ ਸੁਹਾਈ, ਸਚ ਸਿੰਘਾਸਣ ਇਕ ਵਡਿਆਏ। ਫੂਲਨ ਸੇਜ ਵਿਛਾਈ, ਫਲਗੁਣ ਨਿਵ ਨਿਵ ਸੀਸ ਨਿਵਾਏ। ਨਿਹਕਲੰਕਾ ਨਾਉਂ ਧਰਾਈ, ਕਲ ਕਲਕੀ ਆਪ ਅਖਵਾਏ। ਸ਼ਬਦ ਡੰਕਾ ਇਕ ਵਜਾਈ, ਦੋ ਜਹਾਨਾਂ ਕਰੇ ਰੁਸ਼ਨਾਏ। ਦਵਾਰ ਬੰਕਾ ਇਕ ਸੁਹਾਈ, ਜਿਥੇ ਜਨ ਭਗਤ ਬੈਠੇ ਸੋਭਾ ਪਾਏ। ਸਭ ਦਾ ਆਵਣ ਜਾਵਣ ਲੇਖੇ ਲਾਈ, ਜੋ ਤੇਰਾ ਨਾਮ ਧਿਆਏ। ਫਲਗੁਣ ਕਹੇ ਮੇਰੀ ਆਸਾ ਪੂਰ ਕਰਾਈ, ਕਰਮ ਕਾਂਡ ਦਾ ਡੇਰਾ ਢਾਹੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਏ। ਫਲਗੁਣ ਕਹੇ ਮੈਂ ਇਕ ਵਸਤ ਅਨਮੁੱਲੀ ਮੰਗਦਾ, ਸਤਿਗੁਰ ਦੇਣੀ ਦਇਆ ਕਮਾ। ਭੇਵ ਖੁਲਾਉਣਾ ਹੰ ਬ੍ਰਹਮ ਦਾ, ਪਰਦਾ ਪਰਦਿਆਂ ਵਿਚੋਂ ਉਠਾ। ਜੋ ਗੁਰਮੁਖ ਸਤਿਗੁਰ ਘਰ ਜੰਮਦਾ, ਤਿਸ ਨੂੰ ਰਾਏ ਧਰਮ ਨਾ ਦਏ ਸਜ਼ਾ। ਝਗੜਾ ਮੁਕਾਉਣਾ ਆਵਣ ਜਾਵਣ ਪੰਧ ਦਾ, ਲੱਖ ਚੁਰਾਸੀ ਫੰਦ ਕਟਾ। ਭੇਵ ਖੁਲਾਉਣਾ ਆਤਮ ਬ੍ਰਹਮ ਦਾ, ਨੂਰ ਨੁਰਾਨਾ ਨੂਰ ਚਮਕਾ। ਮਾਰਗ ਦੱਸਣਾ ਸਤਿਗੁਰ ਸ਼ਬਦ ਧਰਮ ਦਾ, ਜਿਸ ਦਾ ਰਸਤਾ ਸਕੇ ਨਾ ਕੋਇ ਬਦਲਾ। ਲੇਖਾ ਰਹੇ ਨਾ ਕਿਸੇ ਕਰਮ ਦਾ, ਨਿਹਕਰਮੀ ਹੋਣਾ ਆਪ ਸਹਾ। ਝਗੜਾ ਮਿਟਾਉਣਾ ਵਰਨ ਬਰਨ ਦਾ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਟਿਕਾ। ਸਹਾਰਾ ਦੇਣਾ ਆਪਣੇ ਚਰਨ ਦਾ, ਚਰਨ ਚਰਨੋਦਕ ਨਾਮ ਪਿਲਾ। ਨੇਤਰ ਖੋਲਣਾ ਹਰਨ ਫਰਨ ਦਾ, ਨਿਜ ਲੋਚਨ ਨੈਣ ਕਰ ਰੁਸ਼ਨਾ। ਮਾਰਗ ਦੱਸਣਾ ਪੌੜੇ ਚੜ੍ਹਨ ਦਾ, ਅਗੇ ਸਕੇ ਨਾ ਕੋਇ ਅਟਕਾ। ਦਰਵਾਜ਼ਾ ਖੋਲਣਾ ਅੰਦਰ ਵੜਨ ਦਾ, ਕੁੰਡਾ ਖਿੜਕੀ ਆਪੇ ਲਾਹ। ਪ੍ਰਕਾਸ਼ ਦੇਣਾ ਦੀਪਕ ਜੋਤ ਜਗਣ ਦਾ, ਅੰਧ ਅੰਧੇਰ ਮਿਟਾ। ਸਚ ਸਿੰਘਾਸਣ ਵਖਾਉਣਾ ਜੋਤ ਧਾਰ ਮਗਨ ਦਾ, ਅੰਤਮ ਜੋਤੀ ਜੋਤ ਮਿਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ

ਸਰਨਾ। ਸਰਨ ਤੁਮਾਰੀ ਆਏ ਮਾਧੋ, ਭਗਤ ਸੁਹੇਲੇ ਮੀਤ। ਅੰਤਰ ਹਿਰਦਾ ਸਭ ਦਾ ਸਾਧੋ, ਸਾਦਕ ਸਿੱਧ ਵਸਣਾ ਚੀਤ। ਪੁਰਖ ਅਕਾਲਾ ਏਕਾ ਲਾਧੋ, ਠਾਕਰ ਸਵਾਮੀ ਧੁਰ ਦਾ ਮੀਤ। ਧੁਨ ਆਤਮਕ ਸਣਾਉਣਾ ਆਪਣਾ ਨਾਦੋ, ਦੂਜਾ ਸੁਣਨਾ ਪਏ ਨਾ ਗੀਤ। ਲੱਖ ਚੁਰਾਸੀ ਵਿਚੋਂ ਆਪੇ ਕਾਢੋ, ਕਰੋ ਪਤਤ ਪੁਨੀਤ। ਝਗੜਾ ਰਿਹਾ ਨਾ ਕੂੜ ਸਮਾਜੋ, ਆਤਮ ਪਰਮਾਤਮ ਦੱਸਣੀ ਇਕ ਪ੍ਰੀਤ। ਦੁਰਮਤ ਮੈਲ ਧੋਣਾ ਦਾਗ਼ੋ, ਧਾਮ ਦਸਾਉਣਾ ਇਕ ਅਨਡੀਠ। ਆਪਣੀ ਕਿਰਪਾ ਜਗਾਓ ਚਰਾਗ਼ੋ, ਮੇਰੇ ਸਾਹਿਬ ਸਤਿਗੁਰ ਜਗਦੀਸ਼। ਜੋ ਤੇਰੇ ਦਰਸ਼ਨ ਨੂੰ ਫਲਗੁਣ ਕਹੇ ਆਏ ਆਜੋ, ਅੰਦਰ ਮੰਦਰ ਬਦਲ ਕੇ ਨੀਤ। ਅੰਤ ਸਹਾਈ ਨਾ ਕੋਈ ਤੇਰੇ ਬਾਝੋਂ, ਇਹ ਬਿਨਾ ਪਥਰ ਪਾਣੀ ਤੋਂ ਵੱਜੀ ਲੀਕ। ਦਿਵਸ ਰੈਣ ਸੁਣ ਤੇਰਾ ਰਬਾਬੋ, ਅਨਹਦ ਨਾਦੀ ਸੁਣਾਉਣਾ ਗੀਤ। ਤੇਰਾ ਚਰਨ ਧੂੜ ਦਾ ਇਸ਼ਨਾਨ ਪੂਰਾ ਹੋਇਆ ਮਾਘੋ, ਫਲਗੁਣ ਜਨ ਭਗਤਾਂ ਕਾਇਆ ਰਖਣੀ ਠਾਂਡੀ ਸੀਤ। ਕੂੜ ਤਬੀਅਤ ਬਦਲ ਮਜ਼ਾਜੋ, ਮਨੂਆ ਕਰ ਭੈ ਭੀਤ। ਆਪਣੇ ਹੱਥ ਪਕੜ ਵਾਗੋ, ਦਹਿ ਦਿਸ਼ਾ ਨਾ ਉਠ ਉਠ ਧਾਏ ਨੀਚ। ਹੰਸ ਬਣਾ ਫੜ ਫੜ ਕਾਗੋ, ਸੋਹੰ ਨਾਮ ਰਸ ਦੇ ਕੇ ਰਸਨਾ ਮੀਠ। ਗੁਰਮੁਖਾਂ ਅੰਦਰ ਉਪਜੇ ਵੈਰਾਗੋ, ਕਿਰਪਾ ਕਰ ਹਰਿ ਜਗਦੀਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਦੀ ਸਚ ਸਚ ਪ੍ਰੀਤ। ਫਲਗੁਣ ਕਹੇ ਮੇਰੇ ਸਵਾਮੀ, ਸੀਸ ਸੀਸ ਨਿਵਾਈਆ। ਸਰਬ ਜੀਆਂ ਦੇ ਅੰਤਰਜਾਮੀ, ਘਟ ਘਟ ਵੇਖ ਵਖਾਈਆ। ਤੇਰਾ ਦੇਸ਼ ਅਗੰਮ ਅਨਾਮੀ, ਕਹਿਣ ਕਿਛ ਨਾ ਪਾਈਆ। ਸੰਦੇਸਾ ਤੇਰਾ ਹਕ ਪੈਗ਼ਾਮੀ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਤੂੰ ਮਾਲਕ ਇਕ ਹਕ ਅਨਾਮੀ, ਪਰਵਰਦਿਗਾਰ ਨੂਰ ਅਲਾਹੀਆ। ਤੇਰਾ ਦਿਸੇ ਨਾ ਕੋਇ ਸਾਨੀ, ਲਾਸਾਨੀ ਤੇਰੀ ਵਡ ਵਡਿਆਈਆ। ਜਨ ਭਗਤਾਂ ਅੰਦਰ ਆਪਣੀ ਨਾਮ ਦੀ ਦੇ ਨਿਸ਼ਾਨੀ, ਨਿਸ਼ਾਨਾ ਇਕੋ ਇਕ ਵਖਾਈਆ। ਦਰ ਆਇਆਂ ਕੱਟ ਦੇ ਗਲੋਂ ਗ਼ੁਲਾਮੀ, ਜ਼ੰਜੀਰ ਕੂੜ ਰਹੇ ਨਾ ਰਾਈਆ। ਅੰਮ੍ਰਿਤ ਆਤਮ ਨਿਝਰ ਰਸ ਦੇ ਠੰਡਾ ਪਾਣੀ, ਬੂੰਦ ਸਵਾਂਤੀ ਇਕ ਟਪਕਾਈਆ। ਆਤਮ ਪਰਮਾਤਮ ਬਣ ਕੇ ਹਾਣੀ, ਮੇਲ ਮਿਲਾਉਣਾ ਸਹਿਜ ਸੁਭਾਈਆ। ਪੁਰਖ ਅਕਾਲੇ ਤੂੰ ਪਾਤਸ਼ਾਹ ਤੇਰਾ ਭਗਤ ਤੇਰੀ ਰਾਣੀ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ। ਝਗੜਾ ਮੁਕਾ ਦੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਹਤਜ ਫੇਰ ਕਦੇ ਨਾ ਆਈਆ। ਤੇਰੀ ਮੰਜ਼ਲ ਇਕ ਰੁਹਾਨੀ, ਰੂਹ ਬੁਤ ਤੋਂ ਪਰੇ ਤੇਰੀ ਸ਼ਨਵਾਈਆ। ਸਾਹਿਬ ਸਤਿਗੁਰ ਫਲਗੁਣ ਕਹੇ ਗੁਰਮੁਖਾਂ ਉਤੇ ਕਰੀਂ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਪਿਛਲਾ ਝਗੜਾ ਨਾ ਰਹੇ ਦੀਵਾਨੀ, ਅੰਤਮ ਲੇਖਾ ਦੇਣਾ ਮੁਕਾਈਆ। ਤੇਰਾ ਘਰ ਆਲਮੇ ਜ਼ਾਵਿਦਾਨੀ, ਸਚ ਦਵਾਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਜ਼ਿਮੀਂ ਅਸਮਾਨੀ, ਦੋ ਜਹਾਨੀ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।

੩ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਧਰਮ ਕਹੇ ਵੇਖ ਧਰਨੀ ਪ੍ਰਭ ਦੀ ਧਾਰ, ਧਰਮ ਦਵਾਰ ਵੱਜੇ ਵਧਾਈਆ। ਕਿਰਪਾ ਕਰੇ ਆਪ ਨਿਰੰਕਾਰ, ਨਿਰਾਕਾਰ ਧੁਰਦਰਗਾਹੀਆ।

ਭਗਤ ਸੁਹੇਲੇ ਜੁਗ ਜੁਗ ਤਾਰ, ਤਾਰਨਹਾਰ ਆਪਣੇ ਹੱਥ ਰਖੇ ਵਡਿਆਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰ, ਨਿਵ ਨਿਵ ਲਾਗਣ ਪਾਈਂਆ। ਜਿਸ ਦੀ ਖੇਲ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਭਗਤ ਸੁਹੇਲਾ ਬਣ ਕੇ ਮੀਤ ਮੁਰਾਰ, ਮਿਤਰ ਪਿਆਰਾ ਦਇਆ ਕਮਾਈਆ। ਡੁਬਦੇ ਪਾਹਨ ਦੇਵੇ ਤਾਰ, ਪੱਥਰਾਂ ਚਰਨ ਛੁਹਾਈਆ। ਮਿਹਰਵਾਨ ਹੋ ਆਪ ਕਰਤਾਰ, ਕਰਨੀ ਕਰਤਾ ਕਾਰ ਕਮਾਈਆ। ਬੰਸ ਸਰਬੰਸ ਕਰ ਪਿਆਰ, ਪਿਤਾ ਪੂਤ ਗੋਦ ਸੁਹਾਈਆ। ਦੇਵੇ ਵਡਿਆਈ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਹਰਿ ਭਗਤ ਦਵਾਰਾ ਭਗਤੀ ਦਾ ਭਰ ਭੰਡਾਰ, ਅਤੋਟ ਅਤੁਟ ਭਰਾਈਆ। ਕੋਝਿਆਂ ਕਮਲਿਆਂ ਪਾਵੇ ਸਾਰ, ਗ਼ਰੀਬ ਨਿਮਾਣਿਆਂ ਵੇਖ ਵਖਾਈਆ। ਭੁੱਲਿਆਂ ਭਟਕਿਆਂ ਲਾਵੇ ਪਾਰ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹ ਇਕ ਅਖਵਾਈਆ। ਧਰਮ ਕਹੇ ਧਰਨੀ ਸੁਣ ਸੰਦੇਸ਼ਾ ਧੁਰ ਦੀ ਧਾਰ, ਖ਼ਬਰ ਕੀ ਅਗੰਮ ਜਣਾਈਆ। ਬਿਸ਼ਨ ਕੌਰ ਕਰੇ ਇਸ਼ਾਰ, ਇਸ਼ਾਰਿਆਂ ਨਾਲ ਸਮਝਾਈਆ। ਮੇਰਾ ਬਿਰਧਾਂ ਬਾਲਾਂ ਦੇਣਾ ਪਿਆਰ, ਵੱਡਿਆਂ ਛੋਟਿਆਂ ਇਕੋ ਗੰਢ ਪਵਾਈਆ। ਜੋ ਸੇਵਾ ਵਿਚ ਸੇਵਾਦਾਰ, ਖ਼ਿਦਮਤ ਵਿਚ ਖ਼ਾਦਮ ਨਜ਼ਰੀ ਆਈਆ। ਗੁਰਮੁਖਾਂ ਨੂੰ ਸਤਿਗੁਰ ਪਿਆਰ ਦਾ ਅਧਾਰ, ਸ਼ਬਦ ਧਾਰ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਬਿਸ਼ਨ ਕੌਰ ਕਹੇ ਮੇਰੀ ਆਤਮਾ ਅਤੀਤੀ, ਸਤਿ ਸਰੂਪ ਵਿਚ ਸਮਾਈਆ। ਮੇਰੀ ਸਭ ਦੇ ਨਾਲ ਪ੍ਰੀਤੀ, ਪ੍ਰਭ ਪ੍ਰੀਤਮ ਦਿਤੀ ਬਣਾਈਆ। ਮੇਰੀ ਭਗਤਾਂ ਦੀ ਬਗ਼ੀਚੀ, ਫੁੱਲ ਫੁਲਵਾੜੀ ਸੋਭਾ ਪਾਈਆ। ਮੈਂ ਖ਼ੁਸ਼ੀਆਂ ਦੇ ਨਾਲ ਡੀਠੀ, ਅਨਡਿੱਠ ਦਿਤੀ ਵਖਾਈਆ। ਮੈਂ ਹੱਸ ਕੇ ਕਹਾਂ ਰਸਨਾ ਨਾਲ ਮੀਠੀ, ਪ੍ਰੇਮ ਨਾਲ ਜਣਾਈਆ। ਜਿਨ੍ਹਾਂ ਸਾਚੇ ਘਰ ਵਿਚ ਸੇਵਾ ਕੀਤੀ, ਸੇਵਾ ਸੇਵਾ ਵਿਚ ਉਪਜਾਈਆ। ਮੇਰਾ ਸਾਹਿਬ ਸਤਿਗੁਰ ਪਰਖੇ ਨਾ ਕਿਸੇ ਦੀ ਨੀਤੀ, ਖੋਟੇ ਖਰ੍ਹੇ ਵੇਖ ਵਖਾਈਆ। ਜੋ ਪਾਵੇ ਸਾਰ ਜੀਵ ਜੀ ਕੀ, ਜਗ ਜੀਵਣ ਦਾਤਾ ਇਕ ਅਖਵਾਈਆ। ਜਿਸ ਦੇ ਕੋਲ ਹਕ ਤੌਫ਼ੀਕੀ, ਦੇਵਣਹਾਰ ਬੇਪਰਵਾਹੀਆ। ਮੈਂ ਮੰਗ ਮੰਗਾਂ ਨੀਕੀ, ਝੋਲੀ ਖ਼ਾਲੀ ਅਗੇ ਵਖਾਈਆ। ਮੇਰੀ ਵੰਡ ਨਹੀਂ ਕੋਈ ਸਾਢੇ ਤਿੰਨ ਹੱਥ ਸੀਅ ਕੀ, ਭਗਤ ਦਵਾਰਾ ਖੁਲਾ ਵਿਹੜਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਮ ਕਹੇ ਧਰਨੀ ਮੈਂ ਸੁਣਿਆ ਹੋਰ ਸੰਦੇਸਾ, ਧਰਮ ਮਾਤ ਰਹੀ ਦ੍ਰਿੜਾਈਆ। ਮੇਰੇ ਸਾਹਿਬ ਦਾ ਸਾਹਿਬ ਵਾਲਾ ਵੇਸਾ, ਸਾਹਿਬ ਸਤਿਗੁਰ ਨਜ਼ਰੀ ਆਈਆ। ਜੋ ਸਭ ਦਾ ਪੂਰਾ ਕਰੇ ਲੇਖਾ, ਲੇਖ ਪਿਛਲਾ ਦਏ ਬਦਲਾਈਆ। ਧੁਰ ਮਸਤਕ ਲਾਵੇ ਮੇਖਾ, ਮਿਥਿਆ ਦੱਸੇ ਲੋਕਾਈਆ। ਪ੍ਰੇਮ ਪਿਆਰ ਕਰੇ ਹੇਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਿਸ ਭਗਤ ਉਧਾਰੇ ਸੇਵਾ ਕਰਦੇ ਵਿਚ ਖੇਤਾ, ਆਪਣੇ ਘਰ ਸੁਹਾਈਆ। ਸੋ ਸਵਾਮੀ ਨਿਰਗੁਣ ਵੇਸ ਕਰੇ ਉਚੇਚਾ, ਉਚ ਅਗੰਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਚ ਦਏ ਵਡਿਆਈਆ। ਧਰਨੀ ਕਹੇ ਧਰਮ ਵੇਖ ਧਰਮ ਦਵਾਰਾ, ਧਰਮ ਦੀ ਧਾਰ ਨਜ਼ਰੀ ਆਈਆ। ਜਿਥੇ ਭਗਤਾਂ ਦਾ ਪ੍ਰੇਮ ਭੰਡਾਰਾ, ਭੰਡਾਰੀ ਵਿਸ਼ਨੂੰ ਸੇਵ ਕਮਾਈਆ। ਲੇਖਾ ਤੱਕ ਸੇਵਾਦਾਰਾ, ਜੋ ਸੇਵਾ ਸਚ ਕਮਾਈਆ।

ਵੰਡ ਨਹੀਂ ਪੁਰਖ ਨਾਰਾ, ਨਰ ਨਰਾਇਣ ਹੋਏ ਸਹਾਈਆ। ਜਿਸ ਦਾ ਖੇਲ ਸਭ ਤੋਂ ਨਿਆਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਕਲ ਕਲਕੀ ਲਏ ਅਵਤਾਰਾ, ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਧਰਮ ਕਹੇ ਧਰਨੀ ਮੈਂ ਧਰਮ ਨਾਲ ਦੱਸਾਂ ਬਿਆਨ, ਧਰਮ ਧਰਮ ਵਿਚੋਂ ਜਣਾਈਆ। ਸਤਿਗੁਰ ਦੀ ਸੇਵਾ ਚਰਨੀ ਕਰੇ ਮਹਾਨ, ਚਰਨ ਚਰਨ ਵਿਚ ਵਡਿਆਈਆ। ਲੰਗਰ ਵਿਚ ਨਿਗਾਹਬਾਨ ਹੋਇਆ ਨਿਗਾਹਬਾਨ, ਨਿਗਾਹ ਆਪਣੀ ਇਕ ਉਠਾਈਆ। ਵਰਿਆਮ ਕੌਰ ਕਰ ਪ੍ਰਵਾਨ, ਹਰਬੰਸ ਕੌਰ ਸੰਗ ਰਖਾਈਆ। ਵੀਰੋ ਭਜਨੋ ਦੇ ਕੇ ਦਾਨ, ਚਰਨੋ ਗੁਰਦੇਵ ਜੋੜ ਜੁੜਾਈਆ। ਮੰਗੋ ਬਖ਼ਸ਼ ਧਰਮ ਨਿਸ਼ਾਨ, ਕੌਰ ਮਹਿੰਦਰ ਫਿਰੇ ਉਠਾਈਆ। ਸੁਰਜੀਤ ਕੌਰ ਦੇ ਕੇ ਜੀਵਨ ਦਾਨ, ਬੰਤੀ ਪ੍ਰੇਮ ਗੰਢ ਪਵਾਈਆ। ਮੇਰੇ ਸਾਹਿਬ ਦਾ ਖੇਲ ਮਹਾਨ, ਮਹਿੰਮਾ ਕਥ ਕਥ ਸ਼ਨਵਾਈਆ। ਬਚਨੀ ਜੀਤਾਂ ਕਰ ਪ੍ਰਵਾਨ, ਗੁਰਮੀਤ ਕੰਤ ਗੰਢ ਪਵਾਈਆ। ਲੇਖਾ ਜਾਣੇ ਸ੍ਰੀ ਭਗਵਾਨ, ਅਭੁਲ ਭੁਲ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਇਕ ਖਿਲਾਈਆ। ਧਰਮ ਕਹੇ ਧਰਨੀ ਕੀ ਸੰਦੇਸਾ ਦੇਵੇ ਰਾਜਾ ਇੰਦਰ, ਇੰਦਰਾਸਣ ਬੈਠਾ ਧਿਆਨ ਲਗਾਈਆ। ਸਾਡਾ ਲੇਖ ਲਿਖਿਆ ਸ਼ਾਨ ਜਿੰਦਰ, ਗੁਰਮੁਖ ਸਿੰਘ ਗੁਰ ਗੁਰ ਸਿਫ਼ਤ ਸਾਲਾਹੀਆ। ਧੁਰ ਦਾ ਪਿਆਰ ਮੇਰਾ ਬਲਵਿੰਦਰ, ਦਵਿੰਦਰ ਨਾਤਾ ਜਗਤ ਭਗਤ ਵਾਲਾ ਰਖਾਈਆ। ਜਿਥੇ ਰਹੇ ਕੋਇ ਨਾ ਚਿੰਦਨ, ਚਿੰਤਾ ਚਿਖਾ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਦਏ ਬਣਾਈਆ। ਧਰਨੀ ਕਹੇ ਧਰਮ ਮੈਂ ਧਰਮ ਦਵਾਰ ਦੀ ਦਾਸੀ, ਦਾਸ ਦਾਸਾ ਸੀਸ ਨਿਵਾਈਆ। ਜਿਥੇ ਸਚ ਦੀ ਮੰਡਲ ਰਾਸੀ, ਸਤਿ ਦੀ ਵੱਜੇ ਵਧਾਈਆ। ਕੂੜ ਕਿਰਿਆ ਵਿਚੋਂ ਨਾਸੀ, ਨਾਸਤਕ ਆਪਣਾ ਆਪ ਮਿਟਾਈਆ। ਮੈਂ ਪ੍ਰਕਾਸ਼ ਤੱਕਾਂ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰਾਂ ਹੋਵੇ ਰੁਸ਼ਨਾਈਆ। ਪੁਰਖ ਅਕਾਲਾ ਸਭ ਦੀ ਪੂਰੀ ਕਰੇ ਆਸੀ, ਆਹਿਸਤਾ ਆਹਿਸਤਾ ਆਪਣਾ ਰੰਗ ਰੰਗਾਈਆ। ਭਗਤ ਸੁਹੇਲਾ ਗੁਣੀ ਗਹੇਲਾ ਘਨਕਪੁਰ ਵਾਸੀ, ਜੋਤੀ ਜਾਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਧਰਮ ਕਹੇ ਮੈਂ ਸੁਣੀ ਛੋਟੀ ਜਹੀ ਖ਼ਬਰ, ਮੈਨੂੰ ਖ਼ਬਦਾਰ ਦਿਤਾ ਕਰਾਈਆ। ਬਿਸ਼ਨ ਕੌਰ ਕਹੇ ਸੇਵਾ ਕੀਤੀ ਸਾਰੇ ਟੱਬਰ, ਵੱਡੇ ਛੋਟਿਆਂ ਪਿਆਰ ਬਣਾਈਆ। ਮੈਨੂੰ ਕੁਲਦੀਪ ਕੌਰ ਦੀ ਕਦਰ, ਪ੍ਰੀਤਾਂ ਗੰਢ ਪਵਾਈਆ। ਜਗੀਰੋ ਵੱਲੋਂ ਮੇਰੀ ਪੂਰੀ ਹੋਈ ਸੱਧਰ, ਰਣਜੀਤ ਕੌਰ ਵੇਖ ਵਖਾਈਆ। ਜਗੀਰ ਕੌਰ ਕਦੀ ਕਦੀ ਆਉਂਦੀ ਲੱਭਣ, ਆਪਣਾ ਪੰਧ ਮੁਕਾਈਆ। ਮਨਜੀਤ ਕੌਰ ਮੇਰੇ ਦੱਬਦੀ ਰਹੀ ਹੱਡਣ, ਗੁਰਦਰਸ਼ਨ ਵੇਖ ਕੇ ਨੈਣਾਂ ਨੀਰ ਵਹਾਈਆ। ਮੇਰਾ ਬਾਹਰੋਂ ਬਿਰਦ ਹੋਇਆ ਸੀ ਬਦਨ, ਮੇਰਾ ਅੰਤਰ ਸਦਾ ਲਏ ਅੰਗੜਾਈਆ। ਛਿੰਦਰ ਕਦੀ ਕਦੀ ਆਉਂਦੀ ਸੀ ਬਾਹਰ ਕਢਣ, ਲੇਖਾ ਭੁਲ ਕਦੇ ਨਾ ਜਾਈਆ। ਮੈਂ ਚਾਹੁੰਦੀ ਭਗਤ ਦਵਾਰ ਦੇ ਛੋਟੇ ਵੱਡੇ ਸਭ ਦੇ ਦੀਪਕ ਜਗਣ, ਸੁਰਜੀਤ ਕੌਰ ਸੰਗ ਰਖਾਈਆ। ਮੈਂ ਸਦਾ ਖ਼ੁਸ਼ੀਆਂ ਵਿਚ ਰਹਿਣਾ ਮਗਨ, ਆਪਣੀ ਖ਼ੁਸ਼ੀ ਬਣਾਈਆ। ਮੈਨੂੰ ਯਾਦ ਜਿਸ ਵੇਲੇ ਮੇਰੀ ਚਿਖਾ ਨੂੰ ਲਾਈ ਅਗਨ, ਚਾਰੋਂ ਕੁੰਟ ਭਵਾਈਆ। ਲਿਖਾਰੀ ਪ੍ਰੇਮ ਨਾਲ ਲੱਗੇ ਸੀ ਲਿਖਣ, ਗੁਰਮੁਖ ਸ਼ਾਨ ਜਿੰਦਰ ਕਲਮ ਕਾਗ਼ਜ਼ ਉਤੇ ਫਿਰਾਈਆ। ਮੇਰੀ ਆਤਮਾ ਫੇਰ ਤੱਕਣ ਲੱਗੀ ਵੱਲ ਸਿੱਖਣ,

ਬਿਨ ਅੱਖਾਂ ਅੱਖ ਉਠਾਈਆ। ਮੈਨੂੰ ਸਭ ਕੁਝ ਲੱਗਾ ਦਿਸਣ, ਏਥੇ ਓਥੇ ਦੋ ਜਹਾਨ ਨਜ਼ਰੀ ਆਈਆ। ਭਾਣਾ ਮੰਨ ਕੇ ਮਿੱਠਣ, ਰਸ ਸਭ ਨੂੰ ਦਿਆਂ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਨਿਤ ਨਵਿਤਨ, ਨਰ ਨਰਾਇਣ ਆਪਣਾ ਰੰਗ ਰੰਗਾਈਆ।

੪ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਫੱਤੂਚਕ ਜ਼ਿਲਾ ਕਪੂਰਥਲਾ ਹਜ਼ਾਰਾ ਸਿੰਘ ਦੇ ਗ੍ਰਹਿ

ਧਰਨੀ ਕਹੇ ਸੁਣ ਮੀਤ ਪਿਆਰੇ ਧਰਮਾ, ਧਰਮ ਦੀ ਧਾਰ ਧਾਰ ਜਣਾਈਆ। ਮੇਰੇ ਉਤੇ ਤੱਕ ਚਾਰ ਕੁੰਟ ਦਾ ਕਰਮਾ, ਕਰਮ ਕਾਂਡ ਖੋਜ ਖੁਜਾਈਆ। ਇਸ਼ਾਰਾ ਦੇ ਦੇ ਬ੍ਰਹਮ ਧਾਰ ਦੀ ਬ੍ਰਹਮਾ, ਭੇਵ ਅਭੇਦਾ ਆਪ ਖੁਲਾਈਆ। ਸ਼ੰਕਰ ਹਾਜ਼ਰ ਹੋਏ ਪ੍ਰਭੂ ਦੇ ਚਰਨਾਂ, ਤ੍ਰਿਸੂਲ ਆਪਣੀ ਹੱਥ ਉਠਾਈਆ। ਵਿਸ਼ਨੂੰ ਦੱਸ ਖੇਲ ਕੀ ਕਰਨਾ, ਕੀ ਕਰਤਾ ਪੁਰਖ ਹੁਕਮ ਵਰਤਾਈਆ। ਭੇਵ ਅਭੇਦਾ ਖੋਲ ਕੇ ਭਰਮਾ, ਭਾਂਡਾ ਭਰਮ ਭਉ ਭੰਨਾਈਆ। ਪੁਰਖ ਅਕਾਲ ਦੀਨ ਦਿਆਲ ਸ਼ਬਦ ਘੋੜੇ ਅਸਵ ਚੜ੍ਹਨਾ, ਦੋ ਜਹਾਨਾਂ ਵੇਖ ਵਖਾਈਆ। ਹੁਕਮੀ ਹੁਕਮ ਹੁਕਮ ਨਾਲ ਲੜਨਾ, ਝਗੜਾ ਅਵਰ ਨਾ ਕੋਇ ਰਖਾਈਆ। ਹਕ ਹਕੀਕਤ ਨਿਰਗੁਣ ਧਾਰ ਨਿਰਅੱਖਰ ਪੜ੍ਹਨਾ, ਬਿਨ ਅਕਸ਼ਰਾਂ ਅੱਖਰ ਬਣਾਈਆ। ਜਿਸ ਝਗੜਾ ਮੇਟਣਾ ਵਰਨਾਂ ਬਰਨਾਂ, ਜ਼ਿਮੀਂ ਜ਼ਮਾਂ ਖੋਜ ਖੁਜਾਈਆ। ਨਿਰਗੁਣ ਨਿਰਵੈਰ ਨਿਰੰਕਾਰ ਖ਼ਾਲਕ ਖ਼ਲਕ ਖੇਲ ਕਰਨਾ, ਮਖ਼ਲੂਕ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਮ ਕਹੇ ਧਰਨੀ ਮੈਂ ਦੱਸਾਂ ਨਾਲ ਪਿਆਰਾ, ਕੀ ਪ੍ਰੀਤਮ ਪਿਆਰਾ ਖੇਲ ਖਿਲਾਈਆ। ਨਿਗਾਹ ਮਾਰ ਵਿਚ ਸੰਸਾਰਾ, ਨੌ ਖੰਡ ਪ੍ਰਿਥਮੀ ਸੱਤ ਦੀਪ ਪਰਦਾ ਓਹਲਾ ਰਹੇ ਨਾ ਰਾਈਆ। ਚਾਰੋਂ ਕੁੰਟ ਤੱਕ ਧੂੰਆਂਧਾਰਾ, ਨਿਰਗੁਣ ਨੂਰੀ ਚੰਦ ਨਾ ਕੋਇ ਚਮਕਾਈਆ। ਵਰਨ ਬਰਨ ਹੋਵੇ ਖ਼ੁਆਰਾ, ਖ਼ਾਲਸ ਰੰਗ ਨਾ ਕੋਇ ਸਮਾਈਆ। ਜੀਵ ਜੰਤ ਕਰਨ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਅੰਮ੍ਰਿਤ ਬੂੰਦ ਸਵਾਂਤੀ ਮਿਲੇ ਨਾ ਠੰਡੀ ਠਾਰਾ, ਅਗਨੀ ਤਤ ਨਾ ਕੋਇ ਬੁਝਾਈਆ। ਕੂਕ ਪੁਕਾਰਨ ਵੇਦ ਚਾਰਾ, ਪੁਰਾਨ ਅਠਾਰਾਂ ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਰੋਵਣ ਮਾਰਨ ਧਾਹੀਂਆ। ਆਤਮ ਬ੍ਰਹਮ ਪਾਵੇ ਕੋਇ ਨਾ ਸਾਰਾ, ਪਾਰਬ੍ਰਹਮ ਤੇਰਾ ਮੇਲ ਨਾ ਕੋਇ ਮਿਲਾਈਆ,। ਬੰਦ ਖੁਲ੍ਹੇ ਨਾ ਕਿਸੇ ਕਿਵਾੜਾ, ਬਜਰ ਕਪਾਟੀ ਪਰਦਾ ਨਾ ਕੋਇ ਉਠਾਈਆ। ਕਾਇਆ ਮੰਦਰ ਅੰਦਰ ਦਿਸੇ ਨਾ ਕੋਇ ਅਖਾੜਾ, ਪੰਚ ਸ਼ਬਦ ਧੁਨ ਨਾ ਕੋਇ ਸ਼ਨਵਾਈਆ। ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਤੇਰੇ ਅਗੇ ਹਾੜਾ, ਬਹੁੜੀ ਬਹੁੜੀ ਕਰ ਕੇ ਤੇਰੇ ਅਗੇ ਸੀਸ ਨਿਵਾਈਆ। ਕਰ ਪ੍ਰਕਾਸ਼ ਬਹੱਤਰ ਨਾੜਾ, ਅੰਧ ਅੰਧੇਰਾ ਦੇ ਮਿਟਾਈਆ। ਤੇਰਾ ਅੰਤ ਨਾ ਪਾਰਾਵਾਰਾ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਲੇਖਾ ਵੇਖ ਪੈਗ਼ੰਬਰ ਗੁਰ ਅਵਤਾਰਾ, ਨੌ ਸੌ ਚੁਰਾਨਵੇਂ ਚੌਕੜੀ ਜੁਗ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਮ ਕਹੇ ਧਰਨੀ ਮੈਂ ਸਚ ਕੀਤੀ ਅਰਦਾਸ, ਬੇਨੰਤੀ ਹਕ ਸੁਣਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਪਰਵਰਦਿਗਾਰ ਤੇਰੀ ਸ਼ਰਨਾਈਆ। ਤੂੰ

ਸ਼ਾਹੋ ਭੂਪ ਸਭ ਦਾ ਮਾਈ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਝਗੜਾ ਰਹੇ ਨਾ ਜ਼ਾਤ ਪਾਤ , ਦੀਨਾਂ ਮਜ਼੍ਹਬਾਂ ਇਕੋ ਗੰਢ ਰਖਾਈਆ। ਭੇਵ ਖੁਲਾ ਦੇ ਕਾਗ਼ਜ਼ਾਤ, ਕਾਗਦ ਕਲਮ ਸਿਆਹੀ ਤੇਰੀ ਸਿਫ਼ਤ ਸਲਾਹੀਆ। ਸ਼ਰਅ ਜ਼ੰਜੀਰਾਂ ਵਿਚੋਂ ਕਰ ਆਜ਼ਾਦ, ਤਨ ਬੰਧਨ ਦੇ ਤੁੜਾਈਆ। ਤੇਰਾ ਇਕੋ ਹੋਵੇ ਹੁਕਮ ਅਹਿਲਾਦ, ਸੰਦੇਸਾ ਹਕੀਕਤ ਹਕ ਦੇਣਾ ਜਣਾਈਆ। ਉਠ ਵੇਖ ਇਸ਼ਾਰਾ ਦੇਵੇ ਪ੍ਰਹਿਲਾਦ, ਕਬੀਰ ਜੁਲਾਹਾ ਨਾਲ ਮਿਲਾਈਆ। ਫ਼ਰੀਦ ਕਹੇ ਹੋ ਵਿਸਮਾਦ, ਬਿਸਮਿਲ ਆਪਣੀ ਕਾਰ ਕਮਾਈਆ। ਇਕੋ ਨਾਮ ਕਲਮਾ ਤੇਰਾ ਵੱਜੇ ਨਾਦ, ਤੁਰੀਆ ਤੋਂ ਬਾਹਰ ਕਰ ਸ਼ਨਵਾਈਆ। ਲੱਖ ਚੁਰਾਸੀ ਜੀਵ ਆਤਮ ਧਾਰ ਜਾਇਣ ਜਾਗ, ਜਾਗਰਤ ਜੋਤ ਬਿਨ ਵਰਨ ਗੋਤ ਇਕੋ ਕਰ ਰੁਸ਼ਨਾਈਆ। ਸਚ ਸਵਾਮੀ ਅੰਤਰਜਾਮੀ ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਇਕੋ ਹੋਵੇ ਰਾਗ, ਅਨਰਾਗੀ ਆਪਣਾ ਰਾਗ ਦੇ ਸੁਣਾਈਆ। ਸਭ ਦੀ ਦੁਰਮਤ ਮੈਲ ਧੋ ਦਾਗ਼, ਪਤਤ ਪੁਨੀਤ ਆਪ ਕਰਾਈਆ। ਹਰ ਘਟ ਦੀਪਕ ਜੋਤ ਜਗਾ ਚਰਾਗ਼, ਅੰਧ ਅੰਧੇਰਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਆਪ ਸਹਾਈਆ। ਧਰਮ ਕਹੇ ਧਰਨੀ ਮੈਂ ਚਾਰੋਂ ਕੁੰਟ ਤੱਕਿਆ, ਆਪਣਾ ਧਿਆਨ ਲਗਾਈਆ। ਲੇਖਾ ਵੇਖਿਆ ਮਦੀਨਾ ਮਕਿਆ, ਕਾਅਬਿਆਂ ਖੋਜ ਖੁਜਾਈਆ। ਮਹਿਬੂਬ ਮਿਲੇ ਨਾ ਹਕੋ ਹੱਕਿਆ, ਹਕੀਕਤ ਹੱਥ ਕਿਸੇ ਨਾ ਆਈਆ। ਸਾਚਾ ਲਾਹਾ ਕਿਸੇ ਨਾ ਖੱਟਿਆ, ਖਟਕੇ ਵਿਚ ਲੋਕਾਈਆ। ਸਭ ਦੀ ਕੀਮਤ ਪੈ ਗਈ ਨਾਲ ਟਕਿਆ, ਮਾਇਆ ਮਮਤਾ ਤੋਲ ਤੁਲਾਈਆ। ਏਕਾ ਜ਼ੀਰੋ ਹੋਇਆ ਬਟਿਆ, ਜ਼ੀਰੋ ਜ਼ੀਰੋ ਸਮਝ ਕਿਸੇ ਨਾ ਆਈਆ। ਚਾਰੋਂ ਕੁੰਟ ਦਹਿ ਦਿਸ਼ਾ ਕਲਜੁਗ ਕਲਪਣਾ ਪਾਇਆ ਰੱਟਿਆ, ਝਗੜਾ ਸਕੇ ਨਾ ਕੋਇ ਮਿਟਾਈਆ। ਕਲਮੇ ਨਾਮ ਅਣਿਆਲੇ ਤੀਰ ਸੀਨਾ ਦਿਸੇ ਕਿਸੇ ਨਾ ਫਟਿਆ, ਅਣਿਆਲਾ ਤੀਰ ਨਾ ਕੋਇ ਚਲਾਈਆ। ਮੈਂ ਚਾਰ ਵਰਨ ਅਠਾਰਾਂ ਬਰਨ ਦੀਨਾਂ ਮਜ਼੍ਹਬਾਂ ਦੇ ਵਿਚ ਨੱਠਿਆ, ਭੱਜਿਆ ਵਾਹੋ ਦਾਹੀਆ। ਅਵਤਾਰ ਪੈਗ਼ੰਬਰਾਂ ਗਰੂਆਂ ਤੱਕਿਆ ਪਟਿਆ, ਪਟਨੇ ਵਾਲਾ ਦਏ ਵਡਿਆਈਆ। ਸਭ ਨੂੰ ਮਾਇਆ ਡੱਸੇ ਸੱਪਿਆ, ਵਿਖ ਚਾਰੋਂ ਕੁੰਟ ਨਜ਼ਰੀ ਆਈਆ। ਨਾਮ ਖ਼ੁਮਾਰੀ ਚੜ੍ਹੇ ਕਿਸੇ ਨਾ ਰਤਿਆ, ਰਤਨ ਅਮੋਲਕ ਹੀਰਾ ਰੂਪ ਨਾ ਕੋਇ ਬਣਾਈਆ। ਹਿਰਦੇ ਅੰਦਰ ਕਾਇਆ ਮੰਦਰ ਡੰਕਾ ਵੱਜੇ ਕਿਸੇ ਨਾ ਫਤਿਹਾ, ਫਾਤਿਆ ਪੰਚ ਵਿਕਾਰ ਨਾ ਕੋਇ ਕਰਾਈਆ। ਕੂੜ ਕਲਪਨਾ ਕਰੇ ਕੋਇ ਨਾ ਹੱਤਿਆ, ਹਤਿਆਰੀ ਹੋਈ ਖ਼ਲਕ ਖ਼ੁਦਾਈਆ। ਬਿਨਾ ਭਗਤਾਂ ਤੋਂ ਕਲਜੁਗ ਅੰਤ ਕੋਈ ਨਾ ਬਚਿਆ, ਬਚਪਨ ਸਮਝ ਕਿਸੇ ਨਾ ਆਈਆ। ਕਰ ਕਿਰਪਾ ਸ੍ਰੀ ਭਗਵਾਨ ਜਿਨ੍ਹਾਂ ਨੂੰ ਰੱਖਿਆ, ਕਲਜੁਗ ਤਿਨ੍ਹਾਂ ਨੇੜ ਨਾ ਆਵੇ ਰਾਈਆ। ਸੋ ਸੰਤ ਸੁਹੇਲਾ ਗੁਰੂ ਗੁਰ ਚੇਲਾ ਖ਼ੁਸ਼ੀਆਂ ਦੇ ਵਿਚ ਟੱਪਿਆ, ਜਿਨ੍ਹਾਂ ਮਿਲਿਆ ਮੇਲ ਧੁਰ ਦੇ ਮਾਹੀਆ। ਆਤਮ ਪਰਮਾਤਮ ਨਾਤਾ ਹੋਇਆ ਪੱਕਿਆ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਧਰਮ ਕਹੇ ਧਰਨੀ ਮੈਂ ਖ਼ੁਸ਼ੀਆਂ ਦੇ ਵਿਚ ਹੱਸਿਆ, ਹਸਤੀ ਤੱਕ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਅਲਖ ਅਲਖਿਆ, ਅਲਖ ਅਗੋਚਰ ਅਗੰਮ ਅਥਾਹ ਬੇਪ੍ਰਵਾਹ ਇਕ ਅਖਵਾਈਆ।

੫ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੁਰਖਪੁਰ ਜ਼ਿਲਾ ਕਪੂਰਥਲਾ ਗਿਆਨ ਸਿੰਘ ਦੇ ਗ੍ਰਹਿ

ਧਰਮ ਕਹੇ ਪ੍ਰਭ ਮੇਰੇ ਅੰਤਰਜਾਮੀ, ਅੰਤਰ ਆਤਮਾ ਸਭ ਦੀ ਵੇਖ ਵਖਾਈਆ। ਤੂੰ ਪਾਰਬ੍ਰਹਮ ਪੁਰਖ ਸਵਾਮੀ, ਪਰਮ ਪੁਰਖ ਤੇਰੀ ਸ਼ਰਨਾਈਆ। ਦੋ ਜਹਾਨਾਂ ਨਿਗਾਹਬਾਨੀ, ਬ੍ਰਹਿਮੰਡ ਖੰਡ ਪੁਰੀ ਲੋਅ ਧਿਆਨ ਲਗਾਈਆ। ਮੈਨੂੰ ਚਾਰੋਂ ਕੁੰਟ ਆਈ ਹਾਨੀ, ਰੋ ਰੋ ਦਿਆਂ ਦੁਹਾਈਆ। ਨਿਗਾਹ ਮਾਰ ਤੀਰਥ ਅੱਠ ਸੱਠ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਧਿਆਨ ਲਗਾਈਆ। ਕਲਮਾ ਤੱਕ ਅੰਜੀਲ ਕੁਰਾਨੀ, ਕਾਇਆ ਕਾਅਬੇ ਖੋਜ ਖੁਜਾਈਆ। ਨਾਦ ਸ਼ਬਦ ਧੁਨ ਵੇਖ ਅਗੰਮੀ ਬਾਣੀ, ਮਿਹਰਵਾਨ ਮਹਿਬੂਬ ਪਰਦਾ ਆਪ ਉਠਾਈਆ। ਸਤਿ ਧਰਮ ਕਹੇ ਸਚ ਦਾ ਰਿਹਾ ਕੋਇ ਨਾ ਦਾਨੀ, ਵਸਤ ਅਮੋਲਕ ਨਾ ਕੋਇ ਵਰਤਾਈਆ। ਧਰਨੀ ਧਰਤ ਧਵਲ ਧੌਲ ਤੇਰੀ ਹੋਈ ਨਿਮਾਣੀ, ਨਿਵ ਨਿਵ ਸੀਸ ਝੁਕਾਈਆ। ਕਿਰਪਾ ਕਰ ਸਾਹਿਬ ਸੁਲਤਾਨੀ, ਪੁਰਖ ਬਿਧਾਤੇ ਤੇਰੀ ਓਟ ਤਕਾਈਆ। ਦੀਨ ਦੁਨੀ ਵਿਚੋਂ ਮੇਟ ਬੇਈਮਾਨੀ, ਕੂੜੀ ਕਿਰਿਆ ਦੇ ਖਪਾਈਆ। ਸਤਿ ਸਚ ਦੇ ਨਿਸ਼ਾਨੀ, ਸਤਿ ਸਤਿ ਨਾਲ ਪ੍ਰਗਟਾਈਆ। ਤੂੰ ਹਰ ਘਟ ਅੰਦਰ ਜਾਣ ਜਾਣੀ, ਲਖ ਚੁਰਾਸੀ ਰਿਹਾ ਸਮਾਈਆ। ਸਦੀ ਚੌਧਵੀਂ ਅੰਤਮ ਕਰ ਮਿਹਰਵਾਨੀ, ਮਿਹਰਵਾਨ ਮਹਿਬੂਬ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਮ ਕਹੇ ਪ੍ਰਭੂ ਮੇਰਾ ਰਿਹਾ ਕੋਈ ਨਾ ਸਤਿ, ਸਤਿ ਸਤਿਵਾਦ ਵਿਚ ਨਾ ਕੋਇ ਸਮਾਈਆ। ਜੀਵਾਂ ਜੰਤਾਂ ਭੁੱਲੀ ਬ੍ਰਹਮ ਮਤ, ਪਾਰਬ੍ਰਹਮ ਤੇਰਾ ਭੇਵ ਕਿਸੇ ਨਾ ਆਈਆ। ਨੌ ਖੰਡ ਪ੍ਰਿਥਮੀ ਉਬਲੇ ਰਤ, ਸੱਤ ਦੀਪ ਅਗਨੀ ਤਤ ਜਲਾਈਆ। ਧੀਰਜ ਰਿਹਾ ਕਿਸੇ ਨਾ ਜਤ, ਜਟਾ ਜੂਟ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਕਲਜੁਗ ਕੂੜ ਕੁੜਿਆਰਾ ਚਲਿਆ ਰਥ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਦੀਨਾਂ ਮਜ਼੍ਹਬਾਂ ਜਾਤਾਂ ਪਾਤਾਂ ਰਿਹਾ ਮਥ, ਹਿੰਦੂ ਮੁਸਲਿਮ ਸਿਖ ਈਸਾਈ ਬਚਿਆ ਨਜ਼ਰ ਕੋਇ ਨਾ ਆਈਆ। ਮਨ ਕਲਪਨਾ ਸਾਰੇ ਭੋਗਦੇ ਰਸ, ਆਤਮ ਰਸ ਵਿਚ ਨਾ ਕੋਇ ਸਮਾਈਆ। ਧਰਮ ਕਹੇ ਮੈਂ ਬਿਨਾ ਹੱਥਾਂ ਤੋਂ ਜੋੜਾਂ ਹੱਥ, ਨਿਵ ਨਿਵ ਲਾਗਾਂ ਪਾਈਂਆ। ਤੂੰ ਸਰਬ ਕਲਾ ਸਮਰਥ, ਰਾਮ ਰਾਮਾ ਤੇਰੀ ਵਡ ਵਡਿਆਈਆ। ਤੇਰੀ ਮਹਿੰਮਾ ਸਦਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਕਲਜੁਗ ਜੀਵਾਂ ਹਿਰਦੇ ਅੰਦਰ ਵਸ, ਵਾਸਤਾ ਆਪਣੇ ਨਾਲ ਰਖਾਈਆ। ਅੰਤਰ ਮੇਟ ਰੈਣ ਅੰਧੇਰੀ ਮਸ, ਨੂਰੀ ਚੰਦ ਦੇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਮ ਕਹੇ ਪ੍ਰਭੂ ਚਾਰ ਕੁੰਟ ਰਿਹਾ ਨਾ ਸਚ, ਸਚ ਮਿਲੇ ਨਾ ਕੋਇ ਵਡਿਆਈਆ। ਕਾਇਆ ਮਾਟੀ ਭਾਂਡੇ ਦੇਖ ਕੱਚ, ਮਾਨਸ ਮਾਨਵ ਮਾਨੁਖ ਖੋਜ ਖੁਜਾਈਆ। ਮਨੂਆ ਦਹਿ ਦਿਸ਼ਾ ਰਿਹਾ ਨੱਚ, ਭੱਜੇ ਵਾਹੋ ਦਾਹੀਆ। ਤੇਰਾ ਅੰਮ੍ਰਿਤ ਨਿਝਰ ਪੀਏ ਕੋਇ ਨਾ ਰਸ, ਬੂੰਦ ਸਵਾਂਤੀ ਨਾਭੀ ਕਵਲ ਨਾ ਕੋਇ ਟਪਕਾਈਆ। ਨਿਜ ਨੇਤਰ ਖੁਲ੍ਹੇ ਕਿਸੇ ਨਾ ਅੱਖ, ਅੱਖਰਾਂ ਵਾਲੀ ਸਾਰੇ ਕਰਨ ਪੜ੍ਹਾਈਆ। ਹਕੀਕਤ ਜਾਣੇ ਕੋਇ ਨਾ ਹਕ, ਮਿਹਰਵਾਨ ਮਹਿਬੂਬ ਤੇਰਾ ਦਰਸ ਕੋਇ ਨਾ ਪਾਈਆ। ਸਤਿ ਸਚ ਸਚ ਸਤਿ ਕਿਸੇ ਨਾ ਆਵੇ ਹੱਥ, ਖ਼ਾਲੀ ਹੱਥ ਦਿਸੇ ਲੋਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਕੂੜੀ ਕਿਰਿਆ ਲੋਕਮਾਤ ਮਥ, ਮਥਣ ਕਰ ਖ਼ਲਕ ਖ਼ੁਦਾਈਆ। ਤੂੰ ਸਰਬ ਕਲਾ ਸਮਰਥ, ਭਰਪੂਰ ਰਿਹਾ ਸਰਬ ਠਾਈਂਆ। ਤੇਰੇ ਚਰਨ ਕਵਲ ਨਿਰਗੁਣ ਸਰਗੁਣ ਜਾਵਾਂ ਢੱਠ, ਬਿਨ ਸੀਸ ਸੀਸ ਜਗਦੀਸ਼ ਝੁਕਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋ ਸਹਾਈਆ। ਧਰਮ ਕਹੇ ਪ੍ਰਭੂ ਮੇਰਾ ਰਿਹਾ ਕੋਈ ਨਾ ਧਾਮ, ਧਰਨੀ ਧਵਲ ਰੋ ਰੋ ਮਾਰੇ ਧਾਹੀਂਆ। ਚਾਰੋਂ ਕੁੰਟ ਅੰਧੇਰਾ ਸ਼ਾਮ, ਸ਼ਾਮ ਘਨਈਆ ਤੇਰਾ ਦਰਸ ਕੋਇ ਨਾ ਪਾਈਆ। ਸੀਤਾ ਸੁਰਤ ਮਿਲੇ ਕਿਸੇ ਨਾ ਰਾਮ, ਜਗਤ ਬਨਬਾਸ ਪੰਧ ਨਾ ਕੋਇ ਮੁਕਾਈਆ। ਪੈਗ਼ੰਬਰਾਂ ਸੁਣੇ ਨਾ ਕੋਇ ਹਕ ਪੈਗ਼ਾਮ, ਕਲਮਾ ਕਾਇਨਾਤ ਸੰਗ ਨਾ ਕੋਇ ਨਿਭਾਈਆ। ਹਿਰਦੇ ਵਸੇ ਨਾ ਕਿਸੇ ਸਤਿਨਾਮ, ਨਾਮ ਵਿਚ ਨਾ ਕੋਇ ਸਮਾਈਆ। ਕਿਰਪਾ ਕਰ ਸ੍ਰੀ ਭਗਵਾਨ, ਹਰਿ ਕਰਤੇ ਧੁਰ ਦਰਗਾਹੀਆ। ਮੇਰੀ ਡੰਡਾਵਤ ਬੰਦਨਾ ਸਜਦਿਆਂ ਵਿਚ ਸਲਾਮ, ਨਿਵ ਨਿਵ ਸੀਸ ਝੁਕਾਈਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਸਦੀ ਚੌਧਵੀਂ ਆਤਮ ਕਰ ਇੰਤਜ਼ਾਮ, ਬੰਦੋਬਸਤ ਆਪਣੇ ਹੱਥ ਰਖਾਈਆ। ਕਲਜੁਗ ਕੂੜੀ ਕਿਰਿਆ ਦਾ ਰਹੇ ਨਾ ਕੋਇ ਗ਼ੁਲਾਮ, ਗ਼ੁਰਬਤ ਸ਼ਰਕਤ ਸਭ ਦੇ ਅੰਦਰੋਂ ਕਢਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨ, ਵਾਲੀ ਦੋ ਜਹਾਨ ਇਕ ਅਖਵਾਈਆ। ਧਰਮ ਕਹੇ ਪ੍ਰਭੂ ਬਿਨ ਤੇਰੀ ਕਿਰਪਾ ਧਰਮ ਦਾ ਝੁੱਲੇ ਨਾ ਕੋਇ ਨਿਸ਼ਾਨ, ਨਿਸ਼ਾਨਾ ਸਚ ਨਾ ਕੋਇ ਝੁਲਾਈਆ। ਕਿਰਪਾ ਕਰ ਧੁਰ ਦੇ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਮੇਰੀ ਨਮੋ ਨਮੋ ਨਮਸਤੇ, ਪ੍ਰਨਾਮ ਡੰਡਾਵਤ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ।