ਪੁਸਤਕਾਲਾਭਾਗ ੨੩

੧੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਡੱਲੇਵਾਲ ਜ਼ਿਲਾ ਜਲੰਧਰ ਲਾਲ ਸਿੰਘ ਦੇ ਗ੍ਰਹਿ

ਕਲਜੁਗ ਕਹੇ ਧਰਮ ਮੇਰਾ ਵੇਖ ਚੱਕਰ, ਚਕਰੀ ਦੀਨ ਦੁਨੀ ਬਣਾਈਆ। ਸਾਹਿਬ ਦਾ ਰਿਹਾ ਕੋਇ ਨਾ ਫ਼ੱਕਰ, ਫ਼ਿਕਰਾ ਹਕ ਨਾ ਕੋਇ ਸੁਣਾਈਆ। ਝੂਠ ਦੀ ਤੇਰੇ ਨਾਲ ਲਗਾਈ ਟੱਕਰ, ਬਲ ਆਪਣਾ ਨਾਲ ਮਿਲਾਈਆ। ਰਹਿਣ ਦੇਣੀ ਨਹੀਂ ਸਚ ਦੀ ਅੱਕੜ, ਖ਼ਾਕ ਵਿਚ ਰਲਾਈਆ। ਮੈਨੂੰ ਸਕਿਆ ਕੋਈ ਨਾ ਪਕੜ, ਚਾਰ ਜੁਗ ਦੇ ਸ਼ਾਸ਼ਤਰ ਭੱਜੇ ਵਾਹੋ ਦਾਹੀਆ। ਸ਼ਰਅ ਵਿਚ ਕਿਸੇ ਨਾ ਲਿਆ ਜਕੜ, ਅਵਤਾਰ ਪੈਗ਼ੰਬਰ ਗੁਰ ਬੰਧਨ ਨਾ ਕੋਇ ਰਖਾਈਆ। ਮੈਂ ਤੁਲਿਆ ਨਹੀਂ ਕਿਸੇ ਦੇ ਤੱਕੜ, ਤਰਾਜੂ ਵਿਚ ਨਾ ਕੋਇ ਰਖਾਈਆ। ਮੈਂ ਜਗਤ ਜਹਾਨ ਕੀਤਾ ਫੱਟੜ, ਪੱਟੀ ਨਾਮ ਨਾ ਕੋਇ ਬੰਧਾਈਆ। ਮੈਂ ਬੜਾ ਸੂਰਬੀਰ ਆਪਣੀ ਕਰਨੀ ਦਾ ਕੱਟੜ, ਕੱਟੇ ਵੱਛੇ ਸਾਰੇ ਦਿਤੇ ਖਵਾਈਆ। ਮੇਰੇ ਸਿਰ ਤੇ ਕੂੜ ਕੁੜਿਆਰ ਦਾ ਛਤਰ, ਛਤਰਧਾਰੀ ਰਹਿਣ ਕੋਇ ਨਾ ਪਾਈਆ। ਵਡਿਆਈ ਰਹੀ ਨਹੀਂ ਕਿਸੇ ਪੱਤਰ, ਪੱਤਰ ਅੱਖਰਾਂ ਵਾਲੇ ਦੇਣ ਗਵਾਹੀਆ। ਲੇਖਾ ਕੋਈ ਨਾ ਜਾਣੇ ਮੇਰਾ ਸੱਤਰ, ਬਹੱਤਰ ਨਾ ਅੰਕ ਬਣਾਈਆ। ਤੇਰਾ ਮਿਤ ਰਿਹਾ ਨਾ ਚਤਰ, ਚਤੁਰਭੁਜ ਮੈਨੂੰ ਦਿਤੀ ਵਡਿਆਈਆ। ਧਰਮ ਕਹੇ ਕਲਜੁਗ ਆਹ ਤੱਕ ਤੇਰੇ ਵਿਚ ਭਗਤ ਸੁਹੇਲੇ ਰਤਨ, ਅਮੋਲਕ ਨਜ਼ਰੀ ਆਈਆ। ਜੋ ਪਰਮ ਪੁਰਖ ਦੇ ਘਾਟ ਬੈਠੇ ਪੱਤਨ, ਆਪਣਾ ਡੇਰਾ ਲਾਈਆ। ਉਥੇ ਤੇਰਾ ਚਲੇ ਕੋਈ ਨਾ ਯਤਨ, ਯਥਾਰਥ ਦਿਆਂ ਸੁਣਾਈਆ। ਉਹ ਇਕੋ ਸਾਹਿਬ ਨੂੰ ਮੰਨਣ, ਮਨਸਾ ਅਵਰ ਨਾ ਕੋਇ ਬਣਾਈਆ। ਸੁਣ ਸੰਦੇਸ਼ਾ ਬਿਨਾ ਕੰਨਣ, ਕਾਇਨਾਤ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਸਭ ਦਾ ਬੇੜਾ ਆਇਆ ਬੰਨ੍ਹਣ, ਲਹਿਣੇ ਦੇਣੇ ਤੇਰੇ ਮੇਰੇ ਸਰਬ ਚੁਕਾਈਆ।

੧੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਗੁਰਾਇਆ ਜ਼ਿਲਾ ਜਲੰਧਰ ਹਜ਼ੂਰਾ ਸਿੰਘ ਦੇ ਗ੍ਰਹਿ

ਕਲਜੁਗ ਕਹੇ ਧਰਮ ਸੁਣ ਮੇਰੀ ਪੇਸ਼ੀਨਗੋਈ, ਪੇਸ਼ਤਰ ਤੈਨੂੰ ਦਿਆਂ ਜਣਾਈਆ। ਚਾਰੋਂ ਕੁੰਟ ਕੂੜ ਕੁੜਿਆਰ ਦੀ ਹੋਣੀ ਦਰੋਹੀ, ਦਰੋਹੀ ਕਰੇ ਖ਼ਲਕ ਖ਼ੁਦਾਈਆ। ਸਚ ਦੀ ਮਿਲੇ ਕਿਸੇ ਨਾ ਢੋਈ, ਢੋਲ ਮਾਹੀ ਮਿਲਣ ਕੋਇ ਨਾ ਪਾਈਆ। ਕੋਟਾਂ ਵਿਚ ਭਗਤ ਸੁਹੇਲਾ ਦਿਸੇ ਕੋਈ,

ਜਿਸ ਪ੍ਰਭ ਆਪਣੀ ਦਇਆ ਕਮਾਈਆ। ਸੁਰਤੀ ਉਠੇ ਕਿਸੇ ਨਾ ਸੋਈ, ਸਵਾਧਾਨ ਨਾ ਕੋਇ ਕਰਾਈਆ। ਮਾਇਆ ਮਮਤਾ ਦੀਨ ਦੁਨੀ ਜਾਣੀ ਮੋਹੀ, ਕੂੜ ਮੁਹੱਬਤ ਵਿਚ ਸਮਾਈਆ। ਅੰਮ੍ਰਿਤ ਧਾਰ ਸਕੇ ਕੋਇ ਨਾ ਚੋਈ, ਨਿਜ ਲੋਚਨ ਨੈਣ ਨਾ ਕੋਇ ਖੁਲਾਈਆ। ਸਭ ਦੀ ਪਤ ਜਾਣੀ ਖੋਹੀ, ਸਿਰ ਛਤਰ ਨਾ ਕੋਇ ਝੁਲਾਈਆ। ਸਚਖੰਡ ਦਵਾਰਾ ਮਿਲੇ ਕਿਸੇ ਨਾ ਢੋਈ, ਦਰਗਾਹ ਸਾਚੀ ਸੰਗ ਨਾ ਕੋਇ ਬਣਾਈਆ। ਮੇਰੀ ਖੇਲ ਤੱਕ ਅਣਹੋਣੀ ਹੋਈ, ਸਤਿਜੁਗ ਤਰੇਤਾ ਦੁਆਪਰ ਤੱਕਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਇਕ ਸੁਣਾਈਆ। ਕਲਜੁਗ ਕਹੇ ਧਰਮ ਮੇਰਾ ਵੇਖ ਲੈ ਨੌ ਖੰਡ ਪ੍ਰਿਥਮੀ ਦਾ ਖੇਤ, ਸੱਤ ਦੀਪ ਧਿਆਨ ਲਗਾਈਆ। ਮੈਂ ਸਭ ਦੇ ਨਾਲ ਕਰਾਂ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਕੂੜ ਕੁੜਿਆਰ ਦਾ ਘਰ ਘਰ ਦਿਤਾ ਭੇਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਕਿਸੇ ਸਮਝ ਆਉਣ ਨਹੀਂ ਦਿਤਾ ਸਤਿ ਸਚ ਦਾ ਦੇਸ, ਪ੍ਰਦੇਸੀ ਕੀਤੀ ਖ਼ਲਕ ਖ਼ੁਦਾਈਆ। ਮੇਰਾ ਤੱਕ ਅਵੱਲੜਾ ਵੇਸ, ਕਾਲਾ ਸੂਸਾ ਤਨ ਛੁਹਾਈਆ। ਖੇਲ ਖਿਲਾ ਕੇ ਮੁੱਲਾਂ ਸ਼ੇਖ਼, ਪੀਰ ਫ਼ਕੀਰਾਂ ਰੰਗ ਰੰਗਾਈਆ। ਜਿਸ ਨੂੰ ਮੁਹੰਮਦ ਕਰਨਾ ਆਦੇਸ, ਸਜਦਿਆਂ ਵਿਚ ਸੀਸ ਝੁਕਾਈਆ। ਜਿਸ ਨੂੰ ਝੁਕੇ ਵਿਸ਼ਨ ਬ੍ਰਹਮਾ ਸ਼ਿਵ ਗਣਪਤ ਗਣੇਸ਼, ਰਾਮਾ ਕ੍ਰਿਸ਼ਨਾ ਲਾਗੇ ਪਾਈਂਆ। ਜਿਸ ਦਾ ਇਸ਼ਾਰਾ ਕੀਤਾ ਦਸ ਦਸਮੇਸ਼, ਗੋਬਿੰਦ ਗੋਬਿੰਦ ਗੋਬਿੰਦ ਅੱਖ ਖੁਲਾਈਆ। ਜੋ ਲੋਕਮਾਤ ਆਇਆ ਵਾਰ ਅਨੇਕ, ਅਕਲ ਕਲਧਾਰੀ ਆਪਣੀ ਦਇਆ ਕਮਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਖੇਵਟ ਖੇਟ, ਨਈਆ ਨੌਕਾ ਮੇਰੀ ਵੇਖ ਵਖਾਈਆ। ਜਿਸ ਦੀ ਝੋਲੀ ਸਭ ਕੁਛ ਕੀਤਾ ਭੇਟ, ਆਪ ਆਪਾ ਚਰਨਾਂ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਕਲਜੁਗ ਕਹੇ ਧਰਮ ਮੇਰੀ ਤੱਕ ਲੈ ਕੁਰਬਾਨੀ, ਕਰਬਲਿਆਂ ਤੋਂ ਬਾਹਰ ਜਣਾਈਆ। ਮੇਰਾ ਪਿਤਾ ਪੁਰਖ ਸੁਲਤਾਨੀ, ਸ਼ਹਿਨਸ਼ਾਹ ਨੂਰ ਅਲਾਹੀਆ। ਜਿਸ ਦੀ ਜੁਗ ਚੌਕੜੀ ਜਵਾਨੀ, ਬਿਰਧ ਬਾਲ ਰੂਪ ਨਾ ਕੋਇ ਬਦਲਾਈਆ। ਉਹ ਲੇਖਾ ਜਾਣੇ ਚਾਰੇ ਖਾਣੀ, ਖ਼ਾਲਕ ਖ਼ਲਕ ਵੇਖ ਵਖਾਈਆ। ਮੇਰੇ ਉਤੇ ਕਰੇ ਮਿਹਰਵਾਨੀ, ਮਿਹਰਵਾਨ ਦਇਆ ਕਮਾਈਆ। ਚਾਰੋਂ ਕੁੰਟ ਕੂੜ ਨਿਸ਼ਾਨੀ, ਮੇਰਾ ਝੰਡਾ ਦਿਤਾ ਲਹਿਰਾਈਆ। ਸੰਤ ਸੁਹੇਲਾ ਪਾਵੇ ਕੋਇ ਨਾ ਪਦ ਨਿਰਬਾਣੀ, ਮਹੱਲ ਅਟੱਲ ਨਾ ਕੋਇ ਸੁਹਾਈਆ। ਮਾਣ ਰਹਿਣ ਦਿਤਾ ਨਹੀਂ ਅੱਠ ਸੱਠ ਤੀਰਥ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਚਾਰੋਂ ਕੁੰਟ ਅੰਧੇਰਾ ਚੰਦ ਚਾਂਦਨੀ ਦਿਸੇ ਨਾ ਕਿਸੇ ਰੁਹਾਨੀ, ਭੇਵ ਅਭੇਦ ਨਾ ਕੋਇ ਖੁਲਾਈਆ। ਜੀਵ ਜੰਤ ਕੀਤੇ ਅਭਿਮਾਨੀ, ਹੰਕਾਰ ਵਿਕਾਰ ਨਾਲ ਮਿਲਾਈਆ। ਮੇਰਾ ਝਗੜਾ ਤੱਕ ਜਿਸਮ ਜਿਸਮਾਨੀ, ਦੀਨ ਮਜ਼੍ਹਬ ਦਿਤੇ ਟਕਰਾਈਆ। ਜਿਸ ਦੀ ਸਿਫ਼ਤ ਕਰਦੀ ਰਹੀ ਕਲਮ ਤੇ ਕਾਨੀ, ਕਾਇਨਾਤ ਵਿਚ ਜੁਗ ਜੁਗ ਲੇਖ ਬਣਾਈਆ। ਉਹ ਮਾਲਕ ਖ਼ਾਲਕ ਪ੍ਰਿਤਪਾਲਕ ਮੇਰਾ ਸ਼ਹਿਨਸ਼ਾਹ ਵਾਲੀ ਦੋ ਜਹਾਨੀ, ਪਰਵਰਦਿਗਾਰ ਸਾਂਝਾ ਯਾਰ ਪੁਰਖ ਅਕਾਲ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦਿ ਜੁਗ ਚੌਕੜੀ ਲੇਖਾ ਜਾਣੇ ਦੋ ਜਹਾਨੀ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਭੇਵ ਆਪਣੇ ਵਿਚੋਂ ਖੁਲਾਈਆ।

੧੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਰੁੜਕਾ ਜ਼ਿਲਾ ਜਲੰਧਰ ਕੇਹਰ ਸਿੰਘ ਦੇ ਗ੍ਰਹਿ

ਕਲਜੁਗ ਕਹੇ ਧਰਮ ਮੇਰਾ ਵੇਖ ਅਗੰਮਾ ਤਾਜੀ, ਤਾਜਰ ਜਗਤ ਜਹਾਨ ਵੇਖ ਵਖਾਈਆ। ਜਿਸ ਚਾਰ ਕੁੰਟ ਤੱਕਣੇ ਗ਼ਾਜ਼ੀ, ਗ਼ਜ਼ਬ ਨਾਲ ਦਿਆਂ ਜਣਾਈਆ। ਸ਼ਰਅ ਵੇਖਣੀ ਪੈਗ਼ੰਬਰ ਨਿਮਾਜ਼ੀ, ਨਵਾਜ਼ਿਸ ਵਿਚ ਸੀਸ ਨਿਵਾਈਆ। ਮੈਂ ਖ਼ੁਸ਼ੀਆਂ ਵਿਚ ਹੋਣਾ ਰਾਜ਼ੀ, ਰਾਜ਼ਕ ਰਿਜ਼ਕ ਰਹੀਮ ਦਿਤੀ ਵਡਿਆਈਆ। ਜਿਸ ਖੇਲ ਖਿਲਾਉਣਾ ਮੁੱਲਾ ਕਾਜ਼ੀ, ਕਜ਼ਾਕਾਂ ਬੰਧਨ ਦਿਤੇ ਤੁੜਾਈਆ। ਉਹ ਨਵੀਂ ਸਾਜਣਾ ਰਿਹਾ ਸਾਜੀ, ਸਾਜਣਹਾਰ ਧੁਰਦਰਗਾਹੀਆ। ਕਲਜੁਗ ਕਹੇ ਮੇਰਾ ਸਵਾਮੀ ਆਦਿ ਜੁਗਾਦੀ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਮੇਰੇ ਵਿਚ ਤੱਕੇ ਕੂੜ ਕੁੜਿਆਰਾਂ ਵਾਲੀ ਆਬਾਦੀ, ਅਬਾਦਤਖ਼ਾਨਿਆਂ ਫੋਲ ਫੁਲਾਈਆ। ਮੈਂ ਸੰਦੇਸ਼ਾ ਸੁਣਿਆ ਉਸ ਦਾ ਅਨਾਦੀ, ਅਗੰਮ ਧੁਨ ਵਿਚ ਸ਼ਨਵਾਈਆ। ਜਿਸ ਦੀ ਆਵਾਜ਼ ਨਾਲ ਬਿਨਾ ਭਗਤਾਂ ਸੁਰਤ ਕਿਸੇ ਨਾ ਜਾਗੀ, ਜਾਗਰਤ ਜੋਤ ਨਾ ਕੋਇ ਮਨਾਈਆ। ਮਾਇਆ ਕੂੜ ਨਾ ਕਿਸੇ ਤਿਆਗੀ, ਤ੍ਰੈਗੁਣ ਮਾਇਆ ਨਾਤਾ ਨਾ ਕੋਇ ਤੁੜਾਈਆ। ਤਨ ਹੋਇਆ ਨਾ ਵਡ ਵਡ ਭਾਗੀ, ਘਰ ਮਿਲੇ ਨਾ ਬੇਪ੍ਰਵਾਹੀਆ। ਮੇਰੀ ਆਸ਼ਾ ਮੈਂ ਖੇਲ ਤੱਕਾਂ ਜਗਤ ਸਮਾਜੀ, ਚਾਰੋਂ ਕੁੰਟ ਧਿਆਨ ਲਗਾਈਆ। ਸੰਦੇਸਾ ਦੇਵਾਂ ਇਕ ਅਹਿਲਾਦੀ, ਐਲਾਨ ਨਾਲ ਸੁਣਾਈਆ। ਸਵਾਧਾਨ ਹੋਵੋ ਬ੍ਰਹਮ ਬ੍ਰਹਿਮਾਦੀ, ਬ੍ਰਹਿਮਾਂਡ ਭੁਲ ਰਹੇ ਨਾ ਰਾਈਆ। ਕਰੇ ਖੇਲ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਆਪਣੀ ਕਾਰ ਕਮਾਈਆ। ਜਿਸ ਮੇਰੀ ਖੇਲ ਕਰਾਈ ਮੰਡਲ ਰਾਸੀ, ਰਸਤੇ ਜਗਤ ਵਿਚ ਚਲਾਈਆ। ਉਸ ਦੀ ਜੋਤ ਜੋਤ ਪ੍ਰਕਾਸ਼ੀ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੀ ਮੇਰੀ ਧਾਰ ਬਣੀ ਦਾਸੀ, ਸੇਵਕ ਸੇਵਾ ਸਚ ਕਮਾਈਆ। ਕਲਜੁਗ ਕਹੇ ਅੰਤ ਓਸ ਮੇਰੀ ਕਰਾਉਣੀ ਖ਼ੁਲਾਸੀ, ਖ਼ੁਲਾਸਾ ਸਭ ਨੂੰ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਰਬ ਘਟ ਵਾਸੀ, ਘਟ ਘਟ ਅੰਤਰ ਆਪਣਾ ਫੋਲ ਫੁਲਾਈਆ।

੧੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਫਗਵਾੜਾ ਜ਼ਿਲਾ ਜਲੰਧਰ ਸਾਧੂ ਸਿੰਘ ਦੇ ਗ੍ਰਹਿ

ਧਰਮ ਕਹੇ ਤੂੰ ਬੜੀਆਂ ਮਾਰੀਆਂ ਗੱਪਾਂ, ਆਪਣੀ ਕੀਤੀ ਵਡਿਆਈਆ। ਯਾਦ ਕਰ ਤੇਰਾ ਲੇਖ ਮੁਕਾਉਣਾ ਇਕੋ ਟੱਪਾ, ਜੋ ਸੋਹੰ ਢੋਲਾ ਧੁਰਦਰਗਾਹੀਆ। ਤੇਰੇ ਨਾਸ਼ ਕਰਨ ਨੂੰ ਇਕੋ ਅੱਖਰ ਕਾਫ਼ੀ ਪੱਪਾ, ਪੂਰਨ ਪਤਿਪਰਮੇਸ਼ਵਰ ਖੇਲ ਖਿਲਾਈਆ। ਤੇਰੇ ਉਤੇ ਸਭ ਤੋਂ ਵੱਖਰੀ ਲਾਈ ਦਫ਼ਾ, ਜਿਸ ਦੀ ਧਾਰ ਜਗਤ ਨਾ ਸਮਝਾਈਆ। ਤੈਨੂੰ ਦਿਸੇ ਨਾ ਕੋਈ ਨਫ਼ਾ, ਖ਼ਾਲੀ ਹੱਥ ਤਾੜੀ ਦੇ ਵਜਾਈਆ। ਹੁਣ ਐਵੇਂ ਨਾ ਹੋਵੀਂ ਖ਼ਫ਼ਾ, ਗ਼ੁੱਸੇ ਵਿਚ ਕੁਰਲਾਈਆ। ਤੇਰੀ ਕੂੜ ਕੁੜਿਆਰੀ ਮਿਟਣੀ ਸਫ਼ਾ, ਮਲੇਛਾ ਪੰਧ ਮੁਕਾਈਆ। ਪੁਰਖ ਅਕਾਲ ਮੇਰੀ ਕਰੇ ਰੱਛਾ, ਧਰਮ ਹੱਸ ਕੇ ਰਿਹਾ ਸੁਣਾਈਆ। ਲਹਿਣਾ ਦੇਣਾ ਪੂਰਾ ਕਰੇ ਮੱਛਾ ਕੱਛਾ, ਸਮੁੰਦ ਸਾਗਰਾਂ ਧਿਆਨ ਲਗਾਈਆ। ਤੂੰ ਆਪਣਾ ਖੇਲ ਤੱਕ ਲੈ ਅੱਛਾ, ਅੱਛੀ ਤਰਾ ਅੱਖ ਉਠਾਈਆ। ਧਰਨੀ ਉਤੇ ਚਾਰੋਂ ਕੁੰਟ ਫਿਰੇਂ ਨੱਸਾ, ਭੱਜੇਂ ਵਾਹੋ ਦਾਹੀਆ। ਤੈਨੂੰ ਆਪਣੇ ਵਿਚ ਬੰਦ ਕਰ ਲਏ ਇਕੋ ਸੱਸਾ, ਹੋੜਾ

ਤੇਰੀ ਜੜ ਉਖੜਾਈਆ। ਰੈਣ ਰਹੇ ਨਾ ਅੰਧੇਰੀ ਮੱਸਾ, ਨੂਰੀ ਚੰਦ ਪ੍ਰਭ ਦਏ ਚਮਕਾਈਆ। ਸਦੀ ਚੌਧਵੀਂ ਅੰਤਮ ਤੈਨੂੰ ਪੈਣੀਆਂ ਗਸ਼ਾ, ਸੁਰਤ ਸੰਭਲ ਕੋਇ ਨਾ ਪਾਈਆ। ਲੇਖਾ ਮੁਕਣਾ ਜਿਨ੍ਹਾਂ ਖਾਧਾ ਗਾਂ ਵੱਛਾ, ਵਿਛੜਿਆਂ ਮੇਲ ਨਾ ਕੋਇ ਕਰਾਈਆ। ਪੁਰਖ ਅਕਾਲ ਮਾਰਨਾ ਧੱਫਾ, ਲੇਖਾ ਮੰਗੇ ਥਾਉਂ ਥਾਈਂਆ। ਤੇਰਾ ਬੇੜਾ ਡੋਬਣਾ ਭਰਿਆ ਪਾਪਾ, ਪਤਤਾਂ ਤੇਰੇ ਨਾਲ ਮਿਲਾਈਆ। ਤੇਰਾ ਸਭ ਨੇ ਕਰਨਾ ਸਿਆਪਾ, ਸੀੜ੍ਹੀਆਂ ਗੋਰਾਂ ਵਾਲੇ ਬੋਲਣ ਥਾਉਂ ਥਾਈਂਆ। ਸਹਾਈ ਬਣੇ ਨਾ ਕੋਇ ਅਵਤਾਰ ਪੈਗ਼ੰਬਰ ਗੁਰੂ ਚਾਚਾ, ਪਿਤਾ ਪੁਰਖ ਅਕਾਲ ਹੁਕਮ ਸੁਣਾਈਆ। ਜਿਸ ਦੇ ਹੁਕਮ ਨਾਲ ਚਾਰੋਂ ਕੁੰਟ ਅਗਨੀ ਲੱਗਣਾ ਮਾਚਾ, ਮਾਚਸ ਦੀ ਲੋੜ ਰਹੇ ਨਾ ਰਾਈਆ। ਹੁਕਮ ਦਾ ਤੈਨੂੰ ਇਕੋ ਮਾਰੇ ਤਮਾਚਾ, ਤੇਰਾ ਮੁਖ ਦਏ ਭਵਾਈਆ। ਤੂੰ ਕੂੜੀ ਕਰਨੀ ਵਿਚ ਘਰ ਘਰ ਅੰਦਰ ਨਾਚਾ, ਨੱਚਿਆਂ ਟੱਪਿਆ ਚਾਈਂ ਚਾਈਂਆ। ਤੇਰਾ ਲੇਖਾ ਇਕ ਸਾਹਿਬ ਨੇ ਵਾਚਾ, ਜੋ ਮੇਰਾ ਸਤਿਗੁਰ ਸਾਹਿਬ ਅਖਵਾਈਆ। ਉਸ ਦਾ ਅਗਲਾ ਵੇਖ ਖ਼ਲਾਸਾ, ਭੇਵ ਰਿਹਾ ਖੁਲਾਈਆ। ਜਿਸ ਵਿਚ ਫ਼ਰਕ ਰਹੇ ਨਾ ਮਾਸਾ, ਰਤੀ ਤੋਲ ਨਾ ਕੋਇ ਤੁਲਾਈਆ। ਉਹ ਭਗਤਾਂ ਬਣ ਕੇ ਦਾਸੀ ਦਾਸਾ, ਘਰ ਘਰ ਆਪਣੀ ਖ਼ੁਸ਼ੀ ਬਣਾਈਆ। ਤੇਰਾ ਅੰਤਮ ਕਰੇ ਨਾਸਾ, ਲੋਕਮਾਤ ਰਹਿਣ ਨਾ ਪਾਈਆ। ਮੇਰਾ ਪ੍ਰਭੂ ਪੁਰਖ ਅਬਿਨਾਸ਼ਾ, ਹਰਿ ਕਰਤਾ ਧੁਰਦਰਗਾਹੀਆ। ਅੰਤਮ ਹੋਇਆ ਜੋਤੀ ਜਾਤਾ, ਲਖ ਚੁਰਾਸੀ ਵੇਖ ਵਖਾਈਆ। ਤੇਰਾ ਧਰਨੀ ਨਾਲੋਂ ਤੁਟੇ ਨਾਤਾ, ਰਿਸ਼ਤਾ ਰਹਿਣ ਕੋਇ ਨਾ ਪਾਈਆ। ਉਮਤ ਦੀ ਯਾਦ ਵਿਚ ਨੈਣ ਉਠਾਈ ਬੈਠਾ ਦਜਲਾ ਫ਼ਰਾਤਾ ਬਿਨ ਅੱਖਾਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਮੰਡਲ ਪਾਵੇ ਆਪਣੀ ਰਾਸਾ, ਖ਼ੁਸ਼ੀ ਖ਼ੁਸ਼ੀਆਂ ਵਿਚ ਪ੍ਰਗਟਾਈਆ।

੧੦ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਫਰਾਲਾ ਜ਼ਿਲਾ ਜਲੰਧਰ ਗੁਰਮੀਤ ਸਿੰਘ ਦੇ ਗ੍ਰਹਿ

ਕਲਜੁਗ ਕਹੇ ਧਰਮ ਮੈਨੂੰ ਕੋਈ ਨਹੀਂ ਚਿੰਦਾ, ਨਿਚਿੰਤ ਹੋ ਕੇ ਖ਼ੁਸ਼ੀ ਮਨਾਈਆ। ਮੇਰਾ ਸਾਹਿਬ ਸਦਾ ਬਖ਼ਸ਼ੰਦਾ, ਬਖ਼ਸ਼ਣਹਾਰ ਇਕ ਅਖਵਾਈਆ। ਜੋ ਸਭ ਨੂੰ ਦਾਤਾਂ ਦਿੰਦਾ, ਦੇਵਣਹਾਰ ਵੱਡੀ ਵਡਿਆਈਆ। ਉਹ ਮਾਲਕ ਖ਼ਾਲਕ ਗੁਣੀ ਗਹਿੰਦਾ, ਗਹਿਰ ਗੰਭੀਰ ਨੂਰ ਅਲਾਹੀਆ। ਜਿਸ ਦਾ ਪ੍ਰੇਮ ਸਾਗਰ ਸਿੰਧਾ, ਵਹਿਣ ਅਗੰਮੜੇ ਆਪ ਵਗਾਈਆ। ਮੇਰੀ ਭਾਵੇਂ ਸਾਰੇ ਕਰਦੇ ਨਿੰਦਾ, ਨਿੰਦਿਆ ਮੁਖ ਰਖਾਈਆ। ਮੈਂ ਵੀ ਅੰਦਰੋਂ ਖੁਲ੍ਹਣ ਦਿਤਾ ਨਹੀਂ ਕਿਸੇ ਦਾ ਜਿੰਦਾ, ਬਜਰ ਕਪਾਟੀ ਨਾ ਕੋਇ ਤੁੜਾਈਆ। ਸ੍ਰਿਸ਼ਟੀ ਖੇਲ ਖਿਲਾਇਆ ਜੀਉ ਪਿੰਡਾ, ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਬੇਪ੍ਰਵਾਹੀਆ। ਕਲਜੁਗ ਕਹੇ ਧਰਮ ਮੇਰਾ ਮਾਲਕ ਨੂਰ ਅਲਾਹ, ਆਲਮੀਨ ਅਖਵਾਈਆ। ਜਿਸ ਦੀ ਮੈਂ ਚਲਾਂ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਦਇਆ ਕਮਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਖ਼ੁਦਾ, ਉਹ ਮੇਰਾ ਧੁਰ ਦਾ ਮਾਹੀਆ। ਪ੍ਰੀਤਮ ਦਿਲ ਰੁਬਾ, ਹਕ ਮੁਹੱਬਤ ਵਿਚ ਸਮਾਈਆ। ਮੈਥੋਂ ਕਦੇ ਨਾ ਹੋਵੇ ਜੁਦਾ, ਜੁਜ਼ ਵੱਖਰਾ ਵੰਡ ਨਾ ਕੋਇ ਵੰਡਾਈਆ। ਜਿਸ ਨੇ ਮੇਰੀ ਸੇਵਾ ਦਿਤੀ ਲਾ, ਲਾਸ਼ਰੀਕ ਆਪ ਹੋਏ ਸਹਾਈਆ। ਉਸ ਦੇ ਹੁਕਮ ਨਾਲ ਮੈਂ ਕਾਇਨਾਤ ਦਿਤੀ

ਭੁਲਾ, ਭਰਮਾਂ ਵਿਚ ਭੁਲਾਈਆ। ਮਾਇਆ ਮਮਤਾ ਵਿਚ ਦਿਤੀ ਰੁਲਾ, ਸਿਰ ਸਕੇ ਨਾ ਕੋਇ ਉਠਾਈਆ। ਖੇਲ ਕਰਾਏ ਮੇਰਾ ਮਾਲਕ ਕੁਲਾ, ਕੁਲ ਦਾ ਮਾਲਕ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਧਰਮ ਕਹੇ ਕਲਜੁਗ ਤੂੰ ਜਿਸ ਦਾ ਕਰਦਾ ਮਾਣ, ਉਹ ਨਿਮਾਣਿਆਂ ਹੋਏ ਸਹਾਈਆ। ਆਦਿ ਜੁਗਾਦਿ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਜੋ ਨਿਰਗੁਣ ਹੋ ਕੇ ਸਰਗੁਣ ਦੀ ਕਰੇ ਪਹਿਚਾਨ, ਬੇਪਹਿਚਾਨ ਹੋ ਕੇ ਵੇਖ ਵਖਾਈਆ। ਉਸ ਨੇ ਤੇਰਾ ਮੇਟਣਾ ਨਿਸ਼ਾਨ, ਨਿਸ਼ਾਨਾ ਕੂੜ ਰਹਿਣ ਨਾ ਪਾਈਆ। ਉਹ ਤੱਕ ਸ਼ਬਦੀ ਸਤਿਗੁਰ ਬਲਵਾਨ, ਸੂਰਬੀਰ ਬੇਪ੍ਰਵਾਹੀਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਦੋ ਜਹਾਨ ਸੀਸ ਝੁਕਾਈਆ। ਸਤਿਜੁਗ ਤਰੇਤਾ ਦੁਆਪਰ ਜਿਸ ਦੀ ਮੰਨੀ ਆਣ, ਸਿਰ ਸਕਿਆ ਨਾ ਕੋਇ ਉਠਾਈਆ। ਉਹ ਤੇਰਾ ਪੰਧ ਮੁਕਾਵੇ ਆਣ, ਆਨਨ ਫ਼ਾਨਨ ਕਰੇ ਸਫ਼ਾਈਆ। ਬਹੁਤੀ ਕਰ ਨਾ ਮੂਲ ਕਲਿਆਣ, ਕਾਗ ਵਾਂਗ ਕੁਰਲਾਈਆ। ਹੁਣ ਆਪਣਾ ਬਦਲ ਧਿਆਨ, ਧਰਨੀ ਉਤੇ ਧਿਆਨ ਰਖਾਈਆ। ਖੇਲ ਤੱਕ ਨੌਜਵਾਨ, ਮਰਦ ਮਰਦਾਨ ਕੀ ਆਪਣਾ ਹੁਕਮ ਵਰਤਾਈਆ। ਸ਼ਾਹੋ ਭੂਪ ਬਣ ਰਾਜਾਨ, ਸ਼ਹਿਨਸ਼ਾਹ ਆਪਣਾ ਵੇਸ ਵਟਾਈਆ। ਕੁਦਰਤ ਦਾ ਕਾਦਰ ਲੇਖਾ ਜਾਣੇ ਦੋ ਜਹਾਨ, ਜਾਗਰਤ ਜੋਤ ਕਰ ਰੁਸ਼ਨਾਈਆ। ਜਿਸ ਨਿਮਾਣਿਆਂ ਦੇਣਾ ਮਾਣ, ਗ਼ਰੀਬਾਂ ਦਇਆ ਕਮਾਈਆ। ਅੰਤ ਆਪਣਾ ਮੂਲ ਪਛਾਣ, ਪਰਦਾ ਓਹਲਾ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਧਰਮਾ ਕੀ ਮੈਨੂੰ ਦੇਵੇਂ ਡਰਾਵਾ, ਭੈ ਵਿਚ ਸੁਣਾਈਆ। ਮੇਰਾ ਵੀ ਉਸੇ ਉਤੇ ਦਾਅਵਾ, ਦੀਨ ਦਿਆਲ ਜੋ ਅਖਵਾਈਆ। ਮੈਂ ਵੀ ਉਸ ਮਾਲਕ ਦੀ ਸੇਜ ਰਾਵਾਂ, ਕੰਤ ਕੰਤੂਹਲ ਬਣਾਈਆ। ਉਸੇ ਦੇ ਢੋਲੇ ਗਾਵਾਂ, ਤੂੰ ਮੇਰਾ ਧੁਰ ਦਾ ਮਾਹੀਆ। ਉਸੇ ਨੂੰ ਸੀਸ ਨਿਵਾਵਾਂ, ਨਿਵ ਨਿਵ ਲਾਗਾਂ ਪਾਈਆ। ਉਸੇ ਦੀ ਸੇਵ ਕਮਾਵਾਂ, ਜੋ ਸਭ ਦਾ ਪਿਤਾ ਮਾਈਆ। ਉਸੇ ਦੀਆਂ ਮਾਣਾਂ ਛਾਵਾਂ, ਜੋ ਸਿਰ ਸਿਰ ਹੱਥ ਟਿਕਾਈਆ। ਉਸੇ ਦੀਆਂ ਭੁਜਾਂ ਉਸੇ ਦੀਆਂ ਬਾਹਵਾਂ, ਬਲ ਉਸੇ ਦਾ ਨਜ਼ਰੀ ਆਈਆ। ਉਸੇ ਦਾ ਦਿਤਾ ਪੀਵਾਂ ਉਸੇ ਦਾ ਦਿਤਾ ਪੀਵਾਂ ਖਾਵਾਂ, ਉਸੇ ਦੀ ਸਿਫ਼ਤ ਸਲਾਹੀਆ। ਉਸੇ ਦਾ ਖੇਲ ਖੇਲਾਂ ਨਾਲ ਚਾਵਾਂ, ਚਾਓ ਘਨੇਰਾ ਦਿਆਂ ਜਣਾਈਆ। ਧਰਮ ਜੀ ਕਲਜੁਗ ਕਹੇ ਮੈਂ ਅੰਤ ਵਿਛੋੜਾ ਪਾਵਾਂ ਪੁਤਰਾਂ ਮਾਵਾਂ, ਪਿਤਾ ਗੋਦ ਨਾ ਕੋਇ ਸਹਾਈਆ। ਨੌ ਖੰਡ ਪ੍ਰਿਥਮੀ ਕਾਗ ਉਡਾਵਾਂ, ਹੰਸ ਨਜ਼ਰ ਕੋਇ ਨਾ ਆਈਆ। ਸ਼ਾਹ ਸੁਲਤਾਨ ਕਰਾਂ ਨਿਥਾਵਾਂ, ਸੀਸ ਤਾਜ ਨਾ ਕੋਇ ਟਿਕਾਈਆ। ਨਾਤਾ ਤੋੜ ਕੇ ਭੈਣ ਭਰਾਵਾਂ, ਚਾਰੋਂ ਕੁੰਟ ਦਿਆਂ ਭਵਾਈਆ। ਅਗਨੀ ਅਗ ਅਗੰਮੀ ਲਾਵਾਂ, ਜਿਸ ਨੂੰ ਸਕੇ ਨਾ ਕੋਇ ਬੁਝਾਈਆ। ਸਭ ਦੇ ਹਿਰਦੇ ਅੰਦਰੋਂ ਤਾਵਾਂ, ਧਰਮ ਤੇਰੀ ਚਲੇ ਨਾ ਕੋਇ ਚਤੁਰਾਈਆ। ਮੈਂ ਦਿਵਸ ਰੈਣ ਰਾਹ ਤਕਾਵਾਂ, ਵੇਲਾ ਵਕਤ ਵੇਖ ਵਖਾਈਆ। ਕਵਣ ਵੇਲਾ ਲਾੜੀ ਮੌਤ ਨਾਲ ਮਿਲਾਵਾਂ, ਚਾਰੋਂ ਕੁੰਟ ਭੱਜਾਂ ਚਾਈਂ ਚਾਈਂਆ। ਖ਼ੁਸ਼ੀਆਂ ਨਾਲ ਰਾਏ ਧਰਮ ਮਨਾਵਾਂ, ਜੋ ਲੇਖਾ ਸਭ ਦਾ ਦਏ ਵਖਾਈਆ। ਚਿਤ ਗੁਪਤ ਨੂੰ ਆਖ ਸੁਣਾਵਾਂ, ਸੰਦੇਸੇ ਦੇਣੇ ਥਾਉਂ ਥਾਈਂਆ। ਚਾਰੋਂ ਕੁੰਟ ਅੰਧੇਰ ਵਿਖਾਵਾਂ, ਸਾਚਾ ਚੰਦ ਨਾ ਕੋਇ ਚਮਕਾਈਆ। ਧਰਮ ਤੇਰਾ ਰੂਪ ਬਦਲਾਵਾਂ, ਤੇਰੀ ਸਾਰ ਕੋਇ ਨਾ ਪਾਈਆ। ਆਪਣਾ ਕੂੜਾ ਡੰਕ ਵਜਾਵਾਂ, ਡੌਰੂ ਨਾਲ ਖੜਕਾਈਆ। ਨੌ ਖੰਡ ਪ੍ਰਿਥਮੀ ਸਤ ਦੀਪ ਅੰਤਮ ਆਪਣਾ ਹੁਕਮ

ਵਰਤਾਵਾਂ, ਨਾ ਕੋਈ ਮੇਟੇ ਮੇਟ ਮਿਟਾਈਆ। ਦੀਨ ਦੁਨੀ ਦੀ ਬੇਦਰਦੀ ਹੋ ਕੇ ਖ਼ਾਕ ਉਡਾਵਾਂ, ਖ਼ਾਕੀ ਖ਼ਾਕ ਵਿਚ ਮਿਲਾਈਆ। ਫੇਰ ਪੁਰਖ ਅਕਾਲ ਦਾ ਸ਼ੁਕਰ ਮਨਾਵਾਂ, ਪ੍ਰਭੂ ਤੇਰੀ ਬੇਪ੍ਰਵਾਹੀਆ। ਮੈਂ ਤੇਰਾ ਸੁਤ ਦੁਲਾਰਾ ਕੋਈ ਪੁੱਤ ਮਤਰੇਆ ਨਹੀਂ ਲਾਵਾਂ, ਦੁਤੀਆ ਭਾਓ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕਹੇ ਮੇਰਾ ਕੰਡਾ ਤੋਲ ਤਰਾਜ਼ੂ ਕਰੇ ਸਾਂਵਾਂ, ਸਾਵਲ ਸਵਰੀਆ ਆਪਣੀ ਦਇਆ ਕਮਾਈਆ।

੧੧ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਫਰਾਲਾ ਜ਼ਿਲਾ ਜਲੰਧਰ ਮਣਸਾ ਸਿੰਘ ਗੁਰਨਾਮ ਸਿੰਘ ਦੇ ਗ੍ਰਹਿ

ਕਲਜੁਗ ਕਹੇ ਧਰਮ ਭਗਤਾਂ ਨੂੰ ਮਿਲਿਆ ਵਰ, ਬਖ਼ਸ਼ਿਸ਼ ਪ੍ਰਭ ਨੇ ਝੋਲੀ ਪਾਈਆ। ਮਿਹਰਵਾਨ ਮੇਰੇ ਵਿਚ ਕਿਰਪਾ ਰਿਹਾ ਕਰ, ਕਿਰਪਾ ਨਿਧਾਨ ਦਇਆ ਕਮਾਈਆ। ਦਰਸ਼ਨ ਦੇਵੇ ਘਰ ਘਰ, ਗ੍ਰਹਿ ਗ੍ਰਹਿ ਖ਼ੁਸ਼ੀ ਮਨਾਈਆ। ਅੰਮ੍ਰਿਤ ਨੁਹਾ ਕੇ ਸਾਚੇ ਸਰ, ਸਰੋਵਰ ਗੁਰਸਿਖ ਦਵਾਰ ਵਖਾਈਆ। ਭੈ ਭਓ ਚੁਕਾ ਕੇ ਆਪਣਾ ਡਰ, ਇਕੋ ਆਪਣਾ ਇਸ਼ਟ ਮਨਾਈਆ। ਪ੍ਰਗਟ ਹੋ ਨਰਾਇਣ ਨਰ, ਨਰ ਹਰਿ ਆਪਣਾ ਰੰਗ ਰੰਗਾਈਆ। ਸਤਿ ਸੁਹੰਜਣਾ ਕਰੇ ਦਰ, ਜਿਸ ਗ੍ਰਹਿ ਆਪਣਾ ਚਰਨ ਟਿਕਾਈਆ। ਗੁਰਮੁਖ ਗੁਰਸਿਖ ਜਾਇਨ ਤਰ, ਮੰਝਧਾਰ ਨਾ ਕੋਇ ਰੁੜ੍ਹਾਈਆ। ਜੋ ਸਤਿਗੁਰ ਸਰਨੀ ਗਏ ਪੜ, ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਉਨ੍ਹਾਂ ਦੀ ਸਿਫ਼ਤ ਸਾਲਾਹੀਆ। ਨਾ ਜਨਮੇ ਨਾ ਜਾਏ ਮਰ, ਹਰਿਜਨ ਮਰ ਜੀਵਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਬੰਧਾਏ ਆਪਣੇ ਲੜ, ਪੱਲੂ ਸਕੇ ਨਾ ਕੋਇ ਛੁਡਾਈਆ।

੧੧ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਫਰਾਲਾ ਜ਼ਿਲਾ ਜਲੰਧਰ ਰਾਮ ਸਿੰਘ ਦੇ ਗ੍ਰਹਿ

ਧਰਮ ਕਹੇ ਕਲਜੁਗ ਪਤ੍ਰਿਕਾ ਵੇਖ ਗੁਮਨਾਮ, ਜੋ ਨਿਰਅੱਖਰ ਧਾਰ ਵਿਚ ਦ੍ਰਿੜਾਈਆ। ਜੋ ਆਸ਼ਾ ਰਖ ਕੇ ਗਿਆ ਰਾਮ, ਸੀਆ ਦਾ ਸਈਆ ਧਿਆਨ ਲਗਾਈਆ। ਜੋ ਇਸ਼ਾਰਾ ਦੇ ਕੇ ਗਿਆ ਕਾਹਨ, ਘਨੇਈਆ ਘਨਸ਼ਾਮ ਸਮਝਾਈਆ। ਜੋ ਪੈਗ਼ੰਬਰਾਂ ਦਿਤਾ ਪੈਗ਼ਾਮ, ਫ਼ਰਮਾਨਾ ਨੂਰ ਅਲਾਹੀਆ। ਜੋ ਗੁਰੂ ਗੁਰਦੇਵਾ ਕੀਤਾ ਗਿਆਨ, ਅਗਿਆਨ ਅੰਧੇਰ ਗਵਾਈਆ। ਜੋ ਭਵਿਖਤਾਂ ਵਿਚ ਕੀਤਾ ਬਿਆਨ, ਸ਼ਬਦੀ ਰਾਗ ਅਲਾਈਆ। ਸੋ ਵੇਲਾ ਵਕਤ ਪਹੁੰਚਿਆ ਆਣ, ਦਿਵਸ ਰੈਣ ਦਏ ਗਵਾਹੀਆ। ਪ੍ਰਗਟ ਹੋ ਸ੍ਰੀ ਭਗਵਾਨ, ਹਰਿ ਕਰਤਾ ਆਪਣੀ ਖੇਲ ਖਿਲਾਈਆ। ਭਗਤ ਸੁਹੇਲੇ ਕਰ ਪ੍ਰਵਾਨ, ਪ੍ਰਵਾਨੇ ਆਪਣੇ ਲਏ ਬਣਾਈਆ। ਸਚ ਮੁਹੱਬਤ ਜਗਾ ਕੇ ਸ਼ਮਾਦਾਨ, ਬਲੀ ਸਭ ਦੀ ਆਪਣੇ ਲੇਖੇ ਪਾਈਆ। ਜੋ ਸੰਦੇਸਾ ਦੇਵੇ ਹਦੀਸ ਕੁਰਾਨ, ਮਜੀਦ ਕੀ ਸਮਝਾਈਆ। ਉਹ ਆ ਗਿਆ ਅਮਾਮਾਂ ਦਾ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਧਰਮ ਕਹੇ ਕਲਜੁਗ ਨਿਵ ਨਿਵ ਕਰ ਸਲਾਮ, ਕਦਮਾਂ ਖ਼ਾਕ ਰਮਾਈਆ। ਜਿਸ ਦੀਨ ਦੁਨੀ ਰਹਿਣ ਨਹੀਂ ਦੇਣੀ ਗ਼ੁਲਾਮ, ਸ਼ਰਅ ਜ਼ੰਜੀਰ ਦੇਣੀ ਕਟਾਈਆ।

ਸਭ ਦਾ ਝਗੜਾ ਮੁਕਾਉਣਾ ਤਮਾਮ, ਤਮੰਨਾ ਤਮਅ ਵਾਲੀ ਗਵਾਈਆ। ਕਿਰਪਾ ਕਰੇ ਨੌਜਵਾਨ, ਸ੍ਰੀ ਭਗਵਾਨ ਹੋਏ ਸਹਾਈਆ। ਨਿਰਗੁਣ ਧਾਰ ਕਰ ਪਹਿਚਾਨ, ਨਿਜ ਨੇਤਰ ਅੱਖ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅੰਤ ਮਹਾਨ, ਮਹਾਨਤਾ ਆਪਣੀ ਇਕ ਜਣਾਈਆ।

੧੧ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਫਰਾਲਾ ਜ਼ਿਲਾ ਜਲੰਧਰ ਪ੍ਰੇਮ ਸਿੰਘ ਦੇ ਗ੍ਰਹਿ

ਕਲਜੁਗ ਕਹੇ ਧਰਮ ਮੇਰੀ ਵੇਖ ਲੈ ਖ਼ੁਦੀ, ਖ਼ੁਦੀ ਤਕੱਬਰੀ ਵਿਚ ਜਗਤ ਲੋਕਾਈਆ। ਨਿਰਮਲ ਦਿਸੇ ਕਿਸੇ ਨਾ ਬੁੱਧੀ, ਬੁੱਧੀਵਾਨ ਨਾ ਕੋਇ ਚਤੁਰਾਈਆ। ਮੇਰੀ ਰਮਜ਼ ਅਨੋਖੀ ਗੁਝੀ, ਘਰ ਘਰ ਦਿਤੀ ਲਗਾਈਆ। ਪਵਿਤ੍ਰ ਦਿਸੇ ਕਿਸੇ ਨਾ ਝੁਗੀ, ਕਾਇਆ ਗੜ੍ਹ ਨਾ ਕੋਇ ਸੁਹਾਈਆ। ਧਰਨੀ ਦੀ ਖ਼ਾਕ ਚਾਰੋਂ ਕੁੰਟ ਉਡੀ, ਪੰਖੇਰੂਆਂ ਵਾਂਗ ਭੱਜੀ ਵਾਹੋ ਦਾਹੀਆ। ਮਾਣ ਰਹਿਣ ਦਿਤਾ ਨਹੀਂ ਬੱਤੀ ਧਾਰ ਦੁੱਧੀ, ਸਚ ਰਸ ਨਾ ਕੋਇ ਚਖਾਈਆ। ਮੇਰੀ ਵਾਸਨਾ ਨੱਚੀ ਟੱਪੀ ਕੁੱਦੀ, ਦੀਨ ਦੁਨੀ ਦਿਤੀ ਨਚਾਈਆ। ਪ੍ਰਭੂ ਦਾ ਖੇਲ ਵੇਖ ਲੈ ਜੋ ਹੁੰਦਾ ਜੁਗ ਜੁਗੀ, ਕਲਜੁਗ ਅੰਤਮ ਧਿਆਨ ਲਗਾਈਆ। ਕਿਸੇ ਦੀ ਮਾਣ ਵਡਿਆਈ ਰਹੀ ਨਾ ਉਘੀ, ਉਘਣ ਆਥਣ ਨਜ਼ਰ ਕੋਇ ਨਾ ਪਾਈਆ। ਮਾਣ ਰਿਹਾ ਨਾ ਵਦੀ ਸੁਦੀ, ਅਮਾਵਸ ਚਾਰ ਕੁੰਟ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਧਰਮ ਕਹੇ ਕਲਜੁਗ ਇਹ ਕੀ ਤੇਰੀ ਸਲਾਹ, ਮਸ਼ਵਰਾ ਕੀ ਜਣਾਈਆ। ਮੇਰਾ ਸਾਹਿਬ ਬੇਪਰਵਾਹ, ਜੁਗ ਕਰਨੀ ਕਾਰ ਕਮਾਈਆ। ਜਿਸ ਨੂੰ ਚਾਹੇ ਦਏ ਮਿਟਾ, ਮਾਣ ਵਡਿਆਈ ਨਜ਼ਰ ਕੋਇ ਨਾ ਆਈਆ। ਜਿਸ ਨੂੰ ਚਾਰੇ ਦਏ ਉਪਾ, ਵਕਤ ਲੋਕਮਾਤ ਸੁਹਾਈਆ। ਤੂੰ ਆਪਣਾ ਪੰਧ ਲਿਆ ਮੁਕਾ, ਭੱਜਿਆ ਵਾਹੋ ਦਾਹੀਆ। ਕਲਮੇ ਨਾਮ ਤੇਰੇ ਗਵਾਹ, ਸ਼ਹਾਦਤ ਦੇਣ ਭੁਗਤਾਈਆ। ਤੇਰਾ ਨੇਤਰ ਰਿਹਾ ਸ਼ਰਮਾ, ਲੋਚਨ ਅੱਖ ਨਾ ਕੋਇ ਉਠਾਈਆ। ਚਾਰੋਂ ਕੁੰਟ ਅੰਧੇਰਾ ਗਿਆ ਛਾ, ਸਾਚਾ ਚੰਦ ਨਾ ਕੋਇ ਚਮਕਾਈਆ। ਤੂੰ ਪਿਆਰ ਰਹਿਣ ਦਿਤਾ ਨਾ ਪੁਤਰ ਮਾਂ, ਪਿਤਾ ਸੰਗ ਨਾ ਕੋਇ ਬਣਾਈਆ। ਸਭ ਦੀ ਬੁੱਧੀ ਕੀਤੀ ਕਾਂ, ਕਾਗ ਵਾਂਗ ਕੁਰਲਾਈਆ। ਹੁਣ ਤੈਨੂੰ ਛਡਣਾ ਪੈਣਾ ਗਰਾਂ, ਘਰਾਣਾ ਦੇਣਾ ਤਜਾਈਆ। ਸਤਿਗੁਰ ਤੇਰੀ ਲਏ ਥਾਂ, ਥਨਤਰ ਆਪ ਸੁਹਾਈਆ। ਜਨ ਭਗਤਾਂ ਪਕੜੇ ਬਾਂਹ, ਆਪਣੀ ਗੰਢ ਪਵਾਈਆ। ਜਿਨ੍ਹਾਂ ਪ੍ਰਭੂ ਮਿਲਣ ਦਾ ਚਾਅ, ਚਾਉ ਘਨੇਰਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਨਹਾਰਾ ਹਕ ਨਿਆਂ, ਨਿਆਂਕਾਰੀ ਇਕ ਅਖਵਾਈਆ।

੧੧ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਮਾਘਗੇਲਾ ਜ਼ਿਲਾ ਜਲੰਧਰ ਚਰਨ ਕੌਰ ਦੇ ਗ੍ਰਹਿ

ਕਲਜੁਗ ਕਹੇ ਧਰਮ ਮੈਂ ਫਿਰਾਂ ਉਤੇ ਬਸੁਧਾ, ਸੁਧ ਆਪਣੀ ਨਾਲ ਰਖਾਈਆ। ਮੈਂ ਕੋਈ ਲੰਗੜਾ ਲੂਲ੍ਹਾ ਨਹੀਂ ਡੁੱਡਾ, ਸੂਰਬੀਰ ਹੋ ਕੇ

ਭੱਜਾਂ ਚਾਈਂ ਚਾਈਂਆ। ਮੇਰਾ ਦੋ ਜਹਾਨਾਂ ਚੜ੍ਹਿਆ ਵੇਖ ਲੈ ਗੁੱਡਾ, ਮੈਨੂੰ ਰਿਮਾਰਕਸ ਰਿਹਾ ਦ੍ਰਿੜਾਈਆ। ਮੈਂ ਸਤਿ ਵਿਚ ਰਹਿਣ ਦਿਤਾ ਨਹੀਂ ਕੋਈ ਜਵਾਨ ਬੁੱਢਾ, ਧੀਰਜ ਧਰਮ ਨਾ ਕੋਇ ਰਖਾਈਆ। ਮੇਰਾ ਸਮਝ ਸਕਿਆ ਕੋਇ ਨਾ ਮੁੱਦਾ, ਮੁੱਦਤਾਂ ਦੇ ਅਵਤਾਰ ਪੈਗ਼ੰਬਰ ਗੁਰ ਮੇਰਾ ਧਿਆਨ ਲਗਾਈਆ। ਮੇਰਾ ਕੋਈ ਖੰਡੇ ਖੜਗਾਂ ਵਾਲਾ ਨਹੀਂ ਯੁੱਧਾ, ਧਰਮ ਦੇ ਹੁਕਮ ਨਾਲ ਕਲ ਦਿਤੀ ਵਰਤਾਈਆ। ਮੇਰਾ ਨਿਸ਼ਾਨਾ ਕਿਸੇ ਨਾ ਬੁਝਾ, ਜਗ ਨੇਤਰ ਨਜ਼ਰ ਨਾ ਪਾਈਆ। ਮੈਂ ਸੂਰਬੀਰ ਬਹਾਦਰ ਵਿਚੋਂ ਚਹੁੰ ਜੁਗਾ, ਚੌਕੜੀ ਅੰਤ ਦੇਣੀ ਕਰਾਈਆ। ਆਹ ਵੇਖ ਮੇਰੇ ਕੋਲ ਉਸ ਪਰਮ ਪੁਰਖ ਦਾ ਰੁੱਕਾ, ਜਿਸ ਦਾ ਹੁਕਮ ਰੋਕੇ ਕੋਇ ਨਾ ਰਾਈਆ। ਮੇਰਾ ਪੰਧ ਉਸੇ ਦੇ ਹੁਕਮ ਨਾਲ ਮੁਕਾ, ਮੁਕੰਮਲ ਦਿਆਂ ਜਣਾਈਆ। ਪਰ ਮੇਰੇ ਅੰਦਰ ਇਕੋ ਭੁੱਖਾ, ਸਚ ਸਚ ਸੁਣਾਈਆ। ਪ੍ਰਭੂ ਦਾ ਖੇਲ ਸਮਝੇ ਕੋਇ ਨਾ ਮਾਨਸ ਮਾਨੁਖਾ, ਮਾਨਵ ਸਾਰ ਕੋਇ ਨਾ ਪਾਈਆ। ਦੀਨ ਮਜ਼੍ਹਬ ਪਿਆਰ ਮੁਹੱਬਤ ਵਿਚ ਹੋਇਆ ਰੁੱਖਾ, ਸਚ ਰੰਗ ਨਾ ਕੋਇ ਚੜ੍ਹਾਈਆ। ਅੰਤ ਉਸ ਸਾਹਿਬ ਨੂੰ ਮੈਂ ਝੁਕਾ, ਜੋ ਝੁਕਿਆਂ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਰਹੇ ਨਾ ਲੁਕਾ, ਲੋਕ ਪ੍ਰਲੋਕ ਆਪਣਾ ਹੁਕਮ ਵਰਤਾਈਆ।

੧੧ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਫਰਾਲਾ ਜ਼ਿਲਾ ਜਲੰਧਰ ਮਹਿੰਦਰ ਕੌਰ ਦੇ ਗ੍ਰਹਿ

ਧਰਮ ਕਹੇ ਕਲਜੁਗ ਵੇਖ ਭਗਤ ਜਨਾਂ ਦੀਆਂ ਕੁੱਲੀਆਂ, ਕੁੱਲ ਮਾਲਕ ਦਏ ਵਡਿਆਈਆ। ਜਿਥੇ ਸਭ ਦੀਆਂ ਖਿੜੀਆਂ ਬੁੱਲੀਆਂ, ਖ਼ੁਸ਼ੀਆਂ ਢੋਲੇ ਗਾਈਆ। ਉਹ ਆਤਮਾ ਕਦੇ ਨਹੀਂ ਰੁਲੀਆਂ, ਜੋ ਪਰਮਾਤਮਾ ਸੰਗ ਰਖਾਈਆ। ਉਹ ਦੇਹਾਂ ਕਦੇ ਨਹੀਂ ਹੁਲੀਆਂ, ਜੋ ਚਰਨ ਲੱਗਣ ਸ਼ਹਿਨਸ਼ਾਹੀਆ। ਅੰਮ੍ਰਿਤ ਧਾਰਾਂ ਕਦੇ ਨਹੀਂ ਡੁੱਲ੍ਹੀਆਂ, ਜਿਨ੍ਹਾਂ ਆਪਣੀ ਦਇਆ ਕਮਾਈਆ। ਉਹ ਜਗਤ ਜਹਾਨ ਫਲੀਆਂ ਫੁਲੀਆਂ, ਪੱਤ ਟਹਿਣੀ ਆਪ ਮਹਿਕਾਈਆ। ਕੂੜੀ ਕਿਰਿਆ ਵਿਚ ਨਾ ਰੁਲੀਆਂ, ਮਿੱਟੀ ਖ਼ਾਕ ਨਾ ਕੋਇ ਉਡਾਈਆ। ਇਕੋ ਸਾਹਿਬ ਦੇ ਕੰਡੇ ਤੁਲੀਆਂ, ਤਰਾਜ਼ੂ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਧਰਮ ਕਹੇ ਕਲਜੁਗ ਤੱਕ ਭਗਤ ਜਨਾਂ ਦਾ ਖੇੜਾ, ਖੜਾ ਖਲੋਤਾ ਧਿਆਨ ਲਗਾਈਆ। ਜਿਥੇ ਗ਼ਰੀਬ ਨਿਮਾਣਿਆਂ ਬੰਨ੍ਹੇ ਬੇੜਾ, ਨਈਆ ਆਪਣੇ ਨਾਮ ਚੜ੍ਹਾਈਆ। ਕੂੜ ਕਿਰਿਆ ਮੁਕਾ ਕੇ ਝੇੜਾ, ਝਗੜਾ ਦਏ ਮੁਕਾਈਆ। ਪਿਆਰ ਮੁਹੱਬਤ ਦਾ ਖੁੱਲ੍ਹਾ ਕਰੇ ਵਿਹੜਾ, ਖ਼ੁਸ਼ੀ ਆਪਣੇ ਰੰਗ ਰੰਗਾਈਆ। ਸਚ ਝੂਠ ਕਰੇ ਨਿਖੇੜਾ, ਧੁਰ ਦੀ ਆਪਣੀ ਵੰਡ ਵੰਡਾਈਆ। ਤੇਰਾ ਰਹਿਣ ਨਾ ਦੇਵੇ ਹਨੇਰਾ, ਅੰਧ ਅੰਧਿਆਰਾ ਦਏ ਮਿਟਾਈਆ। ਜਿਨ੍ਹਾਂ ਨਾਮ ਦ੍ਰਿੜਾਵੇ ਤੂੰ ਮੇਰਾ ਮੈਂ ਤੇਰਾ, ਤਿਨ੍ਹਾਂ ਅੰਤਰ ਕਰੇ ਸਫ਼ਾਈਆ। ਉਨ੍ਹਾਂ ਅੰਦਰ ਚਾਓ ਘਨੇਰਾ, ਜਿਨ੍ਹਾਂ ਮਿਲਿਆ ਧੁਰ ਦਾ ਮਾਹੀਆ। ਭਾਂਡਾ ਭਰਮ ਢਾਹ ਕੇ ਡੇਰਾ, ਚਰਨ ਸਰਨ ਦਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਆਪਣੀਆਂ ਕਰੇ ਮਿਹਰਾ, ਮਿਹਰਵਾਨ ਮਿਹਰ ਨਜ਼ਰ ਉਠਾਈਆ।

੧੧ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਫਰਾਲਾ ਜ਼ਿਲਾ ਜਲੰਧਰ ਗੁਰਦੇਵ ਸਿੰਘ ਦੇ ਗ੍ਰਹਿ

ਧਰਮ ਕਹੇ ਕਲਜੁਗ ਜਨ ਭਗਤਾਂ ਗ੍ਰਹਿ ਪਵਿਤ੍ਰ ਜਗਹ, ਜਾਗਰਤ ਜੋਤ ਦਏ ਵਡਿਆਈਆ। ਕਿਰਪਾ ਕਰੇ ਸੂਰਾ ਸਰਬਗਾ, ਹਰਿ ਕਰਤਾ ਧੁਰਦਰਗਾਹੀਆ। ਤਨ ਸ਼ਰੀਰ ਦੁਖ ਰਹੇ ਨਾ ਲੱਗਾ, ਕਾਇਆ ਮਾਟੀ ਕਰੇ ਸਫ਼ਾਈਆ। ਜਗਤ ਧਾਰ ਵਿਚ ਵੱਧੇ ਅਗਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੇਰਾ ਫ਼ਰੇਬ ਕਰ ਸਕੇ ਨਾ ਕੋਇ ਦਗ਼ਾ, ਧੋਖਾ ਨਜ਼ਰ ਕੋਇ ਨਾ ਆਈਆ। ਅਗਨੀ ਤਤ ਨਾ ਤਪਾਏ ਅੱਗਾ, ਅੰਮ੍ਰਿਤ ਮੇਘ ਵਰਸਾਈਆ। ਹੰਸ ਬਣਾਏ ਫੜ ਕੇ ਕੱਗਾ, ਸੋਹੰ ਮੋਤੀ ਮਾਣਕ ਚੋਗ ਚੁਗਾਈਆ। ਜੋ ਜਨ ਸਚ ਪਿਆਰ ਵਿਚ ਬੱਧਾ, ਤਿਸ ਲੇਖਾ ਰਹੇ ਨਾ ਰਾਈਆ। ਸਚ ਦਵਾਰੇ ਦੇਵੇ ਸੱਦਾ, ਸਦਨਾ ਸੈਣ ਦਏ ਗਵਾਹੀਆ। ਜਿਨ੍ਹਾਂ ਪਰਮ ਪੁਰਖ ਪਰਮਾਤਮ ਅਬਿਨਾਸ਼ੀ ਲੱਧਾ, ਖ਼ੁਸ਼ੀਆਂ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਦੇਵੇ ਮਜ਼ਾ, ਬਿਨ ਰਸਨਾ ਰਸ ਚਖਾਈਆ।

੧੧ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਫਰਾਲਾ ਜ਼ਿਲਾ ਜਲੰਧਰ ਗੁਰਮੀਤ ਸਿੰਘ ਦੇ ਗ੍ਰਹਿ

ਧਰਮ ਕਹੇ ਕਲਜੁਗ ਮੇਰਾ ਰੂਪ ਬੜਾ ਵਿਸ਼ਾਲ, ਵਿਸ਼ਵ ਆਪਣੇ ਨਾਲ ਬੰਧਾਈਆ। ਮੇਰਾ ਨਾਤਾ ਨਾਲ ਸ਼ਾਹ ਕੰਗਾਲ, ਵੱਡਾ ਛੋਟਾ ਵੰਡ ਨਾ ਕੋਇ ਵੰਡਾਈਆ। ਮੇਰਾ ਮਿਤਰ ਰਾਜ ਰਾਜਾਨ, ਸ਼ਹਿਨਸ਼ਾਹ ਧੁਰਦਰਗਾਹੀਆ। ਮੈਂ ਸਤਿਜੁਗ ਤਰੇਤਾ ਦੁਆਪਰ ਵੇਖਿਆ ਖੇਲ ਮਹਾਨ, ਮੇਰੇ ਸਾਹਿਬ ਦਿਤਾ ਵਖਾਈਆ। ਅਵਤਾਰ ਪੈਗ਼ੰਬਰ ਗੁਰੂ ਦੇ ਕੇ ਗਏ ਅੱਖਰਾਂ ਵਾਲਾ ਨਾਮ, ਅੱਖਰਾਂ ਵਿਚ ਜਣਾਈਆ। ਅੱਖਰਾਂ ਨਾਲ ਅੱਖਰਾਂ ਦਾ ਦਿਤਾ ਗਿਆਨ, ਅੱਖਰ ਅੱਖਰੀ ਸਿਫ਼ਤ ਸਾਲਾਹੀਆ। ਸ਼ਰਅ ਦਾ ਬਣਾ ਕੇ ਗਏ ਵਿਧਾਨ, ਜਿਸ ਦੀ ਤਰਮੀਮ ਨਾ ਕੋਇ ਕਰਾਈਆ। ਸਭ ਨੇ ਵੱਖਰਾ ਵੱਖਰਾ ਮੇਰਾ ਦੱਸਿਆ ਈਮਾਨ, ਅਮਲਾਂ ਵਿਚ ਜਗਤ ਖੇਲ ਖਿਲਾਈਆ। ਮੈਂ ਬੜਾ ਸੂਰਬੀਰ ਬਲਵਾਨ, ਜੁਗ ਚੌਕੜੀ ਚਲਿਆ ਆਈਆ। ਕਲਜੁਗ ਤੇਰਾ ਅੰਤਮ ਰਹਿਣਾ ਨਹੀਂ ਨਿਸ਼ਾਨ, ਨਿਸ਼ਾਨਾ ਦੀਨ ਦੁਨੀ ਨਾ ਕੋਇ ਵਖਾਈਆ। ਮੈਨੂੰ ਸਤਿਜੁਗ ਨੂੰ ਕਰਨਾ ਪ੍ਰਨਾਮ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਮੇਰਾ ਲੇਖਾ ਜ਼ਿਮੀਂ ਅਸਮਾਨ, ਦੋ ਜਹਾਨ ਮੇਰੀ ਖ਼ੁਸ਼ੀ ਬਣਾਈਆ। ਮੈਂ ਇਕ ਦਾ ਸੰਦੇਸ਼ਾ ਸੁਣਾਂ ਫ਼ਰਮਾਨ, ਇਕੋ ਦੀ ਸੇਵਾ ਜੁਗ ਜੁਗ ਕਮਾਈਆ। ਨਿਗਾਹ ਮਾਰ ਲੈ ਤੇਰੀ ਫੁਲਵਾੜੀ ਚਾਰ ਕੁੰਟ ਹੋਈ ਵੈਰਾਨ, ਵੈਰੀ ਘਰ ਘਰ ਨਜ਼ਰੀ ਆਈਆ। ਮੇਰਾ ਰੂਪ ਸਕੇ ਨਾ ਕੋਇ ਪਹਿਚਾਨ, ਤੇਰੀ ਕਾਲਖ ਸਭ ਨੂੰ ਦਿਸੇ ਛਾਹੀਆ। ਔਹ ਤੱਕ ਮੇਰਾ ਸਵਾਮੀ ਮਾਲਕ ਨੌਜਵਾਨ, ਪੁਰਖ ਅਕਾਲਾ ਵਡ ਵਡਿਆਈਆ। ਜੋਤੀ ਜਾਤਾ ਹੋ ਪ੍ਰਧਾਨ, ਆਪਣਾ ਹੁਕਮ ਵਰਤਾਈਆ। ਚਰਨ ਕਵਲ ਮੈਨੂੰ ਕਰ ਪ੍ਰਵਾਨ, ਧਰਨੀ ਉਤੇ ਮੈਨੂੰ ਦੇਵੇ ਮਾਣ ਵਡਿਆਈਆ। ਉਹ ਰਹਿਮਤਾਂ ਦਾ ਰਹੀਮ ਸੁਲਤਾਨ, ਬਖ਼ਸ਼ਣਹਾਰ ਅਨੰਤ ਗੁਨਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੁਗ ਚੌਕੜੀ ਸਭ ਦਾ ਜਾਣੀ ਜਾਣ, ਜਾਨਣਹਾਰ ਮੇਰੀ ਆਪਣੇ ਹੱਥ ਰਖੇ ਵਡਿਆਈਆ।

੧੧ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਜਮਸ਼ੇਰ ਜ਼ਿਲਾ ਜਲੰਧਰ ਪ੍ਰੇਮ ਸਿੰਘ ਦੇ ਗ੍ਰਹਿ

ਕਲਜੁਗ ਕਹੇ ਧਰਮ ਮੇਰਾ ਵੇਖ ਹੁਲਾਰਾ, ਜਗਤ ਜਹਾਨ ਦਿਤਾ ਲਗਾਈਆ। ਤੇਰਾ ਦਿਸੇ ਨਾ ਕਿਸੇ ਕਿਨਾਰਾ, ਨਈਆ ਨੌਕਾ ਡੋਲੇ ਥਾਉਂ ਥਾਈਂਆ। ਆਤਮ ਨੂਰ ਨਾ ਹੋਏ ਕੋਇ ਉਜਿਆਰਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਸ਼ਬਦੀ ਧੁਨ ਨਾ ਹੋਏ ਧੁਨਕਾਰਾ, ਅਨਾਦੀ ਨਾਦ ਨਾ ਦਏ ਦ੍ਰਿੜਾਈਆ। ਬਜਰ ਕਪਾਟ ਖੁੱਲ੍ਹੇ ਨਾ ਕਿਸੇ ਕਿਵਾੜਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਚਾਰੋਂ ਕੁੰਟ ਅਗਨੀ ਹਾੜਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪੰਚ ਵਿਕਾਰ ਲੱਗਾ ਅਖਾੜਾ, ਆਸਾ ਤ੍ਰਿਸ਼ਨਾ ਮਾਇਆ ਮਮਤਾ ਨਾਚ ਨਚਾਈਆ। ਕਾਇਆ ਚੋਲੀ ਰੰਗ ਚੜ੍ਹੇ ਨਾ ਕਿਸੇ ਗਾੜ੍ਹਾ, ਦੁਰਮਤ ਮੈਲ ਨਾ ਕੋਇ ਧਵਾਈਆ। ਭਾਗ ਲੱਗੇ ਨਾ ਬਹੱਤਰ ਨਾੜਾ, ਨਾੜੀ ਨਾੜੀ ਨਾ ਕੋਇ ਵਡਿਆਈਆ। ਖੇਲ ਤੱਕ ਸਚੀ ਸਰਕਾਰਾ, ਕੀ ਕਰਤਾ ਕਾਰ ਕਮਾਈਆ। ਚਾਰੋਂ ਕੁੰਟ ਧੂੰਆਂ ਧਾਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਜਿਸ ਨਿਸ਼ਾਨ ਮੇਟਣਾ ਚੰਦ ਸਿਤਾਰਾ, ਸਤਹ ਬੁਲੰਦੀ ਖੇਲ ਖਿਲਾਈਆ। ਓਹ ਵੇਸ ਵਟਾਏ ਪਰਵਰਦਿਗਾਰਾ, ਸਾਂਝਾ ਯਾਰ ਨੂਰ ਅਲਾਹੀਆ। ਜਿਸ ਦਾ ਲੇਖਾ ਕਾਗਦ ਕਲਮ ਨਾ ਲਿਖਣਹਾਰਾ, ਸਿਫ਼ਤੀ ਸਿਫ਼ਤ ਨਾ ਕੋਇ ਸਲਾਹੀਆ। ਉਹ ਰੂਪ ਅਨੂਪ ਜੋਤ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਜੋ ਜੀਵਾਂ ਜੰਤਾਂ ਪਾਵੇ ਸਾਰਾ, ਸਾਧਾਂ ਸੰਤਾਂ ਫੋਲ ਫੁਲਾਈਆ। ਧਰਮ ਕਹੇ ਕਲਜੁਗ ਵੇਖ ਮੇਰਾ ਅਗੰਮਾ ਪੁਰਖ, ਜੋ ਅਗੰਮੜੀ ਕਾਰ ਕਮਾਈਆ। ਜਿਸ ਨੂੰ ਨਾ ਸੋਗ ਨਾ ਹਰਖ, ਚਿੰਤਾ ਵਿਚ ਕਦੇ ਨਾ ਆਈਆ। ਭਗਤਨ ਮੀਤਾ ਭਗਤਨ ਦੇਵੇ ਦਰਸ, ਆਦਰਸ਼ ਆਪਣਾ ਇਕ ਦ੍ਰਿੜਾਈਆ। ਅੰਮ੍ਰਿਤ ਆਤਮ ਮੇਘ ਦੇਵੇ ਬਰਸ, ਨਿਝਰ ਝਿਰਨਾ ਆਪ ਝਿਰਾਈਆ। ਭੇਵ ਖੁਲਾਵੇ ਅਰਸ਼ ਫ਼ਰਸ, ਦੋ ਜਹਾਨਾਂ ਕਰੇ ਰੁਸ਼ਨਾਈਆ। ਦੋ ਜਹਾਨਾਂ ਬਣ ਕੇ ਮਰਦਾਨਾਂ ਮਰਦ, ਮਦਦ ਕਰੇ ਥਾਉਂ ਥਾਈਂਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਵੰਡੇ ਦਰਦ, ਦੁਖੀਆਂ ਹੋਏ ਆਪ ਸਹਾਈਆ। ਜਿਸ ਅਵਤਾਰ ਪੈਗ਼ੰਬਰਾਂ ਗੁਰੂਆਂ ਮਨਜ਼ੂਰ ਕੀਤੀ ਅਰਜ, ਆਰਜੂ ਆਪਣੇ ਚਰਨਾਂ ਵਿਚ ਟਿਕਾਈਆ। ਸੋ ਸਭ ਦਾ ਲਹਿਣਾ ਦੇਣਾ ਪੂਰਾ ਕਰੇ ਕਰਜ, ਸਤਿਜੁਗ ਤਰੇਤਾ ਦੁਆਪਰ ਕਲਜੁਗ ਬਾਕੀ ਰਹਿਣ ਕੋਇ ਨਾ ਪਾਈਆ। ਸਦੀ ਚੌਧਵੀਂ ਆਪਣਾ ਪੂਰਾ ਕਰਨ ਆਇਆ ਫ਼ਰਜ਼, ਨੂਰ ਨੁਰਾਨਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਕਲਜੁਗ ਕਹੇ ਧਰਮ ਮੇਰਾ ਸਾਹਿਬ ਪੁਰਖ ਅਗੰਮਾ, ਨਿਰਗੁਣ ਨਿਰਵੈਰ ਨਿਰੰਕਾਰ ਨਜ਼ਰੀ ਆਈਆ। ਜਨਣੀ ਕੁੱਖ ਕਦੇ ਨਾ ਜੰਮਾ, ਗੋਦੀ ਗੋਦ ਨਾ ਕੋਇ ਵਡਿਆਈਆ। ਜਗਤ ਲਾਲਚ ਨਾ ਕੋਈ ਤਮਅ, ਮੋਹ ਵਿਕਾਰ ਨਾ ਕੋਇ ਵਖਾਈਆ। ਦੌਲਤ ਗੰਢ ਪੱਲੇ ਰਖੇ ਨਾ ਕੋਈ ਧਨਾ, ਮਾਇਆ ਮਮਤਾ ਨਾ ਕੋਇ ਮਿਟਾਈਆ। ਉਸ ਦਾ ਰੂਪ ਸ੍ਰੀ ਭਗਵਾਨਾ, ਜੋਤੀ ਜਾਤਾ ਡਗਮਗਾਈਆ। ਜਿਸ ਦਾ ਸ਼ਬਦ ਦੁਲਾਰਾ ਚੰਨਾ, ਗੋਬਿੰਦ ਮੀਤਾ ਇਕ ਅਖਵਾਈਆ। ਭਾਗ ਲਗਾ ਕੇ ਕਾਇਆ ਮਾਟੀ ਤਨਾ, ਜੋਤ ਸ਼ਬਦ ਦਏ ਵਡਿਆਈਆ। ਜਗਤ ਵਕਤ ਵੇਖੇ ਲਮਹ ਲਮਹ ਲਮਹ, ਘੜੀ ਪਲ ਖੋਜ ਖੁਜਾਈਆ। ਜੋ ਕੂੜੀ ਕਿਰਿਆ ਬਦਲਣ ਵਾਲਾ ਸਮਾਂ, ਸਮਾਪਤ ਕਰੇ ਖ਼ਲਕ ਖ਼ੁਦਾਈਆ। ਜਿਸ ਨੇ ਸਤਿਜੁਗ ਮਾਰਗ ਚਲਾਉਣਾ ਨਵਾਂ, ਨੌ ਖੰਡ ਪ੍ਰਿਥਮੀ ਵੱਜੇ ਵਧਾਈਆ। ਮੈਂ ਉਸੇ ਦੀ ਚਰਨੀ ਢਵ੍ਹਾਂ, ਢਹਿ ਢਹਿ ਢੇਰੀ ਖ਼ਾਕ ਮਿਲਾਈਆ। ਉਸੇ ਦਾ ਢੋਲਾ ਗਵਾਂ, ਜੋ ਆਦਿ

ਜੁਗਾਦਿ ਜੁਗ ਜੁਗ ਆਪਣਾ ਆਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਮਾਲਕ ਹੋਏ ਸਹਾਈਆ। ਕਲਜੁਗ ਕਹੇ ਧਰਮ ਮੇਰਾ ਉਹ ਮਹਿਬੂਬ, ਮੁਹੱਬਤ ਵਿਚ ਸਮਾਈਆ। ਚਾਰੋਂ ਕੁੰਟ ਮੌਜੂਦ, ਵਸਿਆ ਹਰ ਘਟ ਥਾਈਂਆ। ਉਸ ਦੇ ਕਦਮਾਂ ਜਾਵਾਂ ਝੂਝ, ਘਾਇਲ ਆਪਣਾ ਆਪ ਕਰਾਈਆ। ਜਿਸ ਦੀ ਸਿਫ਼ਤ ਮੁਹੰਮਦ ਗਾਈ ਵਿਚ ਹਜ਼ਾਰਾ ਦਰੂਦ, ਇਸਮ ਆਜ਼ਮ ਇਕ ਅਖਵਾਈਆ। ਜਿਸ ਮੇਰਾ ਲਹਿਣਾ ਦੇਣਾ ਪੂਰਾ ਕਰਨਾ ਕੂੜ ਕੁੜਿਆਰਾ ਕਰਨਾ ਨੇਸਤੋ ਨਾਬੂਦ, ਜੜ ਰਹਿਣ ਕੋਇ ਨਾ ਪਾਈਆ। ਉਸ ਦਾ ਪੈਗ਼ੰਬਰ ਕਲਮਿਆਂ ਤੋਂ ਬਾਹਰ ਦੇਣ ਸਬੂਤ, ਬਸਰੀ ਇਸਮ ਵਿਚ ਸਮਾਈਆ। ਜਿਸ ਦਾ ਨਾ ਤਨ ਨਾ ਕਲਬੂਤ, ਕਾਇਆ ਰੰਗ ਨਾ ਕੋਇ ਰੰਗਾਈਆ। ਨੂਰ ਨੁਰਾਨਾ ਸ਼ਾਹ ਸੁਲਤਾਨਾ ਵਸੇ ਆਪਣੇ ਹਕ ਆਰੂਜ, ਆਲੀਜਾਹ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਭੇਵ ਚੁਕਾਏ ਏਕਾ ਦੂਜਾ, ਦੁਤੀਆ ਭਾਓ ਦਏ ਚੁਕਾਈਆ।

੧੧ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਜਮਸੇਰ ਜ਼ਿਲਾ ਜਲੰਧਰ ਸਿੰਘ ਦੇ ਗ੍ਰਹਿ

ਧਰਨੀ ਕਹੇ ਕਲਜੁਗ ਮੈਂ ਤੇਰਾ ਸੁਣਿਆ ਸ਼ੋਰ ਸ਼ਰਾਬਾ, ਸ਼ਰਅ ਸ਼ਰਅ ਨਾਲ ਟਕਰਾਈਆ। ਮੈਂ ਦੀਨ ਦੁਨੀ ਤੱਕੀ ਤੱਕਿਆ ਨਿਸ਼ਾਨ ਹਜ਼ਰਤਾਂ ਵਾਲਾ ਕਾਅਬਾ, ਜੋ ਮੇਰੇ ਉਤੇ ਡੇਰਾ ਲਾਈਆ। ਕੀ ਹੁਕਮ ਸੰਦੇਸ਼ਾ ਦੇ ਕੇ ਗਿਆ ਮਾਈ ਹੱਵਾ ਤੇ ਆਦਮ ਬਾਬਾ, ਜਲਾਂ ਥਲਾਂ ਤੋਂ ਬਾਹਰ ਸੁਣਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜਿਸ ਅਗੇ ਨਾ ਕੋਈ ਸਵਾਲ ਨਾ ਕੋਈ ਜਵਾਬਾ, ਉਹ ਆਪਣੀ ਕਲ ਵਰਤਾਈਆ। ਜਿਸ ਦੀ ਝੱਲੇ ਕੋਇ ਨਾ ਤਾਬਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਧਰਨੀ ਕਹੇ ਕਲਜੁਗ ਮੇਰੀਆਂ ਅੱਖੀਆਂ ਵੇਖ ਲੈ ਨੀਰ, ਨੈਣਾਂ ਛਹਿਬਰ ਲਾਈਆ। ਮੇਰੇ ਤਨ ਤੋਂ ਲੱਥੇ ਚੀਰ, ਓਢਣ ਸੀਸ ਨਾ ਕੋਇ ਟਿਕਾਈਆ। ਮਕਬਰਿਆਂ ਵਿਚ ਰੋਂਦੇ ਫ਼ਕੀਰ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਅੱਖ ਨਾ ਕੋਇ ਖੁਲਾਈਆ। ਪੈਗ਼ੰਬਰ ਹੋਏ ਦਿਲਗੀਰ, ਸਦੀ ਚੌਧਵੀਂ ਧਿਆਨ ਲਗਾਈਆ। ਜਿਸ ਦਾ ਲੇਖਾ ਹਜ਼ਰਤਾਂ ਕਿਹਾ ਅਖ਼ੀਰ, ਉਹ ਆਖ਼ਰ ਕੀ ਖੇਲ ਖਿਲਾਈਆ। ਜਿਸ ਗੁਰੂਆਂ ਦਿਤੀ ਧੀਰ, ਧੀਰਜ ਧਰਮ ਨਾਲ ਸਮਝਾਈਆ। ਉਹ ਵੇਸ ਵਟਾਏ ਸ਼ਾਹ ਸੁਲਤਾਨਾ ਨੌਜਵਾਨਾ ਬੇਨਜ਼ੀਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਮੇਰੀ ਬਦਲ ਦੇਣੀ ਤਕਦੀਰ, ਤਕੱਬਰ ਤੇਰਾ ਦਏ ਗਵਾਹੀਆ। ਉਸ ਦੀ ਅਵੱਲੜੀ ਅਨੋਖੀ ਇਕ ਤਦਬੀਰ, ਤਰੀਕਾ ਆਪਣਾ ਹੱਥ ਰਖਾਈਆ। ਜਿਸ ਨੂੰ ਕੂਕ ਕੂਕ ਪੁਕਾਰਿਆ ਕਬੀਰ, ਉਹ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਉਸ ਦੀ ਸੂਰਤ ਜਗਤ ਲਾਤਸਵੀਰ, ਤਸੱਵਰ ਕਰ ਨਾ ਕੋਇ ਵਖਾਈਆ। ਉਹ ਸਾਹਿਬ ਸਵਾਮੀ ਗਹਿਰ ਗੰਭੀਰ, ਗਵਰ ਨੂਰ ਅਲਾਹੀਆ। ਜਿਸ ਮੇਰੇ ਉਤੋਂ ਕੂੜੀ ਕਿਰਿਆ ਕੱਟਣੀ ਭੀੜ, ਹਉਮੇ ਹੰਗਤਾ ਰੋਗ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਸ਼ਰਅ ਦੀ ਕੱਟੇ ਜ਼ੰਜੀਰ, ਸ਼ਰੀਅਤ ਆਪਣਾ ਨਾਮ ਦ੍ਰਿੜਾਈਆ।

੧੧ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕੋਟਲੀ ਥਾਨ ਸਿੰਘ ਜ਼ਿਲਾ ਜਲੰਧਰ ਜਸਬੀਰ ਸਿੰਘ ਦੇ ਗ੍ਰਹਿ

ਧਰਨੀ ਕਹੇ ਧਰਮ ਮੈਂ ਭਾਗਾਵੰਤ, ਭਗਵਨ ਭਗਤਾਂ ਨਾਲ ਦਿਤਾ ਮਿਲਾਈਆ। ਮੇਰਾ ਮੇਲਾ ਨਾਲ ਧੁਰ ਦੇ ਸੰਤ, ਜੋ ਸਤਿਗੁਰ ਸੰਤ ਸਿਪਾਹੀ ਇਕ ਅਖਵਾਈਆ। ਮੈਂ ਵੇਖਿਆ ਲੱਖ ਚੁਰਾਸੀ ਜੀਵ ਜੰਤ, ਚਾਰੋਂ ਕੁੰਟ ਖੋਜ ਖੁਜਾਈਆ। ਘਰ ਘਰ ਤੱਕਿਆ ਹਉਮੇ ਗੜ੍ਹ ਹੰਗਤ, ਹੰ ਬ੍ਰਹਮ ਭੇਵ ਕੋਇ ਨਾ ਪਾਈਆ। ਮੇਰੀ ਧਾਰ ਸੁਲਖਣੀ ਮੈਨੂੰ ਚੜ੍ਹੀ ਪਿਆਰ ਦੀ ਰੰਗਤ, ਮੇਰੇ ਸਾਹਿਬ ਦਿਤਾ ਰੰਗਾਈਆ। ਸਤਿ ਸਚ ਦੀ ਸਾਚੀ ਮਿਲੀ ਸੰਗਤ, ਹਰਿਜਨ ਮਿਲ ਮਿਲ ਵੱਜੀ ਵਧਾਈਆ। ਮੈਨੂੰ ਸਮਝਾ ਸਕੇ ਕੋਈ ਨਾ ਪੰਡਤ, ਭੇਵ ਅਭੇਦ ਨਾ ਕੋਇ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਧਰਮ ਕਹੇ ਧਰਨੀ ਪ੍ਰਭੂ ਸਾਚਾ ਦਇਆ ਕਮਾਉਂਦਾ ਏ। ਆਦਿ ਜੁਗਾਦੀ ਖੇਲ ਵਖਾਉਂਦਾ ਏ। ਜੁਗ ਜੁਗ ਭੇਵ ਅਭੇਦ ਦ੍ਰਿੜਾਉਂਦਾ ਏ। ਸੰਤ ਸੁਹੇਲੇ ਜਨ ਭਗਤ ਤੇਰੇ ਉਤੇ ਉਪਜਾਉਂਦਾ ਏ। ਆਪ ਆਪਣਾ ਸੁਹੰਜਣਾ ਕਰੇ ਵਕਤ, ਰੁਤੜੀ ਤੇਰੇ ਨਾਲ ਮਹਿਕਾਉਂਦਾ ਏ। ਸਚ ਪ੍ਰੇਮ ਦੇ ਕੇ ਸ਼ਕਤ, ਸ਼ਖ਼ਸੀਅਤ ਧੁਰ ਦੀ ਆਪ ਵਖਾਉਂਦਾ ਏ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਪੂਰੀ ਕਰਨ ਆਵੇ ਸ਼ਰਤ, ਸ਼ਰਅ ਪਿਛਲੀ ਵੇਖ ਵਿਖਾਉਂਦਾ ਏ। ਮਿਹਰਵਾਨ ਬਣ ਮਰਦਾਨਾ ਮਰਦ, ਬਲਧਾਰੀ ਬਲ ਪ੍ਰਗਟਾਉਂਦਾ ਏ। ਗੁਰਮੁਖ ਪਿਆਰ ਦਾ ਵੰਡੇ ਦਰਦ, ਵਿਛੋੜੇ ਦਾ ਦੁੱਖ ਗਵਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਉਂਦਾ ਏ। ਧਰਮ ਕਹੇ ਧਰਨੀ ਮੇਰਾ ਪਰਮ ਪੁਰਖ ਬਿਧਾਤਾ, ਬੇਅੰਤ ਵਡ ਵਡਿਆਈਆ। ਜਿਸ ਭਗਤਾਂ ਨਾਲ ਜੋੜਿਆ ਨਾਤਾ, ਗੁਰਮੁਖਾਂ ਗੰਢ ਪਵਾਈਆ। ਪਰਕਾਸ਼ ਕਰ ਕਲਜੁਗ ਅੰਧੇਰੀ ਰਾਤਾ, ਨੂਰ ਚੰਦ ਦਿਤਾ ਚਮਕਾਈਆ। ਆਪ ਹੋ ਕੇ ਜੋਤੀ ਜਾਤਾ, ਵੇਖ ਵਖਾਣੇ ਥਾਉਂ ਥਾਈਂਆ। ਆਤਮ ਪਰਮਾਤਮ ਮੇਲ ਕੇ ਨਾਤਾ, ਪੂਰਬ ਲਹਿਣਾ ਦਿਤਾ ਚੁਕਾਈਆ। ਜਨ ਭਗਤਾਂ ਵਖਾਏ ਡੂੰਘਾ ਖਾਤਾ, ਜਿਸ ਦੇ ਲੇਖ ਨਾ ਕੋਇ ਜਣਾਈਆ। ਕਲਜੁਗ ਅੰਤਮ ਪੁਛੇ ਵਾਤਾ, ਹੋਏ ਆਪ ਸਹਾਈਆ। ਬਣ ਕੇ ਪਿਤਾ ਮਾਤਾ, ਗੁਰਮੁਖ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਸਾਧਨ ਸਾਧਾ, ਸੰਤ ਸੁਹੇਲੇ ਹਰਿਜਨ ਲਏ ਪ੍ਰਗਟਾਈਆ।

੧੧ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਹਰੀ ਪੁਰ ਜ਼ਿਲਾ ਜਲੰਧਰ ਮਹਿੰਗਾ ਸਿੰਘ ਦੇ ਗ੍ਰਹਿ

ਕਲਜੁਗ ਕਹੇ ਧਰਮ ਸੁਣ ਅਗੰਮਾ ਸੰਦੇਸ਼, ਬਿਨਾ ਅੱਖਰਾਂ ਨਿਰਅੱਖਰ ਧਾਰ ਸਮਝਾਈਆ। ਕੀ ਹੁਕਮ ਦਏ ਧੁਰ ਨਰੇਸ਼, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋ ਆਦਿ ਜੁਗਾਦੀ ਰਹੇ ਹਮੇਸ਼, ਜੋਤੀ ਜਾਤਾ ਇਕ ਅਖਵਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਕੋਟਨ ਕੋਟ ਸੀਸ ਨਿਵਾਈਆ। ਅਵਤਾਰ ਪੈਗ਼ੰਬਰ ਗੁਰੂ ਸਦਾ ਕਰਨ ਆਦੇਸ, ਨਿਵ ਨਿਵ ਲਾਗਣ ਪਾਈਆ। ਜਿਸ ਦਾ ਯੋਧਾ ਸੂਰਬੀਰ ਬਲਵਾਨ ਦਸ ਦਸਮੇਸ਼, ਨੌਜਵਾਨ ਮਰਦ ਮਰਦਾਨ ਇਕ ਅਖਵਾਈਆ। ਜੋ ਆਦਿ ਪੁਰਖ ਅਪਰੰਪਰ ਸਵਾਮੀ ਦਾ ਖੋਲੇ ਭੇਦ, ਪਰਦਾ ਪਰਦਿਆਂ ਵਿਚੋਂ ਚੁਕਾਈਆ।

ਜਿਸ ਮਾਲਕ ਦੀ ਸਿਫ਼ਤ ਸਲਾਹ ਕਰਦੇ ਚਾਰ ਵੇਦ, ਚਾਰੇ ਜੁਗ ਵਡਿਆਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਸ਼ਬਦੀ ਖੇਲੇ ਖੇਡ, ਖੇਲਣਹਾਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਕਲਜੁਗ ਕਹੇ ਧਰਮ ਕਿਰਪਾ ਕਰੇ ਮੇਰਾ ਭਗਵੰਤ, ਸ੍ਰੀ ਭਗਵਾਨ ਦਇਆ ਕਮਾਈਆ। ਮੈਨੂੰ ਸੰਦੇਸ਼ਾ ਦੇਵੇ ਅੰਤ, ਅੰਤਰਜਾਮੀ ਰਿਹਾ ਜਣਾਈਆ। ਚਾਰ ਕੁੰਟ ਦਹਿ ਦਿਸ਼ਾ ਬਣਾਉਂਣੇ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਸਮਝ ਕੋਇ ਨਾ ਪਾਈਆ। ਬੁੱਧੀ ਦਾ ਰਹਿਣ ਦੇਣਾ ਨਹੀਂ ਕੋਈ ਪੰਡਤ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਆਤਮ ਪਰਮਾਤਮ ਧਾਰ ਜਾਣੇ ਕੋਇ ਨਾ ਮੰਤ, ਮੰਤਵ ਹੱਲ ਨਾ ਕੋਇ ਕਰਾਈਆ। ਚੋਟੀ ਮੰਜ਼ਲ ਚੜ੍ਹੇ ਕੋਇ ਨਾ ਸੰਤ, ਦਰਗਾਹ ਸਚ ਮਿਲਣ ਕੋਇ ਨਾ ਆਈਆ। ਵਿਛੋੜਾ ਕਰਨਾ ਨਾਰ ਕੰਤ, ਸੁਹਾਗਣ ਦੁਹਾਗਣ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਧਰਮ ਹੁਕਮ ਵੇਖ ਪੁਰਖ ਅਕਾਲ, ਅਕਲ ਕਲਧਾਰੀ ਕੀ ਜਣਾਈਆ। ਉਠ ਮੇਰੇ ਪਿਆਰੇ ਲਾਡਲੇ ਲਾਲ, ਲਾਲਨ ਤੈਨੂੰ ਦਿਆਂ ਵਡਿਆਈਆ। ਨਵ ਸੱਤ ਸੁਰਤ ਸੰਭਾਲ, ਸੰਬਲ ਬਹਿ ਕੇ ਵੇਖੇ ਬੇਪਰਵਾਹੀਆ। ਨਿਗਾਹ ਮਾਰ ਵਿਚ ਸ਼ਾਹ ਕੰਗਾਲ, ਰਾਓ ਰੰਕ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਧਰਮ ਕਹੇ ਕਲਜੁਗ ਕੀ ਕਹੇ ਆਦਿ ਨਿਰੰਜਣ, ਨਰ ਨਰਾਇਣ ਕੀ ਦ੍ਰਿੜਾਈਆ। ਉਹ ਦਾਤਾ ਦਰਦ ਦੁੱਖ ਭੈ ਭੰਜਣ, ਪਤਿਪਰਮੇਸ਼ਵਰ ਇਕ ਅਖਵਾਈਆ। ਜੋ ਆਦਿ ਜੁਗਾਦੀ ਸੱਜਣ, ਸਾਜਣ ਮੀਤ ਬਣੇ ਬੇਪਰਵਾਹੀਆ। ਨਾਮ ਨਿਧਾਨਾ ਪਾਏ ਨੇਤਰ ਅੰਜਣ, ਅੰਧ ਅਗਿਆਨ ਦਏ ਗਵਾਈਆ। ਭਾਗ ਲਗਾਏ ਕਾਇਆ ਮਾਟੀ ਕੰਚਨ, ਹਉਮੇ ਗੜ੍ਹ ਦਏ ਤੁੜਾਈਆ। ਉਸ ਦਾ ਸੁਣ ਅਗੰਮੀ ਬਚਨ, ਸੰਦੇਸਾ ਇਕ ਸੁਣਾਈਆ। ਕਲਜੁਗ ਜੀਵ ਚਾਰ ਕੁੰਟ ਮਚਨ, ਅਗਨੀ ਅੱਗ ਨਾ ਕੋਇ ਬੁਝਾਈਆ। ਕਿਸੇ ਨੂੰ ਲੱਭੇ ਨਾ ਆਪਣਾ ਵਤਨ, ਬੇਵਤਨ ਹੋਈ ਲੋਕਾਈਆ। ਕੰਢਾ ਘਾਟ ਹੱਥ ਨਾ ਆਵੇ ਪਤਣ, ਪਾਰ ਕਿਨਾਰਾ ਨਾ ਕੋਇ ਕਰਾਈਆ। ਬਿਨ ਹਰਿ ਕਿਰਪਾ ਯਥਾਰਥ ਪਵੇ ਕਿਸੇ ਨਾ ਯਤਨ, ਸਗਲਾ ਸੰਗ ਨਾ ਕੋਇ ਬਣਾਈਆ। ਮੈਂ ਇਕ ਸੰਦੇਸ਼ਾ ਆਇਆ ਦੱਸਣ, ਕਹਿ ਕੇ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਧਰਮ ਕਹੇ ਕਲਜੁਗ ਉਹ ਤੱਕ ਧੁਰ ਦਾ ਰਾਮ, ਰਮਈਆ ਬੇਪਰਵਾਹੀਆ। ਜਿਸ ਤੇਰਾ ਅੰਧੇਰਾ ਮੇਟਣਾ ਸ਼ਾਮ, ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਸਚ ਸੰਦੇਸ਼ਾ ਦਏ ਪੈਗ਼ਾਮ, ਪੈਗ਼ੰਬਰਾਂ ਤੋਂ ਬਾਹਰ ਪੜ੍ਹਾਈਆ। ਭੇਵ ਅਭੇਦਾ ਖੋਲੇ ਤਮਾਮ, ਓਹਲਾ ਰਹਿਣ ਕੋਇ ਨਾ ਪਾਈਆ। ਨੂਰ ਨੁਰਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਜਿਸ ਤੇਰਾ ਮੇਟਣਾ ਅੰਤ ਕੂੜ ਨਿਸ਼ਾਨ, ਨਿਸ਼ਾਨੇ ਦੀਨ ਦੁਨੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਕਲਜੁਗ ਕਹੇ ਧਰਮ ਮੇਰੇ ਸਾਹਿਬ ਵਿਚ ਹਕ ਤੌਫ਼ੀਕਾਂ, ਦਾਅਵੇਦਾਰ ਅਖਵਾਈਆ। ਜਿਸ ਦੀਆਂ ਚਾਰ ਜੁਗ ਦੇ ਸ਼ਾਸਤਰ ਦੱਸਦੇ ਤਵਾਰੀਖਾਂ, ਤਾਰੀਖਾਂ ਦੇਣ ਗਵਾਹੀਆ। ਉਸ ਦੀਆਂ ਨੌ ਸੌ ਚੁਰਾਨਵੇਂ ਜੁਗ ਚੌਕੜੀ ਦੀਆਂ ਤੱਕ ਲੀਕਾਂ, ਲਾਈਨ ਲਾਈਨਾਂ ਨਾਲ ਮਿਲਾਈਆ। ਜਿਸ ਦਾ ਖੇਲ ਹੋਣਾ

ਨੀਕਣ ਨੀਕਾ, ਨਿਰਵੈਰ ਆਪਣੀ ਕਾਰ ਕਮਾਈਆ। ਲੇਖਾ ਜਾਣੇ ਜੀਵ ਜੀਅ ਕਾ, ਲੱਖ ਚੁਰਾਸੀ ਫੋਲ ਫੁਲਾਈਆ। ਉਸ ਦਾ ਭਾਣਾ ਸਭ ਨੂੰ ਲਾਗੇ ਮੀਠਾ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਕਲਜੁਗ ਕੂੜੀ ਕਿਰਿਆ ਭੰਨਣਾ ਰੀਠਾ, ਅੰਮ੍ਰਿਤ ਰਸ ਜਾਮ ਇਕ ਪਿਆਈਆ। ਤ੍ਰੈਗੁਣ ਤਪਿਆ ਬੁਝਾਉਣਾ ਅੰਗੀਠਾ, ਸਾਂਤਕ ਸਤਿ ਸਤਿ ਵਰਤਾਈਆ। ਸਤਿ ਧਰਮ ਦੀ ਸਚ ਚਲਾਉਣੀ ਰੀਤਾ, ਰੀਤੀ ਨੀਤੀ ਆਪਣੇ ਹੱਥ ਵਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਤਿ ਬਣਾਉਣਾ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਸ਼ਰਅ ਸ਼ਰੀਅਤ ਤੋਂ ਬਾਹਰ ਦੱਸਣੀ ਹਦੀਸਾ, ਭੇਵ ਅਭੇਦਾ ਇਕ ਖੁਲਾਈਆ। ਕਰੇ ਖੇਲ ਨਿਰਗੁਣ ਧਾਰ ਚੌਬੀਸਾ, ਬੀਸ ਚਾਰ ਆਪਣੀ ਵੰਡ ਵੰਡਾਈਆ। ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦਾ, ਤ੍ਰਿਸ਼ਨਾ ਤ੍ਰਿਖਾ ਸਭ ਦੀ ਵੇਖ ਵਖਾਈਆ। ਧਰਮ ਕਹੇ ਕਲਜੁਗ ਸਭ ਨੂੰ ਉਸ ਦੀਆਂ ਉਡੀਕਾਂ, ਬਿਨ ਨੈਣਾਂ ਨੈਣ ਉਠਾਈਆ। ਜਿਸ ਦੀਨ ਦੁਨੀ ਬਦਲ ਦੇਣੀਆਂ ਤਬੀਅਤਾਂ, ਤਬੀਬ ਬਣੇ ਧੁਰ ਦਾ ਮਾਹੀਆ। ਸਤਿ ਸਚ ਦੀਆਂ ਦਏ ਨਸੀਹਤਾਂ, ਹੁਕਮ ਧੁਰ ਦਾ ਇਕ ਸੁਣਾਈਆ। ਉਸ ਦੇ ਵਿਚ ਵੱਡੀਆਂ ਵਡ ਵਡ ਅਹਮੀਅਤਾਂ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਲੱਖ ਚੁਰਾਸੀ ਜੰਤ ਜੀਅ ਕਾ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ।

੧੨ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਹਰੀ ਪੁਰ ਜ਼ਿਲਾ ਜਲੰਧਰ ਭਜਨੋ ਦੇ ਨਵਿਤ

ਕਲਜੁਗ ਕਹੇ ਧਰਮ ਮੈਂ ਜਗਤ ਜਹਾਨ ਦੀਆਂ ਤੱਕਾਂ ਸਦੀਆਂ, ਸਾਲਾਂ ਬਰਖਾਂ ਧਿਆਨ ਲਗਾਈਆ। ਘਰ ਘਰ ਨੀਤਾਂ ਤੱਕਾਂ ਬਦੀਆਂ, ਬੰਧਨ ਵੇਖਾਂ ਥਾਉਂ ਥਾਈਂਆ। ਕੂੜ ਖ਼ੁਮਾਰੀ ਵਿਚ ਸਾਰੀਆਂ ਮਧੀਆਂ, ਮਧੁਰ ਧੁਨ ਕਰੇ ਨਾ ਕੋਇ ਸ਼ਨਵਾਈਆ। ਮਾਇਆ ਮਮਤਾ ਦੇ ਵਿਚ ਲੱਗੀਆਂ, ਤ੍ਰਿਸ਼ਨਾ ਕੂੜ ਕੂੜ ਹਲਕਾਈਆ। ਤਨ ਵਜੂਦਾਂ ਲੱਗੀਆਂ ਤੱਕੀਆਂ ਅੱਗੀਆਂ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਚਾਰੋਂ ਕੁੰਟ ਹਵਾਵਾਂ ਬਿਨ ਅਗਨ ਤੋਂ ਲੱਗੀਆਂ, ਆਪਣਾ ਰੂਪ ਬਦਲਾਈਆ। ਜਗਤ ਵਿਕਾਰ ਵਹਿੰਦੀਆਂ ਨਦੀਆਂ, ਸਤਿ ਸਚ ਰਹੀਆਂ ਰੁੜ੍ਹਾਈਆ। ਆਤਮ ਜੋਤਾਂ ਦਿਸਣ ਨਾ ਜਗੀਆਂ, ਨੂਰ ਚੰਦ ਨਾ ਕੋਇ ਚਮਕਾਈਆ। ਤਨ ਮਾਟੀ ਖ਼ਾਲੀ ਬਾਲਣ ਦਿਸਣ ਹੱਡੀਆਂ, ਰਤੀ ਰੱਤ ਰੰਗ ਨਾ ਕੋਇ ਰੰਗਾਈਆ। ਕਲਜੁਗ ਕਹੇ ਧਰਮ ਮੈਂ ਚਾਰੋਂ ਕੁੰਟ ਇਨ੍ਹਾਂ ਸੁਕਾਈਆਂ ਹੱਡੀਆਂ, ਜੜ ਸਕਿਆ ਨਾ ਕੋਇ ਉਖੜਾਈਆ। ਸ਼ਾਹ ਸੁਲਤਾਨ ਲੈਂਦੇ ਵੱਢੀਆਂ, ਰਿਸ਼ਵਤ ਖੋਰ ਕੂੜ ਲੋਕਾਈਆ। ਇਹ ਮੇਰੀਆਂ ਸਾਰੀਆਂ ਗੱਲਾਂ ਚੰਗੀਆਂ, ਚੰਗੀ ਤਰਾ ਰਿਹਾ ਦ੍ਰਿੜਾਈਆ। ਸਾਬਤ ਰਹੀਆਂ ਨਾ ਕਿਸੇ ਦੀਆਂ ਅੰਗੀਆਂ, ਅੰਗੀਕਾਰ ਨਜ਼ਰ ਕਿਸੇ ਨਾ ਆਈਆ। ਘਰ ਘਰ ਵਾਸਨਾ ਹੋਈਆਂ ਮੰਦੀਆਂ, ਮਨਸਾ ਮਨ ਕੂੜ ਨਾ ਕੋਇ ਤਜਾਈਆ। ਢੋਲਾ ਗਾਏ ਕੋਇ ਨਾ ਛੰਦੀਆ, ਤੂੰ ਮੇਰਾ ਮੈਂ ਤੇਰਾ ਰਾਗ (ਨਾ ਕੋਇ) ਅਲਾਈਆ। ਸ਼ਰਅ ਤੋੜੇ ਨਾ ਕੋਇ ਪਾਬੰਦੀਆ, ਲੇਖਾ ਸਕੇ ਨਾ ਕੋਇ ਮੁਕਾਈਆ। ਜਗਤ ਦੀਆਂ ਅੱਖਾਂ ਹੋ ਗਈਆਂ ਅੰਧੀਆਂ, ਸਤਿਗੁਰ ਦਰਸ ਕੋਇ ਨਾ ਪਾਈਆ। ਵਾਸਨਾ ਹੋਈਆਂ ਬੇਢੰਗੀਆਂ, ਸਚ ਵਿਚ ਨਾ ਕੋਇ ਸਮਾਈਆ।

ਮਾਣ ਮਿਲਿਆ ਚੋਰਾਂ ਯਾਰਾਂ ਠੱਗਾਂ ਪਖੰਡੀਆਂ, ਗੁਰਮੁਖ ਹਰਿਜਨ ਰੋਵਨ ਮਾਰਨ ਧਾਹੀਆ। ਸਿੱਧੀਆਂ ਕਰੇ ਕੋਇ ਨਾ ਡੰਡੀਆਂ, ਡੰਡਾਵਤ ਸਕੇ ਨਾ ਕੋਇ ਬਦਲਾਈਆ। ਬਿਨਾ ਪਰਮਾਤਮਾ ਤੋਂ ਆਤਮਾ ਸਾਰੀਆਂ ਹੋਈਆਂ ਰੰਡੀਆਂ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਦੀਨ ਇਸਲਾਮਾਂ ਪਾਈਆਂ ਵੰਡੀਆਂ, ਵਰਭੰਡੀ ਦਏ ਦੁਹਾਈਆ। ਚਾਰੋਂ ਕੁੰਟ ਚਮਕਣ ਚੰਡੀਆਂ, ਕਲਜੁਗ ਕਹੇ ਮੈਂ ਚੰਡਾਲ ਰੂਪ ਰਿਹਾ ਬਣਾਈਆ। ਪ੍ਰਭੂ ਨਾਲੋਂ ਮਾਣ ਦਿਤਾ ਕਰੀਰਾਂ ਜੰਡੀਆਂ, ਜਗ ਪਾਹਨਾਂ ਸੀਸ ਨਿਵਾਈਆ। ਸੀਨੇ ਪੈਣ ਕਿਸੇ ਨਾ ਠੰਡੀਆਂ, ਅਗਨੀ ਤਤ ਨਾ ਕੋਇ ਗਵਾਈਆ। ਨੇਤਰ ਰੋਵਣ ਬੁੱਢੀਆਂ ਨੱਢੀਆਂ, ਨੌਜਵਾਨ ਧੀਰ ਨਾ ਕੋਇ ਧਰਾਈਆ। ਆਤਮ ਪਰਮਾਤਮ ਲਡਾਏ ਕੋਇ ਨਾ ਲਡੀਆਂ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਕਲਜੁਗ ਕਹੇ ਧਰਮ ਮਾਣ ਰਹਿਣ ਨਹੀਂ ਦਿਤਾ ਰਸੂਲਾਂ ਨਬੀਆਂ, ਪੈਗ਼ੰਬਰਾਂ ਨਾ ਕੋਇ ਚਤੁਰਾਈਆ। ਲੇਖਾ ਵੇਖਿਆ ਕੱਟੀਆਂ ਲਬੀਆਂ, ਪਰਦਾ ਪਰਦਿਆਂ ਵਿਚੋਂ ਫੋਲ ਫੁਲਾਈਆ। ਸ਼ਾਹ ਸੁਲਤਾਨਾਂ ਰਹਿਣ ਨਹੀਂ ਦਿਤੀਆਂ ਗੱਦੀਆਂ, ਸੀਸ ਤਾਜ ਨਾ ਕੋਇ ਟਿਕਾਈਆ। ਆਹ ਤੱਕ ਇਸ਼ਾਰਾ ਕਬੀਰ ਦਿਤਾ ਬੁਣਦੇ ਖੱਡੀਆਂ, ਤੰਦ ਤੰਦ ਨਾਲ ਜੁੜਾਈਆ। ਜਿਸ ਵੇਲੇ ਕਲਜੁਗ ਚਾਰੋਂ ਕੁੰਟ ਬੇਈਮਾਨੀਆਂ ਵਧੀਆਂ, ਵਾਧਲ ਦਿਸੇ ਖ਼ਲਕ ਖ਼ੁਦਾਈਆ। ਦਰ ਮਿਲੇ ਨਾ ਕਿਸੇ ਨਿਰਬਾਣ ਪਦੀਆਂ, ਪਰਮ ਪੁਰਖ ਵਿਚ ਨਾ ਕੋਇ ਸਮਾਈਆ। ਸੁਹਾਗ ਸੋਹਣ ਨਾ ਸੀਸ ਸੱਗੀਆਂ, ਸਿਹਰਾ ਸਚ ਨਾ ਕੋਇ ਰਖਾਈਆ। ਸ੍ਰਿਸ਼ਟੀ ਬੁੱਧੀ ਹੋਵੇ ਕੱਗੀਆਂ, ਹੰਸ ਰੂਪ ਨਾ ਕੋਇ ਬਣਾਈਆ। ਘਰ ਘਰ ਗੁਰੂਆਂ ਡਹਿਣੀਆਂ ਮੰਜੀਆਂ, ਸਤਿਗੁਰ ਸਮਝ ਕਿਸੇ ਨਾ ਆਈਆ। ਕਲਜੁਗ ਕਹੇ ਮੇਰੀ ਹਾਥ ਨਹੀਂ ਆਉਣੀ ਵੰਝੀਆਂ, ਵੰਝ ਮੁਹਾਣਾ ਸਾਰ ਕੋਇ ਨਾ ਪਾਈਆ। ਮੈਂ ਇਕ ਬਚਨ ਦੱਸਾਂ ਕਲਜੁਗ ਕਹੇ ਪਹਿਲੀ ਚੇਤ ਨੂੰ ਪੀਲੀਆਂ ਪੱਗਾਂ ਬੰਨ੍ਹਣੀਆਂ ਗੁਰਮੁਖਾਂ ਪੰਝੀਆਂ, ਪੰਝੀਵਾਂ ਸਿਖ ਜਰਨੈਲ ਸਿੰਘ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀਆਂ ਆਸ਼ਾ ਪੂਰੀਆਂ ਕਰੇ ਲੰਬੀਆਂ, ਜੁਗਾਂ ਜੁਗਾਂ ਦੇ ਲੇਖੇ ਆਪਣੇ ਹੱਥ ਰਖਾਈਆ।