੨੫ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਖ਼ੁਰਦ ਜ਼ਿਲਾ ਜੰਮੂ ਬੇਲੂ ਰਾਮ ਦੇ ਗ੍ਰਹਿ
ਨੁਕਤਾ ਕਹੇ ਮੇਰਾ ਅਗਲਾ ਮਜ਼ਮੂਨ ਹੁੰਦਾ ਸ਼ੁਰੂ, ਕਲਜੁਗ ਅੱਖਾਂ ਨਾਲ ਧਿਆਨ ਲਗਾਈਆ। ਸਭ ਦਾ ਹੋਣਾ ਸ਼ਬਦ ਗੁਰੂ, ਸਤਿਗੁਰ ਸ਼ਬਦ ਬੇਪਰਵਾਹੀਆ। ਜਿਸ ਦਾ ਮੰਤਰ ਇਕੋ ਫੁਰੂ, ਫ਼ੁਰਨੇ ਜਗਤ ਬੰਦ ਕਰਾਈਆ। ਜਗਤ ਜਹਾਨ ਦਾ ਮੋੜ ਮੁੜੂ, ਨਵ ਸੱਤ ਦਏ ਬਦਲਾਈਆ। ਉਸ ਦਾ ਭੰਡਾਰਾ ਕਦੇ ਨਾ ਥੁੜੂ, ਅਤੋਟ ਅਤੁਟ ਵਰਤਾਈਆ। ਸ਼ੌਹ ਦਰਿਆ ਕਦੇ ਨਾ ਰੁੜੂ, ਰੁੜ੍ਹਦਿਆਂ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਨੁਕਤਾ ਕਹੇ ਮੇਰਾ ਵੇਖ ਅਗਲਾ ਮਜਮੂਨ,
ਬਿਨਾ ਤਹਿਰੀਰ ਤਕਰੀਰ ਜਣਾਈਆ। ਜਿਸ ਵਿਚ ਅਗੰਮਾ ਕਾਨੂੰਨ, ਜਗਤ ਧਾਰਾ ਨਾ ਕੋਇ ਵਡਿਆਈਆ। ਉਸ ਜਲਵਾਗਰ ਦਾ ਤੱਕ ਜਨੂੰਨ, ਜੋ ਨੂਰ ਨੂਰ ਅਲਾਹੀਆ। ਜਿਸ ਨੁਕਤਾ ਲਾਇਆ ਵਿਚ ਨੂਨ, ਨਜ਼ਰੀਆਂ ਸਭ ਦਾ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੋਏ ਸਹਾਈਆ। ਨੁਕਤਾ ਕਹੇ ਮੇਰੀ ਅਗਲੀ ਤੱਕ ਲੈ ਦਲੀਲ, ਦਿਲਦਾਰ ਕੀ ਜਣਾਈਆ। ਤੇਰੀ ਸੁਣਨੀ ਨਹੀਂ ਅਪੀਲ, ਅਪਰੰਪਰ ਸਵਾਮੀ ਵੇਖ ਵਖਾਈਆ। ਉਹ ਲੇਖਾ ਯਾਦ ਕਰ ਲੈ ਜੋ ਲਹਿਣਾ ਦੇਣਾ ਅਰਜਨ ਨਾਲ ਭੀਲ, ਕ੍ਰਿਸ਼ਨ ਗਵਾਲਾ ਕੀ ਦ੍ਰਿੜਾਈਆ। ਜਿਸ ਬਸਤਰ ਪਹਿਨਣੇ ਨੀਲ, ਨੀਲੀ ਧਾਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਵਖਾਈਆ। ਨੁਕਤਾ ਕਹੇ ਮੇਰਾ ਖੇਲ ਇਰਦ ਗਿਰਦ, ਅਗਾ ਪਿਛਾ ਦਿਆਂ ਜਣਾਈਆ। ਮੇਰੇ ਸਾਹਿਬ ਨੇ ਤਾਰਨੇ ਬਾਲ ਬਿਰਧ, ਨੌਜਵਾਨਾਂ ਹੋਏ ਸਹਾਈਆ। ਸਭ ਦੀ ਲੇਖੇ ਲਾਵੇ ਨਾਮ ਵਾਲੀ ਕਿਰਤ, ਹਰਿਜਨ ਅਕਿਰਤਘਣ ਰਹਿਣ ਨਾ ਪਾਈਆ। ਵੇਖ ਵਿਖਾਣੇ ਫਿਰਤ ਫਿਰਤ, ਫਿਰ ਫਿਰ ਪੰਧ ਮੁਕਾਈਆ। ਲਹਿਣਾ ਦੇਣਾ ਚੁਕਾਵੇ ਸੁਰਤ ਨਿਰਤ, ਨੈਣ ਨੈਣਾਂ ਖੋਜ ਖੁਜਾਈਆ। ਜਨਮ ਜਨਮ ਦੀ ਮੇਟ ਕੇ ਹਿਰਸ, ਹਵਸ ਕੂੜੀ ਦਏ ਮੁਕਾਈਆ। ਮਿਹਰਵਾਨ ਹੋ ਕੇ ਕਰੇ ਤਰਸ, ਸਿਰ ਸਿਰ ਆਪਣਾ ਹੱਥ ਟਿਕਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਘਰ ਝਿਰਨਾ ਇਕ ਝਿਰਾਈਆ। ਚਿੰਤਾ ਮਿਟਾ ਕੇ ਹਰਸ, ਦੂਈ ਦਵੈਤੀ ਦਏ ਮਿਟਾਈਆ। ਪਰਮਾਤਮ ਹੋ ਕੇ ਆਤਮ ਲਏ ਪਰਖ, ਪਾਰਖੂ ਆਪਣਾ ਖੇਲ ਖਿਲਾਈਆ। ਜਨ ਭਗਤ ਦਵਾਰੇ ਦੇ ਕੇ ਦਰਸ, ਦੀਦ ਈਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਆਇਆ ਪਰਤ, ਪਤਿਪਰਮੇਸ਼ਵਰ ਆਪਣਾ ਖੇਲ ਖਿਲਾਈਆ।
੨੫ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਨਿਕੋਵਾਲ ਜ਼ਿਲਾ ਜੰਮੂ ਰਾਮ ਚੰਦ ਦੇ ਗ੍ਰਹਿ
ਪਤ੍ਰਕਾ ਕਹੇ ਮੈਂ ਪ੍ਰੀਤਮ ਦੀ ਪਾਤੀ, ਪਰਮ ਪੁਰਖ ਦਿਤੀ ਵਡਿਆਈਆ। ਸ਼ਬਦ ਧਾਰ ਦੀ ਬਖ਼ਸ਼ ਕੇ ਦਾਤੀ, ਦਇਆਵਾਨ ਦਇਆ ਕਮਾਈਆ। ਕਿਰਪਾ ਕਰੀ ਕਮਲਾਪਾਤੀ, ਪਤਿਪਰਮੇਸ਼ਵਰ ਹੋਇਆ ਸਹਾਈਆ। ਸਚ ਪਿਆਰ ਜੋੜ ਕੇ ਨਾਤੀ, ਦਿਤੀ ਸਚ ਸਰਨਾਈਆ। ਸੰਦੇਸ਼ਾ ਦਿਤਾ ਪੁਰਖ ਅਬਿਨਾਸ਼ੀ, ਅਬਿਨਾਸ਼ੀ ਆਪ ਦ੍ਰਿੜਾਈਆ। ਸ਼ੰਕਰ ਉਠਣਾ ਪਏ ਕੈਲਾਸ਼ੀ, ਆਲਸ ਨਿੰਦਰਾ ਰਹੇ ਨਾ ਰਾਈਆ। ਬ੍ਰਹਮੇ ਇਕ ਸੰਦੇਸ਼ਾ ਰਹੀ ਆਖੀ, ਬਿਨ ਅੱਖਰਾਂ ਰਹੀ ਦ੍ਰਿੜਾਈਆ। ਵਿਸ਼ਨੂੰ ਤੱਕ ਖੇਲ ਤਮਾਸ਼ੀ, ਵਿਸ਼ਵ ਦਾ ਪਰਦਾ ਆਪ ਉਠਾਈਆ। ਚਾਰੋਂ ਕੁੰਟ ਕਲਜੁਗ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਸ਼ਰਅ ਦੀ ਸ਼ਰਅ ਬਣੀ ਜਮਾਤੀ, ਅੱਖਰ ਸ਼ਖ਼ਸੀਅਤ ਵਾਲੇ ਪੜ੍ਹਾਈਆ। ਸਚ ਦਾ ਦਿਸੇ ਨਾ ਕੋਇ ਇਮਦਾਦੀ, ਮਿਹਰ ਨਜ਼ਰ ਨਾ ਕੋਇ ਟਿਕਾਈਆ। ਆਤਮਾ ਪਰਮਾਤਮਾ ਰਹੀ ਨਾ ਮੂਲ ਅਰਾਧੀ, ਰਾਧਾ ਕ੍ਰਿਸ਼ਨ ਦਏ ਗਵਾਹੀਆ। ਬ੍ਰਹਮ ਹੋਇਆ ਨਾ ਕੋਇ ਵਿਸਮਾਦੀ, ਪਾਰਬ੍ਰਹਮ ਵਿਚ ਨਾ ਕੋਇ ਸਮਾਈਆ। ਨਾਦ ਸੁਣੇ ਨਾ ਕੋਇ ਅਨਾਦੀ, ਧੁਨ ਆਤਮਕ ਰਾਗ ਨਾ ਕੋਇ ਜਣਾਈਆ।
ਸਤਿਗੁਰ ਸ਼ਬਦ ਦਿਸੇ ਨਾ ਢਾਢੀ, ਢੋਲਾ ਇਕ ਦ੍ਰਿੜਾਈਆ। ਵਾਰਸ ਰਿਹਾ ਕੋਇ ਨਾ ਗਾਡੀ, ਗਾਡ ਮਿਲਣ ਕੋਇ ਨਾ ਪਾਈਆ। ਸੋਈ ਸੁਰਤ ਕਿਸੇ ਨਾ ਜਾਗੀ, ਨੇਤਰ ਅੱਖ ਨਾ ਕੋਇ ਖੁਲਾਈਆ। ਅੰਤਰ ਦਿਸੇ ਨਾ ਕੋਇ ਵੈਰਾਗੀ, ਵੈਰੀ ਬਾਹਰ ਨਾ ਕੋਇ ਕਢਾਈਆ। ਮਨੂਆ ਦਿਸੇ ਨਾ ਕੋਇ ਤਿਆਗੀ, ਤ੍ਰੈਗੁਣ ਨਾਤਾ ਜਗਤ ਤੁੜਾਈਆ। ਅੰਤਮ ਸਭ ਦੀ ਹਾਰਦੀ ਦਿਸੀ ਬਾਜ਼ੀ, ਬਾਜਾਂ ਵਾਲਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਸਚ ਕਹੇ ਪ੍ਰਭੂ ਹੁਕਮ ਤੇਰਾ ਵਰਤੰਤਾ, ਵਰਤਮਾਨ ਤੇਰੀ ਵਡਿਆਈਆ। ਮੇਰੀ ਆਪ ਬਣਾ ਦੇ ਬਣਤਾ, ਘੜਨ ਭੰਨਣਹਾਰ ਤੇਰੀ ਸਰਨਾਈਆ। ਗੜ੍ਹ ਤੋੜ ਦੇ ਦੀਨ ਦੁਨੀ ਹਉਮੇ ਹੰਗਤਾ, ਹੰ ਬ੍ਰਹਮ ਦੇ ਸਮਝਾਈਆ। ਤੂੰ ਬੋਧ ਅਗਾਧਾ ਪੰਡਤਾ, ਬੁਧੀ ਤੋਂ ਪਰੇ ਤੇਰੀ ਸ਼ਨਵਾਈਆ। ਲੇਖਾ ਚੁਕਾ ਦੇ ਕਾਇਆ ਮਾਟੀ ਤਨ ਦਾ, ਤਤਵ ਤਤ ਇਕ ਸਮਝਾਈਆ। ਪ੍ਰਕਾਸ਼ ਦੇ ਦੇ ਆਪਣੇ ਨੂਰੀ ਚੰਦ ਦਾ, ਚੰਦ ਚਾਂਦਨਾ ਦੇ ਚਮਕਾਈਆ। ਭੇਵ ਖੋਲ ਦੇ ਆਤਮ ਬ੍ਰਹਮ ਦਾ, ਪਰਦਾ ਗ੍ਰਹਿ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਦਰ ਠਾਂਡਾ ਕਹੇ ਮੇਰੇ ਸੂਰੇ ਸਰਬੰਗਾ, ਸਤਿਗੁਰ ਗਹਿਰ ਗੰਭੀਰ। ਸਭ ਦੀਆਂ ਪੂਰੀਆਂ ਕਰਦੇ ਮੰਗਾ, ਤੂੰ ਦਾਤਾ ਗੁਣੀ ਗਹੀਰ। ਆਤਮ ਅੰਤਰ ਬਖ਼ਸ਼ ਅਨੰਦਾ, ਦੀਨ ਦੁਨੀ ਬਦਲ ਤਕਦੀਰ। ਵਿਛੋੜੇ ਵਾਲੀ ਟੁੱਟੀ ਪਾ ਕੇ ਗੰਢਾ, ਲੇਖਾ ਮੁਕਾ ਸ਼ਾਹ ਹਕੀਰ। ਨਿਸ਼ਾਨਾ ਰਹੇ ਨਾ ਤਾਰਾ ਚੰਦਾ, ਜਗਤ ਸ਼ਰਅ ਦੀ ਕੱਟ ਜ਼ੰਜੀਰ। ਤੇਰਾ ਪਿਛੇ ਪਿਛਲਾ ਸਮਾਂ ਲੰਘਾ, ਅਗੇ ਭਗਤ ਸੁਹੇਲੇ ਉਠਾ ਫ਼ਕੀਰ। ਪੰਚ ਵਿਕਾਰ ਕਰੇ ਨਾ ਦੰਗਾ, ਝਗੜਾ ਰਹੇ ਨਾ ਵਿਚ ਸਰੀਰ। ਸਭ ਨੂੰ ਅੰਗੀਕਾਰ ਕਰ ਕੇ ਲਾ ਅੰਗਾ, ਤੂੰ ਦਾਤਾ ਗੁਣੀ ਗਹੀਰ। ਇਹ ਲੇਖਾ ਤੇਰੇ ਸੰਦਾ, ਦੂਜਾ ਦੱਸੇ ਨਾ ਕੋਇ ਤਦਬੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮੇਰੇ ਮਾਲਕ ਬੇਨਜ਼ੀਰ। ਕਲਜੁਗ ਕਹੇ ਮੇਰੀ ਪ੍ਰੇਮ ਪਿਆਰ ਦੀ ਕਹਾਵਤ, ਕਹਿ ਕੇ ਦਿਆਂ ਸੁਣਾਈਆ। ਮੈਂ ਜਗਤ ਵਿਕਾਰੇ ਦੇਵਾਂ ਦਾਵਤ, ਗ੍ਰਹਿ ਆਪਣੇ ਲਵਾਂ ਬਹਾਈਆ। ਸਾਚਾ ਸੁਖ਼ਨ ਕਰਾਂ ਸਖ਼ਾਵਤ, ਸਹਿਜ ਨਾਲ ਸੁਣਾਈਆ। ਜਾਓ ਘਰ ਘਰ ਪਾਓ ਬਗ਼ਾਵਤ, ਬਗ਼ਲਗੀਰ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਲਾਓ ਅਲਾਮਤ, ਇਲਮ ਆਲਮਾਂ ਦਿਓ ਭੁਲਾਈਆ। ਸਚ ਦੀ ਰਹੇ ਨਾ ਕੋਇ ਸ਼ਨਾਖ਼ਤ, ਸ਼ਕਲ ਦੇਣੀ ਬਦਲਾਈਆ। ਪਿਆਰਾ ਰਹੇ ਨਾ ਕੋਈ ਮਾਰਫ਼ਤ, ਸੂਫ਼ੀਆਂ ਦੇਣਾ ਪੰਧ ਮੁਕਾਈਆ। ਚਾਰੋਂ ਕੁੰਟ ਕੂੜ ਹੋਵੇ ਸ਼ਰਾਰਤ, ਸ਼ਰਅ ਸ਼ਰਅ ਨਾਲ ਟਕਰਾਈਆ। ਫੇਰ ਮੇਰੀ ਸੁਹੰਜਣੀ ਹੋਵੇ ਅਬਾਰਤ, ਲਿਖੇ ਲੇਖ ਮਿਲੇ ਵਡਿਆਈਆ। ਪ੍ਰਭ ਪ੍ਰਗਟ ਹੋਵੇ ਨਿਰਗੁਣ ਧਾਰ ਵਿਚ ਭਾਰਤ, ਭਾਰਤ ਦਾ ਭਰਮ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸ਼ਬਦ ਕਰਾਏ ਤੁਆਰਫ਼, ਦੋ ਤਰਫ਼ੀ ਆਪਣਾ ਹੁਕਮ ਵਰਤਾਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਖ਼ੁਰਦ ਜ਼ਿਲਾ ਜੰਮੂ ਅਮਰੋ ਦੇਵੀ ਦੇ ਗ੍ਰਹਿ
ਧਰਮ ਕਹੇ ਮੇਰਾ ਸਾਹਿਬ ਗੁਣੀ ਗਹੀਰਾ, ਗੁਣਵੰਤਾ ਵਡ ਵਡਿਆਈਆ। ਚਾਰ ਜੁਗ ਦੇ ਸ਼ਾਸਤਰ ਜਿਸ ਦੀਆਂ ਤਹਿਰੀਰਾ, ਸਿਫ਼ਤਾਂ ਵਾਲੀ ਸਿਫ਼ਤ ਸਲਾਹੀਆ। ਉਹ ਦੇਵੇ ਮਾਣ ਵਡਿਆਈ ਹਕੀਰਾ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਬਦਲ ਦੇਵੇ ਤਕਦੀਰਾ, ਮੁਕੱਦਰ ਆਪਣਾ ਲੇਖ ਲਿਖਾਈਆ। ਆਪਣੇ ਹੱਥ ਰਖੇ ਤਦਬੀਰਾ, ਭੇਵ ਅਭੇਦ ਆਪ ਖੁਲਾਈਆ। ਜਿਸ ਦਾ ਨੂਰ ਲਾਤਸਵੀਰਾ, ਲੇਖ ਸਮਝ ਕੋਇ ਨਾ ਪਾਈਆ। ਜਿਸ ਮਾਣ ਦਿਤਾ ਜੁਲਾਹੇ ਕਬੀਰਾ, ਰਵੀਦਾਸੇ ਹੋਏ ਸਹਾਈਆ। ਉਹ ਜੁਗ ਜੁਗ ਭਗਤਾਂ ਕਟੇ ਭੀੜਾ, ਦੁੱਖ ਦਲਿਦ੍ਰ ਮਿਟਾਈਆ। ਅੰਮ੍ਰਿਤ ਦੇਵੇ ਸਚ ਨਾਮ ਰਸ ਨੀਰਾ, ਅਮਿਉਂ ਰਸ ਚੁਆਈਆ। ਧਨ ਮਾਲ ਦੇ ਜਗੀਰਾ, ਧਨੀ ਧਨਾਢ ਇਕ ਵਖਾਈਆ। ਜਿਸ ਲੇਖੇ ਲਾਇਆ ਕੌਡੀ ਕੌਡੀ ਕਸੀਰਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜਨ ਭਗਤਾਂ ਬੰਨ੍ਹੇ ਬੀੜਾ, ਬੇੜਾ ਆਪਣੇ ਕੰਧ ਉਠਾਈਆ।
ਜਨਮ ਕਰਮ ਦੁੱਖ ਕੱਟਿਆ, ਕੱਟਿਆ ਕੂੜ ਜੰਜਾਲ। ਕਿਰਪਾ ਕਰ ਪੁਰਖ ਸਮਰਥਿਆ, ਸਮਰਥ ਹੋਇਆ ਦੀਨ ਦਿਆਲ। ਧੁਰ ਦਾ ਲੇਖਾ ਬਿਨਾ ਲੇਖ ਤੋਂ ਲਿਖਿਆ, ਅਬਿਨਾਸ਼ੀ ਕਰਤਾ ਕਰੇ ਸੰਭਾਲ। ਮਾਨਸ ਜਨਮ ਨਾ ਜਾਏ ਮਿਥਿਆ, ਸਿਰ ਰਖੇ ਹੱਥ ਕਿਰਪਾਲ। ਜੋ ਚੁਰਾਸੀ ਵਿਚ ਵਿਕਿਆ, ਦਿਵਸ ਰੈਣ ਘਾਲਾਂ ਰਿਹਾ ਘਾਲ। ਉਹ ਪੰਖੇਰੂਆਂ ਵਿਚ ਟਿਕਿਆ, ਉਡੇ ਆਪਣੀ ਚਾਲ। ਅੱਜ ਜੀਵਣ ਜਨਮ ਦਾ ਨਿਕਲੇ ਸਿੱਟਿਆ, ਰੋਗ ਸੋਗ ਵਿਚੋਂ ਲਏ ਨਿਕਾਲ। ਸਚਖੰਡ ਦਵਾਰੇ ਫੜ ਕੇ ਸਿਟਿਆ, ਜੂਨਾਂ ਵਿਚੋਂ ਕਰ ਬਹਾਲ। ਭਾਗ ਲੱਗੇ ਵੱਡੇ ਨਿੱਕਿਆ, ਬਿਰਧ ਬਾਲਾਂ ਕਰੇ ਪ੍ਰਿਤਪਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸ਼ਾਹ ਬਣਾਏ ਰਹਿਣ ਨਾ ਦੇਵੇ ਕੰਗਾਲ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੇਈ ਖ਼ੁਰਦ ਜ਼ਿਲਾ ਜੰਮੂ ਪ੍ਰੇਮ ਚੰਦ ਦੇ ਗ੍ਰਹਿ
ਧਰਮ ਕਹੇ ਧਰਨੀ ਪ੍ਰਭ ਦਾ ਖੇਲ ਸੰਜੋਗੀ, ਜੁਗ ਜੁਗ ਵਿਛੜਿਆਂ ਮੇਲ ਮਿਲਾਈਆ। ਜਿਸ ਦਾ ਭੇਵ ਪਾਏ ਕੋਇ ਨਾ ਜੋਗੀ, ਜੰਗਮ ਜਟਾ ਜੂਟ ਨਾ ਕੋਇ ਵਡਿਆਈਆ। ਦੀਨ ਦੁਨੀ ਕਲਜੁਗ ਵੇਖ ਰੋਗੀ, ਹਉਮੇ ਰੋਗ ਨਾ ਕੋਇ ਮਿਟਾਈਆ। ਜਗਤ ਤ੍ਰਿਸ਼ਨਾ ਹੋਈ ਭੋਗੀ, ਭਸਮੜ ਰੂਪ ਨਾ ਕੋਇ ਬਦਲਾਈਆ। ਠਾਕਰ ਮਿਲੇ ਕਿਸੇ ਨਾ ਮੌਜੀ, ਮਜਲਸ ਸਚ ਨਾ ਕੋਇ ਲਗਾਈਆ। ਕਲਜੁਗ ਮੁਕਦੀ ਤੱਕ ਲੈ ਔਧੀ, ਔਧ ਅਵਰ ਨਾ ਕੋਇ ਵਧਾਈਆ। ਅਸੀਂ ਸਲਾਹ ਕਰੀਏ ਘਰੋਗੀ, ਘਰ ਵਿਚ ਮਤਾ ਪਕਾਈਆ। ਮਿਹਰਵਾਨ ਮਹਿਬੂਬ ਕੀ ਮਾਣ ਦੇਵੇ ਮੂੰਡ ਮੁੰਡਾਇਆ ਟਿੱਕਾ ਬੋਦੀ, ਲਬਾਂ ਰੰਗ ਕੀ ਰੰਗਾਈਆ। ਧਰਨੀ ਕਹੇ ਧਰਮ ਮੈਂ ਗ਼ਮਾ ਵਿਚ ਹੋ ਗਈ ਕੋਡੀ, ਬਲਹੀਣ ਅਖਵਾਈਆ। ਮੈਂ ਸੋਚਾਂ ਉਂਗਲ ਰਖ ਕੇ ਉਤੇ ਠੋਡੀ, ਦਲੀਲ ਦਲੀਲਾਂ ਵਿਚ ਬਦਲਾਈਆ। ਮੇਰੇ ਦਰਦ ਪੈਂਦੀ ਗੋਡੀ, ਬਹੁੜੀ ਬਹੁੜੀ ਕਰ ਕੁਰਲਾਈਆ। ਬਿਨਾ ਮੇਰੇ ਸਾਹਿਬ
ਤੋਂ ਦੁਨੀਆ ਦੀ ਆਤਮ ਜਾਏ ਨਾ ਸੋਧੀ, ਸੁਦੀ ਵਦੀ ਕੰਮ ਕਿਸੇ ਨਾ ਆਈਆ। ਮੈਂ ਬਿਰਹੋਂ ਵਿਛੋੜੇ ਵਿਚ ਹੋਈ ਵਿਯੋਗੀ, ਵਿਯੋਗਣ ਹੋ ਕੇ ਦਿਆਂ ਜਣਾਈਆ। ਕਲਜੁਗ ਕੂੜਾ ਚਾਰੋਂ ਕੁੰਟ ਦਿਸੇ ਲੋਭੀ, ਮਾਇਆ ਮਮਤਾ ਮੋਹ ਵਧਾਈਆ। ਸਾਧ ਸੰਤ ਹੋਏ ਕਰੋਧੀ, ਹਉਮੇ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਧਰਨੀ ਕਹੇ ਧਰਮ ਕਰਨੀ ਕੀ ਸਲਾਹ, ਸਚ ਦਿਆਂ ਜਣਾਈਆ। ਸ੍ਰਿਸ਼ਟੀ ਸਾਰੀ ਭਰੀ ਗੁਨਾਹ, ਪਤਤ ਪੁਨੀਤ ਨਜ਼ਰ ਕੋਇ ਨਾ ਆਈਆ। ਮੈਂ ਰਹੀ ਨਹੀਂ ਧਰਮ ਦੀ ਮਾਂ, ਪੂਤ ਗੋਦ ਨਾ ਕੋਇ ਸੁਹਾਈਆ। ਮੇਰੀ ਪਕੜੇ ਕੋਈ ਨਾ ਬਾਂਹ, ਬੁਢਾਪਾ ਰੋਵੇ ਮਾਰੇ ਧਾਹੀਆ। ਅਦਲ ਕਰੇ ਨਾ ਕੋਇ ਨਿਆਂ, ਇਨਸਾਫ਼ ਹੱਥ ਕਿਸੇ ਨਾ ਆਈਆ। ਉਚੀ ਕੂਕ ਕੇ ਮਾਰਾਂ ਧਾਹ, ਦੁਹੱਥੜ ਪੱਟਾਂ ਉਤੇ ਲਗਾਈਆ। ਨੇਤਰ ਨੈਣ ਲਵਾਂ ਉਠਾ, ਚਾਰੋਂ ਕੁੰਟ ਭਵਾਈਆ। ਦੋਏ ਜੋੜ ਵਾਸਤਾ ਦਿਆਂ ਪਾ, ਨਿਵ ਨਿਵ ਸੀਸ ਨਿਵਾਈਆ। ਕਿਰਪਾ ਕਰ ਮੇਰੇ ਮਿਹਰਵਾਂ, ਮਿਹਰਵਾਨ ਤੇਰੀ ਸਰਨਾਈਆ। ਜੇ ਤੂੰ ਸੰਬਲ ਬੈਠੋਂ ਆ, ਸੰਬਲ ਦੇ ਮਾਲਕ ਮੇਰਾ ਲੇਖਾ ਪੂਰ ਕਰਾਈਆ। ਮੇਰੀ (ਮਨਜ਼ੂਰ) ਕਰ ਦੁਆ, ਖ਼ਾਲੀ ਝੋਲੀ ਅਗੇ ਡਾਹੀਆ। ਅਮਾਮ ਅਮਾਮਾ ਹੋ ਰੁਸ਼ਨਾ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਮੈਂ ਦਿਵਸ ਰੈਣ ਰਹੀ ਕੁਰਲਾ, ਕੂਕ ਕੂਕ ਸੁਣਾਈਆ। ਗਲ ਪੱਲੂ ਰਹੀ ਪਾ, ਮੁਖ ਕਾਹਨ ਵੇਖ ਵਖਾਈਆ। ਮੈਂ ਗਊ ਨਿਮਾਣੀ ਕਲਜੁਗ ਕਸਾਈ ਕੋਲੋਂ ਛੁਡਾ, ਕਸਮ ਖਾ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਧਰਮ ਦਵਾਰਾ ਸਚ ਸੁਹਾ, ਸੋਭਾਵੰਤ ਤੇਰੀ ਵਡਿਆਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੇਈ ਖ਼ੁਰਦ ਜ਼ਿਲਾ ਜੰਮੂ ਸਰਦਾਰ ਸਿੰਘ ਦੇ ਗ੍ਰਹਿ
ਧਰਨੀ ਕਹੇ ਧਰਮ ਮੈਂ ਰੋਵਾਂ ਮਾਰ ਕੇ ਭੁੱਬੀ, ਦਰੋਹੀ ਤੇਰਾ ਨਾਮ ਖ਼ੁਦਾਈਆ। ਮੈਂ ਲੱਕੋਂ ਹੋ ਗਈ ਕੁੱਬੀ, ਕਮਰ ਸਿੱਧੀ ਨਾ ਕੋਇ ਕਰਾਈਆ। ਕਲਜੁਗ ਚਿੱਕੜ ਦੇ ਵਿਚ ਖੁਭੀ, ਫੜ ਬਾਹੋਂ ਪਾਰ ਨਾ ਕੋਇ ਕਢਾਈਆ। ਤੂੰ ਮਾਲਕ ਜੁਗ ਜੁਗੀ, ਹਰਿ ਕਰਤਾ ਇਕ ਅਖਵਾਈਆ। ਨਿਗਾਹ ਮਾਰ ਉਪਰ ਬਸੁਧੀ, ਬੇਸੁਧ ਹੋ ਕੇ ਦਿਆਂ ਜਣਾਈਆ। ਪਵਿਤ੍ਰ ਰਹੀ ਕਿਸੇ ਨਾ ਬੁੱਧੀ, ਮਤ ਹੀਣ ਹੋਈ ਲੋਕਾਈਆ। ਤਨ ਵਜੂਦਾਂ ਅੰਦਰ ਆਈ ਖ਼ੁਦੀ, ਹੰਕਾਰ ਨਾਲ ਹਲਕਾਈਆ। ਸਭ ਦੀ ਭਾਵਨਾ ਹੋਈ ਦੂਜੀ, ਦੁਤੀਆ ਭਾਉ ਨਾਲ ਮਿਲਾਈਆ। ਤੇਰੀ ਰਮਜ਼ ਕਿਸੇ ਨਾ ਬੁੱਝੀ, ਪਰਦਾ ਸਕੇ ਨਾ ਕੋਇ ਉਠਾਈਆ। ਖੇਲ ਤੱਕ ਆਪਣੀ ਗੁੱਝੀ, ਨਵ ਸੱਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਧਰਨੀ ਕਹੇ ਧਰਮ ਮੇਰੇ ਵੱਲ ਤੱਕ, ਤਕਵਾ ਇਕ ਰਖਾਈਆ। ਮੇਰਾ ਟੁੱਟ ਗਿਆ ਲੱਕ, ਹੱਡੀ ਰੀੜ ਰਹੀ ਕੁਰਲਾਈਆ। ਮੈਨੂੰ ਮਿਲੇ ਨਾ ਮੇਰਾ ਹਕ, ਗੁਰ ਅਵਤਾਰ ਪੈਗ਼ੰਬਰ ਹਾਕਮਾਂ ਰਹੀ ਸੁਣਾਈਆ। ਮੰਗਤੀ ਹੋ ਹੋ ਗਈ ਥੱਕ, ਭੱਜੀ ਵਾਹੋ ਦਾਹੀਆ। ਅੰਤਮ ਗਈ ਅੱਕ, ਦੁੱਖਾਂ ਵਿਚ ਕੁਰਲਾਈਆ। ਇਸ ਵਿਚ ਨਹੀਂ ਕੋਈ ਸ਼ੱਕ, ਕਲਜੁਗ ਕੂੜ ਨਾ ਕੋਇ ਮਿਟਾਈਆ।
ਮੈਂ ਪ੍ਰਭ ਦੇ ਅਗੇ ਰਗੜਾਂ ਨੱਕ, ਮਿੱਟੀ ਖ਼ਾਕ ਧੂੜ ਰਮਾਈਆ। ਕਿਰਪਾ ਕਰ ਪੁਰਖ ਸਮਰਥ, ਮਿਹਰਵਾਨ ਹੋ ਸਹਾਈਆ। ਧਰਮ ਦਾ ਮਾਰਗ ਅਗਲਾ ਦੱਸ, ਪਿਛਲਾ ਪੰਧ ਮੁਕਾਈਆ। ਹਰ ਹਿਰਦੇ ਅੰਦਰ ਵਸ, ਘਟ ਭੀਤਰ ਡੇਰਾ ਲਾਈਆ। ਨਾਮ ਨਿਧਾਨਾ ਦੇ ਰਸ, ਅਨਰਸੀਆ ਆਪ ਚਖਾਈਆ। ਕਲਜੁਗ ਅੰਧੇਰਾ ਮੇਟ ਮਸ, ਨੂਰੀ ਚੰਦ ਕਰ ਰੁਸ਼ਨਾਈਆ। ਜਨ ਭਗਤਾਂ ਨੇਤਰ ਖੋਲ ਅੱਖ, ਨੈਣ ਨੈਣ ਕਰ ਰੁਸ਼ਨਾਈਆ। ਮੈਂ ਜੋੜਾਂ ਦੋਵੇਂ ਹੱਥ, ਨਿਵ ਨਿਵ ਲਾਗਾਂ ਪਾਈਂਆ। ਤੂੰ ਪੁਰਖ ਪੁਰਖ ਸਮਰਥ, ਸਵਾਮੀ ਵਡ ਵਡਿਆਈਆ। ਤੇਰੀ ਸਰਨ ਸਰਨਾਈ ਗਈ ਢੱਠ, ਮਾਣ ਤਾਣ ਦਿਤਾ ਮਿਟਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ (ਹੋ) ਪ੍ਰਗਟ, ਪ੍ਰਗਟ ਹੋ ਕੇ ਮੇਰਾ ਸਹਿਸਾ ਦੇ ਮਿਟਾਈਆ। ਲੇਖਾ ਸਭ ਦਾ ਮੁਕਾ ਝਟ, ਝਟਕੇ ਹਲਾਲੀ ਵਾਲਾ ਰਹਿਣ ਕੋਇ ਨਾ ਪਾਈਆ। ਮੇਰਾ ਸੁਹੰਜਣਾ ਕਰ ਤਟ, ਕਿਨਾਰੇ ਦੇ ਵਡਿਆਈਆ। ਸਾਚਾ ਅੰਮ੍ਰਿਤ ਦੇ ਅੰਦਰ ਘਤ, ਸਰੋਵਰ ਇਕ ਭਰਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇ ਮਤ, ਮਤ ਮਤਾਂਤਰ ਡੇਰਾ ਢਾਹੀਆ। ਨਾਮ ਨਿਧਾਨੇ ਮਾਰ ਅਗੰਮੀ ਸੱਟ, ਸੋਈ ਸੁਰਤ ਸਭ ਦੀ ਲੈ ਜਗਾਈਆ। ਜੇ ਤੂੰ ਰੂਪ ਵਟਾਇਆ ਤਨ ਵਜੂਦੀ ਜੱਟ, ਕਲਜੁਗ ਕੂੜੀ ਕਿਰਿਆ ਕਰ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ। ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਕਿਛ ਤੇਰੇ ਹੱਥ, ਦੂਸਰ ਨਜ਼ਰ ਕਿਸੇ ਨਾ ਆਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੇਈ ਖ਼ੁਰਦ ਜ਼ਿਲਾ ਜੰਮੂ ਗੁਰਾ ਰਾਮ ਦੇ ਗ੍ਰਹਿ
ਧਰਮ ਕਹੇ ਧਰਨੀ ਖ਼ੁਸ਼ੀਆਂ ਦੇ ਵਿਚ ਅੱਕੜ, ਸਤਿ ਸਚ ਲੈ ਅੰਗੜਾਈਆ। ਪਰਮ ਪੁਰਖ ਤੋਲਣਹਾਰਾ ਸਾਚੇ ਤੱਕੜ, ਦੋ ਜਹਾਨਾਂ ਆਪ ਤੁਲਾਈਆ। ਕਲਜੁਗ ਝੁਲਦਾ ਵੇਖ ਅੰਧੇਰਾ ਝੱਖੜ, ਆਂਧੀ ਚਾਰੋਂ ਕੁੰਟ ਆਈਆ। ਕੂੜੀ ਕਿਰਿਆ ਫੜ ਉਠਾਵੇ ਪਕੜ, ਹਲੂਣਾ ਦਏ ਲਗਾਈਆ। ਦੀਨਾਂ ਮਜ਼੍ਹਬਾਂ ਲਗਾ ਕੇ ਟੱਕਰ, ਟੁਕੜੇ ਟੁਕੜੇ ਲੇਖਾ ਦਏ ਮੁਕਾਈਆ। ਸਤਿਗੁਰ ਸੂਰਾ ਬਣ ਕੇ ਅਗੰਮਾ ਕੱਟੜ, ਆਪਣਾ ਮਾਰਗ ਦਏ ਸਮਝਾਈਆ। ਪਿਛਲੀ ਆਸ਼ਾ ਸਭ ਦੀ ਕਰੇ ਫੱਟੜ, ਘਾਓ ਪੂਰਬ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਮ ਕਹੇ ਧਰਨੀ ਬਲਧਾਰ, ਬਲਧਾਰੀ ਦਇਆ ਕਮਾਈਆ। ਉਹ ਵੇਖ ਖੇਲ ਸੱਚੀ ਸਰਕਾਰ, ਕੀ ਕਰਤਾ ਕਾਰ ਕਮਾਈਆ। ਜੋਤੀ ਜਾਤਾ ਲਏ ਅਵਤਾਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸਾਚਾ ਮਾਰਗ ਲਾ ਵਿਚ ਸੰਸਾਰ, ਭਗਤ ਭਗਵਾਨ ਦਏ ਉਠਾਈਆ। ਫੜ ਬਾਹੋਂ ਦੁਤਰ ਜਾਏ ਤਾਰ, ਦੁਤੀਆ ਭਾਓ ਮੁਕਾਈਆ। ਮਿਹਰਵਾਨ ਹੋ ਕੇ ਪੈਜ ਜਾਏ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੇਰਾ ਕਰਮ ਲਏ ਵਿਚਾਰ, ਕੁਕਰਮ ਕਲਜੁਗ ਕੂੜਾ ਲਏ ਜਗਾਈਆ। ਤੇਰੇ ਉਤੋਂ ਕਢੇ ਬਾਹਰ, ਗ੍ਰਹਿ ਮੰਦਰ ਰਹਿਣ ਕੋਇ ਨਾ ਪਾਈਆ। ਤੂੰ ਹੋਣਾ ਸ਼ੁਕਰ ਗੁਜ਼ਾਰ, ਨਿਵ ਨਿਵ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸਰੋਕਾਰ ਆਪਣਾ ਆਪਣੇ ਹੱਥ ਰਖਾਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੇਈ ਖ਼ੁਰਦ ਜ਼ਿਲਾ ਜੰਮੂ ਚੰਨ ਪ੍ਰਕਾਸ਼ ਦੇ ਗ੍ਰਹਿ
ਧਰਮ ਕਹੇ ਧਰਨੀ ਸਤਿਗੁਰ ਸ਼ਬਦ ਦੀ ਵੇਖ ਚੁਸਤੀ, ਚਲਾਕੀ ਸਭ ਦੇ ਨਾਲ ਕਮਾਈਆ। ਕਲਜੁਗ ਅੰਦਰ ਕਰੇ ਦਰੁਸਤੀ, ਸਤਿਜੁਗ ਸਚ ਰੰਗ ਰੰਗਾਈਆ। ਆਪਣੀ ਵੱਖਰੀ ਕਰ ਕੇ ਫੁਰਤੀ, ਫੁਰਤੀਲੇ ਗੁਰਮੁਖ ਲਏ ਬਣਾਈਆ। ਅੰਦਰੋਂ ਸੋਈ ਉਠਾ ਕੇ ਸੁਰਤੀ, ਸੁਰਤ ਆਪਣੇ ਨਾਲ ਮਿਲਾਈਆ। ਵਸਤ ਝੋਲੀ ਪਾਈ ਧੁਰ ਦੀ, ਧੁਰ ਮਸਤਕ ਲੇਖ ਬਣਾਈਆ। ਵਡਿਆਈ ਦੱਸ ਸੱਚੇ ਸਤਿਗੁਰ ਦੀ, ਵਿਛੜੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਰੰਗਤ ਰੰਗ ਚੜ੍ਹਾਈਆ। ਸਤਿਗੁਰ ਸ਼ਬਦ ਦੀ ਧਰਨੀ ਤੱਕ ਚਲਾਕੀ, ਚਾਲ ਨਿਰਾਲੀ ਇਕ ਬਣਾਈਆ। ਲੇਖਾ ਜਾਣ ਬੰਦੇ ਖ਼ਾਕੀ, ਖ਼ਾਕੀਆਂ ਵਿਚੋਂ ਖੋਜ ਖੁਜਾਈਆ। ਸਾਚੇ ਨਾਮ ਦਾ ਬਣ ਕੇ ਸਾਕੀ, ਪਿਆਲੇ ਨਾਮ ਰਸ ਚਖਾਈਆ। ਜਨ ਭਗਤਾਂ ਅੰਦਰੋਂ ਖੋਲ ਕੇ ਤਾਕੀ, ਆਪਣਾ ਪਰਦਾ ਦਿਤਾ ਉਠਾਈਆ। ਦਰਸ਼ਨ ਦੇ ਸੁੱਤਿਆਂ ਰਾਤੀ, ਜਗਤ ਨਿੰਦਰਾ ਵਿਚੋਂ ਬਾਹਰ ਕਢਾਈਆ। ਸਤਿ ਸਚ ਦੱਸ ਕੇ ਵਾਟੀ, ਮੰਜ਼ਲ ਦਿਤੀ ਮੁਕਾਈਆ। ਚਰਨ ਕਵਲ ਜੋੜ ਕੇ ਨਾਤੀ, ਸੱਜਣ ਸੈਣ ਆਪ ਅਖਵਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥੀ, ਸੋਹੰ ਕੀਤੀ ਹਕ ਪੜ੍ਹਾਈਆ। ਬਣ ਸਹਾਈ ਅਨਾਥਾਂ ਨਾਥੀ, ਗ਼ਰੀਬਾਂ ਗਲੇ ਲਗਾਈਆ। ਦਾਤਾ ਬਣ ਪੁਰਖ ਸਮਰਾਥੀ, ਵਸਤ ਅਗੰਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਅਬਿਨਾਸ਼ੀ, ਅਬਿਨਾਸ਼ੀ ਕਰਤਾ ਆਪ ਅਖਵਾਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੇਈ ਖ਼ੁਰਦ ਜ਼ਿਲਾ ਜੰਮੂ ਰਵੇਲਾ ਰਾਮ ਦੇ ਗ੍ਰਹਿ
ਧਰਨੀ ਕਹੇ ਧਰਮ ਮੇਰੀ ਖੁਲ੍ਹੀ ਮੇਂਢੀ ਵੇਖ ਗੁਤ, ਸੀਸ ਪੱਟੀ ਨਾ ਕੋਇ ਗੁੰਦਾਈਆ। ਕੀ ਖੇਲ ਵਰਤਾਇਆ ਅਬਿਨਾਸ਼ੀ ਅਚੁਤ, ਪਾਰਬ੍ਰਹਮ ਆਪਣਾ ਹੁਕਮ ਸੁਣਾਈਆ। ਬਿਨਾ ਭਗਤਾਂ ਤੋਂ ਧਰਮ ਦਾ ਰਿਹਾ ਕੋਈ ਨਾ ਸੁਤ, ਦੁਲਾਰਾ ਨਜ਼ਰ ਕੋਇ ਨਾ ਆਈਆ। ਮੇਰੇ ਨਾਲੋਂ ਸਾਰੇ ਰਹੇ ਰੁਠ, ਸਗਲਾ ਸੰਗ ਨਾ ਕੋਇ ਬਣਾਈਆ। ਆਤਮ ਧਾਰ ਗਏ ਟੁੱਟ, ਪਰਮਾਤਮਾ ਮਿਲਣ ਕੋਇ ਨਾ ਪਾਈਆ। ਸਭ ਦੀ ਲਿਵ ਗਈ ਛੁਟ, ਛੁਟਕੀ ਲਿਵ ਨਾ ਕੋਇ ਬੰਧਾਈਆ। ਮੈਂ ਕਿਸ ਦੀ ਬਾਂਹ ਫੜਾਂ ਗੁੱਟ, ਉਂਗਲੀ ਕਿਸ ਨੂੰ ਲਵਾਂ ਲਗਾਈਆ। ਮੈਨੂੰ ਇਕੋ ਬੜਾ ਦੁੱਖ, ਦੁਖੀ ਹੋ ਕੇ ਦਿਆਂ ਸੁਣਾਈਆ। ਸਾਚਾ ਮਿਲੇ ਕਿਸੇ ਨਾ ਸੁਖ, ਸੁਖ ਨਜ਼ਰ ਕੋਇ ਨਾ ਆਈਆ। ਮਾਤ ਗਰਭ ਦੇ ਉਲਟੇ ਰੁਖ, ਮੇਰੇ ਉਤੇ ਰੋਵਨ ਮਾਰਨ ਧਾਹੀਂਆ। ਜਿਨ੍ਹਾਂ ਨੂੰ ਚੁਰਾਸੀ ਵਿਚੋਂ ਜਾਮਾ ਮਿਲਿਆ ਮਾਨਸ ਮਾਨੁੱਖ, ਪੰਜਾਂ ਤਤਾਂ ਰੰਗ ਰੰਗਾਈਆ। ਉਹ ਸੁੱਤਾ ਸਕੇ ਕੋਇ ਨਾ ਉਠ, ਨੇਤਰ ਅੱਖ ਨਾ ਕੋਇ ਖੁਲਾਈਆ। ਮੈਂ ਕਿਸ ਨੂੰ ਕਹਾਂ ਲਾਡਲਾ ਪੁੱਤ, ਗੋਦੀ ਕਿਸ ਦੇ ਨਾਲ ਸੁਹਾਈਆ। ਮੇਰੇ ਸਾਹਿਬ ਨੂੰ ਸਕੇ ਕੋਇ ਨਾ ਝੁਕ, ਨਿਵ ਨਿਵ ਸੀਸ ਨਾ ਕੋਇ ਝੁਕਾਈਆ। ਪੜ੍ਹ ਸਕੇ ਨਾ ਕੋਇ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ (ਕੋਇ ਨਾ) ਗਾਈਆ। ਉਜਲ ਹੋਵੇ ਕਿਸੇ ਨਾ ਮੁਖ, ਦੁਰਮਤ ਮੈਲ ਨਾ ਕੋਇ ਧਵਾਈਆ। ਮੈਂ ਕਿਸ ਨੂੰ ਅੰਮ੍ਰਿਤ ਸੀਰ ਪਿਆਵਾਂ ਘੁਟ, ਫੜ ਬਾਹੋਂ ਗਲੇ ਲਗਾਈਆ। ਮੇਰੇ ਸਿਸਕੀਆਂ
ਲੈਂਦੇ ਬੁਟ, ਨੈਣ ਨੀਰ ਰਹੇ ਵਹਾਈਆ। ਧਰਮ ਕਹੇ ਧਰਨੀਏ ਕੁਛ ਮੈਥੋਂ ਹੋਰ ਪੁਛ, ਭੇਵ ਦਿਆਂ ਖੁਲਾਈਆ। ਉਹ ਮੁਹੰਮਦ ਇਸ਼ਾਰਾ ਦਿੰਦਾ ਜਿਸ ਲਬ ਕਟਾਈ ਮੁੱਛ, ਉਮਤੀ ਗੰਢ ਪਵਾਈਆ। ਉਹ ਮੂਸਾ ਈਸਾ ਵੇਖ ਕਰ ਕੇ ਹੋਸ਼, ਹੁਸ਼ਿਆਰੀ ਨਾਲ ਰਹੇ ਜਣਾਈਆ। ਸਾਡਾ ਕਿਸੇ ਦਾ ਨਹੀਂ ਕੋਈ ਦੋਸ਼, ਪ੍ਰਭ ਦਾ ਭਾਣਾ ਮੰਨ ਕੇ ਸੀਸ ਨਿਵਾਈਆ। ਅਵਤਾਰ ਰਹਿੰਦੇ ਨਹੀਂ ਖ਼ਾਮੋਸ਼, ਸੋਹਲੇ ਰਹੇ ਸੁਣਾਈਆ। ਸਾਨੂੰ ਉਸ ਦੇ ਹੁਕਮ ਦਾ ਆਇਆ ਜੋਸ਼, ਬਾਹੂ ਬਲ ਨਾਲ ਪ੍ਰਗਟਾਈਆ। ਜਿਸ ਤਬਦੀਲੀ ਕੀਤੀ ਕਾਇਆ ਮਾਟੀ ਪੋਸ਼, ਤਤ ਤਤਾਂ ਰੰਗ ਰੰਗਾਈਆ। ਉਸ ਦੀ ਖ਼ੁਮਾਰੀ ਵਿਚ ਰਹੇ ਮਦਹੋਸ਼, ਮਧੁਰ ਧੁਨ ਸੁਣਨੀ ਚਾਈਂ ਚਾਈਂਆ। ਸਾਡੀ ਆਪਣੀ ਚਲੀ ਕੋਈ ਨਾ ਸੋਚ, ਬੁੱਧੀ ਵਾਲੀ ਨਾ ਕੋਇ ਚਤੁਰਾਈਆ। ਸਾਡੀ ਆਸ਼ਾ ਮਨਸਾ ਲੋਚ, ਖ਼ਾਹਿਸ਼ ਇਕ ਦ੍ਰਿੜਾਈਆ। ਪੁਰਖ ਅਕਾਲਾ ਜਾਏ ਪਹੁੰਚ, ਆਪਣਾ ਪੰਧ ਮੁਕਾਈਆ। ਜਿਸ ਦਾ ਲਹਿਣਾ ਦੇਣਾ ਵਿਚ ਕਰੌਚ, ਪੁਸ਼ਕਰ ਸਲਮਲ ਗੰਢ ਪਵਾਈਆ। ਸਾਨੂੰ ਜਾਣ ਨਾ ਦੇਵੇ ਔਂਤ, ਧੁਰ ਦਾ ਰੰਗ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਤੇਰਾ ਪੂਰਾ ਕਰੇ ਸ਼ੌਕ, ਖੁਲ੍ਹੀ ਮੇਂਢੀ ਰਹਿਣ ਕੋਇ ਨਾ ਪਾਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਖ਼ੁਰਦ ਜ਼ਿਲਾ ਜੰਮੂ ਝੰਡੂ ਰਾਮ ਜੋੜੀਆਂ ਵਾਲੇ ਦੇ ਨਵਿਤ
ਧਰਨੀ ਕਹੇ ਧਰਮ ਤੂੰ ਮੇਰੇ ਅੰਦਰ ਮਾਰ ਲੈ ਝਾਤੀ, ਸਚ ਦੇਵਾਂ ਸਮਝਾਈਆ। ਰਸ ਰਿਹਾ ਨਾ ਮੇਰੀ ਛਾਤੀ, ਦੁਧੀਂ ਸੀਰ ਨਾ ਕੋਇ ਵਡਿਆਈਆ। ਖ਼ੁਸ਼ੀਆਂ ਵਿਚ ਕਦੇ ਨਾ ਨਹਾਤੀ, ਰੂਪ ਸ਼ਿੰਗਾਰ ਨਾ ਕੋਇ ਵਖਾਈਆ। ਸ਼ੌਕ ਰਿਹਾ ਨਾ ਲੋਕਮਾਤੀ, ਚਾਓ ਘਨੇਰਾ ਨਾ ਕੋਇ ਬਣਾਈਆ। ਸਚ ਸੁਣਾਵੇ ਕੋਇ ਨਾ ਸਾਖੀ, ਧੁਰ ਦਾ ਸ਼ਬਦ ਨਾਮ ਸ਼ਨਵਾਈਆ। ਮੈਂ ਵੇਖਦੀ ਰਹਿੰਦੀ ਰੈਣ ਰਾਤੀ, ਘੜੀ ਪਲ ਖੋਜ ਖੁਜਾਈਆ। ਦੀਨ ਦੁਨੀ ਕਲਪਣਾ ਵਾਲੀ ਮੈਨੂੰ ਮਾਰੇ ਕਾਤੀ, ਕੂੜੀ ਕਿਰਿਆ ਸ਼ਰਅ ਨਾਲ ਮਿਲਾਈਆ। ਮੈਂ ਕਿਸ ਨੂੰ ਕਹਾਂ ਬਾਤੀ, ਬਾਤਨ ਭੇਵ ਖੁਲਾਈਆ। ਧਰਮ ਹੱਸ ਕੇ ਕਿਹਾ ਸੁਣ ਸੰਦੇਸਾ ਕਮਲਾਪਾਤੀ, ਕੀ ਕਰਤਾ ਰਿਹਾ ਜਣਾਈਆ। ਜੋ ਆਇਆ ਤੇਰੇ ਉਤੇ ਲੋਕਮਾਤੀ, ਨਿਰਗੁਣ ਨਿਰਵੈਰ ਰੂਪ ਅਲਾਹੀਆ। ਬੈਠਾ ਇਕ ਇਕਾਂਤੀ, ਜੋਤੀ ਜਾਤਾ ਡਗਮਗਾਈਆ। ਜਿਸ ਦੀਨ ਮਜ਼੍ਹਬ ਹਿੱਸੇ ਰਹਿਣ ਨਹੀਂ ਦੇਣੇ ਪ੍ਰਾਂਤੀ, ਇਕੋ ਰੰਗ ਦਏ ਵਖਾਈਆ। ਇਸ਼ਟ ਰਹੇ ਨਾ ਬਹੁਭਾਂਤੀ, ਦੇਵ ਆਤਮਾ ਇਕ ਸਮਝਾਈਆ। ਤੇਰੀ ਪੁਛੇ ਬਾਤੀ, ਵਾਸਤਾ ਧਰਮ ਨਾਲ ਜੁੜਾਈਆ। ਆਹ ਫੜ ਲੈ ਉਸ ਦੀ ਪਾਤੀ, ਜੋ ਪਤ੍ਰਕਾ ਦਿਤੀ ਘਲਾਈਆ। ਸਤਿ ਧਰਮ ਹੋਏ ਪ੍ਰਭਾਤੀ, ਇਕੋ ਰੰਗ ਰੰਗਾਈਆ। ਕੂੜੀ ਕਿਰਿਆ ਨਾਲੋਂ ਕਰੇ ਖਲਾਸੀ, ਖ਼ਾਲਸਾ ਆਪਣਾ ਭੇਵ ਚੁਕਾਈਆ। ਤੈਨੂੰ ਸਰਬ ਸੰਤੋਖ ਦੇਵੇ ਭਰਵਾਸੀ, ਭਰਵਾਸਾ ਇਕ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਕਢੇ ਕਰ ਤਲਾਸ਼ੀ, ਕਾਇਆ ਮੰਦਰ ਰਹਿਣ ਨਾ ਪਾਈਆ। ਸਚ ਦੀ ਕਰੇ ਆਬਪਾਸ਼ੀ, ਪੇਸ਼ੀਨਗੋਈਆਂ ਵਿਚ ਦ੍ਰਿੜਾਈਆ। ਤੇਰੇ ਉਤੇ ਸਤਿਗੁਰ ਸ਼ਬਦ ਦੀ ਸਦਾ ਹੋਵੇ ਰਹਿਰਾਸੀ, ਮੰਡਲਾਂ ਵੱਜੇ ਵਧਾਈਆ। ਖੇਲ ਤੱਕ ਪੁਰਖ ਅਬਿਨਾਸ਼ੀ, ਜੋ ਕਰਨੀ ਦਾ ਕਰਤਾ ਆਪ ਕਰਾਈਆ। ਤੇਰੀ ਚਿੰਤਾ ਲਾਹੇ ਉਦਾਸੀ, ਫ਼ਿਕਰਾਂ ਵਿਚੋਂ
ਬਾਹਰ ਕਢਾਈਆ। ਨਿਰਗੁਣ ਨੂਰ ਜੋਤ ਜੋਤ ਪ੍ਰਕਾਸ਼ੀ, ਪ੍ਰਕਾਸ਼ ਕਰੇ ਖ਼ਲਕ ਖ਼ੁਦਾਈਆ। ਤੂੰ ਉਸੇ ਦੀ ਬਣਨਾ ਦਾਸੀ, ਦਾਸੀ ਦਾਸ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਪੂਰੀ ਕਰੇ ਆਸੀ, ਆਹਿਸਤਾ ਆਹਿਸਤਾ ਆਪਣਾ ਹੁਕਮ ਵਰਤਾਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਖ਼ੁਰਦ ਜ਼ਿਲਾ ਜੰਮੂ ਫਕੀਰ ਸਿਘ ਦੇ ਗ੍ਰਹਿ
ਧਰਮ ਕਹੇ ਧਰਨੀ ਵੇਖ ਲੈ ਦੀਨਾ ਬੰਧੂ, ਦੀਨ ਦਿਆਲ ਬੇਪ੍ਰਵਾਹੀਆ। ਜੋ ਜੁਗ ਚੌਕੜੀ ਮੇਟੇ ਪੰਧੂ, ਪਾਂਧੀ ਹੋ ਕੇ ਵੇਖ ਵਖਾਈਆ। ਤੇਰੇ ਧਰਮ ਦਵਾਰਿਆਂ ਲੰਘੂ, ਪਰਦੇ ਪਰਦਿਆਂ ਵਿਚੋਂ ਚੁਕਾਈਆ। ਜਨ ਭਗਤਾਂ ਦਵਾਰੇ ਆਉਂਦਾ ਜਾਂਦਾ ਕਦੇ ਨਾ ਸੰਗੂ, ਸੰਗਲ ਸ਼ਰਅ ਵਾਲੇ ਤੁੜਾਈਆ। ਜਿਸ ਸਚਖੰਡ ਦਵਾਰੇ ਪਹੁੰਚਾਇਆ ਆਪਣਾ ਸੁਤ ਨੰਦੂ, ਸੁੱਤਿਆਂ ਆਪ ਜਗਾਈਆ। ਉਹ ਧਾਮ ਦਵਾਇਆ ਚੰਗੂ, ਚੰਗੀ ਤਰਾ ਦਿਤਾ ਟਿਕਾਈਆ। ਜਿਸ ਦਾ ਪਿਆਰ ਪ੍ਰਵਾਰ ਦੇ ਵਿਚ ਵੰਡੂ, ਨਿੱਕਿਆਂ ਵੱਡਿਆਂ ਝੋਲੀ ਪਾਈਆ। ਸਚ ਪ੍ਰੀਤੀ ਨਾਲ ਗੰਢ ਤੰਦੂ, ਸ਼ਰਅ ਵਾਲਿਆਂ ਤੋਂ ਲਏ ਛੁਡਾਈਆ। ਕੂੜੀ ਕਿਰਿਆ ਮੇਟ ਪਖੰਡੂ, ਸਚ ਮਾਰਗ ਇਕ ਦਰਸਾਈਆ। ਆਤਮ ਪਰਮਾਤਮ ਧਾਰ ਗੰਢ ਗੰਢੂ, ਤੰਦਵ ਤੰਦ ਆਪਣੇ ਰੰਗ ਰੰਗਾਈਆ। ਸਚ ਸਵਾਮੀ ਦੇ ਕੇ ਪਰਮਾਨੰਦੂ, ਪਰਮ ਪੁਰਖ ਆਪਣੇ ਘਰ ਵਸਾਈਆ। ਜਗਤ ਦੀ ਧਾਰ ਸ਼ਰੀਰ ਸੜਿਆ ਨਾਲ ਅਗਨੀ ਲੰਬੂ, ਮਾਟੀ ਖੱਲ ਰਹੀ ਨਾ ਰਾਈਆ। ਲਹਿਣਾ ਦੇਣਾ ਪੂਰਾ ਕੀਤਾ ਜੋ ਗੋਬਿੰਦ ਧਾਰ ਪਿਆਰ ਵਿਚ ਮੰਗੀ ਮਾਂਗੂ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡੀ ਵਡਿਆਈਆ। ਧਰਨੀ ਕਹੇ ਧਰਮ ਮੈਂ ਕੀ ਤੈਨੂੰ ਦੱਸਾਂ (ਕਹਾਣੀ), ਸੱਜਣਾ ਕੀ ਦ੍ਰਿੜਾਈਆ। ਮੇਰਾ ਸ਼ਹਿਨਸ਼ਾਹ ਸ਼ਾਹ ਸੁਲਤਾਨੀ, ਕਰਤਾ ਧੁਰਦਰਗਾਹੀਆ। ਜਿਸ ਦਾ ਲੇਖਾ ਆਦਿ ਜੁਗਾਦਿ ਚਾਰੇ ਖਾਣੀ, ਖਾਣੀ ਬਾਣੀ ਧਿਆਨ ਲਗਾਈਆ। ਜਨ ਭਗਤਾਂ ਅੰਮ੍ਰਿਤ ਰਸ ਦੇਵੇ ਠੰਡਾ ਪਾਣੀ, ਧੁਰ ਦਾ ਅੰਮ੍ਰਿਤ ਆਪ ਪਿਆਈਆ। ਆਤਮਾ ਬਣਾ ਕੇ ਧੁਰ ਦੀ ਰਾਣੀ, ਸਚਖੰਡ ਜਾਏ ਚਾਈਂ ਚਾਈਂਆ। ਆਵਣ ਜਾਵਣ ਚੁੱਕੇ ਕਾਨੀ, ਰਾਏ ਧਰਮ ਨਾ ਦਏ ਸਜ਼ਾਈਆ। ਦੁਨੀਆ ਹੋਈ ਮੜ੍ਹੀ ਮਸਾਣੀ, ਗੋਰਾਂ ਧਿਆਨ ਲਗਾਈਆ। ਹਰਿਜਨ ਲੇਖੇ ਲੱਗੇ ਪ੍ਰਭ ਦਰ ਪ੍ਰਾਣੀ, ਜੋ ਪੁਨਹ ਪੁਨਹ ਪ੍ਰਭ ਨੂੰ ਸੀਸ ਨਿਵਾਈਆ। ਉਨ੍ਹਾਂ ਲੇਖਾ ਮੁਕਦਾ ਆਵਣ ਜਾਣੀ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਰੰਗ ਆਪ ਰੰਗਾਈਆ। ਨੰਦੂ ਕਹੇ ਮੈਂ ਪਾਇਆ ਪਰਮਾਨੰਦ, ਪਰਮ ਪੁਰਖ ਵਿਚ ਸਮਾਈਆ। ਮੇਰਾ ਲੇਖੇ ਲੱਗਾ ਬੰਦ ਬੰਦ, ਬੰਦਗੀ ਪ੍ਰਭ ਦੀ ਮੋਹੇ ਭਾਈਆ। ਤੂੰ ਮੇਰਾ ਮੈਂ ਤੇਰਾ ਜੋ ਗਾਇਆ ਰਸਨਾ ਛੰਦ, ਸੋ ਸਵਾਮੀ ਮਿਲਿਆ ਚਾਈਂ ਚਾਈਂਆ। ਮੇਰੀ ਟੁੱਟੀ ਆਤਮ ਆਪਣੇ ਨਾਲ ਗੰਢ, ਗੰਢਣਹਾਰ ਸਵਾਮੀ ਆਪਣੀ ਦਇਆ ਕਮਾਈਆ। ਮੈਂ ਪੁਰੀ ਲੋਅ ਬ੍ਰਹਿਮੰਡ ਖੰਡ ਵਿਸ਼ਨ ਬ੍ਰਹਮਾ ਸ਼ਿਵ ਦੀ ਧਾਰ ਤੋਂ ਪਾਰ ਗਿਆ ਲੰਘ, ਜਿਥੇ ਵਸੇ ਧੁਰ ਦਾ ਮਾਹੀਆ। ਸਚ ਸਿੰਘਾਸਣ ਸੋਹਣਾ ਤੱਕਿਆ ਪਲੰਘ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਅਗੋਂ ਸੰਤ ਸੁਹੇਲੇ ਗੁਰਮੁਖ ਲੈਣ ਆਏ ਪੰਜ, ਆਪਣੀ ਬਾਂਹ ਵਧਾਈਆ।
ਪਿਛੇ ਰਹੇ ਕਿਸੇ ਨਾ ਰੰਜ, ਨਾਤਾ ਜਗਤ ਵਾਲਾ ਛੁੜਾਈਆ। ਜੋ ਸਤਿਗੁਰ ਦੀ ਧਾਰੋਂ ਪਿਆ ਜੰਮ, ਜਮ ਫਾਸੀ ਗਲ ਨਾ ਕੋਇ ਲਟਕਾਈਆ। ਝਗੜਾ ਮੁਕਾ ਕੇ ਕਾਇਆ ਮਾਟੀ ਚੰਮ, ਜੋਤੀ ਜਾਤੇ ਵਿਚ ਸਮਾਈਆ। ਪਿਛੇ ਰਹੇ ਕਿਸੇ ਨਾ ਗ਼ਮ, ਚਿੰਤਾ ਚਿਖਾ ਨਾ ਕੋਇ ਤਪਾਈਆ। ਪ੍ਰਭ ਦੀ ਧਾਰ ਆਤਮਾ ਪ੍ਰਭ ਦਾ ਰੂਪ ਬ੍ਰਹਮ, ਪਾਰਬ੍ਰਹਮ ਵਿਚ ਗਿਆ ਸਮਾਈਆ। ਜਿਸ ਨੇ ਫੇਰ ਕਦੀ ਨਹੀਂ ਪੈਣਾ ਜੰਮ, ਜੰਮਣ ਮਰਨ ਵਿਚ ਕਦੇ ਨਾ ਆਈਆ। ਜਗਤ ਕਿਰਿਆ ਕੋਈ ਭਗਤਾਂ ਦਾ ਨਹੀਂ ਕਰਮ, ਕਰਮ ਕਾਂਡ ਤੋਂ ਬਾਹਰ ਹਰਿਜਨ ਸੋਭਾ ਪਾਈਆ। ਪ੍ਰਭੂ ਦੀ ਪ੍ਰੀਤੀ ਸਾਚਾ ਧਰਮ, ਆਦਿ ਜੁਗਾਦਿ ਦੀ ਰੀਤੀ ਚਲੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਬੇੜਾ ਆਪੇ ਬੰਨ੍ਹ, ਬੰਨ੍ਹਣਹਾਰ ਆਪ ਅਖਵਾਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੇਈ ਖ਼ੁਰਦ ਜ਼ਿਲਾ ਜੰਮੂ ਪੀਰੂ ਰਾਮ ਦੇ ਗ੍ਰਹਿ
ਸਤਿਗੁਰ ਦਾਤਾ ਪੀਰਾਂ ਦਾ ਪੀਰ, ਪੀਰਨ ਪੀਰ ਵਡ ਵਡਿਆਈਆ। ਮਿਹਰਵਾਨ ਗੁਣੀ ਗਹੀਰ, ਗਹਿਰ ਗਵਰ ਇਕ ਅਖਵਾਈਆ। ਰੋਗ ਸੋਗ ਕਟੇ ਜ਼ੰਜੀਰ, ਸ਼ਰਅ ਆਪਣੀ ਨਾਮ ਬੰਧਾਈਆ। ਜਨਮ ਜਨਮ ਦੀ ਬਦਲ ਦੇਵੇ ਤਕਦੀਰ, ਨਾਤਾ ਜਗਤ ਕੂੜ ਤੁੜਾਈਆ। ਆਤਮਾ ਸ਼ਾਹ ਕਰੇ ਅਮੀਰ, ਦੇਵਣਹਾਰ ਸਚ ਵਡਿਆਈਆ। ਜਿਸ ਦੀ ਸ਼ਹਾਦਤ ਦੇਵੇ ਕਬੀਰ, ਕਬਰਾਂ ਤੋਂ ਬਾਹਰ ਦ੍ਰਿੜਾਈਆ। ਮੇਰਾ ਮਾਲਕ ਬੇਨਜ਼ੀਰ, ਮਿਹਰ ਨਜ਼ਰ ਨਾਲ ਜਨ ਭਗਤਾਂ ਦਏ ਤਰਾਈਆ। ਜਿਸ ਦਾ ਲੇਖਾ ਕਾਲੇ ਤੇ ਚਿੱਟਾ ਤੇ ਚਿੱਟੀ ਖਿੱਚੇ ਲਕੀਰ, ਪੂਰਬ ਕਰਮ ਦਾ ਡੇਰਾ ਢਾਹੀਆ। ਅੰਦਰੋਂ ਬਦਲ ਦਏ ਜ਼ਮੀਰ, ਮਿਹਰਵਾਨ ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸ਼ਬਦ ਸਾਚਾ ਦਸਤਗੀਰ, ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਪੀਰ ਸ਼ਬਦ ਬਹੁਰੰਗਾ, ਰੰਗਤ ਆਪਣੀ ਆਪ ਚੜ੍ਹਾਈਆ। ਸਭ ਦੀਆਂ ਆਸਾ ਮਨਸਾ ਪੂਰੀਆਂ ਕਰੇ ਉਮੰਗਾ, ਜਨ ਭਗਤਾਂ ਖ਼ਾਲੀ ਝੋਲੀ ਦਏ ਭਰਾਈਆ। ਸਦਾ ਸੁਹੇਲਾ ਵਸੇ ਸੰਗਾ, ਧੁਰ ਦਾ ਸੰਗ ਬਣਾਈਆ। ਤਨ ਵਜੂਦ ਸੀਨਾ ਰਖੇ ਠੰਡਾ, ਅਗਨੀ ਤਤ ਨਾ ਲਾਗੇ ਰਾਈਆ। ਆਤਮ ਪਰਮਾਤਮ ਪਾਏ ਗੰਢਾ, ਗੰਢ ਸਕੇ ਕੋਇ ਨਾ ਖੁਲਾਈਆ। ਜੁਗ ਚੌਕੜੀ ਵੇਖ ਵੇਖੇ ਪੰਧਾ, ਕਲਜੁਗ ਅੰਤਮ ਇਕੋ ਘਰ ਸੁਹਾਈਆ। ਦੀਨ ਦਿਆਲ ਬਣ ਬਖ਼ਸ਼ੰਦਾ, ਮਿਹਰ ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹਾਲ ਰਹਿਣ ਨਾ ਦੇਵੇ ਮੰਦਾ, ਗੁਰਮੁਖ ਵਡਭਾਗੀ ਆਪ ਬਣਾਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੇਈ ਕਲਾਂ ਜ਼ਿਲਾ ਜੰਮੂ ਸੋਭਾ ਸਿੰਘ ਦੇ ਗ੍ਰਹਿ
ਧਰਤੀ ਕਹੇ ਧਰਮ ਮੇਰੀ ਦੁਹਾਈ, ਚਾਰ ਕੁੰਟ ਸਚ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਅੰਧੇਰਾ ਰਿਹਾ ਛਾਈ, ਸਾਚਾ ਚੰਦ ਨਾ ਕੋਇ ਚਮਕਾਈਆ। ਪ੍ਰਭੂ ਦਾ ਪਿਆਰ ਕਿਸੇ ਨਾ ਰਿਹਾ ਰਾਈ, ਹਿਰਦੇ ਹਰਿ ਨਾ ਕੋਇ ਵਸਾਈਆ। ਪ੍ਰੀਤਮ ਮਿਲੇ ਨਾ ਧੁਰ ਦਾ ਮਾਹੀ, ਸਾਚਾ ਮੇਲ ਨਾ ਕੋਇ ਮਿਲਾਈਆ। ਉਹ ਵੇਖ ਗੋਬਿੰਦ ਦਾ ਸੈਂਕੜਾ ਲੰਘ ਗਿਆ ਢਾਈ, ਢਈਆ ਢੌਂਕਾ ਲਾ ਕੇ ਲਏ ਅੰਗੜਾਈਆ। ਸਦੀ ਚੌਧਵੀਂ ਬੈਠੀ ਪੰਧ ਮੁਕਾਈ, ਆਪਣੇ ਆਂਕੜੇ ਰਹੀ ਗਿਣਾਈਆ। ਆਪਣਾ ਖੇਲ ਤੱਕ ਲੈ ਮਾਹੀ, ਹਜ਼ਰਤ ਈਸਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਧਰਮ ਮੈਂ ਸਚ ਸਚ ਕਹਿਣਾ, ਕਹਿ ਕੇ ਦਿਆਂ ਦ੍ਰਿੜਾਈਆ। ਮੇਰੇ ਉਤੇ ਹੋਈ ਅੰਧੇਰੀ ਰੈਣਾਂ, ਨੂਰੀ ਚੰਦ ਨਾ ਕੋਇ ਚਮਕਾਈਆ। ਮਿਤਰ ਦਿਸੇ ਨਾ ਕੋਇ ਸੈਣਾ, ਸੱਜਣ ਸਾਕ ਨਾ ਕੋਇ ਵਡਿਆਈਆ। ਦੀਨ ਦੁਨੀ ਹੋਈ ਤਰਫ਼ੈਣਾਂ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਮਾਇਆ ਮਮਤਾ ਸਭ ਨੂੰ ਖਾਏ ਡੈਣਾ, ਡਸਣੀ ਹੋ ਕੇ ਡੰਗ ਲਗਾਈਆ। ਆਤਮ ਪਰਮਾਤਮ ਮਿਲੇ ਕਿਸੇ ਨਾ ਬਹਿਣਾ, ਘਰ ਸੁਹੰਜਣੀ ਸੇਜ ਨਾ ਕੋਇ ਸੁਹਾਈਆ। ਨੇਤਰ ਲੋਚਨ ਦਰਸ ਕਰੇ ਕੋਇ ਨਾ ਨੈਣਾਂ, ਨਿਜ ਘਰ ਖ਼ੁਸ਼ੀ ਨਾ ਕੋਇ ਮਨਾਈਆ। ਨਾਮ ਨਿਧਾਨਾ ਤਨ ਬਸਤਰ ਪਾਏ ਕੋਇ ਨਾ ਗਹਿਣਾ, ਤਨ ਵਜੂਦ ਨਾ ਕੋਇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਧਰਮ ਕਹੇ ਧਰਨੀ ਹੁਣ ਕਲਜੁਗ ਦਾ ਵਕਤ, ਸਮਾਂ ਸਮੇਂ ਨਾਲ ਧਿਆਨ ਲਗਾਈਆ। ਉਸ ਫੇਰੀ ਦਰੋਹੀ ਵਿਚ ਜਗਤ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਅਗਨੀ ਲਾਈ ਬੂੰਦ ਰਕਤ, ਤ੍ਰੈਗੁਣ ਨਾਲ ਤਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਕੀਤੀ ਪਤਤ, ਪੁਨੀਤ ਰਹਿਣ ਕੋਇ ਨਾ ਪਾਈਆ। ਉਹਦਾ ਲਹਿਣਾ ਦੇਣਾ ਉਤੇ ਨੌ ਖੰਡ ਪ੍ਰਿਥਮੀ ਫ਼ਰਸ਼, ਸੱਤਾਂ ਦੀਪਾਂ ਵੇਖ ਵਖਾਈਆ। ਜਿਸ ਅਵਤਾਰ ਪੈਗ਼ੰਬਰ ਗੁਰੂਆਂ ਦਾ ਲਾਹੁਣਾ ਕਰਜ਼, ਪੇਸ਼ੀਨਗੋਈਆਂ ਸਭ ਦੀਆਂ ਵੇਖ ਵਖਾਈਆ। ਜਿਸ ਦੇ ਕੋਲ ਸਭ ਦਾ ਲੇਖਾ ਉਹ ਖੇਲ ਕਰੇ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਯੋਧਾ ਬਣ ਕੇ ਮਰਦਾਨਾ ਮਰਦ, ਵੇਖਣਹਾਰਾ ਥਾਉਂ ਥਾਈਂਆ। ਜਿਸ ਸ਼ਰਅ ਛੁਰੀ ਬਣਾਈ ਕਰਦ, ਕਤਲ ਕਰੇ ਲੋਕਾਈਆ। ਉਸ ਨੂੰ ਰਿਹਾ ਕਿਸੇ ਦਾ ਮੂਲ ਨਾ ਦਰਦ, ਦੁਖੀਆਂ ਦੁੱਖ ਨਾ ਕੋਇ ਮਿਟਾਈਆ। ਤੂੰ ਇਕ ਬੇਨੰਤੀ ਪ੍ਰਭੂ ਦੇ ਅਗੇ ਕਰ ਲੈ ਅਰਜ਼, ਆਰਜ਼ੂ ਆਪਣੀ ਦੇ ਵਡਿਆਈਆ। ਮੇਰੇ ਉਤੋਂ ਮੇਟ ਅੰਧੇਰਾ ਗਰਦ, ਕੂੜੀ ਕਿਰਿਆ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਧਰਮ ਕਹੇ ਧਰਨੀ ਪ੍ਰਭ ਦਰ ਤੇ ਹੋ ਜਾ ਮੰਗਤੀ, ਮਾਂਗਤ ਹੋ ਕੇ ਝੋਲੀ ਡਾਹੀਆ। ਪ੍ਰਭੂ ਗੜ੍ਹ ਤੋੜ ਕੇ ਹਉਮੇ ਹੰਗਤੀ, ਹੰ ਬ੍ਰਹਮ ਦੇ ਸਮਝਾਈਆ। ਤ੍ਰਿਸ਼ਨਾ ਮੇਟ ਕੇ ਕੂੜੇ ਮਨ ਕੀ, ਮਨਸਾ ਮੋਹ ਚੁਕਾਈਆ। ਜੋਤੀ ਧਾਰ ਦੇ ਦੇ ਅਗੰਮੀ ਚੰਨ ਦੀ, ਜੋ ਚੰਦ ਚਾਂਦਨਾ ਕਰੇ ਰੁਸ਼ਨਾਈਆ। ਸਭ ਨੂੰ ਸੁਰਤ ਦੇ ਦੇ ਆਪਣੇ ਬ੍ਰਹਮ ਦੀ, ਪਾਰਬ੍ਰਹਮ ਭੇਵ ਖੁਲਾਈਆ। ਦ੍ਰਿਸ਼ਟੀ ਬਣਾ ਦੇ ਇਕੋ ਧਰਮ ਦੀ, ਦੀਨਾਂ ਮਜ਼੍ਹਬਾਂ ਝੇੜਾ ਰਹੇ ਨਾ ਰਾਈਆ। ਆਸਾ ਪੂਰੀ ਕਰ ਦੇ ਸਭ ਦੇ ਜਨਮ ਦੀ, ਚੁਰਾਸੀ ਵਿਚੋਂ ਦੇ ਵਡਿਆਈਆ। ਕਿਰਿਆ ਮੇਟ ਦੇ ਕੂੜੇ ਕਰਮ ਦੀ,
ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਮ ਕਹੇ ਧਰਨੀ ਪ੍ਰਭ ਚਰਨ ਦਵਾਰੇ ਕੂਕ, ਕੂਕ ਕੂਕ ਸੁਣਾਈਆ। ਬਿਨ ਤਨ ਸ਼ਰੀਰ ਤੋਂ ਝੂਜ, ਆਪ ਆਪਾ ਦੇ ਮਿਟਾਈਆ। ਫੇਰ ਆਪੇ ਪਾਵੇ ਤੇਰੀ ਸੂਝ, ਮਿਹਰਵਾਨ ਦਇਆ ਕਮਾਈਆ। ਤੇਰੇ ਵਿਚੋਂ ਕਢੇ ਦਵੈਤੀ ਦੂਜ, ਦੁਤੀਆ ਭਾਉ ਦਏ ਚੁਕਾਈਆ। ਸਾਚੀ ਮੰਜ਼ਲ ਦੱਸੇ ਮਕਸੂਦ, ਹਕ ਹਕ ਦ੍ਰਿੜਾਈਆ। ਦੀਨਾਂ ਮਜ਼੍ਹਬਾਂ ਮੇਟ ਹਦੂਦ, ਆਤਮ ਪਰਮਾਤਮ ਪਰਦਾ ਦਏ ਚੁਕਾਈਆ। ਇਕੋ ਘਰ ਵਖਾਏ ਆਲੀਸ਼ਾਨ ਅਰੂਜ, ਅਰਸ਼ ਫ਼ਰਸ਼ ਦਾ ਮੇਲ ਮਿਲਾਈਆ। ਭਾਗ ਲਗਾਏ ਕਾਇਆ ਮਾਟੀ ਪੰਜ ਤਤ ਭੂਤ, ਤਤਵ ਤਤ ਦਏ ਸਮਝਾਈਆ। ਕਲਜੁਗ ਕੂੜ ਕੁੜਿਆਰਾ ਤੇਰੇ ਉਤੋਂ ਕਰ ਜਾਏ ਕੂਚ, ਧਰਨੀ ਧਰਤ ਰਹਿਣ ਨਾ ਪਾਈਆ। ਦਰੋਹੀ ਹੋਵੇ ਨਾ ਕਿਸੇ ਚਾਰੇ ਕੂਟ, ਬਹੁੜੀ ਬਹੁੜੀ ਕਰ ਨਾ ਕੋਇ ਕੁਰਲਾਈਆ। ਕਿਰਪਾ ਕਰੇ ਸਤਿਗੁਰ ਸ਼ਬਦ ਧੁਰ ਦਾ ਅਗੰਮਾ ਦੂਤ, ਦੋ ਜਹਾਨਾਂ ਵੇਖ ਵਖਾਈਆ। ਜਿਧਰ ਤਕੇ ਉਧਰ ਮੌਜੂਦ, ਹਰ ਘਟ ਵਸੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਦਏ ਰੰਗਾਈਆ। ਧਰਮ ਕਹੇ ਧਰਨੀ ਪ੍ਰਭ ਅਗੇ ਕਰ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਕਿਰਪਾ ਕਰ ਸੱਚੀ ਸਰਕਾਰ, ਤੇਰੀ ਇਕੋ ਓਟ ਤਕਾਈਆ। ਕਲਜੁਗ ਵੇਖ ਕੂੜ ਕੁੜਿਆਰ, ਚਾਰੋਂ ਕੁੰਟ ਡੰਕ ਵਜਾਈਆ। ਮੇਰੇ ਉਤੇ ਕੀਤਾ ਧੂੰਆਂਧਾਰ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਇਹਦਾ ਲਹਿਣਾ ਦੇਣਾ ਪੂਰਬ ਕਰਜ਼ ਦੇ ਉਤਾਰ, ਬਾਕੀ ਰਹਿਣ ਕੋਇ ਨਾ ਪਾਈਆ। ਮੇਰੇ ਉਤੋਂ ਕਢ ਦੇ ਬਾਹਰ, ਨੌਵਾਂ ਖੰਡਾਂ ਸੱਤਾਂ ਦੀਪਾਂ ਕਰ ਰੁਸ਼ਨਾਈਆ। ਨਾਲ ਮਿਲਾ ਦੇ ਮੁਹੰਮਦੀ ਯਾਰ, ਚਾਰ ਯਾਰੀ ਗੰਢ ਪਵਾਈਆ। ਈਸਾ ਮੂਸਾ ਰਹੇ ਨਾ ਕੋਇ ਉਧਾਰ, ਪੂਰਬ ਲਹਿਣਾ ਦੇਣਾ ਚੁਕਾਈਆ। ਸਤਿਜੁਗ ਸਾਚੀ ਬਖ਼ਸ਼ ਧਾਰ, ਆਪਣੀ ਧਾਰ ਵਿਚੋਂ ਪ੍ਰਗਟਾਈਆ। ਜੋ ਜੀਵਾਂ ਜੰਤਾਂ ਪਾਵੇ ਸਾਰ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਡੇਰਾ ਲਾਈਆ। ਆਤਮ ਪਰਮਾਤਮ ਪਰਮਾਤਮ ਆਤਮ ਪਰਦਾ ਦੇ ਉਠਾਲ, ਭੇਵ ਅਭੇਦ ਦੇ ਖੁਲਾਈਆ। ਤੇਰਾ ਨੂਰ ਤੇਰਾ ਜਮਾਲ, ਜਲਵਾਗਰ ਦੇਣਾ ਵਖਾਈਆ। ਮੇਰੇ ਉਤੇ ਸੁਹਾ ਇਕੋ ਧਰਮਸਾਲ, ਧਰਮ ਦਵਾਰਾ ਇਕ ਵਖਾਈਆ। ਜਿਥੇ ਬੈਠਣ ਸ਼ਾਹ ਕੰਗਾਲ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਮੈਂ ਤੱਕਾਂ ਤੇਰੇ ਭਗਤ ਸੁਹੇਲੇ ਲਾਲ, ਅਨਮੁਲੜੇ ਹੀਰੇ ਦੇਣੇ ਵਖਾਈਆ। ਜਿਨ੍ਹਾਂ ਦੀ ਬਹਿ ਕੇ ਸੰਬਲ ਕਰ ਸੰਭਾਲ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੂੰ ਸ਼ਾਹ ਵੇਖੇ ਕੰਗਾਲ, ਗ਼ਰੀਬ ਨਿਮਾਣਿਆਂ ਖੋਜ ਖੁਜਾਈਆ। ਜੁਗ ਜੁਗ ਜਗਤ ਤੇਰੀ ਅਵੱਲੜੀ ਚਾਲ, ਕਲਜੁਗ ਅੰਤਮ ਦੇ ਸਮਝਾਈਆ। ਧਰਨੀ ਕਹੇ ਫਲ ਲਗਾ ਦੇ ਮੇਰੇ ਡਾਲ, ਪੱਤ ਟਹਿਣੀ ਮਾਨਸ ਮਾਨਵ ਮਾਨੁਖ ਦੇ ਮਹਿਕਾਈਆ। ਆ ਕੇ ਸੁਣ ਮੁਰੀਦਾਂ ਹਾਲ, ਮੁਰਸ਼ਦ ਦਾਤੇ ਬੇਪਰਵਾਹੀਆ। ਮੇਰੀ ਲੇਖੇ ਲਾ ਲੈ ਘਾਲ, ਹਉਂ ਘੋਲੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾ ਜ਼ਿਲਾ ਜੰਮੂ ਈਸ਼ਰ ਦਾਸ ਦੇ ਗ੍ਰਹਿ
ਕਲਜੁਗ ਕਹੇ ਮੇਰੇ ਅੰਦਰ ਉਠਣ ਦਲੀਲਾਂ, ਵਿਚਾਰ ਸਮਝ ਕੁਛ ਨਾ ਪਾਈਆ। ਮੈਂ ਧਰਮ ਦੀਆਂ ਹੋਣ ਦੇਣੀਆਂ ਨਹੀਂ ਅਪੀਲਾਂ, ਗੁੰਜਾਇਸ਼ ਰਹਿਣ ਕੋਇ ਨਾ ਪਾਈਆ। ਮੈਂ ਖੇਲ ਖਿਲਾਉਣਾ ਸਮੁੰਦ ਸਾਗਰਾਂ ਝੀਲਾਂ, ਕੱਛਾਂ ਮੱਛਾਂ ਲਹਿਣਾ ਦੇਣਾ ਚੁਕਾਈਆ। ਮੈਂ ਤੱਕਣਾ ਅੰਬਰ ਨੀਲਾ, ਨੀਲੀ ਧਾਰ ਧਿਆਨ ਲਗਾਈਆ। ਜਿਸ ਨੇ ਬਣਨਾ ਅੰਤ ਵਸੀਲਾ, ਸਾਹਿਬ ਬਣੇ ਬੇਪ੍ਰਵਾਹੀਆ। ਮੈਂ ਦੁਹਾਈ ਪਾਉਣੀ ਉਚੇ ਟੀਲਾ, ਪਹਾੜ ਚੋਟੀ ਜਾਣ ਕੁਰਲਾਈਆ। ਮੇਰਾ ਅੰਤਮ ਇਕੋ ਹੋਣਾ ਹੀਲਾ, ਹਿਲਾ ਦੇਣੀ ਸ੍ਰਿਸ਼ਟ ਸਬਾਈਆ। ਸਚ ਦਾ ਗੱਡਿਆ ਰਹਿਣ ਨਹੀਂ ਦੇਣਾ ਕੀਲਾ, ਕਿਲੇ ਗੜ੍ਹ ਦੇਣੇ ਤੁੜਾਈਆ। ਮੈਂ ਕੂੜ ਕੁੜਿਆਰ ਦਾ ਇਕੋ ਲਾਉਣਾ ਤੀਲਾ, ਚਵਾਤੀ ਮਾਇਆ ਵਾਲੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਮੇਰੇ ਹੱਥ ਟਿਕਾਈਆ। ਕਲਜੁਗ ਕਹੇ ਮੇਰਾ ਕੂੜੀ ਕਿਰਿਆ ਵਾਲਾ ਸਬਕ, ਘਰ ਘਰ ਨਜ਼ਰੀ ਆਈਆ। ਦਰੋਹੀ ਫਿਰਨੀ ਚੌਦਾਂ ਤਬਕ, ਚੌਦਾਂ ਲੋਕ ਰੋਵਣ ਮਾਰਨ ਧਾਹੀਂਆ। ਬੜਾ ਸੁਹੇਲਾ ਹੋਣਾ ਵਕਤ, ਇਹ ਮੇਰੀ ਬੇਪਰਵਾਹੀਆ। ਪਿਆਰ ਦਿਸੇ ਨਾ ਕੋਇ ਵਿਚ ਜਗਤ, ਜੁਗਤੀ ਐਸੀ ਦੇਣੀ ਬਣਾਈਆ। ਪਿਛਲੀ ਰਹਿਣ ਦੇਣੀ ਨਹੀਂ ਕਿਸੇ ਦੀ ਸ਼ਕਤ, ਸ਼ਖ਼ਸੀਅਤ ਸਭ ਦੇਣੀ ਬਦਲਾਈਆ। ਮੈਨੂੰ ਆਉਂਦਾ ਨਹੀਂ ਮੂਲ ਤਰਸ, ਦਰਦੀ ਹੋ ਨਾ ਦਰਦ ਵੰਡਾਈਆ। ਅਗਨੀ ਮੇਘ ਦੇਣਾ ਬਰਸ, ਬਰਸਾਂ ਦਾ ਲਹਿਣਾ ਪੂਰ ਕਰਾਈਆ। ਫਿਰੇ ਦੁਹਾਈ ਉਤੇ ਅਰਸ਼, ਅਰਸ਼ੀ ਪ੍ਰੀਤਮ ਵੇਖ ਵਖਾਈਆ। ਅਵਤਾਰ ਪੈਗ਼ੰਬਰ ਗੁਰੂਆਂ ਦਾ ਲਾਹੁਣਾ ਕਰਜ਼, ਕਰਜ਼ਾ ਸਭ ਦੀ ਝੋਲੀ ਪਾਈਆ। ਧਰਨੀ ਦੀ ਖੇਲ ਵੇਖਣੀ ਪੁੱਠੀ ਸਭ ਦੀ ਕਰਨੀ ਨਰਦ, ਜੋ ਨਰਸਿੰਗ ਗਿਆ ਸਮਝਾਈਆ। ਸ਼ਰਅ ਛੁਰੀ ਚਲਾਉਣੀ ਕਰਦ, ਤਿੱਖੀ ਧਾਰ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਬੇਪਰਵਾਹੀਆ। ਕਲਜੁਗ ਕਹੇ ਮੈਂ ਪ੍ਰਭ ਦਾ ਲਾਇਕ ਸੁਤ ਹੋਇਆ ਕਾਬਲ, ਕਾਬੁਲ ਕੰਧਾਰੀ ਖੋਜ ਖੁਜਾਈਆ। ਮੈਨੂੰ ਸੰਦੇਸਾ ਦੇਵੇ ਮੇਰਾ ਬਾਬਲ, ਪੀਆ ਪ੍ਰੀਤਮ ਧੁਰਦਰਗਾਹੀਆ। ਜਿਸ ਨੇ ਮੇਰਾ ਅੰਤ ਕਰਾਉਣਾ ਆਦਲ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਚਾਰ ਕੁੰਟ ਕੂੜ ਕੁੜਿਆਰਾ ਮੇਰਾ ਧਾਮ ਦਿਸਣਾ ਬਾਤਲ, ਬੈਤਲ ਮੁਕਦਸ ਇਕੋ ਸਮਝਾਈਆ। ਮੈਂ ਸ਼ਰਅ ਦਾ ਬਣਨਾ ਕਾਤਲ, ਮਕਤੂਲ ਵੇਖਾਂ ਖ਼ਲਕ ਖ਼ੁਦਾਈਆ। ਮੇਰਾ ਭੇਵ ਅਗੰਮਾ ਬਾਤਨ, ਬਿਨ ਪਰਵਰਦਿਗਾਰ ਨਾ ਕੋਇ ਸਮਝਾਈਆ। ਮੇਰੀ ਹੋਣੀ ਅੰਧੇਰੀ ਰਾਤਨ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਝਗੜਾ ਪਾਉਣਾ ਜ਼ਾਤ ਪਾਤਨ, ਦੀਨ ਮਜ਼੍ਹਬ ਦੇਣੇ ਟਕਰਾਈਆ। ਫੇਰ ਕਿਰਪਾ ਕਰੇ ਪੁਰਖ ਅਬਿਨਾਸ਼ਣ, ਹਰਿ ਕਰਤਾ ਧੁਰਦਰਗਾਹੀਆ। ਮੇਰੀ ਖ਼ੁਸ਼ੀਆਂ ਵਾਲੀ ਤੱਕੇ ਰਾਸਣ, ਨਵ ਖੰਡ ਧਿਆਨ ਲਗਾਈਆ। ਮੈਂ ਡੰਡਾਵਤ ਕਰਾਂ ਜੋੜ ਕੇ ਹਾਥਨ, ਨਿਵ ਨਿਵ ਲਾਗਾਂ ਪਾਈਂਆ। ਤੂੰ ਸਾਹਿਬ ਮੇਰਾ ਸਮਰਾਥਣ, ਪ੍ਰਭ ਤੇਰੀ ਓਟ ਤਕਾਈਆ। ਤੇਰੀ ਮੰਜ਼ਲ ਚੜ੍ਹੇ ਕੋਇ ਨਾ ਘਾਟਣ, ਦਰਗਾਹ ਸਾਚੀ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਾਚੋ ਸਾਚਣ, ਸਚ ਸਵਾਮੀ ਦਇਆ ਕਮਾਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੇਈ ਕਲਾਂ ਜ਼ਿਲਾ ਜੰਮੂ ਨਾਮੋ ਦੇ ਗ੍ਰਹਿ
ਕਲਜੁਗ ਕਹੇ ਮੇਰੀਆਂ ਗੱਲਾਂ ਸਭ ਨੂੰ ਲਗਦੀਆਂ ਬੁਰੀਆਂ, ਬੁਰਿਆਰ ਹੋਈ ਲੋਕਾਈਆ। ਮੈਂ ਵੇਖਾਂ ਜਗਤ ਜਹਾਨ ਸ਼ਰਅ ਦੀਆਂ ਛੁਰੀਆਂ, ਦੋਵੇਂ ਧਾਰਾਂ ਤਿੱਖੀਆਂ ਨਜ਼ਰੀ ਆਈਆ। ਰੂਹਾਂ ਜਗਤ ਹੋਈਆਂ ਨਿਗੁਰੀਆਂ, ਸਤਿਗੁਰ ਸ਼ਬਦ ਮਿਲਣ ਕੋਇ ਨਾ ਪਾਈਆ। ਸ਼ੌਹ ਦਰਿਆਏ ਜਾਂਦੀਆਂ ਰੁੜ੍ਹੀਆਂ, ਅਗੇ ਹੋ ਨਾ ਕੋਇ ਅਟਕਾਈਆ। ਪਰਮਾਤਮ ਕੰਤ ਹੰਢਾਉਣਾ ਨਾ ਆਤਮਾ ਕੁੜੀਆਂ, ਸੁਹਾਗ ਸਮਝ ਕਿਸੇ ਨਾ ਆਈਆ। ਸਚ ਪਿਆਰ ਕੋਲੋਂ ਥੁੜੀਆਂ, ਵਸਤ ਅਗੰਮ ਨਾ ਕੋਇ ਵਰਤਾਈਆ। ਮੰਜ਼ਲ ਵੇਖੇ ਕੋਇ ਨਾ ਤੁਰੀਆ, ਤੁਰੀਆ ਪਦ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਧਿਆਨ ਲਗਾਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਬੇਲਾ ਸਿੰਘ ਦੇ ਗ੍ਰਹਿ
ਕਲਜੁਗ ਕਹੇ ਮੇਰੀ ਕਰਨੀ ਬੇਮਿਸਾਲ, ਪਿਛਲੀ ਮਿਸਲ ਦੇਵੇ ਨਾ ਕੋਇ ਗਵਾਹੀਆ। ਦਿਤੀ ਵਡਿਆਈ ਦੀਨ ਦਿਆਲ, ਦਇਆਨਿਧ ਦਇਆ ਕਮਾਈਆ। ਮੇਰੀ ਅਵੱਲੜੀ ਚਲਾ ਕੇ ਚਾਲ, ਚਾਲ ਨਿਰਾਲੀ ਦਿਤੀ ਬਣਾਈਆ। ਮੈਂ ਸ੍ਰਿਸ਼ਟੀ ਕੀਤੀ ਹਲਾਲ, ਛੁਰੀ ਸ਼ਰਅ ਵਾਲੀ ਚਲਾਈਆ। ਮੇਰਾ ਝੂਠ ਪਖੰਡ ਜਾਹਲ, ਚਾਰੋਂ ਕੁੰਟ ਰੰਗ ਰੰਗਾਈਆ। ਧਰਮ ਦਾ ਰਹਿਣ ਦੇਣਾ ਨਹੀਂ ਕੋਈ ਲਾਲ, ਲਾਲਨ ਵਿਚ ਨਾ ਕੋਇ ਸਮਾਈਆ। ਮੇਰੀ ਇਕ ਬੇਨੰਤੀ ਪ੍ਰਭੂ ਦੇ ਅਗੇ ਸਵਾਲ, ਦੋਏ ਜੋੜ ਸੀਸ ਨਿਵਾਈਆ। ਫਲ ਲਗਾਉਣਾ ਮੇਰੇ ਡਾਲ, ਮੇਰਾ ਬੂਟਾ ਦੇਣਾ ਮਹਿਕਾਈਆ। ਚਾਰੋਂ ਕੁੰਟ ਹੋਵੇ ਹਾਲ ਹਾਲ, ਬਹੁੜੀ ਬਹੁੜੀ ਸ੍ਰਿਸ਼ਟ ਕਰ ਕੁਰਲਾਈਆ। ਫੇਰ ਮੈਂ ਉਠ ਕੇ ਮਾਰਾਂ ਛਾਲ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਝਟ ਨਾਰਦ ਚੁੱਕੀ ਆ ਗਿਆ ਭਾਰ, ਹੋਕਾ ਭਾਰਤ ਭਾਰਤ ਕਰ ਸੁਣਾਈਆ। ਉਠ ਵੇਖ ਕਲੂਏ ਯਾਰ, ਕਲ ਕਾਤੀਆ ਦਿਆਂ ਦਰਸਾਈਆ। ਨੂਰ ਤੱਕ ਜੋਤ ਨਿਰੰਕਾਰ, ਨੁਰਾਨਾ ਨੂਰ ਅਲਾਹੀਆ। ਸਜਦਾ ਕਰ ਵਾਰ ਦੋ ਚਾਰ, ਚੌਥੇ ਜੁਗ ਸੀਸ ਨਿਵਾਈਆ। ਓਹ ਵੇਖ ਲੈ ਤੇਰੀ ਨਿਲਾਮੀ ਦੇ ਇਸ਼ਤਿਹਾਰ, ਮੈਨੂੰ ਦਿਤੇ ਫੜਾਈਆ। ਮੈਂ ਟੰਗਣੇ ਵਿਚ ਸੰਸਾਰ, ਨੌਵਾਂ ਖੰਡਾਂ ਦੇਣੇ ਲਟਕਾਈਆ। ਉਚੀ ਕਹਿਣ ਕੂਕ ਪੁਕਾਰ, ਦੀਨ ਦੁਨੀ ਸੁਣਾਈਆ। ਬੋਲੀ ਦੇਵੋ ਵਾਰੋ ਵਾਰ, ਦੀਨਾਂ ਮਜ਼੍ਹਬਾਂ ਵਾਲੇ ਲਓ ਅੰਗੜਾਈਆ। ਹਿੰਦੂ ਰਾਮ ਦਾ ਕਰੋ ਵਪਾਰ, ਕ੍ਰਿਸ਼ਨਾ ਕਾਹਨਾ ਨਾਲ ਰਲਾਈਆ। ਮੁਸਲਮ ਅਲਾਹ ਦੇ ਦਿਉ ਅਧਾਰ, ਅਲਾਹਿਦਾ ਰਹਿਣ ਕੋਇ ਨਾ ਪਾਈਆ। ਸਿੱਖ ਸਤਿਨਾਮ ਦਾ ਕਰਜ਼ਾ ਲਓ ਉਤਾਰ, ਪੂਰਬ ਲੇਖ ਚੁਕਾਈਆ। ਮੈਂ ਸੁਣਾਵਾਂ ਵਾਰੋ ਵਾਰ, ਵਾਰਤਾ ਅੰਤਮ ਦਿਆਂ ਦੁਹਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਕਲਜੁਗ ਸੁਣਨਾ ਆਪਣੀ ਤਾਰੀਫ਼, ਤਰਫ਼ਦਾਰੀ ਨਾ ਕੋਇ ਰਖਾਈਆ। ਮੈਂ ਬੁੱਢਾ ਪੁਰਾਣਾ ਜ਼ਈਫ਼, ਜਈਫ਼ੁਲ ਉਮਰ ਨਜ਼ਰੀ ਆਈਆ।
ਮੈਂ ਬਣਨਾ ਨਹੀਂ ਕਿਸੇ ਦਾ ਸ਼ਰੀਕ, ਸ਼ਰਕਤ ਵਿਚ ਨਾ ਵੰਡ ਵੰਡਾਈਆ। ਆਪਣਾ ਵੇਖ ਲੈ ਅੰਧੇਰਾ ਤਾਰੀਕ, ਨੂਰੀ ਚੰਦ ਨਾ ਕੋਇ ਚਮਕਾਈਆ। ਭਵਿਖਤਾਂ ਵਾਲੀ ਵੇਖ ਤਾਰੀਖ, ਤਵਾਰੀਖ ਧਿਆਨ ਲਗਾਈਆ। ਜਿਸ ਦੇ ਪਿਛੇ ਅਵਤਾਰ ਪੈਗ਼ੰਬਰ ਗੁਰੂ ਹੋਏ ਸ਼ਹੀਦ, ਸ਼ਹਾਦਤ ਗਏ ਭੁਗਤਾਈਆ। ਜਿਸ ਦੀ ਮਨਾਉਂਦੇ ਰਹੇ ਈਦ, ਬਕਰੀਦਾਂ ਨਾਲ ਮਿਲਾਈਆ। ਜੋ ਨਾਮ ਕਲਮਿਆਂ ਵਿਚ ਕਰਦਾ ਗਿਆ ਤਾਕੀਦ, ਧੁਰ ਫ਼ਰਮਾਨ ਅਗੰਮ ਸੁਣਾਈਆ। ਉਸ ਦੀ ਆਹ ਵੇਖ ਲਉ ਮੇਰੇ ਕੋਲ ਰਸੀਦ, ਬਿਨਾ ਦਸਖ਼ਤਾਂ ਤੋਂ ਦਿਤੀ ਫੜਾਈਆ। ਤੁਸੀਂ ਆਪਣੀ ਖੋਲ ਲਓ ਨੀਂਦ, ਨੈਣ ਲਉ ਉਠਾਈਆ। ਮੈਂ ਕਰਨ ਆਇਆ ਤਰਦੀਦ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਮੇਰੇ ਪੁੱਠੇ ਹੱਥਾਂ ਤੇ ਲਿਖੀ ਕੁਰਾਨ ਮਜੀਦ, ਮਜਮੂਆ ਅੱਖਰਾਂ ਵਾਲਾ ਬਣਾਈਆ। ਅਗਲੀ ਹੋਰ ਸੁਣ ਹਦੀਸ, ਹਜ਼ਰਤਾਂ ਤੋਂ ਬਾਹਰ ਸੁਣਾਈਆ। ਲੇਖਾ ਤੱਕ ਬੀਸ ਇਕੀਸ, ਬੀਸ ਬੀਸਾ ਅੱਖ ਉਠਾਈਆ। ਕਿਸ ਦੇ ਛਤਰ ਝੁਲਣਾ ਸੀਸ, ਛਤਰਧਾਰੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦ, ਨਿਰਾਸਾ ਰਹਿਣ ਕੋਇ ਨਾ ਪਾਈਆ।
੨੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਸੇਵਾ ਸਿੰਘ ਦੇ ਗ੍ਰਹਿ
ਕਲਜੁਗ ਕਹੇ ਧਰਨੀ ਕਿਉਂ ਆਇਆ ਉਤੇ ਧਰਤੀ, ਸਚ ਦੇਣਾ ਸੁਣਾਈਆ। ਮੈਂ ਪੱਕਾ ਬ੍ਰਹਿਮਣ ਰਹਿਣ ਦਿਤਾ ਨਹੀਂ ਸ਼ਰਤੀ, ਬ੍ਰਹਮ ਵਿਚ ਨਾ ਕੋਇ ਸਮਾਈਆ। ਮੈਂ ਹੁਕਮ ਮੰਨਾ ਖੇਲ ਕਰਾਂ ਨਰਾਇਣ ਨਰ ਦੀ, ਜੋ ਕਰਤਾ ਧੁਰਦਰਗਾਹੀਆ। ਹਰੀ ਓਮ ਤਤ ਸਤਿ ਆਤਮ ਧਾਰ ਕਿਸੇ ਨਾ ਪੜ੍ਹਦੀ, ਮਨ ਕਲਪਣਾ ਵਿਚ ਹਲਕਾਈਆ। ਸੁਰਤੀ ਸ਼ਬਦ ਮੂਲ ਨਾ ਫੜਦੀ, ਟੁੱਟੀ ਗੰਢ ਨਾ ਕੋਇ ਪਵਾਈਆ। ਮੰਜ਼ਲ ਹਕੀਕੀ ਮੂਲ ਨਾ ਚੜ੍ਹਦੀ, ਰਹਿਬਰ ਮਿਲਣ ਕੋਇ ਨਾ ਪਾਈਆ। ਮੈਂ ਖੇਲ ਬਣਾਉਣੀ ਹੰਕਾਰੀ ਗੜ੍ਹ ਦੀ, ਪੰਚ ਵਿਕਾਰਾਂ ਦਿਤਾ ਵਸਾਈਆ। ਦੀਨ ਦੁਨੀ ਵੇਖ ਲੈ ਹੜ੍ਹਦੀ, ਸ਼ਾਸਤਰ ਸਕੇ ਨਾ ਕੋਇ ਬਚਾਈਆ। ਬਿਨਾ ਮੁਰਸ਼ਦਾਂ ਵੇਖ ਲੈ ਮਰਦੀ, ਮੁਰੀਦਾਂ ਹੋਏ ਨਾ ਕੋਇ ਸਹਾਈਆ। ਚਾਰੋਂ ਕੁੰਟ ਕੋਇ ਨਾ ਦਰਦੀ, ਦਰਦੀਆਂ ਦੁੱਖ ਨਾ ਕੋਇ ਵੰਡਾਈਆ। ਇਹ ਤਾਕਤ ਮੇਰੇ ਕਲੂ ਕਲ ਦੀ, ਕਲਜੁਗ ਰਿਹਾ ਸੁਣਾਈਆ। ਮੇਰੀ ਖੇਡ ਕਪਟ ਛਲ ਦੀ, ਛਲ ਛਿਦਰਾਂ ਨਾਲ ਵਡਿਆਈਆ। ਵਡਿਆਈ ਰਹਿਣ ਦਿਤੀ ਨਹੀਂ ਕਿਸੇ ਜਲ ਦੀ, ਸਰੋਵਰ ਸੋਭਾ ਕੋਇ ਨਾ ਪਾਈਆ। ਦੁਹਾਈ ਵੇਖ ਲੈ ਮਾਰੂਥਲ ਦੀ, ਟਿੱਲੇ ਅਸਗਾਹ ਰਹੇ ਕੁਰਲਾਈਆ। ਕਿਸੇ ਨੂੰ ਸਾਰ ਆਉਣ ਦਿਤੀ ਨਹੀਂ ਪਲ ਦੀ, ਪਲਕਾਂ ਪਿਛੇ ਨਾ ਮਿਲੇ ਮਾਹੀਆ। ਮੈਂ ਆਸ਼ਾ ਪੂਰੀ ਕਰਨੀ ਰਾਜੇ ਬਲ ਦੀ, ਜੋ ਬਾਵਨ ਗਿਆ ਦ੍ਰਿੜਾਈਆ। ਮੇਰੀ ਕਰਨੀ ਸਭ ਨੂੰ ਸੱਲ ਦੀ, ਤੀਰ ਅਣਿਆਲਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦੇਵਣਹਾਰ ਮਾਣ ਵਡਿਆਈਆ। ਨਾਰਦ ਕਹੇ ਕਲਜੁਗ ਮੈਂ ਆਇਆ ਤੇਰੇ ਵਿਹੜੇ, ਗ੍ਰਹਿ ਤੇਰੇ ਫੇਰਾ ਪਾਈਆ। ਮੈਂ ਵੇਖਣੇ ਦੀਨ ਦੁਨੀ ਦੇ ਜਗਤ ਝਗੜੇ ਝੇੜੇ, ਝੰਜਟ ਮਜ਼੍ਹਬਾਂ ਵਾਲੇ ਫੋਲ ਫੁਲਾਈਆ। ਕਿਸ ਬਿਧ ਉਲਟੇ ਮਿਲਦੇ ਗੇੜੇ, ਚਕਰਵਰਤੀਆਂ ਚਕਰ ਨਾਲ ਭਵਾਈਆ। ਮੇਰਾ ਸਾਹਿਬ ਸਵਾਮੀ ਛੇੜਾਂ ਕਿਥੇ ਛੇੜੇ, ਚਾਰ ਕੁੰਟ ਖੋਜ ਖੁਜਾਈਆ।
ਮੈਂ ਦੂਰ ਦੁਰਾਡਾ ਆਇਆ ਨੇੜੇ, ਆਪਣਾ ਪੰਧ ਮੁਕਾਈਆ। ਤੇਰੇ ਕੂੜ ਕੁੜਿਆਰ ਦੇ ਵੇਖੇ ਖੇੜੇ, ਨਵਾਂ ਖੰਡਾ ਧਿਆਨ ਲਗਾਈਆ। ਬਿਨਾ ਭਗਤਾਂ ਤੋਂ ਚੜ੍ਹੇ ਕੋਇ ਨਾ ਬੇੜੇ, ਬੇੜੀ ਨਈਆ ਨੌਕਾ ਕੰਮ ਕਿਸੇ ਨਾ ਆਈਆ। ਮੈਂ ਵੇਖੇ ਜਗਤ ਵਾਲੇ ਜਠੇਰੇ, ਵੱਡਿਆਂ ਛੋਟਿਆਂ ਧਿਆਨ ਲਗਾਈਆ। ਮੈਂ ਤੱਕੇ ਗੁਰੂ ਗੁਰ ਚੇਰੇ, ਮੁਰੀਦ ਮੁਰਸ਼ਦ ਵੇਖ ਵਖਾਈਆ। ਤੇਰੇ ਵਿਚ ਅਣਗਿਣਤ ਬਥੇਰੇ, ਬਹੁਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਨਾਰਦਾ ਖੋਲ ਕੇ ਵੇਖ ਲੈ ਆਪਣੀ ਸੁਰਤੀ, ਸੁਤਿਆਂ ਦਿਆਂ ਜਗਾਈਆ। ਤੈਨੂੰ ਨਜ਼ਰ ਨਾ ਆਏ ਅਕਾਲ ਮੂਰਤੀ, ਮੂਰਤਾਂ ਵਾਲਿਆਂ ਦਾ ਮੈਂ ਲੇਖਾ ਦਿਆਂ ਮੁਕਾਈਆ। ਹੁਣ ਚਤੁਰਾਈ ਗਾਂ ਸੂਰ ਦੀ, ਖਾਣ ਵਾਲਿਆਂ ਦਿਆਂ ਵਡਿਆਈਆ। ਇਹ ਮੇਰੀ ਬੇੜੀ ਭਰੀ ਪੂਰ ਦੀ, ਪੁਰੀਆਂ ਲੋਆਂ ਤੋਂ ਬਾਹਰ ਦਿਆਂ ਸਮਝਾਈਆ। ਮੇਰੀ ਕਥਾ ਕਹਾਣੀ ਮਸ਼ਹੂਰ ਦੀ, ਕੂੜੀ ਕਿਰਿਆ ਨਾਲ ਵਡਿਆਈਆ। ਮੇਰੀ ਮੰਜ਼ਲ ਮੁਕੀ ਦੂਰ ਦੀ, ਨੇਰਨ ਨੇਰਾ ਨਜ਼ਰੀ ਆਈਆ। ਮੇਰੀ ਕਥਾ ਕਹਾਣੀ ਕੂੜ ਦੀ, ਕੂੜ ਕੁਟੰਬ ਰਿਹਾ ਸੁਣਾਈਆ। ਤੇਰੀ ਬੁੱਧੀ ਨਾਰਦਾ ਮੂਰਖ ਮੂੜ੍ਹ ਦੀ, ਪੰਡਤਾ ਮੇਰਾ ਭੇਵ ਨਾ ਜਾਣੇ ਰਾਈਆ। ਮੈਨੂੰ ਖ਼ੁਸ਼ੀ ਪੁਰਖ ਅਕਾਲ ਦੇ ਰੰਗ ਗੂੜ੍ਹ ਦੀ, ਜਿਸ ਰੰਗਤ ਦਿਤੀ ਰੰਗਾਈਆ। ਵਡਿਆਈ ਦੇ ਕੇ ਚਰਨ ਧੂੜ ਦੀ, ਟਿੱਕੇ ਦਿਤੇ ਰਮਾਈਆ। ਮੈਨੂੰ ਯਾਦ ਖੇਲ ਕੋਹਤੂਰ ਦੀ, ਮੂਸਾ ਖ਼ੁਸ਼ੀ ਬਣਾਈਆ। ਮੈਂ ਖੇਲ ਤੱਕੀ ਈਸਾ ਵਾਲੇ ਸਰੂਰ ਦੀ, ਜੋ ਸੂਲੀ ਚੜ੍ਹ ਕੇ ਗਿਆ ਸਮਝਾਈਆ। ਧਾਰ ਤੱਕੀ ਮੁਹੰਮਦ ਵਾਲੇ ਨੂਰ ਦੀ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਕਰੇ ਜ਼ਰੂਰ ਦੀ, ਜ਼ਰੂਰੀ ਆਪਣਾ ਹੁਕਮ ਵਰਤਾਈਆ।